ਕਈ ਸਾਲ ਪਹਿਲਾਂ, ਭਾਰਤੀ ਪੁਲਾੜ
ਵਿਗਿਆਨੀ ਰਾਕੇਸ਼ ਸ਼ਰਮਾ ਜਦੋਂ ਸੋਵੀਅਤ ਯੂਨੀਅਨ ਨਾਲ ਕਿਸੇ ਸਾਂਝੀ ਸਕੀਮ ਅਧੀਨ, ਸੋਵੀਅਤ
ਯੂਨੀਅਨ ਦੇ ਪੁਲਾੜ ਵਿਗਿਆਨੀਆਂ ਨਾਲ ਪੁਲਾੜ ਵਿਚ ਗਿਆ ਸੀ ਤਾਂ ਉਸ ਵੇਲੇ ਦੀ ਦੇਸ਼ ਦੀ
ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ‘ਲਾਈਵ ਟੈਲੀਕਾਸਟ’ ਸਮੇਂ ਉਸਨੂੰ ਪੁਲਾੜ ਵਿਚ ਹੀ ਸਵਾਲ
ਕੀਤਾ ਸੀ ਕਿ ਕੀ ਉਸ ਨੂੰ ਪੁਲਾੜ ਵਿਚੋਂ ‘ਭਾਰਤ’ ਨਜ਼ਰ ਆਉਂਦਾ ਹੈ ਅਤੇ ਕਿਵੇਂ ਦਾ ਨਜ਼ਰ
ਆਉਂਦਾ ਹੈ? ਪੁਲਾੜੀ ਸੂਟ ਵਿਚ ਲਿਪਟੇ ਰਾਕੇਸ਼ ਸ਼ਰਮਾ ਨੇ ਮੁਸਕਰਾ ਕੇ ‘ਹਾਂ’ ਵਿਚ ਜਵਾਬ ਦੇ
ਕੇ ਕਿਹਾ ਸੀ, “ਸਾਰੇ ਜਹਾਂ ਸੇ ਅੱਛਾ।”
ਆਪਣਾ ਮੁਲਕ ਹਰ ਇੱਕ ਨੂੰ ਪਿਆਰਾ ਹੁੰਦਾ ਹੈ, ਜਿਹੜਾ ਕੋਈ ਜਿੰਨਾਂ ਵੀ ਆਪਣੇ ਮੁਲਕ ਤੋਂ ਦੂਰ
ਹੁੰਦਾ ਹੈ ਓਨਾ ਹੀ ਉਸਦੇ ਮਨ ਵਿਚ ਆਪਣੀ ਧਰਤੀ ਲਈ ਮੋਹ ਅਤੇ ਹੇਰਵਾ ਵਧੇਰੇ ਡੂੰਘਾ ਹੁੰਦਾ
ਹੈ। ਅਸੀਂ ਜਿਹੜੇ ਆਪਣੇ ਦੇਸ਼ ਨੂੰ ਚੰਗੀ ਰੋਜ਼ੀ ਰੋਟੀ ਅਤੇ ਹੋਰ ਚੰਗੇ ਜੀਵਨ ਦੀ ਤਲਾਸ਼
ਵਿਚ ਛੱਡ ਕੇ ਪਰਾਈਆਂ ਧਰਤੀਆਂ ‘ਤੇ ਆ ਵੱਸੇ ਹਾਂ, ਸਾਡੇ ਨਾਲੋਂ ਜਿ਼ਆਦਾ ਆਪਣੀ ਧਰਤੀ ਦੇ
ਮੋਹ ਪਿਆਰ ਨੂੰ ਵੱਧ ਹੋਰ ਕੌਣ ਮਹਿਸੂਸ ਕਰ ਸਕਦਾ ਹੈ!
ਆਪਣੇ ਮੁਲਕ ਨਾਲ, ਆਪਣੇ ਖਿੱਤੇ ਨਾਲ, ਆਪਣੀਆਂ ਜੜ੍ਹਾਂ ਨਾਲ ਹਰ ਇੱਕ ਦਾ ਮੋਹ ਅਤੇ ਮਾਣ ਦਾ
ਰਿਸ਼ਤਾ ਹੁੰਦਾ ਹੈ। ਇਹ ਹੋਣਾ ਵੀ ਚਾਹੀਦਾ ਹੈ। ਲੋੜ ਇਸ ਗੱਲ ਦੀ ਹੈ ਕਿ ਇਹ ਮਾਣ ਕਿਸੇ
ਪ੍ਰਕਾਰ ਦੇ ਹੰਕਾਰ ਵਿਚ ਤਬਦੀਲ ਨਹੀਂ ਹੋਣਾ ਚਾਹੀਦਾ। ਅਸੀਂ ਮੁਲਕਾਂ ਜਾਂ ਖਿਤਿੱਆਂ ਵਿਚ
ਬੇਸ਼ੱਕ ਵੰਡੇ ਵੀ ਰਹੀਏ, ਆਪਣੀ ਵਿਰਾਸਤ ਉੱਤੇ ਬਣਦਾ ਮਾਣ ਵੀ ਕਰੀਏ, ਪਰ ਦੂਜਿਆ ਮੁਲਕਾਂ
ਜਾਂ ਲੋਕਾਂ ਨਾਲ ਪਿਆਰ ਅਤੇ ਇਨਸਾਨੀਅਤ ਦਾ ਰਿਸ਼ਤਾ ਵੀ ਬਣਾਈ ਰੱਖੀਏ।
ਅਸੀਂ ਪਰਵਾਸੀ ਪਹਿਲਾਂ ਭਾਰਤੀ ਹਾਂ, ਫਿਰ ਪੰਜਾਬੀ। ਪਰ ਦਿਲਚਸਪ ਗੱਲ ਤਾਂ ਇਹ ਹੈ ਕਿ ਅਸੀਂ
ਏਥੇ ਆ ਕੇ ਮਝੈਲ, ਦੁਆਬੀਏ ਅਤੇ ਮਲਵਈ ਵੀ ਹਾਂ। ਹਰੇਕ ਇਲਾਕੇ ਵਾਲਿਆਂ ਨੇ ਏਥੇ ਆ ਕੇ ਆਪੋ
ਆਪਣੇ ਇਲਾਕੇ ਦੇ ਨਾਂ ‘ਤੇ ਸਭਾ ਸੋਸਾਇਟੀਆਂ ਬਣਾਈਆਂ ਹੋਈਆਂ ਹਨ। ਮੈਨੂੰ ਇਸ ‘ਤੇ ਵੀ ਕੋਈ
ਇਤਰਾਜ਼ ਨਹੀਂ। ਪੰਜਾਬ ਵਿਚ ਵੀ ਇੱਕੋ ਇਲਾਕੇ ਵਾਲਿਆਂ ਦਾ ਦੂਜੇ ਇਲਾਕਿਆਂ ਨਾਲੋਂ ਜੀਵਨ
–ਸ਼ੈਲੀ ਦਾ , ਭਾਸ਼ਾ ਦਾ , ਸਭਿਆਚਾਰਕ ਰਵਾਇਤਾਂ ਦਾ ਬੇਮਲੂਮਾ ਜਿਹਾ ਵਖਰੇਵਾਂ ਉਹਨਾਂ ਨੂੰ
ਵਧੇਰੇ ਕਰਕੇ ਆਪਣੇ ਆਪਣੇ ‘ਝੁੰਡ’ ਨਾਲ ਜੋੜਨ ਵਿਚ ਸਹਾਈ ਹੁੰਦਾ ਹੈ। ਪਰ ਮਸਲਾ ਉਦੋਂ ਪੈਦਾ
ਹੁੰਦਾ ਹੈ ਜਦੋਂ ਇੱਕ ਇਲਾਕੇ ਵਾਲੇ ਦੂਜੇ ਇਲਾਕੇ ਵਾਲਿਆਂ ਨਾਲੋਂ ਆਪਣੇ ਆਪ ਨੂੰ ‘ਵਧੀਆ’
ਸਮਝਣ ਲੱਗਦੇ ਹਨ ਅਤੇ ਦੂਜੇ ਇਲਾਕੇ ਵਾਲਿਆਂ ਦਾ ਮਜ਼ਾਕ ਉਡਾਉਂਦੇ ਹਨ। ਅਸੀਂ ਅਕਸਰ
ਇਸਤਰ੍ਹਾਂ ਦਾ ਵਿਤਕਰਾ ਅਤੇ ਮਜ਼ਾਕ ਸੁਣਦੇ ਕਰਦੇ ਰਹਿੰਦੇ ਹਾਂ। ਆਪਣੇ ਆਪ ਨੂੰ ‘ਉੱਤਮ’ ਅਤੇ
ਦੂਜੇ ਨੂੰ ‘ਨਖਿੱਧ’ ਸਾਬਤ ਕਰਨ ਦੀ ਕੋਸਿ਼ਸ਼ ਹਾਸੇ ਹਾਸੇ ਵਿਚ ਕਰਦੇ ਰਹਿੰਦੇ ਹਾਂ।
ਮੈਂ ਮਾਝੇ ਦੇ ਬਹੁਤ ਪ੍ਰਸਿੱਧ ਪਿੰਡ ਸੁਰ ਸਿੰਘ ਦਾ ਜੰਮ -ਪਲ ਹਾਂ। ਪਾਕਿਸਤਾਨ ਬਣਨ ਤੋਂ
ਪਹਿਲਾਂ ਇਹ ਪਿੰਡ ਜਿ਼ਲ੍ਹਾ ਲਾਹੌਰ ਦੀ ਕਸ੍ਰੂਰ ਤਹਿਸੀਲ ਵਿਚ ਪੈਂਦਾ ਸੀ। ਅੱਜ ਕੱਲ੍ਹ ਇਹ
ਪਿੰਡ ਅੰਮ੍ਰਿਤਸਰ ਦੀ ਪੱਟੀ ਤਹਿਸੀਲ ਦਾ ਹਿੱਸਾ ਹੈ। ਇਸ ਇਲਾਕੇ ਨੂੰ ‘ਮਾਝੇ ਦੀ ਧੁੰਨੀ’
ਕਿਹਾ ਜਾਂਦਾ ਹੈ। ਪ੍ਰਸਿੱਧ ਸਿੱਖ ਸ਼ਹੀਦ, ਸੂਰਮਿਆਂ ਵਿਚੋਂ ਬਹੁਤ ਸਾਰਿਆਂ ਦੇ ਜਨਮ ਅਸਥਾਨ
ਅਤੇ ਕਰਮ-ਭੂਮੀ ਇਹ ਇਲਾਕਾ ਰਿਹਾ ਹੈ। ਬਾਬਾ ਬੁੱਢਾ ਸਾਹਿਬ, ਮਾਈ ਭਾਗੋ, ਭਾਈ ਬਿਧੀ ਚੰਦ,
ਭਾਈ ਮਹਾਂ ਸਿੰਘ, ਭਾਈ ਤਾਰੂ ਸਿੰਘ, ਬਾਬਾ ਦੀਪ ਸਿੰਘ, ਨਵਾਬ ਕਪੂਰ ਸਿੰਘ, ਸੁੱਖਾ ਸਿੰਘ
ਮਾੜੀ ਕੰਬੋ, ਤਾਰਾ ਸਿੰਘ ਡੱਲ ਵਾਂ ਆਦਿ ਅਨੇਕਾਂ ਸੂਰਬੀਰ ਸ਼ਹੀਦ ਇਸ ਇਲਾਕੇ ਦੇ ਦਸ ਮੀਲ ਦੇ
ਏਰੀਏ ਵਿਚ ਹੋਏ ਹਨ। ਇਸ ਇਲਾਕੇ ਵਾਲਿਆਂ ਦਾ ਆਪਣੇ ਇਤਿਹਾਸ ਉੱਤੇ ਮਾਣ ਕਰਨਾ ਬਣਦਾ ਹੈ। ਪਰ
ਮੈਂ ਵੇਖਿਆ ਸੁਣਿਆਂ ਹੈ ਕਿ ਇਸ ਇਲਾਕੇ ਦੇ ਲੋਕ ਕੇਵਲ ਅਤੇ ਕੇਵਲ ਆਪਣੇ ਆਪ ਨੂੰ ਹੀ ‘ਅਸਲੀ
ਮਝੈਲ’ ਸਮਝਦੇ ਹਨ। ਰਾਵੀ ਬਿਆਸ ਵਿਚਲੇ ਦੂਜੇ ਇਲਾਕੇ ਨੂੰ, ਜੋ ਮਾਝਾ ਹੀ ਹੈ, ਇਹ ‘ਮਾਝਾ’
ਹੀ ਨਹੀਂ ਸਮਝਦੇ। ਜੇ ਸਮਝਦੇ ਵੀ ਹਨ ਤਾਂ ਛੁਟਿਆ ਕੇ ਵੇਖਦੇ ਹਨ। ਬਟਾਲੇ ਅਤੇ ਮਹਿਤੇ ਵਿਚਲੇ
ਇਲਾਕੇ ਨੂੰ ‘ਰਿਆੜਕੀ’ ਕਿਹਾ ਜਾਂਦਾ ਹੈ। ‘ਮਾਝੇ ਦੀ ਧੁੰਨੀ’ ਵਾਲੇ ‘ਰਿਆੜਕੀ’ ਵਾਲਿਆਂ ਨੂੰ
ਆਪਣੇ ਆਪ ਤੋਂ ‘ਛੋਟਾ’ ਸਮਝਦੇ ਹਨ। ਦੁਆਬੇ ਵਾਲਿਆਂ ਨੂੰ ਉਸਤੋਂ ਵੀ ‘ਗਿਆ ਗੁਜ਼ਰਿਆ’ ਆਖਦੇ
ਹਨ। ਪਿਛਲੇ ਦਿਨੀਂ ਗਾਇਕ ਅਮਰਿੰਦਰ ਗਿੱਲ ਨਾਲ ਮੇਰੇ ਘਰ ਆਇਆ ਉਸਦਾ ਇੱਕ ਦੋਸਤ ਜਾਣ ਪਛਾਣ
ਕਰਦਿਆਂ ਡੇਰੇ ਬਾਬੇ ਨਾਨਕ ਨੇੜਲੇ ਮੇਰੀ ਮਾਸੀ ਦੇ ਪਿੰਡ ਠੇਠਰਕੇ ਦਾ ਨਿਕਲ ਆਇਆ ਤਾਂ ਮੈਂ
ਉਸ ਨਾਲ ਇਲਾਕੇ ਦੀ ਸਾਂਝ ਪਾਉਂਦਿਆਂ ਕਿਹਾ, “ਫਿਰ ਤਾਂ ਯਾਰ ਤੂੰ ਵੀ ਮਝੈਲ ਹੋਇਆ!” ਉਹ
ਕਹਿੰਦਾ, “ਨਹੀਂ ਭਾ ਜੀ ਅਸੀਂ ਮਝੈਲ ਨਹੀਂ, ਮਾਝਾ ਤਾਂ ਪੱਟੀ-ਤਰਨਤਾਰਨ ਵਾਲਾ ਇਲਾਕਾ ਹੈ।”
ਮੈਂ ਉਸਨੂੰ ਸਮਝਾਇਆ ਕਿ ਬਿਆਸ ਅਤੇ ਰਾਵੀ ਦਰਿਆਵਾਂ ਦੇ ਮੱਧ ਵਿਚ ਆਉਣ ਵਾਲ ਸਾਰਾ ਇਲਾਕਾ ਹੀ
ਮਾਝਾ ਹੈ ਤਾਂ ਕਿਤੇ ਜਾ ਕੇ ਉਸਨੂੰ ਮੇਰੀ ਗੱਲ ਸਮਝ ਆਈ। ‘ਮਾਝੇ ਦੀ ਧੁੰਨੀ’ ਵਾਲਿਆਂ ਨੇ
ਧੱਕੇ ਨਾਲ ਹੀ ਉਸਦਾ ‘ਮਝੈਲ’ ਹੋਣ ਦਾ ਹੱਕ ਖੋਹ ਲਿਆ ਹੋਇਆ ਸੀ।
ਆਪਣੇ ਜੀਵਨ ਦੇ ਮੁਢਲੇ ਸਾਲ ਮਾਝੇ ਵਿਚ ਗੁਜ਼ਾਰਨ ਤੋਂ ਪਿੱਛੋਂ ਅਸੀਂ ਦੁਆਬੇ(ਜਲੰਧਰ)ਵਿਚ ਆ
ਗਏ। ਏਥੇ ਆਕੇ ਪਤਾ ਲੱਗਾ ਕਿ ਜਿਹੜੇ ਦੁਆਬੇ ਨੂੰ ਸਾਡੇ ਇਲਾਕੇ ਵਿਚ ‘ਐਵੇਂ ਕਿਵੇਂ’ ਸਮਝਿਆ
ਜਾਂਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਇਹ ਦੁਆਬੀਏ ‘ਮੀਸਣੇ’, ‘ਮੂੰਹ ਦੇ ਮਿੱਠੇ’ ਅਤੇ ‘ਦਿਲ
ਦੇ ਖੋਟੇ’ ਹੁੰਦੇ ਹਨ; ਇਹ ਬੋਲਣ ਲੱਗਿਆਂ ‘ਵਹਿੜਕੇ ਦੀ ਵੱਖੀ ਵਿਚ ਵੱਟਾ ਮਾਰਨ ਦੀ ਥਾਂ’,
‘ਬਹਿੜਕੇ ਦੀ ਬੱਖੀ ਬਿੱਚ ਬੱਟਾ ਮਾਰਦੇ’ਹਨ; ਉਹੋ ਦੁਆਬੀਏ ਮਝੈਲਾਂ ਨੂੰ ‘ਮੂਰਖ਼’,
‘ਬੜਬੋਲੇ’ ਅਤੇ ‘ਲੜਾਕੇ’ ਆਖ ਕੇ ਨਿੰਦਦੇ ਹਨ ਅਤੇ ਉਹਨਾਂ ਦੀ ਬੋਲੀ ਦੇ ‘ਇਤਰ੍ਹਾਂ’,
‘ਕਿੱਤਰ੍ਹਾਂ’, ‘ਗਾੜੀ-ਪਛਾੜੀ’, ‘ਧਾਨੂੰ’ ਸ਼ਬਦਾਂ ਦੇ ਉਚਾਰਣ ਨੂੰ ਲੈ ਕੇ ਉਹਨਾਂ ਦਾ
ਮਜ਼ਾਕ ਊਡਾਉਂਦੇ ਰਹਿੰਦੇ ਹਨ। ਸੁਭਾ ਦੇ ਖੁੱਲ੍ਹੇ-ਖੁਲਾਸੇਪਣ ਕਰਕੇ ਮਝੈਲਾਂ ਅਤੇ ਮਲਵਈਆਂ
ਦੀ ਥੋੜ੍ਹੀ ਕੁ ਸਾਂਝ ਬਣਦੀ ਹੈ। ਉਂਜ ਇਹ ਵੀ ਇਕ ਦੂਜੇ ਬਾਰੇ ਕੋਈ ਬਹੁਤੀ ਉੱਤਮ ਰਾਇ ਨਹੀਂ
ਰੱਖਦੇ। ਪਾਕਿਸਤਾਨ ਬਣਨ ਪਿੱਛੋਂ ਮਾਲਵੇ ਵਿਚ ਜਾ ਵੱਸੇ ਮਝੈਲਾਂ ਨੂੰ ਮਲਵਈ ਮਜ਼ਾਕ ਨਾਲ
‘ਭਾਊ’ ਆਖਦੇ ਹਨ। ਉਹਨਾਂ ਨੂੰ ‘ਚੋਰ’ ਅਤੇ ‘ਲੜਾਕ’ੇ ਵੀ ਆਖਦੇ ਹਨ। ਉਹਨਾਂ ਦੇ ਚਿੱਟੇ
ਕੱਪੜੇ ਪਾ ਕੇ ਅਤੇ ਬਣ ਠਣ ਕੇ ਰਹਿਣ ਦੀ ਆਦਤ ਨੂੰ ‘ਬੋਝੇ ਵਿਚ ਗਾਜਰਾਂ ਵਾਲੇ ਲਾਹੌਰ ਦੇ
ਸ਼ੌਕੀਨ’ਨਾਲ ਜੋੜਦੇ ਹਨ। ‘ਭਾਊ’ ਉਹਨਾਂ ਦੇ ਖਾਣ ਪੀਣ ਅਤੇ ਪਹਿਨਣ-ਪੱਚਰਨ’ ਦੀ ਘਾਟ ਨੂੰ
ਗਿਣਾਉਂਦੇ ਰਹੇ ਹਨ ਅਤੇ ਉਹਨਾਂ ਦੇ ‘ਪਛੜੇਪਨ’ ਦਾ ਮੌਜੂ ਉਡਾਉਂਦੇ ਰਹੇ ਹਨ। ਦੂਜੇ ਮਲਵਈਆਂ
ਦੀ ਭਾਸ਼ਾ ਵਿਚਲੇ ਸ਼ਬਦਾਂ, ‘ਸੋਨੂੰ’, ‘ਥੋਨੂੰ’, ‘ਥੋਡੇ’, ‘ਸੋਡੇ’, ‘ਆਇਆ ਤੀ’, ‘ਗਿਆ
ਤੀ’ ਦੇ ਉਚਾਰਣ ਦਾ ਅਤੇ ਮੁਰਗੇ ਦਾ ਮੀਟ ਬਣਾਉਣ ਨੂੰ ‘ਕੁੱਕੜ ਦੀ ਦਾਲ ਬਣਾਉਣ’ ਆਖਣ ਦਾ
ਮਜ਼ਾਕ ਵੀ ਉਡਾਉਂਦੇ ਹਨ ।
ਹੁਣ ਸੰਚਾਰ ਸਾਧਨਾਂ ਦੇ ਵਿਆਪਕ ਪਸਾਰੇ ਅਤੇ ਵਧ ਗਏ ਆਵਾਜਾਈ ਦੇ ਸਾਧਨਾਂ ਨੇ ਸਾਰੇ ਇਲਾਕਿਆਂ
ਨੂੰ ਇੱਕ ਦੂਜੇ ਦੇ ਬਹੁਤ ਨੇੜੇ ਲੈ ਆਂਦਾ ਹੈ।ਹੌਲੀ ਹੌਲੀ ਭਾਸ਼ਾਈ ਵਖਰੇਵਾਂ ਵੀ ਘਟ ਰਿਹਾ
ਹੈ। ਆਪਸੀ ਵਧੇ ਮੇਲ ਮਿਲਾਪ ਨੇ ਇੱਕ ਦੂਜੇ ਇਲਾਕੇ ਬਾਰੇ ਫ਼ੈਲੀਆਂ ਗ਼ਲਤ-ਫ਼ਹਿਮੀਆਂ ਵੀ ਦੂਰ
ਕੀਤੀਆਂ ਹਨ। ਆਪਸੀ ਪਿਆਰ ਅਤੇ ਪਛਾਣ ਵੀ ਵਧ ਰਹੀ ਹੈ। ਵਿਦਿਆ ਦੇ ਪਸਾਰ ਨੇ ਸਭਿਆਚਾਰਕ
ਪਛੜਾਪਨ ਵੀ ਦੂਰ ਕੀਤਾ ਹੈ। ਅਸੀਂ ਮਝੈਲ, ਮਲਵਈ ਜਾਂ ਦੁਆਬੀਏ ਹੁੰਦੇ ਹੋਏ ਵੀ ਆਪਣੀ ਪੰਜਾਬੀ
ਪਛਾਣ ਬਣਾ ਰਹੇ ਹਾਂ। ਅਸੀਂ ,ਜੋ ਕੈਨੇਡਾ ਅਮਰੀਕਾ ਦੀ ਧਰਤੀ ‘ਤੇ ਆ ਵੱਸੇ ਹਾਂ ਆਪਣੇ
ਇਲਾਕਿਆਂ ਦੀ ਸਾਂਝ ਵੀ ਬੇਸ਼ੱਕ ਬਣਾਈ ਰੱਖੀਏ ; ਆਪਣੇ ਪਿਛੋਕੜ ‘ਤੇ ਜੰਮ ਜੰਮ ਮਾਣ ਕਰੀਏ,
ਪਰ ਦੂਜਿਆਂ ਨੂੰ ਹਿਕਾਰਤ ਨਾਲ ਨਾ ਵੇਖੀਏ।
ਤੁਹਾਡੇ ਵਾਂਗ ਹੀ ਮੇਰੇ ਅਨੁਭਵ ਵਿਚ ਇਹੋ ਹੀ ਆਇਆ ਹੈ ਕਿ ਸਿਆਣਪ ਅਤੇ ਵਡਿਆਈ ਕਿਸੇ ਇੱਕੋ
ਖਿੱਤੇ ਜਾਂ ਭਾਈਚਾਰੇ ਦੀ ਮਲਕੀਅਤ ਨਹੀਂ ਹੁੰਦੀ। ਮੇਰੇ ਬੜੇ ਮਿਹਰਬਾਨ, ਦਿਆਲੂ ਅਤੇ ਪ੍ਰੇਮੀ
ਲੋਕ ਪੰਜਾਬ ਦੇ ਸਭਨਾਂ ਖਿੱਤਿਆਂ ਨਾਲ ਹੀ ਸੰਬੰਧਿਤ ਹਨ। ਉਹਨਾਂ ਵਿਚਲਾ ਇਨਸਾਨ ‘ਇਲਾਕੇ’
ਨਾਲੋਂ ਕਿਤੇ ਵੱਡਾ ਹੈ। ਪਰ ਉਹਨਾਂ ਦੀ ਵਡਿਆਈ ਨਾਲ ਉਹਨਾਂ ਦਾ ਇਲਾਕਾ ਵੀ ਵੱਡਾ ਹੋ ਜਾਂਦਾ
ਹੈ। ਜੇ ਬੰਦੇ ‘ਵੱਡੇ’ ਹੋਣ ਤਾਂ ਇਲਾਕੇ ਆਪਣੇ ਆਪ ਵੱਡੇ ਹੋ ਜਾਂਦੇ ਹਨ।
ਮੈਂ ਜੰਮਿਆਂ ਮਾਝੇ ਵਿਚ, ਪੜ੍ਹਿਆ ਅਤੇ ਜਵਾਨ ਹੋਇਆ ਦੁਆਬੇ ਵਿਚ ਅਤੇ ਵੱਸ ਮੈਂ ਕੈਨੇਡਾ ਵਿਚ
ਰਿਹਾ ਹਾਂ। ਕੀ ਮੈਂ ਮਝੈਲ ਹਾਂ , ਦੁਆਬੀਆਂ ਹਾਂ, ਮਲਵਈ ਹਾਂ , ਪੰਜਾਬੀ ਹਾਂ ,ਭਾਰਤੀ ਹਾਂ
,ਕੈਨੇਡੀਅਨ ਹਾਂ ਜਾਂ ਇੱਕ ਵਿਸ਼ਵ-ਸ਼ਹਿਰੀ ਹਾਂ! ਮੈਂ ਸਭ ਕੁਝ ਵੀ ਹਾਂ ਅਤੇ ਕੁਝ ਵੀ ਨਹੀਂ।
ਮੈਂ ਮਾਤਰ ਇੱਕ ਇਨਸਾਨ ਹਾਂ। ਹਜ਼ਾਰਾਂ ਸਾਲ ਪਹਿਲਾਂ ਸਾਡੇ ਵਡੇਰੇ ‘ਆਰੀਆ’ ਮੱਧ-ਏਸ਼ੀਆ
‘ਚੋਂ ਰੋਟੀ ਦੀ ਭਾਲ ਵਿਚ ਭਾਰਤ ਪਹੁੰਚੇ ਸਨ ਅਤੇ ਉਥੋਂ ਦੇ ਹੋ ਕੇ ਰਹਿ ਗਏ ਸਨ। ਅਸੀਂ ਵੀ
ਓਸੇ ‘ਰੋਟੀ ਦੇ ਚੱਕਰ’ ਵਿਚ ਇੱਧਰ ਆ ਵੱਸੇ ਹਾਂ। ਕੱਲ੍ਹ ਨੂੰ ਸਾਡੀ ਅੰਸ-ਔਲਾਦ ਨੇ ਵੀ
ਇੱਥੋਂ ਦੀ ਹੋ ਕੇ ਰਹਿ ਜਾਣਾ ਹੈ।
ਜਾਂਦੇ ਜਾਂਦੇ ਇੱਕ ਹੋਰ ਪੁਲਾੜ –ਯਾਤਰੀ ਦੀ ਗੱਲ ਵੀ ਸੁਣ ਲਵੋ:
ਸੋਵੀਅਤ ਯੂਨੀਅਨ ਦਾ ਪਹਿਲਾ ਪੁਲਾੜ –ਯਾਤਰੀ ਯੂਰੀ ਗਗਾਰਿਨ ਜਦੋਂ ਪੁਲਾੜ ਵਿਚ ਗਿਆ ਤਾਂ
ਉਸਨੂੰ ਵੀ ਪੁੱਛਿਆ ਗਿਆ ਸੀ ਕਿ ਤੈਨੂੰ ਉਪਰੋਂ ਸੋਵੀਅਤ ਦੇਸ਼ ਕਿਸਤਰ੍ਹਾਂ ਦਾ ਦਿਖਾਈ ਦਿੰਦਾ
ਹੈ। ਉਸਨੇ ਕਿਹਾ ਸੀ, “ਮੈਨੂੰ ਇੱਥੋਂ ਸੋਵੀਅਤ ਦੇਸ਼ ਨਹੀਂ, ‘ਮੇਰੀ ਧਰਤੀ’ ਦਿਖਾਈ ਦੇ ਰਹੀ
ਹੈ।”
ਮੈਨੂੰ ਵੀ ਲੱਗਦਾ ਹੈ ਕਿ ਸਾਰੀ ਧਰਤੀ ‘ਮੇਰੀ ਧਰਤੀ’ ਹੈ। ‘ਸਾਡੀ ਧਰਤੀ’ ਹੈ। ਲੋੜ ਸਿਰਫ਼
‘ਸੱਤਹ ਤੋਂ ਉੱਪਰ ਉੱਠਣ’ ਦੀ ਹੈ।
-0-
|