Welcome to Seerat.ca

ਈਰਖ਼ਾ-2

 

- ਇਕਬਾਲ ਰਾਮੂਵਾਲੀਆ

ਅੱਲਾ ਤੇ ਜੱਲਾ

 

- ਹਰਜੀਤ ਅਟਵਾਲ

ਬੇਵਤਨੀ

 

- ਅਮਰਜੀਤ ਚੰਦਨ

ਵਿਥਿਆ
ਮਾਰਚ 1929

ਨੰਗਾ ਧੜ, ਕਾਠ ਦੀ ਤਲਵਾਰ ਤੇ ਚੱਪਾ ਚੱਪਾ ਕਰਕੇ ਜਿੱਤ ਹੁੰਦੀ ਜ਼ਮੀਨ

 

- ਬਲਵਿੰਦਰ ਗਰੇਵਾਲ

ਸੁਰਗਾਂ ਨੂੰ ਜਾਣ ਹੱਡੀਆਂ...

 

- ਨਿੰਦਰ ਘੁਗਿਆਣਵੀ

ਮੇਰੀ ਧਰਤੀ

 

- ਸੁਪਨ ਸੰਧੂ

Èbd aMbI

 

- ਰਾਜਪਾਲ ਸੰਧੂ

ਜੀਵਨੀ:ਦ ਸ ਅਟਵਾਲ / ਮੇਰਾ ਪੁੱਤ

 

- ਹਰਜੀਤ ਅਟਵਾਲ

ਸਾਂਝ ਦੇ ਕਿੰਨੇ ਆਧਾਰ ਪਰ ਮੌਕਿਆਂ ਦੀ ਕਮੀ

 

- ਵਰਿਆਮ ਸਿੰਘ ਸੰਧੂ

ਯਾਦਗ਼ਾਰੀ ਕਹਾਣੀ:
ਸ਼ਾਹ ਦੀ ਕੰਜਰੀ

 

- ਅੰਮ੍ਰਿਤਾ ਪ੍ਰੀਤਮ

ਪੋਲ-ਵਾਲਟ ਦਾ ਏਸ਼ੀਅਨ ਚੈਂਪੀਅਨ-ਸਤਨਾਮ ਸਿੰਘ ਰੰਧਾਵਾ

 

- ਗੌਰਵ ਢਿਲੋਂ

ਨਵੇਂ ਸਾਲ ‘ਤੇ ਸੱਚੀਆਂ ਸੁਣਾਵੇ ਭੀਰੀ......!

 

- ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)

ਮੇਰੇ ਚੇਤੇ ਦੀ ਚੰਗੇਰ

 

- ਮੇਜਰ ਮਾਂਗਟ

ਮਿੱਤਰਾਂ ਦੀ ਯਾਦ ਪਿਆਰੀ

 

- ਅਮਰਦੀਪ ਗਿੱਲ

rMg rMgIlf bMdf KusLvMq isMG

 

- blvMq gfrgI

ਵਾਗੀ

 

- ਸੁਖਦੇਵ ਸਿੱਧੂ

 

ਅੱਲਾ ਤੇ ਜੱਲਾ
- ਹਰਜੀਤ ਅਟਵਾਲ

 

 

ਜੱਲਾ ਸੀ ਤਾਂ ਰਾਜਾ ਹੀਰਾ ਸਿੰਘ ਦਾ ਸਲਾਹਕਾਰ ਹੀ ਪਰ ਲਹੌਰ ਵਿਚ ਜੱਲਾ ਅੱਲਾ ਬਣ ਬੈਠਾ ਸੀ। ਲੋਕਾਂ ਨੇ ਕਹਾਵਤ ਹੀ ਬਣਾ ਲਈ ਸੀ ਕਿ ਉਪਰ ਅੱਲਾ, ਹੇਠਾਂ ਜੱਲਾ। ਲਹੌਰ ਵਿਚ ਉਸ ਦੀ ਮਰਜ਼ੀ ਬਿਨਾਂ ਕੁਝ ਹੁੰਦਾ ਹੀ ਨਹੀਂ ਸੀ।
ਰਾਜਾ ਸੁਚੇਤ ਸਿੰਘ ਦਾ ਕਤਲ ਹੋ ਜਾਣ ਨਾਲ ਪੰਜਾਬ ਦੇ ਹਾਲਾਤ ਹੋਰ ਖਰਾਬ ਜੋ ਜਾਣ ਦਾ ਡਰ ਸੀ ਪਰ ਬਚਾਅ ਹੋ ਗਿਆ। ਰਾਜਾ ਹੀਰਾ ਸਿੰਘ ਨੇ ਜਲਦੀ ਹੀ ਹਾਲਾਤ ਉਪਰ ਕਾਬੂ ਪਾ ਲਿਆ। ਫੌਜ ਦੇ ਪੰਚਾਂ ਨੇ ਵੀ ਇਸ ਮਾਮਲੇ ਵਿਚ ਬਹੁਤਾ ਦਖਲ ਨਾ ਦਿਤਾ। ਉਹ ਸਮਝਦੇ ਸਨ ਕਿ ਇਹ ਡੋਗਰਿਆਂ ਦਾ ਘਰੇਲੂ ਝਗੜਾ ਹੀ ਸੀ। ਫੌਜ ਕੋਲ ਖਬਰ ਵੀ ਇਹੋ ਪੁੱਜੀ ਕਿ ਸੁਚੇਤ ਸਿੰਘ ਹੀਰਾ ਸਿੰਘ ਦੀ ਵਜ਼ਾਰਤ ਨੂੰ ਵੰਗਾਰਨ ਆਇਆ ਸੀ ਕਿਉਂਕਿ ਸੁਚੇਤ ਸਿੰਘ ਖੁਦ ਪੰਜਾਬ ਦਾ ਵਜ਼ੀਰ ਬਣਨਾ ਚਾਹੁੰਦਾ ਸੀ। ਰਾਣੀ ਜਿੰਦਾਂ ਦੀਆਂ ਸਿ਼ਕਾਇਤਾਂ ਦਾ ਫੌਜ ਨੂੰ ਬਹੁਤਾ ਇਲਮ ਨਹੀਂ ਸੀ। ਸੁਚੇਤ ਸਿੰਘ ਦੀ ਮੌਤ ਦਾ ਜੇ ਕਿਸੇ ਨੂੰ ਫਰਕ ਪਿਆ ਉਹ ਸੀ ਰਾਣੀ ਜਿੰਦਾਂ। ਰਾਣੀ ਜਿੰਦਾਂ ਕਈ ਦਿਨ ਅਫਸੋਸ ਵਿਚ ਡੁੱਬੀ ਰਹੀ। ਉਹ ਬਿਲਕੁਲ ਬੇਵਸ ਹੋ ਗਈ ਸੀ। ਜੱਲੇ ਤੇ ਹੀਰਾ ਸਿੰਘ ਦੀ ਹੋਰ ਚੜ ਮਚ ਰਹੀ ਸੀ। ਦਰਬਾਰ ਵਿਚ ਉਹ ਲੋਕਾਂ ਨਾਲ ਹੋਰ ਸਖਤੀ ਨਾਲ ਪੇਸ਼ ਆਉਣ ਲਗੇ। ਇਜ਼ਦਾਰ ਬੰਦੇ ਤਾਂ ਜੱਲੇ ਤੋਂ ਪਾਸੇ ਦੀ ਹੋ ਕੇ ਲੰਘਦੇ। ਕਈ ਕਰਮਚਾਰੀ ਜਾਂ ਸਿੱਖ ਸਰਦਾਰ ਆਪਣੀਆਂ ਉਪਾਧੀਆਂ ਹੀ ਛੱਡ ਰਹੇ ਸਨ। ਹੁਣ ਹੀਰਾ ਸਿੰਘ ਰਾਣੀ ਜਿੰਦਾਂ ਨੂੰ ਹੋਰ ਵੀ ਜਿ਼ਆਦਾ ਅਣਗੌਲਣ ਲਗ ਪਿਆ। ਪੰਜਾਬ ਦੀ ਰੀਜੰਟ ਹੋਣ ਦੇ ਨਾਤੇ ਲਹੌਰ ਦਰਬਾਰ ਵਿਚ ਤਾਂ ਕੀ ਥਾਂ ਦੇਣੀ ਸੀ ਉਸ ਤਾਂ ਇਵੇਂ ਵਰਤਦਾ ਜਿਵੇਂ ਰਾਣੀ ਜਿੰਦਾਂ ਮਹਿਲਾਂ ਵਿਚ ਰਹਿੰਦੀ ਕੋਈ ਸਧਾਰਣ ਔਰਤ ਹੁੰਦੀ ਹੈ। ਮਹਾਂਰਾਜਾ ਦਲੀਪ ਸਿੰਘ ਦੇ ਸਰਪਰਸਤ ਤੇ ਰਾਣੀ ਜਿੰਦਾਂ ਦੇ ਭਰਾ ਸਰਦਾਰ ਜਵਾਹਰ ਸਿੰਘ ਦੀ ਤਾਂ ਪੈਰ ਪੈਰ ਤੇ ਬੇਇਜ਼ਤੀ ਕੀਤੀ ਜਾਣ ਲਗੀ। ਰਾਣੀ ਜਿੰਦਾਂ ਸਾਰਾ ਦਿਨ ਜਨਾਨਾਖਾਨੇ ਵਿਚ ਬੈਠੀ ਸੋਚਦੀ ਰਹਿੰਦੀ ਕਿ ਹੁਣ ਕੀ ਕੀਤਾ ਜਾਵੇ। ਇਕ ਦਿਨ ਰਾਣੀ ਜਵਾਹਰ ਸਿੰਘ ਨੂੰ ਕਹਿਣ ਲਗੀ,
“ਵੀਰ ਜੀ, ਹੁਣ ਸਾਨੂੰ ਫੌਜ ਦੇ ਪੰਚਾਂ ਨਾਲ ਗੱਲ ਕਰਨੀ ਚਾਹੀਦੀ ਏ, ਇਹ ਕੈਦ ਵਾਲੀ ਜਿ਼ੰਦਗੀ ਸਾਡੇ ਤੋਂ ਨਹੀਂ ਕੱਟੀ ਜਾਂਦੀ।”
“ਭੈਣਾਂ, ਫੌਜ ਤਾਂ ਪਹਿਲਾਂ ਈ ਹੀਰਾ ਸਿੰਘ ਕੋਲ ਵਿਕੀ ਹੋਈ ਏ।”
“ਇਕ ਵਾਰ ਗੱਲ ਕਰਕੇ ਦੇਖਦੇ ਹਾਂ, ਆਪਣੀ ਸਾਰੀ ਵਿਥਿਆ ਦੱਸਾਂਗੇ, ਨਹੀਂ ਤਾਂ ਫਿਰੰਗੀਆਂ ਦੀ ਮੱਦਦ ਲਵਾਂਗੇ।”
ਇਸ ਵੇਲੇ ਰਾਣੀ ਜਿੰਦਾਂ ਏਨੀ ਇਕੱਲੀ ਸੀ ਕਿ ਖਾਲਸਾ ਫੌਜ ਤੋਂ ਬਾਅਦ ਰਾਣੀ ਨੂੰ ਅੰਗਰੇਜ਼ ਹੀ ਦਿਸ ਰਹੇ ਸਨ ਜਿਹੜੇ ਉਸ ਦੀ ਕੋਈ ਸਹਾਇਤਾ ਕਰ ਸਕਦੇ ਸਨ। ਅੰਗਰੇਜ਼ਾਂ ਦੇ ਜਸੂਸ ਤਾਂ ਪਹਿਲਾਂ ਹੀ ਮਹਿਲਾਂ ਵਿਚ ਸਨ, ਕੁਝ ਨੌਕਰਾਂ ਦੇ ਤੇ ਕੁਝ ਦਰਬਾਰੀਆਂ ਦੇ ਭੇਸ ਵਿਚ। ਉਹ ਲਹੌਰ ਦਰਬਾਰ ਦੀ ਸਥਿਤੀ ਉਪਰ ਨਜ਼ਰ ਰੱਖ ਰਹੇ ਸਨ। ਇਵੇਂ ਅੰਗਰੇਜ਼ ਰਾਣੀ ਜਿੰਦਾਂ ਨਾਲ ਅਸਿੱਧੇ ਤੌਰ ‘ਤੇ ਸਪੰਰਕ ਵਿਚ ਹੀ ਸਨ। ਸਰਹੱਦ ਉਪਰ ਉਹਨਾਂ ਦੀਆਂ ਫੌਜੀ ਸਰਗਰਮੀਆਂ ਪਹਿਲਾਂ ਨਾਲੋਂ ਤੇਜ਼ ਹੋ ਚੁੱਕੀਆਂ ਸਨ। ਚੈਨ ਸਿੰਘ ਇਹੋ ਖਬਰ ਲੈ ਕੇ ਨੌਰੰਗਾਬਾਦ ਡੇਰੇ ‘ਤੇ ਪੁੱਜ ਗਿਆ।ਡੇਰੇ ਦਾ ਮੁਖੀ ਭਾਈ ਬੀਰ ਸਿੰਘ ਫਿਕਰਵੰਦ ਹੁੰਦਾ ਬੋਲਿਆ,
“ਚੈਨ ਸਿੰਘ, ਜੇ ਰਾਣੀ ਜਿੰਦਾਂ ਈ ਫਿਰੰਗੀਆਂ ਨਾਲ ਹੱਥ ਮਿਲਾਉਣ ਲਈ ਤਿਆਰ ਬੈਠੀ ਏ ਤਾਂ ਫਿਰ ਪੰਜਾਬ ਦਾ ਕੀ ਰਹਿ ਜਾਏਗਾ!”
“ਗੁਰੂ ਜੀ, ਰਾਣੀ ਜਿੰਦਾਂ ਤਾਂ ਸਿਰਫ ਨਾਂ ਦੀ ਈ ਰੀਜੰਟ ਏ, ਰਾਜਮਾਤਾ ਏ ਪਰ ਉਸ ਵਿਚਾਰੀ ਦੀ ਰੱਤੀ ਭਰ ਵੀ ਵੁੱਕਤ ਨਹੀਂ ਏ।”
“ਉਹ ਤਾਂ ਚੈਨ ਸਿੰਘ, ਮੈਂ ਸਮਝ ਰਿਹਾਂ ਪਰ ਇਹਦਾ ਮਤਲਵ ਇਹ ਤਾਂ ਨਹੀਂ ਕਿ ਦੁਸ਼ਮਣ ਦੀ ਝੋਲੀ ਵਿਚ ਜਾ ਡਿਗੋ।”
“ਗੁਰੂ ਜੀ, ਇਕ ਗੱਲ ਪੱਕੀ ਏ ਕਿ ਖਾਲਸਾ ਫੌਜ ਤੁਹਾਡੀ ਬਹੁਤ ਇਜ਼ਤ ਕਰਦੀ ਏ ਤੇ ਤੁਹਾਡਾ ਸਾਹਮਣਾ ਵੀ ਨਹੀਂ ਕਰਨ ਲਗੀ।”
“ਚੈਨ ਸਿੰਘ, ਮੈਂ ਜਾਣਦਾਂ, ਫੌਜ ਵਿਚ ਮੇਰਾ ਕੁਝ ਕੁ ਵਕਾਰ ਹੈ ਵੇ ਪਰ ਇਹ ਜੋ ਪੰਚ ਲੋਕ ਨੇ ਇਹ ਹੀਰਾ ਸਿੰਘ ਤੋਂ ਰਿਸ਼ਵਤ ਖਾਈ ਬੈਠੇ ਨੇ, ਦੂਜੇ ਪਾਸੇ ਜੇ ਅਸੀਂ ਆਪਣੇ ਡੇਰੇ ਦੀ ਫੌਜ ਨਾਲ ਕੋਈ ਕਾਰਵਾਈ ਕਰਦੇ ਹਾਂ ਤਾਂ ਡੋਗਰਿਆਂ ਦੀ ਆਪਣੀ ਫੌਜ ਈ ਲਹੌਰ ਵਿਚ ਏਨੀ ਏ ਕਿ ਅਸੀਂ ਕਾਮਯਾਬ ਨਹੀਂ ਹੋ ਸਕਾਂਗੇ ਤੇ ਉਲਟ ਨੁਕਸਾਨ ਕਰਵਾ ਲਵਾਂਗੇ।”
“ਗੁਰੂ ਜੀ, ਜੱਲੇ ਨੇ ਸਰਕਾਰ ਵਲੋਂ ਦਿਤੀਆਂ ਜਗੀਰਾਂ ਦੀ ਪੜ੍ਹਤ ਸ਼ੁਰੂ ਕਰ ਦਿਤੀ ਏ, ਇਵੇਂ ਜਿਹੜੇ ਜਗੀਰਦਾਰ ਜਾਇਦਾਦਾਂ ਗੁਆਉਣਗੇ ਉਹ ਸ਼ਰਤੀਆ ਫਿਰੰਗੀਆਂ ਨਾਲ ਜਾ ਮਿਲਣਗੇ।”
“ਚੈਨ ਸਿੰਘ, ਸੱਚ ਹੀ ਇਹ ਮਸਲਾ ਏ, ਪੰਚਾਂ ਨਾਲ ਵਿਚਾਰਨਾ ਚਾਹੀਦਾ ਏ ਪਰ ਕੀਤਾ ਕਿਵੇਂ ਜਾਵੇ!”
ਭਾਈ ਬੀਰ ਸਿੰਘ ਦੀ ਸੋਚ ਵਿਚ ਝਿਜਕ ਸੀ। ਉਸ ਨੂੰ ਪਤਾ ਸੀ ਕਿ ਡੇਰੇ ਦੀ ਫੌਜ ਖੜੀ ਕਰ ਲੈਣ ਕਾਰਨ ਡੋਗਰੇ ਉਸ ਤੋਂ ਔਖੇ ਸਨ। ਉਸ ਨੂੰ ਇਹ ਵੀ ਪਤਾ ਸੀ ਕਿ ਖਾਲਸਾ ਫੌਜ ਦੇ ਪੰਚ ਹੀਰਾ ਸਿੰਘ ਦੇ ਇਸ਼ਾਰੇ ‘ਤੇ ਕੋਈ ਬਹਾਨਾ ਲਾ ਕੇ ਉਸ ਖਿਲਾਫ ਹੀ ਕੋਈ ਕਾਰਵਾਈ ਕਰ ਸਕਦੇ ਸਨ। ਅਤਰ ਸਿੰਘ ਸੰਧਾਵਾਲੀਏ ਨਾਲ ਇਹ ਫਿਕਰ ਸਾਂਝਾ ਕੀਤਾ ਤਾਂ ਉਸ ਦੀ ਵੀ ਇਹੋ ਰਾਏ ਸੀ ਕਿ ਹਾਲੇ ਪੰਚਾਂ ਤੋਂ ਦੂਰ ਹੀ ਰਿਹਾ ਜਾਵੇ। ਭਾਈ ਬੀਰ ਸਿੰਘ ਤਾਂ ਨਹੀਂ ਪਰ ਇਕ ਦਿਨ ਜਵਾਹਰ ਸਿੰਘ ਨੇ ਖਾਲਸਾ ਫੌਜ ਦੇ ਪੰਚਾਂ ਤਕ ਜ਼ਰੂਰ ਪਹੁੰਚ ਕਰ ਲਈ। ਉਸ ਨੇ ਹਾਥੀ ਉਪਰ ਮਹਾਂਰਾਜੇ ਦਲੀਪ ਸਿੰਘ ਨੂੰ ਬੈਠਾਇਆ ਤੇ ਬੁਧੂ ਕੇ ਆਵੇ ਜਾ ਪੁੱਜਾ। ਉਸ ਨੇ ਫਤਿਹ ਬੁਲਾਉਣ ਤੋਂ ਬਾਅਦ ਪੰਚਾਂ ਨੂੰ ਬੇਨਤੀ ਕਰਦਿਆਂ ਕਿਹਾ,
“ਖਾਲਸਾ ਜੀ, ਲਹੌਰ ਦੇ ਦਰਬਾਰ ਵਿਚ ਸਭ ਕੁਝ ਗਲਤ ਹੋਰ ਰਿਹਾ ਏ, ਹੀਰਾ ਸਿੰਘ ਤੇ ਜੱਲੇ ਨੇ ਬਹੁਤ ਵਧੀਕੀਆਂ ਕਰਨੀਆਂ ਸ਼ੁਰੂ ਕਰ ਦਿਤੀਆਂ ਨੇ, ਮਹਾਂਰਾਜੇ ਨੂੰ ਮਹਾਂਰਾਜੇ ਦਾ ਰੁਤਬਾ ਨਹੀਂ ਦਿਤਾ ਜਾ ਰਿਹਾ ਤੇ ਰਾਜਮਾਤਾ ਨੂੰ ਉਸ ਦੀ ਬਣਦੀ ਇਜ਼ਤ ਨਹੀਂ ਮਿਲ ਰਹੀ। ਮੈਂ ਮਹਾਂਰਾਜੇ ਦਾ ਸਰਪਰਸਤ ਹਾਂ ਮੈਨੂੰ ਉਹ ਪੱਛਾਣਦੇ ਤਕ ਨਹੀਂ। ਮੇਰੀ ਭੈਣ ਦੀ ਕਿਸੇ ਮਾਮਲੇ ਵਿਚ ਸਲਾਹ ਨਹੀਂ ਲਈ ਜਾ ਰਹੀ, ਸ਼ਾਹੀ ਮਹੱਲ ਉਪਰ ਹਰ ਤਰ੍ਹਾਂ ਜੱਲੇ ਦਾ ਰਾਜ ਏ। ਖਾਲਸਾ ਜੀ, ਇਸ ਮਸਲੇ ਨੂੰ ਹੱਲ ਕਰੋ, ਇਸੇ ਲਈ ਮੈਂ ਤੁਹਾਡੇ ਕੋਲ ਆਇਆਂ।”
ਖਾਲਸੇ ਦੇ ਪੰਚਾਂ ਨੇ ਆਪਸ ਵਿਚ ਇਕ ਦੂਜੇ ਦੇਖਿਆ ਤੇ ਸਰਦਾਰ ਮੱਲ ਸਿੰਘ ਕਹਿਣ ਲਗਿਆ,
“ਜਵਾਹਰ ਸਿੰਘ, ਤੈਨੂੰ ਵੀ ਅਸੀਂ ਬਾਖੂਬੀ ਜਾਣਦੇ ਹਾਂ, ਤੇਰੇ ਕਿਰਦਾਰ ਦੀਆਂ ਜਿਹੜੀਆਂ ਧੁੰਮਾਂ ਨੇ ਸਾਨੂੰ ਉਹਨਾਂ ਦਾ ਵੀ ਪਤਾ ਏ, ਅਫੀਮ ਸਮੇਤ ਸਾਰੇ ਨਸ਼ੇ ਤੂੰ ਕਰਦਾ ਏਂ, ਸ਼ਾਹੀ ਮਹੱਲ ਵਿਚ ਕੰਜਰੀਆਂ ਨਚਾਉਣ ਤੋਂ ਬਿਨਾਂ ਤੈਨੂੰ ਕੋਈ ਕੰਮ ਨਹੀਂ, ਆਪਣੀ ਭੈਣ ਦੀ ਗੋਲੀ ਮੰਗਲਾ ਨੂੰ ਈ ਆਪਣੇ ਰਖੇਲ ਰਖਿਆ ਹੋਇਆ ਏ, ਅਸੀਂ ਤੇਰੇ ਬਾਰੇ ਸਭ ਜਾਣਦੇ ਹਾਂ।”
“ਖਾਲਸਾ ਜੀ, ਮੈਂ ਤੁਹਾਡੇ ਕੋਲ ਮੱਦਦ ਲੈਣ ਵਾਸਤੇ ਆਇਆਂ ਨਾ ਕਿ ਆਪਣੇ ਕਿਰਦਾਰ ਬਾਰੇ ਸੁਣਨ, ਸੋਚ ਲਓ, ਜੇ ਤੁਸੀਂ ਮੱਦਦ ਨਹੀਂ ਕਰੋਂਗੇ ਤਾਂ ਮੈਨੂੰ ਮਜਬੂਰਨ ਦਰਿਆ ਟੱਪਣਾ ਪਵੇਗਾ।”
“ਕੀ ਮਤਲਵ ਤੇਰਾ ਜਵਾਹਰ ਸਿੰਘ?”
“ਮੈਂ ਫਿਰੰਗੀਆਂ ਕੋਲ ਮੱਦਦ ਲੈਣ ਜਾਵਾਂਗਾ।”
ਇਸ ਗੱਲ ‘ਤੇ ਮੱਲ ਸਿੰਘ ਗੁੱਸੇ ਵਿਚ ਆ ਗਿਆ। ਉਹ ਸਿਪਾਹੀਆਂ ਨੂੰ ਹੁਕਮ ਦਿੰਦਾ ਬੋਲਿਆ,
“ਸਿਪਾਹੀਓ, ਫੜ ਲਓ ਜਵਾਹਰ ਸਿੰਘ ਨੂੰ, ਬੰਨ ਲਓ ਇਹਦੀਆਂ ਮੁਸ਼ਕਾਂ।”
ਕੁਝ ਸਿਪਾਹੀ ਅਗੇ ਵਧੇ। ਉਹਨਾਂ ਨੇ ਮਹਾਂਰਾਜਾ ਦਲੀਪ ਸਿੰਘ ਨੂੰ ਜਵਾਹਰ ਸਿੰਘ ਦੀ ਗੋਦੀ ਵਿਚੋਂ ਖੋਹ ਲਿਆ ਤੇ ਜਵਾਹਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਮੱਲ ਸਿੰਘ ਨੇ ਮਹਾਂਰਾਜੇ ਨੂੰ ਪੂਰੇ ਪਿਆਰ ਤੇ ਸਤਿਕਾਰ ਨਾਲ ਵਾਪਸ ਸ਼ਾਹੀ ਮਹਿਲ ਵਿਚ ਭੇਜ ਦਿਤਾ, ਨਾਲ ਹੀ ਜਵਾਹਰ ਸਿੰਘ ਬਾਰੇ ਹੀਰਾ ਸਿੰਘ ਨੂੰ ਖਬਰ ਦੇ ਦਿਤੀ। ਹੀਰਾ ਸਿੰਘ ਨੇ ਜਵਾਹਰ ਸਿੰਘ ਨੂੰ ਸੰਗਲਾਂ ਨਾਲ ਨੂੜ ਕੇ ਜੇਲ੍ਹ ਵਿਚ ਸੁੱਟ ਦਿਤਾ ਤੇ ਫੌਜ ਦੇ ਪੰਚਾਂ ਦੇ ਘਰ ਇਨਾਮਾਂ ਨਾਲ ਭਰ ਦਿਤੇ। ਇਸ ਖਬਰ ਨੇ ਭਾਈ ਬੀਰ ਸਿੰਘ ਨੂੰ ਖਾਲਸਾ ਫੌਜ ਦੇ ਪੰਚਾਂ ਬਾਰੇ ਹੋਰ ਵੀ ਫਿਕਰਵੰਦ ਕਰ ਦਿਤਾ ਕਿ ਜੇ ਫੌਜ ਦੇ ਇਹ ਮੋਹਰੀ ਹੀ ਇਵੇਂ ਕਰਨਗੇ ਤਾਂ ਲੋਕਾਂ ਦਾ ਕੀ ਹਾਲ ਹੋਵੇਗਾ।...
ਇਵੇਂ ਹੀ ਲਹੌਰ ਤੋਂ ਕੁਝ ਲੋਕ ਮਹਾਂਰਾਜਾ ਰਣਜੀਤ ਸਿੰਘ ਦੇ ਦੂਜੇ ਪੁੱਤਰਾਂ ਕੁੰਵਰ ਪਿਸ਼ੌਰਾ ਸਿੰਘ ਤੇ ਕੁੰਵਰ ਕਸ਼ਮੀਰਾ ਸਿੰਘ ਤਕ ਵੀ ਸਿ਼ਕਾਇਤਾਂ ਲੈ ਕੇ ਚਲੇ ਜਾਂਦੇ। ਪਿਸ਼ੌਰਾ ਸਿੰਘ ਅਟਕ ਦਾ ਗਵਰਨਰ ਸੀ ਤੇ ਕਸ਼ਮੀਰਾ ਸਿੰਘ ਸਿਆਲਕੋਟ ਦਾ ਇਲਾਕਾ ਸੀ। ਜਦ ਪਤਾ ਉਹਨਾਂ ਨੂੰ ਚਲਿਆ ਕਿ ਮਹਾਂਰਾਜਾ ਦਲੀਪ ਸਿੰਘ ਦੀ ਤਾਂ ਕੋਈ ਬਾਤ ਹੀ ਨਹੀਂ ਪੁੱਛੀ ਜਾ ਰਹੀ ਤਾਂ ਉਹਨਾਂ ਨੇ ਦੁਬਾਰਾ ਲਹੌਰ ਦੇ ਤਖਤ ਦੇ ਸੁਫਨੇ ਲੈਣੇ ਸ਼ੁਰੂ ਕਰ ਦਿਤੇ। ਆਪਣੇ ਮਨਸੂਬੇ ਅਗਾਂਹ ਤੋਰਦਿਆਂ ਉਹਨਾਂ ਨੇ ਖਾਲਸਾ ਫੌਜ ਨਾਲ ਨਾਤਾ ਜੋੜਨਾ ਸ਼ੁਰੂ ਕਰ ਦਿਤਾ। ਕੁਝ ਬੰਦੇ ਵਿਚ ਪਾ ਕੇ ਪੰਚਾਂ ਨੂੰ ਵੀ ਗੰਢਣ ਦੀਆਂ ਕੋਸਿ਼ਸ਼ਾ ਹੋਣ ਲਗੀਆਂ, ਸਿਆਲਕੋਟ ਵਿਚ ਹੀ ਕੁਝ ਫੌਜ ਵੀ ਵਧਾ ਲਈ। ਉਹਨਾਂ ਨੂੰ ਲੈ ਕੇ ਖਾਲਸਾ ਫੌਜ ਵਿਚ ਕੁਝ ਕੁ ਕਸ਼ਮਕਸ਼ ਪੈਦਾ ਹੋਣ ਲਗੀ ਕਿ ਆਖਰ ਉਹ ਵੀ ਤਾਂ ਉਹਨਾਂ ਦੀ ਸਰਕਾਰ ਦੇ ਹੀ ਪੁੱਤਰ ਹਨ। ਹੀਰਾ ਸਿੰਘ ਨੂੰ ਪਤਾ ਚਲਿਆ ਤਾਂ ਉਹ ਡਰ ਗਿਆ ਤੇ ਜੱਲੇ ਨਾਲ ਸਲਾਹਾਂ ਕਰਨ ਲਗਿਆ,
“ਪੰਡਤ ਜੀ, ਇਹ ਨਵੀਂ ਮੁਸੀਬਤ ਕਿਧਰੋਂ ਆ ਖੜੀ ਹੋਈ, ਚੰਗੀਆਂ ਭਲੀਆਂ ਰਿਆਸਤਾਂ ਦਿਤੀਆਂ ਹੋਈਆਂ ਸਨ, ਸੁਹਣੀ ਆਮਦਨ ਵਾਲੀਆਂ, ਇਹ ਤਾਂ ਹੁਣ ਤੰਗ ਕਰਨਗੇ, ਕੀ ਕਰੀਏ ਹੁਣ?”
“ਰਾਜਾ ਜੀ, ਮੈਂ ਸੋਚਦਾਂ ਕਿ ਉਹਨਾਂ ਤੋਂ ਡਰਨ ਦੀ ਲੋੜ ਨਹੀਂ ਏ, ਉਹ ਛੋਟੀ ਤਾਕਤ ਨੇ ਤੇ ਨੀਤੀਵਾਨ ਵੀ ਨਹੀਂ।”
“ਪੰਡਤ ਜੀ, ਗੱਲ ਤੇ ਫੌਜ ਦੀ ਏ ਜੇ ਉਹਨਾਂ ਨਾਲ ਰਲ਼ ਗਈ, ਜੇ ਬਾਕੀ ਦੀ ਫੌਜ ਨੇ ਪੰਚਾਂ ਖਿਲਾਫ ਵਿਦਰੋਹ ਕਰ ਦਿਤਾ ਤਾਂ ਕੀ ਹੋਵੇਗਾ, ਤੁਹਾਨੂੰ ਪਤਾ ਈ ਕਿ ਸਾਰੀ ਫੌਜ ਨੂੰ ਤਾਂ ਖੁਸ਼ ਨਹੀਂ ਕੀਤਾ ਜਾ ਸਕਦਾ।”
“ਰਾਜਾ ਜੀ, ਹਾਲੇ ਇੰਨਾ ਫਿਕਰ ਕਰਨ ਦੀ ਲੋੜ ਨਹੀਂ ਏ, ਆਪਣੇ ਕੋਲ ਮਹਾਂਰਾਜਾ ਦਲੀਪ ਸਿੰਘ ਤਾਂ ਹੈ ਈ ਵੇ, ਪੰਜਾਬ ਦੇ ਲੋਕ ਇਹਦੇ ਨਾਲ ਜੁੜ ਚੁੱਕੇ ਨੇ। ਲੋਕ ਜਾਂ ਫੌਜ ਇੰਨੀ ਜਲਦੀ ਮਹਾਂਰਾਜਾ ਬਦਲਣ ਲਈ ਤਿਆਰ ਨਹੀਂ ਹੋਣਗੇ, ਬਹੁਤੀ ਗੱਲ ਹੋਵੇਗੀ ਤਾਂ ਜਵਾਹਰ ਸਿੰਘ ਨੂੰ ਜੇਲ੍ਹ ਵਿਚੋਂ ਕੱਢ ਕੇ ਕਿਸੇ ਤਰ੍ਹਾਂ ਵਰਤ ਲਵਾਂਗੇ।”
ਹੀਰਾ ਸਿੰਘ ਸਿੰਘ ਨੇ ਸੋਚਿਆ ਕਿ ਖਾਲਸਾ ਫੌਜ ਦੇ ਪੰਚਾਂ ਨੂੰ ਮਿਲ ਕੇ ਗੱਲ ਇਸ ਨਵੀਂ ਸਥਿਤੀ ਬਾਰੇ ਕਰਨੀ ਚਾਹੀਦੀ ਹੈ ਤੇ ਦੇਖਣਾ ਚਾਹੀਦਾ ਹੈ ਕਿ ਉਹ ਇਸ ਬਾਰੇ ਕੀ ਸੋਚਦੇ ਹਨ। ਖਾਲਸਾ ਫੌਜ ਦਾ ਡਰ ਬਹੁਤ ਵੱਡਾ ਸੀ। ਹੀਰਾ ਸਿੰਘ ਦੀ ਆਪਣੀ ਕਸ਼ਮੀਰੀਆਂ ਦੀ ਫੌਜ ਹੈ ਸੀ ਪਰ ਖਾਲਸਾ ਫੌਜ ਸਾਹਮਣੇ ਬਹੁਤ ਛੋਟੀ। ਹੀਰਾ ਸਿੰਘ ਨੇ ਇਸ ਬਾਰੇ ਪੰਚਾਂ ਨਾਲ ਸਲਾਹ ਕੀਤੀ ਤਾਂ ਪੰਚਾਂ ਨੇ ਉਸ ਨਾਲ ਵਫਾਦਾਰ ਰਹਿੰਦਿਆਂ ਵਾਅਦਾ ਕਰ ਲਿਆ ਕਿ ਉਹ ਦੋਵਾਂ ਕੁੰਵਰਾਂ ਦੀ ਸਹਾਇਤਾ ਨਹੀਂ ਕਰਨਗੇ ਬਲਕਿ ਉਹਨਾਂ ਨੂੰ ਮਿਲਣਗੇ ਵੀ ਨਹੀਂ। ਜਿਹੜੇ ਕੁਝ ਵਿਰੋਧੀ ਜਰਨੈਲ ਜਾਂ ਹੋਰ ਅਫਸਰ ਸਨ ਹੀਰਾ ਸਿੰਘ ਨੇ ਉਹਨਾਂ ਨਾਲ ਵੀ ਮੁਲਕਾਤਾਂ ਕਰ ਲਈਆਂ ਤੇ ਫਿਰ ਉਹ ਜੰਮੂ ਆਪਣੇ ਤਾਏ ਰਾਜਾ ਗੁਲਾਬ ਸਿੰਘ ਨੂੰ ਮਿਲਣ ਚਲੇ ਗਿਆ। ਸੁਚੇਤ ਸਿੰਘ ਦੇ ਕਤਲ ਕਾਰਨ ਉਸ ਦੇ ਗੁਲਾਬ ਸਿੰਘ ਨਾਲ ਸਬੰਧ ਵਿਗੜੇ ਨਹੀਂ ਸਨ। ਗੁਲਾਬ ਸਿੰਘ ਇਸੇ ਗੱਲ ‘ਤੇ ਹੀ ਬਹੁਤ ਖੁਸ਼ ਸੀ ਕਿ ਹੀਰਾ ਸਿੰਘ ਉਸ ਨਾਲ ਸਲਾਹ ਕਰਨ ਆਇਆ ਹੈ। ਉਹ ਬੋਲਿਆ,
“ਹੀਰਾ ਸਿੰਘ, ਇਸ ਦਾ ਇਕ ਤਰੀਕਾ ਇਹ ਏ ਕਿ ਸਿਆਲਕੋਟ ਦੇ ਇਲਾਕੇ ਨੂੰ ਅਸੀਂ ਕਸ਼ਮੀਰ ਨਾਲ ਰਲ਼ਾ ਲਈਏ, ਜੇ ਤੁਸੀਂ ਖਾਲਸਾ ਫੌਜ ਨੂੰ ਸੰਭਾਲ ਸਕੋਂ ਤਾਂ ਸਾਡੀ ਡੋਗਰਾ ਫੌਜ ਇਹਨਾਂ ਦੋਨਾਂ ਕੁੰਵਰਾਂ ਨੂੰ ਸਿਆਲਕੋਟ ਵਿਚੋਂ ਖਦੇੜ ਦੇਵੇਗੀ ਤੇ ਇਵੇਂ ਇਹ ਕੁੰਵਰ ਪੰਜਾਬ ਵਿਚੋਂ ਆਪਣੀ ਤਾਕਤ ਗਵਾ ਬੈਠਣਗੇ ਤੇ ਤੁਹਾਡਾ ਕੋਈ ਨੁਕਸਾਨ ਨਹੀਂ ਕਰ ਸਕਣਗੇ।”
“ਤਾਇਆ ਜੀ, ਇਹ ਕੋਈ ਵੱਡੀ ਗੱਲ ਨਹੀਂ, ਖਾਲਸਾ ਫੌਜ ਨੂੰ ਤਾਂ ਅਸੀਂ ਰੋਕ ਲਵਾਂਗੇ ਇਸ ਦੀ ਤੁਸੀਂ ਚਿੰਤਾ ਨਾ।”
ਇਹ ਗੱਲ ਹੀਰਾ ਸਿੰਘ ਦੇ ਦਿਲ ਨੂੰ ਲਗ ਤਾਂ ਰਹੀ ਸੀ ਪਰ ਪੂਰੀ ਤਸੱਲੀ ਜਿਹੀ ਨਹੀਂ ਸੀ। ਉਸ ਨੇ ਕੁਝ ਦੇਰ ਸੋਚ ਕੇ ਹਾਮੀ ਭਰ ਦਿਤੀ ਤੇ ਵਾਪਸ ਆ ਕੇ ਖਾਲਸਾ ਫੌਜ ਦੇ ਪੰਚਾਂ ਨਾਲ ਵੀ ਗੱਲ ਕਰ ਲਈ। ਗੁਲਾਬ ਸਿੰਘ ਬਹੁਤ ਦੇਰ ਤੋਂ ਕਸ਼ਮੀਰ ਉਪਰ ਅਧਿਕਾਰ ਜਮਾਉਣ ਬਾਰੇ ਸੋਚ ਰਿਹਾ ਸੀ ਤੇ ਜੇਕਰ ਹੁਣ ਸਿਆਲਕੋਟ ਵੀ ਨਾਲ ਰਲ਼ ਜਾਵੇਗਾ ਤਾਂ ਬੁਰਾ ਨਹੀਂ ਹੋਵੇਗਾ। ਉਸ ਨੇ ਕੁਝ ਦਿਨਾਂ ਬਾਅਦ ਹੀ ਆਪਣੀ ਫੌਜ ਸਿਆਲਕੋਟ ਨੂੰ ਫਤਿਹ ਕਰਨ ਲਈ ਭੇਜ ਦਿਤੀ ਤੇ ਦੋਨਾਂ ਕੁੰਵਰਾਂ ਨੂੰ ਰਿਆਸਤ ਵਿਚੋਂ ਕੱਢ ਦਿਤਾ। ਇਸ ਗੱਲ ਦਾ ਫੌਜ ਵਿਚੋਂ ਕਿਸੇ ਨੇ ਬੁਰਾ ਨਾ ਮਨਾਇਆ ਤੇ ਨਾ ਹੀ ਕੋਈ ਅਸਰ ਹੋਇਆ।
ਮਹਾਂਰਾਜਾ ਰਣਜੀਤ ਸਿੰਘ ਦੇ ਇਹ ਦੋਵੇਂ ਪੁੱਤਰ ਕੁੰਵਰ ਪਿਸ਼ੌਰਾ ਸਿੰਘ ਤੇ ਕੁੰਵਰ ਕਸ਼ਮੀਰਾ ਸਿੰਘ ਮਾਰੇ ਮਾਰੇ ਪੰਜਾਬ ਵਿਚ ਫਿਰਨ ਲਗੇ। ਦੂਜੇ ਪਾਸੇ ਲਹੌਰ ਵਿਚ ਹੀਰਾ ਸਿੰਘ ਤੇ ਜੱਲਾ ਜਾਂ ਫਿਰ ਫੌਜ ਆਪਣੀਆਂ ਮਨਆਈਆਂ ਕਰਦੀ ਫਿਰ ਰਹੀ ਸੀ।...
ਇਕ ਦਿਨ ਸ਼ਾਹੀ ਖਜ਼ਾਨੇ ਦਾ ਮੁਨਸ਼ੀ ਜੱਸਾ ਮਿਸਰ ਜੱਲੇ ਨੂੰ ਕਹਿਣ ਲਗਿਆ,
“ਪੰਡਤ ਜੀ, ਇਕ ਮੇਰਾ ਈ ਕੰਮ ਕਰ ਦਿਓ।”
“ਦਸ ਮਿਸਰਾ, ਕੀ ਕੰਮ ਏਂ?”
“ਮੇਰਾ ਮੁੰਡਾ ਏ ਲਾਲ ਸਿੰਘ, ਬਹੁਤ ਜਵਾਨ ਨਿਕਲਿਆ ਏ, ਤਲਵਾਰ ਬਾਜ਼ੀ ਨੂੰ ਵੀ ਬਹੁਤ ਛੋਹਲ਼ਾ ਏ, ਉਹਨੂੰ ਫੌਜ ਵਿਚ ਕੋਈ ਆਹੁਦਾ ਹੀ ਦਵਾ ਦਿਓ, ਜਰਨੈਲ ਜਾਂ ਕਰਨੈਲ।”
“ਓ ਮਿਸਰਾ, ਇਹ ਔਹਦੇ ਕਿਤੇ ਐਵੇਂ ਈ ਮਿਲ ਜਾਂਦੇ ਨੇ!”
ਆਖਦੇ ਹੋਏ ਜੱਲੇ ਨੇ ਮੁਨਸ਼ੀ ਜੱਸੇ ਮਿਸਰ ਵਲ ਦੇਖਿਆ। ਭਾਵੇਂ ਉਹ ਜੱਲੇ ਦੀ ਬਰਾਦਰੀ ਚੋਂ ਹੀ ਸੀ ਭਾਵ ਬ੍ਰਾਹਮਣ ਹੀ ਸੀ ਫਿਰ ਵੀ ਇਕ ਸਾਧਾਰਣ ਮੁਨਸ਼ੀ ਹੀ ਸੀ ਪਰ ਇੰਨਾ ਜੱਲੇ ਨੂੰ ਪਤਾ ਸੀ ਕਿ ਜੱਸਾ ਮਿਸਰ ਇਕ ਮਾਲਦਾਰ ਸਾਮੀ ਹੈ। ਪੈਸੇ ਲੈ ਕੇ ਫੌਜ ਵਿਚ ਤਰੱਕੀਆਂ ਆਮ ਹੀ ਦਿਤੀਆਂ ਜਾਂਦੀਆਂ ਸਨ। ਫੌਜ ਦੇ ਕਈ ਵੱਡੇ ਵੱਡੇ ਅਫਸਰ ਇਵੇਂ ਹੀ ਲਗੇ ਸਨ; ਰਿਸ਼ਵਤ ਜਾਂ ਸਿਫਾਰਸ਼। ਇਕ ਹੋਰ ਲਾਲ ਸਿੰਘ ਮੁਰਾਰੀਵਾਲਾ ਨਾਂ ਦਾ ਬੰਦਾ ਸਧਾਰਣ ਕਮਾਂਡੈਂਟ ਤੋਂ ਸਿੱਧਾ ਜਰਨੈਲ ਬਣਾ ਦਿਤਾ ਗਿਆ ਸੀ। ਹੋਰ ਵੀ ਬਹੁਤ ਸਾਰੀਆਂ ਉਧਾਹਰਣਾਂ ਸਨ। ਮੁਨਸ਼ੀ ਨੂੰ ਇਸ ਦਾ ਪੂਰਾ ਇਲਮ ਸੀ ਕਿ ਅਫਸਰ ਲਵਾਉਣ ਲਈ ਜੱਲਾ ਵੀ ਪੈਸੇ ਖਾਂਦਾ ਸੀ। ਧਿਆਨ ਸਿੰਘ ਦੀ ਮੌਤ ਤੋਂ ਬਾਅਦ ਜੱਸਾ ਮਿਸਰ ਸ਼ਾਹੀ ਖਜ਼ਾਨੇ ਦਾ ਮੁਨਸ਼ੀ ਬਣਿਆਂ ਸੀ। ਜੱਲੇ ਨੇ ਆਪਣੀ ਆਕੜ ਕਾਇਮ ਰਖਦਿਆਂ ਕਿਹਾ,
“ਖਰਚ ਕਰਨਾ ਪਏਗਾ ਮੁਨਸ਼ੀ।”
“ਉਹ ਤਾਂ ਮੈਨੂੰ ਪਤਾ ਈ ਏ, ਦਸੋ ਕਿੰਨਾ ਖਰਚ ਤੇ ਕਿਹੜਾ ਆਹੁਦਾ?”
“ਤੂੰ ਦਸ ਮੁਨਸ਼ੀ, ਕਿੰਨੇ ਪੈਸੇ ਖਰਚਣੇ ਚਾਹੁੰਨਾ ਏਂ, ਆਹੁਦਾ ਤਾਂ ਭਾਵੇਂ ਰਾਜੇ ਦਾ ਲੈ ਲੈ।”
ਰਾਜੇ ਦਾ ਆਹੁਦਾ ਮਿਲਣਾ ਬਹੁਤ ਵੱਡੀ ਗੱਲ ਸੀ। ਡੋਗਰਿਆਂ ਤੋਂ ਬਿਨਾਂ ਹੋਰ ਬਹੁਤੇ ਲੋਕਾਂ ਕੋਲ ਰਾਜਾ ਦਾ ਆਹੁਦਾ ਨਹੀਂ ਸੀ। ਇਸ ਰੁਤਬੇ ਬਾਰੇ ਸੁਣ ਕੇ ਮੁਨਸ਼ੀ ਦੇ ਮੂੰਹ ਵਿਚ ਪਾਣੀ ਆਉਣ ਲਗਿਆ। ਉਹ ਤਾਂ ਸੁਣ ਕੇ ਹੀ ਖੀਵਾ ਹੋਣ ਲਗਿਆ। ਉਸ ਦਾ ਪੁੱਤਰ ਰਾਜਾ ਬਣੇਗਾ ਤਾਂ ਕੋਈ ਨਾ ਕੋਈ ਮਹਿਕਮਾ ਜਾਂ ਕਿਸੇ ਇਲਾਕੇ ਦਾ ਇੰਤਜ਼ਾਮ ਤਾਂ ਮਿਲੇਗਾ ਹੀ। ਉਸ ਨੂੰ ਸੋਚਾਂ ਵਿਚ ਪਿਆਂ ਦੇਖ ਕੇ ਜੱਲੇ ਨੇ ਕਿਹਾ,
“ਪੰਜਾਹ ਹਜ਼ਾਰ ਨਾਨਕ ਸ਼ਾਹੀ ਲਗਣਗੇ, ਸੋਚ ਲੈ।”
ਜੱਲੇ ਨੇ ਹੱਥ ਤੇ ਹੱਥ ਮਾਰਦਿਆਂ ਕਿਹਾ ਜਿਸ ਦਾ ਭਾਵ ਸੀ ਕਿ ਇਸ ਤੋਂ ਘੱਟ ਕੁਝ ਨਹੀਂ। ਮੁਨਸ਼ੀ ਜੱਸਾ ਮਿਸਰ ਸੋਚਣ ਲਗਿਆ ਕਿ ਇਹ ਤਾਂ ਬਹੁਤ ਵੱਡੀ ਰਕਮ ਹੈ ਪਰ ਫਿਰ ਸੋਚਣ ਲਗਿਆ ਕਿ ਕਿ ਰਾਜਾ ਬਣਨਾ ਵੀ ਤਾਂ ਮਮੂਲੀ ਗੱਲ ਨਹੀ ਨਹੀਂ। ਉਸ ਨੇ ਆਖਿਆ,
“ਸੋਚ ਲਿਆ ਪੰਡਤ ਜੀ, ਸੋਚ ਲਿਆ, ਮੈਨੂੰ ਮਨਜ਼ੂਰ ਏ।”
ਕੁਝ ਦਿਨਾਂ ਬਾਅਦ ਲਾਲ ਸਿੰਘ ਨੂੰ ਲਹੌਰ ਦਰਬਾਰ ਵਿਚ ਸੱਦ ਕੇ ਰਾਜਾ ਜੀ ਦਾ ਖਿਤਾਬ ਦੇ ਦਿਤਾ ਗਿਆ ਤੇ ਫੌਜ ਵਿਚ ਅਫਸਰ ਵੀ ਬਣਾ ਦਿਤਾ ਗਿਆ। ਬਿਨਾਂ ਕਿਸੇ ਤਜਰਬੇ ਉਹ ਤਜਰਬੇਕਾਰ ਸਿਪਾਹੀਆਂ ਦਾ ਅਫਸਰ ਬਣ ਗਿਆ। ਛੇਤੀ ਹੀ ਹੀਰਾ ਸਿੰਘ ਨੇ ਦੇਖ ਲਿਆ ਕਿ ਲਾਲ ਸਿੰਘ ਤੇਜ਼ ਬੰਦਾ ਹੈ ਤੇ ਫੌਜ ਵਿਚ ਉਸ ਦੀ ਧਿਰ ਬਣ ਸਕਦਾ ਹੈ। ਗੈਰ-ਸਿੱਖ ਹੋਣ ਵਾਲੀ ਸਾਂਝ ਵੀ ਦੋਨਾਂ ਵਿਚਕਾਰ ਬਣ ਰਹੀ ਸੀ। ਲਾਲ ਸਿੰਘ ਦੇ ਤਰੀਕੇ ਨਾਲ ਹੀ ਤੇਜ ਸਿੰਘ ਨੂੰ ਵੀ ਰਾਜਾ ਬਣਾ ਦਿਤਾ ਗਿਆ ਜਦ ਕਿ ਉਸ ਵਿਚ ਕੋਈ ਵੀ ਗੁਣ ਨਹੀਂ ਸੀ। ਤੇਜ ਸਿੰਘ ਦਾ ਚਾਚਾ ਜਮਾਂਦਾਰ ਖੁਸ਼ਹਾਲ ਸਿੰਘ ਸਰਕਾਰ ਰਣਜੀਤ ਸਿੰਘ ਦਾ ਵਿਸ਼ੇਸ਼ ਭਰੋਸੇਯੋਗ ਜਰਨੈਲ ਰਿਹਾ ਸੀ। ਲਾਲ ਸਿੰਘ ਤੇ ਤੇਜ ਸਿੰਘ ਫੌਜ ਵਿਚ ਅਫਸਰ ਤਾਂ ਬਣ ਗਏ ਪਰ ਇਹਨਾਂ ਨੂੰ ਇਹਨਾਂ ਦੇ ਮਤਿਹਤ ਸਿਪਾਹੀ ਬਹੁਤਾ ਪਸੰਦ ਨਹੀਂ ਸਨ ਕਰਦੇ।
ਰਾਣੀ ਜਿੰਦਾਂ ਨੂੰ ਇਹਨਾਂ ਸਾਰੀਆਂ ਗੱਲਾਂ ਦਾ ਪਤਾ ਸੀ। ਸਾਰੀ ਖਬਰਸਾਰ ਘੁੰਮ ਘੁਮਾ ਕੇ ਉਸ ਤਕ ਪੁੱਜ ਜਾਂਦੀ ਪਰ ਉਹ ਤਾਂ ਜਿਵੇਂ ਮਹਿਲਾ ਵਿਚ ਕੈਦਣ ਹੋਵੇ। ਜੱਲਾ ਤਾਂ ਉਸ ਨੂੰ ਕੁਝ ਸਮਝਦਾ ਹੀ ਨਹੀਂ ਸੀ। ਕਈ ਵਾਰ ਉਸ ਦੀ ਟੋਕ-ਟਕਾਈ ਕਰਨ ਲਗਦਾ ਸੀ। ਮੋਤੀਆ ਤੇ ਮੰਗਲਾ ਨੂੰ ਛੱਡ ਕੇ ਰਾਣੀ ਜਿੰਦਾਂ ਦੀਆਂ ਸਾਰੀਆਂ ਨੌਕਰਾਣੀਆਂ ਜੱਲੇ ਨੇ ਬਦਲ ਕੇ ਆਪਣੀ ਮਰਜ਼ੀ ਦੀਆਂ ਰੱਖ ਲਈਆਂ ਸਨ। ਰਾਣੀ ਦੇ ਸ਼ਾਹੀ ਕਿਲ੍ਹੇ ਤੋਂ ਬਾਹਰ ਜਾਣ ਦਾ ਇੰਤਜ਼ਾਮ ਵੀ ਬਹੁਤੀ ਵਾਰੀ ਉਸ ਦੀ ਮਰਜ਼ੀ ਨਾਲ ਹੁੰਦਾ ਸੀ। ਕਿਲ੍ਹੇ ਦੀ ਖਰੀਦੋ ਫ੍ਰੋਕਤ ਉਸ ਦੇ ਕਹਿਣ ਅਨੁਸਾਰ ਹੁੰਦੀ। ਕਈ ਵਾਰ ਉਹ ਰਾਣੀ ਦੀ ਨਿੱਜੀ ਖਰੀਦ ਵਿਚ ਦਖਲ ਦੇਣ ਤਕ ਜਾਂਦਾ। ਇਕ ਦਿਨ ਉਹ ਸ਼ਾਹੀ ਮਹੱਲ ਵਿਚ ਕਿਸੇ ਕੰਮ ਆਇਆ ਤਾਂ ਰਾਣੀ ਜਿੰਦਾਂ ਜਨਾਨਾਖਾਨੇ ਤੋਂ ਬਾਹਰ ਘੁੰਮ ਰਹੀ ਸੀ। ਉਹ ਇਕ ਦਮ ਬੋਲਿਆ,
“ਮਾਈ, ਇਥੇ ਕੀ ਹੋ ਰਿਹਾ ਏਂ?”
“ਤੁਹਾਨੂੰ ਇਸ ਗੱਲ ਨਾਲ ਕੀ ਏ?”
“ਇਹ ਕਿਲ੍ਹੇ ਦੀ ਰਿਵਾਇਤ ਦੇ ਖਿਲਾਫ ਏ।”
“ਰੀਜੰਟ ਮੈਂ ਹਾਂ ਨਾ ਕਿ ਤੁਸੀਂ।”
“ਮੈਂ ਤੈਨੂੰ ਰਿਵਾਇਤ ਦੀ ਗੱਲ ਦੱਸ ਰਿਹਾਂ, ਔਰਤਾਂ ਨੂੰ ਜਨਾਨਾਖਾਨੇ ਵਿਚ ਹੋਣਾ ਚਾਹੀਦਾ ਏ, ਜਿਹੜੀ ਚੀਜ਼ ਚਾਹੀਦੀ ਹੋਵੇਗੀ ਉਥੇ ਹੀ ਮਿਲ ਜਾਵੇਗੀ।”
ਰਾਣੀ ਜਿੰਦਾਂ ਨੂੰ ਬਹੁਤ ਗੁੱਸਾ ਆਇਆ। ਉਸ ਨੇ ਜੱਲੇ ਵੱਲ ਬਹੁਤ ਹੀ ਭੈੜੀ ਨਿਗਾਹ ਨਾਲ ਦੇਖਿਆ ਤੇ ਇਕ ਪਾਸੇ ਨੂੰ ਤੁਰ ਗਈ ਪਰ ਉਹ ਸਾਰੀ ਰਾਤ ਤੜਫਦੀ ਰਹੀ। ਹੁਣ ਤਾਂ ਉਹ ਬਹੁਤ ਹੀ ਇਕੱਲੀ ਸੀ। ਉਸ ਦਾ ਭਰਾ ਜਵਾਹਰ ਸਿੰਘ ਹੀਰਾ ਸਿੰਘ ਦੀ ਕੈਦ ਵਿਚ ਸੀ। ਉਸ ਨੂੰ ਆਪਣਾ ਆਪ ਵੀ ਕਿਸੇ ਬੰਧਨੀਂ ਵਰਗਾ ਹੀ ਲਗਦਾ। ਕਈ ਵਾਰ ਉਹ ਸੋਚਦੀ ਸੀ ਕਿ ਕਿਉਂ ਨਾ ਉਹ ਆਪ ਫਰਿਆਦ ਲੈ ਕੇ ਫੌਜ ਕੋਲ ਜਾਵੇ ਪਰ ਫਿਰ ਉਹ ਡਰ ਜਾਂਦੀ ਕਿ ਜਵਾਹਰ ਸਿੰਘ ਵਾਲਾ ਹੀ ਹਾਲ ਉਸ ਦਾ ਨਾ ਹੋਵੇ। ਉਸ ਦੀ ਮਾਨਸਿਕ ਹਾਲਤ ਦੇਖ ਕੇ ਇਕ ਦਿਨ ਮੋਤੀਆ ਨੇ ਕਿਹਾ,
“ਰਾਣੀ ਜੀ, ਕੁਝ ਵੀ ਹੋਵੇ ਤੁਹਾਨੂੰ ਫੋਰਨ ਖਾਲਸਾ ਫੌਜ ਦੇ ਪੰਚਾਂ ਸਾਹਮਣੇ ਜਾ ਕੇ ਪੇਸ਼ ਹੋ ਕੇ ਆਪਣਾ ਦੁੱਖ ਦਸਣਾ ਚਾਹੀਦਾ ਏ ਨਹੀਂ ਤਾਂ ਅੰਦਰੋਂ ਅੰਦਰ ਘੁਲ਼ ਘੁਲ਼ ਕੇ ਸਿਹਤ ਖਰਾਬ ਕਰ ਬੈਠੋਂਗੇ। ਸਰਦਾਰ ਜਵਾਹਰ ਸਿੰਘ ਹੋਰਾਂ ਦੀ ਹੋਰ ਗੱਲ ਸੀ ਪਰ ਤੁਹਾਡੀ ਹੋਰ ਏ, ਤੁਹਾਡੀ ਗੱਲ ਉਹਨਾਂ ਨੂੰ ਸੁਣਨੀ ਪਏਗੀ, ਇਸ ਜੱਲੇ ਦੀ ਸਿ਼ਕਾਇਤ ਸੁਣ ਕੇ ਤਾਂ ਪੱਥਰ ਵੀ ਪਿਘਲ ਜਾਣ!”
ਰਾਣੀ ਜਿੰਦਾਂ ਨੂੰ ਖਾਲਸਾ ਫੌਜ ਉਪਰ ਯਕੀਨ ਨਹੀਂ ਸੀ ਬੱਝ ਰਿਹਾ। ਉਸ ਨੇ ਡੇਰਾ ਬੀਰ ਸਿੰਘ ਬਾਰੇ ਸੁਣ ਰਖਿਆ ਸੀ ਪਰ ਬਹੁਤਾ ਨਹੀਂ ਸੀ ਜਾਣਦੀ। ਉਸ ਨੇ ਆਪਣੀ ਸਾਰੀ ਵਿਥਿਆ ਸੁਣਾਉਣ ਲਈ ਆਪਣੇ ਇਕ ਵਿਸ਼ਵਾਸ ਪਾਤਰ ਏਲਚੀ ਨਜ਼ੀਰ ਅਲੀ ਨੂੰ ਨੌਰੰਗਾਬਾਦ ਤੋਰ ਦਿਤਾ ਕਿ ਸ਼ਾਇਦ ਉਥੋਂ ਹੀ ਕੋਈ ਮੱਦਦ ਮਿਲ ਸਕੇ। ਨਜ਼ੀਰ ਅਲੀ ਨੇ ਸਾਰੀ ਵਿਥਿਆ ਭਾਈ ਬੀਰ ਸਿੰਘ ਨੂੰ ਜਾ ਸੁਣਾਈ। ਡੇਰੇ ਵਿਚ ਪਹਿਲਾਂ ਹੀ ਕੁੰਵਰ ਪਿਸ਼ੌਰਾ ਸਿੰਘ ਤੇ ਕਸ਼ਮੀਰਾ ਸਿੰਘ ਭਾਈ ਬੀਰ ਸਿੰਘ ਦੀ ਸ਼ਰਣ ਵਿਚ ਆਏ ਬੈਠੇ ਸਨ। ਭਾਈ ਬੀਰ ਸਿੰਘ ਉਸੇ ਵੇਲੇ ਆਪਣੇ ਨਾਲ ਕੁਝ ਸੇਵਾਦਾਰ ਲੈ ਕੇ ਲਹੌਰ ਲਈ ਚਲ ਪਿਆ। ਲਹੌਰ ਦੇ ਉਹ ਬਹੁਤ ਸਾਰੇ ਸਿੱਖ ਸਰਦਾਰਾਂ ਨੂੰ ਮਿਲਿਆ ਤੇ ਫੌਜ ਵਿਚ ਆਪਣੇ ਵਾਕਫ ਲੋਕਾਂ ਨੂੰ ਵੀ ਤੇ ਫਿਰ ਫੌਜ ਦੇ ਸਾਰੇ ਪੰਚਾਂ ਨੂੰ ਵੀ। ਉਸ ਨੂੰ ਸਾਰੇ ਹੀ ਬਹੁਤ ਇਜ਼ਤ ਨਾਲ ਮਿਲੇ। ਉਸ ਨੇ ਪੰਚਾਂ ਤੇ ਸਿੱਖ ਸਰਦਾਰਾਂ ਨੂੰ ਇਕੱਠੇ ਕਰ ਕੇ ਕਿਹਾ,
“ਖਾਲਸਾ ਜੀ, ਆਪਾਂ ਸਭ ਨੇ ਵਾਹਿਗੁਰੂ ਦੇ ਚਰਨਾਂ ਵਿਚ ਜਾਣਾ ਏਂ, ਆਪਾਂ ਉਥੇ ਜਾ ਕੇ ਕੀ ਮੂੰਹ ਦਿਖਾਵਾਂਗੇ ਕਿ ਅਸੀਂ ਇਕ ਡੋਗਰੇ ਛੋਕਰੇ ਦੇ ਮਗਰ ਲਗ ਕੇ ਸਰਕਾਰ ਦੇ ਹੀ ਦੋ ਪੁੱਤਰਾਂ ਨੂੰ ਘਰੋਂ ਬੇਘਰ ਕਰ ਦਿਤਾ ਏ। ਕੀ ਸਰਕਾਰ ਦੇ ਕਿਸੇ ਪੁੱਤਰ ਨਾਲ ਹੁੰਦੀ ਜਿ਼ਆਦਤੀ ਤੁਸੀਂ ਦੇਖ ਸਕਦੇ ਹੋ? ਇਕ ਜੱਲਾ ਤੇ ਦੂਜਾ ਹੀਰਾ ਸਿੰਘ ਹੀ ਤੁਹਾਨੂੰ ਆਪਣੇ ਅਧੀਨ ਕਰੀ ਫਿਰਦੇ ਨੇ, ਤੁਹਾਡੀ ਆਤਮਾ ਤੁਹਾਨੂੰ ਕੁਝ ਨਹੀਂ ਕਹਿੰਦੀ! ਕੁੰਵਰ ਪਿਸ਼ੌਰਾ ਸਿੰਘ ਤੇ ਕਸ਼ਮੀਰ ਸਿੰਘ ਤੋਂ ਡੋਗਰਿਆਂ ਨੇ ਜਿਹੜੀ ਧਰਤੀ ਖੋਹੀ ਏ ਉਹ ਸਰਕਾਰ ਦੀ ਧਰਤੀ ਏ ਤੇ ਤੁਸੀਂ ਉਹਦੇ ਰਖਵਾਲੇ ਓ, ਕੀ ਤੁਸੀਂ ਆਪਣੀ ਜ਼ਮੀਨ ਕਿਸੇ ਨੂੰ ਖੋਹ ਲੈ ਦੇਣਾ ਚਾਹੁੰਦੇ ਹੋ? .. ਅਜਿਹਾ ਹੋ ਜਾਣ ਤੇ ਚੁੱਪ ਬੈਠਣਾ ਤੁਹਾਨੂੰ ਕਿਹੋ ਜਿਹਾ ਲਗ ਰਿਹਾ ਏ? ਸਰਕਾਰ ਦੇ ਦੋ ਪੁੱਤਰ, ਐਡੇ ਵੱਡੇ ਬਾਦਸ਼ਾਹ ਦੇ ਦੋ ਪੁੱਤਰ, ਜਿਹਨੇ ਸਾਡੇ ਵਰਗਿਆਂ ਨੂੰ ਜਗੀਰਾਂ ਬਖਸ਼ੀਆਂ ਉਸ ਦੇ ਪੁੱਤਰ ਬੇਘਰ ਹੋਏ ਡੇਰੇ ਵਿਚ ਬੈਠੇ ਨੇ, ਤੁਹਾਨੂੰ ਕਿਵੇਂ ਲਗ ਰਿਹਾ ਏ? ਫਿਰ ਮਾਈ ਜੀ, ਸਰਕਾਰ ਦੀ ਪਤਨੀ ਨੇ, ਸਰਕਾਰ ਸਾਡੇ ਸਭ ਦੇ ਪਿਤਾ ਸਨ ਤੇ ਮਾਈ ਸਾਡੀ ਮਾਤਾ ਏ, ਆਪਣੀ ਮਾਤਾ ਦੀ ਜੱਲੇ ਜਾਂ ਹੀਰਾ ਸਿੰਘ ਵਲੋਂ ਬੇਇਜ਼ਤੀ ਹੋਣੀ ਕਿਵੇਂ ਲਗਦੀ ਏ?”
ਭਾਈ ਬੀਰ ਸਿੰਘ ਦੀਆਂ ਗੱਲਾਂ ਸਾਰੇ ਚੁੱਪ ਕਰਕੇ ਸੁਣਦੇ ਜਾ ਰਹੇ ਸਨ। ਕਈ ਲੋਕਾਂ ਦੀ ਆਤਮਾ ਤਾਂ ਉਹਨਾਂ ਨੂੰ ਲਾਹਣਤਾਂ ਵੀ ਪਾਉਣ ਲਗ ਪਈ ਸੀ। ਬਹੁਤ ਸਾਰੇ ਫੌਜੀ ਤਾਂ ਉਸੇ ਵੇਲੇ ਹੀ ਕੁਝ ਕਰਨ ਲਈ ਤਿਆਰ ਹੋਣ ਲਗੇ। ਜਿਹੜੇ ਲੋਕ ਪਹਿਲਾਂ ਹੀ ਹੀਰਾ ਸਿੰਘ ਦੇ ਖਿਲਾਫ ਸਨ ਉਹ ਹੁਣ ਬਹੁਤਾ ਗੁੱਸਾ ਦਿਖਾ ਰਹੇ ਸਨ। ਭਾਈ ਬੀਰ ਸਿੰਘ ਆਪਣਾ ਕੰਮ ਕਰ ਕੇ ਵਾਪਸ ਨੌਰੰਗਾਬਾਦ ਚਲੇ ਗਿਆ। ਉਸ ਤੋਂ ਅਗਲੇ ਦਿਨ ਹੀ ਪੋਹ ਦੀ ਸੰਗਰਾਂਦ ਸੀ। ਪੋਹ ਦੀ ਸੰਗਰਾਂਦ ਨੂੰ ਰਾਣੀ ਜਿੰਦਾਂ ਦਾਨ ਕਰਿਆ ਕਰਦੀ ਸੀ। ਅਨਾਜ ਤੇ ਸੋਨੇ ਦੀਆਂ ਮੋਹਰਾਂ ਉਹ ਗਰੀਬਾਂ ਵਿਚ ਵੰਡਿਆ ਕਰਦੀ। ਗਰੀਬ ਲੋਕ ਸ਼ਾਹੀ ਕਿਲ੍ਹੇ ਦੇ ਬਾਹਰ ਖੜੇ ਰਹਿੰਦੇ, ਦਾਨ ਲੈ ਕੇ ਰਾਣੀ ਜਿੰਦਾਂ ਤੇ ਮਹਾਂਰਾਜੇ ਦਲੀਪ ਸਿੰਘ ਨੂੰ ਲੱਖ ਲੱਖ ਦੁਆਵਾਂ ਦਿੰਦੇ। ਉਸ ਦਿਨ ਰਾਣੀ ਜਿੰਦਾਂ ਤਿਆਰ ਹੋ ਰਹੀ ਸੀ ਕਿ ਅਚਾਨਕ ਸੁਨੇਹਾ ਮਿਲਿਆ ਕਿ ਜੱਲਾ ਜਨਾਨਾਖਾਨੇ ਦੇ ਬਾਹਰ ਬੁਲਾ ਰਿਹਾ ਹੈ। ਰਾਣੀ ਜਿੰਦਾਂ ਦਾ ਦਿਲ ਧੜਕਿਆ ਕਿ ਸੰਗਰਾਂਦ ਦੇ ਦਿਨ ਕੋਈ ਬਦਮਗਜ਼ੀ ਹੀ ਨਾ ਹੋ ਜਾਵੇ, ਅਜ ਦਾ ਦਿਨ ਤਾਂ ਪੁੱਤਰ ਦੀ ਲੰਮੀ ਉਮਰ ਲਈ ਦੁਆਵਾਂ ਮੰਗਣ ਦਾ ਦਿਨ ਹੈ। ਜੱਲੇ ਦੇ ਬੁਲਾਵੇ ‘ਤੇ ਉਹ ਬਾਹਰ ਆ ਗਈ। ਜੱਲਾ ਉਸ ਨੂੰ ਆਉਂਦੀ ਨੂੰ ਦੇਖ ਕੇ ਆਪਣੀਆਂ ਵੱਡੀਆਂ ਵੱਡੀਆਂ ਦਾਤੀ ਵਰਗੀਆਂ ਮੁੱਛਾਂ ‘ਤੇ ਹੱਥ ਫੇਰਨ ਲਗਿਆ। ਉਸ ਦਾ ਵੱਡਾ ਸਾਰਾ ਕਾਲਾ ਗੰਜਾ ਸਿਰ ਧੁੱਪ ਵਿਚ ਚਮਕ ਰਿਹਾ ਸੀ। ਰਾਣੀ ਪੂਰੇ ਗੁੱਸੇ ਵਿਚ ਸੀ ਤੇ ਉਸ ਨਾਲ ਹਰ ਤਰ੍ਹਾਂ ਦਾ ਆਹਡਾ ਲੈਣ ਲਈ ਤਿਆਰ ਸੀ। ਉਹ ਜੱਲੇ ਤੋਂ ਹੋਰ ਬੇਇਜ਼ਤੀ ਨਹੀਂ ਸੀ ਕਰਾਉਣਾ ਚਾਹੁੰਦੀ। ਜੱਲੇ ਨੇ ਇਕ ਦਮ ਕਿਹਾ,
“ਮਾਈ, ਮੈਨੂੰ ਪਤਾ ਚਲਿਆ ਏ ਕਿ ਤੂੰ ਸ਼ਾਹੀ ਖਜ਼ਾਨੇ ਵਿਚੋਂ ਮੋਹਰਾਂ ਲੈ ਕੇ ਆਈ ਏਂ ਦਾਨ ਕਰਨ ਲਈ।”
“ਹਾਂ ਪੰਡਤਾ, ਲਿਆਈ ਹਾਂ, ਹਰ ਸੰਗਰਾਂਦ ‘ਤੇ ਲਿਆਉਂਦੀ ਹਾਂ ਤੇ ਦਾਨ ਕਰਦੀ ਹਾਂ, ਦੱਸ ਤੂੰ ਕੀ ਕਹਿਣ ਆਇਆ ਏਂ?”
ਜੱਲਾ ਕੁਝ ਝਿਪਿਆ। ਉਸ ਨੂੰ ਰਾਣੀ ਤੋਂ ਇੰਨੇ ਰੁੱਖੇ ਵਤੀਰੇ ਦੀ ਉਮੀਦ ਨਹੀਂ ਸੀ। ਉਸ ਨੇ ਫਿਰ ਕਿਹਾ,
“ਇਵੇਂ ਸ਼ਾਹੀ ਖਜ਼ਾਨਾ ਲੁਟਾਉਣ ਦੀ ਇਜਾਜ਼ਤ ਨਹੀਂ ਦਿਤੀ ਜਾ ਸਕਦੀ, ਇਸ ਧੰਨ ਨੂੰ ਇਕੱਠਾ ਕਰਨਾ ਇੰਨਾ ਸੌਖਾ ਨਹੀਂ ਕਿ ਦੋਵੇਂ ਹੱਥੀਂ ਲੁਟਾਇਆ ਜਾਵੇ।”
“ਪੰਡਤਾ, ਤੂੰ ਕੌਣ ਏਂ ਮੈਨੂੰ ਇਹ ਗੱਲ ਕਹਿਣ ਵਾਲਾ, ਮੈਂ ਰੀਜੰਟ ਹਾਂ, ਮਹਾਂਰਾਜੇ ਦੀ ਮਾਂ ਹਾਂ, ਤੂੰ ਇਕ ਸਧਾਰਨ ਕਰਮਚਾਰੀ ਏਂ ਤੇ ਆਪਣੀ ਹੱਦ ਵਿਚ ਮਹਿਦੂਦ ਰਹਿ ਕੇ ਗੱਲ ਕਰ।”
“ਮਾਈ, ਤੇਰਾ ਪੁੱਤਰ ਰਾਜਾ ਹੀਰਾ ਸਿੰਘ ਦੀ ਤਲਵਾਰ ਕਰਕੇ ਸੁਰੱਖਿਅਤ ਏ, ਨਹੀਂ ਤਾਂ ਦੁਸ਼ਮਣ ਪੈਰ ਪੈਰ ‘ਤੇ ਬੈਠਾ ਏ ਤੇ ਤੂੰ ਪੁੱਛ ਰਹੀ ਏਂ ਕਿ ਮੈਂ ਕੌਣ ਹਾਂ!”
“ਪੰਡਤਾ, ਮੇਰੇ ਸਾਹਮਣਿਓਂ ਦਫਾ ਹੋ ਜਾ, ਇਸ ਤੋਂ ਪਹਿਲਾਂ ਕਿ ਮੈਂ ਕੁਝ ਕਰ ਬੈਠਾਂ!”
“ਕੀ ਕਰ ਬੈਠੇਂਗੀ ਮਾਈ? ...ਇਹ ਸਾਰੀਆਂ ਮੋਹਰਾਂ ਖਜ਼ਾਨੇ ਵਿਚ ਜਾ ਕੇ ਵਾਪਸ ਜਮਾਂ ਕਰਾ ਦੇ।”
“ਕੁੱਤੇ ਪੰਡਤ, ਮੇਰੀਆਂ ਨਜ਼ਰਾਂ ਤੋਂ ਦੂਰ ਹੋ ਜਾ, ਮੈਂ ਜੋ ਚਾਹਾਂਗੀ ਕਰਾਂਗੀ।”
ਰਾਣੀ ਜਿੰਦਾਂ ਉਸ ਨੂੰ ਉਂਗਲੀ ਨਾਲ ਬਾਹਰ ਦਾ ਰਸਤਾ ਦਿਖਾਉਂਦਿਆਂ ਚੀਖੀ। ਜੱਲਾ ਬੁੜ ਬੁੜ ਕਰਦਾ ਚਲੇ ਗਿਆ। ਰਾਣੀ ਜ਼ਖਮੀ ਸ਼ੇਰਨੀ ਵਾਂਗ ਉਸ ਨੂੰ ਜਾਂਦਿਆਂ ਦੇਖਦੀ ਰਹੀ, ਉਸ ਦਾ ਦਿਲ ਕਰਦਾ ਸੀ ਕਿ ਇਕੋ ਝਪਟੇ ਨਾਲ ਜੱਲੇ ਨੂੰ ਪਾੜ ਕੇ ਰੱਖ ਦੇਵੇ। ਗੋਲੀਆਂ ਉਸ ਦੇ ਦੁਆਲੇ ਆ ਕੇ ਇਕੱਠੀਆਂ ਹੋ ਗਈਆਂ। ਰਾਣੀ ਦੰਦ ਪੀਸਦੀ ਬੋਲੀ,
“ਜੇ ਇਸ ਕੁੱਤੇ ਦਾ ਸਿਰ ਵੱਢ ਕੇ ਸਾਹਮਣੇ ਦਰਖਤ ਉਪਰ ਨਾ ਟੰਗਿਆ ਤਾਂ ਮੇਰਾ ਨਾਂ ਵੀ ਜਿੰਦਾਂ ਨਹੀਂ, ਚਲੋ, ਤਿਆਰ ਹੋਵੋ ਇਕ ਵਾਰੀ ਸ਼ਾਹੀ ਫੌਜ ਨਾਲ ਗੱਲ ਕਰ ਕੇ ਦੇਖਦੀ ਹਾਂ ਨਹੀਂ ਤਾਂ ਕੁਝ ਹੋਰ ਸੋਚਣਾ ਪਵੇਗਾ।”
ਗੋਲੀਆਂ ਤਿਆਰ ਹੋਣ ਲਗੀਆਂ ਤੇ ਰਾਣੀ ਜਿੰਦਾਂ ਵੀ। ਡੋਲੀ ਮੰਗਾਈ ਗਈ ਤੇ ਇਕ ਛੋਟੇ ਜਿਹੇ ਕਾਫਲੇ ਦੇ ਰੂਪ ਵਿਚ ਉਹ ਬੁਧੂ ਕੇ ਆਵੇ ਜਾ ਪੁੱਜੀ। ਪੰਚਾਂ ਨੇ ਉਸ ਦੀ ਪੂਰੀ ਫਰਿਆਦ ਵੀ ਨਹੀਂ ਸੁਣੀ ਕਿਉਂਕਿ ਉਹ ਸਾਰੀ ਕਹਾਣੀ ਸਮਝ ਗਏ ਸਨ। ਉਹਨਾਂ ਨੇ ਰਾਣੀ ਜਿੰਦਾਂ ਨੂੰ ਦਿਲਾਸਾ ਦੇ ਕੇ ਵਾਪਸ ਕਰ ਦਿਤਾ। ਉਸੇ ਸ਼ਾਮ ਹੀ ਫੌਜ ਨੇ ਸ਼ਾਹੀ ਕਿਲ੍ਹੇ ਗਿਰਦ ਆ ਕੇ ਤੰਬੂ ਲਗਾਉਣੇ ਸ਼ੁਰੂ ਕਰ ਦਿਤੇ। ਦਰਿਆ ਰਾਵੀ ਵਾਲੇ ਪਾਸੇ ਤਾਂ ਕਾਫੀ ਸਾਰੀ ਫੌਜ ਜਮ੍ਹਾਂ ਸੀ ਕਿਉਂਕਿ ਕਿਲ੍ਹੇ ਦੇ ਅੰਦਰ ਹੀਰਾ ਸਿੰਘ ਦੀ ਨਿੱਜੀ ਫੌਜ ਵੀ ਤਾਇਨਾਤ ਸੀ ਜੋ ਕਿ ਵਾਹਵਾ ਤਦਾਦ ਵਿਚ ਸੀ। ਹੀਰਾ ਸਿੰਘ ਨੂੰ ਇਸ ਸਭ ਦਾ ਪਤਾ ਚੱਲਿਆ ਤਾਂ ਉਸ ਦੇ ਖਾਨਿਓਂ ਹੀ ਗਈ। ਉਸ ਨੇ ਇਸ ਬਾਰੇ ਕਦੇ ਸੋਚਿਆ ਵੀ ਨਹੀਂ ਸੀ। ਫੌਜ ਦੇ ਪੰਚਾਂ ਨੇ ਉਸ ਨੂੰ ਤਲਬ ਕਰ ਲਿਆ। ਹੀਰਾ ਸਿੰਘ ਅੰਦਰੋਂ ਡਰਦਾ ਤੇ ਬਾਹਰੋਂ ਹੌਸਲਾ ਦਿਖਾਉਂਦਾ ਪੰਚਾਂ ਦੇ ਸਾਹਮਣੇ ਪੇਸ਼ ਹੋ ਗਿਆ। ਉਸ ਨੂੰ ਪੰਚਾਂ ਤੋਂ ਇੰਨਾ ਡਰ ਨਹੀਂ ਸੀ ਲਗ ਰਿਹਾ ਜਿੰਨਾ ਬਾਕੀ ਦੀ ਫੌਜ ਤੋਂ। ਉਸ ਸੋਚਦਾ ਸੀ ਕਿ ਸਾਰੇ ਪੰਚ ਉਸ ਦੇ ਬੰਨੇ ਹੋਏ ਹਨ। ਉਹ ਸਭ ਨੂੰ ਫਤਿਹ ਬੁਲਾਉਂਦਾ ਉਹਨਾਂ ਦੇ ਸਾਹਮਣੇ ਜਾ ਖੜਾ ਹੋਇਆ। ਮੱਲ ਸਿੰਘ ਜੋ ਉਸ ਦਾ ਸੱਜਾ ਹੱਥ ਸੀ, ਉਹ ਗਰਜਵੀਂ ਅਵਾਜ਼ ਵਿਚ ਬੋਲਣ ਲਗਿਆ,
“ਹੀਰਾ ਸਿੰਘ, ਕੀ ਇਰਾਦਾ ਏ ਤੇਰਾ? ਵਜ਼ੀਰੀ ਕਰਨੀ ਏਂ ਕਿ ਕੁਝ ਹੋਰ?”
ਹੀਰਾ ਸਿੰਘ ਨੇ ਉਸ ਵੱਲ ਦੇਖਿਆ ਤੇ ਉਸ ਦੇ ਤੇਬਰ ਸਮਝਦਾ ਕਹਿਣ ਲਗਿਆ,
“ਸਰਦਾਰ ਜੀ, ਕੀ ਖੁਨਾਮੀ ਹੋ ਗਈ ਏ ਮੇਰੇ ਤੋਂ?”
“ਤੈਨੂੰ ਕੁਝ ਪਤਾ ਈ ਨਹੀਂ! ਤੂੰ ਕੁੰਵਰ ਪਿਸ਼ੌਰਾ ਸਿੰਘ ਤੇ ਕਸ਼ਮੀਰਾ ਸਿੰਘ ਤੋਂ ਸਿਆਲਕੋਟ ਖੋਹਿਆ ਏ, ਤੇਰਾ ਪੰਡਤ ਜੱਲਾ ਸ਼ਾਹੀ ਕਿਲ੍ਹੇ ਵਿਚ ਬਦਤਮੀਜ਼ੀਆਂ ਕਰ ਰਿਹਾ ਏ, ਤੂੰ ਕਹਿੰਨਾ ਏਂ ਕਿ ਤੈਨੂੰ ਕੁਝ ਪਤਾ ਈ ਨਹੀਂ, ਹੁਣ ਸੁਣ ਗੱਲ ਧਿਆਨ ਨਾਲ, ਅਗਾਂਹ ਤੋਂ ਤੂੰ ਉਹੀ ਕਰੇਂਗਾ ਜੋ ਤੈਨੂੰ ਅਸੀਂ ਕਹਾਂਗੇ ਨਹੀਂ ਤਾਂ ਅੰਜਾਮ ਕੀ ਹੋਵੇਗਾ ਤੂੰ ਜਾਣਦਾ ਈ ਏਂ।”
ਮੱਲ ਸਿੰਘ ਦੇ ਨਾਲ ਖੜੇ ਜਵਾਲਾ ਸਿੰਘ ਨੇ ਕਿਹਾ। ਹੀਰਾ ਸਿੰਘ ਹੈਰਾਨ ਸੀ ਕਿ ਉਸ ਤੋਂ ਇੰਨੀ ਰਿਸ਼ਵਤ ਖਾਣ ਵਾਲੇ ਪੰਚ ਉਸ ਨੂੰ ਖਾਣ ਨੂੰ ਪੈ ਰਹੇ ਸਨ। ਉਹ ਸਮਝ ਗਿਆ ਕਿ ਉਸ ਨੂੰ ਉਹਨਾਂ ਦੀ ਗੱਲ ਮੰਨਣੀ ਹੀ ਪਵੇਗੀ। ਉਸ ਨੇ ਕਿਹਾ,
“ਖਾਲਸਾ ਜੀ, ਮੈਂ ਤਾਂ ਸਦਾ ਖਾਲਸਾ ਫੌਜ ਦੇ ਕਹਿਣੇ ਵਿਚ ਰਿਹਾ ਹਾਂ, ਤੁਸੀਂ ਹੁਕਮ ਕਰੋ।”
“ਫਿਰ ਸੁਣ, ਸਭ ਤੋਂ ਪਹਿਲਾਂ ਪੂਰੀ ਇਜ਼ਤ ਨਾਲ ਕੁੰਵਰਾਂ ਦੀ ਰਿਆਸਤ ਵਾਪਸ ਕਰ, ਦੂਜੇ ਆਪਣੀ ਫੌਜ ਵਾਪਸ ਪਹਾੜਾਂ ਨੂੰ ਭੇਜ ਦੇ, ਜਦ ਅਸੀਂ ਇਥੇ ਹਾਂ ਤਾਂ ਤੇਰੀ ਫੌਜ ਦੀ ਲੋੜ ਨਹੀਂ।”
“ਜੀ ਠੀਕ ਏ।”
“ਹੀਰਾ ਸਿੰਘ, ਜਵਾਹਰ ਸਿੰਘ ਨੂੰ ਹੁਣੇ ਹੀ ਰਿਹਾ ਕਰਦੇ, ਮਾਈ ਦੀ ਇਜ਼ਤ ਕਰ, ਜੱਲੇ ਨੂੰ ਕਹਿ ਕਿ ਧਰਤੀ ‘ਤੇ ਰਹੇ ਨਹੀਂ ਤਾਂ ਧਰਤੀ ‘ਚ ਗੱਡ ਦੇਵਾਂਗੇ। ਉਹਨੂੰ ਇਹ ਵੀ ਦੱਸ ਦੇ ਕਿ ਸ਼ਾਹੀ ਕਿਲ੍ਹੇ ਵਿਚ ਹਰ ਇਕ ਨਾਲ ਇਜ਼ਤ ਨਾਲ ਪੇਸ਼ ਆਵੇ ਨਹੀਂ, ਜੇ ਉਸ ਨੇ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਗੱਲ ਕੀਤੀ ਤਾਂ ਉਸ ਦਾ ਸਿਰ ਕਲਮ ਕਰ ਦਿਤਾ ਜਾਏਗਾ, ਤੈਨੂੰ ਵੀ ਇਹੋ ਹੁਕਮ ਏ। ਇਕ ਹੋਰ ਗੱਲ ਸੁਣ; ਤੂੰ ਤਖਤ ਦਾ ਮਾਲਕ ਨਹੀਂ ਏਂ ਸਿਰਫ ਕਾਮਾ ਏਂ, ਮਹਿਜ਼ ਇਕ ਵਜ਼ੀਰ ਏਂ ਤੇ ਵਜ਼ੀਰ ਈ ਰਹਿ, ਸਾਰੇ ਫੈਸਲੇ ਦਰਬਾਰੀਆਂ ਦੀ ਸਲਾਹ ਲੈ ਕੇ ਕਰ, ਨਹੀਂ ਤਾਂ ਵਾਪਸ ਜੰਮੂ ਤੁਰ ਜਾਹ।”
(ਤਿਆਰੀ ਅਧੀਨ ਨਾਵਲ; ‘ਦਸ ਸਾਲ, ਦਸ ਯੁੱਗ’ ਵਿਚੋਂ)

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346