ਤੇਰੇ ਖ਼ਤਾਂ ਨੂੰ…
ਤੇਰੇ ਸਿਰਨਾਵੇਂ ਤੋਂ
ਮੇਰੇ ਸਿਰਨਾਵੇਂ ਦਾ ਸਫ਼ਰ
ਕਿੰਝ ਕੀਤਾ ਤੈਅ
ਇਹਨਾਂ ਖ਼ਤਾਂ ਨੇ
ਪਹਿਲਾਂ ਮੈਨੂੰ ਇਹ ਕਲਾ
ਸਿੱਖ ਲੈਣ ਦੇ
ਫਿਰ ਤੇਰੇ ਖ਼ਤਾਂ ਨੂੰ ਵੀ
ਪੜ੍ਹਾਂਗਾ ਦੋਸਤਾਂ
ਲੋਕਾਂ ਦੇ ਸੰਦੇਸ਼
ਦਿਲਾਂ ਦੇ ਭੇਦ
ਕਿੰਝ ਲੁਕਾਈ ਰੱਖੀਦੇ
ਇਨ੍ਹਾਂ ਖ਼ਤਾਂ ਤੋਂ
ਪਹਿਲਾਂ ਮੈਨੂੰ ਇਹ ਗੱਲ
ਸਿੱਖ ਲੈਣ ਦੇ
ਫਿਰ ਤੇਰੇ ਖ਼ਤਾਂ ਨੂੰ ਵੀ
ਪੜ੍ਹਾਂਗਾ ਦੋਸਤਾਂ
ਤੇਰੇ ਖ਼ਤਾਂ ਨੂੰ ਪੜ੍ਹਨ ਤੋਂ ਪਹਿਲਾਂ
ਖ਼ੁਦ ਨੂੰ ਪੜ੍ਹ ਲਈਏ
ਤੇਰੇ ਹਾਣ ਦਾ ਕਰ ਲਈਏ
ਤੇਰੇ ਖ਼ਤਾਂ ਤੋਂ
ਸਹੀ ਪਤੇ 'ਤੇ ਪਹੁੰਚਣ ਦਾ ਰਾਜ਼ ਸਿੱਖ ਲਈਏ
ਫਿਰ ਤੇਰੇ ਖ਼ਤਾਂ ਨੂੰ ਵੀ
ਪੜ੍ਹਾਂਗਾ ਦੋਸਤਾਂ
ਜ਼ਿੰਦਗੀ ਦੇ ਵਿਚ
ਕੁਝ ਖ਼ਤ ਬੇਨਾਮੇ ਵੀ ਹੁੰਦੇ ਨੇ
ਪਰ ਉਨ੍ਹਾਂ ਵਿਚ ਕੁਝ ਛੁਪੇ ਸਿਰਨਾਵੇਂ ਵੀ ਹੁੰਦੇ ਨੇ
ਬੇਨਾਮੇ ਖ਼ਤਾਂ ਦੇ
ਸਿਰਨਾਵੇਂ ਪੜ੍ਹਨੇ ਸਿੱਖ ਲੈਣ ਦੇ
ਫਿਰ ਤੇਰੇ ਖ਼ਤਾਂ ਨੂੰ ਵੀ
ਪੜ੍ਹਾਂਗਾ ਦੋਸਤਾਂ
ਅਧੂਰੀ ਨਜ਼ਮ
ਪੂਰੀ ਨਹੀਂ ਕਰ ਪਾਈ ਮੇਰੀ ਕਲਮ
ਤੇਰੀ ਅਧੂਰੀ ਨਜ਼ਮ
ਭਰ ਨਹੀਂ ਪਾਈ ਤੇਰੀ ਮਲ੍ਹਮ
ਮੇਰੇ ਡੂੰਘੇ ਜ਼ਖ਼ਮ
ਮੈਂ ਕਲਮ ਬਦਲ ਨਹੀਂ ਸਕਦਾ
ਤੇ
ਤੂੰ ਮਲ੍ਹਮ ਬਦਲ ਨਹੀਂ ਸਕਦੀ
ਜ਼ਖ਼ਮ ਵੀ ਰਹਿਣਗੇ ਅਧੂਰੇ
ਤੇ ਨਜ਼ਮ ਵੀ ਰਹੇਗੀ ਅਧੂਰੀ।
ਤੂੰ ਮੇਰੇ ਨਾਲ ਚਲ ਨਾ ਸਕੀ
ਹੁੰਦੀ ਰਹੀ ਅਗਰ-ਮਗਰ
ਮੈਂ ਵੀ ਹੌਸਲਾ ਨਾ ਕਰ ਸਕਿਆ
ਅਧੂਰਾ ਰਿਹਾ ਸਫ਼ਰ
ਮੇਰੇ ਹੌਸਲੇ ਹੁਣ ਵੀ ਅਧੂਰੇ
ਤੂੰ ਹੁਣ ਵੀ ਤੁਰਨਾ ਨਾ ਸਮਝਿਆ ਜ਼ਰੂਰੀ
ਜ਼ਖ਼ਮ ਵੀ ਰਹਿਣਗੇ ਅਧੂਰੇ
ਤੇ ਨਜ਼ਮ ਵੀ ਰਹੇਗੀ ਅਧੂਰੀ।
ਕਲਮ ਦਾ ਕੀ ਕਸੂਰ
ਹਰ ਨਜ਼ਮ ਪੂਰੀ ਨਹੀਂ ਹੁੰਦੀ
ਹਰ ਜ਼ਖ਼ਮ ਭਰੇ ਜਾਣ ਇਹ ਗੱਲ ਵੀ ਜ਼ਰੂਰੀ ਨਹੀਂ ਹੁੰਦੀ
ਮੈਂ ਤਾਂ ਕਹਿੰਦਾ ਹਾਂ
ਮੇਰੇ ਜ਼ਖ਼ਮ ਨਾ ਜਾਣ
ਪੂਰੇ
ਤੂੰ ਵੀ ਜਾਣਦੀ ਹੈ
ਤੇਰੀ ਨਜ਼ਮ ਅਧੂਰੀ ਵੀ ਹੈ
ਪੂਰੀ
ਜ਼ਖ਼ਮ ਵੀ ਰਹਿਣਗੇ ਅਧੂਰੇ
ਤੇ ਨਜ਼ਮ ਵੀ ਰਹੇਗੀ ਅਧੂਰੀ।
-ਮੁਖਵੀਰ
ਪਿੰਡ ਮੱਲ੍ਹੀਆਂ ਨੇੜੇ ਕਰਤਾਰਪੁਰ
ਜਲੰਧਰ
9463636241
|