ਸਵੈ-ਜੀਵਨੀ
(ਆਟੋ-ਬਾਇਓਗ੍ਰਾਫੀ) ਜਾਂ ਨਿੱਜੀ ਯਾਦਾਂ ਦੇ ਸੰਗ੍ਰਹਿ ਵਜੋਂ ਛਪੀ ਕਿਸੇ ਪੁਸਤਕ ਦੀ ਅਹਿਮੀਅਤ
ਦਾ ਪ੍ਰਸਨ ਪਾਠਕ ਮਨ ਵਿੱਚ ਸਹਿਜੇ ਹੀ ਉਭਰਦਾ ਹੈ:
ਕੋਈ ਕਿਸੇ ਦੀ ਜੀਵਨੀ ਜਾਂ ਯਾਦਾਂ ਦੀ ਪੁਸਤਕ ਕਿਉਂ ਪੜ੍ਹੇਗਾ?
ਅਪਣੀਆਂ ਨਿੱਜੀ ਜੀਵਨ ਯਾਦਾਂ ਨੂੰ ਪੁਸਤਕ ਰੂਪ ਵਿੱਚ ਛਪਵਾ ਕੇ ਪਾਠਕਾਂ ਤੀਕ ਪੁਜਾਣ ਦਾ
ਮਨੋਰਥ ਕੀ ਹੈ?
ਅਜਿਹਾ ਉਪਰਾਲਾ ਇੱਕ ਲੇਖਕ ਕਿਉਂ ਕਰਦਾ ਹੈ?
ਕੀ ਸਵੈਜੀਵਨੀ ਰਚਨਾ ਸਾਹਿਤ ਦੇ ਘੇਰੇ 'ਚ ਆਉਂਦੀ ਹੈ?
ਨਿੱਜੀ ਜੀਵਨ ਕਥਨ, ਸਾਹਿਤਕ ਕਥਨ ਤੀਕ ਕਿੰਝ ਪਹੁੰਚਦਾ ਹੈ?
ਸਵੈਜੀਵਨੀ / ਨਿੱਜੀ ਯਾਦਾਂ ਰੂਪੀ ਲਿਖਤਾਂ ਨਾਲ ਜੁੜੇ ਹੋਏ ਇਹਨਾਂ ਪ੍ਰਸਨਾ ਦੇ ਉਤਰ ਸਰਲ
ਸਪਾਟ ਨਹੀਂ। ਦੋ ਦੂਣੀ ਚਾਰ ਵਾਂਗ ਸੰਭਵ ਨਹੀਂ।
ਦੁਨੀਆਂ ਵਿੱਚ ਸਵੈਜੀਵਨੀ ਪੁਸਤਕਾਂ ਦਾ ਭੰਡਾਰ ਹਾਸਿਲ ਹੈ। ਜਿਹਨਾਂ ਜੀਵਨਾਂ ਨੇ ਮਨੁੱਖੀ
ਜੀਵਨ ਦੇ ਸਮਾਜਿਕ, ਸਭਿਆਚਾਰਕ, ਧਾਰਮਿਕ ਰਾਜਨੀਤਕ ਅਤੇ ਕਲਾਤਮਿਕ ਖੇਤਰਾਂ 'ਚ ਅਮੁੱਲੇ ਵਾਧੇ
ਕੀਤੇ ਹਨ, ਉਹਨਾਂ ਦੀਆਂ ਜੀਵਨੀਆਂ ਅਤੇ ਯਾਦਾਂ ਨੇ ਪੁਸਤ ਦਰ ਪੁਸਤ ਮਨੁੱਖੀ ਚੇਤਿਆਂ 'ਚ ਲੋਅ
ਭਰੀ ਹੈ। ਅਜਿਹੇ ਜੀਵਨ ਸੰਕਲਨਾਂ ਨੇ ਪੁਸਤ-ਦਰ-ਪੁਸਤ ਮਨੁੱਖੀ ਨਸਲਾਂ ਦਾ ਮਾਰਗ ਦਰਸਨ ਕੀਤਾ
ਹੈ ਅਤੇ ਕਰ ਰਹੀਆਂ ਹਨ। ਗੁਰੂ ਗ੍ਰੰਥ ਸਾਹਿਬ ਦਾ ਮਹਾਂਵਾਕ ਹੈ:
"ਬਾਬਾਣੀਆਂ ਕਹਾਣੀਆਂ ਪੁਤ, ਸਪੁਤ ਕਰੇਨਿ" (ਪੰਨਾ 951, ਮ:3)
ਸੱਚਮੁੱਚ ਮਨੁੱਖੀ ਨਸਲ ਦੇ ਅਜਿਹੇ 'ਬਾਬੇ ਮਨੁੱਖਾਂ' ਦੇ ਜੀਵਨ ਦੀਆਂ ਕਹਾਣੀਆਂ "ਪੁੱਤਰਾਂ"
ਨੂੰ "ਸਪੁੱਤਰ" ਬਣਾਉਣ ਦੀ ਸ਼ਕਤੀਸਾਲੀ ਸਮਰੱਥਾ ਰੱਖਦੀਆਂ ਹਨ।
ਸਵੈਜੀਵਨੀਆਂ ਦੀ ਅਹਿਮੀਅਤ ਦੇ ਸੰਦਰਭ ਨੂੰ ਸਥਾਪਿਤ ਕਰਨ ਦਾ ਮਿਆਰ ਕੀ ਹੋਵੇ? ਜੇਕਰ ਇਹੀ
ਹੋਵੇ ਕਿ ਉਸ ਸਵੈਜੀਵਨੀ ਨੂੰ ਹੀ ਪੁਸਤਕ ਰੂਪ 'ਚ ਪਾਠਕ ਤੀਕ ਪੁੱਜਣ ਦਾ ਹੱਕ ਹੈ ਜਿਸਦੇ
ਕਰਤਾ ਜੀਵਨ ਨੇ ਮਨੁੱਖੀ ਨਸਲ ਦੇ ਮੁੱਢਲੇ ਅਤੇ ਪਛਾਨਣਯੋਗ ਆਧਾਰਾਂ 'ਚ ਸੁੱਭ-ਵਾਧੇ ਕੀਤੇ
ਹਨ। ਜਿਸਨੇ ਮਨੁੱਖੀ ਨਸਲ ਦੀ ਸੋਚ ਅਤੇ ਸੱਚ ਨੂੰ ਨਵੀਆਂ ਦਿਸਾਵਾਂ, ਧਰਤੀਆਂ, ਅਤੇ ਅਸਮਾਨ
ਸੁਝਾਏ ਹਨ। ਅਜਿਹਾ ਮਿਆਰ ਸਥਾਪਿਤ ਕਰਦਿਆਂ ਪ੍ਰਸਨ ਉਭਰਦਾ ਹੈ:
ਕਿਸੇ ਆਮ ਵਿਅਕਤੀ ਜਾਂ ਖੇਤਰੀ ਭਾਸਾ ਜਾਂ ਭਾਈਚਾਰੇ ਨਾਲ ਸਬੰਧਤ ਆਮ ਲੇਖਕ / ਲੇਖਿਕਾ ਵਲੋਂ
ਲਿਖੀ ਸਵੈ-ਜੀਵਨੀ ਦੀ ਕਿੰਨੀ ਕੁ ਮਹੱਤਤਾ ਹੈ? ਹੈ ਵੀ ਜਾਂ ਨਹੀਂ??
ਮਨੁੱਖੀ ਜੀਵਨ ਮੂਲ ਰੂਪ ਵਿੱਚ ਸਮਾਜਿਕ, ਸਭਿਆਚਾਰਕ, ਧਾਰਮਿਕ, ਰਾਜਨੀਤਕ ਅਤੇ ਕਲਾਤਮਿਕ
ਘਟਨਾਵਾਂ ਦਾ ਜੋੜ ਹੈ। ਕਿਸੇ ਵੀ ਪੜਾਅ ਤੇ ਅਪਣੇ ਜੀਵਨ ਨੂੰ ਕਲਮਬਧ ਕਰ ਰਿਹਾ ਲੇਖਕ /
ਲੇਖਿਕਾ ਅਚੇਤ ਰੂਪ ਵਿੱਚ ਅਪਣੇ ਜੀਵਨ ਨਾਲ ਜੁੜੇ ਸਮਾਜਿਕ, ਸਭਿਆਚਾਰਕ, ਧਾਰਮਿਕ, ਅਤੇ
ਰਾਜਨੀਤਕ ਵਰਤਾਰਿਆਂ ਨੂੰ ਵੀ ਕਲਮਬਧ ਕਰ ਰਿਹਾ ਹੁੰਦਾ ਹੈ।
ਏਥੇ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਇਹਨਾਂ ਸਭ ਵਰਤਾਰਿਆਂ ਦਾ 'ਨਿਰੋਲ' ਕਥਨ ਕਿਵੇਂ ਵੀ
ਸਾਹਿਤ ਨਹੀਂ। ਉਵੇਂ ਜਿਵੇਂ ਸਮਾਜਿਕ ਵਿਗਿਆਨ, ਸਭਿਆਚਾਰਕ ਇਤਿਹਾਸ, ਧਾਰਮਿਕ ਵਿਸਵਾਸ ਮੱਤ
ਜਾਂ ਰਾਜਸੀ ਚਾਰਟਰ ਸਾਹਿਤ ਨਹੀਂ। ਮਨੁੱਖੀ ਜੀਵਨ ਦੇ ਇਹਨਾਂ ਸਭ ਵਰਤਾਰਿਆਂ ਦੇ ਕਥਨ ਸਾਹਿਤ
ਦਾ ਹਿੱਸਾ ਬਣਨ ਲਈ 'ਸਾਹਿਤ ਕਥਨ' ਬਣਨੇ ਜਰੂਰੀ ਹਨ।
'ਨਿਰੋਲ ਜੀਵਨ ਯਥਾਰਥ' ਕਥਨਾਂ ਦੀ, 'ਸਾਹਿਤਕ ਕਥਨਾਂ' ਵਿੱਚ ਟਰਾਂਸਫਾਰਮੇਸਨ ਦੀਆਂ ਕੁਝ
ਪਛਾਣਾਂ ਸਵੈਜੀਵਨੀ ਸਾਹਿਤ ਬਾਰੇ ਬਹਿਸ ਛੇੜਨ ਲਈ ਇਸ ਪਰਚੇ 'ਚ ਉਜਾਗਰ ਕੀਤੀਆਂ ਜਾ ਰਹੀਆਂ
ਹਨ। ਇਹਨਾਂ ਪਛਾਣਾ ਨੂੰ ਸਮਝਣ ਲਈ ਆਧੁਨਿਕ ਅਤੇ ਕਲਾਸਿਕ ਸਾਹਿਤ ਕ੍ਰਿਤਾਂ ਦੇ ਕੁਝ ਹਵਾਲੇ
ਲਏ ਗਏ ਹਨ। ਇਹਨਾਂ ਪਛਾਣਾਂ ਤੇ ਹੋਣ ਵਾਲੀ ਚਰਚਾ ਤਦ ਹੀ ਸਾਰਥਿਕ ਹੋ ਸਕੇਗੀ ਜੇਕਰ ਇਹਨਾਂ
ਵਿਚਲੇ ਪ੍ਰਸਨਾ ਨੂੰ ਚਰਚਾ ਦਾ ਵਿਸਾ ਬਣਾਇਆ ਜਾਵੇਗਾ ਨਾ ਕਿ ਇਹਨਾਂ ਪ੍ਰਸਨਾਂ ਦੇ ਸਰੋਤਾਂ
ਨੂੰ।
ਦੁੱਖ ਅਤੇ ਦਰਦ ਇੱਕ ਸਮਾਜਿਕ ਵਰਤਾਰਾ ਹੈ। ਕੋਈ ਵੀ ਜੀਵ ਦੁੱਖ ਦਰਦ ਤੋਂ ਅਣਭਿੱਜ ਜਾਂ ਅਛੋਹ
ਨਹੀਂ। ਕੋਈ ਵੀ ਅਪਣੇ ਇਸ ਅਹਿਸਾਸ ਨੂੰ ਯਥਾਰਥਕ ਕਥਨ 'ਚ ਬਿਆਨਦਿਆਂ ਕਹਿ ਦਿੰਦਾ ਹੈ, "ਬਹੁਤ
ਦੁਖੀ ਹਾਂ"।
ਪਰ ਜਦ ਇਸ ਅਹਿਸਾਸ ਨੂੰ ਇਵੇਂ ਕਿਹਾ ਜਾਂਦਾ ਹੈ ਕਿ:
"ਫਰੀਦਾ, ਮੈਂ ਜਾਣਿਆ ਦੁਖ ਮੁਝ ਕੋ । ਦੁੱਖ ਸੰਭਾਹਿਆ ਜੱਗ॥
ਕੋਠੇ ਚੜ੍ਹ ਕੇ ਵੇਖਿਆ । ਘਰ ਘਰ ਏਹਾ ਅੱਗ॥"
ਤਾਂ ਇਹ 'ਨਿੱਜੀ ਦੁੱਖ ਦਾ ਕਥਨ' ਸਮਾਜ ਵਿੱਚੀਂ ਲੰਘ ਕੇ ਇਕ ਉਤਮ 'ਸਾਹਿਤਕ ਕਥਨ' ਬਣ ਜਾਂਦਾ
ਹੈ। ਪਰ ਅਜਿਹਾ ਤਦ ਹੀ ਸੰਭਵ ਹੈ ਜਦ ਕਰਤਾ / ਲੇਖਕ 'ਕੋਠੇ ਚੜ੍ਹ ਕੇ ਵੇਖਦਾ ਹੈ'। ਉਸ ਕੋਠੇ
ਤੇ ਜੋ ਸਿਰਜਕ ਦਾ ਚਿੰਤਨਸੀਲ ਮਸਤਕ ਹੁੰਦਾ ਹੈ।
ਕਿਸੇ 'ਨਿੱਜੀ ਸੱਚ' ਦਾ 'ਪਰ-ਸੱਚ' ਅਤੇ 'ਪਾਰ-ਸੱਚ' ਵਜੋਂ ਕਲਾਤਮਿਕ ਰੁਪਾਂਤਰਣ ਹੀ ਅਸਲ
ਵਿੱਚ ਨਿੱਜ-ਕਥਨ ਤੋਂ ਸਾਹਿਤਕ-ਕਥਨ ਤੀਕ ਦਾ ਸਫ਼ਰ ਹੈ।
ਜੇਕਰ ਕਿਸੇ ਸਵੈਜੀਵਨੀ ਪੁਸਤਕ ਨੂੰ ਪੜ੍ਹਦਿਆਂ ਇਹ ਮਹਿਸੂਸ ਹੁੰਦਾ ਹੈ ਕਿ ਲੇਖਕ ਨੇ ਜਿਸ
ਤਰਾਂ ਮਹਿਸੂਸਿਆ ਹੈ ਉਸੇ ਤਰਾਂ ਬਿਆਨਿਆ ਹੈ। ਬਿਨਾਂ ਕਿਸੇ ਵਾਧ ਘਾਟ ਦੇ, ਤਾਂ ਅਜਿਹਾ ਆਧਾਰ
ਨਿਰੋਲ-ਨਿੱਜੀ ਸਾਰੋਕਾਰਾਂ ਦੀ ਨਿਸਾਨਦੇਹੀ ਕਰਦਾ ਹੈ। 'ਨਿੱਜ ਤੋਂ ਪਰ ਤੀਕ' ਜਾਣ ਦਾ
ਉਪਰਾਲਾ ਨਹੀਂ। 'ਸਮਾਜਿਕ ਕਥਨ' ਤੋਂ 'ਸਾਹਿਤਕ ਕਥਨ' ਤੀਕ ਜਾਣ ਵੱਲ ਰੁਚਿਤ ਨਹੀਂ। ਨਿੱਜੀ
ਸੱਚ ਜਾਂ ਅਨੁਭਵ ਨੂੰ ਅਪਣੀ 'ਪਰਸਨਲ ਡਾਇਰੀ' ਜਾਂ 'ਫੈਮਿਲੀ ਬੁੱਕ' 'ਚ ਲਿਖਿਆ ਜਾ ਸਕਦਾ
ਹੈ। ਉਸਨੂੰ ਪੁਸਤਕ ਰੂਪ 'ਚ ਛਪਵਾ ਕੇ ਪਾਠਕਾਂ ਤੀਕ ਪੁਜਾਣ ਦੀ ਕੀ ਤੁਕ ਹੈ? ਜੇਕਰ ਅਸੀਂ
ਅਪਣੇ ਨਿੱਜੀ ਸੱਚ ਨੂੰ 'ਫਰੀਦ' ਵਾਂਗ ਸਮਾਜਿਕ ਸੱਚ ਵਜੋਂ ਪੇਸ ਕਰਕੇ ਦਰਦ ਹੰਢਾਉਂਦੇ
ਡਾਵਾਂਡੋਲ ਮਨਾਂ ਦੇ ਹਨੇਰਿਆਂ 'ਚ ਕੋਈ ਸਥਿਰਤਾ ਦੀ ਕਿਰਨ ਪੈਦਾ ਨਹੀਂ ਕਰਦੇ।
ਅਕਸਰ ਸਵੈਜੀਵਨੀਆਂ ਪੜ੍ਹਦਿਆਂ ਲੇਖਕ ਦਾ ਜੀਵਨ-ਸਫ਼ਰ ਜ਼ਜ਼ਬਾਤੀ ਅਤੇ ਸਭਿਆਚਾਰਿਕ ਸੰਕਟਾਂ
ਭਰਿਆ ਮਹਿਸੂਸ ਹੁੰਦਾ ਹੈ। ਪਰ ਜੇਕਰ ਇਹਨਾਂ 'ਨਿੱਜੀ ਸੰਕਟਾਂ ਦਾ ਕਥਨ' ਕਿਤੇ ਵੀ 'ਸਹਿਤਕ
ਕਥਨ' ਬਣਕੇ ਨਹੀਂ ਉਭਰਦਾ ਅਤੇ ਸਾਹਿਤਕ ਚਿੰਤਨ ਦੀ ਲੋਅ ਤੋਂ ਵਾਂਝਾ ਮਹਿਸੂਸ ਹੁੰਦਾ ਹੈ ਤਾਂ
ਅਜਿਹੀ ਰਚਨਾ ਨੂੰ ਸਹਿਜੇ ਹੀ 'ਸਾਹਿਤਕ' ਘੇਰੇ ਚੋਂ ਬਾਹਰ ਰੱਖਿਆ ਜਾ ਸਕਦਾ ਹੈ। ਕਿਉਂਕਿ
'ਸਵੈਜੀਵਨੀ' ਕਰਤਾ ਵਲੋਂ ਅਪਣੇ ਮਨ-ਬ੍ਰਿਤਾਂਤ ਦੇ ਹਨੇਰੇ ਅਤੇ ਚਾਨਣੇ ਪੱਖ (ਗਮ/ਖੁਸੀ) ਦਾ
ਮਹਿਜ ਬਿਆਨ ਇਸ ਬ੍ਰਿਤਾਂਤ ਨੂੰ ਲੇਖਕ ਦੀ ਕਲਾ-ਕੌਸਲਤਾ ਰਾਹੀਂ ਪੜ੍ਹਨ-ਯੋਗ/ਮਾਨਣਯੋਗ ਤਾਂ
ਭਾਵੇਂ ਬਣਾ ਸਕਦਾ ਹੈ ਪਰ 'ਸਾਹਿਤ' ਨਹੀਂ। ਮਿਸਾਲ ਵਜੋਂ ਜੇਕਰ ਨਿੱਜ ਕਥਨ 'ਚ ਲੇਖਕ/ਲੇਖਿਕਾ
"ਡਰ" ਪ੍ਰਗਟ ਕਰੇ ਤਾਂ ਪਾਠਕ ਮਨ ਨੂੰ ਉਸ "ਡਰ" ਤੋਂ ਮੁਕਤੀ ਦੇ ਕਿਸੇ ਰਾਹ / ਦਲੀਲ ਵੱਲ
ਇਸਾਰਾ ਵੀ ਬੜਾ ਅਹਿਮ ਹੈ। ਜੇਕਰ ਉਹ, ਇਸ ਮੌਕੇ ਤੇ ਕਿਸੇ ਚਿਤੰਨਸੀਲ ਇਸਾਰੇ ਦੀ ਬਜਾਏ ਅਪਣਾ
"ਡਰ" ਪ੍ਰਗਟ ਕਰਕੇ ਹੀ ਚੁੱਪ ਹੈ ਤਾਂ ਇੰਝ ਕਰਦਿਆਂ ਸਭਿਆਚਾਰਕ ਸੰਕਟ ਦਾ ਨਵ-ਸੰਦਰਭਾਂ 'ਚ
ਕੋਈ ਹੱਲ ਜਾਂ ਨਵਿਰਤੀ ਦੇ ਰਾਹ ਵੱਲ ਸੰਕੇਤ ਨਹੀਂ ਹੋ ਸਕਦਾ। ਇੰਝ ਕਰਦਿਆਂ ਸਮਾਜ ਦੇ
ਮੌਜੂਦਾ ਸੂਝ ਪਾਸਾਰ ਵਿੱਚ ਕੋਈ ਨਵਾਂ ਵਾਧਾ ਸੰਭਵ ਨਹੀਂ। ਇੰਝ ਕਰਦਿਆਂ ਮਨੋ-ਬ੍ਰਿਤਾਂਤ ਦਾ
'ਸਾਹਿਤਕ' ਬਣਨਾ ਸੰਭਵ ਨਹੀਂ।
ਕਿਸੇ ਵੀ ਸਭਿਆਚਾਰ ਦਾ ਸਮੇਂ ਦਾ ਹਾਣੀ ਰਹਿਣ ਲਈ ਇਸਦੇ ਮੁੱਲਾਂ, ਕਦਰਾਂ, ਕੀਮਤਾਂ, ਰੀਤੀ,
ਰਿਵਾਜਾਂ ਅਤੇ ਸਥਾਪਿਤ ਆਧਾਰਾਂ 'ਚ ਤਬਦੀਲੀ ਬਹੁਤ ਜ਼ਰੂਰੀ ਹੁੰਦੀ ਹੈ। ਸਭਿਆਚਾਰ ਦੇ ਇਹ ਸਭ
ਆਧਾਰ ਨਵਿਆਏ ਜਾਂਦੇ ਰਹਿੰਦੇ ਹਨ ਅਤੇ ਨਵਿਆਏ ਜਾਂਦੇ ਰਹਿਣੇ ਚਾਹੀਦੇ ਹਨ।
ਏਥੇ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਇਹਨਾਂ ਆਧਾਰਾਂ ਨੂੰ ਨਵਿਆਉਣ ਦੀ ਜਿ਼ੰਮੇਵਾਰੀ ਉਸੇ
ਸਭਿਆਚਾਰ ਦੀ ਪੈਦਾਵਾਰ ਲੇਖਕ, ਚਿੰਤਕ ਅਤੇ ਸਮਾਜ ਸੁਧਾਰਕਾਂ ਦੀ ਰਹਿੰਦੀ ਹੈ। ਗੁਰੂ ਨਾਨਕ
ਦੇਵ ਜੀ ਦੀ ਰਚਨਾ 'ਆਸਾ ਦੀ ਵਾਰ' ਇਸਦੀ ਇਕ ਉਤਮ ਉਦਾਹਰਣ ਹੈ। ਉਹਨਾਂ ਨੇ ਅਪਣੀ ਇਸ ਰਚਨਾ
'ਚ ਅਪਣੇ ਸਮੇਂ ਦੇ ਸਭਿਆਚਾਰਕ ਵਰਤਾਰੇ ਵਿਚਲੇ ਵਹਿਮਾਂ, ਭਰਮਾਂ ਅਤੇ ਰਵਾਇਤਾਂ ਨਾਲ ਦੋ ਚਾਰ
ਹੁੰਦਿਆਂ ਉਹਨਾਂ ਨੂੰ "ਡਰ" ਦੇ ਆਧਾਰ ਤੇ ਨਹੀਂ 'ਕਥਿਆ' ਸਗੋਂ ਚਿੰਤਨਸੀਲ ਆਧਾਰ ਮੁਹੱਈਆ ਕਰ
ਕੇ ਉਹਨਾਂ ਸਭ ਕਥਨਾਂ ਨੂੰ ਇੱਕ ਉਤਮ ਸਾਹਿਤਕ ਕਿਰਤ ਦੇ ਨਮੂਨਿਆਂ 'ਚ ਬਦਲ ਦਿੱਤਾ।
ਚਿੰਤਨਸੀਲ ਆਧਾਰ ਵਾਲੇ ਇਹਨਾਂ ਕਥਨਾਂ ਨੂੰ ਪੜ੍ਹਨ ਅਤੇ ਵਿਚਾਰਨ ਵਾਲਾ ਸਹਿਜੇ ਹੀ ਅਪਣੇ ਡਰ
ਦੇ ਹਨੇਰਿਆਂ 'ਚ ਇਹਨਾਂ ਦੀ ਰੌਸਨੀ ਨਾਲ ਅਪਣਾ ਰਾਹ ਵੇਖਣ ਅਤੇ ਸਮਝਣ ਦੇ ਕਾਬਲ ਹੋ ਜਾਂਦਾ
ਹੈ।
ਕਿਸੇ ਸਵੈਜੀਵਨੀ ਪੁਸਤਕ 'ਚ ਅੰਕਿਤ ਧਾਰਮਿਕ ਦ੍ਰਿਸਟੀਕੋਣ ਨੂੰ ਸਾਹਿਤਕ ਕਸਵੱਟੀ ਤੇ ਪਰਖਣ
ਸਮੇਂ ਇਹ ਨਿਰਣਾ ਕਰਨ ਦੀ ਲੋੜ ਹੁੰਦੀ ਹੈ ਕਿ, ਕੀ ਲੇਖਕ ਵਲੋਂ ਪੇਸ ਧਾਰਮਿਕ ਕਥਨ ਮਹਿਜ਼
ਉਸਦਾ ਨਿੱਜੀ ਰਵੱਈਆ ਹੈ ਜਾਂ ਕਿ ਚਿੰਤਨਸੀਲ ਅਤੇ ਕਲਾਤਮਿਕ ਅਧਾਰ ਵਾਲਾ ਸਾਹਿਤਕ ਕਥਨ।
ਮਿਸਾਲ ਵਜੋਂ ਹਿੰਦੁਸਤਾਨੀ ਪ੍ਰੰਪਰਾ 'ਚ "ਆਰਤੀ" ਇਕ ਬੜਾ ਅਹਿਮ ਧਾਰਮਿਕ ਕਰਮ ਮੰਨਿਆ ਗਿਆ
ਹੈ। ਵੱਖ ਵੱਖ ਧਰਮਾਂ 'ਚ ਆਰਤੀ ਉਤਾਰਨ ਦੇ ਵੱਖ ਵੱਖ ਰੂਪ ਹਨ।
ਗੁਰੂ ਨਾਨਕ ਦੇਵ ਜੀ ਨੇ ਅਪਣੀਆਂ ਲਿਖਤਾਂ 'ਚ ਜ਼ਾਹਰ ਤੌਰ ਤੇ ਇਸ ਪ੍ਰਚੱਲਤ "ਆਰਤੀ" ਪ੍ਰਥਾ
ਨਾਲ ਸਹਿਮਤੀ ਨਹੀਂ ਪ੍ਰਗਟਾਈ। ਜੇਕਰ ਉਹਨਾਂ ਨੇ ਸਿਰਫ਼ ਇਹੀ ਕਿਹਾ ਹੁੰਦਾ ਕਿ, "ਪਤਾ ਨਈਂ
ਇਸ ਆਰਤੀ ਦਾ ਕੀ ਮਨੋਰਥ ਜਾਂ ਮਤਲਬ ਹੈ। ਮੈਨੂੰ ਤਾਂ ਇਹ ਬਿਲਕੁਲ ਨਹੀਂ ਟੁੰਬਦੀ ਅਤੇ ਵਿਅਰਥ
ਜਾਪਦੀ ਹੈ"। ਤਾਂ ਇਹ ਉਹਨਾਂ ਦਾ "ਆਰਤੀ" ਪ੍ਰਥਾ ਬਾਰੇ ਨਿੱਜੀ ਧਾਰਮਿਕ ਕਥਨ ਹੁੰਦਾ, ਪਰ
"ਗਗਨ ਮਹਿ ਥਾਲੁ ਰਵਿ ਚੰਦ ਦੀਪਕ ਬਨੈ" ਲਿਖ ਕੇ ਜੋ ਉਹਨਾਂ ਨੇ ਕਿਹਾ ਹੈ, ਉਸਨੇ ਉਹਨਾਂ ਦੇ
ਇਸ ਨਿੱਜੀ ਧਾਰਮਿਕ ਕਥਨ ਨੂੰ ਇੱਕ ਅਮਰ ਸਾਹਿਤਕ ਕਥਨ ਵਜੋਂ ਸਥਾਪਿਤ ਕਰ ਦਿੱਤਾ ਹੈ।
ਇਵੇਂ ਹੀ ਸਵੈਜੀਵਨੀ ਸਾਹਿਤ 'ਚ ਲੇਖਕ ਦੇ ਜੀਵਨ ਨਾਲ ਜੁੜੇ ਧਾਰਮਿਕ ਆਧਾਰ ਅਤੇ ਉਹਨਾਂ ਨੂੰ
ਪ੍ਰਤੀਬਿੰਬਤ ਕਰਦੀਆਂ ਘਟਨਾਵਾਂ ਦਾ ਬਿਆਨ ਤਦ ਹੀ ਸਾਹਿਤਕ ਮੰਨਿਆ ਜਾ ਸਕਦਾ ਹੈ ਜੇਕਰ ਉਹ
ਮਹਿਜ਼ ਲੇਖਕ ਦਾ ਕਿਸੇ ਧਰਮ ਜਾਂ ਧਾਰਮਿਕ ਪ੍ਰਥਾ ਪ੍ਰਤੀ ਨਿੱਜੀ ਰਵਈਆ ਨਾ ਹੋ ਕੇ ਚਿੰਤਨਸੀਲ
ਆਧਾਰ ਵਾਲਾ ਬਾਦਲੀਲ ਅਤੇ ਕਲਾਤਮਿਕ ਪ੍ਰਗਟਾ ਹੋਵੇ।
ਧਾਰਮਿਕ ਦ੍ਰਿਸਟੀ ਕੋਣ ਵਾਂਗ ਹੀ ਸਵੈਜੀਵਨੀ ਦੇ ਸਾਹਿਤਕ ਸਵੈਜੀਵਨੀ ਵਜੋਂ ਸਥਾਪਿਤ ਹੋਣ ਲਈ
ਰਾਜਸੀ ਦ੍ਰਿਸਟੀਕੋਣ ਵੀ ਮਹਿਜ਼ ਨਿੱਜ ਕਥਨ ਨਹੀਂ ਹੋਣਾ ਚਾਹੀਦਾ। ਸਵੈਜੀਵਨੀ ਕਰਤਾ ਦੇ ਜੀਵਨ
ਦੌਰਾਨ ਰਾਜਸੀ ਪ੍ਰਬੰਧ ਅਤੇ ਸੱਤਾ 'ਚ ਕੋਈ ਵੀ ਦਲ ਜਾਂ ਸੋਚ ਹੋ ਸਕਦੀ ਹੈ ਪਰ ਉਸਦੇ ਰਾਜਸੀ
ਕਥਨਾਂ ਚੋਂ 'ਨਿੱਜ ਤੋਂ ਸਮਾਜ ਵਿੱਚੀ ਲੰਘ ਕੇ', 'ਸਾਹਿਤਕ ਕਥਨ ਦਾ ਸਫ਼ਰ' ਮਹਿਸੂਸ ਹੋਣਾ
ਜ਼ਰੂਰੀ ਹੈ। ਸਾਹਿਤਕ ਸਵੈਜੀਵਨੀ 'ਚ ਪੇਸ ਰਾਜਸੀ ਕਥਨ ਦਾ ਫਿਕਰ ਮਨੁੱਖੀ ਕਲਿਆਣ ਹੈ ਨਾ ਕਿ
ਚਿੱਟੀਆਂ-ਨੀਲੀਆਂ ਪਗੜੀਆਂ।
ਮਿਸਾਲ ਵਜੋਂ ਕੁਝ ਸਿਅਰ ਇਸ ਸੂਝ ਵੱਲ ਇਸਾਰਾ ਕਰਨ ਲਈ ਹਾਜਰ ਹਨ:
"ਕੁਰਸੀ ਤੇ ਗਿਰਝਾਂ ਬੈਠੀਆਂ
ਵੋਟ ਪਾਵਾਂ ਕਿ ਬੋਟੀਆਂ?" (ਊਧਮ ਸਿੰਘ ਮੌਜੀ)
"ਛਲ ਦੇ ਛਾਬੇ ਕਪਟ ਦੇ ਵੱਟੇ
ਕਾਨੂੰਨ ਦੇ ਅੱਖੀਂ ਮਿੱਟੀ ਘੱਟੇ
ਅੰਨੀ ਪੀਹੇ ਕੁੱਤਾ ਚੱਟੇ
ਆਜ਼ਾਦੀ ਰੋਲ ਘੱਤੀ ਵਿੱਚ ਘੱਟੇ" (ਊਧਮ ਸਿੰਘ ਮੌਜੀ)
"ਪਰਜਾਤੰਤਰ ਦੇ ਸੁਪਨੇ ਲੈ ਕੱਲ੍ਹ ਜੋ ਫਾਂਸੀ ਲੱਗੇ ਲੋਕ
ਅੱਜ ਉਹਨਾਂ ਦੇ ਸੁਪਨੇ ਫਾਂਸੀ ਲਾਉਂਦਾ ਪਰਜਾਤੰਤਰ ਵੇਖ"।
(ਉਂਕਾਰਪ੍ਰੀਤ)
"ਭੁੱਖ ਦਾ ਰੋਹ ਨਾ ਰੋਟੀ ਬਿਨ ਹੋਵੇਗਾ ਸਾਂਤ
ਲਾਲ ਕਿਲੇ ਤੇ ਖੜ੍ਹ ਕੇ ਲੱਖ ਮਚਾਵੋ ਸੋਰ"।
(ਉਂਕਾਰਪ੍ਰੀਤ)
"ਕਸਮੀਰ ਦਾ ਮਸਲਾ ਹੈ ਨਾ ਮਸਲਾ ਪੰਜਾਬ ਦਾ
ਮਸਲਾ ਹੈ ਤਾਜ਼ ਤਖਤ ਦਾ ਕੁਰਸੀ ਦੇ ਖਾਬ ਦਾ"।
(ਜਨਾਬ ਉਲਫਤ ਬਾਜਵਾ)
ਸਾਹਿਤ ਦੀਆਂ ਬਾਕੀ ਸਿਨਫਾਂ ਵਾਂਗ ਸਾਹਿਤਕ ਸੰਦਰਭ ਵਿੱਚ 'ਸਵੈਜੀਵਨੀ ਸਾਹਿਤ' ਪਾਠਕ ਦੇ
ਚੇਤਨਾ ਅਤੇ ਸੂਝ ਪਾਸਾਰਾਂ ਵਿੱਚ ਨਵੇਂ ਜੋੜ ਕਰਨ ਦੇ ਯੋਗ ਹੋਣਾ ਚਾਹੀਦਾ ਹੈ। ਕਿਸੋ ਪੁਸਤਕ
ਨੂੰ ਪੜ੍ਹ ਕੇ ਜੋਕਰ ਪਾਠਕ ਮਨ ਕੁਝ ਨਵਾਂ ਸੋਚਣ ਅਤੇ ਘੋਖਣ ਲਈ ਉਤਸੁਕ ਨਹੀਂ ਹੁੰਦਾ ਤਾਂ ਉਸ
ਪੁਸਤਕ ਨੂੰ ਛਪਵਾਉਣ ਵਾਲੇ ਲੇਖਕ ਦਾ ਉਪਰਾਲਾ ਨਿਸਚੇ ਹੀ ਅਧੂਰਾ ਹੈ।
ਅਪਣੇ ਜੀਵਨ ਵਿੱਚ ਦਰਪੇਸ ਵੱਖ ਵੱਖ ਸਥਿਤੀਆਂ ਨੂੰ ਬਿਆਨਦਿਆਂ ਇਕ ਸੁਚੇਤ ਸਹਿਤਕਾਰ ਸਹਿਜੇ
ਹੀ ਪਾਠਕ ਚੇਤਨਾ ਅਤੇ ਸੂਝ ਪੱਧਰ ਤੇ ਨਵ-ਧਰਾਤਲਾਂ ਦੀ ਨਿਸਾਨਦੇਹੀ ਕਰਦਾ ਜਾਂਦਾ ਹੈ। ਉਸਦੀ
ਸੁਰਤ ਵਿੱਚ ਜੀਵਨ ਨੂੰ ਵੇਖਣ ਲਈ ਨਵ-ਸੂਝ ਦੀਆਂ ਤਾਕੀਆਂ ਅਤੇ ਰੌਸਨਦਾਨ ਖੋਹਲਦਾ ਜਾਂਦਾ ਹੈ।
ਇੰਝ ਕਰਦਿਆਂ ਉਹ ਸਵੈਜੀਵਨੀ ਨੂੰ ਬਿਆਨਦਿਆਂ, ਸਹਿਜੇ ਹੀ ਸਾਹਿਤ-ਕਰਮ ਵੀ ਨਿਭਾ ਰਿਹਾ ਹੁੰਦਾ
ਹੈ। ਅਪਣੇ ਜੀਵਨ ਕਥਨ ਦਾ ਸਹਿਤਕ ਕਥਨ 'ਚ ਕਲਾਤਮਿਕ ਪਰਤੌ ਕਰ ਰਿਹਾ ਹੁੰਦਾ ਹੈ। ਪਰ ਜੇਕਰ
ਲੇਖਕ/ਲੇਖਿਕਾ ਨੂੰ ਸਾਰੀਆਂ ਸਥਿਤੀਆਂ ਜਿਉਂ ਦੀਆਂ ਤਿਉਂ ਪਰਵਾਨ ਹਨ, ਰਵਾਇਤਾਂ ਅਤੇ ਰਵਾਇਤੀ
ਲੋਕਾਚਾਰੀ ਪ੍ਰਤੀ ਹਲਕਾ ਜਿਹਾ ਡਰ ਜਾਂ ਸਹਿਮ ਪ੍ਰਗਟ ਕਰਕੇ ਉਸਨੂੰ ਇੰਨਬਿੰਨ ਕਬੂਲਣਾ ਹੀ ਹੈ
ਤਾਂ ਇਸ ਤਰਾਂ ਕਰਦਿਆਂ ਛੱਡਣਯੋਗ ਜਾਂ ਸਾਂਭਣਯੋਗ ਰਵਾਇਤਾਂ ਦੀ ਨਿਸਾਨਦੇਹੀ ਸੰਭਵ ਨਹੀਂ।
ਅਜਿਹੀ ਰਚਨਾ, ਰਵਾਇਤਾਂ ਨੂੰ ਸਮੇਂ ਦੇ ਪੋਚ ਨਾਲ ਨਵਿਆਉਣ ਲਈ ਪਾਠਕ ਮਨ 'ਚ ਨਵੀਆਂ ਦਿਸਾਵਾਂ
ਜਾਂ ਸੂਝ ਪੈਦਾ ਕਰਨ ਤੋਂ ਉਕ ਜਾਂਦੀ ਹੈ। ਅਜਿਹੀ ਰਚਨਾ 'ਸਾਹਿਤ' ਬਣਨੋ ਉਕ ਜਾਂਦੀ ਹੈ।
ਸਫ਼ਰਨਾਮਿਆਂ ਵਾਂਗ 'ਸਵੈਜੀਵਨੀ' ਸਾਹਿਤ ਅਚੇਤ ਰੂਪ ਵਿੱਚ ਸਮੇਂ, ਸਥਾਨ, ਅਤੇ ਇਲਾਕੇ ਦੇ
ਇਤਹਾਸਕ ਅਤੇ ਪਛਾਨਣਯੋਗ ਵੇਰਵੇ ਵੀ ਕਲਮਬੱਧ ਕਰਦਾ ਹੈ। ਜਿਸ ਖਿੱਤੇ ਜਾਂ ਦੇਸ ਵਿੱਚ
ਸਵੈਜੀਵਨੀ ਕਰਤਾ ਵਿਚਰਦਾ ਹੈ, ਜਿੱਥੇ ਉਹ ਜੀਵਨ ਬਤੀਤ ਕਰਦਾ ਹੈ ਉਸ ਨਾਲ ਜੁੜੀਆਂ ਘਟਨਾਵਾਂ
'ਚੋਂ ਉਸ ਸਮੇਂ ਦੇ ਸਮਾਜਿਕ, ਸਭਿਆਚਾਰਕ, ਧਾਰਮਿਕ, ਰਾਜਨੀਤਕ ਅਤੇ ਸਥਾਨਕ ਵੇਰਵੇ ਸਹਿਜੇ ਹੀ
ਲੱਭੇ ਜਾ ਸਕਦੇ ਹਨ। ਸਮਾਂ ਪਾ ਕੇ ਸਵੈਜੀਵਨੀ ਸਾਹਿਤ ਇਹਨਾਂ ਕਾਰਨਾਂ ਕਰ ਕੇ ਇੱਕ ਖਾਸ
ਮਹੱਤਵ ਧਾਰਨ ਕਰ ਜਾਂਦਾ ਹੈ। ਮਿੱਥ ਕੇ ਲਿਖੇ ਹੋਏ ਇਤਿਹਾਸਕ ਵੇਰਵਿਆਂ ਦੇ ਅਕਸਰ ਪੱਖਪਾਤੀ
ਹੋਣ ਦਾ ਸੰਕਾ ਬਣਿਆ ਰਹਿੰਦਾ ਹੈ। ਸਵੈਜੀਵਨੀ ਸਾਹਿਤ 'ਚੋਂ ਖੋਜ ਕਰਨ ਤੇ ਮੌਜੂਦ ਇਹ ਵੇਰਵੇ
ਅਕਸਰ ਵਧੇਰੇ ਸੰਤੁਲਤ ਅਤੇ ਸਹੀ ਸਾਬਿਤ ਹੁੰਦੇ ਹਨ।
ਕਲਾਤਿਮਕਤਾ ਕਿਸੇ ਵੀ ਰਚਨਾ ਦੇ ਸਾਹਿਤਕ ਹੋਣ ਦੀ ਇਕ ਅਹਿਮ ਲੋੜ ਵੀ ਹੈ ਅਤੇ ਪਛਾਣ ਵੀ।
ਸਹਿਜਤਾ, ਰੌਚਕਤਾ, ਸਬਦ ਜੜਤ, ਚੁਸਤ ਫਿਕਰੇਬਾਜ਼ੀ, ਸਬਦਾਂ ਰਾਹੀਂ ਅਹਿਸਾਸ ਸੰਚਾਰ,
ਕਲਾਤਮਿਕ ਬਿਆਨੀ ਦੇ ਕੁਝ ਅਹਿਮ ਲੱਛਣ ਹਨ।
ਕਿਸੇ 'ਸਵੈਜੀਵਨੀ' ਰਚਨਾ ਵਿੱਚ ਮੌਜੂਦ ਉਪਰੋਕਤ ਵਿਚਾਰੇ ਲੱਛਣ ਜਦੋਂ ਕਲਾਤਮਿਕਤਾ ਦੇ ਵਸਤਰ
ਪਹਿਨੀ ਪੇਸ ਹੁੰਦੀ ਹੈ ਤਾਂ ਨਿਰਸੰਦੇਹ ਸਾਹਿਤ ਵਿੱਚ ਇਕ ਨਿੱਗਰ ਅਤੇ ਨਵਾਂ ਵਾਧਾ ਕਰਦੀ ਹੈ।
-0-
|