"ਆ ਜੋ ਮੈਡਮ ਬੈਠ ਜਾਓ,
ਸੀਟ ਖਾਲੀ ਹੈ। ਤੁਸੀਂ ਅੱਗੇ ਲੰਘ ਆਓ। ਜ਼ਰਾ ਮੈਡਮ ਨੂੰ ਲੰਘਣ ਦਿਓ"।
ਮੇਰੇ ਨਾਲ ਬੱਸ ਵਿਚ ਰੋਜ਼ਾਨਾ ਸਫ਼ਰ ਕਰਨ ਵਾਲੇ ਆਦਮੀ ਨੇ ਜਦੋਂ ਮੈਨੂੰ ਕਿਹਾ ਤਾਂ ਮੈਂ
ਥੋੜ੍ਹਾ ਜਿਹਾ ਸੰਕੋਚ ਵੱਸ ਕਿਹਾ ਕਿ, "ਨਹੀਂ, ਬਹੁਤ ਮੁਸ਼ਕਿਲ ਹੈ ਐਨੀ ਭੀੜ ਵਿੱਚੋਂ ਲੰਘ ਕੇ
ਅੱਗੇ ਆਉਣਾ"। ਮੇਰੇ ਨਾਂਹ ਕਰ ਦੇਣ ਦੇ ਬਾਵਜ਼ੂਦ ਵੀ ਉਸ ਨੇ ਸਵਾਰੀਆਂ ਨੂੰ ਅੱਗੇ-ਪਿੱਛੇ ਹੋ
ਕੇ ਮੈਨੂੰ ਲੰਘਣ ਦੇਣ ਲਈ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ ਸੀ।
ਉਸ ਨੂੰ ਏਨਾ ਤਕੁੱਲਫ ਉਠਾਉਂਦੇ ਅਤੇ ਸਵਾਰੀਆਂ ਨੂੰ ਪ੍ਰੇਸ਼ਾਨ ਹੁੰਦੇ ਵੇਖ ਕੇ ਮੈਂ ਫਿਰ
ਕਿਹਾ ਕਿ, "ਭਾਈ ਸਾਹਿਬ ਕੋਈ ਗੱਲ ਨਹੀਂ ਅਰਨੀ ਵਾਲੇ ਜਾ ਕੇ ਬੱਸ ਕੁੱਝ ਖਾਲੀ ਹੋਵੇਗੀ ਤਾਂ
ਸੀਟਾਂ ਖਾਲੀ ਹੋਣਗੀਆਂ ਤਾਂ ਮੈਂ ਫਿਰ ਬੈਠ ਜਾਂਵਾਂਗੀ। ਦਸ ਮਿੰਟ ਨਾਲ ਕੋਈ ਫ਼ਰਕ ਨਹੀਂ
ਪੈਂਦਾ। ਇਹ ਤਾਂ ਰੋਜ ਦਾ ਹੀ ਕੰਮ ਹੈ। ਤੁਸੀਂ ਐਂਵੇਂ ਪ੍ਰੇਸ਼ਾਨ ਨਾ ਹੋਵੋ"। ਏਨਾ ਕਹਿ ਕੇ
ਮੈਂ ਇਕ ਵਾਰ ਫਿਰ ਤੋਂ ਉਸਦਾ ਚਿਹਰਾ ਧਿਆਨ ਨਾਲ ਦੇਖਿਆ ਤਾਂ ਮੈਨੂੰ ਉਸ ਆਦਮੀ ਦੇ ਚਿਹਰੇ
ਤੋਂ ਬੜੀ ਨਫ਼ਰਤ ਹੋਈ ਤੇ ਮੈਨੂੰ ਯਾਦ ਆਇਆ ਕਿ ਸ਼ੁਰੂ ਤੋਂ ਹੀ ਮੈਨੂੰ ਨਾਲ ਸਫ਼ਰ ਕਰਨ ਵਾਲੇ
ਜਿਸ ਚਿਹਰੇ ਤੋਂ ਅਲਰਜ਼ੀ ਜਿਹੀ ਹੁੰਦੀ ਸੀ ਇਹ ਤਾਂ ਉਹੋ ਹੀ ਹੈ। ਮੈਨੂੰ ਧੁਰ ਅੰਦਰ ਤੱਕ
ਉਹਦੇ ਤੋਂ ਬੜੀ ਕੋਫ਼ਤ ਜਿਹੀ ਮਹਿਸੂਸ ਹੋਈ। ਵੈਸੇ ਵੀ ਤਿੰਨ-ਚਾਰ ਸੀਟਾਂ ਛੱਡ ਕੇ ਉਸਦੀ ਸੀਟ
ਤੱਕ ਪਹੁੰਚਣਾ ਮੁਸ਼ਕਿਲ ਹੀ ਨਹੀਂ ਸਗੋਂ ਨਾਮੁਮਕਿਨ ਸੀ। ਤੇ ਮੈਂ ਇਹ ਵੀ ਸੋਚ ਰਹੀ ਸੀ ਕਿ
ਜੇਕਰ ਅੱਜ ਇਸਦੀ ਰੋਕੀ ਹੋਈ ਸੀਟ ਤੇ ਜਾ ਕੇ ਬੈਠ ਗਈ ਤਾਂ ਇਸ ਤਰ੍ਹਾਂ ਤਾਂ ਇਹ ਹਰ ਰੋਜ਼੍ਹ
ਹੀ ਮੇਰੇ ਲਈ ਸੀਟ ਰੋਕਣੀ ਸ਼ੁਰੂ ਕਰ ਦੇਵੇਗਾ ਜਿਸ ਸਖ਼ਸ਼ ਦੀ ਹੋਂਦ ਹੀ ਨਾਗਵਾਰ ਗੁਜ਼ਰੇ ਅਜਿਹੇ
ਬੰਦੇ ਨਾਲ ਬੈਠ ਕੇ ਸਫ਼ਰ ਕਰਨਾ ਮੈਨੂੰ ਕਤਈ ਮਨਜ਼ੂਰ ਨਹੀਂ ਸੀ। ਜਨਾਨਾ ਸਵਾਰੀ ਨਾਲ ਸਫ਼ਰ ਕਰਨਾ
ਅਰਾਮਦਾਇਕ ਤੇ ਸੁਰੱਖਿਅਤ ਮਹਿਸੂਸ ਕਰਦੀ ਹਾਂ। ਛੇਤੀ ਕੀਤੇ ਆਪਣੇ ਨਾਲ ਕਿਸੇ ਆਦਮੀ ਨੂੰ
ਨਹੀਂ ਬਿਠਾਉਂਦੀ। ਇਸ ਲਈ ਮੈਂ ਅਰਨੀਵਾਲੇ ਪਹੁੰਚ ਕੇ ਵੀ ਉਸਦੀ ਰੋਕੀ ਹੋਈ ਸੀਟ ਤੇ ਨਾ ਬੈਠਣ
ਦਾ ਮਨ ਹੀ ਮਨ ਫ਼ੈਸਲਾ ਕਰ ਚੁੱਕੀ ਸੀ।
ਉਹ ਵੀ ਰੋਜ਼੍ਹ ਉਸੇ ਬਸ ਤੇ ਹੀ ਆਉਂਦਾ ਸੀ। ਕਈ ਵਾਰੀ ਤਾਂ ਵਾਪਸੀ ਵੀ ਮੇਰੇ ਵਾਲੀ ਬੱਸ ਵਿਚ
ਹੁੰਦਾ। ਅਕਸਰ ਮੈਨੂੰ ਮਹਿਸੂਸ ਹੁੰਦਾ ਕਿ ਉਹ ਮੇਰੇ ਨਾਲ ਗੱਲ ਕਰਨੀ ਚਾਹੁੰਦਾ ਹੈ ਪਰ, ਮੈਂ
ਤਾਂ ਆਪਣੇ-ਆਪ ਵਿਚ ਹੀ ਮਸਤ ਰਹਿੰਦੀ ਸਾਂ। ਵੈਸੇ ਵੀ ਮੌਕੇ ਦੀ ਤਲਾਸ਼ ਵਿਚ ਰਹਿਣ ਵਾਲੇ ਬੰਦੇ
ਮੈਨੂੰ ਚੰਗੇ ਨਹੀਂ ਲੱਗਦੇ। ਭਾਂਵੇਂ ਮੈਂ ਖ਼ੁਦ ਪਿਛਾਂਹ-ਖਿੱਚੂ ਵਿਚਾਰਾਂ ਦੀ ਨਹੀਂ ਪਰ,
ਦੂਜਿਆਂ ਦੇ ਸਨਕ ਤੋਂ ਡਰ ਕੇ ਰਹਿਣ ਵਿਚ ਹੀ ਭਲਾਈ ਸਮਝਦੀ ਹਾਂ। ਮੈਂ ਹਮੇਸ਼ਾਂ ਹੀ ਮਾਹੌਲ
ਅਨੁਸਾਰ ਆਪਣੇ-ਆਪ ਨੂੰ ਢਾਲਦੀ ਆਈ ਹਾਂ ਤੇ ਸ਼ਾਇਦ ਲੋਕਾਂ ਦੇ ਸਨਕ ਦਾ ਭੇਦ ਵੀ ਪਤੀ ਦੇ ਸ਼ੱਕੀ
ਸੁਭਾਅ ਵਿਚੋਂ ਹੀ ਜਾਣਿਆਂ ਕਿ ਲੋਕ ਇਸ ਤਰ੍ਹਾਂ ਵੀ ਸੋਚ ਸਕਦੇ ਹਨ। ਮੇਰੇ ਪਤੀ ਦੀ ਆਦਤ ਸੀ
ਅਕਸਰ ਹੀ ਸ਼ੱਕ ਵਿਚ ਐਂਵੇਂ ਹੀ ਅਗਲੇ ਨੂੰ ਪੈਰੋਂ ਕੱਢੀ ਜਾਣਾ। ਕੋਈ ਨਜ਼ਰ ਭਰ ਕੇ ਮੈਨੂੰ ਤੱਕ
ਲੈਂਦਾ ਤਾਂ ਉਲਟਾ ਮੇਰੀ ਸ਼ਾਮਤ ਆ ਜਾਂਦੀ। ਉਹ ਤੈਨੂੰ ਕਿਉਂ ਦੇਖਦਾ ਸੀ? ਉਹਦੀਆਂ ਇਹੋ
ਜਿਹੀਆਂ ਬੇਥ੍ਹਵੀਆਂ ਜਿਹੀਆਂ ਗੱਲਾਂ ਸੁਣ ਕੇ ਮੈਨੂੰ ਤਾਂ ਵਿਹੁ ਚੜ੍ਹ ਜਾਂਦੀ। ਸੋ ਬਚ ਕੇ
ਰਹਿਣ ਵਿਚ ਹੀ ਮੈਨੂੰ ਆਪਣਾ ਬਚਾਓ ਜਾਪਦਾ। ਮੈਂ ਕਈ ਵਾਰੀ ਆਪਣੇ ਪਤੀ ਨੂੰ ਅਰਨੀਵਾਲੇ ਤੋਂ
ਬਸ ਚੜ੍ਹਾਉਣ ਲਈ ਵੀ ਕਹਿੰਦੀ। ਪਰ, ਉਹ ਮਨਮਰਜ਼ੀ ਦਾ ਮਾਲਿਕ ਬੰਦਾ ਦਿਲ ਕਰਦਾ ਤਾਂ ਚੜਾਅ
ਆਉਂਦਾ ਨਹੀਂ ਤਾਂ ਚਾਰ ਗੱਲਾਂ ਸੁਣਾ ਦਿੰਦਾ ਤੇ ਮੇਰੀ ਨੌਕਰੀ ਨੂੰ ਕੋਸਣਾ ਸ਼ੁਰੂ ਕਰ ਦਿੰਦਾ,
ਕਹਿੰਦਾ "ਨੌਕਰੀ ਕਰਨ ਦਾ ਤਾਂ ਸਵਾਦ ਹੀ ਭੀੜ ਵਿਚ ਜਾ ਕੇ ਆਉਂਦਾ ਏ। ਤਾਂ ਹੀ ਤੂੰ ਜਾਂਨੀ
ਐਂ"। ਜੇ ਮੈਂ ਕਹਿੰਦੀ ਕਿ ਮੈਨੂੰ ਤੂੰ ਛੱਡ ਆ ਤਾਂ ਕਹਿ ਦਿੰਦਾ ਕਿ ਮੈਂ ਕੋਈ ਤੇਰੇ ਲਈ
ਵਿਹਲਾ ਆਂ। ਮੈਂ ਆਪ ਨਹੀਂ ਨੌਕਰੀ ਕਰਨੀ। ਉਸਦੀਆਂ ਅਜਿਹੀਆਂ ਗੱਲਾਂ ਨਾਲ ਮੈਂ ਅਕਸਰ
ਸੜੀ-ਭੁੱਜੀ ਜਿਹੀ ਰਹਿੰਦੀ।
ਬਸ ਵਿਚ ਕੋਈ ਕਦੀ ਮੈਨੂੰ ਬੁਲਾਉਣ ਦੀ ਹਿੰਮਤ ਨਹੀਂ ਸੀ ਕਰ ਸਕਿਆ। ਪਰ, ਅੱਜ ਪਹਿਲੀ ਵਾਰ
ਉਸਨੇ ਮੇਰੇ ਲਈ ਸੀਟ ਰੱਖੀ ਸੀ। ਮੈਨੂੰ ਲੱਗਿਆ ਕਿ ਮੇਰੇ ਨਾਲ ਗੱਲ-ਬਾਤ ਲਈ ਉਸ ਦੀ ਇਹ
ਤਰਕੀਬ ਹੈ। ਉਸਨੂੰ ਤਾਂ ਕੀ ਕਿਸੇ ਨੂੰ ਵੀ ਮੈਂ ਆਪਣੇ ਨਜ਼ਦੀਕ ਨਹੀਂ ਆਉਣ ਦੇਣਾ ਚਾਹੁੰਦੀ
ਸੀ। ਮੈਨੂੰ ਲੱਗਦਾ ਮੇਰੇ ਅੰਦਰ ਜਿਵੇਂ ਪੂਰੇ ਮਰਦ ਸਮਾਜ ਲਈ ਕੋਈ ਜਵਾਲਾਮੁਖੀ ਹੈ ਜੋ ਹਰ
ਵੇਲੇ ਮੇਰੇ ਅੰਦਰ ਧੁਖ਼ਦਾ ਰਹਿੰਦਾ ਹੈ। ਗਰਮ ਗੈਸ ਰੂਪੀ ਜਲਨ ਮੇਰੇ ਦਿਮਾਗ ਨੂੰ ਚੜ੍ਹਦੀ
ਰਹਿੰਦੀ।
ਸਰਦੀਆਂ ਦੇ ਦਿਨਾਂ ਵਿਚ ਅਨਿਲ ਵਾਲਿਆਂ ਦੀ ਬੱਸ ਤੇ ਬੇਤਹਾਸ਼ਾ ਭੀੜ ਹੁੰਦੀ ਸੀ। ਸਰਕਾਰੀ ਤੇ
ਪ੍ਰਾਈਵੇਟ ਨੌਕਰੀਆਂ ‘ਤੇ ਆਪੋ-ਆਪਣੇ ਕੰਮਾਂ-ਕਾਰਾਂ ‘ਤੇ ਅਤੇ ਸਕੂਲ ਕਾਲਜ਼ ਜਾਣ ਵਾਲੇ
ਮੁੰਡੇ-ਕੁੜੀਆਂ ਦੇ ਝੁੰਡ। ਬੱਸ ਦੀ ਛੱਤ ਵੀ ਸਵਾਰੀਆਂ ਨਾਲ ਭਰੀ ਹੁੰਦੀ। ਨਹਿਰ ਤੇ ਪਹੁੰਚ
ਕੇ ਤਾਂ ਬੱਸ ਸਵਾਰੀਆਂ ਨਾਲ ਤੂੜੀ ਵਾਂਗੂੰ ਤੂਸ-ਤੂਸ ਕੇ ਭਰ ਜਾਂਦੀ। ਬੱਸ ਦੀ ਖਿੜਕੀ ਵਿਚ
ਹੀ ਮਸਾਂ ਪੈਰ ਜਿਹਾ ਹੀ ਟਿਕ ਹੁੰਦਾ ਤੇ ਬਸ ਚੱਲ ਪੈਂਦੀ। ਬੱਸ ਦੇ ਤੁਰ ਪੈਣ ਤੋਂ ਬਾਅਦ
ਜਨਾਨੀ ਸਵਾਰੀ ਹੌਲੀ-ਹੌਲੀ ਅੱਗੇ ਨੂੰ ਹੋ ਆਉਂਦੀ ਤੇ ਬੰਦੇ ਉੱਥੇ ਹੀ ਖੜ੍ਹੇ ਝੂਲਦੇ
ਰਹਿੰਦੇ। ਹਰ ਅੱਡੇ ਤੋਂ ਸਵਾਰੀ ਚੁੱਕਣੀ ਬੱਸ ਵਾਲਿਆਂ ਦੀ ਮਜ਼ਬੂਰੀ ਸੀ ਜਾਂ ਕਿ ਇਹ ਕਹਿਣਾ
ਜ਼ਿਆਦਾ ਸਹੀ ਹੋਵੇਗਾ ਕਿ ਉਹਨਾਂ ਦੀ ਰੋਜ਼ਾਨਾ ਦੀਆਂ ਸਵਾਰੀਆਂ ਨਾਲ ਮੂੰਹ-ਲਿਹਾਜ਼ ਤੇ ਹਮਦਰਦੀ
ਹੁੰਦੀ ਸੀ। ਹਰ ਬੰਦਾ ਆਪਣੀ ਮੰਜ਼ਿਲ ਤੇ ਪਹੁੰਚਣਾ ਚਾਹੁੰਦਾ ਹੈ। ਕਈ ਵਾਰੀ ਤਾਂ ਮੇਰੇ ਵਰਗੀ
ਘਰੋਂ ਸਾਰੇ ਕੰਮ ਨਬੇੜ ਕੇ ਭੱਜਣ ਵਾਲੀ ਸਵਾਰੀ ਨੂੰ ਸਾਹਮਣੇ ਆਉਂਦੀ ਵੇਖ ਕੇ ਉਡੀਕ ਵੀ ਕਰ
ਲੈਂਦੇ ਸਨ। ਕਈ ਵਾਰੀ ਬੱਸ ਵਿੱਚੋਂ ਦੀ ਅਵਾਜ਼ ਆਉਂਦੀ ਕਿ ਭਾਈ ਹੁਣ ਬੱਸ ਵੀ ਕਰੋ ਕਿੰਨੀ ਕੁ
ਭਰੀ ਜਾਉਗੇ ਤਾਂ ਡਰਾਈਵਰ ਕਹਿੰਦਾ ਕਿ ਚਲੋ ਠਕਿ ਹੈ ਕੱਲ੍ਹ ਨੂੰ ਤੁਹਾਡੇ ਅੱਡੇ ਤੋਂ ਹੀ
ਸ਼ੁਰੂਆਤ ਕਰਦੇ ਹਾਂ ਫਿਰ ਤਾਂ ਸਵਾਰੀ ਦਾ ਰੰਗ ਉੱਡ ਜਾਂਦਾ ਤੇ ਕਹਿੰਦੀ ਨਾ ਭਾਈ ਅਸੀਂ ਤਾਂ
ਜ਼ਰੂਰੀ ਪਹੁੰਚਣਾ ਹੁੰਦਾ ਹੈ ਸਾਨੂੰ ਨਾ ਛੱਡਿਓ ਕਦੀ ਤਾਂ ਡਰਾਈਵਰ ਵੀ ਸੜੇ ਜਿਹੇ ਮੂੰਹ ਨਾਲ
ਕਹਿੰਦਾ ਕਿ ਸੱਭ ਨੇ ਹੀ ਪਹੁੰਚਣਾ ਹੁੰਦਾ ਹੈ ਤੁਹਾਨੂੰ ਤਾਂ ਆਪਣਾ ਹੀ ਫਿਕਰ ਹੈ ਸਾਨੂੰ ਤਾਂ
ਭਾਈ ਸਭ ਦਾ ਫ਼ਿਕਰ ਹੈ। ਸਾਡਾ ਕੋਈ ਕਿਸੇ ਨਾਲ ਵੈਰ ਥੋੜ੍ਹਾ ਏ? ਪਹਿਲਾਂ-ਪਹਿਲਾਂ ਤਾਂ ਉਹ
ਡਰਾਈਵਰ ਮੈਨੂੰ ਸੱਚੀ ਹੀ ਸੜਿਆ-ਬਲਿਆ ਜਿਹਾ ਲੱਗਦਾ ਹੁੰਦਾ ਸੀ ਪਰ ਹੌਲੀ-ਹੌਲੀ ਉਹ ਬੰਦਾ
ਦਿਲ ਮੈਨੂੰ ਦਿਲ ਦਾ ਬੜਾ ਹੀ ਨੇਕ ਲੱਗਿਆ ਪਰ ਉਸ ਦਾ ਇਹ ਵਿਵਹਾਰ ਉਹਨਾਂ ਦੇ ਪੇਸ਼ੇ ਦੀ
ਮਜ਼ਬੂਰੀ ਜਾਪਿਆ।
ਉਸ ਦਿਨ ਰੱਬੋਂ ਹੀ ਅਰਨੀ ਵਾਲੇ ਪਹੁੰਚ ਕੇ ਹੋਰ ਕੋਈ ਵੀ ਸੀਟ ਖਾਲੀ ਨਾ ਹੋਈ ਤੇ ਮੈਨੂੰ
ਮਜ਼ਬੂਰੀ ਵੱਸ ਉਸੇ ਆਦਮੀ ਵੱਲੋਂ ਰੋਕੀ ਹੋਈ ਸੀਟ ਤੇ ਹੀ ਬੈਠਣਾ ਪਿਆ। ਮੈਨੂੰ ਬਿਨਾਂ ਉਸਦਾ
ਮੂੰਹ ਦੇਖੇ ਹੀ ਲੱਗਿਆ ਕਿ ਉਸਦੇ ਮੂੰਹ ਉੱਤੇ ਜਿੱਤ ਦੇ ਭਾਵ ਸਨ। ਉਸਨੇ ਜਿਵੇਂ ਸੀਨਾ ਚੌੜਾ
ਕਰਕੇ ਸਾਰੀ ਬੱਸ ਵਿਚ ਨਜ਼ਰ ਘੁੰਮਾਈ ਹੋਵੇ ਕਿ ਆਖ਼ਰ ਜਿੱਤ ਤਾਂ ਉਸੇ ਦੀ ਹੋਈ ਹੈ। ਮੈਨੂੰ ਉਸ
ਨਾਲ ਜੁ ਬੈਠਣਾ ਹੀ ਪਿਆ ਸੀ। ਉਸਦੀ ਇਸ ਤਰ੍ਹਾਂ ਦੀ ਬਾੱਡੀ ਲੈਂਗਊਏਜ਼ ਨੇ ਮੈਨੂੰ ਹੋਰ ਬੇਚੈਨ
ਕਰ ਦਿੱਤਾ। ਡਰਾਇਵਰ ਨੇ ਵੀ ਸ਼ੀਸ਼ੇ ਵਿੱਚੋਂ ਦੀ ਸਾਡੇ ਤੇ ਨਜ਼ਰ ਸੁੱਟੀ। ਉਸਦੀ ਕੌੜੀ ਜਿਹੀ
ਨਜ਼ਰ ਮੈਨੂੰ ਬਹੁਤ ਚੁਭੀ।
ਉਸਨੇ ਆਪਣੇ ਵੱਲੋਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨ ਦੀ ਕਈ ਵਾਰ ਕੋਸ਼ਿਸ਼ ਕੀਤੀ। ਪਰ, ਮੈਂ
ਹਰ ਵਾਰ ਸੰਖੇਪ ਜਿਹੇ ਉੱਤਰ ਨਾਲ ਗੱਲ ਨੂੰ ਖਤਮ ਕਰ ਦਿੰਦੀ ਤਾਂ ਹਾਰ ਕੇ ਉਸ ਕੋਲ ਸਵਾਲ ਖਤਮ
ਹੋ ਗਏ ਪਰ ਗੱਲਬਾਤ ਅੱਗੇ ਨਾ ਤੁਰ ਸਕੀ। ਪੇਂਡੂ ਮਾਹੌਲ ਵਿਚ ਬੱਸਾਂ ਵਿਚ ਬੈਠ ਕੇ ਬਹੁਤੀਆਂ
ਗੱਲਾਂ, ਉਹ ਵੀ ਬਿਗਾਨੇ ਬੰਦੇ ਨਾਲ ਕਰਨ ਵਾਲੀਆਂ ਕੁੜੀਆਂ-ਬੁੜ੍ਹੀਆਂ ਨੂੰ ਚੰਗਾ ਨਹੀਂ
ਸਮਝਿਆਂ ਜਾਂਦਾ। ਮੈਨੂੰ ਤਾਂ ਮਰਦਾਵਾਂ ਸਵਾਰੀ ਨਾਲ ਬੈਠ ਕੇ ਸਫ਼ਰ ਕਰਨਾ ਹੀ ਸਿਰ ਸੜੀ
ਮੁਸੀਬਤ ਤੋਂ ਘੱਟ ਨਹੀਂ ਲੱਗਦਾ। ਮੱਥੇ ਵਿੱਚੋਂ ਉੱਠਦੀ ਜਲੂਣ, ਬੇਚੈਨੀ ਜਿਹੀ ਮਹਿਸੂਸ
ਹੁੰਦੀ ਰਹਿੰਦੀ ਹੈ। ਬਹੁਤੇ ਆਦਮੀ ਤਾਂ ਜਨਾਨੀ ਸਵਾਰੀ ਨਾਲ ਬੈਠ ਕੇ ਅਜ਼ੀਬ ਜਿਹੀਆਂ ਹਰਕਤਾਂ
ਕਰਦੇ ਰਹਿੰਦੇ ਹਨ। ਹੋਰ ਨਾ ਸਹੀ ਤਾਂ ਐਂਵੇਂ ਹੀ ਹਿੱਲੀ ਜਾਣਗੇ। ਜਿਸ ਕਾਰਨ ਅੰਦਰੋਂ ਖਿੱਝ
ਵੀ ਉੱਠਦੀ ਰਹਿੰਦੀ ਹੈ। ਸੌਂ ਸੱਕਣਾ ਤਾਂ ਬੜੀ ਦੂਰ ਦੀ ਗੱਲ ਹੁੰਦੀ ਹੈ। ਰੂਹ ਵਿਚ ਉਤਰ ਜਾਣ
ਵਾਲੀ ਬੇ-ਆਰਾਮੀ ਪੈਦਾ ਹੋ ਜਾਂਦੀ ਹੈ। ਜਾਗ ਕੇ ਸਫ਼ਰ ਕਰਨਾ ਤਾਂ ਵੈਸੇ ਹੀ ਮੇਰੇ ਵੱਸ ਦਾ
ਨਹੀਂ। ਬਸ ਦੇ ਝੂਟੇ ਮਿਲਦਿਆਂ ਸਾਰ ਹੀ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ। ਮੈਂ ਬੜੀ ਅਜ਼ੀਬ
ਜਿਹੀ ਕਸ਼ਮਕਸ਼ ਵਿਚ ਫਸੀ ਹੋਈ ਸਾਂ। ਅੰਦਰੋਂ ਮੇਰਾ ਦਿਲ ਕਰ ਰਿਹਾ ਸੀ ਕਿ ਉੱਠ ਕੇ ਕਿਸੇ ਹੋਰ
ਸੀਟ ਤੇ ਚਲੀ ਜਾਂਵਾਂ ਪਰ ਹੋਰ ਸੀਟ ਖ਼ਾਲੀ ਨਾ ਹੋਣ ਕਾਰਨ ਮੈਂ ਇਸ ਤਰ੍ਹਾਂ ਨਹੀਂ ਕਰ ਸਕੀ।
ਪਰ, ਉਸ ਦਿਨ ਨਾਲੋਂ ਵੀ ਵਧੇਰੇ ਮੈਨੂੰ ਅਗਲੇ ਦਿਨ ਦਾ ਫਿਕਰ ਸੀ।
ਅਗਲੇ ਦਿਨ ਉਹੀ ਗੱਲ ਜਿਸਦਾ ਮੇਰੇ ਦਿਲ ਵਿਚ ਡਰ ਸੀ। ਉਹ ਆਦਮੀ ਬਸ ਦੀ ਅਗਲੀ ਬਾਰੀ ਵਾਲੀ
ਸੀਟ ਤੇ ਹੀ ਬੈਠਾ ਹੋਇਆ ਸੀ ਤਾਂ ਕਿ ਮੈਂ ਨਾਂਹ ਕਰ ਹੀ ਨਾ ਸਕਾਂ। ਉਸਨੇ ਅੱਜ ਫਿਰ ਮੇਰੇ ਲਈ
ਸੀਟ ਰੱਖੀ ਹੋਈ ਸੀ। ਉਸਨੇ ਨਾਲ ਵਾਲੀ ਸਵਾਰੀ ਨੂੰ ਉੱਠਣ ਲਈ ਕਿਹਾ। ਨਾ ਚਾਹੁੰਦੇ ਹੋਏ ਵੀ
ਮੈਨੂੰ ਫਿਰ ਬੈਠਣਾ ਪਿਆ। ਮੇਰੇ ਲਈ ਬੜੀ ਭਾਰੀ ਉਲਝਣ ਸੀ। ਭਰੀ ਬੱਸ ਵਿਚ ਮੈਨੂੰ ਚੜ੍ਹਦਿਆਂ
ਸਾਰ ਸੀਟ ਮਿਲਣ ਦੀ ਕੋਈ ਖ਼ੁਸ਼ੀ ਨਹੀਂ ਸੀ। ਸਗੋਂ ਮੇਰੇ ਲਈ ਸ਼ਾਇਦ ਇਸ ਤੋਂ ਵੱਡਾ ਅਜ਼ਾਬ ਕੋਈ
ਨਹੀਂ ਸੀ। ਮੈਂ ਆਪਣੇ-ਆਪ ਨੂੰ ਬੁਰੀ ਤਰ੍ਹਾਂ ਫਸੀ ਹੋਈ ਮਹਿਸੂਸ ਕਰ ਰਹੀ ਸੀ। ਹਰ ਰੋਜ਼੍ਹ ਦਾ
ਸ਼ੁਰੂ ਹੋਇਆ ਇਹ ਕਰਮ ਮੇਰੇ ਲਈ ਸਹਿਣ ਤੇ ਕਹਿਣ ਤੋਂ ਬਾਹਰ ਸੀ। ਮੇਰਾ ਸਕੂਨ ਤੇ ਨੀਂਦ ਦੋਂਵੇ
ਹੀ ਹਰਾਮ ਹੋ ਗਏ ਸਨ। ਇਸ ਖਿੜਕੀ ਵਾਲੀ ਸੀਟ ਤੇ ਬੈਠ ਕੇ ਮੈਂ ਪਾਠ ਵੀ ਨਹੀਂ ਕਰ ਸਕਣਾ ‘ਤੇ
ਸੁੱਤਾ ਵੀ ਨਹੀਂ ਜਾਣਾ। ਮੈਂ ਸੋਚ ਰਹੀ ਸੀ ਕਿ ਮੇਰੇ ਦੋਨੋਂ ਜ਼ਰੂਰੀ ਕੰਮ ਰਹਿ ਜਾਣਗੇ ਜੇਕਰ
ਅੱਜ ਵੀ ਸੀਟ ਨਾ ਮਿਲੀ ਤਾਂ। ਮੈਂ ਤਾਂ ਕਦੇ ਇਸ ਸੀਟ ‘ਤੇ ਬੈਠ ਕੇ ਸਫ਼ਰ ਈ ਨਹੀਂ ਕੀਤਾ ਇਸ
ਲਈ ਵੈਸੇ ਵੀ ਬੜਾ ਮੁਸ਼ਕਿਲ ਲਗ ਰਿਹਾ ਸੀ।
ਉਸ ਆਦਮੀ ਦੀ ਇਸ ਮੇਹਰਬਾਨੀ ਕਾਰਨ ਮੇਰਾ ਸਕੂਨ ਤਾਂ ਵੈਸੇ ਹੀ ਖ਼ਤਮ ਹੋ ਚੁੱਕਾ ਸੀ। ਮੇਰੀ
ਸੋਚ ਪਿਛਲੇ ਸਮੇਂ ਦੁਰਾਨ ਇਸ ਬੱਸ ਤੇ ਕੀਤੇ ਸਫ਼ਰ ਬਾਰੇ ਵਾਪਰੀਆਂ ਰੋਜਮਰ੍ਹਾਂ ਦੀਆਂ
ਘਟਨਾਵਾਂ ਬਾਰੇ ਹੋਰ ਗਹਿਰੀ ਹੁੰਦੀ ਗਈ। ਭਾਂਵੇਂ ਮੈਂ ਕਿਸੇ ਨਾਲ ਨਾ ਤਾਂ ਕਦੇ ਗੱਲ ਕਰਦੀ
ਸੀ ਤੇ ਨਾ ਹੀ ਕਦੇ ਕਿਸੇ ਨਾਲ ਨਜ਼ਰ ਮਿਲਾਈ ਸੀ। ਪਰ, ਰੋਜਾਨਾ ਸਫ਼ਰ ਦੁਰਾਨ ਰੜਕਦਾ ਇਹ
ਚਿਹਰਾ, ਇਸ ਚਿਹਰੇ ਉੱਤੇ ਉੱਗੀਆਂ ਅੱਖਾਂ ਜਿਵੇਂ ਤਿੱਖੇ ਨਸ਼ਤਰ ਬਣ ਗਈਆਂ ਹੋਣ। ਮੈਨੂੰ
ਲੱਗਿਆਂ ਕਿ ਸ਼ਾਇਦ ਇਹ ਨਜ਼ਰ ਹਮੇਸ਼ਾਂ ਹੀ ਮੇਰੇ ਉੱਤੇ ਹੀ ਰਹਿੰਦੀ ਸੀ ਜਿਸ ਕਾਰਨ ਮੈਨੂੰ
ਅਨਜਾਣੇ ਵਿਚ ਹੀ ਉਸ ਤੋਂ ਏਨੀ ਨਫ਼ਰਤ ਹੋ ਗਈ ਸੀ। ਜਿਸਦਾ ਚਿਹਰਾ ਦੇਖ ਕੇ ਹੀ ਏਨੀ ਖਿੱਝ
ਆਉਂਦੀ ਸੀ ਉਸੇ ਨਾਲ ਬੈਠ ਕੇ ਢਾਈ ਘੰਟੇ ਦਾ ਸਫ਼ਰ ਕਰਨਾ ਨਾ-ਮੁਮਕਿਨ ਸੀ ਤੇ ਉੱਤੋਂ ਮਨ ਵਿਚ
ਇਹ ਡਰ ਸੀ ਕਿ ਲੋਕ ਕੀ ਕਹਿਣਗੇ। ਰੋਜ਼ਾਨਾ ਇਕ ਹੀ ਬੰਦੇ ਨਾਲ ਬੈਠ ਕੇ ਸਫ਼ਰ ਕਰਨਾ ਤਾਂ ਸੌ
ਕਹਾਣੀਆਂ ਨੂੰ ਜਨਮ ਦੇ ਦੇਵੇਗਾ। ਜੇਕਰ ਮੇਰੇ ਘੁਮੱਕੜ ਪਤੀ ਨੂੰ ਕਿਸੇ ਨੇ ਉਂਗਲ ਲਾ ਦਿੱਤੀ
ਤਾਂ ਉਹ ਤਾਂ ਉਂਜ ਹੀ ਮੇਰਾ ਜੀਣਾ ਦੁੱਭਰ ਕਰ ਦੇਵੇਗਾ। ਇਹ ਸੋਚ ਕੇ ਮੈਂ ਧੁਰ ਅੰਦਰ ਤੱਕ
ਕੰਬ ਗਈ। ਏਨੇ ਨੂੰ ਅਰਨੀਵਾਲਾ ਆ ਗਿਆ। ਬਹੁਤ ਸਾਰੀਆਂ ਸਵਾਰੀਆਂ ਉਤਰੀਆਂ। ਅਗਲੇ ਦਿਨ ਮੈਂ
ਹਿੰਮਤ ਕੀਤੀ ਤੇ ਉਸਨੂੰ ਕਿਹਾ ਕਿ ਮੈਂ ਇਸ ਸੀਟ ਤੇ ਬੈਠ ਕੇ ਏਨਾ ਲੰਬਾ ਸਫ਼ਰ ਨਹੀਂ ਕਰ
ਸਕਦੀ। ਏਨਾ ਕਹਿ ਕੇ ਬਿਨਾਂ ਉਸਦਾ ਜਵਾਬ ਉਡੀਕੇ ਮੈਂ ਪਿੱਛੇ ਆ ਕੇ ਇਕ ਮੈਡਮ ਨਾਲ ਬੈਠ ਗਈ
ਜੋ ਸਲਾਈਆ ਬੁਣ ਰਹੀ ਸੀ। ਉਹ ਆਦਮੀ ਹੱਕਾ-ਬੱਕਾ ਭਵੱਤਰਿਆ ਜਿਹਾ ਮੁੜ-ਮੁੜ ਕੇ ਦੇਖਦਾ ਰਿਹਾ।
"ਮੈਨੂੰ ਲੱਗਦਾ ਏ ਮੈਡਮ ਤੁਸੀਂ ਵੀ ਸਰਵਿਸ ਕਰਦੇ ਹੋ"। ਮੈਂ ਜਾ ਕੇ ਬਹਿੰਦਿਆਂ ਸਾਰ ਹੀ
ਮੈਡਮ ਨੂੰ ਪੁੱਛਿਆ। "ਹਾਂ ਮੈਂ ਬਠਿੰਡੇ ਆਈਟੀਆਈ ਵਿਚ ਸਿਲਾਈ-ਕਢਾਈ ਟੀਚਰ ਹਾਂ। ਉਹ ਮੈਡਮ
ਅਰਨੀ ਵਾਲੇ ਤੋਂ ਹੀ ਬੈਠਦੇ ਸਨ। ਉਹ ਤਾਂ ਵਿਚਾਰੇ ਮੇਰੇ ਤੋਂ ਵੀ ਦੂਰ ਜਾਂਦੇ ਸਨ। ਸਾਡਾ
ਦੋਨਾਂ ਦਾ ਸਾਥ ਇਕ-ਦੂਜੇ ਲਈ ਬਹੁਤ ਵਧੀਆ ਰਿਹਾ। ਗੱਲਾਂ-ਗੱਲਾਂ ਵਿਚ ਸਾਨੂੰ ਪਤਾ ਹੀ ਨਾ
ਲੱਗਾ ਕਿ ਕਦੋਂ ਮਲੋਟ ਆ ਗਿਆ। ਅੱਜ ਦੇ ਦਿਨ ਲਈ ਤਾਂ ਮੇਰੀ ਮੁਕਤੀ ਹੋ ਗਈ ਸੀ ਪਰ ਅਜੇ ਵੀ
ਅਗਲੇ ਦਿਨ ਦਾ ਖ਼ਤਰਾ ਸਿਰ ਤੇ ਸੀ।
ਪਰ, ਇਹ ਕੀ ਖ਼ਤਰਾ ਤਾਂ ਓਸੇ ਦਿਨ ਹੀ ਮੇਰੇ ਕਾਲਜ਼ ਵਿਚ ਹੀ ਘੁੰਮ ਰਿਹਾ ਸੀ। ਨਾਲ ਉਸਦੇ ਮੇਰੇ
ਵਾਲੇ ਰੂਟ ਤੋਂ ਹੀ ਆਉਂਦਾ ਇਕ ਪੀਅਨ ਸੀ। ਉਹ ਮਾਂ ਦਾ ਵਿਗੜਿਆ ਹੋਇਆ ਇਕਲੌਤਾ ਪੁੱਤਰ ਸੀ।
ਜਿਸ ਦੇ ਪਿਉ ਦੀ ਮੌਤ ਹੋ ਚੁੱਕੀ ਸੀ। ਉਸਦੀ ਮਾਂ ਆਪਣੇ ਪਤੀ ਦੀ ਥਾਂ ਤੇ ਨੌਕਰੀ ਕਰਦੀ ਸੀ।
ਮਾਂ ਦੀ ਤਨਖ਼ਾਹ ਤੇ ਐਸ਼ ਕਰਦਾ ਉਹ ਪੜ੍ਹਾਈ ਤੋਂ ਕੰਨੀਂ ਕਤਰਾਉਂਦਾ ਸਾਰਾ ਦਿਨ ਕੁੜੀਆਂ ਮਗਰ
ਅਵਾਰਾ-ਗ਼ਰਦੀ ਕਰਦਾ ਰਹਿੰਦਾ। ਮਾਂ ਨੇ ਉਸਨੂੰ ਚਪੜਾਸੀ ਦੀ ਨੌਕਰੀ ਤੇ ਲਵਾ ਦਿੱਤਾ ਕਿ ਸ਼ਾਇਦ
ਸੁਰਦ ਜਾਵੇ ਪਰ ਉਸਦੇ ਲੱਛਣ ਉਸੇ ਤਰ੍ਹਾਂ ਦੇ ਹੀ ਸਨ। ਇਕ ਦਿਨ ਆਉਂਦਾ ਇਕ ਦਿਨ ਛੁੱਟੀ ਤੇ
ਹੁੰਦਾ। ਮੈਂ ਉਸਨੂੰ ਬਸ ਤੇ ਦੇਖਦੀ ਪਰ ਉਹ ਕਾਲਜ਼ ਵਿਚੋਂ ਗ਼ੈਰ-ਹਾਜ਼ਰ ਹੁੰਦਾ। ਉਸ ਆਦਮੀ ਦੇ
ਨਾਲ ਉਸ ਚਪੜਾਸੀ ਨੂੰ ਦੇਖ ਕੇ ਮੈਨੂੰ ਬਹੁਤ ਗੁੱਸਾ ਆਇਆ। ਉਸਨੇ ਵਾਛਾਂ ਖਲਾਰ ਕੇ ਮੈਨੂੰ
ਸਤਿ ਸ੍ਰੀ ਅਕਾਲ ਬੁਲਾਈ ਪਰ ਮੈਂ ਉਹਦੀ ਸਤਿ ਸ੍ਰੀ ਅਕਾਲ ਦਾ ਜਵਾਬ ਨਹੀਂ ਸੀ ਦੇ ਸਕੀ। ਦਫ਼ਤਰ
ਵਿਚ ਆਇਆ ਤੇ ਕਹਿਣ ਲੱਗਾ "ਮੈਡਮ ਜੀ ਸਤਿ ਸ੍ਰੀ ਅਕਾਲ ਦਾ ਜਵਾਬ ਹੀ ਨਹੀਂ ਦਿੰਦੇ ਹੁਣ
ਤਾਂ"।
ਤੈਨੂੰ ਤਨਖ਼ਾਹ ਸਤਿ ਸ੍ਰੀ ਅਕਾਲ ਬੁਲਾਉਣ ਦੀ ਨਹੀਂ ਮਿਲਦੀ। ਕੰਮ ਵੇਲੇ ਤਾਂ ਤੂੰ ਕਿਸੇ ਦਫ਼ਤਰ
ਦੇ ਨੇੜੇ-ਤੇੜੇ ਨਹੀਂ ਮਿਲਦਾ ਕਿਤੇ"। ਉਹ ਬੇਸ਼ਰਮਾਂ ਜਿਹਿਆਂ ਵਾਂਗੂੰ ਦੰਦੀਆਂ ਜਿਹੀਆਂ
ਕੱਢਦਾ ਬਾਹਰ ਨਿਕਲ ਗਿਆ। "ਅੱਜ ਇਹਦੇ ਤੇ ਬੜਾ ਗੁੱਸਾ ਚੜ੍ਹਿਆ ਏ, ਪਰ ਹੈ ਇਹ ਏਸੇ ਹੀ
ਲਾਇਕ। ਸਾਰੇ ਦਫ਼ਤਰਾਂ ਵਾਲਿਆਂ ਨੇ ਇਹਨੂੰ ਲੈਣ ਤੋਂ ਨਾਂਹ ਕਰ ਦਿੱਤੀ ਆ। ਹੁਣ ਇਹਨੂੰ
ਪ੍ਰਿੰਸੀਪਲ ਨੇ ਆਪਣੇ ਨਾਲ ਈ ਲਾਇਆ ਏ। ਉਹ ਵੀ ਇਹਦੀ ਮਾਂ ਵਿਚਾਰੀ ਆ ਕੇ ਮਿੰਨਤਾਂ ਕਰਕੇ
ਜਾਂਦੀ ਆ ਹਰ ਵਾਰੀ ਕਿ ਮੇਰੇ ਮੁੰਡੇ ਨੂੰ ਕੱਢੋ ਨਾ। ਮੇਰੀ ਮੱਦਦ ਕਰੋ। ਪਿਉ ਇਹਦਾ ਸਿਰ ਤੇ
ਨਹੀਂ ਹੈਗਾ ਨਾ ਨਾਨੇ ਦੇ ਹੀ ਆਖੇ ਲੱਗਦਾ ਤੇ ਨਾਂ ਹੀ ਮੇਰੇ। ਏਥੇ ਜ਼ਰਾ ਕੰਮੇ ਲੱਗਿਆ
ਰਹੂਗਾ।" ਨਾਲ ਵਾਲੇ ਕੁਲੀਗ਼ ਨੇ ਕਿਹਾ
ਮੇਰਾ ਰੋਜ਼ਾਨਾ ਦਾ ਚਾਰ ਤੋਂ ਲੈ ਕੇ ਕਈ ਵਾਰ ਤਾਂ ਪੰਜ ਘੰਟੇ ਦਾ ਸਫ਼ਰ ਬਣ ਜਾਂਦਾ ਸੀ। ਸਵੇਰੇ
ਜ਼ਲਦੀ ਉੱਠਣਾ ਸ਼ਾਮ ਨੂੰ ਦੇਰ ਨਾਲ ਘਰ ਪੁੱਜਣਾ। ਰਾਤ ਨੂੰ ਵੀ ਖਾਣ-ਪੀਣ ਤੇ ਸਵੇਰ ਵਾਸਤੇ
ਥੋੜ੍ਹੀ-ਬਹੁਤ ਤਿਆਰੀ ਕਰਕੇ ਸੌਣਾ। ਸਵੇਰੇ ਪਤੀ ਨੂੰ ਚਾਹ-ਨਾਸ਼ਤਾ ਦੇਣਾ ਤੇ ਆਪਣੇ ਨਾਲ
ਵਾਸਤੇ ਨਾਸ਼ਤਾ ਅਤੇ ਲੰਚ ਟਿਫ਼ਨ ਤਿਆਰ ਕਰਨਾ ਭੱਜ-ਭਜਾ ਕੇ ਮਸਾਂ ਸਾਡੇ ਸੱਤ ਘਰੋਂ ਨਿਕਲਿਆ
ਜਾਂਦਾ, ਨੀਂਦ ਤਾਂ ਪੂਰੀ ਹੁੰਦੀ ਹੀ ਨਹੀਂ ਸੀ। ਪਾਠ ਵੀ ਬੱਸ ਵਿਚ ਹੀ ਬੈਠ ਕੇ ਕਰਦੀ ਸਾਂ।
ਕਈ ਵਾਰੀ ਤਾਂ ਨੀਂਦ ਏਨਾ ਤੰਗ ਕਰਦੀ ਕਿ ਪਾਠ ਵੀ ਪੂਰਾ ਨਾ ਹੁੰਦਾ। ਕਈ ਵਾਰੀ ਤਾਂ ਟਿਕਟ
ਕਟਾਉਣੀ ਵੀ ਮੁਸ਼ਕਿਲ ਹੋ ਜਾਂਦੀ ਤੇ ਕੰਡਕਟਰ ਹਲੂਣ ਕੇ ਜਾਂ ਕੋਲ ਆ ਕੇ ਉੱਚੀ ਸਾਰੀ ਬੋਲਦਾ
"ਭਾਈ ਟਿਕਟ ਲੈ ਲਓ ਜਿੰਨ੍ਹਾਂ ਨੇ ਨਹੀਂ ਲਈ ਬਈ"। ਤੇ ਕੋਈ ਕੋਈ ਕੰਡਕਟਰ ਤਾਂ ਖਿੱਝ ਕੇ
ਆਖਦਾ ਕਿ "ਭਾਈ ਟਿਕਟ ਤਾਂ ਕਟਾ ਲਿਆ ਕਰੋ ਫਿਰ ਸੌ ਜਾਇਆ ਕਰੋ"। ਕਈ ਵਾਰੀ ਤਾਂ ਸ਼ਰਮ ਵੀ
ਆਉਂਦੀ ਪਰ ਨੀਂਦ ਅੱਗੇ ਕਿਸਦਾ ਜ਼ੋਰ ਚਲਦਾ ਹੈ? ਦੋ-ਢਾਈ ਘੰਟਿਆਂ ਦਾ ਸਫ਼ਰ ਉਹ ਵੀ ਇਕੱਲੇ ਬੈਠ
ਕੇ ਕਰਨ ਨੂੰ ਮਿਲ ਜਾਵੇ ਤਾਂ ਨੀਂਦ ਤਾਂ ਆ ਹੀ ਜਾਂਦੀ ਹੈ। ਉਹ ਵੀ ਮੇਰੇ ਵਰਗੀਆਂ ਉਨੀਂਦਰੇ
ਮਾਰੀਆਂ ਲੰਮਾ ਸਫ਼ਰ ਕਰਕੇ ਮੰਜ਼ਿਲ ਤੇ ਪਹੁੰਚਣ ਵਾਲੀਆਂ ਨੌਕਰੀ-ਪੇਸ਼ਾਂ ਮੈਡਮਾਂ ਨੂੰ
ਜਿੰਨ੍ਹਾਂ ਦੀ ਨੀਂਦ ਕਦੇ ਪੂਰੀ ਹੀ ਨਹੀਂ ਹੁੰਦੀ। ਪਰ ਜਦੋਂ ਕੋਈ ਬਦਦਿਮਾਗ਼ ਨੈਤਿਕਤਾ ਦਾ
ਗਿਰਿਆ ਹੋਇਆ ਆਦਮੀ ਨਾਲ ਆ ਕੇ ਬੈਠ ਜਾਵੇ ਤਾਂ ਕਿੰਨਾ ਵੀ ਉਨੀਂਦਰਾ ਹੋਵੇ ਨੀਂਦ ਨੇੜ-ਤੇੜ
ਫਟਕਦੀ ਵੀ ਨਹੀਂ। ਕਈ ਤਾਂ ਏਨੇ ਬੇਸ਼ਰਮ ਹੁੰਦੇ ਹਨ ਕਿ ਝਿੜਕਣ ਤੇ ਵੀ ਨਹੀਂ ਟਿਕਦੇ। ਇਕ
ਵਾਰੀ ਦੀ ਗੱਲ ਹੈ ਨਾਲ ਬੈਠੇ ਆਦਮੀ ਨੂੰ ਮੈਨੂੰ ਦੋ ਵਾਰ ਝਿੜਕਣਾ ਪਿਆ ਤਾਂ ਉਹ ਥੋੜ੍ਹੀ ਵਿਥ
ਬਣਾ ਕੇ ਬੈਠ ਗਿਆ ਬੇਚੈਨੀ ਕਾਰਨ ਨੀਂਦ ਤਾਂ ਭਾਂਵੇਂ ਨਹੀਂ ਸੀ ਆ ਰਹੀ ਪਰ ਮੈਂ ਥੋੜ੍ਹਾ
ਨਿਸਚਿੰਤ ਹੋ ਕੇ ਅੱਖਾਂ ਬੰਦ ਕਰਕੇ ਬੈਠ ਗਈ। ਪਰ ਉਹ ਅਤਿ ਢੀਠ ਤਬੀਅਤ ਦਾ ਬੰਦਾ ਉਤਰਨ ਲੱਗਾ
ਚੰਗੀ ਤਰ੍ਹਾਂ ਪਾਸਾ ਮਾਰ ਕੇ ਉਠ ਕੇ ਗਿਆ। ਉਹਦੀ ਇਸ ਕਰਤੂਤ ਤੇ ਮੈਨੂੰ ਗੁੱਸਾ ਵੀ ਆ ਰਿਹਾ
ਸੀ ਤੇ ਹੈਰਾਨੀ ਵੀ ਹੋ ਰਹੀ ਸੀ ਕਿ ਸਾਡੇ ਦੇਸ਼ ਦੇ ਮਰਦਾਂ ਦੀ ਮਾਨਸਿਕਤਾ ਕਿਸ ਤਰ੍ਹਾਂ ਦੀ
ਹੈ ਕਿ ਉਸਨੇ ਇਸ ਤਰ੍ਹਾਂ ਕਰਕੇ ਆਪਣੀ ਅਖੌਤੀ ਮਰਦਾਵੀਂ ਅਣਖ਼(ਹਾਊਮੈ) ਦੀ ਜਿੱਤ ਵਾਸਤੇ ਇਸ
ਤਰ੍ਹਾਂ ਕੀਤਾ ਹੋਵੇ? ਸਾਡੇ ਦੇਸ਼ ਵਿਚ ਕਿੰਨੀਆਂ ਔਰਤਾਂ, ਕੁੜੀਆਂ ਇਸ ਅਖ਼ੌਤੀ ਮਰਦਾਵੀਂ
ਹਾਊਮੈ ਦਾ ਸ਼ਿਕਾਰ ਹੁੰਦੀਆਂ ਹਨ। ਮੇਰੇ ਜਿਹਨ ਵਿਚ ਨਿਤ ਵਾਪਰਦੀਆਂ ਔਰਤਾਂ ਤੇ ਹੁੰਦੇ
ਹਮਲਿਆਂ ਦੀ ਘਟਨਾਵਾਂ ਇਕ-ਇਕ ਕਰਕੇ ਉਭਰਨੀਆਂ ਸ਼ੁਰੂ ਹੋ ਗਈਆਂ ਤੇ ਇਕ ਅਨਜਾਣਿਆਂ ਡਰ ਰੂਹ
ਤੱਕ ਉਤਰਦਾ ਗਿਆ ਤੇ ਮੈਂ ਅਣਖ਼ ਦੇ ਮਾਮਲੇ ਵਿਚ ਕਿਸੇ ਸਿੱਟੇ ਤੇ ਨਾ ਪਹੁੰਚ ਸਕੀ ਕਿ ਆਖ਼ਰ ਇਹ
ਹੈ ਕੀ? ਔਰਤ ਦਾ ਆਪਣੇ ਸਵੈ-ਮਾਣ ਨਾਲ ਜੀਵਨ ਜਿਉਣਾ ਅਣਖ਼ ਹੈ? ਪਿਉ-ਭਰਾ-ਪਤੀ ਦੀ ਪੱਗ ਨੂੰ
ਦਾਗ਼ ਨਾ ਲੱਗਣ ਦੇਣਾ ਅਣਖ਼ ਹੈ? ਤੇ ਫਿਰ ਮਰਦ ਦੀ ਇਸ ਅਣਖ਼ ਦੀ ਚੋਟ ਦਾ ਔਰਤ ਕੀ ਕਰੇ? ਆਖ਼ਰ ਇਹ
ਮਰਦ ਬੁਰਜ਼ੂਆ ਸਮਾਜ ਔਰਤ ਤੋਂ ਚਾਹੁੰਦਾ ਕੀ ਹੈ? ਸਾਡੇ ਸਮਾਜ ਨੇ ਔਰਤ ਨੂੰ ਅਜ਼ਾਦੀ ਦਿੱਤੀ
ਤਾਂ ਨਹੀਂ ਪਰ ਉਸ ਵੱਲੋਂ ਆਜ਼ਾਦੀ ਮੰਗਣ ਦੇ ਇਵਜ਼ਾਨੇ ਵਜ਼ੋਂ ਉਸਨੂੰ ਬਹੁਤ ਵੱਡੀ ਮਾਣ-ਹਾਨੀ ਤੇ
ਇਕ ਤਰ੍ਹਾਂ ਦੀ ਤ੍ਰਸਦ ਸਮਾਜਿਕ ਸਥਿਤੀ ਵਿਚੋਂ ਗੁਜ਼ਰਨਾ ਪੈ ਰਿਹਾ ਹੈ। ਲੱਗਦਾ ਹੈ ਕਿ ਹਰ
ਬੰਦਾ ਭਰਿਆ-ਪੀਤਾ ਫਿਰਦਾ ਵੱਖੋ-ਵੱਖਰੇ ਢੰਗ-ਤਰੀਕੇ ਨਾਲ ਔਰਤ ਤੇ ਆਪਣੀ ਖਿੱਝ ਜਿਹੀ ਹੀ
ਕੱਢਦਾ ਫਿਰਦਾ ਹੈ।
"ਇਕ ਵਾਰੀ ਤਾਂ ਪਿੰਡ ਨੂੰ ਵਾਪਸੀ ਆਉਂਦਿਆਂ ਚੰਡੀਗੜ੍ਹ ਵਾਲੀ ਬਸ ਤੇ ਭੀੜ ਬਹੁਤ ਸੀ ਜਦੋਂ
ਤੱਕ ਕੰਡਕਟਰ ਮੇਰੇ ਤੱਕ ਪਹੁੰਚਿਆ ਮੈਂ ਗੂੜ੍ਹੀ ਨੀਂਦ ਦੀ ਗੋਦ ਵਿਚ ਪਹੁੰਚ ਚੁੱਕੀ ਸੀ।
"ਨਹਿਰ ਵਾਲੇ ਉਤਰ ਜੋ ਭਾਈ" ਕੰਡਕਟਰ ਦੀ ਅਵਾਜ਼ ਨਾਲ ਮੈਂ ਅੱਭੜਵਾਹੇ ਉੱਠੀ ਤੇ ਬਸ ਵਿਚੋਂ
ਉਤਰ ਗਈ। ਪੁਲ਼ੀ ਦੇ ਉੱਤੇ ਹੀ ਮੇਰਾ ਪਤੀ ਵੀ ਮੋਟਰ ਸਾਇਕਲ ਤੇ ਲੱਤ ਰੱਖੀ ਖੜ੍ਹਾ ਸੀ। ਬਸ
ਤੋਂ ਉਤਰਦਿਆਂ ਹੀ ਮੈਂ ਮੋਟਰ ਸਾਇਕਲ ਤੇ ਬੈਠਣ ਲੱਗੀ ਤਾਂ ਕੰਡਕਟਰ ਨੇ ਬੁੜ-ਬੁੜ ਕਰਦੇ ਨੇ
ਟਿਕਟ ਕੱਟ ਕੇ ਮੇਰੇ ਹੱਥ ਵਿਚ ਫੜ੍ਹਾਈ ਤਾਂ ਮੈਂ ਇਕੋ-ਦਮ ਮੁੱਠੀ ਖ੍ਹੋਲ ਕਿ ਆਵਦੇ ਜਾਣੇ
ਉਹਦੇ ਅੱਗੇ ਕੀਤੀ ਕਿ ਮੇਰੇ ਕੋਲ ਤਾਂ ਟਿਕਟ ਹੈ ਪਰ ਮੈਂ ਨਾਲ ਦੀ ਨਾਲ ਆਪਣੀ ਭੁੱਲ ਤੇ
ਪਛਤਾਈ ਕਿਉਂਕਿ ਉਹ ਦਸ ਦਾ ਨੋਟ ਸੀ ਜੋ ਟਿਕਟ ਕਟਾਉਣ ਵਾਸਤੇ ਕੱਢਿਆ ਸੀ। ਮੈਂ ਸਿਰੋਂ ਫੜ੍ਹੇ
ਚੋਰ ਵਾਂਗੂੰ ਪਾਣੀ-ਪਾਣੀ ਹੁੰਦੀ ਨੇ ਕਿਹਾ ਕਿ "ਨੀਂਦ ਵਿਚ ਪਤਾ ਹੀ ਨਹੀਂ ਚੱਲਿਆ"……
ਪਰ, ਤੁਸੀਂ ਰੋਜ਼ਾਨਾ ਦੀ ਸਵਾਰੀ ਨੂੰ ਤਾਂ ਆਪੇ ਹੀ ਟਿਕਟ ਕਟ ਕੇ ਫੜ੍ਹਾ ਦਿਆ ਕਰੋ। ਤੁਹਾਨੂੰ
ਪਤਾ ਤਾਂ ਹੁੰਦਾ ਈ ਹੈ ਕਿ ਸਵਾਰੀ ਨੇ ਕਿੱਥੇ ਜਾਣਾ ਏਂ। ਅਨਜਾਣ ਸਵਾਰੀ ਵਾਂਗੂੰ ਤਮਾਸ਼ਾ ਕਰਨ
ਦੀ ਕੀ ਲੋੜ ਸੀ। ਰੋਜ ਦੀਆਂ ਸਵਾਰੀਆਂ ਨਾਲ ਜ਼ਰਾ ਹਮਦਰਦੀ ਦੀ ਤਮੀਜ਼ ਨਹੀਂ ਇਹਨਾਂ ਲੋਕਾਂ ਨੂੰ
ਕਿ ਨੌਕਰੀਪੇਸ਼ਾ ਔਰਤਾਂ ਘਰ-ਪ੍ਰਵਾਰ ਦੇ ਨਾਲ ਕਿਵੇਂ ਦੂਹਰੀਆਂ ਚੌਹਰੀਆਂ ਜ਼ਿੰਮੇਵਾਰੀਆਂ ਨਾਲ
ਪੂਰੀਆਂ ਲਹਿੰਦੀਆਂ ਹਨ।" ਇਹ ਗੱਲਾਂ ਮੈਂ ਆਪਣੇ ਮਨ ਵਿਚ ਹੀ ਸੋਚ ਰਹੀ ਸੀ ਕਿਉਂਕਿ ਕੰਡਕਟਰ
ਨੇ ਬੁੜ-ਬੁੜ ਕਰਦੇ ਨੇ ਤਾਂ ਬਿਨਾਂ ਮੇਰੀ ਗੱਲ ਦਾ ਜਵਾਬ ਦਿੱਤੇ ਕਦੋਂ ਦੀ ਸੀਟੀ ਮਾਰ ਦਿੱਤੀ
ਸੀ ਤੇ ਬਸ ਤੁਰ ਵੀ ਗਈ ਸੀ। ਅਸੀਂ ਵੀ ਕਿੰਨ੍ਹਾਂ ਹੀ ਅੱਗੇ ਆ ਚੁੱਕੇ ਸਾਂ ਪਰ ਆਪਣੀ ਇਸ
ਅਨਜਾਣੇ ਵਿਚ ਹੋਈ ਭੁੱਲ ਤੇ ਪਤੀ ਦੇ ਵੱਡੇ-ਭਾਰੇ ਸਲੋਕ ਜੋ ਸੁਣਨ ਨੂੰ ਮਿਲੇ ਜ਼ਿੰਦਗੀ ਭਰ ਉਹ
ਭੁੱਲਣ ਵਾਲੇ ਨਹੀਂ। ਕਿਉਂਕਿ ਉਸਨੂੰ ਏਨਾ ਗੁੱਸਾ ਚੜ੍ਹਦਾ ਸੀ ਕਿ ਮੇਰਾ ਪੱਖ ਸੁਣ ਲੈਣ ਤੱਕ
ਤਾਂ ਉਸ ਕੋਲੋਂ ਸਬਰ ਹੀ ਨਹੀਂ ਸੀ ਹੁੰਦਾ। ਗੁੱਸਾ ਕੱਢ ਲੈਣ ਤੋਂ ਬਾਅਦ ਜੇਕਰ ਸੁਣਦਾ ਵੀ
ਤਾਂ ਸੱਚ ਨੂੰ ਸੱਚ ਮੰਨ ਲੈਣਾ ਉਹਦੇ ਵੱਸ ਦੀ ਗੱਲ ਹੀ ਨਹੀਂ ਸੀ। ਕਿਉਂਕਿ ਜੋ ਬੰਦਾ ਆਪ ਸੌ
ਗੱਲਾਂ ਮਨਘੜਤ ਬਣਾ ਕੇ ਝੂਠ-ਸੱਚ ਬੋਲਦਾ ਹੈ ਉਹ ਦੂਜੇ ਨੂੰ ਕਦੀ ਸੱਚਾ ਨਹੀਂ ਜਾਣਦਾ। ਮੇਰੇ
ਕੋਲੋਂ ਹੋਈ ਇਸ ਭੁੱਲ ਕਾਰਨ ਉਹ ਆਪਣੀ ਬੇਇਜ਼ਤੀ ਸਮਝ ਰਿਹਾ ਸੀ ਤੇ ਸ਼ਰਮਿੰਦਗੀ ਅਤੇ ਸਿਰ
ਨੀਂਵਾਂ ਕਰਾ ਦੇਣ ਦੀਆਂ ਗੱਲਾਂ ਕਰਦਾ ਜੀਅ ਭਰ ਕੇ ਮੈਨੂੰ ਕੋਸ ਰਿਹਾ ਸੀ ਤੇ ਗਾਲ੍ਹਾਂ-ਮੰਦੇ
ਕੱਢ ਰਿਹਾ ਸੀ। ਪਰ ਮੈਂ ਇਸ ਘਟਨਾ ਤੋਂ ਇਹ ਸਬਕ ਸਿੱਖ ਲਿਆ ਕਿ ਬਸ ਚੜ੍ਹਨ ਤੋਂ ਪਹਿਲਾਂ
ਟਿਕਟ ਲੈ ਲਿਆ ਜਾਂ ਸੌਣ ਤੋਂ ਪਹਿਲਾਂ ਹੀ ਕਿਉਂਕਿ ਬਸ ਦੇ ਝੂਟਿਆਂ ਨਾਲ ਆਉਂਦੀ ਨੀਂਦ ਤੇ
ਮੇਰਾ ਤਾਂ ਕੋਈ ਜ਼ੋਰ ਨਹੀਂ ਚੱਲਦਾ। ਇਸ ਘਟਨਾ ਨੇ ਵੈਸੇ ਵੀ ਮੈਨੂੰ ਬੇਚੈਨ ਜਿਹਾ ਕਰਕੇ ਸਤਰਕ
ਕਰ ਦਿੱਤਾ ਸੀ ਜਿਸ ਕਰਕੇ ਹੁਣ ਮੈਨੂੰ ਟਿਕਟ ਕਟਾਏ ਬਿਨਾਂ ਨੀਂਦ ਆਉਂਦੀ ਹੀ ਨਹੀਂ ਸੀ। ਪਰ
ਦੂਜੇ ਦਿਨ ਮੈਨੂੰ ਫਿਰ ਉਹੀ ਬਸ ਮਿਲ ਗਈ ਤਾਂ ਮੈਂ ਸਾਰੀਆਂ ਗੱਲਾਂ ਉਸਨੂੰ ਕਹਿ ਹੀ ਦਿੱਤੀਆਂ
ਤੇ ਨਾਲੇ ਚੜ੍ਹਨ ਤੋਂ ਪਹਿਲਾਂ ਹੀ ਟਿਕਟ ਲੈ ਲਈ। "ਹਾਂ ਇਸ ਤਰ੍ਹਾਂ ਠੀਕ ਹੈ ਸੌਣਾ ਹੁੰਦਾ ਐ
ਤਾਂ ਟਿਕਟ ਲੈ ਕੇ ਹੀ ਬੈਠਿਆ ਕਰੋ।" ਟਿਕਟ ਫੜ੍ਹਾਉਂਦਿਆਂ ਕੰਡਕਟਰ ਬੋਲਿਆ।
ਅਗਲੇ ਦਿਨ ਉਹ ਆਦਮੀ ਫਿਰ ਅਗਲੀ ਬਾਰੀ ਵਾਲੀ ਸੀਟ ਮੇਰੇ ਲਈ ਰੋਕ ਕੇ ਬੈਠਾ ਹੋਇਆ ਸੀ। ਉਸਦੀ
ਅੱਤਿ ਦੀ ਢੀਠਤਾਈ ਤੇ ਅੱਜ ਮੈਨੂੰ ਬਹੁਤ ਗੁੱਸਾ ਚੜ੍ਹਿਆ ਹੋਇਆ ਸੀ। ਅਰਨੀ ਵਾਲੇ ਪਹੁੰਚ ਕੇ
ਖੜ੍ਹੀਆਂ ਸਵਾਰੀਆਂ ਉੱਤਰੀਆਂ ਤਾਂ ਮੈਂ ਵੇਖਿਆ ਕਿ ਜਸਵੀਰ ਮੈਡਮ ਅੱਜ ਨਹੀਂ ਸਨ ਆਏ। ਪਰ
ਤਿੰਨ-ਚਾਰ ਸੀਟਾਂ ਖ਼ਾਲੀ ਸਨ। ਦੋ ਸਕਿੰਟ ਲਈ ਮੈਂ ਝਿਜਕੀ ਪਰ ਅਗਲੇ ਹੀ ਪਲ ਉਥੋਂ ਉੱਠ ਜਾਣ
ਲਈ ਮੈਂ ਆਪਣਾ ਇਰਾਦਾ ਦ੍ਰਿੜ ਕਰ ਲਿਆ। ਮੈਂ ਉਸਨੂੰ ਕਿਹਾ ਕਿ "ਵੀਰ ਜੀ ਸੌਰੀ, ਮੈਂ ਇਸ ਸੀਟ
ਤੇ ਬੈਠ ਕੇ ਸਫ਼ਰ ਨਹੀਂ ਕਰ ਸਕਦੀ। ਮੈਨੂੰ ਇਸ ਸੀਟ ਤੇ ਕੰਪਫਰਟ ਨਹੀਂ ਲੱਗਦਾ ਇਸ ਲਈ ਮੈਂ ਉਸ
ਸੀਟ ਤੇ ਜਾ ਰਹੀ ਹਾਂ"।
ਮੈਂ ਦੇਖਿਆ ਕਿ ਉਸ ਆਦਮੀ ਦੇ ਚਿਹਰੇ ਦਾ ਰੰਗ ਇਕ-ਦਮ ਉੱਡ ਗਿਆ ਸੀ। ਡਰਾਈਵਰ ਨੇ ਵੀ ਸ਼ੀਸ਼ੇ
ਵਿੱਚੋਂ ਉਹਦੇ ਵੱਲ ਮੁਸ਼ਕੜੀ ਜਿਹੀ ਵਿਚ ਹੱਸ ਕੇ ਦੇਖਿਆ। ਮੈਂ ਦੋਵਾਂ ਦੀ ਆਪਸ ਵਿਚ ਮਿਲੀ
ਨਜ਼ਰ ਨੂੰ ਤਾੜ ਲਿਆ। ਮੈਨੂੰ ਲੱਗਿਆ ਕਿ ਉਸ ਆਦਮੀ ਨੇ ਆਪਣੀ ਬੇਇਜ਼ਤੀ ਮਹਿਸੂਸ ਕੀਤੀ ਹੈ। ਮੈਂ
ਸ਼ੁਕਰ ਮਨਾਇਆ ਕਿ ਚਲੋ ਸ਼ਾਇਦ ਏਨੇ ਨਾਲ ਹੀ ਖਹਿੜਾ ਛੁੱਟ ਜਾਵੇ। ਮੈਂ ਦੂਜੀ ਸੀਟ ਤੇ ਜਾ ਕੇ
ਸੁਖ ਦਾ ਸਾਹ ਲਿਆ ਤੇ ਥੋੜ੍ਹੀ ਦੇਰ ਬਾਅਦ ਹੀ ਮੈਨੂੰ ਨੀਂਦ ਆ ਗਈ।
ਪਰ, ਉਸਤੋਂ ਅਗਲੇ ਦਿਨ ਮੇਰੀ ਉਮੀਦ ਦੇ ਉਲਟ ਹੋਇਆ ਤੇ ਮੇਰੀ ਹੈਰਾਨੀ ਹੱਦ ਉਦੋਂ ਮੁੱਕ ਗਈ
ਜਦੋਂ ਮੇਰੇ ਕੰਨਾਂ ਵਿਚ ਅਗਲੇ ਪਾਸੇ ਤੋਂ ਅਵਾਜ਼ ਪਈ, "ਮੈਡਮ ਜੀ ਐਧਰ ਆ ਜਾਉ ਤੁਹਾਡੇ ਲਈ
ਸੀਟ ਰੱਖੀ ਹੈ"। ਮੈਂ ਅੱਜ ਉਸ ਆਦਮੀ ਨੂੰ ਹੁਣ ਬਾਰੀ ਦੀ ਅਗਲੀ ਸੀਟ ਤੇ ਬੈਠਾ ਹੋਇਆ ਦੇਖ
ਰਹੀ ਸੀ। ਬੱਸ ਵੀ ਉਸੇ ਤਰ੍ਹਾਂ ਖਚਾ-ਖਚ ਭਰੀ ਹੋਈ ਸੀ। ਮੇਰਾ ਅੰਦਰ ਫਿਰ ਮਜ਼ਬੂਰੀ ਜਿਹੀ ਵਿਚ
ਛਟ-ਪਟਾਇਆ। ਹਰ ਰੋਜ਼੍ਹ ਸਫ਼ਰ ਕਰਨ ਵਾਲੇ ਚਿਹਰਿਆਂ ਤੇ ਮੈਨੂੰ ਕੋਈ ਇਬਾਰਤ ਜਿਹੀ ਉਘੜਦੀ ਨਜ਼ਰ
ਆਉਣੀ ਸ਼ੁਰੂ ਹੋਈ। ਜਿਹੜੀ ਕਿ ਦਿਨ-ਬਦਿਨ ਹੋਰ ਘੂੜ੍ਹੀ ਹੁੰਦੀ ਜਾ ਰਹੀ ਸੀ। ਡਰਾਈਵਰ ਕੰਡਕਟਰ
ਦੀ ਆਪਸੀ ਹਾਸੇ-ਮਸ਼ਕਰੀ ਅਤੇ ਅੱਖਾਂ ਵਿਚ ਹੁੰਦੇ ਇਸ਼ਾਰਿਆਂ ਨੇ ਤਾਂ ਮੇਰੀ ਰਾਤਾਂ ਦੀ ਵੀ
ਨੀਂਦ ਹਰਾਮ ਕਰਕੇ ਰੱਖ ਦਿੱਤੀ ਸੀ। ਮੈਨੂੰ ਲੱਗਦਾ ਜਿਵੇਂ ਮੈਂ ਸ਼ਰੇ-ਬਾਜ਼ਾਰ ਬੇਪੱਤ ਹੋ ਰਹੀ
ਹਾਂ। ਬੱਸ ਵਿਚ ਰੋਜਾਨਾ ਸਫ਼ਰ ਕਰਨ ਵਾਲੇ ਜਾਣੇ-ਪਹਿਚਾਣੇ ਚਿਹਰਿਆਂ ਵਿੱਚੋਂ ਉੱਠਦੀ ਹਵਾੜ ਹਰ
ਵੇਲੇ ਮੇਰੇ ਦਿਮਾਗ ਨੂੰ ਚੜ੍ਹਦੀ ਰਹਿੰਦੀ ਤੇ ਮੈਨੂੰ ਵਿਚਲਤ ਕਰੀ ਰੱਖਦੀ।
ਅੱਜ ਜਸਵੀਰ ਮੈਡਮ ਨੇ ਕਿਸੇ ਸਵਾਰੀ ਰਾਹੀਂ ਮੈਨੂੰ ਪਿੱਛੇ ਬੁਲਾਇਆ ਤੇ ਮੈਂ ਫਿਰ ਉਸ ਆਦਮੀ
ਨੂੰ ਬਿਨਾਂ ਕੁੱਝ ਬੋਲੇ ਹੀ ਉੱਠ ਕੇ ਚਲੀ ਗਈ। ਇਕ ਦਿਨ ਦੀ ਹੋਰ ਜੂਨ ਕੱਟੀ ਗਈ ਸੀ ਮੇਰੀ।
ਜਸਵੀਰ ਮੈਡਮ ਨਾਲ ਮੇਰੀ ਸਿਰਫ਼ ਦੂਜੇ ਹੀ ਦਿਨ ਦੀ ਮੁਲਾਕਾਤ ਸੀ ਪਰ ਮੈਂ ਅੱਜ ਗੁੱਸੇ ਨਾਲ
ਭਰੀ-ਪੀਤੀ ਪਈ ਸੀ। ਆਪਣੀ ਸਾਰੀ ਰਾਮ-ਕਹਾਣੀ ਮੈਡਮ ਨਾਲ ਇਸ ਤਰ੍ਹਾਂ ਸ਼ੇਅਰ ਕੀਤੀ ਜਿਵੇਂ
ਅਸੀਂ ਬਹੁਤ ਦੇਰ ਦੀਆਂ ਜਾਣਦੀਆਂ ਹੋਈਏ। ਇਹ ਰੋਜ ਹੀ ਮੇਰੇ ਲਈ ਸੀਟ ਰੋਕ ਕੇ ਬੈਠ ਜਾਂਦਾ
ਹੈ। ਮੈਂ ਕਿੰਨੇ ਵਾਰੀ ਮਨ੍ਹਾਂ ਵੀ ਕਰ ਚੁੱਕੀ ਹਾਂ ਪਰ ਢੀਠ ਜਿਹਾ ਹਟਦਾ ਹੀ ਨਹੀਂ"।
"ਮੈਂ ਵੀ ਤੁਹਾਡੀ ਬੇਚੈਨੀ ਨੂੰ ਮਹਿਸੂਸ ਕਰ ਰਹੀ ਸੀ"। ਜਸਵੀਰ ਨੇ ਵੀ ਹੱਸਦੇ ਹੋਏ ਅਤੇ
ਅੱਗੇ ਉਹਦੇ ਵੱਲ ਵੇਖਦੇ ਹੋਏ ਆਖਿਆ"। ਗੱਲਾਂ –ਗੱਲਾਂ ਵਿਚ ਹੀ ਮੈਂ ਹੁਣ ਕਾਫ਼ੀ ਸਹਿਜ
ਮਹਿਸੂਸ ਕਰ ਰਹੀ ਸੀ। ਉਹਦੇ ਨਾਲ ਗੱਲ ਕਰਕੇ ਜਿਵੇਂ ਮੇਰੇ ਦਿਮਾਗ ਤੋਂ ਕੋਈ ਮਣਾਂ-ਮੂੰਹੀਂ
ਬੋਝ ਉੱਤਰ ਗਿਆ ਹੋਵੇ। ਉਹਦੀਆਂ ਗੱਲਾਂ ਕਰਦੀਆਂ ਅਸੀਂ ਕਈ ਵਾਰੀ ਖਿੜ-ਖਿੜਾ ਕੇ ਉੱਚੀ ਸਾਰੀ
ਜਾਣ-ਬੁੱਝ ਕੇ ਉਹਨੂੰ ਸੁਣਾ ਕੇ ਹੱਸੀਆਂ। ਉਹ ਵੀ ਮੁੜ-ਮੁੜ ਕੇ ਦੇਖਦਾ ਰਿਹਾ।
ਮੈਨੂੰ ਵੀ ਹੁਣ ਸੀਟ ਬਦਲ ਲੈਣ ਵਿਚ ਕੋਈ ਉਲਝਣ ਨਹੀਂ ਹੁੰਦੀ ਸੀ। ਕੁਝ ਦਿਨਾਂ ਬਾਅਦ ਜਸਵੀਰ
ਮੈਡਮ ਆਪਣੇ ਬੱਚਿਆਂ ਦੇ ਪੇਪਰਾਂ ਦੇ ਕਾਰਨ ਦੋ ਹਫ਼ਤਿਆਂ ਲਈ ਛੁੱਟੀ ਤੇ ਚਲੇ ਗਏ ਪਰ, ਮੈਂ
ਰੋਜਾਨਾਂ ਹੀ ਸੀਟ ਬਦਲ ਲੈਂਦੀ ਰਹੀ। ਮੇਰੇ ਸੀਟ ਬਦਲ ਲੈਣ ਨਾਲ ਬੱਸ ਵਿਚੋਂ ਉੱਠਦੀ ਹਵਾੜ
ਮੱਧਮ ਪੈਂਦੀ-ਪੈਂਦੀ ਹੁਣ ਅਸਲੋਂ ਬੰਦ ਹੋ ਗਈ ਸੀ। ਪਰ ਕੁੱਝ ਦਿਨਾਂ ਬਾਅਦ ਮੈਂ ਦੇਖਿਆ ਕਿ
ਬੱਸ ਤਾਂ ਉਸੇ ਤਰ੍ਹਾਂ ਹੀ ਭਰੀ ਹੋਈ ਸੀ ਪਰ ਮੇਰੇ ਲਈ ਅੱਜ ਸੀਟ ਖਾਲੀ ਨਹੀਂ ਸੀ। ਮੈਂ
ਸੋਚਿਆ ਕਿ ਸ਼ਾਇਦ ਉਹ ਆਦਮੀ ਛੁੱਟੀ ਤੇ ਚਲਾ ਗਿਆ ਹੈ। ਪਰ, ਨਹੀਂ ਉਹ ਤਾਂ ਸੀ ਪਰ ਅੱਜ ਮੇਰੇ
ਲਈ ਸੀਟ ਖ਼ਾਲੀ ਨਹੀਂ ਸੀ ਹੋਈ। ਡਰਾਇਵਰ ਨੇ ਪਹਿਲਾਂ ਮੇਰੇ ਵੱਲ ਤੇ ਫਿਰ ਉਹਦੇ ਵੱਲ ਦੇਖਿਆ।
ਪਰ ਮੈਂ ਮਨ ਵਿਚ ਸ਼ੁਕਰ ਮਨਾਇਆ ਕਿ ਅੱਜ ਮੇਰੇ ਲਈ ਸੀਟ ਖ਼ਾਲੀ ਨਹੀਂ ਸੀ। ਥੋੜ੍ਹੀ ਦੂਰ ਹੀ ਗਈ
ਹੋਵਾਂਗੀ ਕਿ ਰੋਜਾਨਾ ਦਾ ਇਕ ਹੋਰ ਹਮਸਫ਼ਰ ਆਪਣੀ ਸੀਟ ਛੱਡ ਕੇ ਉੱਠਦਾ ਹੋਇਆ ਬੋਲਿਆ, "ਆ ਜੋ
ਭੈਣ ਜੀ, ਤਸੀਂ ਇਸ ਸੀਟ ਤੇ ਬੈਠ ਜਾਓ। ਮੈਨੂੰ ਇਕ ਪਲ਼ ਵੀ ਉਸ ਵੱਲੋਂ ਛੱਡੀ ਸੀਟ ਉੱਤੇ ਬੈਠਣ
ਲਈ ਹਿਚਕਿਚਾਹਟ ਮਹਿਸੂਸ ਨਹੀਂ ਹੋਈ। ਉਸ ਆਦਮੀ ਨੇ ਇਕ ਵਾਰੀ ਮੁੜ ਕੇ ਪਿੱਛੇ ਵੇਖਿਆ ਤਾਂ
ਮੈਂ ਪੂਰੇ ਸਵੈਮਾਣ ਨਾਲ ਉਸ ਨਾਲ ਨਜ਼ਰ ਮਿਲਾਈ।
-0-
|