Welcome to Seerat.ca
Welcome to Seerat.ca

ਲੱਖੇ ਵਾਲ਼ਾ ਜੋਰਾ ਬਾਈ!

 

- ਇਕਬਾਲ ਰਾਮੂਵਾਲੀਆ

ਭਰਾਵਾਂ ਦਾ ਮਾਣ

 

- ਵਰਿਆਮ ਸਿੰਘ ਸੰਧੂ

ਯਾਦਾਂ ਦੀ ਐਲਬਮ - ਦੀਦਾਰ ਸਿੰਘ ਪਰਦੇਸੀਂ

 

- ਸੁਰਜੀਤ ਪਾਤਰ

ਗ਼ਦਰ ਪਾਰਟੀ ਦੇ ਦਿਮਾਗ ਬਾਬਾ ਜਵਾਲਾ ਸਿੰਘ ਠੱਠੀਆਂ ਦੀ ਦੂਰ ਅੰਦੇਸ਼ੀ ਸੋਚ: ਗੁਰੂ ਗੋਬਿੰਦ ਸਿੰਘ ਸਾਹਿਬ ਐਜੂਕੇਸ਼ਨਲ ਸਕਾਲਰਸ਼ਿਪ

 

- ਸੀਤਾ ਰਾਮ ਬਾਂਸਲ

ਇਸ ਵਾਰੀ ਵਾਲ਼ੀ ਪੰਜਾਬ ਦੀ ਫੇਰੀ (12 ਜਨਵਰੀ ਤੋਂ 14 ਅਪ੍ਰੈਲ 2015)

 

- ਸੰਤੋਖ ਸਿੰਘ

ਲਿਸ਼ਕਣਹਾਰ ਬਰੇਤੀ

 

- ਹਰਜੀਤ ਗਰੇਵਾਲ

ਯਾਦਾਂ ਦੀ ਕਬਰ ਚੋਂ

 

- ਅਮੀਨ ਮਲਿਕ

ਨਜ਼ਮ ਤੇ ਛੰਦ-ਪਰਾਗੇ

 

- ਗੁਰਨਾਮ ਢਿਲੋਂ

ਦੋ ਨਜ਼ਮਾਂ

 

- ਉਂਕਾਰਪ੍ਰੀਤ

ਨਜ਼ਮ

 

- ਪਿਸ਼ੌਰਾ ਸਿੰਘ ਢਿਲੋਂ

ਚਿਤਵਉ ਅਰਦਾਸ ਕਵੀਸਰ

 

- ਸੁਖਦੇਵ ਸਿੱਧੂ

ਬਲਬੀਰ ਸਿੰਘ ਦੀ ਜੀਵਨੀ ਗੋਲਡਨ ਗੋਲ

 

- ਪ੍ਰਿੰ. ਸਰਵਣ ਸਿੰਘ

ਨਾਵਲ ਅੰਸ਼ / ਸ਼ਹਿਰ ਅਦਨ

 

- ਹਰਜੀਤ ਅਟਵਾਲ

ਹੋ ਹੋ ਦੁਨੀਆਂ ਚਲੀ ਜਾਂਦੀ ਐ ਵੀਰ

 

- ਬਲਵਿੰਦਰ ਗਰੇਵਾਲ

ਕਹਾਣੀ
ਮਿੱਟੀ

 

- ਲਾਲ ਸਿੰਘ ਦਸੂਹਾ

ਨੇਤਾ ਹੋਣ ਦੇ ਮਾਅਨੇ

 

- ਬਲਵਿੰਦਰ ਸਿੰਘ ਗਰੇਵਾਲ 

ਤਰਦੀਆਂ ਲਾਸ਼ਾਂ ਤੇ ਰੂਮ ਸਾਗਰ ਦਾ ਹਾਅ ਦਾ ਨਾਅਰਾ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਮੈਢ਼ਾ ਪਿੰਡੀ ਘੇਬ

 

- ਸੁਭਾਸ਼ ਰਾਬੜਾ

ਹਰਦੇਵ ਸਿੰਘ ਢੇਸੀ ਇਕ ਬਹੁਪੱਖੀ ਸ਼ਖ਼ਸੀਅਤ

 

- ਡਾ: ਪ੍ਰੀਤਮ ਸਿੰਘ ਕੈਂਬੋ

ਵਿਸਾਖੀ ਦੇ ਆਰ ਪਾਰ

 

- ਡਾ. ਸੁਰਿੰਦਰਪਾਲ ਸਿੰਘ ਮੰਡ

ਪਿੰਡ ਪਹਿਰਾ ਲੱਗਦੈ - ਠੀਕਰੀ ਪਹਿਰਾ

 

- ਹਰਮੰਦਰ ਕੰਗ

ਚਰਿੱਤਰ; ਇਨਸਾਨ ਦੇ ਕਰਮਾਂ ਦਾ ਚਿੱਤਰ !

 

- ਮਿੰਟੂ ਗੁਰੂਸਰੀਆ

ਦੋ ਧਾਰੀ ਕਿਰਪਾਨ ਵਰਗੀ ਕਿਤਾਬ ਨੀ ਮਾਂ

 

- ਉਂਕਾਰਪ੍ਰੀਤ

ਬਲਬੀਰ ਸਿੰਘ ਦੀ ਜੀਵਨੀ ਗੋਲਡਨ ਗੋਲ ਪੜ੍ਹਦਿਆਂ

 

- ਪੂਰਨ ਸਿੰਘ ਪਾਂਧੀ

'ਉੱਡਦੇ ਪਰਿੰਦੇ' ਪੜ੍ਹਦਿਆਂ....

 

- ਸਤਨਾਮ ਚੌਹਾਨ

ਧਰਤੀ ਦੇ ਵਾਰਸਾ

 

- ਹਰਜਿੰਦਰ ਸਿੰਘ ਗੁਲਪੁਰ

ਦੋ ਕਵਿਤਾਵਾਂ

 

- ਦਿਲਜੋਧ ਸਿੰਘ

 

Online Punjabi Magazine Seerat


ਬਲਬੀਰ ਸਿੰਘ ਦੀ ਜੀਵਨੀ ਗੋਲਡਨ ਗੋਲ
- ਹਰਜੀਤ ਤੇਜਾ ਸਿੰਘ

 

ਓਲੰਪਿਕ ਰਤਨ ਬਲਬੀਰ ਸਿੰਘ ਹੁਣ ਗੋਲਡਨ ਗੋਲ ਦੇ ਦੌਰ ਵਿਚ ਹੈ। ਵੈਨਕੂਵਰ ਰਹਿੰਦੇ ਉਸ ਦੇ ਲੜਕੇ ਕਰਨਬੀਰ ਸਿੰਘ ਦੇ ਘਰ ਦਾ ਨੰਬਰ 2024 ਹੈ। 31 ਦਸੰਬਰ 1923 ਨੂੰ ਜੰਮੇ ਬਲਬੀਰ ਸਿੰਘ ਨੇ ਇਕ ਦਿਨ ਕਿਹਾ, ਮੈਂ 2024 ਤਕ ਜਿਊਣ ਦੀ ਕੋਸਿ਼ਸ਼ ਕਰਾਂਗਾ। ਜੇ ਅਜਿਹਾ ਹੋ ਜਾਂਦਾ ਹੈ ਤਾਂ ਉਹ ਉਮਰ ਦੀ ਸੈਂਚਰੀ ਮਾਰ ਜਾਵੇਗਾ।
ਉਸ ਨੇ 85 ਸਾਲ ਦੀ ਉਮਰ ਵਿਚ ਹਾਕੀ ਦੀ ਕੋਚਿੰਗ ਬਾਰੇ ਅਹਿਮ ਪੁਸਤਕ ਦੀ ਗੋਲਡਨ ਯਾਰਡਸਟਿਕ ਲਿਖੀ। ਉਹ ਉਸ ਦੇ ਖਿਡਾਰੀ, ਕੋਚ, ਮੈਨੇਜਰ ਤੇ ਖੇਡ ਡਾਇਰੈਕਟਰ ਹੋਣ ਦੇ ਤਜਰਬਿਆਂ ਦਾ ਨਿਚੋੜ ਹੈ। ਉਸ ਦਾ ਮੁੱਖ ਬੰਦ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਸਾਬਕਾ ਪ੍ਰਧਾਨ ਯੈਕ ਰੋਜ਼ ਨੇ ਲਿਖਿਆ ਤੇ ਭੂਮਿਕਾ ਅਸ਼ਵਨੀ ਕੁਮਾਰ ਨੇ ਬੰਨ੍ਹੀ।
ਯੈਕ ਰੋਜ਼ ਨੇ ਲਿਖਿਆ, ਇਕ ਓਲੰਪੀਅਨ ਵਜੋਂ ਮੈਨੂੰ ਗੋਲਡਨ ਹੈਟ ਟ੍ਰਿਕ ਮਾਰਨ ਵਾਲੇ ਲੀਜੈਂਡਰੀ ਹਾਕੀ ਖਿਡਾਰੀ ਬਲਬੀਰ ਸਿੰਘ ਦੀ ਪੁਸਤਕ ਦਾ ਮੁੱਖ ਬੰਦ ਲਿਖਦਿਆਂ ਖ਼ੁਸੀ ਹੋ ਰਹੀ ਹੈ। ਸਾਡੇ ਸਮੇਂ ਦੇ ਖਿਡਾਰੀਆਂ, ਟੀਮ ਕਪਤਾਨਾਂ, ਕੋਚਾਂ ਤੇ ਮੈਨੇਜਰਾਂ ਨੇ ਬਲਬੀਰ ਸਿੰਘ ਨੂੰ ਹਾਕੀ ਦਾ ਸਰਬੋਤਮ ਖਿਡਾਰੀ ਮੰਨਿਆ ਹੈ। ਇਸ ਪੁਸਤਕ ਦੀ ਪ੍ਰਕਾਸ਼ਨਾ ਨਾਲ ਬਲਬੀਰ ਸਿੰਘ ਨੇ ਹਾਕੀ ਨਾਲ ਆਪਣਾ ਸੱਚਾ ਸਨੇਹ ਪ੍ਰਗਟਾਇਆ ਹੈ ਤੇ ਹਾਕੀ ਦਾ ਸੰਦੇਸ਼ ਭਾਰਤ ਤੇ ਭਾਰਤ ਤੋਂ ਬਾਹਰ ਸਾਰੀ ਦੁਨੀਆ ਤਕ ਪੁਚਾਇਆ ਹੈ। ਹਾਕੀ ਨਾਲ ਉਸ ਦੀ ਲਗਨ ਅਤੇ ਖੇਡਾਂ ਦੀਆਂ ਕਦਰਾਂ ਨਾਲ ਪਿਆਰ ਅਗਲੀਆਂ ਪੀੜ੍ਹੀਆਂ ਨੂੰ ਉਤਸ਼ਾਹਿਤ ਕਰਦਾ ਰਹੇਗਾ। ਦੇਸ਼ ਬਦੇਸ਼ ਦੇ ਬੱਚੇ ਤੇ ਨੌਜੁਆਨ ਉਸ ਦੇ ਵਿਖਾਏ ਖੇਡ ਮਾਰਗ ਤੇ ਚੱਲਣਗੇ। ਓਲੰਪਿਕ ਲਹਿਰ ਬਲਬੀਰ ਸਿੰਘ ਜਿਹੇ ਖਿਡਾਰੀਆਂ ਦੀ ਰਿਣੀ ਹੈ ਜਿਨ੍ਹਾਂ ਨੇ 20ਵੀਂ ਸਦੀ ਦੇ ਖੇਡ ਇਤਿਹਾਸ ਨੂੰ ਸੁਨਹਿਰੀ ਬਣਾਇਆ।
ਓਲੰਪਿਕ ਖੇਡਾਂ ਦੇ ਤਿੰਨ, ਏਸਿ਼ਆਈ ਖੇਡਾਂ ਦਾ ਇਕ ਤੇ ਭਾਰਤੀ ਟੀਮਾਂ ਨੂੰ ਕੋਚ/ਮੈਨੇਜਰ ਬਣ ਕੇ ਸੱਤ ਮੈਡਲ ਜਿਤਾਉਣ ਵਾਲੇ ਓਲੰਪੀਅਨ ਬਲਬੀਰ ਸਿੰਘ ਨੂੰ ਕਦੇ ਕੋਈ ਨਕਦ ਇਨਾਮ ਜਾਂ ਪਲਾਟ ਆਦ ਨਹੀਂ ਸੀ ਮਿਲਿਆ। ਹੁਣ 2015 ਵਿਚ ਹਾਕੀ ਇੰਡੀਆ ਨੇ ਉਸ ਦੀਆਂ ਉਮਰ ਭਰ ਦੀਆਂ ਪ੍ਰਾਪਤੀਆਂ ਲਈ 30 ਲੱਖ ਰੁਪਏ ਦਾ ਚੈੱਕ ਪੇਸ਼ ਕੀਤਾ ਤਾਂ ਉਸ ਨੇ ਬਲਬੀਰ ਸਿੰਘ ਹਾਕੀ ਫਾਊਂਡੇਸ਼ਨ ਨੂੰ ਦੇ ਦਿੱਤਾ ਕਿ ਹਾਕੀ ਨੂੰ ਪ੍ਰਫੁੱਲਤ ਕਰਨ ਲਈ ਵਰਤਿਆ ਜਾਵੇ। ਇਹ ਵਰਣਨਯੋਗ ਹੈ ਕਿ ਉਸ ਦੇ ਨਾਂ ਕੋਈ ਜਾਇਦਾਦ ਨਹੀਂ। ਪਿੰਡ ਦੇ ਖੇਤ ਵੇਚ ਕੇ ਚੰਡੀਗੜ੍ਹ ਕੋਠੀ ਪਾਈ ਸੀ ਜੋ ਕਦੋਂ ਦੀ ਵਿਕ ਚੁੱਕੀ ਹੈ। ਪੈਨਸ਼ਨ ਉਹ ਆਪਣੀ ਨੌਕਰੀ ਦੀ ਲੈ ਰਿਹੈ।
ਓਲੰਪਿਕ ਖੇਡਾਂ ਦਾ ਗੋਲਡ ਮੈਡਲ ਭਾਰਤੀ ਹਾਕੀ ਟੀਮ ਨੇ ਭਾਵੇਂ ਅੱਠ ਵਾਰ ਜਿੱਤਿਆ ਪਰ ਵਿਸ਼ਵ ਹਾਕੀ ਕੱਪ ਕੇਵਲ ਇਕ ਵਾਰ ਹੀ ਜਿੱਤਿਆ ਜੋ 1975 ਵਿਚ ਕੁਆਲਾ ਲੰਪੁਰ ਖੇਡਿਆ ਗਿਆ ਸੀ। ਉਦੋਂ ਹਾਕੀ ਟੀਮ ਤਿਆਰ ਕਰਨ ਦੀ ਮੁੱਖ ਜਿ਼ਮੇਵਾਰੀ ਬਲਬੀਰ ਸਿੰਘ ਦੀ ਸੀ।
2014 ਵਿਚ ਹੇਗ ਦੇ ਵਿਸ਼ਵ ਹਾਕੀ ਕੱਪ ਸਮੇਂ ਹਾਕੀ ਇੰਡੀਆ ਨੇ 1975 ਦਾ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਮਾਣ ਸਨਮਾਨ ਕੀਤਾ। ਟੀਮ ਦੇ ਹਰੇਕ ਖਿਡਾਰੀ ਨੂੰ 175000 ਰੁਪਏ ਭੇਟ ਕੀਤੇ ਗਏ। ਟੀਮ ਦੇ ਕੁਝ ਮੈਂਬਰ ਗੁਜ਼ਰ ਗਏ ਸਨ ਪਰ ਟੀਮ ਦਾ ਚੀਫ਼ ਕੋਚ/ਮੈਨੇਜਰ ਬਲਬੀਰ ਸਿੰਘ ਚੰਡੀਗੜ੍ਹ ਵਿਚ ਹੀ ਸੀ। ਟੀਮ ਦੇ ਖਿਡਾਰੀਆਂ ਦਾ ਤਾਂ ਮਾਣ ਸਨਮਾਨ ਕਰ ਦਿੱਤਾ ਗਿਆ, ਸਹਿ-ਕੋਚ ਤੇ ਪਰਲੋਕ ਸਿਧਾਰ ਗਏ ਖਿਡਾਰੀਆਂ ਦਾ ਸਨਮਾਨ ਉਨ੍ਹਾਂ ਦੇ ਪਰਿਵਾਰਾਂ ਨੂੰ ਦੇ ਦਿੱਤਾ ਗਿਆ। ਪਰ ਜਿਊਂਦੇ ਜਾਗਦੇ ਬਲਬੀਰ ਸਿੰਘ ਨੂੰ ਵਿਸਾਰ ਦਿੱਤਾ ਗਿਆ। ਉਸ ਨੇ ਕੋਈ ਗਿ਼ਲਾ ਸਿ਼ਕਵਾ ਪ੍ਰਗਟ ਕਰਨ ਦੀ ਥਾਂ ਇਹੋ ਕਿਹਾ ਕਿ ਉਹਦੀ ਟੀਮ ਦੇ ਮੈਂਬਰਾਂ ਦਾ ਸਨਮਾਨ ਹੀ ਉਸ ਦਾ ਸਨਮਾਨ ਹੈ!
ਜਦੋਂ ਪੰਜਾਬ ਸਰਕਾਰ ਨੇ ਵਿਸ਼ਵ ਕੱਪ ਲਈ ਭਾਰਤੀ ਹਾਕੀ ਟੀਮ ਦੀ ਤਿਆਰੀ ਕਰਾਉਣ ਦੀ ਜਿ਼ੰਮੇਵਾਰੀ ਚੁੱਕੀ ਸੀ ਉਦੋਂ ਉਹ ਆਪਣੀ ਪਤਨੀ ਨਾਲ ਬਦੇਸ਼ ਗਿਆ ਹੋਇਆ ਸੀ। ਉਸ ਨੂੰ ਟੂਰ ਵਿਚਾਲੇ ਛੱਡ ਕੇ ਚੰਡੀਗੜ੍ਹ ਮੁੜਨਾ ਪਿਆ। ਕੋਚਿੰਗ ਕੈਂਪ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਲਾਇਆ ਗਿਆ। ਕੈਂਪ ਦੌਰਾਨ ਉਸ ਦੇ ਪਿਤਾ ਜੀ ਦੀ ਮ੍ਰਿਤੂ ਹੋ ਗਈ। ਸੰਸਕਾਰ ਕਰਨ ਲਈ ਉਹ ਕੈਂਪ ਤੋਂ ਸਿਰਫ਼ ਇਕ ਦਿਨ ਹੀ ਲਾਂਭੇ ਹੋਇਆ। ਮਰਨੇ ਦੀਆਂ ਰਸਮਾਂ ਪਿੱਛੇ ਪਾ ਦਿੱਤੀਆਂ। ਕੈਂਪ ਦੌਰਾਨ ਹੀ ਪਤਨੀ ਨੂੰ ਬ੍ਰੇਨ ਹੈਮਰੇਜ ਹੋ ਗਿਆ। ਉਹਦੀ ਇਕ ਲੱਤ ਕੈਂਪ ਵਿਚ ਹੁੰਦੀ, ਦੂਜੀ ਪੀ ਜੀ ਆਈ। ਖਿਡਾਰੀਆਂ ਦੀ ਨਿਗਰਾਨੀ ਲਈ ਉਹ ਹੋਸਟਲ ਵਿਚ ਸੌਂਦਾ। ਕੈਸੀ ਵਿਡੰਬਨਾ ਸੀ ਕਿ ਵਿਸ਼ਵ ਕੱਪ ਦੇ ਜੇਤੂਆਂ ਨੂੰ ਸਨਮਾਨ ਦੇਣ ਵੇਲੇ ਬਲਬੀਰ ਸਿੰਘ ਨੂੰ ਸਨਮਾਨ ਸਮਾਰੋਹ ਦਾ ਸੱਦਾ ਵੀ ਨਾ ਦਿੱਤਾ ਗਿਆ!
1984 ਦੀਆਂ ਓਲੰਪਿਕ ਖੇਡਾਂ ਲਾਸ ਏਂਜਲਸ ਵਿਚ ਹੋਈਆਂ ਸਨ। ਉਥੇ ਭਾਰਤ ਦਾ ਹਾਕੀ ਮੈਚ ਹੋਣ ਲੱਗਾ ਤਾਂ ਕੁਝ ਭਾਰਤੀ ਦਰਸ਼ਕਾਂ ਨੇ ਤਿਰੰਗੇ ਚੁੱਕੇ ਹੋਏ ਸਨ। ਅਸ਼ਵਨੀ ਕੁਮਾਰ ਤੇ ਹੋਰ ਭਾਰਤੀ ਖੇਡ ਅਧਿਕਾਰੀ ਉਪਰਲੀਆਂ ਸੀਟਾਂ ਉਪਰ ਬੈਠੇ ਸਨ। ਬਲਬੀਰ ਸਿੰਘ ਹੇਠਾਂ ਬੈਠਾ ਸੀ। ਤਦੇ ਖ਼ਾਲਿਸਤਾਨ ਜਿ਼ੰਦਾਬਾਦ ਦੇ ਨਾਹਰੇ ਲਾਉਂਦੇ ਇਕ ਨੌਜੁਆਨ ਨੇ ਕਿਸੇ ਕੋਲੋਂ ਤਿਰੰਗਾ ਖੋਹ ਲਿਆ ਤੇ ਪੈਰਾਂ ਹੇਠ ਮਿਧਣ ਲੱਗਾ। ਬਲਬੀਰ ਸਿੰਘ ਨੇ ਭੱਜ ਕੇ ਰਾਸ਼ਟਰੀ ਝੰਡੇ ਨੂੰ ਉਸ ਦੇ ਪੈਰਾਂ ਹੇਠੋਂ ਖਿੱਚ ਲਿਆ। ਉਹ ਰਾਸ਼ਟਰੀ ਝੰਡੇ ਦੀ ਬੇਅਦਬੀ ਨਹੀਂ ਸਹਾਰ ਸਕਿਆ ਜੋ ਉਹ ਓਲੰਪਿਕ ਖੇਡਾਂ ਵਿਚ ਝੁਲਾਉਂਦਾ ਰਿਹਾ ਸੀ।
ਖ਼ਾਲਿਸਤਾਨੀ ਨੌਜੁਆਨ ਨੇ ਕਸ਼ਮਕਸ਼ ਵਿਚ ਤਿਰੰਗਾ ਪਾੜਣਾ ਚਾਹਿਆ। ਤਦ ਤਕ ਪੁਲਿਸ ਆ ਗਈ ਜਿਸ ਨੇ ਸਥਿਤੀ ਸੰਭਾਲ ਲਈ। ਪਰ ਬਲਬੀਰ ਸਿੰਘ ਖ਼ਾਲਿਸਤਾਨੀਆਂ ਦੀਆਂ ਨਜ਼ਰਾਂ ਚ ਰੜਕਣ ਲੱਗਾ। ਲਾਸ ਏਂਜਲਸ ਤੋਂ ਉਹ ਆਪਣੇ ਪੁੱਤਰਾਂ ਨੂੰ ਮਿਲਣ ਵੈਨਕੂਵਰ ਗਿਆ ਤਾਂ ਕੁਝ ਸ਼ੁਭਚਿੰਤਕਾਂ ਨੇ ਕਿਹਾ ਕਿ ਉਸ ਨੇ ਤਿਰੰਗੇ ਖ਼ਾਤਰ ਵੱਡਾ ਰਿਸਕ ਲੈ ਲਿਆ ਹੈ। ਕੈਨੇਡਾ/ਅਮਰੀਕਾ ਵਿਚ ਖ਼ਾਲਿਸਤਾਨੀ ਹਵਾ ਹੈ। ਉਸ ਨੂੰ ਬਚ ਕੇ ਰਹਿਣਾ ਪਵੇਗਾ। ਉਹ ਭਾਰਤ ਪਰਤਣ ਲਈ ਹਵਾਈ ਜਹਾਜ਼ ਚੜ੍ਹਿਆ। 2 ਨਵੰਬਰ 1984 ਦਾ ਦਿਨ ਸੀ। ਟੋਕੀਓ ਦੇ ਹਵਾਈ ਅੱਡੇ ਤੇ ਉਸ ਨੂੰ ਖ਼ਬਰ ਮਿਲੀ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਸ ਦੇ ਬਾਡੀ ਗਾਰਡਾਂ ਨੇ ਕਤਲ ਕਰ ਦਿੱਤਾ ਹੈ। ਦਿੱਲੀ ਵਿਚ ਸਿੱਖ ਮਾਰੇ ਜਾ ਰਹੇ ਹਨ। ਕੁਝ ਸਿੱਖ ਮੁਸਾਫਿ਼ਰ ਟੋਕੀਓ ਹੀ ਰੁਕ ਗਏ ਤੇ ਉਨ੍ਹਾਂ ਨੇ ਬਲਬੀਰ ਸਿੰਘ ਨੂੰ ਵੀ ਰੁਕ ਜਾਣ ਦੀ ਸਲਾਹ ਦਿੱਤੀ। ਪਰ ਉਹ ਸਮਝਦਾ ਸੀ ਕਿ ਜਿਸ ਦੇਸ਼ ਲਈ ਉਹ ਖੇਡਦਾ ਤੇ ਓਲੰਪਿਕ ਮੈਡਲ ਜਿੱਤਦਾ ਰਿਹਾ ਉਸ ਦੀ ਰਾਜਧਾਨੀ ਵਿਚ ਉਸ ਨੂੰ ਕੀ ਖ਼ਤਰਾ ਹੋ ਸਕਦਾ ਹੈ?
ਲਾਸ ਏਂਜਲਸ ਵਿਚ ਜਿਹੋ ਜਿਹਾ ਖ਼ਤਰਾ ਉਸ ਨੇ ਸਹੇੜਿਆ ਸੀ ਉਹੋ ਜਿਹਾ ਖ਼ਤਰਾ ਸਹੇੜਨ ਲਈ ਉਹ ਦਿੱਲੀ ਨੂੰ ਚੱਲ ਪਿਆ। ਉਸ ਨੇ ਆਪਣੀ ਧੀ ਸੁਸ਼ਬੀਰ ਤੇ ਜੁਆਈ ਵਿੰਗ ਕਮਾਂਡਰ ਮਲਵਿੰਦਰ ਸਿੰਘ ਭੋਮੀਆ ਪਾਸ ਦਿੱਲੀ ਆਉਣਾ ਸੀ। ਉਹ ਖ਼ੁਦ ਸਿੱਖਾਂ ਦੇ ਕਤਲੇਆਮ ਤੋਂ ਘਬਰਾਏ ਹੋਏ ਸਨ। ਮਲਵਿੰਦਰ ਸਿੰਘ ਦਾ ਭਰਾ ਗੁਰਿੰਦਰਜੀਤ ਸਿੰਘ ਬੀ. ਐੱਸ. ਐੱਫ. ਵਿਚ ਅਫ਼ਸਰ ਸੀ। ਉਸ ਦੀ ਡਿਊਟੀ ਲਾਈ ਗਈ ਕਿ ਉਹ ਹਵਾਈ ਅੱਡੇ ਤੇ ਜਾਵੇ ਤੇ ਬਲਬੀਰ ਸਿੰਘ ਨੂੰ ਸੁਰੱਖਿਅਤ ਲਿਆਵੇ। ਕੈਸੇ ਦਿਨ ਆ ਗਏ ਸਨ! ਉਹ ਓਲੰਪਿਕ ਮੈਡਲ ਜਿੱਤ ਕੇ ਮੁੜਦਾ ਸੀ ਤਾਂ ਨਾਇਕਾਂ ਵਾਲਾ ਸਵਾਗਤ ਹੁੰਦਾ ਸੀ। ਪਰ ਅੱਜ? ਪੱਗ ਦਾੜ੍ਹੀ ਕਰਕੇ ਉਸ ਦੀ ਜਾਨ ਖ਼ਤਰੇ ਵਿਚ ਸੀ!
ਗੁਰਿੰਦਰਜੀਤ ਨੇ ਬਲਬੀਰ ਸਿੰਘ ਨੂੰ ਗੱਡੀ ਵਿਚ ਬਿਠਾ ਕੇ ਪਰਦਾ ਤਾਣਨਾ ਤੇ ਪੱਗ ਢਕਣੀ ਚਾਹੀ ਤਾਂ ਬਲਬੀਰ ਸਿੰਘ ਨੇ ਰੋਕਿਆ ਕਿ ਇਥੇ ਮੈਨੂੰ ਕਾਹਦਾ ਖ਼ਤਰਾ ਹੈ? ਭਾਰਤ ਦੀ ਇੱਜ਼ਤ ਤੇ ਸਨਮਾਨ ਲਈ ਖ਼ਤਰੇ ਸਹੇੜਨ ਵਾਲੇ ਜਿ਼ੰਦਾਦਿਲ ਖਿਡਾਰੀ ਨੂੰ ਨਹੀਂ ਸੀ ਪਤਾ ਕਿ ਲਾਸ ਏਜ਼ਲਸ ਤੇ ਵੈਨਕੂਵਰ ਵਿਚਲੇ ਖ਼ਤਰਿਆਂ ਤੋਂ ਤਾਂ ਉਹ ਬਚ ਆਇਆ ਸੀ ਪਰ ਦਿੱਲੀ ਵਿਚਲਾ ਖ਼ਤਰਾ ਉਹਦੇ ਸਿਰ ਉਤੇ ਮੰਡਲਾਅ ਰਿਹਾ ਸੀ!
ਇਹ ਗੁਰਿੰਦਰਜੀਤ ਦੀ ਹਿੰਮਤ ਸੀ ਕਿ ਉਹ ਬਲਬੀਰ ਸਿੰਘ ਨੂੰ ਸੁਰੱਖਿਅਤ ਘਰ ਲੈ ਆਇਆ। ਜਿਵੇਂ ਉਹ 1947 ਵਿਚ ਗੋਲੀ ਲੱਗਣੋ ਬਚ ਗਿਆ ਸੀ ਉਵੇਂ ਲਾਸ ਏਂਜਲਸ ਤੇ ਵੈਨਕੂਵਰ ਤੋਂ ਬਚਦਾ ਦਿੱਲੀ ਵਿਚ ਵੀ ਬਚ ਗਿਆ ਸੀ!
ਫਿਰ ਉਸ ਨੂੰ ਕਰਾਚੀ ਸੱਦਿਆ ਗਿਆ। ਲਾਸ ਏਂਜਲਸ ਤੋਂ ਪਾਕਿਸਤਾਨ ਦੀ ਹਾਕੀ ਟੀਮ ਨੇ ਗੋਲਡ ਮੈਡਲ ਜਿੱਤਿਆ ਸੀ। ਕਰਾਚੀ ਵਿਚ ਓਲੰਪਿਕ ਜੇਤੂ ਟੀਮ ਦਾ ਰੈੱਸਟ ਆਫ਼ ਵਰਲਡ ਦੀ ਹਾਕੀ ਟੀਮ ਨਾਲ ਮੈਚ ਰੱਖਿਆ ਗਿਆ ਸੀ। ਬਲਬੀਰ ਸਿੰਘ ਨੂੰ ਰੈੱਸਟ ਆਫ਼ ਵਰਲਡ ਟੀਮ ਦਾ ਮੈਨੇਜਰ ਬਣਾਇਆ ਗਿਆ ਜਿਸ ਵਿਚ ਪੰਜ ਦੇਸ਼ਾਂ ਦੇ ਖਿਡਾਰੀ ਸ਼ਾਮਲ ਕੀਤੇ ਗਏ। ਉਨ੍ਹੀਂ ਦਿਨੀਂ ਭਾਰਤ-ਪਾਕਿ ਸੰਬੰਧ ਸੁਖਾਵੇਂ ਨਹੀਂ ਸਨ। ਭਾਰਤ ਦਾ ਕੇਵਲ ਇਕ ਖਿਡਾਰੀ ਜਫ਼ਰ ਇਕਬਾਲ ਹੀ ਟੀਮ ਵਿਚ ਪਾਇਆ ਗਿਆ ਸੀ।
ਮੈਚ ਸਮੇਂ ਪਾਕਿਸਤਾਨ ਦਾ ਪ੍ਰੈਜ਼ੀਡੈਂਟ ਜਨਰਲ ਜਿ਼ਆ ਉੱਲ ਹੱਕ ਸਟੇਡੀਅਮ ਵਿਚ ਮੌਜੂਦ ਸੀ। ਉਸ ਨੇ ਬਲਬੀਰ ਸਿੰਘ ਨੂੰ ਆਪਣੇ ਪਾਸ ਸੱਦਿਆ ਤੇ ਕਿਹਾ, ਬਲਬੀਰ ਸਿੰਘ ਮੇਰੇ ਕੋਲ ਆਓ, ਆਪਾਂ ਤਾਂ ਇਕੋ ਪਿੰਡ ਦੇ ਹਾਂ। ਤੁਸੀਂ ਜਿ਼ਲ੍ਹਾ ਜਲੰਧਰ ਦੇ ਓ ਤੇ ਮੈਂ ਵੀ ਜਲੰਧਰ ਦੀ ਬਸਤੀ ਦਾ ਹਾਂ।
ਅਪਣੱਤ ਭਰੇ ਸੱਦੇ ਨਾਲ ਬਲਬੀਰ ਸਿੰਘ ਪ੍ਰੈਜ਼ੀਡੈਂਟ ਕੋਲ ਜਾ ਬੈਠਾ। ਮੈਚ ਦੇ ਅੱਧੇ ਸਮੇਂ ਬਲਬੀਰ ਸਿੰਘ ਟੀਮ ਪਾਸ ਮੈਦਾਨ ਚ ਗਿਆ ਤਾਂ ਸਟੈਂਡਾਂ ਤੋਂ ਬਲਬੀਰ ਸਿੰਘ ਜਿ਼ੰਦਾਬਾਦ ਦੇ ਨਾਹਰੇ ਲੱਗੇ। ਉਸ ਨੇ ਹੱਥ ਹਿਲਾ ਕੇ ਸਭ ਦਾ ਸ਼ੁਕਰੀਆ ਅਦਾ ਕੀਤਾ। ਉਹ ਬਾਹਰ ਆਉਣ ਲੱਗਾ ਤਾਂ ਹਜੂਮ ਨੇ ਇੰਡੀਆ ਮੁਰਦਾਬਾਦ ਦਾ ਨਾਹਰਾ ਲਾ ਦਿੱਤਾ ਜਿਸ ਲਈ ਬਲਬੀਰ ਸਿੰਘ ਨੇ ਸਿਰ ਫੇਰ ਕੇ ਉਨ੍ਹਾਂ ਨੂੰ ਅਜਿਹੇ ਕਹਿਣੋ ਰੋਕਿਆ। ਕਿਸੇ ਨੇ ਕਿਹਾ, ਸਰਦਾਰ ਜੀ, ਅਸੀਂ ਤੁਹਾਨੂੰ ਖ਼ਾਲਿਸਤਾਨ ਦੇ ਰਹੇ ਹਾਂ, ਤੁਸੀਂ ਸਿਰ ਫੇਰ ਰਹੇ ਓ। ਬਲਬੀਰ ਸਿੰਘ ਦਾ ਜਵਾਬ ਸੀ, ਤੁਸੀ ਖ਼ਾਲਿਸਤਾਨ ਦੇ ਸਕਦੇ ਹੁੰਦੇ ਤਾਂ ਆਪਣਾ ਬੰਗਲਾ ਦੇਸ਼ ਨਾ ਖੁਹਾਉਂਦੇ!

ਲੰਡਨ ਓਲੰਪਿਕ-2012 ਵਿਚ 1896 ਤੋਂ ਸ਼ੁਰੂ ਹੋਏ ਓਲੰਪਿਕ ਸਫ਼ਰ ਚੋਂ ਜਿਹੜੇ 16 ਆਈਕੋਨਿਕ ਓਲੰਪੀਅਨ ਚੁਣੇ ਗਏ ਉਨ੍ਹਾਂ ਵਿਚ ਬਲਬੀਰ ਸਿੰਘ ਵੀ ਸ਼ਾਮਲ ਹੈ। ਹਾਕੀ ਦਾ ਸਿਰਫ਼ ਉਹੀ ਖਿਡਾਰੀ ਹੈ ਜਿਸ ਨੂੰ ਇਹ ਮਾਣ ਮਿਲਿਆ। ਓਲੰਪਿਕ ਖੇਡਾਂ ਦੇ 16 ਰਤਨਾਂ ਵਿਚ 8 ਪੁਰਸ਼ ਹਨ ਤੇ 8 ਔਰਤਾਂ। ਉਨ੍ਹਾਂ ਵਿਚ ਭਾਰਤੀ ਉਪ ਮਹਾਂਦੀਪ ਦਾ ਕੱਲਾ ਬਲਬੀਰ ਸਿੰਘ ਹੀ ਹੈ। ਓਲੰਪਿਕ ਕਮੇਟੀ ਨੇ ਤਾਂ ਉਸ ਨੂੰ ਓਲੰਪਿਕ ਰਤਨ ਬਣਾ ਹੀ ਦਿੱਤਾ ਹੈ ਭਾਰਤ ਸਰਕਾਰ ਪਤਾ ਨਹੀਂ ਕਦੋਂ ਭਾਰਤ ਰਤਨ ਬਣਾਵੇ?
ਬਲਬੀਰ ਸਿੰਘ ਕਹਿੰਦਾ ਹੈ, ਮੈਚ ਬਰਾਬਰ ਰਹਿ ਜਾਵੇ ਤਾਂ ਐਕਸਟਰਾ ਟਾਈਮ ਦਿੱਤਾ ਜਾਂਦੈ, ਐਕਸਟਰਾ ਟਾਈਮ ਵਿਚ ਮੈਚ ਬਰਾਬਰ ਰਹੇ ਤਾਂ ਗੋਲਡਨ ਗੋਲ ਦਾ ਸਮਾਂ ਹੁੰਦੈ। ਮੈਂ ਵੀ ਹੁਣ ਗੋਲਡਨ ਗੋਲ ਦੀ ਉਡੀਕ ਵਿਚ ਹਾਂ। ਖੇਡ ਹੁਣ ਉਪਰਲੇ ਨਾਲ ਹੈ। ਜਦੋਂ ਗੋਲਡਨ ਗੋਲ ਹੋ ਗਿਆ ਤਾਂ ਖੇਡ ਖ਼ਤਮ।
ਕੀ ਸਰਕਾਰ ਬਲਬੀਰ ਸਿੰਘ ਦੇ ਗੋਲਡਨ ਗੋਲ ਦੀ ਉਡੀਕ ਵਿਚ ਹੈ? ਕੀ ਭਾਰਤ ਵਿਚ ਮੜ੍ਹੀਆਂ ਦੀ ਪੂਜਾ ਹੀ ਹੁੰਦੀ ਰਹਿਣੀ ਹੈ ਜਾਂ ਜਿਊਂਦਿਆਂ ਦੀ ਕਦਰ ਵੀ ਪੈਣੀ ਹੈ? ਵਧੇਰੇ ਵਿਸਥਾਰ ਸੰਗਮ ਪਬਲੀਕੇਸ਼ਨਜ਼ ਪਟਿਆਲਾ ਵੱਲੋਂ ਪ੍ਰਕਾਸ਼ਤ ਮੇਰੀ ਪੁਸਤਕ ਗੋਲਡਨ ਗੋਲ ਵਿਚੋਂ ਪੜ੍ਹਿਆ ਜਾ ਸਕਦੈ।


ਪੁਸਤਕ ਗੋਲਡਨ ਗੋਲ ਬਾਰੇ ਬਲਬੀਰ ਸਿੰਘ ਦਾ ਪੱਤਰ
ਪਿਆਰੇ ਪਿੰ੍ਰਸੀਪਲ ਸਾਹਿਬ,
ਸਤਿ ਸ੍ਰੀ ਅਕਾਲ!
ਮੈਨੂੰ ਯਾਦ ਹੈ ਆਪਾਂ 1962 ਵਿਚ ਲੱਡਾ ਕੋਠੀ, ਜਿ਼ਲ੍ਹਾ ਸੰਗਰੂਰ ਵਿਚ ਮਿਲੇ ਸਾਂ। ਉਥੇ ਪੰਜਾਬ ਯੂਨੀਵਰਸਿਟੀ ਦੇ ਹਾਕੀ ਖਿਡਾਰੀਆਂ ਤੇ ਅਥਲੀਟਾਂ ਦਾ ਕੋਚਿੰਗ ਕੈਂਪ ਲੱਗਾ ਸੀ। ਅਸੀਂ ਖੇਡ ਵਿਭਾਗ ਵੱਲੋਂ ਕਾਲਜਾਂ ਦੇ ਖਿਡਾਰੀਆਂ ਲਈ ਕੋਚਿੰਗ ਕੈਂਪ ਲਾਉਣ ਦੀ ਸਕੀਮ ਚਲਾਈ ਸੀ। ਮਈ ਜੂਨ ਦੇ ਮਹੀਨੇ ਜਦੋਂ ਵਿਦਿਆਰਥੀ ਪੜ੍ਹਾਈ ਤੋਂ ਵਿਹਲੇ ਹੁੰਦੇ ਹਨ, ਉਦੋਂ ਆਫ਼ ਸੀਜ਼ਨ ਕੈਂਪ ਲਾ ਰਹੇ ਸਾਂ। ਲੱਡਾ ਕੋਠੀ ਦੇ ਕੈਂਪ ਵਿਚ ਮੇਰੇ ਗੂੜ੍ਹੇ ਮਿੱਤਰ ਗੁਰਚਰਨ ਬੋਧੀ ਹਾਕੀ ਦੀ ਕੋਚਿੰਗ ਦੇ ਰਹੇ ਸਨ। ਮੈਂ ਵੇਖਿਆ ਖਿਡਾਰੀਆਂ ਵਿਚ ਤੁਸੀਂ ਵੀ ਖੇਡ ਰਹੇ ਸਓ। ਮੈਨੂੰ ਤੁਹਾਡੀ ਖੇਡ ਪਿਆਰੀ ਲੱਗੀ ਸੀ। ਕੈਂਪ ਫਾਇਰ ਵਿਚ ਚੁਟਕਲਿਆਂ ਦਾ ਮਨੋਰੰਜਨ ਹੋਇਆ ਤਾਂ ਤੁਸੀਂ ਵੀ ਲਤੀਫ਼ੇ ਸੁਣਾਏ ਸਨ। ਉਦੋਂ ਕੀ ਪਤਾ ਸੀ ਕਿ ਅੱਧੀ ਸਦੀ ਬਾਅਦ ਤੁਸੀਂ ਮੇਰੇ ਜੀਵਨ ਤੇ ਖੇਡ ਕੈਰੀਅਰ ਬਾਰੇ ਕਿਤਾਬ ਲਿਖੋਗੇ?
ਮੈਂ ਬੜੇ ਸਾਲਾਂ ਤੋਂ ਤੁਹਾਡੀਆਂ ਖੇਡ ਲਿਖਤਾਂ ਅਖ਼ਬਾਰਾਂ ਰਸਾਲਿਆਂ ਵਿਚ ਪੜ੍ਹਦਾ ਆ ਰਿਹਾਂ। 1975 ਦੇ ਆਸ ਪਾਸ ਮੈਂ ਇਕ ਕਾਲਜ ਵਿਚ ਗਿਆ ਜਿਥੇ ਲਾਇਬ੍ਰੇਰੀ ਵਿਚ ਸਚਿੱਤਰ ਕੌਮੀ ਏਕਤਾ ਨਾਂ ਦਾ ਮੈਗਜ਼ੀਨ ਦੇਖਿਆ। ਪੰਨੇ ਪਰਤਦਿਆਂ ਇਕ ਥਾਂ ਮੋਟੇ ਅੱਖਰਾਂ ਵਿਚ ਛਪਿਆ ਸਿਰਲੇਖ ਪੜ੍ਹਿਆ-ਹਾਕੀ ਦਾ ਰੁਸਤਮ ਬਲਬੀਰ ਸਿੰਘ। ਲਿਖਣ ਵਾਲੇ ਦਾ ਨਾਂ ਸਰਵਣ ਸਿੰਘ ਸੀ। ਮੈਂ ਹੈਰਾਨ ਹੋਇਆ ਕਿ ਮੇਰੇ ਬਾਰੇ ਲਿਖਣ ਵਾਲਾ ਇਹ ਸਰਵਣ ਸਿੰਘ ਕੌਣ ਹੋਇਆ?
ਫਿਰ ਤੁਸੀਂ ਨਾਵਲਕਾਰ ਜਸਵੰਤ ਸਿੰਘ ਕੰਵਲ ਨਾਲ ਮੈਨੂੰ ਚੰਡੀਗੜ੍ਹ ਮਿਲੇ ਤੇ ਢੁੱਡੀਕੇ ਦੇ ਖੇਡ ਮੇਲੇ ਤੇ ਆਉਣ ਦਾ ਸੱਦਾ ਦਿੱਤਾ। ਮੈਂ ਢੁੱਡੀਕੇ ਕਾਹਦਾ ਗਿਆ ਕਿ ਮੇਲ ਮੁਲਾਕਾਤਾਂ ਦਾ ਸਿਲਸਿਲਾ ਹੀ ਚੱਲ ਪਿਆ ਤੇ ਜਾਣ ਪਛਾਣ ਦੋਸਤੀ ਵਿਚ ਬਦਲ ਗਈ। ਮੈਂ ਦਿਲ ਦੀਆਂ ਡੂੰਘਾਈਆਂ ਚੋਂ ਮਹਿਸੂਸ ਕਰ ਰਿਹਾਂ ਕਿ ਕਾਦਰ ਨੇ ਆਪ ਹੀ ਢੋਅ ਢੁਕਾ ਕੇ ਤੁਹਾਡੇ ਜਿਹੇ ਖੇਡ ਲੇਖਕ ਨੂੰ ਮੇਰਾ ਮਿੱਤਰ ਬਣਾਇਆ ਅਤੇ ਮੇਰੇ ਜੀਵਨ ਤੇ ਖੇਡ ਕੈਰੀਅਰ ਬਾਰੇ ਕਿਤਾਬ ਲਿਖਵਾਈ। ਮੇਰੀ ਕਈ ਸਾਲਾਂ ਦੀ ਰੀਝ ਸੀ ਕਿ ਕੋਈ ਲੇਖਕ ਮੇਰੀ ਮਾਂ ਬੋਲੀ ਪੰਜਾਬੀ ਵਿਚ ਮੇਰੇ ਹਾਕੀ ਦੇ ਕੈਰੀਅਰ ਦੀ ਬਾਤ ਪਾਵੇ ਜਿਸ ਨਾਲ ਨਵੀਂ ਪੀੜ੍ਹੀ ਨੂੰ ਖੇਡਾਂ ਵਿਚ ਅੱਗੇ ਵਧਣ ਦੀ ਪ੍ਰੇਰਨਾ ਮਿਲੇ। ਮੈਂ ਖ਼ੁਸ਼ਕਿਸਮਤ ਹਾਂ ਕਿ ਮੇਰੀ ਜੀਵਨੀ ਪੰਜਾਬੀ ਦੇ ਉਸ ਖੇਡ ਲੇਖਕ ਨੇ ਲਿਖੀ ਹੈ ਜਿਸ ਦੀ ਲਿਖਤ ਨੂੰ ਸਾਰਾ ਪੰਜਾਬੀ ਖੇਡ ਜਗਤ ਪੜ੍ਹਦਾ ਹੈ। ਮੈਨੂੰ ਵਿਸ਼ਵਾਸ ਹੈ ਕਿ ਤੁਹਾਡੀਆਂ ਲਿਖਤਾਂ ਨਵੀ ਪੀੜ੍ਹੀ ਨੂੰ ਨਰੋਈ ਸੇਧ ਦੇਣਗੀਆਂ ਤੇ ਖੇਡ ਖੇਤਰ ਵਿਚ ਹੋਰ ਅੱਗੇ ਵਧਾਉਣਗੀਆਂ।
ਸਰਵਣ ਜੀ, ਮੈਂ ਤੁਹਾਡਾ ਸ਼ੁਕਰੀਆ ਕਿਵੇਂ ਕਰਾਂ? ਮੈਨੂੰ ਤਾਂ ਇਓਂ ਲੱਗਦੈ ਜਿਵੇਂ ਰੱਬ ਨੇ ਆਪ ਹੀ ਮੇਰੇ ਲਈ ਗੌਡ ਗਿਫ਼ਟ ਭੇਜ ਦਿੱਤਾ ਹੋਵੇ। ਤੁਸੀਂ ਖੋਜ ਕਰ ਕੇ ਮੇਰੇ ਜੀਵਨ ਤੇ ਕੈਰੀਅਰ ਬਾਰੇ ਉਹ ਕੁਝ ਲਿਖ ਦਿੱਤਾ ਹੈ ਜੋ ਮੈਨੂੰ ਵੀ ਨਹੀਂ ਸੀ ਪਤਾ। ਤੁਸੀਂ ਤਾਂ ਮੈਨੂੰ ਭਾਈ ਬਿਧੀ ਚੰਦ ਜੀ ਦਾ ਵਾਰਸ ਸਾਬਤ ਕਰ ਦਿੱਤਾ ਹੈ। ਤੁਹਾਡੀ ਕਲਮ ਨੂੰ ਸਲਾਮ!
ਗੋਲਡਨ ਗੋਲ ਇਕ ਸਾਧਾਰਨ ਪਰਿਵਾਰ ਵਿਚ ਜਨਮੇ ਬੱਚੇ ਦੇ ਸਕੂਲ ਦੀ ਟੀਮ ਤੋਂ ਵਿਸ਼ਵ ਹਾਕੀ ਦੀ ਬੁਲੰਦੀ ਤਕ ਪਹੁੰਚਣ ਦੀ ਕਹਾਣੀ ਹੈ ਜੋ ਨਵੇਂ ਉਭਰਦੇ ਖਿਡਾਰੀਆਂ ਲਈ ਪ੍ਰੇਰਨਾਮਈ ਹੋ ਸਕਦੀ ਹੈ। ਜੇ ਮੇਰੇ ਵਰਗਾ ਸਾਧਾਰਨ ਬੱਚਾ ਛੋਟੇ ਜਿਹੇ ਪਿੰਡ ਹਰੀਪੁਰ ਤੋਂ ਉਠ ਕੇ ਓਲੰਪਿਕ ਖੇਡਾਂ ਦਾ ਗੋਲਡਨ ਹੈਟ ਟ੍ਰਿਕ ਮਾਰ ਸਕਦਾ ਹੈ ਤੇ ਆਈਕੋਨਿਕ ਓਲੰਪੀਅਨ ਐਲਾਨਿਆ ਜਾਂਦਾ ਹੈ ਤਾਂ ਕੋਈ ਹੋਰ ਬੱਚਾ ਅਜਿਹਾ ਕਿਉਂ ਨਹੀਂ ਕਰ ਸਕਦਾ? ਤੁਸੀਂ ਸਰਲ ਬੋਲੀ ਵਿਚ ਸਚਾਈ ਬਿਆਨ ਕੀਤੀ ਹੈ ਜੋ ਆਮ ਪਾਠਕਾਂ ਦੀ ਸਮਝ ਵਿਚ ਆਉਣ ਵਾਲੀ ਹੈ। ਸਾਡੇ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੂੰ ਅਜਿਹੀਆਂ ਪੁਸਤਕਾਂ ਦੀ ਲੋੜ ਹੈ। ਮੈਂ ਇਹ ਪੁਸਤਕ ਲਿਖਣ ਦੀ ਵਧਾਈ ਦੇਣ ਦੇ ਨਾਲ ਤੁਹਾਡਾ ਹਾਰਦਿਕ ਧੰਨਵਾਦ ਕਰਦਾ ਹਾਂ ਤੇ ਤੁਹਾਡੀਆਂ ਭਵਿੱਖ ਦੀਆਂ ਲਿਖਤਾਂ ਲਈ ਸ਼ੁਭ ਇਛਾਵਾਂ ਦਿੰਦਾ ਹਾਂ।
ਤੁਹਾਡਾ ਸ਼ੁਭਚਿੰਤਕ
ਬਲਬੀਰ ਸਿੰਘ

-0-

Home  |  About us  |  Troubleshoot Font  |  Feedback  |  Contact us

2007-11 Seerat.ca, Canada

Website Designed by Gurdeep Singh +91 98157 21346 9815721346