ਕਾਨਫਰੰਸ ਦਾ ਅੱਜ ਬਾਅਦ
ਦੁਪਹਿਰ ਦਾ ਸੈਸ਼ਨ ਨਹੀਂ ਸੀ ਹੋ ਰਿਹਾ। ਉਸ ਦੀ ਥਾਂ ਸਾਰੇ ਡੈਲੀਗੇਟਾਂ ਨੂੰ ‘ਮਸਊਦ ਖ਼ੱਦਰ
ਪੋਸ਼ ਟਰੱਸਟ’ ਵਲੋਂ ਕਰਵਾਏ ਜਾਣ ਵਾਲੇ ਇਨਾਮ ਵੰਡ ਸਮਾਗਮ ਵਿਚ ਹਾਜ਼ਰ ਹੋਣ ਦਾ ਸੱਦਾ ਸੀ।
ਇਹ ਸਮਾਗਮ ਫਲੈਟੀਜ਼ ਹੋਟਲ ਦੀ ਥਾਂ ਲਾਰੰਸ ਗਾਰਡਨ ਵੱਲ ਜਾਂਦੀ ਸੜਕ ‘ਤੇ ਬਣੇ ਅਲਹਮਰਾ
ਕੰਪਲੈਕਸ ਵਿਚੋਂ ਇਕ ਵੱਡੇ ਹਾਲ ਵਿਚ ਹੋ ਰਿਹਾ ਸੀ।
ਸਾਡੇ ਜਾਂਦਿਆਂ ਨੂੰ ਸਮਾਗਮ ਸ਼ੁਰੂ ਹੋ ਚੁੱਕਾ ਸੀ ਤੇ ਸਾਰਾ ਹਾਲ ਖਚਾਖਚ ਭਰਿਆ ਹੋਇਆ ਸੀ।
ਹਾਲ ਦੀਆਂ ਇਕ ਹਜ਼ਾਰ ਦੇ ਕਰੀਬ ਸੀਟਾਂ ਤਾਂ ਪੁਰ ਸਨ ਹੀ ਸਗੋਂ ਕੁਰਸੀਆਂ ਦੇ ਵਿਚੋਂ ਲੰਘਣ
ਵਾਲਾ ਲਾਂਘਾ ਵੀ ਬੈਠਣ ਵਾਲਿਆਂ ਨੇ ਘੇਰਿਆ ਹੋਇਆ ਸੀ। ਅਸੀਂ ਹਾਲ ਦੇ ਪਿਛਲੇ ਦਰਵਾਜ਼ੇ ਵਲੋਂ
ਦਾਖ਼ਲ ਹੋਏ। ਪ੍ਰਬੰਧਕਾਂ ਨੇ ਮਹਿਮਾਨ-ਨਿਵਾਜ਼ੀ ਦਾ ਖਿ਼ਆਲ ਰੱਖਦਿਆਂ ਕੁਝ ਸੀਟਾਂ ਖ਼ਾਲੀ
ਕਰਵਾ ਦਿੱਤੀਆਂ। ਸਾਨੂੰ ਸੀਟਾਂ ਦੇ ਕੇ ਅਗਲਿਆਂ ਨੇ ਖ਼ੁਸ਼ੀ-ਖ਼ੁਸ਼ੀ ਜ਼ਮੀਨ ‘ਤੇ ਬੈਠਣਾ
ਸਵੀਕਾਰ ਕਰ ਲਿਆ। ਉਨ੍ਹਾਂ ਤੋਂ ਖਿ਼ਮਾ ਮੰਗਦਿਆਂ ਆਪਣੀਆਂ ਸੀਟਾਂ ‘ਤੇ ਬੈਠ ਕੇ ਮੈਂ
ਚਾਰ-ਚੁਫ਼ੇਰੇ ਝਾਤੀ ਮਾਰੀ। ਹਾਲ ਦੀ ਭਰਪੂਰ ਹਾਜ਼ਰੀ ਵੇਖ ਕੇ ਮੈਂ ਮਨ ਹੀ ਮਨ ਅਚੰਭਿਤ
ਹੋਇਆ। ਚੜ੍ਹਦੇ ਪੰਜਾਬ ਵਿਚ ਪੰਜਾਬੀ ਪੁਸਤਕਾਂ ਨਾਲ ਜੁੜੇ ਕਿਸੇ ਇਨਾਮ ਵੰਡ ਸਮਾਗਮ ਵਿਚ ਜਾਂ
ਕਿਸੇ ਸੈਮੀਨਾਰ ਜਾਂ ਗੋਸ਼ਟੀ ਵਿਚ ਏਨੇ ਲੋਕਾਂ ਦੀ ਸ਼ਮੂਲੀਅਤ ਦੀ ਮੈਂ ਕਦੀ ਕਲਪਨਾ ਵੀ ਨਹੀਂ
ਕਰ ਸਕਦਾ। ਇਹ ਭਰਵਾਂ ਇਕੱਠ ਇਸ ਸੱਚਾਈ ਵੱਲ ਸੰਕੇਤ ਕਰ ਰਿਹਾ ਸੀ ਕਿ ਕਿਵੇਂ ਉਧਰਲੇ ਪੰਜਾਬ
ਵਿਚ ਲੋਕ ਹੁਣ ਭਰਵੇਂ ਉਤਸ਼ਾਹ ਨਾਲ ਪੰਜਾਬੀ ਦੇ ਨਾਮ ‘ਤੇ ਜੁੜ ਰਹੇ ਹਨ। ਦੂਜਾ ਕਾਰਨ ਸੀ ਇਸ
ਇਕੱਠ ਦਾ, ‘ਮਸਊਦ ਖ਼ੱਦਰ ਪੋਸ਼ ਟਰੱਸਟ’ ਨਾਂ ਦੇ ਅਦਾਰੇ ਦੀ ਆਪਣੀ ਸਾਖ਼, ਆਪਣੀ
ਪ੍ਰਤੀਬੱਧਤਾ ਤੇ ਇਹਦੇ ਸੁਹਿਰਦ ਆਗੂਆਂ ਦਾ ਅਸਰ ਰਸੂਖ਼।
ਸਟੇਜ ‘ਤੇ ਕੋਈ ਬੁਲਾਰਾ, ਪਾਕਿਸਤਾਨ ਹਕੂਮਤ ਦਾ ਕੋਈ ਰਿਟਾਇਰਡ ਉੱਚ ਅਧਿਕਾਰੀ, ਮਸਊਦ ਖ਼ੱਦਰ
ਪੋਸ਼ ਨਾਲ ਜੁੜੀਆਂ ਆਪਣੀਆਂ ਯਾਦਾਂ ਇਸ ਸਾਦਗੀ ਤੇ ਹਲਕੇ-ਫੁਲਕੇ ਅੰਦਾਜ਼ ਨਾਲ ਸਾਂਝੀਆਂ ਕਰ
ਰਿਹਾ ਸੀ ਕਿ ਮਸਊਦ ਖ਼ੱਦਰ ਪੋਸ਼ ਦੀ ਸ਼ਖ਼ਸੀਅਤ ਦੇ ਰਾਂਗਲੇ ਪਹਿਲੂ ਵੀ ਰੋਸ਼ਨ ਹੋ ਰਹੇ ਸਨ
ਤੇ ਉਨ੍ਹਾਂ ਦੇ ਜੀਵਨ ਦੀ ਸਾਦਗੀ, ਦੂਜਿਆਂ ਲਈ ਕਰ ਸਕਣ ਦੀ ਭਾਵਨਾ, ਪੰਜਾਬੀ ਜ਼ਬਾਨ ਲਈ
ਬੇਹੱਦ ਮੋਹ ਤੇ ਪ੍ਰਤੀਬੱਧਤਾ ਵੀ ਪ੍ਰਗਟ ਹੋ ਰਹੀ ਸੀ।
ਮੁਹੰਮਦ ਮਸਊਦ 1916 ਵਿਚ ਲਾਹੌਰ ਵਿਚ ਪੈਦਾ ਹੋਇਆ। ਉਹਦਾ ਪਿਤਾ ਡਾ. ਗੁਲਾਮ ਜੀਲਾਨੀ ਉਸ
ਵੇਲੇ ਦਾ ਬਹੁਤ ਪ੍ਰਸਿੱਧ ਹਕੀਮ ਸੀ। ਮੁਹੰਮਦ ਮਸਊਦ ਨੇ ਗੌਰਮਿੰਟ ਕਾਲਜ ਲਾਹੌਰ ਤੋਂ ਬੀ.ਏ.
ਕਰਨ ਉਪਰੰਤ ਲਾਅ ਕਾਲਜ ਵਿਚ ਦਾਖ਼ਲਾ ਲਿਆ। ਐਲ.ਐਲ.ਬੀ. ਦੇ ਇਮਤਿਹਾਨ ਵਿਚੋਂ ਉਸ ਨੇ ਏੇਨੇ
ਅੰਕ ਪ੍ਰਾਪਤ ਕੀਤੇ ਕਿ ਭਾਰਤੀ ਉਪ ਮਹਾਦੀਪ ਵਿਚ ਇਸ ਪ੍ਰੀਖਿਆ ਨਾਲ ਜੁੜੇ ਪਹਿਲੇ ਸਾਰੇ
ਰਿਕਾਰਡ ਮਾਤ ਕਰ ਦਿੱਤੇ। 1941 ਵਿਚ ਉਹ ਭਾਰਤੀ ਸਿਵਲ ਸੇਵਾ (ਆਈ.ਸੀ.ਐਸ.) ਲਈ ਚੁਣਿਆ ਗਿਆ।
ਇੰਗਲੈਂਡ ਦੇ ਸੇਂਟ ਜੌਹਨ ਕਾਲਜ ‘ਚੋਂ ਅਗਲੇਰੀ ਟਰੇਨਿੰਗ ਤੇ ਉੱਚ-ਸਿੱਖਿਆ ਪ੍ਰਾਪਤ ਕਰਨ ਤੋਂ
ਪਿੱਛੋਂ ਜਦੋਂ ਉਹ ਭਾਰਤ ਪਰਤਿਆ ਤਾਂ ਉਹਦੀ ਪਹਿਲੀ ਨਿਯੁਕਤੀ ਮੁੰਬਈ ਪ੍ਰੈਜ਼ੀਡੈਂਸੀ ਵਿਚ ਇਕ
ਸਰਕਾਰੀ ਅਧਿਕਾਰੀ ਵਜੋਂ ਅਹਿਮਦ ਨਗਰ ਵਿਚ ਹੋਈ ਤੇ ਉਥੋਂ ਹੀ ਉਸ ਨੂੰ ਅਤਿ ਪਛੜੇ ਹੋਏ ਭੀਲ
ਕਬੀਲਿਆਂ ਦੇ ਉਥਾਨ ਤੇ ਕਲਿਆਣ ਲਈ ‘ਖ਼ਾਨ-ਦੇਸ਼’ ਭੇਜਿਆ ਗਿਆ। ਦੋ ਸਾਲਾਂ ਦੇ ਥੋੜ੍ਹੇ ਜਿਹੇ
ਸਮੇਂ ਵਿਚ ਹੀ ਮੁਹੰਮਦ ਮਸਊਦ ਨੇ ਭੀਲਾਂ ਦੇ ਕਬੀਲਿਆਂ ਨੂੰ ਸ਼ਾਹੂਕਾਰਾਂ ਦੇ ਕਰਜ਼ੇ ਦੀਆਂ
ਬੇੜੀਆਂ ਤੋਂ ਮੁਕਤ ਕਰ ਦਿੱਤਾ ਅਤੇ ਉਨ੍ਹਾਂ ਦੀ ਜ਼ਬਾਨ ਅਤੇ ਸਭਿਆਚਾਰ ਨੂੰ ਪੁਨਰ-ਜੀਵਤ ਕਰਨ
ਲਈ ਕਾਮਯਾਬ ਯਤਨ ਕੀਤੇ। ਉਸ ਦੀਆਂ ਭੀਲਾਂ ਦੀ ਭਲਾਈ ਵਾਸਤੇ ਕੀਤੀਆਂ ਅਣਥੱਕ ਕੋਸਿ਼ਸ਼ਾਂ ਤੇ
ਕੁਰਬਾਨੀਆਂ ਦਾ ਫ਼ਲ ਹੀ ਸੀ ਕਿ ਭੀਲ ਉਸ ਨੂੰ ‘ਮਸਊਦ ਭਗਵਾਨ’ ਦੇ ਪਵਿੱਤਰ ਲਕਬ ਨਾਲ ਯਾਦ
ਕਰਨ ਲੱਗੇ।
1946 ਵਿਚ ਉਸ ਦੀ ਬਦਲੀ ਨਵਾਬ ਸ਼ਾਹ (ਸਿੰਧ) ਵਿਚ ਬਤੌਰ ਡਿਪਟੀ ਕਮਿਸ਼ਨਰ ਹੋਈ। ਇਥੇ ਹੀ ਉਸ
ਨੇ ਮੁਹੰਮਦ ਅਲੀ ਜਿਨਾਹ ਨੂੰ ਬੁਲਾਇਆ ਤੇ ਕਬੀਲਾ ਮੁਖੀਆਂ ਤੇ ਬਲੋਚਿਸਤਾਨ ਦੇ ਲੋਕਾਂ ਨੂੰ
ਪਾਕਿਸਤਾਨ ਵਿਚ ਸ਼ਾਮਲ ਹੋਣ ਲਈ ਰਜ਼ਾਮੰਦ ਕੀਤਾ। 1947 ਵਿਚ ਉਸ ਨੇ ਬਤੌਰ ਪਾਕਿਸਤਾਨੀ ਨਵਾਬ
ਸ਼ਾਹ ਵਿਚ ਉਸੇ ਹੀ ਅਹੁਦੇ ‘ਤੇ ਰਹਿਣਾ ਪ੍ਰਵਾਨ ਕੀਤਾ।
ਮਾਰਚ 1947 ਵਿਚ ਸਿੰਧ ਦੇ ਦੁੱਖਾਂ ਦੇ ਮਾਰੇ ਤੇ ਅਮਾਨਵੀ ਸਥਿਤੀ ਵਿਚ ਰਹਿੰਦੇ ਕਿਸਾਨਾਂ ਦੀ
ਭਲਾਈ ਲਈ ਮੁਹੰਮਦ ਅਲੀ ਜਿਨਾਹ ਦੇ ਇਸ਼ਾਰੇ ‘ਤੇ ਇਕ ਕਮੇਟੀ ਬਣੀ। ਸਿੰਧ ਵਿਚ ਕਿਸਾਨ ਨੂੰ
‘ਹਾਰਾ’ ਕਿਹਾ ਜਾਂਦਾ ਹੈ। ਮੁਹੰਮਦ ਮਸਊਦ ਨੂੰ ਇਸ ‘ਹਾਰਾ ਇਨਕੁਆਰੀ ਕਮੇਟੀ’ ਦਾ ਮੈਂਬਰ
ਨਾਮਜ਼ਦ ਕੀਤਾ ਗਿਆ। ਇਸ ਕਮੇਟੀ ਦੇ ਬਹੁਤੇ ਮੈਂਬਰ ਕਿਸਾਨਾਂ ਦੀ ਭਲਾਈ ਲਈ ਬਹੁਤਾ ਕੁਝ ਕਰਨ
ਲਈ ਤਿਆਰ ਨਹੀਂ ਸਨ। ਮੁਹੰਮਦ ਮਸਊਦ ਨੂੰ ਇਹ ਪ੍ਰਵਾਨ ਨਹੀਂ ਸੀ। ਉਹ ਤਾਂ ਗਰੀਬਾਂ ਤੇ
ਥੁੜ੍ਹਾਂ ਮਾਰੇ ਲੋਕਾਂ ਦੇ ਹਿਤਾਂ ਨੂੰ ਪ੍ਰਣਾਇਆ ਹੋਇਆ ਸੀ। ਉਸ ਵਿਵਾਦੀ ਰਿਪੋਰਟ ਨੂੰ ਉਸ
ਨੇ ਪ੍ਰਵਾਨ ਕਰਨੋਂ ਨਾਂਹ ਕਰ ਦਿੱਤੀ ਤੇ ਉਸ ਤੇ ਆਪਣੀ ‘ਅਸਹਿਮਤੀ ਦਾ ਨੋਟ’ ਲਿਖਿਆ। ਇਸ ਤੋਂ
ਛੇਤੀ ਹੀ ਪਿੱਛੋਂ ਉਸ ਨੇ ‘ਬੇਜ਼ਮੀਨਿਆਂ ਲਈ ਜ਼ਮੀਨ’ ਦੀ ਜਦੋਜਹਿਦ ਸ਼ੁਰੂ ਕੀਤੀ ਅਤੇ ਉਹ
ਸਾਰੇ ਸਿੰਧ ਵਿਚ ‘ਮਸਊਦ ਹਾਰੀ’ ਦੇ ਨਾਂ ਨਾਲ ਪ੍ਰਸਿੱਧ ਹੋ ਗਿਆ। ‘ਜਿਹੜਾ ਵਾਹੇ, ਉਹੀਓ
ਖਾਏ’ ਦਾ ਨਾਅਰਾ ਉਸ ਦੇ ਨਾਂ ਨਾਲ ਜੁੜ ਗਿਆ ਸੀ।
ਆਪਣੇ ਇਸ ਲੋਕ-ਹਿਤੈਸ਼ੀ ਨਜ਼ਰੀਏ ਤੋਂ ਇਲਾਵਾ ਆਪਣੀ ਮਾਂ ਬੋਲੀ ਨਾਲ ਉਸ ਦਾ ਪਿਆਰ
ਡੁੱਲ੍ਹ-ਡੁੱਲ੍ਹ ਪੈਂਦਾ ਸੀ। ਉਸ ਦਾ ਵਿਸ਼ਵਾਸ ਸੀ ਕਿ ਰੱਬ ਨਾਲ ਪ੍ਰਭਾਵੀ ਰਿਸ਼ਤਾ ਜੋੜਨ ਲਈ
ਵੀ ਤੁਹਾਡੀ ਮਾਂ ਬੋਲੀ ਹੀ ਕੰਮ ਆ ਸਕਦੀ ਹੈ। ਪਾਕਿਸਤਾਨ ਦੇ ਇਤਿਹਾਸ ਵਿਚ ਉਹ ਪਹਿਲਾ ਆਦਮੀ
ਸੀ ਜਿਸ ਨੇ 1957 ਵਿਚ ਲਾਰੰਸ ਗਾਰਡਨ ਵਿਚ ਖੁੱਲ੍ਹੇਆਮ ਪੰਜਾਬੀ ਵਿਚ ਨਮਾਜ਼ ਅਦਾ ਕੀਤੀ।
ਕੱਟੜਪੰਥੀਆਂ ਵਲੋਂ ਉਸ ਨੂੰ ਮਾਰ ਦਿੱਤੇ ਜਾਣ ਦੀਆਂ ਧਮਕੀਆਂ ਸਾਰੇ ਪਾਕਿਸਤਾਨ ਵਿਚੋਂ ਆਉਣ
ਲੱਗੀਆਂ ਤਾਂ ਸਰਕਾਰ ਨੂੰ ਜਬਰੀ ਉਸ ਨੂੰ ਬਰਤਾਨੀਆ ਭੇਜਣਾ ਪਿਆ।
1962 ਵਿਚ ਉਸ ਨੇ ਕਰਾਚੀ ਤੋਂ ‘ਹੱਕ ਅੱਲਾਹ’ ਨਾਂ ਦਾ ਪੰਜਾਬੀ ਮਾਸਿਕ-ਪੱਤਰ ਜਾਰੀ ਕੀਤਾ।
1965 ਵਿਚ ਜਦੋਂ ਉਹ ਚੀਨ ਸਰਕਾਰ ਦੇ ਸੱਦੇ ‘ਤੇ ਚੀਨ ਗਿਆ ਤਾਂ ਉਸ ਨੇ ਚੀਨ ਦੇ ਪ੍ਰਧਾਨ
ਮੰਤਰੀ ਚੂ-ਐਨ-ਲਾਈ ਨੂੰ ਨਿੱਜੀ ਬੈਠਕ ਵਿਚ ਗੱਲ-ਬਾਤ ਕਰਦਿਆਂ ‘ਮਾਂ-ਬੋਲੀ’ ਦੇ ਮਹੱਤਵ ਨੂੰ
ਏਨੇ ਜ਼ੋਰਦਾਰ ਢੰਗ ਨਾਲ ਦ੍ਰਿੜ੍ਹਾਇਆ ਕਿ ਉਸ ਨਾਲ ਅੰਗਰੇਜ਼ੀ ਵਿਚ ਗੱਲਬਾਤ ਕਰ ਸਕਣ ਦੀ
ਮੁਹਾਰਤ ਹੋਣ ਦੇ ਬਾਵਜੂਦ ਚੂ-ਐਨ-ਲਾਈ ਨੇ ਉਸ ਨਾਲ ਆਪਣੀ ਗੱਲ-ਬਾਤ ਆਪਣੀ ਮਾਂ ਬੋਲੀ ਵਿਚ
ਕਰਨ ਨੂੰ ਹੀ ਪਹਿਲ ਦਿੱਤੀ ਭਾਵੇਂ ਇਸ ਮਕਸਦ ਲਈ ਉਸ ਨੂੰ ਦੋ ਭਾਸ਼ੀਏ ਦੀ ਮਦਦ ਹੀ ਲੈਣੀ ਪਈ।
ਇਕ ਵੱਡੇ ਸਰਕਾਰੀ ਅਧਿਕਾਰੀ ਵਜੋਂ ਸਾਰੀ ਉਮਰ ਕੰਮ ਕਰਦਿਆਂ ਵੀ ਉਸ ਨੇ ਪੰਜਾਬ ਦੇ ਪਿੰਡਾਂ
ਵਿਚ ਬੁਣੇ ਜਾਂਦੇ ਖ਼ੱਦਰ ਦਾ ਬਣਿਆ ਕੌਮੀ ਲਿਬਾਸ ਪਹਿਨਣ ਨੂੰ ਤਰਜੀਹ ਦਿੱਤੀ ਜੋ ਉਨ੍ਹਾਂ ਦੀ
ਸਾਦਾ-ਰਹਿਣੀ ਅਤੇ ਜ਼ਮੀਨ ਨਾਲ ਜੁੜੇ ਰਹਿਣ ਦਾ ਪ੍ਰਤੀਕ ਸੀ। ਇਸੇ ਕਰਕੇ ਹੀ ਉਸ ਨੂੰ ਮਸਊਦ
ਖ਼ੱਦਰ ਪੋਸ਼ ਦੇ ਨਾਂ ਨਾਲ ਹੀ ਪ੍ਰਸਿੱਧੀ ਮਿਲੀ।
ਪੰਜਾਬੀ ਜ਼ਬਾਨ ਨਾਲ ਉਸ ਦੀ ਅਥਾਹ ਮੁਹੱਬਤ ਨੇ ਉਸ ਨੂੰ ਸਾਰੀ ਉਮਰ ‘ਮਾਂ-ਬੋਲੀ’ ਲਈ ਲੰਮੀ
ਜਦੋਜਹਿਦ ਕਰਨ ਲਈ ਪ੍ਰੇਰਿਤ ਕੀਤੀ ਰੱਖਿਆ। ਪਾਕਿਸਤਾਨ ਵਿਚ ਪੰਜਾਬੀ ਜ਼ਬਾਨ ਪ੍ਰਤੀ ਬੇਰੁਖ਼ੀ
ਵਾਲੇ ਨਜ਼ਰੀਏ ਤੋਂ ਉਹ ਭਲੀ-ਭਾਂਤ ਜਾਣੂ ਸੀ। ਇਸ ਲਈ ਮਾਤ-ਭਾਸ਼ਾ ਨੂੰ ਪੜ੍ਹਾਈ ਦੇ ਮਾਧਿਅਮ
ਵਜੋਂ ਪ੍ਰਵਾਨਤ ਕਰਾਉਣ ਤੇ ਮਾਂ ਬੋਲੀ ਦੇ ਹੱਕ ਵਿਚ ਨਿਰੰਤਰ ਲਹਿਰ ਬਣਾਈ ਰੱਖਣ ਲਈ ਉਸ ਨੇ
ਆਪਣੇ ਜਿਉਂਦੇ-ਜੀਅ ਹੀ ‘ਮਸਊਦ ਖ਼ੱਦਰ ਪੋਸ਼ ਟਰਸਟ’ ਦੀ ਸਥਾਪਨਾ ਕੀਤੀ। ਬਦਕਿਸਮਤੀ ਨਾਲ
ਛੇਤੀ ਹੀ ਦਸੰਬਰ 1985 ਵਿਚ ਉਸ ਦੀ ਮੌਤ ਹੋ ਗਈ।
ਪਰ ਉਸ ਦੇ ਵਿਚਾਰਾਂ ਨੂੰ ਜਿਉਂਦਿਆਂ ਰੱਖਣ ਲਈ ਉਸ ਦੀਆਂ ਸਿਆਣੀਆਂ ਧੀਆਂ ਸ਼ੀਰੀ ਅਤੇ
ਫੌਜ਼ੀਆ ਨੇ ਇਸ ਟਰੱਸਟ ਨੂੰ ਚਲਾਉਣ ਦੀ ਜਿ਼ੰਮੇਵਾਰੀ ਆਪਣੇ ਸਿਰ ਲੈਂਦਿਆਂ ਆਪਣੇ ਪਿਤਾ ਦੇ
ਸੁਪਨੇ ਸਾਕਾਰ ਕਰਨ ਹਿਤ ਇਕ ਲਹਿਰ ਖੜ੍ਹੀ ਕਰ ਦਿੱਤੀ। ਅੱਜ ਦੇ ਸਮਾਗਮ ਦੀ ਹਾਜ਼ਰੀ ਇਸ ਦੀ
ਮੂੰਹ-ਬੋਲਦੀ ਤਸਵੀਰ ਸੀ।
‘ਮਸਊਦ ਖ਼ੱਦਰ ਪੋਸ਼ ਟਰੱਸਟ’ ਦਾ ਮੁੱਖ ਨਾਅਰਾ ਹੈ:-
ਮਾਂ ਬੋਲੀ ਜੋ ਭੁੱਲ ਜਾਵਣਗੇ।
ਕੱਖਾਂ ਵਾਂਗੂੰ ਰੁਲ ਜਾਵਣਗੇ।
ਇਹ ਨਾਅਰਾ ਸਰਹੱਦ ਤੋਂ ਪਾਰ ਅੱਜ ਚੜ੍ਹਦੇ ਪੰਜਾਬ ਵਿਚ ਵੀ ਪੰਜਾਬੀ ਪਿਆਰਿਆਂ ਦੀ ਜ਼ਬਾਨ ‘ਤੇ
ਚੜ੍ਹ ਗਿਆ ਹੈ।
ਮਸਊਦ ਦੀ ਵੱਡੀ ਧੀ ਸ਼ੀਰੀ ਮਸਊਦ ਹੁਸੈਨ ਐਮ.ਏ. ਐਲ.ਐਲ.ਬੀ. ਹੈ ਤੇ ਵਕਾਲਤ ਕਰਦੀ ਹੈ।
ਔਰਤਾਂ ਦੇ ਹੱਕਾਂ ਲਈ ਸੰਘਰਸ਼ਸ਼ੀਲ ਆਗੂ ਤੇ ਹੋਰ ਮਹੱਤਵਪੂਰਨ ਅਦਾਰਿਆਂ ਨਾਲ ਸਬੰਧਿਤ ਇਹ
ਬੀਬੀ ਹੀ ਟਰੱਸਟ ਦੀ ਚੇਅਰਪਰਸਨ ਹੈ। ਉਹਦੀ ਛੋਟੀ ਭੈਣ ਫੌਜ਼ੀਆ ਕਿੱਤੇ ਵਜੋਂ ਡਾਕਟਰ ਹੈ।
ਟਰੱਸਟੀ ਹੋਣ ਤੋਂ ਇਲਾਵਾ ਉਹ ਟਰੱਸਟ ਦੇ ਪਬਲੀਕੇਸ਼ਨ ਨਾਲ ਸੰਬਧਿਤ ਕੰਮ ਨੂੰ ਵੀ ਵੇਖਦੀ ਹੈ।
ਅਜਿਹੀਆਂ ਚੰਗੀਆਂ ਧੀਆਂ ‘ਤੇ ਸਾਰੀ ਪੰਜਾਬੀ ਕੌਮ ਨੂੰ ਮਾਣ ਕਰਨਾ ਚਾਹੀਦਾ ਹੈ।
‘ਮਸਊਦ ਖ਼ੱਦਰ ਪੋਸ਼ ਟਰਸਟ’ ਦਾ ਮੁੱਖ ਉਦੇਸ਼ ਪੰਜਾਬੀ ਬੋਲੀ, ਸਾਹਿਤ ਤੇ ਸਭਿਆਚਾਰ ਨੂੰ
ਪ੍ਰਫੁੱਲਤ ਕਰਨਾ ਹੈ। ਪੰਜਾਬੀ ਜਿਸ ਨੂੰ ਖ਼ੁਦ ਪੰਜਾਬੀਆਂ ਨੇ ਮਾੜਿਆਂ ਧੀੜੀਆਂ ਦੀ ਜ਼ਬਾਨ
ਬਣਾ ਛੱਡਿਆ ਹੈ, ਦੇ ਸਿਰ ‘ਤੇ ਉਹ ਮੋਰ-ਮੁਕਟ ਲਾਉਣਾ ਚਾਹੁੰਦੇ ਹਨ। ਇਸ ਮਕਸਦ ਲਈ ਉਹ
ਚੰਗੀਆਂ ਪੰਜਾਬੀ ਪੁਸਤਕਾਂ ਨੂੰ ਇਨਾਮ ਦਿੰਦੇ ਨੇ। ਨਿਰੋਲ ਸਾਹਿਤ ਦੀਆਂ ਹੀ ਨਹੀਂ ਸਾਇੰਸ ਤੇ
ਕਿੱਤਾਕਾਰੀ ਆਦਿ ਦੇ ਖੇਤਰਾਂ ਵਿਚ ਵੀ ਪੁਸਤਕਾਂ ਲਿਖਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।
ਇਨਾਮ ਦਿੱਤੇ ਜਾਂਦੇ ਹਨ। ਲੇਖਕਾਂ ਨੂੰ ਪੁਸਤਕਾਂ ਛਾਪਣ ਵਿਚ ਵੀ ਆਰਥਿਕ ਸਹਾਇਤਾ ਦਿੱਤੀ
ਜਾਂਦੀ ਹੈ। ਪੰਜਾਬੀ ਲਈ ਕੰਮ ਕਰਨ ਵਾਲਿਆਂ ਨੂੰ ਵਜ਼ੀਫੇ ਵੀ ਦਿੱਤੇ ਜਾਂਦੇ ਹਨ। ਹਰ ਸਾਲ
ਸੂਫ਼ੀ ਕਲਾਮ ਗਾਉਣ ਵਾਲੇ ਲੜਕਿਆਂ ਅਤੇ ਲੜਕੀਆਂ ਦੇ ਮੁਕਾਬਲੇ ਕਰਵਾ ਕੇ ਉਨ੍ਹਾਂ ਨੂੰ ਇਨਾਮ
ਦਿੱਤੇ ਜਾਂਦੇ ਹਨ।
ਟਰੱਸਟ ਦੇ ਕੰਮਾਂ ਤੇ ਇਨਾਮ ਸਨਮਾਨਾਂ ਦੀ ਭਰੋਸੇਯੋਗਤਾ ਇਸ ਤੱਥ ਤੋਂ ਹੀ ਪ੍ਰਗਟ ਸੀ ਕਿ ਲੋਕ
ਏਨੀ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਸਟੇਜ ‘ਤੇ ਸ਼ੁਜ਼ਆਤ ਹਾਸ਼ਮੀ ਆਪਣੇ ਵਿਲੱਖਣ ਅੰਦਾਜ਼ ਵਿਚ ਸੂਫ਼ੀ-ਕਲਾਮ ਵਿਚ ਪਹਿਲੀਆਂ
ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਸਟੇਜ ‘ਤੇ ਪੇਸ਼ ਕਰ ਰਿਹਾ ਸੀ। ਬੱਚੇ ਦੀ
ਤਰੰਨਮ ਭਰੀ ਆਵਾਜ਼ ਹਾਲ ਵਿਚ ਗੂੰਜ ਰਹੀ ਸੀ।
ਦੁਸ਼ਮਣ ਮਰ ਜਾਏ ਖ਼ੁਸ਼ੀ ਨਾ ਕਰੀਏ
ਸੱਜਣਾਂ ਵੀ ਮਰ ਜਾਣਾ.
ਡੀਗਰ ‘ਤੇ ਦਿਨ ਆਇਆ ਮੁਹੰਮਦ
ਓੜਕ ਨੂੰ ਡੁੱਬ ਜਾਣਾ।
ਪੁਸਤਕਾਂ ‘ਤੇ ਇਨਾਮ ਮਿਲਣ ਦੀ ਇਕ ਵਿਸ਼ੇਸ਼ ਗੱਲ ਇਹ ਸੀ ਕਿ ਇਕੋ ਹੀ ਲੇਖਕ ਨੂੰ ਵੱਖ-ਵੱਖ
ਵਿਸਿ਼ਆਂ ਵਿਚ ਲਿਖਣ ‘ਤੇ ਇਕ ਤੋਂ ਵੱਧ ਇਨਾਮ ਵੀ ਦਿੱਤੇ ਜਾ ਸਕਦੇ ਸਨ। ਹੋਰ ਤੇ ਹੋਰ, ਉਸ
ਲੇਖਕ ਨੂੰ ਵੀ ਇਨਾਮ ਮਿਲ ਸਕਦਾ ਸੀ ਜਿਸ ਨੂੰ ੁਪਹਿਲਾਂ ਵੀ ਟਰੱਸਟ ਵਲੋਂ ਇਨਾਮ ਮਿਲ ਚੁੱਕਾ
ਹੋਵੇ। ਹਕੀਕਤ ਇਹ ਹੈ ਕਿ ਇਨਾਮ ਚੰਗੀ ਪੁਸਤਕ ਨੂੰ ਦਿੱਤਾ ਜਾਂਦਾ ਹੈ, ਕਿਸੇ ਵਿਸ਼ੇਸ਼ ਲੇਖਕ
ਨੂੰ ਨਹੀਂ। ਇਲਿਆਸ ਘੁੰਮਣ ਦੇ ਕਹਿਣ ਮੁਤਾਬਕ ਹੁਣ ਵਾਲੇ ਇਨਾਮ ਪਾ ਕੇ ਉਹ ਟਰੱਸਟ ਦੇ ਸੱਤ
ਇਨਾਮ ਜਿੱਤ ਚੁੱਕਿਆ ਸੀ। ਇਸ ਸਾਲ ਵੀ ਉਸ ਨੇ ਬਾਲ ਪੁਸਤਕ ‘ਸੁਰੀਲੀ ਵੰਝਲੀ ਵਾਲੇ’ ਅਤੇ
ਸਾਇੰਸ ਪੁਸਤਕ ‘ਇਲੈਕਟ੍ਰੋਨਿਕਸ’ ਉਤੇ ਦੋ ਇਨਾਮ ਜਿੱਤ ਲਏ ਸਨ।
ਭਾਰਤੀ ਡੈਲੀਗੇਸ਼ਨ ਵਿਚੋਂ ਵੀ ਡਾ. ਜਗਤਾਰ, ਸਤਨਾਮ ਮਾਣਕ ਤੇ ਕੁਝ ਹੋਰ ਲੋਕਾਂ ਦਾ ਟਰੱਸਟ
ਵਲੋਂ ਸਨਮਾਨ ਕੀਤਾ ਗਿਆ।
ਪਾਕਿਸਤਾਨ ਦੀ ਪ੍ਰਸਿੱਧ ਲੇਖਕਾ ਬੁਸ਼ਰਾ ਰਹਿਮਾਨ ਨੇ ਸਮਾਗਮ ਦੀ ਪ੍ਰਧਾਨਗੀ ਤਕਰੀਰ ਕੀਤੀ।
ਇਸ ਪ੍ਰਭਾਵਸ਼ਾਲੀ ਸਮਾਗਮ ਤੋਂ ਪਿੱਛੋਂ ਚਾਹ-ਪਾਣੀ ਦਾ ਬਹੁਤ ਹੀ ਵਧੀਆ ਪ੍ਰਬੰਧ ਸੀ।
ਪ੍ਰੋਗਰਾਮ ਏਨੇ ਸਲੀਕੇ ਨਾਲ ਤੇ ਨਿਰਵਿਘਨ ਚੱਲਿਆ ਕਿ ਦਰਸ਼ਕਾਂ/ਸਰੋਤਿਆਂ ਦੇ ਮਨਾਂ ‘ਤੇ
ਅਮਿਟ ਛਾਪ ਛੱਡ ਗਿਆ।
ਮੈਂ ਮਨ ਵਿਚ ਸੋਚ ਰਿਹਾ ਸਾਂ ਕਿ ਅਸੀਂ ਪੰਜਾਬੀ ਜ਼ਬਾਨ ਲਈ ਏਡੇ ਵੱਡੇ ਇਕੱਠ ਕਰ ਸਕਣ ਦੇ
ਕਦੋਂ ਸਮਰੱਥ ਹੋ ਸਕਾਂਗੇ। ਕੀ ਪੰਜਾਬੀ ਲਈ ਕੰਮ ਕਰਨ ਵਾਲੇ ਸਾਡੇ ਅਦਾਰਿਆਂ ਵਿਚ ‘ਮਸਊਦ
ਖ਼ੱਦਰ ਪੋਸ਼ ਟਰੱਸਟ’ ਵਾਲੀ ਪ੍ਰਤੀਬੱਧਤਾ ਤੇ ਨਿਸ਼ਠਾ ਨਹੀਂ? ਜਾਂ ਲਛਮਣ ਸਿੰਘ ਗਿੱਲ ਦੀ
ਕ੍ਰਿਪਾ ਨਾਲ ਪੰਜਾਬੀ ਦੇ ਰਾਜ-ਭਾਸ਼ਾ ਬਣ ਜਾਣ ਤੇ ਫਿਰ ਪੰਜਾਬੀ ਨੂੰ ਸਰਕਾਰੀ ਸਕੂਲਾਂ ਵਿਚ
ਸਿੱਖਿਆ ਦਾ ਮਾਧਿਅਮ ਅਤੇ ਲਾਜ਼ਮੀ ਵਿਸ਼ਾ ਬਣਾ ਕੇ ਸਾਡੇ ਪੰਜਾਬੀ ਪ੍ਰੇਮੀਆਂ ਦਾ ਹੁਣ ਮੱਚ
ਮਰ ਗਿਆ ਹੈ? ਉਨ੍ਹਾਂ ਵਿਚੋਂ ਬਹੁਤੇ ਆਪਣੇ ਨਿਆਣੇ ਅੰਗਰੇਜ਼ੀ ਸਕੂਲਾਂ ਵਿਚ ਪੜ੍ਹਾਉਂਦੇ ਹੋਏ
ਵੀ ਪੰਜਾਬੀ ਲਈ ਕੋਈ ਛੋਟਾ-ਮੋਟਾ ਇੱਕਠ ਕਰਕੇ ਕਦੀ-ਕਦੀ ਹਾਅ ਦਾ ਨਾਅਰਾ ਲਾ ਲੈਂਦੇ ਹਨ ਜਦ
ਕਿ ਜਿਨ੍ਹਾਂ ਦੇ ਬੱਚੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਹਨ, ਉਹ ਆਪਣੇ ਬੱਚਿਆਂ ਨੂੰ ਪੰਜਾਬੀ
ਵਿਚ ਪੜ੍ਹਦਿਆਂ ਦੇਖ ਕੇ ਹਸਰਤ ਨਾਲ ਹਉਕਾ ਭਰਦੇ ਹਨ ਕਿ ਕਾਸ਼! ਉਨ੍ਹਾਂ ਦੇ ਬੱਚੇ ਵੀ
ਅੰਗਰੇਜ਼ੀ ਸਕੂਲਾਂ ਵਿਚ ਪੜ੍ਹ ਰਹੇ ਹੁੰਦੇ!
ਕੁਝ ਵੀ ਸੀ ਇਸ ਸਮਾਗਮ ਵਰਗਾ ਉਤਸ਼ਾਹ ਤੇ ਇਕੱਠ ਸਾਡੇ ਸਮਾਗਮਾਂ ਵਿਚ ਸਾਨੂੰ ਕਦੀ ਕਿਧਰੇ
ਨਜ਼ਰ ਨਹੀਂ ਆਇਆ। ਮੇਰੀ ਹਸਰਤ ਹੈ ਕਿ ਸਾਡੇ ਅੰਦਰ ਪੰਜਾਬੀ ਲਈ ਅਜਿਹੀ ਤੀਬਰ ਭਾਵਨਾ ਉਮਡੇ।
ਅਸੀਂ ਸ਼ਾਇਦ ਪੰਜਾਬੀ ਦੇ ਵਿਕਾਸ ਨਾਲ ਸੰਤੁਸ਼ਟ ਹੋ ਗਏ ਸੀ ਅਤੇ ਉਨ੍ਹਾਂ ਦੀ ਪੰਜਾਬੀ
ਅਣਪੁੱਛੇ ਰਹਿਣ ਦੀ ਅਸੰਤੁਸ਼ਟੀ ਇਸ ਵੱਡੇ ਇਕੱਠ ਦਾ ਕਾਰਨ ਸੀ।
-0-
|