ਟੋਰਾਂਟੋ ਵਿਖੇ ਇੱਕ ਮੁਲਾਕਾਤ ਮੌਕੇ ਹੀਰਾ ਰੰਧਾਵਾ ਤੇ ਪ੍ਰੋ਼ ਅਜਮੇਰ ਔਲਖ
ਨਾਟਕਕਾਰ ਪ੍ਰੋਫੈਸਰ
ਅਜਮੇਰ ਔਲਖ ਨੇ ਪੰਜਾਬੀ ਰੰਗ ਮੰਚ ਵਿੱਚ ਨਵੇਂ ਦਿਸਹੱਦੇ ਸਿਰਜ ਕੇ ਨਵੀਂਆਂ ਪੈੜਾਂ ਪਾਈਆਂ
ਹਨ। ਉਹ ਜਿਧਰ ਵੀ ਤੁਰਿਆ ਹੈ ਨਵੇਂ ਰਾਹ ਬਣੇ ਹਨ। ਦਰਜਨ ਕੁ ਦੇ ਕਰੀਬ ਉਹਦੇ ਨਾਟਕਾਂ ਦੀਆਂ
ਕਿਤਾਬਾਂ ਛਪ ਚੁੱਕੀਆਂ ਹਨ। ਉਹਦੀਆਂ ਨਾਟ-ਪੁਸਤਕਾਂ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਕੋਰਸਾਂ
ਵਿੱਚ ਲੱਗੀਆਂ ਹੋਈਆਂ ਹਨ। ਸੈਂਕੜੇ ਵਿਦਿਆਰਥੀ ਉਹਦੇ ਨਾਟਕਾਂ ‘ਤੇ ਖੋਜ-ਪੱਤਰ ਲਿਖ ਕੇ
ਪੀਐਚਡੀ ਦੀਆਂ ਡਿਗਰੀਆਂ ਹਾਸਲ ਕਰ ਚੁੱਕੇ ਹਨ। ਉਹਦੇ ਸਮੁੱਚੇ ਨਾਟਕ ਮੈਂ ਪੜ੍ਹੇ ਹਨ ਤੇ
ਬਹੁਤ ਸਾਰੇ ਨਾਟਕਾਂ ਦਾ ਮੰਚਣ ਵੀ ਕੀਤਾ ਹੈ। ਇਸ ਦੇ ਨਾਲ ਹੀ ਮੈਂ ਆਪਣੀ ਪੀਐਚਡੀ ਦਾ
ਖੋਜ-ਪੱਤਰ ਲਿਖਣ ਸਮੇਂ ਬਹੁਤ ਸਾਰੇ ਵਿਦੇਸ਼ੀ ਤੇ ਭਾਰਤ ਦੀਆਂ ਦੂਜੀਆਂ ਭਾਸ਼ਾਵਾਂ ਦੇ
ਨਾਟਕਕਾਰਾਂ ਦਾ ਵੀ ਅਧਿਐਨ ਕੀਤਾ ਹੈ ਪਰ ਮੈਨੂੰ ਅਜਮੇਰ ਔਲਖ ਜਿਹੀ ਲੋਕਾਂ ਨਾਟ-ਸਿਰਜਣਾ ਦੀ
ਮਿਸਾਲ ਕਿਧਰੇ ਨਹੀਂ ਮਿਲਦੀ। ਉਹਨੇ ਪੇਂਡੂ ਨਾਟਕ ਕਲਾ ਨੂੰ ਇੱਕ ਨਵਾਂ ਮੁਹਾਂਦਰਾ ਪ੍ਰਦਾਨ
ਕੀਤਾ ਹੈ। ਅੱਜ ਕੱਲ੍ਹ ਕਾਲਜ ਦੀ ਪ੍ਰੋਫੈਸਰੀ ਤੋਂ ਸੇਵਾ-ਮੁੱਕਤੀ ਪਿਛੋਂ ਉਹ ਕੁਲਵਕਤੀ ਤੌਰ
ਤੇ ਰੰਗਮੰਚ ਕਰ ਰਿਹਾ ਹੈ। ਹਿੰਦੁਸਤਾਨ ਦੇ ਮਹਾਂਨਗਰਾਂ ਅਤੇ ਪੰਜਾਬ ਤੇ ਚੱਪੇ-ਚੱਪੇ ‘ਤੇ
ਉਹਦੀਆਂ ਪੈੜਾਂ ਹਨ। ਉਹ ਇੱਕ ਇਨਸਾਨ ਨਹੀਂ ਸਗੋਂ ਇੱਕ ਮੁਕੰਮਲ ਸੰਸਥਾ ਹੈ ਜਿਹੜੀ ‘ਲੋਕ ਕਲਾ
ਮੰਚ ਮਾਨਸਾ’ ਦੇ ਰੂਪ ਵਿੱਚ ਸਕਤਿਆਂ ਹੱਥੋਂ ਲੁੱਟ ਹੁੰਦੇ ਲੋਕਾਂ ਨੂੰ ਉਹਨਾਂ ਦੇ ਹੱਕਾਂ
ਖ਼ਾਤਿਰ ਜੂਝਣ ਲਈ ਜਾਗਰੂਕ ਕਰਦੀ ਹੈ। ਕੈਨੇਡਾ ਫੇਰੀ ਮੌਕੇ 10 ਅਪਰੈਲ 2011 ਨੂੰ ਉਹਨੇ
ਟੋਰਾਂਟੋ ਵਿੱਚ ਆਪਣਾ ਪ੍ਰਸਿੱਧ ਨਾਟਕ ‘ਚਾਨਣ ਦੇ ਵਣਜਾਰੇ’ ਤਿਆਰ ਕਰਵਾ ਕੇ ਸਫ਼ਲਤਾ ਨਾਲ
ਖੇਡਿਆ। ਇਸੇ ਸਮੇਂ ਦੌਰਾਨ ਉਸ ਨਾਲ ਹੋਈ ਇੱਕ ਵਿਸ਼ੇਸ਼ ਮੁਲਕਾਤ ਦੇ ਕੁਝ ਅੰਸ਼ ਪਾਠਕਾਂ ਦੀ
ਨਜ਼ਰ ਕਰ ਰਿਹਾ ਹਾਂ - ਹੀਰਾ ਰੰਧਾਵਾ
ਹੀਰਾ ਰੰਧਾਵਾ – ਔਲਖ ਸਾਹਿਬ, ਕੀ ਮੌਜੂਦਾ ਸਮੇਂ ਦੇ ਪੰਜਾਬੀ ਰੰਗਮੰਚ ਦੀ ਸਥਿੱਤੀ ਤੋਂ
ਤੁਸੀਂ ਸੰਤੁਸ਼ਟ ਹੈ।
ਔਲਖ – ਰੰਧਾਵੇ, ਬੰਦਾ ਤਾਂ ਸਾਰੀ ਉਮਰ ਸੰਤੁਸ਼ਟ ਨਹੀਂ ਹੁੰਦਾ। ਫਿਰ ਵੀ ਇਸ ਸਮੇਂ ਜਿੰਨਾਂ
ਰੰਗਮੰਚ ਪੰਜਾਬੀ ਜ਼ੁਬਾਨ ਵਿੱਚ ਪੰਜਾਬ ਵਿੱਚ ਹੋ ਰਿਹੈ ਉਨਾਂ ਹਿੰਦੁਸਤਾਨ ਦੀ ਕਿਸੇ ਵੀ
ਭਾਸ਼ਾ ਵਿੱਚ ਨਹੀਂ ਹੋ ਰਿਹਾ ਇਹ ਗੱਲ ਤਸੱਲੀ ਵਾਲੀ ਜਰੂਰ ਹੈ। ਖੁਸ਼ੀ ਵਾਲੀ ਗੱਲ ਇਹ ਵੀ ਹੈ
ਕਿ ਪੰਜਾਬ ਵਿੱਚ ਹੁੰਦੇ ਰੰਗਮੰਚ ਵਿੱਚ ਨਾਟਕਾਂ ਦੀਆਂ ਵੰਨਗੀਆਂ ਬਹੁਤ ਹਨ ਜਿੰਨੀਆਂ ਹੋਰ
ਕਿਤੇ ਨਹੀਂ ਮਿਲਦੀਆਂ। ਆਤਮਜੀਤ, ਤੇ ਗੁਰਸ਼ਰਨ ਸਿੰਘ ਪੰਜਾਬੀ ਨਾਟਕ ਦੇ ਵੱਡੇ ਨਾਂ ਨੇ।
ਕੇਵਲ ਧਾਲੀਵਾਲ ਜਿੰਨਾਂ ਕੰਮ ਤਕਨੀਕੀ ਤੇ ਉਚ ਪੱਧਰ ਦੇ ਪੰਜਾਬੀ ਰੰਗਮੰਚ ਵਿੱਚ ਕਰ ਰਿਹਾ
ਉਹਦਾ ਕੋਈ ਮੁਕਾਬਲਾ ਨਹੀਂ, ਪਾਲੀ ਭੁਪਿੰਦਰ ਦਾ ਨਾਟਕ ਅੱਜ ਸਭ ਤੋਂ ਵੱਧ ਯੂਨੀਵਰਸਿਟੀਆਂ ਦੇ
ਯੁਵਕ ਮੁਕਾਬਲਿਆਂ ਵਿੱਚ ਖੇਡਿਆ ਜਾ ਰਿਹਾ। ਪਿੰਡ ਪੱਧਰ ਤੇ ਨਾਟਕ ਮੰਡਲੀਆਂ ਬਣੀਆਂ ਹੋਈਆਂ
ਨੇ। ਇਹ ਮੇਰੇ ਲਈ ਸੰਤੁਸ਼ਟੀ ਵਾਲੀ ਗੱਲ ਇਹ ਹੈ ਕਿ ਮੈਂ ਗੁਰਸ਼ਰਨ ਭਾਅਜੀ ਵੱਲੋਂ ਨਾਟਕ ਨੂੰ
ਪਿੰਡ ਪਿੰਡ ਪਹੁੰਚਾਉਣ ਦਾ ਕੰਮ ਕਰਕੇ ਜੋ ਇਤਿਹਾਸ ਰਚਿਆ ਸੀ ਉਸ ਵਿੱਚ ਆਪਣੇ ਕੀਤੇ ਜਾ ਰਹੇ
ਕੰਮ ਰਾਹੀਂ ਕੁਝ ਨਵਾਂ ਜੋੜ ਸਕਿਆ ਹਾਂ।
ਹੀਰਾ ਰੰਧਾਵਾ – ਵੈਸੇ ਨਾਟਕ ਚੇਟਕ ਤੁਹਾਨੂੰ ਲੱਗੀ ਕਿਥੋਂ?
ਔਲਖ - ਮੈਂ ਕਦੇ ਸੁਪਨਾ ਵੀ ਨਹੀਂ ਸੀ ਲਿਆ ਕਿ ਨਾਟਕਕਾਰ ਬਣਾਂਗਾ। ਚੜ੍ਹਦੀ ਉਮਰੇ ਮੈਂ
ਤੁਕਬੰਦੀ ਕਰ ਕੇ ਕਵਿਤਾ ਤੇ ਗੀਤ ਵਗੈਰਾ ਲਿਖਣੇ ਤੇ ਗਾਉਣੇ ਸ਼ੁਰੂ ਕੀਤੇ। ਫੇਰ ਇਹ
ਕਾਮਰੇਡਾਂ ਦੀਆਂ ਸਟੇਜਾਂ ‘ਤੇ ਅਸੀਂ ਪੇਸ਼ ਕਰਨੀਆਂ ਸ਼ੁਰੂ ਕਰ ਦਿੱਤੀਆਂ ਜੀਹਦੇ ਵਿੱਚ ਮੇਰਾ
ਸ਼ਰੀਕੇ ‘ਚੋਂ ਭਾਈ ਸੁਖਦੇਵ ਮੇਰਾ ਸਾਥ ਦਿੰਦਾ ਸੀ। ਸੰਨ 1965 ਵਿੱਚ ਐਮ.ਏ. ਪੰਜਾਬੀ ਕਰਨ
ਉਪਰੰਤ ਨਹਿਰੂ ਕਾਲਜ ਪੜ੍ਹਾਉਣ ਲੱਗ ਪਿਆ। ਇਥੇ ਹੀ 1970 ਵਿੱਚ ਮੇਰੀ ਜਿੰਮੇਵਾਰੀ
ਸਭਿਆਚਾਰਿਕ ਗਤੀਵਿਧੀਆਂ ਦੇ ਮੁਖੀ ਵਜੋਂ ਲੱਗ ਗਈ। ਮੈਂ ਵਿਦਿਆਰਥੀਆਂ ਨੂੰ ਗੀਤ,
ਮੋਨੋਐਕਟਿੰਗ, ਸਕਿੱਟ ਆਦਿ ਵੰਨਗੀਆਂ ਤਿਆਰ ਕਰਵਾਉਣੀਆਂ। ਜਦ ਮੈਂ ਤੱਕਿਆ ਕਿ ਮੇਰੇ ਸਕਿੱਟ
ਆਦਿ ਦੀ ਗੱਲ ਦਰਸ਼ਕਾਂ ਤੱਕ ਵਧੀਆ ਪਹੁੰਚਦੀ ਹੈ ਤੇ ਉਹ ਹੁੰਗਾਰਾ ਵੱਧ ਦਿੰਦੇ ਹਨ ਤਾਂ ਅਸੀਂ
ਕਾਲਜ ਦੇ ਯੁਵਕ ਮੁਕਾਬਲਿਆਂ ਵਿੱਚ ਮੇਰੇ ਲਿਖੇ ਤੇ ਤਿਆਰ ਕੀਤੇ ਨਾਟਕ ਲਿਜਾਣ ਲੱਗੇ। ਉਹ
ਨਾਟਕ ਆਮ ਲੋਕਾਂ ਦੀ ਗੱਲ ਕਰਦੇ ਸਨ ਤੇ ਬਹੁਤੀਵਾਰੀ ਪਹਿਲੇ ਨੰਬਰ ਤੇ ਹੀ ਆਉਂਦੇ। ਇਹਨਾਂ ਦੇ
ਹੁੰਦੇ ਅਸਰ ਨੂੰ ਤੱਕ ਮੈਂ ਨਾਟਕਾਂ ਵਿੱਚ ਨਾਲ ਵੱਖ ਵੱਖ ਵਿਸਿ਼ਆਂ ‘ਤੇ ਹੱਥ ਅਜ਼ਮਾਉਣ
ਲੱਗਾ। ਜਦ ਪਿੰਡਾਂ ‘ਚ ਲੱਗਦੇ ਕੈਂਪਾਂ ਵਿੱਚ ਲੋਕਾਂ ਨੇ ਇਹਨਾਂ ਨਾਟਕਾਂ ਨੂੰ ਤੱਕਣਾ ਤਾਂ
ਉਹਨਾਂ ਦਾ ਹੁੰਗਾਰਾ ਹੀ ਇੰਨਾਂ ਜਿ਼ਆਦਾ ਸੀ ਕਿ ਮੈਂ ਬਹੁਤ ਉਤਸ਼ਾਹਿਤ ਹੋਇਆ। ਇਹਦੇ ਨਾਲ ਹੀ
ਮੈਂ ਗੁਰਸ਼ਰਨ ਭਾਅਜੀ ਦੇ ਨਾਟਕ ਪਿੰਡ ‘ਚ ਹੁੰਦੇ ਤੱਕੇ ਤਾਂ ਮੈਂ ਉਹਨਾਂ ਤੋਂ ਪ੍ਰੇਰਿਤ ਹੋ
ਕੇ ਪਿੰਡਾਂ ਵਿੱਚ ਨਾਟਕ ਖੇਡਣੇ ਸ਼ੁਰੂ ਕਰ ਦਿੱਤੇ। ਤੇ ਫਿਰ ਚੱਲ ਸੋ ਚੱਲ ਤੇ ਅੱਜ ਤੱਕ
ਪਿਛੇ ਮੁੜ ਨਹੀਂ ਵੇਖਿਆ, ਰੰਗਮੰਚ ਸਫ਼ਰ ਜਾਰੀ ਹੈ। ਇੱਕ ਗੱਲ ਮੈਂ ਤੁਹਾਨੂੰ ਦੱਸਾਂ ਕਿ
ਮੈਨੂੰ ਬਤੌਰ ਇੱਕ ਨਾਟਕਕਾਰ ਉਦੋਂ ਮਾਨਤਾ 1978 ਵਿੱਚ ਮਿਲੀ ਸੀ ਜਦ ਮੈਂ ਆਪਣਾ ਪ੍ਰਸਿੱਧ
ਨਾਟਕ ‘ਬਿਗਾਨੇ ਬੋਹੜ ਦੀ ਛਾਂ’ ਚੰਡੀਗੜ੍ਹ ਟੈਗੋਰ ਥੀਏਟਰ ਵਿੱਚ ਪੇਸ਼ ਕੀਤਾ ਸੀ। ਉਦੋਂ
ਮੀਡੀਏ ਤੇ ਬੁੱਧੀਜੀਵੀਆਂ ਨੇ ਰੱਜ ਕੇ ਲਿਖਿਆ ਕਿ ਅਜਮੇਰ ਔਲਖ ਨੇ ਪੰਜਾਬੀ ਰੰਗਮੰਚ ਵਿੱਚ
ਇੱਕ ਨਿਵੇਕਲੀ ਵਿਧਾ ਲਿਆਂਦੀ ਹੈ ਜੋ ਸਮਰੱਥ ਨਾਟਕਕਾਰ ਹੋਣ ਦਾ ਦਰਜਾ ਪ੍ਰਾਪਤ ਕਰ ਚੁੱਕਾ
ਹੈ।
ਹੀਰਾ ਰੰਧਾਵਾ - ਤੁਹਾਡੇ ਨਾਟਕ ਆਮ ਤੌਰ ‘ਤੇ ਕਿਸਾਨੀ ਤੇ ਤੀਵੀਂ ਦੀਆਂ ਥੁੜਾਂ ‘ਤੇ ਅਧਾਰਿਤ
ਹੁੰਦੇ ਹਨ ਤੁਸੀਂ ਇਹ ਵਿਸ਼ੇ ਹੀ ਕਿਉਂ ਚੁਣੇ?
ਔਲਖ - ਅਸਲ ਵਿੱਚ ਮੈਂ ਸੰਗਰੂਰ ਜਿਲ੍ਹੇ ਦੇ ਪਿੰਡ ਕੁੰਭੜਵਾਲ ਜਿਸ ਨੂੰ ਲੋਕ ‘ਮੁਜ਼ਾਰਿਆਂ
ਦਾ ਪਿੰਡ’ ਨਾਲ ਸੱਦਦੇ ਸਨ ਦੇ ਬਹੁਤ ਹੀ ਗਰੀਬ ਮੁਜ਼ਾਰਾ ਪਰਿਵਾਰ ਵਿੱਚ ਪੈਦਾ ਹੋਇਆ ਸੀ।
ਸਾਡੇ ਪਿੰਡ ਦੇ ਮੁਜ਼ਾਰਾ ਪਰਿਵਾਰਾਂ ਦੀਆਂ ਤੀਵੀਆਂ ਜਗੀਰਦਾਰਾਂ ਦੇ ਖੇਤੀਂ ਕੰਮ ਕਰਦੀਆਂ ਤੇ
ਸ਼ਾਮੀ ਘਰ ਪਰਤਦਿਆਂ ਜਗੀਰਦਾਰਾਂ ਦੇ ਕਾਰਿੰਦਿਆਂ ਨੇ ਉਹਨਾਂ ਦੇ ਸ਼ਾਮੀ ਮੁੜਨ ਸਮੇਂ
ਤਾਲਾਸ਼ੀ ਲੈਣੀ ਕਿ ਕਿਤੇ ਕੁਝ ਖੇਤੋਂ ਕੁਝ ਚੁਰਾ ਕੇ ਨਾ ਲੈ ਆਈਆਂ ਹੋਣ। ਇੱਕ ਵਾਰ ਦੀ ਗੱਲ
ਹੈ ਮੈਂ ਜਦ ਮੈਂ ਛੋਟਾ ਜਿਹਾ ਸੀ ਤਾਂ ਖੇਤੋਂ ਮੁੜਦੀਆਂ ਤੀਵੀਆਂ ਦੀ ਤਲਾਸ਼ੀ ਹੋ ਰਹੀ ਸੀ ਕਿ
ਇੱਕ ਤੀਵੀਂ ਦੀ ਅਵਾਜ਼ ਮੈਂ ਸੁਣੀ ਜੋ ਕਰਿੰਦੇ ਨੂੰ ਕਹਿ ਰਹੀ ਸੀ ਕਿ ‘ਕੀ ਹੋ ਗਿਆ ਕੰਜਰਾ!
ਜਾਏ-ਖਾਣੇ ਦੀ ਇੱਕ ਛੱਲੀ ਈ ਤਾਂ ਸੀ! ਸਵੇਰੇ ਜੁਆਕ ਨੇ ਖੇਤ ਜਾਂਦੀ ਨੂੰ ਕਿਹਾ ਸੀ ‘ਬੇਬੇ!
ਮੇਰਾ ਭੁੰਨੀ ਹੋਈ ਛੱਲੀ ਖਾਣ ਨੂੰ ਜੀਅ ਕਰਦੈ!ਲੈ ਤੂੰ ਰੱਖ ਲੈ, ਭਰਦੇ ਆਵਦੇ ਜਗੀਰਦਾਰ ਦੇ
ਜੁਆਕਾਂ ਦਾ ਢਿੱਡ। ਸਾਡੇ ਤਾਂ ਭੁੱਖੇ ਨੰਗੇ ਵੀ ਕੱਟ ਲੈਡਗੇ ਜਿ਼ੰਦਗ਼ੀ। ਜਦ ਮੈਂ ਤੱਕਿਆ
ਤਾਂ ਉਹ ਮੇਰੀ ਮਾਂ ਸੀ ਜੋ ਮੇਰੇ ਭੁੰਨੀ ਛੱਲੀ ਮੰਗਣ ਦੀ ਜਿ਼ੱਦ ਕਰਕੇ ਕਾਰਿੰਦਿਆਂ ਤੋਂ
ਬੇਇਜ਼ਤੀ ਕਰਵਾ ਰਹੀ ਸੀ। ਬੱਸ ਉਸ ਬਾਲ ਵਰੇਸ ਤੋਂ ਹੀ ਲੋਕਾਂ ਦੇ ਸ਼ੋਸ਼ਣ ਕਰਨ ਵਾਲਿਆਂ
ਪ੍ਰਤੀ ਮੇਰੇ ਵਿੱਚ ਰੋਹ ਜਮ੍ਹਾਂ ਹੋਣਾ ਸ਼ੁਰੂ ਹੋ ਗਿਆ ਸੀ। ਇਸ ਤਰਾਂ ਦੀਆਂ ਨਿੱਕੀਆਂ
ਨਿੱਕੀਆਂ ਘਟਨਾਵਾਂ ਹੰਢਾਉਣ ਕਰਕੇ ਗਰੀਬ ਲੋਕਾਂ ਦੇ ਮਸਲੇ ਆਪ ਮੁਹਾਰੇ ਹੀ ਮੇਰੀਆਂ ਲਿਖਤਾਂ
ਦਾ ਹਿੱਸਾ ਬਣ ਗਏ। ਇਸੇ ਤਰਾਂ ਸਾਡਾ ਗੁਆਂਢੀ ਸੀ ਈਸ਼ਰ ਬੁੜਾ, ਉਹ ਚੰਗਾ ਰੱਜਿਆਂ ਪੁੱਜਿਆ
ਸੀ ਪਰ ਹੈ ਉਹ ਛੜਾ ਸੀ। ਉਹਦੀ ਅਕਸਰ ਮੇਰੇ ਬਾਪ ਨਾਲ ਤੂੰ ਤੂੰ ਮੈਂ ਮੈਂ ਹੁੰਦੀ ਰਹਿੰਦੀ ਸੀ
ਉਹਨੇ ਮੇਰੇ ਬਾਪ ਨੂੰ ਨੰਗ ਕਹਿਣਾ ਤੇ ਮੇਰੇ ਬਾਪ ਨੇ ਉਹਨੂੰ ਛੜੇ ਹੋਣ ਦਾ ਮਿਹਣਾ ਮਾਰਨਾ।
ਉਸ ਵਰਗੇ ਹੋਰ ਵੀ ਘਰ ਪਿੰਡ ਵਿੱਚ ਸੀ ਜਿਥੇ ਤੀਵੀਂ ਖੁਣੋਂ ਲੋਕ ਤਰਸਦੇ ਮਰ ਗਏ। ਸੋ
ਲੁੱਟ-ਖਸੁੱਟ, ਜ਼ਬਰ-ਜ਼ੁਲਮ, ਤੰਗੀਆਂ-ਤਰੁਸ਼ੀਆਂ, ਬੇਇੱਜ਼ਤੀ, ਨਮੋਸ਼ੀਆਂ, ਭੁੱਖ-ਨੰਗ,
ਸੁਪਨਿਆਂ ਦਾ ਕਤਲੇਆਮ, ਜਿਹੇ ਕਰੂਰਤਾ ਭਰੇ ਜਗੀਰਦਾਰੀ ਨਿਜ਼ਾਮ ਵਕਤ ਦੇ ਥਪੇੜੇ ਸਾਨ ਜਿਹੜੇ
ਮੈਨੂੰ ਵੱਜਦੇ ਰਹੇ। ਇਹ ਹਕੀਕਤਾਂ ਮੈਂ ਹੱਡੀਂ ਹੰਢਾਈਆਂ ਤੇ ਅੱਖੀਂ ਤੱਕੀਆਂ ਹਨ ਜਿਨਾਂ ਦਾ
ਅਸਰ ਸਿੱਧੇ ਰੂਪ ਵਿੱਚ ਮੇਰੀਆਂ ਲਿਖਤਾਂ ‘ਤੇ ਪਿਆ।
ਹੀਰਾ ਰੰਧਾਵਾ - ਤੁਸੀਂ ਨਾਟਕ ਲੇਖਣ ਤੋਂ ਇਲਾਵਾ ਪੰਜਾਬੀ ਸਾਹਿਤ ਦੇ ਕਿਸੇ ਹੋਰ ਰੂਪ ‘ਤੇ
ਵੀ ਹੱਥ ਅਜ਼ਮਾਇਆ ਏ ਕਦੇ?
ਔਲਖ - ਅਸਲ ਵਿੱਚ ਜਦ ਮੈਂ ਨਿੱਕਾ ਜਿਹਾ ਸਕੂਲੇ ਜਾਂਦਾ ਹੁੰਦਾ ਸਾਂ ਤਾਂ ਉਥੇ ਅਕਸਰ ਬੱਚਿਆਂ
ਮੂਹਰੇ ਗੀਤ ਆਦਿ ਦੀਆਂ ਲਾਈਨਾਂ ਗਾਉਣੀਆਂ। ਮੈਂ ਉਦੋਂ 2 ਕੁ ਕਹਾਣੀਆਂ ਵੀ ਲਿਖੀਆਂ ਜਿਹੜੀਆਂ
ਪੰਜਾਬੀ ਦੇ ਰਸਾਲਿਆਂ ਵਿੱਚ ਛੱਪੀਆਂ ਵੀ। ਫਿਰ ਜਦ ਦਸਵੀਂ ਕਰ ਹਟਿਆ ਤਾਂ ਮੈਂ ਇੱਕ ਨਾਵਲ
ਲਿਖ ਮਾਰਿਆ ਜਿਸ ਵਿੱਚ ਮੁਜ਼ਾਰਿਆਂ ਦੀਆਂ ਹਾਲਤਾਂ ਨੂੰ ਵਿਸ਼ਾ ਬਣਾਇਆ ਗਿਆ ਸੀ। ਅਸਲ ਵਿੱਚ
ਉਹ ਨਾਵਲ ਅਜਿਹਾ ਹੀ ਸੀ ਜਿਹੋ ਜਿਹਾ ਗਭਰੇਟ ਉਮਰ ਵਿੱਚ ਕੋਈ ਜਣਾ ਲਿਖ ਸਕਦਾ ਹੈ। ਬਾਅਦ
ਵਿੱਚ ‘ਨਾਗ ਨਿਵਾਸ’ ਇੱਕ ਰਸਾਲਾ ਵੀ ਕੱਢਿਆ ਜੋ ਕਾਫ਼ੀ ਸਮਾਂ ਛੱਪਦਾ ਰਿਹਾ। ਕੁਝ ਵੀ ਸੀ
ਵਿਸ਼ਾ ਮੇਰੀ ਹਰ ਲਿਖਤ ਦਾ ਆਮ ਲੋਕਾਂ ਦੇ ਮਸਲੇ ਹੀ ਰਿਹਾ ਹੈ।
ਹੀਰਾ ਰੰਧਾਵਾ - ਤੁਹਾਡੀ ਜੀਵਨ ਸਾਥਣ ਮਨਜੀਤ ਔਲਖ ਵੀ ਤੁਹਾਡੇ ਨਾਲ ਬਕਾਇਦਗੀ ਨਾਲ ਰੰਗਮੰਚ
ਕਰ ਰਹੀ ਹੈ ਇਹ ਸਬੱਬ ਕਿਵੇਂ ਬਣਿਆ?
ਔਲਖ - ਅਸਲ ਵਿੱਚ ਮੇਰੇ ਨਾਟਕਾਂ ਵਾਂਗ ਨਾਟਕਾਂ ਨੂੰ ਖ਼ੇਡਣ ਲਈ ਵੀ ਤੀਵੀਂਆਂ ਦੀ ਘਾਟ ਸੀ।
ਸੰਨ 1976 ਵਿੱਚ ਅਸੀਂ ‘ਲੋਕ ਕਲਾ ਮੰਚ’ ਮਾਨਸਾ ਦੀ ਸਥਾਪਨਾ ਕੀਤੀ ਸੀ ਤੇ 1978 ਵਿੱਚ ਆਪਣੇ
ਨਾਟਕਾਂ ਵਿੱਚ ਤੀਵੀਂ ਕਲਾਕਾਰ ਦੀ ਘਾਟ ਨੂੰ ਪੂਰਾ ਕਰਨ ਦਾ ਰਾਹ ਮੈਂ ਮਨਜੀਤ ਨੂੰ ਨਾਟਕਾਂ
ਵਿੱਚ ਲਿਆ ਕੇ ਲੱਭ ਲਿਆ। ਸਗੋਂ ਇਸ ਤੋਂ ਵੀ ਅਗਾਂਹ ਮੇਰੀਆਂ ਤਿੰਨੇ ਬੇਟੀਆਂ ਸੁਪਨਦੀਪ,
ਸੁਹਜਦੀਪ ਤੇ ਅਜਮੀਤ ਲਗਾਤਾਰ ਮੇਰੇ ਨਾਲ ਰੰਗਮੰਚ ਕਰ ਰਹੀਆਂ ਹਨ। ਉਹਨਾਂ ਦੇ ਪਤੀ ਮਨਜੀਤ
ਚਾਹਲ ਤੇ ਗੁਰਵਿੰਦਰ ਬਰਾੜ ਵੀ ਨਾਲ ਹੀ ਬੜੀ ਸਿੱਦਤ ਨਾਲ ਨਾਟਕ ਖੇਡ ਰਹੇ ਹਨ। ਗੁਰਵਿੰਦਰ
ਬਰਾੜ ਨੇ ਤਾਂ ਸਗੋਂ ਇੱਕ ਗਾਇਕ ਵਜੋਂ ਵੀ ਗਾਇਕੀ ਵਿੱਚ ਆਪਣਾ ਚੰਗਾ ਸਥਾਨ ਬਣ ਲਿਆ ਹੈ। ਇਸ
ਗੱਲ ਦੀ ਮੈਨੂੰ ਅਥਾਹ ਖ਼ੁਸ਼ੀ ਹੈ ਤੇ ਆਪਣੇ ਪਰਿਵਾਰ ‘ਤੇ ਮਾਣ ਵੀ।
ਹੀਰਾ ਰੰਧਾਵਾ - ਤੁਹਾਡੇ ‘ਤੇ ਗਾਲਾਂ ਵਾਲੇ ਨਾਟਕਕਾਰ ਦਾ ਇਲਜ਼ਾਮ ਲੱਗਦਾ ਹੈ ਇਸ ਬਾਰੇ ਕੀ
ਕਹਿਣਾ ਚਾਹੋਗੇ।
ਔਲਖ - ਰੰਧਾਵੇ, ਗਾਲਾਂ ਮੈਂ ਜਾਣ ਬੁਝ ਕੇ ਨਾਟਕ ਵਿੱਚ ਨਹੀਂ ਪਾਉਂਦਾ ਸਗੋਂ ਵਿੱਚ ਆ
ਜਾਂਦੀਆਂ ਨੇ। ਇਹਨਾਂ ਸਾਡੇ ਮਾਲਵੇ ਖਿੱਤੇ ਦੇ ਤੋਟਾਂ ਮਾਰੇ ਲੋਕਾਂ ਦੀ ਰੋਜ਼ਮੱਰਾ ਦੀ ਨਿੱਤ
ਦੀ ਜਿ਼ੰਦਗ਼ੀ ਦਾ ਇੱਕ ਅੰਗ ਵੀ ਤੁਸੀਂ ਕਹਿ ਸਕਦੇ ਹੋ। ਇਹ ਗਾਲਾਂ ਕਦੇ ਮੇਰੇ ਨਾਟਕਾਂ ਦੇ
ਮੰਚਣ ਦੌਰਾਨ ਅੱਖੜਦੀਆਂ ਨਹੀਂ ਤੇ ਨਾ ਹੀ ਅਸ਼ਲੀਲਤਾ ਦਾ ਪ੍ਰਦਰਸ਼ਨ ਕਰਦੀਆਂ ਨੇ। ਅਸਲ ਵਿੱਚ
ਮਿਹਨਤ ਕਰਦੇ ਲੋਕਾਂ ਦੀ ਕਿਰਤ ਜਦ ਜਰਵਾਣੇ ਆ ਲਿਜਾਂਦੇ ਨੇ ਤਾਂ ਉਹਨਾਂ ਦੇ ਧੁਰ ਅੰਦਰੋਂ
ਕੋਈ ਗਾਲ ਵਰਗੀ ਕੋਈ ਹੂਕ ਨਿਕਲਦੀ ਹੈ ਜਿਹੜੀ ਲੋਟੂਆਂ ਪ੍ਰਤੀ ਨਫ਼ਰਤ ਦਾ ਪ੍ਰਤੀਕ ਹੈ। ਇਹ
ਹਰ ਲੁੱਟੇ ਜਾਣ ਵਾਲੇ ਵਿੱਚ ਮੌਜੂਦ ਹੁੰਦੀ ਹੈ ਜਿਹਨੂੰ ਤੁਸੀਂ ਕੁਝ ਵੀ ਕਹਿ ਸਕਦੇ ਹੋ। ਪਰ
ਇਹ ਵੀ ਨਹੀਂ ਕਿ ਮੇਰੇ ਹਰ ਨਾਟਕ ਵਿੱਚ ਗਾਲਾਂ ਹੀ ਨੇ।
ਹੀਰਾ ਰੰਧਾਵਾ - ਸ਼ਹਿਰੀ ਤੇ ਪੇਂਡੂ ਰੰਗਮੰਚ ਬਾਰੇ ਤੁਹਾਡੇ ਕੀ ਵਿਚਾਰ ਹਨ?
ਔਲਖ - ਸ਼ਹਿਰਾਂ ਵਿੱਚ ਰੰਗਮੰਚ ਕਰਨ ਲਈ ਤੁਹਾਨੂੰ ਬਹੁਤ ਤਰੱਦਦ ਕਰਨੇ ਪੈਂਦੇ ਨੇ। ਦਰਸ਼ਕਾਂ
ਨੂੰ ਲਿਆਉਣ ਲਈ ਸੱਦਾ ਪੱਤਰਾਂ ਸਮੇਤ ਮੀਡੀਏ ਲਗਾਤਾਰ ਮਸ਼ਹੂਰੀ ਕਰਨੀ ਪੈਂਦੀ ਹੈ ਤੇ
ਦਰਸ਼ਕਾਂ ਨਾਲ ਹਾਲ ਫਿਰ ਵੀ ਨਹੀਂ ਭਰਦਾ। ਜਦ ਕਿ ਪਿੰਡਾਂ ਵਿੱਚ ਜਾ ਕੇ ਨਾਟਕ ਹੋਣ ਬਾਰੇ
ਗੁਰਦੁਆਰੇ ਅਨਾਊਂਸ ਕਰੋ ਤਾਂ 8-10 ਹਜ਼ਾਰ ਦਰਸ਼ਕ ਸੌਖਿਆਂ ਹੀ ਆ ਜਾਂਦੇ ਹਨ। ਜਿਥੋਂ ਤੱਕ
ਯੂਨੀਵਰਸਿਟੀਆਂ ਦੇ ਰੰਗਮੰਚ ਦਾ ਸਵਾਲ ਹੈ ਉਹ ਇੱਕ ਪੇਸ਼ਕਾਰੀ ‘ਤੇ ਹੀ ਲੱਖਾਂ ਰੁਪਈਏ ਲਗਾ
ਦਿੰਦੇ ਹਨ ਜਿੰਨਾਂ ਨਾਲ ਬਹੁਤ ਸਾਰੇ ਪਿੰਡਾਂ ਵਿੱਚ ਸੌਖਿਆਂ ਹੀ ਨਾਟਕ ਹੋ ਸਕਦੇ ਹਨ। ਅਸੀਂ
ਬੜੇ ਸੀਮਿਤ ਸਾਧਨਾਂ ਵਿੱਚ ਘੱਟ ਸਟੇਜ ਸਮੱਗਰੀ ਨਾਲ ਪਿੰਡ ਵਿੱਚ ਨਾਟਕ ਕਰ ਲੈਂਦੇ ਹਾਂ।
ਸਾਡੇ ਵਰਤਣ ਵਾਲੀ ਸਮੱਗਰੀ ਵੀ ਸੌਖਿਆਂ ਹੀ ਪਿੰਡ ਵਿੱਚੋਂ ਮਿਲ ਜਾਂਦੀ ਹੈ।
ਹੀਰਾ ਰੰਧਾਵਾ - ਕੀ ਰੰਗਮੰਚ ਲਈ ਇਹ ਜਰੂਰੀ ਹੈ ਕਿ ਉਹ ਕਿਸੇ ਇੱਕ ਵਿਸ਼ੇਸ਼ ਲਹਿਰ ਜਾਂ
ਸਿਆਸਤ ਨਾਲ ਬੱਝ ਕੇ ਚੱਲੇ
ਔਲਖ - ਨਹੀਂ ਅਜਿਹਾ ਜਰੂਰੀ ਨਹੀਂ ਹੈ ਕਿ ਤੁਸੀਂ ਕਿਸੇ ਧਾਰਾ ਨਾਲ ਬੱਝ ਕੇ ਤੁਰੋ। ਹੁਣ
ਮੈਨੂੰ ਵੇਖੋ ਮੈਂ ਇਪਟਾ ਲਹਿਰ ਸਮੇਂ ਚੱਲੀਆਂ ਮੁਜ਼ਾਰਾ ਲਹਿਰ, ਖ਼ੁਸ਼ਹੈਤੀ ਟੈਕਸ ਲਹਿਰ,
ਨੈਕਸਲਾਈਟ ਮੂਵਮੈਂਟ, ਆਦਿ ਸਮੇਤ ਬਹੁਤ ਸਾਰੀਆਂ ਲਹਿਰਾਂ ਵੇਲੇ ਲੋਕਾਂ ਦੀਆਂ ਮਜਬੂਰੀਆਂ ਤੇ
ਥੁੜਾਂ ਦੀ ਗੱਲ ਰੰਗਮੰਚ ਰਾਹੀਂ ਕੀਤੀ ਹੈ ਪਰ ਮੈਂ ਕਿਸੇ ਵੀ ਲਹਿਰ ਨਾਲ ਪੱਕੀ ਤਰਾਂ ਨਹੀਂ
ਬੱਝਿਆ ਕਿ ਮੇਰੇ ਤੇ ਕੋਈ ਲੇਬਲ ਹੀ ਲੱਗ ਜਾਵੇ। ਅਸਲ ਵਿੱਚ ਮੇਰੀ ਪੇਂਡੂ ਰੰਗਮੰਚ ਲਈ ਲੋਕਾਂ
ਨਾਲ ਇੱਕ ਪ੍ਰਤੀਬੱਧਤਾ ਹੈ ਅਤੇ ਪ੍ਰਤੀਬੱਧਤਾ ਤੋਂ ਬਿਨਾਂ ਤੁਸੀਂ ਰੰਗਮੰਚ ਕਿਤੇ ਵੀ ਨਹੀਂ
ਕਰ ਸਕਦੇ ਇਹ ਹੋਣਾ ਜਰੂਰੀ ਹੈ। ਕਿਸੇ ਵੀ ਵਿਸ਼ੇ ਨੂੰ ਨਾਟਕ ਬਣਾ ਕੇ ਖੇਡ ਸਕਦੇ ਹੋ ਤੁਸੀਂ।
ਇੱਕ ਗੱਲ ਇਹ ਵੀ ਛਾਦ ਰੱਖਣ ਵਾਲੀ ਹੈ ਕਿ ਜਿੰਨਾਂ ਨਾਟਕਾਂ ਵਿੱਚ ਲੋਕਾਂ ਦੇ ਮਸਲਿਆਂ ਦੀ
ਗੱਲ ਹੁੰਦੀ ਹੈ ਉਹ ਉਹਨਾਂ ਵੱਲੋਂ ਹੋਰ ਵੀ ਵਧੇਰੇ ਸਰਾਹੇ ਤੇ ਪਸੰਦ ਕੀਤੇ ਜਾਂਦੇ ਹਨ ਕਿਉਂ
ਕਿ ਉਹ ਲੋਕਾਂ ਦਾ ਆਪਣਾ ਦੁੱਖ ਦਰਦ ਹੁੰਦਾ ਹੈ।
ਹੀਰਾ ਰੰਧਾਵਾ - ਕੈਨੇਡਾ ਦੇ ਪੰਜਾਬੀ ਰੰਗਮੰਚ ਬਾਰੇ ਤੁਸੀਂ ਕੀ ਮਹਿਸੂਸ ਕਰਦੇ ਹੋ? ਕੀ
ਕੈਨੇਡੀਅਨ ਵਿਸਿ਼ਆਂ ਨੂੰ ਅਧਾਰ ਬਣਾ ਕੇ ਕੋਈ ਨਾਟਕ ਦਾ ਵਿਚਾਰ ਹੈ ਤੁਹਾਡਾ?
ਔਲਖ - ਦੇਖੋ, ਮੈਂ ਬਹੁਤਾ ਜਿ਼ਆਦਾ ਇਹਦੇ ਬਾਰੇ ਨਹੀਂ ਕਹਿ ਸਕਦਾ ਕਿਉਂ ਕਿ ਮੈਂ ਤਾਂ ਬਹੁਤ
ਥੋੜੇ ਸਮੇਂ ਲਈ ਇਥੇ ਆਉਂਦਾ ਰਿਹਾ ਹਾਂ ਤੁਸੀਂ ਇਥੇ ਰਹਿੰਦੇ ਹੋ ਇਸ ਲਈ ਵੱਧ ਜਾਣਦੇ ਹੋ।
ਹਾਂ ਇਸ ਵੇਲੇ ਵੱਡੀ ਗਿਣਤੀ ਵਿੱਚ ਇਥੇ ਪੰਜਾਬੀ ਰੰਗਮੰਚ ਹੋ ਰਿਹਾ ਹੈ ਜੋ ਕਿ ਤਸੱਲੀ ਵਾਲੀ
ਗੱਲ ਹੈ। ਸਾਲ 2009 ਵਿੱਚ ਮੈਂ ਐਡਮਿੰਟਨ ਪਰਮਜੀਤ ਗਿੱਲ ਤੇ ਪੰਜਾਬੀ ਹੈਰੀਟੇਜ ਥੀਏਟਰ
ਸੁਸਾਇਟੀ ਦੇ ਸੱਦੇ ਉੱਤੇ ਆਇਆ ਤਾਂ ਭਰੁਣ ਹੱਤਿਆ ਦੇ ਵਿਸ਼ੇ ‘ਤੇ ਆਪਣੇ ਪ੍ਰਸਿੱਧ ਨਾਟਕ
‘ਨਿਓਂ-ਜੜ੍ਹ’ ਦੀਆਂ ਪੇਸ਼ਕਾਰੀਆਂ ਕੀਤੀਆਂ ਸਨ। ਮੈਂ ਵੇਖਿਆ ਕਿ ਜਿੰਨਾਂ ਨਾਟਕ ਦਾ ਸਮਾਨ
ਉਹਨਾਂ ਕੋਲ ਹੈ ਉਨਾਂ ਪੰਜਾਬ ਵਿੱਚ ਨਾਟਕ ਕਰਨ ਵਾਲੀ ਕਿਸੇ ਨਾਟਕ ਮੰਡਲੀ ਕੋਲ ਨਹੀਂ ਹੋਣਾ।
ਉਹਨਾਂ ਦੇ ਕਲਾਕਾਰ ਬਕਾਇਦਗੀ ਨਾਲ ਨਾਟਕਾਂ ਲਈ ਸਮਾਂ ਕੱਢਦੇ ਰਹੇ। ਤੁਸੀਂ ਹੈਰਾਨ ਹੋਵੋਗੇ
ਕਿ 42 ਬੰਦਿਆਂ ਦੀ ਟੀਮ ਨਾਲ ਅਸੀਂ ਐਡਮਿੰਟਨ, ਕੈਲਗਰੀ ਆਦਿ ਥਾਂਵਾਂ ‘ਤੇ ਨਾਟਕ
ਪੇਸ਼ਕਾਰੀਆਂ ਕੀਤੀਆਂ। ਟੋਰਾਂਟੋ ਵਿੱਚ ਤੇਰੇ (ਹੀਰਾ ਰੰਧਾਵਾ) ਤੇ ਆਰਟਸ ਐਸੋਸੀਏਸ਼ਨ ਵੱਲੋਂ
ਲਗਾਤਾਰ ਕੀਤੀਆਂ ਜਾ ਰਹੀਆਂ ਨਾਟਕ ਪੇਸ਼ਕਾਰੀਆਂ ਬਾਰੇ ਅਕਸਰ ਪਤਾ ਲੱਗਦਾ ਰਹਿੰਦਾ।
ਤਰਕਸ਼ੀਲ, ਸ਼ਹੀਦ ਭਗਤ ਸਿੰਘ ਕਲੱਬ, ਜਿਹੀਆਂ ਬਹੁਤ ਸਾਰੀਆਂ ਸੰਸਥਾਵਾਂ ਜਿ਼ਕਰਯੋਗ ਕੰਮ ਕਰ
ਰਹੀਆਂ। ਪੰਜਾਬੋਂ ਵੀ ਉਹ ਮੇਰੇ ਵਰਗੇ ਬਹੁਤ ਸਾਰੇ ਨਾਟਕ ਕਰਨ ਵਾਲਿਆਂ ਨੂੰ ਬੁਲਾਉਂਦੇ
ਰਹਿੰਦੇ ਨੇ। ਅਜਿਹਾ ਵੇਖ ਕੇ ਲੱਗਦੈ ਬਈ ਪੰਜਾਬੀ ਨਾਟਕ ਇਥੇ ਵੀ ਬਹੁਤ ਹੋ ਰਿਹਾ। ਮੇਰੇ
ਤੁਹਾਨੂੰ ਨਾਟਕ ਕਰਨ ਵਾਲਿਆਂ ਨੂੰ ਰਾਏ ਹੈ ਕਿ ਇਹਨਾਂ ਸੰਸਥਾਵਾਂ ਨਾਲ ਰਲਕੇ ਕੰਮ ਕਰੋ
ਜਿੰਨਾ ਵੀ ਵੱਧ ਤੋਂ ਵੱਧ ਹੋ ਸਕਦਾ। ਜਿਥੋਂ ਤੱਕ ਇਥੋਂ ਦੇ ਲੋਕਾਂ ਦੇ ਮਸਲਿਆਂ ਨੂੰ ਅਧਾਰ
ਬਣਾ ਕੇ ਨਾਟਕ ਲਿਖਣ ਦੀ ਗੱਲ ਹੈ ਉਹਦੇ ਬਾਰੇ ਵੀ ਜਰੂਰ ਕੋਸਿ਼ਸ਼ ਕਰਾਂਗਾ ਪਰ ਵਧੇਰੇ ਸੂਝ
ਨਾਲ ਇਥੇ ਸਥਾਈ ਤੌਰ ‘ਤੇ ਰਹਿੰਦਾ ਇਥੋਂ ਦੀਆਂ ਸਮੱਸਿਆਵਾਂ ਨਾਲ ਦੋ ਚਾਰ ਹੁੰਦਾ ਨਾਟਕ
ਵਧੇਰੇ ਸਸ਼ੱਕਤਾ ਨਾਲ ਲਿਖ ਸਕਦਾ ਹੈ। ਇਹਦੇ ਲਈ ਤੁਹਾਨੂੰ ਹੋਰ ਹੰਭਲਾ ਮਾਰਨਾ ਪਵੇਗਾ ਇਸ
ਪਾਸੇ ਵੱਲ ਕੰਮ ਕਰਨ ਦੀ ਲੋੜ ਹੈ।
ਹੀਰਾ ਰੰਧਾਵਾ - ਕੁਝ ਸਸਤੀ ਸ਼ੁਹਰਤ ਹਾਸਲ ਕਰਨ ਲਈ ਤਰਲੋ ਮੱਛੀ ਹੁੰਦੇ ਲੋਕ ਕਈ ਵਾਰ
ਅਲੋਚਨਾ ਕਰਦੇ ਹਨ ਕਿ ਜਿਥੇ ਤੁਸੀਂ ਨਾਟਕ ਕਰ ਰਹੇ ਹੋਵੋ ਉਥੇ ਬਾਹਰ ਦੇ ਵਿਸਿ਼ਆਂ ਦਾ
ਰੰਗਮੰਚ ਨਹੀਂ ਹੋਣਾ ਚਾਹੀਦਾ। ਕੀ ਸਥਾਨਕ ਵਿਸਿ਼ਆਂ ਤੋਂ ਬਿਨਾਂ ਕੀਤੇ ਜਾਂਦੇ ਨਾਟਕ ਸਫ਼ਲ
ਨਹੀਂ ਹੁੰਦੇ?
ਔਲਖ - ਰੰਧਾਵੇ, ਮੈਂ ਇਹ ਤਾਂ ਨਹੀਂ ਕਿਹਾ ਉਹ ਨਾਟਕ ਸਫ਼ਲ ਨਹੀਂ ਹੁੰਦੇ। ਹੁਣ ਤੁਸੀਂ ਇਹ
ਵੇਖੋ ਕਿ ਜੇ ਤੁਸੀਂ ਸ਼ੈਕਸ਼ਪੀਅਰ ਦਾ ਕੋਈ ਨਾਟਕ ਵੇਖਦੇ ਹੋ ਜਾਂ ਕਰਦੇ ਹੋ ਤਾਂ ਕਿਤੇ ਦੂਰ
ਦੇਸ਼ ਵਿੱਚ ਵਾਪਰੀ ਉਸ ਨਾਟਕ ਵਿੱਚਲੀ ਘਟਨਾ ਦਾ ਮਸਲਾ ਤਾਂ ਤੁਹਾਡਾ ਕੋਈ ਲੋਕਲ ਮਸਲਾ ਤਾਂ
ਨਹੀਂ ਨਾ ਹੁੰਦਾ। ਫਿਰ ਵੀ ਉਹਨਾਂ ਨਾਟਕਾਂ ਨੂੰ ਲੋਕ ਪਸੰਦ ਕਰਦੇ ਨੇ ਤੇ ਅਪਾਰ ਸਫ਼ਲਤਾ
ਮਿਲਦੀ ਹੈ ਕਿਉਂਕਿ ਉਹਨਾਂ ਦੀ ਸਾਰਥਿਕਤਾ ਹਰ ਥਾਂ ਉਨੀ ਹੈ। ਹੁਣ ਤਾਂ ਗਲੋਬਲਾਈਜੇਸ਼ਨ ਹੋਣ
ਕਰਕੇ ਪੂਰਾ ਸੰਸਾਰ ਹੀ ਇੱਕ ਪਿੰਡ ਦੀ ਨਿਆਂਈਂ ਹੈ ਤੇ ਮਸਲੇ ਵੀ ਸਭ ਥਾਂ ਸਾਂਝੇ ਹੀ ਹਨ।
ਵਿਸ਼ੇਸ਼ ਕਰ ਪੰਜਾਬ ਤੋਂ ਇਥੇ ਆ ਕੇ ਪੰਜਾਬੀਆਂ ਦੇ ਤਾਂ ਹਨ ਹੀ। ਬਾਕੀ ਕਿਸੇ ਆਲੋਚਕ ਦੀ
ਕੋਈ ਆਪਣੀ ਸਮੱਸਿਆ ਹੋ ਸਕਦੀ ਹੈ। ਆਪਣਾ ਘੇਰਾ ਵਿਸ਼ਾਲ ਕਰਨ ਲਈ ਇਥੋਂ ਦੀ ਮੁੱਖ ਧਾਰਾ ਦੇ
ਨਾਟਕ ਅਜਿਹੇ ਲੋਕਾਂ ਨੂੰ ਜਰੂਰ ਹੀ ਵੇਖਣੇ ਚਾਹੀਦੇ ਹਨ, ਹੋ ਸਕਦੈ ਉਹਨਾਂ ਨੂੰ ਪਤਾ ਲੱਗ
ਜਾਵੇ। ਉਸ ਤੋਂ ਵੀ ਵੱਧ ਅਜਿਹਾ ਪਤਾ ਹੋਣਾ ਜਰੂਰੀ ਹੈ ਕਿ ਨਾਟਕ ਹੁੰਦਾ ਕੀ ਹੈ ਤੇ ਨਾਟਕ
ਕਹਿੰਦੇ ਕਿਸ ਬਲਾ ਨੂੰ ਨੇ? ਬਾਕੀ ਤੁਸੀਂ ਕਿਸੇ ਵੀ ਆਲੋਚਨਾ ਕਰਨ ਵਾਲੇ ਦੀ ਪ੍ਰਵਾਹ ਨਾ ਕਰੋ
ਬਲਕਿ ਜਿੰਨਾ ਵੱਧ ਤੋਂ ਵੱਧ ਹੋ ਸਕੇ ਰੰਗਮੰਚੀ ਸਰਗਰਮੀਆਂ ਕਰੋ। ਘੱਟੋ ਘੱਟ ਮੈਂ ਤੇ ਕਦੇ
ਪ੍ਰਵਾਹ ਨਹੀਂ ਕੀਤੀ ਆਲੋਚਕਾਂ ਦੀ।
ਹੀਰਾ ਰੰਧਾਵਾ - ਤੁਹਾਨੂੰ ਭਾਸ਼ਾ ਵਿਭਾਗ ਦੇ ਸ਼੍ਰੋਮਣੀ ਨਾਟਕਕਾਰ ਸਮੇਤ ਸੰਗੀਤ ਨਾਟਕ
ਅਕੈਡਮੀ ਵਰਗੇ ਵੱਡੇ ਇਨਾਮ ਵੀ ਸਰਕਾਰਾਂ ਵੱਲੋਂ ਮਿਲੇ ਹਨ ਉਹਨਾਂ ਬਾਰੇ ਤੁਸੀਂ ਕੀ ਕਹਿਣਾ
ਚਾਹੁੰਦੇ ਹੋ?
ਔਲਖ - ਹਾਂ ਠੀਕ ਏ ਸਰਕਾਰਾਂ ਵੱਲੋਂ ਮੈਨੂੰ ਇਨਾਮ ਮਿਲੇ ਨੇ ਤੇ ਹੋ ਸਕਦਾ ਕਿ ਮੈਂ ਇਹਨਾਂ
ਦਾ ਹੱਕਦਾਰ ਹੋਵਾਂ। ਪਰ ਇੱਕ ਤੈਨੂੰ ਦੱਸਾਂ ਕਿ ਮੈਂ ਇਹਨਾਂ ਇਨਾਮਾਂ ਤੋਂ ਬਾਅਦ ਸਰਕਾਰਾਂ
ਦੀ ਬੋਲੀ ਕਦੇ ਨਹੀਂ ਬੋਲੀ ਮੈਂ ਹਮੇਸ਼ਾਂ ਲੋਕਾਂ ਦੀ ਧਿਰ ਰਿਹਾ ਹਾਂ ਤੇ ਰਹਿੰਦੀ ਜਿ਼ੰਦਗ਼ੀ
ਤਕ ਰਹਾਂਗਾ। ਸਰਕਾਰੀ ਸਨਮਾਨ ਤਾਂ ਮਿਲਦੇ ਹੀ ਰਹਿੰਦੇ ਨੇ ਪਰ ਮੇਰਾ ਅਸਲ ਸਨਮਾਨ ਉਹ ਸਨਮਾਨ
ਸੀ ਜਿਹੜਾ ਲੋਕਾਂ ਵੱਲੋਂ ਮੇਰਾ ਕੀਤਾ ਗਿਆ ਸੀ। ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਇਕੱਤਰ
ਹੋਕੇ ਮੇਰਾ ਮਾਣ ਕੀਤਾ ਗਿਆ ਉਹਦਾ ਕੋਈ ਬਦਲ ਨਹੀਂ ਹੋ ਸਕਦਾ। ਜਦ ਮੈਨੂੰ ਕੈਂਸਰ ਦੀ ਬੀਮਾਰੀ
ਦੀ ਸ਼ਕਾਇਤ ਹੋਈ ਤਾਂ ਲੋਕਾਂ ਨੇ ਇੰਨੀ ਕੁ ਮਾਲੀ ਇਮਦਾਦ ਦਿੱਤੀ ਕਿ ਇਲਾਜ ਮਗਰੋਂ ਅਜੇ ਵੀ
ਮੇਰੇ ਕੋਲ ਦੋ ਲੱਖ ਰੁਪਈਆ ਬਚਿਆ ਪਿਆ ਏ।
ਹੀਰਾ ਰੰਧਾਵਾ - ਔਲਖ ਸਾਹਿਬ! ਤੁਸੀਂ ਆਪਣੇ ਰੁਝੇਵੇਂ ਵਿੱਚ ਵੀ ਸਾਡੇ ਨਾਲ ‘ਮੰਚਣ ਪੰਜਾਬ’
ਲਈ ਸੰਵਾਦ ਰਚਾਇਆ ਅਸੀਂ ਤੁਹਾਡਾ ਧੰਨਵਾਦੀ ਹਾਂ।
ਔਲਖ - ਤੇਰਾ ਵੀ ਧੰਨਵਾਦ ਰੰਧਾਵੇ! ਜਿਹੜਾ ਤੂੰ ਸਮਾਂ ਕੱਢ ਕੇ ਸਾਡੇ ਕੋਲ ਆਇਆ ਨਹੀਂ ਤਾਂ
ਇਥੇ ਕੈਨੇਡਾ ਵਰਗੇ ਮੁਲਕ ਵਿੱਚ ਸਮਾਂ ਕੀਹਦੇ ਕੋਲ ਹੈ।
ਹੀਰਾ ਰੰਧਾਵਾ
hihira@live.ca
Phone: 416-319-0551
-0-
|