ਸਾਹਿਤ ਕਲਾ, ਲੋਕ-ਸੰਗਰਾਮ ਅਤੇ ਕਰਾਂਤੀ ਦੇ ਚਿੰਨ ਬਣ ਕੇ ਉੱਭਰੇ ਸ਼ਹੀਦ
ਭਗਤ ਸਿੰਘ, ਗੁਰਸ਼ਰਨ ਸਿੰਘ ਅਤੇ ਪਾਸ਼ ਨੂੰ ਯਾਦ ਕਰਨ ਵੇਲੇ ਮਹਿਜ ਸਤੰਬਰ ਮਹੀਨੇ ਇਨ੍ਹਾਂ ਦਾ
ਜਨਮ ਦਿਹਾੜਾ ਹੋਣਾ ਕਾਫੀ ਨਹੀਂ ਸਗੋਂ ਅਸਲ ‘ਚ ਤਾਂ ਉਹਨਾਂ ਦੀ ਸੋਚ, ਆਦਰਸ਼, ਸੰਘਰਸ਼ਸ਼ੀਲਤਾ
ਦੀ ਸਾਂਝ, ਬੁਨਿਆਦੀ ਆਧਾਰ ਹੈ। ਸ਼ਹੀਦ ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਲਾਇਲਪੁਰ
ਜ਼ਿਲ੍ਹੇ ‘ਚ, ਸ਼ਰੋਮਣੀ ਨਾਟਕਕਾਰ ਅਤੇ ਕਰਾਂਤੀ ਦੇ ਮਸ਼ਾਲਚੀ ਗੁਰਸ਼ਰਨ ਸਿੰਘ ਦਾ ਜਨਮ 16 ਸਤੰਬਰ
1929 ਮੁਲਤਾਨ ਅਤੇ ਇਨਕਲਾਬੀ ਕਵਿਤਾ ਦੇ ਮੋਢੀ ਕਵੀ ਅਵਤਾਰ ਪਾਸ਼ ਦਾ ਜਨਮ 9 ਸਤੰਬਰ 1950
ਨੂੰ ਪਿੰਡ ਤਲਵੰਡੀ ਸਲੇਮ (ਜਲੰਧਰ) ‘ਚ ਹੋਇਆ ਹੈ। ਸਤੰਬਰ ਮਹੀਨੇ ਦਾ ਕੈਲੰਡਰ ਲੋਕ-ਪੱਖੀ,
ਇਨਕਲਾਬੀ ਸਾਹਿਤ ਕਲਾ ਅਤੇ ਇਨਕਲਾਬੀ ਸਮਾਜਕ ਤਬਦੀਲੀ ਲਈ ਆਪੋ ਆਪਣੇ ਖੇਤਰ ‘ਚ ਆਖਰੀ ਦਮ ਤੱਕ
ਮਿਸਾਲੀ ਪੈੜਾਂ ਪਾਉਣ ਵਾਲੀਆਂ ਇਨ੍ਹਾਂ ਸਖਸ਼ੀਅਤਾਂ ਅਤੇ ਇਨ੍ਹਾਂ ਦੇ ਸੰਗੀ ਸਾਥੀ ਕਵੀਆਂ ਸੰਤ
ਰਾਮ ਉਦਾਸੀ ਅਤੇ ਲਾਲ ਸਿੰਘ ਦਿਲ ਦੇ ਨਾਮ ਆਪਣੇ ਆਪ ਹੀ ਹੋ ਜਾਣ ਦੀ ਸਮਰੱਥਾ ਰੱਖਦਾ ਹੈ।
ਅੱਜ ਜਦੋਂ 2 ਸਤੰਬਰ ਨੂੰ ਮਹਾਂ ਸ਼ਕਤੀ ਕਲਾ ਮੰਦਰ ਬਰਨਾਲਾ ਦੇ ਆਡੀਟੋਰੀਅਮ ‘ਚ ਚੋਟੀ ਦੇ
ਇਨਕਲਾਬੀ ਕਵੀ ਪਾਸ਼ ਦੇ ਜਨਮ ਦਿਹਾੜੇ ਨੂੰ ਸਮਰਪਿਤ ਪਾਸ਼ ਯਾਦਗਾਰੀ ਸਾਹਿਤਕ ਸਮਾਗਮ ਕੀਤਾ ਜਾ
ਰਿਹਾ ਹੈ ਤਾਂ ਪੰਜਾਬ ਦੇ ਬੁੱਧੀਮਾਨ ਵਿਚਾਰਵਾਨਾ ਅਤੇ ਕਵੀਆਂ ਦੇ ਵਿਸ਼ਿਆਂ ਅਤੇ ਬੋਲਾਂ ‘ਚ
ਇਹ ਸਭੇ ਸੂਹੇ ਤਾਰੇ, ਇਕੋ ਸਾਹ ਇਕੋ ਆਵਾਜ਼ ਅਤੇ ਇਕੋ ਅਕੀਦੇ ਲਈ ਧੜਕਦੇ ਦਿਖਾਈ ਦੇਣਗੇ। ਇਉਂ
ਹੀ ਗੁਰਸ਼ਰਨ ਸਿੰਘ ਦੀ ਯਾਦ ‘ਚ 16 ਸਤੰਬਰ ਤੋਂ 27 ਸਤੰਬਰ ਤੱਕ ਸਮਾਗਮਾਂ ਦੀ ਲੜੀ ਚੱਲੇਗੀ।
ਪਾਸ਼ ਯਾਦਗਾਰੀ ਕੌਮਾਂਤਰੀ ਟ੍ਰਸਟ ਅਤੇ ਸਹਿਯੋਗੀ ਸੰਸਥਾਵਾਂ ਦੇ ਸਾਂਝੇ ਉੱਦਮ ਨਾਲ ਦੇਸ਼ ਭਗਤ
ਯਾਦਗਾਰ ਹਾਲ, ਜਲੰਧਰ ਵਿਖੇ ਪਾਸ਼ ਦੀ ਸ਼ਹਾਦਤ ਤੋਂ ਲੈ ਕੇ ਨਿਰੰਤਰ 22 ਵਰ੍ਹੇ ਯਾਦਗਾਰੀ
ਸਾਹਿਤਕ ਸਮਾਗਮ ਹੋØੲਆ।
ਦੋ ਦਹਾਕੇ ਤੋਂ ਵੀ ਵੱਧ ਅਰਸੇ ਦੀ ਇਸ ਨਿਰੰਤਰ ਲੜੀ ਦੇ ਨਾਲ-ਨਾਲ ਇਸ ਸਾਹਿਤਕ ਸਮਾਗਮ ‘ਚ
ਨਵੀਂ ਊਰਜਾ, ਗਤੀਸ਼ੀਲਤਾ, ਵਿਆਪਕਤਾ, ਨਵੀਨਤਾ, ਬੌਧਿਕ ਮਿਆਰ ਅਤੇ ਕਮਾਊ ਲੋਕਾਂ ਸੰਗ ਇਸਦੀ
ਰਸਾਈ ਦੀ ਮਜਬੂਤ ਤੰਦ ਬਣਾਈ ਰੱਖਣ ਲਈ ਬੀਤੇ ਵਰ੍ਹੇ ਇਹ ਸਮਾਗਮ ਪੰਜਾਬ ਦੇ ਵੱਖ-ਵੱਖ ਖੇਤਰਾਂ
ਅੰਦਰ ਕਰਨ ਦੀ ਨਵੀਂ ਪਿਰਤ ਪਈ। ਮੋਗਾ ਦੇ ਸਮੂਹ ਸਾਹਿਤਕਾਰਾਂ, ਆਲੋਚਕਾਂ, ਕਵੀਆਂ, ਲੇਖਕਾਂ
ਅਤੇ ਪਾਸ਼ ਦੀ ਅਮਿਟ ਦੇਣ ਦੇ ਝੰਡਾ ਬਰਦਾਰਾਂ ਨੇ ਮਿਲ ਕੇ ਬੀਤੇ ਵਰ੍ਹੇ 23ਵਾਂ ਪਾਸ਼ ਯਾਦਗਾਰੀ
ਸਾਹਿਤਕ ਸਮਾਗਮ ਸ਼ਾਨਾਮੱਤੇ ਅੰਦਾਜ਼ ‘ਚ ਕਰਕੇ ਇਹ ਸਾਬਤ ਕਰ ਦਿੱਤਾ ਕਿ ਪੰਜਾਬ ਦੇ ਨਵੇਂ ਤੋਂ
ਨਵੇਂ ਖੇਤਰਾਂ ਵੱਲ ਸਮਾਗਮ ਕਰਨ ਦਾ ਨਿਰਣਾ ਸਮੇਂ ਦਾ ਹਾਣੀ ਹੈ।
ਇਸ ਵਾਰ ਪਾਸ਼ ਯਾਦਗਾਰੀ ਕੌਮਾਂਤਰੀ ਟ੍ਰਸਟ ਅਤੇ ਪੰਜਾਬੀ ਸਾਹਿਤ ਸਭਾ (ਰਜਿ.) ਬਰਨਾਲਾ, ਸਮੂਹ
ਸਾਹਿਤਕ ਅਤੇ ਲੋਕ-ਪੱਖੀ ਸੰਸਥਾਵਾਂ ਦੇ ਸਹਿਯੋਗ ਨਾਲ ਇਸ ਲੜੀ ਨੂੰ ਅਗੇਰੇ ਤੋਰਨ ਦੀ
ਮਾਣ-ਮੱਤੀ ਭੂਮਿਕਾ ਅਦਾ ਕਰ ਰਹੀਆਂ ਹਨ। ‘ਪਾਸ਼-ਕਾਵਿ ਦੀ ਵਿਲੱਖਣ ਦੇਣ‘ ਵਿਸ਼ੇ ਉੱਪਰ ਡਾ.
ਸੁਰਜੀਤ ਸਿੰਘ ਭੱਟੀ ਦਾ ਕੁੰਜ਼ੀਵਤ ਭਾਸ਼ਣ ਅਤੇ ਦੋ ਦਰਜਨ ਕਵੀਆਂ ਦੇ ਕਲਾਮ ਯਕੀਨਨ ਹੀ
ਦਰਸਾਉਣਗੇ ਕਿ ਪਾਸ਼ ਦੀ ਆਵਾਜ਼ ਕਵੀ ਦਰਬਾਰਾਂ ਕੋਲੋਂ ਖੋਹੇ ਜਾਣ ਨੂੰ ਭਾਵੇਂ ਢਾਈ ਦਹਾਕੇ ਦਾ
ਅਰਸਾ ਬੀਤ ਗਿਆ ਪਰ ਉਸਦੀ ਕਵਿਤਾ ਅੱਜ ਹੋਰ ਵੀ ਪ੍ਰਸੰਗਕ ਹੈ ਅਤੇ ਭਵਿੱਖ ਉਸਦੀ
ਕਾਵਿ-ਸਿਰਜਣਾ ਦਾ ਹੈ।
ਸ਼ਹੀਦ ਭਗਤ ਸਿੰਘ, ਗੁਰਸ਼ਰਨ ਸਿੰਘ ਅਤੇ ਪਾਸ਼ ਦੇ ਰਚਨਾ-ਸੰਸਾਰ ਅਤੇ ਲੋਕ-ਸੰਗਰਾਮ ਨਾਲ ਸਰੋਕਾਰ
ਦੀ ਅਥਾਹ ਸ਼ਕਤੀ ਹੀ ਹੈ ਜਿਹੜੀ ਅਜੋਕੇ ਵਕਤ ਦੀਆਂ ਚੁਣੌਤੀਆਂ ਨਾਲ ਕਲਮ, ਕਲਾ ਅਤੇ ਸੰਗਰਾਮ
ਨੂੰ ਅੱਖ ਮਿਲਾ ਕੇ ਤੁਰਨ ਦੀ ਜਾਚ ਸਿਖਾਉਂਦੀ ਹੈ। ਆਓ! ਸਾਹਿਤ ਦੇ ਝਰੋਖੇ ‘ਚੋਂ ਇਨ੍ਹਾਂ ਦੀ
ਸਿਰਣਾਤਮਕ ਸਾਂਝ ਦੀ ਗੱਲ ਕਰੀਏ।
ਸ਼ਹੀਦ ਭਗਤ ਸਿੰਘ ਅਤੇ ਉਸਦੇ ਸਮਕਾਲੀ ਲਿਖਦੇ ਹਨ:
‘‘ਇਨਕਲਾਬ ਇੱਕ ਅਜੇਹਾ ਕ੍ਰਿਸ਼ਮਾ ਹੈ ਜਿਸ ਨੂੰ ਕੁਦਰਤ ਵੀ ਪਿਆਰ ਕਰਦੀ ਹੈ। ਜਿਸ ਵਗੈਰ ਕੋਈ
ਉੱਨਤੀ ਨਹੀਂ ਹੋ ਸਕਦੀ। ਨਾ ਕੁਦਰਤ ਵਿਚ ਅਤੇ ਨਾ ਹੀ ਇਨਸਾਨੀ ਜੀਵਨ ਵਿੱਚ ਇਨਕਲਾਬ ਯਕੀਨੀ
ਅਣ ਸੋਚੀ ਕਤਲਾਂ ਅਤੇ ਸਾੜ-ਫੂਕ ਦੀ ਦਰਿੰਦਾ ਮੁਹਿੰਮ ਨਹੀਂ। ਨਾ ਹੀ ਚੰਦ ਬੰਬ ਐਧਰ ਓਧਰ
ਸੁੱਟਣਾ ਅਤੇ ਗੋਲੀਆਂ ਚਲਾਉਣਾ ਹੈ। ਇਨਕਲਾਬ ਇੱਕ ਨਿਯਮ ਹੈ। ਇਨਕਲਾਬ ਇੱਕ ਉਦੇਸ਼ ਹੈ।
ਇਨਕਲਾਬ ਇਕ ਅਟੱਲ ਸਚਾਈ ਹੈ।.... ਇਨਕਲਾਬ ਤੋਂ ਸਾਡਾ ਭਾਵ, ਨੰਗੇ ਚਿੱਟੇ ਅਨਿਆਂ ‘ਤੇ
ਟਿਕਿਆ ਮੌਜੂਦਾ ਢਾਂਚਾ ਜ਼ਰੂਰ ਹੀ ਬਦਲਿਆ ਜਾਣਾ ਚਾਹੀਦਾ ਹੈ।‘‘
ਪਾਸ਼ ‘ਯੁੱਧ ਅਤੇ ਸ਼ਾਂਤੀ‘‘ ਕਵਿਤਾ ਵਿੱਚ ਆਪਣੇ ਕਾਵਿਕ ਅੰਦਾਜ਼ ‘ਚ ਇਸ ਸੁਆਲ ਨੂੰ ਇਉਂ
ਮੁਖ਼ਤਾਬ ਹੁੰਦਾ ਹੈ:
‘‘ਯੁੱਧ ਸਾਡੇ ਬੱਚਿਆਂ ਲਈ
ਪਿੜੀਆਂ ਵਾਲੀ ਖਿੱਦੋ ਬਣ ਕੇ ਆਏਗਾ
ਯੁੱਧ ਸਾਡੀਆਂ ਭੈਣਾਂ ਲਈ
ਕਢਾਈ ਦੇ ਸੁੰਦਰ ਨਮੂਨੇ ਲਿਆਏਗਾ
... ਯੁੱਧ ਬੁੱਢੀ ਮਾਂ ਲਈ ਨਿਗ੍ਹਾ ਦੀ ਐਨਕ ਬਣੇਗਾ
ਯੁੱਧ ਸਾਡੇ ਵੱਡਿਆਂ ਦੀਆਂ ਕਬਰਾਂ ਉੱਤੇ
ਫੁੱਲ ਬਣ ਕੇ ਖਿੜੇਗਾ
20 ਮਾਰਚ 1931 ਨੂੰ ਭਗਤ ਸਿੰਘ ਗਵਰਨਰ ਪੰਜਾਬ ਨੂੰ ਆਪਣੀ ਫਾਂਸੀ ਤੋਂ ਸਿਰਫ ਤਿੰਨ ਦਿਨ
ਪਹਿਲਾਂ ਇਉਂ ਲਿਖਦਾ ਹੈ:
‘‘ਇੱਕ ਯੁੱਧ ਚੱਲ ਰਿਹਾ ਹੈ ਅਤੇ ਇਹ ਤਦ ਤੱਕ ਚਲਦਾ ਰਹੇਗਾ ਜਦ ਤੱਕ ਕੁਝ ਤਾਕਤਵਰ ਤਾਕਤਾਂ,
ਭਾਰਤੀ ਜਨਤਾ ਅਤੇ ਮਿਹਨਤਕਸ਼ ਲੋਕਾਂ ਨੂੰ ਤੇ ਉਨ੍ਹਾਂ ਦੀ ਕਮਾਈ ਦੇ ਵਸੀਲਿਆਂ ਨੂੰ ਲੁੱਟਦੇ
ਰਹਿਣਗੀਆਂ। ਇਹ ਲੁਟੇਰੇ ਨਿਰੋਲ ਅੰਗਰੇਜ਼ ਸਰਮਾਏਦਾਰ ਹੋਣ, ਨਿਰੋਲ ਭਾਰਤੀ ਸਰਮਾਏਦਾਰ ਭਾਵੇਂ
ਦੋਵੇਂ ਰਲਵੇਂ ਮਿਲਵੇਂ। ਇਸ ਸਭ ਕੁਝ ਨਾਲ ਕੋਈ ਫਰਕ ਨਹੀਂ ਪੈਂਦਾ।
ਇਸ ਸੋਚ ਨੂੰ ਉਚਿਆਉਂਦੇ ਹੋਏ ਗੁਰਸ਼ਰਨ ਭਾਅ ਜੀ 11 ਜਨਵਰੀ 2006 ਨੂੰ ਪਿੰਡ ਕੁੱਸਾ (ਮੋਗਾ)
ਵਿਖੇ ਹੋਏ ਯਾਦਗਾਰੀ ‘ਨਿਹਚਾ ਸਨਮਾਨ ਸਮਾਰੋਹ‘ ਨੂੰ ਇਉਂ ਸੰਬੋਧਨ ਕਰਦੇ ਹਨ:
‘‘ਅਸੀਂ ਜੋ ਅਹਿਦ ਲਿਆ ਹੈ ਇਹ ਕੋਈ ਰਸਮੀ ਨਹੀਂ। ਸਾਡਾ ਸਾਫ ਅਤੇ ਸਪੱਸ਼ਟ ਕਹਿਣਾ ਹੈ ਕਿ ਇਹ
ਸਮਾਜ ਗਰੀਬਾਂ ਦਾ ਦੁਸ਼ਮਣ ਹੈ ਅਸੀਂ ਇਸ ਨੂੰ ਸਿਰੇ ਤੋਂ ਬਦਲਣਾ ਹੈ। ਇਨਕਲਾਬ ਦਾ ਮਤਲਬ ਹੀ
ਨਿਜ਼ਾਮ ਬਦਲਣਾ ਹੈ। ਵੱਡੀਆਂ ਜੋਕਾਂ ਤੋਂ ਖੋਹ ਕੇ ਮਿਹਨਤਕਸ਼ ਹੱਕਦਾਰਾਂ ਨੂੰ ਦੇਣਾ ਹੈ।...
ਮੈਂ ਅੱਜ ਯਕੀਨ ਨਾਲ ਉਹ ਸ਼ਬਦ ਇਸ ਵਿਸ਼ਾਲ ਇਕੱਠ ਅੱਗੇ ਦੁਹਰਾ ਰਿਹਾ ਹਾਂ ਜਿਹੜੇ ਮੇਰੇ ਮਨ ‘ਚ
ਭਾਖੜਾ ਡੈਮ ‘ਤੇ ਨੌਕਰੀ ਕਰਦੇ ਸਮੇਂ ਆਏ ਸਨ।
‘‘ਜੇ ਅਸੀਂ ਦਰਿਆਵਾਂ ਦਾ ਰੁਖ ਮੋੜ ਸਕਦੇ ਹਾਂ ਤਾਂ ਅਸੀਂ ਸਮਾਜ ਦਾ ਰੁਖ਼ ਕਿਉਂ ਨਹੀਂ ਮੋੜ
ਸਕਦੇ‘‘।
ਪਾਸ਼ ਦੀ ਕਵਿਤਾ ‘ਅਸੀਂ ਲੜਾਂਗੇ ਸਾਥੀ‘ ਇਸ ਸੁਆਲ ਨੂੰ ਹੀ ਇਉਂ ਟੱਕਰਦੀ ਹੈ:
‘‘ਅਸੀਂ ਲੜਾਂਗੇ
ਕਿ ਲੜਨ ਬਾਝੋਂ ਕੁਝ ਵੀ ਨਹੀਂ ਮਿਲਦਾ
ਅਸੀਂ ਲੜਾਂਗੇ
ਕਿ ਹਾਲੇ ਤੱਕ ਲੜੇ ਕਿਉਂ ਨਹੀਂ
ਅਸੀਂ ਲੜਾਂਗੇ
ਆਪਣੀ ਸਜ਼ਾ ਕਬੂਲਣ ਲਈ
ਲੜਕੇ ਮਰ ਚੁੱਕਿਆਂ ਦੀ
ਯਾਦ ਜ਼ਿੰਦਾ ਰੱਖਣ ਲਈ
ਅਸੀਂ ਲੜਾਂਗੇ ਸਾਥੀ
ਨੌਜਵਾਨ ਭਾਰਤ ਸਭਾ ਦੇ ਮੈਨੀਫੈਸਟੋ ਅਤੇ ਨੌਜਵਾਨ ਸਿਆਸੀ ਕਾਰਕੁੰਨਾਂ ਨੂੰ 2 ਫਰਵਰੀ 1931
ਨੂੰ ਲਿਖੇ ਖ਼ਤ ‘ਚ ਭਗਤ ਸਿੰਘ ਲਿਖਦਾ ਹੈ:
‘‘ਆਜ਼ਾਦੀ ਦੀ ਜੰਗ ਵਿੱਚ ਨਿਤਰਨ ਵਾਲੇ ਕਿਆਫ਼ੇ ਨਹੀਂ ਲਾਉਂਦੇ ਕਿ ਕਿੰਨੀ ਕੁਰਬਾਨੀ ਨਾਲ
ਕਿੰਨੀ ਕਾਮਯਾਬੀ ਹੋਵੇਗੀ ਅਤੇ ਇਸ ਵਿਚੋਂ ਸਾਡੇ ਹਿੱਸੇ ਕੀ ਆਵੇਗਾ।‘‘
ਗੁਰਸ਼ਰਨ ਸਿੰਘ ‘ਕਿਵ ਕੂੜੇ ਤੁਟਿ ਪਾਲਿ‘, ‘ਇਨਕਲਾਬ-ਜ਼ਿੰਦਾਬਾਦ‘, ‘ਪਰਖ‘ ‘ਹੋਰ ਵੀ ਉਠਸੀ
ਮਰਦ ਕਾ ਚੇਲਾ, ‘ਮਿੱਟੀ ਦਾ ਮੁੱਲ ਅਤੇ ‘ਧਮਕ ਨਗਾਰੇ ਦੀ‘ ਵਰਗੇ ਕਿੰਨੇ ਹੀ ਨਾਟਕਾਂ ਵਿੱਚ
ਇਉਂ ਹੀ ਵੰਗਾਰ ਬਣਦਾ ਹੈ ਕਿ ‘‘ਜੇਕਰ ਅਸੀਂ ਅੱਜ ਆਪਣੀਆਂ ਅੱਖਾਂ ਸਾਹਮਣੇ ਅਨਿਆ ਨੂੰ ਤਮਾਸ਼ਾ
ਬਣ ਕੇ ਵੇਖਦੇ ਰਹਾਂਗੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਦੀ ਭਾਰੀ ਕੀਮਤ ਦੇਣੀ ਪਵੇਗੀ।
ਪਾਸ਼ ਦੀ ਕਲਮ, ਸ਼ਹੀਦ ਭਗਤ ਸਿੰਘ ਅਤੇ ਗੁਰਸ਼ਰਨ ਸਿੰਘ ਦੇ ਅਜੇਹੇ ਵਿਚਾਰਾਂ ਨਾਲ ਮੇਲ ਖਾਦੀ
ਅਜੇਹੀ ਕਾਵਿ-ਰਚਨਾ ਕਰਦੀ ਹੈ:
‘‘ਵਕਤ ਆ ਗਿਆ ਹੈ, ਵਿਚਾਰਾਂ ਦੀ ਲੜਾਈ
ਮੱਛਰਦਾਨੀ ਵਿਚੋਂ ਬਾਹਰ ਹੋ ਕੇ ਲੜੀਏ
ਜਦੋਂ ਗੁਰਸ਼ਰਨ ਸਿੰਘ ਦੇ ਬੋਲ ਅੱਜ ਵੀ ਹਰ ਰੋਜ਼ ਰੰਗ ਮੰਚ ਤੇ ਲੋਕਾਂ ਨੂੰ ਜਬਰ, ਲੁੱਟ,
ਅਨਿਆਂ, ਸਮਾਜਕ ਨਾ-ਬਰਾਬਰੀ ਤੋਂ ਮੁਕਤ ਨਿਜ਼ਾਮ ਲਈ ਉੱਠਣ, ਖਾਮੋਸ਼ੀ ਤੋੜਨ ਲਈ ਵੀ ਗਰਜ਼ਦੇ
ਰਹਿਣਗੇ ਤਾਂ ਪਾਸ਼ ਦੀ ਕਵਿਤਾ ਵੀ ਪੌਣਾਂ ‘ਚ ਤਿੱਖੇ ਪ੍ਰਸ਼ਨ ਖੜ੍ਹੇ ਕਰਕੇ, ਲੋਕਾਈ ਨੂੰ ਜਾਗਣ
ਅਤੇ ਜੂਝਣ ਲਈ ਇਉਂ ਵੰਗਾਰਦੀ ਰਹੇਗੀ :
ਸਭ ਤੋਂ ਖ਼ਰਤਨਾਕ
ਕਿਰਤ ਦੀ ਲੁੱਟ ਨਹੀਂ ਹੁੰਦੀ
ਸਭ ਤੋਂ ਖ਼ਤਰਨਾਕ
ਪੁਲਸ ਦੀ ਕੁੱਟ ਨਹੀਂ ਹੁੰਦੀ
ਸਭ ਤੋਂ ਖ਼ਤਰਨਾਕ ਹੁੰਦਾ ਹੈ
ਸਾਡੇ ਸੁਪਨਿਆਂ ਦਾ ਮਰ ਜਾਣਾ
ਸ਼ਹੀਦ ਭਗਤ ਸਿੰਘ ਪੰਜਾਬ ਦੀ ਜੁਆਨੀ ਨੂੰ ਕਰਾਂਤੀ ਲਈ ਆਪਣੀਆਂ ਅਨਮੋਲ ਜ਼ਿੰਦੜੀਆਂ ਸਮਾਜ ਦੇ
ਸਭ ਤੋਂ ਵੱਧ ਨਪੀੜੇ ਲੋਕਾਂ ਦੀਆਂ ਝੁੱਗੀਆਂ, ਝੌਪੜੀਆਂ, ਘਰਾਂ ਅੰਦਰ ਲਗਾਉਣ ਉਨ੍ਹਾਂ ਨੂੰ
ਇਨਕਲਾਬ ਦੇ ਅਰਥ ਸਮਝਾਉਣ ਲਈ ਵੰਗਾਰਦਾ ਹੈ।
ਗੁਰਸ਼ਰਨ ਸਿੰਘ ਹਵਾ ‘ਚ ਲਹਿਰਾਉਂਦੇ ਤਣੇ ਮੁੱਕੇ ਨਾਲ ਪੰਜਾਬ ਦੀ ਜੁਆਨੀ ਨੂੰ ਹਰ ਰੋਜ਼ ਸੁਆਲ
ਕਰਦਾ ਰਿਹਾ ਹੈ ਕਿ ਜਦੋਂ ਕਿਰਤੀ ਕਿਰਸਾਨ ਰੇਲਵੇ ਲਾਈਨਾਂ ਉੱਪਰ ਆਪਣੇ ਸਿਰ ਧਰ ਕੇ ਬੈਠੇ
ਹੁੰਦੇ ਹਨ ਉਨ੍ਹਾਂ ਵਿਚ ਜੁਆਨੀ ਮੈਨੂੰ ਨਜ਼ਰ ਨਹੀਂ ਆਉਂਦੀ। ਉਹ ਜੁਆਨੀ ਕਿੱਥੇ ਹੈ? ਕਿਧਰ
ਨੂੰ ਤੁਰ ਪਈ ਹੈ। ਉਸਦੇ ਬੋਲ ਇਉਂ ਜਾਪਦੇ ਹਨ ਜਿਵੇਂ ਉਹ ਭਗਤ ਸਿੰਘ ਦੇ ਕਹੇ ਬੋਲਾਂ ਨੂੰ ਹੀ
ਉਭਾਰ ਰਹੇ ਹੋਣ।
‘‘ਨੌਜਵਾਨੋ! ਜਾਗੋ!! ਸਾਨੂੰ ਸੁੱਤਿਆਂ ਨੂੰ ਯੁੱਗ ਬੀਤ ਗਏ!!‘‘
ਪਾਸ਼ ਏਸੇ ਇਬਾਰਤ ਨੂੰ ਅੱਗੇ ਤੋਰਦਾ ਹੈ:
‘‘ਜੁਆਨੀ ਨੂੰ ਉਹ ਵਰਕਾ ਸਿੱਧਾ ਕਰਨਾ ਪੈਣਾ ਹੈ ਜਿਹੜਾ ਸ਼ਹੀਦ ਭਗਤ ਸਿੰਘ ਜੇਲ੍ਹ ਦੀ ਕਾਲ
ਕੋਠੜੀ ‘ਚ ਐਨ ਫਾਂਸੀ ਦੇ ਰੱਸੇ ਨੂੰ ਹੱਸ ਕੇ ਚੁੰਮਣ ਸਮੇਂ ਜਾਂਦਾ ਹੋਇਆ ਪੜ੍ਹਦੇ ਪੜ੍ਹਦੇ
ਆਪਣੀ ਕਿਤਾਬ ਦਾ ਮੋੜ ਕੇ ਗਿਆ ਹੈ।‘‘
ਭਗਤ ਸਿੰਘ ਦੀ ਵਿਚਾਰਧਾਰਾ ਪਰਪੱਕਤਾ ਅਤੇ ਇਨਕਲਾਬੀ ਨਿਹਚਾ ਇਹ ਬੁੱਝ ਗਈ ਸੀ ਕਿ ਕਰਾਂਤੀ ਦੀ
ਅਗਵਾਈ ਕਿਰਤੀ ਵਰਗ ਦੀ ਮੋਢੀ ਅਹਿਮ ਭੂਮਿਕਾ ਨਾਲ ਹੋਏਗੀ। ਗੁਰਸ਼ਰਨ ਸਿੰਘ ਉਮਰ ਭਰ ਦੇ ਸਫ਼ਰ
‘ਚ ਆਪਣੀ ਸੋਚ ਅੰਦਰ ਉਸ ਗਰੀਬ ‘ਬੁਧੂਆ‘ ਦੀ ਕਹਾਣੀ ਸੁਲਘਦੀ ਰੱਖਦਾ ਹੈ ਜਿਹੜਾ ਉਸਦਾ ਜਮਾਤੀ
ਸੀ ਪਰ ਗਰੀਬੀ ਦੇ ਭੱਠ ਝੋਕਣ ਕਾਰਨ ਜਿਸ ਦੇ ਹੱਥੋਂ ਵਕਤ ਨੇ ਫੱਟੀ ਅਤੇ ਕਾਇਦਾ ਖੋਹ ਕੇ
ਜ਼ਿੰਦਗੀ ਭਰ ਝਾੜੂ ਫੜਾ ਦਿੱਤਾ ਸੀ।
ਇਸ ਦਰੜੇ ਕਮਾਊ ਤਬਕੇ ਨੂੰ ਪਾਸ਼ ਦੀ ਕਵਿਤਾ ਇਉਂ ਹੋਕਾ ਦਿੰਦੀ ਹੈ:
‘‘ਕੱਖਾਂ ਦੀਏ ਕੁੱਲੀਏ ਮਿਨਾਰ ਬਣ ਜਾਈਂ
ਪੈਰਾਂ ਦੀਏ ਮਿੱਟੀਏ ਪਹਾੜ ਬਣ ਜਾਈਂ...‘‘
ਲਾਲ ਸਿੰਘ ਦਿਲ ਦੀ ਸ਼ਾਇਰੀ ਹੈ ਹੀ ਇਨ੍ਹਾਂ ਦੱਬੇ ਕੁਚਲੇ ਲੋਕਾਂ ਦੇ ਨਾਂ। ਉਦਾਸੀ ਦੀਆਂ
ਕਵਿਤਾਵਾਂ ਇਨ੍ਹਾਂ ਰੱਟਣਾ ਵਾਲੇ ਹੱਥਾਂ ਉੱਪਰ ਹੀ ਕਰਾਂਤੀ ਦੀ ਟੇਕ ਰੱਖਦੀਆਂ ਹਨ:
ਸ਼ਹੀਦ ਭਗਤ ਸਿੰਘ ਮੌਤ ਨੂੰ ਮਖ਼ੌਲਾਂ ਕਰਦਾ ਆਪਣੇ ਵਿਚਾਰਾਂ ਦੇ ਸਦਾ ਜੀਵਤ ਰਹਿਣ ‘ਤੇ ਇਉਂ
ਮਾਣ ਕਰਦਾ ਹੈ:
ਹਵਾ ਮੇਂ ਰਹੇਗੀ, ਹਮਾਰੇ ਖ਼ਿਆਲ ਕੀ ਬਿਜਲੀਆਂ
ਯਹ ਮੁਸ਼ਤੇ ਖਾਕ ਹੈ ਫ਼ਾਨੀ, ਰਹੇ ਰਹੇ ਨਾ ਰਹੇ
....‘‘ਤੁਸੀਂ ਕਿਸੇ ਵਿਅਕਤੀ ਨੂੰ ਤਾਂ ਕਤਲ ਕਰ ਸਕਦੇ ਹੋ ਉਸਦੇ ਵਿਚਾਰਾਂ ਨੂੰ ਨਹੀਂ।‘‘
ਹਕੂਮਤੀ ਕਹਿਰ ਦੀ ਅਗਨ-ਵਰਖ਼ਾ ਦੇ ਦਿਨਾਂ ‘ਚ ਗੁਰਸ਼ਰਨ ਸਿੰਘ ਸਥਾਪਤੀ ਨੂੰ ਲਲਕਾਰਦਾ ਰਿਹਾ
ਹੈ।
‘‘ਤੂੰ ਖੁਦਕੁਸ਼ੀ ਕਰੇਗਾ ਅਸੀਂ ਸ਼ਹੀਦ ਹੋਵਾਂਗੇ‘‘
ਸਾਡੇ ਮਹਿਬੂਬ ਕਵੀ ਪਾਸ਼ ਦੇ ਹਵਾ ‘ਚ ਲਿਖੇ ਹਰਫ਼ ਸਦਾ ਰੌਸ਼ਨ ਰਹਿਣਗੇ:
‘‘ਮੈਂ ਘਾਹ ਹਾਂ
ਮੈਂ ਤੁਹਾਡੇ ਹਰ ਕੀਤੇ ਕਰਾਏ ‘ਤੇ ਉੱਗ ਆਵਾਂਗਾ‘‘
ਇਤਿਹਾਸ ਦੀ ਨਿਰੰਤਰਤਾ ਨੂੰ ਸਮਝਦੇ ਹੋਏ ਸਾਹਿਤ-ਅੰਬਰ ਦੇ ਇਨ੍ਹਾਂ ਸੂਹੇ ਤਾਰਿਆਂ ਦੀ ਸਦਾ
ਰੌਸ਼ਨ ਲੋਅ ਨੂੰ ਸਲਾਮ ਕਰੇਗਾ ਅੱਜ 2 ਸਤੰਬਰ ਮਹਾਂ ਸ਼ਕਤੀ ਕਲਾ ਮੰਦਰ ਬਰਨਾਲਾ ਵਿਖੇ ਹੋ ਰਿਹਾ
ਪਾਸ਼ ਯਾਦਗਾਰੀ ਸੂਬਾਈ ਸਾਹਿਤਕ ਸਮਾਗਮ।
-0- |