ਬਾਵਨ ਅਛਰ ਲੋਕ ਤ੍ਰੈ ਸਭੁ ਕਛੁ ਇਨਹੀ
ਮਾਹਿ। – ਕਬੀਰ
Every thing exists in the word. –
PABLO NERUDA
ਸ਼ਬਦ ਇਨਸਾਨ ਦੀ ਸਭ ਤੋਂ ਵੱਡੀ ਸਿਰਜਣਾ ਹੈ। ਇੰਜਨ ਦੀ ਈਜਾਦ, ਚੰਨ ਉੱਤੇ ਬੰਦੇ ਦਾ ਉਤਾਰਾ
ਤੇ ਬਣਾਉਟੀ ਜੀਨ ਘੲਨੲ ਦੀ ਕਾਢ ਤੇ ੋਆ ਕਾਢਾਂ ਸ਼ਬਦ ਦੀ ਸਿਰਜਣਾ ਤੋਂ ਹੇਚ ਹਨ। ਬੋਲੀ ਸ਼ਬਦਾਂ
ਦੀ ਅਨੰਤ ਮਾਲ਼ਾ ਹੈ। ਬੋਲੀ ਸਾਡੀ ਗੱਲ ਸੁਣਦੀ ਹੈ। ਸ਼ਬਦ ਬੰਦੇ ਦੇ ਬਹੁਤ ਨੇੜੇ ਹੈ। ਬੋਲੀ
ਵਿਚ ਸਰਕਾਰਾਂ ਦੇ ਅਹਿਦਨਾਮੇ ਹੁੰਦੇ ਹਨ। ਬੋਲੀ ਵਿਚ ਇਕਰਾਰ ਹੁੰਦਾ ਹੈ। ਬੋਲੀ ਵਿਚ ਗੁਨਾਹ
ਦਾ ਇਕਬਾਲ ਹੁੰਦਾ ਹੈ। ਸ਼ਬਦ ਤੋਂ ਪਹਿਲਾਂ ਨਾਦ ਜਾਂ ਧ੍ਵਨੀ ਸੀ। ਸੰਸਕ੍ਰਿਤ ਵਿਚ ਸ਼ਬਦ ਦਾ
ਅਰਥ ਹੀ ਧ੍ਵਨੀ ਹੈ। ਕਾਲੀਦਾਸ ਦੇ ਨਾਟਕਾਂ, ਭਗਵਤ ਗੀਤਾ ਤੇ ਮਨੁਸਿਮਰਤੀ ਵਿਚ ਵੀ ਸ਼ਬਦ
‘ਸ਼ਬਦ‘ ਧ੍ਵਨੀ ਵਜੋਂ ਹੀ ਵਰਤਿਆ ਗਿਆ ਹੈ। ਭਾਰਤੀ ਦਰਸ਼ਨ ਕਹਿੰਦਾ ਹੈ ਕਿ ਸ਼ਬਦ ਹੀ ਬ੍ਰਹਮ ਹੈ।
ਨਾਨਕ ਨੇ ਆਖਿਆ ਸੀ: ਸਬਦੁ ਗੁਰੂ। ਨਾਮ, ਗੁਰੂ ਤੇ ਸ਼ਬਦ ਗੁਰਬਾਣੀ ਦੀਆਂ ਤਿੰਨ ਕੁੰਜੀਆਂ ਹਨ:
ਇਸ ਜਗੁ ਮਹਿ ਸਬਦੁ ਕਰਣੀ ਹੈ ਸਾਰੁ।
ਬਿਨ ਸਬਦੈ ੋਅ ਮੋਹੁ ਗੁਬਾਰੁ।।
ਸਬਦੈ ਨਾਮੁ ਰਖੈ ਉਰਿਧਾਰਿ।
ਸਬਦੈ ਗਤਿ ਮਤਿ ਮੋਖ ਦੁਆਰ।। –ਪ੍ਰਭਾਤੀ ਮਹਲਾ ॥1॥
ਨਾਨਕ ਜਿਸ ਸ਼ਬਦ ਦੀ ਗੱਲ ਕਰਦੇ ਹਨ, ਉਹ ਬ੍ਰਹਮ ਹੀ ਹੈ। ਇਹੀ ਸਬਦੁ ਮੋਖ ਹੈ। ਪਰ ਨਾਨਕ ਨੂੰ
ਇਸ ਲੋਕ ਦਾ ਕਿਹੜਾ ਸ਼ਬਦ ਸਭ ਤੋਂ ਵਧ ਕੇ ਪਿਆਰਾ ਲੱਗਦਾ ਹੋਏਗਾ – ਸਾਵਣ ਜਾਂ ਰੁਣਝੁਣ?
ਤੁਹਾਨੂੰ ਕਿਹੜਾ ਸ਼ਬਦ ਸਭ ਤੋਂ ਵਧ ਪਿਆਰਾ ਲਗਦਾ ਹੈ? ਇਹ ਸਵਾਲ ਜਿੰਨਾ ਸੌਖਾ ਹੈ, ਇਹਦਾ
ਜਵਾਬ ਦੇਣਾ ਓਨਾ ਹੀ ਔਖਾ ਹੈ। ਤੁਸੀਂ ਇਹ ਸਵਾਲ ਅਪਣੇ ਆਪ ਨੂੰ ਪੁੱਛੋ, ਅਪਣੇ ਪਿਆਰਿਆਂ ਨੂੰ
ਪੁੱਛੋ। ਸ਼ਬਦਾਂ ਦੀ ਇਹ ਖੇਡ ਖੇਡਦਿਆਂ ਤੁਸੀਂ ਅਪਣੀ ਰੂਹ ਦੇ ਏਨਾ ਨੇੜੇ ਹੋ ਜਾਓਗੇ, ਜਿੰਨੇ
ਸ਼ਾਇਦ ਪਹਿਲਾਂ ਕਦੇ ਨਹੀਂ ਹੋਏ ਹੋਣੇ। ਰੂਹ ਨੂੰ ਜਗਾਉ। ਖਵਰੇ ਅੱਗੋਂ ਇਹ ਵਾਹ ਸੱਜਣ ਆਖ
ਤੁਹਾਡੀ ਬਾਂਹ ਪਕੜ ਤੁਹਾਨੂੰ ਕਿਸੇ ਨਵੀਂ ਦੁਨੀਆ ਵਲ ਲੈ ਖੜੇ।
ਸਾਡਾ ਮਨ ਹਰ ਸ਼ਬਦ ਨਾਲ਼ ਸੁਰ ਹੋਇਆ ਹੁੰਦਾ ਹੈ। ਕਿਸੇ ੋਆ ਉਚਰਨ ਨਾਲ਼, ਸੁਣਨ ਨਾਲ਼ ਜਾਂ ਪੜ੍ਹਨ
ਨਾਲ਼ ਮਨ ਦੀਆਂ ਤਰਬਾਂ ਛਿੜ ਜਾਂਦੀਆਂ ਹਨ। ਹਰ ਸ਼ਬਦ ਦਾ ਇਤਿਹਾਸ ਹੁੰਦਾ ਹੈ। ਕਿਸੇ ਸ਼ਬਦ ਨਾਲ਼
ਸਾਡਾ ਰਿਸ਼ਤਾ ਉਸ ਵਿਚ ਨਵੇਂ ਰੰਗ ਭਰਦਾ ਹੈ, ਜਿਸ ਤੋਂ ਅਸੀਂ ਪਹਿਲਾਂ ਅਣਜਾਣ ਰਹੇ ਹੁੰਦੇ
ਹਾਂ। ਉਹ ਰੰਗ ਜਿਨ੍ਹਾਂ ਦੇ ਹਾਲੇ ਕੋਈ ਨਾਂ ਨਹੀਂ ਹਨ। (ਕੰਪੀਊਟਰ ਡੇੜ੍ਹ ਲੱਖ ਰੰਗ ਬਣਾ
ਚੁੱਕਾ ਹੈ)। ਜਿੰਨੇ ਜੀਵ, ਓਨੇ ਰੰਗ। ਰੰਗਾਂ ਨੂੰ ਜਗਾਓ। ਜਾਗਣਾ ਇੱਕੋ ਸ਼ਬਦ ਹੈ, ਪਰ
ਜਾਗੀਆਂ ਅੱਖੀਆਂ ਦਾ ਕੋਈ ਪਾਰਾਵਾਰ ਨਹੀਂ। ਸਦਾ ਪ੍ਰਭਾਤ ਦਾ ਸੂਰਜ ਖੁੱਲ੍ਹੇ ਨੈਣਾਂ ਦਾ
ਦੀਦਾਰ ਮੰਗਦਾ ਹੈ।
ਵਿਟਗੈੱਨਸ਼ਟਾਈਨ ਲਿਖਦਾ ਹੈ – ਬੋਲੀ ਨੂੰ ਚਿਤਵਣ ਦਾ ਮਤਲਬ ਹੈ, ਜ਼ਿੰਦਗੀ ਦੀ ਕੋਈ ਨੁਹਾਰ
ਚਿਤਵਣੀ। – ਸ਼ਬਦ ਬਣੀ-ਸੁਆਰੀ ਪੱਕੀ ਇਟ ਵਾਂਙ ਹੁੰਦੇ ਹਨ, ਜਿਨ੍ਹਾਂ ਦੀ ਚਿਣਾਈ ਨਾਲ਼ ਸੁਹਣੀ
ਇਮਾਰਤ ਉਸਰਦੀ ਹੈ ਤੇ ਫਿਰ ਇਸ ਇਮਾਰਤ ਵਿਚ ਘਰ ਬਣਦਾ ਹੈ। ਇਹ ਮੇਰਾ ਘਰ ਹੈ।
ਮੇਰਾ ਸਭ ਤੋਂ ਪਿਆਰਾ ਸ਼ਬਦ ਹੈ – ਅੰਬੀ। ਇਨਸਾਨ ਨੇ ਆਦਿਕਾਲ ਤੋਂ ਅਸੰਖ ਵਾਰ ਅੰਬੀ ਨੂੰ
ਦੇਖਿਆ, ਛੁਹਿਆ, ਹੱਥ ਚ ਲਿਆ, ਸੁੰਘਿਆ, ਚੂਪਿਆ ਤੇ ਖਾਧਾ ਹੋਏਗਾ। ਇਹ ਚਾਰੇ ਗਿਆਨ ਇੰਦਰੀਆਂ
ਇਸ ਸ਼ਬਦ ਦਾ ਲਹੂ-ਮਾਸ ਹਨ। ਇਸ ਸ਼ਬਦ ਦੇ ਉਚਰਿਆਂ ਪੰਜਵੀਂ ਹਿੱਸ ਜਾਗਦੀ ਹੈ। ਇਹੀ ਧ੍ਵਨੀ
ਇਹਦੀ ਰੂਹ ਹੈ। ਇਹ ਧ੍ਵਨੀ ਬਚਪਨ ਵਿਚ ਊੜਾ ਊਠ, ਐੜਾ ਅੰਬ ਸਿੱਖਣ ਤੋਂ ਲੈ ਕੇ ਹੁਣ ਤਕ ਸਕੂਲ
ਦੀ ਘੰਟੀ ਜਾਂ ਜਲਤਰੰਗ ਵਾਂਙ ਵੱਜਦੀ ਰਹੀ ਹੈ। ਯਾਦਾਂ ਦੀਆਂ ਅਨੇਕ ਤਰਬਾਂ ਤਰੰਗਾਂ ਛਿੜ
ਜਾਂਦੀਆਂ ਹਨ - ਚੇਤਰ ਦਾ ਮਹੀਨਾ ਹੈ। ਮੇਰੀ ਲੂਈਂ ਫੁਟ ਰਹੀ ਹੈ। ਰੁੱਤ ਬਦਲ ਰਹੀ ਹੈ। ਹਵਾ
ਅੰਬੀਆਂ ਦੇ ਬੂਰ ਨਾਲ਼ ਰਸੀ ਪਈ ਹੈ। ਨਿੱਕਾ-ਨਿੱਕਾ ਦਿਲ ਖੁੱਸਦਾ ਹੈ। ਛੇਤੀ ਸਕੂਲੇ
ਇਮਤਿਹਾਨਾਂ ਦੇ ਪਰਚੇ ਪੈਣੇ ਹਨ।
ਸੰਸਕ੍ਰਿਤ ਸ਼ਬਦ ਆਮਰ ਵਿੱਚੋਂ ਵਿਗਸਿਆ ਸ਼ਬਦ ਅੰਬੀ ਸਾਨੂੰ ਅਪਣੀ ਬੋਲੀ ਦੀਆਂ ਜੜ੍ਹਾਂ ਤੇ
ਪੁਰਖਿਆਂ ਨਾਲ਼ ਜੋੜ ਦਿੰਦਾ ਹੈ। ਮੇਰੇ ਵਾਸਤੇ ਜੋ ਇਸ ਸ਼ਬਦ ਦੇ ਅਰਥ ਹਨ, ਉਹ ਹੋਰ ਕਿਸੇ ਲਈ
ਨਹੀਂ ਹੋ ਸਕਦੇ। ਭਾਵੇਂ ਇਹ ਸ਼ਬਦ ਮੈਂ ਆਪ ਨਹੀਂ ਘੜਿਆ, ਪਰ ਇਸ ਨਾਲ਼ ਰਿਸ਼ਤਾ ਮੇਰਾ ਅਪਣਾ ਹੈ।
ਇਹਦੀ ਚੋਣ ਵੀ ਮੇਰੀ ਅਪਣੀ ਹੈ। ਇਹਦੇ ਜੋ ਮਾਅਨੀ ਇਹ ਲੇਖ ਲਿਖਦਿਆਂ ਪੈਦਾ ਹੋ ਰਹੇ ਹਨ, ਉਹ
ਸ਼ਾਇਦ ਮੁੜ ਨਹੀਂ ਹੋਣੇ। ਇਹ ਪਹਿਲਾਂ ਜੇ ਕਦੇ ਸਨ, ਤਾਂ ਮੈਨੂੰ ਪਤਾ ਨਹੀਂ ਸੀ। ਸ਼ਬਦ ਦਾ
ਸਮੇਂ ਨਾਲ਼ ਐਸਾ ਰਿਸ਼ਤਾ ਮੈਂ ਪਹਿਲਾਂ ਕਦੇ ਨਹੀਂ ਸੀ ਜਾਣਿਆ।
ਸ਼ਬਦ
ਲਹੂ ਵਿਚ ਜਨਮਿਆ
ਧੜਕਦਾ ਅੰਧਕਾਰੇ ਜਿਸਮ ਵਿਚ ਵਿਗਸਿਆ
ਤੇ ਹੋਠਾਂ ਤੇ ਮੂੰਹ ਥਾਣੀਂ ਪਰਵਾਜ਼ ਭਰੀ।
ਭਰੇ ਪੂਰੇ ਇਨਸਾਨੀ ਸ਼ਬਦ ਦੇ ਨਾਲ਼-ਨਾਲ਼ ਖ਼ਾਮੋਸ਼ੀ ਆਈ
ਬੋਲੀ ਵਾਲ਼ਾਂ ਦੇ ਸਿਰੇ ਤਕ ਅਪੜਦੀ ਹੈ
ਮੂੰਹ ਬੋਲਦਾ ਹੈ ਪਰ ਬੁੱਲ੍ਹ ਨਹੀਂ ਹਿੱਲਦੇ
ਅਚਾਨਕ ਅੱਖਾਂ ਸ਼ਬਦ ਹੁੰਦੀਆਂ ਹਨ।
ਸ਼ਬਦ ਕੱਚ ਨੂੰ ਕੱਚ, ਲਹੂ ਨੂੰ ਲਹੂ
ਤੇ ਜ਼ਿੰਦਗੀ ਨੂੰ ਜ਼ਿੰਦਗੀ ਬਣਾਉਂਦੇ ਹਨ। - ਪਾਬਲੋ ਨਰੂਦਾ
ਵਰਤਮਾਨ ਤੇ ਇਹਦੇ ਅਤੀਤ ਦਾ ਆਪਸੀ ਰਿਸ਼ਤਾ ਇਤਿਹਾਸ ਹੁੰਦਾ ਹੈ। ਬੁੱਧ ਆਖਦਾ ਹੈ – ਵਰਤਮਾਨ
ਉਹ ਨਹੀਂ, ਜੋ ਹੁਣ ਹੈ; ਸਗੋਂ ਆਉਣ ਵਾਲ਼ਾ, ਵਾਪਰਨ ਵਾਲ਼ਾ ਪਲ ਵਰਤਮਾਨ ਹੈ। ਇਤਿਹਾਸ ਦੀ ਇਸ
ਬੋਧੀ ਧਾਰਣਾ ਵਿਚ ਅਤੀਤ ਤੇ ਵਰਤਮਾਨ ਦਾ ਉਹ ਰਿਸ਼ਤਾ ਹੈ, ਜੋ ਜੰਮ ਰਹੇ ਬੱਚੇ ਤੇ ਪ੍ਰਸੂਤ
ਪੀੜਾ ਦਾ ਹੁੰਦਾ ਹੈ।
ਸ਼ਬਦ ਤੋਂ ਪਹਿਲਾਂ ਦਰਸ ਹੁੰਦਾ ਹੈ। ਬੱਚਾ ਬੋਲਣ ਸਿੱਖਣ ਤੋਂ ਪਹਿਲਾਂ ਦੇਖਦਾ ਤੇ ਪਛਾਣਦਾ
ਹੈ। ਦੇਖਣ ਨਾਲ਼ ਇਸ ਦੁਨੀਆ ਵਿਚ ਸਾਡੀ ਥਾਂ ਬਣਦੀ ਹੈ। ਅਸੀਂ ਇਸ ਦੁਨੀਆਂ ਨੂੰ ਸ਼ਬਦਾਂ ਵਿਚ
ਬਿਆਨ ਕਰਦੇ ਹਾਂ। ਪਰ ਸ਼ਬਦ ਕਦੇ ਵੀ ਇਹ ਗੱਲ ਝੁਠਲਾ ਨਹੀਂ ਸਕਦੇ ਕਿ ਅਸੀਂ ਦੁਨੀਆ ਵਿਚ ਘਿਰੇ
ਹੋਏ ਹਾਂ: ਅਸੀਂ ਜੋ ਦੇਖਦੇ ਹਾਂ ਅਤੇ ਅਸੀਂ ਜੋ ਜਾਣਦੇ ਹਾਂ, ਇਹ ਰਿਸ਼ਤਾ ਕਦੇ ਵੀ ਤੈਅ ਨਹੀਂ
ਹੁੰਦਾ। ਅਸੀਂ ਸੂਰਜ ਅਸਤ ਹੁੰਦਾ ਦੇਖਦੇ ਹਾਂ। ਅਸੀਂ ਜਾਣਦੇ ਹੁੰਦੇ ਹਾਂ ਕਿ ਧਰਤੀ ਸੂਰਜ
ਤੋਂ ਪਰ੍ਹੇ ਹੋ ਰਹੀ ਹੈ। ਪਰ ਗਿਆਨ ਤੇ ਵਿਆਖਿਆ ਦਾ ਆਪਸ ਚ ਮੇਲ਼ ਨਹੀਂ ਹੁੰਦਾ। ਸ਼ਬਦਾਂ ਤੇ
ਦਰਸ ਵਿਚਾਲ਼ੇ ਸਦਾ ਬਣੇ ਰਹਿੰਦੇ ਖੱਪੇ ਬਾਰੇ ਅੱਤਯਥਾਰਥਵਾਦੀ ਚਿਤ੍ਰਕਾਰ ਰੈਨੇ ਮੈਗਰਿਟ ਦੀ
ਪੇਂਟਿੰਗ ਹੈ: ਸੁਪਨਿਆਂ ਦੀ ਕੁੰਜੀ। ਘੋੜੇ ਦੀ ਵਾਹੀ ਸ਼ਕਲ ਹੇਠਾਂ ਲਿਖਿਆ ਹੋਇਆ ਹੈ:
ਦਰਵਾਜ਼ਾ। ਘੜੀ ਹੇਠਾਂ ਹਵਾ, ਜਗ ਹੇਠਾਂ ਪੰਛੀ ਅਤੇ ਸੂਟਕੇਸ ਹੇਠਾਂ ਝੋਲ਼ਾ। (ਜੌਨ੍ਹ ਬਰਜਰ,
ਵੇਅਜ਼ ਆੱਵ ਸੀਇੰਗ, ਲੰਡਨ, 1972)
ਸੁਪਨੇ ਵਿਚ ਦਰਵਾਜ਼ਾ ਅੰਬ ਵੀ ਹੋ ਸਕਦਾ ਹੈ, ਪਰ ਜਾਗਣ ਵਿਚ ਨਹੀਂ। ਘੋੜਾ ਘੋੜਾ ਹੀ ਹੋਏਗਾ,
ਭਾਵੇਂ ਇਹ ਉਸ ਸਕੂਲ ਮਾਸਟਰ ਦੇ ਆਖਣ ਵਾਂਙ ਘੋਆ ਤਾਂ ਹੋ ਸਕਦਾ ਹੈ, ਜੋ ੜਾੜਾ ਨਹੀਂ ਸੀ ਬੋਲ
ਸਕਦਾ। ਅੰਬੀ ਨੂੰ ਅੰਬੀ ਬਣਾਉਣ ਵਾਲ਼ਾ ਸ਼ਬਦ ਅੰਬੀ ਹੀ ਹੈ।
ਅੰਬੀ ਦੀ ਧ੍ਵਨੀ ਵਿਚ ਲੋਕਾਂ ਦਾ, ਅੰਬੀ ਦਾ ਸਦੀਆਂ ਦਾ ਰਿਸ਼ਤਾ ਕਸ਼ੀਦ ਹੋਇਆ ਸੁਣੀਂਦਾ ਹੈ।
ਇਸੇ ਸਦਕਾ ਇਹ ਪੰਜਾਬੀ ਦੇ ਹੋਰਨਾਂ ਸ਼ਬਦਾਂ ਨਾਲ਼ ਸਹਿਜਤਾ ਨਾਲ਼ ਜੁੜੀ ਹੋਈ ਹੈ। ਇਸ ਸ਼ਬਦ ਦਾ
ਸਮਾਜੀ ਕਾਰਜ ਇਹਦੀ ਧ੍ਵਨੀ ਵਿਚ ਸਾਕਾਰ ਹੈ। ਸ਼ਬਦ ਅੰਬੀ ਬੋਲਿਆਂ ਇਹਦਾ ਭਾਸ਼ਾਈ ਕਾਰਜ ਤੈਅ
ਹੁੰਦਾ ਹੈ। ਇਹ ਕਾਰਜ ਕੀ ਹੈ? ਇਹ ਲੋਕਾਂ ਦੇ ਆਪਸੀ ਰਿਸ਼ਤਿਆਂ ਨੂੰ ਅਤੇ ਸ਼ੈਆਂ ਨਾਲ਼ ਲੋਕਾਂ
ਦੇ ਰਿਸ਼ਤਿਆਂ ਨੂੰ ਗਾਈਡ ਕਰਦਾ ਹੈ। (ਫ਼। ਮਿਖਾਈਲੋਫ਼, ਦ‘ ਰਿਡਲ ਆੱਵ ਦ‘ ਸੈਲਫ਼,
ਮਾਸਕੋ, 1980)
ਕਿਹਾ ਜਾਂਦਾ ਹੈ ਕਿ ਸ਼ਬਦ ਹਥਿਆਰ ਹੁੰਦੇ ਹਨ। ਹਥਿਆਰ ਕਾਹਦੇ ਲਈ ਹੁੰਦੇ ਹਨ? ਅਪਣੀ ਹਿਫ਼ਾਜ਼ਤ
ਲਈ ਤੇ/ਜਾਂ ਦੁਸ਼ਮਣ ਨੂੰ ਮਾਰਨ ਲਈ। ਦੁਸ਼ਮਣ ਕੌਣ ਹੁੰਦਾ ਹੈ? ਸਰਵਵਿਆਪਕ ਅਰਥਾਂ ਵਿਚ ਆਜ਼ਾਦੀ
ਖੋਹਣ ਵਾਲ਼ਾ। ਦੁਸ਼ਮਣ ਦਾ ਵਸੀਲਾ ਵੀ ਤਾਂ ਸ਼ਬਦ ਹੀ ਹੁੰਦੇ ਹਨ। ਆਜ਼ਾਦੀ ਦਾ ਵੈਰੀ ਭਾਸ਼ਾ ਹੀ
ਨਹੀਂ, ਹਰ ਸ਼ੈਅ ਭਿੱਟ ਦਿੰਦਾ ਹੈ। ਹੁਣ ਤਕ ਸਾਰੇ ਜਾਬਰ ਇੰਜ ਹੀ ਕਰਦੇ ਆਏ ਹਨ। ਇਨ੍ਹਾਂ
ਸਾਰੇ ਜਾਬਰਾਂ ਦੇ ਵਰਤੇ ਸਾਰੇ ਸ਼ਬਦਾਂ ਦੇ ਜਵਾਬ ਵਿਚ ਮੇਰੇ ਕੋਲ਼ ਇੱਕੋ ਹੀ ਸ਼ਬਦ ਹੈ – ਅੰਬੀ।
ਕੀ ਸ਼ਬਦ ਅੰਬੀ ਚੂਪਣ ਖਾਣ ਵਾਲ਼ੇ ਗਦਰਾਏ ਗੂੜ੍ਹੇ ਹਰੇ ਜਾਂ ਸੰਧੂਰੀ ਰੰਗ ਦੇ ਮਿੱਠੇ ਫਲ਼ ਦਾ
ਨਾਂ ਹੈ ਜਾਂ ਇਹ ਕਿਸੇ ਹੋਰ ਸਥਿਤੀ ਦਾ ਪ੍ਰਤੀਕ ਹੈ? ਪਰਦੇਸੀ ਪੰਜਾਬੀਆਂ ਖ਼ਾਸਕਰ ਦੁਆਬੀਆਂ
ਵਾਸਤੇ ਅੰਬੀ ਦਾ ਅਨੋਖਾ ਮੁਕਾਮ ਹੈ – ਛੱਡ ਕੇ ਦੇਸ ਦੁਆਬਾ ਅੰਬੀਆਂ ਨੂੰ ਤਰਸੇਂਗੀ। – ਦੇਸ
ਦੁਆਬਾ ਛੱਡ ਕੇ ਬੰਦਾ ਨਿਰੀਆਂ ਅੰਬੀਆਂ ਨੂੰ ਹੀ ਨਹੀਂ ਤਰਸਦਾ – ਬਾਗੀਂ ਅੰਬੀਆਂ ਪੱਕੀਆਂ…।
ਪਰਦੇਸੀਆਂ ਲਈ ਅੰਬੀ ਬੇਵਤਨੀ, ਤਰਸੇਵੇਂ ਤੇ ਸ਼ੈਆਂ (ਜਿਵੇਂ ਧੁੱਪ) ਖੁੱਸ ਜਾਣ ਦਾ ਪ੍ਰਤੀਕ
ਹੋ ਗਈ ਹੈ। ਇਨ੍ਹਾਂ ਲਈ ਇਹ ਫਲ ਭਾਵੇਂ ਵਰਜਿਤ ਨਹੀਂ, ਪਰ ਅਸਵੀਕ੍ਰਿਤ (ਡੀਨਾਈਡ) ਜ਼ਰੂਰ ਹੈ:
ਬਾਗੀਂ ਮੋਰ ਬੋਲੇ ਦਿਲ ਖੁੱਸਦਾ ਪਿਆ
ਕਿਥੇ ਅੰਬਾਂ ਦਾ ਹੈ ਬੂਰ ਇਹੋ ਲਭਦਾ ਰਿਹਾ
ਅੰਗਰੇਜ਼ੀ ਦਾ ਇੱਕੋ-ਇਕ ਸ਼ਬਦ ਟੈਲੀਫ਼ੋਨ ਮੈਨੂੰ ਚੰਗਾ ਲਗਦਾ ਹੈ। ਜਿਹੜੀ ਬੋਲੀ ਮੈਨੂੰ ਰਿਜ਼ਕ
ਦਿੰਦੀ ਹੈ, ਜਿਸ ਬੋਲੀ ਵਿਚ ਮੇਰੇ ਬੱਚੇ ਮੇਰੇ ਨਾਲ਼ ਗੱਲ ਕਰਦੇ ਹਨ; ਉਹ ਮੇਰੇ ਲਈ ਏਨੀ ਓਪਰੀ
ਹੈ, ਮੈਨੂੰ ਪਹਿਲਾਂ ਨਹੀਂ
ਸੀ ਪਤਾ।
ਇਸ ਵਰ੍ਹੇ (1990) ਦੇ ਪਹਿਲੇ ਦਿਨ ਮੈਂ ਜਨੀਵਾ ਸਵਿਟਜ਼ਰਲੈਂਡ ਬਜ਼ੁਰਗ ਸਾਧੂ ਸਿੰਘ ਧਾਮੀ ਕੋਲ਼
ਸੀ। ਮੈਂ ਇਨ੍ਹਾਂ ਨੂੰ ਪੁੱਛਿਆ –ਤੁਹਾਡਾ ਸਭ ਤੋਂ ਪਿਆਰਾ ਸ਼ਬਦ ਕਿਹੜਾ ਹੈ?- ਇਨ੍ਹਾਂ ਬਿਨਾਂ
ਸੋਚਿਆਂ ਆਖਿਆ – ਤੂੰ।
ਮੈਨੂੰ ਲੱਗਿਆ, ਇਨ੍ਹਾਂ ਨੇ ਵਾਕ ਲੈ ਕੇ ਮੈਨੂੰ ਇਸ ਵਰ੍ਹੇ ਦਾ ਨਾਂ ਸੁਣਾਇਆ ਹੈ। ਮੇਰੀ ਰੂਹ
ਖ਼਼ੁਸ਼ ਹੋ ਗਈ। ਹੋਰ ਸ਼ਬਦ ਜੋ ਮੇਰੇ ਬਹੁਤ ਨੇੜੇ ਹਨ – ਗੁੜ੍ਹਤੀ, ਸੱਧਰ, ਅਲਗ਼ੋਜ਼ੇ, ਕਣਕ,
ਤ੍ਰਿਕਾਲ ਸੰਧਯਾ, ਸੇਜ, ਅਮ੍ਰਿਤਵੇਲਾ। ਆਦੀਆ ਤੇ ਨੇਹਾ, ਜੋ ਮੇਰੀਆਂ ਧੀਆਂ ਦੇ ਨਾਂ ਹਨ ਅਤੇ
ਮੇਰੀ ਕਿਸੇ ਕਵਿਤਾ ਦੀ ਚਿਣੇ ਗਏ ਸ਼ਬਦ (ਕੌਲਰਿਜ ਨੇ ਕਵਿਤਾ ਦੀ ਸਿਫ਼ਤ ਦੱਸੀ ਸੀ – ਠਹੲ ਬੲਸਟ
ਪੋਸਸਬਿਲੲ ੱੋਰਦਸ ਨਿ ਟਹੲ ਬੲਸਟ ਪੋਸਸਬਿਲੲ ੋਰਦੲਰ।
ਯਾਦ ਤਾਂ ਹੁੰਦੀ ਨੀਲੀ ਤਿਤਲੀ
ਪਲਕਾਂ ‘ਤੇ ੋਆ ਕੇ ਬਹਿੰਦੀ
ਯਾਦਾਂ ਅੰਦਰ ਯਾਦਾਂ ਬੁਣਦੀ
ਯਾਦ ਤਾਂ ਹੁੰਦੀ ਕੌਲ ਮਹਿੰਦੀ ਦਾ
ਅੰਬ ਦਾ ਬੂਟਾ
ਮੋਰ ਦੀ ਪਾਇਲ
ਚਿੱਟਾ ਹੰਸ ਤੇ ਕਾਲ਼ੀ ਬੱਦਲੀ
ਇਕ ਹੋਰ ਸ਼ਬਦ ਹੈ, ਜਿਹਨੂੰ ਸਿਮਰਦਿਆਂ ਮੈਂ ਬੜੇ ਸਾਲ ਪਹਿਲਾਂ ਕਵਿਤਾ ਲਿਖੀ ਸੀ - ਕਿਸੇ ਵੀ
ਸਾਜ਼ ਦਾ ਨਾਂ ਲਓ। – ਉਹ ਸ਼ਬਦ ਇਸ ਕਵਿਤਾ ਵਿਚ ਨਹੀਂ। ਉਹ ਕੀ ਹੈ? ਇਹ ਵੱਖਰੀ ਕਹਾਣੀ ਹੈ।
ਨਾਨਕ ਸਬਦਿ ਮਿਲਾਵੜਾ ਨਾ ਵੇਛੋੜਾ ਹੋਇ। ਸ਼ਬਦ ਉਚਰੇ ਜਾਣ ਤੋਂ ਬਾਅਦ ਖ਼ਾਮੋਸ਼ੀ ਵਿਚ ਢਲ਼ ਜਾਂਦਾ
ਹੈ।
-0-
|