Welcome to Seerat.ca
Welcome to Seerat.ca

ਜਵਾਨੀ ਦਾ ਸ਼ਾਇਰ

 

- ਬਲਵੰਤ ਗਾਰਗੀ

ਚੁੱਲ੍ਹੇ ਵਿੱਚ ਬਲਦੀਆਂ ਕਵਿਤਾਵਾਂ ਤੇ ਹਜ਼ਾਰ ਰੰਗਾਂ ਦੀ ਲਾਟ

 

- ਸੁਰਜੀਤ ਪਾਤਰ

‘ਅੰਗਰੇਜੀ’ ਵਾਲ਼ਾ ‘ਮਾਸ਼ਟਰ’

 

- ਇਕਬਾਲ ਰਾਮੂਵਾਲੀਆ

ਕੌਣ ਕਿਸੇ ਦਾ...

 

- ਹਰਜੀਤ ਅਟਵਾਲ

ਭਗਤ ਸਿੰਘ ਦੀ ਤਸਵੀਰ

 

- ਅਮਰਜੀਤ ਚੰਦਨ

ਵਗਦੀ ਏ ਰਾਵੀ / ਮਾਂ ਬੋਲੀ ਜੋ ਭੁੱਲ ਜਾਵਣਗੇ...

 

- ਵਰਿਆਮ ਸਿੰਘ ਸੰਧੂ

ਰੰਗਮੰਚ ਲਈ ਪ੍ਰਤੀਬੱਧਤਾ ਹੋਣੀ ਜਰੂਰੀ ਹੈ – ਅਜਮੇਰ ਔਲਖ

 

- ਹੀਰਾ ਰੰਧਾਵਾ

ਮੌਜੀ ਫ਼ਨਕਾਰ ਹੈ ਹਜ਼ਾਰਾ ਸਿੰਘ ਰਮਤਾ

 

- ਨਿੰਦਰ ਘੁਗਿਆਣਵੀ

ਲਿਖਤੁਮ ਮੈਂ…ਪੜ੍ਹਤੁਮ ਆਕਾਸ਼ਬਾਣੀਂ ਬਠਿੰਡਾ

 

- ਹਰਮੰਦਰ ਕੰਗ

ਕੱਚਾ ਆਵਾ

 

- ਕਰਮ ਸਿੰਘ ਮਾਨ

ਪ੍ਰਗਤੀਸ਼ੀਲ ਲਹਿਰ ਅਤੇ ਪੰਜਾਬੀ ਸਾਹਿਤ

 

- ਗੁਰਦੇਵ ਚੌਹਾਨ

ਦੋ ਵਿਅੰਗ ਕਵਿਤਾਵਾਂ

 

- ਗੁਰਦਾਸ ਮਿਨਹਾਸ

ਦੋ ਨਜ਼ਮਾਂ

 

- ਮੁਖਵੀਰ

ਯਾਦਾਂ ਦੇ ਬਾਲ ਝਰੋਖੇ 'ਚ' ਕਿਸ਼ਤ -3
ਆਤੰਕ ਦਾ ਦੌਰ ਅਤੇ ਮਾਨਵੀ ਚਿਹਰੇ

 

- ਸੁਪਨ ਸੰਧੂ

ਗ਼ਜ਼ਲ

 

- ਹਰਦਮ ਸਿੰਘ ਮਾਨ

ਇਕ ਕਵਿਤਾ

 

- ਦਿਲਜੋਧ ਸਿੰਘ

 

ਜਵਾਨੀ ਦਾ ਸ਼ਾਇਰ
- ਬਲਵੰਤ ਗਾਰਗੀ

 

ਸਾਹਿਰ ਲੁਧਿਆਣਵੀ ਨੇ ਆਖਿਆ:
‘‘ਮੇਰਾ ਰੇਟ ਐਵੇਂ ਹੀ ਵਧ ਗਿਆ। ਦਰਅਸਲ ਮੈਂ ਬਹੁਤੀਆਂ ਫ਼ਿਲਮਾਂ ਲਈ ਲਿਖਣਾ ਨਹੀਂ ਚਾਹੁੰਦਾ। ਮੇਰਾ ਰੇਟ ਇਕ ਗੀਤ ਦਾ ਪੰਜ ਹਜ਼ਾਰ ਸੀ। ਇਕ ਮਾਲਦਾਰ ਫ਼ਿਲਮ ਪਰੋਡਿਊਸਰ ਆਇਆ ਤੇ ਉਸ ਨੇ ਕਿਹਾ ਕਿ ਸਾਹਿਰ ਸਾਹਬ ਅਸੀਂ ਤਾਂ ਤੁਹਾਥੋਂ ਹੀ ਗੀਤ ਲਿਖਾਵਾਂਗੇ। ਮੈਂ ਆਖਿਆ, ਮੇਰਾ ਰੇਟ ਤਾਂ ਦਸ ਹਜ਼ਾਰ ਰੁਪਏ ਇਕ ਗੀਤ ਦਾ ਹੈ। ਸੋਚਿਆ ਸੀ ਇਨੇ ਪੈਸੇ ਕੌਣ ਦੇਵੇਗਾ।
‘‘ਪਰ ਉਹ ਸੇਠ ਪਰੋਡਿਊਸਰ ਮੰਨ ਗਿਆ। ਉਸਨੇ ਆਖਿਆ ਮਨਜ਼ੂਰ ਹੈ। ਇਸ ਤਰ੍ਹਾਂ ਮੇਰਾ ਰੇਟ ਦਸ ਹਜ਼ਾਰ ਰੁਪਏ ਫ਼ੀ ਗੀਤ ਹੋ ਗਿਆ। ਬਲਵੰਤ ਜੀ, ਬਸ ਸਿਗਰਟ ਲਾ ਕੇ ਸੂਟਾ ਖਿਚੀਦਾ ਤੇ ਦਸ ਸੂਟਿਆਂ ਵਿਚ ਫ਼ਿਲਮੀ ਗੀਤ ਤਿਆਰ ਹੋ ਜਾਂਦਾ ਹੈ। ਮੇਰੇ ਇਕ ਸੂਟੇ ਦਾ ਮੁੱਲ ਇਕ ਹਜ਼ਾਰ ਰੁਪਏ ਹੈ।‘‘
ਇਹ ਆਖ ਕੇ ਸਾਹਿਰ ਮਾਸੂਮ ਹਾਸੀ ਹੱਸਣ ਲਗ ਪਿਆ।
ਇਹ ਗੱਲ ਪੰਦਰਾਂ ਸਾਲ ਦੀ ਹੈ।
ਮੈਂ ਜਦੋਂ ਬੰਬਈ ਜਾਂਦਾ, ਅਕਸਰ ਸਾਹਿਰ ਨਾਲ ਇਕ-ਅਧ ਮੁਲਾਕਾਤ ਜ਼ਰੂਰ ਹੁੰਦੀ। ਉਹ ਜਵਾਨੀ ਦਾ ਸ਼ਾਇਰ ਸੀ। ਜਵਾਨੀ ਦੀਆਂ ਉਮੰਗਾਂ ਅਤੇ ਖ਼ਵਾਬਾਂ ਤੇ ਸਧਰਾਂ ਦਾ ਖ਼ੂਬਸੂਰਤ ਕਵੀ।
ਉਹ ਮਸਾਂ ਵੀਹ ਸਾਲ ਦਾ ਸੀ ਜਦੋਂ ਲੁਧਿਆਣਾ ਛੱਡ ਕੇ ਲਾਹੌਰ ਆ ਗਿਆ। ਅਵਾਰਾ, ਬੇ-ਰੁਜ਼ਗਾਰ। ਰੋਮਾਂਟਿਕ ਗੀਤ ਲਿਖਣ ਵਾਲਾ, ਸਮਾਜੀ ਇਨਕਲਾਬ ਲਿਆਉਣ ਵਾਲਾ, ਦਿਲ-ਸੱਲ੍ਹਵੇਂ ਗੀਤ ਰਚਣ ਵਾਲਾ ਸਾਹਿਰ। ਉਸ ਵਿਚ ਨਰਮੀ ਤੇ ਲਚਕ ਸੀ ਜੋ ਉਸਦੀ ਸ਼ਕਲ ਨਾਲ ਮੇਲ ਖਾਂਦੀ ਸੀ। ਜਿਸਮਾਨੀ ਤੌਰ ਤੇ ਉਹ ਬਹੁਤ ਸੁਸਤ ਸੀ। ਚਾਲ-ਢਾਲ ਵੀ ਲਚਕੀਲੀ, ਸੁਫ਼ੈਦੇ ਦੇ ਪਤਲੇ ਦਰੱਖ਼ਤ ਵਾਂਗ ਜੋ ਹਵਾ ਦਾ ਰਤਾ ਕੁ ਝੋਕੇ ਨਾਲ ਲਿਫ਼ ਜਾਂਦਾ ਹੈ। ਚਿਹਰੇ ਉਤੇ ਹਲੇ ਮੱਧਮ ਦਾਗ, ਲੰਮਾ ਨੱਕ, ਸ਼ਰਮੀਲੀ ਮੁਸਕਰਾਹਟ।
ਸਾਹਿਰ ਬਹੁਤ ਸੰਗਦਾ ਸੀ। ਮੈਂ ਉਸਨੂੰ ਪਹਿਲੀ ਵਾਰ ਲਾਹੌਰ ਵਿਚ ‘ਮਕਤਬਾ ਉਰਦੂ‘ ਦੀ ਦੁਕਾਨ ‘ਤੇ ਮਿਲਿਆ। ਉਹ ਛੇਤੀ ਹੀ ਉਰਦੂ ਦੇ ਸ਼ਾਇਰਾਂ ਅਤੇ ਲੇਖਕਾਂ ਦੀ ਢਾਣੀ ਵਿਚ ਰਚ-ਮਿਚ ਗਿਆ।
ਉਸਨੇ ‘ਤਾਜ ਮਹਿਲ‘ ਨਜ਼ਮ ਲਿਖੀ ਤਾਂ ਉਸਦੀ ਸ਼ੁਹਰਤ ਸਾਰੇ ਹਿੰਦੁਸਤਾਨ ਵਿਚ ਅੱਗ ਵਾਂਗ ਫੈਲ ਗਈ। ਇਸ ਦਾ ਇਕ ਸ਼ਿਅਰ ਤਾਂ ਇਨਕਲਾਬੀ ਮੰਤਰ ਬਣ ਗਿਆ:
ਇਕ ਸ਼ਹਿਨਸ਼ਾਹ ਨੇ
ਦੌਲਤ ਦਾ ਸਹਾਰਾ ਲੇ ਕਰ
ਹਮ ਗ਼ਰੀਬੋਂ ਕੀ ਮੁਹੱਬਤ
ਕਾ ਉੜਾਯਾ ਹੈ ਮਜ਼ਾਕ
ਉਸਨੇ ਤਾਜ ਮਹਿਲ ਦੀਆਂ ਮਹਿਰਾਬਾਂ, ਸੰਗਮਰਮਰ ਦੇ ਗੁੰਬਦਾਂ ਤੇ ਮੀਨਾਰਾਂ ਦਾ ਖ਼ੂਬਸੂਰਤ ਬਿਆਨ ਕੀਤਾ ਤੇ ਸ਼ਬਦਾਂ ਨਾਲ ਹੁਸੀਨ ਤਾਜ ਮਹਿਲ ਉਸਾਰਿਆਾ। ਇਤਨਾ ਸੁੱਚਾ ਬਿਆਨ, ਇਤਨੀ ਖ਼ੂਬਸੂਰਤ ਹਕੀਕਤ-ਨਗਰੀ। ਇਉਂ ਲਗਦਾ ਸੀ ਕਿ ਸਾਇਰ ਨੂੰ ਤਾਜ ਮਹਿਲ ਦਾ ਡੂੰਘਾ ਨਿੱਜੀ ਤਜਰਬਾ ਸੀ, ਤੇ ਨਿੱਜੀ ਚੋਣ।
ਜਦੋਂ ਉਸਦੀ ਨਜ਼ਮ ਦੀ ਸ਼ੋਹਰਤ ਫੈਲ ਗਈ ਤਾਂ ਸਾਹਿਰ ਡਰ ਗਿਆ।
ਉਹ ਮੈਨੂੰ ਆਣਖ ਲਗਾ, ‘‘ਯਾਰ, ਮੈਂ ਤਾਂ ਕਦੇ ਤਾਜ ਮਹਿਲ ਦੇਖਿਆ ਈ ਨਹੀਂ। ਐਨੇ ਪੈਸੇ ਈ ਨਹੀਂ ਸਨ ਕਿ ਆਗਰੇ ਜਾ ਸਕਾਂ। ਜੇ ਕਿਸੇ ਨੂੰ ਪਤਾ ਲਗ ਗਿਆ... ਬੇਹਤਰ ਹੈ ਕਿ ਮੈਂ ਕਿਸੇ ਤੋਂ ਪੈਸੇ ਫੜ ਕੇ ਤਾਜ ਮਹਿਲ ਦੇਖ ਆਵਾਂ।‘‘
‘‘ਤਾਜ ਮਹਿਲ‘‘ ਨਜ਼ਮ ਲਿਖਣ ਪਿਛੋਂ ਕਈ ਸਾਲ ਮਗਰੋਂ ਸਾਹਿਰ ਨੇ ਤਾਜ ਮਹਿਲ ਦੇਖਿਆ।
ਸਾਹਿਰ ਵਿਚ ਦਿਵਯ ਗਿਆਨ ਸੀ, ਤੀਜੀ ਅੱਖ, ਸ਼ਾਇਰ ਦਾ ਅਹਿਸਾਸ, ਤਖ਼ਈਅਲ ਤੇ ਸਮਾਜੀ ਚੇਤਨਾ। ਕਈ ਲੋਕ ਤਾਜ ਮਹਿਲ ਦੇ ਅੰਦਰ ਬੈਠੇ ਤਾਜ ਮਹਿਲ ਨਹੀਂ ਦੇਖ ਸਕਦੇ, ਸਾਇਰ ਲਾਹੌਰ ਬੈਠਾ ਤਾਜ ਮਹਿਲ ਉਸਾਰ ਸਕਦਾ ਸੀ।
ਉਹਨੀਂ ਦਿਨੀਂ ਉਹ ਭੁੱਖਾ ਮਾਰਦਾ ਸੀ। ਮੁਹੱਬਤ ਦਾ ਵੀ ਭੁੱਖਾ ਸੀ।
ਜਦੋਂ ਉਹ ਸਟਾਰ ਬਣ ਗਿਆ ਤਾਂ ਬੇਸ਼ੁਮਾਰ ਔਰਤਾਂ ਉਸਦੀ ਮੁਹੱਬਤ ਵਿਚ ਗ੍ਰਿਫਤਾਰ ਹੋ ਗਈਆਂ। ਖ਼ਤਾਂ ਦਾ ਥੱਬੇ ਦੇ ਥੱਬੇ ਉਸਨੂੰ ਆਉਂਦੇ। ਉਹ ਉਹਨਾਂ ਨੂੰ ਪੜ੍ਹੇ ਬਗੈਰ ਸੁਟ ਦੇਂਦਾ।
ਉਸਨੂੰ ਯਕੀਨ ਹੀ ਨਹੀਂ ਸੀ ਆਉਂਦਾ ਕਿ ਕੋਈ ਹੁਸੀਨ ਔਰਤ ਉਸਨੂੰ ਮੁਹੱਬਤ ਕਰ ਸਕਦੀ ਹੈ। ਉਹ ਆਖਦਾ:
‘‘ਮੇਰੀ ਸ਼ਕਲ ਸੁਹਣੀ ਨਹੀਂ। ਮੈਂ ਮੁਹੱਬਤ ਦਾ ਲਫ਼ਜ਼ ਸੂਰਜ ਦੀ ਰੌਸ਼ਨੀ ਵਿਚ ਨਹੀਂ ਆਖ ਸਕਦਾ... ਸਿਰਫ਼ ਦੀਵਾ ਬੁਝਾ ਕੇ....ਹਨੇਰੇ ਵਿਚ ਮੈਂ ਕਿਸੇ ਮਹਿਬੂਬ ਕੁੜੀ ਦੇ ਕੰਨਾਂ ਵਿਚ ਹੌਲੀ ਜਿਹੀ ਆਖ ਸਕਦਾ ਹਾਂ.... ਮੈਂ ਤੈਨੂੰ ਪਿਆਰ ਕਰਦਾ ਹਾਂ, ਮੇਰੀ ਮਹਿਬੂਬ... ਸਿਰਫ਼ ਹਨੇਰੇ ਵਿਚ..... ਫਿੱਕੇ ਹਨੇਰੇ ਵਿਚ ਜਿਸ ਵਿਚ ਤਾਰਿਆਂ ਦਾ ਨੂਰ ਘੁਲਿਆ ਹੋਵੇ ਜਾਂ ਸਿਗਰਟ ਦੇ ਧੂੰਏਂ ਦਾ... ਮੈਨੂੰ ਸ਼ਰਮ ਆਉਂਦੀ ਹੈ.... ਮੈਨੂੰ ਕੋਈ ਔਰਤ ਪਿਆਰ ਨਹੀਂ ਕਰ ਸਕਦੀ।‘‘
ਉਸਨੇ ਆਪਣੇ ਮਨ ਦੇ ਦਰਵਾਜ਼ੇ ਬੰਦ ਕਰ ਲਏ ਸਨ। ਗੀਤ ਲਿਖ ਕੇ ਹੀ ਉਹ ਪਿਆਰ ਦਾ ਜਾਦੂ ਛਿੜਕ ਸਕਦਾ ਸੀ... ਜ਼ਿੰਦਗੀ ਵਿਚ ਉਹ ਇਕੱਲਾ ਸੀ, ਪਿਆਸਾ।
ਉਸ ਦੀਆਂ ਨਜ਼ਮਾਂ ਵਿਚ ਇਕੱਲਤਾ ਸੀ, ਬਿਰਹਾ ਦਾ ਗ਼ਮ ਜੋ ਇਕ ਨਵੀਂ ਚੀਸ ਬਣ ਕੇ ਤੜਪਦਾ ਸੀ। ਉਸਨੂੰ ਪਿਆਰ ਸੀ ਤਾਂ ਸਿਰਫ਼ ਆਪਣੀ ਮਾਂ ਨਾਲ।
ਇਕ ਰਾਤ ਮੈਂ ਉਸ ਨਾਲ ਖਾਣਾ ਖਾ ਰਿਹਾ ਸਾਂ। ਉਹ ਦੋ ਵਜੇ ਤੀਕ ਪੀਂਦਾ ਰਿਹਾ। ਉਸਦੀ ਮਾਂ ਆਪਣੇ ਕਮਰੇ ਵਿਚੋਂ ਸੁੱਤੀ ਉਠ ਕੇ ਸਾਡੇ ਕੋਲ ਆ ਗਈ।
ਆਖਣ ਲਗੀ, ‘‘ਬਲਵੰਤ, ਹੁਣ ਇਸਦਾ ਵਿਆਹ ਵੀ ਕਰ ਦਿਉ।‘‘
ਸਾਹਿਰ ਬੋਲਿਆ, ‘‘ਇਸਦਾ ਤਾਂ ਆਪਣਾ ਵਿਆਹ ਨਹੀਂ ਹੋਇਆ, ਮਾਂ ਜੀ। ਕੁੜੀਆਂ ਸਭ ਧੋਖਾ ਹਨ।‘‘
ਉਹ ਬੋਲੀ, ‘‘ਇਸਦਾ ਵਿਆਹ ਹੋ ਜਾਵੇ ਤਾਂ ਕੋਈ ਰੋਟੀ ਪਕਾਉਣ ਵਾਸਤੇ ਆਏ... ਘਰ ਸਾਂਭਣ ਵਾਲੀ, ਇਸਨੂੰ ਦੇਖਣ ਵਾਲੀ... ਕ੍ਰਿਸ਼ਨ ਚੰਦਰ ਨੇ ਹੋਰ ਵਿਆਹ ਕਰ ਲਿਆ... ਸਭ ਵਿਆਹ ਕਰੀ ਜਾਂਦੇ ਨੇ ਪਰ ਇਹ ਮੇਰੀ ਗੱਲ ਹੀ ਨਹੀਂ ਸੁਣਦਾ.... ਜੇ ਕੋਈ ਘਰ ਸਾਂਭਣ ਵਾਲੀ ਆਏ, ਰੋਟੀਆਂ ਪਕਾ ਕੇ ਖੁਆਉਣ ਵਾਲੀ, ਇਸ ਨੂੰ ਵੇਖਣ ਵਾਲੀ...‘‘
ਸਾਹਿਰ ਬੋਲਿਆ, ‘‘ਸੁਣੀਆਂ ਨੇ ਮਾਂ ਦੀਆਂ ਗੱਲਾਂ? ਰਾਤ ਦੇ ਦੋ ਵਜੇ ਇਹ ਮੇਰੇ ਵਿਆਹ ਦੀਆਂ ਗੱਲਾਂ ਕਰੀ ਜਾਂਦੇ ਨੇ। ਤੁਸੀਂ ਸੌਂ ਜਾਓ ਮਾਂ ਜੀ... ਅਸੀਂ ਹੁਣੇ ਰੋਟੀ ਖਾਨੇ ਹਾਂ...‘‘
ਪਰ ਉਸਦੀ ਮਾਂ ਉਦੋਂ ਸੁੱਤੀ ਜਦੋਂ ਸਾਹਿਰ ਨੇ ਰੋਟੀ ਖਾ ਲੀਤੀ। ਰਾਤ ਦੇ ਤਿੰਨ ਵਜੇ।
ਫਿਰ ਉਹ ਮੈਨੂੰ ਹੇਠਾਂ ਛੱਡਣ ਆਇਆ। ਰਾਤ ਦੇ ਤਿੰਨ ਵਜੇ। ਕੋਈ ਟੈਕਸੀ ਨਹੀਂ ਸੀ। ਸਾਹਿਰ ਦਾ ਡਰਾਈਵਰ ਜਾ ਚੁੱਕਾ ਸੀ। ਸਾਹਿਰ ਬਾਹਰ ਮੇਰੇ ਨਾਲ ਆਇਆ।
ਇਤਨੇ ਵਿਚ ਇਕ ਕਾਰ ਲੰਘੀ। ਕਾਰ ਰੁਕ ਗਈ। ਉਹ ਕੋਈ ਸਾਹਿਰ ਦਾ ਸ਼ਰਧਾਲੂ ਸੀ। ਉਸਨੇ ਪੁੱਛਿਆ, ‘‘ਕੋਈ ਹੁਕਮ ਹੈ?‘‘
ਸਾਹਿਰ ਨੇ ਉਸ ਨੂੰ ਆਖਿਆ ਕਿ ਉਹ ਮੈਨੂੰ ਛਡ ਆਵੇ। ਤੇ ਉਹ ਆਦਮੀ ਆਪਣੀ ਕਾਰ ਵਿਚ ਮੈਨੂੰ ਪਾਲੀ ਹਿਲ ਬਾਂਦਰਾ ਛਡ ਗਿਆ।
ਸਾਹਿਰ ਨੂੰ ਕਈ ਸਾਲ ਤੋਂ ਦਿਲ ਦੀ ਬਿਮਾਰੀ ਸੀ। ਉਹ ਆਪਣੀ ਮਾਂ ਦੀ ਫ਼ਰਮਾਬਰਦਾਰੀ ਵਿਚ ਖੁਸ਼ ਰਹਿੰਦਾ, ਹੱਸਦਾ, ਫ਼ਿਲਮੀ ਲਤੀਫ਼ੇ ਸੁਣਾਉਂਦਾ ਤੇ ਲੋਹੜੇ ਦੀਆਂ ਤਿਖੀਆਂ ਸੂਝਵਾਨ ਗੱਲਾਂ ਕਰਦਾ।
ਚਾਰ ਸਾਲ ਹੋਏ ਉਸਦੀ ਮਾਂ ਮਰ ਗਈ। ਉਸ ਪਿਛੋਂ ਉਹ ਬਿਲਕੁਲ ਇਕੱਠਾ ਰਹਿ ਗਿਆ।
ਉਹ ਦੁਨੀਆਂ ਭਰ ਦਾ ਦੁਖ ਆਪਣੇ ਗੀਤ ਵਿਚ ਭਰ ਦੇਂਦਾ, ਕੀ ਰਾਜ ਸੀ ਉਸ ਦੀ ਤੜਪ ਦਾ? ਉਸ ਦੀ ਸ਼ਿੱਦਤ ਦਾ? ਉਸ ਦੇ ਰਸ ਦਾ?
ਉਸ ਦੀ ਪ੍ਰਤਿਭਾ ਦੇ ਹਜ਼ਾਰਾਂ ਲੱਖਾਂ ਅਸਰ ਹੋਣਗੇ। ਉਸ ਨੂੰ ਪਤਾ ਸੀ ਕਿ ਉਹ ਵੱਡਾ ਸ਼ਾਇਰ ਸੀ। ਇਸ ਗੱਲ ਦਾ ਗਿਆਨ ਉਸ ਨੂੰ 22 ਸਾਲ ਦੀ ਉਮਰ ਵਿਚ ਹੀ ਹੋ ਗਿਆ ਸੀ। ਲਾਹੌਰ ਦੀ ਸੰਘਣੀ ਅਦਬੀ ਫ਼ਿਜ਼ਾ ਵਿਚ ਇਸ ਓਪਰੇ ਅਜਨਬੀ ਫੱਕੜ ਸ਼ਾਇਰ ਨੇ ਝਟ ਹੀ ਲੋਕਾਂ ਨੂੰ ਆਪਣਾ ਗਰਵੀਦਾ ਬਣਾ ਲਿਆ। ਸਭ ਉਸ ਦੇ ਜਜ਼ਬਿਆਂ ਭਿੱਜੇ ਗੀਤਾਂ ਤੋਂ ਪ੍ਰਭਾਵਿਤ ਸਨ। ਉਸ ਦੇ ਨਾਂ ਵਾਂਗ ਉਸ ਅੰਦਰ ਜਾਦੂ ਸੀ। ਸਾਹਿਰ-ਲੋਕਾਂ ਉਤੇ ਟੂਣਾ ਧੂੜਨ ਵਾਲਾ, ਸਹਿਰ ਕਰ ਦੇਣ ਵਾਲਾ, ਜਾਦੂ ਕਰ ਦੇਣ ਵਾਲਾ।
ਬੰਬਈ, ਕਲਕੱਤੇ ਤੇ ਲਖਨਊ ਵਿਚ ਲੋਕ ਉਸ ਦੇ ਗੀਤ ਸੁਣਦੇ ਤੇ ਉਸ ਦੀ ਸਾਇਰੀ ਦੀ ਕਲਾ ਉਤੇ ਝੂਮ ਉੱਠਦੇ। ਕਿਸੇ ਨੂੰ ਇਹ ਨਹੀਂ ਸੀ ਪਤਾ ਕਿ ਉਹ ਲੁਧਿਆਣੇ ਦਾ ਰਹਿਣ ਵਾਲਾ ਹੈ ਜਿਥੇ ਸਵੈਟਰ ਤੇ ਜੁਰਾਬਾਂ ਬਣਦੀਆਂ ਹਨ। ਉਹਨਾਂ ਦਾ ਖ਼ਿਆਲ ਸੀ ਕਿ ਲੁਧਿਆਣਵੀ ਕਿਸੇ ਰੁਮਾਂਟਿਕ ਕੁੜੀ, ਕਿਸੇ ਸ਼ਰਬਤੀ ਹੁਸੀਨਾ ਦਾ ਨਾਂ ਹੈ ਜੋ ਸਾਹਿਰ ਨੇ ਆਪਣੇ ਨਾਂ ਨਾਲ ਜੋੜ ਲਿਆ। ਇਸ ਤਰ੍ਹਾਂ ਦੋ ਲੁਧਿਆਣੇ ਬਣ ਗਏ- ਜੁਰਾਬਾਂ ਤੇ ਸਵੈਟਰਾਂ ਵਾਲਾ ਲੁਧਿਆਣਾ, ਤੇ ਸਾਹਿਰ ਦਾ ਲੁਧਿਆਣਾ।
ਉਸ ਦੀ ਕਲਮ ਵਿਚ ਉਰਦੂ ਦਾ ਪੂਰਾ ਸ਼ਬਾਬ, ਪੂਰੀ ਰਵਾਇਤ ਸਮੋਈ ਹੋਈ ਸੀ। ਉਸ ਵਿਚ ਹਿੰਦੀ ਦਾ ਰਸ ਤੇ ਅਲੰਕਾਰ ਵੀ ਰਚੇ ਹੋਏ ਹਨ। ਭਾਰਤ ਦੀ ਘੁਲੀ ਮਿਲੀ ਕਲਚਰ ਦਾ ਹੁਸੀਨ ਕਲਾਤਮਕ ਰੰਗ।

ਸਾਹਿਰ ਨੂੰ ਜਦੋਂ ਕੋਈ ਤੀਵੀਂ ਇਸ਼ਕ ਕਰਨ ਲਗਦੀ ਤੇ ਮਹਿਬੂਬਾ ਦਾ ਰੂਪ ਧਾਰ ਲੈਂਦੀ ਤਾਂ ਉਹ ਦੌੜ ਜਾਂਦਾ। ਲੋਕ ਬੀਵੀਆਂ ਤੋਂ ਦੌੜਦੇ ਨੇ ਉਹ ਮਹਿਬੂਬਾਵਾ ਤੋਂ ਦੌੜਦਾ ਸੀ।
ਉਸ ਦੇ ਰਚੇ ਹੋਏ ਗੀਤਾਂ ਕਰਕੇ ਕਾਲਜ ਦੀਆਂ ਕੁੜੀਆਂ ਉਸ ਉਤੇ ਫਿਦਾ ਹੋ ਗਈਆਂ। ਬੰਬਈ ਦੀ ਫ਼ਿਲਮ ਇੰਡਸਟਰੀ ਵਿਚ ਕਈ ਗਾਉਣ ਵਾਲੀਆਂ ਉਸ ਉਤੇ ਆਸ਼ਿਕ ਹੋ ਗਈਆਂ ਪਤਾ ਲਗਿਆ ਕਿ ਲਤਾ ਮੰਗੇਸ਼ਕਰ ਸਾਹਿਰ ਉਤੇ ਫ਼ਿਦਾ ਹੋ ਗਈ। ਸਾਹਿਰ ਨੂੰ ਦਿਲ ਦਾ ਦੌਰਾ ਪੈ ਗਿਆ।
ਉਹ ਮਿਲਿਆ ਤਾਂ ਦਿਲ ਫੜੀ ਫਿਰਦਾ ਸੀ। ਗੋਲੀਆਂ ਤੇ ਦਵਾਈਆਂ ਉਸ ਦੀ ਜੇਬ ਵਿਚ ਸਨ।
ਆਖਣ ਲਗਾ, ‘‘ਮੇਰਾ ਦਿਲ ਸ਼ਾਇਦ ਸ਼ਰਾਬ ਪੀਣ ਕਰਕੇ.... ਜਾਂ ਉਂਜ ਹੀ... ਡਾਕਟਰਾਂ ਨੇ ਮੈਨੂੰ ਸ਼ਰਾਬ ਪੀਣ ਤੋਂ ਰੋਕ ਦਿਤਾ ਹੈ। ਮੈਂ ਸ਼ਰਾਬ ਪੀਂਦਾ ਹਾਂ ਪਰ ਸ਼ਰਾਬੀ ਨਹੀਂ। ਲੋਕ ਲਤਾ ਮੰਗੇਸ਼ਕਰ ਦੇ ਇਸ਼ਕ ਦੀ ਗੱਲ ਕਰਦੇ ਨੇ। ਇਹ ਅਜੀਬ ਇਸ਼ਕ ਹੈ। ਉਹ ਮੇਰੇ ਗੀਤਾਂ ਉਤੇ ਫ਼ਿਦਾ ਹੈ ਤੇ ਮੈਂ ਉਸ ਦੀ ਆਵਾਜ਼ ਉਤੇ। ਪਰ ਵਿਚਕਾਰ ਤਿੰਨ ਲੱਖ ਮੀਲ ਦਾ ਫ਼ਾਸਲਾ।‘‘
ਇਕ ਗੱਲ ਦੋਹਾਂ ਵਿਚਕਾਰ ਜ਼ਰੂਰ ਸੀ। ਨਾ ਲਤਾ ਮੰਗੇਸ਼ਕਰ ਨੇ ਵਿਆਹ ਕੀਤਾ ਨਾ ਸਾਹਿਰ ਨੇ।
ਸਾਹਿਰ ਨੂੰ ਕਿਸੇ ਨਾਲ ਵੀ ਇਸ਼ਕ ਨਹੀਂ ਸੀ। ਉਹ ਇਸ਼ਕ ਦੇ ਗੀਤ ਰਚਦਾ ਸੀ ਪਰ ਜ਼ਰੂਰੀ ਨਹੀਂ ਸੀ ਕਿ ਉਹ ਖੁਦ ਵੀ ਇਸ਼ਕ ਵਿਚ ਰੋਂਦਾ ਫਿਰੇ।
ਉਸ ਨੇ ਆਖਿਆ, ‘‘ਮੇਰਾ ਇਸ਼ਕ ਗੀਤ ਲਿਖਣ ਪਿਛੋਂ ਖ਼ਤਮ ਹੋ ਜਾਂਦਾ ਹੈ। ਇਹ ਇਸ਼ਕ ਦੀ ਬੀਮਾਰੀ.. ਪਤਾ ਨਹੀਂ ਲੋਕ ਕੀ ਸਮਝਦੇ ਹਨ। ਜਿਹੜਾ ਹਲਵਾਈ ਜਲੇਬੀਆਂ ਤਲਦਾ ਹੈ ਉਹ ਖ਼ੁਦ ਨਹੀਂ ਖਾਂਦਾ।‘‘
ਇਸ ਤਰ੍ਹਾਂ ਦੀ ਗੱਲ ਕਹਿਣ ਸਾਹਿਰ ਦਾ ਅੰਦਾਜ਼ ਸੀ। ਇਕ ਖ਼ਾਸ ਵੇਲੇ ਦੀ ਉਸ ਦੀ ਮਾਨਸਿਕ ਅਵਸਥਾ, ਆਪਣੇ ਆਪ ਤੇ ਚੋਟ, ਆਪਣਾ ਮਜ਼ਾਕ, ਆਪਣੇ ਆਪ ਨੂੰ ਉਲਟਾ ਦੇਖਣ ਦਾ ਸ਼ੌਕ।
ਲੁਧਿਆਣਾ ਕਾਲਜ ਦੇ ਦਿਨਾਂ ਵਿਚ ਉਸ ਨੇ ਇਕ ਕੁੜੀ ਦੇ ਹੁਸਨ ਉਤੇ ਗੀਤ ਲਿਖਿਆ ਤਾਂ ਕਾਲਜ ਦਾ ਪ੍ਰਿੰਸੀਪਲ ਉਸ ਉਤੇ ਨਾਰਾਜ਼ ਹੋ ਗਿਆ। ਸਾਹਿਰ ਨੂੰ ਕਾਲਜ ਵਿਚੋਂ ਕਢ ਦਿਤਾ ਗਿਆ। ਉਹ ਲਾਹੌਰ ਆ ਗਿਆ। ਉਸ ਦੀਆਂ ਪਹਿਲੀਆਂ ਨਜ਼ਮਾਂ ਦਾ ਸੰਗ੍ਰਹਿ ‘ਤਲਖ਼ੀਆਂ‘ ਉਦੋਂ ਛਪਿਆ ਜਦੋਂ ਉਹ ਕਾਲਿਜ ਵਿਚ ਪੜ੍ਹਦਾ ਸੀ। ਇਹਨਾਂ ਵਿਚ ਉਸਤਾਦਾਂ ਵਾਲੀ ਪੁਖ਼ਤਗੀ ਤੇ ਇਨਕਲਾਬੀ ਰੰਗ ਸੀ, ਤੇ ਜਜ਼ਬੇ ਦੀ ਸ਼ਿੱਦਤ।
ਇਹ ਉਹ ਜ਼ਮਾਨਾ ਸੀ ਜਦੋਂ ਕਿਸੇ ਸ਼ਾਇਰ ਜਾਂ ਕਹਾਣੀਕਾਰ ਦੀ ਉਰਦੂ ਵਿਚ ਕੋਈ ਇਕ ਕਿਤਾਬ ਵੀ ਛਪਦੀ ਤਾਂ ਉਹ ਸਾਰੇ ਹਿੰਦੁਸਤਾਨ ਵਿਚ ਮਸ਼ਹੂਰ ਹੋ ਜਾਂਦਾ। ਸਾਹਿਰ ਇਕੋ ਕਿਤਾਬ ਨਾਲ ਸ਼ਾਇਰਾਂ ਦੀ ਢਾਣੀ ਵਿਚ ਆ ਗਿਆ।

ਸਾਹਿਰ ਲੁਧਿਆਣੇ ਵਿਚ, 8 ਮਾਰਚ, 1921 ਨੂੰ ਇਕ ਰੱਜੇ ਪੁੱਜੇ ਜ਼ਿਮੀਂਦਾਰ ਦੇ ਘਰ ਪੈਦਾ ਹੋਇਆ। ਤੇ ਉਸ ਦਾ ਨਾਂ ਰਖਿਆ ਗਿਆ ਅਬਦੁਲਹੱਈ। ਪਹਿਲਾ ਪੁੱਤ ਹੋਣ ਕਰਕੇ ਉਸ ਦੇ ਜਨਮ ਉਤੇ ਨੱਚਣ ਵਾਲੀਆਂ ਬੁਲਾਈਆਂ ਗਈਆਂ ਤੇ ਬਾਜੇ ਗਾਜੇ ਨਾਲ ਵੱਡਾ ਜਸ਼ਨ ਮਨਾਇਆ ਗਿਆ। ਪਰ ਉਹ ਹਾਲੇ ਬੱਚਾ ਹੀ ਸੀ ਕਿ ਉਸ ਦੇ ਬਾਪ ਨੇ ਬੀਵੀ ਨੂੰ ਤਲਾਕ ਦੇ ਕੇ ਦੂਜਾ ਵਿਆਹ ਕਰ ਲਿਆ। ਗ਼ਰੀਬੀ ਦੀ ਹਾਲ ਵਿਚ ਸਾਹਿਰ ਆਪਣੀ ਮਾਂ ਕੋਲ ਹੀ ਰਿਹਾ।
ਮੈਟ੍ਰਿਕ ਪਾਸ ਕਰਕੇ ਗੌਰਮਿੰਟ ਕਾਲਜ ਵਿਚ ਦਾਖ਼ਿਲ ਹੋਇਆ।
ਉਸ ਨੇ ਆਪਣੇ ਤਖ਼ੱਲਸ ‘‘ਸਾਹਿਰ‘‘ ਨਾਲ ਲੁਧਿਆਣਾ ਜੋੜ ਲਿਆ ਤੇ ਲੁਧਿਆਣਵੀ ਬਣ ਗਿਆ- ਜਿਵੇਂ ਦੇਹਲਵੀ, ਲਖਨਵੀ, ਮੁਰਾਦਾਬਾਦੀ। ਫ਼ਿਲਮਾਂ ਵਿਚ ਮਸ਼ਹੂਰ ਹੋਣ ਪਿਛੋਂ ਲੋਕ ਸਮਝਦੇ ਰਹੇ ਕਿ ਲੁਧਿਆਣਾ ਵੀ ਉਸ ਦਾ ਨਾਂ ਹੈ। ਪਰ ਲੁਧਿਆਣੇ ਨੇ ਉਸ ਦੀਆਂ ਪਿਆਰ ਦੀਆਂ ਨਜ਼ਮਾਂ ਨੂੰ ਅਸ਼ਲੀਲ ਆਖ ਕੇ ਉਸ ਨੂੰ ਬਾਹਰ ਕੱਢ ਦਿਤਾ। ਹੁਣ ਲੁਧਿਆਣਾ ‘ਸਾਹਿਰ‘ ਉਤੇ ਫ਼ਖਰ ਕਰਦਾ ਹੈ। ਉਸੇ ਗੌਰਮਿੰਟ ਕਾਲਜ ਜਿਥੋਂ ਉਹ ਕਢਿਆ ਗਿਆ ਸੀ ਉਸ ਨੂੰ ਕਾਨਵੋਕੇਸ਼ਨ ਉਤੇ ਬੁਲਾ ਕੇ ਸਨਮਾਨਿਤ ਕੀਤਾ।
ਸਾਹਿਰ ਫੱਕੜ ਤਬੀਅਤ ਦਾ ਮਾਲਿਕ ਸੀ। ਉਸ ਨੂੰ ਇਹ ਗੌਰਮਿੰਟ ਕਾਲਿਜ ਕੀ ਸਨਮਾਨ ਦੇ ਸਕਦਾ ਸੀ। ਉਹ ਮੈਨੂੰ ਆਖਣ ਲਗਾ, ‘‘ਮੈਂ ਸਿਰਫ਼ ਇਸ ਲਈ ਆਇਆ, ਕਿ ਲੁਧਿਆਣੇ ਵਿਚ ਮੇਰੇ ਬਚਪਨ ਦੀਆਂ ਯਾਦਾਂ ਨੇ.... ਮੇਰਾ ਯਾਰ ਫ਼ੋਟੋਗ੍ਰਾਫ਼ਰ ਕ੍ਰਿਸ਼ਨ ਅਦੀਬ ਵੀ ਇਥੇ ਹੈ... ਅਸੀਂ ਚੌੜਾ ਬਾਜ਼ਾਰ ਵਿਚ ਇਕੱਠੇ ਕੁਲਫ਼ੀਆਂ ਖਾਧੀਆਂ.. ਮੇਰੇ ਅੱਬਾ ਤੇ ਦਾਦਾ ਦੀਆਂ ਕਬਰਾਂ ਵੀ ਇਥੇ ਨੇ। ਮੇਰਾ ਮਾਜ਼ੀ ਇਥੇ ਦਫ਼ਨ ਹੈ.... ਲੁਧਿਆਣਾ ਮੇਰੀਆਂ ਯਾਦਾਂ ਦਾ ਕਬਰਸਿਤਾਨ ਹੈ... ਮੈਨੂੰ ਬਹੁਤ ਅਜ਼ੀਜ਼।‘‘
ਸਾਹਿਰ ਮੁਲਕ ਦੀ ਵੰਡ ਵੇਲੇ ਲਾਹੌਰ ਤੋਂ ਦਿੱਲੀ ਆਇਆ ਤਾਂ ਇਥੇ ਵੀ ਫ਼ਸਾਦ ਸ਼ੁਰੂ ਹੋ ਗਏ। ਮੈਂ, ਗਿਆਨ ਸਚਦੇਵ ਤੇ ਉਸ ਦੀ ਬੀਵੀ ਅਚਲਾ ਨਾਲ ਇਕ ਐਮ.ਪੀ. ਦੀ ਕੋਠੀ ਦੇ ਦੋ ਕਮਰਿਆਂ ਵਿਚ ਰਹਿ ਰਹੇ ਸਾਂ। ਸਾਹਿਰ ਸਾਡੇ ਕੋਲ ਸੱਤ ਦਿਨ ਰਿਹਾ ਤੇ ਬਚਦਾ ਬਚਾਉਂਦਾ ਫਿਰ ਲਾਹੌਰ ਚਲਾ ਗਿਆ।
ਵੰਡ ਦੇ ਪਿਛੋਂ ਕਈ ਮਹੀਨਿਆਂ ਤੀਕ ਪਾਕਿਸਤਾਨ ਤੇ ਹਿੰਦੁਸਤਾਨ ਦੇ ਦਰਮਿਆਨ ਕੋਈ ਵੀਜ਼ਾ ਜਾਂ ਪਾਸਪੋਰਟ ਨਹੀਂ ਸੀ ਲੈਣਾ ਪੈਂਦਾ।
ਸਾਹਿਰ ਲਾਹੌਰ ਦੇ ਦੇ ਅਦਬੀ ਦਾਇਰੇ ਵਿਚ ਘੁੰਮਦਾ ਰਿਹਾ ਪਰ ਉਸ ਨੂੰ ਕੱਟੜ ਮੁਸਲਮਾਨੀ ਪਸੰਦ ਨਹੀਂ ਸੀ। ਉਸ ਦੇ ਬਹੁਤੇ ਦੋਸਤ ਦਿੱਲੀ ਤੇ ਬੰਬਈ ਸਨ। ਲਾਹੌਰ ਉਸ ਦਾ ਦਿਲ ਨਾ ਲਗਾ।
ਉਹ ਫਿਰ ਦਿੱਲੀ ਆ ਗਿਆ।
ਇਥੇ ਉਹ ਉਰਦੂ ਦੇ ਮਾਹਵਾਰ ਰਸਾਲੇ ‘ਸ਼ਾਹਰਾਹ‘ ਦਾ ਐਡੀਟਰ ਬਣ ਗਿਆ। ਇਹ ਰਸਾਲਾ ਤਰੱਕੀ ਪਸੰਦ ਅਦਬ ਦਾ ਝੰਡਾ-ਬਰਦਾਰ ਸੀ। ਇਸ ਵਿਚ ਉਰਦੂ ਦੇ ਸਭ ਵੱਡੇ ਸ਼ਾਇਰ ਤੇ ਅਦੀਬ ਛਪਦੇ ਸਨ।
‘ਸ਼ਾਹਰਾਹ‘ ਦਾ ਮਾਲਕ ਮੱਛੀ ਦਾ ਵਪਾਰੀ ਮੁਹੰਮਦ ਯੂਸ਼ਫ ਸੀ। ਸਾਰੇ ਅਦੀਬ ਉਸ ਨੂੰ ਭੰਡਦੇ ਸਨ ਤੇ ਉਸ ਨੂੰ ‘‘ਕੰਜੂਸ ਮਛਲੀ ਫ਼ਰੋਸ਼‘‘ ਆਖ ਕੇ ਉਸ ਦਾ ਮਜ਼ਾਕ ਉਡਾਉਂਦੇ। ਪਰ ਇਸ ਮਛਲੀ ਫ਼ਰੋਸ਼ ਦਾ ਚੁਬਾਰਾ ਹੀ ਤਰੱਕੀ ਪਸੰਦ ਅਦੀਬਾਂ ਦਾ ਅੱਡਾ ਬਣ ਗਿਆ ਕਿਉਂਕ ਸਾਹਿਰ ਇਥੇ ਬੈਠ ਕੇ ਰਸਾਲਾ ਐਡਿਟ ਕਰਦਾ।
‘ਸ਼ਾਹਰਾਹ‘ ਵਿਚ ਸਾਹਿਰ ਨੇ ਪਹਿਲੀ ਵਾਰ ਚਿੱਲੀ ਦੇ ਸ਼ਾਇਰ ਪਾਬਲੋ ਨਰੂਦਾ ਉਤੇ ਲੰਮਾ ਮਜ਼ਮੂਨ ਲਿਖਿਆ ਤੇ ਉਸ ਦੀਆਂ ਨਜ਼ਮਾਂ ਦਾ ਤਰਜਮਾ ਛਪਿਆ। ਸਪੇਨ ਦੇ ਕਵੀ ਗਾਰਸ਼ੀਆ ਲੋਰਕਾ ਉਤੇ ਵੀ ਸਾਹਿਰ ਨੇ ਕਮਾਲ ਦਾ ਲੇਖ ਲਿਖਿਆ ਤੇ ਉਸ ਦੀਆਂ ਪਿਆਰ ਦੀਆਂ ਨਜ਼ਮਾਂ ਛਾਪ ਕੇ ਲੋਕਾਂ ਨੂੰ ਇਸ ਅਜ਼ੀਮ ਸ਼ਾਇਰ ਨਾਲ ਜਾਣੂ ਕਰਾਇਆ।
ਪਰ ਸਾਇਰ ਦੁਖੀ ਸੀ, ਕਿਉਂਕਿ ਯੂਸਫ਼ ਉਸ ਨੂੰ ਵਕਤ ਸਿਰ ਪੈਸੇ ਨਹੀਂ ਸੀ ਦੇਂਦਾ। ਕਿਸੇ ਅਜੀਬ ਜਾਂ ਸ਼ਾਇਰ ਨੂੰ ਉਸ ਦੀ ਲਿਖਤ ਦਾ ਮੁਆਵਜ਼ਾ ਨਹੀਂ ਸੀ ਮਿਲਦਾ। ਪਰ ਯੂਸ਼ਫ਼ ਕੀ ਕਰਦਾ? ਰਸਾਲੇ ਦੀ ਕੋਈ ਆਮਦਨੀ ਥੋੜ੍ਹਾ ਹੀ ਸੀ? ਉਸ ਨੂੰ ਉਰਦੂ ਰਸਾਲਾ ਕੱਢਣ ਦਾ ਮਰਜ਼ ਸੀ ਤੇ ਅਦੀਬਾਂ ਨੂੰ ਲਿਖਣ ਤੇ ਛਪਣ ਦਾ ਮਰਜ।
ਸਾਹਿਰ ਪ੍ਰੇਸ਼ਾਨ ਸੀ ਕਿ ਕੀ ਕਰੇ।
ਇਸ ਚੁਬਾਰੇ ਦੇ ਸਾਹਮਣੇ ਜਾਮਾ ਮਸਜਿਦ ਕੋਲ ਗਰਮ ਕਬਾਬ ਤੇ ਬਰਿਆਨੀ ਸਸਤੀ ਮਿਲ ਜਾਂਦੀ। ਕਈ ਵਾਰ ਉਧਾਰ ਵੀ ਚਲਦਾ। ਚਾਹ ਦੇ ਪਿਆਲੇ ਯੂਸਫ਼ ਦੇ ਸਿਰੋਂ ਆਉਂਦੇ। ਕੰਮ ਚਲਦਾ ਰਿਹਾ।
ਅਮਨ ਤਹਿਰੀਕ ਤੇ ਕਮਿਊਨਿਸਟ ਲਹਿਰ ਦਾ ਜ਼ੋਰ ਸੀ। ਪਕੜ ਧਕੜ ਹੋ ਰਹੀ ਸੀ। ਸਾਹਿਰ ਪ੍ਰੇਸ਼ਾਨ ਤੇ ਭੁੱਖਾ ਦਿੱਲੀ ਛਡ ਕੇ ਬੰਬਈ ਚਲਾ ਗਿਆ। ਇਥੇ ਕ੍ਰਿਸ਼ਨ ਚੰਦਰ, ਇਸਮਤ ਚੁਗ਼ਤਾਈ, ਸਰਦਾਰ ਜਾਫ਼ਰੀ, ਕੈਫ਼ੀ ਆਜ਼ਮੀ, ਖਵਾਜਾ ਅਹਿਮਦ ਅੱਬਾਸ, ਬੇਦੀ ਤੇ ਬੇਸ਼ੁਮਾਰ ਉਰਦੂ ਦੇ ਅਦੀਬ ਤੇ ਦੋਸਤ ਸਨ ਜੋ ਫ਼ਿਲਮਾਂ ਨਾਲ ਸੰਬੰਧਿਤ ਸਨ।
ਸਾਹਿਰ ਆ ਕ੍ਰਿਸ਼ਨ ਚੰਦਰ ਕੋਲ ਠਹਿਰਿਆ ਕਿਉਂਕਿ ਕ੍ਰਿਸ਼ਨ ਫ਼ਿਲਮ ਬਣਾ ਰਿਹਾ ਸੀ ਜਿਸ ਵਿਚ ਉਸ ਦਾ ਭਰਾ ਮਹਿੰਦਰ ਨਾਥ ਹੀਰੋ ਸੀ। ਸਾਹਿਰ ਨੂੰ ਪੂਰੀ ਉਮੀਦ ਸੀ ਕਿ ਉਸ ਨੂੰ ਕ੍ਰਿਸ਼ਨ ਚੰਦਰ ਗਾਣੇ ਲਿਖਣ ਲਈ ਆਖੇਗਾ ਪਰ ਕ੍ਰਿਸ਼ਨ ਨੇ ਇਹ ਆਖ ਕੇ ਟਾਲ ਦਿਤਾ, ‘‘ਤੂੰ ਚੰਗਾ ਸ਼ਾਇਰ ਹੈਂ ਪਰ ਫ਼ਿਲਮ ਦੇ ਗੀਤ ਲਿਖਣਾ ਤੇਰੇ ਵਸ ਦੀ ਗੱਲ ਨਹੀਂ।‘‘
ਸਾਹਿਰ ਨੇ ਤਰਲਾ ਕੀਤਾ, ‘‘ਯਾਰ, ਇਕ ਮੌਕਾ ਤਾਂ ਦੇਹ।‘‘
ਪਰ ਕ੍ਰਿਸ਼ਨ ਚੰਦਰ ਨੇ ਇਨਕਾਰ ਕਰ ਦਿਤਾ।
ਸਾਹਿਰ ਨੂੰ ਨੌਕਰੀ ਦੀ ਲੋੜ ਸੀ। ਕ੍ਰਿਸ਼ਨ ਬੋਲਿਆ, ‘‘ਤੂੰ ਮੇਰੀਆਂ ਕਹਾਣੀਆਂ ਨੂੰ ਉਰਦੂ ਵਿਚ ਖ਼ੁਸ਼ਖ਼ਤ ਕਰਕੇ ਲਿਖ ਸਕਦਾ ਹੈਂ। ਮਹੀਨੇ ਦਾ ਤੈਨੂੰ ਡੇਢ ਸੌ ਰੁਪਿਆ।‘‘
ਸਾਹਿਰ ਕ੍ਰਿਸ਼ਨ ਚੰਦਰ ਦਾ ਕਾਤਬ ਬਣ ਗਿਆ। ਕ੍ਰਿਸ਼ਨ ਦੇ ਦਫ਼ਤਰ ਵਿਚ ਸਾਹਿਰ ਰਾਤ ਨੂੰ ਦੋ ਮੇਜ਼ਾਂ ਜੋੜ ਕੇ ਸੌਂ ਜਾਂਦਾ। ਗਰਮੀ ਵਿਚ ਘੁਟਨ ਵਿਚ ਉਸ ਨੂੰ ਨੀਂਦ ਵੀ ਘੱਟ ਹੀ ਆਉਂਦੀ।
ਉਹ ਸਟੂਡੀਓ ਦੇ ਚੱਕਰ ਲਾਉਂਦਾ ਤੇ ਹੋਕਾ ਦੇਂਦਾ, ‘‘ਓ ਭਾਈ ਕੋਈ ਗੀਤ ਲਿਖਵਾ ਲਓ! ਵਧੀਆ ਗੀਤ! ਸਸਤੇ ਗੀਤ! ਮਹਿੰਗੇ ਗੀਤ!‘‘
ਪਰ ਕੋਈ ਵੀ ਉਸ ਤੋਂ ਗੀਤ ਲਿਖਵਾਉਣ ਨੂੰ ਤਿਆਰ ਨਹੀਂ ਸੀ। ਸਭ ਉਸ ਨੂੰ ਵਧੀਆ ਸ਼ਾਇਰ ਮੰਨਦੇ ਸਨ, ਉਸ ਦੀ ਪ੍ਰਤਿਭਾ ਦੀ ਕਦਰ ਕਰਦੇ ਸਨ, ਉਸ ਦੀਆਂ ‘ਤਲਖ਼ੀਆਂ‘ ਵਿਚ ਛਪੀਆਂ ਨਜ਼ਮਾਂ ਦੀ ਤਾਰੀਫ਼ ਕਰਦੇ ਸਨ। ਪਰ ਕੋਈ ਫ਼ਿਲਮ ਪ੍ਰੋਡਿਊਸਰ ਜਾਂ ਦੋਸਤ ਡਾਇਰੈਕਟਰ ਉਸ ਤੋਂ ਗੀਤ ਨਹੀਂ ਸੀ ਲਿਖਵਾ ਰਿਹਾ।
ਉਹਨੀਂ ਦਿਨੀਂ ਮਿਊਜ਼ਿਕ ਡਾਇਰੈਕਰ ਐਸ.ਡੀ. ਬਰਮਨ ਨੂੰ ‘‘ਬਾਜ਼ੀ‘‘ ਫ਼ਿਲਮ ਇਕ ਅਜਿਹੇ ਸ਼ਾਇਰ ਦੀ ਲੋੜ ਪੈ ਗਈ, ਜੋ ਉਸ ਦੀ ਪਹਿਲਾਂ ਤੋਂ ਤਿਆਰ ਕੀਤੀ ਟਿਊਨ ਉਤੇ ਗੀਤ ਲਿਖ ਸਕੇ। ਆਮ ਰਿਵਾਜ ਇਹੋ ਸੀ ਕਿ ਸ਼ਾਇਰ ਗੀਤ ਲਿਖਦਾ ਹੈ ਤੇ ਮਿਊਜ਼ਿਕ ਡਾਇਰੈਕਟਰ ਟਿਊਨ ਬੰਨ੍ਹਦਾ ਹੈ। ਪਰ ਬਰਮਨ ਦੀ ਉਲਟੀ ਸ਼ਰਤ ਸੀ ਤੇ ਇਹ ਬਹੁਤ ਔਖਾ ਕੰਮ ਸੀ।
ਸਾਹਿਰ ਬਰਮਨ ਨੂੰ ਮਿਲਿਆ ਤੇ ਆਖਿਆ, ‘ਮੈਂ ਹਾਜ਼ਰ ਹਾਂ।‘‘
ਬਰਮਨ ਨੇ ਫ਼ਿਲਮੀ ਟਿਊਨ ਸੁਣਾਈ:
ਡਾਂ ਡਾਂ, ਡਾਂ, ਡਾਂ ਡਡਾਂ, ਆ ਸਾਹਿਰ ਨੇ ਸੀਚੂਏਸ਼ਨ ਸਮਝੀ ਤੇ ਇਸ ‘‘ਡਾਂ ਡਾਂ‘‘ ਉਤੇ ਗੀਤ ਲਿਖਿਆ।
ਯੇ ਰਾਤ- ਯੇ ਚਾਂਦਨੀ- ਫਿਰ ਕਹਾਂ
ਸੁਨ ਜਾ- ਦਿਲ ਕੀ, ਦਾਸਤਾਂ
ਇਹ ਗਾਣਾ ਹਿੱਟ ਸੀ।
ਫਿਰ ਉਸ ਨੇ ਬਰਮਨ ਲਈ ਕਈ ਗੀਤ ਲਿਖੇ, ਹਰ ਗੀਤ ਹਿੱਟ। ਸਾਹਿਰ ਸੋਨੇ ਦੀ ‘‘ਚਿੜੀਆ‘‘ ਸੀ ਤੇ ਬਰਮਨ ਉਸ ਨੂੰ ਹੋਰ ਕਿਸੇ ਲਈ ਗੀਤ ਲਿਖਣ ਨਹੀਂ ਸੀ ਦੇਂਦਾ। ਸਾਹਿਰ ਨੇ ਬਗ਼ਾਵਤ ਕੀਤੀ ਤੇ ਆਖਿਆ ਕਿ ਫਿਰ ਉਹ ਖ਼ੁਦ ਵੀ ਕਿਸੇ ਹੋਰ ਲਈ ਮਿਊਜ਼ਿਕ ਨਾ ਦੇਵੇ। ਇਸ ਗੱਲ ਉਤੇ ਸਾਹਿਰ ਹੋਰ ਡਾਇਰੈਕਟਰਾਂ ਲਈ ਵੀ ਗੀਤ ਲਿਖਣ ਲਗ ਪਿਆ। ਉਸ ਨੇ ਇਕ ਸੌ ਫ਼ਿਲਮਾਂ ਦੇ ਗੀਤ ਲਿਖੇ। ਉਸ ਦੇ ਖ਼ਾਸ ਡਾਇਰੈਕਟਰ ਬੀ.ਆਰ. ਚੋਪੜਾ ਸਨ। ਉਸ ਦਾ ਹਰ ਗੀਤ ਨਵਾਂ, ਹਰ ਨਜ਼ਮ ਵਿਚ ਤਾਜ਼ਗੀ। ਸਾਹਿਰ ਫ਼ਿਲਮ ਸਟਾਰ ਬਣ ਗਿਆ।
ਉਸ ਨੇ ਗੀਤ ਵਿਚ ਸਾਹਿਤਕ ਖ਼ੂਬਸੂਰਤੀ ਤੇ ਕਲਪਨਾ ਦੀ ਰੌਸ਼ਨੀ ਭਰੀ। ਉਹ ਕਵਿਤਾ ਨੂੰ ਡਰਾਇੰਗ ਰੂਮਾਂ ਤੇ ਮੁਸ਼ਾਇਰਿਆਂ ਵਿਚੋਂ ਕਢ ਕੇ ਫ਼ਿਲਮਾਂ ਵਿਚ ਲੈ ਆਇਆ। ਫ਼ਿਲਮ ਦੇ ਰਾਹੀਂ ਸਾਰਾ ਹਿੰਦੁਸਤਾਨ ਵੱਡੇ ਉਰਦੂ ਮੁਸ਼ਾਇਰੇ ਦਾ ਪਿੜ ਬਣ ਗਿਆ। ਉਸ ਦੇ ਗੀਤ ਹਰ ਥਾਂ ਗੂੰਜਣ ਲਗੇ।
ਉਹ ਜੋ ਲਿਖਦਾ, ਖ਼ੂਬਸੂਰਤ ਸੀ। ਜੋ ਲਿਖਦਾ, ਹਰ-ਦਿਲ-ਅਜ਼ੀਜ਼ ਸੀ। ਉਸ ਦੇ ਗੀਤਾਂ ਨੇ ਲੋਕਾਂ ਦੇ ਸਾਹਿਤਕ ਪੱਧਰ ਨੂੰ ਉਚਾ ਕੀਤਾ।

ਸਾਹਿਰ ਨੇ ਯਸ਼ ਚੋਪੜਾ ਲਈ ‘ਕਭੀ ਕਭੀ‘ ਫ਼ਿਲਮ ਦੇ ਗਾਣੇ ਲਿਖੇ। ਇਸ ਦਾ ਮਿਊਜ਼ਿਕ ਖ਼ਯਾਮ ਸਾਹਿਬ ਵੀ ਨਾਲ ਹੀ ਕਾਮਯਾਬ ਹੋ ਗਏ। ਉਹਨਾਂ ਨੂੰ ਕਈ ਪਰੋਡਿਊਸਰਾਂ ਨੇ ਮਿਊੁਜ਼ਿਕ ਦੇਣ ਲਈ ਆਖਿਆ ਤਾਂ ਖ਼ਯਾਮ ਸਾਹਿਬ ਆਪਣਾ ਭਾਅ ਵਧਾ ਚੜ੍ਹਾ ਕੇ ਦਸਦੇ। ਸਾਹਿਰ ਦੀ ਸਰਪ੍ਰਸਤੀ ਹੇਠ ਖ਼ਯਾਮ ਹੋਰ ਵੀ ਆਕੜ ਕੇ ਤੁਰਨ ਲੱਗਾ। ਨਵੀਂ ਕਾਰ ਲੈ ਲਈ। ਨਵੇਂ ਸੂਟ ਸਿਲਵਾ ਲਏ। ਨਵੀਂ ਸ਼ਾਨ। ਸਾਹਿਰ ਨੂੰ ਖ਼ਯਾਮ ਦੀ ਤੁਰਤ ਆਕੜ ਪਸੰਦ ਨਾ ਆਈ। ਇਹ ਉਸ ਦੇ ਆਪਣੇ ਮਿਜ਼ਾਜ ਦੇ ਖ਼ਿਲਾਫ਼ ਸੀ।
ਇਕ ਦਿਨ ਖ਼ਯਾਮ ਸਾਹਿਰ ਨੂੰ ਮਿਲਣ ਆਇਆ ਤੇ ਆਪਣੀ ਕਾਮਯਾਬੀ ਦੀਆਂ ਸ਼ੇਖੀਆਂ ਮਾਰਨ ਲਗਾ। ਸਾਹਿਰ ਖ਼ਾਮੋਸ਼ੀ ਨਾਲ ਸੁਣਦਾ ਰਿਹਾ। ਖ਼ਯਾਮ ਨੇ ਆਖਿਆ, ‘ਸਾਹਿਰ ਸਾਹਬ, ਮੈਨੂੰ ਨਡਿਆੜਵਾਲਾ ਨੇ ਫ਼ਿਲਮ ਦਾ ਮਿਊਜ਼ਿਕ ਦੇਣ ਲਈ ਆਖਿਆ ਹੈ। ਉਸ ਨੇ ਪੈਸੇ ਪੁਛੇ ਤਾਂ ਮੈਂ ਸੱਠ ਹਜ਼ਾਰ ਰੁਪਿਆ ਆਖਿਆ। ਉਹ ਮੰਨ ਗਏ ਹਨ। ਵੈਸੇ ਮੈਂ ਚਾਹੁੰਦਾ ਤਾਂ ਇਕ ਲੱਖ ਰੁਪਿਆ ਵੀ ਮੰਗ ਸਕਦਾ ਸੀ।‘‘
ਸਾਹਿਰ ਨੇ ਆਖਿਆ, ‘‘ਖ਼ਾਨ ਸਾਹਿਬ, ਜੇ ਮੰਗਣ ਤੇ ਹੀ ਆਏ ਹੋ ਤਾਂ ਫਿਰ ਤੁਸੀਂ ਤਖ਼ਤ-ਇ-ਤਾਊਸ ਵੀ ਮੰਗ ਸਕਦੇ ਸੀ।‘‘
ਇਸ ਚੋਟ ਉਤੇ ਖ਼ਯਾਮ ਡੌਰ ਭੌਰ ਤੱਕਣ ਲੱਗਾ। ਉਸ ਦੀ ਗਰਦਨ ਤਾਂ ਉਸੇ ਤਰ੍ਹਾਂ ਆਕੜੀ ਰਹੀ ਪਰ ਮੱਥੇ ਉਤੇ ਪਸੀਨੇ ਦੀਆਂ ਕਣੀਆਂ ਚਮਕਣ ਲਗੀਆਂ।
ਸਾਹਿਰ ਜਿਸ ਪ੍ਰੋਡਿਊਸਰ ਲਈ ਗੀਤ ਲਿਖਦਾ, ਉਹ ਸਾਹਿਰ ਦੀ ਸਾਹਿਤਕ ਤੇ ਫ਼ਿਲਮੀ ਸੂਝ ਦੀ ਬਹੁਤ ਕਦਰ ਕਰਦਾ। ਉਸ ਦੇ ਗਾਣਿਆਂ ਵਿਚ ਇਤਨੀ ਖਿੱਚ ਹੁੰਦੀ ਕਿ ਮਾਮੂਲੀ ਧੁਨ ਵੀ ਸੁਹਣੀ ਲਗਦੀ। ਲੋਕ ਉਸ ਦੇ ਗੀਤਾਂ ਦੇ ਲਫ਼ਜ਼ਾਂ ਨੂੰ ਸੁਣਦੇ ਤੇ ਦਾਦ ਦੇਂਦੇ। ਉਹ ਫ਼ਿਲਮਾਂ ਵਿਚ ਸਾਹਿਤਕ ਰੰਗ ਲੈ ਆਇਆ ਸੀ।
ਇਕ ਵਾਰ ਸਾਹਿਰ ਦਾ ਕੋਈ ਗਾਣਾ ਫ਼ੇਮਸ ਲੈਬ ਵਿਚ ਰੀਕਾਰਡ ਹੋ ਰਿਹਾ ਸੀ। ਮਸ਼ਹੂਰ ਮਿਊਜ਼ਿਕ ਡਾਇਰੈਕਟਰ ਸਵਰਗਵਾਸੀ ਰੌਸ਼ਨ ਦਾ ਪੁਤ ਰਾਜੇਸ਼ ਰੌਸ਼ਨ ਇਸ ਦਾ ਮਿਊਜ਼ਿਕ ਦੇ ਰਿਹਾ ਸੀ। ਉਸੇ ਨੇ ਸਾਹਿਰ ਦੇ ਇਕ ਗੀਤ ਦੀ ਧੁਨ ਬੰਨ੍ਹੀ ਸੀ।
ਜਦੋਂ ਸਾਹਿਰ ਰੀਕਾਰਡਿੰਗ ਰੂਮ ਵਿਚ ਦਾਖ਼ਲ ਹੋਇਆ ਤਾਂ ਖ਼ਯਾਮ ਉਸ ਦੇ ਨਾਲ ਸੀ। ਰਾਜੇਸ਼ ਰੌਸ਼ਨ ਨੇ ਅੱਗੇ ਵਧ ਕੇ ਸਾਹਿਰ ਦੇ ਗੋਡਿਆਂ ਨੂੰ ਹੱਥ ਲਾਇਆ ਤੇ ਖ਼ਯਾਮ ਨਾਲ ਹੱਥ ਮਲਾਇਆ। ਖ਼ਯਾਮ ਇਹ ਦੇਖ ਕੇ ਅੰਦਰੋਂ ਸੜ ਬਲ ਗਿਆ।
ਗਾਣੇ ਦੀ ਰੀਕਾਰਡਿੰਗ ਸੁਣ ਕੇ ਜਦੋਂ ਸਾਹਿਰ ਬਾਹਰ ਨਿਕਲਿਆ ਤੇ ਗੱਡੀ ਵਿਚ ਬੈਠਾ ਤਾਂ ਖ਼ਯਾਮ ਆਖਣ ਲਗਾ, ‘‘ਸਾਹਿਰ ਸਾਹਿਬ, ਮੈਂ ਆਪਣੇ ਗਾਣੇ ਇਸ ਰੀਕਾਰਡਿੰਗ ਥੀਏਟਰ ਵਿਚ ਰੀਕਾਰਡ ਨਹੀਂ ਕਰਨੇ। ਇਥੇ ਲੋਕ ਮੇਰੀਆਂ ਧੁਨਾਂ ਚੁਰਾ ਲੈਣਗੇ। ਇਹ ਰਾਜੇਸ਼ ਰੌਸ਼ਨ ਵੀ ਕੋਈ ਮਿਊਜ਼ਿਕ ਡਾਇਰੈਕਟਰ ਹੈ? ਨਿਰਾ ਚੋਰ। ਇਸ ਦਾ ਬਾਪ ਵੀ ਚੋਰ ਸੀ।‘‘
ਸਾਹਿਰ ਰੌਸ਼ਨ ਨੂੰ ਮਦਨ ਮੋਹਨ ਤੋਂ ਵੀ ਉਚਾ ਸਮਝਦਾ ਸੀ। ਖ਼ਯਾਮ ਦੀ ਗੱਲ ਸੁਣ ਕੇ ਹੈਰਾਨ ਹੋਇਆ ਤੇ ਗੁੱਸੇ ਵਿਚ ਬੋਲਿਆ, ‘‘ਖ਼ਾਨ ਸਾਹਿਬ, ਜੇ ਥੋੜੀ ਜਿਹੀ ਕਾਮਯਾਬੀ ਮਿਲ ਜਾਵੇ ਤਾਂ ਦੁਲੱਤੀਆਂ ਨਹੀਂ ਮਾਰਨੀਆਂ ਚਾਹੀਦੀਆਂ।‘‘
ਸਾਹਿਰ ਵਿਚ ਹਲੀਮੀ ਸੀ ਪਰ ਨਾਲ ਹੀ ਕਲਾਤਮਕ ਗ਼ਰੂਰ। ਉਸ ਨੂੰ ਆਪਣੀ ਪ੍ਰਤਿਭਾ ਦਾ ਪਤਾ ਸੀ। ਉਸ ਨੂੰ ਇਹ ਵੀ ਪਤਾ ਸੀ ਕਿ ਜਿਸ ਨੇ ਉਸ ਤੋਂ ਗਾਣੇ ਲਿਖਵਾਉਣੇ ਹਨ, ਉਹ ਉਸੇ ਤੋਂ ਹੀ ਗਾਣੇ ਲਿਖਵਾਏਗਾ। ਉਸ ਦੇ ਗੀਤਾਂ ਵਿਚ ਇਕ ਅਜੀਬ ਦਰਦ ਤੇ ਹੂਕ ਸੀ ਜੋ ਹੋਰ ਕਿਸੇ ਵਿਚ ਨਹੀਂ ਸੀ। ਉਸ ਦਾ ਕਿਸੇ ਹੋਰ ਗੀਤਕਾਰ ਨਾਲ ਮੁਕਾਬਲਾ ਨਹੀਂ ਸੀ। ਸਭ ਉਸ ਨੂੰ ਗੁਰੂ ਮੰਨਦੇ ਸਨ ਤੇ ਉਸ ਦੇ ਅੱਗੇ ਝੁਕਦੇ ਸਨ।
ਸਾਹਿਰ ਕੁਝ ਗਿਣੇ ਚੁਣੇ ਡਾਇਰੈਕਟਰਾਂ ਪਰੋਡਿਊਸਰਾਂ ਲਈ ਹੀ ਗੀਤ ਲਿਖਦਾ ਸੀ। ਜਦੋਂ ਬੀ.ਆਰ.ਚੋਪੜਾ ਤੇ ਉਸਦਾ ਛੋਟਾ ਭਰਾ ਯਸ਼ ਚੋਪੜਾ ਅਲਹਿਦਾ ਹੋਏ ਤਾਂ ਉਸ ਨੇ ਯਸ਼ ਚੋਪੜਾ ਲਈ ਗੀਤ ਲਿਖਣੇ ਮਨਜ਼ੂਰ ਕੀਤੇ। ਉਸ ਨੇ ਇਕ ਚੋਪੜਾ ਹੀ ਚੁਣਿਆਂ।
‘ਕਭੀ ਕਭੀ‘ ਤੇ ਹੋਰ ਬਹੁਤ ਸਾਰੀਆਂ ਫ਼ਿਲਮਾਂ ਦੇ ਗੀਤ ਉਸ ਨੇ ਯਸ਼ ਲਈ ਲਿਖੇ। ਪਰ ਜਦੋਂ ਉਸ ਨੇ ‘ਸਿਲਸਿਲੇ‘ ਬਣਾਉਣੀ ਸ਼ੁਰੂ ਕੀਤੀ ਤਾਂ ਗੀਤ ਕਿਸੇ ਹੋਰ ਸ਼ਾਇਰ ਦੇ ਸਨ। ਫ਼ਿਲਮ ਫੇਲ੍ਹ ਹੋ ਗਈ।
ਮੈਂ ਸਾਹਿਰ ਨੂੰ ਪੁਛਿਆ, ‘‘ਤੂੰ ‘ਸਿਲਸਿਲਾ‘ ਲਈ ਗੀਤ ਕਿਉਂ ਨਹੀਂ ਲਿਖੇ?‘‘
ਉਹ ਬੋਲਿਆ, ‘‘ਯਸ਼ ਮੇਰੇ ਕੋਲ ਆਇਆ ਤੇ ਉਸ ਨੇ ਕਹਾਣੀ ਦੇ ਸੀਨ ਤੇ ਗੀਤਾਂ ਦੀਆਂ ਥਾਵਾਂ ਦੱਸੀਆਂ ਤੇ ਆਖਿਆ ਕਿ ਮੈਂ ਦੋ ਗੀਤ ਪੰਜ ਦਿਨਾਂ ਵਿਚ ਲਿਖ ਦੇਵਾਂ। ਮੈਂ ੳਸ ਨੂੰ ਆਖਿਆ, ‘‘ਸ਼ੂਟਿੰਗ ਤਾਂ ਪੰਦਰਾਂ ਜੁਲਾਈ ਨੂੰ ਹੋਣੀ ਹੈ ਤੇ ਅੱਜ ਸਿਰਫ਼ ਚਾਰ ਅਪਰੈਲ ਹੈ। ਮੈਨੂੰ ਘੱਟ ਤੋਂ ਘੱਟ ਦਸ ਬਾਰਾਂ ਦਿਨ ਚਾਹੀਦੇ ਹਨ। ਆਖ਼ਿਰ ਮੈਂ ਜੇ ਕੋਈ ਝਖ ਮਾਰਨੀ ਐ ਤਾਂ ਇਸ ਦੀ ਕੋਈ ਤੁਕ ਤਾਂ ਹੋਣੀ ਚਾਹੀਦੀ ਹੈ। ਮੈਂ ਹੁਣ ਤੀਕ ਪੰਜ ਛੇ ਸੌ ਗਾਣੇ ਤਾਂ ਲਿਖੇ ਹੋਣਗੇ। ਸਾਰੇ ਹੀ ਮੁਹੱਬਤ ਦੇ। ਆਖ਼ਿਰ ਕਿੰਨੇ ਕੁ ਨਵੇਂ ਸ਼ਬਦ ਨਹੀਂ ਤਰ੍ਹਾਂ ਬੀੜ ਸਕਦਾ ਹਾਂ। ਮੈਨੂੰ ਲਿਖਣ ਲੱਗੇ ਸੋਚਣਾ ਪੈਂਦਾ ਹੈ। ਮੇਰਾ ਘਟੀਆ ਗੀਤ ਵੀ ਬਾਕੀਆਂ ਦੇ ਵਧੀਆ ਗੀਤਾਂ ਨਾਲੋਂ ਚੰਗ ਹੋਣਾ ਚਾਹੀਦਾ ਹੈ। ਮੈਂ ਸਾਹਿਰ ਹਾਂ। ਬਾਟਾ ਸ਼ੂ ਕੰਪਨੀ ਵੀ ਨਵੇਂ ਜੁੱਤੇ ਨੂੰ ਜੇ ਉਸ ਦੀ ਸਿਲਾਈ ਵਿਚ ਰਤਾ ਕੁ ਊਣ ਹੋਵੇ, ਤਾਂ ਕੱਢ ਕੇ ਸੁਟ ਦੇਂਦੀ ਹੈ। ਮੈਨੂੰ ਲਿਖਣ ਲਗੇ ਸੋਚਣਾ ਪੈਂਦਾ ਹੈ। ਲਫ਼ਜ਼ਾਂ ਵਿਚ ਗ਼ਮ ਦਾ ਬਾਰੂਦ ਭਰਨ ਲਈ ਤੇ ਕਹਾਣੀ ਨੂੰ ਅੱਗੇ ਤੋਰਨ ਲਈ ਤੇ ਨਵਾਂ ਰੰਗ ਦੇਣ ਲਈ ਸੋਚਣਾ ਪੈਂਦਾ ਹੈ। ਲਫ਼ਜ਼ਾਂ ਵਿਚ ਗ਼ਮ ਦਾ ਬਾਰੂਦ ਭਰਨ ਲਈ ਤੇ ਕਹਾਣੀ ਨੂੰ ਅੱਗੇ ਤੋਰਨ ਲਈ ਤੇ ਨਵਾਂ ਰੰਗ ਦੇਣ ਲਈ ਸੋਚਣਾ ਪੈਂਦਾ ਹੈ... ਮੈਂ ਦਸ ਦਿਨ ਤੋਂ ਪਹਿਲਾਂ ਇਹ ਗੀਤ ਨਹੀਂ ਦੇ ਸਕਦਾ।‘‘
ਯਸ਼ ਚੋਪੜਾ ਨੂੰ ਜਲਦੀ ਸੀ। ਉਸ ਨੇ ਸਾਹਿਰ ਨੂੰ ਆਪਣੀ ਮੁਸ਼ਕਿਲ ਦੱਸੀ ਕਿ ਸੱਤ ਦਿਨਾਂ ਪਿਛੋਂ ਮਿਊਜ਼ਿਕ ਡਾਇਰੈਕਟਰ ਵਿਹਲਾ ਨਹੀਂ ਹੋਣਾ ਤੇ ਉਸ ਪਿਛੋਂ ਲਤਾ ਮੰਗੇਸ਼ਕਰ ਬਾਹਰ ਜਾ ਰਹੀ ਹੈ ਤੇ ਉਹ ਤਿੰਨ ਜੁਲਾਈ ਨੂੰ ਵਾਪਿਸ ਆ ਰਹੀ ਹੈ ਤੇ ਉਸ ਦਾ ਖ਼ਾਸ ਸਾਊਂਡ ਰੀਕਾਰਡਿਸਟ ਸਿਰਫ਼ ਬਾਰਾਂ ਅਪਰੈਲ ਨੂੰ ਰੀਕਾਰਡ ਕਰ ਸਕਦਾ ਹੈ।
ਸਾਹਿਰ ਸ਼ਾਇਦ ਇਹ ਗੀਤ ਦੋ ਦਿਨ ਵਿਚ ਹੀ ਲਿਖ ਦੇਂਦਾ ਪਰ ਜਦੋਂ ਉਸ ਨੇ ਯਸ਼ ਦੀਆਂ ਗੱਲਾਂ ਸੁਣੀਆਂ ਤਾਂ ਉਹ ਆਪਣੀ ਗੱਲ ਤੇ ਅੜ ਗਿਆ। ਉਸ ਨੂੰ ਇਸ ਗੱਲ ਉੱਤੇ ਗ਼ੁੱਸਾ ਆਇਆ ਕਿ ਉਹ ਹਰ ਇਕ ਦੀਆਂ ਤਾਰੀਖ਼ਾਂ ਅਨੁਸਾਰ ਫ਼ਿਲਮ ਦੀ ਰੀਕਾਰਡਿੰਗ ਤੇ ਸ਼ੂਟਿੰਗ ਦੀ ਵਿਉਂਤ ਬਣਾ ਰਿਹਾ ਸੀ। ਪਰ ਸਾਹਿਰ ਨੂੰ ਉਹ ਥੋੜੇ ਸਮੇਂ ਵਿਚ ਹੀ ਗੀਤ ਰਚਣ ਲਈ ਆਖ ਰਿਹਾ ਸੀ। ਸਾਹਿਰ ਨੂੰ ਇਹ ਗੱਲ ਮਨਜ਼ੂਰ ਨਹੀਂ ਸੀ। ਉਹ ਆਪਣੀ ਸ਼ਾਇਰੀ ਨੂੰ ਤੀਜੇ ਚੌਥੇ ਦਰਜੇ ਤੇ ਨਹੀਂ ਸੀ ਦੇਖਣਾ ਚਾਹੁੰਦਾ।
ਜਦੋਂ ਯਸ਼ ਨੇ ਜ਼ਿਦ ਕੀਤੀ ਤੇ ਆਖਿਆ ਕਿ ਹੋਰ ਸ਼ਾਇਰ ਤਾਂ ਦੋ ਤਿੰਨ ਦਿਨਾਂ ਵਿਚ ਲਿਖ ਸਕਦੇ ਹਨ ਤਾਂ ਸਾਹਿਰ ਬੋਲਿਆ, ‘‘ਉਹਨਾਂ ਤੋਂ ਲਿਖਵਾ ਲਉ।‘‘
ਯਸ਼ ਚੋਪੜਾ ਦੀ ਦਸ ਸਾਲ ਦੀ ਦੋਸਤੀ ਖ਼ਤਮ। ਫ਼ਿਲਮੀ ਨਾਤਾ ਟੁਟ ਗਿਆ ਯਸ਼ ਨੂੰ ਇਸ ਦਾ ਬਹੁਤ ਦੁਖ ਹੋਇਆ। ਅਗਲੀ ਫ਼ਿਲਮ ਲਈੀ ਸਾਹਿਰ ਲਿਖਣ ਲਈ ਤਿਆਰ ਨਹੀਂ ਸੀ। ਸਾਹਿਰ ਦੇ ਗੀਤਾਂ ਲਈ ਹੋਰ ਬੇਸ਼ੁਮਾਰ ਪਰੋਡਿਊਸਰ ਇੰਤਜ਼ਾਰ ਕਰ ਰਹੇ ਸਨ।

ਉਹ ਇਨਕਲਾਬੀ ਸੀ ਪਰ ਇਨਕਲਾਬੀ ਰੰਗ ਉਸ ਨੂੰ ਹਰ ਵੇਲੇ ਨਹੀਂ ਸੀ ਚੜ੍ਹਿਆ ਰਹਿੰਦਾ। ਉਸ ਵਿਚ ਇਨਕਲਾਬੀਆਂ ਵਾਲਾ ਜੋਸ਼ ਨਹੀਂ ਸੀ, ਸਿਰਫ਼ ਹੋਸ਼ ਸੀ। ਕੁੜੱਤਣ ਸੀ, ਸਿਨੀਸਿਜ਼ਮ ਸੀ।
ਉਹ ਕਈ ਵਾਰ ਇਨਕਲਾਬ ਦਾ ਮਜ਼ਾਕ ਉਡਾਉਂਦਾ ਤੇ ਆਪਣੇ ਸਾਥੀਆਂ ਨੂੰ ਨਾਰਾਜ਼ ਕਰ ਲੈਂਦਾ। ਪਰ ਉਸ ਵਿਚ ਇਤਨੀ ਮਿਠਾਸ ਤੇ ਜਜ਼ਬੇ ਦੀ ਰਚਨਾਤਮਕ ਬਾਦਸ਼ਾਹਤ ਸੀ ਕਿ ਕੋਈ ਉਸ ਨਾਲ ਨਾਰਾਜ਼ ਨਹੀਂ ਸੀ ਹੋ ਸਕਦਾ।
1961 ਦੀ ਗੱਲ ਹੇ। ਕਾਂਗੋ ਦੇ ਵੱਡੇ ਲੀਡਰ ਲਮੰਮਬਾ ਦਾ ਕਤਲ ਹੋ ਗਿਆ। ਸਾਰੀ ਦੁਨੀਆਂ ਵਿਚ ਇਸ ਕਤਲ ਦੇ ਵਿਰੁਧ ਰੋਸ ਪਰਗਟ ਹੋਇਆ। ਇਸ ਜਵਾਨ ਇਨਕਲਾਬੀ ਲੀਡਰ ਦੀ ਮੌਤ ਉਤੇ ਲੋਕਾਂ ਦਾ ਖ਼ੂਨ ਖੌਲਣ ਲਗਾ। ਜਲਸੇ ਹੋਏ, ਜਲੂਸ ਨਿਕਲੇ, ਮੁਜ਼ਾਹਰੇ ਹੋਏ। ਸ਼ਾਇਰਾਂ ਨੇ ਉਸ ਦੀ ਮੌਤ ਉਤੇ ਸਾਮਰਾਜੀਆਂ ਦੇ ਵਿਰੁਧ ਨਜ਼ਮਾਂ ਲਿਖੀਆਂ। ਮੀਟਿੰਗਾਂ ਕੀਤੀਆਂ।
ਨਵੀਂ ਦਿੱਲੀ ਵਿਚ ਅੰਤਰ-ਰਾਸ਼ਟਰੀ ਅਮਨ ਕਾਨਫ਼ਰੰਸ ਹੋਈ ਜਿਸ ਵਿਚ ਇਟਲੀ ਦੇ ਪਰਸਿੱਧ ਨਾਵਲਿਸਟ ਕਾਰਲੋ ਲੇਵੀ ਤੇ ਫ਼ਰਾਂਸ ਦੇ ਸਾਇੰਸਦਾਨ ਤੇ ਨੋਬਲ ਇਨਾਮ ਜੇਤੂ ਜਿਊਲਸ ਕਿਊਰੀ ਤੇ ਭਾਰਤ ਦੀਆਂ ਵਖ ਵਖ ਜ਼ਬਾਨਾਂ ਦੇ ਸ਼ਾਇਰ, ਕਵੀ ਤੇ ਕਲਾਕਾਰ ਵੀ ਆਏ ਹੋਏ ਸਨ।
ਬੰਬਈ ਤੋਂ ਅਲੀ ਸਰਦਾਰ ਜਾਫ਼ਰੀ, ਸੱਜਾਦ ਜ਼ਹੀਰ, ਖਵਾਜਾ ਅੱਬਾਸ, ਜਾਂਨਿਸਾਰ ਅਖ਼ਤਰ ਤੇ ਸਾਹਿਰ ਆਏ ਹੋਏ ਸਨ। ਪੰਜਾਬ ਤੋਂ ਮੋਹਨ ਸਿੰਘ, ਨਵਤੇਜ, ਸੰਤੋਖ ਸਿੰਘ ਧੀਰ, ਤੇ ਦੋ ਤਿੰਨ ਦਰਜਨ ਹੋਰ ਲੇਖਕ ਵੀ ਇਸ ਵਿਚ ਸ਼ਾਮਲ ਹੋਏ ਸਨ।
ਹਰ ਕੋਈ ਲਮੰਮਬਾ ਦੀ ਮੌਤ ਤੋਂ ਪ੍ਰਭਾਵਿਤ ਜ਼ੁਲਮ ਦੇ ਖਿਲਾਫ਼, ਇਸ ਜਵਾਨ ਖ਼ੂਨ ਦੇ ਖ਼ਿਲਾਫ਼, ਅਫ਼ਰੀਕੀ ਆਜ਼ਾਦੀ ਦੇ ਜੰਗ ਦੇ ਹੱਕ ਵਿਚ ਨਜ਼ਮ ਜਾਂ ਗੀਤ ਜਾਂ ਲੇਖ ਲਿਖ ਕੇ ਲਿਆਇਆ ਸੀ। ਹਰ ਕੋਈ ਇਸ ਅਮਨ-ਯੱਗ ਵਿਚ ਲਮੰਮਬਾ ਦੀ ਮੌਤ ਉਤੇ ਸਾਹਿਤਕ ਹੰਝੂ ਕੇਰ ਰਿਹਾ ਸੀ। ਹਰ ਕੋਈ ਇਸ ਗ਼ਮ ਦਾ ਭਾਗੀ ਸੀ।
ਵਿਗਿਆਨਕ ਭਵਨ ਵਿਚ ਵੱਡੀ ਮੀਟਿੰਗ ਸੀ।
ਸਾਹਿਰ ਵੀ ਉਥੇ ਲੰਮੇ ਲੰਮੇ ਕਦਮ ਭਰਦਾ ਤੇ ਝੂਮਦਾ ਹੋਇਆ ਆਖਿਆ। ਉਹ ਮੁਸਕਰਾ ਕੇ ਪੁੱਛਣ ਲੱਗਾ, ‘‘ਕਿਉਂ ਜੀ, ਤੁਸੀਂ ਵੀ ਲਮੰਮਬਾ ਉਤੇ ਕੋਈ ਨਜ਼ਮ ਲਿਖੀ ਹੈ?
‘‘ਹਾਂ।‘‘
‘‘ਤੁਸੀਂ?‘‘
‘‘ਹਾਂ।‘‘
‘‘ਤੁਸੀਂ?‘‘
‘‘ਹਾਂ।‘‘
‘‘ਸਭ ਨੇ ਲਿਖੀ ਹੈ?‘‘
‘‘ਹਾਂ।‘‘
‘‘ਸਾਰਿਆਂ ਨੇ?‘‘
‘‘ਹਾਂ।‘‘
‘‘ਤਾਂ ਫਿਰ ਮੈਂ ਨਹੀਂ ਲਿਖੀ।‘‘ ਇਹ ਆਖ ਕੇ ਸਾਹਿਰ ਹੱਸਣ ਲਗਾ-ਉਹੀ ਹਾਸੀ ਜਿਸ ਵਿਚ ਅਜੀਬ ਤਨਜ਼ ਤੇ ਮਾਸੂਮੀਅਤ ਲੁਕੀ ਹੋਈ ਹੁੰਦੀ ਸੀ। ‘‘ਜਿਸ ਨੂੰ ਦੋਖੇ ਲਮੰਮਬਾ ਦੇ ਗ਼ਮ ਵਿਚ ਡੁਬਿਆ ਹੋਇਆ ਸੀ। ਮੈਨੂੰ ਸਮਝ ਈ ਨਹੀਂ ਆਉਂਦੀ ਕਿ ਮੈਂ ਕੀ ਲਿਖਾਂ- ਮੈਨੂੰ ਇਸ ਕਤਲ ਦੀ ਕੁਝ ਸਮਝ ਈ ਨਹੀਂ ਆਉਂਦੀ। ਮੇਰੇ ਮਨ.... ਮੇਰੇ ਮਨ ਵਿਚ ਕੋਈ ਗੱਲ ਈ ਨਹੀਂ ਆ ਰਹੀ.... ਪਰ ਇਹ ਸਾਰੇ ਤਾਂ.... ਲਮੰਮਬਾ...ਲਮੰਮਬਾ...ਲਮੰਮਬਾ....‘‘
ਉਹ ਮੁਸਕਰਾ ਰਿਹਾ ਸੀ।
ਮੀਟਿੰਗ ਖ਼ਤਮ ਹੋਈ ਤਾਂ ਸਰਦਾਰ ਜਾਫ਼ਰੀ ਨੇ ਸਾਹਿਰ ਨੂੰ ਆਖਿਆ, ‘‘ਸਾਹਿਰ, ਤੁਮ ਨੇ ਕੋਈ ਨਜ਼ਮ ਨਹੀਂ ਲਿਖੀ? ਸ਼ਾਮ ਕੋ ਮੁਸ਼ਾਇਰਾ ਹੈ। ਲੋਗੋਂ ਕਾ ਹਜੂਮ ਹੋਗਾ। ਸਬ ਤੁਮਹਾਰੀ ਨਜ਼ਮ ਸੁਨਨਾ ਚਾਹੇਂਗਾ।‘‘
ਸਾਹਿਰ ਬੋਲਿਆ, ‘‘ਆਪਾਂ ਨੂੰ ਇਸ ਦਾ ਪਤਾ ਈ ਨਹੀਂ। ਸਮਝ ਈ ਨਹੀਂ ਆਉਂਦੀ ਕੀ ਲਿਖਾਂ।‘‘
ਜਾਫ਼ਰੀ ਬੋਲਿਆ, ‘‘ਪਰ ਤੂੰ ਬੰਬਈ ਤੋਂ ਤਾਂ ਸਿਰਫ਼ ਇਸ ਮੁਸ਼ਾਇਰੇ ਵਾਸਤੇ ਹੀ ਆਇਆ ਹੈਂ ਖ਼ਾਸ ਚਲ ਕੇ। ਕੁਝ ਤੇ ਲਿਖ... ਚਲ, ਹੋਟਲ ਵਿਚ ਚਲਦੇ ਹਾਂ, ਉਥੇ ਬੈਠ ਕੇ ਕੁਝ ਲਿਖ ਲਵੀਂ.... ਬਸ ਦੋ ਚਾਰ ਸਤਰਾਂ... ਕੁਝ ਹੀ... ਲੋਕ ਤੈਨੂੰ ਸੁਣਨ ਲਈ ਆਉਣਗੇ। ਉਸ ਵੇਲੇ ਤੂੰ...ਇਸ ਮੌਕੇ ਉਤੇ ਜ਼ਰੂਰ ਕੁਝ ਪੜ੍ਹਨਾ ਚਾਹੀਦਾ ਹੈ।‘‘
ਸੱਜਾਦ ਜ਼ਹੀਰ ਬੋਲਿਆ, ‘‘ਸਾਹਿਰ, ਇਹ ਬਹੁਤ ਜ਼ਿਆਦਤੀ ਹੈ ਕਿ ਤੂੰ ਕੁਝ ਨਾ ਪੜ੍ਹੇਂ। ਬਹੁਤ ਬੁਰੀ ਗੱਲ ਹੈ। ਤੈਨੂੰ ਜ਼ਰੂਰ ਕੁਝ ਲਿਖਣਾ ਚਾਹੀਦਾ ਹੈ।‘‘
ਪਰ ਸਾਹਿਰ ਨੇ ਉਹਨਾਂ ਦੀ ਗੱਲ ਸੁਣੀ ਅਨ-ਸੁਣੀ ਕਰ ਦਿਤੀ। ਉਹ ਬਿਲਕੁਲ ਬੇਲਾਗ ਸੀ, ਬਿਲਕੁਲ ਖ਼ਾਲੀ। ਉਹ ਉਹਨਾਂ ਸਾਰੇ ਲੋਕਾਂ ਨੂੰ ਉੱਲੂ ਆਖ ਰਿਹਾ ਸੀ ਜੋ ਲਮੰਮਬਾ ਦੀ ਮੌਤ ਉਤੇ ਨਜ਼ਮਾਂ ਲਿਖ ਕੇ ਲਿਆਏ ਸਨ। ਉਸ ਨੂੰ ਕੁਝ ਚਿੜ ਜਿਹੀ ਹੋ ਗਈ ਸੀ। ਉਹ ਆਖਣ ਲਗਾ, ‘‘ਮੈਂ ਨਹੀਂ ਲਿਖ ਸਕਦਾ।‘‘
ਜਨਪਥ ਹੋਟਲ ਜਾ ਕੇ ਸੱਸਾਦ ਜ਼ਹੀਰ ਨੇ ਫਿਰ ਆਖਿਆ, ‘‘ਸਾਹਿਰ, ਸ਼ਾਮ ਨੂੰ ਮੁਸ਼ਾਇਰਾ ਹੈ। ਸਾਡੀ ਇੱਜ਼ਤ ਦਾ ਸੁਆਲ ਹੈ...ਤੂੰ....‘‘
ਜਾਫ਼ਰੀ ਨੇ ਆਖਿਆ, ‘‘ਇਸ ਨੇ ਇਸ ਤਰ੍ਹਾਂ ਨਹੀਂ ਮੰਨਣਾ। ਇਕੋ ਤਰੀਕਾ ਐ...‘‘
ਉਹ ਸਾਹਿਰ ਨੂੰ ਫੜ ਕੇ ਦੂਜੇ ਕਮਰੇ ਵਿਚ ਲੈ ਗਿਆ। ਬੀਅਰ ਦੀ ਬੋਤਲ, ਚਿਕਨ-ਸੈਂਡਵਿਚ ਤੇ ਸਿਗਰਟਾਂ ਦਾ ਡੱਬਾ ਰਖ ਦਿਤਾ ਤੇ ਆਖਿਆ, ‘‘ਲੈ... ਇਥੇ ਬੈਠ! ਚਾਰ ਘੰਟਿਆਂ ਨੂੰ ਬੂਹਾ ਖੋਲ੍ਹਾਂਗੇ....‘‘
ਉਸ ਨੇ ਬਾਹਰੋਂ ਕੁੰਡਾ ਜੜ ਦਿਤਾ ਤੇ ਸਾਹਿਰ ਨੂੰ ਅੰਦਰ ਡੱਕ ਦਿਤਾ।
ਸਾਹਿਰ ਨੇ ਬੀਅਰ ਪੀਤੀ ਤੇ ਸੌਂ ਗਿਆ।
ਚਾਰ ਵਜੇ ਉਠਿਆ ਤਾਂ ਕਮਰਾ ਬੰਦ ਸੀ।
ਸ਼ਾਮ ਦੇ ਸੱਤ ਵਜੇ ਮੁਸ਼ਾਇਰਾ ਸੀ।
ਜ਼ਾਫਰੀ ਛੇ ਵਜੇ ਆਇਆ, ਬੂਹਾ ਖੋਲ੍ਹਿਆ। ਸਾਹਿਰ ਸਿਗਰਟ ਦੇ ਕਸ਼ ਲਾ ਰਿਹਾ ਸੀ ਤੇ ਬੈਠਾ ਲਿਖ ਰਿਹਾ ਸੀ।
ਨਜ਼ਮ ਤਿਆਰ ਸੀ।
ਮੁਸ਼ਾਇਰੇ ਦੀ ਸਦਾਰਤ ਫ਼ਿਰਾਕ ਗੋਰਖ਼ਪੁਰੀ ਕਰ ਰਹੇ ਸਨ। ਬੜਾ ਭਰਵਾਂ ਤੇ ਜੋਸ਼ੀਲਾ ਮੁਸ਼ਾਇਰਾ ਸੀ। ਬਹੁਤ ਸਾਰੇ ਕਵੀਆਂ ਨੇ ਆਪਣੀਆਂ ਨਜ਼ਮਾਂ ਪੜ੍ਹੀਆਂ।
ਜਦੋਂ ਸਾਹਿਰ ਨੇ ਨਜ਼ਮ ਪੜ੍ਹੀ ਤਾਂ ਸੱਨਾਟਾ ਛਾ ਗਿਆ। ਚੁਪ ਵਰਤ ਗਈ। ਮੌਤ ਦੀ ਛਾਂ ਲਰਜ਼ ਉਠੀ। ਖ਼ੂਨ ਦੇ ਛਿੱਟੇ ਤੇ ਜ਼ੁਲਮ ਦੇ ਚੰਗਿਆੜੇ ਉਡੇ ਤੇ ਦਿਲਾਂ ਅੰਦਰ ਨਜ਼ਮ ਦੇ ਸ਼ਬਦ ਉਤਰ ਗਏ। ਲੋਕਾਂ ਨੂੰ ਹੁਣ ਤੀਕ ਯਾਦ ਹਨ ਇਹ ਸ਼ਬਦ:
ਖ਼ੂਨ ਆਖ਼ਿਰ ਖ਼ੂਨ ਹੈ ਜੰਮ ਜਾਏਗਾ
ਜ਼ੁਲਮ ਆਖ਼ਿਰ ਜ਼ੁਲਮ ਹੈ....
ਅੱਜ ਸਾਹਿਰ ਨਹੀਂ ਰਿਹਾ। ਫ਼ਿਲਮੀ ਗੀਤਾਂ ਦੀ ਦੁਨੀਆਂ ਬੇਵਾ ਹੋ ਗਈ। ਇਸ ਦਾ ਸੁਹਾਗ ਉਜੜ ਗਿਆ। ਇਸ ਦੀਆਂ ਚੂੜੀਆਂ ਟੁਟ ਗਈਆਂ। ਹੁਣ ਕੌਣ ਲਿਖੇਗਾ ਜ਼ੁਲਮ ਦੇ ਗੀਤ, ਜਵਾਨੀ ਦੇ ਗੀਤ, ਰਾਤ ਦੇ ਸੱਨਾਟੇ ਤੇ ਤੜਪ ਦੇ ਗੀਤ।
ਹੁਣ ਸਾਹਿਰ ਦਾ ਘਰ ਸੁੰਞਾ ਹੈ। ਉਸ ਦੀ ਮਾਂ ਨਹੀਂ ਉਸ ਦਾ ਅੱਬਾ ਨਹੀਂ, ਉਸ ਦਾ ਕੋਈ ਭਰਾ ਨਹੀਂ, ਉਸ ਦੀ ਕੋਈ ਬੀਵੀ ਜਾਂ ਪੁਤ ਨਹੀਂ। ਇਹ ਘਰ ਵੀ ਸਾਹਿਰ ਵਾਂਗ ਉਸ ਇਕੱਠ ਦਾ ਹੁੰਗਾਰਾ ਬਣ ਕੇ ਰਹਿ ਗਿਆ। ਪਰ ਉਸ ਦੇ ਗੀਤ ਉਸੇ ਤਰ੍ਹਾਂ ਜਵਾਨ ਹਨ, ਉਹਨਾਂ ਵਿਚ ਸਾਹਿਰ ਦੀ ਮਾਸੂਮ ਹਾਸੀ ਤੇ ਗ਼ਮ ਗੂੰਜਦਾ ਹੈ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346