Welcome to Seerat.ca
Welcome to Seerat.ca

ਗ਼ਦਰੀ ਬਾਬੇ ਕੌਣ ਸਨ?

 

- ਵਰਿਆਮ ਸਿੰਘ ਸੰਧੂ

ਨਾਵਲ ਅੰਸ਼ / ਪਿੱਛਾ ਰਹਿ ਗਿਆ ਦੂਰ

 

- ਹਰਜੀਤ ਅਟਵਾਲ

ਮੌਤ ਦੇ ਪਰਛਾਵਿਆਂ ਹੇਠ

 

- ਜਰਨੈਲ ਸਿੰਘ ਕਹਾਣੀਕਾਰ

ਚਲੇ ਗਏ ਪਾਸ਼ ਦੇ ਪਾਪਾ, ਮੇਰੇ ਪਾਪਾ, ਸਾਡੇ ਪਾਪਾ

 

- ਗੁਲਸ਼ਨ ਦਿਆਲ

ਖਾਲੀ ਸੀਟ

 

- ਅਮਰਜੀਤ ਕੌਰ ਹਿਰਦੇ

ਪਿੰਡ ਚਕਰ ਦੀਆਂ ਕਿਆ ਬਾਤਾਂ!

 

- ਪ੍ਰਿੰ. ਬਲਕਾਰ ਸਿੰਘ ਬਾਜਵਾ

ਪਹਿਲੀ ਮੁਲਾਕਾਤ ਤੋਂ ਆਖਰੀ ਵਿਦਾਇਗੀ

 

- ਸੰਤੋਖ ਸਿੰਘ ਸੰਤੋਖ

ਪੰਜਾਬੀ ਸੂਬੇ ਦਾ ਜਿਉਂਦਾ ਜਾਗਦਾ ਇਤਿਹਾਸ
ਗਿਆਨੀ ਸੰਤੋਖ ਸਿੰਘ

 

- ਨਿਰਮਲ ਸਿੰਘ ਨੋਕਵਾਲ

ਸਾਹਿਤਕ ਸਵੈਜੀਵਨੀ / ਸੋਚ ਅਤੇ ਅਮਲ ਦੇ ਰਾਹ ‘ਤੇ ਪਹਿਲੇ ਕਦਮ

 

- ਵਰਿਆਮ ਸਿੰਘ ਸੰਧੂ

ਕਹਾਣੀ / ਅੰਨ੍ਹਾ !

 

- ਮਿੰਟੂ ਗੁਰੂਸਰੀਆ

ਆਪਣੀ ਹੀ ਕੁੱਲੀ

 

- ਮਲਕੀਅਤ "ਸੁਹਲ"

ਵਗਦੀ ਏ ਰਾਵੀ/ਨਨਕਾਣਾ ਸਾਹਿਬ ਦੇ ਗੁਰਧਾਮਾਂ ਦੇ ਦਰਸ਼ਨ ਦੀਦਾਰ

 

- ਵਰਿਆਮ ਸਿੰਘ ਸੰਧੂ

ਸਨ ਆਫ ਸਰਦਾਰ

 

- ਪੰਕਜਪਾਲ ਸਿੰਘ ਮੱਲੀ

ਤਿਆਰੀ ਅਧੀਨ ਪੁਸਤਕ ‘ਬਰਫ਼ ਵਿੱਚ ਉਗਦਿਆਂ’ ਵਿੱਚੋਂ / ਖੁਲ੍ਹ ਗਿਆ ਕਨੇਡਾ!!

 

- ਇਕਬਾਲ ਰਾਮੂਵਾਲੀਆ

 

Online Punjabi Magazine Seerat


ਨਾਵਲ ਅੰਸ਼
ਪਿੱਛਾ ਰਹਿ ਗਿਆ ਦੂਰ
- ਹਰਜੀਤ ਅਟਵਾਲ

 

ਅੰਗਰੇਜ਼ਾਂ ਨੇ ਪੰਜਾਬ ਉਪਰ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਤਾਂ ਉਹਨਾਂ ਸਾਹਮਣੇ ਮਸਲਾ ਸੀ ਕਿ ਮਹਾਂਰਾਜਾ ਦਲੀਪ ਸਿੰਘ ਦਾ ਕੀ ਕੀਤਾ ਜਾਵੇ। ਪੰਜਾਬ ਵਿਚ ਉਸ ਦਾ ਰਹਿਣਾ ਖਤਰੇ ਤੋਂ ਖਾਲੀ ਨਹੀਂ ਸੀ। ਲੋਕ ਕਿਸੇ ਵੇਲੇ ਵੀ ਭੜਕ ਸਕਦੇ ਸਨ। ਵੈਸੇ ਤਾਂ ਪੰਜਾਬ ਦੇ ਲੋਕ ਪਿਛਲੇ ਸਾਲਾਂ ਵਿਚ ਏਨੀ ਕਤਲੋ-ਗਾਰਤ ਦੇਖ ਚੁੱਕੇ ਸਨ ਕਿ ਹੁਣ ਅਮਨ ਚਾਹੁੰਦੇ ਸਨ ਪਰ ਫਿਰ ਵੀ ਸ਼ਾਹੀ ਪਰਿਵਾਰ ਦੀ ਲੋਕਾਂ ਦੇ ਮਨਾਂ ਉਪਰ ਡੂੰਘੀ ਛਾਪ ਸੀ। ਅੰਗੇਰਜ਼ ਸਮਝਦੇ ਸਨ ਕਿ ਜੇ ਇਸ ਪਰਿਵਾਰ ਦੇ ਬਾਕੀ ਬਚਦੇ ਲੋਕਾਂ ਨੂੰ ਇਹਨਾਂ ਦੀਆਂ ਅੱਖਾਂ ਤੋਂ ਦੂਰ ਕਰ ਦਿਤਾ ਜਾਵੇਗਾ ਤਾਂ ਹੌਲੀ ਹੌਲੀ ਲੋਕ ਇਹਨਾਂ ਨੂੰ ਭੁੱਲ ਜਾਣਗੇ। ਸੋ ਮਹਾਂਰਾਜੇ ਨੂੰ ਪੰਜਾਬ ਤੋਂ ਬਾਹਰ ਕੱਢਣ ਦੀ ਤਿਆਰੀ ਹੋਣ ਲਗੀ। ਮਹਾਂਰਾਜਾ ਰਣਜੀਤ ਸਿੰਘ ਦੇ ਪਰਿਵਾਰ ਦੇ ਦੋ ਹੋਰ ਵੀ ਅਜਿਹੇ ਜੀਅ ਸਨ ਜਿਹੜੇ ਕਿ ਦਲੀਪ ਸਿੰਘ ਜਿੰਨਾ ਹੀ ਮਹਤੱਵ ਰੱਖਦੇ ਸਨ। ਇਹ ਸਨ ਮਹਾਂਰਜਾ ਸ਼ੇਰ ਸਿੰਘ ਦੀ ਵਿਧਵਾ ਰਾਣੀ ਦੁਖਨਾ ਤੇ ਉਸ ਦਾ ਪੁੱਤਰ ਸ਼ਹਿਜ਼ਾਦਾ ਸਿ਼ਵਦੇਵ ਸਿੰਘ। ਉਸ ਵਕਤ ਸ਼ਹਿਜ਼ਾਦਾ ਸਿ਼ਵਦੇਵ ਸਿੰਘ ਛੇ ਸਾਲ ਦਾ ਸੀ, ਦਲੀਪ ਸਿੰਘ ਤੋਂ ਤਿੰਨ ਸਾਲ ਛੋਟਾ। ਰਾਣੀ ਦੁਖਨਾ ਕਈ ਵਾਰ ਉਸ ਨੂੰ ਪੰਜਾਬ ਦੇ ਤਖਤ ਦਾ ਦਾਅਵੇਦਾਰ ਸਿੱਧ ਕਰਨ ਦੀ ਕੋਸਿ਼ਸ਼ ਕਰ ਚੁੱਕੀ ਸੀ। ਸੋ ਅੰਗਰੇਜ਼ਾਂ ਨੇ ਉਹਨਾਂ ਨੂੰ ਵੀ ਦਲੀਪ ਸਿੰਘ ਦੇ ਨਾਲ ਹੀ ਪੰਜਾਬ ਨਿਕਾਲਾ ਦੇਣ ਦਾ ਫੈਸਲਾ ਕਰ ਲਿਆ ਸੀ।
ਇਹ ਫੈਸਲਾ ਤਾਂ ਹੋ ਚੁੱਕਿਆ ਸੀ ਕਿ ਇਹਨਾਂ ਨੂੰ ਪੰਜਾਬ ਤੋਂ ਦੂਰ ਕਰ ਦਿਤਾ ਜਾਵੇ ਪਰ ਕਿਥੇ ਭੇਜਿਆ ਜਾਵੇ ਇਸ ਦਾ ਫੈਸਲਾ ਨਹੀਂ ਸੀ ਕਰ ਹੋ ਪਾ ਰਿਹਾ। ਪਹਿਲਾਂ ਫੈਸਲਾ ਹੋਇਆ ਕਿ ਇਹਨਾਂ ਨੂੰ ਡੇਹਰਾਦੂਨ ਦੇ ਇਲਾਕੇ ਵਿਚ ਜ਼ਮੀਨ ਦੇ ਦਿਤੀ ਜਾਵੇ ਜਿਥੇ ਰਹਿ ਕੇ ਇਹ ਆਪਣੀ ਜੀਵਨ ਦੇ ਬਾਕੀ ਦਿਨ ਬਿਤਾ ਲੈਣ ਪਰ ਫਿਰ ਇਹ ਸ਼ੰਕਾ ਵੀ ਖੜਾ ਹੋ ਗਿਆ ਕਿ ਡੇਹਰਾਦੂਨ ਪੰਜਾਬ ਤੋਂ ਬਹੁਤੀ ਦੂਰ ਨਹੀਂ ਸੀ। ਇਸ ਲਈ ਉਹਨਾਂ ਨੂੰ ਕਿਧਰੇ ਮਧ-ਭਾਰਤ ਵਿਚ ਭੇਜੇ ਜਾਣ ਬਾਰੇ ਸੋਚਿਆ ਜਾਣ ਲਗਿਆ। ਸਰ ਹੈਨਰੀ ਤੇ ਹੋਰ ਕੁਝ ਅਧਿਕਾਰੀ ਚਾਹੁੰਦੇ ਸਨ ਕਿ ਉੁਹਨਾਂ ਨੂੰ ਸਿਧੇ ਇੰਗਲੈਂਡ ਹੀ ਭੇਜ ਦਿਤਾ ਜਾਵੇ ਪਰ ਇਸ ਲਈ ਲੌਰਡ ਡਲਹੌਜ਼ੀ ਦੀ ਇਜਾਜ਼ਤ ਦੀ ਜ਼ਰੂਰਤ ਸੀ। ਲੌਰਡ ਡਲਹੌਜ਼ੀ ਹਾਲੇ ਇਸ ਲਈ ਤਿਆਰ ਨਹੀਂ ਸੀ। ਉਹ ਹਾਲੇ ਮਹਾਂਰਾਜੇ ਨੂੰ ਭਾਰਤ ਵਿਚ ਹੀ ਕਿਧਰੇ ਨੇੜੇ-ਤੇੜੇ ਰੱਖਣਾ ਚਾਹੁੰਦਾ ਸੀ। ਲੌਡਰ ਡਲਹੌਜ਼ੀ ਬਹੁਤ ਦੂਰ ਦੀ ਸੋਚਦਾ ਸੀ। ਉਸ ਨੂੰ ਡਰ ਸੀ ਕਿ ਪੰਜਾਬ ਦੇ ਲੋਕ ਕਦੇ ਵੀ ਬਗਾਵਤ ਕਰ ਸਕਦੇ ਸਨ ਅਜਿਹੇ ਸਮੇਂ ਉਹ ਮਹਾਂਰਾਜਾ ਦਲੀਪ ਸਿੰਘ ਨੂੰ ਮੁਹਰਾ ਬਣਾ ਕੇ ਪੰਜਾਬੀਆਂ ਨੂੰ ਜਜ਼ਬਾਤੀ ਤੌਰ ‘ਤੇ ਕਾਬੂ ਕਰ ਸਕਦਾ ਸੀ। ਉਸ ਨੇ ਪੰਜਾਬੀ ਲੋਕ ਤਾਂ ਕਾਬੂ ਕਰ ਲਏ ਸਨ ਪਰ ਪੰਜਾਬੀ ਮਾਨਸਿਕਤਾ ਨੂੰ ਆਪਣੇ ਅਧੀਨ ਕਰਨਾ ਚਾਹੁੰਦਾ ਸੀ, ਇਸ ਲਈ ਹਾਲੇ ਵਕਤ ਲਗਣਾ ਸੀ। ਜਦ ਤਕ ਮਹਾਂਰਾਜੇ ਨੂੰ ਭਾਰਤ ਤੋਂ ਬਾਹਰ ਨਹੀਂ ਸੀ ਭੇਜਿਆ ਜਾ ਸਕਦਾ। ਅਖੀਰ ਉਸ ਨੂੰ ਫਤਿਹ ਗੜ੍ਹ ਭੇਜਣ ਦਾ ਫੈਸਲਾ ਹੋ ਗਿਆ। ਲੌਰਡ ਡਲਹੌਜ਼ੀ ਦੇ ਅਗਲੇ ਹੁਕਮਾਂ ਤੀਕਰ ਮਹਾਂਰਾਜਾ ਦਲੀਪ ਸਿੰਘ, ਸ਼ਹਿਜ਼ਾਦਾ ਸਿ਼ਵਦੇਵ ਸਿੰਘ ਤੇ ਰਾਣੀ ਦੁਖਨਾ ਫਤਿਹ ਗੜ੍ਹ ਰਹਿਣਗੇ। ਫਤਿਹਗੜ੍ਹ ਪੰਜਾਬ ਤੋਂ ਕਾਫੀ ਦੂਰ ਸੀ ਤੇ ਰਾਜਮਾਤਾ ਜਿੰਦ ਕੋਰ ਦੀ ਪਹੁੰਚ ਤੋਂ ਵੀ ਦੂਰ। ਰਾਜਮਾਤਾ ਜਿੰਦ ਕੋਰ ਭਾਵੇਂ ਕਠਮੰਡੂ ਵਿਚ ਕੈਦੀਆਂ ਵਾਲੀ ਜਿ਼ੰਦਗੀ ਹੀ ਬਤੀਤ ਕਰ ਰਹੀ ਸੀ ਪਰ ਅੰਗਰੇਜ਼ ਵਿਰੋਧੀ ਕਾਰਵਾਈਆਂ ਵਿਚ ਹਾਲੇ ਵੀ ਸਰਗਰਮ ਸੀ। ਉਹ ਚਿੱਠੀਆਂ ਰਾਹੀ ਪੰਜਾਬ ਦੇ ਲੋਕਾਂ ਨੂੰ ਅੰਗਰੇਜ਼ਾਂ ਖਿਲਾਫ ਵਿਚ ਲਗਾਤਾਰ ਉਕਸਾਉਂਦੀ ਰਹਿੰਦੀ ਸੀ। ਉਸ ਦੇ ਭੇਜੇ ਦੂਤ ਕਈ ਵਾਰ ਨਿਪਾਲ ਦੀ ਸਰਹੱਦ ਉਪਰ ਫੜੇ ਜਾ ਚੁੱਕੇ ਸਨ।
ਮਹਾਂਰਾਜੇ ਦੀ ਪੰਜਾਬ ਛੱਡਣ ਦੀ ਤਿਆਰੀ ਹੋਣ ਲਗੀ। ਇਹਨਾਂ ਵਿਚੋਂ ਕੁਝ ਆਮ ਲੋਕ ਵੀ ਸਨ ਤੇ ਕੁਝ ਮਹਾਂਰਾਜੇ ਨੂੰ ਧਾਰਮਿਕ ਸਿਖਿਆ ਦੇਣ ਵਾਲੇ ਗਿਆਨੀ ਵੀ। ਮਹਾਂਰਾਜੇ ਲਈ ਸਿੱਖ ਧਰਮ ਦੀ ਵਿਆਖਿਆ ਕਰਨ ਵਾਲੇ ਗਰੰਥੀ ਸਨ। ਉਸ ਨੂੰ ਪੰਜਾਬੀ ਪੜ੍ਹਾਉਣ ਵਾਲੇ ਅਧਿਆਪਕ ਵੀ ਸਨ। ਨਾਲ ਇਕ ਗਰੰਥ ਸਾਹਿਬ ਵੀ ਲੈ ਕੇ ਜਾਇਆ ਜਾਣਾ ਸੀ। ਜਦ ਪਤਾ ਚਲਿਆ ਕਿ ਕਿ ਮਹਾਂਰਾਜਾ ਹੁਣ ਕਦੇ ਵੀ ਵਾਪਸ ਪੰਜਾਬ ਨਹੀਂ ਪਰਤੇਗਾ ਤਾਂ ਬਹੁਤ ਸਾਰੇ ਲੋਕ ਪਾਸਾ ਵੱਟ ਗਏ। ਸਿੱਖ ਧਰਮ ਨਾਲ ਜੁੜਿਆ ਕੋਈ ਵੀ ਵਿਅਕਤੀ ਨਾਲ ਨਾ ਤੁਰਿਆ। ਕਾਫਲੇ ਵਿਚ ਨੌਕਰ-ਚਾਕਰ ਹੀ ਰਹਿ ਗਏ ਸਨ।
ਸੰਨ 1850 ਦੀ ਫਰਵਰੀ ਦੀ ਇਕ ਠੰਡੀ ਸਵੇਰ ਸੀ ਜਦ ਇਕ ਕਾਫਲਾ ਲਹੌਰ ਤੋਂ ਨਿਕਲ ਤੁਰਿਆ ਸੀ। ਸਭ ਤੋਂ ਮੁਹਰੇ ਫੌਜ ਚਲ ਰਹੀ ਸੀ। ਉਸ ਪਿੱਛੇ ਕੁਝ ਹਾਥੀ ਤੇ ਉਹਨਾਂ ਦੇ ਮਗਰ ਪੰਜ ਰੱਥ ਸਨ ਤੇ ਬਾਕੀ ਦੇ ਸਮਾਨ ਲਈ ਬਹੁਤ ਸਾਰੇ ਗੱਡੇ ਵੀ ਸਨ। ਮਹਾਂਰਾਜਾ ਦਲੀਪ ਸਿੰਘ ਨੂੰ ਸ਼ਹਿਜ਼ਾਦਾ ਸਿ਼ਵਦੇਵ ਸਿੰਘ ਤੇ ਰਾਣੀ ਦੁਖਨਾ ਤੋਂ ਅਲੱਗ ਰੱਖਿਆ ਗਿਆ। ਇਹਨਾਂ ਦੀ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ। ਕੁਝ ਬਾਗੀ ਸਿਖ ਹਾਲੇ ਵੀ ਅੰਗਰੇਜ਼ਾਂ ਦੇ ਵਿਰੁਧ ਹਥਿਆਰ ਚੁੱਕੀ ਫਿਰਦੇ ਸਨ। ਖਾਸ ਤੌਰ ‘ਤੇ ਮਹਾਰਾਜ ਸਿੰਘ ਤੇ ਉਸ ਦੇ ਸਾਥੀ ਅੰਗਰੇਜ਼ਾਂ ਉਪਰ ਗਾਹੇ-ਵਗਾਹੇ ਹਮਲਾ ਕਰ ਦਿੰਦੇ। ਇਹ ਅਫਵਾਹ ਵੀ ਸੀ ਕਿ ਮਹਾਰਾਜ ਸਿੰਘ ਮਹਾਂਰਾਜੇ ਦਲੀਪ ਸਿੰਘ ਨੂੰ ਅਗਵਾਹ ਕਰਨ ਦੀ ਕੋਸਿ਼ਸ਼ ਕਰ ਸਕਦਾ ਸੀ ਤਾਂ ਜੋ ਅੰਗਰੇਜ਼ਾਂ ਖਿਲਾਫ ਲੜਾਈ ਮੁੜ ਵੱਡੇ ਪੈਮਾਨੇ ‘ਤੇ ਵਿਢੀ ਜਾ ਸਕੇ। ਇਸੇ ਲਈ ਇਸ ਕਾਫਲੇ ਵੱਡੀ ਗਿਣਤੀ ਵਿਚ ਸਿਪਾਹੀ ਸ਼ਾਮਲ ਸਨ। ਗੁਰੀਲਾ ਯੁੱਧ ਲਈ ਸਿਖਿਅਤ ਫੌਜੀਆਂ ਦੀਆਂ ਕਈ ਟੁਕੜੀਆਂ ਵੀ ਨਾਲ ਸਨ। ਲਹੌਰ ਦੇ ਭਾਵੁਕ ਹੋਏ ਲੋਕਾਂ ਨੂੰ ਇਸ ਕਾਫਲੇ ਤੋਂ ਦੂਰ ਰੱਖਣ ਦਾ ਵੀ ਇੰਤਜ਼ਾਮ ਕੀਤਾ ਹੋਇਆ ਸੀ।
ਕਾਫਲੇ ਦਾ ਰੂਟ ਪਹਿਲਾਂ ਹੀ ਤਹਿ ਕੀਤਾ ਹੋਇਆ ਸੀ। ਜਿਥੇ ਰਾਤ ਪੈਂਦੀ ਕਾਫਲਾ ਰੁਕ ਕੇ ਪੜਾਅ ਕਰ ਲੈਂਦਾ। ਲਾਲ ਤੇ ਚਿੱਟੇ ਰੰਗ ਦੇ ਤੰਬੂ ਗੱਡ ਲਏ ਜਾਂਦੇ। ਸਰਦੀਆਂ ਹੋਣ ਕਰਕੇ ਭਾਰੇ ਕਪੜਿਆਂ ਦਾ ਇੰਤਜ਼ਾਮ ਤਾਂ ਹੈ ਹੀ ਸੀ। ਸਿਪਾਹੀ ਸਾਰੇ ਕੈਂਪ ਨੂੰ ਘੇਰ ਲੈਂਦੇ। ਪੰਜਾਬ ਤੋਂ ਨਿਕਲ ਕੇ ਸੁਰੱਖਿਆ ਕੁਝ ਢਿਲੀ ਕਰ ਦਿਤੀ ਗਈ ਸੀ ਪਰ ਫਿਰ ਵੀ ਬਹੁਤ ਧਿਆਨ ਰੱਖਿਆ ਜਾਂਦਾ। ਹਫਤੇ ਕੁ ਵਿਚ ਇਹ ਕਾਫਲਾ ਫਤਿਹਗੜ੍ਹ ਪੁੱਜ ਗਿਆ।
ਫਤਿਹਗੜ੍ਹ ਉਤਰੀ ਹਿੰਦੁਸਤਾਨ ਵਿਚ ਗੰਗਾ ਦੇ ਕਿਨਾਰੇ ਵਸਿਆ ਛੋਟਾ ਜਿਹਾ ਸ਼ਹਿਰ ਸੀ। ਗੰਗਾ ਦੇ ਨਾਲ ਲਗਵਾਂ ਹੀ ਇਕ ਕਿਲ੍ਹਾ ਵੀ ਸੀ। ਡਾਕਟਰ ਲੋਗਨ ਨੇ ਕਿਲ੍ਹੇ ਦਾ ਮੁਆਇਨਾ ਕੀਤਾ ਤਾਂ ਉਸ ਨੂੰ ਇਹ ਜਗਾਹ ਰਹਿਣ ਲਈ ਢੁਕਵੀਂ ਨਾ ਜਾਪੀ। ਇਸ ਲਈ ਇਕ ਨਵਾਬ ਦਾ ਅਣਗੌਲਿ਼ਆ ਵੱਡਾ ਸਾਰਾ ਖਾਲੀ ਘਰ ਰਿਹਾਇਸ਼ ਲਈ ਚੁਣ ਲਿਆ ਗਿਆ। ਗੰਗਾ ਦੇ ਇਕ ਕਿਨਾਰੇ ਅੰਗਰੇਜ਼ਾਂ ਨੇ ਆਪਣੇ ਰਹਿਣ ਲਈ ਬੰਗਲੇ ਬਣਾਏ ਹੋਏ ਸਨ ਤੇ ਦੂਜੇ ਕਿਨਾਰੇ ਭਾਰਤੀ ਲੋਕਾਂ ਦੇ ਘਰ ਸਨ। ਵੈਸੇ ਇਹ ਜਗਾਹ ਬਹੁਤ ਖੁੱਲ੍ਹੀ ਸੀ। ਆਲੇ ਦੁਆਲੇ ਛੋਟੇ ਰੁੱਖਾਂ ਵਾਲੇ ਜੰਗਲ ਸਨ। ਇਹਨਾਂ ਜੰਗਲਾਂ ਵਲ ਦੇਖਦਿਆਂ ਇਕ ਵਾਰ ਤਾਂ ਮਹਾਂਰਾਜੇ ਦੇ ਮਨ ਵਿਚ ਆਇਆ ਕਿ ਇਹ ਜਗਾਹ ਸਿ਼ਕਾਰ ਲਈ ਬਹੁਤ ਢੁਕਵੀਂ ਹੋਵੇਗੀ। ਸਿ਼ਕਾਰ ਬਾਰੇ ਸੋਚਦਿਆਂ ਮਹਾਂਰਾਜੇ ਦੇ ਮਨ ਵਿਚ ਇਕ ਝਿਜਕ ਜਿਹੀ ਵੀ ਹਿਲਣ ਲਗੀ। ਪਹਿਲੀਆਂ ਵਿਚ ਜਦ ਉਹ ਆਪਣੇ ਬਾਜ ਨਾਲ ਸਿ਼ਕਾਰ ਖੇਡਿਆ ਕਰਦਾ ਸੀ ਤਾਂ ਡਾਕਟਰ ਲੋਗਨ ਨੇ ਉਸ ਨੂੰ ਰੋਕ ਦਿਤਾ ਸੀ। ਡਾਕਟਰ ਲੋਗਨ ਉਸ ਨੂੰ ਭਾਸ਼ਨ ਦੇਣ ਲਗਦਾ ਕਿ ਬਾਜ ਵਲੋਂ ਗਰੀਬ ਪੰਛੀਆਂ ਉਪਰ ਝਪਟਣਾ ਠੀਕ ਨਹੀਂ ਪਰ ਫਿਰ ਲੋਗਨ ਨੇ ਟੋਕਣਾ ਬੰਦ ਕਰ ਦਿਤਾ ਸੀ। ਮਹਾਂਰਾਜਾ ਸਿ਼ਕਾਰ ਤਾਂ ਖੇਡਦਾ ਪਰ ਪਹਿਲਾਂ ਜਿਹੇ ਉਤਸ਼ਾਹ ਨਾਲ ਨਹੀਂ।
ਫਤਿਹਗੜ੍ਹ ਵਿਚ ਇਕ ਚਰਚ ਵੀ ਸੀ। ਮਹਾਂਰਾਜੇ ਦੇ ਸ਼ਹਿਰ ਵਿਚ ਆਉਣ ਦਾ ਪਤਾ ਚਲਦਿਆਂ ਹੀ ਚਰਚ ਦਾ ਪਾਦਰੀ ਕਾਰਸ਼ੋਰ ਉਸ ਨੂੰ ਮਿਲਣ ਆ ਗਿਆ। ਉਸ ਨੇ ਪਹਿਲੀ ਨਜ਼ਰੇ ਹੀ ਪੁੱਛਿਆ,
“ਡੌਕ, ਮਹਾਂਰਾਜੇ ਦੇ ਧਰਮ ਵਿਚੋਂ ਕੌਣ ਕੌਣ ਨਾਲ ਆਇਆ ਏ?”
“ਕੋਈ ਨਹੀਂ ਆਇਆ ਫਾਦਰ।”
“ਫਿਰ ਸਿੱਖ ਧਰਮ ਦਾ ਗਰੰਥ ਤਾਂ ਜ਼ਰੂਰ ਨਾਲ ਲਿਆਂਦਾ ਹੋਵੇਗਾ।”
“ਨਹੀਂ ਫਾਦਰ, ਅਸਲ ਵਿਚ ਸਿੱਖ ਸਰਦਾਰਾਂ ਨੂੰ ਆਪਣੀਆਂ ਜਗੀਰਾਂ ਨਾਲ ਹੀ ਵਾਸਤਾ ਏ, ਮਹਾਂਰਾਜੇ ਦੀ ਕਿਸੇ ਨੂੰ ਪ੍ਰਵਾਹ ਨਹੀਂ।”
ਫਾਦਰ ਕਾਰਸ਼ੋਰ ਨੇ ਲੋਗਨ ਦੀ ਗੱਲ ਸੁਣੀ ਤੇ ਉਹ ਮਹਾਂਰਾਜੇ ਵਲ ਵਧਿਆ। ਉਸ ਦੇ ਮੋਢ੍ਹੇ ‘ਤੇ ਹੱਥ ਫੇਰਨ ਲਗਿਆ। ਮਹਾਂਰਾਜੇ ਨੂੰ ਉਸ ਦਾ ਇਵੇਂ ਕਰਨਾ ਬਹੁਤ ਚੰਗਾ ਲਗਿਆ। ਉਸ ਨੇ ਪਾਦਰੀ ਦੇ ਹੱਥ ਨੂੰ ਸਪੱਰਸ਼ ਕੀਤਾ ਤਾਂ ਉਹ ਬਹੁਤ ਨਿੱਘਾ ਜਾਪਿਆ। ਜਾਂਦਾ ਹੋਇਆ ਪਾਦਰੀ ਬੋਲਿਆ,
“ਡੌਕ, ਕੱਲ ਐਤਵਾਰ ਏ ਤੇ ਸਵੇਰ ਵਾਲੀ ਸਰਵਿਸ ਵਿਚ ਆਉਣਾ ਤੇ ਮਹਾਂਰਾਜੇ ਨੂੰ ਵੀ ਨਾਲ ਲੈ ਆਉਣਾ।”
“ਬਿਲਕੁਲ ਫਾਦਰ।”
ਮਹਾਂਰਾਜੇ ਨੂੰ ਚਰਚ ਵਿਚ ਜਾਣਾ ਚੰਗਾ ਲਗਿਆ। ਰਾਣੀ ਦੁਖਨਾ ਨੇ ਆਪਣੇ ਪੁੱਤਰ ਸਿ਼ਵਦੇਵ ਸਿੰਘ ਨੂੰ ਚਰਚ ਭੇਜਣ ਤੋਂ ਰੋਕ ਦਿਤਾ। ਹੁਣ ਮਹਾਂਰਾਜਾ ਅਕਸਰ ਚਰਚ ਜਾਣ ਲਗਿਆ ਸੀ। ਪਾਦਰੀ ਦੇ ਮੁੰਡੇ ਰੋਬੀ ਨਾਲ ਉਸ ਦੀ ਦੋਸਤੀ ਵੀ ਪੈਣ ਲਗੀ ਸੀ। ਉਸ ਨੂੰ ਇਥੇ ਇਕ ਹੋਰ ਦੋਸਤ ਵੀ ਮਿਲ ਗਿਆ; ਟੌਮੀ ਸਕੌਟ। ਟੌਮੀ ਸਕੌਟ ਕੰਪਨੀ ਦੇ ਇਕ ਅਫਸਰ ਦਾ ਪੁੱਤ ਸੀ ਜੋ ਕਿ ਮਹਾਂਰਾਜੇ ਨਾਲ ਛੇਤੀ ਹੀ ਹੀ ਘੁਲ-ਮਿਲ ਗਿਆ। ਰਾਣੀ ਦੁਖਨਾ ਨੇ ਸ਼ਹਿਜ਼ਾਦਾ ਸਿ਼ਵਦੇਵ ਸਿੰਘ ਨੂੰ ਇਹਨਾਂ ਤੋਂ ਥੋੜਾ ਦੂਰ ਰੱਖਣਾ ਸ਼ੁਰੂ ਕਰ ਦਿਤਾ ਸੀ।
ਮਹਾਂਰਾਜੇ ਲਈ ਵਾਲਟਰ ਗੂਜ਼ ਨਾਂ ਦਾ ਇਕ ਟਿਊਟਰ ਰੱਖ ਦਿਤਾ ਗਿਆ ਜਿਹੜਾ ਉਸ ਨੂੰ ਅੰਗਰੇਜ਼ੀ ਤੇ ਹਿਸਾਬ ਪੜ੍ਹਾਉਂਦਾ ਸੀ। ਮਹਾਂਰਾਜੇ ਦਾ ਮਨ ਪੜ੍ਹਨ ਵਿਚ ਬਹੁਤਾ ਨਹੀਂ ਸੀ ਖੁਭਦਾ ਪਰ ਉਹ ਕੁਝ ਸਿਖਣ ਵਿਚ ਬਹੁਤ ਤੇਜ਼ ਸੀ। ਕੁਝ ਸਿਖਣ ਲਈ ਉਹ ਹਰ ਵੇਲੇ ਕਾਹਲਾ ਰਹਿੰਦਾ। ਉਸ ਦਾ ਦਿਲ ਕਰਦਾ ਕਿ ਉਹ ਇਕ ਦਮ ਟੌਮੀ ਤੇ ਰੋਬੀ ਵਾਂਗ ਅੰਗਰੇਜ਼ੀ ਬੋਲਣ ਲਗ ਪਵੇ। ਉਹਨਾਂ ਵਰਗੇ ਹੀ ਕਪੜੇ ਪਾਵੇ। ਉਹਨਾਂ ਦੀਆਂ ਆਦਤਾਂ ਤਾਂ ਉਹ ਅਪਣਾ ਹੀ ਰਿਹਾ ਸੀ। ਜਦ ਵੀ ਉਸ ਦੇ ਇਹ ਦੋਸਤ ਇੰਗਲੈਂਡ ਬਾਰੇ ਗੱਲਾਂ ਕਰਦੇ ਤਾਂ ਉਸ ਦਾ ਦਿਲ ਕਰਦਾ ਕਿ ਉੜ ਕੇ ਇੰਗਲੈਂਡ ਪੁੱਜ ਜਾਵੇ। ਮਹਾਂਰਾਣੀ ਵਿਕਟੋਰੀਆ ਦੇ ਤਾਂ ਉਹ ਹਰ ਵੇਲੇ ਸੁਫਨੇ ਲੈਂਦਾ ਰਹਿੰਦਾ।
ਡਾਕਟਰ ਲੋਗਨ ਮਹਾਂਰਾਜੇ ਨੂੰ ਸੰਭਾਲਣ ਦੀ ਆਪਣੀ ਨੌਕਰੀ ਬਹੁਤ ਜਿ਼ੰਮੇਵਾਰੀ ਨਾਲ ਕਰਦਾ ਆ ਰਿਹਾ ਸੀ। ਉਹ ਮਹਾਂਰਾਜੇ ਦੀ ਨਿਕੀ ਤੋਂ ਨਿਕੀ ਚੀਜ਼ ਦਾ ਪੂਰਾ ਧਿਆਨ ਰੱਖਦਾ। ਇਕ ਦਿਨ ਉਸ ਨੇ ਸਕੌਟਲੈਂਡ ਵਸਦੀ ਆਪਣੀ ਪਤਨੀ ਨੂੰ ਚਿੱਠੀ ਲਿਖੀ; ‘ਮਹਾਂਰਾਜੇ ਨੂੰ ਸੰਭਾਲਣਾ ਮੇਰੇ ਲਈ ਬਹੁਤਾ ਔਖਾ ਨਹੀਂ ਪਰ ਜੇ ਤੂੰ ਇਥੇ ਹੋਵੇਂ ਤਾਂ ਬਹੁਤ ਸੌਖਾ ਹੋ ਜਾਵੇ। ਮੈਂ ਉਸ ਦੇ ਮਾਂ-ਬਾਪ ਵਾਲਾ ਫਰਜ਼ ਤਾਂ ਨਿਭਾ ਰਿਹਾ ਹਾਂ ਪਰ ਘਰ ਵਾਲਾ ਸਹੀ ਮਹੌਲ ਨਹੀਂ ਦੇ ਹੋ ਰਿਹਾ। ਘਰ, ਜਿਹੜਾ ਇਕ ਔਰਤ ਨਾਲ ਹੀ ਬਣਦਾ ਹੈ ਤੇ ਜਿਹੜਾ ਇਸਾਈ ਘਰਾਂ ਵਿਚ ਹੁੰਦਾ ਹੀ ਹੈ। ਜੇ ਤੂੰ ਆ ਜਾਵੇਂ ਤਾਂ ਮਹਾਂਰਾਜੇ ਨੂੰ ਸਮਝ ਪਵੇ ਕਿ ਅਸੀਂ ਆਪਣੇ ਪਰਿਵਾਰਾਂ ਵਿਚ ਕਿੰਨੀ ਵਧੀਆ ਤਰੀਕੇ ਨਾਲ ਰਹਿੰਦੇ ਹਾਂ।’
ਪਤੀ ਦੇ ਖਤ ਦੇ ਜਵਾਬ ਵਿਚ ਮਿਸਜ਼ ਲੋਗਨ ਨੇ ਮਹਾਂਰਾਜੇ ਲਈ ਇਕ ਤੋਹਫਾ ਭੇਜਿਆ, ਜਿਸ ਵਿਚ ਰੰਗ ਕਰਨ ਵਾਲਾ ਬਕਸਾ ਸੀ ਤੇ ਬੱਚਿਆਂ ਦੇ ਪੜ੍ਹਨ ਵਾਲੀ ਇਕ ਕਿਤਾਬ। ਕਿਤਾਬ ਦਾ ਨਾਂ ਸੀ ‘ਦ ਬੁਆਏ’ਜ਼ ਓਨ ਬੁੱਕ’। ਮਹਾਂਰਾਜੇ ਨੂੰ ਇਹ ਤੋਹਫਾ ਬਹੁਤ ਪਸੰਦ ਆਇਆ ਤੇ ਉਹ ਕਿਤਾਬ ਪੜ੍ਹਨ ਦੀ ਕੋਸਿ਼ਸ਼ ਕਰਨ ਲਗਿਆ। ਕਦੇ ਉਹ ਆਪਣੇ ਟਿਊਟਰ ਵਾਲਟਰ ਗੂਜ਼ ਦੀ ਮੱਦਦ ਲੈਂਦਾ ਤੇ ਕਦੇ ਟੌਮੀ ਸਕੌਟ ਦੀ ਜਾਂ ਫੇਰ ਭਜਨ ਲਾਲ ਦੀ। ਭਜਨ ਲਾਲ ਨੂੰ ਡਾਕਟਰ ਲੋਗਨ ਨੇ ਮਹਾਂਰਾਜੇ ਦੀ ਸੰਭਾਲ ਲਈ ਵਿਸ਼ੇਸ਼ ਤੌਰ ‘ਤੇ ਰੱਖਿਆ ਸੀ। ਉਹ ਬਨਾਰਸ ਦੇ ਰਹਿਣ ਵਾਲਾ ਸੀ। ਪੰਜਾਬ ਤੋਂ ਮਹਾਂਰਾਜੇ ਦੇ ਨਾਲ ਆਏ ਕਰਮਚਾਰੀਆਂ ਵਿਚੋਂ ਬਹੁਤੇ ਤਾਂ ਵਾਪਸ ਚਲੇ ਗਏ ਸਨ। ਉਹਨਾਂ ਨੇ ਦੇਖ ਲਿਆ ਕਿ ਕਿ ਪੰਜਾਬ ਤੋਂ ਉਹ ਆਪਣੇ ਟੱਬਰਾਂ ਨੂੰ ਨਹੀਂ ਸਨ ਸੱਦ ਸਕਦੇ। ਨਵੇਂ ਨੌਕਰਾਂ ਨੂੰ ਰੱਖਣਾ ਡਾਕਟਰ ਲੋਗਨ ਲਈ ਕੋਈ ਸਮੱਸਿਆ ਨਹੀਂ ਸੀ ਪਰ ਉਹ ਚਾਹੁੰਦਾ ਸੀ ਕਿ ਅਜਿਹੇ ਨੌਕਰ ਹੀ ਹੋਣ ਜਿਹੜੇ ਮਹਾਂਰਾਜੇ ਦੇ ਸਭਿਆਚਾਰ ਨੂੰ ਸਮਝਦੇ ਹੋਣ, ਉਸ ਦੇ ਖਾਣਿਆਂ ਨੂੰ ਤੇ ਉਸ ਦੇ ਪਹਿਨਣ ਨੂੰ। ਡਾਕਟਰ ਲੋਗਨ ਨੂੰ ਪੰਜਾਬ ਤੋਂ ਆਏ ਨੌਕਰਾਂ ਵਿਚੋਂ ਮੀਆਂ ਖੀਮਾ ਸਭ ਤੋਂ ਵੱਧ ਪਸੰਦ ਸੀ। ਮੀਆਂ ਖੀਮਾ ਮਹਾਂਰਾਜੇ ਨੂੰ ਬਚਪੱਨ ਤੋਂ ਹੀ ਜਾਣਦਾ ਸੀ ਤੇ ਮਹਾਂਰਾਜਾ ਵੀ ਉਸ ਨਾਲ ਖੁਸ਼ ਰਹਿੰਦਾ ਸੀ। ਭਜਨ ਲਾਲ ਦੀ ਖਾਸ ਗੱਲ ਇਹ ਸੀ ਕਿ ਉਹ ਅੰਗਰੇਜ਼ੀ ਜਾਣਦਾ ਸੀ। ਮਹਾਂਰਾਜਾ ਉਸ ਨਾਲ ਅੰਗਰੇਜ਼ੀ ਬੋਲਣ ਦੀ ਮਸ਼ਕ ਕਰਨ ਲਗਦਾ। ਹਾਲੇ ਵੀ ਮਹਾਂਰਾਜੇ ਦੇ ਅੰਗ-ਸੰਗ ਕੁਝ ਪੰਜਾਬੀ ਲੋਕ ਜੁੜੇ ਹੋਏ ਸਨ ਜਿਵੇਂ ਕਿ ਸਰਦਾਰ ਬੂੜ ਸਿੰਘ, ਦੀਵਾਨ ਅਯੁਧਿਆ ਪ੍ਰਸ਼ਾਦ, ਫਕੀਰ ਜ਼ਹੂਰੂਦੀਨ ਤੇ ਰਾਮ ਸਿੰਘ ਆਦਿ। ਇਹਨਾਂ ਸਭ ਦੇ ਹੁੰਦਿਆਂ ਮਹਾਂਰਾਜਾ ਖੁਦ-ਮੁਖਤਿਆਰ ਜਿਹਾ ਰਹਿਣਾ ਪਸੰਦ ਕਰਦਾ ਸੀ।
ਸ਼ਹਿਜ਼ਾਦਾ ਸਿ਼ਵਦੇਵ ਸਿੰਘ ਦੀ ਸੰਭਾਲ ਰਾਣੀ ਦੁਖਨਾ ਆਪ ਕਰਦੀ। ਆਪਣੇ ਪੁੱਤ ਦੇ ਕਿਸੇ ਵੀ ਹਿਤ ਨੂੰ ਉਹ ਨੌਕਰਾਂ ‘ਤੇ ਨਹੀਂ ਸੀ ਛੱਡਦੀ। ਜੇ ਉਸ ਨੂੰ ਲਗਦਾ ਕਿ ਉਸ ਦੇ ਬੇਟੇ ਨੂੰ ਕਿਸੇ ਗੱਲੋਂ ਮਹਾਂਰਾਜੇ ਨਾਲੋਂ ਘੱਟ ਰੱਖਿਆ ਜਾ ਰਿਹਾ ਹੈ ਤਾਂ ਉਹ ਅੜ ਜਾਂਦੀ, ਉਸ ਦਾ ਪੂਰਾ ਹੱਕ ਦਿਲਵਾ ਕੇ ਹਟਦੀ। ਰਾਣੀ ਦੁਖਨਾ ਦੀ ਮੱਦਦ ਲਈ ਬਹੁਤੀਆਂ ਨੌਕਰਾਣੀਆਂ ਹਿੰਦੁਸਤਾਨੀ ਹੀ ਸਨ। ਉਸ ਲਈ ਪਰਦੇ ਦਾ ਵਿਸ਼ੇਸ਼ ਇੰਤਜ਼ਾਮ ਸੀ। ਉਸ ਦੇ ਨਹਾਉਣ ਲਈ ਗੰਗਾ ਦੇ ਕਿਨਾਰੇ ਖਾਸ ਪੋਣਾ ਬਣਾ ਰੱਖਿਆ ਸੀ। ਰਾਣੀ ਦੁਖਨਾ ਬਹੁਤ ਸਲੀਕੇ ਵਾਲੀ ਔਰਤ ਸੀ। ਸਾਰਾ ਫਤਿਹਗੜ੍ਹ ਹੀ ਉਸ ਦੀ ਤਾਰੀਫ ਕਰਦਾ। ਵੈਸੇ ਰਾਣੀ ਦੁਖਨਾ ਮਹਾਂਰਾਜੇ ਦੀ ਵੀ ਹਰ ਤਰ੍ਹਾਂ ਮੱਦਦ ਕਰਦੀ ਸੀ, ਉਸ ਦੇ ਨਹਾਉਣ ਵਿਚ, ਤਿਆਰ ਹੋਣ ਵਿਚ। ਉਸ ਦੇ ਖਾਣੇ ਦਾ ਵੀ ਧਿਆਨ ਰੱਖਦੀ ਸੀ। ਪਰ ਹੁਣ ਰਾਣੀ ਦੁਖਨਾ ਮਹਾਂਰਾਜੇ ਨੂੰ ਇਸਾਈ ਧਰਮ ਵਲ ਉਲਾਰ ਦੇਖ ਕੇ ਦੁਖੀ ਹੋ ਰਹੀ ਸੀ। ਉਹ ਮਹਾਂਰਾਜੇ ਨੂੰ ਬਹੁਤ ਸਮਝਾਉਂਦੀ, ਰੋਕਦੀ ਪਰ ਮਹਾਂਰਾਜਾ ਉਸ ਦੀ ਸੁਣਨ ਵਾਲਾ ਕਦੋਂ ਸੀ। ਫਿਰ ਇਹ ਸਮਾਂ ਆ ਗਿਆ ਕਿ ਉਹ ਸ਼ਹਿਜ਼ਾਦਾ ਸਿ਼ਵਦੇਵ ਨੂੰ ਮਹਾਂਰਾਜੇ ਦੇ ਸਾਥ ਤੋਂ ਬਚਾ ਕੇ ਰੱਖਣ ਲਗ ਪਈ ਸੀ। ਡਾਕਟਰ ਲੋਗਨ ਰਾਣੀ ਦੁਖਨਾ ਦੀ ਇਸ ਗੱਲੋਂ ਤਾਰੀਫ ਵੀ ਕਰਦਾ ਕਿ ਉਹ ਆਪਣੀ ਸਾਰੀ ਸ਼ਕਤੀ ਆਪਣੇ ਪੁੱਤ ਨੂੰ ਸੰਭਾਲਣ ‘ਤੇ ਖਰਚ ਰਹੀ ਸੀ।
ਮਹਾਂਰਾਜਾ ਹੁਣ ਫਹਿਤਗੜ੍ਹ ਦੇ ਆਪਣੇ ਜੀਵਨ ਵਿਚ ਰਮਣ ਲਗ ਪਿਆ ਸੀ। ਉਹ ਸਿ਼ਕਾਰ ਖੇਡਦਾ, ਬਾਜ਼ ਉਡਾਉਂਦਾ, ਘੋੜ ਸਵਾਰੀ ਕਰਦਾ। ਦੋਸਤਾਂ ਨਾਲ ਕ੍ਰਿਕਟ ਤੇ ਹੋਰ ਗੇਮਾਂ ਦਾ ਲੁਤਫ ਵੀ ਲੈਂਦਾ। ਉਹ ਵੇਲੇ ਕੁਵੇਲੇ ਲੋੜਵੰਦਾਂ ਦੀ ਪੈਸੇ ਨਾਲ ਮੱਦਦ ਕਰਦਾ ਰਹਿੰਦਾ ਸੀ ਤੇ ਆਪਣੇ ਆਲੇ ਦੁਆਲੇ ਦੇ ਸਰਕਾਰੀ ਤੇ ਗੈਰ ਸਰਕਾਰੀ ਕਰਮਚਾਰੀਆਂ ਨੂੰ ਬਖਸ਼ੀਸ਼ ਵੀ ਦਿੰਦਾ ਰਹਿੰਦਾ। ਅੰਗਰੇਜ਼ ਕਰਮਚਾਰੀਆਂ ਨੂੰ ਕਿਸੇ ਕਿਸਮ ਦਾ ਤੋਹਫਾ ਲੈਣ ਦੀ ਇਜਾਜ਼ਤ ਨਹੀਂ ਸੀ। ਉਹਨਾਂ ਨੂੰ ਜਾਂ ਤਾਂ ਤੋਹਫਾ ਸਰਕਾਰੀ ਖਜ਼ਾਨੇ ਵਿਚ ਜਮ੍ਹਾਂ ਕਰਾਉਣਾ ਪੈਂਦਾ ਸੀ ਜਾਂ ਫਿਰ ਇਸ ਦੀ ਕੀਮਤ ਅਦਾ ਕਰਨੀ ਪੈਂਦੀ ਸੀ। ਇਹਨਾਂ ਦਿਨਾਂ ਵਿਚ ਹੀ ਡਾਕਟਰ ਲੋਗਨ ਆਪਣੀ ਪਤਨੀ ਨੂੰ ਕੱਲਕੱਤੇ ਤੋਂ ਲੈਣ ਚਲੇ ਗਿਆ ਜੋ ਕਿ ਇੰਗਲੈਂਡ ਤੋਂ ਮਹਾਂਰਾਜੇ ਦੀ ਸੰਭਾਲ ਲਈ ਆਪਣੇ ਪਤੀ ਦੀ ਮੱਦਦ ਕਰਨ ਆ ਰਹੀ ਸੀ। ਡਾਕਟਰ ਲੋਗਨ ਨੇ ਕੈਪਟਨ ਕੈਂਪਬੈੱਲ ਨੂੰ ਮਹਾਂਰਾਜੇ ਦੀ ਸੰਭਾਲ ਦੀ ਡਿਊਟੀ ਸੰਭਾਲ ਦਿਤੀ। ਕੈਪਟਨ ਕੈਂਪਬੈੱਲ ਕਾਫੀ ਤੇਜ਼ ਆਦਮੀ ਸੀ। ਡਾਕਟਰ ਲੋਗਨ ਨੂੰ ਉਸ ਉਪਰ ਪੂਰਾ ਭਰੋਸਾ ਸੀ। ਨਾਲ ਹੀ ਕੈਪਟਨ ਕੈਂਪਬੈੱਲ ਨੂੰ ਲਗਾਤਾਰ ਸਾਰੀ ਸਥਿਤੀ ਬਾਰੇ ਰਿਪ੍ਰੋਟ ਦਿੰਦੇ ਰਹਿਣ ਦੀ ਹਿਦਾਇਤ ਵੀ ਕਰ ਦਿਤੀ ਸੀ। ਇਹਨਾਂ ਦਿਨਾਂ ਵਿਚ ਹੀ ਮਹਾਂਰਾਜੇ ਨੇ ਇਕ ਖੂਬਸੂਰਤ ਘੋੜਾ ਖਰੀਦਿਆ। ਇਹ ਘੋੜਾ ਕੁਝ ਕੁਝ ਉਸ ਦੇ ਪਿਆਰੇ ਘੋੜੇ ਲਾਲੀ ਵਰਗਾ ਸੀ। ਇਹੋ ਕਾਰਨ ਸੀ ਕਿ ਉਸ ਨੇ ਇਸ ਦੀ ਕੀਮਤ ਚਾਰ ਹਜ਼ਾਰ ਰੁਪਏ ਤਾਰੀ ਜੋ ਕਿ ਬਹੁਤ ਜਿ਼ਆਦਾ ਸੀ। ਉਸ ਨੂੰ ਆਪਣਾ ਸ਼ਾਹੀ ਘੋੜਾ ਲਾਲੀ ਬਹੁਤ ਯਾਦ ਆਉਂਦਾ।
ਇਕ ਦਿਨ ਅਚਾਨਕ ਓਪਰੇ ਜਿਹੇ ਬੰਦੇ ਫਤਿਹਗੜ੍ਹ ਦੇ ਬਜ਼ਾਰ ਵਿਚ ਘੁੰਮਦੇ ਦੇਖੇ ਗਏ। ਛੋਟਾ ਜਿਹਾ ਸ਼ਹਿਰ ਸੀ ਜਿਸ ਕਾਰਨ ਨਵੇਂ ਆਏ ਬੰਦੇ ਦਾ ਇਕ ਦਮ ਪਤਾ ਚਲ ਜਾਂਦਾ। ਫਿਰ ਪੰਜਾਬੀ ਲੋਕ ਵੈਸੇ ਵੀ ਕੱਦ-ਕਾਠ ਵਿਚ ਸਥਾਨਕ ਲੋਕਾਂ ਨਾਲੋਂ ਵੱਖਰੇ ਸਨ। ਸ਼ਹਿਰ ਵਿਚ ਪੂਰੀ ਤਰ੍ਹਾਂ ਚੌਕਸੀ ਰੱਖੀ ਜਾਂਦੀ ਕਿ ਮਹਾਂਰਾਜੇ ਤਕ ਕੋਈ ਪੁੱਜਣ ਦੀ ਕੋਸਿ਼ਸ਼ ਨਾ ਕਰੇ। ਇਹ ਵੀ ਡਰ ਸੀ ਕਿ ਮਹਾਂਰਾਜੇ ਨੂੰ ਚੁੱਕ ਕੇ ਲੈ ਜਾਇਆ ਜਾਵੇ ਤੇ ਉਸ ਨੂੰ ਪੰਜਾਬ ਵਿਚ ਬਗਾਵਤ ਕਰਨ ਲਈ ਵਰਤਿਆ ਜਾਵੇ। ਪੰਜਾਬ ਵਿਚ ਹਾਲੇ ਵੀ ਕੁਝ ਬਾਗੀ ਖੁੱਲ੍ਹੇ ਫਿਰਦੇ ਸਨ। ਉਤਰੀ ਪੰਜਾਬ ਵਿਚ ਮੂਲਰਾਜ ਤੇ ਕੁਝ ਹੋਰ ਸਿੱਖ ਸਰਦਾਰ ਅੰਗਰੇਜ਼ ਸਰਕਾਰ ਲਈ ਸਿਰ ਦਰਦੀ ਬਣੇ ਹੋਏ ਸਨ। ਅੰਗਰੇਜ਼ ਏਨੇ ਥੱਕੇ ਹੋਏ ਸਨ ਕਿ ਕਿਸੇ ਬਗਾਵਤ ਦਾ ਸਾਹਮਣਾ ਕਰ ਸਕਣਾ ਮੁਸ਼ਕਲ ਹੋ ਜਾਣਾ ਸੀ। ਸਿਪਾਹੀ ਸ਼ਹਿਰ ਵਿਚ ਆਏ ਇਹਨਾਂ ਨਵੇਂ ਲੋਕਾਂ ਉਪਰ ਨਜ਼ਰ ਰੱਖ ਰਹੇ ਸਨ। ਦੋ ਕੁ ਦਿਨਾਂ ਵਿਚ ਹੀ ਇਹ ਬੰਦੇ ਗਾਇਬ ਹੋ ਗਏ। ਮਹਾਂਰਾਜੇ ਦੁਆਲੇ ਸੁਰੱਖਿਆ ਦਾ ਘੇਰਾ ਹੋਰ ਵੀ ਮਜ਼ਬੂਤ ਕਰ ਦਿਤਾ ਗਿਆ। ਕੁਝ ਦਿਨਾਂ ਬਾਅਦ ਇਹ ਗਤੀ-ਵਿਧੀਆਂ ਦੁਬਾਰਾ ਸ਼ੁਰੂ ਹੋ ਗਈਆਂ। ਇਕ ਬੰਦਾ ਤਾਂ ਮਹਾਂਰਾਜੇ ਦੀ ਰਿਹਾਇਸ਼ ਵਾਲੀ ਹਵੇਲੀ ਦੇ ਬਿਲਕੁਲ ਨੇੜੇ ਵੀ ਦੇਖਿਆ ਗਿਆ। ਇਕ ਦਿਨ ਇਕ ਨੌਕਰ ਬਜ਼ਾਰ ਵਿਚ ਸਬਜ਼ੀ ਲੈਣ ਗਿਆ ਤਾਂ ਇਕ ਆਦਮੀ ਉਸ ਨੂੰ ਪਾਸੇ ਲੈ ਜਾਂਦਾ ਬੋਲਿਆ,
“ਸਾਡੇ ਕੋਲ ਮਹਾਂਰਾਜੇ ਵਾਸਤੇ ਸੁਨੇਹਾ ਏ।”
“ਕਿਆ ਕਹਿ ਰਹੇ ਹੋ, ਜ਼ਰਾ ਦੁਬਾਰਾ ਕਹੀਏ!”
ਗੱਲ ਕਰਨ ਵਾਲਾ ਸਮਝ ਗਿਆ ਕਿ ਇਹ ਨੌਕਰ ਪੰਜਾਬੀ ਨਹੀਂ ਕੋਈ ਹਿੰਦੁਸਤਾਨੀ ਹੈ ਤੇ ਉਹ ਉਸੇ ਵਕਤ ਭੀੜ ਵਿਚ ਅਲੋਪ ਹੋ ਗਿਆ। ਇਸ ਘਟਨਾ ਨੇ ਸਾਰੇ ਲੋਕਾਂ ਦੇ ਮਨਾਂ ਵਿਚ ਦਹਿਲ ਪੈਦਾ ਕਰ ਦਿਤਾ ਪਰ ਇਸ ਘਟਨਾ ਨੂੰ ਮਹਾਂਰਾਜੇ ਜਾਂ ਸ਼ਹਿਜ਼ਾਦੇ ਨੂੰ ਪਤਾ ਨਹੀਂ ਲਗਣ ਦਿਤਾ ਗਿਆ। ਚੌਕਸੀ ਹੋਰ ਵਧਾ ਦਿਤੀ ਗਈ। ਕੁਝ ਦਿਨ ਹੀ ਲੰਘੇ ਸਨ ਕਿ ਦੋ ਬੰਦਿਆਂ ਨੇ ਮਹਾਂਰਾਜੇ ਦੇ ਇਕ ਪੰਜਾਬੀ ਨੌਕਰ ਨੂੰ ਪੱਛਾਣ ਕੇ ਕਿਹਾ,
“ਤੂੰ ਪੰਜਾਬੀ ਭਰਾ ਏਂ, ਕਿਸੇ ਤਰ੍ਹਾਂ ਸਾਨੂੰ ਮਹਾਂਰਾਜੇ ਨੂੰ ਮਿਲਾ ਦੇ, ਸਾਡੇ ਕੋਲ ਰਾਜਮਾਤਾ ਵਲੋਂ ਕੁਝ ਸੁਨੇਹੇ ਨੇ ਮਹਾਂਰਾਜੇ ਵਾਸਤੇ।”
ਇਸ ਤੋਂ ਪਹਿਲਾਂ ਕਿ ਨੌਕਰ ਕੋਈ ਜਵਾਬ ਦੇ ਸਕਦਾ ਸਰਕਾਰੀ ਸਿਪਾਹੀਆਂ ਨੇ ਆ ਕੇ ਉਹਨਾਂ ਦੋਨਾਂ ਨੂੰ ਦਬੋਚ ਲਿਆ। ਉਹਨਾਂ ਦੀ ਤਲਾਸ਼ੀ ਲਈ ਗਈ ਤਾਂ ਉਹਨਾਂ ਕੋਲੋਂ ਕੋਈ ਵੀ ਇਤਰਾਜ਼ਯੋਗ ਚੀਜ਼ ਨਾ ਮਿਲੀ। ਅਗਲੇ ਦਿਨ ਉਹਨਾਂ ਦੋਨਾਂ ਨੂੰ ਫਤਿਹਗੜ੍ਹ ਦੇ ਮਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ। ਮਜਿਸਟਰੇਟ ਨੇ ਸਾਰੀ ਸਥਿਤੀ ਨੂੰ ਸਾਹਮਣੇ ਰੱਖਦਿਆਂ ਫੈਸਲਾ ਦਿਤਾ ਕਿ ਇਹਨਾਂ ਨੂੰ ਛੱਡ ਦਿਤਾ ਜਾਵੇ ਤੇ ਜੇ ਮੁੜ ਕੇ ਏਸ ਸ਼ਹਿਰ ਵਿਚ ਜਾਂ ਮਹਾਂਰਾਜੇ ਦੇ ਨੇੜੇ ਦੇਖ ਲਏ ਜਾਣ ਤਾਂ ਗੋਲੀ ਮਾਰ ਦਿਤੀ ਜਾਵੇ। ਇਸ ਘਟਨਾ ਤੋਂ ਬਾਅਦ ਮਹਾਂਰਾਜੇ ਦੀ ਸੁਰੱਖਿਆ ਦਾ ਜਿ਼ੰਮਾ ਫੌਜ ਦੇ ਹੱਥ ਦੇ ਦਿਤਾ ਗਿਆ।
ਅਜਿਹੀਆਂ ਘਟਨਾਵਾਂ ਕੈਪਟਨ ਕੈਂਪਬੈੱਲ ਨੂੰ ਫਿਕਰ ਵਿਚ ਪਾ ਰਹੀਆਂ ਸਨ। ਉਹ ਡਰਦਾ ਸੀ ਕਿ ਡਾਕਟਰ ਲੋਗਨ ਦੀ ਗੈਰਹਾਜ਼ਰੀ ਵਿਚ ਕੋਈ ਗਲਤ ਘਟਨਾ ਹੀ ਨਾ ਵਾਪਰ ਜਾਵੇ। ਆਪਣਾ ਫਿਰਕ ਜ਼ਾਹਰ ਕਰਦਿਆਂ ਉਸ ਨੇ ਆਪਣੇ ਦੋਸਤ ਮੇਜਰ ਟੈਰੀ ਕੈਨਨ ਨੂੰ ਕਿਹਾ,
“ਮੇਜਰ, ਕਿਤੇ ਇਵੇਂ ਨਾ ਹੋਵੇ ਕਿ ਮਹਾਂਰਾਜਾ ਘੋੜ ਸਵਾਰੀ ਦੇ ਬਹਾਨੇ ਜਾਂ ਸਿ਼ਕਾਰ ਗਿਆਂ ਹੀ ਅਜਿਹੇ ਬਾਗੀਆਂ ਨਾਲ ਦੌੜ ਜਾਵੇ।”
“ਨਹੀਂ ਕੈਪਟਨ, ਇਵੇਂ ਨਹੀਂ ਹੋ ਸਕਦਾ।”
“ਕਿਉਂ ਨਹੀਂ ਹੋ ਸਕਦਾ! ...ਆਖਰ ਮਹਾਂਰਾਣੀ ਜਿੰਦ ਕੋਰ ਇਹਦੀ ਮਾਂ ਏ ਤੇ ਮਾਂ ਦਾ ਸੁਨੇਹਾ ਸੁਣ ਕੇ ਇਹ ਕੁਝ ਵੀ ਕਰ ਸਕਦਾ ਏ।”
“ਨਹੀਂ ਕੈਪਟਨ, ਇਹ ਠੀਕ ਏ ਕਿ ਮਹਾਂਰਾਣੀ ਜਿੰਦ ਕੋਰ ਸਦਾ ਹੀ ਕੁਝ ਨਾ ਕੁਝ ਸਾਡੇ ਖਿਲਾਫ ਕਰਦੀ ਰਹਿੰਦੀ ਏ, ਉਹਦੇ ਭੇਜੇ ਸਿੱਖ ਹਾਲੇ ਵੀ ਅਸੀਂ ਨਿਪਾਲ ਦੇ ਬਾਰਡਰ ਤੋਂ ਜਾਂ ਏਧਰੋਂ ਓਧਰੋਂ ਫੜ ਰਹੇ ਆਂ ਪਰ ਮਹਾਂਰਾਜਾ ਆਪਣੀ ਮਾਂ ਦੀ ਕਿਸੇ ਗੱਲ ਵਿਚ ਨਹੀਂ ਆਵੇਗਾ। ਇਹਦੇ ਬਾਰੇ ਤਾਂ ਲੌਡਰ ਡਲਹੌਜ਼ੀ ਵੀ ਚੰਗੀ ਤਰ੍ਹਾਂ ਜਾਣਦੇ ਨੇ।”
“ਅੱਛਾ! ਉਹ ਕਿਵੇਂ?”
“ਮਹਾਂਰਾਣੀ ਦੇ ਨਿਭਾਏ ਕਿਰਦਾਰ ਕਾਰਨ ਮਹਾਂਰਾਜਾ ਬਿਲਕੁਲ ਖੁਸ਼ ਨਹੀਂ ਏ, ਉਹ ਤਾਂ ਲਹੌਰ ਵਿਚ ਹੀ ਆਪਣੀ ਮਾਂ ਬਾਰੇ ਬੁਰਾ-ਭਲਾ ਬੋਲਿਆ ਕਰਦਾ ਸੀ, ਆਪਣੀ ਮਾਂ ਨੂੰ ਕਤਲ ਕਰਨ ਦੀਆਂ ਗੱਲਾਂ ਕਰਿਆ ਕਰਦਾ ਸੀ।”
“ਇਹ ਕਿਵੇਂ ਹੋ ਸਕਦਾ ਏ?”
“ਸਰ, ਇਹਨਾਂ ਲੋਕਾਂ ਲਈ ਇਹ ਕੋਈ ਨਵੀਂ ਗੱਲ ਨਹੀਂ, ਮਹਾਂਰਾਜੇ ਦੇ ਪਿਓ ਰਣਜੀਤ ਸਿੰਘ ਨੇ ਵੀ ਚੜ੍ਹਦੀ ਉਮਰ ਵਿਚ ਆਪਣੀ ਮਾਂ ਦਾ ਕਤਲ ਕਰ ਦਿਤਾ ਸੀ, ਇਵੇਂ ਹੀ ਉਸ ਦੇ ਪਿਓ ਨੇ ਵੀ। ...ਵੈਸੇ ਤਾਂ ਹਾਲਾਤ ਬਹੁਤ ਵਧੀਆ ਨੇ, ਮੈਨੂੰ ਫਾਦਰ ਕਾਰਸ਼ੋਰ ਤੋਂ ਪਤਾ ਚੱਲਿਆ ਕਿ ਮਹਾਂਰਾਜਾ ਇਸਾਈ ਬਣਨ ਦੀ ਖਾਹਸ਼ ਦਰਸਾ ਰਿਹਾ ਏ।”
“ਸੱਚ!” ਕੈਪਟਨ ਕੈਂਪਬੈੱਲ ਨੇ ਹੈਰਾਨ ਹੁੰਦਿਆਂ ਕਿਹਾ। ਉਸੇ ਪਲ ਫਿਰ ਬੋਲਿਆ, “ਜੋ ਵੀ ਹੋਵੇ ਪਰ ਡਾਕਟਰ ਲੋਗਨ ਦੇ ਆਉਣ ਤਕ ਸਭ ਠੀਕ ਰਹੇ, ਤਾਂ ਜੋ ਮੈਂ ਆਪਣੀ ਜਿ਼ੰਮੇਵਾਰੀ ਚੰਗੀ ਤਰ੍ਹਾਂ ਨਿਭਾ ਸਕਾਂ ਤੇ ਮੈਨੂੰ ਕੋਈ ਉਲ੍ਹਾਮਾ ਨਾ ਮਿਲੇ।”
ਡਾਕਟਰ ਲੋਗਨ ਆਮ ਨਾਲੋਂ ਜ਼ਰਾ ਵਧ ਵਕਤ ਲਾ ਆਇਆ ਸੀ ਪਰ ਜਦ ਆਇਆ ਤਾਂ ਫਤਿਹਗੜ੍ਹ ਵਿਚ ਬਹੁਤ ਕੁਝ ਬਦਲ ਚੁੱਕਿਆ ਸੀ। ਮਹਾਂਰਾਜਾ ਆਪਣਾ ਧਰਮ ਬਦਲ ਕੇ ਇਸਾਈ ਬਣਨ ਦਾ ਫੈਸਲਾ ਕਰ ਚੁੱਕਿਆ ਸੀ। ਟੌਮੀ ਸਕੌਟ ਤੇ ਰੋਬੀ ਕਾਰਸ਼ੋਰ ਦੀ ਸੰਗਤ ਉਸ ਨੂੰ ਪਹਿਲੇ ਦਿਨ ਤੋਂ ਹੀ ਇਸਾਈ ਧਰਮ ਵਲ ਨੂੰ ਪ੍ਰੇਰ ਰਹੀ ਸੀ। ਇਸੇ ਸੰਗਤ ਵਿਚ ਹੀ ਮਹਾਂਰਾਜੇ ਦੀ ਬਾਈਬਲ ਪੜ੍ਹਨ ਵਿਚ ਰੁਚੀ ਬਣ ਗਈ ਸੀ। ਰੋਬੀ ਕਾਰਸ਼ੋਰ ਦਾ ਪਿਤਾ ਫਾਦਰ ਕਾਰਸ਼ੋਰ ਉਹਨਾਂ ਸਭ ਨੂੰ ਧਾਰਮਿਕ ਸਬਕ ਦਿਆ ਕਰਦਾ ਸੀ। ਇਸ ਤੋਂ ਬਿਨਾਂ ਭਜਨ ਲਾਲ ਵੀ ਉਸ ਨੂੰ ਬਾਈਬਲ ਵਿਚਲੀਆਂ ਕਥਾਵਾਂ ਮਸਾਲੇ ਲਾ ਲਾ ਕੇ ਸੁਣਾਇਆ ਕਰਦਾ ਸੀ। ਹਿੰਦੂ ਕਹਾਣੀਆਂ ਜਾਂ ਮਿੱਥਾਂ ਮਹਾਂਰਾਜੇ ਨੂੰ ਬਿਲਕੁਲ ਝੂਠੇ ਜਾਪਣ ਲਗੇ ਸਨ। ਭਜਨ ਲਾਲ ਦਾ ਨਾਂ ਦਾ ਹੀ ਬ੍ਰਾਹਮਣ ਸੀ ਪਰ ਉਹ ਕਾਫੀ ਸਾਲਾਂ ਤੋਂ ਇਸਾਈ ਬਣ ਗਿਆ ਹੋਇਆ ਸੀ। ਇਕ ਦਿਨ ਗੱਲਾਂ ਕਰਦਿਆਂ ਮਹਾਂਰਾਜੇ ਨੇ ਭਜਨ ਲਾਲ ਨੂੰ ਕਿਹਾ,
“ਭਜਨ ਲਾਲ ਜੀ, ਇਹ ਮਰ ਕੇ ਫਿਰ ਜੰਮਣ ਦੀਆਂ ਗੱਲਾਂ, ਇਹ ਚੰਗੇ ਕਰਮਾਂ ਦੀਆਂ ਗੱਲਾਂ ਦਾ ਫਲ਼, ਗਾਂ ਦੀ ਪੂਛ ਫੜ ਕੇ ਪਾਰ ਲੰਘਣਾਂ, ਧਰਤੀ ਦਾ ਬੌਲਦ ਨੇ ਚੁੱਕਿਆ ਹੋਣਾਂ, ...ਮੈਨੂੰ ਹਿੰਦੂ ਧਰਮ ਬਹੁਤ ਫਜ਼ੂਲ ਲਗਦਾ ਏ।”
“ਯੋਅਰ ਹਾਈਨੈੱਸ, ਫਿਰ ਕਿਉਂ ਨਹੀਂ ਮੇਰੇ ਵਾਂਗ ਇਸਾਈ ਧਰਮ ਅਪਣਾ ਲੈਂਦੇ, ਫਿਰ ਦੇਖੋ ਕਿਵੇਂ ਅਨੰਦ ਮਹਿਸੂਸ ਕਰਦੇ ਹੋ।”
ਮਹਾਂਰਾਜੇ ਨੂੰ ਇਹ ਗੱਲ ਭਾਅ ਗਈ। ਉਹ ਹਰ ਵੇਲੇ ਇਸੇ ਬਾਰੇ ਹੀ ਸੋਚਦਾ ਰਹਿੰਦਾ। ਦੋ ਕੁ ਵਾਰ ਹੋਰ ਭਜਨ ਲਾਲ ਨਾਲ ਇਸ ਬਾਰੇ ਗੱਲ ਹੋਈ ਤੇ ਉਸ ਨੇ ਧਰਮ ਬਦਲਣ ਦਾ ਫੈਸਲਾ ਕਰ ਲਿਆ। ਸਭ ਤੋਂ ਪਹਿਲਾਂ ਉਸ ਨੇ ਇਹ ਖਬਰ ਟੌਮੀ ਸਕੌਟ ਤੇ ਰੋਬੀ ਕਾਰਸ਼ੋਰ ਨੂੰ ਸੁਣਾਈ। ਫਿਰ ਇਹ ਗੱਲ ਪੂਰੇ ਫਤਿਹਗੜ੍ਹ ਵਿਚ ਫੈਲ ਗਈ। ਕੈਪਟਨ ਕੈਂਪਬੈੱਲ ਨੂੰ ਇਹ ਜਾਣ ਕੇ ਹੈਰਾਨੀ ਵੀ ਹੋਈ ਤੇ ਖੁਸ਼ੀ ਵੀ। ਉਸ ਨੇ ਮਹਾਂਰਾਜੇ ਨੂੰ ਸੱਦ ਕੇ ਪੁੱਛਿਆ,
“ਯੋਅਰ ਹਾਈਨੈੱਸ, ਇਹ ਮੈਂ ਕੀ ਸੁਣ ਰਿਹਾਂ?”
“ਕੈਪਟਨ, ਤੁਸੀਂ ਠੀਕ ਸੁਣ ਰਹੇ ਹੋ, ਮੈਂ ਇਸਾਈ ਬਣਨ ਦਾ ਫੈਸਲਾ ਕਰ ਚੁੱਕਾ ਹਾਂ, ਮੈਨੂੰ ਭਜਨ ਲਾਲ ਦੀਆਂ ਸੁਣਾਈਆਂ ਬਾਈਬਲ ਦੀਆਂ ਆਇਤਾਂ ਚੰਗੀਆਂ ਲਗਦੀਆਂ ਨੇ। ਮੈਨੂੰ ਹਿੰਦੂ ਧਰਮ ਉਪਰ ਹੁਣ ਕੋਈ ਯਕੀਨ ਨਹੀਂ ਰਿਹਾ। ਹਿੰਦੂ ਧਰਮ ਵਿਚ ਅਜਿਹੀਆਂ ਗੱਲਾਂ ਨੇ ਜੋ ਕਦੇ ਵਾਪਰ ਹੀ ਨਹੀਂ ਸਕਦੀਆਂ।”
“ਠੀਕ ਹੈ, ਯੋਅਰ ਹਾਈਨੈੱਸ, ਡਾਕਟਰ ਲੋਗਨ ਨੂੰ ਆਉਣ ਦਿਓ, ਉਹਨਾਂ ਦੇ ਆਏ ਤੇ ਫੈਸਲਾ ਕਰਾਂਗੇ।”
“ਪਰ ਕੈਪਟਨ, ਮੈਂ ਤਾਂ ਫੈਸਲਾ ਕਰ ਚੁੱਕਿਆਂ।
ਮਹਾਂਰਾਜੇ ਦੇ ਇਸ ਫੈਸਲੇ ਨੇ ਸਾਰੇ ਚੌਗਿਰਦੇ ਵਿਚ ਹੀ ਤਣਾਵ ਪੈਦਾ ਕਰ ਦਿਤਾ। ਜਿਥੇ ਅੰਗਰੇਜ਼ ਖੁਸ਼ ਸਨ ਉਥੇ ਹਿੰਦੁਸਤਾਨ ਲੋਕ ਬਹੁਤ ਉਦਾਸ ਤੇ ਗੁੱਸੇ ਵਿਚ ਸਨ, ਖਾਸ ਤੌਰ ‘ਤੇ ਉਹ ਲੋਕ ਜੋ ਮਹਾਂਰਾਜੇ ਦੇ ਕਰਮਚਾਰੀ ਸਨ। ਰਾਣੀ ਦੁਖਨਾ ਆਪਣੇ ਥਾਂ ‘ਤੇ ਪਰੇਸ਼ਾਨ ਸੀ। ਉਸ ਤਾਂ ਇਸ ਦਾ ਖੁੱਲ੍ਹ ਕੇ ਵਿਰੋਧ ਕਰ ਰਹੀ ਸੀ। ਉਸ ਨੂੰ ਇਹ ਵੀ ਡਰ ਸੀ ਕਿ ਉਸ ਦਾ ਆਪਣਾ ਪੁੱਤ ਸ਼ਹਿਜਾਦਾ ਸਿ਼ਵਦੇਵ ਸਿੰਘ ਵੀ ਕਿਤੇ ਇਸੇ ਰਾਹ ਹੀ ਨਾ ਤੁਰ ਪਵੇ। ਮਸਲਾ ਬਹੁਤ ਗੰਭੀਰ ਸੀ। ਇਸ ਬਾਰੇ ਸੋਚਣ ਲਈ ਤੇ ਕੋਈ ਕਦਮ ਚੁੱਕਣ ਲਈ ਮਹਾਂਰਾਜੇ ਦੇ ਖੈਰ-ਖੁਆਹ ਖਜ਼ਾਨਚੀ ਮਿਸਰ ਰਾਮ ਕਿਸ਼ਨ ਦੇ ਘਰ ਇਕੱਠੇ ਹੋਏ। ਇਹਨਾਂ ਵਿਚ ਭਜਨ ਲਾਲ, ਸਟੋਰਕੀਪਰ ਜਵਾਹਰ ਸਿੰਘ, ਅਰਦਲੀ ਗੁਰਮੁਖ ਤੇ ਸਿ਼ਵ ਰਾਮ, ਸਮਾਨ ਉਠਾਉਣ ਵਾਲੇ ਰਾਮ ਸਿੰਘ ਤੇ ਸੰਤਾ, ਰਸੋਈਆ ਜਵੰਦਾ ਵਰਗੇ ਲੋਕ ਸ਼ਾਮਲ ਸਨ। ਤੇਲ ਦੇ ਲੈਂਪ ਦੀ ਲੋਅ ਵਿਚ ਬੈਠ ਕੇ ਸਾਰੇ ਸੋਚਣ ਲਗੇ ਕਿ ਹੁਣ ਕੀ ਕਰਨਾ ਚਾਹੀਦਾ ਹੈ। ਇਸ ਸਥਿਤੀ ਨੂੰ ਕਿਵੇਂ ਟਾਲਿ਼ਆ ਜਾਵੇ। ਇਹ ਮੀਟਿੰਗ ਕਿਸੇ ਯੁੱਧ ਮੀਟਿੰਗ ਵਰਗੀ ਹੀ ਸੀ। ਕਰਨਲ ਕੈਂਪਬੈੱਲ ਨੂੰ ਪਤਾ ਚਲਿਆ ਤਾਂ ਉਸ ਨੇ ਆਪਣਾ ਇਕ ਸੂਹੀਆ ਵੀ ਇਸ ਵਿਚ ਸ਼ਾਮਲ ਕਰ ਦਿਤਾ। ਵੈਸੇ ਤਾਂ ਭਜਨ ਲਾਲ ਉਸ ਦਾ ਸੂਹੀਆ ਸੀ ਪਰ ਕਰਨਲ ਇਕੋ ਸਮੇਂ ਦੋ ਰਿਪ੍ਰੋਟਾਂ ਚਾਹੁੰਦਾ ਸੀ। ਮੀਟਿੰਗ ਸ਼ੁਰੂ ਹੋਈ ਤਾਂ ਸਟੋਰਕੀਪਰ ਜਵਾਹਰ ਸਿੰਘ ਉਠ ਕੇ ਬੋਲਿਆ,
“ਰੱਬੋਂ ਬਾਹਰੇ ਫਰੰਗੀਆਂ ਨੇ ਸਾਡੇ ਮਹਾਂਰਾਜੇ ਦਾ ਸਿਰ ਘੁਮਾ ਦਿਤਾ ਏ, ...ਬਹੁਤ ਵੱਡਾ ਧੋਖਾ ਏ, ਹੁਣ ਤਾਂ ਮਹਾਂਰਾਜਾ ਸਾਡੇ ਨਾਲ ਚੰਗੀ ਤਰਾਂ ਗੱਲ ਵੀ ਨਹੀਂ ਕਰਦੇ।”
ਉਸ ਦੀ ਗੱਲ ਹਾਲੇ ਖਤਮ ਨਹੀਂ ਸੀ ਹੋਈ ਕਿ ਰਸੋਈਆ ਜਵੰਦਾ ਕਹਿਣ ਲਗਿਆ,
“ਇਹਨਾਂ ਲੋਕਾਂ ਨੇ ਸਾਡੇ ਮਹਾਂਰਾਜੇ ਉਪਰ ਕਾਲਾ ਜਾਦੂ ਕਰ ਦਿਤਾ ਏ, ਆਖਰ ਹੈਨ ਤਾਂ ਬੱਚਾ ਹੀ, ਅਸਰ ਤਾਂ ਹੋਣਾ ਹੀ ਹੋਇਆ। ਇਹ ਸਭ ਸਾਡੇ ਹੀ ਲੋਕਾਂ ਦੀ ਸਾਜਿ਼ਸ਼ ਏ।”
ਜਵੰਦਾ ਨੇ ਆਪਣੀ ਗੱਲ ਮੁਕਾਈ ਪਰ ਉਸ ਦੇ ਚਿਹਰੇ ਤੋਂ ਲਗਦਾ ਸੀ ਕਿ ਹਾਲੇ ਕੁਝ ਖਾਸ ਹੋਰ ਕਹਿਣਾ ਚਾਹੁੰਦਾ ਹੋਵੇ। ਮਿਸਰ ਰਾਮ ਕਿਸ਼ਨ ਨੇ ਕਿਹਾ
“ਜਵੰਦਾ, ਖੁੱਲ੍ਹ ਕੇ ਕਹਿ ਕੀ ਕਹਿਣਾ ਚਾਹੁੰਨਾਂ।”
“ਇਹ ਸਭ ਬ੍ਰਾਹਮਣ ਭਜਨ ਲਾਲ ਦਾ ਕੀਤਾ ਕਰਾਇਆ, ਇਹ ਜਾਣ ਬੁੱਝ ਕੇ ਮਹਾਂਰਾਜੇ ਨੂੰ ਹਿੰਦੂ ਧਰਮ ਤੋਂ ਦੂਰ ਕਰਦਾ ਰਿਹਾ ਏ। ਹਿੰਦੂ ਧਰਮ ਬਾਰੇ ਉਹਨਾਂ ਨੂੰ ਗਲਤ ਸੂਚਨਾਵਾਂ ਦਿੰਦਾ ਰਿਹਾ ਏ।”
ਜਵੰਦੇ ਦੀ ਗੱਲ ਦੇ ਨਾਲ ਹੀ ਜਵਾਹਰ ਸਿੰਘ ਨੇ ਆਪਣੀ ਗੱਲ ਸ਼ੁਰੂ ਕਰ ਲਈ। ਉਹ ਬੋਲਣ ਲਗਿਆ,
“ਭਜਨ ਲਾਲ ਨੇ ਇਕ ਵਾਰ ਵੀ ਇਹ ਨਹੀਂ ਸੋਚਿਆ ਕਿ ਮਹਾਂਰਾਜਾ ਦਾ ਧਰਮ ਹਿੰਦੂ ਨਹੀਂ ਸਿੱਖ ਏ, ਉਸ ਨੂੰ ਗੁਰੂਆਂ ਦੀਆਂ ਸਾਖੀਆਂ ਸੁਣਾਈਆਂ ਜਾਣੀਆਂ ਚਾਹੀਦੀਆਂ, ਉਹਨਾਂ ਨੂੰ ਗੁਰੂਆਂ ਦੀਆਂ ਦਿਤੀਆਂ ਕੁਰਬਾਨੀਆਂ ਬਾਰੇ ਦੱਸਣਾ ਚਾਹੀਦਾ ਏ।”
ਭਜਨ ਲਾਲ ਆਪਣੇ ਉਪਰ ਸਿੱਧਾ ਇਲਜ਼ਾਮ ਲਗਣ ਕਾਰਨ ਬਹੁਤ ਗੁੱਸੇ ਵਿਚ ਆਇਆ ਬੈਠਾ ਸੀ, ਬੋਲਿਆ,
“ਕਿਹੋ ਜਿਹੀਆਂ ਗੱਲਾਂ ਕਰਦੇ ਓ, ਸਿੱਖਾਂ ਨੇ ਤਾਂ ਇਕ ਗਰੰਥੀ ਵੀ ਮਹਾਂਰਾਜੇ ਦੇ ਨਾਲ ਨਹੀਂ ਭੇਜਿਆ ਤੇ ਨਾ ਹੀ ਗਰੰਥ। ਇਥੇ ਜੋ ਕੁਝ ਉਪਲੱਬਧ ਸੀ ਉਹੋ ਸਿਖਿਆ ਮਿਲਣੀ ਸੀ।”
“ਭਜਨ ਲਾਲ, ਹਿੰਦੂ-ਸਿੱਖ ਵਿਚ ਵੀ ਬਹੁਤਾ ਫਰਕ ਨਹੀਂ ਏ ਪਰ ਇਸਾਈਆਂ ਨਾਲੋਂ ਅਸੀਂ ਬਿਲਕੁਲ ਅਲੱਗ ਹਾਂ, ਤੈਨੂੰ ਚਾਹੀਦਾ ਸੀ ਕਿ ਹਿੰਦੂ ਧਰਮ ਬਾਰੇ ਹੀ ਸਹੀ-ਸਹੀ ਜਾਣਕਾਰੀ ਦਿੰਦਾ ਪਰ ਤੂੰ ਢਿਡੋਂ ਇਸਾਈ ਏਂ।”
“ਤੁਹਾਡੇ ਸਾਰੇ ਦੋਸ਼ ਗਲਤ ਨੇ, ਮੈਂ ਕੋਈ ਵੀ ਅਜਿਹੀ ਗੱਲ ਨਹੀਂ ਕੀਤੀ ਜਿਹੜੀ ਮਹਾਂਰਾਜੇ ਦੇ ਹਿਤ ਦੇ ਖਿਲਾਫ ਜਾਵੇ, ਤੁਹਾਡੇ ਸਭ ਨਾਲੋਂ ਵੱਧ ਉਹਨਾਂ ਦਾ ਫਿਕਰ ਏ।”
“ਦੁਸ਼ਟ ਭਜਨ ਲਾਲ, ਇਹ ਤੇਰਾ ਕੈਸਾ ਫਿਕਰ ਏ ਕਿ ਤੂੰ ਮਹਾਂਰਾਜਾ ਨੂੰ ਉਹਨਾਂ ਦੇ ਧਰਮ ਤੋਂ, ਸਭਿਅਚਾਰ ਤੋਂ, ਵਿਰਸੇ ਤੋਂ ਦੂਰ ਕਰ ਰਿਹਾ ਏਂ, ਮੇਰਾ ਦਿਲ ਕਰਦਾ ਏ ਕਿ ਸਭ ਤੋਂ ਪਹਿਲਾਂ ਤੇਰਾ ਹੀ ਕਤਲ ਕਰ ਦੇਵਾਂ।”
ਆਖਦਾ ਜਵੰਦਾ ਉਸ ਵਲ ਵਧਿਆ। ਜਵਾਹਰ ਸਿੰਘ ਉਸ ਨੂੰ ਰੋਕਦਾ ਹੋਇਆ ਬੋਲਿਆ,
“ਓ ਜਵੰਦਾ, ਇਹ ਕੋਈ ਹੱਲ ਨਹੀਂ ਏਸ ਗੱਲ ਦਾ, ਕੋਈ ਹੱਲ ਲੱਭੋ ਕਿ ਹੁਣ ਕੀ ਕੀਤਾ ਜਾਵੇ।”
“ਮੇਰੇ ਹਿਸਾਬ ਨਾਲ ਤਾਂ ਸਾਡੇ ਕੋਲ ਇਕੋ ਹੱਲ ਏ ਕਿ ਸਾਨੂੰ ਇਕ ਅਰਜ਼ੀ ਲਿਖ ਕੇ ਸਾਬ ਨੂੰ ਦੇਣੀ ਚਾਹੀਦੀ ਏ ਕਿ ਮਹਾਂਰਾਜਾ ਜੀ ਅਜੇ ਮਾਸੂਮ ਬੱਚਾ ਨੇ, ਉਹਨਾਂ ਦਾ ਧਰਮ-ਪਰਿਵਰਤਨ ਉਹਨਾਂ ਨਾਲ ਜਿ਼ਆਦਤੀ ਏ।”
ਅਗਲੇ ਦਿਨ ਹੀ ਇਕ ਅਰਜ਼ੀ ਲਿਖੀ ਗਈ ਤੇ ਕੈਪਟਨ ਕੈਂਪਬੈੱਲ ਦੇ ਸਾਹਮਣੇ ਪੇਸ਼ ਕਰ ਦਿਤੀ ਗਈ। ਮੀਟਿੰਗ ਵਿਚ ਹੋਈ ਸਾਰੀ ਗੱਲਬਾਤ ਪਹਿਲਾਂ ਹੀ ਕੈਪਟਨ ਕੋਲ ਪੁੱਜ ਚੁੱਕੀ ਸੀ। ਕੈਪਟਨ ਨੇ ਅਰਜ਼ੀ ਦੇਣ ਵਾਲਿਆਂ ਨੂੰ ਕੈਦ ਕਰਨ ਦੇ ਹੁਕਮ ਦੇ ਦਿਤੇ ਤੇ ਇਕ ਅਲੱਗ ਇਮਾਰਤ ਵਿਚ ਕੈਦ ਕਰ ਦਿਤਾ ਗਿਆ ਤੇ ਕੁਝ ਦਿਨਾਂ ਬਾਅਦ ਕੰਮ ਤੋਂ ਹਟਾ ਕੇ ਘਰਾਂ ਨੂੰ ਭੇਜ ਦਿਤਾ ਗਿਆ। ਅਰਜ਼ੀ ਵਾਲੀ ਘਟਨਾ ਤੇ ਮਹਾਂਰਾਜੇ ਦੇ ਇਸਾਈ ਬਣਨ ਦੇ ਫੈਸਲੇ ਬਾਰੇ ਲੋਕਾਂ ਦੇ ਵਿਚਾਰਾਂ ਨੂੰ ਮਹਾਂਰਾਜੇ ਕੋਲ ਅਜਿਹੇ ਉਕਸਾਊ ਢੰਗ ਨਾਲ ਪੁੱਜਦਾ ਕੀਤਾ ਗਿਆ ਕਿ ਮਹਾਂਰਾਜੇ ਦਾ ਇਸਾਈ ਬਣਨ ਦਾ ਇਰਾਦਾ ਹੋਰ ਵੀ ਪੱਕਾ ਹੋ ਗਿਆ। ਉਸ ਨੇ ਸਭ ਤੋਂ ਪਹਿਲਾਂ ਜ਼ਾਤ ਤੋੜਨ ਵਾਲੀ ਰਸਮ ਕਰਨ ਬਾਰੇ ਸੋਚਿਆ। ਉੱਚੀ ਜ਼ਾਤ ਵਾਲੇ ਕਿਸੇ ਦਾ ਜੂਠਾ ਨਹੀਂ ਖਾਂਦੇ, ਮਹਾਂਰਾਜੇ ਨੇ ਉਸੇ ਵੇਲੇ ਹੀ ਟੌਮੀ ਸਕੌਟ ਤੇ ਰੋਬੀ ਕਾਰਸ਼ਰ ਨਾਲ ਰਲ਼ ਕੇ ਖਾਣਾ ਖਾਧਾ। ਦੇਖਣ ਵਾਲਿਆਂ ਨੇ ਹੈਰਾਨੀ ਨਾਲ ਮੂੰਹ ਵਿਚ ਉਂਗਲਾਂ ਪਾ ਲਈਆਂ। ਮਹਾਂਰਾਜਾ ਭਿਟਿਆ ਗਿਆ ਸੀ। ਰਾਣੀ ਦੁਖਨਾ ਤਾਂ ਦੁੱਖ ਵਿਚ ਰੋਣ ਹੀ ਲਗ ਪਈ ਸੀ। ਉਸ ਨੂੰ ਮਹਾਂਰਾਜੇ ਦੇ ਭਿੱਟੇ ਜਾਣ ਦੀ ਤਕਲੀਫ ਤਾਂ ਹੈ ਹੀ ਸੀ ਨਾਲ ਦੀ ਨਾਲ ਆਪਣੇ ਪੁੱਤ ਬਾਰੇ ਵੀ ਡਰ ਪੈਦਾ ਹੋਣ ਲਗਿਆ ਸੀ। ਮਹਾਂਰਾਜੇ ਨੂੰ ਕਿਸੇ ਦੀ ਪ੍ਰਵਾਹ ਨਹੀਂ ਸੀ। ਉਹ ਕਿਸੇ ਬਾਲਗ ਵਾਂਗ ਮਨਮਰਜ਼ੀਆਂ ਕਰਦਾ ਜਾ ਰਿਹਾ ਸੀ।
ਡਾਕਟਰ ਲੋਗਨ ਆਪਣੀ ਪਤਨੀ ਨੂੰ ਕਲਕੱਤੇ ਤੋਂ ਲੈ ਕੇ ਵਾਪਸ ਮੁੜਿਆ ਤਾਂ ਸਾਰੀ ਗੱਲ ਸੁਣ ਕੇ ਬਹੁਤ ਹੈਰਾਨ ਹੋਇਆ। ਜਿਥੇ ਉਸ ਨੂੰ ਹੈਰਾਨੀ ਸੀ ਉਥੇ ਜ਼ਰਾ ਕੁ ਖੁਸ਼ੀ ਵੀ ਸੀ। ਇਹੋ ਤਾਂ ਸਾਰੇ ਚਾਹੁੰਦੇ ਸਨ। ਵੱਡੇ ਤੋਂ ਲੈ ਕੇ ਛੋਟੇ ਅਫਸਰ ਤਕ ਮਹਾਂਰਾਜੇ ਨੂੰ ਇਸਾਈ ਬਣਾਉਣ ਬਾਰੇ ਗੱਲਾਂ ਕਰਨ ਲਗਦੇ ਸਨ। ਨਾਲ ਦੀ ਨਾਲ ਉਸ ਨੂੰ ਇਕ ਮਹਾਂਰਾਜੇ ਦੇ ਧਰਮ-ਤਬਦੀਲੀ ਕਾਰਨ ਗੁਨਾਹ ਭਾਵਨਾ ਵੀ ਮਹਿਸੂਸ ਹੋ ਰਹੀ ਸੀ। ਉਸ ਨੇ ਆਪਣੀ ਪਤਨੀ ਨਾਲ ਗੱਲ ਕੀਤੀ ਤਾਂ ਉਹ ਬੋਲੀ,
“ਦੇਖ ਜੌਹਨ, ਮਹਾਂਰਾਜਾ ਬਹੁਤ ਬੀਬਾ ਮੁੰਡਾ ਏ, ਤੈਨੂੰ ਚਾਹੀਦਾ ਏ ਕਿ ਉਸ ਦੇ ਫੈਸਲੇ ਦੀ ਇੱਜ਼ਤ ਕਰੇਂ, ਆਖਰ ਮਹਾਂਰਾਜਾ ਏ ਉਹ। ਇਸ ਵੇਲੇ ਉਸ ਦੇ ਆਪਣੇ ਲੋਕ ਉਸ ਦੇ ਖਿਲਾਫ ਨੇ, ਜੇ ਤੂੰ ਵੀ ਉਸ ਦੇ ਨਾਲ ਨਹੀਂ ਖੜੇਂਗਾ ਤਾਂ ਉਹ ਬਹੁਤ ਇਕੱਲਾ ਰਹਿ ਜਾਵੇਗਾ।”
ਡਾਕਟਰ ਲੋਗਨ ਨੇ ਭਜਨ ਲਾਲ ਨੂੰ ਸੱਦਿਆ ਤੇ ਮਹਾਂਰਾਜੇ ਦੇ ਇਸ ਫੈਸਲੇ ਬਾਰੇ ਇਕ ਰਿਪ੍ਰੋਟ ਤਿਆਰ ਕਰਨ ਲਈ ਆਖਿਆ। ਭਜਨ ਲਾਲ ਨੇ ਇਕ ਲੰਮੀ ਰਿਪ੍ਰੋਟ ਲਿਖੀ ਜਿਸ ਵਿਚ ਉਸ ਨੇ ਇਹ ਸਿੱਧ ਕੀਤਾ ਕਿ ਮਹਾਂਰਾਜੇ ਨੇ ਬਿਲਕੁਲ ਆਪਣੀ ਮਰਜ਼ੀ ਨਾਲ ਇਹ ਫੈਸਲਾ ਲਿਆ ਹੈ। ਉਸ ਨੂੰ ਕਿਸੇ ਨੇ ਨਹੀਂ ਪ੍ਰੇਰਿਆ ਤੇ ਨਾ ਹੀ ਕਿਸੇ ਨੇ ਇਸ ਬਾਰੇ ਸਲਾਹ ਦਿਤੀ ਹੈ। ਇਸ ਦਾ ਵੱਡਾ ਕਾਰਨ ਹੈ ਕਿ ਮਹਾਂਰਾਜੇ ਨੂੰ ਇਸਾਈ ਧਰਮ ਦੀ ਉਚਤਮਤਾ ਦਾ ਗਿਆਨ ਹੋ ਗਿਆ ਹੈ। ਇਹ ਗਿਆਨ ਉਸ ਨੂੰ ਬਾਈਬਲ ਪੜ੍ਹਨ ਰਾਹੀਂ ਹਾਸਲ ਹੋਇਆ ਹੈ। ਮਹਾਂਰਾਜੇ ਨੇ ਆਪਣੇ ਦੋਸਤਾਂ ਜਿਵੇਂ ਕਿ ਟੌਮੀ ਸਕੌਟ ਤੇ ਰੋਬੀ ਕਾਰਸ਼ੋਰ ਨਾਲ ਤੋਂ ਵੀ ਬਹੁਤ ਕੁਝ ਸਿਖਿਆ ਹੈ। ਮਹਾਂਰਾਜਾ ਆਪਣੇ ਟਿਊਟਰ ਵਾਲਟਰ ਗੂਜ਼ ਤੇ ਫਾਦਰ ਕਾਰਸ਼ੋਰ ਤੋਂ ਵੀ ਧਰਮ ਦੀਆਂ ਅੱਛਾਈਆਂ ਬਾਰੇ ਜਾਣਨ ਦੀ ਕੋਸਿ਼ਸ਼ ਕਰਦੇ ਰਹੇ ਹਨ। ਧਰਮ ਬਦਲਣ ਦਾ ਫੈਸਲਾ ਮਹਾਂਰਾਜੇ ਦਾ ਬਿਲਕੁਲ ਆਪਣਾ ਨਿੱਜੀ ਹੈ। ਭਜਨ ਲਾਲ ਦੀ ਇਹ ਚਿੱਠੀ ਡਾਕਟਰ ਲੋਗਨ ਨੇ ਰਿਕ੍ਰਾਡ ਵਿਚ ਰੱਖ ਲਈ ਤਾਂ ਜੋ ਕਦੇ ਲੋੜ ਪਵੇ ਤਾਂ ਪੇਸ਼ ਕੀਤੀ ਜਾ ਸਕੇ। ਹੁਣ ਮਹਾਂਰਾਜਾ ਅਕਸਰ ਚਰਚ ਜਾਣ ਲਗਿਆ ਸੀ। ਫਾਦਰ ਕਾਰਸ਼ੋਰ ਨਾਲ ਉਹ ਕਿੰਨੀ ਦੇਰ ਤਕ ਬਾਈਬਲ ਦੀਆਂ ਸਿਖਿਆਵਾਂ ਬਾਰੇ ਗੱਲਾਂ ਕਰਦਾ ਰਹਿੰਦਾ। ਅੰਗਰੇਜ਼ੀ ਵਿਚ ਹੁਣ ਤਕ ਉਸ ਨੂੰ ਕਾਫੀ ਮੁਹਾਰਤ ਹਾਸਲ ਹੋ ਗਈ ਸੀ।
ਹੁਣ ਮਿਸਜ਼ ਲੋਗਨ ਮਹਾਂਰਾਜੇ ਦੇ ਨੇੜੇ ਹੋਣ ਲਗੀ ਸੀ। ਜਦੋਂ ਦਾ ਉਹ ਲਹੌਰ ਤੋਂ ਤੁਰਿਆ ਸੀ ਪਹਿਲੀ ਵਾਰ ਕਿਸੇ ਔਰਤ ਨਾਲ ਏਨੇ ਨੇੜੇ ਹੋਇਆ ਸੀ। ਉਸ ਨੂੰ ਮਿਸਜ਼ ਲੋਗਨ ਵਿਚੋਂ ਬੀਬੀ ਜੀ ਦੇ ਝਾਉਲੇ ਪੈਣ ਲਗਦੇ। ਰਾਣੀ ਦੁਖਨਾ ਤਾਂ ਉਸ ਨਾਲ ਇਕ ਫਰਕ ਜਿਹਾ ਹੀ ਰੱਖਦੀ ਸੀ। ਭਾਵੇਂ ਇਹ ਮਿਸਜ਼ ਲੋਗਨ ਦੀ ਨੌਕਰੀ ਦਾ ਹੀ ਹਿੱਸਾ ਸੀ ਪਰ ਉਹ ਮਹਾਂਰਾਜੇ ਨਾਲ ਬਹੁਤ ਪਿਆਰ ਕਰਦੀ। ਉਹ ਮਹਾਂਰਾਜੇ ਦਾ ਇਕ ਮਾਂ ਵਾਂਗ ਹੀ ਧਿਆਨ ਕਰਦੀ। ਇਹ ਗੱਲ ਰਾਣੀ ਦੁਖਨਾ ਨੂੰ ਬਿਲਕੁਲ ਪਸੰਦ ਨਹੀਂ ਸੀ। ਉਹ ਮਿਸਜ਼ ਲੋਗਨ ਨਾਲ ਈਰਖਾ ਕਰਨ ਲਗਦੀ। ਹਰ ਵੇਲੇ ਖਿਝੀ ਖਿਝੀ ਰਹਿਣ ਲਗੀ। ਮਹਾਂਰਾਜਾ ਕਈ ਵਾਰ ਲੋਗਨ ਦਾ ਝੂਠਾ ਜੂਸ ਜਾਂ ਦੁੱਧ ਵੀ ਪੀ ਲੈਂਦਾ ਸੀ। ਰਾਣੀ ਦੁਖਨਾ ਦੇ ਤੇਵਰ ਬਦਲਣ ਲਗੇ। ਉਹ ਹਰ ਵੇਲੇ ਕੁਝ ਅਜੀਬ ਜਿਹੇ ਰੌਂਅ ਵਿਚ ਰਹਿੰਦੀ। ਇਕ ਦਿਨ ਉਸ ਨੇ ਡਾਕਟਰ ਲੋਗਨ ਨਾਲ ਮਿਲਣ ਦਾ ਵਕਤ ਲਿਆ। ਡਾਕਟਰ ਲੋਗਨ ਨੇ ਉਸ ਨੂੰ ਆਪਣੇ ਦਫਤਰ ਵਿਚ ਬੁਲਾ ਲਿਆ ਤੇ ਬੋਲਿਆ,
“ਦੱਸੋ, ਰਾਣੀ ਦੁਖਨਾ, ਕੀ ਕਹਿਣਾ ਚਾਹੁੰਦੇ ਹੋ?”
“ਸਰ, ਤੁਸੀਂ ਦੇਖ ਸਕਦੇ ਹੋ ਕਿ ਮਹਾਂਰਾਜਾ ਇਸਾਈ ਧਰਮ ਅਪਣਾ ਰਹੇ ਨੇ।”
“ਬਿਲਕੁਲ, ਉਹ ਤਾਂ ਇਹੋ ਹੀ ਕਹਿ ਰਹੇ ਨੇ।”
“ਫਿਰ ਅਜਿਹੀ ਹਾਲਤ ਵਿਚ ਤਾਂ ਉਹ ਪੰਜਾਬ ਦੇ ਮਹਾਂਰਾਜਾ ਬਣੇ ਰਹਿਣ ਦਾ ਹੱਕ ਗੁਆ ਬੈਠਣਗੇ।”
“ਕੀ ਮਤਲਵ ਤੁਹਾਡਾ ਰਾਣੀ ਦੁਖਨਾ?”
“ਮੇਰਾ ਮਤਲਵ ਇਹ ਸਰ ਕਿ ਹੁਣ ਮੇਰੇ ਬੇਟੇ ਸ਼ਹਿਜ਼ਦਾ ਸਿ਼ਵਦੇਵ ਸਿੰਘ ਦਾ ਪੰਜਾਬ ਦੇ ਤਖਤ ਉਪਰ ਹੱਕ ਏ, ਹੁਣ ਉਸ ਨੂੰ ਮਹਾਂਰਜਾ ਬਣਾ ਦਿਤਾ ਜਾਣਾ ਚਾਹੀਦਾ ਏ।”
ਡਾਕਟਰ ਲੋਗਨ ਨੇ ਲੌਰਡ ਡਲਹੌਜ਼ੀ ਦੀ ਇਕ ਚਿੱਠੀ ਦੀ ਇਕ ਚਿੱਠੀ ਦਿਖਾਉਂਦਿਆਂ ਕਿਹਾ,
“ਰਾਣੀ ਦੁਖਨਾ, ਆਹ ਚਿੱਠੀ ਦੇਖੋ, ਲੌਰਡ ਡਲਹੌਜ਼ੀ ਦਾ ਫੁਰਮਾਨ ਏ, ਪੰਜਾਬ ਹੁਣ ਕੋਈ ਅਜ਼ਾਦ ਮੁਲਕ ਨਹੀਂ ਰਹਿ ਗਿਆ ਸਗੋਂ ਇਹ ਹਿੰਦੁਸਤਾਨ ਦਾ ਹੀ ਇਕ ਹਿੱਸਾ ਏ। ਇਸ ਨੂੰ ਅਲੱਗ ਕਰਨ ਬਾਰੇ ਸੋਚਣ ਵਾਲੇ ਨੂੰ ਜਾਂ ਇਸ ਬਾਰੇ ਸਲਾਹ ਦੇਣ ਵਾਲੇ ਨੂੰ ਸਖਤ ਸਜ਼ਾ ਦਿਤੀ ਜਾ ਸਕਦੀ ਏ।”
ਡਾਕਟਰ ਲੋਗਨ ਦੀ ਗੱਲ ਸੁਣਦੀ ਕੇ ਰਾਣੀ ਦੁਖਨਾ ਨੀਵੀਂ ਜਿਹੀ ਪਾਉਂਦੀ ਤੁਰ ਗਈ। ਅਸਲ ਵਿਚ ਜਦ ਲੌਰਡ ਡਲਹੌਜ਼ੀ ਨੇ ਮਹਾਂਰਾਜੇ ਨੂੰ ਇਸਾਈ ਬਣਾਉਣ ਬਾਰੇ ਗੱਲ ਕੀਤੀ ਸੀ ਤਾਂ ਉਸ ਵਕਤ ਇਹ ਗੱਲ ਵੀ ਸੋਚ ਲਈ ਸੀ ਕਿ ਉਸ ਦੇ ਇਸਾਈ ਬਣਨ ਸਮੇਂ ਇਹ ਸਮੱਸਿਆ ਖੜੀ ਹੋ ਸਕਦੀ ਸੀ, ਇਸ ਲਈ ਇਹ ਚਿੱਠੀ ਆਪਣੇ ਕੋਲ ਰੱਖ ਲਈ ਹੋਈ ਸੀ।
ਮਹਾਂਰਾਜੇ ਦੇ ਇਸਾਈ ਬਣਨ ਦੇ ਫੈਸਲੇ ਦੀ ਖਬਰ ਲੌਰਡ ਡਲਹੌਜ਼ੀ ਤਕ ਵੀ ਪੁੱਜ ਗਈ ਸੀ। ਮਹਾਂਰਾਜੇ ਦਾ ਇਸਾਈ ਬਣਨਾ ਇਕ ਇਤਹਾਸਕ ਘਟਨਾ ਹੋਣੀ ਸੀ। ਕਦੇ ਵੇਲਾ ਸੀ ਕਿ ਉਸ ਨੂੰ ਮਹਾਂਰਾਜੇ ਨਾਲ ਬਹੁਤ ਕੁੜੱਤਣ ਸੀ। ਇਕ ਬੱਚੇ ਨੂੰ ਉਹ ਮਹਾਂਰਾਜਾ ਕਹਿਣ ਨੂੰ ਤਿਆਰ ਨਹੀਂ ਸੀ। ਇਕ ਅਜਿਹਾ ਵੀ ਵੇਲਾ ਸੀ ਕਿ ਉਸ ਨੇ ਮਹਾਂਰਾਜੇ ਜੁੱਤੀ ਸਣੇ ਆਪਣੇ ਕਮਰੇ ਵਿਚ ਵੜਨ ਤੋਂ ਰੋਕ ਦਿਤਾ ਸੀ ਤੇ ਮਹਾਂਰਾਜੇ ਨੂੰ ਬਾਹਰ ਹੀ ਜੁੱਤੀ ਲਾਹੁਣੀ ਪਈ ਸੀ। ਹੁਣ ਉਸ ਦੇ ਸੁਭਾਅ ਵਿਚ ਕੁੜਤੱਣ ਗਾਇਬ ਹੋ ਚੁੱਕੀ ਸੀ ਸਗੋਂ ਹੁਣ ਤਾਂ ਮਹਾਂਰਾਜੇ ਉਪਰ ਰਸ਼ਕ ਕਰਨ ਲਗਿਆ ਸੀ। ਮਹਾਂਰਾਜੇ ਨੇ ਇਸਾਈ ਧਰਮ ਦੀ ਮਹਤੱਤਾ ਨੂੰ ਸਮਝ ਕੇ ਲੌਰਡ ਡਲਹੌਜ਼ੀ ਦਾ ਮਨ ਜਿੱਤ ਲਿਆ ਸੀ। ਲੌਰਡ ਡਲਹੌਜ਼ੀ ਨੇ ਸੋਚਿਆ ਕਿ ਕਿਉਂ ਨਾ ਅਗਲੀ ਕ੍ਰਿਸਮਸ ਮਹਾਂਰਾਜੇ ਨਾਲ ਹੀ ਮਨਾਈ ਜਾਵੇ। ਉਸ ਨੇ ਫਤਿਹਗੜ੍ਹ ਵਲ ਚਾਲੇ ਪਾ ਲਏ। ਉਸ ਨੂੰ ਗੱਦੀ ਤੋਂ ਲਾਹੇ ਜਾਣ ਤੋਂ ਬਾਅਦ ਪਹਿਲੀ ਵਾਰ ਮਿਲਣਾ ਸੀ। ਡਲਹੌਜ਼ੀ ਫਤਹਿਗੜ੍ਹ ਪੁੱਜ ਕੇ ਜਿਸ ਨੂੰ ਵੀ ਮਿਲਿਆ ਉਸ ਨੇ ਹੀ ਮਹਾਂਰਾਜੇ ਦੀਆਂ ਤਾਰੀਫਾਂ ਕੀਤੀਆਂ। ਡਲਹੌਜ਼ੀ ਉਸ ਨੂੰ ਬਹੁਤ ਪਿਆਰ ਨਾਲ ਮਿਲਿਆ। ਉਸ ਦਾ ਮੋਢ੍ਹਾ ਥਾਪੜਿਆ। ਮਹਾਂਰਾਜੇ ਨੂੰ ਡਲਹੌਜ਼ੀ ਦਾ ਉਸ ਸਮੇਂ ਦਾ ਭੈੜਾ ਵਤੀਰਾ ਇਕ ਕਿਸਮ ਨਾਲ ਭੁੱਲ ਜਿਹਾ ਗਿਆ ਸੀ। ਡਲਹੌਜ਼ੀ ਨੇ ਜੌਰਜ ਬੀਚ ਨਾਂ ਦੇ ਕਲਾਕਾਰ ਨੂੰ ਬੁਲਾ ਕੇ ਉਸ ਦੀਆਂ ਕੁਝ ਤਸਵੀਰਾਂ ਬਣਵਾਈਆਂ। ਉਸ ਨੂੰ ਕੁਝ ਤੋਹਫੇ ਵੀ ਦਿਤੇ। ਕ੍ਰਿਸਮਸ ਦਾ ਤਿਉਹਾਰ ਪੂਰੀ ਧੂਮਧਾਮ ਨਾਲ ਮਨਾਇਆ ਗਿਆ।
ਕ੍ਰਿਸਮਸ ਦੀਆਂ ਰੌਣਕਾਂ ਤੋਂ ਬਾਅਦ ਮਹਾਂਰਾਜੇ ਦੇ ਭਵਿੱਖ ਬਾਰੇ ਗੱਲਾਂ ਹੋਣ ਲਗੀਆਂ। ਇਹ ਤਾਂ ਤਹਿ ਹੋ ਗਿਆ ਸੀ ਕਿ ਉਸ ਦਾ ਅਗਲਾ ਪੜਾਅ ਇੰਗਲੈਂਡ ਹੀ ਹੋਣਾ ਸੀ। ਪਿਛਲੇ ਸਾਲ ਗੱਦੀ ਤੋਂ ਲਾਹੇ ਇਕ ਮਹਾਂਰਾਜੇ ਕੂਰਗ ਨੇ ਵੀ ਇਸਾਈ ਧਰਮ ਅਪਣਾ ਲਿਆ ਸੀ। ਕੂਰਗ ਆਪ ਤਾਂ ਬਨਾਰਸ ਵਿਚ ਰਹਿੰਦਾ ਸੀ ਪਰ ਉਹ ਆਪਣੀ ਧੀ ਨੂੰ ਇੰਗਲੈਂਡ ਛੱਡ ਆਇਆ ਸੀ। ਹਾਲੇ ਪਿੱਛੇ ਜਿਹੇ ਹੀ ਉਸ ਨੂੰ ਬੈਪਟਾਈਜ਼ ਕੀਤਾ ਗਿਆ ਸੀ। ਮਹਾਂਰਾਣੀ ਵਿਕਟੋਰੀਆ ਉਸ ਦੀ ਗੌਡਮਦਰ ਬਣੀ ਸੀ। ਵਕਤ ਆਉਣ ‘ਤੇ ਰਾਜਕੁਮਾਰੀ ਗਰੈਹਮਾ ਨਾਲ ਮਹਾਂਰਾਜੇ ਦਾ ਵਿਆਹ ਵੀ ਕੀਤਾ ਜਾ ਸਕਦਾ ਸੀ। ਕੂਰਗ ਦੀ ਇਕ ਧੀ ਨਿਪਾਲ ਦੇ ਰਾਜੇ ਜੰਗ ਬਹਾਦਰ ਨੂੰ ਵਿਆਹੀ ਹੋਈ ਸੀ। ਮਹਾਂਰਾਜੇ ਲਈ ਇਸ ਤੋਂ ਚੰਗਾ ਰਿਸ਼ਤਾ ਕਿਹੜਾ ਹੋ ਸਕਦਾ ਸੀ। ਕੁਝ ਦਿਨ ਰਹਿ ਕੇ ਡਲਹੌਜ਼ੀ ਫਤਹਿਗੜ੍ਹ ਤੋਂ ਤੁਰਨ ਲਗਿਆ ਤਾਂ ਉਸ ਨੇ ਪੁੱਛਿਆ,
“ਡੌਕ, ਮਹਾਂਰਾਜੇ ਨੂੰ ਬੈਪਟਾਈਜ਼ ਕਦੋਂ ਕੀਤਾ ਜਾ ਰਿਹਾ ਏ?”
“ਸਰ, ਮੈਂ ਸੋਚਦਾਂ ਕਿ ਇਸ ਦਾ ਹਾਲੇ ਇਹ ਗੱਲ ਹੋਰ ਪੱਕ ਲਵੇ, ਹਾਲੇ ਮਹਾਂਰਾਜਾ ਬੱਚਾ ਏ, ਜੇ ਕਿਤੇ ਇਸ ਨੇ ਆਪਣਾ ਮਨ ਬਦਲ ਲਿਆ ਤਾਂ ਆਪਣੀ ਬਹੁਤ ਬੇਇਜ਼ਤੀ ਹੋਵੇਗੀ।”
“ਠੀਕ ਏ ਡੌਕ ਪਰ ਮੈਂ ਇਹ ਮਨਹੂਸ ਖਬਰ ਸੁਣਨ ਲਈ ਤਿਆਰ ਨਹੀਂ, ਮੈਂ ਸਭ ਤੁਹਾਡੇ ਉਪਰ ਛੱਡ ਰਿਹਾਂ।”
ਡਲਹੌਜ਼ੀ ਦੇ ਕਹਿਣ ਦੇ ਲਹਿਜ਼ੇ ਵਿਚ ਇਕ ਹੁਕਮ ਸੀ। ਡਾਕਟਰ ਲੋਗਨ ਕੋਈ ਅਧੂਰਾ ਕੰਮ ਨਹੀਂ ਸੀ ਕਰਨਾ ਚਾਹੁੰਦਾ। ਮਹਾਂਰਾਜੇ ਦੇ ਇਸਾਈ ਬਣਨ ਦਾ ਸਿਹਰਾ ਉਸ ਦੇ ਸਿਰ ਬੱਝਦਾ ਜਾਂ ਨਾ ਪਰ ਜੇ ਇਸ ਵਿਚ ਕੋਈ ਕਚਿਆਈ ਰਹਿ ਜਾਂਦੀ ਤਾਂ ਇਲਜ਼ਾਮ ਉਸ ਦੇ ਸਿਰ ਹੀ ਆਉਂਦਾ ਇਸ ਲਈ ਉਹ ਇਸ ਗੱਲ ਨੂੰ ਹਾਲੇ ਹੋਰ ਵਕਤ ਦੇਣਾ ਚਾਹੁੰਦਾ ਸੀ।
ਮਹਾਂਰਾਜੇ ਨੂੰ ਦੋ ਸਾਲ ਹੋ ਗਏ ਸਨ ਫਤਹਿਗੜ੍ਹ ਆਇਆਂ। ਉਹ ਆਪਣੇ ਨਵੇਂ ਜੀਉਣ-ਢੰਗ ਤੋਂ ਖੁਸ਼ ਸੀ। ਪਰ ਉਸ ਦਾ ਇਕ ਸੁਫਨਾ ਹਾਲੇ ਅਧੂਰਾ ਸੀ ਉਹ ਸੀ ਇੰਗਲੈਂਡ ਦੇਖਣ ਦਾ। ਉਹ ਇਹ ਵੀ ਉਡੀਕ ਰਿਹਾ ਸੀ ਕਿ ਕਦ ਉਸ ਨੂੰ ਪੂਰੀ ਤਰ੍ਹਾਂ ਇਸਾਈ ਬਣ ਕੇ ਚਰਚ ਜਾਣ ਲਗੇਗਾ।
ਬਸੰਤ ਰੁੱਤ ਦੇ ਦਿਨ ਸਨ। ਡਾਕਟਰ ਲੋਗਨ ਨੇ ਸੋਚਿਆ ਕਿ ਕਿਉਂ ਨਾ ਮਸੂਰੀ ਚਲੇ ਜਾਇਆ ਜਾਵੇ ਤੇ ਗਰਮੀਆਂ ਉਥੇ ਹੀ ਬਿਤਾਈਆਂ ਜਾਣ। ਮਸੂਰੀ ਨਵਾਂ ਨਵਾਂ ਹਿੱਲ ਸਟੇਸ਼ਨ ਬਣਿਆਂ ਸੀ। ਉਸ ਨੂੰ ਗੋਰੇ ਲੋਕ ਬਹੁਤ ਪਸੰਦ ਕਰ ਰਹੇ ਹਨ। ਪੂਰੇ ਦਾ ਪੂਰਾ ਕਾਫਲਾ ਹੀ ਮਸੂਰੀ ਲਈ ਤੁਰ ਪਿਆ। ਇਸ ਕਾਫਲੇ ਵਿਚ ਹਾਥੀ, ਘੋੜੇ, ਰੱਥ, ਗੱਡੇ ਆਦਿ ਸਭ ਕੁਝ ਸੀ। ਸਿ਼ਕਾਰ ਖੇਡਣ ਲਈ ਕੁੱਤੇ ਤੇ ਹੋਰ ਸਮਾਨ ਵੀ। ਮਹਾਂਰਾਜੇ ਨੇ ਆਪਣਾ ਸ਼ੇਖੂ ਨਾਂ ਦਾ ਬਾਜ ਵਿਸ਼ੇਸ਼ ਤੌਰ ‘ਤੇ ਲੈ ਲਿਆ ਸੀ। ਉਸ ਦੇ ਦੋਸਤ ਟੌਮੀ ਸਕੌਟ ਤੇ ਰੋਬੀ ਕਾਰਸ਼ੋਰ ਵੀ ਨਾਲ ਹੀ ਸਨ। ਪੂਰਾ ਸ਼ਾਹੀ ਕਾਫਲਾ ਸੀ। ਕਾਫਲੇ ਨੇ ਰਾਹ ਵਿਚ ਪੜਾਅ ਕਰਦੇ ਜਾਣਾ ਸੀ। ਡਾਕਟਰ ਲੋਗਨ ਨੇ ਪਹਿਲਾਂ ਹੀ ਸਭ ਕਾਸੇ ਦਾ ਇੰਤਜ਼ਾਮ ਕਰ ਰੱਖਿਆ ਸੀ। ਦਿੱਲੀ ਜਾ ਕੇ ਮਹਾਂਰਾਜੇ ਨੇ ਮਨਪਸੰਦ ਗਹਿਣਿਆਂ ਦੀ ਖਰੀਦੋ-ਫ੍ਰੋਖਤ ਕਰਨੀ ਸੀ। ਆਗਰੇ ਜਾ ਕੇ ਕੁਝ ਸਿਖਿਆਦਾਇਕ ਜਗਾਵਾਂ ਦੇਖਣੀਆਂ ਸਨ ਜਿਵੇਂ ਕਿ ਨਵਾਂ-ਬਣਿਆਂ ਤਾਰਘਰ, ਛਾਪਾਖਾਨਾ। ਤਾਜ ਮਹੱਲ ਤਾਂ ਦੇਖਣਾ ਹੀ ਸੀ। ਆਗਰੇ ਵਿਚ ਤਾਂ ਉਥੇ ਵਸਦੇ ਅੰਗਰੇਜ਼ਾਂ ਨੇ ਇਸ ਕਾਫਲੇ ਲਈ ਵਿਸ਼ੇਸ਼ ਨਾਸ਼ਤੇ ਦਾ ਇੰਤਜ਼ਾਮ ਕੀਤਾ ਹੋਇਆ ਸੀ। ਉਹਨਾਂ ਨੇ ਹਰਦਵਾਰ ਜਾਂਦੇ ਹੋਏ ਗੰਗਾ ਵਿਚੋਂ ਨਿਕਲਿਆ ਨਹਿਰੀ ਸਿਸਟਮ ਵੀ ਦੇਖਣਾ ਸੀ। ਸਭ ਕੁਝ ਠੀਕ ਜਾ ਰਿਹਾ ਸੀ ਪਰ ਹਰਦਵਾਰ ਪੁੱਜ ਕੇ ਕੁਝ ਅਣਕਿਆਸਿਆ ਹੋ ਗਿਆ। ਡਾਕਟਰ ਲੋਗਨ ਨੇ ਸੋਚਿਆ ਕਿ ਮਹਾਂਰਾਜੇ ਨੂੰ ਹਿੰਦੂ ਰਸਮਾਂ ਬਾਰੇ ਕੁਝ ਦੱਸਿਆ ਜਾਵੇ ਤਾਂ ਜੋ ਇਸਾਈ ਧਰਮ ਵਿਚ ਉਸ ਦੀ ਆਸਥਾ ਹੋਰ ਵੀ ਪੱਕੀ ਹੋ ਜਾਵੇ। ਹਰਦੁਆਰ ਵਿਚ ਬਹੁਤ ਸਾਰੇ ਪੰਜਾਬੀ ਲੋਕ ਵੀ ਸਨ। ਉਹਨਾਂ ਨੇ ਮਹਾਂਰਾਜੇ ਨੂੰ ਪੱਛਾਣ ਲਿਆ। ਭਾਵੇਂ ਮਹਾਂਰਾਜਾ ਹਾਥੀ ਉਪਰ ਸਵਾਰ ਸੀ ਪਰ ਫਿਰ ਵੀ ਲੋਕ ਇਕੱਠੇ ਹੋਣ ਲਗੇ। ਖੁਸ਼ੀ ਵਿਚ ਮਹਾਂਰਾਜੇ ਦੇ ਨਾਂ ਦੇ ਨਾਹਰੇ ਲਾਉਣ ਲਗੇ। ਮਹਾਂਰਾਜਾ ਇਸ ਭੀੜ ਨੂੰ ਦੇਖ ਕੇ ਬਹੁਤ ਖੁਸ਼ ਸੀ। ਭਾਵੇਂ ਉਹ ਬਹੁਤਾ ਕੁਝ ਨਹੀਂ ਸੀ ਸਮਝਦਾ ਪਰ ਏਨਾ ਉਸ ਨੂੰ ਜ਼ਰੂਰ ਪਤਾ ਸੀ ਕਿ ਇਹਨਾਂ ਲੋਕਾਂ ਨਾਲ ਉਸ ਦਾ ਕੋਈ ਡੂੰਘਾ ਰਿਸ਼ਤਾ ਹੈ। ਇਕ ਫੌਜੀ ਟੁਕੜੀ ਮਹਾਂਰਾਜੇ ਦੀ ਮੱਦਦ ਲਈ ਆਈ ਤੇ ਉਸ ਨੂੰ ਭੀੜ ਵਿਚੋਂ ਕੱਢਦੀ ਇਕ ਪਾਸੇ ਨੂੰ ਲੈ ਗਈ।
ਡਾਕਟਰ ਲੋਗਨ ਨੇ ਮਸੂਰੀ ਆ ਕੇ ਮਹਾਂਰਾਜੇ ਤੇ ਉਸ ਦੇ ਸਾਥੀਆਂ ਲਈ ਤਰ੍ਹਾਂ ਤਰ੍ਹਾਂ ਦੀਆਂ ਗੇਮਾਂ ਦਾ ਇੰਤਜ਼ਾਮ ਕਰਵਾ ਦਿਤਾ। ਸਿ਼ਕਾਰ ਖੇਡਣ ਦਾ ਸਮਾਨ ਤਾਂ ਹੈ ਹੀ। ਘੋੜ ਸਵਾਰੀ ਲਈ ਘੋੜੇ ਵੀ ਸਨ। ਹਰ ਰੋਜ਼ ਪਿਕਨਕਾਂ ਹੋਣ ਲਗੀਆਂ। ਮਿਸਟਰ ਹੰਟਰ ਉਸ ਨੂੰ ਸੰਗੀਤ ਦੀ ਸਿਖਿਆ ਵੀ ਦਿੰਦਾ ਜਾ ਰਿਹਾ ਸੀ। ਉਸ ਨੇ ਬੰਸਰੀ ਵਰਗੇ ਸਾਜ ਵਜਾਉਣੇ ਸਿਖਣੇ ਸ਼ੁਰੂ ਕਰ ਦਿਤੇ। ਡਾਕਟਰ ਲੋਗਨ ਨੇ ਉਸ ਨੂੰ ਸਥਾਨਕ ਦਿਨ ਤਿਹਾਰਾਂ ਵਿਚ ਹਿੱਸਾ ਲੈਣ ਲਈ ਵੀ ਪ੍ਰੇਰਿਆ ਤਾਂ ਜੋ ਲੋਕਾਂ ਵਿਚ ਉਸ ਦੀ ਇਜ਼ਤ ਬਣੇ। ਚੈਰਟੀ ਦੇ ਕੰਮਾਂ ਵਿਚ ਵੀ ਮਹਾਂਰਾਜਾ ਤੋਂ ਹਿੱਸਾ ਪਵਾਇਆ। ਹੁਣ ਮਹਾਂਰਾਜਾ ਆਪਣੇ ਅੰਗਰੇਜ਼ ਦੋਸਤ ਟੌਮੀ ਸਕੌਟ ਤੇ ਰੋਬੀ ਕਰਾਸ਼ੋਰ ਵਾਂਗ ਹੀ ਗੱਲਾਂ ਕਰਦਾ ਸੀ, ਹੱਸਦਾ ਬੋਲਦਾ ਸੀ ਤੇ ਗੱਲ ਗੱਲ ਤੇ ‘ਓ ਮਾਈ ਗੌਡ’ ਕਹਿੰਦਾ ਸੀ। ਇਥੇ ਹੀ ਦੋ ਹੋਰ ਉਹਨਾਂ ਦੇ ਹਮਉਮਰ ਉਹਨਾਂ ਨਾਲ ਆ ਸ਼ਾਮਲ ਹੋਏ। ਇਹ ਸਨ ਮੇਜਰ ਬਿਲਾਊ ਦੇ ਬੇਟੇ ਫਰੈਂਕ ਤੇ ਚਾਰਲਸ। ਉਹ ਵੀ ਮਹਾਂਰਾਜੇ ਨਾਲ ਰਲ਼ ਕੇ ਹੁਣ ਘੋੜ ਸਵਾਰੀ ਕਰਦੇ ਤੇ ਬਾਜ਼ ਨਾਲ ਸਿ਼ਕਾਰ ਖੇਡਦੇ ਜੋ ਕਿ ਉਹਨਾਂ ਲਈ ਨਵੀਂ ਗੱਲ ਸੀ। ਬਾਕੀ ਦੇ ਬੱਚਿਆਂ ਨਾਲ ਹੀ ਮਹਾਂਰਾਜੇ ਨੇ ਉੜਦੂ ਦੀਆਂ ਕੁਝ ਕਲਾਸਾਂ ਵੀ ਲਗਾਈਆਂ। ਮਸੂਰੀ ਦਾ ਸਫਰ ਮਹਾਂਰਾਜੇ ਲਈ ਬਹੁਤ ਹੀ ਲਾਹੇਵੰਦ ਰਿਹਾ। ਉਸ ਨੇ ਇਸ ਤੋਂ ਬਹੁਤ ਕੁਝ ਨਵਾਂ ਸਿਖਿਆ। ਘੋੜ ਸਵਾਰੀ ਵਿਚ ਤਾਂ ਮਹਾਂਰਾਜੇ ਨੂੰ ਹੁਣ ਅਜਿਹੀ ਮੁਹਾਰਤ ਹਾਸਲ ਹੋ ਗਈ ਸੀ ਕਿ ਭੱਜੇ ਜਾਂਦੇ ਘੋੜੇ ਉਪਰ ਪਲਾਕੀ ਮਾਰ ਕੇ ਚੜ੍ਹ ਜਾਂਦਾ।
ਬਾਕੀ ਤਾਂ ਮਹਾਂਰਾਜੇ ਲਈ ਸਭ ਕੁਝ ਠੀਕ ਚਲ ਰਿਹਾ ਸੀ ਪਰ ਮਹਾਂਰਾਜੇ ਨੂੰ ਹਾਲੇ ਤਕ ਬੈਪਟਾਈਜ਼ ਨਹੀਂ ਸੀ ਕੀਤਾ ਗਿਆ। ਕਈ ਵਾਰ ਮਹਾਂਰਾਜਾ ਇਹ ਸਭ ਭੁੱਲ ਜਿਹਾ ਵੀ ਜਾਂਦਾ ਤੇ ਕਈ ਵਾਰ ਇਸ ਲਈ ਕਾਹਲਾ ਵੀ ਪੈਣ ਲਗਦਾ। ਡਾਕਟਰ ਲੋਗਨ ਸਮਝਦਾ ਸੀ ਪਰ ਉਹ ਸੋਚਦਾ ਕਿ ਜਦ ਮਹਾਂਰਾਜੇ ਨੂੰ ਇੰਗਲੈਂਡ ਲੈ ਜਾਣ ਲਈ ਲੌਰਡ ਡਲਹੌਜ਼ੀ ਵਲੋਂ ਇਸ਼ਾਰਾ ਮਿਲੇਗਾ ਤਦ ਹੀ ਬੈਪਟਾਈਜ਼ ਦੀ ਰਸਮ ਕਰਨੀ ਚਾਹੀਦੀ ਹੈ। ਮਹਾਂਰਾਜੇ ਨੂੰ ਇਸਾਈ ਬਣਾਉਣ ਤੋਂ ਬਾਅਦ ਬਹੁਤੀ ਦੇਰ ਇੰਡੀਆ ਵਿਚ ਨਹੀਂ ਸੀ ਰੱਖਿਆ ਜਾਣਾ ਚਾਹੀਦਾ। ਫਿਰ ਇਕ ਦਿਨ ਉਹ ਆ ਗਿਆ ਜਦ ਡਾਕਟਰ ਲੋਗਨ ਨੂੰ ਇਹ ਸਹੀ ਜਾਪਣ ਲਗਿਆ ਕਿ ਹੁਣ ਮਹਾਂਰਾਜੇ ਨੂੰ ਬੈਪਟਾਈਜ਼ ਕਰਕੇ ਇਸਾਈ ਧਰਮ ਵਿਚ ਸ਼ਾਮਲ ਕਰ ਲਿਆ ਜਾਣਾ ਚਾਹੀਦਾ ਹੈ। ਮਹਾਂਰਾਜੇ ਨੂੰ ਪਤਾ ਲਗਿਆ ਤਾਂ ਉਹ ਚਾਅ ਨਾਲ ਭਰ ਗਿਆ। ਸਮਾਗਮ ਦੀ ਤਰੀਕ ਤੈਅ ਕਰ ਲਈ ਗਈ। ਡਾਕਟਰ ਲੋਗਨ ਇਸ ਸਮਾਗਮ ਨੂੰ ਬਹੁਤੀ ਹਵਾ ਨਹੀਂ ਸੀ ਦੇਣੀ ਚਾਹੁੰਦਾ। ਮਿਸਜ਼ ਲੋਗਨ ਇਸ ਨੂੰ ਖਾਸ ਉਤਸਵ ਵਾਂਗ ਮਨਾਉਣਾ ਚਾਹੁੰਦੀ ਸੀ। ਉਹ ਤਿਆਰੀਆਂ ਵਿਚ ਰੁੱਝ ਗਈ। ਕਦੇ ਕਦੇ ਉਹ ਮਹਾਂਰਾਜੇ ਨੂੰ ਉਸ ਦੇ ਇਰਾਦਿਆਂ ਬਾਰੇ ਵੀ ਪੁੱਛ ਲੈਂਦੀ ਕਿ ਕਿਧਰੇ ਮਨ ਬਦਲਦਾ ਹੀ ਨਾ ਹੋਵੇ। ਇਸ ਮੌਕੇ ‘ਤੇ ਡਾਕਟਰ ਲੋਗਨ ਨੇ ਧਾਰਮਿਕ ਮਾਮਲਿਆਂ ਦੇ ਸਲਾਹਕਾਰ ਰੈਵ੍ਰਨਡ ਜੇ ਨੂੰ ਉਚੇਚੇ ਤੌਰ ਤੇ ਬੁਲਾ ਲਿਆ ਸੀ। ਇਵੇਂ ਹੀ ਲਹੌਰ ਤੋਂ ਇਕ ਜੁਡੀਸ਼ੀਅਲ ਕਮਿਸ਼ਨਰ ਨੂੰ ਵੀ ਚਿੱਠੀ ਲਿਖ ਕੇ ਸੱਦ ਲਿਆ ਗਿਆ। ਬਹੁਤਾ ਵੱਡਾ ਇਕੱਠ ਨਹੀਂ ਸੀ। ਬਹੁਤੇ ਸਥਾਨਕ ਅਫਸਰ ਹੀ ਸੱਦੇ ਗਏ ਸਨ। ਬਾਹਰਲਿਆਂ ਵਿਚੋਂ ਡਾਕਟਰ ਲੋਗਨ ਦਾ ਇਕ ਦੋਸਤ ਰੌਬ੍ਰਟ ਮਿੰਟਗੁਮਰੀ ਹੀ ਹਾਜ਼ਰ ਸੀ। ਉਸ ਨੇ ਇਸ ਰਸਮ ਨੂੰ ਚਰਚ ਦੀ ਥਾਂ ਆਪਣੇ ਘਰ ਹੀ ਨਿਭਾਉਣਾ ਠੀਕ ਸਮਝਿਆ। ਉਸ ਨੂੰ ਡਰ ਸੀ ਕਿ ਚਰਚ ਵਿਚ ਕੋਈ ਬਾਹਰਲਾ ਬੰਦਾ ਆ ਕੇ ਕਿਸੇ ਕਿਸਮ ਦੀ ਗੜਬੜ ਹੀ ਨਾ ਕਰਨ ਲਗੇ। ਮਿਥਿਆ ਦਿਨ ਆ ਪੁੱਜਾ। ਫਾਦਰ ਕਾਰਸ਼ੋਰ ਖੁਸ਼ੀ ਵਿਚ ਉਡਿਆ ਫਿਰਦਾ ਸੀ। ਬੈਪਟਾਈਜ਼ ਦੀ ਰਸਮ ਲਈ ਦਰਿਆ ਜੌਰਡਨ ਦਾ ਪਾਣੀ ਲੋੜੀਂਦਾ ਹੁੰਦਾ ਹੈ ਪਰ ਮਿਸਜ਼ ਲੋਗਨ ਨੇ ਇਸ ਮਕਸਦ ਲਈ ਗੰਗਾ ਦਾ ਪਾਣੀ ਹੀ ਲੈ ਆਂਦਾ ਹੋਇਆ ਸੀ। ਘੰਟਾ ਭਰ ਇਹ ਰਸਮ ਚੱਲੀ। ਬਾਈਬਲ ਵਿਚੋਂ ਸ਼ਲੋਕ ਪੜ੍ਹੇ ਗਏ। ਅਰਦਾਸਾਂ ਕੀਤੀਆਂ ਗਈ। ਰਸਮ ਤੋਂ ਬਾਅਦ ਸਭ ਨੇ ਮਹਾਂਰਾਜੇ ਨੂੰ ਇਸਾਈ ਬਣਨ ਦੀਆਂ ਵਧਾਈਆਂ ਦਿਤੀਆਂ। ਡਾਕਟਰ ਲੋਗਨ ਤੇ ਮਿਸਜ਼ ਲੋਗਨ ਨੂੰ ਵੀ ਬਰਾਬਰ ਵਧਾਈਆਂ ਮਿਲ ਰਹੀਆਂ ਸਨ। ਇਸ ਘਟਨਾ ਨੇ ਅੰਗਰੇਜ਼ਾਂ ਵਿਚ ਇਕ ਵੱਖਰਾ ਜਿਹਾ ਉਤਸ਼ਾਹ ਭਰ ਦਿਤਾ ਹੋਇਆ ਸੀ।
ਮਹਾਂਰਾਜੇ ਦੇ ਇਸਾਈ ਬਣਨ ਦੀ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ। ਪਹਿਲਾਂ ਜਦ ਮਹਾਂਰਾਜੇ ਨੇ ਇਹ ਫੈਸਲਾ ਕੀਤਾ ਸੀ ਉਦੋਂ ਵੀ ਲੋਕ ਫਿਕਰਵੰਦ ਹੋ ਗਏ ਸਨ ਪਰ ਫਿਰ ਵਕਤ ਬੀਤਣ ਨਾਲ ਲੋਕਾਂ ਨੂੰ ਲਗਿਆ ਕਿ ਸ਼ਾਇਦ ਇਹ ਅਫਵਾਹ ਹੀ ਹੋਵੇਗੀ ਤੇ ਮਹਾਂਰਾਜੇ ਨੇ ਮਨ ਬਦਲ ਲਿਆ ਹੋਵੇਗਾ। ਹੁਣ ਇਕ ਵਾਰ ਫਿਰ ਲੋਕਾਂ ਵਿਚ ਇਕ ਸ਼ੋਕ ਜਿਹੇ ਦੀ ਲਹਿਰ ਦੌੜ ਗਈ ਸੀ। ਖਾਸ ਤੌਰ ‘ਤੇ ਫਤਹਿਗੜ੍ਹ ਦੇ ਲੋਕਾਂ ਵਿਚ ਤੇ ਉਸ ਤੋਂ ਵੀ ਵੱਧ ਮਹਾਂਰਾਜੇ ਦੇ ਨੇੜਲੇ ਲੋਕਾਂ ਵਿਚ। ਪਰ ਕੋਈ ਕਰ ਕੁਝ ਵੀ ਨਹੀਂ ਸੀ ਸਕਦਾ। ਇਸ ਤੋਂ ਛੇਤੀ ਬਾਅਦ ਹੀ ਮਹਾਂਰਾਜੇ ਦੀ ਇੰਗਲੈਂਡ ਲੈਜਾਣ ਦੀ ਤਿਆਰੀ ਹੋਣ ਲਗੀ। ਮਹਾਂਰਾਜੇ ਨੇ ਸ਼ਹਿਜ਼ਾਦਾ ਸਿ਼ਵਦੇਵ ਸਿੰਘ ਨੂੰ ਵੀ ਆਪਣੇ ਨਾਲ ਹੀ ਇੰਗਲੈਂਡ ਜਾਣ ਲਈ ਤਿਆਰ ਕਰ ਲਿਆ। ਰਾਣੀ ਦੁਖਨਾ ਨੂੰ ਪਤਾ ਚਲਿਆ ਤਾਂ ਉਹ ਭੱਜੀ ਹੋਈ ਡਾਕਟਰ ਲੋਗਨ ਕੋਲ ਜਾ ਪੁੱਜੀ ਤੇ ਪੁੱਛਣ ਲਗੀ,
“ਤੁਸੀਂ ਜੋ ਕੁਝ ਵੀ ਮਹਾਂਰਾਜੇ ਨਾਲ ਕਰਨਾ ਏ ਕਰੀ ਜਾਵੋ ਪਰ ਮੇਰੇ ਬੇਟੇ ਨੂੰ ਵਿਚ ਕਿਉਂ ਲਿਆਉਂਦੇ ਹੋ।”
“ਰਾਣੀ ਦੁਖਨਾ, ਇਹ ਮਹਾਂਰਾਜਾ ਹੀ ਚਾਹੁੰਦਾ ਏ, ਅਸੀਂ ਵੀ ਇਹੋ ਕਹਾਂਗੇ ਕਿ ਇਹਨਾਂ ਦੋਨਾਂ ਬੱਚਿਆਂ ਦੀ ਇੰਗਲੈਂਡ ਵਿਚ ਰਹਿ ਕੇ ਵਧੀਆ ਪਰਵਰਿਸ਼ ਹੋ ਸਕੇਗੀ, ਸਗੋਂ ਤੂੰ ਵੀ ਸਾਡੇ ਨਾਲ ਹੀ ਚੱਲ।”
“ਸਰ, ਮੈਂ ਕਿਤੇ ਨਹੀਂ ਜਾਵਾਂਗੀ, ਆਪਣਾ ਘਰ ਛੱਡ ਕੇ ਪਹਿਲਾਂ ਪੰਜਾਬ ਗਈ ਤੇ ਫਿਰ ਪੰਜਾਬ ਛੱਡ ਕੇ ਇਥੇ ਆ ਗਈ ਤੇ ਹੁਣ ਅਗੇ ਤੁਸੀਂ ਮੈਨੂੰ ਕਿਤੇ ਹੋਰ ਲੈ ਜਾਣਾ ਚਾਹੁੰਦੇ ਓ, ਇਹ ਕਦੇ ਨਹੀਂ ਹੋ ਸਕਦਾ।”
“ਤੂੰ ਨਹੀਂ ਜਾਣਾ ਨਾ ਜਾ, ਅਸੀਂ ਮਹਾਂਰਾਜਾ ਦੇ ਨਾਲ ਸ਼ਹਿਜ਼ਾਦੇ ਨੂੰ ਲੈ ਜਾਂਦੇ ਹਾਂ, ਦੋਨਾਂ ਬੱਚਿਆਂ ਨੂੰ ਕੰਪਨੀ ਵੀ ਰਹੇਗੀ।”
“ਸਰ, ਜੇ ਤੁਸੀਂ ਮੇਰੇ ਪੁੱਤ ਨੂੰ ਇੰਗਲੈਂਡ ਲੈ ਜਾਣ ਦੀ ਗੱਲ ਕੀਤੀ ਤਾਂ ਮੈਂ ਖੁਦਗਸ਼ੀ ਕਰ ਲਵਾਂਗੀ।”
ਆਪਣੀ ਗੱਲ ਕਹਿੰਦੀ ਰਾਣੀ ਦੁਖਨੋ ਇਵੇਂ ਤੁਰ ਗਈ ਜਿਵੇਂ ਸੱਚ ਹੀ ਖੁਦਗਸ਼ੀ ਕਰਨ ਜਾ ਰਹੀ ਹੋਵੇ। ਡਾਕਟਰ ਲੋਗਨ ਵੀ ਡਰ ਗਿਆ। ਉਸ ਨੇ ਸਿ਼ਵਦੇਵ ਸਿੰਘ ਨੂੰ ਇੰਗਲੈਂਡ ਲੈ ਜਾਣ ਦੀ ਸਕੀਮ ਤਿਆਗ ਦਿਤੀ। ਮਹਾਂਰਾਜੇ ਦੇ ਨਾਲ ਇੰਗਲੈਂਡ ਜਾਣ ਲਈ ਕੁਝ ਨੌਕਰ ਤਿਆਰ ਕਰ ਲਏ ਗਏ। ਇਹਨਾ ਵਿਚੋਂ ਇਕ ਨੀਲਕੰਠ ਗੋੜੇ ਸੀ ਜਿਹੜਾ ਜਨਮ ਤੋਂ ਭਾਵੇਂ ਬ੍ਰਾਹਮਣ ਸੀ ਪਰ ਭਜਨ ਲਾਲ ਵਾਂਗ ਹੀ ਇਸਾਈ ਬਣ ਚੁੱਕਿਆ ਸੀ। ਭਜਨ ਲਾਲ ਨੇ ਇੰਗਲੈਂਡ ਜਾਣ ਦੀ ਥਾਂ ਬਨਾਰਸ ਵਿਚ ਦੁਕਾਨ ਪਾ ਲੈਣੀ ਬਿਹਤਰ ਸਮਝੀ ਸੀ। ਬਨਾਰਸ ਉਸ ਦਾ ਜੱਦੀ ਸ਼ਹਿਰ ਸੀ। ਰਾਣੀ ਦੁਖਨਾ ਆਪਣੇ ਪੁੱਤ ਨਾਲ ਤੇ ਨੌਕਰਾਂ ਨਾਲ ਫਤਹਿਗੜ੍ਹ ਹੀ ਰਹਿ ਗਈ। ਮਹਾਂਰਾਜੇ ਦੇ ਦੋਸਤਾਂ ਵਿਚੋਂ ਟੌਮੀ ਸਕੌਟ ਪਹਿਲਾਂ ਹੀ ਆਪਣੇ ਪਿਓ ਨਾਲ ਇੰਗਲੈਂਡ ਚਲੇ ਗਿਆ ਹੋਇਆ ਸੀ। ਰੋਬੀ ਕਾਰਸ਼ੋਰ ਨੇ ਹਾਲੇ ਭਾਰਤ ਵਿਚ ਹੀ ਰਹਿਣਾ ਸੀ।
ਇਕ ਵਾਰ ਫਿਰ ਮਹਾਂਰਾਜੇ ਦਾ ਕਾਫਲਾ ਸਫਰ ਲਈ ਨਿਕਲ ਪਿਆ। ਕਲਕੱਤੇ ਤੋਂ ਜਹਾਜ਼ ਲੈਣਾ ਸੀ। ਰਾਹ ਵਿਚ ਰੁਕਦੇ ਜਾਣਾ ਸੀ ਜਿਸ ਦਾ ਇੰਤਜ਼ਾਮ ਪਹਿਲਾਂ ਹੀ ਕਰ ਲਿਆ ਗਿਆ ਹੋਇਆ ਸੀ। ਲਖਨਊ ਉਹ ਕੁਝ ਦਿਨ ਲਈ ਕਰਨਲ ਸਲੀਮੈਨ ਕੋਲ ਰੁਕ ਗਏ। ਇਹਨਾਂ ਦਿਨਾਂ ਵਿਚ ਲੌਰਡ ਡਲਹੌਜ਼ੀ ਕਲਕੱਤੇ ਵਿਚ ਹੀ ਸੀ। ਉਹ ਇਸ ਸਭ ਕਾਸੇ ਤੋਂ ਬਹੁਤ ਪ੍ਰਸੰਨ ਸੀ। ਏਨਾ ਪ੍ਰਸੰਨ ਕਿ ਉਸ ਨੇ ਮਹਾਂਰਾਜੇ ਲਈ ਇੱਕੀ ਤੋਪਾਂ ਦੀ ਸਲਾਮੀ ਦਾ ਇੰਤਜ਼ਾਮ ਕੀਤਾ ਹੋਇਆ ਸੀ। ਮਹਾਂਰਾਜੇ ਲਈ ਉਸ ਨੇ ਇਕ ਖਾਸ ਭੋਜ ਦਾ ਪ੍ਰਬੰਧ ਵੀ ਕਰਵਾਇਆ ਜਿਸ ਵਿਚ ਉਸ ਨੇ ਮਹਾਂਰਾਜੇ ਨਾਲ ਬਹੁਤ ਨੇੜਤਾ ਜਤਾਈ।
ਅੱਧ ਅਪਰੈਲ ਤੋਂ ਕੁਝ ਦਿਨ ਬਾਅਦ ਮਹਾਂਰਾਜੇ ਦਲੀਪ ਸਿੰਘ ਦੀ ਇੰਗਲੈਂਡ ਲਈ ਯਾਤਰਾ ਅਰੰਭ ਹੋ ਗਈ। ਜਹਾਜ਼ ਚੜ੍ਹਨ ਲਗੇ ਮਹਾਂਰਾਜੇ ਨੂੰ ਡਲਹੌਜ਼ੀ ਨੇ ਇਕ ਖਾਸ ਤੋਹਫਾ ਦਿਤਾ। ਜਹਾਜ਼ ਵਿਚ ਜਾ ਕੇ ਜਦ ਮਹਾਂਰਾਜੇ ਨੇ ਖੋਹਲ ਕੇ ਦੇਖਿਆ ਤਾਂ ਇਹ ਬਾਈਬਲ ਸੀ।
(ਤਿਆਰੀ ਅਧੀਨ ਨਾਵਲ: ‘ਸਾਡਾ ਮਹਾਂਰਾਜਾ: ਮਹਾਂਰਾਜਾ ਦਲੀਪ ਸਿੰਘ’)

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346