ਜਦ ਮੈਂ ਸ਼ਬਦ ‘ਟੋਰੰਟੋ’
ਲਿਖਦਾਂ ਹਾਂ ਤਾਂ ਇਸ ਤੋਂ ਮੇਰਾ ਭਾਵ ਅਧਿਕਤਰ ਬਰੈਂਪਟਨ ਤੋਂ ਹੁੰਦਾ ਹੈ ਜਿੱਥੇ ਮੈਂ
ਰਹਿੰਦਾ ਹਾਂ ਜਾਂ ਮਿਸੀਸਾਗਾ ਤੋਂ ਜਿੱਥੇ ਮੈਂ ਕੰਮ ਕਰਦਾ ਹਾਂ, ਜਾਂ ਮਾਲਟਨ ਤੋਂ ਜਿੱਥੇ
ਮੈਂ ਕਦੇ ਕਦੇ ਜਾਂਦਾ ਰਹਿੰਦਾ ਹਾਂ, ਘਰ ਤੀਕ ਪਹੁੰਚਣ ਵਾਲੀ ਬੱਸ ਲੈਣ ਲਈ, ਜਾਂ ਲਾਇਬਰੇਰੀ
ਵਿਚ ਪੰਜਾਬੀ ਕਲਮਾਂ ਦੇ ਕਾਫਲੇ ਨਾਲ ਹਰ ਮਹੀਨੇ ਕੁਝ ਪਲ ਬੈਠਣ ਲਈ ਕਿਉਂਕਿ ਇਹ ਕਾਫਲਾ ਸਾਰਾ
ਮਹੀਨਾ ਉੱਜੜਿਆ ਰਹਿੰਦਾ ਹੈ ਅਤੇ ਜਦ ਮਹੀਨਾ ਮੁਕਣ ਲਈ ਇਕ ਜਾਂ ਦੋ ਦਿਨ ਰਹਿ ਜਾਂਦੇ ਹਨ ਤਾਂ
ਇਸ ਕਾਫਲੇ ਨੂੰ ਸੁਝਦਾ ਹੈ ਕਿ ਹੁਣ ਪੰਜਾਬੀ ਸਾਹਿਤ ਨੂੰ ਆਪਣੀ ਅਦਿੱਸਦੀ ਮੰਜ਼ਲ ਤੀਕ
ਪੁਹੰਚਾਣ ਲਈ ਪਹਿਲਾਂ ਆਪ ਕਿੱਧਰੇ ਬੈਠਿਆ ਜਾਵੇ। ਪਰ ਹਰ ਵਾਰ ਹੁੰਦਾ ਅਕਸਰ ਇਸ ਦੇ ਉਲਟ ਹੈ।
ਉਹ ਇਹ ਕਿ ਪੰਜਾਬੀ ਸਾਹਿਤ ਨੂੰ ਜਾਂ ਆਪਣੇ ਆਪ ਨੂੰ ਕਿਧਰੇ ਪੁਹਚਾਉਣ ਨਾਲੋਂ ਹਰ ਮੀਟੰਗ ਇਸ
ਖਿਚੋਤਾਣ ਵਿਚ ਹੀ ਲੰਘ ਜਾਂਦੀ ਹੈ ਕਿ ਅਗਲੇ ਮਹੀਨੇ ਕਾਫ਼ਲਾ ਆਪ ਕਿੱਥੇ ਬੈਠੇ ਕਿਉਂਕਿ
ਬੈਠਣਾ ਹਰ ਮਨੁੱਖੀ ਜੀਵ ਦਾ ਅਧਿਕਾਰ ਹੈ ਅਤੇ ਕੁਰਸੀ ਤੇ ਬੈਠਣਾ ਕੇਵਲ ਕੁਝ ਇਕ ਦਾ ਹੀ ,
ਖਾਸ ਤੌਰ ਤੇ ਕਲਮਾਂ ਦੇ ਕਾਫਲੇ ਦੀ ਮੀਟਿੰਗ ਵਿਚ। ਸੋ ਬੰਦਿਆਂ ਨਾਲੋਂ ਅਜਕਲ੍ਹ ਹਰ ਥਾਂ
ਕੁਰਸੀਆਂ ਦੀ ਗਿਣਤੀ ਵਧਾਉਣੀ ਬਹੁਤ ਜ਼ਰੂਰੀ ਹੋ ਗਈ ਹੈ। ਪਰ ਕਲਮਾਂ ਦੇ ਕਾਫਲੇ ਨੂੰ
ਕੁਰਸੀਆਂ ਦੀ ਘਾਟ ਨਾਲੋਂ ਜਗਾਹ ਦੀ ਘਾਟ ਅਧਿਕ ਤੰਗ ਕਰਦੀ ਹੈ ਜਿੱਥੇ ਇਹ ਡਾਹਣੀਆਂ ਹੁੰਦੀਆਂ
ਹਨ। ਪਰ ਹੁਣ ਜਦ ਤੋਂ ਕਾਫਲਾ ਨੇ ਬਰੈਮਲੀ ਦੀ ਲਾਇਬਰੇਰੀ ਵਿਚ ਆਪਣੇ ਊਠ ਬੰਨਣੇ ਸ਼ੁਰੂ ਕਰ
ਦਿੱਤੇ ਹਨ ਤਦ ਤੋਂ ਪਹਿਲਾਂ ਵਾਲੀ ਕੁਰਸੀ ਰੇਸ ਦੀ ਖੇਡ ਬਗ਼ੈਰ ਜਿੱਤ ਹਾਰ ਦੇ ਖਤਮ ਹੋ ਗਈ
ਹੈ। ਖ਼ੈਰ ਗਲ ਤਾਂ ਇੱਧਰ ਉੱਧਰ ਜਾਣ ਦੀ ਹੋ ਰਹੀ ਸੀ ਅਤੇ ਉਹ ਵੀ ਟੋਰੰਟੋ ਦੀਆਂ ਬੱਸਾਂ
ਵਿਚ।
ਟੋਰੰਟੋ ਦੀਆਂ ਬੱਸਾਂ ਵਿਚ ਦੋ ਤਰ੍ਹਾਂ ਦੇ ਪੰਜਾਬੀ ਸਫ਼ਰ ਕਰਦੇ ਹਨ। ਇਕ ਉਹ ਜਿਹੜੇ ਨਵੇਂ
ਨਵੇਂ ਕੈਨੇਡਾ ਵਿਚ ਆਏ ਹੋਣ ਅਤੇ ਦੂਜੇ ਉਹ ਜਿਹੜੇ ਕੈਨੇਡਾ ਵਿਚ ਰਹਿੰਦੇ ਹੋਏ ਨਿਕੰਮੇ ਹੋ
ਗਏ ਹੋਣ।ਭਲਾ ਨਿਕੰਮਾ ਕਿਸ ਨੂੰ ਕਹਿੰਦੇ ਹਨ? ਸ਼ਾਇਦ ਉਹ ਜਿਹੜਾ ਕੰਮ ਨਾ ਕਰਦਾ ਹੋਵੇ ਖਾਸ
ਕਰਕੇ ਜਿਹੜਾ ਕੰਮ ਨਾ ਕਰਨਾ ਚਾਹੁੰਦਾ ਹੋਵੇ। ਇਸ ਫ਼ਰਿਸਤ ਵਿਚ ਜਿਹੜੇ ਕੰਮ ਕਰਨਾ ਚਾਹੁੰਦੇ
ਹਨ ਪਰ ਜਿਹਨਾਂ ਨੂੰ ਕੰਮ ਨਹੀਂ ਮਿਲਦਾ ਹਰਗਿ਼ਜ਼ ਨਹੀਂ ਆਉਂਦੇ। ਚਲੋ ਇਸ ਫਰਿਸਤ ਨੂੰ ਕੁਝ
ਹੋਰ ਸੁਖਾਵਾਂ ਕਰ ਲੈਂਦੇ ਹਾਂ। ਇਸ ਵਿਚ ਉਹ ਵੀ ਆਉਂਦੇ ਹਨ ਜਿਹਨਾਂ ਨੂੰ ਗੱਡੀ ਚਲਾਉਣੀ
ਨਹੀਂ ਆਉਂਦੀ। ਜਾਂ ਉਹ ਜਿਹਨਾਂ ਨੂੰ ਗੱਡੀ ਚਲਾਣੀ ਨਹੀਂ ਸਿਰਫ ਗੱਡੀ ਭਜਾਉਣੀ ਆਉਂਦੀ ਹੈ
ਅਤੇ ਉਹ ਵੀ ਸ਼ਰਾਬ ਪੀਕੇ ਅਤੇ ਕੈਨੇਡਾ ਨੂੰ ਕੋਟਕਪੂਰਾ ਜਾਂ ਵੱਢਲੌਢਾ ਸਮਝ ਕੇ। ਬੱਸ ਫਿਰ
ਕੀ ਹੁੰਦਾ ਹੈ ਇਹਨਾਂ ਦਾ ਡਰਾਈਵਿੰਗ ਲਾਇਸੰਸ ਕੈਂਸਲ ਹੋ ਜਾਂਦਾ ਹੈ ਅਤੇ ਇਹਨਾਂ ਨੂੰ ਇੱਧਰ
ਉੱਧਰ ਖਾਸ ਕਰ ਕੇ ਸ਼ਰਾਬ ਦੇ ਠੇਕਿਆਂ ਤੇ ਜਾਂ ਜਨਾਨੀ ਦੇ ਕਹਿਣ ਤੇ ਗੁਰਦਵਾਰੇ ਜਾਣ ਲਈ
ਬੱਸਾਂ ਦਾ ਸਫਰ ਕਰਨਾ ਪੈਂਦਾ ਹੈ।
ਮੈਨੂੰ ਜਾਪਦਾ ਹੈ ਇੰਝ ਕਰਦੇ ਕਰਦੇ ਮੇਰੀ ਲਿਸਟ ਹਮੇਸ਼ਾ ਵਾਂਗ ਅਧੁੂਰ੍ਰੀ ਰਹਿ ਜਾਵੇਗੀ ਅਤੇ
ਬੱਸ ਜਿਸ ਵਿਚ ਮੈਂ ਸਫ਼ਰ ਕਰਨਾ ਸੀ ਬੱਸ ਦੇ ਸਫਰ ਬਾਰੇ ਲਿਖਣ ਲਈ, ਉਹ ਅੱਗੇ ਲੰਘ ਜਾਵੇਗੀ।
ਬੱਸ ਵਿਚ ਸਫਰ ਕਰਨ ਤੋਂ ਪਹਿਲਾਂ ਜਿਹੜੀਆਂ ਬੱਸਾਂ ਵਿਚ ਲੋਕੀਂ ਸਫ਼ਰ ਕਰਦੇ ਹਨ ਉਹਨਾਂ ਬਾਰੇ
ਕੁਝ ਦੱਸਣਾ ਬਹੁਤ ਜ਼ਰੂਰੀ ਹੈ। ਇਹ ਬੱਸਾਂ ਪੰਜਾਬ ਦੀਆਂ ਬੱਸਾਂ ਨਾਲੋਂ ਕੁਝ ਕੁ ਲੰਮੀਆਂ
ਹੁੰਦੀਆਂ ਹਨ। ਕਈ ਦਫ਼ਾ ਦੋ ਬੱਸਾਂ ਨੂੰ ਆਪਸ ਵਿਚ ਜੋੜ ਕੇ ਇੰਜ ਇਸ ਨੂੰ ਹੋਰ ਵੀ ਲੰਮੀ ਬੱਸ
ਬਣਾ ਲਿਆ ਜਾਂਦਾ ਹੈ। ਇਹਨਾਂ ਵਿਚ ਡਰਾਈਵਰ ਹੁੰਦਾ ਹੈ ਪਰ ਪੰਜਾਬ ਵਾਂਗ ਉਸ ਨਾਲ ਗਲਾਂ ਕਰਨ
ਲਈ ਇ਼ਜਣ ਦੇ ਢਕਣ ਤੇ ਬੈਠਣ ਵਾਲਾ, ਟਿਕਟਾਂ ਕੱਟਣ ਦੀ ਥਾਂ ਪੈਸੇ ਲੈ ਕੇ ਟਿਕਟਾਂ ਨਾਂ ਕੱਟਣ
ਵਾਲਾ ਕੋਈ ਕੰਨਡਕਟਰ ਨਹੀਂ ਹੁੰਦਾ। ਇਸ ਦੇ ਬਾਹਰੋਂ ਅੰਦਰ ਆਣ ਦਾ ਸਿਰਫ ਇਕ ਰਸਤਾ ਹੁੰਦਾ ਹੈ
ਪਰ ਬਾਹਰ ਜਾਣ ਦੇ ਦੋ ਰਸਤੇ ਹੁੰਦੇ ਹਨ। ਇਹ ਕਿਵੇਂ ਸੰਭਵ ਹੋ ਸਕਦਾ ਹੈ ਇਸ ਗਲ ਦਾ ਭੇਦ
ਤੁਸੀਂ ਸਿਰਫ ਆਪਣੇ ਕੋਲ ਹੀ ਰਖਣਾ ਅਤੇ ਜਦ ਕਦੇ ਪੰਜਾਬ ਜਾਣ ਦਾ ਮੌਕਾ ਮਿਲੇ ਤਾਂ ਇਹ ਪਹੇਲੀ
ਪੰਜਾਬ ਦਿਆਂ ਬੱਚਿਆਂ ਨੂੰ ਪਾਣ ਲਈ ਰਖ ਲੈਣਾ। ਖੈਰ ਪੰਜਾਬ ਦਿਆਂ ਬੱਚਿਆਂ ਲਈ ਤਾਂ ਇਸ ਵਿਚ
ਵੀ ਪਹੇਲੀ ਵਰਗਾ ਅੰਸ਼ ਹੋਵੇਗਾ ਕਿ ਇੱਥੇ ਕੈਨੇਡਾ ਵਿਚ ਬੱਸਾਂ ਕੰਡਕਟਰ ਬਗ਼ੈਰ ਹੀ ਚਲਦੀਆਂ
ਹਨ। ਜਦ ਗੱਜਰ ਮਦੂਦ ਦੇ ਕਿਸੇ ਮੁੰਡੇ ਨੂੰ ਤੁਸੀਂ ਇਹ ਗਲ ਦਸੋਗੇ ਤਾਂ ਉਹ ਕਹੇਗਾ ਕਿ
ਡਰਾਈਵਰ ਨੂੰ ਬਿੰਨਾ ਕਿਸੇ ਕੰਨਡਕਟਰ ਦੇ ਕਿਹੜੀ ਮੂਰਖ ਸਰਕਾਰ ਚਲਾਉਣ ਲਈ ਬੱਸ ਦੇ ਸਕਦੀ ਹੈ।
ਜੇਕਰ ਕੋਈ ਸਰਕਾਰ ਅਕਾਲੀਆਂ ਦੀ ਜਾਂ ਕਾਂਗਰਸੀਆਂ ਦੀ ਅਜੇਹਾ ਕਰਦੀ ਹੈ ਤਾਂ ਸ਼ਾਮ ਨੂੰ
ਅੱਧੀਆਂ ਗੱਡੀਆਂ ਤਾਂ ਸ਼ਰਾਬ ਦਿਆਂ ਠੇਕਿਆਂ ਤੋਂ ਮਿਲਣਗੀਆਂ ਅਤੇ ਅੱਧੀਆਂ ਡਰਾਈਵਰਾਂ ਦੇ
ਸਹੁਰੇ ਘਰਾਂ ਤੋਂ। ਅਤੇ ਸਵਾਰੀਆਂ ਆਪੋ ਆਪਣੇ ਘਰਾਂ ਜਾਂ ਵਾਂਢਿਆਂ ਨੂੰ ਜਾਣ ਲਈ ਰਾਹ ਜਾਂਦੇ
ਟਰੈਕਟਾਂ ਜਾਂ ਟਰੱਕਾਂ ਵਾਲਿਆਂ ਨੂੰ ਹੱਥ ਦਿਂੰਦੀਆਂ ਫਿਰਨਗੀਆਂ । ਕੁਝ ਧਮਾਤੜ ਜਿੱਥੇ
ਉਹਨਾਂ ਨੇ ਜਾਣਾ ਸੀ ਉਸ ਨੂੰ ਭੁੱਲ ਕੇ ਡਰਾਈਵਰ ਦੇ ਕਹੇ ਤੇ ਉਸ ਦੇ ਨਾਲ ਹੀ ਠੇਕੇ ਦੇ
ਅਹਾਤੇ ਵਿਚ ਜਾਂ ਦਰਖਤਾਂ ਦੀ ਛਿੱਦਰੀ ਛਾਂ ਵਾਲੇ ਢਾਬੇ ਵਿਚ ਚੁਭਦੀ ਧੁੱਪ ਵਿਚ ਕਸੂਤੇ ਜਿਹੇ
ਬਾਣੀ ਮੰਜੇ ਤੇ ਪੱਟਾਂ ਉੱਤੇ ਲਕੜ ਦੇ ਫੱਟੇ ਰਖ ਕੇ ਦੇਸੀ ਢੰਗ ਨਾਲ ਬਣਾਏ ਦਰਿਆਈ ਮੱਛੀ ਦੇ
ਪਕੌੜੇ ਅੰਗਰੇਜੀ ਸ਼ਰਾਬ ਨਾਲ ਖਾ ਰਹੇ ਹੋਣਗੇ।
ਕੈਨੇਡਾ ਦੀਆਂ ਬੱਸਾਂ ਦੀ ਦੁਜੀ ਖੂੁੱਬੀ ਇਹ ਹੁੰਦੀ ਹੈ ਕਿ ਇਹ ਬੱਚੇ ਵਾਲੀ ਜਾਂ ਬਿਰਧ
ਸਵਾਰੀ ਬਿਠਾਉਣ ਲਈ ਆਪਣੇ ਆਪ ਨੂੰ ਲੋੜ ਮੁਤਾਬਿਕ ਮੂਹਰਿਓਂ ਨੀਵਾ ਕਰ ਲੈਂਦੀ ਹੈ ਕਿਵੇਂ ਕੋਈ
ਮਾਂ ਆਪਣੇ ਲਾਲ ਨੁੰ ਪਿਆਰ ਨਾਲ ਚੁਕਣ ਲਈ ਥੁਹੜਾ ਜਿਹਾ ਝੁਕ ਜਾਵੇ। ਹੁਣ ਹੈ ਤਾਂ ਇਹ ਵੀ
ਨਵੀਂ ਗਲ ਪਰ ਇੱਥੇ ਰਹਿਣ ਵਾਲਿਆਂ ਨੂੰ ਤਾਂ ਇਹ ਨਵੀਆਂ ਗਲਾਂ ਹੁਣ ਪਰਾਣੀਆਂ ਲਗਣੋ ਵੀ ਹੱਟ
ਗਈਆਂ ਹਨ। ਖ਼ੈਰ ਜਦ ਇਹ ਬੱਸਾਂ ਝੁਕਣ ਦੀ ਕੋਸਿ਼ਸ਼ ਕਰਦੀਆਂ ਹਨ ਤਾਂ ਉਹਨਾਂ ਦੀ ਫੂਕ ਜਿਹੀ
ਨਿਕਲ ਜਾਂਦੀ ਹੈ। ਕੁਝ ਇਸੇ ਤਰ੍ਹਾਂ ਦੀ ਫੂਕ ਨਿਕਲਦੀ ਹੈ ਜਦ ਡਰਾਈਵਰ ਆਪਣੀ ਸੀਟ ਨੂੰ ਥੱਲੇ
ਉੱਤੇ ਕਰਦਾ ਹੈ। ਇਹ ਬੱਸਾਂ ਡਰਾਈਵਰ ਚਲਾਉਂਦੇ ਹਨ। ਪਰ ਇਹ ਉੱਕਾ ਪਿਅੱਕੜ ਨਹੀਂ ਹੁੰਦੇ
ਜਿਵੇਂ ਅਕਸਰ ਪੰਜਾਬ ਦੇ ਡਰਾਈਵਰ ਹੁੰਦੇ ਹਨ। ਹਾਂ ਸੱਚ ਇੱਥੇ ਬਹੁਤ ਸਾਰੀਆਂ ਬੱਸਾਂ
ਜਨਾਨੀਆਂ ਵੀ ਚਲਾਉਂਦੀਆਂ ਹਨ। ਇਹ ਵੱਖਰੀ ਗਲ ਹੈ ਪੰਜਾਬ ਦੇ ਉਲਟ ਇੱਥੇ ਇਹਨਾਂ ਨੂੰ ਚਲਾਉਣ
ਵਾਲੇ ਡਰਾਈਵਰ ਸੁਹਣੀ ਦਿੱਖ ਅਤੇ ਸਰੀਰਕ ਬਣਤਰ ਵਾਲੇ ਹੁੰਦੇ ਹਨ ਪਰ ਬੱਸਾਂ ਚਲਾੳਣ ਵਾਲੀਆਂ
ਬਹੁਤੀਆਂ ਜਨਾਨੀਆਂ ਸੁਹਣੀਆਂ ਹੋਣ ਦੇ ਨਾਲ ਨਾਲ ਪੰਜਾਬ ਦੇ ਡਰਾਈਵਰਾਂ ਵਾਂਗ ਹੱਦੋਂ ਵੱਧ
ਮੋਟੀਆਂ ਵੀ ਹੁੰਦੀਆਂ ਹਨ। ਹਰ ਮੋਟੇ ਬੰਦੇ ਵਾਂਗ ਇਹ ਖ਼ੁਸ਼ ਮਿਜ਼ਾਜ਼ ਵੀ ਹੁੰਦੀਆਂ ਹਨ।
ਇਥੇ ਹਰ ਸਵਾਰੀ ਬੱਸ ਤੋਂ ਬਾਹਰ ਜਾਣ ਬਾਅਦ ਡਰਾਈਵਰ ਨੂੰ ਥੈਂਕ ਯੂ ਕਰਦੀ ਹੈ ਪੰਜਾਬ ਦੇ
ਬਿਲਕੁਲ ਉਲਟ ਜਿੱਥੇ ਉਤਰਣ ਵੇਲੇ ਹਰ ਸਵਾਰੀ ਡਰਾਈਵਰ ਨੂੰ ਦੁਆ ਸਲਾਮ ਤਾਂ ਕਿਆ ਉਸ ਦਾ ਮੂੰਹ
ਵੀ ਵੇਖਣਾ ਪਸੰਦ ਨਹੀਂ ਕਰਦੀ ਕਿਉਂਕਿ ਡਰਾਈਵਰ ਨੇ ਰਸਤੇ ਵਿਚ ਬੱਸ ਸਵਾਰੀਆਂ ਦੀ ਲੋੜ ਅਤੇ
ਮਰਜ਼ੀ ਮੁਤਾਬਿਕ ਨਹੀਂ ਆਪਣੀ ਗ਼ਰਜ਼ ਮੁਤਾਬਿਕ ਰੋਕੀ ਹੰਦੀ ਹੈ। ਇਸ ਲਈ ਸਾਰੀਆਂ ਸਵਾਰੀਆਂ
ਨੂੰ ਪੁੰਹਚਣ ਵਿਚ ਦੇਰ ਹੋ ਗਈ ਹੁੰਦੀ ਹੈ। ਇੱਥੇ ਦੇ ਡਰਾਈਵਰ ਹਰ ਚੜ੍ਹਦੀ ਉੱਤਰਦੀ ਸਵਾਰੀ
ਨੂੰ ਗੁਡਮਾਰਨਿੰਗ ਅਤੇ ਥੈਂਕ ਯੂ ਕਹਿੰਦੇ ਹਨ। ਪਰ ਪੰਜਾਬ ਵਿਚ ਡਰਾਈਵਰ ਅੱਡੇ ਉੱਤੇ ਵੀ ਬੱਸ
ਨੂੰ ਉੱਥੇ ਖੜ੍ਹੀ ਕਰਦੇ ਹਨ ਜਿੱਹੜੀ ਥਾਂ ਉਹਨਾਂ ਲਈ ਠੀਕ ਹੋਵੇ ਅਤੇ ਸਵਾਰੀ ਲਈ ਉੱਕਾ ਹੀੰ
ਠੀਕ ਨਾ ਹੋਵੇ। ਸੋ ਪੰਜਾਬ ਦੇ ਡਰਾਈਵਰ ਉੱਤਰਣ ਲਗਿਆਂ ਆਪਣੇ ਪਰਨੇ ਨਾਲ ਹੱਥ ਮੂੰਹ ਪੂੰਝਦੇ
ਹੋਏ ਜਾਂ ਸਿਰਫ ਆਪਣੇ ਕੰਡਕਟਰ ਦੇ ਝੋਲੇ ਵੱਲ ਵੇਖਦੇ ਹਨ ਜਾਂ ਉਸਦੀਆਂ ਖੱਚਰੀਆਂ ਅੱਖਾਂ ਵਲ
ਜਿਹਨਾਂ ਵਿਚੋਂ ਉਹ ਅੱਜ ਦੀ ਕਮਾਈ ਦੇ ਹਰਫ਼ ਪੜ੍ਹਣ ਦੀ ਆਹਾਤਾਵਾਦੀ ਕੋਸਿ਼ਸ਼ ਵਿਚ ਹੁਂੰਦੇ
ਹਨ।
ਕੈਨੇਡਾ ਦੀਆਂ ਬੱਸਾਂ ਦੇ ਆਣ ਜਾਣ ਦੇ ਟਾਈੰਮਟੇਬਲ ਬਣੇ ਹੋਏ ਹਨ। ਹਰ ਰੂਟ ਵਿਚ ਪੈਣ ਵਾਲਿਆਂ
ਸਟਾਪਾਂ ਦਾ ਟਾਇਮ ਵੀ ਲਿਖਿਆ ਹੋਇਆ ਹੁੰਦਾ ਹੈ। ਇਹ ਸਮਾਂ-ਸੂਚੀਆਂ ਆਮ ਬੱਸਾਂ ਵਿਚੋਂ ਹੀ
ਮਿਲ ਜਾਂਦੀਆਂ ਹਨ। ਮਜ਼ਾਲ ਹੈ ਜੇ ਬੱਸ ਦਾ ਦੋ ਚਾਰ ਮਿੰਟਾਂ ਤੋਂ ਵੱਧ ਅੱਗਾ ਪਿੱਛਾ ਹੋਵੇ।
ਪਰ ਪੰਜਾਬ ਵਿਚ ਮਜ਼ਾਲ ਹੈ ਜੇ ਇਹ ਅੱਗਾ ਪਿੱਛਾ ਦੋ ਚਾਰ ਘੰਟਿਆਂ ਦਾ ਨਾ ਹੋਵੇ। ਪੰਜਾਬ ਵਿਚ
ਤਾਂ ਇਹ ਵੀ ਸੰਭਵ ਹੈ ਕਿ ਡਰਾਈਵਰ ਰਸਤੇ ਵਿਚ ਆਪਣਾ ਰੂਟ ਹੀ ਬਦਲ ਲਵੇ। ਛੇਤੀਂ ਪਹੁੰਚ ਕੇ
ਅਗਲੀਆਂ ਸਵਾਰੀਆਂ ਚੁਕਣ ਲਈ ਕਈ ਵਾਰੀ ਪਰਾਈਵੇਟ ਕੰਪਨੀਆਂ ਦੇ ਡਰਾਈਵਰ ਸ਼ਾਰਟ ਕੱਟ ਵੀ ਮਾਰ
ਲੈਂਦੇ ਹਨ ਅਤੇ ਕਈ ਸਰਕਾਰੀ ਬੱਸਾਂ ਦੇ ਡਰਾਈਵਰ ਪਰਾਈਵੇਟ ਬੱਸ ਵਾਲੇ ਤੋਂ ਕੁਝ ਪੈਸੇ ਲੈ ਕੇ
ਜਾਣ ਬੁੱਝ ਕੇ ਆਪਣੀ ਬੱਸ ਨੂੰ ਲੇਟ ਵੀ ਕਰ ਦਿੰਦੇ ਹਨ ਤਾਂ ਕਿ ਸਵਾਰੀਆਂ ਇਹਨਾਂ ਬੱਸਾਂ ਵਿਚ
ਘਟ ਚੜਣ ਅਤੇ ਪਰਾਈਵੇਟ ਬੱਸਾਂ ਵਿਚ ਵੱਧ। ਇੱਥੇ ਸਵਾਰੀਆਂ ਕਦੇ ਡਰਾਈਵਰ ਨੂੰ ਇਹ ਨਹੀਂ
ਕਹਿੰਦੀਆਂ ਕਿ ਉਹਨਾਂ ਨੇ ਕਿੱਥੇ ਜਾਣਾ ਹੈ। ਨਾ ਡਰਾਈਵਰ ਹੀ ਇਹ ਪੁਛਦਾ ਹੈ ਕਿ ਉਹਨਾਂ ਨੇ
ਕਿੱਥੇ ਜਾਣਾ ਹੈ। ਕੈਨੇਡਾ ਦੀਆਂ ਬੱਸਾਂ ਵਿਚ ਕਿੱਥੇ ਜਾਣਾ ਹੈ ਅਤੇ ਕਿੱਥੇ ਨਹੀਂ ਜਾਣਾ ਇਹ
ਕੰਮ ਨਿਰੋਲ ਸਵਾਰੀ ਦਾ ਹੁੰਦਾ ਹੈ। ਪਰ ਪੰਜਾਬ ਵਿਚ ਇਹ ਕੰਮ ਨਿਰੋਲ ਕੰਡਕਟਰ ਅਤੇ ਸਵਾਰੀ ਦੀ
ਭਾਈਵਾਲੀ ਦਾ ਹੁੰਦਾ ਹੈ। ਕਿੱਥੇ ਜਾਣਾ ਹੈ ਤਾਂ ਭਾਵੇਂ ਉੱਥੇ ਵੀ ਸਵਾਰੀ ਦੀ ਮਰਜੀ ਮੁਤਾਬਿਕ
ਤਹਿ ਹੰਂਦਾ ਹੋਵੇ ਪਰ ਕਿੱਥੇ ਉੱਤਰਨਾ ਹੈ ਇਹ ਅਕਸਰ ਪੰਜਾਬੀ ਕੰਡਕਟਰ ਦੀ ਅਣਲਿਖੀ ਜੌਬ
ਡਿਸਕਰਿਪਸ਼ਨ ਸ਼ੀਟ ਵਿਚ ਦਰਜ਼ ਹੁੰਦਾ ਹੈ। ਉਹ ਸਵਾਰੀ ਨੂੰ ਅਕਸਰ ਇਹ ਕਹਿੰਦਾ ਸੁਣਿਆ ਜਾ
ਸਕਦਾ ਹੈ ਹਾਂ “ਇੱਥੇ ਖੜ ਜਾਵੋ ਮੈਂ ਤੁਹਾਨੂੰ ਕਿੱਕਰ ਵਾਲੀ ਖੂਹੀ ਕੋਲ ਲਾਹ ਦੇਵਾਂਗਾਂ
ਜਿੱਥੋਂ ਭਰੋਵਾਲ ਜਿੱਥੇ ਤੁਸੀਂ ਜਾਣਾ ਹੈ ਨੇੜੇ ਪੈਂਦਾ ਹੈ, ਬਸ ਗੋਹਰੇ ਗੋਹਰੇ ਜਾ ਕੇ ਖੱਡ
ਵਿਚ ਪੈ ਜਾਣਾ”। ਇਹੋ ਜਿਹਾ ਕੁਝ ਕਹਿੰਦਾ ਹੋਇਆ ਉਹ ਇਕ ਦੰਮ ਤੁਹਾਡੀ ਮੰਜ਼ਲ ਦਾ ਘਾੜਾ ਵੀ
ਹੁੰਦਾ ਹੈ ਅਤੇ ਇਸ ਦਾ ਹਮਰਾਜ਼ ਅਤੇ ਹਮਰਾਹੀ ਵੀ।
ਮੈਂ ਇਸ ਲੇਖ ਵਿਚ ਟਰੰਟੋ ਦੀਆਂ ਬੱਸਾਂ ਵਿਚ ਸਫਰ ਕਰਨ ਵਾਲੀਆਂ ਸਵਾਰੀਆਂ ਬਾਰੇ ਲਿਖਣਾ
ਚਾਹੁੰਦਾ ਸਾਂ ਪਰ ਜਾਪਦਾ ਹੈ ਹਥਲੇ ਲੇਖ ਵਿਚ ਮੈਂ ਸਿਰਫ਼ ਆਪਣੀ ਗੱਲ ਸਿਰਫ ਬੱਸਾਂ ਅਤੇ
ਉਹਨਾਂ ਦੇ ਡਰਾਈਵਰਾਂ ਤੀਕ ਹੀ ਕਰ ਸਕਾਂਗਾਂ।
ਸੋ ਜਿਹੜੀ ਗਲ ਹੋਰ ਪੰਜਾਬ ਨਾਲੋਂ ਇਹਨਾਂ ਬੱਸਾਂ ਵਿਚ ਵੱਖਰੀ ਹੁੰਦੀ ਹੈ ਉਹ ਇਹ ਹੈ ਕਿ
ਇਹਨਾਂ ਨੂੰ ਰੋਕਣ ਲਈ ਤੁਹਾਨੂੰ ਡਰਾਈਵਰ ਜਾਂ ਕੰਨਡਕਟਰ ਨੂੰ ਵਾਜ਼ ਮਾਰ ਕੇ ਕਹਿਣਾ ਨਹੀਂ
ਪੈਂਦਾ ਬਲਕਿ ਸਿਰਫ਼ ਰੱਸੀ ਖਿਚਣ ਜਾਂ ਬਟਣ ਦਬਾਉਣ ਨਾਲ ਹੀ ਇਹ ਖਲੋ ਜਾਂਦੀ ਹੈ। ਪੰਜਾਬ ਵਿਚ
ਇਹ ਗਲ ਤੁਹਾਡੇ ਗਲੇ ਦੇ ਜ਼ੋਰ ਨਾਲ ਚਿਲਾ ਸਕਣ, ਸਮਾਜ ਵਿਚ ਤੁਹਾਡੇ ਅਸਰੋ ਰਸੂਖ਼ ਅਤੇ
ਡਰਾਈਵਰ ਅਤੇ ਕੰਨਡਕਟਰ ਦੀ ਰਲੀਮਿਲੀ ਮਰਜ਼ੀ ਤੇ ਨਿਰਭਰ ਹੁੰਦੀ ਹੈ। ਦਿੱਲੀ ਦੀਆਂ ਬੱਸਾਂ
ਵਿਚ ਤਾਂ ਚੜਣ ਨਾਲੋਂ ਇਹਨਾਂ ਵਿਚੋਂ ਉੱਤਰਨਾ ਅਧਿਕ ਮੁਸਕਿਲ ਹੁੰਦਾ ਹੈ। ਫਿਰ ਮਾਲਵੇ ਦੀਆਂ
ਕਈ ਥਾਹਵਾਂ ਤੇ ਲੋਕੀਂ ਬੱਸਾਂ ਦੇ ਵਿਚ ਹੀ ਨਹੀਂ ਸਫਰ ਕਰਦੇ ਇਹਨਾਂ ਦੀਆਂ ਛੱਤਾਂ ਤੇ ਵੀ
ਸਫ਼ਰ ਕਰਦੇ ਹਨ। ਬੱਚੇ ਨੂੰ ਰੇਹੜੀ ਵਿਚ ਬਿਠਾਉਣ ਦੀ ਅਤੇ ਫਿਰ ਰੇਹੜੀ ਵਿਚ ਬੱਚੇ ਨੂੰ ਬਿਠਾ
ਕੇ ਸਣੇ ਰੇੜੀ ਬੱਸ ਵਿਚ ਚੜ੍ਹਣ ਦੀ ਕੈਨੇਡਾ ਵਾਲੀ ਗਲ ਤਾਂ ਇਕ ਪਾਸੇ ਰਹੀ ਤੁਸੀਂ ਪੰਜਾਬ
ਦੀਆਂ ਬੱਸਾਂ ਵਿਚ ਬਗ਼ੈਰ ਡਿਗਿਆਂ, ਕਮੀਜ਼ ਦੀ ਬਾਹ ਫੜਵਾਇਆਂ, ਕੰਨਡਕਟਰ ਕੋਲੋਂ ਵਾਧੂ ਗਲਾਂ
ਨਾ ਅਖਵਾਇਆਂ ਜਾਂ ਉਸ ਨੂੰ ਬੁਰਾ ਭਲਾ ਨਾ ਕਹਿ ਕੇ ਜੇਕਰ ਤੁਸੀਂ ਕਦੇ ਪੂਰਾ ਸਫ਼ਰ ਕੀਤਾ ਹੈ
ਤਾਂ ਆਪਣਾ ਨਾਂ ਅਤੇ ਪਤਾ ਮੈਨੂੰ ਲਿਖਾ ਦੇਵੋ ਤਾਂ ਕਿ ਇਸ ਵਿਚ ਤੁਹਾਡਾ ਕਸੂਰ ਲਭਿਆ ਜਾ
ਸਕੇ।
-0-
|