ਗ਼ੈਬੀ ਬਾਬੇ
ਮੇਰੇ ਇੱਕ ਦੋ ਕੰਮ ਰੁਕੇ ਸੀ,
ਕੰਮ ਵੀ ਸਨ, ਕੁਝ ਮੂਲੋਂ ਈ ਖ਼ਾਸ;
ਆਖਿ਼ਰ ਅੱਕ ਕੇ, ਥੱਕ ਕੇ, ਕੀਤੀ,
ਤਾਂ ਮੈਂ ਰੱਬ ਅੱਗੇ ਅਰਦਾਸ;
ਮੈਂ ਆਖਿਆ ਮੈਂ ਵੀ ਪਾਠ ਕਰਾਦੂੰ,
ਲੰਗਰ ਵੀ ਖ਼ੁੱਲ੍ਹਾ ਲਗਵਾਂਦੂੰ:
ਜਿੰਨੇ ਪਾਠੀ, ਰਾਗੀ, ਢਾਡੀ,
ਮੈਂ, ਸਭ ਦੇ, ਅਲ੍ਹਾਮੇਂ ਲਾਹ ਦੂੰ;
ਅੱਗੋਂ ਕੋਈ ਏਜੰਟ ਬੋਲਿਆ,
“ਤਾਂ ਫਿ਼ਰ ਭੇਜਦੇ ਅਪਣੀ ਅਰਜ਼ੀ;
ਇਸ’ਤੇ ਛੇਤੀ ਗ਼ੌਰ ਹੋੳਗਾੂ,
ਜੇ, ਹੋ ਗਈ ਮਾਲਿਕ ਦੀ ਮਰਜ਼ੀ;
ਪਰ ਜੇ ਕਰ, ਹੈ ਤੈਨੂੰ ਕਾਹਲੀ,
ਤਾਂ, ਇੱਕ ਹੋਰ ਵੀ ਹੈ ਤਰਕੀਬ,
ਭਾਰਤ, ਪਾਕ’ਚ ਲੋਕ ਖ਼ਾਸ ਕੁਝ,
ਬਦਲਣ ਮਿੰਟਾਂ ਵਿੱਚ ਨਸੀਬ;
ਫੋਨ ਘੁਮਾਵਣ ਵੇਲ਼ੇ ਰੱਖਣਾ,
ਹੱਥ ਵਿੱਚ ਵੀਜ਼ਾ-ਕਾਰਡ ਤਿਆਰ,
ਉਧਰ ਬਾਬਿਆਂ ਦੇ ਹੱਥ ਪੈਸੇ,
ਇੱਧਰ ਹੋ ਜਾਊ ਚਮਤਕਾਰ;
ਜਿੰਨ੍ਹਾਂ ਕੋਲ਼ ਸ਼ਕਤੀਆਂ ਗ਼ੈਬੀ,
ਉਹ ਕੁਝ ਸੱਯਦ, ਪੰਡਿਤ, ਪੀਰ,
ਅੱਜ ਜੇ ਰਾਂਝਾ ਇਸ਼ਕ’ਚ ਹੁੰਦਾ,
ਪੈਸੇ ਦੇ ਕੇ, ਵਿਆਹੁੰਦਾ ਹੀਰ;
ਜੇ ਹੋਵੇ ਬਿਜ਼ਨਸ ਵਿੱਚ ਘਾਟਾ,
ਜਾਂ ਇੰਮੀਗ੍ਰੇਸ਼ਨ ਦਾ ਕੋਈ ਚੱਕਰ;
ਵੱਸ ਦੇ ਵਿੱਚ ਕਿਸੇ ਨੂੰ ਕਰਨਾ,
ਜਾਂ ਡਾਢੇ ਦੁਸ਼ਮਣ ਨਾਲ਼ ਟੱਕਰ;
ਤਾਂ ਤੂੰ, ਰਾਬਤਾ ਉਂਨ੍ਹਾਂ ਨਾ’ ਕਰ ਲੈ,
ਹੋ ਜਾਊ ਤੇਰਾ ਕੰਮ ਸੁਖਾਲਾ਼;
ਕੰਮ ਨਾ ਹੋਇਆ, ਪੈਸੇ ਵਾਪਿਸ,
ਕਰ ਦੇਈਂ ਬਾਬਿਆਂ ਦਾ ਮੂੰਹ ਕਾਲ਼ਾ”।
ਮੈਂ ਪੁਛਿਆ, ਜੇ ਇਹ ਬਾਬੇ ਹਨ,
ਸੱਚ ਮੁੱਚ, ਐਡੀ ਕਰਨੀ ਵਾਲ਼ੇ,
ਕਿਉਂ ਫਿ਼ਰ ਐਡੀ ਫ਼ੀਸ ਨੇ ਮੰਗਦੇ,
ਜਿਵੇਂ ਨੇ ਬਾਕੀ ਦੁਨੀਆਂ ਵਾਲ਼ੇ;
ਉਸ ਦੱਸਿਆ, “ਇਹ ਹਿੱਸੇਦਾਰ ਹਨ,
ਕੁਝ ਪਤਵੰਤੇ ਲੋਕਾਂ ਦੇ;
ਜਨਤਾ ਨੂੰ ਜੋ ਚਿੰਬੜ ਗੱਈਆਂ ਹਨ,
ਸਮਾਜ ਦੀਆਂ, ਉਨ੍ਹਾਂ ਜੋਕਾਂ ਦੇ;
ਪਰ ਜੇ, ਆਪਣੀ ਅਕਲ ਤੂੰ ਵਰਤੇਂ,
ਅਤੇ, ਕੰਮ ਲਏਂ ਜ਼ਰਾ ਸੰਜਮ ਤੋਂ;
ਉਸਦੀ ਰਹਿਮਤ ਵਰਸਦੀ ਹਰ ਪਲ,
ਰਾਹਤ ਦੇਊ, ਤੈਨੂੰ ਹਰ ਗ਼ਮ ਤੋਂ”!!!
ਰੱਬਾ! ਮੈਂਨੂੰ ਇਉਂ ਲਗਦੈ ...
ਰੱਬਾ! ਮੈਂਨੂੰ ਇਉਂ ਲਗਦੈ,
ਜਿਵੇਂ, ਤੇਰੀ ਵੀ ਨਹੀਂ ਜਾਨ ਸੁਖਾਲ਼ੀਂ;
ਲੁਕ ਛਿਪ ਤੂੰ ਵੀ ਦਿਨ ਕਟਦਾ ਹੈਂ,
ਤਾਂ ਹੀ ਤਾਂ ਨਹੀਂ, ਦੇਵੇਂ ਵਿਖਾਲ਼ੀ;
ਨਾ ਤੇਰਾ ਕੋਈ ਸਕਾ ਸੰਬੰਧੀ,
ਭੈਣ ਭਰਾ, ਨਾ ਹੀ ਘਰ ਵਾਲੀ;
ਨਾ ਛੁੱਟੀ, ਨਾ ਸੈਰ ਸਪਾਟਾ,
ਨਾ ਕੋਈ ਮਹਿਫ਼ਲ ਗੀਤਾਂ ਵਾਲ਼ੀ;
ਕਾਰੋਬਾਰ ਵਧਾ ਲਿਆ ਇਤਨਾ,
ਪੰਗੇ ਵਧ ਗਏ ਬੇਹਿਸਾਬ;
ਅਰਬਾਂ ਲੋਕ ਇਸ ਧਰਤੀ ਉਪਰ,
ਹਰ ਕੋਈ ਬਣਿਆ ਫਿ਼ਰੇ ਨਵਾਬ;
ਦੁਖੀ ਹੈਂ ਸ਼ਾਇਦ, ਭਗਤ ਵੇਖ, ਜੋ,
ਪੂਜਾ ਨਹੀਂ ਕਰਦੇ ਦਿਲ ਨਾਲ਼;
ਇੱਕ-ਦੋ ਛਿੱਲੜ ਭੇਟਾ ਦੇ ਕੇ,
ਮੰਗਦੇ ਨੇ ਫਿ਼ਰ ਤਕੜਾ ਮਾਲ;
ਤੰਗ ਹੈਂ ਸ਼ਾਇਦ, ਤੰਗ ਦਿਲਾਂ ਤੋਂ,
ਆਪਣੀ ਹੀ, ਜਿੰਨ੍ਹਾਂ ਜ਼ਾਤ ਪਿਆਰੀ;
ਹੋਰ ਕਿਸੇ ਦੀ ਸੁਣਨ ਮੰਨਣ ਤੋਂ,
ਸਦਾ ਹੀ ਰਹਿੰਦੇ ਹਨ ਇਨਕਾਰੀ;
ਅੱਤ ਦਾ ਦੁਖ਼ੀ, ਤੂੰ ਸ਼ਾਇਦ ਉਨ੍ਹਾਂ ਤੋਂ,
ਜੋ ਬਣ ਗਏ ਨੇ ਅੱਜ ਅੱਤਵਾਦੀ;
ਤੇਰਾ ਨਾਂ ਲੈ ਕੇ ਤੇਰੀ ਹੀ,
ਦੁਨੀਆਂ ਦੀ ਕਰਦੇ ਬਰਬਾਦੀ;
ਤੰਗ ਤੂੰ ਘਪਲ਼ੇਬਾਜ਼ਾਂ ਤੋਂ ਵੀ,
ਸਿਆਸਤ ਦਾ ਜੋ, ਲੈਣ ਸਹਾਰਾ;
ਧਰਮ ਦੇ ਨਾਂ ਤੇ ਸਭ ਚਲਦਾ ਹੈ,
ਮਰਦੈ ਗ਼ਰੀਬ, ਮਾਸੂਮ ਵਿਚਾਰਾ;
ਤੂੰ ਭੇਜੇ ਸਨ ਗੌਤਮ, ਨਾਨਕ,
ਗੀਤ ਅਮਨ ਦੇ ਗਾਵਣ ਲਈ;
ਪਰ ਅੱਜ ਸਾਰਾ ਸਬਕ ਉਨ੍ਹਾਂ ਦਾ,
ਪੜ੍ਹੀਦੈ, ਕੈਸ਼ ਕਮਾਵਣ ਲਈ;
ਪਰ ਫਿਰ ਵੀ ਚੰਗੈਂ, ਤੂੰ ਲੇਖਕ ਨਹੀਂ,
ਕੋਈ ਨਜ਼ਮ ਕਹਾਣੀ ਲਿਖਦਾ ਨਹੀਂ;
ਸਿਆਣਿਆਂ ਵਿੱਚ ਨਹੀਂ ਉਠਣੀ ਬਹਿਣੀ,
ਮੁਥਾਜ ਉਨ੍ਹਾਂ ਦੀ ਭਿੱਖ ਦਾ ਨਹੀਂ;
ਪਤਾ ਹੈ ਮੈਨੂੰ ਹੋਰ ਵੀ ਤੇਰੀਆਂ,
ਕਾਫ਼ੀ ਵੱਡੀਆਂ ਸਮੱਸਿਆਵਾਂ ਦਾ;
ਮੱਦਦ ਮੈਂ ਤੇਰੀ ਕਰ ਨਹੀਂ ਸਕਦਾ,
ਫ਼ਾਇਦਾ ਨਹੀਂ, ਮੇਰੀਆਂ ਰਾਵਾਂ ਦਾ;
ਪਰ, ਕਿਸੇ ਸਿਆਣੇ ਨੂੰ ਪੁੱਛ ਦੱਸ ਲੈ,
ਇਸ ਵਿੱਚ ਕੋਈ ਨਹੀਂ ਹਰਜ਼;
ਮੈਂ ਤਾਂ ਦੋਸਤ ਹੋਣ ਦੇ ਨਾਤੇ,
ਪੂਰਾ ਕਰਦਾਂ, ਆਪਣਾ ਫ਼ਰਜ਼।
-0- |