ਮੈਨੂੰ ਚੰਗੀ ਤਰਾ ਯਾਦ ਨਹੀ ਕਿ ਮੇਰੀ ਪਹਿਲੀ ਮੁਲਾਕਾਤ ਪ੍ਰੋ ਸਾਹਿਬ ਨਾਲ ਕਿਵੇਂ ਹੋਈ। ਇਹ
ਗੱਲ ਕੋਈ ਸਾਲ 1978 ਦੀ ਹੈ ਜਦੋਂ ਮੈ ਥਾਪਰ ਪਾਲੈਟੈਕਨਿਕ ਦਾ ਵਿਦਿਆਰਥੀ ਸੀ। ਉਹਨਾਂ ਦਿਨਾਂ
ਵਿਚ ਪ੍ਰੋਫੈਸਰ ਮੇਹਰ ਚੰਦ ਭਾਰਦਵਾਜ ਥਾਪਰ ਇੰਸਟੀਚਿਊਟ ਆਫ਼ ਟੈਕਨੌਲੋਜੀ ਵਿਚ ਡਿਗਰੀ ਲੈ
ਰਹੇ ਵਿਦਿਆਰਥੀਆਂ ਦੇ ਅਧਿਆਪਕ ਸਨ। ਦਰਅਸਲ ਉਹਨਾਂ ਦਿਨਾਂ ਵਿਚ ਡਿਗਰੀ ਕਾਲਜ ਦੇ
ਵਿਦਿਆਰਥੀਆਂ ਅਤੇ ਪਾਲੈਟੈਕਨਿਕ ਦੇ ਵਿਦਿਆਰਥੀਆਂ ਵਿਚਲਾ ਬੋਧਿਕ ਪਾੜਾ ਬਹੁਤ ਸਮਝਿਆ ਜਾਦਾ
ਸੀ। ਮੈਨੂੰ ਇਉ ਲਗਦਾ ਹੈ ਕਿ ਜਾਂ ਤਾਂ ਅਸੀਂ ਪਾਲੈਟੈਕਨਿਕ ਦੇ ਵਿਦਿਆਰਥੀ ਅਹਿਸਾਸੇ ਕਮਤਰੀ
ਦੇ ਸਿ਼ਕਾਰ ਸੀ ਜਾਂ ਫਿਰ ਡਿਗਰੀ ਵਾਲੇ ਕੁਝ ਵਧੇਰੇ ਹੀ ਆਪਣੇ ਆਪ ਨੂੰ ਸੁਪੀਰੀਅਰ ਸਮਝਦੇ ਸਨ
ਅਤੇ ਇੱਕੋ ਹੀ ਕੰਪਲੈਕਸ ਵਿਚ ਰਹਿਣ ਦੇ ਬਾਵਜੂਦ ਆਪਸੀ ਮਿਲਾਪ ਨਾਂ ਮਾਤਰ ਹੀ ਸੀ। ਅਜਿਹੇ
ਮਹੌਲ ਵਿਚ ਡਿਗਰੀ ਵਾਲੇ ਪਾਸੇ ਦੇ ਕਿਸੇ ਪ੍ਰੋਫੈਸਰ ਦਾ ਸਾਡੇ ਨਾਲ ਸਿੱਧਾ ਰਾਬਤਾ ਕਿਵੇਂ
ਬਣਿਆ ਮੈਨੂੰ ਪੂਰੀ ਤਰਾਂ ਨਾਲ ਯਾਦ ਨਹੀ ਆ ਰਿਹਾ ਬਸ ਏਨਾ ਕੁ ਯਾਦ ਹੈ ਕਿ ਐਨ ਐਸ ਐਸ ਦੇ
ਕਿਸੇ ਕੈਂਪ ਵਿਚ ਸਾਡੇ ਕੁਝ ਵਿਦਿਆਰਥੀ ਪ੍ਰੋਫੈਸਰ ਭਾਰਦਵਾਜ ਦੇ ਸੰਪਰਕ ਵਿਚ ਆਏ ਅਤੇ ਉਹ
ਉਹਨਾਂ ਦੀ ਸ਼ਖਸੀਅਤ ਤੋ ਏਨੇ ਪ੍ਰਭਾਵਤ ਹੋਏ ਕਿ ਬਾਅਦ ਵਿਚ ਵੀ ਮਿਲਣੀ ਦਾ ਕੋਈ ਜ਼ਰੀਆ ਲੱਭ
ਲਿਆ। ਅਜਿਹੀ ਹੀ ਕਿਸੇ ਮਿਲਣੀ ਵਿਚ ਮੈ ਪਹਿਲੀ ਵੇਰ ਪ੍ਰੋ ਸਾਹਿਬ ਨੂੰ ਮਿਲਿਆ ਸੀ। ਉਮਰ ਦੇ
ਉਸ ਪੜਾਅ ਤੇ ਹਰ ਇੱਕ ਨੌਜਵਾਨ ਵਿਦਿਆਰਥੀ ਕੁਝ ਨਾ ਕੁਝ ਨਿਵੇਕਲਾ ਅਤੇ ਮਹੱਤਵਪੂਰਨ ਕੰਮ ਕਰਨ
ਲਈ ਉਤਾਵਲਾ ਹੁੰਦਾ ਹੈ । ਹਰ ਨੌਜਵਾਨ ਨੂੰ ਉਸ ਸਮੇਂ ਕਿਸੇ ਮਾਰਗ ਦਰਸ਼ਕ ਦੀ ਲੋੜ ਅਨੁਭਵ
ਹੁੰਦੀ ਹੈ ਭਾਵੇਂ ਕਿ ਖੇਤਰ ਪੜਾਈ ਲਿਖਾਈ ਦਾ ਹੋਵੇ ਜਾ ਸਮਾਜਿਕ ਕੰਮ ਵਿਚ ਕੁੱਦ ਪੈਣ ਦਾ।
ਅਜਿਹੇ ਸਮੇਂ ਜੇਕਰ ਕੋਈ ਪ੍ਰੋਫੈਸਰ ਆਪਣੇ ਵਿਦਿਆਰਥੀਆਂ ਦੀ ਨਬਜ਼ ਪੜਨ ਵਾਲਾ ਮਿਲ ਜਾਏ ਤਾਂ
ਫਿਰ ਨੌਜਵਾਨੀ ਕੁਝ ਵੀ ਕਰ ਗੁਜ਼ਰਨ ਨੂੰ ਤਿਆਰ ਹੁੰਦੀ ਹੈ। ਪ੍ਰੋਫੈਸਰ ਭਾਰਦਵਾਜ ਉਸ ਸਮੇਂ
ਮੇਰੇ ਅਤੇ ਮੇਰੇ ਵਰਗੇ ਹੋਰ ਕਈ ਵਿਦਿਆਰਥੀਆਂ ਦੇ ਆਦਰਸ਼ ਦਾ ਰੂਪ ਧਾਰ ਕੇ ਸਾਹਮਣੇ ਆਏ।
ਪਹਿਲੀ ਮਿਲਣੀ ਵਿਚ ਹੀ ਅਜਿਹਾ ਪ੍ਰਭਾਵ ਛੱਡ ਗਏ ਕਿ ਸਾਡਾ ਉਹਨਾਂ ਨੂੰ ਬਾਰ ਬਾਰ ਮਿਲਣ ਲਈ
ਦਿਲ ਕਰਦਾ ਰਹਿੰਦਾ। ਉਹਨਾਂ ਦੀਆ ਗੱਲਾ ਦਾ ਅੰਦਾਜ਼ ਅਤੇ ਵਿਸ਼ਾ ਹਮੇਸ਼ ਨਿਵੇਕਲਾ ਹੁੰਦਾ ਅਤੇ
ਹਰ ਮਿਲਣੀ ਵਿਚ ਸਾਡੇ ਸਿੱਖਣ ਲਈ ਬਹੁਤ ਕੁਝ ਨਵਾਂ ਮਿਲ ਜਾਂਦਾ। ਇੰਜ ਸਮਝ ਲਵੋ ਕਿ ਸਾਡੇ
ਵਿੱਚੋਂ ਕੁਝ ਉਹਨਾਂ ਦੇ ਪੱਕੇ ਮੁਰੀਦ ਬਣ ਗਏ ਅਤੇ ਪ੍ਰੋ ਸਾਹਿਬ ਦੇ ਹਰ ਇੱਕ ਕੰਮ ਵਿਚ
ਭਰਵਾਂ ਹੁੰਗਾਰਾ ਭਰਨ ਲੱਗੇ। ਪ੍ਰੋਫੈਸਰ ਮੇਹਰ ਚੰਦ ਭਾਰਦਵਾਜ ਖੁਦ ਵੀ ਆਪਣੇ ਆਪ ਨੂੰ
ਸਮਾਜਿਕ ਵਿਗਿਆਨ ਦੇ ਵਿਦਿਆਰਥੀ ਹੀ ਸਮਝਦੇ ਸਨ ਅਤੇ ਆਪਣੇ ਗਿਆਨ ਵਿਚ ਬਹੁਤ ਕੁਝ ਹੋਰ ਜੋੜਨ
ਲਈ ਤਤਪਰ ਰਹਿੰਦੇ। ਉਹਨਾਂ ਦੀ ਇਸ ਲਗਨ ਵਿਚੋਂ ਹੀ ਇੱਕ ਛੋਟੀ ਜਿਹੀ ਸੰਸਥਾ ਜਨਮ ਹੋਇਆ ਜਿਸ
ਦਾ ਨਾਂ ਅਸੀਂ “ਸੋਸ਼ਲ ਸਾਇਸਿਜ ਸਟੱਡੀ ਕਲੱਬ ਰੱਖਿਆ” ਪ੍ਰੋ ਸਾਹਿਬ ਸਮੇਤ ਇਸ ਦੇ ਮੁਢਲੇ ਪੰਜ
ਮੈਂਬਰ ਸਨ ਅਤੇ ਇਸ ਦਾ ਨਿੱਕਾ ਜਿਹਾ ਦਫ਼ਤਰ ਅਸੀਂ ਪ੍ਰੋ ਭਾਰਦਵਾਜ ਦੇ 147 ਪੰਜਾਬੀ ਬਾਗ
ਪਟਿਆਲਾ ਵਾਲੇ ਘਰ ਦੇ ਬਾਹਰਲੇ ਕਮਰੇ ਜਿਸ ਨੂੰ ਤੁਸੀ ਬੈਠਕ ਦਾ ਨਾਂ ਦੇ ਸਕਦੇ ਹੋ, ਵਿਚ
ਸਥਾਪਤ ਕਰ ਲਿਆ। ਸ਼ਾਇਦ ਇਹ ਗੱਲ ਤੁਹਾਨੂੰ ਹੈਰਾਨ ਕੁਨ ਲੱਗੇ ਕਿ ਇਸ ਸੰਸਥਾ ਦੀ ਹਰ ਰੋਜ਼
ਹੀ ਜੰਗੀ ਪੱਧਰ ਤੇ ਮੀਟਿੰਗ ਹੋਣ ਲੱਗੀ ਜਿਵੇਂ ਕਿਸੇ ਵੱਡੇ ਇਨਕਲਾਬ ਜਾ ਸੰਘਰਸ਼ ਦੀ ਤਿਆਰੀ
ਵਿਚ ਅਸੀ ਲੋਕ ਜੁਟੇ ਹੋਈਏ।ਬਿਲਕੁਲ ਅਜਿਹਾ ਹੀ ਪ੍ਰੋ ਚਰਨਜੀਤ ਸਿੰਘ ਪੰਜਾਬੀ ਯੂਨੀਵਰਸਿਟੀ
ਦੇ ਰਸ਼ੀਅਨ ਭਾਸ਼ਾ ਦੇ ਅਧਿਆਪਕ ਦਾ ਮੰਨਣਾ ਸੀ ਕਿ ਮੈ ਆਪਣੀ ਜਿੰਦਗੀ ਵਿਚ ਪਹਿਲੀ ਅਜਿਹੀ
ਸੰਸਥਾ ਵੇਖੀ ਸੁਣੀ ਹੈ ਜਿਸ ਦੀ ਹਰ ਰਾਤ ਹੀ ਮੀਟਿੰਗ ਹੁੰਦੀ ਹੋਵੇ। ਮੈ ਆਪਣੇ ਇੱਕ ਹੋਰ
ਦੋਸਤ ਰਣਬੀਰ ਆਹਲੂਵਾਲੀਆਂ ਨਾਲ ਸ਼ਾਮ ਨੂੰ ਰਸ਼ੀਅਨ ਭਾਸ਼ਾ ਦੀਆਂ ਕਲਾਸਾਂ ਲਗਾਉਂਦਾ ਸੀ।
ਜਿਥੋਂ ਮੈਨੂੰ ਹਰ ਰੋਜ ਆਪਣੀ ਕਲੱਬ ਦੀ ਮੀਟਿੰਗ ਵਿਚ ਪਹੁੰਚਣ ਦੀ ਕਾਹਲ ਹੁੰਦੀ ਸੀ। ਦਰਅਸਲ
ਪ੍ਰੋਫੈਸਰ ਸਾਹਿਬ ਦੀ ਅਗਵਾਈ ਵਿਚ ਸਾਨੂੰ ਸਾਰਿਆਂ ਮੈਂਬਰਾਂ ਨੂੰ ਚਾਰ ਚਾਰ ਅਖ਼ਬਾਰਾਂ
ਵੰਡੀਆਂ ਹੋਈਆਂ ਸਨ ਅਤੇ ਅਸੀ ਹਰ ਰੋਜ ਹੀ ਦਿਨ-ਭਰ ਉਹਨਾਂ ਅਖ਼ਬਾਰਾਂ ਨੂੰ ਪੜ੍ਹ ਕੇ ਬਰੀਕੀ
ਨਾਲ ਘੋਖਦੇ ਅਤੇ ਫਿਰ ਮੀਟਿੰਗ ਵਿਚ ਭਰਪੂਰ ਚਰਚਾ ਅਤੇ ਬਹਿਸ ਹੁੰਦੀ ਅਤੇ ਅਖੀਰ ਵਿਚ ਕਲੱਬ
ਦੇ ਨਾਂ ਤੇ ਐਡੀਟਰ ਨੂੰ ਪੱਤਰ ਲਿਖਦੇ। ਸਮਝ ਲਉ ਇਹ ਸਾਡੀ ਪ੍ਰੋ ਭਾਰਦਵਾਜ ਦੇ ਸਕੂਲ ਦੀ
ਪਹਿਲੀ ਪੜਾਈ ਸੀ।
ਇਸ ਤੋ ਅੱਗੇ ਚਲ ਕੇ ਪ੍ਰੋ ਭਾਰਦਵਾਜ ਵੱਖ ਵੱਖ ਤਰਾਂ ਦੀ ਰਾਜਨੀਤੀ ਵਿਚ ਉਲਝਦੇ ਗਏ। ਥਾਪਰ
ਕਾਲਜ ਦੀ ਪ੍ਰੋਫੈਸਰੀ ਛੱਡ ਕੇ ਅਜਾਦ ਉਮੀਦਵਾਰ ਵਜੋਂ ਪਟਿਆਲਾ ਤੋ ਐਮ ਐਲ ਏ ਦੀ ਇਲੈਕਸ਼ਨ
ਲੜਨਾ,ਵੱਖ ਵੱਖ ਖੱਬੀਆਂ ਪਾਰਟੀਆਂ ਲਈ ਵਰਕਰ ਦੀ ਹੈਸੀਅਤ ਤੋ ਲੈ ਕੇ ਰਾਜਨੀਤਕ ਸਕੂਲਿੰਗ
ਕਰਨਾ, ਵੱਖ ਵੱਖ ਸਮਾਜਿਕ ਅਤੇ ਆਰਥਿਕ ਮੁੱਦਿਆਂ ਤੇ ਲੇਖ ਲਿਖ ਕੇ ਵੰਡਣਾ। ਆਪਣੀ
ਇੰਜੀਨੀਅਰਿੰਗ ਸਕਿਲ ਨੂੰ ਸੁਯੋਗ ਤਰੀਕੇ ਨਾਲ ਵਰਤਦਿਆਂ ਉਹਨਾਂ ਨੇ ਆਰਥਿਕਤਾ ਨਾਲ ਜੁੜੇ
ਮੁੱਦਿਆਂ ਨੂੰ ਸੰਖੇਪਤਾ ਨਾਲ ਸਮਝਾਉਣ ਖਾਤਰ ਅੰਕੜਿਆਂ ਅਤੇ ਗਰਾਫ ਬਣਾਂ ਬਣਾਂ ਕੇ ਪੰਜਾਬੀ
ਲੇਖਣੀ ਵਿਚ ਇੱਕ ਨਵੀ ਸ਼ੈਲੀ ਈਜਾਦ ਕਰ ਲਈ ਸੀ ਜਿਸ ਨੂੰ ਪਾਠਕ ਗੰਭੀਰਤਾ ਨਾਲ ਲੈਦੇ। ਲਿਖਣ
ਪੜਨ ਵਾਲਾ ਇਹ ਕੰਮ ਉਹਨਾਂ ਨੇ ਆਪਣੀ ਸੰਖੇਪ ਜਿਹੀ ਜੀਵਨ ਯਾਤਰਾ ਦੇ ਆਖਰੀ ਸਮੇਂ ਤਕ ਜਾਰੀ
ਰੱਖਿਆ ਇਥੋਂ ਤਕ ਕੇ ਆਪਣੀ ਖਤਰਨਾਕ ਹੱਦ ਤਕ ਪਹੁੰਚ ਚੁੱਕੀ ਕੈਂਸਰ ਦੀ ਨਾਮੁਰਾਦ ਬੀਮਾਰੀ
ਅਤੇ ਉਸ ਦੇ ਇਲਾਜ ਨੂੰ ਵੀ ਗਿਆਨ ਵਿਗਿਆਨ ਦੀ ਭਾਸ਼ਾ ਵਿਚ ਲਿਖ ਕੇ ਆਪਣੇ ਪਾਠਕਾਂ ਤਕ
ਪਹੁੰਚਾਉਣ ਵਿਚ ਰੁੱਝੇ ਰਹੇ। ਇਸ ਦੌਰਾਨ ਉਹਨਾਂ ਨੇ ਆਪਣੀ ਰਾਜਨੀਤਕ ਜਿੰਦਗੀ ਵਿਚ ਕਈ ਤਰਾਂ
ਦੇ ਤਜਰਬੇ ਕੀਤੇ। ਧਰਮ-ਯੁੱਧ ਮੋਰਚੇ ਵਿਚ ਮੋਰਚਾ ਡਿਕਟੇਟਰ ਸੰਤ ਹਰਚੰਦ ਸਿੰਘ ਲੋਗੋਵਾਲ ਦੇ
ਸਲਾਹਕਾਰ, ਅਨੰਦਪੁਰ ਦੇ ਵਿਵਾਦਪੂਰਨ ਮਤੇ ਨੂੰ “ਰਾਜਾ ਨੂੰ ਵੱਧ ਅਧਿਕਾਰ ਬਨਾਮ ਅਨੰਦਪੁਰ ਦਾ
ਮਤਾ” ਨਾਂ ਦਾ ਕਿਤਾਬਚਾ ਲਿਖ ਕੇ ਉਹਨਾਂ ਨੇ ਕੇਂਦਰ ਦੀ ਕਾਂਗਰਸੀ ਸਰਕਾਰ ਦੇ ਦੁਰ ਪ੍ਰਚਾਰ
ਦਾ ਠੋਸ ਉਤਰ ਦਿੱਤਾ ਕਿ ਕਿਸੇ ਵੀ ਕਸਵੱਟੀ ਤੇ ਪਰਖਿਆਂ ਇਸ ਵਿਚ ਕੁਝ ਵੀ ਫਿਰਕੂ ਜਾ
ਵੱਖਵਾਦੀ, ਅਲੱਗ ਵਾਦੀ ਨਹੀ ਹੈ ਜਿਹਾ ਕਿ ਸਮੇਂ ਦੀ ਸਰਕਾਰ ਪ੍ਰਚਾਰ ਰਹੀ ਸੀ। ਕੁਝ ਸਮਾਂ ਉਹ
ਸੁਰਜੀਤ ਸਿੰਘ ਬਰਨਾਲਾ ਦੀ ਅਕਾਲੀ ਸਰਕਾਰ ਵਿਚ ਚੇਅਰਮੈਨ ਪੇਂਡੂ ਵਿਕਾਸ ਅਤੇ ਖਾਦੀ ਬੋਰਡ
ਵੱਜੋਂ ਵੀ ਕਾਰਜਸ਼ੀਲ ਰਹੇ। ਇਸ ਤੋ ਵੀ ਅੱਗੇ ਵਧ ਕੇ ਉਹਨਾਂ ਨੇ ਕਰਜ਼ਿਆਂ ਵਿਚ ਪਿਸ ਰਹੀ
ਪੰਜਾਬ ਦੀ ਕਿਰਸਾਨੀ ਦੇ ਹੱਕ ਵਿਚ ਡਟ ਕੇ ਕੰਮ ਕੀਤਾ ਅਤੇ ਭਾਰਤੀ ਕਿਸਾਨ ਯੂਨੀਅਨ ਨਾਲ ਜੁੜ
ਕੇ ਵੀ ਕੰਮ ਕੀਤਾ। ਉਹ ਹਮੇਸ਼ ਪੰਜਾਬ ਦੇ ਬੁੱਧੀਜੀਵੀ ਵਰਗ ਨੂੰ ਪੰਜਾਬ ਅਤੇ ਦੇਸ਼ ਪ੍ਰਤੀ
ਆਪਣੀ ਜਿੰਮੇਵਾਰੀ ਸਮਝਣ ਲਈ ਪ੍ਰੇਰਦੇ ਰਹੇ, ਚੋਭਾਂ ਲਾਉਂਦੇ ਰਹੇ ਅਤੇ ਉਹਨਾਂ ਨੂੰ ਬੁੱਢੀ
ਜੀਵੀ ਲਿਖ ਲਿਖ ਕੇ ਵੰਗਾਰਦੇ ਰਹੇ। ਉਹਨਾਂ ਨੇ ਸਮਾਜ ਵਿਚ ਚੇਤਨਾ ਪੈਦਾ ਕਰਨ ਖਾਤਰ ਵੱਖ ਵੱਖ
ਅਖ਼ਬਾਰਾਂ ਵਿਚ ਅਨੇਕਾ ਲੇਖ, ਸਾਇਕਲੋਸਟਾਇਲ ਕਰਵਾ ਕੇ ਅਨੇਕਾ ਹੀ ਟ੍ਰੈਕਟ, ਦੋ-ਵਰਕੀਆਂ,
ਕਿਤਾਬਚੇ, ਸਫ਼ਰਨਾਮਾ “ਸਵਰਗ ਦੀ ਸੈਰ” ਅਤੇ “ਬੰਬ ਜਾਂ ਰੋਟੀ” ਵਰਗੀਆਂ ਕਿਤਾਬਾਂ ਲਿਖ ਕੇ
ਜਾਗਰਤੀ ਪੈਦਾ ਕਰਨ ਵਿਚ ਭਰਪੂਰ ਯੋਗਦਾਨ ਪਾਇਆ। ਸਮਾਜ ਸੇਵਾ ਦੇ ਖੇਤਰ ਵਿਚ ਉਹ ਪਿੰਗਲਵਾੜਾ
ਵਰਗੀ ਸੰਸਥਾ ਨਾਲ ਵੀ ਜੁੜੇ ਰਹੇ ਭਗਤ ਪੂਰਨ ਸਿੰਘ ਦੇ ਉਹ ਉਪਾਸ਼ਕ ਸਨ ਅਤੇ ਉਹਨਾਂ ਦੇ ਸਾਥ
ਦਾ ਨਿੱਘ ਵੀ ਮਾਣਦੇ ਰਹੇ ਮੌਜੂਦਾ ਪ੍ਰਬੰਧਕ ਡਾਕਟਰ ਇੰਦਰਜੀਤ ਕੌਰ ਦੇ ਵੀ ਉਹ ਪ੍ਰਸੰਸਕ ਸਨ
ਅਤੇ ਸੰਸਥਾ ਪ੍ਰਤੀ ਉਹਨਾਂ ਦੇ ਦਿਲ ਵਿਚ ਬਹੁਤ ਸਤਿਕਾਰ ਸੀ। ਗੱਲ ਕੀ ਉਹਨਾਂ ਨੇ ਇੱਕ ਚੇਤੰਨ
ਮਨੁੱਖ ਵਜੋਂ ਵਿਚਰਦਿਆਂ ਜਿੰਦਗੀ ਦੇ ਹਰ ਖੇਤਰ ਵਿਚ ਆਪਣਾ ਬਣਦਾ ਸਾਰਥਿਕ ਰੋਲ ਨਿਭਾਉਣ ਲਈ
ਯਤਨ ਕੀਤੇ।
ਇਹ ਵੱਖਰੀ ਗਲ ਹੈ ਕਿ ਖੱਬੀਆਂ ਅਤੇ ਕੱਬੀਆਂ ਧਿਰਾਂ ਹਮੇਸ਼ ਉਹਨਾਂ ਨੂੰ ਪਖੰਡੀ ਅਤੇ
ਪੈਂਤੜੇਬਾਜ ਵਰਗੇ ਵਿਸ਼ੇਸ਼ਣਾਂ ਨਾਲ ਨਿਵਾਜਦੀਆਂ ਰਹੀਆਂ। ਕਿਉ ਜੋ ਇਹਨਾਂ ਪਾਰਟੀਆਂ ਨੇ ਦੇਸ਼
ਵਿਚ ਕ੍ਰਾਂਤੀ ਲਿਆਉਣ ਦਾ ਭਰਮ ਪਾਲ ਰੱਖਿਆ ਸੀ ਅਤੇ ਉਹ ਇਨਕਲਾਬ ਅਤੇ ਕਦੀ ਨਵ ਇਨਕਲਾਬ ਲੈ
ਕੇ ਆਉਣ ਲਈ ਨਿੱਤ ਨਵੀ ਪਾਰਟੀ ਲਾਇਨ ਘੜਨ ਅਤੇ ਗੁੰਝਲਦਾਰ ਭਾਰੀ ਭਰਕਮ ਸ਼ਬਦਾਵਲੀ ਵਰਤ ਕੇ
ਅਨੁਸ਼ਾਸਨ ਦੇ ਨਾਂ ਹੇਠ ਆਪਣੀ ਦਾਦਾ ਗਿਰੀ ਚਲਾ ਰੱਖੀ ਸੀ ਅਤੇ ਆਪੇ ਹੀ ਮੈ ਨ੍ਹਾਤੀ-ਧੋਤੀ
ਆਪੇ ਮੇਰੇ ਬੱਚੇ ਜਿਊਣ ਦੀ ਕਹਾਵਤ ਅਨੁਸਾਰ ਹਰ ਸਮੱਸਿਆ ਨੂੰ ਆਪਣੇ ਹੀ ਢੰਗ ਨਾਲ ਵੇਖਣ ਜਾਚਣ
ਅਤੇ ਘੋਖਣ ਦਾ ਬੀੜਾ ਚੁੱਕਿਆ ਹੋਇਆ ਸੀ। ਜੇਕਰ ਕੋਈ ਬੁੱਧੀਜੀਵੀ ਕਿਸੇ ਸਥਾਪਤ ਢੰਗ ਤੋ ਜਾ
ਖੱਬੀਆਂ ਪਾਰਟੀਆਂ ਦੇ ਨਜ਼ਰੀਏ ਤੋ ਥੋੜਾ ਜਿਹਾ ਵੀ ਵੱਖਰੇ ਅੰਦਾਜ਼ ਵਿਚ ਕਿਸੇ ਸਮੱਸਿਆ ਨੂੰ
ਸਮਝਣ ਪਰਖਣ ਜਾ ਸੋਚਣ ਦਾ ਹੀਆ ਕਰਦਾ ਤਾ ਉਹ ਗ਼ੱਦਾਰ, ਫਿਰਕੂ, ਪੈਂਤੜੇਬਾਜ,
ਸਿਰ-ਫਿਰਿਆ,ਬੁਰਜੁਆਜੀ ਦਾ ਸਮਰਥਕ ਜਾਂ ਸੀ ਆਈ ਏ ਦਾ ਏਜੰਟ ਗਰਦਾਨ ਦਿੱਤਾ ਜਾਂਦਾ। ਪਾਰਟੀ
ਅਨੁਸ਼ਾਸਨ ਦੇ ਨਾਂ ਹੇਠ ਵਿਅਕਤੀ ਨੂੰ ਮਾਨਸਿਕ ਅਤੇ ਬੌਧਿਕ ਗੁਲਾਮ ਬਣਾ ਲਿਆ ਜਾਂਦਾ। ਉਸ
ਉਪਰ ਤਰਾਂ ਤਰਾਂ ਦੀਆ ਪਾਬੰਦੀਆਂ ਲਗਾ ਦਿੱਤੀਆਂ ਜਾਂਦੀਆਂ। ਖੱਬੀਆਂ ਪਾਰਟੀਆਂ ਨੇ ਅਜਿਹੀ
ਸੋਚ ਦੇ ਚਲਦਿਆ ਬਹੁਤ ਸਾਰੇ ਬੁੱਧੀਜੀਵੀਆਂ ਦੀਆਂ ਸੇਵਾਵਾਂ ਗੁਆ ਲਈਆਂ। ਹੋਲੀ ਹੋਲੀ ਲੋਕਾਂ
ਨੇ ਉਹਨਾਂ ਦੀਆਂ ਨੀਤੀਆਂ ਤੋ ਕਿਨਾਰਾ ਕਰਨਾ ਅਰੰਭ ਦਿੱਤਾ ਅਤੇ ਅੱਜ ਅਸੀ ਉਹਨਾਂ ਦੀ ਦਸ਼ਾ
ਅਤੇ ਦਿਸ਼ਾ ਬਾਰੇ ਸਾਰੇ ਹੀ ਜਾਣਦੇ ਹਾਂ। ਪੰਜਾਬ ਅਤੇ ਭਾਰਤ ਭਰ ਦੇ ਪ੍ਰਗਤੀਵਾਦੀ ਸਾਹਿਤਕਾਰ
ਅਤੇ ਲੇਖਕ ਜੋ ਕਿਸੇ ਸਮੇਂ ਇਹਨਾਂ ਗਰੁੱਪਾਂ ਦੇ ਬਹੁਤ ਵੱਡੇ ਸਮਰਥਕ ਅਤੇ ਪ੍ਰਚਾਰਕ ਹੁੰਦੇ
ਸਨ ਇਹਨਾਂ ਨੀਤੀਆਂ ਤੋ ਦੁਖੀ ਹੋ ਕੇ ਸਾਥ ਛੱਡਦੇ ਗਏ ਅਤੇ ਅਖੀਰ ਵਿਚ ਆਵਾਮ ਵੀ। ਪ੍ਰੋ
ਭਾਰਦਵਾਜ ਵਰਗੀ ਅਜਾਦ ਤਬੀਅਤ ਸ਼ਖਸੀਅਤ ਕਦੇ ਅਜਿਹੀਆਂ ਪਾਬੰਦੀਆਂ ਸਹਿਣ ਕਰ ਸਕਦੀ ਸੀ। ਇਹ
ਗਰੁੱਪ ਤਾਂ ਆਪਣੀਆਂ ਲਿਖਤਾਂ ਵੀ ਛਪਵਾਉਣ ਤੋ ਪਹਿਲਾ ਪਾਰਟੀ ਪਾਸੋਂ ਮਨਜ਼ੂਰ ਕਰਵਾਉਣ ਅਤੇ ਐਨ
ਪਾਰਟੀ ਲਾਇਨ ਉਪਰ ਚਲ ਕੇ ਆਪਣੇ ਵਿਚਾਰਾਂ ਨੂੰ ਪ੍ਰਗਟਾਉਣ ਅਤੇ ਮੱਖੀ ਤੇ ਮੱਖੀ ਮਾਰਨ ਲਈ
ਮਜਬੂਰ ਕਰਦੀਆਂ ਸਨ। ਜਦ ਕਿ ਸਚਾਈ ਇਹ ਹੈ ਕਿ ਲੋਕ ਸਮੱਸਿਆਵਾਂ ਦੀ ਪੇਤਲੀ ਜਿਹੀ ਵੀ ਸਮਝ
ਇਹਨਾਂ ਕੋਲ ਨਹੀ ਸੀ, ਸਮੱਸਿਆਵਾਂ ਦੇ ਹੱਲ ਤਾ ਦੂਰ ਦੀ ਗੱਲ ਰਹੀ! ਜੇਕਰ ਪੰਜਾਬ ਬਾਰੇ ਹੀ
ਗੱਲ ਕਰੀਏ ਤਾ ਪੰਜਾਬ ਵੱਡੇ ਦੁਖਾਂਤ ਵਿਚੋਂ ਗੁਜ਼ਰਿਆ ਹੈ ਪਰ ਲੋਕ ਹਿਤੈਸ਼ੀ ਕਹਾਉਂਦੇ ਕਿਸੇ
ਵੀ ਖੱਬੀ ਸੋਚ ਵਾਲੇ ਗਰੁੱਪ ਕੋਲ ਇਸ ਦੇ ਉਪਜਣ ਦੇ ਕਾਰਨ ਅਤ ਸਮਾਧਾਨ ਲਈ ਕੁਝ ਵੀ ਨਹੀ ਸੀ।
ਸਗੋਂ ਹਕੀਕਤ ਵਿਚ ਇਹ ਲੋਕ ਵਿਰੋਧੀ ਪੈਂਤੜਾ ਅਪਣਾ ਕੇ ਪੰਜਾਬ ਦੁਸਮਣ ਤਾਕਤਾਂ ਦੇ ਹੱਕ ਵਿਚ
ਜਾ ਖੜੀਆਂ ਹੋਈਆ ਸਨ ਅਤੇ ਪੰਜਾਬ ਦਾ ਭਾਰੀ ਨੁਕਸਾਨ ਕੀਤਾ। ਅਜਿਹੀਆਂ ਕਾਰਵਾਈਆਂ ਅਤੇ
ਗਲਤੀਆਂ ਕਰਕੇ ਹੀ ਇਹ ਪੰਜਾਬ ਵਿਚੋਂ ਆਪਣਾ ਅਧਾਰ ਸਿਫ਼ਰ ਕਰ ਬੈਠੀਆਂ ਸਨ ਅਤੇ ਆਖਰੀ ਵੱਡੀ
ਸੱਟ ਪਿਛਲੇ ਤੀਹ ਚਾਲੀ ਵਰ੍ਹਿਆ ਦੇ ਮਜ਼ਬੂਤ ਕਿਲ੍ਹੇ ਬੰਗਾਲ ਵਿਚ ਹਾਲ ਵਿਚ ਹੀ ਖਾਧੀ ਹੈ ਪਰ
ਲੀਡਰਸ਼ਿਪ ਦਾ ਅੰਦਾਜ਼ ਅਤੇ ਵਰਤਾਓ ਵਿਚ ਕੋਈ ਸੁਧਾਰ ਨਹੀ ਆਇਆ।
ਉਸ ਤਰਾਂ ਪ੍ਰੋ ਸਾਹਿਬ ਦੇ ਮਨ ਦਾ ਠਹਿਰਾਉ ਵੀ ਕਿਤੇ ਇੱਕ ਜਗਾ ਤੇ ਨਹੀ ਸੀ ਉਹਨਾਂ ਦੇ
ਵਿਚਾਰਾਂ ਵਿਚ ਕੁਝ ਨਾ ਕੁਝ ਉਧੇੜ-ਬੁਣ ਹਮੇਸ਼ ਹੀ ਚਲਦੀ ਰਹਿੰਦੀ ਅਸੀਂ ਉਹਨਾਂ ਦੇ ਬਹੁਤ
ਕਰੀਬੀ ਦੋਸਤ ਵੀ ਉਹਨਾਂ ਦੀ ਇਹ ਭਟਕਣਾ ਮਹਿਸੂਸ ਕਰਦੇ। ਕਦੀ ਉਹ ਮਾਰਕਸਵਾਦ ਨੂੰ ਭਾਰਤ ਦੀਆਂ
ਤਮਾਮ ਉਲਝਣਾ ਦਾ ਹੱਲ ਸਮਝਦੇ ਕਦੀ ਉਹ ਸਰ ਛੋਟੂ ਰਾਮ ਦੀ ਵਿਚਾਰਧਾਰਾ ਨੂੰ ਕ੍ਰਿਸਾਨੀ ਨਾਲ
ਸਬੰਧਿਤ ਮੁਸ਼ਕਲਾਂ ਦਾ ਸਮਾਧਾਨ ਮੰਨ ਕੇ ਚਲਦੇ। ਅਗਲੀ ਮੁਲਾਕਾਤ ਵਿਚ ਉਹ ਗਾਂਧੀਵਾਦ ਦੀ ਗੱਲ
ਕਰਨ ਲਗਦੇ ਉਸ ਤੋ ਅਗਲੀ ਵੇਰ ਅਰਬਿੰਦੂ ਘੋਸ ਦੀ ਫਿਲਾਸਫ਼ੀ ਤੋਂ ਪ੍ਰਭਾਵਤ ਹੋਏ ਲਗਦੇ। ਨਿੱਜੀ
ਵਿਚਾਰ ਵਟਾਂਦਰੇ ਵਿੱਚ ਬਹੁਤ ਵੇਰ ਉਹ ਅਚਾਰੀਆ ਰਜਨੀਸ਼ ਦੇ ਵਿਚਾਰਾ ਦੀ ਪੁਸ਼ਟੀ ਕਰਦੇ, ਕਦੇ
ਉਹ ਲਾਲਾ ਹਰਦਿਆਲ ਦੇ ਉਪਾਸ਼ਕ ਬਣੇ ਹੁੰਦੇ। ਵਿਚਾਰਾਂ ਦਾ ਇਹ ਟਕਰਾਉ, ਵਖਰੇਵਾਂ ਅਤੇ ਵਰਤਾਓ
ਉਹਨਾਂ ਦੀ ਸ਼ਖਸੀਅਤ ਨੂੰ ਅਦਭੁਤ ਜਿਹੀ ਅਤੇ ਦੂਸਰਿਆਂ ਦੀ ਨਜ਼ਰ ਵਿਚ ਸ਼ੱਕੀ ਜਿਹੀ ਬਣਾ ਦੇਦਾ।
ਇਹ ਵਿਭਿੰਨ ਪ੍ਰਕਾਰ ਦਾ ਬਹੁਤ ਜਿਆਦਾ ਸਾਹਿਤ ਪੜਨ ਦੀ ਰੁਚੀ ਕਰਕੇ ਵੀ ਕਿਹਾ ਜਾ ਸਕਦਾ ਹੈ।
ਧਰਮ ਦੇ ਆਲੋਚਕ ਹੋਣ ਦੇ ਬਾਵਜੂਦ ਉਹ ਸਿੱਖ ਧਰਮ ਦੀ ਫਿਲਾਸਫ਼ੀ ਅਤੇ ਮਨੁੱਖੀ ਜੀਵਨ ਨਾਲ
ਜੁੜੀਆਂ ਸਚਾਈਆਂ ਦੇ ਉਪਾਸ਼ਕ ਸਨ। ਹਿੰਦੂ ਬ੍ਰਾਹਮਣ ਪ੍ਰਵਾਰ ਵਿਚ ਪੈਦਾ ਹੋਏ ਪ੍ਰੋ ਸਾਹਿਬ
ਹਿੰਦੂ ਰੀਤੀ ਰਿਵਾਜਾਂ ਅਤੇ ਕਰਮ ਕਾਂਡਾਂ ਦੇ ਬਹੁਤ ਕੱਟੜ ਵਿਰੋਧੀ ਹੋਣ ਦੇ ਬਾਵਜੂਦ ਹਿੰਦੂ
ਸਮਾਜ ਦੇ ਸਾਧੂ-ਸੰਤਾਂ ਅਤੇ ਅਖੌਤੀ ਸੁਆਮੀਆਂ ਵਰਗੇ ਭਗਵੇ ਪਹਿਰਾਵੇ ਨੂੰ ਆਪਣੀ ਪਛਾਣ ਬਣਾ
ਚੁੱਕੇ ਸਨ। ਮਾਨਸਿਕ ਅਵਸਥਾ ਦਾ ਇਹ ਦਵੰਦ ਉਹਨਾਂ ਦੀ ਕਾਰਜ-ਸ਼ੈਲੀ ਅਤੇ ਸਮਾਜਿਕ ਸੁਧਾਰਾਂ ਦੇ
ਉਹਨਾਂ ਦੇ ਵਿਚਾਰਾਂ ਅਤੇ ਟੀਚਿਆਂ ਦੇ ਵਿਪਰੀਤ ਅਨੁਭਵ ਹੁੰਦਾ। ਕਿਰਸਾਨੀ ਨਾਲ ਦੂਰ ਦਾ
ਰਿਸ਼ਤਾ ਨਾ ਹੁੰਦਿਆਂ ਵੀ ਉਹ ਹਮੇਸ਼ ਕ੍ਰਿਸਾਨੀ ਦੀਆਂ ਮੁਸ਼ਕਲਾਂ ਪ੍ਰਤੀ ਚਿੰਤਾ ਗ੍ਰਸਤ
ਰਹਿੰਦੇ। ਸਿੱਖ ਨਾ ਹੋ ਕੇ ਵੀ ਪੰਥ ਨੂੰ ਖ਼ਤਰੇ ਦਾ ਰਾਗ ਅਲਾਪਣ ਵਾਲੀ ਅਕਾਲੀ ਪਾਰਟੀ ਨਾਲ
ਨੇੜਤਾ ਵੀ ਅਜੀਬ ਵਰਤਾਰਾ ਲਗਦੀ ਉਹ ਵੀ ਉਸ ਸਮੇਂ ਜਦੋਂ ਅਖੌਤੀ ਸਿੱਖ ਆਤੰਕਵਾਦ ਆਪਣੀਆਂ
ਜੜ੍ਹਾਂ ਪਸਾਰ ਰਿਹਾ ਸੀ। ਅਪਰੇਸ਼ਨ ਨੀਲਾ ਤਾਰਾ (ਅਪਰੇਸ਼ਨ ਬਲਿਓ ਸਟਾਰ) ਵੇਲੇ ਉਹ ਇੰਗਲੈਂਡ
ਵਿਚ ਸਨ ਜਿਥੇ ਉਹਨਾਂ ਨੇ ਖਾਲਿਸਤਾਨੀ ਸਮਰਥਕਾਂ ਨਾਲ ਇੱਕ ਵੱਡੇ ਵਿਰੋਧ ਪ੍ਰਦਰਸ਼ਨ ਵਿਚ ਹਿਸਾ
ਲਿਆ। ਇਸ ਖਾਲਿਸਤਾਨੀ ਮੁਜ਼ਾਹਰੇ ਦੀ ਅਗਵਾਈ ਕਰਦੇ ਇੱਕ ਹਿੰਦੂ ਲੀਡਰ ਨੇ ਲੋਕਾ ਦਾ ਧਿਆਨ
ਖਿੱਚਿਆ ਅਤੇ ਇੰਡੀਆ ਟੂ ਡੇ ਵਰਗੇ ਵੱਡੇ ਮੈਗਜ਼ੀਨ ਨੇ ਟਾਈਟਲ ਤੇ ਇਸ ਜਲੂਸ ਦੀ ਅਗਵਾਈ ਕਰਦੇ
ਪ੍ਰੋ ਭਾਰਦਵਾਜ ਦੀਆ ਤਸਵੀਰਾਂ ਛਾਪ ਕੇ ਟਿੱਪਣੀ ਕੀਤੀ ਅਤੇ ਨੋਟਿਸ ਲਿਆ।
ਉਹਨਾਂ ਦੇ ਦੋਸਤਾਂ ਮਿੱਤਰਾਂ ਦਾ ਘੇਰਾ ਏਨਾ ਵਿਸ਼ਾਲ ਸੀ ਕਿ ਦੁਨੀਆ ਦੇ ਹਰ ਕੋਨੇ ਵਿਚ
ਉਹਨਾਂ ਨਾਲ ਨਿੱਜੀ ਸਾਝ ਵਾਲਾ ਕੋਈ ਨਾ ਕੋਈ ਵਿਅਕਤੀ ਮੌਜੂਦ ਹੁੰਦਾ। ਹਾਲੈਂਡ ਦੇ ਸਰਦਾਰ
ਜਸਬੀਰ ਸਿੰਘ ਜਾਂ ਇੰਗਲੈਂਡ ਦੇ ਸਰਦਾਰ ਅਜੀਤ ਸਿੰਘ ਜੋਹਲ ਵਰਗੇ ਹੋਰ ਅਨੇਕ ਸੱਜਣ ਵਿਦੇਸ਼ਾਂ
ਵਿਚ ਮੁਕੀਮ ਸਨ ਜੋ ਕਿ ਪ੍ਰੋ ਭਾਰਦਵਾਜ ਦੇ ਵਿਚਾਰਾਂ ਦੇ ਸਮਰਥਕ ਹੋਣ ਦੇ ਨਾਲ ਨਾਲ ਨਿੱਜੀ
ਜਿੰਦਗੀ ਦੇ ਹਰ ਔਖੇ ਸੋਖੇ ਸਮੇਂ ਭਾਰਦਵਾਜ ਨਾਲ ਖੜ੍ਹੇ ਸਨ। ਅਜਿਹੇ ਦੋਸਤਾਂ ਤੇ ਪ੍ਰੋ
ਭਾਰਦਵਾਜ ਹਮੇਸ਼ ਰਸ਼ਕ ਕਰਦੇ ਅਤੇ ਉਹਨਾਂ ਬਾਰੇ ਦੂਸਰੇ ਤਮਾਮ ਮਿੱਤਰਾਂ ਨੂੰ ਦੱਸਦੇ ਰਹਿੰਦੇ
ਅਤੇ ਅੱਜ ਵੀ ਅਸੀਂ ਮਹਿਸੂਸ ਕਰਦੇ ਹਾਂ ਕਿ ਪ੍ਰੋ ਭਾਰਦਵਾਜ ਦੇ ਵਿਚਾਰਾਂ ਦੇ ਸਮਰਥਕ ਦੋਸਤ
ਇੱਕ ਚੰਗੇ ਮਿੱਤਰ ਪ੍ਰਵਾਰ ਵਾਗ ਇਕ ਦੂਸਰੇ ਦੇ ਦੁਖ-ਸੁਖ ਵਿਚ ਭਾਈਵਾਲ ਹਨ ਅਤੇ ਜਦ ਕਦੀ ਵੀ
ਮਿਲਾਪ ਹੁੰਦਾ ਹੈ ਤਾਂ ਉਸ ਦਰਵੇਸ਼ ਰੂਹ ਦੀਆਂ ਯਾਦਾਂ ਤਰੋ ਤਾਜ਼ਾ ਹੋ ਜਾਂਦੀਆਂ ਹਨ। ਜੀਵਨ
ਦੀਆਂ ਬਹੁਤ ਜਰੂਰੀ ਲੋੜ੍ਹਾ ਨੂੰ ਛੱਡ ਕੇ ਹਰ ਤਰਾਂ ਦੇ ਤਿਆਗ ਦੀ ਮੂਰਤ ਸਨ ਪ੍ਰੋ ਭਾਰਦਵਾਜ।
ਕਈ ਵੇਰ ਤਾਂ ਉਹਨਾਂ ਦਾ ਤਿਆਗ ਆਦਰਸ਼ਵਾਦ ਦੇ ਆਖਰੀ ਹੱਦ ਨੂੰ ਛੂਹ ਲੈਦਾ। ਇੱਕ ਵਾਰ ਉਹਨਾਂ
ਨੂੰ ਕਿਸੇ ਸਾਹਿਤਕ ਸੰਸਥਾ ਨੇ ਇੱਕ ਸਮਾਗਮ ਵਿਚ ਪੰਜ ਸੋ ਰੁਪਿਆ ਸਨਮਾਨ ਵੱਜੋ ਦਿੱਤਾ ਪਰ
ਉਹਨਾਂ ਨੇ ਉਹ ਪੈਸੇ ਉਸੇ ਹੀ ਸਮੇਂ ਉਥੇ ਹਾਜ਼ਰ ਮਰਹੂਮ ਸੰਤ ਰਾਮ ਉਦਾਸੀ ਦੀ ਬੇਟੀ ਕ੍ਰਾਂਤੀ
ਉਦਾਸੀ ਨੂੰ ਦੇ ਦਿੱਤੇ। ਸਨਮਾਨ ਸਮਾਰੋਹ ਤੋ ਬਾਅਦ ਦੇਰ ਰਾਤ ਨੂੰ ਉਹ ਆਪਣੇ ਵਰਗੇ ਹੋਰ
ਸਾਥੀਆਂ ਨਾਲ ਮੁਹਾਲੀ ਤੋ ਪੈਦਲ ਚੰਡੀਗੜ੍ਹ ਆਪਣੀ ਅਸਥਾਈ ਜਿਹੀ ਰਹਾਇਸ਼ ਤੇ ਪਹੁੰਚੇ ਕਿਉਂਕਿ
ਕਿਸੇ ਦੀ ਵੀ ਜੇਬ ਵਿਚ ਆਟੋ ਰਿਕਸ਼ੇ ਦਾ ਕਰਾਇਆ ਨਹੀ ਸੀ। ਇਸ ਤਰਾਂ ਦੀਆਂ ਅਨੇਕਾਂ ਮਿਸਾਲਾਂ
ਉਹਨਾਂ ਦੀ ਜਿੰਦਗੀ ਨਾਲ ਜੁੜੀਆਂ ਹੋਈਆਂ ਹਨ ਜੋ ਉਹਨਾਂ ਨੂੰ ਆਮ ਇਨਸਾਨ ਤੋ ਕੁਝ ਹਟ ਕੇ
ਵੱਖਰਾ ਫੱਕਰ ਤਬੀਅਤ ਦਾ ਮਾਲਕ ਵਿਅਕਤੀ ਦਰਸਾਉਂਦੀਆਂ ਹਨ। ਇੰਜੀਨੀਅਰਿੰਗ ਕਾਲਜ ਦੇ ਉਹਨਾਂ
ਦੇ ਪੁਰਾਣੇ ਸਾਥੀ ਚੰਗੀਆ ਨੌਕਰੀਆਂ ਤੇ ਬਿਰਾਜਮਾਨ ਸਨ ਇਸ ਕਰਕੇ ਲੋੜ ਅਨੁਸਾਰ ਆਪਣਾ ਕੰਮ
ਜਾਰੀ ਰੱਖਣ ਲਈ ਪੈਸੇ ਧੇਲੇ ਦੀ ਕੋਈ ਰੁਕਾਵਟ ਉਹਨਾਂ ਅੱਗੇ ਨਹੀ ਸੀ ਆਉਂਦੀ ਬਹੁਤ ਵਾਰ ਉਹ
ਸਾਰਾ ਦਿਨ ਆਪਣੇ ਦੋਸਤਾਂ ਤੋ ਕਿਸੇ ਬਹੁਤ ਜਰੂਰੀ ਕੰਮ ਲਈ ਜੋ ਅਕਸਰ ਹਰ ਵਾਰ ਨਵਾਂ
ਪ੍ਰਾਜੈਕਟ ਹੀ ਹੁੰਦਾ ਲਈ ਧਨ ਇਕੱਠਾ ਕਰਦੇ ਰਹਿੰਦੇ ਅਤੇ ਸ਼ਾਮ ਹੁੰਦਿਆਂ ਹੁੰਦਿਆਂ ਉਹਨਾਂ
ਦੀਆਂ ਤਰਜੀਹਾਂ ਅਤੇ ਵਿਚਾਰ ਬਦਲ ਜਾਂਦੇ ਅਤੇ ਉਹ ਪੈਸੇ ਕਿਸੇ ਹੋਰ ਲੋੜਵੰਦ ਦੀ ਮਦਦ ਲਈ ਦੇ
ਦੇਦੇ। ਖੁਦ ਮੇਰੇ ਨਾਲ ਕਈ ਵੇਰ ਅਜਿਹਾ ਹੀ ਹੋਇਆ। ਜਦ ਮੈ ਆਪਣੀ ਰਿਹਾਇਸ਼ ਆਪਣੇ ਪਿੰਡ ਹੀ
ਰੱਖੀ ਹੋਈ ਸੀ ਅਤੇ ਖੇਤੀ ਦਾ ਪੁਸ਼ਤੈਨੀ ਕਾਰੋਬਾਰ ਨੌਕਰੀ ਦੇ ਨਾਲ ਨਾਲ ਚਲ ਰਿਹਾ ਸੀ ਅਚਾਨਕ
ਪ੍ਰੋ ਸਾਹਿਬ ਆ ਪਧਾਰਦੇ ਅਤੇ ਪੁੱਛਦੇ ਜਗੀਰਦਾਰਾ (ਮਜ਼ਾਕ ਨਾਲ ਮੈਨੂੰ ਇਹ ਨਾਂ ਉਹਨਾਂ ਨੇ ਦੇ
ਰੱਖਿਆ ਸੀ) ਇਸ ਸਾਲ ਕਣਕ ਕਿੰਨੀ ਕੁ ਹੋਈ ਹੈ।
ਬਥੇਰੀ ਗੁਜ਼ਾਰੇ ਜੋਗੀ, ਮੈ ਕਹਿੰਦਾ।
ਤੇ ਮੇਰਾ ਹਿੱਸਾ? ਉਹਨਾਂ ਦਾ ਅਗਲਾ ਸੁਆਲ ਹੁੰਦਾ।
ਹੁਕਮ ਕਰੋ ਪ੍ਰੋ ਸਾਹਿਬ ਸਭ ਤੁਹਾਡਾ ਹੀ ਪ੍ਰਤਾਪ ਹੈ। ਮੈ ਇੱਕ ਬੀਬੇ ਜਿਹੇ ਸ਼ਿਸ਼ ਵਾਗ ਕਹਿ
ਉੱਠਦਾ।
ਫਿਰ ਉਹ ਏਕੜਾਂ ਅਤੇ ਬੋਰੀਆਂ ਦਾ ਹਿਸਾਬ ਜਿਹਾ ਲਾ ਕੇ ਕਹਿੰਦੇ। ਚਲ ਮੇਰੇ ਲਈ ਦਸ ਕੁ
ਬੋਰੀਆਂ ਬਥੇਰੀਆਂ ਨੇ। ਤੈਨੂੰ ਪਤਾ ਚੰਡੀਗੜ੍ਹ ਕਿੰਨੀ ਆਵਾਜਾਈ ਰਹਿੰਦੀ ਹੈ। ਲੰਗਰ ਵਿਚ
ਤੇਰਾ ਵੀ ਤਾਂ ਹਿੱਸਾ ਹੋਣਾ ਚਾਹੀਦਾ ਹੈ ਜਗੀਰਦਾਰਾ!
ਮੈਨੂੰ ਭਾਵੇ ਪਹਿਲਾ ਹੀ ਉਹਨਾਂ ਦੇ ਅਗਲੇ ਸੁਆਲ ਦਾ ਪਤਾ ਹੁੰਦਾ ਪਰ ਮੈ ਕਹਿੰਦਾ ਠੀਕ ਹੈ
ਪ੍ਰੋਫੈਸਰ ਸਾਹਿਬ ਲੈ ਜਾਉ ਆਪਣਾ ਹਿੱਸਾ।
ਤੂੰ ਤਾ ਕਮਲਾ ਹੈ ਹਰਜੀਤ! ਮੈ ਚੰਡੀਗੜ੍ਹ ਕਿਵੇਂ ਲਿਜਾਣੀਆ ਨੇ ਇਹ ਬੋਰੀਆਂ? ਤੂੰ ਇਉ ਕਰ
ਨਗਦੀ ਹੀ ਸੇਵਾ ਕਰ ਦੇ!
ਮੈਨੂੰ ਉਹਨਾਂ ਦੇ ਕਹੇ ਅਨੁਸਾਰ ਬਣਦਾ ਹਿੱਸਾ ਦੇਣਾ ਪੈਦਾ। ਭਾਵੇ ਬਾਪੂ ਜੀ ਨਰਾਜ਼ ਹੁੰਦੇ
ਅਤੇ ਕਹਿੰਦੇ ਇਹ ਤੈਨੂੰ ਕਿਤੇ ਨਾਂ ਕਿਤੇ ਫਸਾਏਗਾ। ਬੜਾ ਖਤਰਨਾਕ ਬਾਹਮਣ ਏ, ਅੱਖਾਂ ਖੋਹਲ
ਕੇ ਕੰਮ ਕਰਿਆ ਕਰ ਕਾਕਾ।
ਅਗਲੇ ਦਿਨ ਜਦ ਮੈ ਅੰਮ੍ਰਿਤਸਰ ਬੱਸ ਅੱਡੇ ਛੱਡਣ ਲਈ ਜਾਂਦਾ ਤਾ ਪਤਾ ਲਗਦਾ ਕਿ ਮੇਰੀਆ ਦਸ
ਬੋਰੀਆਂ ਦੀ ਰਾਸ਼ੀ ਰਾਤੀ ਕਿਸੇ ਹੋਰ ਲੋੜਵੰਦ ਦੇ ਘਰ ਪਹੁੰਚ ਚੁੱਕੀ ਹੁੰਦੀ। ਸਾਡੇ ਵਿਚੋਂ
ਕਿਸੇ ਨਾ ਕਿਸੇ ਨੂੰ ਚੰਡੀਗੜ੍ਹ ਦੇ ਕਿਰਾਏ ਦਾ ਪ੍ਰਬੰਧ ਮੌਕੇ ਤੇ ਕਰਨਾ ਪੈ ਜਾਦਾ। ਕਈ ਵੇਰ
ਤਾਂ ਉਹ ਬੱਸ ਅੱਡੇ ਪਹੁੰਚ ਕੇ ਆਪਣੀ ਜੇਬ ਫਰੋਲਦੇ ਚੰਡੀਗੜ੍ਹ ਦਾ ਕਿਰਾਇਆ ਅਤੇ ਰਿਕਸ਼ੇ
ਜੋਗੇ ਪੈਸੇ ਕੋਲ ਰੱਖ ਕੇ ਬਾਕੀ ਬਚੀ ਰਾਸ਼ੀ ਸਾਡੇ ਵਿਚੋਂ ਕਿਸੇ ਨੂੰ ਫੜਾ ਕੇ ਕਹਿੰਦੇ। ਇਹ
ਪੈਸੇ ਫਲਾਣੇ ਨੂੰ ਦੇ ਦੇਈ। ਉਹਨੇ ਬੱਚਿਆਂ ਦੀ ਫੀਸ ਭਰਨੀ ਹੋਣੀ ਹੈ। ਇਹੋ ਜਿਹਾ ਤਿਆਗੀ ਸੀ
ਪ੍ਰੋ ਭਾਰਦਵਾਜ।
ਏਥੇ ਮੈਨੂੰ ਇੱਕ ਹੋਰ ਗੱਲ ਦਾ ਜਿਕਰ ਕਰਨਾ ਪੈਣਾ ਹੈ। ਪ੍ਰੋ ਭਾਰਦਵਾਜ ਨਾਲ ਬਿਤਾਏ ਸਮੇਂ
ਦੀਆਂ ਯਾਦਾਂ ਤਾਂ ਏਨੀਆਂ ਨੇ ਕਿ ਭਾਵੇ ਪੂਰੀ ਕਿਤਾਬ ਲਿਖ ਲਈ ਜਾਵੇ। ਚੇਅਰਮੈਨੀ ਦੇ ਸਮੇਂ
ਬਾਅਦ ਉਹਨਾਂ ਦੀ ਜਾਣ ਪਹਿਚਾਣ ਦਾ ਘੇਰਾ ਸਿਰਫ਼ ਬੁੱਧੀਜੀਵੀਆਂ ਤਕ ਹੀ ਸੀਮਤ ਨਾ ਰਿਹਾ ਸਗੋਂ
ਬਹੁਤ ਸਾਰੇ ਰਾਜਨੀਤਕ ਆਗੂ ਵੀ ਉਹਨਾਂ ਦੇ ਦੋਸਤਾ ਅਤੇ ਜਾਣੂ ਵਿਅਕਤੀਆਂ ਦੀ ਸੂਚੀ ਵਿਚ
ਸ਼ਾਮਲ ਹੋ ਚੁੱਕੇ ਸਨ। ਇੱਕ ਦਿਨ ਪ੍ਰੋ ਸਾਹਿਬ ਮੇਰੇ ਮਹਿਮਾਨ ਸਨ ਸ਼ਾਮ ਨੂੰ ਕਹਿਣ ਲੱਗੇ।
ਯਾਰ ੳਂੁਕਾਰ ਸਿੰਘ ਮੱਤੇਨੰਗਲ ਨੂੰ ਮਿਲ ਆਈਏ। ਜਥੇਦਾਰ ਮੱਤੇਨੰਗਲ ਪ੍ਰੋ ਸਾਹਿਬ ਦੀ
ਚੇਅਰਮੈਨੀ ਸਮੇਂ ਗੋਇੰਦਵਾਲ ਸਮਾਲ ਸਕੇਲ ਇੰਡਸਟਰੀ ਦੇ ਚੇਅਰਮੈਨ ਰਹੇ ਸਨ ਅਤੇ ਮੇਰੇ ਕੁਲੀਗ
ਅਤੇ ਚੰਗੇ ਮਿੱਤਰ ਮਨਜਿੰਦਰ ਦੇ ਪਾਪਾ ਜੀ ਹਨ ਅਤੇ ਇਸ ਰਿਸ਼ਤੇ ਤੋ ਪ੍ਰਵਾਰ ਨਾਲ ਮੇਰੀ ਵੀ
ਚੰਗੀ ਸਾਝ ਹੈ। ਜਦ ਅਸੀ ਰਣਜੀਤ ਐਵੇਨਿਓ ਤੋ ਇੰਡਸਟਰੀ ਅਲ ਏਰੀਆ ਮਹਿਤਾ ਰੋਡ ਵਲ ਚੱਲਣ ਲੱਗੇ
ਤਾ ਮੇਰੀ ਨਜ਼ਰ ਪ੍ਰੋਫੈਸਰ ਭਾਰਦਵਾਜ ਦੀਆ ਪਲਾਸਟਿਕ ਦੀਆਂ ਚੱਪਲਾਂ ਤੇ ਪਈ ਜੋ ਟੁੱਟੀਆਂ
ਪਈਆਂ ਸਨ ਪਰ ਪ੍ਰੋ ਸਾਹਿਬ ਨੇ ਸੂਈ ਧਾਗੇ ਨਾਲ ਖੁਦ ਹੀ ਸੀਤੀਆਂ ਹੋਈਆ ਸਨ। ਮੈਨੂੰ ਸਾਰਾ
ਰਸਤਾ ਇਹ ਗੱਲ ਚੁਭਦੀ ਰਹੀ ਕਿ ਮਨਜਿੰਦਰ ਕੀ ਕਹੇਗਾ ਕਿ ਹਰਜੀਤ ਦਾ ਦੋਸਤ ਪ੍ਰੋਫੈਸਰ ਕਿਹੋ
ਜਿਹਾ ਆਦਮੀ ਹੈ। ਮੈ ਮਨ ਬਣਾ ਲਿਆ ਕਿ ਰਸਤੇ ਵਿਚੋਂ ਕਿਤੇ ਖਲੋ ਕੇ ਨਵੀ ਜੁੱਤੀ ਜਰੂਰ ਲੈਣੀ
ਹੈ ਅਤੇ ਇਸ ਸੋਚ ਦੇ ਚਲਦਿਆਂ ਮੈ ਉੱਚੇ ਪੁਲ ਕੋਲ ਬਾਟਾ ਦੀ ਦੁਕਾਨ ਤੇ ਰੁਕ ਗਿਆ।
ਜੁੱਤੀ ਖ੍ਰੀਦਣ ਲੱਗਾ ਏ? ਪ੍ਰੋ ਸਾਹਿਬ ਨੇ ਪੁੱਛਿਆ।
ਮੈ ਬਿਨਾ ਜੁਆਬ ਦਿੱਤਿਆਂ ਦੁਕਾਨ ਵਿਚ ਵੜ ਗਿਆ।
ਹਾਂ ਹਾਂ ਤੁਹਾਡੇ ਲਈ ਸੋਚਿਆ ਏ! ਜਰਾ ਆਪਣੀਆਂ ਚੱਪਲਾਂ ਵੱਲ ਵੇਖੋ?
ਨਹੀ ਨਹੀ ਮੈਨੂੰ ਅਜੇ ਲੋੜ ਨਹੀ! ਇਹ ਛੇ ਮਹੀਨੇ ਕਿਤੇ ਨਹੀ ਜਾਂਦੀਆਂ!
ਪਰ ਪ੍ਰੋਫੈਸਰ ਸਾਹਿਬ ਅਸੀ ਮੱਤੇਨੰਗਲ ਦੇ ਘਰ ਜਾ ਰਹੇ ਹਾਂ ਉਹ ਕੀ ਸੋਚਣਗੇ? ਮੈ ਕਿਹਾ।
ਕੋਈ ਕਿਸੇ ਨੂੰ ਕੁਝ ਨਹੀ ਕਹਿੰਦਾ ਇਹ ਸਭ ਆਪਣੇ ਮਨ ਦੀਆਂ ਕਮਜ਼ੋਰੀਆਂ ਨੇ ਪ੍ਰੌਫੇਸਰ ਸਾਹਿਬ
ਨੇ ਦ੍ਰਿੜਤਾ ਨਾਲ ਕਿਹਾ।
ਪਰ ਮੈ ਆਪਣੀ ਜਿੱਦ ਤੇ ਅੜਿਆ ਹੋਇਆ ਸੀ।
ਕਿੰਨੇ ਦੀ ਆਉਣੀ ਹੈ ਜੁੱਤੀ? ਪ੍ਰੋ ਦਾ ਸੁਆਲ ਸੀ।
ਜਿੰਨੇ ਦੀ ਵੀ ਆਏ ਮੈ ਕਿਹਾ।
ਫਿਰ ਵੀ?
ਇਹੀ ਕੋਈ ਦੋ ਢਾਈ ਸੋ ਦੀ ਹੋਵੇਗੀ!ਮੇਰਾ ਜੁਆਬ ਸੀ।
ਚਲ ਇਹ ਪੈਸੇ ਅਸੀ ਹੋਰ ਕਿਤੇ ਵਰਤਾਂਗੇ, ਬਹੁਤ ਜਰੂਰੀ ਕੰਮ ਤੇ, ਤੈਨੂੰ ਵੀ ਚੰਗਾ ਲੱਗੇਗਾ।
ਦੁਕਾਨ ਤੋ ਬਾਹਰ ਆੳਂੁਂਦਿਆ ਹੀ ਪ੍ਰੋ ਨੇ ਮੇਰੇ ਹੱਥੋਂ ਤਿੰਨ ਸੋ ਫੜ ਲਿਆ ਮਤੇ ਬਾਅਦ ਵਿਚ
ਮੈ ਮੁੱਕਰ ਹੀ ਜਾਵਾਂ।
ਇਹ ਪੈਸੇ ਕਿੱਥੇ ਖਰਚੇ, ਪ੍ਰੋ ਜਾਣੇ ਮੈ ਨਹੀ ਪੁੱਛਿਆ। ਇਹ ਸਾਡਾ ਨਿੱਤ ਦਾ ਵਿਵਹਾਰ ਜਿਹਾ
ਬਣ ਗਿਆ ਸੀ।
ਨਿੱਜੀ ਸੰਬੰਧਾਂ ਵਿਚ ਮੈਨੂੰ ਹਮੇਸ਼ ਉਹਨਾਂ ਪਾਸੋਂ ਕੁਝ ਨਾ ਕੁਝ ਕਰਦੇ ਰਹਿਣ ਦੀ ਪ੍ਰੇਰਨਾ
ਮਿਲਦੀ ਰਹੀ। ਉਹਨਾਂ ਕੋਲ ਮੇਰੇ ਵਰਗੇ ਸਧਾਰਨ ਵਿਅਕਤੀ ਨੂੰ ਕਿਸੇ ਕੰਮ ਲਈ ਤੋਰ ਲੈਣ ਦੀ
ਤਕਨੀਕੀ ਮੁਹਾਰਤ ਹਾਸਲ ਸੀ। ਜਦ ਉਹ ਅਕਾਲੀ ਸਿਆਸਤ ਵਿਚ ਸਰਗਰਮ ਸਨ ਤਾਂ ਮੈਨੂੰ ਹਮੇਸ਼
ਅਕਾਲੀ ਰਾਜਨੀਤੀ ਵਿਚ ਆਉਣ ਲਈ ਪ੍ਰੇਰਦੇ ਰਹੇ। ਮੈ ਆਪਣੀਆਂ ਸੀਮਾਵਾਂ ਦੀ ਹੱਦ ਉਲੰਘਣ ਲਈ
ਕਦੀ ਵੀ ਤਿਆਰ ਨਾਂ ਹੋ ਸਕਿਆ। ਇੱਕ ਦਿਨ ਪ੍ਰੋ ਸਾਹਿਬ ਮੇਰੇ ਕੋਲ ਠਹਿਰੇ ਹੋਏ ਸਨ ਕਿ ਅਚਾਨਕ
ਮੈਨੂੰ ਕਹਿਣ ਲੱਗੇ ਚਲ ਮੈ ਤੈਨੂੰ ਪੰਜਾਬ ਦੇ ਆਉਣ ਵਾਲੇ ਸੀ ਐਮ (ਮੁੱਖ ਮੰਤਰੀ) ਨਾਲ ਮਿਲਾ
ਕੇ ਲਿਆਵਾਂ। ਅਸੀ ਦੋਹੇ ਜਣੇ ਮੋਟਰਸਾਇਕਲ ਤੇ ਸਵਾਰ ਹੋ ਕੇ ਅੰਮ੍ਰਿਤਸਰ ਦੇ ਇਸਲਾਮਾਂਬਾਦ
ਇਲਾਕੇ ਵਿਚ ਕਿਸੇ ਛੋਟੇ ਜਿਹੇ ਯੂਨਿਟ (ਕਾਰਖ਼ਾਨੇ) ਵਿਚ ਪਹੁੰਚ ਗਏ। ਉਥੇ ਕੰਮ ਕਰਨ ਵਾਲਾ
ਵਿਅਕਤੀ ਜੋ ਉਸ ਫੈਕਟਰੀ ਦਾ ਮਾਲਕ ਵੀ ਸੀ ਬੜੇ ਤਪਾਕ ਨਾਲ ਮਿਲਿਆ। ਗੱਲਬਾਤ ਤੋ ਮੈਨੂੰ ਸਿਰਫ਼
ਇਹ ਹੀ ਅੰਦਾਜ਼ਾ ਹੋ ਸਕਿਆ ਕਿ ਇਹ ਨੌਜਵਾਨ ਵੀ ਮੇਰੀ ਤਰਾਂ ਪ੍ਰੋ ਭਾਰਦਵਾਜ ਦਾ ਸ਼ਰਧਾਲੂ ਹੀ
ਸੀ। ਅੱਧੇ ਪਾਉਣੇ ਘੰਟੇ ਦੀ ਮਿਲਣੀ ਤੋ ਬਾਅਦ ਅਸੀ ਜਦ ਵਾਪਸ ਘਰ ਪਰਤ ਰਹੇ ਸੀ ਤਾਂ ਮੈ
ਪੁਛਿਆ!
ਅਸੀਂ ਕਿਸੇ ਆਉਣ ਵਾਲੇ ਸੀ ਐਮ ਨੂੰ ਮਿਲਣ ਨਿਕਲੇ ਸੀ?
ਪ੍ਰੋਫੈਸਰ ਸਾਹਿਬ ਦਾ ਉਤਰ ਸੀ, ਇਹੋ ਹੀ ਤਾ ਸੀ ਉਹ ਵਿਅਕਤੀ!
ਹੈ! ਮੈ ਹੈਰਾਨਗੀ ਭਰੇ ਲਹਿਜੇ ਵਿਚ ਸੁਆਲੀਆਂ ਨਜ਼ਰਾਂ ਨਾਲ ਪੁੱਛਿਆ?
ਜਦੋਂ ਤੂੰ ਅਤੇ ਤੇਰੇ ਵਰਗੇ ਹੋਰ ਪੜ੍ਹੇ ਲਿਖੇ ਨਿਗੂਣੀਆਂ ਨੋਕਰੀਆਂ ਪਿਛੇ ਲਗ ਕੇ ਘਰ ਬੈਠ
ਜਾਣਗੇ ਤਾਂ ਅਜਿਹੇ ਲੋਕ ਹੀ ਭਵਿੱਖ ਦੇ ਨੇਤਾ ਹੋਣਗੇ।
ਬਾਅਦ ਦੇ ਕੁਝ ਸਾਲਾਂ ਬਾਅਦ ਮੈ ਉਸ ਵਿਅਕਤੀ ਨੂੰ ਪਹਿਲਾਂ ਅਕਾਲੀ ਰਾਜਨੀਤੀ ਵਿਚ ਵਿਚਰਦੇ
ਅਤੇ ਬਾਅਦ ਵਿਚ ਟਪੂਸੀ ਮਾਰ ਕੇ ਕਾਂਗਰਸ ਵਿਚ ਘੁਸਦੇ ਵੇਖਿਆਂ ਅਤੇ ਵੇਖਦੇ ਵੇਖਦੇ ਹੀ ਉਹ
ਕਾਂਗਰਸ ਦਾ ਜਿਲ੍ਹਾ ਪਰਧਾਨ ਵੀ ਬਣ ਗਿਆ ਤਾਂ ਮੈਨੂੰ ਪ੍ਰੋ ਭਾਰਦਵਾਜ ਦੀ ਗੱਲ ਵਿਚ ਦਮ ਨਜ਼ਰ
ਆਉਣ ਲੱਗਾ।
ਪ੍ਰੋ ਸਾਹਿਬ ਮੇਰੇ ਖੇਤੀ ਦੇ ਕੰਮ ਅਤੇ ਮੇਰੀ ਜੂਨੀਅਰ ਇੰਜੀਨੀਅਰ ਦੀ ਨੌਕਰੀ ਤੋ ਖੁਸ਼ ਨਹੀ
ਸਨ। ਇਥੇ ਮੈ ਦੋ ਨਿੱਕੀਆਂ ਨਿੱਕੀਆਂ ਗੱਲਾ ਦੀ ਸਾਂਝ ਪਾਉਣੀ ਚਾਹਾਂਗਾ। ਉਹ ਮੈਨੂੰ ਅਕਸਰ
ਸਰਗਰਮ ਰਾਜਨੀਤੀ ਵਿਚ ਆ ਕੇ ਕੰਮ ਕਰਨ ਲਈ ਪ੍ਰੇਰਦੇ ਰਹਿੰਦੇ ਸਨ। ਮੈ ਅਤੇ ਮੇਰਾ ਪ੍ਰਵਾਰ
ਆਰਥਿਕ ਅਤੇ ਮਾਨਸਿਕ ਤੋਰ ਤੇ ਇਸ ਲਈ ਤਿਆਰ ਨਹੀ ਸੀ। ਸਾਲ 1987 ਵਿਚ ਇੱਕ ਵੇਰ ਜਦ ਪੰਜਾਬ
ਦੇ ਹਾਲਾਤ ਬਹੁਤ ਹੀ ਖਰਾਬ ਸਨ ਅਤੇ ਮੇਰੇ ਪਿੰਡ ਵਿਚ ਇੱਕ ਵੱਡੀ ਦੁਖਦਾਈ ਘਟਨਾ ਵਾਪਰ ਚੁਕੀ
ਸੀ ਜਿਸ ਵਿਚ 12 ਹਿੰਦੂ ਵੀਰਾ ਨੂੰ ਰਾਤ ਨੂੰ ਘਰਾਂ ਵਿਚੋਂ ਕੱਢ ਕੇ ਕਤਲ ਕਰ ਦਿੱਤਾ ਗਿਆ
ਸੀ। ਬਰਨਾਲਾ ਸਰਕਾਰ ਦਾ ਅੰਤ ਹੋ ਚੁੱਕਾ ਸੀ ਪ੍ਰੋ ਸਾਹਿਬ ਦੀ ਚੇਅਰਮੈਨੀ ਵੀ ਜਾਦੀ ਲਗੀ ਸੀ।
ਸਾਰੇ ਪੰਜਾਬ ਵਿਚ ਤਣਾਅ ਦਾ ਮਹੌਲ ਸੀ। ਪ੍ਰੋਫੈਸਰ ਭਾਰਦਵਾਜ ਮੈਨੂੰ ਮਿਲਣ ਲਈ ਪਿੰਡ ਪਹੁੰਚੇ
ਤਾਂ ਮੈ ਟਰੈਕਟਰ ਲੈ ਕੇ ਨਹਿਰ ਵਿਚੋਂ ਰੇਤ ਲੈਣ ਗਿਆ ਹੋਇਆ ਸੀ ਉਹ ਬੜੇ ਨਰਾਜ਼ ਸਨ ਕਿ ਅਜਿਹੇ
ਹਲਾਤਾ ਵਿਚ ਅਸੀਂ ਪਿੰਡ ਬੈਠੇ ਹੋਏ ਸੀ। ਆਪਣੇ ਸਹਿਯੋਗੀ ਕਸ਼ਮੀਰਾ ਸਿੰਘ ਨੂੰ ਮੈਨੂੰ
ਬੁਲਾਉਣ ਲਈ ਭੇਜਿਆ। ਮੇਰਾ ਚਚੇਰਾ ਭਰਾ ਜੋ ਆੜ੍ਹਤ ਦਾ ਕਾਰੋਬਾਰ ਕਰਦਾ ਸੀ ਪ੍ਰੌਫੇਸਰ ਸਾਹਿਬ
ਨੂੰ ਮੇਰੀ ਗੈਰ ਹਾਜਰੀ ਵਿਚ ਕੰਪਨੀ ਦੇਣ ਲਈ ਨਾਲ ਬੈਠਾ ਸੀ। ਮੌਜੂਦਾ ਸਮੇਂ ਦੇ ਹਲਾਤਾ ਦੀ
ਚਰਚਾ ਦੇ ਨਾਲ ਨਾਲ ਜੱਟ, ਬਾਣੀਏ ਦੇ ਰਿਸ਼ਤਿਆਂ, ਖੇਤੀ ਉਪਜ ਅਤੇ ਕ੍ਰਿਸਾਨੀ ਮਸਲਿਆ ਦੀ ਗੱਲ
ਪ੍ਰੋ ਸਾਹਿਬ ਛੇੜੀ ਬੈਠੇ ਸਨ।
ਪ੍ਰੌ ਸਾਹਿਬ ਆਦਤ ਅਨੁਸਾਰ ਉਸ ਨੂੰ ਕਹਿਣ ਲੱਗੇ। ਹਾਲਾਤ ਬਹੁਤ ਨਾਜ਼ਕ ਹਨ, ਵੇਲੇ ਨਾਲ ਹਰ
ਇੱਕ ਨੂੰ ਘਰ ਪਹੁੰਚਣਾ ਚਾਹੀਦਾ ਹੈ। ਖਾਸ ਕਰਕੇ ਤੁਹਾਡੇ ਵਰਗੇ ਕਾਰੋ ਬਾਰੀਆਂ ਨੂੰ ਮਤੇ ਕੋਈ
ਡਾਕੂ ਲੁਟੇਰਾ ਖਰਾਬ ਹਲਾਤਾ ਦਾ ਲਾਭ ਲੈ ਕੇ ਕੋਈ ਨੁਕਸਾਨ ਕਰ ਦੇਵੇ।
ਸਾਡਾ ਕਿਸੇ ਨਾਲ ਕੋਈ ਲੈਣਾ ਦੇਣਾ ਹੀ ਨਹੀ ਜੀ, ਨਾ ਅਸੀ ਕਦੀ ਕਿਸੇ ਪਾਰਟੀ ਜਾ ਧੜੇ ਵਿਚ
ਸ਼ਾਮਲ ਹੋਏ ਹਾਂ ਅਤੇ ਨਾ ਹੀ ਕਿਸੇ ਨਾਲ ਸਾਡਾ ਕੋਈ ਸਬੰਧ ਹੈ ਨਾ ਹੀ ਵੈਰ-ਵਿਰੋਧ। ਘਰੋਂ
ਕੰਮ ਤੇ ਜਾਈਦਾ ਹੈ ਤੇ ਕੰਮ ਤੋ ਵਾਪਸ ਘਰੇ ਆਈਦਾ ਹੈ। ਮੇਰੇ ਭਰਾ ਨੇ ਆਪਣੀ ਜਾਚੇ ਬੜੀ
ਸਿਆਣਪ ਭਰਪੂਰ ਜੁਆਬ ਦਿੱਤਾ ਸੀ।
ਪ੍ਰੋ ਸਾਹਿਬ ਨੇ ਫਿਰ ਵੀ ਇਤਿਹਾਦ ਵਰਤਣ ਦੀ ਸਲਾਹ ਦਿੱਤੀ। ਏਨੇ ਨੂੰ ਮੈ ਵੀ ਪਹੁੰਚ ਚੁੱਕਾ
ਸੀ। ਪਹਿਲਾ ਤਾਂ ਮੇਰੀ ਚੰਗੀ ਕਲਾਸ ਲਾਈ ਗਈ।
ਅਸੀ ਤੇਰੇ ਇਲਾਕੇ ਦੀਆਂ ਮਾੜੀਆਂ ਖ਼ਬਰਾਂ ਪੜ੍ਹ-ਪੜ੍ਹ ਕੇ ਚੰਡੀਗੜ੍ਹ ਬੈਠੇ ਫਿਕਰਾਂ ਵਿਚ ਪਏ
ਹੋਏ ਹਾਂ ‘ਤੇ ਤੇਰੀ ਸੁੱਖ-ਸਾਂਦ ਲਈ ਖ਼ਤਰੇ ਸਹੇੜ ਕੇ ਤੇਰੇ ਪਿੰਡ ਪਹੁੰਚੇ ਹਾਂ, ਤੂੰ ਅੱਗੋਂ
ਰੇਤ ਦੀ ਢੋਆ-ਢੁਆਈ ਕਰਦਾ ਫਿਰਦਾ ਹ,ੈ ਜੇਕਰ ਕੋਈ ਭਾਣਾ ਵਰਤ ਗਿਆ ਤਾ ਫੇਰ?
ਅਜਿਹਾ ਕੁਝ ਵੀ ਨਹੀ ਹੁੰਦਾ ਮੈ ਯਕੀਨ ਦਿਵਾਉਣ ਦੀ ਕੋਸਿ਼ਸ਼ ਕੀਤੀ।
ਫਿਰ ਵੀ ਯਾਰ ਜਿਹੜਾ ਕੰਮ ਸੱਠ ਰੁਪਏ ਲੈਣ ਵਾਲਾ ਕੋਈ ਕਾਮਾ ਕਰ ਸਕਦਾ ਹੈ ਤੂੰ ਕਿਉ ਕਰੇ?
ਮੈਨੂੰ ਸਮਝਾ! ਪ੍ਰੋ ਨੇ ਫਿਰ ਕਿਹਾ।
ਚਲ ਕਪੜੇ ਬਦਲ ਸ਼ਹਿਰ ਚਲਦੇ ਹਾਂ ਤੈਨੂੰ ਕਿਸੇ ਨਾਲ ਮਿਲਾਉਣਾ ਏ।
ਰਸਤੇ ਵਿਚ ਪ੍ਰੋ ਭਾਰਦਵਾਜ ਨੇ ਮੇਰੇ ਭਰਾ ਦੀ ਗੱਲ ਛੇੜ ਲਈ ਕਹਿਣ ਲੱਗੇ। ਯਾਰ ਮੈ ਤੇਰੇ ਭਰਾ
ਨੂੰ ਸਿਖਿੱਆ ਦੇ ਕੇ ਬੜਾ ਪਛਤਾਇਆ।
ਉਹ ਕਿਉ, ਮੈ ਪੁੱਛਿਆ!
ਜਿਹੜੇ ਬੰਦੇ ਦਾ ਕੋਈ ਧੜਾ ਹੀ ਨਹੀ, ਕੋਈ ਮਿੱਤਰ ਵੀ ਨਹੀ, ਕੋਈ ਦੁਸ਼ਮਣ ਵੀ ਨਹੀ, ਜਿੰਦਗੀ
ਦਾ ਕੋਈ ਨਿਸ਼ਾਨਾ ਹੀ ਨਹੀ, ਸਿਵਾਏ ਕਾਰੋਬਾਰ ਅਤੇ ਪੈਸੇ ਕਮਾਉਣ ਦੇ। ਅਜਿਹਾ ਬੰਦਾ ਜਿੳਂੂਦਾ
ਵੀ ਉਹੋ ਜਿਹਾ ਮਰਿਆ ਵੀ ਉਹੋ ਜਿਹਾ, ਮੇਰੇ ਵੱਲੋਂ ਭਾਵੇ ਕੋਈ ਭਲਕੇ ਹੀ ਉਹਨੂੰ ਗੋਲੀ ਮਾਰ
ਦੇਵੇ ਮੈਨੂੰ ਕੋਈ ਦੁੱਖ ਨਹੀ। ਅਜਿਹੇ ਆਦਮੀ ਤਾਂ ਧਰਤੀ ਤੇ ਵਾਧੂ ਭਾਰ ਹੀ ਹੁੰਦੇ ਹਨ। ਸੱਚੀ
ਗੱਲ ਮੂੰਹ ਤੇ ਕਰਨ ਤੋ ਉਹ ਕਦੀ ਨਹੀ ਸੀ ਝਿਜਕਦੇ ਭਾਵੇ ਕਿਸੇ ਨੂੰ ਕਿੰਨੀ ਵੀ ਬੁਰੀ ਲੱਗੇ।
ਅਪਰੇਸ਼ਨ ਨੀਲਾ ਤਾਰਾ ਤੋ ਬਾਅਦ ਪੰਜਾਬ ਦੇ ਹਾਲਾਤਾਂ ਵਿਚ ਵੱਡੀਆਂ ਤਬਦੀਲੀਆਂ ਆਈਆਂ। ਸੰਤ
ਲੋਗੋਵਾਲ ਦੇ ਕਤਲ ਤੋ ਬਾਅਦ ਪ੍ਰੋ ਸਾਹਿਬ ਦਾ ਰੁਤਬਾ ਅਤੇ ਪ੍ਰਭਾਵ ਅਕਾਲੀ ਰਾਜਨੀਤੀ ਵਿਚ ਘਟ
ਗਿਆ। ਪ੍ਰੋ ਨੂੰ ਅਕਾਲੀ ਰਾਜਨੀਤੀ ਵਿਚ ਲੈ ਕੇ ਆਉਣ ਵਾਲੇ ਜਥੇਦਾਰ ਟੌਹੜਾ ਬਾਦਲ ਗਰੁੱਪ ਨਾਲ
ਸਾਝ ਪਾ ਚੁੱਕੇ ਸਨ। ਜੋ ਕਿ ਘਾਗ ਸਿਆਸਤਦਾਨ ਹੋਣ ਕਾਰਨ ਸਮੇਂ ਦੀ ਨਬਜ਼ ਅਤੇ ਹਾਲਾਤ ਦੀ ਤਲਖ਼ੀ
ਤੋ ਬਚਣ ਖਾਤਰ ਕੇਂਦਰ ਨਾਲ ਸਿੱਧੀ ਗੱਲਬਾਤ ਤੋ ਬਚ ਰਹੇ ਸਨ। ਕੇਂਦਰ ਦੀ ਰਾਜੀਵ ਸਰਕਾਰ ਨੇ
ਬਰਨਾਲਾ ਸਾਹਿਬ ਅਤੇ ਬਲਵੰਤ ਸਿੰਘ ਨੂੰ ਆਪਣੇ ਝਾਂਸੇ ਵਿਚ ਫਸਾ ਲਿਆ ਹੋਇਆ ਸੀ। ਕਾਂਗਰਸ ਦੀ
ਮਿਲੀ ਭੁਗਤ ਅਤੇ ਜੁਗਾਡ ਬਾਜੀ ਨਾਲ ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਵਿਚ ਇੱਕ ਕਮਜ਼ੋਰ
ਜਿਹੀ ਅਕਾਲੀ ਸਰਕਾਰ ਜੋ ਉਸ ਸਮੇਂ ਕਾਂਗਰਸ ਦੀ ਅਣਸਰਦੀ ਲੋੜ ਵਿਚੋਂ ਨਿਕਲੀ ਸੀ, ਬਣਾਈ ਗਈ।
ਪ੍ਰੋ ਸਾਹਿਬ ਨੂੰ ਆਸ ਸੀ ਕਿ ਉਹਨਾਂ ਨੂੰ ਪਿਛਲੇ ਸਮੇਂ ਦੇ ਸਾਥ ਅਤੇ ਕੰਮ ਦੇ ਅਧਾਰ ਤੇ ਅਤੇ
ਇੱਕ ਹਿੰਦੂ ਹੋਣ ਕਾਰਨ ਐਮ ਐਲ ਏ ਦੀ ਟਿਕਟ ਸ਼ਾਇਦ ਕਿਧਰੇ ਮਿਲ ਜਾਵੇਗੀ ਪਰ ਅਜਿਹਾ ਸੰਭਵ ਨਾ
ਹੋ ਸਕਿਆ ਕਿਉਂਕਿ ਪ੍ਰੋ ਭਾਰਦਵਾਜ ਦਾ ਕਿਸੇ ਵੀ ਇੱਕ ਹਲਕੇ ਵਿਚ ਕੋਈ ਖਾਸ ਵਜੂਦ ਨਹੀ ਸੀ,
ਦੂਸਰਾ ਸਿਆਸਤ ਦੇ ਆਪਣੇ ਨਿਵੇਕਲੇ ਰੰਗ ਅਤੇ ਤਰਜੀਹਾਂ ਹੁੰਦੀਆਂ ਹਨ ਜੋ ਸਮੇਂ ਦੀਆਂ
ਪ੍ਰਸਥਿਤੀਆਂ ਦੇ ਅਨੁਕੂਲ ਹੀ ਚਲਦੀਆਂ ਹਨ। ਹਾਲਾਤ ਦਾ ਲਾਭ ਕਸਤੂਰੀ ਲਾਲ ਅਤੇ ਬੀਬੀ ਵਿਨੋਦ
ਚੱਡਾ ਨੂੰ ਮਿਲ ਗਿਆ। ਫਿਰ ਵੀ ਬਰਨਾਲਾ ਸਾਹਿਬ ਦੇ ਸਮੇਂ ਕੁਝ ਸਮੇਂ ਲਈ ਉਹਨਾਂ ਨੂੰ
ਚੇਅਰਮੈਨ ਪੇਡੂ ਵਿਕਾਸ ਅਤੇ ਖਾਦੀ ਗ੍ਰਾਮ ਉਦਯੋਗ ਲਗਾਇਆ ਗਿਆ।
ਪ੍ਰੋ ਸਾਹਿਬ ਦੀ ਚੇਅਰਮੈਨੀ ਦੇ ਸਮੇਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਅਤੇ ਗੱਲਾ ਮੇਰੇ ਚੇਤੇ
ਵਿਚ ਵੱਸੀਆਂ ਹੋਈਆਂ ਹਨ। ਕੁਝ ਇੱਕ ਮਿੱਠੀਆਂ ਅਤੇ ਕੁਝ ਇਕ ਖੱਟੀਆਂ। ਮਿੱਠੀਆਂ ਦੀ ਗੱਲ
ਪਹਿਲਾ ਕਰ ਲਈਏ। ਜਦ ਮੈ ਆਪਣੇ ਕੁਝ ਦੋਸਤਾ ਨਾਲ ਪਹਿਲੀ ਵੇਰ ਵਧਾਈ ਦੇਣ ਗਿਆ ਤਾ ਰਸਮੀ ਗੱਲਾ
ਬਾਤਾ ਤੋ ਬਾਅਦ ਪ੍ਰੋ ਸਾਹਿਬ ਨੇ ਮੇਰੇ ਸਾਰੇ ਹੀ ਸਾਥੀਆਂ ਨੂੰ ਬਾਹਰ ਬੈਠਣ ਲਈ ਕਿਹਾ
ਕਿਉਂਕਿ ਉਹ ਮੇਰੇ ਨਾਲ ਕੁਝ ਜਰੂਰੀ ਗੱਲ ਇਕਾਂਤ ਵਿਚ ਕਰਨੀ ਚਾਹੁੰਦੇ ਸਨ। ਸਾਰਿਆ ਦੇ ਬਾਹਰ
ਜਾਣ ਬਾਅਦ ਉਹਨਾਂ ਨੇ ਦਫ਼ਤਰ ਦੇ ਦਰਵਾਜੇ ਦੀ ਕੁੰਡੀ ਅੰਦਰੋਂ ਲਾ ਲਈ ਅਤੇ ਮੈਨੂੰ ਮੁਖ਼ਾਤਬ
ਹੁੰਦੇ ਹੋਏ ਕਹਿਣ ਲੱਗੇ ਕਿ ਤੂੰ ਕੀ ਲੀਡਰਾਂ ਦੀ ਤਰਾ ਦੋਸਤਾਂ ਦਾ ਲਾਮ ਲਸ਼ਕਰ ਲੈ ਕੇ
ਫਿਰਦਾ ਹੈ, ਤੂੰ ਕਿਹੜੀ ਕੋਈ ਚੋਣ ਲੜਨੀ ਹੈ? ਮੈਨੂੰ ਉਹਨਾਂ ਦਾ ਵਤੀਰਾ ਅਤੇ ਗੱਲ ਚੁਭਵੀਂ
ਮਹਿਸੂਸ ਹੋ ਰਹੀ ਸੀ। ਫਿਰ ਅਚਾਨਕ ਪ੍ਰੋ ਸਾਹਿਬ ਆਪਣੀ ਕੁਰਸੀ ਤੋ ਉੱਠੇ ਅਤੇ ਮੈਨੂੰ ਬਾਂਹੋਂ
ਫੜ ਕੇ ਚੇਅਰਮੈਨ ਵਾਲੀ ਕੁਰਸੀ ਤੇ ਮੇਰੇ ਨਾਹ ਨਾਹ ਕਰਦਿਆਂ ਧੱਕੇ ਨਾਲ ਬਿਠਾ ਦਿੱਤਾ ਅਤੇ
ਕਹਿਣ ਲੱਗੇ ਮੈ ਤੈਨੂੰ ਅਜਿਹੀ ਕਿਸੇ ਥਾਂ ਤੇ ਵੇਖਣਾ ਚਾਹੁੰਦਾ ਹਾਂ। ਇਸ ਤੋ ਬਾਅਦ ਜਦ ਕਦੀ
ਵੀ ਮੈ ਉਹਨਾਂ ਦੇ ਚੇਅਰਮੈਨੀ ਦੇ ਦੌਰ ਵਿਚ ਚੰਡੀਗੜ੍ਹ ਮਿਲਣ ਗਿਆ ਉਹ ਸਾਰੀ ਸਾਰੀ ਰਾਤ ਮੇਰੇ
ਨਾਲ ਗੱਪਾਂ ਮਾਰਦੇ ਰਹਿੰਦੇ ਅਤੇ ਕਹਿੰਦੇ ਅੱਜ ਮੈ ਤੈਨੂੰ ਸੌਣ ਨਹੀ ਦੇਣਾ ਭਾਵੇ ਰਾਤੀ ਦਸ
ਵਾਰ ਤੈਨੂੰ ਚਾਹ ਬਣਾ ਕੇ ਪਿਆਉਣੀ ਪਵੇ ਅਤੇ ਅਜਿਹਾ ਹੀ ਅਕਸਰ ਉਹ ਕਰਦੇ ਵੀ।
ਇਹਨਾਂ ਹੀ ਦਿਨਾ ਦੀ ਇੱਕ ਹੋਰ ਅਜੀਬ ਗੱਲ ਮੇਰੇ ਚੇਤੇ ਵਿਚ ਵੱਸੀ ਹੋਈ ਹੈ। ਉਹ ਇਹ ਕਿ ਮੈ
ਪ੍ਰਸਿੱਧ ਨਾਟਕਕਾਰ ਭਾਜੀ ਗੁਰਸ਼ਰਨ ਸਿੰਘ ਜੀ ਨੂੰ ਮਿਲਣ ਲਈ ਗਿਆ। ਭਾਜੀ ਇਹ ਪਟਿਆਲੇ ਵਾਲੇ
ਦਿਨਾ ਤੋ ਸਾਡੀ ਸਾਰੀ ਟੀਮ ਨੂੰ ਜਾਣਦੇ ਅਤੇ ਸਾਡੇ ਕੰਮ ਨੂੰ ਪਸੰਦ ਕਰਦੇ ਸਨ । ਭਾਜੀ ਵਰਗੀ
ਸ਼ਖਸੀਅਤ ਦਾ ਸਾਨੂੰ ਸ਼ਾਬਾਸ਼ੀ ਦੇਣ ਖਾਤਰ ਦਿੱਤਾ ਗਿਆ ਕੁਮਂੈਟ ਂ ਮੈਨੂੰ ਕਦੀ ਨਹੀ ਭੁਲਦਾ
ਜਦ ਉਹਨਾਂ ਨੇ ਕਿਹਾ ਸੀ ਜੇਕਰ ਤੁਹਾਡੇ ਪਟਿਆਲੇ ਵਰਗੇ 10-12 ਨੌਜਵਾਨਾਂ ਦੀ ਟੀਮ ਸਾਰੇ
ਪੰਜਾਬ ਦੇ ਸ਼ਹਿਰਾਂ ਵਿਚ ਬਣ ਜਾਵੇ ਤਾਂ ਕਿਸੇ ਵੀ ਤਰਾ ਦਾ ਕੋਈ ਤਬਦੀਲੀ ਸੰਭਵ ਹੈ। ਬਾਅਦ
ਵਿਚ ਪੋ ਸਾਹਿਬ ਅਤੇ ਕਦੇ ਕਦਾਈਂ ਮੈ ਵੀ ਭਾਜੀ ਦੇ ਪਰਚੇ ਸਮਤਾ ਲਈ ਕੁਝ ਨਾ ਕੁਝ ਯੋਗਦਾਨ
ਪਾਉਣ ਦਾ ਉਪਰਾਲਾ ਕਰਦੇ ਰਹੇ। ਇਸ ਕਰਕੇ ਭਾਜੀ ਗੁਰਸ਼ਰਨ ਸਿੰਘ ਹੁਰਾ ਨੂੰ ਪ੍ਰੋ ਨਾਲ ਮੇਰੀ
ਨੇੜਤਾ ਦਾ ਵੀ ਪਤਾ ਸੀ। ਭਾਜੀ ਮੈਨੂੰ ਕਹਿਣ ਲੱਗੇ ਕਿ ਤੇਰਾ ਦੋਸਤ ਭਾਰਦਵਾਜ ਬੜਾ ਭਾਵੁਕ
ਜਿਹਾ ਆਦਮੀ ਹੈ, ਭਾਵਂੇ ਮੈਨੂੰ ਉਹਦੀ ਰਾਜਨੀਤੀ ਬਹੁਤੀ ਪਸੰਦ ਨਹੀ ਪਰ ਫਿਰ ਵੀ ਉਹ ਭਲਾ
ਆਦਮੀ ਹੈ। ਜਿਹੜੀ ਗੱਲ ਮੈ ਉਹਨੂੰ ਨਹੀ ਕਹਿ ਸਕਦਾ ਤੂੰ ਕਹਿ ਲਵੀ ਕਿ ਆਦਮੀ ਦੇ ਭਵਿੱਖ ਦਾ
ਕੁਝ ਪਤਾ ਨਹੀ ਹੁੰਦਾ। ਉਹਦੀਆਂ ਤਿੰਨ ਲੜਕੀਆਂ ਹਨ ਉਸਨੂੰ ਚਾਹੀਦਾ ਹੈ ਕਿ ਘੱਟੋ ਘੱਟ ਹਰ ਇਕ
ਦੇ ਨਾਂ 50-50 ਹਜਾਰ ਦੀ ਐਫ ਡੀ ਕਰਵਾ ਛੱਡੇ ਅਤੇ ਫਿਰ ਉਹ ਜੋ ਮਰਜ਼ੀ ਕਰਦਾ ਫਿਰੇ। ਕੁਝ
ਦਿਨਾ ਬਾਅਦ ਹੀ ਮੈਨੂੰ ਪ੍ਰੌ ਭਾਰਦਵਾਜ ਨਾਲ ਚੰਡੀਗੜ੍ਹ ਤੋ ਪਟਿਆਲਾ ਜਾਣ ਦਾ ਮੌਕਾ ਮਿਲ ਗਿਆ
ਜਿਥੇ ਮੇਰੇ ਕੁਝ ਦੋਸਤਾ ਨੇ ਗੁਬਿੰਦਰ ਮੋਹੀ ਦੇ ਉਪਰਾਲੇ ਨਾਲ ਭਾਰਦਵਾਜ ਦਾ ਇੱਕ ਸਨਮਾਨ
ਸਮਾਰੋਹ ਰੱਖਿਆ ਹੋਇਆ ਸੀ। ਵਾਪਸੀ ਤੇ ਰਾਜ ਪੁਰੇ ਦੇ ਨੇੜੇ ਮੈ ਪ੍ਰੋ ਸਾਹਿਬ ਨਾਲ ਭਾਜੀ
ਵਾਲੀ ਗੱਲ ਸਾਝੀ ਕਰਨੀ ਚਾਹੀ ਤਾ ਪ੍ਰੋ ਸਾਹਿਬ ਲਗਭਗ ਭੜਕ ਪਏ ਅਤੇ ਮੇਰੇ ਨਾਲ ਨਰਾਜ਼ ਹੋ ਗਏ
ਡਰਾਇਵਰ ਨੂੰ ਕਾਰ ਰੋਕਣ ਲਈ ਕਿਹਾ। ਕਾਰ ਵਿਚੋਂ ਨਿਕਲ ਕੇ ਅਸੀ ਬਾਹਰ ਖੜੇ ਹੋ ਗਏ ਅਤੇ
ਮੈਨੂੰ ਪ੍ਰੌ ਸਾਹਿਬ ਦਾ ਉਪਦੇਸ਼ ਨੁਮਾ ਭਾਸ਼ਨ ਸੁਨਣਾ ਅਤੇ ਸਹਿਣਾ ਪਿਆ।
ਤੈਨੂੰ ਪਤਾ ਏ ਇਕੱਲੇ ਬੰਬਈ ਸ਼ਹਿਰ ਵਿਚ ਕਿੰਨੇ ਬੱਚੇ ਸੜਕਾਂ ਅਤੇ ਪਾਇਪਾਂ ਵਿਚ ਰਹਿੰਦੇ ਹਨ
ਪ੍ਰੋ ਨੇ ਸੁਆਲ ਕੀਤਾ
ਸ਼ਾਇਦ ਲੱਖਾਂ ਹੀ ਮੇਰਾ ਜੁਆਬ ਸੀ!
ਫਿਰ ਤੈਨੂੰ ਇਹ ਗਲ ਕਰਦਿਆ ਸ਼ਰਮ ਆਉਣੀ ਚਾਹੀਦੀ ਸੀ। ਕ੍ਰਾਂਤੀ ਹੁਰੀ ਕੋਈ ਵੱਖਰੇ ਬੱਚੇ
ਨਹੀ। ਉਹ ਵੀ ਹਿਦੋਸਤਾਨ ਦੇ ਉਹਨਾਂ ਲੱਖਾਂ ਬੱਚਿਆ ਵਰਗੇ ਹੀ ਨੇ। ਮੈਨੂੰ ਤੇਰੇ ਤੋ ਅਜਿਹੀ
ਗੱਲ ਦੀ ਤਵੱਕੋ ਨਹੀ ਸੀ। ਪ੍ਰੋ ਫਿਰ ਬੁੜਬੁੜਾਇਆ।
ਮੈ ਕਦੋਂ ਤੁਹਾਨੂੰ ਕੋਈ ਰਿਸ਼ਵਤ ਲੈ ਕੇ ਅਜਿਹਾ ਕਰਨ ਲਈ ਕਿਹਾ ਹੈ। ਨਾਲੇ ਮਾਪੇ ਹੋਣ ਕਰਕੇ
ਇਹ ਤੁਹਾਡਾ ਸਾਡਾ ਫਰਜ਼ ਵੀ ਬਣਦਾ ਹੈ। ਮੈ ਸਫਾਈ ਦਿੱਤੀ।
ਫਿਰ ਸਾਰਾ ਰਾਹ ਮਹੌਲ ਦਮ ਘੁਟਵਾਂ ਜਿਹਾ ਬਣਿਆ ਰਿਹਾ।
ਪ੍ਰੋ ਸਾਹਿਬ ਨੇ ਅੱਖਾਂ ਦੁਖਦੀਆਂ ਹੋਣ ਦਾ ਬਹਾਨਾ ਬਣਾ ਕੇ ਮੈਨੂੰ ਜਰਾ ਹਟ ਕੇ ਬਹਿਣ ਦਾ
ਹੁਕਮ ਜਿਹਾ ਚਾੜ੍ਹ ਦਿੱਤਾ ਅਤੇ ਕਿਹਾ ਕਿ ਤੇਰੀਆ ਅੱਖਾਂ ਵੀ ਖਰਾਬ ਹੋਣ ਦਾ ਡਰ ਹੈ।
ਚੰਡੀਗੜ੍ਹ ਪਹੁੰਚਦਿਆਂ ਹੀ ਉਹਨਾਂ ਦੇ ਪੀ ਏ ਕਸ਼ਮੀਰਾ ਸਿੰਘ ਫੌਜੀ ਨੇ ਰੋਟੀ ਆਦਿ ਖਾਣ ਦਾ
ਕਹਿ ਕੇ ਮਹੌਲ ਨੂੰ ਸੁਖਾਵਾਂ ਮੋੜ ਦੇਣ ਦਾ ਯਤਨ ਕੀਤਾ।
ਅਜਿਹੇ ਹੀ ਇੱਕ ਦਿਨ ਜਦ ਮੈ ਉਹਨਾਂ ਕੋਲ ਚੰਡੀਗੜ੍ਹ ਠਹਿਰਿਆ ਹੋਇਆ ਸੀ ਤਾਂ ਦੇਰ ਰਾਤ ਉਹ
ਸਰਦਾਰ ਗੁਰਨਾਮ ਸਿੰਘ ਤੀਰ (ਚਾਚਾ ਚੰੜੀਗੜ੍ਹੀਆ) ਦੇ 18 ਸੈਕਟਰ ਵਾਲੇ ਘਰ ਲੈ ਗਏ। ਲੰਬਾ
ਸਮਾਂ ਗੱਲਾ ਬਾਤਾ ਹੁੰਦੀਆਂ ਰਹੀਆ, ਤੀਰ ਸਾਹਿਬ ਦੀ ਗੱਲਾ ਗੱਲਾ ਵਿਚ ਕਹੀ ਗੱਲ ਮੈਨੂੰ ਹੁਣ
ਤਕ ਯਾਦ ਹੈ ਜਦ ਉਹਨਾਂ ਨੇ ਕਿਹਾ ਕਿ ਭਾਰਦਵਾਜ ਨੇ ਮੇਰੇ ਲਈ ਵਿਸ਼ਵਾਨਾਥ ਤਿਵਾੜੀ ਦੀ ਖਾਲੀ
ਜਗਾ ਭਰ ਦਿੱਤੀ ਹੈ। ਵਿਸ਼ਵਾਨਾਥ ਤਿਵਾੜੀ ਪੰਜਾਬੀ ਜੁਬਾਨ ਅਤੇ ਪੰਜਾਬ ਦਾ ਸਿਰ ਕੱਢ ਹਿਤੈਸ਼ੀ
ਸੀ ਪਰ ਸਿਰ ਫਿਰੇ ਖਾਲਸਤਾਨੀ ਟੋਲਿਆਂ ਨੇ ਉਹਨਾਂ ਨੂੰ ਕਤਲ ਕਰ ਦਿੱਤਾ ਸੀ। ਏਸੇ ਤਰਾਂ
ਜਿਵੇਂ ਬਾਅਦ ਵਿਚ ਪਾਸ਼ ਅਤੇ ਜੈਮਲ ਪੱਡਾ ਵਰਗੇ ਜੁਝਾਰੂ ਕਵੀ ਵੀ ਅੱਤਵਾਦ ਦੀ ਭੇਟ ਚੜ ਗਏ
ਸਨ।
ਮੇਰੀ ਨੌਕਰੀ ਬਾਰੇ ਤਾਂ ਉਹਨਾਂ ਨੂੰ ਖਾਸ ਇਤਰਾਜ਼ ਸੀ। ਸਾਲ 1992-93 ਦੀ ਗੱਲ ਹੋਵੇਗੀ ਮੈ
ਦੁਪਹਿਰ ਦੇ ਖਾਣੇ ਲਈ ਘਰ ਪਹੁੰਚਿਆ ਤਾਂ ਪ੍ਰੋਫੈਸਰ ਸਾਹਿਬ ਆਏ ਹੋਏ ਸਨ। ਖਾਣੇ ਤੋ ਬਾਅਦ ਮੈ
ਦਫ਼ਤਰ ਦੇ ਕਿਸੇ ਜਰੂਰੀ ਕੰਮ ਲਈ ਜਾਣ ਲਈ ਇਜਾਜ਼ਤ ਮੰਗੀ। ਕਹਿਣ ਲੱਗੇ ਮੈ ਘਰ ਬੈਠਾ ਕੀ
ਕਰਾਂਗਾ ਚਲ ਮੈ ਵੀ ਤੇਰੇ ਨਾਲ ਹੀ ਚਲਦਾ ਹਾ। ਦਫ਼ਤਰ ਵਿਚ ਮੈ ਉਹਨਾਂ ਨੂੰ ਆਪਣੇ ਐਸ ਡੀ ਓ
(ਸਬ ਡਵੀਜ਼ਨਲ ਇੰਜੀਨੀਅਰ) ਭਾਰਗੋ ਸਾਹਿਬ ਨਾਲ ਮਿਲਾਇਆ। ਅਸੀ ਅਜੇ ਗੱਲਬਾਤ ਹੀ ਕਰ ਰਹੇ ਸੀ
ਕਿ ਭਾਰਗੋ ਸਾਹਿਬ ਨੂੰ ਇੰਟਰਕਾਮ ਤੇ ਸਾਡੇ ਐਕਸੀਅਨ (ਕਾਰਜਕਾਰੀ ਇੰਜੀਨੀਅਰ) ਨੇ ਬੁਲਾ ਲਿਆ।
ਭਾਰਗੋ ਦੇ ਜਾਣ ਬਾਅਦ ਉਹਨਾਂ ਪੁੱਛਿਆ, ਕੌਣ ਹੈ ਤੇਰਾ ਐਕਸੀਅਨ ਅੱਜ-ਕੱਲ੍ਹ?
ਨਾਗੀ ਸਾਹਿਬ ਮੈ ਕਿਹਾ।
ਮਨਜੀਤ ਨਾਗੀ ਤਾਂ ਨਹੀ?
ਹਾਂ ਜੀ। ਮੈ ਕਿਹਾ।
ਉਸਨੂੰ ਤਾਂ ਯਾਰ ਮੈ ਵੀ ਮਿਲਣਾ ਸੀ।
ਮੈ ਕਰਮ ਸਿੰਘ ਸੇਵਾਦਾਰ ਨੂੰ ਬੁਲਾਇਆ ਅਤੇ ਪ੍ਰੋ ਸਾਹਿਬ ਨੂੰ ਨਾਗੀ ਸਾਹਿਬ ਦਾ ਕਮਰਾ ਦੱਸਣ
ਲਈ ਕਿਹਾ ਆਪ ਆਪਣੇ ਦਫ਼ਤਰੀ ਕੰਮ ਵਿਚ ਰੁੱਝ ਗਿਆ।
ਥੋੜੇ ਜਿਹੇ ਵਕਫ਼ੇ ਬਾਅਦ ਮੈਨੂੰ ਵੀ ਨਾਗੀ ਸਾਹਿਬ ਦਾ ਬੁਲਾਵਾ ਆ ਗਿਆ। ਮੈ ਸਮਝਿਆ ਕੋਈ
ਦਫ਼ਤਰੀ ਕੰਮ ਹੋਵੇਗਾ।
ਮੈ ਹਾਲਾ ਨਾਗੀ ਸਾਹਿਬ ਦੇ ਕਮਰੇ ਵਿਚ ਦਾਖਲ ਹੀ ਹੋਇਆ ਸੀ, ਨਾਗੀ ਸਾਹਿਬ ਬੋਲੇ……।
ਗਿੱਲ ਤੈਨੂੰ ਕੋਈ ਸਮੱਸਿਆ ਸੀ ਤਾ ਤੂੰ ਖੁਦ ਮੈਨੂੰ ਦੱਸਦਾ ਪ੍ਰੋ ਸਾਹਿਬ ਨੂੰ ਤਕਲੀਫ਼ ਦੇਣ
ਦੀ ਕੀ ਲੋੜ ਸੀ?
ਸਰ, ਮੇਰੀ ਤਾਂ ਅਜਿਹੀ ਕੋਈ ਪ੍ਰਾਬਲਮ ਨਹੀ! ਮੈ ਹੈਰਾਨਗੀ ਭਰੇ ਲਹਿਜੇ ਵਿਚ ਝਕਦਿਆਂ ਝਕਦਿਆਂ
ਕਿਹਾ। ਮਨਜੀਤ ਸਿੰਘ ਨਾਗੀ ਸਖ਼ਤ ਸੁਭਾਅ ਦਾ ਇੱਕ ਚੰਗਾ ਅਫਸਰ ਸੀ। ਪਰ ਮੇਰੇ ਤੇ ਉਹ ਖਾਸ
ਮਿਹਰਬਾਨ ਸੀ। ਮਹਿਕਮੇ ਵਿਚ ਉਸ ਬਾਰੇ ਪ੍ਰਚਲਤ ਸੀ ਕਿ ਜਿਹਦੇ ਵਲ ਵੇਖ ਕੇ ਨਾਗੀ ਮੁਸਕਰਾਇਆ
ਸਮਝੋ ਉਸ ਦੀ ਸ਼ਾਮਤ ਆਈ।
ਪਰ ਇਹ ਤਾ ਤੇਰੀ ਸਿਫਾਰਸ਼ ਲੈ ਕੇ ਆਏ ਨੇ!
ਵਿਚੋਂ ਹੀ ਪ੍ਰੋ ਸਾਹਿਬ ਬੋਲ ਪਏ। ਛੱਡ ਗੱਲ ਨੂੰ ਮਨਜੀਤ! ਮੈਨੂੰ ਇਹ ਦੱਸ ਤੇਰੀ ਪਾਵਰ
ਕਿੰਨੀ ਕੁ ਹੈ?
ਪਾਵਰ ਮੈ ਸਮਝਿਆ ਨਹੀ? ਨਾਗੀ ਸਾਹਿਬ ਬੋਲੇ।
ਇਹ ਚੰਗਾ ਭਲਾ ਸਾਡਾ ਬੰਦਾ ਤੁਸੀ ਓਵਰਸੀਅਰ ਬਣਾ ਰੱਖਿਆ ਹੈ ਜਦੋਂ ਕਿ ਇਹਦੇ ਕਰਨ ਵਾਲੇ ਹੋਰ
ਬਹੁਤ ਕੰਮ ਪਏ ਨੇ। ਤੂੰ ਦੱਸ ਇਹਨੂੰ ਡਿਸਮਿਸ (ਬਰਖ਼ਾਸਤ) ਕਰ ਸਕਦਾ ਏ? ਨਹੀ ਤਾਂ ਘੱਟੋ ਘੱਟ
ਸਸਪੈਨਸ਼ਨ (ਮੁਅੱਤਲੀ ਦੇ) ਆਰਡਰ ਮੈਨੂੰ ਚਾਹੀਦੇ ਨੇ। ਪ੍ਰੋ ਸਾਹਿਬ ਨੇ ਕਿਹਾ।
ਨਾਗੀ ਸਾਹਿਬ ਮੁਸਕਰਾ ਪਏ ਅਤੇ ਪ੍ਰੋ ਸਾਹਮਣੇ ਮੇਰੀ ਸਿਫ਼ਤ ਕਰਨ ਲਗ ਪਏ।
ਬਾਅਦ ਵਿਚ ਮੈਨੂੰ ਪਤਾ ਲੱਗਿਆਂ ਕਿ ਪ੍ਰੋ ਭਾਰਦਵਾਜ ਮੇਰੇ ਐਕਸੀਅਨ ਦੇ 1968 ਦੇ ਜੀ ਐਨ ਈ
ਕਾਲਜ ਦੇ ਬੈਜ ਮੇਡ ਸਨ।
ਇਸ ਨਾਲ ਮੇਰੀ ਨੇੜਤਾ ਆਪਣੇ ਕਾਰਜਕਾਰੀ ਇੰਜੀਨੀਅਰ ਨਾਲ ਹੋਰ ਵਧ ਗਈ।
ਮੇਰੀ ਨੌਕਰੀ ਬਾਰੇ ਤਾਂ ਉਹਨਾਂ ਨੂੰ ਖਾਸ ਇਤਰਾਜ਼ ਸੀ। ਮੈਨੂੰ ਚਿੜਾਉਣ ਲਈ ਉਹ ਮੇਰੇ ਬਾਰੇ
ਬਹੁਤ ਵਾਰੀ ਓਵਰਸੀਅਰ ਸਬਦ ਦਾ ਪ੍ਰਯੋਗ ਕਰਦੇ ਜੋ ਮੈਨੂੰ ਚੰਗਾ ਨਹੀ ਸੀ ਲਗਦਾ।
ਕਿੰਨੇ ਸਾਲ ਹੋ ਗਏ ਜਗੀਰਦਾਰਾ ਤੈਨੂੰ ਓਵਰਸੀਅਰ ਬਣੇ ਨੂੰ?
ਸੱਤ ਸਾਲ ਮੈ ਉਤਰ ਦਿੱਤਾ।
ਤੂੰ ਯਾਰ ਵੇਸਵਾ ਤੋ ਵੀ ਭੈੜਾ ਏ।
ਉਹ ਕਿਵੇਂ ਮੈ ਖਿਝ ਕੇ ਕਹਿੰਦਾ।
ਏਨੇ ਸਾਲਾ ਵਿਚ ਤਾ ਉਹ ਵੀ ਆਪਣਾ ਧੰਦਾ ਛੱਡ ਦਿੰਦੀ ਏ, ਹਾਲੇ ਉਸ ਦਾ ਇੱਕ ਟਾਈਮ ਇੱਕ ਹੀ
ਖਸਮ ਹੁੰਦਾ ਹੈ ਤੇ ਓਵਰਸੀਅਰ ਦੇ ਕਈ। ਮੈ ਖੁਦ ਐਸ ਡੀ ੳ ਰਿਹਾ ਮੈਨੂੰ ਪਤਾ ਇਹਨਾਂ ਨੌਕਰੀਆਂ
ਵਿਚ ਕੀ ਕੀ ਹੁੰਦੇ। ਜੇਕਰ ਨੌਕਰੀ ਕਰਨ ਦਾ ਹੀ ਤੇਰਾ ਪੱਕਾ ਮਨ ਹੈ ਤਾਂ ਡਿਗਰੀ ਕਰ ਕੋਈ ਢੰਗ
ਦੀ ਨੌਕਰੀ ਕਰਨ ਜੋਗਾ ਬਣ।
ਇਸ ਤੋ ਬਾਅਦ ਪ੍ਰੋ ਭਾਰਦਵਾਜ ਭਾਵੇ ਇੰਗਲੈਂਡ ਗਏ, ਭਾਵੇ ਹਾਲੈਂਡ ਜਾਂ ਫਿਰ ਰੂਸ ਜਾਂ ਹੋਰ
ਕਿਸੇ ਵੀ ਮੁਲਕ ਵਿਚ ਗਏ ਉਥੋਂ ਹੀ ਵੱਖ ਵੱਖ ਯੂਨੀਵਰਸਿਟੀਆਂ ਅਤੇ ਇੰਜੀਨੀਅਰਿੰਗ ਕਾਲਜਾਂ ਦੇ
ਬਰੋਸ਼ਰ ਅਤੇ ਪ੍ਰਾਸਪੈਕਟਸ ਮੈਨੂੰ ਭੇਜਦੇ ਰਹੇ ਅਤੇ ਅਗੇਰੀ ਉਚੇਰੀ ਪੜਾਈ ਲਈ ਉਤਸ਼ਾਹਿਤ ਕਰਦੇ
ਰਹੇ।
ਉਹਨਾਂ ਦੇ ਹੁੰਦਿਆਂ ਹੀ ਮੈ ਇੰਜੀਨੀਅਰਿੰਗ ਕਰਨ ਚਲਿਆ ਗਿਆ ਸੀ। ਪਰ ਅਫਸੋਸ ਕਿ ਮੇਰੀ ਪੜਾਈ
ਮੁਕੰਮਲ ਹੋਣ ਤੋ ਪਹਿਲਾ ਹੀ ਉਹ ਕਾਹਲੀ ਨਾਲ ਸਾਨੂੰ ਇੱਕਲਿਆ ਛੱਡ ਕੇ ਤੁਰਦੇ ਬਣੇ। ਨਾਂ
ਉਹਨਾਂ ਮੈਨੂੰ ਮਾਸਟਰ ਦੀ ਡਿਗਰੀ ਮੁਕੰਮਲ ਕਰਦਿਆ ਵੇਖਿਆ ਨਾ ਹੀ ਐਸ ਡੀ ੳ ਬਣਦਿਆਂ।
ਜਦ ਮੈ ਪ੍ਰੋਫੈਸਰ ਸਾਹਿਬ ਦੀਆਂ ਅੰਤਿਮ ਰਸਮਾਂ ਵਿਚ ਸ਼ਾਮਲ ਹੋਣ ਲਈ ਚੰਡੀਗੜ੍ਹ ਗਿਆ ਤਾਂ
ਮੈਡਮ ਸਲੋਚਨਾ ਨੇ ਮੈਨੂੰ ਕਿਹਾ ਕਿ ਹਰਜੀਤ, ਪ੍ਰੋ ਸਾਹਿਬ ਨੇ ਡਾਇਰੀ ਵਿਚ ਤੇਰੇ ਐਡਰੈਸ ਦੇ
ਅੱਗੇ ਹਰਜੀਤ ਗਿੱਲ ਐਮ ਬੀ ਏ ਲਿਖਿਆ ਹੋਇਆ ਸੀ। ਸ਼ਾਇਦ ਮੇਰੇ ਲਈ ਉਹਨਾਂ ਨੇ ਅਗਲਾ ਕੰਮ ਐਮ
ਬੀ ਏ ਦਾ ਨਿਸ਼ਾਨਾ ਮਿਥਿਆ ਸੀ।
-0-
|