Welcome to Seerat.ca
Welcome to Seerat.ca

ਗ਼ਦਰੀ ਬਾਬੇ ਕੌਣ ਸਨ?

 

- ਵਰਿਆਮ ਸਿੰਘ ਸੰਧੂ

ਨਾਵਲ ਅੰਸ਼ / ਪਿੱਛਾ ਰਹਿ ਗਿਆ ਦੂਰ

 

- ਹਰਜੀਤ ਅਟਵਾਲ

ਮੌਤ ਦੇ ਪਰਛਾਵਿਆਂ ਹੇਠ

 

- ਜਰਨੈਲ ਸਿੰਘ ਕਹਾਣੀਕਾਰ

ਚਲੇ ਗਏ ਪਾਸ਼ ਦੇ ਪਾਪਾ, ਮੇਰੇ ਪਾਪਾ, ਸਾਡੇ ਪਾਪਾ

 

- ਗੁਲਸ਼ਨ ਦਿਆਲ

ਖਾਲੀ ਸੀਟ

 

- ਅਮਰਜੀਤ ਕੌਰ ਹਿਰਦੇ

ਪਿੰਡ ਚਕਰ ਦੀਆਂ ਕਿਆ ਬਾਤਾਂ!

 

- ਪ੍ਰਿੰ. ਬਲਕਾਰ ਸਿੰਘ ਬਾਜਵਾ

ਪਹਿਲੀ ਮੁਲਾਕਾਤ ਤੋਂ ਆਖਰੀ ਵਿਦਾਇਗੀ

 

- ਸੰਤੋਖ ਸਿੰਘ ਸੰਤੋਖ

ਪੰਜਾਬੀ ਸੂਬੇ ਦਾ ਜਿਉਂਦਾ ਜਾਗਦਾ ਇਤਿਹਾਸ
ਗਿਆਨੀ ਸੰਤੋਖ ਸਿੰਘ

 

- ਨਿਰਮਲ ਸਿੰਘ ਨੋਕਵਾਲ

ਸਾਹਿਤਕ ਸਵੈਜੀਵਨੀ / ਸੋਚ ਅਤੇ ਅਮਲ ਦੇ ਰਾਹ ‘ਤੇ ਪਹਿਲੇ ਕਦਮ

 

- ਵਰਿਆਮ ਸਿੰਘ ਸੰਧੂ

ਕਹਾਣੀ / ਅੰਨ੍ਹਾ !

 

- ਮਿੰਟੂ ਗੁਰੂਸਰੀਆ

ਆਪਣੀ ਹੀ ਕੁੱਲੀ

 

- ਮਲਕੀਅਤ "ਸੁਹਲ"

ਵਗਦੀ ਏ ਰਾਵੀ/ਨਨਕਾਣਾ ਸਾਹਿਬ ਦੇ ਗੁਰਧਾਮਾਂ ਦੇ ਦਰਸ਼ਨ ਦੀਦਾਰ

 

- ਵਰਿਆਮ ਸਿੰਘ ਸੰਧੂ

ਸਨ ਆਫ ਸਰਦਾਰ

 

- ਪੰਕਜਪਾਲ ਸਿੰਘ ਮੱਲੀ

ਤਿਆਰੀ ਅਧੀਨ ਪੁਸਤਕ ‘ਬਰਫ਼ ਵਿੱਚ ਉਗਦਿਆਂ’ ਵਿੱਚੋਂ / ਖੁਲ੍ਹ ਗਿਆ ਕਨੇਡਾ!!

 

- ਇਕਬਾਲ ਰਾਮੂਵਾਲੀਆ

 

Online Punjabi Magazine Seerat

ਮੌਤ ਦੇ ਪਰਛਾਵਿਆਂ ਹੇਠ
- ਜਰਨੈਲ ਸਿੰਘ ਕਹਾਣੀਕਾਰ

 

ਮੈਂ ਦਸਵੀਂ ਜਮਾਤ ਹਾਈ ਫਸਟ ਡਵੀਜ਼ਨ ‘ਚ ਪਾਸ ਕੀਤੀ ਸੀ। ਅਗਾਂਹ ਪੜ੍ਹਨ ਦੀ ਬੜੀ ਰੀਝ ਸੀ, ਪਰ ਘਰ ਦੀਆਂ ਤੰਗੀਆਂ-ਤੁਰਸ਼ੀਆਂ ਕਾਰਨ ਕਾਲਜ ਦੀ ਪੜ੍ਹਾਈ ਨਸੀਬ ਨਾ ਹੋਈ। ਨੌਕਰੀ ਲਈ ਹੱਥ-ਪੱਲੇ ਮਾਰੇ, ਪਰ ਕੋਈ ਗੱਲ ਨਾ ਬਣੀ। ਹਾਰ ਕੇ ਏਅਰ ਫੋਰਸ ਵਿੱਚ ਭਰਤੀ ਹੋ ਗਿਆ। ਸ਼ੁਰੂ ਵਿੱਚ ਇਹ ਨੌਕਰੀ ਮੈਨੂੰ ਡਾਢੀ ਔਖੀ ਲੱਗੀ। ਸੰਵੇਦਨਸ਼ੀਲ ਬੰਦੇ ਲਈ ਆਪਣੇ ਨਿੱਜ ਨੂੰ ਡਿਸਪਲਿਨ ‘ਚ ਢਾਲਣਾ ਮੁਸ਼ਕਲ ਹੁੰਦਾ ਹੈ, ਪਰ ਹੋਰ ਕੋਈ ਚਾਰਾ ਵੀ ਤਾਂ ਨਹੀਂ ਸੀ। ਮਸਲਾ ਰੋਟੀ-ਰੋਜ਼ੀ ਦਾ ਸੀ, ਆਪਣੇ ਪੈਰਾਂ ‘ਤੇ ਖਲੋਣ ਦਾ ਸੀ।
ਸੋ ਮੈਂ ਆਪਣੀ ਸੋਚ ਨੂੰ ਹਵਾਈ ਸੈਨਾ ਦੇ ਚੰਗੇ ਪਹਿਲੂਆਂ ‘ਤੇ ਫੋਕਸ ਕਰਨਾ ਸ਼ੁਰੂ ਕੀਤਾ … ਨੌਕਰੀ ਦੇ ਨਾਲ-ਨਾਲ ਮੈਂ ਪ੍ਰਾਈਵੇਟ ਵਿਦਿਆਰਥੀ ਦੇ ਤੌਰ ‘ਤੇ ਪੜ੍ਹ ਵੀ ਸਕਦਾ ਸਾਂ, ਅਫਸਰੀ ਦਾ ਚਾਂਸ ਵੀ ਲੱਗ ਸਕਦਾ ਸੀ।
ਮੈਨੂੰ ਹਵਾਈ ਜਹਾਜ਼ਾਂ ਦੇ ਇੰਜਣ-ਮਕੈਨਿਕ ਦੀ ਟਰੇਡ ਮਿਲੀ ਸੀ। ਇਸ ਟਰੇਡ ਦੀ ਪੜ੍ਹਾਈ ਅਤੇ ਬਾਅਦ ਦੇ ਕੁੱਝ ਹੋਰ ਕੋਰਸ ਅਤੇ ਇਮਤਿਹਾਨ ਨਿਬੇੜਦਿਆਂ ਤਿੰਨ ਸਾਲ ਬੀਤ ਗਏ। ਫਿਰ ਮੈਂ ਪ੍ਰਾਈਵੇਟਲੀ ਅਕਾਦਮਿਕ ਪੜ੍ਹਾਈ ਆਰੰਭ ਲਈ। ਕਮਿਸ਼ਨਡ ਅਫਸਰ ਬਣਨ ਲਈ ਯਤਨ ਕੀਤੇ ਪਰ ਰਹਿ ਗਿਆ। ਖੈਰ ਮੈਂ ਪੜ੍ਹਾਈ ਜਾਰੀ ਰੱਖੀ। ਦੋ ਐੱਮ ਏ (ਅੰਗਰੇਜ਼ੀ ਤੇ ਪੰਜਾਬੀ) ਕੀਤੀਆਂ।
ਅਕਾਦਮਿਕ ਤਾਲੀਮ ਦੇ ਨਾਲ-ਨਾਲ ਮੈਂ ਜੀਵਨ ਦੀ ਤਾਲੀਮ ਵੀ ਹਾਸਲ ਕੀਤੀ। ਏਅਰ ਫੋਰਸ ਸਾਰੇ ਭਾਰਤੀਆਂ ਦੀ ਰਲੀ-ਮਿਲੀ ਸੈਨਾ ਹੋਣ ਕਰਕੇ ਹਰ ਸੂਬੇ ਦੇ ਲੋਕਾਂ ਸੰਗ ਵਿਚਰਨ ਦੇ ਭਰਪੂਰ ਮੌਕੇ ਮਿਲੇ। ਉਨ੍ਹਾਂ ਦੇ ਸੱਭਿਆਚਾਰਾਂ, ਭਾਸ਼ਾਵਾਂ, ਕਲਾਵਾਂ ਤੇ ਵਿਵਹਾਰ ਦੀਆਂ ਖਾਸੀਅਤਾਂ ਨੂੰ ਨੇੜਿਓਂ ਵੇਖਿਆ-ਘੋਖਿਆ। ਬਦਲੀਆਂ ਦੇ ਚੱਕਰ ਵਿੱਚ ਤਕਰੀਬਨ ਅੱਧੇ ਭਾਰਤ ਦਾ ਭਰਮਣ ਕੀਤਾ। ਦੂਰ-ਦੁਰਾਡੇ ਦੀਆਂ ਵਿਸ਼ੇਸ਼ ਤੇ ਅਜੀਬੋ-ਗਰੀਬ ਥਾਵਾਂ, ਜਿਹੜੀਆਂ ਕਦੇ ਸੁਪਨੇ ‘ਚ ਵੀ ਨਹੀਂ ਸਨ ਉੱਗੀਆਂ, ਉਹ ਵੇਖੀਆਂ। ਰਮਣੀਕ ਥਾਵਾਂ ਨੂੰ ਜੀਅ ਭਰ ਕੇ ਮਾਣਿਆ ਤੇ ਬਿਖਮ-ਕਰੂਪ ਥਾਵਾਂ ‘ਤੇ ‘ਚੰਗਾ ਵਕਤ ਵੀ ਆਵੇਗਾ' ਦਾ ਗੀਤ ਗਾ ਲਿਆ।
ਪੰਜਾਬ ਤੋਂ ਬਾਹਰ ਦੇ ਇਲਾਕਿਆਂ ‘ਚ ਵੱਸਦਿਆਂ-ਵਿਚਰਦਿਆਂ ਮੇਰੀ ਜੀਵਨ ਦ੍ਰਿਸ਼ਟੀ ‘ਚ ਵਿਸ਼ਾਲਤਾ ਆਈ।
ਪਰ ਭਾਰਤ ਸਰਕਾਰ ਮੈਨੂੰ ਅਕਾਦਮਿਕ ਯੋਗਤਾ ਵਧਾਉਣ ਅਤੇ ਨਵੇਂ-ਨਵੇਂ ਅਨੁਭਵ ਗ੍ਰਹਿਣ ਕਰਨ ਲਈ ਤਨਖਾਹ ਨਹੀਂ ਸੀ ਦੇ ਰਹੀ, ਜੰਗਾਂ ਲੜਾਉਣ ਵਾਸਤੇ ਦੇ ਰਹੀ ਸੀ। ਮੇਰੀ ਪਹਿਲੀ ਪੋਸਟਿੰਗ ਆਸਾਮ-ਨੀਫਾ ਏਰੀਏ ‘ਚ ਹੋਈ ਸੀ। 1962 ਦੀ ਹਿੰਦ-ਚੀਨ ਲੜਾਈ ਦੇ ਭਾਰਤੀ ਜੰਗੀ ਕੈਦੀਆਂ ਨੂੰ ਬਾਰਡਰ ਤੋਂ ਚੁੱਕ ਕੇ 'ਸਪੈਸ਼ਲ ਫੌਜੀ ਸੈਂਟਰ' ਵਿੱਚ ਲਿਆਉਣ ਦਾ ਕਾਰਜ ਸਾਡੇ ਟਰਾਂਸਪੋਰਟ ਸੁਕਆਡਰਨ ਨੂੰ ਸੌਂਪਿਆ ਗਿਆ। ਉਸ ਜੰਗ ਵਿੱਚ ਭਾਰਤੀ ਸੈਨਿਕਾਂ ਨੂੰ ਹੈਲੀਕਾਪਟਰਾਂ ਰਾਹੀਂ ਸਰਹੱਦ ‘ਤੇ ਉਤਾਰ ਦਿੱਤਾ ਗਿਆ ਸੀ। ਉਨ੍ਹਾਂ ਕੋਲ ਨਾ ਤਾਂ ਲੋੜੀਂਦਾ ਸਿੱਕਾ-ਬਾਰੂਦ ਸੀ ਤੇ ਨਾ ਹੀ ਭੋਜਨ। ਬੇਵੱਸ ਹੋ ਕੇ ਉਨ੍ਹਾਂ ਨੂੰ ਚੀਨੀ ਸੈਨਿਕਾਂ ਮੂਹਰੇ ਆਤਮ-ਸਮੱਰਪਣ ਕਰਨਾ ਪਿਆ ਸੀ। ਅਸੀਂ ਤਕਨੀਕੀ ਸੈਨਿਕ ਬਾਰਡਰ ‘ਤੇ ਉੱਤਰਦੇ-ਚੜ੍ਹਦੇ ਆਪਣੇ ਜਹਾਜ਼ਾਂ ਵਿੱਚ ਤੇਲ-ਪੈਟਰੋਲ ਵੀ ਭਰਦੇ ਅਤੇ ਜੰਗੀ ਕੈਦੀਆਂ ਨੂੰ ਜਹਾਜ਼ਾਂ ‘ਚ ਚੜ੍ਹਾਉਣ, ਉਤਾਰਨ, ਬਿਮਾਰ ਤੇ ਅਪੰਗ ਹੋਏ ਸੈਨਿਕਾਂ ਨੂੰ ਮੋਢਾ ਦੇਣ ਜਾਂ ਸਟਰੈਚਰਾਂ ‘ਤੇ ਪਾਉਣ-ਸਾਂਭਣ ਦੇ ਕੰਮ ਵੀ ਨਿਭਾਉਂਦੇ। ਜਦੋਂ ਉਹ ਜੰਗ ਅਤੇ ਕੈਦ ਦੇ ਸਮੇਂ ਦੀਆਂ ਦੁੱਖਦਾਈ ਹੱਡ-ਬੀਤੀਆਂ ਸੁਣਾਉਂਦੇ ਤਾਂ ਮੇਰਾ ਦਿਲ ਵਲੂੰਧਰਿਆ ਜਾਂਦਾ। ਫੌਜੀ ਏਨਾ ਪਰ-ਵੱਸ ਕਿਉਂ ਹੈ? ਉਸ ਦੀ ਹੋਂਦ ਵਿੱਚੋਂ ਉਸ ਦਾ ਨਿੱਜ ਮਨਫੀ ਕਿਉਂ ਕਰ ਦਿੱਤਾ ਜਾਂਦਾ ਹੈ? ਵਰਗੇ ਪ੍ਰਸ਼ਨ ਮੈਨੂੰ ਬੇਚੈਨ ਕਰਦੇ ਰਹਿੰਦੇ …।
1965 ਦੀ ਭਾਰਤ-ਪਾਕਿ ਜੰਗ ਸਮੇਂ ਮੈਂ ਹਵਾਈ ਸੈਨਾ ਦੇ ਨਾਮਵਰ ਸੁਕਆਡਰਨ ਨੰਬਰ -5 ਵਿੱਚ ਸਾਂ। ਉਸ ਵਿੱਚ ਕੈਨਬਰਾ (ਬੀ-58) ਨਾਂਅ ਦੇ ਮੀਡੀਅਮ-ਬੰਬਰ ਜਹਾਜ਼ ਸਨ। ਸਾਡੇ ਪਾਇਲਟਾਂ ਨੇ ਪਾਕਿਸਤਾਨ ਦੇ ਅਹਿਮ ਫੌਜੀ ਟਿਕਾਣਿਆਂ ਅਤੇ ਬਾਰੂਦ-ਭੰਡਾਰਾਂ ‘ਤੇ ਘਾਤਕ ਹਮਲੇ ਕੀਤੇ ਸਨ। ਸਾਡਾ ਸੁਕਆਡਰ ਕਮਾਂਡਰ ਪ੍ਰਿਥੀਪਾਲ ਸਿੰਘ ਬਹੁਤ ਹੀ ਨਿਪੁੰਨ ਪਾਇਲਟ ਸੀ। ਉਸ ਨੂੰ 'ਮਹਾਂਵੀਰ ਚੱਕਰ', ਦੋ ਹੋਰ ਪਾਇਲਟਾਂ ਤੇ ਇੱਕ ਨੇਵੀਗੇਟਰ ਨੂੰ 'ਵੀਰ ਚੱਕਰ' ਪ੍ਰਦਾਨ ਕੀਤੇ ਗਏ ਸਨ। ਇੱਕ ਵਾਰੰਟ ਅਫਸਰ ਤੇ ਦੋ ਸਰਜੈਂਟਾਂ ਨੂੰ 'ਅਰਧ ਵਿਸ਼ਿਸ਼ਟ' ਸੇਵਾ ਮੈਡਲਾਂ ਨਾਲ ਸਨਮਾਨਿਆ ਗਿਆ ਸੀ। ਇਸ ਤਰ੍ਹਾਂ ਦੇ ਮੈਡਲ ਅਤੇ ਤਮਗੇ ਭਾਰਤ ਸਰਕਾਰ ਨੇ ਥਲ, ਜਲ ਅਤੇ ਹਵਾਈ ਸੈਨਾ ਦੇ ਹੋਰ ਸੈਨਿਕਾਂ ਨੂੰ ਵੀ ਪ੍ਰਦਾਨ ਕੀਤੇ ਸਨ। ਸਰਹੱਦਾਂ ‘ਤੇ ਸ਼ਾਂਤੀ ਹੋ ਗਈ ਸੀ, ਪਰ ਕੁੱਝ ਸਮੇਂ ਲਈ ਹੀ। ਕਿਉਂਕਿ ਦੋਨਾਂ ਦੇਸ਼ਾਂ ਵਿਚਕਾਰਲਾ ਵੱਡਾ ਮਸਲਾ (ਕਸ਼ਮੀਰ), ਉੱਥੇ ਦਾ ਉੱਥੇ ਹੀ ਖੜਾ ਸੀ।
ਉਹੀ ਗੱਲ ਹੋਈ। ਅੰਦਰੋ-ਅੰਦਰੀ ਧੁਖਦੀ ਜੰਗ 1971 ‘ਚ ਫਿਰ ਭੜਕ ਪਈ। ਇਸ ਨੂੰ ਬੰਗਲਾਦੇਸ਼ ਜੰਗ ਵੀ ਆਖਿਆ ਜਾਂਦਾ ਹੈ, ਬੰਗਲਾਦੇਸ਼ ਜਿਸ ਨੂੰ ਪੂਰਬੀ ਪਾਕਿਸਤਾਨ ਕਿਹਾ ਜਾਂਦਾ ਸੀ। ਉਥੋਂ ਦੇ ਲੋਕ ਆਪਣੇ ਨਾਲ ਹੁੰਦੀ ਕਾਣੀ-ਵੰਡ ਤੋਂ ਦੁਖੀ ਸਨ। ਪਾਕਿਸਤਾਨ ਦੀ ਸੱਤਾ ਜ਼ਿਆਦਾਤਰ ਫੌਜੀ ਡਿਕਟੇਟਰਾਂ ਦੇ ਹੱਥਾਂ ਵਿੱਚ ਰਹੀ ਹੈ। ਇਹ ਫੌਜੀ ਜਨਰਲ ਆਮ ਕਰਕੇ ਪੱਛਮੀ ਪਾਕਿਸਤਾਨੀ ਹੁੰਦੇ ਸਨ। ਉਹ ਪਾਕਿਸਤਾਨ ਦੇ ਧੰਨ ਤੇ ਸਾਧਨਾਂ ਨੂੰ ਸਿਰਫ ਪੱਛਮੀ ਪਾਕਿਸਤਾਨ ਦੇ ਵਿਕਾਸ ਲਈ ਹੀ ਵਰਤਦੇ ਸਨ। ਪੂਰਬੀ ਪਾਕਿਸਤਾਨ ਦੇ ਵਿਕਾਸ ਨੂੰ ਅਣਗੌਲਿਆਂ ਕੀਤਾ ਜਾਂਦਾ ਸੀ। ਉਨ੍ਹਾਂ ਦੀ ਬੰਗਾਲੀ ਭਾਸ਼ਾ ਤੇ ਸੱਭਿਆਚਾਰ ਨੂੰ ਵੀ ਉਚਿੱਤ ਮਹੱਤਤਾ ਨਹੀਂ ਸੀ ਦਿੱਤੀ ਜਾਂਦੀ। ਉਸ ਸੂਬੇ ਦੇ ਰਾਜਨੀਤਕਾਂ ਅਤੇ ਦਾਨਿਸ਼ਵਰਾਂ ਵੱਲੋਂ ਵਾਰ-ਵਾਰ ਆਵਾਜ਼ਾਂ ਉਠਾਈਆਂ ਗਈਆਂ, ਪਰ ਪਾਕਿਸਤਾਨ ਦੇ ਫੌਜੀ ਹਾਕਮਾਂ ਦੇ ਕੰਨਾਂ ‘ਤੇ ਜੂੰ ਨਾ ਸਰਕੀ। ਨਿਰਾਸ਼ ਅਤੇ ਅੱਕੇ ਹੋਏ ਪੂਰਬੀ ਪਾਕਿਸਤਾਨੀਆਂ ਨੇ ਆਪਣੇ ਮਹਿਬੂਬ ਨੇਤਾ ਸ਼ੇਖ ਮੁਜੀਬਰ ਰਹਿਮਾਨ ਦੀ ਅਗਵਾਈ ਵਿੱਚ ਆਪਣੇ ਖਿੱਤੇ ਲਈ ਖੁਦਮੁਖਤਾਰੀ ਦਾ ਅੰਦੋਲਨ ਸ਼ੁਰੂ ਕਰ ਦਿੱਤਾ। ਪਾਕਿਸਤਾਨ ਦੇ ਡਿਕਟੇਟਰ ਯਹੀਆ ਖਾਨ ਦੀ ਸਰਕਾਰ ਨੇ ਮਸਲੇ ਨੂੰ ਗੱਲਬਾਤ ਰਾਹੀਂ ਨਜਿੱਠਣ ਦੀ ਬਜਾਏ, ਅੰਦੋਲਨ ਨੂੰ ਫੌਜ ਰਾਹੀਂ ਕੁਚਲਣ ਦੀ ਨੀਤੀ ਅਖਤਿਆਰ ਕਰ ਲਈ … ਫੌਜ ਦੇ ਅੱਤਿਆਚਾਰਾਂ ਤੋਂ ਸਤੇ ਲੋਕਾਂ ਦੇ ਰੋਹ ਵਿੱਚੋਂ ਪਾਕਿਸਤਾਨ ਤੋਂ ਅੱਡ ਹੋਣ ਦੀ ਲਹਿਰ ਉੱਭਰ ਪਈ।
ਭਾਰਤ ਉਨ੍ਹਾਂ ਲੋਕਾਂ ਦੀਆਂ ਮੰਗਾਂ ਦੀ ਹਮਾਇਤ ਕਰਦਾ ਸੀ। ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸਰਕਾਰ ਨੇ ਪੂਰਬੀ ਪਾਕਿਸਤਾਨ ਨਾਲ ਲੱਗਦੇ ਪੱਛਮੀ ਬੰਗਾਲ ਦੇ ਬਾਰਡਰ ਉੱਤੇ ਸ਼ਰਨਾਰਥੀ ਕੈਂਪ ਖੋਲ੍ਹ ਦਿੱਤੇ। ਯੂਨੀਵਰਸਿਟੀਆਂ, ਕਾਲਜਾਂ ਤੇ ਗਲੀਆਂ-ਮੁਹੱਲਿਆਂ ਵਿੱਚ ਆ ਵੜੀ ਫੌਜ ਦੇ ਜਬਰ-ਜ਼ੁਲਮ ਤੋਂ ਤ੍ਰਾਹ-ਤ੍ਰਾਹ ਕਰਦੇ ਹਜ਼ਾਰਾਂ ਲੋਕ ਇਨ੍ਹਾਂ ਕੈਂਪਾਂ ਵਿੱਚ ਆ ਟਿਕੇ। ਪਾਕਿਸਤਾਨ ਨੂੰ ਭਾਰਤ ਦੀ ਨੀਤੀ ਬੁਰੀ ਤਰ੍ਹਾਂ ਅੱਖਰਦੀ ਸੀ। ਉਹ ਇਸ ਨੂੰ ਆਪਣੇ ਦੇਸ਼ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ-ਅੰਦਾਜ਼ੀ ਆਖਦਾ ਸੀ।
ਮਸਲਾ ਦਿਨੋ-ਦਿਨ ਉਲਝਦਾ ਗਿਆ … ਹਿੰਦ-ਪਾਕਿ ਜੰਗ ਦੀ ਸਥਿਤੀ ਬਣ ਗਈ। ਦੋਵਾਂ ਦੇਸ਼ਾਂ ‘ਚ ਅੰਦਰੋ-ਅੰਦਰੀ ਤਿਆਰੀਆਂ ਸ਼ੁਰੂ ਹੋ ਗਈਆਂ।
ਸਾਡਾ ਸੁਕਆਡਰਨ ਉਦੋਂ ਜੋਧਪੁਰ ‘ਚ ਸੀ। ਜੰਗੀ ਵਿਉਂਤਬੰਦੀ ਅਨੁਸਾਰ ਉਸ ਨੇ ਉੱਤਰਲਾਏ ਜੋ ਜੋਧਪੁਰ ਤੋਂ ਬਾਰਡਰ ਵੱਲ ਨੂੰ ਦੋ ਸੌ ਕਿਲੋਮੀਟਰ ਦੀ ਵਿੱਥ ‘ਤੇ ਹੈ, ਤੋਂ ਓਪਰੇਟ ਕਰਨਾ ਸੀ। ਹਵਾਈ ਜਹਾਜ਼ਾਂ ਦੀ ਸਾਂਭ-ਸੰਭਾਲ ਤੇ ਮੁਰੰਮਤ ਵਾਸਤੇ ਲੋੜੀਂਦਾ ਸਾਜ਼ੋ-ਸਾਮਾਨ ਅਤੇ ਸਿੱਕਾ-ਬਾਰੂਦ ਉੱਥੇ ਪਹੁੰਚਾ ਦਿੱਤਾ ਗਿਆ ਸੀ। ਉਹ ਹਵਾਈ ਅੱਡਾ ਹੁਣ ਜੰਗ ਲਈ ਪੂਰੀ ਤਰ੍ਹਾਂ ਤਿਆਰ ਸੀ।
ਉੱਤਰਲਾਏ ‘ਚ ਸੈਨਿਕਾਂ ਦਾ ਰਹਿਣਾ-ਵੱਸਣਾ ਕਠਿਨ ਸੀ। ਉਥੋਂ ਦਾ ਖਾਰਾ ਪਾਣੀ ਪੀਣ ਯੋਗ ਨਹੀਂ ਸੀ। ਉਸ ਨਾਲ ਨਹਾਉਣ-ਧੋਣ ਕਰ ਤਾਂ ਲਈਦਾ ਸੀ, ਪਰ ਵਾਲ ਅਤੇ ਕੱਪੜੇ ਨਿੱਖਰਦੇ ਨਹੀਂ ਸਨ। ਚਾਰੇ ਪਾਸੀਂ ਮੀਲਾਂ ਤੱਕ ਰੇਤ ਹੀ ਰੇਤ ਸੀ- ਸੁੰਨ ਪੱਸਰਿਆ ਬੀਆਬਾਨੀ ਮਾਰੂਥਲ। ਨਾ ਕੋਈ ਦਰੱਖਤ, ਨਾ ਕੋਈ ਪੰਛੀ। ਝੀਂਡੇ-ਝਾੜੀਆਂ ਹੀ ਸਨ, ਉਹ ਵੀ ਕਿਤੇ-ਕਿਤੇ ਹੀ। ਚੌਵੀ ਘੰਟੇ ਰੇਤ ਉੱਡਦੀ ਰਹਿੰਦੀ। ਉੱਡਦੀ ਰੇਤ ਨੂੰ ਜਿੱਥੇ ਕਿਤੇ ਕੋਈ ਝੀਂਡਾ-ਝਾੜੀ ਮਿਲ ਜਾਂਦੀ, ਉੱਥੇ ਹੀ ਟਿੱਬਾ ਬਣ ਜਾਂਦਾ। ਜਦੋਂ ਹਵਾ ਦੀ ਦਿਸ਼ਾ ਬਦਲਦੀ, ਉਹੀ ਟਿੱਬਾ ਉੱਡ ਕੇ ਕਿਤੇ ਹੋਰ ਜਾ ਉਸਰਦਾ। ਤੰਬੂਆਂ ‘ਚ ਪਏ ਸਾਡੇ ਬੈੱਡ ਤੇ ਹੋਰ ਸਾਮਾਨ ਰੇਤ ਨਾਲ ਭਰ ਜਾਂਦੇ।
ਖੈਰ ਥੋੜ੍ਹੇ ਕੁ ਜਹਾਜ਼ਾਂ ਨਾਲ ਉੱਤਰਲਾਏ ‘ਚ ਜੰਗੀ ਮਸ਼ਕਾਂ ਚੱਲਦੀਆਂ ਰਹਿੰਦੀਆਂ। ਹਰ ਦੋ ਮਹੀਨਿਆਂ ਬਾਅਦ ਵਾਰੀ ਸਿਰ ਪਾਇਲਟਾਂ ਤੇ ਤਕਨੀਕੀ ਸੈਨਿਕਾਂ ਦਾ ਇੱਕ ਦਸਤਾ ਜੋਧਪੁਰ ਤੋਂ ਉਤਰਲਾਏ ਚਲਾ ਜਾਂਦਾ।
3 ਦਸੰਬਰ 1971 ਨੂੰ ਪਾਕਿਸਤਾਨ ਨੇ ਜੰਗ ਛੇੜ ਦਿੱਤੀ। ਸ਼ਾਮ ਛੇ ਵਜੇ ਦੀਆਂ ਰੇਡੀਓ ਖਬਰਾਂ ਤੋਂ ਪਤਾ ਲੱਗਾ ਕਿ ਪਾਕਿਸਤਾਨੀ ਜਹਾਜ਼ਾਂ ਵੱਲੋਂ ਅੰਮ੍ਰਿਤਸਰ, ਆਦਮਪੁਰ, ਹਲਵਾਰਾ, ਅੰਬਾਲਾ, ਪਠਾਨਕੋਟ, ਸ੍ਰੀਨਗਰ ਅਤੇ ਬੰਗਾਲ ਦੇ ਏਅਰ ਫੋਰਸ ਸਟੇਸ਼ਨਾਂ ‘ਤੇ ਹਵਾਈ ਹਮਲੇ ਹੋ ਰਹੇ ਸਨ।
ਸੱਤ ਕੁ ਵਜੇ ਮੈਨੂੰ ਉਤਰਲਾਏ ਵਾਸਤੇ ਤਿਆਰ ਹੋਣ ਦਾ ਸੁਨੇਹਾ ਆ ਗਿਆ। ਉਸੇ ਰਾਤ ਰਵਾਨਾ ਹੋਣਾ ਸੀ। ਮੇਰੇ ਅੰਦਰ ਡਰ ਉਪਜ ਪਿਆ। ਇਸ ਤਰ੍ਹਾਂ ਦਾ ਡਰ 1965 ਦੀ ਜੰਗ ਸਮੇਂ ਮਹਿਸੂਸ ਨਹੀਂ ਸੀ ਹੋਇਆ। ਕਾਰਨ ਇਹ ਸੀ ਕਿ ਉਦੋਂ ਮੈਂ ਛੜਾ-ਛੜਾਂਗ ਸਾਂ, ਪਰ ਹੁਣ ਪਤਨੀ ਤੇ ਬੱਚੇ ਦੀ ਚਿੰਤਾ ਵੀ ਸੀ ਕਿ ਜੇ ਮੈਨੂੰ ਕੁੱਝ ਹੋ ਗਿਆ …।
ਮੈਂ ਤੇ ਮੇਰਾ ਦੋਸਤ ਮਨਜੀਤ ਸਿੰਘ ਸੰਧੂ ਜੋਧਪੁਰ ਸ਼ਹਿਰ ਵਿੱਚ ਇੱਕ ਵੱਡੇ ਮਕਾਨ ‘ਚ ਕਿਰਾਏ ‘ਤੇ ਰਹਿੰਦੇ ਸਾਂ। ਮਨਜੀਤ ਕੁੱਝ ਦਿਨ ਪਹਿਲਾਂ ਹੀ ਉੱਤਰਲਾਏ ਆਪਣੀ ਵਾਰੀ ਭੁਗਤਾ ਕੇ ਆਇਆ ਸੀ। ਹੁਣ ਉਸ ਦਾ ਨੰਬਰ ਜੋਧਪੁਰ ‘ਚ ਜਹਾਜ਼ਾਂ ਦੀਆਂ ਵੱਡੀਆਂ ਮੁਰੰਮਤਾਂ ਕਰਨ ਵਾਲੇ ਟੈਕਨੀਸ਼ਨਾਂ ਦੇ ਦਸਤੇ ਵਿੱਚ ਪੈ ਗਿਆ ਸੀ।
ਸ਼ਾਮ ਦੀ ਰੋਟੀ ਅਸੀਂ ਤੇ ਮਨਜੀਤ ਹੁਰਾਂ ਇਕੱਠਿਆਂ ਖਾਧੀ। ਮਨਜੀਤ ਤੇ ਉਸ ਦੀ ਪਤਨੀ ਹਰਦੀਪ ਕੌਰ ਦੋਵੇਂ ਹੱਸਮੱਖ ਸੁਭਾਅ ਦੇ ਸਨ, ਪਰ ਉਸ ਸ਼ਾਮ ਉਹ ਵੀ ਗੰਭੀਰ ਹੋ ਗਏ। ਸਾਡੀਆਂ ਗੱਲਾਂ ਵਿੱਚੋਂ ਜਿਹੜਾ ਵੱਡਾ ਖਦਸ਼ਾ ਉੱਭਰ ਰਿਹਾ ਸੀ, ਉਹ ਇਹ ਸੀ ਕਿ ਜੰਗ ਲੰਮੀ ਹੋ ਜਾਵੇਗੀ। ਆਪਣੇ ਦੇਸ਼ ਦੀਆਂ ਸਰਹੱਦਾਂ ‘ਤੇ ਲੜਨਾ ਅਤੇ ਨਾਲ ਦੀ ਨਾਲ ਦੂਜੇ ਦੇਸ਼ ਨੂੰ ਆਜ਼ਾਦ ਕਰਵਾਉਣਾ ਬੜਾ ਵੱਡਾ ਤੇ ਕਠਿਨ ਕਾਰਜ ਸੀ। ਅਮਰੀਕਾ ਪਾਕਿਸਤਾਨ ਦੀ ਮਦਦ ਕਰ ਰਿਹਾ ਸੀ ਤੇ ਰੂਸ ਭਾਰਤ ਦੀ। ਭਾਰਤ-ਪਾਕਿ ਦੀ ਧਰਤ ਵੱਡੀਆਂ ਤਾਕਤਾਂ ਦੇ ਸਿੱਧੇ-ਅਸਿੱਧੇ ਭੇੜ ਦੀ ਰਣਭੂਮੀ ਬਣ ਸਕਦੀ ਸੀ। ਇਧਰੋਂ-ਓਧਰੋਂ ਹੋਰ ਮੁਲਕ ਵੀ ਜੰਗ ਵਿੱਚ ਕੁੱਦ ਸਕਦੇ ਸਨ।
“ਯਾਰ ਮਨਜੀਤ! ਜੇ ਲੜਾਈ ਲੰਮੀ ਪੈ ਗਈ ਤੇ ਤੈਨੂੰ ਵੀ ਉੱਤਰਲਾਏ ਆਉਣਾ ਪਿਆ ਤਾਂ ਇਨ੍ਹਾਂ ਨੂੰ ਪੰਜਾਬ ਭੇਜ ਦਈਂ।” ਮੇਰਾ ਭਾਵ ਤ੍ਰੀਮਤਾਂ ਅਤੇ ਬੱਚਿਆਂ ਤੋਂ ਸੀ। ਮੇਰਾ ਤਿੰਨ ਕੁ ਸਾਲ ਦਾ ਬੇਟਾ ਹਰਪ੍ਰੀਤ ਤੇ ਮਨਜੀਤ ਦੀ ਚਾਰ ਕੁ ਸਾਲ ਦੀ ਬੇਟੀ ਮਨਦੀਪ ਸਾਡੇ ਕੋਲ ਹੀ ਖੇਡਣ ‘ਚ ਮਸਤ ਸਨ। (ਸਾਡੇ ਛੋਟੇ ਬੇਟੇ ਅਮਰਪ੍ਰੀਤ ਦਾ ਜਨਮ ਬਾਅਦ ਦਾ ਹੈ)
“ਨਾ ਭਾ ਜੀ! ਅਸੀਂ ਨਹੀਂ ਜਾਣਾ। ਇੱਥੇ ਸਵੇਰੇ-ਸ਼ਾਮ ਤੁਹਾਡੀ ਸੁੱਖ-ਸਾਂਦ ਦਾ ਪਤਾ ਲੱਗਦਾ ਰਹੇਗਾ। ਪੰਜਾਬ ‘ਚ ਏਨੀ ਦੂਰ ਬੈਠਿਆਂ, ਸਾਡਾ ਹਰ ਵੇਲੇ ਖੂਨ ਸੁੱਕਦਾ ਰਹਿਣੈ।” ਹਰਦੀਪ ਕੌਰ ਨੇ ਆਖਿਆ।
“ਜਿੱਦਾਂ ਦਾ ਸਮਾਂ ਹੋਇਆ ਦੇਖ ਲਾਂਗੇ।” ਮੇਰੀ ਧੀਰਜਵਾਨ ਪਤਨੀ ਕੁਲਵੰਤ ਕੌਰ ਨੇ ਕਿਹਾ। ਮੇਰਾ ਅਟੈਚੀ ਤਿਆਰ ਕਰਦਿਆਂ ਉਹ ਕਹਿ ਰਹੀ ਸੀ, “ਤੁਸੀਂ ਚਿੰਤਾ ਨਾ ਕਰੋ ਜੀ, ਪ੍ਰਮਾਤਮਾ ਭਲੀ ਕਰੇਗਾ।”
ਹਵਾਈ ਸੈਨਾ ਦਾ ਟਰੱਕ ਦਰਾਂ ਮੂਹਰੇ ਆ ਖਲੋਇਆ। ਮਨਜੀਤ ਨੇ ਮੇਰਾ ਅਟੈਚੀ ਤੇ ਬੈੱਡ ਹੋਲਡਾਲ ਟਰੱਕ ‘ਚ ਫੜਾ ਦਿੱਤੇ। ਸੁੱਤੇ ਪਏ ਹਰਪ੍ਰੀਤ ਦਾ ਮੱਥਾ ਚੁੰਮਦਿਆਂ ਮੇਰਾ ਚਿੰਤਤ ਮਨ ਬੋਲ ਉੱਠਿਆ, ‘ਮੈਂ ਆਪਣੀ ਜਾਨ ਰੋਟੀ ਬਦਲੇ, ਦੇਸ਼ ਦੇ ਨਾਂਅ ਕੀਤੀ ਹੋਈ ਏ। ਮੇਰੀ ਇਹ ਮਜਬੂਰੀ, ਮੇਰੇ ਟੱਬਰ ਲਈ ਕਿਤੇ ਸਰਾਪ ਨਾ ਬਣ ਜਾਏ।‘ ਜੰਗ ਦੀ ਭੇਟ ਚੜ੍ਹੇ ਸੈਨਿਕਾਂ ਦੇ ਅਨੇਕਾਂ ਪਰਿਵਾਰ ਮੈਂ ਰੁਲਦੇ ਵੇਖੇ ਸਨ।
ਮਨ ਕਰੜਾ ਕਰਕੇ ਮੈਂ ਕੁਲਵੰਤ ਤੋਂ ਵਿਦਾ ਲਈ। ਟਰੱਕ ਵਿਚਲੇ ਸੈਨਿਕਾਂ ਨਾਲ ਦੁਆ-ਸਲਾਮ ਹੋਈ। ਮਾਹੌਲ ਹਾਸੇ- ਠੱਠੇ ਵਾਲਾ ਨਹੀਂ, ਸੰਜੀਦਾ ਸੀ। ਟਰੱਕ ਸਾਰੇ ਸੈਨਿਕਾਂ ਨੂੰ ਘਰਾਂ-ਕੁਆਟਰਾਂ ਤੋਂ ਲੈ ਕੇ ਰੇਲਵੇ ਸਟੇਸ਼ਨ ਪਹੁੰਚ ਗਿਆ। ਰਾਤ ਦੇ ਦਸ ਕੁ ਵਜੇ ਜੋਧਪੁਰ ਤੋਂ ਚਾਰ ਕੁ ਡੱਬਿਆਂ ਦੀ ਇੱਕ ਪੈਸੇਂਜਰ ਗੱਡੀ ਉਤਰਲਾਏ ਜਾਂਦੀ ਸੀ। ਸਾਡਾ ਪ੍ਰਬੰਧ ਉਸ ਵਿੱਚ ਕੀਤਾ ਗਿਆ ਸੀ। ਜਹਾਜ਼ ਰਾਹੀਂ ਮਸਾਂ ਅੱਧਾ ਘੰਟਾ ਲੱਗਣਾ ਸੀ, ਪਰ ਏਨੇ ਤਕਨੀਕੀ ਸੈਨਿਕਾਂ ਨੂੰ ‘ਕੱਠਿਆਂ ਜਹਾਜ਼ ‘ਚ ਭੇਜਣਾ ਖਤਰੇ ਵਾਲੀ ਗੱਲ ਸੀ। ਸਾਡੇ ਜਹਾਜ਼ ‘ਤੇ ਪਾਕਿਸਤਾਨੀ ਜਹਾਜ਼ ਹਮਲਾ ਕਰ ਸਕਦੇ ਸਨ। ਗੱਡੀ ਵਿੱਚ ਜ਼ਿਆਦਾ ਗਿਣਤੀ ਸਾਡੀ ਹੀ ਸੀ। ਬਾਕੀ ਦੇ ਮੁਸਾਫਰ ਤਾਂ ਮਸਾਂ ਪੱਚੀ-ਤੀਹ ਹੀ ਸਨ।
ਅਜੇ ਮਸਾਂ ਇੱਕ ਤਿਹਾਈ ਸਫਰ ਹੀ ਮੁੱਕਿਆ ਸੀ ਕਿ ਸਾਡੀ ਰੇਲ ਗੱਡੀ ਇੱਕ ਛੋਟੇ ਜਿਹੇ ਸਟੇਸ਼ਨ ‘ਤੇ ਖੁੱਡੇ ਲਾਈਨ ਲਾ ਦਿੱਤੀ ਗਈ। ਸਭ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ। ਜੋਧਪੁਰ ਅਤੇ ਉੱਤਰਲਾਏ ਦੇ ਹਵਾਈ ਅੱਡਿਆਂ ‘ਤੇ ਬੰਬਾਰੀ ਸ਼ੁਰੂ ਹੋ ਗਈ ਸੀ। ਡਰੀ-ਸਹਿਮੀ ਰਾਤ ਵਿੱਚ ਸਾਂ-ਸਾਂ ਕਰਦੇ ਮਾਰੂਥਲ ਵਿੱਚੋਂ ਖੌਫ ਉੱਭਰ ਰਿਹਾ ਸੀ … ਡੱਬੇ ਵਿੱਚ ਹੁੰਦੀ ਟਾਂਵੀਂ-ਟਾਂਵੀਂ ਗੱਲਬਾਤ ਸੰਘਣੀ ਹੋ ਗਈ। ਅਸੀਂ ਭਾਰਤ ਸਰਕਾਰ ਨੂੰ ਕੋਸਣ ਲੱਗੇ ਕਿ ਜਦ ਚੰਗਾ-ਭਲਾ ਪਤਾ ਸੀ ਕਿ ਜੰਗ ਹੋਣੀ ਹੀ ਹੈ ਤਾਂ ਹਵਾਈ ਹਮਲਿਆਂ ਦੀ ਪਹਿਲ ਭਾਰਤ ਨੇ ਕਿਉਂ ਨਾ ਕੀਤੀ, ਜਿਸ ਹਿਸਾਬ ਨਾਲ ਪਾਕਿਸਤਾਨ ਵੱਲੋਂ ਚਾਰੇ ਪਾਸੀਂ ਬੰਬਾਰੀ ਹੋ ਰਹੀ ਸੀ, ਸਾਡੇ ਹਵਾਈ ਅੱਡਿਆਂ ਦਾ ਭਾਰੀ ਨੁਕਸਾਨ ਹੋ ਸਕਦਾ ਸੀ। ਇਜ਼ਰਾਇਲ ਦੀ ਮਿਸਾਲ ਪੇਸ਼ ਹੋ ਰਹੀ ਸੀ-ਸੱਠਵਿਆਂ ਦੇ ਸ਼ੁਰੂ ਵਿੱਚ ਇਜ਼ਰਾਇਲ ਨੇ ਹਵਾਈ ਹਮਲਿਆਂ ਦੀ ਪਹਿਲ ਕਰਕੇ ਫਲਸਤੀਨੀਆਂ ਦੀ ਮਦਦ ਲਈ ਇਕੱਠੇ ਹੋਏ ਅਰਬ ਦੇਸ਼ਾਂ ਦੀ ਹਵਾਈ ਸ਼ਕਤੀ ਦਾ ਸਫਾਇਆ ਕਰ ਦਿੱਤਾ ਸੀ।
ਸਾਡੇ ਦੋ ਕੁ ਸੈਨਿਕਾਂ ਕੋਲ ਟਰਾਂਜ਼ਿਸਟਰ ਸਨ। ਗੱਲਾਂ ਦੇ ਨਾਲ-ਨਾਲ ਅਸੀਂ ਖਬਰਾਂ ਵੀ ਸੁਣ ਰਹੇ ਸਾਂ। ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਉਸ ਦਿਨ ਦਿੱਲੀ ਤੋਂ ਬਾਹਰ ਸੀ। ਅੱਧੀ ਰਾਤ ਤੋਂ ਬਾਅਦ ਦਿੱਲੀ ਪਰਤ ਕੇ ਉਸ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਪਾਕਿਸਤਾਨ ਵਿਰੁੱਧ ਜੰਗ ਦਾ ਐਲਾਨ ਕਰਦਿਆਂ ਉਸ ਦੀ ਆਵਾਜ਼ ਵਿਚਲੀ ਕੰਬਣੀ ਸਾਫ ਜ਼ਾਹਰ ਹੋ ਰਹੀ ਸੀ। ਕੰਬਣੀ ਦਾ ਕਾਰਨ ਪਾਕਿਸਤਾਨ ਦੇ ਤਾਬੜ-ਤੋੜ ਹਵਾਈ ਹਮਲੇ ਸਨ।
ਤੜਕਸਾਰ ਗੱਡੀ ਨੂੰ ਚੱਲਣ ਦਾ ਆਦੇਸ਼ ਮਿਲਿਆ। ਅੱਠ ਕੁ ਵਜੇ ਜਦੋਂ ਅਸੀਂ ਉੱਤਰਲਾਏ ਪਹੁੰਚੇ ਤਾਂ ਸਾਡੇ ਚਾਰ ਜਹਾਜ਼ ਗੂੰਜਾਂ ਪਾਉਂਦੇ ਚੜ੍ਹ ਰਹੇ ਸਨ। ਸਾਡਾ ਹੌਸਲਾ ਵਧਿਆ। ਅਸੀਂ ਜੰਗ ਲੜਨ ਲਈ ਕਾਇਮ ਸਾਂ। ਪੱਕੇ ਮਜ਼ਬੂਤ ਸ਼ੈੱਡਾਂ ਵਿੱਚ ਲੁਕੋਏ ਹੋਣ ਕਰਕੇ ਸਾਡੇ ਜਹਾਜ਼ਾਂ ਦਾ ਬਚਾਅ ਹੋ ਗਿਆ ਸੀ। ਹਾਂ, ਸਾਡਾ ਰਨਵੇਅ ਕਈ ਥਾਵਾਂ ਤੋਂ ਤੋੜ ਦਿੱਤਾ ਗਿਆ ਸੀ। ਜਹਾਜ਼ ਰਨਵੇਅ ਦੇ ਸਮਾਨਅੰਤਰ ਬਣੇ ਲੰਮੇ-ਚੌੜੇ ਟੈਕਸੀਵੇਅ ਤੋਂ ਚੜ੍ਹੇ ਸਨ। ਹਵਾਈ ਅੱਡੇ ਦੀ ਉਸਾਰੀ ਸਮੇਂ, ਇਸ ਤਰ੍ਹਾਂ ਦਾ ਟੈਕਸੀਵੇਅ ਬਣਾਉਣ ਦੀ ਮਾਹਿਰਾਂ ਦੀ ਸਕੀਮ ਕੰਮ ਆ ਗਈ ਸੀ। ਜੋਧਪੁਰ ਤੋਂ ਸਾਡੇ ਅਤੇ ਦੂਜੇ ਸੁਕਆਡਰਨ ਦੇ ਬਾਕੀ ਜਹਾਜ਼ ਵੀ ਪਹੁੰਚ ਚੁੱਕੇ ਸਨ।
ਸ਼ਾਹ-ਵੇਲੇ ਤੱਕ ਸਾਰੇ ਪਾਸਿਆਂ ਤੋਂ ਖਬਰਾਂ ਮਿਲ ਗਈਆਂ ਸਨ। ਪਾਕਿਸਤਾਨੀ ਬੰਬਾਰੀ ਨਾਲ ਭਾਰਤੀ ਜਹਾਜ਼ਾਂ ਦਾ ਮਾਮੂਲੀ ਨੁਕਸਾਨ ਹੀ ਹੋਇਆ ਸੀ। ਉੱਤਰਲਾਏ ਵਾਂਗ ਬਹੁਤੇ ਹਵਾਈ ਅੱਡਿਆਂ ਦੇ ਜਹਾਜ਼ ਮਜ਼ਬੂਤ ਸ਼ੈੱਡਾਂ ਵਿੱਚ ਸੁਰੱਖਿਅਤ ਕੀਤੇ ਹੋਏ ਸਨ। ਰਨਵੇਆਂ ਦੀ ਭੰਨਤੋੜ ਕਾਫੀ ਅੱਡਿਆਂ ‘ਤੇ ਹੋਈ ਸੀ, ਜਿਨ੍ਹਾਂ ਦੀ ਮੁਰੰਮਤ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਸੀ।
ਸਾਡੇ ਮਾਰੂਤ ਜਹਾਜ਼ਾਂ ਨੇ ਪਾਕਿਸਤਾਨੀ ਆਕਾਸ਼ ਵਿੱਚ ਅੱਗ ਵਰ੍ਹਾਉਣੀ ਸ਼ੁਰੂ ਕਰ ਦਿੱਤੀ ਸੀ। ਅਸੀਂ ਆਪਣੇ-ਆਪਣੇ ਟਰੇਡ ਦੀ ਸਰਵਿਸਿੰਗ ਫਟਾਫਟ ਨਿਬੇੜਦੇ, ਹਥਿਆਰਸਾਜ਼ ਹਦਾਇਤਾਂ ਅਨੁਸਾਰ ਗੋਲੀਆਂ, ਰਾਕਟ ਤੇ ਬੰਬ ਵਗੈਰਾ ਲੋਡ ਕਰ ਦਿੰਦੇ, ਫਲਾਇੰਗ-ਸੂਟਾਂ ‘ਚ ਕੱਸੇ ਪਾਇਲਟ, ਤਿਆਰ ਕੀਤੇ ਜਹਾਜ਼ਾਂ ਨੂੰ ਆਪੋ-ਆਪਣੇ ਨਿਸ਼ਾਨਿਆਂ ਦੀ ਸੇਧ ਵਿੱਚ ਉਡਾ ਲਿਜਾਂਦੇ।
ਉੱਤਰਲਾਏ ਹਵਾਈ ਅੱਡੇ ‘ਤੇ ਅਜੇ ਤੱਕ ਪਾਕਿਸਤਾਨੀ ਜਹਾਜ਼ਾਂ ਦਾ ਦਿਨ ਵੇਲੇ ਦਾਅ ਨਹੀਂ ਸੀ ਲੱਗਾ, ਪਰ ਰਾਤਾਂ ਨੂੰ ਉਹ ਅਕਸਰ ਹੀ ਆ ਧਮਕਦੇ। ਸਾਡੇ ਮਾਰੂਤ ਜਹਾਜ਼ ਨਾਈਟ-ਫਾਈਟਰ ਨਹੀਂ ਸਨ, ਜਿਸ ਕਰਕੇ ਹਮਲਾਵਰ ਜਹਾਜ਼ਾਂ ਨੂੰ ਖਦੇੜਨਾ ਸੰਭਵ ਨਹੀਂ ਸੀ। ਜਹਾਜ਼-ਮਾਰੂ ਤੋਪਾਂ ਥੋੜ੍ਹੀਆਂ ਹੋਣ ਕਾਰਨ, ਬਾਰੂਦੀ ਗੋਲਿਆਂ ਦੀ ਬਚਾਓ-ਛਤਰੀ ਓਨੀ ਪ੍ਰਭਾਵਕਾਰੀ ਨਹੀਂ ਸੀ ਬਣਦੀ। ਲੁਕਣ ਲਈ ਖੋਦੇ ਹੋਏ ਮੋਰਚੇ ਉੱਡਦੀ ਰੇਤ ਨਾਲ ਭਰ ਜਾਇਆ ਕਰਦੇ ਸਨ। ਇੱਕ ਰਾਤ ਬੰਬ ਸਾਡੇ ਤੰਬੂਆਂ ਦੇ ਬਿਲਕੁਲ ਨਜ਼ਦੀਕ ਡਿੱਗੇ। ਕਿਸਮਤ ਚੰਗੀ ਸਮਝੋ ਕਿ ਪਾਕਿਸਤਾਨੀ ਪਾਇਲਟ ਜ਼ਰਾ ਕੁ ਉੱਕ ਗਿਆ। ਜੇ ਉਹ ਇੱਕ ਸੈਕਿੰਡ ਬਾਅਦ ਬੰਬ ਰਿਲੀਜ਼ ਕਰਦਾ ਤਾਂ ਸਾਡੇ ਸਾਰੇ ਟੈਕਨੀਸ਼ੀਅਨਾਂ ਦੀ ਬੋਟੀ-ਬੋਟੀ ਉੱਡ ਜਾਣੀ ਸੀ।
ਅਗਲੇ ਦਿਨ ਅਸੀਂ ਆਪਣੇ ਇੰਚਾਰਜਾਂ ਨੂੰ ਕਿਹਾ, ਉਨ੍ਹਾ ਸੁਕਆਡਰਨ ਕਮਾਂਡਰਾਂ ਨਾਲ ਗੱਲ ਕੀਤੀ ਤੇ ਸਾਨੂੰ ਜਹਾਜ਼ਾਂ ਦੇ ਸ਼ੈੱਡਾਂ ਅੰਦਰ ਸੌਣ ਦੀ ਇਜਾਜ਼ਤ ਮਿਲ ਗਈ। ਮੋਟੀ-ਸੰਘਣੀ ਕੰਕਰੀਟ ਦੀਆਂ ਲੇਦਵੀਆਂ ਛੱਤਾਂ ਵਾਲੇ ਉਨ੍ਹਾਂ ਸ਼ੈੱਡਾਂ ਉੱਤੇ ਕਈ-ਕਈ ਫੁੱਟ ਮਿੱਟੀ ਪਾ ਕੇ ਘਾਹ-ਬੂਟ ਉਗਾਇਆ ਹੋਇਆ ਸੀ, ਜਿਸ ਕਰਕੇ ਉਹ ਸ਼ੈੱਡ ਸੁਰੱਖਿਅਤ ਵੀ ਸਨ ਤੇ ਦੁਸ਼ਮਣ ਦੇ ਜਹਾਜ਼ਾਂ ਨੂੰ ਭੁਲੇਖਾ-ਪਾਊ ਵੀ। ਹਰ ਸ਼ੈੱਡ ਦੇ ਪਿਛਲੇ ਪਾਸੇ ਜ਼ੈੱਟ ਜਹਾਜ਼ਾਂ ਦੇ ਧੂੰਏਂ ਤੇ ਗੈਸਾਂ ਦੀ ਬਲਾਸਟ ਦਾ ਨਿਕਾਸ ਬਣਿਆ ਹੋਇਆ ਸੀ। ਉਸ ਸੁਰੰਗ-ਨੁਮਾ ਨਿਕਾਸ ਅੰਦਰ ਅਸੀਂ ਆਪਣੇ-ਆਪ ਨੂੰ ਪੂਰਨ ਤੌਰ ‘ਤੇ ਸੁਰੱਖਿਅਤ ਮਹਿਸੂਸ ਕਰਦੇ ਸਾਂ। ਰਾਤ ਨੂੰ ਅਸੀਂ ਉਸ ਸੁਰੰਗ ਜਿਹੀ ਦੇ ਫਰਸ਼ ‘ਤੇ ਬਿਸਤਰੇ ਵਿਛਾ ਲੈਂਦੇ ਤੇ ਦਿਨੇ ਇਕੱਠੇ ਕਰਕੇ ਇੱਕ ਪਾਸੇ ਰੱਖ ਦਿੰਦੇ।
ਸਾਡੇ ਸੁਕਆਡਰਨ ਕਮਾਂਡਰਾਂ ਨੇ ੳੁੱਪਰਲੀ ਕਮਾਂਡ ਨੂੰ ਉੱਤਰਲਾਏ ‘ਚ ਨਾਈਟ-ਫਾਈਟਰ ਜਹਾਜ਼ ਭੇਜਣ ਵਾਸਤੇ ਕਿਹਾ ਹੋਇਆ ਸੀ ਪਰ ਅਜੇ ਨਾਈਟ-ਫਾਈਟਰ ਹੋਰ ਥਾਈਂ ਜ਼ਿਆਦਾ ਲੋੜੀਂਦੇ ਸਨ … ਯੁੱਧ-ਖੇਤਰ ਕਿਹੜਾ ਛੋਟਾ ਸੀ। ਭਾਰਤ ਦੇ ਲੰਮੇ-ਚੌੜੇ ਆਪਣੇ ਬਾਰਡਰ ਅਤੇ ਸਾਰਾ ਪੂਰਬੀ ਪਾਕਿਸਤਾਨ।
ਓਧਰ ਪਾਕਿਸਤਾਨ ਦੀਆਂ ਜ਼ਮੀਨੀ, ਸਮੁੰਦਰੀ ਤੇ ਹਵਾਈ ਫੌਜਾਂ ਵੀ ਪੂਰੀ ਬਹਾਦਰੀ ਨਾਲ ਲੜ ਰਹੀਆਂ ਸਨ। ਇੱਕ ਦਿਨ ਮਾਰ ‘ਤੇ ਗਏ ਸਾਡੇ ਜਹਾਜ਼ਾਂ ਦੀ ਉੱਧਰਲਿਆਂ ਨਾਲ ਡੌਗ-ਫਾਈਟ ਹੋ ਗਈ। ਉਨ੍ਹਾਂ ਸਾਡਾ ਇੱਕ ਜਹਾਜ਼ ਸੁੱਟ ਲਿਆ। ਪਿੱਛੇ ਜੋਧਪੁਰ ‘ਚ ਉਸ ਪਾਇਲਟ, ਫਲਾਈਟ ਲੈਫਟੀਨੈਂਟ ਲਖਬੀਰ ਸਿੰਘ ਦੇ ਪਰਿਵਾਰ ਨੇ ਤਾਂ ਸੁੰਨ ਹੋਣਾ ਹੀ ਸੀ, ਸਾਡੇ ਸਾਰੇ ਸੁਕਆਰਡਨ ਨੂੰ ਝਟਕਾ ਵੱਜਾ। ਸਾਡਾ ਵਧੀਆ ਪਾਇਲਟ ਸੀ ਉਹ। ਕੁੱਝ ਘੰਟਿਆਂ ਬਾਅਦ ਖਬਰ ਮਿਲੀ ਕਿ ਲਖਬੀਰ ਸਿੰਘ ਜਹਾਜ਼ ਨੂੰ ਅੱਗ ਪੈਣ ਤੋਂ ਪਹਿਲਾਂ ਹੀ ਪੈਰਾਸ਼ੂਟ ਰਾਹੀਂ ਬਾਹਰ ਕੁੱਦ ਗਿਆ ਸੀ। ਅਸੀਂ ਸ਼ੁਕਰ ਕੀਤਾ ਕਿ ਚਲੋ ਬੰਦਾ ਜਿਊਂਦਾ ਹੈ। ਜੰਗ ਮੁੱਕਣ ‘ਤੇ ਜਦੋਂ ਜੰਗੀ ਕੈਦੀ ਛੱਡੇ ਗਏ ਤਾਂ ਵਾਪਸ ਆਪਣੇ ਪਰਿਵਾਰ ਤੇ ਸੁਕਆਡਰਨ ‘ਚ ਆ ਜਾਏਗਾ।
ਫਿਰ ਇੱਕ ਦਿਨ ਦੁਪਹਿਰ ਨੂੰ ਅਚਾਨਕ ਹੀ ਪਾਕਿਸਤਾਨ ਦੇ ਦੋ ਜਹਾਜ਼ ਆ ਧਮਕੇ। ਉਹ ਬਹੁਤ ਹੀ ਨੀਵੇਂ ਆਏ ਸਨ, ਜਿਸ ਕਰਕੇ ਰੇਡਾਰ ਵਿੱਚ ਪਤਾ ਨਹੀਂ ਸੀ ਲੱਗਾ ਤੇ ਵਾਰਨਿੰਗ ਵਜੋਂ ਕੋਈ ਸਾਇਰਨ ਨਾ ਵੱਜਿਆ। ਅਸੀਂ ਆਪਣੇ ਸ਼ੈੱਡ ਮੂਹਰੇ ਖਾਣੇ ਵਾਲੀ ਗੱਡੀ ਤੋਂ ਖਾਣਾ ਲੈ ਰਹੇ ਸਾਂ। ਸਾਥੋਂ ਨੌਂਵੇਂ ਸ਼ੈੱਡ ਦਾ ਮਾਰ ‘ਤੇ ਜਾ ਰਿਹਾ ਜਹਾਜ਼ ਸਟਾਰਟ ਹੋ ਕੇ ਟੈਕਸੀਵੇਅ ਵੱਲ ਨੂੰ ਮੁੜ ਰਿਹਾ ਸੀ। ਹਮਲਾਵਰ ਜਹਾਜ਼ਾਂ ਵਿੱਚੋਂ ਇੱਕ ਨੇ ਉਸ ਨੂੰ ਨਿਸ਼ਾਨਾ ਬਣਾ ਲਿਆ ਤੇ ਦੂਜੇ ਨੇ ਸਾਡੇ ਉੱਤੇ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ। ਅਸੀਂ ਇੱਕਦਮ ਓਥੇ ਹੀ ਧਰਤੀ ‘ਤੇ ਵਿਛ ਗਏ, ਪਰ ਸਾਡਾ ਇੱਕ ਸਾਥੀ ਪਵਨ ਸ਼ਰਮਾ ਖਾਣੇ ਵਾਲੀ ਪਲੇਟ ਚੁੱਕੀ ਸ਼ੈੱਡ ਦੇ ਅੰਦਰ ਨੂੰ ਦੌੜ ਪਿਆ ਤੇ ਗੋਲੀਆਂ ਨਾਲ ਵਿੰਨ੍ਹਿਆ ਗਿਆ। ਦੋਨਾਂ ਜਹਾਜ਼ਾਂ ਨੇ ਪਲਟੀਆਂ ਮਾਰੀਆਂ ਤੇ ਮੁੜ ਨਿਸ਼ਾਨੇ ਸੇਧ ਲਏ। ਇੱਕ ਨੇ ਜਹਾਜ਼ ਨੂੰ ਟੋਅ ਕਰਨ ਵਾਲੇ ਟਰੈਕਟਰ ਅਤੇ ਬੈਟਰੀਆਂ ਵਾਲੀ ਟਰਾਲੀ ਨੂੰ ਅਤੇ ਦੂਜੇ ਨੇ ਦੋ ਫੌਜੀ ਟਰੱਕਾਂ ਨੂੰ ਅੱਗ ਦੇ ਭਾਂਬੜ ਬਣਾ ਦਿੱਤਾ। ਉਹ ਦੋਵੇਂ ਪਾਇਲਟ ਬੜੇ ਬਹਾਦਰ ਤੇ ਨਿਪੁੰਨ ਸਨ। ਮਿੰਟ-ਡੇਢ ਮਿੰਟ ‘ਚ ਹੀ ਉਹ ਸਾਨੂੰ ਜੰਗ ਦੀ ਭਿਆਨਕਤਾ ਦਾ ਵਿਰਾਟ ਰੂਪ ਦਿਖਾ ਗਏ।
ਟੈਕਸੀਵੇਅ ਵੱਲ ਨੂੰ ਮੁੜ ਰਹੇ ਜਹਾਜ਼ ‘ਤੇ ਵਰ੍ਹੀਆਂ ਗੋਲੀਆਂ ਫਿਊਲ-ਟੈਂਕ ਤੱਕ ਨਹੀਂ ਸੀ ਪਹੁੰਚੀਆਂ। ਉਹ ਜਹਾਜ਼ ਤਾਂ ਡੈਮੇਜ਼ ਹੋ ਗਿਆ ਸੀ, ਪਰ ਅੱਗ ਨਹੀਂ ਸੀ ਲੱਗੀ। ਬੜਾ ਲੱਕੀ ਨਿਕਲਿਆ ਸੀ ਉਸ ਦਾ ਪਾਇਲਟ। ਵਰ੍ਹਦੀ ਅੱਗ ਵਿੱਚੋਂ ਵਾਲ-ਵਾਲ ਬਚ ਗਿਆ ਸੀ। ਅਸੀਂ ਵੀ ਤਾਂ ਮੌਤ ਦੇ ਮੂੰਹ ਵਿੱਚੋਂ ਹੀ ਬਚੇ ਸਾਂ। ਗੋਲੀਆਂ ਦੀ ਵਾਛੜ ਸਾਥੋਂ ਡੇਢ ਫੁੱਟ ਦੇ ਫਾਸਲੇ ‘ਤੇ ਹੋਈ ਸੀ। ਜੇ ਹਮਲਾਵਰ ਪਾਇਲਟ ਨੇ ਗੰਨਾਂ ਦੀ ਸਵਿੱਚ ਅੱਧਾ ਕੁ ਸੈਕਿੰਡ ਪਹਿਲਾਂ ਦੱਬ ਦਿੱਤੀ ਹੁੰਦੀ ਤਾਂ ਗੋਲੀਆਂ ਦਾ ਮੀਂਹ ਸਾਡੇ ਉੱਤੇ ਵੀ ਵਰ੍ਹਨਾ ਸੀ ਤੇ ਗੱਡੀ ਦੇ ਭਾਂਬੜਾਂ ਵਿੱਚ ਸਾਡੀ ਸੱਤ ਸੈਨਿਕਾਂ ਦੀ ਚਿਖਾ ਇੱਕੋ ਥਾਂ ਬਣ ਜਾਣੀ ਸੀ। ਖਤਰਾ ਖਤਮ ਹੋਣ ਦਾ ਸਾਇਰਨ ਵੱਜਣ ‘ਤੇ ਅਸੀਂ ਦੌੜ ਕੇ ਪਵਨ ਸ਼ਰਮਾ ਕੋਲ ਪੁੱਜੇ। ਉਹ ਮੁੱਕ ਚੁੱਕਾ ਸੀ। ਉਸ ਦੀ ਲਾਸ਼ ਖੂਨ ਦੇ ਛੱਪੜ ‘ਚ ਡੁੱਬੀ ਹੋਈ ਸੀ। ਇਸ ਤੋਂ ਪਹਿਲਾਂ ਕਿ ਉਹ ਰੋਟੀ ਖਾਂਦਾ, ਗੋਲੀਆਂ ਉਸ ਨੂੰ ਖਾ ਗਈਆਂ ਸਨ। ਰੋਟੀ ਨੇ ਆਪਣੀ ਕੀਮਤ ਵਸੂਲ ਲਈ ਸੀ। ਬਾਈ-ਤੇਈ ਸਾਲ ਦੇ ਪਵਨ ਸ਼ਰਮਾ ਨੇ ਅਜੇ ਤਾਂ ਜੀਵਨ -ਪੰਧ ‘ਤੇ ਪੈਰ ਹੀ ਧਰੇ ਸਨ। ਉਹ ਮਾਪਿਆਂ ਦਾ ਜੇਠਾ ਪੁੱਤਰ ਸੀ, ਕਮਾਊ ਪੁੱਤਰ। ਉਨ੍ਹਾਂ ਦਾ ਹਰਾ-ਭਰਾ ਬਾਗ ਉੱਜੜ ਗਿਆ ਸੀ।
ਸੁਕਆਡਰਨ ਕਮਾਂਡਰ ਨੇ ਸਾਨੂੰ ਭਾਸ਼ਣ ਦਿੰਦਿਆਂ ਆਖਿਆ ਸੀ, “ਆਪਣੇ ਏਅਰਮੈਨ ਪਵਨ ਸ਼ਰਮਾ ਦੀ ਮੌਤ ਦਾ ਮੈਨੂੰ ਅਫਸੋਸ ਹੈ … ਏਅਰ ਫੋਰਸ ਵਿੱਚ ਆਉਣ ਸਮੇਂ ਅਸੀਂ ਸਾਰਿਆਂ ਨੇ ਮਹਾਨ ਭਾਰਤ ਉਤੋਂ ਆਪਣੇ ਖੂਨ ਦਾ ਕਤਰਾ-ਕਤਰਾ ਵਾਰਨ ਦਾ ਪ੍ਰਣ ਲਿਆ ਹੋਇਆ ਏ। ਪਵਨ ਉਹ ਪ੍ਰਣ ਨਿਭਾਅ ਗਿਆ। ਉਸ ਦਾ ਰਣਭੂਮੀ ‘ਚ ਡੁੱਲ੍ਹਿਆ ਖੂਨ ਸਾਨੂੰ ਭਾਰਤ ਮਾਂ ਦੀ ਰੱਖਿਆ ਲਈ ਹੋਰ ਦ੍ਰਿੜ੍ਹ ਕਰਦਾ ਹੈ। ਤੁਸੀਂ ਹੌਸਲੇ ਬੁਲੰਦ ਰੱਖੋ। ਦੁਸ਼ਮਣ ਦੀ ਇੱਟ ਦਾ ਜਵਾਬ ਅਸੀਂ ਪੱਥਰ ਨਾਲ ਦਿਆਂਗੇ। “
ਸਾਡੇ ਸ਼ੈੱਡ ਦੇ ਲਾਗੇ ਹੀ ਪਵਨ ਸ਼ਰਮਾ ਦੀ ਚਿਖਾ ਚਿਣੀ ਗਈ। ਅੰਤਮ ਸੰਸਕਾਰ ਸਮੇਂ ਅਸੀਂ ਗਿਆਰਾਂ ਰਾਈਫਲਾਂ ਨਾਲ ਉਸ ਨੂੰ ਆਖਰੀ ਸਲਾਮੀ ਦਿੱਤੀ। ਫਿਰ ਸਾਡੇ ਵੱਲੋਂ ਸ਼ੋਕ-ਸ਼ਸਤਰ ਦੀ ਮੁਦਰਾ ਵਿੱਚ ਰਾਈਫਲਾਂ ਉਲਟੀਆਂ ਕਰਨ ‘ਤੇ ਜਦੋਂ ਬਿਗਲ ਰਾਹੀਂ ਲਾਸਟ-ਪੋਸਟ ਦੀ ਧੁੰਨ ਗੂੰਜੀ ਤਾਂ ਸਾਰੇ ਹਵਾਈ ਅੱਡੇ ‘ਚ ਸੋਗ ਛਾ ਗਿਆ ਸੀ।
ਓਧਰ ਪਿਛਾਂਹ ਜੋਧਪੁਰ ‘ਚ ਇਹ ਅਫਵਾਹ ਫੈਲ ਗਈ ਕਿ ਉੱਤਰਲਾਏ ਵਿੱਚ ਕਈ ਮੌਤਾਂ ਹੋਈਆਂ ਨੇ। ਜਿਨ੍ਹਾਂ ਦੇ ਬੰਦੇ ਉੱਤਰਲਾਏ ‘ਚ ਸਨ, ਉਨ੍ਹਾਂ ਘਰਾਂ ਵਿੱਚ ਉਸ ਦਿਨ ਚੁੱਲ੍ਹੇ ਨਹੀਂ ਸਨ ਤਪੇ। ਉਦੋਂ ਕਿਹੜੇ ਅੱਜ ਵਾਂਗ ਹਰ ਘਰ ਵਿੱਚ ਜਾਂ ਹਰ ਬੰਦੇ ਕੋਲ ਫੋਨ ਹੁੰਦਾ ਸੀ ਕਿ ਫਟ ਗੱਲ ਕਰ ਲਓ। ਓਪਰੇਸ਼ਨ ਕਮਾਂਡਰ ਨੇ ਜੋਧਪੁਰ ‘ਚ ਡਿਊਟੀਆਂ ਨਿਭਾਅ ਰਹੇ ਸਟਾਫ ਵਿੱਚੋਂ ਤਿੰਨ-ਚਾਰ ਜਣਿਆਂ ਦੀ ਸਪੈਸ਼ਲ ਡਿਊਟੀ ਲਗਾਈ ਕਿ ਉਹ ਪਰਵਾਰਾਂ ਨੂੰ ਮਿਲ ਕੇ ਉਨ੍ਹਾਂ ਦਾ ਫਿਕਰ ਦੂਰ ਕਰਨ।
ਬੰਗਲਾਦੇਸ਼ ਵੱਲੋਂ ਵਿਹਲੇ ਹੋਏ ਕੁੱਝ ਨਾਈਟ-ਫਾਈਟਰ ਜਹਾਜ਼ ਸਾਡੇ ਹਵਾਈ ਅੱਡੇ ‘ਤੇ ਆ ਡਟੇ। ਹੁਣ ਅਸੀਂ ਕਾਫੀ ਸੁਰੱਖਿਅਤ ਮਹਿਸੂਸ ਕਰਨ ਲੱਗ ਪਏ ਸਾਂ।
ਭਾਰਤੀ ਫੌਜਾਂ ਪੂਰਬੀ ਪਾਕਿਸਤਾਨ ਦੀ ਰਾਜਧਾਨੀ ਢਾਕਾ ਵੱਲ ਤੇਜ਼ੀ ਨਾਲ ਵਧ ਰਹੀਆਂ ਸਨ। ਇਸ ਤੇਜ਼-ਗਤੀ ਦੀ ਮਾਰਚ ਵਿੱਚ ਪੈਰਾਸ਼ੂਟ ਬ੍ਰਿਗੇਡਾਂ ਅਹਿਮ ਭੂਮਿਕਾ ਨਿਭਾਅ ਰਹੀਆਂ ਸਨ। ਇੱਕ ਪੜਾਅ ਨੂੰ ਸਰ ਕਰਕੇ ਉਹ ਹਵਾਈ ਜਹਾਜ਼ਾਂ ‘ਤੇ ਸਵਾਰ ਹੋ ਅਗਲੇ ਪੜਾਅ ‘ਤੇ ਪੈਰਾਸ਼ੂਟਾਂ ਰਾਹੀਂ ਉੱਤਰ ਜਾਂਦੇ। ਜਿੱਥੇ ਕਿਤੇ ਪਾਕਿਸਤਾਨੀ ਫੌਜ ਮੁਕਾਬਲੇ ‘ਤੇ ਡਟਦੀ ਸਾਡੀ ਜ਼ਮੀਨੀ ਫੌਜ ਹਵਾਈ ਸੈਨਾ ਦੀ ਮਦਦ ਮੰਗ ਲੈਂਦੀ। ਪੂਰਬੀ ਪਾਕਿਸਤਾਨ ਦੀ ਹਵਾਈ ਸ਼ਕਤੀ ਪਹਿਲਾਂ ਹੀ ਨਸ਼ਟ ਕਰ ਦਿੱਤੀ ਗਈ ਸੀ, ਜਿਸ ਕਰਕੇ ਸਾਡੀ ਜਲ, ਥਲ ਤੇ ਹਵਾਈ ਸੈਨਾ ਨੂੰ ਅਸਮਾਨ ‘ਚੋਂ ਕੋਈ ਖਤਰਾ ਨਹੀਂ ਸੀ। ਤੇ ਜਦੋਂ ਸਾਡੇ ਜਹਾਜ਼ ਥਲ ਸੈਨਾ ਦੀ ਮਦਦ ‘ਤੇ ਪਹੁੰਚ ਜਾਂਦੇ, ਪਾਕਿਸਤਾਨੀ ਫੌਜ ਮੈਦਾਨ ਛੱਡ ਜਾਂਦੀ।
ਉੱਤਰਲਾਏ ਤੋਂ ਹਵਾਈ ਹਮਲਿਆਂ ਦੀ ਗਿਣਤੀ ਕਾਫੀ ਵਧ ਚੁੱਕੀ ਸੀ, ਪਰ ਸਰਹੱਦੋਂ ਪਾਰਲੇ ਸਾਡੇ ਭਰਾਵਾਂ ਨੇ ਕਿਹੜੀਆਂ ਬੰਗਾਂ ਪਹਿਨੀਆਂ ਹੋਈਆਂ ਸਨ। ਉਨ੍ਹਾਂ ਸਾਡਾ ਇੱਕ ਹੋਰ ਜਹਾਜ਼ ਸੁੱਟ ਲਿਆ। ਪਾਇਲਟ ਦਾ ਨਾਂਅ ਸੀ ਫਲਾਈਟ ਲੈਫਟੀਨੈਂਟ ਭਾਰਗਵ। ਉਹ ਪੈਰਾਸ਼ੂਟ ਰਾਹੀਂ ਬਾਹਰ ਕੁੱਦ ਗਿਆ ਸੀ ਤੇ ਜੰਗੀ ਕੈਦੀ ਬਣਾ ਲਿਆ ਗਿਆ ਸੀ।
ਓਪਰੇਸ਼ਨ ‘ਤੇ ਗਏ ਸਾਡੇ ਜਹਾਜ਼ ਜਦੋਂ ਪਰਤ ਕੇ ਹਵਾਈ ਅੱਡੇ ‘ਤੇ ਚੱਕਰ ਲਾਉਂਦੇ ਤਾਂ ਅਸੀਂ ਗਹੁ ਨਾਲ ਤੱਕਦੇ। ਜੇ ਪੂਰੇ ਹੁੰਦੇ ਤਾਂ ਸਾਨੂੰ ਖੁਸ਼ੀ ਹੁੰਦੀ, ਜੇ ਘੱਟ ਹੁੰਦੇ ਤਾਂ ਦਿਲਾਂ ‘ਤੇ ਗਮ ਛਾ ਜਾਂਦਾ। ਸਸਪੈਂਸ ਵਿੱਚ ਅਸੀਂ ਸੋਚਣ ਲੱਗ ਜਾਂਦੇ ਕਿ ਮਨਫੀ ਹੋਇਆ ਪਾਇਲਟ ਕੌਣ ਹੋਵੇਗਾ। ਤੁਰੰਤ ਖਬਰ ਸਿਰਫ ਓਪਰੇਸ਼ਨ ਕਮਾਂਡਰ ਤੇ ਸੁਕਆਡਰਨ ਕਮਾਂਡਰ ਨੂੰ ਹੀ ਮਿਲਦੀ ਸੀ। ਬਾਕੀਆਂ ਨੂੰ ਤਾਂ ਸ਼ੈੱਡਾਂ ਨੂੰ ਮੁੜ ਰਹੇ ਜਹਾਜ਼ਾਂ ਦੇ ਨੰਬਰ ਪੜ੍ਹ ਕੇ ਹੀ ਪਤਾ ਲੱਗਦਾ ਸੀ।
ਇੱਕ ਦਿਨ ਸਾਡਾ ਇੱਕ ਜਹਾਜ਼ ਜਦੋਂ ਪਾਕਿਸਤਾਨੀ ਟੈਂਕਾਂ ‘ਤੇ ਰਾਕਟਿੰਗ ਕਰ ਰਿਹਾ ਸੀ, ਉਨ੍ਹਾਂ ਦੀ ਤੋਪ ਦਾ ਨਿਸ਼ਾਨਾ ਬਣ ਗਿਆ। ਘੱਟ ਉਚਾਈ ‘ਤੇ ਹੋਣ ਕਾਰਨ ਜਹਾਜ਼ ਦੇ ਪਾਇਲਟ ਫਲਾਈਂਗ ਅਫਸਰ ਐਪਟੇ ਨੂੰ ਪੈਰਾਸ਼ੂਟ ਰਾਹੀਂ ਬਾਹਰ ਕੁੱਦਣ ਦਾ ਟਾਈਮ ਹੀ ਨਾ ਮਿਲਿਆ। ਪਲਾਂ ਵਿੱਚ ਹੀ ਲਪਟਾਂ ਬਣੇ ਜਹਾਜ਼ ਦੇ ਨਾਲ ਹੀ ਉਹ ਭਸਮ ਹੋ ਗਿਆ ਸੀ। ਐਪਟੇ 27 ਕੁ ਸਾਲ ਦਾ ਸੁਹਣਾ-ਸੁਨੱਖਾ ਜਵਾਨ ਸੀ। ਉਸ ਦਾ ਵਿਆਹ ਹੋਏ ਨੂੰ ਮਸਾਂ ਇੱਕ ਸਾਲ ਹੋਇਆ ਸੀ। ਸੁਕਆਡਰਨ ਦੇ ਪਿਛਲੇ ਵਰ੍ਹੇਗੰਢ ਸਮਾਗਮ ਮੌਕੇ ਅਸੀਂ ਸਾਰਿਆਂ ਨੇ ਉਸ ਨੂੰ ਤੇ ਉਸ ਦੀ ਪਤਨੀ ਮਾਧੁਰੀ ਐਪਟੇ ਨੂੰ 'ਜੀ ਆਇਆਂ' ਆਖਿਆ ਸੀ। ਮੈਨੂੰ ਮਾਧੁਰੀ ਦਾ ਉਸ ਦਿਨ ਦਾ ਹਸੂੰ-ਹਸੂੰ ਕਰਦਾ ਚਿਹਰਾ ਯਾਦ ਆਇਆ ਸੀ। ਉਸ ਦਿਨ ਉਸ ਦੀ ਦੁਨੀਆਂ ਵਿੱਚ ਖੁਸ਼ੀਆਂ-ਖੇੜੇ ਸਨ ਤੇ ਅੱਜ ਵਿਚਾਰੀ ਦੇ ਭਾਅ ਦੀ ਪਰਲੋ ਆ ਗਈ ਸੀ। ਚੰਦਰੀ ਜੰਗ ਨੇ ਉਸ ਨੂੰ ਮੋਏ ਪਤੀ ਦਾ ਮੂੰਹ ਵੇਖਣ ਜਾਂ ਆਪਣੇ ਹੱਥੀਂ ਸਸਕਾਰ ਕਰਨ ਦਾ ਮੌਕਾ ਵੀ ਨਾ ਦਿੱਤਾ।
ਐਪਟੇ ਦੀ ਮੌਤ ਦੀ ਖਬਰ ਨੂੰ ਰੇਡੀਓ ‘ਤੇ ਸਿਰਫ ਦੋ ਸੈਕਿੰਡ ਹੀ ਦਿੱਤੇ ਗਏ ਸਨ। ਭਾਰਤੀ ਬੁਲਿਟਨ ਦਾ ਬਾਕੀ ਸਾਰਾ ਟਾਈਮ ਰੱਖਿਆ ਮੰਤਰੀ ਹੜੱਪ ਕਰ ਗਿਆ ਸੀ। ਭਾਰਤੀ ਸੈਨਾ ਦੀ ਬਹਾਦਰੀ ਤੇ ਨਿਪੁੰਨਤਾ ਦੀ ਪ੍ਰਸੰਸਾ ਕੁੱਝ ਸ਼ਬਦਾਂ ‘ਚ ਨਿਬੇੜ ਕੇ ਉਹ ਪ੍ਰਧਾਨ ਮੰਤਰੀ ਦੇ ਨਾਂਅ ਨਾਲ ਵੱਡੇ-ਵੱਡੇ ਵਿਸ਼ੇਸ਼ਣ ਲਾ ਕੇ ਉਸ ਦੇ ਗੁਣ ਗਾਇਨ ਕਰਨ ਡਹਿ ਪਿਆ ਸੀ।
ਜੰਗ ਫੈਸਲਾਕੁੰਨ ਸਟੇਜ ‘ਤੇ ਪਹੁੰਚ ਚੁੱਕੀ ਸੀ। ਭਾਰਤੀ ਥਲ ਸੈਨਾ ਨੇ ਢਾਕੇ ਨੂੰ ਘੇਰ ਲਿਆ ਸੀ ਅਤੇ ਭਾਰਤੀ ਜਲ ਸੈਨਾ ਨੇ ਢਾਕੇ ਦੁਆਲੇ ਤਾਇਨਾਤ ਪਾਕਿਸਤਾਨੀ ਜਲ ਸੈਨਾ ਨੂੰ ਨਾਕਾਮ ਕਰਕੇ ਪੂਰਬੀ ਪਾਕਿਸਤਾਨ ਦੀ ਸਮੁੰਦਰੀ ਨਾਕਾਬੰਦੀ ਕਰ ਦਿੱਤੀ ਸੀ। ਪਾਕਿਸਤਾਨੀ ਫੌਜ ਦੀ ਸਹਾਇਤਾ ਲਈ ਠਿਲ੍ਹੇ ਹੋਏ ਅਮਰੀਕਾ ਦੇ ਸ਼ਕਤੀਸ਼ਾਲੀ ਜੰਗੀ ਬੇੜੇ 'ਸੈਵਨਥ ਫਲੀਟ' ਦਾ ਮੁਕਾਬਲਾ ਕਰਨ ਲਈ ਜਦੋਂ ਰੂਸ ਨੇ ਆਪਣਾ ਖੂੰਖਾਰ ਜੰਗੀ ਬੇੜਾ ਛੱਡਿਆ ਤਾਂ ਅਮਰੀਕਾ ਨੇ ਪੈਂਤੜਾ ਬਦਲਦਿਆਂ ਆਪਣਾ ਜੰਗੀ ਬੇੜਾ ਪਿਛਾਂਹ ਮੋੜ ਲਿਆ ਸੀ। ਘਿਰ ਚੁੱਕੀ ਪਾਕਿਸਤਾਨੀ ਫੌਜ ਦੇ ਹੌਸਲੇ ਟੁੱਟ ਗਏ। ਪਾਕਿਸਤਾਨੀ ਫੌਜ ‘ਤੇ ਇਸ਼ਤਿਹਾਰਾਂ ਦਾ ਮੀਂਹ ਵੀ ਵਰ੍ਹਾਇਆ ਜਾ ਰਿਹਾ ਸੀ। ਜ਼ਮੀਨੀ, ਸਮੁੰਦਰੀ ਤੇ ਹਵਾਈ ਨਾਕਾਬੰਦੀ ਨੂੰ ਬਿਆਨਦੇ ਅਤੇ ਹਥਿਆਰ ਸੁੱਟਣ ਲਈ ਪ੍ਰੇਰਦੇ ਉਨ੍ਹਾਂ ਇਸ਼ਤਿਹਾਰਾਂ ਨੇ ਪਾਕਿਸਤਾਨੀ ਸੈਨਿਕਾਂ ਦਾ ਮਨੋਬਲ ਚੂਰ-ਚੂਰ ਕਰ ਦਿੱਤਾ।
ਪਾਕਿਸਤਾਨੀ ਕਮਾਂਡਰਾਂ ਨੇ ਆਪਣੇ 90 ਹਜ਼ਾਰ ਫੌਜੀਆਂ ਸਮੇਤ ਹਥਿਆਰ ਸੁੱਟ ਦਿੱਤੇ। ਜਨਰਲ ਨਿਆਜ਼ੀ ਨੇ 16 ਦਸੰਬਰ 1971 ਦੇ ਇਤਿਹਾਸਕ ਦਿਨ ਢਾਕਾ ਵਿਖੇ ਭਾਰਤੀ ਫੌਜ ਦੇ 'ਬੰਗਲਾਦੇਸ਼ ਓਪਰੇਸ਼ਨ' ਦੇ ਹੀਰੋ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਅੱਗੇ ਆਤਮ-ਸਮੱਰਪਣ ਕਰ ਦਿੱਤਾ। ਕਹਿੰਦੇ ਹਨ ਕਿ ਜਦੋਂ ਲੈਫਟੀਨੈਂਟ ਜਨਰਲ ਨਿਆਜ਼ੀ ਨੇ ਆਪਣਾ ਪਿਸਟਲ ਉਤਾਰ ਕੇ ਲੈਫਟੀਨੈਂਟ ਜਨਰਲ ਅਰੋੜਾ ਅੱਗੇ ਧਰਿਆ ਤਾਂ ਮਾਯੂਸੀ ‘ਚ ਡੁੱਬੇ ਜਨਰਲ ਨਿਆਜ਼ੀ ਦੀਆਂ ਅੱਖਾਂ ਵਿੱਚ ਹੰਝੂ ਸਨ।
ਖੈਰ ਪੂਰਬੀ ਪਾਕਿਸਤਾਨ ਬੰਗਲਾਦੇਸ਼ ਬਣ ਗਿਆ। ਉਸ ਸਮੇਂ ਕੇਂਦਰ ਦੀ ਹਕੂਮਤ ਚਲਾ ਰਹੀ ਪਾਰਟੀ ਦਾ ਭਵਿੱਖ ਰੌਸ਼ਨ ਹੋ ਗਿਆ ਸੀ, ਪਰ ਜੰਗ ਵਿੱਚ ਸ਼ਹੀਦ ਹੋਏ ਸੈਨਿਕਾਂ ਦੇ ਘਰੀਂ ਉਮਰਾਂ ਜੇਡੇ ਲੰਮੇ ਤੇ ਸੰਘਣੇ ਹਨੇਰੇ ਛਾ ਗਏ ਸਨ।
ਦੋ ਕੁ ਹਫਤਿਆਂ ਬਾਅਦ ਸਾਡੇ ਸੁਕਆਡਰਨ ਦੀ ਜੋਧਪੁਰ ਨੂੰ ਵਾਪਸੀ ਦੇ ਆਰਡਰ ਹੋ ਗਏ। ਅਸੀਂ ਖੁਸ਼ ਸਾਂ ਕਿ ਬੰਗਲਾਦੇਸ਼ ਨੂੰ ਆਜ਼ਾਦ ਕਰਵਾਉਣ ਦਾ ਸਾਡੇ ਭਾਰਤ ਦਾ ਮਿਸ਼ਨ ਸਫਲ ਹੋ ਗਿਆ ਸੀ, ਪਰ ਖੁਸ਼ੀ ਦੇ ਨਾਲ-ਨਾਲ ਵਿਗੋਚਾ ਵੀ ਸੀ। ਸਾਡੇ ਸੁਕਆਡਰਨ ਦੇ ਦੋ ਸੈਨਿਕ ਸਾਥੋਂ ਸਦਾ ਲਈ ਵਿੱਛੜ ਗਏ ਸਨ।
ਪਹਿਲਾਂ ਅਸੀਂ ਆਪਣੇ ਜਹਾਜ਼ਾਂ ਨੂੰ ਤੋਰਿਆ। ਪਾਇਲਟ ਬੜੀ ਸ਼ਾਨ ਨਾਲ ਜਹਾਜ਼ਾਂ ਨੂੰ ਰਨਵੇਅ ਵੱਲ ਲਿਜਾ ਰਹੇ ਸਨ। ਵਿੱਛੜ ਗਏ ਸਾਥੀ ਐਪਟੇ ਦੀ ਯਾਦ ਨੇ ਉਨ੍ਹਾਂ ਨੂੰ ਉਦਾਸ ਵੀ ਕੀਤਾ ਹੋਵੇਗਾ। ਟੈਕਸੀਵੇਅ ‘ਤੇ ਝੂਮਦੇ ਜਹਾਜ਼ਾਂ ਦੀ ਲੰਮੀ ਕਤਾਰ ਤੱਕਦਿਆਂ ਮੈਨੂੰ ਕਿਸੇ ਭਰ ਵਗਦੀ ਨਹਿਰ ਦਾ ਝਉਲਾ ਪਿਆ, ਪਰ ਅਗਲੇ ਹੀ ਪਲ ਜੈੱਟ-ਪਾਈਪਾਂ ਵਿੱਚੋਂ ਨਿਕਲਦੀਆਂ ਗੈਸਾਂ ਤੇ ਧੂੰਏਂ ਨੇ ਜਹਾਜ਼ਾਂ ਅੰਦਰ ਬਲਦੀ ਅੱਗ ਦਾ ਚੇਤਾ ਕਰਵਾ ਦਿੱਤਾ। ‘ਵਿਗਿਆਨ ਨੂੰ ਇਸ ਮਾਰੂਥਲੀ ਧਰਤੀ ਵਿੱਚ ਅੱਗ ਦਾ ਨਹੀਂ, ਪਾਣੀ ਦਾ ਬੰਦੋਬਸਤ ਕਰਨਾ ਚਾਹੀਦੈ।‘ ਮੇਰੇ ਅੰਦਰੋਂ ਆਵਾਜ਼ ਉੱਠੀ ਸੀ।
ਟਰਾਂਸਪੋਰਟ ਜਹਾਜ਼ ਸਾਨੂੰ ਲੈ ਕੇ ਤੁਰਿਆ ਤਾਂ ਕੁੱਝ ਪਿੱਛੇ ਰਹਿ ਗਿਆ ਜਾਪਿਆ। ਸਾਡੇ ਵਿੱਚ ਪਵਨ ਸ਼ਰਮਾ ਨਹੀਂ ਸੀ। ਉਸ ਨੇ ਕਦੀ ਵੀ ਘਰ ਨਹੀਂ ਸੀ ਪਰਤਣਾ। ਜੰਗੀ ਕੈਦੀ ਬਣੇ ਸਾਡੇ ਦੋ ਪਾਇਲਟਾਂ ਦੇ ਪਰਿਵਾਰਾਂ ਨੂੰ ਉਨ੍ਹਾਂ ਦੇ ਪਰਤਣ ਦੀ ਆਸ ਸੀ, ਉਡੀਕ ਸੀ, ਪਰ ਪਵਨ ਦੇ ਮਾਂ-ਬਾਪ, ਭੈਣ-ਭਰਾ ਤੇ ਐਪਟੇ ਦੀ ਵਿਧਵਾ ਅਤੇ ਜੰਗ ਦੀ ਭੇਟ ਚੜ੍ਹੇ ਹੋਰ ਅਨੇਕਾਂ ਸੈਨਿਕਾਂ ਦੇ ਪਰਿਵਾਰ ਕਿਸ ਦਾ ਰਾਹ ਤੱਕਣਗੇ।
ਪਵਨ ਸ਼ਰਮਾ ਦੀ ਮੌਤ ਦੀ ਦਰਦਨਾਕ ਘਟਨਾ ਮੇਰੇ ਅੰਦਰ ਡੂੰਘੀ ਉੱਤਰ ਚੁੱਕੀ ਸੀ। ਆਪਣੀ ਕਹਾਣੀ ‘ਸੁਆਹ ਦੀ ਢੇਰੀ‘ ਵਿੱਚ ਮੈਂ ਇਸ ਤ੍ਰਾਸਦਿਕ ਘਟਨਾ ਨੂੰ ਹੂ-ਬ-ਹੂ ਪੇਸ਼ ਕੀਤਾ। ਪਵਨ ਸ਼ਰਮਾ ਵਿੱਚੋਂ ਸਿਰਜੇ ਪਾਤਰ ਦਾ ਨਾਂਅ ਦਵਿੰਦਰ ਹੈ। ਕਹਾਣੀ ਪਾਠਕਾਂ ਨੂੰ ਪਸੰਦ ਆਈ। ਪਰ ਇਕਹਿਰੀ ਹੋਣ ਕਰਕੇ ਜੰਗ ਦੇ ਵਿਭਿੰਨ ਪਹਿਲੂਆਂ ‘ਤੇ ਰੌਸ਼ਨੀ ਨਹੀਂ ਸੀ ਪਾਈ ਜਾ ਸਕੀ। ਸੋ ਜੰਗ ਦਾ ਵਿਸ਼ਾ ਮੇਰੀ ਰਚਨਾਤਮਿਕਤਾ ‘ਚੋਂ ਖਤਮ ਨਾ ਹੋਇਆ। ਕਿਸੇ ਹੋਰ ਕਹਾਣੀ ਦੀ ਉਡੀਕ ਵਿੱਚ ਮੇਰੇ ਮਨ ਅੰਦਰ ਪਿਆ ਰਿਹਾ … ‘ਸੁਆਹ ਦੀ ਢੇਰੀ‘ ਤੋਂ 30 ਸਾਲ ਬਾਅਦ ਉਹੀ ਵਿਸ਼ਾ ਮੁੜ ਮਨ ਦੀ ਉੱਪਰਲੀ ਸਤਹ ‘ਤੇ ਆ ਉੱਭਰਿਆ। ਇਹ ਰਚਨਾਤਮਿਕ ਉਛਾਲਾ, ਸਾਮਰਾਜੀ ਮੁਲਕਾਂ ਵੱਲੋਂ ਲਾਈਆਂ ਗਈਆਂ ਇਰਾਕ-ਅਫਗਾਨਿਸਤਾਨ ਦੀਆਂ ਜੰਗਾਂ ਦੀ ਵਜ੍ਹਾ ਕਰਕੇ ਵੱਜਾ ਸੀ। ਇਨ੍ਹਾਂ ਜੰਗਾਂ ਦਾ ਬੇਤੁਕਾਪਨ ਅਤੇ ਇਨ੍ਹਾਂ ਵਿੱਚ ਮਾਰੇ ਜਾ ਰਹੇ ਅਮਰੀਕਾ, ਕੈਨੇਡਾ ਤੇ ਹੋਰ ਦੇਸ਼ਾਂ ਦੇ ਹਜ਼ਾਰਾਂ ਫੌਜੀ ਮੇਰੀ ਸੰਵੇਦਨਾ ਨੂੰ ਝੰਜੋੜਨ ਲੱਗੇ … ਸੋਚਾਂ ਦੇ ਤਾਣੇ-ਬਾਣੇ ਵਿੱਚੋਂ ਕਹਾਣੀ ਦੇ ਨਕਸ਼ ਉੱਘੜ ਪਏ।
ਟੋਰਾਂਟੋ ਦੇ ‘ਕੈਨੇਡੀਅਨ ਫੋਰਸਜ਼ ਬੇਸ‘ ਵਿੱਚ ਮੈਂ ਕੁੱਝ ਸਾਲ ਸਕਿਉਰਿਟੀ-ਸੁਪਰਵਾਈਜ਼ਰ ਦੇ ਤੌਰ ‘ਤੇ ਕੰਮ ਕੀਤਾ ਸੀ। ਉਥੋਂ ਦੀ ਫੌਜੀ ਜ਼ਿੰਦਗੀ ਬਾਰੇ ਅਨੁਭਵ ਹੈਗਾ ਸੀ। ਉਸ ਅਨੁਭਵ ਵਿੱਚੋਂ ਮੈਂ ਕੈਨੇਡੀਅਨ ਸੈਨਿਕ ਸਟੀਵ ਬਰਟਨ ਤੇ ਉਸ ਦੀ ਪਤਨੀ ਨੈਨਸੀ ਬਰਟਨ ਨੂੰ ਉਸਾਰ ਲਿਆ। ਉੱਤਰਲਾਏ ਵਾਲੇ ਹਮਲੇ ਵਿੱਚ ਮੌਤ ਤਾਂ ਅਸਲ ਵਿੱਚ ਪਵਨ ਸ਼ਰਮਾ ਦੀ ਹੋਈ ਸੀ, ਪਰ ਕਹਾਣੀ-ਜਿਸ ਦਾ ਨਾਂ ‘ਮੁਹਾਜ਼‘ ਹੈ- ਵਿੱਚ ਮ੍ਰਿਤਕ ਸੈਨਿਕ ਦਾ ਨਾਂ ਮੈਂ ਨਵਤੇਜ ਰੱਖਿਆ। ਨਵਤੇਜ ਵਿਆਹਿਆ ਹੋਇਆ ਸੀ।
ਸਟੀਵ ਬਰਟਨ ਅਫਗਾਨਿਸਤਾਨ ਜੰਗ ਦੀ ਭੇਟ ਚੜ੍ਹ ਜਾਂਦਾ ਹੈ। ਉਸ ਦੀ ਵਿਧਵਾ ਨੈਨਸੀ ਤੇ ਨਵਤੇਜ ਦੀ ਵਿਧਵਾ ਜੀਤਾਂ ਦੇ ਦੁੱਖਾਂ-ਦਰਦਾਂ ਤੇ ਝੋਰਿਆਂ ਰਾਹੀਂ ਮੈਂ ਵਿਆਪਕ ਤੌਰ ‘ਤੇ ਫੌਜੀ ਵਿਧਵਾਵਾਂ ਦੀ ਉਮਰਾਂ ਜੇਡੀ ਲੰਮੀ ਬਿਪਤਾ ਭਰੀ ਜੀਵਨ-ਜੰਗ ਨੂੰ ਪੇਸ਼ ਕੀਤਾ ਹੈ। ਇਹ ਤੱਥ ਵੀ ਉਘਾੜਿਆ ਹੈ ਕਿ ਜੰਗ ਸਿਰਫ ਇੱਕ ‘ਮੁਹਾਜ਼‘ ‘ਤੇ ਹੀ ਨਹੀਂ ਲੜੀ ਜਾਂਦੀ, ਪਰਿਵਾਰਕ, ਸਮਾਜਕ ਤੇ ਆਰਥਿਕ ‘ਮੁਹਾਜ਼ਾਂ‘ ‘ਤੇ ਵੀ ਲੜੀ ਜਾਂਦੀ ਹੈ। ਫੌਜੀਆਂ ਦੀ ਕਠਪੁਤਲੀਆਂ ਵਰਗੀ ਹੋਂਦ ਨੂੰ ਦਰਸਾਉਂਦਿਆਂ, ਦੇਸ਼ਾਂ ਤੇ ਹਕੂਮਤਾਂ ਵੱਲੋਂ ਆਪਣੇ ਸਵਾਰਥਾਂ ਹਿੱਤ ਕਠਪੁਤਲੀਆਂ ਬਣਨ ਵੱਲ ਵੀ ਸੰਕੇਤ ਕੀਤਾ ਹੈ।
ਇਰਾਕ-ਅਫਗਾਨਿਸਤਾਨ ਦੀਆਂ ਜੰਗਾਂ ਦੀ ਉੱਚਿਤਤਾ ਤੇ ਨੈਤਿਕਤਾ ‘ਤੇ ਪ੍ਰਸ਼ਨ-ਚਿੰਨ੍ਹ ਲਾਉਣ ਦੇ ਨਾਲ-ਨਾਲ ਸੈਨਿਕਾਂ ਦਾ ਪ੍ਰਤੀਰੋਧ ਵੀ ਦਿਖਾਇਆ ਹੈ … ਦੋ ਅਮਰੀਕੀ ਸੈਨਿਕਾਂ ਦੇ ਪਾਤਰ ਇਰਾਕ-ਅਫਗਾਨਿਸਤਾਨ ਜੰਗ ਨੂੰ ਉਚਿੱਤ ਨਹੀਂ ਮੰਨਦੇ। ਇਰਾਕ ਪਹੁੰਚਣ ਦੀ ਬਜਾਇ ਉਹ ਕੈਨੇਡਾ ਆ ਕੇ ਸ਼ਰਨ ਮੰਗ ਲੈਂਦੇ ਹਨ, ਪਰ ਰਫਿਊਜੀ-ਕੋਰਟ ਉਨ੍ਹਾਂ ਦੇ ਕੇਸ ਰਿਜੈਕਟ ਕਰ ਦਿੰਦੀ ਹੈ। ਸਟੀਵ ਦਾ ਟੀਨਏਜਰ ਪੁੱਤਰ ਟਿੰਮ-ਜੋ ਪਿਓ ਦੀ ਮੌਤ ਤੋਂ ਬਾਅਦ ਇਨ੍ਹਾਂ ਜੰਗਾਂ ਦੀਆਂ ਬੇਤੁਕੀਆਂ ਬਾਰੇ ਸੋਚਦਾ-ਸੋਚਦਾ ਮਨੋਰੋਗੀ ਹੋ ਚੁੱਕਾ ਹੈ-ਰਫਿਊਜੀ ਕੋਰਟ ਦੇ ਫੈਸਲੇ ਨੂੰ (ਅਮਰੀਕੀ) ਸੈਨਿਕਾਂ ਨਾਲ ਹੋਈ ਬੇਇਨਸਾਫੀ ਆਖਦਾ ਹੈ। ਇਸ ਮੌਕੇ ਬੋਲਿਆ ਉਸ ਦਾ ਭਾਵਪੂਰਤ ਡਾਇਲਾਗ ਇੱਥੇ ਦਰਜ ਕਰ ਰਿਹਾਂ, “ਉਨ੍ਹਾਂ ਅਮਰੀਕੀ ਸੈਨਿਕਾਂ ਦਾ ਜਵਾਬ ਵੀ ਦੇਖੋ। ਉਨ੍ਹਾਂ ਕਿਹੈ-ਜੰਗ ‘ਚ ਫਿਜ਼ੀਕਲ ਕਰਿਜ ਨਾਲੋਂ ਮੌਰਲ ਕਰਿਜ ਨੂੰ ਪਹਿਲ ਦੇਣੀ ਚਾਹੀਦੀ ਹੈ। ਉਨ੍ਹਾਂ ਦਾ ਰਫਿਊਜੀ-ਬੋਰਡ ਦੀ ਕੋਰਟ ਅੱਗੇ ਇਹ ਸਵਾਲ ਸੀ ਕਿ ਨੈਤਿਕਤਾ ਦੇ ਆਧਾਰ ‘ਤੇ ਜਿਸ ਜੰਗ ਦੀ ਕੋਈ ਜਸਟੀਫਿਕੇਸ਼ਨ ਹੀ ਨਹੀਂ ਬਣਦੀ, ਉਸ ਨੂੰ ਜਿਸਮਾਨੀ ਹੌਸਲੇ ਨਾਲ ਲੜਨ ਦੀ ਜੋ ਤੁਕ ਹੈ, ਉਹ ਸਾਨੂੰ ਸਮਝਾਈ ਜਾਵੇ...।”

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346