ਐਮ ਏ ਕਰਨਾ ਉਨ੍ਹਾਂ
ਦਿਨਾਂ ‘ਚ ਅੱਜ ਨਾਲੋਂ ਬਹੁਤ ਹੀ ਵੱਖਰਾ ਸੀ। ਐਮ ਏ ਦਾ ਹਰ ਮਜ਼ਮੂਨ ਇੱਕ ਸੰਘਣੇ ਜੰਗਲ਼
ਵਾਂਗ ਹੁੰਦਾ ਸੀ ਜਿਸ ਵਿੱਚੋਂ ਦੀ ਕਾਮਯਾਬੀ ਨਾਲ਼ ਗੁਜ਼ਰਨ ਲਈ ਹਰ ਬੂਟੇ, ਹਰ ਬਿਰਖ਼ ਤੇ ਹਰ
ਪੰਛੀ ਨਾਲ਼ ਗੁਫ਼ਤਗੂ ਸਿਰਫ਼ ਅੰਗਰੇਜ਼ੀ ਭਾਸ਼ਾ ਵਿੱਚ ਹੀ ਹੋਇਆ ਕਰਦੀ ਸੀ; ਮਾਤਭਾਸ਼ਾ
ਪੰਜਾਬੀ ‘ਚ ਨਹੀਂ। ਸਕੂਲਾਂ ‘ਚ, ਛੇਵੀਂ ਤੋਂ ਦਸਵੀਂ ਜਮਾਤ ਤੀਕਰ, ‘ਮਾਸ਼ਟਰਾਂ’ ਵੱਲੋਂ, ਹਰ
ਸਾਲ ਚੂੰਢੀ ਕੁ ਅੰਗਰੇਜ਼ੀ ਘੋਟ ਕੇ ਵਿਦਿਆਰਥੀਆਂ ਨੂੰ ਛਕਾਅ ਦਿੱਤੀ ਜਾਂਦੀ ਸੀ;
ਗਰੈਮਰ-ਪੰਕਚੂਏਸ਼ਨ ਤੇ ਹੋਰ ਬਾਰੀਕੀਆਂ ਦੀ ਸਮਝ ਰੱਖਣ ਵਾਲ਼ੇ ਵਿਦਿਆਰਥੀ ਤਾਂ ਸਿਰਫ਼
ਵੱਡਿਆਂ ਸ਼ਹਿਰਾਂ ਦੀਆਂ ਵਿਰਲੀਆਂ-ਵਿਰਲੀਆਂ ਕੋਠੀਆਂ ‘ਚ ਹੀ ਪਾਏ ਜਾਂਦੇ ਸਨ ਜਿੱਥੇ
ਅਲਸੈਸ਼ਨ ਕੁੱਤਿਆਂ ਦੀ ਜੱਤ ਪਲ਼ੋਸਦੇ-ਪਲ਼ੋਸਦੇ ਹੀ ਉਹ ਅੰਗਰੇਜ਼ੀ ਵਿੱਚ ਲੰਮੇ-ਲੰਮੇ ਲੇਖ
ਲਿਖ ਮਾਰਦੇ ਸਨ। ਵੱਡੀ ‘ਸੰਗਤ’ ਤਾਂ ਇਮਤਿਹਾਨਾਂ ‘ਚ ਵਾਰ-ਵਾਰ ਦੁਹਰਾਈਆਂ ਜਾਣ ਵਾਲ਼ੀਆਂ
“ਲੈਟਰਜ਼” {ਚਿੱਠੀਆਂ} ਤੇ “ਐਸੇਜ਼” {ਲੇਖਾਂ} ਨੂੰ “ਘੋਟਾ” ਚਾੜ੍ਹ ਕੇ ਇਮਤਿਹਾਨਾਂ ਦੇ
ਭਵ-ਸਾਗਰ ‘ਚੋਂ “ਫੁਰਨ” ਕਰ ਕੇ ਪਾਰ ਹੋ ਜਾਂਦੀ ਸੀ: “ਵਨਸ ਅਪੋਨ ਏ ਟਾਈਮ, ਦੇਅਰ ਵਾਜ਼ ਏ
ਪਹਾੜੀ ਕਾਂ. ਵਨ ਡੇ ਹੀ ਵਾਜ਼ ਵੈਰੀ ਪਿਆਸਾ” ਤੇ ਜਾਂ ਫਿਰ “ਟੂ ਦੀ ਹੈਡ ਮਾਸਟਰ, ਗੌਰਮਿੰਟ
ਸਕੂਲ ਢੱਠਾ-ਖੂਹ, ਰਸਪੈਕਟਡ ਸਰ ਜੀ, ਆਈ ਬੈੱਗ ਟੂ ਸਟੇਟ ਕਿ ਟੂਡੇਅ ਆਈ ਹੈਵ ਬੁਖ਼ਾਰ। ਏਸ
ਕਰਕੇ, ਆਈ ਕੈਨਨੌਟ ਕਮ ਟੂ ਸਕੂਲ।” “ਪਿਆਸਾ ਕਾਂ” ਵਿਚਾਰਾ ਮੈਨੂੰ ਛੇਵੀਂ ਜਮਾਤ ‘ਚ ਮਿਲਿਆ
ਸੀ, ਤੇ ਓਦੋਂ ਤੋਂ ਹੀ ਤਪਦੀ ਦੁਪਹਿਰ ‘ਚ ਪਿਆਸ ਨਾਲ਼ ਤੜਫ਼ਦਾ... ਕੋਠਿਆਂ ‘ਤੇ ਪਾਣੀ ਦੀ
ਤਿੱਪ ਲਈ ਭਟਕਦਾ, ਬਾਰਵੀਂ ਤੀਕ ਘੜੇ ‘ਚ ਰੋੜੀਆਂ ਹੀ ਸੁੱਟੀ ਗਿਆ। ਤੇ ਉਧਰ ਛੇਵੀਂ ਜਮਾਤ ‘ਚ
ਟੀਚਰਾਂ ਦੀਆਂ ਬੈਂਤਾਂ ਦਾ ਚੜ੍ਹਾਇਆ “ਫੀਵਰ” ਬੀ ਏ ਦੇ ਦੂਜੇ ਸਾਲ ਤੀਕ ਵੀ ‘ਘੋਟਿਆਂ’ ‘ਚੋਂ
ਬਾਹਰ ਨਹੀਂ ਨਿੱਕਲਿ਼ਆ।
|
ਇਕਬਾਲ ਰਾਮੂਵਾਲੀਆ |
ਮੋਗੇ ਵਰਗੇ ਅਰਧ-ਸਾਦੇ
ਕਾਲਜ ‘ਚ ਤਾਂ ਅੰਗਰੇਜ਼ੀ ਜ਼ੁਬਾਨ ਦੀਆਂ ਬਰੀਕੀਆਂ ਪ੍ਰੋਫ਼ੈਸਰਾਂ ਦੀਆਂ ਜੇਬਾਂ ‘ਚ ਹੀ ਦੜੀਆਂ
ਰਹਿੰਦੀਆਂ ਸਨ: ਨਾ ਕਿਸੇ ਨੂੰ ਅੰਗਰੇਜ਼ੀ ਦੀਆਂ ਇਨ੍ਹਾਂ ਬੀਰੀਕ ਗੰਢਾਂ ਨੂੰ ਵਿਦਿਆਰਥੀਆਂ
ਦੇ ਸਨਮੁਖ ਲਟਕਾਉਣ ਦੀ ਚਿੰਤਾ ਹੀ ਸੀ ਤੇ ਨਾ ਹੀ ਕਿਸੇ ਵਿਦਿਆਰਥੀ ਨੂੰ ਇਨ੍ਹਾਂ ਗੰਢਾਂ ਨੂੰ
ਫਰੋਲਣ ਦੀ ਉਤਸੁਕਤਾ। ਫਿ਼ਕਰਿਆਂ ਨੂੰ ਕੰਠ ਕਰਨਾ ਹੀ ਇਮਤਿਹਾਨ ‘ਚੋਂ ਪਾਸ ਹੋਣ ਦਾ ਰਾਮਬਾਣੀ
ਨੁਸਖ਼ਾ ਸੀ; ਸ਼ਬਦਾਂ ਦੇ ਅਰਥਾਂ ਨੂੰ ਛਿੱਲਣ ਦਾ ਵੱਲ ਨਾ ਕੋਈ ਦਸਦਾ ਸੀ ਤੇ ਨਾ ਕੋਈ ਸਿੱਖਣ
ਲਈ ਤਿਆਰ ਹੀ ਹੁੰਦਾ ਸੀ। ਇਸੇ ਲਈ “ਘੋਟਾ-ਪਰਸ਼ਾਦ” ਦੀ ਚਾਟ ‘ਤੇ ਲੱਗੀ ਪੰਜਾਬ ਦੀ ਵਿਸ਼ਾਲ
‘ਸੰਗਤ’, ਸੰਘਣੀ ਅੰਗਰੇਜ਼ੀ ‘ਚ ਲਿਖੀਆਂ ਐਮ ਏ ਦੀਆਂ ਕਿਤਾਬਾਂ ਦੀਆਂ ਸਤਰਾਂ ‘ਚ
ਭਟਕਦੀ-ਖਪਦੀ ਗਿੱਟੇ-ਗੋਡੇ ਤੁੜਵਾਉਂਦੀ ਰਹਿੰਦੀ ਸੀ।
ਉਂਝ ਵੀ, ਅੱਜ-ਕੱਲ ਵਾਂਗ ਨਹੀਂ ਸੀ ਹੁੰਦੀ ਐਮ ਏ ਦੀ ਪੜ੍ਹਾਈ ਕਿ ਬਾਰਾਂ ਮਹੀਨੇ ਦੀਆਂ ਥਕਾਊ
ਪੌੜੀਆਂ ਨੂੰ ਛੇ-ਛੇ ਮਹੀਨਿਆਂ ਦੇ ਸਮੈਸਟਰੀ ਪੜਾਵਾਂ ‘ਚ ਰੁਕ-ਰੁਕ ਕੇ ਚੜ੍ਹਦਿਆਂ ਸਰ ਕਰ
ਲਿਆ ਜਾਂਦਾ। ਓਦੋਂ ਤਾਂ ਜੁੱਸੇਦਾਰ ਕਿਤਾਬਾਂ, ਸਾਰਾ ਸਾਲ, ਦੰਗਲ਼ ਦੇ ਅਖਾੜੇ ‘ਚ ਥਾਪੀਆਂ
ਮਾਰਦੇ ਭਲਵਾਨਾਂ ਵਾਂਗ, ਪੜ੍ਹਾਕੂਆਂ ਨੂੰ ਵੰਗਾਰਦੀਆਂ ਰਹਿੰਦੀਆਂ। ਲਾਇਬਰੇਰੀਆਂ ਦੀਆਂ
ਸ਼ੈਲਫ਼ਾਂ, ਬੈਰਕਾਂ ‘ਚ ਚੁੱਪਚਾਪ ਖਲੋਤੇ ਤਿਊੜੀਏ ਫੌਜੀਆਂ ਵਾਂਗ ਘੂਰਦੀਆਂ ਰਹਿੰਦੀਆਂ।
ਸਾਰੇ ਸਾਲ ਦੌਰਾਨ ਕਈ ਦਰਜਣਾਂ ਕਿਤਾਬਾਂ ਨੂੰ ਦਿਮਾਗ਼ ਵਿੱਚ ਵਾਰ-ਵਾਰ ਨਿਚੋੜਣਾ ਪੈਂਦਾ ਸੀ
ਤੇ ਫਿ਼ਰ ਸਾਲ ਦੇ ਅੰਤ ‘ਤੇ ਹੋਣ ਵਾਲੇ ਇੱਕੋ ਇਮਤਿਹਾਨ ‘ਚ, ਕਠਿਨ ਸੁਆਲਾਂ ਦੇ ਜਵਾਬਾਂ ਨੂੰ
ਲੱਭਣ ਲਈ, ਦਿਮਾਗ਼ ‘ਚ ਛੱਲਾਂ ਮਾਰਦੇ ਸਮੁੰਦਰ ਵਿੱਚ ਚੁੱਭੀਆਂ ਮਾਰਨੀਆਂ ਪੈਂਦੀਆਂ ਸਨ।
ਗੌਰਮਿੰਟ ਕਾਲਜ ‘ਚ ਬਕਾਇਦਾ ਪੜ੍ਹਾਈ ਸ਼ੁਰੂ ਹੁੰਦਿਆਂ ਹੀ, ਢਾਕਾਂ ‘ਤੇ ਹੱਥ ਧਰੀ ਖਲੋਤਾ
ਸ਼ੇਕਸਪੀਅਰ ਦਾ ‘ਐਜ਼ ਯੂ ਲਾਈਕ ਇਟ’ ਡਰਾਮਾ ਭਰਵੱਟਿਆਂ ਨੂੰ ਅੰਦਰ ਵੱਲ ਨੂੰ ਖਿੱਚ ਕੇ
ਮੇਰੀਆਂ ਤੇ ਮੇਰੇ ਮਿੱਤਰ ਗੁਰਮੀਤ ਦੀਆਂ ਅੱਖਾਂ ‘ਚ ਪਾੜਵੀਂ ਨਜ਼ਰੇ ਝਾਕਿਆ ਤੇ ਕਹਿਣ ਲੱਗਾ:
ਕਿੰਨੀ ਕੁ ਐ, ਉਏ, ਥੋਡੇ ਖੀਸਿਆਂ ‘ਚ ਅੰਗਰੇਜ਼ੀ, ਜੀਦ੍ਹੇ ਨਾਲ਼ ਮੇਰੀਆਂ ਗਹਿਰਾਈਆਂ ਨੂੰ
ਫਰੋਲਣ ਦਾ ਹੀਆ ਕਰਲੋਂਗੇ? ਅਸੀਂ ਆਪਣੀਆਂ ਸਹਿਮੀਆਂ ਨਜ਼ਰਾਂ ਇੱਕ-ਦੂਜੇ ਵੱਲ ਘੁਮਾਈਆਂ, ਤੇ
ਕੰਬਦੇ ਹੋਏ ਆਪਣੇ ਹੱਥ ਆਪਣੀਆਂ ਜੇਬਾਂ ਵਿੱਚ ਉਤਾਰੇ: ਉਥੇ ਅੰਗਰੇਜ਼ੀ ਦੇ ਸ਼ਬਦਾਂ ਦੀ
ਵਿਰਲੀ ਜਿਹੀ ਭਾਨ ਖੜਕੀ; ਨਾ ਕੋਈ ਇੱਕ ਰੁਪਏ ਦਾ ਨੋਟ, ਨਾ ਦੋ ਦਾ; ਪੰਜਾਂ ਦਸਾਂ ਦੇ ਤਾਂ
ਕਿੱਥੋਂ ਹੋਣੇ ਸੀ।
|
ਇਕਬਾਲ ਰਾਮੂਵਾਲੀਆ ਤੇ ਗੁਰਮੀਤ |
ਮੈਂ ਤੇ ਗੁਰਮੀਤ ਨੇ ਜਕਦਿਆਂ-ਜਕਦਿਆਂ ਡਰਾਮੇ ਦਾ ਫਾਟਕ ਖੋਲ੍ਹਿਆ; ਧੌਣਾਂ ਨੂੰ ਵਧਾਅ ਕੇ,
ਸਿਰ ਅੰਦਰ ਵੱਲ ਨੂੰ ਖਿਸਕਾਏ: ਓਥੇ ਬੁੱਢੀ ਅੰਗਰੇਜ਼ੀ ਦੇ ਝੁਰੜਾਏ ਚਿਹਰਿਆਂ ਵਾਲ਼ੇ
ਚਿੱਬ-ਖੜਿੱਬੇ ਸ਼ਬਦ, ਖੂੰਡੀਆਂ ਫੜੀ ਲੜਖੜਾਂਦੇ ਦਿਸੇ। ਢੱਠੇ ਜਿਹੇ ਦਿਲ ਨਾਲ਼ ਡਰਾਮੇ ਦੇ
ਅੰਦਰ ਵੱਲ ਨੂੰ ਕਦਮ ਵਧਾਉਣੇ ਸ਼ੁਰੂ ਕੀਤੇ: ਹਰ ਸਤਰ ‘ਚ ਥਾਂ-ਪੁਰ-ਥਾਂ ਰੋੜਿਆਂ ਵਾਂਗ ਬੈਠੇ
ਓਪਰੇ ਸ਼ਬਦਾਂ ‘ਚ ਪੈਰ ਅੜਕਣ ਲੱਗੇ, ਤੇ ਅਸੀਂ ਭੁਆਂਟਣੀਆਂ ਖਾ ਕੇ ਮੂੰਹ-ਭਾਰ ਡਿੱਗਣ ਲੱਗੇ।
‘ਐਜ਼ ਯੂ ਲਾਈਕ ਇਟ’ ਮੇਰੀਆਂ ਉਂਗਲ਼ਾਂ ‘ਚ ਘੁੱਟ ਕੇ ਪਕੜਿਆ ਹੋਇਆ ਸੀ: ਆਪਣੇ-ਆਪ ਨੂੰ
ਸਾਂਭਦਾ-ਉਠਾਲ਼ਦਾ ਤੇ ਲੱਤਾਂ ਬਾਹਾਂ ਨੂੰ ਪਲ਼ੋਸਦਾ ਹੋਇਆ, ਮੈਂ ਆਪਣੇ ਪਿੰਡ ਦੇ ਮਿਡਲ ਸਕੂਲ
‘ਚ ਜਾ ਵੜਿਆ: ਅੱਠਵੀਂ ਜਮਾਤ ਦਾ ਦਰਵਾਜਿ਼ਓਂ-ਸੱਖਣਾ ਕਲਾਸਰੂਮ ਗਰਮੀ ਨਾਲ਼ ਹੌਂਕ ਰਿਹਾ ਸੀ।
ਅੰਗਰੇਜ਼ੀ ਵਾਲ਼ੇ “ਮਾਸ਼ਟਰ ਜੀ” ਦੀ ਕੁਰਸੀ ਆਪਣੀਆਂ ਲੱਤਾਂ ਅਸਮਾਨ ਵੱਲ ਨੂੰ ਖੜ੍ਹੀਆਂ ਕਰ
ਕੇ “ਮਲੀਟਰ” (ਮੋਨੀਟਰ) ਸੋਹਣ ਸਿੰਘ ਦੇ ਸਿਰ ‘ਤੇ ਅਸਵਾਰ ਹੋ ਗਈ। ਅਸੀਂ ਸਾਰੇ ਸਾਊ
ਕਤੂਰਿਆਂ ਵਾਂਗੂੰ, “ਮਾਸ਼ਟਰ ਜੀ” ਦੇ ਮਗਰ-ਮਗਰ ਕਮਰੇ ‘ਚੋਂ ਨਿੱਕਲ਼ ਕੇ, ਬਾਹਰ ਲਾਅਨ ਦੇ
ਖੂੰਜੇ ‘ਚ ਬੈਠ ਗਏ। “ਮਾਸ਼ਟਰ ਜੀ” ਨੇ ਬੈਂਤ ਘੁੰਮਾਈ, ਤੇ ਆਪਣੀ ਕਰਚੀਆ ਠੋਡੀ ‘ਤੇ ਪੰਜਾ
ਫੇਰਿਆ। ਬੋਲਿਆ: ਕਰਲਿਆ ਯਾਦ, ਵਈ, ਸਾਰਿਆਂ ਨੇ ‘ਮਾਈ ਬੈਸਟ ਫ਼ਰਿੰਡ’?
ਸਾਰੀ ਜਮਾਤ ‘ਚੋਂ “ਹਾਂ ਜੀ” ਦਾ ਫ਼ੁਹਾਰਾ ਉੱਠਿਆ, ਤੇ ਮੁੰਡੇ ਕੁੜੀਆਂ ਦੇ ਹੱਥ ਉਨ੍ਹਾਂ
ਦੀਆਂ ਬਗ਼ਲਾਂ ‘ਚ ਜਾ ਥੁੰਨੇ ਗਏ।
-ਕੌਣ ਸੁਣਾਊਗਾ ਪਹਿਲਾਂ?
ਬਹੁਤੇ ਬੱਚਿਆਂ ਦੇ ਸੱਜੇ ਹੱਥ ਹਵਾ ‘ਚ ਲਹਿਰਾਉਣ ਲੱਗੇ।
ਉੱਪਰ ਵੱਲ ਨੂੰ ਉੱਭਰੇ ਮੇਰੇ ਮੋਢਿਆਂ ‘ਚ ਗ਼ਾਇਬ ਹੋ ਗਈ ਮੇਰੀ ਧੌਣ ਨੂੰ ਭਾਂਪਦਿਆਂ
‘ਮਾਸ਼ਟਰ’ ਨੇ ਹੁਕਮ ਕੀਤਾ: ਉੱਠ ਵਈ ‘ਅਕਵਾਲ’ ਸਿਅ੍ਹਾਂ... ਆ ਜਾ ਐਧਰ ਮੇਰੀ ਕੁਰਸੀ ਦੇ
ਲਾਗੇ...
ਮੀਂਹ ‘ਚ ਭਿੱਜੇ ਚੂਚੇ ਵਾਂਗ ਤੁਰਦਿਆਂ ਜਦੋਂ ਮੈਂ ਕੁਰਸੀ ਤੀਕ ਪਹੁੰਚਿਆ, ਤਾਂ ਮੇਰੇ ਮੱਥੇ
ਉੱਪਰ ਪਸੀਨੇ ਦੀ ਭਰਵੀਂ ਲਹਿਰ ਉੱਭਰ ਛਲਕ ਰਹੀ ਸੀ।
-ਯਾਦ ਕੀਤੈ ਐੱਸੇ ਕਿ ਨੲ੍ਹੀਂ? ‘ਮਾਸ਼ਟਰ’ ਦੀਆਂ ਅੰਦਰ ਵੱਲ ਨੂੰ ਖਿੱਚੀਆਂ ਭਵਾਂ ਘੁਰਕੀਆਂ।
ਮੇਰੀਆਂ ਅੱਖਾਂ ਵਾਰ-ਵਾਰ ਝਮਕਣ ਲੱਗੀਆਂ, ਤੇ ਉਨ੍ਹਾਂ ‘ਚ ਸਿੰਮ ਆਈ ਸਿੱਲ੍ਹ ਮੇਰੀਆਂ
ਝਿੰਮਣੀਆਂ ਨੂੰ ਗਿੱਲਣ ਲੱਗੀ। ਹੇਠਾਂ ਉੱਪਰ ਕੰਬ ਰਿਹਾ ਮੇਰਾ ਹੇਠਲਾ ਬੁੱਲ੍ਹ ਮੇਰੇ ਕਾਬੂ
‘ਚ ਨਹੀਂ ਸੀ ਆ ਰਿਹਾ। ਮੇਰੇ ਵੱਲ ਝਾਕ ਰਹੇ, ਮੇਰੇ ਸਾਹਮਣੇ ਸਾਹਮਣੇ ਬੈਠੇ ਮੁੰਡੇ-ਕੁੜੀਆਂ
ਦੇ ਢਿਲ਼ਕੇ ਹੋਏ ਬੁਲ੍ਹਾਂ ਨੇ ਉਹਨਾਂ ਦੀਆਂ ਅੱਖਾਂ ਹੇਠਲੀ ਚਮੜੀ ਨੂੰ ਵੀ ਹੇਠਾਂ ਵੱਲ ਨੂੰ
ਖਿੱਚ ਲਿਆ ਸੀ।
-ਉਏ ਯਾਦ ਕੀਤੈ ਕਿ ਨੲ੍ਹੀਂ? ‘ਮਾਸ਼ਟਰ’ ਦੇ ਪਟੇ ਫਰਕੇ, ਤੇ ਮੇਰਾ ਫ਼ਾਂਟਾਂ ਵਾਲਾ ਪਜਾਮਾ
ਥਰਕਣ ਲੱਗਾ। ਅਗਲੇ ਪਲੀਂ ਮੇਰੇ ਹੇਠਲੇ ਬੁੱਲ੍ਹ ਦੀ ਕੰਬਣੀ ਮੇਰੇ ਦੰਦਾਂ ਵਿਚਕਾਰ ਜਾ ਬੈਠੀ।
-ਬੋਲਦਾ ਨੀ, ਉਏ ਗੁੰਗਿਆ? ‘ਮਾਸ਼ਟਰ’ ਕੜਕਿਆ।
ਮੇਰੇ ਮੂੰਹ ਦੀਆਂ ਗੰਨੀਆਂ ਹੇਠਾਂ ਨੂੰ ਢਿਲ਼ਕ ਗਈਆਂ ਤੇ ਮੋਟਰਸਾਈਕਲ ਦੇ ਭੂਕਣੇ ‘ਚੋਂ
ਨਿੱਕਲ਼ਦੀ ‘ਫੁਸ-ਫੁਸ, ਫੁਸ-ਫੁਸ’ ਵਰਗੀ ਆਵਾਜ਼, ਮੇਰੇ ਬੁੱਲ੍ਹਾਂ ‘ਚੋਂ, ਡਿੱਗਣ ਲੱਗੀ।
‘ਮਾਸ਼ਟਰ’ ਦੇ ਸੱਜੇ ਹੱਥ ਦੀਆਂ ਉਂਗਲ਼ਾਂ ਨੇ ਮੇਰੇ ਖੱਬੇ ਡੌਲ਼ੇ ਨੂੰ ਸੰਨ੍ਹੀ ਵਾਂਗ ਜਕੜਿਆ
ਤੇ ਅਗਲੇ ਪਾਸੇ ਵੱਲ ਨੂੰ ਝਟਕਾਅ ਮਾਰਿਆ।
-ਤੈਨੂੰ ‘ਅੰਗਰੇਜੀ’ ਕਦੇ ਆਉਣੀ ਈ ਨੀ! ਉਸ ਨੇ ਹੱਥ ‘ਚ ਪਕੜੀ ਬੈਂਤ ਨੂੰ ਉੱਪਰ ਵੱਲ ਨੂੰ
ਖਿੱਚਿਆ।
ਥੱਲੇ ਡਿਗਦਿਆਂ ਹੀ ਸਰੀਰ ਨੂੰ ਸੱਜੀ ਕੂਹਣੀ ਦੇ ਭਾਰ ਕਰਦਿਆਂ ਮੈਂ ਆਪਣੇ ਮੋਢੇ ਆਪਣੇ ਕੰਨਾਂ
ਵੱਲ ਨੂੰ ਸੰਗੋੜ ਲਏ, ਤੇ ਆਪਣਾ ਖੱਬਾ ਪੰਜਾ ਹੁਣ ਮੈਂ ‘ਮਾਸ਼ਟਰ’ ਦੇ ਹੱਥ ‘ਚੋਂ ਮੇਰੇ ਵੱਲ
ਨੂੰ ਵਰ੍ਹ ਰਹੀ ਬੈਂਤ ਦੇ ਸਾਹਮਣੇ ਤਾਣ ਦਿੱਤਾ। ਬੈਂਤ ਜਿਓਂ ਹੀ ਮੇਰੀਆਂ ਉਂਗਲ਼ਾਂ ‘ਤੇ
‘ਕੜਾਅਕ’ ਕਰਦਿਆਂ ਝਪਟੀ, ਮੇਰੇ ਹੱਥਾਂ ‘ਚ ਪਕੜਿਆ ‘ਐਜ਼ ਯੂ ਲਾਈਕ ਇਟ’ ਧੜੰਮ ਕਰ ਕੇ ਫ਼ਰਸ਼
‘ਤੇ ਜਾ ਗਿਰਿਆ। ਮੈਨੂੰ ਲੱਗਿਆ ਮੇਰੇ ਖੀਸੇ ‘ਚ ਬੈਠੀ ਮੁੱਠੀ ਭਰ ਅੰਗਰੇਜ਼ੀ ਫ਼ਰਸ਼ ‘ਤੇ
ਖਿੰਡਰ ਗਈ। ਅੱਠ ਸਾਲ ਪਹਿਲਾਂ ਉਚਰਿਆ ਅੰਗਰੇਜ਼ੀ ਆਲੇ ‘ਮਾਸ਼ਟਰ’ ਦਾ ਕਥਨ ਮੇਰੇ ਮੱਥੇ ‘ਚ
ਭਿਣਕਣ ਲੱਗਾ: -ਤੈਨੂੰ ‘ਅੰਗਰੇਜੀ’ ਕਦੇ ਆਉਣੀ ਈ ਨੀ! ਤੈਨੂੰ ‘ਅੰਗਰੇਜੀ’ ਕਦੇ ਆਉਣੀ ਈ ਨੀ!
ਕਲਾਸਾਂ ‘ਚ ਪ੍ਰੋਫ਼ੈਸਰ ਲੈਕਚਰ ਲਾਉਂਦੇ, ਤਾਂ ਚੱਲ ਰਹੇ ਵਿਸ਼ੇ ਸਬੰਧੀ ਕਈ ਸਵਾਲ ਮੇਰੀ
ਛਾਤੀ ‘ਚ ਉੱਸਲਵੱਟੇ ਲੈਣ ਲਗਦੇ, ਮੇਰਾ ਜੀ ਕਰਦਾ ਹੱਥ ਨੂੰ ਹਵਾ ‘ਚ ਲਹਿਰਾਅ ਕੇ ਮੈਂ ਕੁਝ
ਬੋਲਣ ਲਈ ਖਲੋਅ ਜਾਵਾਂ, ਪ੍ਰੰਤੂ ਝੱਟ ਹੀ ਦੰਦ ਕਿਰਚਦੇ ਅੰਗਰੇਜ਼ੀ ਵਾਲੇ ‘ਮਾਸ਼ਟਰ’ ਦੀ
ਬੈਂਤ ਮੱਥੇ ‘ਚ ਹਿੱਲਣ ਲਗਦੀ: - ਤੂੰ ਤੇ ‘ਅੰਗਰੇਜੀ”? ਹਾ, ਹਾ, ਹਾ, ਹਾ!
ਸਾਡੀਆਂ ਬਹੁਤੀਆਂ ਹਮਜਮਾਤਣਾਂ ਐਸੀਆਂ ਸਨ ਜਿੰਨ੍ਹਾਂ ਦੇ ਬੁੱਲ੍ਹ ਹਿਲਦੇ ਤਾਂ ਉਨ੍ਹਾਂ ‘ਚੋਂ
‘ਕਾਨਵੈਂਟ ਸਕੂਲ’ ਡੁਲ੍ਹਣ ਲਗਦੇ: ਉਨ੍ਹਾਂ ਨੂੰ ਦੂਰੋਂ ਆਉਂਦੀਆਂ ਦੇਖ ਕੇ ਸਾਡੀਆਂ ਪੱਗਾਂ
ਹੇਠ ਪਸੀਨੇ ਦਾ ਛਲਕਾਅ ਉੱਠ ਖਲੋਂਦਾ। ਉਨ੍ਹਾਂ ਦੀ ਜ਼ੁਬਾਨ ‘ਕਿਚਰ-ਕਿਚਰ’ ਹਿਲਦੀ ਤਾਂ ਮੈਨੂੰ
ਜਾਪਦਾ ਉਹ ਮੇਰੇ ਚਿਹਰੇ ‘ਤੇ ਛਪੇ “ਗੌਰਮਿੰਟ ਸਕੂਲ ਪਿੰਡ ਰਾਮੂਵਾਲਾ” ‘ਤੇ ਮਖ਼ੌਲੀਆ
ਟਿੱਪਣੀਆਂ ਕਰ ਰਹੀਆਂ ਹੁੰਦੀਆਂ।
ਮੈਂ ਤੇ ਗੁਰਮੀਤ ਜਿਹੜੀ ਕਿਤਾਬ ਚੁਕਦੇ, ਪੰਜ-ਚਾਰ ਕਦਮ ਉਸ ਅੰਦਰ ਤੁਰਨ ਤੋਂ ਬਾਅਦ ਉਸ ‘ਚੋਂ
ਸੇਕ ਆਉਣ ਲਗਦਾ। ਫਿ਼ਰ ਅਸੀਂ ਅਗਲੀ ਕਿਤਾਬ ਨੂੰ ਜਗਾ ਲੈਂਦੇ। ਕੁਝ ਸਫਿ਼ਆਂ ਬਾਅਦ ਉਹ
ਉਬਾਸੀਆਂ ਲੈਣ ਲਗਦੀ। ਅਗਰ ਕੋਈ ਕਿਤਾਬ ਸਾਨੂੰ ਉਂਗਲ਼ੀ ਫੜ ਕੇ ਤੋਰ ਵੀ ਲੈਂਦੀ ਤਾਂ ਇਹ ਪਤਾ
ਨਾ ਲਗਦਾ ਕਿ ਇਮਤਿਹਾਨ ਲਈ ਇਸ ਦੇ ਕਿਹੜੇ ਅੰਗ ਦਾ ਐਕਸਰੇ ਕਰਨਾ ਹੈ, ਤੇ ਕਿਹੜੇ ਦੀ ਸਰਜਰੀ।
ਮੈਂ ਤੇ ਗੁਰਮੀਤ, ਸਾਡੇ ਅੰਦਰ ਕਰੂਲ਼ੀਆਂ ਕਰਦੀ ਬੇਚੈਨੀ ਨੂੰ ਲੁਕਾਉਣ ਦੀਆਂ ਕੋਸਿ਼ਸ਼ਾਂ ‘ਚ
ਇੱਕ-ਦੂਜੇ ਨਾਲ਼ ਨਜ਼ਰਾਂ ਟਕਰਾਉਣ ਤੋਂ ਟਾਲ਼ਾ ਵੱਟਣ ਲੱਗੇ।
ਇੱਕ ਦਿਨ ਮੈਂ ਗੁਰਮੀਤ ਨੂੰ ਕਿਹਾ ਯਾਰ ਕਿਸੇ ‘ਕਲਾਸਮੇਟ’ ਤੋਂ ਈ ਪੁੱਛ ਲੀਏ ਬਈ ਇਹ ਨਾਵਲ
ਤੇ ਡਰਾਮੇ ਜੇ ਔਖਿਆਂ ਸੌਖਿਆਂ ਹੋ ਕੇ ਪੜ੍ਹ ਵੀ ਲਏ ਤਾਂ ਇਹ ਤਾਂ ਦੱਸੋ ਬਈ ਓਦੂੰ ਬਾਅਦ
ਐਗਜ਼ੈਮ ਲਈ ਤਿਆਰੀ ਕਿਵੇਂ ਕਰਨੀ ਐਂ।
ਗੁਰਮੀਤ ਬੋਲਿਆ: ਭੜੂਆ, ਪੁੱਛੇਂਗਾ ਕੀਹਤੋਂ... ਜਿੰਨੇ ਆਪਣੇ ਅਰਗੇ ਪੇਂਡੂ ਫਸੇ ਵੇ
ਅੰਗਰੇਜ਼ੀ ਦੀ ਐਮ ਏ ‘ਚ, ਉਹ ਤਾਂ ਆਪ ਕੀੜਿਆਂ ਵਾਲ਼ੇ ਕੁੱਤੇ ਆਂਗੂੰ ਸਿਰ ਸੁੱਟ ਕੇ, ਕਦੇ
ਐਧਰਲੇ ਖੂੰਜੇ ਨੂੰ ਭਜਦੇ ਐ ਤੇ ਕਦੇ ਔਧਰਲੇ ਨੂੰ... ਤੇ ਆਹ ਜਿਹੜੇ ‘ਕਾਨਵੰਟਾਂ’ ਦੇ
ਚੂਚੇ-ਚੂਚੀਐਂ, ਇਹ ਤਾਂ ਆਪਾਂ ਨੂੰ ਦੇਖਦਿਆਂ ਈ ਅੱਖਾਂ ‘ਤੇ ਕਾਲ਼ੀਆਂ ਐਨਕਾਂ ਦੀ ਛਤਰੀ ਤਾਣ
ਲੈਂਦੇ ਐ... ਪਹਿਲੀ ਗੱਲ ਤਾ ਇਨ੍ਹਾਂ ਨੇ ਆਪਣੇ ਨਾਲ਼ ਗੱਲ ਈ ਨੀ ਕਰਨੀ; ਤੇ ਜੇ ਕਰ ਵੀ ਲਈ
ਤਾਂ ਇਨ੍ਹਾਂ ਦੀ ‘ਫੁਰਤ-ਫੁਰਤ’ ਚਲਦੀ ਅੰਗਰੇਜੀ ਮੂਹਰੇ ਖੜ੍ਹਨ ਦਾ ਹੌਸਲਾ ਭਲਾ ਹੈਗੈ ਆਪਣੇ
‘ਚ?
ਫਿਰ ਗੁਰਮੀਤ ਦੀ ਵਾਕਫ਼ੀ ਕੁਝ ਉਨ੍ਹਾਂ ਵਿਦਿਆਰਥੀਆਂ ਨਾਲ਼ ਹੋ ਗਈ ਜਿਨ੍ਹਾਂ ਨੇ ਪਿਛਲੇ ਸਾਲ
ਅੰਗਰੇਜ਼ੀ ਦੀ ਐਮ ਏ ਦੀਆਂ ਕਿਤਾਬਾਂ ਨਾਲ਼ ਲੰਮੀ ਗੁਫ਼ਤਗੂ ਚਲਾਈ ਸੀ: ਉਨ੍ਹਾਂ ਨੇ ਖ਼ਬਰਦਾਰ
ਕੀਤਾ ਸੀ: ਮੁੰਡਿਓ ਸੈਕੰਡ ਡਵਿਯਨ ਨਾ ਆਈ ਐਮ ਏ ‘ਚੋਂ ਤਾਂ ਸਮਝੋ ਸਾਰੀ ਮਿਹਨਤ ਬੇਕਾਰ!
-ਸ਼ੈਕਸਪੀਅਰ ਤਾਂ, ਭਰਾਵੋ, ਚੌਥਾ ਹਿੱਸਾ ਵੀ ਪੱਲੇ ਨੀ ਪੈਂਦਾ, ਮਿੱਤਰ ਗੁਰਮੀਤ ਉਨ੍ਹਾਂ
ਨੂੰ ਕਿਰੂੰ-ਕਿਰੂੰ ਕਰਦੀ ਅਵਾਜ਼ ‘ਚ ਬੋਲਿਆ ਸੀ। –ਤੇ ਬਾਕੀ ਕਿਤਾਬਾਂ ਅਸੀਂ ਪੜ੍ਹੀ ਤਾਂ
ਜਾਨੇ ਆਂ, ਸਮਝ ‘ਚ ਵੀ ਪੈਂਦੀਆਂ ਨੇ... ਪਰ ਏਹ ਪਤਾ ਨੀ ਲਗਦਾ ਪਈ ਇਨ੍ਹਾਂ ਬਾਰੇ ਐਗਜ਼ਾਮ
‘ਚ ਸੁਆਲ ਕੀ ਆਉਣਗੇ।
-ਘਾਣੀ ਕੋਈ ਨੀ, ਪੁਰਾਣੇ ਵਿਦਿਆਰਥੀਆਂ ਨੇ ਦੱਸਿਆ ਸੀ। –ਸਾਲ਼ੇ ਗੋਰਿਆਂ ਨੂੰ ਐਥੋਂ
ਖਿਸਕਿਆਂ ਵੀਹ ਸਾਲ ਹੋਗੇ ਐ, ਪਰ ਪੰਜਾਬ ਯੂਨੀਵਰਸਿਟੀ ਨੇ ਗੋਰਿਆਂ ਵੇਲ਼ੇ ਦੀਆਂ ਕਿਤਾਬਾਂ
ਨੂੰ ਜੂੜ ਪਾ ਕੇ ਰੱਖਿਆ ਹੋਇਐ; ਵੀਹ ਸਾਲਾਂ ‘ਚ ਇੱਕ ਸਫ਼ਾ ਵੀ ਸਲੇਬਸ ਦੀ ਕੈਦ ‘ਚੋਂ ਖਿਸਕਣ
ਨੀ ਦਿੱਤਾ... ਓਹੀਓ ਨਾਵਲ, ਓਹੀਓ ਡਰਾਮੇਂ ਤੇ ਓਹੀਓ ਪਰੋਜ਼! ਤੇ ਪਿਛਲੇ ਵੀਹਾਂ ਸਾਲਾਂ ਤੋਂ
ਇਮਤਿਹਾਨਾਂ ਦੇ ਪਰਚੇ ਹਰ ਕਿਤਾਬ ਉੱਪਰ ਵਾਰ-ਵਾਰ ਓਹੀ ਸੁਆਲ ਉਗਲੱਛੀ ਜਾਂਦੇ ਐ... ਮੁੰਡਿਓ!
ਕਿਤਾਬਾਂ ਦੀ ਦੁਕਾਨ ਤੋਂ ਪਿਛਲੇ ਦਸ ਸਾਲਾਂ ‘ਚ ਆਏ ਕੁਐਸਚਨਜ਼ ਦੀ ਬੁੱਕਲੈੱਟ ਜਿਹੀ ਮਿਲ਼ਦੀ
ਐ, ਬੱਸ ਉਨ੍ਹਾਂ ਸਵਾਲਾਂ ਦੇ ਸਿ਼ਕਾਰੀ ਬਣਜੋ... ਸੈਕੰਡ ਡਵਿਯਨ ਪੱਕੀ!
ਪਾਰਟ ਟੂ ਵਾਲਿ਼ਆਂ ਦੇ ‘ਨੁਸਖ਼ੇ’ ਨੇ ਢਿੱਡ ‘ਚ ਪੈਂਦੀਆਂ ਕੁੜੱਲਾਂ ਨੂੰ ਠੰਡ ਪਾ ਦਿੱਤੀ।
ਅਗਲੇ ਦਿਨ ਬੀਤੇ ਦਸ ਸਾਲਾਂ ਦੌਰਨ ਪੇਪਰਾਂ ‘ਚ ਵਾਰ-ਵਾਰ ਦਰਸ਼ਨ ਦੇਣ ਵਾਲੇ ਸੁਆਲਾਂ ਵਾਲ਼ੀ
ਬੁੱਕਲੈੱਟ ਸਾਡੇ ਹੱਥਾਂ ‘ਚ ਸੀ। ਬੁੱਕਲੈੱਟ ਦਾ ਸਫ਼ਰ ਸ਼ੁਰੂ ਕੀਤਾ ਤਾਂ ਸਾਡੇ ਅਤੇ ਕਿਤਾਬਾਂ
ਦੇ ਸੰਘਣੇ ਜੰਗਲ਼ ਦਰਮਿਆਨ ਪਸਰਿਆ ‘ਰਾਜਸਥਾਨ’ ਸੁੰਗੜਨ ਲੱਗਾ... ਡੰਡੀਆਂ ਦਿਸਣ ਲੱਗੀਆਂ,
ਪੈੜਾਂ ਉੱਭਰਨ ਲੱਗੀਆਂ!
ਮੈਂ ਤੇ ਗੁਰਮੀਤ ਦੋ ਕੁ ਵਜੇ ਕਲਾਸਾਂ ਦੇ ਕਮਰਿਆਂ ਨੂੰ ਇਕੱਲਤਾ ‘ਚ ਡੋਬਦੇ, ਤੇ ਸਾਈਕਲ ਨੂੰ
ਸੇਧ ਦਿੰਦੇ ਕਦੇ ਮਾਡਲ ਗਰਾਮ ਵਾਲ਼ੇ ਸਾਡੇ ਮਕਾਨ ਵੱਲ ਨੂੰ ਤੇ ਕਦੇ ਗੁਰਮੀਤ ਦੇ ਹੋਸਟਲੀ
ਕਮਰੇ ਵੱਲ ਨੂੰ। ਜਾਣ ਸਾਰ ਅਲਾਰਮ ਦੀ ਚਾਬੀ ਨੂੰ ਮਰੋੜਦੇ ਤੇ ਘੰਟਾ ਭਰ ਲਈ ਨੀਂਦ ਦੇ ਡੂੰਘੇ
ਤਲਾਅ ਵਿੱਚ ਲਹਿ ਜਾਂਦੇ। ਚਾਰ ਕੁ ਵਜਦੇ ਨੂੰ ਨੀਂਦ ਨੂੰ ਗਿੱਲੇ ਕਮੀਜ਼ ਵਾਂਗ ਉਤਾਰ ਕੇ ਚਾਹ
ਦੇ ਦੁਆਲੇ ਹੋ ਜਾਂਦੇ। ਚਾਹ ਪਿਆਲੀਆਂ ‘ਚ ਹੁੰਦੀ, ਤੇ ਅਸੀਂ ਕਿਸੇ ਇੱਕ ਕਿਤਾਬ ਨੂੰ ਪਲੋਸਦੇ
ਤੇ ਉਸ ਦੇ ਇਕੱਲੇ-ਇਕੇਲੇ ਫਿ਼ਕਰੇ ਨੂੰ ਘੁੱਟ-ਘੁੱਟ ਕਰ ਕੇ ਅੰਦਰ ਲੰਘਾਈ ਜਾਂਦੇ। ਕਿਤਾਬ ਦੇ
ਆਖ਼ਰੀ ਸਫ਼ੇ ਨੂੰ ਬਾਏ-ਬਾਏ ਆਖ ਕੇ, ਉਸ ਕਿਤਾਬ ਉੱਤੇ ਵਾਰ-ਵਾਰ ਰੀਪੀਟ ਹੋਏ ਸੁਆਲਾਂ ਨੂੰ
ਵਾਰੀ-ਵਾਰੀ ਜਗਾਉਂਦੇ/ਉਧੇੜਦੇ ਤੇ ਇੱਕ-ਇੱਕ ਸਵਾਲ ਦਾ ਲੰਮਾਂ, ਵਜ਼ਨਦਾਰ ਜੁਆਬ ਕਾਪੀਆਂ ‘ਚ
ਲਿਖੀ ਜਾਂਦੇ। ਏਨ੍ਹਾਂ ਦਿਨਾਂ ‘ਚ ਹੀ ਅਸੀਂ ਅੰਗਰਜ਼ੀ ਗਰੈਮਰ ਦੀ ਇੱਕ ਕਿਤਾਬ ਨਾਲ਼ ਵੀ
ਨਵੀਂ-ਨਵੀਂ ਲਿਹਾਜ਼ ਪਾ ਲਈ ਸੀ। ਕਿਤਾਬ ਦੇ ਹਿਸਾਬ ਨਾਲ਼, ਸਾਡੇ ਵੱਲੋਂ ਤਿਆਰ ਕੀਤੇ
‘ਨੋਟਸ’ ਦੀ ਗਰੈਮਰ ਦਾ ਤਾਣਾ-ਪੇਟਾ ਠੀਕ ਕਰਦੇ, ਅਤੇ ਕਾਮੇ, ਕੋਲਨ ਤੇ ਸੈਮੀ ਕੋਲਨ ਦੀਆਂ
ਸੁਰਖ਼ੀਆਂ-ਬਿੰਦੀਆਂ ਲਾਉਂਦੇ।
ਦਾਲ਼-ਰੋਟੀ ਤਾਂ ਸ਼ਾਮ ਨੂੰ ਅੱਠ ਕੁ ਵਜੇ ਤਿਆਰ ਕਰ ਕੇ ਕਮਰੇ ਦੇ ਖੂੰਜੇ ‘ਚ ਟਿਕਾਈ ਹੁੰਦੀ
ਸੀ, ਪਰ ਸੰਕਲਪ ਸਾਡਾ ਇਹ ਸੀ ਕਿ ਰੋਟੀ ਨਾਲ਼ ਦੰਦਾਂ ਦੀ ਗੁਫ਼ਤਗੂ ਰਾਤ ਦੇ ਬਾਰਾਂ ਵਜੇ ਤੋਂ
ਪਹਿਲਾਂ ਨਹੀਂ ਕਰਾਉਣੀ: ਓਦੋਂ ਤੀਕ ਕਿਤਾਬਾਂ ਤੇ ‘ਨੋਟਸ’ ਵਾਲੀਆਂ ਕਾਪੀਆਂ ਦੀ ਇੱਕ-ਦੂਜੇ
ਨਾਲ਼ ‘ਤੂੰ-ਤੂੰ, ਮੈਂ-ਮੈਂ’ ਚਲਾਈ ਰਖਦੇ। ਦੋਵੇਂ ਵੱਡੀਆਂ ਸੂਈਆਂ ਬਾਰਾਂ ਦੇ ਹਿੰਦਸੇ ਕੋਲ਼
ਜਿਓਂ ਹੀ ਬਗ਼ਲਗੀਰ ਹੁੰਦੀਆਂ, ਪੈੱਨ ਦਾ ਪੋਪਲਾ ‘ਰੀਂ-ਰੀਂ’ ਕਰਨ ਲੱਗ ਜਾਂਦਾ, ਕਿਤਾਬਾਂ
ਉਬਾਸੀਆਂ ਲੈਣ ਲੱਗ ਜਾਂਦੀਆਂ, ਤੇ ਕਾਪੀਆਂ ਊਂਘਣ ਲੱਗ ਜਾਂਦੀਆਂ।
ਹੁਣ ਠੰਡੀ ਹੋ ਚੁੱਕੀ ਦਾਲ਼ ਵਾਲ਼ੀ ਪਤੀਲੀ ਸਟੋਵ ਦੇ ਸਿਰ ‘ਤੇ ਸਵਾਰ ਹੋ ਜਾਂਦੀ, ਤੇ
ਪਿੰਡੋਂ, ਗੁਰਦਾਸ ਬਾਈ ਵੱਲੋਂ ਭੇਜੀ ‘ਪੀਪੀ’ ਦਾ ਢੱਕਣ, ਖੰਘੂਰੇ ਮਾਰਨ ਲਗਦਾ: ਅਗਲੇ ਪਲੀਂ,
ਦੋ ਗਲਾਸਾਂ ‘ਚ ਉਲੱਦਿਆ ਤਰਲ ਪਦਾਰਥ ਕਮਰੇ ਦੀਆਂ ਕੰਧਾਂ ਨੂੰ ਝੂਮਣ ਲਾ ਦਿੰਦਾ।
ਵਾਰਤਿਕ, ਨਾਵਲ ਤੇ ਹੋਰ ਕਿਤਾਬਾਂ ਨੂੰ ਤਾਂ ਅਸੀਂ ਹੌਲ਼ੀ-ਹੌਲ਼ੀ ਪੁਚਕਾਰ ਲਿਆ ਸੀ, ਪਰ
ਸ਼ੇਕਸਪੀਅਰ ਟੱਸ ਤੋਂ ਮੱਸ ਨਹੀਂ ਸੀ ਹੋ ਰਿਹਾ। ਉਦ੍ਹੇ ਹਰ ਕਿਰਦਾਰ ਦਾ ਹਰ ਡਾਇਆਲਾਗ
ਬੁਝਾਰਤ ਬਣ ਕੇ ਸਾਡੇ ਸਾਹਮਣੇ ਖਲੋਅ ਜਾਂਦਾ। ਹੁਣ ਹਾਲਤ ਮੇਰੀ ਇਹ ਹੋ ਗਈ ਸੀ ਕਿ
ਸ਼ੇਕਸਪੀਅਰ ਦੀ ਕਿਤਾਬ ਦਾ ਚੇਤਾ ਆਉਂਦਿਆਂ ਹੀ ਮੇਰੇ ਸਾਹਮਣੇ ਅੱਠਵੀਂ ਜਮਾਤ ਵਾਲ਼ਾ
ਅੰਗਰੇਜ਼ੀ ‘ਮਾਸ਼ਟਰ’ ਆਪਣੀ ਬੈਂਤ ਘੁੰਮਾਉਣ ਲੱਗ ਜਾਂਦਾ। –ਹੂੰਅ, ਉਹ ਨੱਕ ਫੁਲਾਉਂਦਾ।
–ਸਮਝਲੇਂਗਾ ਤੂੰ ਸ਼ੈਕਸਪੀਅਰ ਨੂੰ ਰਾਮੂਵਾਲ਼ੇ ਦੇ ਸਕੂਲ ‘ਚੋਂ ਪੜ੍ਹ ਕੇ!
ਪਰ ਇੱਕ ਦਿਨ ਮਿੱਤਰ ਗੁਰਮੀਤ ਕਿਧਰੋਂ ਸੁਣ ਆਇਆ: ਓਏ ‘ਲਾਇਲ ਬੁੱਕ ਡੀਪੋ’ ‘ਚ ਸ਼ੈਕਸਪੀਅਰ
ਦੇ ਡਰਾਮੇ ਮਿਲ਼ਦੇ ਐ...
-ਹੱਛਾ? ਮੈਂ ਆਪਣੇ ਭਰਵੱਟੇ ਉਤਾਂਹ ਨੂੰ ਖਿੱਚੇ। –ਪਰ ਡਰਾਮੇ ਤਾਂ ਆਪਣੇ ਕੋਲ਼ ਪਹਿਲਾਂ ਈ
ਹੈਗੇ ਆ; ਪੰਗਾ ਤਾਂ ਏਹ ਐ ਬਈ ਇਹ ਸਾਲ਼ਾ ਸ਼ੈਕਸਪੀਅਰ ਤਾਂ ਆਵਦਾ ਮੋਨ-ਵਰਤ ਈ ਨੀ ਤੋੜਦਾ!
-ਓਏ ਨਹੀਂ, ਬਾਬਾ ਜੀ! ਗੁਰਮੀਤ ਨੇ ਧੌਣ ਨੂੰ ਝਟਕਾ ਮਾਰਿਆ। –ਜਿਹੜੀਆਂ ਡਰਾਮੇ ਦੀਆਂ
ਕਿਤਾਬਾਂ ਬਾਰੇ ਮੈਂ ਸੁਣਿਐਂ, ਉਨ੍ਹਾਂ ‘ਚ ਹਰ ਸਫ਼ੇ ‘ਤੇ ਫੁਟਨੋਟ ਹੁੰਦੇ ਐ ਜਿੰਨ੍ਹਾਂ ‘ਚ
ਹਰੇਕ ਔਖੇ ‘ਵਰਡ’ ਦੇ ਮੀਨਿੰਗ ਦਿੱਤੇ ਹੋਏ ਐ... ਉਹ ਮੁੰਡੇ ਕਹਿੰਦੇ ਸੀ ਬਈ ਏਨ੍ਹਾਂ
ਫੁਟਨੋਟਾਂ ਬਿਨਾਂ ਸ਼ੈਕਸਪੀਅਰ ਦੀਆਂ ਗੰਢਾਂ ਨੀ ਖੁਲ੍ਹਣੀਆਂ...
ਫੁੱਟਨੋਟਾਂ ਵਾਲ਼ੀਆਂ ਕਿਤਾਬਾਂ ਖੁਲ੍ਹਦਿਆਂ ਹੀ ਸ਼ੈਕਸਪੀਅਰ ਦਾ ਗੁੰਗ ਟੁਟਣ ਲੱਗਾ। ‘ਐਜ਼
ਯੂ ਲਾਈਕ ਇਟ’ ਦੇ ਤੁਮਾਮ ਕਿਰਦਾਰ ਅੰਗੜਾਈਆਂ ਲੈ ਕੇ ਨੀਂਦ ਨਾਲ਼ ਭਾਰੀਆਂ ਹੋਈਆਂ ਅੱਖਾਂ
ਨੂੰ ਮਲਣ ਲੱਗੇ।
ਇਮਤਿਹਾਨ ਸ਼ੁਰੂ ਹੋਣ ਤੋਂ ਦੋ ਮਹੀਨੇ ਪਹਿਲਾਂ, ਸਾਰੀਆਂ ਕਿਤਾਬਾਂ ਦੇ, ਕਾਪੀਆਂ ‘ਚ ਉੱਕਰੇ
ਨੋਟਸ (ਸਵਾਲਾਂ ਦੇ ਜੁਆਬ) ਸਫਿ਼ਆਂ ਦੀਆਂ ਲਕੀਰਾਂ ‘ਚੋਂ ਉੱਸਲ਼ਵੱਟੇ ਲੈਣ ਲੱਗੇ। ਸਾਨੂੰ
ਜਾਪਦਾ ਐਮ ਏ ਦੀ ਮੰਨਜਿ਼ਲ ਵੱਲ ਨੂੰ ਜਾਂਦੀਆਂ ਡੰਡੀਆਂ ਦੇ ਨਕਸ਼ੇ ਤਿਆਰ ਹੋ ਗਏ ਸਨ; ਹੁਣ
ਵਕਤ ਸੀ ਇਨ੍ਹਾਂ ਨਕਸਿ਼ਆਂ ਨੂੰ ਆਪਣੇ ਦਿਮਾਗਾਂ ‘ਚ ਉਕਰਨ ਦਾ।
ਇਮਤਿਹਾਨ ‘ਚੋਂ ਪਾਸ ਹੋਣ ਦੇ ਮੰਤਰ ਲੱਭ ਜਾਣ ਤੋਂ ਬਾਅਦ, ਹਰ ਰੋਜ਼ ਕਾਲਜ ‘ਚ ਜਾਣਾ ਸਾਡੇ
ਲਈ ਹੁਣ ਬੱਸ ਸ਼ੁਗਲ ਹੀ ਰਹਿ ਗਿਆ ਸੀ, ਜਾਂ ਸੁਖਸਾਗਰ ਨਾਲ਼ ਬੈਠ ਕੇ ਚਾਹ ਪੀਣ ਦਾ ਬਹਾਨਾ।
‘ਨੋਟਸ’ ਵਾਲ਼ੀਆਂ ਕਾਪੀਆਂ ਹਰ ਵਕਤ ਸਾਡੀਆਂ ਬਗ਼ਲਾਂ ‘ਚ ਹੁੰਦੀਆਂ। ਲਾਇਬਰੇਰੀ ਦੇ ਕਿਸੇ
ਕੋਨੇ ‘ਚ, ਗੁਰਮੀਤ ਮੇਰੇ ਸਾਹਮਣੇ ਬੈਠ ਜਾਂਦਾ ਤੇ ‘ਨੋਟਸ’ ਵਾਲ਼ੀਆਂ ਕਾਪੀਆਂ ਆਪਣੇ ਹੱਥ ‘ਚ
ਪਕੜ ਕੇ ਮੈਨੂੰ ਸੁਆਲ ਪੁੱਛਦਾ। ਅਸੂਲ ਇਹ ਸੀ ਪਈ ਜਵਾਬ ਅੰਗਰੇਜ਼ੀ ‘ਚ ਈ ਦੇਣੈ। ਫੇਰ
ਗੁਰਮੀਤ ਦੀ ਜੁੱਤੀ ‘ਚ ਮੈਂ ਪੈਰ ਗੱਡ ਦੇਂਦਾ: ਹੁਣ ਮੈਂ ‘ਸਵਾਲੀ’ ਹੁੰਦਾ ਤੇ ਗੁਰਮੀਤ
‘ਜਵਾਬੀ’! ਹਰ ਰੋਜ਼ ਸਵੇਰ ਤੋਂ ਰਾਤ ਦੇ ਬਾਰਾਂ ਵਜੇ ਤੀਕ (ਕਦੇ ਲਾਇਬਰੇਰੀ ‘ਚ, ਕਦੇ ਕਿਸੇ
ਲਾਅਨ ‘ਚ, ਤੇ ਕਦੇ ਹੋਸਟਲ/ਮਕਾਨ ਦੇ ਕਮਰਿਆਂ ‘ਚ) ਸਵਾਲ-ਜੁਆਬ ਦਿਨ ‘ਚ ਦਰਜਣਾਂ ਵਾਰ ਹੋਈ
ਜਾਂਦੇ ਜਿਸ ਨਾਲ਼ ਨਵੀਂ ਸ਼ਬਦਾਵਲੀ, ਨਵੇਂ ਮੁਹਾਵਰੇ ਤੇ ਪੇਚੀਦਾ ਫਿ਼ਕਰੇ ਸਾਡੀਆਂ ਜੀਭਾਂ
‘ਤੇ ਚੁਟਕੀਆਂ ਮਾਰਨ ਲੱਗੇ। ਰਾਤ ਦੇ ਬਾਰਾਂ ਵਜਦੇ ਤਾਂ ਕੱਚ ਦੇ ਗਲਾਸ ਸਾਡੇ ਮੰਜਿਆਂ
ਵਿਚਕਾਰ ਬੈਠੇ ਸਟੂਲ ‘ਤੇ ਆ ਉੱਤਰਦੇ। ਅਗਲੇ ਪਲੀਂ ਗੁਰਮੀਤ ਦੀਆਂ ਮੋਟੀਆਂ ਅੱਖਾਂ ‘ਚ ਤਾਰੇ
ਟਿਮਟਮਾਉਣ ਲਗਦੇ। ਮੈਂ ਗਲਾਸ ਨੂੰ ਛਲਕਾਉਂਦਾ ਤੇ ਕਹਿੰਦਾ: ਹੁਣ ਨੀ ਮਾਰ ਖਾਂਦੇ, ਗੁਰਮੀਤ
ਸਿਅ੍ਹਾਂ... ਪਾਸ ਤਾਂ ਹੋ ਈ ਜਾਵਾਂਗੇ!
ਗੁਰਮੀਤ ਗਲਾਸ ਨੂੰ ਖਾਲੀ ਕਰ ਕੇ ਆਖਦਾ: ਮੇਰੇ ਢਿੱਡ ‘ਚ ਤਾਂ, ਮਿੱਤਰਾ, ਇਮਤਿਹਾਨ ਦਾ ਕਿਆਸ
ਕਰ ਕੇ ਗੁਰੜ-ਗੁਰੜ ਹੋਣ ਲੱਗ ਜਾਂਦੀ ਐ... ਸੈਕੰਡ ਡਵਿਯਨਾਂ ਲੈਣੀਐਂ ਉਨ੍ਹਾਂ
‘ਕਾਨਵੈਂਟਣਾਂ’ ਨੇ ਜਿਨ੍ਹਾਂ ਸਾਲ਼ੀਆਂ ਦੇ ਤਾਂ ਵਾਲ਼ਾਂ ‘ਚੋਂ ਵੀ ਅੰਗਰੇਜ਼ੀ ਈ ਝੜਦੀ ਐ!
|
ਸੁਖਸਾਗਰ |
ਜਲਦੀ ਹੀ ਸਾਡੇ ਵੱਲੋਂ
ਤਿਆਰ ਕੀਤੇ ‘ਨੋਟਸ’ ਵਾਲ਼ੀਆਂ ਕਾਪੀਆਂ ਸੁਖਸਾਗਰ ਦੇ ਕਮਰੇ ‘ਚ ਰਾਤਾਂ ਬਿਤਾਉਣ ਲੱਗੀਆਂ। ਉਹ
ਤੇ ਉਸ ਦੀ ਸਹੇਲੀ ਬਲਜੀਤ ਗਰਚਾ ‘ਨੋਟਸ’ ਨੂੰ ਆਪਣੀਆਂ ਕਾਪੀਆਂ ‘ਚ ਉਤਾਰਦੀਆਂ, ਅਤੇ, ਮੇਰੀ
ਤੇ ਗੁਰਮੀਤ ਦੀ ਤਰਜ਼ ‘ਤੇ ਹੀ, ਸਵਾਲਾਂ ਤੇ ਜੁਆਬਾਂ ਦਾ ਅਭਿਆਸ ਕਰਦੀਆਂ ਰਹਿੰਦੀਆਂ।
ਮੈਂ ਭਾਵੇਂ ਹਰ ਵੇਲ਼ੇ ‘ਨੋਟਸ’ ਦੇ ਉਦਾਲ਼ੇ ਹੋਇਆ ਰਹਿੰਦਾ, ਪਰ ਵੇਹਲੇ ਪਲੀਂ, ਸੁਖਸਾਗਰ
ਮੇਰੀ ਸੁਰਤੀ ‘ਚ ਤਰਦੀ ਰਹਿੰਦੀ। ਕਦੇ ਉਹ ਚੂੜਾ ਪਾਈ ਸਾਡੇ ਪਿੰਡ ਵਾਲ਼ੇ ਘਰ ‘ਚ ਮੇਰੀ ਮਾਂ
ਦੇ ਪੈਰੀਂ ਹੱਥ ਲਾਉਂਦੀ ਦਿਸਦੀ, ਤੇ ਕਦੇ ਮੈਂ ਉਨ੍ਹਾਂ ਦੇ ਘੁਡਾਣੀ ਵਾਲ਼ੇ ਘਰ ‘ਚ ਬੈੱਡ-ਟੀ
ਦੀਆਂ ਚੁਸਕੀਆਂ ਲੈ ਰਿਹਾ ਹੁੰਦਾ। ਉਦ੍ਹੇ ਬੀ ਜੀ ਹਰ ਹਫ਼ਤੇ ਕਾਲਜ ਆਉਂਦੇ, ਮੈਨੂੰ ਘੁੱਟ ਕੇ
ਸੀਨੇ ਨਾਲ਼ ਲਾਉਂਦੇ, ਤੇ ਮੇਰੇ ਸਾਹਮਣੇ ਬੈਠ ਕੇ ਚਾਹ ਪੀਂਦਿਆਂ ਨਿੱਕੇ-ਨਿੱਕੇ ਹਾਸੇ ਮੇਜ਼
ਉੱਤੇ ਕੇਰਦੇ ਰਹਿੰਦੇ। ਹਰ ਗੱਲ ਉਹ ‘ਬੱਚਾ’ ਕਹਿ ਕੇ ਸ਼ੁਰੂ ਕਰਦੇ, ਤੇ ਇਹ ਸ਼ਬਦ ਵਾਰ-ਵਾਰ
ਮੇਰੇ ਕਮਰੇ ‘ਚ ਗੂੰਜਦਾ ਸੁਣੀਂਦਾ। ਮੈਂ ਉਨ੍ਹਾਂ ਦੇ ਹਾਸਿਆਂ ਤੇ ਸ਼ਬਦਾਂ ਨੂੰ ਇਕੱਠੇ ਕਰ
ਕੇ ਜੇਬ ਭਰ ਲੈਂਦਾ ਤੇ ਕਮਰੇ ‘ਚ ਜਾ ਕੇ ਫੋਟੋਆਂ ਵਾਲ਼ੀ ਟਾਣ ‘ਤੇ ਟਿਕਾਅ ਦੇਂਦਾ।
ਇੱਕ ਦਿਨ ਕੈਨਟੀਨ ‘ਚ ਮੈਂ ਤੇ ਗੁਰਮੀਤ ਮੇਜ਼ ਦੇ ਐਧਰਲੇ ਪਾਸੇ ਬੈਠੇ ਸਾਂ, ਤੇ ਸੁਖਸਾਗਰ ਤੇ
ਬੀ ਜੀ ਸਾਡੇ ਸਾਹਮਣੇ। ਨਿੱਕੀਆਂ-ਨਿੱਕੀਆਂ ਗੱਲਾਂ ਚਾਹ ਦੀਆਂ ਪਿਆਲੀਆਂ ‘ਚ ਘੁਲ਼ ਰਹੀਆਂ
ਸਨ। ਚਾਹ ਦੀਆਂ ਪਿਆਲੀਆਂ ਹਾਲੇ ਅੱਧੀਆਂ ਕੁ ਹੋਈਆਂ ਸਨ ਕਿ ਬੀ ਜੀ ਨੇ ਆਪਣੇ ਸਦਾ-ਖਿੜੇ
ਚਿਹਰੇ ਨੂੰ ਰਤਾ ਕੁ ਸੰਗੋੜ ਲਿਆ। ਮੇਰੇ ਮੂੰਹ ‘ਚ ਭਰੀ ਚਾਹ ਦੀ ਘੁੱਟ ਫ਼ਰੀਜ਼ ਹੋਣ ਲੱਗੀ।
–ਬੱਚਾ, ਉਹ ਚਾਹ ਦੀ ਪਿਆਲੀ ਨੂੰ ਮੇਜ਼ ‘ਤੇ ਧਰਦਿਆਂ ਬੋਲੇ। -ਤੁਹਾਡਾ ਦੋਹਾਂ ਦਾ ਧੰਨਵਾਦ।
-ਧੰਨਵਾਦ ਕਾਹਦਾ, ਬੀ ਜੀ, ਮੈਂ ਆਪਣੇ ਬੁੱਲ੍ਹਾਂ ਨੂੰ ਜੁਬਾੜਿਆਂ ਵੱਲ ਨੂੰ ਖਿਚਦਿਆਂ
ਬੋਲਿਆ। –ਧੰਨਵਾਦ ਤਾਂ ਥੋਡਾ ਜਿਹੜੇ ਹਰ ਹਫ਼ਤੇ ਗੇੜਾ ਮਾਰਦੇ ਓਂ!
-ਦੇਖੋ ਕਿੰਨੀ ਮਦਦ ਕੀਤੀ ਐ ਤੁਸਾਂ ਸਾਗਰ ਦੀ, ਉਹ ਅੱਖਾਂ ਸੰਗੋੜ ਕੇ ਬੋਲੇ। -‘ਨੋਟਸ’ ਤਾਂ,
ਬੱਚਾ, ਤੁਸੀਂ ਤਿਆਰ ਕੀਤੇ ਰਾਤਾਂ ਝਾਗ-ਝਾਗ ਕੇ, ਤੇ ਕੰਮ ਏਹ ਆਉਣੇ ਨੇ ਸਾਗਰ ਦੇ...
ਤੁਹਾਡੇ ਹੁੰਦਿਆਂ ਹੁਣ ਮੈਨੂੰ ਏਹਦਾ ਕੋਈ ਫਿ਼ਕਰ ਈ ਨੀ ਰਿਹਾ...
ਗੁਰਮੀਤ ਬੋਲਿਆ: ਬੀ ਜੀ ਮੇਰੀ ਆਪਣੀ ਕੋਈ ਭੈਣ ਨੲ੍ਹੀਂ ਐ... ਮੈਨੂੰ ਤਾਂ ਸਗੋਂ ਇੱਕ ਭੈਣ
ਮਿਲਗੀ ਐ ਐਮ ਏ ਬਹਾਨੇ।
ਬੀ ਜੀ ਨੇ ਆਪਣੇ ਚਿਹਰੇ ਨੂੰ ਢਿੱਲਿਆਂ ਕੀਤਾ ਤੇ ਗੁਰਮੀਤ ਵੱਲੀਂ ਦੇਖ ਕੇ ਰਤਾ ਕੁ
ਮੁਸਕਰਾਏ। -ਭੈਣ ਬਣਾਈ ਐ ਤਾਂ ਹੁਣ ਕੋਈ ਮੁੰਡਾ ਵੀ ਲੱਭ ਏਹਦੇ ਲਈ... ਉਹ ਰੁਮਾਲ ਨਾਲ਼
ਆਪਣੇ ਹੱਥ ਤੋਂ ਸਮੋਸੇ ਦੀ ਚਟਣੀ ਪੂੰਝਦੇ ਬੋਲੇ।
ਬੀ ਜੀ ਦੇ ਆਖ਼ਰੀ ਫਿ਼ਕਰੇ ਨਾਲ਼ ਮੇਰੇ ਅੰਦਰੋਂ ਜਿਵੇਂ ਮੇਰਾ ਕਾਲਜਾ ਗ਼ਾਇਬ ਹੋ ਗਿਆ ਹੋਵੇ।
ਮੇਰੇ ਮੱਥੇ ‘ਚ ਉੱਠੇ ਵਾਵਰੋਲ਼ੇ ਹੇਠਾਂ ਕਾਲਜੇ ਵੱਲ ਨੂੰ ਦੌੜਨ ਲੱਗੇ। ਉਸੇ ਪਲ ਹੀ ਸਾਗਰ
ਦੇ ਹੱਥ ਉਦਾਲ਼ੇ ਚਿਤਵਿਆ ਚੂੜਾ ਤਿੜਕਣ ਲੱਗਾ, ਤੇ ਘੁਡਾਣੀ ਵਾਲੀ ਬੈੱਡ-ਟੀ ਮੇਰੇ ਹੱਥਾਂ
‘ਚੋਂ ਤਿਲਕ ਕੇ ਫ਼ਰਸ਼ ‘ਤੇ ਜਾ ਡਿੱਗੀ।
-ਮੁੰਡਾ? ਅੱਖਾਂ ਚੌੜੀਆਂ ਕਰ ਕੇ ਗੁਰਮੀਤ ਥਥਲਾਇਆ। –ਕ...ਕ... ਕਿਹੋ ਜਿਅ੍ਹਾ ਮੁੰਡਾ?
-ਮੁੰਡਾ... ਬੱਸ ਇੱਕੋ ਸ਼ਰਤ ਐ, ਬੱਚਾ ਮੇਰੀ, ਬੀ ਜੀ ਨੇ ਪਿਆਲੀ ਨੂੰ ਮੇਜ਼ ‘ਤੇ ਐਧਰ-ਓਧਰ
ਘੜੀਸਦਿਆਂ ਆਖਿਆ। -ਹੋਵੇ ਸਾਊ ਤੇ ਸੁਣੱਖਾ ਤੁਹਾਡੇ ਆਂਗੂੰ... ਕਿਉਂਕਿ ਅਸੀਂ ਤਾਂ, ਭਾਈ,
ਆਪਣਾ ਬੱਚਾ ਬਣਾ ਕੇ ਆਪਣੇ ਕੋਲ਼ ਈ ਰੱਖਣੈ... ਬਾਕੀ ਦਾਜ-ਦਹੇਜ ਦਾ ਲਾਲਚੀ ਨਾ ਹੋਵੇ...
ਬੱਸ ਇੱਕ ਰੁਪਈਏ ‘ਤੇ ਸਬਰ ਕਰਨ ਵਾਲ਼ਾ ਹੋਵੇ।
ਮੈਂ ਆਪਣੇ ਅੰਦਰ ਮੱਚ ਰਹੀ ਉਥਲ਼-ਪੁਥਲ਼ ਨੂੰ ਕਾਬੂ ਕਰ ਕੇ ਆਪਣੇ ਬੁੱਲ੍ਹਾਂ ‘ਤੇ ਮੁਸਕਾਣ
ਲਿਆਉਣ ਦੀ ਅਸਫ਼ਲ ਕੋਸਿ਼ਸ਼ ਕੀਤੀ।
-ਇੱਕ ਰੁਪੱਈਆ? ਗੁਰਮੀਤ ਨੇ ਆਪਣਾ ਪੰਜਾ ਮੇਰੇ ਵੱਲ ਨੂੰ ਕੀਤਾ। –ਇਹ ਵੀ ਤਾਂ ਇੱਕ ਰੁਪਏ ਦਾ
ਈ ਅਭਿਲਾਖੀ ਐ!
ਇਹ ਕਹਿ ਕੇ ਗੁਰਮੀਤ ਨੇ ਆਪਣੀਆਂ ਮੋਟੀਆਂ ਅੱਖਾਂ ਮੇਰੇ ਵੱਲ ਨੂੰ ਘੁਮਾਅ ਦਿੱਤੀਆਂ।
-ਕਿਉਂ, ਬੱਚਾ? ਬੀ ਜੀ ਨੇ ਆਪਣੀਆਂ ਹਸਦੀਆਂ ਅੱਖਾਂ ਮੇਰੇ ਵੱਲ ਨੂੰ ਗੇੜ ਦਿੱਤੀਆਂ।
ਮੇਰੇ ਅੰਦਰ ਇੱਕ ਦਮ ਰੰਗ-ਬਰੰਗੀਆਂ ਛਤਰੀਆਂ ਖੁਲ੍ਹ ਗਈਆਂ। ਕੰਨਾਂ ਵੱਲ ਨੂੰ ਖਿੱਚੇ ਗਏ
ਆਪਣੇ ਬੁੱਲ੍ਹਾਂ ਉੱਪਰ ਜੀਭ ਫੇਰਦਾ, ਮੈਂ ਸੁਖਸਾਗਰ ਵੱਲ ਝਾਕਿਆ: ਉਹਦੀਆਂ ਗੱਲ੍ਹਾਂ ‘ਚ
ਲਾਲੀ ਛਲਕਣ ਰਹੀ ਸੀ।
***
ਇਮਤਿਹਾਨ ਨੇ ਬੂਹੇ ‘ਤੇ ਦਸਤਕ ਦੇ ਦਿੱਤੀ ਤੇ ਸਾਡੀਆਂ ਉਂਗਲ਼ਾਂ ਫੜ ਕੇ ਉਹ ਸਾਨੂੰ
ਇਮਤਿਹਾਨ-ਕੇਂਦਰ ‘ਚ ਲਿਜਾਣ ਲੱਗਿਆ। ਅਸੀਂ ਹਾਲ ‘ਚ ਦਾਖ਼ਲ ਹੁੰਦੇ; ਆਪਣੀਆਂ-ਆਪਣੀਆਂ ਸੀਟਾਂ
ਮੱਲਦੇ, ਤੇ ਪੇਪਰ ਸਾਡੇ ਸਾਹਮਣੇ ਉੱਤਰ ਆਉਂਦਾ: ਅਸੀਂ ਸਵਾਲ ਪੜ੍ਹਦੇ, ਤੇ ਮੱਥੇ ‘ਚ ਤਹਿਆਂ
ਲਾ ਕੇ ਸੰਭਾਲ਼ੇ ‘ਨੋਟਸ’ ਨੂੰ ਫਰੋਲਣ ਲਗਦੇ। ਤਿੰਨ ਘੰਟੇ ਪੈੱਨ ਛੜੱਪੇ ਮਾਰੀ ਜਾਂਦਾ; ਵਰਕੇ
ਤੇ ਵਰਕਾ ਫਿ਼ਕਰਿਆਂ ਨਾਲ਼ ਉੱਛਲ਼ਣ ਲਗਦਾ। ਪੇਪਰ ਖ਼ਤਮ ਹੁੰਦਾ, ਮੈ ਤੇ ਗੁਰਮੀਤ ਇੱਕ-ਦੂਜੇ
ਨੂੰ ਪੁਛਦੇ: ਐਹਦਾ ਜਵਾਬ ਕੀ ਦਿੱਤਾ, ਤੇ ਔਹਦਾ ਕੀ? ਅੰਗਰੇਜ਼ੀ ਵਾਲਾ ‘ਮਾਸ਼ਟਰ’ ਬੈਂਤ ਨੂੰ
ਹਿਲਾਉਂਦਾ ਮੇਰੇ ਮੋਢਿਆਂ ਦੇ ਪਿਛਾੜੀ ਆ ਖਲੋਂਦਾ। ਮੈਂ ਗੁਰਮੀਤ ਨੂੰ ਆਖਦਾ: ਮੈਨੂੰ ਲਗਦੈ
ਮੈਂ ਤਾਂ ਸਾਰੇ ਸਵਾਲਾਂ ਦੇ ਗ਼ਲਤ ਜਵਾਬ ਈ ਲਿਖ ਆਇਆਂ।
ਅਪਰੈਲ ਦੀ ਪੂਛ ਹਿੱਲਣ ਲੱਗੀ ਤਾਂ ਇਮਤਿਹਾਨ ਖ਼ਤਮ ਵੀ ਖ਼ਤਮ ਹੋ ਗਏ। ‘ਨੋਟਸ’ ਵਾਲ਼ੀਆਂ
ਕਾਪੀਆਂ ਲੰਮੀਆਂ ਤਾਣ ਕੇ ਅਲਮਾਰੀਆਂ ‘ਚ ਸੌਂ ਗਈਆਂ। ਗੁਰਮੀਤ ਆਪਣੇ ਹੋਸਟਲ ਵਾਲ਼ੇ ਕਮਰੇ ਦਾ
ਨਿੱਕ-ਸੁੱਕ 93 ਮਾਡਲ ਗਰਮ ਦੇ ਹੱਥਾਂ ‘ਚ ਕਰ ਕੇ ਮੁਕਤਸਰ ਵਾਲ਼ੀ ਬੱਸ ਦੀ ਸਵਾਰੀ ਬਣ ਗਿਆ।
ਮੈਨੂੰ ਪਿੰਡ ਸੈਨਤਾਂ ਮਾਰਨ ਲੱਗਾ। ਮੈਂ ਬੈਗ਼ ਚੁੱਕਿਆ ਤੇ ਭਾਰਤ ਨਗਰ ਚੌਂਕ ‘ਚ ਖਲੋਅ ਕੇ,
ਮੋਗੇ ਨੂੰ ਜਾਣ ਵਾਲ਼ੀ ਬੱਸ ਦਾ ਇੰਤਜ਼ਾਰ ਕਰਨ ਲੱਗਾ।
ਪਿੰਡ ਛੋਟਾ ਭਰਾ ਰਛਪਾਲ ਸੀ, ਭੈਣਾਂ ਚਰਨਜੀਤ ਤੇ ਕਰਮਜੀਤ। ਪਿੰਡ ਦੀ ਬਗ਼ਲ ‘ਚ ਬਣਿਆਂ ਸਾਡਾ
ਘਰ ਮੇਰੀ ਧੌਣ ਉਦਾਲ਼ੇ ਹੱਥ ਲਪੇਟ ਕੇ ਮੇਰੇ ਗਲ਼ ਨੂੰ ਘੁੱਟਣ ਲੱਗਾ। ਬੈਠਕ ‘ਚ ਬੈਠਾ/ਪਿਆ
ਹੁੰਦਾ ਤਾਂ ਇੰਝ ਜਾਪਦਾ ਜਿਵੇਂ ਕੰਧਾਂ ਅੰਦਰ ਵੱਲ ਨੂੰ ਸੁੰਗੜ ਰਹੀਆਂ ਹੋਵਣ। ਮੈਂ ਤੇ
ਰਛਪਾਲ ਨੇ ਝੱਗੇ-ਪਜਾਮੇ ਚੁੱਕੇ, ਤੇ ਬਾਹਰ ਖੇਤ ‘ਚ, ਟਿਊਬਵੈੱਲ ਕੋਲ਼ ਇਕਾਂਤ ਭੋਗਦੀ ਬੈਠਕ
ਦਾ ਦਿਲ ਲੁਆਉਣ ਲਈ, ਉਦ੍ਹੇ ਦਰਵਾਜ਼ੇ ਸਾਹਮਣੇ, ਤੂਤ ਦੀ ਸੰਘਣੀ ਛਾਂ ਹੇਠ ਡੱਠੇ ਮੰਜਿਆਂ
‘ਤੇ ਜਾ ਬੈਠੇ। ਦਿਨ ‘ਚ ਕਈ-ਕਈ ਵਾਰ ਟਿਊਬਵੈੱਲ ਦੀ ਮੋਟੀ ਧਾਰ ਸਾਡੇ ਪਿੰਡਿਆਂ ‘ਚੋਂ ਗਰਮੀ
ਨਿਚੋੜਦੀ ਤੇ ਖੇਤ ‘ਚ ਪਾਣੀ ਦੇ ਇੰਤਜ਼ਾਰ ‘ਚ ਬਿਹਬਲ ਹੋਈਆਂ ਕੱਦੂਆਂ, ਟੀਂਡਿਆਂ ਤੇ
ਭਿੰਡੀਆਂ ਦੇ ਵੇਲ-ਬੂਟਿਆਂ ਨੂੰ ਫੜਾਅ ਦੇਂਦੀ। ਦੋਨੋਂ ਡੰਗਾਂ ਦੀ ਰੋਟੀ ਘਰੋਂ ਆ ਜਾਂਦੀ:
ਕਦੇ ਭਿੰਡੀਆਂ, ਕਦੇ ਕੱਦੂ ਤੇ ਕਦੇ ਟੀਂਡੇ। ਇੱਕ ਕੌਲੀ ‘ਚ ਸਿਰਕੇ ‘ਚ ਤਰਦੀਆਂ ਪਿਆਜ਼ ਦੀਆਂ
ਫਾੜੀਆਂ, ਤੇ ਰੋਟੀਆਂ ਵਿਚਕਾਰ ਗੁੱਛੀ-ਮੁੱਛੀ ਹੋ ਕੇ ਬੈਠੀਆਂ ਅੰਬ ਦੇ ਅਚਾਰ ਦੀਆਂ ਫਾੜੀਆਂ।
ਦੁਪਹਿਰੇ ਰੋਟੀ ਤੇ ਲੱਸੀ ਨਾਲ਼ ਕੁੱਖਾਂ ਕੱਢ ਕੇ ਅਸੀਂ ਤੂਤ ਦੀ ਸੰਘਣੀ ਛਾਂ ਨੂੰ ਓੜ ਕੇ
ਲਮ-ਲੇਟ ਹੋ ਜਾਂਦੇ।
ਆਥਣਾਂ ਢਲ਼ਦੀਆਂ ਤਾਂ ਰਛਪਾਲ ਚਰ੍ਹੀ ਵਾਲ਼ੇ ਕੀਲੇ ‘ਚ ਜਾ ਵੜਦਾ। ਵੱਟ ‘ਚ ਮਿੱਟੀ ਓੜ ਕੇ
ਲੰਮੇ ਲੋਟ ਪਈ ਬੋਤਲ ਰਛਪਾਲ ਦਾ ਇੰਤਜ਼ਾਰ ਕਰ ਰਹੀ ਹੁੰਦੀ। ਅਗਲੇ ਪਲੀਂ ਬੋਤਲ, ਟਿਊਬਵੈੱਲ
ਦੀ ਮੋਟੀ ਧਾਰ ਹੇਠ ਗੁਸਲ ਕਰ ਰਹੀ ਹੁੰਦੀ। ਏਨੇ ਨੂੰ ਮੈਂ ਗਲਾਸਾਂ ਨੂੰ ਧੋਅ ਕੇ ਸਟੂਲ ‘ਤੇ
ਟਿਕਾਅ ਦੇਂਦਾ। ਬੋਤਲ ਖੁਲ੍ਹਦੀ; ਗਲਾਸਾਂ ‘ਚ ਸੌਂਫ਼ੀਆ ਫੂਕਾਂ ਮਾਰਦੇ ਬੱਦਲ਼ ਉੱਤਰ ਆਉਂਦੇ।
ਗਲਾਸ ਸਾਡੇ ਬੁੱਲ੍ਹਾਂ ਵੱਲ ਨੂੰ ਉਠਦੇ। ਅਗਲੇ ਪਲੀਂ ਸਾਡੀਆਂ ਨਾੜਾਂ ‘ਚ ਝੰਡੀਆਂ ਫੜਕਣ
ਲਗਦੀਆਂ।
ਐਮ ਏ ਦਾ ਰਜ਼ਲਟ ਜੁਲਾਈ ਦੇ ਪਹਿਲੇ ਹਫ਼ਤੇ ਆਉਣਾ ਸੀ। ਜੂਨ ਦੇ ਅਖ਼ੀਰਲੇ ਹਫ਼ਤੇ ਅੰਗਰੇਜ਼ੀ
ਵਾਲ਼ੇ ‘ਮਾਸ਼ਟਰ’ ਦੇ ਭੁਝੱਕੇ ਪੈਣ ਲੱਗੇ: ਹੱਥ ‘ਚ ਬੈਂਤ ਤੇ ਮੱਥੇ ‘ਚ ਰੋੜੀਆਂ; ਬੈਂਤ
ਨਾਲ਼ ਤੂਤ ਦੀਆਂ ਲਗਰਾਂ ਨੂੰ ਝਾੜਦਾ ਹੋਇਆ ਉਹ ਮੇਰੇ ਵੱਲ ਨੂੰ ਵਧਦਾ। ਮੇਰਾ ਜਿਗਰ ਕੰਬਦਾ:
ਉਹ ਆਖਦਾ: ਅੰਗਰੇਜੀ?? ਤੇ ਉਹ ਵੀ ਤੈਨੂੰ? ਹਾ, ਹਾ, ਹਾ, ਹਾ!
ਮੈਨੂੰ ਜੁਲਾਈ ਦੇ ਨਾਮ ਤੋਂ ਹੀ ਭੈਅ ਆਉਣ ਲੱਗਾ: ਦਿਲ ਕਹਿੰਦਾ ਰਜ਼ਲਟ ਅਵੇ ਈ ਨਾ। ਸੁਪਨੇ
ਆਉਂਦੇ; ਉਨ੍ਹਾਂ ‘ਚ ਅਖ਼ਬਾਰ ਦੇ ਸਫ਼ੇ ‘ਤੇ ਮੇਰਾ ਰੋਲ ਨੰਬਰ ਧਰਤੀ ਵੱਲ ਨੂੰ ਤਿਲਕਦਾ ਨਜ਼ਰ
ਆਉਂਦਾ। ਫਿ਼ਰ ਮੈਂ ਬਲਵੰਤ ਨੂੰ ਕੋਸਣ ਲੱਗਾ: ਬੇਵਕੂਫ਼ ਨੇ ਕਿੱਥੇ ਅੰਗਰੇਜ਼ੀ ‘ਚ ਫਸਾਅ
ਦਿੱਤਾ!
ਫਿਰ ਸੋਚਦਾ, ਜੇ ਫ਼ੇਅਲ ਹੋ ਗਿਆ ਤਾਂ ਫੇਰ ਕੀ ਕਰੂੰ? ਕਿਹੜਾ ਮੂੰਹ ਲੈ ਕੇ ਕਾਲਜ ‘ਚ ਵੜੂੰ?
ਕਾਨਵੈਂਟਣਾਂ ਮੇਰੇ ‘ਤੇ ਅੰਦਰੋ-ਅੰਦਰੀ ਹੱਸਣਗੀਆਂ: ਕਿਧਰੋਂ ਆਇਆ ਸੀ ਇਹ ਪੇਂਡੂ-ਗੰਵਾਰ
ਖੇਤਾਂ ‘ਚੋਂ ਉੱਠ ਕੇ ਇੰਗਲਿਸ਼ ਨੂੰ ਪ੍ਰੇਸ਼ਾਨ ਕਰਨ! ਹਾ, ਹਾ, ਹਾ ਹਾ! ਕਿਹੜਾ ਮੂੰਹ ਲੈ
ਕੇ ਸਾਗਰ ਦੀ ਬੀ ਜੀ ਦੇ ਮੱਥੇ ਲੱਗੂੰ!
ਜੁਲਾਈ ਦੀ ਪਹਿਲੀ ਤਰੀਖ਼ ਨੇ ਅੰਗੜਾਈ ਭਰੀ। ਮੈਂ ਕੁੜਤੇ-ਪਜਾਮੇ ਸੰਭਾਲ਼ੇ। ਟਿਊਬਵੈੱਲ
ਵਾਲ਼ੀ ਬੈਠਕ ਦੇ ਹੱਥ ਚੁੰਮੇਂ, ਤੇ ਫੇਰ ਪਰਤਣ ਦਾ ਇਕਰਾਰ ਦੇ ਕੇ ਸਾਈਕਲ ਦੀਆਂ ਮੁਹਾਰਾਂ
ਮੋਗੇ ਵੱਲ ਨੂੰ ਮੋੜ ਦਿੱਤੀਆਂ: ਸਾਈਕਲ ਲੁਧਿਆਣੇ ਜਾਣ ਵਾਲ਼ੀ ਬਸ ਦੀ ਛੱਤ ਉੱਤੇ, ਤੇ ਮੈਂ
ਡਰਾਇਵਰ ਦੀ ਸੀਟ ਦੇ ਪਿਛਲੇ ਪਾਸੇ।
93 ਮਾਡਲ ਗਰਾਮ ‘ਚ ਪੈਰ ਪਾਇਆ, ਤਾਂ ਅੰਦਰਲੇ ਪਾਸੇ ਕੰਧ ਨਾਲ਼ ਲਾਇਆ ਪੋਦੀਨਾ ਮੁਰਝਾਅ ਗਿਆ
ਸੀ; ਉਹ ਵੀ ਸ਼ਾਇਦ ਮੇਰੇ ਰਜ਼ਲਟ ਦੀ ਚਿੰਤਾ ‘ਚ ਸੀ। ਕਮਰੇ ਅੰਦਰ ਮੇਜ਼ ਉੱਤੇ ਧੂੜ ਨੇ
ਕਬਜ਼ਾ ਕੀਤਾ ਹੋਇਆ ਸੀ। ਮੈਨੂੰ ਜਾਪਿਆ ਇਹ ਧੂੜ ਅਸਲ ‘ਚ ਮੇਰੇ ਜਿ਼ਹਨ ‘ਚ ਵੀ ਜੰਮੀ ਹੋਈ
ਸੀ।
ਅਗਲੇ ਦਿਨ ‘ਦ ਟਰਬਿਊਨ’ ਖੋਲ੍ਹਿਆ: ਐਮ ਏ ਅੰਗਰੇਜ਼ੀ ਦਾ ਰਜ਼ਲਟ ਮੱਥੇ ‘ਚ ਕਿੱਲ ਵਾਂਗ ਖੁੱਭ
ਗਿਆ। ਅਖ਼ਬਾਰ ਦੇ ਸਫਿ਼ਆਂ ‘ਚੋਂ ਅੰਗਰੇਜ਼ੀ ਵਾਲ਼ਾ ‘ਮਾਸ਼ਟਰ’ ਖੰਘਣ ਲੱਗਾ: ਤੈਨੂੰ
‘ਅੰਗਰੇਜੀ’.... ਰਜ਼ਲਟ ‘ਤੇ ਨਜ਼ਰ ਪੈਂਦਿਆਂ ਹੀ, ਮੇਰੇ ਸਾਰੇ ਸਰੀਰ ਨੂੰ ਝਰਨਾਹਟ ਨੇ ਵਗਲ਼
ਲਿਆ। ਦਿਲ ਕੀਤਾ ਅਖ਼ਬਾਰ ਨੂੰ ਮਰੋੜ ਕੇ ਮਾਡਲ ਗਰਾਮ ਦੀਆਂ ਰੂੜੀਆਂ ‘ਚ ਦੱਬ ਆਵਾਂ। ਪਰ
ਅਗਲੇ ਹੀ ਪਲ ਸੁਖਸਾਗਰ ਸਾਹਮਣੇ ਆ ਖੜ੍ਹੀ ਹੋਈ: ਰਜ਼ਲਟ ਤਾਂ ਪੜ੍ਹਨਾ ਈ ਪੈਣੈ, ਗੁਰੂ ਜੀ!
ਅੱਖਾਂ ‘ਚ ਹਿੰਮਤ ਝਮਕਣ ਲੱਗੀ। ਜਕਦਿਆਂ-ਜਕਦਿਆਂ, ਨਜ਼ਰਾਂ ਨੂੰ ਅਖ਼ਬਾਰ ਦੇ ਸਫ਼ੇ ‘ਤੇ
ਜੰਮੇਂ ਨੰਬਰਾਂ ਦੇ ਸੰਘਣੇ ਜੰਗਲ਼ ਵਿੱਚ ਉਤਾਰ ਦਿੱਤਾ। ਤੂੜੀ ਦੇ ਢੇਰ ‘ਚੋਂ ਆਪਣੇ ਰੋਲ
ਨੰਬਰ ਦੀ ਸੂਈ ਨੂੰ ਲੱਭਣ ਲਈ, ਅੰਕਾਂ ਦੇ ਢੇਰ ਨੂੰ ਨਜ਼ਰਾਂ ਨਾਲ ਉਲੱਦਿਆ-ਪੁਲੱਦਿਆ: ਜਿਉਂ
ਹੀ ਆਪਣਾ ਰੋਲ ਨੰਬਰ ਦਿਸਿਆ, ਸਰੀਰ ਇੱਕ ਝਟਕੇ ਨਾਲ਼ ਸੁੰਗੜ ਗਿਆ। ਰੋਲ ਨੰਬਰ ਦੇ ਪਿੱਛੇ
ਬਰੈਕਟਾਂ ‘ਚ ਲਿਖੇ ਅੰਕ ਦੇਖ ਕੇ ਮੂੰਹ ਤੇ ਅੱਖਾਂ ਇਕੱਠੇ ਹੀ ਗਠੜੀ ਵਾਂਗ ਬੱਝ ਗਏ। ਅੰਦਰ
ਵੱਲ ਨੂੰ ਖਿੱਚੇ ਗਏ ਮੱਥੇ ਦੇ ਪਿਛਲੇ ਪਾਸੇ ਬੇਯਕੀਨੀ ਸਿਰ ਫੇਰਨ ਲੱਗੀ। ਫਿ਼ਰ ਕਾਹਲੀ ਨਾਲ਼
ਸੁਖਸਾਗਰ, ਬਲਜੀਤ ਤੇ ਗੁਰਮੀਤ ਦੇ ਰੋਲ ਨੰਬਰ ਲੱਭੇ, ਤਾਂ ਮੁਠੀਆਂ ਆਪਣੇ-ਆਪ ਘੁੱਟੀਆਂ
ਗਈਆਂ; ਕੂਹਣੀਆਂ ਬਾਹਰ ਵੱਲ ਨੂੰ ਫੈਲਣ ਲੱਗੀਆਂ! ਲੰਮੀਆਂ ਪੁਲਾਂਘਾਂ ਪੁਟਦਾ ਮੈਂ ਅਲਮਾਰੀ
ਨੂੰ ਚਿੰਬੜ ਗਿਆ।
ਅਗਲੇ ਪਲੀਂ ਬਾਈ ਗੁਰਦਾਸ ਵਾਲ਼ੀ ‘ਪੀਪੀ’ ਦੇ ਢੱਕਣ ਦੀ ‘ਕੜੱਕ’ ਹੋਈ: ਪੀਪੀ ‘ਚੋਂ ਕੱਚ ਦੀ
ਗਲਾਸੀ ‘ਚ ਵਗਿਆ ਹੁਲਾਸ, ਮੇਰੀ ਜੀਭ ਉੱਤੋਂ ਦੀ ਤਿਲਕਦਾ ਮੇਰੀ ਛਾਤੀ ਵੱਲ ਨੂੰ ਉੱਤਰ ਗਿਆ।
ਪਹਿਲਾ ਪੈੱਗ ਸੁਖਸਾਗਰ ਲਈ, ਦੂਸਰਾ ਆਪਣੇ ਲਈ, ਤੀਜਾ ਗੁਰਮੀਤ ਲਈ ਤੇ ਚੌਥਾ ਬਲਜੀਤ ਲਈ। ਓਸ
ਰਾਤ ਨਾ ਰੋਟੀ ਦੀ ਸੁਰਤ ਰਹੀ ਤੇ ਨਾ ਪੈਂਟ-ਕਮੀਜ਼ ਉਤਾਰਨ ਦੀ!
-Iqbal
21 Squirreltail Way
Brampton, Ont., Canada,
L6R 1X4 905-792-7357
iramoowalia@gmail.com
Ph. 905-792-7357
-0-
|