ਆ ਕੌਂ ਆ! ਨਹੀਂ ਮੁਰਗਾ! ਮੁਰਗਾ॥
ਕਾਲ਼ਾ॥ ਲਾਲ ਸਲਵਾਰ ਵਿੱਚ ਚਿੱਟੀ ਗੋਲ ਚਟਿਕਣੀ। ਕੁੜਤੀ ਭੀ ਉਹੋ ਜਿਹੀ। ਕਾਲ਼ੀ ਚੁੰਨੀ। ਇੱਕ
ਤੌਲੀਆ ਮੈਲ਼ਾ ਜਿਹਾ। ਮੁਰਗਾ ਮਰਿਆ ਹੋਇਆ ਕੌਂ ਦੀ ਸਕਲ ਵਿੱਚ ਤੈਰ ਰਿਹਾ। ਅਗਵਾਸੀਆਂ ਜਿਹੀਆਂ
ਸਤ ਰੋਟੀਆਂ। ਇੱਕ ਨਵੀਂ ਕੰਘੀ। ਕਾਲ਼ੀ ਡੋਰੀ। ਕੁਛ ਪੈਸੇ ਟੁੱਟੇ ਹੋਏ। ਲੱਡੂ। ਬਰਫ਼ੀ।
ਕਹਿੰਦੇ ਕਿ ਸਵੇਰੇ ਸ਼ਰਾਬ ਦਾ ਅਧੀਆ ਵੀ ਪਿਆ ਸੀ ਤੇ ਦੋ ਆਂਡੇ ਵੀ ਸੀ। ਸਤਨਾਜਾ।
ਅੱਜ ਈ। ਸਵੇਰੇ ਦਿਨ ਐਤਵਾਰ ਤਾਰੀਕ 02-04-1978. ਸੂਏ ਤੇ। ਸਵੇਰੇ ਜੰਗਲ ਪਾਣੀ ਗਏ ਦੇਖਿਆ।
ਗਿਆਸਪੁਰੇਉਂ ਜਿਹੜਾ ਸੂਏ ਨੂੰ ਰਾਹ ਜਾਂਦਾ। ਸਿਧਾ ਈ ਸੂਏ ਵਿੱਚ ਇਹ ਸਮਾਨ ਪਿਆ ਸੀ। ਕੌਂ
ਮਰੇ ਹੋਏ ਮੁਰਗੇ ਉਤੇ ਕੌਂ ਕੌਂ ਕਰ ਰਹੇ ਸੀ। ਮੁਰਗਾ ਮਸਤੀ ਨਾਲ ਉੱਥੇ ਹੀ ਤਰੀ ਜਾਂਦਾ ਸੀ,
ਜਿਵੇਂ ਉਸ ਨੂੰ ਕਾਂਵਾਂ ਰੌਲ਼ੀ ਦੀ ਪਰਵਾਹ ਨਾ ਹੋਵੇ।
ਦੇਖਣ ਵਾਲ਼ੇ ਸਿਆਣੇ ਕਹਿੰਦੇ ਇਹ ਤਾਂ ਕੋਈ ਕੈੜਾ ਢਾਲਾ ਹੈ। ਨਿਆਣਿਉ ਉੱਥੇ ਨਾ ਜਾਇਉ। ਮੁਰਗਾ
ਤਾਂ ਮਾਈ ਦਾ। ਸਤਨਾਜਾ ਵੀ ਮਾਈ ਦਾ। ਵਾਰ ਆਲ਼ੀ ਰਾਤ। ਓਏ ਥੋਡੀ! ਵੰਗਾ ਵੀ ਨੇ! ਬੱਸ ਇਹ ਤਾਂ
ਕਾਲ਼ੀ ਮਾਈ ਦਾ। ਇਹ ਤਾਂ ਭਾਈ ਨਵਾਂ ਜੀਅ ਲੈਣ ਲਈ ਆ, ਬਾਖਰੂ, ਬਾਖਰੂ। ਵੈਸੇ ਸਮਝ ਆਈ ਇਹ ਹੈ
ਕੀ ਸੀ? ਇਹ ਸੀ, ਟੂਣਾ। ਕਾਹਦੇ ਲਈ? ਮੁੰਡੇ ਲੈਣ ਲਈ।
ਕਾੜਨੀ, ਤੌੜੀ, ਪਰਾਤ, ਗੀਠੀ, ਧੂਹਾਂ। ਡੂਡ ਕਰਮ ਦੀ ਕੋਠੜੀ। ਖੁੱਲੀ, ਊਈਂ। ਉੱਤੇ ਧੂਹੇ
ਨਾਲ਼ ਕਾਲ਼ੀ! ਸ਼ਾਹ। ਸਾਹਮਣੇ ਬੇਬੇ ਬੈਠੀ, ਮਿਸੀਆਂ ਮੱਕੀ ਤੇ ਕਣਕ ਦੀਆਂ ਕਾਲੀਆਂ ਕਾਲੀਆਂ
ਰੋਟੀਆਂ ਖਾਂਦੀ, ਇਹਨੂੰ ਇਹ ਆਪਣੀਆਂ ਪਕਾਈਆ ਰੋਟੀਆਂ ਸੁਆਦ ਲੱਗਦੀਆਂ ਨੇ ਚਾਹੇ ਜਲ਼ੀਆਂ ਹੋਣ।
ਬੇਬੇ 60 ਕੁ ਸਾਲ ਦੀ, ਅੱਜ ਖਿਝੀ ਨੀ ਹੋਈ, ਨਹੀ ਤਾਂ ਐਸ ਵੇਲ਼ੇ ਖਿਝੀ ਰਹਿੰਦੀ ਹੈ। ਬੀਮਾਰ
ਸੀ। ਰੰਗ ਨਾ ਬਾਲ਼ਾ ਕਾਲ਼ਾ ਨਾ ਹੀ ਗੋਰਾ। ਬਾਹਾਂ ਵਿੱਚ ਦੋ ਵੰਗਾਂ ਪਾਈਆਂ ਪਿੱਤਲ ਦੀਆ। ਕੰਨੀ
ਬਾਲ਼ੀਆਂ ਪਿੱਤਲ ਦੀਆਂ। ਸਾਰਿਆਂ ਨੂੰ ਕਹਿੰਦੀ ਆ, ਸੋਨੇ ਦੀਆਂ ਨੇ। ਐਵੇਂ ਆਪੇ ਹੀ ਬੋਲੀ
ਜਾਂਦੀ ਹੈ, “ਅੱਖ ਵੀ ਆ ਫਰਕਣ ਲਗਗੀ” “ਕੁੜੇ ਉਠ ਖੜੋ ਬਦਲ ਔਂਦਾ” “ਚਰਖਾ ਹੀ ਰੱਖ ਦਿੰਦੀਆਂ
ਅੰਦਰ” “ਮੇਲੋ ਚੱਕ ਲਾ ਛਾਨਣੀ ਅਰ ਪਰਾਂਤ” ਬਸ ਹੁਣ ਉਠ ਖੜੀ ਹੋਈ, ਉੱਠਣ ਲੱਗੀ ਕਹਿੰਦੀ “ਉਠ
ਨੀ ਹੂੰਦਾ ਮੇਤੋਂ ਹੁਣ” “ਬਸ ਔਹ ਕੀ ਪਿਆ” ਕੋਲ ਬੈਠੇ ਕੁੱਤੇ ਨੇ ਕੰਨ ਮਾਰੇ “ਸਿਧੀ ਨੀ ਹੋ
ਹੁੰਦਾ ਹੁਣ ਮੈਥੋਂ” ਉਠ ਖੜੀ ਹੋਈ, ਹੁਣ ਉਸੇ ਜਗ੍ਹਾ ਮੇਲੋ ਬੈਠ ਗਈ।
ਵਿਚਾਲ਼ੇ ਅੱਧ ਮੱਘਦੀ ਅੰਗੀਠੀ ਪਈ ਆ। ਮੇਲੋ ਦੇ ਲਾਗ ਕੌਲੀ ਮੂਧੀ। ਪਲੇਟ ਨਾਲ਼ ਬੇਲਣਾ। ਲੋਹ
ਵਿੱਚ ਦੁਧ ਵਾਲ਼ੀ ਕਾੜਨੀ, ਉਤੇ ਸਿਲਵਟ ਦੇ ਡੱਬੇ ਦਾ ਢੱਕਣ। ਲੋਹ ਦੇ ਉੱਤੇ ਹੀ ਆਟੇ ਨਾਲ਼
ਲਿਬੜਿਆ ਥਾਲ਼। ਕਾਲ਼ੀ ਤਵੀ ਦੇ ਵਿੱਚ ਨੂੰ ਇੱਕ ਮੁੜੀ ਹੋਈ ਦਾਤੀ, ਸਾਗ ਚੀਰਨ ਵਾਲੀ ਜੋ ਕਿ
ਚੁੱਲ੍ਹੇ ਤੇ ਪਈ ਆ। ਚੁੱਲ੍ਹੇ ਦੇ ਮੂਹਰੇ ਜੂਠੇ ਭਾਂਡੇ। ਗੜਵੀ ਵਿੱਚ ਗਿਲਾਸ। ਸਿਲਵਟ ਦਾ
ਪਤੀਲਾ ਵਿਚੋਂ ਕਾਲ਼ਾ, ਵਿੱਚ ਆਟੇ ਵਾਲ਼ਾ ਪਾਣੀ, ਨਾਲ਼ ਪਤੀਲੇ ਦਾ ਢੱਕਣ। ਟੇਡੀ ਜਿਹੀ ਪਰਾਂਤ,
ਇੱਕ ਪਾਸੇ ਆਟਾ ਤੇ ਵਿੱਚ ਸਾਲਣੀ ਪਈ ਆ। ਪਰਾਂਤ ਦੇ ਥੱਲੇ ਇੱਕ ਚਿਮਟਾ ਲੋਹੇ ਦਾ, ਅੰਗੀਠੀ
ਦੇ ਲਾਗ ਇੱਕ ਸ਼ੀਸ਼ੇ ਦਾ ਗਿਲਾਸ ਵੀ ਪਿਆ ਹੈ। ਕੋਠੜੀ ਧੂੰਏਂ ਨਾਲ਼ ਭਰੀ ਪਈ ਆ। ਇਹ ਕੀ ਸੀ?
ਟੂਣੇ ਨਾਲ਼ ਜੰਮੇ ਮੁੰਡੇ ਦਾ ਘਰ। ਹੋਰ ਭਾਲਦਾ…ਕੋਠੀਆਂ? ?
ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ॥
ਹੰਢੈ ਉਂਨ ਕਤਾਇਦਾ ਪੈਧਾ ਲੋੜੈ ਪਟ॥ 23॥ 1379
9818020236
490 ਸੈਕਟਰ 10 ਏ.
ਗੁੜਗਾਓ।
-0- |