Welcome to Seerat.ca
Welcome to Seerat.ca

ਲੱਖੇ ਵਾਲ਼ਾ ਜੋਰਾ ਬਾਈ!

 

- ਇਕਬਾਲ ਰਾਮੂਵਾਲੀਆ

ਭਰਾਵਾਂ ਦਾ ਮਾਣ

 

- ਵਰਿਆਮ ਸਿੰਘ ਸੰਧੂ

ਯਾਦਾਂ ਦੀ ਐਲਬਮ - ਦੀਦਾਰ ਸਿੰਘ ਪਰਦੇਸੀਂ

 

- ਸੁਰਜੀਤ ਪਾਤਰ

ਗ਼ਦਰ ਪਾਰਟੀ ਦੇ ਦਿਮਾਗ ਬਾਬਾ ਜਵਾਲਾ ਸਿੰਘ ਠੱਠੀਆਂ ਦੀ ਦੂਰ ਅੰਦੇਸ਼ੀ ਸੋਚ: ਗੁਰੂ ਗੋਬਿੰਦ ਸਿੰਘ ਸਾਹਿਬ ਐਜੂਕੇਸ਼ਨਲ ਸਕਾਲਰਸ਼ਿਪ

 

- ਸੀਤਾ ਰਾਮ ਬਾਂਸਲ

ਇਸ ਵਾਰੀ ਵਾਲ਼ੀ ਪੰਜਾਬ ਦੀ ਫੇਰੀ (12 ਜਨਵਰੀ ਤੋਂ 14 ਅਪ੍ਰੈਲ 2015)

 

- ਸੰਤੋਖ ਸਿੰਘ

ਲਿਸ਼ਕਣਹਾਰ ਬਰੇਤੀ

 

- ਹਰਜੀਤ ਗਰੇਵਾਲ

ਯਾਦਾਂ ਦੀ ਕਬਰ ਚੋਂ

 

- ਅਮੀਨ ਮਲਿਕ

ਨਜ਼ਮ ਤੇ ਛੰਦ-ਪਰਾਗੇ

 

- ਗੁਰਨਾਮ ਢਿਲੋਂ

ਦੋ ਨਜ਼ਮਾਂ

 

- ਉਂਕਾਰਪ੍ਰੀਤ

ਨਜ਼ਮ

 

- ਪਿਸ਼ੌਰਾ ਸਿੰਘ ਢਿਲੋਂ

ਚਿਤਵਉ ਅਰਦਾਸ ਕਵੀਸਰ

 

- ਸੁਖਦੇਵ ਸਿੱਧੂ

ਬਲਬੀਰ ਸਿੰਘ ਦੀ ਜੀਵਨੀ ਗੋਲਡਨ ਗੋਲ

 

- ਪ੍ਰਿੰ. ਸਰਵਣ ਸਿੰਘ

ਨਾਵਲ ਅੰਸ਼ / ਸ਼ਹਿਰ ਅਦਨ

 

- ਹਰਜੀਤ ਅਟਵਾਲ

ਹੋ ਹੋ ਦੁਨੀਆਂ ਚਲੀ ਜਾਂਦੀ ਐ ਵੀਰ

 

- ਬਲਵਿੰਦਰ ਗਰੇਵਾਲ

ਕਹਾਣੀ
ਮਿੱਟੀ

 

- ਲਾਲ ਸਿੰਘ ਦਸੂਹਾ

ਨੇਤਾ ਹੋਣ ਦੇ ਮਾਅਨੇ

 

- ਬਲਵਿੰਦਰ ਸਿੰਘ ਗਰੇਵਾਲ 

ਤਰਦੀਆਂ ਲਾਸ਼ਾਂ ਤੇ ਰੂਮ ਸਾਗਰ ਦਾ ਹਾਅ ਦਾ ਨਾਅਰਾ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਮੈਢ਼ਾ ਪਿੰਡੀ ਘੇਬ

 

- ਸੁਭਾਸ਼ ਰਾਬੜਾ

ਹਰਦੇਵ ਸਿੰਘ ਢੇਸੀ ਇਕ ਬਹੁਪੱਖੀ ਸ਼ਖ਼ਸੀਅਤ

 

- ਡਾ: ਪ੍ਰੀਤਮ ਸਿੰਘ ਕੈਂਬੋ

ਵਿਸਾਖੀ ਦੇ ਆਰ ਪਾਰ

 

- ਡਾ. ਸੁਰਿੰਦਰਪਾਲ ਸਿੰਘ ਮੰਡ

ਪਿੰਡ ਪਹਿਰਾ ਲੱਗਦੈ - ਠੀਕਰੀ ਪਹਿਰਾ

 

- ਹਰਮੰਦਰ ਕੰਗ

ਚਰਿੱਤਰ; ਇਨਸਾਨ ਦੇ ਕਰਮਾਂ ਦਾ ਚਿੱਤਰ !

 

- ਮਿੰਟੂ ਗੁਰੂਸਰੀਆ

ਦੋ ਧਾਰੀ ਕਿਰਪਾਨ ਵਰਗੀ ਕਿਤਾਬ ਨੀ ਮਾਂ

 

- ਉਂਕਾਰਪ੍ਰੀਤ

ਬਲਬੀਰ ਸਿੰਘ ਦੀ ਜੀਵਨੀ ਗੋਲਡਨ ਗੋਲ ਪੜ੍ਹਦਿਆਂ

 

- ਪੂਰਨ ਸਿੰਘ ਪਾਂਧੀ

'ਉੱਡਦੇ ਪਰਿੰਦੇ' ਪੜ੍ਹਦਿਆਂ....

 

- ਸਤਨਾਮ ਚੌਹਾਨ

ਧਰਤੀ ਦੇ ਵਾਰਸਾ

 

- ਹਰਜਿੰਦਰ ਸਿੰਘ ਗੁਲਪੁਰ

ਦੋ ਕਵਿਤਾਵਾਂ

 

- ਦਿਲਜੋਧ ਸਿੰਘ

 

Online Punjabi Magazine Seerat

ਨਾਵਲ ਅੰਸ਼
ਸ਼ਹਿਰ ਅਦਨ
- ਹਰਜੀਤ ਅਟਵਾਲ

 

ਮਹਾਂਰਾਜਾ ਇਕ ਕਿਸਮ ਦੀ ਕੈਦ ਵਿਚ ਹੀ ਸੀ। ਕਿਸੇ ਓਪਰੇ ਬੰਦੇ ਨਾਲ ਉਸ ਨੂੰ ਗੱਲ ਕਰਨ ਦੀ ਇਜਾਜ਼ਤ ਨਹੀਂ ਸੀ। ਬਹੁਤ ਸਾਰੀਆਂ ਬੰਦਸ਼ਾਂ ਸਨ ਉਸ ਉਪਰ। ਨਾ ਉਸ ਨੂੰ ਆਪਣੀ ਗ੍ਰਿਫਤਾਰੀ ਦੀ ਪ੍ਰਵਾਹ ਸੀ, ਨਾ ਹੀ ਬੰਦਸ਼ਾਂ ਦੀ ਤੇ ਨਾ ਹੀ ਆਪਣੇ ਭਵਿੱਖ ਦੀ, ਉਸ ਨੂੰ ਦੁੱਖ ਸੀ ਤਾਂ ਸਿਰਫ ਇਸ ਗੱਲ ਦਾ ਕਿ ਉਸ ਨੂੰ ਗਦਾਰ ਕਿਹਾ ਜਾ ਰਿਹਾ ਸੀ। ਉਹ ਇਸ ਗੱਲ ਤੇ ਸਖਤ ਰੋਸ ਦਿਖਾ ਰਿਹਾ ਸੀ। ਜਿਹੜਾ ਵੀ ਅਫਸਰ ਉਸ ਨੂੰ ਮਿਲਣ ਆਉਂਦਾ ਤਾਂ ਉਸ ਨੂੰ ਇਹੋ ਕਹਿੰਦਾ ਕਿ ਉਹ ਹਰ ਮੈਜਿਸਟੀ ਪ੍ਰਤੀ ਪੂਰੀ ਤਰ੍ਹਾਂ ਵਫਾਦਾਰ ਹੈ ਤੇ ਵਫਾਦਾਰ ਰਹੇਗਾ। ਹਿਰਖ ਵਿਚ ਆਏ ਮਹਾਂਰਾਜੇ ਨੇ ਵੋੲਸਰਾਏ ਨੂੰ ਤਾਰ ਦਿਤੀ;
ਯੋਅਰ ਐਕਸੀਲੈਂਸੀ, ਤੁਸੀਂ ਮੇਰੇ ਬਾਰੇ ਜੋ ਵੀ ਹਿਦਾਇਤਾਂ ਦੇਵੋ, ਜਿਹੜੇ ਮਰਜ਼ੀ ਲਫਜ਼ ਵਰਤੋਂ ਪਰ ਅਜਿਹੇ ਨਾ ਕੁਝ ਨਾ ਕਹੋ ਕਿ ਜਿਸ ਅਨੁਸਾਰ ਮੈਂ ਗੱਦਾਰ ਬਣਦਾ ਹੋਵਾਂ, ਕਿਉਂ ਕਿ ਮੈਂ ਨਹੀਂ ਹਾਂ, ਜੇ ਤੁਸੀ ਇਵੇਂ ਕਹੋਂ ਕਿ ਮੈਨੂੰ ਹਿੰਦੁਸਤਾਨ ਨਾ ਜਾਣ ਦੀ ਬੇਨਤੀ ਕੀਤੀ ਗਈ ਹੈ ਤਾਂ ਇਹਨਾਂ ਲਫਜ਼ਾਂ ਵਿਚੋਂ ਵਫਾ ਗਾਇਬ ਨਹੀਂ ਹੁੰਦੀ। ...ਜੇ ਤੁਸੀਂ ਮੈਨੂੰ ਲੰਮਾ ਸਮਾਂ ਹਿਰਾਸਤ ਵਿਚ ਰੱਖਣਾ ਹੈ ਤਾਂ ਮੈਨੂੰ ਆਪਣੇ ਦੋਸਤਾਂ ਨੂੰ ਤਾਰ ਦੇਣ ਦੀ ਸੁਵਿਧਾ ਜਾਰੀ ਰੱਖੋ ਤੇ ਬੰਬੇ ਵਿਚ ਬੈਠੈ ਮੇਰੇ 17 ਨੌਕਰਾਂ ਨੂੰ ਸਰਕਾਰੀ ਖਰਚੇ ਤੇ ਮੇਰੇ ਕੋਲ ਪੁੱਜਦੇ ਕਰੋ।
ਵੋਇਸਰਾਏ ਲੌਰਡ ਡੁਫਰਿਨ ਗੁੱਸੇ ਵਿਚ ਤਾਂ ਜ਼ਰੂਰ ਸੀ ਪਰ ਉਹ ਲੰਮੀ ਸੋਚ ਦਾ ਮਾਲਕ ਸੀ। ਉਹ ਬਲਦੀ ਤੇ ਤੇਲ ਨਹੀਂ ਸੀ ਪਾਉਣਾ ਚਾਹੁੰਦਾ ਬਲਕਿ ਉਬਲਦੇ ਪਾਣੀ ਵਿਚ ਤੇਲ ਪਾ ਕੇ ਇਸ ਨੂੰ ਸ਼ਾਂਤ ਕਰਨ ਵਿਚ ਯਕੀਨ ਰਖਦਾ ਸੀ। ਮਹਾਂਰਾਜੇ ਦੀ ਵਫਾਦਾਰੀ ਉਪਰ ਹੁਣ ਉਂਗਲ ਤਾਂ ਉਠ ਹੀ ਚੁੱਕੀ ਸੀ, ਤੀਰ ਕਮਾਣ ਵਿਚੋਂ ਨਿਕਲ ਚੁੱਕਿਆ ਸੀ, ਹੁਣ ਉਸ ਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਸੀ। ਦੁਨੀਆਂ ਭਰ ਤਕ ਸੁਨੇਹਾ ਪੁਜ ਚੁੱਕਿਆ ਸੀ ਹੁਣ ਹੋਰ ਕੋਈ ਵੀ ਭੈੜਾ ਸ਼ਬਦ ਵਰਤਣ ਦੀ ਲੋੜ ਹੀ ਨਹੀਂ ਸੀ। ਉਸ ਨੇ ਸ਼ਾਂਤੀ ਬਣਾਈ ਰੱਖਦਿਆਂ ਮਹਾਂਰਾਜੇ ਬਹੁਤ ਹੀ ਸਹਿਜ ਅੰਦਾਜ਼ ਵਿਚ ਉਤਰ ਦਿਤਾ;
ਯੋਅਰ ਹਾਈਨੈੱਸ, ਤੁਹਾਡਾ ਤਾਰ ਦੇਣ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ ਤੇ ਯਕੀਨ ਦਵਾਉਂਦਾ ਹਾਂ ਕਿ ਯੋਅਰ ਹਾਈਨੈੱਸ ਨੂੰ ਪੂਰੀ ਇੱਜ਼ਤ ਦਿਤੀ ਜਾਵੇਗੀ। ਇਹਨਾਂ ਸਾਰੇ ਅਣਸੁਖਾਵੇਂ ਹਾਲਾਤ ਲਈ ਮੈਨੂੰ ਬਹੁਤ ਪਛਤਾਵਾ ਹੈ। ...ਤੁਹਾਨੂੰ ਇਵੇਂ ਹਿਰਾਸਤ ਵਿਚ ਰੱਖ ਕੇ ਮੈਨੂੰ ਵੀ ਤਕਲੀਫ ਹੋ ਰਹੀ ਹੈ ਪਰ ਯੋਅਰ ਹਾਈਨੈੱਸ ਮੁਆਫ ਕਰਨਾ ਇਹ ਸਭ ਇਸ ਕਰਕੇ ਹੋਇਆ ਹੈ ਕਿ ਤੁਸੀਂ ਕਿਸੇ ਭੈੜੀ-ਸਲਾਹ ਅਧੀਨ ਕੁਝ ਦਸਤਾਵੇਜ਼ ਵੰਡੇ ਹਨ ਜਿਸ ਕਾਰਨ ਸਰਕਾਰ ਨੂੰ ਤੁਹਾਡਾ ਹਿੰਦੁਸਤਾਨ ਜਾਣਾ ਰੱਦ ਕਰਨਾ ਪਿਆ ਹੈ। ...ਮੈਂ ਅਜ ਹੀ ਤੁਹਾਡੀ ਇਸ ਹਿਰਾਸਤ ਸਬੰਧੀ ਸਥਿਤੀ ਬਾਰੇ ਸੈਕਟਰੀ ਔਫ ਸਟੇਟ ਨੂੰ ਤਾਰ ਭੇਜ ਦਿਤੀ ਹੈ, ਜਦ ਵੀ ਕੋਈ ਉਤਰ ਆਏਗਾ ਮੈਂ ਯੋਰਅ ਹਾਈਨੈੱਸ ਨੂੰ ਆਪ ਦਸਾਂਗਾ। ਮੈਂ ਯੋਅਰ ਹਾਈਨੈੱਸ ਦੇ ਜਜ਼ਬਾਤ ਪ੍ਰਤੀ ਸੁਚੇਤ ਹਾਂ ਤੇ ਸੈਕਟਰੀ ਔਫ ਸਟੇਟ ਵਲੋਂ ਆਇਆ ਜਵਾਬ ਇਸ ਤਰ੍ਹਾਂ ਤੁਹਾਡੇ ਤਕ ਪਹੁੰਚਦਾ ਕਰਾਂਗਾ ਕਿ ਤੁਹਾਨੂੰ ਹੋਰ ਤਕਲੀਫ ਨਾ ਪਹੁੰਚੇ।
ਮਹਾਂਰਾਜਾ ਸਮਝ ਗਿਆ ਸੀ ਕਿ ਵੋਇਸਰਾਏ ਦੀ ਨਰਮ ਸੁਰ ਵਿਚ ਵੀ ਕਈ ਸੁਨੇਹੇ ਸਨ। ਇਸ ਵਿਚ ਕਿਸੇ ਸੁਲਾਹ ਵਲ ਕੋਈ ਇਸ਼ਾਰਾ ਨਹੀਂ ਸੀ। ਮਤਲਬ ਸਾਫ ਕਿ ਮਸਲਾ ਉਥੇ ਦਾ ਉਥੇ ਹੀ ਖੜਾ ਸੀ। ਇਹ ਲੰਮੀ ਲੜਾਈ ਦੀ ਸ਼ੁਰੂਆਤ ਸੀ। ਉਹ ਸੋਚ ਰਿਹਾ ਸੀ ਕਿ ਇਹ ਚੰਗਾ ਹੋਇਆ ਕਿ ਉਸ ਦਾ ਪਰਿਵਾਰ ਵਾਪਸ ਇੰਗਲੈਂਡ ਚਲੇ ਗਿਆ। ਹੁਣ ਉਹ ਨਿਸਚਿੰਤ ਹੋ ਕੇ ਆਪਣੇ ਫੈਸਲੇ ਲੈ ਸਕਦਾ ਸੀ। ਉਹ ਸੋਚਣ ਲਗਿਆ ਕਿ ਉਸ ਦਾ ਅਗਲਾ ਕਦਮ ਕੀ ਹੋਵੇ। ਸਭ ਤੋਂ ਪਹਿਲੀ ਸਮੱਸਿਆ ਤਾਂ ਇਹ ਸੀ ਕਿ ਅਦਨ ਤੋਂ ਅਗੇ ਉਹ ਕਿਥੇ ਜਾਵੇਗਾ। ਅਦਨ ਵਿਚ ਰਹਿ ਕੇ ਉਹ ਬ੍ਰਤਾਨਵੀ ਸਰਕਾਰ ਦੇ ਖਿਲਾਫ ਲੜ ਨਹੀਂ ਸਕੇਗਾ ਕਿਉਂਕਿ ਇਹ ਤਾਂ ਬ੍ਰਤਾਨੀਆਂ ਦਾ ਹੀ ਹਿੱਸਾ ਸੀ। ਅਗਲੀ ਲੜਾਈ ਲਈ ਉਸ ਨੂੰ ਇਕ ਸਥਾਈ ਅੱਡਾ ਚਾਹੀਦਾ ਸੀ। ਇਹ ਅੱਡਾ ਅਜਿਹੇ ਮੁਲਕ ਵਿਚ ਹੀ ਬਣਾਇਆ ਜਾ ਸਕਦਾ ਸੀ ਜਿਹੜਾ ਇੰਗਲੈਂਡ-ਵਿਰੋਧੀ ਹੋਵੇ। ਸਭ ਤੋਂ ਪਹਿਲਾਂ ਉਸ ਦੇ ਮਨ ਵਿਚ ਮਿਸਰ ਦਾ ਨਾਂ ਆਇਆ। ਮਿਸਰ ਵਿਚ ਪਹਿਲਾਂ ਹੀ ਬ੍ਰਤਾਨੀਆਂ ਵਿਰੋਧੀ ਸਰਗਰਮ ਲੋਕ ਬੈਠੇ ਸਨ। ਮਹਾਂਰਾਜੇ ਨੂੰ ਉਹਨਾਂ ਦੀ ਮੱਦਦ ਵੀ ਮਿਲ ਸਕਦੀ ਸੀ। ਬ੍ਰਤਾਨਵੀ ਅਧਿਕਾਰੀਆਂ ਨੂੰ ਮਹਾਂਰਾਜੇ ਦੇ ਇਰਾਦਿਆਂ ਦਾ ਪਤਾ ਲਗਾ ਤਾਂ ਮਹਾਂਰਾਜੇ ਨੂੰ ਦਸ ਦਿਤਾ ਗਿਆ ਕਿ ਮਿਸਰ ਵਿਚ ਜਾਣ ਦੀ ਇਜਾਜ਼ਤ ਨਹੀਂ ਮਿਲੇਗੀ। ਸਰਕਾਰ ਜਾਣਦੀ ਸੀ ਕਿ ਮਿਸਰ ਵਿਚਲੇ ਉਹਨਾਂ ਦੇ ਵਿਰੋਧੀ ਮਹਾਂਰਾਜੇ ਨੂੰ ਬ੍ਰਤਾਨੀਆਂ ਦੇ ਖਿਲਾਫ ਵਰਤ ਸਕਦੇ ਸਨ। ਮਹਾਂਰਾਜੇ ਨੇ ਸੋਚਿਆ ਕਿ ਜਿਹੜੀ ਪੇਸ਼ਕਸ਼ ਵੋਇਸਰਾਏ ਨੇ ਉਸ ਨੂੰ ਇੰਗਲੈਂਡ ਤੋਂ ਤੁਰਨ ਤੋਂ ਪਹਿਲਾਂ ਦਿਤੀ ਸੀ ਉਸ ਨੂੰ ਕੁਝ ਵਧਾਉਣ ਦੀ ਕੋਸਿ਼ਸ਼ ਕਰਕੇ ਦੇਖੇ। ਉਸ ਨੇ ਵੋਇਸਰਾਏ ਨੂੰ ਲਿਖਿਆ;
ਮੇਰਾ ਹਿੰਦੁਸਤਾਨ ਜਾਣ ਦਾ ਮਕਸਦ ਆਪਣੇ ਨਿੱਜੀ ਕਲੇਮ ਬਾਰੇ ਜਾਣਨਾ ਸੀ ਜਿਹਨਾਂ ਦੀ ਜਾਣਕਾਰੀ ਮੈਨੂੰ ਵੱਖ ਵੱਖ ਸੋਮਿਆਂ ਤੋਂ ਮਿਲੀ ਸੀ, ਪਹਿਲਾਂ ਕੁਝ ਸਲਾਹਾਂ ਯੋਅਰ ਐਕਸੀਲੈਂਸੀ ਵਲੋਂ ਮੈਨੂੰ ਮਿਲੀਆਂ ਵੀ ਸਨ, ਹੁਣ ਮੈਨੂੰ ਹਿੰਦੁਸਤਾਨ ਜਾਣ ਤੋਂ ਰੋਕ ਦਿਤਾ ਹੈ, ਹੁਣ ਤੁਸੀਂ ਦਸੋ ਕਿ ਇਸ ਮਾਮਲੇ ਵਿਚ ਅਗਲਾ ਕਦਮ ਕੀ ਹੋਵੇ?
ਲੌਰਡ ਡੁਫਰਿਨ ਆਪਣੇ ਜਵਾਬ ਵਿਚ ਦੋਸਤੀ ਦਾ ਲਹਿਜ਼ਾ ਕਾਇਮ ਰਖਦਿਆਂ ਜਵਾਬ ਦਿਤਾ;
ਤੁਹਾਡੀ 29 ਅਪਰੈਲ ਦੀ ਤਾਰ ਦੇ ਜਵਾਬ ਵਿਚ ਮੈਂ ਕਹਿਣਾ ਚਾਹੁੰਦਾ ਹਾਂ ਕਿ ਤੁਹਾਡਾ ਕੇਸ ਬਾਰੇ ਸਰਕਾਰ ਵਲੋਂ ਧਿਆਨ ਨਾਲ ਵਿਚਾਰਿਆ ਗਿਆ ਹੈ, ਤੁਹਾਡੇ ਇੰਗਲੈਂਡ ਤੁਰਨ ਤੋਂ ਪਹਿਲਾਂ ਹੋਈ ਗੱਲਬਾਤ ਨੂੰ ਧਿਆਨ ਵੀ ਧਿਆਨ ਵਿਚ ਰੱਖਿਆ ਜਾ ਰਿਹਾ ਹੈ। ਯੋਅਰ ਹਾਈਨੈੱਸ, ਅਗਰ ਤੁਸੀਂ ਵਾਪਸ ਇੰਗਲੈਂਡ ਜਾਓਂ ਤੇ ਮੈਨੂੰ ਸਾਰੀ ਗੱਲ ਆਪਣੇ ਨਿੱਜੀ ਦੋਸਤ ਵਾਂਗ ਲਿਖੋ, ਮੈਨੂੰ ਆਪਣੇ ਅਧਿਕਾਰਾਂ ਵਿਚ ਰਹਿੰਦਿਆਂ ਤੁਹਾਨੂੰ ਸਲਾਹ ਦੇ ਕੇ ਤੇ ਤੁਹਾਡੀ ਮੱਦਦ ਕਰਕੇ ਬਹੁਤ ਖੁਸ਼ੀ ਹੋਵੇਗੀ। ...ਅਖੀਰ ਵਿਚ ਯੋਅਰ ਹਾਈਨੈੱਸ, ਆਪਣੀ ਜਿ਼ੰਮੇਵਾਰੀ ਨਿਭਾਉਂਦਿਆਂ ਤੁਹਾਨੂੰ ਜਾਂ ਤੁਹਾਡੇ ਪਰਿਵਾਰ ਨੂੰ ਜੋ ਵੀ ਮੇਰੇ ਕਾਰਨ ਦੁੱਖ ਪੁੱਜਾ ਹੈ ਮੈਨੂੰ ਉਸ ਦਾ ਬਹੁਤ ਪਛਤਾਵਾ ਹੈ।
ਮਹਾਂਰਾਜਾ ਇਸ ਤਾਰ ਨੂੰ ਉਲਟ ਪੁਲਟ ਕੇ ਦੇਖਣ ਲਗਿਆ ਤੇ ਕੋਲ ਬੈਠੇ ਅਰੂੜ ਸਿੰਘ ਨੂੰ ਬੋਲਿਆ,
ਦੇਖੋ, ਇਹ ਡੁਫਰਿਨ ਮੈਨੂੰ ਪਾਗਲ ਸਮਝ ਰਿਹਾ ਏ, ਕਹਿੰਦਾ ਏ ਕਿ ਇੰਗਲੈਂਡ ਆ ਜਾਓ ਫਿਰ ਗੱਲ ਕਰਾਂਗੇ। ਫੇਰ ਕੌਣ ਗੱਲ ਕਰੇਗਾ! ਇਹ ਤਾਂ ਇਥੇ ਈ ਹੋਏਗੀ ਜੋ ਹੋਏਗੀ। ਅਰੂੜ ਸਿੰਘ, ਯਕੀਨਨ ਹੁਣ ਇਹਨਾਂ ਲੋਕਾਂ ਨਾਲ ਅਗਲੇ ਦੌਰ ਵਿਚ ਜਾ ਕੇ ਲੜਨਾ ਪਵੇਗਾ।
ਮਹਾਂਰਾਜਾ ਜੀਓ, ਇਹ ਬਹੁਤ ਚਲਾਕ ਲੋਕ ਨੇ, ਬਹੁਤ ਧਿਆਨ ਨਾਲ ਚਲਣਾ ਹੋਵੇਗਾ।
ਮੈਨੂੰ ਆਸ ਏ ਕਿ ਭਾਈ ਸਾਹਿਬ ਠਾਕੁਰ ਸਿੰਘ ਹੋਰੀਂ ਜਲਦੀ ਹੀ ਪੁੱਜ ਜਾਣਗੇ, ਉਹਨਾਂ ਦੇ ਆਉਣ ਤੇ ਅਗਲੀ ਸਫਬੰਦੀ ਬਾਰੇ ਸੋਚਦੇ ਹਾਂ।
ਮਹਾਂਰਾਜੇ ਨੂੰ ਅਦਨ ਵਿਚ ਰੋਕ ਲਏ ਜਾਣ ਦੀਆਂ ਖ਼ਬਰ ਸਾਰੇ ਪਾਸੇ ਫੈਲ ਚੁੱਕੀ ਸੀ। ਮਹਾਂਰਾਜੇ ਨੇ ਠਾਕੁਰ ਸਿੰਘ ਸੰਧਾਵਾਲੀਆ ਨੂੰ ਅਦਨ ਆਉਣ ਦਾ ਸੁਨੇਹਾ ਭੇਜ ਦਿਤਾ ਸੀ। ਠਾਕੁਰ ਸਿੰਘ ਲਈ ਆਉਣਾ ਏਨਾ ਆਸਾਨ ਨਹੀਂ ਸੀ। ਹਿੰਦੁਸਤਾਨ ਦੀ ਸਰਕਾਰ ਉਸ ਉਪਰ ਨਜ਼ਰ ਰਖ ਰਹੀ ਸੀ। ਮਹਾਂਰਾਜੇ ਨੂੰ ਸਿੱਖੀ ਵਲ ਮੋੜਨ ਦੀ ਜਿ਼ੰਮੇਵਾਰੀ ਸਰਕਾਰ ਠਾਕੁਰ ਸਿੰਘ ਉਪਰ ਹੀ ਥੋਪ ਰਹੀ ਸੀ। ਭਾਵੇਂ ਠਾਕੁਰ ਸਿੰਘ ਉਪਰ ਕੋਈ ਕੇਸ ਨਹੀਂ ਸੀ ਪਰ ਉਹ ਲੁਕ-ਛਿਪ ਕੇ ਹੀ ਰਹਿੰਦਾ ਸੀ।
ਅਦਨ ਵਿਚ ਜਨਰਲ ਹੌਗ ਮਹਾਂਰਾਜੇ ਦਾ ਪੂਰਾ ਧਿਆਨ ਰੱਖਦਾ। ਉਸ ਨੇ ਮਹਾਂਰਾਜੇ ਨਾਲ ਦੋਸਤਾਨਾ ਸਬੰਧ ਬਣਾ ਲਏ ਹੋਏ ਸਨ। ਉਸ ਕੋਲ ਬਹਿ ਕੇ ਕਿੰਨਾ ਕਿੰਨਾ ਚਿਰ ਗੱਲਾਂ ਕਰਦਾ ਰਹਿੰਦਾ। ਅਸਲ ਵਿਚ ਉਹ ਮਹਾਂਰਾਜੇ ਦੇ ਇਰਾਦੇ ਜਾਣਨ ਲਈ ਵੀ ਉਸ ਨਾਲ ਗੱਲਾਂ ਕਰਦਾ ਰਹਿੰਦਾ ਸੀ। ਇਕ ਦਿਨ ਉਹ ਬੋਲਿਆ,
ਯੋਅਰ ਹਾਈਨੈੱਸ, ਤੁਸੀਂ ਇੰਗਲੈਂਡ ਵਿਚ ਰਹਿ ਕੇ ਹੀ ਆਪਣੀ ਲੜਾਈ ਬੇਹਤਰ ਲੜ ਸਕਦੇ ਓ।
ਜਨਰਲ, ਬਹੁਤ ਸਾਲ ਹੋ ਗਏ ਇਸ ਲੜਾਈ ਨੂੰ ਲੜਦਿਆਂ, ਮੈਂ ਅਜਿਹਾ ਇਨਸਾਨ ਆਂ ਜੋ ਉਮੀਦ ਦਾ ਪੱਲਾ ਨਹੀਂ ਛੱਡਦਾ ਪਰ ਹੁਣ ਮੇਰੀਆਂ ਉਮੀਦਾਂ ਖਿੰਡਰ ਚੁੱਕੀਆਂ ਨੇ ਤੇ ਲਗਦਾ ਏ ਕਿ ਲੜਾਈ ਕਿਸੇ ਹੋਰ ਮੁਹਾਜ ਤੇ ਜਾ ਕੇ ਲੜਨੀ ਪਵੇਗੀ।
ਕਾਸ਼, ਮੈਂ ਤੁਹਾਡੇ ਲਈ ਕੁਝ ਕਰ ਸਕਦਾ!
ਏਸ ਵੇਲੇ ਤਾਂ ਮੇਰੇ ਕਰਮਚਾਰੀ ਹੀ ਹਿੰਦੁਸਤਾਨ ਤੋਂ ਨਹੀਂ ਪਹੁੰਚੇ, ਜੇ ਕੁਝ ਤੁਹਾਡੇ ਹੱਥ ਵਿਚ ਹੈ ਤਾਂ ਕਰੋ ਕੁਝ।
ਯੋਅਰ ਹਾਈਨੈੱਸ, ਮੈਂ ਇਕ ਫੌਜੀ ਆਂ, ਮੇਰਾ ਕੰਮ ਏ ਤੁਹਾਡੀ ਸੁਰੱਖਿਆ ਦਾ ਧਿਆਨ ਰੱਖਣਾ। ਇਹ ਕੰਮ ਸਰਕਾਰ ਦਾ ਏ।
ਜਨਰਲ ਹੌਗ ਨੇ ਆਖਿਆ। ਮਹਾਂਰਾਜਾ ਵੀ ਸਮਝਦਾ ਸੀ ਕਿ ਅਸਲ ਗੱਲ ਤਾਂ ਉਪਰਲੇ ਅਧਿਕਾਰੀਆਂ ਨਾਲ ਹੀ ਕਰਨੀ ਹੋਵੇਗੀ। ਉਸ ਨੇ ਕਾਫੀ ਕੁਝ ਸੋਚ ਕੇ ਲੌਰਡ ਡੁਫਰਿਨ ਨੂੰ ਇਕ ਲੰਮੀ ਚਿੱਠੀ ਲਿਖੀ ਤੇ ਨਾਲ ਹੀ ਇਸ ਦਾ ਸੰਖੇਪ ਕਰ ਕੇ ਤਾਰ ਵੀ ਦੇ ਦਿਤੀ;
...ਦਿਲੋਂ ਸ਼ੁਕਰੀਆ, ਮੌਕਾ ਆਏ ਤੇ ਯੋਅਰ ਐਕਸੀਲੈਂਸੀ ਨੂੰ ਨਿੱਜੀ ਤੌਰ ਤੇ ਵੀ ਮਿਲਾਂਗਾ। ...ਪਰਿਵਾਰ ਇੰਗਲੈਂਡ ਭੇਜਿਆ ਤਾਂ ਜੋ ਬੱਚੇ ਆਪਣੀ ਪੜ੍ਹਾਈ ਜਾਰੀ ਰੱਖ ਸਕਣ ਪਰ ਸਾਰਾ ਖਰਚ ਮੇਰਾ ਹੈ। ਮੈਂ ਹਾਲੇ ਵੀ ਤੁਹਾਡੀ ਮਰਜ਼ੀ ਨਾਲ ਜੇਲ੍ਹ ਵਿਚ ਹਾਂ। ਬੇਨਤੀ ਹੈ ਕਿ ਮੇਰੇ 17 ਕਰਮਚਾਰੀ ਬੰਬੇ ਤੋਂ ਸਰਕਾਰੀ ਖਰਚ ਤੇ ਮੰਗਵਾ ਦਿਤੇ ਜਾਣ, ਇਕ ਚਿੱਠੀ ਵੀ ਪਾ ਰਿਹਾ ਹਾਂ।
ਮਹਾਂਰਾਜੇ ਨੇ ਇਹ ਤਾਰ ਇਸ ਲਈ ਦਿਤੀ ਕਿ ਲੌਰਡ ਡੁਫਰਿਨ ਨੂੰ ਅੰਦਾਜ਼ਾ ਹੋ ਜਾਵੇ ਕਿ ਉਸ ਦੀ ਚਿੱਠੀ ਵਿਚ ਕੀ ਹੋਵੇਗਾ। ਉਸ ਨੂੰ ਹਲਕੀ ਜਿਹੀ ਆਸ ਵੀ ਸੀ ਕਿ ਸ਼ਾਇਦ ਵੋਇਸਰਾਏ ਹਾਲੇ ਵੀ ਉਸ ਦੇ ਕਲੇਮ ਨੂੰ ਕਿਸੇ ਤਰ੍ਹਾਂ ਉਸ ਦੇ ਮਸਲੇ ਨਿਪਟਾ ਦੇਵੇ। ਉਸ ਨੇ ਲੰਮੀ ਚਿੱਠੀ ਲਿਖੀ;
...ਜਿਹੜੇ ਦਸਤਾਵੇਜ਼ ਮੈਂ ਲੌਰਡ ਸੇਲਜ਼ਬਰੀ ਨੂੰ ਆਪਣੇ ਕਲੇਮ ਦੇ ਭੇਜੇ ਸਨ ਤੇ ਜੋ ਹਿੰਦੁਸਤਾਨੀ ਤੇ ਬ੍ਰਤਾਨਵੀ ਜਰਨਲਾਂ ਵਿਚ ਪ੍ਰਕਾਸਿ਼ਤ ਹੋਏ ਹਨ ਇਹਨਾਂ ਦਾ ਕਾਰਨ ਸੀ ਕਿ ਮੇਰੇ ਰਾਜਕੁਮਾਰ ਭਰਾਵਾਂ ਤੇ ਹਿੰਦੁਸਤਾਨੀ ਲੋਕਾਂ ਨੂੰ ਇਕ ਅਪੀਲ ਸੀ ਕਿ ਮੇਰੇ ਅਭਾਗੇ ਬੱਚਿਆਂ ਦੀ ਉਹਨਾਂ ਦੇ ਹਿੰਦੁਸਤਾਨ ਪੁੱਜਣ ਸਮੇਂ ਕੋਈ ਮੱਦਦ ਕਰਨ ਜਿਸ ਨੂੰ ਸਰਕਾਰ ਨੇ ਬਿਲਕੁਲ ਅਣਗੌਲ ਦਿਤਾ ਸੀ। ਮੈਂ ਬ੍ਰਤਾਨਵੀ ਕੌਮ ਹੱਥੋਂ ਹੋ ਰਹੀ ਬੇਇਨਸਾਫੀ ਕਾਰਨ ਦੁਖੀ ਸਾਂ ਜੋ ਕਿ ਬਲਿਊ ਬੁੱਕਸ ਵਿਚ ਪਏ ਸੱਚ ਤੋਂ ਇਨਕਾਰੀ ਸੀ, ਮੇਰੇ ਸਰਪਰੱਸਤ ਜਾਂ ਮੇਰੇ ਟਰੱਸਟੀ ਹੀ ਮੇਰੇ ਖਿਲਾਫ ਖੜੇ ਸਨ...। ...ਹਿੰਦੁਸਤਾਨ ਦੇ ਹੋਰ ਰਾਜਕੁਮਾਰਾਂ ਨੂੰ ਮਿਲਦੀ ਸਹਾਇਤਾ ਜਿਵੇਂ ਕਿ ਮਹਾਂਰਾਜਾ ਸਿੰਧੀਆ ਤੇ ਹੋਲਕਰ ਨਿਜ਼ਾਮ ਤੇ ਹੋਰ ਬਹੁਤ ਸਾਰੇ ਜੋ ਮੇਰੇ ਜਿੰਨੇ ਮਹਾਂਰਾਣੀ ਪ੍ਰਤੀ ਵਫਾਦਾਰ ਵੀ ਨਹੀਂ ਸਨ ਪਰ ਮੇਰੇ ਨਾਲੋਂ ਕਿਤੇ ਜਿ਼ਆਦਾ ਸਹਾਇਤਾ ਲੈ ਰਹੇ ਹਨ ਤੇ ਮੈਨੂੰ ਗਰੀਬ ਨੂੰ, ਜਿਸ ਕੋਲ ਸਭ ਤੋਂ ਵੱਡਾ ਰਾਜ ਸੀ ਹੁਣ ਥੋੜੀ ਜਿਹੀ ਪੈਨਸ਼ਨ ਤੇ ਥੋੜੇ ਜਿਹੇ ਨੌਕਰਾਂ ਨਾਲ ਗੁਜ਼ਾਰਾ ਕਰ ਰਿਹਾ ਸਾਂ, ਆਪਣੇ ਮੁਲਕ ਦੀ ਧਰਤੀ ਤੇ ਪੈਰ ਵੀ ਨਹੀਂ ਰੱਖਣ ਦਿਤਾ। ...ਲੌਰਡ ਡਲਹੌਜ਼ੀ ਨੇ ਮੇਰੇ ਲਈ ਫਤਹਿਗੜ੍ਹ ਵਿਚ ਇਸਟੇਟ ਦਾ ਇੰਤਜ਼ਾਮ ਕਰ ਦਿਤਾ ਸੀ, ਉਸ ਨੇ ਕਦੇ ਵੀ ਮੈਨੂੰ ਅੰਗਰੇਜ਼ ਸਰਕਾਰ ਦੀ ਸਥਿਰਤਾ ਲਈ ਖਤਰਾ ਨਹੀਂ ਸੀ ਸਮਝਿਆ ਪਰ ਪੈਂਤੀ ਸਾਲ ਬਾਅਦ ਜਦ ਕਿ ਅੰਗਰੇਜ਼ ਸਰਕਾਰ ਦੇ ਹਿੁੰਦਸਤਾਨ ਵਿਚ ਪੈਰ ਲਗ ਚੁੱਕੇ ਹਨ, ਮੇਰਾ ਉਸ ਧਰਤੀ ਤੇ ਪੈਰ ਰੱਖਣਾ ਮਨ੍ਹਾਂ ਕਰ ਦਿਤਾ ਗਿਆ ਹੈ, ਸਿਰਫ ਇਸ ਲਈ ਕਿ ਮੈਂ ਦਸਤਾਵੇਜ਼ ਛਾਪ ਦਿਤੇ ਹਨ।... ...ਮੈਂ ਆਪਣੇ ਇੰਗਲੈਂਡ ਨੂੰ ਬਹੁਤ ਪਿਆਰ ਕਰਦਾ ਸਾਂ ਜਿਥੇ ਮੈਂ ਆਪਣੀ ਜਿ਼ੰਦਗੀ ਦੇ ਆਖਰੀ ਪਲਾਂ਼ ਤਕ ਰਹਿਣਾ ਸੀ ਪਰ ਮੈਨੂੰ ਟੁੱਟੇ ਦਿਲ ਨਾਲ ਇਸ ਨੂੰ ਛੱਡਣਾ ਪਿਆ ਹੈ...।
ਮਹਾਂਰਾਜੇ ਦੀ ਚਿੱਠੀ ਪੜ੍ਹ ਕੇ ਲੌਰਡ ਡੁਫਰਿਨ ਗੁੱਸੇ ਵਿਚ ਆਫਰਨ ਲਗਿਆ। ਉਹ ਸੋਚ ਰਿਹਾ ਸੀ ਕਿ ਮਹਾਂਰਾਜਾ ਅਦਨ ਵਿਚ ਆਪਣੀਆਂ ਗਲਤੀਆਂ ਕਰਕੇ ਬੈਠਾ ਸੀ ਤੇ ਉਹ ਜੇਲ੍ਹ ਵਿਚ ਬਿਲਕੁਲ ਨਹੀਂ ਸੀ। ਆਪਣੀਆਂ ਸਾਰੀਆਂ ਗਲਤੀਆਂ, ਆਪਣੇ ਸਾਰੇ ਨੁਕਸ ਉਹ ਇੰਡੀਆ ਹਾਊਸ ਸਿਰ ਮੜ੍ਹ ਰਿਹਾ ਸੀ। ਉਸ ਨੇ ਗੁੱਸੇ ਵਿਚ ਆਉਂਦਿਆਂ ਮਹਾਂਰਾਜੇ ਦੀ ਚਿੱਠੀ ਵਗਾਹ ਕੇ ਮਾਰੀ ਤੇ ਮੂੰਹ ਵਿਚ ਬੁੜਬੁੜਾਇਆ, ਇਹ ਨਹੀਂ ਸੁਧਰੇਗਾ।
ਮਹਾਂਰਾਜੇ ਦੇ ਕੁਝ ਦੋਸਤ ਹਾਲੇ ਵੀ ਉਸ ਨਾਲ ਖੜੇ ਸਨ। ਉਹ ਪਰਦੇ ਦੇ ਪਿੱਛੇ ਹਾਲੇ ਵੀ ਉਸ ਦੀ ਮੱਦਦ ਕਰਨ ਦੀ ਲਗਾਤਾਰ ਕੋਸਿ਼ਸ਼ ਕਰਦੇ ਆ ਰਹੇ ਸਨ। ਡਿਊਕ ਔਫ ਗਰੈਫਟਨ ਨੇ ਅਜਿਹੀ ਹੀ ਇਕ ਚਿੱਠੀ ਲੌਰਡ ਡੁਫਰਿਨ ਨੂੰ ਲਿਖੀ। ਉਸ ਨੇ ਕਿਹਾ ਕਿ ਕਿਸੇ ਨਾ ਕਿਸੇ ਤਰ੍ਹਾਂ ਮਹਾਂਰਾਜੇ ਨੂੰ ਕੁਝ ਦੀ ਪੈਨਸ਼ਨ ਵਧਾ ਕੇ ਉਸ ਨੂੰ ਵਾਪਸ ਇੰਗਲੈਂਡ ਲੈ ਆਂਦਾ ਜਾਵੇ। ਵੋਇਸਰਾਏ ਮਹਾਂਰਾਜੇ ਜਾਂ ਕਿਸੇ ਹੋਰ ਨਾਲ ਇਸ ਮਾਮਲੇ ਵਿਚ ਬਹਿਸ ਵਿਚ ਨਹੀਂ ਸੀ ਪੈਣਾ ਚਾਹੁੰਦਾ। ਉਸ ਨੇ ਗਰੈਫਟਨ ਦੀ ਚਿੱਠੀ ਦਾ ਜਿ਼ਕਰ ਕਰਦਿਆਂ ਮਹਾਂਰਾਣੀ ਨੂੰ ਚਿੱਠੀ ਲਿਖੀ;
...ਜਾਪਦਾ ਹੈ ਕਿ ਡਿਊਕ ਔਫ ਗਰੈਫਟਨ ਨੇ ਮਹਾਂਰਾਜੇ ਦੇ ਮਾਮਲੇ ਵਿਚ ਕਾਫੀ ਦਿਆਨਤਦਾਰੀ ਦਿਖਾਈ ਹੈ। ...ਗਰੈਫਟਨ ਅਨੁਸਾਰ ਇੰਗਲੈਂਡ ਵਿਚ ਮੁੜ ਵਸਣ ਲਈ ਮਹਾਂਰਾਜੇ ਨੂੰ ਕੁਝ ਨਕਦ ਮੱਦਦ ਦਿਤੀ ਜਾਣੀ ਚਾਹੀਦੀ ਹੈ ਪਰ ਇਹ ਨਕਦ ਰਾਸ਼ੀ ਹਿੁੰਦਸਤਾਨੀਆਂ ਉਪਰ ਟੈਕਸ ਦਾ ਭਾਰ ਪਾ ਕੇ ਹੀ ਆਵੇਗੀ...।
ਮਹਾਂਰਾਣੀ ਵਿਕਟੋਰੀਆ ਦੇ ਮਨ ਵੀ ਸਦਾ ਵਾਂਗ ਹਾਲੇ ਵੀ ਮਹਾਂਰਾਜੇ ਲਈ ਨਰਮ ਕੋਨਾ ਕਾਇਮ ਸੀ ਜੋ ਕਿ ਮਹਾਂਰਾਜੇ ਦੀ ਖਿਲਾਫਤ ਕਰਨ ਵਾਲਿਆਂ ਨੂੰ ਗੁੱਸਾ ਦਵਾਉਂਦਾ ਰਹਿੰਦਾ ਸੀ। ਲੌਰਡ ਡੁਫਰਿਨ ਦੀ ਤਾਰ ਦਾ ਜਵਾਬ ਮਹਾਂਰਾਣੀ ਵਲੋਂ ਬੈਲਮੌਰਲ ਤੋਂ ਲਿਖਿਆ ਗਿਆ;
...ਹਰ ਮੈਜਿਸਟੀ ਵਿਚਾਰੇ ਮਹਾਂਰਾਜੇ ਬਾਰੇ ਵੋਇਸਰਾਏ ਦੀ 5 ਮਈ ਦੀ ਚਿੱਠੀ ਦਾ ਧੰਨਵਾਦ ਕਰਦੀ ਹੈ। ਉਹ ਬਹੁਤ ਸਾਲਾਂ ਤਕ ਬਹੁਤ ਹੀ ਖੁਸ਼ਦਿਲ ਤੇ ਚੰਗਾ ਇਨਸਾਨ ਰਿਹਾ, ਹਰ ਮੈਜਿਸਟੀ ਨੂੰ ਦੁੱਖ ਹੈ ਕਿ ਹੁਣ ਉਹ ਗਲਤ ਹੱਥਾਂ ਵਿਚ ਚਲੇ ਗਿਆ ਹੈ ਜਿਹੜੇ ਉਸ ਨੂੰ ਪੁੱਠੇ ਰਾਹ ਲੈ ਤੁਰੇ ਹਨ। ਹਰ ਮੈਜਿਸਟੀ ਦਾ ਵਿਚਾਰ ਹੈ ਕਿ ਜੇ ਕਰ ਉਸ ਨੂੰ ਜਾਂ ਉਸ ਦੀ ਮਹਾਂਰਾਣੀ ਨੂੰ ਤੇ ਛੇ ਬੱਚਿਆਂ ਨੂੰ ਕਿਸੇ ਕਿਸਮ ਦੀ ਕੋਈ ਸਜ਼ਾ ਦਿਤੀ ਗਈ ਜਾਂ ਬੁਰਾ ਵਰਤਾਵ ਕੀਤਾ ਗਿਆ ਤਾਂ ਹਿੰਦੁਸਤਾਨ ਵਿਚ ਇਸ ਦਾ ਬਹੁਤ ਬੁਰਾ ਅਸਰ ਹੋਵੇਗਾ। ਮਹਾਂਰਾਜੇ ਦੇ ਦੋਨੋਂ ਮੁੰਡੇ ਤਾਂ ਬਿਲਕੁਲ ਹੁਣ ਇੰਗਲਿਸ਼ਮੈੱਨ ਹਨ, ਹੋ ਸਕਦਾ ਹੈ ਕਿ ਹੁਣ ਇਸ ਪਰਿਵਾਰ ਨੂੰ ਗਰੀਬੀ ਤੇ ਬੇਅਰਾਮੀ ਦਾ ਸਾਹਮਣਾ ਕਰਨਾ ਪਵੇ। ਜਦ ਤਕ ਮਹੌਲ ਕੁਝ ਠੰਡਾ ਨਹੀਂ ਹੋ ਜਾਂਦਾ, ਕੁਝ ਨਹੀਂ ਕੀਤਾ ਜਾ ਸਕਦਾ, ਹਾਲਾਤ ਠੀਕ ਹੋਣ ਤੇ ਮਹਾਂਰਾਣੀ ਆਪ ਮਹਾਂਰਾਜਾ ਨਾਲ ਗੱਲ ਕਰੇਗੀ। ਉਸ ਦੀ ਪਤਨੀ ਤੇ ਬੱਚਿਆਂ ਲਈ ਹੁਣ ਕੁਝ ਪੈਸੇ ਲੋੜੀਂਦੇ ਹੋਣਗੇ ਤੇ ਫਿਰ ਮਹਾਂਰਾਜੇ ਦੀ ਵੀ ਢੰਗ ਦੀ ਜਿ਼ੰਦਗੀ ਲਈ ਗੁਜ਼ਾਰੇ ਦਾ ਇੰਤਜ਼ਾਮ ਕਰਨਾ ਹੋਵੇਗਾ ਤਾਂ ਜੋ ਉਹ ਇਕ ਇੰਗਲਿਸ਼ ਜੈਂਟਲਮੈਨ ਦੇ ਤੌਰ ਤੇ ਚੰਗਾ ਜੀਵਨ ਬਤੀਤ ਕਰ ਸਕੇ। ਇਹ ਬਹੁਤ ਜ਼ਰੂਰੀ ਹੈ ਕਿ ਉਸ ਨੂੰ ਉਸ ਦੇ ਹਿੰਦੁਸਤਾਨੀ ਸਲਾਹਕਾਰਾਂ ਤੇ ਰਿਸ਼ਤੇਦਾਰਾਂ ਤੋਂ ਦੂਰ ਰਖਿਆ ਜਾਵੇ। ਇਹੋ ਉਹੀ ਲੋਕ ਹਨ ਜੋ ਉਸ ਨੂੰ ਇਸ ਮੋੜ ਤਕ ਲੈ ਕੇ ਆਏ ਹਨ।
ਪਰ ਗੱਲ ਮਹਾਂਰਾਣੀ ਵਿਕਟੋਰੀਆ ਦੀਆਂ ਇਹਨਾਂ ਸਲਾਹਾਂ ਤੋਂ ਅਗੇ ਨਿਕਲ ਚੁੱਕੀ ਸੀ। ਮਹਾਂਰਾਣੀ ਦੀ ਤਾਂ ਪਹਿਲਾਂ ਹੀ ਬਹੁਤੀ ਪ੍ਰਵਾਹ ਨਹੀਂ ਸੀ ਕੀਤੀ ਜਾਂਦੀ।...
ਮਹਾਂਰਾਜੇ ਦੇ ਅਦਨ ਵਿਚ ਹੋਣ ਨਾਲ ਪੂਰੇ ਪੰਜਾਬ ਵਿਚ ਸਰਗਰਮੀ ਵਧੀ ਹੋਈ ਸੀ। ਪੰਜਾਬ ਪੁਲੀਸ ਵੀ ਚੌਕੰਨੀ ਹੋਈ ਪਈ ਸੀ। ਸਭ ਤੋਂ ਵੱਡਾ ਖਤਰਾ ਠਾਕੁਰ ਸਿੰਘ ਸੰਧਾਵਾਲੀਆ ਤੋਂ ਸੀ। ਠਾਕੁਰ ਸਿੰਘ ਨੇ ਮਹਾਂਰਾਜੇ ਦੇ ਸਵਾਗਤ ਲਈ ਬੰਬੇ ਜਾਣ ਦੀ ਆਗਿਆ ਮੰਗੀ ਸੀ ਪਰ ਅਧਿਕਾਰੀਆਂ ਨੇ ਇਸ ਦਾ ਜਵਾਬ ਹੀ ਨਹੀਂ ਸੀ ਦਿਤਾ। ਪੁਲੀਸ ਦਾ ਇਕ ਮੁਲਾਜ਼ਮ ਰਾਮ ਸਿੰਘ ਜੋ ਗੁਰਦਾਸਪੁਰ ਦਾ ਰਹਿਣ ਵਾਲਾ ਸੀ, ਠਾਕੁਰ ਸਿੰਘ ਦੀ ਸੇਵਾ ਵਿਚ ਭਰਤੀ ਸੀ ਤੇ ਜੋ ਠਾਕੁਰ ਸਿੰਘ ਦੀ ਪੈਰ ਪੈਰ ਦੀ ਖ਼ਬਰ ਦਿੰਦਾ ਰਹਿੰਦਾ ਸੀ। ਮਹਾਂਰਾਜੇ ਦੀ ਠਾਕੁਰ ਸਿੰਘ ਨੂੰ ਤਾਰ ਆਈ ਹੋਈ ਸੀ ਕਿ ਉਸ ਦਾ ਪਰਿਵਾਰ ਦੀ ਸੰਭਾਲ ਲਈ ਦਸ-ਬਾਰਾਂ ਜਵਾਨ ਸਿੱਖ ਤਿਆਰ ਕਰਕੇ ਬੰਬੇ ਭੇਜੇ ਜਾਣ। ਮਹਾਂਰਾਜੇ ਨੇ ਪਹਿਲਾਂ ਗਰੇਟ ਈਸਟਰਨ ਹੋਟਲ, ਲੰਡਨ ਤੋਂ ਤਾਰ ਦਿਤੀ ਸੀ, ਫਿਰ ਜਦੋਂ ਵਿਰੋਨਾ ਅਲੈਗਜ਼ੈਂਡਰੀਆ ਰੁਕਿਆ ਸੀ, ਇਕ ਤਾਰ ਕਿਆਰੋ ਤੋਂ ਵੀ ਦਿਤੀ ਗਈ ਸੀ। ਪੁਲੀਸ ਠਾਕੁਰ ਸਿੰਘ ਸੰਧਾਵਾਲੀਆ ਤੇ ਨਜ਼ਰ ਰੱਖ ਰਹੀ ਸੀ ਪਰ ਇਕ ਹੋਰ ਠਾਕੁਰ ਸਿੰਘ ਤੇ ਜਵੰਦ ਸਿੰਘ ਅਦਨ ਲਈ ਜਹਾਜ਼ ਫੜ ਚੁੱਕੇ ਸਨ। ਇਹ ਠਾਕੁਰ ਸਿੰਘ ਵਾਹਗਾ ਸੀ ਜੋ ਕਿ ਮਹਾਂਰਾਜੇ ਦੀ ਮਾਤਾ ਵਲ ਦੀ ਰਿਸ਼ਤੇਦਾਰੀ ਵਿਚੋਂ ਹੀ ਸੀ। ਜਵੰਦ ਸਿੰਘ ਵੀ ਇਵੇਂ ਦੂਰ ਦਾ ਭਰਾ ਹੀ ਲਗਦਾ ਸੀ। ਉਹ ਗਰੰਥ ਸਾਹਿਬ ਦੀ ਬੀੜ ਨਾਲ ਲੈ ਕੇ ਆ ਰਹੇ ਸਨ ਤੇ ਅੰਮ੍ਰਿਤ ਤਿਆਰ ਕਰਨ ਦੀ ਸਮਗਰੀ ਵੀ। ਇਥੇ ਨਾਵਾਂ ਦੇ ਭੁਲੇਖਿਆਂ ਵਿਚ ਪੰਜਾਬ ਪੁਲੀਸ ਭੁਲੇਖਾ ਖਾ ਗਈ। ਇਵੇਂ ਹੀ ਗੱਲ ਨੂੰ ਗੰਧਲਾ ਕਰਨ ਲਈ ਠਾਕੁਰ ਸਿੰਘ ਨਾਂ ਦੇ ਦੋ ਬੰਦਿਆਂ ਦੇ ਵੱਖ ਵੱਖ ਹਾਦਸਿਆਂ ਵਿਚ ਮਰਨ ਦੀ ਖ਼ਬਰ ਵੀ ਫੈਲਾ ਦਿਤੀ ਗਈ ਸੀ। ਸੋ ਠਾਕੁਰ ਸਿੰਘ ਵਾਹਗਾ ਹੋਰਾਂ ਨੂੰ ਕਿਸੇ ਨੇ ਰੋਕਣ ਦੀ ਕੋਸਿ਼ਸ਼ ਹੀ ਨਹੀਂ ਕੀਤੀ ਤੇ ਉਹ 8 ਮਈ ਨੂੰ ਅਦਨ ਪੁੱਜ ਗਏ। ਸਭ ਤੋਂ ਪਹਿਲਾਂ ਠਾਕੁਰ ਸਿੰਘ ਨੇ ਹਿੰਦੁਸਤਾਨ ਤੋਂ ਲਿਆਂਦਾ ਇਕ ਲੱਖ ਰੁਪਏ ਜੋ ਕਿ ਸੋਨੇ ਦੀ ਸ਼ਕਲ ਵਿਚ ਸੀ ਮਹਾਂਰਾਜੇ ਨੂੰ ਸੰਭਾਲ ਦਿਤਾ। ਇਹ ਕਸ਼ਮੀਰ ਦੇ ਰਾਜੇ ਵਲੋਂ ਮਹਾਂਰਾਜੇ ਲਈ ਭੇਂਟ ਸੀ। ਕਸ਼ਮੀਰ ਦੇ ਰਾਜੇ ਦੇ ਬਿਜ਼ੁਰਗਾਂ ਦੇ ਪੰਜਾਬ ਨਾਲ ਸਬੰਧ ਬਹੁਤ ਵਧੀਆ ਰਹੇ ਸਨ ਇਸ ਲਈ ਰਾਜੇ ਨੂੰ ਮਹਾਂਰਾਜੇ ਨਾਲ ਪੂਰੀ ਹਮਦਰਦੀ ਸੀ। ਇਸ ਭੇਂਟ ਨੇ ਮਹਾਂਰਾਜੇ ਦੇ ਹੌਂਸਲੇ ਨੂੰ ਦੂਣ-ਸਵਾਇਆ ਕਰ ਦਿਤਾ। ਉਸ ਨੂੰ ਆਪਣੇ ਦੇਸ਼ ਵਾਸੀਆਂ ਤੇ ਮਾਣ ਹੋ ਰਿਹਾ ਸੀ। ਉਸ ਨੂੰ ਆਪਣੇ ਸੁਫਨਿਆਂ ਨੂੰ ਫਲ਼ ਲਗਦਾ ਦਿਸਣ ਲਗਿਆ।
ਜਨਰਲ ਹੌਗ ਨੂੰ ਜਦ ਠਾਕੁਰ ਸਿੰਘ ਦੇ ਅਦਨ ਪੁੱਜ ਜਾਣ ਦਾ ਪਤਾ ਚਲਿਆ ਤਾਂ ਉਹ ਸ਼ਸ਼ੋਪੰਜ ਜਿਹੀ ਵਿਚ ਪੈਂਦਾ ਸੋਚਣ ਲਗਿਆ ਕਿ ਸ਼ਾਇਦ ਠਾਕੁਰ ਨਾਂ ਦਾ ਸਿੱਖਾਂ ਦਾ ਕੋਈ ਸੈਕਟ ਹੈ ਜਿਸ ਦੇ ਹਰ ਮੈਂਬਰ ਦਾ ਨਾਂ ਹੀ ਠਾਕੁਰ ਸਿੰਘ ਹੋਵੇ ਪਰ ਉਸ ਦੇ ਇਵੇਂ ਪੁੱਜਣ ਤੇ ਕੋਈ ਖੁਸ਼ ਨਹੀਂ ਸੀ। ਜਿਸ ਦਿਨ ਠਾਕੁਰ ਸਿੰਘ ਤੇ ਜਵੰਦ ਸਿੰਘ ਅਨਦ ਪੁੱਜੇ ਉਸੇ ਦਿਨ ਹੀ ਮਹਾਂਰਾਜੇ ਨੇ ਵੋਇਸਰਾਏ ਨੂੰ ਤਾਰ ਦਿਤੀ,
...ਮੇਰਾ ਚਚੇਰਾ ਭਰਾ ਜਿਸ ਨੂੰ ਮੇਰੀ ਮਾਤਾ ਨੇ ਮੁਤਬੰਨਾ ਵੀ ਬਣਾਇਆ ਹੋਇਆ ਸੀ ਤੇ ਇਕ ਹੋਰ ਰਿਸ਼ਤੇਦਾਰ ਮੇਰੀ ਜਾਣਕਾਰੀ ਤੋਂ ਬਿਨਾਂ ਇਥੇ ਮੇਰੇ ਕੋਲ ਪੁੱਜ ਚੁੱਕੇ ਹਨ। ਮੈਂ ਬੇਨਤੀ ਕਰਦਾ ਹਾਂ ਕਿ ਉਹਨਾਂ ਨੂੰ ਮੈਨੂੰ ਮਿਲਣ ਦੀ ਇਜਾਜ਼ਤ ਦਿਤੀ ਜਾਵੇ ਤੇ ਮੇਰੇ ਨਾਲ ਰਹਿਣ ਦੀ ਵੀ।
ਹੁਣ ਵੋਇਸਰਾਏ ਕੀ ਕਰ ਸਕਦਾ ਸੀ। ਇਕ ਤਾਂ ਮਹਾਂਰਾਜੇ ਦੀ ਨਜ਼ਰਬੰਦੀ ਦੀ ਖ਼ਬਰ ਪੂਰੇ ਹਿੰਦੁਸਤਾਨ ਵਿਚ ਫੈਲ ਚੁੱਕੀ ਸੀ। ਅਖਬਾਰਾਂ ਵਾਲੇ ਵੋਇਸਰਾਏ ਦੀ ਬੇਇਜ਼ਤੀ ਕਰ ਰਹੇ ਸਨ। ਅਖ਼ਬਾਰ ਨੂੰ ਪੜ੍ਹਨਯੋਗ ਬਣਾਉਣ ਲਈ ਖ਼ਬਰ ਨੂੰ ਮਸਾਲਾ ਵੀ ਲਾ ਰਹੇ ਸਨ। ਇਕ ਅਖ਼ਬਾਰ ਵਾਲੇ ਨੇ ਤਾਂ ਇਥੋਂ ਤਕ ਲਿਖ ਦਿਤਾ: ਮਹਾਂਰਾਜੇ ਨੂੰ ਇਕ ਰੇਗਿਸਤਾਨੀ ਟਾਪੂ ਵਿਚ ਇਕੱਲੇ ਨੂੰ ਨਜ਼ਰਬੰਦ ਕਰਕੇ ਵੋਇਸਰਾਏ ਨੇ ਪਾਗਲਪਨ ਦਾ ਸਬੂਤ ਦਿਤਾ ਹੈ। ਸਰ ਚਾਰਲਸ ਐਟਕਿਨਸਨ, ਜੋ ਪੰਜਾਬ ਦਾ ਲੈਫਟੀਨੈਂਟ ਜਨਰਲ ਸੀ, ਨੇ ਵੀ ਆਪਣੀ ਰਿਪ੍ਰੋਟ ਵਿਚ ਕਿਹਾ ਕਿ ਸਿੱਖ ਸਿਪਾਹੀ ਮਹਾਂਰਾਜੇ ਬਾਰੇ ਖ਼ਬਰਾਂ ਸੁਣ ਸੁਣ ਕੇ ਘਬਰਾ ਰਹੇ ਹਨ, ਇਸ ਲਈ ਹਾਲਾਤ ਨੂੰ ਕਾਬੂ ਵਿਚ ਰੱਖਣਾ ਜ਼ਰੂਰੀ ਹੈ। ਅੱਠ ਤਰੀਕ ਨੂੰ ਹੀ ਵੋਇਸਰਾਏ ਨੇ ਜਨਰਲ ਹੌਗ ਨੂੰ ਤਾਰ ਦਿਤੀ;
ਹਿਜ ਹਾਈਨੈੱਸ ਦਲੀਪ ਸਿੰਘ ਇਹਨਾਂ ਦੋ ਮਹਿਮਾਨਾਂ ਨੂੰ ਮਿਲ ਸਕਦਾ ਹੈ ਪਰ ਇਹਨਾਂ ਮਹਿਮਾਨਾਂ ਨੂੰ ਮਹਾਂਰਾਜੇ ਨਾਲ ਕੰਮ ਦੀ ਗੱਲ ਤੋਂ ਬਿਨਾਂ ਹੋਰ ਕੋਈ ਗੱਲ ਨਾ ਕਰਨ ਦਿਤੀ ਜਾਵੇ ਤੇ ਹਰ ਵੇਲੇ ਕੋਈ ਨਾ ਕੋਈ ਕਰਮਚਾਰੀ ਜੋ ਇਹਨਾਂ ਦੀ ਬੋਲੀ ਸਮਝ ਸਕਦਾ ਹੋਵੇ ਇਹਨਾਂ ਦੇ ਨਜ਼ਦੀਕ ਰਹੇ, ਤੁਸੀਂ ਆਪ ਵੀ ਨਾਲ ਰਹੋ ਤੇ ਕੋਈ ਇਤਰਾਜ਼ਯੋਗ ਗੱਲਬਾਤ ਦਾ ਤਬਾਦਲਾ ਨਹੀਂ ਹੋਣਾ ਚਾਹੀਦਾ।
ਜਲਦੀ ਹੀ ਮਹਾਂਰਾਜੇ ਨੇ ਇਕ ਹੋਰ ਤਾਰ ਸਿ਼ਮਲੇ ਨੂੰ ਭੇਜ ਦਿਤੀ,
ਮੈਂ ਹੁਣ ਆਪਣੇ ਭਰਾਵਾਂ ਦੀ ਹਾਜ਼ਰੀ ਦਾ ਫਾਇਦਾ ਉਠਾਉਣਾ ਚਾਹੁੰਦਾ ਹਾਂ ਤੇ ਮੁੜ ਕੇ ਸਿੱਖ ਧਰਮ ਅਪਣਾ ਲੈਣਾ ਚਾਹੁੰਦਾ ਹਾਂ, ਕਿਰਪਾ ਕਰਕੇ ਤੁਸੀਂ ਰੈਜੀਡੈਂਟ ਜਨਰਲ ਹੌਗ ਨੂੰ ਤਾਰ ਦੇ ਦਿਓ ਕਿ ਮੈਂ ਉਸ ਦੀ ਹਾਜ਼ਰੀ ਵਿਚ ਇਹ ਰਸਮ ਪੂਰੀ ਕਰ ਸਕਾਂ।
ਡੁਫਰਿਨ ਇਕ ਵਾਰ ਫਿਰ ਸੋਚਾਂ ਵਿਚ ਪੈ ਗਿਆ ਕਿ ਕੀ ਕਰੇ। ਅਜਿਹਾ ਕੋਈ ਕਨੂੰਨ ਨਹੀਂ ਸੀ ਕਿ ਕਿਸੇ ਨੂੰ ਮਰਜ਼ੀ ਦਾ ਧਰਮ ਅਪਣਾਉਣ ਤੋਂ ਰੋਕ ਸਕੇ ਜਾਂ ਮਜਬੂਰ ਕਰ ਸਕੇ। ਉਸ ਨੇ ਇਸ ਬਾਰੇ ਥੋੜਾ ਕੁ ਸੋਚਿਆ ਤੇ ਆਪਣੇ ਮਤਿਹਤਾਂ ਨਾਲ ਸਲਾਹ ਕੀਤੀ ਤੇ 15 ਤਰੀਕ ਨੂੰ ਹੌਗ ਨੂੰ ਤਾਰ ਦੇ ਦਿਤੀ,
ਤੁਸੀਂ ਇਹ ਰਮਸ ਨਿਭਾਉਣ ਦੀ ਇਜਾਜ਼ਤ ਦੇ ਦਿਓ ਪਰ ਤੁਸੀਂ ਇਸ ਸਮੇਂ ਆਪ ਹਾਜ਼ਰ ਨਾ ਹੋਣਾ ਤੇ ਨਾ ਹੀ ਕੋਈ ਹੋਰ ਅਫਸਰ ਹੋਵੇ। ਤੁਸੀਂ ਸਿਰਫ ਇਸ ਗੱਲ ਦਾ ਧਿਆਨ ਰੱਖਣਾ ਕਿ ਮਹਾਂਰਾਜਾ ਤੇ ਹੋਰ ਪੰਜਾਬੀਆਂ ਵਿਚ ਕੋਈ ਬਹੁਤੀ ਗੱਲਬਾਤ ਨਾ ਹੋ ਸਕੇ, ...ਮੈਨੂੰ ਪਤਾ ਹੈ ਕਿ ਤੁਸੀਂ ਕਾਬਲ ਵਿਅਕਤੀ ਹੋ ਤੇ ਇਸ ਫਰਜ਼ ਨੂੰ ਚੰਗੀ ਤਰ੍ਹਾਂ ਨਿਭਾਓਗੇ।
24 ਮਈ ਨੂੰ ਮਹਾਂਰਾਣੀ ਵਿਕਟੋਰੀਆ ਦਾ ਜਨਮਦਿਨ ਸੀ ਤੇ ਉਸ ਦਿਨ ਹਰ ਸਾਲ ਵਾਂਗ ਹੀ ਰੈਜ਼ੀਡੈਂਸੀ ਤੇ ਜਨਰਲ ਹੌਗ ਇਕ ਵੱਡੀ ਪਾਰਟੀ ਦਾ ਇੰਤਜ਼ਾਮ ਕਰ ਰਿਹਾ ਸੀ। ਮਹਾਂਰਾਜੇ ਨੂੰ ਵੀ ਸੱਦਾ ਦਿਤਾ ਗਿਆ। ਮਹਾਂਰਾਜਾ ਇਸ ਪਾਰਟੀ ਵਿਚ ਪੂਰੀ ਤਿਆਰੀ ਖਿੱਚ ਕੇ ਗਿਆ। ਉਸ ਨੇ ਪੱਗ ਬੰਨੀ, ਉਪਰੋਂ ਦੀ ਹੀਰਿਆਂ ਦੀਆਂ ਮਾਲ਼ਾਵਾਂ ਪਾਈਆਂ ਤੇ ਪੂਰਾ ਪੰਜਾਬੀ ਪਹਿਰਾਵਾ ਪਹਿਨ ਕੇ ਪਾਰਟੀ ਵਿਚ ਸ਼ਾਮਲ ਹੋਇਆ। ਉਹ ਹਰ ਇਕ ਦਾ ਧਿਆਨ ਮੱਲ ਰਿਹਾ ਸੀ। ਉਸ ਸ਼ਾਮ ਉਹ ਬਹੁਤ ਉਤਸ਼ਾਹ ਵਿਚ ਸੀ, ਹਰ ਇਕ ਨੂੰ ਅਗੇ ਵਧ ਕੇ ਮਿਲਦਾ ਤੇ ਮਹਾਂਰਾਣੀ ਵਿਕਟੋਰੀਆ ਨਾਲ ਆਪਣੇ ਜੀਵਨ ਭਰ ਦੇ ਰਿਸ਼ਤਿਆਂ ਬਾਰੇ ਗੱਲਾਂ ਕਰਨ ਲਗਦਾ। ਉਹ ਪੂਰੀ ਪਾਰਟੀ ਤੇ ਛਾਇਆ ਰਿਹਾ। ਪਾਰਟੀ ਦੇ ਖਤਮ ਹੋਣ ਤੇ ਉਸ ਨੇ ਇਕ ਇਕ ਨੂੰ ਗੁੱਡ ਬਾਏ ਕਹੀ ਜਿਵੇਂ ਇਸ ਸਮਗਾਮ ਦਾ ਮੇਜ਼ਬਾਨ ਉਹੀ ਹੋਵੇ। ਜਨਰਲ ਹੌਗ ਇਹ ਸਭ ਹੈਰਾਨ ਹੋ ਕੇ ਦੇਖਦਾ ਜਾ ਰਿਹਾ ਸੀ। ਉਸ ਨੂੰ ਮਹਾਂਰਾਜੇ ਦੇ ਸੁਭਾਅ ਨੂੰ ਸਮਝਣ ਵਿਚ ਮੁਸ਼ਕਲ ਪੇਸ਼ ਆਉਣ ਲਗੀ। ਅਗਲੀ ਸਵੇਰ ਹੀ ਮਹਾਂਰਾਜੇ ਦੀ ਪਹੁਲ ਲੈਣ ਦੀ ਰਸਮ ਹੋਣੀ ਸੀ। ਉਸ ਨੇ ਤੁਰਨ ਸਮੇਂ ਕਿਹਾ,
ਜਰਨਲ, ਕੱਲ ਨੂੰ ਮੇਰੀ ਪਹੁਲ ਦੀ ਪਵਿਤਰ ਰੀਤ ਵਿਚ ਜ਼ਰੂਰ ਸ਼ਾਮਲ ਹੋਣਾ, ਮੈਨੂੰ ਬਹੁਤ ਖੁਸ਼ੀ ਹੋਵੇਗੀ।
ਜਨਰਲ ਹੌਗ ਨੇ ਮਹਾਂਰਾਜੇ ਨਾਲ ਹੱਥ ਮਿਲਾਇਆ ਪਰ ਰਸਮ ਵਿਚ ਆਉਣ ਦਾ ਕੋਈ ਵਾਅਦਾ ਨਾ ਕੀਤਾ।
ਪਹੁਲ ਦੀ ਤਿਆਰ ਕੁਝ ਦਿਨ ਪਹਿਲਾਂ ਹੀ ਸ਼ੁਰੂ ਹੋ ਗਈ ਸੀ। ਇਸ ਰਸਮ ਲਈ ਚਾਹੀਦੀ ਸਮਗੱਰੀ ਤਾਂ ਠਾਕੁਰ ਸਿੰਘ ਨੇ ਨਾਲ ਲਿਆਂਦੀ ਹੋਈ ਸੀ, ਕਸਰ ਸੀ ਤਾਂ ਪੰਜ ਪਿਅਰਿਆਂ ਦੀ। ਇਸ ਰਸਮ ਸਮੇਂ ਪੰਜ ਸਿੰਘਾਂ ਦਾ ਹਾਜ਼ਰ ਹੋਣਾ ਜਰੂਰੀ ਸੀ। ਇਹ ਗੱਲ ਠਾਕੁਰ ਸਿੰਘ ਨੂੰ ਪਰੇਸ਼ਾਨ ਕਰਨ ਲਗੀ। ਦੋ ਉਹ ਸਨ ਤੇ ਤੀਜਾ ਅਰੂੜ ਸਿੰਘ ਸੀ ਤੇ ਦੋ ਹੋਰ ਸਿੱਖ ਹੁਣ ਕਿਥੋਂ ਲਿਆਂਦੇ ਜਾਣ। ਉਸ ਨੇ ਅਦਨ ਸ਼ਹਿਰ ਦੇ ਬਜ਼ਾਰਾਂ ਦੇ ਚਕਰ ਮਾਰਨੇ ਸ਼ੁਰੂ ਕਰ ਦਿਤੇ ਕਿ ਸ਼ਾਇਦ ਕੋਈ ਸਿੱਖ ਮਿਲ ਜਾਵੇ ਪਰ ਇਥੇ ਸਿੱਖ ਕਿਥੋਂ ਹੋਣੇ ਸਨ। ਇਹ ਗੱਲ ਪਹਿਲਾਂ ਸੋਚੀ ਹੀ ਨਹੀਂ ਸੀ, ਨਹੀਂ ਤਾਂ ਹਿੰਦੁਸਤਾਨ ਤੋਂ ਹੀ ਕਿਸੇ ਤਰ੍ਹਾਂ ਪੰਜ ਸਿੱਖਾਂ ਦਾ ਇੰਤਜ਼ਾਮ ਕਰ ਕੇ ਤੁਰਦੇ। ਮਹਾਂਰਾਜੇ ਦੇ ਮਨ ਵਿਚ ਵੀ ਪੰਜ ਸਿੱਖਾਂ ਦੀ ਹਾਜ਼ਰੀ ਵਿਚ ਪਹੁਲ ਲੈਣ ਦੀ ਰਸਮ ਦੀ ਗੱਲ ਬੈਠੀ ਹੋਈ ਸੀ। ਠਾਕੁਰ ਸਿੰਘ ਫਿਕਰਵੰਦ ਸੀ ਕਿ ਬੜੀ ਮੁਸ਼ਕਲ ਨਾਲ ਮਹਾਂਰਾਜਾ ਮੁੜ ਸਿੱਖ ਬਣਨ ਲਈ ਤਿਆਰ ਹੋਇਆ ਸੀ ਜੇ ਰਸਮ ਅਧੂਰੀ ਰਹਿ ਗਈ ਤਾਂ ਕਿਤੇ ਇਵੇਂ ਨਾ ਹੋਵੇ ਕਿ ਮਹਾਂਰਾਜਾ ਮੁੜ ਕੇ ਫਿਰ ਇਸਾਈਮੱਤ ਵਲ ਝੁਕ ਜਾਵੇ। ਹੁਣ ਮਸਲਾ ਸੀ ਕਿ ਪਾਹੁਲ ਲਈ ਪੰਜ ਸਿੱਖ ਕਿਥੋਂ ਆਉਣ।
ਤੁਰਦਾ ਫਿਰਦਾ ਇਕ ਦਿਨ ਠਾਕੁਰ ਸਿੰਘ ਬੰਦਰਗਾਹ ਵਲ ਨਿਕਲ ਗਿਆ। ਅਚਾਨਕ ਸਾਹਮਣਿਓਂ ਇਕ ਬੰਦਾ ਆਉਂਦਾ ਦਿਸਿਆ ਜੋ ਦੂਰੋਂ ਸਿੱਖ ਜਾਪ ਰਿਹਾ ਸੀ। ਜਦ ਨਜ਼ਦੀਕ ਆਇਆ ਤਾਂ ਸਿੱਖ ਹੀ ਨਿਕਲਿਆ। ਠਾਕੁਰ ਸਿੰਘ ਨੇ ਭੱਜ ਕੇ ਜਾ ਫਤਿਹ ਬੁਲਾਈ ਉਸ ਦਾ ਨਾਂ ਪੁੱਛ ਲਿਆ। ਉਹ ਬੰਦਾ ਬੋਲਿਆ,
ਜੀ, ਮੇਰਾ ਨਾਂ ਅਤਰ ਸਿੰਘ ਏ ਤੇ ਮੈਂ ਇਥੇ ਮਲਾਹ ਹਾਂ।
ਅਤਰ ਸਿੰਘ ਜੀ, ਸਾਨੂੰ ਤੁਹਾਡੀ ਬਹੁਤ ਲੋੜ ਏ, ਆਪਣੇ ਮਹਾਂਰਾਜਾ ਜੀ ਨੂੰ ਪਹੁਲ ਛਕਾਉਣ ਦੀ ਰਸਮ ਏ, ਉਹਨਾਂ ਨੂੰ ਮੁੜ ਕੇ ਆਪਣੇ ਧਰਮ ਵਿਚ ਲਿਆਉਣਾ ਏਂ।
ਕਿਹੜੇ ਮਹਾਂਰਾਜਾ ਨੂੰ ਜੀ?
ਮਹਾਂਰਾਜਾ ਦਲੀਪ ਸਿੰਘ ਨੂੰ।
ਮਹਾਂਰਾਜਾ ਦਲੀਪ ਸਿੰਘ, ਤੁਹਾਡਾ ਮਤਲਵ ਆਪਣੇ ਦਲੀਪ ਸਿੰਘ! ...ਸ਼ੇਰੇ ਪੰਜਾਬ...!
ਗੱਲ ਕਰਦਿਆ ਅਤਰ ਸਿੰਘ ਦੀਆਂ ਅੱਖਾਂ ਵਿਚ ਹੰਝੂ ਆ ਗਏ। ਜਦੋਂ ਠਾਕੁਰ ਸਿੰਘ ਹਾਂ ਕਿਹਾ ਤਾਂ ਅਤਰ ਸਿੰਘ ਨੇ ਉਸ ਦੇ ਹੱਥ ਫੜ ਲਏ ਤੇ ਕਹਿਣ ਲਗਿਆ,
ਧੰਨ ਭਾਗ ਸਰਦਾਰ ਜੀ, ਸਾਡੇ ਧੰਨਭਾਗ, ਸਾਨੂੰ ਤਾਂ ਮਹਾਂਰਾਜੇ ਦੇ ਦਰਸ਼ਨ ਹੀ ਬਹੁਤ ਨੇ।
ਸ਼ੁਕਰੀਆ ਜੀ ਪਰ ਇਕ ਸਿੱਖ ਹੋਰ ਚਾਹੀਦਾ ਏ, ਕਿਉਂਕਿ ਤੁਹਾਨੂੰ ਪਾ ਕੇ ਅਸੀਂ ਚਾਰ ਹੀ ਹਾਂ।
ਕੋਈ ਗੱਲ ਨਹੀਂ ਜੀ, ਮੇਰਾ ਦੋਸਤ ਹੈ ਵੇ, ਮੇਰੇ ਨਾਲ ਈ ਕੰਮ ਕਰਦਾ ਏ, ਤੁਸੀਂ ਦੱਸੋ ਕਦੋਂ ਤੇ ਕਿਥੇ ਪੁੱਜਣਾ ਏ?
ਪੱਝੀ ਤਰੀਕ ਨੂੰ ਸਵੇਰੇ ਬ੍ਰਿਟਿਸ਼ ਰੈਜੀਡੈਂਸੀ ਵਿਚ।
ਲਓ ਜੀ, ਅਸੀਂ ਪੁੱਜ ਜਾਵਾਂਗੇ, ਬਿਲਕੁਲ ਪੁੱਜ ਜਾਵਾਂਗੇ, ਆਪਣੇ ਮਹਾਂਰਾਜੇ ਦੇ ਦਰਸ਼ਨ ਕਰਾਂਗੇ ਤੇ ਪਹੁਲ ਦੀ ਰੀਤ ਵਿਚ ਵੀ ਹਿੱਸਾ ਲਵਾਂਗੇ।
ਅਤਰ ਸਿੰਘ ਖੁਸ਼ ਹੁੰਦਾ ਚਲੇ ਗਿਆ। ਠਾਕੁਰ ਸਿੰਘ ਨੇ ਜਿਵੇਂ ਕੋਈ ਕਿਲ੍ਹਾ ਸਰ ਕਰ ਲਿਆ ਹੋਵੇ। ਉਹ ਬਹੁਤ ਖੁਸ਼ ਸੀ। ਪੱਚੀ ਤਰੀਕ ਆ ਪੁੱਜੀ। ਸਭ ਸਵੇਰੇ ਵੇਲੇ ਸਿਰ ਉਠੇ। ਗੁਰੂ ਗਰੰਥ ਦਾ ਪ੍ਰਕਾਸ਼ ਤਾਂ ਹਰ ਰੋਜ਼ ਹੁੰਦਾ ਹੀ ਸੀ ਤੇ ਪਾਠ ਵੀ ਜਵੰਦ ਸਿੰਘ ਰੋਜ਼ ਪੜਦਾ ਤੇ ਭੋਗ ਵੀ ਪਾਉਂਦਾ। ਉਸ ਨੇ ਸਵੇਰੇ ਉਠ ਕੇ ਪ੍ਰਸ਼ਾਦ ਤਿਆਰ ਕਰ ਲਿਆ ਤੇ ਫਿਰ ਲਿਆਂਦੇ ਹੋਏ ਪਵਿਤਰ ਪਾਣੀ ਵਿਚ ਖੰਡ ਪਾ ਕੇ ਖੰਡੇ ਨਾਲ ਹਿਲਾਉਣ ਲਗਿਆ। ਜਦ ਤਕ ਅਤਰ ਸਿੰਘ ਵੀ ਆਪਣੇ ਇਕ ਹੋਰ ਸਿੱਖ ਸਾਥੀ ਨਾਲ ਪੁੱਜ ਗਿਆ। ਅੰਮ੍ਰਿਤ ਤਿਆਰ ਕਰਦੇ ਜਵੰਦ ਸਿੰਘ ਨਾਲ ਬਾਕੀ ਦੇ ਚਾਰ ਪਿਆਰੇ ਵੀ ਸ਼ਲੋਕ ਪੜ੍ਹਨ ਲਗੇ। ਮਹਾਂਰਾਜੇ ਨੇ ਇਸ਼ਨਾਨ ਕੀਤਾ ਤੇ ਲੰਮਾ ਸਾਰਾ ਕੱਛਾ ਪਾ ਕੇ ਚੌਂਕੜੀ ਮਾਰ ਕੇ ਬੈਠ ਗਿਆ। ਕਕਾਰਾਂ ਦਾ ਇੰਤਜ਼ਾਮ ਵੀ ਠਾਕੁਰ ਸਿੰਘ ਹਿੰਦੁਸਤਾਨ ਤੋਂ ਹੀ ਕਰ ਲਿਆਇਆ ਸੀ। ਅੰਮ੍ਰਿਤ ਤਿਆਰ ਕਰਨ ਤੋਂ ਬਾਅਦ ਪਹੁਲ ਦੀ ਰਸਮ ਸ਼ੁਰੂ ਹੋ ਗਈ। ਪੰਜ ਪਿਆਰੇ ਪਾਠ ਕਰਦੇ ਜਾ ਰਹੇ ਸਨ। ਠਾਕੁਰ ਸਿੰਘ ਨੇ ਮਹਾਂਰਾਜੇ ਦੇ ਗਲ਼ ਵਿਚ ਕਿਰਪਾਨ ਪਾਈ, ਸੱਜੀ ਬਾਂਹ ਵਿਚ ਮੋਟਾ ਲੋਹੇ ਦਾ ਕੜਾ ਚੜ੍ਹਾ ਦਿਤਾ, ਵਾਲਾਂ ਵਿਚ ਕੰਘ ਫਸਾਇਆ। ਫਿਰ ਉਸ ਨੇ ਅੰਮ੍ਰਿਤ ਵਾਲਾ ਬਾਟਾ ਚੁੱਕਿਆ, ਮਹਾਂਰਾਜੇ ਨੇ ਦੋਨਾਂ ਹੱਥਾਂ ਦਾ ਬੁੱਕ ਬਣਾਇਆ, ਠਾਕੁਰ ਸਿੰਘ ਨੇ ਅੰਮ੍ਰਿਤ ਉਸ ਦੇ ਬੁੱਕ ਵਿਚ ਪਾ ਦਿਤਾ, ਮਹਾਂਰਾਜੇ ਨੇ ਅੰਮ੍ਰਿਤ ਦਾ ਘੁੱਟ ਭਰ ਲਿਆ, ਫਿਰ ਠਾਕੁਰ ਸਿੰਘ ਨੇ ਅੰਮ੍ਰਿਤ ਦੇ ਕੁਝ ਛਿੱਟੇ ਮਹਾਂਰਾਜੇ ੳਪਰ ਮਾਰ ਦਿਤੇ। ਮਹਾਂਰਾਜਾ ਵੀ ਸਤਿਨਾਮ ਵਾਹਿਗੁਰੂ ਬੋਲਦਾ ਜਾ ਰਿਹਾ ਸੀ। ਠਾਕੁਰ ਸਿੰਘ ਨੇ ਮਹਾਂਰਾਜੇ ਨੂੰ ਫੜ ਕੇ ਖੜੋਂਦੇ ਕੀਤਾ ਤੇ ਕਿਹਾ,
ਅਜ ਤੋਂ ਤੁਸੀਂ ਮੁੜ ਸਾਡੇ ਸਿੱਖ ਹੋ, ਤੁਹਾਨੂੰ ਆਪਣੇ ਹਰ ਕੰਮ ਵਿਚ ਸਤਿਗੁਰੂ ਤੋਂ ਅਗਿਆ ਲੈਣੀ ਪਵੇਗੀ ਤੇ ਸਤਿਗੁਰੂ ਹਰ ਵੇਲੇ ਤੁਹਾਡੇ ਅੰਗਸੰਗ ਰਹੇਗਾ।
ਫਿਰ ਸਭ ਨੇ ਇਕ ਦੂਜੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਹਿਤ ਬੁਲਾਈ ਤੇ ਬੋਲੇ ਸੋ ਨਿਹਾਲ ਦੇ ਨਾਹਰਿਆਂ ਨਾਲ ਸਾਰੀ ਰੈਜੀਡੈਂਸੀ ਗੂੰਜ ਪਈ। ਜੇ ਕਿਸੇ ਨੂੰ ਪਤਾ ਨਾ ਹੁੰਦਾ ਕਿ ਇਹ ਪਹੁਲ ਦੀ ਰਸਮ ਪੂਰੀ ਹੋ ਰਹੀ ਹੈ ਤਾਂ ਸ਼ਾਇਦ ਏਨੇ ਸ਼ੋਰ ਨਾਲ ਭਗਦੜ ਹੀ ਮਚ ਜਾਂਦੀ। ਫਿਰ ਸਾਰਿਆਂ ਨੇ ਇਕ ਦੂਜੇ ਨੂੰ ਵਧਾਈਆਂ ਦਿਤੀਆਂ ਤੇ ਪ੍ਰਸ਼ਾਦ ਵੰਡਿਆ ਗਿਆ। ਮਹਾਂਰਾਜੇ ਦੀਆਂ ਅੱਖਾਂ ਵਿਚ ਖੁਸ਼ੀ ਦੇ ਹੰਝੂ ਸਨ। ਉਹ ਕੰਧ ਨਾਲ ਲੱਗੇ ਵੱਡੇ ਸ਼ੀਸ਼ੇ ਮੁਹਰੇ ਖੜ ਕੇ ਆਪਣਾ-ਆਪ ਦੇਖਣ ਲਗਿਆ। ਉਸ ਨੂੰ ਜਾਪ ਰਿਹਾ ਸੀ ਕਿ ਅਜ ਜਿੰਨਾ ਉਸ ਦਾ ਰੋਅਬ ਪਹਿਲਾਂ ਕਦੇ ਵੀ ਨਹੀਂ ਸੀ ਹੋਇਆ। ਫਿਰ ਲੰਗਰ ਦਾ ਇੰਤਜ਼ਾਮ ਵੀ ਕੀਤਾ ਹੋਇਆ ਸੀ। ਜਨਰਲ ਹੌਗ ਤੇ ਹੋਰ ਹਾਜ਼ਰ ਕਰਮਚਾਰੀਆਂ ਨੇ ਵੀ ਲੰਗਰ ਖਾਧਾ। ਅੰਗਰੇਜ਼ ਭਾਵੇਂ ਮਹਾਂਰਾਜੇ ਦੇ ਮੁੜ ਕੇ ਸਿੱਖ ਬਣਨ ਤੇ ਖੁਸ਼ ਨਹੀਂ ਸਨ ਪਰ ਸਾਰੀ ਰਸਮ ਨੂੰ ਬਹੁਤ ਧਿਆਨ ਨਾਲ ਦੇਖਦੇ ਰਹੇ। ਹੌਲੀ ਹੌਲੀ ਇਹ ਖ਼ਬਰ ਫੈਲਣ ਲਗੀ ਕਿ ਮਹਾਂਰਾਜਾ ਮੁੜ ਕੇ ਸਿੱਖ ਬਣ ਗਿਆ। ਸਿੱਖ ਕੌਮ ਦੇ ਲੋਕ ਇਕ ਦੂਜੇ ਨੂੰ ਵਧਾਈਆਂ ਦੇ ਰਹੇ ਸਨ। ਠਾਕੁਰ ਸਿੰਘ ਤੇ ਜਵੰਦ ਸਿੰਘ ਆਪਸ ਵਿਚ ਗੱਲਾਂ ਕਰਦੇ ਖੁਸ਼ ਹੋ ਰਹੇ ਸਨ ਕਿ ਇਸ ਖ਼ਬਰ ਦਾ ਪੰਜਾਬ ਵਿਚ ਬਹੁਤ ਭਰਵਾਂ ਸਵਾਗਤ ਹੋਵੇਗਾ, ਲੋਕ ਘਿਓ ਦੇ ਦੀਵੇ ਜਗਾਉਣਗੇ। ਪੰਜਾਬ ਨੂੰ ਮਹਾਂਰਾਜੇ ਦੇ ਅੰਮ੍ਰਿਤ ਛਕਣ ਦੀਆਂ ਖ਼ਬਰਾਂ ਭੇਜ ਦਿਤੀਆਂ ਗਈਆਂ। ਜਨਰਲ ਹੌਗ ਨੇ ਵੀ ਉਸੇ ਦਿਨ ਹੀ ਸਿ਼ਮਲੇ ਨੂੰ ਤਾਰ ਦਿੰਦਿਆਂ ਲਿਖਿਆ;
ਅਜ ਸਵੇਰੇ ਕਾਫੀ ਸਮਾਂ ਲਗਾ ਕੇ ਇਹ ਰਮਸ ਪੂਰੀ ਹੋਈ ਤੇ ਮਹਾਂਰਾਜਾ ਫਿਰ ਤੋਂ ਸਿੱਖ ਬਣਾ ਦਿਤਾ ਗਿਆ ਹੈ। ਮੈਂ ਇਸ ਰਸਮ ਸਮੇਂ ਹਾਜ਼ਰ ਨਹੀਂ ਸਾਂ ਤੇ ਨਾ ਹੀ ਕੋਈ ਹੋਰ ਅਧਿਕਾਰੀ ਪਰ ਅਸੀਂ ਨਜ਼ਦੀਕ ਹੀ ਸਾਂ, ਇਸ ਸਮੇਂ ਪੰਜ ਸਿਖ ਹਾਜ਼ਰ ਸਨ ਅਸੀਂ ਇਸ ਗੱਲ ਦਾ ਬਹੁਤ ਧਿਆਨ ਰੱਖਿਆ ਕਿ ਉਸ ਸਾਰੇ ਆਪਸ ਵਿਚ ਕੋਈ ਇਤਰਾਜ਼ਯੋਗ ਗੱਲ ਨਾ ਕਰਨ।
ਠਾਕੁਰ ਸਿੰਘ ਤੇ ਜਵੰਦ ਸਿੰਘ ਨੂੰ ਜਲਦੀ ਹੀ ਵਾਪਸ ਹਿੰਦੁਸਤਾਨ ਲਈ ਚਾੜ੍ਹ ਦਿਤਾ ਗਿਆ। ਜਿਹੜੇ ਦੋ ਸਿੱਖ ਹੋਰ ਸ਼ਾਮਲ ਹੋਏ ਸਨ ਉਹ ਮੁੜ ਕੇ ਮਹਾਂਰਾਜੇ ਨੂੰ ਮਿਲਣ ਆਏ ਤਾਂ ਮਿਲਣ ਨਾ ਦਿਤੇ ਗਏ। ਇਕ ਦਿਨ ਮਹਾਂਰਾਜਾ ਅਰੂੜ ਸਿੰਘ ਨੂੰ ਕਹਿਣ ਲਗਿਆ,
ਅਰੂੜ ਸਿੰਘ ਜੀ, ਹੁਣ ਸਾਡਾ ਨਿਸ਼ਾਨਾ ਇਕੱਲਾ ਪੰਜਾਬ ਨਹੀਂ ਪੂਰਾ ਹਿੰਦੁਸਤਾਨ ਹੀ ਅਜ਼ਾਦ ਕਰਾਉਣਾ ਏਂ। ਵੈਸੇ ਤਾਂ ਇਹ ਗੱਲ ਮੈਂ ਠਾਕੁਰ ਸਿੰਘ ਤੇ ਜਵੰਦ ਸਿੰਘ ਨਾਲ ਵੀ ਕਰ ਲਈ ਹੋਈ ਏ ਪਰ ਅਸੀਂ ਚਾਹੁੰਨੇ ਆਂ ਕਿ ਤੁਸੀਂ ਹਿੰਦੁਸਤਾਨ ਜਾਓ ਤੇ ਇਕ ਫਕੀਰ ਦੀ ਤਰ੍ਹਾਂ ਸਾਰੇ ਪੰਜਾਬ ਵਿਚ ਘੁੰਮੋਂ, ਲੋਕਾਂ ਨੂੰ ਯਕੀਨ ਦਵਾਓ ਕਿ ਅਸੀਂ ਜਲਦੀ ਹੀ ਵਾਪਸ ਆ ਰਹੇ ਆਂ, ਉਹਨਾਂ ਨੂੰ ਅੰਗਰੇਜ਼ਾਂ ਤੋਂ ਨਿਜਾਤ ਦੁਆ ਰਹੇ ਆਂ। ਤੁਸੀਂ ਹਿੰਦੁਸਤਾਨ ਦੇ ਰਾਜਿਆਂ ਤੇ ਰਾਜਕੁਮਾਰਾਂ ਨੂੰ ਵੀ ਮਿਲੋ ਤੇ ਉਹਨਾਂ ਦੀ ਹਮਦਰਦੀ ਜਿੱਤੋ, ਦੱਸੋ ਕਿ ਉਹ ਜਲਦੀ ਹੀ ਅਜ਼ਾਦ ਹੋ ਜਾਣਗੇ। ਇਹ ਠੀਕ ਏ ਕਿ ਠਾਕੁਰ ਸਿੰਘ ਇਕ ਲੱਖ ਰੁਪਏ ਲੈ ਆਏ ਨੇ ਪਰ ਇਹ ਕਾਫੀ ਨਹੀਂ ਹੋਣਗੇ, ਸਾਨੂੰ ਹਾਲੇ ਬਹੁਤ ਸਾਰੇ ਪੈਸਿਆਂ ਦੀ ਲੋੜ ਹੋਵੇਗੀ।
ਯੋਅਰ ਹਾਈਨੈੱਸ, ਮੈਂ ਤੁਹਾਨੂੰ ਛੱਡ ਕੇ ਹਿੰਦੁਸਤਾਨ ਕਿਵੇਂ ਜਾ ਸਕਦਾ ਹਾਂ। ਮੇਰੀ ਤਾਂ ਹੋਂਦ ਹੀ ਤੁਹਾਡੀ ਸੇਵਾ ਕਰਨ ਲਈ ਏ। ਮੈਂ ਆਪਣੇ ਆਪ ਨੂੰ ਤੁਹਾਡੇ ਤੋਂ ਦੂਰ ਦੇਖ ਹੀ ਨਹੀਂ ਸਕਦਾ। ਤੁਹਾਡੇ ਖਾਣ ਦਾ, ਪਹਿਨਣ ਦਾ ਵੀ ਤਾਂ ਧਿਆਨ ਰੱਖਣਾ ਹੋਇਆ। ਤੁਹਾਨੂੰ ਗੁਰਬਾਣੀ ਸੁਣਾਉਣ ਵਾਲਾ ਵੀ ਤਾਂ ਕੋਈ ਚਾਹੀਦਾ ਏ।
ਇਹ ਗੱਲਾਂ ਹੁਣ ਮੇਰੇ ਲਈ ਤੁੱਛ ਨੇ। ਮੈਂ ਹੁਣ ਪਹਿਲਾਂ ਵਾਲਾ ਅਯਾਸ਼ ਮਹਾਂਰਾਜਾ ਨਹੀਂ ਆਂ, ਮੈਂ ਹੁਣ ਫਕੀਰ ਮਹਾਂਰਾਜਾ ਹਾਂ ਜੋ ਅੰਗਰੇਜ਼ਾਂ ਤੋਂ ਹਿੰਦੁਸਤਾਨ ਦੀਆਂ ਗੁਲਾਮੀ ਦੀਆਂ ਜ਼ੰਜ਼ੀਰਾਂ ਤੋੜਨ ਲਈ ਬਚਨਬੱਧ ਏ।
ਮਹਾਂਰਾਜਾ ਜੀਓ, ਹੁਣ ਲੜ੍ਹਾਈ ਦਾ ਬਿਗਲ ਵੱਜ ਚੁੱਕਿਆ ਏ ਤੇ ਇਸ ਸਮੇਂ ਮੈਂ ਤੁਹਾਨੂੰ ਇਕੱਲੇ ਨਹੀਂ ਛੱਡ ਸਕਦਾ।
ਅਰੂੜ ਸਿੰਘ, ਤੁਹਾਡਾ ਹਿੰਦੁਸਤਾਨ ਜਾਣਾ ਵੀ ਇਸ ਲੜ੍ਹਾਈ ਦਾ ਹੀ ਹਿੱਸਾ ਏ। ਤੁਸੀਂ ਅਗਲੀ ਲੜ੍ਹਾਈ ਲਈ ਮੈਦਾਨ ਤਿਆਰ ਕਰੋਗੇ। ਫਿਰ ਸਾਡੇ ਲਈ ਤਾਂ ਬੰਬੇ ਬੈਠੇ ਕਰਮਚਾਰੀ ਵੀ ਪੁੱਜ ਹੀ ਜਾਣਗੇ।
ਮਹਾਂਰਾਜੇ ਦੇ ਜਿ਼ਆਦਾ ਕਹਿਣ ਤੇ ਅਰੂੜ ਸਿੰਘ ਹਿੰਦੁਸਤਾਨ ਜਾਣ ਦੀ ਤਿਆਰੀ ਕਰਨ ਲਗਿਆ। ਮਹਾਂਰਾਜੇ ਨੇ ਉਸ ਨੂੰ ਵੱਖ ਵੱਖ ਰਾਜਿਆਂ ਤੇ ਰਾਜਕੁਮਾਰਾਂ ਦੇ ਨਾਂ ਚਿੱਠੀਆਂ ਲਿਖ ਦਿਤੀਆਂ। ਹੋਰ ਲੋਕਾਂ ਨੂੰ ਵੀ ਸਹਾਇਤਾ ਲਈ ਨਿੱਜੀ ਸੁਨੇਹੇ ਭੇਜੇ।...
ਹੁਣ ਮਹਾਂਰਾਜੇ ਨੂੰ ਆਪਣੇ ਬਹੁਤੇ ਕੰਮ ਆਪ ਹੀ ਕਰਨੇ ਪੈਂਦੇ ਸਨ। ਹਿੰਦੁਸਤਾਨ ਤੋਂ ਕੋਈ ਵੀ ਕਰਮਚਾਰੀ ਉਸ ਲਈ ਨਹੀਂ ਸੀ ਪੁੱਜਿਆ। ਇਕ ਤਾਂ ਇਹਨਾਂ ਦਿਨਾਂ ਵਿਚ ਮਹਾਂਰਾਜਾ ਦਿਮਾਗੀ ਤੌਰ ਤੇ ਵੀ ਥਕਾਵਟ ਮਹਿਸੂਸ ਕਰ ਰਿਹਾ ਸੀ ਤੇ ਦੂਜੇ ਗਰਮੀ ਵੀ ਵਧ ਗਈ ਸੀ। ਮਹਾਂਰਾਜੇ ਦੀ ਸਿਹਤ ਅਸਵਸਥ ਹੋ ਗਈ। ਪਹੁਲ ਵਾਲੇ ਦਿਨ ਹੀ ਕਿੰਬਰਲੇ ਨੇ ਵੋਇਸਰਾਏ ਨੂੰ ਤਾਰ ਦਿਤੀ ਸੀ,
...ਇਹਨੂੰ ਅਦਨ ਦੀ ਗਰਮੀ ਵਿਚ ਉਬਲਦਾ ਰਹਿਣ ਦਿਓ ਪਰ ਏਹਨੂੰ ਮਰਨ ਵੀ ਨਹੀਂ ਦੇਣਾ ਚਾਹੀਦਾ।
ਅਖ਼ਬਾਰਾਂ ਵਾਲੇ ਮਹਾਂਰਾਜੇ ਦੀ ਸਥਿਤੀ ਬਾਰੇ ਲਤੀਫੇ ਘੜ ਰਹੇ ਸਨ। ਆਮ ਅੰਗਰੇਜ਼ ਲੋਕ ਵੀ ਮਹਾਂਰਾਜੇ ਨੂੰ ਛੁਟਿਆ ਕੇ ਦੇਖਦੇ ਸਨ। ਜੋ ਮਹਾਂਰਾਜੇ ਦੇ ਨਜ਼ਦੀਕ ਸਨ ਉਹ ਵੀ ਇਕ ਦੂਜੇ ਮਹਾਂਰਾਜੇ ਦੀ ਸਿਹਤ ਬਾਰੇ ਮਜ਼ਾਹੀਆਂ ਜਿਹੀਆਂ ਤਾਰਾਂ ਭੇਜ ਰਹੇ ਸਨ। ਮਹਾਂਰਾਜੇ ਦੀ ਡਿਗਦੀ ਸਿਹਤ ਨੂੰ ਦੇਖ ਕੇ ਹਿੰਦੁਸਤਾਨ ਦੀ ਸਰਕਾਰ ਜ਼ਰੂਰ ਡਰ ਗਈ। ਵੋਇਸਰਾਏ ਸੋਚ ਰਿਹਾ ਸੀ ਕਿ ਜੇ ਕਿਤੇ ਮਹਾਂਰਾਜਾ ਹਿਰਾਸਤ ਵਿਚ ਹੀ ਮਰ ਗਿਆ ਤਾਂ ਬਹੁਤ ਮੁਸ਼ਕਲ ਹੋ ਜਾਵੇਗੀ। ਸਿੱਖ ਤਾਂ ਉਹ ਬਣ ਹੀ ਚੁੱਕਿਆ ਸੀ ਤੇ ਜੇ ਮਰ ਗਿਆ ਤਾਂ ਲੋਕ ਉਸ ਨੂੰ ਸ਼ਹੀਦ ਬਣਾ ਦੇਣਗੇ ਤੇ ਉਸ ਦੀ ਪੂਜਾ ਹੋਣ ਲਗ ਪਵੇਗੀ। ਅੰਗਰੇਜ਼ਾਂ ਦੇ ਖਿਲਾਫ ਹਿੰਦੁਸਤਾਨੀਆਂ ਨੂੰ ਇਕੱਠੇ ਹੋਣ ਦਾ ਇਕ ਹੋਰ ਬਹਾਨਾ ਮਿਲ ਜਾਵੇਗਾ। ਮਹਾਂਰਾਜੇ ਦੇ ਮੁਆਇਨੇ ਲਈ ਡਾਕਟਰਾਂ ਦੀ ਇਕ ਟੀਮ ਨਿਯੁਕਤ ਕਰ ਦਿਤੀ ਗਈ। ਉਸ ਨੂੰ ਦਿਲ ਦੀ ਤਕਲੀਫ ਸੀ ਪਰ ਉਹ ਟਪਲੀਆਂ ਜਿਹੀਆਂ ਵੀ ਮਾਰਨ ਲਗਿਆ ਸੀ। ਜਨਰਲ ਹੌਗ ਨੂੰ ਆਪਣਾ ਹੀ ਫਿਕਰ ਪਿਆ ਹੋਇਆ ਸੀ। ਉਸ ਨੇ ਇਕ ਦਮ ਵੋਇਸਰਾਏ ਨੂੰ ਤਾਰ ਦੇ ਦਿਤੀ;
ਇਥੇ ਮੌਸਮ ਬਹੁਤ ਗਰਮ ਹੈ ਤੇ ਮਹਾਂਰਾਜਾ ਕਹਿ ਰਿਹਾ ਹੈ ਕਿ ਉਸ ਦੇ ਸਿਰ ਵਿਚ ਕੁਝ ਅਜੀਬ ਜਿਹਾ ਹੋ ਰਿਹਾ ਹੈ ਤੇ ਉਹ ਸੱਚ ਹੀ ਨਾ ਸਮਝ ਆਉਣ ਵਾਲੀਆਂ ਗੱਲਾਂ ਕਰ ਰਿਹਾ ਹੈ।
30 ਮਈ ਨੂੰ ਹੌਗ ਨੇ ਵੋਇਸਰਾਏ ਨੂੰ ਇਕ ਹੋਰ ਤਾਰ ਦਿਤੀ,
ਮਹਾਂਰਾਜਾ ਇੰਗਲੈਂਡ ਦੀ ਮਹਾਂਰਾਣੀ ਨੂੰ ਆਪਣੇ ਕੇਸ ਬਾਰੇ ਪਬਲਿਕ ਮੁਕੱਦਮਾ ਚਲਾਉਣ ਲਈ ਤਾਰ ਦੇਣੀ ਚਾਹੁੰਦਾ ਹੈ, ਕੀ ਇਜਾਜ਼ਤ ਦੇ ਦੇਵਾਂ?
ਪਰ ਮਹਾਂਰਾਜੇ ਨੇ ਆਪ ਹੀ ਮਹਾਂਰਾਣੀ ਨੂੰ ਪਹਿਲੀ ਜੂਨ ਨੂੰ ਤਾਰ ਦੇ ਦਿਤੀ,
ਮੇਰੇ ਉਪਰ ਗੱਦਾਰ ਹੋਣ ਦੇ ਇਲਜ਼ਾਮ ਲਾ ਕੇ ਮੈਨੂੰ ਕੈਦ ਕੀਤਾ ਗਿਆ ਹੈ, ਮੈਂ ਵੋਇਸਰਾਏ ਦੇ ਇਹਨਾਂ ਇਲਜ਼ਾਮਾਂ ਬਾਰੇ ਜਨਤਕ ਮੁਕੱਦਮਾ ਚਲਾਏ ਜਾਣ ਦੀ ਮੰਗ ਕਰਦਾ ਹਾਂ। ਯੋਅਰ ਮੈਜਿਸਟੀ, ਤੁਸੀਂ ਹਿੰਦੁਸਤਾਨ ਦੀ ਮਹਾਂਰਾਣੀ ਹੋ ਤੇ ਤੁਹਾਡੀ ਪਰਜਾ ਨਾਲ ਇਹ ਸਲੂਕ ਹੋਇਆ ਹੈ ਮੈਂ ਆਸ ਰਖਦਾ ਹਾਂ ਕਿ ਮੇਰੀ ਮੰਗ ਪੂਰੀ ਕੀਤੀ ਜਾਵੇਗੀ।
ਮਹਾਂਰਾਜੇ ਨੇ ਇਕ ਵੋਇਸਾਰਏ ਨੂੰ ਤਾਰੇ ਦਿਤੀ,
ਮੈਂ ਯੌਰਪ ਵਾਪਸ ਜਾ ਰਿਹਾ ਹਾਂ। ਜਾਂਚ ਵਾਲੇ ਸਾਰੇ ਪੇਪਰ ਇਕ ਪਾਸੇ ਰੱਖਦੇ ਹੋਏ ਸੰਧੀ ਹੇਠ ਮਿਲੇ ਆਪਣੇ ਸਾਰੇ ਸਟਾਈਪੰਡ ਪਹਿਲੀ ਜੁਲਾਈ ਤੋਂ ਛੱਡ ਰਿਹਾ ਹਾਂ।
ਮਹਾਂਰਾਜਾ ਹੁਣ ਪਹਿਲਾਂ ਵਾਂਗ ਪੈਸੇ ਪਿੱਛੇ ਨਹੀਂ ਸੀ ਜਾਣਾ ਚਾਹੁੰਦਾ। ਉਹ ਚਾਹੁੰਦਾ ਸੀ ਕਿ ਕੁਝ ਕਰ ਦਿਖਾਵੇ। ਅਜਿਹਾ ਕੁਝ ਕਿ ਅੰਗਰੇਜ਼ਾਂ ਨੂੰ ਸਬਕ ਸਿਖਾ ਸਕੇ। ਮਨ ਤਾਂ ਉਸ ਦਾ ਕਰਦਾ ਸੀ ਕਿ ਪਾਰਲੀਮੈਂਟ ਉਪਰ ਚੜ੍ਹਾਈ ਕਰ ਦੇਵੇ। ਆਪਣੇ ਸਾਰੇ ਵਿਰੋਧੀਆਂ ਨੂੰ ਚੁਣ ਚੁਣ ਕੇ ਉਹਨਾਂ ਤੋਂ ਬਦਲਾ ਲਵੇ। ਮਹਾਂਰਾਜੇ ਦੇ ਮੁੜ ਸਿੱਖ ਬਣਨ ਦੀ ਗੂੰਜ ਪਾਰਲੀਮੈਂਟ ਵਿਚ ਵੀ ਪੈਣ ਲਗੀ ਸੀ। ਵੈਸੇ ਤਾਂ ਪਾਰਲੀਮੈਂਟ ਵਿਚ ਮਹਾਂਰਾਜੇ ਨੂੰ ਲੈ ਕੇ ਕਈ ਵਾਰ ਸਵਾਲ ਪੁੱਛੇ ਜਾਂਦੇ ਸਨ ਤੇ ਮੌਕੇ ਦੀ ਸਰਕਾਰ ਹਰ ਵਾਰ ਇਹਨਾਂ ਸਵਾਲਾਂ ਦਾ ਗੋਲਮੋਲ ਜਵਾਬ ਦੇ ਦਿੰਦੀ ਸੀ ਪਰ ਹੁਣ ਇਕ ਐਮ. ਪੀ. ਨੇ ਵੱਖਰੇ ਕੋਨ ਤੋਂ ਸਵਾਲ ਪੁੱਛ ਮਾਰਿਆ। ਕਨਜ਼ਰਵਟਿਵ ਪਾਰਟੀ ਦਾ ਇਕ ਸਾਂਸਦ ਜੋ ਕਿ ਮਹਾਂਰਾਜੇ ਦਾ ਕਾਲਟਨ ਕਲੱਬ ਤੋਂ ਹੀ ਵਾਕਫ ਸੀ, ਪਾਰਲੀਮੈਂਟ ਵਿਚ ਸਵਾਲ ਕਰਨ ਲਗਿਆ ਕਿ ਕੀ ਸਰਕਾਰ ਹਰ ਮੈਜਿਸਟੀ ਦੀ ਗੋਲਡਨ ਜੁਬਲੀ ਦੀ ਸੁਰੱਖਿਆ ਨੂੰ ਲੈ ਕੇ ਮਹਾਂਰਾਜੇ ਤੋਂ ਕੋਈ ਖਤਰਾ ਦੇਖਦੀ ਹੈ। ਬਹੁਤੇ ਲੋਕਾਂ ਨੂੰ ਇਹ ਸਵਾਲ ਬੇਹੂਦਾ ਲਗ ਰਿਹਾ ਸੀ ਪਰ ਇਸ ਸਵਾਲ ਨੇ ਮਹਾਂਰਾਜੇ ਨੂੰ ਇੰਗਲੈਂਡ ਲਈ ਇਕ ਖਤਰਨਾਕ ਵਿਅਕਤੀ ਦੇ ਤੌਰ ਤੇ ਪੇਸ਼ ਕਰ ਦਿਤਾ ਸੀ। ਸਰਕਾਰ ਮਹਾਂਰਾਜੇ ਪ੍ਰਤੀ ਹੋਰ ਵੀ ਸਖਤ ਹੋ ਗਈ। ਇਕ ਅਖ਼ਬਾਰ ਨੇ ਤਾਂ ਇਥੋਂ ਤਕ ਲਿਖ ਦਿਤਾ ਕਿ ਮਹਾਂਰਾਜੇ ਮੁਆਫੀਆਂ ਦੇ ਦਾਇਰੇ ਤੋਂ ਬਹੁਤ ਬਾਹਰ ਨਿਕਲ ਚੁੱਕਿਆ ਹੈ।

(ਤਿਆਰੀ ਅਧੀਨ ਨਾਵਲ ਵਿਚੋਂ)

-0-

Home  |  About us  |  Troubleshoot Font  |  Feedback  |  Contact us

2007-11 Seerat.ca, Canada

Website Designed by Gurdeep Singh +91 98157 21346 9815721346