(ਪਿਛਲੇ ਅੰਕ ਤੋਂ ਅੱਗੇ)
‘ਲਾਲ ਮੌਜੇ’ ਕਹਾਣੀ ਨੂੰ ‘ਨਵਾਂ
ਜ਼ਮਾਨਾ’ ਅਖ਼ਬਾਰ ਵੱਲ ਘੱਲਿਆਂ ਕੋਈ ਡੇਢ ਮਹੀਨੇ ਤੋਂ ਉੱਪਰ ਹੋ ਗਿਆ ਸੀ, ਇਸ ਲਈ ਹੁਣ ਤਾਂ
ਇਹ ਕਹਾਣੀ ਮੇਰੇ ਚਿੱਤ-ਚੇਤੇ ‘ਚੋਂ ਹੀ ਕਿਰ ਗਈ ਸੀ। ਮੇਰੇ ਮਨ ‘ਤੇ ਖੁਣੇ, ਇਸ ਕਹਾਣੀ ‘ਚ
ਗੁੰਦੀਆਂ ਘਟਨਾਵਾਂ ਦੇ ਨਿਸ਼ਾਨ ਵੀ ਛਿੱਜ ਗਏ ਸਨ।
ਐਤਵਾਰ ਨੂੰ ਕਾਲਜੋਂ ਛੁੱਟੀ ਹੋਣ ਕਾਰਨ, ਏਸ ਦਿਨ ਮੈਂ ਪਿੰਡ ਹੀ ਰਿਹਾ ਕਰਦਾ ਸਾਂ; ਇਸ ਲਈ,
ਐਤਵਾਰ ਦਾ ‘ਨਵਾਂ ਜ਼ਮਾਨਾ’, ਅਗਲੀ ਸਵੇਰ, ਮੋਗੇ, ਅਖ਼ਬਾਰਾਂ ਵਾਲ਼ੇ ‘ਗਿਆਨੀ’ ਦੀ ਦੁਕਾਨ
‘ਤੇ ਮੈਨੂੰ ਉਡੀਕ ਰਿਹਾ ਹੁੰਦਾ ਸੀ। ਇਸ ਅਖ਼ਬਾਰ ਦੀ ਐਤਵਾਰੀ-ਐਡਿਸ਼ਨ ਨੂੰ ਚੁਕਦਿਆਂ,
ਪਹਿਲਾਂ ਵਾਂਗ ਸਿੱਧੇ ਕਹਾਣੀਆਂ-ਕਵਿਤਾਵਾਂ ਵਾਲ਼ੇ ਸੈਕਸ਼ਨ ਵੱਲ ਵਧਣ ਦੀ ਬਜਾਏ, ਮੈਂ ਹੁਣ
ਪਹਿਲਾਂ ਮੋਟੀਆਂ-ਮੋਟੀਆਂ ਖ਼ਬਰਾਂ ਵਿਚੋਂ ਦੀ ਗੁਜ਼ਰਨ ਲੱਗ ਪਿਆ ਸਾਂ। ਸੋਚਣ ਲੱਗ ਪਿਆ ਸਾਂ
ਕਿ ਕਹਾਣੀਆਂ-ਕਵਿਤਾਵਾਂ ਨੂੰ ਘਰ ਜਾ ਕੇ ਹੀ ਪੜ੍ਹਾਂਗਾ। ਕਈ ਵਾਰ ਤਾਂ ਮੈਗ਼ਜ਼ੀਨ ਸੈਕਸ਼ਨ
ਵੱਲ, ਘਰ ਆ ਕੇ ਵੀ ਝਾਕਣ ਨੂੰ ਦਿਲ ਹੀ ਨਹੀਂ ਕਰਦਾ ਸੀ। ਦਰਅਸਲ, ‘ਕੱਚੀ-ਪਿੱਲੀ’ ਜਿਹੀ
ਕਹਾਣੀ ਲਿਖ ਕੇ ਆਪਣੇ-ਆਪ ਨੂੰ ਲੇਖਕ ਹੋਣ ਦੇ ਭਰਮ ‘ਚ ਫਸ ਜਾਣ ਦਾ ਅਹਿਸਾਸ ਹੋ ਜਾਣ ਕਾਰਨ,
ਹੌਲ਼ੀ-ਹੌਲ਼ੀ ਆਪਣੇ ਆਪ ‘ਤੇ ਸ਼ਰਮ ਜਿਹੀ ਔਣ ਲੱਗ ਪਈ ਸੀ। ਮੈਗਜ਼ੀਨ ਸੈਕਸ਼ਨ ਵੱਲ ਜਾਣ ਲਈ
ਏਸ ਗੱਲੋਂ ਵੀ ਟਲ਼ਦਾ ਸਾਂ ਕਿ ਮੇਰੀ ਕਹਾਣੀ ਪੜ੍ਹਨ ਤੋਂ ਬਾਅਦ, ਅਖ਼ਬਾਰ ਦੇ ਐਡੀਟਰ ਵੱਲੋਂ,
ਰਚਨਾਵਾਂ ਭੇਜਣ ਵਾਲਿਆਂ ਲਈ, ਮੋਟੀ ਡੱਬੀ ਵਿੱਚ, ਲੇਖਕਾਂ ਨੂੰ ਕਿਧਰੇ ਇਹ ਬੇਨਤੀ ਨਾ ਲਾਈ
ਪਈ ਹੋਵੇ ਕਿ ਹਲਕੀਆਂ ਰਚਨਾਵਾਂ ਭੇਜ ਕੇ ਸੰਪਾਦਕ ਦਾ ਵਕ਼ਤ ਖ਼ਰਾਬ ਕਰਨ ਤੋਂ ਗੁਰੇਜ਼ ਕੀਤਾ
ਜਾਵੇ। ਅੰਦਰੋ-ਅੰਦਰ ਆਪਣੇ-ਆਪ ਨੂੰ ਕੋਸਦਾ: ਕਿੱਡੀ ਬੇਵਕੂਫ਼ੀ ਕੀਤੀ ਕਿ ਕਹਾਣੀ, ਕਾਪੀ ਦੇ
ਵਰਕਿਆਂ ‘ਤੇ ਲਿਖੀ, ਤੇ ਲੰਮੇ ਕਾਗਜ਼ਾਂ ਉੱਤੇ ਉਤਾਰਾ ਕਰ ਕੇ ਸਿੱਧੀ ‘ਨਵਾਂ ਜ਼ਮਾਨਾ’ ਵੱਲ
ਤੋਰ ਦਿੱਤੀ, ਜਿਵੇਂ ਕਿਤੇ ਅਗਾਹਾਂ ਬਲਵੰਤ ਗਾਰਗੀ ਦੇ ਗੋਡੇ ਘੁਟਦਾ ਰਿਹਾ ਹੋਵੇਂ! ਮੂਰਖ਼ਾ,
ਪੰਜ-ਸੱਤ ਵਾਰੀ ਪੜ੍ਹਦਾ; ਫੇਰ ਕਿਸੇ ਨੂੰ ਪੜ੍ਹਾਉਂਦਾ; ਕਿਸੇ ਤੋਂ ਸਲਾਹ ਲੈਂਦਾ; ਕੱਟ-ਵੱਢ
ਕਰਦਾ; ਤੇ ਸੋਧ-ਸੁਧਾਈ ਨਾਲ਼ ਇਸ ਨੂੰ ਪੜ੍ਹਨਯੋਗ ਬਣਾਉਂਦਾ!
ਪਰ ਐਨਾ ਸ਼ੁਕਰ ਸੀ ਪਈ ਕਹਾਣੀ ਲਿਖਣ, ਤੇ ‘ਨਵਾਂ ਜ਼ਮਾਨਾ’ ਨੂੰ ਭੇਜਣ ਵਾਲੀ ‘ਬੇਵਕੂਫ਼ੀ’,
ਮੈਂ ਮੇਰੇ ਮਿੱਤਰ ਬਲਬੀਰ ਨਾਲ਼ ਸਾਂਝੀ ਨਹੀਂ ਸੀ ਕੀਤੀ; ਜੇ ਕਿਤੇ ਮੈਂ ਉਸ ਨੂੰ ਇਹ ਭੇਤ
ਦੱਸ ਬੈਠਦਾ ਤਾਂ ਉਸ ਨੇ ਮੈਨੂੰ ਮਸ਼ਕਰੀਆਂ ਕਰ, ਕਰ ਰੁਆ ਦੇਣਾ ਸੀ! ਆਪਣੀ ਸ਼ੁਗਲੀਆ ਆਦਤ
ਅਨੁਸਾਰ ਉਸ ਨੇ ਹੁਣ ਨੂੰ ਮੇਰੇ ਨਾਮ ਨਾਲ਼ ਦਰਜਣਾਂ ਕੁਨਾਂਅ ਵੀ ਜੋੜ ਦੇਣੇ ਸਨ: ਉਏ, ਸੁਣਾਅ
ਵਈ ਨਾਨਕ ਸਿੰਘ ‘ਨਾਵਲਿਸਟਾ’! ਓ ਕੀ ਹਾਲ ਐ ਤੇਰਾ ਜਸਵੰਤ ਸਿੰਘ ‘ਕੰਵਲਾ’? ਲੈ ਵਈ ਜੰਮ ਪਿਆ
ਸੰਤੋਖ ਸਿੰਘ ‘ਧੀਰ’ ਰਾਮੂਵਾਲੇ ‘ਚ ਵੀ!
ਅੱਜ ਫੇਰ ਐਤਵਾਰ ਸੀ, ਤੇ ਸੂਰਜ, ਪੱਛਮ ਦੇ ਅੰਨ੍ਹੇਂ ਖੂਹ ‘ਚ ਉਤਰਨ ਦੀ ਤਿਆਰੀ ‘ਚ ਸੀ। ਮੈਂ
ਤੇ ਛੋਟਾ ਭਰਾ ਰਛਪਾਲ, ਬੈਠਕ ‘ਚ ਬੈਠੇ, ਰੇਡੀਓ ‘ਚੋਂ ਝਰ ਰਹੇ ਗੀਤ-ਸੰਗੀਤ ਵਿੱਚ ਸਰਸ਼ਾਰ
ਸਾਂ ਕਿ ਬਾਪੂ ਪਾਰਸ ਦੇ ਸਾਈਕਲ ਦੀ ਟੱਲੀ ਵਿਹੜੇ ‘ਚ ਟੁਣਕ ਉੱਠੀ। ਅਸੀਂ ਕਾਹਲ਼ੇ-ਕਦਮੀਂ
ਬੈਠਕੋਂ ਬਾਹਰ ਆਏ ਤਾਂ ਬਾਪੂ ਪਾਰਸ ਆਪਣੇ ਸਾਈਕਲ ਦਾ ਮੋਢਾ, ਕੰਧ ਨਾਲ਼ ਲੁਆ ਰਿਹਾ ਸੀ।
ਮੇਰੀ ‘ਸਾ ਸਰੀ ‘ਕਾਲ’ ਦੇ ਜਵਾਬ ਵਿੱਚ, ਬਾਪੂ ਨੇ ਆਪਣੇ ਬੁੱਲ੍ਹਾਂ ਨੂੰ ਕੰਨਾਂ ਵੱਲ ਨੂੰ
ਖਿੱਚ ਲਿਆ, ਅਤੇ ਠੋਡੀ ਨੂੰ ਛਾਤੀ ਵੱਲ ਨੂੰ ਧਕਦਿਆਂ, ਆਪਣੀਆਂ ਕਾਟਵੀਆਂ ਨਜ਼ਰਾਂ ਮੇਰੇ
ਚਿਹਰੇ ‘ਤੇ ਸੇਧਤ ਕਰ ਦਿੱਤੀਆਂ। ਭਵਾਂ ਨੂੰ ਉਤਾਂਹ ਵਾਲ਼ੇ ਪਾਸੇ ਨੂੰ ਉਠਾਉਂਦਿਆਂ ਬਾਪੂ
ਬੋਲਿਆ: ਲਿਖਾਰੀ ਕਦੋਂ ਦਾ ਬਣ ਗਿਐਂ, ਉਏ ਢੋਲਾ? {ਬਚਪਨ ਵਿੱਚ, ਪਰਿਵਾਰ ਨੇ ਮੈਨੂੰ ‘ਢੋਲ’
ਉਪਨਾਮ ਦਿੱਤਾ ਹੋਇਆ ਸੀ!}
ਮੇਰੀਆਂ ਭਵਾਂ ਅੰਦਰ ਵੱਲ ਨੂੰ ਖਿਸਕ ਗਈਆਂ।
-ਲਿਖਾਰੀ? ਮੈਂ ਆਪਣੇ ਆਪ ਨੂੰ ਪੁੱਛਿਆ। ਤੇ ਫੇਰ ਮੈਂ ਆਪਣੇ ਦਿਮਾਗ਼ ਨੂੰ ਫਰੋਲਣ ਲਈ
ਆਪਣੀਆਂ ਅੱਖਾਂ ਨੂੰ ਉੱਪਰ-ਹੇਠਾਂ ਤੇ ਖੱਬੇ-ਸੱਜੇ ਗੇੜਨ ਲੱਗਾ।
-ਬੋਲਦਾ ਨ੍ਹੀ ਉਏ? ਬਾਪੂ ਦੀਆਂ ਅੱਖਾਂ ਹੱਸਣ ਲੱਗੀਆਂ। –ਤੇਰੇ ‘ਲਾਲ ਮੌਜੇ’ ਛਪੇ ਐ ਅੱਜ ਦੇ
‘ਨਵੇਂ ਜ਼ਮਾਨੇ’ ‘ਚ!
ਲਫ਼ਜ਼ ‘ਲਾਲ ਮੌਜੇ’ ਸੁਣਦਿਆਂ ਹੀ ਮੇਰੇ ਪੇਟ ‘ਚ ਇੱਕ-ਦਮ ਉਸ ਤਰ੍ਹਾਂ ਦਾ ਖਿਲਾਅ ਜਿਹਾ
ਇਕੱਠਾ ਹੋ ਗਿਆ ਜਿਸ ਤਰ੍ਹਾਂ ਦਾ ਮੈਂ ਸੌਣ-ਭਾਦੋਂ ‘ਚ ਪੀਂਘ ਦੇ ਲੰਮੇ ਹੁਲਾਰੇ ਨੂੰ,
ਉੱਪਰੋਂ ਪਿੱਛੇ ਵੱਲ ਨੂੰ ਮੋੜਦਿਆਂ, ਮਹਿਸੂਸ ਕਰਿਆ ਕਰਦਾ ਸਾਂ। ਦਿਮਾਗ਼ ‘ਚ ਚੱਕਰ ਜਿਹਾ
ਉੱਠਿਆ ਤੇ ਇੱਕ ਲਮਕਵਾਂ ਸਾਹ, ਮੇਰੀਆਂ ਨਾਸਾਂ ਰਾਹੀਂ ਮੇਰੀ ਛਾਤੀ ‘ਚ ਲੱਥ ਗਿਆ।
ਬਾਪੂ ਨੇ ਪਸੀਨੇ ‘ਚ ਭਿੱਜਿਆ ਕੁੜਤਾ ਉਤਾਰ ਕੇ ਕਿੱਲੀ ‘ਤੇ ਟੰਗਿਆ, ਪਗੜੀ ਨੂੰ ਟਾਣ ‘ਤੇ
ਟਿਕਾਇਆ ਤੇ ਬਗ਼ਲਾਂ ‘ਚ ਹੱਥ ਦੇ ਕੇ ਮੰਜੇ ‘ਤੇ ਬੈਠ ਗਿਆ।
ਮੇਰਾ ਜੀ ਕਰੇ ਮੈਂ ਬਾਪੂ ਨੂੰ ਕਹਾਂ ਕਿ ਉਹ ਝੱਟ-ਪੱਟ ਆਪਣੇ ਬੈਗ਼ ‘ਚੋਂ ‘ਨਵਾਂ ਜ਼ਮਾਨਾ’
ਅਖ਼ਬਾਰ ਕੱਢ ਕੇ ਮੇਰੇ ਹੱਥਾਂ ‘ਚ ਕਰ ਦੇਵੇ, ਪਰ ਨਾਲ ਹੀ ਡਰ ਵੀ ਲੱਗੇ ਕਿ ਬਾਪੂ ਕਿਤੇ
ਮੇਰੀ ਕਹਾਣੀ ਬਾਰੇ ਮੈਨੂੰ ਮਖ਼ੌਲ ਹੀ ਨਾ ਕਰਨ ਲੱਗ ਜਾਵੇ!
ਕੁਝ ਕੁ ਪਲਾਂ ਬਾਅਦ, ਦਾਹੜੀ ਨੂੰ ਖੁਰਕਦਾ ਬਾਪੂ, ਮੇਰੇ ਵੱਲੀਂ ਟੀਰ-ਨਜ਼ਰੇ ਝਾਕਣ ਲੱਗਾ।
-ਓਏ ਤੂੰ ਕਹਾਣੀਆਂ ਕਦੋਂ ਦਾ ਲਿਖਣ ਲੱਗ ਗਿਐਂ? ਉਹਨੇ ਅਚਾਨਕ ਹੀ ਪੁੱਛਿਆ।
ਉਹਦਾ ਲਹਿਜਾ ਪੜਤਾਲ਼ੀਆ ਸੀ ਕਿ ਹੌਸਲਾ-ਢਾਹੂ, ਜਾਂ ਫਿ਼ਰ ਪ੍ਰਸੰਸਕੀ, ਮੈਨੂੰ ਸਮਝ ਨਾ ਆਈ।
-ਬਸ... ਐਵੇਂ ਈ ਲਿਖ ਬੈਠਾ, ਮੈਂ ਆਪਣੇ ਜਿਸਮ ਨੂੰ ਸੁੰਗੇੜਦਿਆਂ ਬੋਲਿਆ।
–ਸੋਹਣੀ ਐਂ! ਉਹ ਸਿਰ ਨੂੰ ਹੇਠਾਂ-ਉੱਪਰ ਨੂੰ ਹਿਲਾਉਂਦਿਆਂ ਬੋਲਿਆ।
ਅਗਲੇ ਪਲੀਂ ਉਸ ਨੇ ਆਪਣਾ ਚਮੜਈ ਬੈਗ਼ ਖੋਲ੍ਹਿਆ ਤੇ ਤਹਿ ਕੀਤਾ ‘ਨਵਾਂ ਜ਼ਮਾਨਾ’ ਅਖ਼ਬਾਰ
ਮੇਰੇ ਵੱਲ ਵਧਾਅ ਦਿੱਤਾ। ਮੇਰੀਆਂ ਉਂਗਲ਼ਾਂ, ਕਹਾਣੀਆਂ ਵਾਲ਼ੇ ਸੈਕਸ਼ਨ ਤੀਕਰ ਅਪੜਣ ਲਈ,
ਅਖ਼ਬਾਰ ਦੇ ਸਫਿ਼ਆਂ ਨੂੰ, ਨੋਟਾਂ ਦੀ ਥਹੀ ਨੂੰ ਗਿਣਨ ਵਾਂਗ, ਗੇੜਨ ਲੱਗੀਆਂ। ਖ਼ਬਰਾਂ ਵਾਲ਼ਾ
ਪਹਿਲਾ ਸਫ਼ਾ ਫੁਰਨ-ਫੁਰਨ ਮੇਰੇ ਪੋਟਿਆਂ ‘ਚੋਂ ਪਾਰ ਹੋਣ ਲੱਗਾ; ਅਗਲੇ ਸਫਿ਼ਆਂ ‘ਤੇ ਕੀ
ਛਪਿਆ ਸੀ, ਇਸ ਨੂੰ ਮੈਂ ਦੇਖਿਆ ਹੀ ਨਹੀਂ; ਤੇ ਅਖ਼ਬਾਰ ਦੇ ਅੰਤਲੇ ਹਿੱਸੇ ਦੇ ਕਾਫ਼ੀ
ਨਜ਼ਦੀਕ ਜਾ ਕੇ ਮੇਰੀਆਂ ਉਂਗਲ਼ਾਂ ਇੱਕ ਦਮ ਖਲੋ ਗਈਆਂ। ਮੇਰੀਆਂ ਅੱਖਾਂ, ਮੋਟੇ ਅੱਖਰਾਂ ‘ਚ
ਲਿਖੇ ਸਿਰਲੇਖ ‘ਲਾਲ ਮੌਜੇ’ ਹੇਠ ਉੱਕਰੇ ਮੇਰੇ ਨਾਮ ‘ਤੇ ਜੰਮ ਗਈਆਂ। ਮੇਰੇ ਦਿਮਾਗ਼ ‘ਚ ਇੱਕ
ਵਰੋਲ਼ਾ ਜਿਹਾ ਉੱਠਿਆ ਤੇ ਮੇਰੀਆਂ ਅੱਖਾਂ ਨੂੰ ਗੜੂੰਦ ਕਰ ਕੇ ਅਲੋਪ ਹੋ ਗਿਆ। ‘ਨਵੇਂ
ਜ਼ਮਾਨੇ’ ‘ਚ ਮੇਅਰਾ ਨਾਂਅ? ਮੇਅਰੀ ਕਹਾਣੀ? ਏਹ ਸਾਰਾ ਕੁਝ ਭਲਾ ਕਿਵੇਂ ਵਾਪਰ ਗਿਆ?
ਬਾਪੂ ਨੂੰ, ਕੋਰੇ ਘੜੇ ‘ਚੋਂ ਭਰ ਕੇ, ਪਾਣੀ ਦਾ ਗਲਾਸ ਫੜਾਉਣ ਦਾ ਮੈਨੂੰ ਚੇਤਾ ਹੀ ਨਾ ਆਇਆ;
ਨਾ ਹੀ ਔੜਿਆ ਉਸ ਦੀ ਗੁਰਗਾਬੀ ਨੂੰ ਲੀਰਾਂ ਨਾਲ਼ ਝਾੜ-ਪੂੰਝ ਕੇ ਕੰਧ ਨਾਲ਼ ਢੋਅ ਦੀ ਮੁਦਰਾ
‘ਚ ਖੜ੍ਹੀ ਕਰਨਾ। ਨਾ ਹੀ ਯਾਦ ਆਇਆ, ਹਰ ਵਾਰ ਵਾਂਗ, ਉਸ ਦੇ ਬੈਗ਼ ‘ਚੋਂ ਕੱਢਣਾ, ਅਖ਼ਬਾਰੀ
ਕਾਗ਼ਜ਼ਾਂ ‘ਚ ਲਪੇਟੇ, ਬੱਕਰੇ ਦੇ ਮਾਸ ਨੂੰ, ਜਿਸ ਨੂੰ ਪਾਣੀ ‘ਚ ਡੋਬ ਕੇ ਅਸੀਂ ਉਸ ਨਾਲ਼
ਚਿੰਬੜਿਆ ਕਾਗਜ਼ ਉਸ ਤੋਂ ਵੱਖ ਕਰਿਆ ਕਰਦੇ ਸਾਂ। ਮੈਂ ਕਾਹਲ਼ੀ-ਕਾਹਲ਼ੀ ਅਖ਼ਬਾਰ ਨੂੰ ਮੰਜੇ
‘ਤੇ ਵਿਛਾਇਆ ਤੇ ਕਹਾਣੀ ਦੇ ਅੰਦਰ ਵੱਲ ਨੂੰ ਲਹਿੰਦੀਆਂ ਪੌੜੀਆਂ ਉੱਤਰਨ ਲੱਗਾ। ਕਹਾਣੀ ਦਾ
ਹਰ ਡੰਡਾ, ਹਰ ਸਤਰ ਤੇ ਹਰ ਸ਼ਬਦ ਹੂਬਹੂ ਛਾਪਿਆ ਗਿਆ ਸੀ: ਸਰਭੇ ਦੀ ਘੱਗੀ ਅਵਾਜ਼, ਬੂਟੇ ਦੇ
ਪੈਰਾਂ ਹੇਠਲੀਆਂ ਬਿਆਈਆਂ, ਬਿਜਲੀ ਦੇ ਖੰਭੇ ਲਾਗੇ ਬਲ਼ ਰਿਹਾ ਲਾਂਗਾ, ਸਰਭੇ ਦੇ ਘਰ ‘ਚ
ਆੜ੍ਹਤੀ ਤੇ ਉਸ ਦੇ ਕਰਿੰਦੇ ਦੀ ਆਮਦ, ਤੇ ਕਰਿੰਦੇ ਦੇ ਮਗਰ-ਮਗਰ, ਸਰਭੇ ਦੇ ਘਰ ‘ਚੋਂ ਬਾਹਰ
ਨੂੰ ਖਿੱਚੀ ਜਾ ਰਹੀ ਝੋਟੀ! ਕਹਾਣੀ ਦੇ ਅਖ਼ੀਰ ‘ਤੇ ਅੱਪੜਿਆ ਤਾਂ ਮੇਰੇ ਸਾਰੇ ਪਿੰਡੇ ‘ਤੇ
ਲੂੰ-ਕੰਡਿਆਈ ਉੱਭਰ ਆਈ, ਤੇ ਮੇਰੀਆਂ ਵਾਰ-ਵਾਰ ਝਮਕ ਰਹੀਆਂ ਅੱਖਾਂ ‘ਚੋਂ ਸਿੰਮ ਰਹੀ
ਸਿੱਲ੍ਹ, ਮੇਰੇ ਨੱਕ ਦੀ ਕੋਂਪਲ ਵੱਲ ਨੂੰ ਸਰਕਣ ਲੱਗੀ।
ਇਨ੍ਹਾਂ ਦਿਨਾਂ ‘ਚ ਹੀ, ਮੇਰੇ ਕਾਲਜ ‘ਚ ਪੰਜਾਬੀ ਦਾ ਮਜ਼ਮੂਨ ਪੜ੍ਹਨ ਵਾਲ਼ੇ ਮੁੰਡਿਆਂ ਦੀ
ਇੱਕ ਢਾਣੀ, ਪੰਜਾਬੀ ਦੇ ਪ੍ਰੋਫ਼ੈਸਰ, ਕਿਰਪਾਲ ਸਾਗਰ, ਉਦਾਲ਼ੇ ਉੱਗ ਆਈ ਸੀ। ਆਪਣੇ ਸੰਘਣੇਂ
ਵਾਲ਼ਾਂ ਨੂੰ ਪਲ਼ੋਸਦਾ, ਪ੍ਰੋਫ਼ੈਸਰ ਸਾਗਰ ਸਾਨੂੰ ਨਵੀਆਂ-ਨਵੀਆਂ ਕਿਤਾਬਾਂ ਦੇ ਨਾਮ ਦਸਦਾ,
ਅਤੇ ਬਾਬਾ ਫ਼ਰੀਦ ਤੇ ਬੁੱਲ੍ਹੇ ਸ਼ਾਹ ਤੋਂ ਅਗਾਹਾਂ ਤੋਰ ਕੇ, ਮੋਹਨ ਸਿੰਘ, ਅੰਮ੍ਰਿਤਾ
ਪ੍ਰੀਤਮ, ਤੇ ਬਾਵਾ ਬਲਵੰਤ ਦੇ ਕੋਲ਼ ਦੀ ਗੁਜ਼ਾਰਦਾ-ਗੁਜ਼ਾਰਦਾ, ਸਿ਼ਵ ਕੁਮਾਰ, ਤਾਰਾ ਸਿੰਘ
ਕਾਮਲ, ਹਰਿਭਜਨ ਸਿੰਘ ਤੇ ਮੀਸ਼ੇ ਹੋਰਾਂ ਦੀਆਂ ਉਂਗਲਾਂ ਗਿਣਨ ਲਾ ਦਿੰਦਾ। ਉਹਦੀ ਛਤਰੀ ਹੇਠ
ਹੀ ਅਸੀਂ ਕਾਲਜ ‘ਚ ‘ਪੰਜਾਬੀ ਸਭਾ’ ਵੀ ਬਣਾ ਲਈ ਜਿਸ ਦੀਆਂ ਬਾਕਾਇਦਾ ਮੀਟਿੰਗਾਂ ‘ਚ
ਵਿਦਿਆਰਥੀ ਆਪਣੀਆਂ ਤੁਕਬੰਦਕ ਕਵਿਤਾਵਾਂ ਅਤੇ ਸਾਦੀਆਂ-ਸਪਾਟ ਕਹਾਣੀਆਂ ਪੜ੍ਹਦੇ ਅਤੇ, ਪੇਸ਼
ਕੀਤੀਆਂ ਰਚਨਾਵਾਂ ਦੀ ‘ਪੜਚੋਲ’, ‘ਵਿਸ਼ਾ-ਵਸਤੂ’, ‘ਅਗਾਂਹਵਧੂ’, ‘ਯਥਾਰਥਕ’ ਆਦਿਕ
ਘਿਸੇ-ਪਿਟੇ ਲਫ਼ਜ਼ਾਂ ਰਾਹੀਂ ਕਰਦੇ। ਮੇਰੇ ਵਾਂਗ ਹੀ, ਏਸ ਸਾਹਿਤਿਕ ਢਾਣੀ ਦਾ ਝੁਕਾਅ ਵੀ ਉਸ
ਵਕਤ ਦੇ ਅਗਾਂਹਵਧੂ ਸੋਚ ਦੇ ਧਾਰਨੀ, ਮਾਸਿਕ ਰਸਾਲੇ ‘ਪ੍ਰੀਤ ਲੜੀ’, ਅਤੇ ਮਾਰਕਸੀ
ਵਿਚਾਰਧਾਰਾ ਦੇ ਤਰਜਮਾਨ, ਰੋਜ਼ਾਨਾ ਅਖ਼ਬਾਰ ‘ਨਵਾਂ ਜ਼ਮਾਨਾ’ ਵੱਲ ਹੀ ਸੀ। ਇਸ ਲਈ, ‘ਨਵਾਂ
ਜ਼ਮਾਨਾ’ ‘ਚ ਮੇਰੀ ਕਹਾਣੀ ਛਪਦਿਆਂ ਹੀ, ਏਸ ਢਾਣੀ ‘ਚ ਮੇਰੇ ਨਾਮ ਦੀ ਘੁਸਰ-ਮੁਸਰ ਹੋਣ
ਲੱਗੀ।
‘ਨਵਾਂ ਜ਼ਮਾਨਾਂ’ ਦਾ ਮੇਰੀ ਕਹਾਣੀ ਵਾਲਾ ਸਫ਼ਾ, ਜਕਦਿਆਂ-ਜਕਦਿਆਂ ਇੱਕ ਦਿਨ ਮੈਂ
ਪ੍ਰੋਫ਼ੈਸਰ ਸਾਗਰ ਦੇ ਹੱਥ ‘ਚ ਫੜਾਅ ਦਿੱਤਾ। ਉਸ ਨੇ ਕਹਾਣੀ ਦੇ ਸਿਰਲੇਖ ਅਤੇ ਮੇਰੇ ਨਾਮ
ਨੂੰ ਪੜ੍ਹਨ ਤੋਂ ਬਾਅਦ ਦਸ ਕੁ ਸਕਿੰਟ ਕਹਾਣੀ ਦੇ ਪੈਅਰਿਆਂ ਉੁੱਪਰ ਤਰਦੀ-ਤਰਦੀ ਨਜ਼ਰ ਮਾਰੀ।
-ਕਦੋਂ ਛਪੀ ਐ ਏਹ ਕਹਾਣੀ? ਉਹ ਆਪਣੇ ਮੱਥੇ ਨੂੰ ਇਕੱਠਾ ਕਰਦਿਆਂ ਬੋਲਿਆ।
-ਦੋ ਕੁ ਹਫ਼ਤੇ ਹੋ ਗੇ, ਸਰ! ਮੈਂ ਘਗਿਆਇਆ।
-ਕਾਫ਼ੀ ਲੰਮੀ ਐਂ, ਆਪਣੀ ਨਜ਼ਰ ਨੂੰ ਸਫ਼ੇ ਦੇ ਸਿਖ਼ਰ ਤੋਂ ਥੱਲੇ ਵੱਲ ਨੂੰ ਘੜੀਸਦਿਆਂ, ਉਸ
ਨੇ ਆਪਣੇ ਮੱਥੇ ਨੂੰ ਨਰਮਾਇਆ। –ਘਰ ਜਾ ਕੇ ਪੜ੍ਹਾਂਗਾ!
ਅਗਲੇ ਦਿਨ ਮੈਂ ਕਲਾਸਰੂਮ ‘ਚ ਦਾਖ਼ਲ ਹੋਇਆ, ਤਾਂ ਮੇਰਾ ਦਿਲ ਧੱਕ-ਧੱਕ ਕਰਨ ਲੱਗਾ।
ਪ੍ਰੋਫ਼ੈਸਰ ਨੇ ਆਪਣੇ ਘਰੋੜ-ਕੇ-ਸ਼ੇਵ-ਕੀਤੇ ਜੁਬਾੜਿਆਂ ‘ਤੇ ਹੱਥ ਫੇਰਿਆ, ਤੇ ਮੇਰੇ ਵੱਲ
ਸਰਸਰੀ ਨਜ਼ਰ ਤਕਦਿਆਂ ਉਹ ਹਾਜ਼ਰੀ ਵਾਲ਼ੇ ਰੈਜਿਸਟਰ ਦੀ ਪੁੱਛ-ਪੜਤਾਲ਼ ‘ਚ ਉੱਤਰ ਗਿਆ। ਹੁਣ
ਉਸ ਨੇ ਆਪਣੇ ਬੈਗ਼ ਦੀ ਜਿ਼ੱਪਰ ਨੂੰ ਮਲਕੜੇ ਜੇਹੇ ਤੁਣਕਿਆ। ਚੰਦ ਕੁ ਸਕਿੰਟਾਂ ਦੀ
ਫਰੋਲ਼ਾ-ਫਰੋਲ਼ੀ ਤੋਂ ਬਾਅਦ, ਮੇਰੀ ਕਹਾਣੀ ਵਾਲ਼ਾ ਸਫ਼ਾ ਬਾਹਰ ਨੂੰ ਖਿਚਦਿਆਂ ਉਹ ਮੇਰੇ ਵੱਲ
ਨੂੰ ਝਾਕਿਆ।
–ਇਕਬਾਲ ਸਿੰਘ! ਉਹ ਆਪਣੀ ਸੁਭਾਵਿਕ ਨੀਵੀਂ ਸੁਰ ‘ਚ ਬੋਲਿਆ। ਮੇਰੀ ਧੌਣ ਤੁਣਕਾ ਵੱਜਣ ਵਾਂਗ
ਉੱਪਰ ਵੱਲ ਨੂੰ ਖਿੱਚੀ ਗਈ, ਜਿਵੇਂ ਮੇਰੀ ਗਿੱਚੀ ‘ਚ ਕਿਸੇ ਨੇ ਅਚਾਨਕ ਹੀ ਸੂਈ ਚੋਭ ਦਿੱਤੀ
ਹੋਵੇ।
–ਐਹ ਲੈ ਆਪਣੀ ਅਮਾਨਤ! ਉਹ, ਕਹਾਣੀ ਵਾਲ਼ਾ ਸਫ਼ਾ ਮੇਰੇ ਵੱਲ ਨੂੰ ਵਧਾਉਂਦਿਆਂ ਬੋਲਿਆ।
ਹੁਣ ਆਪਣੇ ਲੰਬੂਤਰੇ ਨੱਕ ਨੂੰ ਆਪਣੀਆਂ ਉਂਗਲ਼ਾਂ ਨਾਲ਼ ਹਲਕਾ, ਹਲਕਾ ਮਰੋੜਦਿਆਂ ਤੇ ਆਪਣੀ
ਵਧਵੀਂ ਠੋਡੀ ਨੂੰ ਛਾਤੀ ਵੱਲ ਨੂੰ ਖਿਚਦਿਆਂ, ਉਸ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ। ਪੰਜ
ਕੁ ਸਕਿੰਟਾਂ ਬਾਅਦ, ਉਸ ਨੇ ਆਪਣਾ ਚਿਹਰਾ ਮਲਕੜੇ-ਮਲਕੜੇ ਉੱਪਰ ਵੱਲ ਨੂੰ ਗੇੜਿਆ ਤੇ ਆਪਣੀਆਂ
ਭਵਾਂ ਨੂੰ ਇਕੱਠੀਆਂ ਕਰਦਿਆਂ ਉਸ ਨੇ ਆਪਣੀਆ ਨਜ਼ਰਾਂ ਮੇਰੇ ਚਿਹਰੇ ਵੱਲ ਮੋੜ ਦਿੱਤੀਆਂ।
ਪੰਦਰਾਂ ਕੁ ਵਿਦਿਆਰਥੀਆਂ ਦੀ ਸਾਡੀ ਕਲਾਸ ਬਿਲਕੁਲ ਖ਼ਾਮੋਸ਼ ਸੀ।
-ਅੱਜ ਆਪਾਂ ਗੱਲਾਂ ਕਰਾਂਗੇ ਕਹਾਣੀ ਲਿਖਣ ਬਾਰੇ, ਉਹ ਬੋਲਿਆ। –ਆਪਾਂ ਸਾਰੇ ਈ... ਜਿ਼ੰਦਗੀ
‘ਚ, ਹਰ ਰੋਜ਼ ਕੁਝ ਨਾ ਕੁਝ ਵਾਪਰਦਾ ਦੇਖਦੇ ਹਾਂ... ਤੇ ਇਹ ਘਟਨਾਵਾਂ ਹੀ ਕਹਾਣੀਆਂ ਦੀ
ਸਮਗਰੀ ਬਣ ਜਾਂਦੀਆਂ ਨੇ... ਲੇਕਿਨ ਘਟਨਾਵਾਂ ਨੂੰ ਹੂਬਹੂ ਲਿਖ ਦੇਣ ਨਾਲ਼ ਕਹਾਣੀ ਨਹੀਂ ਬਣ
ਜਾਂਦੀ... ਘਟਨਾਵਾਂ ਨੂੰ ਰੌਚਿਕ ਬਣਾਉਣ ਲਈ ਥੋੜਾ ਬਹੁਤ ਕਾਲਪਨਿਕ ਤੱਤ ਵੀ ਸ਼ਾਮਲ ਕਰ
ਦੇਈਦਾ ਐ... ਜ਼ਰੂਰੀ ਗੱਲ ਏਹ ਐ ਕਿ ਘਟਨਾਵਾਂ ਯਥਾਰਕ ਜਾਪਣ, ਤੇ ਪਾਤਰ ਜੀਂਦੇ ਜਾਗਦੇ...
ਇੱਕ ਗੱਲ ਹੋਰ ਐ ਸਮਝਣ ਵਾਲ਼ੀ... ਇੱਕ ਹੁੰਦੈ ‘ਦੱਸਣ’ ਤੇ ਇੱਕ ਹੁੰਦੈ ‘ਦਿਖਾਵਣ’... ਦੱਸਣ
ਨਾਲ਼ੋਂ ਦਿਖਾਵਣ ਵਿੱਚ ਲੇਖਕ ਦੇ ਹੁਨਰ ਦੀ ਪਰਖ਼ ਹੁੰਦੀ ਐ... ਚਿਤਰਣ ਐਸਾ ਹੋਵੇ ਕਿ ਪਾਠਕ
ਦੇ ਸਾਹਮਣੇ ਸਭ ਕੁਝ ਅਸਲ ਵਾਂਗ ਸਾਕਾਰ ਹੋ ਜਾਵੇ... ਜਿਵੇਂ ਅਗਰ ਕਹਾਣੀ ‘ਚ ਕੋਈ ਪਾਤਰ
ਡਰਿਆ ਹੋਇਆ ਹੋਵੇ ਤਾਂ ਇਹ ਨਹੀਂ ਲਿਖਣਾ ਕਿ ਉਹ ਡਰ ਗਿਆ; ਸਗੋਂ ਪਾਤਰ ਦੇ ਹਾਵ-ਭਾਵ ਬਿਆਨ
ਕਰੋ; ਉਸ ਦੀਆਂ ਅੱਖਾਂ ‘ਚ ਛਾਏ ਸਹਿਮ ਨੂੰ ਸ਼ਬਦਾਂ ਰਾਹੀਂ ਦਰਸਾਓ... ਉਸ ਦੀ ਸਰੀਰਕ-ਭਾਸ਼ਾ
ਦਰਸਾਓ! ਆਹ ਇਕਬਾਲ ਦੀ ਕਹਾਣੀ ਛਪੀ ਐ ‘ਨਵਾਂ ਜ਼ਮਾਨਾ’ ‘ਚ...
ਮੇਰਾ ਨਾਮ ਪ੍ਰੋਫ਼ੈਸਰ ਦੇ ਮੂੰਹੋਂ ਕਿਰਦਿਆਂ ਹੀ ਮੇਰੇ ਮੋਢੇ ਸੁੰਗੜ ਗਏ, ਮੇਰੀਆਂ ਕੂਹਣੀਆਂ
ਮੇਰੀਆਂ ਵੱਖੀਆਂ ਨਾਲ਼ ਜੁੜ ਗਈਆਂ... ਤੇ ਮੇਰਾ ਸਿਰ ਕੰਬਣ ਲੱਗਾ।
-ਕੋਸਿ਼ਸ਼... ਵਧੀਆ ਐ, ਪ੍ਰੋਫ਼ੈਸਰ ਮੇਰੇ ਵੱਲੀਂ ਆਪਣੀਆਂ ਨਜ਼ਰਾਂ ਮੋੜਦਿਆਂ ਬੋਲੀ ਗਿਆ।
-ਪਾਤਰਾਂ ‘ਚ ਚੰਗੀ ਜਾਨ ਐ... ਦ੍ਰਿਸ਼-ਚਿਤਰਣ ਸੋਹਣੈਂ... ਰੌਚਿਕਤਾ ਹੈਗੀ ਐ ਕਹਾਣੀ ‘ਚ...
ਅੱਗੇ ਕੀ ਵਾਪਰਿਆ, ਇਹ ਜਾਨਣ ਲਈ ਉਤਸੁਕਤਾ ਬਣੀ ਰਹਿੰਦੀ ਐ ਕਹਾਣੀ ਦੇ ਅਖ਼ੀਰ ਤੀਕਰ...
ਵੱਖੀਆਂ ਨਾਲ਼ ਜੁੜ ਕੇ ਸੁੰਗੜੀਆਂ ਹੋਈਆਂ ਮੇਰੀਆਂ ਬਾਹਾਂ ਢਿੱਲੀਆਂ ਪੈਣ ਲੱਗੀਆਂ, ਤੇ ਉੱਪਰ
ਵੱਲ ਨੂੰ ਉੱਭਰ ਗਏ ਮੋਢੇ ਹੇਠਾਂ ਨੂੰ ਲਹਿਣ ਲੱਗੇ!
-ਰੌਚਿਕਤਾ ਤੇ ਉਤਸੁਕਤਾ ਕਹਾਣੀ ਦੀ ਜਾਨ ਹੁੰਦੀਆਂ ਨੇ, ਪ੍ਰੋਫ਼ੈਸਰ ਬੋਲੀ ਗਿਆ। –ਇਸ ਕਹਾਣੀ
ਦੇ ਪਾਤਰ ਜਿ਼ਹਨ ‘ਚ ਉੱਭਰਦੇ ਨੇ... ਥੋਨੂੰ ਸਭ ਨੂੰ ਮੇਰੀ ਸਿਫ਼ਾਰਿਸ਼ ਐ ਕਿ ਹੋਰ
ਕਹਾਣੀਕਾਰਾਂ ਨੂੰ ਪੜ੍ਹੋ, ਸੰਤੋਖ ਸਿੰਘ ਧੀਰ ਨੂੰ, ਕੁਲਵੰਤ ਸਿੰਘ ਵਿਰਕ ਨੂੰ, ਸੇਠੀ ਨੂੰ
ਪੜ੍ਹੋ ਤੇ ਨਵੀਂ ਕਹਾਣੀ ਨਾਲ਼ ਸੁਰ ਰਲ਼ਾਵੋ... ਨਾਲ਼ੇ ਲਿਖਿਆ ਕਰੋ ਨਿੱਠ ਕੇ... ਜੋ ਵੀ
ਦਿਲ ‘ਚ ਔਂਦੈ ਲਿਖੋ... ਲੇਖਕ ਅਸਮਾਨ ‘ਚੋਂ ਨ੍ਹੀਂ ਗਿਰਦੇ... ਐਂ ਈ ਪੈਦਾ ਹੋ ਜਾਂਦੇ ਨੇ
ਕਲਮਾਂ ਘਸਾਉਂਦੇ-ਘਸਾਉਂਦੇ... ਪਹਿਲੀਆਂ ਰਚਨਾਵਾਂ ਹਰ ਲੇਖਕ ਦੀਆਂ ਹੀ ਕੱਚੀਆਂ-ਪਿੱਲੀਆਂ ਈ
ਹੁੰਦੀਆਂ ਨੇ, ਪਰ ਹੌਲ਼ੀ-ਹੌਲ਼ੀ ਗਹਿਰਾਈ ਆਉਣ ਲੱਗ ਜਾਂਦੀ ਐ!
ਫੇਰ ਏਧਰੋਂ-ਓਧਰੋਂ ਭਿਣਕ ਪਈ ਕਿ ਪ੍ਰੋਫ਼ੈਸਰ ਸਾਗਰ ਨੇ ਮੇਰੀ ਕਹਾਣੀ ਦਾ ਜਿ਼ਕਰ, ਮੈਥੋਂ
ਉੱਪਰਲੀਆਂ ਕਲਾਸਾਂ ‘ਚ ਵੀ ਕਰ ਦਿੱਤਾ ਸੀ। ਇੰਝ ਹੀ ਪੰਜਾਬੀ ਸਭਾ ਦੀ ਅਗਲੀ ਮੀਟਿੰਗ ‘ਚ ਵੀ
ਉਹ ਮੇਰੀ ਕਹਾਣੀ ਦੇ ਵਾਲ਼ਾਂ ਨੂੰ ਖੁਰਕਣ ਲੱਗ ਪਿਆ: –ਇਕਬਾਲ ਦੀ ਕਹਾਣੀ ਵਧੀਐ... ਇਹ ਇਹਦਾ
ਸ਼ੁਰੂਆਤੀ ਦੌਰ ਐ... ਏਹਨੂੰ ਵਾਕ-ਰਚਨਾ ਕਰਨ ਦਾ ਚੰਗਾ ਹਿਸਾਬ ਐ... ਮਲਵਈ ਬੋਲੀ ਦਾ ਸੋਹਣਾ
ਇਸਤੇਮਾਲ ਕੀਤੈ ਇਹਨੇ ਆਪਣੀ ਕਹਾਣੀ ‘ਚ... ਥੋੜ੍ਹਾ ਵਿਸਤਾਰ ਦੀ ਪ੍ਰਾਬਲਮ ਜ਼ਰੂਰ ਐ...
ਕਹਾਣੀ ‘ਚ ਹਰ ਹਰਕਤ ਨਹੀਂ ਲਿਖੀ ਜਾਂਦੀ... ਉਹ ਹਰਕਤਾਂ ਈ ਚੁਣੀਂਦੀਐਂ ਜਿਹੜੀਆਂ ਕਹਾਣੀ
ਨੂੰ ਅੱਗੇ ਤੋਰਨ ਲਈ ਜ਼ਰੂਰੀ ਹੋਵਣ... ਪਰ ਹਾਲੇ ਇਹ ਇਸ ਦੀ ਪਹਿਲੀ ਕਹਾਣੀ ਈ ਐ...
ਹੌਲ਼ੀ-ਹੌਲ਼ੀ ਇਹਨੂੰ ਕਾਂਟ-ਛਾਂਟ ਕਰਨ ਦੀ ਵਿਧੀ ਆ ਜਾਵੇਗੀ... ਪ੍ਰੰਤੂ ਪਲਾਟ ‘ਚ ਦਮ ਐ, ਤੇ
ਕਹਾਣੀ ਦੀਆਂ ਘਟਨਾਵਾਂ ਵੀ ਯਥਾਰਥ ਦੇ ਨੇੜੇ-ਤੇੜੇ ਘੁੰਮਦੀਆਂ ਨੇ...
ਸਾਰੇ ਵਿਦਿਆਰਥੀਆਂ ਦੇ ਬੁੱਲ੍ਹ ਘੁੱਟੇ ਹੋਏ ਸਨ, ਤੇ ਉਹਨਾਂ ਦੀਆਂ ਨਜ਼ਰਾਂ ਪ੍ਰੋਫ਼ੈਸਰ
ਸਾਗਰ ਦੇ ਚਿਹਰੇ ‘ਤੇ ਟਿਕੀਆਂ ਹੋਈਆਂ ਸਨ। ਉਨ੍ਹਾਂ ‘ਚੋਂ ਕਈ ਆਪਣੇ ਚਿਹਰਿਆਂ ਨੂੰ
ਹੇਠਾਂ-ਉੱਪਰ ਹਿਲਾਅ ਰਹੇ ਸਨ, ਤੇ ਕਈ ਆਪਣੀਆਂ ਕਾਪੀਆਂ ‘ਚ ਪੈਨਸਲਾਂ/ਪੈੱਨਾਂ ਨਾਲ਼
ਕਿਚਰ-ਮਿਚਰ ਕਰੀ ਜਾ ਰਹੇ ਸਨ। ਦੋ ਕੁ ਮਿੰਟ ਗੁਜ਼ਰੇ ਤਾਂ, ਉੱਸਲ਼-ਵੱਟੇ ਜਿਹਾ ਲੈ ਰਿਹਾ,
ਬੀ ਏ ਫ਼ਾਈਨਲ ਦਾ ਇੱਕ ਵਿਦਿਆਰਥੀ, ਆਪਣੀ ਮੂੰਗੀਆ ਪਗੜੀ ਨੂੰ ਪਲੋਸਣ ਬਾਅਦ, ਆਪਣੇ ਸਿਰ ਨੂੰ
ਸੱਜੇ-ਖੱਬੇ ਗੇੜਨ ਲੱਗਾ। ਠੋਡੀ ਉੱਪਰਲੇ ਆਪਣੇ ਪੰਜਾਹ-ਸੱਠ ਵਿਰਲੇ-ਵਿਰਲੇ ਵਾਲ਼ਾਂ ਨੂੰ
ਖੁਰਕਦਿਆਂ ਉਸ ਨੇ ਆਪਣੇ ਜੁੜੇ ਹੋਏ ਬੁੱਲ੍ਹਾਂ ਨੂੰ ਕਈ ਵਾਰੀ ਉਤਾਂਹ-ਹਿਠ੍ਹਾਂ ਹਿਲਾਇਆ ਤੇ
ਫਿਰ ਉਹਨਾਂ ਨੂੰ ਮਰੋੜ ਕੇ, ਉਸ ਨੇ ਸੱਜਾ ਹੱਥ ਆਪਣੇ ਕੰਨ ਦੇ ਬਰਾਬਰ ਖੜ੍ਹਾ ਕਰ ਦਿੱਤਾ!
-ਕੁਝ ਕਹਿਣੈ, ਸੁਖਦੇਵ ਸਿੰਘ? ਪ੍ਰੋਫ਼ੈਸਰ ਉਹਦੇ ਵੱਲ ਝਾਕਦਿਆਂ ਬੋਲਿਆ।
-ਮੈਂ ਪੜ੍ਹੀ ਐ ਇਹ ‘ਘਾਣੀ’, ਆਪਣੇ ਮੱਥੇ ਨੂੰ ਸੁੰਗੇੜਦਾ ਹੋਇਆ ਉਹ ਇੱਕ ਦਮ ਭਬਕ ਉੱਠਿਆ।
–‘ਘਾਣੀ’ ਦੇ ਡੇਰੇ ਬੜੇ ਦੂਰ ਹੁੰਦੇ ਐ, ਪ੍ਰੋਫ਼ੈਸਰ ਸਾਹਿਬ! ‘ਲਾਲ ਮੌਜੇ’ ਐਵੇਂ ਕੱਚੀ
ਜਿਹੀ ਰਚਨਾ ਐ... ਪਿੰਡ ਦੀ ਗਰੀਬੀ ਦੀ ‘ਘਾਣੀ’ ਐਂ... ਹੋਰ ਕੀ ਐ ਇਸ ‘ਚ... ਕਿਹੜੀ ਕਲਾ ਐ
ਇਸ ‘ਚ... ਜਿਵੇਂ ਇਕਬਾਲ ਨੇ ਘਟਨਾਵਾਂ ਦੇਖੀਆਂ, ਓਵੇਂ ਬਿਆਨ ਕਰ ਦਿੱਤੀਆਂ... ਅਸੀਂ ਤਾਂ
‘ਚੈਖੋਵ’ ਨੂੰ ਪੜ੍ਹਿਐ... ਮੰਟੋ ਨੂੰ ਪੜ੍ਹਿਐ... ਬੇਦੀ ਦੀਆਂ ‘ਘਾਣੀਆਂ’ ਵਿਚਦੀ ‘ਗੁਜਰੇ’
ਆਂ... ਕੁਲਵੰਤ ਸਿੰਘ ਵਿਰਕ ਨੂੰ ਪੜ੍ਹਿਐ... ਉਹ ਲਿਖਦੇ ਐ ‘ਘਾਣੀਆਂ’... ਜਾਨ ਪਾ ਦਿੰਦੇ ਐ
ਪਾਤਰਾਂ ‘ਚ... ਠੰਡ ਦਾ ‘ਜਿਕਰ’ ਕਰਨ ਤਾਂ ਪਾਠਕ ਕੰਬਣ ਲੱਗ ਜਾਂਦੈ... ਗਰਮੀ ਦਾ ਵੇਰਵਾ
ਦੇਂਦੇ ਐ ਤਾਂ ਪਾਠਕ ਨੂੰ ਪਸੀਨੇ ਛੁੱਟਣ ਲੱਗ ਜਾਂਦੇ ਐ... ਪਾਠਕ ਇੱਕ ਵਾਰੀ ਪੜ੍ਹਨ ਲੱਗ
ਜਾਵੇ ਤਾਂ ਸਿਰੇ ਲੱਗਣ ਤੀਕ ਛੱਡ ਨਹੀਂ ਸਕਦਾ ਇਹਨਾਂ ਲੋਕਾਂ ਦੀ ‘ਘਾਣੀ’ ਨੂੰ...
-ਗੱਲ ਤੇਰੀ ਠੀਅਅਕ ਐ, ਸੁਖਦੇਵ ਸਿੰਘ, ਪ੍ਰੋਫ਼ੈਸਰ ਆਪਣੇ ਚਿਹਰੇ ਨੂੰ ਰਤਾ ਕੁ ਝੁਕਾਉਂਦਿਆਂ
ਬੋਲਿਆ। –ਪਰ ਇਕਬਾਲ ਦੀ ਉਮਰ ਤੇ ਇਸ ਦੇ ਜੀਵਨ ਤਜਰਬੇ ਨੂੰ ਆਪਾਂ ਅੱਖੋਂ ਪ੍ਰੋਖੇ ਨੲ੍ਹੀਂ
ਕਰ ਸਕਦੇ... ਕੀ ਪਤੈ ‘ਚੈਖੋਵ’ ਦੀ ਪਹਿਲੀ ਕਹਾਣੀ ਇਕਬਾਲ ਦੀ ਕਹਾਣੀ ਤੋਂ ਵੀ ਹਲਕੀ ਹੋਵੇ!
ਏਹਨੀਂ ਦਿਨੀਂ ਹੀ ਪ੍ਰੋਫੈਸਰ ਸਾਗਰ ਨੇ ਐਲਾਨ ਕਰ ਦਿੱਤਾ ਕਿ ਦੋ ਮਹੀਨੇ ਬਾਅਦ, ਭਾਸ਼ਾ
ਵਿਭਾਗ ਪੰਜਾਬ, ਇੱਕ ਕਹਾਣੀ ਮੁਕਾਬਲਾ ਸਾਡੇ ਕਾਲਜ ਵਿੱਚ ਕਰਾਉਣ ਜਾ ਰਿਹਾ ਸੀ। ਪ੍ਰੋਫ਼ੈਸਰ
ਸਾਗਰ ਆਪਣੇ ਹਰ ਲੈਕਚਰ ਆਖਦਾ: ਲੇਖਕ ਮਾਂ ਦੇ ਪੇਟ ‘ਚੋਂ ਲੇਖਕ ਬਣ ਕੇ ਨਹੀਂ ਆਉਂਦੇ...
ਲਿਖਣ ਨਾਲ਼ ਈ ਲਿਖਣਾ ਆਉਂਦੈ... ‘ਕੇਰਾਂ ਕਾਗਜ਼ ਤੇ ਪੈੱਨ ਲੈ ਕੇ ਬੈਠ ਜਾਵੋ... ਆਪੇ ਕੁਝ
ਨਾ ਕੁਝ ਫੁਰਨ ਲੱਗ ਜਾਂਦੈ... ਕਹਾਣੀ ਮੁਕਾਬਲਾ ਛੇਤੀ ਆ ਰਿਹੈ... ਮੈਂ ਚਹੁਨੈਂ ਪਈ ਪੰਜਾਬੀ
ਵਾਲ਼ੇ ਸਾਰੇ ਵਿਦਿਆਰਥੀ ਕਹਾਣੀਆਂ ਲਿਖਣ... ਤੁਸੀਂ ਲਿਖੋ... ਉਸ ਨੂੰ ਵਾਰ-ਵਾਰ ਪੜ੍ਹੋ...
ਉਸ ਨੂੰ ਸੋਧੋ...
ਸਾਡੀ ਸਾਹਿਤਿਕ ਢਾਣੀ ਦੇ ਤੁਮਾਮ ਮੈਂਬਰਾਂ ਨੇ ਨਵੇਂ ਪੈੱਨ ਅਤੇ ਉੱਚ-ਕੱਦੇ ਕਾਗਜ਼ਾਂ ਦੀਆਂ
ਥਹੀਆਂ ਖ਼ਰੀਦ ਲਈਆਂ। ਸਾਰਿਆਂ ਨੇ, ਘਟਨਾਵਾਂ ਤੇ ਪਲਾਟ ਲੱਭਣ ਲਈ, ਆਪਣੇ ਦਿਮਾਗ਼ ਚਾਰੀਂ
ਪਾਸੀਂ ਦੌੜਾਉਣੇ ਸ਼ੁਰੂ ਕਰ ਦਿੱਤੇ। ਹੁਣ ਕੋਈ ਲਾਇਬਰੇਰੀ ਦੇ ਕਿਸੇ ਕੋਨੇ ‘ਚ ਬੈਠਾ ਹੁੰਦਾ
ਤੇ ਕੋਈ ਰਿਸਾਲਿਆਂ ਵਾਲ਼ੇ ਵਿਸ਼ਾਲ ਮੇਜ਼ ‘ਤੇ ਅੱਖਾਂ ਮੀਟੀ ਆਪਣੇ ਅੰਦਰ ਫਰੋਲ਼ਾ-ਫਰਾਲ਼ੀ ਕਰ
ਰਿਹਾ ਹੁੰਦਾ। ਦੋ ਚਾਰ ਜਣੇ ਲਾਅਨ ਦੇ ਵੱਖਰੇ-ਵੱਖਰੇ ਖੂੰਜੇ ਮੱਲਣ ਲੱਗੇ। ‘ਸੱਦੇਵਾਲ’ ਪਿੰਡ
ਦਾ ਪੰਡਤਾਂ ਦਾ ਇੱਕ ਮੁੰਡਾ ਸੀ ਰਾਜ; ਉਹ ਨਿੱਕੀਆਂ-ਨਿੱਕੀਆਂ ਕਵਿਤਾਵਾਂ ਤੇ ਕਹਾਣੀਆਂ
‘ਪੰਜਾਬੀ ਸਭਾ’ ‘ਚ ਸੁਣਾਉਂਦਾ... ਉਸ ਨੂੰ ਅਸੀਂ ਸਾਰੇ ‘ਸਾਹਿਤਕਾਰ’ ਦੇ ਨਾਮ ਨਾਲ਼ ਪੁਕਾਰਨ
ਲੱਗ ਪਏ ਸਾਂ। ਰਾਜ, ਕੈਨਟੀਨ ਦੇ ਖੂੰਜੇ ‘ਚ ਬੈਠ ਕੇ, ਆਪਣੀਆਂ ਕੂਹਣੀਆਂ ਨੂੰ ਮੇਜ਼ ‘ਤੇ
ਟਿਕਾਉਂਦਾ, ਅਤੇ ਰਤਾ ਝੁਕ ਕੇ, ਆਪਣੇ ਮੱਥੇ ਨੂੰ ਆਪਣੀਆਂ ਤਲ਼ੀਆਂ ਨਾਲ਼ ਜੋੜ ਲੈਂਦਾ। ਮੇਰੇ
ਆਲ਼ੇ-ਦੁਆਲ਼ੇ ਦੇ, ਅੱਥਰੀ ਤਬੀਅਤ ਵਾਲ਼ੇ ਮੁੰਡੇ, ਕੈਨਟੀਨ ‘ਚ ਢਾਣੀ ਬੰਨ੍ਹ ਕੇ ਬੈਠਦੇ ਤੇ
ਚਾਹ ਦੀਆਂ ਚੁਸਕੀਆਂ ਭਰਦੇ-ਭਰਦੇ, ਚੁਟਕਲਿਆਂ ਤੇ ਮਸ਼ਕਰੀਆਂ ਦੇ ਫੰਭੇ ਉਡਾਉਂਦੇ। ਰਾਜ,
ਥੋੜ੍ਹੇ-ਥੋੜ੍ਹੇ ਚਿਰ ਬਾਅਦ, ਆਪਣੇ ਸੱਜੇ ਹੱਥ ਨੂੰ ਆਪਣੇ ਸਿਰ ਦੇ ਐਨ ਵਿਚਾਲੇ ਲਿਜਾਅ ਕੇ
ਆਪਣੇ ਉਘੜ-ਦੁਘੜੇ ਪਟਿਆਂ ਨੂੰ ਤੇਜ਼ ਰਫ਼ਤਾਰ ‘ਚ ਖੁਰਕਦਾ ਤੇ ਕਿਸੇ ਕਹਾਣੀ ਦਾ ਪਲਾਟ ਪਕੜਨ
ਲਈ, ਤਲ਼ੀਆਂ ‘ਤੇ ਟਿਕਾਏ ਆਪਣੇ ਸਿਰ ‘ਚ ਦੌੜਨ ਲਗਦਾ।
ਸਾਹਿਤਿਕ ਮਸ ਰੱਖਣ ਵਾਲ਼ਾ ਇੱਕ ਹੋਰ ਵਿਦਿਆਰਥੀ ਸੀ ‘ਵਿਸਾਖਾ ਬੌਡਵੀ’। ਉਹਨੂੰ ਬਾਰਵੀਂ ਜਮਾਤ
ਦੇ ਸ਼ੁਰੂ ‘ਚ, ਇੱਕ ਦਿਨ ਮੈਂ ਸਾਡੇ ਲਾਗਲੇ ਪਿੰਡ ਡਾਲ਼ਾ ਵਿਚੋਂ ਦੀ ਮੋਗੇ ਵੱਲ ਨੂੰ ਜਾਂਦੀ
ਸੜਕ ‘ਤੇ ਮਿਲਿਆ ਸਾਂ। ਮੈਥੋਂ ਵੀਹ ਕਦਮ ਅੱਗੇ, ਉਹ ਫਾਂਟਾਂ ਵਾਲ਼ਾ ਕੱਛਾ ਪਾਈ
ਘੜੀਚੂੰ-ਘੜੀਚੂੰ ਕਰਦੇ ਤੇ ਡਿਕਡੋਲੇ ਖਾਂਦੇ ਆਪਣੇ ਸਾਈਕਲ ਉੱਪਰ ਝੁਕਿਆ ਹੋਇਆ, ਪੈਡਲਾਂ ਨੂੰ
ਗੇੜੇ ‘ਚ ਰੱਖਣ ਲਈ ਜ਼ੋਰ ਲਾ ਰਿਹਾ ਸੀ। ਪਿੱਛਿਓਂ ਕਾਹਲ਼ੀ ਨਾਲ਼ ਉਸ ਦੇ ਸਾਈਕਲ ਦੇ ਮਗਰਲੇ
ਕੈਰੀਅਰ ਦੇ ਨਜ਼ਦੀਕ ਪਹੁੰਚਦਿਆਂ, ਮੈਂ ਆਪਣੇ ਸਾਈਕਲ ਦੀ ਰਫ਼ਤਾਰ ਨੂੰ ਮੱਠੀ ਕੀਤਾ ਤੇ ਉਸ
ਦੀਆਂ ਨੰਗੀਆਂ ਪਿੰਜਣੀਆਂ ਨੂੰ ਹੈਰਤ ਨਾਲ਼ ਤੱਕਣ ਲੱਗਾ ਸਾਂ। ਪਿੰਜਣੀਆਂ ਦਾ ਮਾਸ ਜਿਵੇਂ
ਕਿਸੇ ਨੇ ਕੋਈ ਔਜ਼ਾਰ ਪਾ ਕੇ ਖਰੋਚ ਲਿਆ ਹੋਵੇ! ਫੇਰ ਮੈਂ ਉਸ ਦੀਆਂ ਅੱਧੀਆਂ ਬਾਹਾਂ ਵਾਲ਼ੀ
ਕਮੀਜ਼ ਦਾ ਮੁਆਇਨਾ ਕਰਨ ਲੱਗਾ ਸਾਂ। ਕਮੀਜ਼ ਦੀਆਂ ਬਾਹਾਂ ‘ਚ ਉਸ ਦੇ ਦੁਬਲੇ ਜਿਹੇ ਡੌਲ਼ੇ
ਇੰਝ ਜਾਪ ਰਹੇ ਸਨ ਜਿਵੇਂ ਸਰਕਾਰੀ ਚਿੱਠੀਆਂ ਵਾਲ਼ੇ ਲੰਬੂਤਰੇ ਲਿਫ਼ਾਫਿ਼ਆਂ ‘ਚ ਗੁੱਲੀ ਨੂੰ
ਟੋਣਾਂ ਲਾਉਣ ਵਾਲ਼ੇ ਡੰਡੇ ਟਿਕਾਏ ਹੋਵਣ। ਮੌਰਾਂ ਕੋਲ਼ੋਂ ਪਸੀਨੇ ਨਾਲ ਗੱਚ ਹੋਈ ਉਸ ਦੀ
ਕਮੀਜ਼ ਨੂੰ ਦੇਖ ਕੇ ਮੈਂ ਅਨੁਮਾਨ ਲਾਇਆ ਕਿ ਇਹ ਵੀ ਮੇਰੇ ਵਾਂਗ ਕਿਸੇ ਦੂਰ-ਦੁਰੇਡੇ ਟਿਕਾਣੇ
ਤੋਂ ਹੀ ਚੱਲਿਆ ਹੋਵੇਗਾ। ਉਸ ਦੀ ਅਰਧ-ਪੋਚਵੀਂ ਪਗੜੀ ਅਤੇ ਸਾਈਕਲ ਦੇ ਹੈਂਡਲ ਦੇ ਦੋਹੀਂ
ਪਾਸੀਂ ਲਟਕਦੇ ਝੋਲਿ਼ਆਂ ਨੂੰ ਦੇਖਦਿਆਂ ਮੈਨੂੰ ਇਹ ਸਮਝ ਨਾ ਲੱਗੀ ਕਿ ਇਹ ਕੁਝ ਵੇਚਣ ਚੱਲਿਐ
ਜਾਂ ਖ਼ਰੀਦਣ, ਜਾਂ ਕੁਝ ਵੇਚ ਕੇ ਖ਼ਰੀਦਣ! ਪੈਡਲਾਂ ‘ਤੇ ਵਾਧੂ ਭਾਰ ਦੇ ਕੇ ਜਦੋਂ ਸੱਜੇ
ਪਾਸਿਓਂ ਮੈਂ ਉਸ ਦੇ ਬਰਾਬਰ ਹੋਇਆ ਤਾਂ ਮੈਂ ਦੇਖਿਆ ਕਿ ਉਸ ਨੇ ਆਪਣੀ ਪਤਲੂਣ ਤਹਿ ਕਰ ਕੇ
ਸਾਈਕਲ ਦੀ ਟੋਕਰੀ ਵਿੱਚ ਰੱਖੀ ਹੋਈ ਸੀ। ਸੱਜੇ ਪਾਸੇ ਵਾਲ਼ੀ, ਉਸ ਦੀ ਅੰਦਰ-ਵੱਲ-ਨੂੰ-ਧਸੀ
ਜਾਭ ਉੱਪਰ, ਉਤਾਂਹ ਨੂੰ ਉੱਭਰੀ ਹੋਈ ਹੱਡੀ ਨੂੰ ਦੇਖ ਕੇ ਮੈਂ ਸੋਚਿਆ ਕਿ ਟੀ ਬੀ ਦਾ ਮਾਰਿਆ
ਇਹ ਮੁੰਡਾ ਡਾਕਟਰ ਸ਼ਾਮ ਲਾਲ ਥਾਪਰ ਦੇ ਹਸਪਤਾਲ਼ ਦਵਾਈ ਲੈਣ ਜਾ ਰਿਹਾ ਹੋਵੇਗਾ।
-ਕਾਇਮ ਐਂ, ਬਾਈ ਸਿਅ੍ਹਾਂ? ਮੈਂ ਆਪਣੇ ਚਿਹਰੇ ਨੂੰ ਰਤਾ ਕੁ ਖੱਬੇ ਵੱਲ ਨੂੰ ਫੇਰਦਿਆਂ
ਬੋਲਿਆ ਸਾਂ।
-ਠੀਕ ਈ ਆਂ, ਭਰਾਵਾ! ਉਹ ਮੇਰੇ ਵੱਲ ਨੂੰ ਝਾਕਣ ਤੋਂ ਬਗ਼ੈਰ ਹੀ, ਖਊਂ-ਖਊਂ ਨੂੰ ਕਾਬੂ ਕਰਨ
ਦੀ ਕੋਸਿ਼ਸ਼ ‘ਚ, ਘਰਕਿਆ ਸੀ।
-ਦੂਰੋਂ ਚੱਲਿਆ ਲਗਦੈਂ!
-ਹਾਂ, ਬਾਈ, ਬੌਡੇ ਪਿੰਡ ਆ ਮੇਰਾ! ‘ਵੱਧਣੀ’ ਤੋਂ ‘ਗਾਹਾਂ ਐ ਬਰਨਾਲ਼ੇ ਅਲੀਂ ਨੂੰ!
-ਤਿਆਰੀ ਕਿੱਧਰ ਦੀ ਐ?
-ਮੋਗੇ ਦੀ!
-ਮੋਗੇ ਦੀ?
-ਹਾਂ, ਬਾਈ, ਮੈਂ ਓਥੇ ਕਾਲਜ ‘ਚ ਪੜ੍ਹਦਾਂ!
-ਅੱਛਾਅ? ਕਿਹੜੀ ਜਮਾਤ ‘ਚ ਐਂ?
-ਮੈਂ, ਪ੍ਰੈਪ ‘ਚ ਆਂ, ਬਾਈ... ਤੂੰ ਵੀ ਕਿਤੇ ਓਥੇ ਈ ਤਾਂ ਨ੍ਹੀ?
ਬਾਅਦ ‘ਚ ਪਤਾ ਲੱਗਿਆ ਕਿ ਵਿਸਾਖਾ ਆਪਣੇ ਪਿੰਡ ਬੌਡੇ ‘ਚੋਂ ਸ਼ਾਮੀ ਆਂਡੇ ਇਕੱਠੇ ਕਰਨ, ਤੇ
ਮੰਡ੍ਹੀਰ ਨੂੰ ਨਸ਼ੇ ਦੇ ਕੈਪਸੂਲ ਵੇਚਣ ਦਾ ‘ਕਾਰੋਬਾਰ’ ਕਰਦਾ ਸੀ। ਸਵੇਰੇ ਧੀਮੀ ਚਾਲੇ,
ਪੰਦਰਾਂ-ਵੀਹ ਕਿਲੋਮੀਟਰ ਦਾ ਰਸਤਾ ਸਾਈਕਲ ਦੇ ਟਾਇਰਾਂ ਉਦਾਲ਼ੇ ਲਪੇਟ ਕੇ, ਅੱਠ, ਸਾਢੇ ਅੱਠ
ਵਜਦੇ ਨੂੰ ਉਹ ਮੋਗੇ ਜਾ ਸਿਰ ਕਢਦਾ। ਉਥੇ ਉਹ ਪਿੰਡੋਂ ਇਕੱਠੇ ਕੀਤੇ ਆਂਡੇ ਇੱਕ ਦੁਕਾਨਦਾਰ
ਨੂੰ ਵੇਚਦਾ, ਕਾਲਜ ਵਿੱਚ ਜਮਾਤਾਂ ਲਾਉਂਦਾ, ਤੇ ਇੱਕ ਕੈਮਿਸਟ ਦੀ ਦੁਕਾਨ ਤੋਂ ਨਵੇਂ ਕੈਪਸੂਲ
ਖ਼ਰੀਦ ਕੇ ਤਿੰਨ-ਚਾਰ ਵਜਦੇ ਨੂੰ ਆਪਣੇ ਪਿੰਡ ਵੱਲ ਨੂੰ ਚਾਲੇ ਪਾ ਦਿੰਦਾ ਸੀ।
ਹੌਲ਼ੀ-ਹੌਲ਼ੀ ਅਸੀਂ ਕਾਲਜ ‘ਚ ਵੀ ਮਿਲਣ-ਗਿਲਣ ਲੱਗ ਪਏ ਸਾਂ। ਕਦੇ-ਕਦੇ ਮੇਰਾ ਤੇ ਉਸ ਦਾ
ਟਾਕਰਾ ਕੈਨਟੀਨ ‘ਚ ਹੋ ਜਾਂਦਾ: ਮੇਜ਼ ਦੇ ਦੂਸਰੇ ਪਾਸੇ ਮੇਰੇ ਸਾਹਮਣੇ ਵਾਲ਼ੀ ਕੁਰਸੀ ‘ਤੇ
ਬੈਠਾ ਉਹ ਮੇਜ਼ ਉੱਤੇ ਕੱਪੜਾ ਫੇਰ ਰਹੇ ਮੁੰਡੂ ਨੂੰ ਚਾਹ ਦਾ ਆਰਡਰ ਦੇਂਦਾ: ਦੋ ਕੱਪ ਚਾਹ,
ਮਚਦੀ-ਮਚਦੀ... ਫੈਂਟਣੀ ਨੀ... ਸੁਣਿਐਂ?
ਫਿਰ ਆਪਣੀਆਂ ਬਰੀਕ ਜਿਹੀਆਂ ਮੁੱਛਾਂ ‘ਤੇ ਹੱਥ ਫੇਰਦਿਆਂ, ਉਹ, ਉਸ ਤੋਂ ਥੋਕ ‘ਚ ਆਂਡੇ
ਖ਼ਰੀਦਣ ਵਾਲ਼ੇ ਢਿੱਡਲ਼ ਦੁਕਾਨਦਾਰ ਦੀ ਕੰਜੂਸੀ ਨੂੰ ਕੋਸਣ ਲੱਗ ਜਾਂਦਾ: -ਐਸ ਸਰਮਾਏਦਾਰੀ
‘ਨਜਾਮ’ ‘ਚ ਪੈਰ-ਪੈਰ ‘ਤੇ ਲੁੱਟ ਹੁੰਦੀ ਐ; ਆਹ ਭੈਣ ਚੋਅ ਆਂਡਿਆਂ ਆਲ਼ਾ ਈ ਨੀ ਰੱਜਦਾ!
ਤਿੰਨ ਪੈਸੇ ਵ ਨੀ ਬਚਦੇ ਆਂਡੇ ਪਿੱਛੇ!
ਚਾਹ ਆਉਣ ਤੀਕਰ ਉਹ ਆਪਣੀਆਂ ਅੱਡੀਆਂ ਨੂੰ ਅਗਾਸਦਾ-ਅਗਾਸਦਾ ਉਨ੍ਹਾਂ ਨੂੰ ਆਪਣੇ ਪ੍ਰਾਈਵੇਟ
ਅੰਗਾਂ ਦੇ ਨੇੜੇ ਲਿਆ ਕੇ, ਕੁਰਸੀ ਦੀ ਸੀਟ ‘ਤੇ ਟਿਕਾਅ ਲੈਂਦਾ। ਹੌਲ਼ੀ-ਹੌਲ਼ੀ ਉਹ ਆਪਣੇ
ਥੱਲੇ ਨੂੰ ਅਗਾਸ ਕੇ, ਕੁਰਸੀ ਉੱਪਰ ਪੱਬਾਂ ਭਾਰ ਬੈਠ ਜਾਂਦਾ। ਇੰਝ ਕਰਦਿਆਂ ਉਸ ਦੇ ਗੋਡੇ ਉਸ
ਦੀ ਠੋਡੀ ਨਾਲ਼ ਜਾ ਲਗਦੇ ਅਤੇ ਉਹ ਆਪਣੀ ਧੌਣ ਨੂੰ, ਉੱਪਰ ਵੱਲ ਨੂੰ ਖਿੱਚੇ ਹੋਏ ਮੋਢਿਆਂ ‘ਚ
ਡੁਬੋਅ ਲੈਂਦਾ।
ਤੇ ਫਿ਼ਰ ‘ਪੰਜਾਬੀ ਸਭਾ’ ਦਾ ਨੋਟਿਸ ਲਗਦਿਆਂ ਹੀ, ਵਿਸਾਖਾ ਸਿੰਘ ਬੌਡਵੀ, ਪ੍ਰੋਫ਼ੈਸਰ ਸਾਗਰ
ਦੇ ਉਦਾਲ਼ੇ ਚੱਕਰ ਕੱਢਣ ਲੱਗ ਪਿਆ ਸੀ। ਵਾਰ-ਵਾਰ ਆਪਣੇ ਲੰਬੂਤਰੇ ਨੱਕ ਦੀ ਟੀਸੀ ਅਤੇ ਆਪਣੀ
ਗਿਰਝੀ-ਧੌਣ ਨੂੰ ਖੁਰਕਦਾ ਹੋਇਆ, ਉਹ ‘ਪੰਜਾਬੀ ਸਭਾ’ ‘ਚ ਪੜ੍ਹੀਆਂ ਜਾਂਦੀਆਂ ਰਚਨਾਵਾਂ ਉੱਤੇ
ਨੁਕਤਾਚੀਨੀ ਕਰਦਾ। ਕੜਛੀ ਦੀ ਡੰਡੀ ਵਰਗੀ ਆਪਣੀ ਕਲਾਈ ਉਦਾਲ਼ੇ, ਕੜੇ ਵਾਂਗ ਘੁੰਮਦੀ ਘੜੀ
‘ਤੇ ਵਾਰ-ਵਾਰ ਨਜ਼ਰ ਮਾਰਦਿਆਂ, ਜਿਓਂ ਹੀ ਉਹ ਲੰਮੀ ਵਾਟ ‘ਤੇ ਚਾਲੇ ਪਾਉਣ ਦਾ ਵੇਲ਼ਾ
ਦੇਖਦਾ, ਤਾਂ ਡਿਗੂੰ-ਡਿਗੂੰ ਕਰਦੇ ਆਪਣੇ ਪਾਈਆ ਕੁ ਪੱਕੇ ਸਰੀਰ ਨੂੰ ਧੂੰਹਦਾ ਉਹ ‘ਸਭਾ’ ਦੀ
ਮੀਟਿੰਗ ‘ਚੋਂ ਬਾਹਰ ਨੂੰ ਨਿੱਕਲ਼ ਜਾਂਦਾ।
ਨਸ਼ੀਲੀਆਂ ਗੋਲੀਆਂ ਤੇ ਆਂਡਿਆਂ ਦੇ ‘ਵਪਾਰ’ ਨਾਲ਼ ਪੜ੍ਹਾਈ ਦਾ ਖ਼ਰਚ ਚਲਾਉਂਦੇ, ਮਾਕਰਸੀ
ਵਿਚਾਰਾਂ ਦੇ ਧਾਰਨੀ ਵਿਸਾਖੇ ਦੇ ਝੋਲ਼ੇ ‘ਚ ਹਰ ਸਮੇਂ ਕੋਈ ਨਾ ਕੋਈ ਰੂਸੀ ਨਾਵਲ ਜੇ ਨਾ
ਹੁੰਦਾ ਤਾਂ ਉਸ ਦੀਆਂ ਉਂਗਲ਼ਾਂ ਤੇ ਸਿਰ ਕੰਬਣ ਲੱਗ ਜਾਂਦੇ: ਫਿਰ ਉਹ ਅਟਿਕਵੀਆਂ ਨਜ਼ਰਾਂ ਨਾਲ
ਏਧਰ-ਓਧਰ ਝਾਕਦਾ ਤੇ ਮੁੜ-ਮੁੜ ਆਪਣੇ ‘ਕਾਮਰੇਡੀ’ ਝੋਲ਼ੇ ‘ਚ ਹੱਥ ਫ਼ੇਰਨ ਲਗਦਾ। ਭਾਸ਼ਾ
ਵਿਭਾਗ ਵੱਲੋਂ ਕਰਵਾਏ ਜਾਣ ਵਾਲ਼ੇ ਕਹਾਣੀ-ਮੁਕਾਬਲੇ ਦਾ, ਨੋਟਿਸ-ਬੋਰਡ ‘ਤੇ ਚਿਪਕਿਆ ਐਲਾਨ
ਪੜ੍ਹਦਿਆਂ ਹੀ, ਵਿਸਾਖੇ ਦੇ ਮਨ ‘ਚ, ਰੂਸੀ ਕਹਾਣੀਕਾਰ ‘ਚੈਖੋਵ’, ਉੱਸਲ਼-ਵੱਟੇ ਲੈਣ ਲੱਗਾ।
ਦੇਖਾ-ਦੇਖੀ ਉਹਦਾ ਹਮਪਿਆਲਾ, ਜ਼ੀਰੇ ਸ਼ਹਿਰ ਦਾ ਅਕਹਿਰੇ ਜਿਹੇ ਸਰੀਰ ਵਾਲ਼ਾ ਸੇਵਾ ਸਿੰਘ
ਵੀ, ਆਪਣੇ ਪੈੱਨ ਦੀ ਜੀਭੀ ਨੂੰ ਦੰਦਾਂ ਵਾਲ਼ੇ ਬੁਰਸ਼ ਨਾਲ਼ ਸਾਫ਼ ਕਰਨ ਲੱਗਾ।
ਕਹਾਣੀ ਮੁਕਾਬਲੇ ‘ਚ ਜਿੱਤ ਹਾਸਲ ਕਰਨ ਦਾ ਝੱਲ ਸਾਡੀ ਢਾਣੀ ਦੇ ਹਰੇਕ ‘ਲੇਖਕ’ ਨੂੰ ਏਨਾ
ਚੜ੍ਹ ਗਿਆ ਸੀ ਕਿ ਕਲਾਸਾਂ ਤੋਂ ਬਾਅਦ ਸਾਡੇ ‘ਚੋਂ ਕੋਈ ਜਣਾ ਵੀ ਇੱਕ-ਦੂਜੇ ਨੂੰ ਕਿਧਰੇ
ਨਜ਼ਰ ਨਾ ਪੈਂਦਾ। ਸਬੱਬੀਂ ਅਗਰ ਕਿਤੇ ਇੱਕ ‘ਕਹਾਣੀਕਾਰ’, ‘ਰਚਨਾ’ ‘ਚ ਖੁੱਭੇ ਕਿਸੇ ਦੂਸਰੇ
‘ਕਹਾਣੀਕਾਰ’ ਦੇ ਕੋਲ਼ ਜਾ ਖੜ੍ਹਦਾ, ਤਾਂ ਕਹਾਣੀ ‘ਰਚ’ ਰਿਹਾ ਵਿਅਕਤੀ, ਝੱਟ-ਪੱਟ ਆਪਣੀ
ਕਾਪੀ ਨੂੰ ਸੰਤੋਖ ਕੇ, ਪਰ੍ਹੇ ਨੂੰ ਹੋ ਤੁਰਦਾ।
ਕਹਾਣੀ-ਮੁਕਾਬਲੇ ‘ਚ ਹਾਲੇ ਦੋ ਕੁ ਹਫ਼ਤੇ ਰਹਿੰਦੇ ਸਨ: ਮੈਂ ਕਾਗਜ਼ ਤੇ ਪੈੱਨ ਚੁੱਕ ਕੇ, ਘਰ
ਦੇ ਪਸ਼ੂਆਂ ਵਾਲ਼ੇ ਪੜਛੱਤੇ ‘ਚ, ਪੱਠੇ ਕੁਤਰਨ ਵਾਲ਼ੀ ਮਸ਼ੀਨ ਕੋਲ ਡਹੇ ਮੰਜੇ ਉੱਪਰ ਬੈਠਣ
ਲੱਗਾ: ਓਥੇ ਬੈਠਿਆਂ, ਕਹਾਣੀ ਲਿਖਣ ਲਈ ਪਲਾਟ ਦੀ ਤਲਾਸ਼ ‘ਚ, ਅੱਖਾਂ ਮੀਟ ਕੇ, ਮੈਂ ਆਪਣੇ
ਮੱਥੇ ‘ਚ ਉਡਾਰੀਆਂ ਮਾਰਨ ਲੱਗਦਾ: ਮੱਥੇ ਨੂੰ ਸੁੰਗੇੜ ਕੇ ਜਦੋਂ ਮੈਂ ਆਪਣੇ ਧੁਰ-ਅੰਦਰ
ਲਹਿੰਦਾ, ਤਾਂ ਕਦੇ ਕੋਈ ਕੁੜੀ ਆਪਣੇ ਸਾਈਕਲ ਦੀਆਂ ਟੱਲੀਆਂ ਖੜਕਾਉਣ ਲਗਦੀ ਤੇ ਕਦੇ ਕੋਈ
ਪੰਕਚਰ ਹੋਇਆ ਰਿਕਸ਼ਾ ਮੇਰੇ ਜਿ਼ਹਨ ‘ਚ ਢੀਚਕੂੰ-ਢੀਚਕੂੰ ਰੁੜ੍ਹਨ ਲਗਦਾ। ਕਦੇ ਰੋੜੀ ਕੁੱਟਣ
ਵਾਲ਼ੀਆਂ ਰਾਜਸਥਾਨੀ ਔਰਤਾਂ ਦੇ, ਰੇਤੇ ‘ਚ ਖੇਡਦੇ ਨੰਗ-ਮੁਨੰਗੇ ਨਿਆਣੇ ਮੇਰੀ ਕਲਮ ਨੂੰ
ਚਿੱਥਣ ਲਗਦੇ, ਤੇ ਕਦੇ ਲੋਹੜੇ ਦੀ ਗਰਮੀੰ ‘ਚ ਕਣਕਾਂ ਵਢਦੇ ਕਾਲ਼ੇ-ਕਲੂਟੇ ਹੱਥ ਮੇਰੀਆਂ
ਤਲ਼ੀਆਂ ‘ਚ ਰੱਟਣ ਉਘਾੜਨ ਲਗਦੇ। ਕਹਾਣੀ ਲਈ ਪੂਣੀ ਤਾਂ ਹੱਥ ‘ਚ ਆ ਜਾਂਦੀ ਮਗਰ ਕੋਈ ਤੰਦ ਨਾ
ਫੁੱਟਣ ‘ਚ ਨਾ ਆਉਂਦੀ। ਫਿਰ ਮੈਂ ਵਰਕੇ ਸਮੇਟਦਾ ਤੇ ਬੈਠਕ ‘ਚ ਆ ਕੇ ਰੇਡੀਓ ‘ਚੋਂ ਰਿਸਦਾ
ਸੰਗੀਤ ਸੁਣਨ ਲੱਗ ਜਾਂਦਾ। ਇਹ ਵਰਤਾਰਾ ਕਈ ਦਿਨ ਵਾਪਰਦਾ ਰਿਹਾ। ਗੱਲ ਨਾ ਬਣਦੀ ਦੇਖ ਕੇ,
ਇੱਕ ਦਿਨ ਮੈਂ ਕਾਗਜ਼ਾਂ ਦੀ ਥਹੀ ਨੂੰ ਅਲਮਾਰੀ ਦੇ ਹਵਾਲੇ ਕਰ ਦਿੱਤਾ।
ਪਰ ਉਸੇ ਰਾਤ ਸਾਡੇ ਪਿੰਡ ਦਾ, ਮੈਥੋਂ ਚਾਰ-ਪੰਜ ਸਾਲ ਵੱਡਾ ਮੁੰਡਾ ਗੁਰਦੀਪ, ਆਪਣੀ ਫੌਜੀ
ਵਰਦੀ ਪਹਿਨੀ ਤੇ ਮੋਢੇ ਬੰਦੂਕ ਲਟਕਾਈ, ਮੇਰੇ ਮੱਥੇ ‘ਚ ਗਸ਼ਤ ਕਰਨ ਲੱਗਾ। ਗੁਰਦੀਪ, 1962
ਵਾਲ਼ੀ ਭਾਰਤ-ਚੀਨ ਜੰਗ ਦੌਰਾਨ, ਲੇਹ-ਲੱਦਾਖ ਦੀਆਂ ਬਰਫ਼ੀਲੀਆਂ ਚੋਟੀਆਂ ‘ਚ ਸਖ਼ਤ ਜ਼ਖ਼ਮੀ
ਹੋ ਕੇ, ਲਾਪਤਾ ਹੋ ਗਿਆ ਸੀ। ਕਤੂਬਰ, 1962 ਦੇ ਆ਼ਖ਼ਰੀ ਮਹੀਨਿਆਂ ‘ਚ ਲਾਪਤਾ ਹੋਏ ਗੁਰਦੀਪ
ਦੀ ਕੋਈ ਉੱਘ-ਸੁੱਘ, ਜਦੋਂ 1963 ਦੇ ਅੰਤਲੇ ਪੱਖ ਤੀਕਰ ਵੀ ਨਾ ਨਿੱਕਲ਼ੀ ਤਾਂ ਉਸ ਦੇ ਘਰ
ਦਿਆਂ ਨੇ ਉਸ ਨੂੰ ‘ਸ਼ਹੀਦ’ ਹੋਇਆ ਸਮਝ ਕੇ ਉਸ ਦੀ ਅੰਤਮ ਅਰਦਾਸ ਕਰ ਦਿੱਤੀ ਸੀ।
ਅਗਲੇ ਦਿਨ ਮੈਂ ਅਲਮਾਰੀ ਦੇ ਹਵਾਲੇ ਕੀਤੇ ਕਾਗਜ਼ਾਂ ਦੇ ਥੱਬੇ ਨੂੰ ਵੰਗਾਰਿਆ, ਤੇ ਪੈੱਨ ਦੀ
ਖ਼ੁਸ਼ਕ-ਹੋ-ਗਈ ਜੀਭੀ ਨੂੰ ਦਵਾਤ ਵਿੱਚ ਡੁਬੋਅ ਦਿੱਤਾ: ਸਭ ਤੋਂ ਪਹਿਲਾਂ, ਸਾਡੇ ਪਿੰਡ ਦੇ
ਡਾਕੀਏ ਟਹਿਲ ਸਿੰਘ ਨੇ ਆਪਣੇ ਸਾਈਕਲ ਦੀ ਟੱਲੀ ਮੇਰੇ ਜਿ਼ਹਨ ‘ਚ ਖੜਕਾਅ ਦਿੱਤੀ। ਮੈਂ ਉਸ
ਨੂੰ, ਗੁਰਦੀਪ ਦੇ ਪਿਤਾ ਦੇ ਨਾਮ ‘ਤੇ ਆਈ ਟੈਲਾਗਰਾਮ (ਤਾਰ), ਉਹਨਾਂ ਦੇ ਘਰ ਡਲਿਵਰ ਕਰਾਉਣ
ਲਈ ਲੈ ਤੁਰਿਆ। ਟਹਿਲ ਸਿੰਘ ਦੇ ਮੂੰਹੋਂ, ‘ਤਾਰ’ ਦਾ ਨਾਮ ਕਿਰਦਿਆਂ ਹੀ ਗੁਰਦੀਪ ਦੀ ਮਾਂ ਨੇ
ਆਪਣੇ ਹੱਥ ਇੱਕ ਦਮ ਆਪਣੀ ਹਿੱਕ ਨਾਲ ਜੋੜ ਦਿੱਤੇ। ਆਪਣੇ ਖੁਲ੍ਹ ਗਏ ਮੂੰਹ, ਢਿਲ਼ਕ ਗਏ
ਬੁੱਲ੍ਹਾਂ, ਅਤੇ ਛਤਰੀ ਵਾਂਗ ਚੌੜੀਆਂ ਹੋ ਗਈਆਂ ਅੱਖਾਂ ਨਾਲ਼ ਉਹ ‘ਤਾਰ’ ਵਾਲੇ ਕਾਗਜ਼ ਵੱਲ
ਝਾਕਣ ਲੱਗੀ। ਹੁਣ ਉਸ ਨੇ ਆਪਣੇ ਕੰਬਦੇ ਹੋਏ ਹੱਥ ਟੈਲਾਗਰਾਮ ਵੱਲੀਂ ਵਧਾਏ।
-ਵੇ ਸੁੱਖ ਦੀ ਐ, ਟਹਿਲ ਸਿਅ੍ਹਾਂ? ਮਾਤਾ ਦੀ ਅਵਾਜ਼ ਕੰਬਣ ਲੱਗੀ।
ਟਹਿਲ ਸਿੰਘ, ਸੱਜੇ ਹੱਥ ਨਾਲ਼, ਆਪਣੀ ਅਰਧ-ਚਿੱਟੀ ਦਾਹੜੀ ਨੂੰ ਖੁਰਕਣ ਲੱਗਾ।
-ਵੇ ਦੱਸ ਭਾਈ ਟਹਿਲ ਸਿਅ੍ਹਾਂ ਕੋਈ ਭਾਣਾਂ ਤਾਂ ਨ੍ਹੀ ਵਾਪਰ ਗਿਆ? ਮਾਤਾ, ਟਹਿਲ ਸਿੰਘ ਦੀ
ਬਾਂਹ ਨੂੰ ਝੰਜੋੜਦਿਆਂ ਬੋਲੀ।
ਟਹਿਲ ਸਿੰਘ ਦੀਆਂ ਅੱਖਾਂ ਮਿਟ ਗਈਆਂ ਤੇ ਢੇਰ ਸਾਰੀ ਹਵਾ ਉਸ ਦੇ ਮੂੰਹ ਰਾਹੀਂ ਉਸ ਦੇ
ਫੇਫੜਿਆਂ ‘ਚ ਵੜ ਕੇ, ਸਹਿਜੇ-ਸਹਿਜੇ ਬਾਹਰ ਨੂੰ ਨਿੱਕਲ਼ ਗਈ। ਹੁਣ ਉੁਸ ਨੇ ਆਪਣੇ ਸਿਰ ਨੂੰ
ਸੱਜੇ-ਖੱਬੇ ਫੇਰਿਆ।
-ਗੁਰਦੀਪ... ਟਹਿਲ ਸਿੰਘ ਘਗਿਆਇਆ, ਤੇ ਏਸ ਤੋਂ ਅੱਗੇ ਉਸ ਦੇ ਗਲ਼ੇ ‘ਚ ਭੱਖੜਾ ਉੱਗ ਆਇਆ।
ਅਗਲੇ ਪਲੀਂ, ਮਾਤਾ ਦੀਆਂ ਉਂਗਲਾਂ ਉਸ ਦੇ ਵਾਲਾਂ ‘ਚ ਉਲ਼ਝ ਗਈਆਂ ਤੇ ਉਹ ਧੜੰਮ ਕਰ ਕੇ ਧਰਤੀ
‘ਤੇ ਢੇਰੀ ਹੋ ਗਈ। ਉਸ ਦੇ ਵੈਣ, ਕੱਚੀਆਂ ਕੰਧਾਂ ਨਾਲ਼ ਟਕਰਾਉਣ ਲੱਗੇ, ਤੇ ਪਲਾਂ ‘ਚ ਹੀ
ਸਾਰਾ ਵਿਹੜਾ ਔਰਤਾਂ ਤੇ ਮਰਦਾਂ ਦੇ ਪੈਰਾਂ ਨੇ ਢਕ ਲਿਆ।
ਏਥੇ ਆ ਕੇ ਮੇਰੇ ਪੈੱਨ ਦੇ ਸਾਹਮਣੇ ਕੱਲਰ ਆ ਉੱਤਰੀ। ਹੁਣ ਕਦੇ ਤਾਂ ਗੁਰਦੀਪ ਦੀ ਮਾਂ ਨੂੰ
ਦੰਦਲ਼ਾਂ ਪੈਂਦੀਆਂ ਦਿਸਣ ਲੱਗਦੀਆਂ ਤੇ ਕਦੇ ਉਸ ਦੇ ਪਿਓ ਨੂੰ ਦਿਲ ਦਾ ਦੌਰਾ ਪੈਂਦਾ ਨਜ਼ਰ
ਆਉਣ ਲਗਦਾ। ਫੇਰ ਉਸ ਦੀਆਂ ਭੈਣਾਂ ਦੇ ਹਾਉਕੇ ਸੁਣਾਈ ਦੇਣ ਲੱਗੇ! ਲੇਕਿਨ ਓਸ ਤੋਂ ਅੱਗੇ ਕੁਝ
ਵੀ ਵਾਪਰਦਾ ਨਜ਼ਰ ਨਾ ਪਿਆ।
ਅਗਲੇ ਕਈ ਦਿਨਾਂ ਦੌਰਾਨ, ਦੋ ਕੁ ਸਫਿ਼ਆਂ ‘ਤੇ ਖਿੰਡੀ ਹੁਣ-ਤੀਕ-ਦੀ-ਕਹਾਣੀ ਨੂੰ ਮੈਂ
ਵਾਰ-ਵਾਰ ਪੜ੍ਹਦਾ ਰਿਹਾ, ਪ੍ਰੰਤੂ ਗੱਲ ਅਗਾਹਾਂ ਨਾ ਤੁਰੀ।
ਇੱਕ ਦਿਨ ਗੁਰਦੀਪ ਕੇ ਘਰ ਕੋਲ਼ ਦੀ ਗੁਜ਼ਰਿਆ ਤਾਂ ਉਨ੍ਹਾਂ ਦੇ ਘਰ ਦੇ ਸਾਹਮਣੇ ਉੱਸਰੇ ਸਕੂਲ
‘ਤੇ ਨਜ਼ਰ ਪੈਂਦਿਆਂ ਹੀ, ਮੇਰੇ ਮਨ ‘ਚ ਸੁੱਕ ਰਹੀ ਕਹਾਣੀ ‘ਚੋਂ ਕਰੂੰਬਲ਼ਾਂ ਫੁੱਟਣ
ਲੱਗੀਆਂ। ਕਾਹਲ਼ੇ ਕਦਮੀਂ ਘਰ ਪਰਤਦਿਆਂ ਤੀਕਰ ਗੁਰਦੀਪ ਦੇ ਪਰਵਾਰ ਨੇ ਉਸ ਲਈ ਅੰਤਮ ਅਰਦਾਸ
ਦਾ ਦਿਨ ਮਿਥ ਲਿਆ। ਪਿੰਡ ਦੇ ਨੌਜਵਾਨ ਮੁੰਡੇ, ਘਰ-ਘਰ ਜਾ ਕੇ, ਉਗਰਾਹੀ ਕਰਨ ਲੱਗੇ। ਫਿਰ
ਭੋਗ ਦਾ ਦਿਨ ਆ ਢੁੱਕਿਆ ਤੇ ਸਾਰਾ ਪਿੰਡ ਸਕੂਲ ਦੇ ਵਿਹੜੇ ‘ਚ ਇਕੱਤਰ ਹੋਣ ਲੱਗਾ। ਧਰਤੀ ਤੋਂ
ਰਤਾ ਕੁ ਉੱਭਰਵੀਂ ਸਟੇਜ ਉੱਪਰ ਖੜ੍ਹੇ, ਨੀਲੀਆਂ ਦਸਤਾਰਾਂ ਵਾਲ਼ੇ ਤਿੰਨ ਸਿੰਘਾਂ ‘ਚੋਂ
ਵਿਚਕਾਰਲੇ ਨੇ ਆਪਣੀ ਸਰੰਗੀ ਦੇ ਗਜ਼ ਨੂੰ ਤਾਰਾਂ ‘ਤੇ ਘਸਾਉਂਦਿਆਂ, ਗਜ਼ ਨੂੰ ਸੱਜੇ ਪਾਸੇ
ਵੱਲ ਨੂੰ ਦੂਰ ਤੀਕਰ ਖਿੱਚਿਆ ਤੇ ਖੱਬੇ ਹੱਥ ਦੇ ਨਹੁੰਆਂ ਨੂੰ, ਸਰੰਗੀ ਦੇ ਸਿਰ ਕੋਲ਼ੋਂ,
ਚਮੜੇ ਦੀ ਤਾਰ ਨਾਲ਼ ਜੋੜ ਕੇ ਹੇਠਾਂ ਨੂੰ ਲੈ ਆਂਦਾ: ਸਰੰਗੀ ‘ਚੋਂ ‘ਚੂੰਅਅ’ ਕਰਦੀ ਤਿੱਖੀ
ਸੁਰ ਦੇ ਉਗਦਿਆਂ ਹੀ, ਸਾਹਮਣੇ ਦਰੀ ‘ਤੇ ਬੈਠੇ ਲੋਕਾਂ ਦੀਆਂ ਧੌਣਾਂ ਉੱਪਰ ਵੱਲ ਨੂੰ
ਖਿੱਚੀਆਂ ਗਈਆਂ। ਢੱਡਾਂ ਢੁਮਕਣ ਲੱਗੀਆਂ, ਤੇ ਤਿੰਨਾਂ ਨੇ ਇੱਕ-ਆਵਾਜ਼ ਹੋ ਕੇ, ‘ਹੋਅਅਅਅ’
ਦੀ ਲਮਕਵੀਂ ਹੇਕ ਹਵਾ ‘ਚ ਚੋਭ ਦਿੱਤੀ। ਸ਼ਹੀਦੀ ਵਾਰ ਖ਼ਤਮ ਹੋਈ, ਤਾਂ ਸਕੂਲ ਦੇ ਹੈਡ ਮਾਸਟਰ
ਨੇ ਸਟੇਜ ‘ਤੇ ਚੜ੍ਹ ਕੇ ਮਾਈਕਰੋਫ਼ੋਨ ਨੂੰ ਉੱਪਰ ਵੱਲ ਨੂੰ ਮਰੋੜਿਆ।
-ਸੰਗਤ ਜੀ, ਉਹ ਖੰਘੂਰੇ ਨਾਲ਼ ਗਲ਼ਾ ਸਾਫ਼ ਕਰਦਿਆਂ ਬੋਲਿਆ। -ਸਾਡੇ ਪਿੰਡ ਲਈ ਇਹ ਵੱਡੇ ਮਾਣ
ਦੀ ਗੱਲ ਐ ਕਿ ਸਾਡੇ ਪਿੰਡ ਦੀ ਮਿੱਟੀ ‘ਚੋਂ ਜਨਮੇ ਗੁਰਦੀਪ ਸਿੰਘ ਨੇ ਆਪਣੀ ਜਾਨ ਦੀ ਅਹੂਤੀ
ਦੇ ਕੇ ਆਪਣੀ ਮਾਂ ਦੇ ਦੁੱਧ ਨੂੰ ਸੁੱਚਾ ਕਰ ਦਿਖਾਇਐ! ਧੰਨ ਐ ਉਹ ਮਾਂ ਜਿਸ ਨੇ ਐਸੇ ਸੂਰਮੇਂ
ਨੂੰ ਜਨਮ ਦਿੱਤਾ! ਅੱਜ ਏਸ ਨੱਗਰ ਦੇ ਏਕੇ ਦੀ ਮਿਸਾਲ ਸਾਹਮਣੇ ਆ ਰਹੀ ਐ; ਅਸੀਂ ਗੁਰਦੀਪ
ਸਿੰਘ ਨੂੰ ਵਾਪਿਸ ਤਾਂ ਨਹੀਂ ਲਿਆ ਸਕਦੇ ਲੇਕਿਨ ਉਸ ਦੀ ਮਾਂ ਦਾ ਸਨਮਾਨ ਕਰਨ ਦਾ ਉੱਦਮ ਕਰ
ਕੇ, ਏਸ ਮਾਤਾ ਦੇ ਸਦਮੇਂ ਨੂੰ ਥੋੜ੍ਹਾ ਹੌਲ਼ਾ ਕਰਨ ਦੀ ਕੋਸਿ਼ਸ਼ ਜ਼ਰੂਰ ਕੀਤੀ ਐ।
ਏਸ ਤੋਂ ਬਾਅਦ ਪਿੰਡ ਦਾ ਸਰਪੰਚ, ਤਿੰਨ-ਰੰਗੇ ਕੱਪੜੇ ਦੀ ਬਣੀ ਹੋਈ ਇੱਕ ਥੈਲੀ ਆਪਣੇ ਹੱਥਾਂ
‘ਚ ਫੜ ਕੇ, ਹੈਡ ਮਾਸਟਰ ਦੇ ਬਰਾਬਰ ਖਲੋਅ ਗਿਆ। ਏਨੇ ਨੂੰ ਗੁਰਦੀਪ ਦੇ ਦੋ ਭਰਾ, ਲੜਖੜਾਉਂਦੀ
ਹੋਈ ਆਪਣੀ ਮਾਤਾ ਦੀਆਂ ਬਗ਼ਲਾਂ ਹੇਠ ਬਾਹਾਂ ਦਾ ਸਹਾਰਾ ਦੇ ਕੇ, ਉਸ ਨੂੰ ਸਟੇਜ ਵੱਲ ਨੂੰ
ਤੋਰਨ ਲੱਗੇ। ਮਾਤਾ ਦੇ ਬੈਠਣ ਲਈ ਜਗ੍ਹਾ ਬਣਾਉਣ ਲਈ, ਸਟੇਜ ਉੱਪਰਲੇ ਪਤਵੰਤੇ, ਬੈਠੇ-ਬੈਠੇ
ਹੀ, ਪਾਸਿਆਂ ਨੂੰ ਘਿਸੜ ਗਏ। ਮਾਤਾ ਨੇ ਆਪਣੀਆਂ ਗਿੱਲੀਆਂ ਅੱਖਾਂ ਨੂੰ ਵਾਰ-ਵਾਰ ਝਮਕਿਆ, ਤੇ
ਆਪਣੇ ਢਿਲ਼ਕੇ ਹੋਏ ਚਿਹਰੇ ਨੂੰ ਆਪਣੀ ਸਫ਼ੇਦ ਚੁੰਨੀਂ ਦੇ ਪੱਲੇ ਨਾਲ਼ ਪੂੰਝਿਆ।
ਏਸੇ ਦੌਰਾਨ, ਸਕੂਲ ਦੇ ਚੌੜੇ ਗੇਟ ‘ਤੇ ਘੂੰ-ਘੂੰ ਹੋਈ ਤੇ ਸਾਰੇ ਦਰਸ਼ਕਾਂ ਦੀਆਂ ਧੌਣਾਂ ਗੇਟ
ਵੱਲ ਨੂੰ ਗਿੜ ਗਈਆਂ। ਮਾਈਕਰੋਫ਼ੋਨ ਰਾਹੀਂ, ਇਕੱਠ ਨੂੰ ਸੰਬੋਧਤ ਹੋ ਰਹੇ ਹੈਡ ਮਾਸਟਰ ਦੀ
ਜ਼ੁਬਾਨ ਰੁਕੀ ਤੇ ਉਸ ਦਾ ਮੂੰਹ ਟੱਡਿਆ ਰਹਿ ਗਿਆ। ਗੇਟ ਵੱਲੀਂ ਝਾਕਦਿਆਂ ਉਸ ਦੇ ਭਰਵੱਟੇ
ਅੰਦਰ ਵੱਲ ਨੂੰ ਖਿੱਚੇ ਗਏ। ਹੁਣ ਮਾਈਕਰੋਫ਼ੋਨ ਦੇ ਸਟੈਂਡ ਦਾ ਡੰਡਾ ਉਸ ਦੇ ਖੱਬੇ ਹੱਥ ਵਿੱਚ
ਘੁੱਟਿਆ ਹੋਇਆ ਸੀ, ਤੇ ਆਪਣੇ ਸੱਜੇ ਪੰਜੇ ਨੂੰ ਚੰਦੋਏ ਵਾਂਗ ਆਪਣੀਆਂ ਅੱਖਾਂ ‘ਤੇ ਓੜ ਕੇ,
ਉਹ, ਗੇਟ ‘ਤੇ ਹੋ ਰਹੀ ਸਰਗਰਮੀ ਵੱਲੀਂ, ਟਿਕਟਿਕੀ ਲਗਾ ਕੇ ਦੇਖਣ ਲੱਗਾ। ਗੇਟ ‘ਤੇ ਅੱਪੜੀ
ਤਰਪਾਲ਼ੀ-ਛੱਤ ਵਾਲ਼ੀ ਜੀਪ ਨੇ ਘੁੰਮ ਕੇ ਗੇਟ ਵੱਲ ਨੂੰ ਮੂੰਹ ਵਧਾਇਆ, ਤੇ ਆਪਣੀ ਪਿੱਠ ਨੂੰ
ਦਰਸ਼ਕਾਂ ਵੱਲ ਕਰ ਲਿਆ। ਫਿ਼ਰ ਆਹਿਸਤਾ-ਆਹਿਸਤਾ ਪਿੱਛੇ ਵੱਲ ਨੂੰ ਰੁੜ੍ਹਦੀ, ਉਹ ਪੰਡਾਲ ਦੇ
ਅਖ਼ੀਰ ‘ਤੇ ਬੈਠੇ ਦਰਸ਼ਕਾਂ ਦੇ ਐਨ ਨਜ਼ਦੀਕ ਆ ਕੇ ਰੁਕ ਗਈ। ਤਰਪਾਲ਼ੀ-ਛੱਤ ਦੀ ਪਿੱਠ ਦਾ
ਪਰਦਾ ਉੱਪਰ ਨੂੰ ਉੱਠ ਕੇ, ਜੀਪ ਦੀ ਛੱਤ ਉੱਪਰ ਵਿਛ ਗਿਆ। ਦੋ ਸਿਪਾਹੀ ਛਾਲ਼ ਮਾਰ ਕੇ ਜੀਪ
‘ਚੋਂ ਬਾਹਰ ਆ ਖਲੋਤੇ। ਉਨ੍ਹਾਂ ‘ਚੋਂ ਇੱਕ ਨੇ ਆਪਣੇ ਹੱਥ ਵਿੱਚ ਪਕੜੀ ਬੰਦੂਕ ਨੂੰ ਮੋਢੇ
‘ਤੇ ਲਟਕਾਅ ਲਿਆ, ਤੇ ਦੂਜਾ ਆਪਣੇ ਹੱਥਾਂ ‘ਚ ਫੜੀਆਂ ਫਹੁੜੀਆਂ ਨੂੰ ਧਰਤੀ ‘ਤੇ ਖੜ੍ਹੀਆਂ
ਕਰਨ ਲੱਗਾ। ਅਗਲੇ ਪਲ, ਇੱਕ ਲੱਤ ਦਾ ਟੁੰਡ, ਜੀਪ ਦੀ ਪਿੱਠ ‘ਚੋਂ ਬਾਹਰ ਵੱਲ ਨੂੰ
ਨਿੱਕਲਿ਼ਆ, ਤੇ ਅੰਦਰੋਂ ਬਾਹਰ ਵੱਲ ਨੂੰ ਨਿੱਕਲ਼ੇ ਦੋ ਹੱਥ, ਉੱਪਰ ਵੱਲ ਨੂੰ ਉੱਠ ਕੇ, ਜੀਪ
ਦੀ ਪਿੱਠ ਦੇ ਫ਼ਰੇਮ ਉੱਪਰਲੇ ਸਰੀਏ ਨੂੰ ਟਟੋਲਣ ਲੱਗੇ। ਇੱਕ ਸਿਪਾਹੀ ਨੇ ਅੰਦਰੋਂ ਨਿੱਕਲ਼
ਰਹੇ ਜਿਸਮ ਨੂੰ ਸਹਾਰਾ ਦਿੱਤਾ, ਤੇ ਦੂਸਰੇ ਨੇ ਇਸ ਜਿਸਮ ਦਾ ਖੱਬਾ ਬੂਟ ਧਰਤੀ ‘ਤੇ ਟਿਕਦਿਆਂ
ਹੀ, ਆਪਣੇ ਹੱਥਾਂ ‘ਚ ਪਕੜੀਆਂ ਫਹੁੜੀਆਂ ਨੂੰ ਉਸ ਦੀਆਂ ਬਗ਼ਲਾਂ ਹੇਠ ਕਰ ਦਿੱਤਾ।
ਸਕੂਲ ਵਿੱਚ ਜੁੜੀ ਅੱਧੀ ਕੁ ਸੰਗਤ ਪੰਡਾਲ਼ ‘ਚੋਂ ਉੱਠ ਕੇ ਜੀਪ ਵੱਲ ਨੂੰ ਵਧਣ ਲੱਗੀ।
-ਆਹ ਕੀ ‘ਵਈ’? ਲੋਕ ਇੱਕ-ਦੂਜੇ ਨੂੰ ਪੁੱਛਣ ਲੱਗੇ। –ਕੌਣ ਉੱਤਰਿਐ ਜੀਪ ‘ਚੋਂ?
-ਉਏ ਇਹ ਤਾਂ ਗੁਰਦੀਪ ਫ਼ੌਜੀ ਐ! ਕਈ ਜਣੇਂ ਅੱਖਾਂ ਨੂੰ ਸੁੰਗੇੜਦਿਆਂ ਬੋਲੇ। –ਆਹ ਤਾਂ ਕਮਾਲ
ਈ ਹੋ ਗੀ!
-ਉਏ ਏਹ ਕਿੱਥੋਂ ਆ ਨਿੱਕਲਿ਼ਆ!
***
ਕਹਾਣੀ-ਮੁਕਾਬਲੇ ਲਈ ਮਿਥੇ ਦਿਨ, ਕਾਲਜ ਦੇ ਮੇਨ ਹਾਲ ‘ਚ ਪੰਜਾਬੀ ਦਾ ਮਜ਼ਮੂਨ ਪੜ੍ਹਨ ਵਾਲ਼ੇ
ਡੇਢ-ਦੋ ਸੌ ਵਿਦਿਆਰਥੀ ਸਟੇਜ ਦੇ ਸਾਹਮਣੇ ਬਿਰਾਜੇ ਹੋਏ ਸਨ! ਡਾਇਸ ਦੇ ਨਾਲ਼ ਟੇਢੇ ਰੁਖ਼
ਖਲੋਤਾ ਮਾਈਕਰੋਫ਼ੋਨ ਦਾ ਸਟੈਂਡ ਦੇਖਦਿਆਂ ਹੀ, ਮੇਰੇ ਦਿਲ ਨੂੰ ਤੁਣਕੇ ਵੱਜਣ ਲੱਗੇ। ਜਦੋਂ
ਚਾਰ ਕੁ ਲੜਕੀਆਂ ਆਪਣੀਆਂ ਕਹਾਣੀਆਂ ਮੁਕਾਅ ਚੁੱਕੀਆਂ, ਤਾਂ ਸਟੇਜ ਸਕੱਤਰ ਪ੍ਰੋਫ਼ੈਸਰ
ਕਿਰਪਾਲ ਸਾਗਰ ਨੇ ਮੇਰਾ ਨਾਮ ਪੁਕਾਰ ਦਿੱਤਾ।
-ਮੇਰੀ ਕਹਾਣੀ ਦਾ ਸਿਰਲੇਖ ਐ ‘ਸਿਪਾਹੀ ਦੀ ਮਾਂ’, ਜੀਭ ਨਾਲ਼ ਆਪਣੇ ਬੁੱਲ੍ਹਾਂ ਨੂੰ ਤਰ
ਰੱਖਣ ਦੀ ਕੋਸਿ਼ਸ਼ ਤੋਂ ਬਾਅਦ, ਸ੍ਰੋਤਿਆਂ ਵੱਲ ਨੂੰ ਪਿੱਠ ਕਰੀ ਬੈਠੇ ਤਿੰਨ ਜੱਜਾਂ ਦੇ
ਪੈਨਲ ਵੱਲ ਝਾਕਦਿਆਂ, ਮੈਂ ਕਿਰ ਰਹੀ ਅਵਾਜ਼ ‘ਚ ਬੋਲਿਆ। ਜੱਜਾਂ ਦੇ ਪਿਛਾੜੀ ਬੈਠੇ ਸੁਖਦੇਵ
ਸਿੰਘ ਨੇ ਆਪਣੀ ਕੂਹਣੀ, ਆਪਣੇ ਨਾਲ਼ ਬੈਠੇ ਵਿਸਾਖੇ ਬੌਡਵੀ ਦੀ ਵੱਖੀ ਵੱਲ ਨੂੰ ਵਧਾਅ
ਦਿੱਤੀ: ਦੋਹਾਂ ਦੇ ਚਿਹਰੇ ਇੱਕ-ਦੂਜੇ ਵੱਲ ਗਿੜੇ ਤੇ ਵਿਸਾਖੇ ਦੇ ਬੁੱਲ੍ਹ ਇੱਕ ਦੂਜੇ ਨਾਲ਼
ਜੁੜ ਕੇ ਬਾਹਰ ਵੱਲ ਨੂੰ ਧੱਕੇ ਗਏ। ਦਸ, ਪੰਦਰਾਂ ਫਿ਼ਕਰਿਆਂ ਨੂੰ ਪੜ੍ਹਨ ਤੋਂ ਬਾਅਦ ਮੇਰੀ
ਕਿਰੂੰ-ਕਿਰੂੰ ਕਰਦੀ ਅਵਾਜ਼ ਸਰੰਗੀ ਦੀਆਂ ਤਾਰਾਂ ਵਾਂਗ ਕੱਸੀ ਗਈ।
ਮੈਥੋਂ ਬਾਅਦ, ਵਿਸਾਖਾ ਬੌਡਵੀ ਪੈਰ ਘਸੀਟਦਾ ਸਟੇਜ ‘ਤੇ ਚੜ੍ਹਿਆ ਤਾਂ ਕਹਾਣੀ ਪੜ੍ਹਨ ਨਾਲੋਂ
ਉਸ ਦਾ ਧਿਆਨ ਆਪਣੀਆਂ ਕੰਬ ਰਹੀਆਂ ਉਂਗਲ਼ਾਂ ਨੂੰ ਕਾਬੂ ‘ਚ ਰੱਖਣ ਉੱਤੇ ਵਧੇਰੇ ਕੇਂਦਰਿਤ
ਸੀ। ਸੁਖਦੇਵ ਸੰਧੂ ਆਪਣੀ ਕਹਾਣੀ ਪੜ੍ਹਨ ਦੌਰਾਨ, ਕਹਾਣੀ ਦੇ ਵਰਕਿਆਂ ਵੱਲ ਘੱਟ, ਤੇ
ਚੋਰ-ਨਜ਼ਰੇ ਮੇਰੇ ਵੱਲ ਵਧੇਰੇ ਝਾਕੀ ਗਿਆ। ਡੂੰਘੀਆਂ ਤਿਊੜੀਆਂ ਹੇਠ ਸੁੰਗੋੜੀਆਂ ਉਸ ਦੀਆਂ
ਅੱਖਾਂ, ਪੰਦਰੀਂ-ਵੀਹੀਂ ਸਕਿੰਟੀਂ ਮੇਰੇ ਵੱਲ ਜਿਓਂ ਹੀ ਲਿਸ਼ਕਾਰਾ ਮਾਰਦੀਆਂ, ਮੈਂ ਆਪਣਾ
ਚਿਹਰਾ ਪੈਨਲ ਦੇ ਜੱਜਾਂ ਵੱਲ ਮੋੜ ਲੈਂਦਾ।
ਕਹਾਣੀ-ਮੁਕਾਬਲੇ ਦੇ ਅਖ਼ੀਰ ‘ਤੇ ਮੁੱਖ ਜੱਜ ਨੇ, ਲੰਮੀਂ ਭੂਮਿਕਾ ਤੋਂ ਬਾਅਦ ਨਤੀਜਾ ਐਲਾਨਣ
ਵੱਲ ਰੁਖ਼ ਮੋੜਿਆ: ਉਸ ਨੇ ਸਭ ਤੋਂ ਪਹਿਲਾਂ ਤੀਸਰੇ ਨੰਬਰ ‘ਤੇ ਆਈ ਕਿਸੇ ਲੜਕੀ ਦਾ ਨਾਮ
ਬੋਲਿਆ ਤਾਂ ਲੜਕੀਆਂ ਵਾਲ਼ੇ ਪਾਸਿਓਂ ਤਾੜੀਆਂ ਦਾ ਵਿਰਲਾ ਜਿਹਾ ਛੜਾਕਾ ਖੜਕ ਕੇ ਖ਼ਾਮੋਸ਼ ਹੋ
ਗਿਆ। ਦੂਸਰੇ ਨੰਬਰ ‘ਤੇ ਆਈ ਮੇਰੀ ਹਮਜਮਾਤਣ ਜਸਬੀਰ ਕੌਰ ਢਿੱਲੋਂ ਦੇ ਨਾਮ ‘ਤੇ ਵੱਜੀਆਂ
ਭਰਵੀਆਂ ਤਾੜੀਆਂ ‘ਚ ਅੱਧੇ ਕੁ ਲੜਕੇ ਵੀ ਸ਼ਾਮਲ ਸਨ, ਲੇਕਿਨ ਆਪਣਾ ਨਾਮ ਦੂਜੇ ਇਨਾਮ ਲਈ
ਸੁਣਦਿਆਂ ਹੀ ਆਪਣੀ ਕਾਪੀ ਨੂੰ ਬਗ਼ਲ ਵਿੱਚ ਤੁੰਨਦਿਆਂ, ਉਹ ਨਾਲ਼ ਦੀਆਂ ਲੜਕੀਆਂ ਦੇ ਪੈਰ
ਮਿਧਦੀ ਹੋਈ ਹਾਲ ਦੇ ਗੇਟ ਵੱਲ ਨੂੰ ਵਗ ਤੁਰੀ।
ਪਹਿਲੇ ਇਨਾਮ ਦੀ ਝਾਕ ‘ਚ ਬੈਠੇ ਵਿਸਾਖਾ ਬੌਡਵੀ ਤੇ ਸੁਖਦੇਵ ਸੰਧੂ ਆਪਣੇ ਮੋਢਿਆਂ ਨੂੰ
ਵਾਰ-ਵਾਰ ਆਪਣੇ ਕੰਨਾਂ ਵੱਲ ਨੂੰ ਖਿੱਚਣ ਲੱਗੇ। ਜੱਜ ਨੇ ਆਪਣੀ ਨਜ਼ਰ ਦਰਸ਼ਕਾਂ ‘ਤੇ ਘੁਮਾਈ,
ਤੇ ਆਪਣੀਆਂ ਭਵਾਂ ਨੂੰ ਉੱਪਰ ਨੂੰ ਖਿਚਦਿਆਂ, ਉਸ ਨੇ ਆਪਣੇ ਬੁੱਲ੍ਹਾਂ ਨੂੰ ਟੂਟੀ ਦੀ ਸ਼ਕਲ
ਵਿੱਚ ਸੁੰਗੇੜ ਲਿਆ। ਸਾਰੇ ਸਰੋਤੇ ਫ਼ਰੀਜ਼ ਹੋ ਗਏ। ਮੇਰੇ ਸਾਹਾਂ ‘ਚ ਧੁਣਖੁਣੀ ਚੱਲਣ ਲੱਗੀ।
-ਹੁਣ ਗੱਲ ਕਰਦੇ ਆਂ ਪਹਿਲੇ ਨੰਬਰ ‘ਤੇ ਆਈ ਕਹਾਣੀ ਦੀ, ਮਾਈਕਰੋਫ਼ੋਨ ਨੂੰ ਪਲ਼ੋਸਦਿਆਂ ਜੱਜ
ਬੋਲਿਆ। –ਸਾਡੀ ਨਜ਼ਰ ਸੀ ਗੁੰਦਵੇਂ ਪਲਾਟ ‘ਤੇ, ਤੇ ਇਸ ਦੇ ਨਾਲ਼-ਨਾਲ਼ ਪੁਖ਼ਤਾ
ਪਾਤਰ-ਉਸਾਰੀ ਉੱਤੇ... ਏਸ ਤੋਂ ਬਿਨਾ ਇਹ ਗੱਲ ਵੀ ਸਮਝਣਯੋਗ ਆ ਕਿ ਉਤਸੁਕਤਾ ਤੇ ਰੌਚਕਤਾ
ਤੋਂ ਬਿਨਾ ਪਾਠਕ ਕਹਾਣੀ ਦੇ ਨਾਲ਼ ਤੁਰਨ ਲਈ ਤਿਆਰ ਨਹੀ ਹੁੰਦਾ... ਕਹਾਣੀ ਦੇ ਅੰਤ ਉੱਤੇ
ਪਾਠਕ ਝਟਕਾ ਜਿਹਾ ਮਹਿਸੂਸ ਕਰਨਾਂ ਚਹੁੰਦਾ ਹੈ... ਅੱਜ ਪੜ੍ਹੀਆਂ ਗਈਆਂ ਕਹਾਣੀਆਂ ‘ਚੋਂ
ਚੰਗੀ ਮਿਹਨਤ ਦੀ ਝਲਕ ਨਜ਼ਰ ਆਉਂਦੀ ਐ... ਤਕਰੀਬਨ ਸਾਰੀਆਂ ਕਹਾਣੀਆਂ ਹੀ ਉੱਚ-ਪੱਧਰ ਵੱਲ
ਨੂੰ ਉੱਛਲ਼ਦੀਆਂ ਮਹਿਸੂਸ ਹੋਈਆਂ। ਫਿਰ ਵੀ ਸਾਡੀ ਪੈਨਲ ਨੇ ਇੱਕਸੁਰ ਫ਼ੈਸਲਾ ਇਹ ਦਿੱਤੈ ਕਿ
ਬੇਹਤਰੀਨ ਕਹਾਣੀ ਲਿਖਣ ਲਈ... ਇਕਬਾਲ ਸਿੰਘ ਰਾਮੂਵਾਲੀਆ ਨੂੰ ਮੁਬਾਰਿਕਬਾਦ ਦਿੱਤੀ ਜਾਵੇ!
ਆਪਣਾ ਨਾਂ ਸੁਣਦਿਆਂ ਹੀ ਮੇਰੇ ਕੰਨਾਂ ‘ਚੋਂ ਸੇਕ ਨਿੱਕਲਣ ਲੱਗਾ, ਤੇ ਤਾੜੀਆਂ ਦੀ ਲੰਮੀ
ਛਣਕਾਟ ‘ਚ ਇੱਕ ਭਰਵਾਂ ਸਾਹ ਮੇਰੇ ਫੇਫੜਿਆਂ ‘ਚ ਲਹਿ ਗਿਆ।
-ਰਵਾਇਤ ਮੁਤਾਬਿਕ ਕਹਾਣੀ ‘ਸਿਪਾਹੀ ਦੀ ਮਾਂ’ ਭਾਸ਼ਾ ਵਿਭਾਗ ਦੇ ਮਾਸਿਕ ਪੱਤਰ ‘ਜਨ ਸਾਹਿਤ’
ਵਿੱਚ ਛਾਪੀ ਜਾਵੇਗੀ, ਤਾੜੀਆਂ ਦਾ ਸ਼ੋਰ ਹਲਕਾ ਹੁੰਦਿਆਂ, ਜੱਜ ਨੇ ਐਲਾਨ ਕਰ ਦਿੱਤਾ।
ਸਮਾਗਮ ਦੇ ਖ਼ਾਤਮੇ ‘ਤੇ, ਪ੍ਰੋਫ਼ੈਸਰ ਸਾਗਰ ਵੱਲ ਵਧਦਿਆਂ ਮੇਰੇ ਹੱਥ ਆਪ-ਮੁਹਾਰੇ ਹੀ ਜੁੜ
ਗਏ: ਪ੍ਰੋਫ਼ੇਸਰ ਨੇ ਮੇਰਾ ਮੋਢਾ ਥਪਥਪਾਉਂਦਿਆਂ ਮੈਨੂੰ ਗਲਵਕੜੀ ‘ਚ ਲੈ ਲਿਆ। ਏਨੇ ਨੂੰ ‘ਜਨ
ਸਾਹਿਤ’ ਦਾ ਇੱਕ ਅਧਿਕਾਰੀ ਮੇਰੇ ਵੱਲ ਵਧਿਆ ਤੇ ਉਸ ਨੇ ਕਹਾਣੀ ਮੇਰੇ ਹੱਥੋਂ ਫੜ ਕੇ ਫ਼ੋਲਡਰ
ਦੇ ਹਵਾਲੇ ਕਰ ਦਿੱਤੀ।
ਅਗਲੇ ਦਿਨ ਵਿਸਾਖੇ, ਸੁਖਦੇਵ ਤੇ ਸੇਵੇ ਦੀ ਤ੍ਰਿਕੜੀ ਦੇ ਮੱਥਿਆਂ ‘ਚ ਮੁੰਜ ਦੀਆਂ ਰੱਸੀਆਂ
ਉੱਭਰੀਆਂ ਦਿਸੀਆਂ। ਸਾਈਕਲਾਂ ਨੂੰ ਸਟੈਂਡ ਦੇ ਹਵਾਲੇ ਕਰ ਕੇ, ਜਦੋਂ ਉਹ ਕਾਲਜ ਦੀ ਬਿਲਡਿੰਗ
ਵੱਲ ਨੂੰ ਵਧੇ ਸਨ ਤਾਂ ਮੈ ਨੋਟਿਸ-ਬੋਰਡ ਕੋਲ਼ ਖਲੋਤਾ ਉਹਨਾਂ ਨੂੰ ਉਡੀਕ ਰਿਹਾ ਸਾਂ,
ਪ੍ਰੰਤੂ ਉਹ ਮੇਰੇ ਲਾਗਿਓਂ ਇੰਝ ਗੁਜ਼ਰ ਗਏ ਜਿਵੇਂ ਕੋਈ ਸੈਰ ਕਰਦਾ-ਕਰਦਾ ਕਿਸੇ ਖੰਭੇ ਕੋਲ਼
ਦੀ ਲੰਘ ਜਾਂਦਾ ਹੈ। ਉਸ ਦਿਨ ਉਹ ਤਿੰਨੇ ਕਦੇ ਕੈਨਟੀਨ ‘ਚ ਵੜ ਜਾਂਦੇ, ਕਦੇ ਲਾਇਬਰੇਰੀ ‘ਚ,
ਤੇ ਕਦੇ ਸਾਈਕਲਾਂ ਦੇ ਸਾਹਮਣੇ ਵਾਲ਼ੇ ਲਾਅਨ ‘ਚ ਜਾ ਬੈਠਦੇ।
ਕਹਾਣੀ ਮੁਕਾਬਲੇ ਤੋਂ ਦੋ ਕੁ ਦਿਨ ਬਾਅਦ, ਪ੍ਰੋਫ਼ੈਸਰ ਸਾਗਰ ਵੱਲੋਂ ਵਿਦਿਆਰਥੀਆਂ ਦੀ
ਜਾਣਕਾਰੀ ਲਈ, ਮੇਰੀ ਕਹਾਣੀ ਬਾਰੇ, ਨੋਟਿਸ-ਬੋਰਡ ‘ਤੇ ਚਿਪਕਾਇਆ ਨੋਟਿਸ, ਪ੍ਰਗਟ ਹੋਣ ਤੋਂ
ਪੌਣੇ ਕੁ ਘੰਟੇ ਬਾਅਦ ਹੀ ਕਿਸੇ ਤਿੱਖੀ ਸ਼ੈਅ ਨਾਲ ਝਰੀਟਆ ਹੋਇਆ ਪਾਇਆ ਗਿਆ।
ਉਸ ਦਿਨ ਤੋਂ ਬਆਦ ਉਹ ਪੰਜਾਬੀ ਸਭਾ ਵਿੱਚ ਹਾਜ਼ਰ ਹੋਣਾ ਛੱਡ ਗਏ।
ਤਿੰਨ ਕੁ ਮਹੀਨੇ ਬਾਅਦ, ‘ਜਨ ਸਾਹਿਤ’ ‘ਚ ‘ਸਿਪਾਹੀ ਦੀ ਮਾਂ’ ਛਪਦਿਆਂ ਹੀ, ਤ੍ਰਿਕੜੀ ਦੇ
ਮੱਥਿਆਂ ਉੱਪਰਲੀਆਂ ਰੱਸੀਆਂ ਦਾ ਵੱਟ ਕਰੜਾਈ ਫੜਨ ਲੱਗਾ। ਅਖ਼ਬਾਰਾਂ ਵਾਲ਼ੇ ਗਿਆਨੀ ਦੀ
ਦੁਕਾਨ ‘ਤੇ ਚਾਹ ਪੀਂਦਿਆਂ, ਉਹ ਗਿਆਨੀ ਨੂੰ ਮੁਖ਼ਾਤਿਬ ਹੁੰਦੇ: ਆਹ ‘ਜਨ ਸਾਹਿਤ’ ਨੂੰ ਕੂੜੇ
‘ਚ ਕਿਉਂ ਨੀ ਸੁੱਟਦੇ, ਗਿਆਨੀ ਜੀ? ਏਹ ਵੀ ਕੋਈ ਪਰਚਾ ਐ? ਏਹਦੇ ਐਡੀਟਰ ਤਾਂ ਕਲਰਕ ਐ
ਕਲਰਕ... ਇਨ੍ਹਾਂ ਬਾਬੂਆਂ ਨੂੰ ਚੰਗੇ ਸਾਹਿਤ ਦੀ ਚੁੰਝ ਵੀ ਨੀ ਪਛਾਨਣੀ ਆਉਂਦੀ!
ਇੱਕ ਦਿਨ ਮੈਂ ਕਾਲਜ ਲਾਇਬਰੇਰੀਅਨ ਦੇ ਕਾਊਂਟਰ ਦੇ ਸਾਮਹਣੇ ਵਾਲ਼ੇ ਮੇਜ਼ ‘ਤੇ ਬੈਠਾ ਪੜ੍ਹ
ਰਿਹਾ ਸਾਂ ਤਾਂ ਤ੍ਰਿਕੜੀ ਆ ਧਮਕੀ। ਸੁਖਦੇਵ, ਲਾਇਬਰੇਰੀਅਨ ਨੂੰ ਸੰਬੋਧਨ ਹੋਇਆ: -ਤਿਆਗੀ
ਜੀ! ਯੇਹ ‘ਜਨ ਸਾਹਿਤ’ ਕੋ ਆਪ ਨੇ ਕਿਉਂ ਲਗਾ ਰੱਖਾ ਹੈ?
ਤਿਆਗੀ ਜੀ, ਆਪਣੀ ਠੋਡੀ ਨੂੰ ਆਪਣੀ ਛਾਤੀ ਵੱਲ ਨੂੰ ਖਿਚਦਿਆਂ, ਆਪਣੀਆਂ ਐਨਕਾਂ ਦੇ ਫ਼ਰੇਮ
ਉੱਪਰੋਂ ਦੀ ਸੁਖਦੇਵ ਵੱਲੀਂ ਝਾਕੇ ਤਾਂ ਉਹਨਾਂ ਦੇ ਮੱਥੇ ਦੀਆਂ ਸਿਲਵਟਾਂ ਸੰਘਣੀਆਂ ਹੋ
ਗਈਆਂ। –ਕਿਉਂ ਕਿਆ ਬਾਤ ਹੈ? ਆਪ ਕੋ ਪਸੰਦ ਨਹੀਂ ਯੇਹ ਪਰਚਾ?
-ਕਿਆ ਹੋਤਾ ਹੈ ਇਸ ਮੇਂ? ਸੁਖਦੇਵ ਸਿੰਘ ਆਪਣੇ ਸਿਰ ਨੂੰ ਝਟਕਦਿਆਂ ਬੋਲਿਆ। –ਗ੍ਹਸੀ-ਪਿਟੀ
ਸਮਗਰੀ ਛਪਤੀ ਹੈ ਇਸ ਮੇਂ... ਹਮੇਂ ਤੋ ਸਮਝ ਨਹੀਂ ਆਤੀ ਕਿ ਕਾਲਜ ਕਾ ਪੈਸਾ ਇਸ ਗ੍ਹਟੀਆ
ਮੈਗਜ਼ੀਨ ਪਰ ਕਿਉਂ ਬੇਕਾਰ ਖਰਚ ਕੀਆ ਜਾ ਰਹਾ ਹੈ। ਇਸ ਰਸਾਲੇ ਕੋ ਤੋ ਆਠਵੀਂ-ਦਸਵੀਂ ਕੇ
ਸਟੂਡੈਂਟ ਭੀ ਨਹੀਂ ਪੜ੍ਹਤੇ!
ਇੱਕ ਦਿਨ ਮੈਂ ਲਾਇਬਰੇਰੀ ‘ਚ ਰੱਖਿਆ ‘ਜਨ ਸਾਹਿਤ’ ਦਾ ਤਾਜ਼ਾ ਐਡਿਸ਼ਨ ਫਰੋਲ਼ ਬੈਠਾ ਜਿਸ ‘ਚ
ਮੇਰੀ ਕਹਾਣੀ ਛਪੀ ਸੀ: ਬਲੇਡ ਨਾਲ਼ ਝਟਕਾਅ ਕੇ ਗ਼ਾਇਬ ਕੀਤੇ ਮੇਰੀ ਕਹਾਣੀ ਵਾਲ਼ੇ ਹਿੱਸੇ ਦੀ
ਰਹਿੰਦ-ਖੂੰਦ੍ਹ ਦੇਖ ਕੇ ਮੈਨੂੰ ਇੰਝ ਜਾਪਿਆ ਜਿਵੇਂ ਇਹ ਬਲੇਡ ਮੇਰੀਆਂ ਆਂਦਰਾਂ ‘ਤੇ ਫੇਰਿਆ
ਗਿਆ ਹੋਵੇ।
ਕਹਾਣੀ ਛਪਣ ਤੋਂ ਬਾਅਦ ਮੈਂ ਹਰ ਰੋਜ਼ ਕਾਲਜੋਂ ਕਾਹਲ਼ੀ-ਕਾਹਲ਼ੀ ਪਿੰਡ ਪਹੁੰਚਦਾ, ਤੇ ਭਾਸ਼ਾ
ਵਿਭਾਗ ਵੱਲੋਂ ਡਾਕ ਰਾਹੀਂ ਭੇਜੇ ਜਾਣ ਵਾਲ਼ੇ, ਮੇਰੀ ਕਹਾਣੀ ਦੇ ਸੇਵਾ-ਫਲ਼ ਲਈ, ਡਾਕੀਏ
ਟਹਿਲ ਸਿੰਘ ਦੇ ਸਾਈਕਲ ਦੀ ਟੱਲੀ ਦੀ ਉਡੀਕ ਵਿੱਚ ਕੰਨ ਚੁੱਕੀ ਰਖਦਾ। ਟਹਿਲ ਸਿੰਘ, ਡਾਕ ਨੂੰ
ਸ਼ਾਮ ਦੇ ਪੰਜ ਕੁ ਵਜੇ ਤਕਸੀਮ ਕਰਿਆ ਕਰਦਾ ਸੀ, ਤੇ ਪੰਜ ਕੁ ਵਜਦੇ ਨੂੰ, ਮੇਰੇ ਕਦਮ,
ਆਪਮੁਹਾਰੇ ਹੀ, ਘਰ ਦੇ ਦਰਵਾਜ਼ੇ ਵੱਲ ਨੂੰ ਖਿੱਚੇ ਜਾਂਦੇ।
ਲੰਮੀ ਉਡੀਕ ਤੋਂ ਬਾਅਦ, ਇੱਕ ਦਿਨ ਟਹਿਲ ਸਿੰਘ ਨੇ ਮੁਸਕ੍ਰਾਉਂਦਿਆਂ ਹੋਇਆਂ ਇੱਕ ਖ਼ਾਕੀ
ਲਿਫ਼ਾਫ਼ਾ ਮੇਰੇ ਵੱਲ ਨੂੰ ਵਧਾਅ ਦਿੱਤਾ। ਲਿਫ਼ਾਫ਼ੇ ਦੇ ਬਾਹਰਲੇ ਪਾਸੇ ਭਾਸ਼ਾ ਵਿਭਾਗ
ਪੰਜਾਬ ਦੀ ਜਾਮੁਣੀ ਮੋਹਰ ਦੇਖ ਕੇ ਮੇਰੇ ਬੁੱਲ੍ਹਾਂ ‘ਚ ਚੁਟਕੀਆਂ ਵੱਜਣ ਲੱਗੀਆਂ, ਤੇ
ਮੇਰੀਆਂ ਗੱਲ੍ਹਾਂ ਅੱਖਾਂ ਵੱਲ ਨੂੰ ਉੱਭਰਨ ਲੱਗੀਆਂ। ਮੇਰੀਆਂ ਉਂਗਲ਼ਾਂ ਕਾਹਲ਼ੀ-ਕਾਹਲ਼ੀ
ਲਿਫ਼ਾਫ਼ੇ ਦੇ ਪੱਲੇ ਨੂੰ ਉਖਾੜਨ ਲੱਗੀਆਂ। ਅੰਦਰੋਂ ਨਿਕਲ਼ੀ ਚਿੱਠੀ ਦੀਆਂ ਤਹਿਆਂ ਨੂੰ
ਖੋਲ੍ਹਿਆ: ਤੀਜੀ ਕੁ ਸਤਰ ‘ਤੇ ਪੁਜਦਿਆਂ ਮੇਰੇ ਸਿਰ ਨੇ ਝਟਕਾ ਖਾਧਾ, ਅਤੇ ਮੇਰੇ ਮੱਥੇ ‘ਤੇ
ਪਸੀਨੇ ਦੀਆਂ ਬੂੰਦਾਂ ਛਲਕਣ ਲੱਗੀਆਂ! ਮੇਰਾ ਸਿਰ ਕੰਬਣ ਲੱਗਾ ਤੇ ਮੇਰੇ ਬੁੱਲ੍ਹ ਟੂਟੀ ਦੀ
ਸ਼ਕਲ ਵਿੱਚ ਬਾਹਰ ਵੱਲ ਨੂੰ ਧੱਕੇ ਗਏ। ਚਿੱਠੀ ‘ਚ ਲਿਖਿਆ ਸੀ: ‘ਜਨ ਸਾਹਿਤ’ ਵਿੱਚ ਸਿਰਫ਼
ਅਣਛਪੀਆਂ ਰਚਨਾਵਾਂ ਹੀ ਛਾਪੀਆਂ ਜਾਂਦੀਆਂ ਹਨ। ਮੋਗਾ ਵਿੱਖੇ ਹੋਏ ਕਹਾਣੀ-ਮੁਕਾਬਲੇ ‘ਚ
ਇਨਾਮ-ਪ੍ਰਾਪਤ ਤੁਹਾਡੀ ਕਹਾਣੀ ‘ਸਿਪਾਹੀ ਦੀ ਮਾਂ’ ਏਸ ਮਹੀਨੇ ‘ਜਨ-ਸਾਹਿਤ’ ਵਿੱਚ ਛਪੀ ਹੈ,
ਪ੍ਰੰਤੂ ਸਾਨੂੰ ਜਾਣਕਾਰੀ ਪ੍ਰਾਪਤ ਹੋਈ ਹੈ ਕਿ ‘ਜਨ ਸਾਹਿਤ’ ਵਿੱਚ ਛਪਣ ਤੋਂ ਪਹਿਲਾਂ ਇਹ
ਕਹਾਣੀ ਡੀ ਐਮ ਕਾਲਜ ਮੋਗਾ ਦੇ ਮੈਗ਼ਜ਼ੀਨ ਵਿੱਚ ਛਪ ਗਈ ਸੀ। ਇਸ ਜਾਣਕਾਰੀ ਦੇ ਨਾਲ਼ ਹੀ
ਸਬੂਤ ਲਈ ਉਸ ਮੈਗ਼ਜ਼ੀਨ ਦੀ ਕਾਪੀ ਵੀ ਸਾਡੇ ਦਫ਼ਤਰ ਵਿੱਚ ਪਹੁੰਚਾਈ ਗਈ ਹੈ ਜਿਸ ਵਿੱਚ
ਤੁਹਾਡੀ ਕਹਾਣੀ ਛਪੀ ਹੈ। ਇਸ ਲਈ ‘ਜਨ ਸਾਹਿਤ’ ਦੀ ਨੀਤੀ ਦੀ ਰੋਸ਼ਨੀ ਵਿੱਚ ਤੁਹਾਡੀ ਕਹਾਣੀ
ਦਾ ਸੇਵਾਫ਼ਲ ਤੁਹਾਨੂੰ ਭੇਟ ਨਹੀਂ ਕੀਤਾ ਜਾ ਸਕਦਾ।
ਚਿੱਠੀ ਵਾਲ਼ਾ ਵਰਕਾ ਮੇਰੀਆਂ ਕੰਬਦੀਆਂ ਉਂਗਲ਼ਾਂ ‘ਚੋਂ ਖਿਸਕ ਕੇ ਮੇਜ਼ ਉੱਪਰ ਦੋਬਾਰਾ ਤਹਿ
ਹੋ ਗਿਆ, ਤੇ ਮੇਰੇ ਜਿ਼ਹਨ ‘ਚ ਸੁਖਦੇਵ-ਵਿਸਾਖੇ-ਸੇਵੇ ਦੀ ਤ੍ਰਿਕੜੀ ਠਹਾਕੇ ਮਾਰ ਕੇ ਹੱਸਣ
ਲੱਗੀ। ਮੈਨੂੰ ਜਾਪਿਆ ਜਿਵੇਂ ਦੌੜ ਵਿੱਚ ਜਿੱਤਣ ਤੋਂ ਬਾਅਦ, ਜਦੋਂ ਮੈਂ ਮੰਚ ਉੱਪਰ ਪਹੁੰਚਿਆ
ਤਾਂ ਇਨਾਮ-ਤਕਸੀਮ ਵੇਲ਼ੇ ਮੇਰੇ ਹੱਥਾਂ ਵੱਲ ਵਧ ਰਹੀ ਟਰੋਫੀ ਨੂੰ, ਕਿਸੇ ਨੇ ਝਪਟ ਮਾਰ ਕੇ
ਫ਼ਰਸ਼ ‘ਤੇ ਵਗ੍ਹਾਅ ਮਾਰਿਆ ਹੋਵੇ। ਉਸ ਰਾਤ ਰੋਟੀ ਦੀ ਤੀਸਰੀ ਬੁਰਕੀ ਮੇਰੇ ਗਲ਼ੇ ‘ਚ
ਭੁਕਾਨਾ ਬਣ ਕੇ ਅਟਕ ਗਈ।
ਅਗਲੇ ਦਿਨ ਕਾਲਜ ਦੇ ਗੇਟ ਤੋਂ ਅੰਦਰ ਵੱਲ ਜਾਣ ਲੱਗਿਆਂ ਮੇਰੀਆਂ ਲੱਤਾਂ ਥਿੜਕਣ ਲੱਗੀਆਂ। ਹਰ
ਪਾਸੇ ਸੁਖਦੇਵ ਹੋਰਾਂ ਦੀ ਤਿੱਕੜੀ ਦੇ ਝਾਉਲ਼ੇ ਪਈ ਜਾਣ। ਧੌਣ ਨੂੰ ਉੱਭਰੇ ਹੋਏ ਮੋਢਿਆਂ ‘ਚ
ਡੁਬੋਈ, ਮੈਂ ਕੈਂਨਟੀਨ ਅਤੇ ਲਾਇਬਰੇਰੀ ‘ਚ ਹਾਜ਼ਰੀ ਲਵਾਉਣ ਦੀ ਬਜਾਏ, ਪ੍ਰੋਫ਼ੈਸਰ ਸਾਗਰ ਦੇ
ਕਮਰੇ ‘ਤੇ ਦਸਤਕ ਦੇ ਦਿੱਤੀ। ਪ੍ਰੋਫ਼ੈਸਰ ਨੇ ਚਿੱਠੀ ਨੂੰ ਪੜ੍ਹਦਿਆਂ, ਬੁੱਲ੍ਹਾਂ ਨੂੰ
ਇਕੱਠੇ ਕਰ ਕੇ ਬਾਹਰ ਵੱਲ ਨੂੰ ਧੱਕਿਆ, ਤੇ ਆਪਣੇ ਸਿਰ ਨੂੰ ਸੱਜੇ-ਖੱਬੇ ਗੇੜਿਆ। ਫਿਰ ਆਪਣੇ
ਬੁੱਲਾਂ ਨੂੰ ਅੰਦਰ ਵੱਲ ਨੂੰ ਚੂਸ ਕੇ ਤੇ ਆਪਣੀਆਂ ਭਵਾਂ ਨੂੰ ਉੱਪਰ ਵੱਲ ਨੂੰ ਖਿੱਚ ਕੇ, ਉਹ
ਮੇਰੇ ਵੱਲ ਝਾਕਣ ਲੱਗਾ। ਮੇਰੇ ਬੁੱਲ੍ਹ ਕੰਬਣ ਲੱਗੇ ਤੇ ਉਨ੍ਹਾਂ ਦੀਆਂ ਗੰਨੀਆਂ ਹੇਠਾਂ ਨੂੰ
ਢਿਲ਼ਕ ਗਈਆਂ। ਅੱਖਾਂ ਨੂੰ ਵਾਰ-ਵਾਰ ਝਮਕਦਿਆਂ ਉਨ੍ਹਾਂ ਵਿੱਚ ਸਿੰਮ ਆਈ ਨਮੀਂ ਨੂੰ ਛੁਪਾਉਣ
ਲਈ, ਨੀਵੀਂ ਪਾ ਕੇ, ਮੈਂ ਆਪਣੇ ਸੱਜੇ ਪੰਜੇ ਨੂੰ ਆਪਣੇ ਮੱਥੇ ਉੱਪਰ ਸੱਜੇ-ਖੱਬੇ ਘਸਾਉਣ
ਲੱਗਾ।
-ਕਿਸੇ ਕੋਲ਼ ਇਸ ਚਿੱਠੀ ਦਾ ਜਿ਼ਕਰ ਤਾਂ ਨ੍ਹੀ ਕੀਤਾ? ਪੰਜ-ਛੇ ਸਕਿੰਟਾਂ ਬਾਅਦ ਉਹ
ਬੁੜਬੁੜਾਇਆ।
-ਨੲ੍ਹੀ ਜੀ, ਮੈਂ ਸਿਰ ਨੂੰ ਸੱਜੇ-ਖੱਬੇ ਘੁੰਮਾਇਆ।
-ਕੋਈ ਫਿ਼ਕਰ ਨੀਂ ਕਰਨਾ, ਉਹ ਆਪਣੀ ਜੇਬ ‘ਚ ਟੁੰਗੇ ਪੈੱਨ ਨੂੰ ਟਟੋਲਣ ਲੱਗਾ। –ਮੈਂ ਚਿੱਠੀ
ਲਿਖਦਾਂ ਸੰਪਾਦਕ ਨੂੰ... ਉਹ ਮੇਰਾ ਵਾਕਿਫ਼ ਐ... ਤੇਰੀ ਕਹਾਣੀ ਕਿਹੜਾ ਕਿਸੇ ਕਮਰਸ਼ਲ
ਰਸਾਲੇ ‘ਚ ਛਪੀ ਐ... ਇਹ ਤਾਂ ਕਾਲਜ ਦਾ ਮੈਗਜ਼ੀਨ ਐਂ... ਮੈਂ ਲਿਖਦਾਂ ਸੰਪਾਦਕ ਨੂੰ ਬਈ
ਨਵੇਂ ਮੁੰਡਿਆਂ ਨੂੰ ਤੁਸੀਂ ਉਤਸ਼ਾਹ ਦੇਣੈ ਕਿ ਬੇਹੂਦਾ ਬਹਾਨੇ ਲਾ ਕੇ ਦਬਾਉਣੈ...
ਦੋ ਕੁ ਹਫ਼ਤੇ ਬਾਅਦ ਭਾਸ਼ਾ ਵਿਭਾਗ ਤੋਂ ਆਈ ਚਿੱਠੀ ‘ਚ ਲਿਖਿਆ ਹੋਇਆ ਸੀ: ਪ੍ਰੋਫ਼ੈਸਰ
ਕਿਰਪਾਲ ਸਾਗਰ ਵੱਲੋਂ ਤੁਹਾਡੀ ਕਹਾਣੀ ਦੇ ਸਿਲਸਿਲੇ ‘ਚ ਦਿੱਤੇ ਸਪਸ਼ਟੀਕਰਨ ਤੋਂ ਅਦਾਰਾ ‘ਜਨ
ਸਾਹਿਤ’ ਸੰਤੁਸ਼ਟ ਹੈ। ਪਹਿਲੀ ਚਿੱਠੀ ਕਾਰਨ ਤੁਹਾਨੂੰ ਹੋਈ ਮਾਨਸਿਕ ਪ੍ਰੇਸ਼ਾਨੀ ਲਈ ਅਸੀਂ
ਅਫ਼ਸੋਸ ਦਾ ਪ੍ਰਗਟਾਵਾ ਕਰਦੇ ਹਾਂ।
ਤੁਹਾਡੇ ਸੇਵਾਫ਼ਲ ਦਾ ਚੈੱਕ ਇਸ ਚਿੱਠੀ ਨਾਲ਼ ਨੱਥੀ ਕੀਤਾ ਜਾ ਰਿਹਾ ਹੈ।
-905-792-7357
ramoowalia@rogers.com
-0-
|