ਜਿੰਦਗੀ ਦੀ ਗੱਡੀ
ਰੋੜਦਿਆਂ ਕਦੇ ਕਦਾਈ ਐਸੇ ਪਲ ਵੀ ਆਉਂਦੇ ਹਨ ਜਿੰਨ੍ਹਾਂ ਨੂੰ ਮਨੁੱਖ ਜੀਅ ਭਰ ਕੇ ਜਿਊਣਾਂ
ਲੋਚਦਾ ਹੈ ਅਤੇ ਇਹ ਸੁਨਹਿਰੀ ਪਲ ਯਾਦਾਂ ਦੇ ਰੂਪ ਵਿੱਚ ਆਦਮੀਂ ਦੇ ਹਿਰਦੇ ਵਿੱਚ ਹਮੇਸ਼ਾਂ
ਹਮੇਸ਼ਾਂ ਦੇ ਲਈ ਵਸ ਜਾਂਦੇ ਹਨ। ਕਈ ਵਾਰੀ ਨਿੱਕੀਆਂ ਨਿੱਕੀਆਂ ਗੱਲਾਂ ਵੀ ਜਿੰਦਗੀ ਦੇ ਮਾਲਾ
ਮਣਕਿਆਂ ਨੂੰ ਤਰਤੀਬ ਦੇ ਛੱਡਦੀਆਂ ਹਨ ‘ਤੇ ਸਾਡੀ ਚੇਤਨਾਂ ਵਿੱਚ ਚਮਕਦੀਆਂ ‘ਤੇ ਗੂੰਜਦੀਆਂ
ਰਹਿਦੀਆਂ ਹਨ। ਆਕਾਸ਼ਬਾਣੀ ਬਠਿੰਡਾ ਰੇਡੀਓ ‘ਤੇ ਅਨਾਊਸਰ ਦੀ ਨੌਕਰੀ ਦੌਰਾਨ ਅਨੇਕਾਂ ਅਜਿਹੇ
ਮਿੱਠੇ ਕੌੜੇ ਤਜਰਬੇ ਹੋਏ ਜੋ ਅਜੇ ਵੀ ਚੇਤਿਆਂ ਵਿੱਚ ਵਸੇ ਹੋਏ ਹਨ। ਅਨਾਉਂਸਰ ਦੀ ਨੌਕਰੀ
ਮੇਰੇ ਲਈ ਕੇਵਲ ਪੈਸੇ ਕਮਾਉਣ ਦੇ ਸਾਧਨ ਤੱਕ ਹੀ ਸੀਮਿਤ ਨਹੀਂ ਸੀ ਬਲਕਿ ਇਹ ਮੇਰਾ ਸ਼ੌਂਕ ਵੀ
ਸੀ, ਆਪਣੇ ਆਪ ਅਤੇ ਲੋਕਾਂ ਦਾ ਮਨੋਂਰੰਜਨ ਕਰਨ ਦਾ ਸਾਧਨ, ਸਟੂਡੀਓ ਮੇਰੇ ਲਈ ਮੱਕੇ ਮਦੀਨੇਂ
ਤੋਂ ਘੱਟ ਨਹੀਂ ਸੀ ਜਿੱਥੇ ਹਰ ਰੋਜ ਜਾ ਕੇ ਖੁਸ਼ੀ ਮਿਲਦੀ ਸੀ ਨਾਂ ਕਿ ਬਾਕੀ ਨੌਕਰੀਆਂ
ਵਾਂਗੂੰ ਥਕਾਵਟ ਅਤੇ ਅਕੇਵਾਂ। ਆਪਣੀਆਂ ਭਾਵਨਾਵਾਂ, ਆਪਣੇ ਤਜਰਬੇ, ਆਪਣੇ ਵਿਚਾਰ ਇੱਕੋ ਥਾਂ
‘ਤੇ ਬੈਠ ਕੇ ਲੋਕਾਂ ਨਾਲ ਸਾਂਝੇ ਕਰਨ ਦਾ ਇਸ ਤੋਂ ਵਧੀਆ ਸਾਧਨ ਸ਼ਾਇਦ ਹੀ ਕੋਈ ਹੋਵੇ। ਪਰ
ਨਾਲ ਨਾਲ ਇਸ ਨੌਕਰੀ ਵਿੱਚ ਜਿੰਮੇਵਾਰੀ ਦੀ ਪੰਡ ਵੀ ਸਿਰ ‘ਤੇ ਬਹੁਤ ਭਾਰੀ ਹੁੰਦੀ। ਸਮੇਂ ਦੀ
ਪਾਬੰਦੀ, ਬੋਲਣ ਵੇਲੇ ਸ਼ਬਦਾਂ ਦਾ ਨਾਪ ਤੋਲ, ਦਾਇਰੇ ਵਿੱਚ ਰਹਿਣਾਂ, ਸਰੋਤਿਆਂ ਦੀ ਪਸੰਦ ਅਤੇ
ਭਾਵਨਾਵਾਂ ਨਾਲ ਇੱਕ ਮਿੱਕ ਹੋਣ ਵਰਗੇ ਕਾਇਦੇ ਕਾਨੂੰਨ ਦੀ ਪਾਲਣਾਂ ਵੀ ਮੁੱਢਲੀ ਅਤੇ ਅਤੀ
ਜਰੂਰੀ ਲੋੜ ਹੁੰਦੀ। ਅਣਗਿਣਤ ਸਰੋਤੇ ਭਾਵਨਾਤਮਿੱਕ ਤੌਰ ‘ਤੇ ਰੇਡੀਓ ਨਾਲ ਜੁੜੇ ਹੋਏ ਸਨ ਅਤੇ
ਹਰ ਅਨਾਉਂਸਰ ਦੀ ਪੇਸ਼ਕਾਰੀ ਦੀ ਪ੍ਰਸ਼ੰਸ਼ਾ, ਗਲਤੀਆਂ ਜਾਂ ਆਪਣੇ ਵਿਚਾਰ ਜਾਂ ਫਿਰ ਆਪਣੀ ਪਸੰਦ
ਖਤਾਂ ਰਾਹੀ ਸਾਡੇ ਤੱਕ ਪਹੁੰਚਾਉਦੇ। ਬਹੁਤ ਸਾਰੇ ਖਤ ਅਜਿਹੇ ਵੀ ਹੁੰਦੇ ਸਨ ਜੋ ਕਾਸਿਦ ਦੀ
ਗਲਤੀ ਦਾ ਨਤੀਜਾ ਭੁਗਤਦੇ ਹੋਏ ਆਪਣੇ ਅਸਲੀ ਸਿਰਨਾਵੇਂ ‘ਤੇ ਪਹੁੰਚਣ ਦੀ ਬਜਾਏ ਰੇਡੀਓ ਸਟੇਸ਼ਨ
ਦੀ ਡਾਕ ਵਿੱਚ ਸ਼ਾਮਲ ਹੋ ਕੇ ਸਾਡੇ ਹੱਥਾਂ ਵਿੱਚ ਆਣ ਪੁੱਜਦੇ। ਸੋ ਸੁਭਵਿਕ ਹੀ ਸੀ ਕਿ ਅਜਿਹੇ
ਖਤ ਸਿੱਧੇ ਕੂੜੇਦਾਨ ਦੀ ਟੋਕਰੀ ਵਿੱਚ ਜਾਂਦੇ। ਜਿਆਦਾਤਰ ਖਤ ਪੋਸਟ ਕਾਰਡਾਂ ਦੇ ਰੂਪ ਵਿੱਚ
ਹੁੰਦੇ ਸਨ ਸੋ ਕਈ ਵਾਰੀ ਅਲੱਗ ਅਲੱਗ ਪ੍ਰੋਗਰਾਮਾਂ ਦੇ ਖਤਾਂ ਦੀ ਛਾਂਟੀ ਕਰਦੇ ਹੋਏ ਇਹਨਾਂ
‘ਤੇ ਲਿਖੇ ਸ਼ਬਦ ਆਪ ਮੁਹਾਰੇ ਹੀ ਪੜ੍ਹੇ ਜਾਂਦੇ। ਪੇਂਡੂ ਖੇਤਰਾਂ ਵਿੱਚੋਂ ਆਉਂਦੇ ਖਤ ਬਹੁਤ
ਹੀ ਨਿਵੇਕਲੀ ਕਿਸਮ ਦੇ ਹੁੰਦੇ ‘ਤੇ ਅਕਸਰ ਇਹਨਾਂ ਵਿੱਚ ਅਨਾਉਸਰ ਦੀ ਪੇਸ਼ਕਾਰੀ ਦੀ ਤਾਰੀਫ
ਕੀਤੀ ਹੁੰਦੀ। ਹਰ ਰੋਜ ਦੋ ਚਾਰ ਖਤ ਅਜਿਹੇ ਵੀ ਮਿਲਦੇ ਜਿੰਨ੍ਹਾ ‘ਤੇ ਖਤ ਲਿਖਣ ਵਾਲੇ ਦਾ
ਨਾਮ ਪਤਾ ਨਹੀ ਲਿਖਿਆ ਹੁੰਦਾ ਸੀ। ਅਜਿਹੇ ਕਈ ਖਤਾਂ ਨੂੰ ਪੜ੍ਹ ਕੇ ਸਹਿਜੇ ਹੀ ਅੰਦਾਜਾ
ਲਗਾਇਆ ਜਾ ਸਕਦਾ ਸੀ ਕਿ ਅਜਿਹੇ ਖਤ ਜਵਾਨੀਂ ਦੀ ਦਹਿਲੀਜ ‘ਤੇ ਪੈਰ ਧਰ ਰਹੇ ਕੁੱਝ ਅਨਘੜਤ
ਲੇਖਕਾਂ ਵਲੋਂ ਲਿਖੇ ਹੋਏ ਹਨ। ਇਹ ਉਸ ਉਮਰ ਦੇ ਖਤ ਹੁੰਦੇ ਜਿਸ ਉਮਰੇ ਹਰ ਕੋਈ ਆਪਣਾਂ ਹਾਂਣ
ਲੱਭਦਾ ਲੱਭਦਾ ਖੁਦ ਗੁਆਚ ਜਾਂਦਾ ਹੈ ‘ਤੇ ਆਪਣੇ ਵਲਵਲਿਆਂ ਨੂੰ ਕਲਮ ਦੇ ਹਵਾਲੇ ਕਰ ਕੇ ਮਨ
ਵਿੱਚੋਂ ਫੁੱਟਦੇ ਕਾਵਿਕ ਪ੍ਰਸੰਗਾਂ ਨੂੰ ਕਾਗਜਾਂ ‘ਤੇ ਝਰੀਟ ਕੇ ਹੋਰਨਾਂ ਨਾਲ ਸਾਂਝੇ ਕਰਨ
ਦਾ ਯਤਨ ਕਰਦਾ ਹੈ। ਭਾਵਨਾਤਮਿੱਕ ਤੌਰ ‘ਤੇ ਰੇਡੀਓ ਨਾਲ ਜੁੜੇ ਹੋਏ ਸਰੋਤੇ ਆਪਣੀਂ ਹਰ ਖੁਸ਼ੀ
ਗਮੀਂ ਖਤਾਂ ਦੇ ਜਰੀਏ ਸਾਡੇ ਨਾਲ ਸਾਂਝੀ ਕਰਦੇ। ਭਾਵੇਂ ਕਈ ਵਾਰੀ ਅਜਿਹੇ ਨਿੱਜੀ ਖਤਾਂ ਨੂੰ
ਰੇਡੀਓ ਪ੍ਰੋਗਰਾਮਾਂ ਵਿੱਚ ਪੜਨ ਦੀ ਮਨਾਹੀ ਹੁੰਦੀ ਪਰ ਫਿਰ ਵੀ ਉਹ ਨਿਯਮਤ ਤੌਰ ‘ਤੇ ਖਤ
ਲਿਖਦੇ ਰਹਿੰਦੇ। ਪਰ ਬਹਤ ਵਾਰੀ ਰੇਡੀਓ ਦੀ ਡਾਕ ਨਾਲ ਰਲ ਕੇ ਆਪਣੇਂ ਅਸਲੀ ਸਿਰਨਾਵੇਂ ਤੋਂ
ਭਟਕਦੇ ਹੋਏ ਖਤ ਵੀ ਹੱਥ ਲੱਗ ਜਾਂਦੇ। ਆਪਣੀ ਰੋਜਾਨਾਂ ਦੀ ਡਿਊਟੀ ਦੌਰਾਨ ਪ੍ਰੋਗਰਾਮਾਂ ਦੀ
ਪੇਸ਼ਕਾਰੀ ਕਰਦਿਆਂ ਇੱਕ ਦਿਨ ਅਜਿਹਾ ਹੀ ਖਤ ਹੱਥ ਲੱਗਾ ਜੋ ਆਪਣੇ ਅਸਲੀ ਸਿਰਨਾਵੇਂ ‘ਤੇ
ਪਹੁੰਚਣ ਦੀ ਬਜਾਏ ਭਟਕਦਾ ਹੋਇਆ ਰੇਡੀਓ ਦੀ ਰੋਜਾਨਾਂ ਦੀ ਡਾਕ ਵਿੱਚ ਆ ਰਲਿਆ। ਕਿਸੇ ਦਾ ਖਤ,
ਕਿਸੇ ਦੀ ਗਲਤੀ ਨਾਲ ਇੱਥੇ ਪਹੁੰਚ ਗਿਆ, ਪਹਿਲਾਂ ਤਾਂ ਦਿਲ ਕੀਤਾ ਕਿ ਇਹਨੂੰ ਰੱਦੀ ਦੀ
ਟੋਕਰੀ ਵਿੱਚ ਸੁੱਟ ਦਿਆਂ, ਪਰ ਅਜਿਹਾਂ ਕਰਨ ਤੋਂ ਪਹਿਲਾਂ ਹੀ ਖਤ ‘ਤੇ ਲਿਖੇ ਸ਼ਬਦ ਨਾਂ
ਚਾਹੁੰਦਿਆਂ ਹੋਇਆਂ ਵੀ ਆਪ ਮੁਹਾਰੇ ਹੀ ਪੜ੍ਹੇ ਗਏ। ਸਿੱਲ੍ਹੇ ਸਿੱਲ੍ਹੇ ਸ਼ਬਦਾਂ ਨਾਲ ਲਿਖੇ
ਇਸ ਖਤ ਦੀ ਦਰਦ ਕਹਾਣੀ ਨੇ ਮੇਰੀਆਂ ਅੱਖਾਂ ਨੂੰ ਵੀ ਸਿੱਲ੍ਹਾ ਕਰ ਦਿੱਤਾ। ਇਹ ਖਤ ਕਿਸੇ
ਫੌਜੀ ਜਵਾਨ ਦੀ ਪਤਨੀਂ ਦਾ ਸੀ ਜਿਸਨੂੰ ਪੜ੍ਹ ਕੇ ਇੰਝ ਪ੍ਰਤੀਤ ਹੁੰਦਾ ਸੀ ਕਿ ਇਹ ਖਤ ਉਸਨੇਂ
ਬੋਲ ਕੇ ਕਿਸੇ ਤੋਂ ਲਿਖਵਾਇਆ ਹੈ। ਦੋ ਬੱਚੀਆਂ ਦੀ ਮਾਂ ਇਸ ਫੌਜੀ ਦੀ ਪਤਨੀਂ ਦੇ ਤੀਜੀ ਵਾਰ
ਫਿਰ ਬੱਚੀ ਹੋਣ ‘ਤੇ ਉਸ ਦੀ ਸੱਸ ਨੇਂ ਉਸ ਨੂੰ ਘਰੋਂ ਕੱਢ ਦਿੱਤਾ ਸੀ ਅਤੇ ਹੁਣ ਉਹ ਆਪਣੇ
ਪੇਕਿਆਂ ਦੇ ਘਰ ਮਾਂ ਬਾਪ ‘ਤੇ ਬੋਝ ਬਣੀ ਹੋਣ ਦਾ ਸੰਤਾਪ ਹਢਾ ਰਹੀ ਸੀ। ਅੱਗੋਂ ਉਸ ਦੀਆਂ
ਭਰਜਾਈਆਂ ਉਸ ਨੂੰ ਮਨਹੂਸ ਸਮਝਦੀਆਂ ਸਨ। ਖਤ ਦੇ ਅੰਤ ਵਿੱਚ ਲਿਖਿਆ ਹੋਇਆ ਸੀ ਕਿ ਜਾਂ ਤਾਂ
ਉਸ ਦਾ ਪਤੀ ਉਸ ਨੂੰ ਆਪਣੇਂ ਨਾਲ ਲੈ ਜਾਵੇ ਨਹੀ ਤਾਂ ਉਹ ਤਿੰਨੋਂ ਬੱਚੀਆਂ ਸਮੇਤ ਕਿਸੇ ਨਹਿਰ
‘ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਵੇਗੀ। ਖਤ ਪੜ ਕੇ ਮਨ ਨੂੰ ਅੱਚਵੀ ਜਿਹੀ ਲੱਗ ਗਈ। ਕਦੇ ਦਿਲ
ਕਰੇ ਕਿ ਖਤ ਨੂੰ ਦੁਬਾਰਾ ਉਸ ਫੌਜੀ ਨੌਜਵਾਨ ਵੱਲ ਪੋਸਟ ਕਰ ਦਿਆਂ ਅਤੇ ਕਦੇ ਦਿਲ ਕਰੇ ਕਿ ਉਸ
ਦੁਖਿਆਰੀ ਨੂੰ ਉਸਦੇ ਸਹੁਰੇ ਪਰਿਵਾਰ ਤੋਂ ਇੰਨਸਾਫ ਦੁਆਉਣ ਲਈ ਕੋਈ ਉਪਰਾਲਾ ਕੀਤਾ ਜਾਵੇ।
ਸਮਝ ਨਹੀ ਆ ਰਹੀ ਸੀ ਕਿ ਦੋਵਾਂ ਵਿੱਚੋ ਜਰੂਰੀ ਕੰਮ ਕਿਹੜਾ ਹੈ। ਨਾਲ ਹੀ ਸੋਚ ਰਿਹਾ ਸਾਂ ਕਿ
ਦੁਨੀਆਂ ਕਿੱਥੇ ਪਹੁੰਚ ਗਈ ਹੈ ਪਰ ਸਾਡਾ ਪੇਂਡੂ ਸਮਾਜ ਅਜੇ ਤੱਕ ਮੁੰਡੇ ਕੁੜੀ ਦੇ ਫਰਕ ਨੂੰ
ਕਿਉਂ ਨਹੀ ਸਮਝ ਰਿਹਾ। ਬੱਚੀ ਨੂੰ ਜਨਮ ਦੇਣ ਵਾਲੀ ਇੱਕ ਔਰਤ ਨੂੰ ਇੱਕ ਔਰਤ ਨੇ ਹੀ ਘਰੋਂ
ਕੱਢ ਦਿੱਤਾ। ਕਦੋਂ ਆਵੇਗੀ ਕ੍ਰਾਂਤੀ ਇਹਨਾਂ ਲੋਕਾਂ ਦੀ ਸੋਚ ਵਿੱਚ? ਉਸ ਮੇਰੀ ਅਨਾਉਸਰ ਦੀ
ਡਿਊਟੀ ਬੇਸ਼ੱਕ ਰਾਤ ਨੂੰ 9।30 ਵਜੇ ਹੀ ਖਤਮ ਹੋ ਗਈ ਸੀ ਪਰ ਸਾਰੀ ਰਾਤ ਦਿਮਾਗ ਇਹਨਾਂ
ਸਵਾਲਾਂ ਦੇ ਜਵਾਬ ਹੀ ਲੱਭਦਾ ਰਿਹਾ।
ਅਜਿਹੇ ਖਤ ਰੋਜ ਹੀ ਮਿਲਦੇ, ਕਈ ਖਤਾਂ ਵਿੱਚ ਤਾਂ ਅਜਿਹੇ ਗੰਭੀਰ ਮਸਲੇ ਵੀ ਬਿਆਨ ਕੀਤੇ
ਹੁੰਦੇ ‘ਤੇ ਕਈ ਖਤ ਆਮ ਸੁਭਾਵਿਕ ਗੱਲਾਂ ਨਾਲ ਹੀ ਭਰੇ ਹੁੰਦੇ। ਆਪਣੀ ਡਿਊਟੀ ਕਰਦਿਆਂ ਖਤਾਂ
ਦੀ ਛਾਂਟੀ ਦੌਰਾਨ ਇੱਕ ਦਿਨ ਫਿਰ ਇੱਕ ਗੰਭੀਰ ਮਸਲੇ ਨਾਲ ਭਰਿਆ ਖਤ ਹੱਥ ਲੱਗ ਗਿਆ। ਸੰਨ
1984 ਦੇ ਦੰਗਿਆਂ ਵਿੱਚ ਦਿੱਲੀਓਂ ਉੱਜੜ ਕੇ ਆਏ ਪੰਜਾਬ ਦੇ ਕਿਸੇ ਪਿੰਡ ਵਸਦੇ ਪਰਿਵਾਰ ਦਾ
ਸਿਰਨਾਵਾਂ ਆਪਣੇ ਮੱਥੇ ‘ਤੇ ਲਿਖਾ ਕੇ ਮੁਸੀਬਤਾਂ ਦੀ ਪੰਡ ਚੁੱਕੀ ਫਿਰਦਾ ਰੇਡੀਓ ਦੀ
ਰੋਜਾਨਾਂ ਦੀ ਡਾਕ ਨਾਲ ਆ ਰਲਿਆ। ਇਹ ਖਤ ਕਿਸੇ ਵਕੀਲ ਵਲੋਂ ਦਿੱਲੀ ਤੋਂ ਉੱਜੜੇ ਪਰਿਵਾਰ ਨੂੰ
ਲਿਖਿਆ ਸੀ ਕਿ 84 ਦੇ ਦੰਗਿਆਂ ਵਿੱਚ ਤੁਹਾਡੇ ਦਿੱਲੀ ਵਾਲੇ ਮਕਾਨ ‘ਤੇ ਨਜਾਇਜ ਕਬਜਾ
ਛੁਡਵਾਉਣ ਲਈ ਜੋ ਤੁਸੀਂ ਕੇਸ ਕੀਤਾ ਹੋਇਆ ਹੈ ਉਸਦੀ ਅਗਲੀ ਤਾਰੀਕ 28 ਅਗਸਤ ਹੈ। ਤੁਸੀਂ
ਜਰੂਰ ਪਹੁੰਚਣਾਂ ਹੈ ਨਹੀ ਤਾਂ ਫੈਸਲਾ ਇੱਕ ਤਰਫਾ ਕਬਜੇਦਾਰ ਦੇ ਹੱਕ ਵਿੱਚ ਵੀ ਹੋ ਸਕਦਾ ਹੈ।
ਕੇਸ ਦੀ ਪੈਰਵਾਈ ਲਈ ਬਣਦੀ 22000 ਰੁਪਏ ਫੀਸ ਵੀ ਨਾਲ ਲੈ ਕੇ ਆਉਣੀ। ਇਹ ਖਤ ਪੜ੍ਹਦੇ
ਸੁਭਾਵਿਕ ਹੀ ਹੱਥ ਕੰਬਣ ਲੱਗੇ। 84 ਵੇਲੇ ਜਿਹਨਾਂ ਨੇਂ ਆਪਣਾਂ ਸਭ ਕੱਝ ਗੁਆ ਲਿਆ ਉਹਨਾਂ
ਨੂੰ ਇੰਨਸਾਫ ਤਾਂ ਕੀ ਮਿਲਣਾਂ ਸੀ ਉਲਟਾ ਆਪਣੇ ਹੀ ਘਰ ਨੂੰ ਪ੍ਰਾਪਤ ਕਰਨ ਲਈ ਦਿੱਲੀ ਦੇ
ਕੋਰਟ ਕਚਹਿਰੀਆਂ ਵਿੱਚ ਧੱਕੇ ਖਾਣੇਂ ਪੈ ਰਹੇ ਹਨ। ਅਜਿਹੇ ਕਿੰਨੇ ਪਰਿਵਾਰ ਹੋਰ ਹੋਣਗੇ
ਜਿੰਨ੍ਹਾਂ ਨੇ ਆਪਣੇ ਪਰਿਵਾਰ ਦੇ ਜੀਆਂ ਦੇ ਨਾਲ ਨਾਲ ਆਪਣੀਆਂ ਹੱਥੀਂ ਬਣਾਈਆਂ ਜਇਦਾਦਾਂ ਵੀ
ਗੁਆ ਲਈਆਂ। ਖੈਰ ਇਹ ਖਤ ਤਾਂ ਉਸ ਪਰਿਵਾਰ ਤੱਕ ਜਰੂਰ ਪਹੁੰਚਣਾਂ ਚਾਹੀਦਾ ਹੈ। ਇਹੀ ਸੋਚਕੇ
ਉਸ ਖਤ ਨੂੰ ਇੱਕ ਬੰਦ ਲਿਫਾਫੇ ਵਿੱਚ ਪਾ ਕੇ ਸਿਰਨਾਵਾਂ ਲਿਖ ਕੇ ਫਿਰ ਲੈਟਰ ਬਾਕਸ ਦੇ ਹਵਾਲੇ
ਕਰ ਦਿੱਤਾ।
ਅਜਿਹੇ ਖਤ ਰੇਡੀਓ ਸਟੇਸ਼ਨ ਦੀ ਡਾਕ ਵਿੱਚ ਆਉਣੇਂ ਹੁਣ ਰੋਜ ਦਾ ਹੀ ਕੰਮ ਹੋ ਚੁੱਕਿਆ ਸੀ।
ਸਾਡੇ ਭਾਰਤ ਦੇਸ਼ ਦਾ ਸਿਸਟਮ ਹੀ ਅਜਿਹਾ ਹੈ। ਜੇਕਰ ਇੱਥੇ ਇੱਕ ਡਾਕੀਆਂ ਹੀ ਆਪਣੀ ਡਿਊਟੀ
ਵਿੱਚ ਕੋਤਾਹੀ ਕਰਦਾ ਹੈ ਤਾਂ ਬਾਕੀ ਸਰਕਾਰੀ ਵਿਭਾਗਾਂ ਦਾ ਕੀ ਹਾਲ ਹੋਵੇਗਾ। “ਖਤ ਤੁਹਾਡੇ
ਗੀਤ ਅਸਾਡੇ’ ਪ੍ਰੋਗਰਾਮ ਕਰਦਿਆਂ ਇੱਕ ਦਿਨ ਫਿਰ ਡਾਕੀਆ ਸਾਹਿਬ ਦੀ ਮਿਹਰਬਾਨੀ ਸਦਕਾ ਇੱਕ
ਹੋਰ ਅਜਿਹਾ ਹੀ ਖਤ ਮਿਲ ਗਿਆ ਜਿਸ ਉੱਪਰ ਸਿਰਫ ਚਾਰ ਕੁ ਸਤਰਾਂ ਹਿੰਦੀ ਭਾਸ਼ਾ ਵਿੱਚ ਲਿਖੀਆਂ
ਹੋਈਆਂ ਸਨ। ਇਹ ਖਤ ਹਰਿਆਣੇ ਸੂਬੇ ਦੇ ਕਿਸੇ ਪਿੰਡ ਵਿੱਚ ਰਹਿੰਦੇ ਕਿਸੇ ਵਿਅਕਤੀ ਦਾ ਸੀ ਜਿਸ
ਨੇਂ ਪੰਜਾਬ ‘ਚ ਸਰਕਾਰੀ ਨੌਕਰੀ ਕਰਦੇ ਆਪਣੇ ਵੱਡੇ ਭਰਾ ਨੂੰ ਆਪਣੀਂ ਮਾਂ ਦੇ ਅੰਤਿਮ ਸਾਹਾਂ
‘ਤੇ ਹੋਣ ਦੀ ਖਬਰ ਘੱਲੀ ਸੀ। ਇਸ ਖਤ ‘ਤੇ ਸਿਰਫ ਏਨਾਂ ਹੀ ਲਿਖਿਆ ਹੋਇਆ ਸੀ ਕਿ ਮਾਂ ਹੁਣ
ਸ਼ਾਇਦ ਨਾਂ ਬਚ ਸਕੇ ਤੂੰ ਆ ਕੇ ਮਿਲ ਲੈ। ਖਤ ਪੜ੍ਹ ਕੇ ਮੈਨੂੰ ਉਸ ਡਾਕੀਏ ਦੀ ਗਲਤੀ ‘ਤੇ
ਗੁੱਸਾ ਆ ਰਿਹਾ ਸੀ ਸ਼ਾਇਦ ਇੱਕ ਪੁੱਤਰ ਆਪਣੀ ਮਾਂ ਦੇ ਅੰਤਿਮ ਦਰਸ਼ਨ ਵੀ ਨਾਂ ਕਰ ਸਕੇ। ਖੈਰ
ਇਹ ਖਤ ਤਾਂ ਜਰੂਰ ਸਹੀ ਟਿਕਾਣੇ ‘ਤੇ ਪਹੁੰਚਣਾਂ ਚਾਹੀਦਾ ਹੈ। ਇਹੀ ਸੋਚਦੇ ਨੇ ਆਪਣੀ ਡਿਊਟੀ
ਖਤਮ ਹੋਣ ਤੋਂ ਫੌਰਨ ਬਾਅਦ ਖਤ ਨੂੰ ਇੱਕ ਸਾਫ ਲਿਫਾਫੇ ਵਿੱਚ ਪਾ ਕੇ ਉੱਪਰ ਮੋਟੇ ਮੋਟੇ
ਅੱਖਰਾਂ ‘ਚ ਸਹੀ ਐਡਰੈਸ ਲਿਖ ਕੇ ਜਦ ਦੁਬਾਰਾ ਲੈਟਰ ਬਾਕਸ ਵਿੱਚ ਪਾਉਣ ਲੱਗਾ ਤਾਂ ਮਨ ‘ਚ
ਫਿਰ ਖਿਆਲ ਆ ਗਿਆ ਕੇ ਇਸ ਗੱਲ ਦੀ ਕੀ ਗਰੰਟੀ ਹੈ ਕਿ ਹੁਣ ਇਹ ਖਤ ਸਹੀ ਟਿਕਾਣੇਂ ‘ਤੇ ਪਹੁੰਚ
ਜਾਵੇਗਾ। ਖਤ ਉੱਪਰ ਲਿਖਿਆਂ ਐਡਰੈੱਸ ਮੇਰੇ ਘਰ ਤੋਂ 30-35 ਕਿਲੋਮੀਟਰ ਦੀ ਦੂਰੀ ‘ਤੇ ਹੋਣ
ਕਰਕੇ ਇਸ ਖਤ ਨੂੰ ਖੁਦ ਇਸਦੇ ਵਾਰਿਸ ਤਾਈਂ ਪਹੁੰਚਾਉਣ ਲਈ ਮੈ ਖੁਦ ਕਾਸਿਦ ਬਣਨ ਦਾ ਫੈਸਲਾ
ਕਰਕੇ ਸਵੇਰ ਹੁੰਦੇ ਹੀ ਘਰੋਂ ਸਿਰਨਾਵੇਦਾਰ ਦੇ ਘਰ ਨੂੰ ਚਾਲੇ ਪਾ ਦਿੱਤੇ। ਰਾਹ ‘ਚ ਜਾਂਦਾ
ਮੈਂ ਸੋਚ ਰਿਹਾ ਸੀ ਕਿ ਅੱਜ ਵਿਗਿਆਨ ਨੇਂ ਐਨੀਂ ਤਰੱਕੀ ਕਰ ਲਈ ਹੈ, ਕਿੰਨੇਂ ਹੀ ਦੂਰ ਸੰਚਾਰ
ਦੇ ਸਾਧਨ ਉਪਲੱਭਦ ਹਨ। ਫਿਰ ਵੀ ਕਿਉਂ ਲੋਕ ਐਨੀਆਂ ਅਹਿਮ ਸੂਚਨਾਵਾਂ ਨੂੰ ਅਜੇ ਵੀ
ਬੇ-ਭਰੋਸਗੀ ਵਾਲੇ ਖਤਾਂ ਤੇ ਲਿਖ ਕੇ ਜਿੰਮੇਵਾਰੀ ਤੋਂ ਸੁਰਖੁਰੂ ਹੋ ਜਾਂਦੇ ਹਨ? ਜਾਂ ਫਿਰ
ਇਹ ਲੋਕ ਅਜੇ ਵੀ ਮੁੱਢਲੀਆਂ ਸਹੂਲਤਾਂ ਤੋਂ ਬਾਂਝੇ ਹਨ? ਖੈਰ ਖਤ ਦੇ ਸਹੀ ਸਿਰਨਾਵੇਂ ਦੀ
ਪ੍ਰੋੜਤਾ ਲਈ ਉਸ ਘਰ ਦੀ ਗਲੀ ਦੀ ਨੁੱਕਰ ‘ਤੇ ਇੱਕ ਕਰਿਆਨੇ ਵਾਲੇ ਦੀ ਦੁਕਾਨ ਤੇ ਬੈਠੇ ਇੱਕ
ਵਿਅਕਤੀ ਨੂੰ ਉਸ ਖਤ ‘ਤੇ ਲਿਖਿਆ ਪਤਾ ਦਿਖਾਇਆ ਤਾਂ ਉਸ ਦੁਕਾਨਦਾਰ ਨੇਂ ਗਲੀ ਦੇ ਦੂਜੇ
ਕੋਨੇਂ ‘ਤੇ ਇੱਕ ਸ਼ਾਨਦਾਰ ਘਰ ਵੱਲ ਇਸ਼ਾਰਾ ਕਰ ਦਿੱਤਾ। ਜਦ ਮੈਂ ਉਸ ਵਿਅਕਤੀ ਬਾਰੇ ਜਾਣਕਾਰੀ
ਲੈਣੀਂ ਚਾਹੀ ਤਾਂ ਦੁਕਾਨਦਾਰ ਨੇਂ ਝਿਜਕਦੇ ਜਿਹੇ ਦੱਸਿਆ ਕੇ ਇਹ ਵਿਅਕਤੀ ਬਿਜਲੀ ਬੋਰਡ ‘ਚ
ਕੋਈ ਨੌਕਰੀ ਕਰਦੈ। ਪਿਛਲੇ ਸੱਤ ਅੱਠ ਸਾਲਾਂ ਤੋਂ ਇਸੇ ਮਕਾਨ ਵਿੱਚ ਰਹਿ ਰਿਹਾ ਹੈ। ਖਤ ਹੱਥ
‘ਚ ਫੜਕੇ ਮੈਂ ਉਸ ਘਰ ਦਾ ਕੁੰਡਾ ਜਾ ਖੜਕਾਇਆ। ਇੱਕ ਔਰਤ ਨੇਂ ਗੇਟ ਖੋਲਦੇ ਹੀ ਪੁੱਛਿਆ,
‘ਹਾਂ ਭਾਈ, ਕਿਹਨੂੰ ਮਿਲਣੈ’ ? ਜਦ ਮੈ ਉਸ ਨੂੰ ਖਤ ਵਾਲੀ ਰਾਮ ਕਹਾਣੀਂ ਦੱਸੀ ਤਾਂ ਉਹ ਬੜੇ
ਹੀ ਗੱਸੇ ਨਾਲ ਲਾਲ ਪੀਲੀ ਹੋਈ ਮੇਰੇ ‘ਤੇ ਹੀ ਵਰ੍ਹ ਪਈ। “ਨਾਂ ਹੁਣ ਏਸ ਮੋਮੋਠਗਣੀਂ ਨੂੰ
ਪੁੱਤ ਦੀ ਯਾਦ ਆ ਗਈ। ਐਡੀ ਛੇਤੀ ਕਿੱਥੇ ਮਰਦੀ ਐ ਇਹ ਭਰਾਵਾਂ ਪਿੱਟੀ। ਖੇਖਣ ਕਰਦੀ ਐ, ਪੈਸੇ
ਚਾਹੀਦੇ ਹੋਣੇ ਐ ਬਹੇਲ ਨੂੰ। ਨਾਂ ਉਦੋਂ ਤਾਂ ਸਾਨੂੰ ਦੋ ਜੁੱਲੜ ਦੇ ਕੇ ਘਰੋਂ ਕੱਢ ਦਿੱਤਾ
ਸੀ। ਹੁਣ ਆਵਦੇ ਛੋਟੇ ਪੁੱਤ ਤੋਂ ਹੀ ਮੰਗੇ ਪੈਸੇ। ਸਾਨੂੰ ਕਾਹਨੂੰ ਚਿੱਠੀਆਂ ਘੱਲਦੀ ਐ। ਊਂਅ
ਤਾਂ ਸਾਡੀ ਕਦੇ ਸਾਰ ਨਹੀਂ ਲਈ ਕਿ ਅਸੀਂ ਜਿਊਂਨੇ ਆਂ ਕਿ ਮਰਗੇ। ਲੈ ਜਾ ਵੇ ਵੀਰਾ ਏਸ ਚਿੱਠੀ
ਨੂੰ ਮੋੜਕੇ, ‘ਤੇ ਨਾਲੇ ਕਹਿ ਦਈ ਕੇ ਭਾਵੇਂ ਮਰੇ ਭਾਵੇਂ ਜੀਵੇ, ਅਸੀਂ ਨੀ ਹੁਣ ਓਹਦੀ ਦੇਹਲੀ
ਵੜਦੇ”। ਇੱਕੋ ਸਾਹੇ ਏਨਾਂ ਕਹਿ ਕੇ ਉਸ ਔਰਤ ਨੇ ਦਰਵਾਜਾ ਜੋਰ ਦੀ ਬੰਦ ਕਰ ਲਿਆ। ਮੈ ਹੱਥ
ਵਿੱਚ ਖਤ ਫੜੀ ਵਾਪਸ ਆਪਣੇਂ ਮੋਟਰਸਾਈਕਲ ਵੱਲ ਤੁਰ ਪਿਆ। ਅੱਜ ਫਿਰ ਮੈਨੂੰ ਸਮਝ ਨਹੀਂ ਲੱਗ
ਰਹੀ ਸੀ ਕਿ ਹੁਣ ਇਸ ਖਤ ਨੂੰ ਮੈਂ ਨਾਲ ਲੈ ਜਾਵਾਂ ਜਾਂ ਇੱਥੇ ਹੀ ਪਾੜ ਕੇ ਸੁੱਟ ਦੇਵਾਂ?
ਹਰਮੰਦਰ ਕੰਗ (ਸਿਡਨੀਂ)
ਆਸਟ੍ਰੇਲੀਆ
ਫੋਨ-0061 4342 88 301
e-mail-harmander.kang@gmail.com
-0-
|