Welcome to Seerat.ca
Welcome to Seerat.ca

ਲੱਖੇ ਵਾਲ਼ਾ ਜੋਰਾ ‘ਬਾਈ’!

 

- ਇਕਬਾਲ ਰਾਮੂਵਾਲੀਆ

ਭਰਾਵਾਂ ਦਾ ਮਾਣ

 

- ਵਰਿਆਮ ਸਿੰਘ ਸੰਧੂ

ਯਾਦਾਂ ਦੀ ਐਲਬਮ - ਦੀਦਾਰ ਸਿੰਘ ਪਰਦੇਸੀਂ

 

- ਸੁਰਜੀਤ ਪਾਤਰ

ਗ਼ਦਰ ਪਾਰਟੀ ਦੇ ਦਿਮਾਗ ਬਾਬਾ ਜਵਾਲਾ ਸਿੰਘ ਠੱਠੀਆਂ ਦੀ ਦੂਰ ਅੰਦੇਸ਼ੀ ਸੋਚ: ਗੁਰੂ ਗੋਬਿੰਦ ਸਿੰਘ ਸਾਹਿਬ ਐਜੂਕੇਸ਼ਨਲ ਸਕਾਲਰਸ਼ਿਪ

 

- ਸੀਤਾ ਰਾਮ ਬਾਂਸਲ

ਇਸ ਵਾਰੀ ਵਾਲ਼ੀ ਪੰਜਾਬ ਦੀ ਫੇਰੀ (12 ਜਨਵਰੀ ਤੋਂ 14 ਅਪ੍ਰੈਲ 2015)

 

- ਸੰਤੋਖ ਸਿੰਘ

ਲਿਸ਼ਕਣਹਾਰ ਬਰੇਤੀ

 

- ਹਰਜੀਤ ਗਰੇਵਾਲ

ਯਾਦਾਂ ਦੀ ਕਬਰ ‘ਚੋਂ

 

- ਅਮੀਨ ਮਲਿਕ

ਨਜ਼ਮ ਤੇ ਛੰਦ-ਪਰਾਗੇ

 

- ਗੁਰਨਾਮ ਢਿਲੋਂ

ਦੋ ਨਜ਼ਮਾਂ

 

- ਉਂਕਾਰਪ੍ਰੀਤ

ਨਜ਼ਮ

 

- ਪਿਸ਼ੌਰਾ ਸਿੰਘ ਢਿਲੋਂ

ਚਿਤਵਉ ਅਰਦਾਸ ਕਵੀਸਰ

 

- ਸੁਖਦੇਵ ਸਿੱਧੂ

ਬਲਬੀਰ ਸਿੰਘ ਦੀ ਜੀਵਨੀ ‘ਗੋਲਡਨ ਗੋਲ’

 

- ਪ੍ਰਿੰ. ਸਰਵਣ ਸਿੰਘ

ਨਾਵਲ ਅੰਸ਼ / ਸ਼ਹਿਰ ਅਦਨ

 

- ਹਰਜੀਤ ਅਟਵਾਲ

ਹੋ ਹੋ ਦੁਨੀਆਂ ਚਲੀ ਜਾਂਦੀ ਐ ਵੀਰ…

 

- ਬਲਵਿੰਦਰ ਗਰੇਵਾਲ

ਕਹਾਣੀ
ਮਿੱਟੀ

 

- ਲਾਲ ਸਿੰਘ ਦਸੂਹਾ

ਨੇਤਾ ਹੋਣ ਦੇ ਮਾਅਨੇ

 

- ਬਲਵਿੰਦਰ ਸਿੰਘ ਗਰੇਵਾਲ 

ਤਰਦੀਆਂ ਲਾਸ਼ਾਂ ‘ਤੇ ਰੂਮ ਸਾਗਰ ਦਾ ਹਾਅ ਦਾ ਨਾਅਰਾ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਮੈਢ਼ਾ ਪਿੰਡੀ ਘੇਬ

 

- ਸੁਭਾਸ਼ ਰਾਬੜਾ

ਹਰਦੇਵ ਸਿੰਘ ਢੇਸੀ ਇਕ ਬਹੁਪੱਖੀ ਸ਼ਖ਼ਸੀਅਤ

 

- ਡਾ: ਪ੍ਰੀਤਮ ਸਿੰਘ ਕੈਂਬੋ

ਵਿਸਾਖੀ ਦੇ ਆਰ ਪਾਰ

 

- ਡਾ. ਸੁਰਿੰਦਰਪਾਲ ਸਿੰਘ ਮੰਡ

ਪਿੰਡ ਪਹਿਰਾ ਲੱਗਦੈ - ਠੀਕਰੀ ਪਹਿਰਾ

 

- ਹਰਮੰਦਰ ਕੰਗ

ਚਰਿੱਤਰ; ਇਨਸਾਨ ਦੇ ਕਰਮਾਂ ਦਾ ਚਿੱਤਰ !

 

- ਮਿੰਟੂ ਗੁਰੂਸਰੀਆ

ਦੋ ਧਾਰੀ ਕਿਰਪਾਨ ਵਰਗੀ ਕਿਤਾਬ – ‘ਨੀ ਮਾਂ’

 

- ਉਂਕਾਰਪ੍ਰੀਤ

ਬਲਬੀਰ ਸਿੰਘ ਦੀ ਜੀਵਨੀ ‘ਗੋਲਡਨ ਗੋਲ’ ਪੜ੍ਹਦਿਆਂ

 

- ਪੂਰਨ ਸਿੰਘ ਪਾਂਧੀ

'ਉੱਡਦੇ ਪਰਿੰਦੇ' ਪੜ੍ਹਦਿਆਂ....

 

- ਸਤਨਾਮ ਚੌਹਾਨ

ਧਰਤੀ ਦੇ ਵਾਰਸਾ

 

- ਹਰਜਿੰਦਰ ਸਿੰਘ ਗੁਲਪੁਰ

ਦੋ ਕਵਿਤਾਵਾਂ

 

- ਦਿਲਜੋਧ ਸਿੰਘ

 

Online Punjabi Magazine Seerat

ਲੱਖੇ ਵਾਲ਼ਾ ਜੋਰਾ ‘ਬਾਈ’!
(ਛਪਣ-ਹਿਤ ਸਵੈਜੀਵਨੀ(ਭਾਗ ਦੋ), ‘ਬਰਫ਼ ਵਿੱਚ ਉਗਦਿਆਂ’ ਦਾ ਅਖ਼ਰੀ ਤੋਂ ਪਹਿਲਾ ਕਾਂਡ))
- ਇਕਬਾਲ ਰਾਮੂਵਾਲੀਆ

 

ਮੈਂ ਤੇ ਸੁਖਸਾਗਰ, ਅਤੇ ਨੌਵੇਂ ਜਨਮ-ਦਿਨ ਦੇ ਨੇੜੇ ਅੱਪੜੀਆਂ ਸਾਡੀਆਂ ਜੌੜੀਆਂ “ਕਵਿਤਾਵਾਂ”, ਕਿੰਨੂੰ ਤੇ ਸੁੱਖੀ: ਚਹੁੰ ਜੀਆਂ ਦੀ ਟਬਰੀ ਤਕਰੀਬਨ ਇੱਕ ਸਾਲ ਤੋਂ ਰੈਕਸਡੇਲ ਦੀ ਓਸ ਅਪਾਰਟਮੈਂਟ ਇਮਾਰਤ 'ਚ ਟੁੰਗੀ ਹੋਈ ਸੀ ਜਿਸਦੀਆਂ ਕੰਧਾਂ ਅਤੇ ਫ਼ਰਸ਼ਾਂ ਵਿੱਚ ਵੀ, ਹਾਲਵੇਅ ਦੀ ਹਵਾ `ਚ ਘੁਲ਼ੇ ਕੌੜੇ-ਕੁਸੈਲ਼ੇ ਮੁਸ਼ਕ ਨੇ, ਘੁਸਪੈਠ ਕਰ ਲਈ ਸੀ: ਸਾਡਾ ਫ਼ਲੈਟ ਹਾਲਵੇਅ ਦੇ ਅਖ਼ੀਰ `ਤੇ ਸੀ: ਜਦੋਂ ਅਸੀਂ ਏਥੇ ਮੂਵ ਹੋਏ ਸੀ, ਤਾਂ ਸਾਡੇ ਫ਼ਲੈਟ ਦੇ ਦਰਵਾਜ਼ੇ ਦੇ ਤੁਰਤ ਸੱਜੇ ਪਾਸੇ ਉਸਦੇ ਹਮਸ਼ਕਲ ਨੂੰ ਕਈ ਦਿਨ ਅਸੀਂ ਕਿਸੇ ਹੋਰ ਫ਼ਲੈਟ ਦਾ ਪਰਵੇਸ਼ ਦੁਆਰ ਹੀ ਸਮਝੀ ਗਏ। ਦਿਨ ਵੇਲ਼ੇ ਖ਼ਮੋਸ਼ ਰਹਿੰਦੇ ਇਸ ਦਰਵਾਜ਼ੇ ਦੇ ਪਿਛਲੇ ਪਾਸੇ ਅੱਧੀ ਰਾਤ ਤੋਂ ਬਾਅਦ ਫ਼ਰਸ਼ ਉੱਪਰ ਡਿਗਦੀਆਂ ਬੋਤਲਾਂ ਦਾ ਠਣਨ-ਠਣਨ ਟੁਟਣਾ, ਘਸੁੰਨ-ਮੁੱਕੀ ਤੇ ‘ਯੂ ਫੱਕਿੰਨ ਬਾਸਟਰਡ’ ‘ਆਈ ਫੱਕ ਯੂ ਕੰਟ’ ਦੇ ਲਲਕਾਰੇ ਦਗੜ-ਦਗੜ ਕਰਦੇ। ਕਿੰਨੂੰ-ਸੁੱਖੀ ਦੀ ‘ਊਂਅਅ, ਊਂਅਅ’ ਪਾਸੇ ਮਾਰਦੀ, ਤੇ ਸੁਖਸਾਗਰ ਉੱਠ ਕੇ ਦਰਵਾਜ਼ੇ ਵੱਲ ਨੂੰ ਚਲੀ ਜਾਂਦੀ।
ਚੌਥੇ ਕੁ ਦਿਨ ਸਵੇਰੇ ਨੌ ਵਜੇ ਮੈਂ ਆਪਣੇ ਫ਼ਲੈਟ `ਚੋਂ ਬਾਹਰ ਨਿੱਕਲ਼ਿਆ: ਸਾਡੇ ਗਵਾਂਢ ਵਾਲ਼ਾ ਸਾਡੇ ਦਰਵਾਜ਼ੇ ਦਾ ਹਮਸ਼ਕਲ ਖੁਲ੍ਹਾ ਸੀ। ਉਸ ਥਾਣੀ ਪੌੜੀਆਂ ਦੀ ਰੇਲਿੰਗ ਨਜ਼ਰ ਪਈ। ਰੇਲਿੰਗ ਦੇ ਲਾਗੇ ਖਲੋਤਾ ਕੇਅਰਟੇਕਰ: ਹੱਥ ਢਾਕਾਂ ਉੱਪਰ ਤੇ ਸਿਰ ਖੱਬੇ-ਸੱਜੇ ਗਿੜ ਰਿਹਾ! ਉਹ ਕਦੇ ਫ਼ਰਸ਼ ਉੱਪਰ ਖਿੱਲਰੀਆਂ ਨਸਵਾਰੀ ਕੰਕਰਾਂ ਵੱਲ ਦੇਖਦਾ ਤੇ ਕਦੇ ਕੰਧਾਂ ਉੱਪਰ ਛਪੀਆਂ ਪਿਸ਼ਾਬ ਦੀਆਂ ਫੁਲਵਹਿਰੀਆਂ ਵੱਲ। ਫਿਰ ਉਸਦਾ ਬਰੂਮ ਉੱਠਿਆ, ਤੇ ਕੰਕਰਾਂ `ਚ ਚਮਕਦੀ ਉਸਦੀ ਬੇਵਸੀ ਨੂੰ, ਹੇਠਾਂ ਪਹਿਲੀ ਮੰਜ਼ਲ ਵੱਲ ਸਫ਼ਰ ਕਰਦੀਆਂ ਪੌੜੀਆਂ ਵੱਲ ਨੂੰ ਧੱਕਣ ਲੱਗਾ।
ਸਾਡੇ ਫ਼ਲੈਟ ਵਿੱਚੋਂ ਹਾਲਵੇਅ ਵਿੱਚ ਵੜਦਿਆਂ ਹੀ ਪੰਜਾਬ ਦੇ ਬੱਸ ਅੱਡਿਆਂ ਦੇ ਪਿਸ਼ਾਬਖਾਨਿਆਂ ਵਾਲ਼ੀ ਹਵਾੜ ਸਾਡੀਆਂ ਨਾਸਾਂ ਅੰਦਰ ਜਲੂਣ ਖਿਲਾਰਨ ਲੱਗ ਪੈਂਦੀ ਸੀ। ਇਸ ਲਈ ਫ਼ਲੈਟ ਵਿੱਚੋਂ ਹਾਲਵੇਅ 'ਚ ਨਿੱਕਲਣ ਤੋਂ ਪਹਿਲਾਂ ਹੀ ਸੁਖਸਾਗਰ ਦਾ ਅੰਗੂਠਾ ਅਤੇ ਉਂਗਲ਼ਾਂ ਉਸਦੇ ਗਲ਼ ਉਦਾਲ਼ੇ ਲਿਪਟ ਜਾਂਦੇ ਅਤੇ ਛਾਤੀ 'ਚੋਂ ਉੱਠਦੀ 'ਉਅੱਕ-ਉਅੱਕ' ਉਸਦੇ ਸੰਘ ਵੱਲ ਹੁੱਝਾਂ ਮਾਰਨ ਲੱਗ ਜਾਂਦੀ ਸੀ।
ਸਕਾਅਫ਼ ਦਾ ਪੱਕਾ ਟਿਕਾਣਾ ਸੁਖਸਾਗਰ ਨੇ ਮੁੱਖ ਦਰਵਾਜ਼ੇ ਦੇ ਬਿਲਕੁਲ ਨਜ਼ਦੀਕ ਬਣੇ ਕਲਾਜ਼ਿਟ ਵਿੱਚ ਕੀਤਾ ਹੋਇਆ ਸੀ: ਫ਼ਲੈਟ ਦਾ ਦਰਵਾਜ਼ਾ ਖੋਲ੍ਹਣ ਤੋਂ ਪਹਿਲਾਂ, ਉਹਦਾ ਸਕਾਅਫ਼ ਉਹਦੇ ਮੂੰਹ-ਨੱਕ ਉਦਾਲ਼ੇ ਲਿਪਟਿਆ ਹੁੰਦਾ: ਮੇਰੇ ਮੱਥੇ ਅੰਦਰ, ਮੇਰਾ ਤੇ ਮੇਰੇ ਆੜੀਆਂ ਦਾ, ਪਿੰਡ ਦੀ ਹੱਡਾਰੋੜੀ ਕੋਲ਼ ਦੀ ਲੰਘਣਾ, ਜਾਗ ਪੈਂਦਾ: ਸਾਡੀਆਂ ਪੱਗਾਂ ਤੇ ਪੂੰਝੇ, ਸਾਡੇ ਨੱਕਾਂ ਉੱਤੋਂ ਦੀ ਹੋ ਕੇ, ਸਿਰ ਉੱਪਰਲੇ ਲੜ ਵਿੱਚ ਟੁੰਗੇ ਜਾਂਦੇ ਸਨ।
ਸੁਖਸਾਗਰ ਨੂੰ ਭਰਮ ਸੀ ਕਿ ਨੱਕ ਉਦਾਲ਼ੇ ਲਪੇਟਿਆ ਸਕਾਅਫ਼, ਹਾਲਵੇਅ `ਚ ਸਿਗਰਟੀ ਮੁਸ਼ਕ ਨਾਲ਼ ਧੱਕਮੁਧੱਕਾ ਹੋ ਰਹੀ ਪਿਸ਼ਾਬੀ ਬੋਅ ਨੂੰ, ਉਸ ਦੇ ਫੇਫੜਿਆਂ 'ਚ ਜਾਣ ਤੋਂ ਡੱਕ ਲਵੇਗਾ।
ਸ਼ਾਮੀਂ ਚਾਰ ਵਜੇ ਸ਼ੁਰੂ ਹੁੰਦੀ ਸ਼ਿਫ਼ਟ ਦੌਰਾਨ ਸਾਗਰ ਨੇ ਅੱਠ ਘੰਟੇ ਮੋਲ਼ਡਾਂ ਦੇ ਸੇਕ ਅਤੇ ਪਲਾਸਟਿਕ ਦੀ ਗੰਧ ਨਾਲ਼ ਗੁੱਥਮਗੁੱਥਾ ਹੋਣਾ ਹੁੰਦਾ ਸੀ; ਉਥੋਂ ਕੰਮ ਛੱਡ ਕੇ ਉਹ ਰਾਤ ਦੇ ਸਾਢੇ ਬਾਰਾਂ ਵਜੇ ਫ਼ਲੈਟ ਦੇ ਸਾਹਮਣੇ ਵਾਲ਼ੇ ਬਸ ਸਟਾਪ ਦੀ ਵੀਰਾਨਗੀ 'ਤੇ ਉੱਤਰਦੀ ਅਤੇ ਅੱਖਾਂ ਨੂੰ ਵਾਰ-ਵਾਰ ਖੱਬੇ-ਸੱਜੇ ਗੇੜ ਕੇ, ਆਲ਼ੇ-ਦੁਆਲ਼ੇ ਦੇ ਭੈਅ ਨੂੰ ਸੁੰਘਦੀ ਹੋਈ, ਇਮਾਰਤ ਦੇ ਮੁੱਖ ਦੁਆਰ ਵੱਲ ਵਧਦੀ। ਅੱਧੀ-ਰਾਤੀਂ ਬਸ ਤੋਂ ਉਤਰਨ ਦਾ ਇਹ ਭੈਅ ਉਸਦੇ ਮਨ ਵਿੱਚ ਸਾਰੀ ਦਿਹਾੜੀ ਜੰਮਿਆਂ ਰਹਿੰਦਾ। ਉਹ ਹਰ ਰੋਜ਼ ਇਹ ਹਦਾਇਤ ਕਰ ਕੇ ਫ਼ਲੈਟ 'ਚੋਂ ਨਿੱਕਲ਼ਦੀ ਸੀ ਕਿ ਮੈਂ ਰਾਤ ਨੂੰ ਸਵਾ ਬਾਰਾਂ ਵਜੇ ਲਾਬੀ ਵਿੱਚ ਜ਼ਰੂਰ ਹੋਣਾ ਚਾਹੀਦਾ ਹਾਂ, ਪਰ ਮੇਰੇ ਅੰਦਰਲਾ ਸੰਸਾ ਮੈਨੂੰ ਰਾਤ ਦੇ ਬਾਰਾਂ ਵਜੇ ਹੀ ਫ਼ਲੈਟ 'ਚੋਂ ਐਲਾਵੇਟਰ ਵੱਲ ਨੂੰ ਧੱਕਣ ਲੱਗ ਜਾਂਦਾ ਸੀ!
ਪਹਿਲੀ ਫ਼ਲੋਰ 'ਤੇ ਸੀ ਬਿਲਡਿੰਗ ਦੀ ਲਾਬੀ ਜਿਸਦੇ ਮੁੱਖ ਦਰਵਾਜ਼ੇ ਦੇ ਅੰਦਰਲੇ ਪਾਸੇ ਖਲੋਅ ਕੇ ਮੈਂ ਕਦੇ ਬਸ ਸਟਾਪ ਵੱਲ ਨਜ਼ਰ ਮਾਰਦਾ ਤੇ ਕਦੇ ਬਿਲਡਿੰਗ 'ਚ ਵੜਦੇ-ਨਿਕਲ਼ਦੇ ਕਾਲ਼ੇ-ਗੋਰੇ ਤੇ ਭਾਰਤੀ ਖਰੂਦ ਦੀਆਂ ਲੜਖੜਾਂਦੀਆਂ ਹਰਕਤਾਂ ਵੱਲ! ਉਨ੍ਹਾਂ ਦੀਆਂ ਪੈਂਟਾਂ ਦੀਆਂ ਝੋਲ਼ੀਆਂ ਖੁੱਚਾਂ ਤੀਕਰ ਢਿਲ਼ਕੀਆਂ ਹੋਈਆਂ ਅਤੇ ਲੱਕ ਦੀਆਂ ਬੈਲ਼ਟਾਂ ਹੇਠਾਂ ਨੂੰ ਖਿਸਕ ਕੇ ਪਿੱਠਾਂ ਵਿਚਕਾਰਲੀਆਂ ਤ੍ਰੇੜਾਂ ਨੂੰ ਬੇਪਰਦ ਕਰਦੀਆਂ ਹੋਈਆਂ। ਮੇਰਾ ਸਿਰ ਸਜੇ-ਖੱਬੇ ਹਿੱਲੀ ਜਾਂਦਾ!
ਬਿਲਡਿੰਗ ਦੇ ਮੁੱਖ-ਦਵਾਰ ਦੇ ਸਾਹਮਣੇ ਵਾਲੀ ਸੁੰਨਸਾਨਤਾ 'ਚ ਬੀਅਰ ਦੀਆਂ ਬੋਤਲਾਂ ਦੀਆਂ ਨਸਵਾਰੀ ਕੰਕਰਾਂ ਚਮਕਦੀਆਂ: ਬੱਸੋਂ ਉੱਤਰ ਕੇ, ਉਹਨਾਂ ਕੰਕਰਾਂ ਤੋਂ ਬਚਦੀ ਹੋਈ ਸੁਖਸਾਗਰ ਲਾਬੀ 'ਚ ਦਾਖ਼ਲ ਹੁੰਦੀ। ਐਲਾਵੇਟਰ ਰਾਹੀਂ ਉੱਪਰ ਨੂੰ ਜਾਂਦਿਆਂ ਸਾਨੂੰ ਇਉਂ ਜਾਪਦਾ ਜਿਵੇਂ ਅੱਧੀ ਰਾਤ ਨੂੰ ਜੇਬ-ਕੁਤਰਿਆਂ ਦੀ ਬਸਤੀ ਵਿੱਚੋਂ ਲੰਘ ਰਹੇ ਹੋਈਏ। ਤੰਬਾਖੂ ਦੇ ਮੁਸ਼ਕ ਨਾਲ਼ ਭਰੇ ਐਲਾਵੇਟਰ 'ਚ, ਅਕਸਰ ਹੀ, ਥਿੜਕਦੀਆਂ ਲੱਤਾਂ ਵਾਲ਼ੇ ਦੋ-ਚਾਰ ਸਰੀਰ ਖੱਬੇ-ਸੱਜੇ ਵੱਲ ਉੱਲਰ ਰਹੇ ਹੁੰਦੇ; ਉਨ੍ਹਾਂ ਦੀਆਂ ਮਿਚ-ਮਿਚ ਖੁਲ੍ਹਦੀਆਂ ਅੱਖਾਂ ਸਾਗਰ ਦੇ ਮੱਥੇ ਉੱਪਰ ਸੇਧਤ ਹੋਣ ਦੀ ਕੋਸ਼ਿਸ਼ 'ਚ ਫ਼ਿਸਲ਼-ਫਿਸਲ਼ ਉਠਦੀਆਂ ਤੇ ਮੁੜ ਫ਼ਿਸਲ਼ ਜਾਂਦੀਆਂ।
ਨੱਕ-ਮੂੰਹ ਉਦਾਲ਼ੇ ਲਿਪਟੇ ਸਕਆਫ਼ ਨੂੰ ਪੰਜਾਂ ਉਂਗਲ਼ਾਂ ਨਾਲ਼ ਢਕ ਕੇ, ਖ਼ਰੂਦੀਆਂ ਤੋਂ ਭੈਅ-ਮੁਕਤੀ ਦੀ ਆਸ ਕਰਦੀ ਹੋਈ ਸੁਖਸਾਗਰ, ਬਾਰ੍ਹਵੀਂ ਮੰਜ਼ਲ 'ਤੇ ਐਲਾਵੇਟਰ ਦੇ ਖੁੱਲ੍ਹਣ ਦੀ ਉਡੀਕ ਕਰਦੀ।
ਫ਼ਿਰ ਤਿੰਨ ਕੁ ਮਹੀਨੇ ਪਹਿਲਾਂ ਸੁਖਸਾਗਰ ਨੇ ਧਮਕੀ ਦੇ ਦਿੱਤੀ ਸੀ: ਜਾਂ ਤਾਂ ਐਸ 2737-ਕਿਪਲਿੰਗ ਐਵੀਨਿਊ ਨੂੰ ਛੱਡ ਕੇ ਕੋਈ ਨਿੱਕਾ-ਮੋਟਾ ਘਰ ਖਰੀਦੋ; ਨਹੀਂ ਤਾਂ...
-ਨਹੀਂ ਤਾਂਅਅ? ਨਹੀਂ ਤਾਂ ਕੀ?
-ਨਹੀਂ ਤਾਂ ਮੈਂਅਅ ਚੱਲੀ ਬੱਚਿਆਂ ਨੂੰ ਚੁੱਕ ਕੇ ਘੁਡਾਣੀ ਕਲਾਂ ਨੂੰ!
-ਹੈਂਅਅ?
-ਹਾਂਅਅ! ਰਹੀ ਜਾਇਓ 'ਕੱਲੇ ਈ ਐਸ ਸੂਰਾਂ ਦੇ ਵਾੜੇ 'ਚ!
ਮੈਂ ਪੈਂਟ ਦੀ ਪਿਛਲੀ ਜੇਬ `ਚ ਆਪਣੇ ਬਟੂਏ ਨੂੰ ਟਟੋਲਣ ਲੱਗਾ: ਵਰਕਿਓਂ-ਸੱਖਣੀ ਕਿਤਾਬ ਦੀ ਜਿਲਦ ਵਰਗੇ ਬਟੂਏ ਨੂੰ!
ਸਾਗਰ ਬੋਲੀ ਸੀ: ਪੈਸਿਆਂ ਦਾ ਫ਼ਿਕਰ ਨੀ ਮੈਨੂੰ; ਜਿਓਂਦਾ ਰਹੇ ਲੱਖੇ ਵਾਲ਼ਾ ਜੋਰਾ ਬਾਈ; ਦਰਵੇਸ਼ ਬੰਦਾ... ਸਾਰਾ ਅਕਾਊਂਟ ਖਾਲੀ ਕਰ ਕੇ ਔਸ ਡਾਈਨਿੰਗ ਟੇਬਲ 'ਤੇ ਢੇਰੀ ਲਾਦੂ!
ਲੱਖੇ ਵਾਲ਼ਾ ਜੋਰਾ! 1972 ਦੇ ਇੰਮੀਗਰੇਸ਼ਨਲ 'ਛੜਾਕੇ' 'ਚ, ਹੋਰ ਹਜ਼ਾਰਾਂ ਪੰਜਾਬੀਆਂ ਵਾਂਙਣ 'ਸੈਰ-ਸਪਾਟੀਆ' ਬਣ ਕੇ ਕਨੇਡਾ ਆਇਆ ਸੀ! ਕਿਹਾ ਕਰੇ: ਮੈਂ ਤਾਂ ਬਾਈ, ਲੁਦੇਹਾਣੇ ਤੋਂ 'ਗਾਹਾਂ ਕਦੇ ਟੱਪਿਆ ਨੀ ਸੀ ਸਾਰੀ ‘ਜ਼ਿੰਦਗੀ, ਪਰ ਜਦੋਂ ਮੈਂ ਟਰਾਂਟੋ ਏਅਰਪੋਟ 'ਤੇ ਇੰਮੀਗਰੇਸ਼ਨ 'ਅਪਸਰ' ਮੂਹਰੇ ਪਾਸਪੋਟ ਵਿਛਾਅ 'ਤਾ, ਸਾਲ਼ਾ ਐਨਕਾਂ ਦੇ ਫਰੇਮ ਦੇ ਉੱਪਰੋਂ ਦੀ ਝਾਕਿਆ ਪੁੱਠੇ ਜਏ ਡੇਲੇ ਕਰ ਕੇ... ਮੈਂ ਸੋਚਿਆ ਡਪੋਟ ਕਰੂ... ਪਰ ਓਹਨੇ ਜਕੋਤਕੀ ਜ੍ਹੀ ਕਰਦੇ ਨੇ 'ਬਿਯਟਰ'{ਵਿਜ਼ਿਟਰ} ਦੀ ਮੋਹਰ ਠੋਕ'ਤੀ।
ਰਛਪਾਲ ਦਸਦਾ ਸੀ ਕਿ ਜੋਰਾ ਇਕ ਦਿਨ ਉਸਨੂੰ ਕਿਸੇ ਪਲਾਜ਼ੇ 'ਚ ਮਿਲ਼ਿਆ ਸੀ; ਕਹਿੰਦਾ ਬਾਈ ਨਵਾਂ-ਨਵਾਂ ਆਇਆਂ ਇੰਡੀਆ ਤੋਂ। ਗੱਲਾਂ-ਗੱਲਾਂ 'ਚ ਪਤਾ ਲੱਗਾ ਪਈ ਇਹ ਸਾਡੇ ਪਿੰਡ ਤੋਂ ਪੰਦਰਾਂ-ਵੀਹ ਕਿਲੋਮੀਟਰ ਦੀ ਵਾਟ 'ਤੇ ਪਿੰਡ ਲੱਖੇ ਦਾ ਵਾਸੀ ਸੀ।
ਜੋਰੇ ਦੇ ਬੁੱਲ੍ਹਾਂ ਉੱਤੇ ਹਰ ਵਕਤ ਤਿਤਲੀਆਂ ਦੇ ਖੰਭਾਂ ਦੀ ਫਰਕਾਹਟ ਅਤੇ ਜੀਭ ਉੱਤੇ ਟੋਟਕੇ, ਇੱਕ ਨੂੰ ਮੁਕਾਉਂਦਾ ਤੇ ਦੂਜਾ ਨਾਲ਼ ਹੀ ਤਿਆਰ ਖੜ੍ਹਾ ਹੁੰਦਾ! ਬੈਠਾ-ਬੈਠਾ ਕਵੀਸ਼ਰੀ ਜੋੜ ਦੇਂਦਾ:
ਸਾਡੇ ਪਿੰਡ ਬਾਣੀਆਂ ਸੀ ਹੱਟਾ-ਕੱਟਾ ਜੀ,
ਠੰਢ ਨੇ ਪਠੋਰੀ ਵਾਂਙੂੰ ਕੀਤਾ 'ਕੱਠਾ ਜੀ।
ਐਥੇ ਪਾਵਾਂ ਜੀਨ ਪਿੰਡ ਚਿੱਟਾ ਲੱਠਾ ਜੀ,
ਫੇਲ੍ਹ ਹੈ ਕਨੇਡਾ ਵਿੱਚ ਜੋ ਵੀ ਮੱਠਾ ਜੀ।
ਸਾਡੇ ਨਾਲ਼ ਕਰੂ ਜਿਹੜਾ ਹਾਸਾ-ਠੱਠਾ ਜੀ,
ਉਹਨੂੰ ਦੇਊਂ ਨੇਂਬੂ 'ਚ ਭਿਓਂ ਕੇ ਗੱਠਾ ਜੀ।
{ਗੱਠਾ=ਪਿਆਜ਼}
-ਕਿੱਥੇ ਰਹਿਨੈਂ, ਜੋਰਾ ਸਿਅ੍ਹਾਂ? ਰਛਪਾਲ ਪੁੱਛ ਬੈਠਾ ਸੀ! ਜੋਰੇ ਦੀਆਂ ਅੱਖਾਂ ਵਿਚਲੀ ਹਸਮੁੱਖਤਾ ਉਸਦੀਆਂ ਪੁੜਪੁੜੀਆਂ ਤੀਕਰ ਫੈਲ ਗਈ ਸੀ। ਕਹਿਣ ਲੱਗਾ: ਰਹਾਂ, ਬਾਈ, ਮੈਂ ਜਿੱਥੇ ‘ਮਰਜੀ’, ਪਰ 'ਬੀਕ ਅੰਟ' {ਵੀਕਇੰਡ} 'ਤੇ ਆਥਣ ਨੂੰ ਤੇਰਾ ਜੀਅ ‘ਜਰੂਰ’ ਲੁਆਇਆ ਕਰੂੰ! 'ਅਡਰਿੱਸ' ਲਿਖਾਅ ਤੂੰ ਆਪਣਾ!
ਤੇ ਇਕ ਬੇਸਮੈਂਟ 'ਚ ਨਿਵਾਸ ਕਰਦਾ ਜੋਰਾ ਸ਼ੁੱਕਰਵਾਰ ਤੇ ਸ਼ਨੀਵਾਰ ਦੀਆਂ ਸ਼ਾਮਾਂ ਨੂੰ ਰਛਪਾਲ ਹੋਰਾਂ ਦੇ ਫ਼ਲੈਟ ਦਾ ਦਰਵਾਜ਼ਾ ਖੜਕਾਅ ਦਿੰਦਾ। ਸੋਫ਼ੇ 'ਤੇ ਬੈਠਣ-ਸਾਰ ਕਹਿ ਦਿੰਦਾ: ਲਓ ਬਈ ਪਾਲੋ ਦੋ-ਦੋ ਡਾਲਰ ਤੇ ਫੜ ਲਿਆਓ 'ਕਨੇਡੀਅਨ ਕਲੱਬ' ਦੀ 'ਸੀਸੀ'!
ਰਛਪਾਲ ਦਸਦਾ ਸੀ ਕਿ 1974 ਦੀ ਜਨਵਰੀ ਨੇ ਹਾਲੇ ਚਾਰ ਕੁ ਕਦਮਾਂ ਦਾ ਸਫ਼ਰ ਹੀ ਤੈਅ ਕੀਤਾ ਸੀ ਕਿ ਸ਼ਾਮ ਨੂੰ ਰਛਪਾਲ ਦੇ ਫ਼ਲੈਟ ਦੇ ਦਰਵਾਜ਼ੇ ਉੱਪਰ ਠੱਕ-ਠੱਕ ਹੋਈ। ਦਰਵਾਜ਼ਾ ਖੁਲ੍ਹਿਆ, ਤਾਂ ਸਾਹਮਣੇ ਜੋਰਾ: ਇੱਕ ਹੱਥ 'ਚ ਕਨੇਡੀਅਨ ਕਲੱਬ ਦੀ ਬੋਤਲ ਤੇ ਦੂਸਰੇ 'ਚ ਕੈਨਟੱਕੀ ਫ਼ਰਾਈਡ ਚਿਕਨ ਦੀ ਸੁਗੰਧੀ; ਬੁੱਲ੍ਹ ਮਟਰ ਦੀ ਵੱਡ-ਅਕਾਰੀ ਫਲ਼ੀ ਵਾਂਗ ਖੋਲ੍ਹੇ ਹੋਏ।
-ਆਹ ਕਾਹਦੇ ਲਈ? ਰਛਪਾਲ ਦੇ ਮੱਥੇ ਉੱਪਰ ਉੱਭਰੀਆਂ ਤਿਊੜੀਆਂ ਨੇ ਪੁੱਛਿਆ ਸੀ।
ਜੋਰੇ ਨੇ ਪੈਂਟ ਦੀ ਜੇਬ 'ਚੋਂ ਖ਼ਾਕੀ ਰੰਗ ਦਾ ਲਿਫ਼ਾਫ਼ਾ ਜਾਦੂਗਰ ਦੇ ਕਬੂਤਰ ਵਾਂਗ ਪਰਗਟ ਕਰ ਦਿੱਤਾ ਸੀ। ਰਛਪਾਲ ਲਿਫ਼ਾਫ਼ੇ `ਚੋਂ ਉਦੇ ਹੋਈ ਚਿੱਠੀ ਨੂੰ ਪੜ੍ਹਨ ਲੱਗਾ: ਮਿਸਟਰ ਡੈਲੀਵਾਲ! ਵਧਾਈਆਂ! ਫ਼ਲਾਂਅ ਤਰੀਖ਼ ਨੂੰ ਲੈਂਡਡ ਦੀ ਮੋਹਰ ਲੁਆ ਜਾ, ਤੇ ਆਪਣੀ ਫ਼ੈਮਿਲੀ ਦੀ ਇੰਮੀਗਰੇਸ਼ਨ ਲਈ ਐਪਲੀਕੇਸ਼ਨ ਕਿਟ ਵੀ ਲੈ ਜਾ।
***
ਮੈਂ ਤੇ ਸਾਗਰ ਸਤੰਬਰ 1975 'ਚ ਜਦੋਂ ਪਹਿਲੀ ਵਾਰ ਕਨੇਡਾ ਦੀ ਠਾਰੀ ਦੇ ਮਹਿਮਨ ਬਣੇ ਸਾਂ, ਜੋਰਾ ਹਰ ਹਫ਼ਤਅੰਤ 'ਤੇ ਰਛਪਾਲ ਵਾਲ਼ੇ ਫ਼ਲੈਟ 'ਚ ਸਾਡਾ 'ਗਲਾਸਫ਼ੈਲੋ' ਹੁੰਦਾ। ਇੱਕ ਦਿਨ ਗਲਾਸ 'ਚੋਂ ਘੁੱਟ ਭਰ ਕੇ ਉਹਨੇ ਆਪਣੇ ਵਾਲ਼ਾਂ ਨੂੰ ਥਪਥਪਾਇਆ ਸੀ: ਬਾਈ, ਜਦੋਂ ਤੂੰ ਮੈਨੂੰ ਪਹਿਲੇ ਦਿਨ ਏਅਰਪੋਟ 'ਤੇ ਦੇਖਿਆ ਸੀ, ਸੱਚੋ-ਸੱਚ ਦੱਸ ਤੈਨੂੰ ਮੈਂ ਕਿਹੜੇ ਮੁਲਖ ਦਾ ਲੱਗਿਆ ਸੀ?
'ਜੋਰਾ ਸਿਅ੍ਹਾਂ,' ਮੈਂ ਪਕੌੜੀਆਂ ਦੀ ਪਲੇਟ ਵੱਲੀਂ ਹੱਥ ਵਧਾਅ ਕੇ ਮੁਸਕ੍ਰਾਇਆ ਸੀ। 'ਸਰੀਰ ਤੇਰਾ ਛਾਂਟਿਆ ਹੋਇਆ ਤੇ ਗੱਲ੍ਹਾਂ ਉੱਤੇ ਲਾਲ ਮਿਰਚਾਂ ਦੀ ਭਾਅ; ਮੈਂ ਤੇਰੇ ਵਾਲ਼ਾਂ ਵੱਲੀਂ ਝਾਕਿਆ, ਮੈਂ ਸਮਝਿਆ ਸੀ ਬਈ ਰਛਪਾਲ ਹੋਰਾਂ ਨਾਲ ਕੰਮ ਕਰਦਾ ਕੋਈ ਗੋਰਾ ਹੋਊ, ਪਰ ਜਦੋਂ ਤੂੰ 'ਫੜਾਅ ਬਾਈ ਹੈਂਡਬੈਗ' ਕਿਹਾ, ਮੈਂ ‘ਤੁਰਤ’ ਸਮਝ ਗਿਆ ਸੀ ਬਈ ਮੋਗੇ-ਜਗਰਾਵਾਂ ਦੇ ਕਿਸੇ ਪਿੰਡ 'ਚੋਂ ਟਰੈਕਟਰ ਦੀ ਧੁੱਕ-ਧੁੱਕ ਕਰਾਉਂਦਾ ਆਇਆ ਹੋਣੈ।'
'ਓ ਬਾਈ ਪਰੋਅਅਫ਼ੈਸਰਾ,' ਜੋਰਾ ਆਪਣੀਆਂ ਵਰਾਛਾਂ ਨੂੰ ਕੰਨਾਂ ਤੀਕਰ ਖਿੰਡਾਅ ਕੇ ਹੱਸਿਆ ਸੀ, 'ਸਾਲ਼ੀ 'ਅੰਗਰੇਜੀ' ਨੀ ਚੜ੍ਹਦੀ 'ਜਬਾਨ' 'ਤੇ ਛੇਤੀ-ਛੇਤੀ, ਪਰ ਤੂੰ ਤੇ ਸਾਗਰ ਭੈਣ ਜੇ ਕਿਤੇ ਕੰਮ-ਸਾਰਨ ਜੋਗਰੀ 'ਅੰਗਰੇਜੀ' ਮੇਰੇ ਦਿਮਾਗ 'ਚ 'ਡਪੌਜਿਟ' ਕਰ ਦਿਓਂ, ਮੈਂ ਤਾਂ ਫ਼ੋਰਮੈਨ ਬਣਜੂੰ ਹਫ਼ਤੇ ਦੇ ਅੰਦਰ-ਅੰਦਰ!'
-ਪਰ ਹਾਅ ਵਾਲ਼ਾਂ ਦੇ ਰੰਗ ਬਾਰੇ ਦੱਸ ਜੋਰਾ ਸਿਅ੍ਹਾਂ!
-ਪਹਿਲਾਂ ਤਾਂ, ਪਰੋਅਫੈਸਰਾ, ਵਾਲ਼ ਮੈਂ ਇੰਡੀਆ ਵਾਲ਼ੇ ਘਸਮੈਲ਼ੇ ਜਏ ਈ ਰੱਖੇ ਹੋਏ ਸੀ, ਇੰਡੀਆ ਤੋਂ ਲਿਆਂਦੇ ਸਰ੍ਹੋਂ ਦੇ ਤੇਲ ਨਾਲ਼ ਗੱਚ ਕਰ ਕੇ, ਜੋਰੇ ਦੀਆਂ ਅੱਖਾਂ ਲਿਸ਼ਕੀਆਂ। -ਪਰ ਮੇਰੀ ਚਮੜੀ ਨੂੰ ਦੇਖ ਕੇ, ਆਪਣੇ ਲੋਕ ਵੀ ਪੁੱਛ ਲਿਆ ਕਰਨ, ਮਿਸ਼ਟਰ, ਜੂ {ਯੂ} ‘ਮਸੀਕਾ’ {ਮੈਕਸੀਕਨ} ਕਿ 'ਟਾਲੀਆ {ਇਟਾਲੀਅਨ}? ਮੈਂ ਫੇਰ, ਬਾਈ, ਵਾਲ਼ਾਂ ਨੂੰ ਕਰਲੀ ਲਾਲ-ਮੌਜਿਆਂ ਵਰਗੀ ਪਾਲਸ਼; ਫੇਅ ਤਾਂ ਸਾਲ਼ੇ ਗੋਰੇ ਵੀ ਮੈਨੂੰ ਆਵਦਾ ਈ 'ਕਜਨ' ਸਮਝਣ ਲੱਗਪੇ!
ਤੇ ਇੱਕ ਦਿਨ ਸ਼ਾਮ ਛੇ ਕੁ ਵਜੇ ਉਹ ਦਰਵਾਜ਼ਾ ਖੋਲ੍ਹ ਕੇ ਅੰਦਰ ਆ ਗਿਆ: ਹਫ਼ਤਅੰਤ ਹਾਲੇ ਦੋ ਤਿੰਨ ਦਿਨਾਂ ਨੂੰ ਆਉਣਾ ਸੀ। ਅੰਦਰ ਵੜਨ ਸਾਰ ਉਹਦਾ ਇੱਕ ਪੰਜਾ ਕੰਧ ਉੱਪਰ ਜੁੜ ਗਿਆ ਅਤੇ ਦੂਜਾ ਕਲਾਜ਼ਟ ਦੇ ਦਰਵਾਜ਼ੇ 'ਤੇ: ਇਸ ਤਰ੍ਹਾਂ ਸਾਡਾ ਗਵਾਂਢੀ ਚਾਚਾ ਨੱਥਾ ਅਮਲੀ ਘੁੰਮੇਰ ਆਈ ਤੋਂ ਕਰਿਆ ਕਰਦਾ ਸੀ। ਪੈਰ ਦੇ ਇੱਕ ਪੰਜੇ ਨਾਲ਼ ਦੂਜੇ ਦੀ ਅੱਡੀ ਨੂੰ ਹੇਠਾਂ ਵੱਲ ਨੂੰ ਧੱਕ ਕੇ ਬੂਟਾਂ ਨੂੰ ਐਂ ਲਾਹੁਣ ਲੱਗਾ ਜਿਵੇਂ ਲੰਮੀ ਬੀਮਾਰੀ ਤੋਂ ਉੱਠ ਕੇ ਆਇਆ ਹੋਵੇ। ਸੋਫ਼ੇ ਵੱਲ ਨੂੰ ਝਾਕਿਆ: ਬੁੱਲ੍ਹਾਂ ਦੀਆਂ ਕੰਨੀਆਂ ਲੁੜਕੀਆਂ ਹੋਈਆਂ ਤੇ ਅੱਖਾਂ 'ਚ ਗਿੱਲੀ-ਗਿੱਲੀ ਲਾਲੀ! ਟਮਾਟਰ ਵਾਂਙੂੰ ਸਫ਼ਾਚੱਟ ਠੋਡੀ ਉੱਤੇ ਪਿਆਜ਼ ਦੀ ਪਨੀਰੀ ਵਰਗੀਆਂ ਤੂਈਆਂ!
-ਸੁੱਖ ਐ, ਜੋਰਾ ਸਿਅ੍ਹਾਂ? ਜੋਰੇ ਨੇ ਸਿਰ ਨੂੰ ਸੱਜੇ-ਖੱਬੇ ਫੇਰਿਆ ਸੀ, ਤੇ ਸੱਜੇ ਪੰਜੇ ਨੂੰ ਆਪਣੀ ਪੈਂਟ ਦੀ ਜੇਬ ਵਿੱਚ ਉਤਾਰ ਦਿੱਤਾ ਸੀ।
-ਆਹ ਪੜ੍ਹ ਲਾ, ਬਾਈ! ਜੋਰੇ ਨੇ ਲਿਫ਼ਾਫ਼ਾ ਮੇਰੇ ਵੱਲ ਵਧਾਅ ਦਿੱਤਾ ਸੀ।
ਚਿੱਠੀ ਉੱਪਰ ਜੰਮੀਆਂ ਮੇਰੀਆਂ ਨੈਣ-ਗੋਲ਼ੀਆਂ ਸੱਜਿਓਂ-ਖੱਬੇ ਤੇ ਉੱਪਰੋਂ ਹਿਠਾਂਅ ਨੂੰ ਹਰਕਤ ਕਰਨ ਲੱਗੀਆਂ; ਰੁਕਦੀਆਂ, ਤੁਰਦੀਆਂ, ਉੱਖੜਦੀਆਂ, ਅਤੇ ਵਾਰ-ਵਾਰ ਪਿੱਛੇ ਵੱਲ ਮੁੜ ਕੇ, ਫ਼ਿਕਰਿਆਂ ਨੂੰ ਦੁਬਾਰਾ ਖੁਰਚਦੀਆਂ...
ਆਖ਼ਰੀ ਵਾਕ ਮੁੱਕਿਆ; ਮੇਰੇ ਮੱਥੇ ਦੀ ਚਮੜੀ ਉੱਪਰ ਵੱਲ ਨੂੰ ਖਿੱਚੀ ਗਈ।
-ਮੈਨੂੰ ਤਾਂ, ਬਾਈ, ਬੱਸ ਇਹ ਦੱਸ ਦੇ, ਜੋਰਾ ਆਪਣੇ ਘੁੱਟੇ-ਗਏ ਸੰਘ 'ਚੋਂ ਬੋਲਿਆ ਸੀ, -ਬਈ ਮੇਰੀ ਫ਼ੈਮਿਲੀ ਦਾ ਕੇਸ ਰਜੈਕਟ ਕਿਹੜੇ ਬੇਸ 'ਤੇ ਕੀਤੈ ਇਹਨਾਂ ਕੰਜਰਾਂ {ਇੰਮੀਗਰੇਸ਼ਨ ਵਾਲ਼ਿਆਂ} ਨੇ! ਤਿੰਨ ਸਾਲ ਹੋਗੇ ਐ, ਬਾਈ, ਨਿਆਣਿਆਂ ਦੇ ਮੂੰਹ ਦੇਖੇ ਨੂੰ!
-ਗੱਲਾਂ ਕਈ ਐ, ਜੋਰਾ ਸਿਅ੍ਹਾਂ! ਮੈਂ ਚਿੱਠੀ ਨੂੰ ਟੇਬਲ ਉੱਤੇ ਟਿਕਆ ਦਿੱਤਾ ਸੀ। -ਇੱਕ ਤਾਂ ਇਹ ਲਿਖਿਐ ਅਫ਼ਸਰ ਨੇ, ਬਈ ਤੇਰੇ ਪਿੰਡ ਦੀ ਵੋਟਰ ਲਿਸਟ 'ਚ ਜੋਰਾ ਸਿੰਘ ਪੁੱਤਰ ਮੇਹਰ ਸਿੰਘ ਵੀ ਹੈਗਾ ਐ, ਤੇ ਇੱਕ ਅਜਮੇਰ ਸਿੰਘ ਪੁੱਤਰ ਮੇਹਰ ਸਿੰਘ ਵੀ, ਪਰ ਆਤਮਾ ਸਿੰਘ ਪੁੱਤਰ ਮੇਹਰ ਸਿੰਘ ਕਿਤੇ ਨੀ ਲੱਭਿਆ।
ਜੋਰੇ ਦੀਆਂ ਅੱਖਾਂ ਕਦੇ ਮੇਰੇ ਵੱਲੀਂ ਤੇ ਕਦੇ ਮੇਜ਼ ਉੱਤੇ ਵਿਛੀ ਚਿੱਠੀ ਵੱਲੀਂ ਛੜੱਪਣ ਲੱਗੀਆਂ।
-ਗੱਲ ਅਸਲ 'ਚ ਇਹ ਐ, ਬਾਈ ਅਕਵਾਲ, ਬਈ ਅਸਲੀ ਨਾਮ ਤਾਂ ਮੇਰਾ ਜੋਰਾ ਈ ਸੀ... ਪਿੰਡ `ਚ ਵੀ ਤੇ ਕਾਗਜਾਂ `ਚ ਵੀ...
-ਜੋਰਾ ਈ ਸੀ? ਕੀ ਮਤਲਬ?
-ਬਦਲਣਾ ਪਿਆ ਸੰਨ ਬਹੱਤਰ 'ਚ!
-ਪਰ ਕਿਉਂ?
-72 'ਚ ਪਾਸਪੋਅਟ ਬਣਾ ਕੇ ਪਹਿਲੀ ਵਾਰੀ ਕਨੇਡਾ ਆਇਆ ਸੀ ਮੈਂ ਜੋਰਾ ਸਿੰਘ ਪੁੱਤਰ ਮੇਹਰ ਸਿੰਘ ਦੇ ਨਾਮ 'ਤੇ ਈ, ਪਰ ਟਰਾਂਟੋ ਤੋਂ ਮੈਨੂੰ ਡਪੋਟ ਕਰ'ਤਾ ਸੀ, ਤੇ ਮੇਰੇ ਅਸਲ ਪਾਸਪੋਅਟ 'ਚ ਮੋਹਰ ਲਾ'ਤੀ ਸੀ ਡਪੋਟ ਦੀ... ਪਰ ਮੈਂ ਧਾਰਲੀ ਸੀ ਪੱਕੀ ਦੁਬਾਰਾ ਕਨੇਡਾ ਆਉਣ ਦੀ, ਭਾਵੇਂ ਦੁਨੀਆਂ ਐਧਰੋਂ ਔਧਰ ਕਰਨੀ ਪੈਂਦੀ!
-ਪਰ ਆਹ ‘ਆਤਮਾ’ ਕਿੱਥੋਂ ਆ ਗਿਆ ਤੇਰੇ ਪਾਸਪੋਟ `ਚ?
-ਪੰਗਾ ਇਹ ਸੀ ਬਈ ਜੇ ਮੈਂ ਓਸੇ ਪਾਸਪੋਟ 'ਤੇ ਵਾਪਸ ਕਨੇਡਾ ਆਉਂਦਾ ਤਾਂ ਡਪੋਟ ਦੀ ਮੋਹਰ ਦੇਖ ਕੇ ਅਗਿਲਆਂ ਨੇ ਦੋਬਾਰਾ ਫ਼ੇਰ ਕਰ ਦੇਣਾ ਸੀ ਡਪੋਟ...
ਮੇਰੇ ਭਰਵੱਟਿਆਂ ਵਿਚਕਾਰਲੀ ਚਮੜੀ 'ਚ ਭੀਂ-ਭੀਂ ਫਰਕਣ ਲੱਗੀ। ਜੋਰਾ ਹੁਣ ਆਪਣੀਆਂ ਤਲ਼ੀਆਂ ਨੂੰ ਇੱਕ-ਦੂਜੀ ਨਾਲ਼ ਘਸਾਉਣ ਲੱਗਾ ਸੀ।
-ਮੈਂ ਫੇਅ ਪਾਸਪੋਟ ਕਰ'ਤਾ 'ਪਲਾਈ' {ਅਪਲਈ} ਆਤਮਾ ਸਿੰਘ ਪੁੱਤਰ ਮੇਹਰ ਸਿੰਘ ਦੇ ਨਾਮ 'ਤੇ! ਵੀਹਾਂ ਕੁ ਦਿਨਾਂ ਮਗਰੋਂ ਦੋ ਪੁਲ਼ਸੀਏ ਆਗੇ; ਕਹਿੰਦੇ, ਹੁਲੀਏ ਦੀ ਤਫ਼ਤੀਸ਼ ਕਰਨ ਆਏ ਆਂ! ਮੇਰੇ ਸਿਰ `ਚ, ਬਾਈ, ਭੰਬੂ-ਤਾਰੇ ਉੱਡਣ ਲੱਗੇ! ਸੋਚਿਆ, ਫਸ ਗਿਆ ਹੁਣ ਤਾਂ ਕਸੂਤਾ। ਪੁਲਸੀਏ ਕਹਿੰਦੇ, ਅਸੀਂ ਸਾਰਾ ਪਤਾ ਕਰ ਲਿਐ ਪਿੰਡ `ਚੋਂ; ਤੂੰ ਤਾਂ ਜੋਰਾ ਸਿੰਘ ਐਂ ਤੇ ਜਾਅ੍ਹਲੀ ਪਾਸਪੋਟ ਆਤਮਾ ਸਿੰਘ ਦੇ ਨਾਮ 'ਤੇ ਬਣਾਉਣ ਦੀ ਅਰਜੀ ਦੇਈ ਬੈਠੈਂ! ਮੇਰੇ ਤਾਂ, ਬਾਈ, ਮੱਥੇ ਉੱਪਰ ਛੱਪੜ 'ਕੱਠਾ ਹੋ ਗਿਆ ਮੁੜ੍ਹਕੇ ਦਾ! ਉਹ ਕਹਿੰਦੇ ਕਾਨੂੰਨੀ ਜੁਰਮ ਐ ਜਾਅ੍ਹਲੀ ਪਾਸਪੋਟ ਬਣਾਉਣਾ; ਸਜ਼ਾ ਹੋ ਜਾਣੀ ਐਂ ਤੈਨੂੰ ਪੰਜ ਸਾਲਾਂ ਦੀ! ਮੈਂ ਫੇਰ, ਬਾਈ ਸੱਚ-ਸੱਚ ਦੱਸ'ਤਾ! ਉਹ ਕਹਿੰਦੇ ਜਾਨ ਤੇਰੀ ਹੁਣ ਸਾਡੇ ਹੱਥ 'ਚ ਐ! ਮੇਰੇ, ਬਾਈ, ਨੀਰ ਚੱਲ ਪਿਆ ਅੱਖਾਂ 'ਚੋਂ; ਮੈਂ ਕਿਹਾ ਪਹਿਲਾਂ ਈ ਡਪੋਟ ਹੋ ਕੇ ਕਈ ‘ਹਯਾਰਾਂ’ ਦਾ ਨੁਕਸਾਨ ਕਰਾਈ ਬੈਠਾ ਆਂ... ਕਿੱਲੇ ਦੋ ਹੋਗੇ ਐ ਗਹਿਣੇ... ਜੇ ਹੁਣ ਤੁਸੀਂ ਕੰਮ ਵਿਗਾੜ'ਤਾ, ਮੈਂ ਤਾਂ ਖੂਹ-ਖਾਤਾ ਗੰਦਾ ਕਰਦੂੰ! ਬਾਈ ਅਕਵਾਲ ਸਿਆਂ, ਦੋਨੋਂ ‘ਸ਼ਪਾਹੀ’ ਸਿਰਾਂ ਨੂੰ ਹੇਠਾਂ-ਉੱਤੇ ਹਿਲਾਉਣ ਲੱਗਗੇ। ਮੈਂ ਹੱਥ ਜੋੜ ਲੇ; ਮੈਂ ਕਿਹਾ 'ਕੇਰਾਂ ਬੇੜਾ ਪਾਰ ਕਰ ਦਿਓ... ਸਾਰੀ ਉਮਰ ਦੇਣਦਾਰ ਰਹੂੰ ਥੋਡਾ! ਪਹਿਲਾਂ ਤਾਂ ਦੋਵੇਂ ਈ ਚੁੱਪ ਬੈਠੇ ਰਹੇ ਵਾਹਵਾ ਚਿਰ, ਫ਼ਿਰ ਇਕ ਬੋਲਿਆ, ਰੁਪੱਈਏ ਪੰਜਾਹ ਲੱਗਣਗੇ। ਮੈਂ ਕਿਹਾ, ਪੰਜਾਹ ਦੀ ਥਾਂ ਰੁਪਈਏ ਦੇਊਂ ਪੰਝੱਤਰ, ਪਰ ਕੰਮ ਨੀ ਵਿਗੜਨਾ ਚਾਹੀਦਾ ਮੇਰਾ!
-ਹੱਛਾ? ਪਰ ਆਹ ਪੰਗਾ ਇੱਕ ਹੋਰ ਵੀ ਪਿਆ ਵਾ, ਜੋਰਾ ਸਿਆਂ...
-ਇਹ ਵੀ ਦੱਸ ਦਿੰਨਾ ਆਂ, ਬਾਈ, ਜੋਰਾ ਆਪਣੇ ਝਿੰਮਣਿਆਂ ਤੋਂ ਸਿੱਲ੍ਹ ਪੂੰਝਦਾ ਹੋਇਆ ਬੋਲਿਆ। - ਬੇਬੇ ਦੀ ਜ਼ਿਦ ਨੇ ਪਾਇਆ ਹਾਅ ਦੂਜਾ ਪੁਆੜਾ... ਮੁਕਲਾਵਾ ਲੈ ਕੇ ਆਇਆ ਮੈਂ ਵਿਆਹ ਤੋਂ ਦੋ ਕੁ ਮਹੀਨੇ ਮਗਰੋਂ, ਤਾਂ ਬੇਬੇ ਕਹਿੰਦੀ ਮੈਂ ਤਾਂ ਨੂੰਹ ਦਾ ਨਵਾਂ ਨਾਮ ਰੱਖਣੈ... ਹੁਣ, ਬਾਈ, ਘਰਆਲ਼ੀ ਦਾ ਪੇਕੀਂ ਨਾਮ ਸੀ ਅਮਰ ਕੌਰ, ਤੇ ਬੇਬੇ ਨੇ ਲੱਖੇ 'ਚ ਬਣਾ'ਤੀ ਅਮੀਰ ਕੁਰ!
-ਤਾਂਹੀਂ ਤਾਂ ਆਹ ਚਿੱਠੀ 'ਚ ਲਿਖਿਐ ਬਈ ਅਮੀਰ ਕੌਰ ਪਤਨੀ ਜੋਰਾ ਸਿੰਘ ਤਾਂ ਲੱਖੇ ਵਾਲ਼ੀ ਵੋਟਰ ਲਿਸਟ `ਚ ਬੋਲਦੈ, ਪਰ ਅਮੀਰ ਕੌਰ ਉਹਦੇ ਪੇਕਿਆਂ ਦੀ ਵੋਟਰ ਲਿਸਟ 'ਚ ਕੋਈ ਹੈ ਈ ਨੀ! -ਬਾਈ, ਕੰਮ ਕਰ ਮੇਰਾ ਇੱਕ!
ਮੈਂ ਆਪਣੀ ਠੋਡੀ ਨੂੰ ਮੋਢਿਆਂ ਵੱਲ ਨੂੰ ਹਿਲਾਉਣ ਲੱਗਾ। ‘ਜੋਰਾ ਸਿਆਂ, ਤੇਰੇ ਪਿੰਡ ਵਾਲ਼ੀ ਵੋਟਰ ਲਿਸਟ `ਚ ਆਤਮਾ ਸਿੰਘ ਪੁੱਤਰ ਮੇਹਰ ਸਿੰਘ ਹੈ ਨੀ, ਤੇ ਅਮੀਰ ਕੌਰ ਇਸ ਲਿਸਟ ਆਤਮਾ ਸਿੰਘ ਦੀ ਪਤਨੀ ਹੈਨੀ। ਓਧਰ ਡੱਲੇ ਵਾਲ਼ੀ ਲਿਸਟ `ਚ ਅਮਰ ਕੌਰ ਤਾਂ ਹੈ ਪਰ ਅਮੀਰ ਕੌਰ ਹੈ ਹੀ ਨਹੀਂ। ਹੁਣ ਦੱਸ ਇੰਮੀਗਰੇਸ਼ਨ ਵਾਲ਼ੇ ਦੱਸ ਸ਼ੱਕ ਨਾ ਕਰਨ ਤਾਂ ਕਰਨ ਕੀ?
-ਓ ਬਾਈ, ਤੂੰ ਇੱਕ ਕੰਮ ਕਰ!
ਮੈਂ ਆਪਣੀਆਂ ਅੱਖਾਂ ਨੂੰ ਸੁੰਗੇੜ ਕੇ, ਜੋਰੇ ਦਾ ' ਇਕ ਕੰਮ' ਕਰਨ ਦੀ ਸਹਿਮਤੀ ਪ੍ਰਗਟਾਅ ਦਿੱਤੀ।

ਅਗਲੇ ਦਿਨ ਜੋਰੇ ਦੀ ਚਿੱਠੀ ਸਮੇਤ ਮੈਂ ਤੇ ਜੋਰਾ ਇੰਮੀਗਰੇਸ਼ਨ ਦੇ ਦਫ਼ਤਰ 'ਚ ਸਾਂ: ਅਫ਼ਸਰ ਨੇ ਫ਼ਾਈਲ ਖੋਲ੍ਹਣਸਾਰ ਆਪਣੀਆਂ ਅੱਖਾਂ ਦਾ ਸੇਕ ਸਾਡੇ ਵੱਲ ਸੇਧਿਆ।
'ਸਾਰਾ ਫਰਾਡ ਐ ਇਹ ਕੇਸ!' ਉਸਦੀਆਂ ਤਿਊੜੀਆਂ ਘੁਰਕੀਆਂ।
ਮੈਂ ਪੁੱਛਿਆ, ਕਿਵੇਂ?
ਅਫ਼ਸਰ ਦੀਆਂ ਭੂਰੀਆਂ ਮੁੱਛਾਂ ਫਰਕੀਆਂ: ਕਿਧਰੇ 'ਐਟਮਾ ਡੈਲੀਵਾਲ', ਕਿਧਰੇ 'ਅਮਾਰ ਕਾਅਰ', ਤੇ ਕਿਧਰੇ ਜੋਰਾ 'ਡੈਲੀਵਾਲ'! ਕੀਹਨੂੰ ਠੀਕ ਮੰਨਾਂ ਮੈਂ?
ਮੈਂ ਆਪਣੀ ਅਵਾਜ਼ 'ਚ ਮਖਣੀ ਘੋਲ਼ ਕੇ ਬੋਲਿਆ: ਗੱਲ ਇਹ ਐ, ਸਰ, ਕਿ ਪੰਜਾਬ ਦਾ ਮਰਨ-ਜਨਮ ਰੈਕਡ ਸਿਸਟਮ ਬਹੁਤ ਹੀ ਨਿਕੰਮਾ ਹੈ! ਤਕਰੀਬਨ ਹਰ ਵਿਅਕਤੀ ਦਾ ਜਨਮ ਸਮੇਂ ਰੱਖਿਆ ਨਾਮ ਬੱਸ ਕਾਗਜ਼ਾਂ ਵਿੱਚ ਹੀ ਸੁੱਤਾ ਰਹਿੰਦਾ ਹੈ ਤੇ ਘਰ ਵਿੱਚ ਤੇ ਪਿੰਡ ਵਿੱਚ ਉਦ੍ਹਾ ਕੋਈ ਹੋਰ ਹੀ ਨਾਮ ਚੱਲ ਪੈਂਦਾ ਹੈ। ਕਈ ਵਾਰ ਨਾਨਕਿਆਂ ਵੱਲੋਂ ਰੱਖੇ ਨਾਮ ਨੂੰ ਦਾਦਕੇ ਬਦਲ ਦਿੰਦੇ ਐ, ਤੇ ਔਰਤਾਂ ਦੇ ਪੇਕਿਆਂ ਦੇ ਨਾਮ ਸਹੁਰੇ ਘਰ ਵਾਲ਼ੇ ਬਦਲ ਦਿੰਦੇ ਐ; ਮਿਸਾਲ ਦੇ ਤੌਰ 'ਤੇ, ਮੇਰੀ ਮਾਂ ਨੂੰ ਉਹਦੇ ਜੱਦੀ ਪਿੰਡ 'ਦਲੀਪੋ' ਸਦਦੇ ਸਨ, ਪਰ ਸਹੁਰੀਂ ਆ ਕੇ ਉਹ 'ਦਲਜੀਤ ਕੌਰ' ਬਣਾ ਦਿੱਤੀ ਗਈ! ਏਵੇਂ ਹੀ ਮੇਰੇ ਬਾਪੂ ਦਾ ਜਨਮ ਉਹਦੇ ਨਾਨਕੀਂ ਹੋਇਆ ਸੀ; ਨਾਨਕਿਆਂ ਨੇ ਉਹਦਾ ਨਾਮ 'ਗਮਦੂਰ' ਧਰ ਦਿੱਤਾ, ਪਰ ਜਦੋਂ ਉਹਨੂੰ ਉਸਦੇ ਦਾਦਕੇ ਪਿੰਡ ਲਿਆਂਦਾ ਗਿਆ ਤਾਂ ਲੋਰ 'ਚ ਆਏ ਸਾਡੇ ਦਾਦੇ ਨੇ ਗਮਦੂਰ ਨੂੰ 'ਕਰਨੈਲ' ਬਣਾ ਦਿੱਤਾ।
ਏਨੇ ਨੂੰ ਜੋਰੇ ਦੇ ਸੰਘ 'ਚੋਂ ‘ਅਹੰ ਅਹੰ, ਅਹੰ ਅਹੰ’ ਨਿਕਲਣ ਲੱਗੀ। ਅਗਲੇ ਪਲੀਂ ਜੋਰੇ ਦੀਆਂ ਜੁੜੀਆਂ ਤਲ਼ੀਆਂ ਵਿੱਚੋਂ ਤਰਲੇ ਕਿਰਨ ਲੱਗੇ: 'ਤਰਸ ਕਰੋ ਮੇਰੇ 'ਤੇ, ਸਾਰ, ਤਰਸ ਕਰੋ! ਕੋਈ ਫਰਾਡ ਨੀ ਏਹਦੇ 'ਚ, ਸਰ, ਕੋਈ ਫ਼ਰਾਡ ਨੀ; ਮੈਂ ਮਰਜੂੰ ਜੇ ਮੇਰੇ ਬੱਚੇ ਨਾ ਆਏ!'
-ਕੀ ਕਹਿੰਦਾ ਐ, ਮਿਸਟਰ ਡੈਲੀਵਾਲ? ਅਫ਼ਸਰ ਦੀਆਂ ਅੱਖਾਂ ਵਿਚਲੀ ਕੁੜੱਤਣ ਮੇਰੇ ਵੱਲ ਫਿਰੀ।
ਮੈਂ ਜੋਰੇ ਦੇ 'ਵੈਣਾਂ' ਦਾ ਤਰਜੁਮਾ ਕਰ ਦਿੱਤਾ।
ਅਫ਼ਸਰ ਦੀਆਂ ਗੁਲਾਬੀ ਤਿਊੜੀਆਂ 'ਚੋਂ ਸੇਕ ਝੜਨ ਲੱਗਾ।
'ਬੰਦ ਕਰੋ ਆਹ ਡਰਾਮਾ! ਯੂ ਇੰਡੀਅਨਜ਼ ਆਰ ਫ਼ੋਰਜਰਜ਼! ਫ਼ੇਕ ਸਰਟਿਫ਼ੀਕਿਟਸ, ਫ਼ੇਕ ਸ਼ਾਦੀਆਂ, ਫ਼ੇਕ ਡਿਗਰੀਆਂ... ਸਾਨੂੰ ਸਭ ਪਤਾ ਐ!
ਅਫ਼ਸਰ ਵੱਲੋਂ ਵਗਾਹ ਕੇ ਮਾਰੀ ਜੋਰੇ ਵਾਲ਼ੀ ਚਿੱਠੀ ਮੇਰੇ ਪੱਟਾਂ ਉੱਪਰ ਆ ਡਿੱਗੀ।
'ਨਿੱਕਲ਼ੋ ਮੇਰੇ ਦਫ਼ਤਰ 'ਚੋਂ! ਵਕਤ ਜ਼ਾਇਆ ਕਰ ਰਹੇ ਹੋਂ ਮੇਰਾ!'
'ਮਿਸਟਰ ਆਫ਼ੀਸਰ!' ਮੈਂ ਕੁਰਸੀ ਤੋਂ ਬੁੜ੍ਹਕਿਆ। 'ਆਹ ਬੰਦਾ ਬਿਲਕੁਲ ਸੱਚਾ ਐ; ਯਕੀਨ ਕਰੋ ਮੇਰੇ `ਤੇ! ਇਹ ਪਾਗ਼ਲ ਹੋਣ ਦੇ ਕਿਨਾਰੇ ਐ! ਬਟ ਯੂ ਆਰ ਨਾਟ ਬੀਇੰਗ ਸੈਂਸੀਟਿਵ ਟੂ ਦ ਹੈਲਪਲੈੱਸ ਮੈਨ! ਕਸੂਰ ਸਾਰਾ ਪੰਜਾਬ ਦੇ ਅਫ਼ਸਰੀ ਢਾਂਚੇ ਦਾ ਐ, ਪਰ ਸਜ਼ਾ ਏਹਨੂੰ ਗਰੀਬ ਨੂੰ ਮਿਲ਼ ਰਹੀ ਐ!'
'ਟਰੈਅਅਸ਼!' ਅਫ਼ਸਰ ਦੀਆਂ ਅੱਖਾਂ ਵਿਚਲਾ ਸੇਕ ਉਸਦੀਆਂ ਐਨਕਾਂ ਦੇ ਸ਼ੀਸ਼ਿਆਂ ਨੂੰ ਧੁੰਦਲਾਉਣ ਲੱਗਾ। 'ਗੋ ਟੂ ਹੈੱਲ, ਯੂ ਐਂਡ ਯੋਅਰ ਫ਼ਰਿੰਡ!'
ਜੋਰੇ ਵਾਲ਼ੀ ਚਿੱਠੀ ਮੇਰੀਆਂ ਉਂਗਲ਼ਾਂ `ਚ ਗੋਲ਼ੀ ਬਣਨ ਲੱਗੀ।
'ਉਠਦੇ ਓਂ ਤੁਸੀਂ ਕਿ ਪੁਲਸ ਮੰਗਾਵਾਂ?' ਅਫ਼ਸਰ ਚੀਖਿਆ।
'ਓ. ਕੇ, ਆਫ਼ੀਸਰ! ਵੀ ਵਿਲ ਲੀਵ ਇਨ ਟੈੱਨ ਸੈਕੰਡਜ਼... ਪਰ ਜਾਣ ਤੋਂ ਪਹਿਲਾਂ ਇੱਕ ਗੱਲ ਮੈਂ ਤੈਨੂੰ ਦੱਸ ਦੇਵਾਂ: ਇਸ ਬੰਦੇ ਨੂੰ ਤੁਸੀਂ ਨੀਮ-ਪਾਗ਼ਲ ਕਰ ਸੁੱਟਿਐ, ਮੈਂਟਲ ਤਸੀਹੇ ਦੇ ਰਹੇ ਓਂ ਤੁਸੀਂ ਏਸ ਨਿਰਦੋਸ਼ ਬੰਦੇ ਨੂੰ! ਹੁਣ ਅਗਰ ਇਹ ਬੰਦਾ ਪਾਗ਼ਲਖ਼ਾਨੇ ਚਲਾ ਗਿਆ, ਤੇਰੇ 'ਤੇ ਕੇਸ ਮੈਂਅ ਕਰੂੰ! ਓ. ਕੇਅਅ?'
'ਆਅ ਯੋ ਥ੍ਰੈਟਨਿੰਗ ਮੀ?' ਅਫ਼ਸਰ ਦੇ ਬੁੱਲ੍ਹ ਕੰਬਣ ਲੱਗੇ।
ਤੇ ਗੋਲ਼ੀ-ਬਣੀ ਚਿੱਠੀ ਨੂੰ ਅਫ਼ਸਰ ਵੱਲੀਂ ਸੁੱਟ ਕੇ ਅਸੀਂ ਉਸਦੇ ਦਫ਼ਤਰ ਤੋਂ ਬਾਹਰ ਆ ਗਏ।
ਬੱਸ 'ਚ ਮੇਰੇ ਨਾਲ਼ ਵਾਲ਼ੀ ਸੀਟ 'ਤੇ ਬੈਠਾ ਜੋਰਾ: ਭਰਵੱਟੇ ਉਸ ਦੇ ਇੱਕ ਦੂਜੇ ਵੱਲ ਖਿੱਚੇ ਹੋਏ, ਜਿਵੇਂ ਇੱਕ-ਦੂਜੇ ਨੂੰ ਦਿਲਾਸੇ ਦੇ ਰਹੇ ਹੋਣ, ਤੇ ਕੱਸੀਆਂ ਹੋਈਆਂ ਅੱਖਾਂ 'ਚੋਂ ਤ੍ਰਿਪ-ਤ੍ਰਿਪ ਚੋਂਦੀ ਬੇਵਸੀ! ਬੁੱਲ੍ਹ ਕਦੇ ਦੰਦਾਂ ਵਿਚਕਾਰ ਹੋ ਜਾਂਦੇ, ਤੇ ਕਦੇ ਬਾਹਰ ਵੱਲ ਮਰੋੜੀਆਂ ਖਾਣ ਲਗਦੇ। 'ਬਾਈ, ਬੱਚੇ ਨੀ ਆ ਸਕਦੇ ਮੇਰੇ ਹੁਣ,' ਉਹ ਡਡਿਆਇਆ, 'ਆਉਣ ਨੀ ਦੇਣੇ ਏਸ ਗੋਰੇ ਨੇ... ਪਰ ਤੇਰਾ ਦੇਣਾ ਨੀ ਦੇ ਸਕਦਾ ਮੈਂ, ਬਈ... ਗਾਲ਼ਾਂ ਖਾਧੀਆਂ ਤੂੰ ਅਫ਼ਸਰ ਤੋਂ ਮੇਰੀ ਖਾਤਰ, ਬਾਈ ਗਾਲ਼ਾਂ! ਬਾਈ ਜੇ ਪੁਲਸ ਸੱਦ ਲੈਂਦਾ ਫ਼ੇਰ ਚੱਕਰ 'ਚ ਮੇਰੇ ਨਾਲ਼ ਤੂੰ ਵੀ ਪੈ ਜਾਣਾ ਸੀ!'
ਉਸ ਦਿਨ ਤੋਂ ਬਾਅਦ ਅਸੀਂ ਜੋਰੇ ਦਾ ਫ਼ੋਨ ਨੰਬਰ ਘੁੰਮਾਉਂਦੇ; ਉਸਦੀ ਬੇਸਮੈਂਟ `ਚ ਟਰਨ-ਟਰਨ ਖੜਕੀ ਜਾਂਦੀ, ਖੜਕੀ ਜਾਂਦੀ, ਖੜਕੀ ਜਾਂਦੀ... ਕਦੇ ਜੇ ਉਹ ਫ਼ੋਨ ਚੁੱਕ ਵੀ ਲੈਂਦਾ, ਅੱਗਿਓਂ 'ਮਰ ਗਿਆ ਮੈਂ, ਬਾਈ, ਮਰ ਗਿਆ!' ਹੋਣ ਲਗਦੀ। 'ਕੀ ਕਰੂੰ ਮੈਂ 'ਕੱਲਾ ਏਸ ਬਿਗ਼ਾਨੇ ਮੁਲਕ 'ਚ, ਬਾਈ!'
ਕਦੇ-ਕਦੇ ਜਦੋਂ ਉਹ ਰਤਾ ਕੁ ਆਠਰਿਆ ਹੁੰਦਾ, ਤਾਂ ਕਹਿੰਦਾ, 'ਬਾਈ, ਮੈਂ ਤਾਂ ਇੱਕ-ਅੱਧਾ ਸਾਲ ਲਾ ਕੇ ਇੰਡੀਆ ਮੁੜ ਜਾਣੈ... ਨਹੀਂ ਤਾਂ ਬੱਚੇ ਓਥੇ ਰੁਲ਼ੀ ਜਾਣਗੇ ਤੇ ਮੈਂ ਐਥੇ!
ਹਫ਼ਤਅੰਤ 'ਤੇ ਅਸੀਂ ਜੋਰੇ ਦੀ ਬੇਸਮੈਂਟ ਦਾ ਕੁੰਡਾ ਜਾ ਖੜਕਾਉਂਦੇ; ਉਹਦੀ ਲੜਖੜ੍ਹਾਟ ਦਰਵਾਜ਼ਾ ਖੋਲ੍ਹਦੀ, ਤੇ ਖੱਬੇ-ਸੱਜੇ ਡੋਲਦੀ ਹੋਈ ਉਹਦੀ ਚੁੱਪ ਬੈੱਡ ਵੱਲ ਤੁਰ ਜਾਂਦੀ! ਅਸੀਂ ਫ਼ਰਸ਼ ਉੱਤੇ ਗੁੱਛਾ-ਮੁੱਛਾ ਪਈਆਂ ਪੈਂਟਾਂ-ਕਮੀਜ਼ਾਂ ਨੂੰ ਇਕੱਠਾ ਕਰਦੇ, ਅਤੇ ਉਨ੍ਹਾਂ ਦੇ ਪਸੀਨੀਆਂ-ਮੁਸ਼ਕ ਨੂੰ ਗਾਰਬੇਜ ਬੈਗ 'ਚ ਥੁੰਨ ਕੇ ਰਜਿੰਦਰ ਤੇ ਸੁਖਸਾਗਰ ਦੇ ਹਵਾਲੇ ਕਰ ਦਿੰਦੇ।
***
ਚਾਰ ਕੁ ਮਹੀਨੇ ਬਾਅਦ ਇਕ ਸ਼ਾਮ ਸਾਡੇ ਫ਼ਲੈਟ ਦੇ ਦਰਵਾਜ਼ੇ ਉੱਪਰ ‘ਠੱਕ-ਠੱਕ’ ਹੋਈ: ਕੌਣ ਆ ਗਿਆ ਵੀਕਡੇਅ 'ਚ ਸ਼ਾਮ ਦੇ ਸੱਤ ਵਜੇ? ਰਛਪਾਲ ਦਰਵਾਜ਼ੇ ਵੱਲ ਵਧਦਾ ਹੋਇਆ ਬੁੜਬੁੜਾਇਆ ਸੀ।
ਦਰਵਾਜ਼ਾ ਅੰਦਰ ਵੱਲ ਨੂੰ ਹਿੱਲਿਆ: ਅੱਗੇ ਜੋਰਾ ਖਲੋਤਾ ਸੀ: ਇਕ ਹੱਥ 'ਚ ਲਿਕਰ-ਸਟੋਰ {ਠੇਕਾ} ਵਾਲ਼ਾ ਪਲਾਸਟਕੀ ਬੈਗ਼ ਤੇ ਦੂਜੇ 'ਚ ਨੀਲੇ ਰੰਗ ਦਾ ਡਾਕ-ਲਿਫ਼ਾਫ਼ਾ।
-ਜੱਫੀ ਪਾ, ਬਾਈ, ਪਹਿਲਾਂ, ਘੁੱਟ ਕੇ ਜੱਫੀ! ਜੋਰੇ ਦੀਆਂ ਅੱਖਾਂ ਵਿਚਲੀ ਰੰਗੀਨੀ ਉਹਦੇ ਬੁੱਲ੍ਹਾਂ ਉੱਪਰ ਟਪਕ ਕੇ ਬੋਲੀ।
ਉਸਨੇ ਸਕਾੱਚ ਵਾਲ਼ਾ ਥੈਲਾ ਕਾਫੀ-ਟੇਬਲ ਉੱਤੇ ਟਿਕਾਅ ਦਿੱਤਾ ਸੀ। ਰਛਪਾਲ ਨੂੰ ਪਾਈ ਗਲਵਕੜੀ ਤੋਂ ਵਿਹਲਾ ਹੋ ਕੇ, ਜੋਰਾ ਮੇਰੇ ਵੱਲੀਂ ਵਧਿਆ, ਪਰ ਤੁਰੰਤ ਪਿੱਛੇ ਵੱਲ ਨੂੰ ਛੜੱਪ ਗਿਆ।
-ਤੇਰੇ ਨਾਲ਼ ਜੱਫੀ ਬਾਅਦ 'ਚ, ਬਾਈ!
ਹੁਣ ਸਾਗਰ ਦੇ ਸਾਹਮਣੇ ਗੋਡਿਆਂ-ਭਾਰ ਹੋ ਕੇ ਉਸਨੇ ਆਪਣਾ ਮੱਥਾ ਸਾਗਰ ਦੇ ਪੈਰਾਂ ਵੱਲ ਨੂੰ ਨਿਵਾਅ ਦਿੱਤਾ।
-ਇਹ ਕੀ, ਬਾਈ ਜੀ, ਇਹ ਕੀ? ਸਾਗਰ ਪਿੱਛੇ ਵੱਲ ਨੂੰ ਹਟ ਗਈ ਸੀ। -ਐਨਾ ਭਾਰ ਨਾ ਚੜ੍ਹਾਓ! ਨਾਲ਼ੇ ਖੁਸ਼ੀ ਤਾਂ ਦੱਸੋ ਕੀ ਐ!
ਜੋਰਾ ਹੁਣ ਮੇਰੇ ਵੱਲ ਨੂੰ ਹੋ ਲਿਆ ਸੀ: ਹਾ, ਹਾ, ਹਾ, ਹਾ, ਹਾ! ਹਾ, ਹਾ, ਹਾ,ਹਾ! ਤਲੀਆਂ ਨੂੰ ਵਾਰ-ਵਾਰ ਇੱਕ ਦੂਜੀ ਨਾਲ਼ ਠੋਕਦਾ ਹੋਇਆ, ਉਹ ਸੋਫ਼ੇ ਉੱਤੇ ਢੇਰੀ ਹੋ ਗਿਆ ਸੀ: ਲੱਤਾਂ ਦੂਰ ਤੀਕਰ ਫੈਲਾਈਆਂ ਹੋਈਆਂ।
ਸੋਫ਼ੇ ਉੱਪਰ ਪਿਆ ਉਹ ਸਿਰ ਨੂੰ ਸੱਜੇ-ਖੱਬੇ ਘੁੰਮਾਵੇ ਤੇ ਬੋਲੀ ਜਾਵੇ: ਡਰਾ ਲਿਆ, ਬਾਈ, ਡਰਾ ਲਿਆ! ਹਾ, ਹਾ, ਹਾ, ਹਾ! ਓ ਡਰਾ ਲਿਆ, ਬਾਈ ਅਕਵਾਲ! ਹਾ, ਹਾ, ਹਾ, ਹਾ, ਹਾ...
-ਕੌਣ ਡਰਾ ਲਿਆ, ਜੋਰਾ ਸਿਅ੍ਹਾਂ?
ਸਾਗਰ ਕਦੇ ਮੇਰੇ ਵੱਲੀਂ ਤੇ ਕਦੇ ਜੋਰੇ ਵੱਲੀਂ ਝਾਕਣ ਲੱਗੀ।
-ਤੂੰ ਡਰਾਅ ਲਿਆ, ਬਾਈ, ਤੂੰ! ੳਹ ਆਪਣੀ ਉਂਗਲ਼ ਨੂੰ ਮੇਰੇ ਵੱਲ ਸੇਧ ਕੇ ਬੋਲਿਆ। -ਤੂੰ, ਤੂੰ, ਤੂੰ!
'ਕਿਤੇ ਪਾਗਲ ਤਾਂ ਨੀ ਹੋ ਗਿਆ ਡਪਰੈਸ਼ਨ ਨਾਲ਼? ਮੇਰੇ ਅੰਦਰ ਖ਼ੌਫ਼ ਬੁੜਬੁੜਾਇਆ।
-ਪਾਣੀ ਦਿੰਨਾਂ ਮੈਂ ਤੈਨੂੰ, ਜੋਰਾ ਸਿੰਆਂ! ਰਛਪਾਲ ਕਿਚਨ ਵੱਲ ਨੂੰ ਹੋ ਲਿਆ।
ਜੋਰਾ ਛਾਲ਼ ਮਾਰ ਕੇ ਖਲੋ ਗਿਆ: ਜੱਫੀ ਪਾ, ਬਾਈ ਪ੍ਰੋਅਅਫ਼ੈਸਰਾ, ਜੱਫੀ!
ਉਹਨੇ ਬਾਹਾਂ ਆਪਣੀਆਂ ਬਾਹਾਂ ਕੂੰਜਾਂ ਦੇ ਖੰਭਾਂ ਵਾਂਗ ਖਿਲਾਰ ਲਈਆਂ। ਉਹਦੇ ਸਾਹਾਂ 'ਚੋਂ ਨਿਕਲ਼ਦੀ ਨਸ਼ੀਲੀ ਗੰਧ ਮੇਰੀਆਂ ਨਾਸਾਂ 'ਚ ਜਲੂਣ ਕਰਨ ਲੱਗੀ।
ਮੈਨੂੰ, ਪੰਦਰਾਂ-ਵੀਹ ਸਕਿੰਟ ਦੀ ਗਲਵਕੜੀ ਦੀ ਘੁਟਣ ਤੋਂ ਮੁਕਤ ਹੋ ਕਰ ਕੇ, ਉਸਨੇ ਆਪਣੇ ਹੱਥ ਵਿਚਲੀ ਚਿੱਠੀ ਸੁਖਸਾਗਰ ਵੱਲੀਂ ਵਧਾਅ ਦਿੱਤੀ: ਪੜ੍ਹ ਏਹਨੂੰ, ਭੈਣ ਸਾਗਰ, ਪੜ੍ਹ!
'ਪਿਆਰੇ ਡੈਡੀ ਜੀ' ਅਤੇ 'ਇਥੇ ਸਭ ਸੁੱਖਸਾਂਦ ਹੈ' ਆਦਿਕ ਤੋਂ ਬਾਅਦ ਅਗਲਾ ਪੈਅਰਾ ਸ਼ੁਰੂ ਹੋਇਆ: ਕੱਲ ਦਿੱਲੀ ਦੇ ਦਫ਼ਤਰ {ਅੰਬੈਸੀ} ਤੋਂ ਚਿੱਠੀ ਆਈ ਹੈ। ਚਿੱਠੀ ਅੰਗਰੇਜੀ ਵਿੱਚ ਹੈ, ਇਸ ਲਈ ਅੱਜ ਪਿੰਡ ਦੇ ਹੈਡਮਾਸਟਰ ਤੋਂ ਪੜ੍ਹਾਈ ਹੈ। ਇਸ ਵਿੱਚ ਡਾਕਟਰਾਂ ਦੀ ਲਿਸਟ ਦਿੱਤੀ ਹੋਈ ਹੈ ਤੇ ਲਿਖਿਆ ਹੈ ਕਿ ਮੈਡੀਕਲ ਕਰਾ ਲਵੋ। ਅਸੀਂ ਇਕ ਦੋ ਦਿਨਾਂ ਤੀਕ ਮੈਡੀਕਲ ਕਰਾਉਣ ਜਾਵਾਂਗੇ!'
ਜੋਰੇ ਨੇ ਸਿਰ ਦਾ ਝਟਕਾ ਮਾਰਿਆ ਤੇ ਉਸਦੀਆਂ ਅੱਖਾਂ ਵਿਚਲਾ ਸਰੂਰ ਛਲਕ ਕੇ ਹਾਸੇ ਦੇ ਛਿੱਟੇ ਬਣਨ ਲੱਗਾ।

(ਕੈਨੇਡਾ ਫ਼ੋਨ: 905 792 7357)

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346