(ਮਹਾਨ ਇਨਕਲਾਬੀ ਤੇ ਬੁੱਧੀਮਾਨ ਦੇਸ਼
ਭਗਤ ਭਾਈ ਸੰਤੋਖ ਸਿੰਘ ਧਰਦਿਓ ਭਾਰਤ ਦੇ ਵੀਹਵੀਂ ਸਦੀ ਦੇ ਇਤਿਹਾਸ ਦਾ ਅਜਿਹਾ ਮਹੱਤਵਪੂਰਨ
ਅਤੇ ਗੌਰਵਮਈ ਨਾਮ ਹੈ ਜਿਸਦਾ ਇਨਕਲਾਬੀ ਇਤਿਹਾਸ ਨੂੰ ਗਤੀ ਤੇ ਦਿਸ਼ਾ ਦੇਣ ਵਿਚ ਬਹੁਮੁੱਲਾ
ਯੋਗਦਾਨ ਹੈ। ਵਿਚਾਰਧਾਰਕ ਤੌਰ ਤੇ ਭਾਈ ਸਾਹਿਬ ਨੇ ਜਿੱਥੇ ਸੰਸਾਰ ਵਿਚ ਚੱਲੀਆਂ ਇਨਕਲਾਬੀ
ਲਹਿਰਾਂ ਅਤੇ ਇਨਕਲਾਬੀ ਸਿਧਾਂਤ ਦਾ ਡੂੰਘਾ ਅਧਿਐਨ ਕੀਤਾ ਓਥੇ ਪ੍ਰਾਪਤ ਗਿਆਨ ਅਤੇ ਤਜਰਬੇ
ਨੂੰ ਭਾਰਤੀ ਇਤਿਹਾਸ ਦੀ ਇਨਕਲਾਬੀ ਵਿਰਾਸਤ ਨਾਲ ਜੋੜ ਕੇ ਇਹਨਾਂ ਦੇ ਸਮਨਵਯ ਵਿਚੋਂ ਲੋਕਾਂ
ਦੀ ਮੁਕਤੀ ਅਤੇ ਸਮਾਜਵਾਦ ਦੀ ਸਥਾਪਨਾ ਲਈ ਸਰਗਰਮ ਉੱਦਮ ਆਰੰਭ ਕੀਤਾ. ਇਸ ਯਤਨ ਨੂੰ ਸਿਰੇ
ਚੜ੍ਹਾਉਣ ਲਈ ਆਪਣੀ ਸਾਰੀ ਜਿੰਦਗੀ ਸਮਰਪਿਤ ਕਰ ਦਿੱਤੀ ਅਤੇ ਲੋਕਾਂ ਲਈ ਜੂਝਦਿਆਂ ਅਤੇ
ਨਿਰੰਤਰ ਸਿਦਕ ਅਤੇ ਸਿਰੜ੍ਹ ਨਾਲ ਕੰਮ ਕਰਦਿਆਂ ਆਪਣੇ ਜਿਸਮ ਨੂੰ ਤਿਲ ਤਿਲ ਕਰ ਕੇ ਬਾਲ
ਦਿੱਤਾ. ਆਪਣੀ ਬੌਧਿਕ, ਸਿਧਾਂਤਕ ਅਤੇ ਰਾਜਨੀਤਕ ਸਮਰੱਥਾ ਦੀ ਬਦੌਲਤ ਭਾਈ ਸਾਹਿਬ ਨੇ ਕਿਰਤੀ
ਕਿਸਾਨ ਲਹਿਰ ਉਸਾਰਨ ਤੇ ਵਿਸਥਾਰਨ ਵਿਚ ਬੇਮਿਸਾਲ ਯੋਗਦਾਨ ਪਾਇਆ.
ਭਾਈ ਸੰਤੋਖ ਸਿਘ ਦਾ ਜਨਮ 1893 ਵਿਚ ਸਿੰਘਾਪੁਰ ਵਿਖੇ ਸ. ਜਵਾਲਾ ਸਿੰਘ ਰੰਧਾਵਾ ਦੇ ਘਰ
ਮਾਤਾ ਰਾਮ ਕੌਰ ਦੀ ਕੁੱਖੋਂ ਹੋਇਆ. ਉਨਾਂ ਦੇ ਪਿਤਾ ਸਿੰਘਾਪੁਰ ਵਿਚ ਇਕ੍ਰ੍ਰ ਅੰਗਰੇਜ਼ ਕਰਨਲ
ਦੇ ਅਰਦਲੀ ਸਨ। ਕੌਣ ਜਾਣਦਾ ਸੀ ਕਿ ਅੰਗਰੇਜ਼ ਹਾਕਮ ਦੀ ਅਰਦਲ ਵਿਚ ਚੱਤੋ-ਪਹਿਰ ਖਲੋਤੇ ਰਹਿਣ
ਵਾਲੇ ਜਵਾਲਾ ਸਿੰਘ ਦਾ ਇਹ ਪੁੱਤਰ ਅੰਗਰੇਜ਼ਾਂ ਦੀ ਗੁਲਾਮੀ ਅਤੇ ਅਰਦਲ ਦਾ ਜੂਲਾ ਸਮੁੱਚੇ
ਭਾਰਤੀ ਲੋਕਾਂ ਦੇ ਗਲੋਂ ਲਾਹੁਣ ਲਈ ਕਿਸੇ ਦਿਨ ਨਾਇਕ ਬਣ ਕੇ ਉੱਭਰੇਗਾ ਅਤੇ ਇਤਿਹਾਸ ਦੇ
ਪੰਨਿਆਂ ‘ਤੇ ਆਪਣੀ ਦੇਣ ਦਾ ਮਾਣਯੋਗ ਪੱਤਰਾ ਲਿਖ ਕੇ ਅਮਰ ਹੋ ਜਾਵੇਗਾ। ਕੋਈ ਵੀ ਵਿਸ਼ੇਸ਼
ਵਿਅਕਤੀ ਆਪਣੇ ਇਤਿਹਾਸ ਅਤੇ ਹਾਲਾਤ ਦਾ ਬਣਾਇਆ ਹੀ ਬਣਦਾ ਹੈ। ਭਾਈ ਸੰਤੋਖ ਸਿੰਘ ਦੀ
ਬਹੁਮੁਖੀ ਇਨਕਲਾਬੀ ਸ਼ਖਸ਼ੀਅਤ ਦਾ ਮੁਲਾਂਕਣ ਕਰਨ ਲਈ ਸਾਨੂੰ ਉਹਨਾਂ ਇਤਿਹਾਸਕ ਹਾਲਤਾ ਦਾ
ਅਧਿਅਨ ਕਰਨਾ ਹੋਵੇਗਾ ਜਿਹਨਾਂ ਦੇ ਅਸਰ ਅਧੀਨ ਭਾਈ ਸਾਹਿਬ ਦੀ ਸ਼ਖਸੀਅਤ ਦੀ ਉਸਾਰੀ ਹੋਈ। ਇਸ
ਮਕਸਦ ਲਈ ਸਾਨੂੰ ਉਸ ਦੌਰ ਦੇ ਇਤਿਹਾਸਕ ਹਾਲਾਤ ਦੇ ਪਿਛੋਕੜ ਵਿਚ ਉੱਤਰਨਾ ਪਵੇਗਾ।
ਇਸ ਮਕਸਦ ਲਈ ਡਾ ਤੇਜਿੰਦਰ ਵਿਰਲੀ ਨੇ ਦੇਸ਼ ਭਗਤ ਯਾਦਗ਼ਾਰ ਕਮੇਟੀ ਜਲੰਧਰ ਦੀ ਸਲਾਹ ਤੇ
ਅਗਵਾਈ ਵਿਚ ਭਾਈ ਸੰਤੋਖ ਸਿੰਘ ਦੇ ਜੀਵਨ ਸੰਬੰਧੀ ਪੁਸਤਕ ‘ਇਨਕਲਾਬੀ ਸੂਝ ਦਾ ਸਫ਼ਰ’ ਲਿਖੀ
ਹੈ। ਅਸੀਂ ਸੀਰਤ ਦੇ ਪਾਠਕਾਂ ਲਈ ਭਾਈ ਜੀ ਦੇ ਜੀਵਨ ਬਾਰੇ ਸੰਖੇਪ ਤੱਥ ਉਸ ਪੁਸਤਕ ਵਿਚੋਂ
ਪੇਸ਼ ਕਰ ਰਹੇ ਹਾਂ।)
• 1893 ਈ. ਵਿੱਚ ਸਿੰਘਾਪੁਰ ਵਿਖੇ ਸ. ਜਵਾਲਾ ਸਿੰਘ ਦੇ ਘਰ ਮਾਤਾ ਰਾਮ ਕੌਰ ਦੀ ਕੁੱਖੋਂ
ਸੰਤੋਖ ਸਿੰਘ ਦਾ ਜਨਮ ਹੋਇਆ।
• 1898 ਈ. ਵਿੱਚ ਮੁੱਢਲੀ ਵਿੱਦਿਆ ਲਈ ਸਿੰਘਾਪੁਰ ਦੇ ਅੰਗਰੇਜ਼ੀ ਮਾਧਿਅਮ ਸਕੂਲ ਵਿੱਚ ਦਾਖਲ
ਹੋਏ।
• 1903 ਈ. ਵਿੱਚ ਪਿਤਾ ਸ. ਜਵਾਲਾ ਸਿੰਘ ਦੀ ਪੈਨਸ਼ਨ ਉਪਰੰਤ ਜੱਦੀ ਪਿੰਡ ਧਰਦਿਓ ਨੂੰ
ਵਾਪਸੀ। ਨਜਦੀਕੀ ਕਸਬੇ ਮਹਿਤਾ ਨੰਗਲ ਦੇ ਡਿਸਟ੍ਰਿਕਟ ਬੋਰਡ ਪ੍ਰਾਇਮਰੀ ਸਕੂਲ ਵਿੱਚ ਦਾਖਲਾ।
• 1904 ਈ. ਵਿੱਚ ਮਿਡਲ ਅਤੇ ਮੈਟ੍ਰਿਕ ਕਲਾਸਾਂ ਦੀ ਪੜ੍ਹਾਈ ਲਈ ਖਾਲਸਾ ਕਾਲਜੀਏਟ ਸਕੂਲ
ਅੰਮ੍ਰਿਤਸਰ ਵਿਖੇ ਦਾਖਲਾ।
• 1908 ਈ. ਵਿੱਚ ਮੈਟ੍ਰਿਕ ਦਾ ਇਮਤਿਹਾਨ ਪ੍ਰਾਈਵੇਟ ਕੈਂਡੀਡੇਟ ਵਜੋਂ ਦਿੱਤਾ। ‘ਪਗੜੀ
ਸੰਭਾਲ ਜੱਟਾ‘ ਲਹਿਰ ਤੋਂ ਪ੍ਰਭਾਵਿਤ।
• 1909 ਈ. ਵਿੱਚ ਪੜ੍ਹਾਈ ਦੌਰਾਨ ਸੰਤੋਖ ਸਿੰਘ ਦਾ ਵਿਆਹ ਪਿੰਡ ਸ਼ਾਹਪੁਰ, ਜ਼ਿਲ੍ਹਾ
ਅੰਮ੍ਰਿਤਸਰ ਨਿਵਾਸੀ ਬੀਬੀ ਕੇਸਰ ਕੌਰ ਨਾਲ ਹੋਇਆ।
• 1910 ਈ. ਵਿੱਚ ਪੰਜਾਬ ਯੂਨੀਵਰਸਿਟੀ, ਲਾਹੌਰ ਤੋਂ ਐਫ਼. ਏ. ਚੰਗੇ ਨੰਬਰਾਂ ਵਿੱਚ ਪਾਸ ਕਰ
ਲਈ।
• 1910 ਈ. ਵਿੱਚ ਸੰਤੋਖ ਸਿੰਘ ਦੇ ਘਰ ਬੇਟੇ ਤਾਰਾ ਸਿੰਘ ਦਾ ਜਨਮ ਹੋਇਆ।
• 1911 ਈ. ਵਿੱਚ ਸੰਤੋਖ ਸਿੰਘ ਇੰਗਲੈਂਡ ਜਾਣ ਲਈ ਘਰੋਂ ਚਲ ਪਏ।
• 1911 ਈ. ਦਾ ਸਾਲ ਭਾਈ ਸਾਹਿਬ ਦੀ ਜ਼ਿੰਦਗੀ ਦੇ ਸਫ਼ਰ ਦਾ ਸਾਲ ਸੀ ਜਦੋਂ ਧਰਦਿਉ ਤੋਂ
ਇੰਗਲੈਂਡ, ਇੰਗਲੈਂਡ ਤੋਂ ਕੈਨੇਡਾ ਤੇ ਕੈਨੇਡਾ ਤੋਂ ਅਮਰੀਕਾ ਲਈ ਚਲ ਪਏ। ਇਸੇ ਵਰ੍ਹੇ ਹੀ
ਉਨ੍ਹਾਂ ਦਾ ਮੇਲ ਮਹਾਨ ਦੇਸ਼ ਭਗਤ ਸ਼ਖ਼ਸੀਅਤਾਂ ਨਾਲ ਹੋਇਆ।
• 1911 ਈ. ਵਿੱਚ ਸੰਤੋਖ ਸਿੰਘ ਆਲੂਆਂ ਦੇ ਬਾਦਸ਼ਾਹ ਤੇ ਦੇਸ਼ ਭਗਤੀ ਦੀ ਭਾਵਨਾਵਾਂ ਨਾਲ ਭਰੇ
ਭਾਈ ਜਵਾਲਾ ਸਿੰਘ ਠੱਠੀਆਂ ਤੇ ਬਾਬਾ ਵਿਸਾਖਾ ਸਿੰਘ ਦਦੇਹਰ ਨਾਲ ਰਹਿਣ ਲੱਗ ਪਏ।
• 1911 ਈ. ਵਿੱਚ ਸੰਤੋਖ ਸਿੰਘ ਦੀ ਅਗਵਾਈ ਹੇਠ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ
ਅਮਰੀਕਾ ਵਿੱਚ ਪਹਿਲੀ ਵਾਰ ਮਨਾਇਆ ਗਿਆ।
• 1912 ਈ. ਦੇ ਫ਼ਰਵਰੀ ਮਹੀਨੇ ਵਿੱਚ ਭਾਈ ਸੰਤੋਖ ਸਿੰਘ ਨੇ ਬਾਬਾ ਜਵਾਲਾ ਸਿੰਘ ਅਤੇ ਬਾਬਾ
ਵਿਸਾਖਾ ਸਿੰਘ ਨਾਲ ਭਰੀ ਸਭਾ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਦੇਸ਼ ਲਈ ਤਨ, ਮਨ,ਧਨ
ਕੁਰਬਾਨ ਕਰਨ ਦੀ ਕਸਮ ਖਾਧੀ ਜੋ ਤਿੰਨਾਂ ਨੇ ਅੰਤਿਮ ਸਾਹਾਂ ਤੱਕ ਨਿਭਾਈ।
• 8 ਜਨਵਰੀ 1913 ਨੂੰ ਕੈਨੇਡਾ ਦੀ ਬਰਤਾਨਵੀ ਸਰਕਾਰ ਨੇ ਭਾਰਤੀ ਲੋਕਾਂ ਦੀ ਜਾਸੂਸੀ ਕਰਨ ਲਈ
ਹੌਪਕਿਨਸਨ ਨੂੰ ਸਾਨਫ਼੍ਰਾਸਿਸਕੋ ਭੇਜਿਆ। ਜਿਸ ਨੇ ਗ਼ਦਰੀ ਦੇਸ਼ ਭਗਤਾਂ ਦੀ ਨਿੱਕੀ-ਨਿੱਕੀ ਖ਼ਬਰ
ਭਾਰਤ ਦੀ ਹਕੂਮਤ ਨੂੰ ਭੇਜਣੀ ਸ਼ੁਰੂ ਕਰ ਦਿੱਤੀ ।
• 21 ਅਪ੍ਰੈਲ 1913 ਨੂੰ ‘ਹਿੰਦੀ ਐਸੋਸੀਏਸ਼ਨ ਔਫ਼ ਪੈਸਿਫ਼ਿਕ ਕੋਸਟ‘ ਦੀ ਸਥਾਪਨਾ ਕੀਤੀ।
ਜਿਹੜੀ ਕੁਝ ਸਮਾਂ ਪਾ ਕੇ ਹਿੰਦੋਸਤਾਨੀ ਗ਼ਦਰ ਪਾਰਟੀ ਦੇ ਨਾਮ ਨਾਲ ਮਸ਼ਹੂਰ ਹੋ ਗਈ।
• 1 ਨਵੰਬਰ 1913 ਨੂੰ ਗ਼ਦਰ ਅਖ਼ਬਾਰ ਪ੍ਰਕਾਸ਼ਤ ਹੋਇਆਂ ਜਿਸ ਦੇ ਐਡੀਟੋਰੀਅਲ ਬੋਰਡ ਵਿੱਚ ਭਾਈ
ਸੰਤੋਖ ਸਿੰਘ ਨੂੰ ਸ਼ਾਮਲ ਕੀਤਾ ਗਿਆ।
• ਦਸੰਬਰ 1913 ਨੂੰ ਕ੍ਰਿਸਮਿਸ ਮੌਕੇ ਗ਼ਦਰ ਦੇ ਅਹੁਦੇਦਾਰਾਂ ਦੀ ਚੋਣ ਹੋਈ ਜਿਸ ਵਿੱਚ ਸੰਤੋਖ
ਸਿੰਘ ਨੂੰ ਐਗ਼ਜੈਕਟਿਵ ਕਮੇਟੀ ਮੈਂਬਰ ਲਿਆ ਗਿਆ।
• ਮਾਰਚ 1914 ਵਿੱਚ ਜਦੋਂ ਲਾਲਾ ਹਰਦਿਆਲ ਨੂੰ ਅਮਰੀਕਾ ਛੱਡਣ ਲਈ ਮਜਬੂਰ ਹੋਣਾ ਪਿਆ ਤਾਂ
ਭਾਈ ਸੰਤੋਖ ਸਿੰਘ ਨੂੰ ਉਨ੍ਹਾਂ ਦੀ ਥਾਂ ਜਨਰਲ ਸਕੱਤਰ ਦੀ ਸਭ ਤੋਂ ਅਹਿਮ ਡਿਊਟੀ ‘ਤੇ
ਨਿਯੁਕਤ ਕੀਤਾ ਗਿਆ। ਜਦੋਂ ਉਨ੍ਹਾਂ ਦੀ ਉਮਰ ਮਹਿਜ਼ 21 ਸਾਲ ਦੀ ਹੀ ਸੀ।
• ਅਪ੍ਰੈਲ 1914 ਵਿੱਚ ਭਾਈ ਸੰਤੋਖ ਸਿੰਘ ਨੂੰ ਤਿੰਨ ਮੈਂਬਰੀ ਕਮਿਸ਼ਨ ਵਿੱਚ ਸ਼ਾਮਲ ਕੀਤਾ
ਗਿਆ। ਇਸ ਕਮਿਸ਼ਨ ਵਿੱਚ ਦੂਜੇ ਦੋ ਮੈਂਬਰ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਤੇ ਖ਼ਜ਼ਾਨਚੀ
ਪੰਡਿਤ ਕਾਂਸ਼ੀ ਰਾਮ ਜੀ ਸਨ। ਪਾਰਟੀ ਵਿਚ ਇਹ ਕਮਿਸ਼ਨ ਸਰਵ ਉੱਚ ਸੀ । ਜਿਹੜਾ ਪਾਰਟੀ ਸੰਬੰਧੀ
ਕੋਈ ਵੀ ਫ਼ੈਸਲਾ ਲੈਣ ਦੇ ਸਮਰੱਥ ਸੀ। ਇਹ ਕਮਿਸ਼ਨ ਪੌਲਿਟ ਬਿਊਰੋ ਵਾਂਗ ਕੰਮ ਕਰਦਾ ਸੀ।
• 4 ਅਗਸਤ 1914 ਨੂੰ ਅੰਗਰੇਜ਼ੀ ਤੇ ਰੂਸੀ ਹਕੂਮਤਾਂ ਜਰਮਨੀ ਵਿਰੁੱਧ ਜੰਗ ਵਿੱਚ ਕੁੱਦ ਪਈਆਂ।
ਗ਼ਦਰ ਪਾਰਟੀ ਨੇ ਵੀ ਅੰਗਰੇਜ਼ੀ ਰਾਜ ਵਿਰੁੱਧ ‘ਐਲਾਨ-ਇ-ਜੰਗ‘ ਦਾ ਬਿਗਲ ਵਜਾ ਦਿੱਤਾ। ।5 ਅਗਸਤ
ਨੂੰ ਭਾਈ ਸੰਤੋਖ ਸਿੰਘ ਹੁਰਾਂ ਵੱਲੋਂ ਗ਼ਦਰ ਅਖ਼ਬਾਰ ਵਿੱਚ ਇਸ ਐਲਾਨਨਾਮੇ ਨੂੰ ਛਾਪਿਆ ਗਿਆ।
• ਸਤੰਬਰ 1914 ਈ. ਵਿੱਚ ਭਾਈ ਸੰਤੋਖ ਸਿੰਘ ਅਮਰੀਕਾ ਤੋਂਪੂਰਬੀ ਫਰੰਟ ਲਈ ਰਵਾਨਾ ਹੋ ਗਏ।
• ਅਕਤੂਬਰ 1914 ਈ. ਵਿੱਚ ਬੈਂਕਾਕ ਰਾਜਧਾਨੀ ਸਿਆਮ (ਹੁਣ ਥਾਈਲੈਂਡ) ਪਹੁੰਚ ਗਏ ਅਤੇ ਆਪਣੀ
ਪਾਰਟੀ ਦਾ ਅੱਡਾ ਕਾਇਮ ਕੀਤਾ। ਇਥੇ ਤਾਇਨਾਤ ਭਾਰਤੀ ਫ਼ੌਜੀਆਂ ਨਾਲ ਸੰਪਰਕ ਸਥਾਪਿਤ ਕੀਤੇ।
• 15 ਫਰਵਰੀ 1915 ਨੂੰ ਸਿੰਘਾਪੁਰ ਪਹੁੰਚ ਕੇ ਉਥੇ ਗ਼ਦਰ ਮਚਾਉਣ ਵਾਲੇ ਫ਼ੌਜੀਆਂ ਨਾਲ ਸੰਪਰਕ
ਸਥਾਪਿਤ ਕੀਤਾ। ਸਿੱਟੇ ਵਜੋਂ 7 ਦਿਨਾਂ ਲਈ ਸਿੰਘਾਪੁਰ ਆਜ਼ਾਦ ਹੋ ਗਿਆ ਪਰ ਜਪਾਨੀ ਫ਼ੌਜਾਂ
ਵੱਲੋਂ ਬਰਤਾਨੀਆਂ ਦੀ ਮਦਦ ਕਰਨ ‘ਤੇ ਵੱਡੀ ਪੱਧਰ ‘ਤੇ ਗ਼ਦਰੀ ਫ਼ੌਜੀਆਂ ਨੂੰ ਸ਼ਹਾਦਤ ਦਾ ਜਾਮ
ਪੀਣਾ ਪਿਆ।
• 19 ਫਰਵਰੀ 1915 ਨੂੰ ਸਿੰਘਾਪੁਰ ਦਾ ਗ਼ਦਰ ਅਸਫ਼ਲ ਹੋਣ ਤੋਂ ਬਾਅਦ ਭਾਈ ਸੰਤੋਖ ਸਿੰਘ ਬਰਮਾਂ
ਪਹੁੰਚ ਗਏ। ਉਹ ਇਸ ਗੱਲ ਲਈ ਛਟਪਟਾ ਰਹੇ ਸਨ ਕਿ ਕੋਈ ਭੂਗੋਲਿਕ ਖਿੱਤਾ ਹੀ ਅਜਿਹਾ ਹੋ ਜਾਵੇ
ਜਿਥੇ ਬਰਤਾਨੀਆ ਦਾ ਝੰਡਾ ਲਾਹ ਕੇ ਗ਼ਦਰ ਦਾ ਝੰਡਾ ਲਹਿਰਾਇਆ ਜਾਵੇ।
• ਸਤੰਬਰ 1915 ਈ. ਨੂੰ ਪੁਲਿਸ ਦਾ ਅਚਾਨਕ ਛਾਪਾ ਪੈ ਜਾਣ ‘ਤੇ ਬਰਮਾਂ ਤੋਂ ਖਿਸਕ ਗਏ। ਇਹ
ਇਕ ਤੂਫ਼ਾਨੀ ਰਾਤ ਸੀ ਜਦੋਂ ਤੇਜ਼ ਹਵਾਵਾਂ ਚੱਲ ਰਹੀਆਂ ਸਨ ਤੇ ਮੀਂਹ ਪੈ ਰਿਹਾ ਸੀ। ਜਿਸ
ਤਰ੍ਹਾਂ ਸੋਹਣੀ ਦੇ ਇਸ਼ਕ ਦੀ ਪਰਖ ਕੱਚੇ ਘੜੇ ਨੇ ਕਰਨੀ ਸੀ, ਭਾਈ ਸੰਤੋਖ ਸਿੰਘ ਦੇ ਇਸ਼ਕ ਦੀ
ਪਰਖ ਦੀ ਰਾਤ ਸੀ। ਇਸ ਤੂਫ਼ਾਨੀ ਰਾਤ ਨੇ ਭਾਈ ਸਾਹਿਬ ਦਾ ਸਾਥ ਦਿੱਤਾ। ਭਾੜੇ ਦੀ ਬਰਤਾਨਵੀ
ਪੁਲਿਸ ਸੋਚਦੀ ਰਹਿ ਗਈ ਤੇ ਉਹ ਨਦੀ ਪਾਰ ਕਰ ਗਏ।
• ਅਕਤੂਬਰ 1916 ਵਿੱਚ ਭਾਈ ਸੰਤੋਖ ਸਿੰਘ ਆਪਣੇ ਸਾਥੀ ਰਾਮ ਸਿੰਘ ਧਲੇਤਾ ਨਾਲ ਅਮਰੀਕਾ ਵਿਖੇ
ਪਹੁੰਚ ਗਏ।
• 15 ਨਵੰਬਰ 1916 ਨੂੰ ਭਾਈ ਸੰਤੋਖ ਸਿੰਘ ਪਾਰਟੀ ਦਫ਼ਤਰ ਯੁਗਾਂਤਰ ਆਸ਼ਰਮ ਪਹੁੰਚ ਗਏ।
ਉਨ੍ਹਾਂ ਦੇ ਨਾਲ ਰਾਮ ਸਿੰਘ ਧਲੇਤਾ ਅਤੇ ਭਗਵਾਨ ਸਿੰਘ ਸਨ।
• 28 ਮਾਰਚ 1917 ਨੂੰ ਰਾਮ ਚੰਦਰ ਨੇ, ਭਾਈ ਸੰਤੋਖ ਸਿੰਘ, ਭਾਈ ਭਗਵਾਨ ਸਿੰਘ ਤੇ ਰਾਮ ਸਿੰਘ
ਧਲੇਤਾ ‘ਤੇ ਝੂਠੇ ਇਲਜ਼ਾਮ ਅਖ਼ਬਾਰ ਵਿੱਚ ਪ੍ਰਕਾਸ਼ਤ ਕੀਤੇ ਸਨ। ਜਿਸ ਨਾਲ ਪਾਠਕਾਂ ਤੇ ਹਮਦਰਦਾਂ
ਦੇ ਮਨਾਂ ਅੰਦਰ ਗ਼ਦਰ ਪਾਰਟੀ ਪ੍ਰਤੀ ਉਤਸ਼ਾਹ ਬਹੁਤ ਹੀ ਘਟ ਗਿਆ ਸੀ।
• 7 ਅਪ੍ਰੈਲ 1917 ਨੂੰ ਨਿਰਪੱਖਤਾ ਦਾ ਅਲੰਬਰਦਾਰ ਅਮਰੀਕਾ ਇਤਿਹਾਦੀ ਤਾਕਤਾਂ ਦੀ ਧਿਰ ਬਣ
ਕੇ ਜੰਗ ਵਿੱਚ ਸ਼ਾਮਲ ਹੋ ਗਿਆ। ਬਰਤਾਨਵੀ ਹਾਕਮਾਂ ਨੇ ਇਸ ਮੌਕੇ ਨੂੰ ਗ਼ਦਰੀ ਦੇਸ਼ ਭਗਤਾਂ ਦੇ
ਖ਼ਿਲਾਫ਼ ਵਰਤਣ ਲਈ ਵਰਤਿਆ। ਗ਼ਦਰੀਆਂ ‘ਤੇ ਅਮਰੀਕਨ ਦਬਾਅ ਆਪਣੇ ਸਿਖ਼ਰ ‘ਤੇ ਪਹੁੰਚ ਗਿਆ।
• 8 ਅਪਰੈਲ 1917 ਨੂੰ ਅਮਰੀਕੀ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਏ ਗਏ ਅਤੇ ਇੰਡੋ ਜਰਮਨ
ਸਾਜ਼ਿਸ਼ ਕੇਸ ਜਿਸ ਨੂੰ ‘ਸਾਨਫ਼੍ਰਾਸਿਸਕੋ ਹਿੰਦੂ ਸਾਜ਼ਿਸ਼ ਕੇਸ‘ ਵੀ ਕਿਹਾ ਜਾਂਦਾ ਹੈ ਵਿੱਚ
ਸ਼ਾਮਲ ਕਰ ਲਿਆ ਗਿਆ।
• 13 ਅਗਸਤ 1917 ਨੂੰ ਭਾਈ ਸੰਤੋਖ ਸਿੰਘ ਨੇ ਪਾਰਟੀ ਪ੍ਰਧਾਨ ਦੀਆਂ ਪਾਰਟੀ ਵਿਰੋਧੀ ਤੇ
ਅਨੈਤਿਕ ਨੀਤੀਆਂ ਕਰਕੇ ਜਨਰਲ ਮੈਂਬਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।
• 15 ਅਗਸਤ 1917 ਦੇ ਸਪਤਾਹਕ ਗ਼ਦਰ ਵਿੱਚ ਰਾਮ ਚੰਦਰ ਨੇ ਇਹ ਜਮੀਮਾਂ ਛਾਪਿਆ ਕਿ ਸ. ਭਗਵਾਨ
ਸਿੰਘ (ਪ੍ਰਧਾਨ), ਭਾਈ ਸੰਤੋਖ ਸਿੰਘ (ਜਨਰਲ ਸਕੱਤਰ) ਤੇ ਭਾਈ ਰਾਮ ਸਿੰਘ ਧਲੇਤਾ ਨੂੰ ਪਾਰਟੀ
‘ਚੋਂ ਕੱਢ ਦਿੱਤਾ ਹੈ।
• 7 ਨਵੰਬਰ 1917 ਈ. ਨੂੰ ਸਾਨਫ਼੍ਰਾਸਿਸਕੋ ਹਿੰਦੂ ਸਾਜ਼ਿਸ਼ ਕੇਸ ਬਕਾਇਦਾ ਰੂਪ ਵਿੱਚ ਆਰੰਭ ਹੋ
ਗਿਆ। ਜਿਸ ਕੇਸ ਵਿੱਚ ਗਵਰਨਰ ਔਡਵਾਇਰ ਨੇ ਖ਼ਾਸ ਰੁਚੀ ਲਈ ਤੇ ਅੱਧੀ ਦਰਜਨ ਤੋਂ ਵੱਧ ਵਾਅਦਾ
ਮੁਆਫ਼ ਗਵਾਹ ਪੰਜਾਬ ਤੋਂ ਅਮਰੀਕਾ ਭੇਜੇ।
• 12 ਦਸੰਬਰ 1917 ਈ. ਨੂੰ ਅਦਾਲਤ ਵਿੱਚੋਂ ਵੀ.ਆਈ. ਲੈਨਿਨ ਦੀ ਸਰਕਾਰ ਨੂੰ ਰੂਸ ਦੇ
ਇਨਕਲਾਬ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਸਾਨਫ਼੍ਰਾਸਿਸਕੋ ਕੇਸ ਵਿੱਚ ਮਦਦ ਕਰਨ ਦੀ ਅਪੀਲ
ਕਰਦਿਆਂ ਪੱਤਰ ਲਿਖਿਆ।
• 22 ਅਪ੍ਰੈਲ 1918 ਈ. ਨੂੰ ਸਾਨਫ਼੍ਰਾਸਿਸਕੋ ਕ੍ਰੋਨੀਕਲ ਨੇ ਮੁੱਖ ਪੰਨੇ ‘ਤੇ ਖ਼ਬਰ ਪ੍ਰਕਾਸ਼ਤ
ਕੀਤੀ ਕਿ ਹਿੰਦੂ ਸਾਜ਼ਿਸ਼ ਕੇਸ ਦੀ ਕਾਰਵਾਈ ਵਿੱਚ 30 ਲੱਖ ਡਾਲਰ ਖ਼ਰਚ ਆਏ ਹਨ। ਅਮਰੀਕਾ ਦੀ
ਸਰਕਾਰ ਨੇ ਚਾਰ ਲੱਖ ਪੰਜਾਹ ਹਜ਼ਾਰ ਤੋਂ ਵੱਧ ਇਸ ਕੇਸ ‘ਤੇ ਖ਼ਰਚ ਕੀਤੇ।
• 23 ਅਪ੍ਰੈਲ 1918 ਈ. ਨੂੰ ਅਮਰੀਕੀ ਅਦਾਲਤ ਵਿੱਚ ਭਾਈ ਰਾਮ ਸਿੰਘ ਧਲੇਤਾ ਨੇ ਆਪਣੇ
ਪਿਸਤੌਲ ਨਾਲ ਰਾਮ ਚੰਦਰ ਦਾ ਕਤਲ ਕਰ ਦਿੱਤਾ ਤੇ ਇਸੇ ਦਿਨ ਅਦਾਲਤ ਅੰਦਰ ਮਾਰਸ਼ਲਾਂ ਵੱਲੋਂ
ਚਲਾਈ ਗਈ ਜੁਆਬੀ ਗੋਲੀ ਵਿੱਚ ਭਾਈ ਰਾਮ ਸਿੰਘ ਧਲੇਤਾ ਸ਼ਹੀਦੀ ਜਾਮ ਪੀ ਗਏ। ਇਸ ਕਤਲ ਕੇਸ ਦਾ
ਸਾਰਾ ਮੁਕੱਦਮਾ ਭਾਈ ਸੰਤੋਖ ਸਿੰਘ ਸਿਰ ਮੜਿਆ ਗਿਆ ਪਰ ਬਾਅਦ ਵਿੱਚ ਗਵਾਹਾਂ ਦੇ ਬਦਲ ਜਾਣ
‘ਤੇ ਉਹ ਇਸ ਕੇਸ ਵਿਚੋਂ ਬਰੀ ਹੋ ਗਏ।
• 25 ਅਪ੍ਰੈਲ 1918 ਨੂੰ ਸਰਕਾਰੀ ਵਕੀਲ ਪ੍ਰੈਸਟਨ ਨੇ ਇਹ ਐਲਾਨ ਕੀਤਾ ਕਿ ਰਾਮ ਚੰਦਰ ਦੇ
ਕਤਲ ਵਿੱਚ ਸਹਿਯੋਗ ਦੇਣ ‘ਤੇ ਭਾਈ ਸੰਤੋਖ ਸਿੰਘ ਤੇ ਕੇਸ ਚਲਾਇਆ ਜਾਵੇ।
• 30 ਅਪ੍ਰੈਲ 1918 ਨੂੰ ਭਾਈ ਸੰਤੋਖ ਸਿੰਘ ਨੂੰ ਮੈਕਨੈਲਜ ਟਾਪੂ ਵਿਖੇ 21 ਮਹੀਨੇ ਦੀ ਸਖ਼ਤ
ਸਜ਼ਾ ਭੁਗਤਣ ਲਈ ਭੇਜਣ ਦਾ ਹੁਕਮ ਦਿੱਤਾ। ਜਿਸ ਜੇਲ੍ਹ ਵਿੱਚ ਭਾਈ ਸਾਹਿਬ ਨੇ ਗਹਿਨ ਅਧਿਐਨ
ਕੀਤਾ। 25 ਤੋਂ ਵੱਧ ਮਾਰਕਸਵਾਦੀ ਵਿਚਾਰਧਾਰਾ ਨਾਲ ਸੰਬੰਧਤ ਪੁਸਤਕਾਂ ਵੀ ਪੜੀਆਂ।
• 2 ਅਕਤੂਬਰ 1919 ਨੂੰ ਜਦੋਂ 21 ਮਹੀਨੇ ਦੀ ਸਜ਼ਾ ਪੂਰੀ ਕਰਕੇ ਰਿਹਾਅ ਹੋਏ ਉਸ ਸਮੇਂ ਦੇਸ਼
ਵਾਪਸੀ ਦਾ ਖ਼ਤਰਾ ਸਿਰ ‘ਤੇ ਮੰਡਰਾ ਰਿਹਾ ਸੀ।
• ਮਾਰਚ 1920 ਵਿੱਚ ਸੰਤੋਖ ਸਿੰਘ ਗ਼ਦਰ ਪਾਰਟੀ ਨੂੰ ਮੁੜ ਜਥੇਬੰਦ ਕਰਨ ਲਈ ਯੁਗਾਂਤਰ ਆਸ਼ਰਮ
ਵਿੱਚ ਜੁਟਿਆ ਹੋਇਆ ਸੀ।
• 18 ਮਈ 1920 ਨੂੰ ਡਿਪਾਰਟਮੈਂਟ ਔਫ਼ ਲੇਬਰ ਨੇ ਭਾਈ ਸੰਤੋਖ ਸਿੰਘ ਤੇ ਹੋਰਾਂ ਦੇ ਦੇਸ਼
ਨਿਕਾਲੇ ਦੇ ਵਾਰੰਟ ਕੈਂਸਲ ਕਰ ਦਿੱਤੇ।
• ਮਾਰਚ 1920 ਵਿੱਚ ਫਿਰ ਪਾਰਟੀ ਦਫ਼ਤਰ ਯੁਗਾਂਤਰ ਆਸ਼ਰਮ ਵਿੱਚ ਡੇਰੇ ਜਮਾ ਲਏ ਤੇ ਖਿੰਡਰੀ
ਹੋਈ ਪਾਰਟੀ ਨੂੰ ਇਕੱਠੇ ਕਰਨ ਲਈ ਨਵੇਂ ਸਿਰੇ ਤੋਂ ਯਤਨ ਆਰੰਭ ਦਿੱਤੇ।
• ਮਈ 1920 ਵਿੱਚ ਸਾਨਫ਼੍ਰਾਸਿਸਕੋ ਵਿਖੇ ਸਭ ਸਰਗਰਮ ਮੈਂਬਰਾਂ ਦਾ ਵੱਡਾ ਇਕੱਠ ਕੀਤਾ, ਜਿਸ
ਵਿੱਚ ਨਵੇਂ ਸਿਰੇ ਤੋਂ ਚੋਣ ਕਰਵਾਈ ਗਈ। ਬਾਪੂ ਹਰਜਾਪ ਸਿੰਘ ਪਾਰਟੀ ਪ੍ਰਧਾਨ ਬਣੇ ਤੇ ਜਨਰਲ
ਸਕੱਤਰ ਭਾਈ ਸੰਤੋਖ ਸਿੰਘ ਨੂੰ ਹੀ ਬਣਾਇਆ ਗਿਆ। ਇਸੇ ਮੀਟਿੰਗ ਵਿੱਚ ਭਾਈ ਸਾਹਿਬ ਨੇ ਪਾਰਟੀ
ਦੀ ਵਿਚਾਰਧਾਰਾ ਵਿੱਚ ਅਹਿਮ ਤਬਦੀਲੀ ਲਿਆਉਣ ਦਾ ਮਤਾ ਰੱਖਿਆ। ਉਨ੍ਹਾਂ ਨੇ ਆਪਣੀ ਰਿਪੋਰਟ
ਵਿੱਚ ਫਰਵਰੀ 1915 ਦੇ ਅਸਫ਼ਲ ਗ਼ਦਰ ਤੇ ਰੂਸ ਵਿੱਚ ਨਵੰਬਰ 1917 ਦੇ ਸਫ਼ਲ ਇਨਕਲਾਬ ਦੀਆਂ
ਸਥਿਤੀਆਂ ਦਾ ਤੁਲਨਾਤਮਿਕ ਅਧਿਐਨ ਪੇਸ਼ ਕੀਤਾ। ਇਸੇ ਮੀਟਿੰਗ ਵਿੱਚ ਸੰਤੋਖ ਸਿੰਘ ਹੁਰਾਂ
ਦੁਆਰਾ ਪਾਸ ਕੀਤਾ ਵਿਚਾਰਧਾਰਕ ਮੋੜ ਦਾ ਫੈਸਲਾ ਸਰਬ ਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ।
• 17 ਜੂਨ 1920 ਨੂੰ ਐਗਨਸ ਸਮੈਡਲੀ ਨੇ ਬਿਸ਼ਨ ਸਿੰਘ ਨੂੰ ਖ਼ਤ ਵਿੱਚ ਲਿਖਿਆ, ‘‘ਸੰਤੋਖ ਸਿੰਘ
ਨੂੰ ਇਹ ਖ਼ਬਰ ਦੇਣ ਦੀ ਕ੍ਰਿਪਾਲਤਾ ਕਰਨੀ ਕਿ ਜਾਪਦਾ ਹੈ ਕਿ ਉਨ੍ਹਾਂ ਦੇ ਉਥੋਂ ਲਿਖੇ ਸਾਰੇ
ਖ਼ਤ ਸਾਡੇ ਤੀਕ ਨਹੀਂ ਪਹੁੰਚੇ। ਜਿਹੜੇ ਪਹੁੰਚਦੇ ਵੀ ਹਨ, ਉਹ ਵੀ ਖੋਲ੍ਹੇ ਹੋਏ ਹੁੰਦੇ ਹਨ।
ਇਸ ਲਈ ਉਨ੍ਹਾਂ ਨੂੰ ਕਹਿਣਾ ਕਿ ਹੁਣ ਤੋਂ ਸਾਨੂੰ ਉਸੇ ਸਿਰਨਾਵੇਂ ‘ਤੇ ਸਾਰੀਆਂ ਚਿੱਠੀਆਂ
ਪਾਉਣ, ਜੋ ਕੁਝ ਚਿਰ ਪਹਿਲਾਂ ਮੈਂ ਉਨ੍ਹਾਂ ਨੂੰ ਦਿੱਤਾ ਸੀ।‘‘
• ਸਤੰਬਰ 1920 ਵਿੱਚ ਸਾਨਫ਼੍ਰਾਸਿਸਕੋ ਤੋਂ ਪਾਰਟੀ ਦੀ ਨਵੀਂ ਲਾਈਨ ਦੇ ਅਨੁਸਾਰ ਅੰਗਰੇਜ਼ੀ
ਮਾਸਿਕ ਰਸਾਲਾ ‘ਇੰਡੀਪੈਂਡਿੰਟ ਹਿੰਦੋਸਤਾਨ‘ ਪ੍ਰਕਾਸ਼ਿਤ ਕੀਤਾ ਗਿਆ। ਜਿਸ ਦੇ ਸੰਪਾਦਕ
ਸੁਰਿੰਦਰ ਨਾਥ ਕਾਰ ਨੂੰ ਨਿਯੁਕਤ ਕੀਤਾ ਗਿਆ। ਇਹ ਰਸਾਲਾ ਜਮਹੂਰੀ ਇਨਕਲਾਬੀ ਵਿਚਾਰਧਾਰਾ ਨੂੰ
ਸਮਰਪਿਤ ਸੀ। ਪ੍ਰੋ. ਤਾਰਕਨਾਥ ਦਾਸ ਇਸ ਰਸਾਲੇ ਲਈ ਲਿਖਿਆ ਕਰਦੇ ਸਨ। ਇਹ ਰਸਾਲਾ ਭਾਈ ਸੰਤੋਖ
ਸਿੰਘ ਤੇ ਤਾਰਕਨਾਥ ਦਾਸ ਦੀ ਸਲਾਹ ਨਾਲ ਕੱਢਿਆ ਗਿਆ ਸੀ।
• 1921 ਵਿੱਚ ਗ਼ਦਰ ਪਾਰਟੀ ਵੱਲੋਂ ਸੁਰਿੰਦਰ ਨਾਥ ਕਾਰ ਨੂੰ ਰੂਸ ਭੇਜਿਆ ਗਿਆ। ਮੌਲਾਨਾ
ਬਰਕਤਉੱਲਾ ਤੋਂ ਬਾਅਦ ਰੂਸ ਜਾਣ ਵਾਲਾ ਦੂਸਰਾ ਗ਼ਦਰੀ ਦੇਸ਼ ਭਗਤ ਸੁਰਿੰਦਰ ਨਾਥ ਕਾਰ ਹੀ ਸੀ।
ਜਿਨ੍ਹਾਂ ਨੇ ਭਾਈ ਸੰਤੋਖ ਸਿੰਘ ਲਈ ਕੌਮਟਰਨ ਦਾ ਰਾਹ ਪੱਧਰਾ ਕੀਤਾ।
• ਅਗਸਤ 1922 ਤੱਕ ਭਾਈ ਸੰਤੋਖ ਸਿੰਘ ਗ਼ਦਰ ਪਾਰਟੀ ਦੇ ਜਨਰਲ ਸਕੱਤਰ ਦੀ ਹੈਸੀਅਤ ਵਿੱਚ ਕੰਮ
ਕਰਦੇ ਰਹੇ। ਮਾਰਚ 1914 ਤੋਂ ਲੈ ਕੇ ਅਗਸਤ 1922 ਤੱਕ ਭਾਈ ਸੰਤੋਖ ਸਿੰਘ ਨੇ ਸਭ ਤੋਂ ਲੰਮਾ
ਸਮਾਂ ਪਾਰਟੀ ਦੀ ਅਹਿਮ ਜ਼ਿੰਮੇਵਾਰੀ ਨਿਭਾਈ। ਇਸ ਸਮੇਂ ਦਾ ਇਤਿਹਾਸ ਆਪਣੇ ਆਪ ਵਿੱਚ ਗੌਰਵਮਈ
ਇਤਿਹਾਸ ਹੈ। ਇਸ ‘ਤੇ ਆਉਣ ਵਾਲੀਆਂ ਹਿੰਦੋਸਤਾਨੀ ਨਸਲਾਂ ਮਾਣ ਕਰਿਆ ਕਰਨਗੀਆਂ।
• ਅਗਸਤ 1922 ਵਿੱਚ ਮਾਸਕੋ ਆਉਣ ਤੋਂ ਪਹਿਲਾਂ ਭਾਈ ਸੰਤੋਖ ਸਿੰਘ ਤੇ ਰਤਨ ਸਿੰਘ ਪ੍ਰੋ.
ਤਾਰਕਨਾਥ ਦਾਸ ਨੂੰ ਮਿਲਣ ਨਿਊਯਾਰਕ ਗਏ। ਇਹ ਉਨ੍ਹਾਂ ਦੀ ਆਖ਼ਰੀ ਮਿਲਣੀ ਬਣ ਗਈ।
• 23 ਸਤੰਬਰ, 1922 ਨੂੰ ਲਟਵੀਆ ਤੋਂ ਰੂਸ ਵਿੱਚ ਦਾਖਲ ਹੋਏ।
• 24 ਸਤੰਬਰ, 1922 ਨੂੰ ਉਹ ਰਸ਼ੀਅਨ ਕਾਮਰੇਡਾਂ ਦੇ ਸੰਪਰਕ ਵਿੱਚ ਆ ਗਏ।
• 5 ਨਵੰਬਰ ਤੋਂ 5 ਦਸੰਬਰ, 1922 ਤੱਕ ਕੌਮਟਰਨ ਦੀ ਚੌਥੀ ਕਾਂਗਰਸ ਵਿੱਚ ਬਤੌਰ ਡੈਲੀਗੇਟ
ਸ਼ਾਮਲ ਹੋਏ। ਜਿਸ ਕਾਂਗਰਸ ਵਿਚ ਲੈਨਿਨ ਨੇ ਕੁੰਜੀਵਤ ਭਾਸ਼ਨ ਦਿੱਤਾ।
• ਮਈ 1923 ਨੂੰ ਮਾਸਕੋ ਤੋਂ ਇਰਾਨ ਰਾਹੀਂ ਵਾਪਸ ਭਾਰਤ ਲਈ ਤੁਰ ਪਏ।
• ਸਤੰਬਰ 1923 ਈ. ਵਿੱਚ ਅਫ਼ਗਾਨਿਸਤਾਨ ਤੋਂ ਆਉਂਦੇ ਹੋਏ ਸਬਕਦਰ ਨਾਮ ਦੇ ਆਜ਼ਾਦ ਖਿੱਤੇ ਵਿੱਚ
ਬਰਤਾਨਵੀ ਸਿਪਾਹੀਆਂ ਨੇ ਗ੍ਰਿਫ਼ਤਾਰ ਕਰ ਲਏ।
• 5 ਨਵੰਬਰ 1923 ਨੂੰ ਜੇ.ਕਰੇਕਰ (ਪੰਜਾਬ ਦੇ ਅੰਗਰੇਜ਼ ਉੱਚ ਅਧਿਕਾਰੀ) ਨੇ ਵਾਇਸਰਾਏ ਦੇ
ਨਿੱਜੀ ਸਕੱਤਰ ਨੂੰ ਲਿਖਿਆ ਕਿ ‘‘ਸੰਤੋਖ ਸਿੰਘ ਅਤਿਅੰਤ ਖ਼ਤਰਨਾਕ ਵਿਅਕਤੀ ਹੈ। ਇਸ ਨੂੰ
ਖੁੱਲ੍ਹਾ ਫਿਰਨ ਦੀ ਆਗਿਆ ਦਿੱਤੇ ਜਾਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੋ ਸਕਦਾ।
• ਨਵੰਬਰ 1923 ਈ. ਨੂੰ ਭਾਈ ਸੰਤੋਖ ਸਿੰਘ ਨੂੰ ਅੰਮ੍ਰਿਤਸਰ ਸਬ ਜੇਲ੍ਹ ਵਿੱਚੋਂ 10 ਹਜ਼ਾਰ
ਦੀ ਜ਼ਮਾਨਤ ‘ਤੇ ਰਿਹਾਅ ਕਰਕੇ ਜੱਦੀ ਪਿੰਡ ਧਰਦਿਉ ਵਿੱਚ ਜੂਹਬੰਦ ਕਰ ਦਿੱਤਾ।
• 1924 ਵਿੱਚ ਸਾਂਝੀਵਾਲ ਐਸੋਸੀਏਸ਼ਨ ਪਾਰਟੀ ਦਾ ਪ੍ਰੋਗਰਾਮ ਤਿਆਰ ਕੀਤਾ।
• ਮਈ 1925 ਨੂੰ ਜੂਹਬੰਦੀ ਖ਼ਤਮ ਹੋ ਗਈ ਅਤੇ ਆਪ ਪਾਰਟੀ ਦੇ ਅਗਲੇਰੇ ਪ੍ਰੋਗਰਾਮ ਲਈ
ਅੰਮ੍ਰਿਤਸਰ ਚਲੇ ਗਏ।
• 26 ਦਸੰਬਰ 1925 ਨੂੰ ਕਾਨਪੁਰ ਵਿਖੇ ਹੋ ਰਹੀਆਂ ਕਮਿਊਨਿਸਟ ਅਤੇ ਕਾਂਗਰਸ ਪਾਰਟੀ ਦੀਆਂ
ਕਾਨਫਰੰਸਾਂ ਵਿੱਚ ਸ਼ਾਮਲ ਹੋਏ।
• ਜਨਵਰੀ 1926 ਵਿੱਚ ਕਿਰਤੀ ਪਰਚੇ ਦਾ ਡੈਕਲੇਰੇਸ਼ਨ ਮਿਲਣ ‘ਤੇ ਸਾਰੀਆਂ ਪ੍ਰਮੁੱਖ ਅਖ਼ਬਾਰਾਂ
ਵਿੱਚ ਇਸ ਆਉਣ ਵਾਲੇ ਪਰਚੇ ਦਾ ਇਸ਼ਤਿਹਾਰ ਪ੍ਰਕਾਸ਼ਤ ਕਰਵਾਇਆ।
• 19 ਫਰਵਰੀ 1926 ਨੂੰ ਕਿਰਤੀ ਦਾ ਪਹਿਲਾ ਪਰਚਾ ਪ੍ਰਕਾਸ਼ਿਤ ਹੋਇਆ। ਇਸ ਦਿਨ 1915 ਦੇ ਗ਼ਦਰ
ਦੀ ਗਿਆਰਵੀਂ ਵਰ੍ਹੇਗੰਢ ਸੀ। ਇਸ ਅਖ਼ਬਾਰ ਦੇ ਮੋਢੀ ਸੰਪਾਦਕ ਅਤੇ ਕਰਤਾ ਧਰਤਾ ਭਾਈ ਸੰਤੋਖ
ਸਿੰਘ ਆਪ ਹੀ ਸਨ।
• ਜਨਵਰੀ 1926 ਦੇ ਵਿੱਚ ਆਪ ਦੇ ਘਰ ਇਕ ਪੁੱਤਰ ਪੈਦਾ ਹੋਇਆ।
• 1927 ਵਿੱਚ ਆਪ ਦੇ ਘਰ ਫਿਰ ਇਕ ਹੋਰ ਪੁੱਤਰ ਪੈਦਾ ਹੋਇਆ ਪਰ ਆਰਥਿਕ ਤੰਗੀਆਂ ਕਰਕੇ ਉਹ
ਜਿਊਂਦੇ ਨਾ ਰਹੇ ਤੇ ਭਾਈ ਸਾਹਿਬ ਦੇ ਜਿਊਂਦੇ ਜੀਅ ਉਹ ਦੋਵੇਂ ਇਸ ਬਿਮਾਰ ਪਿਤਾ ਦੀਆਂ ਪਾਰਟੀ
ਪ੍ਰਤੀ ਜ਼ਿੰਮੇਵਾਰੀਆਂ ਦੀ ਭੇਟ ਚੜ੍ਹ ਗਏ। ਜਿਵੇਂ ਕਾਰਲ ਮਾਰਕਸ ਦੇ ਛੋਟੇ ਬੇਟੇ ਤੇ ਧੀਆਂ
ਤੰਗੀਆਂ ਤੁਰਸ਼ੀਆਂ ਵਿੱਚ ਛੋਟੀ ਉਮਰ ਵਿੱਚ ਹੀ ਕੂਚ ਕਰ ਗਏ ਸਨ।
• 19 ਮਈ 1927 ਨੂੰ ਸਵੇਰੇ 7 ਵਜ ਕੇ 40 ਮਿੰਟ ‘ਤੇ ਤਪਦਿਕ ਦੀ ਨਾਮੁਰਾਦ ਬਿਮਾਰੀ ਨੇ
ਕਿਰਤੀਆਂ ਕਿਸਾਨਾਂ ਦਾ ਸੱਚਾ ਸਾਥੀ ਸੰਤੋਖ ਸਿੰਘ ਉਨ੍ਹਾਂ ਪਾਸੋਂ ਖੋਹ ਲਿਆ। ਉਸੇ ਦਿਨ
ਅੰਮ੍ਰਿਤਸਰ ਵਿਖੇ ਹੀ ਉਨ੍ਹਾਂ ਦਾ ਸਸਕਾਰ ਕਰ ਦਿੱਤਾ ਗਿਆ।
• 35 ਸਾਲ ਦੀ ਭਰ ਜਵਾਨੀ ਵਿੱਚ ਤੁਰ ਜਾਣ ਵਾਲੇ ਉਸ ਮਹਾਨ ਨਾਇਕ ਭਾਈ ਸੰਤੋਖ ਸਿੰਘ ਨੂੰ ਉਸ
ਸਮੇਂ ਦੇ ਸਿਰਮੌਰ ਅਕਾਲੀ ਆਗੂ ਮਾਸਟਰ ਤਾਰਾ ਸਿੰਘ ਨੇ ਸ਼ਹੀਦ ਦਾ ਰੁਤਬਾ ਦਿੰਦਿਆਂ ਕਿਹਾ ਕਿ
‘‘ਉਹ ਪੁਰਜ਼ਾ-ਪੁਰਜ਼ਾ ਕਰਕੇ ਸ਼ਹੀਦੀ ਪ੍ਰਾਪਤ ਕਰ ਗਏ, ਉਹ ਮਰੇ ਨਹੀਂ, ਅਮਰ ਹਨ ਤੇ ਅਮਰ
ਰਹਿਣਗੇ।‘‘
• ਜੂਨ 1927 ਦੇ ਕਿਰਤੀ ਅਖ਼ਬਾਰ ਨੇ ਆਪਣੇ ਮੋਢੀ ਸੰਪਾਦਕ ਦੇ ਅਚਾਨਕ ਤੁਰ ਜਾਣ ‘ਤੇ ਭਾਈ
ਸਾਹਿਬ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਭਰਪੂਰ ਅੰਕ ਕੱਢਿਆ। ਇਸ ਅੰਕ ਵਿੱਚ ਮਾਸਟਰ ਤਾਰਾ
ਸਿੰਘ ਦਾ ਲੇਖ ਛਪਿਆ, ਜਿਨ੍ਹਾਂ ਨੇ ਭਾਈ ਸਾਹਿਬ ਨੂੰ ਜ਼ਿੰਦਾ ਸ਼ਹੀਦ ਕਿਹਾ। (ਕਿਰਤੀ ਦੇ ਸਾਰੇ
ਪਰਚੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਸਾਂਭੇ ਪਏ ਹਨ।)
• ਜੁਲਾਈ 1927 ਵਿੱਚ ਕਿਰਤੀ ਅਖ਼ਬਾਰ ਨੇ ਭਾਈ ਸਾਹਿਬ ਬਾਰੇ ਦੂਸਰੇ ਮਹੀਨੇ ਮੁੜ
ਵਿਸਥਾਰਪੂਰਵਕ ਜਾਣਕਾਰੀ ਦਿੱਤੀ, ਜੋ ਬਹੁਤ ਹੀ ਵਡਮੁੱਲੀ ਹੈ। ਇਸ ਪਰਚੇ ਵਿੱਚ ਭਾਈ ਸਾਹਿਬ
ਦੇ ਸਸਕਾਰ ‘ਤੇ ਜਾ ਰਹੇ ਲੋਕਾਂ ਦੀ ਤਸਵੀਰ ਵੀ ਪ੍ਰਕਾਸ਼ਿਤ ਕੀਤੀ ਗਈ। ਵੱਡੀ ਗਿਣਤੀ ਵਿੱਚ
ਲੋਕਾਂ ਦਾ ਇਕੱਠ ਇਹ ਦਰਸਾ ਰਿਹਾ ਹੈ ਕਿ ਭਾਈ ਸੰਤੋਖ ਸਿੰਘ ਦੇ ਤੁਰ ਜਾਣ ਨਾਲ ਪੰਜਾਬ ਤੇ
ਭਾਰਤ ਨੂੰ ਹੀ ਨਹੀਂ ਸਗੋ ਕੁਲ ਦੁਨੀਆ ਦੇ ਕਿਰਤੀਆਂ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ
ਪਿਆ ਹੈ। ਭਾਈ ਸਾਹਿਬ ਦੀ ਇਹ ਫੋਟੋ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਭਾਈ ਸਾਹਿਬ ਪੰਜਾਬੀਆਂ
ਵਿੱਚ ਕਿੰਨੇ ਮਕਬੂਲ ਹੋ ਚੁੱਕੇ ਸਨ। (ਕਿਰਤੀ ਦਾ ਇਹ ਪਰਚਾ ਪੰਜਾਬੀ ਯੂਨੀਵਰਸਿਟੀ ਪਟਿਆਲਾ
ਵਿਖੇ ਸਾਂਭਿਆ ਪਿਆ ਹੈ।)
• 1976 ਵਿੱਚ ਭਾਈ ਸੰਤੋਖ ਸਿੰਘ ਬਾਰੇ ਸੋਹਣ ਸਿੰਘ ਜੋਸ਼ ਦਾ ਲਿਖਿਆ ਲੰਮਾ ਲੇਖ ਛਪਿਆ, ਜਿਸ
ਨੂੰ ਉਨ੍ਹਾਂ ਨੇ ਭਗਤ ਸਿੰਘ ਨਾਲ ਮੇਰੀਆਂ ਮੁਲਾਕਾਤਾਂ ਕਿਤਾਬ ਵਿੱਚ ਪ੍ਰਕਾਸ਼ਤ ਕਰਵਾਇਆ। ਜਿਸ
ਕਿਤਾਬ ਦਾ ਦੂਸਰਾ ਐਡੀਸ਼ਨ 1986 ਵਿੱਚ ਆਰਸੀ ਪਬਲਿਸ਼ਰਜ਼ ਚਾਂਦਨੀ ਚੌਂਕ ਦਿੱਲੀ ਨੇ ਪ੍ਰਕਾਸ਼ਤ
ਕੀਤਾ।
• ਨਵੰਬਰ 2003 ਵਿੱਚ ਦੇਸ਼ ਭਗਤ ਯਾਦਗਾਰ ਕਮੇਟੀ ਨੇ ਭਾਈ ਸੰਤੋਖ ਸਿੰਘ ਦੀਆਂ ਕਿਰਤੀ ਅਖ਼ਬਾਰ
ਵਿੱਚ ਛਪੀਆਂ ਲਿਖਤਾਂ ਤੇ ਜੀਵਨ ਬਾਰੇ ਮੁੱਢਲੀ ਜਾਣਕਾਰੀ ਪ੍ਰਦਾਨ ਕਰਦੀ ਇਕ ਖੋਜ ਪੁਸਤਕ
ਪ੍ਰਕਾਸ਼ਤ ਕੀਤੀ। ਇਸ ਨਾਲ ਭਾਈ ਸੰਤੋਖ ਸਿੰਘ ਬਾਰੇ ਖੋਜ ਕਰਨ ਦਾ ਕਾਰਜ ਆਰੰਭ ਹੋਇਆ।
• ਜਨਵਰੀ 2011 ਵਿੱਚ ਜਦੋਂ ਭਾਈ ਸਾਹਿਬ ਨੂੰ ਆਪਣੇ ਪਿੰਡ ਤੋਂ ਵਿਦੇਸ਼ ਜਾਣ ਦਾ ਸਫ਼ਰ ਸ਼ੁਰੂ
ਕੀਤਿਆਂ ਪੂਰਾ ਸੌ ਸਾਲ ਹੋ ਗਿਆ ਤਾਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਹਿਯੋਗ ਦੇ ਨਾਲ ਹੱਥਲੀ
ਪੁਸਤਕ ਤੁਹਾਡੇ ਸਾਰਿਆਂ ਦੇ ਹੱਥਾਂ ਵਿੱਚ ਪਹੁੰਚਦੀ ਕੀਤੀ ਗਈ ਹੈ।
-0- |