Welcome to Seerat.ca

ਜਵਾਨੀ ਦਾ ਸ਼ਾਇਰ

 

- ਬਲਵੰਤ ਗਾਰਗੀ

ਚੁੱਲ੍ਹੇ ਵਿੱਚ ਬਲਦੀਆਂ ਕਵਿਤਾਵਾਂ ਤੇ ਹਜ਼ਾਰ ਰੰਗਾਂ ਦੀ ਲਾਟ

 

- ਸੁਰਜੀਤ ਪਾਤਰ

‘ਅੰਗਰੇਜੀ’ ਵਾਲ਼ਾ ‘ਮਾਸ਼ਟਰ’

 

- ਇਕਬਾਲ ਰਾਮੂਵਾਲੀਆ

ਕੌਣ ਕਿਸੇ ਦਾ...

 

- ਹਰਜੀਤ ਅਟਵਾਲ

ਭਗਤ ਸਿੰਘ ਦੀ ਤਸਵੀਰ

 

- ਅਮਰਜੀਤ ਚੰਦਨ

ਵਗਦੀ ਏ ਰਾਵੀ / ਮਾਂ ਬੋਲੀ ਜੋ ਭੁੱਲ ਜਾਵਣਗੇ...

 

- ਵਰਿਆਮ ਸਿੰਘ ਸੰਧੂ

ਰੰਗਮੰਚ ਲਈ ਪ੍ਰਤੀਬੱਧਤਾ ਹੋਣੀ ਜਰੂਰੀ ਹੈ – ਅਜਮੇਰ ਔਲਖ

 

- ਹੀਰਾ ਰੰਧਾਵਾ

ਮੌਜੀ ਫ਼ਨਕਾਰ ਹੈ ਹਜ਼ਾਰਾ ਸਿੰਘ ਰਮਤਾ

 

- ਨਿੰਦਰ ਘੁਗਿਆਣਵੀ

ਲਿਖਤੁਮ ਮੈਂ…ਪੜ੍ਹਤੁਮ ਆਕਾਸ਼ਬਾਣੀਂ ਬਠਿੰਡਾ

 

- ਹਰਮੰਦਰ ਕੰਗ

ਕੱਚਾ ਆਵਾ

 

- ਕਰਮ ਸਿੰਘ ਮਾਨ

ਪ੍ਰਗਤੀਸ਼ੀਲ ਲਹਿਰ ਅਤੇ ਪੰਜਾਬੀ ਸਾਹਿਤ

 

- ਗੁਰਦੇਵ ਚੌਹਾਨ

ਦੋ ਵਿਅੰਗ ਕਵਿਤਾਵਾਂ

 

- ਗੁਰਦਾਸ ਮਿਨਹਾਸ

ਦੋ ਨਜ਼ਮਾਂ

 

- ਮੁਖਵੀਰ

ਯਾਦਾਂ ਦੇ ਬਾਲ ਝਰੋਖੇ 'ਚ' ਕਿਸ਼ਤ -3
ਆਤੰਕ ਦਾ ਦੌਰ ਅਤੇ ਮਾਨਵੀ ਚਿਹਰੇ

 

- ਸੁਪਨ ਸੰਧੂ

ਗ਼ਜ਼ਲ

 

- ਹਰਦਮ ਸਿੰਘ ਮਾਨ

ਇਕ ਕਵਿਤਾ

 

- ਦਿਲਜੋਧ ਸਿੰਘ

 

ਮੌਜੀ ਫ਼ਨਕਾਰ ਹੈ ਹਜ਼ਾਰਾ ਸਿੰਘ ਰਮਤਾ
- ਨਿੰਦਰ ਘੁਗਿਆਣਵੀ

 

ਅਸੀਂ ਉਹਦੇ ਬੂਹਿਓਂ ਬਾਹਰ ਹੋਏ, ਉਹ ਵਿਦਾ ਕਰਕੇ ਪਿੱਛੇ ਖਲੋ ਗਿਆ। ਆਵਾਜ਼ ਮਾਰੀ, “ਓ ਭਾਈ, ਆਪਣੀ ਇੱਕ ਚੀਜ਼ ਮੇਰੇ ਕੋਲ ਛੱਡ ਚੱਲੇ ਓ?”
ਮੈਂ ਪਿੱਛਾ ਭਉਂਕੇ ਪੁੱਛਿਆ, “ਕੀ?” ਉਹਨੇ ਮਜ਼ਾਕੀਆ ਲਹਿਜੇ਼ ‘ਚ ਆਖਿਆ, “ਆਪਣਾ ਦਿਲ।” ...ਤੇ ਉਹ ਮੰਦ-ਮੰਦ ਮੁਸਕ੍ਰਾਉਣ ਲੱਗਿਆ...ਬੁੱਢਾ ਤੇ ਮੌਜੀ ਫ਼ਨਕਾਰ...ਹਜ਼ਾਰਾ ਸਿੰਘ ਰਮਤਾ।
ਜਦ ਉਹ ਕਿਸੇ ਨੂੰ ਮਜ਼ਾਕ ਕਰਦਾ ਹੈ ਤਾਂ ਉਹਦੀਆ ਕੱਚ ਦੇ ਬੰਟਿਆਂ ਵਰਗੀਆਂ ਨਿੱਕੀਆਂ-ਨਿੱਕੀਆਂ ਅੱਖਾਂ ਚਮਕਣ ਲਗਦੀਆਂ ਹਨ। ਆਸਾ ਸਿੰਘ ਮਸਤਾਨਾ ਨੂੰ ਤਾਂ ਇਹ ਏਨਾ ਛੇੜਦਾ ਰਹਿੰਦਾ ਸੀ ਕਿ ਖਿਝ ਕੇ ਮਸਤਾਨਾ ਏਹਨੂੰ ਸਖ਼ਤੀ ਨਾਲ ਝਾੜਦਾ, “ਓ ਬਸ ਵੀ ਕਰਜਾ ਹੁਣ ਤੇ ਮਾਂਈ ਯਾ...ਹੱਦ ਈ ਕਰੀ ਜਾਨਾ ਏਂ...ਕਦੀ ਚੁੱਪ ਵੀ ਰਹਿਆ ਕਰ।”


ਹਜ਼ਾਰਾ ਸਿੰਘ ਰਮਤਾ ਤੇ ਨਿੰਦਰ ਘੁਗਿਆਣਵੀ

ਮਸਤਾਨੇ ਦੇ ਪਿੰਡੇ ‘ਤੇ ਵਾਲ ਬਹੁਤ ਸਨ, ਇਸ ਕਰਕੇ ਵੀ ਉਹ ਆਪਣੇ ਸਮਕਾਲੀ ਗਾਇਕ-ਗਾਇਕਾਵਾਂ ਵਿੱਚ ਹਾਸੇ-ਮਜ਼ਾਕ ਦਾ ਪਾਤਰ ਬਣਿਆ ਰਹਿੰਦਾ। ਰਮਤੇ ਨੇ ਗੱਲ ਸੁਣਾਈ, “ਇੱਕ ਵੇਰਾਂ ਅਸੀਂ ਸਾਰੇ ਕੱਠੇ ਸਾਂ...ਸਿ਼ਮਲੇ ਵੱਲ ਕਿਸੇ ਥਾਂ ‘ਤੇ ਪ੍ਰੋਗਰਾਮ ਸੀ...ਰਾਹ ਵਿੱਚ ਇੱਕ ਢਾਬੇ ‘ਤੇ ਚਾਹ-ਪਾਣੀ ਪੀਣ ਲਈ ਰੁਕ ਗਏ...ਉਥੇ ਲਾਗੇ ਈ ਇੱਕ ਮਦਾਰੀ ਰਿੱਛ ਤੇ ਰਿਛਣੀ ਦਾ ਤਮਾਸ਼ਾ ਦਿਖਾ ਰਿਹਾ ਸੀ। ਸੁਰਿੰਦਰ ਕੌਰ ਕਹਿੰਦੀ ਅਖੇ ਤਮਾਸ਼ਾ ਦੇਖ ਲਈਏ...ਮੈਂ ਮਦਾਰੀ ਨੂੰ ਪੁੱਛਿਆ ਕਿ ਵਈ ਕਿੰਨੇ ਪੈਸੇ ਲਏਂਗਾ? ਮਦਾਰੀ ਨੇ ਪੰਜ ਰੁਪਏ ਮੰਗੇ...ਮੈਂ ਮਦਾਰੀ ਨੂੰ ਕਿਹਾ ਕਿ ਤੂੰ ਦੋ ਰੁਪਏ ਕੱਢ...ਤੈਨੂੰ ਅਸੀਂ ਤਮਾਸ਼ਾ ਦਿਖਾ ਦਿੰਦੇ ਆਂ...ਲਾਹ ਵਈ ਮਸਤਾਨਿਆਂ ਕੱਪੜੇ ਤੇ ਦਿਖਾ ਤਮਾਸ਼ਾ...ਇਹ ਸੁਣ ਮਸਤਾਨਾ ਬੜਾ ਭੁੜਕਿਆ ਤੇ ਬੁੜ-ਬੁੜ ਕਰਦਾ ਢਾਬੇ ਅੰਦਰ ਵੜ ਗਿਆ।”
ਸਾਲ 2008 ਵਿੱਚ ਕੀਤੀ ਟੋਰਾਂਟੋ ਦੀ ਯਾਤਰਾ ਇਸ ਲਈ ਵੀ ਭਾਗਭਰੀ ਰਹੀ ਕਿ ਹਜ਼ਾਰਾ ਸਿੰਘ ਰਮਤਾ ਦੇ ਦਰਸ਼ਨ ਹੋ ਗਏ ਅਤੇ ਉਸ ਨਾਲ ਖੁੱਲ੍ਹੀਆਂ ਗੱਲਾਂ-ਬਾਤਾਂ ਕਰਨ ਦਾ ਵੇਲਾ ਵੀ ਲੱਭ ਪਿਆ ਸੀ। ਇਹ ਤਾਂ ਕਦੀ ਸੋਚਿਆ ਹੀ ਨਹੀਂ ਸੀ ਹੋਇਆ ਕਿ ਕਦੇ ਹਜ਼ਾਰਾ ਸਿੰਘ ਰਮਤੇ ਦੇ ਬਹੁਤ ਨੇੜੇ ਜਾ ਕੇ ਬੈਠਾਂਗਾ, ਗੱਲਾਂ ਕਰਾਂਗਾ, ਉਸ ਕੋਲੋਂ ਪਕੌੜੇ ਖਾਵਾਂਗਾ...ਚਾਹ ਪੀਵਾਂਗਾ! ਇਕਬਾਲ ਮਾਹਲ ਦੀ ਕਿਤਾਬ ‘ਸੁਰਾਂ ਦੇ ਸੌਦਾਗਰ’ ਵਿੱਚ ਜਦ ਰਮਤੇ ਬਾਰੇ ਲਿਖਿਆ ਲੰਮਾ-ਚੌੜਾ ਰੇਖਾ ਚਿਤਰ ਨੁਮਾ ਲੇਖ ਪੜ੍ਹਿਆ ਸੀ ਤਾਂ ਇਵੇਂ ਲੱਗਿਆ ਸੀ ਕਿ ਜਿਵੇਂ ਰਮਤੇ ਦੇ ਸਾਂਵੇ ਦੇ ਸਾਂਵੇ ਹੀ ਦੀਦਾਰ ਹੋ ਗਏ ਹੋਣ!
ਸਾਡੇ ਪਿੰਡ ਦੇ ਬੌਰੀਏ ਵਿਆਹ-ਸ਼ਾਦੀ ਸਮੇਂ ਦੋ ਮੰਜੇ ਜੋੜ ਕੇ ਉੱਤੇ ਸਪੀਕਰ ਬੰਨ੍ਹਦੇ ਤੇ ਰਮਤੇ ਦੇ ਰੀਕਾਰਡ ਗੂੰਜਦੇ। ਰਮਤੇ ਦੇ ਨਾਂ ‘ਤੇ ਅਣਗਿਣਤ ਰੁਪੱਈਆਂ ਦੀਆਂ ਵੇਲਾਂ ਹੋਈ ਜਾਂਦੀਆਂ ਦਿਨ-ਰਾਤ। ਜਦ ਉਹਦੇ ਰਿਕਾਰਡਾਂ ਦੇ ਤਵੇ ਬਣੇ ਉਦੋਂ ਤਾਂ ਮੈਂ ਜੰਮਿਆ ਵੀ ਨਹੀਂ ਸਾਂ। ਸੁਰਤ ਸੰਭਲਣ ‘ਤੇ ਜਦ ਰਮਤੇ ਦੀ ਆਵਾਜ਼ ਕੰਨੀਂ ਪਈ ਤਾਂ ਸੋਚਣ ਲੱਗਿਆ ਸਾਂ ਕਿ ਇਹ ਕੌਣ ਹੋਊ?ਕਿੱਥੇ ਰਹਿੰਦਾ ਹੋਊ? ਏਹ ਤਾਂ ਮੇਮਾਂ ਦੀਆਂ ਗੱਲਾਂ ਕਰਦੈ...ਮੇਮਾਂ ਦੇ ਹੀ ਕਿਸੇ ਮੁਲਕ ਵਿੱਚ ਰਹਿੰਦਾ ਹੋਣੈ! ਪਿੰਡਾਂ ਵਿੱਚ ਵਿਆਹ ਤੋਂ ਪਹਿਲਾਂ ਤੇ ਬਾਅਦ ਵਿੱਚ ਵੀ ਹਫ਼ਤਾ-ਹਫ਼ਤਾ ਭਰ ਰਮਤੇ ਦੇ ਤਵੇ ਗੂੰਜਦੇ ਰਹਿੰਦੇ। ਕਦੇ ਉਹ ਕੈਨੇਡਾ ਦੀ ਸੈਰ ਕਰਵਾਉਂਦਾ...ਕਦੇ ਵਲੈਤ ਦੀ ਦੀ...ਕਦੇ ਅਮਰੀਕਾ ਦੀ ਤੇ ਕਦੇ ਸਾਊਥ ਅਫ਼ਰੀਕਾ ਦੀ...ਉਹਦਾ ਤੂੰਬਾ ਟੁਣਕਦਾ ਈ ਰਹਿੰਦਾ ਆਏ ਦਿਨ।
ਰਮਤੇ ਦੀ ਗਾਇਕੀ ਦਾ ਇੱਕ ਨਮੂਨਾ ਇੱਥੇ ਦੇ ਕੇ ਪੁਰਾਣੇ ਸ੍ਰੋਤਿਆਂ ਨੂੰ ਉਸਦੀ ਯਾਦ ਦਿਲਵਾਉਂਦੇ ਹਾਂ:
ਬੀ. ਏ. ਪਾਸ ਪਟੋਲ੍ਹੇ ਵਰਗੀ ਜਦ ਮੈਂ ਤੀਵੀਂ ਲਿਆਇਆ
ਪਿੰਡਾਂ ਦੇ ਵਿੱਚ ਪਈਆਂ ਧੁੰਮਾਂ ਰਮਤੇ ਵਿਆਹ ਕਰਵਾਇਆ
ਬੇ-ਘਰ ਤੋਂ ਘਰ ਵਾਲਾ ਬਣਿਆ ਲੁੱਟਾਂ ਨਿੱਤ ਬਹਰਾਂ
ਆਕੜ-ਆਕੜ ਟੁਰਦਾ ਨਾਲੇ ਵੱਟ ਮੁੱਛਾਂ ਨੂੰ ਚਾੜ੍ਹਾਂ
ਛੱਤ ਪਾੜ ਕੇ ਦੇਂਦਾ ਏ ਰੱਬ ਹੱਥ ਓਸ ਦੇ ਲੰਮੇ
ਦਸਵਾਂ ਮਹੀਨਾਂ ਚੜ੍ਹਦੇ ਸਾਰੀ ਕੁੱਕੂ ਹੋਰੀਂ ਜੰਮੇ...
ਟੋਰਾਂਟੋ ਰਹਿੰਦਾ ਗਾਇਕ ਮਨਜੀਤ ਉੱਪਲ ਜਦ ਮਿਲਣ ਆਉਂਦਾ ਤਾਂ ਦੱਸਦਾ, “ਹੁਣੇ ਪਾਪਾ ਜੀ ਨੂੰ ਮਿਲਕੇ ਆਇਆਂ...ਉਹਨਾਂ ਨੇ ਮੂਵ ਹੋਣੈ...ਹੁਣ ਨਿੱਕਾ ਘਰ ਲਿਐ...ਵੱਡਾ ਘਰ ਸੰਭਦਾ ਨਹੀਂ ਸੀ...ਦੋਵੇ ਜੀਅ ਨੇ...ਪਾਪਾ ਜੀ ਤੇ ਬੀਜੀ...ਬੁੱਢੇ ਨੇ...ਜੁਆਕ ਕੋਲ ਨਹੀਂ ਰਹਿੰਦੇ...ਜੁਆਕ ਵੀ ਸਾਰੇ ਏਧਰ ਦੇ ਜੰਮਪਲ ਨੇ...ਤੈਨੂੰ ਪਤਾ ਈ ਐ ਏਧਰਲੇ ਜੁਆਕ...?” ਮਨਜੀਤ ਰਮਤੇ ਨੂੰ ‘ਪਾਪਾ ਜੀ’ ਤੇ ਉਹਦੇ ਘਰ ਵਾਲੀ ਨੂੰ ‘ਬੀਜੀ’ ਕਹਿੰਦਾ। ਰੋਜ਼ ਵਾਂਗ ਹੀ ਉਹਨਾਂ ਨੂੰ ਮਿਲਣ ਜਾਂਦਾ ਤੇ ਉਹਨਾਂ ਦੇ ਅੰਦਰ-ਬਾਹਰ ਦੇ ਨਿਕੇ-ਮੋਟੇ ਕੰਮ ਧੰਦੇ ਵੀ ਨਿਪਟਾ ਦੇਂਦਾ। ਜਦ ਮੈਂ ਮਨਜੀਤ ਨੂੰ ਰਮਤੇ ਦੇ ਜੁਆਕਾਂ ਬਾਰੇ ਪੁਛਦਾ ਤਾਂ ਉਹ ਗੱਲ ਟਾਲ ਕੇ ਹੋਰ ਪਾਸੇ ਲੈ ਜਾਂਦਾ। ਇੱਕ ਦਿਨ ਆਣ ਕੇ ਕਹਿਣ ਲੱਗਿਆ, “ਪਾਪਾ ਜੀ ਤੇਰਾ ਏਧਰ ‘ਅਜੀਤ ਵੀਕਲੀ’ ਵਾਲਾ ਛਪਦਾ ਕਾਲਮ ਪੜ੍ਹਦੇ ਨੇ ‘ਬਾਵਾ ਬੋਲਦਾ ਹੈ’...ਮੈਨੂੰ ਕਹਿੰਦੇ ਨੇ ਕਿ ਉਹਨੂੰ ਘਰ ਲੈ ਕੇ ਆ...ਚੱਲੇਂਗਾ ਮੇਰੇ ਨਾਲ?”

ਹਜ਼ਾਰਾ ਸਿੰਘ ਰਮਤਾ

ਰਮਤੇ ਬਾਰੇ ਗੱਲਾਂ ਕਰ-ਸੁਣ ਕੇ ਟੋਰਾਂਟੋ ਦੀ ਧਰਤੀ ‘ਤੇ ਬੈਠੇ ਮੈਨੂੰ ਆਪਣਾ ਪਿੰਡ ਚੇਤੇ ਆ ਜਾਂਦਾ ਤੇ ਰਮਤੇ ਦੇ ਰਿਕਾਰਡ ਕੰਨਾਂ ਵਿੱਚ ਗੂੰਜਦੇ ਪ੍ਰਤੀਤ ਹੁੰਦੇ । ਮਨਜੀਤ ਨਾਲ ਰਮਤੇ ਦੇ ਘਰਜਾਣ ਦਾ ਤੈਅ ਹੋਇਆ ਪ੍ਰੋਗਰਾਮ ਨਿੱਤ ਹੀ ਅੱਗੇ ਪੈ ਜਾਦਾ ਸੀ। ਬੜੇ ਦਿਨ ਇਵੇਂ ਹੀ ਹੁੰਦੀ ਰਹੀ ਸੀ। ਇੱਕ ਦਿਨ ਮਨਜੀਤ ਕਹਿੰਦਾ, “ਪਾਪਾ ਜੀ ਕਹਿੰਦੇ ਨੇ ਕਿ ਕੱਲ੍ਹ ਦਾ ਮੁੰਡਾ ਸਾਡੇ ਨਾਲ ਵਾਅਦਾ ਕਰਕੇ ਆਉਂਦਾ ਨਹੀਂ....ਮਖੌ਼ਲ ਕਰਦੈ...ਜਾਂ ਸਾਨੂੰ ਕੁਝ ਸਮਝਦਾ ਨਹੀਂ...ਲਿਖਦੈ ਚੰਗੈ ਮੁੰਡੈ...ਪਰ ਆਹ ਗੱਲ ਠੀਕ ਨ੍ਹੀ ਲੱਗੀ ਉਹਦੀ।” ਮਨਜੀਤ ਨੇ ਸੱਚੀ ਗੱਲ ਆਖ ਸੁਣਾਈ ਸੀ। “ਹੁਣ ਤਾਂ ਭਾਵੇਂ ਸੌ ਰੁਝੇਵੇਂ ਵੀ ਛੱਡਣੇ ਪੈ ਜਾਣ...ਜਾਣਾ ਹੀ ਹੈ ਕੱਲ ਮਨਜੀਤ ਆਪਾਂ।”
ਗ੍ਰਾਮੋਫੋ਼ਨ ਦੇ ਤਵਿਆਂ ਉੱਤੇ ਤੁਰਲ੍ਹੇ ਵਾਲੀ ਪੱਗ ਤੇ ਹੱਥ ਵਿੱਚ ਤੂੰਬੀ ਫੜ੍ਹੀ ਖਲੋਤਾ ਫੋਟੋ ਵਾਲਾ ਰਮਤਾ ਸਵੇਰ ਤੋਂ ਅੱਖਾ ਅੱਗੇ ਵਾਰ-ਵਾਰ ਆ ਰਿਹਾ ਸੀ, ਅੱਜ ਉਹਨੂੰ ਮਿਲਣ ਜੁ ਜਾਣਾ ਸੀ। ਮੇਰੇ ਠਿਕਾਣੇ ਤੋਂ ਪੌਣੇ ਕੁ ਘੰਟੇ ਦੀ ਵਾਟ ਨਿਬੇੜਕੇ ਮਨਜੀਤ ਤੇ ਮੈਂ ਉਹਦੇ ਬੂਹੇ ਮੂਹਰੇ ਖੜ੍ਹੇ ਸਾਂ। ਬੂਹਾ ਠੋਕਰਨ੍ਹ ‘ਤੇ ਤੁਰਲ੍ਹੇ ਵਾਲੀ ਪੱਗ ਵਲਾ ਰਮਤਾ ਨਹੀ ਸੀ ਆਇਆ ਸਗੋਂ ਮੇਰੇ ਦਾਦੇ ਅੰਮ੍ਰਿਤ ਲਾਲ ਵਰਗਾ ਪੱਕੇ ਰੰਗਾ ਬੁੱਢਾ ਮੁਸਕ੍ਰਾਂਦਾ ਹੋਇਆ ਬੂਹੇ ਪਿੱਛਿਓਂ ਪ੍ਰਗਟ ਹੋਇਆ ਸੀ, ਆਓ ਜੀ...ਆਓ ਜੀ...ਆਓ ਜੀ...ਬੜੇ ਤਰਸਾ-ਤਰਸਾ ਕੇ ਆਏ ਜੇ...ਕੀ ਗੱਲ ...ਹੈਅੰ...? ਏਨੇ ਦਿਨਾਂ ਦੇ ਉਡੀਕਣ ਡਹੇ ਆਂ?” ਬੀਬੀ ਨੇ ਵੀ ਆਣ ਸਾਡੇ ਸਿਰ ਪਲੋਸੇ ਤੇ ਲਾਗੇ ਬਹਿਕੇ ਹਾਲ-ਚਾਲ ਪੁੱਛਣ ਲੱਗੀ, ਮਨਜੀਤ ਕੈਮਰਾ ਚਲਾਉਣ ਲੱਗਿਆ ਤਾਂ ਰਮਤੇ ਨੇ ਮੋਹ ਨਾਲ ਘੂਰਿਆ, “ਕਿਉਂ ਕਿਤੇ ਭੱਜਣਾ ਏਂ...ਬਹੁ ਰਮਾਨ ਨਾਲ...ਚਾਹ-ਪਾਣੀ ਪੀ..ਫਿਰ ਖਿੱਚ੍ਹ ਲਵੀਂ ਫੋਟੋਆਂ।”
ਮੈਂ ਤਾਂ ਉੱਕਾ ਨਹੀਂ ਸਾਂ ਜਾਣਦਾ ਕਿ ਏਨਾ ਠੇਠ ਤੇ ਸਿੱਧਾ-ਸਾਦਾ (ਫ਼ੋਕ) ਗਾਉਣ ਵਾਲਾ ਰਮਤਾ ਕਲਾਸੀਕਲ ਦਾ ਵੀ ਉਸਤਾਦ ਹੈ। ਉਹ ਤਾਂ ਸੋਫ਼ੇ ‘ਤੇ ਬੈਠਾ ਹੀ ਪੱਕੇ ਰਾਗ ਅਲਾਪਣ ਲੱਗਿਆ ਹੋਇਆ ਸੀ ਤੇ ਨਾਲੋ-ਨਾਲ ਆਪਣੇ ਵੱਖ-ਵੱਖ ਤਵੇ ਤੇ ਕੈਸਿਟਾਂ ਵੀ ਕੱਢ-ਕੱਢ ਦਿਖਾਈ ਜਾਂਦਾ ਸੀ, ਜਦ ਉਹਨੇ ਆਪਣੀਆਂ ਕਿਤਾਬਾਂ ਦਾ ਸੈੱਟ ਮੈਨੂੰ ਦਿੰਦਿਆਂ ਕਿਹਾ, “ ਲੈ ਅਹਿ ਵੀ ਲੈ...ਨਾਲ ਲੈਕੇ ਜਾਣੀਆਂ ਇੰਡੀਆ...ਐਥੇ ਨਾ ਛੱਡ ਜਾਈ?” ਤਾਂ ਇਕਦਮ ਯਾਦ ਆਇਆ ਕਿ ਰਮਤੇ ਦੀਆਂ ਛਪੀਆਂ ਕਿਤਾਬਾਂ ਤਾਂ ਮੈਂ ਕਿੰਨੇ ਸਾਲ ਪਹਿਲਾਂ ਫਰੀਦਕੋਟ ਘੰਟਾ ਘਰ ਨੇੜੇ ਗਿਆਨੀ ਕਿਤਾਬਾਂ ਵਾਲੇ ਦੀ ਦੁਕਾਨ ‘ਤੇ ਪਈਆਂ ਦੇਖੀਆਂ ਸਨ, ਇਹ ਉਹੀ ਕਿਤਾਬਾਂ ਸਨ ‘ਰਮਤੇ ਦੇ ਹਾਸੇ’, ‘ਪਰਦੇਸੀ ਰਮਤਾ’, ‘ਰਮਤਾ ਦਰੇ ਮੈਖ਼ਾਨਾ’ ‘ਰਮਤਾ ਮੇਮਾਂ ਵਿੱਚ’। ਕਿਤਾਬਾਂ ਫੜ੍ਹਦਿਆਂ ਮੈਂ ਪੱਛਿਆ, “ਇਹ ਕਦੋਂ –ਕਦੋਂ ਛਪੀਆਂ ਸਨ...ਬੜੇ ਸਾਲ ਪਹਿਲਾਂ ਤਾਂ ਮੈਂ ਦੇਖੀਆਂ ਸਨ?”
“ਭਾਪਾ ਜੀ ਨੇ ਛਾਪੀਆਂ ਸਨ...ਭਾਪਾ ਪ੍ਰੀਤਮ ਸਿੰਘ ਜੀ...ਨਵਯੁਗ ਪਬਲਿਸ਼ਰਜ਼ ਵਾਲਿਆਂ ਨੇ...ਇਕਬਾਲ ਮਾਹਲ ਨੇ ਮੈਨੂੰ ਭਾਪਾ ਜੀ ਨਾਲ ਮਿਲਵਾਇਆ ਸੀ...ਬਸ ਖਰੜਾ ਬਣਾ ਕੇ ਉਹਨਾਂ ਨੂੰ ਭੇਜ ਦੇਂਦਾ ਸਾਂ ਤੇ ਕਿਤਾਬ ਛਪ ਜਾਣੀ...ਕੁਝ ਖਰਚ-ਪੱਠਾ ਵੀ ਭੇਜ ਦੇਣਾ ਛਪਵਾਈ ਦਾ...ਤਿਂੰਨੋ ਕਿਤਾਬਾਂ ਦਾ ਪੰਜਾਬੀ ’ਚੋਂ ਹਿੰਦੀ ਵਿੱਚ ਲਿਪੀਆਂਤਰ ਹੋਇਆ...ਲਾਹੌਰ ਵਿੱਚ ਵੀ ਇਹਦਾ ਉਰਦੂ ਵਿੱਚ ਕੀਤਾ ਕਿਸੇ ਨੇ...ਮੇਰੇ ਹਾਸੇ ਪੜ੍ਹ ਕੇ ਬਹੁਤ ਸਾਰੇ ਪਾਠਕਾਂ ਦੇ ਖ਼ਤ ਆਣੇ ਮੈਨੂੰ...ਹੁਣ ਨਹੀਂ ਆਏ ਕਦੇ ਖ਼ਤ...ਹੁਣ ਤੇ ਜ਼ਮਾਨਾ ਹੋ ਗਿਆ ਏ ਫ਼ੋਨ ਦਾ...ਕੰਪਿਊਟਰ ਦਾ...ਓ ਭਾਈ ਮੈਂ ਵੀ ਬੀ.ਐਸੱ.ਸੀ. ਬੀ.ਐੱਡ ਆਂ...ਐਵੇਂ ਨਾ ਸਮਝੀਂ ਮੈਨੂੰ ਅਣਪੜ੍ਹ ਜਿਅ੍ਹਾ ਬੁੜ੍ਹਾ...?”
ਅਸੀਂ ਸਾਰੇ ਹੱਸ ਪਏ।
ਰਮਤੇ ਨੇ ਆਖਿਆ, ਮੈਂ ਤੈਨੂੰ ਮੋਟੀਆਂ-ਮੋਟੀਆਂ ਕੁਝ ਗੱਲਾਂ ਦਸਦਾ ਵਾਂ ਆਪਣੇ ਬਾਰੇ...ਏਹ ਨੋਟ ਕਰ ਲੈ...ਬਈ ਮੈਂ ਅਲੀਗੜ ਯੂਨੀਵਰਸਿਟੀ ਤੋਂ ਬੀ.ਐੱਸ ਸੀ ਕੀਤੀ...ਸੱਚ ਯਾਰ ਮੈਂ ਆਪਣਾ ਜਨਮ ਦੱਸਣਾ ਭੁੱਲ ਈ ਗਿਆ...ਲਿਖ ਲੈ...ਇੱਕ ਅਗਸਤ ਤੇ ਸੰਨ ਉੱਨੀ ਸੌ ਛੱਬੀ...ਪਿੰਡ ਸਾਡਾ ਸੀ ਗਿੱਲ ਚੱਕ...ਤੇ ਜਿ਼ਲਾ ਮਿੰਟਗੁੰਮਰੀ...ਜਿ਼ਮੀਦਾਰ ਫੈਮਿਲੀ...ਗਿੱਲ ਸਾਡਾ ਗੋਤ...ਬਨਾਰਸ ਤੋਂ ਮੈਂ ਸੰਗੀਤ ਦੀ ਬੀ.ਏ, ਕੀਤੀ...ਫੌਜ ਵਿੱਚ ਵੀ ਸੇਵਾ ਕੀਤੀ ਏ...ਈਰਾਨ ‘ਚ ਕਈ ਸਾਲ ਰਿਹਾ...ਜਦੋਂ ਮੁਲਕ ਵੰਡੀਜਿਆ ਏ ਤਾਂ ਲੁਧਿਾਅਣਾ ਨੇੜੇ ਪਿੰਡ ਜਮਲਾਪੁਰ ਵਿੱਚ ਸਾਨੂੰ ਜ਼ਮੀਨ ਅਲਾਟ ਹੋਈ ਏ...ਮੈਂ ਦਿੱਲੀ ਰਿਹਾ ਬਹੁਤਾ...ਬਹੁਤ ਕੰਮ ਕੀਤੇ...ਬਰਕਤ ਪੰਜਾਬੀ ਤੇ ਤੇਜਾ ਸਿੰਘ ਸਾਬਰ ਮੇਰੇ ਫਰੈਂਡ ਸਨ...ਗੱਲ ਲੰਮੀ ਨਾ ਕਰਾਂ...ਤੇ ਸੰਨ 1963 ਦੀ ਗੱਲ ਏ...ਮੈਂ ਆਪਣੇ ਨਿੱਕੇ ਭਰਾ ਤੇ ਮਾਂ ਨਾਲ ਵਲੈਤ ਆਇਆ ਸਾਂ...ਸੰਨ ਉਨੀ ਸੌ ਉਨੱਤ੍ਹਰ ਸੀ ...ਮੈਂ ਟੋਰਾਂਟੋ ਆਇਆ ਗਾਉਣ ਲਈ...ਬਸ ਏਥੇ ਈ ਰਹਿ ਪਿਆ ਤੇ ਹੁਣ ਤੀਕ ਬੈਠਾਂ ਵਾਂ ਟੋਰਾਂਟੋ...ਸ਼ੁਰੂ-ਸ਼ੁਰੂ ਦੀ ਗੱਲ ਏ...ਇੱਕ ਫਰੈਂਡ ਨੇ ਮੈਨੂੰ ਪਟਰੋਲ ਪੰਪ ‘ਤੇ ਕੰਮ ਦਿਲਵਾ ਦਿੱਤਾ...ਸਟ੍ਰਗਲ ਬਹੁਤ ਕੀਤੀ ਏ...ਸਾਰੀ ਜਿੰ਼ਦਗੀ ਸਟ੍ਰਗਲ ‘ਚ ਈ ਬੀਤੀ ਏ...ਹੁਣ ਕਿਹੜਾ ਨਹੀਂ ਸਟ੍ਰਗਲ...ਹੁਣ ਹੋਰ ਤਰ੍ਹਾਂ ਦੀਆਂ ਸਮੱਸਿਆਵਾਂ ਨੇ।”

ਜਦ ਉਸਨੂੰ ਪੁੱਛਿਆ ਕਿ ਆਪਣੀ ਸੰਗੀਤ ਯਾਤਰਾ ਬਾਰੇ ਕੁਝ ਚਾਨਣਾ ਪਾਵੋ ਤਾਂ ਉਸਨੇ ਦੱਸਿਆ ਕਿ ਬੇਟੇ ਸੰਗੀਤ ਯਾਤਰਾ ਬਹੁਤ ਲੰਬੀ ਏ...ਬਹੁਤ ਗਾਇਆ...ਨਾਮਣਾ ਵੀ ਖੱਟਿਆ ਤੇ ਨਾਵਾਂ ਵੀ...ਇਕਬਾਲ ਮਾਹਲ ਨੇ ਮੈਨੂੰ ਚਮਕਾਣ ਵਿੱਚ ਬਹੁਤ ਸਹਿਯੋਗ ਦਿਤਾ...ਮਾਹਲ ਨੂੰ ਮੈਂ ਪਹਿਲੀ ਵਾਰੀ ਸੰਨ ਉੱਨੀ ਸੀ ਕਹੱਤ੍ਹਰ ਵਿੱਚ ਮਾਲਟਨ ਗੁਰੂ ਘਰ ‘ਚ ਮਿਲਿਆ ਸਾਂ ...ਜਦੋਂ ਸੰਨ ਉੱਨੀ ਸੌ ਪੈਂਹਟ ਵਿੱਚ ਮੇਰਾ ਪਹਿਲਾ ਰਿਕਾਰਡ ਭਰਿਆ ਸੀ ਐੱਚ.ਐੱਮ ਵੀ ਵਾਲਿਆਂ ਨੇ...‘ਲੰਡਨ ਦੀ ਸੈਰ’...ਤਾਂ ਏਥੋਂ ਮੇਰੀ ਤਰੱਕੀ ਤੇ ਮਸ਼ਹੂਰੀ ਹੋਣ ਲੱਗੀ...ਪਰਕਾਸ਼ ਕੌਰ ਨਾਲ ਵੀ ਗਾਇਆ ਮੈਂ...ਉਹਦਾ ਆਪਣਾ ਰਾਗ ਤੇ ਰੰਗ ਸੀ...ਤੂੰਬੀ ਮੈਂ ਉਸਤਾਦ ਯਮਲਾ ਜੀ ਨੂੰ ਦੇਖ ਕੇ ਫੜ੍ਹੀ ਸੀ...ਏਹ ਗੱਲ ਸੰਨ ਉੱਨੀ ਸੌ ਚੁਰੰਜਾ ਦੀ ਏ...ਜਦ ਮੈਂ ਉਹਨਾਂ ਨੂੰ ਪਹਿਲੀ ਵਾਰੀ ਗਾਂਦੇ ਦੇਖਿਆ ਸੀ...ਮੈਂ ਪਹਿਲੀ ਵਾਰ ਦਿੱਲੀ ਰੇਡੀਓ ਉਤੋਂ ਜੁਗਨੀ ਗਾਈ ਸੀ...ਵੀਹ ਸਾਲ ਮੈਂ ਏਥੇ ਟੈਕਸੀ ਚਲਾਂਦਾ ਤੇ ਗਾਂਦਾ ਵੀ ਰਿਹਾ ...ਸੰਨ ਉੱਨੀ ਸੌ ਬਾਂਨਵੇਂ ਦੀ ਗੱਲ ਏ...ਮੇਰੇ ਸਿਰ ਵਿੱਚ ਬਲੱਡ ਕਲੌਟ ਹੋ ਗਿਆ...ਚੇਤਾ ਖੋਣ ਲੱਗਿਆ...ਹਾਂ ਸੱਚ, ਦੱਸਾਂ ਕਿ ਉੱਨੀ ਸੌ ਚੁਰਾਸੀ ਦੀ ਘਟਨਾ ਨੇ ਮੇਰਾ ਦਿਲ ਵਿਂੰਨ੍ਹ ਛਡਿਆ ਤੇ ਮੈਂ ਤੱਤੀ ਸੋਚ ਵਾਲ ਬਣ ਗਿਆ...ਸਾਫ਼ ਕਹਾਂ... ਖਾਲਿਸਤਾਨੀ ਬਣ ਗਿਆ ਸਾਂ...ਚਲੋ ਛੱਡੋ ਏਹ ਗੱਲਾਂ।”
ਗੱਲਾਂ ਕਰਦੇ-ਕਰਦੇ, ਮੈਂ ਬਾਹਰ ਦੇਖਿਆ। ਮੀਂਹ ਲੱਥ ਪਿਆ ਸੀ। ਰਮਤਾ ਕਹਿੰਦਾ, ਲੈ ਦੇਖ ਲਓ...ਹੁਣੇ ਧੁੱਪ ਸੀ ਤੇ ਝਟ ‘ਚ ਕਣੀਆਂ ਆ ਗਈਆਂ ਨੇ...ਬੇਟੇ, ਏਥੇ ਤਿੰਨ ਡਬਲਿਯੂ ਗਿਣੀਆਂ ਜਾਂਦੀਆਂ ਨੇ...ਜਿਹਨਾਂ ਦਾ ਕੋਈ ਇਤਬਾਰ ਨਹੀਂ...ਜਿਵੇਂ ਪਹਿਲੀ ਡਬਲਿਯੂ ਏ...ਵੈਦਰ...ਏਹ ਪਤਾ ਨਹੀਂ ਕਦੋਂ ਬਿਗੜ ਜਾਵੇ...ਦੂਜੀ ਏ ਵਾਈਫ਼...ਏਹ ਪਤਾ ਨਹੀਂ ਕਦੋਂ ਭੱਜ ਜਾਵੇ ਤੇ ਤੀਜੀ ਏ...ਵਰਕ..ਏਹ ਪਤਾ ਨਹੀਂ ਕਦੋਂ ਛੁੱਟ ਜਾਵੇ...।”
ਉਹ ਹੱਸਿਆ। ਲਗਦਾ ਸੀ, ਉਹ ਹੱਸਣਾ-ਹਸਾਉਣਾ ਚਾਹੁੰਦਾ ਸੀ। ਟੋਟਕੇ ‘ਤੇ ਟੋਟਕਾ ਸੁਣਾਈ ਜਾਂਦਾ ਸੀ। ਏਧਰ ਮਨਜੀਤ ਵੀ ਕਾਹਲ਼ਾ ਪਿਆ ਹੋਇਆ ਸੀ ਉਸਨੇ ਮੈਨੂੰ ਮੇਰੇ ਟਿਕਾਣੇ ‘ਤੇ ਛੱਡ ਕੇ ਆਪ ਕੰਮ ‘ਤੇ ਲੱਗਣਾ ਸੀ। ਰਮਤਾ ਜੀ ਆਖ ਰਹੇ ਸਨ, “ਨਹੀਂ ਅੱਜ ਸਾਡੇ ਕੋਲ ਰਹਿ...ਹੋਰ ਗੱਲਾਂ ਬਹੁਤ ਨੇ ਸੁਨਾਣ ਵਾਲੀਆਂ...ਭਾਵੇਂ ਦਸ ਕਿਤਾਬਾਂ ਲਿਖ ਲਓ...ਮੈਂ ਆਪਣੀ ਜੀਵਨੀ ਬਾਰੇ ਕਿਤਾਬ ਲਿਖਣੀ ਏਂ...ਐਹੋ ਜਿਹੀ ਲਿਖਣੀ ਏਂ...ਜਿਹਵੀ ਕਦੇ ਕਿਸੇ ਨੇ ਲਿਖੀ ਨਾ ਹੋਵੇ...ਪਰ ਮੈਨੂੰ ਕੁਝ ਘਰੇਲੂ ਹਾਲਤ ਲਈ ਬੈਠੇ ਨੇ ਮੈਂ ਕੀ ਕਰਾ? ਲੋਕਾਂ ਨੇ ਰੱਜਵਾਂ ਮਾਣ ਦਿੱਤਾ ਏ...ਦੁਨੀਆਂ ਭਰ ਵਿੱਚ ਜਾ ਕੇ ਗਾਇਆ ਏ...ਹੁਣ ਫਿਰ ਵਲੈਤੋ ਸੱਦਾ ਆਇਆ ਪਿਆ...ਜਾਵਾਂਗਾ...ਸੰਨ ਉਨੀ ਸੌ ਪਚਾਨਵੇਂ ‘ਚ ਮੈਨੂੰ ਮੋਹਨ ਸਿੰਘ ਮੇਲੇ ਵਾਲਿਆਂ ਸਨਮਾਨਿਆ ਸੀ...ਮੇਰੇ ਨਾਲ ਮਾਹਲ ਵੀ ਗਿਆ ਸੀ ਇੰਡੀਆ...ਮੇਲਾ ਪੰਜਾਬੀ ਭਵਨ ਵਾਲਾ...ਮੈਂ ਬਹੁਤ ਦੇਰ ਪਿੱਛੋਂ ਇੰਡੀਆ ਗਿਆ ਸਾਂ...ਸਾਰਾ ਪੰਜਾਬ ਈ ਢੁੱਕਿਆ ਪਿਆ ਸੀ ਉੱਥੇ...ਸਾਰੇ ਪੰਜਾਬ ਦੇ ਦਰਸ਼ਨ ਕਰਕੇ ਮੈਂ ਬਾਗੋਬਾਗ ਹੋਇਆ...ਤਿਲ ਸੁੱਟ੍ਹਣ ਨੂੰ ਥਾਂ ਨਾ...ਠਾਠਾਂ ਮਾਰਦਾ ਹਜ਼ੂਮ...ਮੈਂ ਗਾਇਆ ਲੋਕ ਖ਼ੁਸ਼ ਕੀਤੇ...ਪਿੰਡਾਂ ਦੇ ਬੁੜ੍ਹੇ ਮੇਰੇ ਹਾਣੀ ਜੱਫ਼ੀਆਂ ਪਾ-ਪਾ ਮਿਲੇ...ਅਖੇ ਤੂੰ ਜੀਊਣੈ ਅਜੇ...ਅਸੀਂ ਤੇ ਸੋਚਦੇ ਸੀ ਮਰ ਮੁੱਕ ਗਿਆ ਕਿਤੇ ਰਮਤਾ ਸਾਡਾ।”
ਇਹ ਗੱਲ ਕਰਦਿਆਂ ਉਹਦੀਆਂ ਅੱਖਾਂ ਨਮ ਹੋ ਗਈਆਂ। ਅਸੀਂ ਜਾਣ ਲਈ ਉੱਠ ਖਲੋਏ।

Ninder_ghugianvi@yahoo.com
94174-21700

-0-