(ਇਹ ਅੰਗਰੇਜ਼ੀ ਦੇ ਇਕ ਸ਼ਾਇਰ
ਜੌਰਜ ਮੈਰੇਡਿਥ ਦੇ ਲਿਖੇ ਹੋਏ ਮਰਸੀਏ ਦਾ ਨਾਂ ਹੈ ਜੋ ਉਸ ਨੇ ਚਿਲਿਆਂਵਾਲਾ ਦੀ 1849 ਵਿਚ
ਹੋਈ ਸਿੱਖ-ਅੰਗਰੇਜ਼ ਜੰਗ ਵਿਚ ਮਾਰੇ ਗਏ ਅੰਗਰੇਜ਼ਾਂ ਦੀ ਮੌਤ ਦਾ ਮਾਤਮ ਕਰਦਿਆਂ ਲਿਖਿਆ
ਸੀ।)
ਅੰਗਰੇਜ਼ ਕਮਾਂਡਰ ਇਨ ਚੀਫ ਸਰ ਹਿਊ ਗੱਫ ਸਾਹਮਣੇ ਇਕ ਹੋਰ ਚਨੌਤੀ ਆ ਖੜੀ। ਸਰਦੀਆਂ ਵਿਚ ਉਸ
ਨੇ ਮੁਲਤਾਨ ਵਾਲੀ ਮੁਹਿੰਮ ਬਾਰੇ ਸੋਚਿਆ ਹੋਇਆ ਸੀ ਪਰ ਉਸ ਨੂੰ ਉਤਰੀ ਪੰਜਾਬ ਵਲ ਜਾਣਾ ਪੈ
ਰਿਹਾ ਸੀ। ਮੁਲਤਾਨ ਉਸ ਨੂੰ ਜਨਰਲ ਵਿਸ਼ ਦੇ ਗੋਚਰੇ ਛੱਡਣਾ ਪਿਆ। ਉਹ ਸਰ ਵਾਲਟਰ ਗਿਲਬਰਟ ਦੀ
ਡਿਵੀਯਨ ਲੈ ਕੇ ਲਹੌਰ ਪੁੱਜ ਗਿਆ। ਉਸ ਦਾ ਉਦੇਸ਼ ਸ਼ੇਰ ਸਿੰਘ ਅਟਾਰੀਵਾਲੇ ਨਾਲ ਟੱਕਰਨਾ ਸੀ,
ਜੇ ਹੋ ਸਕੇ ਤਾਂ ਝਨਾਂ ਤੋਂ ਉਰੇ ਉਰੇ ਨਹੀਂ ਤਾਂ ਝਨਾਂ ਤੇ ਜੇਹਲਮ ਦੇ ਕਿਧਰੇ ਵਿਚ ਵਿਚਕਾਰ।
ਸ਼ੇਰ ਸਿੰਘ ਅਟਾਰੀਵਾਲੇ ਦੀ ਇਹ ਫੌਜ ਦੋ ਮਹੀਨੇ ਪਹਿਲਾਂ ਲਹੌਰ ਦਰਬਾਰ ਦਾ ਹੀ ਇਕ ਹਿੱਸਾ ਸੀ
ਤੇ ਉਹ ਹਾਲੇ ਵੀ ਆਪਣੇ ਆਪ ਨੂੰ ਲਹੌਰ ਦਰਬਾਰ ਦੀ ਫੌਜ ਹੀ ਕਹਿ ਰਹੇ ਸਨ। ਸ਼ੇਰ ਸਿੰਘ
ਅਟਾਰੀਵਾਲੇ ਨੇ ਰਾਣੀ ਜਿੰਦਾਂ ਦੇ ਦੇਸ਼ ਨਿਕਾਲੇ ਦੇ ਰੋਸੇ ਵਜੋਂ ਬਗਾਵਤ ਕਰ ਦਿਤੀ ਸੀ।
ਪਿਛਲੀ ਵਾਰੀ ਗੱਫ ਸ਼ੇਰ ਸਿੰਘ ਅਟਾਰੀਵਾਲੇ ਨੂੰ ਮਿਲਿਆ ਤਾਂ ਉਹ ਇਕ ਵਫਾਦਾਰ ਜਰਨੈਲ ਸੀ।
ਗੱਫ ਸਾਰੀ ਸਥਿਤੀ ਬਾਰੇ ਸੋਚਣ ਲਗਿਆ ਕਿ ਉਹ ਕਿਸ ਨਾਲ ਲੜਨ ਜਾ ਰਿਹਾ ਹੈ, ਲਹੌਰ ਦਰਬਾਰ ਦੇ
ਹੱਕ ਵਿਚ ਜਾਂ ਖਿਲਾਫ। ਅੰਗਰੇਜ਼ ਫੌਜੀ ਅਫਸਰਾਂ ਦੀ ਇਕ ਮਹਿਫਲ ਵਿਚ ਉਸ ਨੇ ਸਭ ਦੇ ਸਾਹਮਣੇ
ਇਕ ਸਵਾਲ ਰਖਿਆ,
“ਦੋਸਤੋ, ਮੈਨੂੰ ਤਾਂ ਇਹ ਨਹੀਂ ਪਤਾ ਚਲ ਰਿਹਾ ਕਿ ਅਸੀਂ ਯੁੱਧ, ਯੁੱਧ ਲਈ ਕਰਨ ਜਾ ਰਹੇ ਹਾਂ
ਜਾਂ ਅਮਨ ਲਈ ਜਾਂ ਫਿਰ ਕਿਸ ਲਈ ਲੜ ਰਹੇ ਹਾਂ, ਲਹੌਰ ਦਰਬਾਰ ਲਈ ਜਾਂ ਲਹੌਰ ਦਰਬਾਰ ਦੇ
ਖਿਲਾਫ?”
ਅਸਲ ਵਿਚ ਗੱਫ ਇਸ ਗੱਲ ਨੂੰ ਦਿਲੋਂ ਮਨਜ਼ੂਰ ਨਹੀਂ ਸੀ ਕਰਨਾ ਚਾਹੁੰਦਾ ਕਿ ਉਹਨਾਂ ਨੇ ਪੰਜਾਬ
ਵਿਚ ਹੁਣ ਪੱਕੇ ਤੌਰ ਤੇ ਰਹਿਣਾ ਹੈ ਨਹੀਂ ਤਾਂ ਗੱਲ ਸਾਫ ਸੀ ਕਿ ਉਹ ਆਪਣੀ ਮਹਾਂਰਾਣੀ
ਵਿਕਟੋਰੀਆ ਲਈ ਹੀ ਲੜ ਰਹੇ ਹਨ। ਜਾਂ ਉਹ ਕੱਰੀ ਤੇ ਡਲਹੌਜ਼ੀ ਦੇ ਇਰਾਦਿਆਂ ਤੋਂ ਨਾਵਾਕਫ ਸੀ।
ਗੱਫ ਨੇ ਆਪਣੇ ਦਿਲ ਦੀ ਇਹ ਦੁਬਿਧਾ ਇੰਗਲੈਂਡ ਵਿਚ ਬੈਠੇ ਆਪਣੇ ਪੁੱਤਰ ਨੂੰ ਚਿੱਠੀ ਵਿਚ ਵੀ
ਲਿਖੀ ਪਰ ਉਹ ਸਿਪਾਹੀ ਸੀ, ਉਸ ਦਾ ਕੰਮ ਹੁਕਮ ਮੰਨਣਾ ਸੀ, ਚੰਗੇ-ਮਾੜੇ ਬਾਰੇ ਸੋਚਣਾ ਨਹੀਂ
ਸੀ।
ਸ਼ੇਰ ਸਿੰਘ ਅਟਾਰੀਵਾਲਾ ਇਸ ਮਾਮਲੇ ਵਿਚ ਸਪੱਸ਼ਟ ਸੀ ਕਿ ਉਹ ਲਹੌਰ ਦਰਬਾਰ ਨੂੰ ਬਚਾਉਣ ਲਈ
ਲੜ ਰਿਹਾ ਹੈ। ਲੜਾਈ ਦਾ ਉਸ ਦਾ ਵਜਾਇਆ ਇਹ ਬਿਗਲ ਅੰਗਰੇਜ਼ ਨੂੰ ਪੰਜਾਬ ਵਿਚੋਂ ਬਾਹਰ ਕੱਢਣ
ਲਈ ਸੀ। ਲਹੌਰ ਤੋਂ ਮੁਲਤਾਨ ਤੇ ਮੁਲਤਾਨ ਤੋਂ ਤੁਰ ਕੇ ਉਸ ਨੇ ਆਪਣੀ ਫੌਜ ਰਾਮਨਗਰ ਖੜੀ
ਕੀਤੀ। ਰਾਮ ਨਗਰ ਝਨਾਂ ਦੇ ਦੱਖਣ ਵਲ ਪੈਂਦਾ ਸੀ। ਉਸ ਨੇ ਫੌਜ ਨੂੰ ਉਥੇ ਛੱਡਿਆ ਤੇ ਆਪ ਕੁਝ
ਬੰਦੇ ਲੈ ਕੇ ਦਰਿਆ ਦੇ ਉਤਰ ਵਲ ਆਲੇ ਦੁਆਲੇ ਦੇ ਪਿੰਡਾਂ ਦਾ ਜਾਇਜ਼ਾ ਲੈਣ ਚਲੇ ਗਿਆ। ਇਸ
ਇਲਾਕੇ ਦਾ ਵਾਕਫ ਤਾਂ ਉਹ ਹੈ ਹੀ ਸੀ। ਉਹ ਝਨਾਂ ਤੇ ਜੇਹਲਮ ਦੇ ਵਿਚਕਾਲੇ ਪਿੰਡਾਂ ਵਿਚ
ਘੁੰਮਦਾ ਵੱਖ ਵੱਖ ਲੋਕਾਂ ਨੂੰ ਮਿਲ ਕੇ ਇਸ ਲੜਾਈ ਲਈ ਮੱਦਦ ਕਰਨ ਲਈ ਬੇਨਤੀ ਕਰਦਾ ਫਿਰਦਾ
ਰਿਹਾ ਤੇ ਲੋਕਾਂ ਨੂੰ ਆਪਣੇ ਨਾਲ ਜੋੜਦਾ ਰਿਹਾ। ਨਾਲ ਹੀ ਉਸ ਨੂੰ ਮੋਰਚਾ ਬੰਦੀ ਕਰਨ ਵਾਲੀ
ਜਗਾਹ ਤਲਾਸ਼ ਵੀ ਸੀ, ਅਜਿਹੀ ਜਗਾਹ ਦੀ ਤਲਾਸ਼ ਜਿਥੋਂ ਦੁਸ਼ਮਣ ਨੂੰ ਮਾਤ ਦੇਣੀ ਸੌਖੀ ਹੋ
ਸਕੇ। ਕੁਝ ਦਿਨਾਂ ਵਿਚ ਹੀ ਉਸ ਨੇ ਲੜਾਈ ਦੀ ਸਾਰੀ ਯੋਯਨਾ ਬਣਾ ਲਈ ਤੇ ਆਪਣੇ ਸਾਰੇ ਸਹਾਇਕਾਂ
ਨੂੰ ਸਮਝਾ ਵੀ ਦਿਤੀ। ਝਨਾਂ ਦਾ ਦੱਖਣ ਲਹੌਰ ਵਲ ਦੇ ਪਾਸੇ ਸੀ। ਲੜਾਈ ਵਿਚ ਸ਼ੇਰ ਸਿੰਘ
ਅੰਗਰੇਜ਼ ਫੌਜ ਨੂੰ ਜਿੰਨਾ ਵੀ ਹੋ ਸਕੇ ਲਹੌਰ ਤੋਂ ਦੂਰ ਲੈ ਜਾਣਾ ਚਾਹੁੰਦਾ ਸੀ।
ਰਾਮਨਗਰ ਦੇ ਨੇੜੇ ਪੈਂਦੇ ਝਨਾਂ ਦਾ ਪਾੜ ਕੁਝ ਅਜੀਬ ਸੀ। ਦਰਿਆ ਦੇ ਵਿਚਕਾਰ ਇਕ ਟਾਪੂ ਬਣਿਆਂ
ਹੋਇਆ ਸੀ ਜਿਥੇ ਲੋਕ ਖੇਤੀ ਵੀ ਕਰਦੇ ਸਨ। ਦਰਿਆ ਦਾ ਪਾੜ ਭਾਵੇਂ ਕਾਫੀ ਵੱਡਾ ਸੀ ਪਰ ਅਜ ਕਲ
ਸਰਦੀਆਂ ਸ਼ੁਰੂ ਹੋ ਜਾਣ ਕਾਰਨ ਦਰਿਆ ਭਰ ਕੇ ਨਹੀਂ ਸੀ ਵਗ ਰਿਹਾ। ਦਰਿਆ ਦਾ ਸੁਕਾ ਦਿਸਦਾ
ਪਾੜ ਅਸਲ ਵਿਚ ਬਹੁਤ ਨਰਮ ਗਾਰਾ ਸੀ, ਅਜਿਹਾ ਖੋਭਾ ਕਿ ਇਕ ਵਾਰੀ ਬੰਦਾ ਖੁੱਭ ਜਾਵੇ ਤਾਂ
ਨਿਕਲਣਾ ਮੁਸ਼ਕਲ ਹੋ ਜਾਵੇ। ਉਹ ਦੁਸ਼ਮਣ ਦੀ ਫੌਜ ਨੂੰ ਇਸ ਖੋਭੇ ਵਿਚ ਲਿਆ ਕੇ ਮਾਰਨਾ
ਚਾਹੁੰਦਾ ਸੀ ਤੇ ਉਸ ਨੂੰ ਆਪਣੀ ਫੌਜ ਲੰਘਾਉਣ ਲਈ ਸਖਤ ਮਿੱਟੀ ਵਾਲੀ ਜਗਾਹ ਦਾ ਪਤਾ ਸੀ। ਰਾਮ
ਨਗਰ ਨੇੜੇ ਝਨਾਂ ਦੇ ਕਈ ਚੋਅ ਵੀ ਸਨ ਜੋ ਭਾਵੇਂ ਸੁੱਕੇ ਪਏ ਸਨ ਪਰ ਰੇਤ ਉਹਨਾਂ ਦੀ ਵੀ ਨਰਮ
ਸੀ। ਮੋਰਚਾਬੰਦੀ ਲਈ ਉਸ ਨੇ ਜੇਲਹਮ ਦਰਿਆ ਦੇ ਨਾਲ ਨਾਲ ਦੇ ਪਿੰਡ ਚੁਣੇ ਜਿਵੇਂ ਕਿ ਮੂੰਗ,
ਲਲਿਆਣੀ, ਤੁਪਈ, ਸ਼ਾਦੇਵਾਲ, ਲੱਕਨਾ ਵਾਲਾ, ਕੋਟੇ, ਫਤਿਹ ਕਾ ਚੱਕ, ਰਸੂਲ ਆਦਿ।
ਚਿਲਿਆਂਵਾਲਾ ਇਹਨਾਂ ਪਿੰਡਾਂ ਦੇ ਦੱਖਣ ਵਲ ਸੀ ਭਾਵ ਕਿ ਅੰਗਰੇਜ਼ ਫੌਜ ਦੇ ਹਮਲੇ ਲਈ ਇਹ ਸਭ
ਤੋਂ ਮੁਹਰੇ ਪੈਂਦਾ ਸੀ। ਇਹਨਾਂ ਵਿਚੋਂ ਸ਼ਾਦੇਵਾਲ ਉਹ ਜਗਾਹ ਸੀ ਜਿਥੇ ਕਦੇ ਪੋਰਸ ਨੇ ਦੋ ਸੌ
ਹਾਥੀਆਂ ਨਾਲ ਸਿਕੰਦਰ ਦਾ ਮੁਕਾਬਲਾ ਕੀਤਾ ਸੀ। ਨੇੜੇ ਪੈਂਦੇ ਰਸੂਲ ਪਿੰਡ ਤੋਂ ਖੜੀ ਪਹਾੜੀ
ਸ਼ੁਰੂ ਹੁੰਦੀ ਸੀ। ਇਥੋਂ ਕੁ ਪਹਾੜੀ ਅਜਿਹੀ ਸੀ ਕਿ ਕੁਦਰਤੀ ਮੋਰਚੇ ਬਣੇ ਹੋਏ ਸਨ। ਅਜਿਹੀਆਂ
ਗਾਰਾਂ ਸਨ ਕਿ ਤੋਪਾਂ ਵਿਚ ਲੁਕ ਸਕਦੀਆਂ ਸਨ। ਉਚੀ ਜਗਾਹ ਤੋਂ ਦੁਸ਼ਮਣ ਉਪਰ ਦੂਰ ਤਕ ਵਾਰ
ਕਰਨਾ ਬਹੁਤ ਹੀ ਅਸਾਨ ਸੀ। ਜਿਥੇ ਆ ਕੇ ਰਸੂਲ ਵਾਲੀ ਪਹਾੜੀ ਖਤਮ ਹੁੰਦੀ ਸੀ ਉਥੋਂ ਹੀ ਇਕ
ਜੰਗਲ ਸ਼ੁਰੂ ਹੋ ਜਾਂਦਾ ਸੀ, ਸੜਕੜੇ, ਕਾਨਿਆਂ, ਝਾੜੀਆਂ ਦਾ ਮੱਧਰਾ ਜਿਹਾ ਜੰਗਲ। ਇਹ ਜੰਗਲ
ਜੇਹਲਮ ਤੋਂ ਕੁਝ ਕੁ ਹਟਵਾਂ ਕਈ ਕੋਹ ਦਰਿਆ ਦੇ ਨਾਲ ਨਾਲ ਪੈਂਦਾ ਸੀ। ਇਹ ਜੰਗਲ ਉਚਾਈ ਵਿਚ
ਤਾਂ ਬਹੁਤਾ ਉਚਾ ਨਹੀਂ ਸੀ ਪਰ ਸੰਘਣਾ ਸੀ। ਬੇਰੀਆਂ ਕਿੱਕਰਾਂ ਵਰਗੇ ਕੰਡਿਆਲੇ ਬੂਟੇ ਵੀ ਸਨ।
ਇਸ ਜੰਗਲ ਨੂੰ ਲੰਘਣਾ ਸੌਖਾ ਨਹੀਂ ਸੀ। ਸ਼ੇਰ ਸਿੰਘ ਨੇ ਕਮਾਣ ਦੀ ਸ਼ਕਲ ਦੇ ਮੋਰਚੇ ਬਣਾਏ।
ਖੱਬੇ ਪਾਸੇ ਰਸੂਲ ਨੇੜਲੀ ਖੜੀ ਪਹਾੜੀ ਤੇ ਸੱਜੇ ਪਾਸੇ ਦਰਿਆ ਜੇਹਲਮ। ਵਿਚ ਵਿਚਕਾਰ ਪੈਂਦਾ
ਇਹ ਜੰਗਲ। ਗੱਫ ਦੀ ਫੌਜ ਇਹ ਜੰਗਲ ਲੰਘ ਕੇ ਹੀ ਹਮਲਾ ਕਰ ਸਕਦੀ ਸੀ। ਦਰਿਆ ਜੇਹਲਮ ਤੋਂ ਪਾਰ
ਹਜ਼ਾਰੇ ਦਾ ਇਲਾਕਾ ਸ਼ੁਰੂ ਹੋ ਜਾਂਦਾ ਸੀ ਜਿਥੇ ਉਸ ਦਾ ਪਿਓ ਚਤਰ ਸਿੰਘ ਅਟਾਰੀਵਾਲਾ ਗਵਰਨਰ
ਸੀ। ਹਾਲੇ ਭਾਵੇਂ ਉਹ ਅਟਕ ਦੇ ਕਿਲੇ ਕਰਕੇ ਰੁਕਿਆ ਬੈਠਾ ਸੀ ਪਰ ਅਟਕ ਦੇ ਕਿਲੇ ਦਾ ਕਿਲੇਦਾਰ
ਲੈਫਨੀਨੈਂਟ ਹਰਬਰਟ ਬਹੁਤੀ ਮਜ਼ਬੂਤ ਸਥਿਤੀ ਵਿਚ ਨਹੀਂ ਸੀ, ਉਸ ਨੂੰ ਸਿੱਖ ਫੌਜ ਨੇ ਜਲਦੀ ਲੈ
ਹੀ ਲੈਣਾ ਸੀ ਤੇ ਚਤਰ ਸਿੰਘ ਅਟਾਰੀਵਾਲੇ ਨੇ ਉਸ ਨਾਲ ਆ ਮਿਲਣਾ ਸੀ। ਹੁਣ ਖਬਰ ਆਈ ਸੀ ਕਿ
ਪਿਸ਼ਾਵਰ ਬ੍ਰਗੇਡ ਨੇ ਵੀ ਬਗਾਵਤ ਕਰ ਦਿਤੀ ਸੀ ਤੇ ਰੈਜੀਡੈਂਸੀ ਉਪਰ ਹਮਲਾ ਕਰਕੇ ਕਈ
ਅੰਗਰੇਜ਼ ਤੇ ਹਿੰਦੁਸਤਾਨੀ ਸਿਪਾਹੀ ਮਾਰ ਦਿਤੇ ਸਨ। ਬੰਨੂ ਦੀ ਫੌਜ ਨੇ ਵੀ ਬਗਾਵਤ ਕਰ ਦਿਤੀ
ਸੀ ਤੇ ਗਵਰਨਰ ਫਤਿਹ ਖਾਨ ਨੇ ਕਰਨਲ ਜੌਹਨ ਹੋਮਜ਼ ਨੂੰ ਗੋਲ਼ੀ ਮਾਰ ਦਿਤੀ ਸੀ ਤੇ ਫੌਜ ਸ਼ੇਰ
ਸਿੰਘ ਅਟਾਰੀਵਾਲੇ ਨਾਲ ਮਿਲਣ ਲਈ ਚਲ ਪਈ ਸੀ। ਸ਼ੇਰ ਸਿੰਘ ਦਾ ਪਲੜਾ ਭਾਰੀ ਹੋ ਰਿਹਾ ਸੀ।
ਦੂਜੇ ਪਾਸੇ ਗੱਫ ਵੀ ਮਾਰੋ ਮਾਰ ਕਰਦਾ ਆ ਰਿਹਾ ਸੀ। ਵੀਹ ਨਵੰਬਰ ਨੂੰ ਸ਼ੇਰ ਸਿੰਘ ਨੂੰ ਖਬਰ
ਮਿਲੀ ਗੱਫ ਨਜ਼ਦੀਕ ਹੀ ਆ ਗਿਆ ਹੈ। ਉਸ ਨੇ ਆਪਣੇ ਨਾਲ ਦੇ ਸਾਰੇ ਜਰਨੈਲਾਂ ਦੀ ਬੈਠਕ ਬੁਲਾ
ਲਈ ਜਿਸ ਵਿਚ ਲਾਲ ਸਿੰਘ, ਅਤਰ ਸਿੰਘ, ਰਾਮ ਸਿੰਘ, ਸੂਰਤ ਸਿੰਘ, ਕਾਹਨ ਸਿੰਘ ਮਜੀਠੀਆ, ਫਤਿਹ
ਖਾਨ ਟਿਵਾਣਾ ਤੇ ਰਣ ਸਿੰਘ ਸਮੇਤ ਪੱਚੀ ਕੁ ਜਰਨੈਲ ਸ਼ਾਮਲ ਸਨ। ਮੋਰਚਾਬੰਦੀ ਬਾਰੇ ਤਾਂ ਸਭ
ਤੈਅ ਹੋ ਹੀ ਚੁਕਿਆ ਸੀ। ਸ਼ੇਰ ਸਿੰਘ ਨੇ ਸਭ ਨੂੰ ਮੁਖਾਤਬ ਹੋ ਕੇ ਕਿਹਾ,
“ਖਾਲਸਾ ਜੀ, ਸਾਡੀ ਇਹ ਲੜਾਈ ਅਜਿਹੀ ਹੋਣੀ ਚਾਹੀਦੀ ਏ ਕਿ ਪੰਜਾਬ ਦੇ ਨਾਂ ਦੀ ਇਜ਼ਤ ਰਹਿ
ਜਾਵੇ, ਅਸੀਂ ਪਿਛਲੇ ਸਾਰੇ ਧੋਣੇ ਧੋ ਦੇਈਏ। ਸੱਤ ਸਮੁੰਦਰ ਦੂਰ ਬੈਠੀ ਇਹਨਾਂ ਅੰਗਰੇਜ਼ਾਂ ਦੀ
ਮਲਕਾ ਵੀ ਸੋਚੇ ਕਿ ਸਿੱਖ ਨਾਂ ਦੀ ਤੇ ਪੰਜਾਬੀ ਨਾਂ ਦੀ ਕੋਈ ਕੌਮ ਦੁਨੀਆਂ ਵਿਚ ਹੈ ਵੇ,
ਫਿਰੰਗੀਆਂ ਲਈ ਇਹ ਯੁੱਧ ਇਕ ਅਜਿਹਾ ਸਬਕ ਹੋਵੇ ਜੋ ਇਹ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਵੀ
ਦੇਣ। ਤੁਸੀਂ ਆਪੋ ਆਪਣੀ ਫੌਜ ਵਿਚ ਜਾ ਕੇ ਇਕੋ ਗੱਲ ਕਹੋ ਕਿ ਆਖਰੀ ਦਮ ਤਕ ਲੜਨਾ ਏ, ਮਰਨ ਲਈ
ਨਹੀਂ, ਮਾਰਨ ਲਈ ਲੜਨਾ ਏਂ।”
21 ਨਵੰਬਰ ਨੂੰ ਗੱਫ ਰਾਮਨਗਰ ਤੋਂ ਸਤ ਅੱਠ ਕੋਹ ਦੂਰ ਪੈਂਦੇ ਪਿੰਡ ਨੋਵਾਲਾ ਵਿਚ ਪੁੱਜ ਗਿਆ।
ਇਥੇ ਬਰਗੇਡੀਅਰ ਕੌਲਿਨ ਕੈਂਪਬੈਲ ਤੇ ਕਰੇਟਨ ਡੇਰੇ ਲਾਈ ਬੈਠੇ ਸਨ। ਸਾਰੀ ਫੌਜ ਪੁੱਜ ਚੁੱਕੀ
ਸੀ। ਉਸ ਨੇ ਡਲਹੌਜ਼ੀ ਤੋਂ ਚੌਵੀ ਹਜ਼ਾਰ ਫੌਜ ਤੇ ਅੱਸੀ ਤੋਪਾਂ ਦੀ ਮੰਗ ਕੀਤੀ ਸੀ ਜਦੋਂ ਕਿ
ਲਹੌਰ ਵਿਚ ਸਿਰਫ ਦਸ ਹਜ਼ਾਰ ਫੌਜ ਹੀ ਹਾਜ਼ਰ ਸੀ। ਨੌਂ ਹਜ਼ਾਰ ਫਿਰੋਜ਼ਪੁਰ ਤੋਂ ਤੇ ਨੌ
ਹਜ਼ਾਰ ਹੋਰ ਫੌਜ ਹਿੰਦੁਸਤਾਨ ਦੇ ਦੂਜੇ ਹਿਸਿਆਂ ਤੋਂ ਪੁੱਜ ਗਈ ਸੀ। ਪੰਜ ਹਜ਼ਾਰ ਫੌਜ ਨੇ
ਸਿੰਧ ਤੋਂ ਆਕੇ ਉਸ ਨਾਲ ਰਲਣਾ ਸੀ ਤੇ ਫਿਰ ਮੁਲਤਾਨ ਵਾਲੀ ਮੁਹਿੰਮ ਤੋਂ ਜਨਰਲ ਵਿਸ਼ ਨੇ
ਵਿਹਲੇ ਹੋ ਕੇ ਵੀ ਪੁੱਜਣਾ ਸੀ। ਇਸ ਤਰ੍ਹਾਂ ਉਸ ਕੋਲ ਫੌਜ ਦੀ ਘਾਟ ਨਹੀਂ ਸੀ। ਲਹੌਰੋਂ ਤੁਰਨ
ਤੋਂ ਪਹਿਲਾਂ ਗੱਫ ਨੇ ਇਕ ਵਾਰ ਫਿਰ ਗਵਰਨਰ ਜਨਰਲ ਨਾਲ ਖਾਲਸਾ ਫੌਜ ਦੇ ਵਿਹਲੇ ਫਿਰ ਰਹੇ
ਫੌਜੀਆਂ ਨੂੰ ਦੁਬਾਰਾ ਭਰਤੀ ਕਰਨ ਦੀ ਗੱਲ ਕੀਤੀ ਸੀ ਪਰ ਡਲਹੌਜ਼ੀ ਨੇ ਫਿਰ ਨਕਾਰ ਦਿਤੀ ਸੀ।
ਫੌਜ ਦੀ ਗਿਣਤੀ ਤੋਂ ਗੱਫ ਇੰਨਾ ਫਿਕਰਵੰਦ ਨਹੀਂ ਸੀ। ਉਸ ਦੇ ਅੰਦਾਜ਼ੇ ਮੁਤਾਬਕ ਖਾਲਸਾ ਫੌਜ
ਦੀ ਗਿਣਤੀ ਕਿਸੇ ਵੀ ਤਰ੍ਹਾਂ ਵੀਹ ਹਜ਼ਾਰ ਤੋਂ ਨਹੀਂ ਵਧਣ ਲਗੀ। ਅਸਲ ਵਿਚ ਉਹ ਫਿਕਰਵੰਦ ਹੈ
ਹੀ ਨਹੀਂ ਸੀ। ਉਹ ਸੋਚ ਰਿਹਾ ਸੀ ਕਿ ਇਹ ਲੜਾਈ ਸ਼ਾਇਦ ਇਕ ਦਿਨ ਜਾਂ ਫਿਰ ਦੋ ਦਿਨ ਹੀ
ਚਲੇਗੀ। ਸਭਰਾਓਂ ਵਾਂਗ ਉਹ ਸਵੇਰੇ ਸ਼ੁਰੂ ਕਰਕੇ ਸ਼ਾਮ ਤਕ ਖਤਮ ਕਰ ਦੇਣੀ ਚਾਹੁੰਦਾ ਸੀ ਪਰ
ਇਸ ਵਾਰ ਉਸ ਨੂੰ ਅਫਸੋਸ ਸੀ ਕਿ ਸਿੱਖਾਂ ਨਾਲ ਹੋਈਆਂ ਪਹਿਲੀਆਂ ਲੜਾਈਆਂ ਵਾਂਗ ਹਾਲੇ ਤਕ ਇਸ
ਫੌਜ ਦੇ ਕਿਸੇ ਜਰਨੈਲ ਨੇ ਗੱਦਾਰੀ ਕਰਦਿਆਂ ਉਸ ਤਕ ਪਹੁੰਚ ਨਹੀਂ ਸੀ ਕੀਤੀ। ਉਹ ਤੇਜ ਸਿੰਘ
ਜਾਂ ਲਾਲ ਸਿੰਘ ਵਰਗੇ ਕਿਸੇ ਗੱਦਾਰ ਨੂੰ ਉਡੀਕ ਰਿਹਾ ਸੀ ਤੇ ਮਨ ਹੀ ਮਨ ਗੱਦਾਰੀ ਦੇ ਬਦਲੇ
ਵਿਚ ਉਸ ਨੇ ਇਨਾਮ ਵੀ ਤੈਅ ਕਰ ਲਏ ਸਨ ਪਰ ਹਾਲੇ ਤਕ ਉਸ ਦੀ ਆਸ ਨੂੰ ਫਲ਼ ਨਹੀਂ ਸੀ ਪਿਆ।
ਅਸਲ ਵਿਚ ਇਸ ਵਾਰ ਸਿੱਖ ਪੰਜਾਬ ਲਈ ਲੜ ਰਹੇ ਸਨ ਨਾ ਕਿ ਆਪਣੇ ਲਈ। ਉਹੋ ਰਾਜਾ ਲਾਲ ਸਿੰਘ
ਜਿਸ ਨੇ ਪਹਿਲੀਆਂ ਲੜਾਈਆਂ ਵਿਚ ਗੱਦਾਰੀ ਕੀਤੀ ਸੀ ਹੁਣ ਆਪਣਾ ਪ੍ਰਚਾਤਾਪ ਕਰਨ ਲਈ ਸ਼ੇਰ
ਸਿੰਘ ਅਟਾਰੀਵਾਲੇ ਦੇ ਮੋਢ੍ਹੇ ਨਾਲ ਮੋਢ੍ਹਾ ਜੋੜ ਕੇ ਲੜਨ ਲਈ ਤਿਆਰ ਖੜਾ ਸੀ।
ਸ਼ੇਰ ਸਿੰਘ ਅਟਾਰੀਵਾਲੇ ਦੀ ਬਹੁਤੀ ਫੌਜ ਝਨਾਂ ਦੇ ਪਾਰ ਹੀ ਸੀ। ਰਾਮਨਗਰ ਵਿਚ ਉਸ ਦੀ ਥੋੜੀ
ਫੌਜ ਹੀ ਸੀ ਜਿਸ ਵਿਚ ਕੁਝ ਘੋੜ-ਚੜੇ ਤੇ ਪੈਦਲ ਸ਼ਾਮਲ ਸਨ। ਰਾਮਨਗਰ ਤੇ ਝਨਾਂ ਵਿਚਕਾਰ ਇਕ
ਆੜ ਸੀ ਜੋ ਕਿ ਸੈਨਾ ਲਈ ਓਟ ਵਾਂਗ ਸੀ। ਉਸ ਦੀਆਂ ਤੋਪਾਂ ਦਰਿਆ ਦੇ ਦੂਜੇ ਪਾਸੇ ਸਨ ਤੇ ਪਰਦੇ
ਵਿਚ ਸਨ। ਉਹ ਇਥੇ ਪੈਂਦੇ ਚੋਆਂ ਦੀ ਪੋਲੀ ਧਰਤੀ ਨੂੰ ਆਪਣੇ ਹੱਕ ਵਿਚ ਵਰਤਣੀ ਚਾਹੁੰਦਾ ਸੀ।
ਗੱਫ ਨੇ ਕੈਂਪਬੈਲ ਨੂੰ ਸ਼ੇਰ ਸਿੰਘ ਦੀ ਆੜ ਉਪਰ ਜਾ ਕੇ ਹਮਲਾ ਕਰਨ ਦਾ ਹੁਕਮ ਦਿਤਾ ਤਾਂ ਜੋ
ਸ਼ੇਰ ਸਿੰਘ ਨੂੰ ਦਰਿਆ ਦੇ ਦੂਜੇ ਪਾਸੇ ਧੱਕ ਦਿਤਾ ਜਾਵੇ। ਕੈਂਪਬੈਲ ਤੜਕੇ ਨੋਵਾਲ ਤੋਂ ਚਲ
ਪਿਆ। ਸੂਰਜ ਨਿਕਲਦੇ ਉਹ ਦਰਿਆ ਤੋਂ ਕੋਹ ਭਰ ਦੂਰ ਸੀ। ਗੱਫ ਵੀ ਉਹਦੇ ਮਗਰ ਹੀ ਸੀ। ਗੱਫ ਨੇ
ਨੇੜੇ ਪੈਂਦੇ ਇਕ ਕਿਲੇ ਉਪਰ ਚੜ ਕੇ ਦੂਰਬੀਨ ਨਾਲ ਸ਼ੇਰ ਸਿੰਘ ਅਟਾਰੀਵਾਲੇ ਦੀ ਫੌਜ ਦਾ
ਜਾਇਜ਼ਾ ਲੈਣਾ ਚਾਹਿਆ, ਉਸ ਨੇ ਦੇਖਿਆ ਕਿ ਫੌਜ ਤਾਂ ਪਹਿਲਾਂ ਹੀ ਝਨਾਂ ਦੇ ਦੂਜੇ ਪਾਸੇ ਖੜੀ
ਸੀ। ਦਰਿਆ ਦੇ ਇਸ ਪਾਸੇ ਉਸ ਨੂੰ ਕੁਝ ਘੋੜ-ਚੜੇ ਨਜ਼ਰ ਆਏ। ਕੁਝ ਘੋੜ-ਚੜੇ ਦੂਜੇ ਪਾਸੇ ਨੂੰ
ਦਰਿਆ ਪਾਰ ਕਰਦੇ ਵੀ ਨਜ਼ਰ ਆਏ। ਗੱਫ ਨੇ ਸੋਚਿਆ ਕਿ ਅਜ ਵਾਲਾ ਮੋਰਚਾ ਤਾਂ ਫਹਿਤ ਹੋ ਗਿਆ।
ਸ਼ੇਰ ਸਿੰਘ ਦੀ ਫੌਜ ਤਾਂ ਆਪਣੇ ਆਪ ਹੀ ਦੂਜੇ ਕੰਢੇ ਚਲੇ ਗਈ ਹੈ। ਇਸ ਨਾਲ ਗੱਫ ਆਪਣੀ ਆਦਤ
ਮੁਤਾਬਕ ਹੋਰ ਵੀ ਜੋਸ਼ ਵਿਚ ਆ ਗਿਆ। ਉਸ ਨੇ ਉਸੇ ਵੇਲੇ ਹੀ ਮੇਜਰ ਲੇਨ ਤੇ ਮੇਜਰ ਵਾਰਨਰ ਨੂੰ
ਕਿਹਾ,
“ਮੇਜਰ, ਤੁਸੀਂ ਦੋਵੇਂ ਆਪਣੀਆਂ ਪੰਜ ਕੈਵਲਰੀ ਦੀਆਂ ਰੈਜਮੈਂਟਾਂ ਤੇ ਦੋ ਹੌਰਸ ਆਟਿਲਰੀ ਲੈ
ਕੇ ਜਾਓ ਤੇ ਉਹਨਾਂ ਦੇ ਸਾਰੇ ਸਿੱਖ ਰਸਾਲੇ ਬਿਲਕੁਲ ਦੂਜੇ ਕੰਢੇ ਤਕ ਧੱਕ ਆਓ ਤਾਂ ਜੋ ਮੁੜ
ਕੇ ਇਧਰ ਨੂੰ ਮੂੰਹ ਨਾ ਕਰਨ, ਸ਼ੁਰੂ ਵਿਚ ਹੀ ਉਹਨਾਂ ਨੂੰ ਸਬਕ ਮਿਲ ਜਾਵੇ।”
ਉਸ ਦੇ ਹੁਕਮ ਅਨੁਸਾਰ ਪੰਜ ਤੋਪਾ ਲੈ ਕੇ ਫੌਜ ਅਗੇ ਵਧੀ ਤੇ ਸਿੱਖ ਘੋੜ-ਚੜਿਆਂ ਉਪਰ ਗੋਲੀ
ਚਲਾਉਣ ਲਗੀ। ਥੋੜਾ ਹੋਰ ਅਗੇ ਵਧੇ ਤਾਂ ਉਹ ਥਾਂਵੇਂ ਖੜੇ ਹੀ ਜ਼ਮੀਨ ਵਿਚ ਧਸ ਹੋਣ ਲਗੇ,
ਤੋਪਾਂ ਹੇਠਾਂ ਤਕ ਚਲੇ ਗਈਆਂ। ਉਸੇ ਵਕਤ ਸ਼ੇਰ ਸਿੰਘ ਵਲੋਂ ਗੋਲੇ ਡਿਗਣ ਲਗੇ ਜੋ ਅੰਗਰੇਜ਼ਾਂ
ਦਾ ਕਾਫੀ ਨੁਕਸਾਨ ਕਰ ਗਏ। ਕੈਪਟਨ ਓਵਰੀ ਨੇ ਤੀਜੀ ਡਰੈਗਨ ਨੂੰ ਅਗੇ ਵਧਣ ਦਾ ਹੁਕਮ ਦਿਤਾ।
ਉਹ ਸਿੱਖਾਂ ਦੇ ਸਾਹਮਣੇ ਸੁੱਕੇ ਦਿਸਦੇ ਝਨਾਂ ਵਿਚ ਆ ਵੜੇ। ਇਹੋ ਸ਼ੇਰ ਸਿੰਘ ਚਾਹੁੰਦਾ ਸੀ।
ਦਰਿਆ ਦੇ ਦੂਜੇ ਪਾਸਿਓ ਭਾਰੀ ਗੋਲਾਬਾਰੀ ਸ਼ੁਰੂ ਹੋ ਗਈ। ਅੰਗਰੇਜ਼ਾਂ ਦੇ ਸਤਾਰਾਂ ਘੋੜੇ
ਚਿਕੜ ਵਿਚ ਫਸੇ ਹੀ ਰਹਿ ਗਏ। ਜਿਹੜੀਆਂ ਤੋਪਾਂ ਰੇਤੇ ਵਿਚ ਫਸੀਆਂ ਸਨ ਉਹ ਕੱਢ ਹੀ ਰਹੇ ਸਨ
ਕਿ ਕੁਝ ਸਿੱਖ ਘੋੜ-ਚੜਿਆਂ ਨੇ ਆ ਕੇ ਹਮਲਾ ਕਰ ਦਿਤਾ। ਭਜਦਿਆਂ ਹੋਇਆਂ ਅੰਗਰੇਜ਼ਾਂ ਦੀ ਇਕ
ਤੋਪ ਰੇਤੇ ਵਿਚ ਹੀ ਫਸੀ ਰਹਿ ਗਈ। ਇਵੇਂ ਸਿੱਖ ਹਮਲਾ ਕਰਦੇ ਤੇ ਨੁਕਸਾਨ ਕਰਕੇ ਭੱਜ ਜਾਂਦੇ।
ਉਹਨਾਂ ਨੇ ਕੱਟੋ ਤੇ ਭੱਜੋ ਵਾਲੀ ਯੁੱਧ ਨੀਤੀ ਅਪਣਾ ਲਈ ਸੀ। ਫਿਰ ਦੂਜੇ ਪਾਸਿਓਂ ਇਕ ਹੋਰ
ਸਿੱਖ ਲਾਈਟ ਕੈਵਲਰੀ ਆਈ ਤੇ ਉਸ ਨੇ ਆਕੇ ਲੈਫਟੀਨੈਂਟ ਕਰਨਲ ਵਿਲੀਅਮ ਹੈਵਲੋਕ ਉਪਰ ਅਚਾਨਕ
ਹਮਲਾ ਕਰ ਦਿਤਾ ਤੇ ਉਹਨਾਂ ਦਾ ਵੀ ਕਾਫੀ ਸਾਰਾ ਨੁਕਸਾਨ ਕਰ ਦਿਤਾ। ਬਰਗੇਡੀਅਰ ਕੁਰੇਟਨ
ਹੈਵਲੌਕ ਨੂੰ ਹੌਂਸਲਾ ਦਿੰਦਾ ਅਗੇ ਵਧਿਆ ਤਾਂ ਉਸ ਦੀ ਛਾਤੀ ਵਿਚ ਗੋਲੀ ਆ ਵੱਜੀ। ਹੈਵਲੌਕ ਦੇ
ਘੋੜੇ ਤੇ ਸਿਪਾਹੀ ਵੀ ਰੇਤ ਵਿਚ ਧਸ ਗਏ ਸਨ, ਸਿੱਖ ਸਿਪਾਹੀਆਂ ਨੇ ਉਹਨਾਂ ਉਪਰ ਵੀ ਅੰਨੇਵਾਹ
ਗੋਲੀਆਂ ਚਲਾ ਦਿਤੀਆਂ ਤੇ ਵਾਪਸ ਦੂਜੇ ਕੰਢ ਭੱਜ ਗਏ, ਇਸ ਹਮਲੇ ਵਿਚ ਹੈਵਲੌਕ ਵੀ ਮਾਰਿਆ
ਗਿਆ। ਫਿਰ ਹੌਲੀ ਹੌਲੀ ਤੀਜੀ ਡਰੈਗਨ ਲਗਾਤਾਰ ਆਉਣ ਵਾਲੇ ਸਿੱਖ ਘੋੜ ਸਵਾਰਾਂ ਉਪਰ ਹਮਲੇ ਕਰਨ
ਲਗੀ। ਰਾਮਨਗਰ ਦੀਆਂ ਇਹ ਝੜਪਾਂ ਅਗਲੇ ਦਿਨ ਖਤਮ ਹੋ ਗਈਆਂ ਪਰ ਫਿਰ ਵੀ ਇਕਾ ਦੁਕਾ ਸਿੱਖ
ਘੋੜ-ਚੜਿਆਂ ਦੇ ਹਮਲਿਆਂ ਨੇ ਅੰਗਰੇਜ਼ ਫੌਜ ਦੇ ਨੱਕ ਵਿਚ ਦਮ ਕਰੀ ਰੱਖਿਆ। ਅੰਗਰੇਜ਼ਾਂ ਦੇ
ਪੰਜਾਹ ਅਫਸਰ ਤੇ ਸਿਪਾਹੀ ਤੀਜੀ ਡਰੈਗਨ ਦੇ ਮਾਰੇ ਗਏ ਸਨ, ਉਸ ਤੋਂ ਬਿਨਾਂ ਤਿੰਨ ਦਰਜਨ ਹੋਰ
ਸੈਨਿਕ ਵੀ ਮਰੇ ਤੇ ਬਹੁਤ ਸਾਰੇ ਜ਼ਖਮੀ ਹੋਏ। ਬਰਗੇਡੀਅਰ ਕੁਰੇਟਨ ਤੇ ਹੈਵਲੌਕ ਦਾ ਮਾਰੇ
ਜਾਣਾ ਗੱਫ ਲਈ ਬਹੁਤ ਦੁਖ ਵਾਲੀ ਗੱਲ ਸੀ। ਇਸ ਦੇ ਮੁਕਾਬਲੇ ਸਿੱਖਾਂ ਦਾ ਨੁਕਸਾਨ ਬਹੁਤ ਥੋੜਾ
ਹੋਇਆ ਸੀ। ਗੱਫ ਨੇ ਰਾਮਨਗਰ ਨੂੰ ਹੀ ਆਪਣਾ ਕੈਂਪ ਬਣਾ ਲਿਆ। ਇਥੇ ਹੀ ਆਪਣੀ ਸਪਲਾਈ ਵਾਲੇ
ਗੱਡੇ ਵੀ ਬੁਲਾ ਲਏ। ਉਸ ਦੀ ਖਾਣੇ ਦੀ ਸਪਲਾਈ ਹਾਲੇ ਨਹੀਂ ਸੀ ਪੁਜੀ। ਘੋੜਿਆਂ ਲਈ ਵੀ ਖਾਣਾ
ਨਹੀਂ ਸੀ। ਬਿਜਾਈ ਦਾ ਮੌਸਮ ਕਾਰਨ ਘੋੜਿਆਂ ਲਈ ਵੀ ਚਾਰੇ ਦੀ ਘਾਟ ਸੀ। ਫੌਜ ਦੇ ਖਾਣੇ ਦੀ
ਘਾਟ ਕਾਰਨ ਗੱਫ ਨੇ ਜ਼ਖਮੀ ਘੋੜਿਆਂ ਨੂੰ ਵੱਢ ਕੇ ਖਾਣ ਦਾ ਹੁਕਮ ਦੇ ਦਿਤਾ। ਉਹ ਰਾਤ ਗੱਫ ਲਈ
ਬਹੁਤ ਔਖੀ ਰਾਤ ਸੀ।
ਜਨਰਲ ਥੈਕਵੈਲ ਨੂੰ ਕੈਵਲਰੀ ਡਿਵੀਯਨ ਦਾ ਜਰਨਲ ਕਮਾਂਡਿੰਟ ਬਣਾ ਦਿਤਾ ਗਿਆ ਤੇ ਕੈਂਪਬੈਲ ਨੇ
ਤੀਜੀ ਇਨਫੈਂਟਰੀ ਸੰਭਾਲ ਲਈ। ਗੱਫ ਲਈ ਇਹ ਅਜਿਹੀ ਪਹਿਲੀ ਹਾਰ ਸੀ। ਹੁਣ ਉਹਨਾਂ ਦਾ ਸਭ ਤੋਂ
ਪਹਿਲਾ ਕੰਮ ਝਨਾਂ ਦੇ ਦੂਜੇ ਪਾਸੇ ਖੜੇ ਸਿਖਾਂ ਨਾਲ ਨਿਜੱਠਣਾ ਸੀ ਤੇ ਲੜਾਈ ਨੂੰ ਜਲਦੀ ਖਤਮ
ਕਰਨਾ ਸੀ। ਇਥੋਂ ਤਾਂ ਦਰਿਆ ਪਾਰ ਕਰਨਾ ਮੁਸ਼ਕਲ ਸੀ। ਇਸ ਤੋਂ ਬਾਅਦ ਦੋ ਘਾਟ ਸਨ ਜਿਥੋਂ
ਦਰਿਆ ਪਾਰ ਕੀਤਾ ਜਾ ਸਕਦਾ ਸੀ, ਇਕ ਤਾਂ ਗੜ੍ਹੀ ਖਾਨ ਕੀ ਤੇ ਦੂਜਾ ਰੱਨੀ ਖਾਨ ਕੀ ਇਹਨਾਂ
ਤੋਂ ਬਾਅਦ ਤੀਜਾ ਘਾਟ ਇਥੋਂ ਪੰਦਰਾਂ ਕੋਹ ਦੂਰ ਵਜ਼ੀਰਾਬਾਦ ਵਾਲਾ ਪੱਤਣ ਫੌਜ ਦੇ ਪਾਰ ਹੋਣ
ਲਈ ਢੁਕਵਾਂ ਸੀ। ਗੱਫ ਨੇ ਵਜ਼ੀਰਾਬਾਦ ਤੋਂ ਦਰਿਆ ਪਾਰ ਕਰਕੇ ਸਿੱਖਾਂ ਉਪਰ ਹਮਲਾ ਕਰਨ ਦਾ
ਫੈਸਲਾ ਕਰ ਲਿਆ। ਉਹ ਆਪ ਰਾਮਨਗਰ ਹੀ ਰਿਹਾ ਤੇ ਥੈਕਵਿਲ ਨੂੰ ਦਰਿਆ ਪਾਰ ਕਰਨ ਲਈ ਭੇਜ ਦਿਤਾ।
ਥੈਕਵੈਲ 30 ਨਵੰਬਰ ਨੂੰ ਆਪਣੀ ਫੌਜ ਤੇ ਰਸਦ ਤੇ ਹੋਰ ਸਪਲਾਈ ਲੈ ਕੇ ਚਲ ਪਿਆ। ਗੜੀ ਖਾਨ ਕੀ
ਪੁੱਜਿਆ ਤਾਂ ਦੂਜੇ ਪਾਸੇ ਸਿੱਖ ਫੌਜ ਖੜੀ ਉਸ ਦਾ ਇੰਤਜ਼ਾਰ ਕਰ ਰਹੀ ਸੀ। ਉਹ ਇਸ ਤੋਂ ਅਗਲੇ
ਘਾਟ ਤੇ ਪੁੱਜ ਗਿਆ। ਇਥੋਂ ਝਨਾਂ ਦਾ ਵਹਾਅ ਬਹੁਤ ਤੇਜ਼ ਸੀ ਪਰ ਦੂਜੇ ਪਾਸੇ ਖਾਲਸਾ ਫੌਜ ਵੀ
ਦਿਖਾਈ ਦੇ ਰਹੀ ਸੀ। ਅੰਤ ਉਸ ਨੂੰ ਤੀਜਾ ਘਾਟ ਹੀ ਪਾਰ ਕਰਨਾ ਪਿਆ। ਵਜ਼ੀਰਾਬਾਦ ਉਹ ਸ਼ਾਮ ਤਕ
ਪਹੁੰਚ ਸਕਿਆ। ਵਜ਼ੀਰਾਬਾਦ ਵਿਚ ਇਕ ਕਿਲਾ ਵੀ ਜਿਥੇ ਅੰਗਰੇਜ਼ਾਂ ਦਾ ਕਬਜ਼ਾ ਸੀ। ਅੰਗਰੇਜ਼
ਫੌਜ ਦੇ ਦਰਿਆ ਪਾਰ ਕਰਨ ਲਈ ਅਗਿਓਂ ਅਟਕ ਤੋਂ ਆਈ ਪਠਾਨ ਫੌਜ ਨੇ ਵੀਹ ਕਿਸ਼ਤੀਆਂ ਦਾ
ਇੰਤਜ਼ਾਮ ਕੀਤਾ ਹੋਇਆ ਸੀ। ਇਥੋਂ 24ਵੀਂ ਫੁੱਟ, 25ਵੀਂ ਤੇ 45ਵੀਂ ਨੇਟਿਵ ਇਨਫੈਂਟਰੀ ਦਰਿਆ
ਪਾਰ ਕਰਨ ਲਗੀਆਂ। ਤੀਜੀ ਇਰਰੈਗੂਲਰ ਕੈਵਲਰੀ ਦੇ ਤਿੰਨ ਰਸਾਲੇ ਵੀ ਲੰਘ ਗਏ ਪਰ ਖਾਣੇ ਦੀ ਰਸਦ
ਵਲੋਂ ਕਸਰ ਹਾਲੇ ਵੀ ਰਹਿ ਗਈ ਤੇ ਅਗਲਾ ਦਿਨ ਫੌਜ ਨੂੰ ਭੁਖਿਆਂ ਹੀ ਕੱਢਣਾ ਪਿਆ। ਸਿੱਖ ਫੌਜ
ਉਹਨਾਂ ਉਪਰ ਪੂਰੀ ਤਰ੍ਹਾਂ ਨਜ਼ਰ ਰੱਖ ਰਹੀ ਸੀ। ਰਣ ਸਿੰਘ ਨੇ ਸ਼ੇਰ ਸਿੰਘ ਨੂੰ ਇਥੇ ਹੀ
ਅੰਗਰੇਜ਼ਾਂ ਉਪਰ ਹਮਲਾ ਕਰਨ ਦੀ ਸਲਾਹ ਦਿਤੀ ਪਰ ਸ਼ੇਰ ਸਿੰਘ ਦਾ ਮਤਲਵ ਇਥੇ ਵੱਡੀ ਲੜਾਈ ਕਰਨ
ਦਾ ਨਹੀਂ ਸੀ। ਉਹ ਤਾਂ ਇਹਨਾਂ ਨੂੰ ਖਿੱਚ ਕੇ ਚਿਲਿਆਂਵਾਲੇ ਲੈ ਜਾਣਾ ਚਾਹੁੰਦਾ ਸੀ ਜਿਥੇ ਉਸ
ਦੇ ਮਜ਼ਬੂਤ ਮੋਰਚੇ ਸਨ। ਉਸ ਨੇ ਪੱਕੇ ਮੋਰਚੇ ਸਦੂਲ ਪੁਰ ਵਿਚ ਵੀ ਬਣਾਏ ਹੋਏ ਸਨ ਜਿਹਨਾਂ
ਵਿਚ ਅਖੀਰ ਤਕ ਲੜਿਆ ਜਾ ਸਕਦਾ ਸੀ।
ਥੈਕਵੈਲ ਦੀ ਸਾਰੀ ਫੌਜ ਨੇ ਜਦੋਂ ਦਰਿਆ ਪਾਰ ਕਰ ਲਿਆ ਤਾਂ ਉਹ ਦਰਿਆ ਦੇ ਦੂਜੇ ਕੰਢੇ ਦੇ ਨਾਲ
ਨਾਲ ਵਾਪਸ ਰਾਮਨਗਰ ਦੀ ਦਿਸ਼ਾ ਵਲ ਨੂੰ ਤੁਰ ਪਿਆ ਜਿਥੇ ਦਰਿਆ ਦੇ ਉਤਰ ਵਿਚ ਸ਼ੇਰ ਸਿੰਘ ਦੀ
ਫੌਜ ਖੜੀ ਸੀ। ਉਸ ਨੇ ਸ਼ੇਰ ਸਿੰਘ ਤੋਂ ਛੇ ਕੁ ਕੋਹ ਤੇ ਆਪਣਾ ਕੈਂਪ ਲਾ ਦਿਤਾ। ਉਸ ਕੋਲ
ਚੌਦਾਂ ਹਜ਼ਾਰ ਫੌਜ ਤੇ 66 ਤੋਪਾਂ ਸਨ ਤੇ ਗੌਡਬੀ ਹੋਰ ਫੌਜ ਲੈ ਕੇ ਮਗਰ ਆ ਰਿਹਾ ਸੀ।
ਰਾਮਨਗਰ ਦੇ ਦੱਖਣ ਵਲੋਂ ਗੱਫ ਨੇ ਕੁਝ ਗੋਲਾਬਾਰੀ ਸਿੱਖਾਂ ਉਪਰ ਕੀਤੀ ਪਰ ਉਸ ਨੇ ਥੈਕਵੈਲ
ਨੂੰ ਹਮਲਾ ਕਰਨ ਦਾ ਹੁਕਮ ਨਾ ਦਿਤਾ। ਜੇ ਥੈਕਵਲ ਇਥੋਂ ਹੀ ਸਿੱਖਾਂ ਉਪਰ ਹਮਲਾ ਕਰ ਦਿੰਦਾ
ਤਾਂ ਸਿੱਖਾਂ ਦਾ ਨੁਕਸਾਨ ਸ਼ਾਇਦ ਜਿ਼ਆਦਾ ਹੋ ਜਾਂਦਾ। ਅਗਲੇ ਦਿਨ ਥੈਕਵੈਲ ਸਦੂਲਪੁਰ ਵਲ ਤੁਰ
ਪਿਆ ਜਿਥੇ ਸਿੱਖਾਂ ਦੇ ਮੋਰਚੇ ਸਨ ਪਰ ਸਿੱਖ ਫੌਜ ਮੋਰਚਿਆਂ ਵਿਚ ਜਾਣ ਦੀ ਥਾਂ ਗੰਨੇ ਦੇ
ਮੁਰੱਬਿਆਂ ਵਿਚ ਜਾ ਵੜੀ ਤੇ ਉਥੇ ਹੀ ਤੋਪਾਂ ਬੀੜ ਲਈਆਂ। ਸਿੱਖਾਂ ਨੇ ਥੈਕਵੈਲ ਉਪਰ
ਗੋਲਾਬਾਰੀ ਸ਼ੁਰੂ ਕਰ ਦਿਤੀ, ਥੈਕਵੈਲ ਨੇ ਆਪਣੀ ਫੌਜ ਨੂੰ ਲੰਮੇ ਪੈ ਜਾਣ ਲਈ ਕਹਿ ਦਿਤਾ ਇਸ
ਤਰ੍ਹਾਂ ਉਹਨਾਂ ਦਾ ਬਹੁਤ ਘੱਟ ਨੁਕਸਾਨ ਹੋਇਆ। ਦੂਜੇ ਪਾਸੇ ਥੈਕਵੈਲ ਦੇ ਤੋਪਚੀਆਂ ਨੇ ਬਹੁਤੀ
ਗੋਲਾਬਾਰੀ ਸਿੱਖਾਂ ਦੇ ਖਾਲੀ ਪਏ ਮੋਰਚਿਆਂ ਉਪਰ ਹੀ ਕੀਤੀ। ਇਸ ਹਮਲੇ ਵਿਚ ਦੋਨਾਂ ਧਿਰਾਂ ਨੇ
ਸਿਰਫ ਤੋਪਾਂ ਹੀ ਵਰਤੀਆਂ। ਪੈਦਲ ਤੇ ਰਸਾਲੇ ਇਕ ਪਾਸੇ ਰਹੇ। ਇਸ ਵਿਚ ਅੰਗਰੇਜ਼ਾਂ ਦੇ ਦੋ
ਦਰਜਨ ਬੰਦੇ ਮਰੇ ਤੇ ਪੰਜ ਦਰਜਨ ਜ਼ਖਮੀ ਹੋਏ। ਸਿੱਖਾਂ ਫੌਜ ਦਾ ਇਕ ਸਿਪਾਹੀ ਮਰਿਆ ਤੇ ਛੇ
ਜ਼ਖਮੀ ਹੋਏ। ਉਸੇ ਰਾਤ ਸਿੱਖ ਸਦੂਲ ਪੁਰ ਤੋਂ ਆਪਣੇ ਜੇਹਲਮ ਵਾਲੇ ਡੇਰੇ ਨੂੰ ਤੁਰ ਪਏ, ਇਹ
ਉਹਨਾਂ ਦਾ ਅੰਗਰੇਜ਼ ਫੌਜ ਨੂੰ ਆਪਣੇ ਪਿੱਛੇ ਸੱਦਣ ਦਾ ਇਕ ਤਰੀਕਾ ਸੀ। ਅਗਲੇ ਦਿਨ ਜਦ ਗੱਫ
ਨੇ ਦੇਖਿਆ ਕਿ ਸਿੱਖਾਂ ਨੇ ਪੱਕੇ ਮੋਰਚਿਆਂ ਦੀ ਥਾਂਵੇ ਗੰਨੇ ਦੇ ਖੇਤ ਵਿਚ ਮੋਰਚੇ ਬਣਾਏ ਸਨ
ਤਾਂ ਉਹ ਉਹਨਾਂ ਦੀ ਅਕਲ ਉਪਰ ਹੱਸਣ ਲਗਿਆ ਪਰ ਇਸ ਗੱਲ ਦਾ ਉਸ ਨੂੰ ਬਾਅਦ ਵਿਚ ਖਿਆਲ ਆਇਆ ਕਿ
ਸਿੱਖਾਂ ਨੇ ਉਹਨਾਂ ਨੂੰ ਧੋਖਾ ਦੇਣ ਲਈ ਮੋਰਚਿਆਂ ਦੀ ਜਗਾਹ ਬਦਲੀ ਸੀ, ਇਸ ਤਰ੍ਹਾਂ ਉਹਨਾਂ
ਦਾ ਜਿ਼ਆਦਾ ਨੁਕਸਾਨ ਕਰ ਗਏ ਸਨ। ਹੁਣ ਸ਼ੇਰ ਸਿੰਘ ਦੀ ਬਹੁਤੀ ਫੌਜ ਚਿਲਿਆਂਵਾਲੇ ਸੀ ਪਰ ਉਸ
ਦਸ ਕੁ ਹਜ਼ਾਰ ਸੈਨਿਕ ਆਪਣੇ ਨਾਲ ਲੈ ਕੇ ਆਲੇ ਦੁਆਲੇ ਫਿਰਦਾ ਰਿਹਾ ਤਾਂ ਜੋ ਗੱਫ ਉਪਰ
ਮਾਨਸਿਕ ਦਬਾਅ ਬਣਿਆਂ ਰਹੇ। ਗੱਫ ਵੀ ਪਹਿਲੀ ਵਾਰ ਇੰਨੇ ਦਬਾਅ ਹੇਠ ਲੜ ਰਿਹਾ ਸੀ। ਰਾਮਨਗਰ
ਦੀਆਂ ਝੜਪਾਂ ਨੇ ਉਸ ਨੂੰ ਸਿੱਖ ਫੌਜ ਬਾਰੇ ਦੁਬਾਰਾ ਸੋਚਣ ਲਈ ਮਜਬੂਰ ਕਰ ਦਿਤਾ।
ਗੱਫ ਜਲਦੀ ਇਹ ਵੀ ਸਮਝ ਗਿਆ ਕਿ ਸ਼ੇਰ ਸਿੰਘ ਨੇ ਚਲਾਕੀ ਨਾਲ ਉਸ ਨੂੰ ਆਪਣੇ ਡੇਰੇ ਉਤੇ ਬੁਲਾ
ਲਿਆ ਸੀ। ਚਾਰ ਦਸੰਬਰ ਨੂੰ ਥੈਕਵੈਲ ਨੇ ਸਦੂਲ ਪੁਰ ਤੋਂ ਨਿਕਲ ਕੇ ਹੇਲਨ ਵਿਚ ਕੈਂਪ ਲਾ ਲਿਆ।
ਇਥੋਂ ਚਿਲਿਆਂਵਾਲਾ ਅੱਠ ਕੋਹ ਅਗੇ ਸੀ। ਅੱਠ ਦਸੰਬਰ ਨੂੰ ਅੰਗਰੇਜ਼ਾਂ ਦੀ ਬਹੁਤੀ ਫੌਜ ਹੇਲਨ
ਵਿਚ ਇਕੱਠੀ ਹੋ ਗਈ। ਹੁਣ ਉਸ ਨੂੰ ਇੰਤਜ਼ਾਰ ਸੀ ਤਾਂ ਸੀ ਜਨਰਲ ਵਿਸ਼ ਦਾ ਜੋ ਕਿ ਮੁਲਤਾਨ
ਤੋਂ ਆਪਣੀ ਪਹਿਲੀ ਇਨਫੈਂਟਰੀ ਡਿਵੀਯਨ ਲੈ ਕੇ ਪੁੱਜਣ ਵਾਲਾ ਸੀ। ਇਹਨਾਂ ਦਿਨਾਂ ਵਿਚ ਗੱਫ
ਨੂੰ ਤੰਗ ਕਰਨ ਵਾਲੀ ਹੋਰ ਖਬਰ ਆ ਗਈ। ਉਹ ਸੀ ਕਿ ਸਿੱਖਾਂ ਨੇ ਅਟਕ ਦੇ ਕਿਲੇ ਉਪਰ ਵੀ ਕਬਜ਼ਾ
ਕਰ ਲਿਆ ਸੀ ਜਿਸ ਦਾ ਮਤਲਵ ਸੀ ਕਿ ਹੁਣ ਚਤਰ ਸਿੰਘ ਦੀ ਫੌਜ ਵੀ ਸ਼ੇਰ ਸਿੰਘ ਨਾਲ ਆ ਰਲੇਗੀ
ਤੇ ਪਿਸ਼ਾਵਰ ਤੋਂ ਬਾਗੀ ਹੋਈ ਫੌਜ ਵੀ। ਹੁਣ ਸ਼ੇਰ ਸਿੰਘ ਨੂੰ ਉਸ ਦੇ ਅਫਗਾਨੀ ਦੋਸਤਾਂ ਦੀ
ਮੱਦਦ ਵੀ ਪੁੱਜ ਸਕੇਗੀ। ਇਸ ਦੇ ਨਾਲ ਹੋਰ ਖਬਰ ਇਹ ਸੀ ਕਿ ਜਨਰਲ ਵਿਸ਼ ਤੋਂ ਮੁਲਤਾਨ ਦਾ
ਕਿਲਾ ਹਾਲੇ ਫਹਿਤ ਨਹੀਂ ਸੀ ਹੋ ਰਿਹਾ ਇਸ ਲਈ ਉਸ ਦਾ ਪੁੱਜ ਸਕਣਾ ਅਗੇ ਪੈਂਦਾ ਜਾ ਰਿਹਾ ਸੀ।
ਗੱਫ ਦਾ ਜਲਦੀ ਹਮਲਾ ਕਰ ਸਕਣ ਦੀ ਯੋਯਨਾ ਵੀ ਅਗੇ ਪੈ ਗਈ। ਪੂਰਾ ਦਸੰਬਰ ਨਿਕਲ ਗਿਆ ਤੇ
ਜਨਵਰੀ ਆ ਗਿਆ। ਇਕਾ ਦੁਕਾ ਝੜਪਾਂ ਹੁੰਦੀਆਂ ਰਹੀਆਂ ਪਰ ਵੈਸੇ ਦੋਨੋਂ ਫੌਜਾਂ ਹੀ ਇਕ ਦੂਜੇ
ਵਲ ਦੇਖਦੀਆਂ ਜਾ ਰਹੀਆਂ ਸਨ। ਸ਼ੇਰ ਸਿੰਘ ਚਾਹੁੰਦਾ ਸੀ ਕਿ ਗੱਫ ਹੀ ਹਮਲਾ ਕਰੇ। ਵੈਸੇ ਵੀ
ਗੱਫ ਦਾ ਸੁਭਾਅ ਹਮਲਾਵਾਰਾਂ ਵਾਲਾ ਹੀ ਸੀ। ਉਸ ਜਲਦੀ ਜਜ਼ਬਾਤੀ ਹੋ ਕੇ ਹਮਲੇ ਲਈ ਕਾਹਲਾ ਪੈ
ਜਾਇਆ ਕਰਦਾ।
ਚਿਲਿਆਂਵਾਲੇ ਵਿਚ ਸਿੱਖ ਫੌਜ ਦੇ ਮੁਹਾਜ਼ ਜਰਨੈਲਾਂ ਵਿਚਕਾਰ ਬਹੁਤ ਧਿਆਨ ਨਾਲ ਵੰਡੇ ਹੋਏ
ਸਨ। ਦੋ ਕੋਹ ਦੂਰ ਪੈਂਦੇ ਜੇਹਲਮ ਦਰਿਆ ਵਲ ੳਹਨਾਂ ਦੀਆਂ ਪਿੱਠਾਂ ਸਨ। ਸੱਜੇ ਪਾਸੇ ਰਾਮ
ਸਿੰਘ ਆਪਣੇ ਰਸਾਲੇ ਨਾਲ, ਉਸ ਦੇ ਨਾਲ ਲਾਲ ਸਿੰਘ ਆਪਣੀ ਫੌਜ ਨਾਲ, ਵਿਚਕਾਰ ਅਤਰ ਸਿੰਘ ਸੀ
ਤੇ ਉਸ ਦੇ ਨਾਲ ਹੀ ਖੱਬੇ ਪਾਸੇ ਸ਼ੇਰ ਸਿੰਘ ਤੇ ਉਸ ਤੋਂ ਵੀ ਖੱਬੇ ਪਾਸੇ ਰਸੂਲ ਵਲ ਨੂੰ
ਕਮਾਂਡਰ ਰਣ ਸਿੰਘ ਦਾ ਰਸਾਲਾ ਤਾਇਨਾਤ ਸੀ। ਪਿੱਛੇ ਫਹਿਤਸ਼ਾਹ ਕਾ ਚੱਕ ਨਜ਼ਦੀਕ ਸੂਰਤ ਸਿੰਘ
ਆਪਣੀ ਰਿਜ਼ਰਵ ਫੌਜ ਲਈ ਖੜਾ ਸੀ। ਖਾਲਸਾ ਫੌਜ ਦੇ ਸਾਹਮਣੇ ਘਣਾ ਜੰਗਲ ਤੇ ਜੰਗਲ ਪਾਰ
ਅੰਗਰੇਜ਼ਾਂ ਨੇ ਆ ਮੋਰਚੇ ਲਾਏ। ਰਾਮ ਸਿੰਘ ਦੇ ਸਾਹਮਣੇ ਬਰਗੇਡੀਅਰ ਵਾਈਟ ਦੀ ਘੋੜ ਸਵਾਰਾਂ
ਦੀ ਬਰਗੇਡ ਸੀ। ਉਸ ਦੇ ਨਾਲ ਹੀ ਕੈਂਪਬੈਲ ਦੀ ਤੀਜੀ ਡਿਵੀਯਨ ਸੀ ਜਿਸ ਵਿਚ ਹੋਗਨ ਦੀ ਕਮਾਂਡ
ਹੇਠ 36ਵੀਂ, 61ਵੀਂ ਤੇ 46ਵੀਂ ਬਟਾਲੀਅਨ ਸੀ ਤੇ ਪੈਨੀ ਕੁਇਕ ਦੀ ਕਮਾਂਡ ਹੇਠ 45ਵੀਂ,
24ਵੀਂ, ਤੇ 25ਵੀਂ ਬਟਾਲੀਅਨ ਸੀ। ਵਿਚਕਾਰ ਮਾਊਂਟੇਨ ਦੀ 30ਵੀਂ, 56ਵੀਂ ਤੇ 29ਵੀ ਤੇ ਉਸ
ਦੇ ਨਾਲ ਗੌਡਬੀ ਦੀ 31ਵੀਂ, ਦੂਜੀ ਤੇ 70ਵੀਂ ਬਟਾਲੀਅਨ ਤਾਇਨਾਤ ਸੀ। ਬਿਲਕੁਲ ਸੱਜੇ ਪਾਸੇ
ਬਰਗੇਡੀਅਰ ਪੋਪ ਤੇ ਲੇਨ ਦੇ ਘੋੜ ਸਵਾਰ ਸਨ। ਇਹਨਾਂ ਸਭ ਪਿੱਛੇ ਗੱਫ ਤੇ ਉਸ ਦੇ ਪਿੱਛੇ
ਬਰਗੇਡੀਅਰ ਪੈਨੀ ਦੀ ਰਿਜ਼ਰਵ ਫੌਜ। ਅੰਗਰੇਜ਼ ਫੌਜ ਦੀਆਂ ਇਹ ਸਾਰੀਆਂ ਸਫਾਂ ਇਕ ਦੂਜੇ ਤੋਂ
ਅੱਧੀ ਅੱਧੀ ਫਰਲਾਂਗ ਦੂਰ ਸਨ। ਤੋਪਾਂ ਵਿਚਕਾਰ ਸਨ। ਦੋਨਾਂ ਫੌਜਾਂ ਦੇ ਦੁਰਮਿਆਨ ਜੰਗਲ। ਇਹ
ਜੰਗਲ ਦੇਖਣ ਨੂੰ ਬਹੁਤਾ ਵੱਡਾ ਨਹੀਂ ਸੀ ਜਾਪਦਾ ਪਰ ਇਹ ਕੰਡੇਦਾਰ ਤੇ ਸੰਘਣਾ ਸੀ ਸੋ ਜੰਗਲ
ਲੰਘਣਾ ਇੰਨਾ ਸੌਖਾ ਨਹੀਂ ਸੀ। ਰਣ ਸਿੰਘ ਤੇ ਖੱਬੇ ਪਾਸੇ ਰਸੂਲ ਤੋਂ ਹੀ ਦੂਜੇ ਪਾਸੇ ਨੂੰ
ਪਹਾੜੀਆਂ ਦੀ ਲੜੀ ਸ਼ੁਰੂ ਹੋ ਜਾਂਦੀ ਸੀ। ਉਸ ਪਾਸੇ ਜੰਗਲ ਵੀ ਕੁਝ ਘੱਟ ਸੀ। ਉਸ ਦੀ ਮੋਰਚਾ
ਬੰਦੀ ਕੁਝ ਅਜਿਹੀ ਸੀ ਕਿ ਗੱਫ ਨੂੰ ਸਾਹਮਣੇ ਤੋਂ ਹੀ ਹਮਲਾ ਕਰਨਾ ਪੈਣਾ ਸੀ।
13 ਜਨਵਰੀ 1849 ਦੀ ਸਵੇਰ। ਲੋਹੜੇ ਦੀ ਠੰਡ ਸੀ। ਦੋਨੋਂ ਪਾਸਿਆਂ ਤੋਂ ਤੜਕਸਾਰ ਹੀ ਲੜਾਈ ਦੇ
ਬਿਗਲ ਵੱਜ ਗਏ। ਸਿੱਖ ਫੌਜ ਵਲ ਜਿਹੜੇ ਲੋਕਾਂ ਨੇ ਅਫੀਮ ਖਾਣੀ ਸੀ ਉਹਨਾਂ ਨੂੰ ਅਫੀਮ ਵੰਡੀ
ਗਈ, ਕੁਝ ਇਕ ਨੇ ਸ਼ਰਾਬ ਵੀ ਪੀਤੀ ਪਰ ਬਹੁਤਿਆਂ ਨੇ ਰੱਬ ਦਾ ਨਾਂ ਹੀ ਧਿਆਇਆ। ਅੰਗਰੇਜ਼ ਫੌਜ
ਨੂੰ ਇਕ ਇਕ ਪੈਗ ਸ਼ਰਾਬ ਦਾ ਦਿਤਾ ਗਿਆ। ਸਿੱਖ ਫੌਜ ਆਪਣੇ ਮੋਰਚੇ ਤੇ ਜਲਦੀ ਹੀ ਪੁੱਜ ਗਈ ਪਰ
ਅੰਗਰੇਜ਼ ਫੌਜ ਦਾ ਕੈਂਪ ਜ਼ਰਾ ਕੁ ਹਟਵਾਂ ਸੀ। ਉਹਨਾਂ ਨੂੰ ਊਠ ਲੱਦਦਿਆਂ ਤੇ ਹਾਥੀਆਂ ਮਗਰ
ਤੋਪਾਂ ਬੰਨਦਿਆਂ ਕੁਝ ਵਕਤ ਲਗਿਆ ਤੇ ਦੁਪਿਹਰ ਤਕ ਆਪਣੇ ਮੋਰਚਿਆਂ ਤੇ ਅੱਪੜ ਸਕੇ। ਵੈਸੇ ਵੀ
ਗੱਫ ਸੋਚ ਰਿਹਾ ਸੀ ਕਿ ਦੁਪਿਹਰ ਨੂੰ ਸ਼ੁਰੂ ਹੋਈ ਲੜਾਈ ਸ਼ਾਮ ਤਕ ਉਹ ਖਤਮ ਕਰ ਦੇਵੇਗਾ। ਉਸ
ਨੂੰ ਯਕੀਨ ਸੀ ਕਿ ਇਹ ਲੜਾਈ ਇੰਨੀ ਮੁਸ਼ਕਲ ਨਹੀਂ ਹੋਵੇਗੀ। ਸਿੱਖ ਫੌਜ ਹੁਣ ਪਹਿਲਾਂ ਜਿੰਨੀ
ਮਜ਼ਬੂਤ ਨਹੀਂ ਸੀ ਰਹੀ। ਚਿਲਿਆਂਵਾਲੇ ਪੁੱਜ ਕੇ ਅੰਗਰੇਜ਼ਾਂ ਨੇ ਆਪੋ ਆਪਣੇ ਮੋਰਚੇ ਸਾਂਭ
ਲਏ।
ਗੱਫ ਨੇ ਪੈਨੀਕੁਇਕ ਨੂੰ ਹਮਲੇ ਦਾ ਇਸ਼ਾਰਾ ਕੀਤਾ ਤੇ ਆਪ ਉਹ ਦੂਰਬੀਨ ਲੈ ਕੇ ਦੁਸ਼ਮਣ ਦਾ
ਜਾਇਜ਼ਾ ਲੈਣ ਲਗਿਆ। ਪੈਨੀਕੁਇਕ ਨੇ 24ਵੀਂ ਨੂੰ ਹਮਲੇ ਲਈ ਭੇਜਿਆ। 24ਵੀਂ ਫੁੱਟ ਨੇ ਜੰਗਲ
ਲੰਘ ਕੇ ਸਿੱਖਾਂ ਉਪਰ ਹਮਲਾ ਕਰਨਾ ਚਾਹਿਆ ਪਰ ਉਹ ਪਿੱਛੇ ਹਟ ਗਏ। ਗੱਫ ਨੇ ਦੂਰਬੀਨ ਰਾਹੀਂ
ਦੇਖਿਆ ਕਿ ਸਿੱਖਾਂ ਦੀ ਫੌਜ ਤਾਂ ਕਈ ਮੀਲਾਂ ਵਿਚ ਫੈਲਰੀ ਹੋਈ ਸੀ। ਉਸ ਨੇ ਆਪਣੇ ਅਫਸਰ
ਇਕੱਠੇ ਕੀਤੇ ਤੇ ਕਿਹਾ,
“ਔਫੀਸਰਜ਼, ਮੈਨੂੰ ਲਗਦਾ ਏ ਕਿ ਆਪਾਂ ਇਹ ਲੜਾਈ ਅਜ ਮੁਕਾ ਨਹੀਂ ਸਕਣੀ ਇਸ ਲਈ ਕੱਲ ਸਵੇਰੇ
ਵੇਲੇ ਸਿਰ ਹਮਲਾ ਕਰਾਂਗੇ ਤਾਂ ਜੋ ਸਾਡੇ ਕੋਲ ਪੂਰਾ ਦਿਨ ਹੋਵੇਗਾ।”
ਸਾਰੇ ਅਫਸਰਾਂ ਨੇ ਉਸ ਦੀ ਹਾਂ ਵਿਚ ਹਾਂ ਮਿਲਾਈ। ਗੱਫ ਕੁਝ ਹੋਰ ਕਹਿਣ ਲਗਿਆ ਹੀ ਸੀ ਕਿ ਇਕ
ਗੋਲੀ ਟੀਂ ਕਰਦੀ ਉਸ ਦੇ ਹੈਟ ਨੂੰ ਛੂੰਹਦੀ ਹੋਈ ਲੰਘ ਗਈ। ਸ਼ੇਰ ਸਿੰਘ ਅਟਾਰੀਵਾਲੇ ਨੇ
ਸਾਹਮਣੇ ਗੱਫ ਨੂੰ ਦੇਖ ਲਿਆ ਸੀ ਤੇ ਉਹ ਆਪਣਾ ਜੋਸ਼ ਕਾਬੂ ਵਿਚ ਨਹੀਂ ਸੀ ਰੱਖ ਸਕਿਆ ਤੇ
ਗੋਲੀ ਚਲਾਉਣ ਦਾ ਹੁਕਮ ਦੇ ਦਿਤਾ। ਗੱਫ ਦੇ ਨਾਲ ਖੜੇ ਇਕ ਜਰਨੈਲ ਨੇ ਗੋਲੀ ਦੀ ਦਿਸ਼ਾ ਦੇਖ
ਲਈ ਕਿ ਕਿਸ ਪਾਸਿਓਂ ਆਈ ਹੈ ਤੇ ਉਧਰ ਨੂੰ ਹੀ ਤੋਪਾਂ ਦੇ ਗੋਲੇ ਚਲਾਉਣ ਦਾ ਹੁਕਮ ਦੇ ਦਿਤਾ।
ਹੁਣ ਤਕ ਗੱਫ ਨੇ ਵੀ ਅਜ ਹੀ ਹਮਲਾ ਕਰਨ ਦਾ ਮਨ ਬਣਾ ਲਿਆ। ਗੋਲੀ ਨੂੰ ਆਪਣੇ ਇੰਨੇ ਨੇੜੇ ਦੇਖ
ਕੇ ਗੱਫ ਵੀ ਗੁੱਸੇ ਵਿਚ ਆ ਗਿਆ ਸੀ। ਸਾਰੀ ਹੀ ਫੌਜ ਕਾਹਲੀ ਕਾਹਲੀ ਸਿ਼ਸ਼ਤਾਂ ਲੈਣ ਲਗੀ।
ਦੋਨਾਂ ਪਾਸਿਆਂ ਤੋਂ ਹਲਕੀ ਹਲਕੀ ਗੋਲਾਬਾਰੀ ਹੁੰਦੀ ਜਾ ਰਹੀ ਸੀ। ਗੱਫ ਨੇ ਜੇਬ ਵਿਚੋਂ ਘੜੀ
ਕੱਢੀ। ਤਿੰਨ ਵੱਜ ਰਹੇ ਸਨ। ਉਸ ਨੇ ਸੋਚਿਆ ਕਿ ਰਾਤ ਤਾਂ ਕੁਝ ਘੰਟੇ ਹੀ ਦੂਰ ਖੜੀ ਹੈ। ਉਸ
ਨੇ ਆਪਣੀ ਫੌਜ ਨੂੰ ਅਗਾਂਹ ਵਧਣ ਦਾ ਹੁਕਮ ਦੇ ਦਿਤਾ। ਫੌਜ ਜੰਗਲ ਚੀਰਦੀ ਅਗੇ ਲੰਘੀ। ਸੰਘਣੇ
ਜੰਗਲ ਨੇ ਫੌਜ ਦੇ ਜਾਣ ਦੀਆਂ ਦਿਸ਼ਾਵਾਂ ਵੀ ਬਦਲ ਦਿਤੀਆਂ। ਪੈਨੀਕੁਇਕ 24ਵੀਂ ਤੇ 25ਵੀਂ ਜੋ
ਲਾਲ ਸਿੰਘ ਦੇ ਸਾਹਮਣੇ ਪੈਂਦੀਆਂ ਸਨ ਅਤਰ ਸਿੰਘ ਦੇ ਸਾਹਮਣੇ ਜਾ ਨਿਕਲੀਆਂ ਤੇ ਸਿੱਖਾਂ ਨੇ
ਉਹਨਾਂ ਨੂੰ ਬੁਰੀ ਤਰ੍ਹਾਂ ਕੁਚਲ ਕੇ ਰੱਖ ਦਿਤਾ। ਇਵੇਂ ਹੀ ਹੋਗਨ ਨਾਲ ਵੀ ਹੋਈ। ਕੈਂਪਬੈਲ
ਨੂੰ ਇਹ ਪਤਾ ਨਹੀਂ ਸੀ ਲਗ ਰਿਹਾ ਕਿ ਕਿਹੜਾ ਕਮਾਂਡਰ ਕਿਥੇ ਹੈ, ਕਿਸ ਨੂੰ ਕੀ ਹੁਕਮ ਦੇਵੇ।
ਉਹ ਜਾ ਕੇ ਹੋਗਨ ਦੀ ਬਰਗੇਡ ਨਾਲ ਰਲ਼ ਗਿਆ ਤੇ ਪੈਨੀਕੁਇਕ ਇਕੱਲਾ ਹੀ ਰਿਹਾ। ਉਸ ਦੀ ਸਾਰੀ
ਫੌਜ ਅਗੇ ਮਾਰੀ ਜਾ ਰਹੀ ਸੀ।
ਗੱਫ ਵੀ ਆਪਣੀ ਡਿਵੀਯਨ ਤੋਂ ਵਿਛੜ ਗਿਆ ਸੀ ਪਰ ਉਹ ਤਪਖਾਨੇ ਦੇ ਨੇੜੇ ਜਾ ਖੜਿਆ ਕਿ ਜੇ ਕਿਸੇ
ਜਨਰਲ ਨੂੰ ਉਸ ਦੀ ਜ਼ਰੂਰਤ ਹੋਵੇਗੀ ਤਾਂ ਇਥੋਂ ਲਭਣਾ ਸੌਖਾ ਹੋਵੇਗਾ।
ਪੈਨੀਕੁਇਕ ਦੀ 24ਵੀਂ ਦਾ ਤਾਂ ਬਹੁਤ ਨੁਕਸਾਨ ਹੋ ਰਿਹਾ ਸੀ। ਇਹਨਾਂ ਨੂੰ ਸਿੱਖਾਂ ਦਾ ਸਿਧਾ
ਵਾਰ ਸਹਿਣਾ ਪੈ ਰਿਹਾ ਸੀ। ਪੇਨੀਕੁਇਕ ਨੇ 45ਵੀਂ ਨੂੰ ਹੁਕਮ ਦਿਤਾ ਕਿ ਕਿਸੇ ਤਰ੍ਹਾਂ ਅਗੇ
ਵਧ ਕੇ ਦੁਸ਼ਮਣ ਦੀਆਂ ਤੋਪਾਂ ਉਪਰ ਕਬਜ਼ਾ ਕਰਨ ਦੀ ਕੋਸਿ਼ਸ਼ ਕਰੋ। ਮਰਦੇ ਢਹਿੰਦੇ ਕੁਝ
ਸਿਪਾਹੀ ਤੋਪਾਂ ਕੋਲ ਪੁਜ ਗਏ ਤੇ ਸੰਗੀਨਾਂ ਨਾਲ ਤੋਪਚੀਆਂ ਉਪਰ ਹਮਲਾ ਕਰਕੇ ਤੋਪਾਂ ਮੱਲ
ਲਈਆਂ ਪਰ ਉਸੇ ਵਕਤ ਦੂਜੇ ਪਾਸਿਓਂ ਸਿੱਖ ਸਿਪਾਹੀ ਆਏ ਤੇ ਤੋਪਾਂ ਦੁਬਾਰਾ ਖੋਹ ਕੇ ਅੰਗਰੇਜ਼
ਫੌਜੀਆਂ ਨੂੰ ਮੁਕਾ ਦਿਤਾ। 25ਵੀਨ ਤੇ 45ਵੀਂ ਨੂੰ ਪਿੱਛੇ ਭੱਜਣਾ ਪਿਆ ਤੇ ਆ ਕੇ ਜੰਗਲ ਵਿਚ
ਸ਼ਰਣ ਲੈਣੀ ਪਈ। ਇਸ ਵਿਚ ਬਹੁਤ ਸਾਰੇ ਅਫਸਰ ਵੀ ਮਾਰੇ ਗਏ। ਪੈਨੀਕੁਇਕ ਦੇ ਵੀ ਗੋਲੀ ਲਗ ਗਈ
ਤੇ ਉਹ ਥਾਂਵੇ ਡਿਗ ਪਿਆ। ਉਸ ਦਾ ਪੁੱਤਰ ਜੋ ਨਾਲ ਹੀ ਲੜ ਰਿਹਾ ਸੀ ਉਸ ਦੀ ਮੱਦਦ ਲਈ ਅਗੇ
ਵਧਿਆ, ਉਸ ਦੇ ਵੀ ਗੋਲੀ ਵੱਜ ਗਈ। ਪੈਨੀਕਇਕ ਵਾਲੀ ਬਾਕੀ ਬਚਦੀ ਬਰਗੇਡ ਵਾਪਸ ਚਿਲਿਆਂਵਾਲੇ
ਪਾਸੇ ਮੁੜ ਆਈ। ਉਹਨਾਂ ਦੇ ਹੌਸਲੇ ਬੁਰੀ ਤਰ੍ਹਾਂ ਪਸਤ ਹੋ ਚੁੱਕੇ ਸਨ।
36ਵੀਂ ਤੇ 46ਵੀਂ ਜੋ ਬਰਾਬਰ ਲੜ ਰਹੀਆਂ ਸਨ ਇਕ ਦੂਜੇ ਤੋਂ ਦੂਰ ਹੋ ਗਈਆਂ ਪਰ ਦੋਵਾਂ ਨੇ
ਨੁਕਸਾਨ ਦੇ ਬਾਵਜੂਦ ਲੜਾਈ ਜਾਰੀ ਰੱਖੀ।
ਅੰਗਰੇਜ਼ ਫੌਜ ਹੁਣ ਜੰਗਲ ਤੋਂ ਦੂਜੇ ਪਾਸੇ ਨਿਕਲ ਕੇ ਲੜ ਰਹੀ ਸੀ ਤੇ ਭਾਰੀ ਵੀ ਪੈ ਰਹੀ ਸੀ
ਪਰ ਜੇ ਸਿੱਖ ਭਾਰੀ ਪੈ ਜਾਂਦੇ ਤਾਂ ਮੁੜ ਕੇ ਜੰਗਲ ਵਿਚ ਆ ਵੜਦੀ। ਉਹਨਾਂ ਦੇ ਸਾਹਮਣੇ ਸਿੱਖ
ਫੌਜ ਦੇ ਤੋਪਚੀ ਸਨ ਕਾਲੀ ਚਿੱਟੀ ਵਰਦੀ ਵਾਲੇ ਪੀਲੀਆਂ ਪੱਗਾਂ ਵਾਲੇ, ਤੇ ਪਿੱਛੇ ਲਾਲ ਕੋਟ
ਵਾਲੇ ਪੈਦਲ ਫੌਜ। ਅੰਗਰੇਜ਼ ਫੌਜ ਦੀ ਵਰਦੀ ਵੀ ਲਾਲ ਹੀ ਸੀ ਪਰ ਦੋਨਾਂ ਦਾ ਫਰਕ ਸਾਫ ਸੀ।
ਲੜਾਈ ਸਮੇਂ ਸਿਪਾਹੀਆਂ ਨੂੰ ਅਜੀਬ ਜਿਹਾ ਨਸ਼ਾ ਚੜ ਜਾਂਦਾ ਹੈ ਤੇ ਉਸ ਨਸ਼ੇ ਹੇਠ ਹੀ ਬਹੁਤ
ਸਾਰੀ ਲੜਾਈ ਲੜੀ ਜਾਂਦਾ ਹੈ, ਇਵੇਂ ਹੀ ਹੋ ਰਿਹਾ ਸੀ ਦੋਨਾਂ ਪਾਸਿਆਂ ਦੇ ਸਿਪਾਹੀਆਂ ਨਾਲ।
ਇਕੋ ਉਦੇਸ਼ ਸੀ; ਮਾਰਨਾ।
ਹੋਗਨ ਆਪਣੀ ਬਰਗੇਡ ਲੈ ਕੇ ਲਾਲ ਸਿੰਘ ਨਾਲ ਮੁਕਾਬਲਾ ਕਰ ਰਿਹਾ ਸੀ। ਦਰਖਤਾਂ ਵਿਚੋਂ
ਨਿਕਲਦਿਆਂ ਹੀ ਉਸ ਦਾ ਸਾਹਮਣਾ ਸਿੱਖ ਘੋੜ-ਸਵਾਰਾਂ ਨਾਲ ਹੋ ਗਿਆ। ਸਿੱਖ ਘੋੜ-ਸਵਾਰ ਉਸ ਉਪਰ
ਹਾਵੀ ਹੋਣ ਲਗੇ ਪਰ ਜਦ ਤਕ 61ਵੀਂ ਨੇ ਇਕ ਪਾਸਿਓਂ ਘੋੜ-ਸਵਾਰਾਂ ਉਪਰ ਹਮਲਾ ਕਰਕੇ ਉਹਨਾਂ
ਨੂੰ ਖਿੰਡਾ ਦਿਤਾ। ਫਿਰ ਉਹਨਾਂ ਅਗੇ ਵਧ ਕੇ ਸਿੱਖ ਤੋਪਚੀਆਂ ਨੂੰ ਮਾਰ ਕੇ ਤੇਰਾਂ ਤੋਪਾਂ
ਉਪਰ ਵੀ ਕਬਜ਼ਾ ਕਰ ਲਿਆ। ਇਸੇ ਵਕਤ 36ਵੀਂ ਫੁੱਟ ਸਿੱਖਾਂ ਦੀ ਪੈਦਲ ਫੌਜ ਦਾ ਮੁਕਾਬਲਾ ਕਰ
ਰਹੀ ਸੀ ਤੇ ਸਿੱਖਾਂ ਦਾ ਹੱਥ ਉਪਰ ਸੀ, 36ਵੀਂ ਨੂੰ ਵਾਪਸ ਜੰਗਲ ਵਲ ਦੌੜਨਾ ਪਿਆ ਤੇ ਫਿਰ
ਉਹਨਾਂ ਦਾ ਅਗੇ ਵਧਣ ਦਾ ਹੌਸਲਾ ਨਾ ਪਿਆ।
36ਵੀਂ ਪਿੱਛੇ ਨੂੰ ਭੱਜੀ ਤਾਂ ਸਿੱਖਾਂ ਨੇ 61ਵੀਂ ਉਪਰ ਭਰਵਾਂ ਹਮਲਾ ਕਰ ਦਿਤਾ ਪਰ 46ਵੀਂ
ਨੇ ਜਾ ਕੇ 61ਵੀਂ ਦੀ ਮੱਦਦ ਕਰਕੇ ਸਿੱਖਾਂ ਦੇ ਹਮਲੇ ਨੂੰ ਪੱਛਾੜ ਦਿਤਾ।
46ਵੀਂ ਦਾ ਤੋਪਾਂ ਉਪਰ ਕਬਜ਼ਾ ਕਰਨ ਦੀ ਕੋਸਿ਼ਸ਼ ਸਮੇਂ ਸਿੱਖ ਘੋੜ ਸਵਾਰਾਂ ਨਾਲ ਵਾਹ ਪਿਆ
ਪਰ ਸੈਨਿਕ ਤਕੜੇ ਹੋ ਕੇ ਲੜਦੇ ਰਹੇ ਭਾਵੇਂ ਤੋਪਾਂ ਉਪਰ ਕਬਜ਼ਾ ਨਾ ਕਰ ਸਕੇ। ਬਰਗੇਡੀਅਰ
ਗੌਡਬੀ ਦੇ ਪੁੱਤਰ ਨੂੰ ਗੋਲੀ ਲਗ ਗਈ ਪਰ ਕਿਸੇ ਹੋਰ ਸੈਨਿਕ ਨੇ ਬਹਾਦਰੀ ਦਿਖਾਲਿਆਂ ਉਸ ਨੂੰ
ਦੁਸ਼ਮਣ ਦੇ ਵਾਰ ਵਿਚੋਂ ਕੱਢ ਲਿਆਂਦਾ। ਜਨਰਲ ਕੈਂਪਬੈਲ ਨੇ ਇਕ ਸਿੱਖ ਸਿਪਾਹੀ ਦੇ ਗੋਲੀ
ਮਾਰੀ ਤੇ ਸਿੱਖ ਸਿਪਾਹੀ ਮਰਦਾ ਮਰਦਾ ਕੈਂਪਬੈਲ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਗਿਆ।
ਅੰਗਰੇਜ਼ਾਂ ਦੇ ਬਿਲਕੁਲ ਖੱਬੇ ਪਾਸੇ ਰਾਮ ਸਿੰਘ ਦੇ ਰਸਾਲੇ ਨੇ ਅੰਗਰੇਜ਼ਾਂ ਦੀ ਕੈਵਲਰੀ ਉਪਰ
ਹਮਲਾ ਕੀਤਾ ਹੋਇਆ ਸੀ। ਬਰਗੇਡੀਅਰ ਵਾਈਟ ਨੇ ਕੈਪਟਨ ਉਨੇਟ ਦੀ ਤੀਜੀ ਡਰੈਗਨ ਤੇ ਪੰਜਵੀਂ
ਬੰਗਾਲ ਨੂੰ ਸਿੱਖਾਂ ਦੇ ਇਸ ਹਮਲੇ ਮੁਹਰੇ ਕੀਤਾ। ਇਹਨਾਂ ਨੇ ਸਿੱਖ ਰਸਾਲੇ ਨੂੰ ਪਿੱਛੇ ਤਾਂ
ਧੱਕ ਦਿਤਾ ਪਰ ਨੁਕਾਸਨ ਬਹੁਤ ਉਠਾਉਣਾ ਪਿਆ।
ਸਿੱਖਾਂ ਦੇ ਖੱਬੇ ਪਾਸੇ ਜਾਂ ਅੰਗਰੇਜ਼ਾਂ ਦੇ ਸੱਜੇ ਹੱਥ ਰਣ ਸਿੰਘ ਨੇ ਅੰਗਰੇਜ਼ ਫੌਜ ਵਿਚ
ਤਰਥੱਲੀ ਮਚਾਈ ਪਈ ਸੀ। ਜਿਧਰ ਨੂੰ ਜਾਂਦਾ ਲਾਸ਼ਾਂ ਬਿਖੇਰਦਾ ਚਲੇ ਜਾਂਦਾ। ਇਥੇ ਅੰਗਰੇਜ਼
ਕੈਵਲਰੀ ਦਾ ਬਰਗੇਡੀਅਰ ਪੋਪ ਬੁਰੀ ਤਰਾਂ ਘਬਰਾਇਆ ਹੋਇਆ ਸੀ। ਉਹ ਗਲਤ ਫੈਸਲੇ ਲੈਂਦਾ ਜਾ
ਰਿਹਾ ਸੀ ਤੇ ਫੌਜ ਦਾ ਨੁਕਸਾਨ ਕਰਾ ਰਿਹਾ ਸੀ। ਇਕ ਤਾਂ ਉਹ ਉਮਰ ਦਾ ਵੀ ਕਾਫੀ ਸੀ ਤੇ ਨਜ਼ਰ
ਵੀ ਕੁਝ ਕਮਜ਼ੋਰ ਤੇ ਉਪਰੋਂ ਜੰਗਲ ਵੀ ਸੀ। ਪੋਪ ਉਹਨਾਂ ਅੰਗਰੇਜ਼ ਅਫਸਰਾਂ ਵਿਚੋਂ ਸੀ ਜੋ
ਰਿਟਾਇਰ ਹੋਣ ਤੋਂ ਬਾਅਦ ਵੀ ਰਿਸ਼ਵਤ ਦੇ ਕੇ ਨੌਕਰੀ ‘ਤੇ ਟਿਕੇ ਰਹਿੰਦੇ ਸਨ। ਉਸ ਦੇ ਗਲਤ
ਹੁਕਮ ਦੇਣ ਕਾਰਨ ਕੈਵਲਰੀ ਵਿਚ ਭੱਜ ਦੌੜ ਮੱਚ ਗਈ। ਸਾਹਮਣੇ ਸਿੱਖਾਂ ਦੇ ਰਸਾਲੇ ਆ ਗਏ। ਇਸ
ਪਾਸਿਓਂ ਸਿੱਖਾਂ ਦੀ ਅਜਿਹੀ ਦਹਿਸ਼ਤ ਪਈ ਕਿ ਅੰਗਰੇਜ਼ਾਂ ਦੀ ਤਿੰਨ ਹਜ਼ਾਰ ਫੌਜ ਪਿੱਛੇ ਨੂੰ
ਦੌੜ ਪਈ ਤੇ ਦੌੜਦੀ ਹੋਈ ਨੇ ਦੂਰ ਪਿੱਛੇ ਫੀਲਡ ਹੌਸਪੀਟਲ ਕੋਲ ਜਾ ਕੇ ਸਾਹ ਲਿਆ। ਇਸ ਸਮੇਂ
ਚੈਚਲਿਨ ਵਾਈਟਿੰਗ ਨੇ ਆਪਣਾ ਪਿਸਤੌਲ ਕੱਢਿਆ ਤੇ ਆਪਣੇ ਹੀ ਪਿੱਛੇ ਭੱਜਣ ਵਾਲੇ ਸਿਪਾਹੀਆਂ
ਉਪਰ ਗੋਲੀ ਚਲਾਉਣ ਲਗਿਆ। ਸਿੱਖਾਂ ਨੇ ਮੌਕਾ ਦੇਖ ਕੇ ਅੰਗਰੇਜ਼ਾਂ ਦੀ ਚਾਰ ਤੋਪਾਂ ਤੇ ਨਾਲ
ਹੀ ਸੱਠ ਗੱਡੇ ਬਰੂਦ ਦੇ ਆਪਣੇ ਕਬਜ਼ੇ ਵਿਚ ਕਰ ਲਏ। ਪੂਰੀ ਦੀ ਪੂਰੀ ਰਸਾਲਾ ਬਰਗੇਡ ਦਾ
ਪਿਛਾਂਹ ਭਜ ਤੁਰਨਾ ਇਤਹਾਸ ਵਿਚ ਪਹਿਲੀ ਵਾਰ ਹੋਇਆ ਸੀ, ਉਹ ਵੀ ਅੰਗਰੇਜ਼ਾਂ ਦੀ ਫੌਜ ਵਿਚ
ਜਿਸ ਨੂੰ ਉਹ ਆਪ ਦੁਨੀਆਂ ਦੀ ਮਹਾਨ ਫੌਜ ਮੰਨਦੇ ਸਨ। ਇਹ ਅੰਗਰੇਜ਼ਾਂ ਲਈ ਬਹੁਤ ਵੱਡੀ ਸੱਟ
ਸੀ ਤੇ 14ਵੀਂ ਲਾਈਟ ਡਰੈਗਨ ਦੇ ਕਮਾਂਡਿੰਗ ਅਫਸਰ ਨੇ ਇਸ ਦੀ ਬਹੁਤ ਹੀ ਨਿਮੋਸ਼ੀ ਮੰਨੀ ਕਿ
ਉਸ ਦੀ ਬਹਾਦਰੀ ਉਪਰ ਬਹੁਤ ਵੱਡਾ ਦਾਗ ਲੱਗ ਗਿਆ ਸੀ, ਇੰਨੀ ਨਿਮੋਸ਼ੀ ਕਿ ਉਹ ਪਾਗਲ ਹੋ ਗਿਆ
ਤੇ ਮਹੀਨੇ ਕੁ ਬਾਅਦ ਹੀ ਆਪਣੇ ਆਪ ਨੂੰ ਗੋਲੀ ਮਾਰ ਲਈ।
ਪੋਪ ਦੀ ਕੈਵਲਰੀ ਮੈਦਾਨ ਛੱਡ ਕੇ ਭੱਜੀ ਤਾਂ ਗੌਡਬੀ ਲਈ ਖਤਰਾ ਵਧ ਗਿਆ। ਬਰਗੇਡੀਅਰ ਲੇਨ ਦੀ
ਕੈਵਲਰੀ ਹਾਲੇ ਕੁਝ ਦੂਰ ਸੀ। ਉਸ ਦਾ ਸਾਹਮਣਾ ਸ਼ੇਰ ਸਿੰਘ ਨਾਲ ਸੀ। ਗੌਡਬੀ ਦੀ ਇਸ ਸਮੇਂ
ਹਾਲਤ ਪੈਨੀਕੁਇਕ ਵਰਗੀ ਹੋ ਗਈ। ਉਸ ਦਾ ਮਨ ਡਿਗ ਰਿਹਾ ਸੀ ਪਰ ਉਹ ਕਿਸੇ ਨੂੰ ਇਸ ਦਾ ਇਜ਼ਹਾਰ
ਕੀਤੇ ਬਿਨਾਂ ਕਮਾਂਡ ਕਰਦਾ ਜਾ ਰਿਹਾ ਸੀ। 70ਵੀਂ ਉਸ ਦੇ ਨਾਲ ਸੀ ਪਰ ਉਸ ਦੀ 31ਵੀਂ ਟੁੱਟ
ਕੇ ਬਰਗੇਡੀਅਰ ਮਾਊਂਟਨ ਨਾਲ ਜਾ ਮਿਲੀ ਜੋ ਖੱਬੇ ਵਲ ਜਾ ਰਹੀ ਸੀ।
ਮਾਊਂਟਨ ਦੀ ਬਰਗੇਡ ਵਿਚ 29ਵੀਂ, 30ਵੀਂ ਤੇ 56ਵੀਂ ਨੇਟਿਵ ਇੰਡੀਅਨ ਸੀ। ਉਹ ਅਤਰ ਸਿੰਘ ਦੀ
ਫੌਜ ਨਾਲ ਲੜ ਰਿਹਾ ਸੀ। ਸ਼ੇਰ ਸਿੰਘ ਵੀ ਹੁਣ ਅਤਰ ਸਿੰਘ ਦੇ ਨਾਲ ਹੀ ਆ ਰਲਿਆ। ਇਥੇ ਮਾਊਂਟਨ
ਦੀ ਫੌਜ ਬਹਾਦਰੀ ਨਾਲ ਲੜਦੀ ਰਹੀ। ਅਤਰ ਸਿੰਘ ਨੇ ਦੁਸ਼ਮਣਾਂ ਦੇ ਝੰਡੇ ਹੇਠਾ ਸੁੱਟ ਦਿਤੇ
ਸਨ। ਇਥੇ 29ਵੀਂ ਨੇ ਸਿੱਖਾਂ ਦਾ ਮੁਕਾਬਲਾ ਸੰਗੀਨਾਂ ਨਾਲ ਕੀਤਾ ਤੇ ਉਹਨਾਂ ਨੂੰ ਧੱਕਦੀ ਹੋਈ
ਪਿੱਛੇ ਤਕ ਲੈ ਗਈ। ਇਕੱਲੇ ਨਾਲ ਇਕੱਲੇ ਵਾਲੀ ਲੜਾਈ ਸ਼ੁਰੂ ਹੋ ਗਈ। ਸਿੱਖਾਂ ਨੇ ਪਹਿਲਾਂ
ਪਿਸਤੌਲ ਕੱਢੇ ਤੇ ਫਿਰ ਤਲਵਾਰਾਂ ਸੂਤ ਲਈਆਂ। ਤਲਵਾਰਾਂ ਵਾਲੀ ਲੜਾਈ ਵਿਚ ਸਿੱਖ ਹਾਰਨ ਲਗੇ।
29ਵੀਂ ਨੇ ਇਹ ਮੋਰਚਾ ਜਿੱਤ ਲਿਆ ਤੇ ਸਿੱਖਾਂ ਦੀਆਂ ਬਾਰਾਂ ਤੋਪਾਂ ‘ਤੇ ਵੀ ਕਬਜ਼ਾ ਕਰ ਲਿਆ।
ਨਾਲ ਹੀ ਦੂਜੇ ਪਾਸੇ 30ਵੀਂ ਤੇ 56ਵੀਂ ਨੂੰ ਸਿੱਖਾਂ ਨੇ ਪਿੱਛੇ ਧੱਕ ਦਿਤਾ ਸੀ ਪਰ ਇਥੇ
ਅੰਗਰੇਜ਼ ਸਿੱਖਾਂ ਦੇ ਮੋਰਚਿਆਂ ਤੋ ਅਗੇ ਜਾ ਕੇ ਲੜ ਰਹੇ ਸਨ। 56ਵੀਂ ਦੇ ਬਹੁਤੇ ਅਫਸਰ ਮਾਰੇ
ਗਏ ਤੇ ਬਾਕੀ ਦੇ ਕੈਦੀ ਬਣਾ ਲਏ ਗਏ। ਆਪਣੇ ਮੋਰਚੇ ਤੋਂ ਪਿੱਛੇ ਹਟ ਕੇ ਫਿਰ ਅਗੇ ਵਧਣਾ
ਸਿੱਖਾਂ ਦੇ ਲੜਨ ਦਾ ਇਕ ਢੰਗ ਸੀ ਜੋ ਕਿ ਦੁਸ਼ਮਣ ਨੂੰ ਧੋਖੇ ਵਿਚ ਪਾ ਜਾਂਦਾ ਸੀ ਕਿ ਉਹ
ਜਿੱਤ ਗਿਆ ਹੈ ਤੇ ਅਗਲੇ ਹੀ ਪਲ ਸਿੱਖ ਫਿਰ ਹਮਲਾ ਕਰ ਦਿੰਦੇ ਸਨ। ਇਵੇਂ ਹੀ 29ਵੀਂ ਭਾਵੇਂ
ਅਗੇ ਵਧ ਗਈ ਸੀ ਪਰ ਉਹਨਾਂ ਹਮਲਾ ਕਰਕੇ ਇਸ ਨੂੰ ਫਿਰ ਖਦੇੜ ਦਿਤਾ।
ਹੁਣ ਅੰਗਰੇਜ਼ ਫੌਜ ਸਿੱਖਾਂ ਦੇ ਮੋਰਚਿਆਂ ਤੇ ਖੜੀ ਸੀ ਤੇ ਸਿੱਖ ਪਿੱਛੇ ਹਟ ਗਏ ਸਨ। 29ਵੀਂ
ਹੁਣ ਹੋਗਨ ਦੀ ਬਰਗੇਡ ਨਾਲ ਜਾ ਮਿਲੀ। ਪੈਨੀ ਦੀ ਰਿਜ਼ਰਵ ਤੇ ਮਾਊਂਟਨ ਵੀ ਇਕੱਠੀਆਂ ਹੋ
ਗਈਆਂ। ਲੜਾਈ ਹਾਲੇ ਵੀ ਚਲ ਰਹੀ ਸੀ।
ਇਹ ਸਾਰੀ ਲੜਾਈ ਕੁਝ ਅਜੀਬ ਸੀ। ਅਜੀਬ ਇਸ ਲਈ ਕਿ ਕਿਸੇ ਵੀ ਬਰਗੇਡ ਦੀ ਕੋਈ ਤਰਤੀਬ ਨਹੀਂ ਸੀ
ਰਹੀ। ਕਿਹੜੀ ਬਟਾਲੀਅਨ ਕਿਥੇ ਲੜ ਰਹੀ ਸੀ ਇਸ ਦਾ ਵੀ ਪੂਰਾ ਪਤਾ ਨਹੀਂ ਸੀ ਚਲਦਾ। ਜੰਗਲ ਨੇ
ਅੰਗਰੇਜ਼ ਫੌਜ ਦੀ ਮੱਤ ਮਾਰ ਦਿਤੀ ਸੀ। ਸਿੱਖ ਕਈ ਦਿਨ ਦੇ ਇਸ ਇਲਾਕੇ ਵਿਚ ਹੋਣ ਕਰਕੇ ਉਸ ਸਭ
ਰਾਹਾਂ ਤੇ ਵਾਕਫ ਸਨ।
ਸੂਰਜ ਛੁਪ ਰਿਹਾ ਸੀ। ਫਿਰ ਹਨੇਰਾ ਹੋਣ ਲਗਿਆ। ਕਰਨਲ ਲੇਨ ਹਾਲੇ ਵੀ ਗੋਲਾਬਾਰੀ ਕਰ ਰਿਹਾ ਸੀ
ਪਰ ਕੁਝ ਦੇਰ ਬਾਅਦ ਉਹ ਵੀ ਰੁਕ ਗਿਆ। ਮਾਊਂਟਨ ਤੇ ਹੋਗਨ ਦੀਆਂ ਬਰਗੇਡਾਂ ਤੇ ਵਾਈਟ ਦੀ
ਕੈਵਲਰੀ ਸਿੱਖਾਂ ਵਾਲੀ ਪੁਸ਼ੀਜਨ ਤੇ ਸਨ ਤੇ ਸਿੱਖ ਫੌਜ ਕੁਝ ਹਟਵੀਂ। ਹਨੇਰਾ ਹੁੰਦਿਆਂ ਲੜਾਈ
ਬੰਦ ਹੋ ਗਈ। ਸਿੱਖ ਹੋਰ ਪਿੱਛੇ ਹਟ ਕੇ ਆਪਣੀ ਤੁਪਈ ਵਾਲੀ ਜਗਾਹ ਚਲੇ ਗਏ।
ਗੱਫ ਮੁਹਰਲੇ ਮੋਰਚਿਆਂ ‘ਤੇ ਆਇਆ। ਚਾਰੇ ਪਾਸੇ ਲੋਥਾਂ ਹੀ ਲੋਥਾਂ ਸਨ। ਜਿ਼ਆਦਾ ਲੋਥਾਂ
ਅੰਗਰੇਜ਼ ਫੌਜ ਦੀਆਂ ਸਨ। ਇਸ ਵਿਚ ਹਿੰਦੁਸਤਾਨੀ ਸਿਪਾਹੀ ਤਾਂ ਸਨ ਹੀ ਪਰ ਅੰਗਰੇਜ਼ ਸਿਪਾਹੀ
ਵੀ ਬਹੁਤ ਸਨ। ਸਿੱਖ ਸੈਨਿਕਾਂ ਦੀਆਂ ਲੋਥਾਂ ਘੱਟ ਸਨ। ਦੂਜੇ ਪਾਸੇ ਸਿੱਖ ਫੌਜ ਨਾਹਰੇ ਲਾ
ਰਹੀ ਸੀ; ਜੋ ਬੋਲੇ ਸੋ ਨਿਹਾਲ, ਸਤਿ ਸ੍ਰਿੀ ਅਕਾਲ।’ ਨਾਲ ਹੀ ਢੋਲ-ਨਗਾਰੇ ਵੀ ਵੱਜ ਰਹੇ ਸਨ।
ਗੱਫ ਪਾਗਲਹਾਰ ਹੋ ਗਿਆ। ਅਜਿਹੇ ਮੰਜ਼ਰ ਤਾਂ ਉਸ ਨੇ ਬਹੁਤ ਦੇਖੇ ਸਨ ਪਰ ਇਹ ਕਦੇ ਨਹੀਂ ਸੀ
ਦੇਖਿਆ ਕਿ ਉਹ ਆਪਣੇ ਸਿਪਾਹੀਆਂ ਦੀਆਂ ਇੰਨੀਆਂ ਲੋਥਾਂ ਤੇ ਖੜਾ ਹੋਵੇ, ਉਸਦੇ ਆਪਣੇ ਜ਼ਖਮੀ
ਸਿਪਾਹੀ ਕਰਾਹ ਰਹੇ ਹੋਣ ਤੇ ਦੁਸ਼ਮਣ ਸਾਹਮਣੇ ਜਸ਼ਨ ਮਨਾ ਰਿਹਾ ਹੋਵੇ। ਉਹ ਸਿੱਖਾਂ ਦੇ
ਮੋਰਚਿਆਂ ਉਪਰ ਭਾਵੇਂ ਖੜਾ ਸੀ ਪਰ ਇਹ ਜਿੱਤ ਨਹੀਂ ਸੀ, ਇਹ ਹਾਰ ਸੀ, ਉਸ ਦੇ ਜੀਵਨ ਦੀ ਸਭ
ਤੋਂ ਵੱਡੀ ਹਾਰ। ਉਹ ਇਕ ਦਮ ਚੁੱਪ ਹੋ ਗਿਆ। ਬੁਲਾਉਣ ਤੇ ਵੀ ਬੋਲ ਨਹੀਂ ਸੀ ਰਿਹਾ। ਉਸ ਦੇ
ਜਰਨੈਲਾਂ ਨੂੰ ਉਸ ਦਾ ਫਿਕਰ ਹੋਣ ਲਗਿਆ। ਬਰਗੇਡੀਅਰ ਹੋਗਨ ਨੇ ਕਿਹਾ,
“ਸਰ, ਚਲੋ, ਪਿੱਛੇ ਚਲੋ, ਚਿਲਿਆਂਵਾਲੇ ਚਲਦੇ ਹਾਂ, ਉਥੇ ਹੀ ਕੈਂਪ ਲਗਾਂਦੇ ਹਾਂ।”
“ਨਹੀਂ ਬਰਗੇਡੀਅਰ, ਮੈਂ ਨਹੀਂ ਜਾਵਾਂਗਾ, ਮੈਂ ਇਸ ਮੋਰਚੇ ਦੀ ਰਾਖੀ ਕਰਾਂਗਾ ਤਾਂਕਿ ਸਿੱਖ
ਦੁਬਾਰਾ ਆਕੇ ਕਬਜ਼ਾ ਨਾ ਕਰ ਲੈਣ।”
“ਸਰ, ਇਥੇ ਤਾਂ ਪੀਣ ਲਈ ਪਾਣੀ ਵੀ ਨਹੀਂ ਏ।”
“ਤੁਸੀਂ ਜਾਓ ਸਭ, ਮੈਂ ਇਥੇ ਹੀ ਰਹਾਂਗਾ।”
“ਸਰ, ਅਸੀਂ ਤੁਹਾਨੂੰ ਛੱਡ ਕੇ ਕਿਵੇਂ ਜਾ ਸਕਦੇ ਹਾਂ, ਸਿੱਖ ਤਾਂ ਮੁੜ ਕੇ ਕਦੇ ਵੀ ਆ ਸਕਦੇ
ਨੇ।”
“ਇਸੇ ਲਈ ਮੈਂ ਨਹੀਂ ਜਾਵਾਂਗਾ।”
ਗੱਫ ਨੇ ਸਾਫ ਨਾਂਹ ਕਰ ਦਿਤੀ। ਫਿਰ ਦੂਜੇ ਅਫਸਰਾਂ ਨੇ ਗੱਫ ਨੂੰ ਮਨਾਉਣਾ ਸ਼ੁਰੂ ਕਰ ਦਿਤਾ
ਤੇ ਉਹ ਬਹੁਤ ਹੀ ਮੁਸ਼ਕਲ ਨਾਲ ਮੰਨਿਆਂ ਪਰ ਫਿਰ ਵੀ ਉਹ ਤਦ ਤਕ ਮੋਰਚੇ ਤੋਂ ਨਾ ਹਿੱਲਿਆ ਜਦ
ਤਕ ਜ਼ਖਮੀ ਨਾ ਸੰਭਾਲ ਲਏ ਗਏ। ਰਾਤ ਨੂੰ ਕੈਂਪ ਵਿਚ ਕੋਈ ਵੀ ਅਫਸਰ ਇਕ ਦੂਜੇ ਨਾਲ ਗੱਲ ਤਕ
ਨਹੀਂ ਸੀ ਕਰ ਰਿਹਾ। ਇਹ ਸਭ ਉਹਨਾਂ ਨਾਲ ਪਹਿਲੀ ਵਾਰ ਹੋ ਰਿਹਾ ਸੀ। ਉਹਨਾਂ ਨੂੰ ਹਿੰਦੁਸਤਾਨ
ਵਿਚ ਆ ਕੇ ਦੌ ਸੌ ਸਾਲ ਹੋ ਗਏ ਸਨ ਲੜਾਈਆਂ ਲੜਦਿਆਂ ਨੂੰ ਕਦੇ ਵੀ ਅਜਿਹੀ ਟੱਕਰ ਨਹੀਂ ਸੀ
ਹੋਈ। ਉਹਨਾਂ ਨੂੰ ਤਾਂ ਹਾਲੇ ਸਭਰਾਓਂ ਵਾਲਾ ਸਿੱਖਾਂ ਵਲੋਂ ਕੀਤਾ ਮੁਕਾਬਲਾ ਹੀ ਵੱਡਾ ਲਗਦਾ
ਸੀ ਇਥੋਂ ਤਕ ਤਾਂ ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਸੀ। ਇਕੱਲਾ ਗੱਫ ਹੀ ਨਹੀਂ, ਅਫਸਰ ਹੀ
ਨਹੀਂ ਸਾਰੀ ਅੰਗਰੇਜ਼ ਫੌਜ ਹੀ ਨਿਮੋਸ਼ੀ ਨਾਲ ਭਰੀ ਪਈ ਸੀ। ਕੋਈ ਕਿਸੇ ਨਾਲ ਗੱਲ ਨਹੀਂ ਸੀ
ਕਰ ਰਿਹਾ, ਜੇ ਕੋਈ ਕਰਦਾ ਤਾਂ ਇਕ ਦੂਜੇ ਨੂੰ ਦੋਸ਼ੀ ਠਹਿਰਾਉਂਦੇ ਲੜਨ ਲਗਦੇ। ਇਹਦੇ ਵਿਚ
ਅੰਗਰੇਜ਼ ਫੌਜ ਦੇ ਹਿੰਦੁਸਤਾਨੀ ਅਫਸਰਾਂ ਤੇ ਸਿਪਾਹੀਆਂ ਨੂੰ ਕੁਝ ਕੁ ਤਸੱਲੀ ਜ਼ਰੂਰ ਸੀ ਕਿ
ਉਹ ਬਹੁਤ ਬਹਾਦਰੀ ਨਾਲ ਲੜੇ ਸਨ ਤੇ ਇਸ ਲੜਾਈ ਵਿਚ ਅੰਗਰੇਜ਼ ਸਿਪਾਹੀ ਤੇ ਅਫਸਰ ਨਿਕੰਮੇ
ਸਿੱਧ ਹੋਏ ਸਨ ਪਰ ਉਹ ਵੀ ਪੂਰੀ ਫੌਜ ਨਾਲ ਹੀ ਹਾਰ ਦੇ ਸੋਗ ਵਿਚ ਡੁੱਬੇ ਹੋਏ ਸਨ।
ਇਹ ਲੜਾਈ ਸਿਰਫ ਸਾਢੇ ਤਿੰਨ ਘੰਟੇ ਚਲੀ ਪਰ ਤਬਾਹੀ ਕਈ ਦਿਨਾਂ ਜਿੰਨੀ ਮਚਾ ਗਈ। ਅੰਗਰੇਜ਼
ਫੌਜ ਦੇ ਤਿੰਨ ਹਜ਼ਾਰ ਸੈਨਿਕ ਮਰੇ ਤੇ ਜ਼ਖਮੀ ਇਸ ਤੋਂ ਕਿਤੇ ਵੱਧ ਹੋਏ ਜਿਹਨਾਂ ਵਿਚ ਅਫਸਰਾਂ
ਦੀ ਗਿਣਤੀ ਵੀ ਬਹੁਤ ਸੀ। ਸਿੱਖਾਂ ਦੇ ਪੰਦਰਾਂ ਸੌ ਸਿਪਾਹੀ ਮਰੇ ਤੇ ਦੋ ਹਜ਼ਾਰ ਜ਼ਖਮੀ ਹੋਏ।
ਲੜਾਈ ਸ਼ੁਰੂ ਹੋਣ ਤੋਂ ਪਹਿਲਾਂ ਗੱਫ ਸੋਚ ਰਿਹਾ ਸੀ ਇਕ ਇਹ ਇਕ ਜਾਂ ਦੋ ਦਿਨ ਦਾ ਕੰਮ ਹੈ।
ਲੜਾਈ ਸ਼ੁਰੂ ਕਰਨ ਲਗਿਆਂ ਲਗਿਆ ਕਿ ਸ਼ਾਇਦ ਇਕ ਦਿਨ ਹੋਰ ਲਗ ਜਾਵੇਗਾ ਪਰ ਉਹ ਲੜਾਈ ਜਿੱਤ
ਜਾਵੇਗਾ। ਲੜਾਈ ਦੇ ਦੁਰਮਿਆਨ ਉਹ ਸੋਚ ਰਿਹਾ ਸੀ ਕਿ ਸਿੱਖ ਫੌਜ ਨੂੰ ਜੇਹਲਮ ਤੋਂ ਪਾਰ ਕਰ
ਦੇਵੇਗਾ ਤੇ ਘੱਟੋ ਘੱਟ ਸਿੱਖਾਂ ਨੂੰ ਪੰਜਾਬ ਵਿਚੋਂ ਤਾਂ ਕੱਢ ਹੀ ਦੇਵੇਗਾ ਪਰ ਉਹ ਕੁਝ ਵੀ
ਨਾ ਕਰ ਸਕਿਆ।
ਇਸ ਲੜਾਈ ਦੀਆਂ ਕਹਾਣੀਆਂ ਪੰਛੀਆਂ ਦੀਆਂ ਡਾਰਾਂ ਬਣ ਕੇ ਅਗਲੀ ਸਵੇਰ ਹੀ ਉੜਨ ਲਗੀਆਂ। ਇਹ
ਪੰਛੀ ਜਲਦੀ ਹੀ ਲੰਡਨ ਪੁੱਜ ਗਏ। ਅਖਬਾਰਾਂ ਦੀਆਂ ਸੁਰਖੀਆਂ ਬਣ ਗਏ। ਅੰਗਰੇਜ਼ ਅਫਸਰਾਂ ਨੂੰ
ਲਾਹਣਤਾਂ ਪੈਣ ਲਗੀਆਂ। ਅਖਬਾਰਾਂ ਦੀਆਂ ਸੁਰਖੀਆਂ ਦਾ ‘ਜੰਗਲੀ ਲੋਕਾਂ ਹੱਥੋਂ ਹਾਰ’ ਦਾ ਨਾਂ
ਦਿਤਾ ਜਾ ਰਿਹਾ ਸੀ। ਰੈਜਮੈਂਟਲ ਤੇ ਰਾਣੀ ਦੇ ਝੰਡੇ ਡਿਗ ਪਏ ਸਨ ਤੇ ਚਾਰ ਤੋਪਾਂ ਵੀ ਹਾਰ ਗਏ
ਸਨ ਤੇ ਕਾਫੀ ਸਾਰਾ ਬਰੂਦ ਵੀ। ਮਰਨ ਵਾਲਿਆਂ ਦੀ ਗਿਣਤੀ ਇੰਨੀ ਸੀ ਕਿ ਸੋਚੀ ਵੀ ਨਹੀਂ ਸੀ ਜਾ
ਸਕਦੀ। ਪਾਰਲੀਮੈਂਟ ਵਿਚ ਹੰਗਾਮਾ ਹੋ ਗਿਆ। ਇਨਕੁਆਰੀਆਂ ਬੈਠਾ ਦਿਤੀਆਂ ਗਈਆਂ। ਗੱਫ ਨੂੰ
ਬਰਖਾਸਤ ਕਰ ਕੇ ਉਸ ਦੀ ਜਗਾਹ ਸਰ ਚਾਰਲਸ ਨੇਪੀਅਰ ਨੂੰ ਹਿੰਦੁਸਤਾਨੀ ਫੌਜ ਦਾ ਕਮਾਂਡਰ ਬਣਾ
ਦਿਤਾ ਗਿਆ। ਗੱਫ ਨੂੰ ਆਪਣੀ ਬਰਖਾਸਤਗੀ ਦੀ ਇਹ ਖਬਰ ਮਿਲਣ ਨੂੰ ਕੁਝ ਦਿਨ ਹਾਲੇ ਲਗਣੇ ਸਨ।
ਇਸ ਦਿਨ ਤੋਂ ਬਾਅਦ ਸਿੱਖ ਘੋੜ-ਚੜੇ ਹਰ ਰੋਜ਼ ਅੰਗਰੇਜ਼ਾਂ ਨੂੰ ਹਮਲਾ ਕਰਨ ਲਈ ਉਕਸਾਉਣ
ਆਉਂਦੇ, ਉਹਨਾਂ ਦਾ ਨੁਕਸਾਨ ਵੀ ਕਰ ਜਾਂਦੇ ਪਰ ਅੰਗਰੇਜ਼ ਬਹੁਤ ਡਰੇ ਹੋਏ ਸਨ, ਬਹੁਤੀ ਵਾਰ
ਕੋਈ ਵੀ ਜਵਾਬੀ ਕਾਰਵਾਈ ਨਾ ਕਰਦੇ। ਉਹ ਇਕ ਮਹੀਨਾ ਬਿਲਕੁਲ ਇਵੇਂ ਦੁਬਕੇ ਬੈਠੇ ਰਹੇ ਜਿਵੇਂ
ਚੂਹਾ ਡੁੱਡ ਵਿਚ ਬੈਠਾ ਰਹਿੰਦਾ ਹੈ।
14 ਜਨਵਰੀ, ਲੜਾਈ ਤੋਂ ਅਗਲੀ ਸਵੇਰ। ਅਜ ਰਾਤ ਦਾ ਹੀ ਮੀਂਹ ਪੈ ਰਿਹਾ ਸੀ। ਸਰਦੀਆਂ ਦੇ ਇਸ
ਮੀਂਹ ਨੇ ਅੰਤਾਂ ਦੀ ਠੰਡ ਕੀਤੀ ਪਈ ਸੀ। ਗਫ ਤੋਂ ਉਠਿਆ ਨਹੀਂ ਸੀ ਜਾ ਰਿਹਾ ਪਰ ਉਹ ਹੌਂਸਲਾ
ਕਰਕੇ ਉਠਿਆ, ਘੋੜੇ ਤੇ ਚੜ ਕੇ ਕੈਂਪ ਦਾ ਦੌਰਾ ਕਰਨ ਨਿਕਲ ਪਿਆ। ਸੈਨਿਕਾਂ ਨੇ ਤਾੜੀਆਂ ਵਜਾ
ਕੇ ਉਸ ਦਾ ਸਵਾਗਤ ਕੀਤਾ। ਗੱਫ ਨੂੰ ਪਤਾ ਸੀ ਕਿ ਇਹ ਸਭ ਉਸ ਦਾ ਦਿਲ ਰੱਖਣ ਲਈ ਕੀਤਾ ਜਾ
ਰਿਹਾ ਸੀ। ਗਵਰਨਰ ਜਨਰਲ ਡਲਹੌਜ਼ੀ ਦਾ ਪ੍ਰਤੀਨਿਧ ਮੇਜਰ ਮੈਕਸਨ, ਬਰਗੇਡੀਅਰ ਟੇਨੰਟ ਤੇ
ਬਰਗੇਡੀਅਰ ਵਾਈਟ ਉਸ ਨੂੰ ਵਿਸ਼ੇਸ਼ ਤੌਰ ਤੇ ਅਗੇ ਵਧ ਕੇ ਮਿਲੇ ਤੇ ਉਸ ਚੜਦੀ ਕਲਾ ਲਈ
ਦੁਆਵਾਂ ਕਰਨ ਲਗੇ। ਉਸ ਨੇ ਕਿਹਾ,
“ਔਫੀਸਰਜ਼, ਆਓ, ਮੋਰਚਿਆਂ ਦਾ ਮੁਆਇਨਾ ਕਰ ਕੇ ਆਈਏ ਤੇ ਕਬਜ਼ੇ ਵਿਚ ਲਈਆਂ ਹੋਈਆਂ ਤੋਪਾਂ ਲੈ
ਆਈਏ।”
ਉਹ ਤਿੰਨੋ ਅਫਸਰ ਉਸ ਦੇ ਨਾਲ ਹੋ ਲਏ। ਮੋਰਚਿਆਂ ‘ਤੇ ਪੁੱਜੇ ਤਾਂ ਤੋਪਾਂ ਗਾਇਬ ਸਨ। ਨਾ ਉਥੇ
ਕੋਈ ਜ਼ਖਮੀ ਸਿੱਖ ਸਿਪਾਹੀ ਸੀ ਤੇ ਨਾ ਹੀ ਕਿਸੇ ਸਿੱਖ ਸਿਪਾਹੀ ਦੀ ਲਾਸ਼। ਸ਼ੇਰ ਸਿੰਘ
ਅਟਾਰੀਵਾਲੇ ਨੇ ਰਾਤੋ ਰਾਤ ਸਭ ਸਾਂਭ ਲਿਆ ਸੀ।
(ਤਿਆਰੀ ਅਧੀਨ ਨਾਵਲ ‘ਦਸ ਸਾਲ, ਦਸ ਯੁੱਗ’ ਵਿਚੋਂ।)
-0-
|