Welcome to Seerat.ca
Welcome to Seerat.ca

ਅੰਡੇਮਾਨ ਸੈਲੂਲਰ ਜੇਲ੍ਹ ਵਿੱਚ

 

- ਸੋਹਣ ਸਿੰਘ ਭਕਨਾ

ਪ੍ਰੇਮ-ਗਿਆਨ

ਨਿਬੰਧ / ਪਾਤਰਾਂ ਮਗਰ ਲੇਖਕ

 

- ਹਰਜੀਤ ਅਟਵਾਲ

ਇਹ ਤਾਂ ਵਿਚਾਰੇ ਸ਼ਾਇਰ ਤੇ ਅਦੀਬ ਲੋਕ ਨੇ!

 

- ਵਰਿਆਮ ਸਿੰਘ ਸੰਧੂ

ਮਸਾਲੇਦਾਰ ਕੈਨੇਡਾ / ਟੋਰੰਟੋ ਦੀਆਂ ਬੱਸਾਂ ਅਤੇ ਉਹਨਾਂ ਦੇ ਡਰਾਈਵਰ

 

- ਗੁਰਦੇਵ ਚੌਹਾਨ

ਕੀ ਸਵੈ-ਜੀਵਨੀ ਸਾਹਿਤ ਹੁੰਦੀ ਹੈ?

 

- ਉਂਕਾਰਪ੍ਰੀਤ

ਅਦੁੱਤੀ ਸ਼ਖਸੀਅਤ ਪ੍ਰੋਫੈਸਰ ਮੇਹਰ ਚੰਦ ਭਾਰਦਵਾਜ

 

- ਹਰਜੀਤ ਸਿੰਘ ਗਿੱਲ

ਕਹਾਣੀ / ਬੈਕ ਰੂਮ

 

- ਡਾਕਟਰ ਸਾਥੀ ਲੁਧਿਆਣਵੀ

ਇੱਲੀਗਲ ਇਮੀਗਰਾਂਟਸ

 

- ਡਾਕਟਰ ਸਾਥੀ ਲੁਧਿਆਣਵੀ

ਤੇਰਾ ਵਿਕਦਾ ਜੈ ਕੁਰੇ ਪਾਣੀ, ਲੋਕਾਂ ਦਾ ਨਾ ਦੁਧ ਵਿਕਦਾ।

 

- ਗਿਆਨੀ ਸੰਤੋਖ ਸਿੰਘ

ਜੀ ਆਇਆਂ ਨੂੰ

 

- ਵਰਿਆਮ ਸਿੰਘ ਸੰਧੂ

2 ਸਤੰਬਰ ਪਾਸ਼ ਯਾਦਗਾਰੀ ਸਾਹਿਤਕ ਸਮਾਗਮ ‘ਤੇ ਵਿਸ਼ੇਸ਼ / ਸਾਹਿਤ ਦੇ ਅੰਬਰੀਂ ਟਹਿਕਦੇ ਸੂਹੇ ਤਾਰੇ

 

- ਅਮੋਲਕ ਸਿੰਘ

ਇਨਸਾਫ ਲਈ ਕੁੰਡੇ ਖੜਕਾਉਂਦੇ, ਖੇਤਾਂ ਦੇ ਪੁੱਤ ਆਬਾਦਕਾਰ

 

- ਅਮੋਲਕ ਸਿੰਘ

 


ਜੀ ਆਇਆਂ ਨੂੰ
- ਵਰਿਆਮ ਸਿੰਘ ਸੰਧੂ

 

ਰਛਪਾਲ ਕੌਰ ਗਿੱਲ ਪੰਜਾਬੀ ਕਹਾਣੀ ਦੇ ਪਾਠਕਾਂ ਲਈ ਅਸਲੋਂ ਨਵਾਂ ਨਾਂ ਹੈ। ਮੈਂ ਉਸਨੂੰ ਪਹਿਲੀ ਵਾਰ 'ਪੰਜਾਬੀ ਕਹਾਣੀ ਮੰਚ ਟਰਾਂਟੋ' ਦੀ ਮੀਟਿੰਗ ਵਿਚ ਮਿਲਿਆ। ਉਹ ਆਉਂਦੀ ਤਾਂ ਕਦੇ ਕਦੇ ਇਹ ਕਹਿੰਦੀ, “ਮੈਂ ਤਾਂ ਅੱਜ ਸਵੇਰੇ ਈ ਕਾਹਲੀ ਕਾਹਲੀ ਕਹਾਣੀ ਝਰੀਟਣ ਬੈਠੀ ਸਾਂ। ਜਿਹੋ ਜਿਹੀ ਲਿਖੀ ਗਈ, ਲੈ ਆਈ ਆਂ। ਇਹ ਕਹਾਣੀ ਬਣੀ ਵੀ ਆਂ ਕਿ ਨਹੀਂ, ਮੈਨੂੰ ਨਹੀਂ ਪਤਾ। ਤੁਸੀਂ ਸੁਣ ਕੇ ਵੇਖ ਲਓ।” ਕਦੀ ਕਦੀ ਇਸਤਰ੍ਹਾਂ ਵੀ ਹੁੰਦਾ ਕਿ ਉਹਦੀ 'ਸਵੇਰੇ ਸਵੇਰੇ ਤੇ ਕਾਹਲੀ ਕਾਹਲੀ ਲਿਖੇ ਜਾਣ ਵਾਲੀ ਕਹਾਣੀ' ਮੀਟਿੰਗ ‘ਤੇ ਆਉਣ ਤੱਕ ਮੁਕੰਮਲ ਨਾ ਹੋਈ ਹੁੰਦੀ। ਜਦੋਂ ਕੋਈ ਹੋਰ ਕਹਾਣੀਕਾਰ ਕਹਾਣੀ ਪੜ੍ਹ ਰਿਹਾ ਹੁੰਦਾ ਤਾਂ ਉਹ ਕਾਹਲੀ ਕਾਹਲੀ ਨਾ-ਮੁਕੰਮਲ ਕਹਾਣੀ ਦੇ ਸਫ਼ੇ ਝਰੀਟ ਰਹੀ ਹੁੰਦੀ। ਇਹਨਾਂ ਮੀਟਿੰਗਾਂ ਵਿਚ ਮਿਲਣ ‘ਤੇ ਹੀ ਉਸ ਬਾਰੇ ਪਤਾ ਲੱਗਾ ਕਿ ਉਸਦਾ ਜੀਵਨ ਲੰਮੇ ਤੇ ਕਰੜੇ ਸੰਘਰਸ਼ ਦੀ ਦਾਸਤਾਨ ਹੈ। ਕਨੇਡਾ ਆਉਣ ਉਪਰੰਤ ਉਹਨੇ ਦੁੱਖ ਨਾਲ ਲੰਮੀ ਲੜਾਈ ਲੜੀ ਤੇ ਦੁੱਖ ਨੂੰ ਆਪਣਾ ਦਾਰੂ ਬਣਾ ਕੇ ਉਸ ਉੱਤੇ ਫ਼ਤਹਿ ਹਾਸਲ ਕੀਤੀ। ਨਿੱਜੀ ਦੁੱਖ ਵਿਚੋਂ ਉਭਰਨ ਤੋਂ ਬਾਅਦ ਭਾਵੇਂ ਉਸਨੇ ਸਮਾਜਕ-ਸਭਿਆਚਾਰਕ, ਧਾਰਮਕ ਤੇ ਰਾਜਨੀਤਕ ਖ਼ੇਤਰ ਵਿਚ ਸੇਵਾ ਕਰਨ ਦਾ ਪੈਂਤੜਾ ਵੀ ਅਖ਼ਤਿਆਰ ਕੀਤਾ ਪਰ ਉਸਦਾ ਮੂਲ ਕਿੱਤਾ ਅਧਿਆਪਨ ਦਾ ਹੈ। ਸਕੂਲ ਅਧਿਆਪਕਾ ਵਜੋਂ ਕਾਰਜਸ਼ੀਲ ਹੁੰਦਿਆਂ ਉਸਨੇ ਪ੍ਰਾਪਤ ਅਨੁਭਵ ਨੂੰ ਕਹਾਣੀ ਵਿਚ ਢਾਲਣ ਦਾ ਯਤਨ ਕੀਤਾ ਹੈ। ਉਸਦੀਆਂ ਕਹਾਣੀਆਂ ਅਕਸਰ ਹੀ ਕਨੇਡਾ ਦੇ ਸਕੂਲੀ ਜੀਵਨ ਨਾਲ ਸੰਬੰਧਿਤ ਹੁੰਦੀਆਂ ਹਨ। ਇਹ ਕਹਾਣੀਆਂ ਕਿਉਂਕਿ ਆਮ ਕਰਕੇ ਉਸਦੇ ਨਿੱਜ ਨਾਲ ਸੰਬੰਧਤ ਹੁੰਦੀਆਂ ਹਨ, ਸ਼ਾਇਦ ਏਸੇ ਕਰਕੇ ਉਸਨੂੰ ਇਹਨਾਂ ਨੂੰ ਲਿਖਣ ਲੱਗਿਆਂ ਬਹੁਤੀ ਰਚਨਾਤਮਕ ਖ਼ੇਚਲ ਨਹੀਂ ਕਰਨੀ ਪੈਂਦੀ। ਸਕੂਲ ਵਿਚ ਵਾਪਰੀ ਕੋਈ ਘਟਨਾ ਉਸਨੂੰ ਟੁੰਬਦੀ ਹੈ ਤੇ ਉਹ ਉਸਤੇ ਬੜੇ ਸਹਿਜ ਨਾਲ ਕਹਾਣੀ ਲਿਖ ਦਿੰਦੀ ਹੈ; ਬੜੇ ਨਿਰਉਚੇਚ ਢੰਗ ਨਾਲ। ਕਹਾਣੀਆਂ ਵਿਚ ਉਹਦਾ ਆਪਾ ਵੱਡੇ ਪੱਧਰ ‘ਤੇ ਸ਼ਾਮਲ ਹੋਣ ਕਰਕੇ ਇਹਨਾਂ ਕਹਾਣੀਆਂ ਦਾ ਬਿਰਤਾਂਤ ਸਵੈਜੀਵਨੀ-ਪਰਕ ਹੈ। ਕਹਾਣੀਆਂ ਵਿਚਲਾ ਅਨੁਭਵ ਉਸਦਾ ਕਮਾਇਆ ਹੋਇਆ ਹੈ, ਇਸ ਲਈ ਸਕੂਲੀ ਜੀਵਨ ਦੀ ਇਸ ਜ਼ਮੀਨ ‘ਤੇ ਉਸਦੇ ਪੈਰ ਬੜੇ ਭਰੋਸੇ ਨਾਲ ਉੱਠਦੇ ਹਨ। ਇਸੇ ਭਰੋਸੇ ਵਿਚੋਂ ਹੀ ਉਹ ਮੀਟਿੰਗ ਵਿਚ ਬੈਠਿਆਂ ਬੈਠਿਆਂ ਵੀ ਆਪਣੀ ਕਹਾਣੀ ਦਾ 'ਬਾਕੀ ਹਿੱਸਾ' ਲਿਖ ਲੈਂਦੀ ਹੈ।
ਕਿਹਾ ਜਾ ਸਕਦਾ ਹੈ ਕਿ ਇਹਨਾਂ ਕਹਾਣੀਆਂ ਰਾਹੀਂ ਰਛਪਾਲ ਵਸਤੂ ਪੱਖੋਂ ਪੰਜਾਬੀ ਕਹਾਣੀ ਵਿਚ ਨਵਾਂ ਪਸਾਰ ਜੋੜਦੀ ਹੈ। ਇਸਤੋਂ ਪਹਿਲਾਂ ਕਨੇਡਾ ਦੇ ਸਕੂਲੀ ਜੀਵਨ ਬਾਰੇ ਇਸ ਸਿ਼ੱਦਤ ਤੇ ਸੂਖ਼ਮਤਾ ਨਾਲ ਕਿਸੇ ਹੋਰ ਪੰਜਾਬੀ ਕਹਾਣੀਕਾਰ ਦੀ ਲਿਖੀ ਕਹਾਣੀ ਮੈਂ ਨਹੀਂ ਪੜ੍ਹੀ। ਅਸਲ ਗੱਲ ਤਾਂ ਇਹ ਹੈ ਕਿ ਉਸਦੀ ਕਹਾਣੀ ਕੇਵਲ ਸਕੂਲੀ ਜੀਵਨ ਦਾ ਤਰਦਾ ਤਰਦਾ ਬਿਰਤਾਂਤ ਨਹੀਂ ਸਗੋਂ ਸਕੂਲੀ ਜੀਵਨ ਦੇ ਝਰੋਖੇ ਰਾਹੀਂ ਉਹ ਮੌਜੂਦਾ ਕਨੇਡੀਅਨ ਸਮਾਜ ਤੇ ਸਭਿਆਚਾਰ ਦੀਆਂ ਅਨੇਕਾਂ ਲੁਕਵੀਆਂ ਪਰਤਾਂ ਵੀ ਫੋਲਦੀ ਹੈ। ਇਹਨਾਂ ਕਹਾਣੀਆਂ ਰਾਹੀਂ ਰਛਪਾਲ ਅਧਿਆਪਕ-ਵਿਦਿਆਰਥੀ, ਮਾਪੇ-ਅਧਿਆਪਕ, ਬੱਚੇ ਤੇ ਕਨੇਡੀਅਨ ਸਰਕਾਰ, ਸਮਾਜ ਅਤੇ ਸਕੂਲ, ਕਨੇਡੀਅਨ ਵਿਦਿਅਕ ਪ੍ਰਬੰਧ, ਖੁਲ੍ਹੇ ਕਾਮ-ਸੰਬੰਧ, ਟੁੱਟਦੇ ਪਰਿਵਾਰ ਤੇ ਖੰਡਿਤ ਹੁੰਦੇ ਰਿਸ਼ਤੇ ਆਦਿ ਅਨੇਕਾਂ ਵਿਸਿ਼ਆਂ ਨੂੰ ਬੜੀ ਸੰਵੇਦਨਸ਼ੀਲਤਾ ਅਤੇ ਮਨੋਵਿਗਿਆਨਕ ਡੁੰਘਾਈ ‘ਚੋਂ ਮੁਖ਼ਾਤਬ ਹੁੰਦੀ ਹੈ।
ਉਹ ਕਨੇਡੀਅਨ ਵਿਦਿਅਕ ਪ੍ਰਬੰਧ ਦੀ ਅਜਿਹੀ ਸਹਿਜ ਝਾਕੀ ਪ੍ਰਸਤੁਤ ਕਰਦੀ ਹੈ ਕਿ ਸਾਡੇ ਪੰਜਾਬ ਵਿਚਲੇ ਵਿਦਿਅਕ ਪ੍ਰਬੰਧ ਅੱਗੇ, ਤੇ ਕਿਤੇ ਕਿਤੇ ਤਾਂ ਕਨੇਡੀਅਨ ਵਿਦਿਅਕ ਪ੍ਰਬੰਧ ਅੱਗੇ ਵੀ, ਕਈ ਪ੍ਰਸ਼ਨ-ਚਿੰਨ੍ਹ ਲੱਗ ਜਾਂਦੇ ਹਨ। ਇਹਨਾਂ ਪ੍ਰਸ਼ਨਾਂ ਦੇ ਜਵਾਬ ਲੱਭਦਿਆਂ ਸਾਡੇ ਵਿਦਿਅਕ ਢਾਂਚੇ ਲਈ ਨਵੀਆਂ ਅੰਤਰਦ੍ਰਿਸ਼ਟੀਆਂ ਵੀ ਪ੍ਰਾਪਤ ਹੁੰਦੀਆਂ ਹਨ। ਮੇਰੇ ਖਿ਼ਆਲ ਵਿਚ ਇਹਨਾਂ ਕਹਾਣੀਆਂ ਦਾ ਪੰਜਾਬੀ ਪਾਠਕਾਂ ਲਈ ਉਚੇਚਾ ਮਹੱਤਵ ਹੈ। ਅੰਗਰੇਜ਼ੀ ਸਕੂਲਾਂ ਵਿਚ ਬੱਚੇ ਪੜ੍ਹਾਉਣ ਵਾਲੀ ਸਾਡੇ ਮੁਲਕ ਦੀ ਸਮਰਿੱਧ ਸ਼੍ਰੇਣੀ ਨੂੰ ਛੱਡ ਕੇ ਸਾਡੇ ਅੱਸੀ ਫੀ਼ ਸਦੀ ਤੋਂ ਵੱਧ ਬੱਚੇ ਸਰਕਾਰੀ ਸਕੂਲਾਂ ਵਿਚ ਪੜ੍ਹ ਰਹੇ ਹਨ। ਅਸੀਂ ਸਾਰੇ ਜਾਣਦੇ ਹਾਂ ਕਿ ਸਾਡੀ ਸਕੂਲੀ ਵਿਦਿਆ ਦਾ ਬਹੁਤ ਬੁਰਾ ਹਾਲ ਹੈ। ਇਸਦਾ ਇਕ ਇਸ਼ਾਰਾ ਤਾਂ ਰਛਪਾਲ ਦੀ ਕਹਾਣੀ 'ਤਰਸ' ਵਿਚ ਵੀ ਮਿਲ ਜਾਂਦਾ ਹੈ। ਪੰਜਵੀਂ ਵਿਚ ਹੋ ਕੇ ਵੀ ਮੰਗੇ ਨੂੰ ਅਜੇ ਤੱਕ ਪੜ੍ਹਨਾ ਲਿਖਣਾ ਨਹੀਂ ਆਇਆ। ਜੇ ਸਿਖ਼ਰਲੀ ਚੋਟੀ ਤੋਂ ਸਾਡੇ ਰਾਜਨੀਤਕ ਸਿਸਟਮ ਦੇ ਭ੍ਰਿਸ਼ਟ ਹੋਣ ਦੀਆਂ ਗਵਾਹੀਆਂ ਹਰ ਰੋਜ਼ ਮਿਲ ਰਹੀਆਂ ਹਨ ਤਾਂ ਵਿਦਿਅਕ ਸਿਸਟਮ ਭ੍ਰਿਸ਼ਟ ਹੋਣਾ ਕੋਈ ਅਲੋਕਾਰ ਗੱਲ ਨਹੀਂ। ਪੰਜਾਬ ਦੀ ਜਵਾਨੀ ਕੁਰਾਹੇ ਪੈਣ ਦੇ ਜਿੱਥੇ ਹੋਰ ਵੀ ਕਈ ਕਾਰਨ ਹਨ, ਜਿਨ੍ਹਾਂ ਦੀ ਚਰਚਾ ਕਰਨ ਲਈ ਇਹ ਮੁਨਾਸਬ ਮੌਕਾ ਨਹੀਂ, ਓਥੇ ਤਥਾਕਥਿਤ 'ਪੜ੍ਹੇ-ਲਿਖੇ' ਅਨਪੜ੍ਹਾਂ ਦੀ ਭੀੜ ਪੈਦਾ ਕਰਨ ਲਈ ਸਾਡਾ ਵਿਦਿਅਕ ਸਿਸਟਮ ਵੀ ਭਾਗੀਦਾਰ ਹੈ। ਸਾਡੀ ਸੰਵੇਦਨਸ਼ੀਲਤਾ ਹਰੇਕ ਪੱਧਰ ‘ਤੇ ਬਹੁਤ ਹੱਦ ਤੱਕ ਪਥਰਾਈ ਜਾ ਚੁੱਕੀ ਹੈ। ਰਛਪਾਲ ਦੀਆਂ ਇਹ ਕਹਾਣੀ ਵਿਦਿਅਕ ਪ੍ਰਬੰਧ ਨਾਲ ਜੁੜੇ ਸਾਡੇ ਪਾਠਕਾਂ, ਅਧਿਆਪਕਾਂ ਦੀ ਪਥਰਾਈ ਹੋਂਦ ਨੂੰ ਸੇਕ ਦੇਣ ਤੇ ਪਿਘਲਾਉਣ ਦੇ ਕੰਮ ਵੀ ਆ ਸਕਦੀਆਂ ਹਨ।
ਇਹਨਾਂ ਕਹਾਣੀਆਂ ਦੀ ਬਿਰਤਾਂਤਕਾਰ ਅਕਸਰ ਅਧਿਆਪਕਾ ਹੁੰਦੀ ਹੈ। ਇਸ ਅਧਿਆਪਕਾ ਦੇ ਮਾਧਿਅਮ ਰਾਹੀਂ ਸਹਿਜੇ ਹੀ ਮਾਡਲ ਅਧਿਆਪਕਾ ਦਾ ਗਲਪ-ਬਿੰਬ ਉਭਰਦਾ ਹੈ। ਰਛਪਾਲ ਦੀ ਖ਼ੂਬੀ ਇਹ ਹੈ ਕਿ ਉਹ ਕਿਧਰੇ ਵੀ ਸੰਬੰਧਤ ਅਧਿਆਪਕਾ ਨੂੰ ਮਾਡਲ ਬਨਾਉਣ ਦੀ ਉਚੇਚੀ ਕੋਸਿ਼ਸ਼ ਨਹੀਂ ਕਰਦੀ ਸਗੋਂ ਅਧਿਆਪਕਾ ਦਾ ਸਹਿਜ ਵਿਹਾਰ ਹੀ ਉਸਨੂੰ ਇਕ ਮਾਡਲ ਅਧਿਆਪਕਾ ਬਣਾ ਦਿੰਦਾ ਹੈ। ਸਾਡੇ ਬਹੁਤੇ ਅਧਿਆਪਕ ਅੱਵਲ ਤਾਂ ਜਮਾਤ ਵਿਚ ਜਾਂਦੇ ਹੀ ਨਹੀਂ ਅਤੇ ਜੇ ਜਾਂਦੇ ਵੀ ਹਨ ਤਾਂ ਸਾਲਾਂ ਤੋਂ ਚਲੇ ਆ ਰਹੇ ਪ੍ਰਚੱਲਤ ਤਰੀਕੇ 'ਤੂੰ ਪੜ੍ਹ' ਦੀ ਵਰਤੋਂ ਕਰਕੇ ਵਿਦਿਆਰਥੀਆਂ ਨੂੰ ਪੜ੍ਹਨ ਲਾ ਦਿੰਦੇ ਹਨ ਤੇ ਆਪ ਕੁਰਸੀ ‘ਤੇ ਬੈਠ ਕੇ ਆਰਾਮ ਕਰਦੇ ਹਨ। ਪਰ ਇਹਨਾਂ ਕਹਾਣੀਆਂ ਦੀ ਅਧਿਆਪਕਾ ਤਾਂ ਆਪਣੀ ਜਮਾਤ ਨਾਲ ਏਨੀ ਰੁੱਝੀ ਰਹਿੰਦੀ ਹੈ ਕਿ ਉਸਨੂੰ ਡੈਸਕ ਪਿੱਛੇ ਕੁਰਸੀ ‘ਤੇ ਬੈਠਣ ਦਾ ਮੌਕਾ ਘੱਟ ਹੀ ਮਿਲਦਾ ਹੈ (ਗੁਲਾਬੀ ਸੂਟ)। ਭਾਵੇਂ ਅਸਲੋਂ ਛੋਟੀਆਂ ਕਲਾਸਾਂ ਨੂੰ ਪੜ੍ਹਾਉਣਾ ਹੋਵੇ, ਅਧਿਆਪਕਾਵਾਂ ਤਿਆਰੀ ਕਰਕੇ ਜਾਂਦੀਆਂ ਹਨ। ਕਈ ਕਹਾਣੀਆਂ ਵਿਚੋਂ ਇਹ ਸੰਕੇਤ ਵੀ ਮਿਲਦੇ ਹਨ ਕਿ ਅਧਿਆਪਕਾਵਾਂ ਇਕ ਦੂਜੀ ਨਾਲ ਮਿਲ ਕੇ ਕਲਾਸਾਂ ਨੂੰ ਪੜ੍ਹਾਉਣ ਤੇ ਜਾਨਣ ਲਈ ਸਾਂਝੀ ਤਿਆਰੀ ਵੀ ਕਰਦੀਆਂ ਹਨ। ਇਸਤੋਂ ਉਹਨਾਂ ਦੇ ਆਪਣੇ ਕਿੱਤੇ ਪ੍ਰਤੀ ਸਮਰਪਣ ਦੀ ਭਾਵਨਾ ਵੀ ਪਰਗਟ ਹੁੰਦੀ ਹੈ। ਇਹਨਾਂ ਕਹਾਣੀਆਂ ਵਿਚਲੀ ਬਿਰਤਾਂਤਕਾਰ ਅਧਿਆਪਕਾ ਬੇਹੱਦ ਸੰਵੇਦਨਸ਼ੀਲ ਹੈ। ਉਸਨੂੰ ਬਾਲ ਮਨੋਵਿਗਿਆਨ ਤੇ ਸਮਾਜ ਮਨੋਵਿਗਿਆਨ ਦੀ ਡੂੰਘੀ ਸਮਝ ਹੈ। ਹਰੇਕ ਨਵੀਂ ਕਲਾਸ ਨੂੰ ਉਹ ਨਵੀਂ ਕਿਤਾਬ ਵਾਂਗ ਪੜ੍ਹਦੀ ਹੈ। ਭਾਵੇਂ ਪਿਛਲੀ ਜਮਾਤ ਦੀ ਅਧਿਆਪਕਾ ਵੱਲੋਂ ਬਣਾਏ 'ਬਿਲਡਿੰਗ ਕਾਰਡ' ਅਗਲੀ ਜਮਾਤ ਦੀ ਅਧਿਆਪਕਾ ਵਾਸਤੇ ਸੰਬੰਧਤ ਬੱਚੇ ਨੂੰ ਤੇ ਉਸਦੇ ਪਿਛੋਕੜ ਨੂੰ ਜਾਨਣ-ਸਮਝਣ ਲਈ ਸਹਾਇਕ ਹੁੰਦੇ ਹਨ ਪਰ ਇਹ ਅਧਿਆਪਕਾ ਇਹ ਕਾਰਡ ਪੜ੍ਹਨ ਤੋਂ ਵੀ ਪਹਿਲਾਂ ਨਿੱਜੀ ਤੌਰ ‘ਤੇ ਉਹਨਾਂ ਬੱਚਿਆਂ ਬਾਰੇ ਆਪਣੀ ਸਮਝ ਤੇ ਰਾਇ ਬਨਾਉਣ ਦੀ ਕੋਸਿ਼ਸ਼ ਕਰਦੀ ਹੈ। ਉਹ ਨਹੀਂ ਚਾਹੁੰਦੀ ਕਿ ਪਹਿਲੀ ਅਧਿਆਪਕਾ ਵੱਲੋਂ ਦਿੱਤੀ ਰਾਇ ਨੂੰ ਪੜ੍ਹ ਕੇ ਉਹ ਬੱਚੇ ਬਾਰੇ ਕੋਈ ਪੂਰਵ ਆਗ੍ਰਹਿ ਬਣਾ ਲਵੇ। ਉਹ ਆਪਣੇ ਵਿਦਿਆਰਥੀਆਂ ਦੀਆਂ ਮਾਨਸਿਕ ਤੇ ਭਾਵਨਾਤਮਕ ਲੋੜਾਂ ਵੱਲ ਉਚੇਚਾ ਧਿਆਨ ਦਿੰਦੀ ਹੈ; ਬੱਚਿਆਂ ਦੇ ਮਾਪਿਆਂ ਨਾਲ ਸੰਪਰਕ ਕਰਕੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਸਮਝਣ ਦਾ ਚਾਰਾ ਕਰਦੀ ਹੈ; ਭਾਵੁਕ ਤੌਰ ਤੇ ਅਤ੍ਰਿਪਤ ਤੇ ਅਸੁਰੱਖਿਅਤ ਬੱਚਿਆਂ ਦੇ ਸੰਕਟ ਨੂੰ ਧੁਰ ਅੰਦਰੋਂ ਮਹਿਸੂਸ ਕਰਕੇ ਉਹਨਾਂ ਦੇ ਦਰਦ ਵਿਚ ਭਿੱਜਦੀ ਹੈ। ਏਨੀ ਸੰਵੇਦਨਸ਼ੀਲ ਹੈ ਅਤੇ ਵਿਦਿਆਰਥੀ ਨਾਲ ਮਾਨਸਿਕ ਤੌਰ ‘ਤੇ ਇਸ ਹੱਦ ਤੱਕ ਜੁੜ ਜਾਂਦੀ ਹੈ ਕਿ ਉਸਦੀਆਂ ਅੱਖਾਂ ਵਿਚੋਂ ਅੱਥਰੂ ਵੀ ਕਿਰ ਪੈਂਦੇ ਹਨ। ਵਿਗੜੇ ਜਾਂ ਗੁਸਤਾਖ਼ ਬੱਚਿਆਂ ਨੂੰ ਤਾਂ ਮਾਰਨ-ਝਿੜਕਣ ਦੀ ਖੁੱਲ੍ਹ ਕਨੇਡਾ ਸਰਕਾਰ ਹੀ ਨਹੀਂ ਦਿੰਦੀ ਪਰ ਇਹਨਾਂ ਬੱਚਿਆਂ ਨੂੰ ਸਵਾਰਨ ਸੁਧਾਰਨ ਲਈ ਤਾਂ ਅਧਿਆਪਕ-ਅਧਿਆਪਕਾ ਨੇ ਹੀ ਯਤਨ ਕਰਨੇ ਹੁੰਦੇ ਹਨ। ਕੋਈ ਅਧਿਆਪਕ ਅਜਿਹੇ ਬੱਚੇ ਪ੍ਰਤੀ 'ਹੋਊ ਪਰੇ' ਵਾਲਾ ਰਵੱਈਆ ਵੀ ਅਖ਼ਤਿਆਰ ਕਰ ਸਕਦਾ ਹੈ ਪਰ ਰਛਪਾਲ ਦੀਆਂ ਕਹਾਣੀਆਂ ਵਿਚਲੀ ਅਧਿਆਪਕਾ ਅਜਿਹਾ ਨਹੀਂ ਕਰਦੀ। ਉਸਦਾ ਰਿਸ਼ਤਾ ਆਪਣੇ ਵਿਦਿਆਰਥੀਆਂ ਨਾਲ ਮਾਵਾਂ ਵਰਗਾ ਹੈ। ਏਸੇ ਕਰਕੇ ਬੱਚੇ ਉਸਦਾ ਪ੍ਰਭਾਵ ਵੀ ਕਬੂਲਦੇ ਹਨ। ਉਹ ਬੱਚਿਆਂ ਦੀ ਤਾਕਤ ਜਾਂ ਬਾਹਵਾਂ ਬਣ ਕੇ ਉੱਭਰਦੀ ਹੈ। ਉਸਦੇ ਵਿਹਾਰ ਤੇ ਸਨੇਹ ਨਾਲ 'ਗੁਲਾਬੀ ਸੂਟ' ਦੀ ਸ਼ੈਨਨ ਆਪਣੀਆਂ 'ਅਣਹੋਈਆਂ ਬਾਹਵਾਂ' ਵਾਪਸ ਲੈਣਾ ਚਾਹੁੰਦੀ ਹੈ; ਉਸਦੀ ਸਿੱਖਿਆ ਨਾਲ 'ਦੁਖ਼ਦੀ ਰਗ' ਦੀ ਰਿਤੂ ਵਿਚ ਆਤਮ-ਵਿਸ਼ਵਾਸ ਪੈਦਾ ਹੁੰਦਾ ਹੈ; ਉਸਦੇ ਸਹਿਵਨ ਆਖੇ ਬੋਲਾਂ ਤੋਂ ਪ੍ਰੇਰਤ ਹੋ ਕੇ 'ਅਸਰ' ਦਾ ਲੜਕਾ ਗੁਰਜਾਪ ਆਪਣੇ ਕੇਸ ਰੱਖ ਲੈਂਦਾ ਹੈ, ਉਸਦੀ ਮਾਤ੍ਰੀ ਮੁਹੱਬਤ ਨੂੰ ਪਾ ਕੇ ਵਿਗੜਿਆ ਹੋਇਆ ਜੌਰਜ (ਅਪਣੱਤ) ਸਾਊ ਲੜਕੇ ਵਿਚ ਤਬਦੀਲ ਹੋ ਜਾਂਦਾ ਹੈ।
ਇਹ ਠੀਕ ਹੈ ਕਿ ਇਹ ਅਧਿਆਪਕਾ ਸੰਵੇਦਨਸ਼ੀਲ ਹੈ; ਬੱਚਿਆਂ ਦੀ ਦੋਸਤ, ਮਦਦਗ਼ਾਰ ਅਤੇ ਬਹੁਤ ਹੱਦ ਤੱਕ ਮਾਵਾਂ ਵਰਗੀ ਹੈ। ਜਿਵੇਂ ਵੀ ਹੋਵੇ ਉਹ ਬੱਚਿਆਂ ਦਾ ਭਲਾ ਕਰਨਾ ਚਾਹੁੰਦੀ ਹੈ। ਉਹਨਾਂ ਨੂੰ ਪੜ੍ਹਾਈ ਤੇ ਜਿੰ਼ਦਗੀ ਨਾਲ ਜੋੜਨਾ ਚਾਹੁੰਦੀ ਹੋਈ ਉਹਨਾਂ ਦੇ ਦੁੱਖ ਦੇ ਸੇਕ ਨਾਲ ਆਪ ਵੀ ਪਿਘਲਦੀ ਹੈ। ਅਜਿਹੀ ਹੋਣ ਦੇ ਬਾਵਜੂਦ ਉਹ ਨਾ ਉਲਾਰ ਹੈ ਤੇ ਨਾ ਅਤਿ-ਭਾਵੁਕ। ਜ਼ਬਤ ਵਿਚ ਰਹਿਣ ਵਾਲੀ ਹੈ ਤੇ ਕਿਸੇ ਭਾਵੁਕ ਉਲਾਰ ਵਿਚ ਕੋਈ ਫ਼ੈਸਲਾ ਨਹੀਂ ਲੈਂਦੀ। ਕਿਸੇ ਬੱਚੇ ਬਾਰੇ ਕੋਈ ਅੰਤਮ ਫ਼ੈਸਲਾ ਹੈਣਾ ਹੋਵੇ ਤਾਂ ਉਹ ਵਿਭਾਗੀ ਜਾਂ ਸਰਕਾਰੀ ਨਿਯਮਾਂ ਅਨੁਸਾਰ ਹੀ ਲੈਂਦੀ ਹੈ। ਕੈਂਡੀਆਂ ਚੋਰੀ ਕਰਨ ਵਾਲੀ ਮੁਨੀਰਾ (ਫ਼ਰਜ਼) ਉਸਦੇ ਤਰਲੇ ਕਰਦੀ ਹੈ ਕਿ ਸਕੂਲ ਵਿਚੋਂ ਕੈਂਡੀਆਂ ਚੋਰੀ ਕਰਨ ਵਾਲੀ ਘਟਨਾ ਦੀ ਸਿ਼ਕਾਇਤ ਉਸਦੀ ਮਾਂ ਕੋਲ ਨਾ ਲਾਵੇ, ਉਸਦੀ ਮਾਂ ਉਸਨੂੰ ਮਾਰ ਦੇਵੇਗੀ। ਅਧਿਆਪਕਾ ਦੀ ਮੁਨੀਰਾ ਨਾਲ ਹਮਦਰਦੀ ਹੈ, ਉਸਦੇ ਮਨ ‘ਤੇ ਮੁਨੀਰਾ ਦੇ ਤਰਲਿਆਂ ਦਾ ਅਸਰ ਵੀ ਹੁੰਦਾ ਹੈ। ਇਸ ਗੱਲ ਦੇ ਬਾਵਜੂਦ ਉਹ ਨਿਯਮਾਂ ਅਨੁਸਾਰ ਮੁਨੀਰਾ ਦੀ ਮਾਂ ਕੋਲ ਮੁਨੀਰਾ ਵੱਲੋਂ ਕੈਂਡੀਆਂ ਚੋਰੀ ਕਰਨ ਦੀ ਸਿ਼ਕਾਇਤ ਵੀ ਲਾਉਂਦੀ ਹੈ ਤੇ ਨਿਯਮਾਂ ਅਨੁਸਾਰ ਹੀ ਮੁਨੀਰਾ ਦੇ ਰੀਕਾਰਡ ਵਿਚ ਇਸ ਘਟਨਾ ਦਾ ਜਿ਼ਕਰ ਵੀ ਕਰਦੀ ਹੈ। ਅੰਦਰੋਂ ਸਿ਼ਕਾੁਿੲਤ ਕਰਨ ‘ਤੇ ਦੁਖੀ ਵੀ ਹੈ ਪਰ ਵਿਭਾਗੀ ਨਿਯਮਾਂ ਦਾ ਪਾਲਣ ਵੀ ਜ਼ਰੂਰੀ ਹੈ। ਇੰਜ ਹੀ ਜੇ ਸ਼ੈਨਨ ਜਾਂ ਟੇਲਰ ਕ੍ਰਮਵਾਰ ਉਸਤੋਂ 'ਗੁਲਾਬੀ ਸੂਟ' ਦੀ ਮੰਗ ਕਰਦੀਆਂ ਹਨ ਤਾਂ ਉਹਨਾਂ ਨੂੰ ਪਹਿਲਾਂ ਇਸ ਬਾਰੇ ਆਪਣੇ ਮਾਪਿਆਂ ਕੋਲੋਂ ਇਸਦੀ ਆਗਿਆ ਲੈਣੀ ਪੈਂਦੀ ਹੈ। ਜੇ ਕਿਸੇ ਬੱਚੇ ਨੂੰ ਉਸਦੀ ਭਾਵੁਕ ਤ੍ਰਿਪਤੀ ਲਈ ਆਪਣੇ ਕਲਾਸ ਰੂਮ ਵਿਚ (ਅਸਰ) ਜਾਂ ਬਾਹਰ ਜਾ ਕੇ ਲੰਚ ਕਰਵਾਉਣਾ ਹੈ ਤਾਂ ਇਸਦੀ ਵੀ ਪ੍ਰਿੰਸੀਪਲ ਤੇ ਮਾਪਿਆਂ ਕੋਲੋਂ ਬਾਕਾਇਦਾ ਆਗਿਆ ਲੈਂਦੀ ਹੈ।
ਏਥੇ ਹੀ ਉੇਸਦੀਆਂ ਕਹਾਣੀਆਂ ਵਿਚਲਾ ਇਕ ਹੋਰ ਪਾਸਾਰ ਦ੍ਰਿਸ਼ਟੀਗੋਚਰ ਹੁੰਦਾ ਹੈ। ਉਹ ਹੈ ਕਨੇਡੀਅਨ ਸਰਕਾਰ ਦਾ ਬੱਚਿਆਂ ਪ੍ਰਤੀ ਰਵੱਈਆ। ਕਨੇਡੀਅਨ ਸਰਕਾਰ ਬੱਚਿਆਂ ਪ੍ਰਤੀ ਮਾਪਿਆਂ ਨਾਲੋਂ ਵੀ ਵਧੇਰੇ ਜਿ਼ੰਮੇਵਾਰ ਤੇ ਪ੍ਰਤੀਬੱਧ ਵਿਖਾਈ ਦਿੰਦੀ ਹੈ। ਵਿਗੜੇ ਹੋਏ ਜਾਂ ਅਸੰਤੁਲਿਤ ਬੱਚਿਆਂ ਵਾਸਤੇ ਸਪੈਸ਼ਲ ਕਲਾਸਾਂ ਵੀ ਲੱਗਦੀਆਂ ਹਨ; ਉਹਨਾਂ ਨੂੰ ਕੌਂਸਲਿੰਗ ਦੇਣ ਦਾ ਪ੍ਰਬੰਧ ਵੀ ਹੈ। ਬੱਚਿਆਂ ਲਈ ਹੀ ਨਹੀਂ ਅਧਿਆਪਕਾਂ ਲਈ ਵੀ ਸਮੇਂ ਸਮੇਂ ਗਿਆਨ ਨੂੰ ਨਵਿਆਉਣ ਦਾ ਪ੍ਰਬੰਧ ਹੈ। ਕਈ ਕਹਾਣੀਆਂ ਵਿਚ ਅਜਿਹੇ ਉਪਬਿਰਤਾਂਤ ਹਨ ਜਿਨ੍ਹਾਂ ਵਿਚ ਅਜਿਹੇ ਪ੍ਰੋਗਰਾਮਾਂ ਵਿਚੋਂ ਪ੍ਰਾਪਤ ਅੰਤਰਦ੍ਰਿਸ਼ਟੀ ਰਾਹੀਂ ਅਧਿਆਪਕਾ ਆਪਣੇ ਵਿਦਿਆਰਥੀ ਦੀ ਸਮੱਸਿਆ ਹੱਲ ਕਰਦੀ ਨਜ਼ਰ ਆਉਂਦੀ ਹੈ। ਕਨੇਡੀਅਨ ਸਰਕਾਰ ਬੱਚਿਆਂ ਪ੍ਰਤੀ ਏਨੀ ਸੰਵੇਦਨਸ਼ੀਲ ਹੈ ਕਿ ਕੋਈ ਅਧਿਆਪਕ ਜਾਂ ਮਾਤਾ-ਪਿਤਾ ਬੱਚੇ ਨੂੰ ਝਿੜਕ ਜਾਂ ਮਾਰ ਨਹੀਂ ਸਕਦੇ। ਜੇ ਕਿਧਰੇ ਅਜਿਹੀ ਸਿ਼ਕਾਇਤ ਮਿਲੇ ਤਾਂ ਸਰਕਾਰ ਬੱਚਿਆਂ ਨੂੰ ਮਾਪਿਆਂ ਕੋਲੋਂ ਵੀ ਖੋਹ ਲੈਂਦੀ ਹੈ। 'ਫਰਜ਼' ਕਹਾਣੀ ਦਾ ਇਕ ਉਪ-ਬਿਰਤਾਂਤ ਦੱਸਦਾ ਹੈ ਕਿ ਬੱਚੀ ਕੇਰ੍ਹਾ ਨੂੰ ਉਸਦੀ ਮਾਂ ਨੇ ਸਿ਼ਕਾਇਤ ਮਿਲਣ ‘ਤੇ ਇਸ ਕਰਕੇ ਥੱਪੜ ਮਾਰਿਆ ਸੀ ਕਿਉਂਕਿ ਕੇਰ੍ਹਾ ਨੇ ਕਿਸੇ ਹੋਰ ਬੱਚੇ ਦਾ ਡਾਲਰ ਖੋਹ ਕੇ ਚਾਕਲੇਟ ਖ਼ਰੀਦ ਲਿਆ ਸੀ। ਕੇਰ੍ਹਾ ਦੀ ਗੱਲ੍ਹ ਉੱਤੇ ਚਪੇੜ ਦਾ ਨਿਸ਼ਾਨ ਪੈ ਜਾਣ ਕਰਕੇ ਅਧਿਆਪਕਾ ਮਿਸਿਜ਼ ਨੈਲਸਨ ਦੀ ਜਿ਼ੰਮੇਵਾਰੀ ਬਣਦੀ ਸੀ ਕਿ ਉਹ ਇਸਦੀ ਸੂਚਨਾ 'ਚਿਲਡਰਨ ਏਡ ਸੋਸਾਇਟੀ' ਵਾਲਿਆਂ ਨੂੰ ਦੇਵੇ। ਉਹ ਜਾਣਦੀ ਸੀ ਕਿ ਸਿ਼ਕਾਇਤ ਕੀਤੇ ਜਾਣ ਦੀ ਸੂਰਤ ਵਿਚ ਸੋਸਾਇਟੀ ਵਾਲੇ ਕੇਰ੍ਹਾ ਨੂੰ ਮਾਪਿਆਂ ਕੋਲੋਂ ਖੋਹ ਲੈਣਗੇ (ਤੇ ਹੋਇਆ ਵੀ ਇੰਜ ਹੀ) ਪਰ ਉਹ ਟੀਚਿੰਗ ਲਾਇਸੈਂਸ ਮਿਲਣ ਵੇਲੇ ਮਿਲੀ ਹਦਾਇਤ, ਕਿ ਬੱਚੇ ਨਾਲ ਕੀਤੇ ਕਿਸੇ ਵੀ ਕਿਸਮ ਦੇ ਸਰੀਰਕ ਜਾਂ ਮਾਨਸਿਕ ਦੁਰਵਿਹਾਰ ਦੀ ਰੀਪੋਰਟ ਇਸ ਸੰਸਥਾ ਨੂੰ ਦੇਣੀ ਬਣਦੀ ਹੈ, ਦਾ ਪਾਲਣ ਕਰਦਿਆਂ ਭਰੇ ਮਨ ਨਾਲ ਸਿ਼ਕਾਇਤ ਕਰਦੀ ਹੈ ਤੇ ਪਿੱਛੋਂ ਕੇਰ੍ਹਾ ਨੂੰ ਮਾਂ ਕੋਲੋਂ ਖੋਹ ਲਏ ਜਾਣ ਕਰਕੇ ਉਸ ਨਾਲ ਮਿਲ ਕੇ ਰੋਂਦੀ ਵੀ ਹੈ। ਕੇਰ੍ਹਾ ਦੀ ਮਾਂ ਹਰ ਰੋਜ਼ ਮਿਸਿਜ਼ ਨੈਲਸਨ ਦੀ ਕਲਾਸ ਵਿਚ ਆ ਕੇ ਧਾਹਾਂ ਮਾਰ ਕੇ ਰੋਂਦੀ ਤੇ ਆਖਦੀ ਹੈ ਕਿ 'ਮੇਰੀ ਬੇਟੀ ਮੈਨੂੰ ਦਿਵਾ ਦੇਵੋ। ਜੇਕਰ ਮੈਂ ਉਸਨੂੰ ਮਾਰਿਆ ਤਾਂ ਇਸਦਾ ਮਤਲਬ ਇਹ ਤਾਂ ਨਹੀਂ ਕਿ ਮੈਂ ਉਸਨੂੰ ਪਿਆਰ ਨਹੀਂ ਕਰਦੀ।' ਇਸ ਪ੍ਰਕਾਰ ਇਹ ਕਹਾਣੀ ਬੱਚਿਆਂ ਪ੍ਰਤੀ ਸਰਕਾਰ ਦੀ ਅਜਿਹੀ ਅਤਿ ਦੀ ਸੰਵੇਦਨਸ਼ੀਲਤਾ ਅੱਗੇ ਵੀ ਪ੍ਰਸ਼ਨ ਚਿੰਨ੍ਹ ਲਾਉਂਦੀ ਨਜ਼ਰ ਆਉਂਦੀ ਹੈ। ਲੁਕਿਆ ਹੋਇਆ ਸਵਾਲ ਇਹ ਵੀ ਬਣਦਾ ਹੈ ਕਿ ਕਨੇਡੀਅਨ ਬੱਚਿਆਂ ਦੇ ਅਮੋੜ ਜਾਂ ਆਪ-ਹੁਦਰੇ ਬਣਦੇ ਜਾਣ ਲਈ ਕਿਤੇ ਸਰਕਾਰ ਦਾ ਅਜਿਹਾ ਰਵੱਈਆ ਵੀ ਤਾਂ, ਕਿਸੇ ਹੱਦ ਤੱਕ, ਪ੍ਰੇਰਕ ਨਹੀਂ ਬਣਦਾ? ਇੰਜ ਹੀ ਕਨੇਡੀਅਨ ਵਿਦਿਅਕ ਪ੍ਰਬੰਧ ਦੀ ਇੱਕ ਹੋਰ ਖ਼ਾਮੀ ਵੀ ਸਹਿਜੇ ਹੀ ਦ੍ਰਿਸ਼ਟੀਗੋਚਰ ਹੋ ਜਾਂਦੀ ਹੈ। 'ਭੁੱਲ-ਭੁੱਲਈਆਂ' ਕਹਾਣੀ ਵਿਚਲੀ ਅਧਿਆਪਕਾ ਆਪਣੇ ਵਿਦਿਆਰਥੀਆਂ ਨੂੰ ਇਸ ਕਰਕੇ ਵਿਗਿਆਨਕ ਜਾਂ ਤਰਕਸੰਗਤ ਸਿੱਖਿਆ ਨਹੀਂ ਦੇ ਸਕਦੀ ਕਿਉਂਕਿ ਕਨੇਡਾ ਬਹੁ-ਸਭਿਆਚਾਰਕ ਮੁਲਕ ਹੈ ਤੇ ਇਸ ਕਰਕੇ ਕੋਈ ਵੀ ਅਧਿਆਪਕ ਜਾਂ ਸਰਕਾਰੀ ਮੁਲਾਜ਼ਮ ਮਾਪਿਆਂ ਜਾਂ ਬੱਚਿਆਂ ਦੇ ਧਾਰਮਿਕ, ਸਮਾਜਕ ਤੇ ਸਭਿਆਚਾਰਕ ਵਿਸ਼ਵਾਸ ਵਿਰੁੱਧ ਕੁਝ ਵੀ ਨਹੀਂ ਆਖ ਸਕਦਾ ਭਾਵੇਂ ਕਿ ਉਹ ਵਿਸ਼ਵਾਸ ਕਿੰਨਾਂ ਵੀ ਤਰਕਹੀਣ ਜਾਂ ਅਣਵਿਗਿਆਨਕ ਹੋਵੇ। ਜਿਹੜਾ ਸਰਕਾਰੀ ਜਾਂ ਵਿਦਿਅਕ ਪ੍ਰਬੰਧ ਬੱਚੇ ਦੇ ਸਵਾਲਾਂ ਦਾ ਤਰਕਸੰਗਤ ਜਵਾਬ ਦੇਣ ਦੀ ਥਾਂ ਉਸਨੂੰ ਭੁੱਲ-ਭੁਲੱਈਆਂ ਵਿਚ ਪਾਈ ਰੱਖੇ ਤੇ ਉਸਦੀ ਵਿਗਿਆਨਕ ਚੇਤਨਾ ਨੂੰ ਖੁੰਢਾ ਕਰੇ ਕੀ ਅਜਿਹੀ ਵਿਦਿਅਕ ਪਹੁੰਚ ਨੂੰ ਵਾਜਬ ਆਖਿਆ ਜਾ ਸਕਦਾ ਹੈ? ਇਹ ਸਵਾਲ ਦੱਸਦਾ ਹੈ ਕਿ ਬਹੁ-ਸਭਿਆਚਾਰਕ ਢਾਂਚੇ ਨੂੰ ਸੁਰੱਖਿਅਤ ਰੱਖਣ ਜਾਂ ਪ੍ਰੋਤਸਾਹਨ ਦੇਣ ਬਾਰੇ ਸਰਕਾਰ ਦੇ ਰਵੱਈਏ ਵਿਚ ਖ਼ਾਮੀਆਂ ਵੀ ਹਨ। ਅਜਿਹੀ ਅਣਵਿਗਿਆਨਕ ਪਹੁੰਚ ਕਿਸੇ ਸੂਰਤ ਵਿਚ ਵੀ ਕਿਸੇ ਵਿਦਿਅਕ ਪ੍ਰਬੰਧ ਦੀ ਹਾਂ-ਮੁਖ ਵਿਸ਼ੇਸ਼ਤਾ ਨਹੀਂ ਬਣਦੀ।
ਕਹਾਣੀਆਂ ਦੀ ਅਜਿਹੀ ਪੜ੍ਹਤ ਤੋਂ ਭਲੀ-ਭਾਂਤ ਪਰਗਟ ਹੋ ਜਾਂਦਾ ਹੈ ਕਿ ਲੇਖਿਕਾ ਦਾ ਨਜ਼ਰੀਆ ਕਿਵੇਂ ਵੀ ਇਕ-ਪਾਸੜ ਨਹੀਂ। ਉਹ ਸਮੁੱਚੇ ਵਿਦਿਅਕ ਤੇ ਸਰਕਾਰੀ ਢਾਂਚੇ ਨੂੰ ਆਲੋਚਨਾਤਮਕ ਦ੍ਰਿਸ਼ਟੀ ਤੋਂ ਵਾਚਦੀ ਤੇ ਪੜਤਾਲਦੀ ਹੈ। ਉਸਦੀਆਂ ਕਹਾਣੀਆਂ ਵਿਚਲਾ ਵਾਪਰਨ-ਸਥਲ ਤਾਂ ਭਾਵੇਂ ਸਕੂਲ ਹੈ ਪਰ ਇਹ ਕਹਾਣੀਆਂ ਕੇਵਲ ਸਕੂਲ ਦੀ ਹੱਦ ਅੰਦਰ ਹੀ ਬੰਦ ਨਹੀਂ ਰਹਿੰਦੀਆਂ। ਇਹਨਾਂ ਵਿਚਲਾ 'ਸਕੂਲ' ਹੌਲੀ ਹੌਲੀ ਫ਼ੈਲਦਾ ਜਾਂਦਾ ਹੈ; ਕਹਾਣੀਆਂ ਦਾ ਵਸਤੂ ਕੇਵਲ ਵਿਦਿਅਕ ਤੇ ਸਰਕਾਰੀ ਢਾਂਚੇ ਦੇ ਆਲੋਚਨਾਤਮਕ ਪ੍ਰਗਟਾ ਤੱਕ ਸੀਮਤ ਨਹੀਂ ਰਹਿੰਦਾ ਸਗੋਂ ਸਕੂਲ ਦੇ ਮਾਧਿਅਮ ਰਾਹੀਂ ਪੂਰਾ ਕਨੇਡੀਅਨ ਸਮਾਜ ਤੇ ਸਭਿਆਚਾਰ ਸੰਕੇਤਕ ਸ਼ਕਲ ਵਿਚ ਦ੍ਰਿਸ਼ਟੀ ਗੋਚਰ ਹੋ ਜਾਂਦਾ ਹੈ। ਪਰਵਾਸੀ ਪੰਜਾਬੀ ਕਹਾਣੀ ਦੀ ਇਹ ਬਹੁਤ ਵੱਡੀ ਸੀਮਾ ਰਹੀ ਹੈ ਕਿ ਇਸ ਵਿਚ ਬਹੁਤ ਹੱਦ ਤੱਕ ਪਰਵਾਸੀ ਪੰਜਾਬੀ ਸਮਾਜ ਦੀਆਂ ਵਿਸੰਗਤੀਆਂ (ਹੇਰਵਾ, ਸਭਿਆਚਾਰਕ ਤਨਾਓ, ਪੀੜ੍ਹੀ-ਪਾੜਾ, ਨਸਲੀ ਵਿਤਕਰਾ ਆਦਿ) ਦਾ ਹੀ ਜਿ਼ਕਰ ਹੋਇਆ ਹੈ; ਪੱਛਮੀ ਲੋਕਾਂ ਨਾਲ ਸਾਡੀ ਅੰਤਰਕਿਰਿਆ ਵਿਚੋਂ ਪ੍ਰਾਪਤ ਹਕੀਕੀ ਬਿਰਤਾਂਤ ਦੀ ਝਲਕ ਕਿਤੇ ਵਿਰਲੀ ਵਾਂਝੀ ਹੀ ਮਿਲਦੀ ਹੈ। ਇਸਦਾ ਵਿਸ਼ੇਸ਼ ਕਾਰਨ ਤਾਂ ਇਹ ਹੈ ਕਿ ਸਾਡੇ ਲੋਕ ਬਾਹਰਲੇ ਮੁਲਕਾਂ ਵਿਚ ਆ ਕੇ ਵੀ ਬੰਦ ਸਭਿਆਚਾਰ ਵਿਚ ਹੀ ਰਹਿੰਦੇ ਹਨ। ਪੱਛਮੀ ਲੋਕਾਂ ਨਾਲ ਉਹਨਾਂ ਦਾ ਸੰਪਰਕ ਇਸ ਹੱਦ ਤੱਕ ਗੂੜ੍ਹਾ ਨਹੀਂ ਬਣ ਸਕਿਆ ਕਿ ਇਹਨਾਂ ਸੰਬੰਧਾਂ ਦਾ ਅਕਸ ਯਥਾਰਥਕ ਰੂਪ ਵਿਚ ਕਹਾਣੀ ਵਿਚ ਪਰਗਟ ਹੋ ਸਕੇ। ਜਿਨ੍ਹਾਂ ਕਹਾਣੀਆਂ ਵਿਚ ਪੱਛਮੀ ਸਮਾਜ ਦੇ ਲੋਕਾਂ ਨਾਲ ਅੰਤਰਕਿਰਿਆ ਦਾ ਜਿ਼ਕਰ ਵੀ ਹੈ ਉਹ ਵੀ ਬਹੁਤ ਹੱਦ ਤੱਕ ਬਨਾਵਟੀ ਤੇ ਓਪਰਾ ਲੱਗਦਾ ਹੈ। ਪਰਵਾਸੀ ਪੰਜਾਬੀ ਕਹਾਣੀ ਵਿਚ ਬਹੁਤ ਘੱਟ ਅਜਿਹੀਆਂ ਕਹਾਣੀਆਂ ਮਿਲਦੀਆਂ ਹਨ ਜਿਨ੍ਹਾਂ ਵਿਚ ਪੱਛਮੀ ਸਮਾਜ ਨਾਲ ਸਾਡੇ ਲੋਕਾਂ ਦੀ ਅੰਤਰ-ਕਿਰਿਆ ਦਾ ਪ੍ਰਮਾਣਿਕ ਚਿਤਰ ਰੂਪਮਾਨ ਹੋਇਆ ਹੋਵੇ। ਰਛਪਾਲ ਕੌਰ ਗਿੱਲ ਇਸ ਪੱਖੋਂ ਵੀ ਪਰਵਾਸੀ ਪੰਜਾਬੀ ਕਹਾਣੀ ਵਿਚ ਨਵਾਂ ਪਾਸਾਰ ਜੋੜਦੀ ਹੈ। ਭਿੰਨ ਭਿੰਨ ਦੇਸ਼ਾਂ ਤੇ ਸਭਿਆਚਾਰਾਂ ਦੇ ਵਿਦਿਆਰਥੀਆਂ ਦੀ ਸ਼ਕਲ ਵਿਚ ਉਹ ਹਰ ਰੋਜ਼ ਆਪਣੀ ਕਲਾਸ ਵਿਚ 'ਮਿੰਨ੍ਹੀ ਕਨੇਡਾ' ਦੇ ਰੂਬਰੂ ਹੁੰਦੀ ਹੈ। ਵਿਦਿਆਰਥੀਆਂ ਰਾਹੀਂ ਤੇ ਫਿਰ ਉਹਨਾਂ ਦੇ ਮਾਪਿਆਂ ਰਾਹੀਂ ਉਹ ਹਰੇਕ ਸਭਿਆਚਾਰ ਦੀ ਅੰਦਰੂਨੀ ਹਕੀਕਤ ਤੋਂ ਜਾਣੂ ਹੁੰਦੀ ਰਹਿੰਦੀ ਹੈ। ਇਸ ਲਈ ਕਨੇਡੀਅਨ ਸਮਾਜ ਤੇ ਸਭਿਆਚਾਰ ਬਾਰੇ ਉਸਦਾ ਅਨੁਭਵ ਸਾਡੇ ਹੋਰ ਪਰਵਾਸੀ ਪੰਜਾਬੀ ਲੇਖਕਾਂ ਵਾਂਗ ਤਰਦਾ ਤਰਦਾ ਤੇ ਮਾਂਗਵਾਂ ਜਿਹਾ ਨਹੀਂ ਸਗੋਂ ਵਧੇਰੇ ਪ੍ਰਮਾਣਿਕ ਤੇ ਮੰਨਣਯੋਗ ਹੈ।
ਇਹਨਾਂ ਕਹਾਣੀਆਂ ਵਿਚ ਰਛਪਾਲ ਦਾ ਮੁਖ ਬਲ ਉਹਨਾਂ ਬੱਚਿਆਂ ਦੇ ਜੀਵਨ ਜਾਂ ਪਰਿਵਾਰਕ ਪਿਛੋਕੜ ਉੱਤੇ ਹੈ ਜਿਹੜੇ ਭਾਵਕ ਤੇ ਮਾਨਸਿਕ ਤੌਰ ‘ਤੇ ਅਸੁਰੱਖਿਅਤ ਹਨ। ਕਿਸੇ ਨਾ ਕਿਸੇ ਮਾਨਸਿਕ ਸੰਕਟ ਦਾ ਸਿ਼ਕਾਰ ਇਹਨਾਂ ਬੱਚਿਆਂ ਦੇ ਸੰਕਟ ਦੇ ਡੂੰਘ ਵਿਚ ਉੱਤਰਦੀ ਹੋਈ ਲੇਖਿਕਾ ਕਨੇਡੀਅਨ ਪਰਿਵਾਰਕ ਤੇ ਸਮਾਜਕ ਜੀਵਨ ਦੀ ਸਹਿਜ ਝਾਕੀ ਪ੍ਰਸਤੁਤ ਕਰ ਜਾਂਦੀ ਹੈ। ਬੱਚੇ ਤਾਂ ਕੇਵਲ ਵਸੀਲਾ ਹਨ ਜਿਨ੍ਹਾਂ ਰਾਹੀਂ ਉਹ ਕਨੇਡੀਅਨ ਸਮਾਜ ਦੀਆਂ ਕਈ ਮਰਜ਼ਾਂ ਵੱਲ ਰਮਜ਼ਾਂ ਸੁੱਟਦੀ ਹੈ। ਇਹਨਾਂ ਕਹਾਣੀਆਂ ਵਿਚੋਂ ਕਨੇਡੀਅਨ ਪਰਿਵਾਰਾਂ ਦਾ ਜਿਹੜਾ ਗਲਪ ਬਿੰਬ ਉੱਭਰਦਾ ਹੈ ਉਹ ਖੰਡਿਤ ਹੋ ਰਹੇ ਪਰਿਵਾਰਕ ਜੀਵਨ ਦਾ ਹੈ। ਬਹੁਤੀਆਂ ਕਹਾਣੀਆਂ ਵਿਚ ਜਿਹੜੇ ਬੱਚੇ ਲੇਖਿਕਾ ਦੇ ਧਿਆਨ ਦੇ ਪਾਤਰ ਬਣਦੇ ਹਨ, ਉਹ ਵਧੇਰੇ ਕਰਕੇ ਟੁੱਟੇ ਘਰਾਂ ਨਾਲ ਸੰਬੰਧਤ ਹਨ। ਕਹਾਣੀ ਸੰਗ੍ਰਹਿ ਦਾ ਨਾਂ 'ਟਾਹਣੀਓਂ ਟੁੱਟੇ' ਏਸੇ ਸਿਮਤ ਵੱਲ ਇਸ਼ਾਰਾ ਕਰਦਾ ਹੈ। ਪਰਿਵਾਰਾਂ ਦੇ ਟੁੱਟਣ ਦੇ ਜਾਂ 'ਟਾਹਣੀਓਂ ਟੁਟਣ' ਵਾਲੇ ਹਰੇਕ ਬੱਚੇ ਦੇ ਟੁੱਟੇ-ਥੁੜੇ ਜੀਵਨ ਦੇ ਕਾਰਨ ਵੱਖੋ ਵੱਖਰੇ ਹਨ। ਕਿਸੇ ਦਾ ਪਿਓ ਉਸਦੀ ਮਾਂ ਨੂੰ ਛੱਡ ਗਿਆ ਹੈ; ਕਿਸੇ ਦੀ ਮਾਂ ਛੱਡ ਗਈ ਹੈ। ਕਿਸੇ ਬੱਚੇ ਦਾ ਪਿਓ ਸ਼ਰਾਬੀ ਹੈ ('ਦੁਖਦੀ ਰਗ਼' ਵਿਚ ਜਸਟਿਨ ਦਾ ਬਾਪ) ਤਾਂ ਕਿਸੇ ਦੀ ਮਾਂ ਸ਼ਰਾਬਣ ਹੈ(ਫ਼ਾਦਰਜ਼ ਡੇ)। ਕਿਸੇ ਦੀ ਮਾਂ ਬੱਚਿਆਂ ਨੂੰ ਛੱਡ ਕੇ ਚਲੀ ਗਈ ਹੈ (ਗੁਲਾਬੀ ਸੂਟ) ਤਾਂ ਕਿਸੇ ਦਾ ਬਾਪ (ਅਪਣੱਤ)। ਕਿਤੇ ਨਵਾਂ ਵਿਆਹ ਕਰਵਾ ਕੇ ਲਿਆਉਣ ਵਾਲਾ ਪਤੀ ਪਹਿਲਾਂ ਹੀ ਕਿਸੇ ਨਾਲ ਪਿਆਰ-ਸੰਬੰਧਾਂ ਵਿਚ ਬੱਝਾ ਹੋਇਆ ਹੈ ਤੇ ਆਪੇ ਵਿਆਹ ਕੇ ਲਿਆਂਦੀ ਪਤਨੀ ਨੂੰ ਅਸਵੀਕਾਰ ਕਰ ਦਿੰਦਾ ਹੈ (ਮਖ਼ੌਟੇ) ਤਾਂ ਕਿਸੇ ਹੋਰ ਕਹਾਣੀ ਵਿਚ ਬੱਚੇ ਨੂੰ ਆਪਣੇ ਪਿਤਾ ਦੇ ਨਾਂ ਦਾ ਹੀ ਪਤਾ ਨਹੀਂ (ਫ਼ਾਦਰਜ਼ ਡੇ)। ਕਿਸੇ ਕਹਾਣੀ ਵਿਚ ਪਤੀ ਸਮਲਿੰਗੀ ਹੋਣ ਕਰਕੇ ਪਤਨੀ ਉਸਨੂੰ ਤਿਆਗ ਦਿੰਦੀ ਹੈ ('ਮਖ਼ੌਟੇ' ਤੇ 'ਫ਼ਾਦਰਜ਼ ਡੇ') ਤੇ ਕਿਤੇ ਪਿਤਾ ਦੇ ਹੁੰਦਿਆਂ ਸੁੰਦਿਆਂ ਬੱਚਾ ਪਿਤਾ-ਵਿਹੂਣਾ ਹੋ ਜਾਂਦਾ ਹੈ (ਮਖ਼ੌਟੇ)।
ਮਾਤਾ ਪਿਤਾ ਦੇ ਪਿਆਰ ਤੋਂ ਵਾਂਝੇ 'ਟਾਹਣੀਓਂ ਟੁੱਟੇ' ਇਹਨਾਂ ਬੱਚਿਆਂ ਦੇ ਜੀਵਨ ਵਿਚ ਇਕ ਮਾਨਸਕ ਤੇ ਭਾਵਕ ਖਿ਼ਲਾਅ ਪਸਰ ਜਾਂਦਾ ਹੈ ਜਿਸ ਨਾਲ ਉਹਨਾਂ ਦੀ ਸ਼ਖ਼ਸੀਅਤ ਉਲਾਰ ਹੋ ਜਾਂਦੀ ਹੈ। ਬੱਚਾ ਪਰਿਵਾਰਕ ਜੀਵਨ ਵਿਚ ਮਾਪਿਆਂ ਤੋਂ ਮਿਲੇ ਪਿਆਰ ਅਤੇ ਸਹਿਜ ਸਿੱਖਿਆ ਰਾਹੀਂ ਚੰਗੇ ਜੀਵਨ ਮੁੱਲਾਂ ਤੇ ਕਦਰਾਂ ਕੀਮਤਾਂ ਤੋਂ ਜਾਣੂ ਹੁੰਦਾ ਹੈ। ਇਸ ਪ੍ਰਕਾਰ ਉਸ ਵਿਚ ਪਰਿਵਾਰਕ ਤੇ ਸਮਾਜਕ ਜੀਵਨ ਪ੍ਰਤੀ ਜਿ਼ੰਮੇਵਾਰੀ ਨਿਭਾਉਣ ਵਾਲੀਆਂ ਕੀਮਤਾਂ ਤੇ ਸੰਭਾਵਨਾਵਾਂ ਸਫੁਟਿਤ ਹੁੰਦੀਆਂ ਹਨ। ਪਰ ਟੁੱਟੇ ਪਰਿਵਾਰਾਂ ਦੇ ਅਜਿਹੇ ਬੱਚੇ, ਮਾਪਿਆਂ ਦੀ ਮੁਹੱਬਤ ਅਤੇ ਸਿੱਖਿਆ ਦੇ ਅਭਾਵ ਵਿਚ, ਬਹੁਤ ਹੱਦ ਤੱਕ ਸਹਿਜ ਤੇ ਸੰਤੁਲਨ ਤੋਂ ਵਿਰਵੇ ਰਹਿ ਜਾਂਦੇ ਹਨ ਤੇ ਆਮ ਕਰਕੇ ਗ਼ੈਰ ਜਿ਼ੰਮੇਵਾਰ, ਨਸ਼ੱਈ, ਝਗੜਾਲੂ ਅਤੇ ਆਪ-ਹੁਦਰੇ ਹੋ ਜਾਂਦੇ ਹਨ। ਅਜਿਹੇ ਬੱਚਿਆਂ ਦੇ ਜੀਵਨ ਪਿਛੋਕੜ ਨੂੰ ਫੋਕਸ ਵਿਚ ਲਿਆ ਕੇ ਲੇਖਿਕਾ ਅਸਿੱਧੇ ਤੌਰ ‘ਤੇ ਪਰਿਵਾਰਕ ਜੀਵਨ ਦੇ ਮਹੱਤਵ ਨੂੰ ਉਜਾਗਰ ਕਰਦੀ ਹੈ। ਪੱਛਮੀ ਮੁਲਕਾਂ ਵਿਚ ਪਰਿਵਾਰਕ ਜੀਵਨ ਦੇ ਖੰਡਿਤ ਹੋਣ ਪਿੱਛੇ ਸ਼ਖ਼ਸੀ ਆਜ਼ਾਦੀ ਅਤੇ ਵਧਦੀ ਲਿੰਗ ਖੁੱਲ੍ਹ ਮੂਲ ਕਾਰਨ ਹਨ। ਬੇਰੋਕ ਲਿੰਗ ਖੁੱਲ੍ਹ ਦੇ ਬੱਚਿਆਂ ‘ਤੇ ਪੈਂਦੇ ਨਾਂਹਵਾਚਕ ਪ੍ਰਭਾਵ ਦੀ ਸਭ ਤੋਂ ਵਧੀਆ ਉਦਾਹਰਣ 'ਫ਼ਾਦਰਜ਼ ਡੇ' ਕਹਾਣੀ ਵਿਚੋਂ ਮਿਲ ਜਾਂਦੀ ਹੈ। ਬੌਬ ਦੀ ਮਾਂ ਸ਼ਰਾਬਣ ਹੈ। ਮਾਂ ਨੂੰ ਖ਼ੁਦ ਕਾਕਟੇਲ ਬਣਾ ਕੇ ਦੇਣ ਵਾਲੇ ਬਾਲ ਬੌਬ ਨੂੰ ਪਤਾ ਹੀ ਨਹੀਂ ਕਿ ਉਸਦਾ ਬਾਪ ਕੌਣ ਹੈ। ਉਸਦੀ ਮਾਂ ਖੁੱਲ੍ਹੀ ਕਾਮ ਖੇਡ ਵਿਚ ਖੱਚਿਤ ਰਹਿਣ ਕਰਕੇ ਇਕੋ ਵੇਲੇ ਕਈ ਬੁਆਇ ਫ਼ਰੈਂਡਜ਼ ਨਾਲ ਸਰੀਰਕ ਸੰਬੰਧ ਬਣਾ ਕੇ ਰੱਖਦੀ ਹੈ। ਏਨਿਆਂ ਮਿੱਤਰਾਂ ਦੀ ਸਹੇਲੀ ਹੋ ਕੇ ਵੀ ਸ਼ਾਇਦ ਉਹਦਾ ਕੋਈ ਸੱਚਾ ਮਿੱਤਰ ਨਹੀਂ। ਸ਼ਾਇਦ ਇਹ ਸੰਬੰਧ ਹਨ ਹੀ ਸਰੀਰ ਤੱਕ ਸੀਮਤ; ਰੂਹ ਅਤੇ ਮਨ ਨਾਲ ਇਹਨਾਂ ਸੰਬੰਧਾਂ ਦਾ ਕੋਈ ਰਿਸ਼ਤਾ ਨਜ਼ਰ ਨਹੀਂ ਆਉਂਦਾ। ਅਰਾਜਕ ਲਿੰਗ ਸੰਬੰਧਾਂ ਦੇ ਫ਼ਲਸਰੂਪ ਉਹ ਦੇਹੀ ਆਨੰਦ ਤਾਂ ਮਾਣ ਲੈਂਦੀ ਹੈ ਪਰ ਮਨ ਦਾ ਸਕੂਨ ਗਵਾ ਲੈਂਦੀ ਹੈ। ਉਸਦਾ ਹਰ ਵੇਲੇ ਸ਼ਰਾਬੀ ਰਹਿਣਾ ਇਸੇ ਪਾਸੇ ਸੰਕੇਤ ਕਰਦਾ ਹੈ। ਨਿਰ੍ਹਾ ਦੇਹੀ ਆਨੰਦ ਮਾਨਣਾ ਪਾਸ਼ਵਿਕ ਆਨੰਦ ਦਾ ਹੀ ਪ੍ਰਤੀਰੂਪ ਹੈ। ਅਜਿਹੇ ਪਾਸ਼ਵਿਕ ਦੇਹੀ ਆਨੰਦ ਨੂੰ ਲੇਖਿਕਾ ਵਿਅੰਗ ਅਤੇ ਆਲੋਚਨਾ ਦਾ ਨਿਸ਼ਾਨਾ ਬਣਾਉਂਦੀ ਹੈ। ਕਹਾਣੀ ਵਿਚ ਅਣਪੁੱਛਿਆ ਸਵਾਲ ਲੁਪਤ ਹੈ ਕਿ ਕੀ ਪਿਆਰ-ਵਿਹੂਣੇ ਤੇ ਮੁੱਲ-ਵਿਹੂਣੇ ਮਾਪਿਆਂ ਦੇ ਬੱਚਿਆਂ ਕੋਲੋਂ ਸੰਤੁਲਤ ਨਾਗਰਿਕ ਬਣਨ ਦੀ ਆਸ ਕੀਤੀ ਜਾ ਸਕਦੀ ਹੈ? ਸ਼ਾਇਦ ਨਹੀਂ। ਮਸ਼ੀਨੀ ਕਿਸਮ ਦੇ ਸੰਬੰਧਾਂ ਦੀ ਪੈਦਾਇਸ਼ ਵੀ ਇਨਸਾਨ ਬਣਨ ਦੀ ਥਾਂ ਭਾਵ-ਵਿਹੂਣੀ ਮਸ਼ੀਨ ਬਣਕੇ ਰਹਿ ਜਾਏਗੀ। ਵਿਕਸਿਤ ਤਕਨੀਕ ਤੇ ਵਧਦੀ 'ਆਜ਼ਾਦੀ' ਨੇ ਤਾਂ ਬਾਪ ਦੀ ਹੋਂਦ ਨੂੰ ਹੀ ਅਲਵਿਦਾ ਕਹਿਣ ਦਾ ਮਨ ਬਣਾ ਲਿਆ ਹੈ। ਇਕ ਹੋਰ ਬੱਚੇ ਮਾਈਕਲ (ਫ਼ਾਦਰਜ਼ ਡੇ') ਨੇ ਵੀ ਆਪਣੇ ਬਾਪ ਨੂੰ ਨਹੀਂ ਵੇਖਿਆ ਕਿਉਂਕਿ ਉਸਦੀ ਮਾਂ ਨੇ ਮਾਈਕਲ ਦਾ ਬੀਜ ਸਮਰਮ ਬੈਂਕ ਵਿਚੋਂ ਪ੍ਰਾਪਤ ਕੀਤਾ ਹੈ। ਲੋੜਵੰਦ ਔਰਤ ਤਾਂ ਸਪਰਮ ਬੈਂਕ ਵਿਚੋਂ ਬੀਜ ਲਵੇ ਤਾਂ ਗੱਲ ਸਮਝ ਆਉਂਦੀ ਹੈ ਪਰ ਕਹਾਣੀ ਵਿਚ ਅਜਿਹਾ ਸੰਕੇਤ ਪ੍ਰਾਪਤ ਨਹੀਂ ਕਿ ਮਾਈਕਲ ਦੀ ਮਾਂ ਦਾ ਪਤੀ ਜਾਂ ਪ੍ਰੇਮੀ ਬੱਚਾ ਪੈਦਾ ਕਰਨ ਦੀ ਸਥਿਤੀ ਵਿਚ ਨਾ ਹੋਣ ਕਰਕੇ ਉਸਦੀ ਮਾਂ ਨੇ ਬੱਚੇ ਦਾ ਬੀਜ ਸਪਰਮ ਬੈਂਕ ਵਿਚੋਂ ਪ੍ਰਾਪਤ ਕੀਤਾ ਹੋਵੇ। ਜ਼ਾਹਿਰ ਹੈ ਕਿ ਮਾਈਕਲ ਦੀ ਮਾਂ ਇਕੱਲੀ ਰਹਿਣ ਵਾਲੀ ਅਜਿਹੀ 'ਆਜ਼ਾਦ ਔਰਤ' ਹੈ ਜਿਹੜੀ ਪਤੀ-ਪਤਨੀ ਦੇ ਰਿਸ਼ਤੇ ਵਿਚ ਬੱਝਣਾ ਹੀ ਨਹੀਂ ਚਾਹੁੰਦੀ ਤੇ ਨਾ ਹੀ ਕਿਸੇ ਪ੍ਰਕਾਰ ਦੇ ਪਰਿਵਾਰਕ ਖ਼ਲਜਗਣ ਵਿਚ ਪੈਣਾ ਚਾਹੁੰਦੀ ਹੈ। ਮਾਂ ਬਣਨ ਦੀ ਆਪਣੀ ਪ੍ਰਕਿਰਤ ਭੁੱਖ ਨੂੰ ਸੰਤੁਸ਼ਟ ਕਰਨ ਲਈ ਉਹ ਬੱਚੇ ਦਾ ਬੀਜ ਸਪਰਮ ਬੈਂਕ ਵਿਚੋਂ ਪ੍ਰਾਪਤ ਕਰ ਲੈਂਦੀ ਹੈ। ਔਰਤ ਦੀ ਆਜ਼ਾਦੀ ਦਾ ਅਜਿਹਾ ਸੰਕਲਪ ਜੇ ਜ਼ੋਰ ਫੜਦਾ ਹੈ ਤੇ ਭਵਿੱਖ ਵਿਚ ਬੱਚੇ ਦਾ ਬੀਜ ਸਪਰਮ ਬੈਂਕਾਂ ਵਿਚੋਂ ਪ੍ਰਾਪਤ ਕਰਕੇ ਬੱਚੇ ਪੈਦਾ ਕਰਨ ਦੀ ਰੀਤ ਚੱਲ ਪੈਂਦੀ ਹੈ ਤਾਂ ਪਰਿਵਾਰਕ ਅਤੇ ਸਮਾਜਕ ਰਿਸ਼ਤਿਆਂ ਦਾ ਕੀ ਬਣੇਗਾ? ਇਹ ਆਜ਼ਾਦੀ ਸਾਨੂੰ ਕਿਸ ਪਾਸੇ ਲੈ ਜਾਏਗੀ, ਲੇਖਿਕਾ ਦੀ ਕਹਾਣੀ ਵਿਚ ਅਜਿਹੇ ਕਈ ਅਣਕਹੇ ਸਵਾਲ ਪਏ ਹਨ।
ਸਮਲਿੰਗੀ ਰਿਸ਼ਤਿਆਂ ਦੀ ਬਹੁਤਾਤ ਵੀ ਪਰਿਵਾਰਕ ਜੀਵਨ ਦੇ ਟੁੱਟਣ ਦਾ ਇਕ ਹੋਰ ਕਾਰਨ ਹੈ। ਮਰਦ ਮਰਦਾਂ ਨਾਲ ਤੇ ਔਰਤਾਂ ਔਰਤਾਂ ਨਾਲ ਵਿਆਹ-ਸੰਬੰਧਾਂ ਵਿਚ ਬੱਝ ਰਹੇ ਹਨ। 'ਫ਼ਾਦਰਜ਼ ਡੇ' ਕਹਾਣੀ ਵਿਚ ਜਿੱਥੇ ਬੌਬ ਤੇ ਮਾਈਕਲ ਨੂੰ ਆਪਣੇ ਪਿਤਾ ਦੇ ਨਾ ਹੋਣ ਦਾ ਵਿਗੋਚਾ ਹੈ ਓਥੇ ਏਸੇ ਕਹਾਣੀ ਵਿਚ ਟੋਨੀ ਦੀ ਸਮੱਸਿਆ ਹੈ ਕਿ ਉਸਦੀ ਮਾਂ ਉਹਨੂੰ ਉਸਦੇ ਬਾਪ ਕੋਲ ਛੱਡ ਕੇ ਚਲੀ ਗਈ ਹੈ ਕਿਉਂਕਿ ਉਸਦਾ ਬਾਪ ਸਮਲਿੰਗੀ ਹੈ। ਮਾਂ ਦੇ ਚਲੇ ਜਾਣ ਉਪਰੰਤ ਉਹਦੇ ਬਾਪ ਦਾ ਬੁਆਇ ਫ਼ਰੈਂਡ ਉਹਦੇ ਬਾਪ ਨਾਲ ਵਿਆਹ ਕਰਵਾ ਕੇ ਰਹਿਣ ਲੱਗ ਪੈਂਦਾ ਹੈ। ਹੁਣ ਟੋਨੀ ਦੇ ਬਾਪ ਤਾਂ ਦੋ ਹੋ ਜਾਂਦੇ ਹਨ ਪਰ ਮਾਂ ਦਾ ਪਿਆਰ ਖੁੱਸ ਜਾਂਦਾ ਹੈ। ਏਸੇ ਤਰ੍ਹਾਂ 'ਸਮਾਂ' ਕਹਾਣੀ ਵਿਚਲੀ ਬਰੇਨਨ ਵੀ ਆਪਣੇ ਪਤੀ ਨੂੰ ਛੱਡ ਦਿੰਦੀ ਹੈ ਕਿਉਂਕਿ ਉਸਦਾ ਪਤੀ ਵੀ ਸਮਲਿੰਗੀ ਹੈ। ਹੁਣ ਉਸਦੀਆਂ ਬੱਚੀਆਂ ਦੀ ਪਾਲਣਾ ਉਸਦਾ ਪਤੀ ਤੇ ਉਸਦਾ ਮਰਦ ਸਾਥੀ ਕਰਦੇ ਹਨ। ਬਿੱਲੂ ਵੀ ਸਮਲਿੰਗੀ ਹੈ। ਉਸਦੇ ਘਰ ਵਾਲੇ ਜਬਰਦਸਤੀ ਉਸਦਾ ਵਿਆਹ ਮੰਜੂ ਨਾਲ ਕਰ ਦਿੰਦੇ ਹਨ ਪਰ ਮੰਜੂ ਉਸਦੀਆਂ ਆਦਤਾਂ ਨੂੰ ਵੇਖ ਕੇ ਉਸਨੂੰ ਛੱਡ ਕੇ ਚਲੀ ਜਾਂਦੀ ਹੈ। ਬਿੱਲੂ ਘਰਦਿਆਂ ਦੇ ਵਿਰੋਧ ਦੇ ਬਾਵਜੂਦ ਘਰ ਛੱਡ ਕੇ ਆਪਣੇ ਮਰਦ ਪ੍ਰੇਮੀ ਨਾਲ ਤੁਰ ਜਾਂਦਾ ਹੈ। ਇੰਜ ਹੀ ਜੀਨਥ ਦਾ ਪੁੱਤ ਵੀ 'ਗੇ' ਹੋਣ ਕਰਕੇ ਜੀਨਥ ਦੀ ਨੂੰਹ ਵੀ ਉਸਦੇ ਪੁਤਰ ਨੂੰ ਛੱਡ ਜਾਂਦੀ ਹੈ। ਜ਼ਾਹਿਰ ਹੈ ਕਿ ਸਮਲਿੰਗਕਤਾ ਦਾ ਵਧ ਰਿਹਾ ਰੁਝਾਨ ਮਰਦ-ਔਰਤ ਦੀ ਇਕਾਈ ਵਾਲੇ ਪਰਿਵਾਰਾਂ ਦੇ ਟੁਟਣ ਦਾ ਅਤੇ ਬੱਚਿਆਂ ਨੂੰ ਵਿਜੋਗ, ਵੈਰਾਗ਼ ਅਤੇ ਵਿਗੋਚੇ ਦੀ ਸਥਿਤੀ ਵਿਚ ਸੁੱਟ ਜਾਣ ਦਾ ਕਾਰਨ ਬਣ ਰਿਹਾ ਹੈ।
ਪਿਛਲੇ ਵੀਹ ਪੰਝੀ ਸਾਲ ਵਿਚ ਸਮਾਂ ਏਨਾ ਬਦਲ ਗਿਆ ਹੈ ਕਿ ਹੁਣ 'ਗੇ' ਦੇ ਅਰਥ ਹੀ ਬਦਲ ਗਏ ਹਨ। ਕਨੇਡਾ ਵਿਚ ਰਹਿਣ ਵਾਲਾ ਉਮਰ ਕੈਦੀ ਪੰਝੀ ਸਾਲ ਦੇ ਅਰਸੇ ਵਿਚ ਲਿੰਗ ਸੰਬੰਧਾਂ ਵਿਚ ਆਈ ਇਸ ਤਬਦੀਲੀ ਨੂੰ ਵੇਖ ਕੇ ਹੈਰਾਨ-ਪ੍ਰੇਸ਼ਾਨ ਹੋ ਜਾਂਦਾ ਹੈ ਤੇ ਇਸ ਰਿਸ਼ਤੇ ਨੂੰ ਪ੍ਰਵਾਨ ਕਰਨ ਤੋਂ ਅਸਮਰਥ ਹੈ। ਪਰ ਇਹਨਾਂ ਢਾਈ ਦਹਾਕਿਆਂ ਵਿਚ ਏਨੀ ਤਬਦੀਲੀ ਆ ਗਈ ਹੈ ਕਿ ਕਨੇਡਾ ਵਿਚ ਸਮਲਿੰਗੀ ਤੇ ਲੈਜ਼ਬੀਅਨ ਸੰਬੰਧਾਂ ਨੂੰ ਕਾਨੂੰਨੀ ਪ੍ਰਵਾਨਗੀ ਮਿਲ ਚੁੱਕੀ ਹੈ। ਇਹਨਾਂ ਸੰਬੰਧਾਂ ਦੇ ਖਿ਼ਲਾਫ਼ ਬੋਲਣਾ ਜਾਂ ਲਿਖਣਾ ਵੀ ਸ਼ਾਇਦ ਕਨੇਡਾ ਦੇ ਮਨੁੱਖੀ ਅਧਿਕਾਰਾਂ ਵਿਚ ਦਖ਼ਲ ਦੇਣ ਵਰਗੀ ਗੱਲ ਹੋਵੇ। ਸ਼ਾਇਦ ਏਸੇ ਲਈ ਲੇਖਿਕਾ ਵੀ ਇਸ ਮਸਲੇ ਬਾਰੇ ਦੋ-ਟੁੱਕ ਸਿੱਧਾ ਫ਼ੈਸਲਾ ਨਹੀਂ ਦਿੰਦੀ। ਉਸਦੀ ਕਲਾਤਮਕ ਪਹੁੰਚ ਵਿਰੋਧਾਭਾਸਕ ਹੈ। ਉਹ ਇਹਨਾਂ ਸੰਬੰਧਾਂ ਨੂੰ ਪ੍ਰਵਾਨ ਕਰਨ ਲਈ ਵੀ ਆਖਦੀ ਜਾਪਦੀ ਹੈ ਪਰ ਇਹਨਾਂ ਨੂੰ ਮਾਨਤਾ ਵੀ ਨਹੀਂ ਦਿੰਦੀ ਲੱਗਦੀ। ਬਰੇਨਨ ਤੇ ਉਸਦੇ ਪਤੀ ਨੇ (ਸਮਾਂ) ਇਹਨਾਂ ਸੰਬੰਧਾਂ ਨੂੰ ਪ੍ਰਵਾਨ ਕਰ ਲਿਆ ਹੈ ਤੇ ਦੋਵੇਂ ਵੱਖ ਵੱਖ ਰਹਿ ਕੇ 'ਖ਼ੁਸ਼' ਹਨ। ਇੰਜ ਅਜਿਹੇ ਰਿਸ਼ਤਿਆਂ ਦੀ 'ਖ਼ੁਸ਼ੀ ਖ਼ੁਸ਼ੀ' ਪ੍ਰਵਾਨਗੀ ਦਾ ਗਲਪ ਬਿੰਬ ਵੀ ਉੱਭਰ ਰਿਹਾ ਲੱਗਦਾ ਹੈ। ਪਰ ਕੀ ਇਹ ਖ਼ੁਸ਼ੀ ਹਕੀਕੀ ਹੈ ਕਿ ਹਾਲਾਤ ਦੀ ਮਜਬੂਰੀ ਹੈ? ਜੀਨਥ ਇਸਨੂੰ ਕੁਦਰਤੀ ਨਹੀਂ ਸਗੋਂ 'ਅਪਣਾਈ ਹੋਈ ਆਦਤ' ਆਖਦੀ ਹੈ। ਇਸੇ ਕਰਕੇ ਉਸਨੂੰ ਕੁਲਦੀਪ ਵੱਲੋਂ 'ਵਿਚਾਰੇ ਗੇ' ਆਖਣ ਦਾ ਗੁੱਸਾ ਲੱਗਦਾ ਹੈ। ਬਰੇਨਨ ਤੇ ਜੀਨਥ ਦੇ ਦ੍ਰਿਸ਼ਟੀਕੋਨਾਂ ਦੇ ਵਿਰੋਧਾਭਾਸ ਵਿਚੋਂ ਹੀ ਲੇਖਿਕਾ ਦਾ ਸਹਿਜ ਮੱਤ ਪ੍ਰਗਟ ਹੋ ਜਾਂਦਾ ਹੈ। ਲੇਖਿਕਾ ਇਸਨੂੰ ਸਮੇਂ ਦੇ ਬਦਲਾਓ ਨਾਲ ਜੋੜਦੀ ਹੋਈ ਇਹ ਵੀ ਕਹਿੰਦੀ ਲੱਗਦੀ ਹੈ ਕਿ ਜੇ ਹਾਲਾਤ ਇਹੋ ਜਿਹੇ ਹੀ ਰਹਿੰਦੇ ਹਨ ਤਾਂ ਇਹਨਾਂ ਸੰਬੰਧਾਂ ਨੂੰ ਸਵੀਕਾਰ ਕਰਨ ਬਿਨਾਂ ਕੋਈ ਚਾਰਾ ਨਹੀਂ ਪਰ ਉਹ ਉਹਨਾਂ ਲੋਕਾਂ ਵੱਲ ਵੋਟ ਪਾਉਂਦੀ ਵੀ ਨਹੀਂ ਲੱਗਦੀ ਜਿਹੜੇ ਕਹਿੰਦੇ ਹਨ ਕਿ 'ਗੇ' ਹੋਣ ਦੇ ਤੱਤ ਮਨੁੱਖ ਦੀ ਸਰੀਰਕ ਬਣਤਰ ਵਿਚ ਹੀ ਮੌਜੂਦ ਹੁੰਦੇ ਹਨ। ਇਕ ਪਾਠਕ ਵਜੋਂ ਮੇਰੇ ਮਨ ਵਿਚ ਵੀ ਇਹ ਵਿਚਾਰ ਪੈਦਾ ਹੁੰਦਾ ਹੈ ਕਿ ਹੁਣੇ ਜਿਹੇ ਹੀ, ਤੇ ਉਹ ਵੀ 'ਉੱਤਰ ਆਧੁਨਿਕ ਸਮਿਆਂ' ਵਿਚ ਵਿਚਰ ਰਹੇ ਪੱਛਮੀ ਸਮਾਜ ਵਿਚ ਹੀ, 'ਇਹਨਾਂ ਤੱਤਾਂ' ਦੀ ਮੌਜੂਦਗੀ ਕਿਉਂ ਵਧਣ ਫੁੱਲਣ ਲੱਗੀ ਹੈ? ਹੇੜਾਂ ਦੀਆਂ ਹੇੜਾਂ 'ਗੇ ਪਰੇਡ' ਵਿਚ ਸ਼ਾਮਲ ਹੋਣ ਲਈ ਖੁੰਬਾਂ ਵਾਂਗ ਕਿਧਰੋਂ ਉੱਗ ਆਈਆਂ ਹਨ। ਇਹ ਨਹੀਂ ਕਿ ਅਜਿਹੇ ਸੰਬੰਧਾਂ ਦੀ ਸਾਡੇ ਸਮਾਜ ਵਿਚ ਅਣਹੋਂਦ ਸੀ। ਪਰ ਇਹ ਵਤੀਰਾ ਆਮ ਕਰਕੇ ਛੜਿਆਂ, ਫੌਜੀਆਂ ਜਾਂ ਪਤਨੀ ਤੋਂ ਦੂਰ ਰਹਿਣ ਵਾਲੇ ਲੋਕਾਂ ਵਿਚ ਅਤ੍ਰਿਪਤ ਕਾਮ ਭੁੱਖ ਨੂੰ ਮਿਟਾਉਣ ਦਾ ਮਾਧਿਅਮ ਹੁੰਦਾ ਸੀ। 'ਜ਼ਨਾਨੇ ਬੰਦੇ' ਵੀ ਹੁੰਦੇ ਸਨ ਪਰ ਉਹਨਾਂ ਦੀ ਝਲਕ ਦਸਾਂ ਵੀਹਾਂ ਪਿੰਡਾਂ ਵਿਚ ਕਿਤੇ ਕਿਤੇ ਨਜ਼ਰ ਆਉਂਦੀ ਸੀ। ਜੀਨਥ ਦੇ ਕਹਿਣ ਅਨੁਸਾਰ ਕਿਤੇ ਇਹ ਠੀਕ ਹੀ ਤਾਂ ਨਹੀਂ ਕਿ ਇਹ 'ਅਪਣਾਈ ਹੋਈ ਆਦਤ' ਹੈ ਅਤੇ ਪਰਿਵਾਰਕ ਸੰਬੰਧਾਂ ਵਿਚ ਵਧ ਰਹੀ ਅਰਾਜਕਤਾ ਤੇ ਵਧ ਗਈ ਬੇਮੁਹਾਰ ਲਿੰਗ ਖੁੱਲ੍ਹ ਇਕ ਫ਼ੈਸ਼ਨ ਬਣ ਕੇ ਉੱਭਰ ਆਈ ਹੈ? ਇੰਜ ਸਮਲਿੰਗੀ ਸੰਬੰਧਾਂ ਨੂੰ ਲੇਖਿਕਾ ਵਿਅੰਗ ਦੀ ਮੱਧਮ ਜਿਹੀ ਚੋਟ ਮਾਰਦੀ ਨਜ਼ਰ ਆਉਂਦੀ ਹੈ; ਜੋ ਮੇਰੇ ਖਿ਼ਆਲ ਵਿਚ ਸਾਕਾਰਆਤਮਕ ਪਹੁੰਚ ਹੈ। ਜੇ ਫ਼ੈਸ਼ਨ ਵੱਸ ਅਜਿਹੇ ਰਿਸ਼ਤਿਆਂ ਦਾ ਪ੍ਰਚਲਨ ਜ਼ੋਰ ਫੜ ਗਿਆ ਤਾਂ ਸਾਡਾ ਪਰਿਵਾਰਕ ਜੀਵਨ ਅਸਤ-ਵਿਅਸਤ ਹੋ ਜਾਏਗਾ।
ਪੱਛਮੀ ਸਮਾਜ ਦੇ ਪ੍ਰਭਾਵ ਅਧੀਨ ਭਾਰਤੀ ਤੇ ਪੰਜਾਬੀ ਸਮਾਜ ਵਿਚ ਵੀ ਸ਼ਖ਼ਸੀ ਆਜ਼ਾਦੀ ਤੇ ਕਾਮ ਖੁੱਲ੍ਹ ਦਾ ਚਲਨ ਵਧਦਾ ਜਾ ਰਿਹਾ ਹੈ। ਪਿਛਲੇ ਸਾਲਾਂ ਵਿਚ ਲਿਖੀ ਗਈ ਮੂਲ ਧਾਰਾ ਦੀ ਪੰਜਾਬੀ ਕਹਾਣੀ ਵਿਚ ਬਹੁਤ ਸਾਰੀ ਕਹਾਣੀ ਅਜਿਹੀ ਹੈ ਜਿਸ ਵਿਚ ਸ਼ਖ਼ਸੀ ਆਜ਼ਾਦੀ ਤੇ ਮੁੱਲ-ਵਿਹੂਣੀ ਖੁੱਲ੍ਹੀ ਕਾਮ ਖੇਡ ਨੂੰ ਆਦਰਸਿ਼ਆਇਆ ਗਿਆ ਹੈ। ਪੱਛਮੀ ਸਮਾਜ ਵਿਚ ਰਹਿ ਕੇ ਅਤੇ ਇਸਦੀਆਂ ਵਿਸ਼ੇਸ਼ਤਾਵਾਂ ਤੇ ਵਿਸੰਗਤੀਆਂ ਨੂੰ ਨੇੜਿਓਂ ਜਾਨਣ ਕਰਕੇ ਲੇਖਿਕਾ ਦੀਆਂ ਕਹਾਣੀਆਂ ਵਿਚੋਂ ਅਜਿਹੀ ਖੱਲ੍ਹੀ ਕਾਮ ਖੇਡ ਬਾਰੇ ਪ੍ਰਾਪਤ ਅੰਤਰ-ਦ੍ਰਿਸ਼ਟੀ ਤੋਂ ਪੰਜਾਬੀ ਲੇਖਕਾਂ ਨੂੰ ਵੀ ਮਾਰਗ ਦਰਸ਼ਨ ਮਿਲ ਸਕਦਾ ਹੈ।
ਜਿੱਥੇ ਕਨੇਡੀਅਨ ਕਾਲੇ-ਗੋਰੇ ਪਰਿਵਾਰਾਂ ਦੇ ਟੁੱਟਣ ਦੀ ਸਮੱਸਿਆ ਵਧੇਰੇ ਕਰਕੇ ਵਧਦੀ ਕਾਮ ਖੁੱਲ੍ਹ ਅਤੇ ਼ਸ਼ਖ਼ਸੀ ਆਜ਼ਾਦੀ ਦੀ ਭੁਲਾਂਦਰੇ ਵਾਲੀ ਪਹੁੰਚ ਵਿਚ ਨਿਹਿਤ ਹੈ ਓਥੇ ਪੰਜਾਬੀ ਜਾਂ ਭਾਰਤੀ ਕਿਰਦਾਰਾਂ ਤੇ ਪਰਿਵਾਰਾਂ ਦੀ ਸਮੱਸਿਆ ਦਾ ਬੁਨਿਆਦੀ ਕਾਰਨ ਆਰਥਿਕ ਲਾਲਸਾਵਾਂ, ਰਿਸ਼ਤੇ ਨੂੰ ਪੌੜੀ ਬਣਾ ਕੇ ਕਨੇਡਾ ਪਹੁੰਚਣ ਦੀ ਖ਼ੁਦਗ਼ਰਜ਼ ਪਹੁੰਚ, ਮਰਦਾਵੀਂ ਧੌਂਸ ਤੇ ਪੁਰਾਥਨ ਪੰਥੀ ਵਿਚਾਰਾਂ ਦਾ ਪ੍ਰਚਲਨ ਬਣਦਾ ਦਿਖਾਈ ਦਿੰਦਾ ਹੈ। 'ਬਰਫ਼ ਤੇ ਉਕਰੀ ਪੈੜ' ਵਿਚ ਸ਼ਰਾਬੀ ਪਤੀ ਦਾ ਪਤਨੀ ਤੇ ਧੀਆਂ ਨੂੰ ਕੁੱਟਣਾ ਆਖ਼ਰਕਾਰ ਪਰਿਵਾਰ ਦੇ ਟੁੱਟ ਜਾਣ ਦਾ ਕਾਰਨ ਬਣਦਾ ਹੈ। 'ਜਾਵੇਦ' ਕਹਾਣੀ ਵਿਚ ਵਕਤਾ ਔਰਤ ਦਾ ਪਤੀ ਸ਼ੱਕੀ ਹੋਣ ਕਰਕੇ ਉਸਦਾ ਪਰਿਵਾਰ ਟੁਟਦਾ ਹੈ। ਇਸੇ ਕਹਾਣੀ ਦਾ ਮਿਸਟਰ ਖ਼ਾਨ ਵੀ ਮਰਦਾਵੀਂ ਧੌਂਸ ਦਾ ਪ੍ਰਤੀਕ ਹੈ। ਕਿਤੇ ਕਿਤੇ 'ਦਾਦੀ' ਦਾ ਕਿਰਦਾਰ ਵੀ ਪੁਰਾਤਨ-ਪੰਥੀ ਵਿਚਾਰਾਂ ਦਾ ਚਿੰਨ੍ਹ ਬਣ ਕੇ ਉੱਭਰਦਾ ਹੈ। 'ਗੁਲਾਬੀ ਸੂਟ' ਅਤੇ 'ਦੁਖ਼ਦੀ ਰਗ਼' ਦੀਆਂ ਦਾਦੀਆਂ ਦਾ ਕਿਰਦਾਰ ਕੁਝ ਇਸ ਪ੍ਰਕਾਰ ਦਾ ਹੀ ਹੈ। 'ਦੁਖ਼ਦੀ ਰਗ' ਦੀ ਦਾਦੀ ਤਾਂ ਆਪਣੇ ਵਿਚਾਰਾਂ ਤੇ ਵਿਹਾਰ ਕਰਕੇ ਪਰਿਵਾਰ ਦੇ ਟੁੱਟਣ ਦਾ ਕਾਰਨ ਵੀ ਬਣਦੀ ਦੱਸੀ ਹੈ। ਇੰਜ ਹੀ ਗੁਰਦਵਾਰਾ ਪ੍ਰਬੰਧ ਵਿਚਲੇ ਧਾਰਮਿਕ ਆਗੂਆਂ ਦੀ ਸੰਵੇਦਨਹੀਨਤਾ ਵੀ ਉਸਦੇ ਵਿਅੰਗ ਦੀ ਧਾਰ ਦਾ ਨਿਸ਼ਾਨਾ ਬਣਦੀ ਹੈ। 'ਇਨਸਾਫ਼' ਕਹਾਣੀ ਉਦਾਹਰਣ ਵਜੋਂ ਪੇਸ਼ ਕੀਤੀ ਜਾ ਸਕਦੀ ਹੈ। ਲੇਖਿਕਾ ਅਨੁਸਾਰ ਗੁਰਦਵਾਰਿਆਂ ‘ਤੇ ਕਬਜ਼ੇ ਦੀ ਲੜਾਈ ਲੜਨ ਵਾਲੇ ਧੜੇਬੰਦ ਲੋਕਾਂ ਦੀ ਦਿੱਖ ਹੀ ਧਾਰਮਿਕ ਹੈ। ਧਰਮ ਦੀ ਥਾਂ ਧੜੇ ਨੂੰ ਪਹਿਲ ਦੇਣ ਵਾਲੇ ਇਹ ਆਗੂ ਏਨੇ ਸੰਵੇਦਨਹੀਣ ਹਨ ਕਿ ਉਸਨੂੰ ਇਹਨਾਂ ਦੇ ਵਿਹਾਰ ਵਿਚੋਂ ਸਾਹਿਬਜ਼ਾਦਿਆਂ ਦੇ ਵਿਰੁਧ ਫ਼ਤਵਾ ਸੁਨਾਉਣ ਵਾਲੇ ਸੂਬੇ ਦੇ ਕਿਰਦਾਰ ਵਰਗਾ ਝੌਲਾ ਪੈਂਦਾ ਹੈ।
ਨਸਲੀ ਵਿਤਕਰੇ ਦੀ ਸਮੱਸਿਆ ਪਰਵਾਸੀ ਪੰਜਾਬੀ ਕਹਾਣੀਕਾਰਾਂ ਦਾ ਇਕ ਹੋਰ ਚਹੇਤਾ ਵਿਸ਼ਾ ਰਿਹਾ ਹੈ। ਰਛਪਾਲ ਦੀ ਇਹ ਵਿਸ਼ੇਸ਼ਤਾ ਹੈ ਕਿ ਉਸਨੇ ਨਸਲੀ ਵਿਤਕਰੇ ਨੂੰ ਪੇਸ਼ ਕਰਨ ਵਾਲੀਆਂ ਕਹਾਣੀਆਂ ਵਿਚ ਆਮ ਪੰਜਾਬੀ ਕਹਾਣੀਕਾਰਾਂ ਨਾਲੋਂ ਵੱਖਰਾ ਪੈਂਤੜਾ ਅਖ਼ਤਿਆਰ ਕੀਤਾ ਹੈ। ਜਦੋਂ ਆਮ ਪੰਜਾਬੀ ਕਥਾਕਾਰਾਂ ਨੇ ਪੱਛਮੀ ਲੋਕਾਂ ਵੱਲੋਂ ਪਰਵਾਸੀ ਪੰਜਾਬੀਆਂ ਨਾਲ ਕੀਤੇ ਜਾਂਦੇ ਵਿਤਕਰੇ ਨੂੰ ਜ਼ਬਾਨ ਦਿੱਤੀ ਹੈ ਓਥੇ ਰਛਪਾਲ ਇਸਤੋਂ ਉਲਟ ਪੰਜਾਬੀ ਕਿਰਦਾਰਾਂ ਦੇ ਅਵਚੇਤਨ ਵਿਚ ਧਸ ਚੁੱਕੀ ਨਸਲੀ ਵੱਖਰਤਾ ਦੀ ਹਉਂ ਨੂੰ ਕਾਟਵੇਂ ਵਿਅੰਗ ਦਾ ਨਿਸ਼ਾਨਾ ਬਣਾਉਂਦੀ ਹੋਈ 'ਆਪਣੇ ਗਿਰੇਬਾਨ ਵਿਚ ਝਾਤੀ ਮਾਰਨ' ਦਾ ਸੁਨੇਹਾਂ ਦਿੰਦੀ ਹੈ। 'ਆਪਣੇ' ਕਹਾਣੀ ਵਿਚ ਹਨੀਫ਼ਾ ਨੂੰ ਅਧਿਆਪਕ ਦੀ ਨੌਕਰੀ ਉਸ ਇਲਾਕੇ ਵਿਚ ਮਿਲਦੀ ਹੈ ਜਿੱਥੇ ਅਮੀਰ ਗੋਰੇ ਲੋਕਾਂ ਦੀ ਰਿਹਾਇਸ਼ ਹੈ। ਹਨੀਫ਼ਾ ਨੂੰ ਘਬਰਾਹਟ ਹੈ ਕਿ ਉਸਦੀ ਨਸਲ ਤੇ ਚਮੜੀ ਨੂੰ ਵੇਖ ਕੇ ਗੋਰੇ ਮਾਪੇ ਅਤੇ ਅਧਿਆਪਕ ਸਾਥੀ ਪਤਾ ਨਹੀਂ ਉਸ ਨਾਲ ਕਿਹੋ ਜਿਹਾ ਸਲੂਕ ਕਰਨਗੇ। ਪਰ ਉਹਨਾਂ ਵੱਲੋਂ ਉਸ ਨਾਲ ਅਜਿਹਾ ਚੰਗਾ, ਮਾਨਵੀ ਤੇ ਮੁਹੱਬਤੀ ਸਲੂਕ ਹੁੰਦਾ ਹੈ ਕਿ ਉਸ ਵਿਚੋਂ ਨਸਲੀ ਵਿਤਕਰੇ ਦਾ ਭੈਅ ਅਤੇ ਹੀਣ-ਭਾਵ ਖ਼ਤਮ ਹੋ ਜਾਂਦਾ ਹੈ। ਇਸਦੇ ਬਾਵਜੂਦ ਉਸਦਾ ਜੀ ਕਰਦਾ ਹੈ ਕਿ ਉਹ ਉਸ ਇਲਾਕੇ ਵਿਚ ਅਧਿਆਪਨ ਦੀ ਸੇਵਾ ਨਿਭਾਵੇ ਜਿਸ ਇਲਾਕੇ ਵਿਚ ਉਸਦੀ 'ਆਪਣੀ' ਨਸਲ ਵਾਲੇ ਲੋਕਾਂ ਦੀ ਬਹੁਤਾਤ ਹੋਵੇ। ਉਸਦੀ ਇਹ ਖ਼ਾਹਿਸ਼ ਕਿਸੇ ਤਰ੍ਹਾਂ ਵੀ ਗ਼ੈਰ-ਵਾਜਬ ਨਹੀਂ ਕਿਉਂਕਿ ਆਪਣੇ ਸਭਿਆਚਾਰਕ ਗੁਰੱਪ ਵਿਚ ਮਿਲ-ਬੈਠ ਕੇ ਜੋ ਸਵੈਸੰਤੁਸ਼ਟੀ ਦਾ ਅਹਿਸਾਸ ਹੁੰਦਾ ਹੈ ਉਹ ਦੂਜੇ ਸਭਿਆਚਾਰਕ ਗਰੁੱਪ ਵਿਚੋਂ ਪ੍ਰਾਪਤ ਨਹੀਂ ਹੁੰਦਾ। ਪਰ ਵਿਡੰਬਨਾ ਇਹ ਹੈ ਕਿ ਜਦੋਂ ਉਹ ਅਜਿਹੇ 'ਆਪਣੇ' ਇਲਾਕੇ ਵਿਚ ਬਦਲੀ ਕਰਵਾ ਲੈਂਦੀ ਹੈ ਤਾਂ ਉਹਦੀ ਹੀ ਨਸਲ ਤੇ ਧਰਮ ਦਾ ਬੰਦਾ ਇਬਰਾਹੀਮ ਇਹ ਸਿ਼ਕਾਇਤ ਲੈ ਕੇ ਪ੍ਰਿੰਸੀਪਲ ਕੋਲ ਆਉਂਦਾ ਹੈ ਕਿ ਉਹ ਆਪਣੇ ਬੱਚੇ ਨੂੰ ਉਸ ਕੋਲੋਂ ਪੜ੍ਹਾਉਣ ਦੀ ਥਾਂ ਕਿਸੇ ਗੋਰੇ ਅਧਿਆਪਕ ਕੋਲੋਂ ਪੜ੍ਹਾਉਣ ਦੀ ਇੱਛਾ ਰੱਖਦਾ ਹੈ। ਹਨੀਫ਼ਾ ਇਹ ਜਾਣ ਕੇ ਦੁਖੀ ਤੇ ਪਰੇਸ਼ਾਨ ਹੁੰਦੀ ਹੈ ਕਿ ਉਸਦੇ 'ਆਪਣੇ' ਭਾਈਚਾਰੇ ਦਾ ਭਰਾ ਹੀ ਉਸ ਨਾਲ ਨਸਲੀ ਵਿਤਕਰਾ ਕਰ ਰਿਹਾ ਹੈ। ਏਥੇ ਵੀ ਗੋਰੀ ਪ੍ਰਿੰਸੀਪਲ ਹਨੀਫ਼ਾ ਦੇ ਹੱਕ ਵਿਚ ਖਲੋਂਦੀ ਹੈ ਤੇ ਇਬਰਾਹੀਮ ਦੀ 'ਨਸਲੀ ਸੋਚ' ਨੂੰ ਰੱਦ ਕਰਦੀ ਹੈ।
ਇੰਜ ਨਸਲੀ ਵਿਤਕਰੇ ਦੇ ਖਿ਼ਲਾਫ਼ ਹਾਲ-ਪਾਹਰਿਆ ਕਰਨ ਵਾਲੇ ਸਾਡੇ ਆਪਣੇ ਲੋਕਾਂ ਦੇ ਦੋਗ਼ਲੇ ਕਿਰਦਾਰ ਨੂੰ ਵਿਅੰਗ ਦੀ ਦ੍ਰਿਸ਼ਟੀ ਤੋਂ ਚਿਤਰ ਕੇ ਉਹ ਗੋਰੇ ਲੋਕਾਂ ਬਾਰੇ ਫ਼ੈਲਿਆ ਨਸਲੀ ਵਿਤਕਰੇ ਦਾ ਭਰਮ ਦੂਰ ਕਰਨ ਦੀ ਕੋਸਿ਼ਸ਼ ਵੀ ਕਰਦੀ ਹੈ। ਇਹ ਨਹੀਂ ਕਿ ਗੋਰੇ ਲੋਕ ਵਿਤਕਰਾ ਨਹੀਂ ਕਰਦੇ; ਪਰ ਲੇਖਿਕਾ ਦਾ ਬਲ ਤਾਂ ਇਸ ਨੁਕਤੇ ‘ਤੇ ਹੈ ਕਿ ਅਸੀਂ ਵੀ ਕੋਈ ਦੁੱਧ ਧੋਤੇ ਨਹੀਂ। 'ਕੁਦਰਤ ਦੇ ਸਭ ਬੰਦੇ' ਕਹਾਣੀ ਵਿਚਲੇ ਹਰਦਿੱਤ ਸਿੰਘ ਦੇ ਕਿਰਦਾਰ ਰਾਹੀਂ ਉਹ ਸਾਡੇ ਸੁਭਾਅ ਵਿਚਲੇ ਦਿੱਖ ਅਤੇ ਤੱਤ ਦੇ ਵਿਰੋਧ ਨੂੰ ਦ੍ਰਿਸ਼ਟਾਂਤਕ ਪੈਂਤੜੇ ਤੋਂ ਚਿਤਰਦੀ ਹੈ। ਆਪਣੀ ਪੋਤਰੀ ਨੂੰ ਇਨਸਾਨੀ ਬਰਾਬਰੀ ਦਾ ਸੰਦੇਸ਼ ਦੇਣ ਵਾਲੇ ਧਾਰਮਿਕ ਦਿੱਖ ਵਾਲੇ ਹਰਦਿੱਤ ਸਿੰਘ ਦੇ ਵਿਹਾਰ ਵਿਚਲਾ ਦੋਫ਼ਾੜ ਉਦੋਂ ਉਜਾਗਰ ਹੋ ਜਾਂਦਾ ਹੈ ਜਦ ਉਹਦੀ ਪੋਤਰੀ ਰਵਨੀਤ ਗੋਰੇ ਮੁੰਡੇ ਨਾਲ ਪਿਆਰ-ਸੰਬੰਧਾਂ ਵਿਚ ਬੱਝਣ ਤੋਂ ਬਾਅਦ ਉਸ ਨਾਲ ਵਿਆਹ ਬੰਧਨ ਵਿਚ ਬੱਝ ਜਾਂਦੀ ਹੈ। ਹਰਦਿੱਤ ਸਿੰਘ ਹੀ ਰਵਨੀਤ ਦੇ ਇਸ ਕਦਮ ਦਾ ਸਭ ਤੋਂ ਕੱਟੜ ਵਿਰੋਧੀ ਹੈ। ਰਵਨੀਤ ਦੇ ਫ਼ੈਸਲੇ ਨਾਲ ਉਹ ਆਪਣਾ ਮਾਨਸਿਕ ਤਵਾਜ਼ਨ ਖੋਹ ਲੈਂਦਾ ਹੈ ਤੇ ਰਵਨੀਤ ਨਾਲ ਬਦਸਲੂਕੀ ਵੀ ਕਰਦਾ ਹੈ। ਪਰ ਜਦੋਂ ਉਸਨੂੰ ਪਤਾ ਲੱਗਦਾ ਹੈ ਮਾਰੂ ਐਕਸੀਡੈਂਟ ਵਿਚ ਉਸਦੀ ਜਾਨ ਬਚਾਉਣ ਵਾਲਾ ਰਵਨੀਤ ਦਾ ਪ੍ਰੇਮੀ-ਪਤੀ ਰੌਬਰਟ ਹੀ ਹੈ ਤਾਂ ਉਸਨੂੰ ਮਾਨਵੀ ਏਕਤਾ ਦੇ ਅਰਥ ਸਮਝ ਆਉਂਦੇ ਹਨ ਅਤੇ ਉਸਦੀ ਰਵਨੀਤ ਦੇ ਫ਼ੈਸਲੇ ਬਾਰੇ ਰਾਇ ਬਦਲ ਜਾਂਦੀ ਹੈ। ਭਾਵੇਂ ਇਸ ਕਹਾਣੀ ਵਿਚ ਸੰਕੇਤ ਦੀ ਥਾਂ ਗੱਲ ਸਮਝਾਉਣ ਵਾਲੀ ਦ੍ਰਿਸਟਾਂਤਕ ਵਿਧੀ ਦਾ ਇਸਤੇਮਾਲ ਕੀਤਾ ਗਿਆ ਹੈ ਤਦ ਵੀ ਕਹਾਣੀ ਯਥਾਰਥਕ ਪੱਖ ਤੋਂ ਇਹ ਸੰਕੇਤ ਵੀ ਕਰਦੀ ਜਾਪਦੀ ਹੈ ਕਿ ਨਵੇਂ ਜੀਵਨ ਮੁੱਲਾਂ ਨਾਲ ਸਾਂਝ ਪਾ ਸਕਣੀ ਸੌਖਾ ਕਾਰਜ ਨਹੀਂ। ਇਸ ਮਕਸਦ ਲਈ ਬੰਦੇ ਨੂੰ ਹਰਦਿੱਤ ਸਿੰਘ ਵਾਂਗ ਪੀੜਾ ਤੇ ਪਰੇਸ਼ਾਨੀ ਦੀ ਇਕ ਲੰਮੀ ਪ੍ਰਕਿਰਿਆ ਵਿਚੋਂ ਗੁਜ਼ਰਨਾ ਵੀ ਪੈਂਦਾ ਹੈ। ਰਛਪਾਲ ਨਜ਼ਰਿਆਤੀ ਪਹਿਲੂ ਤੋਂ ਸਭਿਆਚਾਰਕ ਅਨੁਕੂਲਣ ਦੇ ਹੱਕ ਵਿਚ ਹੈ। ਇਹੋ ਕਾਰਨ ਹੈ ਕਿ ਰਵਨੀਤ ਦੇ ਫੈ਼ਸਲੇ ਨਾਲ ਉਸਦੇ ਪਿਤਾ ਨੂੰ ਏਨੀ ਤਕਲੀਫ਼ ਨਹੀਂ ਹੁੰਦੀ, ਜਿੰਨੀ ਪੁਰਾਣੇ ਖਿ਼ਆਲਾਂ ਵਾਲੇ ਹਰਦਿੱਤ ਸਿੰਘ ਨੂੰ ਹੁੰਦੀ ਹੈ।
ਅਸਲ ਵਿਚ ਲੇਖਿਕਾ ਜਾਂ ਲੇਖਕ ਦੇ ਨਜ਼ਰੀਏ ਵਿਚੋਂ ਕਸ਼ੀਦ ਹੋ ਕੇ ਹੀ ਕੋਈ ਰਚਨਾ ਆਪਣਾ ਆਕਾਰ ਪ੍ਰਕਾਰ ਗ੍ਰਹਿਣ ਕਰਦੀ ਹੈ। ਅਸੀਂ ਵੇਖਦੇ ਹਾਂ ਕਿ ਲੇਖਿਕਾ ਦਾ ਨਜ਼ਰੀਆ ਬਹੁਤ ਹੱਦ ਤੱਕ ਸੰਤੁਲਤ ਹੈ। ਉਹ ਨਾ ਤਾਂ ਆਪਣੇ ਸਭਿਆਚਾਰ ਨਾਲ ਉਲਾਰ ਮੋਹ ਪ੍ਰਗਟਾਉਂਦੀ ਹੈ ਤੇ ਨਾ ਹੀ ਪੱਛਮੀ ਜੀਵਨ ਮੁੱਲਾਂ ਨਾਲ ਉਲਾਰ ਲਗਾਓ ਦੀ ਪਰਚਾਰਕ ਹੈ। ਉਸਦਾ ਨਜ਼ਰੀਆ ਆਲੋਚਨਾਤਮਕ ਹੈ। ਉਹ ਜਿੱਥੇ ਪੱਛਮੀ ਜੀਵਨ ਮੁਲਾਂ ਵਿਚ ਆ ਰਹੇ ਨਿਘਾਰ ਨੂੰ ਆਲੋਚਨਾ ਦਾ ਨਿਸ਼ਾਨਾ ਬਚਾਉਂਦੀ ਹੈ ਓਥੇ ਪੱਛਮੀ ਲੋਕਾਂ ਦੇ ਵਿਹਾਰ ਦੀਆਂ ਚੰਗਿਆਈਆਂ ਨੂੰ ਵੀ ਦ੍ਰਿਸ਼ਟੀਗੋਚਰ ਕਰਦੀ ਹੈ। ਇੰਜ ਹੀ ਉਹ ਆਪਣੇ ਪਿਛੋਕੜ ਪ੍ਰਤੀ ਲਗਾਓ ਵੀ ਰੱਖਦੀ ਹੈ। 'ਉਡਾਰੀ' ਕਹਾਣੀ ਵਿਚੋਂ ਇਸਦੀ ਝਲਕ ਮਿਲ ਜਾਂਦੀ ਹੈ ਪਰ ਨਾਲ ਹੀ ਕੁੜੀਆਂ ਨਾਲ ਕੀਤੇ ਜਾਂਦੇ ਵਿਹਾਰ ਦੀ ਆਲੋਚਨਾ ਵੀ ਕਰਦੀ ਹੈ। । ਰਛਪਾਲ ਇਹ ਵੀ ਜਾਣਦੀ ਹੈ ਕਿ ਕਿਸੇ ਵਿਅਕਤੀ ਦੇ ਵਿਹਾਰ ਨੂੰ ਵਿਰਾਸਤੀ ਜੜ੍ਹਾਂ ਨਾਲ ਜੁੜਿਆ ਉਸਦਾ ਅਵਚੇਤਨ ਗਤੀਮਾਨ ਕਰਦਾ ਹੈ। 'ਅਪਣੱਤ' ਕਹਾਣੀ ਵਿਚਲਾ 'ਜੌਰਜ' ਨਾਂ ਦਾ ਲੜਕਾ ਜਦੋਂ ਇਸ ਭਰਮ ਦਾ ਸਿ਼ਕਾਰ ਹੋ ਜਾਂਦਾ ਹੈ ਕਿ ਉਸਦੀ ਅਧਿਆਪਕਾ ਉਸਦੀ ਇੰਡੀਅਨ 'ਆਂਟੀ' ਹੈ ਤਾਂ ਉਸਦੇ ਵਿਹਾਰ ਵਿਚ ਹਾਂ-ਮੁਖ ਤਬਦੀਲੀ ਵਾਪਰਨੀ ਸ਼ੁਰੂ ਹੋ ਜਾਂਦੀ ਹੈ ਪਰ ਜਦੋਂ 'ਤਾਂ ਫਿਰ ਕੀ ਕਰਾਂਗੇ' ਕਹਾਣੀ ਵਿਚ ਉਸ ਅੱਗੇ ਇਹ ਹਕੀਕਤ ਖੁੱਲ੍ਹ ਜਾਂਦੀ ਹੈ ਕਿ ਅਧਿਆਪਕਾ ਉਸਦੀ ਅਸਲੀ ਆਂਟੀ ਨਹੀਂ ਤਾਂ ਉਹੋ ਜੌਰਜ ਮੁੜ ਖੰਡਿਤ ਮਾਨਸਿਕਤਾ ਦਾ ਸਿ਼ਕਾਰ ਹੋ ਜਾਂਦਾ ਹੈ। ਸਭਿਆਚਾਰ ਦੀ ਸਾਂਝ ਸਦਕਾ ਹੀ 'ਅਸਰ' ਕਹਾਣੀ ਵਿਚਲਾ ਗੁਰਜਾਪ ਆਪਣੇ ਕੇਸ ਰੱਖ ਲੈਂਦਾ ਹੈ। ਸਭਿਆਚਾਰ ਦੀ ਸਾਂਝ ਹੀ 'ਆਪਣੇ' ਵਿਚਲੀ ਹਨੀਫ਼ਾ ਨੂੰ ਆਪਣੇ ਭਾਈਚਾਰਕ ਖਿੱਤੇ ਵਿਚ ਬਦਲੀ ਕਰਾਉਣ ਦੀ ਪ੍ਰੇਰਕ ਬਣਦੀ ਹੈ। ਪਰ ਜਿਵੇਂ ਕਿਹਾ ਗਿਆ ਹੈ ਕਿ ਲੇਖਿਕਾ 'ਸਭਿਆਚਾਰ ਦੀ ਸਾਂਝ ਤੇ ਮਹੱਤਵ' ਨੂੰ ਆਲੋਚਨਾਤਮਕ ਦ੍ਰਿਸ਼ਟੀ ਤੋਂ ਚਿਤਰਦੀ ਹੈ। ਸਭਿਆਚਾਰ ਦੇ ਨਾਂ ‘ਤੇ ਬੱਚਿਆਂ ਨੂੰ ਭੰਗੜਾ-ਗਿੱਧਾ ਸਿਖਾਉਣ ਵਾਲੀ ਸੰਸਥਾ ਦੀ ਸ਼ੋਸਕ ਬਿਰਤੀ ਵੀ ਉਸਦੀ ਆਲੋਚਨਾ ਦਾ ਨਿਸ਼ਾਨਾ ਬਣਦੀ ਹੈ। ਏਸੇ ਕਰਕੇ ਅਸੀਂ ਆਖਦੇ ਹਾਂ ਕਿ ਲੇਖਿਕਾ ਦਾ ਨਜ਼ਰੀਆ ਬਹੁਤ ਹੱਦ ਤੱਕ ਸੰਤੁਲਤ ਹੈ। 'ਤਰਸ' ਕਹਾਣੀ ਵਿਚਲਾ ਲੇਖਿਕਾ ਦੇ ਨਜ਼ਰੀਏ ਦਾ ਸੰਤੁਲਨ ਹੀ ਦੱਸਦਾ ਹੈ ਕਿ ਜਿੰਨਾ ਚਿਰ ਸਮੁੱਚਾ ਸਿਸਟਮ ਤਬਦੀਲ ਨਹੀਂ ਹੁੰਦਾ ਓਨਾ ਚਿਰ ਬੱਚਿਆਂ ਦੇ ਜੀਵਨ ਵਿਚ ਗੁਣਾਤਮਕ ਪਰਿਵਰਤਨ ਦਾ ਵਾਪਰਨਾ ਸੰਭਵ ਨਹੀਂ ਪਰ ਲੇਖਿਕਾ ਇਸ ਆਦਰਸ਼ ਦੀ ਵੀ ਪ੍ਰਚਾਰਕ ਹੈ ਕਿ ਬੰਦੇ ਨੂੰ ਸਿਸਟਮ ਬਦਲੇ ਜਾਣ ਦੀ ਉਡੀਕ ਵਿਚ ਕਿਰਿਆ-ਹੀਣ ਹੋ ਕੇ ਬੈਠੇ ਨਹੀਂ ਰਹਿਣਾ ਚਾਹੀਦਾ। ਉਸਨੂੰ ਉਸ ਅਧਿਆਪਕਾ ਵਾਂਗ ਕਾਰਜਸ਼ੀਲ ਰਹਿਣਾ ਚਾਹੀਦਾ ਹੈ ਜਿਹੜੀ ਭਾਵੇਂ ਥੋੜੇ ਸਮੇਂ ਲਈ ਇੰਡੀਆ ਗਈ ਹੈ ਪਰ ਤਾਂ ਵੀ ਉਹ ਮੰਗੇ ਨੂੰ ਪੜ੍ਹਾਉਣ ਦੀ ਜਿੰ਼ਮੇਵਾਰੀ ਓਢਣ ਲਈ ਤਿਆਰ ਹੈ।
ਇਹ ਠੀਕ ਹੈ ਕਿ ਕਹਾਣੀ ਲਿਖਣ ਦੀ ਕਾਹਲ ਕਾਰਨ ਉਹ ਕਈ ਵਾਰ ਕਹਾਣੀ ਦੀ ਬੁਣਤਰ ਵੱਲ ਲੋੜੀਂਦਾ ਧਿਆਨ ਨਹੀਂ ਦੇ ਪਾਉਂਦੀ; ਏਸੇ ਕਰਕੇ ਉਸਦੀਆਂ ਕਹਾਣੀਆਂ ਦੇ ਅੰਤ ਕਈ ਵਾਰ ਤਿੱਖੇ ਤੇ ਸੁਝਾਊ ਨਹੀਂ ਰਹਿੰਦੇ। ਕਹਾਣੀਆਂ ਦੇ ਨਾਮਕਰਣ ਵਿਚ ਵੀ ਇਹ ਸਮੱਸਿਆ ਦਿਖਾਈ ਦਿੰਦੀ ਹੈ। ਨਾਮ ਪ੍ਰਗਟਾਊ ਵਧੇਰੇ ਹਨ, ਸੁਝਾਊ ਘੱਟ। ਉਂਜ ਵੀ ਕਈ ਕਹਾਣੀਆਂ ਦੇ ਨਾਂ ਕਹਾਣੀਆਂ ਦੀ ਬਹੁਅਰਥਤਤਾ ਨੂੰ ਇਕਹਿਰੇ ਅਰਥਾਂ ਵਿਚ ਬੰਨ੍ਹ ਦਿੰਦੇ ਹਨ। ਕਈ ਕਹਾਣੀਆਂ ਵਿਚ ਉਹ ਆਪਣਾ ਵਿਚਾਰ ਪਾਠਕ ‘ਤੇ ਆਰੋਪਤ ਕਰਦੀ ਵੀ ਨਜ਼ਰ ਆਉਂਦੀ ਹੈ। ਜੇ ਉਹ ਇਹਨਾਂ ਸਮੱਸਿਆਵਾਂ ਵੱਲ ਧਿਆਨ ਦੇਣ ਲੱਗ ਪਵੇ ਤਾਂ ਆਉਣ ਵਾਲੇ ਸਮੇਂ ਵਿਚ ਉਸ ਵਿਚ ਸਮਰੱਥ ਕਹਾਣੀ ਲੇਖਕ ਬਣ ਜਾਣ ਦੀਆਂ ਸੰਭਾਵਨਾਵਾਂ ਨਜ਼ਰ ਆਉਂਦੀਆਂ ਹਨ। ਅਜਿਹੀ ਸਮਰੱਥਾ ਦਾ ਪ੍ਰਗਟਾ ਉਸਨੇ ਕਈ ਹੱਥਲੀਆਂ ਕਹਾਣੀਆਂ ਵਿਚ ਬਾਖ਼ੂਬੀ ਕੀਤਾ ਹੈ। 'ਗੁਲਾਬੀ ਸੂਟ', 'ਫ਼ਰਜ਼', 'ਫ਼ਾਦਰਜ਼ ਡੇ' ਉਸਦੀਆਂ ਮੁੱਲਵਾਨ ਕਹਾਣੀਆਂ ਹਨ। ਉਦਾਹਰਣ ਵਜੋਂ 'ਗੁਲਾਬੀ ਸੂਟ' ਦੀ ਵਿਲੱਖਤਤਾ ‘ਤੇ ਸੰਖੇਪ ਝਾਤ ਪਾਈ ਜਾ ਸਕਦੀ ਹੈ।
'ਗੁਲਾਬੀ ਸੂਟ' ਵਿਚਲੀ ਬੱਚੀ ਸ਼ੈਨਨ ਤੇ ਉਸਦੇ ਤਿੰਨ ਭਰਾਵਾਂ ਨੂੰ ਉਹਨਾਂ ਦੀ ਮਾਂ ਛੱਡ ਕੇ ਚਲੀ ਗਈ ਹੈ। ਕਹਾਣੀ ਵਿਚ ਮਾਂ-ਵਿਹੂਣੀ ਧੀ ਦੀ ਪੀੜ ਨੂੰ ਲੇਖਿਕਾ ਨੇ ਬੜੀ ਮਨੋਵਿਗਿਆਨਕ ਬਰੀਕੀ ਨਾਲ ਜ਼ਬਾਨ ਦਿੱਤੀ ਹੈ। ਮਾਂ-ਬਾਪ ਦੇ ਪਿਆਰ ਤੋਂ ਵਿਹੂਣੇ ਬੱਚਿਆਂ ਦੇ ਅੰਦਰ ਡੂੰਘਾ ਖਿ਼ਲਾਅ ਪਸਰ ਜਾਂਦਾ ਹੈ। ਉਹਨਾਂ ਦਾ ਸਵੈ ਭਰੋਸਾ ਖ਼ਤਮ ਹੋ ਜਾਂਦਾ ਹੈ। ਮਾਪਿਆਂ ਦੀ ਮੁਹੱਬਤ ਦੀ ਅਣਹੋਂਦ ਤੇ ਮਾਨਸਿਕ ਸੁਰੱਖਿਆ ਦੀ ਘਾਟ ਕਾਰਨ ਟੁੱਟੇ ਪਰਿਵਾਰਾਂ ਦੇ ਬੱਚੇ ਸ਼ੈਨਨ ਵਾਂਗ ਸ਼ਕਤੀਹੀਣ ਹੋ ਜਾਂਦੇ ਹਨ। ਸ਼ੈਨਨ ਵੱਲੋਂ ਬਾਂਹ-ਹੀਣ ਲੜਕੀ ਦਾ ਚਿਤਰ ਬਨਾਉਣਾ ਉਸਦੀ ਹੀਣ ਸਥਿਤੀ ਵੱਲ ਕਲਾਤਮਕ ਸੰਕੇਤ ਹੈ। ਪੰਜਾਬੀ ਕਹਾਣੀ ਵਿਚ ਇਹ ਰਚਨਾ ਵਸਤੂ ਪੱਖੋਂ ਅਸਲੋਂ ਨਵੇਕਲੀ ਝਾਕੀ ਹੈ। ਕਨੇਡਾ ਦੇ ਸਕੂਲੀ ਸਿਸਟਮ ਦੀ ਅੰਤਰ-ਝਾਤ। ਵਿਦਿਆਰਥੀਆਂ ਤੇ ਅਧਿਆਪਕਾਂ ਦੇ ਅਤਿ ਨੇੜਲੇ ਸੰਬੰਧਾਂ ਦੀ ਤਸਵੀਰ। ਸਾਡੇ ਸਕੂਲਾਂ ਵਾਂਗ ਅਧਿਆਪਕਾ ਵਿਦਿਆਰਥੀ ਲਈ 'ਹਊਆ' ਨਹੀਂ ਸਗੋਂ ਦੋਸਤ ਤੇ ਮਦਦਗ਼ਾਰ ਹੈ। ਵਿਦਿਆਰਥੀਆਂ ਨਾਲ ਅਪਣੱਤ ਦੇ ਡੂੰਘੇ ਰਿਸ਼ਤੇ ਵਿਚ ਬੱਝੀ ਹੋਈ। ਸ਼ੈਨਨ ਨਾਲ ਉਸਦਾ ਮਾਵਾਂ ਵਰਗਾ ਰਿਸ਼ਤਾ ਹੈ। ਸ਼ੈਨਨ ਦੇ ਪਿਛੋਕੜ ਨਾਲ ਸੰਵੇਦਨਾਤਮਕ ਸਾਂਝ ਰੱਖਦੀ ਹੈ। ਉਸ ਕੋਲ ਬਾਲ-ਮਨੋਵਿਗਿਆਨ ਦੀ ਡੂੰਘੀ ਸੋਝੀ ਹੈ। ਕਹਾਣੀ ਵਿਚ ਬਹੁਤ ਕੁਝ ਅਣਕਿਹਾ ਹੈ। ਅਣਕਹੇ ਨੂੰ ਪਾਠਕ ਆਪ ਸਿਰਜਦਾ ਹੈ। ਸ਼ੈਨਨ ਦੀ ਮਾਂ ਉਸਨੂੰ ਛੱਡ ਗਈ। ਕਿਉਂ? ਕੀ ਪਿਤਾ ਦਾ ਕਸੂਰ ਸੀ ਜਾਂ ਮਾਂ ਦਾ? ਗੁਲਾਬੀ ਸੂਟ ਲੈਣ ਦੀ ਚਾਹਤ ਜਿੱਥੇ ਅਧਿਆਪਕਾ ਨਾਲ ਮਾਂ ਦਾ ਰਿਸ਼ਤਾ ਬਨਾਉਣ ਦੀ ਲੁਕਵੀਂ ਖ਼ਾਹਿਸ਼ ਦਾ ਚਿੰਨ੍ਹ ਹੈ, ਓਥੇ ਸੂਟ 'ਇੰਡੀਅਨ' ਹੋਣ ਕਰਕੇ ਦਾਦੀ ਲਈ ਆਪਣੀ ਪੋਤੀ ਲਈ ਵਰਜਤ ਹੋ ਜਾਂਦਾ ਹੈ। 'ਇੰਡੀਆ' ਨਾਲ ਦਾਦੀ ਦਾ ਲਵ-ਹੇਟ ਸੰਬੰਧ ਹੈ। ਉਹ ਜਾਣਦੀ ਹੋਈ ਵੀ ਕਿ ਅਧਿਆਪਕਾ ਇੰਡੀਅਨ ਹੈ, ਪੋਤੀ ਨੂੰ ਸੂਟ ਲੈ ਲੈਣ ਦੀ ਆਗਿਆ ਦਿੰਦੀ ਹੈ; ਪਰ ਸੂਟ ਦਾ ਇੰਡੀਅਨ ਹੋਣਾ ਪ੍ਰਵਾਨ ਨਹੀਂ ਕਰਦੀ ਤੇ ਉਸਨੂੰ ਵਾਪਸ ਕਰਨ ਲਈ ਆਖਦੀ ਹੈ। ਟੇਲਰ ਓਸੇ ਸੂਟ ਨੂੰ ਪ੍ਰਵਾਨ ਕਰ ਲੈਂਦੀ ਹੈ। ਜ਼ਰੂਰ ਦਾਦੀ ਦੇ ਮਨ ਵਿਚ ਘੁੰਡੀ ਹੈ, ਜਿਹੜੀ ਅਣਸੁਲਝੀ ਪਈ ਰਹਿੰਦੀ ਹੈ। ਕੀ ਇਹ ਨਸਲੀ ਵਿਤਕਰਾ ਹੈ? ਹੋ ਸਕਦਾ ਹੈ, ਨਹੀਂ ਵੀ। ਟੇਲਰ ਦੀ ਮਾਂ ਵੱਲੋਂ ਸੂਟ ਸਵੀਕਾਰ ਕਰਨ ਨਾਲ ਇਹ ਵਿਤਕਰੇ ਵਾਲੀ ਗੱਲ ਗ਼ਲਤ ਹੋ ਗਈ ਜਾਪਦੀ ਹੈ। ਕੀ ਸ਼ੈਨਨ ਦੀ ਮਾਂ ਇੰਡੀਅਨ ਸੀ? ਪਤਾ ਨਹੀਂ। ਚੰਗਾ ਸਾਹਿਤ ਦੋ ਟੁੱਕ ਫ਼ੈਸਲਾ ਨਹੀਂ ਦਿੰਦਾ। ਜੀਵਨ ਦੀ ਸਮਝ ਕਿਸੇ ਇਕਹਿਰੇ ਸੂਤਰ ਦੀ ਥਾਂ ਉਸਦੀ ਜਟਿਲਤਾ ਵਿਚੋਂ ਹੀ ਤਲਾਸ਼ੀ ਜਾ ਸਕਦੀ ਹੈ। ਸ਼ੈਨਨ ਦੀ ਮਾਂ-ਵਿਹੂਣਾ ਹੋਣ ਦੀ ਪੀੜ ਨੂੰ ਉਸਦੇ ਬਾਂਹ-ਹੀਣ ਹੋਣ ਨਾਲ ਜੋੜਿਆ ਗਿਐ ਪਰ ਨਾਲ ਹੀ ਕੁੜੀ ਨੂੰ ਸ਼ਕਤੀ ਧਾਰਨ ਕਰਨ ਵੱਲ ਮੋੜਨਾ ਲੇਖਿਕਾ ਦਾ ਹਾਂ-ਮੁਖੀ ਨਜ਼ਰੀਆ ਹੈ। ਪਰ ਨਜ਼ਰੀਆ ਕਹਾਣੀ ਵਿਚੋਂ ਸਹਿਜ ਨਾਲ ਸਫੁਟਤ ਹੋ ਰਿਹਾ ਹੈ, ਆਰੋਪਤ ਨਹੀਂ ਕੀਤਾ ਗਿਆ।
ਅਸੀਂ ਵੇਖਿਆ ਹੈ ਕਿ ਉਸਦੀਆਂ ਬਹੁਤ ਸਾਰੀਆਂ ਕਹਾਣੀਆਂ ਵਿਚ ਔਰਤ ਪੀੜਤ ਪਾਤਰ ਵਜੋਂ ਪੇਸ਼ ਹੋਈ ਹੈ। ਉਹ ਮਰਦਾਵੀਂ ਧੌਂਸ ਸਹਿੰਦੀ ਹੈ, ਸ਼ਰਾਬੀ ਪਤੀਆਂ ਦੀ ਕੁੱਟ ਖਾਂਦੀ ਹੈ, ਪਤੀ ਦੇ ਸ਼ੱਕ ਦੀ ਸਿ਼ਕਾਰ ਹੁੰਦੀ ਹੈ, ਵਸਤ ਬਣਕੇ ਵਿਕਦੀ ਤੇ ਮਜਬੂਰਨ ਅਣਜੋੜ ਵਿਆਹ ਸੰਬੰਧਾਂ ਵਿਚ ਬੱਝਦੀ ਹੈ। ਅਣਜੋੜ ਵਿਆਹ ਸੰਬੰਧ ਦਾ ਇਕ ਦ੍ਰਿਸ਼ 'ਅਹਿਸਾਨ' ਕਹਾਣੀ ਵਿਚ ਦ੍ਰਿਸ਼ਟੀਗੋਚਰ ਹੁੰਦਾ ਹੈ, ਜਿਸ ਵਿਚ ਵਡੇਰੀ ਉਮਰ ਦੇ ਬਜ਼ੁਰਗ ਨਾਲ ਭਰ ਜਵਾਨ ਮੁਟਿਆਰ ਨੂੰ ਨਰੜ ਦਿੱਤਾ ਜਾਂਦਾ ਹੈ। ਲੇਖਿਕਾ ਆਦਰਸ਼ਕ ਪੈਂਤੜਾ ਲੈ ਕੇ ਉਸ ਬਜ਼ੁਰਗ ਵੱਲੋਂ ਆਪਣੇ ਹੱਥੀਂ ਉਸ ਕੁੜੀ ਦਾ ਵਿਆਹ ਉਸਦੇ ਹਾਣ-ਪ੍ਰਵਾਨ ਨਾਲ ਕਰਵਾ ਦਿੰਦੀ ਹੈ ਪਰ ਔਰਤ ਦੀ ਦੁਖਾਂਤਕ ਸਥਿਤੀ ‘ਤੇ ਯਥਾਰਥਕ ਝਾਤ ਵੀ ਪਵਾ ਜਾਂਦੀ ਹੈ। ਔਰਤ ਦੇ ਦੁਖਾਂਤ ਦੀ ਕਹਾਣੀ ਕਹਿੰਦੀ ਵੀ ਉਹ ਔਰਤ ਨੂੰ ਤਾਕਤਵਰ ਬਣਨ ਦਾ ਕਲਾਤਮਕ ਸੁਨੇਹਾਂ ਦਿੰਦੀ ਹੈ। 'ਗੁਲਾਬੀ ਸੂਟ' ਵਿਚ ਸ਼ੈਨਨ ਨੂੰ 'ਬਾਹਾਂ' ਲਾਉਣ ਦਾ ਸੰਕੇਤ ਔਰਤ ਨੂੰ ਬਲ ਧਾਰਨ ਲਈ ਵੰਗਾਰ ਹੀ ਹੈ; ਜਿਸਦਾ ਅਗਲਾ ਵਿਸਥਾਰ 'ਹੁਣ ਮੇਰੀ ਵਾਰੀ ਹੈ' ਵਿਚੋਂ ਦ੍ਰਿਸ਼ਟੀਗੋਚਰ ਹੁੰਦਾ ਹੈ। ਇਸ ਕਹਾਣੀ ਵਿਚ ਸ਼ੈਨਨ 'ਆਪਣੀ ਵਾਰੀ' ਆਉਣ ਤੇ ਆਪਣੀ ਸੁਤੰਤਰਤਾ ਅਤੇ ਆਪਣਾ ਹੱਕ ਪ੍ਰਾਪਤ ਕਰ ਲੈਣ ਦੀ ਖ਼ੁਸ਼ੀ ਦਾ ਇਜ਼ਹਾਰ ਕਰਦੀ ਹੈ। ਲੇਖਿਕਾ ਰਿਸ਼ਤਿਆਂ ਪ੍ਰਤੀ ਦਾਦੀ ਦੀ ਪੁਰਾਤਨਪੰਥੀ ਪਹੁੰਚ ਨੂੰ ਰੱਦ ਕਰਕੇ ਸ਼ੈਨਨ ਦੀ ਜਾਂ ਦੂਜੇ ਸ਼ਬਦਾਂ ਵਿਚ ਔਰਤ ਦੀ ਸੁਤੰਤਰ ਫ਼ੈਸਲੇ ਲੈ ਸਕਣ ਦੀ ਹਿੰਮਤ ਦਾ ਸਮਰਥਕ ਕਰਦੀ ਹੈ। 'ਲਗਾਓ' ਕਹਾਣੀ ਵੀ ਕੁੜੀਆਂ ਜਾਂ ਧੀਆਂ ਨਾਲ 'ਕੁੜੀ' ਹੋਣ ਕਰਕੇ ਕੀਤੇ ਵਿਤਕਰੇ ਨੂੰ ਜ਼ਬਾਨ ਦਿੰਦੀ ਹੋਈ ਇਸ ਮਨੋਵਿਗਿਆਨਕ ਹਕੀਕਤ ਨੂੰ ਵੀ ਸਾਹਮਣੇ ਲਿਆਉਂਦੀ ਹੈ ਕਿ ਮਾਪਿਆਂ ਦੇ ਪਿਆਰ ਤੋਂ ਵਿਜੋਗੀਆਂ ਧੀਆਂ ਦੀ ਜਿ਼ੰਦਗੀ ਵਿਚ ਇਕ ਡੂੰਘਾ ਖੱਪਾ ਰਹਿ ਜਾਂਦਾ ਹੈ ਜੋ ਉਹਨਾਂ ਦੀ ਸ਼ਖ਼ਸੀਅਤ ਨੂੰ ਭਰਪੂਰ ਰੂਪ ਵਿਚ ਵਿਗਸਣ ਵਿਚ ਰੁਕਾਵਟ ਬਣ ਸਕਦਾ ਹੈ। ਇੰਜ ਉਹ ਮਾਪਿਆਂ ਅਤੇ ਸਮਾਜ ਨੂੰ ਕੁੜੀਆਂ ਪ੍ਰਤੀ ਆਪਣਾ ਦ੍ਰਿਸ਼ਟੀਕੋਨ ਤਬਦੀਲ ਕਰਨ ਲਈ ਸੁਝਾਅ ਦੇ ਰਹੀ ਹੈ। ਇਹ ਕਹਾਣੀਆਂ ਨਿਸਚੈ ਹੀ ਪਾਠਕ ਨੂੰ ਔਰਤ ਦੀ ਹੋਂਦ ਤੇ ਹਕੀਕਤ ਬਾਰੇ ਵਧੇਰੇ ਸੰਵੇਦਨਸ਼ੀਲ ਬਣਾਉਂਦੀਆਂ ਹਨ।
ਧੁਰ ਮਨੋਵਿਗਿਆਨਕ ਡੂੰਘਾਣਾਂ ਤੱਕ ਜਾ ਕੇ ਬੱਚਿਆਂ, ਮਾਪਿਆਂ, ਸਮਾਜ ਤੇ ਸਭਿਆਚਾਰ ਦੀਆਂ ਪਰਤਾਂ ਨੂੰ ਫਰੋਲ ਸਕਣ ਦੀ ਕਲਾਤਮਕ ਸਮਰੱਥਾ; ਸ਼ਖ਼ਸੀ ਆਜ਼ਾਦੀ ਤੇ ਕਾਮ-ਸੰਬੰਧਾਂ ਦੀ ਬੇਮੁਹਾਰ ਖੁੱ਼ਲ੍ਹ ਬਾਰੇ ਆਲੋਚਨਾਤਮਕ ਪਹੁੰਚ; ਨਸਲੀ ਵਿਤਕਰੇ ਦਾ ਸੰਤੁਲਤ ਪ੍ਰਗਟਾਓ; ਕਨੇਡਾ ਦੇ ਵਿਦਿਅਕ ਸਿਸਟਮ ਬਾਰੇ ਸਾਡੇ ਲਈ ਪ੍ਰੇਰਨਾ ਬਣਨ ਵਾਲੀ ਬਰੀਕ ਤੇ ਪ੍ਰਮਾਣਿਕ ਜਾਣਕਾਰੀ; ਵਿਰਾਸਤੀ ਜੜ੍ਹਾਂ ਦਾ ਮਹੱਤਵ ਪੇਸ਼ ਕਰਨ ਦੇ ਨਾਲ ਨਾਲ ਧਾਰਮਕ ਵਿਹਾਰ ਵਿਚਲੀ ਦਿੱਖ ਤੇ ਤੱਤ ਦਾ ਵਿਰੋਧ ਉਜਾਗਰ ਕਰਨ ਅਤੇ ਦੋਹਰੇ ਤੇ ਦੋਗਲੇ ਵਿਹਾਰ ਨੂੰ ਤਿੱਖੇ ਵਿਅੰਗ ਦਾ ਨਿਸ਼ਾਨਾ ਬਣਾ ਸਕਣ ਦੀ ਰਚਨਾਤਮਕ ਯੋਗਤਾ ਕਰਕੇ ਰਛਪਾਲ ਕੌਰ ਗਿੱਲ ਪਰਵਾਸੀ ਪੰਜਾਬੀ ਕਹਾਣੀ ਵਿਚ ਆਪਣੀ ਵੱਖਰੀ ਪਛਾਣ ਬਣਾਉਂਦੀ ਨਜ਼ਰ ਆਉਂਦੀ ਹੈ।
ਪੰਜਾਬੀ ਕਹਾਣੀ ਵਿਚ ਉਸਦੀ ਆਮਦ ਨੂੰ ਜੀ ਆਇਆਂ!

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346