ਇਕ ਔਰਤ ਖ਼ੁਸ਼ਵੰਤ ਸਿੰਘ ਨੂੰ ਮਿਲਣ
ਆਈ। ਉਸ ਨੇ ਦਿੱਲੀ ਵਿਚੋਂ ਰੰਡੀਆਂ ਦਾ ਪੇਸ਼ਾ ਖ਼ਤਮ ਕਰਨ ਦਾ ਝੰਡਾ ਚੁਕਿਆ ਹੋਇਆ ਸੀ ਤੇ ਉਹ
ਖੁਸ਼ਵੰਤ ਸਿੰਘ ਦੀ ਮਦਦ ਚਾਹੁੰਦੀ ਸੀ।
ਖ਼ੁਸ਼ਵੰਤ ਸਿੰਘ ਨੇ ਆਖਿਆ, ‘‘ਮੈਂ ਕਦੇ ਕਿਸੇ ਕੰਜਰੀ ਕੋਲ ਨਹੀਂ ਗਿਆ। ਮੈਨੂੰ ਰੰਡੀਆਂ ਦਾ
ਕੋਈ ਤਜ਼ਰਬਾ ਨਹੀਂ।’’
ਉਹ ਬੋਲੀ, ‘‘ਤੁਸੀਂ ਰੰਡੀਆਂ ਦੇ ਪੇਸ਼ੇ ਬਾਰੇ ਇਕ ਵੱਡਾ ਆਰਟੀਕਲ ਲਿਖਿਆ ਸੀ। ਤੁਸੀਂ ਵਡੇ
ਰਾਈਟਰ ਹੋ। ਤੁਹਾਨੂੰ ਇਸ ਸਮਾਜੀ ਲਾਹਣਤ ਨੂੰ ਦੂਰ ਕਰਨਾ ਚਾਹੀਦਾ ਹੈ। ਜੋ ਮਰਦ ਪੈਸੇ ਖ਼ਰਚ
ਕਰਕੇ ਤੀਵੀਂ ਦਾ ਜਿਸਮ ਖ਼ਰੀਦਦੇ ਹਨ, ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ।
ਖ਼ੁਸ਼ਵੰਤ ਬੋਲਿਆ, ‘‘ਮੈਂ ਪੱਲਿਉਂ ਪੈਸਾ ਖ਼ਰਚ ਕਰਕੇ ਕਦੇ ਅੱਯਾਸ਼ੀ ਨਹੀਂ ਕੀਤੀ। ਯੋਰਪ ਦੀ ਸੈਰ
ਮੁਫ਼ਤ ਮਿਲ ਜਾਂਦੀ ਹੈ, ਡਿਨਰ ਪਾਰਟੀਆਂ ਤੇ ਹਰ ਪ੍ਰਕਾਰ ਦੀ ਆਓ-ਭਗਤ। ਪਰ ਕੰਜਰੀਆਂ ਬਾਰੇ
ਮੈਂ ਕੁਝ ਨਹੀਂ ਕਹਿ ਸਕਦਾ।’’
ਜੋਸ਼ ਨਾਲ ਉਸ ਔਰਤ ਦਾ ਚਿਹਰਾ ਤਮਤਮਾ ਉਠਿਆ, ‘‘ਮਰਦਾਂ ਨੇ ਇਸ ਨੂੰ ਸੈਕਸ ਦਾ ਖਿਡੌਣਾ ਸਮਝ
ਰਖਿਆ ਹੈ। ਮੰਡੀਆਂ ਵਿਚ ਵਿਕਣ ਵਾਲੀ ਸ਼ੈ। ਜ਼ਰੂਰਤਮੰਦ ਔਰਤਾਂ ਨੂੰ ਮਜ਼ਬੂਰ
ਹੋ ਕੇ ਪੈਸੇ ਲਈ ਜਿਸਮ ਵੇਚਣਾ ਪੈਂਦਾ ਹੈ। ਉਨ੍ਹਾਂ ਨੂੰ ਚੰਗੇ ਕੰਮ ਵਾਲੇ ਪਾਸੇ ਲਾਉਣਾ
ਚਾਹੀਦਾ ਹੈ। ਘਰ ਵਸਾ ਕੇ ਰਹਿਣਾ ਚਾਹੀਦਾ ਹੈ। ਰੰਡੀਆਂ ਸਾਡੇ ਸਮਾਜ ਉਤੇ ਕਾਲਾ ਧੱਬਾ ਹਨ।
ਇਸ ਪੇਸ਼ੇ ਨੂੰ ਕਿਸੇ ਤਰ੍ਹਾਂ ਖ਼ਤਮ ਕੀਤਾ ਜਾਵੇ।’’
ਖ਼ੁਸ਼ਵੰਤ ਬੋਲਿਆ, ‘‘ਮੈਂ ਹੁਣੇ ਜਰਮਨੀ ਤੋਂ ਆਇਆ ਹਾਂ। ਇਸ ਵੇਲੇ ਜਰਮਨੀ ਦੁਨੀਆਂ ਭਰ ਵਿਚ ਸਭ
ਤੋਂ ਖ਼ੁਸ਼ਹਾਲ ਮੁਲਕ ਹੈ। ਉਥੋਂ ਦੇ ਖ਼²ੂਬਸੂਰਤ ਸ਼ਹਿਰ ਹੈਮਬਰਗ ਵਿਚ ਸਭ ਤੋਂ ਜ਼ਿਆਦਾ ਰੰਡੀਆਂ
ਹਨ। ਸੋਚਣਾ ਪਵੇਗਾ ਕਿ ਕੀ ਸਿਰਫ਼ ਮਜਬੂਰੀ ਦੀ ਹਾਲਤ ਵਿਚ ਹੀ ਤੀਵੀਂ ਇਕ ਰੰਡੀ ਦਾ ਪੇਸ਼ਾ
ਅਖਤਿਆਰ ਕਰਦੀ ਹੈ ਜਾਂ ਉਹ ਕਿਸੇ ਸ਼ੌਕ ਲਈ ਵੀ ਇਹ ਧੰਦਾ ਚੁਣਦੀ ਹੈ। ਇਸਦੇ ਸਾਈਕੋਲਾਜੀਕਲ ਤੇ
ਸੋਸੋਲਾਜੀਕਲ ਪਹਿਲੂਆਂ ਉਤੇ ਗ਼ੌਰ ਕਰਨਾ ਪਏਗਾ। ਪੱਛਮ ਦੀਆਂ ਕਈ ਕੁੜੀਆਂ ਸੋਚਦੀਆਂ ਹਨ ਕਿ
ਸਾਰਾ ਦਿਨ ਕਿਸੇ ਦਫ਼ਤਰ ਵਿਚ ਅੱਠ ਘੰਟੇ ਟਾਈਪ ਕਰਕੇ ਮਸਾਂ ਤੀਹ ਡਾਲਰ ਮਿਲਦੇ ਹਨ। ਸਾਰਾ ਦਿਨ
ਲੋਹੇ ਦੇ ਬਟਨਾਂ ਉਤੇ ਉਂਗਲਾਂ ਮਾਰ ਕੇ ਟੱਪ-ਟੱਪ ਕਰਨ ਦੀ ਬਜਾੲ ਕਿਉਂ ਨਾ ਦਸ ਮਿੰਟ ਕਿਸੇ
ਮਰਦ ਨਾਲ ਜਿਸਮ ਸਾਂਝਾ ਕਰਕੇ ਤਿੰਨ ਸੌ ਡਾਲਰ ਕਮਾ ਲਉ।’’
ਉਹ ਔਰਤ ਪਰੇਸ਼ਾਨ ਹੋ ਕੇ ਬੋਲੀ, ‘‘ਪਰ ਰੰਡੀਆਂ ਦੇ ਪੇਸ਼ੇ ਨੂੰ ਖ਼ਤਮ ਕਰਨ ਦੇ ਤਾਂ ਤੁਸੀਂ ਹਕ
ਵਿਚ ਹੋ। ਤੁਸੀਂ ਕੀ ਤਰੀਕਾ ਅਖਤਿਆਰ ਕਰੋਗੇ ਇਸ ਸਮਾਜੀ ਬੁਰਾਈ ਨੂੰ ਦੂਰ ਕਰਨ ਦਾ?’’
ਖ਼ੁਸ਼ਵੰਤ ਮੁਸਕਰਾਇਆ। ਘਣੀ ਕਾਲੀ ਸਿਆਹ ਦਾੜ੍ਹੀ ਵਿਚੋਂ ਉਸਦੇ ਦੰਦ ਚਮਕੇ। ‘‘ਦਿੱਲੀ ਵਿਚ
ਤੀਵੀਆਂ ਦੀ ਇਕ ਕਾਨਫਰੰਸ ਹੋਈ। ਸਵੀਡਨ ਦੀ ਐਂਬੈਸੇਡਰ ਨੇ ਵੀ ਭਾਸ਼ਨ ਦਿਤਾ ਤੇ ਦਸਿਆ ਕਿ
ਸਵੀਡਨ ਵਿਚ ਰੰਡੀਆਂ ਦਾ ਪੇਸ਼ਾ ਬਿਲਕੁਲ ਖ਼ਤਮ ਹੈ। ਇਸ ਗੱਲ ਉਤੇ ਕਈ ਤੀਵੀਆਂ ਨੇ ਉਸਨੂੰ ਵਧਾਈ
ਦਿਤੀ ਤੇ ਪੁਛਿਆ ਕਿ ਸਵੀਡਨ ਨੇ ਇਹ ਪ੍ਰਾਪਤੀ ਕਿਸ ਤਰ੍ਹਾਂ ਕੀਤੀ। ਉਹ ਬੋਲੀ, ‘‘ਚੰਗੇ ਘਰਾਂ
ਦੀਆਂ ਜਵਾਨ ਤੇ ਖ਼ੂਬਸੂਰਤ ਕੁੜੀਆਂ ਇਸ ਮੈਦਾਨ ਵਿਚ ਆ ਗਈਆਂ ਤਾਂ ਕਸਬੀ-ਰੰਡੀਆਂ ਆਪੇ ਖ਼ਤਮ ਹੋ
ਗਈਆਂ।’’
ਇਹ ਆਖ ਕੇ ਖ਼ੁਸ਼ਵੰਤ ਹਸਿਆ। ਉਹ ਤੀਵੀਂ ਲਾ-ਜਵਾਬ ਹੋ ਗਈ।
ਖ਼ੁਸ਼ਵੰਤ ਦਿੱਲੀ
ਦੇ ਹੋਟਲਾਂ ਤੇ ਅਯਾਸ਼ੀ ਦੇ ਅੱਡਿਆਂ ਵਲ ਇਸ਼ਾਰਾ ਕਰ ਰਿਹਾ ਸੀ ਜਿਥੇ ਚੰਗੇ
ਘਰਾਂ ਦੀਆਂ ਕੁੜੀਆਂ ਤੇ ਸ਼ਾਦੀ-ਸ਼ੁਦਾ ਤੀਵੀਆਂ ਨਿਸ਼ੰਗ ਹੋ ਕੇ ਇਹ ਧੰਦਾ ਕਰਦੀਆਂ ਹਨ ਤੇ ਆਪਣੇ
ਜਿਸਮ ਦਾ ਸਿੱਧਾ ਸੌਦਾ ਕਰਕੇ ਚੌਗੁਣੇ ਪੈਸੇ ਵਸੂਲ ਕਰਦੀਆਂ ਹਨ। ਨਾ ਉਹਨਾਂ ਨੂੰ ਕੋਈ ਕੋਠਾ
ਭਾੜੇ ’ਤੇ ਲੈਣ ਦੀ ਲੋੜ ਤੇ ਨਾ ਕਿਸੇ ਲਾਈਸੰਸ ਦੀ, ਨਾ ਕਿਸੇ ਅੱਡੇ ਦੀ। ਸਾਰੀ ਦਿੱਲੀ ਹੀ
ਉਹਨਾਂ ਦਾ ਅੱਡਾ ਹੈ। ਰੰਡੀਆਂ ਦੇ ਪੇਸ਼ੇ ਨੂੰ ਖ਼ਤਮ ਕਰਨ ਦਾ ਕੰਮ ਉਹਨਾਂ ਨੇ ਪਹਿਲਾਂ ਹੀ
ਸੰਭਾਲ ਲਿਆ ਹੈ।
ਖ਼ੁ²ਸ਼ਵੰਤ ਬੇਹਦ ਹਾਜ਼ਰ-ਜਵਾਬ, ਖੁੱਲ੍ਹੇ ਸੁਭਾਅ ਦਾ, ਨਿਧੜਕ ਇੰਟਲੈਕਚੁਅਲ ਹੈ। ਉਸਨੂੰ ਮੂੰਹ
’ਤੇ ਖਰੀ ਗੱਲ ਆਖ ਕੇ ਦੂਜੇ ਨੂੰ ਚਕਾਚੌਂਦ ਕਰਨ ਵਿਚ ਮਜ਼ਾ ਆਉਂਦਾ ਹੈ। ਪਾਖੰਡ ਨੂੰ ਤੋੜਨ ਤੇ
ਘਟੀਆ ਸਿਆਸਤਦਾਨਾਂ ਤੇ ਰਾਈਟਰਾਂ ਉਤੇ ਚੋਟਾਂ ਕਰਨ ਤੇ ਉਹਨਾਂ ਦਾ ਪਾਜ ਖੋਲ੍ਹਣ ਵਿਚ ਉਹ
ਮਾਹਿਰ ਹੈ। ਉਹ ਖੁਲ੍ਹਖੁਲ੍ਹਾ ਸਥਾਪਿਤ ਕੀਮਤਾਂ ਤੇ ਖ਼ਿਲਾਫ ਲਿਖਦਾ ਹੈ ਤੇ ਸਭ ਤੋਂ ਜ਼ਿਆਦਾ
ਆਪਣੇ ਖਿਲਾਫ਼।
ਉਹ ਇਲਸਟ੍ਰੇਟਿਡ ਵੀਕਲੀ ਦਾ ਦਸ ਸਾਲ ਐਡੀਟਰ ਰਿਹਾ ਤੇ ਉਸਨੇ ਇਸ ਵਿਚ ਨਵਾਂ ਰਸ ਤੇ ਨਵੀਂ
ਧੜਕਣ ਭਰ ਕੇ ਇਸਦੀ ਸੇਲ 65 ਹਜ਼ਾਰ ਤੋਂ ਚਾਰ ਲੱਖ ਤੀਕ ਪਹੁੰਚਾ ਦਿਤੀ। ਉਹਨੂੰ ਸਾਰਿਆਂ ਨੇ
‘‘ਜਰਨਲਿਸਟਾਂ ਦਾ ਸਰਦਾਰ’’ ਮੰਨ ਲਿਆ।
ਜਿੰਨੇ ਖ਼ਤ ਐਡੀਟਰ ਨੂੰ ਆਉਂਦੇ ਉਹਨਾਂ ਵਿਚੋਂ ਉਹ ਚੁਣ ਕੇ ਉਹਨਾਂ ਨੂੰ ਜ਼ਰੂਰ ਛਾਪਦਾ ਜੋ
ਉਸਦੇ ਖਿਲਾਫ਼ ਹੁੰਦੇ। ਉਸਨੇ ਕਈ ਅਜਿਹੇ ਖ਼ਤ ਵੀ ਛਾਪੇ ਜਿਹਨਾਂ ਵਿਚ ਉਸਨੂੰ ‘ਖ਼ੁਸ਼ਾਮਦੀ’ ਤੇ
‘ਸੈਕਸ ਦਾ ਭੁੱਖਾ ਸਰਦਾਰ ਜੀ’ ਆਖਿਆ ਗਿਆ। ਇਨ੍ਹਾਂ ਖ਼ਤਾਂ ਦੇ ਛਪਣ ਨਾਲ ਉਸਦਾ ਇੱਮੇਜ ਹੋਰ
ਸੋਹਣਾ ਨਿਖਰ ਕੇ ਆਇਆ।
ਇਸ ਮੁਲਕ ਵਿਚ ਜਿਥੇ ਹਰ ਕੋਈ ਆਪਣੀ ਤਾਰੀਫ਼ ਦਾ ਭੁੱਖਾ ਹੈ, ਹਰ ਐਡੀਟਰ ਆਪਣੇ ਹਕ ਵਿਚ ਖ਼ਤ
ਛਾਪਣ ਦਾ ਜਨੂਨੀ, ਹਰ ਸਿਆਸੀ ਲੀਡਰ ਆਪਣਾ ਇਮੇਜ ਉ¤ਚਾ ਕਰਨ ਲਈ ਕਾਹਲਾ, ਖ਼ੁ²ਸ਼ਵੰਤ ਸਿੰਘ ਨੇ
ਇਸ ਖੋਖਲੀ ਪਰੰਪਰਾ ਨੂੰ ਤੋੜ ਕੇ ਇਕ ਨਵੀਂ ਪਰੰਪਰਾ ਚਲਾਈ।
ਖ਼ੁਸ਼ਵੰਤ ਨੇ ਬੇਸ਼ੁਮਾਰ ਲਤੀਫ਼ੇ ਘੜੇ ਤੇ ਛਾਪੇ ਹਨ। ਸਭ ਤੋਂ ਜ਼ਿਆਦਾ ਲਤੀਫ਼ੇ ਪੰਜਾਬੀਆਂ ਬਾਰੇ
ਹਨ ਤੇ ਉਹਨਾਂ ਵਿਚੋਂ ਅਕਸਰ ਆਪਣੀ ਕੌਮ ਬਾਰੇ। ਸਰਦਾਰ ਜੀ ਦੇ ਲਤੀਫ਼ੇ ਉਸਦੀ ਕਲਮ ਤੋਂ ਛਪਦੇ
ਹਨ। ਉਹ ਆਖਦਾ ਹੈ, ‘‘ਜੋ ਕੌਮ ਆਪਣੇ ਆਪ ’ਤੇ ਹੱਸ ਨਹੀਂ ਸਕਦੀ ਉਹ ਬੁਜ਼ਦਿਲ ਹੈ। ’’
ਉਸਦਾ ਘੜਿਆ ਇਕ ਲਤੀਫ਼ਾ ਇਹ ਹੈ : ਇਕ ਵਿਦੇਸ਼ੀ ਸਕਾਲਰ ਨੇ ਖੋਜ ਕੀਤੀ ਕਿ ਮੁਸਲਮਾਨਾਂ,
ਹਿੰਦੂਆਂ ਤੇ ਸਿੱਖਾਂ ਦੇ ਧਰਮ ਅਸਥਾਨਾਂ ਉ¤ਤੇ ਜੋ ਚੜ੍ਹਾਵਾ ਚੜ੍ਹਦਾ ਹੈ ਉਸਦਾ ਉਹ ਕੀ ਕਰਦੇ
ਹਨ। ਮੌਲਵੀ ਨੇ ਆਖਿਆ, ‘‘ਅਸੀਂ ਫ਼ਰਸ਼ ਉਤੇ ਇਕ ਗੋਲ ਦਾਇਰਾ ਖਿੱਚ ਦੇਂਦੇ ਹਾਂ। ਜਿੰਨੇ ਰੁਪਏ
ਇਸ ਗੋਲ ਦਾਇਰੇ ਵਿਚ ਪੈਣ, ਅੱਲਾਹ ਦੇ। ਜੋ ਰੁਪਿਆ ਰਿੜ੍ਹ ਕੇ ਬਾਹਰ ਚਲਾ ਜਾਏ ਉਹ ਸਾਡਾ।
ਮੰਦਰ ਦੇ ਪੁਜਾਰੀ ਨੇ ਆਖਿਆ, ‘‘ਅਸੀਂ ਵੀ ਗੋਲ ਦਾਇਰਾ ਖਿੱਚ ਦੇਂਦੇ ਹਾਂ। ਜੋ ਪੈਸਾ ਇਸ ਵਿਚ
ਆ ਗਿਆ ਉਹ ਸਾਡਾ, ਜੋ ਬਾਹਰ ਰਹਿ ਗਿਆ ਉਹ ਭਗਵਾਨ ਦਾ।’’ ਗੁਰਦੁਆਰੇ ਦੇ ਗ੍ਰੰਥੀ ਨੂੰ ਪੁਛਿਆ
ਤੁਸੀਂ ਕੀ ਕਰਦੇ ਹੋ ਆਪਣੇ ਚੜ੍ਹਾਵੇ ਦਾ। ਉਸ ਆਖਿਆ, ‘‘ਚੜ੍ਹਾਵੇਂ ਨੂੰ ਇਕੱਠਾ ਕਰਕੇ ਉਪਰ
ਉਛਾਲ ਦੇਂਦੇ ਹਾਂ। ਜੋ ਉਪਰ ਰਹਿ ਗਿਆ ਉਹ ਵਾਹਿਗੁਰੂ ਦਾ, ਜੋ ਹੇਠਾਂ ਡਿਗ ਪਿਆ ਉਹ ਸਾਡਾ!’’
ਉਹ ਮਜ੍ਹਬ ਵਿਚ ਯਕੀਨ ਨਹੀਂ ਰਖਦਾ, ਪਰ ਜਦੋਂ ਉਸਦਾ ਪੁੱਤ ਰਾਹੁਲ ਸਿੰਘ ਆਕਸਫ਼ੋਰਡ ਤੋਂ ਪੜ੍ਹ
ਕੇ ਵਾਪਿਸ ਆਇਆ ਤਾਂ ਪਤਾ ਲਗਾ ਕਿ ਉਸਨੇ ਕੇਸ ਕਤਲ ਕਰਵਾ ਦਿਤੇ ਹਨ, ਤਾਂ ਮਾਂ ਨੇ ਆਖਿਆ,
‘‘ਮੈਂ ਆਪਣੇ ਪੁੱਤ ਦਾ ਮੂੰਹ ਨਹੀਂ ਦੇਖਣਾ ਚਾਹੁੰਦੀ।’’ ਖ਼ੁਸ਼ਵੰਤ ਨੇ ਆਖਿਆ, ‘‘ਮੈਨੂੰ
ਬੇਹੱਦ ਦੁੱਖ ਹੋਇਆ, ਤੇ ਮੈਂ ਕਈ ਰਾਤਾਂ ਸੌਂ ਨਹੀਂ ਸਕਿਆ। ਮੇਰੇ ਲਈ ਇਹ ਬਰਦਾਸ਼ਤ ਕਰਨਾ ਬੜਾ
ਮੁਸ਼ਕਿਲ ਸੀ।’’
ਮੈਂ ਪੁੱਛਿਆ, ‘‘ਤੂੰ ਤਾਂ ਕਿਸੇ ਮਜ੍ਹਬ ਨੂੰ ਨਹੀਂ ਸੀ ਮੰਨਦਾ, ਫਿਰ ਦੁੱਖ ਕਹਾਦਾ?’’
ਉਹ ਬੋਲਿਆ, ‘‘ਮੈਂ ਇਹ ਦਾੜ੍ਹੀ-ਕੇਸ ਸਿੱਖ ਕੌਮ ਦੀ ਬਰਾਦਰੀ ਦਾ ਚਿੰਨ੍ਹ ਸਮਝਦਾ ਹਾਂ।
ਬਰਾਦਰੀ ਬਹੁਤ ਵੱਡੀ ਚੀਜ਼ ਹੈ। ਕੇਸ ਕਤਲ ਕਰਵਾ ਕੇ ਬੱਚਾ ਇਸ ਬਰਾਦਰੀ ’ਚੋਂ ਕਟ ਜਾਂਦਾ ਹੈ।
ਉਹ ਬੇ-ਪੇਂਦਾ ਭਾਂਡਾ ਬਣ ਜਾਂਦਾ ਹੈ। ਉਸ ਦਾ ਵਜੂਦ ਸਦਾ ਡਾਵਾਂਡੋਲ ਰਹਿੰਦਾ ਹੈ। ਮੈਂ ਆਪਣੀ
ਕੌਮ ਉਤੇ ਚੋਟ ਵੀ ਕਰ ਸਕਦਾ ਹਾਂ, ਸਿੱਖ ਨੇਤਾਵਾਂ ਦੇ ਵਿਰੁਧ ਵੀ ਲਿਖ ਸਕਦਾ ਹਾਂ ਕਿਉਂਕਿ
ਮੈਂ ਖ਼ੁਦ ਸਿੱਖ ਹਾਂ। ਇਹ ਗੱਲ ਇਕ ਮਨੋਵਿਗਿਆਨਕ ਧੜਕਣ ਹੈ, ਸਾਰੇ ਵਜੂਦ ਨੂੰ ਝੰਜੋੜਦੀ ਹੋਈ
ਹਕੀਕਤ। ਮੈਂ ਕਿਸੇ ਰੱਬ ਨੂੰ ਮਿਲਣ ਖ਼ਾਤਰ ਦਾੜ੍ਹੀ-ਕੇਸ ਨਹੀਂ ਰੱਖੇ ਹੋਏ ਆਪਣੀ ਬਰਾਦਰੀ,
ਆਪਣੀ ਕੌਮ, ਆਪਣੇ ਭਾਈਚਾਰੇ ਵਿਚ ਹੀ ਮੈਨੂੰ ਆਪਣਾ ਵਜੂਦ ਦਿਸਦਾ ਹੈ।’’ ਇਸ ਪਿਛੋਂ ਰਾਹੁਲ
ਨੇ ਦਾੜ੍ਹੀ ਰਖ ਲਈ।
ਖ਼ੁਸ਼ਵੰਤ ਸਿੰਘ ਨੇ ਸਰ ਤੇਜਾ ਸਿੰਘ ਚੀਫ਼ ਇੰਜੀਨੀਅਰ ਦੀ ਧੀ ਕੰਵਲ ਨਾਲ ਵਿਆਹ ਕੀਤਾ। ਤਾਲੀਮ
ਖ਼ਤਮ ਕਰਨ ਪਿੱਛੋਂ ਦੋਵੇਂ ਮੀਆਂ ਬੀਵੀ ਲਾਹੌਰ ਰਹਿਣ ਲਗੇ। ਕੰਵਲ ਜਦੋਂ ਤੰਗ ਮੋਹਰੀ ਦੀ
ਸਲਵਾਰ, ਖੁਲ੍ਹੀ ਕਮੀਜ਼ ਤੇ ਚੁੰਨੀ ਦਾ ਗਾਤਰਾ ਪਾ ਕੇ ਟੈਨਿਸ ਖੇਡਣ ਜਾਂਦੀ ਤਾਂ ਲੋਕ ਉਸ ਦੇ
ਹੁਸਨ ਦੀਆਂ ਗੱਲਾਂ ਕਰਦੇ ਕੰਵਲ ਪੇਂਟਿੰਗ ਵੀ ਕਰਦੀ ਸੀ ਤੇ ਉਸ ਦੇ ਬਣਾਏ ਹੋਏ ਚਿੱਤਰ ਘਰ
ਦੀਆਂ ਕੰਧਾਂ ਦੀ ਜ਼ੀਨਤ ਸਨ।
ਖ਼ੁਸ਼ਵੰਤ ਦਾ ਫ਼ਲੈਟ ਮਾਲ ਰੋਡ ਉਤੇ ਸੀ, ਜਿਥੇ ਲਾਹੌਰ ਦੇ ਸਾਰੇ ਇੰਟਲੈਕਚੁਅਲ, ਲੇਖਕ ਤੇ ਸ਼ਾਇਰ
ਆਉਂਦੇ। ਇਕ ਵਾਰ ਅੰਮ੍ਰਿਤਾ ਸ਼ੇਰਗਿਲ ਵੀ ਉਸ ਨੂੰ ਮਿਲਣ ਆਈ।
ਖ਼ੁਸ਼ਵੰਤ ਨੇ ਅੰਮ੍ਰਿਤਾ ਸ਼ੇਰਗਿਲ ਨੂੰ ਆਪਣੀ ਬੀਵੀ ਦੀਆਂ ਪੇਂਟਿੰਗਾਂ ਦਿਖਾ ਕੇ ਉਸ ਦੀ ਰਾਇ
ਪੁੱਛੀ ਤਾਂ ਉਸ ਨੇ ਤਸਵੀਰਾਂ ਉਤੇ ਇਕ ਨਜ਼ਰ ਸੁੱਟੀ, ‘‘ਤੇਰੀ ਬੀਵੀ ਨੂੰ ਪੇਂਟਿੰਗ ਬਣਾਉਣੀ
ਨਹੀਂ ਆਉਂਦੀ।’’
ਖ਼ੁਸ਼ਵੰਤ ਨੇ ਇਹ ਗੱਲ ਆਪਣੀ ਬੀਵੀ ਨੂੰ ਦੱਸ ਦਿੱਤੀ। ਉਸ ਪਿਛੋਂ ਅੰਮ੍ਰਿਤਾ ਸ਼ੇਰਗਿਲ ਦਾ ਆਉਣਾ
ਜਾਣਾ ਬੰਦ।
ਕੰਵਲ ਬਹੁਤ ਨਿਕੇਵਲੇ ਮਿਜ਼ਾਜ਼ ਵਾਲੀ ਔਰਤ ਹੈ। ਆਪਣੇ ਪਰਵਾਰ ਤੇ ਆਪਣੀਆਂ ਸਹੇਲੀਆਂ ਦੋਸਤਾਂ
ਨਾਲ ਬੰਨ੍ਹੀ ਹੋਈ। ਜਦੋਂ ਖ਼ੁਸ਼ਵੰਤ ਸਿੰਘ ਨੂੰ 1968 ਵਿਚ ਇਲਸਟ੍ਰੇਟਿਡ ਵੀਕਲੀ ਦੀ ਐਡਟਰੀ ਲਈ
ਆਖਿਆ ਗਿਆ ਤਾਂ ਕੰਵਲ ਉਸ ਦੇ ਖ਼ਿਲਾਫ਼ ਸੀ। ਉਹ ਦਿੱਲੀ ਛਡ ਕੇ ਬੰਬਈ ਜਾਣਾ ਨਹੀਂ ਸੀ
ਚਾਹੁੰਦੀ। ਉਹ ਬੋਲੀ, ‘‘ਸਾਰੀ ਉਮਰ ਯੋਰਪ ਤੇ ¦ਡਨ ਰਹੇ। ਜਲਾਵਤੀ ਵਿਚ। ਹੁਣ ਘਰ ਵਾਪਿਸ ਆਏ
ਤਾਂ ਮੈਂ ਕਿਤੇ ਨਹੀਂ ਜਾਣਾ।’’
ਨਤੀਜਾ ਇਹ ਹੋਇਆ ਕਿ ਕੰਵਲ ਕੁਝ ਦਿਨ ਬੰਬਈ ਰਹਿੰਦੀ ਤੇ ਕੁਝ ਦਿਨ ਦਿੱਲੀ।
ਉਹ ਨਿੱਜੀ ਮਰਜ਼ੀ ਦੀ ਮਾਲਿਕ ਹੈ। ਘਰ ਵਿਚ ਉਸ ਦਾ ਹੁਕਮ ਚਲਦਾ ਹੈ ਤੇ ਬਹਾਰ ਖ਼ੁਸ਼ਵੰਤ ਸਿੰਘ
ਦਾ। ਨਿੱਤ ਦਾ ਪ੍ਰੋਗਰਾਮ ਸਮੇਂ ਤੇ ਵਿਧੀ ਅਨੁਸਾਰ ਨਿਯਤ ਹੈ : ਸਵੇਰੇ ਉਠਣ ਦਾ ਵਕਤ, ਸੈਰ
ਕਰਨ ਦਾ ਵਕਤ, ¦ਚ ਤੇ ਡਿਨਰ ਦਾ ਵਕਤ। ਕੰਵਲ ਖ਼ੁਸ਼ਵੰਤ ਦੇ ਖੁੱਲ੍ਹੇ ਸੁਭਾਅ ਨੂੰ ਆਪਣੇ ਸੰਜਮ
ਨਾਲ ਤਾੜ ਕੇ ਰਖਦੀ ਹੈ। ਇਸ ਵਿਚ ਕੰਵਲ ਦੇ ਮੁੱਢਲੇ ਹੁਸਨ ਤੇ ਤਕੜੀ ਸ਼ਖ਼ਸੀਅਤ ਦਾ ਦਖ਼ਲ ਹੈ।
ਸਭ ਦੋਸਤ ਜਾਣਦੇ ਹਨ ਕਿ ਖ਼ੁਸ਼ਵੰਤ ਨੂੰ ਡਿਨਰ ਉਤੇ ਬੁਲਾਉਣਾ ਹੋਵੇ ਤਾਂ ਸੱਤ ਵਜੇ ਦਾ ਵਕਤ
ਹੈ। ਦੋ ਪੈ¤ਗ ਸਕਾਚ, ਥੋੜ੍ਹੀ ਜਿਹੀ ਗਪ ਸ਼ਪ ਤੇ ਸਾਢੇ ਅੱਠ ਵਜੇ ਖਾਣਾ। ਨੌ ਵਜੇ ਉਹ ਹਰ
ਹਾਲਤ ਵਿਚ ਘਰ ਚਲਾ ਜਾਂਦਾ ਹੈ।
ਇਕ ਵਾਰ ਪ੍ਰਵੀਨਾ ਬਾਬੀ ਦੀ ਇੰਟਰਵਿਊ ਕਿਸੇ ਫ਼ਿਲਮੀ ਰਸਾਲੇ ਵਿਚ ਛਪੀ। ਉਸ ਨੂੰ ਪੁੱਛਿਆ ਗਿਆ
ਸੀ ਕਿ ਉਸ ਨੂੰ ਸਭ ਤੋਂ ਵਧ ਕਿਹੜਾ ਆਦਮੀ ਚੰਗਾ ਲਗਦਾ ਹੈ, ਤਾਂ ਉਸ ਦਾ ਜੁਆਬ ਸੀ ‘ਖ਼ੁ²ਸ਼ਵੰਤ
ਸਿੰਘ’। ਇਸ ਇੰਟਰਵਿਊ ਨੂੰ ਪੜ੍ਹ ਕੇ ਖ਼ੁਸ਼ਵੰਤ ਨੇ ਮੈਨੂੰ ਆਖਿਆ, ‘‘ਯਾਰ, ਮੈਂ ਉਸ ਆਰਟੀਕਲ
ਨੂੰ ਕੱਟ ਕੇ ਆਪਣੇ ਕੋਲ ਰਖ ਲਿਆ। ਕਈ ਦਿਨ ਬੇ-ਹੱਦ ਖ਼ੁਸ਼ ਫਿਰਦਾ ਰਿਹਾ। ਜਦੋਂ ਕੋਈ ਹੁਸੀਨ
ਔਰਤ ਤੁਹਾਡੀ ਤਾਰੀਫ਼ ਕਰੇ ਤਾਂ ਉਹ ਪ੍ਰਵੀਨ ਬਾਬੀ ਹੋਵੇ ਤਾਂ ਬੰਦੇ ਨੂੰ ਹੋਰ ਕੀ ਚਾਹੀਦਾ
ਹੈ?’’
ਪ੍ਰਵੀਨ ਬਾਬੀ ਨੇ ਮੇਰੀ ਕਿਤਾਬ ‘ਨੇਕਡ ਟ੍ਰਾਇਐਂਗਲ’ ਪੜ੍ਹੀ ਤੇ ਉਸ ਨਾਲ ਬੰਬਈ ਵਿਚ ਅਚਾਨਕ
ਸੰਜੇ ਖ਼ਾਨ ਦੇ ਘਰ ਮੁਲਾਕਾਤ ਹੋਈ। ਮੈਂ ਉਸ ਖ਼ੁਸ਼ਵੰਤ ਸਿੰਘ ਦੀ ਗੱਲ ਦੱਸੀ। ਉਸ ਫਿਰ
ਦੁਹਰਾਇਆ, ‘‘ਮੈਨੂੰ ਖ਼ੁਸ਼ਵੰਤ ਬਹੁਤ ਚੰਗਾ ਲਗਦਾ ਹੈ। ਆਈ ਲਵ ਹਿਮ। ਤੁਸੀਂ ਵੀ ਦਿੱਲੀ
ਰਹਿੰਦੇ ਹੋ ਬਲਵੰਤ ਜੀ, ਜੇ ਮੈਂ ਇਸ ਵਾਰ ਫ਼ਿਲਮ ਫ਼ੈਸਟੀਵਲ ’ਤੇ ਆਈ ਤਾਂ ਜ਼ਰੂਰ ਖਾਣਾ
ਖਾਵਾਂਗੀ ਤੁਹਾਡੇ ਨਾਲ ਤੇ ਖ਼ੁਸ਼ਵੰਤ ਨਾਲ।’’
ਉਸ ਪਿਛੋਂ ਕਈ ਮਹੀਨੇ ਗੁਜ਼ਰ ਗਏ।
ਜਨਵਰੀ ਦੀ ਪਹਿਲੀ ਤਾਰੀਖ਼ ਸੀ। ਮੈਨੂੰ ਦੁਪਹਿਰ ਵੇਲੇ ਟੈਲੀਫ਼ੋਨ ਆਇਆ। ‘‘ਮੈਂ ਪ੍ਰਵੀਨ ਬਾਬੀ
ਬੋਲ ਰਹੀ ਹਾਂ.... ਬੰਬਈ ਤੋਂ.... ਕੱਲ੍ਹ ਦਿੱਲੀ ਆ ਰਹੀ ਹਾਂ.... ਫ਼ਿਲਮ ਫੈਸਟੀਵਲ
ਉਤੇ².... ਮੌਰੀਆ ਹੋਟਲ ਠਹਿਰਾਂਗੀ....’’
ਮੈਂ ਟੈਲੀਫ਼ੋਨ ਉ¤ਤੇ ਇਹ ਗੱਲ ਪੱਕੀ ਕਰ ਲਈ ਕਿ ਉਹ ਕਲ੍ਹ ਸ਼ਾਮ ਮੇਰੇ ਨਾਲ ਖਾਣਾ ਖਾਵੇਗੀ ਤੇ
ਮੈਂ ਉਸ ਨੂੰ ਮੌਰੀਆ ਹੋਟਲ ਲੈਣ ਜਾਵਾਂਗਾ।
ਖ਼ੁਸ਼ਵੰਤ ਸਿੰਘ ਨੂੰ ਪ੍ਰਵੀਨ ਬਾਬੀ ਦੀ ਖ਼ਬਰ ਦੱਸੀ। ਉਸ ਨੇ ਆਖਿਆ, ‘‘ਰੋਟੀ ਮੇਰੇ ਘਰ
ਹੋਵੇਗੀ। ਬਸ ਤਿੰਨ ਚਾਰ ਜਣੇ ਹੋਵਾਂਗੇ, ਨਹੀਂ ਤਾਂ ਪ੍ਰਵੀਨ ਬਾਬੀ ਵੰਡੀ ਜਾਵੇਗੀ। ਤੂੰ ਉਸ
ਨੂੰ ਸਾਢੇ ਛੇ ਵਜੇ ਹੀ ਲੈ ਆਵੀਂ। ਦੇਖੀਂ ਲੇਟ ਨਾ ਹੋਵੀਂ।’’
ਦੂਜੇ ਦਿਨ ਮੈਂ ਮੌਰੀਆ ਹੋਟਲ ਤਿੰਨ ਚਾਰ ਵਾਰ ਟੈਲੀਫ਼ੋਨ ਕੀਤਾ। ਆਖ਼ਿਰ ਪ੍ਰਵੀਨ ਬਾਬੀ ਮਿਲ ਗਈ
ਤੇ ਮੈਂ ਉਸ ਨੂੰ ਸਾਢੇ ਛੇ ਵਜੇ ਦੀ ਗੱਲ ਪੱਕੀ ਕਰ ਲਈ ਤੇ ਅਖਿਆ ਕਿ ਮੈਂ ਉਸ ਨੂੰ ਲੈਣ
ਆਵਾਂਗਾ। ਡਿਨਰ ਖ਼ੁਸ਼ਵੰਤ ਦੇ ਘਰ ਹੋਵੇਗਾ।
ਮੇਰੇ ਨਾਲ ਮੇਰਾ ਦੋਸਤ ਗਿਆਨ ਸਚਦੇਵ ਤੇ ਉਮਾ ਵਾਸੂਦੇਵ ਸਨ। ਮੈਂ ਆਪਣੀ ਨਿੱਕੀ ਲਾਲ ਗੱਡੀ
ਨੂੰ ਸਟਾਰਟ ਕਰਨ ਲਗਾ ਤਾਂ ਇੰਜਣ ਠੰਢਾ। ਛੱਤ ਲੱਥੀ ਹੋਈ। ਮਸਾਂ ਸੱਤ ਵਜੇ ਮੌਰੀਆ ਹੋਟਲ
ਪਹੁੰਚਾ। ਗੱਡੀ ਨੂੰ ਪੋਰਚ ਵਿਚ ਹੀ ਛੱਡ ਕੇ ਤੇਜ਼ੀ ਨਾਲ ਅੰਦਰ ਗਿਆ। ਪ੍ਰਵੀਨ ਬਾਬੀ ਕਾਲੀ
ਮੈਕਸੀ ਪਾਈ ਟਹਿਲ ਰਹੀ ਸੀ। ਮੈਂ ਮੁਆਫ਼ੀ ਮੰਗੀ ਤੇ ਉਸ ਨੂੰ ਨਾਲ ਲੈ ਕੇ ਬਾਹਰ ਆਇਆ। ਗੱਡੀ
ਦਾ ਦਰਵਾਜ਼ਾ ਖੋਲ੍ਹ ਕੇ ਬਿਠਾਇਆ ਤੇ ਗੱਡੀ ਸਟਾਰਟ ਕੀਤੀ। ਰਸਤੇ ਵਿਚ ਮੈਂ ਉਸ ਨਾਲ ਉਮਾ ਤੇ
ਗਿਆਨ ਦਾ ਤੁਆਰਫ਼ ਕਰਾਇਆ।
ਖੁਲ੍ਹੀ ਗੱਡੀ ਹੋਣ ਕਰਕੇ ਠੰਢ ਬਹੁਤ ਲੱਗ ਰਹੀ ਸੀ। ਉਮਾ ਨੇ ਆਪਣੀ ਸ਼ਾਲ ਪ੍ਰਵੀਨ ਬਾਬੀ ਦੇ
ਨੰਗੇ ਮੋਢਿਆ ਉ¤ਤੇ ਪਾ ਦਿੱਤੀ। ¦ਮੇ ਖੁੱਲ੍ਹੇ ਵਾਲ, ਹੁਸੀਨ ਚਿਹਰਾ, ਇਹ ਵੀਹ ਲੱਖ ਦੀ ਫ਼ਿਲਮ
ਸਟਾਰ, ਲੱਖਾਂ ਲੋਕਾਂ ਦੇ ਦਿਲਾਂ ਦੀ ਧੜਕਣ ਮੇਰੇ ਨਾਲ ਬੈਠੀ ਸੀ। ਪਟੇਲ ਮਾਰਗ ਤੋਂ ਮੁੜ ਕੇ
ਅਸੀਂ ਸੱਤਯ ਮਾਰਗ ਵੱਲ ਮੁੜੇ ਜੋ ਬਿਲਕੁਲ ਵੀਰਾਨ ਸੀ। ਯਕਦਮ ਦਿਲ ਵਿਚ ਖ਼ਿਆਲ ਆਇਆ ਕਿ ਇਸ
ਸੜਕ ਉ¤ਤੇ ਕੋਈ ਦੋ ਗੁੰਡੇ ਮੇਰੀ ਗੱਡੀ ਨੂੰ ਖੜਾ ਕਰਕੇ ਪਿਸਤੌਲ ਦਿਖਾ ਕੇ ਪ੍ਰਵੀਨ ਬਾਬੀ
ਨੂੰ ਅਗਵਾ ਕਰ ਸਕਦੇ ਹਨ। ਹੁਸੀਨ ਔਰਤ, ਸੋਨੇ ਤੇ ਹੀਰੇ ਨਾਲੋਂ ਜ਼ਿਆਦਾ ਖ਼ਤਰਨਾਕ....
ਇਸ ਡਰ ਦੀ ਕੰਬਣੀ ਵਿਚ ਭਿੱਜਾ ਮੈਂ ਸਾਢੇ ਸੱਤ ਵਜੇ ਖ਼ੁਸ਼ਵੰਤ ਦੇ ਘਰ ਪੁੱਜਾ।
ਘੰਟੀ ਵਜਾਈ ਤਾਂ ਦਰਵਾਜ਼ਾ ਖੁੱਲ੍ਹਿਆ। ਖ਼ੁਸ਼ਵੰਤ ਪਠਾਣੀ ਸਲਵਾਰ ਕਮੀਜ਼ ਪਾਈ ਹੱਥ ਵਿਚ ਸਕਾਚ ਦਾ
ਪੈ¤ਗ ਫੜੀ ਖੜ੍ਹਾ ਸੀ। ਸਭ ਨੂੰ ਤਪਾਕ ਨਾਲ ਮਿਲਿਆ, ਤੇ ਪ੍ਰਵੀਨ ਬਾਬੀ ਦੀ ਖੱਬੀ ਗੱਲ੍ਹ
ਉ¤ਤੇ ਨਿੱਕੀ ਜਿਹੀ ਚੁੰਮੀ ਦੇ ਕੇ (ਪੰਜਾਬੀ ਵਿਚ ‘ਚੁੰਮੀ ਲਿਤੀ’ ਹੁੰਦਾ ਹੈ।) ਉਸਦਾ ਸੁਆਗਤ
ਕੀਤਾ।
ਡਰਾਇੰਗ ਰੂਮ ਵਿਚ ਕੰਵਲ ਤੇ ਚਾਰ ਪੰਜ ਦੋਸਤ ਸਨ। ਕੰਵਲ ਨੇ ਪ੍ਰਵੀਨ ਨੂੰ ਆਪਣੇ ਨੇੜੇ ਕੁਰਸੀ
’ਤੇ ਬਿਠਾਇਆ ਤੇ ਸਾਰੇ ਜਣੇ ਝਟਪਣ ਹੀ ਗੱਲਾਂ ਕਰਨ ਲਗ ਪਏ।
ਖ਼ੁਸ਼ਵੰਤ ਨੇ ਮੈਨੂੰ ਆਖਿਆ, ‘‘ਤੂ ਪ੍ਰਵੀਨ ਨੂੰ ਇਕ ਘੰਟਾ ਲੇਟ ਲੈ ਕੇ ਆਇਆ ਹੈਂ। ਸ਼ਰਮ ਨਹੀਂ
ਆਉਂਦੀ ਤੈਨੂੰ ਇਥੇ ਮੇਰੇ ਘਰ ਲੇਟ ਆਉਂਦੇ ਨੂੰ? ਤੂੰ ਸਾਡੀ ਜ਼ਿੰਦਗੀ ਦਾ ਇਕ ਘੰਟਾ ਸਿਰਫ਼
ਖ਼ਰਾਬ ਹੀ ਨਹੀਂ ਕੀਤਾ ਸਗੋਂ ਮੈਨੂੰ ਪ੍ਰਵੀਨ ਦੇ ਹੁਸਨ ਤੋਂ ਵਾਂਝਿਆਂ ਕਰ ਦਿਤਾ ਹੈ।’’
ਉਸ ਨੇ ਪ੍ਰਵੀਨ ਨੂੰ ਸਕਾਚ ਲਈ ਪੁੱਛਿਆ ਤਾਂ ਉਹ ਬੋਲੀ, ‘‘ਸਿਰਫ਼ ਕਾਫ਼ੀ ਵਿਚ ਬਰਾਂਡੀ ਪਾ ਕੇ
ਪੀਵਾਂਗੀ।’ ਆਖ਼ਿਰ ਰੰਮ ਉਤੇ ਫ਼ੈਸਲਾ ਹੋਇਆ ਕਿਉਂਕਿ ਉਸ ਨੂੰ ਠੰਢ ਲੱਗ ਰਹੀ ਸੀ।
ਉਸ ਨੇ ਇਜਾਜ਼ਤ ਲੈ ਕੇ ਸਿਗਰਟ ਸੁਲਗਾਈ।
ਖ਼ੁਸ਼ਵੰਤ ਨੇ ਆਖਿਆ, ‘‘ਲਓ ਬਈ ਹੁਣ ਪ੍ਰਵੀਨ ਕੋਲ ਬੈਠਣ ਦਿਉ।’’
ਉਹ ਆਪਣੀ ਥਾਂ ਤੋਂ ਉ¤ਠ ਕੇ ਪ੍ਰਵੀਨ ਕੋਲ ਆ ਬੈਠਾ ਤੇ ਦੋਵੇਂ ਗੱਲਾਂ ਕਰਨ ਲੱਗੇ। ਹਾਲੇ
ਮਹਿਫ਼ਲ ਭਖੀ ਹੀ ਸੀ ਕਿ ਕੰਵਲ ਨੇ ਖਾਣੇ ਦੀ ਘੰਟੀ ਵਜਾ ਦਿਤੀ। ਖ਼ੁ²ਸ਼ਵੰਤ ਨੇ ਆਖਿਆ, ‘‘ਬਈ
ਪ੍ਰਵੀਨ ਨੂੰ ਇਕ ਪੈ¤ਗ ਤਾਂ ਪੀ ਲੈਣ ਦੇ।’’
ਕੰਵਲ ਬੋਲੀ, ‘‘ਨੌਕਰਾਂ ਨੇ ਖਾਣਾ ਰਖ ਦਿਤਾ ਹੈ ਮੇਜ਼ ਉ¤ਤੇ। ਆਉ ਸਾਰੇ ਜਣੇ ਖਾਣਾ ਖਾ ਲਉ।
ਸਾਢੇ ਅੱਠ ਵੱਜ ਗਏ ਹਨ। ਖਾਣੇ ਦਾ ਵਕਤ ਹੈ।’’
ਬੜੀ ਮੁਸ਼ਕਿਲ ਨਾਲ ਦਸ ਮਿੰਟ ਲਈ ਰੁਕ ਜਾਣ ਲਈ ਮਨਾਇਆ।
ਸਾਰੇ ਜਣੇ ਖਾਣੇ ਦੀ ਮੇਜ਼ ’ਤੇ ਚਲੇ ਗਏ। ਸੂਪ, ਰੋਸਟ ਚਿਕਨ, ਫ਼ਰੈਂਚ ਸੁਫ਼ਲੇ, ਆਦਿ। ਫਿਰ ਆਈਸ
ਕ੍ਰੀਮ। ਫਿਰ ਕੋਨੀਅਕ ਵਾਲੀ ਗਰਮ ਗਰਮ ਕਾਫ਼ੀ।
ਪ੍ਰਵੀਨ ਬਾਬੀ ਗਰਮ ਕਾਫ਼ੀ ਦੇ ਘੁਟ ਭਰ ਰਹੀ ਸੀ ਕਿ ਕੰਵਲ ਬੋਲੀ, ‘‘ਲਓ ਬਈ ਹੁਣ ਡਿਨਰ ਖ਼ਤਮ!
ਨੌਂ ਵੱਜਣ ਵਾਲੇ ਹਨ। ਖ਼ੁਸ਼ਵੰਤ ਨੇ ਇਸ ਵੇਲੇ ਕੰਮ ’ਤੇ ਜਾਣਾ ਹੈ। ਰਾਤ ਦੇ ਨੌਂ ਵਜੇ
ਹਿੰਦੁਸਤਾਨ ਟਾਈਮਜ਼ ਜਾ ਕੇ ਰੋਜ਼ ਅਖ਼ਬਾਰ ਦੇ ਛਪਣ ਤੋਂ ਪਹਿਲਾਂ ਇਸ ਨੂੰ ਦੇਖਦਾ ਹੈ।’’
ਖ਼ੁ²ਸ਼ਵੰਤ ਬੋਲਿਆ, ‘‘ਅੱਜ ਪ੍ਰਵੀਨ ਬਾਬੀ ਆਈ ਹੈ, ਜ਼ਰਾ ਲੇਟ ਵੀ ਜਾ ਸਕਦਾ ਹਾਂ।’’
ਨੌਂ ਵੱਜ ਚੁੱਕੇ ਸਨ। ਖਾਣਾ ਖ਼ਤਮ! ਡਿਨਰ ਖ਼ਤਮ! ਪਾਰਟੀ ਖ਼ਤਮ! ਕੰਵਲ ਬੂਹਾ ਖੋਲ੍ਹ ਕੇ ਖੜ੍ਹੀ
ਹੋ ਗਈ।
ਅਸੀਂ ਸਾਰੇ ਜਣੇ ਬਾਹਰ ਆਏ। ਖ਼ੁਸ਼ਵੰਤ ਉਸੇ ਹਾਲਤ ਵਿਚ ਸਾਨੂੰ ਬਾਹਰ ਛੱਡਣ ਆਇਆ। ਇਉਂ ਲੱਗਦਾ
ਸੀ ਕਿ ਜਿਵੇਂ ਉਹ ਨੰਗੇ ਪੈਰੀਂ ਆਇਆ ਹੋਵੇ। ਸਭ ਨੂੰ ਜੱਫੀ ਪਾ ਕੇ ਤੇ ਆਪਣਾ ਨਿੱਘ ਦੇ ਕੇ
ਉਹਨੇ ਗੁਡ ਨਾਈਟ ਆਖਿਆ।
ਮੈਂ ਗੱਡੀ ਸਟਾਰਟ ਕੀਤੀ। ਸੜਕ ’ਤੇ ਆ ਕੇ ਪ੍ਰਵੀਨ ਬਾਬੀ ਬੋਲੀ, ‘‘ਪਾਰਟੀ ਖ਼ਤਮ? ਯਕੀਨ ਨਹੀਂ
ਆਉਂਦਾ। ਮੈਂ ਤਾਂ ਇਹ ਆਖ ਕੇ ਆਈ ਸੀ ਕਿ ਲੇਟ ਆਵਾਂਗੀ। ਮੈਨੂੰ ਹੋਟਲ ਵਿਚ ਕਿਸੇ ਅਜ਼ੀਜ਼ ਦੋਸਤ
ਨੇ ਬੁਲਾਇਆ ਸੀ ਤੇ ਮੈਂ ਨਾਂਹ ਕਰ ਆਈ। ਪਰ ਉਹਨਾਂ ਦਾ ਡਿਨਰ ਤਾਂ ਹਾਲੇ ਸ਼ੁਰੂ ਹੀ ਨਹੀਂ
ਹੋਇਆ ਹੋਣਾ। ਚਲੋ ਉਥੇ ਚਲੀਏ।’’
ਇਕ ਦਿਨ ਮੈਂ ਸਵੇਰ ਵੇਲੇ ਗਿਆ, ਖ਼ੁਸ਼ਵੰਤ ਲੱਤਾਂ ਉ¤ਤੇ ਊਨੀ ਦੁਸ਼ਾਲਾ ਲਈ ਆਰਾਮ ਕੁਰਸੀ ਵਿਚ
ਬੈਠਾ ਸੀ।
ਮੈਂ ਪੁੱਛਿਆ, ‘‘ਸਰਦੀ ਲਗਦੀ ਹੈ?’’
ਉਸ ਨੇ ਕਿਹਾ, ‘‘ਨਹੀਂ। ਬੱਸ... ਰਤਾ ਨਿੱਘ ਜਿਹਾ ਚਾਹੀਦਾ ਸੀ। ਦਰਅਸਲ ਮੈਂ ਬਹੁਤ ਥੱਕ ਗਿਆ
ਹਾਂ। ਫਜ਼ੂਲ ਕੰਮਾਂ ਵਿਚ ਵਕਤ ਬਰਬਾਦ ਕਰ ਰਿਹਾ ਹਾਂ। ਬੰਬਈ ਤੋਂ ਮੈਨੂੰ ਕਿਸੇ ਨੇ ਟੈਲੀਫ਼ੋਨ
ਕੀਤਾ ਕਿ ਆ ਕੇ ਇਕ ਫੋਲਡਰ ਦਿਉ। ਮੈਂ ‘ਹਾਂ’ ਕਰ ਬੈਠਾ। ਸੋਚਿਆ ਚਲੋ ਥੋੜ੍ਹਾ ਜਿਹਾ ਵਕਤ
ਕੱਢ ਕੇ ਇਹ ਕੰਮ ਕਰ ਹੀ ਦੇਵਾਂ। ਪੈਸੇ ਵੀ ਠੀਕ ਦੇਣਗੇ, ਆਖ਼ਿਰ ਇਹਨਾਂ ਮੈਨੂੰ ਬੁਲਾਉਣ ਉ¤ਤੇ
ਹਵਾਈ ਜਹਾਜ਼ ਦੇ ਪੈਸੇ ਖ਼ਰਚੇ ਹਨ। ਉਹ ਮੈਨੂੰ ਬੰਗਲੌਰ ਲੈ ਗਏ। ਉਥੇ ਹੋਰ ਕਾਰਖ਼ਾਨੇ ਦਿਖਾਏ।
ਇਹ ਸਾਰਾ ਕੁਝ ਮਾਰਵਾੜੀ ਸੇਠ ਗੋਇੰਕਾ ਦਾ ਸੀ। ਉਹ ਕੇਬਲ ਵੀ ਬਣਾਉਂਦਾ ਹੈ, ਇੰਡੀਅਨ
ਐਕਸਪ੍ਰੈਸ ਵੀ ਕੱਢਦਾ ਹੈ, ਪਹੀਏ ਤੇ ਲੋਹੇ ਦੇ ਚੱਕੇ ਵੀ ਬਣਾਉਂਦਾ ਹੈ। ਸ਼ੀਸ਼ੇ ਦਾ ਸਾਮਾਨ,
ਔਰਤਾਂ ਦੀਆਂ ਅੰਗੀਆ, ਸਾਬਣ, ਤੇ, ਤੇ ਰੇਜ਼ਰ ਬਲੇਡ ਵੀ। ਮੈਨੂੰ ਆਖਿਆ ਕਿ ਮੈਂ ਇਹਨਾਂ ਸਭਨਾਂ
ਬਾਰੇ ਇਸ ਫੋਲਡਰ ਵਿਚ ਲਿਖ ਦੇਵਾਂ। ਕੁੱਜ ਵਿਚ ਸਮੁੰਦਰ ਹੀ ਬੰਦ ਕਰ ਦੇਵਾਂ। ਮੈਂ ਫਸ ਗਿਆ
ਹਾਂ.... ਸਮਝ ਨਹੀਂ ਆਉਂਦੀ ਕੀ ਕਰਾਂ। ਮੈਂ ਝਟਪਟ ਹੀ ਬਚਨ ਦੇ ਦੇਂਦਾ ਹਾਂ... ਤੇ ਫਿਰ ਇਸ
ਨੂੰ ਪਾਲਣ ਲਈ ਪਰੇਸ਼ਾਨ ਹੁੰਦਾ ਹਾਂ। ਮੈਥੋਂ ਨਾਂਹ ਨਹੀਂ ਹੁੰਦੀ। ਸੌ ਤਰ੍ਹਾਂ ਦੇ ਕੰਮ ਸਹੇੜ
ਲੈਂਦਾ ਹਾਂ। ਅਸਲੀ ਕੰਮ ਮੇਰਾ ਨਾਵਲ ਹੈ ਜੋ ਲਿਖਿਆ ਪਿਆ ਹੈ ਪਰ ਸੋਧਣ ਦਾ ਵਕਤ ਨਹੀਂ
ਮਿਲਦਾ। ਇਕ ਸਾਲ ਤੋਂ ਇਸ ਨੂੰ ਟਾਲ ਰਿਹਾ ਹਾਂ। ਔਹ ਸਾਹਮਣੇ ਪਿਆ ਹੈ ਇਸ ਦਾ ਮੁਕੰਮਲ ਖਰੜਾ।
ਬਸ ਚੁਕਦਾ ਹਾਂ ਤੇ ਰਖ ਦੇਂਦਾ ਹਾਂ। ਦਿਮਾਗ਼ ਵਿਚ ਘੁੰਮ ਰਹੇ ਹਨ ਗੋਇੰਕਾ ਦੇ ਕੇਬਲ ਤੇ ਲੋਹੇ
ਦੇ ਚੱਕੇ ਤੇ ਰੇਸ਼ਮੀ ਅੰਗੀਆਂ। ਬੜਾ ਗੁੱਸਾ ਆਉਂਦਾ ਹੈ ਆਪਣੇ ਆਪ ’ਤੇ।’’
ਮੈਂ ਆਖਿਆ, ‘ਤੈਨੂੰ ਇਹ ਲੋਹੇ ਦੇ ਚੱਕਿਆਂ ਤੇ ਕੇਬਲਾਂ ਬਾਰੇ ਫੋਲਡਰ ਨਹੀਂ ਲਿਖਣਾ ਚਾਹੀਦਾ।
ਤੂੰ ਵਕਤ ਜ਼ਾਇਆ ਕਰ ਰਿਹਾ ਹੈ। ਇਹ ਨਾਵਲ ਮੁਕਾ। ਇਹੋ ਜ਼ਰੂਰੀ ਕੰਮ ਹੈ ਤੇਰੇ ਜੋਗਾ। ਤੈਨੂੰ
ਕੀ ਲੋੜ ਹੈ ਫੋਲਡਰ ਲਿਖਣ ਦੀ? ਇਹ ਇਸੇ ਤਰ੍ਹਾਂ ਹੈ ਜਿਵੇਂ ਜ਼ੀਨਤ ਅਮਾਨ ਚੱਕੀ ਝੋਣ ਬੈਠ
ਜਾਵੇ। ਤੇਰੀ ਪ੍ਰਤਿਭਾ ਨਾਵਲ ਤੇ ਕਹਾਣੀ ਲਈ ਹੈ.... ਤੂੰ ਇਸਦੀ ਵਰਤੋਂ ਨਹੀਂ ਕਰ ਰਿਹਾ।
ਇਸੇ ਲਈ ਪਰੇਸ਼ਾਨ ਹੈਂ।’’
ਉਸਨੇ ਕਾਫ਼ੀ ਦਾ ਆਰਡਰ ਦਿਤਾ। ਆਰਡ ਦੇਣ ਲਗੇ ਖ਼ੁਸ਼ਵੰਤ ਆਵਾਜ਼ ਨਹੀਂ ਮਾਰਦਾ, ਸਗੋਂ ਉਠ ਕੇ
ਜਾਂਦਾ ਹੈ ਆਖਣ ਲਈ।
ਉਸ ਵਿਚ ਅਮੀਰੀ ਠਾਠ ਦੇ ਨਾਲ ਅਜੀਬ ਫੱਕੜਪਨ ਹੈ, ਇਕ ਸ਼ਾਹਨਾ ਮ¦ਗੀ। ਉਸਦਾ ਪਿਤਾ ਸਰਦਾਰ
ਬਹਾਦਰ ਸੋਭਾ ਸਿੰਘ ਨਵੀਂ ਦਿੱਲੀ ਤੇ ਨਿਰਮਾਣ ਕਰਨ ਵਾਲਿਆਂ ਦਾ ਮੋਹਰੀ ਸੀ। ਅੱਧੀ ਦਿੱਲੀ ਦਾ
ਮਾਲਿਕ। ਖ਼ੁਸ਼ਵੰਤ ਸਿੰਘ ਇਸੇ ਅਮੀਰ ਘਰਾਣੇ ਵਿਚ ਪੈਦਾ ਹੋਇਆ, ਰਾਜਿਆਂ ਦੇ ਨਵਾਬਾਂ ਦੇ ਚੀਫ਼ਸ
ਕਾਲਿਜ ਵਿਚ ਪੜ੍ਹਿਆ ਤੇ ਉਸ ਪਿਛੋਂ ¦ਡਨ ਬਾਰ ਐਟ-ਲਾ ਕਰਨ ਲਈ ਗਿਆ। ਲਾਹੌਰ ਆ ਕੇ ਸ਼ਾਦੀ
ਪਿਛੋਂ ਛੋਟੀ-ਮੋਟੀ ਵਕਾਲਤ ਕੀਤੀ ਪਰ ਬਹੁਤ ਕਰਕੇ ਕਲਾਤਮਕ ਤੇ ਸਭਿਆਚਾਰਕ ਮਿਲਣੀਆਂ, ਟੈਨਿਸ
ਸਕੁਐਸ਼ ਖੇਡਣ ਤੇ ਸਿਆਸੀ ਤੇ ਸਾਹਿਤਕ ਸਰਗਰਮੀਆ ਵਿਚ ਡੁਬਿਆ ਰਹਿੰਦਾ।
ਪਹਿਰਾਵੇ ਵਲੋਂ ਹਮੇਸ਼ਾ ਲਾਪਰਵਾਹ। ਜਦੋਂ ਬੰਬਈ ਵਿਚ ਇਲਟ੍ਰੇਟਿਡ ਵੀਕਲੀ ਦਾ ਐਡੀਟਰ ਬਣਿਆ
ਤਾਂ ਉਹ ਤੌਲੀਏ ਦੀ ਬਣੀ ਬੁਸ਼ਰਟ ਪਾ ਕੇ ਦਫ਼ਤਰ ਚਲਾ ਜਾਂਦਾ।
ਦਫ਼ਤਰ ਵਿਚ ਪਹਿਲੇ ਦਿਨ ਉਸਨੇ ਸਟਾਫ਼ ਦੀ ਮੀਟਿੰਗ ਬੁਲਾਈ ਤੇ ਆਖਿਆ, ‘‘ਤੁਸੀਂ ਮੈਨੂੰ ‘ਸਰ’
ਜਾਂ ‘ਜੀ’ ਨਹੀਂ ਆਖਣਾ। ਨਾ ਹੀ ‘ਸਰਦਾਰ ਸਾਹਿਬ’। ਮੈਨੂੰ ਸਿਰਫ਼ ‘ਖ਼ੁਸ਼ਵੰਤ’ ਆਖ ਕੇ ਬੁਲਾ
ਸਕਦੇ ਹੋ। ਇਹ ਮੇਰਾ ਨਾਂ ਹੈ। ਜਦੋਂ ਮੈਂ ਤੁਹਾਡੇ ਕਮਰੇ ਵਿਚ ਆਵਾਂ ਤਾਂ ਉਠਣ ਦੀ ਕੋਈ ਲੋੜ
ਨਹੀਂ। ਸਿਰਫ਼ ਇਕ ਵਾਰ ਸਵੇਰੇ ਗੁਡ ਮਾਰਨਿੰਗ ਆਖ ਸਕਦੇ ਹੋ। ਦੂਜੀ ਵਾਰ ਨਹੀਂ।’’
ਖ਼ੁਸ਼ਵੰਤ ਨੇ ਆਪਣੇ ਦਫ਼ਤਰ ਵਿਚ ਐਡੀਟਰ ਹੋਣ ਦੇ ਨਾਤੇ ਨਿੱਘਾ ਵਾਤਾਵਰਣ ਉਸਾਰ ਦਿਤਾ। ਆਪਣੇ
ਨਾਂ ਨਾਲ ਕੋਈ ਹੋਰ ਦੂਜਾ ਸ਼ਬਦ ਨਾ ਲਾ ਕੇ ਆਪਣੇ ਕਰਮਚਾਰੀਆਂ ਨੂੰ ਆਪਣੇ ਨਾਂ ਨਾਲ ਆਇਆ।
ਚਾਹੇ ਉਸਦਾ ਮੁਹੈਹਤ ਅਸਿਸਟੈਂਟ ਸੀ, ਜਾਂ ਕੋਈ ਨੌਜਵਾਨ ਕੁੜੀ, ਜਾਂ ਕੋਈ ਨਵਾਂ ਦੋਸਤ, ਜਾਂ
ਕੋਈ ਸਵਾਲੀ- ਸਭ ਉਸਨੂੰ ਖ਼ੁਸ਼ਵੰਤ ਹੀ ਆਖਦੇ ਸਨ।
ਇਕ ਵਾਰ ਮੇਰੇ ਘਰ ਮੇਜ਼ ਉਤੇ ਮੈਸਿਸ ਪਿਆ ਸੀ ਕਿ ਖ਼ੁਸ਼ਵੰਤ ਸਿੰਘ ਨੇ ਦੋ ਵਾਰ ਟੈਲੀਫ਼ੋਨ ਕੀਤਾ
ਹੈ। ਮੈਂ ਉਸਦੇ ਦਫ਼ਤਰ ਟੈਲੀਫ਼ੋਨ ਕੀਤਾ ਤੇ ਪੁੱਛਿਆ ਤਾਂ ਉਸਦੇ ਪੀ.ਏ. ਨੇ ਆਖਿਆ ਕਿ ਖ਼ੁਸ਼ਵੰਤ
ਸਿੰਘ ਨੇ ਤਾਂ ਕੋਈ ਟੈਲੀਫ਼ੋਨ ਨਹੀਂ ਸੀ ਕੀਤਾ। ਸ਼ਾਇਦ ਮੈਨੂੰ ਗ਼ਲਤੀ ਲਗੀ। ਦੁਪਹਿਰ ਪਿਛੋਂ
ਫਿਰ ਇਕ ਟੈਲੀਫ਼ੋਨ ਆਇਆ। ਉਸਦਾ ਨਾਂ ਖ਼ੁਸ਼ਵੰਤ ਸਿੰਘ ਸੀ ਤੇ ਉਹ ਅੰਮ੍ਰਿਤਸਰੋਂ ਆਇਆ ਸੀ ਤੇ ਉਹ
ਸ: ਮੁਬਾਰਕ ਸਿੰਘ ਦਾ ਪੁੱਤ ਸੀ।
ਮੈਂ ਇਹ ਗੱਲ ਮੁਬਾਰਕ ਸਿੰਘ ਨੂੰ ਦੱਸੀ ਤਾਂ ਉਸਨੇ ਆਖਿਆ, ‘‘ਮੇਰਾ ਬੇਟਾ ਅਨਜਾਣ ਹੈ। ਉਸ
ਨੂੰ ਪਤਾ ਹੋਣਾ ਚਾਹੀਦਾ ਹੈ ਕਿ ਖ਼ੁਸ਼ਵੰਤ ਸਿੰਘ ਸਿਰਫ਼ ਇੱਕੋ ਹੈ।’’
ਮੈਂ 1945 ਵਿਚ ਸੋਵੀਅਤ ਲੇਖਕਾਂ ਦੀ ਕਾਨਫਰੰਸ ਉਤੇ ਮਾਸਕੋ ਗਿਆ ਤਾਂ ਮੇਰਾ ਜਹਾਜ਼ ਪੈਰਿਸ,
ਸਟਾਕਹਾਲਮ ਤੇ ਹੈਲਸਿੰਕੀ ਦੇ ਰਾਹੀਂ ਅੱਧੀ ਦੁਨੀਆਂ ਦਾ ਚੱਕਰ ਕੱਟ ਕੇ ਜਾਂਦਾ ਸੀ। ਏਅਰ
ਇੰਡੀਆ ਦਾ ਜਹਾਜ਼ ਪੈਰਿਸ ਰੁਕਣਾ ਸੀ ਤੇ ਉਥੋਂ ਦੂਜੇ ਦਿਨ ਕਿਸੇ ਹੋਰ ਕੰਪਨੀ ਦੇ ਜਹਾਜ਼ ਨੇ
ਮੈਨੂੰ ਲੈ ਕੇ ਜਾਣਾ ਸੀ।
ਮੈਂ ਪੈਰਿਸ ਦੇ ਬਾਰੇ ਪੁੱਛ ਗਿੱਛ ਕੀਤੀ ਤਾਂ ਪਤਾ ਲੱਗਿਆ ਕਿ ਖ਼ੁਸ਼ਵੰਤ ਸਿੰਘ ਉਥੇ ਯੂਨੈਸਕੋ
ਵਿਚ ਸੀ। ਮੈਂ ਸਰ ਸੋਭਾ ਸਿੰਘ ਨੂੰ ਪੁੱਛਿਆ ਕਿ ਕੋਈ ਸੁਨੇਹਾ ਤਾਂ ਨਹੀਂ ਲੈ ਕੇ ਜਾਣਾ। ਉਹ
ਆਖਣ ਲੱਗੇ ਕਿ ਅਸੀਂ ਤੁਹਾਨੂੰ ਕੱਲ੍ਹ ਸ਼ਾਮ ਨੂੰ ਦੱਸਾਂਗੇ।
ਦੂਜੇ ਦਿਨ ਸਰ ਸੋਭ ਸਿੰਘ ਖ਼ੁਦ ਮੇਰੇ ਨਿੱਕੇ ਜਿਹੇ ਘਰ ਆਏ। ਉਹਨਾਂ ਕੋਲ ਦੋ ਪੋਟਲੀਆਂ ਸਨ।
ਉਹਨਾਂ ਨੇ ਆਖਿਆ, ‘‘ਇਸ ਪੋਟਲੀ ਵਿਚ ਬਦਾਮ ਹਨ। ਕੰਧਾਰ ਦ ਅਸਲੀ ਮੋਟੇ ਬਦਾਮ ਤੇ ਮਿਸਰੀ।
ਦੂਜੀ ਪੋਟਲੀ ਵਿਚ ਅੰਬ ਦਾ ਅਚਾਰ। ਖ਼ੁਸ਼ਵੰਤ ਨੂੰ ਦੇ ਦੇਣਾ।’’
ਇਹ ਪੋਟਲੀਆਂ ਮੈਂ ਘਰ ਦੇ ਸੁਨੇਹੇ ਤੇ ਸੁਗਾਤ ਦੇ ਤੌਰ ’ਤੇ ਲੈ ਗਿਆ। ਇਸ ਸੁਗਾਤ ਵਿਚ ਮਾਂ
ਦੀ ਮਮਤਾ, ਪਿਉ ਦੀ ਆਸ਼ੀਰਵਾਦ ਤੇ ਪਿੰਡ ਦੀ ਧਰਤੀ ਦਾ ਜਜ਼ਬਾ ਸੀ। ਮਾਂ ਨੇ ਮਿਸਰੀ ਭੇਜੀ ਸੀ,
ਇਹ ਸ਼ਗਨ ਸੀ ਸਾਡੇ ਸੰਸਕਾਰਾਂ ਦਾ। ਇਸ ਦੇ ਇਲਾਵਾ ਇਕ ਤਰ੍ਹਾਂ ਦੀ ਇੰਟਰੋਡਕਸ਼ਨ ਵੀ ਸੀ- ਉਹ
ਖ਼ਾਲੀ ਹੱਥ ਮੈਨੂੰ ਆਪਣੇ ਪੁੱਤ ਦਾ ਪਤਾ ਨਹੀਂ ਸਨ ਦੇਣਾ ਚਾਹੁੰਦੇ।
ਪੈਰਿਸ ਉਤਰਿਆ ਤੇ ਉਸੇ ਸ਼ਾਮ ਟੈਲੀਫੋਨ ਕਰਕੇ ਉਸ ਦੇ ਘਰ ਗਿਆ। ਮਾਪਿਆਂ ਦੀਆਂ ਭੇਜੀਆਂ ਹੋਈਆਂ
ਚੀਜ਼ਾਂ ਦੇ ਆਇਆ।
ਉਥੋਂ ਮੈਂ ਮਾਸਕੋ ਗਿਆ। ਚਾਰ ਮਹੀਨੇ ਪਿਛੋਂ ਵਾਰਸਾ ਤੋਂ ਪਰਾਗ ਹੁੰਦਾ ਹੋਇਆ ਪੈਰਿਸ ਆਇਆ।
ਖ਼ੁਸ਼ਵੰਤ ਨੂੰ ਟੈਲੀਫ਼ੋਨ ਕੀਤਾ। ਉਸ ਨੇ ਮੈਨੂੰ ਯੂਨੈਸਕੋ ਵਿਚ ¦ਚ ਉਤੇ ਬੁਲਾਇਆ। ਜਿਥੇ ਹਰ
ਵੱਡਾ ਛੋਟਾ ਅਫ਼ਸਰ ਆਪਣੀ ਟ੍ਰੇ ਚੁਕ ਕੇ ਖ਼ੁਦ ਆਪਣਾ ਖਾਣਾ ਪਰੋਸਦਾ ਹੈ। ਅਸੀਂ ਇਕ ਮੇਜ਼ ’ਤੇ ਆ
ਕੇ ਬੈਠ ਗਏ ਜਿਥੇ ਖ਼ੁਸ਼ਵੰਤ ਦੇ ਚਾਰ ਪੰਜ ਸਾਥੀ ਬੈਠੇ ਸਨ।
ਉਹ ਬੋਲਿਆ, ‘‘ਲਉ ਬਈ, ਬਲਵੰਤ ਗਾਰਗੀ ਨੂੰ ਮਿਲੋ। ਇਹ ਗਰਮਾ ਗਰਮ ਹੁਣੇ ਹੀ ਮਾਸਕੋ ਤੋਂ ਆਇਆ
ਹੈ। ਇਹ ਦੱਸੇਗਾ ਸਾਨੂੰ ਲਾਲ ਦੇਸ ਦੀਆਂ ਗੱਲਾਂ।’’
ਉਸ ਦੀ ਗੱਲਬਾਤ ਵਿਚ ਵਿਅੰਗ ਸੀ। ਮੈਨੂੰ ਉਸ ਦਾ ਅੰਦਾਜ਼ ਥੋੜ੍ਹਾ ਜਿਹਾ ਚੁਭਿਆ।
ਉਹ ਕਹਿਣ ਲੱਗਾ, ‘‘ਤੂੰ ਪੰਜਾਬੀ ਵਿਚ ਕਿਉਂ ਲਿਖਦਾ ਹੈ? ਛੱਡ, ਅੰਗਰੇਜ਼ੀ ਵਿਚ ਲਿਖਿਆ ਕਰ।
ਤੇਰੀ ਅੰਗਰੇਜ਼ੀ ਚੰਗੀ ਹੈ। ਪੰਜਾਬੀ ਵਿਚ ਲਿਖਣ ਨਾਲ ਤੂੰ ਲੁਧਿਆਣੇ ਤੇ ਰੋਪੜ ਹੀ ਰਹਿ
ਜਾਵੇਂਗਾ। ਕੋਈ ਨਹੀਂ ਪੜ੍ਹਦਾ ਪੰਜਾਬੀ ਨੂੰ।’’
ਮੈਨੂੰ ਉਸ ਦੀ ਗੱਲ ਵੀ ਚੁਭੀ।
ਉਸ ਪਿਛੋਂ ਅਸੀਂ ਘਰ ਦੀਆਂ ਗੱਲਾਂ ਕੀਤੀਆਂ, ਫ਼ਰਾਂਸੀਸੀ ਸ਼ਰਾਬ ਦੀਆਂ, ਪਿਕਾਸੋ ਦੀ
ਮਿਸਟ੍ਰੈ¤ਸ ਦੀਆਂ, ਪੈਰਿਸ ਦੇ ਹੁਸਨ ਦੀਆਂ, ਤੇ ਉਸਦੇ ¦ਡਨ ਦੇ ਦੋਸਤਾਂ ਦੀਆਂ। ਮੇਮਾਂ
ਦੀਆਂ, ਹਬਸ਼ਣਾਂ ਦੀਆਂ, ਤੇ ਲੀਡਰਾਂ ਦੀਆਂ।
ਉਸਦੀ ਗੱਲਬਾਤ ਵਿਚ ਚਟਖਾਰਾ ਤੇ ਮਸਖ਼ਰੀ ਸੀ, ਤੇ ਇਹ ਦਾਰਸ਼ਨਿਕ ਸੂਝ ਨਾਲ ਚਮਕਦੀ ਸੀ।
ਕਈ ਸਾਲਾਂ ਪਿਛੋਂ ਜਦੋਂ ਪੰਜਾਬੀ ਸੂਬਾ ਬਣ ਗਿਆ ਤੇ ਪੰਜਾਬੀ ਮਾਤਾ-ਭਾਸ਼ਾ ਦੀ ਸ਼ਕਤੀ ਤੇ ਪਸਾਰ
ਦਾ ਪਰਚਾਰ ਹੋਇਆ ਤਾਂ ਵੀ ਖ਼ੁਸ਼ਵੰਤ ਅੰਗਰੇਜ਼ੀ ਦੇ ਹੱਕ ਵਿਚ ਬੋਲਦਾ ਰਿਹਾ। ਉਸ ਵੇਲੇ
ਮਾਤ-ਭਾਸ਼ਾ ਨਾਲ ਆਪਣੀ ਪ੍ਰਤਿਬਧਤਾ ਦਿਖਾਉਣ ਲਈ ਹਰ ਕੋਈ ਪੰਜਾਬੀ ਦੇ ਹੱਕ ਵਿਚ ਬੋਲ ਰਿਹਾ
ਸੀ।
ਖ਼ੁਸ਼ਵੰਤ ਸਿੰਘ ਨੇ ਭਰੇ ਜਲਸੇ ਵਿਚ ਖਿਝ ਕੇ ਆਖਿਆ, ‘‘ਮੇਰੀ ਮਾਤ-ਭਾਸ਼ਾ ਅੰਗਰੇਜ਼ੀ ਹੈ। ਮੈਂ
ਆਪਣੀ ਮਾਤ-ਭਾਸ਼ਾ ਵਿਚ ਹੀ ਲਿਖਦਾ ਹਾਂ।’’
ਸਭ ਲੋਕ ਹੈਰਾਨ ਰਹਿ ਗਏ ਉਸਦੇ ਇਸ ਸਾਹਿਤਕ ਝਟਕੇ ਤੋਂ।
ਉਸਨੂੰ ਪਤਾ ਸੀ ਕਿ ਲੋਕ ਉਸਦਾ ਸਨਮਾਨ ਇਸ ਲਈ ਕਰਦੇ ਹਨ ਕਿ ਉਹ ਅੰਗਰੇਜ਼ੀ ਵਿਚ ਲਿਖਦਾ ਹੈ।
ਉਸਨੂੰ ਇਹ ਵੀ ਪਤਾ ਸੀ ਕਿ ਪੰਜਾਬ ਦੇ ਬਹੁਤੇ ਅੱਧ-ਪੜ੍ਹ ਬੁਧੀਜੀਵੀ ਪੰਜਾਬੀ ਵਿਚ ਲਿਖਦੇ
ਹੋਏ ਅੰਗਰੇਜ਼ੀ ਦੇ ਸਿੱਧੇ-ਪੁਠੇ ਫ਼ਿਕਰਿਆਂ ਨੂੰ ਹੀ ਜੋੜ-ਤੋੜ ਕੇ ਪੰਜਾਬੀ ਰੂਪ ਦੇ ਦੇਂਦੇ
ਹਨ। ਖ਼ੁਸ਼ਵੰਤ ਦੀ ਅੰਗਰੇਜ਼ੀ ਲਿਖਤ ਵਿਚ ਪੰਜਾਬੀ ਸੁਭਾਅ, ਪੰਜਾਬੀ ਚਾਸ਼ਨੀ, ਪੰਜਾਬੀ ਰੰਗ
ਠਾਠਾਂ ਮਾਰਦਾ ਹੈ। ਉਹ ਪੰਜਾਬ ਦੀ ਧਰਤੀ ਤੇ ਪੰਜਾਬ ਦੇ ਲੋਕਾਂ ਨੂੰ ਅੰਗਰੇਜ਼ੀ ਵਿਚ ਦਲੇਰੀ
ਨਾਲ ਚਿਤਰਦਾ ਹੈ।
ਖ਼ੁਸ਼ਵੰਤ ਨੂੰ ਜਦੋਂ ਮਿਲੇ ਉਹ ਬੱਸ਼ਾਸ਼ ਤੇ ਗਪ-ਸ਼ੱਪ ਲਈ ਤਿਆਰ ਹੈ। ਉਸ ਨੂੰ ਲੋਕਾਂ ਦੇ ਲੁਕੇ
ਰਾਜ਼, ਕਮੀਨਗੀ, ਦਰਿਆਦਿਲੀ ਤੇ ਬੇਵਕੂਫ਼ੀ ਬਾਰੇ ਬੇਸ਼ੁਮਾਰ ਕਿੱਸੇ ਯਾਦ ਹਨ। ਉਹ ਤੀਵੀਆਂ ਨਾਲ
ਭੋਗ ਵਿਲਾਸ ਕਰਨ, ਉਹਨਾਂ ਦੇ ਠੰਢੇ ਤੇ ਗਰਮ ਸੁਭਾਅ ਬਾਰੇ, ਉਹਨਾਂ ਦੀਆਂ ਛਾਤੀਆਂ ਤੇ ਪੱਟਾਂ
ਬਾਰੇ ਤੇ ਤੁਰੰਤ ਇਸ਼ਕਾਂ ਬਾਰੇ ਮਸਾਲੇਦਾਰ ਗੱਲਾਂ ਕਰਦੇ ਹੈ। ਉਸ ਦੀ ਨਜ਼ਰ ਪਾਖੰਡ ਨੂੰ,
ਸਾਹਿਤਕਾਰਾਂ ਦੀਆਂ ਫੜਾਂ ਨੂੰ, ਪੁਠੀਆਂ ਕੀਮਤਾਂ ਨੂੰ, ਵਸਤਰਾਂ ਦੇ ਅੰਦਰਲੇ ਅਸਤਰ ਨੂੰ,
ਅੰਗੀਆਂ ਵਿਚ ਲੁਕੇ ਜਿਨਸੀ ਰੂਪ ਨੂੰ ਝੱਟ ਤਾੜ ਜਾਂਦੀ ਹੈ।
ਉਹ ਬੋਲਿਆ, ‘‘ਮੈਂ ਤੇਰੇ ਬਾਰੇ ਕਾਫ਼ੀ ਜਾਣਦਾ ਹਾਂ। ਮੈਂ ਇਸ ਗੱਲ ਨੂੰ ਵੀ ਸਮਝਦਾ ਹਾਂ ਕਿ
ਤੂੰ ਕਿਉਂ ਆਪਣੀ ਜ਼ਿੰਦਗੀ ਦੇ ਇਸ਼ਕ ਉਹਨਾਂ ਤੀਵੀਆਂ ਨਾਲ ਕੀਤੇ ਜੋ ਅਠਾਈ ਤੋਂ ਛੱਤੀ ਸਾਲ ਦੇ
ਵਿਚਕਾਰ ਸਨ। ਮੈਂ ਤੀਵੀਆਂ ਬਾਰੇ ਲਿਖਦਾ ਹਾਂ, ਪਰ ਇਸ਼ਕ ਕਰਨ ਦੇ ਮੁਆਮਲੇ ਵਿਚ ਬਹੁਤ ਡਰਪੋਕ
ਹਾਂ।’’
ਉਹ ਪਸ਼ੂਆਂ ਬਾਰੇ ਲਿਖੇ ਜਾਂ ਤੋਤਿਆਂ ਤੇ ਕਬੂਤਰਾਂ ਬਾਰੇ, ਡਾਕੂਆਂ ਬਾਰੇ ਜਾਂ ਕਿਸੇ ਸੁਹਣੀ
ਤੀਵੀਂ ਦੇ ਹੁਸਨ ਬਾਰੇ, ਫੁੱਲਾਂ ਬਾਰੇ ਜਾਂ ਬੁੱਚੜਾਂ ਬਾਰੇ ਜਾਂ ਖੁਸਰਿਆਂ ਬਾਰੇ- ਹਰ
ਆਰਟੀਕਲ ਪੜ੍ਹਿਆ ਜਾਂਦਾ ਹੈ। ਉਸ ਦੇ ਪਾਠਕ ਹਰ ਪਾਰਟੀ ਦੇ, ਹਰ ਧਰਮ ਦੇ, ਹਰ ਵਰਗ ਦੇ ਲੋਕ
ਹਨ। ਮੇਰੇ ਗੁਆਂਢ ਵਿਚ ਇਕ ਢਾਬੇ ਵਾਲਾ ਸਰਦਾਰ ਜੀ ਹੈ। ਉਹ ਹਰ ਸ਼ਨਿਚਰਵਾਰ ਖ਼ੁਸ਼ਵੰਤ ਦਾ
ਆਰਟੀਕਲ ਆਪਣੇ ਪੁਤ ਕੋਲੋਂ ਪੜ੍ਹਵਾ ਕੇ ਸੁਣਦਾ ਹੈ। ਨੇੜੇ ਹੀ ਟੰਡਨ ਮੋਟਰਜ਼ ਦਾ ਵਰਕਸ਼ਾਪ ਹੈ
ਜਿਸ ਦਾ ਮਾਲਕ ਕੈਮਲਪੁਰ ਦਾ ਤਕੜਾ ਪਠਾਣ ਹੈ। ਉਸ ਦੇ ਦੋ ਨੌਜੁਆਨ ਪੁਤ ਹਨ। ਜਦੋਂ ਮੈਂ
ਉਹਨਾਂ ਕੋਲ ਕਾਰ ਠੀਕ ਕਰਵਾਉਣ ਜਾਂਦਾ ਹਾ ਤਾਂ ਉਹ ਖ਼ੁ²ਸ਼ਵੰਤ ਸਿੰਘ ਦੀ ਗੱਲ ਜ਼ਰੂਰ ਕਰਦੇ ਹਨ
ਕਿਉਂਕਿ ਉਹ ਹਰ ਸ਼ਨਿਚਰਵਾਰ ਉਸ ਦਾ ਆਰਟੀਕਲ ਮਜ਼ੇ ਨਾਲ ਪੜ੍ਹਦੇ ਹਨਲ। ਕਾਲਜ ਦੀਆਂ ਕੁੜੀਆਂ ਤੇ
ਪ੍ਰੋਫ਼ੈਸਰ ਵੀ ਪੜ੍ਹਦੇ ਹਨ ਤੇ ਦੁਕਾਨਦਾਰ ਤੇ ਜਰਨਲਿਸਟ ਬਰਾਦਰੀ ਤੇ ਸਰਕਾਰੀ ਕਰਮਚਾਰੀ।
ਉਸ ਨੇ ਆਖਿਆ, ‘ਮੇਰੇ ਲਈ ਸਭ ਤੋਂ ਵੱਡਾ ਤੁਹਫ਼ਾ ਹੈ, ਸਭ ਤੋਂ ਵੱਡਾ ਇਨਾਮ, ਸਭ ਤੋਂ ਵੱਡਾ
ਗਿਆਨਪੀਠ ਅਵਾਰਡ ਮੇਰੇ ਰੀਡਰ ਹਨ। ਮੈਂ ਜਰਮਨੀ ਤੋਂ ਪਿਛਲੇ ਹਫ਼ਤੇ ਆਇਆ ਤਾਂ ਕਸਟਮਜ਼ ਦੇ ਇਕ
ਅਫ਼ਸਰ ਨੇ ਅਗੇ ਵਧ ਕੇ ਮੇਰਾ ਸੂਟਕੇਸ ਚੁਕ ਲਿਆ। ਜਦੋਂ ਮੈਂ ਹਰੀ ਬੱਤੀ ਕੋਲੋਂ ਦੀ ¦ਘਣ ਲਗਾ
ਤਾਂ ਮੈਂ ਆਖਿਆ, ਵਿਸਕੀ ਦੀਆਂ ਤਿੰਨ ਬੋਤਲਾਂ ਲਿਆਂਦੀਆਂ ਹਨ... ਭਾਵੇਂ ਸਿਰਫ਼ ਇਕ ਬੋਤਲ ਦੀ
ਇਜਾਜ਼ਤ ਹੈ। ਉਸ ਨੇ ਹੱਥ ਜੋੜ ਕੇ ਆਖਿਆ, ‘‘ਤੁਸੀਂ ਲਿਜਾ ਸਕਦੇ ਹੋ ਹੋਰ ਵੀ ਬੋਤਲਾਂ’।’’
ਇਹਨਾਂ ਗੱਲਾਂ ਤੋਂ ਲੋਕਾਂ ਨੂੰ ਇਉਂ ਲਗਦਾ ਹੋਵੇਗਾ ਕਿ ਖ਼ੁਸ਼ਵੰਤ ਹਰ ਵੇਲੇ ਸ਼ਰਾਬ ਵਿਚ ਗੁੱਟ
ਰਹਿੰਦਾ ਹੈ। ਪਰ ਅਸਲ ਵਿਚ ਉਹ ਇਸ ਤੋਂ ਬਿਲਕੁਲ ਉਲਟ ਹੈ। ਉਸ ਨੂੰ ਮਿਲੋ ਤਾਂ ਉਹ ਸੂਫ਼ੀ ਹੈ,
ਸਿਰਫ਼ ਸ਼ਾਮ ਨੂੰ ਰੋਟੀ ਤੋਂ ਪਹਿਲਾਂ ਵਾਈਨ ਦਾ ਗਲਾਸ ਜਾਂ ਸਕਾਚ ਦੇ ਦੋ ਪੈ¤ਗ! ਇਹ ਉਸ ਦੀ
ਚਿਰਾਂ ਤੋਂ ਤੁਰੀ ਆਉਂਦੀ ਸਰੀਰਕ ਲੋੜ ਹੈ, ਤੇ ਇਹੋ ਉਸ ਦੀ ਪੀਣ ਦੀ ਸੀਮਾ।
ਉਹ ਹੁਣ ਵੀ ਆਪਣੇ ਵਡੇ ਅਲਸੇਸ਼ੀਅਨ ਨੂੰ ਨਾਲ ਲੈ ਕੇ ਸ਼ਾਮ ਨੂੰ ਸੈਰ ਕਰਨ ਜਾਂਦਾ ਹੈ। ਟੈਨਿਸ
ਖੇਡਦਾ ਹੈ ਜਾਂ ਸਕੁਐਸ਼। ਤਿਆਰੀ ਕਰਕੇ ਰਾਜ ਸਭਾ ਵਿਚ ਬੋਲਦਾ ਹੈ। ਟੈਲੀਵਿਸ਼ਨ ਤੇ ਰੇਡੀਓ ਉਤੇ
ਪ੍ਰੋਗਰਾਮ ਕਰਦਾ ਹੈ। ਲੈਕਚਰ ਦੇਂਦਾ ਹੈ। ਅੰਤਰਰਾਸ਼ਟਰੀ ਕਾਨਫ਼ਰੰਸਾਂ ਉਤੇ ਸਾਹਿਤ ਜਾਂ ਧਰਮ
ਜਾਂ ਰਾਜਨੀਤੀ ਉਤੇ ਪੇਪਰ ਪੜ੍ਹਦਾ ਹੈ। ਹਰ ਹਫ਼ਤੇ ਦੋ ਚੋਂਦੇ ਚੋਂਦੇ ਮਜ਼ਮੂਨ ਲਿਖਦਾ ਹੈ ਜੋ
ਭਾਰਤ ਦੇ ਅੱਠ ਵੱਡੇ ਅਖ਼ਬਾਰਾਂ ਵਿਚ ਇਕੋ ਵੇਲੇ ਛਪਦੇ ਹਨ। ਇਸ ਤੋਂ ਛੁਟ ਕਹਾਣੀਆਂ, ਸਫ਼ਰਨਾਮੇ
ਤੇ ਪੈਂਫ਼ਲਿਟ।
ਪਰ ਜਦੋਂ ਮਿਲੋ ਤਾਂ ਉਹ ਬਿਲਕੁਲ ਵੇਹਲਾ ਨਜ਼ਰ ਆਉਂਦਾ ਹੈ। ਜੇ ਇਕ ਘੰਟਾ ਉਹ ਤੁਹਾਡੇ ਨਾਲ
ਗੁਜ਼ਾਰਦਾ ਹੈ ਤਾਂ ਹਰ ਮਿੰਟ ਉਹ ਤੁਹਾਡੇ ਨਾਲ ਹੁੰਦਾ ਹੈ। ਇਸ ਲਈ ਉਸ ਨਾਲ ਬਿਤਾਏ ਸੱਠ ਮਿੰਟ
ਸੱਠ ਘੰਟੇ ਬਣ ਜਾਂਦੇ ਹਨ।
ਖ਼ੁਸ਼ਵੰਤ 1915 ਨੂੰ ਹਡਾਲੀ ਪਿੰਡ, ਸਰਗੋਧਾ, ਵਿਚ ਜੰਮਿਆ। ਚਰ ਚੁਫ਼ੇਰੇ ਰੇਤੜ ਧਰਤੀ, ਟਿੱਬੇ
ਤੇ ਵਿਰਲੇ ਵਿਰਲੇ ਖਜੂਰ ਦੇ ਦਰਖ਼ਤ।
ਉਹ ਆਖਦਾ ਹੈ, ‘‘ਮੇਰੇ ਪਿੰਡ ਸਹਿਰਾ ਵਿਚ ਸੀ। ਖਿਓੜਾ ਦੀਆਂ ਲੂਣ ਦੀਆਂ ਖਾਨਾਂ ਦੇ ਨੇੜੇ।
ਦੋ ਟੋਭੇ ਸਨ, ਦੋ ਖੂਹ, ਤੇ ਖਾਰਾ ਪਾਣੀ। ਟੋਭੇ ਵਿਚ ਮੱਝਾਂ ਤਰਦੀਆਂ ਤੇ ਪਾਣੀ ਪੀਂਦੀਆਂ।
ਲੋਕ ਵੀ ਉਹੀ ਪਾਣੀ ਪੀਂਦੇ। ਧਰਮਸ਼ਾਲਾ ਦਾ ਗ੍ਰੰਥੀ ਫੱਟੀ ਉਤੇ ਊੜਾ, ਐੜਾ, ਈੜੀ ਲਿਖਣਾ
ਸਿਖਾਉਂਦਾ, ਤੇ ਕਦੇ ਲੱਤ ਵੀ ਮਾਰ ਦਿੰਦਾ। ਮੈਂ ਦਾਦੀ ਕੋਲ ਹੀ ਰਹਿੰਦਾ ਸਾਂ..... ਪਿੰਡ
ਵਿਚ। ਉਸ ਪਿਛੋਂ ਦਿੱਲੀ ਆ ਗਿਆ।’’ ਗੱਲਬਾਤ ਜਾਰੀ ਰੱਖਦਿਆਂ ਉਸ ਆਖਿਆ, ‘‘ਮੇਰੇ ਬਾਪ ਨੇ
ਮੇਰੀ ਮਾਂ ਨੂੰ ਅੰਗਰੇਜ਼ੀ ਸਿਖਾਉਣ ਲਈ ਮੇਮਾਂ ਦੀਆਂ ਕਈ ਟਿਊਸ਼ਨਾਂ ਰਖੀਆਂ, ਪਰ ਮੇਰੀ ਮਾਂ
ਨੂੰ ਅੰਗਰੇਜ਼ੀ ਨਾ ਆਈ। ਉਹ ਹੁਣ ਵੀ ਸਰਗੋਧਾ ਦੀ ਪੰਜਾਬੀ ਬੋਲਦੀ ਹੈ।’’
ਮੈਂ ਪੁਛਿਆ, ‘‘ਖ਼ੁ²ਸ਼ਵੰਤ, ਤੂੰ ਆਖਦੈਂ, ਕਿ ਤੇਰੀ ਮਾਂ ਬੋਲੀ ਅੰਗਰੇਜ਼ੀ ਹੈ, ਪੰਜਾਬੀ ਨਹੀਂ?
ਇਹ ਕਿਸ ਤਰ੍ਹਾਂ?’’
‘‘ਮਾਂ ਬੋਲੀ ਦਾ ਮਤਲਬ ਹੈ ਉਹ ਜ਼ੁਬਾਨ, ਜਿਸ ਵਿਚ ਤੁਸੀਂ ਆਪਣੇ ਆਪ ਦਾ ਇਜ਼ਹਾਰ ਕਰ ਸਕੋ।
ਆਪਣੀ ਗੱਲ ਆਖ ਸਕੋ, ਆਪਣੇ ਜਜ਼ਬੇ ਨੂੰ ਸ਼ਿੱਦਤ ਨਾਲ ਬਿਆਨ ਕਰ ਸਕੋ। ਮੈਂ ਸਿਰਫ਼ ਅੰਗਰੇਜ਼ੀ ਵਿਚ
ਹੀ ਆਪਣੇ ਆਪ ਨੂੰ ਐਕਸਪ੍ਰੈ¤ਸ ਕਰ ਸਕਦਾ ਹਾਂ। ਮਸਲਨ ਮੈਂ ਪੰਜਾਬੀ ਵਿਚ ਕਿਸੇ ਤੀਵੀਂ ਨਾਲ
ਪਿਆਰ ਨਹੀਂ ਕਰ ਸਕਦਾ।’’
‘‘ਜੇ ਉਹ ਤੀਵੀਂ ਕਿਸੇ ਪਿੰਡ ਦੀ ਤੇਲਣ ਜਾਂ ਅਰਾਇਣ ਹੋਵੇ। ਫੇਰ ਕੀ ਕਰੇਂ?’’
‘‘ਪੰਜਾਬੀ ਵਿਚ ਪਿਆਰ ਕਰਨ ਲਈ ਬੋਲਣ ਦੀ ਲੋੜ ਨਹੀਂ ਹੁੰਦੀ। ਸਾਡੇ ਤਾਂ ਬੱਸ ‘ਅੱਖ ਨਾਲ ਗੱਲ
ਕਰ ਗਈ’’ ਜਾਂ ‘‘ਪੱਲਾ ਮਾਰ ਕੇ ਬੁਝਾ ਗਈ ਦੀਵਾ’’ ਨਾਲ ਹੀ ਪਿਆਰ ਕਰਨ ਦਾ ਰਿਵਾਜ਼ ਹੈ। ਬਾਕੀ
ਸਾਰਾ ਕੰਮ ਬਿਨਾਂ ਬੋਲੇ।’’
ਥੋੜ੍ਹੀ ਦੇਰ ਬਾਅਦ ਬੋਲਿਆ, ‘‘ਪੱਛਮੀ ਤਰੀਕ ਨਾਲ ਔਰਤ ਨੂੰ ਪਹਿਲਾਂ ਗੱਲ-ਬਾਤ ਕਰਕੇ, ਕੋਈ
ਕਵਿਤਾ ਦੀ ਟੂਕ ਜਾਂ ਹੁਸੀਨ ਖ਼ਿਆਲ ਜਾਂ ਤਾਰੀਫ਼ੀ ਫ਼ਿਕਰਾ ਕਹਿ ਕੇ ਗਰਮਾਉਂਦੇ ਹਨ, ਉਸ ਨੂੰ
ਪਿਘਲਾਉਂਦੇ ਹਨ, ਨਰਮ ਕਰਦੇ ਹਨ। ਉਥੇ ਕੋਰਟਸ਼ਿਪ ਵਰਗਾ ਲਫ਼ਜ਼ ਪੰਜਾਬੀ ਵਿਚ ਨਹੀਂ। ਭਲਾ ਦੱਸ,
ਤੀਵੀਂ ਨੂੰ ਵਾਰਮ-ਅੱਪ ਕਰਨ ਨੂੰ ਕੀ ਆਖਦੇ ਹਨ?’’
ਮੈਂ ਸੋਚ ਕੇ ਆਖਿਆ, ‘‘ਪਸਮਾਉਣਾ!’’
‘‘ਪਸਮਾਉਣਾ? ਇਹ ਲਫ਼ਜ਼ ਤਾਂ ਮੱਝਾਂ ਗਾਈਆਂ ਲਈ ਵਰਤਿਆਂ ਜਾਂਦਾ ਹੇ। ਦੁਧ ਚੋਣ ਤੋਂ ਪਹਿਲਾਂ
ਗਾਂ ਦੇ ਥਣਾਂ ਨੂੰ ਛਿੱਟੇ ਮਾਰ ਕੇ ਪਸਮਾਉਂਦੇ ਹਨ। ਬਹੁਤ ਪੰਜਾਬੀ ਤੀਵੀਂ ਨੂੰ ਵੀ ਗਾਂ-ਮੱਝ
ਹੀ ਸਮਝਦੇ ਹਨ।’’
ਉਹ ਹੱਸਣ ਲੱਗਾ।
‘‘ਤੇਰੇ ਟੱਬਰ ਵਿਚ ਸਭ ਦੀ ਉਮਰ ਬਹੁਤ ¦ਮੀ ਏਂ, ਕੀ ਵਜ੍ਹਾ ਏ?’’
‘ਵਜ੍ਹਾ ਤਾਂ ਪਤਾ ਨਹੀਂ। ਪਰ ਅਸੀਂ ਰੇਤਲੇ ਇਲਾਕੇ ਦੇ ਜੰਡ ਹਾਂ। ਮੇਰਾ ਬਾਪ ਨੱਬੇ ਸਾਲ ਦੀ
ਉਮਰ ਭੋਗ ਕੇ ਪੂਰਾ ਹੋਇਆ। ਮਾਂ ਜੀਊਂਦੀ ਏ, ਨੱਬੇ ਸਾਲ ਦੀ, ਤੇ ਉਸਦੀ ਸਿਹਤ ਚੰਗੀ ਹੈ।
ਚਾਚਾ ਉ¤ਜਲ ਸਿੰਘ ਵੀ ਨੱਬੇ ਸਾਲ ਦੇ ਨੇੜੇ ਤੇੜੇ ਈ ਸੀ। ਬਸ ਸਾਡਾ ਵੰਸ਼ ਨੱਬਿਆਂ ਦਾ ਹੀ
ਹੈ....।’’
‘‘ਮੈਂ ਪੁਛਿਆ, ‘‘ਤੂੰ ਐਨੀ ਦੌਲਤ ਦਾ ਕੀ ਕਰਦੈਂ? ਬੇਸ਼ੁਮਾਰ ਜਾਇਦਾਦ ਰੁਪਈਆ।’’
ਉਹ ਬੋਲਿਆ, ‘‘ਸਭ ਬੈਂਕਾਂ ਵਿਚ ਪਈ ਐ। ਸਰਕਾਰ ਦੇ ਇਨਕਮ ਟੈਕਸ ਤੋਂ ਡਰਦੇ ਹੋਏ ਸਰਕਾਰੀ
ਬਾਂਡ ਖ਼ਰੀਦ ਲਏ ਹਨ। ਮੈਨੂੰ ਨਹੀਂ ਪਤਾ ਕਿ ਮੈਂ ਇਸ ਰੁਪਏ ਦਾ ਕੀ ਕਰਾਂਗਾ। ਪਰ ਲਿਖ ਕੇ
ਕਮਾਉਣ ਵਿਚ ਮਜ਼ਾ ਆਉਂਦਾ ਹੈ।’’
ਰੁਪਏ ਦੀਆਂ ਗੱਲਾਂ ਹੋਣ ਲਗੀਆਂ, ਅਮੀਰਾਂ ਦੀਆਂ, ਟਾਟਾ ਤੇ ਬਿਰਲਾ ਦੀਆਂ, ਤੇ ਉਹਨਾਂ ਦੀਆਂ
ਮਿੱਲਾਂ ਤੇ ਬੇਸ਼ੁਮਾਰ ਦੌਲਤ ਦੀਆਂ।
ਉਹ ਬੋਲਿਆਂ, ‘‘ਇਕ ਵਾਰ ਮੈਂ ਸਿੰਘਾਪੁਰ ਦੇ ਹਵਾਈ ਅੱਡੇ ਤੇ ਕਿਊ ਵਿਚ ਖੜਾ ਸਾਂ। ਮੇਰਾ
ਟਿਕਟ ਤੇ ਅਟੈਚੀਕੇਸ ਮੇਰੇ ਹੱਥ ਵਿਚ ਸਨ। ਨਾਲ ਹੀ ਫਸਟ ਕਲਾਸ ਦੇ ਕਿਊ ਵਿਚ ਇਕ ਆਦਮੀ ਖੜਾ
ਸੀ, ਜਿਸ ਕੋਲ ਬਹੁਤ ਸਾਰਾ ਸਾਮਾਨ ਸੀ। ਹਵਾਈ ਅੱਡੇ ਦਾ ਕਰਮਚਾਰੀ ਉਸ ਨੂੰ ਇਹ ਸਾਰਾ ਸਮਾਨ
ਮੁਫ਼ਤ ਲੈ ਜਾਣ ਨਹੀਂ ਸੀ ਦੇ ਰਿਹਾ। ਵਾਧੂ ਸਾਮਾਨ ਦੇ ਪੈਸੇ ਡਾਲਰਾਂ ਵਿਚ ਚਾਰਜ ਕਰਨਾ
ਚਾਹੁੰਦਾ ਸੀ। ਇਹ ਆਦਮੀ ਆਖ ਰਿਹਾ ਸੀ ਕਿ ਪਰ ਕਰਮਚਾਰੀ ਨਹੀਂ ਸੀ ਮੰਨਦਾ। ਉਸ ਆਦਮੀ ਨੇ
ਆਖਿਆ ਕਿ ਉਹ ਸੇਠ ਬਿਰਲਾ ਸੀ। ਪਰ ਇਸ ਗੱਲ ਦਾ ਹਵਾਈ ਕਰਮਚਾਰੀ ਉਤੇ ਕੋਈ ਅਸਰ ਨਹੀਂ ਸੀ ਹੋ
ਰਿਹਾ। ਮੈਂ ਅਗੇ ਵਧ ਕੇ ਆਖਿਆ, ‘‘ਬਿਰਲਾ ਜੀ, ਮੈਂ ਦੇ ਦੇਤਾ ਹੂੰ ਆਪ ਕੋ ਪੈਸੇ।’’
ਮੈਂ ਸੱਤਰ ਅੱਸੀ ਡਾਲਰ ਸਾਮਾਨ ਦਾ ਕਿਰਾਇਆ ਦੇ ਦਿਤਾ, ਇਸ ਸ਼ਰਤ ਉ¤ਤੇ ਕਿ ‘‘ਮੈਂ ਇਹ ਰੁਪਏ
ਹਿੰਦੋਸਤਾਨ ਜਾ ਕੇ ਵਾਪਸ ਨਹੀਂ ਲਵਾਂਗਾ ਪਰ ਮੈਨੂੰ ਇਹ ਹੱਕ ਹਾਸਲ ਹੋਵੇਗਾ ਕਿ ਮੈਂ ਫ਼ਖ਼ਰ
ਨਾਲ ਆਖ ਸਕਾਂ ਕਿ ਮੈਂ ਸੇਠ ਬਿਰਲਾ ਨੂੰ ਪੈਸੇ ਦਿਤੇ ਸਨ!’’ ਖ਼ੁਸ਼ਵੰਤ ਤੇ ਮੈਂ ਗੱਲਾਂ ਵਿਚ
ਰੁਝੇ ਹੋਏ ਸਾਂ ਕਿ ਇਕ ਵਪਾਰੀ ਦੋ ਗਠੜੀਆਂ ਚੁਕੀ ਉਸ ਦੇ ਕਮਰੇ ਵਿਚ ਆ ਗਿਆ। ਆਉਂਦੇ ਹੀ ਉਸ
ਨੇ ਪਿੱਤਲ ਦੀਆਂ ਦੋ ਮੂਰਤੀਆਂ ਕੱਢੀਆਂ, ਤੇ ਮੇਜ਼ ਉਤੇ ਰਖ ਕੇ ਬੋਲਿਆ, ‘‘ਲੋ ਸਰਦਾਰ ਸਾਹਿਬ
ਯਿਹ ਮੂਰਤੀਆਂ ਸਿਰਫ਼ ਆਪ ਜੈਸੇ ਕਦਰਦਾਨ ਹੀ ਲੈ ਸਕਤੇ ਹੈਂ।’’
ਇਨ੍ਹਾਂ ਮੂਰਤੀਆਂ ਵਿਚੋਂ ਇਕ ਸ਼ਿਵ ਜੀ ਮਹਾਰਾਜ ਦੇ ਨੰਦੀ ਬੈਲ ਦੀ ਸੀ, ਤੇ ਦੂਜੀ ਕ੍ਰਿਸ਼ਨ
ਮਹਾਰਾਜ ਦੀ।
ਖ਼ੁ²ਸ਼ਵੰਤ ਨੇ ਨੰਦੀ ਬੈਲ ਨੂੰ ਚੁਕਿਆ, ‘‘ਇਹ ਤਾਂ ਸੱਜਰਾ ਮਾਲ ਲਗਦਾ ਹੈ।’’
ਵਪਾਰੀ ਬੋਲਿਆ, ‘‘ਸਰਦਾਰ ਸਾਹਿਬ, ਯਿਹ ਮੂਰਤੀ ਅਠਾਰ੍ਹਵੀਂ ਸਦੀ ਕੀ ਹੈ। ਔਰ ਯਿਹ ਕ੍ਰਿਸ਼ਨ
ਮਹਾਰਾਜ-।’’
ਇਤਨੇ ਵਿਚ ਕੰਵਲ ਕਮਰੇ ਵਿਚ ਦਾਖ਼ਿਲ ਹੋਈ। ‘‘ਬਈ ਤੁਮ ਯਿਹ ਸਾਰੀ ਮੂਰਤੀਆਂ ਸਰਦਾਰਨੀ ਸਾਹਿਬਾ
ਕੋ ਦਿਖਾ ਦੋ। ਵੁਹੀ ਖ਼ਰੀਦੇਂਗੀ। ਮੈਂ ਜ਼ਰਾ ਮਸਰੂਫ਼ ਹੂੰ।’’
ਵਪਾਰੀ ਮੂਰਤੀਆਂ ਦੀ ਪੰਡ ਚੁਕ ਕੇ ਦੂਜੇ ਕਮਰੇ ਵਿਚ ਕੰਵਲ ਨਾਲ ਚਲਾ ਗਿਆ।
ਅੱਧੇ ਘੰਐ ਪਿਛੋਂ ਜਦੋਂ ਮੈਂ ਖ਼ੁਸ਼ਵੰਤ ਨਾਲ ਗੱਲ ਬਾਤ ਖ਼ਤਮ ਕੀਤੀ ਤਾਂ ਕੰਵਲ ਇਕ ਮੂਰਤੀ ਚੁਕੀ
ਅੰਦਰ ਆਈ।
‘‘ਦੇਖ ਖ਼ੁਸ਼ਵੰਤ, ਕ੍ਰਿਸ਼ਨ ਦੀ ਇਹ ਮੂਰਤੀ ਕਿੰਨੀ ਸੋਹਣੀ ਏਂ। ਮੱਖਣ ਚੋਰ, ਖੜੇ ਰੂਪ ਵਿਚ।’’
ਖ਼ੁ²ਸ਼²ਵੰਤ ਨੇ ਪੁੱਛਿਆ, ‘‘ਕਿੰਨੇ ਵਿਚ ਖ਼ਰੀਦੀ ਏ?’’
‘‘ਉਸ ਨੇ ਦੋ ਸੌ ਰੁਪਏ ਮੰਗੇ ਸਨ। ਮੈਂ ਉਸ ਨੂੰ ਆਖਿਆ, ਦੋ ਰੁਪਈਏ। ਫੇਰ ਕਿਹਾ, ਚੰਗਾ ਦਸ
ਰੁਪਏ। ਤੇ ਉਹ ਦੇ ਗਿਆ।’’
‘‘ਖ਼ੁਸ਼ਵੰਤ ਨੇ ਉਹ ਮੂਰਤੀ ਦੇਖੀ, ਤੇ ਬੋਲਿਆ, ‘‘ਤੂੰ ਲੁੱਟੀ ਗਈ।’’
‘‘ਕਿਉਂ? ਦਸ ਰੁਪਏ ਵਿਚ ਮਾੜੀ ਐ?’’
‘‘ਗੱਲ ਰੁਪਈਆਂ ਦੀ ਨਹੀਂ, ਗੱਲ ਮੂਰਤੀ ਦੀ ਏ। ਇਹ ਸਾਂਝੇ ਵਿਚ ਢਾਲੀ ਏ। ਪਿੱਤਲ ਠੱਪ ਕੇ
ਨੀਲਾ ਥੋਥਾ ਲਾਇਆ, ਤੇ ਦੋ ਮਹੀਨੇ ਮਿੱਟੀ ਵਿਚ ਦੱਬ ਕੇ ਕੱਢ ਲਈ। ਦੋ ਸੌ ਸਾਲ ਪੁਰਾਣੀ!’’
ਅਸੀਂ ਹੱਸਣ ਲੱਗੇ।
ਖ਼ੁ²ਸ਼ਵੰਤ ਦੇ ਨੈਣ ਨਕਸ਼ ਪਠਾਣਾਂ ਵਰਗੇ ਹਨ- ਤਕੜਾ ਜਬਾੜਾ, ਭਰਵੀਂ ਦਾਹੜੀ, ਚੌੜਾ ਚਿਹਰਾ,
ਜਿਵੇਂ ਜੰਗੀ ਕਿਲ੍ਹੇ ਦਾ ਬੂਹਾ ਹੋਵੇ।
ਉਹ ਖੁਲ੍ਹ ਕੇ ਹੱਸਦਾ ਹੈ, ਖੁਲ੍ਹ ਕੇ ਗੱਲ ਕਰਦਾ ਹੈ, ਖੁਲ੍ਹ ਕੇ ਲਿਖਦਾ ਹੈ, ਤੇ ਆਪਣੀ ਤੇ
ਦੂਜਿਆਂ ਦੀ ਸ਼ਖਸੀਅਤ ਦਾ ਪਰੇ ਲਾਹੁੰਦਾ ਹੈ।
ਉਹ ਅੱਜ ਕਲ੍ਹ ਸੁਜਾਨ ਸਿੰਘ ਪਾਰਕ ਦੇ ਫ਼ਲੈਟ 49-ਈ ਵਿਚ ਰਹਿੰਦਾ ਹੈ। ਸੁਜਾਨ ਸਿੰਘ ਉਸ ਦੇ
ਬਾਬੇ ਦਾ ਨਾਂ ਸੀ ਤੇ ਸਰ ਸੋਭਾ ਸਿੰਘ ਨੇ ਅੱਜ ਤੋਂ ਚਾਲ੍ਹੀ ਸਾਲ ਪਹਿਲਾਂ ਸੱਠ ਸੱਤਰ
ਫ਼ਲੈਟਾਂ ਦਾ ਦੋ-ਮੰਜ਼ਲਾ ਇਹਾਤਾ ਆਪਣੀ ਠੇਕੇਦਾਰੀ ਦੀ ਰਹਿੰਦ-ਖੂੰਹਦ ਵਿਚੋਂ ਬਣਾਇਆ ਸੀ। ਆਪਣਾ
ਆਲੀਸ਼ਾਨ ਫ਼ਲੈਟ ਖੁਸ਼ਵੰਤ ਨੇ ਹਮੇਸ਼ਾ ਆਪਣੇ ਕੋਲ ਰਖਿਆ ਭਾਵੇਂ ਉਹ ਦੇਸ਼ ਦੇ ਵਿਚ ਰਿਹਾ ਭਾਵੇਂ
ਬਿਦੇਸ।
ਇਸ ਫ਼ਲੈਟ ਦੇ ਬਰਾਮਦੇ ਵਿਚ ਇਕ ਵੱਡਾ ਆਲਾ ਹੈ ਜਿਸ ਵਿਚ ਗਣੇਸ਼ ਦੇਵਤਾ ਦੀ ਖੜੀ ਮੂਰਤੀ ਹੈ,
ਇਰਦ-ਗਿਰਦ ਸੰਧੂਰੀ ਲੇਪ। ਘੰਟੀ ਵਜਾਉ ਤਾਂ ਨੌਕਰ ਦਰਵਾਜ਼ਾ ਖੋਲ੍ਹਦਾ ਹੈ। ਡਰਾਇੰਗ ਰੂਮ
ਕਿਤਾਬਾਂ ਨਾਲ ਸਜਿਆ ਹੋਇਆ ਹੈ, ਪਰਲੇ ਪਾਸੇ ਇਕ ਪਰਦਾ ਜਿਸ ਉਤੇ ਕਾਲੇ ਅੱਖਰਾਂ ਵਿਚ ਅਰਥੀ
ਦੀਆਂ ਆਇਤਾਂ ਲਿਖੀਆਂ ਹੋਈਆਂ ਹਨ। ਕੁਝ ਤਸਵੀਰਾਂ ਤੇ ਕੁਝ ਇਤਿਹਾਸਕ ਪੇਂਟਿੰਗਾਂ।
ਉਹ ਵੱਡੀ ਕੁਰਸੀ ਉਤੇ ਬੈਠ ਹੁੰਦਾ ਹੈ ਤੇ ਉਸ ਦੇ ਸਾਹਮਣੇ ਕੰਧ ਦੀ ਮਹਿਰਾਬ ਵਿਚ ਮਹਾਤਮਾ
ਬੁਧ ਦਾ ਬੁੱਤ ਹੈ, ਜਿਸ ਪਿਛੇ ਚਾਨਣ ਹੈ, ਨਾਲ ਹੀ ਇਕ ਵੱਡੀ ਤਲਵਾਰ ਆਰ ਪਾਰ ਖੜੀ ਕੀਤੀ ਹੋਈ
ਹੈ। ਉਸ ਦੇ ਡਰਾਇੰਗ ਰੂਮ ਵਿਚ ਜਹਾਨ ਭਰ ਦੇ ਨਾਵਲਿਸਟ, ਲੀਡਰ, ਐਕਟ੍ਰੈਸਾਂ, ਐਮਬੈਸੇਡਰ,
ਨਰਤਕੀਆਂ, ਯਾਰ ਦੋਸਤ ਤੇ ਹਰ ਪ੍ਰਕਾਰ ਦੇ ਸਕਾਲਰ, ਤੀਵੀਆਂ, ਸ਼ਾਹੀ ਹਸਤੀਆਂ ਤੇ ਫੱਕੜ ਸ਼ਾਇਰ
ਆਉਂਦੇ ਹਨ।
ਖ਼ੁਸ਼ਵੰਤ ਸਿੰਘ ਮਜ਼ਹਬ ਤੇ ਖਿਲਾਫ਼ ਬੋਲਦਾ ਹੈ। ਉਹ ਆਖਦਾ ਹੈ, ‘‘ਮਜ਼ਹਬ ਨੇ ਦੁਨੀਆਂ ਵਿਚ ਜਿਤਨਾ
ਖ਼ੂਨ ਖ਼ਰਾਬਾ, ਕਤਲ ਤੇ ਜੰਗਾਂ ਕਰਵਾਈਆਂ ਹਨ, ਹੋਰ ਕਿਸੇ ਚੀਜ਼ ਨੇ ਨਹੀਂ। ਈਸਾਈਆਂ ਨੇ ਕਈ ਸੌ
ਸਾਲ ਤੀਕ ਯੂਰੋਸ਼ਲਮ ਉਤੇ ਕਬਜ਼ਾ ਕਰਨਲ ਲਈ ਹਜ਼ਰਤ ਈਸਾ ਦਾ ਨਾਂ ਲੈ ਕੇ ਲੜਾਈਆਂ ਲੜੀਆਂ।
ਮੁਸਲਮਾਨਾਂ ਨੇ ਕਾਫ਼ਰਾਂ ਦੇ ਖ਼ਿਲਾਫ਼ ਜਹਾਦ ਕੀਤੇ ਤੇ ਉਹਨਾ ਨੂੰ ਕਤਲ ਕੀਤਾ। ਹਿੰਦੂਆਂ ਦੇ
ਧਰਮ ਯੁਧ ਤੇ ਸਿੱਖਾਂ ਦੇ ਮੋਰਚਿਆਂ ਦੀ ਬਿਨਾਅ ਵੀ ਮਜ਼ਹਬ ਹੈ। ਹਿੰਦੁਸਤਾਨ ਵਿਚ ਇਸ ਸਾਲ ਵੀ
ਹਿੰਦੂਆਂ ਤੇ ਈਸਾਈਆਂ ਵਿਚਕਾਰ, ਮੁਸਲਮਾਨਾਂ ਤੇ ਹਿੰਦੂਆਂ ਵਿਚਕਾਰ, ਹਿੰਦੂਆਂ ਤੇ ਸਿੱਖਾਂ
ਵਿਚਕਾਰ ਤੇ ਸੁੰਨੀਆਂ ਸ਼ੀਆਂ ਵਿਚਕਾਰ, ਫ਼ਸਾਦ ਹੋਏ। ਹਰੀਜਨਾਂ ਦੀਆਂ ਤੀਵੀਆਂ ਨੂੰ ਫੜ ਕੇ ਜਬਰ
ਜਨਾਹ ਕੀਤਾ ਜਾਂਦਾ ਹੈ ਤੇ ਉਹਨਾਂ ਦੀਆਂ ਝੁੱਗੀਆਂ ਨੂੰ ਸਾੜਿਆ ਜਾਂਦਾ ਹੈ- ਜਾਤ-ਪਾਤ ਤੇ
ਮਜ਼ਹਬ ਦੇ ਨਾਂ ਉਤੇ।’’
ਉਹ ਮਜ਼ਹਬ ਦੀ ਸਰਕਾਰੀ ਸਰਪ੍ਰਸਤੀ ਦੇ ਖ਼ਿਲਾਫ਼ ਹੈ। ਉਹ ਆਖਦਾ ਹੈ, ‘‘ਸਕੂਲਾਂ ਕਾਲਜਾਂ ਦੇ ਆਲ
ਇੰਡੀਆ ਰੇਡੀਓ ਤੇ ਟੈਲੀਵਿਯਨ ਤੇ ਹੋਰ ਸਰਕਾਰੀ ਅਦਾਰਿਆਂ ਤੋਂ ਭਜਨ, ਕੀਰਤਨ ਤੇ ਕੁਰਾਨ ਦੀ
ਤਲਵਾਰ ਨੂੰ ਬਿਲਕੁਲ ਬੰਦ ਕਰ ਦੇਣਾ ਚਾਹੀਦਾ ਹੈ।’’ ਉਸ ਦਾ ਯਕੀਨ ਹੈ ਕਿ ਸਕੂਲਾਂ ਕਲਾਜਾਂ
ਵਿਚ ਬੱਚਿਆਂ ਦੇ ਕੱਚੇ ਦਿਮਾਗਾਂ ਉਤੇ ਮਜ਼ਹਬ ਦਾ ਸੰਗੀਨ ਹਮਲਾ ਨਹੀਂ ਚਾਹੀਦਾ। ਜ਼ਬਰੀ ਧਾਰਮਿਕ
ਸਿਖਿਆ ਮਾਸੂਮ ਬੱਚਿਆਂ ਦੇ ਮਨ ਵਿਚ ਉਲਾਰ ਭਾਵ ਪੈਦਾ ਕਰਦੀ ਹੈ। |