Welcome to Seerat.ca
Welcome to Seerat.ca

ਲੱਖੇ ਵਾਲ਼ਾ ਜੋਰਾ ਬਾਈ!

 

- ਇਕਬਾਲ ਰਾਮੂਵਾਲੀਆ

ਭਰਾਵਾਂ ਦਾ ਮਾਣ

 

- ਵਰਿਆਮ ਸਿੰਘ ਸੰਧੂ

ਯਾਦਾਂ ਦੀ ਐਲਬਮ - ਦੀਦਾਰ ਸਿੰਘ ਪਰਦੇਸੀਂ

 

- ਸੁਰਜੀਤ ਪਾਤਰ

ਗ਼ਦਰ ਪਾਰਟੀ ਦੇ ਦਿਮਾਗ ਬਾਬਾ ਜਵਾਲਾ ਸਿੰਘ ਠੱਠੀਆਂ ਦੀ ਦੂਰ ਅੰਦੇਸ਼ੀ ਸੋਚ: ਗੁਰੂ ਗੋਬਿੰਦ ਸਿੰਘ ਸਾਹਿਬ ਐਜੂਕੇਸ਼ਨਲ ਸਕਾਲਰਸ਼ਿਪ

 

- ਸੀਤਾ ਰਾਮ ਬਾਂਸਲ

ਇਸ ਵਾਰੀ ਵਾਲ਼ੀ ਪੰਜਾਬ ਦੀ ਫੇਰੀ (12 ਜਨਵਰੀ ਤੋਂ 14 ਅਪ੍ਰੈਲ 2015)

 

- ਸੰਤੋਖ ਸਿੰਘ

ਲਿਸ਼ਕਣਹਾਰ ਬਰੇਤੀ

 

- ਹਰਜੀਤ ਗਰੇਵਾਲ

ਯਾਦਾਂ ਦੀ ਕਬਰ ਚੋਂ

 

- ਅਮੀਨ ਮਲਿਕ

ਨਜ਼ਮ ਤੇ ਛੰਦ-ਪਰਾਗੇ

 

- ਗੁਰਨਾਮ ਢਿਲੋਂ

ਦੋ ਨਜ਼ਮਾਂ

 

- ਉਂਕਾਰਪ੍ਰੀਤ

ਨਜ਼ਮ

 

- ਪਿਸ਼ੌਰਾ ਸਿੰਘ ਢਿਲੋਂ

ਚਿਤਵਉ ਅਰਦਾਸ ਕਵੀਸਰ

 

- ਸੁਖਦੇਵ ਸਿੱਧੂ

ਬਲਬੀਰ ਸਿੰਘ ਦੀ ਜੀਵਨੀ ਗੋਲਡਨ ਗੋਲ

 

- ਪ੍ਰਿੰ. ਸਰਵਣ ਸਿੰਘ

ਨਾਵਲ ਅੰਸ਼ / ਸ਼ਹਿਰ ਅਦਨ

 

- ਹਰਜੀਤ ਅਟਵਾਲ

ਹੋ ਹੋ ਦੁਨੀਆਂ ਚਲੀ ਜਾਂਦੀ ਐ ਵੀਰ

 

- ਬਲਵਿੰਦਰ ਗਰੇਵਾਲ

ਕਹਾਣੀ
ਮਿੱਟੀ

 

- ਲਾਲ ਸਿੰਘ ਦਸੂਹਾ

ਨੇਤਾ ਹੋਣ ਦੇ ਮਾਅਨੇ

 

- ਬਲਵਿੰਦਰ ਸਿੰਘ ਗਰੇਵਾਲ 

ਤਰਦੀਆਂ ਲਾਸ਼ਾਂ ਤੇ ਰੂਮ ਸਾਗਰ ਦਾ ਹਾਅ ਦਾ ਨਾਅਰਾ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਮੈਢ਼ਾ ਪਿੰਡੀ ਘੇਬ

 

- ਸੁਭਾਸ਼ ਰਾਬੜਾ

ਹਰਦੇਵ ਸਿੰਘ ਢੇਸੀ ਇਕ ਬਹੁਪੱਖੀ ਸ਼ਖ਼ਸੀਅਤ

 

- ਡਾ: ਪ੍ਰੀਤਮ ਸਿੰਘ ਕੈਂਬੋ

ਵਿਸਾਖੀ ਦੇ ਆਰ ਪਾਰ

 

- ਡਾ. ਸੁਰਿੰਦਰਪਾਲ ਸਿੰਘ ਮੰਡ

ਪਿੰਡ ਪਹਿਰਾ ਲੱਗਦੈ - ਠੀਕਰੀ ਪਹਿਰਾ

 

- ਹਰਮੰਦਰ ਕੰਗ

ਚਰਿੱਤਰ; ਇਨਸਾਨ ਦੇ ਕਰਮਾਂ ਦਾ ਚਿੱਤਰ !

 

- ਮਿੰਟੂ ਗੁਰੂਸਰੀਆ

ਦੋ ਧਾਰੀ ਕਿਰਪਾਨ ਵਰਗੀ ਕਿਤਾਬ ਨੀ ਮਾਂ

 

- ਉਂਕਾਰਪ੍ਰੀਤ

ਬਲਬੀਰ ਸਿੰਘ ਦੀ ਜੀਵਨੀ ਗੋਲਡਨ ਗੋਲ ਪੜ੍ਹਦਿਆਂ

 

- ਪੂਰਨ ਸਿੰਘ ਪਾਂਧੀ

'ਉੱਡਦੇ ਪਰਿੰਦੇ' ਪੜ੍ਹਦਿਆਂ....

 

- ਸਤਨਾਮ ਚੌਹਾਨ

ਧਰਤੀ ਦੇ ਵਾਰਸਾ

 

- ਹਰਜਿੰਦਰ ਸਿੰਘ ਗੁਲਪੁਰ

ਦੋ ਕਵਿਤਾਵਾਂ

 

- ਦਿਲਜੋਧ ਸਿੰਘ

 
Online Punjabi Magazine Seerat

ਲਿਸ਼ਕਣਹਾਰ ਬਰੇਤੀ
- ਹਰਜੀਤ ਗਰੇਵਾਲ

 

ਇੱਕ ਨਵੰਬਰ ਨੂੰ ਦੂਜਾ ਪਰਲਜ਼ ਕਬੱਡੀ ਵਰਲਡ ਕੱਪ ਸ਼ੁਰੂ ਹੋਣਾ ਸੀ।ਭਾਰਤ ਦੀ ਟੀਮ ਦੇ ਚੋਣ ਟਰਾਇਲਾਂ ਦੌਰਾਨ ਹੀ ਅਠਾਰਾਂ ਖਿਡਾਰੀਆਂ ਦਾ ਡੋਪ ਟੈਸਟ ਫੇਲ੍ਹ ਹੋ ਗਿਆ।ਕਬੱਡੀ ਤੋਂ ਮੇਰਾ ਮੂੰਹ ਤਾਂ ਪਹਿਲਾਂ ਦਾ ਹੀ ਮੁੜਿਆ ਹੋਇਆ ਸੀ ਰਹਿੰਦੀ ਖੂੰਹਦੀ ਕਸਰ ਇਸ ਖਬਰ ਨੇ ਪੂਰੀ ਕਰ ਦਿੱਤੀ ਸੀ।ਮਨੋ ਮਨੀ ਫੈਸਲਾ ਕੀਤਾ ਕੋਈ ਮੈਚ ਨੀ ਦੇਖਣਾ।ਜਦ ਅਮਰੀਕਾ ਦੀ ਟੀਮ ਦੀ ਫੋਟੋ ਅਖਬਾਰ ਚ ਦੇਖੀ ਤਾਂ ਇੱਕ ਖਿਡਾਰੀ ਦਾ ਮੜੰਗਾ ਕੁਝ ਜਾਣਿਆ ਪਹਿਚਾਣਿਆ ਲੱਗਿਆ।ਹੇਠਾਂ ਨਾਮ ਲਿਖਿਆ ਹੋਇਆ ਸੀ ਦੁੱਲਾ।ਸਮਝਣ ਨੂੰ ਬਹੁਤੀ ਦੇਰ ਨਾ ਲੱਗੀ।ਮੈਂ ਦੁੱਲੇ ਨੂੰ ਨਹੀਂ ਜਾਣਦਾ ਸੀ। ਦੁੱਲੇ ਦੀ ਦਿੱਖ ਬਹੁਤ ਹੱਦ ਤੱਕ ਮੈਨੂੰ ਫੌਜੀ ਵਰਗੀ ਲੱਗੀ ਸੀ।ਦੁੱਲੇ ਚੋ ਦਿਖਦੇ ਫੌਜੀ ਨੇ ਮੈਚ ਨਾ ਦੇਖਣ ਦਾ ਫੈਸਲਾ ਬਦਲ ਦਿੱਤਾ।ਅਮਰੀਕਾ ਜਿੰਨੇ ਮੈਚ ਖੇਡਿਆ ਸਾਰੇ ਜਿੱਤਿਆ,ਮੈਂ ਸਾਰੇ ਦੇਖੇ,ਦੁੱਲੇ ਨੂੰ ਬੁੱਕਦੇ ਨੂੰ ਦੇਖਿਆ।ਜਦ ਅਮਰੀਕਾ ਦਾ ਮੈਚ ਦੇਖਦਾ ਮੈਨੂੰ ਦਸ ਬਾਰਾਂ ਸਾਲ ਪੁਰਾਣੀਆਂ ਗੱਲਾਂ ਯਾਦ ਆਉਣ ਲੱਗਦੀਆਂ।
ਜਦੋਂ ਮੈਂ ਦਸਵੀਂ ਚ ਪੜ੍ਹਦਾ ਸੀ ਖੰਨੇ ਨੇੜਲੇ ਪਿੰਡ ਦਹਿੜੂ ਕਬੱਡੀ ਟੂਰਨਾਂਮੈਂਟ ਦੇਖਣ ਗਿਆ।ਮੇਲਾ ਸਿਖਰ ਤੇ ਸੀ।ਮਾਨੂੰਪੁਰ ਅਕੈਡਮੀ ਦਾ ਮੈਚ ਸ਼ੁਰੂ ਹੋਣ ਵਾਲ਼ਾ ਸੀ।ਦੂਜੀ ਟੀਮ ਦਾ ਨਾਂ ਤਾਂ ਵਿਸਰ ਗਿਆ ਪਰ ਖਿਡਾਰੀਆਂ ਦੇ ਜੁੱਸੇ ਅਤੇ ਵੱਜਦੀਆਂ ਤਾੜੀਆਂ ਅੱਜ ਵੀ ਅੱਖਾਂ ਸਾਹਮਣੇ ਸਾਕਾਰ ਤਸਵੀਰ ਬਣਕੇ ਟਿਕੀਆਂ ਹੋਈਆਂ ਹਨ।ਜੱਦੋ ਜਹਿਦ ਨਾਲ਼ ਉਹ ਟਿਕਾਣਾ ਲੱਭਿਆ ਜਿੱਥੋਂ ਕੱਲੀ, ਕੱਲੀ ਕੌਡੀ ਦੇਖਣ ਦਾ ਸੁਆਦ ਆ ਰਿਹਾ ਸੀ।ਮਾਨੂੰਪੁਰ ਵੱਲੋਂ ਪਹਿਲੀ ਰੇਡ, ਭਰਮੇ ਜੁੱਸੇ ਵਾਲ਼ਾ ਰੇਡਰ,ਗੋਰਾ ਪਿੰਡਾ ਜਦ ਹੰਦਿਆਂ ਤੇ ਮੱਥਾ ਟੇਕ ਅੱਗੇ ਵਧਿਆ ਤਾਂ ਕਮੈਂਟੇਟਰ ਦੀ ਅਵਾਜ ਵੀ ਖਿਡਾਰੀ ਦੇ ਪੈਰਾਂ ਵਾਂਗ ਛੋਹਲੀ ਹੋ ਗਈ।

-ਇਹ ਆ ਬਈ ਫੌਜੀ,ਮਾਨੂੰਪੁਰ ਅਕੈਡਮੀ ਦਾ ਰੇਡਰ,ਹੱਥ ਨੀ ਧਰਾਉਂਦਾ ਕਿਸੇ ਤੋਂ।ਖਾਧੀਆਂ ਹੋਈਆਂ ਖੁਰਾਕਾਂ।ਕੀਤੀਆਂ ਹੋਈਆਂ ਮਿਹਨਤਾਂ।ਇਹ ਔਹ ਕੀਤਾ ਜਾਫੀ ਨੂੰ ਟੱਚ।ਦੇਖੋ ਬਈ ਕੀ ਬਣਦਾ! ਮਾਰੀ ਪੱਟ ਤੇ ਥਾਪੀ।ਲੌ ਬਈ ਪੁਆਇੰਟ ਰੇਡਰ ਦਾ-
ਫੇਰ ਤਾਂ ਚੱਲ ਸੋ ਚੱਲ।ਨੰਬਰ ਫੌਜੀ ਦੇ,ਜਿੱਤ ਮਾਨੂੰਪੁਰ ਦੀ,ਤਾੜੀਆਂ ਦਰਸ਼ਕਾਂ ਦੀਆਂ ਤੇ ਪ੍ਰੇਰਣਾ ਮੈਨੂੰ।ਮਨ ਨੇ ਕਿਹਾ:
-ਆਹ ਹੋਈ ਨਾਂ ਗੱਲ,ਬੰਦਾ ਤਾਂ ਐਹੋ ਜਿਹਾ ਚਾਹੀਦਾ -
ਘਰ ਜਾਕੇ ਐਲਾਨ ਕਰਤਾ, ਮੈ ਤਾਂ ਕਬੱਡੀ ਖੇਡਣ ਜਾਇਆ ਕਰੂੰ।ਘਰਦਿਆਂ ਨੇ ਰੋਕਿਆ।ਓਹਨਾ ਨੂੰ ਖੇਡ ਦੀ ਬਜਾਏ ਪੜ੍ਹਾਈ ਚ ਵੱਧ ਸਕੋਪ ਲੱਗਦਾ ਸੀ ਤੇ ਮੈਨੂੰ ਛਾਲ਼ਾਂ ਮਾਰਦਾ,ਪੁਆਇੰਟ ਲਿਆਾਉਂਦਾ,ਤਾੜੀਆਂ ਦੀ ਗੜਗੜਾਹਟ ਵਿੱਚ ਖੇਡਦਾ ਫੌਜੀ ਅਪਣੇ ਭਵਿੱਖ ਦੀ ਤਸਵੀਰ ਲੱਗਦਾ ਸੀ।
ਮੇਰੀ ਜਿੱਦ ਪੁੱਗ ਗਈ ਸੀ।ਲਗੋਂਟ ਚੱਕ ਮੈਂ ਮਾਨੂੰਪੁਰ ਅਕੈਡਮੀ ਦੇ ਕੋਚ ਦਲਜੀਤ ਸਿੰਘ ਦੇ ਜਾ ਗੋਡੀਂ ਹੱਥ ਲਾਏ ਤੇ ਫੌਜੀ ਦਾ ਜਮਾਤੀ ਬਣ ਗਿਆ।ਛੇਤੀ ਹੀ ਸਮਝ ਆ ਗਈ ਸੀ ਕਿ ਮੇਰੇ ਤੇ ਫੌਜੀ ਦਾ ਸਕੂਲ ਭਾਵੇਂ ਇੱਕ ਸੀ ਪਰ ਮੈਂ ਛੋਟੀ ਜਮਾਤ ਦਾ ਪਿਛਲੇ ਬੈਂਚ ਤੇ ਬੈਠਣ ਵਾਲ਼ਾ ਵਿਦਿਆਰਥੀ ਸੀ ਤੇ ਫੌਜੀ ਸੀਨੀਅਰ ਜਮਾਤ ਦਾ ਮਨੀਟਰ ਸੀ।
ਉਹਦਾ ਅਸਲੀ ਨਾਂ ਤਾਂ ਰਵਿੰਦਰ ਸਿੰਘ ਹੈ ਪਰ ਫੌਜੀ ਦਾ ਮੁੰਡਾ ਹੋਣ ਕਰਕੇ ਹੁਣ ਉਹਦਾ ਨਾਂ ਫੌਜੀ ਹੀ ਹੈ।ਫੌਜੀ ਦੇ ਬਾਪ ਨੇ ਫੌਜੀ ਤੇ ਬੜੀ ਮਿਹਨਤ ਕੀਤੀ ਹੋਈ ਸੀ।ਸਾਰਾ ਸਮਾਂ, ਸਾਰੇ ਸਾਧਨ ਉਹਨੇ ਫੌਜੀ ਤੇ ਲਾਏ ਹੋਏ ਸੀ।ਅਪਣੇ ਮੁੰਡੇ ਦੇ ਤਕੜੇ ਹੋਣ ਦਾ ਉਹ ਲੋੜ ਜਿੰਨਾ ਮਾਣ ਵੀ ਕਰਦਾ ਸੀ ਤੇ ਪ੍ਰਮਾਤਮਾ ਦੀ ਸਿੱਧੀ ਨਜ਼ਰ ਦਾ ਵੀ ਉਹਨੂੰ ਖਿਆਲ ਸੀ।ਫੌਜੀ ਦਾ ਬਾਪ ਸ਼ਿਗਾਰਾ ਸਿੰਘ ਹੁਣ ਦੁੱਧ ਦਾ ਕੰਮ ਕਰਦਾ ਸੀ, ਅਪਣੇ ਸਮੇਂ ਦਾ ਕਹਿੰਦਾ ਕਹਾਉਂਦਾ ਜਾਫੀ ਸੀ।ਗੁੱਟ ਤੋਂ ਫੜਕੇ ਰੇਡਰ ਨੂੰ ਰੋਕਣਾ ਉਹਦਾ ਸ਼ੌਕ ਵੀ ਸੀ ਤੇ ਜਾਨ ਭਰੀ ਕਲਾ ਵੀ।ਸ਼ਿੰਗਾਰਾ ਸਿੰਘ ਨੇ ਅਪਣੇ ਅਧੂਰੇ ਰਹਿ ਗਏ ਸ਼ੌਕ ਨੂੰ ਮੁੰਡੇ ਰਾਹੀਂ ਪੂਰਾ ਕੀਤਾ ਸੀ।ਉਹ ਕਦੇ-ਕਦੇ ਗਰਾਉਂਡ ਆਉਂਦਾ ਤੇ ਫੌਜੀ ਨੂੰ ਸੁਣਾਕੇ, ਕੋਚ ਸਾਹਿਬ ਨੂੰ ਕਹਿੰਦਾ।
- ਕੋਚ ਸਾਹਿਬ ਜੇ ਇਹ ਹੁਣ ਵੀ ਨਾ ਚੱਲੇ ਤਾਂ ਕੋਈ ਫੈਦਾ ਨੀ।ਮੈਂ ਇਹਨੂੰ ਕਿਹਾ ਹੋਇਆ, ਜੇ ਪੁੱਤ ਇੱਕ ਰੇਡ ਵੀ ਰਹਿ ਗਿਆ ਨਾ ਕਿਸੇ ਤੋਂ ਫੇਰ ਦੁੱਧ ਆਲੇ ਢੋਲ ਸਾਭ ਲੀਂ ਤੇ ਲੰਗੋਟ ਅਪਣਾ ਮੈਨੂੰ ਦੇ ਦੀਂ ।
ਉਹਦੇ ਗੋਰੇ ਨਿਛੋਹ ਚਿਹਰੇ ਤੇ ਫੈਲੀ ਮਾਣ ਭਰੀ ਮੁਸਕਰਾਹਟ ਤੋਂ ਲੱਗਦਾ ਜਿਵੇ ਉਹ ਕਹਿ ਰਿਹਾ ਹੋਵੇ ਰੁਕਦਾ ਤਾਂ ਨੀ ਇਹ ਕਿਸੇ ਤੋਂ। ਮਿਹਨਤ ਲਾਉਂਦੇ ਅਪਣੇ ਮੁੰਡੇ ਵੱਲ਼ ਦੇਖਕੇ ਉਹ ਬਹਿਗੁਰੂ ਤੇਰਾ ਸ਼ੁਕਰ ਹੈ ਕਹਿੰਦਾ,ਓਥੋਂ ਤੁਰ ਜਾਂਦਾ।
ਫੌਜੀ ਨੇ ਸ਼ੁਰੂਆਤ ਪਹਿਲਵਾਨੀ ਤੋਂ ਕੀਤੀ ਸੀ ਬਾਅਦ ਵਿੱਚ ਉਹ ਕਬੱਡੀ ਵੱਲ ਆ ਗਿਆ ਸੀ।ਮੈਨੂੰ ਹੈਰਾਨੀ ਹੁੰਦੀ ਸੀ ਕਿ ਪੰਜ ਫੁੱਟ ਸੱਤ-ਅੱਠ ਕੁ ਇੰਚ ਦੇ ਇਸ ਗੋਭਲੇ ਜਿਹੇ ਮੁੰਡੇ ਵਿੱਚ ਐਨੀ ਤਾਕਤ ਕਿਵੇਂ ਸੀ।ਕੋਚ ਸਾਹਿਬ ਨੇ ਸਿਆਲ਼ ਵਿੱਚ ਸਵੇਰੇ ਪੰਜ ਵਜੇ ਗਰਾਉਂਡ ਚ ਸੱਦਣਾ ਤਾਂ ਫੌਜੀ ਨੇ ਚਾਰ ਵਜੇ ਪਹੁੰਚ ਜਾਣਾ।ਉਹਨੇ ਕਹਿਣਾ
- ਮੈਨੂੰ ਤਾਂ ਮਸੀਂ ਸਵੇਰ ਹੁੰਦੀ ਆ।ਮਿਹਨਤ ਤੋਂ ਬਿਨਾਂ ਮੈਂ ਨੀ ਰਹਿ ਸਕਦਾ -
ਕੋਚ ਸਾਹਿਬ ਨੇ ਸੌ ਡੰਡ ਲਾਉਣ ਨੂੰ ਕਹਿਣਾ ਤਾਂ ਫੌਜੀ ਨੇ ਵੀਹ-ਤੀਹ ਵੱਧ ਲਾਉਣੇ ਤੇ ਕਹਿਣਾ।
- ਜੇ ਬਾਕੀਆਂ ਜਿੰਨੇ ਈ ਲਾਵਾਂ ਤਾਂ ਫੌਜੀ ਹੋਣ ਦਾ ਫਰਕ ਕੀ ਆ -
ਕੋਚ ਸਾਹਿਬ ਨੇ ਕਹਿਣਾ ਪੰਜ ਹਜ਼ਾਰ ਵਾਰ ਰੱਸੀ ਟੱਪੋ ਤਾਂ ਫੌਜੀ ਨੇ ਛੇ ਹਜ਼ਾਰ ਵਾਰ ਟੱਪਣੀ।ਮੈਂ ਕਿਹਾ ਫੌਜੀ ਜਦ ਰੱਸੀ ਟੱਪੀ ਦੀ ਆ ਐਡੀ ਉੱਚੀ ਛਾਲ਼ ਮਾਰਨ ਦੀ ਤਾਂ ਲੋੜ ਨੀ ਹੁੰਦੀ,ਤੂੰ ਕਿਉਂ ਉੱਚੀ ਛਾਲ਼ ਮਾਰਦੈਂ।ਫੌਜੀ ਕਹਿੰਦਾ:
- ਤੁਸੀਂ ਰੱਸੀ ਟੱਪਦੇ ਹੁੰਨੇ ਓਂ, ਮੈਂ ਜਾਫੀਆਂ ਨੂੰ ਟੱਪਦਾ ਹੁੰਨਾ -
ਸ਼ਾਮ ਨੂੰ ਮਿਹਨਤ ਤੋਂ ਬਾਅਦ ਪਿੰਡ ਨੂੰ ਸਾਈਕਲਾਂ ਤੇ ਆਉਂਦੇ ਹੁੰਦੇ ਸੀ।ਫੌਜੀ ਦਾ ਪਿੰਡ ਮਲਕਪੁਰ, ਮੇਰੇ ਪਿੰਡ ਸੇ ਰਸਤੇ ਵਿੱਚ ਆਉਂਦਾ ਸੀ।ਅਸੀਂ ਸੱਤ-ਅੱਠ ਕਿਲੋਮੀਟਰ ਕੱਠੇ ਆਉਂਦੇ। ਫੌਜੀ,ਜੱਸੀ,ਮੈਂ ਤੇ ਦੋ ਚਾਰ ਮੁੰਡੇ ਹੋਰ।ਜਦ ਸਾਇਕਲ ਤੇ ਚੜ੍ਹਨਾ ਤਾਂ ਫੌਜੀ ਨੇ ਕਹਿਣਾ-
ਆਪਾਂ ਨੂੰ ਵਧੀਆ ਖਿਡਾਰੀ ਬਣਨ ਤੋਂ ਕੋਈ ਨੀ ਰੋਕ ਸਕਦਾ।ਸਰਕਾਰ ਨੇ ਸਹੂਲਤਾਂ ਈ ਐਨੀਆਂ ਦਿੱਤੀਆਂ ਹੋਈਆਂ ਨੇ।ਗਰਾਉਂਡ ਤੱਕ ਪਹੁੰਚਣ ਤੋਂ ਪਹਿਲਾਂ ਦਸ ਵਾਰ ਤਾਂ ਚੈਨ ਚੜ੍ਹਾਉਣੀ ਪੈਂਦੀ ਆ।ਹੱਥਾਂ ਨੂੰ ਕਲੀ ਲਾਉਣ ਦੀ ਤਾਂ ਲੋੜ ਏ ਨੀ,ਸੁੱਖ ਨਾਲ ਗਰੀਸ ਏ ਬਥੇਰਾ ਲੱਗ ਜਾਂਦੈ,ਥੋੜਾ ਜਿਹਾ ਗੁੱਟ ਨੂੰ ਲਾਲੋ।ਹੈ ਨੀ ਸਹੂਲਤ? -
ਪੈਡਲ ਟੁੱਟਿਆ ਹੋਇਆ।ਕੀਲੀ ਤੇ ਪੈਰ ਮਾਰਦਿਆਂ ਦੀਆਂ ਪਿੰਜਣੀਆਂ ਬਣ ਜਾਣੀਐਂ ਆਪੇ,ਮਿਹਨਤ ਦੀ ਲੋੜ ਨੀ ਭੋਰਾ ਵੀ।ਹੈ ਨੀ ਸਹੂਲਤ?
ਘਰ ਜਾਂਦੇ ਨੂੰ ਬਾਪੂ ਨੇ ਹਰਾ ਵੱਢਿਆ ਪਿਆ।ਓਹਨੇ ਕਹਿਣਾ ਪੁੱਤ ਮੇਰਾ ਮਿਹਨਤ ਲਾਕੇ ਆਇਐ।ਥੋੜ੍ਹਾ ਜਿਹਾ ਅਰਾਮ ਕਰਕੇ ਟੋਕਾ ਕਰੂ,ਡੌਲ਼ੇ ਬਣਨਗੇ।ਕਿਓਂ ਹੈ ਨੀ ਸਹੂਲਤ? -
ਆਪਾਂ ਤਾਂ ਊਈਂ ਮੂਹਰੇ ਆਂ ਸਾਰੇ ਮੁਲਕਾਂ ਤੋਂ।ਜਦ ਕੌਡੀ ਖੇਡਣੀ ਛੱਡਤੀ, ਚੱਕਲੋ ਬਾਪੂ ਵਾਲੇ ਢੋਲ।ਕਿਓਂ ਹੈ ਨੀ ਸਹੂਲਤ?
ਫੌਜੀ ਨੇ ਸਹੂਲਤਾਂ ਗਿਣਾਈ ਜਾਣੀਆਂ ਤੇ ਸਾਡੀਆਂ ਹਸਦਿਆਂ ਦੀਆਂ ਵੱਖੀਆਂ ਟੁੱਟ ਜਾਣੀਆਂ।ਫੇਰ ਅਚਾਨਕ ਉਹਨੇ ਉੱਚੀ ਹੇਕ ਲਾਕੇ ਗਾਉਣਾ ਸ਼ੁਰੂ ਕਰ ਦੇਣਾ।
ਤੇਰੀ ਆਂ ਮੈਂ ਤੇਰੀ ਰਾਂਝਾ,ਤੇਰੀ ਆਂ ਮੈਂ ਤੇਰੀ ਵੇ
ਇਸ਼ਕੇ ਦੀ ਹੁੰਦੀ ਕਹਿੰਦੇ ਉਮਰ ਲਮੇਰੀ ਵੇ
ਤੇਰੀ ਆਂ ਮੈਂ ਤੇਰੀ ਰਾਂ/ਝਾ,ਤੇਰੀ ਆਂ ਮੈਂ ਤੇਰੀ ਵੇ
ਕਦੇ-ਕਦੇ ਉਹ ਹੋਰ ਉੱਚੀ ਅਵਾਜ ਚੱਕਦਾ,ਬਹੁਤ ਉੱਚੀ ਅਤੇ ਉਸ ਦਿਨ ਉਹ ਸਹੂਲਤਾਂ ਨਾ ਗਿਣਾਉਂਦਾ ਤੇ ਉਸ ਦਿਨ ਉਹਦਾ ਗੀਤ ਵੀ ਹੋਰ ਹੁੰਦਾ-
ਨੀ ਸੁੰਦਰਾ ਤੇਰੇ ਮਹਿਲ ਮੁਨਾਰੇ
ਸਾਡੇ ਜੰਗਲ਼ਾ ਵਿੱਚ ਉਤਾਰੇ
ਮੁੜਜਾ ਫੇਰ ਪਛਤਾਵੇਂਗੀ
ਫੱਕਰਾਂ ਦੇ ਲੜ ਲੱਗਕੇ
ਦਰ ਦਰ ਅਲਖ ਜਗਾਵੇਂਗੀ।
ਪਤਾ ਨਹੀਂ ਕਿਹੜੀ ਚੀਸ ਉੱਠਦੀ ਸੀ ਉਹਦੇ ਅੰਦਰ, ਕਦੇ ਕੋਈ ਤੀਜਾ ਗੀਤ ਨਹੀਂ ਸੀ ਉਹ ਗਾਉਂਦਾ।ਫੌਜੀ ਦਾ ਪਿੰਡ ਆਉਂਦਾ ਤਾਂ ਉਹ ਗਾਉਂੇਦਾ-ਗਾਉਂਦਾ ਅਪਣੇ ਖੇਤਾਂ ਵਿਚਲੇ ਘਰ ਵੱਲ ਮੁੜ ਜਾਂਦਾ ਤੇ ਮੈਂ ਅਪਣੇ ਪਿੰਡ ਵੱਲ।ਦੂਰ ਤੱਕ ਸੁਣੀ ਜਾਂਦਾ ਅਲਖ ਜਗਾਵੇਂਗੀ-ਅਲਖ ਜਗਾਵੇਗੀ।
ਮੈਨੂੰ ਹੁਣ ਮਹਿਸੂਸ ਹੁੰਦਾ ਹੈ ਕਿ ਫੌਜੀ ਅੰਦਰ ਮਿੱਥ ਬਣਨ ਦੀ ਜਾਨ ਸੀ।ਕਦੇ ਦੇਖਿਆ ਤਾਂ ਨਹੀਂ ਸੀ ਪਰ ਉਦੋਂ ਸਾਰੇ ਕਹਿੰਦੇ ਹੁੰਦੇ ਸੀ ਵੀ ਫੌਜੀ ਦੇ ਬਾਪੂ ਨੇ ਘਰ ਦੇ ਸਾਹਮਣੇ ਪੁਰਾਣੇ ਖੂਹ ਚ ਲੱਜ ਲਮਕਾਈ ਹੋਈ ਸੀ।ਤੇ ਫੌਜੀ ਬਿਨਾਂ ਦਮ ਲਏ ਸੱਤ ਵਾਰ ਚੜ੍ਹ-ਉੱਤਰ ਜਾਂਦਾ ਸੀ।
ਮੈਨੂੰ ਕਈ ਸਾਲ ਹੋ ਗਏ ਸਨ ਮਿਹਨਤ ਲਾਉਂਦੇ ਨੂੰ,ਸਰੀਰ ਵਿੱਚ ਜਾਨ ਆ ਗਈ ਸੀ।ਪਿੰਡਾਂ ਵਾਲ਼ੇ ਟੂਰਨਾਂਮੈਂਟ ਵੀ ਮਾੜੇ-ਮੋਟੇ ਲਾਉਣ ਲੱਗ ਗਿਆ ਸੀ ਪਰ ਉਹ ਗੱਲ ਨੀ ਸੀ ਬਣ ਰਹੀ, ਫੌਜੀ ਵਾਲ਼ੀ।ਉਹਨਾ ਦਿਨਾਂ ਵਿੱਚ ਹੀ ਦੋ ਮੁੰਡੇ ਹੁਸ਼ਿਆਰਪੁਰ ਵੱਲ ਦੇ ਅਕੈਡਮੀ ਵਿੱਚ ਨਵੇਂ ਆਏ।ਦੋ ਕੁ ਮਹੀਨੇ ਵਿੱਚ ਹੀ ਉਹ ਮੂਹਰਲੀ ਕਤਾਰ ਵਿੱਚ ਆ ਗਏ।ਵਜਨ ਮੇਰੇ ਨਾਲ਼ੋਂ ਘੱਟ,ਮਿਹਨਤ ਮੇਰੇ ਨਾਲ਼ੋਂ ਘੱਟ,ਸ਼ਰਧਾ ਮੇਰੇ ਨਾਲ਼ੋਂ ਘੱਟ ਪਰ ਹੱਥ ਕਿਸੇ ਤੋਂ ਨਾਂ ਧਰਾਉਣ।ਬਥੇਰਾ ਜ਼ੋਰ ਲਾਇਆ ਪਰ ਦੇਖਦੇ ਦੇਖਦੇ ਉਹ ਮੇਨ ਖਿਡਾਰੀਆਂ ਵਿੱਚ ਆ ਗਏ ਤੇ ਮੈਂ ਹਾਲੇ ਵੀ ਓਥੇ ਹੀ।ਮੈਂ ਅਪਣੇ ਖਿਡਾਰੀ ਸਾਥੀ ਪੀਤ ਨਾਲ਼ ਗੱਲ ਕੀਤੀ।ਉਹ ਵੀ ਏਸੇ ਗੱਲੋਂ ਤੰਗ।ਕਹਿੰਦਾ-
ਯਾਰ ਪਤਾ ਈ ਨੀ ਲੱਗਦਾ ਕਿਵੇਂ ਸੂਤ ਕਰਾਂ ਇਹਨਾ ਨੂੰ,ਧੌਣ ਇਹ ਨੀ ਮਾਰਨ ਦਿੰਦੇ,ਕੈਂਚੀ ਇਹ ਨੀ ਲਵਾਉਂਦੇ,ਭੱਜਦੇ ਮੈਥੋਂ ਵੱਧ ਨੇ।ਔਹ ਸਾਲ਼ਾ ਛੋਟੂ ਜਿਹਾ ਈ ਮਾਣ ਨੀ।
ਪੀਤ ਜਾਫੀ ਸੀ।ਉਹਤੋਂ ਵੀ ਉਹ ਦੋਵਂੇ ਮੁੰਡੇ ਐਨੀ ਛੇਤੀ ਅੱਗੇ ਲੰਘਦੇ ਹਜ਼ਮ ਨਹੀਂ ਸੀ ਹੋ ਰਹੇ।ਇੱਕ ਦਿਨ ਗਰਾਉਂਡ ਪਹੁੰਚਦੀ ਸਾਰ ਪੀਤ ਮੈਨੂੰ ਇੱਕ ਪਾਸੇ ਲੈ ਗਿਆ ਤੇ ਬੋਲਿਆ।
ਓਹਨਾ ਨੇ ਨੀ ਲੋਟ ਆਉਣਾ ਆਪਾਂ ਤੋਂ।ਓਹਨਾ ਦੀਆਂ ਗੱਡੀਆਂ ਤਾਂ ਗੈਸ ਤੇ ਨੇ।
ਮੇਰੇ ਕੁਝ ਪਿੜ ਪੱਲੇ ਨਾ ਪਿਆ।ਮੇਰਾ ਸਵਾਲੀਆ ਮੂੰਹ ਦੇਖਕੇ ਉਹ ਬੋਲਿਆ।
ਇਹ ਤਾਂ ਯਾਰ ਪਾਉਡਰ ਖਾਂਦੇ ਨੇ ਕੋਈ।ਮੈਂ ਕੱਲ੍ਹ ਦੇਖਿਆ ਇਹਨਾ ਦੇ ਕਮਰੇ ਚ।ਮੈਨੂੰ ਦੇਖਕੇ ਪਾਸੇ ਕਰਤਾ। ਨਾਲ਼ੇ ਗੋਲ਼ੀਆਂ ਦੇ ਵੀ ਕਈ ਪੱਤੇ ਪਏ ਸੀ -
ਮਨ ਬੜਾ ਦੁਖੀ ਹੋਇਆ।ਫੌਜੀ ਨਾਲ਼ ਗੱਲ ਕੀਤੀ।ਉਹ ਕਹਿੰਦਾ-
ਮਾੜਾ ਮੋਟਾ ਤਾਂ ਕਰਨਾ ਈ ਪੈਂਦਾ,ਨਹੀਂ ਤਾਂ ਨਮੇ ਬੰਦੇ ਆਈ ਜਾਣਗੇ,ਮੂਹਰੇ ਲੰਘੀ ਜਾਣਗੇ।ਆਪਾਂ ਓਥੇ ਈ ਲਾਲੋ ਡੰਡ,ਲਾਲੋ ਡੰਡ-
ਉਸ ਦਿਨ ਮੈਨੂੰ ਪਤਾ ਲੱਗਿਆ ਵੀ ਜਿਹੜੇ ਪੰਜ-ਚਾਰ ਸਾਲ ਹੁਣ ਤੱਕ ਮੈਂ ਲਾਏ ਸੀ ਉਹ ਤਾਂ ਸਰੀਰ ਨੂੰ ਮੈਡੀਸਨ ਖਾਣਯੋਗ ਬਣਾਉਣ ਲਈ ਹੀ ਸੀ।ਹੌਲ਼ੀ ਹੌਲ਼ੀ ਸਾਰੇ ਭੇਦ ਖੁੱਲ਼ ਗਏ।ਪੀਤ ਦਾ ਕਹਾਣਾ, ਬਹੁਤੀਆਂ ਗੱਡੀਆਂ ਤਾਂ ਗੈਸ ਤੇ ਹੀ ਸੀ।ਮਨ ਖੇਡਣ ਜਾਣ ਤੋਂ ਇਨਕਾਰੀ ਹੋ ਗਿਆ।ਅਕੈਡਮੀ ਨੂੰ ਮੱਥਾ ਟੇਕ ਘਰ ਬੈਠ ਗਿਆ।ਪੜ੍ਹਾਈ ਜਾਰੀ ਸੀ, ਐਮ.ਏ ਚ ਦਾਖਲਾ ਲੈ ਲਿਆ।ਪਹਿਲਾਂ ਮੈਂ ਖੇਡਣ ਦੀ ਜਿੱਦ ਕਰਦਾ ਸੀ ਘਰਦੇ ਮੰਨਦੇ ਨੀ ਸੀ ਹੁਣ ਮੈਂ ਹਟਣ ਨੂੰ ਕਹਿੰਦਾ ਸੀ ਘਰਦੇ ਫੇਰ ਨੀ ਸੀ ਮੰਨਦੇ।ਅਕੈਡਮੀ ਬਦਲਣ ਨਾਲ਼ ਸਭ ਠੀਕ ਹੋਣ ਦੀ ਆਸ ਚ ਘਰਦਿਆਂ ਨੇ ਇੱਕ ਵੱਡੀ ਸਿਫਾਰਸ਼ ਲਗਵਾਕੇ ਪੰਜਾਬ ਦੀ ਇੱਕ ਕਹਿੰਦੀ ਕਹਾਉਂਦੀ ਅਕੈਡਮੀ ਵਿੱਚ ਮੈਨੂੰ ਪਹੁੰਚਦਾ ਕਰ ਦਿੱਤਾ।ਜਿਸ ਦਿਨ ਮੇਰਾ ਪਹਿਲਾ ਦਿਨ ਸੀ ਉਸ ਦਿਨ ਹੋਰ ਵੀ ਚਾਰ-ਪੰਜ ਮੁੰਡੇ ਨਵੇਂ ਆਏ ਸੀ।ਪਹਿਲੀ ਸਵੇਰ ਨਵੇਂ ਪੁਰਾਣਿਆ ਦੀ ਜਾਣ ਪਹਿਚਾਣ ਕਰਾਉਣ ਲਈ ਉਥੋਂ ਦੇ ਕੋਚ ਸਾਹਿਬ ਨੇ ਸਭ ਨੂੰ ਗਰਾਉਂਡ ਚ ਸੱਦਿਆ।ਮੈਨੂੰ ਬੜੀ ਖੁਸ਼ੀ ਹੋਈ ਸੀ ਕਿ ਕਈ ਸਟਾਰ ਪਲੇਅਰਜ਼ ਨਾਲ਼ ਰਹਿਣ ਦਾ ਮੌਕਾ ਮਿਲਣਾ ਸੀ।ਪਰ ਇਹ ਖੁਸ਼ੀ ਥੋੜ੍ਹ ਚਿਰੀ ਨਿਕਲ਼ੀ ।ਰਸਮੀ ਗੱਲ ਬਾਤ ਤੋਂ ਬਾਅਦ ਜਲੰਧਰ ਵਾਲ਼ੇ ਕੋਚ ਸਾਹਿਬ ਕੋਚਿੰਗ ਦੇਣੀ ਸ਼ੁਰੂ ਕੀਤੀ।ਨਵੇਂ ਖਿਡਾਰੀਆਂ ਤੋਂ ਸਫਲਤਾ ਦੀ ਮੰਗ ਕਰਦਿਆਂ ਕਿਹਾ-
- ਜਿਨ੍ਹਾਂ ਨੇ ਜਿਹੜਾ ਮਸਾਲਾ ਛਕਣੈ ਅਪਣਾ ਛਕ ਲਿਓ।ਮੈਨੂੰ ਤਾਂ ਰਜ਼ਲਟ ਚਾਹੀਦਾ, ਰਜ਼ਲਟ।-
ਮੈਂ ਸੋਚਿਆ ਮਨਾ ਹੋਰ ਕੋਈ ਫਾਇਦਾ ਹੋਵੇ ਚਾਹੇ ਨਾਂ ਗੈਸ ਦਾ ਸਮਾਨਅਰਥਕ ਸ਼ਬਦ ਜਰੂਰ ਮਿਲ਼ ਗਿਆ ਮਸਾਲਾ।ਬੈਗ ਚੱਕ ਪਿੰਡ ਆ ਗਿਆ।3
3ਕਦੇ ਕੋਈ ਟੂਰਨਾਮੈਂਟ ਦੇਖਣ ਵੀ ਨਹੀ ਜਾਂਦਾ ਸੀ।ਪੰਜ ਸਾਲ ਲੰਘ ਗਏ।ਇੱਕ ਦਿਨ ਮੈਂ ਮੋਟਰਸਾਈਕਲ ਤੇ ਪਿੰਡ ਜਾ ਰਿਹਾ ਸੀ।ਫਾਟਕ ਬੰਦ ਹੋਣ ਕਰਕੇ ਰੁਕਣਾ ਪਿਆ।ਆਸੇ ਪਾਸੇ ਦੇਖ ਰਿਹਾ ਸੀ ਤਾਂ ਨਿਗ੍ਹਾ ਇੱਕ ਮੋਟਰ ਸਾਈਕਲ ਵੱਲ ਗਈ।ਇੱਕ ਪਤਲਾ ਜਿਹਾ ਮੁੰਡਾ,ਵਧੀ,ਹੋਈ ਦਾਹੜੀ,ਅਣਕੱਟੇ ਉਲ਼ਝੇ ਹੋਏ ਵਾਲ਼, ਡੱਬੀਆਂ ਵਾਲ਼ੀ ਕਮੀਜ ਪਾਈਂ,ਦੱਧ ਵਾਲ਼ੇ ਢੋਲ ਟੰਗੀ ਖੜਾ ਸੀ।ਮੈਂ ਅਪਣਾ ਮੋਟਰਸਾਈਕਲ ਥੋੜ੍ਹੀ ਅੱਗੇ ਕਰ ਉਹਦੇ ਬਰਾਬਰ ਜਾ ਖੜ੍ਹਿਆ।ਜਦ ਉਹਨੇ ਮੇਰੇ ਵੱਲ ਮੂੰਹ ਕੀਤਾ ਮੇਰੀ ਹੈਰਾਨੀ ਦੀ ਹੱਦ ਨਾ ਰਹੀ, ਫੌਜੀ ਸੀ! ਐਨੇ ਚਿਰ ਬਾਅਦ ਮਿਲ਼ਿਆ ਸੀ।ਦੇਖਦੀ ਸਾਰ ਕਹਿੰਦਾ-
ਆ ਵੀ ਬੂਥਗੜੀਆ ਕੀ ਹਾਲ ਹੈ-
ਜਦ ਖੇਡਦੇ ਸੀ ਤਾਂ ਬਹੁਤੇ ਮੁੰਡਿਆਂ ਨੂੰ ਉਹਨਾ ਦੇ ਪਿੰਡਾਂ ਦੇ ਨਾਂ ਨਾਲ਼ ਹੀ ਬੁਲਾਉਂਦੇ ਹੁੰਦੇ ਸੀ।ਮੈਥੋਂ -ਬਸ ਠੀਕ ਆਂ, ਹੀ ਕਹਿ ਹੋਇਆ ਸੀ ਕਿ ਫਾਟਕ ਖੁੱਲ੍ਹ ਗਿਆ ਤੇ ਅਸੀਂ ਅੱਡ-ਅੱਡ ਤੁਰ ਗਏ।ਮੈਂ ਮਸੀਂ ਪਿੰਡ ਆਇਆ।ਮਨ ਮੰਨਣ ਨੂੰ ਤਿਆਰ ਨਹੀਂ ਸੀ।ਕਿੱਥੇ ਉਹ ਗੋਭਲਾ,ਡੌਲ਼ੇ ਤੇ ਸ਼ੇਰ ਵਾਲ਼ਾ,ਡੰਡ ਲਾਉਂਦਾ, ਨੱਚਦਾ ਟੱਪਦਾ ਫੌਜੀ,ਕਿੱਥੇ ਆਹ! ਮੇਰੇ ਮੂੰਹੋ ਨਿਕਲ਼ਿਆ।
ਫੌਜੀਆ ਤੇਰਾ ਕਿਹਾ ਈ ਸੱਚ ਹੋ ਗਿਆ।ਬਾਪੂ ਆਲ਼ੀ ਸਹੂਲਤ ਹੀ ਮਿਲ਼ਗੀ।ਤੈਂ ਮਖੌਲ ਵੀ ਕਾਹਨੂੰ ਕਰਨਾ ਸੀ -
ਮੈਨੂੰ ਇੱਕ ਪੁਰਾਣੀ ਗੱਲ ਯਾਦ ਆਈ।ਜਦ ਗੇਮ ਕਰਦੇ ਸੀ ਇੱਕ ਵਾਰ ਫੌਜੀ ਜਿਆਦਾ ਬਿਮਾਰ ਹੋ ਗਿਆ।ਮਹੀਨਾ ਭਰ ਉਹਤੋਂ ਮਿਹਨਤ ਨਾ ਲਾ ਹੋਈ।ਵਜਨ ਘਟ ਗਿਆ।ਜਦ ਉਹਨੇ ਰੈਸਟ ਤੋਂ ਬਾਅਦ ਪਹਿਲੇ ਦਿਨ ਗਰਾਉਂਡ ਚ ਆਕੇ ਕੱਪੜੇ ਖੋਲ੍ਹੇ ਤਾਂ ਇੱਕ ਖਿਡਾਰੀ ਸਾਥੀ ਉਹਦੇ ਡੌਲ਼ੇ ਵਾਲ਼ੇ ਸ਼ੇਰ ਵੱਲ ਦੇਖਕੇ ਕਹਿੰਦਾ-
ਫੌਜੀਆ, ਸ਼ੇਰ ਨੂੰ ਪਾਇਆ ਪੂਇਆ ਕਰ ਕੁਸ਼,ਬਚਾਰੇ ਦਾ ਲੱਕ ਜਮਾ ਈ ਸੁੱਕਿਆ ਪਿਆ -
ਸਭ ਨੂੰ ਪਤਾ ਸੀ ਵੀ ਲੱਕ ਸ਼ੇਰ ਦਾ ਨੀ ਫੌਜੀ ਦਾ ਘਟਿਆ ਸੀ।ਫੌਜੀ ਕਹਿੰਦਾ-
ਘਬਰਾ ਨਾ,ਸ਼ੇਰ ਦਿਨਾਂ ਚ ਤਿਆਰ ਹੋਜੂ-
3ਤੇ ਸੱਚ ਮੁੱਚ ਸ਼ੇਰ ਪਹਿਲਾਂ ਵਾਂਗ ਰਾਜੀ ਹੋ ਗਿਆ ਸੀ।ਦਹਾੜਨ ਲੱਗ ਪਿਆ ਸੀ।ਪਰ ਉਸ ਦਿਨ ਮੈਨੂੰ ਲੱਗਿਆ ਸ਼ੇਰ ਸਦਾ ਲਈ ਅਪਣਾ ਲੱਕ ਸੁਕਾ ਚੁੱਕਿਆ ਸੀ।ਪਤਾ ਨਹੀਂ ਕਿਹੜੇ ਹਲਾਤੀਂ ਸ਼ੇਰ ਤਾੜੀਆਂ ਮਾਰਦੀ ਭੀੜ ਵੱਲ ਪਿੱਠ ਕਰਕੇ ਖੜ੍ਹ ਗਿਆ ਸੀ3
3ਗੇਮ ਛੱਡਣ ਤੋਂ ਬਾਅਦ ਮੇਰਾ ਸੰਪਰਕ ਸਿਰਫ ਪੀਤ ਨਾਲ਼ ਹੀ ਰਿਹਾ ਸੀ।ਉਹਦੇ ਨਾਲ਼ ਫੌਜੀ ਵਾਲ਼ੀ ਗੱਲ ਸਾਂਝੀ ਕੀਤੀ।ਉਹ ਕਹਿੰਦਾ-
ਡੋਜ਼ (ਮਸਾਲੇ) ਦਾ ਅਸਰ ਐਨਾ ਹੁੰਦਾ ਵੀ ਮੈਚ ਲਾਉਣ ਤੋਂ ਬਾਅਦ ਆਥਣੇ ਪੈੱਗ ਪੁੱਗ ਲਾਉਣਾ ਈ ਪੈਂਦਾ।ਹੌਲ਼ੀ-ਹੌਲ਼ੀ ਗੇਮ ਵਿੱਚੋਂ ਨਿੱਕਲ਼ ਜਾਂਦੀ ਆ, ਡੋਜ਼ ਤੇ ਪੈੱਗ ਰਹਿ ਜਾਂਦੇ ਨੇ।ਬਹੁਤਿਆਂ ਦਾ ਇਹੋ ਹਾਲ ਹੁੰਦਾ।ਤੂੰ ਸ਼ੁਕਰ ਕਰ ਆਪਾਂ ਬਚਗੇ।
ਕਾਫੀ ਦਿਨਾਂ ਬਾਅਦ ਫੌਜੀ ਫਿਰ ਮਿਲ਼ਿਆ।ਹਾਲਤ ਤਾਂ ਪਹਿਲਾ ਵਰਗੀ ਹੀ ਸੀ ਪਰ ਬੁਝੀਆਂ ਅੱਖਾਂ ਵਿੱਚ ਮੈਨੂੰ ਲੋਅ ਜਿਹੀ ਦਿਸੀ।ਉਹਨੇ ਦੂਰੋਂ ਈ ਹਾਕ ਮਾਰੀ-
ਬੂਥਗੜ੍ਹੀਆ ਆਜਾ ਖਲ਼ਾਮਾਂ-ਪਲਾਮਾਂ ਤੈਨੂੰ ਕੁੱਛ।ਪਿਛਲੇ ਹਫਤੇ ਮੁੰਡਾ ਹੋਇਆ ਮੇਰੇ।। ਵਿਹਲ ਕੱਢਕੇ ਮਿਲਣ ਦੀ ਪੱਕ ਕਰ,ਵਧਾਈਆਂ ਦੇ ਮੈਂ ਤੁਰ ਪਿਆ।ਮੁੜ ਨਾ ਵਿਹਲ ਮਿਲ਼ੀ ਨਾ ਸਬੱਬੀਂ ਮੇਲ਼ ਹੋਇਆ।
ਜ਼ਿੰਦਗੀ ਨੇ ਫੌਜੀ ਨੂੰ ਐਸੀ ਫਿੱਡੀ ਮਾਰੀ ਸੀ ਕਿ ਮੁੜ ਉੱਠ ਭੱਜਣਾ ਅਸੰਭਵ ਲੱਗਦਾ ਸੀ ਪਰ ਫੌਜੀ ਉਠ ਖੜ੍ਹਿਆ ਸੀ।ਹਾਲਾਤ ਨਾਲ਼ ਦਸਤ ਪੰਜਾ ਲੈਦਿਆਂ ਉਹਨੇ ਜਿਉਣ ਦਾ ਇੱਕ ਹੋਰ ਰਾਹ ਲੱਭ ਲਿਆ ਸੀ।ਅਪਣੇ ਗੁਆਂਢੀ ਪਿੰਡ ਉਹ ਕਬੱਡੀ ਖੇਡਦੇ ਮੁੰਡਿਆਂ ਨੂੰ ਕੋਚਿੰਗ ਦੇਣ ਲੱਗ ਗਿਆ।ਦੋ ਚਾਰ ਮਹੀਨੇ ਲਾਏ ਫੌਜੀ ਉੱਤੇ ਡੋਜ਼ ਫਿਰ ਭਾਰੂ ਹੋ ਗਈ ਮੁੰਡਿਆਂ ਨੇ ਜਵਾਬ ਦੇ ਦਿੱਤਾ।ਏਜੰਟ ਰਾਹੀਂ ਇੰਗਲੈਂਡ ਗਿਆ।ਬੇਗਾਨੀ ਧਰਤੀ ਨੇ ਵੀ ਬਹੁਤਾ ਚਿਰ ਨਾ ਸਾਂਭਿਆ। ਫੌਜੀ ਪਿੰਡ ਆ ਗਿਆ ।
ਚੱਲਦੇ ਵਰਲਡ ਕੱਪ ਦੌਰਾਨ ਇਸੇ ਇੱਕ ਹੋਰ ਖਬਰ ਆਈ। ਅਮਰੀਕਾ ਦੇ ਕਈ ਖਿਡਾਰੀਆਂ ਨੇ ਡੋਪ ਟੈਸਟ ਲਈ ਨਮੂਨੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ।ਅਗਲੇ ਮੈਚ ਵਿੱਚ ਅਮਰੀਕਾ ਦੇ ਜਿਹੜੇ ਖਿਡਾਰੀ ਗੈਰਹਾਜ਼ਰ ਸੀ ਉਹਨਾ ਵਿੱਚ ਦੁੱਲਾ ਵੀ ਸੀ।ਹਰ ਕੋਈ ਸਮਝ ਸਕਦਾ ਸੀ, ਮੈਂ ਵੀ ਸਮਝ ਗਿਆ। ਗੈਸ ਵਾਲ਼ੀਆਂ ਗੱਡੀਆਂ ਅਪਣੇ ਫਿਊਲ ਚੋਂ ਨਮੂਨਾ ਦੇਣ ਤੋਂ ਇਨਕਾਰੀ ਸੀ।ਅਗਲੇ ਦਿਨ ਅਮਰੀਕਾ ਦੀ ਸਾਰੀ ਟੀਮ ਨੂੰ ਕੱਪ ਵਿੱਚੋਂ ਕੱਢ ਦਿੱਤਾ ਗਿਆ ਸੀ।ਅਮਰੀਕਾ ਵਾਲ਼ਾ ਫੌਜੀ ਭਰਿਆ ਮੇਲਾ ਛੱਡ ਅਮਰੀਕਾ ਮੁੜ ਗਿਆ ਸੀ।ਇਸ ਗੱਲ ਤੋਂ ਇੱਕ ਦੋ ਦਿਨ ਬਾਅਦ ਇੱਕ ਮਿੱਤਰ ਦਾ ਫੋਨ ਆਇਆ।ਕੰਮ ਦੀ ਗੱਲ ਕਰਕੇ ਫੋਨ ਬੰਦ ਕਰਨ ਲੱਗਿਆ ਕਹਿੰਦਾ-
ਕੁਛ ਪਤਾ ਲੱਗਿਆ ?
ਮੇਰੇ ਬੋਲਣ ਤੋਂ ਪਹਿਲਾ ਹੀ ਉਹਨੇ ਦੱਸਣਾ ਸੁਰੂ ਕਰ ਦਿੱਤਾ।
ਤੇਰੇ ਆੜੀ ਦਾ, ਫੌਜੀ ਦਾ! ਸ਼ਾਹਬਾਦ ਵੱਲ ਜਾਂਦਾ ਤੀ ਮੋਟਰਸਾਈਕਲ ਉੱਤੇ, ਨਾਲ਼ ਇੱਕ ਹੋਰ ਮੁੰਡਾ ਤੀ।ਕਹਿੰਦੇ ਟਰੱਕ ਨੇ ਫੇਟ ਮਾਰੀ।ਨਾਲ਼ਦਾ ਤਾਂ ਥੈਂ ਈ ਪੂਰਾ ਹੋ ਗਿਆ।ਫੌਜੀ ਚੰਡੀਗੜ ਆ ਕਿਸੇ ਹਸਪਤਾਲ਼ ਚ।ਹਾਲੇ ਤੱਕ ਤਾਂ ਬੋਲਿਆ ਨੀ।
ਮੈਨੂੰ ਐਵੇਂ ਲੱਗਿਆ ਜਿਵੇਂ ਮੈਂ ਇੱਕ ਕਦੇ ਵੀ ਨਾ ਮੁੱਕਣ ਵਾਲ਼ੀ ਲਾਈਨ ਦਾ ਹਿੱਸਾ ਹੋਵਾਂ ਜਿਹਦੇ ਵਿੱਚ ਸ਼ਿੰਗਾਰਾ ਸਿੰਘ ਤੋਂ ਮੂਹਰੇ ਪਤਾ ਨਹੀਂ ਕਿੰਨੇ ਕੁ ਜਣੇ ਖੜ੍ਹੇ ਹੋਣਗੇ ਤੇ ਜਿਹੜੀ ਫੌਜੀ,ਦੁੱਲ਼ੇ ਤੇ ਮੇਰੇ ਵਰਗਿਆਂ ਨਾਲ਼ ਅਪਣੇ ਆਪ ਨੂੰ ਵਧਾਕੇ ਹੋਰ ਪਤਾ ਨਹੀਂ ਕੀਹਨੂੰ ਕੀਹਨੂੰ ਉਡੀਕ ਰਹੀ ਹੈ।ਚਕਾਚੌਂਧ ਨਾਲ਼ ਭਰੀ ਇਸ ਦੁਨੀਆਂ ਵਿੱਚ ਅਗਲਿਆ ਨੇ ਅਪਣੇ ਫਇਦੇ ਲਈ ਮਨੁੱਖੀ ਸਰੀਰ ਨੂੰ ਵੀ ਇੱਕ ਮਸ਼ੀਨ ਵਾਂਗ ਵਰਤਣ ਤੋਂ ਗੁਰੇਜ ਨਹੀਂ ਕੀਤਾ ਤੇ ਅਨੇਕਾਂ ਹੀ ਫੌਜੀ ਇਸ ਛਲਾਵੇ ਨੂੰ ਅਪਣੀ ਜ਼ਿੰਦਗੀ ਸਮਝ ਕੇ ਇਸਦੇ ਵਿੱਚ ਸਮਾ ਗਏ।ਮੇਰਾ ਮਨ ਕੀਤਾ ਕੇ ਹਸਪਤਾਲ਼ ਵਿੱਚ ਪਏ ਫੌਜੀ ਨੂੰ ਠਾਲ਼ ਕੇ ਕਹਾਂ।
- ਫੌਜੀਆ! ਚੰਗੀ ਜਿੰਦਗੀ ਲਈ ਅਪਣੇ ਮਨਾ ਚ ਭਾਵੇ ਬੜੀ ਪਿਆਸ ਹੈ ਪਰ ਪਾਣੀ ਦਾ ਭੁਲੇਖਾ ਪਾਉਂਦੀ ਇਹ ਬਰੇਤੀ ਇੱਕ ਨਵੀਂ ਚੁਣੌਤੀ ਬਣਕੇ ਸਾਡੇ ਸਾਹਮਣੇ ਖੜੀ ਹੈ।
ਪਾਣੀ ਮੰਨ ਕੇ ਭਰਮ ਜਲੀ ਨੂੰ ਮਿਰਗ ਪਿਆਸੇ ਬਹੁਤ ਮਰੇ
ਲਿਸ਼ਕਣਹਾਰ ਬਰੇਤੀ ਬੀਬਾ ਬੇੜੀਆਂ ਨਹੀਓ ਤਾਰਦੀ

9464417200
harjiteja@gmail.com

-0-

Home  |  About us  |  Troubleshoot Font  |  Feedback  |  Contact us

2007-11 Seerat.ca, Canada

Website Designed by Gurdeep Singh +91 98157 21346 9815721346