14 ਅਪਰੈਲ ਨੂੰ ਕਾਨਫ਼ਰੰਸ ਦਾ ਸ਼ਾਮ
ਵਾਲਾ ਸੈਸ਼ਨ ਖਤਮ ਹੋਣ ਵਾਲਾ ਸੀ। ਸਟੇਜ ਨੇੜਲੀਆਂ ਕੁਰਸੀਆਂ ਉਤੇ ਮੈਂ, ਰਘਬੀਰ ਸਿੰਘ,
ਸੁਲੇਖਾ, ਸਰਵਣ ਸਿੰਘ ਤੇ ਉਸ ਦਾ ਮਿੱਤਰ ਸਿ਼ੰਗਾਰਾ ਸਿੰਘ ਕਿੰਗਰਾ ਬੈਠੇ ਹੋਏ ਸਾਂ। ਸਾਡੇ
ਨਾਲ ਹੀ ਬੈਠੇ ਸਨ ਰਾਇ ਅਜ਼ੀਜ਼ ਉੱਲਾ ਖਾਨ ਜਿਨ੍ਹਾਂ ਦੇ ਖਾਨਦਾਨ ਨੂੰ ਗੁਰੂ ਗੋਬਿੰਦ ਸਿੰਘ
ਜੀ ਨੇ ‘ਗੰਗਾ ਸਾਗਰ’ ਆਪਣੀ ਯਾਦ-ਨਿਸ਼ਾਨੀ ਵਜੋਂ ਦਿੱਤਾ ਸੀ। ਮੈਂ ਰਾਇ ਸਾਹਿਬ ਨੂੰ ਕੁਝ
ਸਾਲ ਹੋਏ ਉਨ੍ਹਾਂ ਦੀ ਭਾਰਤ ਫੇਰੀ ਉਤੇ ਜਲੰਧਰ ਦੇ ਸਰਕਟ ਹਾਊਸ ਵਿਚ ਉਨ੍ਹਾਂ ਦੇ ਸਨਮਾਨ ਵਿਚ
ਹੋਏ ਸਮਾਗਮ ਵਿਚ ਮਿਲਿਆ ਸਾਂ। ਉਨ੍ਹਾਂ ਦੀ ਗੁਰੂ ਘਰ ਨਾਲ ਸਾਂਝ-ਸਤਿਕਾਰ ਦੀ ਭਰਵੀਂ
ਪ੍ਰਸੰਸਾ ਕਰਨਾ ਸਾਡਾ ਸਭ ਦਾ ਫਰਜ਼ ਬਣਦਾ ਹੈ ਅਤੇ ਮੈਂ ਇਹ ਫਰਜ਼ ਕੁਝ ਸ਼ਬਦ ਬੋਲ ਕੇ ਵੀ
ਅਦਾ ਕੀਤਾ ਸੀ। ਰਾਇ ਸਾਹਿਬ ਨੂੰ ਮੇਰੀ ਉਹ ਮਿਲਣੀ ਚੇਤੇ ਸੀ। ਸਰਵਣ ਸਿੰਘ ਨੇ ਉਨ੍ਹਾਂ ਨਾਲ
‘ਇਤਿਹਾਸਕ ਸਾਂਝ’ ਕੱਢ ਲਈ। ਉਸ ਨੇ ਸਾਨੂੰ ਦੱਸਿਆ।
‘‘ਰਾਇ ਸਾਹਿਬ ਦੇ ਵਡੇਰਿਆਂ ਦਾ ਪਿਛੋਕੜ ਮੇਰੇ ਪਿੰਡ ਨਾਲ ਮਿਲਦਾ ਏ। ਅਸੀਂ ਤਾਂ ਰਾਇ ਸਾਹਿਬ
ਦੇ ਗਰਾਈਂ ਹਾਂ। ਰਾਇ ਸਾਹਿਬ ਜਾਣਦੇ ਹੀ ਨੇ ਕਿ ਰਾਏਕੋਟ ਦੇ ਰਾਏ ਪਰਿਵਾਰ ਦਾ ਸਬੰਧ
ਰਾਜਸਥਾਨ ਦੇ ਰਾਜਪੂਤਾਂ ਨਾਲ ਜਾ ਜੁੜਦਾ ਹੈ। ਜੈਸਲਮੇਰ ਵਿਚ ਵੱਸਦੇ ਇਨ੍ਹਾਂ ਲੋਕਾਂ ਦਾ ਇਕ
ਵਡੇਰਾ, ਜਿਸ ਦਾ ਨਾਂ ਮੋਕਲ ਸੀ, ਕਈ ਸੌ ਸਾਲ ਪਹਿਲਾਂ ਪਿੰਡ ‘ਚੱਕਰ’ ਵਿਚ ਆ ਵਸਿਆ ਸੀ।’’
ਸਰਵਣ ਸਿੰਘ ਦਾ ਪਿੰਡ ਵੀ ਚੱਕਰ ਹੈ। ਉਸ ਨੇ ਗੱਲ ਅੱਗੇ ਤੋਰੀ, ‘‘ਮੋਕਲ ਦੀ ਚੌਥੀ ਪੀੜ੍ਹੀ
‘ਚੋਂ ਤੁਲਸੀ ਰਾਮ ਨੇ ਇਸਲਾਮ ਕਬੂਲ ਕਰ ਲਿਆ ਤੇ ਉਹ ਤੁਲਸੀ ਰਾਮ ‘ਸ਼ੇਖ਼ ਚੱਕੂ’ ਬਣ ਗਿਆ।
ਅਲਾਉਦੀਨ ਖਿਲਜੀ ਨਾਲ ਉਹਦੇ ਚੰਗੇ ਸਬੰਧਾਂ ਕਾਰਨ ਉਸ ਨੂੰ ਰੋਪੜ ਤੋਂ ਲੈ ਕੇ ਜ਼ੀਰੇ ਤਕ
1300 ਪਿੰਡ ਜਾਗੀਰ ਵਜੋਂ ਦਿੱਤੇ ਗਏ। ਇਸੇ ਖਾਨਦਾਨ ਵਿਚੋਂ ਰਾਏ ਅਹਿਮਦ ਹੋਇਆ ਜਿਸ ਨੇ 1648
ਈ. ਨੂੰ ਰਾਏਕੋਟ ਵਸਾਇਆ।’’
ਰਾਇ ਅਜ਼ੀਜ਼ ਉੱਲਾ ਰਾਏਕੋਟ ਦੇ ਉਸੇ ‘ਰਾਏ-ਖ਼ਾਨਦਾਨ’ ਦੇ ਚਸ਼ਮੋ-ਚਿਰਾਗ ਹਨ। ਸਰਵਣ ਸਿੰਘ
ਦਾ ਉਸ ਨਾਲ ਭਾਈਚਾਰਾ ਬਣਦਾ ਹੀ ਸੀ। ਪਰ ਸਾਡਾ ਵੀ ਤਾਂ ਉਨ੍ਹਾਂ ਨਾਲ ਬਰਾਬਰ ਦਾ ਭਾਈਚਾਰਾ
ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਦੇ ਖ਼ਾਨਦਾਨ ਦੇ ਵਡੇਰੇ ਰਾਇ ਕੱਲ੍ਹਾ ਨੂੰ ਆਪਣੇ
ਗਲ ਨਾਲ ਲਾ ਕੇ ਸਮੁੱਚੇ ਸਿੱਖ ਪੰਥ ਦੇ ਸੀਨੇ ਨਾਲ ਲਾ ਦਿੱਤਾ ਸੀ। ਰਾਇ ਖ਼ਾਨਦਾਨ ਜੈਸਲਮੇਰ,
ਚਕਰ ਤੇ ਰਾਇਕੋਟ ਦਾ ਤਾਂ ਸੀ ਹੀ ਪਰ ਉਸ ਉਤੇ ਸਾਡਾ ਸਾਰਿਆਂ ਦਾ ਵੀ ਓਨਾ ਹੀ ਹੱਕ ਤੇ ਮਾਣ
ਬਣਦਾ ਸੀ।
ਬੈਠੇ ਬੈਠੇ ਰਾਇ ਸਾਹਿਬ ਦੇ ਮਨ ਵਿਚ ਫੁਰਨਾ ਫੁਰਿਆ। ਕਹਿਣ ਲੱਗੇ, ‘‘ਸੰਧੂ ਸਾਅ੍ਹਬ! ਅੱਜ
ਰਾਤ ਦਾ ਖਾਣਾ ਮੇਰੇ ਨਾਲ ਖਾਓ ਤੁਸੀਂ ਸਾਰੇ ਜਣੇ।’’
ਇਸ ਨੇਕ ਰੂਹ ਦਾ ਸੱਦਾ ਤਾਂ ਸਾਡੇ ਸਭ ਲਈ ਬੜੇ ਹੀ ਮਾਣ ਭਰੀ ਗੱਲ ਸੀ। ਸਾਰਿਆਂ ਨੇ ਤੁਰਤ
‘ਹਾਂ’ ਕਰ ਦਿੱਤੀ। ਸਭ ਉਨ੍ਹਾਂ ਦੇ ਅੰਗ-ਸੰਗ ਵਿਚਰ ਕੇ ਉਨ੍ਹਾਂ ਦੀ ਮੁਹੱਬਤ ਦਾ ਨਿੱਘ ਮਾਨਣ
ਲਈ ਉਤਾਵਲੇ ਸਨ ਪਰ ਮੇਰੇ ਲਈ ਚਾਹੁੰਦਿਆਂ ਵੀ ਮੁਸ਼ਕਲ ਬਣ ਗਈ। ਮੈਨੂੰ ਕੁਝ ਚਿਰ ਪਹਿਲਾਂ ਹੀ
ਡਾ. ਜਗਤਾਰ ਨੇ ਦੱਸਿਆ ਸੀ ਕਿ ਅਸੀਂ ਦੋਵੇਂ ਸ਼ਾਮ ਨੂੰ ਉਸ ਦੇ ਕਿਸੇ ਦੋਸਤ ਵੱਲ ਰਾਤ ਦੇ
ਖਾਣੇ ਲਈ ਆਮੰਤ੍ਰਿਤ ਸਾਂ। ਮੈਂ ਰਾਇ ਸਾਹਿਬ ਨੂੰ ਦੱਸਿਆ, ‘‘ਸ਼ਾਇਦ ਮੈਨੂੰ ਤੇ ਜਗਤਾਰ
ਹੁਰਾਂ ਨੂੰ ਅੱਜ ਕਿਧਰੇ ਹੋਰ ਜਾਣਾ ਪਵੇ। ਮੈਂ ਜਗਤਾਰ ਨੂੰ ਪੁਛਦਾਂ ਕਿ ਓਧਰ ਕਿਸੇ ਹੋਰ ਦਿਨ
ਚਲੇ ਜਾਵਾਂਗੇ।’’
ਅਸਲ ਵਿਚ ਮੈਂ ਰਾਇ ਸਾਹਿਬ ਦੇ ਸੰਗ-ਸਾਥ ਨੂੰ ਪਹਿਲ ਦੇਣਾ ਚਾਹੁੰਦਾ ਸਾਂ। ਰਾਇ ਸਾਹਿਬ ਨੇ
ਕਿਹਾ, ‘‘ਕੋਈ ਗੱਲ ਨਹੀਂ। ਮੈਂ ਜਗਤਾਰ ਜੀ ਨੂੰ ਆਪ ਜਾ ਕੇ ਗੁਜ਼ਾਰਸ਼ ਕਰਨਾਂ।’’
ਉਹ ਉਠ ਕੇ ਡਾ. ਜਗਤਾਰ ਕੋਲ ਗਏ ਤੇ ਆ ਕੇ ਦੱਸਿਆ ਕਿ ਜਗਤਾਰ ਹੁਰਾਂ ਮੁਤਾਬਕ ਤੁਹਾਡਾ ਤਾਂ
ਅੱਜ ਦਾ ਪ੍ਰੋਗਰਾਮ ਨਿਸ਼ਚਿਤ ਹੈ। ਉਨ੍ਹਾਂ ਆਪਣੇ ਘਰ ਜਾਣ ਲਈ ਕੋਈ ਅਗਲਾ ਦਿਨ, ਸਾਡੀ ਮਰਜ਼ੀ
ਅਨੁਸਾਰ ਤੈਅ ਕਰਨ ਦੀ ਸਾਨੂੰ ਛੋਟ ਦੇ ਦਿੱਤੀ।
ਸਿਰਫ ਅਗਲੀ ਸ਼ਾਮ ਉਹ ਕਿਸੇ ਵਿਆਹ ਦੇ ਸਿਲਸਿਲੇ ਵਿਚ ਵਿਹਲੇ ਨਹੀਂ ਸਨ। ਮੇਰੇ ਸਾਥੀ ਵੀ
ਚੁੱਪ ਕਰ ਗਏ। ਮੇਰੀ ਆਪਣੀ ਤਾਂਘ ਵੀ ਸੀ ਤੇ ਮੈਂ ਉਨ੍ਹਾਂ ਨੂੰ ਨਿਰਾਸ਼ ਵੀ ਨਹੀਂ ਸਾਂ ਕਰਨਾ
ਚਾਹੁੰਦਾ। ਮੈਂ ਰਸਤਾ ਲੱਭ ਲਿਆ। ਜਗਤਾਰ ਨੂੰ ਕਿਹਾ ਕਿ ਉਹ ਮਿੱਤਰ ਵਲੋਂ ਹੋ ਆਵੇ ਤੇ ਮੈਂ
ਰਾਇ ਸਾਹਿਬ ਹੁਰਾਂ ਵਲੋਂ ਹੋ ਆਉਂਦਾ ਹਾਂ। ਉਹ ਮੰਨ ਗਿਆ।
ਸਮਾਗਮ ਉਪਰੰਤ ਰਾਇ ਸਾਹਿਬ ਨੇ ਆਪਣੀ ਵੱਡੀ ਕਾਰ ਵਿਚ ਸਾਨੂੰ ਬਿਠਾਇਆ ਤੇ ਮਾਡਲ ਟਾਊਨ ਵਿਚ
ਬਣੀ ਆਪਣੀ ਵਿਸ਼ਾਲ ਕੋਠੀ ਵਿਚ ਜਾ ਉਤਾਰਿਆ।
ਰਾਇ ਅਜ਼ੀਜ਼-ਉੱਲਾ ਸਾਹਮਣੇ ਬੈਠਣਾ ਇਕ ਇਤਿਹਾਸ ਅੱਗੇ ਬੈਠਣਾ ਸੀ। ਪੰਜਾਬ ਦੀ ਸਾਂਝੀ
ਵਿਰਾਸਤ ਤੇ ਤਹਿਜ਼ੀਬ ਦੇ ਅੰਗ-ਸੰਗ ਵਿਚਰਨਾ ਸੀ। ਉਨ੍ਹਾਂ ਦੇ ਖੁੱਲ੍ਹੇ ਖ਼ੂਬਸੂਰਤ ਡਰਾਇੰਗ
ਰੂਮ ਵਿਚ ਬੈਠੇ ਅਸੀਂ ਇਤਿਹਾਸ ਦੇ ਨਾਲ ਨਾਲ ਤੁਰ ਰਹੇ ਸਾਂ।
ਚਮਕੌਰ ਵਿਚ ਦੋ ਵੱਡੇ ਪੁੱਤਰਾਂ ਦੀ ਕੁਰਬਾਨੀ ਪਿੱਛੋਂ ਗੁਰੂ ਗੋਬਿੰਦ ਸਿੰਘ ਆਪਣੇ ‘ਮਿੱਤਰ
ਪਿਆਰੇ’ ਅੱਗੇ ‘ਮੁਰੀਦਾਂ ਦਾ ਹਾਲ’ ਬਿਆਨ ਕਰਦੇ ਹੋਏ ਮਾਛੀਵਾੜੇ ਦੇ ਜੰਗਲਾਂ ‘ਚੋਂ ਗਨੀ ਖਾਂ
ਤੇ ਨਬੀ ਖਾਂ ਦੇ ਮੋਢਿਆਂ ‘ਤੇ ‘ਉੱਚ ਦਾ ਪੀਰ’ ਬਣ ਕੇ ਮੁਗ਼ਲ ਫੌਜ਼ਾਂ ਤੋਂ ਨਜ਼ਰ ਬਚਾ ਕੇ
ਨਿਕਲ ਗਏ। ਆਪਣੇ ਕੁਝ ਸੰਗੀਆਂ ਸਾਥੀਆਂ ਨਾਲ ਤੁਰਦੇ-ਤੁਰਦੇ ਉਹ ਰਾਏਕੋਟ ਪੁੱਜੇ। ਰਾਇ
ਕੱਲ੍ਹਾ ਨੂੰ ਗੁਰੂ ਜੀ ਦੇ ਆਉਣ ਦੀ ਖ਼ਬਰ ਮਿਲੀ ਤਾਂ ਉਹ ਤੁਰਤ ਪੂਰੀ ਸ਼ਰਧਾ ਨਾਲ ਗੁਰੂ ਜੀ
ਦੇ ਹਜ਼ੂਰ ਪੁੱਜਾ ਤੇ ਹਰੇਕ ਕਿਸਮ ਦੀ ਖਿ਼ਦਮਤ ਕਰਨ ਲਈ ਅਰਜ਼ ਗੁਜ਼ਾਰੀ। ਗੁਰੂ ਜੀ ਨੇ ਕਿਹਾ
ਕਿ ਸਰਹੰਦ ਤੋਂ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਦੀ ਖ਼ਬਰ ਲਿਆਂਦੀ ਜਾਵੇ। ਰਾਇ ਕੱਲ੍ਹਾ
ਨੇ ਆਪਣੇ ਵਿਸ਼ਵਾਸ ਪਾਤਰ ਨੂਰੇ ਮਾਹੀ ਨੂੰ ਤੁਰੰਤ ਸਰਹੰਦ ਵੱਲ ਭੇਜਿਆ। ਨੂਰੇ ਮਾਹੀ ਨੇ ਆ
ਕੇ ਦੋਹਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ ਮਾਤਾ ਗੁਜਰੀ ਦੇ ਚਲਾਣੇ ਦੀ ਦੁੱਖਦਾਈ ਕਥਾ
ਸੁਣਾਈ ਤਾਂ ਗੁਰੂ ਜੀ ਨੇ ਤੀਰ ਦੀ ਨੋਕ ਨਾਲ ਦੱਭ ਦੀ ਜੜ੍ਹ ਪੁੱਟ ਕੇ ਕਿਹਾ ‘‘ਮੁਗ਼ਲਾਂ ਦੇ
ਜ਼ਾਲਮ ਰਾਜ ਦੀ ਜੜ੍ਹ ਪੁੱਟੀ ਗਈ।’’
ਇਥੇ ਹੀ ਸਤਿਗੁਰਾਂ ਨੇ ਸਾਰੇ ਪੰਥ ਨੂੰ ਆਪਣਾ ਪੁੱਤਰ ਆਖਿਆ।
ਮੁਗ਼ਲ ਫੌਜਾਂ ਗੁਰੂ ਜੀ ਦੀ ਪੈੜ ਸੁੰਘਦੀਆਂ ਫਿਰ ਰਹੀਆਂ ਸਨ। ਅਜਿਹੇ ਸਮੇਂ ਗੁਰੂ ਦੀ ਮਦਦ
ਕਰਨਾ ਆਪਣੀ ਤੇ ਆਪਣੇ ਪੂਰੇ ਖ਼ਾਨਦਾਨ ਦੀ ਤਬਾਹੀ ਨੂੰ ਸੱਦਾ ਦੇਣਾ ਸੀ। ਇਹ ਸਭ ਕੁਝ
ਜਾਣਦਿਆਂ, ਸਮਝਦਿਆਂ ਹੋਇਆਂ ਵੀ ਰਾਇ ਕੱਲ੍ਹਾ ਗੁਰੂ ਜੀ ਦੇ ਹਜ਼ੂਰ ਨਤਮਸਤਕ ਸੀ। ਦਿਲ ਖੋਲ੍ਹ
ਕੇ ਉਨ੍ਹਾਂ ਦੀ ਸੇਵਾ ਵਿਚ ਹਾਜ਼ਰ ਸੀ।
ਹੈਰਾਨੀ ਹੁੰਦੀ ਹੈ ਜਦੋਂ ਸਾਡੇ ਕੁਝ ਬੁਲਾਰੇ ਗੁਰੂ ਜੀ ਦੀ ਲੜਾਈ ਨੂੰ ਮੁਸਲਮਾਨਾਂ ਨਾਲ
ਲੜਾਈ ਤੱਕ ਸੀਮਤ ਕਰਨ ਦੀ ਬਹੁਤ ਵੱਡੀ ਇਤਿਹਾਸਕ ਭੁੱਲ ਕਰਦੇ ਹਨ। ਇਹ ਤਾਂ ਮੁਸਲਮਾਨ ਹੀ ਸਨ
ਜਿਨ੍ਹਾਂ ਨੇ ਅਤਿ ਦੇ ਸੰਕਟ ਸਮੇਂ ਗੁਰੂ ਜੀ ਦਾ ਸਾਥ ਦਿੱਤਾ ਸੀ। ਭੰਗਾਣੀ ਦੇ ਯੁੱਧ ਵਿਚ
ਪੀਰ ਬੁੱਧੂ ਸ਼ਾਹ ਵਲੋਂ ਆਪਣੇ ਪੁੱਤਰਾਂ ਦੀ ਕੁਰਬਾਨੀ ਤੋਂ ਲੈ ਕੇ ਮਾਛੀਵਾੜੇ ਤੋਂ ਗੁਰੂ ਜੀ
ਨੂੰ ਸੁਰੱਖਿਅਤ ਜਗ੍ਹਾ ਪੁਚਾਉਣ ਵਾਲੇ ਗਨੀ ਖ਼ਾਂ ਨਬੀ ਖ਼ਾਂ ਦੀ ਕਹਾਣੀ ਗੁਰੂ ਜੀ ਦੀ ਇਸ
ਭਾਈਚਾਰੇ ਨਾਲ ਅਟੁੱਟ ਸਾਂਝ ਦੀ ਹੀ ਤਾਂ ਪ੍ਰਤੀਕ ਹੈ। ਇਸੇ ਵਾਸਤੇ ਰਾਇ ਕੱਲ੍ਹਾ ਆਪਣੇ ਸਿਰ
‘ਤੇ ਡਿੱਗਣ ਵਾਲੇ ਹਰੇਕ ਪਹਾੜ ਦਾ ਭਾਰ ਸਹਿਣ ਲਈ ਤਿਆਰ ਸੀ। ਉਹ ਜਾਣਦਾ ਸੀ ਕਿ ਗੁਰੂ ਜੀ ਦੀ
ਲੜਾਈ ਜ਼ਾਲਮ ਤੇ ਮਜ਼ਲੂਮ ਦੀ ਸੀ ਕਿਸੇ ਹਿੰਦੂ ਜਾਂ ਮੁਸਲਮਾਨ ਦੀ ਨਹੀਂ। ਗੁਰੂ ਜੀ
ਮਜ਼ਲੂਮਾਂ ਦੀ ਧਿਰ ਸਨ ਤੇ ਜ਼ੁਲਮ ਦੇ ਖਿ਼ਲਾਫ਼।
ਇਸ ਸਬੰਧ ਵਿਚ ਹੀ ਰਾਇ ਸਾਹਿਬ ਨੇ ‘ਕਲਗੀਧਰ ਚਮਤਕਾਰ’ ਦਾ ਇਕ ਹਵਾਲਾ ਸਾਡੇ ਨਾਲ ਸਾਂਝਾ
ਕੀਤਾ। ਗੁਰੂ ਜੀ ਵਲੋਂ ‘ਮੁਗ਼ਲ ਰਾਜ ਦੀ ਜੜ੍ਹ ਪੁੱਟੀ ਗਈ’ ਸੁਣ ਕੇ ‘ਰਾਇ ਕੰਬਿਆ, ਡਰਿਆ,
ਮੈਂ ਵੀ ਹੁਣ ਮੁਸਲਮਾਨਾਂ ਵਿਚ ਸ਼ੁਮਾਰ ਹਾਂ, ਕੀ ਮੇਰਾ ਰਾਜ ਵੀ ਗਿਆ?’ ਇਹ ਸੋਚ ਕੇ ਬੋਲਿਆ,
‘‘ਪਾਤਸ਼ਾਹ! ਮੈਨੂੰ ਰੱਖ ਲਿਆ ਜੇ?’’
ਗੁਰੂ ਜੀ ਨੇ ਕਿਹਾ, ‘‘ਦੇਖ ਕੱਲ੍ਹਾ! ਤੂੰ ਸਾਨੂੰ ਪਿਆਰ ਕੀਤਾ ਹੈ, ਤੈਨੂੰ ਰੱਖ ਲਿਆ ਹੈ।’’
ਰਾਇ ਸਾਹਿਬ ਨੇ ਦੱਸਿਆ ਛੋਟੀ ਉਮਰ ਵਿਚ ਹੀ ਮੇਰੇ ਮਾਂ-ਬਾਪ ਗੁਜ਼ਰ ਗਏ ਸਨ ਅਤੇ ਘਰ ਵਿਚ
ਮੇਰੀ ਬਿਰਧ ਦਾਦੀ ਮਾਂ ਹੀ ਇਕੱਲੀ ਰਹਿ ਗਈ। ਦਸਮ ਪਾਤਸ਼ਾਹ ਜੀ ਦੀ ਅਦੁੱਤੀ ਦਾਤ ‘ਗੰਗਾ
ਸਾਗਰ’ ਸਬੰਧੀ ਜਾਣਕਾਰੀ ਦੇਣ ਦੇ ਨਾਲ ਨਾਲ ਆਪਣੇ ਪਰਿਵਾਰਕ ਇਤਿਹਾਸ ਅਤੇ ਰਾਜਪੂਤੀ ਰਸਮ
ਰਿਵਾਜ ਬਾਰੇ ਮੈਨੂੰ ਦੱਸਦੇ ਹੋਏ ਮੇਰੇ ਦਾਦੀ ਜੀ ਆਖਦੇ ਹੁੰਦੇ ਸਨ ਕਿ ਮੁਗ਼ਲ ਬਾਦਸ਼ਾਹ
ਅਕਬਰ ਨੇ ਉਸ ਵੇਲੇ ਦੇ ਰਾਏਕੋਟ ਰਿਆਸਤ ਦੇ ਮਾਲਕ ਨੂੰ ਇਸ ਲਈ ਮਰਵਾ ਦਿੱਤਾ ਸੀ ਕਿ ਉਸ ਨੇ
ਬਾਦਸ਼ਾਹ ਨੂੰ ਆਪਣੀ ਲੜਕੀ ਦਾ ਡੋਲਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ।’’
ਰਾਇ ਅਜ਼ੀਜ਼ ਉੱਲਾ ਨੇ ਗੱਲ ਅੱਗੇ ਤੋਰਦਿਆਂ ਦੱਸਿਆ, ‘‘ਰਾਏ ਕੱਲ੍ਹਾ ਜੀ ਸੱਚੇ ਤੇ ਸੁੱਚੇ
ਮੁਸਲਮਾਨ ਸਨ। ਮੁਗ਼ਲਾਂ ਦੇ ਟਾਕਰੇ ਵਿਚ ਦਸਮ ਪਾਤਸ਼ਾਹ ਦਾ ਸਾਥ ਦੇਣ ਦਾ ਫ਼ੈਸਲਾ ਕਰਨਾ ਇਹ
ਸਪਸ਼ਟ ਕਰਦਾ ਹੈ ਕਿ ਰਾਏ ਕੱਲ੍ਹਾ ਜੀ ਨੇ ਜਾਣ ਲਿਆ ਸੀ ਕਿ ਇਸ ਵੇਲੇ ਸੱਚਾ ਕੌਣ ਹੈ, ਜ਼ਾਲਮ
ਕੌਣ ਹੈ ਤੇ ਮਜ਼ਲੂਮ ਕੌਣ ਹੈ। ਰਾਏਕੋਟ ਰਿਆਸਤ ਕੀ, ਪੂਰੇ ਰਾਏ ਪਰਿਵਾਰ ਦੀਆਂ ਜਾਨਾਂ ਖ਼ਤਰੇ
ਵਿਚ ਪਾ ਕੇ ਪੂਰੇ ਸਤਿਕਾਰ ਨਾਲ ਦਸਮ ਪਾਤਸ਼ਾਹ ਦੀ ਸੇਵਾ ਕਰਨ ਦਾ ਰਾਏ ਕੱਲ੍ਹਾ ਜੀ ਨੇ ਜੋ
ਫੈਸਲਾ ਕੀਤਾ ਸੀ, ਉਸ ਉਤੇ ਰਾਇ ਪਰਿਵਾਰ ਦੀਆਂ ਪੀੜ੍ਹੀਆਂ ਵੀ ਹਮੇਸ਼ਾ ਮਾਣ ਕਰਦੀਆਂ
ਰਹਿਣਗੀਆਂ।’’
ਗੁਰੂ ਜੀ ਬਾਰੇ ਰਾਇ ਅਜ਼ੀਜ਼ ਉੱਲਾ ਦੀ ਇਹ ਅਕੀਦਤ ਵੇਖ ਕੇ ਸਾਡੇ ਮਨ ਉਸ ਲਈ ਸਨੇਹ ਅਤੇ ਆਦਰ
ਨਾਲ ਭਰ ਗਏ।
ਰਾਏ ਖ਼ਾਨਦਾਨ ਕੋਲੋਂ ਇਨ੍ਹਾਂ ਇਹਿਹਾਸਕ ਵਸਤੂਆਂ ਨੂੰ ਬੜੇ ਬੜੇ ਲਾਲਚ ਦੇ ਕੇ ਵੱਡੇ ਵੱਡੇ
ਲੋਕਾਂ ਨੇ ਪ੍ਰਾਪਤ ਕਰਨਾ ਚਾਹਿਆ ਪਰ ਗੁਰੂ ਜੀ ਦੀਆਂ ਇਹ ਨਿਸ਼ਾਨੀਆਂ ਇਸ ਖ਼ਾਨਦਾਨ ਨੇ ਆਪਣੇ
ਕਲੇਜੇ ਨਾਲ ਲਾਈ ਰੱਖੀਆਂ। ਮਹਾਰਾਜਾ ਰਣਜੀਤ ਸਿੰਘ ਤੇ ਮਹਾਰਾਜਾ ਪਟਿਆਲਾ ਨੂੰ ਵੀ ਉਨ੍ਹਾਂ
ਨੇ ਇਹ ਇਤਿਹਾਸਕ ਨਿਸ਼ਾਨੀਆਂ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ।
ਰਾਇ ਸਾਹਿਬ ਦੀ ਸ਼ਰਧਾ ਅਤੇ ਮਾਣ ਬੋਲ ਰਿਹਾ ਸੀ, ‘‘ਮੈਨੂੰ ਬਜ਼ੁਰਗਾਂ ਦੇ ਇਨ੍ਹਾਂ ਵਿਚਾਰਾਂ
‘ਤੇ ਬਹੁਤ ਮਾਣ ਹੈ। ਇਸੇ ਕਰਕੇ ਹੀ ਪਰਿਵਾਰ ਨੂੰ ਕਾਫ਼ੀ ਨੁਕਸਾਨ ਵੀ ਉਠਾਉਣਾ ਪਿਆ। ਰਾਏਕੋਟ
ਦੀ 1300 ਪਿੰਡਾਂ ਵਾਲੀ ਰਿਆਸਤ ਵੀ ਖੁੱਸ ਗਈ। ਸਿਰਫ਼ ਰਾਏ ਪਰਿਵਾਰ ਕੋਲ ਪੰਜ ਪਿੰਡ ਹੀ
ਰਹਿਣ ਦਿੱਤੇ ਗਏ। ਬਾਅਦ ਵਿਚ ਵੀ ਅਨੇਕਾਂ ਵਾਰ ਗੁਰੂ ਸਾਹਿਬ ਦੀਆਂ ਬਖ਼ਸ਼ੀਆਂ ਨਿਸ਼ਾਨੀਆਂ
ਲਈ ਪਰਿਵਾਰ ਦੇ ਮੋਹਰੀਆਂ ਨੂੰ ਭਾਰੀ ਰਕਮਾਂ ਦੀ ਪੇਸ਼ਕਸ਼ ਹੁੰਦੀ ਰਹੀ, ਜਿਸ ਨੂੰ ਕਬੂਲਣ
ਤੋਂ ਉਹ ਇਨਕਾਰ ਕਰਦੇ ਰਹੇ।’’
ਰਾਇ ਸਾਹਿਬ ਨੇ ਅੱਗੇ ਦੱਸਿਆ, ‘‘ਮੇਰੇ ਪਰਿਵਾਰਕ ਰਿਕਾਰਡ ਅਨੁਸਾਰ 1854 ਵਿਚ ਅੰਗਰੇਜ਼
ਹਾਕਮ ਆਪਣੀ ਸਰਕਾਰ ਦੇ ਜ਼ੋਰ ਨਾਲ ਸਾਡੇ ਵਡੇਰੇ ਰਾਏ ਇਮਾਮ ਬਖ਼ਸ਼ ਤੋਂ ਗੁਰੂ ਜੀ ਦੀ
ਬਖ਼ਸ਼ੀ ਤਲਵਾਰ ਲੈਣ ਵਿਚ ਸਫਲ ਹੋ ਗਏ ਪਰ ਰਾਏ ਪਰਿਵਾਰ ਗੁਰੂ ਸਾਹਿਬ ਦੇ ਬਖ਼ਸ਼ੇ ‘ਗੰਗਾ
ਸਾਗਰ’ ਨੂੰ ਉਸ ਦੌਰ ਵਿਚ ਵੀ ਆਪਣੇ ਕੋਲ ਸੁਰੱਖਿਅਤ ਰੱਖਣ ਵਿਚ ਕਾਮਯਾਬ ਰਿਹਾ ਸੀ ਜੋ ਕਿ
ਹੁਣ ਤਕ ਇਸੇ ਪਰਿਵਾਰ ਵਿਚ ਹੀ ਹੈ।’’
‘‘1947 ਤਕ ਗੁਰੂ ਸਾਹਿਬ ਦੀ ਇਹ ਪਵਿੱਤਰ ਨਿਸ਼ਾਨੀ ਮੇਰੇ ਦਾਦਾ ਜੀ ਦੇ ਕੋਲ ਰਾਏਕੋਟ ਵਿਚ
ਸੁਰੱਖਿਅਤ ਸੀ। ਉਹ ਸਾਲ ਵਿਚ ਇਕ ਵਾਰ ਸ਼ਰਧਾ ਤੇ ਪ੍ਰੇਮ ਨਾਲ ਆਈਆਂ ਸੰਗਤਾਂ ਨੂੰ ‘ਗੰਗਾ
ਸਾਗਰ’ ਦੇ ਦਰਸ਼ਨ ਕਰਾਉਂਦੇ ਹੁੰਦੇ ਸਨ।’’
ਅਸੀਂ ਪੋਥੀ ਰੱਖਣ ਵਾਲੀ ਰੀਹਲ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਲੱਕੜ ਦੀ ਹੋਣ ਕਰਕੇ
ਘੁਣ ਵਗੈਰਾ ਲੱਗਣ ਕਰਕੇ ਇਹ ਬਾਕਾਇਦਾ ਸਾਂਭੀ ਨਹੀਂ ਜਾ ਸਕੀ।
ਇਹ ਕਿਹਾ ਜਾਂਦਾ ਹੈ ਕਿ ਗੰਗਾ-ਸਾਗਰ ਇਕ ਅਜਿਹਾ ਬਰਤਨ ਹੈ ਜਿਸ ਵਿਚ ਛੇਕ ਸਨ, ਪਰ ਉਸ ਵਿਚ
ਪਾਇਆ ਪਾਣੀ ਡੁਲ੍ਹਦਾ ਨਹੀਂ। ਨਿਸਚੈ ਹੀ ਇਹ ਕਿਸੇ ਵਿਗਿਆਨਕ ਵਿਧੀ ਨਾਲ ਬਣਾਇਆ ਬਰਤਨ
ਹੋਵੇਗਾ। ਰਾਇ ਸਾਹਿਬ ਨੇ ਇਸ ਬਾਰੇ ਦੱਸਿਆ, ‘‘ਇਹ ਠੀਕ ਹੈ ਕਿ ਬਰਤਨ ਵਿਚ ਰੇਤਾ ਪਾਓ ਤਾਂ
ਕਿਰ ਜਾਂਦਾ ਹੈ ਪਰ ਪਾਣੀ ਆਦਿ ਤਰਲ ਚੀਜ਼ ਪਾਓ ਤਾਂ ਉਹ ਇਸ ਵਿਚ ਟਿਕੀ ਰਹਿੰਦੀ ਹੈ। ਭਰਨ
ਵੇਲੇ ਕੁਝ ਕਤਰੇ ਡਿਗਦੇ ਹਨ। ਇਸ ਦੀ ਮੁਨਾਸਬ ਸੁਰੱਖਿਆ ਰੱਖਣ ਦੇ ਖਿਆਲ ਨਾਲ ਮੈਂ
‘ਗੰਗਾ-ਸਾਗਰ’ ਨੂੰ ਇੰਗਲੈਂਡ ਵਿਚ ਬੈਂਕ ਦੇ ਲਾਕਰ ਵਿਚ ਬੜੇ ਹੀ ਸਤਿਕਾਰ ਨਾਲ ਰਖਵਾਇਆ ਹੋਇਆ
ਹੈ ਅਤੇ ਇਸ ਨੂੰ ਸਿਰਫ਼ ਉਸ ਵੇਲੇ ਹੀ ਬਾਹਰ ਲਿਆਇਆ ਜਾਂਦਾ ਹੈ ਜਦ ਕਦੇ ਸੰਗਤਾਂ ਨੂੰ ਇਸ ਦੇ
ਦਰਸ਼ਨ ਕਰਾਉਣੇ ਹੋਣ। ਮੈਂ ਹੁਣ ਤਕ ਬਰਤਾਨੀਆ, ਅਮਰੀਕਾ, ਸਿੰਘਾਪੁਰ, ਮਲੇਸ਼ੀਆ, ਆਸਟਰੇਲੀਆ
ਤੇ ਨਿਊਜ਼ੀਲੈਂਡ ਵਿਚ ਸੰਗਤਾਂ ਨੂੰ ਇਸ ਦੇ ਦਰਸ਼ਨ ਕਰਵਾ ਕੇ ਆਪਣੇ ਪਰਿਵਾਰ ਦੀ ਇਸ ਪੁਰਾਣੀ
ਰੀਤ ਚਲਾ ਰਿਹਾ ਹਾਂ।’’
‘‘ਗੰਗਾ ਸਾਗਰ ਬੜੇ ਹੀ ਪਿਆਰ ਤੇ ਕਮਾਲ ਮੁਹਾਰਤ ਨਾਲ ਬਣਾਇਆ ਹੋਇਆ ਇਕ ਧਾਤੀ ਬਰਤਨ ਹੈ ਪਰ
ਮੇਰੇ ਲਈ ਇਸ ਦੀ ਸਭ ਤੋਂ ਵੱਡੀ ਮਹੱਤਤਾ ਇਹੀ ਹੈ ਕਿ ਇਸ ਨੂੰ ਦਸਮ ਪਾਤਸ਼ਾਹ ਦੀ ਪਾਵਨ ਛੂਹ
ਪ੍ਰਾਪਤ ਹੁੰਦੀ ਰਹੀ ਹੈ। ਇਸ ਦੀ ਥਾਂ ਜੇ ਗੁਰੂ ਸਾਹਿਬ ਇਕ ਮਿੱਟੀ ਦਾ ਪਿਆਲਾ ਵੀ ਬਖ਼ਸ਼
ਦਿੰਦੇ ਤਾਂ ਉਸ ਦਾ ਵੀ ਮੇਰੇ ਦਿਲ ਵਿਚ ਏਨਾ ਹੀ ਮਾਣ ਅਤੇ ਸਤਿਕਾਰ ਹੁੰਦਾ। ਮੇਰੀ ਇਹ ਇੱਛਾ
ਹੈ ਕਿ ਜਿਵੇਂ ਕੁਦਰਤ ਨੇ ਮੇਰੇ ਬਜ਼ੁਰਗਾਂ ਵਾਂਗ ਮੈਨੂੰ ਵੀ ਗੁਰੂ ਮਹਾਰਾਜ ਦੀ ਇਸ ਅਦੁੱਤੀ
ਦਾਤ ਦੀ ਸੇਵਾ ਸੰਭਾਲ ਕਰਨ ਦਾ ਮਾਣ ਬਖਸਿ਼ਆ ਹੈ, ਉਵੇਂ ਹੀ ਮੇਰੀਆਂ ਆਉਣ ਵਾਲੀਆਂ ਪੀੜ੍ਹੀਆਂ
ਵੀ ਇਹ ਸੁਭਾਗ ਪ੍ਰਾਪਤ ਕਰਦੀਆਂ ਰਹਿਣ।’’
ਇਸ ਬਹੁਮੁੱਲੀ ਜਾਣਕਾਰੀ ਦੇ ਨਾਲ ਨਾਲ ਹੀ ਰਾਇ ਅਜ਼ੀਜ਼ ਉੱਲਾ ਦੇ ਪਵਿੱਤਰ ਮਨ ਦੇ ਦੀਦਾਰ
ਹੁੰਦੇ ਗਏ।
ਰਾਇ ਸਾਹਿਬ ਦਾ ਸਾਰਾ ਪਰਿਵਾਰ ਹੀ ਸਾਡੇ ਕੋਲ ਬੈਠਾ ਹੋਇਆ ਸੀ। ਉਨ੍ਹਾਂ ਦੀ ਸਤਿਕਾਰਯੋਗ ਭੂਆ
ਮੁਸ਼ੱਰਫ ਬੇਗਮ, ਰਾਇ ਸਾਹਿਬ ਦੀ ਪਤਨੀ ਤਬੱਸਮ ਅਜ਼ੀਜ਼, ਬੇਟਾ ਰਾਇ ਮੁਹੰਮਦ ਅਲੀ ਖ਼ਾਨ ਤੇ
ਚਾਰੇ ਬੇਟੀਆਂ ਆਮਿਨਾ, ਰਾਬਿਆ, ਫਾਤਮਾ ਤੇ ਮਾਹਮ। ਅਸੀਂ ਆਪਣੇ ਪਰਿਵਾਰ ਵਿਚ ਬੈਠੇ ਹੋਏ
ਸਾਂ। ਬਹੁਤ ਹੀ ਆਦਰਯੋਗ ਬਜ਼ੁਰਗ ਭੂਆ ਜੀ ਨੂੰ ਜਦੋਂ ਉਨ੍ਹਾਂ ਦੀ ਰਾਇਕੋਟ ਵਿਚਲੀ ਹਵੇਲੀ
ਬਾਰੇ ਪੁੱਛਿਆ ਕਿ ਉਨ੍ਹਾਂ ਨੂੰ ਉਹ ਸਭ ਕੁਝ ਯਾਦ ਹੈ ਤਾਂ ਉਨ੍ਹਾਂ ਨੇ ਕਿਹਾ, ‘‘ਯਾਦ ਤਦ
ਹੁੰਦਾ ਹੈ ਜੇ ਕੁਝ ਭੁੱਲਾ ਹੋਵੇ। ਉਹ ਸਭ ਕੁਝ ਮੈਨੂੰ ਭੁੱਲਾ ਹੀ ਕਦੋਂ ਹੈ।’’
ਚਾਹ-ਠੰਢਾ ਤੇ ਨਾਲ ਕਈ ਤਰ੍ਹਾਂ ਦੇ ਫਲ-ਮੇਵੇ। ਕਈ ਤਰ੍ਹਾਂ ਦੇ ਪਕੌੜੇ ਤੇ ਪਕਵਾਨ। ਸਰੀਰ ਦਾ
ਰੱਜ ਵੀ ਹੋ ਰਿਹਾ ਸੀ ਤੇ ਰੂਹ ਦਾ ਰੱਜ ਵੀ।
‘‘ਖਾਣਾ ਆਪਾਂ ਤੁਹਾਨੂੰ ਗਵਾਲ ਮੰਡੀ ਦੀ ਫੂਡ ਸਟਰੀਟ ‘ਤੇ ਖਵਾਉਂਦੇ ਹਾਂ। ਉਹ ਸਾਡੀ ਲਾਹੌਰ
ਦੀ ਵੇਖਣ ਵਾਲੀ ਖਾਸ ਜਗ੍ਹਾ ਹੈ।’’
ਅਸੀਂ ਗਵਾਲ ਮੰਡੀ ਦੀ ਫੂਡ ਸਟਰੀਟ ਬਾਰੇ ਸੁਣ ਚੁੱਕੇ ਸਾਂ ਅਤੇ ਵੇਖਣਾ ਵੀ ਚਾਹੁੰਦੇ ਸਾਂ।
ਉਥੇ ਖਾਣਾ ਖਾਣ ਜਾਣ ਨਾਲ ‘ਇਕ ਪੰਥ ਦੋ ਕਾਜ’ ਵਾਲੀ ਗੱਲ ਸੀ। ਇਕ ਰਾਇ ਸਾਹਿਬ ਦੇ ਪਰਿਵਾਰ
ਦਾ ਮੁਤਬੱਰਕ ਸਾਥ ਤੇ ਦੂਜਾ ਗਵਾਲ ਮੰਡੀ ਦੀ ਸੈਰ।
ਪੱਗਾਂ ਇੰਜ ਹੀ ਬਾਜ਼ਾਰਾਂ ਵਿਚ ਨਜ਼ਰ ਆਉਂਦੀਆਂ ਰਹਿਣ
ਲਾਹੌਰ ਸ਼ਹਿਰ ਜਗ ਮਗ ਕਰ ਰਿਹਾ ਸੀ ਜਦੋਂ ਅਸੀਂ ਕਾਰਾਂ ਤੋਂ ਉੱਤਰ ਕੇ ਗਵਾਲ ਮੰਡੀ ਦੀ ਫੂਡ
ਸਟਰੀਟ ਵਿਚ ਪਹੁੰਚੇ। ਅੰਮ੍ਰਿਤਸਰ ਦੇ ਹਾਲ ਬਾਜ਼ਾਰ ਜਿੰਨੀ ਚੌੜੀ ਤੇ ਲੰਬਾਈ ਪੱਖੋਂ ਉਸ ਤੋਂ
ਕੁਝ ਛੋਟੀ ਹੀ ਹੈ ਇਹ ਫੂਡ ਸਟਰੀਟ। ਇਹ ਇਕ ਆਈ.ਏ.ਐੱਸ. ਅਧਿਕਾਰੀ ਮਿਸਟਰ ਲਾਸ਼ਾਰੀ ਦੇ
ਦਿਮਾਗ ਦੀ ਉਪਜ ਹੈ। ਸੰਨ ਸੰਤਾਲੀ ਤੋਂ ਪਹਿਲਾਂ ਦੀਆਂ ਦੋ ਮੰਜ਼ਲੀਆਂ-ਤਿਮੰਜ਼ਲੀਆਂ ਇਮਾਰਤਾਂ
ਨੂੰ ਉਦੋਂ ਵਾਲੇ ਸਰੂਪ ਵਿਚ ਹੀ ਸਾਂਭ ਕੇ ਰੱਖਿਆ ਹੋਇਆ। ਉਂਜ ਹੀ ਬਾਰੀ ਦਰਵਾਜਿ਼ਆਂ ਸਾਹਵੇਂ
ਚਿੱਕਾਂ ਤਣੀਆਂ ਹੋਈਆਂ। ਇਮਾਰਤਾਂ ਵਿਚ ਜਗ ਰਹੀਆਂ ਮੱਧਮ ਰੌਸ਼ਨੀਆਂ। ‘ਸਟਰੀਟ’ ਦੇ ਦੋਹੀਂ
ਪਾਸੀਂ ਉਪਰ ਚੁਬਾਰਿਆਂ ‘ਤੇ ਝਾਤੀ ਮਾਰੀਏ ਤਾਂ ਲੱਗਦਾ ਹੈ ਵੰਡ ਤੋਂ ਪਹਿਲਾਂ ਦੇ ਸੁਜਿੰਦ
ਮਾਹੌਲ ਵਿਚ ਪਰਵੇਸ਼ ਕਰ ਗਏ ਹੋਈਏ। ਰਾਤ ਸਮੇਂ ਸੰਗਲ ਲਾ ਕੇ ਇਸ ਸਟਰੀਟ ਵਿਚ ਹਰ ਕਿਸਮ ਦੇ
ਵਾਹਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਜਾਂਦੀ ਹੈ। ਸਟਰੀਟ ਦੇ ਦੋਹੀਂ ਪਾਸੀਂ ਇਮਾਰਤਾਂ ਦੇ
ਹੇਠਲੇ ਭਾਗਾਂ ਵਿਚ ਖਾਣ-ਪੀਣ ਦੇ ਸਾਮਾਨ ਦੀਆਂ ਦੁਕਾਨਾਂ ਹਨ। ਹਰੇਕ ਦੁਕਾਨ ਦੇ ਬਾਹਰ ਮੇਜ਼
ਕੁਰਸੀਆਂ ਲੱਗੇ ਹੋਏ। ਸਾਰੀ ਸਟਰੀਟ ਵਿਚ ਮੱਧਮ ਆਵਾਜ਼ ਵਿਚ ਮੋਹ ਲੈਣ ਵਾਲਾ ਸੰਗੀਤ ਸਰੋਤਿਆਂ
ਦੇ ਦਿਲਾਂ ਦੀਆਂ ਤਰਬਾਂ ਛੇੜਦਾ। ਦੋਹੀਂ ਪਾਸੀਂ ਲੱਗੇ ਮੇਜ਼-ਕੁਰਸੀਆਂ ਉਤੇ ਲੋਕ ਪਰਿਵਾਰਾਂ
ਤੇ ਦੋਸਤਾਂ-ਮਿੱਤਰਾਂ ਸੰਗ ਬੈਠੇ ਸੁਆਦਲੇ ਭੋਜਨ ਦਾ ਆਨੰਦ ਮਾਣ ਰਹੇ। ‘ਫੂਡ ਸਟਰੀਟ’ ਦੇ ਇਕ
ਸਿਰੇ ਤੋਂ ਦੂਜੇ ਸਿਰੇ ਤਕ ਲੋਕਾਂ ਦੀ ਭੀੜ, ਸੱਚਮੁੱਚ ਹੀ ਮੋਢੇ ਨਾਲ ਮੋਢਾ ਖਹਿ ਰਿਹਾ।
ਰਾਇ ਸਾਹਿਬ ਦਾ ਸਮੁੱਚਾ ਪਰਿਵਾਰ ਤੇ ਅਸੀਂ ਸਭ ਇਕ ਵੱਡੇ ਟੋਲੇ ਦੇ ਰੂਪ ਵਿਚ ‘ਫੂਡ ਸਟਰੀਟ’
ਵਿਚ ਦਾਖ਼ਲ ਹੋਏ। ਮੌਸਮ ਖ਼ੁਸ਼ਗਵਾਰ ਸੀ। ਠੰਢੀ ਠੰਢੀ ਹਵਾ ਰੁਮਕ ਰਹੀ ਸੀ। ਮੈਂ ਆਪਣੀ ਟੋਲੀ
ਤੋਂ ਜਾਣ-ਬੁੱਝ ਕੇ ਪਿੱਛੇ ਪਿੱਛੇ ਤੁਰ ਰਿਹਾ ਸਾਂ। ਆਸੇ ਪਾਸੇ ਵੇਖਦਾ ਹੋਇਆ। ਲੋਕਾਂ ਨਾਲ
ਨਜ਼ਰਾਂ ਮਿਲਾਉਂਦਾ ਹੋਇਆ। ਮੈਂ ਜਾਨਣਾ ਚਾਹੁੰਦਾ ਸਾਂ ਕਿ ਸਾਡੇ ਵੱਲ ਵੇਖ ਕੇ ਇਨ੍ਹਾਂ
ਲੋਕਾਂ ਦੇ ਮਨਾਂ ਵਿਚ ਕਿਹੋ ਜਿਹੇ ਭਾਵ ਉਜਾਗਰ ਹੋ ਰਹੇ ਹੋਣਗੇ। ਕੋਲੋਂ ਦੀ ਲੰਘਣ ਵਾਲੇ ਲੋਕ
ਸਾਡੇ ਵੱਲ ਦਿਲਚਸਪੀ ਨਾਲ ਵੇਖਦੇ। ਬਹੁਤਿਆਂ ਦੇ ਚਿਹਰਿਆਂ ਤੋਂ ਆਦਰ ਭਾਵ ਝਲਕ ਰਿਹਾ ਸੀ। ਕਈ
ਲੰਘਦੇ ਲੰਘਦੇ ‘ਅਸਲਾਮਾ ਲੇਕਮ ਸਰਦਾਰ ਜੀ?’ ਵੀ ਆਖ ਜਾਂਦੇ। ਮੈਂ ਅਦਬ ਨਾਲ ਜੁਆਬ ਦਿੰਦਾ।
ਕਈਆਂ ਦੀਆਂ ਨਜ਼ਰਾਂ ਵਿਚੋਂ ਸ਼ਰਾਰਤ ਵੀ ਝਲਕਦੀ। ਕਈ ਦੂਰ ਖਲੋਤੇ ਸਾਡੇ ਵੱਲ ਇਸ਼ਾਰੇ ਕਰਕੇ
ਆਪਸ ਵਿਚ ਗੁਫ਼ਤਗੂ ਕਰਦੇ ਨਜ਼ਰ ਆਉਂਦੇ।
ਸਾਰੀਆਂ ਦੁਕਾਨਾਂ ਦੇ ਬਾਹਰ ਲੋਕਾਂ ਦੀਆਂ ਭੀੜਾਂ ਵਿਭਿੰਨ ਪਕਵਾਨ ਖਾਣ ਵਿਚ ਰੁੱਝੀਆਂ ਹੋਈਆਂ
ਸਨ। ਬੈਠਣ ਲਈ ਕੋਈ ਖ਼ਾਲੀ ਥਾਂ ਨਜ਼ਰ ਨਹੀਂ ਸੀ ਆ ਰਹੀ। ਫੂਡ ਸਟਰੀਟ ਦੇ ਇਕ ਸਿਰੇ ਤੋਂ
ਦੂਜੇ ਸਿਰੇ ਤਕ ਗੇੜਾ ਮਾਰ ਕੇ ਅਸੀਂ ਵਾਪਸ ਪਰਤੇ। ਇਕ ਪੰਝੀ, ਤੀਹ ਸਾਲ ਦੇ ਨੌਜਵਾਨ ਨੇ
ਮੇਰੇ ਕੋਲ ਖਲੋ ਕੇ ਮੈਨੂੰ ‘ਸਲਾਮ’ ਆਖੀ। ਮੈਂ ਉਸ ਵੱਲ ਹੱਥ ਵਧਾਇਆ ਤਾਂ ਉਸ ਨੇ ਪੂਰੀ
ਗਰਮਜੋਸ਼ੀ ਨਾਲ ਮੇਰਾ ਹੱਥ ਘੁੱਟਿਆ। ਸਲੇਟੀ ਰੰਗ ਦੀ ਸਲਵਾਰ ਕਮੀਜ਼, ਚਿਹਰੇ ਉਤੇ ਛੋਟੀ
ਛੋਟੀ ਦਾੜ੍ਹੀ, ਛੇ-ਫੁੱਟ ਦੇ ਲਗਪਗ ਕੱਦ। ਉਸ ਨੇ ਬੜੇ ਮੋਹ ਨਾਲ ਪੁੱਛਿਆ, ‘‘ਸਭ ਖ਼ੈਰ ਮਿਹਰ
ਏ?’’
ਮੈਂ ਅਸਮਾਨ ਵੱਲ ਹੱਥ ਚੁੱਕੇ, ‘‘ਅੱਲ੍ਹਾ ਪਾਕਿ ਦੀ ਬੜੀ ਮਿਹਰਬਾਨੀ ਏ।’’
ਮੇਰੇ ਸਾਥੀਆਂ ਨੂੰ ਇਕ ਦੁਕਾਨ ਦੇ ਬਾਹਰ ਖ਼ਾਲੀ ਥਾਂ ਮਿਲ ਗਈ ਸੀ। ਅਸੀਂ ਆਪਣੀ ਆਪਣੀ ਥਾਂ
ਮੱਲ ਕੇ ਬੈਠ ਗਏ। ਰਾਏ ਸਾਹਿਬ ਹਰੇਕ ਕੋਲੋਂ ਉਹਦੇ ਖਾਣੇ ਦੀ ਚੋਣ ਬਾਰੇ ਪੁੱਛ ਰਹੇ ਸਨ। ਸਭ
ਕੁਝ ਮਿਲ ਰਿਹਾ ਸੀ। ਮੀਟ ਦੇ ਅਨੇਕਾਂ ਪਕਵਾਨ, ਪੂਰੀਆਂ, ਛੋਲੇ, ਜਲੇਬੀਆਂ, ਖੋਏ ਦੀ ਕੁਲਫੀ,
ਆਈਸ ਕਰੀਮ, ਦਹੀਂ ਦੀ ਲੱਸੀ ਤੇ ਹੋਰ ਕਈ ਕੁਝ। ਲੰਘਦੇ ਜਾਂਦੇ ਲੋਕ ‘ਸਲਾਮ’ ਬੁਲਾ ਕੇ ਲੰਘ
ਰਹੇ ਸਨ। ਮੇਰਾ ਦਿਲ ਕੀਤਾ ਮੈਂ ਇਕ ਵਾਰ ਇਕੱਲਾ ਹੀ ਫੂਡ ਸਟਰੀਟ ਦਾ ਗੇੜਾ ਲਾਵਾਂ। ਰਾਏ
ਸਾਹਿਬ ਅਤੇ ਸਾਥੀਆਂ ਤੋਂ ਆਗਿਆ ਲੈ ਕੇ ਮੈਂ ਤੁਰ ਪਿਆ। ਹੁਣ ਇਕੱਲਾ ਵੇਖ ਕੇ ਹੋਰ ਵੀ
ਜਿ਼ਆਦਾ ਲੋਕ ਬੁਲਾਉਣ ਅਤੇ ਹਾਲ-ਚਾਲ ਪੁੱਛਣ ਲੱਗੇ। ਨੌਜਵਾਨਾਂ ਦਾ ਇਕ ਟੋਲਾ ਸਾਹਮਣੇ ਖਲੋਤਾ
ਮੁਸਕਰਾ ਰਿਹਾ ਸੀ।
‘‘ਸਰਦਾਰ ਜੀ, ਕੀ ਹਾਲ ਚਾਲ ਜੇ?’’ ਮੈਂ ਉਨ੍ਹਾਂ ਕੋਲ ਰੁਕ ਗਿਆ।
‘‘ਉਹਨੂੰ ਆਖਣਾ ਸੀ ਅਡਵਾਨੀ ਨੂੰ.. ਹੁਣ ਕਿਉਂ ਪੂਛ ਚੱਡਿਆਂ ‘ਚ ਦੇ ਲਈ ਸੂ... ਅਖੇ ਅਸੀ
ਕ੍ਰਿਕਟ ਨਹੀਂ ਖੇਡਣੀ। ਪਤਾ ਸੀ ਨਾ ਚੰਗੀ ਫਾਕੀ ਲੱਗਣੀ ਐਂ।’’
ਉਹਦੇ ਨਾਲ ਹੀ ਸਾਰੇ ਜਣੇ ਖਿੜ-ਖਿੜਾ ਕੇ ਹੱਸ ਪਏ। ਮੈਂ ਛਿੱਥਾ ਜਿਹਾ ਪੈ ਗਿਆ। ਆਪਣੇ ਆਪ
ਨੂੰ ਸੰਭਾਲ ਕੇ ਕਿਹਾ, ‘‘ਬੇਟਾ ! ਮੈਂ ਅਡਵਾਨੀ ਦੇ ਨੁਮਾਇੰਦੇ ਵਜੋਂ ਨਹੀਂ ਇਥੇ ਆਇਆ। ਮੈਂ
ਤਾਂ ਇਥੇ ਆਇਆਂ ਆਪਣੇ ਪੰਜਾਬੀ ਭਰਾਵਾਂ ਨੂੰ ਮਿਲਣ। ਪੰਜਾਬੀ ਰੂਹ ਦੇ ਦੀਦਾਰ ਕਰਨ। ਆਪਣੇ
ਲਾਹੌਰੀਆਂ ਦੀ ਮਿੱਠੀ ਜ਼ੁਬਾਨ ਸੁਣਨ। ਤੁਹਾਡੇ ਜਿਹੇ ਪੰਜਾਬ ਦੇ ਛਿੰਦੇ ਪੁੱਤਾਂ ਨੂੰ
ਮਿਲਣ।’’
ਉਨ੍ਹਾਂ ਦਾ ਰਵੱਈਆ ਇਕ-ਦਮ ਹੀ ਬਦਲ ਗਿਆ। ਉਨ੍ਹਾਂ ਦੇ ਚਿਹਰਿਆਂ ਵਿਚ ਅਪਣੱਤ ਘੁਲ ਗਈ।
‘‘ਸਰਦਾਰ ਜੀ? ਹੁਕਮ ਕਰੋ ਕੀ ਖਾਣਾ ਪੀਣਾ ਜੇ। ਜੇ ਸਾਨੂੰ ਪੁੱਤਰ ਆਖਿਆ ਜੇ ਤਾਂ ਫਿਰ ਸਾਡਾ
ਆਖਾ ਮੋੜਿਆ ਜੇ ਨਾ!’’ ਇਕ ਹੋਰ ਨੌਜਵਾਨ ਨੇ ਹੁੱਬ ਕੇ ਆਖਿਆ।
‘‘ਪੁੱਤਰੋ! ਤੁਹਾਡਾ ਸਭ ਕੁਝ ਮੈਨੂੰ ਪੁੱਜ ਗਿਆ। ਬੱਸ ਮੇਰੇ ਇਸ ਬੇਟੇ ਦਾ ਰੰਜ ਦੂਰ ਹੋ
ਜਾਵੇ।’’
ਮੈਂ ‘ਕ੍ਰਿਕਟ’ ਦੀ ਗੱਲ ਕਰਨ ਵਾਲੇ ਨੌਜਵਾਨ ਦੀ ਗੱਲ੍ਹ ਪੋਲੇ ਜਿਹੇ, ਲਾਡ ਨਾਲ ਥਪਥਪਾਈ। ਉਸ
ਨੇ ਆਪਣੀ ਧੌਣ ਪਿੱਛੇ ਨੂੰ ਖਿਸਕਾਉਣ ਦੀ ਬੇਮਲੂਮੀ ਜਿਹੀ ਕੋਸਿ਼ਸ਼ ਕੀਤੀ। ਸ਼ਾਇਦ ਉਸ ਨੂੰ
ਮੇਰੇ ਰੂਪ ਵਿਚ ਅਜੇ ਵੀ ਆਪਣੀ ਗੱਲ੍ਹ ‘ਤੇ ਅਡਵਾਨੀ ਦੀਆਂ ਉਂਗਲਾਂ ਛੂਹ ਰਹੀਆਂ ਮਹਿਸੂਸ ਹੋ
ਰਹੀਆਂ ਸਨ।
ਮੈਂ ਉਨ੍ਹਾਂ ਕੋਲੋਂ ਤੁਰਿਆ ਤਾਂ ਸਾਰਿਆਂ ਨੇ ਉੱਚੀ ਆਵਾਜ਼ ਵਿਚ ਕਿਹਾ, ‘ਅੱਛਾ ਸਰਦਾਰ ਜੀ,
ਖ਼ੁਦਾ ਹਾਫਿ਼ਜ਼।’’ ਮੈਂ ਵੇਖਿਆ! ‘ਕ੍ਰਿਕਟ’ ਵਾਲਾ ਮੁੰਡਾ ਵੀ ਦੂਜਿਆਂ ਨਾਲ ਰਲ ਕੇ ਮੁਸਕਰਾ
ਰਿਹਾ ਸੀ। ਉਹਦੀ ਮੁਸਕਰਾਹਟ ਵਿਚ ਕੋਈ ਮੈਲ ਨਹੀਂ ਸੀ।
ਅਗਲੇ ਸਿਰੇ ਤੋਂ ਹੋ ਕੇ ਮੈਂ ਆਪਣੇ ਸਾਥੀਆਂ ਵੱਲ ਪਰਤ ਰਿਹਾ ਸਾਂ ਕਿ ਸਲੇਟੀ ਸੂਟ, ਛੋਟੀ
ਛੋਟੀ ਦਾੜ੍ਹੀ ਵਾਲਾ ਤੇ ਉੱਚੇ ਕੱਦ ਵਾਲਾ ਨੌਜਵਾਨ ਵਿਚ ਮੈਨੂੰ ਫੇਰ ਮਿਲ ਪਿਆ। ਸਾਡੀਆਂ
ਅੱਖਾਂ ਮਿਲੀਆਂ। ਮੁਸਕਰਾਹਟ ਸਾਂਝੀ ਹੋਈ ਤੇ ਉਸ ਨੇ ਮੇਰਾ ਹੱਥ ਫੜ ਕੇ ਭਾਵ ਪੂਰਤ ਸ਼ਬਦਾਂ
ਵਿਚ ਆਖਿਆ।
‘‘ਸਰਦਾਰ ਜੀ ! ਤੁਹਾਡਾ ਇਥੇ ਫੂਡ ਸਟਰੀਟ ਵਿਚ ਇੰਜ ਫਿਰਨਾ ਮੈਨੂੰ ਬਹੁਤ ਹੀ ਚੰਗਾ ਲੱਗਾ
ਹੈ। ਮੇਰੀ ਇਹ ਹਸਰਤ ਹੈ ਕਿ ਤੁਹਾਡੀਆਂ ਪੱਗਾਂ ਇੰਜ ਹੀ ਲਾਹੌਰ ਦੇ ਬਾਜ਼ਾਰਾਂ ਵਿਚ ਫਿਰਦੀ
ਭੀੜ ਵਿਚੋਂ ਮੈਨੂੰ ਹਮੇਸ਼ਾ ਨਜ਼ਰ ਆਉਂਦੀਆਂ ਰਹਿਣ। ਮੈਨੂੰ ਲੱਗਦੈ ਇਨ੍ਹਾਂ ਪੱਗਾਂ ਵਾਲਿਆਂ
ਦੇ ਲਾਹੌਰ ਵਿਚ ਫਿਰਦਿਆਂ ਹੀ ਲਾਹੌਰ ਸੋਹਣਾ ਲੱਗ ਸਕਦੈ। ਪੰਜਾਬ ਮੁਕੰਮਲ ਲੱਗਦੈ। ਤੁਸੀਂ
ਇਥੇ ਆਓ! ਜੰਮ ਜੰਮ ਆਓ।’’
ਉਸ ਨੇ ਭਾਵ-ਭਿੰਨੇ ਅੰਦਾਜ਼ ਵਿਚ ਮੇਰਾ ਹੱਥ ਆਪਣੇ ਦਿਲ ਨੂੰ ਛੁਹਾਇਆ। ਮੈਂ ਉਸ ਨੂੰ
ਗਲਵੱਕੜੀ ਵਿਚ ਲੈ ਲਿਆ ਤੇ ਸ਼ੁਭ-ਇੱਛਾ ਪ੍ਰਗਟਾਈ।
‘‘ਖ਼ੁਦਾ ਕਰੇ ਇੰਜ ਹੀ ਹੋਵੇ।’’
ਕਿਸੇ ਸੂਫੀ ਸਾਈਂ ਦਰਵੇਸ਼ ਦੀ ਰੂਹ ਬੋਲਦੀ ਪਈ ਸੀ ਉਸ ਨੌਜਵਾਨ ਦੇ ਅੰਦਰ। ਉਸ ਦੀ ਭਰਵੀਂ ਤੇ
ਪੀਚਵੀਂ ਗਲਵੱਕੜੀ ‘ਚੋਂ ਜੁਦਾ ਹੋਣ ਲੱਗਿਆਂ ਮੈਂ ਥੋੜ੍ਹਾ ਭਾਵੁਕ ਹੋ ਗਿਆ। ਪੂਰੀ ਫੂਡ
ਸਟਰੀਟ ਵਿਚ ਆਬਿਦਾ ਪ੍ਰਵੀਨ ਦੀ ਪੁਰਤਰੰਨੁਮ ਆਵਾਜ਼ ਗੂੰਜ ਰਹੀ ਸੀ।
ਕਿਸੀ ਭੀ ਆਂਖ ਜੋ ਪੁਰ-ਨਮ ਨਹੀਂ ਹੈ।
ਨਾ ਸਮਝੋ ਯੇਹ ਕਿ ਉਸ ਕੋ ਗ਼ਮ ਨਹੀਂ ਹੈ।
ਮੇਰੇ ਸਾਥੀ ਆਪਸ ਵਿਚ ਨਿੱਕੀਆਂ ਨਿੱਕੀਆਂ ਗੱਲਾਂ ਕਰਨ ਵਿਚ ਰੁੱਝੇ ਹੋਏ ਸਨ। ਮੈਂ ਉਨ੍ਹਾਂ
ਦੇ ਇਕ ਪਾਸੇ ਕੁਰਸੀ ਖਿੱਚ ਕੇ ਬੈਠ ਗਿਆ। ਮੂੰਹ ਮੇਰਾ ਅਜੇ ਵੀ ਸਟਰੀਟ ਵਿਚ ਤੁਰਦੀ ਭੀੜ ਵੱਲ
ਸੀ।
‘‘ਆ ਗਿਐਂ ਲਾਹੌਰੀਆਂ ਨੂੰ ਮਿਲ ਕੇ?’’ ਸਰਵਣ ਸਿੰਘ ਨੇ ਪੁੱਛਿਆ।
‘‘ਸੰਧੂ ਸਾਹਿਬ ਲੋਕਾਂ ਨੂੰ ਆਬਜ਼ਰਵ ਕਰਦੇ ਪਏ ਨੇ...‘‘ ਰਾਇ ਸਾਹਿਬ ਨੇ ਮੁਸਕਰਾ ਕੇ ਆਖਿਆ।
‘‘ਕੋਈ ਕਹਾਣੀ ਲੱਭਦਾ ਫਿਰਦੈ ਹੋਣੈਂ...‘‘ ਕਿਸੇ ਹੋਰ ਨੇ ਆਖਿਆ।
ਮੈਂ ਖ਼ਾਮੋਸ਼ ਮੁਸਕਰਾਉਂਦਾ ਹੋਇਆ ਇਧਰ-ਉਧਰ ਗੁਜ਼ਰ ਰਹੀ ਭੀੜ ਵੱਲ ਵੇਖ ਰਿਹਾ ਸਾਂ। ਦੋ ਭਰ
ਜਵਾਨ ਖ਼ੂਬਸੂਰਤ ਔਰਤਾਂ ਤੇ ਛੇ ਸੱਤ ਸਾਲ ਦੀ ਬੱਚੀ ਸਾਡੇ ਵੱਲ ਵਿੰਹਦੀਆਂ ਕੋਲੋਂ ਦੀ ਲੰਘ
ਗਈਆਂ। ਉਨ੍ਹਾਂ ਨਾਲ ਇਕ ਨੌਜਵਾਨ ਵੀ ਸੀ। ਸ਼ਾਇਦ ਉਨ੍ਹਾਂ ਦਾ ਭਰਾ, ਜਿਸ ਨੇ ਇਕ ਅੱਠ ਨੌਂ
ਮਹੀਨੇ ਦੀ ਬੱਚੀ ਨੂੰ ਕੁੱਛੜ ਚੁੱਕਿਆ ਹੋਇਆ ਸੀ। ਥੋੜ੍ਹਾ ਅੱਗੇ ਜਾ ਕੇ ਉਹ ਰੁਕੇ। ਆਪਸ ਵਿਚ
ਕੋਈ ਗੱਲ-ਬਾਤ ਕੀਤੀ ਤੇ ਫਿਰ ਸਾਡੇ ਵੱਲ ਪਰਤ ਆਏ। ਸਾਹਮਣੇ ਮੈਂ ਹੀ ਸਾਂ ਇਸ ਲਈ ਦੋਹਾਂ
ਵਿਚੋਂ ਉਮਰੋਂ ਵੱਡੀ ਜਾਪਦੀ ਔਰਤ ਨੇ ਮੈਨੂੰ ਆਖਿਆ, ‘‘ਪਲੀਜ਼! ਜੇ ਤੁਸੀਂ ਬੁਰਾ ਨਾ ਮਨਾਓ
ਤਾਂ ਅਸੀਂ ਤੁਹਾਡੇ ਨਾਲ ਇਕ ਸਨੈਪ ਲੈਣਾ ਚਾਹੁੰਦੇ ਹਾਂ।...‘‘
‘‘ਕਿਉਂ ਨਹੀਂ... ਕਿਉਂ ਨਹੀਂ... ਸਾਡੇ ਧੰਨਭਾਗ...‘‘ ਮੈਂ ਤੇ ਸਰਵਣ ਸਿੰਘ ਉੱਠ ਕੇ ਖੜ੍ਹੇ
ਹੋ ਗਏ। ਔਰਤ ਨੇ ਬੱਚੀ ਉਸ ਨੌਜਵਾਨ ਦੇ ਕੋਲੋਂ ਲੈ ਕੇ ਆਪਣੇ ਕੁੱਛੜ ਚੁੱਕ ਲਈ ਤੇ ਉਸ ਨੂੰ
ਤਸਵੀਰ ਖਿੱਚਣ ਲਈ ਆਖਿਆ। ਦੋਵੇਂ ਬੀਬੀਆਂ, ਛੋਟੀ ਤੇ ਵੱਡੀ ਬੱਚੀ ਸਮੇਤ ਅਸੀਂ ਫੋਟੋ
ਖਿਚਵਾਉਣ ਲਈ ਤਿਆਰ ਖੜ੍ਹੇ ਸਾਂ। ‘ਕਲਿਕ’ ਦੀ ਆਵਾਜ਼ ਨਾਲ ਫਲੈਸ਼ ਹੋਈ ਤੇ ਅਸੀਂ ਕੈਮਰੇ ਵਿਚ
ਬੰਦ ਹੋ ਗਏ।
‘‘ਥੈਂਕ ਯੂ’’ ਕਹਿ ਕੇ ਉਹ ਬੀਬੀ ਤੁਰਨ ਦੀ ਤਿਆਰੀ ਵਿਚ ਸੀ ਕਿ ਮੈਂ ਉਸ ਕੋਲੋਂ ਛੋਟੀ ਬੱਚੀ
ਨੂੰ ਆਪਣੇ ਕੋਲ ਲੈ ਕੇ ਲਾਡ ਕਰਨਾ ਚਾਹਿਆ। ਉਸ ਨੇ ਬੱਚੀ ਮੇਰੇ ਹੱਥਾਂ ਵੱਲ ਵਧਾਈ। ਓਪਰਾ ਤੇ
ਪੱਗ-ਦਾੜ੍ਹੀ ਵਾਲਾ ਆਦਮੀ ਵੇਖ ਕੇ ਸ਼ਾਇਦ ਬੱਚੀ ਡਰ ਗਈ ਤੇ ਰੋਣ ਲੱਗੀ।
‘‘ਚੁੱਪ! ਚੁੱਪ ਤੇਰੇ ਅੰਕਲ ਨੇ...‘‘ ਮਾਂ ਨੇ ਧੀ ਨੂੰ ਵਰਾਉਣਾ ਚਾਹਿਆ। ਪਰ ਮੈਂ ਛੇਤੀ ਹੀ
ਬੱਚੀ ਮਾਂ ਦੇ ਹੱਥਾਂ ਵਿਚ ਦੇ ਦਿੱਤੀ। ਉਹ ਅਜੇ ਵੀ ਬੁਸਕੀ ਜਾ ਰਹੀ ਸੀ। ਮੈਂ ਜੇਬ ਵਿਚੋਂ
ਪੰਜਾਹ ਦਾ ਨੋਟ ਕੱਢਿਆ ਤੇ ਬੱਚੀ ਵੱਲ ਵਧਾਇਆ।
‘‘ਨਹੀਂ... ਨਹੀਂ... ਪਲੀਜ਼ ਰਹਿਣ ਦਿਓ...‘‘
ਮਾਂ ਦੇ ਦਿਲ ਵਿਚ ਆਦਰ ਭਰੀ ਨਾਂਹ ਸੀ।
ਬੱਚੀ ਨੇ ਪੰਜਾਹ ਦਾ ਨੋਟ ਆਪਣੀ ਨੰਨ੍ਹੀ ਮੁੱਠੀ ਵਿਚ ਘੁੱਟ ਲਿਆ ਤੇ ਰੋਣੋਂ ਇਕਦਮ ਚੁੱਪ ਕਰ
ਗਈ।
‘‘ਵੇਖੋ! ਚਲਾਕੋ ਬੀਬੀ!! ਨੋਟ ਫੜਦਿਆਂ ਹੀ ਕਿਵੇਂ ਚੁੱਪ ਹੋ ਗਈ!’’ ਮੈਂ ਆਖਿਆ ਤਾਂ ਬੀਬੀਆਂ
ਵੀ ਛਣਕਦਾ ਹਾਸਾ ਹੱਸੀਆਂ। ਉਨ੍ਹਾਂ ਦੇ ਨਾਲ ਖੜੋਤਾ ਨੌਜਵਾਨ ਇਹ ਦ੍ਰਿਸ਼ ਵੇਖ ਕੇ ਮਿੰਨਾ
ਮਿੰਨਾ ਮੁਸਕਰਾ ਰਿਹਾ ਸੀ।
‘‘ਅਸੀਂ ਤੁਹਾਡੀ ਤਸਵੀਰ ਦੇ ਨਾਲ ਇਹ ਨੋਟ ਵੀ ਸਾਂਭ ਕੇ ਰੱਖਾਂਗੇ... ਜਦੋਂ ਵੱਡੀ ਹੋਵੇਗੀ
ਤਾਂ ਇਸ ਨੂੰ ਦਿਖਾਵਾਂਗੇ...‘‘ ਉਸ ਖ਼ੂਬਸੂਰਤ ਔਰਤ ਨੇ ਬੜੇ ਅਦਬ ਨਾਲ ਕਿਹਾ ਤੇ ਸਾਰੇ ਜਣੇ
ਇਕ ਵਾਰ ਫੇਰ ਸਾਡਾ ਧੰਨਵਾਦ ਕਰਕੇ ਤੁਰ ਪਏ।
ਵਿਚਕਾਰਲੇ ਅਤੇ ਉਪਰਲੇ ਤਬਕੇ ਦੀ ਔਰਤ ਦਾ ਪਰਦੇ ਤੋਂ ਬਾਹਰ ਆ ਕੇ ਸੰਤੁਲਤ ਢੰਗ ਨਾਲ ਵਿਚਰਨਾ
ਵੀ ਮੈਨੂੰ ਚੰਗਾ ਲੱਗਾ।
ਸਾਡੇ ਮੇਜ਼ ਖਾਣ-ਪੀਣ ਦੀਆਂ ਵਸਤਾਂ ਨਾਲ ਭਰੇ ਹੋਏ ਸਨ। ਮੀਟ ਦੀਆਂ ਹੀ ਪਤਾ ਨਹੀਂ ਕਿੰਨੀਆਂ
ਕੁ ਆਈਟਮਾਂ ਸਨ। ਅਸੀਂ ਰਾਇ ਸਾਹਿਬ ਨੂੰ ਮਨ੍ਹਾਂ ਕਰ ਰਹੇ ਸਾਂ ਪਰ ਉਨ੍ਹਾਂ ਦੀ
ਮਹਿਮਾਨ-ਨਿਵਾਜ਼ੀ ਦਾ ਪੁਰ-ਖ਼ਲੂਸ ਅੰਦਾਜ਼ ਵੀ ਦੇਖਣਯੋਗ ਸੀ।
‘‘ਟੇਸਟ ਤਾਂ ਕਰੋ ਨਾ ਸਾਰੀਆਂ ਚੀਜ਼ਾਂ। ਭਾਵੇਂ ਥੋੜ੍ਹਾ ਥੋੜ੍ਹਾ ਹੀ ਖਾਓ...‘‘
ਏਨੀਆਂ ਚੀਜ਼ਾਂ! ਬੰਦਾ ‘ਟੇਸਟ’ ਕਰਦਾ ਹੀ ਰੱਜ ਜਾਵੇ।
ਇਕ ਅੱਧਾ ਜਣਾ ਮੇਰੇ ਵਰਗਾ, ਮੀਟ ਨਾ ਖਾਣ ਵਾਲਾ ਵੇਖ ਕੇ ਰਾਇ ਸਾਹਿਬ ਨੇ ਸਾਡੀ ਮਰਜ਼ੀ ਨਾਲ
ਦੇਸੀ ਘਿਓ ਦੀਆਂ ਪੂਰੀਆਂ-ਛੋਲੇ, ਦਹੀਂ, ਹਲਵਾ ਕਈ ਕੁਝ ਮੰਗਵਾ ਲਿਆ। ਪੀਣ ਲਈ ਪਾਣੀ ਦੀ ਥਾਂ
ਠੰਢੇ ਦੀਆਂ ਬੋਤਲਾਂ।
ਖਾਣ ਨਾਲੋਂ ਬਹੁਤਾ ਸਾਮਾਨ ਮੇਜ਼ਾਂ ‘ਤੇ ਬਚਿਆ ਪਿਆ ਸੀ। ਕੋਈ ਕਿੰਨਾ ਕੁ ਖਾ ਸਕਦਾ ਹੈ। ਪਰ
ਰਾਇ ਸਾਹਿਬ ਦੀ ਸੇਵਾ ਕਰਕੇ ਅਜੇ ਵੀ ਮਨ ਨਹੀਂ ਸੀ ਭਰਿਆ। ਉਹ ਕਿਸੇ ਹੋਰ ਦੁਕਾਨ ਤੋਂ
ਜਲੇਬੀਆਂ ਖੁਆਉਣ ਦੀ ਗੱਲ ਕਰ ਰਹੇ ਸਨ ਪਰ ਸਾਡਾ ਸਭ ਦਾ ਤਾਂ ਨਾਨਕ ਸਿੰਘ ਦੀ ਕਹਾਣੀ ‘ਭੂਆ’
ਦੇ ਪਾਤਰ ਵਾਲਾ ਹਾਲ ਹੋਇਆ ਪਿਆ ਸੀ।
ਨੌਜਵਾਨਾਂ ਦਾ ਇਕ ਟੋਲਾ ਸਾਡੇ ਕੋਲ ਆ ਕੇ ਖਲੋ ਗਿਆ ਤੇ ਇਕ ਜਣਾ ਸਰਵਣ ਸਿੰਘ ਨੂੰ ਪੁੱਛਣ
ਲੱਗਾ, ‘‘ਅੰਕਲ ਤੁਸੀਂ ਫਲੈਟੀਜ਼ ਹੋਟਲ ਵਾਲੀ ਕਾਨਫ਼ਰੰਸ ਵਿਚ ਆਏ ਓ...‘‘
ਸਾਡੇ ‘ਹਾਂ’ ਕਹਿਣ ਉਤੇ ਉਸ ਨੇ ਕਿਹਾ, ‘‘ਔਹ ਪੰਜ-ਚਾਰ ਦੁਕਾਨਾਂ ਛੱਡ ਕੇ ਸਾਡੀ ਕੁਲਫ਼ੀਆਂ
ਦੀ ਦੁਕਾਨ ਹੈ। ਖਾਣੇ ਤੋਂ ਵਿਹਲੇ ਹੋ ਕੇ ਸਾਰੇ ਜਣੇ ਉਥੇ ਆਓ ਤੇ ਸਾਡੇ ਕੋਲੋਂ ਕੁਲਫ਼ੀਆਂ
ਜ਼ਰੂਰ ਖਾਣੀਆਂ। ਸਾਡੇ ਵਲੋਂ ਏਨੀ ਖਿ਼ਦਮਤ ਹੀ ਕਬੂਲ ਕਰਿਓ...‘‘
ਉਹਦੀ ਪਿਆਰ-ਭਰੀ ਪੇਸ਼ਕਸ਼ ਸੁਣ ਕੇ ਅਸੀਂ ਮੁਸਕਰਾਏ। ਸਰਵਣ ਸਿੰਘ ਨੇ ਸਭ ਦੀ ਪ੍ਰਤੀਨਿਧਤਾ
ਕਰਦਿਆਂ ਆਪਣੇ ਪੇਟ ‘ਤੇ ਹੱਥ ਫੇਰਦਿਆਂ ਕਿਹਾ, ‘‘ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਤਾਂ
ਪਾਣੀ ਦੀ ਘੁੱਟ ਵੀ ਅੰਦਰ ਲੰਘਾਉਣੀ ਮੁਸ਼ਕਲ ਹੈ...‘‘
ਸਰਵਣ ਸਿੰਘ ਦੀ ਗੱਲ ਸੁਣ ਕੇ ਉਹ ਕਹਿਣ ਲੱਗਾ, ‘‘ਅੰਕਲ! ਜੇ ਆਖੋ ਤਾਂ ਅਸੀਂ ਕੁਲਫੀਆਂ ਐਥੇ
ਹੀ ਚੁੱਕ ਲਿਆਉਂਦੇ ਹਾਂ... ਪਰ ਖਾ ਕੇ ਜ਼ਰੂਰ ਜਾਇਓ...‘‘
ਸਭ ਨੇ ਇਕ-ਮਤ ਉਨ੍ਹਾਂ ਦਾ ਧੰਨਵਾਦ ਕਰਕੇ ਹੋਰ ਕੁਝ ਖਾ ਸਕਣ ਤੋਂ ਅਸਮਰੱਥਾ ਪ੍ਰਗਟਾਈ।
ਰਾਇ ਪਰਿਵਾਰ ਦੇ ਸਾਰੇ ਜੀ ਇਕ ਵੱਖਰੀ ਵੱਡੀ ਗੱਡੀ ਵਿਚ ਘਰ ਨੂੰ ਜਾਣ ਲਈ ਤਿਆਰ ਹੋਏ ਤਾਂ
ਅਸੀਂ ਭੂਆ ਜੀ ਤੇ ਰਾਇ ਸਾਹਿਬ ਦੀ ਪਤਨੀ ਨੂੰ ਸਤਿਕਾਰ ਤੇ ਬੱਚਿਆਂ ਨੂੰ ਪਿਆਰ ਦੇ ਕੇ
ਅਲਵਿਦਾ ਆਖੀ। ਰਾਇ ਸਾਹਿਬ ਨੇ ਸਾਨੂੰ ਆਪਣੀ ਕਾਰ ਵਿਚ ਬਿਠਾਇਆ।
ਰਾਤ ਦੇ ਬਾਰਾਂ ਵੱਜਣ ਵਾਲੇ ਸਨ ਜਦੋਂ ਉਨ੍ਹਾਂ ਨੇ ਮੈਨੂੰ ਤੇ ਸਰਵਣ ਸਿੰਘ ਨੂੰ ‘ਸ਼ਾਹਤਾਜ
ਹੋਟਲ’ ਅੱਗੇ ਆਣ ਉਤਾਰਿਆ। ਉਨ੍ਹਾਂ ਦੇ ਵਤੀਰੇ ਨੇ ਸਾਨੂੰ ਉਮਰ ਭਰ ਲਈ ਆਪਣਾ ਬਣਾ ਲਿਆ ਸੀ।
-0-
|