Welcome to Seerat.ca

ਈਰਖ਼ਾ-2

 

- ਇਕਬਾਲ ਰਾਮੂਵਾਲੀਆ

ਅੱਲਾ ਤੇ ਜੱਲਾ

 

- ਹਰਜੀਤ ਅਟਵਾਲ

ਬੇਵਤਨੀ

 

- ਅਮਰਜੀਤ ਚੰਦਨ

ਵਿਥਿਆ
ਮਾਰਚ 1929

ਨੰਗਾ ਧੜ, ਕਾਠ ਦੀ ਤਲਵਾਰ ਤੇ ਚੱਪਾ ਚੱਪਾ ਕਰਕੇ ਜਿੱਤ ਹੁੰਦੀ ਜ਼ਮੀਨ

 

- ਬਲਵਿੰਦਰ ਗਰੇਵਾਲ

ਸੁਰਗਾਂ ਨੂੰ ਜਾਣ ਹੱਡੀਆਂ...

 

- ਨਿੰਦਰ ਘੁਗਿਆਣਵੀ

ਮੇਰੀ ਧਰਤੀ

 

- ਸੁਪਨ ਸੰਧੂ

Èbd aMbI

 

- ਰਾਜਪਾਲ ਸੰਧੂ

ਜੀਵਨੀ:ਦ ਸ ਅਟਵਾਲ / ਮੇਰਾ ਪੁੱਤ

 

- ਹਰਜੀਤ ਅਟਵਾਲ

ਸਾਂਝ ਦੇ ਕਿੰਨੇ ਆਧਾਰ ਪਰ ਮੌਕਿਆਂ ਦੀ ਕਮੀ

 

- ਵਰਿਆਮ ਸਿੰਘ ਸੰਧੂ

ਯਾਦਗ਼ਾਰੀ ਕਹਾਣੀ:
ਸ਼ਾਹ ਦੀ ਕੰਜਰੀ

 

- ਅੰਮ੍ਰਿਤਾ ਪ੍ਰੀਤਮ

ਪੋਲ-ਵਾਲਟ ਦਾ ਏਸ਼ੀਅਨ ਚੈਂਪੀਅਨ-ਸਤਨਾਮ ਸਿੰਘ ਰੰਧਾਵਾ

 

- ਗੌਰਵ ਢਿਲੋਂ

ਨਵੇਂ ਸਾਲ ‘ਤੇ ਸੱਚੀਆਂ ਸੁਣਾਵੇ ਭੀਰੀ......!

 

- ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)

ਮੇਰੇ ਚੇਤੇ ਦੀ ਚੰਗੇਰ

 

- ਮੇਜਰ ਮਾਂਗਟ

ਮਿੱਤਰਾਂ ਦੀ ਯਾਦ ਪਿਆਰੀ

 

- ਅਮਰਦੀਪ ਗਿੱਲ

rMg rMgIlf bMdf KusLvMq isMG

 

- blvMq gfrgI

ਵਾਗੀ

 

- ਸੁਖਦੇਵ ਸਿੱਧੂ

 


ਵਾਗੀ
- ਸੁਖਦੇਵ ਸਿੱਧੂ
 

 

ਅਸੀਂ ਤਾਂ ਸਕੂਲੇ ਪੈ ਗਏ ਸੀ; ਸਾਡੇ ਕਈ ਹਾਣੀ ਸਕੂਲੇ ਨਹੀਂ ਸੀ ਜਾਂਦੇ। ਇਹਦੇ ਕਾਰਣਾਂ ਦੀ ਤਾਂ ਸਮਝ ਨਹੀਂ ਸੀ ਉਦੋਂ, ਪਰ ਅਸੀਂ ਏਨਾ ਜ਼ਰੂਰ ਸਮਝਦੇ ਸੀ ਕਿ ਉਨ੍ਹਾਂ ਦੀ ਜਾਨ ਬਾਹਲ਼ੀ ਸੌਖੀ ਸੀ। ਕਿਸੇ ਪੁੰਨ ਦਾ ਫਲ਼ ਮਿਲਿਆ ਸੀ ਉਨ੍ਹਾਂ ਨੂੰ। ਨਾ ਮਾਸਟਰਾਂ ਦਾ ਡਰ। ਨਾ ਸਕੂਲ ਦੇ ਕੰਮ ਦੀ ਚਿੰਤਾ। ਨਾ ਹੋਰ ਕੋਈ ਫਿਕਰ। ਇਹ ਸਵੇਰੇ ਪਸੂ ਲੈ ਜਾਂਦੇ ਤੇ ਸ਼ਾਮ ਨੂੰ ਘਰੇ ਲੈ ਆਉਂਦੇ। ਢੋਲੇ ਗਾਉਂਦੇ। ਬੋਲੀਆਂ ਪਾਉਂਦੇ। ਸਾਰਾ ਦਿਨ ਪਸੂ ਚਰਾਂਦੀਂ ਚਰਦੇ ਹੀ ਰੱਜ ਕੇ ਵਾਪਿਸ ਘਰ ਆ ਵੜਦੇ। ਕਈ ਮਾਲਕ ਤਾਂ ਸ਼ਾਮ ਨੂੰ ਆਵਦੇ ਪਸੂ ਘਰੀਂ ਲੈ ਜਾਂਦੇ, ਪਰ ਕਈ ਵਾਗੀਆਂ ਦੇ ਵਾੜਿਆਂ ਵਿਚ ਹੀ ਬੱਧੇ ਰਹਿੰਦੇ। ਛੇ-ਛੇ ਸੱਤ-ਸੱਤ ਮਹੀਨੇ।
ਵਾਗੀ ਤਾਂ ਲਾਗਲੇ ਪਿੰਡਾਂ ਦੇ ਵੀ ਸੀਗੇ। ਪਰ ਮਸ਼ਹੂਰ ਉੱਧੋਵਾਲ ਦੇ ਚਾਰ ਪੰਜ ਵਾਗੀ ਈ ਸੀ। ਇਹ ਸਤਲੁਜ ਤੋਂ ਢਾਈ ਕੁ ਮੀਲ ਪਹਾੜ ਵੱਲ ਨੂੰ ਪੈਂਦਾ ਹੈ। ਲਾਗੇ ਬੰਨੇ ਦੇ ਪਿੰਡਾਂ ਚੋਂ ਵੱਡਾ ਹੈ। ਮਹਿਤਪੁਰ ਦੇ ਨੇੜੇ। ਨਕੋਦਰ ਤਸੀਲ ਚ। ਦੁਆਬੇ ਦੇ ਆਖ਼ਿਰੀ ਪਿੰਡ ਚੋਂ ਹੈ। ਸਤਲੁਜੋਂ ਪਾਰਲੇ ਪਾਸੇ ਮਾਲਵਾ ਦੇਸ ਚੱਲ ਪੈਂਦਾ ਹੈ। ਮਹਿੰਗਾ ਤੇ ਲ੍ਹੋਲੀ ਵੱਡੇ ਪਸੂ ਚਾਰਦੇ – ਗਾਵਾਂ, ਮੱਝਾਂ, ਵੱਛੇ-ਵੱਛੀਆਂ, ਕੱਟੇ-ਕੱਟੀਆਂ। ਧਰਮ ਸਿਓਂ, ਸੇਮਾਂ, ਜਗੀਰ, ਅਮਲੀ ਤੇ ਵੈਲੀ ਬੱਕਰੀਆਂ ਚਾਰਦੇ। ਮਹਿੰਗੇ ਹੋਣੀ ਤਿੰਨੇ ਭਾਈ ਛੜੇ ਸੀ। ਹਮਾਤੜ ਸੀ, ਵਿਚਾਰਿਆਂ ਦੇ ਸਿਆੜ ਥੋੜ੍ਹੇ ਸੀ। ਤਿੰਨਾਂ ਚੋਂ ਕਿਸੇ ਦਾ ਵੀ ਘਰ ਨਾ ਵਸਿਆ। ਪੂਰਨ ਵਾਹੀ ਕਰਦਾ। ਪਖੀਰੀਆ ਸਰਦੇ ਜੱਟਾਂ ਨਾਲ਼ ਰਲ਼ਿਆ ਰਹਿੰਦਾ ਤੇ ਵੱਡਾ ਮਹਿੰਗਾ ਪਸੂ ਚਾਰਦਾ। ਜਦੋਂ ਕਦੇ ਪੂਰਨ ਨੇ ਕੋਲ਼ ਦੀ ਲੰਘਣਾ, ਨਿਆਣਿਆਂ ਸਿਆਣਿਆਂ ਛੇੜ ਕੇ ਕਹਿਣਾ: ਓਏ ਪੂਰਨਾ…, ਅੱਖੀਆਂ ਚ ਰੲ੍ਹੀਂ ਵੱਸਦਾ ਤੂੰ ਜਾਈਂ ਦੂਰ ਨਾ। ਇਹਨੇ ਖਿੱਝ ਕੇ ਗਾਲ੍ਹਾਂ ਦੀ ਵਾਛੜ ਸ਼ੁਰੂ ਕਰ ਦੇਣੀ। ਨਿਆਣਿਆਂ ਦੇ ਮਗਰ ਸੂਟ ਵੱਟ ਕੇ ਭੱਜਣਾ। ਨਿਆਣਿਆਂ ਇਹਨੂੰ ਡਾਹ ਕਿੱਥੇ ਦੇਣੀ ਹੁੰਦੀ ਸੀ।
ਲ੍ਹੋਲੀ ਕੰਮੀਆਂ ਦਾ ਮੁੰਡਾ ਸੀ। ਸਾਡਾ ਹਾਣ ਪ੍ਰਵਾਣ। ਸਾਨੂੰ ਇਹਦੇ ’ਤੇ ਰਸ਼ਕ ਹੋਣਾ। ਅਸੀਂ ਮਨੋ-ਮਨੀਂ ਕਹਿਣਾ: ਇਹਨੇ ਕੋਈ ਪੁੰਨ ਕੀਤਾ ਹੋਇਆ ਤੇ ਅਸੀਂ ਕੋਈ ਘੋਰ ਪਾਪ। ਤਾਹੀਂਓਂ ਇਹ ਵਾਗੀ ਬਣ ਗਿਆ; ਮੌਜਾਂ ਕਰਦਾ। ਤੇ ਅਸੀਂ ਜੇਲ੍ਹ ਚ ਤਾੜੇ ਗਏਂ ਆਂ। ਮਾਸਟਰਾਂ ਦੀਆਂ ਝਿੜਕਾਂ ਤੇ ਡੰਡੇ ਖਾਣ ਨੂੰ। ਮਹਿੰਗਾ ਤੇ ਲ੍ਹੋਲੀ ਇਕ ਦੂਜੇ ਦੇ ਪਸੂ ਦੇਖ ਵੀ ਲੈਂਦੇ ਸੀ। ਇਨ੍ਹਾਂ ਇਕ ਦੂਜੇ ਨੂੰ ਕਹਿਣਾ: ਆਹ, ਜਰਾ ਕੁ ਮੇਰੇ ਪਹੂਆਂ ਵੱਲ ਨਿਗ੍ਹਾ ਰੱਖੀਂ। ਮੈਂ ਫਲਾਨਾ ਕੰਮ ਕਰ ਆਵਾਂ। ਪਸੂ ਵੀ ਇਨ੍ਹਾਂ ਦੋਹਾਂ ਨੂੰ ਸਿਆਣਦੇ ਸੀ।
ਲ੍ਹੋਲੀ ਕੋਲ਼ ਕਈ ਤਰ੍ਹਾਂ ਦੇ ਪਸੂ ਹੁੰਦੇ ਸੀ। ਫੰਡਰਾਂ, ਤੋਕੜਾਂ ਤੇ ਦੁੱਧੋਂ ਭੱਜੀਆਂ ਮੱਝਾਂ-ਗਾਵਾਂ। ਚੌਰੀਆਂ, ਬੱਲ੍ਹੀਆਂ, ਕੁੰਡੀਆਂ, ਮੀਣੀਆਂ ਤੇ ਚੱਪੀਆਂ। ਸਾਵੀਆਂ, ਚਤਰੀਆਂ, ਮੱਥੇ ਫ਼ੁੱਲੀ ਵਾਲ਼ੀਆਂ, ਸੀਲ ਤੇ ਮਾਰਨ ਖੰਡੀਆਂ। ਲੈਰੀਆਂ ਕੱਟੀਆਂ-ਵੱਛੀਆਂ ਤੇ ਜਾਂ ਛੋਟੇ ਕੱਟੇ-ਵੱਛੇ। ਅੜ੍ਹਬ ਪਸੂਆਂ ਦੇ ਇਹ ਡੈਹਾ ਪਾ ਦਿੰਦਾ ਸੀ। ਕਹਿੰਦਾ: ਜਾਹ, ਹੁਣ ਭੱਜ ਤਾਂ ਕਿੱਧਰ ਨੂੰ ਭੱਜਣਾ। ਕੱਟੇ-ਵੱਛੇ ਜਦੋਂ ਜੋੜਨ ਜੋਗੇ ਹੋ ਜਾਂਦੇ, ਜਾਂ ਅਗਲੇ ਵੇਚ ਦਿੰਦੇ ਸੀ ਜਾਂ ਹਲ਼ੀਂ ਕੱਢ ਲੈਂਦੇ। ਕੱਟੀਆਂ-ਵੱਛੀਆਂ ਜਦੋਂ ਨਵੇਂ ਦੁੱਧ ਹੋ ਜਾਂਦੀਆਂ, ਤਾਂ ਲਵੇਰੇ ਦੇ ਲਾਲਚ ਮਾਲਕ ਵੱਧ ਸੇਵਾ ਕਰਨ ਨੂੰ ਘਰ ਲੈ ਜਾਂਦੇ। ਰੋਜ਼ ਦਿਹਾੜੀ ਸੱਤੇ ਦਿਨ ਇਹੋ ਕੰਮ। ਲ੍ਹੋਲੀ ਨੂੰ ਇਕ ਪਸੂ ਦੀ ਮਿਹਨਤ ਰੁਪੱਈਆ, ਹੱਦ ਦੋ ਰੁਪੱਈਏ ਮਹੀਨਾ ਮਿਲ਼ਦੀ ਸੀ; ਜਾਂ ਸਾਲ ਬਾਅਦ ਦਾਣੇ। ਝੋਟੀਆਂ ਦਾ ਤਾਂ ਮਾਲਕਾਂ ਨੂੰ ਪਤਾ ਲੱਗ ਜਾਦਾਂ ਸੀ। ਖੇਵੇ ਆਈਆਂ ਝੋਟੀਆਂ ਨੇ ਖੌਰੂ ਪਾਉਣਾ। ਸਾਰਾ ਸਾਰਾ ਦਿਨ ਅੜਿੰਗੀ ਜਾਣਾ। ਖੇਵੇ ਆਈਆਂ ਮੱਝਾਂ ਝੋਟੀਆਂ ਮਾਲੀ ਕੋਲ਼ ਲਿਜਾਣੀਆਂ ਪੈਂਦੀਆਂ ਸੀ। ਠਾਕਰ ਜ਼ਨਾਨੇ ਨੇ ਏਸੇ ਕੰਮ ਲਈ ਮਾਲੀ ਰੱਖਿਆ ਹੋਇਆ ਹੁੰਦਾ ਸੀ – ਵੰਡ ਵੜੇਵਿਆਂ ਨਾਲ਼ ਪਾਲਿਆ ਝੋਟਾ। ਪਰ ਗਾਈਆਂ ਮੁਫ਼ਤੋ-ਮੁਫ਼ਤੀ ਆਵਾਰਾ ‘ਸਰਕਾਰੀ’ ਸਾਨ੍ਹਾਂ ਤੋਂ ਨਵੇਂ ਦੁੱਧ ਹੋ ਜਾਂਦੀਆਂ ਸੀ। ਕਈ ਵਾਰ ਤਾਂ ਪਤਾ ਵੀ ਨਹੀਂ ਸੀ ਲੱਗਦਾ ਪਰ ਕਈ ਵਾਰ ਵੱਧ ਮਿਹਨਤ ਲੈਣ ਲਈ ਲ੍ਹੋਲੀ ਮਾਲਕਾਂ ਨੂੰ ਦੱਸਦਾ ਵੀ ਨਹੀਂ ਸੀ ਕਿ ਤੁਹਾਡੀ ਵੈਹੜ ਜਾਂ ਗਾਂ ਲੱਗ ਗਈ ਹੈ। ਏਦਾਂ ਕਰਕੇ ਇਹ ਦੋ ਚਾਰ ਮਹੀਨੇ ਦੀ ਮਿਹਨਤ ਵੱਧ ਲੈ ਲੈਂਦਾ ਸੀ। ਜਦੋਂ ਬਿਲਕੁਲ ਜ਼ਾਹਿਰਾ ਦਿਸਦੀ ਹੋ ਜਾਣੀ ਤਾਂ ਕਹਿ ਦੇਣਾ: ਲਗਦਾ ਕਿ ਤੁਹਾਡੀ ਵੱਛੀ ਵੀ ਨਵੇਂ ਦੁੱਧ ਹੋ ਗਈ ਆ। ਬਹਾਨਾ ਇਹ ਲਾ ਦੇਣਾ ਕਿ ਮੇਰੇ ਉਰ੍ਹੇ-ਪਰ੍ਹੇ ਹੋਏ ਤੋਂ ਲੱਗ ਗਈ ਹੋਣੀ ਆਂ। ਉੱਤੋਂ ਕਹਿ ਦੇਣਾ, ਜਦ ਮੈਂ ਲੱਗਦੀ ਨਹੀਂ ਦੇਖੀ, ਮੈਂ ਸ਼ਾਹਦੀ ਕਿੱਦਾਂ ਦੇ ਦਿੰਦਾ।
ਕਈਆਂ ਤੋਕੜਾਂ ਨੂੰ ਇਹ ਚੋਅ ਵੀ ਲੈਂਦਾ ਸੀ। ਜੇ ਕੋਈ ਬਹੁਤਾ ਵੇਰ੍ਹਦੀ, ਤਾਂ ਇਹਨੇ ਸਾਰਾ ਦਿਨ ਭਜਾਈ ਫਿਰਨੀ। ਟਿੱਕ ਕੇ ਚਰਨ ਨਾ ਦੇਣੀ। ਨਾ ਹੀ ਪਾਣੀ ਪੀਣ ਦੇਣਾ। ਬੱਸ ਡਾਂਗ ਤੇ ਡਾਂਗ ਵਰ੍ਹਾਈ ਜਾਣੀ। ਨਾਲ਼ੇ ਕਹਿਣਾ: ਚੱਲ ਫੇ ਦੇਖ ਲਾਅ ਅੱਜ ਲ੍ਹੋਲੀ ਦੇ ਹੱਥ। ਛੱਡੂਗਾਂ ਮੈਂ ਤੈਨੂੰ ਚੋਅ ਕੇ ਹੀ। ਜਾਂ ਤਾਂ ਸਿੱਧੀ ਤਰ੍ਹਾਂ ਮੰਨ ਜਾਹ, ਜਾਂ ਫੇ ਦੇਖੀ ਚੱਲ ਮੇਰੇ ਜਲਵੇ। ਗਾਂ-ਮੈਂਹ ਨੇ ਹੰਭ ਕੇ ਖੜੋ ਜਾਣਾ। ਜਾਣੀ ਹੱਥ ਖੜ੍ਹੇ ਕਰ ਦੇਣੇ। ਲ੍ਹੋਲੀ ਨੇ ਪਸਮਾ ਲੈਣੀ। ਕਈ ਵਾਰ ਭੱਜੀ ਜਾਂਦੀ ਗਾਂ ਮੈਂਹ ਦੀ ਪੂਛ ਫੜ ਕੇ ਇਹਨੇ ਉਹਤੋਂ ਰਤਾ ਕੁ ਗਾਂਹ ਲੰਘ ਕੇ ਬਰਾਬਰ ਜਿਹਾ ਹੋ ਜਾਣਾ। ਤੇ ਫਿਰ ਇਕਦੰਮ ਐਸਾ ਹੁੱਝਕਾ ਮਾਰਨਾ ਕਿ ਪਸੂ ਨੇ ਪੈਰਾਂ ਤੋਂ ਨਿਕਲ ਜਾਣਾ ਤੇ ਚਿੱਤ ਹੋ ਜਾਣਾ। ਫਿਰ ਇਹਨੇ ਡਾਂਗ ਵਰ੍ਹਾਉਣੀ। ਏਸੇ ਦੁੱਧ ਦੀ ਝੱਲ ਚ ਹੀ ਚਾਹ ਬਣਾ ਕੇ ਪੀ ਲੈਣੀ ਜਾਂ ਕੱਚਾ ਦੁੱਧ ਹੀ
ਪੀ ਲੈਣਾ। ਕਈ ਵਾਰੀ ਦੁੱਧ ਕਿਸੇ ਸਿਵੇ ਤੇ ਚੜ੍ਹਾ ਦੇਣਾ। ਕਦੇ ਕਦੇ ਕਿਸੇ ਸਿਵੇ ਤੇ ਪਏ ਦੀਵੇ ਤੋਂ ਤੇਲ ਸਿਰ ਨੂੰ ਲਾ ਲੈਣਾ। ਇਹ ਅਜੀਬ-ਅਜੀਬ ਹਰਕਤਾਂ ਕਰਦਾ ਸੀ।
ਪਿੰਡ ਤੋਂ ਲੈ ਕੇ ਦੱਖਣ ਵਲ ਨੂੰ ਚਹੁੰ ਪੰਜਾਂ ਮੀਲਾਂ ਚ ਵਿਰਲੇ-ਵਿਰਲੇ ਛੋਟੇ ਛੋਟੇ ਪਿੰਡ ਵਸੇ ਹੋਏ ਸੀ। ਝੱਲ ਚ ਲੁਕੇ ਹੋਏ। ਕਈਆਂ ਪਿੰਡਾਂ ਦੇ ਬਾਹਰਲੇ ਘਰ ਝੱਲ ਨਾਲ ਹੀ ਰਲ਼ ਜਾਂਦੇ ਸੀ। ਵਾਹੀ ਵਾਲੀ ਜ਼ਮੀਨ ਘੱਟ ਸੀ। ਦੁਆਬੇ ਚ ਤਾਂ ਜ਼ਮੀਨ ਦੀ ਪਹਿਲਾਂ ਹੀ ਬਥੇਰੀ ਘਾਟ ਸੀ। ਏਸੇ ਕਰਕੇ ਏਥੋਂ ਲੋਕ ਵਲੈਤਾਂ ਨੂੰ ਸੱਭ ਤੋਂ ਪਹਿਲਾਂ ਏਥੋਂ ਹੀ ਨਿਕਲ਼ ਤੁਰੇ ਸੀ।
ਘਰਾਂ ਤੋਂ ਕੁਝ ਕਰਮਾਂ ਦੀ ਵਿੱਥ ਤੇ ਹੀ ਜੰਗਲ ਸ਼ੁਰੂ ਹੋ ਜਾਂਦਾ ਸੀ। ਜਿਹਨੂੰ ਸਾਡੇ ਵੱਲ ਝੱਲ ਕਿਹਾ ਕਰਦੇ ਸੀ। ਵਾਗੀ ਮਾਲ ਛੱਡ ਕੇ ਲੈ ਜਾਂਦੇ। ਸਾਰਾ ਦਿਨ ਪਸੂ ਚਰਾਂਦੀਂ ਚਰਦੇ। ਸ਼ਾਮਾਂ ਨੂੰ ਘਰ ਮੁੜ ਆਉਂਦੇ। ਝੱਲ ਨੂੰ ਜਾਂਦਿਆਂ ਰਾਹ ਚ ਪਹਿਲਾਂ ਜੱਟਾਂ ਦੇ ਸਿਵੇ ਆਉਂਦੇ। ਸਿਵਿਆਂ ਤੋਂ ਪਹਿਲਾਂ ਧਮਾਰ ਦੇ ਠੀਕਰੇ ਪਏ ਹੋਣੇ। ਅਸੀਂ ਡਰ ਵੀ ਜਾਣਾ। ਸਿਵਿਆਂ ਚ ਕਈ ਵਾਰ ਰਾਤ ਨੂੰ ਲੋਅ ਹੋ ਜਾਣੀ। ਕਈਆਂ ਨੇ ਨਿਆਣਿਆਂ ਨੂੰ ਡਰਾਉਣਾ: ਔਹ ਦੇਖੋ, ਸਿਵਿਆਂ ਚ ਚੜੇਲਾਂ ਨੱਚਦੀਆਂ। ਬਾਲਾਂ ਨੇ ਓਧਰ ਨੂੰ ਮੂੰਹ ਨਾ ਕਰਨਾ। ਲ੍ਹੋਲੀ ਨੂੰ ਸਿਵਿਆਂ ਤੋਂ ਡਰ ਨਹੀਂ ਸੀ ਲਗਦਾ। ਏਸ ਕਰਕੇ ਵੀ ਇਹ ਮੈਨੂੰ ਚੰਗਾ ਲੱਗਦਾ ਸੀ। ਸਾਨੂੰ ਲੱਗਣਾ ਚੁੜੇਲਾਂ ਤਾਂ ਇਹਤੋਂ ਡਰਦੀਆਂ। ਇਹ ਗੱਲਾਂ ਵੀ ਏਦਾਂ ਹੀ ਕਰਦਾ ਹੁੰਦਾ ਸੀ। ਮੈਂ ਇਹਨੂੰ ਬਹਾਦਰ ਮੁੰਡਾ ਸਮਝਦਾ ਸੀ। ਬਈ ਸਾਡਾ ਹਾਣੀ-ਤਾਣੀ ਚੁੜੇਲਾਂ ਤੋਂ ਨਾ ਡਰਦਾ ਸੀ ਨਾ ਇਹ ਇਹਨੂੰ ਕੁਝ ਕਹਿੰਦੀਆਂ ਸੀ। ਇਹ ਚੁੜੇਲਾਂ ਦੀਆਂ ਗੱਲਾਂ ਵੀ ਵਧਾ-ਚੜ੍ਹਾ ਕੇ ਸੁਣਾ ਦਿਆ ਕਰਦਾ ਸੀ। ਮਜਮੇ ਲਾ ਲੈਂਦਾ ਸੀ। ਅਸਲ ਚ ਇਹਦਾ ਬਾਪ ਬੜਾ ਕੱਬਾ ਸੀ। ਨਾ ਉਹਦੀ ਕਿਸੇ ਨਾਲ਼ ਬਣਦੀ ਸੀ। ਨਾ ਕਿਸੇ ਨਾਲ਼ ਮੇਲ਼-ਜੋਲ਼ ਸੀ। ਆਵਦੇ ਸਕੇ ਸੋਦਰਿਆਂ ਨਾਲ਼ ਵੀ ਨਹੀਂ। ਲ੍ਹੋਲੀ ਨੂੰ ਵੀ ਅਵਾ-ਤਵਾ ਬੋਲਦਾ ਰਹਿੰਦਾ ਸੀ। ਏਸੇ ਹਾਲ ਲ੍ਹੋਲੀ ਬਾਲ ਉਮਰੇ ਹੀ ਵਿਤੋਂ ਵੱਧ ਕੁਰੱਖਤ ਹੋ ਗਿਆ ਸੀ। ਜਾਣੀਂ ਉਮਰੋਂ ਪਹਿਲਾਂ ਹੀ ਇਹ ਅਪਣੇ ਆਪ ਨੂੰ ਸਾਂਭਣ ਜੋਗਾ ਹੋ ਗਿਆ ਸੀ।
ਸੌਣ ਭਾਦੋਂ ਦੇ ਦਿਨੀਂ ਮੀਂਹ ਪੈਣੇ ਤੇ ਝੱਲ ਚ ਚਹਿਲ-ਪਹਿਲ ਹੋ ਜਾਣੀ। ਰੇਤ ਦੇ ਟਿੱਬੇ ਵੀ ਹਰਿਆਲੀ ਨਾਲ਼ ਚਹਿਕਣ ਲੱਗ ਪੈਣੇ। ਸਲਵਾੜ ਕਾਹੀ ਦੇ ਬੂਝੇ ਮੱਲ ਜਾਣੇ। ਸੰਘਣੇ ਵੀ ਹੋ ਜਾਣੇ। ਭੱਖੜਾ ਵੀ ਹਰਾ-ਭਰਾ ਹੋ ਜਾਣਾ। ਅੱਕ ਫੰਭੜੇ ਹੋਣੇ। ਖੱਬਲ਼ ਘਾਹ ਜਾਂ ਦੱ੍ਹਬ ਹੋ ਜਾਣੀ। ਤੇ ਚਿੱਟੀਆਂ ਖੁੰਬਾਂ ਉੱਗ ਆਉਣੀਆਂ। ਹਰੇ ਤੁੰਮਿਆਂ ਦੀਆਂ ਵੇਲਾਂ ਵਧ ਜਾਣੀਆਂ। ਗੇਦਾਂ ਵਾਂਗੂੰ ਰਿੜ੍ਹਦੇ ਫਿਰਨੇ। ਵਿਚ ਵਿਚ ਪਸੂਆਂ ਨੇ ਖਾਅ ਵੀ ਲੈਣੇ। ਜਦੋਂ ਤੁੰਮੇ ਪੱਕ ਜਾਣੇ ਤਾਂ ਵਾਗੀਆਂ ਨੇ ਪੰਡਾਂ ਦੀਆਂ ਪੰਡਾਂ ਘਰ ਲੈ ਆਉਣੀਆਂ। ਫਿਰ ਸਾਰਾ ਸਾਲ ਪਸੂਆਂ ਨੂੰ ਲੂਣ ਚ ਰਲ਼ਾ-ਰਲ਼ਾ ਕੇ ਦਿੰਦੇ ਰਹਿਣਾ। ਜਾਂ ਰਿੰਨ੍ਹ ਕੇ ਦੇ ਦਿੰਦੇ। ਕਹਿੰਦੇ ਸੀ: ਇਨ੍ਹਾਂ ਨਾਲ਼ ਪਸੂਆਂ ਨੂੰ ਬਾਇਆ ਨਹੀਂ ਹੁੰਦੀ। ਹਾਜਮਾਂ ਠੀਕ ਰਹਿੰਦਾ। ਰਤਾ ਕੁ ਨੇਰ੍ਹਾ ਹੋਣਾ, ਤਾਂ ਬੀਂਡੇ ਬੋਲਣੇ ਸ਼ੁਰੂ ਹੋ ਜਾਣੇ। ਟਟ੍ਹੈਣੇ ਚਮਕਣੇ। ਟਿੱਡੇ ਗੜਕਣੇ। ਰਾਤ ਨੂੰ ਡੁੰਮ ਚ ਡੱਡੂਆਂ ਦਾ ਰਾਗ ਵੱਜਣਾ: ਗੜੈਂਅ ਗੜੈਂਅ, ਤੂੰ ਤੇ ਮੈਂ। ਗੜੈਂਅ ਗੜੈਂਅ, ਤੂੰ ਤੇ ਮੈਂ। ਡੱਡੂ ਏਨੇ ਹੋ ਜਾਣੇ ਕਿ ਡੱਡੂ ਤੇ ਡੱਡੂ ਚੜ੍ਹਿਆ ਹੋਣਾ।
ਸਿਵਿਆਂ ਲਾਗੇ ਹੀ ਵੱਤੇ ਜਿਹਾ ਛੱਪੜ ਹੁੰਦਾ ਸੀ। ਪਸੂਆਂ ਦੇ ਪਾਣੀ ਪੀਣ ਨੂੰ। ਇਹਨੂੰ ਡੁੰਮ ਕਹਿੰਦੇ ਸੀ। ਇਹ ਬਰਸਾਤਾਂ ਦੇ ਦਿਨੀਂ ਭਰ ਜਾਂਦਾ। ਮੱਝਾਂ ਵਿਚਾਲ਼ੇ ਜਾ ਕੇ ਬਹਿ ਜਾਂਦੀਆ। ਲਿਟਦੀਆਂ। ਲੋਟਣੀਆਂ ਖਾਂਦੀਆਂ। ਨਿਕਲਣ ਦਾ ਨਾਂ ਨਾ ਲੈਂਦੀਆਂ। ਕਦੇ-ਕਦੇ ਵਾਗੀ ਨਿਤਾਰ ਕੇ ਇੱਥੋਂ ਹੀ ਪਾਣੀ ਪੀ ਲੈਂਦੇ। ਲੋੜ ਦਾ ਕੋਈ ਮੁੱਲ ਨਹੀਂ ਹੁੰਦਾ। ਉਦੋਂ ਪਾਣੀ ਵੀ ਏਨਾਂ ਨੇੜੇ ਹੁੰਦਾ ਸੀ ਕਿ ਬਰਸਾਤਾਂ ਨੂੰ ਰੇਤਲੀ ਥਾਂ ਨੂੰ ਹੱਥ ਕੁ ਪੱਟਿਆਂ ਸਾਫ਼ ਪਾਣੀ ਨਿਕਲ਼ ਆਉਂਦਾ ਸੀ।
ਲੋਕੀ ਸਲਵਾੜ ਦੇ ਬੂਝਿਆਂ ਚੋਂ ਬਰੋਟੇ-ਨਾਕੂ ਕੱਢਦੇ। ਸੁਕਾਅ ਕੇ ਇਨ੍ਹਾਂ ਚੋਂ ਮੁੰਝ ਕੱਢਦੇ; ਇਹਦਾ ਵਾਣ ਵੱਟਦੇ, ਮੰਜੇ-ਪੀੜੀਆਂ ਬੁਣਨ ਲਈ। ਸਲਵਾੜ ਬੜੇ ਕੰਮੀਂ ਆਉਂਦਾ। ਬੇੜ ਵੱਟਣ ਦੇ ਕੰਮ ਵੀ ਆ ਜਾਂਦਾ ਸੀ। ਬਾਲਣ ਲਈ ਵੀ। ਵੱਡੇ ਸ਼ਹਿਰਾਂ ਚੋਂ ਵੀ ਵਪਾਰੀ ਮੁੰਝ ਮੁੱਲ ਲੈਣ ਆਉਂਦੇ ਸੀ।
ਪਸੂ ਤਾਂ ਆਪੇ ਚਰਦੇ ਰਹਿੰਦੇ। ਵਾਗੀਆਂ ਨੇ ਮਾੜੀ ਮੋਟੀ ਨਿਗਾਹ ਸਾਨੀ ਹੀ ਰੱਖਣੀ ਹੁੰਦੀ ਸੀ। ਐਧਰੋਂ ਓਧਰ ਨੂੰ ਲੈ ਜਾਣਾ ਤੇ ਓਧਰੋਂ ਐਧਰ ਨੂੰ ਲੈ ਆਉਣਾ। ਲੈਰੀਆਂ ਖੁੰਬਾਂ ਵਾਗੀਆਂ ਨੇ ਕੱਚੀਆਂ ਹੀ ਖਾ ਲੈਣੀਆਂ। ਜੇ ਜ਼ਿਆਦਾ ਹੋ ਜਾਣੀਆਂ ਤਾਂ ਦੱ੍ਹਬ ਦੇ ਤੀਲੇ ਚ ਪਰੋ ਲੈਣੀਆਂ ਤੇ ਘਰੇ ਲੈ ਆਉਣੀਆਂ। ਸਬਜ਼ੀ ਭਾਜੀ ਬਣਾ ਲੈ ਲੈਣੀ। ਮੀਂਹ ਦੇ ਪਾਣੀ ਨਾਲ ਡੁੰਮ ਭਰ ਜਾਣਾ। ਇਨ੍ਹਾਂ ਨੇ ਵਿੱਚੇ ਚੁੱਭੀਆਂ ਮਾਰਨੀਆਂ; ਤਾਰੀਆਂ ਲਾਉਣੀਆਂ। ਚੜਗਿੱਲ੍ਹੀਆਂ ਪਾਉਣੀਆਂ। ਕਈ ਵਾਰ ਇਨ੍ਹਾਂ ਨੇ ਡੁੰਮ ਚੋਂ ਕੱਛੂ ਜਾਂ ਪਰੇਤਾਂ ਫੜ ਕੇ ਰਿੰਨ੍ਹ ਬਣਾ ਲੈਣੀਆਂ। ਜਦੋਂ ਸੋਕਾ ਪੈ ਜਾਣਾ, ਤਾਂ ਚਰਾਂਦਾਂ ਦਾ ਘੇਰਾ ਵੱਧ ਜਾਣਾ। ਇਨ੍ਹਾਂ ਕਿਤੇ ਦੀ ਕਿਤੇ ਨਿਕਲ਼ ਜਾਣਾ। ਡੰਗਰਾਂ ਢਿੱਡ ਭਰਕੇ ਵਾਪਸ ਆ ਜਾਣਾ।
ਲਾਗੇ ਬੰਨੇ ਪਿੰਡਾਂ ਦੇ ਲੋਕ ਵੀ ਸ਼ਿਕਾਰ ਖੇਡਣ ਆਇਆ ਕਰਦੇ ਸੀ। ਮੁਕਾਬਿਲਾ ਵੀ ਹੋ ਜਾਣਾ। ਕਈਆਂ ਨਾਲ਼ ਕੁੱਤੇ ਹੋਣੇ। ਕੋਲ਼ ਡਾਗਾਂ ਹੋਣੀਆਂ ਜਾਂ ਸੋਟੀਆਂ, ਟਕੂਏ, ਬਰਛੇ, ਦਾਤ, ਕ੍ਰਿਪਾਨਾਂ, ਵਗ਼ੈਰਾ। ਇਹ ਮੋਰ, ਹਿਰਣ, ਸੂਰ, ਗਿੱਦੜ, ਗੋਂਦਾਂ, ਸਹੇ, ਤਿੱਤਰ, ਬਟੇਰੇ ਆਦਿ ਦਾ ਸ਼ਿਕਾਰ ਕਰਦੇ। ਜੇ ਹਿਰਣ, ਸੂਰ ਜਾਂ ਗੋਂਦ ਦਾ ਸ਼ਿਕਾਰ ਕਰਦੇ; ਤਾਂ ਮਾਣ ਨਾਲ਼ ਦਸਦੇ, ਨਹੀਂ ਤਾਂ ਪੜਦੇ ਨਾਲ ਹੀ ਛਕ-ਛਕਾ ਜਾਂਦੇ। ਦੱਬ ਘੁੱਟ ਕੇ।
ਲ੍ਹੋਲੀ ਗੱਲਾਂ ਬੜੀਆਂ ਬਣਾ ਲੈਂਦਾ ਸੀ। ਪਸੂਆਂ ਨੂੰ ਗਾਲ੍ਹਾਂ ਕੱਢਣ ਦਾ ਇਹਦਾ ਭੰਡਾਰ ਬੜਾ ਵੱਡਾ ਸੀ। ਕਈ ਵਾਰ ਗਾਲ੍ਹ ਕੱਢਣ ਤੋਂ ਪਹਿਲਾਂ ਇਹ ਗਾਲ੍ਹ ਦੀਆਂ ਕਲਾਬਾਜ਼ੀਆਂ ਲਵਾਉਂਦਾ; ਬੁੱਚੀਆਂ ਪਵਾ ਲੈਂਦਾ। ਫਿਰ ਚੋਂਦੀਂਆਂ-ਚੋਂਦੀਂਆਂ ਰੰਗਦਾਰ
ਗਾਲ੍ਹਾਂ ਦਾ ਮੀਂਹ ਵਰ੍ਹਾਂਉਂਦਾ। ਕਦੇ-ਕਦੇ ਅਣਹੋਣੀਆਂ ਨੂੰ ਹੋਣੀਆਂ ਬਣਾ ਕੇ ਪੇਸ਼ ਕਰਦਾ। ਕਈ ਵਾਰ ਅਸੀਂ ਇਹਦੀਆਂ ਦੱਸੀਆਂ ਮੰਨ ਵੀ ਜਾਂਦੇ। ਕੁੜੀਆਂ ਨਾਲ਼ ਵੀ ਆਵਦੇ ਕਿੱਸੇ ਜੋੜ ਲੈਂਦਾ ਸੀ – ਭਾਵੇਂ ਗੱਲ ਬਣਦੀ ਨਹੀਂ ਸੀ ਦਿਸਦੀ। ਆਵਦੀਆਂ ਅਵੈੜ ਆਦਤਾਂ ਵੀ ਦੱਸਦਾ। ਇਹ ਸਾਰੀਆਂ ਮਨਘੜਤ ਗੱਲਾਂ ਸੀ। ਇਹਨੂੰ ਸੁੱਝਦੀਆਂ ਕਿੱਥੋਂ ਸੀ, ਇਹ ਜਾਣੇ ਜਾਂ ਇਹਦਾ ਰੱਬ ਜਾਣੇ।
ਲ੍ਹੋਲੀ ਵੀ ਸ਼ਿਕਾਰ ਖੇਲ੍ਹ ਲੈਂਦਾ ਸੀ। ਪਰ ਇਹਦੇ ਕੋਲ ਨਾ ਕੋਈ ਕੁੱਤਾ ਸੀ, ਨਾ ਹਥਿਆਰ। ਡੰਗਰਾਂ ਵਾਲ਼ੀ ਸੋਟੀ ਹੀ ਹੁੰਦੀ ਸੀ। ਇਹਨੂੰ ਝੱਲ ਦਾ ਗਿਆਨ ਹੀ ਬਥੇਰਾ ਸੀ। ਇਹ ਸਹਿ ਕੇ ਦੱਬਵੇਂ ਪੈਰੀਂ ਵਾਰ ਕਰਨ ਚ ਮਾਹਿਰ ਸੀ। ਪੈਰਾਂ ਦਾ ਖੜਾਕ ਨਾ ਹੋਣ ਦਿੰਦਾ। ਮੇਰੇ ਦੇਖਦੇ-ਦੇਖਦੇ ਇਹਨੇ ਕਿਸੇ ਬੂਝੇ ਚ ਮਲਕੜੇ ਜਿਹੇ ਹੱਥ ਪਾਉਣਾ ਤੇ ਪੂਛੋਂ ਸੈਹਾ ਫੜ ਲੈਣਾ। ਜਾਦੂਗਰ ਦੇ ਝੁਰਲੂ ਫੇਰਨ ਵਾਂਙੂੰ। ਸੈਹੇ ਨੇ ਛੁੱਟਣ ਨੂੰ ਤੜਫਣਾ। ਇਹਨੇ ਉੱਪਰ ਨੂੰ ਘੁੰਮਾ ਕੇ ਸੈਹਾ ਧਰਤੀ ਤੇ ਪਟਾਕ ਦੇਣੀ ਮਾਰਨਾ। ਦੇਖਦਿਆਂ-ਦੇਖਦਿਆਂ ਸੈਹਾ ਮਰ ਜਾਣਾ। ਸ਼ਿਕਾਰ ਜਿੱਤਿਆ ਜਾਣਾ। ਕਦੇ ਇਹਨੇ ਦੂਰੋਂ ਸਹਿਮਿਆਂ ਤਿੱਤਰ ਜਾਂ ਬਟੇਰਾ ਦੇਖ ਲੈਣਾ ਤੇ ਆਵਦੀ ਵਿੰਗ-ਤੜਿੰਗੀ ਸੋਟੀ ਐਸੀ ਸਿਸਤ ਲਾ ਕੇ ਮਾਰਨੀ ਕਿ ਦੋ ਦੋ ਤਿੱਤਰ-ਬਟੇਰੇ ਵੀ ਸੁੱਟ ਲੈਣੇ। ਇਹ ਗੱਲਾਂ ਸਾਨੂੰ ਕਰਾਮਾਤੀ ਵੀ ਲੱਗਦੀਆਂ ਸੀ। ਅਸੀਂ ਇਹਦੀ ਜੁਗਤ ਤੋਂ ਬਲਿਅ੍ਹਾਰੇ ਜਾਂਦੇ। ਜਿਵੇਂ ਇਹਦੇ ਹੱਥ ਚ ਕੋਈ ਜਾਦੂ ਸੀ। ਲੋਲ੍ਹੀ ਨੇ ਤਿੱਤਰ ਬਟੇਰ ਓਥੇ ਹੀ ਛਿੱਲ ਲੇਣੈ ਤੇ ਘਰ ਆ ਕੇ ਭੁੰਨ ਲੈਣੇ। ਜੇ ਸ਼ਿਕਾਰ ਸਵੇਰੇ ਸਵੇਰੇ ਹੀ ਅੜਿੱਕੇ ਆ ਜਾਣਾ, ਤਾਂ ਝੱਲ ਚ ਹੀ ਧੂਣੀ ਬਾਲ਼ ਭੁੰਨ ਕੇ ਛਕ ਜਾਣਾ।
ਅਸੀਂ ਵੀ ਗਰਮੀਆਂ ਦੀਆਂ ਛੁੱਟੀਆਂ ਨੂੰ ਵਾਗੀ ਬਣ ਜਾਣਾ - ਆਰਜ਼ੀ। ਆਨ੍ਹਰੇਰੀ। ਘਰ ਦਿਆਂ ਰੋਕਣਾ। ਕਹਿਣਾ: ਪੜ੍ਹਾਈ ਕਰਿਆ ਕਰੋ, ਤੁਹਾਡੇ ਕੰਮ ਆਊਗੀ। ਬੱਸ ਏਧਰ ਹੀ ਧਿਆਨ ਦਿਓ। ਪਰ ਅਸੀ ਕਿੱਥੇ ਟਲ਼ਣਾ। ਮੈਂ ਪਸੂਆਂ ਨੂੰ ਪਾਣੀ ਪਿਆਉਣ ਬਹਾਨੇ ਖੋਲ੍ਹਣਾ ਤੇ ਆਪੇ ਸੋਟੀਆਂ ਮਾਰ ਮਾਰ ਭਜਾ ਕੇ ਵੱਗ ਚ ਰਲ਼ਾ ਲੈਣੀਆਂ। ਵੱਗ ਚ ਰਲ਼ੇ ਪਸੂ ਕੱਢਣੇ ਔਖੇ ਵੀ ਸੀ ਹੁੰਦੇ ਤੇ ਅਸੀਂ ਕੱਢ ਕੇ ਖੁਸ਼ ਵੀ ਨਹੀਂ ਸੀ ਹੁੰਦੇ। ਬਹਾਨਾ ਇਹ ਬਣਾਉਣਾ ਕਿ ਪਸੂ ਆਪੇ ਭੱਜ ਕੇ ਵੱਗ ਚ ਰਲ਼ ਗਏ ਸੀ। ਫਿਰ ਸ਼ਾਮ ਨੂੰ ਹੀ ਮੁੜਣਾ। ਮੇਰੀ ਦਾਦੀ ਨੇ ਲੱਭਦੇ ਫਿਰਨਾ। ਲ੍ਹੋਲੀ ਦੀਆਂ ਸਿਵਿਆਂ-ਚੁੜੇਲਾਂ ਦੀਆਂ ਗੱਲਾਂ ਸੁਣ-ਸੁਣ ਮੈਂ ਡਰ ਜਾਣਾ। ਰਾਤ ਨੂੰ ਉੱਭੜ-ਉੱਭੜ ਉੱਠਣਾ। ਮਾਂ ਤੇ ਦਾਦੀ ਨੇ ਫ਼ਿਕਰ ਕਰਨਾ। ਮੁੜ ਕੇ ਝੱਲ ਨੂੰ ਨਾ ਜਾਣ ਦੀ ਹਦਾਇਤ ਕਰਨੀ। ਸਵੇਰੇ ਗੁਰਦੁਆਰੇ ਮੱਥਾ ਜਾ ਟਿਕਾਉਣਾ। ਸੰਤਾਂ ਨੇ ਸਿਰ ਤੇ ਚੌਰ ਫੇਰਨਾ; ਪਿੰਡੇ ਤੇ ਵੀ। ਮੈਂ ਮੁੜ ਝੱਲ ਚ ਨਾ ਜਾਣ ਦੀ ਸਹੁੰ ਖਾਣੀ। ਪਰ ਮੈਥੋਂ ਰਿਹਾ ਫਿਰ ਨਾ ਜਾਣਾ।
ਹੁਣ ਨਾ ਹਿਰਣ ਨੇ, ਨਾ ਮੋਰ। ਸੂਰਾਂ, ਗੋਂਦਾਂ ਤੇ ਗਿੱਦੜਾਂ ਦੀ ਤਾਂ ਗੱਲ ਹੀ ਛੱਡੋ। ਨਾ ਵੱਗ ਨੇ, ਨਾ ਵਾਗੀ। ਸਾਰਾ ਝੱਲ ਵਾਹੀ ਵਾਲ਼ੀ ਜ਼ਮੀਨ ਹੋ ਗਿਆ ਹੈ। ਮੋਟਰਾਂ ਲੱਗੀਆਂ ਹੋਈਆਂ। ਲੋਕਾਂ ਖੂਹਾਂ ’ਤੇ ਵਸੋਂ ਕੀਤੀ ਹੋਈ ਹੈ। ਮਹੱਲ ਪਾਏ ਹੋਏ ਨੇ। ਝੱਲ ਦਾ ਨਾਂ ਨਿਸ਼ਾਨ ਨਹੀਂ।•

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346