ਮੰਟੋ ਦਾ ਨਾਂ ਮੈਂ ਪਹਿਲੀ ਵਾਰ 1944
ਵਿਚ ਸੁਣਿਆ।
ਮੈਂ ਨੌਕਰੀ ਦੀ ਤਲਾਸ਼ ਵਿਚ ਦਿੱਲੀ ਆਇਆ। ਜੰਗ ਲੱਗਣ ਦੇ ਕਾਰਣ ਹਰ ਬੀ.ਏ., ਐਮ.ਏ. ਨੂੰ ਭਰਤੀ
ਕੀਤਾ ਜਾ ਰਿਹਾ ਸੀ। ਮੈਂ ਆਲ ਇੰਡੀਆ ਰੇਡੀਓ ਦੇ ਜੰਗ ਦੀਆਂ ਖ਼ਬਰਾਂ ਬ੍ਰਾਡਕਾਸਟ ਕਰਨ ਵਾਲੇ
ਸੈਕਸ਼ਨ ਵਿਚ ਦੋ ਸੌ ਰੁਪਏ ਮਹੀਨੇ ਉੱਤੇ ਨੌਕਰ ਹੋ ਗਿਆ।
ਅਸੀਂ ਛੇ ਜਣੇ ਇਕ ਵੱਡੇ ਕਮਰੇ ਵਿਚ ਇਕ ਵੱਡੀ ਮੇਜ਼ ਦੁਆਲੇ ਬੈਠਦੇ। ਸਾਰੇ ਦਿਨ ਵਿਚ ਅੱਧਾ
ਘੰਟਾ ਖ਼ਬਰਾਂ ਤਰਜਮਾ ਕਰਨ ਵਿਚ ਤੇ
ਦਸ ਮਿੰਟ ਬ੍ਰਾਡਕਾਸਟ ਕਰਨ ਵਿਚ ਲੱਗਦੇ। ਬਾਕੀ ਸਾਰਾ ਵਕਤ ਖਾਲੀ। ਪਰ ਸਾਡੇ ਲਈ ਫ਼ੌਜੀ ਹੁਕਮ
ਸੀ ਕਿ ਅਸੀਂ ਬਾਹਰ ਨਾ ਨਿਕਲੀਏ।
ਅਕਸਰ ਅਸੀਂ ਦਰਵਾਜ਼ਾ ਬੰਦ ਕਰਕੇ ਲਤੀਫ਼ੇ ਸੁਣਾਉਾਂਦੇ। ਰੀ ਚੰਦ ਚੱਢਾ ਮਾਂ ਭੈਣ ਦੀਆਂ
ਗਾਲ੍ਹਾਂ ਕੱਢਦਾ ਹੋਇਆ ਸਿਆਸੀ ਤੇ ਅਦਬੀ ਮਹਿਫ਼ਲਾਂ ਦੇ ਦਿਲਚਸਪ ਵਾਕਏ ਸੁਣਾਉਾਂਦਾ।ਰੰਡੀਆਂ
ਤੇ ਫ਼ੌਜੀ ਕੁੜੀਆਂ ਦੀਆਂ ਨੰਗੀਆਂ ਕਹਾਣੀਆਂ ਬਿਆਨ ਕਰਦਾ। ਕਦੇ ਕਦੇ ਉਹ ਮੇਜ਼ ਉੱਤੇ ਖੜ੍ਹਾ ਹੋ
ਕੇ ਨੱਚਣ ਲੱਗਦਾ ਤੇ ਅਸੀਂ ਸਾਰੇ ਤਾਲ ਦੇਂਦੇ। ਪਰ ਇਸ ਖ਼ਰਮਸਤੀ ਦੀ ਰੰਗ ਸਾਹਿਤਕ ਸੀ।
ਉਰਦੂ ਅਫ਼ਸਾਨਿਆਂ ਦਾ ਜ਼ਿਕਰ ਹੁੰਦਾ ਤਾਂ ਚੱਢਾ ਜਿਸ ਦੇ ਮੂੰਹੋਂ ਗਾਲ੍ਹ ਸਜਦੀ ਸੀ, ਆਖਦਾ,
‘‘ਤੁਹਾਡੇ ਬਾਪ ਮੰਟੋ ਨੇ ਸਾਰੇ ਅਦੀਬਾਂ ਦੀ ਮਾਂ ਨੂੰ-!‘‘
ਸਰਦੀ ਦੇ ਦਿਨ ਸਨ। ਬਾਹਰ ਬੂੰਦਾ-ਬਾਂਦੀ ਹੋ ਰਹੀ ਸੀ। ਦਿਲਾਂ ਵਿਚ ਅਜੀਬ ਵੀਰਾਨੀ ਤੇ
ਉਦਾਸੀ। ਚੱਢਾ ਛੁੱਟੀ ਲੈ ਕੇ ਸ਼ਰਾਬ ਪੀਣ ਚਲਾ ਗਿਆ, ਅਸੀਂ ਹੋਰ ਵੀ ਬੁਝੇ ਬੁਝੇ ਇਕੱਲੇ
ਇਕੱਲੇ ਮਹਿਸੂਸ ਕਰਨ ਲੱਗੇ। ਕਿਸੇ ਕੰਮ ਵਿਚ ਜੀ ਨਹੀਂ ਸੀ ਲੱਗਦਾ। ਜਾਂਦੇ ਹੋਏ ਚੱਢਾ
‘ਅਦਬ-ਇ-ਲਤੀਫ਼‘ ਦਾ ਅਫ਼ਸਾਨਾ ਨੰਬਰ ਛੱਡ ਗਿਆ ਸੀ।
ਮੈਂ ਵਰਕੇ ਉਲਟਾਉਣ ਲੱਗਾ। ਇਸ ਵਿਚ ਕ੍ਰਿਸ਼ਨ ਚੰਦਰ ਦੀ ਮਸ਼ਹੂਰ ਕਹਾਣੀ ‘ਅੰਨ ਦਾਤਾ‘ ਸੀ ਜਿਸ
ਵਿਚ ਬੰਗਾਲ ਦੇ ਮਹਾਂ ਕਾਲ ਦਾ ਬਿਆਨ ਸੀ। ਬਹੁਤ ਲੰਬੀ। ਮੈਂ ਦਸ ਬਾਰਾਂ ਸਫ਼ੇ ਪੜ੍ਹੇ ਤੇ ਛੱਡ
ਦਿੱਤੀ। ਦੂਸਰੇ ਅਦੀਬਾਂ ਦੀਆਂ ਕਹਾਣੀਆਂ ਉੱਤੇ ਝਾਤ ਮਾਰੀ ਪਰ ਕੋਈ ਅਦਬੀ ਸ਼ੋਹਲਾ ਨਾ ਭੜਕਿਆ।
ਅਚਾਨਕ ਮੇਰੀ ਨਜ਼ਰ ਸਆਦਤ ਹਸਨ ਮੰਟੋ ਦੇ ਨਾਂ ਉੱਤੇ ਪਈ। ਬਹੁਤ ਅਜੀਬ ਨਾਂ ਸੀ। ਮੰਟੋ...
ਜਿਵੇਂ ਲਾਰਡ ਮਿੰਟੋ ਜਾਂ ਪਿੰਟੋ... ਜਾਂ ਵਿਮਟੋ। ਬਹੁਤ ਨਕਲੀ ਤੇ ਹਾਸੋ ਹੀਣਾ ਨਾਂ। ਫਿਰ
ਕਹਾਣੀ ਦਾ ਨਾਂ ਪੜ੍ਹਿਆ... ‘ਬੂ‘।
ਕਹਾਣੀ ਪੜ੍ਹਨ ਲੱਗਾ ਤਾਂ ਇਕੋ ਰੌਅ ਵਿਚ ਸਾਰੀ ਕਹਾਣੀ ਪੜ੍ਹ ਗਿਆ। ਹਰ ਫ਼ਿਕਰਾ ਹੁਸੀਨ।
ਕਹਾਣੀ ਦੇ ਪਾਤਰਾਂ ਦੇ ਮਾਨਸਿਕ ਤੇ ਸਰੀਰਕ ਰਿਸ਼ਤੇ ਬਹੁਤ ਸਪੱਸ਼ਟ ਤੇ ਜਾਦੂ-ਭਰੇ ਸਨ। ਮੈਨੂੰ
ਹੁਣ ਤੀਕ ਉਸ ਕਹਾਣੀ ਦੇ ਫ਼ਿਕਰੇ, ਤਸ਼ਬੀਹਾਂ ਤੇ ਸਾਹਾਂ ਦਾ ਬਿਆਨ ਯਾਦ ਹੈ। ਇਸ ਦਾ ਏਨਾ
ਡੂੰਘਾ ਅਸਰ ਪਿਆ ਕਿ ਮੈਨੂੰ ਪਤਾ ਹੀ ਨਾ ਚੱਲਿਆ ਕਿ ਪੰਜ ਵਜ ਗਏ ਤੇ ਮੇਰੇ ਸਾਥੀ ਘਰ ਜਾਣ ਲਈ
ਉੱਠ ਖੜ੍ਹੇ ਹੋਏ ਸਨ।
ਕਹਾਣੀ ਵਿਚ ਜਿਸਮਾਨੀ ਖੇੜਾ ਸੀ, ਇਕ ਚਮਕ ਸੀ। ਮਾਨਸਿਕ ਤਜਰਬਾ ਤੇ ਲੱਜ਼ਤ ਸੀ। ਛੋਟੇ-ਛੋਟੇ
ਫ਼ਿਕਰਿਆਂ ਵਿਚ ਸਾਦਗੀ ਜੋ ਇਕ ਪੁਖਤਾ ਮੰਝੇ ਹੋਏ ਕਲਾਕਾਰ ਵਿਚ ਹੁੰਦੀ ਹੈ।
ਇਸ ਕਹਾਣੀ ਦਾ ਹੀਰੋ ਰਣਧੀਰ ਹੈ ਜਿਸ ਨੇ ਇਕ ਘਾਟਣ ਕੁੜੀ ਨਾਲ ਰਾਤ ਗੁਜ਼ਾਰੀ। ਰਣਧੀਰ ਆਪਣੇ
ਕਮਰੇ ਦੀ ਖਿੜਕੀ ਵਿਚ ਬੈਠਾ ਬੋਰ ਹੋ ਰਿਹਾ ਸੀ ਕਿ ਉਸ ਨੂੰ ਰੱਸੀਆਂ ਦੇ ਕਾਰਖ਼ਾਨੇ ਵਿਚ ਕੰਮ
ਕਰਨ ਵਾਲੀ ਘਾਟਣ ਨਜ਼ਰ ਆਈ ਜੋ ਬਾਰਸ਼ ਤੋਂ ਬਚਣ ਲਈ ਇਮਲੀ ਦੇ ਦਰਖ਼ਤ ਹੇਠਾਂ ਖੜ੍ਹੀ ਸੀ। ਰਣਧੀਰ
ਨੇ ਗਲਾ ਸਾਫ਼ ਕਰਨ ਦੇ ਬਹਾਨੇ ਖੰਘੂਰੇ ਮਾਰ ਕੇ ਉਸ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਤੇ
ਇਸ਼ਾਰੇ ਨਾਲ ਉਸ ਨੂੰ ਉੱਪਰ ਬੁਲਾ ਲਿਆ।
ਦੋਹਾਂ ਨੇ ਕੋਈ ਖ਼ਾਸ ਗੱਲਬਾਤ ਨਾ ਕੀਤੀ। ਜਿਸਮ ਵਿਚੋਂ ਤੜਪਦੀ ਹੋਈ ਰੋਅ ਹੀ ਉਨ੍ਹਾਂ ਦੀ
ਜ਼ਬਾਨ ਬਣ ਗਈ ਸੀ। ਰਣਧੀਰ ਨੇ ਉਸ ਦੇ ਮੀਂਹ ਵਿਚ ਭਿੱਜੇ ਹੋਏ ਕੱਪੜੇ ਦੇਖ ਕੇ ਉਸ ਨੂੰ ਨਵੀਂ
ਧੋਤੀ ਦੇ ਦਿੱਤੀ। ਕੁੜੀ ਨੇ ਗਿੱਲਾ ਕਾਸ਼ਠਾ ਖੋਲ੍ਹ ਕੇ ਇਕ ਪਾਸੇ ਰੱਖ ਦਿੱਤਾ ਤੇ ਧੋਤੀ ਲਪੇਟ
ਲਈ। ਇਸ ਪਿਛੋਂ ਉਹ ਚੋਲੀ ਦੀਆਂ ਤਣੀਆਂ ਖੋਲ੍ਹਣ ਲੱਗੀ ਤਾਂ ਮੀਂਹ ਨਾਲ ਭਿੱਜੀਆਂ ਤਣੀਆਂ ਦੀ
ਗੰਢ ਹੋਰ ਪੀਢੀ ਹੋ ਗਈ। ਉਸ ਨੇ ਸਿਰਫ਼ ਇਹੋ ਕਿਹਾ, ‘ਖੁਲ੍ਹਦੀ ਨਹੀਂ।‘
ਰਣਧੀਰ ਦੇ ਮਜ਼ਬੂਤ ਹੱਥਾਂ ਨੇ ਤਣੀਆਂ ਨੂੰ ਝਟਕਾ ਦਿੱਤਾ ਤਾਂ ਚੋਲੀ ਖੁਲ੍ਹ ਗਈ ਤੇ ਉਸ ਦੇ
ਹੱਥਾਂ ਵਿਚ ਘਾਟਣ ਦੀਆਂ ਸਰੁਮਈ ਛਾਤੀਆਂ ਆ ਗਈਆਂ।
ਮੰਟੋ ਇਸ ਘਾਟਣ ਦੇ ਜਿਸਮ ਦੀ ਸਾਂਵਲੀ ਚਮਕ ਤੇ ਛਾਤੀਆਂ ਨੂੰ ਬਿਆਨ ਕਰਦਾ ਹੈ : ਜਿਵੇਂ ਕਿਸੇ
ਘੁਮਿਆਰ ਨੇ ਚੱਕ ਤੋਂ ਕੱਚੀ ਮਿੱਟੀ ਦੇ ਪਿਆਲੇ ਲਾਹੇ ਹੋਣ... ਜਿਵੇਂ ਗੰਧਲੇ ਤਲਾਅ ਵਿਚ ਦੋ
ਦੀਵੇ ਚਲ ਉੱਠੇ ਹੋਣ।
ਰਣਧੀਰ ਘਾਟਣ ਦੇ ਜਿਸਮ ਦੀ ਬੂ ਨੂੰ ਸਾਰੀ ਰਾਤ ਪੀਂਦਾ ਰਿਹਾ ਤੇ ਇਹ ਬੂ ਉਸ ਦੇ ਜਿਸਮ ਵਿਚ
ਦੀ ਹੁੰਦੀ ਹੋਈ ਦਿਮਾਗ ਦੇ ਹਰ ਖੂੰਜੇ ਵਿਚ ਰਚ ਗਈ ਸੀ। ਫਿਰ ਜਦੋਂ ਉਹ ਸ਼ਾਦੀ ਕਰਦਾ ਹੈ ਤਾਂ
ਉਸ ਨੂੰ ਸੁਹਾਗ ਰਾਤ ਮਨਾਉਣ ਲੱਗਿਆਂ ਆਪਣੀ ਦੁਲਹਨ ਦਾ ਹੁਸਨ ਫਿੱਕਾ ਤੇ ਬੇ-ਰਸ ਲਗਦਾ ਹੈ
ਜਿਵੇਂ ਫਿੱਟੇ ਦੁੱਧ ਵਿਚ ਫੁਟੀਆਂ ਤਰ ਰਹੀਆਂ ਹੋਣ। ਉਸ ਦੇ ਸੁਰਖ਼ ਰੇਸ਼ਮੀ ਨਾਲੇ ਨੇ ਉਸ ਦੇ
ਸਫ਼ੈਦ ਜਿਸਮ ਉੱਤੇ ਚੀਗਾਂ ਪਾ ਦਿੱਤੀਆਂ ਸਨ, ਰੇਸ਼ਮੀ ਧੱਬੇ। ਉਹ ਘਾਟਣ ਨਾਲ ਗੁਜ਼ਾਰੀ ਰਾਤ ਤੇ
ਉਸ ਦੇ ਜਿਸਮ ਦੀ ਸਿਹਤਮੰਦ ਬੂ ਨੂੰ ਨਹੀਂ ਭੁੱਲ ਸਕਦੀ। ਉਸ ਸਾਂਵਲੀ ਬੂ ਦੇ ਸਾਹਮਣੇ
ਮਧ-ਸ਼੍ਰੇਣੀ ਦੀ ਘੁਟੀ ਹੋਈ ਮੁਹੱਬਤ ਤੇ ਬੀਵੀ ਨਾਲ ਰਸਮੀ ਪਿਆਰ ਫਿੱਕਾ ਤੇ ਬੇਜਾਨ ਹੈ।
ਕਹਾਣੀ ਪੜ੍ਹਨ ਪਿਛੋਂ ਮੈਂ ਪਹਿਲੀ ਵਾਰ ਨਵੇਂ ਉਰਦੂ ਸਾਹਿਤ ਬਾਰੇ ਨਵੇਂ ਢੰਗ ਨਾਲ ਸੋਚਿਆ।
ਇਸ ਤੋਂ ਪਹਿਲਾਂ ਮੈਂ ਕ੍ਰਿਸ਼ਨ ਚੰਦਰ ਦੀਆਂ ਕਹਾਣੀਆਂ ਪੜ੍ਹੀਆਂ ਸਨ ਜਿਨ੍ਹਾਂ ਦਾ ਪਿਛੋਕੜ
ਕਸ਼ਮੀਰ ਸੀ ਤੇ ਜਿਨ੍ਹਾਂ ਵਿਚ ਪਿਆਰ ਤੇ ਗ਼ਰੀਬੀ ਦੀ ਤੜਪ ਸੀ। ਦੂਸਰੇ ਅਦੀਬਾਂ ਤੇ ਅਫ਼ਸਾਨੇ
ਪੜ੍ਹਨ ਦਾ ਵੀ ਮੌਕਾ ਮਿਲਿਆ ਸੀ। ਪਰ ਸਭ ਨੂੰ ਪੜ੍ਹ ਕੇ ਮੈਨੂੰ ਇਹੋ ਲੱਗਿਆ ਸੀ, ‘ਇਹੋ ਜਿਹੀ
ਕਹਾਣੀ ਤਾਂ ਮੈਂ ਲਿਖ ਸਕਦਾ ਹਾਂ।‘
ਇਹ ਮੇਰਾ ਸਿਰਫ਼ ਮਾਨਸਿਕ ਪ੍ਰਤੀਕਰਮ ਸੀ। ਸ਼ਾਇਦ ਮੈਂ ਕ੍ਰਿਸ਼ਨ ਚੰਦਰ ਜਾਂ ਰਾਜਿੰਦਰ ਸਿੰਘ
ਬੇਦੀ ਵਰਗੀ ਕਹਾਣੀ ਨਾ ਲਿਖ ਸਕਦਾ। ਪਰ ਉਨ੍ਹਾਂ ਨੂੰ ਪੜ੍ਹਦੇ ਹੋਏ ਮੈਨੂੰ ਇਹੋ ਜਾਪਿਆ ਕਿ
ਮੇਰੀ ਰਚਨਾਤਮਕ ਸ਼ਕਤੀ ਦੀ ਉਡਾਨ ਉਨ੍ਹਾਂ ਤੋਂ ਉੱਚੀ ਸੀ।
ਪਰ ਜਦ ਮੰਟੋ ਨੂੰ ਪੜ੍ਹਿਆ ਤਾਂ ਮਹਿਸੂਸ ਹੋਇਆ ਕਿ ਮੈਂ ਇਹੋ ਜਿਹੀ ਕਹਾਣੀ ਨਹੀਂ ਲਿਖ ਸਕਦਾ।
ਕਾਸ਼! ਮੈਂ ਅਜਿਹੀ ਨਿਵੇਕਲੀ ਤੇ ਉੱਚ ਕੋਟੀ ਦੀ ਕਹਾਣੀ ਲਿਖ ਸਕਦਾ ਹੁੰਦਾ। ਨਹੀਂ, ਮੈਂ ਇਤਨੀ
ਮਹਾਨ ਕਹਾਣੀ ਕਦੇ ਵੀ ਨਹੀਂ ਲਿਖ ਸਕਦਾ।
ਮੰਟੋ ਮੇਰੇ ਲਈ ਕਹਾਣੀ ਦਾ ਆਦਰਸ਼ ਬਣ ਗਿਆ।
ਇਕ ਦਿਨ ਅਚਾਨਕ ਲੰਚ ਪਿਛੋਂ ਦਫਤਰ ਦਾ ਚਪੜਾਸੀ ਮੇਰੀ ਮੇਜ਼ ਉੱਤੇ ਇਕ ਲਿਫ਼ਾਫ਼ਾ ਰੱਖ ਲਿਆ। ਪਤਾ
ਨਹੀਂ ਕਿਉਂ, ਮੈਨੂੰ ਇਸ ਲਿਫ਼ਾਫ਼ੇ ਵਿਚ ਕੋਈ ਖ਼ਤਰਾ ਨਜ਼ਰ ਆਇਆ, ਕੋਈ ਸੰਗੀਨ ਹੁਕਮ, ਕੋਈ
ਪ੍ਰੇਸ਼ਾਨ ਕਰਨ ਵਾਲਾ ਸੁਨੇਹਾ। ਲਿਫ਼ਾਫ਼ਾ ਖੋਲ੍ਹਣ ਤੋਂ ਪਹਿਲਾਂ ਮੈਨੂੰ ਉਸ ਵੇਲੇ ਦੀ ਮਾਨਸਿਕ
ਦਸ਼ਾ ਹੁਣ ਤੀਕ ਯਾਦ ਹੈ।
ਲਿਫ਼ਾਫ਼ਾ ਖੋਲ੍ਹਿਆ। ਮੈਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ। ਮੈਂ ਲਿਫ਼ਾਫ਼ਾ ਲੈ ਕੇ
ਮੇਜਰ ਬਖ਼ਸ਼ੀ ਕੋਲ ਗਿਆ।
ਉਸ ਨੇ ਆਖਿਆ, ‘‘ਅਸੀਂ ਕੋਈ ਵਜ੍ਹਾ ਦੱਸਣ ਲਈ ਤਿਆਰ ਨਹੀਂ। ਇਹ ਰਹੀ ਤੁਹਾਡੀ ਇਕ ਮਹੀਨੇ ਦੀ
ਪੇਸ਼ਗੀ ਤਨਖਾਹ।‘‘
ਉਸਨੇ ਦਰਾਜ਼ ਵਿਚੋਂ ਦਸ-ਦਸ ਰੁਪਏ ਦੇ ਨਵੇਂ ਤੇ ਕਰਾਰੇ ਨੋਟ ਕੱਢੇ, ਤੇ ਮੈਂ ਇਹਨਾਂ ਨੂੰ ਲੈ
ਕੇ ਵਾਪਸ ਆ ਗਿਆ।
ਮੇਰੀ ਮੁਅੱਤਲੀ ਦਾ ਪਰਵਾਨਾ ਇਸ ਲਈ ਆਇਆ ਸੀ ਕਿ ਸਰਕਾਰ ਨੇ ਆਪਣੀ ਖ਼ੁਫੀਆ ਪੁਲਿਸ ਰਾਹੀਂ
ਮੇਰੀਆਂ ਪਿਛਲੀਆਂ ਸਰਗਰਮੀਆਂ ਦੀ ਛਾਣ-ਬੀਣ ਕੀਤੀ ਸੀ। ਉਨ੍ਹਾਂ ਨੂੰ ਪਤਾ ਚੱਲਿਆ ਕਿ 1942
ਦੀ ਆਜ਼ਾਦੀ ਦੀ ਤਹਿਰੀਕ ਵਿਚ ਹਿੱਸਾ ਲੈਣ ਲਈ ਮੈਨੂੰ ਗ੍ਰਿਫਤਾਰ ਕੀਤਾ ਗਿਆ। ਮੁਅੱਤਲੀ ਲਈ ਇਹ
ਜ਼ੁਰਮ ਕਾਫ਼ੀ ਸੀ।
ਮੈਂ ਕਮਰੇ ਵਿਚ ਜਾ ਕੇ ਆਪਣੇ ਸਾਥੀਆਂ ਨੂੰ ਇਹ ਖ਼ਬਰ ਸੁਣਾਈ। ਹਮਦਰਦੀ ਵਜੋਂ ਹਿੰਦੀ ਦਾ ਇਕ
ਲੇਖਕ ਰੋਣ ਲੱਗਿਆ। ਮੈਂ ਨਵੀਂ ਤਨਖਾਹ ਵਿਚੋਂ ਇਕ ਕਰਾਰਾ ਨੋਟ ਕੱਢਿਆ ਤੇ ਸਭਨਾਂ ਲਈ ਚਾਹ ਤੇ
ਪੇਸਟਰੀ ਦਾ ਆਰਡਰ ਕੀਤਾ।
ਚੱਢਾ ਨੇ ਇਸ ਨਿੱਕੀ ਜਿਹੀ ਅਲਵਿਦਾਈ ਰਸਮ ਦੀ ਪ੍ਰਧਾਨਗੀ ਕੀਤੀ ਤੇ ਆਪਣੇ ਖ਼ਾਸ
ਅੰਦਾਜ਼ ਵਿਚ ਬੋਲਿਆ, ‘‘ਓਏ ਉੱਲੂ ਦਿਉ ਪੱਠਿਓ! ਤੁਸੀਂ ਸਾਰੇ ਇਥੇ ਸਰਕਾਰ ਦੀ ਗ਼ੁਲਾਮੀ ਕਰਦੇ
ਰਹੋਗੇ। ਇਹ ਪੰਛੀ ਆਜ਼ਾਦ ਹੋ ਗਿਆ।‘‘
ਜਾਣ ਲੱਗੇ ਉਸ ਨੇ ਮੈਨੂੰ ਮੰਟੋ ਦੀਆਂ ਕਹਾਣੀਆਂ ਦੀ ਕਿਤਾਬ ਦਿੱਤੀ।
ਉਹ ਖ਼ੁਦ ਮੰਟੋ ਨਾਲ ਦਿੱਲੀ ਦੇ ਰੇਡੀਓ ਸਟੇਸ਼ਨ ਉੱਤੇ ਕੰਮ ਕਰ ਚੁੱਕਿਆ ਸੀ ਤੇ ਅਕਸਰ ਮੰਟੋ
ਦੀਆਂ ਗੱਲਾਂ ਸੁਣਾਉਂਦਾ। ਉਹ ਆਖਦਾ, ‘‘ਮੰਟੌ ਸਭ ਦਾ ਬਾਪ ਸੀ। ਇਥੇ ਆਲ ਇੰਡੀਆ ਰੇਡੀਓ ਵਿਚ
ਦੋ ਸਾਲ ਨੌਕਰੀ ਕਰਕੇ ਉਹ ਬੰਬਈ ਚਲਾ ਗਿਆ ਤੇ ਪਿਛੇ ਇਕ ਸੌ ਡਰਾਮੇ ਤੇ ਫ਼ੀਚਰ ਛਡ ਗਿਆ। ਉਹ
ਉਪੇਂਦਰ ਨਾਥ ਅਸ਼ਕ ਸਾਰੀ ਉਮਰ ਉਸ ਨਾਲ ਦੋਸਤੀ ਪਾਉਣ ਦੀ ਕੋਸ਼ਿਸ਼ ਕਰਦਾ ਰਿਹਾ ਪਰ ਉਹਨੇ ਨੇੜੇ
ਨਾ ਆਉਣ ਦਿੱਤਾ।‘‘
ਮੰਟੋ ਦੀ ਅਦਬੀ ਦੋਸਤੀ ਦਾ ਘੇਰਾ ਸ਼ਾਹਾਨਾ ਸੀ। ਇਸ ਵਿਚ ਕ੍ਰਿਸ਼ਨ ਚੰਦਰ, ਇਸਮਤ ਚੁਗ਼ਤਾਈ,
ਰਾਜਿੰਦਰ ਸਿੰਘ ਬੇਦੀ ਤੇ ਅਹਿਮਦ ਨਦੀਮ ਕਾਸਮੀ ਸ਼ਾਮਿਲ ਸਨ। ਪਰ ਉਪੇਂਦਰ ਨਾਥ ਅਸ਼ਕ ਕਦੇ ਇਸ
ਹਲਕੇ ਵਿਚ ਸ਼ਾਮਲ ਨਾ ਹੋ ਸਕਿਆ। ਉਹ ਬਾਹਰਲੇ ਕੰਢੇ ਤੇ ਰਿਹਾ। ਰੇਡੀਓ ਸਟੇਸ਼ਨ ਵਿਚ ਇਕ ਜਗ੍ਹਾ
ਕੰਮ ਕਰਦੇ ਹੋਏ ਉਹ ਮੰਟੋ ਦੀਆਂ ਉੱਤਮ ਸਾਹਿਤਕ ਕਦਰਾਂ ਨੂੰ ਨਾ ਛੂਹ ਸਕਿਆ।
ਮੰਟੋ ਹਿੰਦੁਸਤਾਨੀ ਸਾਹਿਤ ਦਾ ਉੱਚਾ ਮੀਨਾਰ ਸੀ।
ਮੈਨੂੰ ਉਸ ਵੇਲੇ ਵੀ ਇਸ ਗੱਲ ਦਾ ਅਹਿਸਾਸ ਸੀ ਕਿ ਮੰਟੋ ਇਕ ਅਨੋਖਾ ਸਾਹਿਤਕ ਚਮਤਕਾਰ ਹੈ।
ਮੈਂ ਸਮਝਦਾ ਹਾਂ ਕਿ ਕੁਝ ਸਾਲਾਂ ਪਿਛੋਂ ਲੋਕ ਪੁੱਛਣਗੇ ਕਿ ਮੰਟੋ ਕਿਸ ਕੈਫੇ ਵਿਚ ਬੈਠਦਾ
ਸੀ, ਕਿਥੇ ਰਹਿੰਦਾ ਸੀ, ਕਿਸ ਕਿਸਮ ਦਾ ਪੈੱਨ ਇਸਤੇਮਾਲ ਕਰਦਾ ਸੀ, ਰੇਡੀ ਸਟੇਸ਼ਨ ਦੇ ਕਿਸ
ਕਮਰੇ ਵਿਚ ਬੈਠ ਕੇ ਲਿਖਦਾ ਸੀ।
ਉਹਨੀਂ ਦਿਨੀਂ ਮੈਂ ਮੰਟੋ ਦੇ ਨਾਲ ਕੰਮ ਕਰਨ ਵਾਲੇ ਲੋਕਾਂ ਨੂੰ ਮਿਲਿਆ ਅਤੇ ਉਸ ਬਾਰੇ
ਛੋਟੀਆਂ-ਛੋਟੀਆਂ ਗੱਲਾਂ ਦਾ ਪਤਾ ਕੀਤਾ। ਰੇਡੀਓ ਸਟੇਸ਼ਨ ਦੀ ਦੂਜੀ ਮੰਜ਼ਿਲ ਦੇ ਉਪਰ ਸਨੋਬਰ
ਖ਼ਾਨ ਦਾ ਰੈਸਟੋਰੈਂਟ ਸੀ ਜਿਥੇ ਉਹ ਚਾਹ ਪੀਣ ਜਾਂਦਾ। ਮੰਟੋ ਥੈਲੇ ਵਿਚ ਉਰਦੂ ਦਾ ਨਿੱਕਾ
ਜਿਹਾ ਜਿਹਾ ਟਾਈਪ ਰਾਈਟਰ ਲੈ ਕੇ ਰੇਡੀਓ ਸਟੇਸ਼ਨ ਆਉਂਦਾ ਤੇ ਸਿੱਧਾ ਟਾਈਪ ਰਾਈਟਰ ਉੱਤੇ ਹੀ
ਡਰਾਮੇ ਲਿਖਦਾ।
ਉਸਨੂੰ ਆਪਣੀ ਕਲਾ ਉੱਤੇ ਨਾਜ਼ ਸੀ ਤੇ ਕਈ ਵਾਰ ਉਹ ਸ਼ਰਤ ਲਾ ਕੇ ਡਰਾਮਾ ਲਿਖਦਾ। ਇਕ ਵਾਰ ਉਸ
ਨੇ ਦੋਸਤਾਂ ਦੇ ਸਾਹਮਣੇ ਐਲਾਨ ਕੀਤਾ ਕਿ ਉਹ ਕੋਈ ਨਾਂ ਜਾਂ ਮਜ਼ਮੂਨ ਤਜਵੀਜ਼ ਕਰਨ, ਉਹ ਉਸੇ
ਉੱਤੇ ਡਰਾਮਾ ਲਿਖ ਦੇਵੇਗਾ। ਸ਼ਰਤ: ਦੋ ਦਰਜਨ ਬੀਅਰ ਦੀਆਂ ਬੋਤਲਾਂ।
ਇਕ ਦੋਸਤ ਨੇ ਕਿਹਾ, ‘‘ਕਬੂਤਰੀ। ਲਿਖ ਇਸ ਉੱਤੇ ਡਰਾਮਾ‘‘
ਮੰਟੋ ਨੇ ਟਾਈਪ ਰਾਈਟਰ ਉਤੇ ਕਾਗਜ਼ ਚੜ੍ਹਾਇਆ ਤੇ ‘‘ਕਬੂਤਰੀ‘‘ ਡਰਾਮਾ ਲਿਖਿਆ ਜੋ ਬੇਹੱਦ
ਮਕਬੂਲ ਹੋਇਆ।
ਇਕ ਵਾਰ ਉਹ ਦੋਸਤਾਂ ਨਾਲ ਡਰਾਮੇ ਬਾਰੇ ਸ਼ਰਤ ਲਾ ਰਿਹਾ ਸੀ ਕਿ ਕੋਈ ਕਮਰੇ ਅੰਦਰ ਦਾਖ਼ਲ ਹੁੰਦੇ
ਹੋਏ ਬੋਲਿਆ, ‘‘ਕੀ ਮੈਂ ਅੰਦਰ ਆ ਸਕਦਾ ਹਾਂ?‘‘
ਦੂਜੇ ਆਦਮੀ ਨੇ ਕਿਹਾ, ‘‘ਮੰਟੋ ਮਜ਼ਾਂ ਤਾਂ ਫਿਰ ਐ ਜੇ ਤੂੰ ਇਸੇ ਅਨਵਾਨ ਉੱਤੇ ਡਰਾਮਾ
ਲਿਖੇ।‘‘
ਬੀਅਰ ਦੀਆਂ ਬੋਤਲਾਂ ਦੀ ਸ਼ਰਤ ਲਗ ਗਈ। ਮੰਟੋ ਨੇ ‘‘ਕੀ ਮੈਂ ਅੰਦਰ ਆ ਸਕਦਾ ਹਾਂ।‘‘ ਡਰਾਮਾ
ਲਿਖ ਦਿੱਤਾ।
ਇਕ ਵਾਰ ਕਿਸੇ ਲੇਖਕ ਨੇ ਰੇਡੀਓ ਉਤੇ ਆਪਣਾ ਪ੍ਰੋਗਰਾਮ ਕੈਂਸਲ ਕਰ ਦਿੱਤਾ। ਸਾਰੇ ਹਲਚਲ ਮਚ
ਗਈ ਕਿ ਇਸ ਪ੍ਰੋਗਰਾਮ ਨੂੰ ਕਿਵੇਂ ਪੂਰਾ ਕੀਤਾ ਜਾਵੇ। ਮੰਟੋ ਨੂੰ ਆਖਿਆ ਗਿਆ ਕਿ ਉਹ ਕੋਈ
ਫ਼ੀਚਰ ਜਾਂ ਡਰਾਮਾ ਲਿਖ ਦੇਵੇ।
ਉਹ ਗ਼ੁੱਸੇ ਨਾਲ ਬੋਲਿਆ, ‘‘ਮੈਂ ਨਹੀਂ ਲਿਖ ਸਕਦਾ। ਮਸ਼ੀਨ ਨੂੰ ਵੀ ਵਕਤ ਚਾਹੀਦੈ!‘‘
ਉਸਦੀ ਮਿੰਨਤ ਕੀਤੀ ਗਈ। ਇਕ ਦੋਸਤ ਨੇ ਟਾਈਪ ਰਾਈਟਰ ਖੋਲ੍ਹ ਕੇ ਕਗ਼ਜ਼ ਚੜ੍ਹਾਇਆ ਤੇ ਮੰਟੋ ਨੂੰ
ਆਖਿਆ, ‘‘ਯਾਰ, ਲਿਖਦੇ ਨਾ! ਅਸੀਂ ਬਾਹਰ ਬੈਠੇ ਇੰਤਜ਼ਾਰ ਕਰਦੇ ਹਾਂ।‘‘
ਮੰਟੋ ਥੋੜ੍ਹੀ ਦੇਰ ਟਾਈਪ ਰਾਈਟਰ ਦੇ ਸਾਹਮਣੇ ਬੈਠਾ ਰਿਹਾ ਤੇ ਕਾਗ਼ਜ਼ ਨੂੰ ਘੂਰਦਾ ਰਿਹਾ। ਫਿਰ
ਉਸਨੇ ਸਿਰਲੇਖ ਜਮਾਇਆ, ‘‘ਇੰਤਜ਼ਾਰ।‘‘
ਇਹ ਡਰਾਮਾ ਉਸਦੇ ਬੇਹਤਰੀਨ ਡਰਾਮਿਆਂ ਵਿਚੋਂ ਹੈ। ਇਸ ਵਿਚ ਉਸਨੇ ਤਕਨੀਕੀ ਤੇ ਮਨੋਵਿਗਿਆਨਕ
ਦ੍ਰਿਸ਼ਟੀਕੋਣ ਤੋਂ ਤਜਰਬਾ ਕੀਤਾ। ਇਕ ਨੌਜਵਾਨ ਆਪਣੀ ਮਹਿਬੂਬਾ ਨੂੰ ਖ਼ਤ ਲਿਖ ਰਿਹਾ ਹੈ ਕਿ ਉਹ
ਬੈਠਾ ਉਸਦਾ ਇੰਤਜ਼ਾਰ ਕਰ ਰਿਹਾ ਹੈ। ਇਹ ਨੌਜਵਾਨ ਦੋ ਮਨੋਵਿਗਿਆਨਕ ਪੱਧਰਾਂ ਉਤੇ ਬੋਲਦਾ ਹੈ-
ਇਕ ਚੇਤੰਨ ਤੇ ਦੂਸਰਾ ਉਪਚੇਤ। ਦੋਹਾਂ ਵਿਚ ਸਸਪੈਂਸ-ਭਰੇ ਪ੍ਰਸਪਰ ਟਕਰਾਉ ਵਾਲੇ ਵਾਰਤਾਲਾਪ
ਹਨ। ਉਪਚੇਤ ਵਾਲਾ ਨੌਜਵਾਨ ਚੇਤੰਨ ਨੌਜਵਾਨ ਨੂੰ ਟੋਕਦਾ, ਰੋਕਦਾ, ਟਿੱਪਣੀ ਕਰਦਾ ਉਸ ਨਾਲ
ਗੱਲਾਂ ਕਰਦਾ ਹੈ ਤੇ ਉਸਦੇ ਮਨ ਦੀਆਂ ਅੰਦੂਰਨੀ ਤਹਿਆਂ ਖੋਲ੍ਹਦਾ ਹੈ।
ਇਸ ਕਿਸਮ ਦਾ ਨਾਟਕੀ ਅਨੁਭਵ ਤੇ ਪਾਤਰ ਦਾ ਸਵੈ-ਵਿਸ਼ਲੇਸ਼ਣ ਮੰਟੋ ਦੀ ਸਾਹਿਤਕ ਪ੍ਰਤਿਭਾ ਦੀ
ਵਿਸ਼ੇਸ਼ਤਾ ਸੀ।
ਇਕ ਵਾਰ ਰੇਡੀਓ ਸਟੇਸ਼ਨ ਦੇ ਡਾਇਰੈਕਟਰ ਮਿਸਟਰ ਐਡਵਾਨੀ ਨੇ ਮੰਟੋ ਦੇ ਡਰਾਮੇ ਦੇ ਕਿਸੇ ਫ਼ਿਕਰੇ
ਉਤੇ ਇਤਰਾਜ ਕੀਤਾ ਤੇ ਇਸਨੂੰ ਬਦਲਣ ਲਈ ਆਖਿਆ। ਉਹਨੀਂ ਦਿਨੀਂ ਏ.ਐਸ. ਬੁਖ਼ਾਰੀ ਡਾਇਰੈਕਟਰ
ਜਨਰਲ ਸਨ ਤੇ ਐਡਵਾਨੀ ਬਹੁਤ ਰਸੂਖ਼ ਵਾਲਾ ਤੇ ਖਾੜਕੂ ਡਾਇਰੈਕਟਰ। ਮੰਟੋ ਨੇ ਭਰੀ ਮਜਲਿਸ ਵਿਚ
ਆਖਿਆ, ‘‘ਐਡਵਾਨੀ ਸਾਹਿਬ ਨੂੰ ਉਰਦੂ ਡਰਾਮਾ ਲਿਖਣ ਦੀ ਸਮਝ ਤਾਂ ਕਿਥੇ, ਉਰਦੂ ਵਿਚ ਡਰਾਮਾ
ਪੜ੍ਹਨਾ ਵੀ ਨਹੀਂ ਆਉਂਦਾ। ਤੇ ਇਹ ਮੇਰੇ ਡਰਾਮੇ ਵਿਚ ਗ਼ਲਤੀਆਂ ਕੱਢ ਰਹੇ ਹਨ।‘‘
ਐਡਵਾਨੀ ਸਾਹਿਬ ਗ਼ੁੱਸੇ ਨਾਲ ਲਾਲ ਭਬੂਕਾ ਹੋ ਗਏ। ਉਹਨਾਂ ਨੇ ਮੰਟੋ ਦੇ ਖ਼ਿਲਾਫ਼ ਐਕਸ਼ਨ ਲੈਣਾ
ਚਾਹਿਆ। ਗੱਲ ਬੁਖ਼ਾਰੀ ਸਾਹਿਬ ਤੀਕ ਜਾ ਪਹੁੰਚੀ। ਮੰਟੋ ਨੇ ਬੁਖ਼ਾਰੀ ਨੂੰ ਕਿਹਾ, ‘‘ਮੈਂ ਜੋ
ਕੁਝ ਆਖਿਆ ਉਹ ਸੱਚ ਹੈ। ਜਿਸਦਾ ਨਾਂ ਹੀ ਐਡਵਾਨੀ ਹੈ ਉਸਨੂੰ ਉਰਦੂ ਦਾ ਕੀ ਪਤਾ।‘‘
ਬੁਖ਼ਾਰੀ ਸਾਹਿਬ ਹੱਸਣ ਲੱਗੇ। ਮੁਆਮਲਾ ਰਫ਼ਾ-ਦਫ਼ਾ ਹੋ ਗਿਆ।
ਮੈਂ ਦਿੱਲੀ ਤੋਂ ਲਾਹੌਰ ਵਾਪਸ ਚਲਾ ਗਿਆ। ਕੁਝ ਮਹੀਨੇ ਬੇਕਾਰ ਰਿਹਾ। 1944 ਵਿਚ ਮੇਰਾ
ਪੰਜਾਬੀ ਦਾ ਪੂਰਾ ਨਾਟਕ ‘ਲੋਹਾ ਕੁੱਟ‘ ਛਪਿਆ। ਤੇ ਲਾਹੌਰ ਰੇਡੀਓ ਸਟੇਸ਼ਨ ਨੇ ਮੈਨੂੰ ਬਤੌਰ
ਆਰਟਿਸਟ ਰਖ ਲਿਆ।
ਇਥੇ ਰਾਜਿੰਦਰ ਸਿੰਘ ਬੇਦੀ ਕੰਮ ਕਰਦਾ ਸੀ, ਦਿਲਕਸ਼ ਆਵਾਜ਼ ਵਾਲੀ ਆਪਾ ਸ਼ਮੀਮ (ਮੋਹਿਨੀ ਦਾਸ)
ਸੀ। ਇਮਤਿਆਜ਼ ਅਲੀ ਤਾਜ ਤੇ ਰਫ਼ੀ ਅਹਿਮਦ ਪੀਰ ਡਰਾਮਾ ਪ੍ਰੋਡਿਊਸ ਕਰਨ ਆਉਂਦੇ। ਮਲਕਾ ਪੁਖਰਾਜ
ਸਟੂਡੀਓ ਵਿਚ ਬੈਠੀ ਪਾਨ ਚੱਬਦੀ ਤੇ ਗਾਉਂਦੀ। ਬੇਹਦ ਸਿਰਜਨਾਤਮਕ ਵਾਯੂ-ਮੰਡਲ ਸੀ। ਇਹਨਾਂ
ਮਹਿਫ਼ਲਾਂ ਵਿਚ ਮੰਟੋ ਦਾ ਅਕਸਰ ਜ਼ਿਕਰ ਆਉਂਦਾ।
ਲਾਹੌਰ ਦੇ ਉਰਦੂ ਰਸਾਲੇ ‘ਅਦਬ-ਇ-ਲਤੀਫ਼‘ ਦਾ ਐਡੀਟਰ ਤੇ ਮਾਲਿਕ ਚੌਧਰੀ ਨਜ਼ੀਰ ਅਹਿਮਦ ਸੀ।
ਨਜ਼ੀਰ ਅਹਿਮਦ ਪੰਜਾਬ ਦੇ ਕਿਸੇ ਪਿੰਡ ਦਾ ਅਰਾਈਂ ਸੀ ਤੇ ਉਸਦਾ ਨਾਂ ਸੀ ਨਜ਼ੀਰਾ। ਚੌਥੀ ਜਮਾਤ
ਪਾਸ। ਦਰਮਿਆਨਾ ਕੱਦ। ਤਕੜਾ ਜਿਸਮ, ਚਮਕਦੇ ਦੰਦ ਤੇ ਉਹ ਠੇਠ ਪੰਜਾਬੀ ਬੋਲਦਾ। ਉਸਨੇ ਆਪਣੇ
ਚਾਚਾ ਬਰਕਤ ਅਲੀ ਨਾਲ ਮਿਲ ਕੇ ‘‘ਮਕਤਬਾ ਉਰਦੂ‘‘ ਦੀ ਬੁਨਿਆਦ ਰਖੀ ਜੋ ਸਾਰੇ ਹਿੰਦੁਸਤਾਨ ਦਾ
ਸਭ ਤੋਂ ਵੱਡਾ ਤੇ ਮਕਬੂਲ ਪਬਲਿਸ਼ਿੰਗ ਹਾਊਸ ਬਣ ਗਿਆ। ਉਹ ਨਜ਼ੀਰਾ ਤੋਂ ਨਜ਼ੀਰ ਅਹਿਮਦ ਤੇ ਫਿਰ
ਚੌਧਰੀ ਨਜ਼ੀਰ ਅਹਿਮਦ ਬਣ ਗਿਆ।
ਚੌਧਰੀ ਨਜ਼ੀਰ ਖ਼ੁਦ ਹਰ ਕਹਾਣੀ ਪੜ੍ਹਦਾ ਤੇ ਪਰਖਦਾ। ਸਿਰਫ਼ ਮੰਟੋ ਅਜਿਹਾ ਅਦੀਬ ਸੀ ਜਿਸਦੀ
ਕਹਾਣੀ ਤੇ ਇੰਤਜ਼ਾਰ ਵਿਚ ਉਹ ਕਈ ਵਾਰ ਪਰਚਾ ਲੇਟ ਕਰ ਦੇਂਦਾ। ਉਹ ਮੰਟੋ ਨੂੰ ਚਿੱਠੀਆਂ
ਲਿਖਦਾ, ਤਾਰਾਂ ਭੇਜਦਾ, ਤੇ ਜਦੋਂ ਮੰਟੋ ਦੀ ਕਹਾਣੀ ਬੰਬਈ ਤੋਂ ਆਉਂਦੀ ਤਾਂ ਖੁਸ਼ੀ ਨਾਲ
ਹੱਸਦਾ ਤੇ ਆਖਦਾ, ‘‘ਹੁਣ ਮੇਰਾ ਪਰਚਾ ਮੁਕੰਮਲ ਹੋ ਗਿਆ।‘‘
ਜਦੋਂ ਮੰਟੋ ਦੀ ਕਹਾਣੀ ‘‘ਬੂ‘‘ ਦੇ ਛਪਣ ਪਿਛੋਂ ਉਸ ਉਤੇ ਅਸ਼ਲੀਲਤਾ ਦਾ ਮੁਕੱਦਮਾ ਚਲਿਆ ਤਾਂ
ਉਸਨੂੰ ਤਾਰੀਖ ਭੁਗਤਣ ਲਈ ਲਾਹੌਰ ਆਉਣਾ ਪਿਆ।
ਜ਼ਿਲ੍ਹਾ ਕਚਹਿਰੀ ਵਿਚ ਬਹੁਤ ਸਾਰੇ ਲੇਖਕ ਮੰਟੋ ਦੇ ਹਕ ਵਿਚ ਗਵਾਹੀ ਦੇਣ ਲਏ ਗਏ ਸਨ। ਮੈਂ
ਪਹਿਲੀ ਵਾਰ ਉਸਨੂੰ ਉਥੇ ਹੀ ਦੇਖਿਆ।
ਪਤਲਾ ਲੰਮਾ ਜਿਸਮ ਜਿਸ ਵਿਚ ਬੈਂਤ ਵਰਗੀ ਲਚਕ ਸੀ, ਚੌੜਾ ਮੱਥਾ, ਕਸ਼ਮੀਰੀ ਤਿੱਖਾ ਨੱਕ ਤੇ
ਤੇਜ਼ ਅੱਖਾਂ ਉਤੇ ਚਸ਼ਮਾ। ਉਸਨੇ ਸਫ਼ੈਦ ਕਮੀਜ਼, ਸ਼ੇਰਵਾਨੀ, ਲੱਠ ਦੀ ਸਲਵਾਰ ਤੇ ਜ਼ਰੀ ਦਾ ਜੁੱਤਾ
ਪਹਿਨਿਆ ਹੋਇਆ ਸੀ। ਸਿਰ ਗ਼ਰੂਰ ਨਾਲ ਉੱਚਾ। ਉਸਨੇ ਬੇਪ੍ਰਵਾਹੀ ਨਾਲ ਸਾਨੂੰ ਦੇਖਿਆ।
ਉਹ ਇਸਮਤ ਚੁਗ਼ਤਾਈ ਕੋਲ ਖੜ੍ਹਾ ਸੀ ਤੇ ਅਸੀਂ ਸਾਰੇ ਕਚਹਿਰੀ ਦੀ ਹਾਕ ਦੀ ਇੰਤਜ਼ਾਰ ਵਿਚ ਸਾਂ।
ਪ੍ਰੋ: ਕੱਨ੍ਹਈਆ ਲਾਲ ਕਪੂਰ ਨੇ ਸਾਡੇ ਸਭਨਾਂ ਦਾ ਤੁਆਰਫ਼ ਕਰਵਾਇਆ। ਪਰ ਮੰਟੋ ਦੇ ਮੂੰਹ ਤੋਂ
ਸ਼ੁਕਰੀਆ ਦਾ ਕੋਈ ਰਵਾਇਤੀ ਲਫ਼ਜ ਨਾ ਨਿਕਲਿਆ, ਨਾ ਹੀ ਕਿਸੇ ਪ੍ਰਕਾਰ ਦੀ ਖ਼ੁਸ਼ੀ ਦਾ ਇਜ਼ਹਾਰ।
ਇਤਨੇ ਵਿਚ ਚੌਧਰੀ ਨਜ਼ੀਰ ਜਲਦੀ
ਨਾਲ ਆਇਆ, ‘‘ਚਲੋ ਆਵਾਜ਼ ਪੈ ਗਈ ਐ।‘‘
ਅਦੀਬਾਂ ਦਾ ਇਹ ਝੁੰਡ ਜੱਜ ਦੇ ਕਮਰੇ ਵਿਚ ਦਾਖ਼ਲ ਹੋਇਆ ਤੇ ਸਭ ਨੇ ‘‘ਬੂ‘‘ ਦ ਕਲਾਤਮਕ ਗੁਣਾਂ
ਨੂੰ ਬਿਆਨ ਕੀਤਾ। ਇਹ ਕਿਹਾ ਕਿ ਇਸ ਵਿਚ ਕੋਈ ਗੱਲ ਇਤਰਾਜ਼ ਦੇ ਕਾਬਿਲ ਨਹੀਂ ਤੇ ਇਹ ਅਦਬੀ
ਸ਼ਾਹਕਾਰ ਹੈ।
ਪੰਜਾਬੀ ਲੇਖਕਾਂ ਵਿਚੋਂ ਸਭ ਤੋਂ ਵਧੇਰੇ ਮਾਣਯੋਗ ਸ. ਗੁਰਬਖਸ਼ ਸਿੰਘ ‘ਪ੍ਰੀਤਲੜੀ‘ ਵਾਲੇ ਸਨ
ਜਿਨ੍ਹਾਂ ਨੇ ਖ਼ੁਦ ਪਿਆਰ ਦੀਆਂ ਕਹਾਣੀਆਂ ਲਿਖੀਆਂ ਸਨ ਤੇ ਸਮਾਜੀ ਬਗ਼ਾਵਤ ਦਾ ਝੰਡਾ ਚੁਕਿਆ
ਸੀ। ਜਦੋਂ ਉਹਨਾਂ ਨੂੰ ਮੰਟੋ ਦੀ ਇਸ ਕਹਾਣੀ ਦੇ ਹੱਕ ਵਿਚ ਗਵਾਹੀ ਦੇਣ ਲਈ ਆਖਿਆ ਗਿਆ ਤਾਂ
ਉਹਨਾਂ ਨੇ ਇਹ ਆਖ ਕੇ ਇਨਕਾਰ ਕਰ ਦਿੱਤਾ ਕਿ ਇਹ ਕਹਾਣੀ ਅਸ਼ਲੀਲ ਹੈ। ਜਦੋਂ ਇਸਮਤ ਤੇ ਮੰਟੋ
ਨੂੰ ਪਤਾ ਚਲਿਆ ਤਾਂ ਉਹ ਬਹੁਤ ਹੈਰਾਨ ਹੋਏ। ਮੰਟੋ ਨੇ ਆਖਿਆ, ‘‘ਹੈਰਾਨੀ ਦੀ ਗੱਲ ਹੈ ਕਿ
ਪੰਜਾਬੀ ਵਿਚ ਅਜਿਹੇ ਅਦੀਬ ਹਨ। ਇਸ ਜ਼ਬਾਨ ਦੇ ਅਦਬ ਦਾ ਖ਼ੁਦਾ ਹੀ ਮਾਲਿਕ ਹੈ।‘‘
ਗਵਾਹੀਆਂ ਖ਼ਤਮ ਹੋਈਆਂ। ਜੱਜ ਨੇ ਅਗਲੀ ਪੇਸ਼ੀ ਦੀ ਤਰੀਖ਼ ਦੇ ਦਿੱਤੀ।
ਜ਼ਿਲ੍ਹਾ ਕਚਹਿਰੀ ਦੇ ਮਾਹੌਲ ਤੋਂ ਮੰਟੋ ਦੀ ਤਬੀਅਤ ਉਪਰਾਮ ਹੋ ਗਈ। ਥਾਂ-ਥਾਂ ਟੁੱਟੇ ਬੈਂਚ,
ਲੋਹੇ ਦੀਆਂ ਕੁਰਸੀਆਂ, ਮਿੱਟੀ-ਘੱਟਾ, ਵਕੀਲਾਂ ਤੇ ਮੁਣਸ਼ੀਆਂ ਦੀ ਕਾਨੂੰਨੀ ਸੌਦੇਬਾਜ਼ੀ। ਅਜੀਬ
ਕਿਸਮ ਦੀ ਘਬਰਾਹਟ ਤੇ ਪ੍ਰੇਸ਼ਾਨੀ। ਸਭ ਅਦੀਬ ਮੁਲਜ਼ਿਮ ਨਜ਼ਰ ਆ ਰਹੇ ਸਨ।
ਮੰਟੋ ਨੇ ਕਿਹਾ, ‘‘ਨਜ਼ੀਰ, ਮੈਂ ਘਰ ਜਾਵਾਂਗਾ। ਟਾਂਗਾ ਮੰਗਵਾ ਦੇ।‘‘
ਟਾਂਗਾ ਆਇਆ ਤੇ ਮੰਟੋ ਉਸ ਵਿਚ ਬੈਠ ਗਿਆ।
‘‘ਚਲਣੈ ਕਿਸੇ ਹੋਰ ਨੇ? ਸਿਰਫ਼ ਇਕ ਜਣਾ।‘‘
ਮੈਂ ਨੇੜੇ ਖੜ੍ਹਾ ਸੀ। ਫ਼ੌਰਨ ਅਗੇ ਵਧਿਆ ਤੇ ਅਗਲੀ ਸੀਟ ਤੇ ਬੈਠ ਗਿਆ। ਮੰਟੋ ਲੱਤਾ ਪਸਾਰ ਕੇ
ਪਿਛਲੀ ਸੀਟ ਤੇ ਬੈਠ ਗਿਆ।
ਰਸਤੇ ਵਿਚ ਥੋੜ੍ਹੀਆਂ ਜਿਹੀਆਂ ਗੱਲਾਂ ਹੋਈਆਂ।
ਉਹ ਬੋਲਿਆ, ‘‘ਇਹ ਲੋਕ ਖ਼ਾਹਮਖ਼ਾਹ ਮੈਨੂੰ ਹੀਰੋ ਬਣਾ ਰਹੇ ਨੇ। ਮੈਨੂੰ ਜੇਲ੍ਹ ਤੋਂ ਡਰ ਲਗਦਾ
ਹੈ। ਹਰ ਵਾਰ ਬੰਬਈ ਤੋਂ ਇਥੇ ਆਉਣਾ ਬਹੁਤ ਮੁਸ਼ਕਿਲ ਐ। ਬਹੁਤ ਮਹਿੰਗਾ....... ਇਹੋ ਜੁਰਮਾਨਾ
ਕਾਫ਼ੀ ਐ। ਫ਼ਿਲਮ ਦੀ ਕਹਾਣੀ ਦਾ ਸਕਰੀਨ-ਪਲੇ ਤਿਆਰ ਕਰ ਰਿਹਾ ਸਾਂ ਕਿ ਇਕੋਂ ਚੌਧਰੀ ਦਾ ਤਾਰ
ਗਿਆ... ਤੂੰ ਕੀ ਕਰਦਾ ਹੁੰਨੈ...?‘‘
ਮੈਂ ਆਪਣੇ ਬਾਰੇ ਥੋੜਾ ਜਿਹਾ ਦੱਸਿਆ।
ਉਸਦਾ ਮੇਰੇ ਤੇ ਬਹੁਤ ਰੁਹਬ ਸੀ।
ਨੀਲਾ ਗੁੰਬਦ ਆਇਆ ਤੇ ਮੈਂ ਉੱਤਰ ਗਿਆ। ਉਹ ਬੋਲਿਆ, ‘‘ਮੈਂ ਸਿੱਧਾ ਘਰ ਜਾਵਾਂਗਾ.... ਸਫ਼ੀਆ
ਵੀ ਆਈ ਹੋਈ ਐ... ਮੈਂ ਜਾ ਕੇ ਚੌਧਰੀ ਲਈ ਅਫ਼ਸਾਨਾ ਖ਼ਤਮ ਕਰਨੈ!‘‘
ਫਿਰ ਉਹ ਇਕਦਮ ਬੋਲਿਆ, ‘‘ਸ਼ਾਮ ਨੂੰ ਤੂੰ ਮੇਰੇ ਵੱਲ ਆ ਜਾਵੀਂ। ਤਦ ਤੀਕ ਮੈਂ ਅਫ਼ਸਾਨਾ ਖ਼ਤਮ
ਕਰ ਲਵਾਂਗਾ।‘‘
ਉਸਦੇ ਜਾਣ ਪਿਛੋਂ ਮੈਂ ਸਾਰੀ ਗੱਲ ਦਾ ਜਾਇਜ਼ਾ ਲਿਆ। ਉਸਦੀ ਆਵਾਜ਼ ਬਾਰੀਕ ਤੇ ਗਰਮ ਸੀ ਜਿਸ
ਵਿਚ ਉਸਦੀ ਸ਼ਖ਼ਸੀਅਤ ਦੀ ਪੂਰੀ ਸ਼ਿੱਦਤ ਸ਼ਾਮਿਲ ਸੀ। ਇਹ ਆਵਾਜ਼ ਨਾ ਲੀਡਰਾਂ ਵਰਗੀ ਸੀ, ਨਾ
ਦਰਵੇਸ਼ਾਂ ਵਰਗੀ, ਸਗੋਂ ਇਸ ਵਿਚ ਬੇਤਾਬੀ ਤੇ ਵੰਗਾਰ ਸੀ।
ਉਹ ਮੇਰੇ ਨਾਲ ਪੰਜਾਬੀ ਵਿਚ ਹੀ ਗੱਲਬਾਤ ਕਰ ਰਿਹਾ ਸੀ।
ਸ਼ਾਮ ਨੂੰ ਮੰਟੋ ਨੂੰ ਮਿਲਣ ਗਿਆ। ਉਹ ਫ਼ੀਰੋਜ਼ਸ਼ਾਹ ਰੋਡ ਦੇ ਇਲਾਕੇ ਵਿਚ ਕਿਸੇ ਰਿਸ਼ਤੇਦਾਰ ਦੀ
ਕੋਠੀ ਵਿਚ ਠਹਿਰਿਆ ਹੋਇਆ ਸੀ। ਨੌਕਰ ਨੇ ਆਖਿਆ ਕਿ ਮੈਂ ਡਰਾਇੰਗ ਰੂਮ ਵਿਚ ਬੈਠਾਂ ਕਿਉਂਕਿ
ਮੰਟੋ ਸਾਹਿਬ ਕਹਾਣੀ ਲਿਖਣ ਵਿਚ ਮਸਰੂਫ਼ ਸਨ। ਇਹ ਉਹੀ ਕਹਾਣੀ ਸੀ ਜੋ ਅਦਬ-ਇ-ਲਤੀਫ਼ ਵਿਚ
‘‘ਰਾਜ ਭਈਆ‘‘ ਦੇ ਨਾਂ ਨਾਲ ਛਪੀ, ਫਿਰ ‘‘ਮੇਰਾ ਨਾਮ ਰਾਧਾ ਹੈ‘‘ ਦੇ ਨਾਂ ਨਾਲ। ਇਸ ਵਿਚ
ਉਸਨੇ ਪ੍ਰਿਥਪੀ ਰਾਜ ਕਪੂਰ ਦੀ ਸ਼ੁੱਧਤਾ ਦਾ ਮੌਜੂ ਉਡਾਇਆ ਸੀ।
ਦਸ ਮਿੰਟ ਪਿਛੋਂ ਮੰਟੋ ਨਾਲ ਦੇ ਕਮਰੇ ਵਿਚੋਂ ਨਿਕਲਿਆ। ਤਪਾਕ ਨਾਲ ਪੁਛਿਆ, ‘‘ਚਾਹ
ਪੀਏਂਗਾ?‘‘
ਫਿਰ ਉਸਨੇ ਅਵਾਜ਼ ਦਿੱਤੀ, ‘‘ਸਫ਼ੀਆ! ਕੀ ਕਰ ਰਹੀ ਏਂ? ਏਧਰ ਆ।‘‘
ਉਸਦੀ ਬੀਵੀ ਆਈ। ਮੰਟੋ ਨੇ ਤੁਆਰਫ਼ ਕਰਾਇਆ। ਇਤਨੇ ਵਿਚ ਕੁਝ ਹੋਰ ਅਦੀਬ ਆ ਗਏ। ਚੌਧਰੀ ਨਜ਼ੀਰ
ਵੀ ਆ ਗਿਆ। ਕਿਸੇ ਦੇ ਘਰ ਮਹਿਫ਼ਲ ਸੀ। ਉਹ ਮੰਟੋ ਨੂੰ ਲੈਣ ਆਏ ਸਨ।
ਮੰਟੋ ਨੇ ਮੈਨੂੰ ਆਖਿਆ ‘‘ਚੰਗਾ। ਫਿਰ ਕੱਲ੍ਹ ਨੂੰ ਮਿਲਣਾ। ਮੈਂ ਮਕਤਬਾ ਉਰਦੂ ਵਿਚ
ਹੋਵਾਂਗਾ।‘‘
ਮੰਟੋ ਕੋਲ ਕਲਮ ਨਹੀ, ਤੇਜ਼ ਨਸ਼ਤਰ ਸੀ ਜਿਸ ਨਾਲ ਉਹ ਸਮਾਜ ਦੀਆਂ ਨਾੜੀਆਂ ਵਿਚੋਂ ਗੰਦਾ ਖ਼ੂਨ
ਕਢਦਾ ਸੀ। ਉਹ ਹਕੀਮ ਨਹੀਂ ਸੀ, ਸਰਜਨ ਸੀ। ਉਸਦੀ ਤੇਜ਼ ਨਿਗ੍ਹਾ ਯਕਾਰਥ ਨੂੰ ਦੇਖਣ ਲਈ ਡਬਲ
ਲੈੱਨਜ਼ ਦਾ ਕੰਮ ਕਰਦੀ ਸੀ। ਉਸਦੇ ਬਿਆਨ ਵਿਚ ਰਸ ਸੀ। ਸਭ ਜਾਣਦੇ ਸਨ ਕਿ ਉਹ ਉਹਨਾਂ ਤੋਂ
ਕਿਤੇ ਬੇਹਤਰ ਲਿਖਦਾ ਸੀ। ਸਭ ਉਸਦੀ ਕਲਾ ਦਾ ਲੋਹਾ ਮੰਨਦੇ ਸਨ।
ਮੈਂ ਮੰਟੋ ਨੂੰ ਫਿਰ ਮਿਲਿਆ।
ਉਹ ਮਕਤਬਾ ਉਰਦੂ ਵਿਚ ਬੈਠਾ ਆਪਣੀ ਕਿਤਾਬ ਦੇ ਇਸ਼ਤਿਹਾਰ ਦੀ ਇਬਾਰਤ ਦੇਖ ਰਿਹਾ ਸੀ। ਇਸ ਵਿਚ
ਲਿਖਿਆ ਸੀ, ‘‘ਮੰਟੋ ਇਸ ਦੌਰ ਦਾ ਸਭ ਤੋਂ ਵੱਡਾ ਅਫ਼ਸਾਨਾਨਿਗਾਰ ਹੈ, ਚੈਖੋਵ ਦੇ ਬਰਾਬਰ ਦਾ,
ਜਜ਼ਬਿਆਂ ਨੂੰ ਟੁੰਬਣ ਵਾਲਾ ਤੇ ਜਾਦੂ ਧੂੜਨ ਵਾਲਾ। ਉਸਦੇ ਅਫ਼ਸਾਨੇ ਕਲਾ ਦੀਆਂ ਸਿਖ਼ਰਾਂ
ਛੋਂਹਦੇ ਹਨ.....‘‘
ਮੰਟੋ ਬੋਲਿਆ, ‘‘ਉਇ ਚੌਧਰੀ, ਇਹ ਕੀ ਬਕਵਾਸ ਲਿਖੀ ਐ!‘‘
ਉਸਨੇ ਸਾਰ ਤਾਰੀਫ਼ੀ ਲਫ਼ਜ਼ ਕਟ ਦਿਤੇ ਤੇ ਕਿਤਾਬ ਦਾ ਇਸ਼ਤਿਹਾਰ ਖ਼ੁਦ ਬਣਾਇਆ। ਇਸ ਵਿਚ ਲਿਖਿਆ:
ਮੰਟੋ ਬਕਵਾਸ ਲਿਖਦਾ ਹੈ। ਮੰਟੋ ਨੂੰ ਲੋਕ ਅਸ਼ਲੀਲ ਆਖਦੇ ਹਨ। ਪਰ ਮੰਟੋ ਨੂੰ ਇਕ ਵਾਰ ਪੜ੍ਹਨਾ
ਸ਼ੁਰੂ ਕਰ ਦਿਉ ਤਾਂ ਕਹਾਣੀ ਖ਼ਤਮ ਕਰੇ ਬਗੈਰ ਉਸਨੂੰ ਛਡ ਨਹੀਂ ਸਕਦੇ।
ਇਸ਼ਤਿਹਾਰ ਵਿਚ ‘ਬਕਵਾਸ‘, ਤੇ ‘ਅਸ਼ਲੀਲ‘ ਦੇ ਲਫ਼ਜ਼ ਮੋਟੇ ਅੱਖਰਾਂ ਵਿਚ ਸਨ।
ਉਹ ਗੱਲਾਂ ਜੋ ਉਸਦੇ ਵਿਰੋਧੀ ਕਹਿਣਾ ਚਾਹੁੰਦੇ ਸਨ, ਉਸਨੇ ਖ਼ੁਦ ਹੀ ਲਿਖ ਦਿੱਤੀਆਂ ਤਾਂ ਕਿ
ਲੋਕਾਂ ਨੂੰ ਝਟਕਾ ਲੱਗੇ।
ਉਸਨੂੰ ਮਿੱਠੇ-ਮਿੱਠੇ ਲਫ਼ਜ਼ਾਂ ਤੋਂ, ਮਿਠੜੇ ਲੇਖਾਂ ਤੋਂ, ਮਿਠੜੇ ਰਸਮੀ ਫ਼ਿਕਰਿਆ ਤੋਂ ਚਿੜ
ਸੀ। ਇਕ ਵਾਰ ਕਿਸੇ ਨੇ ਉਸਦੀ ਇਕ ਵੱਡੀ ਹਸਤੀ ਨਾਲ ਮੁਲਾਕਾਤ ਕਰਾਈ। ਉਸ ਆਦਮੀ ਨੇ ਆਖਿਆ,
‘‘ਮੰਟੋ ਸਾਹਿਬ, ਤੁਹਾਨੂੰ ਮਿਲ ਕੇ ਬਹੁਤ ਖ਼ੁਸ਼ੀ ਹੋਈ।‘‘
ਮੰਟੋ ਨੇ ਜਵਾਬ ਦਿੱਤਾ, ‘‘ਤੁਹਾਨੂੰ ਮਿਲ ਕੇ ਮੈਨੂੰ ਬਿਲਕੁਲ ਖ਼ੁਸ਼ੀ ਨਹੀਂ ਹੋਈ।‘‘
ਇਹ ਅੰਦਾਜ਼, ਇਹ ਕੌੜਾ ਸੱਚ, ਇਹ ਚੌਂਕਾਅ ਦੇਣ ਵਾਲਾ ਮੰਤਰ ਉਸਦੇ ਸੁਭਾਅ ਦਾ ਹਿੱਸਾ ਸੀ।
ਚੌਧਰੀ ਨਜ਼ੀਰ ਨੇ ਮੈਨੂੰ ਦੱਸਿਆ ਕਿ ਮੰਟੋ ਕੈਲਾਸ਼ ਹੋਟਲ ਵਿਚ ਬੈਠਾ ਹੈ। ਉਹ ਆਖ ਗਿਆ ਹੈ ਕਿ
ਮੈਂ ਉਥੇ ਚਲਾ ਜਾਵਾਂ।
ਕੈਲਾਸ਼ ਹੋਟਲ ਅਨਾਰਕਲੀ ਵਿਚ ਸੀ, ਤਿੰਨ ਮਿੰਟ ਦਾ ਰਸਤਾ। ਮੈਂ ਹੋਟਲ ਦੀਆਂ ਪੌੜੀਆਂ ਚੜ੍ਹ ਕੇ
ਪਹਿਲੀ ਮੰਜ਼ਿਲ ਤੇ ਪੁਜਾ। ਮੰਟੋ ਤਿੰਨ ਅਦੀਬਾਂ ਨਾਲ ਬੈਠਾ ਸ਼ਰਾਬ ਪੀ ਰਿਹਾ ਸੀ। ਮੈਨੂੰ
ਦੇਖਦੇ ਹੀ ਬੋਲਿਆ, ‘‘ਬਸ ਹੁਣੇ ਚਲਦੇ ਹਾਂ। ਤੂੰ ਪੀਏਂਗਾ?‘‘
ਮੈਂ ਆਖਿਆ, ‘‘ਨਹੀਂ।‘‘
ਇਕ ਅਦੀਬ ਬੋਲਿਆ, ‘‘ਮੰਟੋ ਸਾਹਿਬ, ਤੁਹਾਡੀਆਂ ਕਹਾਣੀਆਂ ਕਮਾਲ ਹਨ। ‘ਹੱਤਕ‘ ਤੇ ‘ਕਾਲੀ
ਸਲਵਾਰ‘ ਤਾਂ ਸ਼ਾਹਕਾਰ ਹਨ। ਕੋਈ ਵੀ ਅਜਿਹੀ ਆਹਲਾ ਕਹਾਣੀ -।‘‘
ਮੰਟੋ ਬੋਲਿਆ, ‘‘ਬਕਵਾਸ ਬੰਦ ਕਰ। ਤੂੰ ਸ਼ਰਾਬ ਪੀਣੀ ਸੀ, ਪੀ ਲਈ। ਹੁਣ ਦਫ਼ਾ ਹੋ ਜਾਹ।‘‘
ਮੈਂ ਸਹਿਮ ਗਿਆ। ਉਹ ਲੋਕ ਉਠ ਕੇ ਚਲੇ ਗਏ।
ਮੰਟੋ ਬੋਲਿਆ, ‘‘ਮੈਂ ਤੇਰਾ ਇੰਤਜ਼ਾਰ ਕਰ ਰਿਹਾ ਸਾਂ ਕਿ ਇਹ ਤਿੰਨੇ ਹਰਾਮਜ਼ਾਦੇ ਆਪਣੀ ਟੇਬਲ
ਤੋਂ ਉਠ ਕੇ ਇਥੇ ਆ ਬੈਠੇ। ਦੋ-ਦੋ ਪੈੱਗ ਪੀ ਕੇ ਬਹਿਕਣ ਲਗ ਪਏ। ਮੇਰੀ ਤਾਰੀਫ਼ ਕਰਕੇ ਤੀਜਾ
ਪੈੱਗ ਪੀਣਾ ਚਾਹੁੰਦੇ ਸਨ। ਚਲ ਚਲੀਏ।‘‘
ਮੈਂ ਨਾਲ ਹੋ ਲਿਆ।
ਰਸਤੇ ਵਿਚ ਪੁਛਿਆ, ‘‘ਅਸੀਂ ਕਿਥੇ ਚਲੇ ਹਾਂ?‘‘
‘‘ਅਬਦੁਲ ਬਾਰੀ ਕੋਲ।‘‘
ਮੈਨੂੰ ਯਾਦ ਨਹੀਂ ਸੀ ਕਿ ਅਸੀਂ ਅਬਦੁਲ ਦੇ ਘਰ ਗਏ ਜਾਂ ਉਹ ਸਾਨੂੰ ਕਿਸੇ ਹੋਰ ਥਾਂ ਮਿਲਿਆ।
ਮੈਂ ਅਬਦੁਲ ਬਾਰੀ ਨੂੰ ਕਈ ਸਾਹਿਤਕ ਤੇ ਰਾਜਸੀ ਮਜਲਿਸਾਂ ਵਿਚ ਦੇਖਿਆ ਸੀ। ਉਹ ਸਾਂਵਲੇ ਰੰਗ
ਦਾ ਜਰਨਲਿਸਟ ਸੀ ਤੇ ਦੁਨੀਆਂ ਭਰ ਦੇ ਹਵਾਲੇ ਦੇ ਕੇ ਲੈਕਚਰ ਦੇਂਦਾ। ਉਸਦੇ ਖ਼ੁਸ਼ਕ ਲੈਕਚਰ ਸੁਣ
ਕੇ ਮੈਨੂੰ ਕਦੇ ਇਸ ਆਦਮੀ ਨੂੰ ਮਿਲਣ ਦੀ ਖ਼ਾਹਿਸ਼ ਨਾ ਹੋਈ। ਪਰ ਮੰਟੋ ਇਸ ਨੂੰ ਲਭਦਾ ਫਿਰਦਾ
ਸੀ। ਉਸਨ ਮੈਨੂੰ ਦਸਿਆ ਕਿ ਅਬਦੁਲ ਬਾਰੀ ਉਸਦਾ ਸਾਹਿਤਕ ਗੁਰੂ ਸੀ।
ਅਸੀਂ ਤਿੰਨੇ ਇਕ ਆਹਲਾ ਪਿਸ਼ਾਵਰੀ ਟਾਂਗੇ ਵਿਚ ਬੈਠੇ। ਮੈਂ ਤੇ ਅਬਦੁਲ ਬਾਰੀ ਅਗਲੀ ਸੀਟ ਤੇ
ਉਤੇ ਕੋਚਵਾਨ ਨਾਲ, ਤੇ ਮੰਟੋ ਆਦਤ ਅਨੁਸਾਰ ਜ਼ਰੀ ਵਾਲੀ ਜੁੱਤੀ ਪਾਈ ਪਿਛਲੀ ਸੀਟ ਉਤੇ ਟੰਗਾਂ
ਪਸਾਰੀ ਬੈਠਾ ਸੀ। ਟਾਂਗਾਂ ਮਾਲ ਰੋਡ ਉਤੇ ਦੌੜਨ ਲੱਗਾ।
ਵੱਡੇ ਡਾਕਖ਼ਾਨੇ ਨੂੰ ਲੰਘ ਕੇ ਟਾਂਗਾ ਰੁਕਿਆ ਤੇ ਬਾਰੀ ਥੱਲੇ ਉਤਰਿਆ। ਮੰਟੋ ਨੇ ਬਟੂਆ ਕਢਿਆ
ਤੇ ਇਸ ਵਿਚੋਂ ਇਕ ਸਬਜ਼ ਨੋਟ ਉਸਨੂੰ ਦਿਤਾ। ਬਾਰੀ ਭੋਲਾ ਨਾਥ ਦੀ ਦੁਕਾਨ ਉਤੇ ਗਿਆ। ਅਸੀਂ
ਦੋਵੇਂ ਜਣੇ ਟਾਂਗੇ ਵਿਚ ਹੀ ਬੈਠੇ ਰਹੇ। ਦਸ ਮਿੰਟ ਗੁਜ਼ਰ ਗਏ। ਮੰਟੋ ਨੇ ਬੇਤਾਬੀ ਨਾਲ ਕਿਹਾ,
‘‘ਇਹ ਜਾਹਿਲ ਮੇਰਾ ਵਕਤ ਜਾਇਆ ਕਰ ਰਿਹਾ ਹੈ। ਇੰਨੀ ਦੇਰ? ਕੀ ਹੀਰੇ ਖ਼ਰੀਦ ਰਿਹੈ?
ਬਕਵਾਸ!!‘‘
ਇਤਨੇ ਵਿਚ ਬਾਰੀ ਨਜ਼ਰ ਆਇਆ। ਉਹ ਭਾਰੀ ਕਦਮਾਂ ਨਾਲ ਚਲਦਾ ਹੋਇਆ ਟਾਂਗੇ ਵਿਚ ਆ ਕੇ ਬੈਠ ਗਿਆ।
ਉਸਦੇ ਹੱਥ ਵਿਚ ਜਾਨੀ ਵਾਕਰ ਦੀ ਬੋਤਲ ਦਾ ਲੰਮਾ ਡੱਬਾ ਸੀ।
ਮੰਟੋ ਨੇ ਪੁੱਛਿਆ, ‘‘ਠੀਕ ਹੈ?‘‘
ਬਾਰੀ ਬੋਲਿਆ, ‘‘ਹਾਂ।‘‘
ਟਾਂਗਾ ਫਿਰ ਸਰਪਟ ਦੌੜਨ ਲੱਗਾ। ਅਸੀਂ ਮਿਊਜ਼ੀਅਮ ਤੇ ਗੌਰਮਿੰਟ ਕਾਲਜ ਦੇ ਸਾਹਮਣੇ ਦੀ ਲੰਘ ਕੇ
ਰਾਵੀ ਰੋਡ ਤੇ ਜਾ ਰਹੇ ਸਾਂ। ਕੀ ਇਹ ਲੋਕ ਬੋਟਿੰਗ ਲਈ ਜਾ ਰਹੇ ਸਨ? ਸ਼ਾਮ ਢਲ ਚੁਕੀ ਸੀ।
ਬੱਤੀਆਂ ਜਗ ਚੁਕੀਆਂ ਸਨ। ਇਹ ਕਿਥੇ ਜਾ ਰਹੇ ਸਨ? ਮੈਨੂੰ ਬਿਲਕੁਲ ਪਤਾ ਨਹੀਂ ਸੀ ਕਿ ਇਹਨਾਂ
ਦੀ ਮੰਜ਼ਿਲ ਹੀਰਾ ਮੰਡੀ ਹੈ ਜਿਥੇ ਰੰਡੀਆਂ ਦੇ ਚਕਲੇ ਸਨ।
ਸ਼ਾਹੀ ਮਸਜਿਦ ਦੇ ਕੋਲ ਬਜ਼ਾਰ ਵਿਚ ਟਾਂਗਾ ਰੁਕਿਆ।
ਬਾਰੀ ਨੇ ਟਾਂਗੇ ਵਾਲੇ ਨੂੰ ਪੈਸੇ ਦਿਤੇ ਤੇ ਅਸੀਂ ਤਿੰਨੇ ਜਣੇ ਹੁਸਨ ਦੇ ਬਜ਼ਾਰ ਵਿਚ ਦਾਖ਼ਿਲ
ਹੋਏ।
ਮੈਂ ਇਸ ਤੋਂ ਪਹਿਲਾਂ ਕਦੇ ਇਧਰ ਨਹੀਂ ਸੀ ਆਇਆ। ਇਸਦੀ ਵਜ੍ਹਾ ਕੋਈ ਸਦਾਚਾਰਕ ਬੰਧੇਜ ਨਹੀਂ
ਸੀ। ਮੈਨੂੰ ਉਂਜ ਹੀ ਰੰਡੀਆਂ ਤੇ ਦੱਲਿਆਂ ਦੇ ਕਸਬੀ ਮਾਹੌਲ ਤੋਂ ਡਰ ਲਗਦਾ ਸੀ। ਬਚਪਨ ਤੋਂ
ਮੇਰੇ ਜ਼ਿਹਨ ਵਿਚ ਇਹੋ ਤਸਵੀਰ ਸੀ ਕਿ ਇਹ ਲੋਕ ਝਗਲਾੜੂ ਤੇ ਪੈਸੇ ਦੀ ਪੀਰ ਹੁੰਦੇ ਹਨ। ਇਥੇ
ਛੁਰੇ ਚਲ ਜਾਂਦੇ ਹਨ। ਇਸ ਡਰ ਦੇ ਪਿਛੇ ਇਕ ਗ਼ੈਬੀ ਅਣਜਾਣੀ ਦੁਨੀਆਂ ਵਿਚ ਪਹਿਲਾ ਕਦਮ ਰੱਖਣ
ਦੀ ਸਨਸਨੀ ਤੇ ਕੰਬਣੀ ਵੀ ਲੁਕੀ ਹੋਈ ਸੀ। ਪਰ ਇਸ ਵਕਤ ਮੰਟੋ ਮੇਰੇ ਨਾਲ ਸੀ। ਇਸ ਲਈ ਮੈਨੂੰ
ਡਰ ਨਹੀਂ ਸੀ ਲਗ ਰਿਹਾ ਲਗ ਰਿਹਾ, ਜਿਵੇਂ ਕੋਈ ਮਗਰਮੱਛ ਦੀ ਪਿੱਠ ਤੇ ਬੈਠ ਕੇ ਦਰਿਆ ਦੀ ਸੈਰ
ਕਰੇ।
ਬਾਜ਼ਾਰ ਵਿਚ ਚਮਕ ਤੇ ਗਹਿਮਾ-ਗਹਿਮੀ ਸੀ। ਸੀਖ-ਕਬਾਬ, ਪਾਨ, ਫੁੱਲਾਂ ਦੇ ਹਾਰ ਤੇ ਤਮਾਸ਼ਬੀਨਾਂ
ਦੀ ਰੌਣਕ। ਇਸ ਗਹਿਮਾ-ਗਹਿਮੀ ਵਿਚ ਅਜੀਬ ਸਰਸਰਾਹਟਾਂ, ਖ਼ਾਮੋਸ਼ ਇਸ਼ਾਰੇ ਤੇ ਘੂਰਦੀਆਂ ਹੋਈਆਂ
ਨਜ਼ਰਾਂ ਸਨ। ਸੌਦੇਬਾਜ਼ੀ ਦਾ ਕੰਮ ਖ਼ਾਮੋਸ਼ੀ ਨਾਲ ਚਲ ਰਿਹਾ ਸੀ।
ਮੈਂ ਦੇਖਿਆ ਕਿ ਬਾਰੀ ਇਕ ਪਾਸੇ ਖੜਾ ਕਿਸੇ ਪਠਾਣ ਨਾਲ ਹੌਲੀ-ਹੌਲੀ ਗੱਲਾਂ ਕਰ ਰਿਹਾ ਸੀ।
ਪਠਾਣ ਦੇ ਮਹਿੰਦੀ ਰੰਗੇ ਗਲਮੁੱਛੇ ਮੈਨੂੰ ਦਿਸੇ। ਫਿਰ ਦੋਵਂ ਸਾਡੇ ਕੋਲ ਆਏ ਤੇ ਬਾਰੀ ਨੇ
ਰੰਡੀ ਦਾ ਰੇਟ ਤੈਅ ਕਰਨ ਦੀ ਗੱਲ ਕੀਤੀ।
ਮੰਟੋ ਗੁੱਸੇ ਵਿਚ ਬੋਲਿਆ, ‘‘ਤੂੰ ਖ਼ੁਦ ਇਹ ਮੁਆਮਲਾ ਸੈਟਲ ਕਰ। ਬੇਵਕੂਫ! ਜਾਹ!‘‘
ਮੰਟੋ ਨੂੰ ਇਸ ਕਿਸਮ ਦੀ ਸੌਦੇਬਾਜ਼ੀ ਬੁਰੀ ਲਗਦੀ ਸੀ।
ਇਤਨੇ ਵਿਚ ਬਾਰੀ ਤੇ ਪਠਾਣ ਆ ਗਏ।
ਪਠਾਣ ਬੋਲਿਆ, ‘‘ਚਲੋ, ਇਸੇ ਕੋਠੇ ਉਤੇ ਬਹੁਤ ਚੰਗਾ ਮਾਲ ਹੈ।‘‘
ਅਸੀਂ ਚਾਰੋ ਜਣੇ ਪੌੜੀਆਂ ਚੜ੍ਹ ਗਏ। ਬਾਲਕੋਨੀ ਤੋਂ ਲੰਘ ਕੇ ਕਮਰੇ ਵਿਚ ਦਾਖ਼ਿਲ ਹੋਏ ਤਾਂ ਇਕ
ਪਠਾਣ ਰੰਡੀ ਬੈਠੀ ਸੀ। ਪੈਂਤੀ ਦੇ ਪੇਟੇ ਵਿਚ ਹੋਣੀ ਐਂ। ਚਿਹਰੇ ਦੇ ਨਕਸ਼ ਮੋਟੇ। ਉਸਦੇ
ਵਾਲਾਂ ਵਿਚ ਤੇਲ ਥਪਿਆ ਹੋਇਆ ਸੀ ਤੇ ਇਹਨਾਂ ਵਿਚ ਚੰਬੇਲੀ ਦੀਆਂ ਕਲੀਆਂ। ਘਟੀਆ ਰੇਸ਼ਮ ਦੀ
ਨੀਲੇ ਟਿਮਕਣਿਆਂ ਵਾਲੀ ਕਮੀਜ਼, ਸਾਟਨ ਦੀ ਸਲਵਾਰ, ਤੇ ਮੂੰਹ ਵਿਚ ਪਾਨ ਦਾ ਬੀੜਾ।
‘‘ਆਉ ਬੈਠੋ।‘‘
ਪਠਾਣ ਵੀ ਨਾਲ ਹੀ ਬੈਠ ਗਿਆ। ਉਸਦਾ ਗੁਲਮੁੱਛਿਆਂ ਵਾਲਾ ਹੰਕਾਰਿਆ ਚਿਹਰਾ ਨਰਮ ਲਗਣ ਲਗਾ। ਉਹ
ਬਹੁਤ ਹਲੀਮ ਸੀ ਤੇ ਹੁਕਮ ਦਾ ਬੰਦਾ। ਉਹ ਚਕਲੇ ਦੇ ਇਸ ਅੱਡੇ ਦੀਆਂ ਰੰਡੀਆਂ ਦਾ ਚੀਫ਼ ਦੱਲਾ
ਸੀ।
ਮੰਟੋ ਨੇ ਇਕ ਨਜ਼ਰ ਨਾਲ ਹੀ ਇਸ ਰੰਡੀ ਦੇ ਥਲ-ਥਲ ਕਰਦੇ ਜਿਸਮ ਨੂੰ ਦੇਖਿਆ।
ਇਕ ਨੌਕਰ ਆਇਆ ਤੇ ਉਸਨੇ ਤਿੰਨ ਗਲਾਸ ਰਖ ਦਿੱਤੇ।
ਮੰਟੋ ਬੋਲਿਆ, ‘‘ਸੋਡਾ ਮੰਗਵਾਉ। ਤੇ ਖਾਣ ਲਈ ਟਿੱਕੇ ਤੇ ਕਬਾਬ। ਤੂੰ ਕੀ ਖਾਏਂਗਾ?‘‘
ਮੈਂ ਉਹਨੀਂ ਦਿਨੀਂ ਮੀਟ ਨਹੀਂ ਸੀ ਖਾਂਦਾ। ਦੋ ਇਕ ਵਾਰ ਮੀਟ ਖਾਣ ਦੀ ਕੋਸ਼ਿਸ਼ ਕੀਤੀ ਸੀ, ਪਰ
ਚਬਿਆ ਤਾਂ ਰਬੜ ਵਾਂਗ ਲਗਿਆ।
ਮੈਂ ਆਖਿਆ, ‘‘ਮੈਂ ਆਮਲੇਟ ਖਾਵਾਂਗਾ।‘‘
ਮੰਟੋ ਨੇ ਜੇਬ ਵਿਚੋਂ ਦਸ-ਦਸ ਰੁਪਏ ਦੇ ਤਿੰਨ ਕਰਾਰੇ ਨੋਟ ਕੱਢੇ ਤੇ ਪਠਾਣ ਨੂੰ ਦਿੱਤੇ। ਦਸ
ਮਿੰਟ ਪਿਛੋਂ ਉਹ ਤੇ ਉਸਦਾ ਨੌਕਰ ਮੀਟ, ਕਬਾਬ ਤੇ ਆਮਲੇਟ ਦੀਆਂ ਪਲੇਟਾਂ ਲੈ ਕੇ ਆ ਗਏ, ਨਾਲ
ਹੀ ਸੋਡੇ ਦੀਆਂ ਬੋਤਲਾਂ ਤੇ ਬਰਫ਼। ਇਕ ਪਲੇਟ ਵਿਚ ਨਿੰਬੂ ਤੇ ਪਿਆਜ਼। ਉਸਨੇ ਬਾਕੀ ਪੈਸੇ
ਵਾਪਿਸ ਕੀਤੇ ਤਾਂ ਮੰਟੋ ਨੇ ਕਿਹਾ, ‘‘ਰੱਖ ਲੈ ਇਹਨਾਂ ਨੂੰ।‘‘
ਬਾਰੀ ਨੇ ਬੋਤਲ ਖੋਲ੍ਹੀ ਤੇ ਤਿੰਨ ਗਲਾਸਾਂ ਵਿਚ ਸ਼ਰਾਬ ਪਾ ਕੇ ਸੋਡਾ ਤੇ ਬਰਫ਼ ਪਾਈ।
ਮੈਂ ਆਖਿਆ, ‘‘ਮੈਂ ਨਹੀਂ ਪੀਂਦਾ।‘‘
ਬਾਰੀ ਦੇ ਸਾਂਵਲੇ ਚਿਹਰੇ ਉਤੇ ਪਹਿਲੀ ਵਾਰ ਮੁਸਕ੍ਰਾਹਟ ਆਈ, ‘‘ਬਈ, ਸ਼ਰਾਬ ਤਾਂ ਪੁੰਨ ਦੀ
ਚੀਜ਼ ਐ। ਪੀ ਲੈ।
ਮੰਟੋ ਬੋਲਿਆ, ‘‘ਇਹ ਨਹੀਂ ਪੀਂਦਾ।‘‘
ਫਿਰ ਉਹ ਰੰਡੀ ਦੇ ਪੱਟ ਤੇ ਧੱਫਾ ਮਾਰ ਕੇ ਬੋਲਿਆ, ‘‘ਤੂੰ ਪੀ ਲੈ, ਮੇਰੀ ਜਾਨ।‘‘
ਰੰਡੀ ਨੇ ਤਿਰਛੀ ਨਜ਼ਰਾਂ ਨਾਲ ਮੰਟੋ ਵੱਲ ਦੇਖਿਆ ਤੇ ਮੋਟੀ ਮੁਸਕ੍ਰਾਹਟ ਸੁੱਟੀ। ਫਿਰ ਗਲਾਸ
ਚੁਕ ਕੇ ਪੀਣ ਲੱਗੀ।
ਮੰਟੋ ਤੇ ਬਾਰੀ ਨੇ ਫੌਰਨ ਹੀ ਆਪਣੇ ਗਲਾਸ ਖ਼ਾਲੀ ਕਰ ਦਿਤੇ। ਫਿਰ ਡਬਲ ਪੈਂਗ ਤਿਆਰ ਕੀਤੇ।
ਘੁੱਟ ਭਰ ਕੇ ਮੰਟੋ ਨੇ ਆਖਿਆ, ‘‘ਹੁਣ ਮਾਲ ਦਿਖਾਉ।‘‘
ਰੰਡੀ ਨੇ ਪਠਾਣ ਨੂੰ ਇਸ਼ਾਰੇ ਨਾਲ ਕੁਝ ਕਿਹਾ। ਪਠਾਣ ਥੋੜ੍ਹੀ ਦੇਰ ਪਿਛੋਂ ਇਕ ਸਜੀ-ਧਜੀ ਰੰਡੀ
ਅੰਦਰ ਲੈ ਆਇਆ।
ਉਹ ਸਾਹਮਣੇ ਬੈਠ ਗਈ। ਮੰਟੋ ਨੇ ਉਸਨੂੰ ਗੌਰ ਨਾਲ ਦੇਖਿਆ। ਮੈਂ ਵੀ ਉਸ ਨੂੰ ਉਕਸੁਕਤਾ ਨਾਲ
ਦੇਖ ਰਿਹਾ ਸੀ : ਪਤਲੀ ਦੁਬਲੀ, ਚਿਹਰੇ ਤੇ ਗੁਲਾਲ ਥੱਪਿਆ ਹੋਇਆ, ਅੱਖਾਂ ਵਿਚ ਬਹੁਤ ਜ਼ਿਆਦਾ
ਕੱਜਲ, ਜਾਰਜਟ ਦੀ ਜਾਮਨੀ ਸਾੜੀ। ਉਸਨੇ ਮੁਸਕ੍ਰਾ ਕੇ ਪੁਛਿਆ,
‘‘ਤੁਸੀਂ ਕਿਥੋਂ ਤਸ਼ਰੀਫ਼ ਲਿਆਏ ਹੋ?‘‘
‘‘ਤੇਰੀ ਮਾਂ ਦੇ ਪਿੰਡੋਂ‘‘, ਮੰਟੋ ਬੋਲਿਆ। ‘‘ਤੂੰ ਕਿਥੋਂ ਦੀ ਹੈ?‘‘
ਮੰਟੋ ਨੇ ਦੋ-ਤਿੰਨ ਸਵਾਲਾਂ ਪਿਛੋਂ ਰੰਡੀ ਰੱਦ ਕਰ ਦਿੱਤੀ।
ਪਠਾਣ ਦੇ ਇਸ਼ਾਰੇ ਨਾਲ ਉਹ ਚਲੀ ਗਈ। ਉਸ ਪਿਛੋਂ ਉਹ ਦੂਸਰੀ ਲਿਆਇਆ, ਫਿਰ ਤੀਸਰੀ। ਤਿੰਨੇ ਹੀ
ਮੰਟੋ ਨੂੰ ਪਸੰਦ ਨਾ ਆਈਆਂ।
ਫਿਰ ਚੌਥੀ ਰੰਡੀ ਆਈ। ਤਿੱਖੇ ਨਕਸ਼, ਚਿਹਰੇ ਤੇ ਸੈਕਸੀ ਮੁਸਕ੍ਰਾਹਟ ਤੇ ਅੱਖਾਂ ਉਤੇ ਕਾਲਾ
ਚਸ਼ਮਾ। ਉਹ ਗੋਡੇ ਮੂਧੇ ਮਾਰ ਕੇ ਬੈਠ ਗਈ, ਜਿਵੇਂ ਨਮਾਜ਼ ਪੜ੍ਹਦੇ ਹਨ।
ਮੰਟੋ ਨੇ ਉਸਦਾ ਇਹ ਪੋਜ਼ ਤੇ ਸਟਾਈਲ ਚੰਗਾ ਲੱਗਾ। ਦੋ-ਚਾਰ ਸਵਾਲ ਕੀਤੇ ਜਿਸਦੇ ਰੰਡੀ ਨੇ
ਨਖ਼ਰੇ ਨਾਲ ਜਵਾਬ ਦਿਤੇ। ਮੰਟੋ ਦੀ ਦਿਲਚਸਪੀ ਵਧੀ। ਪਰ ਨਾਲ ਹੀ ਇਕ ਹੋਰ ਜਜ਼ਬਾ ਵੀ ਕੰਮ ਕਰ
ਰਿਹਾ ਸੀ। ਉਸਨੇ ਪੁਛਿਆ, ‘ਇਹ ਕਾਲਾ ਚਸ਼ਮਾ ਕਿਉਂ ਲਾ ਰਖਿਐ ਰਾਤ ਵੇਲੇ, ਮੇਰੀ ਜਾਨ?‘‘
ਉਹ ਬੋਲੀ, ‘‘ਤੁਹਾਡੇ ਹੁਸਨ ਨਾਲ ਮੇਰੀਆਂ ਅੱਖਾਂ ਨਾ ਕਿਤੇ ਚੁੰਧਿਆ ਜਾਣ।‘‘
ਮੰਟੋ ਨੇ ਉਸ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਆਖਿਆ, ‘‘ਮੇਰੀ ਜਾਨ, ਤੇਰੇ ਨਾਲ ਬਿਸਤਰ ਿਵਚ
ਬਹੁਤ ਮਜ਼ਾ ਆਏਗਾ, ਪਰ ਪਹਿਲੇ ਦੇਖ ਤਾਂ ਲਵਾਂ ਤੂੰ ਹੈਂ ਕੀ?‘‘
ਇਹ ਕਹਿ ਕੇ ਉਸਨੇ ਅਚਾਨਕ ਉਸਦਾ ਕਾਲਾ ਚਸ਼ਮਾ ਉਤਾਰ ਲਿਆ।
ਰੰਡੀ ਨੇ ਅੱਖਾਂ ਝਪਕੀਆਂ। ਇਕ ਅੱਖ ਭੈਂਗੀ ਸੀ।
ਮੰਟੋ ਬੋਲਿਆ, ‘‘ਜੇ ਤੂੰ ਚਸ਼ਮੇ ਬਗ਼ੈਰ ਆਈ ਹੁੰਦੀ ਤਾਂ ਮੈਂ ਜ਼ਰੂਰ ਤੈਨੂੰ ਮੁਹੱਬਤ ਕਰਦਾ।
ਤੇਰੀ ਇਸ ਭੈਂਗੀ ਅੱਖ ਉਤੇ ਹੀ ਕੁਰਬਾਨ ਹੋ ਜਾਂਦਾ। ਪਰ ਚੋਰੀ ਮੈਂ ਬਰਦਾਸ਼ਤ ਨਹੀਂ ਕਰ ਸਕਦਾ।
ਇਹ ਰੰਡੀ ਵੀ ਰੱਦ ਕਰ ਦਿੱਤੀ ਗਈ।
ਰਾਤ ਦੇ ਗਿਆਰਾਂ ਵੱਜ ਚੁੱਕੇ ਸਨ। ਮੀਟ ਤੇ ਕਬਾਬ ਤੇ ਆਮਲੇਟ ਤਿੰਨ ਵਾਰ ਆ ਚੁਕੇ ਸਨ। ਮੰਟੋ
ਪੰਜ ਪੈੱਗ ਪੀ ਚੁਕਿਆ ਸੀ। ਉਸ ਦੀਆਂ ਅੱਖਾਂ ਦੀਆਂ ਪੁਤਲੀਆਂ ਫੈਲ ਗਈਆਂ ਸਨ, ਪਰ ਉਸ ਦੀਆਂ
ਗੱਲਾਂ ਵਿਚ ਉਹੀ ਚਮਕ ਤੇ ਰੰਗੀਨੀ ਸੀ।
ਉਹ ਛੇਵਾਂ ਪੈੱਗ ਪਾਉਣ ਲਗਾ ਤਾਂ ਰੰਡੀ ਨੇ ਆਖਿਆ, ‘‘ਹੋਰ ਨਾ ਪੀਉ।‘‘
ਉਸਦੇ ਅੰਦਾਜ਼ ਵਿਚ ਹਮਦਰਦੀ ਸੀ।
ਮੰਟੋ ਨੇ ਬੋਤਲ ਚੁਕੀ ਤੇ ਰੰਡੀ ਨੇ ਉਸਦਾ ਹੱਥ ਫੜ ਲਿਆ, ‘‘ਤੁਹਾਨੂੰ ਮੇਰੀ ਕਸਮ ਹੋਰ ਨਾ
ਪੀਉ।‘‘
ਮੈਂ ਮੰਟੋ ਨੂੰ ਆਖਿਆ, ‘‘ਹੋਰ ਨਾ ਪੀਉ। ਇਹ ਠੀਕ ਕਹਿੰਦੀ ਐ। ਇਸਨੂੰ ਹਮਦਰਦੀ ਹੈ।‘‘
ਉਹ ਬੋਲਿਆ, ‘‘ਹਮਦਰਦੀ ? ਸਾਲੀ ਚਾਰ ਪੈੱਗ ਬਚਾਉਣਾ ਚਾਹੁੰਦੀ ਐ ਆਪਣੇ ਦੱਲੇ ਲਈ। ਜੇ ਸਾਫ
ਕਹਿ ਦੇਵੇ ਤਾਂ ਮੈਂ ਇਸ ਲਈ ਬੋਤਲ ਮੰਗਵਾ ਸਕਦਾ ਹਾਂ। ਪਰ ਇਹ ਹਰਾਮਜ਼ਾਦੀ ਹਮਦਰਦੀ ਦਾ ਢੌਂਗ
ਰਚਾਉਂਦੀ ਹੈ।‘‘
ਉਸਨੇ ਪੈੱਗ ਭਰਿਆ ਤੇ ਨਵੇਂ ਘੁੱਟ ਦਾ ਮਜ਼ਾ ਲੈਣ ਲਗਾ।
ਰੰਡੀ ਨੇ ਫਿਰ ਮੰਟੋ ਦਾ ਹੱਥ ਫੜ ਲਿਆ, ‘‘ਅਲੱਹ ਜਾਣਦੈ ਤੁਸੀਂ ਬਹੁਤ ਚੰਗੇ ਲਗਦੇ ਹੋ।‘‘
ਮੰਟੋ ਨੇ ਉਸਦੇ ਪੱਟ ਉਤੇ ਧੱਫਾ ਮਾਰਿਆ, ‘‘ਮੇਰੀ ਜਾਨ, ਤੂੰ ਦੁਨੀਆਂ ਦੀਆਂ ਸਭ ਔਰਤਾਂ ਤੋਂ
ਹੁਸੀਨ ਐਂ ਤੂੰ ਕਲਿਓਪੈੱਟਰਾ ਹੈਂ.... ਹੈਲਨ ਹੈਂ.....‘‘
ਮੰਟੋ ਨੇ ਪਠਾਣ ਨੂੰ ਜਿੰਨੇ ਵਾਰ ਨੋਟ ਦਿਤੇ ਉਹਨਾਂ ਦਾ ਹਿਸਾਬ ਨਾ ਲਿਆ। ਹਰ ਵਾਰ ਪਠਾਣ
ਬਾਕੀ ਪੈਸੇ ਰਖ ਲੈਂਦਾ ਸੀ। ਮੰਟੋ ਬੇਦਰਦੀ ਨਾਲ ਕਰਾਰੇ ਨੋਟ ਸੁਟ ਰਿਹਾ ਸੀ।
ਮੈਨੂੰ ਮੰਟੋ ਅੰਦਰ ਬਾਬੂ ਗੋਪੀ ਨਾਥ ਨਜ਼ਰ ਆਇਆ -ਉਸਦੀ ਕਹਾਣੀ ਦਾ ਪਾਤਰ ਜੋ ਰੰਡੀਆਂ ਦੇ
ਕੋਠਿਆਂ ਉਤੇ ਜਾਂਦਾ ਹੈ ਤੇ ਸਭ ਜਾਣਦੇ ਬੁਝਦੇ ਹੋਏ ਰੁਪਿਆ ਲੁਟਾਉਂਦਾ ਹੈ। ਉਸਨੂੰ ਰੰਡੀਆਂ
ਤੇ ਦੱਲਿਆਂ ਦੀ ਦੁਨੀਆਂ ਪਸੰਦ ਹੈ। ਜਾਂ ਦਰਗਾਹਾਂ ਤੇ ਮਕਬਰਿਆਂ ਉਤੇ ਪੀਰਾਂ-ਫ਼ਕੀਰਾਂ ਦੀ।
ਪਰ ਬਾਬੂ ਗੋਪੀ ਨਾਥ ਬੇਨਿਆਜ਼ ਹੈ। ਮੰਟੋ ਉਸੇ ਦਾ ਹੀ ਅਕਸ਼ ਸੀ। ਜਾਂ ਇਹ ਕਹਿਣਾ ਚਾਹੀਦਾ ਹੈ
ਕਿ ਬਾਬੂ ਗੋਪੀ ਨਾਥ ਵਿਚ ਵੱਸੀ ਹੋਈ ਇਨਸਾਨੀਅਤ ਮੰਟੋ ਦੀ ਹੀ ਆਤਮਾ ਸੀ।
ਮੰਟੋ ਦੀ ਰੂਹ ਵਿਚ ਅਜੀਬ ਵੀਰਾਨਗੀ ਸੀ। ਉਹ ਰੰਡੀਆਂ ਦੀ ਦੁਨੀਆਂ ਵਿਚ ਰਹਿੰਦਾ ਹੋਇਆ
ਬੇਤੁਅਲਕ ਸੀ, ਪਰ ਉਹ ਇਹਨਾਂ ਚਕਲਿਆਂ ਵਿਚ ਲੁਕੀ ਹੋਈ ਇਨਸਾਨੀਅਤ ਤੇ ਰੰਡੀ ਦੇ ਦਿਲ ਵਿਚ
ਵਸੀ ਤੀਵੀਂ ਨੂੰ ਦੇਖਦਾ ਸੀ। ਤੀਵੀਂ ਵਿਚ ਰੰਡੀ, ਤੇ ਰੰਡੀ ਵਿਚ ਤੀਵੀਂ ਦੇਖਦਾ ਸੀ।
ਜਿਸਮ ਦੀ ਮੰਡੀ ਵਿਚ ਉਹ ਰੂਹ ਦਾ ਵਪਾਰੀ ਸੀ।
ਦੂਸਰੇ ਦਿਨ ਗਿਆਰਾਂ ਵਜੇ ਮੰਟੋ ਰੇਡੀਓ ਸਟੇਸ਼ਨ ਆਇਆ। ਉਹਨੀਂ ਦਿਨੀਂ ਜੁਗਲ ਕਿਸ਼ੋਰ ਮਹਿਰਾ
ਸਟੇਸ਼ਨ ਡਾਇਰੈਕਟਰ ਸੀ। ਵੱਡਾ ਸਾਹਿਬ, ਜਿਸ ਤੋਂ ਸਾਰਾ ਅਮਲਾ-ਫੇਲਾ ਕੰਬਦਾ ਸੀ। ਲਚਕੀਲਾ
ਸਰੀਰ, ਚਿਹਰੇ ਉਤੇ ਮਾਤਾ ਦੇ ਮੱਧਮ ਦਾਗ਼, ਭੇੜੀਏ ਵਰਗੀਆਂ ਅੱਖਾਂ ਤੇ ਐਕਟਰਾਂ ਵਰਗੀ ਮੰਝੀ
ਹੋਈ ਆਵਾਜ਼। ਟਵੀਡ ਦਾ ਕੋਟ ਪਾਈ ਮੂੰਹ ਵਿਚ ਸਿਗਾਰ, ਨਾਲ ਐਲਸੇਸ਼ਿਨ ਕੁੱਤਾ, ਉਹ ਰੇਡੀਓ
ਸਟੇਸ਼ਨ ਆਉਂਦਾ।
ਮੈਂ ਆਪਣੇ ਕਮਰੇ ਵਿਚ ਬੈਠਾ ਕੰਮ ਕਰ ਰਿਹਾ ਸੀ। ਚਪੜਾਸੀ ਨੇ ਆ ਕੇ ਆਖਿਆ ਕਿ ਮੰਟੋ ਸਾਹਬ
ਬੁਲਾ ਰਹੇ ਹਨ। ਮੇਰੇ ਕੋਲ ਮੰਟੋ ਦਾ ਨੋਟਾਂ ਦਾ ਬਟੂਆ ਸੀ ਜੋ ਉਸਨੇ ਪਹਿਲੀ ਰਾਤ ਮੈਨੂੰ
ਸੰਭਾਲ ਦਿਤਾ ਸੀ।
ਮੈਂ ਬਾਹਰ ਨਿਕਲਿਆ ਤਾਂ ਮੰਟੋ ਨੇ ਉੱਚੀ ਆਵਾਜ਼ ਵਿਚ ਆਖਿਆ, ‘‘ਜੁਗਲ ਮੈਂ ਜਾ ਰਿਹਾ ਹਾਂ।‘‘
ਇਤਨੇ ਵਿਚ ਮਹਿਰਾ ਸਾਹਬ ਬਾਹਰ ਆਏ ਤੇ ਮੰਟੋ ਨੂੰ ਕਹਿਣ ਲੱਗੇ, ‘‘ਠਹਿਰ ਯਾਰ, ਇਕੱਠੇ ਚਲਦੇ
ਹਾਂ।‘‘
ਮੰਟੋ ਬੇਪ੍ਰਵਾਹੀ ਨਾਲ ਬੋਲਿਆ, ‘‘ਤੂੰ ਰੇਸ ਖੇਡਣ ਜਾਏਂਗਾ, ਮੈਨੂੰ ਰੇਸ ਦਾ ਕੋਈ ਸ਼ੌਕ
ਨਹੀਂ। ਬੋਰ। ਮੈਂ ਚਲਿਆਂ।‘‘
ਮੈਂ ਮੰਟੋ ਨੂੰ ਉਸਦਾ ਬਟੂਆ ਵਾਪਿਸ ਕੀਤਾ। ਉਸਨੇ ਰੁਪਏ ਨਾ ਗਿਣੇ, ਸਿਰਫ਼ ਬੰਬਈ ਦੇ ਟਿਕਟ
ਦੇਖੇ। ਮੈਨੂੰ ਕਹਿਣ ਲੱਗਾ, ‘‘ਅੱਜ ਸ਼ਾਮ ਮੈਂ ਵਾਪਿਸ ਜਾ ਰਿਹਾ ਹਾਂ।‘‘
ਸ਼ਾਮ ਨੂੰ ਮੈਂ ਰੇਲਵੇ ਸਟੇਸ਼ਨ ਉਤੇ ਪਹੰਚਿਆ। ਫ਼ਰੰਟੀਅਰ ਮੇਲ ਵਿਚ ਉਸਦੀਆਂ ਦੋ ਸੀਟਾਂ ਰੀਜ਼ਰਵ
ਸਨ। ਸਫ਼ੀਆ ਉਸ ਦੇ ਨਾਲ ਸੀ। ਉਸ ਨੇ ਸੂਟਕੇਸ ਤੇ ਲਾਹੌਰ ਤੋਂ ਖ਼ਰੀਦੀਆਂ ਹੋਈਆਂ ਚੀਜ਼ਾਂ ਦੇ
ਬੰਡਲ ਸੀਟਾਂ ਹੇਠ ਰਖ ਦਿਤੇ।
ਅਸੀਂ ਦੋਵੇਂ ਪਲੇਟਫ਼ਾਰਮ ਉਤੇ ਖੜੇ ਸਾਂ। ਮੰਟੋ ਕਹਿਣ ਲਗਾ, ‘‘ਚੌਧਰੀ ਹੁਣ ਤੀਕ ਨਹੀਂ ਆਇਆ।
ਸਿਗਨਲ ਡਾਊਨ ਹੋ ਗਿਆ ਤੇ ਉਹ ਪਤਾ ਨਹੀਂ ਕਿਥੇ ਐ।‘‘
ਥੋੜ੍ਹ ਦੇਰ ਪਿਛੋਂ ਉਹ ਫਿਰ ਬੋਲਿਆ, ‘‘ਇਸ ਗਧੇ ਨੂੰ ਵਕਤ ਦਾ ਕੋਈ ਅੰਦਾਜ਼ਾ ਨਹੀਂ। ਪਿੰਡੋਂ
ਨਿਕਲਿਆ ਤੇ ਸਿੱਧਾ ਲਾਹੌਰ। ਅਰਾਈਂ ਦਾ ਅਰਾਈਂ ਰਿਹਾ। ਹੁਣ ਤੀਕ ਨਹੀਂ ਆਇਆ.... ਮੈਂ ਬੜੀ
ਗ਼ਲਤੀ ਕੀਤੀ ਕਿ ਸਾਰੇ ਕਪੜੇ ਧੋਣ ਲਈ ਦੇ ਦਿਤੇ। ਛੇ ਸਲਵਾਰਾਂ, ਛੇ ਕਮੀਜ਼ਾਂ, ਅਚਕਣ......
ਉਹ ਉੱਲੂ ਦਾ ਪੱਠਾ ਹੁਣ ਤੀਕ ਨਹੀਂ ਆਇਆ।‘‘
ਗਾਰਡ ਨੇ ਸੀਟੀ ਦਿਤੀ। ਮੰਟੋ ਬੁੜਬੁੜਾਇਆ, ‘‘ਇਸ ਗਧੇ ਦਾ ਕੁਝ ਪਤਾ ਹੀ ਨਹੀਂ।‘‘
ਇਤਨੇ ਵਿਚ ਚੌਧਰੀ ਨਜ਼ੀਰ ਕਪੜਿਆਂ ਦਾ ਬੰਡਲ ਚੁਕੀ ਹਫਦਾ ਹੋਇਆ ਆ ਗਿਆ। ‘ਬੜੀ ਮੁਸ਼ਕਿਲ ਨਾਲ
ਪਹੁੰਚਿਆ ਹਾਂ। ਕੋਲ ਖੜੇ ਹੋ ਕੇ ਕਪੜੇ ਇਸਤਰੀ ਕਰਵਾਏ।‘‘
ਮੰਟੋ ਨੇ ਗੁੱਸੇ ਨਾਲ ਘੂਰਿਆ, ‘‘ਗੱਡੀ ਤੁਰਨ ਵਾਲੀ ਐ ਤੇ ਤੂੰ ਹੁਣ ਆਇਐਂ?‘‘
ਚੌਧਰੀ ਨੇ ਕਪੜੇ ਛੇਤੀ ਨਾਲ ਗੱਡੀ ਵਿਚ ਰਖੇ। ਹੇਠਾਂ ਉਤਰਿਆਂ ਤਾਂ ਗੱਡੀ ਚੱਲ ਪਈ।
ਜਦੋਂ ਗੱਡੀ ਪਲੇਟਫ਼ਾਰਮ ਤੋਂ ਨਿਕਲ ਗਈ ਤਾਂ ਉਹ ਮੱਥੇ ਦਾ ਪਸੀਨਾ ਪੂੰਝਦਾ ਹੋਇਆ ਬੋਲਿਆ,
‘‘ਬੜਾ ਹੁਕਮ ਚਲਾਉਂਦਾ ਐ, ਜਿਵੇਂ ਮੈਂ ਇਸ ਦੇ ਬਾਪ ਦਾ ਨੌਕਰ ਹੁੰਨਾ।‘‘
ਅਸੀਂ ਦੋਵੇਂ ਹੌਲੀ ਹੌਲੀ ਤੁਰਨ ਲਗੇ।
ਉਹ ਬੋਲਿਆ, ‘‘ਆਪਣੇ ਆਪ ਨੂੰ ਨਵਾਬਜ਼ਾਦਾ ਸਮਝਦਾ ਐ। ਮੇਰੇ ਰੁਪਏ ਲੈ ਕੇ ਮੇਰੇ ਉਤੇ ਹੀ
ਧੌਂਸ। ਇਥੇ ਆਇਆ ਤਾਂ ਮੈਂ ਇਸ ਨੂੰ ਨਾਵਲ ਲਿਖਣ ਲਈ ਦੋ ਹਜ਼ਾਰ ਰੁਪਏ ਦੀ ਰਕਮ ਪੇਸ਼ਗੀ ਦਿਤੀ।
ਇਸ ਨੇ ਇਕ ਹਜ਼ਾਰ ਮੇਰੇ ਸਾਹਮਣੇ ਦੇਖਦੇ ਦੇਖਦੇ ਇਥੇ ਹੀ ਲੁਟਾ ਦਿਤੇ। ਹਰ ਜਗ੍ਹਾ ਬਿਲ ਅਦਾ
ਕਰਨ ਨੂੰ ਅੱਗੇ। ਆਖਿਰ ਰੁਪਿਆ ਆਉਂਦਾ ਤਾਂ ਸਾਡੇ ਕੋਲੋਂ ਐ।‘‘
ਉਹ ਬੁੜਬੁੜਾਉਂਦਾ ਰਿਹਾ। ਜਦੋਂ ਉਸ ਦਾ ਗੁੱਸਾ ਠੰਢਾ ਹੋਇਆ ਤਾਂ ਉਹ ਬੋਲਿਆ, ‘‘ਬਲਵੰਤ, ਮੈਂ
ਇਸ ਆਦਮੀ ਦੇ ਨਖ਼ਰੇ ਬਰਦਾਸ਼ਤ ਕਰਦਾ ਆਂ ਕਿਉਂਕਿ ਇਹ ਮੰਟੋ ਹੈ। ਹੋਰ ਕਿਸੇ ਸਾਲੇ ਦੀ ਮੈਂ ਕੀ
ਪ੍ਰਵਾਹ ਕਰਦਾ ਹਾਂ। ਮੇਰੇ ਕੋਲ ਵੱਡੇ ਵੱਡੇ ਜੱਜ, ਪ੍ਰੋਫ਼ੈਸਰ ਤੇ ਡਾਇਰੈਕਟਰ ਆਉਂਦੇ ਹਨ ਕਿ
ਮੈਂ ਉਹਨਾਂ ਦੀ ਕੋਈ ਕਿਤਾਬ ਛਾਪਾਂ। ਮੈਂ ਨਹੀਂ ਛਾਪਦਾ। ਉਹੀ ਚੀਜ਼ ਛਾਪਦਾ ਹਾਂ ਜਿਸ ਨੂੰ
ਮੈਂ ਪਰਖ ਕੇ ਖ਼ੁਦ ਛਾਪਣ ਦੇ ਕਾਬਿਲ ਸਮਝਾਂ। ਪਰ ਮੰਟੋ ਕਹਾਣੀ ਦਾ ਖ਼ੁਦਾ ਹੈ। ਕਿਸੇ ਵੇਲੇ
ਸ਼ਾਇਦ ਮੇਰਾ ਨਾਂ ਇਸੇ ਲਈ ਰਹਿ ਜਾਵੇ ਕਿ ਮੈਂ ਮੰਟੋ ਦੇ ਕਪੜਿਆਂ ਦਾ ਬੰਡਲ ਚੁਕ ਕੇ ਰੇਲ
ਗੱਡੀ ਤੇ ਉਸ ਨੂੰ ਚੜ੍ਹਾਉਣ ਆਇਆ ਸਾਂ। ਇਹ ਵੱਖਰੇ ਕਿਸਮ ਦਾ ਰਾਈਟਰ ਹੈ।‘‘
ਇਸ ਪਿਛੋਂ ਚੌਧਰੀ ਮਕਤਬਾ ਉਰਦੂ ਚਲਾ ਗਿਆ।
ਇਕ ਵਾਰ ਮੰਟੋ ਅਚਾਨਕ ਲਾਹੌਰ ਆਇਆ। ਉਹ ‘ਮਕਤਬਾ ਉਰਦੂ‘ ਵਿਚ ਟੰਗ ਉਤੇ ਟੰਗ ਰੱਖੀ ਬੈਠਾ ਸੀ।
ਉਸ ਨੇ ਰੇਸ਼ਮੀ ਕੁੜਤਾ, ਲੱਠੇ ਦੀ ਤੰਗ ਪਹੁੰਚੇ ਦੀ ਸਲਵਾਰ ਤੇ ਤਿੱਲੇਦਾਰ ਜੁੱਤੀ ਪਾਈ ਹੋਈ
ਸੀ।
ਫ਼ਿਕਰ ਤੌਂਸਵੀ ਮਕਤਬਾ ਉਰਦੂ ਦੇ ਪਿਛਲੇ ਕਮਰੇ ਵਿਚ ਬੈਠਾ ਅਕਸਰ ਕਿਤਾਬਾਂ ਦੇ ਪਰੂਫ਼ ਪੜ੍ਹਦਾ।
ਉਸ ਨੇ ਆਖਿਆ, ‘‘ਮੰਟੋ ਸਾਹਿਬ ਤੁਸੀਂ ਇਸ ਵਾਰ ਆਉਣ ਦੀ ਖ਼ਬਰ ਹੀ ਨਾ ਦਿੱਤੀ?‘‘
ਮੰਟੋ ਨੇ ਪੈਰ ਦੀ ਅੱਡੀ ਮਾਰਦੇ ਹੋਏ ਕਿਹਾ, ‘‘ਬੰਬਈ ਵਿਚ ਨਰਗਸ ਸਟੂਡੀਓ ਵਿਚ ਆਈ ਤਾਂ ਉਸ
ਨੇ ਸਫ਼ੈਦ ਸਾੜ੍ਹੀ ਤੇ ਤਿੱਲੇਦਾਰ ਜੁੱਤੀ ਪਾਈ ਹੋਈ ਸੀ। ਕੁਰਸੀ ਤੇ ਬੈਠੀ ਉਹ ਇਸੇ ਤਰ੍ਹਾਂ
ਅੱਡੀ ਮਾਰ ਰਹੀ ਸੀ। ਉਸ ਨੂੰ ਕੀ ਪਤਾ ਕਿ ਸਾੜ੍ਹੀ ਨਾਲ ਤਿੱਲੇਦਾਰ ਜੁੱਤੀ ਨਹੀਂ ਪਾਈਦੀ।
ਮੈਨੂੰ ਬੜੀ ਤਕਲੀਫ਼ ਹੋਈ। ਮੈਂ ਇਕੇ ਆ ਕੇ ਕੁੜਤਾ ਤੇ ਸਲਵਾਰ ਸਿਲਵਾਈ ਤੇ ਜੁੱਤੀ ਖਰੀਦੀ।
ਹੁਣ ਜਾ ਕੇ ਉਸ ਨੂੰ ਆਖਾਂਗਾ: ਦੇਖ, ਤਿੱਲੇਦਾਰ ਜੁੱਤੀ ਇਸ ਤਰ੍ਹਾਂ ਪਾਈਦੀ ਐ।‘‘
ਉਸ ਦੇ ਮਿਜ਼ਾਜ ਵਿਚ ਇਸ ਕਿਸਮ ਦਾ ਸ਼ਾਹੀ ਠਾਠ ਵੀ ਸੀ।
ਮੰਟੋ ਜਿਥੇ ਰਿਹਾ, ਉਸ ਨੇ ਉਥੋਂ ਦੇ ਮਾਹੌਲ ਵਿਚ ਡੁਬ ਕੇ ਕਹਾਣੀਆਂ ਲਿਖੀਆਂ। ਬੰਬਈ ਦੇ
ਨਾਗਪਾੜਾ ਪੁਲਿਸ ਸਟੇਸ਼ਨ ਤੇ ਰੰਡੀਆਂ ਦੇ ਫ਼ਾਰਸ ਰੋਡ ਤੇ ਫ਼ਿਲਮ ਸਟੂਡੀਓਜ਼ ਦੀ ਜਾਣ-ਪਛਾਣ
ਮੈਨੂੰ ਲਾਹੌਰ ਬੈਠੇ ਹੋਈ ਸੀ। ‘ਕਾਲੀ ਸਲਵਾਰ‘ ਦੀ ਰੰਡੀ ਸੁਲਤਾਨਾ ਦਿੱਲੀ ਦੇ ਅਜਮੇਰੀ ਗੇਟ
ਦੇ ਬਾਹਰ ਜੀ.ਬੀ. ਰੋਡ ਉਤੇ ਇਕ ਕੋਠੇ ਉਤੇ ਰਹਿੰਦੀ ਸੀ। ਸਾਹਮਣੇ ਰੇਲਵੇ ਦਾ ਯਾਰਡ, ਜਿਥੇ
ਬੇ-ਸ਼ੁਮਾਰ ਰੇਲ ਦੀਆਂ ਪਟੜੀਆਂ ਵਿਛੀਆਂ ਹੋਈਆਂ ਸਨ। ਹੁਣ ਵੀ ਉਥੇ ਕੋਠਿਆਂ ਦੀ ਕਤਾਰ ਹੈ ਤੇ
ਮੰਟੋ ਦਾ ਬਿਆਨ ਕੀਤਾ ਸੀਨ ਤੇ ਰੰਡੀ ਦੇ ਮਨ ਦੀ ਦਸ਼ਾ ਉਤੇ ਉਸੇ ਤਰ੍ਹਾਂ ਹੈ। ਉਹ ਲਿਖਦਾ
ਹਾਂ:
‘‘ਧੁੱਪ ਵਿਚ ਲੋਹੇ ਦੀਆਂ ਇਹ ਪਟੜੀਆਂ ਚਮਕਦੀਆਂ ਤਾਂ ਸੁਲਤਾਨਾ ਆਪੇ ਹੱਥਾਂ ਨੂੰ ਦੇਖਦੀ
ਜਿਨ੍ਹਾਂ ਉਤੇ ਨੀਲੀਆਂ ਨੀਲੀਆਂ ਰਗਾਂ ਬਿਲਕੁਲ ਇਹਨਾਂ ਪਟੜੀਆਂ ਵਾਂਗ ਉਭਰੀਆਂ ਹੋਈਆਂ ਸਨ।
ਇਸ ਲੰਮੇ ਤੇ ਖੁੱਲ੍ਹੇ ਮੈਦਾਨ ਵਿਚ ਹਰ ਵੇਲੇ ਇੰਜਣ ਤੇ ਗੱਡੀਆਂ ਦੀ ਠਕ ਠਕ ਫਕ ਫਕ ਸਦਾ
ਗੂੰਜ਼ਦੀ ਰਹਿੰਦੀ..... ਕਦੇ ਕਦੇ ਜਦੋਂ ਉਹ ਕਿਸੇ ਗੱਡੀ ਦੇ ਡੱਬੇ ਨੂੰ ਜਿਸ ਨੂੰ ਇੰਜਣ ਨੇ
ਧੱਕਾ ਦੇ ਕੇ ਛੱਡ ਦਿਤਾ ਹੋਵੇ, ਪਟੜੀਆਂ ਉਤੇ ਇਕੱਲੇ ਚਲਦਾ ਦੇਖਦੀ ਤਾਂ ਉਸ ਨੂੰ ਆਪਣਾ ਖ਼ਿਆਲ
ਆਉਂਦਾ। ਉਹ ਸੋਚਦੀ ਕਿ ਉਸ ਉਸ ਨੂੰ ਵੀ ਕਿਸੇ ਨੇ ਜ਼ਿੰਦਗੀ ਦੀ ਪਟੜੀ ਤੇ ਧੱਕਾ ਦੇ ਕੇ ਛੱਡ
ਦਿਤਾ ਹੈ ਤੇ ਉਹ ਖ਼ੁਦ ਬਖ਼ੁਦ ਤੁਰੀ ਜਾ ਰਹੀ ਹੈ.... ਪਤਾ ਨਹੀਂ ਕਿਥੇ ਨੂੰ। ਫਿਰ ਇਕ ਦਿਨ
ਅਜਿਹਾ ਆਵੇਗਾ ਜਦ ਇਸ ਧੱਕੇ ਦਾ ਜ਼ੋਰ ਹੌਲੀ ਹੌਲੀ ਖ਼ਤਮ ਹੋ ਜਾਵੇਗਾ ਤੇ ਉਹ ਕਿਤੇ ਰੁਕ
ਜਾਵੇਗੀ, ਕਿਸੇ ਅਜਿਹੀ ਥਾਂ ਜੋ ਉਸ ਨੇ ਪਹਿਲਾਂ ਕਦੇ ਨਾ ਦੇਖੀ ਹੋਵੇ.....
‘‘ਕਦੇ ਕਦੇ ਉਸ ਦੇ ਦਿਮਾਗ਼ ਵਿਚ ਇਹ ਖ਼ਿਆਲ ਵੀ ਆਉਂਦਾ ਕਿ ਇਹ ਜੋ ਸਾਹਮਣੇ ਰੇਲ ਪਟੜੀਆਂ ਦਾ
ਜਾਲ ਵਿਛਿਆ ਹੋਇਆ ਹੈ ਤੇ ਥਾਂ ਥਾਂ ਤੋਂ ਭਾਫ਼ ਤੇ ਧੂੰਆਂ ਉਠ ਰਿਹਾ ਹੈ, ਇਕ ਬਹੁਤ ਵੱਡਾ
ਚਕਲਾ ਹੈ। ਬਹੁਤ ਸਾਰੀਆਂ ਗੱਡੀਆਂ ਹਨ ਜਿਨ੍ਹਾਂ ਨੂੰ ਕੁਝ ਕੁ ਮੋਟੇ ਮੋਟੇ ਇੰਜਣ ਏਧਰ ਓਧਰ
ਧਕਦੇ ਰਹਿੰਦੇ ਹਨ - ਸੁਲਤਾਨਾ ਨੂੰ ਕਈ ਵਾਰ ਇਹ ਇੰਜਣ ਸੇਠਾਂ ਵਾਂਗ ਜਾਪਦੇ ਜੋ ਕਦੇ ਕਦੇ
ਅੰਬਾਲੇ ਉਸ ਦੇ ਕੋਠੇ ਤੇ ਆਇਆ ਕਰਦੇ ਸਨ।‘‘
ਮੰਟੋ ਦੀਆਂ ਉਪਰਲੀਆਂ ਸਤਰਾਂ ਉਰਦੂ ਸਾਹਿਤ ਵਿਚ ਕਲਾਸਿਕ ਬਣ ਗਈਆਂ ਹਨ। ਇਸ ਬਿਆਨ ਵਿਚ
ਜ਼ਿੰਦਗੀ ਦੇ ਦਾਰਸ਼ਨਿਕ ਇਸ਼ਾਰੇ, ਉਦਾਸੀ ਤੇ ਮਾਹੌਲ ਵਿਚ ਵਾਪਰ ਰਹੀਆਂ ਘਟਨਾਵਾਂ ਦਾ ਮਾਨਸਿਕ
ਪ੍ਰਵਿਰਤੀਆਂ ਨਾਲ ਮੇਲ ਹੈ।
ਜਦ ਦੇਸ਼ ਦੀ ਵੰਡ ਪਿਛੋਂ ਮੰਟੋ ਲਾਹੌਰ ਚਲਾ ਗਿਆ ਤਾਂ ਉਸਨੇ ਪਾਕਿਸਤਾਨ ਬਾਰੇ ਤੇ ਫ਼ਸਾਦਾਂ
ਬਾਰੇ ਲਿਖਿਆ। ਉਹ ਕੌੜੇ ਸੱਚ ਦਾ ਜ਼ਹਿਰ ਪੀਣ ਤੋਂ ਕਦੇ ਨਹੀਂ ਸੀ ਝਿਜਕਿਆ। ਉਹ ਖ਼ਰੀ ਗੱਲ
ਮੂੰਹ ਤੇ ਕਹਿ ਦੇਂਦਾ। ਕਦੇ ਜਜ਼ਬਾਤੀ ਰਿਆਇਤ ਨਾ ਕਰਦਾ।
ਕਿਸੇ ਦੋਸਤ ਨੇ ਪੁਛਿਆ, ‘‘ਮੰਟੋ, ਤੂੰ ਕਿੰਨਾ ਮੁਸਲਮਾਨ ਹੈਂ?‘‘
ਉਸਨੇ ਜਵਾਬ ਦਿਤਾ, ‘‘ਜਦੋਂ ਇਸਲਾਮੀਆ ਕਾਲਿਜ ਤੇ ਡੀ.ਏ. ਵੀ ਕਾਲਜ ਵਿਚਕਾਰ ਫ਼ੁਟਬਾਲ ਦਾ ਮੈਚ
ਹੋ ਰਿਹਾ ਹੋਵੇ ਤੇ ਇਸਲਾਮੀ ਕਾਲਿਜ ਗੋਲ ਕਰ ਦੇਵੇ ਤਾਂ ਮੇਰਾ ਦਿਲ ਖੁਸ਼ੀ ਨਾਲ ਉਛਲ ਪੈਂਦਾ
ਹੈ। ਇਤਨਾ ਕੁ ਮੁਸਲਮਾਨ ਮੈਂ ਜ਼ਰੂਰ ਹਾਂ।‘‘
ਪਰ ਦੋਸਤੀ ਦੇ ਮੁਆਮਲੇ ਵਿਚ ਇਹ ਗੱਲ ਕਦੇ ਨਜ਼ਰ ਨਹੀਂ ਆਈ। ਉਸਦੇ ਬੇਹਤਰੀਨ ਦੋਸਤ ਸ਼ਿਆਮ,
ਅਸ਼ੋਕ ਕੁਮਾਰ ਤੇ ਮੁਕਰਜੀ ਸਨ। ਉਹ ਬਾਰ-ਬਾਰ ਇਹਨਾਂ ਦਾ ਜ਼ਿਕਰ ਕਰਦਾ ਹੈ।
ਫ਼ੁਟਬਾਲ ਦੇ ਮੈਚ ਵਾਲੀ ਗੱਲ ਉਸਨੇ ਸ਼ਾਇਦ ਇਸ ਲਈ ਆਖੀ ਕਿ ਕਈ ਹਿੰਦੂ ਲੇਖਕ ਜੋ ਤਰੱਕੀ-ਪਸੰਦ
ਹੋਣ ਦਾ ਦਾਅਵਾ ਕਰਦੇ ਸਨ ਤੇ ਅੰਦਰੋਂ ਕੱਟੜ ਹਿੰਦੂ ਸਨ ਖੁਲ੍ਹ ਕੇ ਇਹ ਗੱਲ ਨਹੀਂ ਸਨ ਕਹਿ
ਸਕਦੇ। ਮੰਟੋ ਉਸ ਜਜ਼ਬੇ ਬਾਰੇ ਲਿਖ ਕੇ ਜੋ ਸਾਡੇ ਨਿਮਨ-ਚੇਤਨ ਵਿਚ ਲਰਜ਼ਦਾ ਹੈ ਤੇ ਜਿਸ ਉਤੇ
ਸਾਡਾ ਚੇਤੰਨ ਤੌਰ ਤੇ ਕੋਈ ਵਸ ਨਹੀਂ ਹੁੰਦਾ, ਸਾਨੂੰ ਇਕ ਡੂੰਘੇ ਸੱਚ ਦੇ ਸਾਹਮਣੇ ਲਿਆ ਖੜਾ
ਕੀਤਾ ਹੈ।
ਮੌਤ ਬਾਰੇ ਉਸਦਾ ਦਾਰਸ਼ਨਿਕ ਪ੍ਰਤਿਕਰਮ ਸੀ। ਉਸਨੇ ਆਖਿਆ, ‘‘ਇਕ ਆਦਮੀ ਦੀ ਮੌਤ ਟ੍ਰੈਜਡੀ ਹੈ;
ਇਕ ਲੱਖ ਇਨਸਾਨ ਮਰ ਜਾਣ ਤਾਂ ਇਹ ਕੁਦਰਤ ਦਾ ਵੱਡਾ ਮਜ਼ਾਕ ਹੈ।‘‘
ਉਸਨੇ ਪੰਜਾਬ ਦੇ ਬਟਵਾਰੇ, ਕਤਲ ਤੇ ਬਲਾਤਕਾਰ ਦੀਆਂ ਦਿਲ-ਸੱਲਵੀਆਂ ਘਟਨਾਵਾਂ ਉਤੇ ਕਹਾਣੀਆਂ
ਲਿਖੀਆਂ। ‘‘ਟੋਭਾ ਟੇਕ ਸਿੰਘ‘‘, ‘‘ਠੰਢਾ ਗੋਸ਼ਤ‘‘ ਤੇ ‘‘ਖੋਲ੍ਹ ਦਿਓ‘‘ ਦੀ ਮਹਾਨਤਾ ਤੋਂ ਸਭ
ਵਾਕਿਫ਼ ਹਨ।
ਉਸਨੇ ‘‘ਸਿਆਹ ਹਾਸ਼ੀਏ‘‘ ਵਿਚ ਫ਼ਿਰਕੂ ਫ਼ਸਾਦਾਂ ਦੀ ਦਰਿਦਗੀ ਬਿਆਨ ਕੀਤੀ ਹੈ। ਇਹ ਸਿਆਹ ਲਤੀਫ਼ੇ
ਹਨ, ਛੋਟੀਆਂ-ਛੋਟੀਆਂ ਕਹਾਣੀਆਂ ਜਿਨ੍ਹਾਂ ਵਿਚ ਲੁਕਮਾਨ ਦੀਆਂ ਕਹਾਣੀਆਂ ਤੇ ਪੰਚ-ਤੰਤਰ ਵਰਗੀ
ਤਿੱਖੀ ਤੇ ਪੁੱਠੀ ਸਿਆਣਪ ਹੈ। ਉਸਨੇ ਗੁੰਡਾਗਰਦੀ, ਕਤਲ ਤੇ ਮਨੁੱਖੀ ਬੇਵਕੂਫ਼ੀ ਉਤੇ ਮਖ਼ੌਲ
ਕੀਤੇ ਹਨ। ਇਸ ਕਿਸਮ ਦਾ ਸਿਆਹ ਮਖ਼ੌਲ ਭਾਰਤੀ ਸਾਹਿਤ ਵਿਚ ਪਹਿਲੀ ਵਾਰ ਆਇਆ।
ਇਸ ਦੇ ਕਈ ਵਰ੍ਹਿਆਂ ਪਿਛੋਂ ਯੋਰਪ ਵਿਚ ਪਲੈਕ ਹਿਊਮਰ ਜਾਂ ਸਿਆਹ ਮਖ਼ੌਲ ਨੂੰ ਫ਼ਿਲਮਾ ਵਿਚ
ਫ਼ਲੀਨੀ ਨੇ ਪੇਸ਼ ਕੀਤਾ ਤੇ ਸਾਹਿਤ ਵਿਚ ਫ਼ਾਕਨਰ ਨੇ। ਮੰਟੋ ਇਹਨਾਂ ਤੋਂ ਪਹਿਲਾਂ ਅੰਤਰਰਾਸ਼ਟਰੀ
ਸਾਹਿਤ ਦੇ ਸ਼ਾਹ-ਰਾਹ ਉਤੇ ਖੜਾ ਨਵੀਆਂ ਪੈੜਾਂ ਪਾ ਰਿਹਾ ਸੀ।
ਕਈ ਵਾਰ ਮੰਟੋ ਦੇ ਪਾਤਰਾਂ ਦੇ ਨਾਂ ਵੀ ਅਸਲੀ ਹੁੰਦੇ ਸਨ। ਇਹ ਪਾਤਰ ਇਤਨੇ ਦਿਲਚਸਪ ਤੇ
ਨਿਰਾਲੇ ਹਨ ਕਿ ਇਹਨਾਂ ਦੀ ਹਕੀਕਤ ਤੇ ਗਲਪੀ ਰੂਪ ਵਿਚ ਕੋਈ ਫ਼ਰਕ ਨਜ਼ਰ ਨਹੀਂ ਆਉਂਦਾ।
‘‘ਬਾਬੂ ਗੋਪੀ ਨਾਥ‘‘ ਵਿਚ ਅਬੁਦਲ ਰਹੀਮ ਸੈਂਡੋ ਬਹੁਤ ਵਚਿੱਤਰ ਪਾਤਰ ਹੈ ਤੇ ਉਸਦੀ ਸ਼ਬਦਾਵਲੀ
ਵੀ ਊਟ-ਪਟਾਂਗ। ਉਹ ਫ਼ਿਲਮਾਂ ਵਿਚ ਐਕਸਟਰਾ ਦਾ ਕੰਮ ਕਰਦਾ ਸੀ। ਅੱਜ ਵੀ ਬੰਬਈ ਦੇ ਫ਼ਿਲਮ
ਸਟੂਡੀਓ ਵਿਚ ਤੁਸੀਂ ਅਬਦੁਲ ਰਹੀਮ ਸੈਂਡੋ ਨੂੰ ਪਛਾਣ ਸਕਦੇ ਹੋ। ਉਹ ਆਪਣੀ ਗੱਲਬਾਤ ਵਿਚ
ਅਜਿਹੇ ਬੇ-ਮਾਇਨੀ ਤੇ ਬੇ-ਢੰਗੇ ਸ਼ਬਦ ਵਰਤਦਾ ਹੈ, ਜਿੰਨ੍ਹਾਂ ਦਾ ਧੁਨੀ-ਪ੍ਰਭਾਵ ਧਮਾਕੇ ਵਾਂਗ
ਪੈਂਦਾ ਹੈ। ਮਸਲਿਨ ਬਾਬੂ ਗੋਪੀ ਨਾਥ ਮੰਟੋ ਦੀ ਸਿਆਣ ਕਰਵਾਉਂਦਿਆਂ ਆਖਦਾ ਹੈ, ‘‘ਮੰਟੋ ਸਾਹਬ
ਇੰਡੀਆ ਦੇ ਰਾਈਟਰ ਨੰਬਰ ਵਨ ਹਨ। ਕਹਾਣੀਆਂ ਵਿਚ ਇਹੋ ਜਿਹੀ ਕੰਟੀਨਿਊਟਨੀ ਮਿਲਾਉਂਦੇ ਹਨ ਕਿ
ਵੱਡਿਆਂ-ਵੱਡਿਆਂ ਦਾ ਧੜੰਨਤਖ਼ਤਾ ਹੋ ਜਾਂਦਾ ਹੈ.... ਕਿਉਂ ਮੰਟੋ ਸਾਹਬ, ਹੈ ਨਾ ਐਂਟੀ ਦੀ
ਪੈਂਟੀ ਪੋ?‘‘
ਇਸ ਸ਼ਬਦ ਕਿਸੇ ਜ਼ਬਾਨ ਦੇ ਨਹੀਂ। ਪਰ ਜਦੋਂ ਮੰਟੋ ਨੇ ਇਹਨਾਂ ਦੀ ਵਰਤੋਂ ਕੀਤੀ ਤਾਂ ਇਹ ਨਵੀਂ
ਈਜਾਦ ਵਾਂਗ ਚਮਕਣ ਲੱਗੇ ਤੇ ਉਰਦੂ ਸਾਹਿਤ ਦਾ ਹਿੱਸਾ ਬਣ ਗਏ।
‘‘ਟੋਭਾ ਟੇਕ ਸਿੰਘ‘‘ ਵਿਚ ਉਹ ਇਸੇ ਪ੍ਰਕਾਰ ਦੇ ਧੁਨੀ-ਮੰਤਰ ਨਾਲ ਪਾਤਰ ਦੇ ਨਿਮਨ-ਚੇਤਨ ਨੂੰ
ਉਜਾਗਰ ਕਰਦਾ ਹੈ। ਪਾਗਲਖ਼ਾਨੇ ਵਿਚ ਹਿੰਦੂ, ਸਿੱਖ ਤੇ ਮੁਸਲਮਾਨ ਪਾਗਲ ਡੱਕੇ ਹੋਏ ਹਨ। ਦੇਸ਼ਦੀ
ਵੰਡ ਪਿਛੋਂ ਇਹਨਾਂ ਨੂੰ ਵੀ ਬਾਕੀ ਚੀਜ਼ਾਂ ਵਾਂਗ ਵੰਡਿਆ ਜਾ ਰਿਹਾ ਹੈ। ਇਕ ਪਾਗਲ ਸਿੱਖ ਅਜੀਬ
ਬੇਤੁਕੀਆਂ ਗੱਲਾਂ ਕਰਦਾ ਹੈ। ਉਹ ਹੈਰਾਨ ਹੈ ਕਿ ਉਹ ਹਿੰਦੁਸਤਾਨ ਵਿਚ ਸੀ ਪਰ ਪਾਕਿਸਤਾਨ
ਕਿਵੇਂ ਚਲਾ ਗਿਆ ਤੇ ਇਹ ਪਾਕਿਸਤਾਨ ਕਿਥੋਂ ਆ ਗਿਆ? ਤੇ ਉਸਦਾ ਪਿੰਡ ਟੋਭਾ ਟੇਕ ਸਿੰਘ ਕਿਥੇ
ਗਿਆ? ਤੇ ਹੁਣ ਉਸਨੇ ਕਿਥੇ ਜਾਣਾ ਹੈ? ਉਹ ਬਾਰ-ਬਾਰ ਇਹ ਮੁਹਾਰਨੀ ਅਲਾਪਦਾ ਹੈ, ‘‘ਉਹ
ਗੁਡ-ਗੁਡ ਦੀ, ਲਾਲਟੈਨ ਦੀ, ਦਾਲ ਦੀ, ਹਿੰਦੁਸਤਾਨ ਦੀ, ਤੇਰੀ ਮਾਂ ਦੀ.....‘‘ ਇਹ ਲਫ਼ਜ਼
ਉਸਦੀ ਖੰਡਿਤ ਮਾਨਸਿਕਤਾ ਦਾ ਪ੍ਰਗਟਾਵਾ ਹਨ।
ਇਕ ਵਾਰ ਮੰਟੋ ਬੰਬਈ ਦੀ ਇਲੈਕਟ੍ਰਿਕ ਟ੍ਰੇਨ ਵਿਚ ਬੈਠਾ ਫ਼ਿਲਮਿਸਤਾਨਜਾ ਰਿਹਾਸੀਕਿ ਰਸਤੇ
ਵਿਚਉਸਨੇ ਅਖ਼ਬਾਰ ਵਿਚ ਇਕ ਨਾਂ ਪੜ੍ਹਿਆ ਜਿਸਦੇ ਉਲਟੇ ਸਿੱਧੇ ਜੋੜ ਸਨ ਤੇ ਜੋ ਸ਼ਾਇਦ ਬਰਕਤ
ਉੱਲਾ ਜਾਂ ਹਨੀਫ਼ ਉੱਲਾ ਲਿਖਿਆ ਹੋਵੇਗਾ ਪਰ ਛਪਿਆ ‘ਹਿੱਪ-ਟੁੱਲਾ‘ ਸੀ। ਉਸਨੇ ਦੋ ਚਾਰ ਵਾਰ
ਇਹ ਲਫ਼ਜ਼ ਮੂੰਹ ਵਿਚ ਹੀ ਦੁਹਰਾਇਆ ਤੇ ਉਸਨੂੰ ਇਹ ਚੰਗਾ ਲੱਗਾ। ਸਟੂਡੀਓ ਜਾ ਕੇ ਫ਼ਿਲਮ
ਡਾਇਰੈਕਟਰ ਨਾਲ ਕਿਸੇ ਕਹਾਣੀ ਉਤੇ ਬਹਿਸ ਹੋਈ ਤੇ ਮੰਟੋ ਤੋਂ ਉਸਦੀ ਰਾਇ ਪੁਛੀ ਗਈ। ਮੰਟੋ ਨੇ
ਆਖਿਆ, ‘‘ਠੀਕ ਐ, ਪਰ ਇਹ ਕਹਾਣੀ ਹਿੱਪ-ਟੁੱਲਾ ਨਹੀਂ।‘‘
ਅਸ਼ੋਕ ਕੁਮਾਰ ਨੇ ਹਾਂ ਵਿਚ ਹਾਂ ਮਿਲਾਈ ਤੇ ਆਖਿਆ, ‘‘ਕਹਾਣੀ ਹੋਵੇ ਤਾਂ ਹਿੱਪ-ਟੱਲਾ ਹੋਣੀ
ਚਾਹੀਦੀ ਹੈ।‘‘
ਲਫ਼ਜ਼ ਦਾ ਕੋਈ ਮਤਲਬ ਨਹੀਂ ਸੀ। ਮੁਕਰਜੀ ਨੂੰ ਗੱਲ ਸਮਝ ਆ ਗਈ ਕਿ ਕਹਾਣੀਵਧੀਆ ਨਹੀਂ। ਉਸ
ਪਿਛੋਂ ਫ਼ਿਲਮੀ ਦੁਨੀਆਂ ਵਿਚ ਕਹਾਣੀ ਦੀ ਬਣਤਰ, ਵਾਰਤਾਲਾਪ, ਸਿਚੂਏਸ਼ਨ ਤੇ ਕਲਾਈਮੈੱਕਸ ਲਈ
‘ਹਿੱਪ-ਟੁੱਲਾ‘ ਲਫ਼ਜ਼ ਪ੍ਰਚਲਿਤ ਹੋ ਗਿਆ।
ਅਗਸਤ 1947 ਵਿਚ ਜਦੋਂ ਕਤਲ ਤੇ ਖ਼ੂਨ ਦਾ ਬਾਜ਼ਾਰ ਗਰਮ ਹੋਇਆ ਤੇ ਥਾਂ-ਥਾਂ ਫ਼ਸਾਦ ਫੁੱਟ ਪਏ
ਤਾਂ ਮੈਂ ਲਾਹੌਰ ਤੋਂ ਇਕ ਕਮੀਜ਼-ਪਤਲੂਨ ਨਾਲ ਬਠਿੰਡੇ ਆ ਗਿਆ। ਪਤਾ ਲਗਿਆ ਕਿ ਉਹ ਆਖ਼ਰੀ ਗਡੀ
ਸੀ, ਜਿਸਨੇ ਸਹੀ-ਸਲਾਮਤ ਸਤਲੁਜ ਦਾ ਪੁਲ ਪਾਰ ਕੀਤਾ। ਬਠਿੰਡੇ ਪਹੁੰਚਿਆ ਤਾਂ ਇਥੇ ਵੀ ਫ਼ਸਾਦ
ਫੁੱਟ ਪਏ। ਮੈਂ ਇਸ ਖ਼ੂਨੀ ਮਾਹੌਲ ਵਿਚ ਨਹੀਂ ਸਾਂ ਰਹਿਣਾ ਚਾਹੁੰਦਾ ਜਿਥੇ ਮੇਰੇ ਬਚਪਨ ਦੇ
ਦੋਸਤ ਫ਼ਜ਼ਲ ਮਰਾਸੀ ਤੇ ਉਸਦੀ ਭੈਣ ਨੂਰਾਂ ਕਤਲ ਹੋ ਗਏ ਸਨ।
ਦਿੱਲੀ ਆਇਆ ਤਾਂ ਇਥੇ ਵੀ ਖ਼ੂਨ-ਖ਼ਰਾਬਾ। ਇਕ ਮਹੀਨਾ ਇਥੇ ਰਹਿ ਕੇ ਬੇਕਾਰੀ ਤੇ ਅਨਿਸ਼ਚਿਤ
ਭਵਿੱਖ ਨੂੰ ਦੇਖਦਿਆਂ ਸੋਚਿਆ ਕਿ ਬੰਬਈ ਚਲਾ ਜਾਵਾਂ।
ਮੈਂ ਟਿਕਟ ਖ਼ਰੀਦਿਆ ਤੇ ਪੰਜਾਬ ਮੇਲ ਵਿਚ ਸਵਾਰ ਹੋ ਕੇ ਬੰਬਈ ਚਲਾ ਗਿਆ।
ਮੈਨੂੰ ਮੁਲਕ ਰਾਜ ਆਨੰਦ ਦਾ ਪਤਾ ਯਾਦ ਸੀ। ਆਪਣਾ ਛੋਟਾ ਜਿਹਾ ਸੂਟਕੇਸ ਤੇ ਬਿਸਤਰਾ ਮੈਂ
ਵਿਕਟੋਰੀਆ ਬੱਘੀ ਵਿਚ ਰਖਿਆ ਤੇ ਕੋਚਵਾਨ ਨੂੰ ਕਫ਼ ਪੈਰੇਡ ਚੱਲਣ ਲਈ ਆਖਿਆ ਜਿਥੇ ਮੁਲਕ ਰਾਜ
ਆਨੰਦ ਰਹਿੰਦਾ ਸੀ। ਉਸਨੇ ਮੈਨੂੰ ਬੜੇ ਖ਼ਲੂਸ ਨਾਲ ਆਪਣੇ ਕੋਲ ਠਹਿਰਾਇਆ।
ਇਥੇ ਅਦਬੀ ਤੇ ਕਲਚਰਲ ਮਹਿਫ਼ਲਾਂ ਜੰਮਦੀਆਂ ਸਨ। ਕ੍ਰਿਸ਼ਨ ਚੰਦਰ, ਅਲੀ ਸਰਦਾਰ ਜਾਫ਼ਰੀ ਤੇ ਬੰਬਈ
ਦੇ ਪੇਂਟਰ ਤੇ ਡਾਂਸਰ ਤੇ ਤਰੱਕੀ ਪਸੰਦ ਬੁੱਧੀ-ਜੀਵੀ ਆਉਂਦੇ ਤੇ ਅਮਨ ਬਾਰੇ ਗੱਲਾਂ
ਹੁੰਦੀਆਂ।
ਸ਼ਾਮ ਹੁੰਦੇ ਹੀ ਫਿਜ਼ਾ ਵਿਚ ਇਕ ਛੁਪਿਆ ਹੋਇਆ ਡਰ ਲਰਜ਼ਣ ਲਗਦਾ। ਪਾਕਿਸਤਾਨ ਬਣਨ ਪਿਛੋਂ
ਮੁਸਲਮਾਨ ਜਾ ਰਹੇ ਸਨ। ਇਕੇ-ਦੁਕੇ ਕਤਲ ਹੋ ਰਹੇ ਸਨ।
ਮੈਂ ਮੰਟੋ ਨੂੰ ਟੈਲੀਫੂਨ ਕੀਤਾ। ਉਹ ਬੋਲਿਆ, ‘‘ਤੂੰ ਕਦੋਂ ਆਇਆ?‘‘
ਮੈਂ ਉਸਨੂੰ ਆਪਣੇ ਬਾਰੇ ਦਸਿਆ ਤੇ ਆਖਿਆ ਕਿ ਮੈਂ ਉਸਨੂੰ ਮਿਲਣਾ ਚਾਹੁੰਦਾ ਹਾਂ।
ਉਹ ਬੋਲਿਆ,‘‘ਅੱਜ ਸ਼ਾਮ ਨੂੰ ਘਰ ਆ ਜਾਵੀਂ। ਜਾਣਦੈਂ ਨਾ ਮੇਰਾ ਘਰ? ਬਾਈਕਲਾ ਵਿਚ, ਕਲੇਅਰ
ਰੋਡ ਉਤੇ।‘‘
ਉਸਨੇ ਮੈਨੂੰ ਆਪਣੇ ਘਰ ਦਾ ਨੰਬਰ ਤੇ ਪਛਾਣ ਦੱਸੀ।
ਸ਼ਾਮ ਵੇਲੇ ਕ੍ਰਿਸ਼ਨ ਚੰਦਰ ਤੇ ਕੁਝ ਹੋਰ ਦੋਸਤ ਮਿਲਣ ਆ ਗਏ ਤੇ ਗੱਲਾਂ ਹੋਣ ਲਗੀਆਂ। ਹਨੇਰਾ
ਪੈ ਗਿਆ। ਜਦ ਮੈਂ ਆਖਿਆ ਕਿ ਮੈਂ ਮੰਟੋ ਨੂੰ ਮਿਲਣ ਜਾਣਾ ਹੈ ਤਾਂ ਸਭ ਨੇ ਆਖਿਆ, ‘‘ਤੂੰ
ਇਥੋਂ ਦੇ ਰਸਤੇ ਨਹੀਂ ਜਾਣਦਾ। ਰਾਤ ਪੈ ਚੁਕੀ ਹੈ। ਖ਼ਤਰਾ ਹੈ, ਕਲ੍ਹ ਚਲਾ ਜਾਵੀਂ।‘‘
ਮੈਨੂੰ ਡਰ ਵੀ ਲਗ ਰਿਹਾ ਸੀ। ਮੈਂ ਨਾ ਗਿਆ।
ਦੂਸਰੇ ਦਿਨ ਮੰਟੋ ਨੂੰ ਟੈਲੀਫੂਨ ਕੀਤਾ ਤਾਂ ਉਹ ਉੱਚੀ ਗਰਮ ਆਵਾਜ਼ ਵਿਚ ਬੋਲਿਆ, ‘‘ਓਇ, ਕਲ੍ਹ
ਸ਼ਾਮ ਮੈਂ ਤੇਰਾ ਇੰਤਜ਼ਾਰ ਕਰਦਾ ਰਿਹਾ। ਤੂੰ ਆਇਆਕਿਉਂਨਹੀਂ?‘‘
ਮੈਂ ਜਵਾਬ ਦਿੱਤਾ, ‘‘ਕ੍ਰਿਸ਼ਨ ਚੰਦਰ ਆ ਗਿਆ ਸੀ ਤੇ ਮੁਲਕ ਰਾਜ ਆਨੰਦ ਵੀ ਸੀ। ਗੱਲਾਂ ਕਰਦੇ
ਹੋਏ ਚਿਰ ਹੋ ਗਿਆ। ਮੈਂ ਆ ਨਹੀਂ ਸਕਿਆ।‘‘
ਉਹ ਉਸੇ ਗਰਮ ਆਵਾਜ਼ ਵਿਚਬੋਲਿਆ, ‘‘ਓਇ, ਕੌਣ ਹੁੰਦੈ ਮੁਲਕ ਰਾਜ ਆਨੰਦ? ਕੌਣ ਹੁੰਦੈ ਇਹ
ਕ੍ਰਿਸ਼ਨ ਚੰਦਰ? ਤੈਨੂੰ ਪਤਾ ਨਹੀਂ ਕਿ ਇਕੇ ਮੰਟੋ ਤੇਰਾ ਇੰਤਜ਼ਾਰ ਕਰ ਰਿਹਾ ਹੈ!‘‘
ਮੈਂ ਮੁਆਫ਼ੀ ਮੰਗੀ ਤੇ ਸ਼ਾਮ ਨੂੰ ਆਉਣ ਦਾ ਵਾਅਦਾ ਕੀਤਾ।
ਉਹ ਬੋਲਿਆ, ‘‘ਮੇਰੇ ਨਾਲ ਖਾਣਾ ਖਾਵੀਂ ਤੇ ਇਥੇ ਹੀ ਸੌਂ ਜਾਵੇਂ। ਸਾਰਾ ਘਰ ਖ਼ਾਲੀ ਪਿਐ।
ਸਫ਼ੀਆ ਲਾਹੌਰ ਚਲੀ ਗਈ। ਮੈਂ ਵੀ ਚਲਿਆ ਜਾਵਾਂਗਾ।‘‘
ਸ਼ਾਮ ਨੂੰ ਜਦ ਮੈਂ ਕਲੇਅਰ ਰੋਡ ਉਤੇ ਪੁੱਜਾ ਤਾਂ ਬੱਤੀਆਂ ਜਗ ਚੁਕੀਆਂ ਸਨ। ਪੌੜੀਆਂ ਚੜ੍ਹ ਕੇ
ਪਹਿਲੀ ਮੰਜ਼ਿਲ ਉਤੇ ਉਸਦੇ ਫ਼ਲੈਟ ਦਾ ਦਰਵਾਜ਼ਾ ਖੜਕਾਇਆ। ਉਹੀ ਉੱਚੀ ਗਰਮ ਆਵਾਜ਼ ਆਈ, ‘‘ਕੌਣ
ਐ?‘‘
ਮੈਂ ਆਪਣਾ ਨਾਂ ਦਸਿਆ। ਥੋੜ੍ਹੀ ਦੇਰ ਪਿਛੋਂ ਬਾਵਰਚੀ ਨੇ ਦਰਵਾਜ਼ਾ ਖੋਲ੍ਹਿਆ ਤੇ ਮੈ ਅੰਦਰ
ਦਾਖ਼ਿਲ ਹੋਇਆ।
ਮੰਟੋ ਲੱਕੜ ਦੀ ਕੁਰਸੀ ਤੇ ਪੱਬਾਂ ਭਾਰ ਬੈਠਾ ਕੁਝ ਲਿਖ ਰਿਹਾ ਸੀ। ਸ਼ਰਾਬ ਦੀ ਬੋਤਲ ਮੇਜ਼ ਉਤੇ
ਪਈ ਸੀ।
ਉਹ ਬੋਲਿਆ, ‘‘ਸਫ਼ੀਆ ਨੂੰ ਚਿੱਠੀ ਲਿਖ ਰਿਹਾ ਹਾਂ। ਬਸ ਦੋ ਲਫਜ਼ ਹੋਰ..... ਤੂੰ ਬੈਠ ਇਥੇ।‘‘
ਉਹ ਉਸੇ ਪੋਜ਼ ਵਿਚ ਤਖ਼ਤੀ ਗੋਡਿਆਂ ਤੇ ਰੱਖੀ ਲਿਖਦਾ ਰਿਹਾ। ਚਿੱਠੀ ਮੁਕਾ ਕੇ ਬੋਲਿਆ, ‘‘ਚੰਗਾ
ਹੋਇਆ ਤੂੰ ਆ ਗਿਆ। ਮੈਂ ਇਕੱਲਾ ਸਾਂ। ਇਕੱਲ ਤੋਂ ਮੈਨੂੰ ਬੜੀ ਵਹਿਸ਼ਤ ਹੁੰਦੀ ਐ। ਸ਼ਰਾਬ
ਪੀਏਂਗਾ?‘‘
ਮੈਂ ਆਖਿਆ, ‘‘ਨਹੀਂ।‘‘
ਉਸਨੇ ਸ਼ਰਾਬ ਗਲਾਸ ਵਿਚ ਪਾਈ, ਘੁੱਟ ਭਰਿਆ ਤੇ ਆਖਣ ਲਗਾ, ‘‘ਮੇਰੇ ਬਾਵਰਚੀ ਨੇ ਕੁੱਕੜ
ਭੁੰਨਿਆਂ ਹੈ। ਹੁਣ ਤੂੰ ਗੋਸ਼ਤ ਖਾਣ ਲਗ ਪਿਆ ਏਂ ਨਾ?‘‘
‘‘ਹਾਂ‘‘।
‘‘ਖ਼ਤ ਸੁਣਾਵਾਂ?.... ਸਫ਼ੀਆ ਦਾ ਲਾਹੌਰ ਤੋਂ ਖ਼ਤ ਆਇਆ ਸੀ : ਲਿਖਦੀ ਐ ਕਿ ਇਥੇ ਲਕਸ਼ਮੀ ਨਿਵਾਸ
ਵਿਚ ਬਹੁਤ ਚੰਗਾ ਫ਼ਲੈਟ ਮਿਲ ਗਿਆ ਹੈ। ਆਹਲਾ ਫ਼ਰਨੀਚਰ... ਰੀਫ੍ਰਿਜਰੇਟਰ.....²ਬਹੁਤ ਖੁਸ਼
ਐ.... ਔਰਤ! ਉਇ, ਸਾਲੀਏ ਤੂੰ ਕਾਸ ਤੇ ਖ਼ੁਸ਼ ਐਂ? ਮੰਟੋ ਤਾਂ ਇਥੇ ਬੈਠਾ ਹੈ। ਮੇਰੇ ਬ²ਗੈਰ
ਇਸ ਰੀਫ੍ਰਿਜਰੇਟਰ ਦਾ ਕੀ ਮਤਲਬ..... ਬਕਵਾਸ.... ਮੈਂ ਸੜ ਭੁਜ ਕੇ ਕਬਾਬ ਹੋ ਗਿਆ ਹਾਂ।‘‘
ਇਸ ਪਿਛੋਂ ਉਸ ਨੇ ਆਪਣਾ ਖ਼ਤ ਸੁਣਾਇਆ। ਇਸ ਖ਼ਤ ਵਿਚ ਉਸ ਦੀ ਆਪਣੀ ਵੀਰਾਨਗੀ ਦਾ ਜ਼ਿਕਰ ਸੀ,
ਬਾਵਰਚੀ ਦਾ, ਬੰਬਈ ਦੇ ਹਾਲਤਾਂ ਦਾ, ਦੋਸਤਾਂ ਦਾ, ਆਪਣੀ ਇਕੱਲ ਦਾ, ਤੇ ਲਕਸ਼ਮੀ ਨਿਵਾਸ ਦੇ
ਰੀਫ੍ਰਿਜਰੇਟਰ ਨੂੰ ਗਾਲ੍ਹਾਂ! ਉਹ ਇਸ ਗੱਲ ਦੀ ਸ਼ਿਕਾਇਤ ਕਰ ਰਿਹਾ ਸੀ ਕਿ ਉਹ ਬੰਬਈ ਦੀ
ਦੁਨੀਆਂ ਛੱਡ ਕੇ, ਫ਼ਿਲਮ ਦੀ ਇਹ ਜ਼ਿੰਦਗੀ ਤੇ ਦੋਸਤਾਂ ਦੇ ਪਿਆਰ ਨੂੰ ਤਜ ਕੇ ਲਾਹੌਰ ਜਾ ਰਿਹਾ
ਸੀ ਸਫ਼ੀਆ ਤੇ ਆਪਣੀ ਬੱਚੀ ਦੀ ਖ਼ਾਤਿਰ ਤੇ ਉਹ ਗੁਣ ਗਾ ਰਹੀ ਸੀ ਰੀਫ੍ਰਿਜਰੇਟਰ ਦੇ! ਇਸ ਖ਼ਤ
ਵਿਚ ਇਕ ਖਾਵੰਦ ਤੇ ਬਾਪ ਦਾ ਜਜ਼ਬਾ ਸੀ ਤੇ ਉਸ ਉਦਾਸੀ ਦਾ ਜ਼ਿਕਰ ਜੋ ਇਕ ਉਜੜੇ ਹੋਏ ਘਰ ਵਿਚ
ਹੁੰਦੀ ਹੈ... ਉਸਦਾ ਆਪਣਾ ਫਲੈਟ ਇਸੇ ਮਾਨਸਿਕ ਅਵਸਥਾ ਦਾ ਸਾਥਖੀ ਸੀ... ਬੀਵੀ ਤੇ ਬੱਚੀ
ਪਾਕਿਸਤਾਨ ਵਿਚ ਤੇ ਉਹ ਬੰਬਈ ਵਿਚ.....
ਉਸਨੇ ਇਕ ਗਲਾਸ ਹੋਰ ਭਰਿਆ ਤੇ ਉਸ ਦੀਆਂ ਅੱਖਾਂ ਤੇ ਜ਼ਹਿਨ ਹੋਰ ਤੇਜ਼ ਹੋ ਗਏ।
ਉਹ ਬੋਲਿਆ, ‘‘ਮੇਰੇ ਦੋਸਤ ਪੁਛਦੇ ਨੇ ਕਿ ਮੈਂ ਪਾਕਿਸਤਾਨ ਕਿਉਂ ਜਾ ਰਿਹਾ ਹਾਂ?.. ਕੀ ਮੈਂ
ਡਰਪੋਕ ਹਾਂ? ਪਾਕਿਸਤਾਨੀ ਹਾਂ? ਮੁਸਲਮਾਨ ਹਾਂ? ਲੇਕਿਨ ਉਹ ਮੇਰੇ ਦਿਲ ਦੀ ਗੱਲ ਨਹੀਂ ਸਮਝ
ਸਕਦੇ। ਮੈਂ ਪਾਕਿਸਤਾਨ ਜਾ ਰਿਹਾ ਹਾਂ ਤਾਂ ਕਿ ਉਥੇ ਇਕ ਮੰਟੋ ਹੋਵੇ ਜੋ ਉਥੋਂ ਦੀਆਂ ਸਿਆਸੀ
ਹਰਾਮਜ਼ਦਗੀਆਂ ਦਾ ਪਰਦਾ ਫ਼ਾਸ਼ ਕਰ ਸਕੇ। ਹਿੰਦੁਸਤਾਨ ਵਿਚ ਉਰਦੂ ਦਾ ਭਵਿੱਖ ਮਾੜਾ ਹੈ। ਹੁਣੇ
ਤੋਂ ਹਿੰਦੀ ਛਾ ਰਹੀ... ਮੈਂ ਲਿਖਣਾ ਚਾਹੁੰਦਾ ਹਾਂ, ਤੇ ਉਰਦੂ ਵਿਚ ਹੀ ਲਿਖ ਸਕਦਾ ਹਾਂ।
ਛਪਣਾ ਚਾਹੁੰਦਾ ਹਾਂ ਤਾਂ ਕਿ ਹਜ਼ਾਰਾਂ ਤੀਕ ਪਹੁੰਚ ਸਕਾਂ.... ਜ਼ਬਾਨ ਦੀ ਆਪਣੀ ਮੰਤਕ ਹੁੰਦੀ
ਹੈ..... ਕਈ ਵਾਰ ਜ਼ਬਾਨ ਖ਼ਿਆਲਤ ਵੀ ਦੇਂਦੀ ਹੈ.... ਇਸਦਾ ਤੁਅੱਲਕ ਲਹੂ ਨਾਲ ਹੈ..... ਇਕ
ਮੰਟੋ ਬੰਬਈ ਵਿਚ ਰਿਹਾ, ਦੂਸਰਾ ਲਾਹੌਰ ਵਿਚ ਹੋਵੇਗਾ...‘‘
ਰਾਤ ਨੂੰ ਦੇਰ ਤੀਕ ਉਹ ਗੱਲਾ ਕਰਦਾ ਰਿਹਾ।
ਮੈਂ ਉਸ ਕਮਰੇ ਵਿਚ ਸੁੱਤਾ।
ਦੂਜੇ ਦਿਨ ਮੈਂ ਮੰਟੋ ਕੋਲ ਰਿਹਾ।
ਇਕ ਹਫ਼ਤੇ ਪਿਛੋਂ ਮੈਂ ਦਿੱਲੀ ਆ ਗਿਆ।
ਫਿਰ ਪਤਾ ਚਲਿਆ ਕਿ ਮੰਟੋ ਲਾਹੌਰ ਚਲਾ ਗਿਆ।
ਲਾਹੌਰ ਜਾ ਕੇ ਉਸਨੇ ਬੇਸ਼ੁਮਾਰ ਕਹਾਣੀਆਂ ਲਿਖੀਆਂ।
ਉਸ ਨੇ ਹਕੂਮਤ ਨਾਲ ਟਕਰ ਲਈ, ਮੌਲਵੀਆਂ ਤੇ ਮੁਲਾਣਿਆਂ ਦਾ ਮਜ਼ਾਕ ਉਡਾਇਆ, ਫ਼ਿਰਕਾਪ੍ਰਸਤਾਂ ਦੇ
ਖ਼ਿਲਾਫ਼ ਲਿਖਿਆ, ਤੇ ਅਮਰੀਕਾ ਦੇ ਚਾਚਾ ਸੈਮ ਦੇ ਨਾਂ ਚਿੱਠੀਆਂ ਲਿਖੀਆਂ ਜਿਨ੍ਹਾਂ ਵਿਚ ਲੋਹੜੇ
ਦਾ ਤਨਜ਼ ਸੀ। ਉਹ ਨਿਡਰ ਤੇ ਬਾਗ਼ੀ ਤਬੀਅਤ ਦਾ ਮਾਲਿਕ ਸੀ, ਤੇ ਸਮਾਜ ਦੇ ਝੂਠ ਤੇ ਦੋਗਲੇਪਨ
ਨੂੰ ਨੰਗਾ ਕਰਨ ਵਿਚ ਮਾਹਿਰ।
ਉਹ ਦੁਨੀਆਂ ਦਾ ਚੈਲੰਜ ਕਬੂਲ ਕਰ ਸਕਦਾ ਸੀ, ਪਰ ਦੋਸਤ ਦਾ ਵਾਰ ਨਹੀਂ ਸੀ ਸਹਿ ਸਕਦਾ।
ਪਾਕਿਸਤਾਨ ਵਿਚ 1950 ਵਿਚ ਤਰੱਕੀ-ਪਸੰਦ ਅਦੀਬਾਂ ਨੂੰ ਉਹਨੂੰ ਪਿਛਾਂਹ-ਖਿਚੂ ਤੇ ਅਸ਼ਲੀਲ
ਸਾਹਿਤਕਾਰ ਦਾ ਆਰੋਪ ਲਗਾ ਕੇ ਇਕ ਸਰਕੂਲਰ ਜਾਰੀ ਕੀਤਾ ਕਿ ਮੰਟੋ ਦੀ ਕੋਈ ਕਹਾਣੀ ਕਿਸੇ
ਰਾਸਲੇ ਵਿਚ ਛਾਪੀ ਜਾਵੇ। ਇਹ ਸਰਕੂਲਰ ਦਿੱਲੀ ਵੀ ਆਇਆ। ਸਭ ਤੋਂ ਦੁਖਦਾਇਕ ਗੱਲ ਇਹ ਸੀ ਕਿ
ਮੰਟੋ ਦਾ ਜਿਗਰੀ ਤੇ ਪਿਆਰਾ ਦੋਸਤ ਅਹਿਮਦ ਨਦੀਮ ਕਾਸਮੀ ਇਸ ਮੁਹਿੰਮ ਦਾ ਜਨਰਲ ਸਕੱਤਰ ਸੀ।
ਮੰਟੋ ਉਤੇ ਇਸਦਾ ਗਹਿਰਾ ਅਸਰ ਪਿਆ। ਉਹ ਆਪਣੀ ਦੁਨੀਆਂ ਵਿਚ ਬੇਗਾਨਾ ਹੋ ਗਿਆ।
ਆਰਥਿਕ ਸੰਕਟ ਤੇ ਦੋਸਤਾਂ ਦੀ ਬੇਰੁਖ਼ੀ ਕਾਰਨ ਉਹ ਜ਼ਿਆਦਾ ਸ਼ਰਾਬ ਪੀਣ ਲਗਿਆ। ਇਕ ਬੋਤਲ ਦੀ
ਖ਼ਾਤਿਰ ਉਹ ਕਹਾਣੀ ਲਿਖ ਦੇਂਦਾ। ਕਈ ਵਾਰ ਉਸ ਨੇ ਇਕ ਦਿਨ ਵਿਚ ਤਿੰਨ-ਤਿੰਨ ਕਹਾਣੀਆਂ ਲਿਖੀਆਂ
ਤੇ ਇਹਨਾਂ ਨੂੰ ਪਬਲਿਸ਼ਰਾਂ ਕੋਲ ਵੇਚਣ ਗਿਆ।
ਕਹਾਣੀਆਂ ਦਾ ਇਕ ਸੰਗ੍ਰਹਿ ਛਪਿਆ ਤਾਂ ਇਸ ਵਿਚ ਉਸਨੇ ਸਿਲਸਿਲੇਵਾਰ ਤਾਰੀਖ਼ਾਂ ਵੀ ਦਰਜ
ਕੀਤੀਆਂ। ਇਸ ਦੇ ਮੁਖ-ਬੰਦ ਵਿਚ ਉਸਨੇ ਲਿਖਿਆ, ‘‘ਦਾਦ ਇਸ ਗੱਲ ਦੀ ਚਾਹੁੰਦਾ ਹਾਂ ਕਿ ਮੇਰੇ
ਦਿਮਾਗ ਨੇ ਢਿਡ ਵਿਚ ਵੜ ਕੇ ਕੀ-ਕੀ ਕਰਾਮਾਤਾਂ ਦਿਖਾਈਆਂ।‘‘
ਉਹ ਬੇ-ਹਦ ਪਤਲਾ-ਦੁਬਲਾ ਹੋ ਗਿਆ। ਸ਼ਰਾਬ ਬਗ਼ੈਰ ਕੋਈ ਚੀਜ਼ ਹਜ਼ਮ ਨਹੀਂ ਸੀ ਹੁੰਦੀ। ਅਜੀਬ
ਜਨੂੰਨ ਦੀ ਹਾਲਤ ਤਾਰੀ ਹੋ ਗਈ। ਉਸਦੇ ਇਲਾਜ ਲਈ ਉਸਨੂੰ ਪਾਗਲਖ਼ਾਨੇ ਲਿਜਾਇਆਗਿਆ। ਪਾਗਲਖ਼ਾਨੇ
ਵਿਚ ਰਹਿੰਦਿਆਂ ਵੀ ਉਸਦੀ ਸਿਰਜਨਾਤਮਕ ਰਵਾਨੀ ਵਿਚ ਕੋਈ ਫ਼ਰਕ ਨਾ ਪਿਆ। ਉਹ ਲਗਾਤਾਰ ਲਿਖਦਾ
ਰਿਹਾ। ਉਸਦੀ ਕਹਾਣੀ ‘ਟੋਭਾ ਟੇਕ ਸਿੰਘ‘ ਪਾਗਲਖ਼ਾਨੇ ਦੇ ਜਾਤੀ ਤਜਰਬਿਆਂ ਦਾ ਹੀ ਪ੍ਰਤੀਬਿੰਬ
ਹੈ।
ਇਹ ਕਹਾਣੀ ਵੰਡੀ ਹੋਈ ਇਨਸਾਨੀਅਤ ਦੇ ਬਾਰੇ ਦੁਨੀਆਂ ਦੇ ਸਾਹਿਤ ਵਿਚ ਇਕ ਸ਼ਾਹਕਾਰ ਹੈ।
ਮੰਟੋ ਨੂੰ ਇਸ ਗੱਲ ਦਾ ਇਹਸਾਸ ਸੀ ਕਿ ਉਹ ਇਕ ਵੱਡਾ ਅਫ਼ਸਾਨਾ ਨਿਗਾਹ ਹੈ। ਉਸ ਨੇ ਆਪਣੀ ਕਬਰ
ਦਾ ਕੁਤਬਾ ਵੀ ਖ਼ੁਦ ਹੀ ਲਿਖ ਦਿਤਾ ਸੀ:
‘‘ਯਹਾਂ ਮੰਟੋ ਦਫ਼ਨ ਹੈ। ਅਫ਼ਸਾਨਾ ਲਿਖਨੇ ਕਾ ਫ਼ਨ ਉਸ ਕੇ ਸਾਥ ਹੀ ਦਫ਼ਨ ਹੋ ਗਿਆ।‘‘
ਇਹ ਭਵਿਖ ਬਾਣੀ ਸੱਚ ਹੀ ਸਾਬਿਤ ਹੋਈ!
-0-
|