ਤਸਵੀਰ ਅਸਲੀਅਤ ਦਾ ਝਉਲ਼ਾ ਹੁੰਦੀ ਹੈ,
ਅਸਲੀਅਤ ਨਹੀਂ। ਇਸ ਤਸਵੀਰ ਵਿਚ ਤਾਂ ਬੇੜੀ ਤੇ ਸਮੁੰਦਰ ਦੀਆਂ ਛੱਲਾਂ, ਦੁਮੇਲ ‘ਤੇ ਨਜ਼ਰ
ਆਉਂਦੇ ਜਹਾਜ਼ ਕਪੜੇ ਦੇ ਪਰਦੇ ਉੱਤੇ ਵਾਹੇ ਹੋਏ ਹਨ। ਇਹ ਫ਼ੋਟੋਗਰਾਫ਼ਰ ਦੀ ਹੱਟੀ ਵਿਚ ਟੰਗੇ
ਪਰਦੇ ਅਗਾੜੀ ਬੈਠ ਕੇ ਖਿਚਵਾਈ ਫ਼ੋਟੋ ਹੈ। ਸਮੁੰਦਰ
ਤੇ ਜਹਾਜ਼ ਸਫ਼ਰ ਦੀਆਂ ਨਿਸ਼ਾਨੀਆਂ ਹਨ। ਇਹ ਸਫ਼ਰ ਦੇਸੋਂ ਪਰਦੇਸ ਤੇ ਪਰਦੇਸੋਂ ਦੇਸ ਦਾ ਵੀ ਹੋ
ਸਕਦਾ ਹੈ – ਇਕ ਬੰਨਿਓਂ ਗ਼ਮੀ ਦਾ ਸਫ਼ਰ ਤੇ ਦੂਜੇ ਬੰਨਿਓਂ ਘਰ ਮੁੜਨ ਦੀ ਖ਼ੁਸ਼ੀ ਦਾ। ਇਹ ਤਸਵੀਰ
ਮੇਰੇ ਬਾਪ ਨੇ ਅਪਣੇ ਸਫ਼ਰ ਤੇ ਪਰਦੇਸ ਦੀ ਨਿਸ਼ਾਨੀ ਰੱਖਣ ਲਈ ਅਤੇ ਸੁੱਖਸਾਂਦ ਦੀ ਖ਼ਬਰ ਅਪਣੇ
ਘਰ ਦਿਆਂ ਨੂੰ ਘੱਲਣ ਲਈ ਖਿਚਵਾਈ ਹੋਏਗੀ। ਮੇਰੀ ਦਾਦੀ ਨੇ ਸਾਰੀ ਉਮਰ ਨਾ ਕਦੇ ਜਹਾਜ਼ ਦੇਖਿਆ
ਤੇ ਨਾ ਸਮੁੰਦਰ। ਇਹ ਅਪਣੇ ਪੁੱਤ ਨੂੰ ਏਸ ਹਾਲਤ ਵਿਚ ਦੇਖ ਕੇ ਬੜਾ ਘਬਰਾਈ ਸੀ। ਪਹਿਲਾਂ
ਮੇਰਾ ਦਾਦਾ ਤੇ ਉਹਦੇ ਭਰਾ ਇਸ ਸਦੀ ਦੇ ਸ਼ੁਰੂ ਵਿਚ ਚੀਨ ਕਨੇਡੇ ਗਏ ਸੀ। ਸਾਡੀਆਂ ਮਾਵਾਂ ਦੇ
ਭਾਣੇ ਪਰਦੇਸ ਕਿਹੋ ਜਿਹਾ ਹੁੰਦਾ ਹੋਏਗਾ? ਓਦੋਂ ਨਕਸ਼ਾ ਕਿਹਨੂੰ ਦੇਖਣਾ ਆਉਂਦਾ ਸੀ? ਓਦੋਂ
ਚੀਨ ਕਨੇਡੇ ਨੂੰ ਜਹਾਜ਼ ਕਾਲ਼ੀ ਮਿੱਟੀ ਕਲਕੱਤਿਓਂ ਚਲਦੇ ਹੁੰਦੇ ਸੀ। ਮੇਰੀ ਦਾਦੀ ਸੋਚਦੀ ਹੋਣੀ
ਹੈ – ਪਰਦੇਸ ਕੋਈ ਜਗ੍ਹਾ ਹੈ, ਹਰਿਦੁਆਰੋਂ ਵੀ ਅਗਾਂਹ, ਚੜ੍ਹਦੇ ਵਲ। ਓਦੋਂ ਦੁਮੇਲ ਬਹੁਤ
ਨੇੜੇ ਹੁੰਦਾ-ਹੁੰਦਾ ਸੀ – ਧਰਤੀ ਤੇ ਆਕਾਸ਼ ਪਿੰਡ ਦੇ ਬਾਹਰਵਾਰ ਹੀ ਮਿਲ਼ ਜਾਂਦੇ ਸੀ। ਓਦੋਂ
ਹਵਾਈ ਜਹਾਜ਼ ਵੀ ਕਿਹੜੇ ਹੁੰਦੇ ਸੀ ਤੇ ਨਾ ਟੈਲੀਵੀਯਨ।
ਹੁਣ ਧਰਤੀ ਤੇ ਆਕਾਸ਼ ਰੇਲ ਗੱਡੀ ਦੀਆਂ ਲੀਹਾਂ ਵਾਂਙ ਬਰੋ-ਬਰਾਬਰ ਹੋ ਗਏ ਹਨ। ਅਪਣਾ ਘਰ ਵਤਨ
ਛੱਡ ਕੇ ਪਰਾਈ ਥਾਂ ਵਸਣ ਦੀ ਗੱਲ ਮੈਨੂੰ ਦਿਨ-ਰਾਤ ਸਲ੍ਹਦੀ ਹੈ। ਇਹ ਅਹਿਸਾਸ ਸਾਹ ਵਾਂਙ
ਨਾਲ਼-ਨਾਲ਼ ਚਲਦਾ ਹੈ। ਲਗਦਾ ਹੈ ਹਰ ਪਲ ਅੰਦਰ ਕੁਝ ਖੁਰਦਾ ਜਾਂਦਾ ਹੈ। ਬੇਵਤਨੇ ਨੂੰ ਅਪਣੇ ਆਪ
ਨੂੰ ਕੋਸੀ ਜਾਣ ਦੀ ਕਸਰ ਹੁੰਦੀ ਹੈ।
ਫ਼ਰੰਗੀਆਂ ਦੀ ਫ਼ੌਜ ਦੀ ਚਾਕਰੀ ਤੋਂ ਪਹਿਲਾਂ ਪੰਜਾਬ ਵਿਚ ਘਰਬਾਰ ਛੱਡਣ ਦੀ ਗੱਲ ਕੋਈ
ਕਰਮਾਂ-ਮਾਰਿਆ ਹੀ ਕਰਦਾ ਹੋਣਾ ਹੈ। ਗ਼ਰੀਬੀ, ਕਾਲ਼ ਦੇ ਮਾਰੇ ਜਾਂ ਕਤਲ-ਧਾੜਾ ਕਰਕੇ ਲੋਕ ਜੱਦੀ
ਥਾਂ ਛੱਡ ਕੇ ਕਿਸੇ ਹੋਰ ਥਾਂ ਜਾ ਵੱਸਦੇ ਸਨ। ਫੇਰ ਫ਼ਰੰਗੀ ਆ ਵੜੇ। ਪੰਜਾਬੀਆਂ ਨੇ ਪਹਿਲੀ
ਵਾਰ 19ਵੀਂ ਸਦੀ ਦੇ ਅਖ਼ੀਰ ਵਿਚ ਬਰਮਾ ਵਲ ਮੂੰਹ ਕੀਤਾ ਸੀ। ਲੋਕਗੀਤ ਗਵਾਹ ਹੈ: ਨਾ ਜਾ ਬਰਮਾ
ਨੂੰ ਲੇਖ ਜਾਣਗੇ ਨਾਲ਼ੇ / ਸ਼ਹਿਰ ਚੱਲੀਏ ਮਜੂਰੀ ਲੱਭੀਏ, ਪਿੰਡਾਂ ਵਿਚ ਭੰਗ ਭੁੱਜਦੀ।
ਪੂਰਬੀ ਅਫ਼ਰੀਕਾ ਤੇ ਚੀਨ, ਧੁਰ ਪੂਰਬ ਤੇ ਕਨੇਡਾ ਅਮਰੀਕਾ ਵਿਚ ਜਾ ਕੇ ਵਸਿਆਂ ਪੰਜਾਬੀਆਂ ਨੂੰ
ਇਕ ਸਦੀ ਹੋ ਗਈ ਹੈ। ਹਾਲੇ ਵੀ ਪੰਜਾਬ ਦੀਆਂ ਗਲ਼ੀਆਂ ਸੁੰਞੀਆਂ ਹੋਣੋਂ ਨਹੀਂ ਹਟੀਆਂ। ਦੁਆਬੇ
ਨੂੰ ਕੋਈ ਸਰਾਪ ਲੱਗਾ ਹੋਇਆ ਹੈ।
ਪੀਲ਼ੀ ਮਿੱਟੀ ਆ ਜਲੰਧਰਾਂ ਦੀ ਮ੍ਹਾਈਆ ਪਰਦੇਸ ਗਿਆ, ਸੁੰਨ ਪੈ ਗਈ ਅੰਦਰਾਂ ਦੀ
ਮੇਰੇ ਪਿਤਾ ਗੋਪਾਲ ਸਿੰਘ ਤੀਹ ਕੁ ਸਾਲਾਂ ਦੇ ਸੀ, ਜਦ ਇਹ ਸੰਨ 1929 ਵਿਚ ਪਹਿਲੀ ਵਾਰ ਈਸਟ
ਅਫ਼ਰੀਕਾ ਗਏ ਸੀ। ਓਦੋਂ ਦੀ ਲਿਖੀ ਇਨ੍ਹਾਂ ਦੀ ਵਿਥਿਆ ਮੈਂ ਸਾਂਭ-ਸਾਂਭ ਰੱਖੀ ਹੈ। ਮੇਰੇ
ਪਿਤਾ ਦਾ ਸੁਭਾਅ ਬੜਾ ਜਜ਼ਬਾਤੀ ਸੀ। ਇਨ੍ਹਾਂ ਵਰਗਾ ਗੁਰਮੁਖ ਮੈਂ ਕੋਈ ਵਿਰਲਾ ਹੀ ਦੇਖਿਆ ਹੈ।
ਇਸ ਵਿਥਿਆ ਦੀ ਸਾਦਗੀ ਦੇਖਣ ਵਾਲ਼ੀ ਹੈ। ਉੱਤਮ ਕਲਾ ਓਹੀ ਹੁੰਦੀ ਹੈ, ਜਿਸਦਾ ਭਾਵ ਉਹਦੇ ਰੂਪ
ਵਿਚ ਹੀ ਸਮੋਇਆ ਹੋਏ; ਬਾਹਰ ਨਾ ਡੁੱਲ੍ਹਦਾ ਫਿਰੇ। ਲੋਕਗੀਤਾਂ ਦੀ ਸਿਰਜਕ ਔਰਤ ਹੁੰਦੀ ਹੈ।
ਪਰਦੇਸੀਂ ਤੁਰਦੇ ਮਰਦ ਨਾਲ਼ ਤੀਵੀਂ ਹੀ ਗੱਲਾਂ ਕਰਦੀ ਹੈ। ਮਰਦ ਅੱਗੋਂ ਚੁੱਪ ਰਹਿੰਦਾ ਹੈ।
ਰੋਣਾ ਮਰਦਾਨਗੀ ਨਹੀਂ ਸਮਝੀ ਜਾਂਦੀ। ਮੇਰੇ ਪਿਤਾ ਦੀ ਇਸ ਵਿਥਿਆ ਵਿਚ ਮੇਰੀ ਮਾਂ ਦਾ ਨਾਂ ਹੀ
ਨਹੀਂ। ਪਿਤਾ ਨੇ ਅਪਣੀ ਮਾਂ ਦਾ ਨਾਂ ਨਹੀਂ ਲਿਆ। ਮੇਰੇ ਭਰਾ-ਭੈਣਾਂ ਤੋਂ ਵਿਛੜਨ ਦਾ ਕੋਈ
ਜ਼ਿਕਰ ਨਹੀਂ। ਸਿਰਫ਼ ਇੱਕੋ ਹੀ ਫ਼ਿਕਰਾ ਹੈ: “ਹੱਸਦੇ ਖੇਡਦੇ ਕੁਝ ਦਿਲਗੀਰੀਆਂ ਵਿਚ ਪਹਿਲੀ ਵੇਰ
ਘਰਦਿਆਂ ਤੋਂ ਜੁਦਾ ਹੋ ਰਹੇ ਸੀ।” ਦਿਲਗੀਰੀ ਹਾਸੇ ਦੇ ਨਾਲ਼ੋ-ਨਾਲ਼ ਪਰਛਾਵੇਂ ਵਾਂਙ ਚਲਦੀ ਹੈ।
ਕਦੇ ਦਿਲਗੀਰੀ ਪਰਛਾਵਾਂ ਹੁੰਦੀ ਹੈ ਤੇ ਕਦੇ ਹਾਸਾ।
ਇੰਡੀਆ ਆਫ਼ਿਸ ਲਾਇਬ੍ਰੇਰੀ ਵਿਚ ਭਗਤ ਸਿੰਘ ਦੇ ਵੇਲੇ ਦੀਆਂ ਫ਼ਾਈਲਾਂ ਫੋਲਦਿਆਂ ਕੋਈ ਸਰਕਾਰੀ
ਰਜਿਸਟਰ ਮੇਰੇ ਹੱਥ ਲੱਗਾ। ਇਸ ਵਿਚ ਸੰਨ 1930 ਵਿਚ ਛਪੀਆਂ ਸਾਰੀਆਂ ਪੰਜਾਬੀ ਕਿਤਾਬਾਂ ਦਾ
ਵੇਰਵਾ ਸੀ। ਇਕ ਥਾਂ ਨਿਗ੍ਹਾ ਅਟਕੀ:
ਅਫ਼ਰੀਕਾ ਦੀ ਖਿੱਚ (ਤੀਵੀਂ ਆਦਮੀ ਦਾ ਤਕਰਾਰ),
ਜੀਵਨ ਸਿੰਘ ਢੇਸੀਆਂ ਕਲਾਂ ਜਲੰਧਰ, ਗੁਰਬਾਣੀ ਸੇਵਕ ਪ੍ਰੈਸ ਅਮ੍ਰਿਤਸਰ,
2 ਆਨੇ 1000 ਕਾਪੀਆਂ 1930
ਇਸ ਕਿੱਸੇ ਵਿਚ ਢੇਸੀਆਂ ਵਾਲ਼ੇ ਜੀਵਨ ਸਿੰਘ ਨੇ ਕੀ ਲਿਖਿਆ ਹੋਵੇਗਾ? ਇਹੀ ਕਿ ਆਦਮੀ ਨੂੰ
ਅਫ਼ਰੀਕਾ ਦੀ ਖਿੱਚ ਸਤਾ ਰਹੀ ਹੈ; ਤੀਵੀਂ ਅਪਣੀ ਜਵਾਨੀ ਦੇ ਵਾਸਤੇ ਪਾ-ਪਾ ਜਾਣੋਂ ਰੋਕਦੀ ਹੈ,
ਝਗੜਾ ਕਰਦੀ ਹੈ। ਪਰ ਆਦਮੀ ਹੱਠ ਕਰਦਾ ਹੈ ਤੇ ਅਫ਼ਰੀਕਾ ਚਲੇ ਜਾਂਦਾ ਹੈ। ਕਿੱਸਾ ਲੱਭਿਆ;
ਪੜ੍ਹਿਆ; ਤਾਂ ਓਹੋ ਗੱਲ ਨਿਕਲ਼ੀ। ਪਰ ਕਹਾਣੀ ਜਿਸਤਰ੍ਹਾਂ ਕਿੱਸਾ ਲਿਖਣ ਵਾਲ਼ੇ ਨੇ ਮੁਕਾਈ, ਉਹ
ਨਿਆਰੀ ਸੀ। ਤੀਵੀਂ ਮਗਰੋਂ ਕਿਸੇ ਛੜੇ ਅਮਲੀ ਨਾਲ਼ ਰਲ਼ ਜਾਂਦੀ ਹੈ। ਤੀਵੀਂ ਤਰਜ਼ ਤੇਲੂ ਵਿਚ
ਮੁੜ-ਘਿੜ ਚਤਾਰਦੀ ਹੈ: ਤੁਸੀਂ ਪਰਦੇਸ ਗਏ ਪੀਆ ਜੀ ਪੀਆ ਜੀ, ਬਾਗ ਬਿਨ ਮਾਲੀ ਦੇ ਨਾ
ਰਹਿੰਦਾ। ਲੋਕਗੀਤ ਵਿਚ ਸੱਸ ਨੂੰਹ ਨੂੰ ਸਮਝਾਉਂਦੀ ਹੈ ਕਿ ਉਹਦਾ ਪੁੱਤ ਕਿਸੇ ਦਾ ਘੱਲਿਆ
ਪਰਦੇਸ ਨਹੀਂ ਗਿਆ; ਉਹ ਦੰਮਾਂ ਦੇ ਲੋਭ ਨੂੰ ਗਿਆ ਹੈ। ਲੋਕਗੀਤ ਨਹੀਂ ਦੱਸਦਾ ਕਿ ਪਰਦੇਸੀਂ
ਗਏ ਦਾ ਵੀ ਦਿਲ ਹੈ; ਉਹਦਾ ਕਿਸੇ ਨੂੰ ਕੋਈ ਚਿਤ-ਚੇਤਾ ਈ ਨਹੀਂ।
-0-
|