Welcome to Seerat.ca
Welcome to Seerat.ca

ਗ਼ਦਰੀ ਬਾਬੇ ਕੌਣ ਸਨ?

 

- ਵਰਿਆਮ ਸਿੰਘ ਸੰਧੂ

ਨਾਵਲ ਅੰਸ਼ / ਪਿੱਛਾ ਰਹਿ ਗਿਆ ਦੂਰ

 

- ਹਰਜੀਤ ਅਟਵਾਲ

ਮੌਤ ਦੇ ਪਰਛਾਵਿਆਂ ਹੇਠ

 

- ਜਰਨੈਲ ਸਿੰਘ ਕਹਾਣੀਕਾਰ

ਚਲੇ ਗਏ ਪਾਸ਼ ਦੇ ਪਾਪਾ, ਮੇਰੇ ਪਾਪਾ, ਸਾਡੇ ਪਾਪਾ

 

- ਗੁਲਸ਼ਨ ਦਿਆਲ

ਖਾਲੀ ਸੀਟ

 

- ਅਮਰਜੀਤ ਕੌਰ ਹਿਰਦੇ

ਪਿੰਡ ਚਕਰ ਦੀਆਂ ਕਿਆ ਬਾਤਾਂ!

 

- ਪ੍ਰਿੰ. ਬਲਕਾਰ ਸਿੰਘ ਬਾਜਵਾ

ਪਹਿਲੀ ਮੁਲਾਕਾਤ ਤੋਂ ਆਖਰੀ ਵਿਦਾਇਗੀ

 

- ਸੰਤੋਖ ਸਿੰਘ ਸੰਤੋਖ

ਪੰਜਾਬੀ ਸੂਬੇ ਦਾ ਜਿਉਂਦਾ ਜਾਗਦਾ ਇਤਿਹਾਸ
ਗਿਆਨੀ ਸੰਤੋਖ ਸਿੰਘ

 

- ਨਿਰਮਲ ਸਿੰਘ ਨੋਕਵਾਲ

ਸਾਹਿਤਕ ਸਵੈਜੀਵਨੀ / ਸੋਚ ਅਤੇ ਅਮਲ ਦੇ ਰਾਹ ‘ਤੇ ਪਹਿਲੇ ਕਦਮ

 

- ਵਰਿਆਮ ਸਿੰਘ ਸੰਧੂ

ਕਹਾਣੀ / ਅੰਨ੍ਹਾ !

 

- ਮਿੰਟੂ ਗੁਰੂਸਰੀਆ

ਆਪਣੀ ਹੀ ਕੁੱਲੀ

 

- ਮਲਕੀਅਤ "ਸੁਹਲ"

ਵਗਦੀ ਏ ਰਾਵੀ/ਨਨਕਾਣਾ ਸਾਹਿਬ ਦੇ ਗੁਰਧਾਮਾਂ ਦੇ ਦਰਸ਼ਨ ਦੀਦਾਰ

 

- ਵਰਿਆਮ ਸਿੰਘ ਸੰਧੂ

ਸਨ ਆਫ ਸਰਦਾਰ

 

- ਪੰਕਜਪਾਲ ਸਿੰਘ ਮੱਲੀ

ਤਿਆਰੀ ਅਧੀਨ ਪੁਸਤਕ ‘ਬਰਫ਼ ਵਿੱਚ ਉਗਦਿਆਂ’ ਵਿੱਚੋਂ / ਖੁਲ੍ਹ ਗਿਆ ਕਨੇਡਾ!!

 

- ਇਕਬਾਲ ਰਾਮੂਵਾਲੀਆ

 

Online Punjabi Magazine Seerat

ਤਿਆਰੀ ਅਧੀਨ ਪੁਸਤਕ ‘ਬਰਫ਼ ਵਿੱਚ ਉਗਦਿਆਂ’ ਵਿੱਚੋਂ
ਖੁਲ੍ਹ ਗਿਆ ਕਨੇਡਾ!!
- ਇਕਬਾਲ ਰਾਮੂਵਾਲੀਆ

 

1972 ਦੇ ਅਗਸਤ ਮਹੀਨੇ ਨੇ ਵੀਹ ਕੁ ਪੁਲਾਂਘਾਂ ਪੁੱਟ ਲਈਆਂ ਸਨ। ਹਵਾ ਵਿੱਚ ਚੁੱਪ-ਚਾਪ ਰਿੱਝ ਰਿਹਾ ਤਪਾੜ ਲੋਕਾਂ ਦੇ ਧੌਣਾਂ-ਮੋਢਿਆਂ ਉੱਤੇ, ਮੱਥਿਆਂ ਉੱਤੇ, ਅਤੇ ਬਗ਼ਲਾਂ ‘ਚ ਪਿੱਤ ਅਤੇ ਪਸੀਨਾ ਛਿੜਕਦਾ ਫਿਰਦਾ ਸੀ। ਹਵਾ ਨੂੰ ਤਰਸਦੇ ਬਿਰਛਾਂ ਦੇ ਅਹਿੱਲ ਪੱਤੇ, ਤੇ ਅਕਾਸ਼ ‘ਚ ਵਿਰਲੀਆਂ ਵਿਰਲੀਆਂ ਬੱਦਲ਼ੀਆਂ ਨੂੰ ਖਾ ਰਿਹਾ ਸੂਰਜ! ਅਸੀਂ ਜਦ ਬਾਹਰ ਤੁਰ ਰਹੇ ਹੁੰਦੇ ਤਾਂ ਹੇਠੋਂ ਧਰਤੀ ‘ਚੋਂ ਹਵਾੜ ਉੱਠਦੀ; ਜਦੋਂ ਕਮਰਿਆਂ ‘ਚ ਵੜਦੇ ਤਾਂ ਕੰਧਾਂ ਦੇ ਪਲਸਤਰ ਵਿੱਚੋਂ ਸੇਕ ਪਿਘਲ਼ ਰਿਹਾ ਹੁੰਦਾ। ਵਾਰ ਵਾਰ ਮੱਥਿਆਂ ਨੂੰ ਅਤੇ ਧੌਣਾਂ ਨੂੰ ਪੂੰਝਦੇ ਚਿਪ-ਚਿਪੇ ਰੁਮਾਲ ਮੁਸ਼ਕ-ਮੁਸ਼ਕ ਹੋ ਜਾਂਦੇ।


ਪ੍ਰੋਫ਼ੈਸਰ ਹਰਿਦਆਲ ਸਿੰਘ, ਖਾਲਸਾ ਕਾਲਜ, ਸੁਧਾਰ

ਸੁਖਸਾਗਰ ਸਮਰਾਲ਼ੇ ਲਾਗੇ ਇੱਕ ਪੇਂਡੂ ਕਾਲਜ ਵਿੱਚ ਅੰਗਰੇਜ਼ੀ ਦੀ ਲੈਕਚਰਰ ਜਾ ਲੱਗੀ ਸੀ। ਇਸ ਕਾਲਜ ‘ਚ ਪੇਂਡੂ ਮੁੰਡਿਆਂ-ਕੁੜੀਆਂ ਨੂੰ ਅੰਗਰੇਜ਼ੀ ਦੀਆਂ ਕਵਿਤਾਵਾਂ-ਕਹਾਣੀਆਂ ਤੇ ਐਕਟਿਵ-ਪੈੱਸਿਵ ਪੜ੍ਹਾਉਣ/ਸਿਖਾਉਣ ਤੋਂ ਮਗਰੋਂ, ਟੈਂਪੂਆਂ-ਬੱਸਾਂ ਦੀ ਭੀੜ ‘ਚ, ਧੱਕਿਆਂ ਤੇ ਗਰਦ ਨੂੰ ਤਿਊੜੀਆਂ ਦਿਖਾਉਂਦੀ, ਉਹ ਸ਼ਾਮ ਨੂੰ ਆਪਣੇ ਪਿੰਡ, ਘੁਡਾਣੀ ਕਲਾਂ, ਆ ਜਾਂਦੀ। ਗੱਦੇਦਾਰ ਡਬਲ-ਬੈੱਡ ਦੇ ਸਾਹਮਣੇ ਵਾਲ਼ੀ ਟਾਂਡ ‘ਤੇ ਖਲੋਤੀ ਐਸਪ੍ਰੀਨ ਦੀਆਂ ਗੋਲ਼ੀਆਂ ਵਾਲ਼ੀ ਸ਼ੀਸ਼ੀ ਉਸ ਦਾ ਪੱਕਾ ਇੰਤਜ਼ਾਰ ਕਰ ਰਹੀ ਹੁੰਦੀ। ਉਹ ਦੋ ਗੋਲ਼ੀਆਂ ਨਿਗਲ਼ਦੀ ਅਤੇ ਸੂਤੀ ਸਕਾਅਫ਼ ਨੂੰ ਮੱਥੇ ਦੀ ਟੱਸ-ਟੱਸ ਉਦਾਲ਼ੇ ਕੱਸ ਕੇ ਲਪੇਟ ਲੈਂਦੀ। ਪੁੜਪੁੜੀਆਂ ਨੂੰ ਉਂਗਲ਼ਾਂ ਤੇ ਅੰਗੂਠੇ ਵਿਚਕਾਰ ਘੁਟਦੀ ਹੋਈ, ਉਹ ਵਾਰ ਵਾਰ ਘਰ ਦੇ ਮੁੱਖ ਦਰਵਾਜ਼ੇ ‘ਚ ਜਾ ਖਲੋਂਦੀ ਤੇ ਗਲ਼ੀ ਦੇ ਅਖ਼ੀਰ ਵੱਲ ਝਾਤੀ ਮਾਰ ਕੇ, ਕਦੇ ਤਾਂ ਬੈੱਡਰੂਮ ਵਿੱਚ ਜਾ ਕੇ, ਟਾਂਡ ‘ਤੇ ਖਲੋਤੀ ਮੇਰੀ ਤਸਵੀਰ ਤੋਂ ਗਰਦ ਨੂੰ ਪੂੰਝਣ ਲੱਗ ਜਾਂਦੀ, ਤੇ ਕਦੇ ਸਿਰਹਾਣਿਆਂ ਨੂੰ ਸੱਜੇ-ਖੱਬੇ ਟਿਕਾਉਂਦੀ ਹੋਈ, ਚਾਦਰ ਉੱਤੇ ਰੰਰ-ਬਰੰਗੇ ਧਾਗਿਆਂ ਨਾਲ਼ ਕੱਢੇ ਤੋਤੇ-ਤੋਤੀਆਂ ਦੀਆਂ ਕਲੋਲਾਂ ਵੱਲ ਤੱਕਣ ਲੱਗ ਜਾਂਦੀ।
ਤੜਕੇ ਪੰਜ ਵਜੇ, ਗੁਰਦਵਾਰੇ ਦੇ ਨਿਸ਼ਾਨ ਸਾਹਿਬ ਉੱਪਰ ਟੁੰਗੇ ਲਾਊਡ-ਸਪੀਕਰ ਵਿੱਚੋਂ ਗ੍ਰੰਥੀ ਦਾ ‘ਵਾਹਗੁਰੂ ਜੀ ਕਾ ਖ਼ਾਲਸਾ’ ਭਰੜਾਉਂਦਾ, ਤੇ ਅਗਲੇ ਪਲੀਂ ਮੈਂ ਕਿਸੇ ਫਟੀ-ਪੁਰਾਣੀ ਲੀਰ ਨਾਲ਼, ਵਿਹੜੇ ‘ਚ ਖਲੋਤੇ ਨਲ਼ਕੇ ਦੀ ਡੰਡੀ ਉੱਪਰੋਂ ਤ੍ਰੇਲ਼ ਨੂੰ ਸਾਫ਼ ਕਰ ਰਿਹਾ ਹੁੰਦਾ। ਨਲ਼ਕੇ ਦੀ ਬੋਕੀ ਦੀ ਖੰਘਦੀ ਤੇ ਨਲ਼ਕੇ ਦੀ ਡੰਡੀ ਦੀ ਕੜਕ-ਕੜਕ ਨਾਲ਼ ਹਨੇਰਾ ਤਾਣ ਕੇ ਸੁੱਤਾ ਵਿਹੜਾ ਬੁੜਬੁੜਾਉਣ ਲੱਗ ਜਾਂਦਾ। ਕੁਝ ਪਲਾਂ ਬਾਅਦ, ਮੇਰੇ ਸੱਜੇ ਹੱਥ ‘ਚ ਡਿੱਕ-ਡੋਲੇ ਖਾਂਦੀ ਪਾਣੀ ਨਾਲ਼ ਭਰੀ ਬਾਲ਼ਟੀ ਗੁਸਲਖ਼ਾਨੇ ਵੱਲ ਨੂੰ ਵਧਦੀ, ਤੇ ਅਗਲੇ ਛਿਣਾਂ ਦੌਰਾਨ ‘ਲਕਸ’ ਸਾਬਣ ਦੀ ਟਿੱਕੀ ਮੇਰੇ ਸੱਜੇ ਹੱਥ ਦੀਆਂ ਉਂਗਲ਼ਾਂ ‘ਚ “ਤਿਲਕਜੂੰ ਤਿਲਕਜੂੰ” ਕਰ ਰਹੀ ਹੁੰਦੀ। ਗੁਸਲਖ਼ਾਨੇ ‘ਚ ਭਰ-ਗਈ ‘ਲਕਸ’ ਦੀ ਸੁਗੰਧੀ ਪੋਲੇ-ਪੈਰੀਂ ਨਾਲ਼-ਲਗਦੇ ਕਿਚਨ ‘ਚ ਵੜ ਜਾਂਦੀ, ਤੇ ਸਟੀਲ ਦੀ ਕੌਲੀ ‘ਚ ਭੰਨੇ ਦੋ ਆਂਡਿਆਂ ਨੂੰ ਫੈਂਟ ਰਹੀ ਸੁਖਸਾਗਰ ਦੇ ਕੰਨ ‘ਚ ਆਖਦੀ: ਇਕਬਾਲ ਨੇ ਕੱਪੜੇ ਪਾ ਲਏ ਨੇ; ਚਾਹ ਵਾਲ਼ੀ ਪਤੀਲੀ ਨੂੰ ਸਟੋਵ ਤੋਂ ਉਤਾਰ ਕੇ ਕੱਪ ਉੱਤੇ ਟੇਢਾ ਕਰ ਦਿਓ ਜੀ!


ਪਿਆਰਾ ਸਿੰਘ ਪੰਨੂੰ, (ਬੜੂੰਦੀ) (1972)

ਸਵਾ ਛੇ ਵਜਦੇ ਨੂੰ ਮੈਂ ਘੁਡਾਣੀ ਕਲਾਂ ਦੇ ਬੱਸ ਸਟਾਪ ‘ਤੇ ਸੀਮੈਂਟੀ-ਬੈਂਚ ਉੱਪਰ ਬੈਠਾ ਲੁਧਿਆਣੇ ਵਾਲ਼ੀ ਬੱਸ ਦਾ ਇੰਤਜ਼ਾਰ ਕਰ ਰਿਹਾ ਹੁੰਦਾ।
ਪਰ ਕੁਝ ਕੁ ਹਫ਼ਤਿਆਂ ‘ਚ ਹੀ, ਬੱਸਾਂ ਰਾਹੀਂ ਘੁਡਾਣੀ ਤੋਂ ਸੁਧਾਰ ਤੀਕ ਆਉਣ-ਜਾਣ ਕਰਦਿਆਂ, ਚਾਰ, ਸਾਢੇ-ਚਾਰ ਘੰਟੇ ਜ਼ਾਇਆ ਕਰਨੇ ਮੈਨੂੰ ਔਖੇ ਲੱਗਣ ਲੱਗ ਪਏ ਸਨ; ਇਸ ਲਈ ਮੈਂ ਤੇ ਪ੍ਰੋਫ਼ੈਸਰ ਸੁਰਿੰਦਰ 1971 ‘ਚ ਹੀ ਸੁਧਾਰ ਬਜ਼ਾਰ ‘ਚ ਇੱਕ ਚੌਬਾਰੇ ਦੇ ਕਿਰਾਏਦਾਰ ਬਣ ਗਏ ਸਾਂ: ਇਹ ਚੌਬਾਰਾ ਕੁਝ ਕੁ ਹਫ਼ਤਿਆਂ ‘ਚ ਹੀ ਲੇਖਕਾਂ, ਨਕਸਲੀ ਕਾਰਕੁੰਨਾਂ, ਘੁਮੱਕੜਾਂ, ਅਤੇ ਫੱਕਰਾਂ ਲਈ ਧਰਮਸ਼ਾਲਾ ਬਣ ਗਿਆ ਸੀ ਜਿਸ ਦੇ ਕੁੰਡੇ ਨਾਲ਼ ਜਿੰਦਰੇ ਦਾ ਮਿਲਾਪ ਸਿਰਫ਼ ਓਦੋਂ ਹੀ ਹੁੰਦਾ ਸੀ ਜਦੋਂ ਐਤਵਾਰ ਦੀ ਛੁੱਟੀ ਕੱਟਣ ਅਸੀਂ ਸ਼ਨੀਵਾਰ ਦੀ ਸ਼ਾਮ ਨੂੰ ਆਪੋ-ਆਪਣੇ ਪਿੰਡਾਂ ਵੱਲ ਨੂੰ ਚਾਲੇ ਪਾਉਣੇ ਹੁੰਦੇ ਸਨ।
ਪਰ 1972 ਦਾ ਕਾਲਜੀ ਸਾਲ ਸ਼ੁਰੂ ਹੁੰਦਿਆਂ ਹੀ ਅਸੀਂ ਆਪਣੇ ਮੰਜਿਆਂ-ਬਿਸਤਰਿਆਂ ਨੂੰ ਇਸ ‘ਧਰਮਸ਼ਾਲੀ’ ਚੁਬਾਰੇ ‘ਚੋਂ ਚੁੱਕ ਕੇ, ਕਾਲਜ ਕਮਪਾਊਂਡ ‘ਚ, ਪ੍ਰੋਫ਼ੈਸਰਾਂ ਲਈ ਉਸਾਰੇ ਰਹਾਇਸ਼ੀ ਕੰਪਲੈਕਸ ਦੇ ਇੱਕ ਫ਼ਲੈਟ ‘ਚ ਲੈ ਆਏ ਸਾਂ। ਦੁਪਹਿਰ ਦੇ ਦੋ ਵਜੇ ਤੀਕ ਕਾਲਜ ਦੀਆਂ ਜਮਾਤਾਂ ‘ਚ ਚਿਪ-ਚਿਪੇ ਰੁਮਾਲਾਂ ਨੂੰ ਵਾਰ ਵਾਰ ਮੱਥਿਆਂ ‘ਤੇ ਘਸਾਉਣ ਤੋਂ ਬਾਅਦ, ਜਦੋਂ ਅਸੀਂ ਆਪਣੇ ਫ਼ਲੈਟ ਦਾ ਕੁੰਡਾ ਖੋਲ੍ਹਦੇ ਤਾਂ ਮੈਨੂੰ ਇਉਂ ਜਾਪਦਾ ਜਿਵੇਂ ਫ਼ਲੈਟ ‘ਚੋਂ, ਸਾਡੀ ਗ਼ੈਰਹਾਜ਼ਰੀ ਦਾ ਫ਼ਾਇਦਾ ਉਠਾਲ਼ ਕੇ, ਬਜ਼ਾਰ ਵਿੱਚਲੇ ਢਾਬਿਆਂ ਦੇ ਤੰਦੂਰੀਏ, ਫ਼ਲੈਟ ਦੀਆਂ ਅੰਦਰਲੀਆਂ ਕੰਧਾਂ ਉੱਤੇ ਰੋਟੀਆਂ ਰਾੜ੍ਹ ਕੇ ਹੁਣੇ ਹੀ ਦੌੜੇ ਹੋਣ! ਅੰਦਰ ਵੜਦਿਆਂ ਹੀ ਅਸੀਂ ਅੰਦਰਲੇ-ਪਾਸਿਓਂ-ਸਲ੍ਹਾਬ-ਫੜ-ਗਈਆਂ ਆਪਣੀਆਂ ਪੱਗਾਂ ਨੂੰ ਉਤਾਰਦੇ ਤੇ ਪਸੀਨੇ ‘ਚ ਭਿੱਜੇ ਵਾਲ਼ਾਂ ਨੂੰ ਖਿਲਾਰ ਕੇ ਛੱਤ ਤੋਂ ਹਵਾ ਦੇ ਫਰਾਟੇ ਮਾਰਦੇ ਪੱਖੇ ਹੇਠ ਲੇਟ ਜਾਂਦੇ।
ਉਨ੍ਹੀਂ ਦਿਨੀਂ ਪੰਜਾਬੀ ਦਾ ਕੋਈ ਵੀ ਅਖ਼ਬਾਰ ਚੁਕਦੇ ਤਾਂ ਹਰ ਸਫ਼ੇ ਉੱਤੇ ਖੁੱਲ੍ਹ ਗਿਆ! ਖੁਲ੍ਹ ਗਿਆ! ਖੁਲ੍ਹ ਗਿਆ ਕਨੇਡਾ!” ਦਾ ਸ਼ੋਰ ਪਾਉਂਦੇ ਇਸ਼ਤਿਹਾਰਾਂ ‘ਚ ਛਪੇ ਹਵਾਈ ਜਹਾਜ਼ਾਂ ਦੇ ਫ਼ੋਟੋ, ਜੁਆਨ ਮੁੰਡਿਆਂ ਤੇ ਉਨ੍ਹਾਂ ਦੇ ਮਾਪਿਆਂ ਦੇ ਦਿਮਾਗਾਂ ‘ਚ ਉਥਲ-ਪੁਥਲ ਮਚਾਉਣ ਲੱਗ ਜਾਂਦੇ। ਹਰ ਨਿੱਕੇ ਵੱਡੇ ਸ਼ਹਿਰ ਤੇ ਕਸਬੇ ‘ਚ ਟਰੈਵਲ ਏਜੰਟਾਂ ਦੇ ਖੋਖਿਆਂ/ਦਫ਼ਤਰਾਂ ਅਗਾੜੀ, ਕਨੇਡਾ ਦੇ “ਖੁਲ੍ਹ ਜਾਣ” ਦੀ ਡੌਂਡੀ ਪਿੱਟ ਰਹੇ ਵੱਡੇ ਵੱਡੇ ਸਾਈਨ ਬੋਰਡ ਰਾਹਗੀਰਾਂ ਨੂੰ ਗਲਮਿਆਂ ਤੋਂ ਫੜ ਕੇ ਅੰਦਰ ਵੱਲ ਨੂੰ ਖਿੱਚ ਲਿਜਾਂਦੇ। ਕਨੇਡਾ ਦੇ ‘ਖੁਲ੍ਹ’ ਜਾਣ ਦਾ ਸ਼ੋਰ ਵਧਦਿਆਂ ਹੀ ਲੁਧਿਆਣੇ, ਮੋਗੇ, ਅਤੇ ਦੁਆਬੇ ਦੇ ਇਲਾਕਿਆਂ ‘ਚ, ਬਾਣੀਆਂ ਦੀਆਂ ਵਹੀਆਂ ਦਾ ਟੀਰ ਕਿਸਾਨਾਂ ਦੀਆਂ ਪੈਲ਼ੀਆਂ ਵੱਲ ਸੇਧਤ ਹੋਣ ਲੱਗ ਪਿਆ ਸੀ। ਕਿਸਾਨਾਂ ਦੇ ਪੁੱਤਰ, ਗਿਰਵੀਨਾਮਿਆਂ ‘ਚ ਲਿਪਟ-ਗਈਆਂ ਜ਼ਮੀਨਾਂ ਦੇ ਛਿਲਕਿਆਂ ਨੂੰ ਖੀਸਿਆਂ ‘ਚ ਤਹਿ ਕਰ ਕੇ, ਟ੍ਰੈਵਲ ਅਜੰਟਾਂ ਦੇ ਲਿਸ਼ਕਦਾਰ ਦਫ਼ਤਰਾਂ ਅਤੇ ਕੂਲਰਾਂ ਦੇ ਫਰਾਟਿਆਂ ‘ਚੋਂ ਕੈਨੇਡਾ ਦੇ ਸੁਪਨੇ ਟੋਲ਼ਦੇ ਫਿਰਦੇ ਸਨ।
ਮੇਰਾ ਛੋਟਾ ਭਰਾ, ਰਛਪਾਲ, ਮੋਗੇ ਤੋਂ ਬੀ. ਏ. ਤੇ ਬੀ. ਐੱਡ. ਦੀਆਂ ਡਿਗਰੀਆਂ ਨੂੰ ਝੋਲ਼ੇ ‘ਚ ਤਹਿ ਕਰ ਕੇ ਇੱਕ ਦਿਨ ਅਚਾਨਕ ਹੀ ਮੇਰੇ ਕੋਲ਼ ਸੁਧਾਰ ਕਾਲਜ ‘ਚ ਆ ਧਮਕਿਆ। ਉਸਦੀ ਢਿਲ਼ਕੀ ਹੋਈ ਪਗੜੀ ਦੇ, ਭਰਵੱਟਿਆਂ ਲਾਗਲੇ ਲੜ, ਪਸੀਨੇ ਨਾਲ਼ ਗਿੱਲੇ ਸਨ। ਉਸ ਦੀ ਅੱਧੀਆਂ-ਬਾਹਾਂ ਵਾਲ਼ੀ ਕਮੀਜ਼ ਦੀਆਂ ਗਿੱਲੀਆਂ ਬਗ਼ਲਾਂ ਉੱਤੇ ਨਜ਼ਰ ਮਾਰਦਿਆਂ ਮੈਂ ਪੁੱਛਿਆ: ਤੂੰ ਕਿਧਰੋਂ ਆ ਨਿੱਕਲਿਆ, ਮੱਲਾ? ਸੁੱਖ ਤਾਂ ਹੈ?
ਅਖ਼ਬਾਰ ਨਾਲ਼ ਚਿਹਰੇ ‘ਤੇ ਝੱਲ ਮਾਰ ਰਿਹਾ ਰਛਪਾਲ ਬੋਲਿਆ: ਆਵਦੇ ਕਾਲਜ ਵਿੱਚ ਐਮ. ਏ. ਅੰਗਰੇਜ਼ੀ ‘ਚ ਦਾਖ਼ਲਾ ਦੁਆ ਦੇ।


ਲੇਖਕ ਹਰਪਾਲਜੀਤ ਪਾਲੀ, ਇਕਬਾਲ, ਤੇ ਇਕਬਾਲ ਦਾ ਬੁੱਕਲ਼-ਬੇਲੀ ਪ੍ਰੋਫ਼ੈਸਰ ਸੁਰਿੰਦਰ (ਸੁਧਾਰ) 1973

-ਅੰਗਰੇਜ਼ੀ ਦੀ ਐਮ. ਏ. ‘ਚ? ਮੇਰੇ ਭਰਵੱਟੇ ਫਰਕ ਕੇ ਅੰਦਰ ਵੱਲ ਨੂੰ ਖਿਸਕ ਗਏ। –ਪਰ ਤੂੰ ਤਾਂ ਐਲ. ਐਲ. ਬੀ. ਕਰਨ ਨੂੰ ਫਿਰਦਾ ਸੀ?
-ਨੲ੍ਹੀਂ ਯਾਰ, ਮੈਂ ਇਰਾਦਾ ਬਦਲ ਲਿਐ!
-ਪਰ ਅੰਗਰੇਜ਼ੀ ਦੀ ਐਮ. ਏ. ... ਮੈਂ ਆਪਣੇ ਸਿਰ ਨੂੰ ਹੌਲ਼ੀ ਹੌਲ਼ੀ ਸੱਜੇ-ਖੱਬੇ ਹਿਲਾਇਆ। –ਮੈਂ ਤਾਂ ਕਹਿਨਾਂ ਤੇਰੇ ਲਈ ਵਕਾਲਤ ਈ ਬਿਹਤਰ ਰਹੂ!
-ਪਰ ਵਕਾਲਤ ਦਾ ਕੰਮ ਨੀ ਹੋਣਾ ਮੈਥੋਂ; ਸਾਰੀ ਦਿਹਾੜੀ ਝੂਠ ਬੋਲੋ ਤੇ ਝੂਠ ਬੋਲਣਾ ਸਿਖਾਓ!
ਮੇਰੇ ਬੁੱਲ੍ਹਾਂ ਉੱਪਰ ਉੱਗੀ ਸ਼ਰਾਰਤ ਨੂੰ ਮੇਰੇ ਕੰਨਾਂ ਵੱਲ ਨੂੰ ਫੈਲ ਗਈ!
-ਹੈ ਤਾਂ ਤੇਰੀ ਗੱਲ ਠੀਕ, ਰਛਪਾਲ ਸਿਅ੍ਹਾਂ, ਪਰ ਅੰਗਰੇਜ਼ੀ ‘ਚ ਮਿਹਨਤ ਬਹੁਤ ਕਰਨੀ ਪੈਣੀ ਐਂ!
- ਮਿਹਨਤ ਤਾਂ, ਇਕਬਾਲ ਸਿਅ੍ਹਾਂ, ਜੇ ਤੂੰ ਕਰ ਸਕਦੈਂ, ਤਾਂ ਮੈਂ ਕਿਉਂ ਨੀ? ਮੁੱਛਾਂ ਨੂੰ ਉਂਗਲ਼ਾਂ ਨਾਲ ਸੰਵਾਰਦਿਆਂ ਰਛਪਾਲ ਬੋਲਿਆ। –ਬਾਪੂ ਪਾਰਸ ਮੇਰੇ ‘ਚ ਵੀ ਤਾਂ ਤੇਰੇ ਜਿੰਨਾਂ ਈ ਬੋਲਦੈ!
ਉਸੇ ਸ਼ਾਮ ਮੈਂ, ਰਛਪਾਲ ਤੇ ਸੁਰਿੰਦਰ, ਜੀ. ਟੀ. ਰੋਡ ਨੂੰ, ਸੁਧਾਰ ਤੋਂ ਲੁਧਿਆਣੇ ਤੀਕਰ, ਸੁਰਿੰਦਰ ਦੇ ਰੋਏਲ ਐਨਫ਼ੀਲਡ ਦੀ ‘ਭਿਟ-ਭਿਟ, ਭਿਟ-ਭਿਟ’ ਸੁਣਾਉਂਦੇ ਹੋਏ, ਚੌੜੇ ਬਜ਼ਾਰ ਵਿੱਚ ਜਾ ਵੜੇ। ‘ਲਾਇਲ ਬੁੱਕ ਡੀਪੋ’ ਦੇ ਸਾਹਮਣੇ ਸੁਰਿੰਦਰ ਨੇ ਮੋਟਰ ਸਾਈਕਲ ਦੀ ਚਾਬੀ ਕੱਢ ਕੇ ਜੇਬ ਵਿੱਚ ਪਾ ਲਈ। ਬੁੱਕ ਡੀਪੋ ਅੰਦਰ, ਜਿਲਦਾਂ ‘ਚ ਬੰਦ, ਭਾਂਤ ਭਾਂਤ ਦਾ ਚਾਨਣ, ਸ਼ੈਲਫ਼ਾਂ ਉੱਤੇ ਇੱਕ-ਦੂਜੇ ‘ਚ ਘੁਸੜ ਕੇ ਸੁੱਤਾ ਪਿਆ ਸੀ, ਤੇ ਸ਼ੈਲਫ਼ਾਂ ਵਿਚਕਾਰਲੀਆਂ ਭੀੜੀਆਂ ਲੇਨਾਂ ‘ਚ, ਅੰਧਰਾਤੇ-ਮਾਰੇ ਬਲਬਾਂ ਦੀ ਰੋਸ਼ਨੀ ਵਿੱਚ, ਚਾਨਣ ਦੇ ਸਿਰਨਾਵੇਂ ਲੱਭ ਰਹੇ ਦਰਜਣਾਂ ਜਵਾਨ ਮੁੰਡਿਆਂ-ਕੁੜੀਆਂ ਦੇ ਮੋਢੇ ਇੱਕ-ਦੂਜੇ ਨਾਲ਼ ਘਿਸੜ ਰਹੇ ਸਨ। ਉਥੋਂ ਅੰਗਰੇਜ਼ੀ ਦੀ ਐਮ. ਏ. ਦੇ ਪਹਿਲੇ ਸਾਲ ਦੀਆਂ ‘ਯੂਜ਼ਡ’ ਕਿਤਾਬਾਂ ਅੱਧ-ਮੁੱਲ ‘ਚ ਖ਼ਰੀਦ ਕੇ, ‘ਐਨਫ਼ੀਲਡ’ ਦੀਆਂ ਵਾਗਾਂ ਅਸੀਂ ਵਾਪਿਸ ਸੁਧਾਰ ਵੱਲ ਨੂੰ ਮੋੜ ਲਈਆਂ।
ਦਾਖ਼ਲਾ ਤਾਂ ਰਛਪਾਲ ਨੇ ਅੰਗਰੇਜ਼ੀ ਦੀ ਐਮ. ਏ. ‘ਚ ਲੈ ਲਿਆ ਪ੍ਰੰਤੂ ਸੁਧਾਰ ਮੇਰੇ ਕੋਲ਼ ਆਉਣ ਤੋਂ ਪਹਿਲਾਂ ਹੀ, ਮੋਗੇ ਦੇ ‘ਗੋਇਲ ਟ੍ਰੈਵਲਜ਼’ ਦੇ ਸਾਈਨਬੋਰਡਾਂ ਨੂੰ ਦੇਖ ਕੇ ਹਵਾਈ ਜਹਾਜ਼ਾਂ ਦੀ ਜਿਹੜੀ ਗੂੰਜ ਕਈ ਹਫ਼ਤੇ ਪਹਿਲਾਂ ਉਹਦੇ ਅੰਦਰ ਖੌਰੂ ਪਾਉਣ ਲੱਗ ਪਈ ਸੀ, ਉਸਦੇ ਦੇ ਪਿੱਛੇ-ਪਿੱਛੇ ਉਹ ਹਾਲੇ ਵੀ ਦੌੜ ਰਿਹਾ ਸੀ। ਫਲੈਟ ‘ਚ ਕੁਰਸੀ ਉੱਤੇ ਬੈਠਾ ਉਹ ਇੱਕ ਕਿਤਾਬ ਨੂੰ ਚੁਕਦਾ ਤੇ ਲੰਮਾ ਸਮਾਂ ਉਸ ਦੇ ਟਾਈਟਲ ਪੇਜ ਉੱਪਰ ਨਿਗ੍ਹਾ ਟਿਕਾਅ ਕੇ ਆਪਣੇ ਸਿਰ ਨੂੰ ਸੱਜੇ-ਖੱਬੇ ਗੇੜੀ ਜਾਂਦਾ। ਫਿ਼ਰ ਦੂਜੀ ਕਿਤਾਬ ਦੇ ਮੁੱਖੜੇ ਉੱਪਰ ਨਿਗ੍ਹਾ ਮਾਰਦਾ ਮਾਰਦਾ, ਉਹ ਸਿੱਧਾ ਉਦ੍ਹੀ ਪਿੱਠ ਉੱਪਰ ਛਪੀ ਜਾਣ-ਪਛਾਣ ਨੂੰ ਫਰੋਲਣ ਲੱਗ ਜਾਂਦਾ।
‘ਅੰਦਰ ਵੜ ਇਨ੍ਹਾਂ ਦੇ,ਰਛਪਾਲ ਸਿਅ੍ਹਾਂ, ਅੰਦਰ!’ ਗਾਹੇ-ਬਗਾਹੇ ਸੁਰਿੰਦਰ, ਰਛਪਾਲ ਦੇ ਮੋਢੇ ਨੂੰ ਹਲੂਣਦਾ।


ਇਕਬਾਲ ਤੇ ਰਛਪਾਲ, ਜਲੰਧਰ ਰੇਡੀਓ ਸਟੇਸ਼ਨ ਦੇ ਅਹਾਤੇ `ਚ ਹੁੰਦੇ, ਗਾਇਕੀ ਦੇ ਸਾਲਾਨਾ ਮੇਲੇ ਸਮੇਂ ਕਵੀਸ਼ਰੀ ਗਾਉਂਦੇ ਹੋਏ (1968)

ਰਛਪਾਲ ਤ੍ਰਭਕਦਾ, ਜਿਵੇਂ ਉਹਦੇ ਜਿ਼ਹਨ ‘ਚ ਉੱਡ ਰਹੇ ਹਵਾਈ ਜਹਾਜ਼ ਦਾ ਇੰਜਨ ਫਟ ਗਿਆ ਹੋਵੇ।
‘ਪੜ੍ਹ ਏਹਨਾਂ ਨੂੰ ਤੇ ਸਮਝ ਇਨ੍ਹਾਂ ਦੇ ਅਰਥ ਜੇ ਪਾਸ ਹੋਣੈ!’, ਸੁਰਿੰਦਰ ਉਹਦੀ ਗਿੱਚੀ ਪਿੱਛੇ ਥਾਪੜਾ ਦਿੰਦਾ ਹੋਇਆ ਆਪਣੇ ਬੁਲ੍ਹਾਂ ਨੂੰ ਉਹਦੇ ਕੰਨ ਦੇ ਨਜ਼ਦੀਕ ਲੈ ਜਾਂਦਾ। ‘ਸੈਕੰਡ ਡਵਿਯਨ ਤੋਂ ਘੱਟ ਅੰਗਰੇਜ਼ੀ ਦੀ ਐਮ. ਏ. ਦਾ ਬਹੁਤਾ ਫ਼ਾਇਦਾ ਨੀ ਹੋਣਾ, ਰਛਪਾਲ ਸਿਅ੍ਹਾਂ!’
ਪੱਛਮ ‘ਚ ਧਰਤੀ ਦੇ ਐਨ੍ਹ ਨੇੜੇ ਪਹੁੰਚ ਰਿਹਾ ਸੂਰਜ, ਹਵਾ ‘ਚ ਲਟਕਦੀ ਗਹਿਰ ਦੇ ਓਹਲੇ, ਸੁਲਫ਼ੇ ਦੇ ਕਸ਼ ਖਿੱਚ ਰਹੇ ਸਾਧ ਦੀਆਂ ਗੜੂੰਦ ਹੋਈਆਂ ਅੱਖਾਂ ਵਾਂਙਣ, ਜਿਉਂ ਹੀ ਗੇਰੂਏ ਰੰਗ ‘ਚ ਗਾੜ੍ਹਾ ਹੋਣ ਲਗਦਾ, ਤਾਂ ਮੈਂ, ਸੁਰਿੰਦਰ, ਤੇ ਰਛਪਾਲ ਸਾਡੇ ਫ਼ਲੈਟ ਦੀ ਛੱਤ ਵੱਲ ਨੂੰ ਚੜ੍ਹਦੀਆਂ ਪੌੜੀਆਂ ਵੱਲ ਝਾਕਣ ਲੱਗ ਜਾਂਦੇ। ਛੱਤ ਉੱਪਰ, ਸਾਰੀ ਦਿਹਾੜੀ ਕਹਿਰਵਾਨ ਸੂਰਜ ਹੇਠ ਸੜਦਾ ਮੰਜਾ ਸਾਨੂੰ ਉਡੀਕ ਰਿਹਾ ਹੁੰਦਾ। ਰਛਪਾਲ ਦੇ ਹੱਥ ‘ਚ ਦੋ ਤਿੰਨ ਕਿਤਾਬਾਂ ਹੁੰਦੀਆਂ ਜਿੰਨ੍ਹਾਂ ਨੂੰ, ਮੰਜੇ ਦੀ ਬਾਹੀ ਲਾਗੇ ਖਲੋਤੇ, ਤਿੰਨ-ਟੰਗੇ ਸਟੂਲ ਉੱਪਰ ਟਿਕਾਅ ਕੇ ਉਹ ਮਿਆਨੀ ਵਿੱਚੋਂ ਕੁਰਸੀ ਨੂੰ ਘੜੀਸ ਲਿਆਉਂਦਾ। ਸਿਰ ‘ਤੇ ਲਪੇਟੇ ਪਰਨੇ ਨਾਲ਼ ਕੁਰਸੀ ਤੋਂ ਹੁੰਮਸ ਨੂੰ ਝਾੜ ਕੇ ਉਹ ਕਿਸੇ ਇੱਕ ਕਿਤਾਬ ਨੂੰ ਚੁਕਦਾ ਤੇ ਆਪਣੇ ਮੱਥੇ ‘ਚ ਉੱਭਰ ਆਈ ਹਲਕੀ ਜਿਹੀ ਤਿਊੜੀ ਨੂੰ ਕਿਤਾਬ ਦੀ ਜਿਲਦ ‘ਤੇ ਸੇਧ ਦਿੰਦਾ। ਜਿਲਦ ਤੋਂ ਸ਼ੇਕਸਪੀਅਰ ਦਾ ਨਾਮ ਪੜ੍ਹ ਕੇ ਉਹ ਕਿਤਾਬ ਦੇ ਦਰਵਾਜ਼ੇ ਨੂੰ ਰਤਾ ਕੁ ਖੋਲ੍ਹਦਾ ਤੇ ਤੁਰਤ ਬੰਦ ਕਰ ਕੇ ਸਟੂਲ ‘ਤੇ ਧਰ ਦਿੰਦਾ, ਜਿਵੇਂ ਸ਼ਬਦਾਂ ਦੀ ਝੀਲ ‘ਚ ਡੁੱਬ ਜਾਣ ਤੋਂ ਡਰ ਗਿਆ ਹੋਵੇ। ਫਿਰ ਉਹ ਆਪਣੇ ਡੇਢ ਗਿੱਠ ਲੰਮੇ ਤੇ ਗਿੱਠ ਕੁ ਚੌੜੇ ਬੈਗ਼ ਦੀ ਜਿ਼ੱਪਰ ਨੂੰ, ਬੈਗ਼ ਦੇ ਬੁੱਲ੍ਹਾਂ ਦੇ ਇੱਕ ਸਿਰੇ ਤੋਂ ਦੂਸਰੇ ਸਿਰੇ ਵੱਲ ਨੂੰ ਖਿੱਚਦਾ ਅਤੇ ਅੰਦਰਲੀ ਤਹਿ ਵਿੱਚੋਂ ਆਪਣੇ ਪਾਸਪੋਟ ਨੂੰ ਬਾਹਰ ਕੱਢ ਲੈਂਦਾ। ਅਗਲੇ ਪਲੀਂ ਉਹ ਪਾਸਪੋਟ ‘ਚ ਲੱਗੀ ਆਪਣੀ ਤਸਵੀਰ ਨੂੰ ਨੀਝ ਨਾਲ਼ ਦੇਖ ਰਿਹਾ ਹੁੰਦਾ, ਤੇ ਲੰਮਾਂ ਸਮਾਂ ਦੇਖੀ ਹੀ ਜਾਂਦਾ। ਫਿ਼ਰ ਪਾਸਪੋਟ ਨੂੰ ਬੰਦ ਕਰ ਕੇ ਉਹ ਆਪਣੀਆਂ ਨਜ਼ਰਾਂ ਨੂੰ ਫ਼ਰਸ਼ ਉੱਤੇ ਫੇਰਨ ਲੱਗ ਜਾਂਦਾ ਜਿਵੇਂ ਪਾਸਪੋਟ ‘ਚੋਂ ਕਿਰ ਗਏ ਹਵਾਈ ਸਫ਼ਰ ਨੂੰ ਲੱਭ ਰਿਹਾ ਹੋਵੇ।
-ਯਾਰ, ਬੰਦਾ ਤਾਂ ਕੋਈ ਲੱਭਣਾ ਈ ਪੈਣੈ ਕਨੇਡਾ ‘ਚ, ਇੱਕ ਦਿਨ ਉਹ ਆਪਣੀਆਂ ਉਂਗਲਾਂ ਨੂੰ ਆਪਣੇ ਢਿਲ਼ਕ-ਗਏ ਜੂੜੇ ਵੱਲ ਨੂੰ ਵਧਾਉਂਦਾ ਹੋਇਆ ਬੋਲਿਆ।
-ਪਹਿਲਾਂ ਤੂੰ ਇਹ ਦੱਸ ਬਈ ਅੱਜ ਲੁਧਿਆਣੇ ਵਾਲ਼ੇ ਅਜੰਟ ਨੇ ਤੈਨੂੰ ਸਲਾਹ ਕੀ ਦਿੱਤੀ ਐ, ਮੈਂ ਆਪਣੀ ਦਾਹੜੀ ਦੀ ਗੁੱਟੀ ਉਦਾਲਿਓਂ ਧਾਗੇ ਨੂੰ ਖੋਲ੍ਹਦਿਆਂ ਪੁੱਛਿਆ।
–ਏਹ ਅਜੰਟ ਬਿੱਛੂ ਆ, ਸਾਲ਼ੇ ਬਿੱਛੂ! ਰਛਪਾਲ ਨੇ ਆਪਣੇ ਮੱਥੇ ਨੂੰ ਕੱਸ ਲਿਆ। -ਕਿਸੇ ਦੀ ਪੂਛ ਨੂੰ ਉਂਗਲ਼ੀ ਲਾ ਲਾ, ਡੰਗ ਸਾਰੇ ਇੱਕੋ ਜਿਅ੍ਹਾ ਈ ਮਾਰਦੇ ਐ! ਹਰੇਕ ਈ ਕਹਿ ਦਿੰਦੈ: ਚੜ੍ਹਜਾ ਜਹਾਜ਼ ‘ਤੇ ਵਾਹਗੁਰੂ ਬੋਲ ਕੇ...
-ਕਿਉਂ ਪਹਿਲਾਂ ਵੀਜ਼ਾ ਨੀ ਲੈਣਾ ਪੈਣਾ ਦਿੱਲੀਓਂ ਕਨੇਡੀਅਨ ਅੰਬੈਸੀ ਤੋਂ?
ਰਛਪਾਲ ਨੇ ਆਪਣੇ ਸਿਰ ਨੂੰ ਖੱਬੇ-ਸੱਜੇ ਹਿਲਾਇਆ। –ਬੱਸ ਟਿਕਟ ਲੈ ਕੇ ਜਹਾਜ਼ ਚੜ੍ਹ ਜਾਣੈ!
-ਨਾਲ਼ੇ ਸੁਣਿਆਂ ਸੀ ਬਈ ਵੀਜ਼ਾ ਲੈਣਾ ਪੈਣੈਂ!
-ਵੀਜ਼ਾ ਮਿਲ਼ਦੈ ਕਨੇਡਾ ‘ਚ ਜਹਾਜ਼ ਤੋਂ ਉੱਤਰ ਕੇ ਜਦੋਂ ਇੰਮੀਗਰੇਸ਼ਨ ਦੇ ਸਾਹਮਣੇ ਹੋਣਾ ਪੈਂਦੈ!
-ਅੱਛਾ! ਮੈਂ ਆਪਣੇ ਸਿਰ ਨੂੰ ਉੱਪਰ ਨੀਚੇ ਹਿਲਾਇਆ।
-ਓਥੇ ਇੰਮੀਗਰੇਸ਼ਨ ਅਫ਼ਸਰਾਂ ਦੇ ਹੱਥ-ਵੱਸ ਹੁੰਦੈ: ਵੀਜ਼ਾ ਲਾ ਵੀ ਦਿੰਦੇ ਐ ਤੇ ਨੲ੍ਹੀਂ ਵੀ!
-ਹੂੰ, ਹੂੰ!
-ਪਰ ਏਨੀ ਗੱਲ ਐ, ਰਛਪਾਲ ਨੇ ਪਾਸਪੋਟ ਨੂੰ ਥਪਥਪਾਉਂਦਿਆਂ ਆਖਿਆ, ਬਈ ਜੇ ਇੰਮੀਗਰੇਸ਼ਨ ਅਫ਼ਸਰ ਨੇ ਵਿਜਿ਼ਟਰ ਵੀਜ਼ਾ ਲਾ ‘ਤਾ, ਤਾਂ ਫੇਰ ਸਮਝ ਲਾ ਪੌਂ ਬਾਰਾਂ!
ਰਛਪਾਲ ਦੀ ਆਹ ‘ਪੌਂ ਬਾਰਾਂ’ ਵਾਲ਼ੀ ਗੱਲ ਮੇਰੇ ਸਿਰ ਉੱਤੋਂ ਦੀ ਲੰਘ ਗਈ, ਤੇ ਮੈਂ ਆਪਣੇ ਭਰਵੱਟਿਆਂ ਨੂੰ ਅੰਦਰ ਵੱਲ ਨੂੰ ਖਿੱਚ ਕੇ ਉਸ ਵੱਲ ਝਾਕਿਆ।
-ਉਹ ਇਉਂ ਹੈ, ਰਛਪਾਲ ਪਾਸਪੋਟ ਨੂੰ ਪਲ਼ੋਸਦਿਆਂ ਸਮਝਾਉਣ ਲੱਗਾ, ਬਈ ਅਗਰ ਇੰਮੀਗਰੇਸ਼ਨ ਅਫ਼ਸਰ ਏਅਰਪੋਟ ‘ਤੇ ਉੱਤਰੇ ਵਿਅਕਤੀ ਨੂੰ ਸਹੀ ਵਿਜਿ਼ਟਰ ਮੰਨ ਕੇ ਕਨੇਡਾ ‘ਚ ਦਾਖ਼ਲਾ ਦੇ ਦੇਵੇ ਤਾਂ ਕਾਨੂੰਨ ਮੁਤਾਬਿਕ ਉਹ ਵਿਅਕਤੀ ਬਾਹਰ ਜਾ ਕੇ ਪੱਕੀ ਇੰਮੀਗਰੇਸ਼ਨ ਲਈ ਅਰਜ਼ੀ ਦੇ ਸਕਦਾ ਐ।
-ਚੜ੍ਹ ਜਾ ਫਿ਼ਰ! ਮੇਰੇ ਮੱਥੇ ‘ਚ ਬੱਝੀ ਗੰਢ ਇੱਕ ਦਮ ਢਿਲ਼ਕ ਗਈ!
-ਚੜ੍ਹ ਤਾਂ ਜਾਵਾਂ, ਪਰ...
ਰਛਪਾਲ ਦਾ ਸਿਰ ਸੱਜੇ-ਖੱਬੇ ਝੂਲਣ ਲੱਗਾ।
-ਉਏ ਪਰ-ਪੁਰ ਵਾਲ਼ੀ ਜੱਕੋ-ਤਕੀ ਨੂੰ ਛੱਡ ਹੁਣ ਪਰ੍ਹਾਂ!
-ਓ ਨੲ੍ਹੀਂ, ਇਕਬਾਲ, ਏਹ ‘ਛੱਡ ਪਰ੍ਹਾਂ’ ਵਾਲ਼ੀ ਗੱਲ ਨੀ!
-ਕੀ ਕਸਰ ਐ ਫ਼ੇਰ? ਟਿਕਟ ਕਟਾਅ ਗੋਇਲ ਟਰੈਵਲ ਤੋਂ, ਤੇ ਪਾ ਦਿੱਲੀ ਨੂੰ ਚਾਲੇ!
-ਪਰ ਸੀਰੀਅਸ ਨੁਕਤੇ ਐ ਇੱਕ-ਦੋ ਸੋਚਣ ਵਾਲ਼ੇ!
ਮੇਰਾ ਮੱਥਾ ਦੁਬਾਰਾ ਅੰਦਰ ਵੱਲ ਨੂੰ ਇਕੱਠਾ ਹੋ ਗਿਆ, ਤੇ ਸਵਾਲੀਆ-ਨਿਸ਼ਾਨ ਬਣ ਗਈਆਂ ਅੱਖਾਂ ਨੂੰ ਮੈਂ ਰਛਪਾਲ ਦੇ ਚਿਹਰੇ ‘ਤੇ ਸੇਧ ਦਿੱਤਾ!
-ਅਜੰਟ ਤਾਂ, ਇਕਬਾਲ ਸਿਅ੍ਹਾਂ, ਆਵਦਾ ਕਮਿਸ਼ਨ ਬਣਾਉਣ ਨੂੰ ਫਿਰਦੇ ਐ ਟਿਕਟ ਵੇਚ ਕੇ; ਸੋਚਣਾ ਤਾਂ ਆਪਾਂ ਐ ਬਈ ਕਨੇਡਾ ਦੇ ਏਅਰਪੋਟ ਤੋਂ ਬਾਹਰ ਜੇ ਮੈਂ ਨਿੱਕਲ਼ ਵੀ ਗਿਆ ਤਾਂ ਅਗਾਹਾਂ ਜਾਊਂ ਕਿੱਥੇ!
-ਹੋਟਲ!
-ਪਰ ਹੋਟਲ ਤਾਂ ਹਫ਼ਤੇ ‘ਚ ਜੇਬ ਖਾਲੀ ਕਰਦੂ!
-ਏਹ ਵੀ ਠੀਕ ਐ, ਮੇਰੇ ਸਿਰ ਅੰਦਰ ਜ਼ਰਬਾਂ-ਤਕਸੀਮਾਂ ਝਗੜਨ ਲੱਗੀਆਂ।
-ਕੋਈ ਵਾਕਫ਼ ਤਾਂ ਹੋਣਾ ਈ ਚਾਹੀਦੈ ਓਥੇ ਦੋ ਚਾਰ ਰਾਤਾਂ ਕਟਾਉਣ ਲਈ ਤੇ ਪੱਕੇ ਹੋਣ ਦੇ ਗੁਰ ਦੱਸਣ ਲਈ!
ਕੱਚ ਦੇ ਗਲਾਸ ‘ਚੋਂ ਭਰਿਆ ਕੌੜੀ ਤਰਲਤਾ ਦਾ ਘੁੱਟ ਮੇਰੇ ਸੰਘ ਵਿੱਚ ਅੜਕ ਗਿਆ ਤੇ ਮੈਂ ਆਪਣੀਆਂ ਅੱਖਾਂ ਵਿਚਲੀ ਦੁਬਿਧਾ ਸੁਰਿੰਦਰ ਵੱਲ ਨੂੰ ਮੋੜੀ। ਸੁਰਿੰਦਰ ਨੇ ਪਾਣੀ ਦੇ ਜੱਗ ਦਾ ਮੂੰਹ ਆਪਣੇ ਗਲਾਸ ਉੱਪਰ ਟੇਢਾ ਕਰ ਕੇ, ਉਸ ਅੰਦਰ ਖਲੋਤੀ ਲਾਲੀ ਨੂੰ ਹਲੂਣ ਦਿੱਤਾ।
–ਮੇਰਾ ਤਾਂ ਕੋਈ ਦੂਰ-ਨੇੜ ਦਾ ਵਾਕਫ਼ ਵੀ ਹੈਨੀ ਕਨੇਡਾ ‘ਚ! ਸੁਰਿੰਦਰ ਆਪਣੇ ਸਿਰ ਨੂੰ ਸੱਜੇ-ਖੱਬੇ ਗੇੜਦਿਆਂ ਬੋਲਿਆ। –ਤੇ ਨਾ ਕਦੇ ਮੈਂ ਕਨੇਡਾ-ਕਨੂਡਾ ਜਾਣ ਬਾਰੇ ਸੋਚਿਐ!
-ਊਂ ਅਜੰਟ ਇੱਕ ਹੋਰ ਤਰੀਕਾ ਵੀ ਦਸਦਾ ਸੀ, ਰਛਪਾਲ, ਲਫ਼ਾਫ਼ੇ ‘ਚੋਂ ਭਰੀ ਪਕਾਉੜੀਆਂ ਦੀ ਮੁੱਠੀ ਨੂੰ, ਖਾਲੀ ਪਲੇਟ ਉੱਪਰ ਖਿਲਾਰਦਿਆਂ ਬੋਲਿਆ।
ਮੈਨੂੰ ਵਲ਼ਦਾਰ ਪਕਾਉੜੀਆਂ ਸਿੱਧੀਆਂ ਹੁੰਦੀਆਂ ਨਜ਼ਰ ਆਉਣ ਲੱਗੀਆਂ।
ਮੇਰੇ ਹੱਥ ‘ਚ ਫ਼ਰੀਜ਼ ਹੋਇਆ ਗਲਾਸ ਰਤਾ ਕੁ ਛਲਕਿਆ।
-ਹੋਰ ਤਰੀਕਾ? ਮੇਰੀਆਂ ਭਵਾਂ ਵਿਚਕਾਰ ਸਵਾਲੀਆ-ਨਿਸ਼ਾਨ ਖੜ੍ਹਾ ਹੋ ਗਿਆ।
ਰਛਪਾਲ ਨੇ ਡੂੰਘਾ ਸਾਹ ਅੰਦਰ ਵੱਲ ਖਿੱਚਿਆ ਤੇ ਤਿੜਕਦੀ ਆਵਾਜ਼ ‘ਚ ਬੋਲਿਆ: ਦੂਜਾ ਤਰੀਕਾ... ਥੋੜਾ ਜਿਅ੍ਹਾ... ਔਖਾ ਐ!
-ਓਏ ਖੋਲ੍ਹ ਕੇ ਦੱਸ ਕੀ ਤਰੀਕੈ, ਯਾਰ!
-ਅਜੰਟ ਕਹਿੰਦਾ ਸੀ ਬਈ ਜੇ ਕੋਈ ਵਾਕਫ਼ ਨੀ ਲਭਦਾ ਤਾਂ ਫਿ਼ਰ ਹਜ਼ਾਰ ਅਮਰੀਕਣ ਡਾਲਰ ਦਾ ਇੰਤਜ਼ਾਮ ਕਰ ਲੋ! ਐਨੀ ਰਕਮ ਜੇ ਜੇਬ ‘ਚ ਹੋਵੇ ਤਾਂ ਕਨੇਡਾ ‘ਚ ਇੰਮੀਗਰੇਸ਼ਨ ਅਫ਼ਸਰ ਨੂੰ ਯਕੀਨ ਹੋ ਜਾਂਦੈ ਬਈ ਬੰਦਾ ਸੱਚੀਂ ਹੀ ਟੂਰਿਸਟ ਐ! ਮਹੀਨੇ ਕੁ ਦਾ ਵਿਜ਼ਟਰ ਵੀਜ਼ਾ ਲਾ ਈ ਦਿੰਦੈ...
-ਹਜ਼ਾਰ ਡਾਲਰ? ਮੇਰੀਆਂ ਨੈਣ-ਗੋਲ਼ੀਆਂ ਮੇਰੀਆਂ ਪੁਤਲੀਆਂ ‘ਚੋਂ ਬਾਹਰ ਆ ਗਈਆਂ। –ਕਿੰਨੇ ਰੁਪਈਆਂ ‘ਚ ਮਿਲ਼ੂ ਹਜ਼ਾਰ ਡਾਲਰ?
- ਮਿਲ਼ੂ ਤਾਂ ਮਹਿੰਗਾ! ਰਛਪਾਲ ਦਾ ਸਿਰ ਉੱਪਰੋਂ ਹੇਠਾਂ ਵੱਲ ਨੂੰ ਗਿੜਨ ਲੱਗਾ।
-ਕਿੰਨਾ ਕੁ ਮਹਿੰਗਾ?
- ਇੱਕ ਡਾਲਰ ਦੇ ਸਾਢੇ ਸੱਤ ਰੁਪਈਏ ਬਣਦੇ ਐ।
-ਏਹਦਾ ਮਤਲਬ ਐ... ਸਾਢੇ ਸੱਤ ਹਜ਼ਾਰ ਰੁਪਈਏ ਲੱਗਣਗੇ ਹਜ਼ਾਰ ਡਾਲਰ ਖਰੀਦਣ ਲਈ!
-ਨਈ੍ਹਂ, ਨੲ੍ਹੀਂ! ਰਛਪਾਲ ਨੇ ਆਪਣਾ ਸਿਰ ਸੱਜੇ-ਖੱਬੇ ਫੇਰਿਆ।
-ਨੲ੍ਹੀਂ, ਨੲ੍ਹੀਂ? ਮੈਂ ਛਿਣ ‘ਚ ਹੀ ਆਪਣੇ ਮੱਥੇ ਅੰਦਰ ਸਾਢੇ ਸੱਤ ਨੂੰ ਇੱਕ ਹਜ਼ਾਰ ਨਾਲ਼ ਦੁਬਾਰਾ ਜ਼ਰਬ ਦੇ ਦਿੱਤੀ। -ਸਾਢੇ ਸੱਤ ਹਜ਼ਾਰ ਈ ਬਣਦੇ ਐ ਹਜ਼ਾਰ ਡਾਲਰ ਲਈ!
-ਬਣਦੇ ਤਾਂ ਸਾਢੇ ਸੱਤ ਹਜ਼ਾਰ ਈ ਐ...
-ਫੇਰ ਤੂੰ ਹਾਅ ‘ਨੲ੍ਹੀਂ ਨੲ੍ਹੀਂ’ ਕਿਉਂ ਕਹੀ ਜਾਨੈਂ?
-ਓ ਭਾਈ ਸਾਅ੍ਹਬ, ਸਾਢੇ ਸੱਤ ਹਜ਼ਾਰ ਬਣਦੇ ਐ ਜੇ ਡਾਲਰ ਬੈਂਕ ਤੋਂ ਲਈਏ!
-ਬੈਂਕ ਤੋਂ ਲਈਏ?
-ਹਾਂ! ਰਛਪਾਲ ਨੇ ਆਪਣੇ ਲਬ ਨੂੰ ਸੰਘ ਤੋਂ ਹੇਠਾਂ ਉਤਾਰਨ ਲਈ ਆਪਣੀ ਠੋਡੀ ਨੂੰ ਆਪਣੀ ਛਾਤੀ ਵੱਲ ਨੂੰ ਖਿੱਚਿਆ।
-ਜੇ ਬੈਂਕ ਤੋਂ ਨੀ ਲੈਣੇ ਤਾਂ ਹੋਰ ਮੁਕੰਦ ਲਾਲ ਦੀ ਹੱਟੀ ਤੋਂ ਲੈਣੇ ਐਂ?
–ਬੈਂਕ ਤੋਂ ਤਾਂ ਸਿਰਫ਼ ਸੱਤ ਡਾਲਰ ਈ ਮਿਲ ਸਕਦੇ ਐ!
-ਹੈਂ? ਸਿਰਫ਼ ਸੱਤ ਡਾਲਰ?
-ਇਹ ਕਨੂੰਨ ਐ ਸਰਕਾਰ ਦਾ ਕਿ ਕਿਸੇ ਵੀ ਭਾਰਤੀ ਨੂੰ ਦੇਸ਼ ਤੋਂ ਬਾਹਰ ਜਾਣ ਵਾਸਤੇ ਬੈਂਕ ਸੱਤ ਡਾਲਰ ਤੋਂ ਵੱਧ ਰਕਮ ਨੲ੍ਹੀਂ ਦੇ ਸਕਦੀ!
-ਪਰ ਉਹ ਕਿਉਂ?
-ਬੱਸ ਕਾਨੂੰਨ ਐਂ ਸਰਕਾਰ ਦਾ!
-ਕਮਾਲ ਦਾ ਕਨੂੰਨ ਐ! ਮੈਂ ਆਪਣੇ ਸੱਜੇ ਹੱਥ ਨੂੰ ਆਪਣੀ ਛਾਤੀ ਦੇ ਬਰਾਬਰ ਲੈ ਆਂਦਾ, ਅਤੇ ਉਸ ਦੀਆਂ ਪੰਜੇ ਉਂਗਲ਼ਾਂ ਭਿੰਡੀਆਂ ਤੋਰੀਆਂ ਵਾਂਙਣ ਸਿੱਧੀਆਂ ਕਰ ਕੇ, ਸੱਜੇ ਪਾਸੇ ਵੱਲ ਨੂੰ ਗੇੜ ਦਿੱਤੀਆਂ। -ਸੱਤ ਡਾਲਰ ਨਾਲ਼ ਬੰਦਾ ਟਰਾਂਟੋ ਵਰਗੇ ਸ਼ਹਿਰ ‘ਚ ਕਿੰਨੀਆਂ ਕੁ ਰਾਤਾਂ ਕੱਟਲੂ, ਤੇ ਖਾਊ ਕੀ? ਦਿੱਲੀ ਤਾਂ ਹੈ ਨੀ ਬਈ ਫੁੱਟਪਾਥ ਉੱਪਰ ਹੀ ਚਾਦਰ ਸੁੱਟ ਕੇ ਸੌਂ ਜੂ!
ਸਾਡੇ ਤਿੰਨਾਂ ਵਿਚਕਾਰ ਤਣ ਗਈ ਚੁੱਪ ‘ਚ ਮੇਰੇ ਅਤੇ ਰਛਪਾਲ ਦੇ ਲੰਮੇ ਲੰਮੇ ਸਾਹ ਅੰਦਰ ਬਾਹਰ ਹੋਣ ਲੱਗੇ।
-ਬ... ਬ... ਬਲੈਕ ‘ਚ ਲੈਣੇ ਪੈਣੇ ਐਂ ਹਜ਼ਾਰ ਡਾਲਰ, ਰਛਪਾਲ ਦੇ ਕੰਬਦੇ ਬੁੱਲ੍ਹਾਂ ਨੇ ਚੁੱਪ ਨੂੰ ਝੰਜੋੜਿਆ।
ਮੇਰੀ ਨਿਗ੍ਹਾ ਸਟੂਲ ਉੱਪਰ ਖਲੋਤੇ ਖਾਲੀ ਗਲਾਸ ਉੱਤੇ ਟਿਕੀ ਹੋਈ ਸੀ। ਲੰਮੀ ਹੋ ਗਈ ਟਿਕ-ਟਿਕੀ ਨੂੰ ਉਖੇੜ ਕੇ ਮੈਂ ਰਛਪਾਲ ਵੱਲ ਝਾਕਿਆ।
-ਹਾਂ, ਬਲੈਕ ‘ਚ ਈ ਮਿਲਣੇ ਐਂ! ਰਛਪਾਲ ਨੇ ਮੇਰੇ ਮਨ ‘ਚ ਉੱਗ ਰਹੇ ਸਵਾਲ ਨੂੰ ਟੋਹ ਲਿਆ ਸੀ।
-ਕਿੰਨੇ ਰੁਪਈਆਂ ‘ਚ ਮਿਲ਼ੂ ਫਿ਼ਰ ਇੱਕ ਹਜ਼ਾਰ!
–ਰੁਪਈਏ ਲੱਗਣਗੇ... ਨੌ ਹਜ਼ਾਰ!
-ਨੌਂ ਹਜ਼ਾਅਅਰ? ਮੇਰੀਆਂ ਪਲਕਾਂ ਨੂੰ ਜਿਵੇਂ ਕਿਸੇ ਨੇ ਜਮੂਰ ਨਾਲ਼ ਉੱਪਰ ਨੂੰ ਖਿੱਚ ਲਿਆ ਹੋਵੇ।
-ਹਾਂ, ਨੌਂ ਹਜ਼ਾਰ, ਰਛਪਾਲ ਦੀਆਂ ਅੱਖਾਂ ਵਾਰ ਵਾਰ ਝਮਕਣ ਲੱਗੀਆਂ। –ਨੌਂ ਰੁਪਏ ‘ਚ ਮਿਲ਼ੂਗਾ ਇੱਕ ਡਾਲਰ।
ਮੇਰੇ ਜਿ਼ਹਨ ਵਿੱਚ ਸਾਡੀ ਜ਼ਮੀਨ ‘ਚੋਂ ਦੋ ਢਾਈ ਏਕੜ ਜੌਹਰੀ ਮੱਲ ਆੜ੍ਹਤੀ ਦੀਆਂ ਵਹੀਆਂ ਵੱਲ ਨੂੰ ਖਿਸਕਣ ਲੱਗੇ।
-ਵੱਡੀ ਰਕਮ ਐ! ਮੈਂ ਬੁੜਬੁੜਾਇਆ।
-ਹਾਂ, ਹੈ ਤਾਂ ਵੱਡੀ!
–ਪਰ ਏਨੇ ਡਾਲਰ ਮਿਲਣਗੇ ਕਿੱਥੋਂ? ਮੈਂ ਆਪਣੇ ਹੱਥਾਂ ਦੀਆਂ ਉਂਗਲ਼ਾਂ ਨੂੰ ਇੱਕ-ਦੂਜੀ ‘ਚ ਫਸਾਅ ਲਿਆ।
-ਡਾਲਰ ਤਾਂ ਅਜੰਟ ਨੇ ਈ ਅਰੇਂਜ ਕਰ ਦੇਣੇ ਐਂ!
-ਉਏ ਕਿਤੇ ਜਾਅ੍ਹਲੀ ਈ ਨਾ ਫੜਾਅ ਦੇਵੇ!
-ਜਾਅ੍ਹਲੀ ਵੀ ਫੜਾਅ ਸਕਦੈ, ਪਰ ਆਪਾਂ ਬੈਂਕ ਦੇ ਕਿਸੇ ਅਫ਼ਸਰ ਤੋਂ ਚੈੱਕ ਕਰਾ ਕੇ ਈ ਲਵਾਂਗੇ!
-ਤੇ ਛੇ ਸੱਤ ਹਜ਼ਾਰ ਹਵਾਈ ਜਹਾਜ਼ ਦੇ ਟਿਕਟ ‘ਤੇ ਵੀ ਲੱਗ ਜਾਣੈ, ਮੈਂ ਆਪਣੇ ਸਿਰ ਨੂੰ ਸੱਜੇ-ਖੱਬੇ ਹਿਲਾਇਆ। –ਏਨੇ ਪੈਸੇ...
-ਮੈਨੂੰ ਪਤੈ ਬਈ ਐਨੇ ਰੁਪਈਏ ‘ਕੱਠੇ ਕਰਨੇ ਬਹੁਤ ਔਖੇ ਐ, ਰਛਪਾਲ ਨੇ ਲੰਮਾਂ ਸਾਹ ਅੰਦਰ ਵੱਲ ਨੂੰ ਖਿੱਚਿਆ। –ਤੇ ਰਿਸਕ ਵੀ ਬਹੁਤ ਐ!
-ਰਿਸਕ? ਮੇਰੇ ਮੱਥੇ ਦੀ ਚਮੜੀ ਫਰਕਣ ਲੱਗੀ।
-ਗੋਇਲ ਦਸਦਾ ਸੀ ਕਈ ਮੁੰਡੇ ਡਪੋਟ ਵੀ ਹੋਗੇ ਪਿਛਲੇ ਹਫ਼ਤੇ ਟਰਾਂਟੋ ਦੇ ਏਅਰਪੋਟ ਤੋਂ।
-ਅੱਛਾਅਅਅ? ਮੈਂ ਰਛਪਾਲ ਵੱਲੀਂ ਗਹੁ ਨਾਲ ਝਾਕਣ ਲੱਗਾ। –ਨਾਲ਼ੇ ਕਹਿੰਦੇ ਸੀ ਬਈ ਖੁਲ੍ਹ ਗਿਐ ਕਨੇਡਾ!
-ਖੁਲ੍ਹਾ ਤਾਂ ਹੈ, ਪਰ ਅਜੰਟ ਤਾਂ ਸਾਰੇ ਪੰਜਾਬ ਨੂੰ ਈ ਟੂਰਿਸਟ ਬਣਾ ਬਣਾ ਕੇ ਚੜ੍ਹਾਈ ਜਾਂਦੇ ਐ ਟਰਾਂਟੋ ਨੂੰ! ‘ਗਾਹਾਂ ਜਦੋਂ ਇੱਕ ਇੱਕ ਜਹਾਜ਼ ‘ਚੋਂ ਸੌ ਸੌ ਪੱਗਾਂ ਦਾਹੜੀਆਂ ਵਾਲ਼ਾ ਨਿੱਕਲਣ ਲੱਗ ਪਿਆ, ਸਰਕਾਰ ਸੋਚਣ ਲੱਗ ਪੀ ਹੋਊ ਬਈ ਆਹ ਕੀ ਹੋ ਗਿਆ; ਅਚਾਨਕ ਈ ਸਾਰੇ ਪੰਜਾਬ ਦੇ ਮੁੰਡਿਆਂ ਨੂੰ ਕਿਧਰੋਂ ਸ਼ੌਕ ਉੱਠ ਖਲੋਇਆ ਕਨੇਡਾ ਦੀ ਸੈਰ ਦਾ!
-ਹਾਅ ਰਿਸਕ ਆਲ਼ੀ ਗੱਲ ਵੀ ਵਿਚਾਰਨ ਵਾਲ਼ੀ ਐ, ਰਛਪਾਲ ਸਿਅ੍ਹਾਂ, ਮੇਰਾ ਸਿਰ ਉੱਪਰੋਂ ਹੇਠਾਂ ਵੱਲ ਨੂੰ ਹਿੱਲਣ ਲੱਗਾ। –ਏਨਾ ਰੁਪੈਆ ਤਾਂ ਬਾਣੀਏਂ ਤੋਂ ਈ ਲੈਣਾ ਪਊ ਦੋ ਰੁਪਏ ਸੈਂਕੜੇ ‘ਤੇ! ਪਰ ਜੇ ਇੰਮੀਗਰੇਸ਼ਨ ਵਾਲਿ਼ਆਂ ਨੇ ਤੈਨੂੰ ਟਰਾਂਟੋ ਤੋਂ ਡਪੋਟ ਕਰ‘ਤਾ ਫੇਰ ਬਹੁਅਅਅਤ ਔਖਾ ਹੋ ਜੂ ਐਨਾ ਕਰਜ਼ਾ ਲਾਹੁਣਾ!
ਰਛਪਾਲ ਦੇ ਉੱਪਰਲੇ ਦੰਦ ਉਸ ਦੇ ਹੇਠਲੇ ਬੁਲ੍ਹ ਉੱਤੇ ਘਸਰਨ ਲੱਗੇ।
-ਪਰ ਊਂ ਐਨਾ ਡਰਨ ਵਾਲ਼ੀ ਗੱਲ ਵੀ ਨੀ, ਰਛਪਾਲ ਮੇਰੀਆਂ ਅੱਖਾਂ ‘ਚ ਉੱਤਰ ਆਈ ਧੁੰਦ ਨੂੰ ਭਾਂਪ ਕੇ ਬੋਲਿਆ। -ਜੇ ਕਿਤੇ ਕੋਈ ਬੰਦਾ ਆ ਜੇ ਏਅਰਪੋਟ ‘ਤੇ ਸਾਂਭਣ ਵਾਲ਼ਾ ਤੇ ਮੱਦਦ ਕਰਨ ਵਾਲ਼ਾ...
-ਪਰ ਭਾਈ ਸਾਹਿਬ ਜੇ ਤੈਨੂੰ ਏਅਰਪੋਟ ਤੋਂ ਈ ਵਾਪਿਸ ਭੇਜਤਾ, ਤਾਂ ਬਾਹਰ ਖਲੋਤਾ ਬੰਦਾ ਕੀ ਕਰ ਲੂ?
-ਨੲ੍ਹੀਂ, ਇਉਂ ਨੀ ਹੁੰਦਾ, ਰਛਪਾਲ ਨੇ, ਬੋਤਲ ਦੇ ਮੂੰਹ ਨੂੰ, ਖਾਲੀ ਗਲਾਸ ਉੱਤੇ ਲਾ ਕੇ, ਬੋਤਲ ਨੂੰ ਟੇਢੀ ਕਰ ਦਿੱਤਾ। –ਅਜੰਟ ਇਹ ਵੀ ਦਸਦਾ ਸੀ ਬਈ ਜੇ ਡਪੋਟ ਦੀ ਮੋਹਰ ਲੱਗ ਵੀ ਜਾਵੇ ਤਾਂ ਵੀ ਇੱਕ ਹੋਰ ਰਸਤਾ ਹੈਗਾ!
ਮੈਂ ਰਛਪਾਲ ਦੇ ਮੂੰਹ ਵੱਲ ਦੇਖਦਿਆਂ ਆਪਣੀਆਂ ਅੱਖਾਂ ਨੂੰ ਸੰਗੋੜਿਆ।
ਰਛਪਾਲ ਪਾਸਪੋਟ ਦੀ ਜਿਲਦ ਨੂੰ ਪਲੋਸਣ ਲੱਗਾ।
–ਫ਼ਸੇ ਬੰਦੇ ਦੇ ਜਾਣਕਾਰ ਅਗਰ ਬਾਹਰ ਖਲੋਤੇ ਹੋਣ ਤਾਂ ਬਾਂਡ ਭਰ ਕੇ ਉਸ ਨੂੰ ਜ਼ਮਾਨਤ ‘ਤੇ ਛੁਡਵਾ ਲੈਂਦੇ ਐ; ਬੰਦਾ ਜੇ ‘ਕੇਰਾਂ ਏਅਰਪੋਟ ਤੋਂ ਬਾਹਰ ਹੋ ਜੇ ਤਾਂ ਡਪੋਟ ਹੋਏ ਬੰਦੇ ਨੂੰ ਅਪੀਲ ਕਰਨ ਦਾ ਹੱਕ ਹਾਸਲ ਐ...
-ਅਪੀਅਅਲ? ਮੈਂ ਅੱਖਾਂ ਸੁੰਗੇੜ ਕੇ ਰਛਪਾਲ ਵੱਲੀਂ ਝਾਕਿਆ। –ਪਰ ਅਪੀਲ ਤਾਂ ਭਾਈ ਸਾਹਿਬ ਖ਼ਾਰਜ ਵੀ ਹੋ ਸਕਦੀ ਐ!
-ਅਜੰਟ ਤਾਂ ਇਹੀ ਦਸਦੈ ਬਈ ਅਪੀਲ ‘ਚ ਵੀਜ਼ਾ ਮਿਲਣ ਦੇ ਚਾਨਸ 95% ਹੁੰਦੇ ਐ।
ਮੈਂ ਖਾਲੀ ਗਲਾਸ ਨੂੰ ਆਪਣੀ ਮੂਹਰਲੀ ਉਂਗਲ਼ ਨਾਲ਼ ਠੋਲਣ ਲੱਗਾ।
–ਪਰ ਕਨੇਡਾ ‘ਚ ਕੋਈ ਲਭਦਾ ਈ ਨੀ! ਮੈਂ ਆਪਣੇ ਸਿਰ ਨੂੰ ਸੱਜੇ ਖੱਬੇ ਗੇੜਦਿਆਂ ਬੋਲਿਆ। -ਆਹ ਇੱਕ ਲੱਭਿਆ ਸੀ ਵੈਨਕੂਵਰ ਵਾਲ਼ਾ ਰੰਧਾਵਾ; ਪੰਜਾਂ ਛੇਆਂ ਸਾਲਾਂ ਤੋਂ ਚਿੱਠੀਆਂ ਜਾਂਦਾ ਸੀ ਬਾਪੂ ਪਾਰਸ ਨੂੰ: ਅਖੇ ਥੋਡੀ ਕਵੀਸ਼ਰੀ ਬਹੁਤ ਯਾਦ ਆਉਂਦੀ ਐ, ਪਰ ਜਦੋਂ ਆਪਾਂ ਉਹਨੂੰ ਤੇਰੇ ਬਾਰੇ ਚਿੱਠੀ ਲਿਖਤੀ ਤਾਂ ਛਾਈਂ-ਮਾਈਂ ਈ ਹੋ ਗਿਆ।
-ਪੈਰ ਤਾਂ ਵਾਕਿਆ ਈ ਕੋਈ ਨੀ ਲਾਉਂਦਾ, ਰਛਪਾਲ ਨੇ ਆਪਣੇ ਗਲਾਸ ਨੂੰ ਖਾਲੀ ਕਰ ਦਿੱਤਾ। –ਆਹ ਬੋਪਾਰਾਵਾਂ ਵਾਲ਼ਾ ‘ਦ’ ਸਿਓ੍ਹਂ ਈ ਦੇਖ ਲਾ; ਕਿੱਡੀ ਨੇੜਲੀ ਰਿਸ਼ਤੇਦਾਰੀ ਐ...
-ਆਹੋ, ਰਛਪਾਲ ਦੀ ਗੱਲ ਨੂੰ ਕਟਦਿਆਂ ਮੈਂ ਆਪਣੇ ਸਿਰ ਨੂੰ ਝਟਕਿਆ। -ਜਦੋਂ ਕਸੂਤਾ ਫਸਿਆ ਹੋਇਆ ਸੀ ‘ਓਸ’ ਕੇਸ ‘ਚ ਤਾਂ ਆਪਣੇ ਘਰ ਤੂੜੀ ਆਲ਼ੇ ਪੜਛੱਤੇ ‘ਚੋਂ ਬਾਹਰ ਨੀ ਸੀ ਨਿੱਕਲਿ਼ਆ ਪੰਜ ਛੇ ਮਹੀਨੇ। ਫੜ੍ਹਾਂ ਮਾਰਦਾ ਹੁੰਦਾ ਸੀ ਅਖੇ ਅੱਪੜ ਜਾਣ ਦੇ ਕਨੇਡਾ; ਜਾਣ ਸਾਰ ਪਹਿਲਾਂ ਰਛਪਾਲ ਨੂੰ ਸੱਦੂੰ, ਪਰ ਕਨੇਡਾ ਪਹੁੰਚ ਕੇ ਚਿੱਠੀ ਪਾਤੀ ਅਖੇ ਮੇਰੇ ਹੱਥ ਖੜ੍ਹੇ! ਜੀਹਨੇ ਕਨੇਡਾ ਔਣੈ ਆਪਣੇ ਦਮ ‘ਤੇ ਆਵੇ!
ਸਵੇਰੇ ਉੱਠੇ ਤਾਂ ਰਛਪਾਲ ਦੀਆਂ ਮੁੱਠੀਆਂ, ਪਰਾਤ ‘ਚ ਗਿੱਲੇ ਕੀਤੇ ਆਟੇ ਨਾਲ਼ ਹੱਥੋਪਾਈ ਹੋ ਰਹੀਆਂ ਸਨ। ਪੱਗ ਦੀ ਪੂਣੀ ਕਰਾਉਣ ਤੋਂ ਬਾਅਦ ਸੁਰਿੰਦਰ ਤਾਂ ਬਾਥਰੂਮ ਵਾਲ਼ੇ ਸ਼ੀਸ਼ੇ ਸਾਹਮਣੇ ਖਲੋਅ ਕੇ ਫਿ਼ਫ਼ਟੀ ਦੀ ਤਹਿ ਸੰਵਾਰਨ ਲੱਗਾ, ਤੇ ਮੈਂ ਡਰਾਇੰਗਰੂਮ ਦੀ ਕੰਧ ‘ਤੇ ਜੜੇ ਸ਼ੀਸ਼ੇ ਨੂੰ ਤੌਲੀਏ ਨਾਲ਼ ਝਾੜਨ ਲੱਗਾ। ਉਧਰ ਤਵੇ ਨੂੰ, ‘ਸ਼ੁਰਰਰ, ਸ਼ੁਰਰਰ’ ਚੱਲ ਰਹੇ ਸਟੋਵ ਦੇ ਸਿਰ ‘ਤੇ ਤਣ ਗਈਆਂ ਨੀਲੀਆਂ ਲਾਟਾਂ ਉੱਪਰ ਟਿਕਾਅ ਕੇ, ਰਛਪਾਲ ਨੇ ਆਟੇ ਦੇ ਪੇੜਿਆਂ ਨੂੰ ਪਲੇਥਣ ਵਾਲ਼ੀ ਤਸ਼ਤਰੀ ‘ਚ ਸੁੱਟ ਦਿੱਤਾ। ਕੁਝ ਹੀ ਮਿੰਟਾਂ ‘ਚ ਤਵੇ ਉੱਪਰ ਵਾਰੀ ਵਾਰੀ ਵਿਛ ਰਹੇ ਪਰਾਉਠਿਆਂ ‘ਚੋਂ ਉਠਦਾ ਦੇਸੀ ਘਿਓ ਦਾ ਧੂੰਆਂ ਸਾਰੇ ਫ਼ਲੈਟ ਦੇ ਮੰਜਿਆਂ, ਬਿਸਤਰਿਆਂ ਅਤੇ ਮੇਜ਼-ਕੁਰਸੀਆਂ ਦੀ ਪਰਕਰਮਾ ਕਰਦਾ ਕਰਦਾ ਸਾਡੀਆਂ ਨਾਸਾਂ ‘ਚ ਫੁੱਲ ਨਿਚੋੜਨ ਲੱਗਾ।
-ਕਰੋ, ਯਾਰ, ਚਾਰਾ ਕੋਈ ਬੰਦਾ ਲੱਭਣ ਦਾ ਕਨੇਡਾ ‘ਚ, ਪਲੇਟਾਂ ‘ਚ ਟਿਕਾਏ ਪਰਾਉਠਿਆਂ ਉੱਪਰ ਅੰਬ ਦੇ ਅਚਾਰ ਦੀਆਂ ਫਾੜੀਆਂ ਰੱਖਦਿਆਂ ਰਛਪਾਲ ਨੇ ਡੂੰਘਾ ਸਾਹ ਭਰਿਆ।
ਉਸ ਦਿਨ ਤੋਂ ਬਾਅਦ, ਪਰਾਉਂਠਿਆਂ ਉੱਪਰ ਦੀ ਚਾਹ ਪੀ ਕੇ, ਮੈਂ ਤੇ ਸੁਰਿੰਦਰ ਜਦੋਂ ਪਹਿਲਾ ਪੀਰੀਅਡ ਪੜ੍ਹਾਉਣ ਲਈ ਫ਼ਲੈਟ ਤੋਂ ਕਾਲਜ ਵੱਲ ਨੂੰ ਜਾ ਰਹੇ ਹੁੰਦੇ, ਤਾਂ ਰਛਪਾਲ ਦਾ ਹਾਉਕਾ ਮੇਰੀ ਉਂਗਲ਼ੀ ਫੜ ਕੇ ਮੇਰੇ ਨਾਲ਼ ਨਾਲ਼ ਤੁਰ ਰਿਹਾ ਹੁੰਦਾ। –ਕਿੱਥੋਂ ਲੱਭੀਏ ਬੰਦਾ ਕਨੇਡਾ ‘ਚ? ਹੌਲ਼ੀ ਹੌਲ਼ੀ ਤੁਰਿਆ ਜਾਂਦਾ ਮੈਂ ਆਪਣੇ ਸਿਰ ‘ਚ ਫਰੋਲ਼ਾ-ਫਰੋਲ਼ੀ ਕਰ ਰਿਹਾ ਹੁੰਦਾ! ਕਲਾਸਾਂ ‘ਚ ਵਿਦਿਆਰਥੀਆਂ ਨੂੰ ਗਰੈਮਰ ਦੀਆਂ ਬਰੀਕੀਆਂ ਸਮਝਾਉਂਦਾ ਸਮਝਾਉਂਦਾ ਮੈਂ ਆਪਣੇ ਅੰਦਰ ਖਿੰਡਰਨ ਲਗਦਾ। ਵਰਡਜ਼ਵਰਥ ਦੀਆਂ ਕਵਿਤਾਵਾਂ ਦਾ ਪੰਜਾਬੀ ‘ਚ ਤਰਜਮਾ ਕਰਦਿਆਂ ਮੈਂ ਆਪਣੀ ਬਿਰਤੀ ਨੂੰ ਇਕੱਠੀ ਕਰਨ ਲਈ ਵਾਰ ਵਾਰ ਆਪਣੇ ਸਿਰ ਨੂੰ ਝੰਜੋੜਦਾ।
ਰਛਪਾਲ ਸਵੇਰੇ ਈ ਲੁਧਿਆਣੇ ਵਾਲ਼ੀ ਬੱਸ ਚੜ੍ਹ ਜਾਂਦਾ: ਇੱਕ ਅਜੰਟ ਤੋਂ ਦੂਜੇ, ਦੂਜੇ ਤੋਂ ਤੀਜੇ ਤੇ ਫ਼ੇਰ ਚੌਥੇ ਦੇ ਦਫ਼ਤਰ! ਦਿਨ ਛਿਪਣ ਤੋਂ ਪਹਿਲਾਂ ਪਹਿਲਾਂ ਆਪਣੇ ਬੈਗ਼ ਨੂੰ ਮਾਯੂਸੀ ਨਾਲ਼ ਭਰ ਕੇ ਉਹ ਫ਼ਲੈਟ ‘ਚ ਵਾਪਿਸ ਆ ਜਾਂਦਾ।
ਇੱਕ ਦਿਨ ਮੇਰਾ ਤੀਜਾ ਪੀਰੀਅਡ ਖਾਲੀ ਸੀ। ਸਟਾਫ਼ਰੂਮ ਦੀਆਂ ਕੁਰਸੀਆਂ ਦੀਆਂ ਸੀਟਾਂ ਮੂਹਰਲੇ ਪਾਸਿਓਂ ਉੱਚੀਆਂ ਤੇ ਪਿਛਲੇ ਪਾਸਿਓਂ ਨੀਵੀਆਂ ਸਨ। ਪਲਾਸਟਕੀ ਬੈਂਤ ਨਾਲ਼ ਬੁਣੀਆਂ ਸੀਟਾਂ ਉੱਪਰ, ਪਿਛਲੇ ਪਾਸੇ ਢੋਅ ਲਾ ਕੇ ਬੈਠਿਆਂ ਮੈਨੂੰ ਇੰਝ ਜਾਪਣ ਲੱਗਾ ਜਿਵੇਂ ਮੈਂ ਪਿੱਛੇ ਵੱਲ ਨੂੰ ਡੁੱਬ ਰਿਹਾ ਹੋਵਾਂ। ਆਪਣੀ ਕਲਾਸ ਪੜ੍ਹਾ ਕੇ ਸਟਾਫ਼ਰੂਮ ‘ਚ ਦਾਖ਼ਲ ਹੋਇਆ ਪ੍ਰੋਫ਼ੈਸਰ ਹਰਦਿਆਲ ਸਿਓ੍ਹਂ ਹਾਲੇ ਮੇਰੇ ਸਾਹਮਣੇ ਵਾਲ਼ੀ ਕੁਰਸੀ ‘ਤੇ ਆ ਕੇ ਬੈਠਿਆ ਹੀ ਸੀ ਕਿ ਪਰਲੇ ਦਰਵਾਜਿ਼ਓਂ ਅੰਦਰ ਵੜਿਆ ਸੇਵਾਦਾਰ ਰੱਖਾ ਸਿੰਘ ਨੀਲੇ ਰੰਗ ਦਾ ਇੱਕ ਲਿਫ਼ਾਫ਼ਾ ਉਸ ਵੱਲੀਂ ਵਧਾਅ ਕੇ ਬੋਲਿਆ: ਸਾਅ੍ਹਬ, ਚਾਹ ਤਾਂ ਨੀ ਮੰਗਵਾਉਣੀ ਕੈਨਟੀਨ ਤੋਂ?
-ਓ ਚਾਹ ਤਾਂ ਪੀਲਾਂਗੇ, ਰੱਖਾ ਸਿਅ੍ਹਾਂ, ਚਿੱਠੀ ਦੇ ਸਿਰਨਾਵੇਂ ਉੱਪਰ ਨਜ਼ਰ ਫੇਰਦਾ ਹੋਇਆ ਹਰਦਿਅਲ ਬੋਲਿਆ। -ਪਰ ਆਹ ਰੰਗ-ਬਰੰਗੀ ਚਿੱਠੀ ਕੇਹੜੇ ਦੇਸ਼ ਤੋਂ ਆਗੀ ਮੇਰੇ ਨਾਮ ‘ਤੇ? ਅੱਗੇ ਨਾ ਪਿੱਛੇ! ਪਤਾ ਨੀ ਕਿਹੜਾ ਜੰਮ ਪਿਆ ਬਦੇਸ਼ਾਂ ‘ਚ ਬੈਠ ਕੇ ਮੈਨੂੰ ਯਾਦ ਕਰਨ ਵਾਲ਼ਾ!
ਐਨ ਓਸ ਸਮੇਂ ਰਛਪਾਲ ਦਾ ਕਨੇਡਾ ਵਾਲ਼ਾ ਸੁਪਨਾ ਮੇਰੇ ਮੱਥੇ ‘ਚ ਬੁਝਣ-ਬੁਝਣ ਕਰ ਰਿਹਾ ਸੀ, ਜਿਵੇਂ ਉਹਦੇ ਉਦਾਲ਼ੇ ਕਾਲ਼ੀ ਧੁੰਦ ਜੁੜਨ ਲੱਗ ਪਈ ਹੋਵੇ।
ਲਿਫ਼ਾਫ਼ੇ ਉੱਤੇ ਜਹਾਜ਼ ਦੀ ਤਸਵੀਰ ਵੱਲ ਦੇਖ ਕੇ ਹਰਦਿਆਲ ਸਿੰਘ ਲਿਫ਼ਾਫ਼ੇ ਦੇ ਖੱਬੇ ਕੋਨੇ ਉੱਪਰ ਚਿੱਠੀ ਲਿਖਣ ਵਾਲ਼ੇ ਦਾ ਨਾਮ-ਪਤਾ ਇਸ ਅੰਦਾਜ਼ ‘ਚ ਪੜ੍ਹਨ ਲੱਗ ਪਿਆ ਜਿਵੇਂ ਉਹ ਐਨ ਸੀ ਸੀ ਦੇ ਕੈਂਪ ‘ਚ ਕੈਡਿਟਾਂ ਦੇ ਨਾਮ ਪੁਕਾਰ ਰਿਹਾ ਹੋਵੇ: ਪਿਆਰਾ ਸਿੰਘ ਪੰਨੂੰ!
-ਉਏ ਆਹ ਕਿਹੜਾ ਪਿਆਰਾ ਐ, ਬਈ? ਹਰਦਿਆਲ ਨੇ ਆਪਣੇ ਆਪ ਨੂੰ ਪੁੱਛਿਆ। –ਛਿਆਲ਼ੀ ਸੌ ਫਿ਼ੰਚ ਐਵੀਨਿਊ ਵੈਸਟ... ਅਪਾਰਟਮੈਂਟ ਨੰਬਰ ਪੰਜ ਸੌਅਅ ਬਾਰਾਂ... ਟਰਾਂਟੋ... ਆਂਟੇਰੀਓ... ਕਨੇਡਾ!
‘ਕਨੇਡਾ’ ਲਫ਼ਜ਼ ਸੁਣਦਿਆਂ ਹੀ ਮੇਰੇ ਮੱਥੇ ‘ਚ ਬਿਜਲੀ ਦੀਆਂ ਨੈਗੇਟਿਵ-ਪਾਜ਼ਟਿਵ ਤਾਰਾਂ ਘਿਸੜ ਗਈਆਂ।
ਹਰਦਿਆਲ ਸਿਓ੍ਹਂ ਨੇ ਲਿਫ਼ਾਫ਼ੇ ਦੀਆਂ ਤਹਿਆਂ ਖੋਲ੍ਹੀਆਂ, ਤੇ ਚਿੱਠੀ ਨੂੰ ਉੱਚੀ-ਉੱਚੀ ਐਂ ਪੜ੍ਹਨ ਲੱਗਾ ਜਿਵੇਂ ਸਪੀਚ ਕਰਨ ਦੇ ਮੁਕਾਬਲੇ ‘ਚ ਦਲੀਲਾਂ ਦੇ ਰਿਹਾ ਹੋਵੇ! “ਸਤਿਕਾਰਯੋਗ ਪ੍ਰੋਫ਼ੈਸਰ ਹਰਦਿਆਲ ਸਿੰਘ ਜੀਅਅਅ... ਮੈਂ ਪਿਆਰਾ ਸਿੰਘ ਪੰਨੂੰ ਹਾਂਅਅਅ.... ਜਿਹੜਾ ਕਿ ਤੁਹਾਡੇ ਕੋਅਅਅਲ਼... 1967 ‘ਚ ਬੀ. ਏ. ਕਰ ਗਿਆ ਸਾਂਅਅਅ!”
-ਓ ਤੇਰੇ ਦੀ! ਉੁਏ ਇਹ ਤਾਂ ਪਿਆਰਾ ਐ ਬੜੂੰਦੀ ਆਲ਼ਾ! ਲੈ ਬਈ ਪੱਗ ਬੜੀ ਖਿੱਚ ਕੇ ਬੰਨ੍ਹਦਾ ਸੀ ਟੂਟੀ ਆਲ਼ੀ, ਅਕਵਾਲ ਸਿਅ੍ਹਾਂ! ਜਮਾ ਤੇਰੇ ਆਂਙੂੰ!
“ਤੁਹਾਨੂੰ ਪਤਾ ਹੀ ਹੈਅਅਅ... ਕਿ ਬੀ. ਏ. ਕਰਨ ਤੋਂ ਬਾਅਦ... ਮੈਂ ਚੰਡੀਗੜ੍ਹ ਸਰਕਾਰੀ ਨੌਕਰੀ ਕਰ ਲਈ ਸੀ... ਪਰ ਦੋ ਮਹੀਨੇ ਪਹਿਲਾਂ... ਚੰਡੀਗੜ੍ਹੋਂ ਆਪਣੀ ਨੌਕਰੀ ਛੱਡ ਕੇਅਅਅ... ਮੈਂ ਕਨੇਡਾ ਦੇ ਟਰਾਂਟੋ ਸ਼ਹਿਰ.... ਪਹੁੰਚ ਗਿਆ ਹਾਂ!”
-ਅੱਛਾਅ? ਹਰਦਿਆਲ ਸਿਓ੍ਹਂ ਨੇ ਬੁੱਲ੍ਹਾਂ ਦੀ ਟੂਟੀ ਬਣਾਅ ਲਈ। –ਉਏ ਲਗਦਾ ਤਾਂ ਹੈਨੀ ਸੀ ਇਹ ਕਨੇਡਾ ਪਹੁੰਚਣ ਵਾਲ਼ਾ! ਹੈਥੇ ਸਾਇਕਲ ਭਜਾਈ ਫਿਰਦਾ ਹੁੰਦਾ ਸੀ ਸਧਾਰ ਆਲ਼ੀ ਨਹਿਰ ‘ਤੇ!
“ਮੈਨੂੰ ਟਰਾਂਟੋ ‘ਚਅਅਅ... ਇੱਕ ਫ਼ੈਕਟਰੀ ਵਿੱਚਅਅਅ... ਨੌਕਰੀ ਮਿਲ ਗਈ ਹੈਅਅਅ।”
-ਓਏ ਹੋਰ ਮੇਰੇ ਪੜ੍ਹਾਏ ਨੇ ਜਹਾਜ ਉਡਾਉਣੇ ਸੀ ਕਨੇਡਾ ‘ਚ! ਸ਼ੁਕਰ ਕਰ ਤੈਨੂੰ ਫ਼ੈਕਟਰੀ ‘ਚ ਵਾੜ ਲਿਆ ਅਗਲਿਆਂ ਨੇ!
ਹਰਦਿਆਲ ਸਿੰਘ ਨੇ ਆਪਣੇ ਭਰਵੱਟੇ ਉੱਪਰ ਵੱਲ ਨੂੰ ਤੁਣਕੇ।
“ਫ਼ੈਕਟਰੀ ਦਾ ਕੰਮਅਅਅ... ਬਹੁਤ ਔਖਾ ਹੈਅਅਅ; ਚੰਡੀਗੜ੍ਹ ਐਸ਼ਾਂ ਕਰਦੇ ਸੀਅਅਅ ਪਰ ਏਥੇ ਪੈਰ ਪੱਕੇ ਕਰਨ ਲਈ... ਬਹੁਤ ਮਿਹਨਤ ਕਰਨੀ ਪੈ ਰਹੀ ਹੈਅਅਅ।”
-ਮਿਹਨਤ ਕਰਨ ਨੂੰ ਗਾਹਾਂ ਤੂੰ ਖੁੰਢ ਚੀਰਦੈਂ ਹੱਥ ਆਲ਼ੇ ਆਰੇ ਨਾਲ਼! ਜੇ ਬਾਹਲ਼ਾ ਈ ਔਖੈਂ ਤਾਂ ਵਾਪਿਸ ਆ ਜਾ! ‘ਗਾਹਾਂ ਕੀ ਅਗਲਿਆਂ ਨੇ ਜੂੜ ਪਾਇਐ ਤੈਨੂੰ!
“ਪ੍ਰੋਫ਼ੈਸਰ ਸਾਹਿਬਅਅਅ... ਕਨੇਡਾ ਬਹੁਤ ਸੋਹਣਾ ਮੁਲਕ ਹੈਅਅਅ... ਸਫ਼ਾਈ ਦਾ ਕੋਈ ਅੰਤ ਹੀ ਨਹੀਂ... ਨਾ ਸੁਧਾਰ ਬਜ਼ਾਰ ਵਾਲ਼ਾ ਚਿੱਕੜਅਅਅ, ਤੇ ਨਾ ਮੱਖੀ ਤੇ ਨਾ ਮੱਛਰਅਅਅ!”
-ਉਏ ਕਰ ਦਿਓਂਗੇ ਕਨੇਡਾ ਨੂੰ ਵੀ ਗੰਦਾ ਜੇ ਪੰਜਾਬ ‘ਚੋਂ ਦੋ ਚਾਰ ਸੌ ਹੋਰ ਪਹੁੰਚਗੇ ਹੈਥੇ! ਤੁਸੀਂ ਤਾਂ ਹਰੇਕ ਕਨੂੰਨ ਨੂੰ ਤੋੜਨਾ ਹੁੰਦੈ, ਕੇਲਾ ਛਿੱਲ ਕੇ ਮਾਰਨੈ ਸੜਕ ‘ਤੇ, ਤੇ ਪਸ਼ਾਬ ਕਰ ਕਰ ਕੇ ਕੰਧਾਂ ‘ਤੇ ਪਾ ਦੇਣੀਐਂ ਫੁਲਵਹਿਰੀਆਂ! ਗੋਰੇ ਫੇਰ ਮਾਰਨਗੇ ਥੋਡੇ ਛਿੱਤਰ! ਫ਼ੇਰ ਭੱਜੋਂਗੇ ਪੰਜਾਬ ਨੂੰ! ਹਾ, ਹਾ, ਹਾ, ਹਾ! ਕਿਉਂ ਵਈ, ਅਕਵਾਲ?
ਮੈਂ ਆਪਣੇ ਬੁਲ੍ਹਾਂ ਨੂੰ ਘੁੱਟ ਕੇ ਆਪਣੀਆਂ ਨਾਸਾਂ ਵੱਲ ਨੂੰ ਖਿੱਚ ਲਿਆ!
“ਗੋਰੇ ਲੋਕ ਬਹੁਤ ਚੰਗੇ ਹਨਅਅਅ... ਕੀ ਔਰਤ ਤੇ ਕੀ ਮਰਦਅਅਅ... ਸਾਹਮਣਿਓਂ ਤੁਰੇ ਆਉਂਦੇ ਮੁਸਕ੍ਰਾਉਣਗੇਅਅਅ... ਤੇ ‘ਹਾਏ’ ਕਹਿ ਕੇ ਲੰਘਣਗੇਅਅਅ।”
-ਓਏ ਆਹ ‘ਹਾਏ’ ਕੀ ਹੁੰਦੀ ਐ, ਅਕਵਾਲ ਸਿਅ੍ਹਾਂ? ਹਰਦਿਆਲ ਸਿਓ੍ਹਂ ਨੇ ਆਪਣੀ ਤਿਊੜੀ ਮੇਰੇ ਵੱਲੀਂ ਵਗਾਹੀ! –ਓਏ ‘ਹਾਏਅਅਅ! ਹਾਏਅਅਅ!‘ ਤਾਂ ਆਪਣੇ ਪਿੰਡਾਂ ‘ਚ ਬੁੜ੍ਹੇ ਕਰਦੇ ਹੁੰਦੇ ਐ ਮੰਜੀਆਂ ‘ਤੇ ਪਏ ਜਦੋਂ ਮਲੇਰੀਏ ਨਾਲ਼ ਕੰਬਦੇ ਹੁੰਦੇ ਐ ਸਟਾਟ ਕਰੇ ਟਰੈਕਟਰ ਆਂਙੂੰ; ਜਾਂ ਆਹ ਤੇਰੇ ਕਾਮਰੇਡ ਜਦੋਂ ਘਿਰਾਓ ਕਰਦੇ ਆ ਕਿਸੇ ਮਨਿਸਟਰ ਦਾ ਤਾਂ ਕਹਿੰਦੇ ਹੁੰਦੇ ਐ ਫਲਾਨਾ ਮਨਿਸਟਰ, ਹਾਏ, ਹਾਏ!
-ਆਹ ਗਾਹਾਂ ਲਿਖਿਐ... “ਆਪਣੇ... ਲੋਕਅਅਅ... ਧੜਾ ਧੜਅਅਅ... ਕਨੇਡਾ ਆ ਰਹੇ ਹਨਅਅਅ।”
-ਓ ਐਵੇਂ ਤੁਰੇ ਜਾਂਦੇ ਐ ਮੂੰਹ ਚੱਕੀ ਜਮੀਨਾਂ ਫੂਕ ਫੂਕ ਕੇ; ਛੇਆਂ ਮਹੀਨਿਆਂ ਨੂੰ ਮੁੜਦੇ ਦਿਖਾਊਂ! ਫੇਰ ਰੋਣਗੇ ਅਜੰਟਾਂ ਦੇ ਦਫ਼ਤਰਾਂ ਮੂਹਰੇ ਖੜ੍ਹ ਖੜ੍ਹ ਕੇ!
“ਹੋਰ, ਜੇ ਕਿਸੇ ਨੂੰ ਕਨੇਡਾ ਘੱਲਣਾ ਹੋਵੇ... ਤਾਂ ਮੈਨੂੰ ਦੱਸਣਾਅਅਅ... ਮੈਂ ਪੂਰੀ ਮੱਦਦ ਕਰੂੰਗਾਅਅਅ।”
-ਓਏ ਮੈਂ ਕੀਹਨੂੰ ਘੱਲਣੈ ਕਨੇਡਾ ‘ਚ ਧੱਕੇ ਖਾਣ ਨੂੰ, ਪਿਆਰਿਆ? ਐਵੇਂ ਭਕਾਈ ਮਾਰੀ ਜਾਨੈਂ ਕਨੇਡਾ ‘ਚ ਬੈਠਾ! ਨਾਲ਼ੇ ਲਿਖੀ ਜਾਂਨੈਂ ਬਈ ਮਿਹਨਤ ਬਹੁਤ ਕਰਨੀ ਪੈਂਦੀ ਐ, ਤੇ ਨਾਲ਼ੇ ਹੁਣ ਕਹਿੰਦਂੈ ਬਈ ਕਿਸੇ ਹੋਰ ਨੂੰ ਵੀ ਫ਼ਸਾਅ ਦਿਓ ਕੜੀ-ਕਨੇਡਾ ‘ਚ!
ਤੇ ਹਰਦਿਆਲ ਸਿਓ੍ਹਂ ਨੇ ਚਿੱਠੀ ਨੂੰ ਤਹਿ ਕਰ ਕੇ ਮੇਜ਼ ਉੱਤੇ ਸੁੱਟ ਦਿੱਤਾ।
-ਕੀ, ਕੀ, ਕੀ, ਹਰਦਿਆਲ ਸਿਅ੍ਹਾਂ? ਮੈਂ ਆਪਣੀ ਪਿੱਠ ਨੂੰ ਕੁਰਸੀ ਦੀ ਢੋਅ ਵੱਲੋਂ ਖਿੱਚ ਕੇ ਆਪਣੇ ਚਿਹਰੇ ਨੂੰ ਹਰਦਿਆਲ ਸਿੰਘ ਵੱਲੀਂ ਵਧਾਅ ਦਿੱਤਾ। –ਉਏ ਹਾਅ ਕੀ ਲਿਖਿਐ ਚਿੱਠੀ ਦੇ ਅਖ਼ੀਰ ‘ਚ ਭਲਾ? ਉਏ ਪੜ੍ਹੀਂ ਇੱਕ ਵਾਰੀ ਫੇਰ!
-ਓਏ ਆਹ ਪਿਆਰਾ ਪੰਨੂੰ ਐ ਬੜੂੰਦੀ ਤੋਂ; ਆਪਣੇ ਕਾਲਜ ‘ਚ ਪੜ੍ਹਿਐ ਤੇਰੇ ਆਉਣ ਤੋਂ ਪਹਿਲਾਂ!
-ਉਏ ਹਾਅ ਜੋ ਕੁਝ ਉਹਨੇ ਲਿਖਿਐ ਚਿੱਠੀ ‘ਚ, ਉਹ ਤਾਂ ਪਰਲੇ ਪਾਸੇ ਕਲਾਸਰੂਮ ‘ਚ ਪਏ ਡੈਸਕਾਂ ਨੇ ਵੀ ਸੁਣ ਲਿਐ ਤੈਥੋਂ, ਪਰ ਆਹ ਅਖ਼ੀਰ ‘ਚ ਦੱਸ ਕੀ ਲਿਖਿਐ?
-ਲਿਖਣਾ ਕੀ ਐ, ਅਖੇ ਜੇ ਕਿਸੇ ਨੂੰ ਕਨੇਡਾ ਘੱਲਣੈ ਤਾਂ ਮੈਨੂੰ ਦੱਸਿਓ! ਉਏ ਮੈਂ ਦੱਸ, ਅਕਵਾਲ ਸਿਅ੍ਹਾਂ, ਕੀਹਨੂੰ ਫਸੌਣੈ ਕਨੇਡਾ ‘ਚ? ਇੱਕੋ-ਇੱਕ ਮੁੰਡੈ ਮੇਰਾ ਤੇ ਉਹ ਵੀ ਹਾਲੇ ਪਹਿਲੀ ‘ਚ ਪੜ੍ਹਦੈ!
-ਉਏ ਹੈਗੈ ਇੱਕ ਬੰਦਾ ਆਪਣਾ ਕਨੇਡਾ ਘੱਲਣ ਆਲ਼ਾ, ਹਰਦਿਆਲ ਸਿਅ੍ਹਾਂ, ਹੈਗੈ! ਮੈਂ ਕੰਨਾਂ-ਵੱਲ-ਨੂੰ-ਫੈਲ-ਗਏ ਆਪਣੇ ਬੁਲ੍ਹਾਂ ‘ਚੋਂ ਬੋਲਿਆ। –ਚੱਕ ਚਿੱਠੀ ਨੂੰ ਮੇਜ਼ ਤੋਂ, ਤੇ ਪੜ੍ਹ ਆਖਰੀ ਵਾਕ ਨੂੰ ਇੱਕ ਵਾਰੀ ਫੇਰ!
-ਬੰਦਾ ਘੱਲਣੈ ਕਨੇਡਾ? ਹਰਦਿਆਲ ਸਿੰਘ ਮੇਜ਼ ‘ਤੇ ਪਈ ਚਿੱਠੀ ਵੱਲੀਂ ਦੇਖ ਕੇ ਮੇਰੇ ਵੱਲ ਝਾਕਣ ਲੱਗਾ। –ਦਿਮਾਗ ਖਰਾਬ ਹੋ ਗਿਐ ਤੇਰਾ? ਤੂੰ ਕੀਹਨੂੰ ਫਸਾਉਣ ਲੱਗਿਐਂ ਓਥੇ ਦਿਹਾੜੀਆਂ ਕਰਨ ਨੂੰ?
-ਉਏ ਰਛਪਾਲ ਐ ਨਾ ਆਪਣਾ?
-ਆਹੋ! ਪਰ ਉਹਨੂੰ ਤਾਂ ਤੂੰ ਐਮ. ਏ. ਕਰਨ ਲਾਤੈ!
-ਯਾਰ ਉਹ ਤਾਂ ‘ਕਨੇਡਾ ਕਨੇਡਾ’ ਈ ਕਰੀ ਜਾਂਦੈ ਜਿੱਦਣ ਦਾ ਆਇਐ ਮੇਰੇ ਕੋਲ਼, ਪਰ ਸਾਨੂੰ ਬੰਦਾ ਨੀ ਸੀ ਲਭਦਾ ਕਨੇਡਾ ‘ਚ ਉਹਦੀ ਮਦਦ ਕਰਨ ਵਾਲ਼ਾ!
-ਉਏ ਬੈਠਾ ਰਹਿਣ ਦੇ ਉਹਨੂੰ! ਹਰਦਿਆਲ ਸਿਓ੍ਹਂ ਨੇ ਆਪਣੇ ਸਿਰ ਨੂੰ ਸੱਜੇ ਰੁਖ਼ ਟੇਢਾ ਕਰ ਕੇ ਆਪਣੀ ਠੋਡੀ ਨੂੰ ਖੱਬੇ ਮੋਢੇ ਵੱਲ ਨੂੰ ਖਿੱਚ ਲਿਆ। –ਉਹਨੇ ਕੀ ਲੈਣੈ ਕਨੇਡਾ ਜਾ ਕੇ? ਮਜ਼ਦੂਰੀ ਕਰੂ ਸਾਰੀ ਉਮਰ ਓਥੇ! ਉਹਨੂੰ ਕਹਿ ਐਮ. ਏ. ਪਾਸ ਕਰੇ ਮਿਹਨਤ ਕਰ ਕੇ; ਲੈਕਚਰਰ ਲੁਆ ਦਿਆਂਗੇ ਕਿਸੇ ਪ੍ਰਾਈਵੇਟ ਕਾਲਜ ‘ਚ ਕਹਿ-ਕੁਹਾ ਕੇ!
-ਓ ਨੲ੍ਹੀਂ, ਯਾਰ! ਮੈਂ ਆਪਣੀ ਕਿਤਾਬ ਦਾ ਵਰਕਾ ਮਰੋੜ ਕੇ, ਉਸ ਨੂੰ ਮੇਜ਼ ਉੱਤੇ ਟਿਕਾਅ ਦਿੱਤਾ। –ਪਹਿਲਾਂ ਇਹ ਦੱਸ ਬਈ ਇਹ ਪਿਆਰਾ ਸਿੰਘ ਬੰਦਾ ਕਿਹੋ ਜਿਹੈ!
-ਬੰਦਾ? ਹਰਦਿਆਲ ਸਿੰਘ ਨੇ ਆਪਣੇ ਭਰਵੱਟਿਆਂ ਵਿੱਚ ਸ਼ਰਾਰਤ ਇਕੱਠੀ ਕਰ ਲਈ ਸੀ। –ਬੰਦਾ ਇਹ ਬੰਦਿਆਂ ਵਰਗੈ; ਦੋ ਬਾਹਾਂ, ਦੋ ਲੱਤਾਂ, ਤੇ ਇੱਕ ਸਿਰ!
ਮੈਂ ਆਪਣੀਆਂ ਅੱਖਾਂ ਨੂੰ ਸੰਗੋੜ ਕੇ ਆਪਣੇ ਸਿਰ ਨੂੰ ਖੱਬੇ-ਸੱਜੇ ਝਟਕਿਆ। -ਸੀਰੀਅਸ ਹੋ ਕੇ ਗੱਲ ਕਰ, ਹਰਦਿਆਲ ਸਿਅ੍ਹਾਂ!
-ਹੋਰ ਦੱਸ ਕੀ ਕਹਾਂ! ਹਰਦਿਆਲ ਨੇ ਬੁੱਲ੍ਹਾਂ ਨੂੰ ਮਰੋੜਿਆ। –ਉਏ ਤੂੰ ਪੁੱਛਿਐ ਬਈ ਬੰਦਾ ਕਿਹੋ ਜਿਹੈ, ਤੇ ਮੈਂ ਤੈਨੂੰ ਦਸ‘ਤਾ ਬਈ ਰਿੱਛ ਨੀ, ਗਿੱਦੜ ਨੀ; ਤੋਤਾ ਨੀ; ਬੰਦਾ ਐ!
-ਓ ਨੲ੍ਹੀਂ, ਯਾਰ! ਮੇਰਾ ਮਤਲਬ ਆ ਬਈ ਕਿਸ ਤਰ੍ਹਾਂ ਦਾ ਬੰਦਾ ਐ!
-ਕੱਦ ਮਧਰਾ, ਤੇ ਉਮਰ ਛੱਬੀ ਕੁ ਸਾਲ!
-ਓ ਹੋ! ਮੈਂ ਆਪਣੇ ਸਿਰ ਨੂੰ ਦੁੱਗਣੇ ਜ਼ੋਰ ਨਾਲ਼ ਝਟਕਿਆ। –ਉਏ ਭੜੂਆ, ਇਹ ਦੱਸ ਬਈ ਮੱਦਦ ਕਰੂ ਜੇ ਰਛਪਾਲ ਨੂੰ ਭੇਜ ਦੀਏ ਟਰਾਂਟੋ?
-ਰਛਪਾਲ ਦੀ ਮੱਦਦ? ਹਰਦਿਆਲ ਦੇ ਮੱਥੇ ‘ਚ ਸੰਜੀਦਗੀ ਦੀ ਲੋਅ ਜਗਣ ਲੱਗੀ।
ਮੈਂ ਜਾਪਣ ਲੱਗਾ ਹਰਦਿਆਲ ਸਿੰਘ ਟਰਕਾਊਗਾ: ਇਹਨੇ ਕੀ ਲੈਣਾ ਏਸ ਪੰਗੇ ‘ਚ ਪੈ ਕੇ! ਪਰਦੇਸ ‘ਚ ਕਿਸੇ ‘ਤੇ ਬੋਝ ਪਾਉਣਾ!
-ਪੱਕੀ, ਖੰਘਰ ਇੱਟ ਵਰਗੀ! ਹਰਦਿਆਲ ਸਿੰਘ ਨੇ ਆਪਣੀ ਠੋਡੀ ਨੂੰ ਖੱਬੇ ਪਾਸੇ ਵੱਲ ਨੂੰ ਝਟਕਿਆ।
ਹੁਣ ਹਰਦਿਆਲ ਸਿੰਘ ਨੇ ਪਿਆਰੇ ਦੀ ਚਿੱਠੀ ਨੂੰ ਦੁਬਾਰਾ ਖੋਲ੍ਹ ਲਿਆ।
–ਬੰਦਾ ਠੋਸ ਐ! ਉਸਨੇ ਆਪਣੀ ਸੁਰ ਇੱਕ-ਦਮ ਧੀਮੀ ਕਰ ਲਈ। -ਕੋਲ਼ੋਂ ਪੈਸੇ ਖ਼ਰਚ ਕੇ ਮਦਦ ਕਰਨ ਵਾਲ਼ਾ! ਮੇਰਾ ਬਹੁਤ ਰਗਾਅਡ ਕਰਦਾ ਹੁੰਦਾ ਸੀ। ਊਂ ਵੀ ਆਪਣੇ ਆਂਙੂੰ ਖਾਣ-ਪੀਣ ਦਾ ਸ਼ੌਕੀਨ ਐਂ!
-ਫੇਰ ਤਾਂ ਬਣਗੀ ਗੱਲ! ਮੈਂ ਆਪਣੇ ਸਿਰ ਨੂੰ ਸੱਜੇ-ਖੱਬੇ ਮੋਢਿਆਂ ਵੱਲ ਨੂੰ ਟੇਢਾ ਕਰਨ ਲੱਗਾ!
-ਆਹ ਫ਼ੋਨ ਨੋਟ ਕਰਲਾ, ਹਰਦਿਆਲ ਸਿੰਘ ਨੇ ਪਿਆਰੇ ਪੰਨੂੰ ਦੀ ਚਿੱਠੀ ਮੇਰੇ ਵੱਲ ਨੂੰ ਵਧਾਅ ਦਿੱਤੀ। –ਲੁਦੇਹਾਣੇ ਜਾ ਕੇ ਕਾਲ ਬੁੱਕ ਕਰਾਦੇ ਅੱਜ ਰਾਤ ਨੂੰ!
-ਨਾ, ਹਰਦਿਆਲ ਸਿਅ੍ਹਾਂ, ਨਾ! ਮੈਂ ਆਪਣਿਆਂ ਬੁੱਲ੍ਹਾਂ ਨੂੰ ਰਤਾ ਕੁ ਖਿੰਡਾਰ ਕੇ, ਆਪਣੇ ਸਿਰ ਨੂੰ ਖੱਬੇ-ਸੱਜੇ ਫੇਰਨ ਲੱਗਾ। –ਪਿਆਰੇ ਨਾਲ਼ ਫ਼ੋਨ ‘ਤੇ ਗੱਲ ਤਾਂ ਤੈਨੂੰ ਈ ਕਰਨੀ ਪੈਣੀ ਐਂ; ਮੈਨੂੰ ਕਿਹੜਾ ਉਹ ਜਾਣਦੈ!
-ਓਏ ਜਾਨਣ ਨੂੰ ਕੀ ਐ; ਤੂੰ ਜਦੋਂ ਕਿਹਾ ਬਈ ਮੈਂ ਸੁਧਾਰ ਕਾਲਜ ਦਾ ਪ੍ਰੋਫ਼ੈਸਰ ਆਂ, ਤਾਂ ਪਿਆਰੇ ਨੇ ਝੱਟ ਹਾਂ ਕਰ ਦੇਣੀ ਐਂ!
-ਪਰ ਜਾਣਦਾ ਤਾਂ ਉਹ ਤੈਨੂੰ ਈ ਐ!
ਹਰਦਿਆਲ ਸਿੰਘ ਚੁੱਪ ਹੋ ਗਿਆ ਤੇ ਕਦੇ ਖਿੜਕੀ ਵੱਲੀਂ ਤੇ ਕਦੇ ਮੇਰੇ ਵੱਲੀਂ ਝਾਕਣ ਲੱਗਾ।
-ਇੱਕ ਹੋਰ ਕੰਮ ਕਰ ਫਿਰ, ਉਹ ਆਪਣੀ ਜੇਬ ‘ਚ ਆਪਣੇ ਪੈੱਨ ਨੂੰ ਟਟੋਲਣ ਲੱਗਾ। –ਕਲਰਕਾਂ ਦੇ ਦਫ਼ਤਰ ‘ਚ ਜਾ ਕੇ ਖਾਲੀ ਕਾਗਜ਼ ਫੜ ਕੇ ਲਿਆ ਬਾਬੂ ਰਣਜੀਤ ਸਿਓ੍ਹਂ ਤੱਖੜ ਤੋਂ!
-ਕਾਗਜ਼? ਮੈਂ ਆਪਣੇ ਮੱਥੇ ਨੂੰ ਸੰਗੋੜਿਆ। –ਕਾਗਜ਼ ਕੀ ਕਰਨੈ ਤੂੰ?
-ਚਿੱਠੀ ਲਿਖ ਦਿੰਨਾਂ ਮੈਂ ਪਿਆਰੇ ਨੂੰ ਬਈ ਰਛਪਾਲ ਸਿੰਘ ਦੀ ਮੱਦਦ ਕਰਨੀ ਐਂ!
-ਚਿੱਠੀ? ਮੈਂ ਹੱਸਿਆ। –ਉਏ ਚਿੱਠੀ ਤੂੰ ਜਗਰਾਵਾਂ ਨੂੰ ਨੀ ਪਾਉਣੀ ਬਈ ਅਗਲੇ ਦਿਨ ਪਹੁੰਚਜੂ!
-ਉਏ ਹੋਰ ਇਹ ‘ਗਾਹਾਂ ਚੰਦ ‘ਤੇ ਘੱਲਣੀ ਐਂ? ਪੰਜਾਂ ‘ਚ ਨੀ ਤਾਂ ਸੱਤਾਂ ਦਿਨਾਂ ‘ਚ ਪਹੁੰਚਜੂ!
-ਨਾਅ! ਮੈਂ ਆਪਣੇ ਸਿਰ ਨੂੰ ਸੱਜੇ-ਖੱਬੇ ਘੁੰਮਾਇਆ। –ਪੰਦਰਾਂ ਦਿਨ ਤੋਂ ਘੱਟ ਨੀ ਲਾਉਂਦੀ ਟਰਾਂਟੋ ਪਹੁੰਚਣ ਨੂੰ!
-ਫੇਰ ਕੀ ਐ? ਹਰਦਿਆਲ ਸਿੰਘ ਆਪਣੀਆਂ ਉਂਗਲ਼ਾਂ ਨੂੰ ਆਪਣੀਆਂ ਮੁੱਛਾਂ ‘ਤੇ ਫੇਰਨ ਲੱਗਾ। -ਪੰਦਰਾਂ ਦਿਨ ਈ ਐਂ, ਪੰਦਰਾਂ ਮਹੀਨੇ ਤਾਂ ਨੀ!
-ਓ ਭਰਾਵਾ, ਰਛਪਾਲ ਨੂੰ ਅਜੰਟ ਨੇ ਦੱਸਿਐ ਬਈ ਛੇਤੀ ਛੇਤੀ ਚੜ੍ਹ ਜਾ, ਮੈਂ ਆਪਣੀ ਦਾਹੜੀ ਦੀ ਗੁੱਟੀ ਨੂੰ ਸੰਵਾਰਦਿਆਂ ਬੋਲਿਆ। –ਕਹਿੰਦੇ ਐ ਬਈ ਕਨੇਡਾ ਬੰਦ ਹੋਣ ਲੱਗੈ!
ਹਰਦਿਆਲ ਸਿੰਘ ਕਦੇ ਮੇਰੇ ਵੱਲੀਂ ਤੇ ਕਦੇ ਚਿੱਠੀ ਵੱਲ ਝਾਕਣ ਲੱਗਾ।
-ਐਂ ਕਰ ਫਿ਼ਰ, ਉਹਨੇ ਆਪਣੀਆਂ ਤਲ਼ੀਆਂ ਨੂੰ ਇੱਕ ਦੂਜੀ ਨਾਲ਼ ਮਲਿ਼ਆ। –ਅੱਜ ਈ ਫ਼ੋਨ ਕਰ ਲਾ ਪਿਆਰੇ ਨੂੰ ਤੇ ਉਹਨੂੰ ਕਹਿ ਦਈਂ ਬਈ ਮੈਂ ਹਰਦਿਆਲ ਸਿਓ੍ਹਂ ਬੋਲਦਾਂ।
ਮੇਰਾ ਸਿਰ ਸੱਜੇ-ਖੱਬੇ ਗਿੜਨ ਲੱਗਾ।
-ਨਾ, ਬਈ! ਐਂ ਨੀ ਕਰਨਾ ਤੇਰਾ ਨਾਮ ਲੈ ਕੇ!
-ਕਿਉਂ? ਹਰਦਿਆਲ ਸਿੰਘ ਨੇ ਆਪਣੀਆਂ ਭਰਵੱਟੀਆਂ ਨੂੰ ਉੱਪਰ ਵੱਲ ਨੂੰ ਖਿੱਚਿਆ।
-ਜੇ ਉਹਨੇ ਸੁੰਘ ਲਿਆ ਬਈ ਇਹ ਕੋਈ ਨਕਲੀ ਹਰਦਿਆਲ ਸਿਓ੍ਹਂ ਬੋਲਦੈ, ਸਾਰਾ ਈ ਕੰਮ ਨਾ ਖ਼ਰਾਬ ਕਰ ਕੇ ਬਹਿ ਜਾਂ ਗੇ!
-ਉਏ ਆਪਾਂ, ਯਾਰ, ਕਿਹੜਾ ਉਹਤੋਂ ਬੰਦਾ ਮਰਵਾਉਣ ਲੱਗੇ ਆਂ! ਹਰਦਿਆਲ ਸਿੰਘ ਨੇ ਚਿੱਠੀ ਮੇਰੀਆਂ ਉਂਗਲ਼ਾਂ ਵਿੱਚ ਟੁੰਗ ਦਿੱਤੀ। –ਇੱਕ ਮਿੰਟ ਤਾਂ ਗੱਲ ਹੋਣੀ ਐਂ ਤੇਰੀ!
ਅਗਲੇ ਦਿਨ ਸ਼ਾਮ ਦੇ ਸਤ ਕੁ ਵਜੇ, ਮੈਂ ਤੇ ਬਲਵੰਤ ਲੁਧਿਆਣੇ ਦੇ ਵੱਡੇ ਡਾਕਖਾਨੇ ‘ਚ ਕਾਲ ਬੁੱਕ ਕਰਨ ਵਾਲ਼ੇ ਬਾਬੂ ਦੇ ਸਾਹਮਣੇ ਖਲੋਤੇ ਸਾਂ। ਸਾਡੇ ਅਤੇ ਬਾਬੂ ਦੇ ਦਰਮਿਆਨ ਖਲੋਤੇ ਬਿਰਧ-ਅਵਸਥੀ ਕਾਊਂਟਰ ਦੀ ਲੱਕੜ ਦੇ ਰੰਗ-ਰੋਗਨ ਨੂੰ ਲਾਲ-ਕਾਲ਼ੀ ਸਿਆਹੀ ਅਤੇ ਗੂੰਦ ਦੇ ਧੱਬਿਆਂ ਨੇ ਬਦਸ਼ਕਲ ਕੀਤਾ ਹੋਇਆ ਸੀ। ਪਿਆਰੇ ਪੰਨੂੰ ਦਾ ਫ਼ੋਨ ਨੰਬਰ ਤੇ ਏਰੀਆ ਕੋਡ ਲਿਖਾ ਕੇ ਅਸੀਂ ਫ਼ੋਨ ਬੂਥ ਦੇ ਲਾਗੇ ਰੱਖੇ ਇੱਕ ਬੈਂਚ ਦੀ ਗਰੀਬੀ ਵੱਲ ਝਾਕੇ: ਟੁੱਟੀ ਹੋਈ ਢੋਅ, ਵਿਚਕਾਰੋਂ ਲਿਫ਼ੀ ਹੋਈ ਬਾਹੀ, ਤੇ ਪੰਦਰਾਂ ਵੀਹਾਂ ਸਾਲਾਂ ਤੋਂ ਜੰਮੀ ਹੋਈ ਮੈਲ਼!
-ਇਹਨੇ ਦੋ ਬੰਦਿਆਂ ਦਾ ਭਾਰ ਨੀ ਝੱਲਣਾ, ਬਲਵੰਤ ਸਿਅ੍ਹਾਂ! ਮੈਂ ਆਪਣੇ ਸਿਰ ਨੂੰ ਸੱਜੇ-ਖੱਬੇ ਗੇੜਿਆ।
-ਉਲ਼ਾਂਭੇ ਦਾ ਘਰ ਐ! ਬਲਵੰਤ ਨੇ ਆਪਣਾ ਚਮੜਈ ਬੈਗ ਫ਼ਰਸ਼ ‘ਤੇ ਟਿਕਾਅ ਦਿੱਤਾ। -ਗੱਲ ਪਿਆਰੇ ਪੰਨੂੰ ਨਾਲ਼ ਤੂੰ ਕਰੇਂਗਾ ਕਿ ਮੈਂ?
-ਮੈਂ ਈ ਕਰੂੰ; ਮੇਰੇ ਲਈ ਹਰਦਿਆਲ ਵਾਲ਼ੇ ਅੰਦਾਜ਼ ‘ਚ ਗੱਲ ਕਰਨੀ ਸੌਖੀ ਐ! ਮੈਂ ਉਦ੍ਹੇ ਵੱਲੀਂ ਅੱਖਾਂ ਸੁੰਗੇੜ ਕੇ ਝਾਕਿਆ।
-ਕੀ ਕਿਆਸ ਐ ਤੇਰਾ ਬਈ ਲਾਊ ਪੈਰ ਪਿਆਰਾ ਕਿ ਬੋਪਾਰਾਵਾਂ ਵਾਲ਼ੇ ‘ਦ’ ਸਿੰਘ ਆਲ਼ੀ ਕਰੂ?
-ਬਈ ਹਰਦਿਆਲ ਸਿਓ੍ਹਂ ਤਾਂ ਸੌ ਪਰਸੈਂਟ ਆਸਵੰਦ ਸੀ! ਮੈਂ ਆਪਣੀ ਮੂਹਰਲੀ ਉਂਗਲ਼ ਅਤੇ ਅੰਗੂਠੇ ਨਾਲ਼ ਆਪਣੀਆਂ ਮੁੱਛਾਂ ਨੂੰ ਸੰਵਾਰਨ ਲੱਗਾ। –ਕਹਿੰਦਾ ਸੀ ਖਿੰਘਰ ਇੱਕ ਵਰਗਾ ਪੱਕੈ! ਪਰ ‘ਗਾਹਾਂ ਪਤਾ ਕੋਈ ਨੀ ਹੁੰਦਾ ਬੰਦੇ ਦਾ। ਫੜ੍ਹਾਂ ਆਲ਼ੇ ਵੀ ਬਥੇਰੇ ਹੁੰਦੇ ਐ!
-ਐਂ ਕਰ ਫਿਰ, ਬਲਵੰਤ ਆਪਣੀ ਜੁੱਤੀ ਨੂੰ ਆਪਣੇ ਪੈਰਾਂ ‘ਚ ਫਸਾਉਣ ਲੱਗਾ। –ਪਹਿਲਾਂ ਰੋਟੀ ਖਾ ਆਈਏ ਕਿਸੇ ਢਾਬੇ ‘ਤੋਂ!
-ਢਿੱਡ ‘ਚ ਹਵਾ ਜੲ੍ਹੀ ਤਾਂ ਮੇਰੇ ਵੀ ਝੁਲਦੀ ਆ, ਮੈਂ ਫ਼ੋਨ ਬੂਥ ਵੱਲ ਝਾਕਿਆ। -ਪਰ ਏਨੇ ਸੰਨ੍ਹ ‘ਚ ਕਿਤੇ ਕਾਲ ਨਾ ਮਿਲ਼ਜੇ!
-ਫੇਰ ਮੈਂ ਕੱਲਾ ਈ ਖਾ ਆਉਨਾਂ!
ਬਗ਼ਲਾਂ ‘ਚ ਬਾਹਾਂ ਘੁਸੋਅ ਕੇ ਮੈਂ ਬੈਂਚ ਉੱਪਰ ਬੈਠ ਗਿਆ। ਦਸਾਂ ਕੁ ਮਿੰਟਾਂ ਬਾਅਦ ਮੇਰੀਆਂ ਮੇਰੇ ਸਿਰ ‘ਚ ਧੁੰਦ ਜਿਹੀ ਬੱਝਣ ਲੱਗੀ। ਮੇਰਾ ਸਿਰ ਹੇਠਾਂ ਵੱਲ ਨੂੰ ਝਟਕਦਾ, ਤੇ ਛਿਣ ਕੁ ਅੱਖਾਂ ਖੋਲ੍ਹ ਕੇ ਮੈਂ ਸਿਰ ਨੂੰ ਉੱਪਰ ਨੂੰ ਅਗਾਸ ਲੈਂਦਾ। ਅੱਧੇ ਕੁ ਘੰਟੇ ਬਾਅਦ ਬਲਵੰਤ ਨੇ ਮੇਰਾ ਮੋਢਾ ਝੰਜੋੜਿਆ, ਤੇ ਮੈਂ ਤ੍ਰਭਕ ਕੇ ਬੈਂਚ ਤੋਂ ਉੱਛਲਿਆ। ਉਸਨੇ ਦਾਲ਼ ਨਾਲ਼ ਭਰਿਆ ਕਸੋਰਾ ਫ਼ਰਸ਼ ਉੱਤੇ ਟਿਕਾਅ ਕੇ ਰੋਟੀਆਂ ਵਾਲ਼ਾ ਲਿਫ਼ਾਫ਼ਾ ਮੇਰੇ ਵੱਲ ਵਧਾਅ ਦਿੱਤਾ।
ਚਮੜੇ ਦੇ ਬੈਗ਼ ‘ਚੋਂ ਦੋ ਤਿੰਨ ਅਖ਼ਬਾਰ ਕੱਢ ਕੇ ਉਹਨਾਂ ਨੂੰ ਫ਼ਰਸ਼ ਉੱਤੇ ਚਾਦਰ ਵਾਂਙ ਵਿਛਾਉਂਦਿਆਂ ਉਹ ਬੋਲਿਆ: ਕਾਲ ਤਾਂ ਪਤਾ ਨੀ ਕਦੋਂ ਮਿਲ਼ੇ; ਇਉਂ ਕਰੀਏ ਬਈ ਵਾਰੀਆਂ ਬੰਨ੍ਹ ਲੀਏ: ਪਹਿਲਾਂ ਮੈਂ ਸੌਂ ਲੈਨਾ ਦੋ ਘੰਟੇ, ਦਸ ਵਜੇ ਤਾਈਂ!
ਜੁੱਤੀ ਨੂੰ ਬੈਂਚ ਹੇਠ ਟਿਕਾਅ ਕੇ ਉਹ ਫ਼ਰਸ਼ ਉੱਤੇ ਵਿਛਾਏ ਅਖ਼ਬਾਰਾਂ ਉੱਤੇ ਲਮ-ਲੇਟ ਹੋ ਗਿਆ। ਮੇਰੇ ਵੱਲ ਪਿੱਠ ਕਰ ਕੇ ਉਸ ਨੇ ਚਮੜੇ ਦੇ ਬੈਗ਼ ਨੂੰ ਆਪਣੇ ਸਿਰ ਹੇਠ ਕਰ ਲਿਆ। ਜਦੋਂ ਨੂੰ ਦੋ ਰੋਟੀਆਂ ਮੁਕਾਅ ਕੇ ਮੈਂ ਕਸੋਰੇ ਨੂੰ ਬੈਂਚ ਹੇਠ ਕੀਤਾ, ਬਲਵੰਤ ਦੇ ਘੁਰਾੜੇ ਡਾਕਖਾਨੇ ਦੇ ਮੁੱਖ ਦਰਵਾਜ਼ੇ ਨੂੰ ਹਿਲਾਉਣ ਲੱਗ ਪਏ ਸਨ।
ਅੱਧੇ ਕੁ ਘੰਟੇ ਬਾਅਦ ਟੈਲੀਫ਼ੋਨ ਵਾਲ਼ਾ ਬਾਬੂ ਆਪਣੀਆਂ ਐਨਕਾਂ ਦੇ ਉੱਪਰੋਂ ਦੀ ਮੇਰੇ ਵੱਲ ਝਾਕਿਆ।
- ਟੇਢੇ ਹੋ ਜੋ, ਸਰਦਾਰ ਜੀ, ਹੈਥੇ ਬੈਂਚ ‘ਤੇ, ਉਹ ਆਪਣੀਆਂ ਐਨਕਾਂ ਨੂੰ ਹੇਠਾਂ-ਉੱਤੇ ਕਰਦਾ ਹੋਇਆ ਬੋਲਿਆ। –ਬੈਠਣ ਦੀ ਲੋੜ ਨੀ! ਕਾਲ ਤੁਹਾਡੀ ਹੋ ਸਕਦੈ ਪੰਜ ਮਿੰਟ ‘ਚ ਮਿਲ਼ਜੇ, ਤੇ ਹੋ ਸਕਦੈ ਕਈ ਦਿਨ ਉਡੀਕਣਾ ਪਵੇ!
-ਅੱਛਾਅ?
–ਜਦੋਂ ਕਾਲ ਥਰੂ ਹੋ ਗੀ ਮੈਂ ਆਪ ਈ ਜਗਾਦੂੰ ਤੁਹਾਨੂੰ! ਬਾਬੂ ਆਪਣੇ ਕਾਊਂਟਰ ਨੂੰ ਥਾਪੜਦਾ ਹੋਇਆ ਬੋਲਿਆ।
ਮੇਰੇ ਹੱਥ ਮੇਰੀ ਪਗੜੀ ਦੀ ਪਿੱਠ ‘ਤੇ ਜਾ ਟਿਕੇ, ਤੇ ਮੇਰੀਆਂ ਅੱਖਾਂ ਬੈਂਚ ਦੇ ਆਸੇ-ਪਾਸੇ ਤੇ ਹੇਠਾਂ-ਉੱਪਰ ਨੂੰ ਟੋਹਣ ਲੱਗੀਆਂ।
-ਪਗੜੀ ਨੂੰ ਐਧਰ ਮੇਰੇ ਟੇਬਲ ‘ਤੇ ਰੱਖ ਦਿਓ! ਬਾਬੂ ਬੋਲਿਆ।
-ਅਖ਼ਬਾਰ ਮਿਲ਼ਜੂ ਕੋਈ, ਬਾਬੂ ਜੀ? ਮੈਂ ਆਪਣੀ ਪਗੜੀ ਨੂੰ ਉਤਾਰ ਬਾਬੂ ਦੇ ਕਾਊਂਟਰ ਵੱਲ ਵਧਿਆ।
ਬਾਬੂ ਨੇ ਆਪਣਾ ਹੱਥ ਆਪਣੇ ਪਿੱਛੇ ਮੇਜ਼ ਵੱਲੀਂ ਵਧਾਇਆ, ਤੇ ਤਹਿ ਕੀਤੇ ਅੰਗਰੇਜ਼ੀ ‘ਟਰਬਿਊਨ’ ਅਖ਼ਬਾਰ ਨੂੰ ਮੇਰੇ ਸਾਹਮਣੇ ਰੱਖ ਦਿੱਤਾ। ਸੱਜੀ ਗੁਰਗਾਬੀ ਦੇ ਪੰਜੇ ਨੂੰ ਖੱਬੀ ਗੁਰਗਾਬੀ ਦੀ ਅੱਡੀ ਦੇ ਅੰਦਰਲੇ ਪਾਸੇ ਅਤੇ ਖੱਬੀ ਦੇ ਪੰਜੇ ਨੂੰ ਸੱਜੀ ਦੀ ਅੱਡੀ ਦੇ ਅੰਦਰਲੇ ਪਾਸੇ ਥੁੰਨ ਕੇ ਮੈਂ ਦੋਹਾਂ ਦੀ ਗਲਵੱਕੜੀ ਪੁਆ ਦਿੱਤੀ। ਅਖ਼ਬਾਰ ਨੂੰ ਖੋਲ੍ਹ ਕੇ ਹੁਣ ਮੈਂ ਇੱਕ-ਮਿੱਕ ਹੋਈਆਂ ਜੁੱਤੀਆਂ ਦੇ ਉਦਾਲ਼ੇ ਲਪੇਟ ਦਿੱਤਾ। ਅਗਲੇ ਪਲੀਂ ਅਖ਼ਬਾਰ ਵਿੱਚ ਲਪੇਟੀ ਗੁਰਗਾਬੀ ਮੇਰੇ ਸਿਰ ਹੇਠਾਂ ਸੀ, ਅਤੇ ਮੇਰੀਆਂ ਲੱਤਾਂ ਬੈਂਚ ਦੀ ਪਰਲੀ ਬਾਹੀ ਤੀਕ ਫੈਲੀਆਂ ਹੋਈਆਂ ਸਨ।
ਛੱਤ ਤੋਂ ਹਵਾ ਘੱਟ ‘ਤੇ ਹੂੰਗੇ ਬਹੁਤੇ ਖਿਲਾਰਦੇ ਪੱਖੇ ਦੇ ਫਰਾਂ ਦਾ ਬੁਢੇਪਾ ਦੇਖ ਕੇ ਮੈਂ ਬਾਬੂ ਵੱਲੀਂ ਝਾਕਿਆ: ਜ਼ਰਾ ਕੁ ਤੇਜ਼ ਨੀ ਹੋ ਸਕਦਾ ਏਹ ਪੱਖਾ, ਬਾਊ ਜੀ!
ਬਾਬੂ ਦੇ ਚਿਹਰੇ ‘ਤੇ ਸ਼ਰਾਰਤ ਟਪਕਣ ਲੱਗੀ। –ਇਹ ਤਾਂ ਹੁਣ ਹੱਡਾਰੋੜੀ ਦੀ ਤਿਆਰੀ ‘ਚ ਐ, ਸਰਦਾਰ ਜੀ!
ਪੰਜਾਂ ਕੁ ਮਿੰਟਾਂ ਬਾਅਦ, ਬਾਬੂ ਦੇ ਪਿਛਲੇ ਪਾਸੇ ਵਾਲ਼ੇ ਕੈਬਿਨ ‘ਚ ਲਗਾਤਾਰ ਕੜਿੱਕ-ਕੜਿੱਕ, ਕੜਿੱਕ-ਕੜਿੱਕ ਹੋਣ ਲੱਗੀ। –ਟੈਲੀਗਰਾਮ ਆਉਂਦੀ ਹੋਣੀ ਐਂ, ਮੈਂ ਸੋਚਣ ਲੱਗਾ।
ਕੜਿੱਕ-ਕੜਿੱਕ ਸੁਣਦਿਆਂ ਸੁਣਦਿਆਂ ਮੈਂ ਆਪਣੇ ਪਿੰਡ ਵਾਲ਼ੇ ਘਰ ‘ਚ ਸਾਈਕਲ ਕੋਲ਼ ਜਾ ਖਲੋਤਾ। ਕੰਧ ਨਾਲ਼ ਢੋਅ ਲਾਈ ਖਲੋਤੇ ਸਾਈਕਲ ਨੂੰ ਮੈਂ ਸਟੈਂਡ ਉੱਪਰ ਖੜ੍ਹਾ ਕਰ ਲਿਆ। ਪਾਣੀ ਦੀ ਬਾਲਟੀ ‘ਚ ਪਾਟੀ ਹੋਈ ਬੁਨਾਇਣ ਘਚੱਲ ਕੇ ਸਾਈਕਲ ਦੇ ਫਰੇਮ ਉੱਪਰ ਮਲ਼ ਰਿਹਾ ਸਾਂ ਕਿ ਟਾਇਰਾਂ ਵਿੱਚੋਂ ਭਰਿੰਡ ਨਿਕਲਣ ਲੱਗ ਪਏ। ਮੈਂ ਪੈਡਲਾਂ ਨੂੰ ਗੇੜ ਕੇ ਪਿੱਛਲੇ ਚੱਕੇ ਨੂੰ ਗੇੜਾ ਪਾ ਦਿੱਤਾ। ਚੱਕੇ ਨੇ ਤੇਜ਼ੀ ਫੜ ਲਈ ਤਾਂ ਸਾਈਕਲ ਧੁਰਲੀ ਮਾਰ ਕੇ ਸਟੈਂਡ ਤੋਂ ਉੱਤਰ ਗਿਆ। ਮੈਂ ਮਗਰ ਦੌੜਿਆ। ਸਾਈਕਲ ਮੂਹਰੇ ਮੂਹਰੇ ਤੇ ਮੈਂ ਪਿੱਛੇ ਪਿੱਛੇ! ਸਾਈਕਲ ਦੀ ਕਾਠੀ ਵਾਰ ਵਾਰ ਪਿੱਛੇ ਵੱਲ ਨੂੰ ਘੁੰਮਦੀ ਜਿਵੇਂ ਦੇਖ ਰਹੀ ਹੋਵੇ ਕਿ ਮੈਂ ਕਿੰਨੀ ਕੁ ਨੇੜੇ ਆ ਗਿਆ ਹਾਂ। ਦੌੜਦਾ ਦੌੜਦਾ ਹਫ਼ ਗਿਆ ਸਾਂ ਮੈਂ। ਫਿਰ ਪਰਲੇ ਪਾਸੇ ਖਲੋਤੀ ਦਿਸੀ: ਬੇਬੇ ਕਹਿਣ ਲੱਗੀ: ਵੇ ਚੜ੍ਹ ਜਾਣਦੇ ਸਾਈਕਲ ਨੂੰ ਅਸਮਾਨ ‘ਚ; ਚੜ੍ਹ ਜਾਣਦੇ!
ਦੇਖਦੇ ਹੀ ਦੇਖਦੇ ਸਾਈਕਲ ਅਸਮਾਨ ਵਿੱਚ ਉੱਡਣ ਲੱਗਾ: ਬੱਦਲਾਂ ਨੂੰ ਚੀਰਦਾ ਹੋਇਆ, ਉੱਪਰ, ਹੋਰ ਉੱਪਰ, ਤੇ ਹੋਰ ਹੋਰ ਉੱਪਰ! ਬੇਬੇ ਨੇੜੇ ਆ ਗਈ: ਇੱਕ ਹੱਥ ‘ਚ ਕੁੱਕੜ, ਤੇ ਦੂਸਰੇ ‘ਚ ਕਿਤਾਬ! ਕਹਿੰਦੀ ਆਹ ਫੜ ਕਿਤਾਬ, ਤੇ ਚੜ੍ਹ ਏਸ ਕੁੱਕੜ ‘ਤੇ, ਤੇ ਉੱਡ ਜਾ ਸੈਕਲ ਦੇ ਮਗਰੇ ਈ!
ਮੈਂ ਕੁੱਕੜ ‘ਤੇ ਬੈਠਣ ਲਈ ਆਪਣੀ ਪੈਂਟ ਦੀ ਮੂਹਰੀ ਨੂੰ ਉੱਪਰ ਵੱਲ ਨੂੰ ਖਿੱਚਆ ਹੀ ਸੀ ਕਿ ਕਿਸੇ ਨੇ ਮੇਰਾ ਮੋਢਾ ਹਲੂਣਿਆਂ: ਮੈਂ ਸਿਰ ਝਟਕ ਕੇ ਉੱਠਿਆ, ਤੇ ਆਪਣੇ ਢਿਲ਼ਕ ਗਏ ਜੂੜੇ ਨੂੰ ਬੰਨ੍ਹਣ ਲਈ ਹੱਥਾਂ ਨੂੰ ਸਿਰ ਵੱਲ ਨੂੰ ਵਧਾਇਆ। -ਉੱਠੋ ਸਰਦਾਰ ਜੀ, ਬਾਬੂ ਆਪਣੇ ਹੱਥ ਨੂੰ ਖੋਲ੍ਹ ਕੇ ਅੰਦਰ ਵੱਲ ਨੂੰ ਝਟਕੀ ਜਾ ਰਿਹਾ ਸੀ।
-ਜਲਦੀ ਕਰੋ! ਕਨੇਡਾ ਪਾਰਟੀ ਲਾਈਨ ‘ਤੇ ਐ! ਕਿਤੇ ਡਿਸਕੁਨੈਕਟ ਨਾ ਹੋ’ਜੇ!
ਜੁੱਤੀ ਨੂੰ ਬੈਂਚ ‘ਤੇ ਛੱਡ ਕੇ ਮੈਂ ਫੋਨ ਬੂਥ ਵੱਲੀਂ ਦੌੜਿਆ।
-ਹੈਲੋ! ਮੇਰੀ ਅਵਾਜ਼ ਵਾਗ ਹੀ ਥਿੜਕ ਰਹੇ ਹੱਥ ਨਾਲ਼ ਫ਼ੋਨ ਦੇ ਚੋਂਗੇ ਨੂੰ ਮੈਂ ਆਪਣੇ ਸੱਜੇ ਕੰਨ ਨਾਲ਼ ਲਾ ਲਿਆ।
-ਹਾਂ ਜੀ, ਕੌਣ ਬੋਲਦੇ ਓਂ! ਅਗਲੇ ਪਾਸਿਓਂ ਡੂੰਘੀ ਜਿਹੀ ਆਵਜ਼ ਆਈ।
-ਓ ਬਈ ਪ... ਪ... ਪਿਆਰਾ ਸਿੰਘ ਨਾਲ਼ ਗੱਲ ਕਰਨੀ ਸੀ।
-ਹਾਂ ਜੀ ਮੈਂ ਪਿਆਰਾ ਸਿੰਘ ਈ ਬੋਲਦਾਂ!
ਧੱਕਾ ਦੇ ਕੇ ਆਪਣੇ ਅੰਦਰ ਹਰਦਿਆਲ ਸਿੰਘ ਨੂੰ ਵਾੜਦਿਆਂ ਮੇਰੇ ਮੱਥੇ ਉੱਪਰ ਤ੍ਰੇਲ਼ੀਆਂ ਛਲਕਣ ਲੱਗੀਆਂ।
-ਮੈਂ ਹ... ਹ... ਹਰਦਿਆਲ ਸਿਓ੍ਹਂ ਬੋਲਦਾਂ ਸ... ਸ... ਸੁਧਾਰ ਕਾਲਜ ਵਾਲ਼ਾ ਪ੍ਰੋਫ਼ੈਸਰ!
-ਸਾ ਸ੍ਰੀ ‘ਕਾਲ ਜੀ, ਪ੍ਰਫ਼ੈਸਰ ਸਾਅ੍ਹਬ! ਕੀ ਹਾਲ ਨੇ ਤੁਹਾਡੇ?
-ਓ ਹਾਲ ਤਾਂ ਠੀਕ ਐ ਪਿਆਰਾ ਸਿਅ੍ਹਾਂ, ਤ... ਤ... ਤੇਰੀ ਚਿੱਠੀ ਮਿਲੀ ਸੀ ਕੱਲ੍ਹ!
-ਅੱਛਾ ਜੀ? ਬੜੀ ਛੇਤੀ ਮਿਲ਼ਗੀ!
-ਆਹੋ, ਚਿੱਠੀ ਤੋਂ ਈ ਪਤਾ ਲੱਗਿਆ ਬਈ ਤੂੰ ਤਾਂ ਕਨੇਡਾ ਜਾ ਨਿਕਲਿਆ।
-ਹਾਂ ਜੀ, ਆਉਣਾ ਈ ਪੈਣਾ ਸੀ! ਪੰਜਾਬ ਵਿੱਚ ਨੌਕਰੀਆਂ ਕਰ ਕੇ ਕੁਛ ਨੀ ਬਣਦਾ, ਪ੍ਰੋਫ਼ੈਸਰ ਸਾਅ੍ਹਬ!
-ਅੱਛਾ, ਬਾਕੀ ਗੱਲਾਂ ਤਾਂ ਮੈਂ ਲਿਖੂੰ ਚਿੱਠੀ ‘ਚ ਪਰ ਇੱਕ ਬੇਨਤੀ ਕਰਨੀ ਐਂ ਬਹੁਤ ਜ਼ਰੂਰੀ!
-ਹੁਕਮ ਕਰੋ ਪ੍ਰੋਫ਼ੈਸਰ ਸਾਅ੍ਹਬ!
-ਓ ਆਪਣੇ ਕਾਲਜ ‘ਚ ਇੱਕ ਅੰਗਰੇਜ਼ੀ ਦਾ ਪ੍ਰਫ਼ੈਸਰ ਆਇਐ ਦੋ ਸਾਲ ਪਹਿਲਾਂ; ਇਕਬਾਲ ਸਿੰਘ ਐ ਓਹਦਾ ਨਾਮ!
-ਪਤੈ ਜੀ ਮੈਨੂੰ, ਰਾਮੂਵਾਲੀਏ ਕਰਨੈਲ ਪਾਰਸ ਦਾ ਲੜਕਾ ਐ...
-ਹਾਂ, ਹਾਂ, ਓਹੀ ਐ।
- ਰਕਾਡ ਸੁਣਦੇ ਹੁੰਦੇ ਸੀ ਨਿੱਕੇ ਹੁੰਦੇ ਲਾਉਡ ਸਪੀਕਰ ‘ਤੇ ਕਰਨੈਲ ਪਾਰਸ ਦਾ ‘ਕਿਉਂ ਫੜੀ ਸਿਪਾਹੀਆਂ ਨੇ ਭੈਣੋਂ ਇਹ ਹੰਸਾਂ ਦੀ ਜੋੜੀ’!
-ਆਹੋ, ਬਿਲਕੁਲ ਓਹੀ, ਉਹੀ!
-ਮੈਂ ਜਦੋਂ ਚੰਡੀਗੜ੍ਹੋਂ ਪਿੰਡ ਆਉਂਦਾ ਸੀ ਦੋ ਕੁ ਹਫ਼ਤੀਂ, ਪ੍ਰੋਫ਼ੈਸਰ ਸਾਅ੍ਹਬ, ਤਾਂ ਪਤਾ ਕਰਦਾ ਰਹਿੰਦਾ ਸੀ ਸਧਾਰ ਕਾਲਜ ਬਾਰੇ; ਮੁੰਡੇ ਦਸਦੇ ਸੀ ਬਈ ਪ੍ਰੋਫ਼ੈਸਰ ਇਕਬਾਲ ਸਿਓ੍ਹਂ ਗਾਉਂਦਾ ਬੜਾ ਸੋਹਣੈ!
-ਬਿਲਕੁਲ, ਬਿਲਕੁਲ!
-ਹਾਂ, ਕਰੋ ਹੁਕਮ, ਪ੍ਰੋਫ਼ੈਸਰ ਸਾਅ੍ਹਬ!
-ਇਕਬਾਲ ਸਿਓ੍ਹਂ ਦਾ ਛੋਟਾ ਭਰਾ ਐ ਰਛਪਾਲ।
-ਅੱਛਾ ਜੀ!
-ਉਹ ਆਪਣੇ ਸੁਧਾਰ ਕਾਲਜ ‘ਚ ਈ ਐਮ. ਏ. ਕਰ ਰਿਹੈ ਅੰਗਰੇਜ਼ੀ ਦੀ!
-ਅੱਛਾ ਜੀ!
-ਓ ਯਾਰ, ਸੁਆਲ ਪਾਉਣ ਨੂੰ ਦਿਲ ਤਾਂ ਨੀ ਕਰਦਾ ਪਰ...
-ਪਰ ਕਾਹਦੀ ਪ੍ਰਫ਼ੈਸਰ ਸਾਅ੍ਹਬ! ਹੁਕਮ ਕਰੋ!
-ਓਹਨੂੰ ਮਦਦ ਚਾਹੀਦੀ ਐ ਤੇਰੀ!
-ਮੱਦਦਅਅਅ... ਮੱਦਦ ਹੁਣ ਤੁਸੀਂ ਜਦੋਂ ਕਹਿ ਈ ਦਿੱਤਾ ਤਾਂ ਜਰੂਰ ਕਰੂੰਗਾ, ਪਰ ਬਹੁਤੀ ਤਾਂ ਨੀ ਕਰ ਹੋਣੀ, ਪ੍ਰੋਫ਼ੈਸਰ ਸਾਅ੍ਹਬ!
-ਨੲ੍ਹੀਂ ਕਰਨੀ ਐਂ ਡਟ ਕੇ! ਮੈਂ ਵਾਅਦਾ ਕਰ ਲਿਆ ਉਨ੍ਹਾਂ ਨਾਲ਼!
-ਕਰੂੰ ਜਰੂਰ, ਪ੍ਰੋਫ਼ੈਸਰ ਸਾਅ੍ਹਬ, ਪਰ ਵਿਤ ਮੁਤਾਬਿਕ; ਮੈਂ ਵੀ ਨਵਾਂ ਈ ਆਇਆਂ; ਪੈਰ ਨੀ ਲੱਗੇ ਮੇਰੇ ਵੀ ਹਾਲੇ...
-ਉਹ ਤਾਂ, ਪਿਆਰਾ ਸਿਅ੍ਹਾਂ ਸਮਝਦਾਂ ਮੈਂ ਵੀ...
-ਉਧਾਰ ਫੜੇ ਸੀ ਪੈਸੇ ਕਨੇਡਾ ਆਉਣ ਲਈ; ਥੋਨੂੰ ਪਤੈ ਬਈ ਇੱਕ ਤਾਂ ਟਿਕਟ ਲੈਣਾ ਸੀ, ਤੇ ਦੂਸਰਾ ਡਾਲਰ ਵੀ ਖਰੀਦਣੇ ਪਏ ਬਲੈਕ ‘ਚ; ਸਾਢੇ ਸੱਤ ਰੁਪਈਆਂ ਵਾਲ਼ਾ ਅਮਰੀਕਨ ਡਾਲਰ ਉੱਨੀ ਰੁਪਏ ‘ਚ ਮਿਲ਼ਿਆ: ਓਹ ਉਧਾਰ ਲਾਹੁਣੈ ਪਹਿਲਾਂ...
-ਓ ਪਿਆਰਾ ਸਿਅ੍ਹਾਂ, ਮਦਦ ਬਹੁਤੀ ਨੀ ਮੰਗਦਾ ਮੈਂ; ਬਸ ਏਅਰਪੋਟ ਤੋਂ ਲੈ ਜੀਂ ਆਵਦੇ ਕੋਲ਼ ਤੇ ਦੋ ਚਾਰ ਰਾਤਾ ਕਟਾ ਕੇ ਕੰਮ ਕੁੰਮ ‘ਤੇ ਲੁਆਦੀਂ...
-ਉਹਨੇ ਕਨੇਡਾ ਆਉਣੈ, ਪ੍ਰੋਫ਼ੈਸਰ ਸਾਅ੍ਹਬ?
-ਹਾਂ, ਹਾਂ, ਆਉਣ ਨੂੰ ਫਿਰਦੈ, ਪਰ ਬੰਦਾ ਨੀ ਸੀ ਮਿਲ਼ਦਾ ਗਾਹਾਂ ਸਾਂਭਣ ਵਾਲ਼ਾ!
-ਓ ਸੌਰੀ ਜੀ, ਮੈਂ ਸਮਝਿਆ ਕਿਤੇ ਫੀਸ ਫੂਸ ਲਈ ਮਦਦ ਮੰਗਦੇ ਓਂ!
-ਨੲ੍ਹੀਂ, ਨੲ੍ਹੀਂ, ਪਿਆਰਾ ਸਿਅ੍ਹਾਂ; ਪੈਸਿਆਂ ਦੀ ਮਦਦ ਨੀ ਮੰਗਦੇ!
-ਓਹ ਤਾਂ ਤੁਸੀਂ ਚਿੰਤਾ ਨਾ ਕਰੋ; ਪੂਰੀ ਮੱਦਦ ਕਰੂੰ ਜਿੰਨੀ ਦੇਰ ਪੈਰ ਨੀ ਲਗਦੇ!
-ਬਹੁਅਅਤ ਧੰਨਵਾਦ, ਬਈ ਪਿਆਰਾ ਸਿਅ੍ਹਾਂ!
-ਕੰਮ ਬਹੁਤ ਛੇਤੀ ਮਿਲ਼ ਜਾਂਦੈ ਏਥੇ; ਪ੍ਰੋਫ਼ੈਸਰ ਸਾਅ੍ਹਬ! ਆਉਂਦੇ ਨੂੰ ਲਵਦੂੰ ਕਿਸੇ ਫੈਕਟਰੀ ‘ਚ!
-ਜੀਂਦਾ ਰਹਿ, ਪਿਆਰਾ ਸਿਅ੍ਹਾਂ, ਧੰਨਵਾਦ!
-ਨਾ ਜੀ, ਧੰਨਵਾਦ ਵਾਲ਼ੀ ਕੋਈ ਗੱਲ ਨੀ, ਪਰ ਜਲਦੀ ਚੜ੍ਹਾ ਦਿਓ!
-ਪੰਜ ਸੱਤ ਦਿਨ ਤਾਂ ਲੱਗ ਈ ਜਾਣਗੇ!
-ਏਨੀ ਦੇਰੀ ਨਾ ਕਰੋ ਜੀ; ਸਖ਼ਤੀ ਹੋ ਜਾਣੀ ਛੇਤੀ ਈ ਸਰਕਾਰ ਵੱਲੋਂ!
-ਕੀ ਗੱਲ?
- ਅਜੰਟ ਤਾਂ, ਪ੍ਰਫ਼ੈਸਰ ਸਾਅ੍ਹਬ, ਜਹਾਜਾਂ ਦੇ ਜਹਾਜ ਭਰ ਭਰ ਕੇ ਭੇਜਣ ਲੱਗਗੇ ਪੰਜਾਬ ਤੋਂ!
-ਅੱਛਾਅ?
-ਹਾਂ ਜੀ! ਉਹਨੂੰ ਦੱਸ ਦਿਓ ਬਈ ਇੰਮੀਗਰੇਸ਼ਨ ਨੂੰ ਇਹ ਨੀ ਕਹਿਣਾ ਕਿ ਪੱਕੇ ਤੌਰ ‘ਤੇ ਰਹਿਣ ਲਈ ਆਇਆਂ!
-ਠੀਕ ਐ!
-ਉਮਰ ਕਿੰਨੀ ਕੁ ਐ ਉਹਦੀ?
-ਉਮਰ... ਬੱਸ 23-24 ਸਾਲ ਦਾ ਹੋਣੈ!
-ਇੰਮੀਗਰੇਸ਼ਨ ਅਫ਼ਸਰ ਨੂੰ ਇਹੀ ਆਖੇ ਬਈ ਮੈਂ ਸਟੂਡੈਂਟ ਆਂ, ਤੇ ਮਹੀਨੇ ਲਈ ਵਿਜਿ਼ਟ ਕਰਨ ਆਇਆਂ।
-ਉਹ ਤਾਂ ਸਾਰਾ ਕੁਛ ਸਮਝਾ‘ਤਾ ਓਹਨੂੰ ਅਜੰਟਾਂ ਨੇ।
-ਸ਼ਕਲ ਸੂਰਤ ਟੂਰਿਸਟਾਂ ਵਾਲ਼ੀ ਬਣਾ ਕੇ ਆਵੇ। ਬੱਸ ਇੱਕ ਨਿੱਕਾ ਜਿਹਾ ਬੈਗ਼ ਤੇ ਥੋੜ੍ਹੇ ਜੲ੍ਹੇ ਕੱਪੜੇ! ਦੋ ਤਿੰਨ ਕਿਤਾਬਾਂ ਸੁੱਟ ਲੇ ਬੈਗ਼ ‘ਚ!
-ਠੀਕ ਆ!
-ਚਾੜ੍ਹ ਦਿਓ ਜਲਦੀ ਜਲਦੀ; ਮੈਂ ਆ ਜੂੰ ਏਅਰਪੋਟ ‘ਤੇ!
-ਰਛਪਾਲ ਐ ਨਾਮ ਉਹਦਾ!
-ਬੱਸ ਟੈਲੀਗਰਾਮ ਕਰ ਦਿਓ ਕਿ ਕਿਹੜੀ ਫਲਾਈਟ ਤੇ ਕਿੰਨੇ ਵਜੇ ਉੱਤਰਨੈ!
-ਧੰਨਵਾਦ ਪਿਆਰਾ ਸਿਅ੍ਹਾਂ; ਬਾਕੀ ਮੈਂ ਚਿੱਠੀ ‘ਚ ਲਿਖੂੰ!
ਬਾਬੂ ਨੇ ਪੈਸੇ ਗਿਣ ਕੇ ਰਸੀਦ ਮੇਰੇ ਹੱਥ ‘ਚ ਫੜਾਅ ਦਿੱਤੀ।
ਮੈਂ ਬਲਵੰਤ ਨੂੰ ਹਲੂਣਿਆਂ!
-ਕਿੰਨੇ ਵੱਜਗੇ? ਉਹ ਅੱਖਾਂ ਮਲ਼ਦਾ ਹੋਇਆ ਬੋਲਿਆ।
-ਵੱਜੇ ਤਾਂ ਹਾਲੇ ਪੌਣੇ ਬਾਰਾਂ ਈ ਐ, ਪਰ ਪਿਆਰੇ ਨਾਲ਼ ਹੋਗੀ ਗੱਲ!
-ਐਡੀ ਛੇਤੀ?
-ਹਾਂ, ਛੇਤੀ ਈ ਮਿਲ਼ਗੀ ਲਾਈਨ!
-ਅੱਛਾ? ਬਲਵੰਤ ਨੇ ਆਪਣੇ ਭਰਵੱਟੇ ਆਪਣੇ ਜੂੜ ਵੱਲ ਨੂੰ ਖਿੱਚ ਲਏ। -ਕੀ ਬੋਲਿਆ ਫਿ਼ਰ ਪਿਆਰਾ ਪੰਨੂੰ?
-ਕਹਿੰਦਾ ਛੇਤੀ ਤੋਂ ਛੇਤੀ ਘੱਲ ਦਿਓ!
-ਅੱਛਾਅ?
-ਚੱਕ ਫੇਰ ਮੋਟਰਸਾਈਕਲ, ਤੇ ਪਾ ਚਾਲੇ ਸੁਧਾਰ ਨੂੰ! ਕਲ੍ਹ ਤੋਂ ਪੈਸੇ ‘ਕੱਠੇ ਕਰਨ ਲੱਗੀਏ!
(905-792-7357; ramoowalia@gmail.com)

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346