Welcome to Seerat.ca

ਜਵਾਨੀ ਦਾ ਸ਼ਾਇਰ

 

- ਬਲਵੰਤ ਗਾਰਗੀ

ਚੁੱਲ੍ਹੇ ਵਿੱਚ ਬਲਦੀਆਂ ਕਵਿਤਾਵਾਂ ਤੇ ਹਜ਼ਾਰ ਰੰਗਾਂ ਦੀ ਲਾਟ

 

- ਸੁਰਜੀਤ ਪਾਤਰ

‘ਅੰਗਰੇਜੀ’ ਵਾਲ਼ਾ ‘ਮਾਸ਼ਟਰ’

 

- ਇਕਬਾਲ ਰਾਮੂਵਾਲੀਆ

ਕੌਣ ਕਿਸੇ ਦਾ...

 

- ਹਰਜੀਤ ਅਟਵਾਲ

ਭਗਤ ਸਿੰਘ ਦੀ ਤਸਵੀਰ

 

- ਅਮਰਜੀਤ ਚੰਦਨ

ਵਗਦੀ ਏ ਰਾਵੀ / ਮਾਂ ਬੋਲੀ ਜੋ ਭੁੱਲ ਜਾਵਣਗੇ...

 

- ਵਰਿਆਮ ਸਿੰਘ ਸੰਧੂ

ਰੰਗਮੰਚ ਲਈ ਪ੍ਰਤੀਬੱਧਤਾ ਹੋਣੀ ਜਰੂਰੀ ਹੈ – ਅਜਮੇਰ ਔਲਖ

 

- ਹੀਰਾ ਰੰਧਾਵਾ

ਮੌਜੀ ਫ਼ਨਕਾਰ ਹੈ ਹਜ਼ਾਰਾ ਸਿੰਘ ਰਮਤਾ

 

- ਨਿੰਦਰ ਘੁਗਿਆਣਵੀ

ਲਿਖਤੁਮ ਮੈਂ…ਪੜ੍ਹਤੁਮ ਆਕਾਸ਼ਬਾਣੀਂ ਬਠਿੰਡਾ

 

- ਹਰਮੰਦਰ ਕੰਗ

ਕੱਚਾ ਆਵਾ

 

- ਕਰਮ ਸਿੰਘ ਮਾਨ

ਪ੍ਰਗਤੀਸ਼ੀਲ ਲਹਿਰ ਅਤੇ ਪੰਜਾਬੀ ਸਾਹਿਤ

 

- ਗੁਰਦੇਵ ਚੌਹਾਨ

ਦੋ ਵਿਅੰਗ ਕਵਿਤਾਵਾਂ

 

- ਗੁਰਦਾਸ ਮਿਨਹਾਸ

ਦੋ ਨਜ਼ਮਾਂ

 

- ਮੁਖਵੀਰ

ਯਾਦਾਂ ਦੇ ਬਾਲ ਝਰੋਖੇ 'ਚ' ਕਿਸ਼ਤ -3
ਆਤੰਕ ਦਾ ਦੌਰ ਅਤੇ ਮਾਨਵੀ ਚਿਹਰੇ

 

- ਸੁਪਨ ਸੰਧੂ

ਗ਼ਜ਼ਲ

 

- ਹਰਦਮ ਸਿੰਘ ਮਾਨ

ਇਕ ਕਵਿਤਾ

 

- ਦਿਲਜੋਧ ਸਿੰਘ

 


ਕੌਣ ਕਿਸੇ ਦਾ...

- ਹਰਜੀਤ ਅਟਵਾਲ

 

ਮਹਾਂਰਾਜਾ ਖੜਕ ਸਿੰਘ ਨੂੰ ਸ਼ਾਹੀ ਕਿਲ੍ਹੇ ਵਿਚ ਬੰਦ ਕਰ ਦਿਤਾ ਗਿਆ। ਉਹ ਹਰ ਵੇਲੇ ਆਪਣੇ ਹੱਥ ਘੁਮਾਉਂਦਾ ਇਹੋ ਕਹਿੰਦਾ ਰਹਿੰਦਾ ਕਿ ਕੌਣ ਕਿਸੇ ਦਾ...।
ਪੁੱਤਰ ‘ਤੇ ਹੀ ਕਿਸੇ ਨੂੰ ਮਾਣ ਹੋ ਸਕਦਾ ਹੈ ਤੇ ਪੁੱਤਰ ਨੇ ਉਸ ਨੂੰ ਚੁੱਕ ਕੇ ਅੰਦਰ ਬੰਦ ਕਰ ਦਿਤਾ ਸੀ। ਕਿਸੇ ਨੂੰ ਮਿਲਣ ਤਕ ਨਹੀਂ ਸੀ ਦਿਤਾ ਜਾ ਰਿਹਾ। ਜੇ ਮਿਲਣਾ ਵੀ ਹੁੰਦਾ ਤਾਂ ਹਰ ਵੇਲੇ ਕੋਈ ਨਾ ਕੋਈ ਨਾਲ ਹਾਜ਼ਰ ਹੁੰਦਾ। ਉਸ ਦੀ ਪਤਨੀ ਰਾਣੀ ਈਸ਼ਰ ਕੋਰ ਉਸ ਦੀ ਸੰਭਾਲ ਕਰਦੀ ਸੀ। ਉਹ ਸ਼ਰੀਫ ਔਰਤ ਸੀ ਤੇ ਮਹਾਂਰਾਜੇ ਦੇ ਨਾਲ ਹੀ ਉਹ ਵੀ ਸਭ ਕੁਝ ਝੱਲੀ ਜਾਂਦੀ। ਮਹਾਂਰਾਜਾ ਖੜਕ ਸਿੰਘ ਆਪਣੇ ਪੁੱਤਰ ਦੀ ਕੈਦ ਵਿਚੋਂ ਨਿਕਲਣ ਦੇ ਰਾਹ ਲਭਣ ਲਗਿਆ। ਇਕ ਦਿਨ ਕੁਝ ਵਫਾਦਾਰ ਕਰਮਚਾਰੀਆਂ ਦੀ ਮੱਦਦ ਨਾਲ ਉਹ ਕਿਲ੍ਹੇ ਵਿਚੋਂ ਭੱਜ ਤੁਰਿਆ। ਜਿਸ ਰਾਤ ਮਹਾਂਰਾਜਾ ਦੋ ਬੰਦੇ ਲੈ ਕੇ ਕਿਲ੍ਹੇ ਵਿਚੋਂ ਨਿਕਲਣ ਵਿਚ ਕਾਮਯਾਬ ਹੋ ਗਿਆ ਸੀ ਇਕ ਵਾਰ ਤਾਂ ਰਾਣੀ ਈਸ਼ਰ ਕੋਰ ਨੂੰ ਲਗਿਆ ਸੀ ਕਿ ਮਹਾਂਰਾਜਾ ਬਾਹਰ ਜਾ ਕੇ ਅਜਿਹਾ ਕੁਝ ਕਰੇਗਾ ਕਿ ਉਹ ਇਸ ਕੈਦ ਤੋਂ ਛੁਟਕਾਰਾ ਪਾ ਲੈਣਗੇ ਪਰ ਕੁਦਰਤ ਨੂੰ ਇਹ ਮਨਜ਼ੂਰ ਨਹੀਂ ਸੀ। ਛੇਤੀ ਹੀ ਕੁੰਵਰ ਨੌਨਿਹਾਲ ਸਿੰਘ ਨੂੰ ਇਸ ਦਾ ਪਤਾ ਚਲ ਗਿਆ। ਉਸ ਨੇ ਧਿਆਨ ਸਿੰਘ ਨੂੰ ਨਾਲ ਲਿਆ ਤੇ ਖੜਕ ਸਿੰਘ ਨੂੰ ਸ਼ੇਖੂਪੁਰੇ ਜਾ ਫੜਿਆ। ਜੇ ਮਹਾਂਰਾਜਾ ਅਫਗਾਨਿਸਤਾਨ ਵਲ ਨਿਕਲਣ ਵਿਚ ਸਫਲ ਹੋ ਜਾਂਦਾ ਤਾਂ ਸ਼ਇਦ ਬਚ ਜਾਂਦਾ ਪਰ ਜਲਦੀ ਪਤਾ ਚਲ ਜਾਣ ਕਾਰਨ ਨੇੜੇ ਹੀ ਫੜਿਆ ਗਿਆ। ਰਾਣੀ ਈਸ਼ਰ ਕੋਰ ਨੇ ਵੀ ਥੋੜੇ ਤਸੀਹੇ ਨਾਲ ਹੀ ਨੌਨਿਹਾਲ ਨੂੰ ਦਸ ਦਿਤਾ ਕਿ ਪਿਓ ਬਚ ਕੇ ਕਿਸ ਪਾਸੇ ਨਿਕਲਿਆ ਹੈ। ਰਾਜਾ ਧਿਆਨ ਸਿੰਘ ਨੇ ਤਾਂ ਉਸ ਨੂੰ ਸਬਕ ਦੇਣਾ ਹੀ ਸੀ ਕਿਉਂਕਿ ਉਸ ਦੀ ਵਜ਼ੀਰੀ ਖੋਹ ਕੇ ਚੇਤ ਸਿੰਘ ਨੂੰ ਦਿਤੀ ਸੀ। ਤੇ ਹੁਣ ਨੌਨਿਹਾਲ ਨੇ ਵੀ ਵਜ਼ਾਰਤ ਖੋਹ ਲਈ ਸੀ। ਰਾਜਾ ਧਿਆਨ ਸਿੰਘ ਦੀ ਦੋਹਰੀ ਖੇਡ ਸੀ ਕਿ ਇਕ ਤਾਂ ਖੜਕ ਸਿੰਘ ਨੂੰ ਮੁੜ ਕੈਦ ਵਿਚ ਸੁੱਟਣਾ ਤੇ ਦੂਜਾ ਨੌਨਿਹਾਲ ਸਿੰਘ ਦਾ ਮਨ ਜਿੱਤ ਕੇ ਮੁੜ ਵਜ਼ੀਰ ਬਣਨਾ। ਖੜਕ ਸਿੰਘ ਫੜਿਆ ਗਿਆ ਤੇ ਮੁੜ ਕੇ ਫਿਰ ਸੁਮਨ ਬੁਰਜ ਵਾਲੀ ਕੈਦ ਵਿਚ ਆ ਗਿਆ। ਉਸ ਦੀ ਸ਼ਰਾਬ ਵਧਾ ਦਿਤੀ ਗਈ, ਅਫੀਮ ਵੀ। ਰਾਣੀ ਈਸ਼ਰ ਕੋਰ ਨੂੰ ਸਭ ਦਿਸਦਾ ਸੀ ਕਿ ਕੀ ਹੋ ਰਿਹਾ ਸੀ ਪਰ ਉਸ ਵੀ ਉਸ ਦੇ ਨਾਲ ਹੀ ਕੈਦਣ ਸੀ।
ਰਾਜਾ ਧਿਆਨ ਸਿੰਘ ਦੀਆ ਕੌਡਾਂ ਸਿਧੀਆਂ ਪੈ ਗਈਆਂ ਸਨ ਨਹੀਂ ਤਾਂ ਜਦੋਂ ਤੋਂ ਉਸ ਨੂੰ ਕੁੰਵਰ ਨੌਨਿਹਾਲ ਸਿੰਘ ਨੇ ਵਜ਼ੀਰੀ ਤੋਂ ਵਿਹਲ ਕਰਕੇ ਵਜ਼ਾਰਤ ਆਪ ਸੰਭਾਲ ਲਈ ਸੀ ਤਾਂ ਉਹ ਜਖਮੀ ਸੱਪ ਵਾਂਗ ਜ਼ਹਿਰ ਹੀ ਘੋਲਦਾ ਜਾ ਰਿਹਾ ਸੀ। ਕੁੰਵਰ ਹਾਲੇ ਮਹਾਂਰਾਜਾ ਨਹੀਂ ਸੀ ਬਣਿਆ ਤੇ ਧਿਆਨ ਸਿੰਘ ਡਰਦਾ ਸੀ ਕਿ ਇਵੇਂ ਨਾ ਹੋਵੇ ਕਿ ਜਦ ਕੁੰਵਰ ਨੌਨਿਹਾਲ ਸਿੰਘ ਤਖਤ ‘ਤੇ ਬੈਠੇਗਾ ਉਹ ਮੀਆਂ ਊਧਮ ਸਿੰਘ ਨੂੰ ਹੀ ਵਜ਼ੀਰ ਬਣਾ ਦਿਤਾ ਜਾਵੇ। ਰਾਜਾ ਗੁਲਾਬ ਸਿੰਘ ਦਾ ਬੇਟਾ ਮੀਆਂ ਊਧਮ ਸਿੰਘ ਨੌਨਿਹਾਲ ਸਿੰਘ ਦਾ ਖਾਸ ਦੋਸਤ ਸੀ। ਰਾਜਾ ਧਿਆਨ ਸਿੰਘ ਆਪਣੇ ਭਰਾਵਾਂ ਨੂੰ ਲੱਖ ਪਿਆਰ ਕਰਦਾ ਹੋਵੇ ਪਰ ਉਹ ਚਾਹੁੰਦਾ ਸੀ ਕਿ ਵਜ਼ਾਰਤ ਉਸ ਕੋਲ ਰਹੇ ਤੇ ਉਸ ਤੋਂ ਬਾਅਦ ਹੀਰਾ ਸਿੰਘ ਨੂੰ ਮਿਲੇ। ਮਹਾਂਰਾਜਾ ਖੜਕ ਸਿੰਘ ਨੂੰ ਮੁੜ ਕੈਦ ਕਰਨ ਤੋਂ ਬਾਅਦ ਭਾਵੇਂ ਹਾਲੇ ਨੌਨਿਹਾਲ ਸਿੰਘ ਨੇ ਰਾਜਾ ਧਿਆਨ ਸਿੰਘ ਨੂੰ ਵਜ਼ੀਰ ਨਹੀਂ ਸੀ ਬਣਾਇਆ ਪਰ ਧਿਆਨ ਸਿੰਘ ਆਸਵੰਦ ਹੋ ਗਿਆ ਸੀ।
ਕੁੰਵਰ ਨੌਨਿਹਾਲ ਸਿੰਘ ਦੀ ਅਗਵਾਈ ਹੇਠ ਇਕ ਵਾਰ ਫਿਰ ਪੰਜਾਬ ਅੰਦਰ ਸਥਿਰਤਾ ਦਿਖਾਈ ਦੇਣ ਲਗੀ। ਚਾਰੇ ਪਾਸੇ ਸ਼ਾਂਤੀ ਹੋ ਗਈ ਸੀ। ਮਹਾਂਰਾਜਾ ਖੜਕ ਸਿੰਘ ਕੈਦ ਵਿਚ ਸੀ ਜਾਂ ਕਿਤੇ ਹੋਰ ਇਸ ਦਾ ਜਿ਼ਕਰ ਬਹੁਤਾ ਨਹੀਂ ਸੀ ਹੋ ਰਿਹਾ। ਸ਼ੇਰ ਸਿੰਘ ਬਟਾਲੇ ਤੇ ਪਿਸ਼ੌਰਾ ਸਿੰਘ ਉਪਰ ਸਰਹੱਦ ਦੇ ਇਲਾਕੇ ਵਿਚ ਤੇ ਕਸ਼ਮੀਰਾ ਸਿੰਘ ਸਿਆਲਕੋਟ ਵਿਚ ਰੁਝ ਗਏ ਸਨ। ਸਰਕਾਰ ਦੇ ਦੋ ਹੋਰ ਪੁੱਤਰ ਤਾਰਾ ਸਿੰਘ ਤੇ ਮੁਲਤਾਨ ਸਿੰਘ ਤਖਤ ਦੀ ਦੌੜ ਵਿਚ ਆਉਣ ਦੇ ਕਾਬਲ ਹੀ ਨਹੀਂ ਸਨ। ਡੋਗਰਿਆਂ ਨਾਲ ਨੌਨਿਹਾਲ ਸਿੰਘ ਦੀ ਥੋੜੀ ਗੜਬੜ ਚਲਦੀ ਜਾ ਰਹੀ ਸੀ। ਚੀਨ ਦੀ ਸਰਹੱਦ ਦੇ ਕੁਝ ਮਸਲਿਆਂ ਨੂੰ ਲੈ ਕੇ ਪਹਾੜਾਂ ਵਿਚ ਤਾਇਨਾਤ ਜਨਰਲ ਜ਼ੋਰਾਵਰ ਸਿੰਘ ਨਾਲ ਗੁੱਸਾ ਗਿਲਾ ਚੱਲ ਹੀ ਰਿਹਾ ਸੀ ਕਿ ਦੂਜੇ ਪਾਸੇ ਉਸ ਨੇ ਲੂਣ ਦੀਆਂ ਖਾਨਾਂ ਉਪਰ ਕਬਜ਼ਾ ਕਰਨ ਲਈ ਮੰਡੀ ਦੇ ਰਾਜੇ ਨੂੰ ਵੀ ਕੈਦ ਕਰ ਲਿਆ। ਪਹਾੜਾਂ ਦੇ ਉਸ ਇਲਾਕੇ ਦਾ ਇੰਤਜ਼ਾਮ ਅਜੀਤ ਸਿੰਘ ਸੰਧਾਵਾਲੀਆ ਤੇ ਜਨਰਲ ਵੈਚੂਰਾ ਨੂੰ ਦੇ ਦਿਤਾ। ਜਨਰਲ ਵੈਚੂਰਾ ਫਰਾਂਸੀਸੀ ਸੀ ਤੇ ਸਰਕਾਰ ਰਣਜੀਤ ਸਿੰਘ ਦੇ ਸਮੇਂ ਤੋਂ ਹੀ ਖਾਲਸਾ ਫੌਜ ਵਿਚ ਸੀ। ਨੌਨਿਹਾਲ ਨੇ ਪਹਾੜਾਂ ਵਿਚ ਚਲਦੀਆਂ ਕੁਝ ਗਲਤ ਪ੍ਰਥਾਵਾਂ, ਜਿਵੇਂ ਕਿ ਬੱਚੇ ਤੇ ਔਰਤਾਂ ਵੇਚਣਾ ਵੀ ਬੰਦ ਕਰਵਾਈਆਂ ਜਿਸ ਕਰਕੇ ਲੋਕ ਉਸ ਦੀ ਤਰੀਫ ਵੀ ਕਰਦੇ ਸਨ। ਪਹਾੜੀਆਂ ਵਿਚ ਡੋਗਰੇ ਭਾਵੇਂ ਖਾਲਸਾ ਰਾਜ ਲਈ ਜਿੱਤਾਂ ਪ੍ਰਾਪਤ ਕਰਦੇ ਜਾ ਰਹੇ ਸਨ ਪਰ ਨੌਨਿਹਾਲ ਸਿੰਘ ਫਿਰ ਵੀ ਉਹਨਾਂ ਨਾਲ ਵਧੀਆ ਰਿਸ਼ਤੇ ਬਣਾਉਣ ਦੇ ਹੱਕ ਵਿਚ ਨਹੀਂ ਸੀ। ਕਿਉਂਕਿ ਕੁੰਵਰ ਨੌਨਿਹਾਲ ਸਿੰਘ ਵਜ਼ਾਰਤ ਆਪ ਸੰਭਾਲ ਰਿਹਾ ਸੀ ਇਸ ਕਰਕੇ ਹਰ ਵੇਲੇ ਇਕ ਖਾਸ ਦਬਾਅ ਜਿਹੇ ਹੇਠ ਰਹਿਣ ਲਗਿਆ। ਉਹ ਕਈ ਵਾਰ ਸੋਚਦਾ ਕਿ ਧਿਆਨ ਸਿੰਘ ਨੂੰ ਮੁੜ ਕੇ ਵਜ਼ਾਰਤ ਸੌਂਪ ਦਿਤੀ ਜਾਵੇ। ਅੰਗਰੇਜ਼ਾਂ ਨਾਲ ਕੁੰਵਰ ਦੇ ਸਬੰਧ ਬੁਰੇ ਨਹੀਂ ਸਨ। ਉਹਨਾਂ ਨੇ ਕੁੰਵਰ ਨੂੰ ਪਿਸ਼ਾਵਰ ਵਿਚ ਲੜਾਈ ਕਰਦੇ ਨੂੰ ਦੇਖਿਆ ਹੋਇਆ ਸੀ, ਉਹਨਾਂ ਨੂੰ ਪਤਾ ਸੀ ਕਿ ਉਹ ਹਰੀ ਸਿੰਘ ਨਲੂਏ ਦਾ ਚੰਡਿਆ ਹੋਇਆ ਯੋਧਾ ਹੈ ਇਸ ਲਈ ਉਸ ਦੀ ਕਦਰ ਵੀ ਕਰਦੇ ਸਨ ਹਾਲਾਂਕਿ ਕਰਨਲ ਵੇਡ, ਜੋ ਮਹਾਂਰਾਜਾ ਖੜਕ ਸਿੰਘ ਦਾ ਦੋਸਤ ਸੀ, ਨੇ ਕੁੰਵਰ ਦੇ ਆਪੇ ਬਣੇ ਖੁਦਮਖਤਾਰ ਹੋਣ ਨੂੰ ਮਾਨਤਾ ਨਹੀਂ ਸੀ ਦਿਤੀ। ਇਹਨਾਂ ਦਿਨਾ ਵਿਚ ਅਫਗਾਨ ਲੋਕ ਬਹੁਤਾ ਮਹਿਨਾ ਨਹੀਂ ਸਨ ਰਖਦੇ, ਉਹ ਕਾਫੀ ਕਮਜ਼ੋਰ ਹੋ ਚੁੱਕੇ ਸਨ।
ਰਾਜਾ ਧਿਆਨ ਸਿੰਘ ਲਹੌਰ ਵਿਚ ਹੀ ਸੀ ਦਰਬਾਰ ਵਿਚ ਵੀ ਚਲੇ ਜਾਂਦਾ ਸੀ ਜਿਵੇਂ ਕਿ ਉਸ ਨੇ ਤਖਤ ਦੇ ਨੇੜੇ ਨੇੜੇ ਹੀ ਰਹਿਣਾ ਸੀ। ਉਹ ਇਕ ਦਿਨ ਕਿਧਰੇ ਜਾ ਰਿਹਾ ਸੀ ਕਿ ਕੁਝ ਰਾਜ-ਮਿਸਤਰੀ ਇਕ ਦਰਵਾਜ਼ਾ ਬਣਾ ਰਹੇ ਸਨ। ਉਹ ਰੁਕ ਕੇ ਉਸ ਉਸਰ ਰਹੇ ਦਰਵਾਜ਼ੇ ਵਲ ਦੇਖਣ ਲਗਿਆ। ਇਕ ਮਿਸਤਰੀ, ਜੋ ਉਸ ਨੂੰ ਪੱਛਾਣਦਾ ਸੀ, ਨੇ ਪੁੱਛਿਆ,
“ਰਾਜਾ ਜੀ, ਕੀ ਦੇਖ ਰਹੇ ਓ?”
“ਮੈਂ ਤੁਹਾਡੇ ਦਰਵਾਜ਼ਾ ਬਣਾਉਣ ਦੀ ਕਾਰੀਗਰੀ ਦੇਖ ਰਿਹਾਂ, ਹੈਰਾਨ ਹਾਂ ਕਿ ਇਸ ਨੂੰ ਕਿਸ ਸਹਾਰੇ ਟਿਕਾਂਦੇ ਓ, ਹੇਠ ਕੋਈ ਮੱਦਦ ਵੀ ਨਹੀਂ।”
“ਰਾਜਾ ਜੀ, ਤੁਹਾਡੇ ਸਾਰੇ ਹਵੇਲੀਆਂ ਦੇ, ਕਿਲ੍ਹਿਆਂ ਦੇ ਦਰਵਾਜ਼ੇ ਇਵੇਂ ਹੀ ਬਣੇ ਹੁੰਦੇ ਨੇ, ਇਹ ਅਰਧ-ਗੋਲ ਦਰਵਾਜ਼ਾ ਇਕ ਇਟ ਉਪਰ ਉਸਰਿਆ ਹੁੰਦਾ ਏ, ਇਕ ਇੱਟ ਪੂਰੇ ਦਰਵਾਜ਼ੇ ਦੀ ਚਾਬੀ ਹੁੰਦੀ ਏ, ਇਹ ਇਕ ਇੱਟ ਡਾਟ ਹੁੰਦੀ ਏ, ਇਸ ਇਟ ਨੂੰ ਲਗਾਉਣ ਦਾ ਹਿਸਾਬ ਹੁੰਦਾ ਏ, ਜੇ ਇਹ ਇੱਟ ਨਿਕਲ ਜਾਵੇ ਤਾਂ ਸਾਰੇ ਦਾ ਸਾਰਾ ਦਰਵਾਜ਼ਾ ਡਿਗ ਪੈਂਦਾ ਏ।”
“ਕਮਾਲ ਦੀ ਕਾਰੀਗਰੀ ਏ! ਵੈਸੇ ਇਹ ਇੱਟ ਕਦੇ ਨਿਕਲਦੀ ਨਹੀਂ ਦੇਖੀ।”
“ਰਾਜਾ ਜੀ, ਇਹ ਨਿਕਲਦੀ ਨਹੀਂ ਕੱਢਣੀ ਪੈਂਦੀ ਏ, ਆਹ ਦੇਖੋ ਇਸ ਦਾ ਹਿੱਸਾ ਸੌਖਾ ਈ ਹੁੰਦਾ ਏ।”
ਆਖਦਾ ਹੋਇਆ ਮਿਸਤਰੀ ਇੱਟ ਕੱਢਣ ਕੇ ਦਿਖਾਉਣ ਲਗ ਪਿਆ। ਧਿਆਨ ਸਿੰਘ ਹੈਰਾਨ ਹੁੰਦਾ ਉਥੋਂ ਤੁਰ ਆਇਆ। ਇੰਨੀ ਉਮਰ ਹੋ ਗਈ ਸੀ ਉਸ ਦੀ, ਇਸ ਬਾਰੇ ਕਦੇ ਸੋਚਿਆ ਹੀ ਨਹੀਂ ਸੀ। ਉਸੇ ਸ਼ਾਮ ਹੀ ਖੜਾ ਉਹ ਆਪਣੀ ਹਵੇਲੀ ਦੇ ਡਾਟ ਦੇਖ ਰਿਹਾ ਸੀ ਕਿ ਇਕ ਸ਼ਾਹੀ ਘੋੜ ਸਵਾਰ ਆਇਆ। ਉਸ ਦੇ ਹੱਥ ਵਿਚ ਇਕ ਫਰਮਾਨ ਸੀ। ਉਹ ਰਾਜਾ ਧਿਆਨ ਸਿੰਘ ਨੂੰ ਦਿੰਦਾ ਹੋਇਆ ਬੋਲਿਆ,
“ਰਾਜਾ ਜੀ, ਕੁੰਵਰ ਨੌਨਿਹਾਲ ਸਿੰਘ ਨੇ ਤੁਹਾਨੂੰ ਬੁਲਾਇਆ ਏ।”
“ਮੇਰੀ ਕੀ ਲੋੜ ਪੈ ਗਈ ਉਹਨਾਂ ਨੂੰ?”
“ਰਾਜਾ ਜੀ, ਸ਼ਾਇਦ ਤੁਹਾਡੇ ਬਿਨਾਂ ਕੰਮ ਨਾ ਚਲ ਰਿਹਾ ਹੋਵੇ।”
ਇਹੋ ਗੱਲ ਨਿਕਲੀ। ਕੁੰਵਰ ਤੋਂ ਰਾਜ ਦਾ ਕੰਮ ਚਲਾਉਣਾ ਕੁਝ ਔਖਾ ਹੋ ਰਿਹਾ ਸੀ ਇਸ ਲਈ ਉਸ ਨੂੰ ਧਿਆਨ ਸਿੰਘ ਦੀ ਦੁਬਾਰਾ ਲੋੜ ਪੈ ਗਈ ਸੀ ਕਿਉਂਕਿ ਸਾਰਾ ਕੰਮ ਇਕੱਲੇ ਕੁੰਵਰ ਤੋਂ ਸੰਭਾਲਿਆ ਨਹੀਂ ਸੀ ਜਾ ਰਿਹਾ। ਇਸੇ ਮੌਕੇ ਦੀ ਧਿਆਨ ਸਿੰਘ ਉਡੀਕ ਕਰ ਰਿਹਾ ਸੀ। ਮੀਆਂ ਊਧਮ ਸਿੰਘ ਉਸ ਵੇਲੇ ਰਾਜਾ ਗੁਲਾਬ ਸਿੰਘ ਦੀ ਫੌਜ ਦੀ ਲਦਾਖ ਵਿਚ ਅਗਵਾਈ ਕਰ ਰਿਹਾ ਸੀ ਨਹੀਂ ਤਾਂ ਸ਼ਾਇਦ ਧਿਆਨ ਸਿੰਘ ਨੂੰ ਇਹ ਮੌਕਾ ਨਾ ਹੀ ਮਿਲਦਾ। ਧਿਆਨ ਸਿੰਘ ਹੁਣ ਇਸ ਤਰ੍ਹਾਂ ਵਜ਼ਾਰਤ ਉਪਰ ਗਲਬਾ ਪਾਉਣਾ ਚਾਹੁੰਦਾ ਸੀ ਕਿ ਉਸ ਤੋਂ ਬਿਨਾਂ ਕੋਈ ਹੋਰ ਕੰਮ ਕਰ ਹੀ ਨਾ ਸਕੇ। ਉਸ ਨੇ ਦਰਬਾਰ ਦੇ ਕੰਮਾਂ ਨੂੰ ਦੋ ਹਿੱਸਿਆਂ ਵਿਚ ਵੰਡ ਲਿਆ। ਇਕ ਹਿੱਸਾ ਜਿਸ ਦੀ ਸਾਰੀ ਵਾਕਫੀ ਦਰਬਾਰ ਵਿਚ ਦਿਤੀ ਜਾਂਦੀ ਦੂਜਾ ਹਿੱਸਾ ਜਿਸ ਦਾ ਭੇਦ ਉਹ ਆਪਣੇ ਤਕ ਹੀ ਸੀਮਤ ਰਖਦਾ ਕਿ ਜੇਕਰ ਕੱਲ ਨੂੰ ਉਸ ਨੂੰ ਦੁਬਾਰਾ ਵਜ਼ਾਰਤ ਤੋਂ ਕੱਢਿਆ ਗਿਆ ਤਾਂ ਨਵੇਂ ਵਜ਼ੀਰ ਨੂੰ ਕਿਸੇ ਗੱਲ ਦੀ ਸਮਝ ਹੀ ਨਾ ਪਵੇ।...
ਸ਼ਾਹੀ ਕਿਲ੍ਹੇ ਵਿਚ ਕੀ ਹੋ ਰਿਹਾ ਹੈ ਲਹੌਰ ਦੇ ਬਜ਼ਾਰਾਂ ਵਿਚ ਲੋਕ ਇਸ ਦੀ ਖਬਰ ਰੱਖਣ ਦੀ ਕੋਸਿ਼ਸ਼ ਕਰਦੇ ਰਹਿੰਦੇ। ਲੋਕ ਕਿਲ੍ਹੇ ਦੇ ਨੌਕਰਾਂ ਨੂੰ ਲੱਭ ਲੱਭ ਕੇ ਅੰਦਰਲੀਆਂ ਗੱਲਾਂ ਪੁੱਛਦੇ। ਇਹ ਨੌਕਰ ਵੀ ਕਈ ਵਾਰ ਮਸਾਲਾ ਲਾ ਕੇ ਗੱਲ ਅਗੇ ਤੋਰਦੇ ਜੋ ਖੰਭਾਂ ਦੀਆਂ ਡਾਰਾਂ ਬਣ ਜਾਂਦੀਆਂ। ਸ਼ਾਹੀ ਕਿਲ੍ਹੇ ਵਿਚ ਵਾਪਰਦੀ ਸ਼ਾਇਦ ਹੀ ਕੋਈ ਅਜਿਹੀ ਘਟਨਾ ਹੋਵੇ ਜਿਹੜੀ ਬਾਹਰ ਆਮ ਲੋਕਾਂ ਤਕ ਨਾ ਪੁੱਜਦੀ ਹੋਵੇ। ਇਹ ਤਾਂ ਹੁਣ ਆਮ ਲੋਕਾਂ ਨੂੰ ਹੀ ਪਤਾ ਸੀ ਕਿ ਮਹਾਂਰਾਜਾ ਖੜਕ ਸਿੰਘ ਅੰਦਰ ਕੈਦ ਸੀ, ਨਾ ਕਿਤੇ ਉਸ ਆਪਣੀ ਮਰਜ਼ੀ ਨਾਲ ਜਾ ਸਕਦਾ ਸੀ ਤੇ ਨਾ ਹੀ ਕਿਸੇ ਨੂੰ ਮਿਲ ਸਕਦਾ ਸੀ। ਇਕ ਖਬਰ ਇਹ ਵੀ ਮਿਲ ਰਹੀ ਸੀ ਕਿ ਸ਼ਾਹੀ ਕਿਲ੍ਹੇ ਅੰਦਰ ਖਾਸ ਕਿਸਮ ਦੀ ਕਸਤੂਰੀ ਤੇ ਕੰਫੂਰ ਵੀ ਜਾ ਰਹੀ ਸੀ। ਇਹ ਦੋਨੋਂ ਚੀਜ਼ਾਂ ਜੇ ਕਿਸੇ ਨੂੰ ਸ਼ਰਾਬ ਵਿਚ ਘੋਲ ਕੇ ਪਿਆ ਦਿਤੀਆਂ ਜਾਣ ਤਾਂ ਪੀਣ ਵਾਲਾ ਹੌਲੀ ਹੌਲੀ ਇਸ ਦੁਨੀਆਂ ਤੋਂ ਤੁਰਦਾ ਬਣਦਾ ਹੈ ਤੇ ਇਸ ਦਾ ਪਤਾ ਵੀ ਨਹੀਂ ਚਲਦਾ।
ਸ਼ਾਹੀ ਕਿਲ੍ਹੇ ਦਾ ਸੁਮਨ ਬੁਰਜ ਆਪਣੀ ਖੂਬਸੂਰਤੀ ਲਈ ਮਸ਼ਹੂਰ ਸੀ, ਰਾਜੇ-ਰਾਣੀਆਂ ਦੀ ਰਿਹਾਇਸ਼ ਲਈ ਇਹ ਢੁਕਵੀ ਜਗਾਹ ਮੰਨੀ ਜਾਂਦੀ ਸੀ। ਬਹੁਤ ਘੱਟ ਲੋਕ ਸਮੁਨ ਬੁਰਜ ਤਕ ਪਹੁੰਚ ਕਰ ਸਕਦੇ। ਜਦ ਕਦੇ ਮਹਾਂਰਾਜਾ ਖੜਕ ਸਿੰਘ ਨੇ ਡੇਰਾ ਸਾਹਿਬ ਗੁਰਦਵਾਰੇ ਵੀ ਜਾਣਾ ਹੁੰਦਾ ਤਾਂ ਕੁੰਵਰ ਨੌਨਿਹਾਲ ਦੇ ਵਿਸ਼ੇਸ਼ ਬੰਦੇ ਉਸ ਨਾਲ ਹੁੰਦੇ। ਕੁੰਵਰ ਕਈ ਵਾਰ ਕੋਸਿ਼ਸ਼ ਕਰ ਚੁਕਿਆ ਸੀ ਕਿ ਮਹਾਂਰਾਜਾ ਉਸ ਨੂੰ ਚੇਤ ਸਿੰਘ ਦੇ ਕਤਲ ਦੇ ਦੋਸ਼ ਵਿਚੋਂ ਬਰੀ ਕਰ ਦੇਵੇ। ਉਸ ਨੇ ਕਈ ਸੁਨੇਹੇ ਵੀ ਭੇਜੇ ਕਿ ਜਿਸ ਵਿਚ ਉਸ ਨੇ ਕਿਹਾ ਕਿ ਉਹ ਕਾਤਲ ਨਹੀਂ ਹੈ, ਉਸ ਨੇ ਮੁਆਫੀ ਵੀ ਮੰਗੀ। ਮਹਾਂਰਾਜਾ ਖੜਕ ਸਿੰਘ ਆਪਣੇ ਪੁੱਤਰ ਨੂੰ ਮਿਲਣ ਲਈ ਤਾਂ ਤੜਫ ਰਿਹਾ ਸੀ ਪਰ ਉਸ ਨੂੰ ਚੇਤ ਸਿੰਘ ਦੇ ਕਤਲ ਵਿਚੋਂ ਬਰੀ ਕਰਨ ਲਈ ਤਿਆਰ ਨਹੀਂ ਸੀ। ਉਸ ਦਾ ਕਹਿਣਾ ਸੀ ਕਿ ਕਾਤਲ ਲਈ ਕੋਈ ਮੁਆਫੀ ਨਹੀਂ, ਜੇ ਉਹ ਆਪ ਸਜ਼ਾ ਨਹੀਂ ਦੇ ਸਕਦਾ ਤਾਂ ਸਤਿਗੁਰੂ ਜ਼ਰੂਰ ਦੇਵੇਗਾ। ਵੈਸੇ ਕੁੰਵਰ ਆਪਣੇ ਪਿਓ ਨੂੰ ਇੰਨੀ ਨਫਰਤ ਕਰਦਾ ਸੀ ਕਿ ਸਿਰਫ ਇਕ ਵਾਰ ਹੀ ਮਿਲਣ ਗਿਆ, ਉਹ ਵੀ ਆਖਰੀ ਦਿਨਾਂ ਵਿਚ ਹੀ। ਉਸ ਵੇਲੇ ਵੀ ਰਾਜਾ ਧਿਆਨ ਸਿੰਘ ਉਸ ਦੇ ਨਾਲ ਸੀ। ਮਹਾਂਰਾਜੇ ਨੇ ਉਸ ਨੂੰ ਮਿਲਦਿਆਂ ਹੀ ਸਵਾਲ ਕੀਤਾ,
“ਨੌਨਿਹਾਲ, ਮੇਰੇ ਫਰਜੰਦ, ਮੈਂ ਕੋਈ ਪਾਗਲ ਵਾਂ?”
“ਪਿਤਾ ਜੀ, ਤੁਸੀ ਇਹ ਸਵਾਲ ਹਰ ਕਿਸੇ ਨੂੰ ਕਰਦੇ ਹੋ, ਇਹੋ ਜਿਹਾ ਕੁਝ ਵੀ ਨਹੀਂ ਏ।”
“ਫਿਰ ਤੂੰ ਮੈਨੂੰ ਇਥੇ ਕਿਉਂ ਡੱਕ ਛੱਡਿਆ ਜੇ?”
“ਪਿਤਾ ਜੀ, ਤੁਹਾਡੇ ਈ ਫਾਇਦੇ ਲਈ, ਦੇਖੋ ਕਿੰਨੀ ਹਵਾਦਾਰ ਜਗਾਹ ਏ ਇਹ, ਹਰ ਸਹੂਲਤ ਵੇ ਇਥੇ, ਤੁਸੀਂ ਹੁਕਮ ਕਰੋ ਤੁਹਾਨੂੰ ਕੀ ਚਾਹੀਦਾ ਏ?”
“ਮੈਂ ਦਰਬਾਰ ਵਿਚ ਜਾਣਾ ਏਂ।”
“ਪਿਤਾ ਜੀ, ਤੁਸੀਂ ਨਸ਼ੇ ਦੀ ਹਾਲਤ ਵਿਚ ਦਰਬਾਰ ਵਿਚ ਜਾਵੋਂਗੇ ਤਾਂ ਬੇਇਜ਼ਤੀ ਹੋਵੇਗੀ, ਜਦੋਂ ਵੀ ਤੁਸੀਂ ਠੀਕ ਹੋਵੋਂਗੇ ਤਾਂ ਜ਼ਰੂਰ ਜਾਵੋਂਗੇ, ਮੈਂ ਆਪ ਤੁਹਾਨੂੰ ਲੈ ਕੇ ਜਾਵਾਂਗਾ ਪਰ ਹੁਣ ਇਸ ਦਿਵਾਲੀ ਉਪਰ ਮੈਂ ਤੁਹਾਨੂੰ ਅਮ੍ਰਿਤਸਰ ਲੈ ਕੇ ਚਲਾਂਗਾ, ਤੁਸੀਂ ਉਥੇ ਦੀ ਦਿਵਾਲੀ ਦੇਖੋਂਗੇ ਤੇ ਮੱਥਾ ਟੇਕੋਂਗੇ, ਹਾਲੇ ਆਹ ਦੇਖੋ, ਤੁਹਾਡੇ ਦੋਸਤ ਨੇ ਖਾਸ ਤੋਹਫਾ ਤੁਹਾਡੇ ਲਈ ਭੇਜਿਆ ਏ।”
ਕੁੰਵਰ ਦੇ ਇਸ਼ਾਰੇ ‘ਤੇ ਸਿਪਾਹੀ ਨੇ ਵਿਸਕੀ ਦੀਆਂ ਬੋਤਲਾਂ ਲਿਆ ਕੇ ਮਹਾਂਰਾਜੇ ਦੀ ਦੀਵਾਨ ਦੇ ਨਜ਼ਦੀਕ ਰਖ ਦਿਤੀਆਂ। ਮਹਾਂਰਾਜਾ ਇਕ ਬੋਤਲ ਨੂੰ ਚੁੱਕ ਕੇ ਦੇਖਦਾ ਖੁਸ਼ ਹੋ ਕੇ ਸੋਚਣ ਲਗਿਆ ਕਿ ਇਹ ਫਿਰੰਗੀ ਦੋਸਤਾਂ ਦੇ ਦੋਸਤ ਹਨ। ਮਹਾਂਰਾਜਾ ਖੜਕ ਸਿੰਘ ਨੇ ਧਿਆਨ ਸਿੰਘ ਵਲ ਦੇਖਿਆ ਤੇ ਕਿਹਾ,
“ਧਿਆਨ ਸਿਆਂ, ਰੱਬ ਤੋਂ ਡਰ, ਇਕ ਦਿਨ ਤੇਰੇ ਨਾਲ ਵੀ ਇਵੇਂ ਈ ਹੋਵੇਗੀ, ਆਹ ਜਿਹੜੀ ਤੂੰ ਸਰਕਾਰ ਦੀ ਦਿਤੀ ਵਰਦੀ ਪਾਈ ਫਿਰਦਾ ਏਂ ਇਹਦੀ ਲਾਜ ਰੱਖਣੀ ਸਿਖ, ਤੂੰ ਚੇਤ ਸਿੰਘ ਦਾ ਕਾਤਲ ਏਂ, ਤੂੰ ਈ ਕੁੰਵਰ ਨੂੰ ਇਸ ਰਾਹੇ ਤੋਰਿਆ ਏ ਤੇ ਸਤਿਗੁਰੂ ਤੈਨੂੰ ਕਦੇ ਨਹੀਂ ਬਖਸ਼ਣ ਲਗਿਆ।”
ਰਾਜਾ ਧਿਆਨ ਸਿੰਘ ਉਸ ਵਲ ਦੇਖ ਕੇ ਤਰਸ ਵਿਚ ਹੱਸਣ ਲਗਿਆ। ਧਿਆਨ ਸਿੰਘ ਦੇ ਮਨ ਵਿਚ ਖੜਕ ਸਿੰਘ ਲਈ ਨਫਤਰ ਤਾਂ ਹੈ ਹੀ ਸੀ ਇਸ ਲਈ ਕਈ ਵਾਰ ਉਸ ਨੂੰ ਝੇਡਾਂ ਜਿਹੀਆਂ ਵੀ ਕਰਨ ਲਗਦਾ। ਉਸ ਨੂੰ ਚਿਤਾਰਦਾ ਕਿ ਉਸ ਦੀ ਇਹ ਹਾਲਤ ਉਸ ਨੂੰ ਵਜ਼ਾਰਤ ਤੋਂ ਹਟਾਉਣ ਕਰਕੇ ਹੈ।...
ਕਤਕ ਦਾ ਮਹੀਨਾ ਸੀ। ਠੰਡ ਉਤਰਨੀ ਸ਼ੁਰੂ ਹੋ ਚੁੱਕੀ ਸੀ। ਸਵੇਰ ਸਾਰ ਤ੍ਰੇਲ ਮੀਂਹ ਵਾਂਗ ਪਈ ਹੁੰਦੀ ਪਰ ਸੂਰਜ ਨਿਕਲਦਿਆਂ ਹੀ ਗਰਮੀ ਜਿਹੀ ਹੋ ਜਾਂਦੀ ਤੇ ਮੌਸਮ ਸੁਹਾਵਣਾ ਹੋ ਜਾਂਦਾ। ਸੂਰਜ ਦੇ ਨਿਕਲਣ ਨਾਲ ਹੀ ਭੰਗੀ ਲੋਕ ਨਿੱਕੀਆਂ ਇੱਟਾਂ ਦੀਆਂ ਗਲ਼ੀਆਂ ਨੂੰ ਸੁੰਬਰ ਰਹੇ ਸਨ ਤੇ ਨਾਲ ਹੀ ਗੱਲਾਂ ਕਰ ਰਹੇ ਸਨ ਕਿ ਹੁਣੇ ਹੀ ਇਹ ਗਲ਼ੀਆਂ ਘੋੜਿਆਂ ਦੀ ਲਿੱਦ ਨਾਲ ਫਿਰ ਭਰਨ ਲਗਣਗੀਆਂ। ਕੱਚੀਆਂ ਗਲੀਆਂ ਵਿਚ ਮਾਛੀ ਪਿੱਠਾਂ ਪਿੱਛੇ ਪਾਣੀ ਦੀਆਂ ਮੱਛਕਾਂ ਬੰਨੀ ਧੂੜ ਤੋਂ ਛਿੜਕਾ ਕਰ ਰਹੇ ਸਨ। ਹੌਲੀ ਹੌਲੀ ਗਲ਼ੀਆਂ ਵਿਚ ਰੌਣਕ ਵਧਣ ਲਗੀ। ਲਹੌਰ ਸ਼ਹਿਰ ਕਈ ਪੁਰਬਾਂ ਵਿਚੋਂ ਦੀ ਨਿਕਲ ਰਿਹਾ ਸੀ। ਗੁਰੂ ਨਾਨਕ ਦੇਵ ਦਾ ਜਨਮ ਦਿਹਾੜਾ ਵੀ ਅਜਕਲ ਹੀ ਸੀ, ਈਦ ਵੀ ਤੇ ਦਿਵਾਲੀ ਵੀ। ਹਾਲੇ ਸਵੇਰ ਹੋਣ ਕਰਕੇ ਦੁਕਾਨਾਂ ਖੁਲ੍ਹ ਹੀ ਰਹੀਆਂ ਸਨ। ਸ਼੍ਹੀਦਾ ਤੇ ਮ੍ਹੀਦਾ ਬਜ਼ਾਰ ਵਿਚ ਦੀ ਲੰਘ ਰਹੇ ਸਨ। ਲਾਲਾ ਭਗੀਰਥ ਰਾਮ ਪਾਠ ਪੂਜਾ ਕਰਕੇ ਹਟਿਆ ਸੀ ਕਿ ਉਸ ਨੇ ਦੋਨਾਂ ਮਰਾਸੀਆਂ ਨੂੰ ਦੇਖ ਲਿਆ। ਉਸ ਨੇ ਅਵਾਜ਼ ਮਾਰ ਕੇ ਕਿਹਾ,
“ਓ ਮਰਾਸੀਓ, ਸਵੇਰੇ ਸਵੇਰੇ ਕਿਧਰ ਨੂੰ ਵਹੀਰਾਂ ਘੱਤੀਆਂ ਨੇ?”
“ਲਾਲਾ, ਤੈਨੂੰ ਈ ਵਧਾਈਆਂ ਦੇਣ ਆਏ ਆਂ।” ਸ਼੍ਹੀਦੇ ਨੇ ਅਗੇ ਹੋ ਕੇ ਆਖਿਆ।
“ਕਾਹਦੀਆਂ ਵਧਾਈਆਂ ਓਏ?”
“ਇਹੋ ਕਿ ਤੇਰਾ ਮਾਲ ਬੜਾ ਖਾਲਸ ਨਿਕਲਿਆ।” ਹੁਣ ਮ੍ਹੀਦਾ ਕਹਿ ਰਿਹਾ ਸੀ।
“ਕਿਹੜਾ ਮਾਲ?”
“ਆਹੀ, ਕਸਤੂਰੀ ਤੇ ਕੰਫੂਰਾ।”
ਲਾਲਾ ਭਗੀਰਥ ਰਾਮ ਸੋਚਾਂ ਵਿਚ ਪੈ ਗਿਆ ਕਿ ਕਿਹੜੇ ਮਾਲ ਦੀ ਗੱਲ ਕਰਦੇ ਹੋਏ। ਸ਼੍ਹੀਦੇ ਨੇ ਫਿਰ ਕਿਹਾ,
“ਆਹੀ ਜਿਹੜਾ ਸ਼ਾਹੀ ਕਿਲ੍ਹੇ ਵਾਲ਼ੇ ਲੈ ਕੇ ਗਏ ਨੇ।”
“ਬੁਝਾਰਤਾਂ ਨਾ ਪਾਓ ਓਏ, ਸਾਫ ਸਾਫ ਦੱਸੋ ਕਿ ਕੀ ਹੋਇਆ ਵੇ?”
“ਹੋਇਆ ਇਹ ਕਿ ਮਹਾਂਰਾਜਾ ਖੜਕ ਸਿੰਘ ਰਾਤੀਂ ਤੁਰ ਗਿਆ।” ਕਹਿੰਦੇ ਮ੍ਹੀਦੇ ਨੇ ਅੱਖਾਂ ਭਰ ਲਈਆਂ।
ਲਾਲਾ ਭਗੀਰਥ ਰਾਮ ਵੀ ਹੈਰਾਨ ਹੋਇਆ ਖੜਾ ਸੀ। ਆਲੇ ਦੁਆਲੇ ਹੋਰ ਲੋਕ ਵੀ ਜਮਾਂ ਹੋਣੇ ਸ਼ੁਰੂ ਹੋ ਗਏ। ਮਹਾਂਰਾਜੇ ਖੜਕ ਸਿੰਘ ਦੀ ਮੌਤ ਦੀ ਖਬਰ ਸਾਰੇ ਲਹੌਰ ਵਿਚ ਫੈਲਰਨ ਲਗੀ। ਬਹੁਤੇ ਲੋਕਾਂ ਨੂੰ ਆਸ ਤਾਂ ਸੀ ਕਿ ਇਹ ਕੰਮ ਹੋਣਾ ਹੀ ਹੈ ਪਰ ਇੰਨੀ ਜਲਦੀ ਦੀ ਆਸ ਨਹੀਂ ਸੀ। ਸਾਰੇ ਲੋਕ ਗਮਗੀਨ ਹੋ ਗਏ। ਸਭ ਨੂੰ ਹੀ ਮਹਾਂਰਾਜੇ ਨਾਲ ਹਮਦਰਦੀ ਸੀ। ਲਾਲਾ ਭਗੀਰਥ ਰਾਮ ਹੋਰ ਗੱਲਾਂ ਤੋਂ ਡਰਦਾ ਹੱਟੀ ਦੇ ਅੰਦਰ ਜਾ ਵੜਿਆ। ਸ਼੍ਹੀਦਾ ਕਹਿਣ ਲਗਿਆ,
“ਜੋ ਕੁਜਰਤ ਨੂੰ ਮਨਜ਼ੂਰ।” ਇਹ ਗੱਲ ਸੁਣ ਕੇ ਮ੍ਹੀਦਾ ਭੜਕਦਾ ਹੋਇਆ ਬੋਲਿਆ,
“ਨਹੀਂ ਓਏ ਸ਼੍ਹੀਦਿਆ, ਇਹ ਕੁਜਰਤ ਦੀ ਗੱਲ ਨਹੀਂ, ਇਹ ਜੋ ਬੰਦੇ ਨੂੰ ਮਨਜ਼ੂਰ ਉਹੀ ਹੋਇਆ ਏ, ਮਹਾਂਰਾਜਾ ਦੋ ਘੱਟ ਚਾਲੀ ਦਾ ਜਵਾਨ, ਕੋਈ ਬਿਮਾਰੀ, ਨਾ ਕੋਈ ਠਿਮਾਰੀ, ਏਵੇਂ ਮਰਨਾ ਕੁਜਰਤ ਦੇ ਹੱਥ ਨਹੀਂ, ਬੰਦਿਆਂ ਦੇ ਹੱਥ ਹੁੰਦਾ ਏ।”
“ਮਰਾਸੀਆ, ਹੌਲ਼ੀ ਬੋਲ, ਕਿਤੇ ਚੱਕੀ ਨਾ ਪੀਂਹਦਾ ਫਿਰੇਂ।”
“ਭਾਊ, ਚੱਕੀ ਵੀ ਪੀਹ ਲਾਂਗੇ, ਆਪਣੇ ਅੰਨਦਾਤੇ ਦੀ ਖਾਤਰ ਚੱਕੀ ਵੀ ਪੀਹ ਲਾਂਗੇ, ਉਹਨੇ ਕਦੇ ਮਣੀ (ਅਫੀਮ) ਦੀ ਤੋਟ ਨਹੀਂ ਸੀ ਆਉਣ ਦਿਤੀ, ਕਹਿੰਦਾ ਸੀ ਮਰਾਸੀਓ ਆ ਕੇ ਦਰਬਾਨ ਨੂੰ ਕਹਿ ਦਿਆ ਕਰੋ, ...ਪਿਓ ਨੌਨਿਹਾਲ ਦਾ ਨਹੀਂ, ਸਾਡਾ ਮਰਿਆ ਏ।”
ਆਖਦਾ ਮ੍ਹੀਦਾ ਰੋਣ ਲਗਿਆ। ਕਾਫੀ ਸਾਰੀ ਭੀੜ ਜੁੜ ਗਈ ਹੋਈ ਸੀ। ਕਿਸੇ ਹੋਰ ਨੇ ਕਿਹਾ,
“ਕਹਿੰਦੇ ਨੇ ਬਈ ਮਹਾਂਰਾਜੇ ਨੂੰ ਟੱਟੀਆਂ ਲਗ ਗਈਆਂ ਤੇ ਨਾਲ ਹੋ ਗਿਆ ਬੁਖਾਰ।”
“ਓ ਭਰਾਓ, ਹੁਣ ਤੁਸੀਂ ਦੱਸੋ ਬਈ ਅਮਲੀ ਬੰਦੇ ਨੂੰ ਕਦੇ ਟੱਟੀਆਂ ਲਗਦੀਆਂ! ਮੈਨੂੰ ਤਾਂ ਸਾਲ਼ਾ ਜੰਗਲ ਚੌਥੇ ਦਿਨ ਔਂਦਾ ਨਾਲੇ ਮੈਂ ਹਾਲੇ ਮਹਾਂਰਾਜੇ ਜਿੱਡਾ ਗਰਾੜੀ ਨਹੀਂ, ਤੁਸੀਂ ਆਪ ਕਰੋ ਇਨਸਾਫ।”
ਮ੍ਹੀਦਾ ਕਹਿ ਰਿਹਾ ਸੀ। ਜਦ ਤਕ ਉਸ ਨੇ ਦੋ ਸਿਪਾਹੀ ਤੁਰੇ ਆਉਂਦੇ ਦੇਖ ਲਏ ਤੇ ਉਹ ਦੋਵੇਂ ਭਰਾ ਉਥੋਂ ਖਿਸਕ ਗਏ।...
ਹਰ ਬਜ਼ਾਰ ਵਿਚ, ਹਰ ਚੌਂਕ ਵਿਚ, ਹਰ ਮੁਹੱਲੇ ਵਿਚ ਜਿੰਨੇ ਮੂੰਹ ਸਨ ਓਨੀਆਂ ਹੀ ਗੱਲਾਂ। ਇਸ ਵਿਚੋਂ ਕੀ ਸੱਚ ਸੀ ਜਾਂ ਕੀ ਨਹੀਂ ਪਰ ਇਹ ਸੱਚ ਸੀ ਕਿ ਮਹਾਂਰਾਜਾ ਪੂਰਾ ਹੋ ਚੁਕਿਆ ਸੀ ਤੇ ਉਸ ਦੇ ਸਸਕਾਰ ਦੀਆਂ ਤਿਆਰੀਆਂ ਹੋਣ ਲਗੀਆਂ ਸਨ। ਸਰਕਾਰੀ ਤੌਰ ਤੇ ਸੋਗ ਮਨਾਉਣ ਦੀ ਘੋਸ਼ਣਾ ਹੋ ਗਈ। ਮਿਸਤਰੀ ਲੋਕ ਅਰਥੀ ਤਿਆਰ ਕਰਨ ਲਗੇ। ਸੰਦਲ ਦੀ ਲਕੜੀ ਦੀ ਚਿਤਾ ਬਣਾਈ ਜਾਣ ਲਗੀ। ਲੋਕ ਰੌਸ਼ਨੀ ਦਰਵਾਜ਼ੇ ਦੇ ਨੇੜੇ ਇਕੱਠੇ ਹੋ ਰਹੇ ਸਨ ਜਿਥੇ ਉਹਨਾਂ ਆਪਣੇ ਮਹਾਂਰਾਜੇ ਦੇ ਅੰਤਮ ਦਰਸ਼ਨ ਕਰਨੇ ਸਨ। ਦੁਪਿਹਰ ਤਕ ਸਸਕਾਰ ਕਰ ਦਿਤੇ ਜਾਣ ਦੀ ਗੱਲ ਹੋ ਰਹੀ ਸੀ। ਸਿੱਖ ਸਰਦਾਰ, ਜਗੀਰਦਾਰ ਤੇ ਸ਼ਹਿਰ ਦੇ ਹੋਰ ਅਮੀਰ ਲੋਕ ਸ਼ਾਹੀ ਕਿਲ੍ਹੇ ਵਿਚ ਪੁੱਜ ਰਹੇ ਸਨ। ਹੋਰਨਾਂ ਸ਼ਹਿਰਾਂ ਤੋਂ ਵੀ ਲੋਕ ਆ ਰਹੇ ਸਨ। ਕੁਝ ਅੰਗਰੇਜ਼ ਅਫਸਰ ਪਹਿਲਾਂ ਹੀ ਸ਼ਹਿਰ ਵਿਚ ਸਨ। ਸ਼ਹਿਜ਼ਾਦਾ ਸ਼ੇਰ ਸਿੰਘ ਨੂੰ ਸੁਨੇਹਾ ਭੇਜ ਦਿਤਾ ਗਿਆ ਪਰ ਉਹ ਨਾ ਆਇਆ। ਉਸ ਨੂੰ ਪਤਾ ਸੀ ਕਿ ਤਖਤ ਤਾਂ ਨੌਨਿਹਾਲ ਸਿੰਘ ਨੂੰ ਹੀ ਮਿਲਣਾ ਸੀ। ਵੈਸੇ ਧਿਆਨ ਸਿੰਘ ਉਸ ਨਾਲ ਵੀ ਰਾਬਤੇ ਵਿਚ ਸੀ।
ਸ਼ਾਹੀ ਕਿਲ੍ਹੇ ਵਿਚ ਕੁਝ ਹੋਰ ਬਹਿਸਾਂ ਵੀ ਚਲਣ ਲਗੀਆਂ ਸਨ। ਰਾਣੀ ਈਸ਼ਰ ਕੋਰ ਸੰਧੂ ਸਰਦਾਰਾਂ ਦੀ ਧੀ ਸੀ। ਉਹ ਇੰਨੀ ਸੁਹਣੀ ਸੀ ਕਿ ਇਸ ਉਮਰ ਵਿਚ ਵੀ ਲਗਦੀ ਸੀ ਜਿਵੇਂ ਹੁਣੇ ਹੀ ਵਿਆਹ ਕੇ ਆਈ ਹੋਵੇ। ਸੰਧੂ ਸਰਦਾਰ ਵੀ ਇਸ ਮੌਕੇ ਤੇ ਪੁੱਜ ਚੁੱਕੇ ਸਨ। ਰਾਣੀ ਈਸ਼ਰ ਕੋਰ ਦੀ ਇਕ ਰਿਸ਼ਤੇਦਾਰ ਔਰਤ ਨੇ ਸਵਾਲ ਉਠਾਉਂਦਿਆਂ ਕਿਹਾ,
“ਸਾਡੀ ਕੁੜੀ ਸਤੀ ਨਹੀਂ ਹੋਵੇਗੀ, ਅਸੀਂ ਸਿੱਖ ਜੱਟ ਹਾਂ, ਸਾਡੇ ਇਹ ਰਿਵਾਜ ਨਹੀਂ।”
ਉਸ ਦੀ ਗੱਲ ਨਾਲ ਬਹੁਤ ਸਾਰੇ ਲੋਕ ਸਹਿਮਤ ਸਨ। ਸਤੀ ਹੋਣਾ ਤਾਂ ਹਿੰਦੂਆਂ ਦੀ ਰਸਮ ਸੀ। ਸਰਕਾਰ ਨਾਲ ਵੀ ਸਤੀ ਹੋਣ ਵਾਲੀਆਂ ਜਿ਼ਆਦਾਤਰ ਹਿੰਦੂ ਰਾਣੀਆਂ ਹੀ ਸਨ। ਇਹ ਗੱਲ ਤਹਿ ਵੀ ਹੋ ਗਈ ਕਿ ਸਤੀ ਦੀ ਰਸਮ ਨਾ ਕੀਤੀ ਜਾਵੇ। ਇਹ ਖਬਰ ਰਾਜਾ ਧਿਆਨ ਸਿੰਘ ਤਕ ਵੀ ਪੁੱਜਦੀ ਹੋ ਗਈ। ਉਹ ਇਕ ਦਮ ਕੁੰਵਰ ਨੌਨਿਹਾਲ ਸਿੰਘ ਨੂੰ ਮਿਲਿਆ ਤੇ ਕਹਿਣ ਲਗਿਆ,
“ਕੁੰਵਰ ਜੀ, ਰਾਣੀ ਈਸ਼ਰ ਕੋਰ ਦਾ ਸਤੀ ਹੋਣਾ ਬਹੁਤ ਜ਼ਰੂਰੀ ਏ, ਇਹ ਕਿਵੇਂ ਹੋ ਸਕਦਾ ਏ ਕਿ ਮਹਾਂਰਾਜਾ ਖੜਕ ਸਿੰਘ ਨਾਲ ਕੋਈ ਰਾਣੀ ਸਤੀ ਹੀ ਨਾ ਹੋਵੇ।”
ਕੁੰਵਰ ਸੋਚਾਂ ਵਿਚ ਪੈ ਗਿਆ। ਉਸ ਨੂੰ ਇਸ ਰਸਮ ਦਾ ਬਹੁਤਾ ਪਤਾ ਨਹੀਂ ਸੀ ਉਸ ਨੇ ਇਸ ਬਾਰੇ ਸੋਚਿਆ ਵੀ ਨਹੀਂ ਸੀ। ਧਿਆਨ ਸਿੰਘ ਨੇ ਫਿਰ ਕਿਹਾ,
“ਕੁੰਵਰ, ਇਹ ਸੋਚਣ ਦਾ ਵਕਤ ਨਹੀਂ, ਇਹ ਕੁਝ ਕਰਨ ਦਾ ਵਕਤ ਏ, ਜੇ ਰਾਣੀ ਈਸ਼ਰ ਕੋਰ ਜੀਊਂਦੀ ਰਹਿ ਗਈ ਤਾਂ ਆਪਣੇ ਲਈ ਮੁਸ਼ਕਲ ਹੋ ਜਾਵੇਗੀ ਕਿਉਂਕਿ ਉਹ ਬਹੁਤ ਕੁਝ ਜਾਣਦੀ ਏ, ਬਾਕੀ ਸਭ ਤੁਹਾਨੂੰ ਪਤਾ ਈ ਏ।”
ਉਸੇ ਵੇਲੇ ਕੁੰਵਰ ਨੌਨਿਹਾਲ ਸਿੰਘ ਨੇ ਰਾਣੀ ਈਸ਼ਰ ਕੋਰ ਨੂੰ ਮਹਾਂਰਾਜੇ ਦੇ ਨਾਲ ਹੀ ਸਤੀ ਹੋਣ ਦਾ ਹੁਕਮ ਸੁਣਾ ਦਿਤਾ। ਕੁੰਵਰ ਦੀ ਆਪਣੀ ਸਕੀ ਮਾਂ ਚੰਦ ਕੋਰ ਇਸ ਮੌਕੇ ਤੇ ਹਾਜ਼ਰੀ ਲਗਾਉਣ ਵੀ ਨਾ ਆਈ।
ਅਰਥੀ ਦੀ ਤਿਆਰੀ ਸਰਕਾਰ ਦੀ ਅਰਥੀ ਵਾਂਗ ਹੀ ਹੋਈ ਭਾਵੇਂ ਉਸ ਵਾਲੀ ਸ਼ਾਨ ਨਹੀਂ ਸੀ ਪਰ ਫਿਰ ਵੀ ਬਹੁਤ ਲੋਕ ਸ਼ਾਮਲ ਸਨ। ਉਵੇਂ ਹੀ ਮੁਹਰੇ ਗਰੰਥੀ, ਫਿਰ ਬ੍ਰਾਹਮਣ ਤੇ ਫਿਰ ਮੌਲਵੀ ਸਨ। ਉਸ ਦੇ ਮਗਰ ਅਰਥੀ ਤੇ ਅਰਥੀ ਮਗਰ ਰਾਣੀ ਈਸ਼ਰ ਕੋਰ ਇਵੇਂ ਤਿਆਰ ਹੋ ਕੇ ਚਲ ਰਹੀ ਸੀ ਜਿਵੇਂ ਵਿਆਹ ਦੀਆਂ ਲਾਵਾਂ ਲੈਣ ਜਾ ਰਹੀ ਹੋਵੇ। ਉਸ ਦੇ ਨਾਲ ਤਿੰਨ ਗੋਲੀਆਂ ਸਨ। ਨਾਲ ਹੀ ਸ਼ਬਦ ਪੜ ਰਹੀਆਂ ਹੋਰ ਔਰਤਾਂ। ਉਸ ਦੇ ਮਗਰ ਜਨਾਜ਼ੇ ਵਿਚ ਸ਼ਾਮਲ ਹੋਣ ਆਏ ਮਹਿਮਾਨ। ਅਰਥੀ ਰੌਸ਼ਨੀ ਦਰਵਾਜ਼ੇ ਕੋਲ ਜੁੜੀ ਭੀੜ ਲਈ ਕੁਝ ਦੇਰ ਲਈ ਰੁਕੀ। ਸਰਕਾਰ ਦੀ ਸਮਾਧ ਦੇ ਨਾਲ ਹੀ ਖੜਕ ਸਿੰਘ ਲਈ ਚਿਤਾ ਬਣਾਈ ਹੋਈ ਸੀ। ਰੌਸ਼ਨੀ ਦਰਵਾਜ਼ਾ ਲੰਘ ਕੇ ਮਹਾਂਰਾਜਾ ਦੀ ਦੇਹ ਨੂੰ ਚਿਤਾ ‘ਤੇ ਟਿਕਾ ਦਿਤਾ ਗਿਆ। ਰਸਮ ਅਨੁਸਾਰ ਕੁੰਵਰ ਨੌਨਿਹਾਲ ਸਿੰਘ ਤੇ ਰਾਜਾ ਧਿਆਨ ਸਿੰਘ ਨੇ ਮਹਾਂਰਾਜਾ ਖੜਕ ਸਿੰਘ ਦੀ ਛਾਤੀ ਉਪਰ ਹੱਥ ਰੱਖ ਕੇ ਪੰਜਾਬ ਤੇ ਪੰਜਾਬ ਦੇ ਲੋਕਾਂ ਲਈ ਵਫਾਦਾਰ ਰਹਿਣ ਦੀ ਕਸਮ ਖਾਧੀ। ਰਾਣੀ ਈਸ਼ਰ ਕੋਰ ਨੇ ਉਹਨਾਂ ਦੋਨਾਂ ਦੇ ਮੱਥਿਆਂ ‘ਤੇ ਕੇਸਰ ਦੇ ਟਿੱਕੇ ਲਗਾਏ ਤੇ ਫਿਰ ਰਾਣੀ ਮਹਾਂਰਾਜੇ ਦਾ ਸਿਰ ਆਪਣੇ ਗੋਦੀ ਵਿਚ ਰੱਖ ਕੇ ਚਿਤਾ ਵਿਚ ਬੈਠ ਗਈ ਤੇ ਨਾਲ ਹੀ ਤਿੰਨ ਗੋਲੀਆਂ ਵੀ। ਬਾਕੀ ਦੀ ਚਿਤਾ ਨੂੰ ਚਿਣਨ ਤੋਂ ਪਹਿਲਾਂ ਰਾਜਾ ਧਿਆਨ ਸਿੰਘ ਰਾਣੀ ਈਸ਼ਰ ਕੋਰ ਨੂੰ ਬੋਲਿਆ,
“ਮਾਈ ਜੀ, ਮਹਾਂਰਾਜਾ ਖੜਕ ਸਿੰਘ ਜੀ ਦੀ ਕਲਗੀ ਉਤਾਰ ਕੇ ਕੁੰਵਰ ਨੌਨਿਹਾਲ ਸਿੰਘ ਜੀ ਨੂੰ ਦੇ ਦਿਓ, ਪਿਓ ਦੀ ਕਲਗੀ ਪੁੱਤਰ ਨੂੰ ਲਗਣੀ ਸ਼ੁਭ ਹੁੰਦੀ ਏ।”
“ਰਾਜਾ ਜੀ, ਸਭ ਕੁਝ ਸਤਿਗੁਰੂ ਦਾ ਬਣਾਇਆ ਹੋਇਆ ਹੁੰਦਾ ਏ, ਇਹ ਕਲਗੀ ਮਹਾਂਰਾਜਾ ਜੀ ਦੀ ਏ, ਇਹ ਨਹੀਂ ਮਿਲੇਗੀ, ਸ਼ੁਭ ਨਾ-ਸ਼ੁਭ ਵਾਲੀ ਕੋਈ ਗੱਲ ਨਹੀਂ ਹੁੰਦੀ, ਹਰ ਕਿਸੇ ਨੇ ਉਹੀ ਵੱਢਣਾ ਏ ਜੋ ਕੁਝ ਬੀਜਿਆ ਏ।”
ਲੋਕ ਦੇਖਦੇ ਰਹਿ ਗਏ। ਰਾਜਾ ਧਿਆਨ ਸਿੰਘ ਇਸ ਤੋਂ ਅਗੇ ਬੋਲ ਹੀ ਨਾ ਸਕਿਆ। ਇੱਕੀ ਤੋਪਾਂ ਦੀ ਸਲਾਮੀ ਦਿਤੀ ਗਈ। ਕੁੰਵਰ ਨੌਨਿਹਾਲ ਨੇ ਚਿਤਾ ਨੂੰ ਅੱਗ ਦਿਖਾਈ। ਸਾਰੀ ਚਿਤਾ ਪਲਾਂ ਵਿਚ ਹੀ ਮਚ ਉਠੀ। ਸਭ ਤੋਂ ਜਿ਼ਆਦਾ ਕੁੰਵਰ ਰੋ ਰਿਹਾ ਸੀ। ਇਕ ਖੂੰਜੇ ਵਿਚ ਸ਼੍ਹੀਦਾ ਤੇ ਮ੍ਹੀਦਾ ਖੜੇ ਦੇਖ ਰਹੇ ਸਨ। ਮ੍ਹੀਦੇ ਨੇ ਕਿਹਾ,
“ਦੇਖ ਓਏ ਸ਼੍ਹੀਦਿਆ, ਜਿਹਨਾਂ ਦੇ ਪਿਓ ਮਰਦੇ ਨੇ ਕਿਵੇਂ ਰੋਂਦੇ ਨੇ।”
“ਨਹੀਂ ਓਏ ਮ੍ਹੀਦਿਆ, ਇਹ ਕਿਸੇ ਔਣ ਵਾਲੇ ਵਕਤ ਨੂੰ ਰੋ ਰਿਹਾ ਏ।”
ਕੁੰਵਰ ਦਾ ਦੋਸਤ ਮੀਆਂ ਊਧਮ ਸਿੰਘ ਉਸ ਨੂੰ ਹੌਂਸਲਾ ਰੱਖਣ ਲਈ ਕਹਿ ਰਿਹਾ ਸੀ। ਕੁੰਵਰ ਤੇ ਮੀਆਂ ਊਧਮ ਸਿੰਘ ਵਿਚ ਲੱਦਾਖ ਦੀ ਸਰਹੱਦ ਨੂੰ ਲੈ ਕੇ ਕੁਝ ਨਰਾਜ਼ਗੀ ਸੀ ਪਰ ਹੁਣ ਉਹ ਨਰਾਜ਼ਗੀ ਦੂਰ ਹੋ ਚੁੱਕੀ ਸੀ। ਚਿਤਾ ਨੂੰ ਅੱਗ ਪੂਰੀ ਤਰ੍ਹਾਂ ਪੈ ਗਈ। ਲੋਕ ਹੁਣ ਉਥੋਂ ਹਿਲਣ ਲਗ ਪਏ। ਪਹਿਲਾਂ ਸਭ ਨੇ ਨਾਲ ਹੀ ਵਗਦੀ ਛੋਟੀ ਰਾਵੀ ਵਿਚੋਂ ਹੱਥ ਪੈਰ ਧੋਤੇ ਜਿਵੇਂ ਸਸਕਾਰ ਤੋਂ ਬਾਅਦ ਕਰਿਆ ਹੀ ਕਰਦੇ ਹਨ ਤੇ ਆਪੋ ਆਪਣੇ ਰਾਹ ਪੈਣ ਲਗੇ। ਰਾਜਾ ਧਿਆਨ ਸਿੰਘ ਹੌਲੀ ਹੌਲੀ ਆਲਾ ਦੁਆਲਾ ਦੇਖਦਾ ਜਾ ਰਿਹਾ ਸੀ। ਵਾਪਸ ਜਾਣ ਵਾਲੀ ਭੀੜ ਵਿਚ ਮੀਆਂ ਊਧਮ ਸਿੰਘ ਆਪਣੇ ਦੋਸਤ ਕੁੰਵਰ ਨੌਨਿਹਾਲ ਸਿੰਘ ਨੂੰ ਸਾਂਭਦਾ ਹੋਇਆ ਚਲ ਰਿਹਾ ਸੀ। ਜਦ ਉਹ ਰੌਸ਼ਨੀ ਗੇਟ ਲੰਘ ਕੇ ਸ਼ਾਹੀ ਬੁਰਜ ਦਰਵਾਜ਼ੇ ਦੇ ਐਨ ਹੇਠ ਆਏ ਤਾਂ ਦਰਵਾਜ਼ੇ ਦੇ ਡਾਟ ਦੀ ਵਿਚਕਾਰਲੀ ਇੱਟ ਅਚਾਨਕ ਨਿਕਲ ਗਈ ਤੇ ਸਾਰੇ ਦਾ ਦਰਵਾਜ਼ਾ ਹੇਠ ਆ ਡਿਗਿਆ, ਇੰਨੇ ਜ਼ੋਰ ਦੀ ਅਵਾਜ਼ ਆਈ ਜਿਵੇਂ ਜਮੀਨ ਫਟ ਗਈ ਹੋਵੇ। ਦਰਵਾਜ਼ੇ ਦੇ ਹੇਠਲੇ ਲੋਕ ਇਸ ਹੇਠ ਹੀ ਦਰੜੇ ਗਏ। ਅਚਾਨਕ ਇਹ ਐਡਾ ਵੱਡਾ ਤੇ ਮਜ਼ਬੂਤ ਦਰਵਾਜ਼ਾ ਕਿਵੇਂ ਡਿਗ ਪਿਆ ਕੁਝ ਸਮਝ ਨਹੀਂ ਸੀ ਪੈ ਰਹੀ। ਸ਼ਾਇਦ ਤੋਪਾਂ ਦੀ ਸਲਾਮੀ ਕਾਰਨ ਇਹ ਜਰਜਰਿਆ ਡਾਟ ਕਮਜ਼ੋਰ ਹੋ ਗਿਆ ਸੀ ਤੇ ਇਸ ਦੀ ਵਿਚਕਾਰਲੀ ਤੂਲ ਨਿਕਲ ਗਈ ਸੀ ਜਾਂ ਕੁਝ ਹੋਰ ਪਰ ਇਹ ਮਣਾਂ ਦੇ ਮਣ ਪੱਥਰ ਤੇ ਇੱਟਾਂ ਹੇਠ ਆ ਡਿਗੇ। ਮੀਆਂ ਊਧਮ ਸਿੰਘ ਤੇ ਦੋ ਹੋਰ ਬੰਦੇ ਥਾਂਵੇਂ ਹੀ ਮਰ ਗਏ। ਕੁੰਵਰ ਨੌਨਿਹਾਲ ਸਿੰਘ ਦੇ ਸਿਰ ਵਿਚ ਸੱਟਾਂ ਵੱਜੀਆਂ। ਇਸ ਘਟਨਾ ਨਾਲ ਚਾਰੇ ਪਾਸੇ ਲੋਕਾਂ ਵਿਚ ਭਗਦੜ ਪੈ ਗਈ। ਸਿਪਾਹੀ ਵੀ ਭੱਜ ਤੁਰੇ। ਘੋੜੇ ਤੇ ਹਾਥੀ ਬੇਕਾਬੂ ਹੋ ਗਏ। ਰਾਜਾ ਧਿਆਨ ਸਿੰਘ ਦਰਵਾਜ਼ੇ ਤੋਂ ਥੋੜਾ ਹਟਵਾਂ ਦੀਵਾਨ ਦੀਨਾ ਨਾਲ ਨਾਲ ਚਲ ਰਿਹਾ ਸੀ। ਉਸ ਨੇ ਭੱਜ ਕੇ ਜਾ ਕੇ ਕੁੰਵਰ ਨੌਨਿਹਾਲ ਸਿੰਘ ਨੂੰ ਸੰਭਾਲਿਆ। ਉਸ ਦੀਆਂ ਸੱਟਾਂ ਦੇਖੀਆਂ ਤੇ ਉਸ ਨੂੰ ਚੁਕਵਾ ਕੇ ਬਾਰਾਦਰੀ ਵਿਚ ਲੈ ਗਿਆ। ਉਸ ਨੇ ਦਰਵਾਜ਼ੇ ਬੰਦ ਕਰਵਾ ਦਿਤੇ ਤੇ ਅੰਦਰ ਕੁਝ ਗਿਣਤੀ ਦੇ ਬੰਦੇ ਹੀ ਰਹਿ ਗਏ। ਹੋਰ ਭੀੜ ਨਾਲ ਹੈਰਾਨ ਹੋਏ ਖੜੇ ਮ੍ਹੀਦਾ ਤੇ ਸ਼੍ਹੀਦਾ ਵੀ ਡਿਗੇ ਪਏ ਗੇਟ ਦੇ ਮਲਬੇ ਨੂੰ ਦੇਖ ਰਹੇ ਸਨ। ਸ਼੍ਹੀਦੇ ਨੇ ਕਿਹਾ,
“ਦੇਖ ਮ੍ਹੀਦਿਆ, ਕੁਜਰਤ ਦੇ ਰੰਗ।”
“ਨਹੀਂ ਸ਼੍ਹੀਦਿਆ, ਇਹ ਵੀ ਬੰਦੇ ਦੇ ਰੰਗ ਈ ਨੇ, ਤੂੰ ਚਲ ਆਪਾਂ ਕੋਈ ਸਾਮੀ ਲੱਭੀਏ ਤੇ ਮਣੀ ਦੇ ਦਾਣੇ ਜੋਗੇ ਹੋਈਏ।”
ਹਜ਼ੂਰੀ ਬਾਗ ਦੇ ਬਾਹਰ ਲੋਕ ਕੁੰਵਰ ਦੀ ਖਬਰ ਜਾਨਣ ਲਈ ਬੇਤਾਬੀ ਨਾਲ ਉਡੀਕ ਰਹੇ ਸਨ। ਵੈਦ ਆਏ, ਅੰਗਰੇਜ਼ੀ ਡਾਕਟਰ ਵੀ ਪੁੱਜ ਗਏ। ਕੁੰਵਰ ਦੇ ਜ਼ਖਮ ਉਮੀਦ ਤੋਂ ਜਿ਼ਆਦਾ ਡੂੰਘੇ ਨਿਕਲੇ। ਮਿਸਟਰ ਗਾਰਡਨਰ ਜੋ ਕੁੰਵਰ ਨੂੰ ਦੂਜੀ ਵਾਰ ਦੇਖ ਰਿਹਾ ਸੀ, ਹੇਠ ਫਰਸ਼ ਉਪਰ ਕਾਫੀ ਸਾਰਾ ਖੂਨ ਡੁਲਿਆ ਦੇਖ ਕੇ ਮਨ ਹੀ ਮਨ ਕਹਿਣ ਲਗਿਆ, ‘ਮਿਸਟਰ ਧਿਆਨ ਸਿੰਘ, ਕੱਢ ਦਿਤਾ ਇਹ ਕੰਡਾ ਵੀ, ਤੁਸੀਂ ਠੀਕ ਜਾ ਰਹੇ ਓ, ਹੁਣ ਰਹਿ ਗਿਆ ਪਰਿੰਸ ਸ਼ੇਰ ਸਿੰਘ, ਉਹ ਬਹਾਦਰ ਜ਼ਰੂਰ ਏ ਪਰ ਸਿੱਧਾ ਏ ਤੁਹਾਡੇ ਕਾਬੂ ਵਿਚ ਆ ਜਾਵੇਗਾ, ਤੁਹਾਡਾ ਹੁਣ ਪੀੜ੍ਹੀਆਂ ਤਕ ਸੂਤ ਰਹੇਗਾ।’
ਕੁੰਵਰ ਦੀ ਮੌਤ ਇਕ ਦਮ ਨਹੀਂ ਐਲਾਨੀ ਗਈ। ਸਾਰੀ ਕੌਂਸਲ ਦੇ ਮੈਂਬਰ ਆ ਚੁੱਕੇ ਸਨ। ਪੰਜ ਘੋੜ ਸਵਾਰ ਉਸੇ ਵੇਲੇ ਹੀ ਬਟਾਲੇ ਨੂੰ ਭਜਾ ਦਿਤੇ ਗਏ ਤਾਂ ਜੋ ਸ਼ੇਰ ਸਿੰਘ ਨੂੰ ਖਬਰ ਕੀਤੀ ਜਾ ਸਕੇ। ਹੁਣ ਅਗਲਾ ਮਹਾਂਰਾਜਾ ਉਸ ਨੂੰ ਹੀ ਬਣਾਇਆ ਜਾਣਾ ਸੀ। ਕੁੰਵਰ ਦੀ ਮਾਂ ਚੰਦ ਕੋਰ ਨੂੰ ਵੀ ਸੁਨੇਹਾ ਭੇਜ ਦਿਤਾ ਗਿਆ। ਪਤੀ ਦੀ ਮੌਤ ਤੇ ਤਾਂ ਉਹ ਆਈ ਨਹੀਂ ਸੀ ਪਰ ਪੁੱਤਰ ਵਾਰ ਤਾਂ ਆਉਣਾ ਹੀ ਪੈਣਾ ਸੀ। ਰਾਣੀ ਚੰਦ ਕੋਰ ਆਈ ਤਾਂ ਰਾਜਾ ਧਿਆਨ ਸਿੰਘ ਉਸ ਨਾਲ ਅਗਲੇ ਜਾਨਸ਼ੀਨ ਦੀਆਂ ਗੱਲਾਂ ਕਰਨ ਲਗਿਆ ਪਰ ਉਸ ਨੂੰ ਇਸ ਵੇਲੇ ਕੋਈ ਹੋਸ਼ ਨਹੀਂ ਸੀ। ਉਸ ਤੋਂ ਕਿਸੇ ਵੀ ਗੱਲ ਵਿਚ ਬਹੁਤਾ ਦਖਲ ਨਹੀਂ ਦਿਤਾ ਗਿਆ। ਪੁੱਤਰ ਦੀ ਮੌਤ ਕਾਰਨ ਚੰਦ ਕੋਰ ਝੰਬੀ ਗਈ ਸੀ ਨਹੀਂ ਤਾਂ ਉਸ ਦੇ ਬੜਬੋਲੇ ਹੋਣ ਬਾਰੇ ਕਈ ਕਹਾਣੀਆਂ ਮਸ਼ਹੂਰ ਸਨ। ਉਹਦੀ ਭੈੜੀ ਜ਼ੁਬਾਨ ਕਾਰਨ ਬਹੁਤ ਸਾਰੇ ਲੋਕ ਉਸ ਨਾਲ ਗੱਲ ਕਰਨ ਤੋਂ ਡਰਦੇ ਸਨ। ਰਾਜਗੱਦੀ ਦੀ ਤੋੜ-ਜੋੜ ਚਲਦੀ ਰਹੀ। ਲਹੌਰ ਦਰਬਾਰ ਦੇ ਮੈਂਬਰਾਂ ਨਾਲ ਵੀ ਸਲਾਹ ਹੋਈ, ਸ਼ਹਿਜ਼ਾਦਾ ਸ਼ੇਰ ਸਿੰਘ ਹੀ ਸਭ ਤੋਂ ਢੁਕਵਾਂ ਵਿਅਕਤੀ ਸੀ ਜਿਸ ਨੂੰ ਰਾਜਗੱਦੀ ਦਿਤੀ ਜਾ ਸਕਦੀ ਸੀ। ਸਾਰਾ ਫੈਸਲਾ ਕਰਕੇ ਕੁੰਵਰ ਦੀ ਮੌਤ ਦੀ ਖਬਰ ਬਾਹਰ ਕੱਢੀ ਗਈ ਭਾਵੇਂ ਲੋਕਾਂ ਨੂੰ ਹੌਲੀ ਹੌਲੀ ਪਤਾ ਚਲ ਚੁਕਿਆ ਸੀ ਤੇ ਸੋਗ ਦੀ ਲਹਿਰ ਇਕ ਵਾਰ ਫਿਰ ਸਾਰੇ ਲਹੌਰ ਵਿਚ ਫੈਲ ਗਈ ਸੀ। ਜਿਹਨਾਂ ਲੋਕਾਂ ਨੇ ਖੜਕ ਸਿੰਘ ਦਾ ਬਹੁਤਾ ਅਫਸੋਸ ਨਹੀਂ ਸੀ ਮਨਾਇਆ ਉਸ ਵੀ ਸੋਗ ਵਿਚ ਡੁੱਬ ਗਏ ਤੇ ਸਰਕਾਰ ਦੀ ਤੇ ਫਿਰ ਪੰਜਾਬ ਦੀ ਮਾੜੀ ਕਿਸਮਤ ਨੂੰ ਕੋਸਣ ਲਗੇ।
ਅਗਲੀ ਸਵੇਰ ਇਕ ਵਾਰ ਫਿਰ ਅਰਥੀ ਤਿਆਰ ਕੀਤੀ ਗਈ। ਲਗਭਗ ਉਹੀ ਕੱਲ ਵਾਲਾ ਹੀ ਦ੍ਰਿਸ਼ ਸੀ ਤੇ ਉਹੀ ਅਰਥੀ ਲੈ ਜਾਣ ਵਾਲਾ ਤਰੀਕਾ। ਗਰੰਥੀ, ਪੰਡਤ, ਮੌਲਵੀ, ਅਰਥੀ, ਸਤੀ ਹੋਣ ਵਾਲੀਆਂ ਦੋ ਰਾਣੀਆਂ ਤੇ ਤਿੰਨ ਗੋਲੀਆਂ ਤੇ ਇਹਨਾਂ ਸਭ ਮਗਰ ਲੋਕ। ਨੌਨਿਹਾਲ ਦੀ ਇਕ ਪਤਨੀ ਦੇ ਬੱਚਾ ਹੋਣ ਵਾਲਾ ਕਰਕੇ ਉਸ ਨੂੰ ਸਤੀ ਨਹੀਂ ਸੀ ਹੋਣ ਦਿਤਾ ਗਿਆ। ਚੰਦ ਕੋਰ ਦੇ ਵੈਣ ਅਸਮਾਨ ਪਾੜ ਰਹੇ ਸਨ। ਸ਼ਹਿਜ਼ਾਦਾ ਸ਼ੇਰ ਸਿੰਘ ਵੀ ਪੁੱਜ ਗਿਆ ਹੋਇਆ ਸੀ। ਉਸ ਨੇ ਕੁਝ ਦੇਰ ਰਾਜਾ ਧਿਆਨ ਸਿੰਘ ਤੇ ਦਰਬਾਰ ਦੇ ਬਾਕੀ ਮੰਤਰੀਆਂ ਨਾਲ ਕੁਝ ਦੇਰ ਗੱਲਾਂ ਕੀਤੀਆਂ। ਫਿਰ ਉਹ ਤੇ ਰਾਜਾ ਧਿਆਨ ਸਿੰਘ ਤੁਰਦੇ ਹੋਏ ਚਿਤਾ ਤਕ ਆਏ। ਦੋਨਾਂ ਨੇ ਕੁੰਵਰ ਦੀ ਛਾਤੀ ਉਪਰ ਹੱਥ ਰੱਖ ਕੇ ਪੰਜਾਬ ਲਈ ਤੇ ਪੰਜਾਬ ਦੇ ਲੋਕਾਂ ਪ੍ਰਤੀ ਵਫਾਦਾਰ ਰਹਿਣ ਦੀਆਂ ਕਸਮ ਖਾਧੀ, ਕੁੰਵਰ ਦੀ ਸਤੀ ਹੋ ਰਹੀ ਇਕ ਪਤਨੀ ਨੇ ਉਹਨਾਂ ਦੇ ਮੱਥਿਆਂ ਉਪਰ ਤਿਲਕ ਲਗਾਏ। ਚਿਤਾ ਚੰਗੀ ਤਰ੍ਹਾਂ ਚਿਣ ਦਿਤੀ ਗਈ। ਸ਼ਹਿਜ਼ਾਦਾ ਸ਼ੇਰ ਸਿੰਘ ਨੇ ਚਿਤਾ ਨੂੰ ਅੱਗ ਦਿਖਾਈ। ਇਕ ਵਾਰ ਫਿਰ ਸਭ ਨੂੰ ਕਿਲੇ ਦੇ ਨਾਲ ਵਗਦੀ ਛੋਟੀ ਰਾਵੀ ਵਿਚ ਹੱਥ ਪੈਰ ਧੋਣੇ ਪਏ। ਸਸਕਾਰ ਤੋਂ ਵਾਪਸ ਪਰਤਦਿਆਂ ਬਹੁਤ ਸਾਰੇ ਲੋਕ ਸ਼ਹਿਜ਼ਾਦਾ ਸ਼ੇਰ ਸਿੰਘ ਨੂੰ ਵਧਾਈਆਂ ਦੇਣ ਲਗੇ। ਸ਼ਹਿਜ਼ਾਦਾ ਕਈ ਲੜਾਈਆਂ ਵਿਚ ਆਪਣੇ ਆਪ ਨੂੰ ਇਕ ਜਾਂਬਾਜ਼ ਸਿਪਾਹੀ ਸਿਧ ਕਰ ਚੁੱਕਾ ਸੀ ਇਸ ਲਈ ਬਹੁਤ ਸਾਰੇ ਲੋਕ ੳਸ ਦੇ ਰਾਜਾ ਬਣਨ ਤੋਂ ਖੁਸ਼ ਵੀ ਸਨ। ਇਕ ਪਾਸੇ ਖੜੇ ਸੰਧਾਵਾਲੀਏ ਸਰਦਾਰ ਗੁੱਸੇ ਨਾਲ ਭਰੀਆਂ ਨਜ਼ਰਾਂ ਨਾਲ ਉਸ ਵਲ ਦੇਖ ਰਹੇ ਸਨ।
(ਤਿਆਰੀ ਅਧੀਨ ਨਾਵਲ; ਦਸ ਸਾਲ, ਦਸ ਯੁੱਗ ਵਿਚੋਂ)

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346