ਅਸੀਂ ਜੋ ਪਰਦੇਸੀਂ ਆਣ ਵੱਸੇ ਹਾਂ, ਸਾਨੂੰ ਅਕਸਰ ਜਦੋਂ
ਆਪਣੇ ਮੁਲਕ ਨਾਲ ਮੋਹ-ਮੁਹੱਬਤ ਦਾ ਉਛਾਲ ਆਉਂਦਾ ਹੈ ਤਾਂ ਅਸੀਂ ਸਮਾਂ ਕੱਢ ਕੇ, ਪੈਸੇ ਖ਼ਰਚ
ਕੇ ਵਤਨਾਂ ਵੱਲ ਧਾਈ ਕਰਦੇ ਹਾਂ। ਸਾਨੂੰ ਵਤਨ ਦੀ ਇਹ ਯਾਤਰਾ ਕਿਸੇ ਪਵਿੱਤਰ ਧਾਰਮਿਕ ਸਥਾਨ
ਦੀ ਯਾਤਰਾ ਵਰਗੀ ਲੱਗਦੀ ਹੈ। ਇੱਥੇ ਬੈਠਿਆਂ ਸਾਨੂੰ ਵਤਨ ਦੀ ਹਰੇਕ ਗੱਲ ਦਾ ਵਿਗੋਚਾ ਜਾਗਦਾ
ਹੈ। ਉੱਥੋਂ ਦਾ ਸਭ ਕੁਝ ਚੰਗਾ ਚੰਗਾ ਲੱਗਦਾ ਹੈ। ਪਰ ਇਹਨਾਂ ਪਰਦੇਸੀ ਧਰਤੀਆਂ ਉੱਤੇ
ਵਸਦਿਆਂ, ਏਥੋਂ ਦੇ ਚੱਜ-ਆਚਾਰ, ਨੇਮ-ਪ੍ਰਬੰਧ ਅਤੇ ਜੀਵਨ-ਸਲੀਕੇ ਦਾ ਪ੍ਰਭਾਵ ਸਾਡੀ ਸ਼ਖਸੀਅਤ
ਦਾ ਅੰਗ ਬਣ ਕੇ ਰਹਿ ਜਾਂਦਾ ਹੈ। ਇਸ ਪ੍ਰਭਾਵ ਅਧੀਨ ਜਦੋਂ ਅਸੀਂ ਵਤਨ ਪਹੁੰਚਦੇ ਹਾਂ ਤਾਂ
ਸਾਨੂੰ ਆਪਣੇ ਮੁਲਕ ਦਾ ਬਹੁਤ ਕੁਝ ਓਪਰਾ , ਕੁਚੱਜਾ ਅਤੇ ਇਤਰਾਜ਼ਯੋਗ ਵੀ ਲੱਗਣ ਲੱਗ ਪੈਂਦਾ
ਹੈ। ਮਿਸਾਲ ਵਜੋਂ ਓਥੋਂ ਦੀ ਗੰਦਗੀ ਦੇ ਢੇਰ, ਰੇਲਵੇ ਲਾਈਨਾਂ ਦੁਆਲੇ ਡੱਬੇ ਅਤੇ ਬੋਤਲਾਂ
ਫੜੀ ਰਫ਼ਾ-ਹਾਜਤ ਲਈ ਬੈਠੇ ਲੋਕਾਂ ਦੀਆਂ ਲੜੀਆਂ। ਭਿਣਭਿਣਾਉਂਦੀਆਂ ਮੱਖੀਆਂ ਅਤੇ
ਮੱਛਰ।ਟੁੱਟੀਆਂ ਸੜਕਾਂ, ਉੱਡਦੀ ਧੂੜ ਅਤੇ ਬੇ -ਨੇਮ ਟਰੈਫਿ਼ਕ। ਖਾਣ ਦੀ ਹਰੇਕ ਚੀਜ਼ ਵਿੱਚ
ਮਿਲਾਵਟ ਅਤੇ ਰਿਸ਼ਤਿਆਂ ਦਾ ਗੰਧਲਾਪਣ ਵੀ। ਦਫ਼ਤਰਾਂ ਵਿੱਚ ਫੈਲਿਆ ਭ੍ਰਿਸ਼ਟਾਚਾਰ ਅਤੇ ਹੋਰ
ਵੀ ‘ਕਿੰਨ੍ਹਾ ਕੁਝ’। ਜਦੋਂ ਅਸੀਂ ਇਸ ਸਾਰੇ ਕੁਝ ਉੱਪਰ ‘ਨੱਕ ਵੱਟਦੇ’ਹਾਂ ਤਾਂ ਸਾਡੇ ਦੇਸੀ
ਭਰਾ ਇਸਨੂੰ ਸਾਡਾ ‘ਨਖ਼ਰਾ’ ਆਖ ਕੇ ਸਾਨੂੰ ਮਜ਼ਾਕ ਕਰਦੇ ਹਨ, “ਐਥੋਂ ਹੀ ਧੱਕੇ ਖਾਂਦੇ ਗਏ
ਓ। ਹੁਣ ‘ਕੱਠੇ ਈ ਅੰਗਰੇਜ਼ ਦੀ ਔਲਾਦ ਬਣ ਬੈਠੇ ਨੇ।”
ਗੱਲ ਉਹਨਾਂ ਦੀ ਵੀ ਠੀਕ ਹੈ। ਉਹਨਾਂ ਨੂੰ ਇਹਨਾਂ ਹਾਲਾਤ ਵਿੱਚ ਰਹਿਣ ਦੀ ਆਦਤ ਬਣ ਗਈ ਹੈ।
ਇਸੇ ਲਈ ਉਹਨਾਂ ਨੂੰ ਸਾਡੀ ‘ਨੁਕਸ- ਬੀਨੀ’ ਜਚਦੀ ਨਹੀਂ ।ਉਹ ਵੀ ਸੱਚੇ ਹਨ ਅਤੇ ਝੂਠੇ ਅਸੀਂ
ਵੀ ਨਹੀਂ। ਇਧਰਲੇ ਮੁਲਕਾਂ ਵਿੱਚ ਜਿੱਥੇ ਕਾਰ ਦਾ ਹਾਰਨ ਵਜਾਉਣਾ ਬਦਇਖ਼ਲਾਕੀ ਸਮਝਿਆ ਜਾਂਦਾ
ਹੈ ਜਾਂ ਗਾਲ੍ਹ ਕੱਢਣ ਦਾ ਸੰਕੇਤ ਸਮਝਿਆ ਜਾਂਦਾ ਹੈ, ਇੱਥੇ ਵੱਸਣ ਵਾਲੇ ਜਦੋਂ ਦੇਸ ਜਾ ਕੇ
‘ਸ਼ੋਰ ਦੇ ਸਮੁੰਦਰ’ ਵਿੱਚ ਗੋਤੇ ਖਾਣ ਲੱਗਦੇ ਹਨ ਤਾਂ ਉਹਨਾਂ ਨੂੰ ‘ਆਪਣੀ’ਅਤੇ ‘ਪਰਾਈ’
ਧਰਤੀ ਦਾ ਫ਼ਰਕ ‘ਨਾਨੀ ਵਾਂਗ ਚੇਤੇ’ ਆ ਜਾਂਦਾ ਹੈ।
ਸੱਚੀ ਗੱਲ ਤਾਂ ਇਹ ਹੈ ਕਿ ਮਨੁੱਖ ਦੇ ਅੰਦਰ ਅਤੇ ਬਾਹਰ ਰੌਲਾ ਏਨੀ ਭਿਆਨਕਤਾ ਦੀ ਹੱਦ ਤੱਕ
ਵੱਧਦਾ ਜਾ ਰਿਹਾ ਹੈ ਕਿ ਮਨ ਅਤੇ ਕੰਨ ਪਾਟਣ ਨੂੰ ਕਰਦੇ ਰਹਿੰਦੇ ਹਨ।ਸੂਖ਼ਮ ਮਨੁੱਖ ਕਈ ਵਾਰ
ਸੋਚਦਾ ਹੈ: ਜਿ਼ੰਦਗੀ ਵਿੱਚ ਰੌਲੇ ਤੋਂ ਬਿਨਾਂ ਹੋਰ ਕੁਝ ਹੈ ਵੀ ?
ਗੱਲ;ਰੇਲ ਗੱਡੀਆਂ ਦੀ ‘ਛਕ-ਛਕ’, ਮਸ਼ੀਨਾਂ ਦੀ ‘ਘਰਰ-ਘਰਰ’, ਪੰਜਾਬ ਰੋਡਵੇਜ਼ ਦੀਆਂ ਬੱਸਾਂ
ਦੀ ‘ਖੜ-ਖੜ’ ਤੇ ਟਰੱਕਾਂ ਦੇ ਤੇਜ਼ ਵੱਜਦੇ ਹਾਰਨਾਂ ਤੋਂ ; ਢਾਬਿਆਂ ਅਤੇ ਪ੍ਰਾਈਵੇਟ ਬੱਸਾਂ
ਵਿੱਚ ਚੱਲਦੀਆਂ ਅਸ਼ਲੀਲ ਟੇਪਾਂ ਤੇ ਮੁੰਡੇ ਦੇ ਜੰਮਣ ਅਤੇ ਬੁੱਢੇ ਦੇ ਮਰਨ ‘ਤੇ ਵੱਜਦੇ
ਵਾਜਿਆਂ ਤੋਂ; ਪਾਰਟੀਆਂ ਅਤੇ ਵਿਆਹ ਸ਼ਾਦੀਆਂ ਉੱਤੇ ਬੈਂਡ ਵਾਜਿਆਂ ਅਤੇ ਡੀ ਜੇ ਦੀਆਂ
ਚੀਕਦੀਆਂ ‘ਭੁਚਾਲੀ ਸੁਰਾਂ’ ਤੋਂ; ਗਲੀਆਂ ਬਾਜ਼ਾਰਾਂ ਵਿੱਚ ਵਿਸਲਾਂ ਵਜਾਉਂਦੇ, ਫਿ਼ਲਮੀ ਗੀਤ
ਗਾਉਂਦੇ ਲਫੰਗਿਆਂ ਤੋਂ; ਜਾਂ ਘਰ-ਘਰ ਅਤੇ ਗਲੀ-ਗਲੀ ਹੁੰਦੇ ਸ਼ਰਾਬੀ ਦੰਗਿਆਂ ਤੋਂ ਕਿਤੋਂ ਵੀ
ਸ਼ੁਰੂ ਕੀਤੀ ਜਾ ਸਕਦੀ ਹੈ। ਇਹ ਸ਼ੁਰੂ ਹੋਈ ਗੱਲ ਕਿਤੇ ਮੁੱਕਣ ਵਿੱਚ ਨਹੀਂ ਆਉਂਦੀ ਲੱਗਦੀ,
ਜਦੋਂ ਕਿ ਜਿੰ਼ਦਗੀ ਦੇ ਮੁੱਕਣ ਦੀ ਗੱਲ ਕਿਸੇ ਤੋਂ ਲੁਕੀ ਛਿਪੀ ਨਹੀਂ।
ਮੰਦਰਾਂ ਗੁਦੁਆਰਿਆਂ ਵਿੱਚ ਉੱਚੀ ਵੱਜਦੇ ਸਪੀਕਰਾਂ ਰਾਹੀਂ ‘ਰੱਬ ਦਾ ਨਾਂ’ ਜ਼ਬਰਦਸਤੀ
ਦੂਜਿਆਂ ਦੇ ਕੰਨਾਂ ਵਿੱਚ ਤੁੰਨਣ ਦਾ ਯਤਨ ਕੀਤਾ ਜਾ ਰਿਹਾ ਹੈ। ਸਵੇਰੇ ਦਫਤਰੋਂ, ਸਕੂਲੋਂ,
ਕਾਲਜੋਂ ਜਾਂ ਕਾਰਖ਼ਾਨਿਓਂ ਕੰਮ ਕਰ ਕੇ ਥੱਕੇ ਟੁੱਟੇ ਆਏ ਆਦਮੀ ਕੋਲ ਰੱਬ ਦਾ ਨਾਂ ਲੈਣ ਸੁਣਨ
ਦਾ ਸਮਾਂ ਹੀ ਕਿੱਥੇ ਹੈ? ਉਸ ਨੂੰ ਰਾਤ ਦੇ ਸਮੇਂ ਸਪੀਕਰਾਂ ਰਾਹੀਂ ਅਖੰਡ-ਪਾਠ, ਗੀਤਾ
ਸੰਦੇਸ਼ ਅਤੇ ਮਾਤਾ ਦੀਆਂ ਭੇਟਾ ਸੁਣਾ ਕੇ ਉਸ ਉੱਤੇ ‘ਪਰਉਪਕਾਰ’ ਹੀ ਤਾਂ ਕੀਤਾ ਜਾਂਦਾ ਹੈ।
ਜਦੋਂ ਸ਼ਾਮ ਨੂੰ ਪਰਿਵਾਰ ਵਿੱਚ ਬੱਚਿਆਂ ਵਿੱਚ ਦੋ ਪਲ ਸ਼ਾਂਤੀ ਨਾਲ ਬੈਠਣ ਦਾ ਸਮਾਂ ਹੁੰਦਾ
ਹੈ ਤਾਂ ਮੰਦਰ ਜਾਂ ਗੁਰਦੁਆਰੇ ਦੇ ਸਿਖਰ’ਤੇ ਟੰਗੇ ਚਾਰ-ਦਿਸ਼ਾਵੀ ਸਪੀਕਰਾਂ ਦਾ ਰੌਲਾ ਸ਼ੁਰੂ
ਹੋ ਜਾਂਦਾ ਹੈ। ਦੂਜੇ ਦੀ ਗੱਲ ਸੁਣਦੀ ਨਹੀਂ, ਆਪਣੀ ਸੁਣਾਉਣ ਲਈ ਸੰਘ ਪਾੜਨਾ ਪੈਂਦਾ ਹੈ।
ਏਧਰ ਅੱਜ ਕੱਲ੍ਹ ਤਾਂ ਸਵੇਰ ਵੇਲੇ ਪ੍ਰਭਾਤ ਫੇਰੀਆਂ ਦਾ ਨਿਕਲਣ ਦਾ ਆਮ ਰਿਵਾਜ ਹੋ ਗਿਆ
ਹੈ।ਦੇਰ ਰਾਤ ਸੁੱਤਿਆਂ ਨੂੰ ਸਵੇਰੇ ਸਵੇਰੇ ਜਗਾ ਕੇ ‘ਰਾਮ ਨਾਮ’ ਦੇ ਲੜ ਲਾਉਣ ਦਾ ‘ਪਵਿੱਤਰ
ਕਾਰਜ’ਕਰਨ ਵਾਲਿਆਂ ‘ਤੇ ਜੇ ਕੋਈ ਖਿਝਦਾ ਖਪਦਾ ਹੈ ਤਾਂ ਆਪੇ ‘ਨਰਕਾਂ ਵਿਚ ਜਾਏਗਾ।’ਜੇ ਉਸ
ਨੂੰ ਅਜੇ ਹੋਰ ਨੀਂਦ ਜਾਂ ਆਰਾਮ ਦੀ ਲੋੜ ਸੀ ਤਾਂ ਕਿਹੜੀ ਗੱਲ ਹੈ!ਜੇ ਰਾਤ ਅਤੇ ਸਵੇਰੇ
ਪ੍ਰਾਪਤ ਹੋਈ ਇਸ ਧਾਰਮਿਕ ਬੇਆਰਾਮੀ ਕਰ ਕੇ ਅਗਲੇ ਦੇ ਕੰਮ ਕਰਨ ਦੀ ਸਮਰੱਥਾ ਵਿਚ ਫ਼ਰਕ
ਪੈਂਦਾ ਹੈ,ਅਗਲਾ ਸਾਰਾ ਦਿਨ ਥੱਕਿਆ-ਬੁਝਿਆ ਰਹਿੰਦਾ ਹੈ ਤਾਂ ਵੀ ਕੋਈ ਗੱਲ ਨਹੀਂ।ਇਹ ਇਕ ਦਿਨ
ਛੱਡ ਕੇ ਇਕ ਜਨਮ ਵੀ ਖ਼ਰਾਬ ਹੋ ਜਾਵੇ ਤਾਂ ਵੀ ਘਾਟੇ ਦਾ ਸੌਦਾ ਨਹੀਂ।ਪਿਆਰਿਓ,ਸ਼ੁਕਰ ਕਰੋ
ਤੁਹਾਡਾ ਅਗਲਾ ਜਨਮ ਤਾਂ ਸੌਰ ਜਾਵੇਗਾ!ਇਸ ਲਾਹੇ ਦੇ ਵਣਜ ਬਾਰੇ ਵੀ ਚੀਕ ਚਿਹਾੜਾ ਪਾਉਂਦੇ
ਹੋ!
ਰਾਜਨੀਤੀ ਦਾ ਰੌਲਾ ਥਾਂ-ਥਾਂ ਹੈ। ਕੰਧਾਂ ਉੱਤੇ ਚਿਪਕਾਏ ਬੱਕਰੇ ਬੁਲਾਉਂਦੇ ਪੋਸਟਰ,
ਅਖ਼ਬਾਰਾਂ ਵਿੱਚ ਚੀਕਦੀਆਂ ਮੋਟੀਆਂ ਸੁਰਖੀਆਂ, ਸੜਕਾਂ ਅਤੇ ਪਾਰਕਾਂ ਵਿੱਚ ਹੁੰਦੀ
‘ਜਿ਼ੰਦਾਬਾਦ’,‘ਮੁਰਦਾਬਾਦ’।ਅਨੇਕਾਂ ਪਾਰਟੀਆਂ ਵੱਲੋਂ ਗਰੀਬਾਂ ਦੇ ਹਿੱਤੂ ਹੋਣਾ ਦਰਸਾਉਣ ਲਈ
ਕੀਤੇ ਸ਼ੋਰੀਲੇ ਅਤੇ ਕੰਨ ਪਾੜਵੇਂ ਨਾਅ੍ਹਰੇ।ਲੋਕ-ਰਾਜੀ ਦੇਸ਼ ਹੈ ਨਾ! ਪ੍ਰਚਾਰ ਕਰਨ ਦੀ
ਪੂਰੀ ਖੁੱਲ੍ਹ ਹੈ।ਬੋਲਣ ਦੀ ਪੂਰੀ ਆਜ਼ਾਦੀ!ਇਹ ਤਾਂ ਸਨਕੀ ਲੋਕ ਹਨ ਜੋ ਇਸਨੂੰ ‘ਭੌਂਕਣ ਦੀ
ਪੂਰੀ ਆਜ਼ਾਦੀ’ਆਖਦੇ ਹਨ।ਲਤੀਫ਼ੇ ਬਣਾਏ ਹੋਏ ਨੇ।(ਅਖੇ;ਇਕ ਪਾਕਿਸਤਾਨੀ ਕੁੱਤਾ ਅਤੇ ਇੱਕ
ਹਿੰਦੁਸਤਾਨੀ ਕੁੱਤਾ ਸਰਹੱਦ ਉੱਤੇ ਮਿਲੇ।ਦੋਵੇਂ ਆਪਣਾ ਮੁਲਕ ਛੱਡ ਕੇ ਦੂਜੇ ਦੇ ਮੁਲਕ ਵਿਚ
ਜਾਣ ਦੀ ਇੱਛਾ ਰੱਖਦੇ ਸਨ।ਪਾਕਿਸਤਾਨੀ ਕੁੱਤਾ ਕਾਫ਼ੀ ਮੋਟਾ ਤਾਜ਼ਾ ਸੀ ਜਦ ਕਿ ਹਿੰਦੁਸਤਾਨੀ
ਕੁੱਤਾ ਸੀ ਸੁੱਕੜ ਜਿਹਾ।ਦੋਹਾਂ ਨੇ ਪਹਿਲਾਂ ਇੱਕ ਦੂਜੇ ਦੀ ‘ਚੰਗੀ-ਮਾੜੀ’ਸਿਹਤ ਦਾ ਹਾਲ ਚਾਲ
ਪੁੱਛਿਆ।ਪਾਕਿਸਤਾਨੀ ਕੁੱਤੇ ਨੇ ਆਪਣੀ ਸਿਹਤ ਦਾ ਰਾਜ਼ ਰਜਵਾਂ ਗੋਸ਼ਤ ਮਿਲਣਾ
ਦੱਸਿਆ।ਹਿੰਦੁਸਤਾਨੀ ਕੁੱਤੇ ਨੇ ਕਿਹਾ ਕਿ ਮੈਂ ਤਾਂ ਪਾਕਿਸਤਾਨ ਜਾਣਾ ਹੀ ਇਸੇ ਕਰ ਕੇ
ਚਾਹੁੰਦਾ ਹਾਂ ਕਿ ਉੱਧਰ ਸਭ ਘਰਾਂ ਵਿਚ ਗੋਸ਼ਤ ਬਣਦਾ ਹੈ।ਤੇਰੇ ਵਾਂਗ ਮੈਨੂੰ ਵੀ ਰਜਵਾਂ
ਮਿਲੇਗਾ ਤਾਂ ਸਿਹਤ ਬਣ ਜਾਊ।ਪਰ ਤੂੰ ਏਨੀ ਚੰਗੀ ਖ਼ੁਰਾਕ ਮਿਲਣ ਦੇ ਬਾਵਜੂਦ ਕਿਉਂ ਮੁਲਕ ਛੱਡ
ਰਿਹਾ ਏਂ?ਪਾਕਿਸਤਾਨੀ ਕੁੱਤੇ ਨੇ ਕਿਹਾ, “ਇੱਥੇ ਖਾਣ ਦਾ ਤਾਂ ਘਾਟਾ ਨਹੀਂ,ਪਰ ਮੈਨੂੰ ਭੌਂਕਣ
ਦੀ ਆਜ਼ਾਦੀ ਨਹੀਂ।ਤੁਹਾਡੇ ਮੁਲਕ ਵਿਚ ਭੌਂਕਣ ਦੀ ਆਜ਼ਾਦੀ ਹੈ ਨਾ!”) ਸੁੱਖ ਨਾਲ ਛੇਈਂ
ਮਹੀਨੀਂ ਕੋਈ ਨਾ ਕੋਈ ਚੋਣ ਆਈ ਹੀ ਰਹਿੰਦੀ ਹੈ। ਤੇ ਫਿ਼ਰ ਜੀਪਾਂ’ਤੇ ਬੰਨ੍ਹੇ ਸਪੀਕਰ ਵਿੱਚ
‘ਲੋਕਦਰਦੀ’ ਉਮੀਦਵਾਰ ਦੇ ਹੱਕ ਵਿੱਚ ‘ਪ੍ਰਚਾਰ’ ਅਤੇ ਵਿਰੋਧੀ ‘ਜ਼ਾਲਮ ਅਤੇ ਹਤਿਆਰੇ,
ਲੋਕ-ਦੋਖੀ’ ਉਮੀਦਵਾਰ ਵਿਰੁੱਧ ਭੰਡੀ ਪ੍ਰਚਾਰ। ਵਿਚਾਰੇ ਵੋਟਰ ਦਾ ਤਨ ਵੀ ਤੇ ਮਨ ਵੀ ਇਹ ਲੋਕ
‘ਬੋਟੀ-ਬੋਟੀ ਕਰ ਛੱਡਦੇ ਹਨ।ਵੋਟਾਂ ਲੈ ਕੇ ਸਦਨ ਵਿਚ ਪਹੁੰਚਣ ਵਾਲੇ ਇਹਨਾਂ
‘ਮਹਾਂਪੁਰਖਾਂ’ਦਾ ਹੀਜ ਪਿਆਜ਼ ਹੁਣ ‘ਲਾਈਵ ਟੈਲੀਕਾਸਟ’ ਖੋਲ੍ਹਣ ਲੱਗ ਪਏ ਹਨ।ਸਦਨ ਵਿਚ ਇੱਕ
ਦੂਜੇ ਨੂੰ ਗਾਲ੍ਹਾਂ ਕੱਢਦੇ,ਜ਼ਨਾਨੀਆਂ ਵਾਂਗ ਹੱਥ ਕੱਢ ਕੇ ਮਿਹਣੇ ਦਿੰਦੇ,ਪਿੱਟ ਸਿਆਪਾ
ਕਰਦੇ ਇਹਨਾਂ ਦੇ ‘ਦੀਦਾਰ’ਹੁਣ ਲੋਈ ਦੁਰਲੱਭ ਝਾਕੀ ਨਹੀਂ ਰਹਿ ਗਏ!ਇਹਨਾਂ ਦੇ ਸ਼ੋਰ ਅਤੇ ਚੀਕ
ਚਿਹਾੜੇ ਵਿਚ ਸਦਨ ਵਿਚ ਕਾਵਾਂ ਰੌਲੀ ਪਈ ਰਹਿੰਦੀ ਹੈ।ਇਕ ਸ਼ਬਦ ਨਹੀਂ ਸੁਣਦਾ।ਕੀ ਅਸੀਂ
ਵੋਟਾਂ ਪਾਉਣ ਲਈ ਅਰਬਾਂ ਕਰੋੜਾਂ ਰੁਪਏ ਇਸ ਕਰ ਕੇ ਖ਼ਰਚ ਕਰਦੇ ਹਾਂ ਕਿ ਇਹਨਾਂ ‘ਸੱਜਣ
ਪੁਰਖਾਂ’ਦੇ ਰੌਲੇ ਰੱਪੇ ਅਤੇ ਮਾਰ ਕੁਟਾਈ ਦੇ ਦ੍ਰਿਸ਼ ਦੇਖਦੇ ਰਹੀਏ ਅਤੇ ਆਪਣਾ ਮਨੋਰੰਜਨ
ਕਰਦੇ ਰਹੀਏ!
ਗੰਦੀਆਂ ਟੇਪਾਂ ਤੇ ਗੰਦੇ ਰਿਕਾਰਡ ਹਵਾਵਾਂ ਵਿੱਚ ਜ਼ਹਿਰ ਘੋਲਦੇ ਸਾਡੇ ਸਭਿਆਚਾਰ ਨੂੰ
ਦੂਸਿ਼ਤ ਕਰ ਰਹੇ ਹਨ।ਟੀ ਵੀ ਉੱਤੇ ਕੋਲੋਂ ਪੈਸੇ ਖ਼ਰਚ ਕੇ ਲੋਕਾਂ ਦਾ ਸੁਹਜ ਸਆਦ ਵਿਗਾੜਣ
ਵਾਲੇ ਬੇਸੁਰੇ ਗਾਇਕਾਂ ਦਾ ਰੋਣਾ ਅਤੇ ਨੰਗੇ ਨਾਚ ਸਾਡੀ ਸੋਚ ਵਿਚ ਖਲਲ ਪਾਉਂਦੇ ਰਹਿੰਦੇ
ਹਨ।ਪਰ ਇਹਨਾਂ ਲੱਚਰ ਗੀਤਾਂ ਨੂੰ ਬੰਦ ਨਾ ਕਰਵਾ ਸਕਣ ਕਰ ਕੇ ਸੂਖਮ ਮਨ ਵਾਲੇ ਆਦਮੀ ਦੇ ਮਨ
ਅੰਦਰ ਉਹਦੀ ਬੇਵਸੀ ਦਾ ਸ਼ੋਰ ਹੋਰ ਵੀ ਉੱਚਾ ਹੋ ਉੱਠਦਾ ਹੈ।ਵਿਆਹ ਸ਼ਾਦੀਆਂ ਉੱਤੇ ਵੀ ਅੱਜ
ਕੱਲ੍ਹ ਗਾਉਣ ਵਜਾਉਣ ਵਾਲਿਆਂ ਅਤੇ ਨੱਚਣ ਵਾਲਿਆਂ ਦਾ ਸ਼ੋਰ- ਸ਼ਰਾਬਾ ਰਹਿ ਗਿਆ ਹੈ।ਕਦੀ
ਵਿਆਹ ਸ਼ਾਦੀਆਂ ‘ਤੇ ਮਿਲਣਾ ਬੜਾ ਸੁਖਾਵਾਂ ਅਨੁਭਵ ਹੁੰਦਾ ਸੀ।ਰਿਸ਼ਤੇਦਾਰ ਅਤੇ ਸੱਜਣ ਸਨੇਹੀ
ਮਿਲ ਕੇ ਇੱਕ ਦੂਜੇ ਦੀ ਖ਼ੈਰ-ਸੁਖ ਪੁੱਛਦੇ ਸਨ।ਦਿਲ ਹਲਕਾ ਕਰਦੇ ਸਨ।ਹੁਣ ਸਾਜ਼ਾਂ ਅਤੇ
ਆਵਾਜ਼ਾਂ ਦੇ ਭੱਦੇ ਸ਼ੋਰ ਵਿਚ ਇੱਕ ਦੂਜੇ ਕੋਲ ਬੈਠ ਕੇ ਉੱਚੀ ਆਵਾਜ਼ ਵਿਚ ਚੀਕ ਕੇ ਇਕ ਵਾਰ
ਅਗਲੇ ਦਾ ਹਾਲ ਪੁੱਛਦੇ ਹਨ ;ਅਗਲਾ ਵੀ ਮੂੰਹੋਂ ਕੁਝ ਬੋਲਦਾ ਹੈ ਜੋ ਪੁੱਛਣ ਵਾਲੇ ਨੂੰ ਪੂਰੇ
ਕੰਨ ਖੋਲ੍ਹਣ ਦੇ ਬਾਵਜੂਦ ਵੀ ਨਹੀਂ ਸੁਣਦਾ।ਹਾਰ ਕੇ ਦੋਵੇਂ ਜਣੇ ਬੇਵੱਸ ਹੋਏ ਸਟੇਜ ਵੱਲ
ਵੇਖਣਾ ਸ਼ੁਰੂ ਕਰ ਦਿੰਦੇ ਹਨ।
ਹੋਰ ਤੇ ਹੋਰ; ਸਾਡੇ ਮਨਾਂ ਵਿੱਚ ਕਿੰਨਾ ਰੌਲਾ ਹੈ? ਕਿੰਨੀਆਂ ਸੋਚਾਂ, ਕਿੰਨੇ ਫਿ਼ਕਰ,
ਕਿੰਨੀਆਂ ਜਿ਼ੰਮੇਵਾਰੀਆਂ, ਕਿੰਨੀਆਂ ਖ਼ਾਹਿਸ਼ਾਂ ਦਾ ਰੌਲਾ, ਸਾਡੇ ਅੰਦਰ ਮੱਚਿਆ ਰਹਿੰਦਾ
ਹੈ। ਸਾਡੇ ਬੁੱਲ੍ਹ ਤਾਂ ਮੀਚੇ ਹੁੰਦੇ ਹਨ, ਪਰ ਅੰਦਰ ਸਾਡੇ ਕਿਧਰੇ ਲੂੰਬੜ ਅਤੇ ਕਿਧਰੇ
ਬਾਂਦਰ ਬੋਲਦੇ, ਕੁੱਤੇ ਭੌਂਕਦੇ, ਗਿੱਦੜ ਹਵਾਂਕਦੇ, ਸ਼ੇਰ ਗੁਰਰਾਉਂਦੇ ਅਤੇ ਖੋਤੇ ਹੀਂਗਦੇ
ਹਨ। ਇਹਨਾਂ ਪਸ਼ੂਆਂ ਦੇ ਰੌਲੇ ਨੇ ਤਾਂ ‘ਆਦਮੀ’ ਵਿਚਾਰਾ ਖਾ ਹੀ ਲਿਆ ਹੈ।
ਕੀ ਇਸ ਰੌਲੇ ਤੋਂ ਬਚ ਸਕਦੇ ਹੋ? ਜਦੋਂ ਕਿ ਤੁਹਾਡੇ ਗਵਾਂਢੀ ਦੇ ਰੇਡੀਓ ਤੋਂ ਉੱਚੀ ਕੰਨ
ਪਾੜਵੀਂ ਆਵਾਜ਼ ਵਿੱਚ ਸੁਣਾਈ ਦੇ ਰਿਹਾ ਹੋਵੇ, “ਆਪਣਾ ਰੇਡੀਓ ਹੌਲੀ ਵਜਾਓ ਜੀ। ਹੋ ਸਕਦਾ ਹੈ
ਤੁਹਾਡੇ ਗੁਆਂਢ ਕੋਈ ਵਿਦਿਆਰਥੀ ਇਮਤਿਹਾਨ ਦੀ ਤਿਆਰੀ ਕਰ ਰਿਹਾ ਹੋਵੇ ਜਾਂ ਕੋਈ ਬੀਮਾਰ ਆਰਾਮ
ਕਰ ਰਿਹਾ ਹੋਵੇ” ਇਹ ਸੁਣ ਕੇ ਤੁਸੀਂ ਜਾਂ ਤਾਂ ਖਿਝੋਗੇ ਤੇ ਜਾਂ ਤੁਹਾਨੂੰ ਇਹ ਲਤੀਫ਼ਾ
ਜ਼ਰੂਰ ਯਾਦ ਆਵੇਗਾ:
ਕੋਈ ਆਦਮੀ ਆਪਣਾ ਰੇਡੀਓ ਵੇਚਣ ਗਿਆ। ਅਗਲੇ ਨੇ ਦੋ ਸੌ ਰੁਪਏ ਕੀਮਤ ਪਾਈ ਤਾਂ ਰੇਡੀਓ ਦਾ
ਮਾਲਕ ਹੁੰਗਾਰ ਕੇ ਕਹਿਣ ਲੱਗਾ, “ਵਾਹ! ਜੀ ਵਾਹ! ਸਿਰਫ਼ ਦੋ ਸੌ ਰੁਪਏ? ਦੋ ਸੌ ਰੁਪਏ ਤਾਂ
ਮੈਨੂੰ ਮੇਰਾ ਗੁਆਂਢੀ ਇਸ ਰੇਡੀਓ ਨੂੰ ਸਿਰਫ਼ ਹੌਲੀ ਵਜਾਉਣ ਲਈ ਦੇਣ ਲਈ ਕਈ ਵਾਰ ਕਹਿ ਚੁੱਕਾ
ਹੈ ਤੇ ਤੂੰ……।”
-0-
|