Welcome to Seerat.ca

ਈਰਖ਼ਾ-2

 

- ਇਕਬਾਲ ਰਾਮੂਵਾਲੀਆ

ਅੱਲਾ ਤੇ ਜੱਲਾ

 

- ਹਰਜੀਤ ਅਟਵਾਲ

ਬੇਵਤਨੀ

 

- ਅਮਰਜੀਤ ਚੰਦਨ

ਵਿਥਿਆ
ਮਾਰਚ 1929

ਨੰਗਾ ਧੜ, ਕਾਠ ਦੀ ਤਲਵਾਰ ਤੇ ਚੱਪਾ ਚੱਪਾ ਕਰਕੇ ਜਿੱਤ ਹੁੰਦੀ ਜ਼ਮੀਨ

 

- ਬਲਵਿੰਦਰ ਗਰੇਵਾਲ

ਸੁਰਗਾਂ ਨੂੰ ਜਾਣ ਹੱਡੀਆਂ...

 

- ਨਿੰਦਰ ਘੁਗਿਆਣਵੀ

ਮੇਰੀ ਧਰਤੀ

 

- ਸੁਪਨ ਸੰਧੂ

Èbd aMbI

 

- ਰਾਜਪਾਲ ਸੰਧੂ

ਜੀਵਨੀ:ਦ ਸ ਅਟਵਾਲ / ਮੇਰਾ ਪੁੱਤ

 

- ਹਰਜੀਤ ਅਟਵਾਲ

ਸਾਂਝ ਦੇ ਕਿੰਨੇ ਆਧਾਰ ਪਰ ਮੌਕਿਆਂ ਦੀ ਕਮੀ

 

- ਵਰਿਆਮ ਸਿੰਘ ਸੰਧੂ

ਯਾਦਗ਼ਾਰੀ ਕਹਾਣੀ:
ਸ਼ਾਹ ਦੀ ਕੰਜਰੀ

 

- ਅੰਮ੍ਰਿਤਾ ਪ੍ਰੀਤਮ

ਪੋਲ-ਵਾਲਟ ਦਾ ਏਸ਼ੀਅਨ ਚੈਂਪੀਅਨ-ਸਤਨਾਮ ਸਿੰਘ ਰੰਧਾਵਾ

 

- ਗੌਰਵ ਢਿਲੋਂ

ਨਵੇਂ ਸਾਲ ‘ਤੇ ਸੱਚੀਆਂ ਸੁਣਾਵੇ ਭੀਰੀ......!

 

- ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)

ਮੇਰੇ ਚੇਤੇ ਦੀ ਚੰਗੇਰ

 

- ਮੇਜਰ ਮਾਂਗਟ

ਮਿੱਤਰਾਂ ਦੀ ਯਾਦ ਪਿਆਰੀ

 

- ਅਮਰਦੀਪ ਗਿੱਲ

rMg rMgIlf bMdf KusLvMq isMG

 

- blvMq gfrgI

ਵਾਗੀ

 

- ਸੁਖਦੇਵ ਸਿੱਧੂ

 

ਜੀਵਨੀ:ਦ ਸ ਅਟਵਾਲ
ਮੇਰਾ ਪੁੱਤ
- ਹਰਜੀਤ ਅਟਵਾਲ

 

ਇਕ

ਦਰਸ਼ਨ ਦਾ ਜਨਮ ਵੇਲੇ ਭਾਰ ਛੇ ਸੇਰ ਪੱਕਾ ਸੀ। ਮੈਂ ਹੀ ਹੁਕਮੀ ਦਾਈ ਨੂੰ ਉਸ ਦਾ ਭਾਰ ਤੋਲਣ ਲਈ ਕਿਹਾ ਸੀ ਤੇ ਤੱਕੜੀ ਲਿਆ ਕੇ ਦਿਤੀ ਸੀ। ਤਕੜੀ ਨਾਲ ਪੰਜ ਸੇਰ ਤਕ ਦੇ ਵੱਟੇ ਸਨ ਪਰ ਉਹ ਇਹਨਾਂ ਵੱਟਿਆਂ ਤੋਂ ਭਾਰਾ ਸੀ। ਨੰਦੀ ਨੂੰ ਤਕਲੀਫ ਵੀ ਬਹੁਤ ਦਿਤੀ ਉਹਨੇ ਜਨਮ ਵੇਲੇ ਪਰ ਸਭ ਕੁਝ ਠੀਕ ਹੋ ਗਿਆ। ਬਚਪਨ ਤੋਂ ਹੀ ਉਸ ਦੀ ਸਿਹਤ ਠੀਕ ਸੀ। ਬਾਪੂ ਸਾਲ ਭਰ ਮੰਜੇ ‘ਤੇ ਰਿਹਾ ਤੇ ਅਸੀਂ ਸਾਲ ਭਰ ਬੌਰੇ ਹੋਏ ਰਹੇ। ਬਿਮਾਰ ਨਾਲ ਸਾਰਾ ਟੱਬਰ ਹੀ ਬਿਮਾਰ ਹੋ ਜਾਂਦਾ ਹੈ ਫਿਰ ਬਾਪੂ ਤਾਂ ਅਜਿਹਾ ਸੀ ਕਿ ਉਸ ਨੂੰ ਆਪਣਾ ਹੁੱਕਮ ਚਲਾਉਣ ਦੀ ਆਦਤ ਸੀ ਇਸ ਲਈ ਉਸ ਨੇ ਸਾਰੇ ਟੱਬਰ ਨੂੰ ਸਾਲ ਭਰ ਖੜੇ ਪੈਰ ਰਖਿਆ। ਉਸ ਦੇ ਮਰਨ ਤੇ ਸਾਨੂੰ ਥੋੜਾ ਸਾਹ ਆਇਆ ਤੇ ਅਸੀਂ ਘਰ ਵਲ ਧਿਆਨ ਦੇਣ ਲਗੇ। ਦਰਸ਼ਨ ਤੋਂ ਬਾਅਦ ਸਰਬਣ ਦਾ ਜਨਮ ਹੋਇਆ ਪਰ ਸਰਬਣ ਦੋ ਕੁ ਸਾਲ ਦਾ ਹੀ ਸੀ ਕਿ ਇਕ ਦਿਨ ਖੇਲ਼ਦੇ ਖੇਲ਼ਦੇ ਨੂੰ ਕੁਝ ਹੋਇਆ ਤੇ ਉਹ ਮਰ ਗਿਆ। ਬਿਮਾਰ ਜਿਹਾ ਤਾਂ ਉਹ ਪਹਿਲਾਂ ਤੋਂ ਹੀ ਰਹਿੰਦਾ ਸੀ। ਦਰਸ਼ਨ ਦੀ ਹਾਜ਼ਰੀ ਨੇ ਸਾਨੂੰ ਸਰਬਣ ਦੀ ਮੌਤ ਦਾ ਗਮ ਸਹਿ ਜਾਣ ਦਾ ਬੱਲ ਦਿਤਾ। ਸਰਬਣ ਤੋਂ ਦੋ ਕੁ ਸਾਲ ਬਾਅਦ ਦਰਸ਼ਨੋ ਜੰਮੀ ਜਿਹਨੂੰ ਅਸੀਂ ਦਾਸੋ ਕਿਹਾ ਕਰਦੇ। ਉਸ ਤੋਂ ਕੁਝ ਸਾਲ ਬਾਅਦ ਦੇਬੋ ਤੇ ਫਿਰ ਦੇਵ। ਦੇਵ ਤੇ ਦਰਸ਼ਨ ਦਾ ਫਰਕ ਬਾਰਾਂ ਸਾਲ ਦਾ ਹੈ।
ਜਦੋਂ ਦਰਸ਼ਨ ਪੰਜ ਸਾਲ ਦਾ ਹੋਇਆ ਤਾਂ ਮੈਂ ਉਸ ਨੂੰ ਸਕੂਲ ਲੈ ਗਿਆ। ਉਹਨਾਂ ਦਿਨਾਂ ਵਿਚ ਮੁਨਸ਼ੀ ਨਿਆਣਿਆਂ ਨੂੰ ਬਹੁਤ ਕੁਟਦੇ ਹੁੰਦੇ ਸੀ। ਜਦ ਸਕੂਲ ਪਹੁੰਚੇ ਤਾਂ ਇਕ ਮੁੰਡੇ ਨੂੰ ਸੋਟੀ ਨਾਲ ਕੁਟ ਪੈ ਰਹੀ ਸੀ। ਦਰਸ਼ਨ ਮੇਰੀ ਉਂਗਲ ਛੁਡਾ ਕੇ ਘਰ ਨੂੰ ਭੱਜ ਤੁਰਿਆ ਤੇ ਅੜ ਗਿਆ ਕਿ ਮੈਂ ਨਹੀਂ ਪੜ੍ਹਨਾ। ਮੈਂ ਬਹੁਤ ਪਤਿਆਇਆ ਪਰ ਉਹ ਨਾ ਮੰਨਿਆਂ। ਹਾਰ ਕੇ ਮੈਂ ਸੋਚਿਆ ਕਿ ਚਲ ਇਹਦੀ ਮਰਜ਼ੀ। ਮੈਂ ਸੋਚਿਆ ਕਿ ਮੈਂ ਪੜ੍ਹ ਕੇ ਕੀ ਰੰਗ ਲਾ ਲਿਆ। ਸੋ ਮੈਂ ਇਕ ਲਵੇਰਾ ਹੋਰ ਖਰੀਦ ਲਿਆ। ਨੰਦੀ ਘਰ ਦੇ ਕੰਮਾਂ ਨੂੰ ਬਹੁਤ ਸਚਿਆਰੀ ਸੀ। ਉਹ ਘਿਓ ਜੋੜ ਕੇ ਵੇਚ ਲਿਆ ਕਰਦੀ ਸੀ। ਦਰਸ਼ਨ ਪਸ਼ੂ ਚਾਰਨ ਲਗਿਆ। ਪਸ਼ੂ ਚਾਰਨ ਦਾ ਕੰਮ ਤਾਂ ਦੋ ਕੁ ਮਹੀਨੇ ਦਾ ਹੀ ਸੀ। ਬਰਸਾਤਾਂ ਨੂੰ ਡੱਬਰੀ ਘਾਹ ਬਹੁਤ ਹੋ ਜਾਂਦਾ। ਨੰਦੀ ਡਰਦੀ ਕਿ ਡੱਬਰੀ ਸੱਪ ਬਹੁਤ ਸਨ, ਮੁੰਡੇ ਨੂੰ ਉਥੇ ਨਹੀਂ ਭੇਜਣਾ ਪਰ ਅਸੀਂ ਤਾਂ ਕਈ ਪੀੜ੍ਹੀਆਂ ਤੋਂ ਡੱਬਰੀ ਵਿਚ ਵਿਚਰਦੇ ਆ ਰਹੇ ਹਾਂ, ਕਦੇ ਸੱਪ ਨਹੀਂ ਲੜਿਆ। ਸੱਪ ਇਵੇਂ ਨਹੀਂ ਲੜਦੇ।
ਜਿਵੇਂ ਜਿਵੇਂ ਦਰਸ਼ਨ ਵੱਡਾ ਹੋਣ ਲਗਿਆ ਉਹ ਹੁੰਦਲ-ਹੇਲ ਨਿਕਲਣ ਲਗਿਆ। ਆਪਣੇ ਹਾਣੀਆਂ ਤੋਂ ਉਹ ਕੱਦ ਵਿਚ ਵੀ ਉਚਾ ਸੀ ਤੇ ਜ਼ੋਰ ਵਿਚ ਵੀ। ਘਰ ਵੀ ਘਿਓ-ਦੁੱਧ ਖੁਲ੍ਹਾ ਸੀ। ਉਹ ਵੀ ਚਾਰੂ ਸੀ, ਜੋ ਹੱਥ ਲਗਦਾ ਖਾ ਜਾਂਦਾ। ਉਹਨਾਂ ਦਿਨਾਂ ਵਿਚ ਮੁੰਡੇ ‘ਹੰਦੇ’ ਨਾਂ ਦੀ ਖੇਡ ਖੇਡਿਆ ਕਰਦੇ ਸਨ। ਇਹ ਕਬੱਡੀ ਵਰਗੀ ਖੇਡ ਸੀ, ਇਕੱਲੇ ਨੂੰ ਇਕੱਲਾ ਪੈਣ ਵਾਲੀ ਪਰ ਇਸ ਵਿਚ ਕੱਬਡੀ ਕਬੱਡੀ ਨਹੀਂ ਸੀ ਕਹਿਣਾ ਹੁੰਦਾ ਭਾਵ ਕਿ ਦਮ ਨਹੀਂ ਸੀ ਪਾਇਆ ਜਾਂਦਾ। ਧਾਵੀ ਲਈ ਧਾਵਾ ਬੋਲਣ ਦਾ ਤੇ ਜਾਫੀ ਲਈ ਫੜਨ ਦਾ ਜਾਂ ਜੱਫਾ ਲਾਉਣ ਦਾ ਖੁਲ੍ਹਾ ਸਮਾਂ ਹੁੰਦਾ ਸੀ। ਦਰਸ਼ਨ ‘ਹੰਦਿਆਂ’ ਵਿਚ ਕਿਸੇ ਨੂੰ ਨੇੜੇ ਨਾਲ ਲਗਣ ਦਿੰਦਾ। ਵੈਸੇ ਵੀ ਉਸ ਦਾ ਸੁਭਾਅ ਹਸਮੁੱਖ ਸੀ। ਗੱਲਾਂ ਵੀ ਸਿਆਣੀਆਂ ਕਰਦਾ ਸੀ। ਕਿਸੇ ਗੱਲ ਦੀ ਜਿ਼ਦ ਵੀ ਨਾ ਕਰਦਾ। ਮੇਲਾ ਦੇਖਣ ਗਏ ਨੂੰ ਜਿੰਨੇ ਪੈਸੇ ਦੇ ਦੇਈਏ ਲੈ ਲੈਂਦਾ ਸੀ, ਕਦੇ ਵਾਧੂ ਨਾ ਮੰਗਦਾ। ਮੇਲੇ ਦੇਖਣ ਦਾ ਉਹ ਸ਼ੌਕੀਨ ਸੀ। ਕਈ ਵਾਰ ਉਹ ਮੇਲਾ ਦੇਖਣ ਆਪਣੇ ਨਾਨਕੀਂ ਰੁੜਕੇ ਚਲੇ ਜਾਂਦਾ। ਰੁੜਕੇ ਤਾਂ ਉਹ ਵੈਸੇ ਵੀ ਜਾਂਦਾ ਹੀ ਰਹਿੰਦਾ ਸੀ। ਉਸ ਦਾ ਛੋਟਾ ਮਾਮਾ ਊਧਮ ਸਿੰਘ ਉਸ ਨਾਲ ਬਹੁਤ ਪਿਆਰ ਕਰਦਾ ਸੀ। ਕਈ ਵਾਰ ਉਹ ਆਪ ਆ ਕੇ ਵੀ ਉਸ ਨੂੰ ਲੈ ਜਾਂਦਾ। ਉਹਨਾਂ ਦਿਨਾਂ ਵਿਚ ਟਾਂਗੇ ਹੁੰਦੇ ਸਨ ਜਾਂ ਫਿਰ ਤੁਰ ਕੇ ਪੈਦਲ ਹੀ ਲੋਕ ਸਫਰ ਕਰਦੇ ਸਨ। ਲੋਕ ਤਾਂ ਤੁਰ ਕੇ ਮੁਲਤਾਨ ਤਕ ਚਲੇ ਜਾਂਦੇ। ਦਰਸ਼ਨ ਤੁਰਨ ਨੂੰ ਬਹੁਤ ਤਕੜਾ ਸੀ। ਬਾਅਦ ਵਿਚ ਉਸ ਆਪਣੀ ਨੌਕਰੀ ਦੁਰਮਿਆਨ ਵੀ ਸਾਰੀ ਉਮਰ ਉਹ ਤੁਰਦਾ ਹੀ ਰਿਹਾ। ਅਨੰਦ ਪੁਰ ਦੇ ਮੇਲੇ ਨੂੰ ਜਾਂਦਾ ਤਾਂ ਸਾਰਿਆਂ ਨਾਲੋਂ ਪਹਿਲਾਂ ਹੀ ਪੁੱਜ ਜਾਂਦਾ।
ਇਕ ਵਾਰ ਮੇਲੇ ਗਿਆ ਦਰਸ਼ਨ ਭਰਤੀ ਹੋ ਗਿਆ। ਇਵੇਂ ਮੇਲਿਆਂ ਵਿਚ ਪੁਲੀਸ ਵਾਲੇ ਜਾਂ ਮਿਲਟਰੀ ਵਾਲੇ ਭਰਤੀ ਦਾ ਕੈਂਪ ਲਗਾ ਲਿਆ ਕਰਦੇ ਸਨ ਪਰ ਮੈਂ ਇਹ ਕਦੇ ਸੋਚ ਹੀ ਨਹੀਂ ਸਾਂ ਸਕਦਾ ਕਿ ਦਰਸ਼ਨ ਵੀ ਭਰਤੀ ਹੋ ਜਾਵੇਗਾ। ਹਾਲੇ ਤਾਂ ਉਸ ਦੀ ਉਮਰ ਹੀ ਪੰਦਰਾਂ ਸਾਲ ਦੀ ਸੀ। ਇਹ ਠੀਕ ਸੀ ਕਿ ਉਹ ਲੰਮਾ ਮੇਰੇ ਜਿੰਨਾ ਹੋ ਗਿਆ ਸੀ ਸਰੀਰ ਵੀ ਭਰਿਆ ਹੋਇਆ ਸੀ ਪਰ ਚਿਹਰੇ ਤੋਂ ਤਾਂ ਸਾਫ ਪਤਾ ਚਲਦਾ ਹੀ ਸੀ ਕਿ ਉਹ ਹਾਲੇ ਬੱਚਾ ਹੈ। ਪਿੰਡ ਵਿਚ ਕਿਸੇ ਕੋਲ ਉੜਦੂ ਦੀ ਅਖਬਾਰ ਆਇਆ ਕਰਦੀ ਸੀ, ਮੈਂ ਅਖਬਾਰ ਰੋਜ਼ਾਨਾ ਪੜ੍ਹਦਾ ਸਾਂ। ਦੂਜੀ ਵੱਡੀ ਜੰਗ ਦਾ ਖਤਰਾ ਸਿਰ ਤੇ ਮੰਡਲਾ ਰਿਹਾ ਸੀ। ਅੰਗਰੇਜ਼ਾਂ ਨੂੰ ਹਿਟਲਰ ਤੇ ਮੋਸੋਲੀਨੀ ਤੋਂ ਡਰ ਬਣਿਆ ਹੋਇਆ ਸੀ। ਹੁਣ ਫੌਜ ਵਿਚ ਵਾਧੇ ਦੀ ਲੋੜ ਤਾਂ ਉਹਨਾਂ ਨੂੰ ਹੈ ਹੀ ਸੀ। ਪਰ ਇਹ ਕੀ, ਮੇਰੇ ਨਿਕੇ ਜਿਹੇ ਫੁੱਲ ਵਰਗੇ ਮੁੰਡੇ ਨੂੰ ਵੀ ਫੜ ਕੇ ਭਰਤੀ ਕਰ ਲਿਆ। ਪਹਿਲੀ ਵੱਡੀ ਜੰਗ ਵਿਚ ਸਾਡੇ ਪਿੰਡ ਦੇ ਕਈ ਮੁੰਡੇ ਸ਼ਾਮਲ ਸਨ ਤੇ ਉਹਨਾਂ ਵਿਚੋਂ ਕੁਝ ਸ਼ਹੀਦ ਵੀ ਹੋ ਗਏ ਸਨ। ਇਹੋ ਜਿਹੀਆਂ ਗੱਲਾਂ ਸੋਚਦਿਆਂ ਮੇਰੇ ਹੌਲ ਪੈਣ ਲਗਦਾ। ਨੰਦੀ ਨੂੰ ਪਤਾ ਚਲਿਆ ਤਾਂ ਉਹ ਤਾਂ ਜਿਵੇਂ ਬੇਹੋਸ਼ ਹੀ ਹੋ ਗਈ ਹੋਵੇ। ਉਸ ਨੇ ਮੇਰੀ ਕਮੀਜ਼ ਫੜ੍ਹ ਲਈ ਤੇ ਰੋਂਦੀ ਹੋਈ ਬੋਲੀ,
“ਦਰਸ਼ਨ ਦੇ ਭਾਈਆ, ਹੁਣੇ ਜਾ ਤੇ ਮੁੰਡੇ ਨੂੰ ਵਾਪਸ ਲੈ ਕੇ ਆ, ਨਹੀਂ ਤਾਂ ਮੈਨੂੰ ਕੁਸ਼ ਹੋ ਜਾਣਾ, ਹਾਲੇ ਤਾਂ ਉਹਨੇ ਖਾ ਹੰਢਾ ਕੇ ਵੀ ਨਹੀਂ ਦੇਖਿਆ ਤੇ ਕਸਾਈਆਂ ਦੇ ਹੱਥ ਆ ਗਿਆ, ਜਾਹ ਹੁਣੇ ਲੈ ਕੇ ਆ, ਨਹੀਂ ਤਾਂ ਮੈਂ ਨਹੀ ਬਚਣਾ।”
ਮੇਰੇ ਤੋਂ ਉਹ ਰੋਂਦੀ ਹੋਈ ਦੇਖੀ ਨਾ ਜਾਵੇ। ਮੇਰਾ ਤਾਂ ਆਪ ਦਿਲ ਨਹੀਂ ਸੀ ਖੜ ਰਿਹਾ। ਮੈਨੂੰ ਪਹਿਲੀ ਵਾਰ ਅੰਗਰੇਜ਼ ਸਰਕਾਰ ਜ਼ਾਲਮ ਲਗੀ। ਪਹਿਲੀ ਵਾਰ ਦੇਖ ਰਿਹਾ ਸਾਂ ਕਿ ਬੱਚਿਆਂ ਨੂੰ ਵੀ ਭਰਤੀ ਕਰ ਲਿਆ ਜਾਂਦਾ ਹੈ।
ਦਰਸ਼ਨ ਦੇ ਨਾਲ ਉਸ ਦਿਨ ਆਲੇ ਦੁਆਲੇ ਦੇ ਪਿੰਡਾਂ ਦੇ ਕਈ ਮੁੰਡੇ ਭਰਤੀ ਹੋਏ ਸਨ। ਦੋ ਮੁੰਡੇ ਤਾਂ ਹੋਰ ਸਾਡੇ ਪਿੰਡ ਦੇ ਹੀ ਸਨ ਪਰ ਉਹ ਦਰਸ਼ਨ ਨਾਲੋਂ ਉਮਰ ਵਿਚ ਵੱਡੇ ਸਨ। ਇਹ ਖਬਰ ਸਾਨੂੰ ਪਿੰਡ ਦੇ ਇਕ ਲੰਬੜ ਨੇ ਆ ਕੇ ਦੱਸੀ ਸੀ। ਫਿਰ ਮੈਨੂੰ ਕਿਸੇ ਨੇ ਦੱਸਿਆ ਕਿ ਇਸੇ ਲੰਬੜ ਨੇ ਹੀ ਮੁੰਡਿਆਂ ਦੀ ਸ਼ਨਾਖਤ ਕੀਤੀ ਸੀ ਕਿ ਇਹ ਮੁੰਡੇ ਫਰਾਲੇ ਤੋਂ ਹਨ ਤੇ ਜੱਟ-ਸਿੱਖ ਟੱਬਰ ਵਿਚੋਂ ਹਨ। ਜੱਟ-ਸਿਖ ਰੈਜਮੈੰਟ ਅੰਗਰੇਜ਼ਾਂ ਲਈ ਖਾਸ ਮਹਿਨੇ ਰਖਾਉਂਦੀ ਸੀ। ਮੈਂ ਲੰਬੜ ਨਾਲ ਲੜ੍ਹਨ ਚਲੇ ਗਿਆ। ਮੈਂ ਕਿਹਾ,
“ਇਹ ਤੂੰ ਕੀ ਕੀਤਾ ਲੰਬੜਾ, ਮੇਰੇ ਮੁੰਡੇ ਨੂੰ ਬਲਦੀ ਦੇ ਬੂਥੇ ‘ਚ ਦੇ ‘ਤਾ?”
“ਬੂਟਾ ਸਿਆਂ, ਤੇਰਾ ਮੁੰਡਾ ਆਪਣੀ ਮਰਜ਼ੀ ਨਾਲ ਭਰਤੀ ਹੋਇਆ, ਨਾਲ਼ੇ ਇਹ ਕਿਤੇ ‘ਕੱਲਾ ਭਰਤੀ ਹੋਇਆ, ਉਥੇ ਕਈ ਵੀਹਾਂ ਮੁੰਡੇ ਸੀਗੇ।”
“ਇਹ ਤਾਂ ਹਾਲੇ ਪੰਦਰਾਂ ਸਾਲਾਂ ਦਾ ਇਆ, ਤੂੰ ਏਹਦੀ ਉਮਰ ਗਲਤ ਕਿਉਂ ਦੱਸੀ?”
“ਮੈਨੂੰ ਤੇਰੇ ਮੁੰਡੇ ਦੀ ਉਮਰ ਦਾ ਕੀ ਪਤਾ, ਦੇਖਣ ਨੂੰ ਤਾਂ ਉਹ ‘ਠਾਰਾਂ-ਉਨੀ ਦਾ ਲਗਦਾ, ਉਹਦੀ ਉਮਰ ਤਾਂ ਭਰਤੀ ਕਰਨ ਵਾਲੇ ਅਫਸਰ ਨੇ ਅੰਦਾਜ਼ੇ ਨਾਲ ਲਿਖ ਲਈ ਹੋਊ, ਨਾਲ਼ੇ ਬੂਟਾ ਸਿਆਂ ਇਹ ਗੱਲ ਸੁਣ, ਤੂੰ ਆਪ ਪੜਿਆ ਹੋਇਆ ਸੀ, ਤੂੰ ਮੁੰਡੇ ਨੂੰ ਪੜਾਇਆ ਨਹੀਂ, ਹੁਣ ਫੌਜ ‘ਚ ਜਾ ਕੇ ਓਹਦੀ ਜਿ਼ੰਦਗੀ ਸੁਧਰ ਜਾਊ, ਐਮੇਂ ਨਾ ਖਪੀ ਚੱਲ।”
ਮੈਂ ਘਰ ਆਇਆ ਤਾਂ ਨੰਦੀ ਲੜਾਈ ਪਾਈ ਬੈਠੀ ਸੀ ਕਿ ਮੈਂ ਦਰਸ਼ਨ ਨੂੰ ਜਾ ਕੇ ਵਾਪਸ ਲੈ ਕੇ ਆਵਾਂ। ਉਸ ਨੇ ਰੋ ਰੋ ਕੇ ਅੱਖਾਂ ਸੁਜਾ ਲਈਆਂ ਸਨ। ਮੈਂ ਆਪਣੇ ਭਾਈਚਾਰੇ ਵਿਚੋਂ ਹੀ ਫੌਜ ਵਿਚੋਂ ਪੈਨਸ਼ਨ ਆਏ ਬੰਦੇ ਨਾਲ ਗੱਲ ਕੀਤੀ। ਉਹ ਵੀ ਲੰਬੜ ਵਾਲੀ ਬੋਲੀ ਹੀ ਬੋਲ ਰਿਹਾ ਸੀ। ਉਸ ਨੇ ਕਿਹਾ,
“ਬੂਟਾ ਸਿਆਂ, ਐਵੇਂ ਨਾ ਘਬਰਾ, ਜਿਹਦੀ ਆ ਗਈ ਘਰ ਬੈਠੇ ਦੀ ਆ ਜਾਣੀ ਆਂ। ਫੌਜ ਦੀ ਨੌਕਰੀ ਮਾੜੀ ਨਹੀਂ, ਦੇਖ ਮੈਂ ਪਿਲਸਣ ਲੈਂਨਾ, ਮੌਜਾਂ ਕਰਦਾਂ। ਫੌਜ ਵਿਚ ਖਾਣ-ਪੀਣ ਨੂੰ ਵਾਧੂ।”
“ਪਰ ਮੁੰਡੇ ਦੀ ਮਾਂ ਖੱਟੀ ਡੁਪੱਟੀ ਲਈ ਪਈ ਆ, ਕਹਿੰਦੀ ਉਹਨੂੰ ਵਾਪਸ ਲੈ ਕੇ ਆ।”
“ਮੈਨੂੰ ਨਹੀਂ ਲਗਦਾ ਕਿ ਉਹ ਓਹਦਾ ਨਾਂ ਕੱਟਣਗੇ, ਇਕ ਵਾਰੀ ਭਰਤੀ ਕਰ ਲਿਆ ਤਾਂ ਕਰ ਲਿਆ।”
“ਇਕ ਤਾਂ ਓਹਦੀ ਉਮਰ ਥੋੜੀ ਆ ਤੇ ਦੂਜਾ ਬਹਾਨਾ ਬਣਾਵਾਂਗੇ ਕਿ ਓਹਦੀ ਮਾਂ ਬਹੁਤ ਬਿਮਾਰ ਆ।”
“ਚਲ ਕੋਸ਼ਟ ਕਰ ਕੇ ਦੇਖਦੇ ਆਂ।”
ਉਸ ਫੌਜੀ ਨੂੰ ਪਤਾ ਸੀ ਕਿ ਜੱਟ ਸਿੱਖ ਰੈਜਮੈੰਟ ਦਾ ਬੇਸ ਮੇਰਠ ਹੈ। ਅਸੀਂ ਮੇਰਠ ਲਈ ਚਲ ਪਏ। ਆਪਣੇ ਨਾਲ ਮੈਂ ਘਿਓ ਦੀ ਪੀਪੀ ਲੈ ਲਈ ਕਿ ਜੇ ਉਹਨਾਂ ਨੇ ਉਸ ਦਾ ਨਾਂ ਨਾ ਕੱਟਿਆ ਤਾਂ ਇਹ ਪੀਪੀ ਉਸ ਨੂੰ ਦੇ ਆਵਾਂਗਾ। ਮੇਰਠ ਨੂੰ ਜਾਣ ਲਈ ਅਸੀਂ ਫਗਵਾੜੇ ਤੋਂ ਰਾਤ ਦੀ ਗੱਡੀ ਫੜੀ। ਸਵੇਰੇ ਪੰਜ ਕੁ ਵਜੇ ਮੇਰਠ ਕੈਂਟ ਸਟੇਸ਼ਨ ‘ਤੇ ਪੁੱਜ ਗਏ। ਮੈਂ ਪਹਿਲੀ ਵਾਰੀ ਪਿੰਡੋਂ ਇੰਨੀ ਦੂਰ ਆਇਆ ਸਾਂ। ਅਸੀਂ ਸਟੇਸ਼ਨ ਤੇ ਚਾਹ ਪੀਤੀ ਤੇ ਕੁਝ ਸਮਾਂ ਲੰਘਾਇਆ ਤਾਂ ਜੋ ਦਿਨ ਚੜ੍ਹ ਜਾਵੇ। ਵਿਸਾਖ ਦਾ ਮਹੀਨਾ ਹੋਣ ਕਰਕੇ ਸਵੇਰੇ ਠੰਡ ਹੀ ਸੀ। ਮੈਂ ਸੋਚਣ ਲਗਿਆ ਕਿ ਦਰਸ਼ਨ ਨੂੰ ਭਰਤੀ ਹੋਏ ਨੂੰ ਮਹੀਨਾ ਹੋ ਗਿਆ। ਸੋਚਦਿਆਂ ਕਰਦਿਆਂ ਨੇ ਅਸੀਂ ਮਹੀਨਾ ਲੰਘਾ ਲਿਆ ਸੀ। ਹੁਣ ਪਤਾ ਨਹੀਂ ਅਫਸਰ ਲੋਕ ਉਸਦਾ ਨਾਂ ਕੱਟਣ ਵੀ ਕਿ ਨਾ। ਪਰ ਫੌਜੀ ਮੈਨੂੰ ਹੌਂਸਲਾ ਦੇ ਰਿਹਾ ਸੀ ਕਿ ਉਸ ਦੀ ਉਮਰ ਦਾ ਰੌਲਾ ਪਾਵਾਂਗੇ ਤਾਂ ਸ਼ਾਇਦ ਅਫਸਰ ਮੰਨ ਜਾਣਗੇ। ਨਾਲੇ ਲੜਾਈ ਕਿਹੜੀ ਹਾਲੇ ਲੱਗੀ ਜਾਂਦੀ ਹੈ। ਇਸ ਤਾਂ ਸਾਰੀਆਂ ਅਖਬਾਰੀ ਗੱਲਾਂ ਹਨ।
ਦਸ ਕੁ ਵਜੇ ਅਸੀਂ ਫੌਜ ਦੇ ਦਫਤਰ ਵਿਚ ਪੁੱਜ ਗਏ। ਮੇਰੇ ਨਾਲ ਆਇਆ ਫੌਜੀ ਇਥੋਂ ਹੀ ਆਪਣੀ ਰਿਕਰੂਟੀ ਪਾਸ ਕਰ ਕੇ ਗਿਆ ਸੀ। ਉਹੀ ਮੈਨੂੰ ਸਹੀ ਜਗਾਹ ਤੇ ਲੈ ਗਿਆ। ਉਸ ਨੇ ਸਾਰੀ ਗੱਲ ਉਥੇ ਬੈਠੇ ਇਕ ਅਫਸਰ ਨੂੰ ਦੱਸੀ। ਅਫਸਰ ਬਹੁਤੀ ਗੱਲ ਨਹੀਂ ਸੀ ਕਰ ਰਿਹਾ ਪਰ ਉਸ ਨੇ ਦਰਸ਼ਨ ਨੂੰ ਸੱਦਣ ਲਈ ਕੋਈ ਬੰਦਾ ਭੇਜ ਦਿਤਾ ਤੇ ਸਾਨੂੰ ਇਕ ਪਾਸੇ ਬੈਠਾ ਦਿਤਾ। ਮੇਰੀ ਨਜ਼ਰ ਉਸ ਕਮਰੇ ਤੋਂ ਬਾਹਰ ਖੁਲ੍ਹੇ ਮੈਦਾਨ ਵਲ ਸੀ ਜਿਸ ਤੋਂ ਅੱਗੇ ਬੈਰਕਾਂ ਸ਼ੁਰੂ ਹੁੰਦੀਆਂ ਸਨ। ਮੈਂ ਦੇਖਿਆ ਕਿ ਇਕ ਉਚਾ ਲੰਮਾ ਖੂਬਸੂਰਤ ਗਭਰੂ ਸਾਹਮਣੇ ਤੁਰਿਆ ਆ ਰਿਹਾ ਸੀ। ਉਸ ਨੇ ਆਪਣੇ ਜੂੜੇ ‘ਤੇ ਚਿੱਟਾ ਰੁਮਾਲ ਬੰਨਿਆਂ ਹੋਇਆ ਸੀ। ਪੈਰੀਂ ਚਿੱਟੇ ਬੂਟ ਤੇ ਜੁਰਾਬਾਂ, ਤੇੜ ਚਿੱਟੀ ਨਿਕੱਰ ਤੇ ਨਾਲ ਹੀ ਚਿੱਟੇ ਰੰਗ ਦੀ ਹੀ ਟੀ-ਸ਼ਰਟ। ਇੰਨਾ ਬਾਂਕਾ ਜਵਾਨ ਮੈਂ ਪਹਿਲਾਂ ਕਦੇ ਨਹੀਂ ਸੀ ਦੇਖਿਆ। ਉਹ ਜਵਾਨ ਅੰਦਰ ਆ ਗਿਆ ਜਦ ਮੇਰੇ ਵਲ ਤੱਕ ਕੇ ਹੱਸਿਆ ਤਾਂ ਮੈਂ ਦੇਖਿਆ ਕਿ ਇਹ ਤਾਂ ਮੇਰਾ ਦਰਸ਼ਨ ਸੀ, ਹਾਕੀ ਖੇਲ ਕੇ ਆਇਆ ਸੀ। ਉਸ ਵਿਚ ਆਈ ਇਹ ਤਬਦੀਲੀ ਦੇਖ ਕੇ ਮੈਂ ਹੈਰਾਨ ਰਹਿ ਗਿਆ। ਕਿਥੇ ਉਹ ਦਰਸ਼ਨ ਜਿਸ ਦਾ ਜੂੜਾ ਹਰ ਵੇਲੇ ਖੁਲਿਆ ਜਿਹਾ ਰਹਿੰਦਾ, ਤੇੜ ਵਾਲੇ ਕੱਛੇ ਤੋਂ ਲੰਮੀ ਕਮੀਜ਼ ਹੁੰਦੀ, ਪੈਰੀਂ ਜੁੱਤੀ ਤਾਂ ਕਦੇ ਪਾਈ ਹੀ ਨਹੀਂ ਸੀ। ਉਹ ਬੋਲਿਆ,
“ਭਾਈਆ, ਤੂੰ ਇਥੇ ਕਿਦਾਂ?”
“ਤੂੰ ਸਾਨੂੰ ਦਸ ਤਾਂ ਦਿੰਦਾ ਕਿ ਭਰਤੀ ਹੋਣ ਲਗਿਆਂ, ਸਾਨੂੰ ਤਾਂ ਫਿਕਰ ਈ ਪੈ ਗਿਆ ਸੀ।”
“ਮੈਂ ਲੰਬੜ ਕੋਲ ਸਨੇਹਾ ਭੇਜ ਤਾਂ ਦਿਤਾ ਸੀ।”
ਮੇਰੇ ਤੋਂ ਹੋਰ ਬੋਲ ਨਾ ਹੋਇਆ। ਮੈਂ ਮੋਹ ਤੇ ਖੁਸ਼ੀ ਵਿਚ ਭਿੱਜਿਆ ਖੜਾ ਸਾਂ। ਮੈਂ ਸੋਚਿਆ ਕਿ ਦਰਸ਼ਨ ਲਈ ਇਹ ਜਗਾਹ ਹੀ ਠੀਕ ਹੈ। ਮੈਨੂੰ ਤਾਂ ਪਹਿਲਾਂ ਹੀ ਆਪਣਾ ਆਪ ਗੁਨਾਹਗਾਰ ਜਿਹਾ ਲਗ ਰਿਹਾ ਸੀ ਕਿ ਆਪਣੇ ਹੀਰੇ ਵਰਗੇ ਪੁੱਤ ਨੂੰ ਪਸ਼ੂਆਂ ਨਾਲ ਪਸ਼ੂ ਬਣਾ ਰਖਿਆ ਸੀ। ਪਿੰਡ ਵਾਪਸ ਜਾ ਕੇ ਉਹ ਫਿਰ ਰੁਲ਼ ਜਾਵਗੇ। ਮੈਂ ਇਸ ਗੱਲ ਦਾ ਜਿ਼ਕਰ ਹੀ ਨਾ ਕੀਤਾ ਕਿ ਅਸੀਂ ਉਸ ਨੂੰ ਲੈਣ ਆਏ ਸਾਂ। ਮੈਂ ਉਸ ਨੂੰ ਘਿਓ ਦੀ ਪੀਪੀ ਫੜਾ ਦਿਤੀ। ਕੁਸ਼ ਪੈਸੇ ਦੇਣ ਲਗਾ ਤਾਂ ਉਹ ਬੋਲਿਆ,
“ਭਾਈਆ, ਪੈਸੇ ਤਾਂ ਹੁਣ ਤਨਖਾਹ ਮਿਲਣ ਵਾਲੀ ਆ, ਨਾਲੇ ਇਥੇ ਕਿਥੇ ਖਰਚਣੇ ਆਂ, ਸਭ ਕੁਸ਼ ਤਾਂ ਮਿਲਦਾ।”
ਮੈਂ ਤੇ ਫੌਜੀ ਵਾਪਸ ਆ ਗਏ। ਸਾਰੇ ਰਾਹ ਮੈਂ ਦਰਸ਼ਨ ਬਾਰੇ ਹੀ ਸੋਚਦਾ ਰਿਹਾ। ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੇਰਾ ਪੁੱਤ ਫੌਜ ਵਿਚ ਜਾ ਕੇ ਇੰਨਾ ਸੁਹਣਾ ਨਿਕਲ ਆਵੇਗਾ। ਘਰ ਆਏ ਨਾਲ ਨੰਦੀ ਨੇ ਬਥੇਰੀ ਲੜਾਈ ਕੀਤੀ ਪਰ ਮੈਂ ਦਰਸ਼ਨ ਦੇ ਫੈਸਲੇ ਨੂੰ ਸਹੀ ਮੰਨਿਆਂ। ਮੈਂ ਸੋਚਣ ਲਗਿਆ ਕਿ ਜੇ ਅਜ ਬਾਪੂ ਜੀਉਂਦਾ ਹੁੰਦਾ ਤਾਂ ਦਰਸ਼ਨ ਨੂੰ ਫੌਜ ਵਿਚ ਦੇਖ ਕੇ ਕੀ ਆਖਦਾ। ਉਸ ਨੇ ਤਾਂ ਖੁਸ਼ੀ ਵਿਚ ਫੁੱਲੇ ਨਹੀਂ ਸੀ ਸਮਾਉਣਾ।
ਇਕ ਦਿਨ ਅਸੀਂ ਸਾਰੇ ਹੈਰਾਨ ਰਹਿ ਗਏ ਕਿ ਦਰਸ਼ਨ ਦੇ ਹੱਥ ਦੀ ਲਿਖੀ ਚਿੱਠੀ ਆ ਗਈ। ਗੁਰਮੁਖੀ ਵਿਚ ਲਿਖੀ ਸੀ। ਅੱਖਰ ਵੱਡੇ ਵੱਡੇ ਸਨ ਪਰ ਮੇਰੇ ਲਈ ਇਹੋ ਬਹੁਤ ਸੀ ਕਿ ਉਸ ਨੇ ਆਪਣੇ ਹੱਥੀਂ ਇਹ ਚਿੱਠੀ ਲਿਖੀ ਸੀ। ਉਸ ਦਿਨ ਵੀ ਘੱਟ ਹੈਰਾਨੀ ਨਹੀਂ ਸੀ ਹੋਈ ਜਿਸ ਦਿਨ ਉਹ ਆਪਣੀ ਰਿਕਰੂਟੀ ਪਾਸ ਕਰਕੇ ਘਰ ਆਇਆ ਸੀ। ਇਸ ਥੋੜੇ ਜਿਹੇ ਚਿਰ ਵਿਚ ਹੀ ਉਹ ਵਾਹਵਾ ਕੱਦ ਕੱਢ ਆਇਆ ਸੀ। ਮੇਰੇ ਨਾਲੋਂ ਗਿੱਠ ਉਚਾ ਲਗਦਾ ਸੀ। ਫੌਜੀ ਵਰਦੀ ਤਾਂ ਉਸ ਨੂੰ ਬਹੁਤ ਹੀ ਸਜਦੀ ਸੀ। ਹੁਣ ਉਸ ਦੇ ਹਲਕੀ ਜਿਹੀ ਦਾਹੜੀ ਵੀ ੳਤਰਨ ਲਗੀ ਸੀ। ਇਕ ਹੋਰ ਹੈਰਾਨ ਕਰਨ ਵਾਲੀ ਗੱਲ ਇਹ ਕਿ ਉਸ ਦੇ ਹੱਥ ਵਿਚ ਗੁਰਮੁਖੀ ਦੀ ਅਖਬਾਰ ਵੀ ਸੀ। ਮੈਂ ਬਹੁਤ ਖੁਸ਼ ਸਾਂ। ਮੈਨੂੰ ਉਸ ਦਿਨ ਆਪਣਾ ਬਾਪੂ ਬਹੁਤ ਯਾਦ ਆਇਆ। ਖੁਸ਼ ਤਾਂ ਉਸ ਵਲ ਦੇਖ ਕੇ ਨੰਦੀ ਵੀ ਸੀ ਪਰ ਫੌਜ ਦੇ ਨਾਂ ਤੋਂ ਉਹ ਹਾਲੇ ਵੀ ਡਰੀ ਜਾ ਰਹੀ ਸੀ। ਬਾਅਦ ਵਿਚ ਮੈਨੂੰ ਪਤਾ ਚਲਿਆ ਕਿ ਆਮ ਪਿੰਡਾਂ ਦੇ ਲੰਬੜਾਂ ਨੂੰ ਇਵੇਂ ਅਣਭੋਲ ਮੁੰਡਿਆਂ ਨੂੰ ਭਰਤੀ ਕਰਾਉਣ ਬਦਲੇ ਸਰਕਾਰ ਵਲੋਂ ਪੈਸੇ ਜਾਂ ਹੋਰ ਰਿਆਇਤਾਂ ਵੀ ਮਿਲਦੀਆਂ ਸਨ ਪਰ ਹੁਣ ਲੰਬੜ ਨਾਲ ਲੜਨ ਦਾ ਕੋਈ ਫਾਇਦਾ ਨਹੀਂ ਸੀ।
ਛੁੱਟੀ ਆਇਆ ਦਰਸ਼ਨ ਸਾਡੇ ਸਭ ਲਈ ਕੁਝ ਨਾ ਕੁਝ ਲਿਆਇਆ। ਮੇਰੇ ਲਈ ਰੰਮ ਦੀਆਂ ਬੋਤਲਾਂ, ਦਾਸੋ ਤੇ ਦੇਬੋ ਲਈ ਸੂਟ, ਨੰਦੀ ਲਈ ਸ਼ਾਲ ਤੇ ਦੇਵ ਲਈ ਹਾਕੀ ਤੇ ਗੋਲੇ਼। ਉਸ ਨੇ ਆਪਣੀ ਸਾਰੀ ਤਨਖਾਹ ਮੇਰੇ ਹੱਥ ‘ਤੇ ਰੱਖ ਦਿਤੀ। ਇਹ ਵੀ ਪਿਓ ਲਈ ਘੱਟ ਖੁਸ਼ੀ ਦੀ ਗੱਲ ਨਹੀਂ ਹੁੰਦੀ। ਇਕ ਮਹੀਨਾ ਵਿਆਹ ਵਾਂਗ ਨਿਕਲਿਆ। ਦਰਸ਼ਨ ਨੂੰ ਅਸੀਂ ਸਾਰਿਆਂ ਨੇ ਭਿਜੀਆਂ ਅੱਖਾਂ ਨਾਲ ਵਿਦਾ ਕੀਤਾ। ਮੈਂ ਤੇ ਨੱਥਾ ਸਿੰਘ ਫਗਵਾੜੇ ਤਕ ਚੜ੍ਹਾਉਣ ਗਏ। ਰਾਤ ਦੀ ਉਹੋ ਰੇਲ ਸੀ ਜਿਸ ਵਿਚ ਅਸੀਂ ਮੇਰਠ ਗਏ ਸੀ। ਰਾਤ ਅਸੀਂ ਸਟੇਸ਼ਨ ‘ਤੇ ਰਹੇ ਤੇ ਸਵੇਰੇ ਪਿੰਡ ਆ ਗਏ।
ਬਾਕੀ ਤਾਂ ਸਭ ਕੁਝ ਠੀਕ ਸੀ ਪਰ ਫਿਕਰ ਵਾਲੀ ਗੱਲ ਇਹ ਸੀ ਕਿ ਦੂਜਾ ਮਹਾਂ-ਯੁਧ ਸ਼ੁਰੂ ਹੋ ਚੁੱਕਾ ਸੀ। ਸਤੰਬਰ 1939 ਨੂੰ ਹੀ ਹਿਟਲਰ ਨੇ ਪੂਰਬੀ ਯੌਰਪ ਦੇ ਦੇਸ਼ਾਂ ‘ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿਤਾ ਸੀ। ਹਿਟਲਰ ਨੇ ਜਪਾਨ ਨਾਲ ਹੱਥ ਮਿਲਾ ਲਿਆ। ਇਧਰ ਜਪਾਨ ਭਾਰਤ ਵਲ ਵਧਣ ਲਗਿਆ ਸੀ। ਚੀਨ ‘ਤੇ ਤਾਂ ਉਸ ਨੇ ਪਹਿਲਾਂ ਹੀ ਹਮਲਾ ਕਰ ਦਿਤਾ ਸੀ। ਉਹ ਇੰਡੋਨੇਸ਼ੀਆ, ਜਾਵਾ, ਸਮਾਟਰਾ ਤੇ ਫਿਲਪੀਨ ਬਗੈਰਾ ਨੂੰ ਜਿੱਤ ਕੇ ਬਰਮਾ ਦੇ ਬਾਰਡਰ ‘ਤੇ ਆ ਬੈਠਾ ਸੀ। ਅੱਠ ਦਸੰਬਰ ਨੂੰ ਜਦ ਉਸ ਨੇ ਬਰਮਾ ਦਾ ਬਾਰਡਰ ਪਾਰ ਕਰ ਲਿਆ ਤਾਂ ਅੰਗਰੇਜ਼ਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਕਹਿਣ ਨੂੰ ਤਾਂ ਸਾਰੇ ਕਹਿੰਦੇ ਸਨ ਕਿ ਜਪਾਨ ਲਈ ਬਰਮਾ ਇਕ ਅਮੀਰ ਮੁਲਕ ਹੈ। ਉਸ ਦੀ ਚੌਲ਼ਾਂ ਦੀ ਖੇਤੀ, ਰਬੜ ਤੇ ਤੇਲ ਉਪਰ ਜਪਾਨ ਦੀ ਅੱਖ ਸੀ ਜਿਸ ਕਰਕੇ ਉਸ ਨੇ ਬਰਮਾ ‘ਤੇ ਹਮਲਾ ਕੀਤਾ ਸੀ ਪਰ ਜਪਾਨ ਦੀ ਅਸਲ ਵਿਚ ਅੱਖ ਤਾਂ ਭਾਰਤ ‘ਤੇ ਸੀ। ਹਿਟਲਰ ਦੀ ਤਾਕਤ ਨੂੰ ਦੇਖਦਿਆਂ ਪਹਿਲਾਂ ਤਾਂ ਅੰਗਰੇਜ਼ ਇਹ ਸੋਚ ਰਿਹਾ ਸੀ ਕਿ ਜੇ ਕਿਸੇ ਤਰ੍ਹਾਂ ਬਰਤਾਨੀਆਂ ਹੱਥੋਂ ਚਲੇ ਵੀ ਗਿਆ ਤਾਂ ਭਾਰਤ ਵਿਚੋਂ ਬੈਠ ਕੇ ਹੀ ਅਗਲੀ ਲੜਾਈ ਲੜ ਹੋ ਸਕਦੀ ਹੈ ਪਰ ਹੁਣ ਜਪਾਨ ਵੀ ਪੂਰੀ ਤਾਕਤ ਵਿਚ ਸੀ ਤੇ ਲਗਦਾ ਸੀ ਕਿ ਉਹ ਸਹਿਜੇ ਹੀ ਭਾਰਤ ਨੂੰ ਆਪਣੇ ਕਾਬੂ ਵਿਚ ਕਰ ਸਕਦਾ ਹੈ। ਕੁਝ ਦਿਨਾਂ ਵਿਚ ਹੀ ਦਰਸ਼ਨ ਦੀ ਚਿੱਠੀ ਆ ਗਈ ਕਿ ਉਹ ਬਰਮਾ ਦੇ ਬਾਰਡਰ ‘ਤੇ ਭੇਜਿਆ ਜਾ ਰਿਹਾ ਹੈ। ਪੰਜਾਬੀ ਵਿਚ ਲੰਮੇ ਜਿਹੇ ਅੱਖਰਾਂ ਵਿਚ ਲਿਖੀ ਚਿੱਠੀ ਸੀ। ਸਾਡੇ ਸਭ ਦੇ ਸਾਹ ਸੂਤੇ ਗਏ। ਨੰਦੀ ਤਰ੍ਹਾਂ ਤਰ੍ਹਾਂ ਦੀ ਪ੍ਰਰਥਨਾਵਾਂ ਕਰਨ ਲਗੀ। ਮੈਂ ਵੀ ਸੋਚਿਆ ਕਿ ਰੋਜ਼ਾ ਸ਼ਰੀਫ ਮੰਢਾਲੀ ਜਾ ਕੇ ਅਵਾਂਗਾ। ਲੋਕ ਆ ਆ ਕੇ ਸਾਨੂੰ ਹੌਸਲਾ ਦਿੰਦੇ। ਬਾਹਰੋਂ ਅਸੀਂ ਚੰਗੇ ਭਲੇ ਦਿਸਣ ਦੀ ਕੋਸਿ਼ਸ਼ ਕਰਦੇ ਪਰ ਅੰਦਰੋਂ ਬਹੁਤ ਡਰੇ ਹੋਏ ਸਾਂ। ਮੈਂ ਸਭ ਤੋਂ ਪਹਿਲਾ ਕੰਮ ਅਖਬਾਰ ਪੜ੍ਹਨ ਦਾ ਕਰਦਾ। ਪਿੰਡ ਵਿਚ ਕਿਸੇ ਕੋਲ ਉੜਦੂ ਦੀ ਅਖਾਬਰ ਆਉਂਦੀ ਸੀ ਪਰ ਕਈ ਵਾਰ ਮੇਰੀ ਤਸੱਲੀ ਨਾ ਹੁੰਦੀ ਤਾਂ ਮੈਂ ਹਮੀਦੇ ਦੇ ਟਾਂਗੇ ਵਿਚ ਚੜ੍ਹ ਕੇ ਸ਼ਹਿਰ ਚਲੇ ਜਾਂਦਾ। ਮੈਨੂੰ ਪਤਾ ਸੀ ਕਿ ਪਿੱਪਲਾਂ ਹੇਠ ਕਈ ਲੋਕ ਬੈਠੇ ਅੰਗਰੇਜ਼ੀ ਦੀ ਅਖਬਾਰ ਪੜ੍ਹਦੇ ਹੁੰਦੇ ਸਨ, ਉਹਨਾਂ ਨੂੰ ਕੋਈ ਨਵੀਂ ਖਬਰ ਬਾਰੇ ਪੁੱਛਦਾ। ਖਬਰਾਂ ਲਗਭਗ ਇਕੋ ਜਿਹੀਆਂ ਹੀ ਹੁੰਦੀਆਂ।
ਜਪਾਨੀਆਂ ਨੇ ਰੰਗੂਨ ਸ਼ਹਿਰ ‘ਤੇ ਹਮਲਾ ਕਰ ਦਿਤਾ ਸੀ ਤੇ ਸਿਆਮ ਨੂੰ ਤਾਂ ਆਪਣੇ ਕਬਜ਼ੇ ਵਿਚ ਹੀ ਕਰ ਲਿਆ ਸੀ। ਭਾਰਤੀ ਫੌਜ ਦੀ ਸਤਾਰਵੀਂ ਡਵੀਯਨ ਜਪਾਨੀਆਂ ਦਾ ਮੁਕਾਬਲਾ ਕਰ ਰਹੀ ਸੀ ਜਿਸ ਵਿਚ ਜੱਟ-ਸਿਖ, ਰਾਜਪੂਤ ਤੇ ਗੋਰਖੇ ਵੀ ਸਨ। ਵੈਸੇ ਤਾਂ ਇਹਨਾਂ ਦੇ ਨਾਲ ਅੰਗਰੇਜ਼ ਸੈਨਾ ਤੇ ਬਰਮੀ ਸੈਨਾ ਵੀ ਲੜ ਰਹੀ ਸੀ ਪਰ ਜਪਾਨ ਦਾ ਹੱਥ ਉਤੇ ਸੀ। ਇਥੋਂ ਤਕ ਕਿ ਅੰਗਰੇਜ਼ਾਂ ਨੂੰ ਪਿੱਛੇ ਹਟਣਾ ਪਿਆ। ਇਕ ਥਾਂ ‘ਤੇ ਪਿੱਛੇ ਹਟਦਿਆਂ ਸਿਟੈਂਗ ਦਰਿਆ ਪਾਰ ਕਰਨਾ ਸੀ। ਦਰਿਆ ਦਾ ਪੁਲ ਬਹੁਤ ਕਮਜ਼ੋਰ ਸੀ, ਫੌਜ ਲੰਘ ਰਹੀ ਸੀ ਤਾਂ ਪੁਲ ਟੁੱਟ ਗਿਆ। ਬਹੁਤੀ ਫੌਜ ਦੀ ਜਾਨ ਤਾਂ ਬਚ ਗਈ ਪਰ ਹਥਿਆਰ ਦਰਿਆ ਵਿਚ ਰੁੜ ਗਏ। 9 ਮਾਰਚ 1940 ਨੂੰ ਜਪਾਨੀਆਂ ਨੇ ਰੰਗੂਨ ਵੀ ਫਹਿਤ ਕਰ ਲਿਆ। ਅੰਗਰੇਜ਼ ਦੇ ਹੌਂਸਲੇ ਪਸਤ ਹੋਣ ਲਗੇ। ਜਪਾਨ ਨੇ ਹੌਲੀ ਹੌਲੀ ਅੰਡੇਮਾਨ-ਨਿਕੋਬਾਰ ਤਕ ਕਬਜ਼ਾ ਕਰ ਲਿਆ। ਅੰਗਰੇਜ਼ ਕਲੋਨੀ ਵਿਚੋਂ ਸਿਰਫ ਭਾਰਤ ਹੀ ਬਚਿਆ ਸੀ ਤੇ ਫਿਰ ਉਹ ਭਾਰਤ ਵਲ ਵੀ ਵਧਣ ਲਗ ਪਿਆ। ਬਰਤਾਨੀਆਂ ਅਮਰੀਕਾ ਵਲ ਮੱਦਦ ਲਈ ਝਾਕਣ ਲਗਾ। ਅਮਰੀਕਾ ਦੂਰ ਹੋਣ ਕਰਕੇ ਬਹੁਤਾ ਕੁਝ ਨਹੀਂ ਸੀ ਕਰ ਸਕਦਾ। ਅਮਰੀਕਾ ਨੇ ਜਪਾਨ ਨੂੰ ਡਰਾਵਾ ਦਿਤਾ ਤਾਂ ਜਪਾਨ ਉਸ ਵਲ ਨੂੰ ਵੀ ਸਿੱਧਾ ਹੋ ਗਿਆ। ਇਧਰ ਹੋ ਰਹੀਆਂ ਜਿੱਤਾਂ ਨੇ ਜਪਾਨ ਦੇ ਹੌਂਸਲੇ ਬਹੁਤ ਵਧਾ ਦਿਤੇ ਸਨ। ਇਵੇਂ ਹੀ ਹੌਂਸਲੇ ਵਿਚ ਜਪਾਨੀਆਂ ਨੇ ਪੋਰਟ ਹਾਰਬਰ ਤੇ ਖੜੇ ਅਮਰੀਕਾ ਦੇ ਪੰਜ ਜੰਗੀ ਜਹਾਜ਼ ਡੋਬ ਦਿਤੇ। ਹਾਲੇ ਤਕ ਅਮਰੀਕਾ ਇਸ ਲੜਾਈ ਵਿਚ ਸ਼ਾਮਲ ਨਹੀਂ ਸੀ ਹੋਇਆ ਤੇ ਹੁਣ ਉਸ ਨੂੰ ਵੀ ਇਸ ਯੁੱਧ ਵਿਚ ਹਿੱਸਾ ਲੈਣਾ ਪੈ ਗਿਆ।
ਮੈਂ ਹਿਸਾਬ ਲਾ ਕੇ ਦੇਖਿਆ ਕਰਦਾ ਕਿ ਦਰਸ਼ਨ ਦੀ ਬਟਾਲੀਅਨ ਹਾਲੇ ਪਿੱਛੇ ਹੀ ਹੋਵੇਗੀ। ਲੋਹੜੀ ਤੇ ਛੁੱਟੀ ਆਇਆ ਸੀ ਤੇ ਮਹੀਨਾ ਰਹਿ ਕੇ ਗਿਆ। ਬਰਮਾ ਜਾਣ ਨੂੰ ਵੀ ਟਾਈਮ ਲਗਣਾ ਸੀ। ਮੈਂ ਅਖਬਾਰ ਵਿਚ ਇਕ ਥਾਂ ਪੜਿਆ ਸੀ ਕਿ ਬਰਮਾ ਦੇ ਜੰਗਲਾਂ ਵਿਚ ਲੜਨ ਲਈ ਮਹੀਨਾ ਭਰ ਦੀ ਹੋਰ ਟਰੇਨਿੰਗ ਚਾਹੀਦੀ ਸੀ। ਬਰਮਾ ਦੇ ਜੰਗਲਾਂ ਵਿਚ ਲੜਨਾ ਬਹੁਤ ਔਖਾ ਸੀ। ਅਖਬਾਰਾਂ ਵਿਚ ਜੋ ਕੁਝ ਲਿਖਿਆ ਹੁੰਦਾ ਪੜ੍ਹ ਕੇ ਰਾਤ ਨੂੰ ਨੀਂਦ ਨਾ ਆਉਂਦੀ। ਮੈਂ ਨੰਦੀ ਨਾਲ ਕੋਈ ਗੱਲ ਸਾਂਝੀ ਨਾ ਕਰਦਾ ਪਰ ਮੈਨੂੰ ਬਹੁਤ ਡਰ ਲਗਦਾ ਸੀ। ਜੰਗਲਾਂ ਵਿਚ ਦੀ ਲੰਘਣਾਂ ਇੰਨਾ ਔਖਾ ਸੀ ਕਿ ਹੱਥ ਵਿਚ ਹਰ ਵੇਲੇ ਤੁਹਾਨੂੰ ਖੋਖਰੀ ਜਾਂ ਦਾਤ ਰੱਖਣਾ ਪੈਂਦਾ ਸੀ ਤਾਂ ਜੋ ਅਗੇ ਵਧਣ ਲਈ ਝਾੜੀਆਂ ਨੂੰ ਵੱਢਦੇ ਜਾਵੋਂ। ਸੰਘਣੇ ਜੰਗਲਾਂ ਵਿਚ ਕਈ ਵਾਰ ਦੋ ਗਜ਼ ਤੇ ਵੀ ਦੁਸ਼ਮਣ ਦਿਖਾਈ ਨਾ ਦਿੰਦਾ। ਮੋਟਾ ਮੋਟਾ ਮੱਛਰ ਸੀ। ਮਲੇਰੀਆ ਹੋਣ ਦਾ ਬਹੁਤ ਡਰ ਸੀ। ਪਾਣੀ ਵਿਚ ਕੋਈ ਅੰਗ ਪਾਓ ਤਾਂ ਇਕ ਦਮ ਜੋਕਾਂ ਚੁੰਬੜ ਜਾਂਦੀਆਂ। ਸੱਪਾਂ ਦਾ ਵੀ ਕੋਈ ਅੰਤ ਨਹੀਂ ਸੀ। ਮੈਂ ਸੋਚਦਾ ਕਿ ਮੇਰਾ ਪੁੱਤ ਹੁਣ ਇਸ ਜਗਾਹ ਤੇ ਲੜਾਈ ਕਰੇਗਾ।
ਬਰਮਾ ਦੇ ਰਾਹ ਵਿਚੋਂ ਦਰਸ਼ਨ ਦੀ ਇਕ ਚਿੱਠੀ ਆਈ। ਉਹੋ ਗੁਰਮੁਖੀ ਦੇ ਲੰਮੇ ਲੰਮੇ ਜਿਹੇ ਅੱਖਰ ਪਾਏ ਹੋਏ ਸਨ। ਮੈਨੂੰ ਤਾਂ ਇਹੋ ਬਹੁਤ ਖੁਸ਼ੀ ਸੀ ਕਿ ਉਹ ਆਪਣੇ ਆਪ ਚਿੱਠੀ ਲਿਖਣ ਲਗ ਪਿਆ ਹੈ ਪਰ ਜੇ ਉਹ ਲੜਾਈ ਵਿਚ ਨਾ ਜਾਂਦਾ ਤਾਂ ਹੋਰ ਤਰ੍ਹਾਂ ਦੀ ਖੁਸ਼ੀ ਹੋਣੀ ਸੀ। ਫਿਰ ਕਈ ਮਹੀਨੇ ਬਾਅਦ ਉਸ ਦੀ ਚਿੱਠੀ ਬਰਮਾ ਵਿਚੋਂ ਆਈ ਸੀ। ਕੋਈ ਖਾਸ ਗੱਲ ਨਹੀਂ ਸੀ ਲਿਖੀ, ਬਸ ਉਸ ਦੀ ਰਾਜ਼ੀ ਖੁਸ਼ੀ ਦੀ ਇਤਲਾਹ ਹੀ ਸੀ। ਪਿੰਡ ਦੇ ਇਕ ਫੌਜੀ ਨੇ ਤਾਂ ਇਕ ਵਾਰ ਮੈਨੂੰ ਡਰਾ ਹੀ ਦਿਤਾ। ਉਹ ਕਹਿਣ ਲਗਿਆ ਕਿ ਕਈ ਵਾਰ ਅਫਸਰ ਫੌਜੀਆਂ ਤੋਂ ਅਗਾਂਹ ਦੀਆਂ ਤਰੀਕਾਂ ਦੀਆਂ ਚਿੱਠੀਆਂ ਲਿਖਵਾ ਕੇ ਪਹਿਲਾਂ ਹੀ ਰੱਖ ਲੈਂਦੇ ਹਨ ਤੇ ਉਹਨਾਂ ਦੇ ਘਰਦਿਆਂ ਨੂੰ ਪਾਉਂਦੇ ਰਹਿੰਦੇ ਹਨ ਕਿ ਉਹਨਾਂ ਦੇ ਹੌਂਸਲੇ ਬੁਲੰਦ ਰਹਿਣ। ਇਹ ਗੱਲ ਮੈਂ ਨੰਦੀ ਨੂੰ ਨਹੀਂ ਦੱਸੀ। ਕਈ ਵਾਰ ਮੈਂ ਸੋਚਦਾ ਕਿ ਅਸੀਂ ਸਭ ਤੁਰੇ ਫਿਰਦੇ ਹਾਂ ਸਾਡੇ ਵਿਚ ਸਾਹ ਕੋਈ ਨਹੀਂ ਹੈ।
ਜਪਾਨੀਆਂ ਨੇ ਭਾਰਤ ਤੇ ਕਬਜ਼ਾ ਕਰਨ ਦੀ ਜੀਅ ਤੋੜ ਕੋਸਿ਼ਸ਼ ਕਰਨੀ ਸ਼ੁਰੂ ਕਰ ਦਿਤੀ। ਕੋਹੀਮੇ ਉਪਰ ਤਾਂ ਉਹਨਾਂ ਕਬਜ਼ਾ ਕਰ ਵੀ ਲਿਆ। ਭਾਰਤੀ ਫੌਜ ਨੇ ਕੋਹੀਮਾ ਵਾਪਸ ਲੈਣ ਲਈ 64 ਦਿਨ ਜੱਦੋ ਜਹਿਦ ਕੀਤੀ। ਹੱਥੋ ਹੱਥ ਲੜਾਈ ਵੀ ਹੋਈ, ਕੁਝ ਗਜ਼ਾਂ ਦੀ ਦੂਰੀ ਤੋਂ ਹੱਥ ਗੋਲੇ ਵੀ ਸੁੱਟੇ ਗਏ ਪਰ ਭਾਰਤੀ ਫੌਜ ਨੇ ਜਪਾਨੀਆਂ ਨੂੰ ਖਦੇੜ ਦਿਤਾ।
ਇਹਨਾਂ ਦਿਨਾਂ ਵਿਚ ਲੋਕਾਂ ਨੂੰ ਇਹ ਲਗਣ ਲਗ ਪਿਆ ਸੀ ਕਿ ਪਹਿਲਾਂ ਅਸੀਂ ਅੰਗਰੇਜ਼ਾਂ ਦੇ ਗੁਲਾਮ ਰਹੇ ਹਾਂ ਤੇ ਹੁਣ ਜਪਾਨੀਆਂ ਦੇ ਗੁਲਾਮ ਹੋ ਜਾਵਾਂਗੇ। ਇਕ ਫਿਕਰ ਵਾਲੀ ਗੱਲ ਹੋਰ ਹੋਈ ਕਿ ਆਪਣੇ ਆਪ ਨੂੰ ਦੇਸ਼ ਭਗਤ ਕਹਾਉਣ ਵਾਲੇ ਕੁਝ ਲੋਕ ਸੁਭਾਸ਼ ਚੰਦਰ ਬੋਸ ਦੇ ਮਗਰ ਲਗ ਕੇ ਜਪਾਨੀਆਂ ਦੀ ਮਦਦ ਕਰਨ ਲਗ ਪਏ। ਮੈਂ ਇਹਨਾਂ ਨਾਲ ਕਦੇ ਸਹਿਮਤ ਨਹੀਂ ਸੀ। ਮੈਨੂੰ ਤਾਂ ਅੰਗਰੇਜ਼ਾ ਦਾ ਰਾਜ ਪਸੰਦ ਸੀ। ਮੇਰੇ ਬਾਪੂ ਨੇ ਆਪਣੀ ਚੜਦੀ ਜਵਾਨੀ ਵਿਚ ਸਿੱਖਾਂ ਦਾ ਰਾਜ ਦੇਖਿਆ ਸੀ। ਉਹ ਕਈ ਵਾਰ ਗੱਲਾਂ ਸੁਣਾਉਂਦਾ ਕਿ ਸਿੱਖਾਂ ਦੇ ਰਾਜ ਦੇ ਮੁਕਾਬਲੇ ਅੰਗਰੇਜ਼ਾਂ ਦਾ ਰਾਜ ਬਹੁਤ ਵਧੀਆ ਸੀ। ਮੇਰਾ ਵੀ ਇੰਨੇ ਚਿਰ ਦਾ ਇਹੋ ਤਰਜੁਬਾ ਸੀ। ਪਰ ਇਹ ਲੋਕ ਹੁਣ ਜਪਾਨੀਆਂ ਦਾ ਰਾਜ ਲਿਆਉਣਾ ਚਾਹੁੰਦੇ ਸਨ। ਜਪਾਨੀਆਂ ਨਾਲੋਂ ਤਾਂ ਅੰਗਰੇਜ਼ ਲੱਖ ਦਰਜੇ ਚੰਗੇ ਹੋਣਗੇ, ਅਸੀਂ ਅਜਮਾਏ ਹੋਏ ਵੀ ਸਨ। ਮੈਨੂੰ ਨਹੀਂ ਸੀ ਪਤਾ ਚਲਦਾ ਕਿ ਇਹ ਕਿਹੋ ਜਿਹੇ ਦੇਸ਼ ਭਗਤ ਹਨ। ਇਹਨਾਂ ਨੇ ਕੁਝ ਫੌਜੀ ਵੀ ਆਪਣੇ ਨਾਲ ਰਲ਼ਾ ਕੇ ਫੌਜ ਵਿਚੋਂ ਭਗੌੜੇ ਕਰਾ ਲਏ। ਇਸ ਨਾਲ ਅੰਗਰੇਜ਼ ਦੀ ਮੁਸ਼ਕਲ ਹੋਰ ਵੀ ਬੜੀ ਹੋ ਗਈ। ਮੈਨੂੰ ਇਹ ਲੋਕ ਦੇਸ਼ ਭਗਤ ਹੋਣ ਨਾਲੋਂ ਆਪਣੇ ਮੁਲਕ ਦੇ ਗਦਾਰ ਵਧੇਰੇ ਜਾਪਦੇ। ਬਾਅਦ ਵਿਚ ਇਹ ਸਿੱਧ ਵੀ ਹੋ ਗਿਆ ਕਿ ਇਹਨਾਂ ਵਿਚ ਦੂਰ-ਅੰਦੇਸ਼ੀ ਦੀ ਕਮੀ ਸੀ ਤੇ ਜਪਾਨੀ ਇਹਨਾਂ ਨੂੰ ਸਿਰਫ ਵਰਤ ਰਹੇ ਸਨ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346