Welcome to Seerat.ca
Welcome to Seerat.ca

ਗ਼ਦਰੀ ਬਾਬੇ ਕੌਣ ਸਨ?

 

- ਵਰਿਆਮ ਸਿੰਘ ਸੰਧੂ

ਨਾਵਲ ਅੰਸ਼ / ਪਿੱਛਾ ਰਹਿ ਗਿਆ ਦੂਰ

 

- ਹਰਜੀਤ ਅਟਵਾਲ

ਮੌਤ ਦੇ ਪਰਛਾਵਿਆਂ ਹੇਠ

 

- ਜਰਨੈਲ ਸਿੰਘ ਕਹਾਣੀਕਾਰ

ਚਲੇ ਗਏ ਪਾਸ਼ ਦੇ ਪਾਪਾ, ਮੇਰੇ ਪਾਪਾ, ਸਾਡੇ ਪਾਪਾ

 

- ਗੁਲਸ਼ਨ ਦਿਆਲ

ਖਾਲੀ ਸੀਟ

 

- ਅਮਰਜੀਤ ਕੌਰ ਹਿਰਦੇ

ਪਿੰਡ ਚਕਰ ਦੀਆਂ ਕਿਆ ਬਾਤਾਂ!

 

- ਪ੍ਰਿੰ. ਬਲਕਾਰ ਸਿੰਘ ਬਾਜਵਾ

ਪਹਿਲੀ ਮੁਲਾਕਾਤ ਤੋਂ ਆਖਰੀ ਵਿਦਾਇਗੀ

 

- ਸੰਤੋਖ ਸਿੰਘ ਸੰਤੋਖ

ਪੰਜਾਬੀ ਸੂਬੇ ਦਾ ਜਿਉਂਦਾ ਜਾਗਦਾ ਇਤਿਹਾਸ
ਗਿਆਨੀ ਸੰਤੋਖ ਸਿੰਘ

 

- ਨਿਰਮਲ ਸਿੰਘ ਨੋਕਵਾਲ

ਸਾਹਿਤਕ ਸਵੈਜੀਵਨੀ / ਸੋਚ ਅਤੇ ਅਮਲ ਦੇ ਰਾਹ ‘ਤੇ ਪਹਿਲੇ ਕਦਮ

 

- ਵਰਿਆਮ ਸਿੰਘ ਸੰਧੂ

ਕਹਾਣੀ / ਅੰਨ੍ਹਾ !

 

- ਮਿੰਟੂ ਗੁਰੂਸਰੀਆ

ਆਪਣੀ ਹੀ ਕੁੱਲੀ

 

- ਮਲਕੀਅਤ "ਸੁਹਲ"

ਵਗਦੀ ਏ ਰਾਵੀ/ਨਨਕਾਣਾ ਸਾਹਿਬ ਦੇ ਗੁਰਧਾਮਾਂ ਦੇ ਦਰਸ਼ਨ ਦੀਦਾਰ

 

- ਵਰਿਆਮ ਸਿੰਘ ਸੰਧੂ

ਸਨ ਆਫ ਸਰਦਾਰ

 

- ਪੰਕਜਪਾਲ ਸਿੰਘ ਮੱਲੀ

ਤਿਆਰੀ ਅਧੀਨ ਪੁਸਤਕ ‘ਬਰਫ਼ ਵਿੱਚ ਉਗਦਿਆਂ’ ਵਿੱਚੋਂ / ਖੁਲ੍ਹ ਗਿਆ ਕਨੇਡਾ!!

 

- ਇਕਬਾਲ ਰਾਮੂਵਾਲੀਆ

 

 


ਪੰਜਾਬੀ ਸੂਬੇ ਦਾ ਜਿਉਂਦਾ ਜਾਗਦਾ ਇਤਿਹਾਸ
ਗਿਆਨੀ ਸੰਤੋਖ ਸਿੰਘ
- ਨਿਰਮਲ ਸਿੰਘ ਨੋਕਵਾਲ

 

"ਸਾਹਿੱਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ।" ਵਾਲ਼ੀ ਕਹਾਵਤ ਅਨੁਸਾਰ, ਹਰ ਸਮੇ ਦੀ ਤਸਵੀਰ ਸਾਹਿੱਤ ਵਿਚੋਂ ਵੇਖੀ ਜਾ ਸਕਦੀ ਹੈ। ਇਸ ਲਈ ਲੇਖਕ ਨੂੰ ਚਾਹੀਦਾ ਹੈ ਕਿ ਸਮੇ ਦੇ ਸੱਚ ਨੂੰ ਹੀ ਕਲਮਬੰਦ ਕਰੇ ਪਰ ਮਨੁੱਖਤਾ ਦਾ ਬਹੁਤ ਵੱਡਾ ਦੁਖਾਂਤ ਹੈ ਕਿ ਲੇਖਕ ਜਦੋਂ ਸੱਚ ਤੋਂ ਲਾਂਭੇ ਜਾਂਦਾ ਹੈ ਅਤੇ ਸਮਾ ਬੀਤ ਜਾਣ ਤੋਂ ਬਾਅਦ ਜਦੋਂ ਉਸ ਸ਼ੀਸ਼ੇ ਨੂੰ ਵੇਖਿਆ ਜਾਂਦਾ ਹੈ ਤਾਂ ਉਸ ਦਾ ਮਤਲਬ ਵੀ ਕੁਝ ਹੋਰ ਕੱਢਿਆ ਜਾਂਦਾ ਹੈ ਤੇ ਕੱਢੇ ਹੋਏ ਮਤਲਬ ਨੂੰ ਇਤਿਹਾਸ ਬਣਾ ਕੇ, ਉਸ ਉਪਰ ਜਦੋਂ ਜੀਵਨ ਦੀ ਉਸਾਰੀ ਕੀਤੀ ਜਾਂਦੀ ਹੈ ਤਾਂ ਉਹ ਭੀ ਗ਼ਲਤ ਹੋ ਜਾਂਦੀ ਹੈ ਤੇ ਜੀਵਨ ਔਝੜ ਰਾਹਾਂ ਤੇ ਪੈ ਕੇ, ਗ਼ਲਤ ਧਾਰਾ ਫੜ ਲੈਂਦਾ ਹੈ। ਸਿੱਖੀ ਦੇ ਬਾਨੀ ਗੁਰੂਆਂ ਦੇ ਜੀਵਨ ਨੂੰ ਜਦੋਂ ਪੜ੍ਹਿਆ ਜਾਂਦਾ ਹੈ ਤਾਂ ਇਸ ਵਿਚੋਂ, ਆਪਣੇ ਸਵਾਰਥ ਦੇ ਅਧੀਨ ਵੱਖ ਵੱਖ ਵਿਦਵਾਨ, ਉਹਨਾਂ ਦੀ ਸਿੱਖਿਆ ਦੇ ਵੱਖੋ ਵੱਖਰੇ ਕਿਸਮ ਦੇ ਤਰਜਮੇ ਕਰਦੇ ਆਮ ਹੀ ਦਿਸਦੇ ਹਨ।
ਬੇਸ਼ੱਕ ਗਿਆਨੀ ਸੰਤੋਖ ਸਿੰਘ ਦਾ ਨਾਂ ਉਹਨਾਂ ਪ੍ਰਸਿਧ ਲੇਖਕਾਂ ਵਿਚ ਨਹੀਂ ਆਉਂਦਾ ਜਿਨ੍ਹਾਂ ਨੇ ਪੂਰੇ ਜੀਵਨ ਦੀ ਅਗਵਾਈ ਕੀਤੀ ਹੋਵੇ ਪਰ ਜੋ ਵੀ ਲਿਖਿਆ ਹੈ ਉਹ ਸੋਲ਼ਾਂ ਆਨੇ ਸੱਚ ਲਿਖਿਆ ਹੈ। ਸਾਹਿੱਤ ‘ਸੱਤਿਅਮ, ਸ਼ਿਵਮ ਤੇ ਸੁੰਦਰਮ‘ ਦੀ ਕਸੌਟੀ ਤੇ ਪੂਰਾ ਉਤਰਨਾ ਚਾਹੀਦਾ ਹੈ। ਗਿਆਨੀ ਸੰਤੋਖ ਸਿੰਘ ਦਾ ਜੀਵਨ ਪੰਜਾਬ ਦੇ ਇਕ ਨਿੱਕੇ ਪਿੰਡ ਦੇ ਥੋੜਾਂ ਮਾਰੇ ਜੀਵਨ ਤੋਂ ਚੱਲ ਕੇ, ਸਿੱਖ ਸੰਸਥਾਵਾਂ ਵਿਚਦੀ ਗੁਜਰਦਾ ਹੋਇਆ ਦੁਨੀਆਂ ਦੇ ਭਾਰੀ ਗਿਣਤੀ ਮੁਲਕਾਂ ਵਿਚਦੀ ਹੁੰਦਾ ਹੋਇਆ, ਅੱਜ ਇਕ ਚੰਗੇ ਖੁਸਹਾਲ ਦੇਸ਼ ਆਸਟ੍ਰੇਲੀਆ ਅੰਦਰ ਟਿਕਿਆ ਹੋਇਆ ਹੈ।
ਜੋ ਦੇਣ ਗਿਆਨੀ ਜੀ ਨੇ ਅਪਣੇ ਸਾਹਿੱਤ ਰਾਹੀਂ ਲੋਕਾਂ ਨੂੰ ਦਿੱਤੀ ਹੈ ਉਸ ਨੂੰ ਘਟਾ ਕੇ ਵੇਖਣਾ ਸ਼ਾਇਦ ਸਾਡੀ ਬਹੁਤ ਵੱਡੀ ਭੁੱਲ ਹੋਵੇਗੀ। ਵੱਡੇ ਲੋਕਾਂ ਦੀਆਂ ਜੀਵਨੀਆਂ ਪੜ੍ਹ ਕੇ ਉਹਨਾਂ ਦੀਆਂ ਗਾਥਾਵਾਂ ਜਾਂ ਵੀਰ ਗਾਥਾਵਾਂ ਗਾਈਆਂ ਜਾਂਦੀਆਂ ਹਨ ਅਤੇ ਉਹਨਾਂ ਤੋਂ ਜੀਵਨ ਦੀ ਸੇਧ ਲੈ ਕੇ, ਜੀਵਨ ਅੰਦਰ ਅੱਗੇ ਵਧਣ ਦੇ ਯਤਨ ਕੀਤੇ ਜਾਂਦੇ ਹਨ ਪਰ ਗਿਆਨੀ ਸੰਤੋਖ ਸਿੰਘ ਦੇ ਜੀਵਨ ਵਿਚੋਂ ਉਹਨਾਂ ਦੀਆਂ ਲਿਖਤਾਂ ਰਾਹੀਂ ਜੋ ਕੁਝ ਮਿਲਦਾ ਹੈ ਅਤੇ ਜਿੰਨੀ ਵੱਡੀ ਗਿਣਤੀ ਨੂੰ ਮਿਲਦਾ ਹੈ, ਇਹ ਸਭ ਤੋਂ ਉਚੀ ਗੱਲ ਹੈ।
ਵੱਡੇ ਜੀਵਨ ਬਾਰੇ ਕਿਹਾ ਜਾਂਦਾ ਹੈ, "ਹੋਣਹਾਰ ਬਿਰਵਾ ਕੇ ਹੋਤ ਚਿਕਨੇ ਪਾਤ।" ਜੋ ਕਿ ਹਰ ਇਨਸਾਨ ਵਿਚ ਨਹੀਂ ਹੁੰਦੇ ਜਿਸ ਦੀ ਵਜਾਹ ਕਰਕੇ ਉਹਨਾਂ ਦੇ ਜੀਵਨ ਨੂੰ ਵੇਖਣ ਤੇ ਸੁਣਨ ਵਾਲੇ ਬਹੁ ਗਿਣਤੀ ਲੋਕ ਉਹਨਾਂ ਤੋਂ ਦੂਰ ਚਲੇ ਜਾਂਦੇ ਹਨ। ਗਿਆਨੀ ਸੰਤੋਖ ਸਿੰਘ ਦਾ ਜੀਵਨ ਪੰਜਾਬ ਦੇ ਬਹੁ ਗਿਣਤੀ ਲੋਕਾਂ ਦਾ ਜੀਵਨ ਹੈ; ਇਸ ਲਈ ਇਹ ਉਹਨਾਂ ਦੇ ਨਾਲ ਹੈ। ਬਾਕੀ ਲਿਖਤਾਂ ਤੋਂ ਇਲਾਵਾ ਗਿਆਨੀ ਜੀ ਵੱਲੋਂ, ਸ. ਬਲਵੰਤ ਸਿੰਘ ਰਾਮੂਵਾਲੀਏ ਨੂੰ ਲਿਖੀ ਚਿੱਠੀ ਉਹਨਾਂ ਦੇ ਜੀਵਨ ਦੀ ਮੂੰਹ ਬੋਲਦੀ ਤਸਵੀਰ ਹੈ। ਬੀਤ ਰਹੀ ਦੁਨੀਆਂਦਾਰੀ ਅੰਦਰ ਕੌਣ ਆਪਣੇ ਆਪ ਨੂੰ ਮਾੜਾ ਤੇ ਨੀਵਾਂ ਕਹਾਉਣ ਨੂੰ ਤਿਆਰ ਹੈ? ਇਹ ਗਿਆਨੀ ਸੰਤੋਖ ਸਿੰਘ ਹੈ ਜਿਸ ਨੇ ਆਪਣੇ ਆਪ ਨੂੰ ‘ਘੀਚਮਚੋਲ਼ਾ ਸ਼ਖ਼ਸੀਅਤ‘ ਲਿਖ ਕੇ ਅੱਜ ਦੇ ਮਨੁੱਖ ਦੀ ਹਉਮੈ ਨੂੰ ਚੋਟ ਮਾਰੀ ਹੈ।
ਗਿਆਨੀ ਜੀ ਦਾ ਜੀਵਨ ਪੰਜਾਬ ਦੇ ਇਕ ਸਾਧਾਰਣ ਕਿਸਾਨ ਪਰਵਾਰ ਵਿਚੋਂ ਨਿਕਲ਼ ਕੇ, ਸ਼੍ਰੋਮਣੀ ਕਮੇਟੀ ਦੀ ਪਿਤਾ ਵੱਲੋਂ ਕੀਤੀ ਨੌਕਰੀ ਸਮੇ, ਮੁਢਲੇ ਦਸ ਕੁ ਸਾਲਾਂ ਤੋਂ ਬਾਅਦ, ਸਿੱਖ ਸੰਸਾਰ ਦੇ ਚੌਗਿਰਦੇ ਵਿਚ ਹੀ ਬੀਤਿਆ। ਬਚਪਨ ਦੇ ਮੁਢਲੇ ਸਾਲ ਵੀ ਦਾਦੀ ਮਾਂ ਜੀ ਦੀ ਸੁਚੱਜੀ ਤੇ ਸਿੱਖੀ ਨੂੰ ਸਮੱਰਪਤ ਸਰਪ੍ਰਸਤੀ ਹੇਠ ਹੀ ਬੀਤੇ। ਕੁਦਰਤੀ ਹੈ ਕਿ ਉਹਨਾਂ ਨੂੰ ਜੀਵਨ ਗੁੜ੍ਹਤੀ ਹੀ ਸਿੱਖੀ ਦੀ ਮਿਲ਼ੀ ਤੇ ਸਾਰਾ ਜੀਵਨ ਸਿੱਖੀ ਦੇ ਚੌਗਿਰਦੇ ਵਿਚ ਹੀ ਗੁਜਾਰਿਆ। ਸਿੱਖੀ ਦਾ ਘੇਰਾ ਸਿੱਖ ਗੁਰੂਆਂ ਤੋਂ ਲੈ ਕੇ ਅੱਜ ਤੱਕ ਦੇ ਜੀਵਨ ਤੱਕ ਚੱਲ ਰਿਹਾ ਹੈ ਜੋ ਆਪਣੇ ਆਪ ਵਿਚ ਕੋਈ ਛੋਟੀ ਗੱਲ ਨਹੀਂ ਹੈ। ਸਿੱਖ ਗੁਰੂਆਂ ਦੇ ਜੀਵਨ ਅਤੇ ਉਹਨਾਂ ਦੁਆਰਾ ਰਚੀ ਗਈ ਬਾਣੀ ਦੇ ਨਾਲ, ਗਿਆਨੀ ਸੰਤੋਖ ਸਿੰਘ ਓਤ ਪੋਤ ਹਨ। ਸਿੱਖੀ ਪ੍ਰਚਾਰ ਦੇ ਰੂਪ ਵਿਚ ਬਾਣੀ ਦੀ ਵਿਆਖਿਆ ਏਨੀ ਸੱਚੀ ਤੇ ਸਰਲ ਢੰਗ ਨਾਲ ਕਰਦੇ ਹਨ ਕਿ ਸੁਣਨ ਵਾਲ਼ਿਆਂ ਤੇ ਗੰਭੀਰ ਅਸਰ ਪੈਂਦਾ ਹੈ। ਸਿੱਖੀ ਸਰੂਪ ਨਾਲ ਚੱਲਦੇ ਮਾਮਲਿਆਂ, ਅਕਾਲੀ ਮੋਰਚਿਆਂ ਦੇ ਇਤਿਹਾਸ ਤੋਂ ਲੈ ਕੇ ਅਕਾਲੀ ਸਿਆਸਤ ਵਿਚ ਵਿਚਰ ਰਹੀਆਂ ਘਟਨਾਵਾਂ, ਅਛੋਪਲੇ ਹੀ ਉਹਨਾਂ ਦੇ ਮੂੰਹ ਤੇ ਆ ਜਾਂਦੀਆਂ ਹਨ। ਉਹਨਾਂ ਦੇ ਜੀਵਨ ਦੀ ਹੋਂਦ ਭਾਰਤ ਦੀ ਆਜ਼ਾਦੀ ਤੋਂ ਬਾਅਦ ਮਾਸਟਰ ਤਾਰਾ ਸਿੰਘ, ਸੰਤ ਫਤਿਹ ਸਿੰਘ ਤੇ ਸੰਤ ਚੰਨਣ ਸਿੰਘ ਤੋਂ ਲੈ ਕੇ ਗੁਰਚਰਨ ਸਿੰਘ ਟੌਹੜਾ ਤੇ ਪ੍ਰਕਾਸ਼ ਸਿੰਘ ਬਾਦਲ ਤੱਕ ਦੇ ਜੀਵਨ ਦੀ ਹੈ।
ਗਿਆਨੀ ਸੰਤੋਖ ਸਿੰਘ ਦੇ, ਉਸ ਸਮੇ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਲਿਖਤਾਂ ਤੇ ਪ੍ਰਕਾਸ਼ਨਾਵਾਂ ਨਾਲ਼, ਨਜ਼ਦੀਕੀ ਸਬੰਧ ਹੋਣ ਕਰਕੇ ਅਤੇ ਸੰਤ ਫਤਿਹ ਸਿੰਘ ਤੇ ਸੰਤ ਚੰਨਣ ਸਿੰਘ ਦੇ ਨਿੱਜੀ ਸਕੱਤਰ ਰਹੇ ਹੋਣ ਕਰਕੇ, ਪੰਥਕ ਸਰਗਰਮੀਆਂ ਦੀ ਜਿੰਨੀ ਜਾਣਕਾਰੀ ਰੱਖਦੇ ਹਨ, ਉਹ ਸ਼ਾਇਦ ਅੱਜ ਦੇ ਕਿਸੇ ਵਿਰਲੇ ਵਿਅਕਤੀ ਕੋਲ਼ ਹੀ ਹੋਵੇ! ਉਹਨਾਂ ਰਾਹੀਂ ਲਿਖੀਆਂ ਲਿਖਤਾਂ ਤੋਂ ਪਤਾ ਲੱਗਦਾ ਹੈ ਕਿ ਪੰਜਾਬੀ ਸੂਬੇ ਦੀ ਮੰਗ ਦੇ ਕੀ ਕਾਰਣ ਸਨ! ਸਾਧਾਰਣ ਤੌਰ ਤੇ ਗੱਲ ਸਮਝ ਵਿਚ ਆਉਂਦੀ ਹੈ ਕਿ ਸਿੱਖੀ ਜੀਵਨ ਨੂੰ ਗੁਰੂਆਂ ਦੇ ਦੱਸੇ ਰਾਹ ਤੇ ਚੱਲਣ ਲਈ ਜੀਵਨ ਹੋਵੇ ਤੇ ਜੇਹੜੇ ਇਲਾਕਿਆਂ ਵਿਚ ਗੁਰੂਆਂ ਵਿਚ ਆਸਥਾ ਰੱਖਣ ਵਾਲੇ ਲੋਕਾਂ ਦੀ ਬਹੁ ਗਿਣਤੀ ਹੋਵੇ, ਉਸ ਨੂੰ ਪੰਜਾਬੀ ਸੂਬੇ ਦੇ ਨਾਂ ਦਾ ਵੱਖਰਾ ਸੂਬਾ ਬਨਾਉਣ ਦੀ ਮੰਗ ਕੀਤੀ ਗਈ ਸੀ ਪ੍ਰੰਤੂ ਸਮੇ ਦੀ ਕੁਟਲ ਕਾਂਗਰਸ ਸਰਕਾਰ ਤੇ ਅਕਾਲੀ ਆਗੂਆਂ ਦੀਆਂ ਸਵਾਰਥੀ ਬਿਰਤੀਆਂ ਨੇ ਇਸ ਮੰਗ ਨੂੰ ਏਨਾ ਗੁੰਝਲਦਾਰ ਬਣਾ ਦਿੱਤਾ ਕਿ ਜਿਸ ਤਰ੍ਹਾਂ ਦਾ ਪੰਜਾਬੀ ਸੂਬਾ ਬਣਿਆ ਹੈ, ਉਸ ਅੰਦਰ ਕੁਝ ਵੀ ਅਜਿਹਾ ਨਹੀਂ ਹੋ ਸਕਿਆ। ਕਾਂਗਰਸ ਸਰਕਾਰ ਨੇ ਪੈਪਸੂ ਸਟੇਟ ਤੋੜ ਕੇ, ਜਿਸ ਵਿਚ ਸਿੱਖ ਅਬਾਦੀ ਦੀ ਥੋਹੜੀ ਜਿਹੀ ਬਹੁ ਗਿਣਤੀ ਸੀ, ਨੂੰ ਹਿੰਦੂ ਬਹੁ ਸੰਮਤੀ ਵਾਲ਼ੇ ਇਲਾਕੇ ਨਾਲ ਮਿਲਾ ਕੇ, ਸਿੱਖ ਆਬਾਦੀ ਨੂੰ ਘੱਟ ਗਿਣਤੀ ਵਿਚ ਲਿਆਉਣ ਦੀ ਕੋਝੀ ਹਰਕਤ ਨੂੰ ਚੰਗੀ ਤਰਾਂ ਉਘੇੜਿਆ ਹੈ। ਇਸ ਤੋਂ ਬਾਅਦ ਪੰਜਾਬੀ ਸੂਬੇ ਲਈ ਲਗਦੇ ਮੋਰਚਿਆਂ ਦੀ ਜਿੰਨੀ ਨੇੜਿਉਂ ਦੀ ਜਾਣਕਾਰੀ ਦਿੱਤੀ ਹੈ, ਇਹ ਕਾਬਲੇ ਤਾਰੀਫ਼ ਹੈ।
ਅਕਾਲੀ ਲੀਡਰਾਂ ਤੇ ਵਜੀਰਾਂ ਦੇ ਅੰਦਰਲੇ ਇਖ਼ਲਾਕ ਦੀ ਤਸਵੀਰ ਜਿਸ ਤਰ੍ਹਾਂ ਗਿਆਨੀ ਜੀ ਨੇ ਆਪਣੀਆਂ ਸਾਹਿੱਤਕ ਲਿਖਤਾਂ ਅੰਦਰ ਦਿਖਾਈ ਹੈ ਇਹ ਅਪਣੇ ਆਪ ਵਿਚ ਮਿਸਾਲ ਹੈ। ਮੁਖ ਮੰਤਰੀ ਦੇ ਸਵਾਲ ਉਪਰ ਜਦੋਂ ਸੰਤ ਫਤਿਹ ਸਿੰਘ ਨੇ ਅਮਦਰ ਸੱਦ ਕੇ ਇਕੱਲੇ ਇਕੱਲੇ ਐਮ.ਐਲ.ਏ. ਨੂੰ ਪੁੱਛਿਆ ਤਾਂ ਸਾਰਿਆਂ ਨੇ ਪਹਿਲਾਂ ਤਾਂ ਕਿਹਾ ਜਿਸ ਨੂੰ ਮਰਜੀ ਬਣਾ ਦਿਉ ਤੇ ਫਿਰ ਕਹਿਣਾ ਕਿ ਮੈਨੂੰ ਬਣਾ ਦਿਉ। ਕਿੰਨੇ ਘਿਨਾਉਣੇ ਢੰਗ ਨਾਲ ਲਛਮਣ ਸਿੰਘ ਗਿੱਲ ਗੁਰਨਾਮ ਸਿੰਘ ਨੂੰ ਲਾਹ ਕੇ ਖ਼ੁਦ ਕਾਂਗਰਸ ਦੀ ਮਦਦ ਨਾਲ ਮੁਖ ਮੰਤਰੀ ਬਣ ਗਿਆ! ਜਿਸ ਤਰ੍ਹਾਂ ਦੇ ਵਜੀਰ ਇਸ ਅਕਾਲੀ ਵਜਾਰਤ ਵਿਚ ਸਨ ਉਹਨਾਂ ਬਾਰੇ ਦੱਸਣਾ ਕਿ ਇਕ ਵਜੀਰ ਦੂਜੇ ਵਜੀਰ ਨੂੰ ਪੁੱਛਦਾ ਹੈ, "ਓਇ ਫਲਾਣਾ ਸਿਅ੍ਹਾਂ, ਤੇਰੇ ਘਰ ਬਿਨਾ ਬਰਫ ਤੋਂ ਸੋਢਾ ਕਿਵੇਂ ਠੰਡਾ ਹੋ ਜਾਂਦੈ ਓਇ?" ਦੂਜੇ ਵਜੀਰ ਨੇ ਦੱਸਿਆ, "ਸੋਢੇ ਨੂੰ ਠੰਡਾ ਕਰਨ ਵਾਲੀ ਇਕ ਪੇਟੀ ਹੁੰਦੀ ਆ ਤੇ ਇਹ ਹਰੇਕ ਵਜੀਰ ਨੂੰ ਮਿਲਦੀ ਆ ਭਾਊ!" ਫਿਰ ਪਤਾ ਕਰਨ ਤੇ ਪਤਾ ਲੱਗਾ ਕਿ ਉਹ ਪੇਟੀ ਉਸ ਵਜੀਰ ਦੇ ਨਾਂ ਤੇ ਵੀ ਇਸ਼ੂ ਹੋਈ ਹੋਈ ਹੈ ਪਰ ਉਸ ਦੀ ਕੋਠੀ ਤੇ ਜਾ ਕੇ ਵੇਖਿਆ ਤਾਂ ਉਸ ਵਿਚ ਪਰਵਾਰ ਦੇ ਜੋੜੇ ਸਜ ਰਹੇ ਸਨ। ਇਕ ਛੋਟਾ ਵਜੀਰ ਸਟੇਜ ਤੋਂ ਭਾਸ਼ਨ ਦਿੰਦਾ ਕਹਿ ਰਿਹਾ ਹੈ, "ਇਹ ਜਿਹੜਾ ਪ੍ਰਕਾਹ ਹੋਂ ਆ ਨਾ, ਪ੍ਰਕਾਹ ਹੋਂ (ਸ. ਪ੍ਰਕਾਸ ਸਿੰਘ ਮਜੀਠੀਆ) ਇਹ ਸਿਰਫ ਮਨਿਸਟਰ ਈ ਆ, ਮੈਂ ਨਾਲ ਡਿਪਟੀ ਵੀ ਆਂ। ਇਹ ਸੁਣ ਕੇ ਜਲਸੇ ਵਿਚਲੇ ਲੋਕ ਖਿੜ ਖਿੜਾ ਕੇ ਹੱਸ ਪਏ। ਇਕ ਵਜੀਰ ਦਾ ਪਰਵਾਰ ਵਜੀਰੀ ਵਾਲੀ ਕੋਠੀ ਆਇਆ ਤੇ ਬੱਚੇ ਟਾਇਲਟ ਨਾ ਜਾਣ ਤੇ ਕਹਿਣ, "ਬੀਬੀ ਓਥੇ ਤਾਂ ਚੁਲ੍ਹੇ ਜਿਹੇ ਬਣੇ ਹੋਏ ਆ।"
ਅਕਾਲੀ ਨੇਤਾਵਾਂ ਦਾ ਕਿੰਨਾ ਨੇੜਿਉਂ ਹੋ ਕੇ ਚਰਿੱਤਰ ਵਰਨਣ ਕੀਤਾ ਹੈ। ਕਿਤਾਬ ‘ਉਜਲ ਕੈਹਾਂ ਚਿਲਕਣਾ‘ ਅੰਦਰ ਲੇਖ ‘ਟਰੰਕ ਕਾਲ ਕਿ ਪੈਗ ਕਾਲ?‘ ਵਿਚ ਖਾਣਾ ਖਾਣ ਤੋਂ ਪਹਿਲਾਂ ਸ਼ਰਾਬ ਪੀਂਦੇ ਹਨ ਤੇ ਮਖੌਲ ਵਿਚ ਇਸ ਨੂੰ ਦੰਦ ਤਿੱਖੇ ਕਰਨੇ ਆਖਦੇ ਹਨ। ਆਜਾਦੀ ਤੋਂ ਬਾਅਦ ਸਿੱਖ ਸਿਆਸਤ ਦੇ ਪੂਰੇ ਇਤਿਹਾਸ ਦੀ ਰੂਪ ਰੇਖਾ ਏਨੇ ਸਾਧਾਰਣ ਢੰਗ ਨਾਲ ਬਿਆਨ ਕੀਤੀ ਹੈ ਜੋ ਕਿ ਆਪਣੇ ਆਪ ਵਿਚ ਲਿਸ਼ਕਾਂ ਮਾਰਦੀ ਤਸਵੀਰ ਹੈ। ਪਹਿਲਾਂ ਪਹਿਲ ਮਾਸਟਰ ਤਾਰਾ ਸਿੰਘ, ਸੰਤ ਫਤਿਹ ਸਿੰਘ ਤੇ ਸੰਤ ਚੰਨਣ ਸਿੰਘ ਲੀਡਰ ਸਨ ਤੇ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਸੰਤਾਂ ਦੇ ਅਕਾਲ ਚਲਾਣੇ ਪਿੱਛੋਂ ਸਰਦਾਰਾਂ ਪਾਸ ਆ ਗਈ। ਇਹਨਾਂ ਵਿਚੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸ. ਗੁਰਚਰਨ ਸਿੰਘ ਟੌਹੜਾ ਤੇ ਸ. ਜਗਦੇਵ ਸਿੰਘ ਤਲਵੰਡੀ ਦੇ ਨਾਂ ਉਪਰ ਰਹੇ। ਮੁਢਲੇ ਦਿਨੀਂ ਕਿਸ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਨੇ ਸੰਤ ਫਤਿਹ ਸਿੰਘ ਤੇ ਦਬਾ ਪਾ ਕੇ, ਜਸਵਿੰਦਰ ਸਿੰਘ ਬਰਾੜ ਨੂੰ ਪਾਰਟੀ ਲੀਡਰੀ ਤੋਂ ਲਾਹ ਕੇ, ਆਪਣੇ ਆਪ ਨੂੰ ਅੱਗੇ ਲੈ ਕੇ ਆਂਦਾ। ਅੱਜ ਦੀ ਅਕਾਲੀ ਰਾਜ ਵਾਲੀ ਸਰਕਾਰ ਤੋਂ ਗਿਆਨੀ ਜੀ ਨਿਰਾਸ ਹਨ ਤੇ ਕਹਿ ਰਹੇ ਹਨ ਕਿ ਸਰਕਾਰ ਭਾਵੇਂ ਅਕਾਲੀਆਂ ਦੀ ਹੋਵੇ ਤੇ ਭਾਵੇਂ ਕਾਂਗਰਸ ਦੀ ਪਰ ਪਟਵਾਰੀਆਂ ਤੇ ਪੁਲਿਸ ਵਾਲਿਆਂ ਨੇ ਤਾਂ ਲੋਕਾਂ ਨੂੰ ਲੁੱਟਣਾ ਤੇ ਕੁੱਟਣਾ ਓਸੇ ਤਰ੍ਹਾਂ ਹੈ। ਕੰਮ ਤਾਂ ਲੋਕਾਂ ਦੇ ਚਾਂਦੀ ਦੇ ਛਿੱਤਰ ਨਾਲ਼ ਹੀ ਹੋਣੇ ਨੇ; ਵਜ਼ਾਰਤ ਦੀਆਂ ਕੁਰਸੀਆਂ ਉਪਰ ਚਾਹੇ ਨੀਲੇ ਬੈਠੇ ਹੋਣ ਚਾਹੇ ਚਿੱਟੇ। ਕੁਝ ਲੋਕਾਂ ਨੇ ਤਾਂ ਇਉਂ ਇਕ ਲੋਕੋਕਤੀ ਹੀ ਬਣਾ ਧਰੀ ਹੈ:
ਚਿੱਟੇ ਬਗਲੇ ਨੀਲੇ ਮੋਰ।
ਉਹ ਵੀ ਚੋਰ ਤੇ ਉਹ ਵੀ ਚੋਰ।
ਬਹੁਤ ਹੀ ਖ਼ੂਬਸੂਰਤ ਗਿਆਨੀ ਜੀ ਦੀ ਲੇਖਣੀ ਧਾਰਮਿਕ ਮਾਮਲਿਆਂ ਵਿਚ ਹੈ। ਜਿੰਦਗੀ ਦਾ ਸਾਰਾ ਸਮਾ ਹੀ ਧਾਰਮਿਕ ਪ੍ਰਚਾਰ ਦੇ ਦਾਇਰੇ ਅੰਦਰ ਰਹਿਣ ਕਰਕੇ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਟੂਕਾਂ ਲੈ ਕੇ ਉਹਨਾਂ ਨੂੰ ਜੀਵਨ ਜਿਉਣ ਦੇ ਅਮਲ ਅੰਦਰ ਪ੍ਰੇਰਨਾ ਦੇਣੀ, ਗਿਆਨੀ ਜੀ ਦੀ ਉਚੀ ਸ਼ਖ਼ਸੀਅਤ ਨੂੰ ਦਰਸਾਉਂਦਾ ਹੈ। ਆਪਣੀ ਕਿਤਾਬ ‘ਸਚੇ ਦਾ ਸਚਾ ਢੋਆ‘ ਅੰਦਰ ਦਰਜਣ ਤੋਂ ਵੱਧ ਲੇਖ ਧਾਰਮਿਕ ਅਤੇ ਸਿੱਖ ਗੁਰੂਆਂ ਨਾਲ ਸਬੰਧਤ ਹਨ। ਗਿਆਨੀ ਜੀ ਦੀ ਪਹਿਲੀ ਪੁਸਤਕ ‘ਸਚੇ ਦਾ ਸਚਾ ਢੋਆ‘ ਵਿਚਲੇ ਲੇਖ ਆਪਣੇ ਆਪ ਵਿਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬੋਲਦੇ ਅਤੇ ਮਨ ਨੂੰ ਟੁੰਬਦੇ ਹਨ। ਬਾਣੀ ਅਨੁਸਾਰ ਰਾਜ, ਮਾਲ, ਰੂਪ, ਜਾਤਿ, ਜੋਬਨ ਪੰਜੇ ਠੱਗਾਂ ਨੂੰ ਜਿੰਨੀ ਸਹਿਜ ਸਰਲਤਾ ਨਾਲ ਬਿਆਨਿਆ ਹੈ, ਇਹ ਆਪਣੇ ਆਪ ਅੰਦਰ ਮਹਾਨ ਗੱਲ ਹੈ। ਇਸ ਕਿਤਾਬ ਵਿਚ ਦਸਾਂ ਗੁਰੂਆਂ ਦੇ ਜੀਵਨ ਨੂੰ ਲਿਖ ਕੇ ਇਕ ਲੜੀ ਵਿਚ ਪਰੋਇਆ ਹੈ ਜਿਸ ਨੂੰ ਪੜ੍ਹਨ ਤੋਂ ਬਾਅਦ ਗੁਰੂਆਂ ਦੇ ਆਪਸ ਵਿਚ ਪਰਵਾਰਕ ਜੀਵਨ ਦੀ ਸਾਂਝ ਤੇ ਉਹਨਾਂ ਦੇ ਗੁਰਗੱਦੀ ਦੇ ਸਮੇ ਦੀ ਤਾਰੀਖਬੱਧ ਲੇਖਣੀ ਬਹੁਤ ਸਹਿਜਤਾ ਨਾਲ਼ ਆ ਜਾਂਦੀ ਹੈ। ਗੁਰੂਆਂ ਦੇ ਜੀਵਨ ਦੇ ਮੋਟੇ ਮੋਟੇ ਪੱਖ ਸਹਿਜ ਹੀ ਮਨ ਅਤੇ ਦਿਮਾਗ ਅੰਦਰ ਬੈਠ ਜਾਂਦੇ ਹਨ।
‘ਸਰਬ ਸਾਂਝਾ ਸਤਿਗੁਰੂ‘ ਲੇਖ ਲਿਖ ਕੇ ਗੁਰਗੱਦੀ ਤੇ ਗੁਰੂਆਂ ਦੇ ਜੀਵਨ ਬਾਰੇ ਉਚ ਪੱਧਰੀ ਗਿਆਨ ਦਾ ਸਬੂਤ ਦਿਤਾ ਹੈ। ਅੱਜ ਦੇ ਜੀਵਨ ਦਾ ਇਹ ਇਕ ਵੱਡਾ ਦੁਖਾਂਤ ਹੈ ਕਿ ਗੁਰੂਆਂ ਦੇ ਜੀਵਨ ਅਤੇ ਬਾਣੀ ਦੇ ਅਰਥਾਂ ਦੇ ਆਪੋ ਆਪਣੇ ਮੁਤਾਬਿਕ ਤਰਜਮੇ ਕੀਤੇ ਜਾ ਰਹੇ ਹਨ ਪ੍ਰੰਤੂ ਜੋ ਤਰਜਮਾ ਗਿਆਨੀ ਸੰਤੋਖ ਸਿੰਘ ਨੇ ਕੀਤਾ ਹੈ ਉਸ ਨੂੰ ਪੜ੍ਹਨ ਨਾਲ ਗੁਰੂਆਂ ਦੇ ਜੀਵਨ ਦੀ ਸੱਚੀ ਤਸਵੀਰ ਸਾਹਮਣੇ ਆ ਜਾਂਦੀ ਹੈ। ਗਿਆਨੀ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੀਆਂ ਘਟਨਾਵਾਂ ਨੂੰ ਯਾਦ ਕਰਵਾ ਕੇ, ਸਿੱਧ ਕੀਤਾ ਹੈ ਕਿ ਉਹ ਮਾਨਵਤਾ ਦੇ ਆਜ਼ਾਦੀ ਨਾਲ ਜਿਉਣ ਦੇ ਧਰਮ ਦੀ ਹੀ ਮਾਨਤਾ ਕਰਦੇ ਸਨ। ਉਹਨਾਂ ਨੇ ਲੜਾਈ ਹਮੇਸ਼ਾਂ ਜਬਰ ਅਤੇ ਜੁਲਮ ਦੇ ਹੀ ਖ਼ਿਲਾਫ਼ ਹੀ ਲੜੀ; ਕਿਸੇ ਖਾਸ ਮਜ਼ਹਬ ਲਈ ਨਹੀਂ ਲੜੀ। ਏਸੇ ਕਰਕੇ ਕਿੰਨੇ ਹੀ ਮੁਸਲਮਾਨ ਲੋਕ ਐੁਹਨਾਂ ਦੇ ਪ੍ਰਸੰਸਕ ਅਤੇ ਸਹਾਇਕ ਸਨ। ਕਈ ਹਿੰਦੂ ਰਾਜੇ ਉਹਨਾਂ ਦੇ ਵਿਰੋਧੀ ਸਨ ਅਤੇ ਗੁਰੂ ਜੀ ਦੇ ਖ਼ਿਲਾਫ਼ ਲੜਦੇ ਸੀ ਜਿਨ੍ਹਾਂ ਵਿਚ ਰਾਜਾ ਕਹਿਲੂਰੀਆ, ਰਾਜਾ ਕਟੋਚੀਆ ਆਦਿ ਮੁਖੀ ਸਨ। ਔਰੰਗਜ਼ੇਬ ਦੀ ਮੌਤ ਪਿੱਛੋਂ ਉਸ ਦੇ ਪੁੱਤਰਾਂ ਦੀ ਲੜਾਈ ਸਮੇ, ਸਹਿਜ਼ਾਦਾ ਮੁਅੱਜ਼ਮ (ਬਹਾਦਰ ਸ਼ਾਹ) ਨੂੰ ਦੂਜਿਆਂ ਨਾਲ਼ੋਂ ਵਧੇਰੇ ਯੋਗ ਜਾਣ ਕੇ ਅਤੇ ਉਸ ਪਾਸੋਂ ਜਨਤਾ ਨਾਲ਼ ਇਨਸਾਫ਼ ਕਰਨ ਦੇ ਬਚਨ ਲੈ ਕੇ ਉਸ ਦੀ ਸਹਾਇਤਾ ਕੀਤੀ ਸੀ। ਇਕ ਸਯਦ ਵੱਲੋਂ ਇਹ ਪੁੱਛੇ ਜਾਣ ਤੇ, "ਮਜ਼ਹਬ ਤੁਮਾਰਾ ਖੂਬ ਕਿ ਹਮਾਰਾ ਕਿ ਹਮਾਰਾ ਖੂਬ?" ਗੁਰੂ ਸਾਹਿਬ ਵੱਲੋਂ ਇਹ ਜਵਾਬ ਮਿਲਣਾ, "ਤੁਮ ਕੋ ਤੁਮਾਰਾ ਖ਼ੂਬ, ਹਮ ਕੋ ਹਮਾਰਾ ਖ਼ੂਬ।" ਗਿਆਨੀ ਜੀ ਨੇ ਇਹ ਵਾਰਤਾ ਆਪਣੇ ਇਕ ਲੇਖ ਰਾਹੀਂ ਬਹੁਤ ਹੀ ਵਧੀਆ ਢੰਗ ਨਾਲ ਉਜਾਗਰ ਕੀਤੀ ਹੈ। "ਕੋਈ ਭਇਓ ਮੁੰਡੀਆ ਸੰਨਿਆਸੀ " ਵਾਲ਼ਾ ਕਬਿਤ ਲਿਖ ਕੇ ਦਸਮ ਪਾਤਿਸ਼ਾਹ ਜੀ ਦੇ ਚਰਿੱਤਰ ਨੂੰ ਉਜਾਗਰ ਕੀਤਾ ਹੈ।
ਭਾਈ ਜੈਤਾ ਦੀ ਜਬਾਨੀ ਵੈਸਾਖੀ ਵਾਲੀ ਸਾਖੀ ਲਿਖ ਕੇ ਇਤਿਹਾਸ ਦੇ ਡੂੰਘੇਪਣ ਨੂੰ ਫਰੋਲਿਆ ਹੈ ਜੋ ਕਿ ਅਜਿਹਾ ਕਦੀ ਨਾ ਪੜ੍ਹਿਆ ਸੀ ਤੇ ਨਾ ਹੀ ਕਦੇ ਸੁਣਿਆ ਸੀ। ਇਸ ਵਿਚ ਦੱਸਿਆ ਗਿਆ ਹੈ ਕਿ ਗੁਰੂ ਤੇਗ ਬਹਾਦਰ ਦੇ ਸਿਰ ਤੇ ਧੜ ਨੂੰ ਉਠਾਉਣਾ ਅਪਣੀ ਜਾਨ ਤੋਂ ਹੱਥ ਧੋਣਾ ਸੀ ਜਿਸ ਕਰਕੇ ਭਾਈ ਜੈਤੇ ਨੇ ਆਪਣੇ ਬਾਪ ਦਾ ਸਿਰ ਵੱਢ ਕੇ ਗੁਰੂ ਤੇਗ ਬਹਾਦਰ ਦੇ ਸੀਸ ਦੀ ਥਾਵੇਂ ਰੱਖਿਆ ਅਤੇ ਇਸ ਤਰ੍ਹਾਂ ਗੁਰੂ ਜੀ ਦਾ ਸੀਸ ਲੈ ਕੇ ਅਨੰਦਪੁਰ ਪਹੁੰਚਿਆ।
ਗਿਆਨੀ ਜੀ ਨੇ ਸਾਹਿੱਤ ਰਾਹੀਂ ਗੁਰਦੁਆਰਿਆਂ ਵਿਚਲੇ ਕਈ ਮਸਲੇ ਉਠਾਏ ਹਨ ਤੇ ਸੁਝਾਉ ਦਿਤੇ ਹਨ ਜਿਵੇਂ ਕਿ ਗੁਰਦੁਆਰਿਆਂ ਅੰਦਰ ਭੇਟ ਕੀਤੇ ਰੁਮਾਲਿਆਂ ਬਾਰੇ, ਲਾਊਡ ਸਪੀਕਰਾਂ ਦੀ ਆਵਾਜ ਬਾਰੇ, ਗੁਰੂ ਘਰ ਬਣਾਉਣ ਵੇਲੇ ਹਾਲ ਅੰਦਰ ਆਵਾਜ਼ ਗੂੰਜਣ ਬਾਰੇ, ਪ੍ਰਬੰਧਕਾਂ ਦੀਆਂ ਚੋਣਾਂ ਬਾਰੇ ਅਤੇ ਅੰਧ ਵਿਸ਼ਵਾਸ਼ ਬਾਰੇ।
ਧਿਆਨ ਦੇਣ ਯੋਗ:
ਇਸ ਸਭ ਕੁਝ ਦੇ ਬਾਵਜੂਦ ਗਿਆਨੀ ਜੀ ਜਿੰਨੀ ਵਿਸ਼ਾਲ ਦੁਨੀਆਂ ਵਿਚ ਵਿਚਰੇ ਹਨ ਅਤੇ ਕਿੰਨੀ ਦੁਨੀਆਂ ਦੇ ਲੋਕ ਆਚਰਣ ਪੱਖੋਂ, ਸਿੱਖੀ ਜੀਵਨ ਤੋਂ ਅੱਗੇ ਨਿਕਲ ਗਏ ਹਨ! ਇਸ ਬਾਰੇ ਆਪਣੇ ਸਾਹਿੱਤ ਅੰਦਰ ਉਹਨਾਂ ਨੇ ਵਿਆਖਿਆ ਨਹੀਂ ਕੀਤੀ ਸਗੋਂ ਇਕ ਪਾਸੜ ਹੀ ਜੀਵਨ ਦੀ ਗੱਲ ਕਰਦੇ ਹਨ। ਜੂਨ 1984 ਵਿਚਲਾ ਨੀਲਾ ਤਾਰਾ ਆਪ੍ਰੇਸ਼ਨ ਦਾ ਗਿਆਨੀ ਜੀ ਦੇ ਮਨ ਤੇ ਬਹੁਤ ਡੂੰਘਾ ਅਸਰ ਹੈ ਜੋ ਮੈਂ ਸਮਝਦਾ ਹਾਂ ਕਿ ਹੋਣਾ ਭੀ ਚਾਹੀਦਾ ਹੈ ਕਿਉਂਕਿ ਉਹ ਬਹੁਤ ਹੀ ਘਿਨਾਉਣਾ ਕਾਰ ਸੀ ਪ੍ਰੰਤੂ ਉਹ ਇਸ ਗੱਲ ਤੋਂ ਭੀ ਚੁੱਪੀ ਧਾਰੀ ਬੈਠੇ ਹਨ ਕਿ ਉਹ ਕੇਹੜੇ ਕਾਰਨ ਸਨ ਜਿਨ੍ਹਾਂ ਦੇ ਬਹਾਨੇ ਨਾਲ ਇਹ ਕਾਰਾ ਵਾਪਰਿਆ! ਪੰਜਾਬ ਅੰਦਰ ਉਹ ਦਹਿਸ਼ਤਗਰਦੀ ਦਾ ਮਾਹੌਲ, ਜਿਸ ਅੰਦਰ ਆਪਣੇ ਘਰਾਂ ਵਿਚ ਬੈਠੇ ਟੀ.ਵੀ. ਦੇਖ ਰਹੇ ਬੰਦਿਆਂ ਨੂੰ ਗੋਲੀਆਂ ਨਾਲ ਭੁੰਨਣਾ ਅਤੇ ਬੱਸਾਂ ਵਿਚੋਂ ਉਤਾਰ ਕੇ ਲੋਕਾਂ ਨੂੰ ਗੋਲੀਆਂ ਨਾਲ਼ ਮਾਰਨਾ, ਹਰਿਮੰਦਰ ਸਾਹਿਬ ਅੰਦਰ ਮੱਥਾ ਟੇਕਣ ਗਏ ਬੰਦੇ ਨੂੰ ਗੋਲੀ ਮਾਰਨੀ ਅਤੇ ਖਾਲਿਸਤਾਨ ਦੀ ਮੁਹਿੰਮ ਨੂੰ ਹਰਿਮੰਦਰ ਸਾਹਿਬ ਦੇ ਅੰਦਰੋਂ ਚਲਾਉਣਾ ਆਦਿ।
ਚੰਗਾ ਹੋਵੇ ਜੇ ਗਿਆਨੀ ਜੀ ਆਪਣੀ ਸਾਧਾਰਣ ਬੋਲੀ ਤੇ ਵਿਆਖਿਆ ਰਾਹੀਂ ਬਾਹਰ ਘੁੰਮੀ ਹੋਈ ਦੁਨੀਆਂ ਦਾ ਵੀ ਨਿਰਣਾ ਕਰਨ ਤੇ ਉਸ ਤੋਂ ਅੱਗੇ ਸੇਧ ਦੇਣ। ਇਸ ਗੱਲ ਨੂੰ ਵਿਸ਼ਾ ਬਣਾਉਣ ਕਿ ਧਾਰਮਿਕ ਵਲ਼ਗਣ ਤੋਂ ਦੂਰ ਰਹਿ ਕੇ ਵੀ ਅੱਗੇ ਵਧੇ ਹੋਏ ਦੇਸਾਂ ਦੀ ਤਰ੍ਹਾਂ, ਪੰਜਾਬ ਨੂੰ ਚੰਗੇ ਚਰਿਤਰ, ਚੰਗੇ ਕਾਨੂੰਨ ਅਤੇ ਚੰਗੇ ਪ੍ਰਬੰਧ ਰਾਹੀਂ ਚੰਗਾ ਬਣਾਇਆ ਜਾ ਸਕਦਾ ਹੈ ਜਦੋਂ ਕਿ ਅਸੀਂ ਧਾਰਮਿਕ ਸਿੱਖਿਆ ਦੇ ਧਾਰਨੀ ਹੋਣ ਦੇ ਬਾਵਜੂਦ ਵੀ ਮਾੜਾ ਪ੍ਰਦਰਸ਼ਨ ਕਰ ਰਹੇ ਹਾਂ। ਸਾਡੇ ਸਮਾਜ ਵਿਚ ਬੇਅੰਤ ਧਾਰਮਿਕ ਪ੍ਰਚਾਰ ਹੁੰਦਿਆਂ ਹੋਇਆਂ ਵੀ ਸਾਡਾ ਜੀਵਨ ਚਰਿੱਤਰ ਕਿਉਂ ਨਿਘਰਦਾ ਜਾ ਰਿਹਾ ਹੈ? ਪੂਰੇ ਦਾ ਪੂਰਾ ਜੀਵਨ ਬਾਣੀ ਪੜ੍ਹ ਅਤੇ ਸੁਣ ਕੇ ਵੀ ਜਿੰਦਗੀ ਬਿਤਾਉਣ ਦੇ ਮਾਮਲੇ ਵਿਚ ਬਾਣੀ ਦੇ ਅਰਥਾਂ ਦੇ ਨੇੜੇ ਤੇੜੇ ਵੀ ਅਸੀਂ ਨਹੀਂ ਹੁੰਦੇ। ਇਸ ਤਰ੍ਹਾਂ ਦੇ ਕਿੰਨੇ ਹੀ ਸਵਾਲ ਗਿਆਨੀ ਜੀ ਦੇ ਪ੍ਰਤੀ ਉਠਦੇ ਹਨ।
ਇਸ ਸਭ ਕੁਝ ਦੇ ਬਾਵਜੂਦ ਵੀ ਗਿਆਨੀ ਜੀ ਨੇ ਪੰਜਾਬੀ ਸਾਹਿੱਤ ਨੂੰ ਜੋ ਦੇਣ ਦਿਤੀ ਹੈ ਉਹ ਇਕ ਵੱਡਮੁੱਲੀ ਦੇਣ ਹੈ।
ਸਿਡਨੀ, ਆਸਟ੍ਰੇਲੀਆ।
ਫੋਨ: +61 469869301

-0-