Welcome to Seerat.ca
Welcome to Seerat.ca

ਗ਼ਦਰੀ ਬਾਬੇ ਕੌਣ ਸਨ?

 

- ਵਰਿਆਮ ਸਿੰਘ ਸੰਧੂ

ਨਾਵਲ ਅੰਸ਼ / ਪਿੱਛਾ ਰਹਿ ਗਿਆ ਦੂਰ

 

- ਹਰਜੀਤ ਅਟਵਾਲ

ਮੌਤ ਦੇ ਪਰਛਾਵਿਆਂ ਹੇਠ

 

- ਜਰਨੈਲ ਸਿੰਘ ਕਹਾਣੀਕਾਰ

ਚਲੇ ਗਏ ਪਾਸ਼ ਦੇ ਪਾਪਾ, ਮੇਰੇ ਪਾਪਾ, ਸਾਡੇ ਪਾਪਾ

 

- ਗੁਲਸ਼ਨ ਦਿਆਲ

ਖਾਲੀ ਸੀਟ

 

- ਅਮਰਜੀਤ ਕੌਰ ਹਿਰਦੇ

ਪਿੰਡ ਚਕਰ ਦੀਆਂ ਕਿਆ ਬਾਤਾਂ!

 

- ਪ੍ਰਿੰ. ਬਲਕਾਰ ਸਿੰਘ ਬਾਜਵਾ

ਪਹਿਲੀ ਮੁਲਾਕਾਤ ਤੋਂ ਆਖਰੀ ਵਿਦਾਇਗੀ

 

- ਸੰਤੋਖ ਸਿੰਘ ਸੰਤੋਖ

ਪੰਜਾਬੀ ਸੂਬੇ ਦਾ ਜਿਉਂਦਾ ਜਾਗਦਾ ਇਤਿਹਾਸ
ਗਿਆਨੀ ਸੰਤੋਖ ਸਿੰਘ

 

- ਨਿਰਮਲ ਸਿੰਘ ਨੋਕਵਾਲ

ਸਾਹਿਤਕ ਸਵੈਜੀਵਨੀ / ਸੋਚ ਅਤੇ ਅਮਲ ਦੇ ਰਾਹ ‘ਤੇ ਪਹਿਲੇ ਕਦਮ

 

- ਵਰਿਆਮ ਸਿੰਘ ਸੰਧੂ

ਕਹਾਣੀ / ਅੰਨ੍ਹਾ !

 

- ਮਿੰਟੂ ਗੁਰੂਸਰੀਆ

ਆਪਣੀ ਹੀ ਕੁੱਲੀ

 

- ਮਲਕੀਅਤ "ਸੁਹਲ"

ਵਗਦੀ ਏ ਰਾਵੀ/ਨਨਕਾਣਾ ਸਾਹਿਬ ਦੇ ਗੁਰਧਾਮਾਂ ਦੇ ਦਰਸ਼ਨ ਦੀਦਾਰ

 

- ਵਰਿਆਮ ਸਿੰਘ ਸੰਧੂ

ਸਨ ਆਫ ਸਰਦਾਰ

 

- ਪੰਕਜਪਾਲ ਸਿੰਘ ਮੱਲੀ

ਤਿਆਰੀ ਅਧੀਨ ਪੁਸਤਕ ‘ਬਰਫ਼ ਵਿੱਚ ਉਗਦਿਆਂ’ ਵਿੱਚੋਂ / ਖੁਲ੍ਹ ਗਿਆ ਕਨੇਡਾ!!

 

- ਇਕਬਾਲ ਰਾਮੂਵਾਲੀਆ

 

Online Punjabi Magazine Seerat

ਗ਼ਦਰੀ ਬਾਬੇ ਕੌਣ ਸਨ?
- ਵਰਿਆਮ ਸਿੰਘ ਸੰਧੂ

 

ਦੇਖਣ, ਪੜ੍ਹਨ ਤੇ ਸੁਣਨ ਨੂੰ ਇਹ ਸਵਾਲ ਬੜਾ ਸਧਾਰਨ ਜਿਹਾ ਲਗਦਾ ਹੈ। ਜਵਾਬ ਵੀ ਬੜਾ ਸਾਫ਼ ਸਪੱਸ਼ਟ ਹੈ। ਗ਼ਦਰ ਪਾਰਟੀ ਦੇ ਇਤਿਹਾਸ ਬਾਰੇ ਮੁਢਲੀ ਜਿਹੀ ਜਾਣਕਾਰੀ ਰੱਖਣ ਵਾਲੇ ਵੀ ਜਾਣਦੇ ਹਨ ਕਿ ਅਸੀਂ ‘ਗ਼ਦਰੀ ਬਾਬੇ’ ਉਨ੍ਹਾਂ ਮਹਾਨ ਇਨਕਲਾਬੀ ਸੂਰਬੀਰਾਂ ਨੂੰ ਆਖਦੇ ਹਾਂ ਜਿਹੜੇ ਉੱਤਰੀ ਅਮਰੀਕਾ ਅਤੇ ਹੋਰ ਮੁਲਕਾਂ ਵਿਚ ਗਏ ਤਾਂ ਰੋਜ਼ੀ ਰੋਟੀ ਦੀ ਤਲਾਸ਼ ਤੇ ਚੰਗੇ ਜੀਵਨ ਦੀ ਭਾਲ ਵਿਚ ਸਨ ਪਰ ਬਾਹਰਲੇ ਮੁਲਕਾਂ ਵਿਚ ਜਾਣ ਨਾਲ ਉਹਨਾਂ ਦਾ ਦਿਸਹੱਦਾ ਵਿਸ਼ਾਲ ਹੋਇਆ, ਆਜ਼ਾਦੀ ਦੀ ਕੀਮਤ ਪਤਾ ਲੱਗੀ ਤੇ ਉਹ ਗੁਲਾਮੀ ਦਾ ਅਹਿਸਾਸ ਤੀਖ਼ਣ ਹੋ ਜਾਣ ਨਾਲ ਪੈਦਾ ਹੋਈ ਆਜ਼ਾਦੀ ਦੀ ਲਗਨ ਦੇ ਲੜ ਲੱਗੇ, ਆਪਣੀਆਂ ਜੀਵਨ ਭਰ ਦੀਆਂ ਕਮਾਈਆਂ, ਜ਼ਮੀਨਾਂ ਤੇ ਜਾਇਦਾਦਾਂ ਨੂੰ ਤਿਆਗ ਕੇ, 20ਵੀਂ ਸਦੀ ਦੇ ਦੂਜੇ ਦਹਾਕੇ ਵਿੱਚ ਦੇਸ਼ ਨੂੰ ਅਜ਼ਾਦ ਕਰਵਾਉਣ ਲਈ, ਹਥਿਆਰਬੰਦ ਇਨਕਲਾਬ ਕਰਨ ਵਾਸਤੇ ਹਿੰਦੁਸਤਾਨ ਨੂੰ ਇਸ ਲਈ ਧਾਈ ਕਰਕੇ ਪਰਤੇ ਸਨ ਕਿ ਉਹ ਆਪਣੇ ਦੇਸ਼ ਵਾਸੀਆਂ ਦੇ ਸਹਿਯੋਗ ਨਾਲ ਅਤੇ ਅੰਗਰੇਜ਼ੀ ਫੌਜ ਵਿਚ ਸ਼ਾਮਲ ਭਾਰਤੀ ਫੌਜੀਆਂ ਦੀ ਸਹਾਇਤਾ ਨਾਲ ‘ਗ਼ਦਰ’ ਕਰ ਕੇ ਦੇਸ਼ ਨੂੰ ਆਜ਼ਾਦ ਕਰਵਾ ਲੈਣਗੇ। ਕੁਝ ਵਿਸ਼ੇਸ਼ ਕਾਰਨਾਂ ਕਰਕੇ ਉਹ ਗ਼ਦਰ ਕਰਨ ਵਿੱਚ ਤਾਂ ਭਾਵੇਂ ਸਫ਼ਲਤਾ ਹਾਸਲ ਨਾ ਕਰ ਸਕੇ, ਪਰ ਉਨ੍ਹਾਂ ਵਲੋਂ ਕੀਤੀਆਂ ਕੁਰਬਾਨੀਆਂ, ਦਿੱਤੀਆਂ ਸ਼ਹੀਦੀਆਂ ਅਤੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਇਖ਼ਲਾਕੀ ਉੱਚਤਾ; ਉਹਨਾਂ ਦੇ ਸਿਦਕੀ, ਸਿਰੜ੍ਹੀ ਤੇ ਜੁਝਾਰੂ ਸੁਭਾਓ ਨੇ ਆਉਣ ਵਾਲੀਆਂ ਲਗਭਗ ਸਾਰੀਆਂ ਇਨਕਲਾਬੀਆਂ ਲਹਿਰਾਂ ਨੂੰ ਪ੍ਰਭਾਵਿਤ ਅਤੇ ਪ੍ਰੇਰਿਤ ਕੀਤਾ।
ਜਦੋਂ ਇਹ ਲੋਕ ਅਮਰੀਕਾ, ਕੈਨੇਡਾ ਅਤੇ ਹੋਰ ਮੁਲਕਾਂ ਤੋਂ ਦੇਸ਼ ਨੂੰ ਅਜ਼ਾਦ ਕਰਨ ਦੀ ਤਾਂਘ ਲੈ ਕੇ ਆਏ ਸਨ ਤਾਂ ਇਨ੍ਹਾਂ ਵਿੱਚੋਂ ਬਹੁਤੇ ਆਪਣੀਆਂ ਜਵਾਨੀਆਂ ਦੇ ਸਿਖ਼ਰਲੇ ਪਲਾਂ ਨੂੰ ਹੰਢਾ ਰਹੇ ਸਨ। ਇਨ੍ਹਾਂ ਵਿਚੋਂ ਜਿਹੜੇ ਤਾਂ ਸ਼ਹੀਦ ਹੋ ਗਏ ਉਹ ਤਾਂ ਕਰਤਾਰ ਸਿੰਘ ਸਰਾਭੇ ਵਾਂਗ ਸਦਾ ਬਹਾਰ ਜੁਆਨਾਂ ਵਾਂਗ ਲੋਕਾਂ ਦੇ ਚੇਤਿਆਂ ਵਿੱਚ ਅੰਕਿਤ ਹੋ ਗਏ ਪਰ ਜਿਨ੍ਹਾਂ ਨੂੰ ਉਮਰ ਕੈਦ, ਕਾਲੇ ਪਾਣੀ ਅਤੇ ਜਾਇਦਾਦ ਜ਼ਬਤੀ ਦੀਆਂ ਲੰਮੀਆਂ ਸਜ਼ਾਵਾਂ ਭੁਗਤਣੀਆਂ ਪਈਆਂ, ਉਨ੍ਹਾਂ ਦੀ ਜਵਾਨੀ ਤੇ ਤਾਕਤ ਜੇਲ੍ਹਾਂ ਦੀਆਂ ਹਨੇਰੀਆਂ ਕਾਲ ਕੋਠੜੀਆਂ ਨੇ ਖਾ ਲਈ। ਪੰਦਰਾਂ-ਪੰਦਰਾਂ, ਵੀਹ-ਵੀਹ ਸਾਲ ਦੀਆਂ ਲੰਮੀਆਂ ਕੈਦਾਂ ਭੋਗ ਕੇ ਜਦੋਂ ਉਹ ਜੇਲ੍ਹਾਂ ਵਿੱਚੋਂ ਬਾਹਰ ਆਏ ਤਾਂ ਉਹਨਾਂ ਦੀ ਜਵਾਨੀ ਦੇ ਦਿਨ ਬੀਤ ਚੁੱਕੇ ਸਨ। ਵਾਲਾਂ ਵਿਚ ਚਾਂਦੀ ਰੰਗੀਆਂ ਤਾਰਾਂ ਚਮਕਣ ਲੱਗ ਪਈਆਂ ਸਨ। ਉਹ ਭਰ ਜਵਾਨ ਗੱਭਰੂਆਂ ਤੋਂ ‘ਬਾਬੇ’ ਬਣ ਗਏ ਸਨ। ਜੇਲ੍ਹਾਂ ਨੇ ਨਿਸ਼ਚੈ ਹੀ ਉਹਨਾਂ ਦੀ ਸਰੀਰਕ ਤਾਕਤ ਨੂੰ ਖੀਣ ਕਰ ਦਿੱਤਾ ਸੀ ਪਰ ਉਨ੍ਹਾਂ ਦਾ ਜੇਰਾ, ਲਗਨ ਅਤੇ ਆਪਣੇ ਦੇਸ਼ ਦੇ ਲੋਕਾਂ ਲਈ ਸਮਰਪਣ ਭਾਵਨਾ ਅਜੇ ਵੀ ਸੂਹੀ ਲਾਟ ਵਾਂਗ ਲਟ ਲਟ ਬਲਦੀ ਪਈ ਸੀ। ਉਨ੍ਹਾਂ ਨੇ ਉਤਰਕਾਲੀ ਇਨਕਲਾਬੀ ਲਹਿਰਾਂ ਵਿੱਚ ਸਰਗਰਮ ਨੌਜਵਾਨਾਂ ਲਈ ਆਦਰਸ਼ ਵਿਅਕਤੀਆਂ ਵਜੋਂ ਪ੍ਰੇਰਿਕ ਦਾ ਰੋਲ ਵੀ ਨਿਭਾਇਆ। ਇਸੇ ਕਰਕੇ ਉਹਨਾਂ ਤੋਂ ਪਿਛਲੀਆਂ ਇਨਕਲਾਬੀ ਲਹਿਰਾਂ ਦੇ ਆਗੂ ਤੇ ਕਾਰਕੁਨ ਉਨ੍ਹਾਂ ਨੂੰ ਸਤਿਕਾਰ ਨਾਲ ‘ਗ਼ਦਰੀ ਬਾਬੇ’ ਆਖਣ ਲੱਗ ਪਏ।
ਗ਼ਦਰੀ ਬਾਬੇ ਕੌਣ ਸਨ? ਦਾ ਜੁਆਬ ਦਿੰਦਿਆਂ ਅਸੀਂ ਸਿਰਫ਼ ਉਨ੍ਹਾਂ ਦੀ ਸਰੀਰਕ ਜਾਂ ਭੌਤਿਕ ਦਿੱਖ ਦਾ ਹੀ ਜ਼ਿਕਰ ਕਰ ਰਹੇ ਹਾਂ ਪਰ ਇਸ ਸਾਦਾ ਜਿਹੇ ਸਵਾਲ ਪਿੱਛੇ ਪਈ ਗੁੰਝਲ ਦੀਆਂ ਤੰਦਾਂ ਖੋਲ੍ਹਣ ਲਈ ਸਾਨੂੰ ਕੁਝ ਹੋਰ ਸੁਆਲਾਂ ਨਾਲ ਵੀ ਸੰਵਾਦ ਰਚਾਉਣਾ ਪਵੇਗਾ, ਜਿਨ੍ਹਾਂ ਦਾ ਜੁਆਬ ਲੱਭ ਕੇ ਹੀ ਅਸੀਂ ਉਨ੍ਹਾਂ ਮਹਾਨ ਬਾਬਿਆਂ ਦੀ ਕਿਰਤ ਕਮਾਈ, ਇਨਕਲਾਬੀਅਤ ਅਤੇ ਦੇਸ਼ ਲਈ ਉਹਨਾਂ ਦੀ ਦੇਣ ਬਾਰੇ ਇਕ ਸਪੱਸ਼ਟ ਮੱਤ ਬਣਾ ਸਕਣ ਦੇ ਸਮੱਰਥ ਹੋਵਾਂਗੇ।
ਗ਼ਦਰੀ ਬਾਬਿਆਂ ਦੀ ਹੋਂਦ, ਹਸਤੀ ਅਤੇ ਵਿਚਾਰਧਾਰਾ ਬਾਰੇ ਸ਼ੁਰੂ ਤੋਂ ਹੀ ਕਈ ਸਵਾਲੀਆਂ ਨਿਸ਼ਾਨ ਲਗਦੇ ਰਹੇ ਨੇ। ਇਨ੍ਹਾਂ ਸਵਾਲਾਂ ਦਾ ਜਵਾਬ ਤਲਾਸ਼ਣਾ ਅਤੇ ਗ਼ਦਰ ਪਾਰਟੀ ਲਹਿਰ ਦਾ ਅਸਲੀ ਸਰੂਪ ਅਤੇ ਨੈਣ ਨਕਸ਼ ਉਜਾਗਰ ਕਰਨੇ ਸਾਡਾ, ਉਨ੍ਹਾਂ ਦੇ ਵਾਰਸਾਂ ਦਾ, ਲਾਜ਼ਮੀ ਫ਼ਰਜ਼ ਬਣਦਾ ਹੈ।
ਜਦੋਂ ਵੀ ਕੋਈ ਇਨਕਲਾਬੀ ਲਹਿਰ ਚੱਲਦੀ ਹੈ ਤਾਂ ਹਾਕਮ ਧਿਰਾਂ ਇਨਕਲਾਬੀ ਧਿਰਾਂ ਬਾਰੇ ਵੱਖ ਵੱਖ ਤਰ੍ਹਾਂ ਦੇ ਭਰਮ-ਭੁਲੇਖੇ ਪਾ ਕੇ ੳਹਨਾਂ ਦੇ ਕਿਰਦਾਰ, ਸਿਧਾਂਤ ਅਤੇ ਉਦੇਸ਼ ਨੂੰ ਪ੍ਰਦੂਸ਼ਤ ਕਰ ਦਿੰਦੀਆਂ ਹਨ। ਉਹਨਾਂ ਦਾ ਮਕਸਦ ਹੁੰਦਾ ਹੈ ਕਿ ਇਨਕਲਾਬੀ ਲਹਿਰ ਦੇ ਅਕਸ ਨੂੰ ਆਮ ਲੋਕਾਂ ਦੀਆਂ ਨਜ਼ਰਾਂ ਵਿਚ ਧੁੰਦਲਾ ਅਤੇ ਗੰਧਲਾ ਕਰ ਦਿੱਤਾ ਜਾਵੇ ਤਾਕਿ ਲੋਕਾਈ ਉਹਨਾਂ ਤੋਂ ਇੱਕ ਵਿੱਥ ਹੀ ਨਾ ਥਾਪ ਲਵੇ ਸਗੋਂ ਉਹਨਾਂ ਦੇ ਵਿਰੋਧ ਵਿਚ ਸਰਕਾਰੀ ਧਿਰ ਦਾ ਸਾਥ ਵੀ ਦੇਵੇ। ਗ਼ਦਰ ਪਾਰਟੀ ਦੇ ਇਤਿਹਾਸ ਨਾਲ ਵੀ ਇਹੋ ਕਾਰਾ ਹੋਇਆ। ਇਸ ਇਤਿਹਾਸ ਨੂੰ ਵੱਖ ਵੱਖ ਤਰੀਕਿਆਂ ਨਾਲ ਵੱਖ ਵੱਖ ਧਿਰਾਂ ਵੱਲੋਂ ਵਿਰੂਪਤ ਕੀਤਾ ਗਿਆ ਤੇ ਕੀਤਾ ਜਾ ਰਿਹਾ ਹੈ। ਇਹੋ ਕਾਰਨ ਹੈ ਕਿ ਇਸ ਇਤਿਹਾਸ ਨੂੰ ਦੇਸ਼ ਦੀ ਆਜ਼ਾਦੀ ਦੇ ਇਤਿਹਾਸ ਵਿਚ ਨਾ ਤਾਂ ਲੋੜੀਂਦੀ ਜਾਂ ਬਣਦੀ ਥਾਂ ਤੇ ਮਾਨਤਾ ਦਿੱਤੀ ਗਈ ਅਤੇ ਨਾ ਹੀ ਇਸਨੂੰ ਆਮ ਲੋਕ-ਚੇਤਨਾ ਦਾ ਹਿੱਸਾ ਬਣਨ ਦਿੱਤਾ ਗਿਆ। ਇਹ ਇਤਿਹਾਸ ਅਜੇ ਤੱਕ ਵੀ ਹਾਸ਼ੀਏ ‘ਤੇ ਪਿਆ ਆਪਣੇ ਅਸਲ ਵਾਰਸਾਂ ਕੋਲੋਂ ਆਪਣੀ ਅਸਲੀ ਪਛਾਣ ਮੰਗਣ ਲਈ ਤਰਲੋ-ਮੱਛੀ ਹੋ ਰਿਹਾ ਹੈ।


-0-
ਕੀ ਗ਼ਦਰੀ ਬਾਬੇ ਡਾਕੂ, ਕਾਤਲ ਅਤੇ ਲੁਟੇਰੇ ਸਨ?

ਗ਼ਦਰ ਲਹਿਰ ਦੇ ਇਤਿਹਾਸ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਰੱਖਣ ਵਾਲੇ ਲੋਕ ਜਾਣਦੇ ਹਨ ਕਿ ਅੰਗਰੇਜ਼ ਹਕੂਮਤ ਨੇ ਗ਼ਦਰੀਆਂ ਨੂੰ ਲੋਕਾਂ ਦੀਆਂ ਨਜ਼ਰਾਂ ਵਿਚੋਂ ਡੇਗਣ ਲਈ ਬੜੇ ਸੁਚੇਤ ਅਤੇ ਸੂਖ਼ਮ ਰੂਪ ਵਿਚ ਅਜਿਹਾ ਪਰਚਾਰ ਕੀਤਾ ਸੀ ਕਿ ਅਮਰੀਕਾ-ਕਨੇਡਾ ਤੋਂ ਇਨਕਲਾਬ ਕਰਨ ਆਏ ਇਹ ਮਰਜੀਵੜੇ ਇਨਕਲਾਬੀ ਨਹੀਂ ਸਗੋਂ ਡਾਕੂ, ਕਾਤਲ ਅਤੇ ਲੁਟੇਰੇ ਸਨ। ਸੋ ਸਾਡੇ ਨਜਿੱਠਣ ਵਾਲਾ ਪਹਿਲਾ ਸਵਾਲ ਇਹੋ ਹੈ ਕਿ ਕੀ ਗ਼ਦਰੀ ਬਾਬੇ ਸਥਾਪਤ ਹਕੂਮਤ ਵਲੋਂ ਕੀਤੇ ਪਰਚਾਰ ਮੁਤਾਬਕ ਵਾਕਿਆ ਈ ਡਾਕੂ, ਕਾਤਲ ਅਤੇ ਲੁਟੇਰੇ ਸਨ ਜਾਂ ਇਹ ਉਹਨਾਂ ਦੀ ਗ਼ਦਰੀਆਂ ਨੂੰ ਆਮ ਲੋਕਾਂ ਵਿੱਚ ਬਦਨਾਮ ਕਰਨ ਦੀ ਗਿਣੀ ਮਿਥੀ ਯੋਜਨਾ ਸੀ?
ਇਸ ਪ੍ਰਸੰਗ ਵਿੱਚ ਮੈਂ ਕੁਝ ਨਿੱਜੀ ਪਰ ਪ੍ਰਮਾਣਿਕ ਉਦਾਹਰਣਾਂ ਦੇ ਕੇ ਆਪਣੀ ਗੱਲ ਸਾਫ਼ ਕਰਨਾ ਚਾਹੁੰਦਾ ਹਾਂ। ਮੇਰਾ ਪਿੰਡ ਸੁਰ ਸਿੰਘ ਪੁਰਾਣੇ ਜ਼ਿਲ੍ਹੇ ਲਾਹੌਰ ਦਾ ਉਹ ਪ੍ਰਸਿੱਧ ਨਗਰ ਹੈ ਜਿਸ ਨੂੰ ਗ਼ਦਰ ਲਹਿਰ ਨੂੰ ਸਭ ਤੋਂ ਵੱਧ ਸੂਰਮੇ, ਆਗੂ ਤੇ ਵਰਕਰ ਦੇਣ ਦਾ ਮਾਣ ਹਾਸਲ ਹੈ। ਪੁਰਾਣੀਆਂ ਗ਼ਦਰ ਡਾਇਰੈਕਟਰੀਆਂ ਦੇ ਹਵਾਲੇ ਦੱਸਦੇ ਹਨ ਕਿ ਸਾਰੇ ਦੇਸ਼ ਵਿਚੋਂ ਸਭ ਤੋਂ ਵੱਧ ਗਿਣਤੀ ਵਿੱਚ ਸਰਗਰਮ ਗ਼ਦਰੀ ਸੁਰ ਸਿੰਘ ਪਿੰਡ ਨਾਲ ਸਬੰਧਤ ਸਨ। ਇਨ੍ਹਾਂ ਵਿੱਚੋਂ ਦੋ ਗ਼ਦਰੀ ਤਾਂ ਗ਼ਦਰ ਲਹਿਰ ਵਿੱਚ ਪ੍ਰਮੁੱਖ ਆਗੂ ਰੋਲ ਨਿਭਾਉਣ ਵਾਲੇ ਸਨ। ਜਗਤ ਸਿੰਘ ਕੈਨੇਡਾ ਵਿੱਚ ਹੀ ਗ਼ਦਰ ਲਹਿਰ ਨਾਲ ਜੁੜ ਗਿਆ ਸੀ। ਅੰਗਰੇਜ਼ ਹਕੂਮਤ ਦੇ ਸੂਹੀਏ ਹਾਪਕਿਨਸਨ ਅਤੇ ਉਸਦੇ ਸਹਾਇਕ ਬੇਲਾ ਸਿੰਘ ਦੀ ਜੁੰਡਲੀ ਦੇ ਸਾਥੀ ਹਰਨਾਮ ਸਿੰਘ ਦਾ, ਪਾਰਟੀ ਦੇ ਫ਼ੈਸਲੇ ਅਨੁਸਾਰ, ਉਸਨੇ ਹੀ ਸਫ਼ਾਇਆ ਕੀਤਾ ਸੀ। ਭਾਰਤ ਆ ਕੇ ਵੀ ਉਹ ਲਗਾਤਾਰ ਲਹਿਰ ਵਿਚ ਸਰਗਰਮ ਰਿਹਾ। ਮਾਝੇ ਵਿੱਚ ਤਾਂ ਉਹ ਆਪਣੇ ਗਿਰਾਈਂ ਪ੍ਰੇਮ ਸਿੰਘ ਅਤੇ ਹੋਰ ਸਾਥੀਆਂ ਦੇ ਸੰਗ-ਸਾਥ ਵਿੱਚ ਗ਼ਦਰ ਲਹਿਰ ਨੂੰ ਉਸਾਰਨ, ਪ੍ਰਸਾਰਨ ਅਤੇ ਪ੍ਰਚਾਰਨ ਵਿੱਚ ਆਗੂ ਰੋਲ ਨਿਭਾਉਂਦਾ ਰਿਹਾ। ਮੀਆਂ ਮੀਰ ਦੀ ਛਾਉਣੀ ‘ਤੇ ਹਮਲਾ ਕਰਨ ਵਾਲੀ ਟੀਮ ਤਿਆਰ ਕਰਨ ਵਾਲੇ ਦੋਵੇਂ ਮੁੱਖ ਆਗੂ ਜਗਤ ਸਿੰਘ ਅਤੇ ਪ੍ਰੇਮ ਸਿੰਘ ਸੁਰ ਸਿੰਘ ਦੇ ਹੀ ਸਨ। ਜਗਤ ਸਿੰਘ ਤਾਂ ਪਹਿਲੇ ਲਾਹੌਰ ਸਾਜ਼ਿਸ਼ ਕੇਸ ਵਿੱਚ ਕਰਤਾਰ ਸਿੰਘ ਸਰਾਭੇ ਸਮੇਤ 7 ਸੂਰਬੀਰਾਂ ਨਾਲ ਫਾਂਸੀ ਦਾ ਰੱਸਾ ਚੁੰਮ ਗਿਆ ਸੀ ਜਦ ਕਿ ਪ੍ਰੇਮ ਸਿੰਘ ਗ਼ਦਰ ਦੇ ਫੇਲ੍ਹ ਹੋਣ ਤੋਂ ਪਹਿਲਾਂ ਵੀ ਅਤੇ ਪਿਛੋਂ ਵੀ ਲਗਾਤਾਰ ਲਹਿਰ ਨੂੰ ਉਸਾਰਨ ਵਿੱਚ ਜੁਟਿਆ ਰਿਹਾ। ਜਦੋਂ ਉਸ ਦੇ ਬਹੁਤੇ ਸਾਥੀ ਫੜ ਲਏ ਗਏ ਜਾਂ ਨਜ਼ਰਬੰਦ ਕਰ ਦਿੱਤੇ ਗਏ ਅਤੇ ਕੁਝ ਘਰਾਂ ਵਿੱਚ ਵੀ ਬੈਠ ਗਏ ਤਾਂ ਉਹ ਉਸ ਸਮੇਂ ਵੀ ਪਾਰਟੀ ਨੂੰ ਮੁੜ ਉਸਾਰਨ ਲਈ ਸਿਰ ‘ਤੇ ਕਫ਼ਨ ਬੰਨ੍ਹ ਕੇ ਮੈਦਾਨ ਵਿੱਚ ਜੂਝਦਾ ਰਿਹਾ। ਸੀ.ਆਈ.ਡੀ. ਦੇ ਅਫ਼ਸਰ ਆਈਸਮੌਂਗਰ ਅਤੇ ਸਲੈਟਰੀ ਉਸ ਬਾਰੇ ਲਿਖਦੇ ਹਨ, “ਪ੍ਰੇਮ ਸਿੰਘ ਤਲੀ ‘ਤੇ ਸਿਰ ਰੱਖੀ ਫਿਰਦਾ ਬੰਦਾ ਸੀ। ਉਹ ਸਰਕਾਰ ਦੇ ਖਿ਼ਲਾਫ਼ ਬੇਅੰਤ ਕੀਨਾ ਰੱਖਦਾ ਸੀ। ਭਾਵੇਂ ਉਸਦੇ ਲੀਡਰ ਤੇ ਨਾਲ ਦੇ ਸਾਥੀ ਫੜੇ ਗਏ ਜਾਂ ਘਰੀਂ ਬੈਠ ਗਏ ਸਨ, ਪਰ ਉਹ ਆਪਣੇ ਤੌਰ ਤਰੀਕਿਆਂ ਵਿਚ ਦ੍ਰਿੜ੍ਹਤਾ ਨਾਲ ਡਟਿਆ ਰਿਹਾ।’1
ਜਦੋਂ ਮੈਨੂੰ ਆਪਣੀ ਚੜ੍ਹਦੀ ਜਵਾਨੀ ਦੇ ਦਿਨਾਂ ਵਿੱਚ ਇਨ੍ਹਾਂ ਸ਼ਹੀਦਾਂ ਦੀ ਕੁਰਬਾਨੀ ਦਾ ਪਤਾ ਚਲਿਆ ਤਾਂ ਮੇਰਾ ਮਨ ਮਾਣ ਨਾਲ ਭਰ ਗਿਆ। ਮੇਰੇ ਇਸ ਪਿੰਡ ਨੇ ਕਿੰਨੇ ਵੱਡੇ ਸ਼ਹੀਦ ਸੂਰਮੇ ਪੈਦਾ ਕੀਤੇ ਸਨ। ਜਦੋਂ ਮੈਂ ਚਾਅ-ਚਾਅ ਵਿੱਚ ਆਪਣੇ ਬਾਬੇ ਨੂੰ ਜਗਤ ਸਿੰਘ ਅਤੇ ਪ੍ਰੇਮ ਸਿੰਘ ਬਾਰੇ ਪੁੱਛਿਆ ਤਾਂ ਉਸ ਦਾ ਉਤਰ ਸੀ,‘‘ਆਹੋ! ਜਗ ਸਿਹੁੰ, ਆਪਣਾ ਲਹੀਆਂ ਦੀ ਪੱਤੀ ਵਾਲਾ? ਉਹ ਸਾਡਾ ਹੀ ਹਾਣੀ ਸੀ। ਪ੍ਰੇਮ ਸਿੰਘ ਤਾਂ ਆਪਣੇ ਸਕਿਆਂ ਵਿੱਚੋਂ ਸੀ, ਆਪਣੇ ਮਿਤ ਸਿਹੁੰ ਦਾ ਭਰਾ। ਆਪਣੇ ਘਰ ਆਉਂਦਾ ਹੁੰਦਾ ਮਿਤ ਸੁੰਹ, ਤੂੰ ਚੰਗੀ ਤਰ੍ਹਾਂ ਜਾਣਦਾ ਏਂ ਉਹਨੂੰ। ਇਹ ਸਾਰੇ ਉਧਰੋਂ ਕੈਨੇਡਾ-ਕੁਨੂਡਾ ਵਲੋਂ ਆਏ ਸਨ। ਇਨ੍ਹਾਂ ਨੇ ਇਧਰ ਆ ਕੇ ਡਾਕੇ-ਡੂਕੇ ਮਾਰੇ ਸੀ, ਫਿਰ ਫੜੇ ਗਏ ਤੇ ਫਾਹੇ ਲੱਗ ਗਏ। ਆਪਣੇ ਟੱਬਰ ‘ਚੋਂ ਕਾਲਾ ਸੁੰਹ ਅਟਾਰੀ ਵਾਲੇ, ਚੰਨੇ ‘ਸੇਠ’ ਦੇ ਪਿਉ, ਨੂੰ ਕਾਲੇ ਪਾਣੀ ਘੱਲਿਆ ਸੀ।‘‘
ਕਾਲਾ ਸਿੰਘ ਸਾਡੇ ਪੱਤੀ ਅੰਦਰਲੇ ਘਰਾਂ ਵਿਚ ਅਸਲੋਂ ਨੇੜਲਾ ਗਵਾਂਢੀ ਹੁੰਦਾ ਸੀ ਤੇ ਕੁਝ ਪੀੜ੍ਹੀਆਂ ਉਤਾਂਹ ਜਾ ਕੇ ਸਾਡੇ ਆਪਣੇ ਟੱਬਰ ਦਾ ਹੀ ਹਿੱਸਾ ਸੀ। ਉਹਨੂੰ ਉਮਰ ਕੈਦ, ਜਾਇਦਾਦ ਜ਼ਬਤੀ ਤੇ ਕਾਲੇ ਪਾਣੀ ਦੀ ਸਜ਼ਾ ਹੋਈ ਸੀ। ਕਾਮਾਗਾਟਾ ਮਾਰੂ ਜਹਾਜ਼ ਵਿਚ ਗ੍ਰੰਥੀ ਦੀ ਸੇਵਾ ਨਿਭਾਉਣ ਵਾਲਾ ਬਾਬਾ ਸੁੱਚਾ ਸਿੰਘ ਵੀ ਮੇਰੀ ਪੱਤੀ ਦਾ ਸੀ ਤੇ ਬਜਬਜ ਘਾਟ ‘ਤੇ ਉਹਦੀ ਲੱਤ ‘ਤੇ ਲੱਗੀ ਗੋਲੀ ਦਾ ਨਿਸ਼ਾਨ ਮੈਂ ਖੁਦ ਵੇਖਿਆ ਸੀ।
ਮੈਨੂੰ ਬੜਾ ਦੁੱਖ ਅਤੇ ਹੈਰਾਨੀ ਹੋਈ ਕਿ ਦੇਸ਼ ਲਈ ਜਾਨ ਕੁਰਬਾਨ ਕਰਨ ਵਾਲੇ ਇਨ੍ਹਾਂ ਮਹਾਨ ਸ਼ਹੀਦਾਂ ਨੂੰ ਲੋਕ ਚੇਤਨਾ ਵਿੱਚ ਡਾਕੂ ਅਤੇ ਕਾਤਿਲ ਬਣਾ ਕੇ ਧਰ ਦਿੱਤਾ ਗਿਆ ਸੀ। ਉਨ੍ਹਾਂ ਦੇ ਆਪਣੇ ਪਿੰਡ ਦੇ ਹਾਣੀ ਤੇ ਸਮਕਾਲੀ ਉਨ੍ਹਾਂ ਦੀਆਂ ਦੇਸ਼ ਲਈ ਕੀਤੀਆਂ ਕੁਰਬਾਨੀਆਂ ਤੋਂ ਅਣਜਾਣ ਸਨ ਤੇ ਉਨ੍ਹਾਂ ਦੇ ਪ੍ਰਸੰਸਕ ਹੋਣ ਦੀ ਬਜਾਏ, ਉਨ੍ਹਾਂ ਨੂੰ ਡਾਕੂ ਅਤੇ ਕਾਤਿਲ ਜਿਹੇ ਨਾਂਹਵਾਚਕ ਵਿਸ਼ੇਸ਼ਣਾ ਨਾਲ ਯਾਦ ਕਰ ਰਹੇ ਸਨ। ਇਹ ਸਮਝ ਤਾਂ ਬਾਅਦ ਵਿਚ ਆਈ ਕਿ ਇਸ ਵਿੱਚ ਆਮ ਲੋਕਾਂ ਦਾ ਕੋਈ ਕਸੂਰ ਨਹੀਂ ਸੀ; ਮੇਰੇ ਬਾਬੇ ਦਾ ਵੀ ਨਹੀਂ। ਇਹ ਸਾਰਾ ਕੁਝ ਤਾਂ ਸਥਾਪਿਤ ਹਕੂਮਤ ਨੇ ਏਨੇ ਵਿਆਪਕ ਪੱਧਰ ‘ਤੇ ਪ੍ਰਚਾਰਤ ਕਰ ਦਿੱਤਾ ਸੀ ਕਿ ਗ਼ਦਰੀ ਯੋਧਿਆਂ ਦੀ ਇਨਕਲਾਬੀਅਤ ਵਿਰੂਪਤ ਹੋ ਕੇ ਰਹਿ ਗਈ। ਜੇ ਇਥੋਂ ਦੇ ਆਮ ਲੋਕ ਆਪਣੇ ਉਨ੍ਹਾਂ ਸੂਰਬੀਰ ਦੇਸ਼ ਭਗਤਾਂ ਦੇ ਉਦੇਸ਼ ਨੂੰ ਸਮਝਦੇ ਤੇ ਉਨ੍ਹਾਂ ਦਾ ਸਾਥ ਦਿੰਦੇ ਤਾਂ ਅੰਗਰੇਜ਼ ਹਕੂਮਤ ਲਈ ਵੱਖਰੀ ਤਰ੍ਹਾਂ ਦਾ ਸਿਆਪਾ ਖੜ੍ਹਾ ਹੋ ਜਾਣਾ ਸੀ।
ਜਿੱਥੇ ਗ਼ਦਰੀਆਂ ਨੂੰ ਭੰਡਣ ਦੀ ਸਰਕਾਰੀ ਨੀਤੀ ਬਾਰੇ ਕੋਈ ਭੁਲੇਖਾ ਨਹੀਂ ਓਥੇ ਸਰਕਾਰ ਵੱਲੋਂ ਆਪਣੇ ਹਿਤ ਲਈ ਫ਼ੌਜਾਂ ਵਿਚ ਭਰਤੀ ਹੋ ਕੇ ਉਹਨਾਂ ਲਈ ਲੜਾਈਆਂ ਲੜਨ ਵਾਲੇ ਫੌਜੀਆਂ ਨੂੰ ਕਿਵੇਂ ਵਡਿਆਇਆ ਜਾਂਦਾ ਸੀ, ਇਸਦੀ ਮਿਸਾਲ ਦੇਣੀਂ ਵੀ ਕੁਥਾਵੇਂ ਨਹੀਂ ਹੋਵੇਗੀ। ਸਾਡੇ ਹੀ ਪਿੰਡ ਵਿਚ 1889 ਵਿਚ ਬਣੀ ਸਕੂਲ ਦੀ ਇਮਾਰਤ ਦੇ ਮੁੱਖ ਦਰਵਾਜ਼ੇ ਉੱਤੇ ਇਕ ਵੱਡੀ ਸਿਲ਼ ਲੱਗੀ ਹੋਈ ਸੀ ਜਿਸ ਵਿਚ ਸੁਰ ਸਿੰਘ ਪਿੰਡ ਵਿਚੋਂ ਲਗਭਗ ਸਵਾ ਕੁ ਸੌ ਫੌਜੀਆਂ ਵੱਲੋਂ ਪਹਿਲੀ ਵੱਡੀ ਜੰਗ ਵਿਚ ਹਿੱਸਾ ਲੈਣ ਲਈ ਉਹਨਾਂ ਨੂੰ ਸ਼ਾਬਾਸ਼ ਦਿੱਤੀ ਹੋਈ ਸੀ ਤੇ ਜੰਗ ਵਿਚ ਜਾਨ ਦੇ ਗਏ ਇਕ ਸਿਪਾਹੀ ਦੀ ‘ਸ਼ਹੀਦੀ’ ਦੀ ਸਰਾਹਨਾ ਕੀਤੀ ਗਈ ਸੀ। ਮੇਰਾ ਬਾਬਾ ਇਸ ਸਿਲ਼ ਨੂੰ ਲਾਏ ਜਾਣ ਵੇਲੇ ਕੀਤੇ ਸਰਕਾਰੀ ਸਮਾਗਮ ਮੌਕੇ ਲਾਹੌਰ ਦੇ ਡਿਪਟੀ ਕਮਿਸ਼ਨਰ ਵੱਲੋਂ ਹਾਜ਼ਰੀ ਭਰਨ ਬਾਰੇ ਵੀ ਦੱਸਦਾ ਸੀ। ਅਸੀਂ ਵੀ ਸਕੂਲ ਪੜ੍ਹਦਿਆਂ ਇਸ ਗੱਲ ਉੱਤੇ ਮਾਣ ਕਰਦੇ ਸਾਂ (ਤੇ ਸਕੂਲ ਪੜ੍ਹਨ ਵਾਲੀਆਂ ਕਈ ਪੀੜ੍ਹੀਆਂ ਨੇ ਇਹ ‘ਮਾਣ’ ਮਹਿਸੂਸ ਕੀਤਾ ਹੋਵੇਗਾ ਕਿਉਂਕਿ ਇਹ ਸਿਲ਼ ਤਾਂ ਅਜੇ ਵੀ ਸਕੂਲ ਦੀ ਬਣੀ ਨਵੀਂ ਇਮਾਰਤ ਦੇ ਮੱਥੇ ‘ਤੇ ਤਮਗੇ ਵਾਂਗ ਚਿਪਕਾਈ ਹੋਈ ਹੈ।) ਕਿ ਸਾਡਾ ਪਿੰਡ ‘ਬਹਾਦਰ ਫੌਜੀਆਂ’ ਦਾ ਪਿੰਡ ਸੀ। ਤੇ ਸਾਲਾਂ ਬੱਧੀ ਇਹ ਭੁਲੇਖਾ ਸਾਡੇ ਮਨਾ ਵਿਚ ਵੱਸਿਆ ਰਿਹਾ। ‘ਬਹਾਦਰ ਫੌਜੀਆਂ’ ਉੱਤੇ ਮਾਣ ਕਰਨ ਦੀ ਥਾਂ ਸਾਡੇ ਲਈ ਤਾਂ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਸੀ ਕਿ ਸਾਡਾ ਪਿੰਡ ਦੇਸ਼ ਲਈ ਕੁਰਬਾਨ ਹੋਣ ਵਾਲੇ ‘ਬਹਾਦਰ ਗ਼ਦਰੀਆਂ ਦਾ ਪਿੰਡ’ ਹੈ। ਗ਼ਦਰੀ ਡਾਕੂ ਤੇ ਕਾਤਲ ਬਣਾ ਧਰੇ ਸਨ ਤੇ ਜੰਗ ਦੀ ਭੱਠੀ ਵਿਚ ਬਾਲਣ ਵਾਂਗ ਬਾਲੇ ਗਏ ਫੌਜੀਆਂ ਨੂੰ ਸਮਕਾਲ ਵਿਚ ਤੇ ਪਿੱਛੋਂ ਆਉਣ ਵਾਲੀਆਂ ਨਸਲਾਂ ਲਈ ਆਦਰਸ਼ ਬਣਾ ਦਿੱਤਾ ਗਿਆ ਸੀ। ਫ਼ੋਜੀਆਂ ਨੂੰ ਕਿਵੇਂ ‘ਮਨੁੱਖ’ ਦੀ ਥਾਂ ‘ਬਾਲਣ’ ਸਮਝ ਕੇ ਜੰਗ ਵਿਚ ਝੋਕਿਆ ਗਿਆ ਇਸਦੀ ਇਕ ਪ੍ਰਮਾਣਿਕ ਮਿਸਾਲ ਬਾਬਾ ਭਾਗ ਸਿੰਘ ਕਨੇਡੀਅਨ ਵੱਲੋਂ ਦਿੱਤੀ ਗਈ ਹੈ। ਉਹ ਰਿਸਾਲਾ ਫੌਜ ਵਿਚ ਸਵਾਰ ਵਜੋਂ ਫੌਜ ਵਿਚ ਭਰਤੀ ਹੋਏ ਸਨ। ਉਹਨਾਂ ਅਨੁਸਾਰ:
‘ਉਦੋਂ ਮੈਨੂੰ ਅੰਗਰੇਜ਼ਾਂ ਵਿਰੁੱਧ ਕੋਈ ਨਫ਼ਰਤ ਨਹੀਂ ਸੀ। ਪਰ ਕੁਝ ਘਟਨਾਵਾਂ ਅਜਿਹੀਆਂ ਹੋਈਆਂ ਜਿਨ੍ਹਾਂ ਨੇ ਮੇਰਾ ਦਿਲ ਖੱਟਾ ਕਰ ਦਿੱਤਾ। ਇਕ ਵੇਰਾਂ ਪਰੇਡ ਹੋ ਰਹੀ ਸੀ। ਫਿਰ ਝੂਠੀ ਲੜਾਈ ਵਿਚ ਇਕ ਹਾਦਸਾ ਹੋ ਗਿਆ। ਦੋ ਸਵਾਰ ਜ਼ਖਮੀ ਹੋਏ, ਉਹਨਾਂ ਵਿਚੋਂ ਇਕ ਮਰ ਗਿਆ। ਇਕ ਅੰਗਰੇਜ਼ ਅਫ਼ਸਰ ਜਿਹੜਾ ਮੈਨੂੰ ਬਹੁਤ ਚਾਹੁੰਦਾ ਸੀ ਤੇ ਮੈਂ ਵੀ ਉਸ ਨੂੰ ਚੰਗਾ ਸਮਝਦਾ ਸਾਂ, ਸੀਟੀ ਵਜਾਉਣ ‘ਤੇ ਮੈਂ ਉਸ ਵੱਲ ਗਿਆ ਤੇ ਉਸਨੇ ਪੁੱਛਿਆ,‘‘ਕੀ ਰਫਲ ਬਚ ਗਈ, ਕੀ ਘੋੜਾ ਬਚ ਗਿਆ?” ਮੈਂ ਹੈਰਾਨ ਹੋ ਗਿਆ ਪਈ ਸਾਹਿਬ ਨੂੰ ਮਨੁੱਖਾਂ ਦਾ ਫਿਕਰ ਨਹੀਂ ਤੇ ਘੋੜੇ ਤੇ ਰਫਲ ਦਾ ਬਹੁਤ ਫ਼ਿਕਰ ਹੈ। ਮੈਂ ਖਾਮੋਸ਼ ਤੇ ਉਦਾਸ ਹੋ ਗਿਆ। ਸਾਹਿਬ ਦੇ ਬਾਰ ਬਾਰ ਪੁੱਛਣ ‘ਤੇ ਜਦ ਮੈਂ ਦੱਸਿਆ ਕਿ ਸਾਹਿਬ ਤੁਸੀਂ ਸਵਾਰਾਂ ਦਾ ਫ਼ਿਕਰ ਨਹੀਂ ਕੀਤਾ ਤੇ ਰਫ਼ਲ ਦੇ ਘੋੜੇ ਦੀ ਚਿੰਤਾ ਬਹੁਤ ਕੀਤੀ, ਇਸ ਗੱਲ ਨੂੰ ਵੇਖਕੇ ਮੈਨੂੰ ਬਹੁਤ ਦੁੱਖ ਹੋਇਆ ਹੈ। ਇਹ ਸੁਣ ਕੇ ਸਾਹਿਬ ਬੋਲਿਆ ਕਿ ਓ ਮੈਨ! ਆਦਮੀ ਦਾ ਮੁੱਲ 15 ਰੁਪਏ, ਘੋੜੇ ਦਾ ਮੁੱਲ 2000 ਤੇ ਰਫ਼ਲ ਦਾ 500, ਟੁਮ ਜਾਨਤਾ ਨਹੀਂ। ਇਹ ਸੁਣਕੇ ਮੈਨੂੰ ਹੋਰ ਦੁੱਖ ਹੋਇਆ ਤੇ ਮੈਂ ਅਸਤੀਫ਼ਾ ਦੇ ਦਿੱਤਾ।’2
ਪਹਿਲੇ ਲਾਹੌਰ ਸਾਜਿਸ਼ ਕੇਸ ਵਿਚ ਪਹਿਲਾਂ 24 ਬੰਦਿਆਂ ਨੂੰ ਫਾਂਸੀ ਦੀ ਸਜ਼ਾ ਹੋਈ ਸੀ ਪਰ ਪਿੱਛੋਂ ਲਾਰਡ ਹਾਰਡਿੰਗ ਵੱਲੋਂ ਕੇਸ ਦੀ ਨਜ਼ਰਸਾਨੀ ਕਰਵਾਏ ਜਾਣ ‘ਤੇ 17 ਦੇਸ਼-ਭਗਤਾਂ ਦੀ ਫ਼ਾਂਸੀ ਦੀ ਸਜ਼ਾ ਜਾਇਦਾਦ ਜ਼ਬਤੀ, ਉਮਰ ਕੈਦ ਤੇ ਕਾਲੇ ਪਾਣੀ ਵਿਚ ਬਦਲ ਦਿੱਤੀ ਗਈ। ਇਹਨਾਂ ਵਿਚੋਂ ਪੰਦਰਾਂ ਦੇਸ਼ ਭਗਤਾਂ ਨੂੰ ਗੱਡੀ ਵਿਚ ਬਿਠਾ ਕੇ ਕਾਲੇ ਪਾਣੀ ਲਿਜਾਣ ਲਈ ਕਲਕੱਤੇ ਲਿਜਾਇਆ ਜਾ ਰਿਹਾ ਸੀ। ਗੱਡੀ ਜਿਹੜੇ ਵੀ ਸਟੇਸ਼ਨ ‘ਤੇ ਖਲੋਂਦੀ, ਹੱਥਕੜੀਆਂ ਵਿਚ ਜਕੜੇ ਤੇ ਕੌਮੀ ਗੀਤ ਗਾਉਂਦੇ ਇਹਨਾਂ ਸੂਰਬੀਰਾਂ ਨੂੰ ਵੇਖਣ ਤੇ ਇਹਨਾਂ ਬਾਰੇ ਜਾਨਣ ਲਈ ਲੋਕਾਂ ਦੀਆਂ ਭੀੜਾਂ ਉਮਡ ਪੈਂਦੀਆਂ। ਕੋਈ ਕੋਈ ਵਿਚੋਂ ਇਹ ਵੀ ਪੁੱਛਦਾ ਕਿ ਤੁਸੀਂ ਕੌਣ ਹੋ? ਪਲੇਟਫਾਰਮ ‘ਤੇ ਖਲੋਤੇ ਸੀ ਆਈ ਡੀ ਦੇ ਬੰਦੇ ਕਹਿੰਦੇ ਕਿ ਇਹ ਡਾਕੂ ਹਨ। ਬਾਬਾ ਸੋਹਨ ਸਿਂੰਘ ਭਕਨਾ ਲਿਖਦੇ ਹਨ, ‘ਜਦੋਂ ਗੱਡੀ ਕਲਕੱਤੇ ਪਹੁੰਚੀ ਤਾਂ ਕੁਝ ਪੜ੍ਹੇ ਲਿਖੇ ਬੰਗਾਲੀ ਬਾਬੂ ਸਾਡੇ ਡੱਬੇ ਦੇ ਕੋਲ ਆਏ ਤੇ ਉਨ੍ਹਾਂ ਨੇ ਪੁੱਛਣਾ ਸ਼ੁਰੂ ਕੀਤਾ ਕਿ ਅਸੀਂ ਕੌਣ ਹਾਂ? ਸਰਕਾਰ ਵੱਲੋਂ ਸੀ ਆਈ ਡੀ ਦੇ ਕੁਝ ਅਫ਼ਸਰ ਤੇ ਸਿਪਾਹੀ ਪਹਿਲਾਂ ਹੀ ਸਾਡੇ ਵਿਰੁੱਧ ਪ੍ਰਾਪੇਗੰਡਾ ਕਰਨ ਲਈ ਪਲੇਟਫਾਰਮ ‘ਤੇ ਭੇਜੇ ਗਏ ਸਨ। ਉਨ੍ਹਾਂ ਨੇ ਝੱਟ ਕਹਿ ਦਿੱਤਾ ਕਿ ਇਹ ਡਾਕੂ ਹਨ। ਜਦੋਂ ਇਹ ਆਵਾਜ਼ ਮੇਰੇ ਕੰਨਾਂ ਵਿਚ ਪਈ ਤਾਂ ਮੈਂ ਉਹਨਾਂ ਬੰਗਾਲੀਆਂ ਨੂੰ ਦੱਸਿਆ ਕਿ ਇਹ ਸੀ ਆਈ ਡੀ ਦੇ ਬੰਦੇ ਹਨ ਤੇ ਕੁਫ਼ਰ ਤੋਲਦੇ ਹਨ। ਅਸੀਂ ਲਾਹੌਰ ਸਾਜਿਸ਼ ਕੇਸ ਦੇ ਸਜ਼ਾਯਾਫ਼ਤਾ ਇਨਕਲਾਬੀ ਹਾਂ ਅਤੇ ਜਲਾਵਤਨ ਹੋ ਕੇ ਅੰਡੇਮਾਨ ਜਾ ਰਹੇ ਹਾਂ।’2
ਜਦੋਂ ਸਰਕਾਰ ਵੱਲੋਂ ਇਸ ਕਦਰ ਵਿਰੋਧੀ ਪ੍ਰਚਾਰ ਹੋ ਰਿਹਾ ਸੀ ਤਾਂ ਜਨਤਾ ਉੱਤੇ ਇਸਦਾ ਅਸਰ ਹੋਣਾ ਸੁਭਾਵਕ ਸੀ। ਇਸ ਅਸਰ ਦੇ ਪ੍ਰਭਾਵ ਵਿਚ ਆ ਜਾਣਾ ਮੇਰੇ ਬਾਬੇ ਤੇ ਉਸ ਵਰਗੇ ਹੋਰਨਾਂ ਲੋਕਾਂ ਲਈ ਬੜਾ ਸੁਭਾਵਕ ਸੀ। ਦੂਜਾ ਗ਼ਦਰੀਆਂ ਕੋਲੋਂ ਕੁਝ ਡਾਕੇ ਮਾਰਨ ਦੀ ਭੁੱਲ ਵੀ ਹੋ ਗਈ ਜਿਸ ਨਾਲ ਸਰਕਾਰ ਲਈ ਆਪਣਾ ਕੰਮ ਹੋਰ ਵੀ ਸੌਖਾ ਹੋ ਗਿਆ। ਭਾ. ਪਰਮਾਨੰਦ ਨੇ ਵੀ ਆਪਣੀ ‘ਆਪ ਬੀਤੀ‘ ਵਿਚ ਲਿਖਿਆ ਏ ਕਿ ਜਿਸ ਦਿਨ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਚੱਬੇ ਵਿਚ ਡਾਕਾ ਪਿਆ, ਤਾਂ ਓਸੇ ਦਿਨ ਇਕ ਪੁਲਿਸ ਅਫ਼ਸਰ ਨੇ ਉਹਨਾਂ ਦੇ ਕਿਸੇ ਮਿੱਤਰ ਨੂੰ ਆਖਿਆ ਕਿ,‘‘ਬਸ, ਹੁਣ ਸਾਡਾ ਕੰਮ ਬਣ ਗਿਆ।‘‘3
‘ਸਾਡਾ ਕੰਮ ਬਣ ਗਿਆ’ ਤੋਂ ਭਾਵ ਇਹ ਸੀ ਕਿ ਜਿਵੇਂ ਸਰਕਾਰ ਗ਼ਦਰੀਆਂ ਨੂੰ ਡਾਕੂ ਅਤੇ ਕਾਤਲ ਵਜੋਂ ਸਥਾਪਿਤ ਕਰਨਾ ਚਾਹੁੰਦੀ ਸੀ, ਡਾਕਾ ਵੱਜਣ ਨਾਲ ਉਨ੍ਹਾਂ ਦਾ ਮਕਸਦ ਹੱਲ ਹੋ ਗਿਆ ਅਤੇ ਹੁਣ ਉਹ ਸਹਿਜੇ ਹੀ ਗ਼ਦਰੀਆਂ ਨੂੰ ਲੋਕਾਂ ਵਿੱਚ ਡਾਕੂ ਵਜੋਂ ਬਦਨਾਮ ਕਰ ਸਕਦੀ ਸੀ।
ਪਰ ਕੀ ਗ਼ਦਰ ਪਾਰਟੀ ਦੀ ਡਾਕੇ ਮਾਰਨ ਦੀ ਕੀ ਕੋਈ ਤੈਅ-ਸ਼ੁਦਾ ਨੀਤੀ ਸੀ? ਜੇ ਨਹੀਂ ਤਾਂ ਫਿਰ ਡਾਕੇ ਕਿਉਂ ਮਾਰੇ ਗਏ? ਸਾਡੇ ਲਈ ਇਸ ਸਵਾਲ ਦਾ ਜਵਾਬ ਲੱਭਣਾ ਵੀ ਬੜਾ ਜ਼ਰੂਰੀ ਹੈ।
ਅਸਲ ਵਿਚ ਡਾਕੇ ਮਾਰਨੇ ਜਾਂ ਕਤਲ ਕਰਨੇ ਦੇਸ਼-ਭਗਤ ਗ਼ਦਰੀਆਂ ਦਾ ਉਦੇਸ਼ ਨਹੀਂ ਸੀ। ਦੇਸ਼ ਵਿੱਚ ਜਾ ਕੇ ਮਾਇਆ ਇਕੱਤਰ ਕਰਨ ਲਈ ਡਾਕੇ ਮਾਰਨਾ ਹਿੰਦੀ ਐਸੋਸੀਏਸ਼ਨ ਦਾ ਕੋਈ ਏਜੰਡਾ ਨਹੀਂ ਸੀ। ਨਾ ਹੀ ਕਿਸੇ ਵੱਡੇ ਲੀਡਰ ਨੇ ਡਾਕੇ ਮਾਰਨ ਲਈ ਪ੍ਰਚਾਰ ਕੀਤਾ ਸੀ। ਇਥੋਂ ਤੱਕ ਕਿ ‘ਗ਼ਦਰ’ ਅਖ਼ਬਾਰ ਵਿੱਚ ਵੀ ਜੇ ਲੋੜ ਪੈਣ ਉਤੇ ਪੈਸਾ ਪ੍ਰਾਪਤ ਕਰਨ ਦੀ ਗੱਲ ਦਾ ਜ਼ਿਕਰ ਹੋਇਆ ਤਾਂ ਇਨ੍ਹਾਂ ਅਰਥਾਂ ਵਿੱਚ ਹੀ ਹੋਇਆ ਕਿ ਅਸੀਂ ਆਪਣੇ ਮਕਸਦ ਲਈ ਅੰਗਰੇਜ਼ਾਂ ਦੇ ਖ਼ਜ਼ਾਨਿਆਂ ਨੂੰ ਲੁੱਟਾਂਗੇ।
‘‘ਪੈਸਾ ਲੁੱਟ ਫਰੰਗੀ ਦਾ ਕੰਮ ਕਰਨਾ
ਸਿੱਧੀ ਗੱਲ ਹੈ ਕਾਰ ਬਿਉਪਾਰ ਵਾਲੀ।“ (ਗ਼ਦਰ ਦੀ ਗੂੰਜ) 4
ਪਾਰਟੀ ਨੇ ਡਾਕੇ ਮਾਰਨ ਬਾਰੇ ਨਾ ਤਾਂ ਕਦੀ ਕੋਈ ਮਤਾ ਪਾਸ ਕੀਤਾ ਸੀ ਤੇ ਨਾ ਹੀ ਕਿਸੇ ਆਗੂ ਨੇ ਪੈਸੇ ਇਕੱਠੇ ਕਰਨ ਲਈ ਡਾਕੇ ਮਾਰਨ ਦਾ ਕਦੀ ਪਰਚਾਰ ਕੀਤਾ ਸੀ। ਕੁਝ ਵਿਸ਼ੇਸ਼ ਕਾਰਨਾਂ ਕਰ ਕੇ ਅਤੇ ਹਾਲਾਤ ਦੀ ਮਜਬੂਰੀ ਕਾਰਨ ਉਹਨਾਂ ਨੇ ਕੁਝ ਡਾਕੇ ਮਾਰੇ ਤਾਂ ਸਰਕਾਰ ਨੂੰ ਗ਼ਦਰੀਆਂ ਨੂੰ ਬਦਨਾਮ ਕਰਨ ਦਾ ਮੌਕਾ ਮਿਲ ਗਿਆ। ਸਰਕਾਰ ਦਾ ਬੜਾ ਸੁਚੇਤ ਯਤਨ ਸੀ ਕਿ ਗ਼ਦਰੀਆਂ ਕੋਲੋਂ ਅਜਿਹੀ ਭੁੱਲ ਹੋ ਜਾਵੇ ਜਾਂ ਕਰਵਾ ਦਿੱਤੀ ਜਾਵੇ ਤਾਂ ਗ਼ਦਰੀਆਂ ਦੇ ਕਿਰਦਾਰ ‘ਤੇ ਕਾਲਾ ਪੋਚਾ ਮਾਰਨ ਦਾ ਹਕੂਮਤੀ ਮਕਸਦ ਹੱਲ ਹੋ ਜਾਵੇਗਾ। ਸਰਕਾਰ ਨੇ ਗ਼ਦਰ ਪਾਰਟੀ ਦੀਆਂ ਸਫ਼ਾਂ ਵਿਚ, ਪਿੱਛੋਂ ਵਾਅ੍ਹਦਾ ਮੁਆਫ਼ ਗਵਾਹ ਬਣ ਗਏ ਨਵਾਬ ਖਾਂ ਤੇ ਮੂਲਾ ਸਿੰਘ ਵਰਗੇ ਅਜਿਹੇ ਸੂਹੀਏ ਛੱਡੇ ਹੋਏ ਸਨ ਜਿਹੜੇ ਪੈਸੇ ਦੀ ਲੋੜ-ਪੂਰਤੀ ਲਈ ਗ਼ਦਰੀਆਂ ਨੂੰ ਡਾਕੇ ਮਾਰਨ ਲਈ ਉਕਸਾਉਂਦੇ ਸਨ ਤਾਕਿ ਸਰਕਾਰੀ ਮਕਸਦ ਹੱਲ ਹੋ ਸਕੇ। ਦੂਜਾ ਬੰਗਾਲੀ ਇਨਕਲਾਬੀਆਂ ਦੇ ਗ਼ਦਰ ਲਹਿਰ ਦੇ ਸੰਪਰਕ ਵਿਚ ਆਉਣ ਨਾਲ ਉਹਨਾਂ ਦੀ, ਡਾਕੇ ਮਾਰਕੇ ਇਨਕਲਾਬੀ ਲੋੜਾਂ ਲਈ ਧਨ ਇਕੱਠਾ ਕਰਨ ਦੀ, ਨੀਤੀ ਵੀ ਡਾਕੇ ਮਾਰਨ ਦਾ ਕਾਰਨ ਬਣੀ। ਫਿਰ ਵੀ ਬਹੁਤ ਸਾਰੇ ਗ਼ਦਰੀ ਆਪਣੇ ਹੀ ਦੇਸ਼-ਵਾਸੀ ਭਰਾਵਾਂ ਦੇ ਘਰਾਂ ਵਿਚ ਡਾਕੇ ਮਾਰਨ ਨੂੰ ਬਹੁਤ ਬੁਰਾ ਸਮਝਦੇ ਸਨ। ਭਾਈ ਨਿਧਾਨ ਸਿੰਘ ਚੁੱਘਾ ਵਰਗੇ ਕੁਝ ਅਜਿਹੇ ਦੇਸ਼-ਭਗਤ ਵੀ ਸਨ ਜਿਹੜੇ ਬਾਰ ਬਾਰ ਇਸ ਗੱਲ ‘ਤੇ ਜ਼ੋਰ ਦਿੰਦੇ ਰਹੇ ਕਿ ਸਾਨੂੰ ਡਾਕੇ ਨਹੀਂ ਮਾਰਨੇ ਚਾਹੀਦੇ। ਪਰ ਸਰਕਾਰ ਦੀ ਸਾਜਿਸ਼ ਹਾਲਾਤ ਦੇ ਬਣੇ ਵੇਗ ਮੁਤਾਬਕ ਕੁਝ ਕਾਰਨਾਂ ਕਰਕੇ ਸਫ਼ਲ ਹੋ ਹੀ ਗਈ।
ਸਰਕਾਰ ਦੀ ਇਸ ਸਫ਼ਲਤਾ ਪਿੱਛੇ ਇਕ ਕਾਰਨ ਇਹ ਵੀ ਸੀ ਕਿ ਗ਼ਦਰੀਆਂ ਖਿ਼ਲਾਫ਼ ਚੱਲੇ ਸਾਜਿਸ਼ ਕੇਸਾਂ ਵਿਚ ਉਹਨਾਂ ਨੂੰ ਸੁਚੇਤ ਤੌਰ ‘ਤੇ ਡਾਕੂ ਸਾਬਤ ਕਰਨ ਦੀ ਕੋਸਿ਼ਸ਼ ਕੀਤੀ ਗਈ।
ਜਗਜੀਤ ਸਿੰਘ ਲਿਖਦੇ ਹਨ:
ਪਹਿਲੇ ਮੁਕੱਦਮੇ ਦੇ ਜੱਜਾਂ ਨੇ ‘ਡਾਕਿਆਂ’ ਦੀ ਸੁਰਖ਼ੀ ਹੇਠ ਇਹ ਸਾਬਤ ਕਰਨ ਦੀ ਕੋਸਿ਼ਸ਼ ਕੀਤੀ ਹੈ ਕਿ ਗ਼ਦਰੀ ਇਨਕਲਾਬੀਆਂ ਦਾ ਅਮਰੀਕਾ ਵਿਚ ਹੀ ਡਾਕੇ ਮਾਰਨ ਦਾ ਪ੍ਰੋਗ੍ਰਾਮ ਬਣ ਗਿਆ ਸੀ। ਉਹ ਇਸ ਖਿ਼ਆਲ ਦੀ ਪੁਸ਼ਟੀ ਲਈ ‘ਗ਼ਦਰ ਦੀ ਗੂੰਜ’ ਵਿਚੋਂ ਸਿਰਫ਼ ਇਹ ਹਵਾਲੇ ਦੇ ਸਕੇ ਹਨ:-
‘ਕਈ ਥਾਈਂ ਡਾਕੇ ਮਾਰੇ’
‘ਸਾਨੂੰ ਸਰਕਾਰ ਉੱਤੇ ਡਾਕਾ ਮਾਰਨਾ ਚਾਹੀਦਾ ਹੈ ਅਤੇ ਸਾਰੇ ਪੰਜਾਬ ਨੂੰ ਜਗਾਉਣਾ ਚਾਹੀਦਾ ਹੈ।’
‘ਯੂਰਪੀਨਾਂ ਤੋਂ ਪੈਸੇ ਲੁੱਟ ਕੇ ਆਪਣੀ ਵਰਤੋਂ ਵਿਚ ਲਿਆਓ।’
ਉਪ੍ਰੋਕਤ ਹਵਾਲੇ ਦੇ ਕੇ ਜੱਜ ਲਿਖਦੇ ਹਨ, ‘ਇਸਦੀ ਹੋਂਦ ਵਿਚ ਇਹ ਦਾਅਵਾ ਕਰਨਾ ਨਾਮੁਮਕਨ ਹੈ ਕਿ ਡਾਕੇ ਮਾਰਨ ਦਾ ਪ੍ਰੋਗ੍ਰਾਮ ਪਿੱਛੋਂ ਬਣਿਆਂ।’…
‘ਇਨ੍ਹਾਂ ਹਵਾਲਿਆਂ ਤੋਂ ਇਲਾਵਾ ਜੱਜ ਵਾਅਦਾ-ਮੁਆਫ਼ ਗਵਾਹਾਂ ਨਵਾਬ ਖਾਨ ਤੇ ਮੂਲਾ ਸਿੰਘ ਦੀਆਂ ਗਵਾਹੀਆਂ ਅਤੇ ਨੰਦ ਸਿੰਘ ਦੇ ਇਕਬਾਲ ਦਾ ਹਵਾਲਾ ਦਿੰਦੇ ਹਨ ਕਿ ਅਮਰੀਕਾ ਜਾਂ ਦੇਸ਼ ਆਉਂਦਿਆਂ ਰਸਤੇ ਵਿਚ ਡਾਕੇ ਮਾਰਨ ਦਾ ਪ੍ਰੋਗਰਾਮ ਬਣ ਗਿਆ ਸੀ। ਪਰ ਇਕ ਹੋਰ ਗਵਾਹ ਜਵਾਲਾ ਸਿੰਘ ਦਾ ਬਿਆਨ ਹੈ ਕਿ ਉਹ ਅੰਗਰੇਜ਼ਾ ਨੂੰ ਕੱਢਣ ਆਏ ਸਨ, ਡਾਕੇ ਮਾਰਨ ਨਹੀਂ ਸੀ ਆਏ।
ਇਸ ਨਜ਼ਰੀਏ ਦੇ ਉਲਟ ਗ਼ਦਰੀ ਇਨਕਲਾਬੀਆਂ, ਖ਼ਾਸ ਕਰਕੇ ਅਮਰੀਕਾ ਤੋਂ ਮੁੜੇ ਇਨਕਲਾਬੀਆਂ, ਨੇ ਪਹਿਲੇ ਮੁਕੱਦਮੇ ਵਿਚ ਜ਼ੋਰਦਾਰ ਦਾਅਵਾ ਕੀਤਾ ਕਿ ਅਮਰੀਕਾ ਛੱਡਣ ਵੇਲੇ ਉਨ੍ਹਾਂ ਦਾ ਡਾਕੇ ਮਾਰਨਾ ਮੰਤਵ ਨਹੀਂ ਸੀ। ਇਸ ਸਿਲਸਿਲੇ ਵਿਚ ਇਹ ਖ਼ਾਸ ਗੱਲ ਨੋਟ ਕਰਨ ਵਾਲੀ ਹੈ ਕਿ ਅਮਰੀਕਾ ਤੋਂ ਆਏ ਇਨਕਲਾਬੀਆਂ ਨੇ ਉਨ੍ਹਾਂ ਉੱਤੇ ਮੁਕੱਦਮੇ ਵਿਚ ਲਾਏ ਗਏ ਇਲਜ਼ਾਮਾਂ ਵਿਚੋਂ ਹੋਰ ਕਿਸੇ ਦੀ ਇਤਨੀ ਵਿਰੋਧਤਾ ਨਹੀਂ ਕੀਤੀ ਜਿਤਨੀ ਇਸ ਗੱਲ ਦੀ ਕਿ ਡਾਕੇ ਮਾਰਨਾ ਉਹਨਾਂ ਦੇ ਪ੍ਰੋਗਰਾਮ ਦਾ ਸ਼ੁਰੂ ਤੋ ਹਿੱਸਾ ਸੀ। ਪਹਿਲੇ ਮੁਕੱਦਮੇ ਵਿਚ ਹੋਈਆਂ ਸ਼ਹਾਦਤਾਂ ਇਹ ਵੀ ਦੱਸਦੀਆਂ ਹਨ ਕਿ ਜਦ ਹਿੰਦ ਵਿਚ ਗ਼ਦਰੀ ਇਨਕਲਾਬੀਆਂ ਨੇ ਡਾਕੇ ਮਾਰਨ ਬਾਰੇ ਵਿਚਾਰ ਕੀਤੀ ਤਾਂ ਉਨ੍ਹਾਂ ਵਿਚ ਮਤਭੇਦ ਹੋ ਗਿਆ। ਗ਼ਦਰੀ ਇਨਕਲਾਬੀਆਂ ਦੇ ਪ੍ਰੋਗਰਾਮ ਦਾ ਇਕੋ ਇਹੋ ਅੰਗ ਸੀ ਜਿਸ ਬਾਰੇ ਉਨ੍ਹਾਂ ਵਿਚ ਮਤਭੇਦ ਹੋਇਆ, ਅਤੇ ਡਾਕੇ ਮਾਰਨ ਦਾ ਫ਼ੈਸਲਾ ਹੋ ਜਾਣ ਦੇ ਬਾਵਜੂਦ ਸ੍ਰੀ ਨਿਧਾਨ ਸਿੰਘ ਚੁੱਘਾ ਇਸਦੇ ਇਤਨੇ ਉਲਟ ਸਨ ਕਿ ਉਨ੍ਹਾਂ ਨੇ ਪ੍ਰੋਗਰਾਮ ਦੇ ਇਸ ਭਾਗ ਵਿਚ ਹਿੱਸਾ ਨਹੀਂ ਲਿਆ।5
ਬਾਬਾ ਭਗਤ ਸਿੰਘ ਬਿਲਗਾ ਅਨੁਸਾਰ ‘ਬੰਗਾਲੀਆਂ ਨੇ ਪੰਜਾਬੀਆਂ ਤੋਂ ਫੌਜਾਂ ਵਿਚ ਕੰਮ ਕਰਨਾ ਸਿੱਖਿਆ ਸੀ ਤੇ ਬੰਗਾਲੀਆਂ ਨੇ ਲੋੜ ਪੈਣ ‘ਤੇ ਪੁਲੀਟੀਕਲ ਡਾਕੇ ਮਾਰਨ ਦੀ ਸਿੱਖਿਆ ਦਿੱਤੀ ਸੀ। …ਪੁਲੀਟੀਕਲ ਡਾਕੇ ਮਾਰਨ ਦਾ ਮਸਲਾ ਵਿਚਾਰ ਅਧੀਨ ਆਇਆ ਤਾਂ ਬਾਬਾ ਨਿਧਾਨ ਸਿੰਘ ਚੁੱਘਾ ਨੇ ਇਸਦੀ ਮੁਖ਼ਾਲਫ਼ਤ ਕੀਤੀ ਤੇ ਕਿਹਾ ਕਿ ਤੇ ਇਸ ਨਾਲ ਫਾਇਦਾ ਹੋਣ ਦੀ ਥਾਂ ਬਦਨਾਮੀ ਹੋਵੇਗੀ ਅਤੇ ਹਕੂਮਤ ਨੂੰ ਭੰਡੀ ਪਰਚਾਰ ਕਰਨ ਦਾ ਮੌਕਾ ਮਿਲੇਗਾ।’5 ੳ
ਗ਼ਦਰਆਂ ਨੇ ਸਾਹਨੇਵਾਲ, ਮਨਸੂਰਾਂ, ਝਾਮ, ਗਿਲਵਾਲੀ ਤੇ ਚੱਬੇ ਪੰਜ ਥਾਵਾਂ ‘ਤੇ ਡਾਕੇ ਮਾਰੇ ਪਰ ‘ਇਸਤੋਂ ਬਾਅਦ ਜਿੱਥੇ ਵੀ ਡਾਕਾ ਪਿਆ ਹਕੂਮਤ ਨੇ ਗ਼ਦਰੀਆਂ ਦੇ ਸਿਰ ਮੜ੍ਹ ਦਿੱਤਾ। 12 ਹੋਰ ਡਕੈਤੀਆਂ ਦੇ ਕੇਸ ਗ਼ਦਰੀਆਂ ਦੇ ਸਿਰ ਪਾਏ ਜਿਹੜੇ ਬਿਲਕੁਲ ਹੀ ਝੂਠੇ ਸਨ।’5 ਅ

ਉਪ੍ਰੋਕਤ ਹਵਾਲੇ ਨੂੰ ਵਾਚਿਆਂ ਸਹਿਜੇ ਹੀ ਪਤਾ ਚੱਲ ਜਾਂਦਾ ਹੈ ਕਿ ਜੇ ਗ਼ਦਰੀਆਂ ਦੇ ਅਚੇਤ ਵਿਚ ਡਾਕੇ ਮਾਰਨ ਦਾ ਖਿ਼ਆਲ ਆਇਆ ਵੀ ਹੋਵੇਗਾ ਤਾਂ ਉਹ ਸਰਕਾਰੀ ਖ਼ਜ਼ਾਨਿਆਂ ਜਾਂ ਯੂਰਪੀਨ ਲੋਕਾਂ ਨੂੰ ਲੁੱਟਣ ਦਾ ਖਿ਼ਆਲ ਹੀ ਸੀ। ਇਥੋਂ ਤੱਕ ਕਿ ਨਵਾਬ ਖਾਨ ਵੀ ਆਪਣੀ ਗਵਾਹੀ ਵਿਚ ਕਹਿੰਦਾ ਹੈ ਕਿ ‘ਤੋਸ਼ਾਮਾਰੂ’ ਜਹਾਜ਼ ਵਿਚ ਰਈਸਾਂ ਤੇ ਸਰਕਾਰ ਦੇ ਵਫ਼ਾਦਰਾਂ ਨੂੰ ਲੁੱਟਣ ਬਾਰੇ ਫੈਸਲਾ ਹੋਇਆ ਸੀ। ਇਹ ਗੱਲ ਮੰਨੀ ਵੀ ਜਾ ਸਕਦੀ ਹੈ ਕਿ ਸਰਕਾਰ ਦੇ ਵਫ਼ਾਦਾਰਾਂ ਨੂੰ ਲੁੱਟਣਾ ਇਕ ਤਰੀਕੇ ਨਾਲ ਸਰਕਾਰ ਨੂੰ ਸੱਟ ਮਾਰਨ ਦੇ ਤੁੱਲ ਹੀ ਸੀ ਪਰ ਜੱਜਾਂ ਵੱਲੋਂ ਕੁਝ ਇਕ ਮਾਰੇ ਗਏ ਡਾਕਿਆਂ ਦੇ ਮਿਲ ਗਏ ਬਹਾਨੇ ਕਾਰਨ ਇਹ ਗੱਲ ਸਥਾਪਤ ਕਰਨੀ ਵਾਜਬ ਨਹੀਂ ਕਿ ਗ਼ਦਰੀ ਡਾਕੂ ਸਨ।
ਡਾਕੇ ਮਾਰਨ ਜਾਂ ਨਾ ਮਾਰਨ ਬਾਰੇ ਗ਼ਦਰ ਪਾਰਟੀ ਦੀ ਸੋਚ ਜਾਂ ਨੀਤੀ ਬਾਰੇ ਪਾਰਟੀ ਦੇ ਪਹਿਲੇ ਪ੍ਰਧਾਨ ਬਾਬਾ ਸੋਹਨ ਸਿੰਘ ਭਕਨਾ ਦੀ ਸਵੈ-ਜੀਵਨੀ ‘ਮੇਰੀ ਰਾਮ ਕਹਾਣੀ‘ ਵਿੱਚੋਂ ਇਕ ਲੰਮਾਂ ਹਵਾਲਾ ਪਾਠਕਾਂ ਨਾਲ ਸਾਂਝਾ ਕੀਤਾ ਜਾ ਸਕਦਾ ਹੈ। ਉਹ ਲਿਖਦੇ ਹਨ:
‘ਡਾਕੇ ਮਾਰਨਾ ਸਾਡਾ ਉਦੇਸ਼ ਨਹੀਂ ਸੀ
ਡਾਕਿਆਂ ਦੀ ਤਹਿ ਵਿਚ ਕੀ ਸੀ! ਸਾਡੇ ਸਾਥੀਆਂ ਨੇ ਜੋ ਡਾਕੇ ਮਾਰਨ ਦੀ ਭੁੱਲ ਕੀਤੀ, ਜਿਨ੍ਹਾਂ ਦੇ ਕਾਰਨ ਪੁਲਿਸ ਨੂੰ ਸਾਡੇ ਬਨ੍ਹੌਣ ਵਿਚ ਬਹੁਤ ਸਫ਼ਲਤਾ ਹੋਈ ਕੀ ਉਹ ਹਿੰਦੀ ਐਸੋਸੀਏਸ਼ਨ (ਗ਼ਦਰ ਪਾਰਟੀ) ਦੀ ਸਿੱਖਿਆ ਸੀ? ਮੈਂ ਦਾਹਵੇ ਨਾਲ ਕਹਿ ਸਕਦਾ ਹਾਂ ਕਿ ਬਿਲਕੁਲ ਨਹੀਂ। ‘ਹਿੰਦੀ ਐਸੋਸੀਏਸ਼ਨ‘ ਬੰਗਾਲੀ ਦੇਸ਼-ਭਗਤਾਂ ਦੀ ਉਸ ਪਾਲਸੀ ਨੂੰ, ਜੋ ਕਦੇ ਕਦਾਈਂ ਪਰਜਾ ਪੁਰ ਡਾਕੇ ਮਾਰ ਕੇ ਰੁਪਯਾ ਹਾਸਲ ਕਰਨ ਲਈ ਵਰਤਦੇ ਸਨ, ਸਦਾ ਬੁਰਾ ਸਮਝਦੀ ਸੀ। ਹਾਂ, ਗ਼ਦਰ ਅਖ਼ਬਾਰ ਵਿਚ ਜੇ ਇਸ ਢੰਗ ਨਾਲ ਰੁਪਿਆ ਪ੍ਰਾਪਤ ਕਰਨ ਵੱਲ ਇਸ਼ਾਰਾ ਵੀ ਕੀਤਾ ਜਾਂਦਾ ਸੀ, ਤਾਂ ਇਸ ਸੂਰਤ ਵਿਚ ਕਿ ਗਵਰਨਮੈਂਟ ਦੇ ਖਜ਼ਾਨਿਆਂ ਪੁਰ ਛਾਪਾ ਮਾਰ ਕੇ ਰੁਪਿਆ ਹਾਸਲ ਕਰੋ, ਜਿਹਾ ਕਿ:
‘‘ਪੈਸਾ ਲੁੱਟ ਫਰੰਗੀ ਦਾ ਕੰਮ ਕਰਨਾ
ਸਿੱਧੀ ਗੱਲ ਹੈ ਕਾਰ ਬਿਉਪਾਰ ਵਾਲੀ।“ (ਗ਼ਦਰ ਦੀ ਗੂੰਜ)
ਨਹੀਂ ਤਾਂ ਪਰਜਾ ਪੁਰ ਡਾਕਾ ਮਾਰਨ ਦੀ ਪ੍ਰੇਰਨਾ ਗ਼ਦਰ ਅਖ਼ਬਾਰ ਨੇ ਕਦੀ ਨਹੀਂ ਕੀਤੀ ਤੇ ਨਾ ਹੀ ‘ਹਿੰਦੀ ਐਸੋਸੀਏਸ਼ਨ‘ ਦੇ ਕਿਸੇ ਜ਼ਿੰਮੇਵਾਰ ਲੀਡਰ ਨੇ ਹੀ ਕਦੀ ਜ਼ਬਾਨੀ ਪ੍ਰਚਾਰ ਕੀਤਾ ਸੀ। ਅਸਲ ਵਿਚ ਏਹਨਾਂ ਡਾਕਿਆਂ ਦੀ ਤਹਿ ਹੇਠਾਂ ਕੀ ਸੀ? ਸੂਹੀਆ ਪੁਲਿਸ ਦਾ ਹੱਥ। ਸੂਹੀਆ ਪੁਲਿਸ ਦਾ ਸਿਪਾਹੀ ਨਵਾਬ ਖਾਂ ਅਮਰੀਕਾ ਤੋਂ ਗ਼ਦਰ ਪਾਰਟੀ ਵਿਚ ਸ਼ਾਮਲ ਹੋ ਕੇ ਦੇਸ਼ ਭਗਤਾਂ ਨਾਲ ਹਿੰਦੁਸਤਾਨ ਆਯਾ। ਜੇਹਾ ਕਿ ਨਵਾਬ ਖਾਂ ਨੇ ਆਪਣੇ ਬਿਆਨਾਂ ਵਿਚ ਦਸਿਆ ਹੈ ਕਿ ‘‘ਮੈਂ ਅਮਰੀਕਾ ਵਿਚ ਹੋਪਕਿਨਸਨ ਇੰਸਪੈਕਟਰ ਸੂਹੀਆ ਪੁਲਿਸ ਵਲੋਂ ਕੰਮ ਕਰਦਾ ਸਾਂ। ਸਕਰਾਮੰਟੋ (ਕੈਲੇਫੋਰਨੀਆ) ਵਿਚ ਸਰਕਾਰੀ ਰੁਪਏ ਨਾਲ ਮੈਂ ਇਕ ਹੋਟਲ ਵੀ ਇਸ ਵਾਸਤੇ ਖੋਲ੍ਹ ਰਖਿਆ ਸੀ ਕਿ ਗ਼ਦਰ ਪਾਰਟੀ ਨੂੰ ਇਹ ਸ਼ੁਭਾ ਨਾ ਹੋਵੇ, ਪਈ ਇਹ ਖਾਂਦਾ ਕਿਥੋਂ ਹੈ?‘‘ ਜੱਜਾਂ ਨੇ ਉਸ ਤੋਂ ਇਹ ਵੀ ਪੁਛਿਆ ਸੀ ਕਿ ‘‘ਹੋਪਕਿਨਸਨ ਨਾਲ ਤੈਨੂੰ ਕਿਸ ਨੇ ਮਿਲਾਇਆ ਸੀ?‘‘ ਉਤਰ ਵਿੱਚ ਨਵਾਬ ਖਾਂ ਨੇ ਕਿਹਾ ਸੀ: ‘‘ਮੇਰੇ ਭਰਾ ਮੌਲਾ ਬਖ਼ਸ਼ ਨੇ, ਜੋ ਪਹਿਲੇ ਹੋਪਕਿਨਸਨ ਨਾਲ ਮਿਲਿਆ ਹੋਇਆ ਸੀ।” ਚੂੰਕਿ ਨਵਾਬ ਖਾਂ ਗ਼ਦਰ ਪਾਰਟੀ ਵਿਚ ਇਕੱਲਾ ਹੀ ਮੁਸਲਮਾਨ ਸੀ, ਇਸ ਲਈ ਪਾਰਟੀ ਦੇ ਮੈਂਬਰ ਉਸ ਦਾ ਬਹੁਤ ਲਿਹਾਜ਼ ਕਰਦੇ ਸਨ। ਨਾਲੇ ਉਹ ਸੀਗਾ ਵੀ ਚਲਦਾ ਪੁਰਜਾ। ਕਰਤਾਰ ਸਿੰਘ ਵਰਗੇ ਸਾਫ਼-ਦਿਲ ਤੇ ਮੂਲਾ ਸਿੰਘ ਵਰਗੇ ਲੋਭੀ ਆਦਮੀਆਂ ਨੂੰ ਮੁੱਠ ਵਿਚ ਕਰ ਲੈਣਾ ਉਸ ਦੇ ਵਾਸਤੇ ਮਾਮੂਲੀ ਗੱਲ ਸੀ। ਨਵਾਬ ਖਾਂ ਨੇ ਜਦੋਂ ਵੇਖਿਆ ਕਿ ਉਹਨਾਂ ਲੋਕਾਂ ਨੂੰ ਰੁਪਏ ਪੈਸੇ ਦੀ ਬਹੁਤ ਤੰਗੀ ਹੈ ਤਾਂ ਉਸ ਨੇ ਬੰਗਾਲ ਆਦਿਕ ਪਾਰਟੀਆਂ ਦੀਆਂ ਨਜ਼ੀਰਾਂ ਮੂਲਾ ਸਿੰਘ ਹੁਰਾਂ ਦੇ ਪੇਸ਼ ਕੀਤੀਆਂ। ਮੂਲਾ ਸਿੰਘ ਤਾਂ ਉਂਞ ਵੀ ਲਾਲਚੀ ਸੀ। ਨਵਾਬ ਖਾਂ ਦੀਆਂ ਗੱਲਾਂ ਉਤੇ ਉਸ ਦਾ ਵਿਸ ਪੈਣਾ ਕੋਈ ਔਖੀ ਗੱਲ ਨਹੀਂ ਸੀ। ਕਿਉਂ ਜੁ ਉਸ ਨੂੰ ਖਿਆਲ ਸੀ ਕਿ ਡਾਕਿਆਂ ਵਿਚ ਜਦੋਂ ਅੰਨ੍ਹੇਵਾਹ ਰੁਪਯਾ ਆਵੇਗਾ ਤਾਂ ਮੈਨੂੰ ਮਾਇਆ ਨਾਲ ਹੱਥ ਰੰਗਣ ਦਾ ਮੌਕਾ ਮਿਲ ਜਾਵੇਗਾ। ਪਰ ਮੂਲਾ ਸਿੰਘ ਤੋਂ ਬਿਨ੍ਹਾਂ ਉਸ ਨੇ ਕਰਤਾਰ ਸਿੰਘ ਦੇ ਬਾਲਪਣ ਤੇ ਸਾਫ਼-ਦਿੱਲੀ ਤੋਂ ਵੀ ਲਾਭ ਉਠਾਇਆ। ਉਸ ਨੂੰ ਵੀ ਆਪਣੇ ਜਾਲ ਵਿਚ ਫਸਾ ਕੇ ਡਾਕੇ ਮਾਰਨ ਲਈ ਤਿਆਰ ਕਰ ਲਿਆ, ਨਹੀਂ ਤਾਂ ਕਰਤਾਰ ਸਿੰਘ ਨੂੰ ਆਪਣੇ ਭਰਾਵਾਂ ਉਤੇ ਡਾਕੇ ਮਾਰਨ ਦਾ ਕਦੀ ਸੁਫ਼ਨੇ ਵਿਚ ਵੀ ਖਿਆਲ ਨਹੀਂ ਆਇਆ ਸੀ। ਦੂਜੇ ਪਾਸੇ ਰਾਸ ਬਿਹਾਰੀ ਬੋਸ ਵੀ ਬੰਗਾਲ ਪਾਰਟੀ ਦੀ ਨੀਤੀ ਅਨੁਸਾਰ ਡਾਕੇ ਮਾਰਨ ਦੇ ਵਿਰੁੱਧ ਨਹੀਂ ਸੀ। ਜੇ ਕੋਈ ਡਾਕੇ ਮਾਰਨ ਦਾ ਵਿਰੋਧੀ ਸੀ ਤਾਂ ਉਹ ਸਿਰਫ਼ ਭਾਈ ਨਿਧਾਨ ਸਿੰਘ ਸੀ, ਜਿਸ ਨੇ ਸਦਾ ਹੀ ਪਾਰਟੀ ਵਿਚ ਉਹਨਾਂ ਡਾਕਿਆਂ ਦੇ ਵਿਰੁੱਧ ਅਵਾਜ਼ ਉਠਾਈ ਪਰ ਉਸ ਇਕੱਲੇ ਦੀ ਸੁਣਦਾ ਕੌਣ ਸੀ। ਹੋਰ ਸਾਰੇ ਨਵਾਬ ਖਾਂ ਦੀਆਂ ਗੱਲਾਂ ਪੁਰ ਵਿਸ ਚੁੱਕੇ ਸਨ। ਜੇ ਕੁਝ ਕਸਰ ਬਾਕੀ ਵੀ ਸੀ ਤੇ ਕੋਈ ਇਕ ਅਧ ਡਾਕੇ ਮਾਰਨ ਦੀ ਵਿਰੋਧਤਾ ਕਰਦਾ ਵੀ ਸੀ ਤਾਂ ਉਹ ਰੜਕ ਰਾਸ ਬਿਹਾਰੀ ਬੋਸ ਦੇ ਆਉਣ ਨਾਲ ਪੂਰੀ ਹੋ ਗਈ, ਕਿਉਂ ਜੋ ਉਹ ਤਾਂ ਇਸ ਤਰ੍ਹਾਂ ਡਾਕੇ ਮਾਰਨ ਦੇ ਪਹਿਲਾਂ ਹੀ ਹੱਕ ਵਿਚ ਸਨ। ਇਸ ਤਰ੍ਹਾਂ ਸੂਹੀਆ ਪੁਲਿਸ ਦੇ ਸਿਪਾਹੀ ਨਵਾਬ ਖਾਂ ਨੇ ਸਾਡੇ ਸਾਥੀਆਂ ਨੂੰ ਪੁੱਠੇ ਰਾਹ ਪਾ ਕੇ ਲੋਕਾਂ ਦੀ ਅੱਖੀਂ ਘੱਟਾ ਪਾ ਦਿੱਤਾ। ਤੇ ਲੋਕਾਂ ਦੇ ਦਿਲਾਂ ਵਿਚ ਉਹਨਾਂ ਡਾਕਿਆਂ ਦੇ ਭੈੜੇ ਅਸਰ ਦੇ ਕਾਰਨ ਹਮਦਰਦੀ ਦੀ ਥਾਂ ਘ੍ਰਿਣਾ ਪੈਦਾ ਹੋ ਗਈ, ਜਿਸ ਤੋਂ ਲਾਭ ਉਠਾ ਕੇ ਲਾਟ ਪੰਜਾਬ ਓਡਵਾਇਰ ਨੂੰ ਸਾਡੇ ਫਾਹੇ ਟੰਗਣ ਤੇ ਉਮਰ ਭਰ ਲਈ ਕਾਲੇ ਪਾਣੀ ਘੱਲਣ ਵਿਚ ਬਹੁਤ ਸੌਖ ਹੋ ਗਿਆ। ਕਿਉਂ ਜੋ ਆਮ ਜਨਤਾ ਨੇ ਸਾਡੇ ਪੱਖ ਵਿਚ ਕੋਈ ਅਵਾਜ਼ ਨਾ ਉਠਾਈ। ਸਗੋਂ ਸਾਡੇ ਵਿਰੁੱਧ ਸਾਨੂੰ ਮਲੀਆਮੇਟ ਕਰਨ ਵਿਚ ਹਕੂਮਤ ਨੂੰ ਮਦਦ ਦਿੱਤੀ।6
ਬਾਬਾ ਭਕਨਾ ਇਹ ਵੀ ਬਿਆਨ ਕਰਦੇ ਹਨ ਕਿ ਚੱਬੇ ਦੇ ਡਾਕੇ ਵਿੱਚ ਕਤਲ ਹੋਏ ਬੰਦੇ ਦੀ ਵਿਧਵਾ, ਧੀ ਅਤੇ ਬੱਚੇ ਜਦੋਂ ਗਵਾਹੀ ਦੇਣ ਵਾਸਤੇ ਆਏ, ਤਾਂ ਉਨ੍ਹਾਂ ਨੂੰ ਦੇਖ ਕੇ ਬਾਬਾ ਸੋਹਨ ਸਿੰਘ ਭਕਨਾ ਦਾ ਮਨ ਦ੍ਰਵ ਗਿਆ ਅਤੇ ਉਨ੍ਹਾਂ ਨੇ ਨੇੜੇ ਹੀ ਖੜੋਤੇ ਕਰਤਾਰ ਸਿੰਘ ਸਰਾਭੇ ਨੂੰ ਪੁੱਛਿਆ ਕਿ ‘‘ਇਹ ਡਾਕੇ ਮਾਰਨ ਦਾ ਉਦੇਸ਼ ਤੁਸਾਂ ਲੋਕਾਂ ਨੂੰ ਕਿਸ ਨੇ ਦਸਿਆ ਸੀ? ਕੀ ਆਪਣੀਆਂ ਹੀ ਮਾਵਾਂ-ਭੈਣਾਂ ਪੁਰ ਡਾਕੇ ਮਾਰਨ ਦਾ ਨਾਮ ਦੇਸ਼ ਭਗਤੀ ਹੈ? ‘‘ ਕਰਤਾਰ ਸਿੰਘ ਦਾ ਦਿਲ ਵੀ ਇਸ ਦਰਦ ਭਰੇ ਨਜ਼ਾਰੇ ਨੂੰ ਵੇਖ ਕੇ ਦੁੱਖ ਨਾਲ ਭਰ ਰਿਹਾ ਸੀ। ਉਸ ਨੇ ਅੱਖਾਂ ਭਰਕੇ ਉਤਰ ਦਿੱਤਾ,‘‘ਕੀ ਪਏ ਕਰਦੇ ਓ? ਦੇਸ਼ ਦੇ ਨਾਮ ਪੁਰ ਤਾਂ ਕੋਈ ਇਕ ਫੁੱਟੀ ਕੌਡੀ ਵੀ ਦੇਣ ਨੂੰ ਤਿਆਰ ਨਹੀਂ ਸੀ, ਪਰ ਅੰਗਰੇਜ਼ਾਂ ਦੀ ਸਹਾਇਤਾ ਲਈ ਥੈਲੀਆਂ ਖਾਲੀ ਕਰ ਦੇਂਦੇ ਨੇ। ਆਖ਼ਰ ਮਜਬੂਰ ਹੋ ਕੇ ਸਾਨੂੰ ਵੀ ਬੰਗਾਲ ਆਦਿਕ ਪਾਰਟੀਆਂ ਦੀ ਰੀਸ ਕਰਨੀ ਪਈ।‘‘ ਇਹ ਜਵਾਬ ਸੁਣਕੇ ਮੈਨੂੰ ਉਹਨਾਂ ਹਿੰਦੁਸਤਾਨੀਆਂ ਦੀ ਕੱਮਅਕਲੀ ਪੁਰ ਬਹੁਤ ਅਫ਼ਸੋਸ ਹੋਇਆ ਜੋ ਅੰਗਰੇਜ਼ਾਂ ਉਤੋਂ ਤਾਂ ਸਰਬੰਸ ਵਾਰ ਦੇਣ ਲਈ ਤਿਆਰ ਬੈਠੇ ਸਨ, ਪਰ ਦੇਸ਼-ਭਗਤਾਂ ਦੀ ਸਹਾਇਤਾ ਵਾਸਤੇ ਇਕ ਕਾਣੀ ਕੌਡੀ ਵੀ ਦੇਣਾ ਨਹੀਂ ਜਾਣਦੇ। ਉਹਨਾਂ ਲੋਕਾਂ ਦੇ ਹੀ ਲੰਮੀ ਨਾ ਸੋਚਣ ਦਾ ਇਹ ਨਤੀਜਾ ਸੀ, ਜਿਸ ਦੀ ਆੜ ਵਿਚ ਨਵਾਬ ਖਾਂ ਨੇ ਦੇਸ਼ ਭਗਤਾਂ ਨੂੰ ਪੁੱਠੇ ਰਸਤੇ ਪਾਵਣ ਦਾ ਮੌਕਾ ਲਭ ਲਿਆ। ਨਹੀਂ ਤਾਂ ਕਿਥੇ ਕਰਤਾਰ ਸਿੰਘ ਤੇ ਕਿਥੇ ਆਪਣੇ ਦੇਸ਼ ਭਾਈਆਂ ਉਤੇ ਡਾਕੇ।’ 7
ਬਾਬਾ ਜੀ ਜਿੱਥੇ ਆਪਣੇ ਸਾਥੀਆਂ ਦੀ ਭੁੱਲ ਨੂੰ ਵੀ ਤਸਲੀਮ ਕਰਦੇ ਹਨ ਓਥੇ ਉਹ ਅਸਲ ਠੁਣਾ ਹਿੰਦੁਸਤਾਨ ਦੇ ਓਹਨਾਂ ਲੀਡਰਾਂ ਦੇ ਸਿਰ ਹੀ ਵਧੇਰੇ ਭੰਨਦੇ ਹਨ, ਜੋ ਉਸ ਵਕਤ ਆਪਣੀ ਗ਼ਲਤੀ ਜਾਂ ਕਾਇਰਤਾ ਕਾਰਨ ‘ਗ਼ਦਰ ਪਾਰਟੀ‘ ਨਾਲ ਨਾ ਰਲੇ ਤੇ ਨਾ ਹੀ ਗ਼ਦਰੀਆਂ ਦੀ ਰੁਪਏ ਪੈਸੇ ਨਾਲ ਕਿਸੇ ਤਰ੍ਹਾਂ ਦੀ ਮਦਦ ਕੀਤੀ।
ਜਿੱਥੋਂ ਤੱਕ ਗ਼ਦਰੀਆਂ ਨੂੰ ‘ਕਾਤਲ’ ਸਾਬਤ ਕਰਨ ਦੀ ਹਕੂਮਤੀ ਸਾਜਿਸ਼ ਦਾ ਸਵਾਲ ਹੈ ਇਹ ਦੱਸਣਾ ਉਚਿੱਤ ਹੋਵੇਗਾ ਕਿ ਗ਼ਦਰੀ ਕਦੀ ਵੀ ਆਪਣੇ ਬੇਕਸੂਰ ਹਮਵਤਨੀਆਂ ਨੂੰ ਮਾਰਨ ਵਿਚ ਵਿਸ਼ਵਾਸ ਨਹੀਂ ਸਨ ਰੱਖਦੇ। ਪਹਿਲੇ ਲਾਹੌਰ ਸਾਜਿਸ਼ ਕੇਸ ਵਿਚ ਚੱਬੇ ਦੇ ਡਾਕੇ ਬਾਰੇ ਇਕ ਸ਼ਹਾਦਤ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਗ਼ਦਰ ਪਾਰਟੀ ਨੇ ਅੰਮ੍ਰਿਤਸਰ ਦੀ ਪਾਰਟੀ ਨੂੰ ਬਾਕਾਇਦਾ ਇਹ ਤਾੜਨਾ ਕੀਤੀ ਕਿ ‘ਕੋਈ ਕਤਲ ਨਾ ਕੀਤਾ ਜਾਏ, ਤੇ ਬੇਲੀ ਰਾਮ ਦੀ ਮੌਤ ਨੂੰ ਬਾਕਾਇਦਾ ਇਨਕਲਾਬੀਆਂ ਨੇ ਬੁਰਾ ਮਨਾਇਆ।’ 8
ਇਸੇ ਪ੍ਰਸੰਗ ਵਿਚ ਭਾਈ ਪਿਆਰਾ ਸਿੰਘ ਲੰਗੇਰੀ ਦੀ ਗ੍ਰਿਫ਼ਤਾਰੀ ਵਾਲਾ ਕਾਂਡ ਬੜੀ ਦਿਲਚਸਪ ਜਾਣਕਾਰੀ ਮੁਹੱਈਆ ਕਰਦਾ ਹੈ। ਉਹ ਬਿੰਝੋ ਪਿੰਡ ਵਿਚ ਸੰਤ ਤੁਲਸਾ ਸਿੰਘ ਦੀ ਝੁੱਗੀ ਵਿਚ ਸ਼ਰਦਾਈ ਰਗੜ ਰਿਹਾ ਸੀ। ਸਾਧ ਦੀ ਦੱਸ ‘ਤੇ ਜ਼ੈਲਦਾਰ ਪੁਲਿਸ ਚਾੜ੍ਹ ਲਿਆਇਆ ਤੇ ਸ਼ਰਦਾਈ ਰਗੜਦੇ ਭਾਈ ਪਿਆਰਾ ਸਿੰਘ ਨੂੰ ਹਥਿਆਰਾਂ ਦੀ ਨੋਕ ‘ਤੇ ਗ੍ਰਿਫ਼ਤਾਰ ਕਰਨ ਦੀ ਕੋਸਿ਼ਸ਼ ਕੀਤੀ। ਭਾਈ ਪਿਆਰਾ ਸਿੰਘ ਨੇ ਆਪਣਾ ਟਕੂਆ ਚੁੱਕਿਆ ਤੇ ਉਸਦਾ ਡਰਾਵਾ ਦੇ ਕੇ ਭੱਜ ਨਿਕਲਿਆ। ਥਾਣੇਦਾਰ ਤੇ ਹੋਰ ਲੋਕਾਂ ਨੇ ਉਹਦੀ ਬਹਾਦਰੀ ਨੂੰ ਮਿਹਣਾ ਮਾਰਿਆ ਤਾਂ ਭੱਜਾ ਜਾਂਦਾ ਭਾਈ ਪਿਆਰਾ ਸਿੰਘ ਵੰਗਾਰ ਕਬੂਲ ਕਰ ਕੇ ਖਲੋ ਗਿਆ। ਥਾਣੇਦਾਰ ਨੇੜੇ ਆਇਆ ਤਾਂ ਭਾਈ ਜੀ ਨੇ ਉਸਨੂੰ ਟਕੂਆ ਮਾਰ ਕੇ ਘੋੜੇ ਤੋਂ ਹੇਠਾਂ ਸੁੱਟ ਲਿਆ। ਡਿੱਗਾ ਪਿਆ ਥਾਣੇਦਾਰ ਜਾਨ-ਬਖ਼ਸ਼ੀ ਲਈ ਤਰਲੇ ਕਰਨ ਲੱਗਾ। ਭਾਈ ਜੀ ਲਿਖਦੇ ਹਨ, ‘ਥਾਣੇਦਾਰ ਹੱਥ ਜੋੜ ਕੇ ਡਡਿਆ ਉੱਠਿਆ ਕਿ ਬਹੁੜੀ ਰੱਬ ਦੀ ਮੈਨੂੰ ਮਾਰੀਂ ਨਾ। ਮੈਂ ਉਸਦੇ ਉਪਰ ਖੜਾ ਸਾਂ। ਮੇਰਾ ਪਿੱਛਾ ਕਰਨ ਵਾਲੇ ਪਰਾਂ ਖੜੇ ਸਨ। ਕਿਸੇ ਦੀ ਹਿੰਮਤ ਅਗਾਂਹ ਆਉਣ ਦੀ ਨਹੀਂ ਸੀ। ਮੇਰਾ ਨਾ ਤਾਂ ਥਾਣੇਦਾਰ ਨੂੰ ਮਾਰਨ ਦਾ ਜੀਅ ਕੀਤਾ ਤੇ ਨਾ ਹੀ ਪਸਤੌਲ ਖੋਹ ਕੇ ਉਸਦੇ ਘੋੜੇ ਉੱਤੇ ਚੜ੍ਹ ਕੇ ਦੌੜਨ ਦੀ ਸੁੱਝੀ।’ ਗ੍ਰਿਫ਼ਤਾਰ ਹੋ ਜਾਣ ਉਪਰੰਤ ਜਦੋਂ ਭਾਈ ਜੀ ‘ਤੇ ਮੁਕੱਦਮਾ ਚੱਲਿਆ ਤਾਂ ਥਾਣੇਦਾਰ ਨੇ ਕਿਹਾ ਕਿ “ਤੂੰ ਮੈਨੂੰ ਜਾਨੋਂ ਮਾਰ ਸਕਦਾ ਸੈਂ, ਪਰ ਨਹੀਂ ਮਾਰਿਆ।” ਇਸ ਅਹਿਸਾਨਮੰਦੀ ਕਾਰਨ ਉਸਨੇ ਭਾਈ ਜੀ ਦੇ ਹੱਕ ਵਿਚ ਗਵਾਹੀ ਦਿੱਤੀ ਤੇ ਬਲੈਕ ਲਿਸਟ ਹੋ ਗਿਆ।9
ਇਹ ਘਟਨਾ ਗ਼ਦਰੀਆਂ ਦੀ ਮਨੁੱਖੀ ਜੀਵਨ ਪ੍ਰਤੀ ਅਤਿ ਦੀ ਸੰਵੇਦਨਸ਼ੀਲਤਾ ਦੀ ਗਵਾਹੀ ਦਿੰਦੀ ਹੈ। ਉਹਨਾਂ ਦੀ ਮੌਤ ਦਾ ਵਾਰੰਟ ਲੈ ਕੇ ਹੋਣੀ ਵਾਂਗ ਪਿੱਛਾ ਕਰਦੇ ਥਾਣੇਦਾਰ ਨੂੰ ਕੁਹਾੜੀ ਦੇ ਵਾਰ ਨਾਲ ਜ਼ਮੀਨ ‘ਤੇ ਸੁੱਟ ਕੇ ਵੀ ਜੇ ਉਹਨਾਂ ਉਸਨੂੰ ਕਤਲ ਨਹੀਂ ਕੀਤਾ ਤਾਂ ਸਹਿਜੇ ਹੀ ਗਿਆਨ ਹੋ ਜਾਂਦਾ ਹੈ ਕਿ ਉਹਨਾਂ ਲਈ ਮਨੁੱਖੀ ਜਾਨ ਕਿੰਨੀ ਕੀਮਤੀ ਸੀ! ਅਜਿਹੀ ਮਿਸਾਲੀ
ਸੰਵੇਦਨਾ ਦੇ ਮਾਲਕ ਗ਼ਦਰੀਆਂ ਨੂੰ ‘ਕਾਤਲ’ ਕਿਵੇਂ ਆਖਿਆ ਜਾ ਸਕਦਾ ਹੈ!
ਇਹ ਗੱਲਾਂ ਤੇ ਗਵਾਹੀਆਂ ਸਾਬਤ ਕਰਦੀਆਂ ਹਨ ਕਿ ਗ਼ਦਰੀ ਨਾ ਤਾਂ ਕਾਤਲ ਸਨ, ਨਾ ਡਾਕੂ ਤੇ ਨਾ ਹੀ ਲੁਟੇਰੇ। ਆਪਣੇ ਹੀ ਭਰਾਵਾਂ ਨੂੰ ਲੁੱਟਣਾ ਤੇ ਮਾਰਨਾ ਉਹਨਾਂ ਦਾ ਮਕਸਦ ਨਹੀਂ ਸੀ ਸਗੋਂ ਉਹ ਤਾਂ ਇਨਕਲਾਬੀ ਸਨ ਤੇ ਉਹਨਾਂ ਦਾ ਵਡੇਰਾ ਮਕਸਦ ਦੇਸ਼ ਵਿਚੋਂ ਅੰਗਰੇਜ਼ੀ ਰਾਜ ਦੀ ਜੜ੍ਹ ਪੁੱਟ ਕੇ ਜਮਹੂਰੀ ਤਰਜ਼ ਦਾ ਗ਼ੈਰ-ਫਿ਼ਰਕੂ ਰਾਜ ਸਥਾਪਤ ਕਰਨਾ ਸੀ।

-0-
ਕੀ ਗ਼ਦਰੀ ਬਾਬੇ ਦਹਿਸ਼ਤਗਰਦ ਸਨ ਜਾਂ ਇਨਕਲਾਬੀ?

ਗ਼ਦਰੀ ਬਾਬਿਆਂ ਦੇ ਸੰਘਰਸ਼ ਸੰਬੰਧੀ ਅਗਲਾ ਸਵਾਲ ਉਹਨਾਂ ਲੀਡਰਾਂ ਤੇ ਉਹਨਾਂ ਨਾਲ ਸੰਬੰਧਤ ਪਾਰਟੀਆਂ ਨਾਲ ਹੀ ਜੁੜਿਆ ਹੋਇਆ ਹੈ ਜਿਨ੍ਹਾਂ ਨੇ ਉਸ ਵੇਲੇ ਗ਼ਦਰੀਆਂ ਦੀ ਸਹਾਇਤਾ ਕਰਨ ਤੋਂ ਇਨਕਾਰ ਕਰਕੇ ਹਕੂਮਤ ਦੀ ਮਾਰ ਸਹਿਣ ਲਈ ਉਹਨਾਂ ਨੂੰ ਇਕੱਲ੍ਹਿਆਂ ਛੱਡ ਦਿੱਤਾ।
ਉਸ ਵੇਲੇ ਦੀ ਮੁੱਖ ਰਾਜਨੀਤਕ ਪਾਰਟੀ ਕਾਂਗਰਸ ਬਾਰੇ ਆਪਣਾ ਨਜ਼ਰੀਆ ਪੇਸ਼ ਕਰਦੇ ਹੋਏ ਗੁਰਚਰਨ ਸਿੰਘ ਸੈਂਸਰਾ ਲਿਖਦੇ ਹਨ, ‘ਜਦੋਂ ਗ਼ਦਰੀ ਆਏ ਇਹ (ਕਾਂਗਰਸ) ਅੰਗਰੇਜ਼ੀ ਸਾਮਰਾਜ ਨੂੰ ਜੰਗ ਜਿੱਤ ਕੇ ਦੇਣ ਦੇ ਬਦਲੇ ਵਿਚ ਹਕੂਮਤ ਨਾਲ ਪੂਰਾ ਮਿਲਵਰਤਨ ਤੇ ਜੰਗ ਵਿਚ ਇਸਦੀ ਪੁੱਜ ਕੇ ਸਹਾਇਤਾ ਕਰ ਰਹੀ ਸੀ। ਇਸ ਲਈ ਗ਼ਦਰ ਪਾਰਟੀ ਦਾ ਕਾਂਗਰਸ ਤੋਂ ਸਹਾਇਤਾ ਲੈਣ ਜਾਂ ਇਸ ਨੂੰ ਆਪਣੇ ਨਾਲ ਰਲਾ ਕੇ ਚਲਾਉਣ ਦਾ ਸਵਾਲ ਹੀ ਪੈਦਾ ਨਹੀਂ ਸੀ ਹੋਇਆ।’10
ਇਥੇ ਵੀ ਮੈਂ ਆਪਣੀ ਇਕ ਨਿੱਜੀ ਯਾਦ ਪਾਠਕਾਂ ਨਾਲ ਸਾਂਝੀ ਕਰਨਾ ਚਾਹਾਂਗਾ। ਸੰਨ 1963 ਵਿੱਚ ਬਾਬਾ ਵਿਸਾਖਾ ਸਿੰਘ ਦਦੇਹਰ ਦੀ ਯਾਦ ਵਿੱਚ ਮਨਾਏ ਗਏ ਸਮਾਗਮ ਵਿੱਚ ਬਾਬਾ ਸੋਹਣ ਸਿੰਘ ਭਕਨਾ ਅਤੇ ਬਾਬਾ ਸ਼ੇਰ ਸਿੰਘ ਵੇਈਂਪੋਈਂ ਦਦੇਹਰ ਪਿੰਡ ਵਿੱਚ ਪਹੁੰਚੇ ਸਨ। ਉਥੇ ਮੈਂ ਬਾਬਾ ਭਕਨਾ ਜੀ ਦੇ ਪਹਿਲੀ ਵਾਰ ਦਰਸ਼ਨ ਕੀਤੇ ਅਤੇ ਉਨ੍ਹਾਂ ਨੂੰ ਬੋਲਦਿਆਂ ਸੁਣਿਆ। ਬਾਬਾ ਜੀ ਆਖ ਰਹੇ ਸਨ,‘‘ਜਦੋਂ ਅਸੀਂ ਦੇਸ਼ ਵਿੱਚ ਗ਼ਦਰ ਕਰਨ ਆਏ ਸਾਂ ਤਾਂ ਅੰਗਰੇਜ਼ ਪਹਿਲੀ ਵੱਡੀ ਜੰਗ ਵਿੱਚ ਰੁੱਝਿਆ ਹੋਇਆ ਸੀ। ਭਾਰਤੀ ਛਾਉਣੀਆਂ ਵਿਚਲੇ ਬਹੁਤੇ ਗੋਰੇ ਫੌਜੀ ਜੰਗ ਦੇ ਮੁਹਾਜ਼ ਉਤੇ ਸਨ। ਸਾਡਾ ਮਕਸਦ ਸੀ ਕਿ ਅਸੀਂ ਛਾਉਣੀਆਂ ਵਿੱਚ ਭਾਰਤੀ ਭਾਈਬੰਦ ਫੌਜੀਆਂ ਨੂੰ ਆਪਣੇ ਨਾਲ ਜੋੜ ਕੇ ਛਾਉਣੀਆਂ ‘ਤੇ ਕਬਜ਼ੇ ਕਰਕੇ ਗ਼ਦਰ ਮਚਾ ਦੇਵਾਂਗੇ। ਸਾਡੇ ਕੁਝ ਸਾਥੀਆਂ ਵਲੋਂ ਉਸ ਵੇਲੇ ਦੀ ਸਥਾਪਤ ਰਾਜਨੀਤਕ ਪਾਰਟੀ ਕਾਂਗਰਸ ਤੱਕ ਪਹੁੰਚ ਕੀਤੀ ਗਈ ਅਤੇ ਉਨ੍ਹਾਂ ਨੂੰ ਕਿਹਾ ਕਿ ਅੰਗਰੇਜ਼ ਇਸ ਵੇਲੇ ਕੁੜਿੱਕੀ ਵਿੱਚ ਫਸਿਆ ਹੋਇਆ ਹੈ ਅਤੇ ਸਾਨੂੰ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਇਸ ਮੌਕੇ ਦਾ ਲਾਹਾ ਲੈਣਾ ਚਾਹੀਦਾ ਹੈ। ਜਦੋਂ ਦੋ ਭਲਵਾਨ ਆਪਸ ਵਿੱਚ ਘੁਲ ਰਹੇ ਹੋਣ ਤੇ ਉਨ੍ਹਾਂ ਵਿੱਚੋਂ ਇਕ ਤੁਹਾਡਾ ਦੁਸ਼ਮਣ ਹੋਵੇ ਤਾਂ ਅਜਿਹੇ ਮੁਨਾਸਬ ਮੌਕੇ ‘ਤੇ ਤੁਹਾਡੇ ਵਾਸਤੇ ਉਹਦੇ ਲੱਕ ਨੂੰ ਜੱਫ਼ਾ ਮਾਰ ਕੇ ਉਹਨੂੰ ਭੁੰਜੇ ਸੁੱਟ ਲੈਣਾ ਬੜਾ ਸੌਖਾ ਹੋ ਜਾਂਦਾ ਹੈ। ਆਉ ਆਪਾਂ ਰਲ ਕੇ ਅੰਗਰੇਜ਼ ਦੇ ਲੱਕ ਨੂੰ ਜੱਫ਼ਾ ਮਾਰੀਏ ਅਤੇ ਉਹਨੂੰ ਭੁੰਜੇ ਸੁੱਟ ਕੇ ਆਪਣੇ ਦੇਸ਼ ਤੋਂ ਬਾਹਰ ਵਗਾਹ ਮਾਰੀਏ...। ਪਰ ਸਥਾਪਤ ਆਗੂਆਂ ਨੇ ਇਹ ਕਹਿ ਕੇ ਸਾਡਾ ਸਾਥ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਤੁਸੀਂ ਤਾਂ ਹਿੰਸਾ ਵਿੱਚ ਯਕੀਨ ਰੱਖਣ ਵਾਲੇ ਹੋ ਜਦਕਿ ਅਸੀਂ ਅਹਿੰਸਾਵਾਦੀ ਹਾਂ। ‘‘
ਫ਼ਲਸਰੂਪ ਹੋਇਆ ਇਹ ਕਿ ਗ਼ਦਰ ਤਾਂ ਕਾਮਯਾਬ ਨਾ ਹੋ ਸਕਿਆ ਪਰ ਕਾਂਗਰਸ ਨੂੰ ਵੀ ਕੀਤੀ ਅੰਗਰੇਜ਼-ਭਗਤੀ ਦਾ ਸਿਲ਼ਾ ‘ਹੋਮ ਰੂਲ‘ ਦੀ ਸ਼ਕਲ ਵਿੱਚ ਨਾ ਮਿਲ ਸਕਿਆ ਸਗੋਂ ਇਸ ਦੇ ਬਦਲੇ ‘ਰੌਲਟ ਐਕਟ‘ ਪ੍ਰਾਪਤ ਹੋਇਆ ਤੇ ਉਸ ਤੋਂ ਬਾਅਦ ਦੇਸ਼ ਨੂੰ ਜਲ੍ਹਿਆਂ ਵਾਲੇ ਬਾਗ਼ ਦਾ ਮਹਾਂ-ਦੁਖਾਂਤ ਵੀ ਦੇਖਣ ਤੇ ਭੋਗਣ ਲਈ ਮਜਬੂਰ ਹੋਣਾ ਪਿਆ। ਅਹਿੰਸਾ ਦੀ ਰਾਜਨੀਤੀ ਕਰਨ ਵਾਲੀਆਂ ਸ਼ਕਤੀਆਂ ਨੇ ਹਮੇਸ਼ਾ ਇਨਕਲਾਬੀ ਲਹਿਰਾਂ ਦੇ ਤੱਤ ਨੂੰ ਖੋਰਾ ਲਾਉਣ ਹਿਤ ਉਹਨਾਂ ਨੂੰ ‘ਦਹਿਸ਼ਤਗਰਦ ਲਹਿਰਾਂ’ ਅਤੇ ਇਨਕਲਾਬੀਆਂ ਨੂੰ ਦਹਿਸ਼ਤਗਰਦ ਜਾਂ ਆਤੰਕਵਾਦੀ ਸਾਬਤ ਕਰਨ ਦੀ ਕੋਸਿ਼ਸ਼ ਕੀਤੀ ਹੈ। ਕੀ ਗ਼ਦਰੀ ਦਹਿਸ਼ਤਗਰਦ ਸਨ ਜਾਂ ਇਨਕਲਾਬੀ? ਕੀ ਗ਼ਦਰ ਲਹਿਰ ਇਕ ਯਰਕਾਊ ਲਹਿਰ ਸੀ ਜਾਂ ਯੋਜਨਾਬੱਧ ਇਨਕਲਾਬੀ ਲਹਿਰ?
‘ਗ਼ਦਰ ਪਾਰਟੀ ਲਹਿਰ ਦੇ ਇਨਕਲਾਬੀ ਅਸਲੇ ਬਾਰੇ ਕੁਝ ਦੱਸਣ ਦੀ ਲੋੜ ਨਹੀਂ। ਇਸ ਲਹਿਰ ਦਾ ਇਕ ਸਿਰੇ ਤੋਂ ਦੂਸਰੇ ਸਿਰੇ ਤੱਕ ਦਾ ਇਤਿਹਾਸ ਇਸ ਦੀ ਮੂੰਹੋਂ ਬੋਲਦੀ ਤਸਵੀਰ ਹੈ। ਸਿਰਫ਼ ਇਹ ਨਿਖੇੜਾ ਕਰਨ ਦੀ ਲੋੜ ਹੈ ਕਿ ਬੰਗਾਲੀ ਦਹਿਸ਼ਤ-ਪਸੰਦਾਂ ਦੇ ਇਕ ਗਰੁੱਪ ਦੇ ਇਸ ਲਹਿਰ ਦਾ ਸਾਥ ਦੇਣ, ਅਤੇ ਉਨ੍ਹਾਂ ਦੇ ਅਸਰ ਹੇਠ ਇਸ ਲਹਿਰ ਨਾਲ ਸਬੰਧਤ ਕੁਝ ਡਾਕਿਆਂ ਅਤੇ ਇਕੜ-ਦੁਕੜ ਕਤਲਾਂ, ਤੋਂ ਗ਼ਦਰ ਪਾਰਟੀ ਲਹਿਰ ਨੂੰ ਦਹਿਸ਼ਤ-ਪਸੰਦ ਲਹਿਰ ਦੀ ਰੰਗਤ ਨਹੀਂ ਦੇਣੀ ਚਾਹੀਦੀ।’
‘ਫੌਜਾਂ ਤੋਂ ਇਲਾਵਾ ਆਮ ਜਨਤਾ ਅਤੇ ਵਿਦਿਆਰਥੀਆਂ ਨੂੰ ਨਾਲ ਮਿਲਾਕੇ ਹਥਿਆਰਬੰਦ ਇਨਕਲਾਬ ਰਾਹੀਂ ਅੰਗਰੇਜ਼ੀ ਹਕੂਮਤ ਦਾ ਹਿੰਦ ਵਿਚੋਂ ਖ਼ਾਤਮਾ ਕਰਕੇ ਪੰਚਾਇਤੀ ਰਾਜ ਕਾਇਮ ਕਰਨਾ ਗ਼ਦਰ ਪਾਰਟੀ ਲਹਿਰ ਦਾ ਵੱਡਾ ਮਕਸਦ ਅਤੇ ਪ੍ਰੋਗਰਾਮ ਸੀ, ਜਿਸ ਨੂੰ ਸਿਰੇ ਚਾੜ੍ਹਨ ਦੀ ਪੂਰੀ ਕੋਸ਼ਿਸ਼ ਕੀਤੀ ਗਈ। ਹਿੰਦ ਵਿਚਲੇ ਉਸ ਵੇਲੇ ਦੇ ਰਾਜਸੀ ਹਾਲਾਤ ਦੇ ਮੁਤਾਬਕ ਗ਼ਦਰ ਪਾਰਟੀ ਲਹਿਰ ਸਹੀ ਅਰਥਾਂ ਵਿਚ ਕੌਮੀ ਇਨਕਲਾਬੀ ਲਹਿਰ ਸੀ। ਇਸ ਨੂੰ ਦਹਿਸ਼ਤ-ਪਸੰਦ ਲਹਿਰ ਨਾਲ ਤੁਲਣਾਂ ਦੇਣੀ ਤਾਂ ਉਕਾ ਗਲਤ ਹੈ, ਕਿਉਂΨਕਿ ਆਪਣੇ ਦੇਸ਼ ਦੀ ਫੌਜ ਦੀ ਮਦਦ ਨਾਲ ਬਦੇਸ਼ੀ ਹਕੂਮਤ ਦਾ ਆਪਦੇ ਦੇਸ ਵਿਚੋਂ ਤਖ਼ਤਾ ਉਲਟਣ ਨੂੰ ਵੀ ਦਹਿਸ਼ਤਪਸੰਦੀ ਦਾ ਨਾਮ ਨਹੀਂ ਦਿੱਤਾ ਜਾ ਸਕਦਾ।’
‘ਹਥਿਆਰਬੰਦ ਕੌਮੀ ਇਨਕਲਾਬਾਂ ਅਤੇ ਦਹਿਸ਼ਤਪਸੰਦੀ ਵਿਚ ਬੁਨਿਆਦੀ ਫਰਕ ਵੀ ਹੁੰਦਾ ਹੈ, ਕਿਉਂΨਕਿ ਇਕੜ-ਦੁਕੜ ਕਤਲ ਤੇ ਘਟਨਾਵਾਂ ਤਾਂ ਜਨਤਕ ਇਨਕਲਾਬਾਂ ਵਿਚ ਵੀ ਨਹੀਂ ਰੁਕ ਸਕਦੀਆਂ। ਦਹਿਸ਼ਤਪਸੰਦ ਕੇਵਲ ਇਕੜ-ਦੁੱਕੜ ਕਤਲਾਂ, ਜਾਂ ਇਨ੍ਹਾਂ ਦੁਆਰਾ ਫੈਲਾਏ ਗਏ ਡਰ ਦੇ ਆਸਰੇ ਕਿਸੇ ਹਕੂਮਤ ਦਾ ਤਖ਼ਤਾ ਪਲਟਣ ਦੀ ਆਸ ਰੱਖਦੇ ਸਨ। ਉਹ ਜਨਤਾ ਦੀ ਇਨਕਲਾਬੀ ਤਾਕਤ ਨੂੰ ਜਥੇਬੰਦ ਕਰਕੇ ਜਾਂ ਫੌਜ ਨੂੰ ਨਾਲ ਮਿਲਾ ਕੇ ਉਸ ਹਕੂਮਤ ਤੋਂ ਭਾਰੂ ਜਾਂ ਮੁਕਾਬਲੇ ਦੀ ਤਾਕਤ ਪੈਦਾ ਕਰਨ ਦਾ ਯਤਨ ਨਹੀਂ ਕਰਦੇ ਅਤੇ ਉਨ੍ਹਾਂ ਦਾ ਤਰੀਕਾਕਾਰ ਕੇਵਲ ਐਸੀਆਂ ਹਕੂਮਤਾਂ ਵਿਰੁੱਧ ਕਾਮਯਾਬ ਹੋ ਸਕਦਾ ਹੈ ਜੋ ਥੋੜੇ ਪੁਰਸ਼ਾਂ ਜਾਂ ਗਰੁੱਪਾਂ ਦੇ ਸਹਾਰੇ ਖੜੀਆਂ ਹੋਣ। ਪਰ ਫੌਜ ਨੂੰ ਵੱਡੇ ਪੈਮਾਨੇ ਉਤੇ ਨਾਲ ਮਿਲਾਉਣ ਦੀਆਂ ਕੋਸ਼ਿਸ਼ਾਂ ਤੋਂ ਇਲਾਵਾ, ਗ਼ਦਰ ਪਾਰਟੀ ਵਾਲੇ ਹਜ਼ਾਰਾਂ ਦੀ ਗਿਣਤੀ ਵਿਚ ਅਮਰੀਕਾ ਵਿਚੋਂ ਅੰਗਰੇਜ਼ਾਂ ਵਿਰੁੱਧ ਲੜਾਈ ਦਾ ਖੁੱਲ੍ਹਾ ਐਲਾਨ ਕਰਕੇ ਤੁਰੇ। ਬਲਕਿ ਉਨ੍ਹਾਂ ਦੀ ਇਹ ਸਭ ਤੋਂ ਵੱਡੀ ਮੋਹਲਕ ਗਲਤੀ ਸਾਬਤ ਹੋਈ। ਪਹਿਲੇ ਸਾਜ਼ਸ਼ ਕੇਸ ਦੇ ਫੈਸਲੇ ਦੇ ਸ਼ੁਰੂ ਵਿਚ ਦਿੱਤੀ ਗਈ ਸੁਰਖੀ,‘ਸਾਜ਼ਸ਼ ਅਤੇ ਜੰਗ ਦਾ ਆਰੰਭ’ ਵੀ ਇਸ ਗੱਲ ਨੂੰ ਜ਼ਾਹਰ ਕਰਦੀ ਹੈ ਕਿ ਜੱਜ ਵੀ ਗ਼ਦਰ ਪਾਰਟੀ ਲਹਿਰ ਨੂੰ ਵੱਡੇ ਪੈਮਾਨੇ ਉਤੇ ਇਨਕਲਾਬੀ ਅੰਦੋਲਨ ਸਮਝਦੇ ਸਨ, ਭਾਵੇਂ ਉਨ੍ਹਾਂ ਜੰਗ ਦੇ ਨਾਲ ਸਾਜ਼ਸ਼ ਸ਼ਬਦ ਨੂੰ ਵੀ ਜੋੜਿਆ ਹੈ, ਕਿਉਂਕਿ ਸਾਜ਼ਸ਼ ਹਰ ਇਕ ਇਨਕਲਾਬੀ ਅੰਦੋਲਨ ਦਾ ਕੁਝ ਨਾ ਕੁਝ ਜ਼ਰੂਰ ਹਿੱਸਾ ਹੁੰਦੀ ਹੈ।’11
ਰਹੀ ਗੱਲ ਹਿੰਸਾ ਤੇ ਅਹਿੰਸਾ ਦੇ ਸਵਾਲ ਦੀ।
ਰਾਜਨੀਤਕ ਮਕਸਦ ਦੀ ਪ੍ਰਾਪਤੀ ਲਈ ‘ਹਿੰਸਾ’ ਜਾਂ ‘ਅਹਿੰਸਾ’ ਵਿਚੋਂ ਕਿਹੜੀ ਵਿਧੀ ਅਪਣਾਉਣੀ ਹੱਕੀ ਤੇ ਵਾਜਬ ਹੈ, ਇਸਦਾ ਦੋ-ਟੁੱਕ ਨਿਰਣਾ ਕਰਨਾ ਔਖਾ ਹੈ। ਦੋਵੇਂ ਲੜਾਈ ਦੀਆਂ ਜੁਗਤਾਂ ਹਨ। ਇਹਨਾਂ ਦੀ ਵਰਤੋਂ ਕਦੋਂ ਹੋਵੇ, ਇਹਦਾ ਵਾਜਬ ਜਵਾਬ ਕਿਸੇ ਵਿਸ਼ੇਸ਼ ਸਮੇਂ ਅਤੇ ਹਾਲਾਤ ਦੀ ਪ੍ਰਸੰਗਕਿਤਾ ਤੇ ਲੋੜ ਵਿਚ ਟਿਕਿਆ ਹੋਇਆ ਹੈ। ਕਦੀ ਤੱਤੀ ਤਵੀ ‘ਤੇ ਬੈਠ ਕੇ ਤੇ ਕਦੀ ਚਾਂਦਨੀ ਚੌਕ ਵਿਚ ਸੀਸ ਦੇ ਕੇ ਵੀ ਇਹ ਲੜਾਈ ਲੜੀ ਜਾ ਸਕਦੀ ਹੈ। ਕਦੀ ਚਮਕੌਰ ਦੇ ਯੁੱਧ ਵਿਚ ਤਲਵਾਰਾਂ ਤੇ ਤੀਰਾਂ ਨਾਲ ਵੀ ਦੁਸ਼ਮਣ ਨਾਲ ਲੋਹਾ ਲਿਆ ਜਾਂਦਾ ਹੈ। ਦੋਵਾਂ ਵੇਲਿਆਂ ਵਿਚ ਵਰਤੀਆਂ ਗਈਆਂ ਲੜਾਈ ਦੀਆਂ ਵਿਧੀਆਂ ਦੇ ਆਪਣੇ ਅਰਥ ਤੇ ਮਹੱਤਤਾ ਹੈ। ਕੋਈ ਕਿਸੇ ਦੂਜੀ ਨਾਲੋਂ ਵੱਧ ਜਾਂ ਘੱਟ ਮਹੱਤਵਪੂਰਨ ਨਹੀਂ। ਸਾਡੇ ਆਜ਼ਾਦੀ ਸੰਗਰਾਮ ਦੇ ਇਤਿਹਾਸ ਨੂੰ ਸਥਾਪਤ ਤਾਕਤਾਂ ਨੇ ਜਿਵੇਂ ਖ਼ਾਨਿਆਂ ਵਿਚ ਵੰਡ ਕੇ ਇਹ ਸਾਬਤ ਕਰਨ ਦੀ ਕੋਸਿ਼ਸ਼ ਕੀਤੀ ਹੈ ਕਿ ਦੇਸ਼ ਦੀ ਆਜ਼ਾਦੀ ਬਿਨਾਂ ਖ਼ੂਨ ਦਾ ਕੋਈ ਕਤਰਾ ਵਹਾਏ ਅਹਿੰਸਾ ਦੇ ਹਥਿਆਰ ਨਾਲ ਪ੍ਰਾਪਤ ਕੀਤੀ ਗਈ ਹੈ, ਇਹ ਸਰੀਂਹਣ ਕੁਫ਼ਰ ਹੈ।
ਅਸਲ ਵਿਚ ਦੋਵੇਂ ਲਹਿਰਾਂ ਇਕ ਦੂਜੇ ਦੀਆਂ ਪੂਰਕ ਹਨ। ਸਾਡਾ ਮਕਸਦ ਕਿਸੇ ਇੱਕ ਵਿਧੀ ਨੂੰ ਉਚਿਆਉਣਾ ਜਾਂ ਛੁਟਿਆਉਣਾ ਨਹੀਂ। ਪੰਜਾਬ ਦੇ ਸਮਕਾਲੀਨ ਇਤਿਹਾਸ ਵਿਚ ਵੀ ਇਸਦੀਆਂ ਸ਼ਾਨਦਾਰ ਮਿਸਾਲਾਂ ਮਿਲ ਜਾਂਦੀਆਂ ਹਨ। ਜੇ ਅਹਿੰਸਾ ਦੇ ਸਿਖ਼ਰ ਦੀ ਮਿਸਾਲ ਵੇਖਣੀ ਹੋਵੇ ਤਾਂ ਗੁਰੂ ਦੇ ਬਾਗ਼ ਦੇ ਮੋਰਚੇ ਦਾ ਧਿਆਨ ਧਰਿਆ ਜਾ ਸਕਦਾ ਹੈ, ਜਿੱਥੇ ਸਿੱਖ ਸੂਰਮੇਂ ਪੁਲਿਸ ਵੱਲੋਂ ਡਾਂਗਾਂ ਨਾਲ ਛੱਲੀਆਂ ਵਾਂਗ ਕੁੱਟੇ ਜਾਂਦੇ ਸਨ ਪਰ ਕਿਸੇ ਨੇ ਵੀ ਅੱਗੋਂ ਨਾ ਹੱਥ ਚੁੱਕਿਆ, ਨਾ ਕਿਧਰੇ ਬਚਾਅ ਲਈ ਭੱਜਣ ਦੀ ਕੋਸਿ਼ਸ਼ ਕੀਤੀ, ਨਾ ਕਿਸੇ ਨੂੰ ਮੰਦਾ ਬੋਲਿਆ ਸਗੋਂ ‘ਸੀਸ ਦੀਆ ਪਰ ਸੀ ਨਾ ਉਚਰੀ’ ਦੇ ਕਥਨ ‘ਤੇ ਖ਼ਰੇ ਉਤਰਨ ਵਾਲੇ ਆਪਣੇ ਗੁਰੂ ਤੇਗ਼ ਬਹਾਦਰ ਦੇ ਨਕਸ਼ੇ-ਕਦਮ ‘ਤੇ ਚੱਲ ਕੇ, ਸ਼ਾਂਤ ਤੇ ਸਹਿਜ ਰਹਿ ਕੇ ਸਾਰੇ ਜ਼ੁਲਮ ਨੂੰ ਆਪਣੇ ਤਨ ਮਨ ‘ਤੇ ਝੱਲਿਆ। ਦੂਜੇ ਪਾਸੇ ਗ਼ਦਰ ਲਹਿਰ, ਬੱਬਰ ਅਕਾਲੀ ਲਹਿਰ, ਹਿੰਦੋਸਤਾਨ ਸੋਸ਼ਲਿਸਟ ਰੀਪਬਲਕਿਨ ਆਰਮੀ, ਆਜ਼ਾਦ ਹਿੰਦ ਫ਼ੌਜ ਤੇ ਹੋਰ ਇਨਕਲਾਬੀ ਤਹਿਰੀਕਾਂ ਨੇ ਦੇਸ਼ ਦੀ ਆਜ਼ਾਦੀ ਵਿਚ ਬਹੁਤ ਮਹੱਤਵਪੂਰਨ ਰੋਲ ਅਦਾ ਕੀਤਾ। ਪਰ ਸਥਾਪਤ ਤਾਕਤਾਂ ਨੇ ਇਸ ਰੋਲ ਨੂੰ ਮਾਨਤਾ ਨਾ ਦਿੱਤੀ।
ਤਥਾਕਥਿਤ ਅਹਿੰਸਕ ਅੰਦੋਲਨ ਦੇ ਉਪਾਸ਼ਕ ਤੇ ਪ੍ਰਚਾਰਕ ਦੇਸ਼ ਦੀ ਆਜ਼ਾਦੀ ਪ੍ਰਾਪਤ ਕਰਨ ਦਾ ਸਿਹਰਾ ਲੱਖ ਆਪਣੇ ਸਿਰ ਬੰਨ੍ਹਦੇ ਫਿਰਨ ਉਹ ਇਸ ਗੱਲ ਤੋਂ ਇਨਕਾਰੀ ਨਹੀਂ ਹੋ ਸਕਦੇ ਕਿ ਸਮੇਂ ਸਮੇਂ ਉਹਨਾਂ ਨੇ ਖ਼ੁਦ ਇਨਕਲਾਬੀ ਸੂਰਮਿਆਂ ਨੂੰ ਮੁਸ਼ਕਿਲ ਸਮਿਆਂ ਵਿਚ ਆਪਣੀ ਮਦਦ ਕਰਨ ਲਈ ਵੰਗਾਰਿਆ ਸੀ ਜਿਸਦੇ ਪ੍ਰਤੀ-ਉੱਤਰ ਵਜੋਂ ਇਨਕਲਾਬੀਆਂ ਨੇ ਆਪਣੇ ਕਾਰਨਾਮਿਆਂ ਰਾਹੀਂ ਮੁਸ਼ਕਿਲ ਵਿਚ ਫਸੀ ਅਹਿੰਸਕ ਲਹਿਰ ਦੀ ਮਦਦ ਵੀ ਕੀਤੀ ਤੇ ਢਹਿੰਦੀ ਲਹਿਰ ਨੂੰ ਨਵਾਂ ਉਭਾਰ ਵੀ ਦਿੱਤਾ ਸੀ। ਲਾਲਾ ਲਾਜਪਤ ਰਾਇ ਦੀ ਮੌਤ ਹੋਣ ‘ਤੇ ਸੀ ਆਰ ਦਾਸ ਦੀ ਪਤਨੀ ਨੇ ਦੇਸ਼ ਦੇ ਨੌਜਵਾਨਾਂ ਨੂੰ ਵੰਗਾਰ ਦਿੰਦਿਆਂ ਕਿਹਾ ਸੀ, ‘ਕੀ ਮੈਂ ਆਸ ਰੱਖਾਂ ਕਿ ਦੇਸ਼ ਦੇ ਨੌਜਵਾਨ ਅਜੇ ਵੀ ਜਿਊਂਦੇ ਹਨ?’ ਤਾਂ ਇਸਦੇ ਮੋੜ ਵਜੋਂ ਭਗਤ ਸਿੰਘ ਤੇ ਉਹਦੇ ਸਾਥੀਆਂ ਨੇ ਦੇਸ਼ ਦੇ ਨੌਜਵਾਨਾਂ ਦੇ ‘ਜਿਊਂਦੇ’ ਹੋਣ ਨੂੰ ਸਾਬਤ ਕਰ ਵਿਖਾਇਆ ਸੀ। ਇਸੇ ਪ੍ਰਸੰਗ ਵਿਚ ਇਕ ਹੋਰ ਮਹੱਤਵ ਪੂਰਨ ਘਟਨਾ ਦਾ ਵੇਰਵਾ ਦੇਣਾ ਬੜਾ ਵਾਜਬ ਹੋਵੇਗਾ।
ਗਾਂਧੀ ਜੀ ਨੇ 1930 ‘ਚ ਲੂਣ ਸਤਿਆਗ੍ਰਹਿ ਸ਼ੁਰੂ ਕੀਤਾ ਸੀ। ਹਿੰਦੁਸਤਾਨ ਦਾ ਵਾਇਸਰਾਏ ਇਸ ਮੁੱਦੇ ‘ਤੇ ਗਾਂਧੀ ਨਾਲ ਗੱਲ ਕਰਨ ਲਈ ਵੀ ਤਿਆਰ ਨਹੀਂ ਸੀ। ਉਹਦੀ ਜਿ਼ਦ ਸੀ ਕਿ ਪਹਿਲਾਂ ਸਤਿਆਗ੍ਰਹਿ ਪੂਰੀ ਤਰ੍ਹਾਂ ਵਾਪਸ ਲਿਆ ਜਾਵੇ ਤਾਂ ਹੀ ਗਾਂਧੀ ਜੀ ਨਾਲ ਕੋਈ ਗੱਲਬਾਤ ਹੋ ਸਕਦੀ ਹੈ। ਗ਼ਦਰ ਲਹਿਰ ਦੇ ਇਤਿਹਾਸਕਾਰ ਸੋਹਨ ਸਿਂੰਘ ਪੂਨੀ ਅਨੁਸਾਰ ‘ਇਸ ਮੌਕੇ ਪੰਡਤ ਮੋਤੀ ਲਾਲ ਨਹਿਰੂ ਚੁਸਤੀ ਵਰਤਦਿਆਂ, ਬਿਮਾਰੀ ਦਾ ਬਹਾਨਾ ਲਾ ਕੇ, ਜੇਲ੍ਹ ‘ਚੋਂ ਬਾਹਰ ਆ ਗਿਆ ਸੀ। ਉਸ ਨੇ ਗਣੇਸ਼ ਸ਼ੰਕਰ ਵਿਦਿਆਰਥੀ ਰਾਹੀਂ ਚੰਦਰ ਸ਼ੇਖਰ ਆਜ਼ਾਦ ਨੂੰ ਸੁਨੇਹਾ ਭੇਜਿਆ ਸੀ ਕਿ,‘‘ਮਹਾਤਮਾ ਗਾਂਧੀ ਦੇ ਹਕੂਮਤ ਅੱਗੇ ਗੋਡੇ ਟੇਕਣ ਨਾਲ ਅਜ਼ਾਦੀ ਦੀ ਤਹਿਰੀਕ ਉਤੇ ਬੜੀ ਭਾਰੀ ਸੱਟ ਵੱਜੇਗੀ। ਕੀ ਕੌਮ ਦੇ ਨੌਜਵਾਨ ਲਹਿਰ ਦੇ ਟੁੱਟ ਜਾਣ ਨੂੰ ਚੁੱਪ ਕੀਤੇ ਤਮਾਸ਼ਬੀਨ ਬਣ ਕੇ ਵੇਖਦੇ ਰਹਿਣਗੇ? ਕੀ ਉਹ ਇਸ ਤਰ੍ਹਾਂ ਹੀ ਆਪਣੀ ਕੌਮ, ਲੋਕਾਂ ਤੇ ਉਨ੍ਹਾਂ ਦੇ ਲੀਡਰਾਂ ਦੀ ਬੇਇਜ਼ਤੀ ਅਤੇ ਬਦਨਾਮੀ ਚੁੱਪ ਕਰਕੇ ਵੇਖਦੇ ਤੇ ਜਰਦੇ ਰਹਿਣਗੇ? ਵਾਇਸਰਾਏ ਤਾਂ ਮਹਾਤਮਾ ਗਾਂਧੀ ਤੇ ਦੂਜੇ ਲੀਡਰਾਂ ਨੂੰ ਮਿਲਨ ਤੋਂ ਵੀ ਨਾਂਹ ਕਰ ਰਿਹਾ ਹੈ।”12
ਜਦੋਂ ਚੰਦਰ ਸ਼ੇਖਰ ਤੇ ਉਸ ਦੇ ਇਨਕਲਾਬੀ ਸਾਥੀਆਂ ਨੂੰ ਇਹ ਸੁਨੇਹਾਂ ਮਿਲਿਆ ਤਾਂ ਉਹਨਾਂ ਦੀ ਗ਼ੈਰਤ ਨੇ ਅੰਗੜਾਈ ਲਈ ਤੇ ਕੁਝ ਦਿਨਾਂ ਬਾਅਦ ਹੀ ਇਨਕਲਾਬੀਆਂ ਵੱਲੋਂ ਪੰਜਾਬ ਦੇ ਛੇ ਜ਼ਿਲ੍ਹਾ ਹੈੱਡਕੁਆਟਰਾਂ ਉਤੇ ਇੱਕੋ ਸਮੇਂ ਬੰਬ ਸੁੱਟ ਕੇ ਤਹਿਲਕਾ ਮਚਾ ਦਿੱਤਾ। 23 ਦਸੰਬਰ, 1930 ਦਾ ਦਿਨ ਸੀ। ਪੰਜਾਬ ਯੂਨੀਵਰਸਿਟੀ ਲਾਹੌਰ ਦੇ ਕਾਨਵੋਕੇਸ਼ਨ ਹਾਲ ਵਿਚ ਪੰਜਾਬ ਦਾ ਗਵਰਨਰ ਹਾਜ਼ਰ ਸੀ ਜਦੋਂ ਇਨਕਲਾਬੀ ਨੌਜਵਾਨ ਹਰੀ ਕਿਸ਼ਨ ਨੇ ਉਸਨੂੰ ਗੋਲੀ ਮਾਰ ਦਿੱਤੀ। ਇੰਜ ਹੀ ਦੇਸ਼ ਦੇ ਹੋਰ ਵੀ ਬਹੁਤ ਸਾਰੇ ਥਾਵਾਂ ਉੱਤੇ ਇਨਕਲਾਬੀਆਂ ਵੱਲੋਂ ਖਾੜਕੂ ਕਾਰਵਾਈਆਂ ਕੀਤੀਆਂ ਗਈਆਂ। ਇਸ ਦੇ ਨਤੀਜੇ ਵਜੋਂ ਹਾਲਾਤ ਇਸ ਕਦਰ ਪਲਟ ਗਏ ਕਿ ਜਿਹੜਾ ਵਾਇਸਰਾਏ ਲਾਰਡ ਇਰਵਨ, ਮਹਾਤਮਾ ਗਾਂਧੀ ਨਾਲ ਗੱਲ ਕਰਨ ਨੂੰ ਵੀ ਤਿਆਰ ਨਹੀਂ ਸੀ, ਹੁਣ ਉਹ ਸਮਝੌਤੇ ਵਾਸਤੇ ਗਾਂਧੀ ਨੂੰ ਸੁਨੇਹੇ ਭੇਜਣ ਲੱਗਾ। ਇਸ ਨਾਲ ਮਰ ਰਹੀ ਸਤਿਆਗ੍ਰਹਿ ਦੀ ‘ਅਹਿੰਸਕ’ ਲਹਿਰ ਵਿਚ ਮੁੜ ਤੋਂ ਸਾਹ-ਪ੍ਰਾਣ ਫੂਕੇ ਗਏ। ਪਰ ਇਹ ਤਦ ਹੀ ਸੰਭਵ ਹੋ ਸਕਿਆ ਜਦੋਂ ਖਾੜਕੂਆਂ ਦੀ ਲੋੜੀਂਦੀ ‘ਹਿੰਸਾ’ ਨੇ ‘ਅਹਿੰਸਾ’ ਦੇ ਮੋਢੇ ਨਾਲ ਮੋਢਾ ਲਾਇਆ।
ਅਹਿੰਸਕ ਲਹਿਰ ਦੀ ਸੀਮਾਂ ਤੇ ‘ਹਿੰਸਕ’ ਕਾਰਵਾਈਆਂ ਦਾ ਵਧਵਾਂ ਯੋਗਦਾਨ ਆਜ਼ਾਦੀ ਲਹਿਰ ਦੇ ਇਤਿਹਾਸ ਦੇ ਅਗਲੇਰੇ ਉਸ ਦੌਰ ਵਿਚ ਵੀ ਵੇਖਿਆ ਜਾ ਸਕਦਾ ਹੈ ਜਦੋਂ ਦੂਜੇ ਸੰਸਾਰ ਯੁੱਧ ਦੌਰਾਨ ਕਾਂਗਰਸ ਨੂੰ ਅੰਗਰੇਜ਼ਾਂ ਤੋਂ ਆਜ਼ਾਦੀ ਪ੍ਰਾਪਤ ਕਰਨ ਲਈ ‘ਭਾਰਤ ਛੱਡੋ ਅੰਦੋਲਨ‘ ਸ਼ੁਰੂ ਕਰਨਾ ਪਿਆ। ਉਦੋਂ ਵੀ ਕਾਂਗਰਸ ਆਪਣੀ ਇੱਜ਼ਤ ਬਚਾਉਣ ਲਈ ਅੰਗਰੇਜ਼ਾਂ ਨਾਲ ਸਮਝੌਤਾ ਕਰਨ ਵਾਸਤੇ ਤਰਲੇ ਕਰਦੀ ਫਿਰਦੀ ਸੀ ਤੇ ਸੰਸਾਰ ਯੁੱਧ ਵਿਚ ਸਹਿਯੋਗ ਕਰਨ ਦਾ ਭਰੋਸਾ ਵੀ ਦੇ ਰਹੀ ਸੀ।
‘ਸੰਸਾਰ ਯੁੱਧ ਵਿੱਚ ਅੰਗਰੇਜ਼ਾਂ ਦੀ ਮਦਦ ਕਰਨ ਲਈ ਗਾਂਧੀ ਜੀ ਦੇ ਸਹਿਮਤ ਹੋ ਜਾਣ ਨਾਲੋਂ ‘ਸ਼ਾਂਤਮਈ ਅੰਦੋਲਨ‘ ਦੀ ਬੇਵਸੀ ਦਾ ਹੋਰ ਕਿਹੜਾ ਵੱਡਾ ਸਬੂਤ ਹੋ ਸਕਦਾ ਸੀ। ਕਾਂਗਰਸ ਦੇ ਸ਼ਾਂਤਮਈ ਅੰਦੋਲਨ ਦੀ ਇਸ ਬੇਵਸੀ ਦਾ ਨਤੀਜਾ ਸੀ ਕਿ ਜੈ ਪ੍ਰਕਾਸ਼ ਨਰਾਇਣ ਨੇ 1942 ‘ਚ ਖਾੜਕੂ ਲਹਿਰ ਚਲਾਈ। ਉੱਘਾ ਗਾਂਧੀਵਾਦੀ ਪਟਾਭੀ ਸੀਤਾਰਮੱਈਆ ਵੀ ਸ਼ਾਂਤਮਈ ਅੰਦੋਲਨ ਦੀ ਇਸ ਬੇਵਸੀ ਕਾਰਨ ਜੈ ਪ੍ਰਕਾਸ਼ ਨਰਾਇਣ ਦੀ ਮਿਲੀਟੈਂਟ ਲਹਿਰ ਦੇ ਨੇੜੇ ਚਲਾ ਗਿਆ ਸੀ। ਦੂਜੇ ਪਾਸੇ, ਕਾਂਗਰਸ ਦੇ ਸ਼ਾਂਤਮਈ ਅੰਦੋਲਨ ਦੀ ਹਾਰ ਦੇ ਉਲਟ, 1946 ‘ਚ ਹੋਈ ਨੇਵੀ ਦੀ ਹੜਤਾਲ ਦੇ ਯਕਦਮ ਪਿੱਛੋਂ, ਦੂਜੇ ਸੰਸਾਰ ਯੁੱਧ ਵਿੱਚ ਜੇਤੂ ਰਹਿਣ ਦੇ ਬਾਵਜੂਦ ਅੰਗਰੇਜ਼ ਸਾਮਰਾਜੀਆਂ ਨੇ ਹਿੰਦੁਸਤਾਨ ਨੂੰ ਅਜ਼ਾਦ ਕਰਨ ਦਾ ਐਲਾਨ ਕਰ ਦਿੱਤਾ ਸੀ।
ਅਸੀਂ ਮੰਨਦੇ ਹਾਂ ਕਿ ਸ਼ਾਂਤਮਈ ਅੰਦੋਲਨ ਹਿੰਦੁਸਤਾਨੀਆਂ ਦੀ ਨਿੱਘਰੀ ਹੋਈ ਸਪਿਰਟ ਨੂੰ ਉਭਾਰਨ ਲਈ ਸਹਾਈ ਹੋਇਆ, ਪਰ ਇਹ ਅੰਗਰੇਜ਼ਾਂ ਦੇ ਹਿੰਦੁਸਤਾਨ ਨੂੰ ਛੱਡ ਜਾਣ ਦੇ ਫੈਸਲੇ ਪਿੱਛੇ ਅਸਲ ਕਾਰਨ ਨਹੀਂ ਸੀ। ਅੰਗਰੇਜ਼ਾਂ ਦੇ ਹਿੰਦੁਸਤਾਨ ਨੂੰ ਛੱਡ ਜਾਣ ਦੇ ਨਿਰਣੇ ਪਿੱਛੇ ਅਸਲ ਕਾਰਨ ਅਜ਼ਾਦ ਹਿੰਦ ਫੌਜ ਦੇ ਅਫ਼ਸਰਾਂ ‘ਤੇ ਚੱਲੇ ਮੁਕੱਦਮਿਆਂ ਕਾਰਨ ਹਿੰਦੁਸਤਾਨੀ ਫੌਜਾਂ ‘ਚ ਪੈਦਾ ਹੋਈ ਬੇਚੈਨੀ, ਸਮੁੰਦਰੀ ਫੌਜ ਦਾ ਬਗਾਵਤੀ ਰਵੱਈਆ ਤੇ ਇਸ ਰਵੱਈਏ ਕਾਰਨ ਹਿੰਦੁਸਤਾਨ ਦੀ ਹਵਾਈ ਤੇ ਥਲ ਸੈਨਾ ਦੇ ਬਾਗ਼ੀ ਹੋਣ ਦਾ ਖਤਰਾ ਅਤੇ ਸੰਸਾਰ ਯੁੱਧ ਤੋਂ ਬਾਅਦ ਰੂਸ ਅਤੇ ਅਮਰੀਕਾ ਦੇ ਮੁਕਾਬਲੇ ਬਰਤਾਨੀਆ ਦਾ ਦੂਜੇ ਦਰਜੇ ਦੀ ਤਾਕਤ ਬਣ ਜਾਣਾ ਸੀ। ਜੇ ਸ਼ਾਂਤਮਈ ਅੰਦੋਲਨ ਨਾਲ ਦੇਸ਼ ਨੂੰ ਅਜ਼ਾਦ ਕਰਵਾਉਣ ਦੀ ਗੱਲ ਸੱਚੀ ਹੁੰਦੀ ਤਾਂ ਅਜ਼ਾਦੀ ਤੋਂ ਬਾਅਦ ਭਾਰਤ ਦੀ ਕਾਂਗਰਸੀ ਸਰਕਾਰ ਨੂੰ ਕਸ਼ਮੀਰ, ਹੈਦਰਾਬਾਦ, ਜੂਨਾਗੜ੍ਹ ਤੇ ਗੋਆ ਨੂੰ ਅਜ਼ਾਦ ਕਰਵਾਉਣ ਲਈ ਉਥੇ ਫੌਜਾਂ ਭੇਜਣ ਦੀ ਲੋੜ ਨਹੀਂ ਸੀ ਪੈਣੀ। ਜੇ ਸ਼ਾਂਤੀ ਨਾਲ ਅਜ਼ਾਦੀ ਜਿੱਤਣ ਦੇ ਦਮਗੱਜੇ ਸੱਚੇ ਹੁੰਦੇ ਤਾਂ ਇਸ ਅਜ਼ਾਦੀ ਦੀ ਸੁਰੱਖਿਆ ਵੀ ਸ਼ਾਂਤਮਈ ਢੰਗਾਂ ਨਾਲ ਕੀਤੀ ਜਾ ਸਕਦੀ ਸੀ ਤੇ ਭਾਰਤ ਸਰਕਾਰ ਨੂੰ ਦੇਸ਼ ਦੀ ਸੁਰੱਖਿਆ ਲਈ ਤੇਰਾਂ ਲੱਖ ਫੌਜ ‘ਤੇ ਐਟਮ ਬੰਬ ਰੱਖਣ ਦੀ ਲੋੜ ਨਹੀਂ ਸੀ ਪੈਣੀ।’13
ਇਹ ਸਾਰਾ ਵਿਸਥਾਰ ਗ਼ਦਰ ਲਹਿਰ ਦੀ ‘ਇਨਕਲਾਬੀਅਤ’ ਦੇ ਮਹੱਤਵ ਦੀ ਤਸ਼ਰੀਹ ਕਰਦਾ ਹੈ। ਜਿੱਥੇ ਬੰਦੂਕ ਜਾਂ ਤਲਵਾਰ ਦੀ ਲੋੜ ਸੀ ਗ਼ਦਰੀਆਂ ਨੇ ਉਸ ਪ੍ਰਕਾਰ ਉਹਨਾਂ ਦੀ ਵਰਤੋਂ ਕੀਤੀ। ਜਿੱਥੇ ਭੁੱਖ ਹੜਤਾਲ ਜਾਂ ਸੱਤਿਆਗ੍ਰਹਿ ਦੀ ਲੋੜ ਪਈ ਤਾਂ ਇਸਤੋਂ ਵੀ ਗੁਰੇਜ਼ ਨਾ ਕੀਤਾ। ਹਥਿਆਰ ਉਹ ਜਿਹੜਾ ਵੇਲੇ ਸਿਰ ਕੰਮ ਆਵੇ। ਭਾਵੇਂ ਸ਼ਾਂਤੀ ਦਾ ਹਥਿਆਰ ਹੋਵੇ ਤੇ ਭਾਵੇਂ ਖਾੜਕੂ ਕਿਸਮ ਦਾ। ਜੇਲ੍ਹਾਂ ਵਿਚ ਗ਼ਦਰੀ ਸੂਰਬੀਰਾਂ ਨੇ ਅੰਗਰੇਜ਼ੀ ਹਕੂਮਤ ਦੀਆਂ ਵਧੀਕੀਆਂ ਦਾ ਤੇ ਆਪਣੇ ਹੱਕਾਂ ਦੀ ਪ੍ਰਾਪਤੀ ਦਾ ਸੰਘਰਸ਼ ਸ਼ਾਂਤਮਈ ਤੇ ਪੁਰਅਮਨ ਜਾਂ ਕਹਿ ਲਈਏ ਕਿ ਅਹਿੰਸਕ ਢੰਗ ਨਾਲ ਹੀ ਲੜਿਆ। ਉਹਨਾਂ ਵੱਲੋਂ ਜੇਲ੍ਹਾਂ ਵਿਚ ਚੰਗੀ ਖ਼ੁਰਾਕ ਤੇ ਹੋਰ ਲੋੜੀਂਦੀਆਂ ਸਹੂਲਤਾਂ ਹਾਸਲ ਕਰਨ ਦੀ ਲੜੀ ਲੜਾਈ ਦੇ ਨਾਲ ਨਾਲ ਪਗੜੀ ਪਹਿਨਣ ਦੀ ਲੜਾਈ ਵੀ ਸ਼ਾਂਤਮਈ ਢੰਗ ਨਾਲ ਲੜੀ ਗਈ। ਕਾਲੇ ਪਾਣੀ ਦੀ ਸਜ਼ਾ ਭੋਗਣ ਵਾਲੇ ਗ਼ਦਰੀ ਸੂਰਮਿਆਂ ਨੇ ਪ੍ਰਣ ਕੀਤਾ ਸੀ ਕਿ ਜੇਲ੍ਹ ਅਧਿਕਾਰੀਆਂ ਨਾਲ ਪਹਿਲਾਂ ਵਧੀਕੀ ਨਹੀਂ ਕਰਨੀ। ਨਾ ਮਾੜਾ ਬੋਲਣਾ ਹੈ। ਬਣਦੀ ਮੁਸ਼ੱਕਤ ਵੀ ਕਰਨੀ ਹੈ। ਪਰ ਨਾ ਅਧਿਕਾਰੀਆਂ ਦਾ ਗ਼ੈਰਮਾਨਵੀ ਵਿਹਾਰ ਜਰਨਾ ਹੈ ਤੇ ਨਾ ਗ਼ੈਰਮਾਨਵੀ ਮੁਸ਼ੱਕਤ ਕਰਨੀ ਹੈ। ਉਹਨਾਂ ਕਰੜੀਆਂ ਸਜ਼ਾਵਾਂ ਵੀ ਸ਼ਾਂਤ-ਚਿੱਤ ਹੋ ਕੇ ਬਰਦਾਸ਼ਤ ਕੀਤੀਆਂ। ਪਿੰਡਿਆਂ ਤੋਂ ਬੋਟੀਆਂ ਉਚੇੜਦੇ ਬੈਂਤਾਂ ਦੀ ਮਾਰ ਸ਼ਾਂਤ ਰਹਿ ਕੇ ਸਹੀ। ਪਰ ਜਿੱਥੇ ਲੋੜ ਪਈ ਓਥੇ ਖੜਕਾ-ਦੜਕਾ ਵੀ ਕੀਤਾ।
ਸੋ ਗੱਲਾਂ ਦੀ ਗੱਲ ਤਾਂ ਇਹ ਹੈ ਕਿ ਆਜ਼ਾਦੀ ਦੇ ਇਤਿਹਾਸ ਵਿਚ ਅਹਿੰਸਕ ਤੇ ਹਿੰਸਕ ਤੌਰ ਤਰੀਕਿਆਂ ਦੀ ਸਮੇਂ ਦੀ ਮੰਗ ਅਨੁਸਾਰ ਆਪਣੀ ਆਪਣੀ ਪ੍ਰਸੰਗਕਿਤਾ ਹੈ ਅਤੇ ਦੋਵੇਂ ਵਿਧੀਆਂ ਇਕ ਦੂਜੀ ਦੀਆਂ ਪੂਰਕ ਹਨ। ਪਰ ਜਿਵੇਂ ਇਨਕਲਾਬੀ ਤੌਰ-ਤਰੀਕੇ ਵਾਲੀ ਗ਼ਦਰ ਲਹਿਰ ਜਾਂ ਹੋਰ ਲਹਿਰਾਂ ਨੂੰ ਸਥਾਪਤ ਤਾਕਤਾਂ ਦੇ ਅਣਗੌਲੇ ਕੀਤਾ ਹੈ, ਇਹ ਅਸਲੋਂ ਘੋਰ ਬੇਇਨਸਾਫ਼ੀ ਹੈ। ਸਾਨੂੰ ਏਸੇ ਕਰਕੇ ਇਸ ਤੱਥ ‘ਤੇ ਜ਼ੋਰ ਦੇਣਾ ਪੈਂਦਾ ਹੈ ਕਿ ਜੇ ਇਨਕਲਾਬੀ ਤਾਕਤਾਂ ਆਪਣਾ ਰੋਲ ਨਾ ਨਿਭਾਉਂਦੀਆਂ ਤਾਂ ਆਜ਼ਾਦੀ ਪ੍ਰਾਪਤ ਨਹੀਂ ਸੀ ਹੋ ਸਕਣੀ।



ਕੀ ਗ਼ਦਰੀ ਨਾਸਤਕ ਸਨ ਤੇ ‘ਸਿੱਖ’ ਨਹੀਂ ਸਨ?

ਵੇਲੇ ਦੀ ਹਕੂਮਤ ਵੱਲੋਂ ਗ਼ਦਰੀਆਂ ਨੂੰ ਆਮ ਲੋਕਾਂ ਤੋਂ ਵਿਜੋਗਣ ਲਈ ਜਿੱਥੇ ਹੋਰ ਕਦਮ ਚੁੱਕੇ ਗਏ ਓਥੇ ਇੱਕ ਹੋਰ ਸੂਖ਼ਮ ਯਤਨ ਇਹ ਕੀਤਾ ਕਿ ਉਹਨਾਂ ਨੂੰ ਆਪਣੇ ਭਾਈਚਾਰੇ ਅੱਗੇ ਇਸ ਤਰੀਕੇ ਨਾਲ ਬਦਨਾਮ ਕੀਤਾ ਜਾਵੇ ਕਿ ਕੋਈ ਉਹਨਾਂ ਨੂੰ ਮੂੰਹ ਨਾ ਲਾਵੇ। ਜਦੋਂ ਗ਼ਦਰੀ ਸੂਰਬੀਰ ਗ਼ਦਰ ਕਰਨ ਲਈ ਦੇਸ਼ ਪਹੁੰਚੇ ਸਨ ਤਾਂ ਉਸ ਵੇਲੇ ਦੀਆਂ ਸਥਾਪਤ ਸਿੱਖ ਤਾਕਤਾਂ ਅੰਗਰੇਜ਼ ਹਕੂਮਤ ਦੀਆਂ ਪਿੱਛਲੱਗ ਅਤੇ ਉਸਦੀਆਂ ਹਮਾਇਤੀ ਸਨ। ਅੰਗਰੇਜ਼ ਉਹਨਾਂ ਲਈ ‘ਮਾਈ ਬਾਪ’ ਸੀ ਕਿਉਂਕਿ ਉਸਨੇ ਉਹਨਾਂ ਨੂੰ ਜਗੀਰਾਂ ਤੇ ਸਰਦਾਰੀਆਂ ਬਖ਼ਸ਼ੀਆਂ ਸਨ। ਉਹ ਕਿੱਥੋਂ ਤੱਕ ਗ਼ਰਕ ਗਈਆਂ ਸਨ; ਇਸਦੀ ਮਿਸਾਲ ਦੇਣੀ ਗ਼ੈਰਵਾਜਬ ਨਹੀਂ ਹੋਵੇਗੀ। ਪ੍ਰਸਿੱਧ ਗ਼ਦਰੀ ਭਾਈ ਬਲਵੰਤ ਸਿੰਘ ਖ਼ੁਰਦਪੁਰ ਦੀ ਪਤਨੀ ਕਰਤਾਰ ਕੌਰ ਪਤੀ ਦੀ ਮੁਲਾਕਾਤ ਵਾਸਤੇ ਗਈ ਦਾ ਜੇਲ੍ਹ ਅਧਿਕਾਰੀਆਂ ਨੇ ਇਹ ਕਹਿ ਕੇ ਕਿ ਉਸਦੇ ਪਤੀ ਨੂੰ ਕੱਲ੍ਹ ਫਾਂਸੀ ਦੇ ਦਿੱਤੀ ਗਈ ਹੈ, ਉਸਨੂੰ ਗ੍ਰੰਥ ਸਾਹਿਬ ਦੀ ਛੋਟੀ ਬੀੜ ਤੇ ਉਸਦੇ ਪਤੀ ਦੀਆਂ ਚੀਜ਼ਾਂ ਸੌਂਪ ਦਿੱਤੀਆਂ। ਲਾਹੌਰੋਂ ਮੁੜਦੀ ਬੀਬੀ ਬੀੜ ਨੂੰ ਹਿੱਕ ਨਾਲ ਲਾਈ ਗੁਰੂ ਘਰ ਤੋਂ ਢਾਰਸ ਲੈਣ ਜਦ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਣ ਪੁੱਜੀ ਤਾਂ ‘ਓਥੇ ਅੰਗਰੇਜ਼ੀ ਰਾਜ ਦੀਆਂ ਸਿਫ਼ਤਾਂ ਹੋ ਰਹੀਆਂ ਸਨ। ਅੰਗਰੇਜ਼ਾਂ ਨੂੰ ਗੁਰੂ ਤੇਗ਼ਬਹਾਦਰ ਵੱਲੋਂ ਭੇਜੇ ਟੋਪੀ ਵਾਲੇ ਸਿੱਖ ਦੱਸਿਆ ਜਾ ਰਿਹਾ ਸੀ। ਅੰਗਰੇਜ਼ ਰਾਜ ਦੇ ਵਾਧੇ ਤੇ ਉਸਦੀ ਸਲਾਮਤੀ ਦੀ ਅਰਦਾਸ ਹੋ ਰਹੀ ਸੀ। ਇਹ ਸਭ ਕੁਝ ਵੇਖ ਕੇ ਬੀਬੀ ਕਰਤਾਰ ਕੌਰ ਦੀ ਭੁੱਬ ਨਿਕਲ ਗਈ।’14
ਅਜਿਹੇ ਵਰਤਾਰੇ ਦੇ ਥੋੜਾ ਪਿਛੋਕੜ ਵਿਚ ਜਾ ਕੇ ਵੇਖਿਆ ਜਾਵੇ ਤਾਂ ਗੁਰਦਵਾਰਾ ਪ੍ਰਬੰਧ ਵਿਚ ਹਕੂਮਤ ਦੀ ਦਖ਼ਲਅੰਦਾਜ਼ੀ ਦਾ ਅੰਦਾਜ਼ਾ ਸਹਿਜੇ ਲਾਇਆ ਜਾ ਸਕਦਾ ਹੈ।
ਗੁਰਦਵਾਰਿਆਂ ਦਾ ਪਰਬੰਧ ਸਰਕਾਰ ਵੱਲੋਂ ਨਾਮਜ਼ਦ ਕੀਤੇ ਸਰਬਰਾਹਾਂ ਦੇ ਹੱਥ ਵਿਚ ਸੀ। ਇਸਦੀ ਕਾਰਜਸ਼ੀਲਤਾ ਤੈਅ ਕਰਨ ਬਾਰੇ ‘1859 ਵਿਚ ਰਾਜਾ ਤੇਜਾ ਸਿੰਘ, ਮਿਸਟਰ ਕੂਪਰ (ਡਿਪਟੀ ਕਮਿਸ਼ਨਰ ਅੰਮ੍ਰਿਤਸਰ) ਅਤੇ ਜੋਧ ਸਿੰਘ ਸਰਬਰਾਹ ਨੇ ਇਕ ਮੀਟਿੰਗ (5 ਤੋਂ 12 ਸਤੰਬਰ 1859) ਕਰਕੇ ਅੰਮ੍ਰਿਤਸਰ ਅਤੇ ਤਰਨ ਤਾਰਨ ਦੇ ਗੁਰਦੁਆਰਿਆਂ ਬਾਰੇ ਜ਼ਾਬਤਾ ਅਤੇ ਮਰਿਯਾਦਾ ਤਿਆਰ ਕੀਤੀ। ਕੁਝ ਸਾਲ ਇਸੇ ਤਰ੍ਹਾਂ ਚਲਦਾ ਰਿਹਾ ਪਰ ਸਰਬਰਾਹ, ਗ੍ਰੰਥੀ ਅਤੇ ਪੁਜਾਰੀ ਆਪੋ ਆਪਣੀ ਚਲਾਂਦੇ ਰਹੇ। ਜਦੋਂ ਉਨ੍ਹਾਂ ਵਿਚ ਝਗੜਾ ਹੁੰਦਾ ਤਾਂ ਉਹ ਸਰਕਾਰ ਦੀ ਬਣਾਈ ਕਮੇਟੀ ਤੱਕ ਪਹੁੰਚ ਕਰਦੇ। ਇਸ ਤੋਂ ਇਲਾਵਾ ਕਮੇਟੀ ਦੀ ਕੋਈ ਪੁੱਛ ਪੜਤਾਲ ਨਹੀਂ ਸੀ। ਸੰਨ 1881 ਵਿਚ ਇਹ ਕਮੇਟੀ ਵੀ ਖ਼ਤਮ ਹੋ ਗਈ। ਹੁਣ ਸਰਬਰਾਹ ਸਿੱਧਾ ਸਰਕਾਰ ਦੀ ਮਰਜ਼ੀ ਨਾਲ ਕੰਮ ਕਰਦਾ ਸੀ। ਉਸ ਨੂੰ ਸਿੱਖਾਂ ਦੀ ਕੋਈ ਪ੍ਰਵਾਹ ਨਹੀਂ ਸੀ। ਉਨ੍ਹਾਂ ਦਿਨਾਂ ਵਿਚ ਸਿੰਘ ਸਭਾ ਲਹਿਰ ਸ਼ੁਰੂ ਹੋ ਚੁੱਕੀ ਸੀ। ਸਿੱਖ ਆਗੂਆਂ ਨੇ ਸਰਕਾਰ ਨੂੰ ਪਹੁੰਚ ਕਰ ਕੇ ਗੁਰਦੁਆਰਿਆਂ ਦਾ ਇੰਤਜ਼ਾਮ ਠੀਕ ਕਰਨ ਵਾਸਤੇ ਇਕ ਕਮੇਟੀ ਬਣਾਉਣ ਵਾਸਤੇ ਆਖਿਆ। ਸਿੰਘ ਸਭਾ ਲਹਿਰ ਨੇ ਸਕੂਲ ਖੋਲ੍ਹਣ, ਧਰਮ ਪ੍ਰਚਾਰ ਕਰਨ ਅਤੇ ਸਿੱਖ ਕਲਚਰ ਨੂੰ ਸੰਭਾਲਣ ਵੱਲ ਵਧੇਰੇ ਧਿਆਨ ਦਿੱਤਾ। ਉਨ੍ਹਾਂ ਨੇ ਨਾ ਤਾਂ ਸਿੱਖ ਸਿਆਸਤ ਵਿਚ ਕੋਈ ਰੋਲ ਅਦਾ ਕੀਤਾ ਅਤੇ ਨਾ ਹੀ ਗੁਰਦੁਆਰਿਆਂ ਦੀ ਹਾਲਤ ਦਾ ਖਿ਼ਆਲ ਕੀਤਾ। ਮਹੰਤ, ਪੁਜਾਰੀ ਤੇ ਸਰਬਰਾਹ ਦਿਨੋ ਦਿਨ ਆਪ-ਹੁੰਦਰੇ ਹੁੰਦੇ ਜਾ ਰਹੇ ਸਨ। ਗੁਰਦੁਆਰਿਆਂ ਵਿਚ ਅ-ਸਿੱਖ ਮਰਿਆਦਾ ਲਾਗੂ ਹੋ ਰਹੀ ਸੀ। ਬ੍ਰਿਟਿਸ਼ ਸਰਕਾਰ ਇਸ ਵਿਚ ਖੁਸ਼ ਸੀ ਕਿ ਸਿੱਖ ਧਰਮ ਵਿਚ ਮਿਲਾਵਟ ਵਧੇ, ਸਿੱਖੀ ਦਾ ਪ੍ਰਚਾਰ ਘਟੇ, ਗੁਰਦੁਆਰਿਆਂ ਦੀ ਹਾਲਤ ਖ਼ਰਾਬ ਹੋਵੇ। ਸਿੱਖਾਂ ਦਾ ਨੁਕਸਾਨ ਬ੍ਰਿਟਿਸ਼ ਸਰਕਾਰ ਅਤੇ ਇਸਾਈ ਮਿਸ਼ਨਰੀਆਂ ਦੇ ਫਾਇਦੇ ਵਿਚ ਸੀ।15
ਚੀਫ਼ ਖ਼ਾਲਸਾ ਦੀਵਾਨ ਵਰਗੀਆਂ ਜਥੇਬੰਦੀਆਂ ਸਰਕਾਰ ਨਾਲ ਮਿਲ ਵਰਤ ਕੇ ਚੱਲਣ ਵਿਚ ਹੀ ਆਪਣਾ ਭਲਾ ਸਮਝਦੀਆਂ ਸਨ। ਅੰਗਰੇਜ਼ ਸਰਕਾਰ ਵਿਰੁੱਧ ਉੱਠਣ ਵਾਲੀ ਬਗ਼ਾਵਤੀ ਆਵਾਜ਼ ਨੂੰ ਦਬਾਉਣ ਲਈ ਉਹ ਸਰਕਾਰੀ ਧਿਰ ਦਾ ਸਾਥ ਦੇਣਾ ਆਪਣਾ ਫ਼ਰਜ਼ ਸਮਝਦੀਆਂ ਸਨ। ਗ਼ਦਰ ਲਹਿਰ ਵਿਚ ਕਿਉਂਕਿ ਸਿੱਖੀ ਪਿਛੋਕੜ ਵਾਲੇ ਲੋਕਾਂ ਦੀ ਗਿਣਤੀ ਸਬਰਕੱਤੀ ਸੀ, ਇਸ ਲਈ ਹਕੂਮਤ ਨੂੰ ਇਹ ਡਰ ਸੀ ਕਿ ਪੰਜਾਬ ਦੇ ਸਿੱਖ ਕਿਤੇ ਗ਼ਦਰੀਆਂ ਨਾਲ ਨਾ ਮਿਲ ਜਾਂਦੇ ਹੋਣ। ਗ਼ਦਰ ਪਾਰਟੀ ਵੱਲੋਂ ਹਿੰਦ ਵਿਚ ਜਾ ਕੇ ਗ਼ਦਰ ਕਰਨ ਦਾ ਖੁੱਲ੍ਹ-ਮ-ਖੁੱਲ੍ਹਾ ਹੋਕਾ ਪਹਿਲਾਂ ਤੋਂ ਹੀ ਦਿੱਤਾ ਜਾਂਦਾ ਹੋਣ ਕਰਕੇ ਗ਼ਦਰੀਆਂ ਵੱਲੋਂ ਪੇਸ਼ ਸੰਭਾਵੀ ਖ਼ਤਰੇ ਲਈ ਪੇਸ਼ਬੰਦੀਆਂ ਵਜੋਂ ਜਿਹੜੇ ਕਦਮ ਚੁੱਕੇ ਗਏ ਉਹਨਾਂ ਵਿਚੋਂ ਇੱਕ ਮੁੱਖ ਕਦਮ ਇਹ ਸੀ ਕਿ ਪੰਜਾਬ ਦੇ ਸਿੱਖ ਆਗੂਆਂ ਅਤੇ ਜਥੇਬੰਦੀਆਂ ਨੂੰ ਗ਼ਦਰੀਆਂ ਦੇ ਖਿ਼ਲਾਫ਼ ਵਰਤਿਆ ਜਾਵੇ ਤਾਕਿ ਲੋਕ ਉਹਨਾਂ ਦਾ ਸਾਥ ਨਾ ਦੇਣ ਬਲਕਿ ਉਲਟਾ ਉਹਨਾਂ ਦਾ ਵਿਰੋਧ ਕਰਨ। ਇਸ ਮਕਸਦ ਲਈ ਸਿੱਖ ਸਮੂਹ ਨਾਲੋਂ ਗ਼ਦਰੀਆਂ ਨੂੰ ਨਿਖੇੜਣ ਤੇ ਨਿੰਦਣ ਲਈ ਪਹਿਲਾ ਕਦਮ ਜੋ ਚੁਕਵਾਇਆ ਗਿਆ ਜਾਂ ਸਮੇਂ ਦੇ ਸਿੱਖ ਆਗੂਆਂ ਨੇ ਅੰਗਰੇਜ਼ ਹਕੂਮਤ ਦੀ ਖ਼ੁਸ਼ਨੂਦੀ ਹਾਸਲ ਕਰਨ ਲਈ ਚੁੱਕਿਆ ਉਹ ਇਹ ਮਤਾ ਪਾਸ ਕਰਨਾ ਸੀ ਕਿ ‘ਗ਼ਦਰੀ ਤਾਂ ਸਿੱਖ ਹੀ ਨਹੀਂ ਹਨ। ਉਹ ਨਾਸਤਿਕ ਅਤੇ ਪਤਿਤ ਹਨ।’ ਇਹ ਸਾਰਾ ਕੁਝ ਉਦੋਂ ਵਾਪਰਿਆ ਜਦੋਂ ਕਨੇਡਾ ਤੋਂ ਪਰਤੇ ਕਾਮਾਗਾਟਾ ਮਾਰੂ ਜਹਾਜ਼ ਦੇ ਕਈ ਮੁਸਾਫ਼ਰਾਂ ਨੂੰ ਕਲਕੱਤੇ ਬਜਬਜ ਘਾਟ ‘ਤੇ ਗੋਲੀਆਂ ਮਾਰ ਕੇ ਸ਼ਹੀਦ ਅਤੇ ਜ਼ਖ਼ਮੀ ਕਰ ਦਿੱਤਾ ਸੀ। ਕਿਉਂਕਿ ਜਹਾਜ਼ ਵਿਚਲੇ ਮੁਸਾਫ਼ਰ ਪੰਜਾਬੀ ਅਤੇ ਬਹੁਤੇ ਸਿੱਖ ਸਨ ਇਸ ਲਈ ਖ਼ਬਰ ਮਿਲਦਿਆਂ ਹੀ ਸੈਕੜੇ ਪਰਿਵਾਰਾਂ ਵਿਚ ਅਤੇ ਉਹਨਾਂ ਨਾਲ ਸੰਬੰਧਤ ਹਜ਼ਾਰਾਂ ਲੋਕਾਂ ਵਿਚ ਦੁੱਖ ਅਤੇ ਪੀੜ ਦੀ ਵਿਆਪਕ ਲਹਿਰ ਦੌੜ ਗਈ।
ਬਜਬਜ ਦੇ ਘਾਟ ਤੇ ਹੋਏ ਇਸ ਦਰਦਨਾਕ ਹਾਦਸੇ ਬਾਰੇ ਉਸ ਸਮੇਂ ਇਕ 16 ਸਾਲ ਦੀ ਬੱਚੀ ਸਿੱਖ ਬੀਬੀ ਹਰਨਾਮ ਕੌਰ ਨੇ ਹੇਠਾਂ ਲਿਖੀ ਕਵਿਤਾ ‘ਖ਼ਾਲਸਾ ਸੇਵਕ’ ਅਖ਼ਬਾਰ ਵਿਚ ਛਪਵਾਈ, ਜਿਸ ਦੀ ਸਜ਼ਾ ਮਾਲਕ ਅਖ਼ਬਾਰ ਭਾਈ ਜੀਵਨ ਸਿੰਘ ਜੀ ਨੂੰ ਭੁਗਤਣੀ ਪਈ, ਜਿਨ੍ਹਾਂ ਦੀ ਦੋ ਹਜ਼ਾਰ ਦੀ ਜ਼ਮਾਨਤ ਜ਼ਬਤ ਹੋ ਕੇ ਅਖ਼ਬਾਰ ਬੰਦ ਹੋ ਗਿਆ ਜੋ ਅੱਜ ਤੱਕ ਮੁੜ ਨਾ ਨਿਕਲ ਸਕਿਆ।
ਮਾਰੇ ਗਏ ਹਾਂ ਰਾਹੀ ਮਾਰੇ ਗਏ ਹਾਂ ਰਾਹੀ
ਖਾਲੀ ਚਲੇ ਹਾਂ ਖਾਲੀ ਦੇਖੋ ਅਸੀਂ ਮੁਸਾਫ਼ਰ
ਖੱਫਨ ਨਾ ਲੈਣ ਦਿੱਤਾ ਡਾਹਢੀ ਇਹ ਮੌਤ ਕਾਫ਼ਰ
ਲਕੜ ਨਾ ਮੂਲ ਲੀਤੀ ਲੰਬੂ ਕਿਸੇ ਨਾ ਲਾਇਆ
ਟੋਟਾ ਭੀ ਗਿਠ ਭੋਂ ਦਾ ਵੰਡੇ ਨਹੀਂ ਹੈ ਆਇਆ
ਰੋਇਆ ਨਾ ਪਾਸ ਕੋਈ ਮਾਰੀ ਕਿਸੇ ਨਾ ਧਾਹੀ
ਮਾਰੇ ਗਏ ਹਾਂ ਲੋਕੋ ਮਾਰੇ ਗਏ ਹਾਂ ਰਾਹੀ
ਸੂਰਬੀਰ ਹਿੰਦੀਆਂ ਦੀ ਬਜਬਜ ਘਾਟ ‘ਤੇ ਦਿੱਤੀ ਬਲੀ ਉਤੇ ਭਾਵੇਂ ਅੰਗਰੇਜ਼ ਸਰਕਾਰ ਨੇ ਬਥੇਰੀ ਸਵਾਹ ਪਾਉਣ ਦੀ ਕੋਸ਼ਿਸ਼ ਕੀਤ੍ਰੀ ਪਰ ਇਹ ਕਿਸ ਤਰ੍ਹਾਂ ਹੋ ਸਕਦਾ ਸੀ ਖਾਸ ਕਰ ਜੋ ਇਸ ਬਲਦੀ ਭੱਠੀ ਦੇ ਵਿਚੋਂ ਨਿਕਲ ਕੇ ਗਏ ਸਨ ਉਹ ਕਿਸ ਤਰ੍ਹਾਂ ਇਸ ਨੂੰ ਭੁਲ ਸਕਦੇ ਸਨ।16
ਚਾਰੇ ਪਾਸੇ ਮੱਚੀ ਹਾਹਾਕਾਰ ਦੀਆਂ ਖ਼ਬਰਾਂ ਅਖ਼ਬਾਰਾਂ ਵਿਚ ਛਪਣ ਲੱਗੀਆਂ ਤਾਂ ਅੰਗਰੇਜ਼ ਹਕੂਮਤ ਨੂੰ ਖ਼ਤਰਾ ਪੈਦਾ ਹੋ ਗਿਆ ਕਿ ਮੱਚੀ ਇਹ ਹਾਹਾਕਾਰ ਕਿਧਰੇ ਬਗ਼ਾਵਤ ਦੀ ਸ਼ਕਲ ਨਾ ਅਖ਼ਤਿਆਰ ਕਰ ਜਾਵੇ। ਕਾਮਾਗਾਟਾ ਮਾਰੂ ਜਹਾਜ਼ ਦੇ ਮੁਸਾਫ਼ਰਾਂ ਨਾਲ ਕਨੇਡਾ ਵਿਚ ਹੋਏ ਅਨਿਆਂ ਨੇ ਉਹਨਾਂ ਦੇ ਮਨਾ ਵਿਚ ਅੰਗਰੇਜ਼ ਹਕੂਮਤ ਦੇ ਵਿਰੁੱਧ ਵਿਰੋਧ ਅਤੇ ਰੋਸ ਦਾ ਬੜਾ ਤਿੱਖਾ ਜਜ਼ਬਾ ਪੈਦਾ ਕਰ ਦਿੱਤਾ ਸੀ ਜਿਸਨੂੰ ਰਸਤੇ ਵਿਚ ਬਾਬਾ ਸੋਹਨ ਸਿੰਘ ਭਕਨਾ ਤੇ ਸਾਥੀਆਂ ਨੇ ਗ਼ਦਰ ਦੀ ਭਖ਼ਦੀ ਚੰਗਿਆੜੀ ਲਾ ਦਿੱਤੀ ਸੀ। ਅੰਗਰੇਜ਼ ਇਸਤੋਂ ਬੜੇ ਭੈਅ-ਭੀਤ ਸਨ। ਉਹਨਾਂ ਨੇ ਪੰਜਾਬੀ ਸਿੱਖਾਂ ਦੇ ਮਨ ਵਿਚ ਬਜਬਜ ਘਾਟ ਦੇ ਮੁਸਾਫ਼ਰਾਂ ਅਤੇ ਗ਼ਦਰੀਆਂ ਬਾਰੇ ਲੋਕ-ਚੇਤਨਾ ਵਿਚ ਮੰਦ-ਭਾਵ ਪੈਦਾ ਕਰਨ ਲਈ ਅਤੇ ‘੍ਰਇਸ ਡਰ ਤੋਂ ਕਿ ਪੰਜਾਬ ਦੇ ਸਿੱਖ ਬਜਬਜ ਦੇ ਹਾਦਸੇ ਤੋਂ ਭੜਕ ਨਾ ਉਠਨ ਸਰਕਾਰ ਪੰਜਾਬ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਰਬਰਾਹ ਅਰੂੜ ਸਿੰਘ ਪਾਸੋਂ ਸਿੱਖਾਂ ਦੇ ਸ਼੍ਰੋਮਣੀ ਗੁਰ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਇਹ ਹੁਕਮ ਜਾਰੀ ਕਰਾਇਆ ਕਿ ਬਜਬਜ ਦੇ ਘਾਟ ‘ਤੇ ਮਾਰੇ ਗਏ ਪੰਜਾਬੀ ਸਿੱਖ ਨਹੀਂ ਸਨ।’17
ਏਸੇ ਤੱਥ ਦੀ ਪੁਸ਼ਟੀ ਇਤਿਹਾਸਕਾਰ ਰਾਮ ਸਿੰਘ ਮਜੀਠਾ ਕੁਝ ਇਸ ਪ੍ਰਕਾਰ ਕਰਦੇ ਹਨ: ‘ਚੀਫ਼ ਖ਼ਾਲਸਾ ਦੀਵਾਨ, ਜਿਹੜਾ ਕਿ ਇਹਨਾਂ ਸਰਦਾਰ ਬਹਾਦਰਾਂ, ਜਗੀਰਦਾਰਾਂ ਤੇ ਵੱਡੇ ਵੱਡੇ ਜਿ਼ਮੀਦਾਰਾਂ ਦੀ ਪ੍ਰਤੀਨਿਧਤਾ ਕਰਦਾ ਸੀ, ਏਥੋਂ ਤੱਕ ਚਲਾ ਗਿਆ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹੈੱਡ-ਗ੍ਰੰਥੀ ਦੇ ਨਾਮ ਉੱਤੇ ਅਕਾਲਤਖ਼ਤ ਤੋਂ ਹੁਕਮਨਾਮਾ ਜਾਰੀ ਕਰਵਾ ਦਿੱਤਾ ਕਿ ਗ਼ਦਰ ਪਾਰਟੀ ਦੇ ਕੁੱਲ ਮੈਂਬਰ ਨਾਸਤਕ ਹਨ ਅਤੇ ਉਹਨਾਂ ਨੂੰ ਸਿੱਖ ਅਖਵਾਉਣ ਦਾ ਕੋਈ ਹੱਕ ਨਹੀਂ। ਉਹ ਸਿੱਖ ਨਹੀਂ।’
ਆਪਣੇ ਉਪ੍ਰੋਕਤ ਕਥਨ ਦੀ ਪੁਸ਼ਟੀ ਵਜੋਂ ਉਹ ਕਾਂਗਰਸ ਦੇ ਪ੍ਰਸਿੱਧ ਲੀਡਰ ਪਟਾਭਾਈ ਸੀਤਾਰਮਈਆ ਵੱਲੋਂ ਲਿਖੇ ਕਾਂਗਰਸ ਦੇ ਇਤਿਹਾਸ ਦੇ ਪੰਨਾਂ 264 ਵਿਚੋਂ ਇਕ ਹਵਾਲਾ ਉਧਰਿਤ ਕਰਦੇ ਹਨ:
‘…ਫੇਰ, ਇਹ ਐਲਾਨ ਵੀ ਸ੍ਰੀ ਦਰਬਾਰ ਸਾਹਿਬ ਦੇ ਸਰਕਾਰੀ ਸਰਬਰਾਹ ਨੇ ਕੀਤਾ ਕਿ ਬਜਬਜ ਘਾਟ ਦੇ ਸ਼ਹੀਦ ਸਿੱਖ ਨਹੀਂ ਹਨ। ਪਹਿਲੀ ਵੱਡੀ ਜੰਗ ਵਿਚ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਦੇ ਖ਼ਜ਼ਾਨੇ ਵਿਚੋਂ ਪੰਜਾਹ ਹਜ਼ਾਰ ਰੁਪੈ ਦਾ ਕਰਜ਼ਾ ਲਿਆ।’18
ਗ਼ਦਰੀਆਂ ਨੂੰ ਗੁਰਦਵਾਰਿਆਂ ਅਤੇ ਸਿੱਖ ਲਹਿਰ ‘ਤੇ ਕਾਬਜ਼ ਅਜਿਹੇ ਸਰਕਾਰੀ ਮਿਲਵਰਤਨੀਆਂ ਦੇ ਕਿਰਦਾਰ ਦੀ ਭਲੀਭਾਂਤ ਸੋਝੀ ਸੀ। ਉਹਨਾਂ ਨੇ ਤਾਂ ਪਹਿਲਾਂ ਹੀ ਅਜਿਹੇ ਵਿਕੇ ਹੋਏ ਅੰਗਰੇਜ਼ਾਂ ਦੇ ਝੋਲੀ-ਚੁੱਕ ਤਥਾ-ਕਥਿਤ ਪੰਥਕ ਆਗੂਆਂ ਬਾਰੇ ਆਪਣੇ ਵਿਚਾਰ ਬੜੀ ਸਪਸ਼ਟਤਾ ਨਾਲ ‘ਗ਼ਦਰ’ ਅਖ਼ਬਾਰ ਵਿਚ ਦਰਜ ਕੀਤੇ ਹੋਏ ਸਨ:
‘ਪਹਿਲਾਂ ਵਰਗੀ ਕੁੱਵਤ ਤੇ ਬਹਾਦਰੀ ਸਿੰਘਾਂ ਵਿਚ ਕਿਉਂ ਨਹੀਂ ਰਹੀ? ਇਹਦੇ ਦੋ ਸਬੱਬ ਹਨ। ਪਹਿਲਾ ਉਹ ਆਦਮੀ ਜਿਹੜੇ ਅੰਮ੍ਰਿਤ ਬਣਾਉਂਦੇ ਹਨ ਉਹ ਗੁਲਾਮ ਹਨ। ਗੁਰਦਵਾਰੇ ਦੇ ਗ੍ਰੰਥੀ ਅੰਗਰੇਜ਼ ਬਾਂਦਰਾਂ ਨੂੰ ਝੁਕ ਝੁਕ ਕੇ ਸਲਾਮਾਂ ਕਰਦੇ ਦੇਖੇ ਜਾਂਦੇ ਹਨ ਹਨ। ਭਲਾ ਅਜਿਹੇ ਨੀਚ ਪੁਰਸ,਼ ਜਿਹੜੇ ਮਜ੍ਹਬੀ ਲੀਡਰ ਬਣੇ ਹੋਏ ਹਨ ਤਾਂ ਕੌਮ ਵਿਚ ਕੀ ਤਾਕਤ ਤੇ ਦਲੇਰੀ ਹੋ ਸਕਦੀ ਹੈ? ਜਦ ਤੱਕ ਗੁਰੂ ਗੋਬਿੰਦ ਸਿੰਘ ਜੀ ਵਰਗੇ ਸ਼ੇਰ ਦਿਲ ਤੇ ਬਹਾਦਰ ਆਦਮੀ ਲੀਡਰ ਨਹੀਂ ਹੁੰਦੇ ਤਦ ਤੱਕ ਕੋਈ ਅਸਰ ਨਹੀਂ ਹੋਵੇਗਾ। ਅੱਜ ਕੱਲ੍ਹ ਦੇ ਹਾਲ ‘ਤੇ ਅੱਛੀ ਤਰ੍ਹਾਂ ਸਿੰਘਾਂ ਨੂੰ ਨਿਗਾਹ ਮਾਰਨੀ ਚਾਹੀਦੀ ਹੈ ਤੇ ਗੁਲਾਮ ਤੇ ਡਰਾਕਲ ਗ੍ਰੰਥੀਆਂ ਨੂੰ ਨਿਕਾਲ ਦੇਣਾ ਚਾਹੀਦਾ ਹੈ।’19
ਜਿਨ੍ਹਾਂ ‘ਗੁਲਾਮ ਤੇ ਡਰਾਕਲ ਗ੍ਰੰਥੀਆਂ’ ਨੂੰ ਗੁਰਦਵਾਰਿਆਂ ਵਿਚੋਂ ‘ਨਿਕਾਲ’ ਦੇਣ ਦਾ ਸੱਦਾ ਗ਼ਦਰੀ ਸੂਰਬੀਰਾਂ ਨੇ ਦਿੱਤਾ ਸੀ ਉਹਨਾਂ ਵੱਲੋਂ ਜੇ ਗ਼ਦਰੀਆਂ ਨੂੰ ‘ਪੰਥ’ ਵਿਚੋਂ ਛੇਕ ਦਿੱਤਾ ਗਿਆ ਸੀ ਤਾਂ ਕੋਈ ਅਣਹੋਣੀ ਨਹੀਂ ਸੀ ਵਾਪਰੀ। ਇਹ ਤਾਂ ‘ਗ੍ਰੰਥੀਆਂ’ ਤੇ ‘ਸਰਕਾਰ’ ਦੀ ਗਿਣੀ ਮਿਥੀ ਯੋਜਨਾ ਜਾਂ ਸਾਜਿਸ਼ ਦਾ ਹਿੱਸਾ ਸੀ। ਇਹ ਵੱਖਰੀ ਗੱਲ ਹੈ ਕਿ ਜਦੋਂ 1920 ਵਿਚ ਸ਼੍ਰੋਮਣੀ ਅਕਾਲੀ ਦਲ ਬਣਨ ‘ਤੇ ਅਜਿਹੇ ਸਰਕਾਰੀ ਹੱਥਠੋਕਿਆਂ ਤੋਂ ਗੁਰਦਵਾਰਿਆਂ ਨੂੰ ਆਜ਼ਾਦ ਕਰਵਾਉਣ ਦੀ ਲਹਿਰ ਚੱਲੀ ਤਾਂ ਕਰਤਾਰ ਸਿੰਘ ਝੱਬਰ ਤੇ ਹੋਰ ਸਿੱਖਾਂ ਨੇ ਅਕਾਲ ਤਖ਼ਤ ਤੇ ਕਬਜ਼ਾ ਕਰਦਿਆਂ ਤੁਰਤ ਹੀ ਅਕਾਲ ਤਖ਼ਤ ਤੋਂ ਗ਼ਦਰੀਆਂ ਖਿ਼ਲਾਫ਼ ਪਹਿਲਾਂ ਪਾਸ ਕੀਤੇ ਮਤੇ ਨੂੰ ਰੱਦ ਕੀਤਾ ਤੇ ‘ਬਜਬਜ ਘਾਟ’ ਵਾਲੇ ਇਹਨਾਂ ਸਿੱਖਾਂ ਨੂੰ ਸਿੱਖ ਅਤੇ ਦੇਸ਼ ਭਗਤ ਵਜੋਂ ਮਾਨਤਾ ਦਿੱਤੀ। ਇਹ ਸਭ ਕੁਝ ਉਦੋਂ ਵਾਪਰਿਆ ਜਦੋਂ ਪੁਜਾਰੀਆਂ ਨੇ ਨਿਮਨ ਸ਼੍ਰੇਣੀਆਂ ਵੱਲੋਂ ਭੇਟਾ ਕੀਤੇ ਜਾਣ ਵਾਲੇ ਕੜਾਹ ਪ੍ਰਸ਼ਾਦ ਦੀ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ, ਅਰਦਾਸ ਕਰਨ ਤੇ ਪ੍ਰਸ਼ਾਦ ਵਰਤਾਉਣ ਤੋਂ ਇਨਕਾਰ ਕਰ ਦਿੱਤਾ। ਉਸ ਸਮੇਂ ਖ਼ਾਲਸਾ ਕਾਲਜ ਦੇ ਪ੍ਰੋਫ਼ੈਸਰ ਤੇ ਹੋਰ ਸਿੱਖ ਸੰਗਤ ਸਰਦਾਰ ਕਰਤਾਰ ਸਿੰਘ ਝੱਬਰ ਦੀ ਅਗਵਾਈ ਵਿਚ ਦਰਬਾਰ ਸਾਹਿਬ ਵਿਚ ਹਾਜ਼ਰ ਸਨ। ਸਰਦਾਰ ਝੱਬਰ ਮਾਰਸ਼ਲ ਲਾਅ ਵਿਚ ਕੈਦ ਹੋ ਕੇ ਕਾਲੇ ਪਾਣੀ ਗਏ ਸਨ ਅਤੇ ਓਥੇ ਉਹਨਾਂ ਨੇ ਗ਼ਦਰੀ ਸੂਰਬੀਰਾਂ ਦੀ ਸੰਗਤ ਕੀਤੀ ਤੇ ਸੋਭਾ ਸੁਣੀ ਹੋਈ ਸੀ। ਉਹ ਇਨਕਲਾਬੀਆਂ ਦੇ ਬੁਲੰਦ ਕਿਰਦਾਰ ਤੋਂ ਬੇਹੱਦ ਪ੍ਰਭਾਵਤ ਹੋਏ। ਜਦੋਂ ਦਰਬਾਰ ਸਾਹਿਬ ਵਿਚ ਪੁਜਾਰੀ ਭਗੌੜੇ ਹੋ ਗਏ ਤਾਂ ਅਕਾਲ ਤਖ਼ਤ ਦੀ ਕਮਾਨ ਸਿੱਖ ਸੰਗਤਾਂ ਨੇ ਸੰਭਾਲ ਲਈ ਅਤੇ ਕਰਤਾਰ ਸਿੰਘ ਝੱਬਰ ਨੇ ‘ਗੁਲਾਮ ਅਤੇ ਡਰਾਕਲ ਗ੍ਰੰਥੀਆਂ’ ਨੂੰ ਜਿਵੇਂ ਗੁਰਦਵਾਰਿਆਂ ਵਿਚੋਂ ‘ਨਿਕਾਲਿਆ’ ਇਸਦਾ ਬੜਾ ਦਿਲਚਸਪ ਬਿਰਤਾਂਤ ਸਰਦਾਰ ਨਾਹਰ ਸਿੰਘ ਲਿਖਿਤ ਪੁਸਤਕ ਵਿਚ ਇਸ ਪ੍ਰਕਾਰ ਅੰਕਿਤ ਕੀਤਾ ਮਿਲਦਾ ਹੈ:
‘ਝੱਬਰ ਨੇ ਲੈਕਚਰ ਸ਼ੁਰੂ ਕੀਤਾ, ਸਾਧ ਸੰਗਤ ਜੀ 27-28 ਜੂਨ ਦੀ ਦਰਮਿਆਨੀ ਰਾਤ ਨੂੰ ਮੈਨੂੰ ਦੋ ਵਜੇ ਜਾਗ ਆਈ ਤਾਂ ਮੈਨੂੰ ਸਾਹਮਣੇ ਵਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਆਵਾਜ਼ ਆਈ ਜਾਂ ਮੈਂ ਚੰਗੀ ਤਰ੍ਹਾਂ ਕੰਨ ਲਾਇਆ ਤਾਂ ਇਕ ਹੋਰ ਨਾਲ ਦੇ ਕਮਰੇ ਵਿਚ ਇਕ ਪ੍ਰੇਮੀ ਜਪੁਜੀ ਸਾਹਿਬ ਦਾ ਪਾਠ ਕਰ ਰਿਹਾ ਸੀ। ਮੈਂ ਸੋਚਿਆ ਕਿ ਇਹ ਕਿਹੜੀ ਜਗ੍ਹਾ ਹੈ? ਨਿੱਕੀ ਜਿਹੀ ਕੋਠੜੀ ਸੀ ਜਾਂ ਮੈਂ ਪਿਛਲੇ ਪਾਸੇ ਦੇ ਰੋਸ਼ਨ ਦਾਨ ਵੱਲ ਕੰਨ ਲਾਇਆ ਤਾਂ ਉਧਰ ਆਸਾ ਜੀ ਦੀ ਵਾਰ ਦੇ ਪਾਠ ਹੋਣ ਦੀ ਆਵਾਜ਼ ਆਈ। ਮੈਂ ਸੋਚਿਆ ਕਿ ਮੈਂ ਕਿਥੇ ਆ ਗਿਆ ਹਾਂ। ਮੈਂ ਤਾਂ ਮਾਰਸ਼ਲ ਲਾਅ ਵਿਚ ਕੈਦ ਹੋ ਕੇ ਕਾਲੇ ਪਾਣੀ ਗਿਆ ਸੀ। ਇਹ ਜੇਲ੍ਹ ਖਾਨਾ ਤਾਂ ਨਹੀਂ? ਇਹ ਤਾਂ ਸਾਧ ਸੰਗਤ ਦਾ ਅਗੰਮੀ ਸੱਚਖੰਡ ਹੈ। ਕਾਲੇ ਪਾਣੀ ਵਾਲਾ ਮੈਨੂੰ ਕੋਈ ਸੁਪਨਾ ਆਇਆ ਸੀ। ਇਹ ਵਿਚਾਰ ਕਰਕੇ ਮੈਂ ਪਿਛਾਂ ਮੁੜਕੇ ਦਰਵਾਜ਼ੇ ਵੱਲ ਹੋਇਆ ਤਾਂ ਉਹ ਹੀ ਲੋਹੇ ਦੇ ਮੋਟੇ ਮੋਟੇ ਡੰਡਿਆਂ ਵਾਲਾ ਖਿੜਕ ਸੀ। ਫਿਰ ਮੈਨੂੰ ਯਾਦ ਆਇਆ ਕਿ ਮੈਂ ਆਪਣੇ ਨਾਲ ਦੇ ਗੁਆਂਢੀ ਨਾਲ ਗੱਲਾਂ ਕਰਦਾ ਰਿਹਾ ਸੀ। ਮੈਂ ਅਵਾਜ਼ ਮਾਰੀ, ਓ ਜਲਿਆ! ਦੂਜੀ ਅਵਾਜ਼ ਨਾਲ ਜਲਾ ਬੋਲਿਆ, ਭਾਈ ਜੀ ਕੀ ਆਖਦੇ ਹੋ? ਮੈਂ ਕਿਹਾ, ਜਲ੍ਹਿਆ! ਇਹ ਜੋ ਲੋਕੀਂ ਪਾਠ ਕਰ ਰਹੇ ਹਨ ਇਹ ਕੌਣ ਹਨ? ਜਲੇ ਆਖਿਆ ਕਿ ਇਹ ਭਾਈ ਜੀ ਹਨ। ਮੈਂ ਆਖਿਆ ਭਾਈ ਜੀ ਕੌਣ ਹਨ? ਉਸ ਨੇ ਕਿਹਾ ਕਾਲੇ ਪਾਣੀ ਜੇਹਲ ਵਿਚ ਲੋਕੀਂ ਸਿੱਖਾਂ ਨੂੰ ਭਾਈ ਜੀ ਆਖਦੇ ਹਨ। ਇਹ ਬਜਬਜ ਦੇ ਘਾਟ ਵਾਲੇ ਹਨ ਜਿਨ੍ਹਾਂ ਨੂੰ ਕਾਮਾਗਾਟਾ ਮਾਰੂ ਜਹਾਜ਼ ਲੈ ਕੇ ਅਮਰੀਕਾ ਵਿਚ ਮਜ਼ਦੂਰੀ ਕਰਨ ਗਿਆਂ ਉਥੇ ਨਾ ਵੜਨ ਦਿੱਤਾ, ਮੁੜ ਕੇ ਘਰ ਆਏ ਤਾਂ ਬਜਬਜ ਦੇ ਘਾਟ ਉਤੇ ਪੁਲਿਸ ਨੇ ਗੋਲੀਆਂ ਨਾਲ ਕਈ ਤਾਂ ਉਥੇ ਮਾਰੇ ਕਈ ਕੈਦ ਕਰਕੇ ਕਾਲੇ ਪਾਣੀ ਜੇਹਲ ਵਿਚ ਘਲ ਦਿੱਤੇ। ਇਹ ਗੱਲ ਸੁਣਕੇ ਮੈਨੂੰ ਸਰਦਾਰ ਅਰੂੜ ਸਿੰਘ ਸਰਬਰਾਹ ਦਰਬਾਰ ਸਾਹਿਬ ਸ੍ਰੀ ਅਕਾਲ ਤਖ਼ਤ ਦੀ ਉਹ ਗੱਲ ਚੇਤੇ ਆਈ ਜੋ ਸੰਨ 14 ਵਿਚ ਇਥੇ ਸ੍ਰੀ ਅਕਾਲ ਤਖ਼ਤ ਦੇ ਪੁਜਾਰੀਆਂ ਨੂੰ ਇਕੱਠੇ ਕਰਕੇ ਅੰਗਰੇਜ਼ ਨੂੰ ਖੁਸ਼ ਕਰਨ ਲਈ ਇਸ਼ਤਿਹਾਰੀ ਦੀਵਾਨ ਕੀਤਾ, ਜਿਸ ਵਿਚ ਇਹ ਮਨਮਤਾ ਪਾਸ ਕੀਤਾ ਕਿ ਜਿਨ੍ਹਾਂ ਸਿੱਖਾਂ ਨੇ ਬਜਬਜ ਦੇ ਘਾਟ ‘ਤੇ ਅੰਗਰੇਜ਼ਾਂ ਨਾਲ ਮੁਕਾਬਲਾ ਕੀਤਾ ਹੈ, ਉਹ ਗੁਰੂ ਕੇ ਸਿੱਖ ਨਹੀਂ। ਕਿਉਂ ਖਾਲਸਾ ਜੀ ਕੀ ਜਿਹੜਾ ਸਿੱਖ ਪਹਿਰ ਰਾਤ ਉਠ ਕੇ ਸ੍ਰੀ ਜਪੁਜੀ ਸਾਹਿਬ, ਸ੍ਰੀ ਸੁਖਮਨੀ ਸਾਹਿਬ, ਸ੍ਰੀ ਆਸਾ ਜੀ ਦੀ ਵਾਰ ਦਾ ਪਾਠ ਨਿਤਾ ਪਰਤ ਕਰੇ, ਕੀ ਉਹ ਗੁਰੂ ਕਾ ਸਿੱਖ ਹੋ ਸਕਦਾ ਹੈ ਜਾਂ ਨਹੀਂ?
ਸਰਬਰਾਹ ਅਰੂੜ ਸਿੰਘ ਨੇ ਪੁਜਾਰੀਆਂ ਦੀ ਇਕ ਸਭਾ ਬਨਾਈ ਹੋਈ ਹੈ। ਜਿਸ ਦਾ ਆਪ ਪ੍ਰੈਜ਼ੀਡੈਂਟ ਹੈ, ਉਸ ਦਾ ਇਕ ਨਿਯਮ ਹੈ, ਕਿ ਕੋਈ ਪੁਜਾਰੀ ਸਭਾ ਦਾ ਮੈਂਬਰ ਆਪਣੇ ਘਰ ਵਿਚ ਸਿੰਘ ਸਭਾ ਦੀ ਕੋਈ ਰੀਤੀ ਨਾ ਕਰੇ ਅਤੇ ਨਾ ਹੀ ਕਿਸੇ ਸਿੰਘ ਸਭੀਏ ਨਾਲ ਵਰਤੇ। ਔਹ ਵੇਖੋ ਭਾਈ ਨਰੈਣ ਸਿੰਘ ਜੀ ਪੁਜਾਰੀ ਸਾਹਮਣੇ ਖਲੋਤਾ ਹੈ। ਇਸ ਨੂੰ ਸਰਬਰਾਹ ਅਰੂੜ ਸਿੰਘ ਨੇ ਇਸ ਲਈ ਸੇਵਾ ਤੋਂ ਹਟਾਇਆ ਹੈ ਕਿ ਇਸ ਨੇ ਸੰਤ ਲਖਮੀਰ ਸਿੰਘ ਦੇ ਘਰ ਸ੍ਰੀ ਅਖੰਡ ਪਾਠ ਦੇ ਭੋਗ ਸਮੇਂ ਗੁਰੂ ਕਾ ਕੜਾਹ ਪ੍ਰਸ਼ਾਦ ਛਕਿਆ ਹੈ? ਕਿਉਂ ਸਾਧ ਸੰਗਤ, ਜੋ ਗੁਰੂ ਕੇ ਸਿਖਾਂ ਨਾਲ ਨਾ ਮਿਲਵਰਤਣ ਕਰੇ ਤੇ ਆਪਣੇ ਘਰ ਵਿਚ ਹਿੰਦੂ ਰੀਤੀ ਕਰੇ, ਕੀ ਉਹ ਗੁਰੂ ਕਾ ਸਿੱਖ ਹੋ ਸਕਦਾ ਹੈ? ਸੰਗਤ ਵਿਚੋਂ ਆਵਾਜ਼ ਆਈ ਹਰਗਿਜ਼ ਨਹੀਂ। ਤਾਂ ਝੱਬਰ ਨੇ ਇਹ ਗੁਰਮਤਾ ਪੇਸ਼ ਕੀਤਾ।
ਸ੍ਰੀ ਅਕਾਲ ਤਖ਼ਤ ਸਾਹਿਬ ਸਜਿਆ ਖਾਲਸਾ ਜੀ ਦਾ ਇਹ ਦੀਵਾਨ ਪਾਸ ਕਰਦਾ ਹੈ ਕਿ ਜਿਨ੍ਹਾਂ ਨੇ ਬਜਬਜ ਦੇ ਘਾਟ ‘ਤੇ ਅੰਗਰੇਜ਼ ਦਾ ਮੁਕਾਬਲਾ ਕੀਤਾ ਸੀ ਉਹ ਅੰਨਿਨ ਗੁਰੂ ਦੇ ਸਿੱਖ ਹਨ, ਬਲਕਿ ਉਹ ਗੁਰੂ ਕੇ ਸਿੱਖ ਨਹੀਂ ਜਿਹੜੇ ਆਪਣੇ ਘਰ ਮਨਮਤ ਕਰਦੇ ਹਨ ਅਤੇ ਸ. ਅਰੂੜ ਸਿੰਘ ਜੀ ਜੋ ਗੁਰਮਤ ਪ੍ਰਚਾਰ ਨੂੰ ਬੰਦ ਕਰਕੇ ਘਰ ਵਿਚ ਪੋਪ ਲੀਲ੍ਹਾ ਕਰਦਾ ਹੈ ਇਹ ਗੁਰੂ ਦਾ ਸਿੱਖ ਨਹੀਂ। ਇਹ ਗੁਰਮਤਾ ਸਰਬ ਸੰਮਤੀ ਨਾਲ ਪਾਸ ਹੋਇਆ ਜੋ ਜੈਕਾਰਿਆਂ ਦੀ ਗੂੰਜ ਨਾਲ ਸਭ ਨੇ ਪ੍ਰਵਾਨ ਕੀਤਾ।20
ਇਸ ਅੰਦਾਜ਼ ਵਿਚ ਗੁਰਦਵਾਰਿਆਂ ਵਿਚੋਂ ਤਾਂ ਸਰਕਾਰੀ ਝੋਲੀ-ਚੱਕ ਭਜਾ ਦਿੱਤੇ ਗਏ ਪਰ ਸਰਕਾਰ ਨਾਲ ਮਿਲਵਰਤ ਕੇ ਚੱਲਣ ਵਾਲੀਆਂ ਤਾਕਤਾਂ ਅਜੇ ਵੀ ਭਾਰੂ ਸਨ। ਪਰ ਹੁਣ ਸਿੱਖ ਸੰਗਤ ਵਿਚ ਚੇਤਨਾ ਦੀ ਲਹਿਰ ਪੈਦਾ ਹੋ ਚੁੱਕੀ ਸੀ ਤੇ ਕਈ ਗ਼ਦਰੀ ਸੂਰਬੀਰ ਵੀ ਲੰਮੀਆਂ ਕੈਦਾਂ ਭੋਗ ਕੇ ਆਜ਼ਾਦ ਹੋ ਚੁੱਕੇ ਸਨ। ਜਦੋਂ ਸਿੱਖ ਲੀਗ ਦੇ ਨਾਂ ਥੱਲੇ ਮਿਲਵਰਤਨੀਏ ਸਿੱਖਾਂ ਦਾ ਵਿਰੋਧ ਸ਼ੁਰੂ ਹੋਇਆ ਤਾਂ ਗ਼ਦਰੀ ਬਾਬਿਆਂ ਨੇ ਇਸ ਵਿਰੋਧ ਵਿਚ ਨੁਮਾਇਆ ਹਿੱਸਾ ਪਾਇਆ। ਸਰਕਾਰ ਨੇ ਹਰ ਸੰਭਵ ਕੋਸਿ਼ਸ਼ ਕੀਤੀ ਕਿ ਨਾ-ਮਿਲਵਰਤਨੀਏ ਭਾਰੂ ਨਾ ਹੋਣ। ਹੀਰਾ ਸਿੰਘ ਦਰਦ ਅਨੁਸਾਰ, ‘ਸਿੱਖ ਲੀਗ ਦੇ ਦੂਜੇ ਸਮਾਗਮ ਲਈ ਪੰਜਾਬ ਭਰ ਵਿਚੋਂ ਬੜੇ ਉਤਸ਼ਾਹ ਨਾਲ ਡੈਲੀਗੇਟ ਚੁਣ ਕੇ ਭੇਜੇ ਗਏ। ਮਿਲਵਰਤਣੀ ਧੜੇ ਨੇ ਸਿੱਖ ਲੀਗ ਦੇ ਸਮਾਗਮ ਵਿਚ ਨਾਮਿਲਵਰਤਣ ਦੇ ਮਤੇ ਨੂੰ ਫੇਲ੍ਹ ਕਰਨ ਲਈ ਸਿਰ ਧੜ ਦੀ ਬਾਜ਼ੀ ਲਾ ਦਿੱਤੀ। ਉਹਨਾਂ ਨੇ ਵੀ ਕਾਫ਼ੀ ਗਿਣਤੀ ਵਿਚ ਡੈਲੀਗੇਟ ਭੇਜੇ। ਸਮਾਗਮ ਬ੍ਰੈਡਲਾ ਹਾਲ ਵਿਚ ਰਖਿਆ ਗਿਆ ਸੀ। ਇਹ ਸਮਾਗਮ ਇਕ ਰਾਜਸੀ ਮੇਲਾ ਬਣ ਗਿਆ ਸੀ। 21
ਹੀਰਾ ਸਿੰਘ ਦਰਦ ਇਸ ਸਮਾਗਮ ਵਿਚ ਗ਼ਦਰੀਆਂ ਦੀ ਮਾਣਮੱਤੀ ਹੋਂਦ ਅਤੇ ਅਣਹੋਂਦ ਨੂੰ ਬਿਆਨ ਕਰਦਿਆਂ ਅੱਗੇ ਜਾ ਕੇ ਲਿਖਦੇ ਹਨ:
‘ਖੈਰ ਸਵੇਰੇ ਖੁੱਲ੍ਹਾ ਸਮਾਗਮ ਹੋਇਆ। ਸਿੱਖ ਜਨਤਾ ਦਾ ਜੋਸ਼ ਸਮੁੰਦਰ ਵਾਂਗ ਠਾਠਾਂ ਮਾਰ ਰਿਹਾ ਸੀ। ਸਰਦਾਰ ਖੜਕ ਸਿੰਘ ਜੀ ਦੇ ਵਿਦਵਤਾ ਤੇ ਅਜ਼ਾਦੀ ਦੇ ਵਲਵਲਿਆਂ ਨਾਲ ਭਰੇ ਹੋਏ ਭਾਸ਼ਨ ਮਗਰੋਂ ਕੁਝ ਹੋਰ ਤਕਰੀਰਾਂ ਹੋਈਆਂ। ਗ਼ਦਰ ਪਾਰਟੀ ਦੇ ਇਕ ਦੇਸ਼ ਭਗਤ ਸ. ਪਿਆਰਾ ਸਿੰਘ ਲੰਗੇਰੀ ਦੇ ਕੁਝ ਵਾਕ ਅਜੇ ਤੱਕ ਮੇਰੇ ਕੰਨਾਂ ਵਿਚ ਗੂੰਜ ਰਹੇ ਹਨ। ਗ਼ਦਰ ਪਾਰਟੀ ਦੇ ਸੂਰਬੀਰ ਦੇਸ਼ ਭਗਤਾਂ ਨੂੰ ਉਚੇਚਾ ਸੱਦਾ ਦੇ ਕੇ ਬੁਲਾਇਆ ਗਿਆ ਸੀ। ਪੰਡਾਲ ਦੀ ਮੁਹਰਲੀ ਕਤਾਰ ਵਿਚ ਕਾਲੇ ਪਾਣੀ ਵਿਚ ਬੰਦ ਗ਼ਦਰੀ ਯੋਧਿਆਂ: ਬਾਬਾ ਸੋਹਣ ਸਿੰਘ ਭਕਨਾ, ਬਾਬਾ ਜਵਾਲਾ ਸਿੰਘ, ਬਾਬਾ ਚੂਹੜ ਸਿੰਘ, ਬਾਬਾ ਨਿਧਾਨ ਸਿੰਘ ਚੁੱਘਾ ਆਦਿਕ ਬਹਾਦਰ ਦੇਸ਼ ਭਗਤਾਂ ਦੀਆਂ ਖਾਲੀ ਕੁਰਸੀਆਂ ਜਨਤਾ ਨੂੰ ਵੰਗਾਰ ਕੇ ਚੇਤਾਵਨੀਆਂ ਕਰਾ ਰਹੀਆਂ ਸਨ ਕਿ ਗੁਲਾਮੀ ਦੇ ਜੀਵਨ ਨਾਲੋਂ ਮੌਤ ਚੰਗੇਰੀ ਹੈ। ਸਰਦਾਰ ਪਿਆਰਾ ਸਿੰਘ ਨੇ ਗ਼ਦਰ ਪਾਰਟੀ ਦੀ ਪ੍ਰਤੀਨਿਧਤਾ ਕਰਦਿਆਂ ਹੋਇਆਂ ਸਟੇਜ ਉਤੇ ਆ ਕੇ ਆਖਿਆ ਸੀ: ‘ਭਰਾਵੋ, ਇਸ ਭਾਗਾਂ ਭਰੇ ਦਿਨ ਨੂੰ ਮੈਂ ਤੇ ਮੇਰੇ ਹੋਰ ਸਾਰੇ ਗ਼ਦਰੀ ਸਾਥੀ ਕਈ ਵਰ੍ਹਿਆਂ ਤੋਂ ਤਾਂਘ ਰਹੇ ਸਨ। ਇਸ ਭਰੇ ਹੋਏ ਪੰਡਾਲ ਵਿਚ ਸਿੱਖ ਜਨਤਾ ਵਲੋਂ ਅਜ਼ਾਦੀ ਦੇ ਘੋਲ ਲਈ ਠਾਠਾਂ ਮਾਰਦੇ ਉਤਸ਼ਾਹ ਨੂੰ ਵੇਖ ਕੇ ਸਾਨੂੰ ਆਪਣੀਆਂ ਜੇਹਲਾਂ ਤੇ ਕਾਲੇ ਪਾਣੀ ਦੀਆਂ ਸਾਰੀਆਂ ਤਕਲੀਫ਼ਾਂ ਭੁੱਲ ਗਈਆਂ ਹਨ। ਅੱਜ ਮੈਨੂੰ ਸ. ਕਰਤਾਰ ਸਿੰਘ ਸਰਾਭਾ, ਪਿੰਗਲੇ, ਸਰਦਾਰ ਬਲਵੰਤ ਸਿੰਘ, ਭਾਈ ਭਾਗ ਸਿੰਘ ਆਦਿਕ ਸ਼ਹੀਦਾਂ ਦੀਆਂ ਰੂਹਾਂ ਅਕਾਸ਼ ਵਿਚੋਂ ਇਸ ਸਮਾਗਮ ਉਤੇ ਫੁੱਲ ਬਰਸਾਉਂਦੀਆਂ ਨਜ਼ਰ ਆ ਰਹੀਆਂ ਹਨ। ਮੇਰਾ ਤੇ ਇਥੇ ਬੈਠੇ ਮੇਰੇ ਹੋਰ ਗ਼ਦਰੀ ਦੇਸ਼ ਭਗਤ ਸਾਥੀਆਂ ਦਾ ਦਿਲ ਅੱਜ ਦੇ ਇਨਕਲਾਬੀ ਨਜ਼ਾਰੇ ਨੂੰ ਵੇਖ ਕੇ ਗਦਗਦ ਹੋ ਰਿਹਾ ਹੈ ਪਰ ਚੇਤੇ ਰਖੋ, ਇਹ ਰਸਤਾ ਬੜਾ ਬਿਖੜਾ ਹੈ। ਗੁਰੂ ਮਹਾਰਾਜ ਨੇ ਵੀ ਕਿਹਾ ਹੈ:
ਜੇ ਤਉ ਪ੍ਰੇਮ ਖੇਲਣ ਕਾ ਚਾਉ।
ਸਿਰ ਧਰ ਤਲੀ ਗਲੀ ਮੋਰੀ ਆਉ।
ਇਤ ਮਾਰਗ ਪੈਰ ਧਰੀਜੈ।
ਸਿਰ ਦੀਜੈ ਕਾਣ ਨਾ ਕੀਜੈ।
ਮੈਨੂੰ ਭਰੋਸਾ ਹੈ ਕਿ ਸਿੱਖ ਜਨਤਾ ਜਦੋਂ ਸੋਚ ਵਿਚਾਰ ਕੇ ਇਕ ਮਤਾ ਪਾਸ ਕਰ ਦੇਂਦੀ ਹੈ ਤਾਂ ਉਸ ਤੋਂ ਉਹ ਪਿਛੇ ਪੈਰ ਨਹੀਂ ਪਾਂਦੀ। ਅਸੀਂ ਗ਼ਦਰ ਪਾਰਟੀ ਦੇ ਸੇਵਕ ਦਿਲੋਂ ਮਨੋ ਆਪ ਦੇ ਨਾਲ ਹਾਂ ਅਤੇ ਇਸ ਅਜ਼ਾਦੀ ਦੇ ਘੋਲ ਵਿਚ ਅਸੀਂ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਤੋਂ ਪਿਛੇ ਨਹੀਂ ਹਟਾਂਗੇ।’
ਇਸ ਤਰ੍ਹਾਂ ਦੀਆਂ ਸਪੀਚਾਂ ਮਗਰੋਂ ‘ਨਾ-ਮਿਲਵਰਤਣ‘ ਦਾ ਮਹਾਨ ਮਤਾ ਸਰਦਾਰ ਮੰਗਲ ਸਿੰਘ ਨੇ ਪੇਸ਼ ਕੀਤਾ, ਸਰਦਾਰ ਸਰਦੂਲ ਸਿੰਘ ਕਵੀਸ਼ਰ ਨੇ ਤਾਈਦ ਕੀਤੀ। ਮਿਲਵਰਤਣੀ ਧੜੇ ਵਲੋਂ ਕੁਝ ਸਜਨਾਂ ਨੇ ਸਟੇਜ ਉਤੇ ਆ ਕੇ ਜ਼ੋਰਦਾਰ ਵਿਰੋਧਤਾ ਵੀ ਕੀਤੀ ਪਰ ਉਹਨਾਂ ਦੀ ਕੋਈ ਪੇਸ਼ ਨਾ ਗਈ। ਲਗਭਗ ਸਰਬ ਸੰਮਤੀ ਨਾਲ ਮਤਾ ਪਾਸ ਹੋ ਗਿਆ। ਮੇਰਾ ਖਿਆਲ ਹੈ ਦੋ ਚਾਰ ਵੋਟਾਂ ਹੀ ਵਿਰੁੱਧ ਪਈਆਂ ਹੋਣਗੀਆਂ।22
ਉਪ੍ਰੋਕਤ ਸਾਰਾ ਬਿਰਤਾਂਤ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਗ਼ਦਰੀ ਬਾਬੇ ਭਾਵੇਂ ਮਜ਼੍ਹਬ ਨੂੰ ਹਰੇਕ ਦਾ ਨਿੱਜੀ ਮਸਲਾ ਮੰਨਦੇ ਸਨ ਤੇ ਉਹਨਾਂ ਵੱਲੋਂ ਪਾਰਟੀ ਵਿਚ ਮਜ੍ਹਬੀ ਬਹਿਸਾਂ ਕਰਨ ਦੀ ਆਗਿਆ ਨਹੀਂ ਸੀ ਤਦ ਵੀ ਉਹਨਾਂ ਦਾ ਕਿਰਦਾਰ ਤੇ ਵਿਹਾਰ ਕਿਸੇ ਤਰ੍ਹਾਂ ਵੀ ਪ੍ਰਮਾਣਿਕ ਸਿੱਖੀ ਵਿਰਾਸਤ ਦੇ ਉਲਟ ਨਹੀਂ ਸੀ। ਸਗੋਂ ਸੱਚੀ ਗੱਲ ਤਾਂ ਇਹ ਹੈ ਕਿ ਉਹਨਾਂ ਨੇ ਸਿੱਖੀ ਦੇ ਉਸ ਵਿਰਾਸਤੀ ਗੌਰਵ ਨੂੰ ਆਪਣੇ ਵਿਹਾਰ ਰਾਹੀਂ ਮੁੜ ਸਥਾਪਤ ਕਰਨ ਦੀ ਕੋਸਿ਼ਸ਼ ਵੀ ਸੰਘਰਸ਼ ਵਿਚ ਨਾਲ ਦੇ ਨਾਲ ਜਾਰੀ ਰੱਖੀ ਜਿਹੜੀ ਸਿੱਖੀ ‘ਸਰਬੱਤ ਦਾ ਭਲਾ’ ਮੰਗਦੀ ਸੀ, ਜਿਹੜੀ ਸਿੱਖੀ ਸਮੁੱਚੀ ਮਾਨਵਤਾ ਨੂੰ ਕਲਾਵੇ ਵਿਚ ਲੈਂਦੀ ਸੀ, ਜਿਹੜੀ ਸਿੱਖੀ ਹੱਦ-ਬੰਦੀਆਂ ਵਿਚ ‘ਸੁੰਗੜਣ’ ਦੀ ਥਾਂ ਪੂਰੇ ਵਿਸ਼ਵ ਨੂੰ ਕਲਾਵੇ ਵਿਚ ਭਰਨ ਦਾ ਨਾਂ ਸੀ।


-0-
ਕੀ ਗ਼ਦਰ ਲਹਿਰ ਕੇਵਲ ‘ਸਿੱਖ ਲਹਿਰ’ ਹੀ ਸੀ?

ਅਸੀਂ ਇਹ ਜਿ਼ਕਰ ਕਰ ਹੀ ਆਏ ਹਾਂ ਕਿ ਗ਼ਦਰੀ ਸੂਰਬੀਰਾਂ ਵਿਚੋਂ ਜਿਹੜੇ ਸਿੱਖੀ ਵਿਚ ਵਿਸ਼ਵਾਸ ਰੱਖਦੇ ਸਨ ਉਹ ਸਚਮੁਚ ਈ ਕਿੰਨੇ ਵੱਡੇ ਸਿੱਖ ਸਨ। ਉਹਨਾਂ ਵਿਚੋਂ ਕਈਆਂ ਦੀ ਆਪਣੇ ਧਰਮ ਵਿਚ ਮੁਕੰਮਲ ਆਸਥਾ ਸੀ। ਜਦੋਂ ਇਹ ਗੱਲ ਪਹਿਲਾਂ ਹੀ ਸਥਾਪਤ ਹੈ ਅਤੇ ਲਿਖਤੀ ਇਤਿਹਾਸ ਇਸਦੀ ਗਵਾਹੀ ਦੇ ਰਹੇ ਹਨ ਤਦ ਵੀ ਕੁਝ ਹਲਕਿਆਂ ਵੱਲੋਂ ਪਿਛਲੇ ਕੁਝ ਕੁ ਸਮੇਂ ਤੋਂ ਇਸ ਸਚਾਈ ਨੂੰ ਪੁਨਰ-ਸਥਾਪਤ ਕਰਨ ਦੇ ਬੜੇ ਸੁਚੇਤ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਧਿਰਾਂ ਵੱਲੋਂ ਇਸ ਗੱਲ ‘ਤੇ ਉਚੇਚਾ ਜ਼ੋਰ ਦਿੱਤਾ ਜਾ ਰਿਹਾ ਹੈ ਕਿ ‘ਗ਼ਦਰੀ ਬਾਬੇ ਸਿੱਖ ਸਨ’ ਅਤੇ ਗ਼ਦਰ ਲਹਿਰ ‘ਸਿੱਖ ਲਹਿਰ’ ਸੀ। ਉਹਨਾਂ ਨੂੰ ਇਹ ਵੀ ਇਤਰਾਜ਼ ਹੈ ਕਿ ਗ਼ਦਰ ਪਾਰਟੀ ਦੇ ਲਿਖੇ ਇਤਿਹਾਸਾਂ ਵਿਚ ਗ਼ਦਰੀਆਂ ਨੂੰ ਜਿੱਥੇ ‘ਕਮਿਊਨਿਸਟ’ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਓਥੇ ਉਹਨਾਂ ਦਾ ਜਿ਼ਕਰ ਨਿਰੇ ‘ਭਾਰਤੀ’, ਸ਼ੁੱਧ ‘ਹਿੰਦੀ’ ਜਾਂ ‘ਹਿੰਦੋਸਤਾਨੀ’ ਅਤੇ ਜਾਂ ਫਿਰ ‘ਪੰਜਾਬੀ’ ਵਜੋਂ ਕੀਤਾ ਜਾਂਦਾ ਹੈ। ਜਦ ਕਿ ਉਹਨਾਂ ਦਾ ਮੰਨਣਾ ਹੈ ਕਿ ਗ਼ਦਰ ਲਹਿਰ ਦਾ ਮੁੱਢ ਬੰਨ੍ਹਣ ਵਾਲੇ ਸਿੱਖ ਸਨ ਅਤੇ ਉਹਨਾਂ ਪਿਛੇ ਪ੍ਰੇਰਕ ਤੱਤ ਸਿੱਖ ਫ਼ਲਸਫ਼ਾ ਤੇ ਸਿੱਖ ਰਵਾਇਤਾਂ ਸਨ।23
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਨ ਵਾਲੇ ਸਿੱਖ ਵਿਦਵਾਨ ਸਰਦਾਰ ਅਜਮੇਰ ਸਿੰਘ ਹੁਰਾਂ ਨੇ ਇਹ ਆਖ ਕੇ ਕਿ ‘ਇਹ ਗ਼ਨੀਮਤ ਸਮਝੋ ਕਿ ਗਦਰੀ ਬਾਬਿਆਂ ਨੇ ਕੁਝ ਨਾ ਕੁਝ, ਅਸਲ ਵਿਚ ਕਾਫ਼ੀ ਕੁਝ, ਲਿਖਤੀ ਵੀ ਦੇ ਛੱਡਿਐ।’24 ਪਾਠਕਾਂ ਲਈ ਇੱਕ ਝਰੋਖਾ ਵੀ ਖੋਲ੍ਹ ਦਿੱਤਾ ਹੈ ਕਿ ਜੇ ਅਸੀਂ ਗ਼ਦਰ ਲਹਿਰ ਦੀ ਆਤਮਾ ਨਾਲ ਸਾਂਝ ਪਾਉਣੀ ਹੈ ਤਾਂ ਅਸੀਂ ਉਹਨਾਂ ਦੀਆਂ ਆਪਣੇ ਵੱਲੋਂ ਲਿਖੀਆਂ ਲਿਖਤਾਂ ਨੂੰ ਵਾਚੀਏ।
ਅਸੀਂ ਅੱਗੇ ਜਾ ਕੇ ਵੇਖਾਂਗੇ ਕਿ ਗ਼ਦਰੀਆਂ ਦੀਆਂ ਇਹਨਾਂ ਲਿਖਤਾਂ ਵਿਚੋਂ ਕੀ ਗ਼ਦਰੀ ਬਾਬੇ ਸਾਨੂੰ ‘ਹਿੰਦੀ, ਹਿੰਦੋਸਤਾਨੀ ਜਾਂ ਪੰਜਾਬੀ’ ਨਜ਼ਰ ਆਉਂਦੇ ਹਨ ਜਾਂ ਕੇਵਲ ਤੇ ਕੇਵਲ ‘ਸਿੱਖ’?
ਅਸੀਂ ਪਹਿਲਾਂ ਹੀ ਆਖ ਆਏ ਹਾਂ ਨਿਸਚੈ ਹੀ ਗ਼ਦਰੀਆਂ ਦੀ ਬਹੁਗਿਣਤੀ ਸਿੱਖਾਂ ਦੀ ਹੀ ਸੀ। ਇਹ ਜ਼ਰੂਰੀ ਵੀ ਸੀ ਕਿਉਂਕ ਬਾਹਰਲੇ ਮੁਲਕਾਂ ਵਿਚ ਗਏ ਹੀ ਵੱਡੀ ਗਿਣਤੀ ਵਿਚ ਸਿੱਖ ਸਨ। ‘ਕਨੇਡਾ ਜਾਣ ਵਾਲੇ ਹਿੰਦੀਆਂ ਵਿਚ ਅੱਸੀ ਫ਼ੀ ਸਦੀ ਜਿ਼ਲ੍ਹਾ ਅੰਮ੍ਰਿਤਸਰ, ਲਾਹੌਰ, ਜਲੰਧਰ, ਲੁਧਿਆਣਾ ਤੇ ਫਿ਼ਰੋਜ਼ਪੁਰ ਦੇ ਪੰਜਾਬੀ ਸਿੱਖ ਸਨ’ 25 ਅਮਰੀਕਾ ਵਿਚ ਗਏ ਹਿੰਦੀਆਂ ਬਾਰੇ ਵੀ ਜਗਜੀਤ ਸਿੰਘ ਲਿਖਦੇ ਹਨ ਕਿ ‘ (ਅਮਰੀਕਾ ਵਿਚ) ਨੱਬੇ ਫ਼ੀ ਸਦੀ ਪੰਜਾਬੀ ਸਿੱਖ ਜੱਟ ਕਿਸਾਨ ਸਨ।’26
ਜਦੋਂ ਅਮਰੀਕਾ ਕਨੇਡਾ ਵਿਚ ਗਏ ਭਾਰਤੀਆਂ ਵਿਚੋਂ ਬਣਦੀ ਔਸਤ, ਪਚਾਸੀ ਫ਼ੀ ਸਦੀ ਗਿਣਤੀ ਸਿੱਖਾਂ ਦੀ ਹੈ ਤਾਂ ਕੋਈ ਵੀ ਇਤਿਹਾਸਕਾਰ ਇਹ ਕਿਵੇਂ ਲਿਖ ਜਾਂ ਮੰਨਵਾ ਸਕਦਾ ਹੈ ਕਿ ਗ਼ਦਰੀਆਂ ਦੀ ਬਹੁ-ਗਿਣਤੀ ਦਿੱਖ ਜਾਂ ਵਿਸ਼ਵਾਸ ਪੱਖੋਂ ਸਿੱਖ ਨਹੀਂ ਸੀ। ਔਸਤ ਦੇ ਤਨਾਸਬ ਅਨੁਸਾਰ ਗ਼ਦਰ ਲਹਿਰ ਵਿਚ ਸਿੱਖਾਂ ਦੀ ਬਹੁ-ਬਿਣਤੀ ਹੋਣੀ ਸੁਭਾਵਕ ਹੀ ਸੀ। ਜੇ ਦੂਜੇ ਮਜ਼੍ਹਬਾਂ ਦੀ ਗਿਣਤੀ ਘੱਟ ਸੀ ਤਾਂ ਗਏ ਲੋਕਾਂ ਦੀ ਗਿਣਤੀ ਦੀ ਔਸਤ ਅਨੁਸਾਰ ਹੀ ਹੋਣੀ ਸੀ। ਸਿੱਖ ਆਖੇ ਜਾਣ ਵਾਲੇ ਉਹਨਾਂ ਗ਼ਦਰੀਆਂ ਵਿਚੋਂ ਸੱਬਰਕੱਤੀ ਗਿਣਤੀ ਉਹਨਾਂ ਦੀ ਵੀ ਸੀ ਜੋ ਪਾਠ ਕਰਦੇ ਸਨ ਅਤੇ ਸਿੱਖ ਧਰਮ ਵਿਚ ਉਹਨਾਂ ਦੀ ਮੁਕੰਮਲ ਆਸਥਾ ਸੀ। ਇਹ ਵੀ ਸੱਚ ਹੈ ਕਿ ਕਿਸੇ ਵੀ ਲਹਿਰ ਪਿੱਛੇ ਭਾਵੇਂ ਕਿਸੇ ਵਿਸ਼ੇਸ਼ ਸਮੇਂ ਦੇ ਹਾਲਾਤ ਅਤੇ ਪ੍ਰਚੱਲਿਤ ਸਿਧਾਂਤ ਤੇ ਵਿਚਾਰ ਕਾਰਜਸ਼ੀਲ ਹੁੰਦੇ ਹਨ ਪਰ ਲਹਿਰ ਨੂੰ ਉਭਾਰ ਅਤੇ ਗਤੀ ਦੇਣ ਲਈ ਉਹਨਾਂ ਲੋਕਾਂ ਦੀ ਅਮੀਰ ਇਤਿਹਾਸਕ ਵਿਰਾਸਤ ਵੀ ਪ੍ਰੇਰਕ ਦਾ ਕੰਮ ਕਰਦੀ ਹੈ। ਗ਼ਦਰੀਆਂ ਨੇ ਵੀ ਆਪਣੇ ਆਪਣੇ ਇਤਿਹਾਸਕ ਪਿਛੋਕੜ ਤੋਂ ਅਜਿਹੀ ਪ੍ਰੇਰਨਾ ਲਈ। ਸਾਨੂੰ ਇਹ ਮੰਨਣ ਵਿਚ ਵੀ ਕੋਈ ਉਜਰ ਨਹੀਂ ਹੋਣਾ ਚਾਹੀਦਾ ਕਿ ਉਨ੍ਹੀਵੀਂ ਸਦੀ ਦੇ ਪਿਛਲੇ ਅੱਧ ਵਿਚ ਦੇਸ਼ ਦੀ ਆਜ਼ਾਦੀ ਲਈ ਲੜਨ ਵਾਲੇ ਲੋਕ ਧਾਰਮਿਕ ਪੁਨਰ-ਉਥਾਨ ਦੀਆਂ ਲਹਿਰਾਂ ਤੋਂ ਪ੍ਰਭਾਵਿਤ ਹੋਏ। ਪਹਿਲਾ ਪ੍ਰਭਾਵ ਹਿੰਦੂ ਧਰਮ ਦਾ ਸੀ ਅਤੇ ਦੇਸ਼ ਦੇ, ਖ਼ਾਸ ਤੌਰ ‘ਤੇ ਮਹਾਂਰਾਸ਼ਟਰ ਅਤੇ ਬੰਗਾਲ ਦੇ, ਨੌਜਵਾਨਾਂ ਦੀ ਵੱਡੀ ਗਿਣਤੀ ਹਿੰਦੂ ਧਰਮ ਤੋਂ ਪ੍ਰੇਰਤ ਸੀ ਪਰ ਨਾਲ ਹੀ ਮੈਜਿ਼ਨੀ ਤੇ ਗੈਰੀਬਾਲਡੀ ਜਿਹੇ ਆਇਰਸ਼ ਇਨਕਲਾਬੀਆਂ ਦਾ ਵੀ ਉਹਨਾਂ ‘ਤੇ ਅਸਰ ਸੀ ਅਤੇ ਉਹ ਫ਼ਰਾਂਸ ਅਤੇ ਅਮਰੀਕਾ ਦੇ ਇਤਿਹਾਸ ਤੋਂ ਵੀ ਪ੍ਰਭਾਵਿਤ ਸਨ। ਉਹਨਾਂ ਦੀ ਪ੍ਰੇਰਨਾ ਦਾ ਮੂਲ ਸ੍ਰੋਤ ਗੀਤਾ, ਬੰਕਿਮ ਚੰਦਰ ਰਚਿਤ ‘ਆਨੰਦ-ਮੱਠ’, ਆਰਬਿੰਦੋ ਅਤੇ ਵਿਵੇਕਾਨੰਦ ਦੇ ਵਿਚਾਰ ਵੀ ਸਨ। ਇੰਝ ਹੀ ਸਿੱਖਾਂ ਦੀ ਪ੍ਰੇਰਨਾ ਦਾ ਮੂਲ ਸਰੋਤ ਸਮੇਂ ਦਾ ਵਿਸ਼ੇਸ਼ ਪ੍ਰਸੰਗ ਵੀ ਸੀ ਤੇ ਉਹਨਾਂ ਦਾ ਸਾਂਝੀਵਾਲਾਤਾ ਅਤੇ ਮਾਨਵੀ ਆਜ਼ਾਦੀ ਲਈ ਲੜੀ ਲੜਾਈ ਦਾ ਆਪਣਾ ਸ਼ਾਨਾਂਮੱਤਾ ਗੌਰਵਮਈ ਸੰਘਰਸ਼ਸ਼ੀਲ ਵਿਰਸਾ ਵੀ ਉਹਨਾਂ ਦਾ ਪ੍ਰੇਰਕ ਬਣਿਆਂ। ਭਾਰਤ ਵਿਚ ਰਹਿੰਦੇ ਮੁਸਲਮਾਨ ਵੱਡੀ ਗਿਣਤੀ ਵਿਚ ਆਜ਼ਾਦੀ ਦੀ ਲਹਿਰ ਤੋਂ ਅਜੇ ਵਿੱਥ ‘ਤੇ ਹੀ ਵਿਚਰ ਰਹੇ ਸਨ ਜਦ ਕਿ ਅਮਰੀਕਾ ਕਨੇਡਾ ਵਿਚ ਪੈਦਾ ਹੋਏ ਹਾਲਾਤ ਨੇ ਉਹਨਾਂ ਨੂੰ ਵੀ ਸਾਂਝ ਤੇ ਏਕੇ ਦੇ ਸੂਤਰ ਵਿਚ ਪਰੋ ਕੇ ਗ਼ਦਰ ਲਹਿਰ ਦੇ ਅੰਗ-ਸੰਗ ਕਰ ਦਿੱਤਾ। ਜ਼ਾਹਿਰ ਹੈ ਕਿ ਵਰਤਮਾਨ ਹਾਲਾਤ ਦੀ ਮੰਗ ਤੇ ਉਸ ਵਿਚੋਂ ਪੈਦਾ ਹੋਈ ਸਮਝ ਅਤੇ ਵਿਰਸੇ ਦੀ ਜਾਨ ਗ਼ਦਰ ਲਹਿਰ ਦੀ ਪ੍ਰੇਰਨਾ ਦਾ ਮੂਲ ਧੁਰਾ ਸੀ।
ਸਿੱਖ ਹੁੰਦਿਆਂ ਹੋਇਆਂ ਵੀ ਉਹ ‘ਪੰਜਾਬੀ’, ‘ਹਿੰਦੀ’ ਜਾਂ ‘ਹਿੰਦੋਸਤਾਨੀ’ ਵੀ ਸਨ। ਉਹਨਾਂ ਦੀਆਂ ਲਿਖਤਾਂ ਰਾਹੀਂ ਆਪਣੇ ਇਸ ਮੱਤ ਨੂੰ ਪੁਸ਼ਟ ਕਰਨ ਤੋਂ ਪਹਿਲਾਂ ਅਸੀਂ ਇਹ ਜ਼ਰੂਰ ਦੱਸਣਾ ਚਾਹਾਵਾਂਗੇ ਕਿ ਸਿੱਖੀ ਦੀ ਮੂਲ ਆਤਮਾ ਦਾ ਪੰਜਾਬ ਜਾਂ ਹਿੰਦੋਸਤਾਨ ਨਾਲ ਕਦੀ ਕੋਈ ਵਿਰੋਧ ਨਹੀਂ ਸੀ ਰਿਹਾ। ਇਸ ਪ੍ਰਸੰਗ ਵਿਚ ਅਸੀਂ ਉਸ ਸਿੱਖੀ ਦਾ ਜਿ਼ਕਰ ਕਰ ਰਹੇ ਹਾਂ, ਜਿਸ ਸਿੱਖੀ ਨਾਲ ਸਿੱਖ ਗੁਰੂਆਂ ਨੇ ਸਾਡਾ ਤੁਆਰਫ਼ ਕਰਵਾਇਆ ਸੀ।
ਪਹਿਲੇ ਗੁਰੂ ਨਾਨਕ ਦੇਵ ਜੀ ਜਦੋਂ ਬਾਬਰ ਦੇ ਹੱਲੇ ਤੋਂ ਦੁਖੀ ਹੋ ਕੇ ‘ਬਾਬਰਵਾਣੀ’ ਉਚਾਰਦੇ ਹਨ ਤਾਂ ਉਹਨਾਂ ਨੂੰ ਬਾਬਰ ਵੱਲੋਂ ਨਨਕਾਣੇ ਜਾਂ ਏਮਨਾਬਾਦ ‘ਤੇ ਹੀ ਬਾਬਰੀ ਹਮਲੇ ਦਾ ਦੁੱਖ ਨਹੀਂ ਸਗੋਂ ਪੂਰੇ ‘ਹਿੰਦੋਸਤਾਨ’ ਉੱਤੇ ਹਮਲੇ ਦਾ ਦੁੱਖ ਹੈ। ‘ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ’ ਆਖਣ ਵਾਲੇ ਬਾਬੇ ਨਾਨਕ ਦੇ ਮੋਕਲੇ ਕਲਾਵੇ ਵਿਚ ਤਾਂ ਸਾਰਾ ਭਾਰਤ-ਵਰਸ਼ ਆਉਂਦਾ ਸੀ। ਉਹਨਾਂ ਨੇ ਜੇ ਬਾਣੀ ਰਚੀ ਤਾਂ ਉਹ ਵੀ ਉਸ ਭਾਖ਼ਾ ਵਿਚ ਜਿਹੜੀ ਸਾਰੇ ਹਿੰਦੋਸਤਾਨ ਵਿਚ ਸਮਝੀ ਜਾਂਦੀ ਸੀ। ਸਗੋਂ ਉਹਨਾਂ ਤਾਂ ਇਹ ਵੀ ਕੀਤਾ ਕਿ ਜਿਹੜੇ ਇਲਾਕੇ ਵਿਚ ਜਾਂਦੇ ਸਨ ਓਸੇ ਇਲਾਕੇ ਦੀ ਬੋਲੀ ਦੀ ਚਸ ਆਪਣੇ ਸ਼ਬਦ ਵਿਚ ਰਲਾ ਕੇ ਆਪਣਾ ਪੈਗ਼ਾਮ ਦਿਆ ਕਰਦੇ ਸਨ। ਸੱਚੀ ਗੱਲ ਤਾਂ ਇਹ ਹੈ ਕਿ ਉਹ ਤਾਂ ਹੱਦਾਂ ਦਿਸਹੱਦਿਆਂ ਤੋਂ ਪਾਰ ਜਾ ਕੇ ਫ਼ੈਲਣ ਵਾਲੀ ਮਹਾਨ ਸਖ਼ਸੀਅਤ ਸਨ। ਲੰਕਾ ਤੋਂ ਲੈ ਕੇ ਤਿੱਬਤ ਤੱਕ ਤੇ ਬੰਗਾਲ ਤੋਂ ਲੈ ਕੇ ਮੱਕੇ ਮਦੀਨੇ, ਬਗ਼ਦਾਦ ਅਤੇ ਰੂਸ ਤੱਕ ਕੀਤੀਆਂ ਉਹਨਾਂ ਦੀਆਂ ਯਾਤਰਾਵਾਂ ਦੱਸਦੀਆਂ ਹਨ ਕਿ ਉਹਨਾਂ ਲਈ ਸਾਰੀ ਧਰਤੀ ਉਹਨਾਂ ਦੀ ਆਪਣੀ ਸੀ। ਭਾਈ ਗੁਰਦਾਸ ਜਦੋਂ ਲਿਖਦੇ ਹਨ, ‘ਬਾਬਾ ਦੇਖੇ ਧਿਆਨ ਧਰੁ ਜਲਤੀ ਸਭ ਪ੍ਰਿਥਮੀ ਦਿਖ ਆਈ।’ ਤਾਂ ਸਹਿਜੇ ਹੀ ਇਸ ਹਕੀਕਤ ਦਾ ਪਤਾ ਚੱਲ ਜਾਂਦਾ ਹੈ ਕਿ ਸਿੱਖੀ ਤਾਂ ਸਾਰੀ ਪ੍ਰਿਥਵੀ ਦੇ ਦੁੱਖਾਂ ਨਾਲ ਨਾਤਾ ਜੋੜ ਕੇ ਉਹਨਾਂ ਦੇ ਦੁੱਖਾਂ ਨੂੰ ਹਰਨ ਦਾ ਨਾਂ ਹੈ। ‘ਏਕ ਪਿਤਾ ਏਕਿਸ ਕੇ ਹਮ ਬਾਰਕ’ ਆ਼ਖਣ ਵਾਲੇ ਗੁਰੂ ਸਾਹਿਬਾਨ ਤਾਂ ‘ਸਰਬੱਤ ਦੇ ਭਲੇ’ ਦੇ ਸੰਕਲਪ ਦੀ ਸਾਕਾਰ ਮੂਰਤ ਸਨ। ਉਹਨਾਂ ਤਾਂ ਇਹ ਵੀ ਕਿਹਾ ਸੀ, ‘ਨਾ ਹਮ ਹਿੰਦੂ ਨਾ ਮੁਸਲਮਾਨ’। ਜੇ ਸ਼ਾਇਦ ਅੱਜ ਹੁੰਦੇ ਤਾਂ ਉਹ ਇਸ ਬਚਨ ਵਿਚ ‘ਸਿੱਖ’ ਸ਼ਬਦ ਵੀ ਸ਼ਾਮਲ ਕਰ ਲੈਂਦੇ। ਸਮੁੱਚੀ ਮਨੁੱਖਤਾ ਵਿਚ ਵਿਸ਼ਵਾਸ ਰੱਖਣ ਵਾਲੇ ਗੁਰੂ ਜੀ ਦੀ ‘ਸਿੱਖੀ’ ਦੀ ਵਿਸ਼ਾਲ ਦ੍ਰਿਸ਼ਟੀ ਦੀ ਟੋਹ ਇਸ ਗੱਲ ਤੋਂ ਵੀ ਲੱਗਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵੇਲੇ ਗੁਰੂ ਅਰਜਨ ਦੇਵ ਜੀ ਨੇ ਸਾਰੇ ਹਿੰਦੋਸਤਾਨ ਦੇ ਸੰਤਾਂ ਤੇ ਭਗਤਾਂ ਦੀ ਬਾਣੀ ਦਰਜ ਕਰਕੇ ਇਸ ਗ੍ਰੰਥ ਨੂੰ ਸਮੁੱਚੀ ਮਾਨਵਤਾ ਦਾ ਗ੍ਰੰਥ ਬਣਾ ਦਿੱਤਾ। ਨਾਮਦੇਵ, ਤ੍ਰਿਲੋਚਨ ਤੇ ਪਰਮਾਨੰਦ ਮਹਾਂਰਾਸ਼ਟਰ ਤੋਂ; ਕਬੀਰ, ਰਵਿਦਾਸ, ਸੈਨ, ਪੀਪਾ, ਰਾਮਾਨੰਦ, ਭੀਖਣ, ਸੂਰਦਾਸ ਤੇ ਬੈਨ ਯੂ ਪੀ ਤੋਂ; ਜੈਦੇਵ ਬੰਗਾਲ ਤੋਂ; ਧੰਨਾ ਰਾਜਸਥਾਨ ਤੋਂ; ਸਧਨਾ ਸਿੰਧ ਤੋਂ ਤੇ ਫ਼ਰੀਦ ਪੰਜਾਬ ਤੋਂ ਸ਼ਾਮਲ ਕਰਕੇ ਪੂਰੇ ਭਾਰਤ ਵਰਸ਼ ਦੀ ਵਿਦਵਤਾ ਨੂੰ ਆਪਣੀ ਜਾਣ ਕੇ ਪੂਰੇ ਮੁਲਕ ਨੂੰ ਗਲ ਨਾਲ ਲਾ ਲਿਆ। ਗੁਰੂ ਗੋਬਿੰਦ ਸਿੰਘ ਨੇ ਜਦੋਂ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਤਾਂ ਪੰਜ ਪਿਆਰੇ ਪੂਰੇ ਭਾਰਤ ਦੀ ਪ੍ਰਤੀਨਿਧਤਾ ਕਰਨ ਵਾਲੇ ਸਨ। ਦਇਆ ਰਾਮ ਲਾਹੌਰ ਤੋਂ; ਧਰਮ ਦਾਸ ਹਸਤਨਾਪੁਰ ਤੋਂ; ਮੋਹਕਮ ਚੰਦ ਦਵਾਰਕਾ ਤੋਂ; ਸਾਹਿਬ ਚੰਦ ਬਿਦਰ ਤੋਂ; ਹਿੰਮਤ ਰਾਇ ਜਗਨਨਾਥ ਪੁਰੀ ਤੋਂ ਆਏ ਸਨ ਤੇ ਗੁਰੂ ਦੀ ਹਜ਼ੂਰੀ ਵਿਚ ਸੀਸ ਅਰਪਣ ਕਰਨ ਲਈ ਆਪਣਾ ਆਪ ਪੇਸ਼ ਕਰਕੇ ਉਹਨਾਂ ਦੇ ਸਭ ਤੋਂ ਪਿਆਰੇ ਸਿੱਖ ਬਣ ਗਏ। ਗੁਰੂ ਜੀ ਵੱਲੋਂ ਸਾਰੇ ਭਾਰਤ ਦੇ ਪ੍ਰਤੀਨਿਧ ਪਿਆਰਿਆਂ ਨੂੰ ਆਪਣੀ ਗਲਵੱਕੜੀ ਵਿਚ ਲੈਣਾ ਪੂਰੇ ਭਾਰਤ ਨੂੰ ਆਪਣਾ ਸਮਝ ਕੇ ਗਲ ਨਾਲ ਲਾਉਣਾ ਸੀ। ਇੰਝ ਸਾਰੇ ਗੁਰੂ ਸਾਹਿਬਾਨ ਨੂੰ ਦੇਸ਼ ਦੇ ਵਿਭਿੰਨ ਹਿੱਸਿਆਂ ਨੂੰ ਕਲਾਵੇ ਵਿਚ ਲੈਣਾ ਦੱਸਦਾ ਹੈ ਕਿ ਸਿੱਖੀ ਕਿਸੇ ਵਿਸ਼ੇਸ਼ ਛੋਟੇ ਜਿਹੇ ਖਿੱਤੇ ਵਿਚ ਸੁੰਗੜ ਜਾਣ ਦਾ ਨਾਂ ਨਹੀਂ ਸਗੋਂ ਸਿੱਖੀ ਫ਼ੈਲਣ ਦਾ ਨਾਂ ਹੈ, ਵਿਗਸਣ ਦਾ ਨਾਂ ਹੈ, ਨਿਰੰਤਰ ਖੇੜੇ ਤੇ ਵਿਆਪਕ ਮਾਨਵੀ ਮੁਹੱਬਤ ਦਾ ਨਾਂ ਹੈ।
ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਕੀ ਕਨੇਡਾ ਅਮਰੀਕਾ ਵਿਚ ਗਏ ਹਿੰਦੀਆਂ ਉੱਤੇ ਜਦੋਂ ਨਸਲੀ ਹਮਲੇ ਹੁੰਦੇ ਸਨ ਤਾਂ ਕੀ ਉਹ ਇਕੱਲੇ ਸਿੱਖਾਂ ‘ਤੇ ਹੁੰਦੇ ਸਨ। ਨਹੀਂ; ਉਹ ਸਾਰੇ ਹਿੰਦੀਆਂ ਉੱਤੇ ਹੁੰਦੇ ਸਨ। ਉਦੋਂ ਹੀ ਸਭ ਫਿ਼ਰਕਿਆਂ ਦੇ ਲੋਕਾਂ ਨੂੰ ਅਹਿਸਾਸ ਹੋਇਆ ਕਿ ਸਾਡੀ ਹੋਣੀ ਇਕ ਦੂਜੇ ਨਾਲ ਜੁੜੀ ਹੋਈ ਹੈ ਤੇ ਜੇ ਅਸੀਂ ਇਹਨਾਂ ਮੁਲਕਾਂ ਵਿਚ ਜਿਊਣਾ ਅਤੇ ਥੀਣਾ ਹੈ ਤਾਂ ਸਾਨੂੰ ਇਕ ਦੂਜੇ ਨਾਲ ਭਰਾਤਰੀ ਸਾਂਝ ਵਿਚ ਜੁੜਨਾ ਲਾਜ਼ਮੀ ਹੈ। ਜਦੋਂ ਦੇਸ਼ ਵਿਚ ‘ਸਿੱਖ ਹਿੰਦੂ ਹਨ’, ਜਾਂ ‘ਹਮ ਹਿੰਦੂ ਨਹੀਂ’ ਦਾ ਵਿਵਾਦ, ਸੰਵਾਦ ਚੱਲ ਰਿਹਾ ਸੀ ਤਾਂ ਉੱਤਰੀ ਅਮਰੀਕਾ ਵਿਚ ਰਹਿੰਦੇ ਵਿਭਿੰਨ ਮਜ਼ਬਾਂ ਦੇ ਲੋਕ ਮਜ਼੍ਹਬੀ ਵਿੱਥਾਂ ਨੂੰ ਭੁਲਾ ਕੇ ਏਕੇ ਦੀ ਗਲਵੱਕੜੀ ਵਿਚ ਕੱਸੇ ਜਾ ਰਹੇ ਸਨ ਕਿਉਂਕਿ ਇਹ ਏਕਾ ਹੀ ਉਹਨਾਂ ਦੇ ਜੀਵਨ ਅਤੇ ਭਵਿੱਖ ਨੂੰ ਸੁਰੱਖਿਅਤ ਰੱਖ ਸਕਦਾ ਸੀ। ਜਦੋਂ ਦੇਸ਼ ਵਿਚ ਕਾਂਗਰਸ ਅਜੇ ਛੋਟੀਆਂ ਮੋਟੀਆਂ ਰਿਆਇਤਾ ਮੰਗ ਰਹੀ ਸੀ ਤਾਂ ਵਿਦੇਸ਼ਾਂ ਵਿਚ ਵੱਸਦੇ ਭਾਰਤੀਆਂ ਨੇ ਆਪਸ ਵਿਚ ਦਿਲ ਅਤੇ ਸਿਰ ਜੋੜ ਕੇ ਹਥਿਆਰਬੰਦ ਸੰਘਰਸ਼ ਰਾਹੀਂ ਮੁਕੰਮਲ ਰਾਜਸੀ ਆਜ਼ਾਦੀ ਪ੍ਰਾਪਤ ਕਰਨ ਅਤੇ ਜਮਹੂਰੀ ਤਰਜ਼ ਦਾ ਗ਼ੈਰਫਿ਼ਰਕੂ ਰਾਜ ਸਥਾਪਤ ਕਰਨ ਦਾ ਸੁਪਨਾ ਸਿਰਜ ਲਿਆ ਸੀ। ਉਹਨਾਂ ਦਾ ਇਹ ਸੁਪਨਾ ‘ਹਿੰਦੂ ਰਾਜ’ ਜਾਂ ਗਵਾਚਿਆ ਹੋਇਆ ‘ਸਿੱਖ ਰਾਜ’ ਸਥਾਪਤ ਕਰਨ ਦਾ ਨਹੀਂ ਸੀ। ਨਾ ਹੀ ਅਜੇ ਕਿਸੇ ‘ਪਾਕਿਸਤਾਨ’ ਪ੍ਰਾਪਤ ਕਰਨ ਦੀ ਕਿਧਰੇ ਮੰਗ ਸੀ।
ਸਾਡੇ ਕਥਨ ਦੀ ਪੁਸ਼ਟੀ ਰਾਜਿੰਦਰ ਸਿੰਘ ਚੀਮਾ ਵੱਲੋਂ ਅੰਗਰੇਜ਼ੀ ਵਿਚ ਲਿਖੇ ਤੇ ਆਨ-ਲਾਈਨ ਮੈਗ਼ਜ਼ੀਨ ‘ਸੀਰਤ’ ਵਿਚ ਪ੍ਰਕਾਸਿ਼ਤ ਲੇਖ ਵਿਚ ਇਸਤਰ੍ਹਾਂ ਕੀਤੀ ਮਿਲਦੀ ਹੈ: ‘ਪਰਵਾਸੀਆਂ ਵਜੋਂ ਭਾਰਤੀਆਂ ਨੇ ਇਕ ਦੂਜੇ ਦੇ ਮੋਢੇ ਨਾਲ ਮੋਢਾ ਜੋੜ ਕੇ ਤੁਰਨਾ ਸਿਖਿਆ ਅਤੇ ਸਾਰੀਆਂ ਧਾਰਮਿਕ ਹੱਦਬੰਦੀਆਂ ਉਲੰਘ ਕੇ ਸਮੁੱਚਾ ਭਾਰਤੀ ਸਮਾਜ ਸਾਂਝ ਦੀਆਂ ਮਜ਼ਬੂਤ ਤੇ ਸੰਵੇਦਨਸ਼ੀਲ ਤੰਦਾਂ ਵਿਚ ਕੱਸਿਆ ਗਿਆ। ਵਿਦੇਸ਼ੀ ਧਰਤੀ ‘ਤੇ ਜਿਊਂਦੇ ਰਹਿਣ ਲਈ ਇਹ ਏਕਤਾ ਉਹਨਾਂ ਲਈ ਅਸਲੋਂ ਲਾਜ਼ਮੀ ਸੀ।’27
ਸੋ ਹਾਲਾਤ ਦਾ ਤਕਾਜ਼ਾ ਤੇ ਉਸ ਵਿਚੋਂ ਪੈਦਾ ਹੋਈ ਸਮਝ ਨੇ ਉਹਨਾਂ ਨੂੰ ਜੜ੍ਹ ਨਾਲ ਵੀ ਜੋੜੀ ਰੱਖਿਆ ਤੇ ਪੈਦਾ ਹੋ ਰਹੀ ਵਿਸ਼ਵ ਸੂਝ ਨਾਲ ਵੀ। ਸਿੱਖ ਕਿਉਂਕਿ ਵੱਡੀ ਗਿਣਤੀ ਵਿਚ ਸਨ ਤੇ ਉਹਨਾਂ ਦੀ ਵਿਸ਼ੇਸ਼ ਰਵਾਇਤ ਵੀ ਸੀ ਕਿ ਜਿੱਥੇ ਜਾਂਦੇ ਸਨ ਓਥੇ ਹੀ ਮਿਲ ਬੈਠਣ ਤੇ ਸਾਂਝੇ ਮਸਲੇ ਵਿਚਾਰਨ ਲਈ ਗੁਰਦਵਾਰੇ ਉਸਾਰ ਲੈਂਦੇ ਹਨ। ਕਨੇਡਾ ਅਮਰੀਕਾ ਵਿਚ ਵੀ ਇਹ ਕੰਮ ਉਹਨਾਂ ਨੇ ਹੀ ਕੀਤਾ। ਪਰ ਵੈਨਕੂਵਰ ਵਿਚ ਗੁਰਦਵਾਰਾ ਸਿੱਖ ਟੈਂਪਲ ਬਨਾਉਣ ਲਈ ਬਣੀ ‘ਖ਼ਾਲਸਾ ਦੀਵਾਨ ਸੋਸਾਇਟੀ’ ‘ਭਾਵੇਂ ਸਿੱਖਾਂ ਦੀ ਧਾਰਮਕ ਜਥੇਬੰਦੀ ਸੀ ਪਰ ਇਸਨੇ ਰਾਜਨੀਤਕ ਮਾਮਲਿਆਂ ਵਿਚ ਵੀ ਭਰਵਾਂ ਸਰਗਰਮ ਰੋਲ ਨਿਭਾਇਆ। ਇਸਦੇ ਬਹੁਤੇ ਮੈਂਬਰ ਅਗਾਂਹਵਧੂ ਵਿਚਾਰਾਂ ਵਾਲੇ ਬਣ ਚੁੱਕੇ ਸਨ। ਸੋਸ਼ਲਿਸਟਾਂ ਦੇ ਪਰਚਾਰ ਸਦਕਾ ਇਸ ਜਥੇਬੰਦੀ ਦੇ ਬਹੁਤੇ ਲੀਡਰਾਂ ਦੀ ਸਿਆਸੀ ਵਿਚਾਰਧਾਰਾ ਸੋਸ਼ਲਿਸਟ ਬਣ ਚੁੱਕੀ ਸੀ। ਉਹ ਗੁਰੂ ਨਾਨਕ ਦੇ ਸੱਚੇ ਸੁੱਚੇ ਸਿੱਖ ਸਨ ਜੋ ਭਾਈ ਲਾਲੋ ਦੇ ਕੈਂਪ ਵਿਚ ਖੜੇ ਸਨ। ਉਹ ਸਿੱਖ ਵਿਚਾਰਧਾਰਾ ਤੇ ਸੋਸ਼ਲਿਸਟ ਫਿ਼ਲਾਸਫ਼ੀ ਵਿਚ ਕੋਈ ਫ਼ਰਕ ਨਹੀਂ ਸਨ ਸਮਝਦੇ। ਇਸ ਲਈ ਖ਼ਾਲਸਾ ਦੀਵਾਨ ਸੋਸਾਇਟੀ ਦੇ ਬਹੁਤ ਸਾਰੇ ਮੈਂਬਰ ਸੋਸ਼ਲਿਸਟ ਵਿਚਾਰਧਾਰਾ ਵਾਲੀ ਹਿੰਦੋਸਤਾਨ ਐਸੋਸੀਏਸ਼ਨ ਦੇ ਵੀ ਮੈਂਬਰ ਸਨ। ਖ਼ਾਲਸਾ ਦੀਵਾਨ ਸੋਸਾਇਟੀ ਦੇ ਅਹੁਦੇਦਾਰ ਭਾਈ ਭਾਗ ਸਿੰਘ ਹਿੰਦੋਸਤਾਨ ਐਸੋਸੀਏ਼ਨ ਦੇ ਪ੍ਰਧਾਨ ਤੇ ਵੈਨਕੂਵਰ ਗੁਰਦਵਾਰੇ ਦੇ ਗ੍ਰੰਥੀ ਭਾਈ ਬਲਵੰਤ ਸਿੰਘ ਇਸ ਐਸੋਸੀਏਸ਼ਨ ਦੇ ਖ਼ਜ਼ਾਨਚੀ ਸਨ।’28
ਇਹ ਕਥਨ ਇਸ ਗੱਲ ਦੀ ਤਸਦੀਕ ਕਰਦਾ ਹੈ ਕਿ ਅੰਤਰਰਾਸ਼ਟਰੀ ਪੱਧਰ ‘ਤੇ
ਪ੍ਰਾਪਤ ਰਾਜਸੀ ਗਿਆਨ ਅਤੇ ਫ਼ਲਸਫ਼ਾ ਵੀ ਸਿੱਖ ਚੇਤਨਾ ਦਾ ਹਿੱਸਾ ਬਣ ਚੁਕਾ ਸੀ। ਸਗੋਂ ਸੱਚੀ ਗੱਲ ਤਾਂ ਇਹ ਹੈ ਕਿ ਬਹੁਤ ਸਾਰੇ ਸਿੱਖ ਆਗੂ ਕਨੇਡਾ ਦੀ ਸੋਸ਼ਲਿਸਟ ਪਾਰਟੀ ਦੇ ਵੀ ਮੈਂਬਰ ਬਣ ਚੁੱਕੇ ਸਨ। ਸੋਹਨ ਸਿੰਘ ਪੂੰਨੀ ਕਨੇਡੀਅਨ ਸਰਕਾਰ ਦੇ ਖ਼ੁਫ਼ੀਆਂ ਮਹਿਕਮੇ ਦੀਆਂ ਰੀਪੋਰਟਾਂ ਦਾ ਹਵਾਲਾ ਉਧਰਿਤ ਕਰਦੇ ਹਨ, ‘ਖ਼ਾਲਸਾ ਦੀਵਾਨ ਸੋਸਾਇਟੀ ਦੇ ਪ੍ਰਧਾਨ ਭਾਈ ਭਾਗ ਸਿੰਘ ਅਤੇ ਐਗਜ਼ੈਕਟਿਵ ਦੇ ਦੂਸਰੇ ਅਹੁਦੇਦਾਰਾਂ ਨੇ ਹੁਸੈਨ ਰਹੀਮ ਤੇ ਜੀ ਡੀ ਕੁਮਾਰ ਵਰਗੇ ਸੋਸ਼ਲਿਸਟਾਂ ਨਾਲ ਰਲ ਕੇ ਵੈਨਕੂਵਰ ਵਿਚ ਸੋਸ਼ਲਿਸਟ ਪਾਰਟੀ ਆਫ਼ ਕਨੇਡਾ ਦੀ ਇੱਕ ਸਪੈਸ਼ਲ ਬਰਾਂਚ ਤਿਆਰ ਕੀਤੀ ਸੀ।’29
ਇਹ ਵੇਰਵਾ ਸਾਬਤ ਕਰਦਾ ਹੈ ਕਿ ਕਨੇਡਾ ਦੇ ਸਿੱਖ ਜਿੱਥੇ ‘ਸਿੱਖ’ ਵਜੋਂ ਵਿਚਰ ਰਹੇ ਸਨ ਓਥੇ ਉਹਨਾਂ ਦੇ ਜਿ਼ਹਨ ਵਿਚ ਪੂਰਾ ਹਿੰਦੋਸਤਾਨ ਸੀ ਤੇ ਉਸ ਵਿਚ ਆਪਣੀ ਪਸੰਦ ਦਾ ਸੋਸ਼ਲਿਸਟ ਸਮਾਜ ਉਸਾਰਨ ਦੀ ਤਾਂਘ ਵੀ ਸੀ। ਉਹਨਾਂ ਦੀ ਹਿੰਦੋਸਤਾਨੀਅਤ, ਅੰਤਰਰਾਸ਼ਟਰੀਅਤਾ ਤੇ ਸਿੱਖੀ ਵਿਚ ਕੋਈ ਅੰਤਰਵਿਰੋਧ ਨਹੀਂ ਸੀ।
ਅਮਰੀਕਾ ਵਿਚ ਵੀ ਜਦੋਂ ਅਮਰੀਕੀ ਸਿੱਖਾਂ ਨੂੰ ਗੁਰਦਵਾਰਾ ਸਟਾਕਟਨ ਬਣਾਉਣ ਦਾ ਖਿ਼ਆਲ ਆਇਆ ਤਾਂ ਇਸ ਪਿਛਲਾ ਮੁੱਖ ਪ੍ਰੇਰਕ ‘ਭਾਰਤ-ਵਰਸ਼’਼ ਦੀ ਆਜ਼ਾਦੀ ਲਈ ਇਕਮੁਠਤਾ ਪ੍ਰਗਟਾਉਣ ਤੇ ਮਿਲ ਬੈਠਣ ਲਈ ਸਾਂਝੇ ਸਥਾਨ ਦੀ ਲੋੜ ਸੀ। ਭਾਈ ਵਿਸਾਖਾ ਸਿੰਘ, ਭਾਈ ਜਵਾਲਾ ਸਿੰਘ ਤੇ ਭਾਈ ਸੰਤੋਖ ਸਿੰਘ ਦੇ ਮਨ ਵਿਚ ਦੇਸ਼ ਨੂੰ ਆਜ਼ਾਦ ਕਰਵਾਉਣ ਦੀ ਤੀਬਰ ਤਾਂਘ ਕਰਵਟਾਂ ਲੈ ਰਹੀ ਸੀ। ਇਸੇ ਤਾਂਘ ਵਿਚੋਂ ਹੀ ਗੁਰਦਵਾਰਾ ਸਟਾਕਟਨ ਹੋਂਦ ਵਿਚ ਆਇਆ। ਇਸਦਾ ਬਿਰਤਾਂਤ ਸੰਤ ਵਿਸਾਖਾ ਸਿੰਘ ਨੇ ਬੜੇ ਭਾਵਪੂਰਤ ਸ਼ਬਦਾਂ ਵਿਚ ਬਿਆਨ ਕੀਤਾ ਹੈ।
‘ਜਿਸ ਵਕਤ ਭਾਈ ਜੁਆਲਾ ਸਿੰਘ ਜੀ ਤੇ ਸ੍ਰੀਮਾਨ ਭਾਈ ਸੰਤੋਖ ਸਿੰਘ ਜੀ ਨੇ ਬਾਹਰ ਕਾਰ ਵਿਚਾਰ ਕਰਦਿਆਂ ਦਲੀਲ ਧਾਰੀ ਫਿਰ ਜਦ ਸ਼ਾਮ ਨੂੰ ਕੰਮ ਦੀ ਛੁੱਟੀ ਹੋਈ ਤਦੋਂ ਵੀਰ ਅਲਹਿਦਾ ਜਾ ਬੈਠੇ ਹਨ। ਆਪਸ ਵਿਚ ਗੋਂਦ ਗੁੰਦੀ ਕਿ ਡੇਰੇ ਜਾ ਕਰ ਭਾਈ ਵਸਾਖਾ ਸਿੰਘ ਨੂੰ ਆਖੀਏ ਗੁਰੂ ਸਾਹਿਬਾਨ ਦਾ ਵਾਕ ਲੈਣ। ਜੇਕਰ ਵਾਕ ਦੁਆਰਾ ਸਤਿਗੁਰੂ ਦਾਇਆ ਕਰਨ ਤਾਂ ਅੱਜ ਤੋਂ ਆਪਣੀ ਜ਼ਿੰਦਗੀ ਭਾਰਤ ਵਰਸ਼ ਦੀ ਹੋ ਚੁੱਕੀ। ਏਹ ਸਲਾਹ ਕਰਕੇ ਡੇਰੇ ਨੂੰ ਗਏ। ਰਹਿਰਾਸ ਦਾ ਪਾਠ ਕਰਕੇ ਸਾਰੇ ਸਿੰਘ ਉਡੀਕ ਰਹੇ ਸਾਂ, ਹਨ੍ਹੇਰਾ ਹੋ ਗਿਆ, ਅਜੇ ਤੱਕ ਵੀਰ ਦੋਵੇਂ ਆਏ ਨਹੀਂ ਹਨ, ਤਦੇ ਖ਼ਵਰ ਵਰਦੀ ਪਈ ਪੁਵਾਤੀ ਜੋੜਿਆਂ ਮੇਂ ਖੜੋ ਕਰ ਬਿਨੈ ਕਰਦੇ ਹਨ। ਸਾਨੂੰ ਕਹਿ ਰਹੇ ਹਨ ਤੁਸੀਂ ਗੁਰੂ ਸਾਹਿਬਾਂ ਦਾ ਵਾਕ ਲਵੋ ਜੀ। ਅਸਾਂ ਨਮਸਕਾਰ ਕਰ ਪੁਛਿਆ ਆਪਦਾ ਆਸ਼ਾ ਕੀ ਹੈ? ਤਦ ਵੀਰਾਂ ਨੇ ਸਾਨੂੰ ਕਿਹਾ:
ਸਾਨੂੰ ਆਖਦੇ ਗੁਰਾਂ ਤੋਂ ਪੁਛੋ ਤੁਸੀਂ, ਦਿਲੋਂ ਮੁਲਕ ਦਾ ਚੌਂਹਦੇ ਸੁਧਾਰ ਭਾਈ।
ਅਸਾਂ ਸੰਗਤੇ ਗੁਰਾਂ ਦਾ ਵਾਕ ਲਿਆ, ਸਤਿਗੁਰ ਦਿੰਦੇ ਨੇ ਤਾਪ ਉਤਾਰ ਭਾਈ।
ਤਦ ਮੈਂ ਕਿਹਾ ਧੰਨ ਸਿੱਖੀ ਤੇ ਵਾਕ ਲਿਆ। 30
ਸਾਫ਼ ਜ਼ਾਹਿਰ ਹੈ ਕਿ ‘ਭਾਰਤਵਰਸ਼’ ਲਈ ਜਿ਼ੰਦਗੀ ਅਰਪਣ ਕਰਨ ਦਾ ਪ੍ਰਣ ਲੈ ਕੇ ‘ਮੁਲਕ ਦਾ ਸੁਧਾਰ’ ਕਰਨ ਹਿਤ ਹੀ ਗੁਰਦਵਾਰੇ ਦੀ ਸਥਾਪਨਾ ਕੀਤੀ ਗਈ। ਸੰਗਤਾਂ ਦਾ ਇਕੱਠ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਦਿਹਾੜਾ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਤੇ ਚੇਤੇ ਰਹੇ ਇਕੱਲੇ ਸਿੱਖਾਂ ਨੂੰ ਨਹੀਂ ਸਗੋਂ ਹਿੰਦੂ ਤੇ ਮੁਸਲਮਾਨ ਭਰਾਵਾਂ ਨੂੰ ਵੀ ਪੁੱਜਣ ਦੀ ਉਚੇਚੀ ਬੇਨਤੀ ਕੀਤੀ। ਗੁਰਪੁਰਬ ਵਾਲੇ ਦਿਨ ਇਕੱਠੀ ਹੋਈ ਸੰਗਤ ਵਿਚ ਪੈਂਤੀ ਮੁਸਲਮਾਨ ਤੇ ਬਾਰਾਂ ਹਿੰਦੂ ਵੀ ਸ਼ਾਮਲ ਹੋਏ, ਜਿਨ੍ਹਾਂ ਵਿਚ ਲਾਲਾ ਹਰਦਿਆਲ ਤੇ ਭਾਈ ਪਰਮਾਨੰਦ ਵੀ ਸ਼ਾਮਲ ਸਨ। ਗੁਰਦਵਾਰੇ ਦੀ ਸਥਾਪਨਾ ਦਾ ਮੁੱਖ ਉਦੇਸ਼ ਬਿਆਨ ਕਰਦਿਆਂ ਸੰਤ ਵਸਾਖਾ ਸਿੰਘ ਲਿਖਦੇ ਹਨ:
‘ਗੌਰਮਿੰਟ ਜੋ ਜ਼ੁਲਮ ਕਮਾ ਰਹੀ ਏ, ਸਾਰੇ ਵੀਰਾਂ ਨੂੰ ਦੇਈਏ ਸੁਣਾ ਵੀਰੋ।
ਕਰ ਜਾਣ ਤਫ਼ਾਕ ਜਿਉਂ ਵੀਰ ਸਾਰੇ, ਬਣਤ ਸੋਈ ਜੀ ਲਈਏ ਬਣਾ ਵੀਰੋ।
ਜ਼ੋਰ ਲਾ ਦਈਏ ਵੀਰ ਰਲ ਸਾਰੇ, ਗੌਰਮਿੰਟ ਨੂੰ ਦੇਈਏ ਧਕਾ ਵੀਰੋ।
ਭਾਰਤ ਵਰਸ਼ ਨੂੰ ਰੱਲ ਓਠਾਲ ਦੇਈਏ, ਮਜ਼ਾ ਜ਼ੁਲਮ ਦਾ ਦੇਈਏ ਚਖਾ ਵੀਰੋ।’31 ਗੁਰਪੁਰਬ ਵਾਲੇ ਦਿਨ ‘ਵਾਹ ਲਗਦੀ ਅਮੈਰੀਕਾ ਅਤੇ ਕੈਨੇਡਾ ਦੇ ਸਾਰੇ ਦੇ ਸਾਰੇ ਹਿੰਦੁਸਤਾਨੀ ਭਾਈ ਸਿੱਖ, ਹਿੰਦੂ, ਮੁਸਲਮਾਨ ਪੁੱਜੇ। ਇਸ ਦੀਵਾਨ ਵਿਚ ਅਦੁੱਤੀ ਰੌਣਕ ਹੋਈ ਅਤੇ ਪਹਿਲੇ ਦਿਨ ਅਖੰਡ ਪਾਠ ਦੇ ਭੋਗ ਪਿਛੋਂ ਇਕ ਖੁਲ੍ਹਾ ਦੀਵਾਨ ਕੀਤਾ ਗਿਆ, ਜਿਸ ਵਿਚ ਗੁਰਦਵਾਰਾ ਸਟਾਕਟਨ ਬਨਾਣ ਲਈ ਅਪੀਲ ਕੀਤੀ ਗਈ। ਇਸ ਦੀਵਾਨ ਵਿਚ ਬੋਲਣ ਵਾਲੇ ਸੱਜਣਾਂ ਵਿੱਚ ਇਕ ਭਾਈ ਸੰਤੋਖ ਸਿੰਘ ਜੀ ਭੀ ਸਨ। ਉਸ ਵੇਲੇ ਦਾ ਕੌਮੀ ਜੋਸ਼ ਇਸ ਗੱਲ ਤੋਂ ਸਾਫ਼ ਪ੍ਰਗਟ ਹੈ ਕਿ ਦੀਵਾਨ ਵਿਚ ਬੈਠਿਆਂ ਹੀ ਗੁਰਦੁਵਾਰੇ ਵਾਸਤੇ ਚੌਦਾਂ ਸੌ ਡਾਲਰ ਦੀ ਉਗਰਾਹੀ ਹੋ ਗਈ। ਗੁਰਦੁਵਾਰੇ ਸਬੰਧੀ ਉਸ ਦੀਵਾਨ ਦਾ ਕੰਮ ਖਤਮ ਕਰਕੇ ਦੂਸਰੇ ਦਿਨ ਅਮੈਰੀਕਾ ਅਤੇ ਕੈਨੇਡਾ ਨਿਵਾਸੀ ਹਿੰਦੁਸਤਾਨੀਆਂ ਦੇ ਸਭ ਉਘੇ ਉਘੇ ਲੀਡਰਾਂ ਦੀ ਇਕੱਤ੍ਰਤਾ ਹੋਈ ਜਿਸ ਵਿਚ ਹਿੰਦੁਸਤਾਨ ਲਈ ਰਾਜਸੀ ਕੰਮ ਕਰਨ ਪਰ ਵਿਚਾਰ ਹੋਣੀ ਸੀ। ਇਸ ਇਕੱਤ੍ਰਤਾ ਵਿਚ ਬਹੁਤ ਸਾਰੇ ਹਿੰਦੂ ਸਿੱਖ ਅਤੇ ਮੁਸਲਮਾਨ ਲੀਡਰ ਸ਼ਾਮਲ ਸਨ। ਇਕੱਲੇ ਮੁਸਲਮਾਨਾਂ ਦੀ ਗਿਣਤੀ ਹੀ ਲਗਭਗ 40 ਦੇ ਕਰੀਬ ਸੀ।
ਦੂਸਰੇ ਦਿਨ ਦੀ ਇਸ ਰਾਜਸੀ ਇਕੱਤ੍ਰਤਾ ਵਿੱਚ ਹਿੰਦੁਸਤਾਨ ਦੀ ਅਜ਼ਾਦੀ ਲਈ ਯਤਨ ਕਰਨ ਦਾ ਫੈਸਲਾ ਹੋਇਆ ਅਤੇ ਜੋ ਸੱਜਣ ਇਸ ਕੰਮ ਲਈ ਤਿਆਰ-ਬਰ-ਤਿਆਰ ਸਨ ਉਹ ਮੈਦਾਨ ਵਿਚ ਉਤਰ ਆਏ।32
ਅਕਤੂਬਰ 1926 ਦੇ ‘ਕਿਰਤੀ’ ਵਿਚੋਂ ਗ਼ਦਰ ਲਹਿਰ ਦੀ ਅਸਲੀ ਗਾਥਾ-1 ਵਿਚ ਭਾਈ ਬਲਵੰਤ ਸਿੰਘ ਖ਼ੁਰਦਪੁਰ ਦੀ ਸ਼ਹਾਦਤ ਵਾਲੇ ਦਿਨ ਦਾ ਖਾਕਾ ਕੁਝ ਇਸ ਪ੍ਰਕਾਰ ਖਿੱਚਿਆ ਮਿਲਦਾ ਹੈ:
‘ਉਸ ਵੇਲੇ ਜੇਲ੍ਹ ਦੇ ਅੰਦਰ ਵਾਲਿਆਂ ਪਾਸੋਂ ਜੋ ਉਸ ਵੇਲੇ ਪਾਸ ਹਨ ਪੂਰਨ ਭਰੋਸੇ ਯੋਗ ਹਾਲਾਤ ਮਾਲੂਮ ਹੋਏ ਹਨ, ਉਹ ਦਸਦੇ ਹਨ ਕਿ ਆਪ ਨੇ ਆਪਣੇ ਛੇ ਹੋਰ ਸਾਥੀਆਂ ਸਮੇਤ (ਜੋ ਆਪ ਦੇ ਨਾਲ ਫਾਂਸੀ ਆਏ) ਫਾਂਸੀ ਵਾਲੇ ਦਿਨ ਸਵੇਰ ਨੂੰ ਸੱਤ ਵਜੇ ਅਸ਼ਨਾਨ ਕੀਤਾ ਅਤੇ ਅਰਦਾਸਾ ਸੋਧਣ ਪਿਛੋਂ ਸਾਰਿਆਂ ਨੇ ਰਲਕੇ ਉਚੀ ਆਵਾਜ਼ ਵਿਚ ਕੌਮੀ ਗੀਤ ਪੜ੍ਹਿਆ ਤੇ ਭਾਰਤ ਮਾਤਾ ਨੂੰ ਆਖਰੀ ਨਮਸਕਾਰ ਕਰਕੇ ਹਿੰਦੁਸਤਾਨ ਦੀ ਅਜ਼ਾਦੀ ਵਾਸਤੇ ਆਪਣੇ ਆਪ ਨੂੰ ਬਲਿਦਾਨ ਕਰਨ ਲਈ ਫ਼ਾਂਸੀ ਦੀ ਰੱਸੀ ਨੂੰ ਖੁਸ਼ੀ ਖੁਸ਼ੀ ਆਪਣੇ ਗੱਲ ਵਿਚ ਪਾਇਆ। ਧੰਨ! ਧੰਨ!! ਧੰਨ!!!’33
ਇਹਨਾਂ ਵੇਰਵਿਆਂ ਤੋਂ ਕਿਸੇ ਕਿਸਮ ਦੇ ਸ਼ੱਕ ਦੀ ਗੁੰਜਾਇਸ਼ ਨਹੀਂ ਰਹਿ ਜਾਂਦੀ ਕਿ ਗ਼ਦਰੀਆਂ ਦਾ ਪਹਿਲਾ ਫਿ਼ਕਰ ‘ਭਾਰਤ ਵਰਸ਼’ ਸੀ ਜਾਂ ਜਿਵੇਂ ਉਪਰ ਸਟਾਕਟਨ ਦੇ ਗੁਰਦਵਾਰੇ ਦੇ ਹਵਾਲੇ ਨਾਲ ਜਿ਼ਕਰ ਆਇਆ ਹੈ ‘ਹਿੰਦੁਸਤਾਨ ਦੀ ਅਜ਼ਾਦੀ’ ਲਈ ਲੋਕਾਂ ਨੂੰ ‘ਤਿਆਰ-ਬਰ-ਤਿਆਰ’ ਕਰਨਾ ਸੀ। ਧਰਮ ਨੂੰ ਦੇਸ਼ ਦੇ ਭਲੇ ਜਾਂ ਆਜ਼ਾਦੀ ਪ੍ਰਾਪਤ ਕਰਨ ਲਈ ਮਾਧਿਅਮ ਵਜੋਂ ਅਤੇ ਗੁਰਦਵਾਰੇ ਨੂੰ ਮੰਚ ਵਜੋਂ ਵਰਤਣ ਦਾ ਮਨਸ਼ਾ ਉਹਨਾਂ ਦੇ ਮਨਾਂ ਵਿਚ ਅਸਲੋਂ ਸਾਫ਼ ਸੀ। ਇਹ ਸਭ ਕੁਝ ਉਸ ਸੰਤ ਵਿਸਾਖਾ ਸਿੰਘ ਦੀ ਲਿਖਤ ਆਖਦੀ ਹੈ ਜਿਸਦਾ ਪ੍ਰਸਿੱਧ ਅਧਿਆਤਮਕ ਹਸਤੀ ਤੇ ਸੱਚੇ ਸਿੱਖ ਵਜੋਂ ਅਮਰੀਕਾ ਵਿਚ ਵੱਸਦਾ ਸਾਰਾ ਭਾਰਤੀ ਸਮਾਜ ਸਤਿਕਾਰ ਕਰਦਾ ਸੀ। ਦੂਜਾ ਹਵਾਲਾ ਪ੍ਰਸਿੱਧ ਦੇਸ਼ ਭਗਤ, ਕਨੇਡੀਅਨ ਸੋਸ਼ਲਿਸਟ ਪਾਰਟੀ ਦੇ ਮੈਂਬਰ ਤੇ ਗੁਰਦਵਾਰਾ ਵੈਨਕੂਵਰ ਦੇ ਗ੍ਰੰਥੀ ਭਾਈ ਬਲਵੰਤ ਸਿੰਘ ਖ਼ੁਰਦਪੁਰ ਦਾ ਹੈ ਜਿਸ ਨੇ ਕੌਮੀ ਗੀਤ ਪੜ੍ਹਿਆ ਤੇ ਭਾਰਤ ਮਾਤਾ ਨੂੰ ਆਖਰੀ ਨਮਸਕਾਰ ਕਰਕੇ ਹਿੰਦੁਸਤਾਨ ਦੀ ਅਜ਼ਾਦੀ ਵਾਸਤੇ ਆਪਣੇ ਆਪ ਨੂੰ ਬਲਿਦਾਨ ਕਰਨ ਲਈ ਫ਼ਾਂਸੀ ਦੀ ਰੱਸੀ ਨੂੰ ਖੁਸ਼ੀ ਖੁਸ਼ੀ ਆਪਣੇ ਗੱਲ ਵਿਚ ਪਾਇਆ। ਤੇ ਇਸਦਾ ਜਿ਼ਕਰ ਭਾਈ ਸੰਤੋਖ ਸਿੰਘ ਕਰ ਰਹੇ ਹਨ ਜਿਨ੍ਹਾਂ ਦਾ ਸਿੱਖੀ ਪ੍ਰੇਮ ਕਿਸੇ ਵੀ ਇਤਿਹਾਸ ਦੇ ਵਿਦਿਆਰਥੀ ਨੂੰ ਭੁੱਲਿਆ ਨਹੀਂ ਹੋਇਆ। ਇਹਨਾਂ ਦੋਵਾਂ ਦੇਸ਼ਭਗਤਾਂ ਦੀਆਂ ਲਿਖਤਾਂ ਗਵਾਹੀ ਦਿੰਦੀਆਂ ਹਨ ਕਿ ਜੇ ਗ਼ਦਰੀਆਂ ਨੂੰ ਦੂਜੇ ਇਤਿਹਾਸਕਾਰ ‘ਹਿੰਦੀ ਜਾਂ ਹਿੰਦੋਸਤਾਨੀ’ ਆਖਦੇ ਹੋਏ ਉਹਨਾਂ ਨੂੰ ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਹੋਣ ਵਾਲੇ ਸ਼ਹੀਦਾਂ ਸੂਰਬੀਰਾਂ ਵਜੋਂ ਚਿਤਵਦੇ ਹਨ ਤਾਂ ਇਸ ਵਿਚ ਗ਼ਲਤ ਕੀ ਹੋਇਆ!
ਸੱਚੀ ਗੱਲ ਤਾਂ ਇਹ ਹੈ ਕਿ ਗ਼ਦਰ ਪਾਰਟੀ ਦੀ ਸਥਾਪਨਾ ਮੌਕੇ ਹੀ ਪਾਰਟੀ ਨੂੰ ਗ਼ੈਰਫਿ਼ਰਕੂ ਰੱਖਣ ਤੇ ਹਿੰਦੂ, ਮੁਸਲਮਾਨ ਤੇ ਸਿੱਖਾਂ ਦਾ ਸਾਂਝਾ ਏਕਾ ਸਿਰਜ ਕੇ ਹਿੰਦੋਸਤਾਨ ਨੂੰ ਹਥਿਆਰਬੰਦ ਗ਼ਦਰ ਕਰਕੇ ਆਜ਼ਾਦ ਕਰਨ ਦਾ ਨਿਸ਼ਾਨਾ ਮਿਥ ਲਿਆ ਗਿਆ ਸੀ। 21 ਅਪ੍ਰੈਲ 1913 ਨੂੰ ਆਸਟੋਰੀਆ ਦੀ ਇਕ ਆਰਾ ਮਿੱਲ ਵਿੱਚ ਭਾਈ ਕੇਸਰ ਸਿੰਘ ਠੱਠਗੜ੍ਹ ਜ਼ਿਲ੍ਹਾ ਅੰਮ੍ਰਿਤਸਰ ਦੇ ਡੇਰੇ ਇਕੱਠ ਹੋਇਆ। ਬਰਾਈਡਲਵਿਲ, ਪੋਰਟਲੈਂਡ, ਵਾਨਾ, ਸੇਂਟ ਜਾਨ ਅਤੇ ਲਿਨਟਨ ਦੇ ਨੁਮਾਇੰਦੇ ਵੀ ਇਸ ਵਿੱਚ ਸ਼ਾਮਲ ਹੋਏ। ਇਹ ਇੱਕ ਤਰ੍ਹਾਂ ਦੀ ਸਾਰੇ ਮੰਡ ਦੀ ਨੁਮਾਇੰਦਾ ਮੀਟਿੰਗ ਸੀ।
ਲਾਲਾ ਹਰਦਿਆਲ ਤੇ ਹੋਰਨਾਂ ਸਾਥੀਆਂ ਦੇ ਲੈਕਚਰਾਂ ਤੋਂ ਬਾਅਦ ਇਹ ਬੁਨਿਆਦੀ ਮਤਾ ਪਾਸ ਕੀਤਾ ਗਿਆ:
1. ਜਥੇਬੰਦੀ ਦਾ ਨਾਂ ਹਿੰਦੀ ਐਸੋਸੀਏਸ਼ਨ ਆਫ਼ ਪੈਸਫਿਕ ਕੋਸਟ ਸੁਖਾਲਾ ਤੇ ਸਿੱਧਾ ਜਿਹਾ (ਹਿੰਦੀ ਪੈਸਿਫ਼ਿਕ ਐਸੋਸੀਏਸ਼ਨ) ਹੀ ਰਖਿਆ ਜਾਵੇ।
2. ਜਥੇਬੰਦੀ ਦਾ ਮਨੋਰਥ ਹਥਿਆਰਬੰਦ ਇਨਕਲਾਬ ਨਾਲ ਅੰਗਰੇਜ਼ੀ ਗੁਲਾਮੀ ਤੋਂ ਹਿੰਦੁਸਤਾਨ ਨੂੰ ਛੁਡਾਉਣਾ ਅਤੇ ਅਜ਼ਾਦੀ ਦੇ ਬਰਾਬਰੀ ਦੀਆਂ ਬੁਨਿਆਦਾਂ ਉਤੇ ਕੌਮੀ ਜਮਹੂਰੀਅਤ ਕਾਇਮ ਕਰਨੀ।
3. ਜਥੇਬੰਦੀ ਦਾ ਹੈਡ ਕਵਾਰਟਰ ਕੈਲੇਫੋਰਨੀਆ ਦੇ ਸਾਨਫਰਾਂਸਿਸਕੋ ਸ਼ਹਿਰ ਵਿਚ ਰਹੇਗਾ, ਜੋ ਸਮੁੰਦਰੀ ਘਾਟ ਵੀ ਹੈ ਤੇ ਦੁਨੀਆਂ ਦੇ ਇਨਕਲਾਬੀਆਂ ਦਾ ਕੇਂਦਰ ਵੀ।
4. ਜਥੇਬੰਦੀ ਦਾ ਹਫ਼ਤਾਵਾਰ ਅਖ਼ਬਾਰ ਨਿਕਲੇਗਾ, ਜਿਸ ਦਾ ਨਾਂ ‘ਗ਼ਦਰ‘ ਹੋਵੇਗਾ ਅਤੇ ਹਿੰਦੁਸਤਾਨ ਦੀਆਂ ਉਰਦੂ, ਪੰਜਾਬੀ, ਹਿੰਦੀ ਤੇ ਹੋਰਨਾਂ ਜ਼ਬਾਨਾਂ ਵਿੱਚ ਛਪਿਆ ਕਰੇਗਾ (ਮਗਰੋਂ ਇਸ ਅਖ਼ਬਾਰ ਦੇ ਨਾਂ ਉਤੇ ਜਥੇਬੰਦੀ ਦਾ ਨਾਂ ਲੋਕਾਂ ਨੇ ਗ਼ਦਰ ਪਾਰਟੀ ਰੱਖ ਦਿੱਤਾ)।
6. ਹਰ ਇਕ ਕਾਰਖਾਨੇ ਜਾਂ ਰੇਲ ਮਜ਼ਦੂਰਾਂ ਦੀ ਟੋਲੀ ਵਿਚ ਕੰਮ ਕਰਨ ਵਾਲੇ
ਹਿੰਦੁਸਤਾਨੀ ਮੈਂਬਰਾਂ ਦੀ ਉਸ ਕਾਰਖਾਨੇ ਜਾਂ ਟੋਲੀ ਵਿੱਚ ਇਕ ਚੁਣੀ ਹੋਈ ਕਮੇਟੀ ਹੋਇਆ ਕਰੇਗੀ, ਜਿਹੜੀ ਕੇਂਦਰ ਨਾਲ ਸਿੱਧੀ ਸਬੰਧਤ ਹੋਵੇਗੀ।
10. ਜਥੇਬੰਦੀ ਵਿੱਚ ਮਜ਼ਹਬੀ ਬਹਿਸਾਂ ਦੀ ਕੋਈ ਥਾਂ ਨਹੀਂ ਹੋਵੇਗੀ। ਮਜ਼ਹਬ ਹਰ ਕਿਸੇ ਦਾ ਆਪਣਾ ਨਿੱਜੀ ਨੇਮ ਹੋਵੇਗਾ।
11. ਜਥੇਬੰਦੀ ਦੇ ਹਰ ਸਿਪਾਹੀ ਦਾ ਫਰਜ਼ ਹੋਵੇਗਾ ਕਿ ਉਹ ਦੁਨੀਆਂ ਦੇ ਭਾਵੇਂ ਕਿਸੇ ਹਿੱਸੇ ਵਿੱਚ ਹੋਵੇ, ਜੇ ਉਥੇ ਅਜ਼ਾਦੀ ਦੀ ਜੰਗ ਹੁੰਦੀ ਹੈ ਤਾਂ ਉਸ ਵਿੱਚ ਜ਼ਰੂਰ ਹਿੱਸਾ ਲਵੇ।34
ਏਸੇ ਦਿਨ ਪਾਰਟੀ ਦੇ ਅਹੁਦੇਦਾਰਾਂ ਦੀ ਕੀਤੀ ਚੋਣ ਵਿਚ ਹਿੰਦੂ, ਸਿੱਖਾਂ ਤੇ ਮੁਸਲਮਾਨ ਦੀ ਸ਼ਮੂਲੀਅਤ ਨੇ ਪਾਰਟੀ ਦੇ ਗ਼ੈਰਫਿ਼ਰਕੂ ਸਰੂਪ ਨੂੰ ਨਿਰਧਾਰਤ ਕਰਕੇ ਸੰਕੇਤ ਕਰ ਦਿੱਤਾ ਸੀ ਕਿ ਪਾਰਟੀ ਦੀ ਦਿਸ਼ਾ ਤੇ ਗਤੀ ਕਿਹੜੀ ਸਿਮਤ ਨੂੰ ਹੋਵੇਗੀ। ਇਹ ਅਹੁਦੇਦਾਰ ਨਿਮਨ ਲਿਖਤ ਸਨ:
ਪ੍ਰਧਾਨ: ਸੋਹਨ ਸਿੰਘ ਭਕਨਾ
ਜਨਰਲ ਸਕੱਤਰ: ਲਾਲਾ ਹਰਦਿਆਲ
ਮੀਤ ਪ੍ਰਧਾਨ: ਕੇਸਰ ਸਿੰਘ ਠਠਗੜ੍ਹ
ਖ਼ਜ਼ਾਨਚੀ: ਪੰਡਿਤ ਕਾਸ਼ੀ ਰਾਮ
ਮੀਤ ਖ਼ਜ਼ਾਨਚੀ: ਹਰਨਾਮ ਸਿੰਘ ਕੋਟਲਾ ਨੌਧ ਸਿੰਘ
ਆਰਗੇਨਾਈਜਿ਼ੰਗ ਸਕੱਤਰ: ਕਰੀਮ ਬਖ਼ਸ ਤੇ ਮੁਨਸ਼ੀ ਰਾਮ 35
ਗ਼ਦਰ ਪਾਰਟੀ ਦੇ ਪ੍ਰਧਾਨ ਬਾਬਾ ਸੋਹਨ ਸਿੰਘ ਭਕਨਾ ਆਪਣੀ ਜੀਵਨ ਕਹਾਣੀ ਵਿਚ ਪਾਰਟੀ ਦੀ ਕਾਇਮੀ ਵੇਲੇ ਨਿਰਧਾਰਤ ਕੀਤੇ ਨਿਯਮਾਂ ਨੂੰ ਆਪਣੀ ਯਾਦਾਸ਼ਤ ਵਿਚੋਂ ਲਿਖਦੇ ਹਨ:
‘2-ਗ਼ਦਰ ਪਾਰਟੀ ਦੇ ਹਰ ਇਕ ਸਿਪਾਹੀ ਦਾ ਆਪੋ ਵਿਚ ਕੌਮੀ ਨਾਤਾ ਹੋਵੇਗਾ ਨਾ ਕਿ ਮਜ਼੍ਹਬੀ ਅਤੇ ਨਾ ਹੀ ਪਾਰਟੀ ਵਿਚ ਕਦੀ ਮਜ਼੍ਹਬੀ ਚਰਚਾਵਾਦ ਕੀਤੀ ਜਾਵੇਗੀ। ਆਸਤਕ (ਰੱਬ ਨੂੰ ਮੰਨਣ ਵਾਲੇ), ਨਾਸਤਕ (ਰੱਬ ਤੋਂ ਬੇਮੁੱਖ) ਹਿੰਦੂ, ਮੁਸਲਮਾਨ, ਸਿੱਖ, ਇਸਾਈ ਆਦਿਕ ਮਜ਼੍ਹਬੀ ਖਿ਼ਆਲਾਂ ਨੂੰ ਲੈ ਕੇ, ਕੋਈ ਆਦਮੀ ਗ਼ਦਰ ਪਾਰਟੀ ਵਿਚ ਸ਼ਾਮਲ ਨਹੀਂ ਹੋ ਸਕੇਗਾ। ਹਰ ਇਕ ਹਿੰਦੁਸਤਾਨੀ, ਹਿੰਦੁਸਤਾਨੀ ਹੁੰਦਾ ਹੋਇਆ ਤੇ ਹਰ ਇਕ ਮਨੁੱਖ, ਮਨੁੱਖ ਹੁੰਦਾ ਹੋਇਆ, ਇਸਦਾ ਮੈਂਬਰ ਬਣ ਸਕੇਗਾ।’
3-ਖਾਣ-ਪੀਣ ਵੱਲੋਂ ਸਭ ਨੂੰ ਖੁੱਲ੍ਹ ਹੋਵੇਗੀ। ਭਾਵੇਂ ਕੋਈ ਮਾਸ ਖਾਵੇ ਜਾਂ ਸਬਜ਼ੀ, ਗਾਂ ਭਾਵੇਂ ਸੂਅਰ, ਹਲਾਲ ਖਾਵੇ ਜਾਂ ਝਟਕਾ, ਉਸਦੀ ਆਜ਼ਾਦੀ ਵਿਚ ਕਿਸੇ ਨੂੰ ਦਖ਼ਲ ਦੇਣ ਦਾ ਹੱਕ ਨਹੀਂ ਹੋਵੇਗਾ।’36
ਵਾਅਦਾ ਮੁਆਫ਼ ਗਵਾਹ ਬਣ ਗਏ ਨਵਾਬ ਖਾਂ ਨੇ ਮੁਕੱਦਮੇ ਸਮੇਂ ਹੋਈ ਜਿਰਾਹ ਦੇ ਜਵਾਬ ਵਿਚ ਦਸਿਆ ਸੀ ਕਿ,‘‘ਗ਼ਦਰ ਪਾਰਟੀ ਦੇ ਸਿੱਖ ਅਤੇ ਮੁਲਸਮਾਨ ਮੈਂਬਰ ਇਕੱਠਾ ਖਾਣਾ ਖਾਂਦੇ ਹਨ ਅਤੇ ਕੋਈ ਇਤਰਾਜ਼ ਨਹੀਂ ਕੀਤਾ ਜਾਂਦਾ।‘‘
ਪੰਜਾਬ ਸਰਕਾਰ ਨੇ 28 ਫਰਵਰੀ 1915 ਨੂੰ ਜੋ ਰਿਪੋਰਟ ਸਰਕਾਰ ਹਿੰਦ ਨੂੰ ਭੇਜੀ, ਵਿਚ ਲਿਖਿਆ ‘ਅਮਰੀਕਾ ਵਿਚ ਯੁਗੰਤਰ ਆਸ਼ਰਮ ਵਿਚ ਸਭ ਦਾ ਸਾਂਝਾ ਲੰਗਰ ਸੀ, ਅਤੇ ਹਿੰਦ ਨੂੰ ਆਉਂਦਿਆ ਹੋਇਆ ਜਹਾਜ਼ ਉਤੇ ਵੀ ਜ਼ਾਤ ਪਾਤ ਅਤੇ ਧਰਮ ਦੇ ਲਿਹਾਜ ਬਿਨਾਂ ਖਾਣ ਪੀਣ ਦਾ ਇਕੋ ਥਾਂ ਪ੍ਰਬੰਧ ਸੀ।”37
ਉਪ੍ਰੋਕਤ ਹਵਾਲੇ ਇਹ ਸਿੱਧ ਕਰਦੇ ਹਨ ਕਿ ਮਜ਼੍ਹਬ ਗ਼ਦਰੀਆਂ ਦੀ ਪਹਿਲ ਹਰਗਿਜ਼ ਨਹੀਂ ਸੀ। ਹਰੇਕ ਨੂੰ ਆਪਣੇ ਵਿਸ਼ਵਾਸ ਅਨੁਸਾਰ ਜੀਣ ਦੀ ਖੁੱਲ੍ਹ ਸੀ। ਉਹਨਾਂ ਦਾ ਮੂਲ ਨਿਸ਼ਾਨਾ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਦਿਆਂ ‘ਹਿੰਦੋਸਤਾਨ’ ਦੀ ਆਜ਼ਾਦੀ ਹਾਸਲ ਕਰਨਾ ਸੀ। ਹਿੰਦੋਸਤਾਨ ਹੀ ਨਹੀਂ ਸਗੋਂ ਉਹਨਾਂ ਦਾ ਨਿਸ਼ਾਨਾ ਤਾਂ ਸੰਸਾਰ ਵਿਚ ਜਿੱਥੇ ਵੀ ਆਜ਼ਾਦੀ ਦੀ ਜੰਗ ਲੜੀ ਜਾ ਰਹੀ ਉਸਦੀ ਮਦਦ ਕਰਨਾ ਸੀ। ਅਜਿਹਾ ਸੋਚਣਾ ਤੇ ਮੰਨਣਾਂ ਉਹਨਾਂ ਦੇ ਵਿਆਪਕ ਤੇ ਵਸੀਹ ਨਜ਼ਰੀਏ ਦਾ ਕਮਾਲ ਹੀ ਸੀ। ਸੱਚੀ ਗੱਲ ਤਾਂ ਇਹ ਹੈ ਕਿ ਗ਼ਦਰ ਪਾਰਟੀ ਇਹ ਮਾਣ ਕਰਨ ਵਿਚ ਹੱਕ-ਬ-ਜਾਨਬ ਹੈ ਕਿ ਭਾਵੇਂ ਮਜ਼੍ਹਬੀ ਵਿਸ਼ਵਾਸ ਪੱਖੋਂ ਉਹ ਹਿੰਦੂ, ਸਿੱਖ ਜਾਂ ਮੁਸਲਮਾਨ ਹੋਣ ਪਰ ਇਸਤੋਂ ਪਹਿਲਾਂ ਉਹ ਭਾਰਤੀ ਸਨ। ਦਿਲਚਸਪ ਗੱਲ ਹੈ ਕਿ ਦੇਸ਼ ਵਿਚ ਅਜੇ ਮੁਸਲਮਾਨਾਂ ਨੂੰ ਆਜ਼ਾਦੀ ਸੰਗਰਾਮ ਦੀ ਲਹਿਰ ਵੱਲ ਆਕਰਸਿ਼ਤ ਨਹੀਂ ਸੀ ਕੀਤਾ ਜਾ ਸਕਿਆ ਪਰ ਗ਼ਦਰ ਪਾਰਟੀ ਵਿਚ ਉਹਨਾਂ ਦੀ ਚੰਗੀ ਸ਼ਮੂਲੀਅਤ ਸੀ ਸਗੋਂ ਉਹਨਾਂ ਵਿਚੋਂ ਕਈ ਤਾਂ ਆਗੂ ਸਫ਼ਾਂ ਵਿਚ ਵੀ ਸ਼ਾਮਲ ਸਨ। ਅੱਜ ਉਹਨਾਂ ਗ਼ਦਰੀਆਂ ਦੀ ਵਿਸ਼ਾਲ ਸੋਚ ਨੂੰ ਨਿਰ੍ਹਾ ‘ਸਿੱਖੀ’ ਦੇ ਦਾਇਰੇ ਵਿਚ ਵਲਣ ਦੀ ਕੋਸਿ਼ਸ਼ ਕਰਨਾ ਉਹਨਾਂ ਦੀ ਸੋਚ ਨਾਲ ਅਨਿਆਂ ਕਰਨਾ ਹੈ।
ਭਾਈ ਜਵਾਲਾ ਸਿੰਘ ਹੁਰੀਂ ਵਜ਼ੀਫ਼ੇ ਦੇ ਕੇ ਕੁਝ ਵਿਦਿਆਰਥੀਆਂ ਨੂੰ ਪੜ੍ਹਨ ਲਈ ਅਮਰੀਕਾ ਸੱਦਦੇ ਸਨ, ਤਾਕਿ ਪੜ੍ਹ ਲਿਖ ਕੇ ਉਹ ਦੇਸ਼ ਸੇਵਾ ਵਿਚ ਹਿੱਸਾ ਪਾ ਸਕਣ। ਉਹਨਾਂ ਨੂੰ ਸੱਦਣ ਵਿਚ ਉਹ ਜ਼ਾਤ ਜਾਂ ਧਰਮ ਦਾ ਸਵਾਲ ਨਹੀਂ ਸੀ ਵੇਖਦੇ। ਉਹਨਾਂ ਦੁਆਰਾ ਸੱਦੇ ਵਿਦਿਆਰਥੀਆਂ ਵਿਚੋਂ ਵੀ ਗ਼ੈਰ-ਸਿੱਖ ਵਿਦਿਆਰਥੀਆਂ ਦੀ ਗਿਣਤੀ ਦਾ ਵੱਧ ਹੋਣਾ ਗ਼ਦਰੀ ਬਾਬਿਆਂ ਦੀ ਵਿਸ਼ਾਲ ਮਾਨਵੀ ਸੋਚ ਦੀ ਸ਼ਾਹਦੀ ਭਰਦਾ ਹੈ।
ਕਨੇਡਾ ਵਿਚ ਪਹਿਲਾਂ ਪਹਿਲਾਂ ਮੋਨੇ ਤੇ ਅੰਮ੍ਰਿਤਧਾਰੀ ਦੇ ਸਵਾਲ ‘ਤੇ ਝਗੜਾ ਜ਼ਰੂਰ ਹੋਇਆ ਸੀ ਪਰ ਭਾਈ ਭਾਗ ਸਿੰਘ ਨੇ ਸਿੱਖਾਂ ਨੂੰ ਇਹ ਕਹਿ ਕੇ ਸਮਝਾ ਲਿਆ ਸੀ ਕਿ ਹਾਲ ਦੀ ਘੜੀ ਸਾਨੂੰ ਕੇਸਾਂ ਦੇ ਮਸਲੇ ਨੂੰ ਛੱਡ ਦੇਣਾ ਚਾਹੀਦਾ ਹੈ ਅਤੇ ਸਾਡਾ ਮੁੱਖ ਨਿਸ਼ਾਨਾ ਆਪਸ ਵਿਚ ਮਿਲ ਕੇ ਨਸਲਵਾਦ ਦਾ ਵਿਰੋਧ ਕਰਨਾ ਤੇ ਭਾਰਤ ਦੀ ਆਜ਼ਾਦੀ ਦੀ ਪ੍ਰਾਪਤੀ ਲਈ ਸੰਘਰਸ਼ ਲੜਨਾ ਹੋਣਾ ਚਾਹੀਦਾ ਹੈ।
ਗ਼ਦਰ ਪਾਰਟੀ ਵਿਚ ਸ਼ਾਮਲ ਹਿੰਦੂ, ਸਿੱਖਾਂ ਤੇ ਮੁਸਲਮਾਨਾਂ ਦਾ ਏਕਾ ਕੋਈ ਬਨਾਵਟੀ ਕਿਸਮ ਦਾ ਨਹੀਂ ਸੀ ਸਗੋਂ ਮਾਨਵੀ ਵਿਚਾਰਾਂ ਦੀ ਸਾਂਝ ਵਾਲਾ ਅਜਿਹਾ ਅਟੁਟ ਰਿਸ਼ਤਾ ਸੀ ਜਿਸਦੀਆਂ ਅਨੇਕਾਂ ਉਦਾਹਰਣਾਂ ਗ਼ਦਰ ਪਾਰਟੀ ਦੇ ਇਤਿਹਾਸ ਵਿਚ ਚਮਕਦੀਆਂ ਦਮਕਦੀਆਂ ਨਜ਼ਰ ਆਉਂਦੀਆਂ ਹਨ।
ਜਦੋਂ ਕਨੇਡੀਅਨ ਸਰਕਾਰ ਨੇ ਇਹ ਕੁਯਤਨ ਕੀਤਾ ਕਿ ਭਾਰਤੀਆਂ ਨੂੰ ਚੰਗੀ ਮਜ਼ਦੂਰੀ ਤੇ ਚੰਗੇ ਜੀਵਨ ਦਾ ਭੁਚਲਾਵਾ ਦੇ ਕੇ ਹਾਂਡੂਰਸ ਭੇਜ ਦਿੱਤਾ ਜਾਵੇ ਤਾਂ ਕਮੇਟੀ ਦੇ ਸੱਜਣਾਂ ਨੇ ਫ਼ੈਸਲਾ ਕੀਤਾ ਕਿ ਕਨੇਡਾ ਸਰਕਾਰ ਓਨਾ ਚਿਰ ਕਿਸੇ ਨੂੰ ਜਬਰਦਸਤੀ ਹਾਂਡੂਰਸ ਨਹੀਂ ਭੇਜ ਸਕਦੀ ਜਿੰਨਾ ਚਿਰ ਅਸੀਂ ਆਪ ਜਾ ਕੇ ਉਥੋਂ ਦਾ ਮੌਸਮ ਤੇ ਹਾਲਾਤ ਨਹੀਂ ਵੇਖ ਲੈਂਦੇ। ਕਨੇਡਾ ਵਿਚ ਹਿੰਦੂ ਤੇ ਮੁਸਲਮਾਨ ਭਾਵੇਂ ਬਹੁਤ ਥੋੜੀ ਗਿਣਤੀ ਵਿਚ ਸਨ ਤਦ ਵੀ ਉਹਨਾਂ ਨੇ ਸਲਾਹ ਲੈਣ ਲਈ ਉਹਨਾਂ ਨੂੰ ਵੀ ਹੋ ਰਹੇ ਇਕੱਠ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਹਾਂਡੂਰਸ ਗਏ ਡੈਪੂਟੇਸ਼ਨ ਨੇ ਓਥੇ ਜਾਣ ਤੋਂ ਇਨਕਾਰ ਕਰ ਦਿੱਤਾ। ਇਸਤੋਂ ਬਾਅਦ ਵੀ ਸਰਕਾਰ ਨੇ ਯਤਨ ਨਾ ਛੱਡੇ।
‘ਕੈਨੇਡਾ ਦਾ ਲਾਟ ਮਿਸਟਰ ਹਾਪਕਿਨਸਨ ਨੂੰ ਨਾਲ ਲੈ ਕੇ ਹਾਂਡੋਰਾਸ ਦੇ ਗਵਰਨਰ ਜਨਰਲ ਅਤੇ ਕਮਾਂਡਰ-ਇਨ-ਚੀਫ਼ ਜਰਨਲ ਸੁਐਨ ਸਮੇਤ ਆ ਕੇ ਪ੍ਰੋਫੈਸਰ ਤੇਜਾ ਸਿੰਘ ਜੀ ਨੂੰ ਮਿਲਿਆ। ਕਈ ਰਾਜਸੀ ਚਾਲਾਂ ਚਲਣ ਦਾ ਯਤਨ ਕੀਤਾ ਕਿ ਕਿਸੇ ਤਰ੍ਹਾਂ ਹਿੰਦੁਸਤਾਨੀ ਹਾਂਡੋਰਾਸ ਜਾਣਾ ਮੰਨ ਲੈਣ ਪਰ ਪ੍ਰੋਫੈਸਰ ਸਾਹਿਬ ਉਨ੍ਹਾਂ ਦੀ ਕਿਸੇ ਚਾਲ ਵਿਚ ਨਾ ਫਸੇ। ਏਨ੍ਹਾਂ ਅਫ਼ਸਰਾਂ ਨੇ ਏਹ ਭੀ ਕਿਹਾ ਕਿ ਤੁਸੀਂ ਇਤਨਾ ਹੀ ਲਿਖ ਦਿਓ, ਕਿ ਹਾਂਡੋਰਾਸ ਸਿੱਖਾਂ ਲਈ ਤਾਂ ਚੰਗਾ ਨਹੀਂ ਪਰ ਹਿੰਦੂ, ਮੁਸਲਮਾਨ ਓਥੇ ਭੇਜੇ ਜਾ ਸਕਦੇ ਹਨ। ਪਰ ਪ੍ਰੋਫੈਸਰ ਸਾਹਿਬ ਨਾ ਮੰਨੇ। ਇਸ ਲਈ ਕੈਨੇਡਾ ਦਾ ਲਾਟ ਅਤੇ ਕਰਨੈਲ ਸੁਐਨ ਨਿਰਾਸ਼ ਹੋ ਕੇ ਮੁੜ ਗਏ ਅਤੇ ਉਨ੍ਹਾਂ ਨੇ ਆਪ ਹੀ ਇਸ ਭਾਵ ਦਾ ਲੇਖ ਅਖ਼ਬਾਰਾਂ ਵਿਚ ਛਪਵਾ ਦਿੱਤਾ ਜੋ ਕੈਨੇਡਾ ਦੇ ਸਭ ਅਖਬਾਰਾਂ ਵਿਚ ਪ੍ਰਕਾਸ਼ਤ ਹੋ ਗਿਆ। ਉਹ ਐਲਾਨ ਇਸ ਤਰ੍ਹਾਂ ਦਾ ਸੀ, ‘‘ਕੋਈ ਹਿੰਦੁਸਤਾਨੀ ਖੁਸ਼ੀ ਨਾਲ ਹਾਂਡੋਰਾਸ ਜਾਣਾ ਨਹੀਂ ਚਾਹੁੰਦਾ। ਕੈਨੇਡਾ ਦੇ ਮੁਲਕ ਵਿਚ ਜਾਸਤੀ ਸਿੱਖ ਫੌਜੀ ਸਿਪਾਹੀ ਹੀ ਪੁੱਜੇ ਹੋਏ ਹਨ, ਏਨ੍ਹਾਂ ਨਾਲ ਜ਼ਬਰਦਸਤੀ ਕਰਨਾ ਕਾਨੂੰਨ ਅਤੇ ਰਾਜਨੀਤੀ ਦੇ ਉਲਟ ਹੈ। ਏਸ ਲਈ ਕੋਈ ਛੇੜਖਾਨੀ ਕਰਨੀ ਚੰਗੀ ਨਹੀਂ। ਏਹ ਹਿੰਦੂ, ਮੁਸਲਮਾਨ ਅਤੇ ਸਿੱਖਾਂ ਦਾ ਇਤਫਾਕ ਦਾ ਜੋ ਅੰਗੂਰ ਪੈਦਾ ਹੋਇਆ ਮੈਂ ਕੈਨੇਡਾ ਵਿਚ ਦੇਖਿਆ ਹੈ, ਜੋ ਇਹ ਹਿੰਦੁਸਤਾਨ ਵਿਚ ਭੀ ਫੈਲ ਗਿਆ ਤਦ ਹਾਨੀਕਾਰਕ ਹੋਵੇਗਾ।‘‘38
ਭਾਈਚਾਰਿਆਂ ਦੇ ਆਪਸੀ ਇਤਫ਼ਾਕ ਦੀ ਕਹਾਣੀ ਕਾਮਾਗਾਟਾ ਮਾਰੂ ਜਹਾਜ਼ ਦੀ ਆਮਦ ਸਮੇਂ ਵੀ ਬੜੀ ਸਿ਼ਦਤ ਨਾਲ ਦੁਹਰਾਈ ਗਈ। ਕਾਮਾਗਾਟਾ ਮਾਰੂ ਜਹਾਜ਼ ਦੇ ਪਹੁੰਚਣ ‘ਤੇ ਕਨੇਡਾ ਦੇ ਪਰਵਾਸੀਆਂ ਨੇ ਮੁਸਾਫ਼ਰਾਂ ਦੀ ਸਹਾਇਤਾ ਲਈ ਭਾਗ ਸਿੰਘ, ਹਸਨ ਰਹੀਮ, ਸੋਹਣ ਲਾਲ ਪਾਠਕ ਤੇ ਹਰਨਾਮ ਸਿੰਘ ਸਾਹਰੀ ‘ਤੇ ਅਧਾਰਿਤ ਇਕ ਕਮੇਟੀ ਬਣਾ ਦਿੱਤੀ। 31 ਮਈ 1914 ਨੂੰ ‘ਖ਼ਾਲਸਾ ਦੀਵਾਨ ਸੁਸਾਇਟੀ’ ਤੇ ‘ਯੂਨਾਈਟਡ ਇੰਡੀਆ ਲੀਗ’ ਦੀ ਸਾਂਝੀ ਇਕੱਤਰਤਾ ਵਿਚ ਹਸਨ ਰਹੀਮ ਦੀ ਪ੍ਰਧਾਨਗੀ ਵਿਚ ਹੋਏ ਇਕੱਠ ਵਿਚ ਕਾਮਾਗਾਟਾ ਮਾਰੂ ਦੇ ਮੁਸਾਫ਼ਰਾਂ ਲਈ ਪੰਜ ਹਜ਼ਾਰ ਡਾਲਰ ਇਕੱਠਾ ਹੋ ਇਆ ਅਤੇ ਛਿਆਹਠ ਹਜ਼ਾਰ ਡਾਲਰ ਦੇਣ ਦੇ ਲੋਕਾਂ ਨੇ ਵਚਨ ਦਿੱਤੇ। ਇਸ ਮੁੱਦੇ ਤੇ ਸਾਰੇ ਲੋਕ ਮਜ਼੍ਹਬ ਤੇ ਇਲਾਕਾਬੰਦੀ ਦੇ ਵਿਤਕਰੇ ਭੁਲਾ ਕੇ ਕਿਵੇਂ ਹਿੰਦੁਸਤਾਨੀ ਬਣ ਕੇ ਸਾਹਮਣੇ ਆਏ ਇਸਦਾ ਸਬੂਤ ਉਸ ਪੈਂਫ਼ਲਿਟ ਦੀ ਇਬਾਰਤ ਤੋਂ ਮਿਲਦਾ ਹੈ ਜੋ ਹਿੰਦੀਆਂ ਕੋਲੋਂ ਜਹਾਜ਼ ਦੇ ਮੁਸਾਫ਼ਰਾਂ ਲਈ ਮਾਇਕ ਸਹਾਇਤਾ ਲੈਣ ਦੇ ਮਕਸਦ ਨਾਲ ਛਾਪ ਕੇ ਵੰਡਿਆ ਗਿਆ ਸੀ। ਉਸਦੀ ਇਬਾਰਤ ਸੀ: ਭਰਾਓ! ਇਕ ਉਹ ਵਕਤ ਸੀ ਕਿ ਹਿੰਦੁਸਤਾਨੀ ਕੌਮਾਂ ਆਪਣੇ ਧਰਮ ਅਸਤਾਨਾਂ ਤੋਂ ਲੜਦੀਆਂ ਸਨ ਅਰ ਨਫ਼ਰਤ ਨਾਲ ਦੂਰ ਦੂਰ ਰੈਂਹਦੀਆਂ ਸਨ। ਅੱਜ ਇਹ ਵਕਤ ਹੈ ਕਿ ਕਾਮਾਗਾਟਾ ਮਾਰੂ ਜਹਾਜ਼ ਵਿਚ ਇਕ ਤ੍ਰਫ਼ ਗੁਰਦਵਾਰਾ ਤੇ ਦੂਜੀ ਤ੍ਰਫ਼ ਮਸੀਤ ਹੈ। …ਹਿੰਦੁਸਤਾਨੀ ਭਰਾਓ ਤੁਹਾਡਾ ਫ਼ਰਜ਼ ਹੈ ਕਿ ਤੇਤੀ ਕਰੋੜ ਹਿੰਦੁਸਤਾਨੀਆਂ ਦੀ ਕਿਸਮਤ ਦਾ ਫ਼ੈਸਲਾ ਕਰਨ ਲਈ ਗਫ਼ਲਤ ਦੀ ਨੀਂਦ ਤੋਂ ਜਾਗੋ।”

ਪਾਰਟੀ ਦੀ ਗ਼ੈਰਫਿ਼ਰਕੂ ਤੇ ਸਰਬਸਾਂਝੀ ਸੋਚ ਦੀ ਗਵਾਹੀ ਦਿੰਦਿਆਂ ਜਗਜੀਤ ਸਿੰਘ ਲਿਖਦੇ ਹਨ:
‘ਅਮਰੀਕਾ ਵਿਚੋਂ ਗ਼ਦਰ ਪਾਰਟੀ ਲਹਿਰ ਵਿਚ ਹਿੱਸਾ ਲੈਣ ਲਈ ਬਹੁਤੇ ਪੰਜਾਬ ਦੇ ਕਿਸਾਨ ਸਿੱਖ ਆਏ, ਪਰ ਅਮਰੀਕਾ ਵਿਚ ਹੋਰ ਹਿੰਦੀ ਅਨਸਰਾਂ ਦੀ ਆਬਾਦੀ ਦੇ ਮੁਤਾਬਕ ਹਿੰਦੂ, ਮੁਸਲਮਾਨ, ਜਾਂ ਹੋਰ ਜਾਤੀਆਂ ਜਾਂ ਸੂਬਿਆਂ ਦੇ ਅਨਸਰਾਂ ਨੇ ਵੀ ਹਿੱਸਾ। ਮੌਲਵੀ ਬਰਕਤੁੱਲਾ ਗ਼ਦਰ ਪਾਰਟੀ ਦੇ ਉਘੇ ਲੀਡਰ ਸਨ ਜੋ ਪਿਛੋਂ ਗ਼ਦਰ ਪਾਰਟੀ ਦੇ ਮੀਤ ਪ੍ਰਧਾਨ ਬਣੇ ਅਤੇ ਪ੍ਰਸਿੱਧ ਸ੍ਰੀ ਰਾਸ ਬਿਹਾਰੀ ਬੋਸ ਇਸ ਦੇ ਆਪ ਲੀਡਰ ਬਣਾਏ ਗਏ। ਫੌਜਾਂ ਨੂੰ ਵਰਗਲਾਉਣ ਸਮੇਂ ਬਿਨ੍ਹਾਂ ਧਰਮ, ਜਾਤੀ ਜਾਂ ਸੂਬੇ ਦੇ ਲਿਹਾਜ਼ ਦੇ ਸਭ ਦੇਸੀ ਪਲਟਣਾਂ ਨੂੰ ਨਾਲ ਮਿਲਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਸਿੰਘਾਪੁਰ ਜਿਸ ਪਲਟਣ ਨੇ ਗ਼ਦਰ ਕੀਤਾ ਉਹ ਨਿਰੋਲ ਮੁਸਲਮਾਨਾਂ ਦੀ ਸੀ। ਬਲਕਿ ਗ਼ਦਰ ਪਾਰਟੀ ਲਹਿਰ ਵਿਚ ਹਿੱਸਾ ਲੈਣ ਦੀ ਨੀਯਤ ਨਾਲ ਚਾਰ ਅਮਰੀਕਨ ਵੀ ਆਏ, ਜਿਨ੍ਹਾਂ ਨੂੰ ਜਾਂ ਤਾਂ ਹਿੰਦ ਵਿਚ ਵੜਨ ਨਾ ਦਿੱਤਾ ਗਿਆ ਜਾਂ ਫੜ ਕੇ ਵਾਪਸ ਭੇਜ ਦਿੱਤਾ ਗਿਆ ਸੀ। ਜੇ ਗ਼ਦਰ ਪਾਰਟੀ ਲਹਿਰ ਦੀ ਸਪਿਰਟ ਫਿਰਕੂ, ਜਾਂ ਬੂਬਿਕ ਤੰਗ ਨਜ਼ਰੀ ਵਾਲੀ, ਜਾਂ ਆਪਣੀ ਪਾਰਟੀ ਦੇ ਹੱਥ ਤਾਕਤ ਲੈਣ ਦੀ ਵੀ, ਹੁੰਦੀ ਤਾਂ ਇਹ ਸਭ ਕੁਛ ਇਸ ਤਰ੍ਹਾਂ ਨਾ ਹੁੰਦਾ।39 ਸਿੰਘਾਪੁਰ ਦੀ ਫੌਜੀ ਬਗ਼ਾਵਤ ਮੌਕੇ ਇਕਤਾਲੀ ਮੁਸਲਮਾਨਾਂ ਨੇ ਸ਼ਹੀਦੀ ਜਾਮ ਪੀਕੇ ਤੇ ਰੰਗੂਨ ਵਿਚ 130ਵੀਂ ਬਲੋਚ ਪਲਟਨ ਵੱਲੋਂ ਚਾਰ ਬਲੋਚਾਂ ਨੇ ਸ਼ਹੀਦੀ ਪ੍ਰਾਪਤ ਕਰ ਕੇ ਅਤੇ ਕ੍ਰਮਵਾਰ ਦੋਵਾਂ ਬਗ਼ਾਵਤਾਂ ਵਿਚ 125 ਤੇ 59 ਮੁਸਲਮਾਨਾਂ ਨੇ ਉਮਰਕੈਦ ਦੀ ਸਜ਼ਾ ਪਾ ਕੇ ਕੁਰਬਾਨੀ ਦੀ ਤੱਕੜੀ ਦੇ ਪੱਲੜੇ ਵਿਚ ਵੀ ਸਬਰਕੱਤਾ ਤੇ ਮਾਣਯੋਗ ‘ਵਜ਼ਨ’ ਪਾ ਦਿੱਤਾ।
ਸੋ ਇਹ ਕਹਿਣਾ ਕਿ ਗ਼ਦਰ ਲਹਿਰ ਕੇਵਲ ‘ਸਿੱਖ ਲਹਿਰ’ ਜਾਂ ‘ਸਿੱਖਾਂ ਦੀ ਲਹਿਰ’ ਸੀ ਇਸ ਲਹਿਰ ਦੇ ਆਦਰਸ਼ਾਂ ਤੇ ਨਿਸ਼ਾਨਿਆਂ ਨੂੰ ਗ਼ਲਤ ਅਰਥਾਂ ਵਿਚ ਪੇਸ਼ ਕਰਨਾ ਹੈ। ਇਹ ਗੱਲਾਂ ਕਰਨ ਵਾਲੇ ਵਿਦਵਾਨਾਂ ਦਾ ਮੱਤ ਹੈ ਕਿ ਗ਼ਦਰੀ ਹਿੰਦੂ ਰਾਜ ਸਥਾਪਤ ਕਰਨ ਵਾਲੇ ਆਗੂਆਂ ਦੇ ਟੇਟੇ ਚੜ੍ਹ ਕੇ ‘ਰਾਸ਼ਟਰਵਾਦ’ ਦੇ ਸਿ਼ਕਾਰ ਹੋ ਗਏ। ਰਾਸ਼ਟਰਵਾਦ ਦਾ ਸੰਕਲਪ ਉਹਨਾਂ ਨੂੰ ਬ੍ਰਾਹਮਣੀ ਤੇ ਇਕਸਾਰਵਾਦੀ ਲੱਗਦਾ ਹੈ। 40 ਉਹਨਾਂ ਅਨੁਸਾਰ ਗ਼ਦਰੀ ਬਾਬੇ ‘ਦੇਸ਼ ਭਗਤ’ ਸਨ, ‘ਰਾਸ਼ਟਰਵਾਦੀ’ ਨਹੀਂ। 41
ਇਸ ਪ੍ਰਸੰਗ ਵਿਚ ਸਾਡਾ ਮੰਨਣਾ ਹੈ ਕਿ ਅਜੋਕੇ ‘ਰਾਸ਼ਟਰਵਾਦ’ ਨੂੰ, ਜਦੋਂ ਵੱਖ ਵੱਖ ਭੁਗੋਲਕ ਖਿੱਤਿਆਂ ਵਿਚ ਵੱਸਦੀਆਂ ਘੱਟ ਗਿਣਤੀਆਂ ਨੂੰ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਨਾਂ ‘ਤੇ ਦਬਾਇਆ ਜਾ ਰਿਹਾ ਹੈ ਅਤੇ ਧਰਮ ਨਿਰਪੱਖਤਾ ਵੀ ਦਿਖਾਵੇ ਦਾ ਉਪਰਲਾ ਉਛਾੜ ਰਹਿ ਗਈ ਜਾਪਦੀ ਹੈ, ਤਦੋਕੇ ‘ਰਾਸ਼ਟਰਵਾਦ’ ਨਾਲ ਨਹੀਂ ਤੁਲਨਾਇਆ ਜਾ ਸਕਦਾ। ਰਾਸ਼ਟਰਵਾਦ ਦੇ ਸੰਕਲਪ ਨੂੰ ਉਸ ਵਿਸ਼ੇਸ਼ ਹਾਲਾਤ ਅਤੇ ਉਸ ਸਮੇਂ ਦੇ ਤਕਾਜਿ਼ਆਂ ਅਨੁਸਾਰ ਸਮਝਣਾ ਚਾਹੀਦਾ ਹੈ। ਉਦੋਂ, ਜਦ ਕਿ ਅੰਗਰੇਜ਼ਾਂ ਦੀ ਕੂਟਨੀਤੀ ਵੱਖ ਵੱਖ ਫਿ਼ਰਕਿਆਂ ਨੂੰ ਮਜ਼੍ਹਬ, ਧਰਮ ਜਾਂ ਜਾਤ ਦੇ ਆਧਾਰ ‘ਤੇ ਪਾੜਨ ਤੇ ਵੰਡਣ ਦੀ ਸੀ, ਰਾਸ਼ਟਰਵਾਦ ਦੇ ਸੰਕਲਪ ਨੇ ਸਭ ਫਿ਼ਰਕਿਆਂ ਨੂੰ ਆਪਸ ਵਿਚ ਸਿਰ ਜੋੜ ਕੇ ਮਿਲ ਬੈਠਣ ਤੇ ਸਾਂਝੇ ਏਕੇ ਅਤੇ ਸਾਂਝੇ ਸੰਘਰਸ਼ਾਂ ਰਾਹੀਂ ਦੇਸ਼ ਨੂੰ ਮੁਕਤ ਕਰਾਉਣ ਦਾ ਜੋ ਚਾਰਾ ਕੀਤਾ ਉਸ ਅਨੁਸਾਰ ਰਾਸ਼ਟਰਵਾਦ ਦਾ ਸੰਕਲਪ ਅਗਾਂਵਧੂ ਭੂਮਿਕਾ ਨਿਭਾ ਰਿਹਾ ਸੀ। ਕੀ ਇਹ ਮੰਨਿਆਂ ਜਾ ਸਕਦਾ ਹੈ ਕਿ ‘ਇਕੱਲੇ ਸਿੱਖ’ ਵੱਖਰੇ ਤੌਰ ‘ਤੇ ਲੜ ਕੇ ਮੁਲਕ ਨੂੰ ਆਜ਼ਾਦ ਕਰਵਾ ਲੈਂਦੇ ਜਾਂ ਜਿਵੇਂ ਇਹਨਾਂ ਵਿਦਵਾਨਾਂ ਦਾ ਲੁਕਵਾਂ ਏਜੰਡਾ ਹੈ ਕਿ ‘ਸਿੱਖਾਂ’ ਦਾ ਰਾਜ ਸਥਾਪਤ ਕਰ ਲੈਂਦੇ। ਜੇ ਇਸਦੀ ਸੰਭਾਵਨਾ ਮੰਨ ਵੀ ਲਈਏ ਤਾਂ ਉਂਝ ਵੀ ਕੀ ਇਹ ਰਾਜ ਅਜੋਕੇ ਪਾਕਿਸਤਾਨ ਵਰਗਾ ਹੀ ਨਹੀਂ ਸੀ ਹੋਣਾ! ਉਸ ਵੇਲੇ ‘ਦੇਸ਼ ਭਗਤੀ’ ਤੇ ‘ਰਾਸ਼ਟਰਵਾਦ’ ਇਕ ਦੂਜੇ ਦੇ ਪਰਿਆਇਵਾਚੀ ਸਨ।
ਇਹਨਾਂ ਵਿਦਵਾਨਾਂ ਦੀ ਇਹ ਵੀ ਸਿ਼ਕਾਇਤ ਹੈ ਕਿ ‘ਦੂਜੇ’ ਲੋਕ ਸਿੱਖ ਗ਼ਦਰੀਆਂ ਦੀ ਸਾਦਗੀ ਤੇ ਭੋਲੇਪਨ ਨੂੰ ਆਪਣੇ ਹਿਤਾਂ (ਹਿੰਦੂ ਰਾਜ ਦੀ ਸਥਾਪਨਾ) ਲਈ ਵਰਤ ਗਏ। ਉਹ ਲਾਲਾ ਹਰਦਿਆਲ ਨੂੰ ਵੀ ਇਹਨਾਂ ਵਿਚ ਸ਼ਾਮਲ ਮੰਨਦੇ ਹਨ। ਪਰ ਦੇਸ਼ ਭਗਤ ਬਾਬਿਆਂ ਦੇ ਬਿਆਨ ਅਤੇ ਲਿਖਤਾਂ ਦੱਸਦੀਆਂ ਹਨ ਕਿ ਇਹ ‘ਸਿੱਖ’ ਗ਼ਦਰੀ ਹੀ ਸਨ ਜਿਨ੍ਹਾਂ ਨੇ ਜੀ ਡੀ ਕੁਮਾਰ ਵਰਗੇ ਲੋਕਾਂ ਨੂੰ ਕਿਹਾ ਸੀ ਕਿ ਕੇਵਲ ਸੁਧਾਰ ਦੇ ਕੰਮਾਂ ਨਾਲ ਕੁਝ ਨਹੀਂ ਬਣਨਾ। ਬਾਬਾ ਭਕਨਾ ਤਾਂ ਇਸ ਗੱਲ ਦੀ ਸ਼ਾਹਦੀ ਭਰਦੇ ਹਨ ਕਿ ਲਾਲਾ ਹਰਦਿਆਲ ਨੂੰ ਤਾਂ ਗ਼ਦਰੀਆਂ ਨੇ ਆਪ ਆਪਣੀ ਅਗਵਾਈ ਜਾਂ ਸਹਾਇਤਾ ਕਰਨ ਸੱਦਿਆ ਸੀ ਕਿਉਂਕਿ ਜਿਵੇਂ ਅਸੀਂ ਪਹਿਲਾਂ ਬਾਬਾ ਹਰਨਾਮ ਸਿੰਘ ਟੁੰਡੀਲਾਟ ਦੇ ਹਵਾਲੇ ਨਾਲ ਗੱਲ ਕਰ ਆਏ ਹਾਂ ਕਿ ‘ਵੇਲੇ ਦਾ ਮਾਹੌਲ ਹੀ ਗ਼ਦਰੀਆਂ ਲਈ ਰਾਜਸੀ ਯੂਨੀਵਰਸਿਟੀ ਬਣ ਗਿਆ ਸੀ ਤੇ ਉਹਨਾਂ ਵਿਚ ਕੌਮੀ ਜਜ਼ਬਾ ਪੈਦਾ ਹੋ ਚੁੱਕਾ ਸੀ।’ ਲਾਲਾ ਹਰਦਿਆਲ ਤਾਂ ਸਗੋਂ ਛੇਤੀ ਹੀ ਪਾਰਟੀ ਦਾ ਅਖ਼ਬਾਰ ਸ਼ੁਰੂ ਕਰਨ ਦਾ ਵਾਅਦਾ ਕਰਕੇ ਗਿਆ ਜਦੋਂ ਕਈ ਮਹੀਨੇ ਖ਼ਾਮੋਸ਼ ਰਿਹਾ ਤਾਂ ਗ਼ਦਰੀ ਪਰੇਸ਼ਾਨ ਹੋ ਗਏ। ਬਾਬਾ ਸੋਹਨ ਸਿੰਘ ਭਕਨਾ ਦੀ ਜ਼ਬਾਨੀ, ‘ਅਗਲੇ ਕਈ ਮਹੀਨੇ ਲਾਲਾ ਹਰਦਿਆਲ ਨਾ ਤਾਂ ਕੋਈ ਦਫ਼ਤਰ ਹੀ ਖੋਲ੍ਹ ਸਕਿਆ ਤੇ ਨਾ ਹੀ ਅਖ਼ਬਾਰ ਛਾਪਣ ਦਾ ਕੋਈ ਪ੍ਰਬੰਧ ਕਰ ਸਕਿਆ। ਜਦੋਂ ਛੇ ਸੱਤ ਮਹੀਨੇ ਕੁਝ ਵੀ ਹੋਂਦ ਵਿਚ ਨਾ ਆਇਆ ਤਾਂ ਪਾਰਟੀ ਇਕਾਈਆਂ ਨੇ ਕੰਮ ਵਿਚ ਹੋ ਰਹੀ ਦੇਰੀ ਬਾਰੇ ਪਾਰਟੀ ਪ੍ਰਧਾਨ ਨੂੰ ਲਿਖਤੀ ਸਿ਼ਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਪ੍ਰਧਾਨ ਨੇ ਮੁੱਖ ਸਕੱਤਰ (ਲਾਲਾ ਹਰਦਿਆਲ) ਨੂੰ ਚਿੱਠੀ ਲਿਖੀ ਜਿਸ ਵਿਚ ਉਸ ਕੋਲੋਂ ਇਸ ਦੇਰੀ ਤੇ ਸਮਾਂ ਬਰਬਾਦ ਕਰਨ ਦੇ ਕਾਰਨ ਪੁੱਛੇ ਗਏ। ਲਾਲਾ ਜੀ ਨੇ ਜਵਾਬ ਦਿੱਤਾ ਕਿ ਉਸਦੀ ਸਿਹਤ ਠੀਕ ਨਹੀਂ ਅਤੇ ਉਸਦੀ ਥਾਂ ਕੋਈ ਹੋਰ ਵਿਅਕਤੀ ਚੁਣਿਆ ਜਾ ਸਕਦਾ ਹੈ। ਪ੍ਰਧਾਨ ਨੇ ਸਖ਼ਤ ਸ਼ਬਦਾਂ ਵਿਚ ਮੋੜਵੀਂ ਚਿੱਠੀ ਲਿਖੀ ਤੇ ਉਸਨੂੰ ਯਾਦ ਕਰਵਾਇਆ ਕਿ ਉਸਦੀ ਸਿ਼ਕਾਇਤ ਹੁੰਦੀ ਸੀ ਕਿ ਹਿੰਦੀ ਦੇਸ਼ ਲਈ ਕੰਮ ਕਰਨ ਤੋਂ ਭੱਜਦੇ ਹਨ ਅਤੇ ਹੁਣ ਉਸਦਾ ਆਪਣਾ ਵਤੀਰਾ ਕੋਈ ਇਸਤੋਂ ਵੱਖਰਾ ਨਹੀਂ। ਇਸਤੋਂ ਬਾਅਦ ਲਾਲਾ ਹਰਦਿਆਲ ਨੇ ਲਿਖਿਆ ਕਿ ਕੰਮ ਸ਼ੁਰੂ ਕਰਨ ਲਈ ਉਸਨੂੰ ਪੈਸੇ ਦੀ ਲੋੜ ਹੈ ਅਤੇ ਜਦੋਂ ਹੀ ਪੈਸਾ ਪਹੁੰਚ ਗਿਆ, ਉਹ ਦਫ਼ਤਰ ਸਥਾਪਤ ਕਰਕੇ ਅਖ਼ਬਾਰ ਕੱਢ ਦੇਵੇਗਾ। ਖ਼ਜ਼ਾਨਚੀ ਨੇ ਪ੍ਰਧਾਨ ਦੀ ਆਗਿਆ ਨਾਲ ਉਸਨੂੰ ਪੈਸਾ ਭੇਜ ਦਿੱਤਾ।’42
ਸਾਡੇ ਅਜੋਕੇ ਵਿਦਵਾਨਾਂ ਵਾਂਗ ਅੰਗਰੇਜ਼ ਸਰਕਾਰ ਵੀ ਇਹੋ ਸੋਚਦੀ ਸੀ ਕਿ ਲਾਲਾ ਹਰਦਿਆਲ ਹੀ ਸਾਰੀ ਗ਼ਦਰ ਲਹਰਿ ਦੇ ਕਰਨਹਾਰ ਹਨ। ਬਾਬੇ ਭਕਨੇ ਵਾਲੀ ਗੱਲ ਨੂੰ ਹੀ ਬਾਬਾ ਹਰਨਾਮ ਸਿੰਘ ਟੁੰਡੀਲਾਟ ਕੁਝ ਇਸਤਰ੍ਹਾਂ ਆਖਦੇ ਹਨ, ‘ਅੰਗਰੇਜ਼ੀ ਸਰਕਾਰ ਸਮਝਦੀ ਸੀ ਕਿ ਗ਼ਦਰ ਲਹਿਰ ਦੇ ਸਾਰੇ ਫਿ਼ਤਨੇ ਦੀ ਜੜ੍ਹ ਲਾਲਾ ਹਰਦਿਆਲ ਹੈ ਅਤੇ ਉਸਨੂੰ ਪਰੇ ਕਰ ਦੇਣ ਨਾਲ ਸਾਰਾ ਕੰਮ ਰੁਕ ਜਾਵੇਗਾ ਪਰ ਅੰਗਰੇਜ਼ੀ ਸਰਕਾਰ ਦੀ ਇਹ ਵੱਡੀ ਭੁੱਲ ਸੀ। ਅਮਰੀਕਾ ਵਿਚ ਗ਼ਦਰ ਪਾਰਟੀ ਦੀ ਸਥਾਪਤੀ, ਗ਼ਦਰ ਪ੍ਰੈਸ, ਗ਼ਦਰ ਅਖ਼ਬਾਰ, ਯੁਗਾਂਤਰ ਆਸ਼ਰਮ- ਇਹ ਸਾਰੇ ਕੰਮ ਕਰਨ ਵਾਲੇ ਤਾਂ ਅਮਰੀਕਾ ਵਿਚ ਰਹਿਣ ਵਾਲੇ ਹਿੰਦੁਸਤਾਨੀ (ਖ਼ਾਸ ਕਰਕੇ ਪੰਜਾਬੀ) ਲੋਕ ਸਨ। ਜੇ ਅਮਰੀਕਾ ਵਿਚ ਰਹਿਣ ਵਾਲੇ ਹਿੰਦੀ ਲੋਕਾਂ ਅੰਦਰ ਅੰਗਰੇਜ਼ੀ ਸਰਕਾਰ ਦੇ ਜ਼ੁਲਮ ਤੇ ਬੇਇਨਸਾਫ਼ੀ ਵਿਰੁੱਧ ਜਜ਼ਬਾ ਨਾ ਪੈਦਾ ਹੋਇਆ ਹੁੰਦਾ ਤਾਂ ਇਕ ਲਾਲਾ ਹਰਦਿਆਲ ਕੀ, ਦਰਜਨਾਂ ਲਾਲਾ ਹਰਦਿਆਲ ਵੀ ਇਤਨਾ ਵੱਡਾ ਕੰਮ ਪੂਰਾ ਨਹੀਂ ਸੀ ਕਰ ਸਕਦੇ।’42 ੳ
ਗ਼ਦਰੀ ਬਾਬਿਆਂ ਦੀਆਂ ‘ਬਾਕਲਮ-ਖ਼ੁਦ’ ਇਹ ਗਵਾਹੀਆਂ ਸਾਫ਼ ਕਰ ਦਿੰਦੀਆਂ ਹਨ ਕਿ ਲਾਲਾ ਹਰਦਿਆਲ ਜਾਂ ਕੋਈ ਹੋਰ ਆਪਣੇ ਕਿਸੇ ਮਕਸਦ ਲਈ ਗ਼ਦਰੀਆਂ ਨੂੰ ਨਹੀਂ ਸਨ ‘ਵਰਤ’ ਰਹੇ ਸਗੋਂ ਉਹ ਤਾਂ ਸਾਰੇ ਆਪਸ ਵਿਚ ਰਲ ਮਿਲ ਕੇ ਮਾਕੂਲ ਹਾਲਾਤ ਨੂੰ ਆਪਣੇ ਹੱਕ ਵਿਚ ਵਰਤ ਰਹੇ ਸਨ। ਬਾਬਿਆਂ ਦੇ ਇਹ ਬਿਆਨ ਗ਼ਦਰੀਆਂ ਨੂੰ ‘ਹਿੰਦੀ’ ਜਾਂ ‘ਪੰਜਾਬੀ’ ਆਖੇ ਜਾਣ ਦਾ ਤਰਕ ਵੀ ਸਹਿਵਨ ਹੀ ਪੇਸ਼ ਕਰ ਦਿੰਦੇ ਹਨ।
ਇਸ ਵਿਚ ਕਿਸੇ ਸ਼ੱਕ ਦੀ ਗੁਜਾਇਸ਼ ਹੀ ਨਹੀਂ ਰਹਿੰਦੀ ਕਿ ਗ਼ਦਰੀਆਂ ਦਾ ਨਿਸ਼ਾਨਾ ਕੋਈ ਨਿਵੇਕਲਾ ਤੇ ਛੋਟਾ ਭੁਗੋਲਿਕ ਖਿੱਤਾ ਆਜ਼ਾਦ ਕਰਾਉਣ ਦਾ ਨਹੀਂ ਸਗੋਂ ਪੂਰੇ ਦੇਸ਼ ਨੂੰ ਆਜ਼ਾਦ ਕਰਾਉਣ ਦਾ ਸੀ। ਇਸ ਮਕਸਦ ਦੀ ਪ੍ਰਾਪਤੀ ਲਈ ਤਾਂ ਸਗੋਂ ਉਹ, ਸਿੱਖ, ਹਿੰਦੂ, ਮੁਸਲਮਾਨ ਜਾਂ ਪੰਜਾਬੀ ਆਦਿ ਦੀ ਸਤਹ ਤੋਂ ਉਪਰ ਉਠ ਕੇ, ਸਾਰੇ ਮੁਲਕ ਨੂੰ ਆਪਣੀਆਂ ਬਾਹਵਾਂ ਖੋਲ੍ਹ ਕੇ ਨਾਲ ਜੋੜਨ ਲਈ ਲੱਗੇ ਰਹੇ। ਦੇਸ਼ ਵਿਚ ਆ ਕੇ ਪੂਰੇ ਹਿੰਦੁਸਾਤਨ ਦੀਆਂ ਫੌਜੀ ਛਾਉਣੀਆਂ ਨੂੰ ਆਪਣੇ ਨਾਲ ਜੋੜਨ ਲਈ ਤੇ ਦੂਜੇ ਪ੍ਰਾਂਤਾਂ ਦੇ ਇਨਕਲਾਬੀਆਂ ਨੂੰ ਆਪਣੀ ਲਹਿਰ ਦਾ ਹਿੱਸਾ ਬਣਨ ਲਈ ਪ੍ਰੇਰਨ ਅਤੇ ਉਹਨਾਂ ਨੂੰ ਲਹਿਰ ਵਿਚ ਸ਼ਾਮਲ ਕਰਨ ਦੀ ਗਵਾਹੀ ਲਹਿਰ ਦਾ ਇਤਿਹਾਸ ਭਲੀਭਾਂਤ ਦਿੰਦਾ ਹੈ। ਗ਼ਦਰੀ ਤਾਂ ਸਗੋਂ ਇਸ ਕਦਰ ਨਿਰਮਾਣ ਤੇ ਹਉਮੈਂ ਤੋਂ ਮੁਕਤ ਸਨ ਕਿ ਉਹਨਾਂ ਨੂੰ ਲੀਡਰੀ ਜਾਂ ਅਹੁਦਿਆਂ ਦੀ ਕੋਈ ਚਾਹਨਾ ਨਹੀਂ ਸੀ। ਉਹ ਤਾਂ ਚਾਹੁੰਦੇ ਸਨ ਕਿ ਉਹਨਾਂ ਦਾ ਆਗੂ ਕੁਰਬਾਨੀ ਤੇ ਤਿਆਗ ਦਾ ਪੁਤਲਾ ਵੀ ਹੋਵੇ ਤੇ ਬਹੁਪੱਖੀ ਇਨਕਲਾਬੀ ਚਿੰਤਕ ਵੀ। ਇਹੋ ਕਾਰਨ ਸੀ ਕਿ ਪਹਿਲਾਂ ਤਾਂ ਕਰਤਾਰ ਸਿੰਘ ਸਰਾਭੇ ਤੇ ਉਹਦੇ ਸਾਥੀਆਂ ਨੇ ਦੂਜੇ ਸੂਬਿਆਂ ਦੇ ਇਨਕਲਾਬੀਆਂ ਨਾਲ ਤਾਲ-ਮੇਲ ਪੈਦਾ ਕੀਤਾ ਤੇ ਫਿਰ ਰਾਸ ਬਿਹਾਰੀ ਬੋਸ ਨੂੰ ਬੰਗਾਲ ਤੋਂ ਪਾਰਟੀ ਦੀ ਅਗਵਾਈ ਲਈ ਬੁਲਾਇਆ ਗਿਆ ਸੀ। ਇਹ ਸਾਰਾ ਕੁਝ ਗ਼ਦਰੀਆਂ ਦੀ ਰਾਸ਼ਟਰੀ ਸੋਚ ਦਾ ਹੀ ਪ੍ਰਗਟਾਵਾ ਸੀ।
ਇਹ ਵੀ ਸਚਾਈ ਹੈ, ਤੇ ਅਸੀਂ ਸਬੂਤ ਵਜੋਂ ਪਿੱਛੇ ਬਾਬਾ ਟੁੰਡੀਲਾਟ ਦੇ ਹਵਾਲੇ ਨਾਲ ਜਿ਼ਕਰ ਵੀ ਕਰ ਆਏ ਹਾਂ, ਕਿ ਲਾਲਾ ਹਰਦਿਆਲ ਦੀ ਸ਼ਮੂਲੀਅਤ ਤੋਂ ਪਹਿਲਾਂ ਹੀ ਗ਼ਦਰੀਆਂ ਨੇ ਹਥਿਆਰਬੰਦ ਸੰਘਰਸ਼ ਰਾਹੀਂ ਦੇਸ਼ ਆਜ਼ਾਦ ਕਰਾਉਣ ਦਾ ਆਪਣਾ ਨਿਸ਼ਾਨਾ ਨਿਰਧਾਰਤ ਕਰ ਲਿਆ ਸੀ। ਲਾਲਾ ਹਰਦਿਆਲ ਦੇ ਅਮਰੀਕਾ ਛੱਡ ਜਾਣ ਉਪਰੰਤ ਉਹਨਾਂ ਦੀ ਥਾਂ ਭਾਈ ਸੰਤੋਖ ਸਿੰਘ ਨੇ ਬੜੀ ਯੋਗਤਾ ਨਾਲ ਪਾਰਟੀ ਦੀ ਜਨਰਲ ਸਕੱਤਰੀ ਦਾ ਕਾਰਜ ਭਾਰ ਸੰਭਾਲ ਲਿਆ ਸੀ। ‘ਭਾਈ ਸੰਤੋਖ ਸਿੰਘ ਪੂਰੀ ਤਰ੍ਹਾਂ ਅੰਗਰੇਜ਼ੀ ਬੋਲ ਤੇ ਪੜ੍ਹ-ਲਿਖ ਸਕਦੇ ਸਨ। ਇਕਤਰ੍ਹਾਂ ਉਹਨਾਂ ਦਾ ਸਭਿਅਕ ਮਿਆਰ ਲਾਲਾ ਹਰਦਿਆਲ ਦੇ ਬਰਾਬਰ ਹੀ ਸੀ। ਇਸਤੋਂ ਬਿਨਾ ਭਾਈ ਸਾਹਿਬ ਵਿਚ ਹੋਰ ਜ਼ਾਤੀ ਖੂਬੀਆਂ ਸਨ ਜਿਸਤੋਂ ਲਾਲਾ ਹਰਦਿਆਲ ਵਾਂਝੇ ਸਨ। ਬਾਅਦ ਦੇ ਇਤਿਹਾਸ ਨੇ ਇਹ ਗੱਲ ਸਾਬਤ ਕਰ ਦਿੱਤੀ।’42 ਅ
ਇਹ ਸਾਰਾ ਵਿਸਥਾਰ ਇਹ ਦੱਸ ਲਈ ਹੈ ਕਿ ਗ਼ਦਰੀ ਬਾਬਿਆਂ ਨੂੰ ਕਿਸੇ ਨੇ ਨਹੀਂ ‘ਵਰਤਿਆ’। ‘ਵਰਤੇ ਜਾਣ’ ਦੇ ਹਵਾਲੇ ਨਾਲ ਇਹ ਵੀ ਕਿਹਾ ਜਾਂਦਾ ਹੈ ਕਿ ‘ਯੁਗਾਂਤਰ ਆਸ਼ਰਮ’ ਜਾਂ ‘ਵੰਦੇ ਮਾਤਰਮ’ ਜਿਹੇ ਸ਼ਬਦ ਜਾਂ ਸੰਕਲਪ ਜਾਣ ਬੁੱਝ ਕੇ ਹਿੰਦੂ ਪਿਛੋਕੜ ਵਿਚੋਂ ਚੁਣੇ ਗਏ। ਪਰ ਉਹਨਾਂ ਨੂੰ ਇਹ ਭੁੱਲ ਜਾਂਦਾ ਹੈ ਕਿ ‘ਗ਼ਦਰ’ ਦੇ ਪਰਚੇ ਉਤੇ, ਗੁਰਬਾਣੀ ਦੀ ਤੁਕ ‘ਜੇ ਚਿਤ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੋਰੀ ਆਓ’ ਵੀ ਤਾਂ ਲਿਖੀ ਹੋਈ ਸੀ। ਸਿੱਖ ਤਾਂ ਜਪੁ ਜੀ ਸਾਹਿਬ ਦਾ ਪਾਠ ਕਰਦੇ ਹੋਏ ‘ਦੇਦਾ ਦੇ ਲੈਦੇ ਥਕਿ ਪਾਹਿ।। ਜੁਗਾ ਜੁਗੰਤਰਿ ਖਾਹੀ ਖਾਹਿ’ ਜਪਦਿਆਂ ਹਰ ਰੋਜ਼ ‘ਯੁਗਾਂਤਰ’ ਸ਼ਬਦ ਦੇ ਅੰਗ-ਸੰਗ ਰਹਿੰਦੇ ਹਨ। ਗ਼ਦਰੀਆਂ ਦੇ ਹਵਾਲੇ ਨਾਲ ਇਕ ਦੂਜੇ ਨੂੰ ਧਰਮ ਜਾਂ ਫਿ਼ਰਕੇ ਦੇ ਆਧਾਰ ‘ਤੇ ‘ਵਰਤਣ ਵਰਤਾਉਣ’ ਦੀ ਗੱਲ ਕਰਨੀ ਅਸਲੋਂ ਨਾਵਾਜਬ ਹੈ। ਅਸਲ ਵਿਚ ਪੂਰੀ ਭਾਰਤੀ ਸੰਸਕ੍ਰਿਤੀ ਵਿਚ ਜਿੱਥੇ ਵੀ ਕਿਧਰੇ ਪ੍ਰੇਰਨਾ ਦਾ ਅੰਸ਼ ਜਾਂ ਸੋਮਾ ਪਿਆ ਸੀ ਗ਼ਦਰੀਆਂ ਨੇ ਉਸਨੂੰ ‘ਆਪਣਾ’ ਸਮਝ ਕੇ ਆਪਣੇ ਮਕਸਦ ਲਈ ਵਰਤਿਆ।

‘ਇਤਿਹਾਸ-ਮਿਥਿਹਾਸ ਦੇ ਜਮ੍ਹਾਂ ਪਹਿਲੂ ਕਿਵੇਂ ਵਰਤਮਾਨ ਵਿਚ ਗਤੀਸ਼ੀਲ ਹੋਣ ਲਈ ਸਾਡੀ ਧਿਰ ਤੇ ਧੁਰਾ ਬਣਦੇ ਹਨ ਇਸਦੀ ਇੱਕ ਉਦਾਹਰਣ ਪੇਸ਼ ਹੈ। ਭਾਈ ਭਗਵਾਨ ਸਿੰਘ ਦੁਸਾਂਝ ਦੀ ਅਗਵਾਈ ਵਿਚ ਜਦੋਂ (ਜੈਤੋ ਦੇ ਮੋਰਚੇ ਵਿਚ ਭਾਗ ਲੈਣ ਲਈ) ਸ਼ਹੀਦੀ-ਜਥਾ ਕਨੇਡਾ ਤੋਂ ਤੁਰਨ ਵਾਲਾ ਸੀ ਤਾਂ ਵਿਕਟੋਰੀਆ ਵਿਚ ਹੋਏ ਸਨਮਾਨ-ਸਮਾਗਮ ਵਿਚ ਜਿਹੜਾ ਮਾਨ-ਪੱਤਰ ਸ਼ਹੀਦੀ ਜਥੇ ਨੂੰ ਪੇਸ਼ ਕੀਤਾ ਗਿਆ ਉਸ ਵਿਚ ਕਨੇਡਾ ਦੇ ਪੂਰਵਲੇ ਇਤਿਹਾਸ ਵਿਚ ਸੂਰਬੀਰ ਕਨੇਡੀਅਨ ਪੰਜਾਬੀਆਂ ਵੱਲੋਂ ਕਨੇਡਾ ਵਿਚ ਸਥਾਪਤ ਹੋਣ ਲਈ ਅਤੇ ਦੇਸ਼ ਦੀ ਆਜ਼ਾਦੀ ਲਈ ਲੜਨ ਵਾਸਤੇ ਕੀਤੀਆਂ ਘਾਲਣਾਵਾਂ ਦਾ ਜਿ਼ਕਰ ਕਰਦਿਆਂ ਕਿਹਾ ਗਿਆ:
-ਪਿਛਲਾ ਹਾਲ ਸੁਣਾਨ ਦਾ ਸਾਡਾ ਇਹ ਭਾਵ ਹੈ ਕਿ ਜਿਸਤਰ੍ਹਾਂ ਲੰਕਾ ਵਿਚ ਪਹੁੰਚ ਕੇ ਸੀਤਾ ਦੀ ਸੁਧ ਲਿਆਉਣ ਦੀ ਕੋਈ ਭੀ ਸ਼ਕਤੀ ਨਹੀਂ ਸੀ ਰੱਖਦਾ, ਉਸ ਵਕਤ ਹਨੂੰਮਾਨ ਨੇ ਕਿਹਾ ਸੀ ਕਿ ਜੇਕਰ ਕੋਈ ਮੈਨੂੰ ਮੇਰਾ ਪਿਛਲਾ ਹਾਲ ਸੁਣਾਵੇ ਤਾਂ ਮੈਂ ਖ਼ਬਰ ਲਿਆ ਸਕਦਾ ਹਾਂ। ਉਸ ਵਕਤ ਸ੍ਰੀ ਰਾਮ ਚੰਦਰ ਜੀ ਦੇ ਕਹਿਣੇ ਪਰ ਜਾਮਵੰਤ ਨੇ ਉਸਨੂੰ ਉਸਦੇ ਕੀਤੇ ਕੰਮ ਦੱਸੇ। ਉਸੀ ਵਕਤ ਉਸਦੇ ਚਿਹਰੇ ਪਰ ਜੋਸ਼ ਦੇ ਨਿਸ਼ਾਨ ਟਪਕਣ ਲੱਗ ਪਏ ਤੇ ਉਹ ਆਪਣੇ ਕੰਮ ਵਿਚ ਕਾਮਯਾਬ ਹੋ ਗਿਆ।-
ਸੋ ਕੇਵਲ ਮਾਰਕਸ, ਲੈਨਿਨ ਜਾਂ ਮਾਓ ਹੀ ਨਹੀਂ ਕਿਸੇ ਸਧਾਰਨ ਬੰਦੇ ਲਈ ਕਿਸੇ ਸਮੇਂ ਮਹਾਂ-ਭਾਰਤ, ਰਮਾਇਣ, ਜਾਂ ਸਿੱਖ ਇਤਿਹਾਸ ਦੀਆਂ ਕਹਾਣੀਆਂ ਅਤੇ ਹਵਾਲੇ ਵਾਲਾ ‘ਪਿਛਲਾ ਹਾਲ’ ਵੀ ਨਵੀਂ ਲੜਾਈ ਲੜਨ ਦਾ ਜੋਸ਼ ਦੇ ਸਕਦਾ ਹੈ। ਗੁਰਬਾਣੀ, ਕੁਰਾਨ, ਜਾਂ ਗੀਤਾ ਵੀ ਸੁੱਤੀ ਆਤਮਾ ਨੂੰ ਜਗਾਉਣ ਦਾ ਵਸੀਲਾ ਬਣ ਸਕਦੇ ਹਨ। ਗ਼ਦਰੀ ਬਾਬਿਆਂ ਤੇ ਕਿਰਤੀ ਲਹਿਰ ਦੇ ਸੂਰਮਿਆਂ ਤੇ ਬੁੱਧੀਮਾਨਾਂ ਨੇ ਸਿੱਖ ਇਤਿਹਾਸ, ਗੁਰਬਾਣੀ ਅਤੇ ਆਪਣੇ ਇਤਿਹਾਸ-ਮਿਥਿਹਾਸ ਤੋਂ ਸੁੱਚੀ ਪ੍ਰੇਰਨਾ ਲਈ; ਉਸਨੂੰ ਨਵੀਂ ਤੇ ਅਗਲੀ ਦੌੜ ਦੌੜਨ ਲਈ ਪਟੜੀ ਬਨਾਉਣ ਲਈ ਵਰਤਿਆ; ਪਰ ਦੌੜ ਆਪਣੀ ਤੇ ਆਪਣੇ ਸਮੇਂ ਦੇ ਹਾਣ ਦੀ ਹੀ ਦੌੜੀ। 42ੲ
ਅਸੀਂ ਮੰਨਦੇ ਹਾਂ ਕਿ ਗ਼ਦਰੀਆਂ ਦੀ ਸੋਚ ਨੂੰ ਜਾਨਣ ਸਮਝਣ ਲਈ ਸਾਨੂੰ ਉਹਨਾਂ ਦੀਆਂ ਲਿਖਤਾਂ ਨੂੰ ਵਾਚਣਾ ਚਾਹੀਦਾ ਹੈ, ਇਹ ਲਿਖਤਾਂ ਹੀ ਉਹਨਾਂ ਦੇ ਨਜ਼ਰੀਏ ਦਾ ਸੱਚਾ ਸੁੱਚਾ ਪ੍ਰਗਟਾਵਾ ਹਨ। ‘ਗ਼ਦਰ’ ਅਖ਼ਬਾਰ ਵਿਚ ਛਪਦੀਆਂ ‘ਗ਼ਦਰ ਦੀਆਂ ਗੂੰਜਾਂ’ ਪੜ੍ਹ ਕੇ ਹੀ ਦੇਸ਼-ਵਿਦੇਸ਼ ਵਿਚ ਵੱਸਦੇ ਭਾਰਤੀਆਂ ਦੇ ਮਨਾਂ ਵਿਚ ‘ਗ਼ਦਰ’ ਕਰਨ ਦੀ ਅਗਨ ਭੜਕੀ ਸੀ। ਗ਼ਦਰ ਦੀਆਂ ਗੂੰਜਾਂ ਵਿਚ ਉਹਨਾਂ ਦਾ ਜਾਤ-ਪਾਤ ਰਹਿਤ ਬਰਾਬਰੀ ਵਾਲਾ ਜਮਹੂਰੀ ਨਿਜ਼ਾਮ ਸਿਰਜਣ ਦਾ ਅਜ਼ਮ ਵੀ ਹੈ ਤੇ ਸਭ ਵਿਤਕਰੇ ਭੁੱਲ ਕੇ ਦੇਸ਼ ਹਿਤ ਲੜਨ ਦੀ ਲਲਕਾਰ ਵੀ। ਉਹਨਾਂ ਵਿਚ ਕਿਧਰੇ ਰੰਚਕ ਮਾਤਰ ਵੀ ਫਿ਼ਰਕੂ ਰੰਗ ਦਿਖਾਈ ਨਹੀਂ ਦਿੰਦਾ। ਗ਼ਦਰ ਪਾਰਟੀ ਲਹਿਰ ਦਾ ਗੈਰ ਫਿਰਕੂ ਨਜ਼ਰੀਆ ਦਰਸਾਉਣ ਲਈ ‘ਗ਼ਦਰ‘ ਅਤੇ ‘ਗ਼ਦਰ ਦੀ ਗੂੰਜ‘ ਵਿਚੋਂ ਬਹੁਤ ਮਸਾਲਾ ਮਿਲ ਸਕਦਾ ਸੀ। ਵੰਨਗੀ ਦੇ ਤੌਰ ਉਤੇ:

‘‘ਸਾਨੂੰ ਲੋੜ ਨਾ ਪੰਡਤਾਂ ਕਾਜੀਆਂ ਦੀ,
ਨਹੀਂ ਸ਼ੌਕ ਹੈ ਬੇੜਾ ਡੁਬਾਵਨੇ ਦਾ।
ਜਪ ਜਾਪ ਦਾ ਵਕਤ ਬਤੀਤ ਹੋਇਆ,
ਵੇਲਾ ਆ ਗਿਆ ਤੇਗ ਉਠਾਵਨੇ ਦਾ।
*****
ਹਿੰਦੂ ਤੇ ਮੁਲਸਮਾਨ ਸਿੱਖ ਤੇ ਬੰਗਾਲੀ ਸਾਰੇ,
ਭਾਰਤ ਦੇ ਪੁੱਤ ਅਸੀਂ ਸਾਰੇ ਹੀ ਕਹਾਂਮਦੇ,
ਸ਼ਰ੍ਹਾ ਤੇ ਮਜ਼ਬ ਜੇਹੜੇ ਰਖ ਲੌ ਕਨਾਰਿਆਂ ਤੇ,
ਦੇਖੀ ਜਾਊ ਪਿਛੋਂ ਕੰਮ ਪੈਹਲਾਂ ਕਤਲਾਮ ਦੇ।
****

ਮਜ਼ਹਬੀ ਝਗੜਿਆਂ ਤੇ ਤੁਸੀਂ ਜ਼ੋਰ ਪਾਯਾ,
ਕੀਤਾ ਦੇਸ਼ ਦਾ ਨਹੀਂ ਧਿਆਨ ਵੀਰੋ।
ਤੁਸਾਂ ਭੋਲਿਓ ਮੂਲ ਨਾ ਖ਼ਬਰ ਲੱਗੀ,
ਝਗੜਾ ਘਤਿਆ ਵੇਦ ਕੁਰਾਨ ਵੀਰੋ।
ਦੇਸ਼ ਪੱਟਿਆ ਤੁਸਾਂ ਦੇ ਝਗੜਿਆਂ ਨੇ,
ਤੁਸੀਂ ਸਮਝਦੇ ਨਹੀਂ ਨਦਾਨ ਵੀਰੋ।
ਮੰਦਰ ਮਸਜਦਾਂ ਤੁਸਾਂ ਦੇ ਢੈਣ ਲਗੇ,
ਕੇਹੜੀ ਗੱਲ ਦਾ ਤੁਸਾਂ ਗੁਮਾਨ ਵੀਰੋ,
ਖੋਹੇ ਤੁਸਾਂ ਦੇ ਕਰਦੇ ਕਰਪਾਨ ਵੀਰੋ।
ਗਊ ਸੂਰ ਦੀ ਤੁਸਾਂ ਨੂੰ ਕਸਮ ਭਾਈ,
ਗੋਰੇ ਰੋਜ਼ ਹੀ ਇਨ੍ਹਾਂ ਨੂੰ ਖਾਣ ਵੀਰੋ।
ਹਿੰਦੂ ਮੁਸਲਮਾਨੋਂ ਝਗੜਾ ਛੱਡ ਦੇਵੋ,
ਲਵੋਂ ਦੇਸ਼ ਤੇ ਕੌਮ ਨੂੰ ਜਾਨ ਵੀਰੋ।
****
ਜ਼ਿਮੀਂ ਵੇਹਲ ਦੇਵੇ ਅਸੀਂ ਗਰਕ ਜਾਈਏ,
ਪੈਦਾ ਹੋ ਗਿਆ ਤੀਹ ਕਰੋੜ ਕਾਹਨੂੰ।
ਛੇਤੀ ਮਿਲ ਬੈਠੋ ਹਿੰਦੂ ਮੁਸਲਮਾਨੋ,
ਤੁਸੀਂ ਬੈਠੇ ਹੋ ਵਿਚ ਅਨਜੋੜ ਕਾਹਨੂੰ।
ਛੇਤੀ ਕਰੋ ਤਿਆਰੀਆਂ ਗ਼ਦਰ ਦੀਆਂ,
ਸਿੰਘੋ ਛੱਡਿਆ ਮੁਖ ਮਰੋੜ ਕਾਹਨੂੰ।
****
ਤੁਸੀਂ ਦੀਨ ਈਮਾਨ ਦੇ ਪਏ ਪਿਛੇ,
ਫ਼ਿਕਰ ਤੁਸਾਂ ਨੂੰ ਗਿਆਨ ਧਿਆਨ ਵਾਲੇ।
ਆਪਸ ਵਿਚ ਲੜਨਾ ਮੰਦਾ ਕੰਮ ਫੜਿਆ,
ਝਗੜੇ ਝਗੜ ਹਿੰਦੂ ਮੁਸਲਮਾਨ ਵਾਲੇ,
ਹੀਰਾ ਹਿੰਦ ਹੀਰਾ ਖਾਕ ਰੋਲ ਦਿੱਤਾ,
ਕੌਲੇ ਘਤ ਕੇ ਵੇਦ ਕੁਰਾਨ ਵਾਲੇ।
ਗਾਈਂ ਸੂਰ ਝਟਕਾ ਜੇਕਰ ਦੁੱਖ ਦਿੰਦਾ,
ਗੋਰੇ ਹੈਨ ਤਿੰਨੇ ਚੀਜ਼ਾਂ ਖਾਨ ਵਾਲੇ।

ਜਿਵੇਂ ਉੱਤੇ ਦਰਸਾਇਆ ਗਿਆ ਹੈ, ਗ਼ਦਰ ਲਹਿਰ ਦਾ ਤੱਤ ਵੇਖਣਾ ਹੋਵੇ ਤਾˆ ਗ਼ਦਰ ਸਾਹਿਤ ਨੂੰ ਪੜ੍ਹ ਕੇ ਵੇਖੋ, ਜਿਸ ਵਿਚ ਵਾਰ-ਵਾਰ ਭਾਈਚਾਰਕ ਏਕੇ ਅਤੇ ਹਿੰਦੁਸਤਾਨ ਜਾˆ ਭਾਰਤ ਦੀ ਅਜ਼ਾਦੀ ਲਈ ਲੜੀ ਜਾਣ ਵਾਲੀ ਸਾˆਝੀ ਲੜਾਈ ਦੀ ਗੱਲ ਕੀਤੀ ਗਈ ਹੈ। ਸਿਰਫ਼ ਏਨਾ ਹੀ ਨਹੀਂ ਗ਼ਦਰੀਆਂ ਨੇ ਸਦੀਆਂ ਤੋਂ ਚਲੇ ਆ ਰਹੇ ਦਰਜੇਬੰਦੀ ਵਾਲੇ ਜਾਤ ਆਧਾਰਿਤ ਭਾਰਤੀ ਸਮਾਜ ਦੇ ਸਭ ਤੋਂ ਵੱਡੇ ਕੋਹੜ ਨੂੰ ਮੁਖ਼ਾਤਬ ਹੁੰਦਿਆਂ ਇਕ ਦੂਜੇ ਨੂੰ ਨੀਂਵਾਂ ਜਾਂ ਅਛੂਤ ਆਖਣ ਦੀ ਘਿਨਾਉਣੀ ਸੋਚ ਨੂੰ ਆਪਣੇ ਨੇੜੇ ਤੱਕ ਨਹੀਂ ਢੁੱਕਣ ਦਿੱਤਾ। ਸਗੋਂ ਉਹਨਾਂ ਨੇ ਮਜ਼੍ਹਬਾਂ ਦੇ ਵਖਰੇਵੇਂ ਤੋਂ ਮੁਕਤ ਹੋਣ ਦੇ ਨਾਲ ਨਾਲ ਜਾਤ ਪਾਤ ਦੇ ਵਖਰੇਵੇਂ ਨੂੰ ਵੀ ਤਿਲਾਂਜਲੀ ਦੇ ਕੇ ਹਕੀਕੀ ਮਾਨਵੀ ਮੁਹੱਬਤ ਦੀ ਨੀਂਹ ਰੱਖ ਦਿੱਤੀ। ਤੇ ਇਹ ਨੀਂਹ ਉਦੋਂ ਰੱਖ ਦਿੱਤੀ ਜਦੋਂ ਅਜੇ ਮਹਾਤਮਾ ਗਾਂਧੀ ਦਾ ਨਿਮਨ ਸ਼੍ਰੇਣੀਆਂ ਨੂੰ ‘ਹਰੀਜਨ’ ਆਖ ਕੇ ਵਡਿਆਉਣ ਤੇ ਪਤਿਆਉਣ ਦਾ ਸਿਲਸਿਲਾ ਆਰੰਭ ਨਹੀਂ ਸੀ ਹੋਇਆ।

ਰਹੇ ਗਰਕ ਹਿੰਦੂ ਮੁਸਲਮਾਨ ਸਾਰੇ,
ਆਯਾ ਜਦੋਂ ਦਾ ਰਾਜ ਫਰੰਗੀਆਂ ਦਾ।
ਰੱਬੀ ਝਗੜਿਆਂ ਵਿਚ ਮਸ਼ਗੂਲ ਹੋਏ,
ਜਿਵੇਂ ਕੰਮ ਜਨਾਨੀਆਂ ਰੰਡੀਆਂ ਦਾ।
ਪੈਦਾ ਹੋਇਕੇ ਇਕ ਹੀ ਦੇਸ਼ ਅੰਦਰ,
ਭੈੜਾ ਕੰਮ ਫੜਿਆ ਧੜੇ ਬੰਦੀਆਂ ਦਾ।
ਛੂਤ ਛਾਤ ਅੰਦਰ ਊਚ ਨੀਚ ਬਣਕੇ,
ਉਲਟਾ ਕੰਮ ਕੀਤਾ ਫ਼ਿਰਕੇ ਬੰਦੀਆਂ ਦਾ।
ਗਿਆ ਦੇਸ਼ ਦਾ ਭੁਲ ਪਯਾਰ ਸਾਨੂੰ,
ਹੋਯਾ ਅਸਰ ਜੋ ਸੋਹਬਤਾਂ ਮੰਦੀਆਂ ਦਾ।
****
ਛੂਤ ਛਾਤ ਦਾ ਕੋਈ ਖਿਆਲ ਨਾਹੀਂ,
ਸਾਨੂੰ ਪਰਖ ਨਾ ਚੂਹੜੇ ਚਮਾਰ ਵਾਲੀ।
ਹਿੰਦੋਸਤਾਨ ਵਾਲੇ ਸਾਰੇ ਹੈਨ ਭਾਈ,
ਰੀਤ ਰੱਖਣੀ ਨਹੀਂ ਮਕਾਰ ਵਾਲੀਂ।
****

‘ਗ਼ਦਰ ਦੀਆˆ ਗੂੰਜਾˆ‘ ਵਿਚ ਕੋਈ ਕਵਿਤਾ ਅਜਿਹੀ ਨਹੀˆ ਹੋਵੇਗੀ, ਜਿਸ ਵਿਚ ਥਾˆ-ਥਾˆ ਤੇ ਵਾਰ-ਵਾਰ ਹਿੰਦੁਸਤਾਨ ਦੀ ਗੁਲਾਮੀ ਦਾ ਜੂਲਾ ਗਲੋˆ ਲਾਹੁਣ ਦਾ ਹੋਕਾ ਨਾ ਦਿੱਤਾ ਹੋਵੇ। ਏਥੇ ਅਸੀˆ ‘ਖਾਲਸਾ ਪੰਥ‘ ਨੂੰ ਸੰਬੋਧਤ ਹੋ ਕੇ ਲਿਖੀ ਇੱਕ ਕਵਿਤਾ ‘ਪੰਥ ਅੱਗੇ ਪੁਕਾਰ‘ ਵਿਚੋˆ ਕੁਝ ਸਤਰਾˆ ਉਦਾਹਰਣ ਲਈ ਦੇ ਰਹੇ ਹਾˆ, ਜਿਹੜੀਆˆ ਦੱਸਦੀਆˆ ਹਨ ਕਿ ਗ਼ਦਰੀਆਂ ਵਿਚ ਸਿੱਖ, ਹਿੰਦੂ ਤੇ ਮੁਸਲਮਾਨ; ਇੱਕ ਦੇਸ਼ ਭਗਤ, ਇੱਕ ਇਨਕਲਾਬੀ ਤੇ ਇਕ ਰਾਸ਼ਟਰਵਾਦੀ ਦੀ ਹੋˆਦ ਅਸਲੋˆ ਇਕ ਮਿਕ ਸੀ। ਉਹਨਾˆ ਨੂੰ ਜਾਤਾˆ, ਫ਼ਿਰਕਿਆˆ ਅਤੇ ਚਿੰਨ੍ਹਾˆ ਦੇ ਆਧਾਰ ‘ਤੇ ਵੰਡਿਆ ਨਹੀˆ ਸੀ ਜਾ ਸਕਦਾ। ਉਹਨਾˆ ਨੂੰ ਤਾˆ ਹਿੰਦ ਦੀ ਅਜ਼ਾਦੀ ਲਈ ਮਰ ਮਿਟਣਾ ਹੀ ਅਸਲੀ ‘ਖ਼ਾਲਸਾ ਧਰਮ‘ ਲੱਗਦਾ ਹੈ ਤੇ ਸਾਰੇ ਹਿੰਦੀ ਉਹਨਾਂ ਲਈ ‘ਪੰਥ’ ਸਨ ਜਿਨ੍ਹਾਂ ਅੱਗੇ ਉਹ ਨਿਮਨ ਲਿਖਤ ਪੁਕਾਰ ਕਰ ਰਹੇ ਹਨ:

ਪਰਉਪਰਕਾਰ ਕਾਰਨ ਗੁਰਾˆ ਸਾਜਿਆ ਸੀ। ਹੱਥੀˆ ਕੀਤੇ ਸੀ ਜੰਗ ਕੁਮਾਲ ਸਿੰਘੋ।।
ਏਸ ਹਿੰਦ ਦੀ ਰੱਖਿਆ ਕਰਨ ਖ਼ਾਤਰ। ਵਾਰ ਦਿੱਤੇ ਸੀ ਜਿਗਰ ਦੇ ਲਾਲ ਸਿੰਘੋ।।
ਭਾਰਤ ਮਾਤ ਦਾ ਜ਼ੁਲਮ ਮਟਾਣ ਖ਼ਾਤਰ। ਚੁਣੇ ਗਏ ਸੀ ਵਿਚ ਦਵਾਲ ਸਿੰਘੋ।।
ਅੱਜ ਮੁਲਕ ਅਜ਼ਾਦੀ ਵਿਚ ਖੇਡਣਾ ਸੀ। ਕਰਦੇ ਪਿਯਾਰ ਜੇ ਗ਼ਦਰ ਦੇ ਨਾਲ ਸਿੰਘੋ।।
ਭਾਰਤ ਮਾਤ ਦੇ ਬੱਚੇ ਨਾ ਮੂਲ ਬਿਕਦੇ। ਲੈˆਦੇ ਗ਼ਦਰ ਜੇ ਅਸੀˆ ਸੰਭਾਲ ਸਿੰਘੋ।।
ਜਿਨ੍ਹਾˆ ਗੋਰਿਆˆ ਤਿਲਕ ਨੂੰ ਕੈਦ ਕੀਤਾ। ਉਨ੍ਹਾˆ ਕਰੋ ਹੁਣ ਗਰਕ ਪਤਾਲ ਸਿੰਘੋ।।
ਬੈਠਾ ਵਿਚ ਜਪਾਨ ਦੇ ਬ੍ਰਕਤਉਲਾ। ਤਕਵਾ ਰਖਿਆ ਜੁਲ ਜਲਾਲ ਸਿੰਘੋ।।
ਕ੍ਰਿਸ਼ਨਾ ਵਰਮਾ ਜਾ ਵਿਚ ਫਰਾˆਸ ਬੈਠਾ। ਮੈਡਮ ਕਾਮਾ ਦਾ ਕਰੋ ਖਿਯਾਲ ਸਿੰਘੋ।।
ਭਾਰਤ ਮਾਤਾ ਦਾ ਭਾਰ ਉਤਾਰ ਦਿਓ। ਭਾਰਤ ਮਾਤਾ ਦੇ ਨੌਨਿਹਾਲ ਸਿੰਘੋ।।

ਭਾਰਤ ਮਾਤਾ ਦੇ ਇਹਨਾਂ ‘ਨੌਨਿਹਾਲਾਂ’ ਵਿਚ ਪੂਰੇ ਭਾਰਤ ਤੋਂ ਆਗੂ ਰੋਲ ਨਿਭਾਉਣ ਵਾਲੇ ਇਨਕਲਾਬੀ ਸਨ। ਮਸਲਨ: ਚੈਂਚਈਆ ਤੇ ਚੰਪਕ ਰਮਨ ਪਿਲਈ ਦੱਖਣ ਤੋਂ; ਪਾਂਡੂਰੰਗ ਖ਼ਾਨਖੋਜੇ ਤੇ ਵਿਸ਼ਨੂੰ ਗਨੇਸ਼ ਪਿੰਗਲੇ ਪੱਛਮੀ ਭਾਰਤ ਤੋਂ; ਤਾਰਕਨਾਥ ਦਾਸ, ਜਤਿੰਦਰ ਲਹਿਰੀ ਤੇ ਤ੍ਰਿਲੋਕੀ ਨਾਥ ਚਕਰਵਰਤੀ ਆਦਿ ਪੂਰਬੀ ਭਾਰਤ ਤੋਂ; ਮੌਲਵੀ ਬਰਕਤਉਲਾ, ਪਰਮਾਨੰਦ ਝਾਂਸੀ, ਮੁਜਤਬਾ ਹੁਸੈਨ ਜੌਨਪੁਰ, ਅਲੀ ਅਹਿਮਦ ਸਦੀ ਕੀ ਸ਼ਾਹਜ਼ਾਦਪੁਰ (ਫ਼ੈਜ਼ਾਬਾਦ) ਆਦਿ ਮੱਧ ਭਾਰਤ ਤੋਂ ਲਾਲਾ ਹਰਦਿਆਲ, ਬਾਬਾ ਸੋਹਨ ਸਿੰਘ ਭਕਨਾ, ਕਰਤਾਰ ਸਿੰਘ ਸਰਾਭਾ ਤੇ ਹੋਰ ਅਨੇਕਾਂ ਪੱਛਮੀ ਭਾਰਤ ਤੋਂ ਸਨ। ਸਾਰੇ ਗ਼ਦਰੀ ਮੁਕੰਮਲ ਹਿੰਦੋਸਤਾਨੀਅਤ ਦੇ ਪ੍ਰਤੀਨਿਧ ਸਨ।
ਪਿਛਲੇ ਕੁਝ ਸਮੇਂ ਤੋਂ ਗ਼ਦਰੀਆਂ ਨੂੰ ‘ਸਿੱਖ’ ਸਾਬਤ ਕਰਨ ਲਈ ਜਿੱਥੇ ਲਿਖਿਆ/ ਲਿਖਵਾਇਆ ਜਾ ਰਿਹਾ ਹੈ ਓਥੇ ਦੇਸ਼ ਵਿਦੇਸ਼ ਵਿਚ ਕਾਨਫ਼ਰੰਸਾਂ ਕਰਵਾ ਕੇ ਇਸ ਮੱਤ ਨੂੰ ਸਥਾਪਤ ਕਰਨ ਦਾ ਭਰਪੂਰ ਯਤਨ ਕੀਤਾ ਜਾ ਰਿਹਾ ਹੈ। ਗ਼ਦਰੀਆਂ ਦੇ ਵੱਡੇ ਹਿੱਸੇ ਨੂੰ ਸਿੱਖ ਮੰਨਣ ਤੋਂ ਜਾਂ ਸਿੱਖੀ ਵਿਚ ਉਹਨਾਂ ਦੀ ਆਸਥਾ ਹੋਣ ਤੋਂ ਕੋਈ ਵੀ ਇਨਕਾਰੀ ਨਹੀਂ ਹੋ ਸਕਦਾ। ਸਮੱਸਿਆ ਤਾਂ ਓਥੇ ਪਈ ਹੈ ਜਿੱਥੇ ਗ਼ਦਰੀਆਂ ਨੂੰ ‘ਸਿੱਖ’ ਆਖ ਕੇ ਉਸ ਲਹਿਰ ਨੂੰ ਪਿਛਲੀ ਸਦੀ ਦੇ ਅੰਤਲੇ ਦਹਾਕਿਆਂ ਵਿਚ ਚੱਲੀ ‘ਸਿੱਖ ਲਹਿਰ’ ਦਾ ਅੰਗ ਬਣਾਇਆ ਜਾ ਰਿਹਾ ਹੈ। ਇਸ ਮਕਸਦ ਲਈ ਪਿਛਲੇ ਸਾਲ ਅਮਰੀਕਾ ਦੇ ਗ਼ਦਰੀਆਂ ਨਾਲ ਸੰਬੰਧਤ ਯਾਦਗਾਰੀ ਗੁਰਦਵਾਰੇ ਵਿਚ ਕੀਤੀ ਗਈ ਕਾਨਫ਼ਰੰਸ ਪਿੱਛੇ ਲੁਕਿਆ ਏਜੰਡਾ ਭਲੀਭਾਂਤ ਸਮਝ ਆ ਜਾਂਦਾ ਹੈ। ਇਹ ਏਜੰਡਾ ਗ਼ਦਰੀਆਂ ਨੂੰ ‘ਸਿੱਖ’ ਆਖ ਕੇ ਅਸਲ ਵਿਚ ‘ਖ਼ਾਲਿਸਤਾਨ’ ਪ੍ਰਾਪਤ ਕਰਨ ਦੀ ਮੰਗ ਨਾਲ ਜੋੜਨ ਦਾ ਤੇ ਗ਼ਦਰੀਆਂ ਨੂੰ ‘ਸਟੇਨਾਂ ਵਾਲਿਆਂ’ ਦੀ ਵਿਰਾਸਤ ਸਿੱਧ ਕਰਨ ਦਾ ਹੈ। ਮੰਨੇ ਪ੍ਰਮੰਨੇ ਇਤਿਹਾਸਕਾਰ ਜਦੋਂ ਅਜਿਹੀਆਂ ਕਾਨਫ਼ਰੰਸਾਂ ਵਿਚ ਪਹੁੰਚ ਕੇ ਇਸ ਲਹਿਰ ਨੂੰ ‘ਸਿੱਖ ਲਹਿਰ’ ਤੱਕ ਸੀਮਤ ਕਰਨ ਲਈ ਪਰਚੇ ਪੇਸ਼ ਕਰਦੇ ਹਨ ਤਾਂ ਉਹ ਸੁਚੇਤ ਜਾਂ ਅਚੇਤ ਓਸੇ ਲੁਕਵੇਂ ਏਜੰਡੇ ਦੇ ਹੱਕ ਵਿਚ ਭੁਗਤਦੇ ਲੱਗਦੇ ਹਨ।
ਮੈਂ 1997 ਵਿਚ ਹੀ, ਜਦੋਂ ਮੈਂ ਅਮਰੀਕਾ ਫੇਰੀ ‘ਤੇ ਜਾਣ ਸਮੇਂ ਗ਼ਦਰੀਆਂ ਦੀ ਲੜਾਈ ਦੇ ਮਾਣਯੋਗ ਕੇਂਦਰ ਉਸ ਗੁਰਦਵਾਰੇ ਦੇ ਦਰਸ਼ਨ ਕਰਨ ਗਿਆ ਸਾਂ, ਜਿੱਥੇ ਗ਼ਦਰੀ ਸੂਰਬੀਰਾਂ ਨੇ ਸਭ ਧਰਮਾਂ ਦੇ ਲੋਕਾਂ ਨੂੰ ਇਕ ਸੂਤਰ ਵਿਚ ਪਰੋ ਕੇ ਆਜ਼ਾਦੀ ਲਈ ਲੜੀ ਜਾਣ ਵਾਲੀ ਮੁਹਿੰਮ ਆਰੰਭੀ ਸੀ, ਤਾਂ ਅਨੁਮਾਨ ਲਾ ਲਿਆ ਸੀ ਗੁਰਦਵਾਰੇ ‘ਤੇ ਕਾਬਜ਼ ਧਿਰਾਂ ਦਾ ਗ਼ਦਰੀਆਂ ਦੀ ਸੋਚ ਨਾਲ ਕੋਈ ਰਾਬਤ ਨਹੀਂ ਬਣਦਾ। ਸਗੋਂ ਇਹਨਾਂ ਦਾ ਮਕਸਦ ਬਾਬਿਆਂ ਦੇ ਸੁਪਨੇ ਦੇ ਵਿਰੋਧ ਵਿਚ ਖਲੋਂਦਾ ਹੈ। ਮੈਂ ਉਦੋਂ ਲਿਖਿਆ ਸੀ:
‘ਮੈਂ ਕੰਧਾਂ ਉੱਤੇ ਨਜ਼ਰ ਮਾਰੀ ਤਾਂ ਮੇਰੀ ਸਾਰੀ ਖ਼ੁਸ਼ੀ ਜਾਂਦੀ ਰਹੀ। ਦੀਵਾਰਾਂ ਉੱਤੇ ਉਹਨਾਂ ਲੋਕਾਂ ਦੀਆਂ ਤਸਵੀਰਾਂ ਸਨ ਜਿਨ੍ਹਾਂ ਵਿਚੋਂ ਕਈਆਂ ਨੇ ਅਨੇਕਾਂ ਮਾਸੂਮਾਂ ਦਾ ਕਤਲ ਕਰਨ ਦੇ ਰੀਕਾਰਡ ਬਣਾਏ ਹੋਏ ਸਨ। ਮੈਂ ਵੇਖਦਾ ਗਿਆ। ਖੱਬੇ ਪਾਸੇ ਦੀ ਦੀਵਾਰ, ਸਾਹਮਣੀ ਦੀਵਾਰ ਤੇ ਫਿਰ ਸੱਜੇ ਪਾਸੇ ਦੀ ਦੀਵਾਰ। ਸਭ ਉਹਨਾਂ ਦੀਆਂ ਤਸਵੀਰਾਂ! ਕਿੱਥੇ ਸਨ ਉਹ ਗ਼ਦਰੀ ਬਾਬੇ!
ਹਾਂ, ਹੈ ਸਨ। ਇਹਨਾਂ ਤਸਵੀਰਾਂ ਨੇ ਉਹਨਾਂ ਬਾਬਿਆਂ ਦੀਆਂ ਤਸਵੀਰਾਂ ਨੂੰ ਧੱਕ ਕੇ ਸੱਜੀ ਕੰਧ ਦੀ ਬਾਹਰਲੀ ਨੁੱਕਰ ਵੱਲ ਲੈ ਆਂਦਾ ਸੀ। ਦੋ ਢਾਈ ਵਰਗ ਗਜ਼ ਵਿਚ ਉਹਨਾਂ ਨੂੰ ‘ਸਮੇਟ’ ਦਿੱਤਾ ਗਿਆ ਸੀ। ਸਟੇਨਧਾਰੀ ਤਸਵੀਰਾਂ ਨੇ ਉਹਨਾਂ ਦੀ ਥਾਂ ਮੱਲ ਲਈ ਸੀ…। ਮੈਂ ਤਿੰਨਾਂ ਕੰਧਾਂ ਉੱਤੇ ਲੱਗੀਆਂ ਤਸਵੀਰਾਂ ਵੱਲ ਭਰਵੀਂ ਝਾਤ ਮਾਰੀ ਤੇ ਗ਼ਦਰੀ ਬਾਬਿਆਂ ਦੀਆਂ ਬਾਹਰਲੇ ਦਰਵਾਜ਼ੇ ਵੱਲ ਧੱਕ ਦਿੱਤੀਆਂ ਤਸਵੀਰਾਂ ਵੱਲ ਵੇਖਿਆ ਤਾਂ ਸਹਿਵਨ ਮੇਰੀ ਆਤਮਾ ਬੋਲੀ, “ਮੇਰੇ ਬਾਬਿਆਂ ਨੂੰ ਉਹਨਾਂ ਦੇ ਘਰ ਵਿਚੋਂ ਬਾਹਰ ਕੱਢਣੋਂ ਰੋਕੋ।”43
ਬਾਬਿਆਂ ਦੀਆਂ ਤਸਵੀਰਾਂ ਨਾਲ ਦਿੱਤੀ ਜਾਣਕਾਰੀ ਵਿਚ ਲਾਲਾ ਹਰਦਿਆਲ ਨੂੰ ‘ਨਾਸਤਕ’ ਆਖ ਕੇ ਨਿੰਦਿਆ ਗਿਆ ਸੀ ਤੇ ਰਾਮ ਚੰਦਰ ਨੂੰ ‘ਗ਼ਦਾਰ’ ਆਖ ਕੇ। ਪਰ ਮੋਟੇ ਅੱਖਰਾਂ ਵਿਚ ਨਿੰਦਣ ਪਿੱਛੇ ਕਾਰਨ ਉਹਨਾਂ ਦਾ ‘ਹਿੰਦੂ’ ਹੋਣਾ ਜਾਪਦਾ ਹੈ। ਜਦ ਕਿ ਅਜਿਹੀਆਂ ਗੱਲਾਂ ਕਰਨ ਵਾਲੇ ਇਹ ਭੁੱਲ ਜਾਂਦੇ ਹਨ ਕਿ ਜੇ ਗ਼ਦਰ ਲਹਿਰ ਵਿਚ ‘ਸਿੱਖਾਂ’ ਦੀ ਗਿਣਤੀ ਅੱਸੀ ਪਚਾਸੀ ਫ਼ੀ ਸਦੀ ਸੀ ਤਾਂ ਗਦਾਰ ਤੇ ਗਵਾਹਾਂ ਦੀ ਗਿਣਤੀ ਵੀ ਏਸੇ ਅਨੁਪਾਤ ਵਿਚ ਹੀ ਸੀ।
ਅਸਲ ਵਿਚ ਬਾਬਿਆਂ ਦੀ ਸਿੱਖੀ ਤੇ ਦੀਨ ਵਿਚ ਤੇ ਹੁਣ ਜਿਸ ਸਿੱਖੀ ਜਾਂ ਦੀਨ ਦੇ ਹੱਕ ਵਿਚ ਉਹਨਾਂ ਨੂੰ ਭੁਗਤਾਇਆ ਜਾ ਰਿਹਾ ਹੈ, ਰੂਪਕੀ ਭਾਸ਼ਾ ਵਿਚ ਗੱਲ ਕਰਨੀ ਹੋਵੇ ਤਾਂ ਇੱਕ ‘ਸਮੁੰਦਰ’ ਹੈ ਤਾਂ ਦੂਜੀ ‘ਕੁੱਜਾ’। ਗੁਰੂਆਂ ਤੇ ਉਹਨਾਂ ਦੀ ਸਿੱਖਿਆ ਅਨੁਸਾਰ ਚੱਲਣ ਵਾਲੇ ਗ਼ਦਰੀ ਬਾਬਿਆਂ ਦੀ ਸਿੱਖੀ ਦੇ ਸਮੁੰਦਰ ਨੂੰ ਕੁਜੇ ਵਿਚ ਪਾਉਣ ਦੀਆਂ ਕੋਸਿ਼ਸ਼ਾਂ ਹੋ ਰਹੀਆਂ ਹਨ। ਅਜਿਹੇ ਮੌਕੇ ਸਾਨੂੰ ਬੜੇ ਸੁਚੇਤ ਹੋ ਕੇ ਬਾਬਿਆਂ ਦੇ ‘ਧਰਮ’ ਦੀ ਵਿਆਖਿਆ ਕਰਨੀ ਹੋਵੇਗੀ। ਇਹਨਾˆ ਲੋਕਾਂ ਨੇ ‘ਸਰਬੱਤ ਦੇ ਭਲੇ’ ਨੂੰ ਵੀ ਕਿੰਨਾ ਸੁੰਗੇੜ ਲਿਆ ਹੈ। ਇਹ ਅੱਜ ਮੁੜ ਤੋਂ ਝੂਠੇ ਮਜ੍ਹਬ ਲਈ ਲੋਕਾˆ ਨੂੰ ਲੜਾ ਲੜਾ ਕੇ ਮਰਵਾਉਣਾ ਚਾਹੁੰਦੇ ਹਨ। ਜਿਨ੍ਹਾˆ ਬਾਰੇ ਗ਼ਦਰੀਆˆ ਨੇ ਕਿਹਾ ਸੀ:
ਝੂਠੇ ਮਜ੍ਹਬਾˆ ਤੋˆ ਮਰਨ ਦਿਨ ਰਾਤ ਲੜ ਲੜ,
ਸੱਚੇ ਦੀਨ ਦੀ ਕਿਸੇ ਨੂੰ ਸੂਹ ਕੋਈ ਨਾ।।
‘ਸੱਚੇ ਦੀਨ‘ ਦੀ ਸੂਹ ਤਾˆ ਸੀ ਗ਼ਦਰੀ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਵਰਗਿਆˆ ਨੂੰ ਜਿਸ ਨੇ ਫ਼ਾˆਸੀ ਦੀ ਕੋਠੜੀ ਵਿਚੋˆ ਗ੍ਰੰਥੀ ਭਾਈ ਮਿਤ ਸਿੰਘ ਨੂੰ ਹਿੰਦੀਆˆ ਦੇ ਨਾˆ ਸੁਨੇਹਾ ਭੇਜਿਆ ਸੀ, ਜਿਸ ਵਿਚ ਏਕੇ ਦਾ ਸਿਧਾˆਤ ਇਸ ਪ੍ਰਕਾਰ ਦ੍ਰਿੜਾਇਆ ਗਿਆ ਸੀ:
‘ਇਸ ਗੁਲਾਮੀ ਦੇ ਸਰਾਪ ਤੋˆ ਬਚ ਕੇ ਨਿਕਲਣ ਲਈ ਪੂਰੇ ਜ਼ੋਰ ਨਾਲ ਯਤਨ ਕਰੋ। ਫਿਰ ਇਹ ਕੰਮ ਤਾˆ ਹੀ ਹੋ ਸਕੇਗਾ ਜੇ ਇਸ ਵਿਚ ਇਲਾਕੇਬੰਦੀ ਤੇ ਮਜ੍ਹਬੀ ਅਸਹਿਨਸ਼ੀਲਤਾ ਬਿਲਕੁਲ ਨਾ ਰਹੇ। ਨਾ ਮਾਝੇ ਮਾਲਵੇ ਤੇ ਦੁਆਬੇ ਦੇ ਸਵਾਲ ਉਠਣ, ਨਾ ਹੀ ਹਿੰਦੂ, ਮੁਸਲਿਮ ਤੇ ਸਿੱਖ ਮਜ੍ਹਬਾˆ ਦੇ ਸਵਾਲ ਉਠਣ।‘
ਦੋ ਨਜ਼ਮਾਂ ਦਾ ਹਵਾਲਾ ਦਿੰਦਿਆਂ ਇਤਿਹਾਸਕਾਰ ਵੇਦ ਵਟੁਕ ਨੇ ਦੱਸਿਆ ਹੈ ਕਿ ਇਹ ਕਰਤਾਰ ਸਿੰਘ ਸਰਾਭੇ ਦੀਆਂ ਲਿਖੀਆਂ ਹੋਈਆਂ ਹਨ। ਇਹਨਾਂ ਨਜ਼ਮਾਂ ਵਿਚ ਸਰਾਭਾ ‘ਆਪਣੇ ਧਰਮ’ ਨੂੰ ਪਰਿਭਾਸਿ਼ਤ ਕਰਦਾ ਨਜ਼ਰ ਆਉਂਦਾ ਹੈ। ਜਿਹੜੀ ਕਵਿਤਾ ਉਸਨੇ ਫ਼ਾਂਸੀ ‘ਤੇ ਚੜ੍ਹਦਿਆਂ ਗਾਈ ਸੀ ਉਸਦਾ ਉਤਾਰਾ ਹੇਠਾਂ ਦਿੱਤਾ ਜਾ ਰਿਹਾ ਹੈ:
ਯਹੀ ਪਾਓਗੇ ਮਹਿਸ਼ਰ ਮੇਂ ਜ਼ੁਬਾਂ ਮੇਰੀ, ਬਿਆਂ ਮੇਰਾ।
ਮੈਂ ਬੰਦਾ ਹਿੰਦ ਵਾਲੋਂ ਕਾ ਹੂੰ, ਹੈ ਹਿੰਦੁਸਤਾਂ ਮੇਰਾ।
ਮੈਂ ਹਿੰਦੀ, ਠੇਠ ਹਿੰਦੀ, ਖ਼ੂਨ ਹਿੰਦੀ, ਜ਼ਾਤ ਹਿੰਦੀ ਹੂੰ,
ਯਹੀ ਮਜ਼ਹਬ, ਯਹੀ ਫਿ਼ਰਕਾ, ਯਹੀ ਹੈ ਖ਼ਾਨਦਾਂ ਮੇਰਾ।
ਮੈਂ ਇਸ ਉਜੜੇ ਹੂਏ ਭਾਰਤ ਕੇ ਖੰਡਰ ਕਾ ਏਕ ਜ਼ੱਰਾ ਹੂੰ,
ਯਹੀ ਬੱਸ ਏਕ ਪਤਾ, ਯਹੀ ਨਾਮੋ-ਨਿਸ਼ਾਂ ਮੇਰਾ।
ਕਦਮ ਲੂੰ ਮਾਦਰੇ-ਭਾਰਤ ਤੇਰੇ, ਮੈਂ ਉਠਤੇ ਔਰ ਬੈਠਤੇ,
ਕਹਾਂ ਕਿਸਮਤ ਮੇਰੀ ਏਸੀ, ਨਸੀਬਾ ਯਹ ਕਹਾਂ ਮੇਰਾ।
ਤੇਰੀ ਖਿ਼ਦਮਤ ਮੇਂ ਐ ਭਾਰਤ, ਯਹ ਸਰ ਜਾਏ, ਯਹ ਜਾਂ ਜਾਏ,
ਤੋ ਸਮਝੂੰਗਾ, ਯਹ ਮਰਨਾ ਹਯਾਤੇ ਜਾਦਵਾ ਮੇਰਾ।
ਇਸ ਨਜ਼ਮ ਤੋਂ ਇਲਾਵਾ ਵੇਦ ਵਟੁਕ ਜਿਸ ਦੂਜੀ ਨਜ਼ਮ ਦਾ ਹਵਾਲਾ ਦਿੰਦੇ ਹਨ, ਉਹ ਗ਼ਦਰੀਆਂ ਵਿਚ ਬਹੁਤ ਚਰਚਿਤ ਰਹੀ ਹੈ ਤੇ ਉਹ ਇਸਨੂੰ ਅਕਸਰ ਗਾਇਆ ਕਰਦੇ ਸਨ। ਨਜ਼ਮ ਹੈ:
ਜੇ ਕੋਈ ਪੂਛੇ ਕਿ ਕੌਨ ਹੋ ਤੁਮ, ਤੋ ਕਹਿ ਦੋ ਬਾਗ਼ੀ ਹੈ ਨਾਮ ਮੇਰਾ।
ਜ਼ੁਲਮ ਮਿਟਾਨਾ ਹਮਾਰਾ ਪੇਸ਼ਾ, ਗ਼ਦਰ ਕਰਨਾ ਹੈ ਕਾਮ ਅਪਨਾ।
ਨਮਾਜ਼ ਸੰਧਿਆ ਯਹੀ ਹਮਾਰੀ, ਔਰ ਪਾਠ ਪੂਜਾ ਸਭੀ ਯਹੀ ਹੈ,
ਧਰਮ ਕਰਮ ਸਭ ਯਹੀ ਹੈ ਹਮਾਰਾ, ਯਹੀ ਖ਼ੁਦਾ ਔਰ ਰਾਮ ਅਪਨਾ।

ਇਹ ਨਜ਼ਮਾਂ ਗ਼ਦਰੀਆਂ ਦੇ ‘ਧਰਮ-ਕਰਮ’ ਬਾਰੇ ਮੱਤ ਨੂੰ ਨਿਰਣਾਜਨਕ ਢੰਗ ਨਾਲ ਪੇਸ਼ ਕਰਦੀਆਂ ਹਨ। ਗ਼ਦਰੀਆਂ ਨੇ ਦੇਸ਼ ਲਈ ਲੜੀ ਜਾਣ ਵਾਲੀ ਲੜਾਈ ਵਿਚ ਨਿੱਜੀ ਵਿਸ਼ਵਾਸ ਜਾਂ ਧਰਮ ਨੂੰ ਕਦੇ ਵੀ ਪਹਿਲ ਦੇ ਕੇ ਤੇ ਕਿਸੇ ਹੋਰ ਧਰਮ ਨੂੰ ਨਕਾਰ ਕੇ, ਦੇਸ਼ ਜਾਂ ਉਸ ਲਈ ਲੜੇ ਜਾ ਰਹੇ ਸੰਘਰਸ਼ ਨੂੰ ਹੇਠਾਂ ਨਹੀਂ ਰੱਖਿਆ। ਬਾਬਾ ਸੋਹਨ ਸਿੰਘ ਭਕਨਾ ਧਰਮ ਦੇ ਅਰਥ ਇਸ ਪ੍ਰਕਾਰ ਪਰਿਭਾਸਿ਼ਤ ਕਰਦੇ ਹਨ:
‘ਮੈਨੂੰ ਕਿਸੇ ਖ਼ਾਸ ਫਿਰਕੇ ਤੇ ਮਜ਼੍ਹਬ ਨਾਲ ਕੋਈ ਲਿਹਾਜ ਨਹੀ ਹੈ। ਮੈਂ ਖ਼ਾਲਸ ਹਿੰਦੁਸਤਾਨੀ ਤੇ ਹਿੰਦੀ ਕੌਮ ਦਾ ਸੇਵਕ ਹਾਂ ਅਤੇ ਸਾਰੀਆਂ ਮਜ਼੍ਹਬੀ ਧੜੇਬੰਦੀਆਂ ਤੋਂ ਨਿਰਲੇਪ ਹਾਂ। ਮੇਰੇ ਕਥਨ ਦਾ ਇਹ ਭਾਵ ਨਹੀਂ ਹੈ ਕਿ ਮੈਨੂੰ ਧਰਮ ਨਾਲ ਕੋਈ ਪਿਆਰ ਨਹੀਂ। ਮੈਂ ਸੱਚੇ ਧਰਮ ਨੂੰ ਮੰਨਦਾ ਹਾਂ ਜੋ ਦੁਨੀਆਂ ਦੇ ਹਰ ਇਕ ਮਨੁੱਖ (ਇਸਤਰੀ ਮਰਦ) ਲਈ ਜ਼ਰੂਰੀ ਹੈ। ਮੈਂ ਧਰਮ ਦੇ ਅਰਥ ਸਦਾਚਾਰ ਲੈਂਦਾ ਹਾਂ ਜੋ ਮਨੁੱਖ ਨੂੰ ਆਜ਼ਾਦੀ ਤੇ ਬਰਾਬਰੀ ਸਿਖਾਉਂਦਾ ਏ। ਧਰਮੀ ਜਾਂ ਸਦਾਚਾਰੀ ਮਨੁੱਖ ਦੀ ਇਹੋ ਪਛਾਣ ਹੈ, ਕਿ ਉਹ ਸਾਰੀ ਮਨੁੱਖ ਜਾਤੀ ਨੂੰ ਆਜ਼ਾਦ ਤੇ ਸਮਾਨ ਦੇਖਣਾ ਚਾਹੁੰਦਾ ਏ, ਅਤੇ ਸਾਰੀ ਖ਼ਲਕਤ ਨਾਲ ਸੱਚਾ ਪ੍ਰੇਮ ਕਰਦਾ ਏ। ਉਸਨੂੰ ਜੋ ਪਿਆਰ ਆਪਣੇ ਆਪ ਨਾਲ ਹੈ ਓਹੋ ਪਿਆਰ ਹੋਰਨਾਂ ਨਾਲ ਏ। ਜੇ ਉਸਨੂੰ ਸੰਸਾਰ ਦੀ ਕਿਸੇ ਸ਼ੈਅ ਤੋਂ ਘਿਰਣਾ ਹੈ ਤਾਂ ਉਹ ਗੁਲਾਮੀ ਹੈ।’
ਭਾਈ ਮੇਵਾ ਸਿੰਘ, ਕਰਤਾਰ ਸਿੰਘ ਸਰਾਭੇ ਤੇ ਬਾਬਾ ਸੋਹਣ ਸਿੰਘ ਭਕਨਾ ਦੇ ਵਿਚਾਰ ਸਾਰੀ ਗ਼ਦਰ ਲਹਿਰ ਦੇ ਵਿਚਾਰਾਂ ਦੀ ਪ੍ਰਤੀਨਿਧਤਾ ਕਰਦੇ ਹਨ। ਉਹਨਾਂ ਵੱਲੋਂ ਉਪ੍ਰੋਕਤ ਸ਼ਬਦਾਂ ਵਿਚ ਗ਼ਦਰੀਆਂ ਦੀ ਜਿਹੜੀ ਪਛਾਣ ਸਥਾਪਤ ਕਰ ਦਿੱਤੀ ਹੈ ਓਹੋ ਹੀ ਗ਼ਦਰੀਆਂ ਦੀ ਪ੍ਰਮਾਣਿਕ ਪਛਾਣ ਹੈ। ਉਹਨਾਂ ਦੀ ਇਸ ਪਛਾਣ ਨੂੰ ਕਿਸੇ ਹੋਰ ‘ਪਛਾਣ’ ਤੱਕ ਘਟਾਉਣ ਦੀ ਕੋਸਿ਼ਸ਼ ਗ਼ਦਰੀਆਂ ਦੀ ਸੋਚ ਨਾਲ ਅਨਿਆਇ ਕਰਨ ਤੁੱਲ ਹੈ।
ਸਾਨੂੰ ਭੁਲੇਖਾ ਨਹੀˆ ਰਹਿਣਾ ਚਾਹੀਦਾ ਕਿ ਕੁਝ ਵਿਦਵਾਨ ਅੱਜ ਪੁਰਾਣੇ ਇਤਿਹਾਸ ਨੂੰ ਆਪਣੇ ਸੌੜੇ ਮਕਸਦਾˆ ਲਈ ਕਿਉˆ ਭੰਨ ਤੋੜ ਰਹੇ ਹਨ।
ਗ਼ਦਰ ਲਹਿਰ ਵਿਚ ਗਿਣਤੀ ਵਿਚ ਸ਼ਮੂਲੀਅਤ ਭਾਵੇਂ ਪੰਜਾਬੀਆਂ ਦੀ ਵਧੇਰੇ ਸੀ ਪਰ ਪਾਰਟੀ ਦੇ ਸਿਰਕੱਢ ਆਗੂਆਂ ਤੇ ਵਰਕਰਾਂ ਵਿਚ ਸਾਰੇ ਹਿੰਦੁਸਤਾਨ ਦੀ ਪ੍ਰਤੀਨਧਤਾ ਸੀ। ਪੂਰਬੀ ਭਾਰਤ ਵਿਚੋਂ ਤਾਰਕਨਾਥ ਦਾਸ, ਜਤਿੰਦਰ ਲਹਿਰੀ, ਰਾਸ ਬਿਹਾਰੀ ਬੋਸ, ਸਚਿੰਦਰ ਨਾਥ ਸਾਨਿਆਲ ਤੇ ਤ੍ਰਿਲੋਕੀ ਨਾਥ ਚੱਕਰਵਰਤੀ ਆਦਿ; ਮੱਧ ਭਾਰਤ ਵਿਚੋਂ ਪਰਮਾਨੰਦ ਝਾਂਸੀ ਤੇ ਮੌਲਵੀ ਬਰਕਤਉਲਾ, ਉੱਤਰ-ਪੱਛਮੀ ਭਾਰਤ ਵਿਚੋਂ ਪਾਡੂੰਰੰਗ ਖ਼ਾਨਖੋਜੇ ਤੇ ਵਿਸ਼ਨੂੰ ਗਣੇਸ਼ ਪਿੰਗਲੇ; ਦੱਖਣ ਭਾਰਤ ਵਿਚੋਂ ਚੈਂਚਈਆ, ਹੈਨਰੀ ਐਡਵਰਡ ਪਾਂਦਿਆਨ, ਕੇਦਾਰ ਨਾਥ, ਬੀ ਐਨ ਸ਼ਰਮਾ ਤੇ ਪਿਲਈ ਆਦਿ ਆਗੂਆਂ ਤੇ ਵਰਕਰਾਂ ਦੀ ਲਹਿਰ ਵਿਚ ਸ਼ਮੂਲੀਅਤ ਇਸ ਲਹਿਰ ਦੇ ਵੱਡੇ ਤੇ ਵਿਆਪਕ ਘੇਰੇ ਦੀ ਤਸਦੀਕ ਕਰਦੀ ਹੈ। ਇਸ ਲਈ ਗ਼ਦਰ ਲਹਿਰ ਨੂੰ ਨਾ ਕਿਸੇ ਧਰਮ, ਜਾਤ ਜਾਂ ਵਿਸ਼ੇਸ਼ ਖਿੱਤੇ ਦੀ ਲੜਾਈ ਨਾਲ ਜੋੜਨਾ ਬਹੁਤ ਵੱਡਾ ਇਤਿਹਾਸਕ ਛਲ ਅਤੇ ਅਨਿਆਂ ਕਰਨਾ ਹੈ।
ਗ਼ਦਰੀ ਸੂਰਬੀਰ ਧਰਮ ਤੇ ਜਾਤ ਦੀਆਂ ਦੀਵਾਰਾਂ ਤੋੜ ਕੇ ਸਾਂਝੇ ਮਕਸਦ ਲਈ ਕਿਵੇਂ ਇਕ ਦੂਜੇ ਨਾਲ ਖੰਡ-ਖੀਰ ਸਨ, ਇਸਦੀਆਂ ਉਸ ਵੇਲੇ ਦੇ ਇਤਿਹਾਸ ਵਿਚੋਂ ਕਈ ਦਿਲ ਨੂੰ ਛੂਹ ਲੈਣ ਵਾਲੀਆਂ ਉਦਾਹਰਣਾਂ ਮਿਲਦੀਆਂ ਹਨ। ‘ਦਫੇਦਾਰ ਲਛਮਣ ਸਿੰਘ ਨਾਲ ਤੇਈਵੇਂ ਰਸਾਲੇ ਦੇ ਇਕ ਮੁਸਲਮਾਨ ਸ੍ਰੀ ਅਬਦੁੱਲਾ ਨੂੰ ਵੀ ਫਾਂਸੀ ਦਾ ਹੁਕਮ ਹੋਇਆ ਸੀ। ਜਦ ਸ੍ਰੀ ਅਬਦੁੱਲਾ ਨੂੰ ਜਾਨ ਬਖਸ਼ ਦੇਣ ਦਾ ਲਾਲਚ ਦੇ ਕੇ ਕੁਝ ਗੁਪਤ ਗੱਲਾਂ ਦੀ ਟੋਹ ਲੈਣ ਦੀ ਕੋਸ਼ਿਸ਼ ਕੀਤੀ ਗਈ ਅਤੇ ਕਿਹਾ ਗਿਆ ਕਿ ਤੂੰ ਇਕ ਕਾਫ਼ਰ ਦੇ ਨਾਲ ਫਾਂਸੀ ਚੜ੍ਹਨਾ ਕਿਸ ਤਰ੍ਹਾਂ ਪਸੰਦ ਕਰਂੇਗਾ, ਤਦ ਸ੍ਰੀ ਅਬਦੁੱਲਾ ਨੇ ਉਤਰ ਦਿੱਤਾ ਕਿ,‘‘ਜੇਕਰ ਮੈਂ ਲਛਮਣ ਸਿੰਘ ਦੇ ਨਾਲ ਹੀ ਫਾਂਸੀ ਪਰ ਲਟਾਇਆ ਜਾਵਾਂ ਤਾਂ ਮੈਨੂੰ ਜ਼ਰੂਰ ਹੀ ਬਹਿਸ਼ਤ ਮਿਲੇ।‘‘ ਸ੍ਰੀ ਅਬਦੁੱਲਾ ਨੇ ਆਪਣੀ ਜਾਨ ਬਚਾਉਣ ਦੀ ਪ੍ਰਵਾਹ ਨਾ ਕੀਤੀ ਅਤੇ ਫਾਂਸੀ ਲੱਗ ਕੇ ਸ਼ਹੀਦ ਹੋ ਗਏ। ਇਸੇ ਤਰ੍ਹਾਂ ਸ੍ਰੀ ਸੋਹਨ ਲਾਲ ਪਾਠਕ ਨੂੰ ਬਰਮਾ ਦੇ ਗਵਰਨਰ ਨੇ ਭੇਦ ਲੈਣ ਖਾਤਰ ਆਪ ਆ ਕੇ ਸਮਝਾਇਆ ਕਿ ਜੇ ਉਹ ਇਕ ਵੇਰ ਮੁਆਫ਼ੀ ਮੰਗ ਲੈਣ ਤਾਂ ਉਨ੍ਹਾਂ ਦੀ ਜਾਨ ਬਖ਼ਸ਼ੀ ਕੀਤੀ ਜਾਵੇਗੀ। ਪਰ ਸ੍ਰੀ ਸੋਹਨ ਲਾਲ ਪਾਠਕ ਨੇ ਉਤਰ ਦਿੱਤਾ ਕਿ ਖਿਮਾਂ ਤਾਂ ਸਗੋਂ ਅੰਗਰੇਜ਼ਾਂ ਨੂੰ ਮੰਗਣੀ ਚਾਹੀਦੀ ਹੈ, ਕਿਉਂਕਿ ਉਹ ਹਿੰਦੀਆਂ ਉਪਰ ਜ਼ੁਲਮ ਕਰਦੇ ਰਹੇ ਹਨ। ਫਾਂਸੀ ਦੇ ਤਖ਼ਤੇ ਉਤੇ ਖੜੇ ਹੋਣ ਵੇਲੇ ਵੀ ਅੰਗਰੇਜ਼ ਮੈਜਿਸਟ੍ਰੇਟ ਨੇ ਸ੍ਰੀ ਸੋਹਨ ਲਾਲ ਪਾਠਕ ਨੂੰ ਫਿਰ ਅਖ਼ੀਰੀ ਵਾਰ ਪ੍ਰੇਰਨ ਦੀ ਕੋਸ਼ਿਸ਼ ਕੀਤੀ ਕਿ ਉਹ ਮੁਆਫ਼ੀ ਮੰਗ ਲੈਣ, ਪਰ ਉਨ੍ਹਾਂ ਮੁਆਫ਼ੀ ਨਾ ਮੰਗੀ ਅਤੇ ਸ਼ਹੀਦ ਹੋ ਗਏ। ਬਰਮਾ ਕੇਸ ਦਾ ਫੈਸਲਾ ਸੁਨਾਣ ਸਮੇਂ ਸ੍ਰੀ ਚਾਲੀਆ ਰਾਮ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ, ਪਰ ਉਨ੍ਹਾਂ ਉਤੇ ਰਹਿਮ ਕਰਨ ਦੀ ਸਿਫਾਰਸ਼ ਕੀਤੀ ਗਈ। ਪਰ ਸ੍ਰੀ ਚਾਲੀਆ ਰਾਮ ਨੇ ਇਹ ਕਹਿ ਕੇ ਅਪੀਲ ਕਰਨੋਂ ਨਾਂਹ ਕਰ ਦਿੱਤੀ, ਕਿ ਉਹ ਸ੍ਰੀ ਹਰਨਾਮ ਸਿੰਘ ਕਾਹਰੀ ਸਾਹਰੀ ਵਰਗੇ ਮਹਾਤਮਾ ਦਾ ਸੰਗ ਨਹੀਂ ਸੀ ਛੱਡਣਾ ਚਾਹੁੰਦੇ। ਸ੍ਰੀ ਚਾਲੀਆ ਰਾਮ ਫਾਂਸੀ ਉਪਰ ਲਟਕ ਗਏ, ਪਰ ਮੌਤ ਵਿਚ ਵੀ ਸ੍ਰੀ ਹਰਨਾਮ ਸਿੰਘ ਦਾ ਸਾਥ ਨਾ ਛਡਿਆ। ਅਮਰੀਕਾ ਵਿਰੁੱਧ ਕਾਰਵਾਈਆਂ ਦੀ ਰਿਪੋਰਟ ਵਿਚ ਇਹ ਮੰਨਿਆ ਗਿਆ ਕਿ ਗ਼ਦਰ ਪਾਰਟੀ ਦੇ ਇਨਕਲਾਬੀਆਂ ਵਿਚ ਇਕ ਦੂਜੇ ਲਈ ਵਫ਼ਾਦਾਰੀ ਕੁੱਟ ਕੇ ਭਰੀ ਹੋਈ ਸੀ।’44
ਜਦੋਂ ਬੜੌਦਾ ਜੇਲ੍ਹ ਵਿਚ ਪੱਗ ਪਹਿਨਣ ਦੇ ਸਵਾਲ ਉੱਤੇ ਗ਼ਦਰੀਆਂ ਨੇ ਭੁੱਖ ਹੜਤਾਲ ਕਰ ਦਿੱਤੀ ਤਾਂ ਭਾਈ ਪਰਮਾਨੰਦ ਝਾਂਸੀ ਤੇ ਹਿਰਦੇ ਰਾਮ ਨੇ ਵੀ ਨਾਲ ਹੀ ਭੁੱਖ-ਹੜਤਾਲ ਕਰ ਦਿੱਤੀ।45 ਬਾਬਾ ਸੋਹਨ ਸਿੰਘ ਭਕਨਾ ਨੇ ਉਹਨਾਂ ਨੂੰ ਕਿਹਾ ਕਿ ਜਦੋਂ ਉਹ ਪੱਗ ਬੰਨ੍ਹਦੇ ਹੀ ਨਹੀਂ ਤਾਂ ਭੁੱਖ ਹੜਤਾਲ ਵਿਚ ਹਿੱਸਾ ਕਿਉਂ ਲੈ ਰਹੇ ਹਨ ਤਾਂ ਭਾਈ ਪਰਮਾਨੰਦ ਨੇ ਜਵਾਬ ਦਿੱਤਾ ਕਿ ਏਥੇ ਸਵਾਲ ਇਕੱਲੇ ਸਿੱਖਾਂ ਦੀ ਪੱਗ ਦਾ ਨਹੀਂ ਸਗੋਂ ਹਿੰਦੁਸਤਾਨ ਦੀ ਪੱਗ ਦਾ ਹੈ। ਸਾਡੀ ਇਹ ਲੜਾਈ ਹਿੰਦੋਸਤਾਨ ਦੀ ਪੱਗ ਨੂੰ ਸਲਾਮਤ ਰੱਖਣ ਦੀ ਲੜਾਈ ਹੈ। ਅਸੀਂ ਇਸ ਲੜਾਈ ਤੋਂ ਅਲੱਗ ਕਿਵੇਂ ਰਹਿ ਸਕਦੇ ਹਾਂ।
ਇਹ ਜ਼ਾਹਿਰਾ ਹਕੀਕਤ ਹੈ ਕਿ ‘ਹਿੰਦ ਦਾ ਵਾਯੂਮੰਡਲ ਫਿਰਕੇਦਾਰੀ ਨਾਲ ਭਰਪੂਰ ਰਿਹਾ ਹੈ, ਅਤੇ ਪੰਜਾਬ ਇਸ ਦਾ ਗੜ੍ਹ ਸੀ। ਗ਼ਦਰ ਪਾਰਟੀ ਲਹਿਰ ਦੀ ਗੈਰ ਫਿਰਕੂ ਸਪਿਰਟ ਦੀ ਇਹ ਇਕ ਵੱਡੀ ਸ਼ਾਹਦੀ ਹੈ ਕਿ ਇਸ ਦੇ ਫੇਲ੍ਹ ਹੋ ਜਾਣ ਪਿਛੋਂ ਅਮਰੀਕਾ ਤੋਂ ਆਏ ਪਹਿਲੇ ਕੇਸ ਵਿਚ ਸਜ਼ਾ ਪਾਉਣ ਵਾਲੇ ਉਘੇ ਗ਼ਦਰੀਆਂ ਵਿਚੋਂ ਇਕ ਨੇ ਵੀ ਰਿਹਾ ਹੋ ਕੇ ਕਿਸੇ ਫਿਰਕੂ ਲਹਿਰ ਵਿਚ ਹਿੱਸਾ ਨਹੀਂ ਲਿਆ, ਹਾਲਾਂਕਿ ਉਹ ਕੌਮੀ ਅਤੇ ਜਨਤਕ ਲਹਿਰਾਂ ਵਿਚ ਵਧ ਚੜ੍ਹ ਕੇ ਹਿੱਸਾ ਲੈਂਦੇ ਰਹੇ। ਬਲਕਿ ਉਨ੍ਹਾਂ ਵਿਚੋਂ ਬਹੁਗਿਣਤੀ ਰਿਹਾਈ ਦੇ ਪਿਛੋਂ ਕਮਿਊਨਿਸਟ ਲਹਿਰ ਵਿਚ ਸ਼ਾਮਲ ਹੋ ਗਈ, ਅਤੇ ਗ਼ਦਰ ਪਾਰਟੀ ਲਹਿਰ ਫੇਲ੍ਹ ਹੋਣ ਪਿਛੋਂ ਗ਼ਦਰ ਪਾਰਟੀ ਦਾ ਰੁਖ ਕਮਿਊਨਿਜ਼ਮ ਵੱਲ ਹੋ ਗਿਆ। ਕਮਿਊਨਿਸਟ ਪਾਰਟੀ ਦੇ ਕੱਟੜ ਦੁਸ਼ਮਣ ਵੀ ਉਸ ਉੱਤੇ ਫਿਰਕੇਦਾਰੀ ਦਾ ਦੋਸ਼ ਨਹੀਂ ਲਾ ਸਕਦੇ।’46
ਏਥੇ ਇੱਕ ਗੱਲ ਸਾਡੇ ਮੁਲਕ ਦੀ ਕਮਿਊਨਿਸਟ ਲਹਿਰ ਅਤੇ ਗ਼ਦਰੀਆਂ ਦੀ ਸੋਚ ਦੇ ਹਵਾਲੇ ਨਾਲ ਵੀ ਕਰਨੀ ਬਣਦੀ ਹੈ। ਸਾਡੀ ਕਮਿਊਨਿਸਟ ਪਾਰਟੀ ਨੇ ਜਨਮ ਲੈਂਦਿਆਂ ਹੀ ਅੰਤਰਰਾਸ਼ਟਰੀ ਕਮਿਊਨਿਸਟ ਲਹਿਰ ਨਾਲ ਤਾਂ ਆਪਾ ਜੋੜ ਲਿਆ ਪਰ ਆਪਣੇ ਸਥਾਨਕ ਇਨਕਲਾਬੀ ਇਤਿਹਾਸ ਨਾਲੋਂ ਆਪਣਾ ਨਾਤਾ ਤੋੜ ਲਿਆ। ਅਸੀਂ ਰੂਸ ਅਤੇ ਚੀਨ ਦੇ ਆਗੂਆਂ ਤੇ ਇਨਕਲਾਬਾਂ ਤੋਂ ਦਿਸ਼ਾ ਤੇ ਅਗਵਾਈ ਲੈਂਦੇ ਰਹੇ ਪਰ ਆਪਣੇ ਇਤਿਹਾਸ ਵਿਚ ਪਏ ਇਨਕਲਾਬੀ ਤੱਤ ਨੂੰ ਵਿਸਾਰ ਛੱਡਿਆ। ਅਸੀਂ ਅੱਕੀਂ ਪਲਾਹੀਂ ਹੱਥ ਮਾਰਦੇ ‘ਚੀਨ ਦਾ ਪ੍ਰਧਾਨ ਸਾਡਾ ਪ੍ਰਧਾਨ’ ਵੀ ਆਖਦੇ ਰਹੇ ਪਰ ਆਪਣੇ ਨਾਇਕਾਂ ਨੂੰ ਮਨ ਚਿੱਤ ਤੋਂ ਵਿਸਾਰ ਛੱਡਿਆ। ਅਸਲ ਵਿਚ ਸਾਡੀ ਖੱਬੀ ਧਿਰ ਦਾ ਬਹੁਤ ਵੱਡਾ ਹਿੱਸਾ ਸਾਡੇ ਮੱਧਕਾਲੀਨ ਇਨਕਲਾਬੀ ਇਤਿਹਾਸ ਨੂੰ ਆਪਣੇ ਵਿਰਸੇ ਵਜੋਂ ਸਵੀਕਾਰਨ ਦੀ ਥਾਂ ਉਸਤੋਂ ਇੱਕ ਵਿੱਥ ਥਾਪ ਕੇ ਚੱਲਣ ਦਾ ਵਿਸ਼ਵਾਸੀ ਰਿਹਾ ਹੈ ਅਤੇ ਆਪਣੇ ਇਤਿਹਾਸ ਨੂੰ ਰੂਸ ਜਾਂ ਚੀਨ ਵਰਗੇ ਇਨਕਲਾਬਾਂ ਦੇ ਇਤਿਹਾਸ ਨਾਲ ਜੋੜ ਕੇ ਕੇਵਲ ਤੇ ਕੇਵਲ ਉਹਨਾਂ ਦੇ ਇਤਿਹਾਸ ਨੂੰ ਹੀ ਆਪਣਾ ਪ੍ਰੇਰਨਾ ਸ੍ਰੋਤ ਸਮਝਦਾ/ਸਮਝਾਉਂਦਾ ਰਿਹਾ ਹੈ। ਅਸੀਂ ਇਹ ਭੁੱਲ ਜਾਂਦੇ ਰਹੇ ਕਿ ਉਹਨਾਂ ਦੇਸ਼ਾਂ ਦੀਆਂ ਇਨਕਲਾਬੀ ਲਹਿਰਾਂ ਨੂੰ ਉਸਾਰਨ ਵਿਚ ਵੀ ਉਹਨਾਂ ਦੇ ਆਪਣੇ ਇਤਿਹਾਸ ਦੇ ਸ਼ਹੀਦ ਤੇ ਲੋਕ-ਨਾਇਕ ਹੀ ਉਹਨਾਂ ਦੀ ਪ੍ਰੇਰਨਾ ਦਾ ਸੋਮਾਂ ਬਣਦੇ ਰਹੇ ਸਨ। ਉਹਨਾਂ ਮੁਲਕਾਂ ਦੇ ਪੁਰਾਣੇ ਸਮਿਆਂ ਦੇ ਲੋਕ-ਨਾਇਕ, ਜਿਹੜੇ ਕਿ ਨਿਸਚੈ ਹੀ ਮਾਰਕਸਵਾਦੀ ਭਾਵੇਂ ਨਹੀਂ ਸਨ (ਕਿਉਂਕਿ ਮਾਰਕਸ ਤਾਂ ਉਦੋਂ ਜੰਮਿਆਂ ਵੀ ਨਹੀਂ ਸੀ) ਪਰ ਲੋਕ-ਹਿਤੈਸ਼ੀ ਜ਼ਰੂਰ ਸਨ; ਜੇ ਉਹਨਾਂ ਮੁਲਕਾਂ ਦੀ ਲੋਕ-ਲਹਿਰ ਦੀ ਤਾਕਤ ਬਣ ਸਕਦੇ ਸਨ ਤਾਂ ਸਾਡੇ ਮੱਧ-ਕਾਲੀ ਨਾਇਕ ਸਾਡੇ ਲਈ ਏਨੇ ਅਛੂਤ ਤੇ ਓਪਰੇ ਕਿਉਂ ਹੋਣ!
‘ਅਸਲ ਵਿਚ ਸਾਡਾ ਮੱਧ-ਕਾਲੀਨ ਇਤਿਹਾਸ ‘ਭਾਗੋਆਂ’ ਦੇ ਖਿ਼ਲਾਫ਼ ‘ਲਾਲੋਆਂ’ ਦੀ ਨਿਰੰਤਰ ਲੜਾਈ ਦਾ ਗਵਾਹ ਹੈ, ਜਿਸਦੀ ਨੀਂਹ ਗੁਰੂ ਨਾਨਕ ਦੇਵ ਨੇ ਆਪਣੇ ਆਪ ਨੂੰ ਪ੍ਰੋਲਤਾਰੀ ਵਰਗ ਨਾਲ ਜੋੜ ਕੇ ਤੇ ਖ਼ੁਦ ਨੂੰ ‘ਨੀਚਾਂ ਅੰਦਰ ਨੀਚ ਜਾਤ’ ਹੋਣ ਦਾ ਐਲਾਨ ਕਰਕੇ ਕੀਤੀ ਸੀ। ਗੁਰੁੂ ਗੋਬਿੰਦ ਸਿੰਘ ਦਾ ‘ਖ਼ਾਲਸਾ’ ਵੀ ਦਲਿਆਂ-ਮਲਿਆਂ ਦੀ ਅਜਿਹੀ ਫੌਜੀ ਜਥੇਬੰਦੀ ਸੀ ਜਿਹੜੀ ਸਥਾਪਤ ਤਾਕਤਾਂ ਲਈ ਵੰਗਾਰ ਬਣ ਖੜੋਤੀ। ਗੁਰੂੁ ਸਹਿਬਾਨ ਦੀ ਸਿਧਾਂਤਕ ਸੇਧ ਅਤੇ ਕੁਰਬਾਨੀਆਂ ਦਾ ਸਿਲਸਿਲਾ ਹੀ ਅੱਗੇ ਜਾ ਕੇ ਬੰਦਾ ਬਹਾਦਰ ਦੀ ਅਗਵਾਈ ਵਿਚ ਪੰਜਾਬ ਵਿਚ ਪਹਿਲੀ ਵਾਰ ਜਾਗੀਰਦਾਰੀ ਪ੍ਰਬੰਧ ਦੇ ਖਿ਼ਲਾਫ਼ ਇਨਕਲਾਬੀ ਬਦਲ ਵਜੋਂ ‘ਜ਼ਮੀਨ ਹਲ-ਵਾਹਕ ਦੀ’ ਦੇ ਨਾਅ੍ਹਰੇ ਨੂੰ ਅਰਥਵਾਨ ਬਨਾਉਣ ਦੀ ਕੋਸਿ਼ਸ਼ ਕਰਦਾ ਹੈ। ਅਸੀਂ ਭਾਵੇਂ ਇਸ ਇਨਕਲਾਬੀ ਇਤਿਹਾਸ ਤੋਂ ਬੇਮੁੱਖ ਹੋਏ ਰਹੇ ਪਰ ਸਾਡੇ ਗ਼ਦਰੀ ਸੂਰਬੀਰ ਤੇ ਕਿਰਤੀ-ਕਿਸਾਨ ਲਹਿਰ ਦੇ ਆਗੂ ਆਪਣੇ ਸਜਿੰਦ ਇਤਿਹਾਸ ਨਾਲ ਨਾਤਾ ਜੋੜ ਕੇ, ਉਸਤੋਂ ਸਦਾ ਪ੍ਰੇਰਨਾ ਤੇ ਉਤਸ਼ਾਹ ਲੈ ਕੇ ਚੱਲਦੇ ਤੇ ਲੜਦੇ ਰਹੇ। ਉਹ ਜਾਣਦੇ ਸਨ ਕਿ ਸਾਡਾ ਆਪਣਾ ਜਾਨਦਾਰ ਇਤਿਹਾਸ ਹੀ ਸਾਡੇ ਪੈਰਾਂ ਹੇਠਲੀ ਜ਼ਮੀਨ ਬਣਦਾ ਹੈ, ਜਿਸ ਉੱਤੇ ਖਲੋ ਕੇ ਅਸੀਂ ਆਪਣੇ ਸੁਪਨਿਆਂ ਦੇ ਆਕਾਸ਼ ‘ਚੋਂ ਮਨ-ਚਾਹੇ ਤਾਰੇ ਤੋੜਨ ਦਾ ਉੱਦਮ ਕਰ ਸਕਦੇ ਹਾਂ। ਜਿਹੜੇ ਲੋਕ ਆਪਣੇ ਇਤਿਹਾਸ ਨਾਲ ਸਜਿੰਦ ਰਿਸ਼ਤਾ ਸਥਾਪਤ ਕਰਨ ਤੋਂ ਉੱਕ ਜਾਂਦੇ ਹਨ, ਉਹ ਆਪਣੇ ਪੈਰਾਂ ਹੇਠਲੀ ਜ਼ਮੀਨ ਗਵਾ ਬੈਠਦੇ ਹਨ। ਪੈਰਾਂ ਥੱਲਿਓਂ ਜ਼ਮੀਨ ਖਿਸਕਣ ਨਾਲ ਬੰਦੇ, ਧਿਰਾਂ ‘ਤੇ ਲਹਿਰਾਂ ਪਤਾਲ ਵਿਚ ਗ਼ਰਕ ਹੋ ਜਾਂਦੇ ਹਨ। ਆਪਣੇ ਇਤਿਹਾਸ ਦੇ ਮਹੱਤਵ ਨੂੰ ਸਮਝਣ ਦੀ ਬਦੌਲਤ ਹੀ ਗ਼ਦਰ ਪਾਰਟੀ ਵਲੋਂ ਸ਼ੁਰੂ ਕੀਤੇ ਹਫ਼ਤਾਵਾਰੀ ਅਖ਼ਬਾਰ ‘ਗ਼ਦਰ’ ਉੱਤੇ ਲਿਖੀ ਹੋਈ ਗੁਰਬਾਣੀ ਦੀ ਸਤਰ ‘ਜੇ ਚਿਤ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੋਰੀ ਆਵੋ’ ਵਿਚੋਂ ਕਿਸੇ ਨੂੰ ‘ਪਿਛਾਂਹ-ਖਿੱਚੂ ਧਾਰਮਿਕ ਤੰਗ-ਦ੍ਰਿਸ਼ਟੀ’ ਦੀ ‘ਹੁਮਕ’ ਨਹੀਂ ਸੀ ਆਈ; ਸਗੋਂ, ਇਹ ਸਤਰ ਆਜ਼ਾਦੀ ਦੀ ਜੰਗ ਲਈ ਜੂਝਣ ਤੇ ਨਿੱਤਰਣ ਲਈ ਵੰਗਾਰ ਬਣ ਕੇ ਉਹਨਾਂ ਲੋਕਾਂ ਲਈ ਉਤਸ਼ਾਹ ਤੇ ਪ੍ਰੇਰਨਾ ਦਾ ਸੋਮਾ ਹੋ ਨਿੱਬੜੀ ਸੀ।
ਸੱਚੀ ਗੱਲ ਤਾਂ ਇਹ ਹੈ ਕਿ ਕਿਸੇ ਵੀ ਕੌਮ ਦਾ ਇਤਿਹਾਸ ਤੇ ਮਿਥਿਹਾਸ ਉਹਨਾਂ ਦੇ ਸੰਸਕਾਰਾਂ ਦਾ ਹਿੱਸਾ ਬਣ ਕੇ ਉਹਨਾਂ ਦੇ ਧੁਰ ਅਵਚੇਤਨ ਵਿਚ ਰਚਿਆ ਵੱਸਿਆ ਹੁੰਦਾ ਹੈ। ਜਦੋਂ ਕੋਈ ਉਹਨਾਂ ਦੇ ਇਸ ਅਵਚੇਤਨ ਨੂੰ, ਛੂੰਹਦਾ, ਟੁੰਬਦਾ ਜਾਂ ਵੰਗਾਰਦਾ ਹੈ ਤਾਂ ਕੌਮਾਂ ਅਤੇ ਬੰਦਿਆਂ ਅੰਦਰ ਸੁੱਤੀਆਂ ਸੱਤੇ ਸੁਰਾਂ ਜਾਗ ਉੱਠਦੀਆਂ ਹਨ। ਉਹਨਾਂ ਦਾ ਆਪਾ ਇਕ ਸੁਰ ਹੋ ਕੇ ਪੂਰੇ ਜੋਸ਼ ਅਤੇ ਉਮਾਹ ਨਾਲ ਨਵੀਆਂ ਵੰਗਾਰਾਂ ਦੇ ਰੂਬਰੂ ਡਟ ਖਲੋਂਦਾ ਹੈ। ਸੁਚੇਤ ਕੌਮਾਂ ਜਾਂ ਲੋਕ ਇਤਿਹਾਸ ਦਾ ਅੰਨ੍ਹੇ ਵਾਹ ਅਨੁਕਰਣ ਨਹੀਂ ਕਰਦੇ ਸਗੋਂ ਉਸਨੂੰ ਨਵੇਂ ਹਾਲਾਤ ਦੀਆਂ ਲੋੜਾਂ ਦੇ ਸਨਮੁੱਖ ਨਵੀਂ ਪਿਉਂਦ ਕਰਕੇ ਸਮੇਂ ਦੇ ਹਾਣ ਦਾ ਬਣਾ ਕੇ ਵਰਤਦੇ ਹਨ। 47 ਇਤਿਹਾਸ-ਮਿਥਿਹਾਸ ਦੇ ਜਮ੍ਹਾਂ ਪਹਿਲੂ ਕਿਵੇਂ ਵਰਤਮਾਨ ਵਿਚ ਗਤੀਸ਼ੀਲ ਹੋਣ ਲਈ ਸਾਡੀ ਧਿਰ ਤੇ ਧੁਰਾ ਬਣਦੇ ਹਨ ਇਸਦੀ ਇੱਕ ਉਦਾਹਰਣ ਭਾਈ ਸੰਤੋਖ ਸਿੰਘ ਹੁਰਾਂ ਵੱਲੋਂ ‘ਕਿਰਤੀ’ ਪਰਚਾ ਕੱਢਣਾ ਅਤੇ ਆਪਣੇ ਸਾਥੀਆਂ ਨਾਲ ਰਲ ਕੇ ‘ਕਿਰਤੀ ਪਾਰਟੀ’ ਦੀ ਸਥਾਪਨਾ ਕਰਨਾ ਸੀ। ਉਹਨਾਂ ਨੇ ਰੂਸ ਤੋਂ ਮਾਰਕਸਵਾਦ ਦੀ ਸਿੱਖਿਆ ਵੀ ਹਾਸਲ ਕੀਤੀ ਪਰ ਵੇਲੇ ਦੇ ਅੰਤਰਰਾਸ਼ਟਰੀ ਗਿਆਨ ਨੂੰ ਆਪਣੀ ਸਜਿੰਦ ਸਥਾਨਕ ਵਿਰਾਸਤ ਨਾਲ ਵੀ ਜੋੜਿਆ। ਉਹ ਜਾਣਦੇ ਸਨ ਕਿ ਆਪਣੀਆਂ ਜੜ੍ਹਾਂ ਨਾਲ ਜੋੜ ਕੇ ਸਮਝਾਇਆਂ ਹੀ ਵੇਲੇ ਦਾ ਲੋੜੀਂਦਾ ਫ਼ਲਸਫ਼ਾ ਤੇ ਗਿਆਨ ਲੋਕ-ਚੇਤਨਾ ਦਾ ਹਿੱਸਾ ਬਣ ਸਕਦਾ ਹੈ। ਉਹਨਾਂ ਨੇ ਜਦੋਂ ‘ਕਿਰਤੀ’ ਪਰਚੇ ਦੀ ਸੰਪਾਦਨਾ ਦੀ ਜਿ਼ੰਮੇਵਾਰੀ ਸੰਭਾਲੀ ਤਾਂ ਗੁਰੂ ਗ੍ਰੰਥ ਸਾਹਿਬ ਵਿਚੋਂ ਉਸਤਰ੍ਹਾਂ ਹੀ ਵਾਕ ਲਿਆ ਜਿਸਤਰ੍ਹਾਂ ਸਟਾਕਟਨ ਦਾ ਗੁਰਦਵਾਰਾ ਸਥਾਪਤ ਕਰਨ ਲਈ ਵਾਕ ਲੈ ਕੇ ਭਾਰਤ ਵਰਸ਼ ਦੀ ਆਜ਼ਾਦੀ ਦਾ ਬਿਗ਼ਲ ਵਜਾਇਆ ਗਿਆ ਸੀ। ਉਹਨਾਂ ਨੇ ਉਹ ਵਾਕ ‘ਆਪਣੇ ਹੱਥੀਂ ਆਪਣਾ, ਆਪੇ ਹੀ ਕਾਜ ਸਵਾਰੀਏ’ ‘ਕਿਰਤੀ’ ਦੇ ਪਹਿਲੇ ਪੰਨੇ ਉੱਤੇ ਛਾਪਣਾ ਸ਼ੁਰੂ ਕਰ ਦਿੱਤਾ। ਅਪ੍ਰੈਲ 1927 ਤੱਕ ‘ਕਿਰਤੀ’ ਦੇ ਪਹਿਲੇ ਪੰਨੇ ਉੱਤੇ ਇਹ ਤੁਕ ਦਰਜ ਹੁੰਦੀ ਸੀ ਪਰ ਜਦੋਂ ਭਾਈ ਸੰਤੋਖ ਸਿੰਘ ਦੀ ਮੌਤ ਹੋਣ ਪਿੱਛੋਂ ਸੋਹਨ ਸਿੰਘ ਜੋਸ਼ ਨੇ ‘ਕਿਰਤੀ’ ਦੇ ਸੰਪਾਦਨ ਦਾ ਕਾਰਜ-ਭਾਰ ਸੰਭਾਲਿਆ ਤਾਂ ਉਸਨੇ ਤੱਤੇ ਤੇ ਤਾਜ਼ੇ ਕਮਿਊਨਿਸਟ ਪ੍ਰਭਾਵ ਅਧੀਨ ਮਈ ਅੰਕ ਵਿਚ ਪਹਿਲੇ ਸਫ਼ੇ ਤੋਂ ਗੁਰਬਾਣੀ ਦੀ ਤੁਕ ਹਟਾ ਕੇ ਲਿਖਣਾ ਸ਼ੁਰੂ ਕਰ ਦਿੱਤਾ: ‘ਉਠੋ, ਜਾਗੋ ਅਤੇ ਸੰਸਾਰ ਦੇ ਕਿਰਤੀਉ ਇਕੱਠੇ ਹੋ ਜਾਉ।”
ਇਹ ਇਕਤਰ੍ਹਾਂ ਨਾਲ ਸੰਕੇਤਕ ਤੌਰ ‘ਤੇ ਕਮਿਊਨਿਸਟਾਂ ਵੱਲੋਂ ਸਥਾਨਕਤਾ ਨਾਲੋਂ ਨਾਤਾ ਤੋੜਨ ਦਾ ਐਲਾਨਨਾਮਾ ਸੀ। ਜਿਸਦੇ ਫ਼ਲਸਰੂਪ ਕਮਿਊਨਿਸਟ ਲਹਿਰ ਸਾਰੇ ਯਤਨਾਂ ਦੇ ਬਾਵਜੂਦ ਲੋਕ ਮਨਾਂ ਵਿਚ ਜੜ੍ਹਾਂ ਨਹੀਂ ਲਾ ਸਕੀ। ਇਹ ਗ਼ਦਰੀ ਹੀ ਸਨ ਜਿਨ੍ਹਾਂ ਦੇ ਪੈਰ ਸਥਾਨਕ ਸਜਿੰਦ ਇਨਕਲਾਬੀ ਇਤਿਹਾਸ ਦੀ ਜ਼ਮੀਨ ਉਤੇ ਸਨ ਪਰ ਸਿਰ ਅੰਤਰਾਸ਼ਟਰੀ ਗਿਆਨ ਅਤੇ ਫ਼ਲਸਫ਼ੇ ਨਾਲ ਜੁੜਿਆ ਹੋਇਆ ਸੀ। ਇਹ ਵੱਖਰੀ ਗੱਲ ਹੈ ਕਿ ਹਾਲਾਤ ਦੇ ਵੇਗ ਅੱਗੇ ਉਹਨਾਂ ਦਾ ਸਥਾਨਕਤਾ ਤੇ ਅੰਤਰਰਾਸ਼ਟਰੀਅਤਾ ਦੇ ਸੁਮੇਲ ਵਾਲਾ ਰਾਜਨੀਤਕ ਮੱਤ ਕਮਿਊਨਿਸਟ ਲਹਿਰ ਵਿਚ ਜ਼ੋਰ ਨਾ ਪਕੜ ਸਕਿਆ ਕਿਉਂਕਿ ਕਮਿਊਨਿਸਟਾਂ ਨੂੰ ਇਹ ਨਜ਼ਰੀਆ ਪ੍ਰਵਾਨ ਨਹੀਂ ਸੀ। ਸੱਚੀ ਗੱਲ ਤਾਂ ਇਹ ਹੈ ਕਿ ਜਿਹੜੇ ਗ਼ਦਰੀ ਪਿੱਛੋਂ ਕਿਰਤੀ ਪਾਰਟੀ ਦੀ ਸ਼ਕਲ ਵਿਚ ਕਮਿਊਨਿਸਟ ਲਹਿਰ ਵਿਚ ਸ਼ਾਮਲ ਵੀ ਹੋਏ ਉਹਨਾਂ ਨਾਲ ਪਾਰਟੀ ਕਦੀ ਵੀ ਖੰਡ-ਖੀਰ ਵਾਲਾ ਰਿਸ਼ਤਾ ਨਾ ਬਣਾ ਸਕੀ। ਕਮਿਊਨਿਸਟ ਲਹਿਰ ਦੇ ‘ਏਕੀਕਰਨ’ ਤੋਂ ਬਾਅਦ ਵੀ ਕਿਰਤੀਆਂ (ਗ਼ਦਰੀਆਂ) ਤੇ ਕਮਿਊਨਿਸਟਾਂ ਵਿਚ ਵਿਰੋਧਾਭਾਸ ਕਾਇਮ ਰਿਹਾ, ਜਿਸਦਾ ਤਿੱਖਾ ਪ੍ਰਗਟਾਵਾ ਕਮਿਊਨਿਸਟਾਂ ਵੱਲੋਂ ਦੂਜੀ ਵੱਡੀ ਜੰਗ ਨੂੰ ‘ਪੀਪਲਜ਼ ਵਾਰ’ ਦੇ ਸਿਧਾਂਤ ਨੂੰ ਲੈ ਕੇ ਵੀ ਸਾਹਮਣੇ ਆਇਆ। ਅੰਗਰੇਜ਼ ਹਕੂਮਤ ਦੇ ਖਿ਼ਲਾਫ਼ ਉਮਰਾਂ ਲਾ ਦੇਣ ਵਾਲੇ ਮਰਜੀਵੜਿਆਂ ਦੇ ਸੰਘੋਂ, ‘ਪੀਪਲਜ ਵਾਰ’ ਦੀ ਇਹ ਗੱਲ, ਹੇਠਾਂ ਨਹੀਂ ਸੀ ਉਤਰਦੀ। ਇੰਜ ਗ਼ਦਰੀ ਜਾਂ ਕਿਰਤੀ ਕਮਿਊਨਿਸਟ ਪਾਰਟੀ ਵਿਚ ਰਹਿੰਦਿਆਂ ਹੋਇਆਂ ਵੀ ਸਦਾ ਓਪਰੇ ਤੇ ਅਣਗੌਲੇ ਮਹਿਸੂਸ ਕਰਦੇ ਰਹੇ। ਗ਼ਦਰੀਆਂ ਦੀ ਅਜਿਹੀ ਜ਼ਖਮੀ ਮਾਨਸਿਕਤਾ ਬਾਰੇ ਦੂਜੇ ਦੌਰ ਦੇ ਗ਼ਦਰੀ ਬਾਬਾ ਭਗਤ ਸਿੰਘ ਬਿਲਗਾ ਆਖਦੇ ਹਨ, “ਅੰਗਰੇਜ਼ ਤਾਂ ਗਦਰ ਪਾਰਟੀ ਵਾਲਿਆਂ ਬਾਰੇ ਸਾਰੇ ਸੰਸਾਰ ਨੂੰ ਸੁਚੇਤ ਕਰ ਰਿਹਾ ਸੀ, ਪਰ ਸਾਡੀਆਂ ਇਨਕਲਾਬੀ ਧਿਰਾਂ ਏਥੇ ਗਦਰ ਪਾਰਟੀ ਦੇ ਮਹੱਤਵ ਨੂੰ ਸਵੀਕਾਰਦੀਆਂ ਨਹੀਂ। ਇਹੋ ਗਿਲਾ ਮੈਨੂੰ ਕਮਿਊਨਿਸਟ ਪਾਰਟੀਆਂ ‘ਤੇ ਵੀ ਹੈ। ਉਹ ਸਾਡਾ ਜਿ਼ਕਰ ਕਰਦਿਆਂ ਸ਼ਰਮਾਉਂਦੇ ਨੇ। ਮੰਨਿਆ, ਅਸੀਂ ‘ਗਦਰਾਈਟ ਕਮਿਊਨਿਸਟ’ ਹੀ ਸਹੀ, ਵੱਖਰਾ ਹੀ ਕਰ ਲਵੋ। ਪਰ ਸਾਡੀ ਦੇਣ ਹੈ ਫਿ਼ਰ ਵੀ। ਸਾਨੂੰ ਤਾਂ ਇਹ ਕਿਹਾ ਕਰਦੇ ਸਨ ਕਿ ਬਾਬੇ ਤਾਂ ਕਦੇ ਕਮਿਊਨਿਸਟ ਹੋ ਹੀ ਨਹੀਂ ਸਕਦੇ।”48
ਸੋ ਇਸ ਦੌਰ ਵਿਚ ‘ਕਿੰਨੇ ਮਾਰ-ਖੋਰੇ, ਆਪਾ-ਵਾਰੂ ਤੇ ਅਥੱਕ ਕਮਿਊਨਿਸਟ ਵਰਕਰ ਗੁੱਠੇ ਲੱਗੇ ਰਹੇ, ਨਿਸਹੋਂਦ ਹੋਏ, ਇਸਦਾ ਅਨੁਮਾਨ ਉਹੋ ਪਾਰਟੀ ਵਰਕਰ, ਮੈਂਬਰ ਤੇ ਹਮਦਰਦ ਲਾ ਸਕਦੇ ਹਨ ਜੋ ਇਸ ਪ੍ਰਕਿਰਿਆ ਦੀ ਕੁਠਾਲੀ ਵਿਚੋਂ ਉਦੋਂ ਲੰਘ ਰਹੇ ਸਨ।’49
ਬਾਬਾ ਭਗਤ ਸਿੰਘ ਬਿਲਗਾ ਨੇ ਇਹਨਾਂ ਸਤਰਾਂ ਦੇ ਲੇਖਕ ਨਾਲ ਗੱਲ ਬਾਤ ਕਰਦਿਆਂ ‘ਸਥਾਨਕਤਾ’ ਤੇ ‘ਅੰਤਰਰਾਸ਼ਟਰੀਅਤਾ’ ਵਿਚਲੇ ਫ਼ਰਕ ਨੂੰ ਕੁਝ ਇਹਨਾਂ ਸ਼ਬਦਾਂ ਵਿਚ ਬਿਆਨ ਕੀਤਾ ਸੀ, “ਜਿੰਨਾ ਚਿਰ ਤੁਸੀਂ ਕਿਸੇ ਮੂਵਮੈਂਟ ਨੂੰ ਇੱਥੋਂ ਦੀ ਵਿਰਾਸਤ ਅਨੁਸਾਰ ਨਹੀਂ ਢਾਲ ਲੈਂਦੇ, ਜਾਂ ਮੈਂ ਇਹ ਕਹਾਂ ਕਿ ਅਸੀਂ ਬਾਹਰਲੀਆਂ ਮਿਸਾਲਾਂ ਦੇ ਕੇ ਫਿ਼ਲਾਸਫ਼ੀ ਨੂੰ ਪੜ੍ਹਾਵਾਂਗੇ, ਤਾਂ ਕਾਮਯਾਬ ਨਹੀਂ ਹੋ ਸਕਦੇ। ਅਸੀਂ ਇਹੋ ਹੀ ਗ਼ਲਤੀ ਕੀਤੀ। ਸਾਡੇ ਕਾਮਰੇਡ ਭਾਰਤ ਦੀ ਹਿੰਦੂ, ਸਿੱਖ ਜਾਂ ਮੁਸਲਿਮ ਫਿ਼ਲਾਸਫ਼ੀ ਅਤੇ ਇਤਿਹਾਸ ਤੋਂ ਜਾਣੂ ਨਹੀਂ ਸਨ। ਇਸੇ ਕਰਕੇ ਲੋਕਾਂ ਨੂੰ ਨਾਲ ਨਾ ਜੋੜ ਸਕੇ। ਬਾਬਾ ਬੂਝਾ ਸਿੰਘ ਭਾਵੇਂ ਬਹੁਤਾ ਪੜ੍ਹਿਆ-ਲਿਖਿਆ ਨਹੀਂ ਸੀ, ਪਰ ਉਹਦੇ ਸਟੱਡੀ ਸਰਕਲ ਤਕੜੇ ਤੋਂ ਤਕੜੇ ਬੰਦੇ ਸੁਣਦੇ ਅਤੇ ਅਸਰ ਕਬੂਲਦੇ ਸਨ, ਕਿਉਂਕਿ ਉਹ ਸਾਡੀ ਅਮੀਰ ਵਿਰਾਸਤ ਵਿੱਚੋਂ ਮਿਸਾਲਾਂ ਦਿਆ ਕਰਦਾ ਸੀ। ਜਵਾਨੀ ਦੇ ਦਿਨਾਂ ਵਿੱਚ ਉਹਦੇ ਘਰ ਸਾਧ-ਸੰਤ ਆਉਂਦੇ ਰਹਿੰਦੇ ਅਤੇ ਉਹ ਕਥਾ-ਵਾਰਤਾ ਸੁਣਿਆ ਕਰਦਾ ਸੀ। ਸੋ, ਆਪਣੇ ਏਸ ਪਿਛੋਕੜ ਨਾਲੋਂ ਟੁੱਟ ਜਾਣਾ ਗ਼ਲਤ ਬੈਠਾ।50
ਨਜ਼ਰੀਏ ਦੇ ਇਸ ਦਵੰਦ ਵਿਚਲੀ ਵਿਡੰਬਨਾਂ ਦਾ ਅਨੁਮਾਨ ਅਸੀਂ ਪ੍ਰਸਿੱਧ ਅਧਿਆਤਮਕ ਹਸਤੀ ਸੰਤ ਵਿਸਾਖਾ ਸਿੰਘ ਦੇ ਸ਼ਬਦਾਂ ਤੋਂ ਵੀ ਲਾ ਸਕਦੇ ਹਾਂ। ਉਹ ਅਕਸਰ ਮਜ਼ਾਕ ਨਾਲ ਆਖਿਆ ਕਰਦੇ ਸਨ, “ਸਿੱਖ ਮਹਿਸੂਸ ਕਰਦੇ ਸਨ ਕਿ ਮੈਂ ਚੰਗਾ ਸਿੱਖ ਨਹੀਂ ਕਿਉਂਕਿ ਮੇਰੇ ਸੰਗੀ-ਸਾਥੀ ਕਮਿਊਨਿਸਟ ਹਨ ਜਿਨ੍ਹਾਂ ਦਾ ਰੱਬ ਵਿਚ ਕੋਈ ਵਿਸ਼ਵਾਸ ਨਹੀਂ। ਦੂਜੇ ਪਾਸੇ ਕਮਿਊਨਿਸਟ ਆਖਦੇ ਸਨ ਕਿ ਮੈਂ ਕਦੀ ਵੀ ਚੰਗਾ ਕਮਿਊਨਿਸਟ ਨਹੀਂ ਬਣ ਸਕਦਾ ਕਿਉਂਕਿ ਮੇਰੀ ਪਹਿਲੀ ਵਫ਼ਾਦਾਰੀ ਪ੍ਰਮਾਤਮਾ ਪ੍ਰਤੀ ਹੈ।”
ਜਦੋਂ ਸੰਤ ਵਿਸਾਖਾ ਸਿੰਘ ਨੂੰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸ਼ਹੀਦੀ ਦਾ ਸਮਾਚਾਰ ਸੁਣਾਇਆ ਗਿਆ ਤਾਂ ਉਹਨਾਂ ਨੇ ਸ਼ਹੀਦਾਂ ਨੂੰ ‘ਮੁਕਤਿਆਂ’ ਦੇ ਵਿਸ਼ੇਸ਼ਣ ਨਾਲ ਸਨਮਾਨ ਦਿੱਤਾ ਸੀ।
ਸੰਤ ਵਿਸਾਖਾ ਸਿੰਘ ਸਥਾਨਕਤਾ ਤੇ ਅੰਤਰਰਾਸ਼ਟਰੀਅਤਾ ਦੇ ਸੁੰਦਰ ਸੰਜੋਗ ਤੇ ਸੁਮੇਲ ਦੀ ਉਦਾਹਰਣ ਆਖੇ ਜਾ ਸਕਦੇ ਹਨ। ਰਾਜਿੰਦਰ ਸਿੰਘ ਚੀਮਾ ਆਪਣੀ ਉਸ ਵੇਲੇ ਦੀ ਯਾਦ ਵੀ ਸਾਂਝੀ ਕਰਦੇ ਹਨ ਜਦੋਂ 1968 ਵਿਚ ਬਾਬਾ ਬਾਬਾ ਸੋਹਨ ਸਿੰਘ ਭਕਨਾ ਦੀ ਮੌਤ ਸਮੇਂ ਨਾਮਧਾਰੀ ਸਤਿਗੁਰੂ ਜਗਜੀਤ ਸਿੰਘ ਨੇ ਕਿਹਾ ਸੀ, “ਕੇਡੀ ਮਹਾਨ ਸ਼ਖਸੀਅਤ ਸਨ ਬਾਬਾ ਜੀ! ਜੋ ਇਕੋ ਵੇਲੇ ਮਹਾਨ ਕਮਿਊਨਿਸਟ ਵੀ ਸਨ ਅਤੇ ਓਨੇ ਵੱਡੇ ਹੀ ਰਹੱਸਵਾਦੀ (ਮਿਸਟਿਕ) ਵੀ ਸਨ।”51
ਅੰਡੇਮਾਨ ਟਾਪੂਆਂ ਵਿਚ ਜਨੇਊ ਪਹਿਨਣ ਦੀ ਇਜਾਜ਼ਤ ਲੈਣ ਲਈ ਭੁੱਖ ਹੜਤਾਲ ਕਰਨ ਵਾਲਾ ਰਾਮ ਰੱਖਾ ਦੂਜੇ ਗ਼ਦਰੀ ਸਾਥੀਆਂ ਵੱਲੋਂ ਕੀਤੀ ਭੁੱਖ ਹੜਤਾਲ ਵਿਚ ਵੀ ਨਾਲ ਹੀ ਸ਼ਾਮਲ ਹੋ ਕੇ ਸ਼ਹੀਦ ਹੋ ਗਿਆ।
ਇਹ ਗ਼ਦਰੀਆਂ ਦਾ ਹੀ ਪ੍ਰਭਾਵ ਸੀ ਕਿ ਪਿਛਲੀਆਂ ਇਨਕਲਾਬੀ ਲਹਿਰਾਂ ਵਿਚ ਵੀ, ਧਰਮ ਨੂੰ ਮੰਨਦਿਆਂ ਹੋਇਆਂ ਵੀ, ਧਰਮ ਤੋਂ ਉਪਰ ਉਠ ਕੇ ਦੇਸ਼ ਦੀ ਆਜ਼ਾਦੀ ਲਈ ਇਕ ਜਾਨ ਹੋ ਕੇ ਕੰਮ ਕਰਨ ਤੇ ਕੁਰਬਾਨ ਹੋਣ ਦੀਆਂ ਅਨੇਕਾਂ ਮਿਸਾਲਾਂ ਵਿਚੋਂ ਕਾਕੋਰੀ ਕੇਸ ਨਾਲ ਸੰਬੰਧਤ ਦੋ ਸ਼ਹੀਦਾਂ, ਰਾਮ ਪ੍ਰਸਾਦ ਬਿਸਮਿਲ ਅਤੇ ਅਸ਼ਫ਼ਾਕਉਲਾ, ਦੇ ਆਪਸੀ ਪੀਚਵੇਂ ਪਿਆਰ ਦੀ ਮਿਸਾਲ ਦਿੱਤੀ ਜਾ ਸਕਦੀ ਹੈ। ਦੋਵੇਂ ਹੀ ਆਪਣੇ ਆਪਣੇ ਧਰਮ ਵਿਚ ਪਰਪੱਕ ਪਰ ਦੇਸ਼ ਪਿਆਰ ਤੇ ਕੁਰਬਾਨੀ ਦੇ ਜਜ਼ਬੇ ਨਾਲ ਵੀ ਭਰਪੂਰ। ਇੱਕ ਕੱਟੜ ਆਰੀਆ ਸਮਾਜੀ ਤੇ ਦੂਜਾ ਪੱਕਾ ਮੁਸਲਮਾਨ। ਤੇ ਇਹ ਉਸ ਵੇਲੇ ਦੀ ਗੱਲ ਹੈ ਜਦੋਂ ਹਿੰਦੂ ਮੁਸਲਮਾਨਾਂ ਵਿਚ ਬੜੀ ਵਿੱਥ ਪੈਂਦੀ ਜਾ ਰਹੀ। ਰਾਮ ਪ੍ਰਸਾਦ ਬਿਸਮਿਲ ਆਪਣੀ ਸਵੈਜੀਵਨੀ ਵਿਚ ਅਸ਼ਫ਼ਾਕਉਲਾ ਨੂੰ ‘ਸੱਚਾ ਮੁਸਲਮਾਨ ਤੇ ਸੱਚਾ ਦੇਸ਼ ਭਗਤ’ ਆਖਦਾ ਹੈ ਤੇ ਇਹ ਵੀ ਮੰਨਦਾ ਹੈ, “ਤੇਰੇ ਮੇਰੇ ਵਿਚ ਕੋਈ ਫ਼ਰਕ ਹੀ ਨਹੀਂ ਸੀ। ਕਈ ਵਾਰ ਤੂੰ ਤੇ ਮੈਂ ਇਕੋ ਥਾਲੀ ਵਿਚ ਰੋਟੀ ਖਾਧੀ।” 52
ਮੰਨ ਲਿਆ ਕਿ ਧਰਮ ਦਾ ਰੋਲ ਬਹੁਤ ਹੱਦ ਤੱਕ ਨਾਂਹਵਾਚਕ ਵੀ ਹੈ। ਧਰਮ ਦੇ ਨਾਂ ‘ਤੇ ਹੋਈਆਂ ਲੜਾਈਆਂ ਵਿਚ ਲੱਖਾਂ ਲੋਕ ਮਾਰੇ ਜਾ ਚੁੱਕੇ ਹਨ। ਇਸਦੇ ਬਾਵਜੂਦ ਮੈਂ ਪਾਠਕਾਂ ਅੱਗੇ ਇਹ ਸਵਾਲ ਰੱਖਦਾ ਹਾਂ ਕਿ ਕੋਈ ‘ਸੱਚਾ ਤੇ ਸ਼ੁਧ ਕਮਿਊਨਿਸਟ’ ਭਾਵੇਂ ਜੰਮ ਜੰਮ ਹੋਵੇ ਪਰ ਕੀ ‘ਸੱਚਾ ਮੁਸਲਮਾਨ’, ‘ਸੱਚਾ ਸਿੱਖ’ ਜਾਂ ‘ਸੱਚਾ ਬ੍ਰਾਹਮਣ’ ਹੋ ਕੇ ਵੀ ਕੋਈ ‘ਸੱਚਾ ਕਮਿਊਨਿਸਟ’ ਬਣ ਸਕਦਾ ਹੈ ਕਿ ਨਹੀਂ? ਕੀ ਬਾਬੇ ਵਿਸਾਖਾ ਸਿੰਘ ਵਾਂਗ ਇਕੋ ਵੇਲੇ ਕਮਿਊਨਿਸਟ ਤੇ ਸਿੱਖ ਹੋਣ ਜਾਂ ਬਾਬੇ ਭਕਨੇ ਵਾਂਗ ਇਕੋ ਸਮੇਂ ਕਮਿਊਨਿਸਟ ਤੇ ਮਿਸਟਿਕ ਹੋਣ ਦੀ ਕੋਈ ਵਾਜਬੀਅਤ ਬਣਦੀ ਹੈ ਕਿ ਨਹੀਂ? ਕੀ ਇਸਤਰ੍ਹਾਂ ਦੀ ਸੰਜੋਗੀ ਸੋਚ ਨੂੰ ਅੱਜ ਵੀ ਹੁੰਗਾਰਾ ਦਿੱਤਾ ਜਾ ਸਕਦਾ ਹੈ ਕਿ ਨਹੀਂ?
ਅਣਮੁੱਕੀ ਬਾਤ ਸ਼ਾਇਦ ਏਸੇ ਹੁੰਗਾਰੇ ਨੂੰ ਉਡੀਕ ਰਹੀ ਹੈ।
ਸ਼ਾਇਦ ਇੰਜ ਹੀ ਸਥਾਨਕਤਾ ਤੇ ਅੰਤਰਰਾਸ਼ਟਰੀਅਤਾ ਦਾ ਕੋਈ ਆਪਸੀ ਨਾਤਾ ਜੁੜ ਸਕੇ।
ਕੀ ਇਹ ਨਾਤਾ ਜੁੜਨਾ ਚਾਹੀਦਾ ਹੈ ਕਿ ਨਹੀਂ?
-0-



ਹਵਾਲੇ:
1 ਜਗਜੀਤ ਸਿੰਘ, ਗ਼ਦਰ ਪਾਰਟੀ ਲਹਿਰ, ਨਵਯੁਗ ਪਬਲਿਸ਼ਰਜ਼ ਨਵੀਂ ਦਿੱਲੀ, 2000, ਪੰਨਾ: 416
2 ਭਾਗ ਸਿੰਘ ਕੈਨੇਡੀਅਨ, (ਸੰਪਾਦਕ: ਚੈਨ ਸਿੰਘ ਚੈਨ) ਗ਼ਦਰ ਲਹਿਰ ਦੀ ਕਹਾਣੀ ਗ਼ਦਰੀ ਬਾਬਿਆਂ ਦੀ ਜ਼ਬਾਨੀ, ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ, 2002, ਪੰਨਾ: 117
2 ੳ -ਸੋਹਨ ਸਿੰਘ ਭਕਨਾ, ਗ਼ਦਰ ਲਹਿਰ ਦੀ ਕਹਾਣੀ- ਗ਼ਦਰੀ ਬਾਬਿਆਂ ਦੀ ਜ਼ਬਾਨੀ, ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ, 2002, ਪੰਨਾ:32-33
3 ਸੋਹਨ ਸਿੰਘ ਭਕਨਾ, ਗ਼ਦਰ ਲਹਿਰ ਦੀ ਅਸਲੀ ਗਾਥਾ-1, ਰਾਜਵਿੰਦਰ ਸਿੰਘ ਰਾਹੀ (ਸੰਪਾਦਕ), ਸੰਗਮ ਪਬਲੀਕੇਸ਼ਨਜ਼ ਸਮਾਣਾ, 2012, ਪੰਨਾ: 217
4 ਓਹੀ, ਪੰਨਾ: 216
5 ਜਗਜੀਤ ਸਿੰਘ, ਗ਼ਦਰ ਪਾਰਟੀ ਲਹਿਰ, ਨਵਯੁਗ ਪਬਲਿਸ਼ਰਜ਼ ਨਵੀਂ ਦਿੱਲੀ, 2000, ਪੰਨਾ: 280-815 ੳ-ਭਗਤ ਸਿੰਘ ਬਿਲਗਾ, ਗ਼ਦਰ ਲਹਿਰ ਦੇ ਅਣਫੋਲੇ ਵਰਕੇ, ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ, 1889, ਪੰਨਾ: 66
5 ਅ- ਓਹੀ, ਪੰਨਾ: 67
6 ਗ਼ਦਰ ਲਹਿਰ ਦੀ ਅਸਲੀ ਗਾਥਾ-1, ਪੰਨਾ 216
7 ਓਹੀ, ਪੰਨਾ:218
8 ਜਗਜੀਤ ਸਿੰਘ, ਗ਼ਦਰ ਪਾਰਟੀ ਲਹਿਰ, ਨਵਯੁਗ ਪਬਲਿਸ਼ਰਜ਼ ਨਵੀਂ ਦਿੱਲੀ, 2000, ਪੰਨਾ: 285
9 ਪਿਆਰਾ ਸਿੰਘ ਲੰਗੇਰੀ, ਗ਼ਦਰ ਲਹਿਰ ਦੀ ਕਹਾਣੀ ਗ਼ਦਰੀ ਬਾਬਿਆਂ ਦੀ ਜ਼ਬਾਨੀ, ਪੰਨਾ: 145
10 ਗੁਰਚਰਨ ਸਿੰਘ ਸੈਂਸਰਾ, ਗ਼ਦਰ ਪਾਰਟੀ ਦਾ ਇਤਿਹਾਸ, ਦੇਸ਼ ਭਗਤ ਯਾਦਗਾਰ ਕਮੇਟੀ, ਪੰਨਾ: 178
11 ਜਗਜੀਤ ਸਿੰਘ, ਗ਼ਦਰ ਪਾਰਟੀ ਲਹਿਰ, ਨਵਯੁਗ ਪਬਲਿਸ਼ਰਜ਼ ਨਵੀਂ ਦਿੱਲੀ, 2000, ਪੰਨਾ: 148
12 ਸੋਹਨ ਸਿੰਘ ਪੂੰਨੀ, ਕਨੇਡਾ ਦੇ ਗ਼ਦਰੀ ਯੋਧੇ, ਸਿੰਘ ਬ੍ਰਦਰਜ਼, 2009, ਪੰਨਾ:14
13 ਓਹੀ, ਪੰਨਾ:15
14 ਓਹੀ, ਪੰਨਾ: 116
15 ਹਰਜਿੰਦਰ ਸਿੰਘ ਦਿਲਗੀਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਵੇਂ ਬਣੀ?, ਪੰਨਾ 10, 11
16 ਨਰੈਣ ਸਿੰਘ, ਅਕਾਲੀ ਮੋਰਚੇ ਅਤੇ ਝੱਬਰ, ਪੰਨਾ 23
17 ਅਕਾਲੀ ਮੋਰਚੇ ਅਤੇ ਝੱਬਰ, ਪੰਨਾ 23
18 ਰਾਮ ਸਿੰਘ ਮਜੀਠਾ,‘ਹਿੰਦੁਸਤਾਨ ਦੀ ਆਜ਼ਾਦੀ ਦੀ ਲੜਾਈ ਵਿਚ ਪੰਜਾਬ’, ਭਾਗ ਪਹਿਲਾ, ਪੰਜਾਬ ਸਟੇਟ ਫਰੀਡਮ ਫਾਈਟਰਜ਼ ਆਰਗੇਨਾਈਜੇਸ਼ਨ, 1988, ਪੰਨਾ, 216-217
19 ਸ਼ਹੀਦ ਕਰਤਾਰ ਸਿੰਘ ਸਰਾਭਾ, ਸੰਪਾਦਕ ਚਰੰਜੀ ਲਾਲ ਕੰਗਣੀਵਾਲ, ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ, 2012, ਪੰਨਾ:166
20 ਅਕਾਲੀ ਮੋਰਚੇ ਅਤੇ ਝੱਬਰ, ਪੰਨਾ 87
21 ਹੀਰਾ ਸਿੰਘ ਦਰਦ, ਮੇਰੀਆਂ ਕੁਝ ਇਤਿਹਾਸਕ ਯਾਦਾਂ, ਪੰਨਾ 173
22 ਓਹੀ
23 ਅਜਮੇਰ ਸਿੰਘ, ਕੌਮਾਂਤਰੀ ਅੰਮ੍ਰਿਤਸਰ ਟਾਈਮਜ਼ ਅਮਰੀਕਾ, 19-25 ਸਤੰਬਰ 2012, ਪੰਨਾ,17
24 ਓਹੀ
25 ਜਗਜੀਤ ਸਿੰਘ, ‘ਗ਼ਦਰ ਪਾਰਟੀ ਲਹਿਰ’ ਪੰਨਾ: 62
26 ਓਹੀ, ਪੰਨਾ: 63
27 ਹਰਨਾਮ ਸਿੰਘ ਟੁੰਡੀਲਾਟ, ਗ਼ਦਰ ਲਹਿਰ ਦੀ ਕਹਾਣੀ- ਗ਼ਦਰੀ ਬਾਬਿਆਂ ਦੀ ਜ਼ਬਾਨੀ, ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ, 2002, ਪੰਨਾਂ: 66
27. .S.CHEEMA,Revolutionary Freedom Struggle and Evolution of Secularism,www.seerat.ca.November-2012
28 ਸੋਹਨ ਸਿੰਘ ਪੂੰਨੀ, ਸੰਘਰਸ਼ ਦੇ ਸੌ ਵਰ੍ਹੇ, ਸਾਧੂ ਬਿਨਿੰਗ ਅਤੇ ਸੁਖਵੰਤ ਹੁੰਦਲ (ਸੰਪਾਦਕ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2000, ਪੰਨਾ: 23-24
29 ਓਹੀ, ਪੰਨਾ:23-24
30 ਸੰਤ ਵਿਸਾਖਾ ਸਿੰਘ, ਗ਼ਦਰ ਲਹਿਰ ਦੀ ਅਸਲੀ ਗਾਥਾ-1, ਪੰਨਾ 226, 227
31 ਓਹੀ, ਪੰਨਾ 226, 227
32 ਗ਼ਦਰ ਲਹਿਰ ਦੀ ਅਸਲੀ ਗਾਥਾ-2, ਰਾਜਵਿੰਦਰ ਸਿੰਘ ਰਾਹੀ (ਸੰਪਾਦਕ), ਸੰਗਮ ਪਬਲੀਕੇਸ਼ਨਜ਼ ਸਮਾਣਾ, 2012, ਪੰਨਾ: 171
33 ਗ਼ਦਰ ਲਹਿਰ ਦੀ ਅਸਲੀ ਗਾਥਾ-1, ਪੰਨਾ 140
34 ਗੁਰਚਰਨ ਸਿੰਘ ਸੈਂਸਰਾ, ਗ਼ਦਰ ਪਾਰਟੀ ਦਾ ਇਤਿਹਾਸ, ਪੰਨਾ:94
35 Sohan Singh Josh, Hindustan Gadar Party, Desh Bhagat Yadgar Committee, Jalandhar, 2007, p: 171
36 ਸੋਹਨ ਸਿੰਘ ਭਕਨਾ, ‘ਮੇਰੀ ਰਾਮ ਕਹਾਣੀ’, ਰਾਜਵਿੰਦਰ ਸਿੰਘ ਰਾਹੀ (ਸੰਪਾਦਕ), ਸੰਗਮ ਪਬਲੀਕੇਸ਼ਨਜ਼ ਸਮਾਣਾ, 2012, ਪੰਨਾ:83
37 ਜਗਜੀਤ ਸਿੰਘ, ‘ਗ਼ਦਰ ਪਾਰਟੀ ਲਹਿਰ’ ਪੰਨਾ:145
38 ਗ਼ਦਰ ਲਹਿਰ ਦੀ ਅਸਲੀ ਗਾਥਾ-1, ਪੰਨਾ 77
39 ਜਗਜੀਤ ਸਿੰਘ, ਗ਼ਦਰ ਪਾਰਟੀ ਲਹਿਰ, ਪੰਨਾ: 145-146
40 ਅਜਮੇਰ ਸਿੰਘ, ਕੌਮਾਂਤਰੀ ਅੰਮ੍ਰਿਤਸਰ ਟਾਈਮਜ਼ ਅਮਰੀਕਾ, 19-25 ਸਤੰਬਰ 2012, ਪੰਨਾ,17
41 ਰਾਜਵਿੰਦਰ ਸਿੰਘ ਰਾਹੀ, ਗ਼ਦਰ ਲਹਿਰ ਦੀ ਅਸਲੀ ਗਾਥਾ-1, ਰਾਜਵਿੰਦਰ ਸਿੰਘ ਰਾਹੀ (ਸੰਪਾਦਕ), ਸੰਗਮ ਪਬਲੀਕੇਸ਼ਨਜ਼ ਸਮਾਣਾ, 2012, ਪੰਨਾ: 11
42 Sohan Singh Bhakna Notice on the History of The Ghadar party, Heritage, Desh Bhagat Yadgar Committee Jalandhar, April-1996.
42 ੳ- ਹਰਨਾਮ ਸਿੰਘ ਟੁੰਡੀਲਾਟ, ਗ਼ਦਰ ਲਹਿਰ ਦੀ ਕਹਾਣੀ, ਪੰਨਾ: 73
42 ਅ- ਓਹੀ
42 ੲ-ਵਰਿਆਮ ਸਿੰਘ ਸੰਧੂ, ਭਗਵਾਨ ਸਿੰਘ ਦੋਸਾਂਝ, ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ, ਪੰਨਾ: 15
43 ਵਰਿਆਮ ਸਿੰਘ ਸੰਧੂ, ਪਰਦੇਸੀ ਪੰਜਾਬ, ਚੇਤਨਾ ਪ੍ਰਕਾਸ਼ਨ ਲੁਧਿਆਣਾ, 2009, ਪੰਨਾ:196-197
44 ਜਗਜੀਤ ਸਿੰਘ, ਗ਼ਦਰ ਪਾਰਟੀ ਲਹਿਰ, ਪੰਨਾ: 406
45 ਸੋਹਨ ਸਿੰਘ ਭਕਨਾ, ਗ਼ਦਰ ਲਹਿਰ ਦੀ ਕਹਾਣੀ- ਗ਼ਦਰੀ ਬਾਬਿਆਂ ਦੀ ਜ਼ਬਾਨੀ, ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ, 2002, ਪੰਨਾ: 46
46 ਜਗਜੀਤ ਸਿੰਘ, ਗ਼ਦਰ ਪਾਰਟੀ ਲਹਿਰ, ਪੰਨਾ: 147
47 ਵਰਿਆਮ ਸਿੰਘ ਸੰਧੂ, ਭਗਵਾਨ ਸਿੰਘ ਦੋਸਾਂਝ, ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ, ਪੰਨਾ: 16-17
48 ਵਰਿਆਮ ਸਿੰਘ ਸੰਧੂ, ਇਤਿਹਾਸ ਦਾ ਸਿਰਜਕ ਤੇ ਲੇਖਕ: ਭਗਤ ਸਿੰਘ ਬਿਲਗਾ, ਦੇਸ਼ ਭਗਤ ਯਾਦਗ਼ਾਰ ਕਮੇਟੀ ਜਲੰਧਰ, 2013,
49 ਕਿਰਪਾਲ ਸਿੰਘ ਆਜ਼ਾਦ, ਦੇਸ਼ ਭਗਤ ਰਾਮ ਸਿੰਘ ਘਾਲਾ-ਮਾਲਾ, ਪ੍ਰਕਾਸ਼ਕ ਅਨੂਪ ਸਿੰਘ, ਪੰਨਾ:12
50 ਭਗਤ ਸਿੰਘ ਬਿਲਗਾ, ਓਹੀ
51 R.S.CHEEMA, Revolutionary Freedom Struggle and Evolution of Secularism, http://seerat.ca/oct_nov_2012
I may be permitted to quote from the book ‘Sikhism Theology and Mysticism’ by S. Daljit Singh, the following words regarding Sant Baba Wasakha Singh:-
“He used to observe jokingly, ‘Sikhs feel I am not a good Sikh because most of my associates and co-workers, are communists who have no faith in God. On the other hand, communists say that I can never be a good communist because my first loyalty is to God.’
In the same book, it is recorded that when the news of execution of three great patriots, i.e. Bhagat Singh, Rajguru and Sukhdev was conveyed to Sant Baba Wasakha Singh, he uttered spontaneously that “they have become Mukta”. The expression “Mukta” has been used to denote ‘liberated souls’.
I personally recall the reaction of the then head of the Namdhari Sect on the demise of the Founder President of the Ghadar Party, Baba Sohan Singh Bhakna in 1968, “what a great personality? He was a great communist and a mystic at the same time!”

52.ਰਾਮ ਪ੍ਰਸਾਦ ਬਿਸਮਿਲ, ਸਰਫ਼ਰੋਸ਼ੀ ਕੀ ਤਮੰਨਾ (ਪੰਜਾਬੀ ਅਨੁਵਾਦ:ਮਲਵਿੰਦਰਜੀਤ ਸਿੰਘ ਵੜੈਚ), ਬਲਰਾਜ ਸਾਹਨੀ ਯਾਦਗਾਰੀ ਪ੍ਰਕਾਸ਼ਨ ਚੰਡੀਗੜ੍ਹ, 1998, ਪੰਨਾ: 69-70

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346