ਮੈਨੂੰ ਕਹਾਣੀ-ਨਾਵਲ ਲਿਖਣ ਲਈ ਪਾਤਰ ਭਾਲਣ ਵਿਚ ਕਦੇ ਕੋਈ ਮੁਸ਼ਕਲ ਨਹੀਂ ਆਈ। ਹਾਂ, ਕਦੇ
ਕਦਾਈਂ ਕੋਈ ਅਜਿਹਾ ਵਿਅਕਤੀ ਮਿਲ ਜਾਂਦਾ ਹੈ ਜੋ ਤੁਹਾਡਾ ਪਾਤਰ ਬਣਨ ਨੂੰ ਕਾਹਲਾ ਪੈਣ ਲਗਦਾ
ਹੈ ਜਿਵੇਂ ਕਿ ਰੌਣਕ ਸੀ। ਰੌਣਕ ਨੂੰ ਦੇਖਦਿਆਂ ਹੀ ਮੈਨੂੰ ਲਗਿਆ ਸੀ ਕਿ ਇਸ ਬੰਦੇ ਨੂੰ ਲੈ
ਕੇ ਤਾਂ ਕੋਈ ਨਾਵਲ ਲਿਖਿਆ ਜਾਣਾ ਚਾਹੀਦਾ ਹੈ। ਜਿਵੇਂ ਉਹ ਹੌਲਵੁੱਡ ਦੀਆਂ ਫਿਲਮਾਂ ਦਾ ਹੀਰੋ
ਜੌਹਨ ਵੇਅਨ ਹੋਵੇ। ਮੈਂ ਉਸ ਵਲ ਦੇਖਦਾ ਹੀ ਰਹਿ ਗਿਆ ਸਾਂ। ਸਾਹਿਤ ਵਿਚ ਇਵੇਂ ਬਹੁਤ ਘੱਟ
ਹੁੰਦਾ ਹੈ ਕਿ ਕੋਈ ਧੱਕੇ ਨਾਲ ਹੀ ਤਹਾਡਾ ਪਾਤਰ ਬਣ ਜਾਵੇ। ਰੌਣਕ ਮੇਰੇ ਲੇਖਕ-ਮਨ ਵਿਚ ਕਾਫੀ
ਦੇਰ ਤਕ ਰੜਕਦਾ ਰਿਹਾ ਪਰ ਉਸ ਨੂੰ ਕਦੇ ਵੀ ਕਿਸੇ ਰਚਨਾ ਦਾ ਪਾਤਰ ਨਾ ਬਣਾ ਸਕਿਆ। ਬਹੁਤ ਦੇਰ
ਬਾਅਦ ਆਪਣੇ ਨਾਵਲ ‘ਸਾਊਥਾਲ’ ਦੇ ਸੰਖੇਪ ਜਿਹੇ ਕਿਰਦਾਰ ‘ਬਲਕਾਰ ਸਿੰਘ ਉਰਫ ਕਾਰੇ’ ਵਿਚ
ਰੌਣਕ ਦੇ ਝਲਕਾਰੇ ਜਿਹੇ ਭਰੇ ਸਨ। ਹਾਲੇ ਤਕ ਵੀ ਮਨ ਵਿਚ ਹੈ ਕਿ ਰੌਣਕ ਦੇ ਸਮੁੱਚੇ
ਵਿਅਕਤੀਤੱਵ ਦੀਆਂ ਸ਼ੇਡਜ਼ ਨੂੰ ਕਿਸੇ ਕਿਰਦਾਰ ਵਿਚ ਭਰਿਆ ਜਾਵੇ।
ਰੌਣਕ ਨੂੰ ਮੈਂ ਉਦੋਂ ਮਿਲਿਆ ਸਾਂ ਜਦ ਉਹ ਇੰਗਲੈਂਡ ਵਿਚ ਕਬੱਡੀ ਤੇ ਹਾਕੀ ਦੇ ਮੈਚ ਕਰਾਉਣ
ਦਾ ਕਰਤਾ-ਧਰਤਾ ਹੁੰਦਾ ਸੀ। ਇੰਡੀਆ ਤੋਂ ਟੀਮਾਂ ਬੁਲਾਉਣ ਵਿਚ ਉਸ ਦੀ ਪੂਰੀ ਚਲਦੀ। ਮੇਰਾ ਇਕ
ਰਿਸ਼ਤੇਦਾਰ ਸੁਖਚੈਨ ਉਸ ਨੂੰ ਮਿਲਣਾ ਚਾਹੁੰਦਾ ਸੀ। ਅਸਲ ਵਿਚ ਸੁਖਚੈਨ ਆਪਣੇ ਭਤੀਜੇ ਨੂੰ
ਇੰਡੀਆ ਤੋਂ ਕਿਸੇ ਤਰੀਕੇ ਨਾਲ ਇੰਗਲੈਂਡ ਸੱਦਣਾ ਚਾਹੁੰਦਾ ਸੀ। ਉਸ ਨੇ ਸੋਚਿਆ ਕਿ ਕਿਉਂ ਨਾ
ਕਬੱਡੀ ਦਾ ਖਿਡਾਰੀ ਬਣਾ ਕੇ ਰੌਣਕ ਰਾਹੀਂ ਬੁਲਾ ਲਿਆ ਜਾਵੇ। ਅਸੀਂ ਮੱਖਣ ਨੂੰ ਲੈ ਕੇ ਰੌਣਕ
ਨੂੰ ਮਿਲਣ ਗਏ। ਉਹ ਬਹੁਤ ਹੀ ਪਿਆਰ ਨਾਲ ਮਿਲਿਆ। ਸੁਖਚੈਨ ਨੇ ਰੌਣਕ ਨੂੰ ਆਪਣੀ ਸਾਰੀ
ਸਮੱਸਿਆ ਦੱਸੀ। ਰੌਣਕ ਨੇ ਉਸ ਦਾ ਕੰਮ ਕਰਨ ਦਾ ਵਾਅਦਾ ਕਰ ਲਿਆ। ਵਾਅਦੇ ਦਾ ਉਹ ਪੱਕਾ ਸੀ।
ਅੱਜ ਉਹੀ ਭਤੀਜਾ ਲੰਡਨ ਦਾ ਵੱਡਾ ਵਿਓਪਾਰੀ ਬਣਿਆਂ ਬੈਠਾ ਹੈ ਤੇ ਗੱਲ ਤੁਰੇ ਤਾਂ ਰੌਣਕ ਨੂੰ
ਅਸੀਸਾਂ ਦੇਣ ਲਗਦਾ ਹੈ। ਬਾਅਦ ਵਿਚ ਪਤਾ ਚੱਲਿਆ ਕਿ ਰੌਣਕ ਨੇ ਹੋਰਨਾਂ ਕਈਆਂ ਉਪਰ ਵੀ ਅਜਿਹੇ
ਅਹਿਸਾਨ ਕੀਤੇ ਹੋਏ ਸਨ। ਕਿਸੇ ਦੀ ਮੱਦਦ ਕਰਨਾ ਉਸ ਦੇ ਸੁਭਾਅ ਦਾ ਹਿੱਸਾ ਸੀ। ਆਪਣੀ ਅਜਿਹੀ
ਦਰਿਆ-ਦਿਲੀ ਕਾਰਣ ਪੰਜਾਬੀ ਭਾਈਚਾਰੇ ਵਿਚ ਉਸ ਨੇ ਵਾਹਵਾ ਵਕਾਰ ਬਣਾ ਰੱਖਿਆ ਸੀ।
ਰੌਣਕ ਮੇਰੇ ਦੋਸਤ ਮੱਖਣ ਦਾ ਦੂਰੋਂ ਨੇੜਿਓਂ ਚਾਚਾ ਲਗਦਾ ਸੀ। ਸਾਢੇ-ਛੇ ਫੁੱਟ ਕੱਦ। ਫਿਲਮੀ
ਹੀਰੋ ਜਿਹੀ ਦੇਖਣੀ-ਪਾਖਣੀ। ਗੱਲ ਬਾਤ ਵਿਚ ਤੇਜ਼-ਤਰਾਰ। ਵੱਡੀਆਂ ਵੱਡੀਆਂ ਗੱਲਾਂ ਕਰਦਾ;
ਲੱਖਾਂ ਪੌਂਡਾਂ ਦੀਆਂ, ਮੰਤਰੀਆਂ ਤੇ ਉੱਚ-ਆਹੁਦੇ ‘ਤੇ ਬੈਠੇ ਅਫਸਰਾਂ ਦੀਆਂ। ਬੌਲੀਵੁੱਡ ਦੇ
ਐਕਟਰਾਂ ਬਾਰੇ ਤਾਂ ਉਹ ਇਵੇਂ ਗੱਲ ਕਰਦਾ ਜਿਵੇਂ ਕਿਸੇ ਖਾਸ ਦੋਸਤ ਬਾਰੇ ਜਾਂ ਛੋਟੇ ਭਰਾ
ਬਾਰੇ ਕਰ ਰਿਹਾ ਹੋਵੇ। ਅਸਲ ਵਿਚ ਫਿਲਮਾਂ ਵਿਚ ਕੰਮ ਕਰਨ ਇਕ ਵਾਰ ਉਹ ਬੰਬਈ ਜਾ ਚੁੱਕਿਆ ਸੀ
ਪਰ ਕਾਮਯਾਬ ਨਹੀਂ ਸੀ ਹੋਇਆ। ਇਕ ਫਿਲਮ ਬਣਾਉਣ ਵਿਚ ਹਿੱਸਾ ਪਾ ਕੇ ਘਾਟਾ ਵੀ ਖਾ ਚੁੱਕਿਆ
ਸੀ। ਫਿਲਮ ਐਕਟਰਾਂ ਦੇ ਲੰਡਨ ਵਿਚ ਪ੍ਰੋਗਰਾਮਾਂ ਦਾ ਆਯੋਯਨ ਕਰਨ ਕਰਕੇ ਉਸ ਦੀ ਬੰਬਈ ਵਿਚ
ਕਾਫੀ ਵਾਕਫੀ ਸੀ।
ਰੌਣਕ ਸ਼ਰੀਫਾਂ ਨਾਲ ਸ਼ਰੀਫ ਸੀ ਪਰ ਔਖੇ ਬੰਦਿਆਂ ਨਾਲ ਦੂਜੀ ਤਰ੍ਹਾਂ ਸਮਝ ਲੈਣ ਵਿਚ ਵੀ
ਮਸ਼ਹੂਰ ਸੀ। ਲੜਨ-ਭਿੜਨ ਵਿਚ ਵੀ ਵਾਧੂ ਸੀ। ਉਹਨਾਂ ਦਿਨਾਂ ਵਿਚ ਨਸਲਵਾਦ ਦਾ ਜ਼ੋਰ ਹੁੰਦਾ
ਸੀ ਤੇ ਪੱਬਾਂ ਵਿਚ ਨਸਲਵਾਦੀ ਗੋਰਿਆਂ ਨਾਲ ਸਾਡੇ ਲੋਕਾਂ ਦਾ ਆਮੋ-ਸਾਹਮਣਾ ਅਕਸਰ ਹੋ ਜਾਂਦਾ।
ਰੌਣਕ ਚਾਰ-ਚਾਰ ਗੋਰਿਆਂ ਨਾਲ ਇਕੱਲਾ ਹੀ ਸਿੱਝ ਲੈਂਦਾ। ਇਸੇ ਲੜ੍ਹਾਈ ਕਾਰਨ ਉਸ ਨੂੰ ਇਕ ਵਾਰ
ਜੇਲ੍ਹ ਦੀ ਹਵਾ ਵੀ ਖਾਣੀ ਪਈ ਸੀ। ਅਜਿਹੀਆਂ ਗੱਲਾਂ ਦੇ ਨਾਲ ਨਾਲ ਉਹ ਇਕ ਸਫਲ ਵਿਓਪਾਰੀ ਵੀ
ਸੀ। ਉਸ ਨੇ ਮਿਲੀਅਨ ਪੌਂਡ ਦੀ ਪੱਚੀ ਦੁਕਾਨਾਂ ਦੀ ਪਰੇਡ ਖਰੀਦੀ ਹੋਈ ਸੀ ਜਿਸ ਦਾ ਕਿਰਾਇਆ
ਹੀ ਏਨਾ ਸੀ ਕਿ ਉਹ ਹੀ ਨਹੀਂ ਉਸ ਦੀਆਂ ਅਗੋਂ ਕਈ ਪੀੜ੍ਹੀਆਂ ਨੂੰ ਵੀ ਕੰਮ ਕਰਨ ਦੀ ਲੋੜ
ਨਹੀਂ ਸੀ। ਲੰਡਨ ਦੇ ਮਹਿੰਗੇ ਇਲਾਕੇ ਵਿਚ ਉਸ ਦਾ ਅੱਠ ਬੈਡ-ਰੂਮ ਦਾ ਘਰ ਸੀ। ਏਨੇ ਗੁਣਾਂ ਦਾ
ਮਾਲਕ ਕਿਸੇ ਨਾਵਲ ਦਾ ਹੀਰੋ ਬਣਨ ਦਾ ਹੱਕਦਾਰ ਤਾਂ ਬਣਦਾ ਹੀ ਸੀ ਪਰ ਨਹੀਂ ਬਣ ਸਕਿਆ।
‘ਸਾਊਥਾਲ’ ਦੇ ਪਾਤਰ ਵਿਚ ਵੀ ਉਸ ਨੂੰ ਪੂਰੀ ਤਰ੍ਹਾਂ ਨਹੀਂ ਸੀ ਫਰੋਲਿ਼ਆ ਗਿਆ। ਇਸ ਨਾਵਲ
ਵਿਚ ਬਲਕਾਰ ਦੀ ਪਤਨੀ ਦਾ ਨਾਂ ਸੁਰਜੀਤ ਕੋਰ ਸੀ। ਸੁਰਜੀਤ ਕੋਰ ਬਲਕਾਰ ਦੇ ਬਰਾਬਰ ਦੀ
ਸਖਸ਼ੀਅਤ ਦੀ ਮਾਲਕ ਘੜੀ ਸੀ ਮੈਂ, ਕਿਉਂਕਿ ਉਹ ਕਾਰੇ ਤੋਂ ਬਾਅਦ ਉਸ ਦਾ ਸਾਰਾ ਕਾਰੋਬਾਰ
ਸਾਂਭਦੀ ਹੈ। ਵੈਸੇ ਮੈਂ ਅਕਸਰ ਸੋਚਣ ਲਗਦਾ ਕਿ ਵੱਡੀ ਸਖਸ਼ੀਅਤ ਵਾਲੇ ਲੋਕਾਂ ਨੂੰ ਪਤਨੀਆਂ
ਬਹੁਤੀਆਂ ਸੁਹਣੀਆਂ ਨਹੀਂ ਮਿਲਦੀਆਂ। ਸੁਰਜੀਤ ਕੋਰ ਦਾ ਚਿਤਰਣ ਕਰਦੇ ਸਮੇਂ ਮੈਂ ਅਕਸਰ ਰੁਕਣ
ਲਗਿਆ ਕਰਦਾ ਸਾਂ ਤੇ ਬਾਅਦ ਵਿਚ ਵੀ ਇਸ ਕਿਰਦਾਰ ਨੂੰ ਚੇਤੇ ਕਰਦਾ ਰਿਹਾ ਸਾਂ ਖਾਸ ਤੌਰ ‘ਤੇ
ਉਸ ਵਕਤ ਜਦ ਮੈਂ ਬ੍ਰੌਡਵੇਅ ਉਪਰ ਦੀ ਲੰਘਦਾ ਜਿਥੇ ਨਾਵਲ ਵਿਚ ਕਾਰੇ ਦੀ ਦੁਕਾਨ ਹੈ ਜਿਸ ਨੂੰ
ਸੁਰਜੀਤ ਕੋਰ ਚਲਾ ਰਹੀ ਹੈ।
ਜਿਵੇਂ ਕਹਿੰਦੇ ਹਨ ਕਿ ਸਦਾ ਨਾ ਬਾਗੀਂ ਬੁਲਬੁਲ ਬੋਲੇ ਸਦਾ ਨਾ ਮੌਜ ਬਹਾਰਾਂ, ਇਵੇਂ ਹੀ
ਰੌਣਕ ਨਾਲ ਵੀ ਹੋਇਆ। ਰੌਣਕ ਦੀਆਂ ਰੌਣਕਾਂ ਮੱਧਮ ਪੈਣ ਲਗੀਆਂ। ਪਤਾ ਨਹੀਂ ਕੀ ਹੋਇਆ ਕਿ
ਅਚਾਨਕ ਉਸ ਨੂੰ ਵਿਓਪਾਰ ਵਿਚ ਘਾਟਾ ਪੈ ਗਿਆ। ਇਸ ਘਾਟੇ ਕਾਰਨ ਉਹ ਘਬਰਾਹਟ ਵਿਚ ਆਇਆ ਕੁਝ
ਅਜਿਹਾ ਕਰ ਬੈਠਾ ਕਿ ਪੁਲੀਸ ਦੇ ਸਕੰਜੇ ਵਿਚ ਆ ਗਿਆ। ਤੇਜ਼ ਬੰਦਾ ਸੀ, ਪੁਲੀਸ ਨੂੰ ਕਿਸੇ
ਤਰ੍ਹਾਂ ਚਕਮਾ ਦੇ ਕੇ ਉਹ ਇੰਡੀਆ ਉਡਾਰੀ ਮਾਰ ਗਿਆ। ਜੇ ਨਾ ਜਾਂਦਾ ਤਾਂ ਲੰਮੀ ਜਿਹਲ ਦਾ
ਸਾਹਮਣਾ ਕਰਨਾ ਪੈਂਦਾ। ਇਹ ਘਟਨਾ ਪੰਜਾਬੀ ਲੋਕਾਂ ਵਿਚ ਵਾਹਵਾ ਚਰਚਾ ਦਾ ਵਿਸ਼ਾ ਬਣੀ ਸੀ।
ਇਵੇਂ ਇੰਗਲੈਂਡ ਵਿਚੋਂ ਭੱਜਣ ਨੂੰ ਕੋਈ ਚੰਗਾ ਕੰਮ ਕਹਿੰਦਾ ਤੇ ਕੋਈ ਮਾੜਾ। ਮਾੜਾ ਇਸ ਕਰਕੇ
ਕਿ ਸਜ਼ਾ ਤਾਂ ਕਿਸੇ ਨਾ ਕਿਸੇ ਤਰ੍ਹਾਂ ਕੱਟ ਹੀ ਹੋ ਜਾਣੀ ਸੀ ਪਰ ਇੰਡੀਆ ਵਿਚੋਂ ਹੁਣ ਉਸ ਨੇ
ਕਦੇ ਵੀ ਵਾਪਸ ਇੰਗਲੈਂਡ ਨਹੀਂ ਸੀ ਆ ਨਹੀਂ ਸਕਣਾ। ਮੈਂ ਇਸ ਬਾਰੇ ਅਫਸੋਸ ਜਿਹਾ ਕਰਦਿਆਂ
ਮੱਖਣ ਨਾਲ ਗੱਲ ਕੀਤੀ। ਉਹ ਬੋਲਿਆ,
“ਚਾਚਾ ਚਾਲੂ ਚੈਪ ਐ, ਉਹਨੇ ਬੜਾ ਕੁਸ਼ ਬਣਾਇਆ ਹੋਇਐ, ਘਬਰਾਉਣ ਦੀ ਕੋਈ ਲੋੜ ਨਹੀਂ। ਏਹਦੇ
ਇੰਡੀਆ ਵਿਚ ਵੀ ਬਹੁਤ ਵਸੀਲੇ ਆ, ਚਾਚਾ ਇੰਗਲੈਂਡ ਛੱਡ ਕੇ ਵੀ ਘਾਟੇ ਵਿਚ ਨਹੀਂ ਰਹਿੰਦਾ।”
ਕਈ ਸਾਲ ਲੰਘ ਗਏ। ਇਕ ਦਿਨ ਮੈਂ ਰੌਣਕ ਵਰਗੇ ਕਿਸੇ ਬੰਦੇ ਨੂੰ ਦੇਖਿਆ ਤਾਂ ਮੈਨੂੰ ਉਸ ਦੀ
ਯਾਦ ਆ ਗਈ। ਮੈਂ ਸੋਚਣ ਲਗਿਆ ਕਿ ਬ੍ਰਤਾਨਵੀ ਸਰਕਾਰ ਦਾ ਭਗੌੜਾ ਹੋ ਕੇ ਜਾਂ ਪਰਿਵਾਰ ਤੋਂ
ਦੂਰ ਰਹਿ ਕੇ ਉਹ ਕੀ ਮਹਿਸੂਸ ਕਰਦਾ ਹੋਵੇਗਾ, ਕਿਵੇਂ ਰਹਿੰਦਾ ਹੋਵੇਗਾ। ਮੱਖਣ ਦਸਦਾ ਹੁੰਦਾ
ਸੀ ਕਿ ਰੌਣਕ ਆਪਣੇ ਪਰਿਵਾਰ ਨਾਲ ਬਹੁਤ ਜੁੜਿਆ ਹੋਇਆ ਹੈ, ਹੁਣ ਉਸੇ ਪਰਿਵਾਰ ਤੋਂ ਦੂਰ
ਰਹਿਣਾ ਸੌਖਾ ਨਹੀਂ ਹੋਵੇਗਾ। ਇਵੇਂ ਸੋਚਦਿਆਂ ਸੋਚਦਿਆਂ ਮੈਨੂੰ ਉਸ ਦੀ ਪਤਨੀ ਦਾ ਖਿਆਲ ਆ
ਗਿਆ। ਮੈਂ ਮੱਖਣ ਨੂੰ ਫੋਨ ਘੁਮਾਇਆ ਤੇ ਪੁੱਛਿਆ,
“ਰੌਣਕ ਤੋਂ ਬਾਅਦ ਉਹਦੇ ਟੱਬਰ ਦਾ ਕੀ ਹਾਲ ਐ ਬਈ?”
“ਠੀਕ ਐ ਸਭ, ਵੱਡਾ ਮੁੰਡਾ ਉਹਨੇ ਇੰਡੀਆ ਸੱਦ ਕੇ ਵਿਆਹ ਦਿਤਾ, ਏਦਾਂ ਈ ਛੋਟੇ ਦਾ ਵੀ ਕਰ
ਦੇਊ।”
“ਤੇ ਉਹਦੀ ਵਾਈਫ?”
“ਸਿ਼ੰਦੋ ਚਾਚੀ? ਚੜਦੀ ਕਲਾ ‘ਚ ਐ ਸਿ਼ੰਦੋ ਚਾਚੀ ਵੀ।”
“ਇਹ ਸਿ਼ੰਦੋ ਕੀ ਹੋਇਆ ਬਈ?”
“ਓਹ, ਅਗੇ ਦੁਆਬੇ ਵਿਚ ਸਿ਼ੰਦੋ, ਮਿੰਦੋ, ਜੀਤੋ, ਮੀਤੋ ਹੀ ਹੁੰਦੀਆਂ ਸੀ, ਆਹ
ਪਿੰਕੀਆਂ-ਸਿ਼ੰਕੀਆਂ ਤਾਂ ਹੁਣੇ ਹੀ ਆਈਆਂ।”
ਹਸਦਾ ਹੋਇਆ ਮੱਖਣ ਦਸ ਰਿਹਾ ਸੀ। ਫਿਰ ਮੇਰੇ ਸਵਾਲ ਨੂੰ ਸਮਝਦਾ ਹੋਇਆ ਬੋਲਿਆ,
“ਸਿ਼ੰਦੋ ਚਾਚੀ ਛੇ ਮਹੀਨੇ ਇੰਡੀਆ ਰਹਿ ਆਉਂਦੀ ਐ, ਵੱਡੇ ਘਰ ਦੀ ਕੁੜੀ ਐ, ਪੜੀ ਲਿਖੀ ਐ,
ਬਹੁਤ ਸਬਰ ਵਾਲੀ ਔਰਤ ਐ ਤੇ ਜਬ੍ਹੇ ਵਾਲੀ ਵੀ।”
“ਮੈਂ ਤਾਂ ਸੋਚਦਾ ਸੀ ਬਈ ਰੌਣਕ ਵਰਗੇ ਬੰਦੇ ਨੂੰ ਔਰਤ ਐਵੇਂ ਕਿਵੇਂ ਜਿਹੀ ਹੀ ਮਿਲਦੀ ਹੁੰਦੀ
ਐ।”
“ਓਹ ਨਹੀਂ, ਚਾਚੇ ਨੇ ਚੁਣ ਕੇ ਕੁੜੀ ਲੱਭੀ ਸੀ ਵਿਆਹ ਲਈ, ਬੁੜ੍ਹੀਆਂ ਕਹਿੰਦੀਆਂ ਹੁੰਦੀਆਂ
ਸੀ ਕਿ ਜਦ ਸਿ਼ੰਦੋ ਪਾਣੀ ਪੀਂਦੀ ਐ ਤਾਂ ਇਹ ਗਲ਼ ਵਿਚੋਂ ਲੰਘਦਾ ਦਿਸਦੈ।”
ਮੈਂ ਮੱਖਣ ਦੀਆਂ ਗੱਲਾਂ ਇਕੱਠੀਆਂ ਕਰਦਾ ਆਪਣੇ ਘੜੇ ਸੁਰਜੀਤ ਕੋਰ ਦੇ ਪਾਤਰ ਬਾਰੇ ਸੋਚਣ
ਲਗਿਆ। ਸੋਚ ਰਿਹਾ ਸਾਂ ਕਿ ਮੈਨੂੰ ਇਸ ਪਾਤਰ ਉਪਰ ਹੋਰ ਮਿਹਨਤ ਕਰਨੀ ਚਾਹੀਦੀ ਸੀ। ਇਸ ਨੂੰ
ਹੋਰ ਵਸੀਹ ਬਣਾਉਣਾ ਚਾਹੀਦਾ ਸੀ। ਸੋਚਦਿਆਂ ਸੋਚਦਿਆਂ ਮੇਰਾ ਦਿਲ ਕਰਨ ਲਗਿਆ ਕਿ ਇਕ ਵਾਰ ਇਸ
ਸਿ਼ੰਦੋ ਨੂੰ ਮਿਲਿਆ ਜਾਵੇ। ਜਦ ਕਦੇ ਕੋਈ ਜਬਦਸਤ ਜਿਹੀ ਔਰਤ ਚਿਤਰਣੀ ਹੋਵੇ ਤਾਂ ਸਿ਼ੰਦੋ
ਸਹਾਈ ਹੋ ਸਕਦੀ ਹੈ ਪਰ ਮੈਂ ਉਸ ਨੂੰ ਕਦੇ ਵੀ ਨਾ ਮਿਲ ਸਕਿਆ ਤੇ ਮਨੋ ਵਿਸਾਰ ਵੀ ਨਾ ਸਕਿਆ।
ਕੋਈ ਪਾਤਰ ਘੜਨ ਸਮੇਂ ਕੋਈ ਨਾ ਕੋਈ ਮਾਡਲ ਤਾਂ ਸਾਹਮਣੇ ਰੱਖਣਾ ਹੀ ਪੈਂਦਾ ਹੈ, ਸੋਚਦਾ ਸਾਂ
ਕਿ ਜਦ ਕਦੇ ਅਜਿਹੀ ਔਰਤ ਦਾ ਚਿਤਰਣ ਕਰਨਾ ਹੋਵੇ ਜਿਸ ਦੇ ਗਲ਼ ਵਿਚੋਂ ਲੰਘਦਾ ਪਾਣੀ ਦਿਸਦਾ
ਹੋਵੇ, ਜੋ ਸੋਹਣੀ ਵੀ ਹੋਵੇ ਤੇ ਅਕਲਵੰਦ ਵੀ, ਸਿ਼ੰਦੋ ਦਾ ਸਹਾਰਾ ਲੈ ਲਿਆ ਕਰਾਂਗਾ।
ਵੈਸੇ ਮੈਨੂੰ ਪਾਤਰ ਘੜਦੇ ਸਮੇਂ ਕਦੇ ਵੱਡੀ ਦਿੱਕਤ ਦਰਪੇਸ਼ ਨਹੀਂ ਆਈ। ਜਿ਼ੰਦਗੀ ਕੁਝ ਅਜਿਹੀ
ਲੰਘੀ ਹੈ ਕਿ ਮੇਰਾ ਰੰਗ-ਬਰੰਗੇ ਲੋਕ ਨਾਲ ਵਾਹ ਪੈਂਦਾ ਰਿਹਾ ਹੈ। ਮੈਨੂੰ ਲਗਦਾ ਹੈ ਕਿ
ਸ਼ਾਇਦ ਮੈਂ ਆਮ ਲੋਕਾਂ ਨਾਲੋਂ ਜਿ਼ੰਦਗੀ ਵਿਚ ਉਤਰਾਅ-ਚੜ੍ਹਾਅ ਵੀ ਜਿ਼ਆਦਾ ਦੇਖੇ ਹੋਣਗੇ।
ਫਿਰ ਵੀ ਮਨ ਵਿਚ ਅਜਿਹਾ ਕੁਝ ਹੈ ਕਿ ਮੈਨੂੰ ਨਵੇਂ ਨਵੇਂ ਲੋਕਾਂ ਨੂੰ ਮਿਲਣਾ ਚੰਗਾ ਲਗਦਾ
ਹੈ। ਨਵੇਂ ਨਵੇਂ ਅਨੁਭਵਾਂ ਦੀ ਲੇਖਕ ਨੂੰ ਬਹੁਤ ਲੋੜ ਹੁੰਦੀ ਹੈ। ਇਸੇ ਮਕਸਦ ਨਾਲ ਮੈਂ
ਸੈਰ-ਸਪੱਟੇ ‘ਤੇ ਵੀ ਅਕਸਰ ਚਲੇ ਜਾਇਆ ਕਰਦਾ ਹਾਂ। ਜਦ ਮੈਨੂੰ ਇਹ ਵਾਲੀ ਨੌਕਰੀ ਮਿਲੀ ਸੀ
ਤਾਂ ਮੈਂ ਬਹੁਤ ਖੁਸ਼ ਸਾਂ। ਇਕ ਤਾਂ ਮੈਂ ਸੈੱਲਫ-ਇੰਪਲੌਏਡ ਰਿਹਾ ਹੋਣ ਕਰਕੇ ਕਿਸੇ ਦੇ ਅਧੀਨ
ਬਹੁਤ ਸਾਲਾਂ ਬਾਅਦ ਕੰਮ ਕਰਨ ਜਾ ਰਿਹਾ ਸਾਂ ਤੇ ਦੂਜਾ ਇਹ ਖੇਤਰ ਮੇਰੇ ਲਈ ਬਿਲਕੁਲ ਨਵਾਂ
ਸੀ। ਵੱਖਰੀ ਕਿਸਮ ਦੀ ਨੌਕਰੀ ਹੋਣ ਕਰਕੇ ਸਿੱਖਣ ਨੂੰ ਕਾਫੀ ਕੁਝ ਮਿਲਣ ਦੀ ਆਸ ਸੀ ਤੇ ਨਾਲ
ਦੀ ਨਾਲ ਇਹ ਵੀ ਸੋਚ ਸੀ ਕਿ ਹੋ ਸਕਦਾ ਹੈ ਰੌਣਕ ਜਾਂ ਸਿ਼ੰਦੋ ਵਰਗਾ ਕੋਈ ਮਿਲ ਜਾਵੇ। ਅਜਿਹਾ
ਕੁਝ ਵੀ ਨਾ ਹੋਇਆ। ਇੰਨੀ ਦੇਰ ਹੋ ਗਈ ਹੈ ਇਸ ਜਗਾਹ ਕੰਮ ਕਰਦਿਆਂ, ਨਾ ਕੋਈ ਪਾਤਰ ਮਿਲਿਆ ਹੈ
ਤੇ ਨਾ ਹੀ ਨਵੇਂ ਖੇਤਰ ਬਾਰੇ ਕੁਝ ਲਿਖ ਸਕਿਆ ਹਾਂ। ਸ਼ਾਇਦ ਨਵੇਂ ਅਨੁਭਵ ਹੀ ਮੇਰੀ ਪਕੜ ਵਿਚ
ਨਹੀਂ ਆ ਰਹੇ।
ਮੇਰੀ ਇਹ ਨੌਕਰੀ ਦਾ ਰੁਤਬਾ ਕਹਿਣ ਨੂੰ ਤਾਂ ‘ਟੀ ਐਮ’ ਦਾ ਹੈ, ਭਾਵ ਟਰਾਂਸਪੋਰਟ ਮੈਨੇਜਰ ਪਰ
ਕੰਮ ਬਹੁਤ ਸਾਧਾਰਨ ਹੈ। ਪੱਛਮੀ ਲੰਡਨ ਦੇ ਇਲਾਕੇ ਈਲਿੰਗ ਵਿਚ ਅਪਾਹਜ ਬੱਚਿਆਂ ਦੇ ਸਕੂਲ
ਦੀਆਂ ਮਿਨੀ-ਬੱਸਾਂ ਦੀ ਦੇਖ-ਭਾਲ ਦਾ ਕੰਮ ਹੈ ਇਹ। ਸਕੂਲ ਦੀਆਂ ਵੀਹ ਕੁ ਬੱਸਾਂ ਹਨ। ਤਿੰਨ
ਕੁ ਰਿਜ਼ਰਵ ਵਿਚ ਵੀ ਹਨ। ਇਹ ਅਜਿਹੇ ਬੱਚਿਆਂ ਦਾ ਸਕੂਲ ਹੈ ਜਿਹੜੇ ਦਿਮਾਗੀ ਤੌਰ ਤੇ ਨਾਲ ਦੀ
ਨਾਲ ਸਰੀਰਕ ਤੌਰ ਤੇ ਵੀ ਪਿਛਾਂਹ ਰਹੇ ਹੋਏ ਹੁੰਦੇ ਹਨ। ਕਈਆਂ ਨੂੰ ਤਾਂ ਆਪਣੀ ਹੋਸ਼ ਵੀ ਘੱਟ
ਹੁੰਦੀ ਹੈ। ਇਹਨਾਂ ਵਿਚੋਂ ਕੁਝ ਤਾਂ ਵੀਅਲ ਚੇਅਰਾਂ ‘ਤੇ ਹੁੰਦੇ ਹਨ। ਇਹਨਾਂ ਵੀਅਲ ਚੇਅਰਾਂ
ਨੂੰ ਬੱਸ ਵਿਚ ਚਾੜ੍ਹਨ ਲਈ ਵਿਸ਼ੇਸ਼ ਲਿਫਟ ਲੱਗੀ ਹੁੰਦੀ ਹੈ ਤੇ ਵੀਅਲ ਚੇਅਰ ਨੂੰ ਬੱਸ ਵਿਚ
ਸਥਿਰ ਕਰਨ ਵਾਸਤੇ ਖਾਸ ਜਕੜਨ-ਹੁੱਕਾਂ ਹੁੰਦਾਂ ਹਨ। ਇਕ ਬੱਸ ਵਿਚ ਇਕ ਡਰਾਈਵਰ ਤੇ ਨਾਲ ਇਕ
ਜਾਂ ਦੋ ਇਸਕ੍ਰੌਟ ਹੁੰਦੇ ਹਨ। ਡਰਾਈਵਰ ਆਮ ਤੌਰ ਤੇ ਆਦਮੀ ਹੁੰਦੇ ਹਨ ਤੇ ਇਸਕ੍ਰੌਟ ਔਰਤਾਂ।
ਇਹਨਾਂ ਵਿਚ ਸਭ ਰੰਗਾਂ ਤੇ ਨਸਲਾਂ ਦੇ ਲੋਕ ਕੰਮ ਕਰਦੇ ਹਨ। ਇਹ ਬੱਸਾਂ ਇਹਨਾਂ ਬੱਚਿਆਂ ਨੂੰ
ਘਰਾਂ ਤੋਂ ਲਿਆਉਂਦੀਆਂ ਹਨ ਤੇ ਘਰੋ-ਘਰੀ ਛੱਡਣ ਜਾਂਦੀਆਂ ਹਨ। ਮੈਂ ਦੇਖਣਾ ਹੁੰਦਾ ਹੈ ਕਿ
ਸਾਰੀਆਂ ਬੱਸਾਂ ਠੀਕ-ਠਾਕ ਤਾਂ ਹਨ। ਕੋਈ ਬੱਸ ਕਿਸੇ ਕਿਸਮ ਦੀ ਮੁਰੰਮਤ ਤਾਂ ਨਹੀਂ ਮੰਗ ਰਹੀ।
ਨਾਲ ਦੀ ਨਾਲ ਡਰਾਈਵਰਾਂ ਜਾਂ ਇਸਕ੍ਰੌਟਾਂ ਦੀਆਂ ਸਿ਼ਕਾਇਤਾਂ ਵੀ ਸੁਣਨੀਆਂ ਹੁੰਦੀਆਂ ਹਨ। ਇਹ
ਸਿ਼ਕਾਇਤਾਂ ਆਮ ਤੌਰ ਤੇ ਬੱਸ ਨਾਲ ਸਬੰਧਿਤ ਹੀ ਹੁੰਦੀਆਂ ਹਨ ਜਾਂ ਫਿਰ ਕਿਸੇ ਬੱਚੇ ਬਾਰੇ
ਜਾਂ ਕਿਸੇ ਬੱਚੇ ਦੇ ਮਾਂਪਿਓ ਦੇ ਸਬੰਧ ਵਿਚ। ਕਦੇ ਕਦੇ ਡਰਾਈਵਰ ਤੇ ਇਸਕ੍ਰੌਟ ਇਕ ਦੂਜੇ ਦੇ
ਖਿਲਾਫ ਵੀ ਸਿ਼ਕਾਇਤ ਲਗਾਉਂਦੇ ਪਰ ਬਹੁਤ ਘੱਟ। ਮੈਂ ਸਿ਼ਕਾਇਤ ਲਿਖ ਕੇ ਅਗੇ ਆਪਣੀ ਸੀਨੀਅਰ
ਮੈਰੀ ਏਵਾਨ ਨੂੰ ਦੇ ਦੇਣੀ ਹੁੰਦੀ ਹੈ। ਜੇ ਕੋਈ ਬੱਸ ਖਰਾਬ ਹੋਵੇ ਤਾਂ ਓਸ ਡਰਾਈਵਰ ਨੂੰ
ਰਿਜ਼ਵਰ ਖੜੀ ਬੱਸ ਦੇ ਕੇ ਖਰਾਬ ਬੱਸ ਨੂੰ ਗੈਰੇਜ ਵਿਚ ਪੁੱਜਦੀ ਕਰ ਦੇਣਾ ਹੁੰਦਾ ਹੈ। ਜਿਥੇ
ਡਰਾਈਵਰ ਦਾ ਕੰਮ ਮਿਨੀ-ਬੱਸ ਚਲਾਉਣਾ ਹੁੰਦਾ ਹੈ ਉਥੇ ਇਸਕ੍ਰੌਟ ਦੀ ਜਿ਼ੰਮੇਵਾਰੀ ਹੁੰਦੀ ਕਿ
ਬੱਚੇ ਨੂੰ ਸੁਰੱਖਿਅਤ ਘਰੋਂ ਲਿਆਂਦਾ ਜਾਵੇ ਤੇ ਪੂਰੀ ਹਿਫਾਜ਼ਤ ਨਾਲ ਵਾਪਸ ਮਾਂਪਿਓ ਦੇ
ਹਵਾਲੇ ਕੀਤਾ ਜਾਵੇ। ਇਹ ਕੰਮ ਬਹੁਤ ਹੀ ਧਿਆਨ ਮੰਗਦਾ ਹੈ।
ਮੈਂ ਛੇਤੀ ਹੀ ਸਾਰੇ ਅਧਿਆਪਕਾਂ ਤੇ ਹੋਰ ਸਟਾਫ ਦਾ ਵਾਕਫ ਹੋ ਗਿਆ ਸਾਂ। ਡਰਾਈਵਰਾਂ ਨਾਲ ਤਾਂ
ਮੇਰਾ ਸਿੱਧਾ ਵਾਹ ਪੈਂਦਾ ਸੀ। ਹਾਲੇ ਇਸਕ੍ਰੌਟਾਂ ਨਾਲ ਜ਼ਰਾ ਘੱਟ ਗੱਲਬਾਤ ਹੁੰਦੀ। ਮੈਂ ਇਕ
ਤਰ੍ਹਾਂ ਨਾਲ ਡਰਾਈਵਰਾਂ ਤੇ ਸਕੂਲ ਦੇ ਬਾਕੀ ਸਟਾਫ ਵਿਚਕਾਰ ਕੜੀ ਵਾਂਗ ਵੀ ਸਾਂ। ਬੱਚਿਆਂ
ਜਾਂ ਉਹਨਾਂ ਦੇ ਮਾਂਪਿਆਂ ਨਾਲ ਮੇਰਾ ਸਿੱਧਾ ਵਾਹ ਕੋਈ ਨਹੀਂ ਸੀ। ਅਪਾਹਜ ਬੱਚਿਆਂ ਵਲ ਦੇਖ
ਕੇ ਪਹਿਲੇ ਕੁਝ ਦਿਨ ਤਾਂ ਮੇਰਾ ਮਨ ਬਹੁਤ ਖਰਾਬ ਹੁੰਦਾ ਰਿਹਾ। ਮੈਂ ਸੋਚਦਾ ਕਿ ਜੇ ਵਾਕਿਆ
ਹੀ ਰੱਬ ਹੁੰਦਾ ਤਾਂ ਇਹਨਾਂ ਦੀ ਇਹ ਹਾਲਤ ਕਿਉਂ ਕਰਦਾ। ਕਦੇ ਕਦੇ ਮੇਰੇ ਅੰਦਰਲਾ ਨਾਸਤਕ ਇਸ
ਸਭ ਦੇ ਕਾਰਨ ਵੀ ਲੱਭਣ ਲਗਦਾ। ਫਿਰ ਹੌਲੀ ਹੌਲੀ ਮੈਂ ਵੀ ਬਾਕੀ ਦੇ ਅਧਿਆਪਕਾਂ ਤੇ ਹੋਰ
ਕਰਮਚਾਰੀਆਂ ਵਾਂਗ ਸਾਧਾਰਨ ਜਿਹਾ ਮਹਿਸੂਸ ਕਰਨ ਲਗਿਆ। ਇਕ ਅਜੀਬ ਜਿਹੀ ਗੱਲ ਮੇਰੇ ਦੇਖਣ ਵਿਚ
ਆਈ। ਉਹ ਇਹ ਕਿ ਇਹਨਾਂ ਅਪਾਹਜ ਬੱਚਿਆਂ ਦੇ ਮਾਂਪਿਓ, ਇਹਨਾਂ ਦੇ ਅਧਿਆਪਕ ਤੇ ਇਹਨਾਂ ਦੇ ਹੋਰ
ਸੰਭਾਲੂ ਜਦ ਵੀ ਇਕ ਦੂਜੇ ਨੂੰ ਮਿਲਦੇ ਤਾਂ ਖੁਲ੍ਹ ਕੇ ਮੁਸਕ੍ਰਾਹਟ ਦਿੰਦੇ। ਮੈਂ ਸਮਝ ਗਿਆ
ਕਿ ਇਹਨਾਂ ਨੇ ਬੱਚਿਆਂ ਦੀ ਇਸ ਹਾਲਤ ਨੂੰ ਇਹਨਾਂ ਦੀ ਹੋਣੀ ਸਮਝ ਕੇ ਮਨਜ਼ੂਰ ਕਰ ਲਿਆ ਹੈ।
ਉਹ ਇਹਨਾਂ ਦੀ ਹਾਲਤ ਉਪਰ ਝੂਰਨ ਨਾਲੋਂ ਹੁਣ ਉਹ ਅਗਾਂਹ ਨੂੰ ਦੇਖਣਾ ਚਾਹੁੰਦੇ ਹਨ।
ਡਰਾਈਵਰਾਂ ਵਿਚੋਂ ਅਲੀ ਨਾਲ ਮੇਰੀ ਦੋਸਤੀ ਵਧਣ ਲਗੀ। ਉਸ ਦਾ ਬੜਬੋਲਾ ਸੁਭਾਅ ਸੀ ਤੇ ਹਰ ਗੱਲ
ਨੂੰ ਕਹਾਣੀ ਬਣਾ ਕੇ ਸੁਣਾਉਂਦਾ। ਹਰ ਕਿਸੇ ਬਾਰੇ ਸੁਣਾਉਣ ਨੂੰ ਉਸ ਕੋਲ ਇਕ ਕਹਾਣੀ ਹੁੰਦੀ।
ਕੋਈ ਸਾਹਮਣੇ ਦਿਸਦਾ ਤਾਂ ਉਸ ਵਲ ਇਸ਼ਾਰਾ ਕਰਦਾ ਉਹ ਕਹਿੰਦਾ,
“ਆਹ ਜਿਹੜੀ ਫਾਤਮਾ ਐ ਨਾ, ਇਹ ਲਹੌਰ ਤੋਂ ਐ, ਏਹਦਾ ਮਰਦ ਬਹੁਤ ਬੁੱਢਾ ਸੀ, ਪਿਛਲੇ ਸਾਲ ਮਰ
ਗਿਆ, ਬਹੁਤ ਕੁਝ ਛੱਡ ਕੇ ਗਿਆ ਏਹਦੇ ਲਈ ਪਰ ਏਹ ਏਨੀ ਕੰਜੂਸ ਐ ਕਿ ਆਹ ਤੁੱਛ ਜਿਹੀ ਨੌਕਰੀ
ਕਰੀ ਜਾਂਦੀ ਆ।”
“ਔਹ ਜਿਹੜਾ ਵਿਜੇ ਪਟੇਲ ਐ, ਇਹ ਕੰਮ ਵਾਲੀ ਬੱਸ ਵਿਚ ਆਪਣੀ ਬੁੱਢੀ ਨੂੰ ਵੀ ਬਠਾਈ ਫਿਰਦਾ
ਹੁੰਦਾ, ਮੈਂ ਏਹਨੂੰ ਕਈ ਵਾਰ ਸ਼ੌਪਿੰਗ ਕਰਦੇ ਨੂੰ ਦੇਖਿਆ।”
“ਔਹ ਜਿਹੜੀ ਮੋਟੀ ਜਿਹੀ ਟੀਨਾ ਐ, ਏਹਦੀ ਕੁੜੀ ਦੀ ਫੋਟੋ ‘ਸਨ’ ਅਖਬਾਰ ਦੇ ਤੀਜੇ ਸਫੇ ਤੇ
ਆਇਆ ਕਰਦੀ ਐ।”
“ਔਹ ਜਿਹੜੀ ਸੂਜੀ ਐ ਵਿੰਗੀਆਂ ਜਿਹੀਆਂ ਲੱਤਾਂ ਵਾਲੀ ਬੇਬੇ! ...ਏਹਦੀ ਡਰਾਈਵਰ ਜੇਮਜ਼ ਨਾਲ
ਗਿੱਟ-ਮਿਟ ਐ, ਏਹ ਬਹੁਤ ਲੜਾਕੀ ਐ, ਜੇਮਜ਼ ਤੋਂ ਬਿਨਾਂ ਕਿਸੇ ਨਾਲ ਨਹੀਂ ਬਣਦੀ ਏਹਦੀ, ਬਹੁਤ
ਲੇਜ਼ੀ ਔਰਤ ਐ, ਮੇਰੇ ਨਾਲ ਵੀ ਪੰਗਾ ਪੈ ਚੁੱਕਿਐ, ਪਿੱਛੋਂ ਇਹ ਜਲੰਧਰ ਤੋਂ ਐ।”
“ਔਹ ਕਾਲ਼ੇ ਪੈਟਰਿਕ ਦਾ ਮੁੰਡਾ ਵੀ ਅਪਾਹਜ ਐ ਪਰ ਕਿਸੇ ਹੋਰ ਸਕੂਲੇ ਜਾਂਦਾ। ਉਹਨੂੰ ਸੰਭਾਲਣ
ਬਦਲੇ ਏਹਨੂੰ ਲੋਹੜੇ ਦੇ ਪੈਸੇ ਮਿਲਦੇ ਆ, ਇਹ ਆਹ ਕੰਮ ਤਾਂ ਦਿਖਾਵੇ ਲਈ ਹੀ ਕਰਦਾ।”
ਕਈ ਵਾਰ ਕੁਝ ਉਦਾਸ ਜਿਹਾ ਹੁੰਦਾ ਬੋਲਦਾ,
“ਦੇਖੋ ਇਹ ਮੁਲਕ ਕਿੰਨਾ ਵਧੀਐ! ਇਹਨਾਂ ਅੱਲਾ ਦੇ ਮਾਰਿਆਂ ਲਈ ਕਿੰਨਾ ਆਹਲਾ ਇੰਤਜ਼ਾਮ ਐ,
ਸਾਡੇ ਤਾਂ ਕਿਸੇ ਦੀ ਲੱਤ ਹੀ ਸਹੀ ਨਾ ਹੋਵੇ ਤਾਂ ਲੋਕ ਉਹਨੂੰ ਲੰਗਾਂ-ਲੰਗਾਂ ਕਹਿ ਕੇ ਪਾਗਲ
ਕਰੀ ਛੱਡਦੇ ਆ, ਆਮ ਪਿੰਡਾਂ ਵਿਚ ਦੋ-ਚਾਰ ਮਸਤ ਤਾਂ ਤੁਰੇ ਹੀ ਫਿਰਦੇ ਹੁੰਦੇ ਆ, ...ਸਾਡੇ
ਮੁਲਕਾਂ ਵਿਚ ਅਪਾਹਜਾਂ ਦੀ ਜਿ਼ੰਦਗੀ ਬਹੁਤ ਖਰਾਬ ਐ, ਇਸ ਮੁਲਕ ਦੀਆਂ ਕੋਈ ਰੀਸਾਂ ਨਹੀਂ, ਇਕ
ਬਿਮਾਰ ਮਗਰ ਦੋ ਦੋ ਬੰਦੇ ਕੰਮ ‘ਤੇ ਰੱਖੇ ਹੋਏ ਆ!”
ਜਿਵੇਂ ਅਲੀ ਡਰਾਈਵਰ ਜਾਂ ਇਸਕ੍ਰੌਟ ਦੀ ਇਸ ਨੌਕਰੀ ਨੂੰ ਤੁੱਛ ਜਿਹੀ ਕਹਿੰਦਾ ਸੀ, ਉਹ ਠੀਕ
ਹੀ ਕਹਿੰਦਾ ਸੀ। ਮੇਰਾ ਕੰਮ ਭਾਵੇਂ ਫੁੱਲ ਟਾਈਮ ਸੀ ਪਰ ਡਰਾਈਵਰ ਤੇ ਇਸਕ੍ਰੌਟ ਦੋ ਘੰਟੇ
ਸਵੇਰੇ ਕੰਮ ਕਰਦੇ ਤੇ ਦੋ ਘੰਟੇ ਸ਼ਾਮ ਨੂੰ ਹੁੰਦਾ। ਪਾਰਟ-ਟਾਈਮ ਨੌਕਰੀ ਹੋਣ ਕਰਕੇ ਹੀ
ਇਹਨਾਂ ਵਿਚੋਂ ਬਹੁਤੇ ਰਿਟਾਇਰ ਹੋਣ ਕਿਨਾਰੇ ਜਾਂ ਰਿਟਾਇਰ ਹੋ ਚੁੱਕੇ ਲੋਕ ਹੀ ਸਨ। ਇਹਨਾਂ
ਨੂੰ ਘੰਟੇ ਦਾ ਰੇਟ ਵੀ ਸਰਕਾਰ ਵਲੋਂ ਬੰਨ੍ਹਿਆਂ ਘੱਟ ਤੋਂ ਘੱਟ ਰੇਟ ਹੀ ਮਿਲਦਾ ਸੀ।
ਸਭ ਕੁਝ ਠੀਕ ਚੱਲ ਰਿਹਾ ਸੀ। ਇਕ ਦਿਨ ਇਕ ਡਰਾਈਵਰ ਮੇਰੇ ਕੋਲ ਆਇਆ ਤੇ ਬੋਲਿਆ,
“ਮਿਸਟਰ ਸਿੰਘ, ਮੈਂ ਇਸ ਇਸਕ੍ਰੌਟ ਸੂਜ਼ੀ ਨਾਲ ਕੰਮ ਨਹੀਂ ਕਰਨਾ ਚਾਹੁੰਦਾ, ਮੇਰੇ ਨਾਲ ਕੋਈ
ਹੋਰ ਇਸਕ੍ਰੌਟ ਭੇਜੋ।”
“ਕਿਉਂ ਸੈਮ, ਕੀ ਗੱਲ ਹੋ ਗਈ?”
“ਇਹ ਬਹੁਤ ਸੁਸਤ ਔਰਤ ਐ, ਇਹ ਤਾਂ ਬੱਸ ਵਿਚੋਂ ਹੀ ਨਹੀਂ ਉਤਰਦੀ, ਏਸਦਾ ਕੰਮ ਏ ਕਿ ਬੱਚੇ
ਨੂੰ ਅਗੇ ਹੋ ਕੇ ਮਾਂਪਿਓ ਦੇ ਕੋਲੋਂ ਫੜ ਕੇ ਜਿ਼ੰਮੇਵਾਰੀ ਨਾਲ ਬੱਸ ਵਿਚ ਬੈਠਾਵੇ। ਵੀਅਲ
ਚੇਅਰ ਹੋਵੇ ਤਾਂ ਮੈਨੂੰ ਆਪ ਹੀ ਬੱਸ ਵਿਚ ਚਾੜ੍ਹਨੀ ਪੈਂਦੀ ਐ ਤੇ ਇਸ ਦੀਆਂ ਹੁੱਕਾਂ
ਲਗਾਉਣੀਆਂ ਪੈਂਦੀਆਂ ਜਦ ਕਿ ਇਹ ਕੰਮ ਏਹਦਾ ਵੇ।”
ਸੈਮ ਦੇ ਸਿ਼ਕਾਇਤ ਕਰਦਿਆਂ ਹੀ ਮੈਰੀ ਈਵਾਨ ਵੀ ਆ ਗਈ। ਸਾਰੀ ਗੱਲ ਸੁਣਦੀ ਹੋਈ ਉਹ ਬੋਲੀ,
“ਸੈਮ ਤੂੰ ਠੀਕ ਹੋ ਸਕਦਾਂ, ਅਸੀਂ ਸੂਜ਼ੀ ਨਾਲ ਗੱਲ ਕਰਦੇ ਹਾਂ ਪਰ ਉਹ ਕਈ ਸਾਲ ਤੋਂ ਕੰਮ ਕਰ
ਰਹੀ ਐ, ਕਿਸੇ ਬੱਚੇ ਦੇ ਮਾਂਪਿਓ ਨੇ ਤਾਂ ਇਸ ਬਾਰੇ ਸਿ਼ਕਾਇਤ ਨਹੀਂ ਕੀਤੀ।”
ਸੈਮ ਗੁੱਸਾ-ਗਿਲਾ ਕਰਦਾ ਰਿਹਾ ਤੇ ਆਪਣੀ ਸਿ਼ਕਾਇਤ ਲਿਖਵਾ ਕੇ ਚਲੇ ਗਿਆ। ਮੈਂ ਮੈਰੀ ਈਵਾਨ
ਨੂੰ ਪੁੱਛਿਆ,
“ਇਹਦਾ ਕੀ ਹੱਲ ਹੋਏਗਾ? ਸੂਜ਼ੀ ਨੂੰ ਸੱਦ ਕੇ ਪੁੱਛਿਆ ਜਾਵੇ?”
“ਸਿੰਘ, ਜਿਵੇਂ ਮਰਜ਼ੀ ਕਰ, ਤੂੰ ਆਪੇ ਕੋਈ ਹੱਲ ਲੱਭ ਲੈ, ਮੈਨੂੰ ਪਤਾ ਕਿ ਸੂਜ਼ੀ ਬਹੁਤ
ਸੁਸਤ ਔਰਤ ਐ, ਬੁਢਾਪੇ ਕਾਰਨ ਉਸ ਦੇ ਗੋਡੇ ਵੀ ਦੁਖਦੇ ਆ, ਕੰਮ ਹੁੰਦਾ ਨਹੀਂ ਏਹਦੇ ਕੋਲੋਂ।
ਜੇਮਜ਼ ਨਾਲ ਉਸ ਦੀ ਖੂਬ ਨਿਭੀ ਜਾਂਦੀ ਐ, ਜੇਮਜ਼ ਦੇ ਛੁੱਟੀ ਗਿਆਂ ਜਦ ਕਿਸੇ ਹੋਰ ਡਰਾਈਵਰ
ਨਾਲ ਕੰਮ ਕਰਦੀ ਐ ਤਾਂ ਹੀ ਅਜਿਹੀ ਸਿ਼ਕਾਇਤ ਆਉਂਦੀ ਐ।”
ਮੈਰੀ ਈਵਾਨ ਆਪਣੀ ਰਾਏ ਜਿਹੀ ਦੇ ਕੇ ਤੁਰਦੀ ਬਣੀ। ਮੈਂ ਸੋਚਣ ਲਗਿਆ ਕਿ ਸੂਜ਼ੀ ਸੱਦ ਕੇ ਇਸ
ਬਾਰੇ ਤਾੜਨਾ ਦੇਵਾਂ ਕਿ ਨਾ।
ਸੈਮ ਦੀ ਕੀਤੀ ਸਿ਼ਕਾਇਤ ਬਾਰੇ ਖਬਰ ਅਲੀ ਨੂੰ ਵੀ ਮਿਲ ਗਈ। ਉਹ ਕਹਿਣ ਲਗਿਆ,
“ਭਾਈ ਸਾਹਿਬ, ਸਿ਼ਕਾਇਤ ਤਾਂ ਸੂਜ਼ੀ ਦੀ ਮੈਂ ਵੀ ਲਗਾਉਣੀ ਚਾਹੁੰਦਾ ਸਾਂ ਪਰ ਪੰਜਾਬਣ ਹੋਣ
ਕਰਕੇ ਨਹੀਂ ਲਗਾਈ, ਇਕ ਤਾਂ ਕੰਮ ਨੂੰ ਲੇਜ਼ੀ ਤੇ ਦੂਜੇ ਕੁਝ ਕਹੋ ਤਾਂ ਖਾਣ ਨੂੰ ਪੈਂਦੀ ਐ।”
ਗੱਲ ਕਰਦਾ ਕਰਦਾ ਅਲੀ ਚੁੱਪ ਜਿਹਾ ਕਰ ਗਿਆ। ਪਲ ਕੁ ਦੇ ਵਕਫੇ ਨਾਲ ਬੋਲਿਆ,
“ਭਾਈ ਸਾਹਿਬ, ਏਹਨੂੰ ਕੁਝ ਨਾ ਕਹੀਂ, ਇਹ ਬਹੁਤ ਵੱਡੇ ਘਰ ਦੀ ਨੂੰਹ-ਧੀ ਸੀ ਪਰ ਹੁਣ ਵਿਚਾਰੀ
ਬੇਹੱਦ ਦੁਖੀ ਐ, ਬਹੁਤ ਇਕੱਲੀ ਐ, ...ਬੱਚੇ ਉਡਾਰੂ ਹੋ ਕੇ ਛੱਡ ਗਏ, ਆਦਮੀ ਉਪਰ ਕੋਈ ਕੇਸ
ਬਣ ਗਿਆ ਸੀ ਉਹ ਇੰਡੀਆ ਜਾ ਬੈਠਿਆ, ਸਭ ਕੁਝ ਵਿਕ-ਵਿਕਾ ਗਿਆ ਤੇ ਇਹ ਹੁਣ ਥੋੜੀ ਬਹੁਤ
ਪੈਂਸ਼ਨ ਤੇ ਐਸ ਜੌਬ ਨਾਲ ਗੁਜ਼ਾਰਾ ਕਰਦੀ ਐ।”
ਮੈਂ ਉਸੇ ਵੇਲੇ ਦਫਤਰ ਵਿਚ ਜਾ ਕੇ ਸੂਜ਼ੀ ਦੇ ਰਿਕ੍ਰਾਡ ਵਿਚ ਉਸ ਦਾ ਪੂਰਾ ਨਾਂ ਦੇਖਿਆ।
ਲਿਖਿਆ ਸੀ; ਮਿਸਜ਼ ਸੁਰਿੰਦਰ ਕੋਰ ਬਾਜਵਾ।
-0-
|