ਨਵਾਂ ਸਾਲ ਚੜ੍ਹਨ 'ਚ ਇੱਕ ਦਿਨ ਬਾਕੀ
ਸੀ। ਹਰ ਕੋਈ ਗਿਣਤੀਆਂ ਮਿਣਤੀਆਂ 'ਚ ਰੁੱਝਿਆ ਹੋਇਆ ਸੀ। ਕੋਈ ਆਵਦੀ ਉਮਰ ਦੇ ਵਧਦੇ ਜਾ ਰਹੇ
ਵਰ੍ਹਿਆਂ ਤੋਂ ਚਿੰਤਤ ਸੀ, ਕੋਈ ਅਕਾਲ ਚਲਾਣਾ ਕਰ ਗਿਆਂ ਦੇ ਵਿਛੋੜੇ ਦੇ ਵਰ੍ਹਿਆਂ ਨੂੰ ਯਾਦ
ਕਰ ਰਿਹਾ ਸੀ। ਕੋਈ ਕਿਸੇ ਤੋਂ ਵਿੱਛੜ ਕੇ ਲੰਘੇ ਸਮਿਆਂ ਨੂੰ ਯਾਦ ਕਰ ਕਰ ਉਹਨਾਂ ਪਲਾਂ 'ਚ
ਇੱਕ ਹੋਰ ਵਰ੍ਹੇ ਦੇ ਜੁੜ ਜਾਣ ਕਾਰਨ ਫਿਕਰਮੰਦ
ਦਿਸ ਰਿਹਾ ਸੀ ਤੇ
ਕੋਈ ਕਿਸੇ ਦੇ ਨਵੇਂ ਵਰ੍ਹੇ 'ਚ ਪਰਤ ਆਉਣ ਲਈ ਆਸਵੰਦ ਦਿਖਾਈ ਦੇ ਰਿਹਾ ਸੀ ਪਰ ਇੱਕ ਭੀਰੀ ਸੀ
ਜਿਸਨੂੰ ਨਵਾਂ ਸਾਲ ਚੜ੍ਹਨ ਦਾ ਖਿਆਲ ਇਸ ਕਰਕੇ ਹੀ ਰਹਿੰਦਾ ਸੀ ਕਿ ਮਾਘ ਦੀ ਸਗਰਾਂਦ ਨੂੰ
ਤਖਤੂਪੁਰੇ ਦਾ ਮਾਘੀ ਮੇਲਾ ਹੁੰਦੈ। ਮੇਲਾ ਵੀ ਉਹ ਇਸ ਕਰਕੇ ਹੀ ਉਡੀਕਦਾ ਰਹਿੰਦਾ ਸੀ ਕਿਉਂਕਿ
ਇਸ ਮੇਲੇ 'ਤੇ ਪੰਜਾਬ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਵੱਲੋਂ ਆਪੋ ਆਪਣੇ ਜਲਸੇ ਜੋ ਕੀਤੇ
ਜਾਂਦੇ ਹਨ। ਸਾਰਿਆਂ ਦੇ 'ਬਹੁਮੁੱਲੇ' ਵਿਚਾਰ ਸੁਣ ਕੇ ਫਿਰ ਅਗਲੇ ਸਾਲ ਦੇ ਮਾਘੀ ਮੇਲੇ ਤੱਕ
ਭੀਰੀ ਕੋਲ ਬੱਸ ਅੱਡੇ ਵਾਲੇ ਤਖਤਪੋਸ਼ 'ਤੇ ਬਹਿ ਕੇ ਨੇਤਾਵਾਂ ਦੇ ਬਿਆਨਾਂ ਦੇ ਆਪ੍ਰੇਸ਼ਨ
ਕਰਨ ਲਈ ਖ਼ਜ਼ਾਨਾ ਜਮ੍ਹਾ ਹੋ ਜਾਂਦਾ ਸੀ। ਨੇਤਾ ਭਾਵੇਂ ਆਪੋ-ਆਪਣੇ ਝੂਠ ਬੋਲ ਕੇ ਭੁੱਲ
ਜਾਂਦੇ ਹੋਣ ਪਰ ਭੀਰੀ ਦਾ 'ਕੰਪੂਟਰ ਡਮਾਕ' ਕੀ ਮਜਾਲ ਐ ਕਿ ਕੁਛ ਭੁੱਲ ਜਾਵੇ। ਕਿਸੇ ਨੇਤਾ
ਸਾਬ੍ਹ ਨੇ ਮਾਘੀ ਮੇਲੇ ਵਾਲੇ ਜਲਸੇ ਤੋਂ ਬਾਦ ਆਵਦਾ ਦਿੱਤਾ ਬਿਆਨ ਭੁੱਲ ਕੇ ਕੋਈ ਊਟ-ਪਟਾਂਗ
ਬਿਆਨ ਦਾਗਿਆ ਨਹੀਂ ਤੇ ਭੀਰੀ ਨੇ ਗੱਲੀਂ ਬਾਤੀਂ ਓਸ ਨੇਤਾ ਜੀ ਨੂੰ ਗੋਡਿਆਂ ਹੇਠਾਂ ਲਿਆ
ਨਹੀਂ...। ਭੀਰੀ ਦੀ ਏਹੀ ਖਾਸੀਅਤ ਹੀ ਸੀ ਕਿ ਤਖਤਪੋਸ਼ ਵਾਲੀ ਢਾਣੀ ਦੇ ਬਾਕੀ ਮੈਂਬਰਾਂ
ਰੂਪੇ, ਭੋਲੇ ਹਨੇਰੀ, ਭਾਂਬੜ ਤੇ ਟੀਲੇ ਵਰਗਿਆਂ ਨੂੰ ਭੀਰੀ ਦੀ 'ਬਿਆਨ-ਬਾਜ਼ੀ' ਸੁਣੇ ਬਿਨਾਂ
ਟੁੱਕ ਹਜ਼ਮ ਨਹੀਂ ਸੀ ਆਉਂਦਾ। ਨਵੇਂ ਸਾਲ ਦੀਆਂ ਤਿਆਰੀਆਂ ਜ਼ੋਰਾਂ 'ਤੇ ਸਨ। ਬੱਸ ਅੱਡੇ
ਵਾਲੇ ਤੇਜੇ ਹਲਵਾਈ ਦੀਆਂ ਭੱਠੀਆਂ ਘਰਕਾਟ ਪਾਈ ਫਿਰਦੀਆਂ ਸਨ, ਤੇਜਾ ਕਚੀਚੀਆਂ ਲੈ ਲੈ ਲੱਡੂ
ਵੱਟ ਰਿਹਾ ਸੀ। ਲੱਡੂਆਂ ਨੂੰ ਗੋਲ ਕਰਨ ਲਈ ਜਦੋਂ ਮੁੱਠੀਆਂ ਨੂੰ ਘੁੱਟਦਾ ਤਾਂ ਇਉਂ ਲਗਦਾ ਕਿ
ਲੱਡੂ ਵਿਚਾਰੇ ਤੇਜੇ ਦੀਆਂ ਮਿੰਨਤਾਂ ਕਰ ਰਹੇ ਹੋਣ ਕਿ "ਤੇਜਿਆ! ਵੀਰ ਬਣਕੇ ਅੱਜ ਬਖਸ਼ ਲੈ।
ਐਨੀ ਜ਼ੋਰ ਨਾਲ ਤਾਂ ਨਾ ਘੁੱਟ... ਭੋਰਾ ਤਰਸ ਖਾ ਯਾਰ।" ਤੇਜੇ ਦੀਆਂ ਉਂਗਲਾਂ 'ਚੋਂ ਦੀ
ਬਾਹਰ ਝਾਕਦੇ ਪ੍ਰਤੀਤ ਹੁੰਦੇ ਲੱਡੂ ਪੰਜਾਬ ਦੇ ਲੋਕਾਂ ਵਰਗੇ ਲਗਦੇ ਜਿਹੜੇ ਦਿਨੋ ਦਿਨ
ਸਿਕੰਜੇ 'ਚ ਕਸਦੇ ਤਾਂ ਜਾ ਰਹੇ ਹੋਣ ਪਰ ਬੋਲਣੋਂ ਬੇਬੱਸ ਹੋਣ। ਪਰ ਸਭ ਕੁਝ ਸਾਵਾਂ ਲਾਵਾਂ
ਚੱਲੀ ਜਾ ਰਿਹਾ ਸੀ। ਕੋਈ ਹਾਏ-ਬੂਅ ਕਰਕੇ ਦਿਨ ਕਟੀ ਕਰ ਰਿਹਾ ਸੀ, ਕੋਈ ਵਰਤਾਏ ਜਾ ਰਹੇ
ਰਾਜਨੀਤਕ ਕਹਿਰ ਨੂੰ ਭਾਣਾ ਮੰਨੀ ਬੈਠਾ ਸੀ ਤੇ ਕੋਈ ਨਵੇਂ ਸਾਲ ਨੂੰ ਜਿ਼ੰਦਗੀ ਦੇ ਆਖਰੀ ਦਿਨ
ਵਾਂਗ ਇਉਂ ਮਨਾਉਣ 'ਚ ਮਸਤ ਸੀ ਕਿ ਜਿਵੇਂ ਮੁੜ ਇਹ ਦਿਨ ਦੇਖਣਾ ਹੀ ਨਾ ਹੋਵੇ ਪਰ ਭੀਰੀ
ਪਹਿਲਾਂ ਵੀ ਲੋਕਾਂ ਦੀ ਨਜ਼ਰ 'ਚ 'ਅਮਲੀ' ਸੀ ਤੇ ਨਵਾਂ ਸਾਲ ਚੜ੍ਹਨ ਤੋਂ ਬਾਦ ਵੀ 'ਅਮਲੀ'
ਹੀ ਰਹੂਗਾ।
-"ਓਏ ਆਹ ਤੇਜੇ ਹਲਵਾਈ ਨੂੰ ਕੀ ਕਮਲ ਛਿੜ ਗਿਐ, ਦੇਖੋ ਕਿਵੇਂ ਲੱਡੂਆਂ ਦੇ ਪੱਦ ਕੱਢੀ
ਜਾਂਦੈ।", ਭੀਰੀ ਨੇ ਤਖਤਪੋਸ਼ 'ਤੇ ਬੈਠਣ ਲਈ ਪਰਨੇ ਨਾਲ ਬੈਠਣ ਜੋਕਰੀ ਥਾਂ ਸਾਫ ਕਰਦਿਆਂ
ਕਿਹਾ ਤਾਂ ਚੁੱਪ ਚੁਪੀਤੀ ਬੈਠੀ ਢਾਣੀ 'ਚ ਹਿੱਲ-ਜੁੱਲ ਜਿਹੀ ਹੋ ਗਈ।
-"ਇਉਂ ਲਗਦੈ ਜਿਵੇਂ ਨਾਗਣੀ ਨੇ ਨਿਰਨੇ ਕਾਲਜੇ ਡੰਗ ਮਾਰਤਾ, ਤਾਂਹੀਂ ਆਉਂਦਾ ਈ ਤੇਜਾ ਢਾਹ
ਲਿਆ।" ਰੂਪੇ ਨੇ ਭੀਰੀ ਦੀ ਪਹਿਲੀ ਗੱਲ ਦੀ ਕਾਟ ਕੀਤੀ।
-"ਮੈਂ ਕਦੋਂ ਕੁ ਤੈਥੋਂ ਮੰਗ ਕੇ ਨਾਗਣੀ ਖਾਧੀ ਆ, ਐਵੇਂ ਨਾਂ ਬੱਦੂ ਕਰਦਾ ਰਹਿੰਨਾਂ।" ਭੀਰੀ
ਰੂਪੇ ਨੂੰ ਚਾਰੇ ਪੈਰ ਚੱਕ ਕੇ ਪਿਆ। "ਨਾਲੇ ਤੈਨੂੰ ਕਿਹੜੇ ਕੰਜਰ ਨੇ ਕਹਿਤਾ ਕਿ ਮੈਂ 'ਫੀਮ
ਖਾਂਨਾਂ?", ਭੀਰੀ ਜਾਣਦਾ ਸੀ ਕਿ ਸਭ ਨੂੰ ਪਤੈ ਕਿ ਓਹ ਨਾਗਣੀ ਛਕਦੈ ਪਰ ਸੱਚਾ ਜਿਹਾ ਬਣ
ਰਿਹਾ ਸੀ। ਜਿਸ ਦਿਨ ਭੀਰੀ ‘ਨਾਗਣੀ-ਰਹਿਤ’ ਹੁੰਦਾ ਹੈ ਓਸ ਦਿਨ ਤਾਂ ਦੂਰੋਂ ਆਉਂਦੇ ਤੋਂ ਹੀ
ਪਤਾ ਲੱਗ ਜਾਂਦੈ ਕਿ ਭੀਰੀ ਦੇ ਚੱਕਿਆਂ ‘ਚ ‘ਫਲਟ’ ਪਿਆ ਹੋਇਐ।
-“ਬਾਈ ਭੀਰੀ, ਵਰ੍ਹੇ ਦਿਨਾਂ ਦੇ ਦਿਨ ਆ, ਕੁਛ ਪੁੱਛਣੈ ਤੈਥੋਂ... ਜੇ ਸੱਚ ਦੱਸੇਂਗਾ
ਤਾਂ।”, ਭੋਲੇ ਹਨ੍ਹੇਰੀ ਨੇ ਡਰਦੇ ਜਿਹੇ ਨੇ ਭੀਰੀ ਨੂੰ ਟੋਹ ਕੇ ਦੇਖਿਆ।
-“ਭੋਲਿਆ ਆਹ ਕੀ ਗੱਲ ਕਰਤੀ, ਪੁੱਛ ਕੀ ਪੁੱਛਣੈ? ਸੱਚੋ ਸੱਚ ਦੱਸੂੰ।”, ਭੀਰੀ ਪੁੱਛਾਂ ਦੇਣ
ਵਾਲਿਆਂ ਵਾਂਗੂੰ ਬਹਿ ਗਿਆ ਸੀ।
-“ਤੇਰਾ ਐਨਾ ਡਮਾਕ ਆ, ਫੇਰ ਤੂੰ ਕਾਹਤੋਂ ਨਾਗਣੀ ਆਲੇ ਚੱਕਰਾਂ ‘ਚ ਫਸ ਗਿਆ ਸੀ।”, ਭੋਲੇ ਨੇ
ਅੱਖਰਾਂ ਦੀ ਚੰਗੀ ਬੁਣਤੀ ਬੁਣੀ ਸੀ। ਭੀਰੀ ਨੇ ਦੋ ਪਲ ਚੁੱਪ ਹੋ ਕੇ ਹਾਉਕਾ ਜਿਹਾ ਭਰਿਆ।
-“ਵੀਰ ਮੇਰਿਆ! ਪਾਪੀ ਪੇਟ ਬਹੁਤ ਕੁਛ ਕਰਵਾ ਦਿੰਦੈ। ਮਿੱਤਰਾ ਕੋਈ ਵੇਲਾ ਸੀ ਜਦੋਂ ਮੈਂ ਵੀ
ਸੀਰ ਲਿਆ ਸੀ ਕਿਸੇ ਨਾਲ... ਹੁਣ ਓਹਦਾ ਨਾਂਅ ਨਾ ਪੁੱਛੀਂ... ਮੈਂ ਅੱਲ੍ਹੜ ਜਿਆ ਹੁੰਦਾ ਸੀ,
ਵੱਧ ਕੰਮ ਲੈਣ ਦੇ ਲਾਲਚ ‘ਚ ਭੁੱਕੀ ਜਾਂ ਫੀਮ ਮੂਹਰੇ ਕਰ ਦੇਣੀ... ਨਿਆਣ-ਮੱਤਾ ਹੁੰਦਾ ਸੀ
ਓਦੋਂ.. ਜਦੋਂ ਨੂੰ ਸਮਝ ਆਈ ਓਦੋਂ ਨੂੰ ਪੱਕਾ ਲੱਗ ਗਿਆ। ਓਹ ਦਿਨ ਤੇ ਆਹ ਦਿਨ ਲੋਕ ਵੀ ਅਮਲੀ
ਕਹਿਣ ਲੱਗਗੇ, ਕੋਈ ਕੰਜਰ ਇਹ ਨੀਂ ਪੁੱਛਦਾ ਕਿ ਕਿਹੜੇ ਹਾਲਾਤ ਸੀ ਕਿ ਮੈਂ ਅਮਲ ਖਾਣ
ਲੱਗਿਆ।”, ਭੀਰੀ ਦੀ ਸੁਣਾਈ ਸੰਖੇਪ ਜਿਹੀ ਹੱਡਬੀਤੀ ਨੇ ਸਭ ਦੇ ਜਿਵੇਂ ਸਾਹ ਹੀ ਸੂਤ ਲਏ ਸਨ।
ਤਖਤਪੋਸ਼ ‘ਤੇ ਇੱਕ ਚੁੱਪ ਜਿਹੀ ਪਸਰ ਗਈ ਸੀ। ਰੂਪਾ ਵੀ ਆਪਣੀ ਪਹਿਲੀ ਗੱਲ ‘ਤੇ ਸ਼ਰਮਿੰਦਾ
ਜਿਹਾ ਦਿਸ ਰਿਹਾ ਸੀ। “ਬਾਈ ਰੂਪਿਆ! ਤੇਰਾ ਵੀ ਕੋਈ ਕਸੂਰ ਨਹੀਂ, ਜਿਸ ਬੰਦੇ ਨੇ ਆਵਦੇ ਪੈਂਰ
ਜਾਣ ਬੁੱਝ ਕੇ ਕੁਹਾੜੇ ‘ਤੇ ਮਾਰ ਲਏ ਹੋਣ, ਓਹ ਕਿਸੇ ਨਾਲ ਕੀ ਰੋਸਾ ਕਰਲੂ। ਮੈਨੂੰ ਤੇਰੀ
ਗੱਲ ਦਾ ਗੁੱਸਾ ਨੀ ਆਇਆ ਸਗੋਂ ਮੈਂ ਤਾਂ ਓਸ ਵੇਲੇ ਨੂੰ ਕੋਸਦਾਂ ਜਦੋਂ ਆਪਣੇ ਪਿੰਡ ਵੀ
ਭੁੱਕੀ ਫੀਮ ਨਵੀਂ ਨਵੀਂ ਵਿਕਣੀ ਸ਼ੁਰੂ ਹੋਈ ਸੀ। ਬਾਹਰੋਂ ਬੰਦੇ ਆਉਂਦੇ ਹੁੰਦੇ ਸੀ,
ਟਿੱਬਿਆਂ ‘ਚ ‘ਜਹਾਜ’ ਉੱਤਰਦਾ ਹੁੰਦਾ ਸੀ। ਘੋੜੀਆਂ ‘ਤੇ ਆਉਂਦੇ ਹੁੰਦੇ ਸੀ ‘ਤੇ ਡਾਂਗਾਂ
ਬਰਛੇ ਕੋਲ ਹੁੰਦੇ ਸੀ। ਪੁਲਸ ਤਾਂ ਓਦੋਂ ਵੀ ਹੁੰਦੀ ਸੀ ਤੇ ਹੁਣ ਵੀ ਆ। ਲੰਡੂ ਲੀਡਰ ਓਦੋਂ
ਵੀ ਹੁੰਦੇ ਸੀ ਤੇ ਹੁਣ ਵੀ ਆ। ਜੇ ਓਦੋਂ ਵਾਲੇ ਲੀਡਰਾਂ, ਪੰਚਾਂ ਸਰਪੰਚਾਂ ਨੇ ਓਹਨਾਂ
ਬਲੈਕੀਆਂ ਦਾ ਸਾਥ ਨਾ ਦਿੱਤਾ ਹੁੰਦਾ ਤਾਂ ਆਹ ਦਿਨ ਨਾ ਦੇਖਣੇ ਪੈਂਦੇ। ਫੇਰ ਵੇਲਾ ਆਇਆ ਕਿ
ਜਿਹੜੇ ਬੰਦੇ ਦੂਰੋਂ ਵੇਚਣ ਆਉਂਦੇ ਸੀ ਉਹਨਾਂ ਨੇ ਆਪਣੇ ਪਿੰਡ ‘ਚ ਹੀ ‘ਅਜੰਟ’ ਲੱਭਲੇ,
ਬੋਰੀਆਂ ਓਹਨਾਂ ਨੂੰ ਫੜਾ ਜਾਂਦੇ ਸੀ ਤੇ ਓਹ ਵੇਚੀ ਜਾਂਦੇ ਸੀ। ਜੇ ਕੋਈ ਟਾਊਟ ਮੁਖਬਰੀ ਕਰ
ਦਿੰਦਾ ਤਾਂ ਸਭ ਤੋਂ ਪਹਿਲਾਂ ਪੰਚੈਤੀਆਂ ਨੂੰ ਭਾਜੜ ਪੈ ਜਾਂਦੀ ਸੀ। ਠਾਣੇ ਵਾਲਿਆਂ ਨਾਲ
ਗੰਢ-ਸੰਢ ਕਰਕੇ ਬਲੈਕੀਏ ਛੁੱਟਣ ਲੱਗਗੇ। ਇਉਂ ਵਧੇ ਨਸਿ਼ਆਂ ਦੇ ਕਾਰੋਬਾਰ।”, ਇਉਂ ਲਗਦਾ ਸੀ
ਜਿਵੇਂ ਭੀਰੀ ਦੇ ਲੰਮੇ ਸਮੇਂ ਤੋਂ ਮਾਰੇ ਸਬਰ ਦਾ ਬੰਨ੍ਹ ਟੁੱਟ ਗਿਆ ਸੀ। “ਜਦੋਂ ਕੁੱਤੀ
ਚੋਰਾਂ ਨਾਲ ਪੱਕੀ ਰਲਗੀ, ਫੇਰ ਕਿਸੇ ਕੰਜਰ ਨੂੰ ਕੀ ਡਰ ਹੋਣਾ ਸੀ। ਫੇਰ ਤਾਂ ਟਰੱਕਾਂ ਦੇ
ਟਰੱਕ ਵਿਕਣ ਲੱਗਗੇ। ਫੇਰ ਲੰਡੂ ਪਚੈਤੀਆਂ ਦੀਆਂ ਸ਼ਪਾਰਸ਼ਾਂ ਵੀ ਅਣਗੌਲੀਆਂ ਹੋਣ ਲੱਗ ਗੀਆਂ।
ਫੇਰ ਲੋੜ ਪੈਣ ਲੱਗਗੀ ਵੱਡੇ ਲੀਡਰਾਂ ਦੀ। ਜਦੋਂ ਗੱਲ ਐੱਮ.ਪੀ., ਐੱਮ.ਐੱਲ.ਏਆਂ ਤੱਕ
ਪਹੁੰਚਗੀ ਫੇਰ ਸਭ ਨੂੰ ਪਤਾ ਲੱਗ ਗਿਆ ਕਿ ਏਸ ਤੋਂ ਵਧੀਆ ਤਾਂ ਕਿੱਤਾ ਈ ਹੈਨੀਂ। ਨਾਂ ਹਿੰਗ
ਲੱਗੇ ਨਾ ਫਟਕੜੀ। ਜੇ ਕੋਈ ਬਲੈਕੀਆ ਫੜ੍ਹਿਆ ਵੀ ਜਾਣਾ ਤਾਂ ਪੁਲਸ ਦੇ ਠਾਣੇ ਪਹੁੰਚਣ ਤੋਂ
ਪਹਿਲਾਂ ਲੀਡਰ ਠਾਣੇ ਛੁਡਾਉਣ ਵਾਸਤੇ ਪਹੁੰਚ ਜਾਂਦੇ ਸੀ। ਬਲੈਕੀਆਂ ਨੂੰ ਦਿੱਤੀਆਂ
ਹੱਲਾਸ਼ੇਰੀਆਂ ਦਾ ਹੀ ਨਤੀਜੈ ਕਿ ਬਲਬੀਰ ਸਿਉਂ ਅੱਜ ਲੋਕਾਂ ਵਾਸਤੇ ਭੀਰੀ ਅਮਲੀ ਬਣ ਗਿਐ। ਜੇ
ਮਾਂ...ਚੋ.. ਲੀਡਰ ਨਸ਼ੇ ਵੇਚਣ ਵਾਲਿਆਂ ਨੂੰ ਹੱਲਾਸ਼ੇਰੀਆਂ ਨਾ ਦਿੰਦੇ ਜਾਂ ਹਿੱਸਾ-ਪੱਤੀਆਂ
ਨਾ ਪਾਉਂਦੇ ਤਾਂ ਲੱਖਾਂ ਹੀ ਮਾਵਾਂ ਦੇ ਪੁੱਤ ਅਮਲੀ ਬਨਣੋਂ ਬਚ ਜਾਣੇ ਸੀ।”, ਭੀਰੀ ਨੇ
ਗੱਲਾਂ ਗੱਲਾਂ ਰਾਹੀਂ ਹੀ ਸਭ ਨੂੰ ਪੁਰਾਣੇ ਸਮਿਆਂ ਦੀ ਯਾਦ ਦਿਵਾ ਦਿੱਤੀ ਸੀ। ਭਾਂਬੜ,
ਟੀਲ੍ਹਾ ਦੰਗ ਜਿਹੇ ਹੋਏ ਬੈਠੇ ਸਨ ਕਿ ਅੱਜ ਕਿੱਧਰੋਂ ਭੀਰੀ ਦੀ ਪੁੱਠੀ ‘ਸੁੱਚ’ ਮਰੋੜਤੀ
ਰੂਪੇ ਨੇ। “ਚੱਲੋ ਭੁੱਕੀ ਫੀਮ ਖਾ ਕੇ ਤਾਂ ਬੰਦਾ ਕੋਈ ਕੰਮ ਵੀ ਕਰ ਲੈਂਦਾ ਸੀ। ਜਿਹੜੇ ਕੰਮ
ਨੂੰ ਪੀਨਕ ਲੱਗਗੀ... ਓਸ ਕੰਮ ਦਾ ਟੱਟੂ ਪਾਰ। ਹੁਣ ਆਹ ਜਿਹੜੇ ਨਸ਼ੇ ਚੱਲਦੇ ਆ, ਇਹ ਖਾ ਕੇ
ਤਾਂ ਬੰਦਾ ਕੰਮੋਂ ਤਾਂ ਜਾਂਦਾ ਈ ਆ, ਪੀੜ੍ਹੀ ਅੱਗੇ ਤੋਰਨ ਆਲੀ ਮਸ਼ੀਨ ਨੂੰ ਵੀ ਜੰਗਾਲ ਲੁਆ
ਬਹਿੰਦੈ।” ਭੀਰੀ ਦੀ ਦੂਰੋਂ ਗੱਲ ਸੁਣ ਕੇ ਤੇਜੇ ਹਲਵਾਈ ਦੀ ਚਾਹ ਦੀ ਘੁੱਟ ਨਾਸਾਂ ਥਾਈਂ
ਬਾਹਰ ਆ ਗਈ। “ਨਸ਼ਾ ਤਾਂ ਨਸ਼ਾ ਈ ਆ, ਆਸੇ ਪਾਸੇ ਨਿਗ੍ਹਾ ਮਾਰ ਕੇ ਦੇਖ ਲਿਓ, ਜਿੰਨੇ ਤਲਾਕ
ਹੁੰਦੇ ਆ ਉਹਨਾਂ ‘ਚ ਬਾਹਲੇ ਕੇਸ ਨਸ਼ੇ ਆਲੇ ਹੁੰਦੇ ਆ। ਲਾਚੜਪੁਣੇ ‘ਚ ਖਾਧਾ ਨਸ਼ਾ ‘ਦਾਣੇ’
ਮੁਕਾ ਦਿੰਦੈ।”, ਭੀਰੀ ਦੀਆਂ ਗੱਲਾਂ ‘ਚੋਂ ਸੱਚਾਈ ਦੀ ਝਲਕ ਮਾਰ ਰਹੀ ਸੀ। “ਭਰਾਵੋ ਆਪਾਂ
ਤਾਂ ਇਹੀ ਕਹਿੰਨੇ ਆਂ ਕਿ ਜਵਾਨੀ ਤਾਂ ਖੁਦ ਇੱਕ ਨਸ਼ਾ ਹੁੰਦੀ ਆ। ਜਿਹੜਾ ਜਵਾਨ ਨਸ਼ਾ ਕਰਨ
ਲੱਗ ਗਿਆ, ਸਮਝੋ ਓਹਦੇ ਮਾਂ ਪਿਓ ਨੇ ਸਭ ਤੋਂ ਵੱਡੀ ਗਲਤੀ ਕੀਤੀ ਓਹਨੂੰ ਜੰਮ ਕੇ।”, ਭੀਰੀ
ਥੋੜ੍ਹਾ ਉੱਚੀ ਬੋਲ ਗਿਆ ਸੀ ਜਿਵੇਂ ਨੇੜੇ ਤਾਸ਼ ਖੇਡਦੇ ਜੁਆਨ ਮੁੰਡਿਆਂ ਨੂੰ ਸੁਨਾਉਣ ਲਈ ਹੀ
ਕਿਹਾ ਹੋਵੇ।
-“ਚੱਲ ਛੱਡ ਭੀਰੀ ਹੋਰ ਸੁਣਾ ਕੋਈ ਰੱਬ ਘਰ ਦੀ।”, ਟੀਲ੍ਹਾ ਭੀਰੀ ਦੀ ਸੁਰ ਬਦਲਣ ਦੇ ਚੱਕਰ
‘ਚ ਸੀ।
-“ਟੋਨੀ ਖੱਤਰੀ ਕੋਲ ਬਹਿ ਗਿਆ ਸੀ ‘ਖ਼ਬਾਰ ਪੜ੍ਹਨ। ਵੱਢਾ-ਟੁੱਕੀ, ਮਾਰ-ਮਰਾਈ,
ਲੁੱਟ-ਖੋਹ... ਬਸ ਆਹੀ ਖ਼ਬਰਾਂ ਰਹਿਗੀਆਂ। ਖ਼ਬਾਰ ਪੜ੍ਹ ਲਓ... ਫੇਰ ਰੋਟੀ ਸੁਆਦ ਨੀ ਲਗਦੀ।
ਜੀਹਨੇ ਭਾਰ ਘਟਾਉਣਾ ਹੋਵੇ ਓਹਦੇ ਲਈ ਹਰ ਰੋਜ ਅਖ਼ਬਾਰ ਪੜ੍ਹਨਾ ਜਰੂਰੀ ਆ।”, ਭੀਰੀ ਨੇ ਭਾਰ
ਘਟਾਉਣ ਵਾਲੀ ਗੱਲ ਕਰਕੇ ਸਾਰਿਆਂ ਲਈ ਨਵਾਂ ਸੁਆਲ ਛੱਡ ਦਿੱਤਾ।
-“ਭੀਰੀ ਗੁੱਸਾ ਨਾ ਕਰੀਂ, ਅੱਜ ਸੱਚੀਂ ਤੇਰੇ ਡੈਲ ਘੁੰਮੇ ਵੇ ਆ। ਭਲਾ ਅਖਬਾਰ ਪੜ੍ਹਨ ਤੇ
ਭਾਰ ਘਟਾਉਣ ਦਾ ਕੀ ਸੰਬੰਧ ਹੋਇਆ।”, ਭੀਰੀ ਦੀ ਗੱਲ ਭਾਂਬੜ ਦੇ ਸਿਰ ਉੱਤੋਂ ਦੀ ਲੰਘ ਗਈ ਸੀ।
-“ਭਲਿਆ ਮਾਣਸਾ, ਪੱਤਰਕਾਰਾਂ ਦੀਆਂ ਖਿੱਚੀਆਂ ਫੋਟੋਆਂ ਦੇਖ ਕੇ ਤਾਂ ਬੰਦਾ ਸ਼ਰਮ ਨਾਲ ਮਰਜੇ
ਤੂੰ ਭੁੱਖ ਦੀ ਗੱਲ ਕਰਦਾਂ। ਲੈ ਸੁਣ, ਇੱਕ ਨੇ ਖਿੱਚੀਆਂ ਦੋ ਧੜ੍ਹਿਆਂ ਵਿਚਾਲੇ ਲੜਾਈ ‘ਚ
ਕਿਰਪਾਨਾਂ ਨਾਲ ਖਿਲਾਰੇ ਪਏ ਬੰਦਿਆਂ ਦੀਆਂ ਫੋਟੋਆਂ ਲਹੂ-ਲੁਹਾਣ ਹੋਇਆਂ ਦੀਆਂ। ਦੇਖ ਕੇ
ਉਲਟੀ ਆਉਂਦੀ ਸੀ। ਇੱਕ ਪੱਤਰਕਾਰ ਨੇ ਆਵਦੀ ਖ਼ਬਰ ਨਾਲ ਫੋਟੋ ਲਾਈ ਕਿ ‘ਇਹ ਓਸ ਮਾਸੂਮ ਲੜਕੀ
ਦੀ ਤਸਵੀਰ ਹੈ ਜਿਸ ਨਾਲ ਅਧੇੜ ਉਮਰ ਦੇ ਆਦਮੀ ਨੇ ਬਲਾਤਕਾਰ ਕੀਤਾ।’ ਫੋਟੋਂ ਤਾਂ ਲਾ ਦਿੱਤੀ
ਕਿ ਲੋਕ ਵਾਹ ਵਾਹ ਕਰ ਉੱਠਣਗੇ ਕਿ ਪੱਤਰਕਾਰ ਸਾਬ੍ਹ ਨੇ ਕਮਾਲ ਕਰਤੀ ਖ਼ਬਰ ਆਲੀ ਪਰ ਨਾ ਤਾਂ
ਅਖ਼ਬਾਰ ਵਾਲਿਆਂ ਤੇ ਨਾ ਹੀ ‘ਪੱਤਰਸੈਕਲ’ ਸਾਬ੍ਹ ਨੇ ਸੋਚਿਆ ਕਿ ਜਿਸ ਮਾਸੂਮ ਦੀ ਫੋਟੋ ਲਾਈ
ਆ ਓਹ ਬੁੜ੍ਹੀ ਹੋਣ ਤੱਕ “ਬਲਾਤਕਾਰ ਵਾਲੀ ਕੁੜੀ” ਹੀ ਬਣੀ ਰਹੂ। ਓਨਾ ਮਾਨਸਿਕ ਦੁੱਖ ਤਾਂ
ਓਹਨੂੰ ਵਿਚਾਰੀ ਨੂੰ ਬਲਾਤਕਾਰ ਦਾ ਨਹੀਂ ਹੋਇਆ ਹੋਣਾ ਜਿੰਨਾ ਖ਼ਬਰ ਦਾ ਹੋਇਆ ਹੋਊ। ਜਦੋਂ
ਐਹੋ ਜੀਆਂ ਦੁੱਖ ਆਲੀਆਂ ਖ਼ਬਰਾਂ ਪੜ੍ਹਾਂਗੇ ਫੇਰ ਭੁੱਖ ਸੁਆਹ ਲੱਗਣੀ ਆ.... ਭਾਰ ਆਪੇ
ਘਟਜੂ।”, ਭੀਰੀ ਦੀ ਵਜ਼ਨਦਾਰ ਗੱਲ ਅੱਗੇ ਭਾਂਬੜ ਫੇਰ ਚੁੱਪ ਸੀ।
-“ਭਰਾਵੋ ਖ਼ਬਾਰਾਂ ‘ਚ ਵੀ ਕੂੜ ਵਿਕਦੈ। ਪੈਸੇ ਦੇ ਕੇ ਇਸ਼ਤਿਹਾਰ ‘ਚ ਭਾਵੇਂ ਗਾਲ੍ਹਾਂ ਲਿਖ
ਦਿਓ...ਓਹ ਵੀ ਛਪ ਜਾਣਗੀਆਂ। ਹੋਰ ਸੁਣੋ, ਹੁਣ ਤਾਂ ਲੀਡਰਾਂ ਨਾਲ ਸਾਂਝ ਭਿਆਲੀ ਬਿਨਾਂ ਕੁਛ
ਨੀਂ ਚਲਦਾ ਲਗਦਾ। ਥੋਨੂੰ ਵੀ ਪਤਾ ਈ ਆ ਕਿ ਆਪਣੇ ਲੀਡਰਾਂ ਦਾ ਸਾਰਾ ਲੁੰਗ-ਲਾਣਾ ਚੰਡੀਗੜ੍ਹ
ਹੀ ਰਹਿੰਦੈ।”, ਸਾਰੇ ਤੋਤਿਆਂ ਵਾਂਗ ਸਿਰ ਹਿਲਾ ਗਏ। “ਕੋਈ ਖ਼ਬਾਰ ਚੱਕਲੋ, ਸਾਰਿਆਂ ‘ਚ ਇਹੀ
ਇਸ਼ਤਿਹਾਰ ਹੋਣਗੇ ਕਿ ਅਸੀਂ ਐਨੇ ਦਿਨਾਂ ‘ਚ ਇੰਗਲੈਂਡ ਦੇ ਐਨੇ ਵੀਜ਼ੇ ਲੁਆਤੇ। ਐਥੋਂ ਕੰਮ
ਦਿਵਾਉਣ, ਰਹਿਣ ਸਹਿਣ ਦੇ ਵਾਅਦੇ ਕਰਕੇ ਤੋਰਦੇ ਆ, ਜਦੋਂ ਮੁੰਡੇ ਕੁੜੀਆਂ ਜਹਾਜੋਂ ‘ਗਲੈਂਡ
ਉੱਤਰਦੇ ਆ.... ਫੇਰ ਝੱਗਾ ਚੱਕ ਦਿੰਦੇ ਆ। ਪਿੱਛੇ ਜਿਹੇ ਮੈਡੀਕਲ ਦੀ ਪੜ੍ਹਾਈ ਆਲੇ ਕਾਲਜ
ਖੁੱਲ੍ਹੇ ਸੀ ਤਾਂ ਵੱਡੇ ਵੱਡੇ ਲੀਡਰਾਂ ਨੇ ਇਹ ਕਾਲਜ ਵੀ ਆਵਦੇ ਹੱਥ ਹੇਠ ਕਰਲੇ ਸੀ ਕਿਉਂਕਿ
ਸਭ ਤੋਂ ਵਧੀਆਂ ਕਾਰੋਬਾਰ ਅੱਜਕੱਲ੍ਹ ਵਿੱਦਿਆ ‘ਵੇਚਣ’ ਦਾ ਐ। ਮੈਨੂੰ ਤਾਂ ਇਉਂ ਲਗਦੈ ਕਿ
ਜਿਵੇਂ ਚੰਡੀਗੜ੍ਹ-ਮੁਹਾਲੀ ‘ਚ ਆਪਣੇ ਦੇਸ਼ ਦੇ ਜੁਆਕਾਂ ਨੂੰ ਬਾਹਰ ਭੇਜਣ ਆਲੇ ਏਜੰਟਾਂ ਦੇ
ਦਫ਼ਤਰ ਖੁੱਲ੍ਹੇ ਆ, ਓਹਨਾਂ ‘ਤੇ ਵੀ ਸਾਡੇ ਲੀਡਰਾਂ ਦਾ ਕਬਜ਼ਾ ਜਰੂਰ ਹੋਊ। ਕਿਸੇ ਲੀਡਰ ਨੇ
ਇਹ ਬਿਆਨ ਅੱਜ ਤੱਕ ਨੀਂ ਦਿੱਤਾ ਕਿ ਅਸੀਂ ਆਵਦੇ ਨੌਜਵਾਨਾਂ ਨੂੰ ਆਪਣੇ ਦੇਸ਼ ‘ਚ ਹੀ ਕੰਮ
ਦੇਵਾਂਗੇ। ਨਿੱਤ ਕਿਸੇ ਨਾ ਕਿਸੇ ਅਜੰਟ ਖਿਲਾਫ ਮੁਕੱਦਮੇ ਦੀ ਖ਼ਬਰ ਆ ਜਾਂਦੀ ਐ ਪਰ ਕਿਸੇ
ਨੂੰ ਨਾ ਤਾਂ ਸਜ਼ਾ ਹੁੰਦੀ ਦੇਖੀ ਆ ਤੇ ਨਾ ਹੀ ਲੋਕਾਂ ਦੀਆਂ ਵੋਟਾਂ ਨਾਲ ਲੀਡਰ ਬਣਿਆਂ ਨੇ
ਕਦੇ ਕੋਈ ਕਾਨੂੰਨ ਬਨਾਉਣ ਦੀ ਕੋਸਿ਼ਸ਼ ਕੀਤੀ ਆ। ਰਿਉੜੀਆਂ ਪਕੌੜੀਆਂ ਵੇਚਣ ਵਾਲੇ ਵੀ ਏਜੰਟ
ਬਣੇ ਬੈਠੇ ਆ। ਜੀਹਨੂੰ ਮਰਜੀ ਦੇਖਲੋ, ਓਹੀ ਅੰਗਰੇਜੀ ਸਿੱਖੀ ਜਾਂਦੈ। ਓਹ ਵੀ ਬਾਹਰ ਜਾਣ
ਵਾਸਤੇ। ਲੋਕ ਵੀ ਜੁਆਕਾਂ ਨੂੰ ਸਰਕਾਰੀ ਸਕੂਲਾਂ ‘ਚ ਪੜਾਉਣੋਂ ਹਟਗੇ ਕਿ ਜੇ ਜੁਆਕ ਨੂੰ
ਅੰਗਰੇਜੀ ਨਾ ਆਈ ਤਾਂ ਫੇਰ ਵੱਡਾ ਹੋ ਕੇ ਬਾਹਰ ਕਿਵੇਂ ਜਾਊ?”, ਭੀਰੀ ਦੀਆਂ ਗੱਲਾਂ ਸੁਣਦਿਆਂ
ਇਉਂ ਲਗਦਾ ਸੀ ਜਿਵੇਂ ਬਾਕੀ ਦੇ ਸਾਥੀਆਂ ਦੀਆਂ ਜੀਭਾਂ ਨੂੰ ਜੰਗਾਲ ਲੱਗ ਗਈ ਹੋਵੇ। ਭੀਰੀ
ਦੀਆਂ ਉੱਚੀ ਸੁਰ ‘ਚ ਸੁਣਾਈਆਂ ਗੱਲਾਂ ਸੁਣ ਕੇ ਆਸੇ ਪਾਸੇ ਦੀਆਂ ਦੁਕਾਨਾਂ ਵਾਲੇ ਵੀ
ਤਖਤਪੋਸ਼ ਦੇ ਨੇੜੇ ਆਉਣੇ ਸ਼ੁਰੂ ਹੋ ਗਏ।
-“ਭੀਰੀ ਕਿਉਂ ਦੂਜਿਆਂ ਦੀ ਮੈਲ ਧੋਂਦਾ ਰਹਿੰਨਾਂ। ਕਦੇ ਰੱਬ ਘਰ ਦੀ ਵੀ ਸੁਣਾ ਦਿਆ ਕਰ।”,
ਰੂਪਾ ਇੱਕ ਵਾਰ ਫੇਰ ਸਰਗਰਮ ਹੋ ਗਿਆ ਸੀ।
-“ਜੇ ਸੱਚ ਬੋਲਣਾ ਮੈਲ ਧੋਣਾ ਹੁੰਦੀ ਆ ਤਾਂ ਮੈਂਨੂੰ ਮੈਲ ਧੋਣੀ ਹੀ ਚੰਗੀ ਲਗਦੀ ਆ। ਆਪਾਂ
ਤੋਂ ਹੀਂਜੜੇ ਬਣਕੇ ਨੀਂ ਜੀਅ ਹੁੰਦਾ। ਕਿਹੜੇ ਰੱਬ ਘਰ ਦੀ ਗੱਲ ਕਰਦੇ ਓ, ਰੱਬ ਦੇ ਨਾਂਅ ‘ਤੇ
ਤਾਂ ਬਾਬੇ ਲੋਕਾਂ ਨੂੰ ਲੁੱਟ ਲੁੱਟ ਖਾਈ ਜਾਂਦੇ ਆ। ਲੋਕਾਂ ਦੀ ਪੌੜੀ ਸਿੱਧੀ ਸੁਰਗ ਨੂੰ
ਲੁਆਉਣ ਦਾ ਲਾਲਚ ਦੇ ਕੇ ਆਪ ਧਰਤੀ ‘ਤੇ ਹੀ ਸੁਰਗ ਤੋਂ ਵਧੀਆ ਜਿੰਦਗੀ ਜਿਉਂਦੇ ਆ। ਕੱਲ੍ਹ
ਇੱਕ ਬਾਬੇ ਨੂੰ ਕੰਪੂਟਰ ‘ਤੇ ਲੈਕਚਰ ਕਰਦਾ ਸੁਣਿਆ ਸੀ ਜਿਹੜਾ ਅੰਮ੍ਰਿਤਧਾਰੀ ਲੋਕਾਂ ਨੂੰ
ਤਾਂ ਸਿੱਖਿਆ ਦਿੰਦੈ ਕਿ ‘ਬਾਹਰ ਜਾਣ ਵੇਲੇ ਏਅਰਪੋਰਟ ਤੇ ਸਿਰੀ ਸਾਹਿਬ ਲੁਹਾ ਲੈਂਦੇ ਆ,
ਅਸੀਂ ਬਾਹਰ ਨੀ ਜਾਣਾ।’ ਪਰ ਆਪ ਓਹਨੇ ਕੋਈ ਮੁਲਕ ਛੱਡਿਆ ਨੀ ਪੌਂਡ-ਡਾਲਰ ‘ਕੱਠੇ ਕਰਨ
ਵੱਲੋਂ। ਮੈਨੂੰ ਕੱਲ੍ਹ ਕਰੋੜੇ ਕੇ ਕੌਰੇ ਨੇ ਦਿਖਾਇਆ ਸੀ ਬਾਬਾ ਬੋਲਦਾ।”, ਭੀਰੀ ਦੇ ਗੱਲ
ਕਹਿਣ ਦੀ ਦੇਰ ਹੀ ਸੀ ਕਿ ਕੌਰੇ ਨੇ ਵੀ ਆਵਦਾ ਸੈਕਲ ਤਖਤਪੋਸ਼ ਨਾਲ ਪੈਰ ਲਾ ਕੇ ਰੋਕ ਲਿਆ
ਸੀ।
-“ਕੌਰਿਆ, ਬਹੁਤ ਵੱਡੀ ਉਮਰ ਆ ਤੇਰੀ.. ਦੱਸੀਂ ਇਹਨਾਂ ਨੂੰ ਕਿ ਕਿਹੜੀ ਟੂਪ ‘ਤੇ ਦੇਖਿਆ ਸੀ
ਬਾਬਾ ਆਪਾਂ।” ਭੀਰੀ ਨੇ ਕੌਰੇ ਨੂੰ ਆਉਂਦੇ ਨੂੰ ਹੀ ਕੰਮ ਲਾ ਦਿੱਤਾ।
-“ਯੂ ਟਿਊਬ ‘ਤੇ ਦੇਖਿਆ ਸੀ ਜੀ, ਯੂ ਟਿਊਬ ‘ਤੇ ‘ਮੈਂ ਨੀ ਬਾਹਰ ਜਾਣਾ’ (ਮਅਨਿ ਨ ਿਬਅਹਅਰ
ਜਅਨਅ) ਲਿਖ ਕੇ ਦੇਖ ਸਕਦੇ ਹੋ ਬਾਬਾ ਜੀ ਦੀ ਵੀਡੀਓ। ਖੁੰਢ-ਚਰਚਾ ਡੌਟ ਕੌਮ ਵਾਲੇ ਚੰਨੇ ਨੇ
ਪਾਈ ਹੋਈ ਆ ਜੀ।”, ਕੌਰਾ ਦੁ-ਟੁੱਕ ਗੱਲ ਨਿਬੇੜ ਗਿਆ।
-“ਕੌਰਿਆ! ਸੈਕਲ ਦੀ ਟੂਪ ਵੀ ਦੇਖੀ ਆ, ਟਰੈਟਰ ਦੀ ਟੂਪ ਵੀ ਦੇਖੀ ਆ... ਵੀਰ ਬਣਕੇ ਦਿਖਾ
ਤਾਂ ਦੇਹ ਕਿ ਯੂ ਟੂਪ ਕਿਹੋ ਜੀ ਹੁੰਦੀ ਆ।”, ਟੀਲ੍ਹਾ ਆਵਦੀ ਹੀ ਪੀਪਣੀ ਵਜਾ ਗਿਆ ਸੀ।
ਕਿਉਂਕਿ ਖੁਦ ਟੀਲ੍ਹਾ ਸੈਕਲਾਂ-ਟਰੈਟਰਾਂ ਦੇ ਪੈਂਚਰ ਜੋ ਲਾਉਂਦਾ ਸੀ।
-“ਟੀਲ੍ਹਿਆ! ਤੂੰ ਵੀ ਥੇਹ ‘ਤੇ ਚੜ੍ਹ ਜਾਨੈਂ ਤੂੰਬਾ ਲੈ ਕੇ। ਕੰਜਰੋ ਕੰਮ ਦੀ ਗੱਲ ਵੀ ਸੁਣ
ਲਿਆ ਕਰੋ। ਹੋਰ ਸੁਣਲੋ ਅੱਜ ਖ਼ਬਰ ਸੀ ਕਿ ਪਸ਼ੂ ਪਾਲਣ ਵਿਭਾਗ ਤੇ ਪੰਚਾਇਤਾਂ ਨੂੰ ਹੁਕਮ
ਜਾਰੀ ਹੋਏ ਆ ਕਿ ਓਹ ਲੋਕਾਂ ਨੂੰ ਆਵਾਰਾ ਫਿਰਦੇ ਕੁੱਤਿਆਂ ਤੋਂ ਬਚਾਉਣ ਲਈ ਕੁੱਤਿਆਂ ਨੂੰ
ਫੜ੍ਹ ਕੇ ਓਹਨਾਂ ਨੂੰ ਖੱਸੀ ਕਰਨ ਲਈ ਅਪਰੇਸ਼ਨ ਕਰਵਾਉਣ। ਪੱਤਰਕਾਰ ਰਣਜੀਤ ਬਾਵੇ ਦੀ ਖਬਰ ਸੀ
ਕਿ ਮੋਗਾ ਜਿਲ੍ਹੇ ਦੀਆਂ ਛੇ ਪੰਚਾਇਤਾਂ ਚੋਂ ਸਿਰਫ਼ ਬਿਲਾਸਪੁਰ ਦੀ ਪੰਚਾਇਤ ਨੇ ਚਾਰ ਤੇ
ਲੋਪੋ ਦੀ ਪੰਚਾਇਤ ਨੇ ਪੰਜ ਕੁੱਤਿਆਂ ਨੂੰ ਖੱਸੀ ਕੀਤਾ ਹੈ, ਬਾਕੀ ਦੀਆਂ ਚਾਰ ਪੰਚਾਇਤਾਂ
ਹਿੰਮਤਪੁਰਾ, ਰਣੀਆ, ਰੌਂਤਾ ਤੇ ਬੱਧਨੀ ਦੀਆਂ ਪੰਚਾਇਤਾਂ ਨੂੰ ਕੁੱਤੇ ਖੱਸੀ ਕਰਨ ‘ਚ ਸਫ਼ਲਤਾ
ਨਹੀਂ ਮਿਲੀ। ਮੈਨੂੰ ਤਾਂ ਹਾਸਾ ਆਉਂਦੈ ਸਰਕਾਰਾਂ ਦੇ ਫੈਸਲਿਆਂ ‘ਤੇ.... ਕੁੱਤਿਆਂ ਦੇ
ਨਿੱਜੀ ਮਾਮਲਿਆਂ ‘ਚ ਐਵੇਂ ਲੱਤਾਂ ਫਸਾਈ ਜਾਦੀ ਐ ਸਰਕਾਰ। ਜੇ ਕੱਲ੍ਹ ਨੂੰ ਕੁੱਤਿਆਂ ਦੇ
ਮੁੱਖ ਮੰਤਰੀ ਨੇ ਆਵਦੀਆਂ ਪੰਚਾਇਤਾਂ ਨੂੰ ਹੁਕਮ ਦੇਤਾ ਕਿ ਪੰਜਾਬ ਦੇ ਮੰਤਰੀ ਤੇ ਬਾਬੇ ਬਹੁਤ
ਗੰਦ ਪਾਉਂਦੇ ਆ.... ਕਰਦਿਓ ਸਾਰਿਆਂ ਨੂੰ ਖੱਸੀ... ਫੇਰ ਆਪਾ ਕੀ ਪੂਛ ਫੜ੍ਹਲਾਂਗੇ...?”,
ਭੀਰੀ ਦੀ ਗੱਲ ਸੁਣਕੇ ਹਾਸਾ ਅੰਬਰਾਂ ਨੂੰ ਛੁਹ ਗਿਆ ਸੀ। “ਮਿੱਤਰੋ! ਮੇਰਾ ਤਾਂ ਆਵਦਾ ਵੀ
ਇਹੀ ਖਿਆਲ ਆ ਕਿ ਜੇ ਲੋਕਾਂ ਦੀਆਂ ਪੌੜੀਆਂ ਸੁਰਗ ਨੂੰ ਲਾਉਣੀਆਂ ਨੇ ਤਾਂ ਸਭ ਤੋਂ ਪਹਿਲਾਂ
ਆਹ ਬਾਬਿਆਂ ਨੂੰ ਖੱਸੀ ਕਰਨਾ ਚਾਹੀਦਾ। ਨਿੱਤ ਕਿਸੇ ਨਾ ਕਿਸੇ ਬਾਬੇ ਵੱਲੋਂ ਕਿਸੇ ਨਾ ਕਿਸੇ
ਬੀਬੀ ਨੂੰ ਪਲੇਥਣ ਲਾਉਣ ਦੀਆਂ ਖ਼ਬਰਾਂ ਆਮ ਹੀ ਆਉਂਦੀਆਂ ਰਹਿੰਦੀਆਂ।”, ਭੀਰੀ ਨੇ ਗੱਲ ਦੀ
ਤਹਿ ਲਾ ਦਿੱਤੀ ਸੀ।
-“ਆਪਣੇ ਪੰਜਾਬ ਦਾ ਤਾਂ ਤਖਤੂਪੁਰੇ ਆਲੇ ਬਾਬੇ ਦੀ ਸਕੂਟਰੀ ਆਲਾ ਹਾਲ ਆ।”,ਭੀਰੀ ਨੇ ਨਵਾਂ ਈ
ਸੱਪ ਕੱਢ ਧਰਿਆ।
-“ਭੀਰੀ ਆਹ ਕੀ ਬਲਾ ਐ।”, ਭੋਲਾ ਹਨੇਰੀ ਬੜਾ ਉਤਸੁਕ ਸੀ।
-“ਲਓ ਸੁਣੋ! ਤਖਤੂਪੁਰੇ ਆਲਾ ਬਾਬਾ ਬਿੱਕਰ ਸਿਉਂ ਨਿੱਤ ਆਵਦੇ ਪੋਤੇ ਨੂੰ ਕਹਿ ਦਿਆ ਕਰੇ ਕਿ
ਮੈਨੂੰ ਸਕੂਟਰੀ ਸਿਖਾ...। ਪੋਤਾ ਇੱਲਤੀ ਸੀ, ਓਹਨੇ ਬਾਬੇ ਨੂੰ ਸਕੂਟਰੀ ਦਾ ਹੈਂਡਲ ਫੜਾਤਾ,
ਬਸ ਇਹ ਦੱਸਤਾ ਕਿ ਐਸ ਗੁੱਲ ਜੇ ਨੂੰ ਮਰੋੜੀ ਜਾਵੀਂ ਸਕੂਟਰੀ ਤੁਰਦੀ ਰਹੂਗੀ। ਪਰ ਬਾਬੇ ਨੂੰ
ਬਰੇਕਾਂ ਬਾਰੇ ਨਾ ਦੱਸਿਆ। ਬਾਬੇ ਦੀ ਸਕੁਟਰੀ ਨੂੰ ਧੱਕਾ ਲਾ ਕੇ ਤੋਰਤਾ। ਬਾਬਾ ਪਿਰੜ ਪਿਰੜ
ਕਰਦਾ ਘਰ ਕੋਲ ਆ ਕੇ ਕਹਿ ਦਿਆ ਕਰੇ ‘ਉਤਾਰ ਲੋ ਓਏ’। ਬਰੇਕ ਵਿਚਾਰੇ ਨੂੰ ਲਾਉਣੇ ਨਾ ਆਉਣ।
ਬਸ ਉਦੋਂ ਈ ਰੁਕਿਆ ਜਦੋਂ ਤੇਲ ਮੁੱਕਿਆ। ਮੈਨੂੰ ਤਾਂ ਇਉਂ ਲਗਦੈ ਕਿ ਆਪਣੇ ਪੰਜਾਬ ਦੇ
ਲੀਡਰਾਂ ਨੂੰ ਪੰਜਾਬ ਆਲੀ ਸਕੁਟਰੀ ਦੇ ਰੇਸ ਆਲੇ ਗੁੱਲ ਬਾਰੇ ਤਾਂ ਪਤੈ ਪਰ ਬਰੇਕ ਲਾੳੇਣ
ਬਾਰੇ ਨੀ ਪਤਾ। ਪੰਜਾਬ ਆਲੀ ਸਕੂਟਰੀ ਵੀ ਓਦੇਂ ਹੀ ਰੁਕੂ ਜਿੱਦੇਂ ਪੰਜਾਬ ਦੇ ਤਿਲਾਂ ‘ਚੋਂ
ਤੇਲ ਮੁੱਕ ਗਿਆ।”, ਭੀਰੀ ਦੀ ਗੰਭੀਰ ਗੱਲ ਸੁਣ ਕੇ ਵੀ ਹਾਸਿਆਂ ਦੀਆਂ ਫੁਹਾਰਾਂ ਛੁੱਟ ਪਈਆਂ
ਤੇ ਬੋਹੜ ਹੇਠਲਾ ਤਖਤਪੋਸ਼ ਸ਼ਾਮ ਹੁੰਦਿਆਂ ਹੀ ਫੇਰ ‘ਕੱਲਾ ਰਹਿ ਗਿਆ ਸੀ।
khurmi13deep@yahoo.in
ਮੋਬਾ:- 0044 75191 12312
|