ਮਹਿਕ ਹਰ ਸਮੇਂ ਆਪਣੇ ਨਾਂ ਨਾਲੋਂ ਕਿਤੇ ਵੱਧ
ਮਹਿਕਦੀ ਰਹਿੰਦੀ ਸੀ। ਮਹਿਕ ਇੱਕ ਬੜੇ ਵੱਡੇ ਅਤੇ ਅਮੀਰ ਪਰਿਵਾਰ ਦੀ
ਇਕਲੋਤੀ ਧੀ ਸੀ। ਨਿੱਤ ਨਵੀਂ ਤੋਂ ਨਵੀਂ ਅਤੇ ਮਹਿੰਗੀ ਤੋਂ ਮਹਿੰਗੀ,
ਧੀਮੀ-ਧੀਮੀ ਖ਼ੁਸ਼ਬੂ ਲਾਉਣਾ ਮਹਿਕ ਦਾ ਇੱਕ ਅਮੀਰੀ ਸ਼ੌਕ ਸੀ।ਅਪਣੇ ਨਾਂ ਦੇ
ਅਰਥਾਂ ਤੇ ਸਹੀ ਉਤੱਰਦੀ ਮਹਿਕ ਅੰਤਾਂ ਦੀ ਬੁੱਧੀਮਾਨ ਵੀ ਸੀ।
ਮਹਿਕ ਦਾ ਤੇਜ਼ ਦਿਮਾਗ਼ ਉਸ ਨੂੰ ਕ਼ੁਦਰਤ ਵੱਲੋਂ ਮਿਲੀ ਇੱਕ ਦਾਤ ਸੀ। ਇਸ
ਦੇ ਨਾਲ-ਨਾਲ ਮਹਿਕ ਆਪਣੇ ਤਿੱਖੇ ਦਿਮਾਗ਼ ਨੂੰ ਹੋਰ ਤਿੱਖਾ ਕਰਨ ਦਾ ਕੋਈ
ਵੀ ਮੌਕ਼ਾ ਨਹੀਂ ਖੁੰਝਦੀ ਸੀ। ਪੜ੍ਹਾਈ, ਖੇਡਾਂ, ਨਾਚ, ਗਾਣੇ ਹੀ ਨਹੀਂ
ਰੋਜ਼ਾਨਾ ਜ਼ਿੰਦਗੀ ਦੇ ਨਿੱਕੇ ਤੋਂ ਨਿੱਕੇ ਕੰਮਾਂ ਨੂੰ ਉਹ ਬੜੀ ਦਿਲਚਸਪੀ,
ਖ਼ੁਸ਼ੀ ਅਤੇ ਆਪਣੇ ਅੰਦਰਲੀ ਪੂਰੀ ਊਰਜਾ ਨਾਲ ਕਰਦੀ ਸੀ।
ਮਹਿਕ ਨੂੰ ਹੁਸਨ ਵੀ ਰੱਬ ਨੇ ਰੱਜ ਕੇ ਦਿੱਤਾ ਸੀ। ਜਦੋਂ ਮਹਿਕ ਆਪਣੇ
ਮਚਲਦੇ ਹਸੀਨ ਸ਼ਰੀਰ ਤੇ ਗੂੜ੍ਹੇ ਅਤੇ ਭੜਕਵੇਂ ਰੰਗਾਂ ਦੇ ਕੱਪੜੇ ਪਹਿਨ
ਘਰੋਂ ਬਾਹਰ ਨਿਕੱਲਦੀ ਤਾਂ ਵੇਖਣ ਵਾਲਿਆਂ ਨੂੰ ਮਹਿਕ ਦੀ ਹਰ ਹਰਕਤ ਅਦਾ
ਜਾਪਦੀ ਸੀ। ਕਈ ਵਾਰ ਵੇਖਣ ਵਾਲੇ ਮਹਿਕ ਦੀ ਇੱਕ ਝਲਕ ਵੇਖਦੇ ਅਤੇ ਤੁਰੰਤ
ਅਚੇਤ-ਸੁਚੇਤ ਤੌਰ ਤੇ ਅੱਖਾਂ ਦੂਜੇ ਪਾਸੇ ਫੇਰ ਲੈਂਦੇ ਤਾਂ ਕਿ ਲੋਕ ਕਿਤੇ
ਉਨ੍ਹਾਂ ਨੂੰ ਪਾਗਲ ਨਾ ਸਮਝ ਲੈਣ।
ਮਹਿਕ ਨੂੰ ਜ਼ਿੰਦਗੀ ਵਿੱਚ ਹਰ ਸਫਲਤਾ ਅਤੇ ਹਰ ਤਰੱਕੀ ਬੜੀ ਸੌਖ ਨਾਲ ਮਿਲੀ
ਸੀ। ਸੰਸਾਰ ਪੱਧਰ ਦੇ ਸੁੰਦਰਤਾ ਅਤੇ ਫੈਸ਼ਨ ਦੇ ਮੁਕਾਬਲਿਆਂ ਵਿੱਚ
ਸਫਲਤਾਵਾਂ ਪ੍ਰਾਪਤ ਕਰਨ ਤੋਂ ਬਾਅਦ ਮਹਿਕ ਫਿਲਮ ਇਡੰਸਟਰੀ ਵਿੱਚ ਵੀ ਛਾ ਗਈ
ਸੀ। ਪੂਰੀ ਦੁਨੀਆਂ ਵਿੱਚ ਅਣਗਿਣਤ ਬੱਚੇ, ਬੁੱਢੇ ਅਤੇ ਮਹਿਕ ਨੂੰ ਚਾਹੁਣ
ਲੱਗੇ ਸਨ।
ਪ੍ਰਸਿੱਧੀ ਦੀਆਂ ਸ਼ਿਖਰਾਂ ਤੇ ਪਹੁੰਚ ਕੇ ਮਹਿਕ ਨੇ ਮਨੁੱਖਤਾ ਦੀ ਭਲਾਈ ਦੇ
ਕੰਮ ਵੀ ਕਰਨੇ ਸ਼ੁਰੂ ਕਰ ਦਿੱਤੇ ਸਨ। ਜਦੋਂ ਮਨੁੱਖਤਾ ਦੀ ਭਲਾਈ ਦੇ ਕੰਮਾਂ
ਨੂੰ ਮਹਿਕ ਬੜੇ ਸੁਭਾਵਿਕ ਅਤੇ ਕਲਾਮਈ ਢੰਗ ਨਾਲ ਕਰਦੀ ਤਾਂ ਵੇਖਣ ਵਾਲਿਆਂ
ਨੂੰ ਇੰਝ ਲਗਦਾ ਜਿਵੇਂ ਮਹਿਕ ਨੇ ਨਾਲੋਂ ਨੇਕ ਬੰਦਾ ਸ਼ਾਇਦ ਇਸ ਦੁਨੀਆਂ
ਵਿੱਚ ਕੋਈ ਹੋਰ ਨਾ ਹੋਵੇ।
ਦੁਨੀਆਂ ਭਰ ਵਿੱਚ ਮਹਿਕ ਦੀ ਜ਼ਿੰਦਗੀ ਦੇ ਇੱਨ੍ਹਾਂ ਰੌਸ਼ਨ ਪੱਖਾਂ ਨੂੰ ਹਰ
ਕੋਈ ਜਾਣਦਾ ਸੀ। ਮਹਿਕ ਦੀ ਜ਼ਿੰਦਗੀ ਦੇ ਇੱਨ੍ਹਾਂ ਰੌਸ਼ਨ ਪੱਖਾਂ ਨੂੰ ਵੇਖ
ਕੇ ਹਰ ਕੋਈ ਮਹਿਕ ਵਰਗਾ ਬਣਨਾ ਚਾਹੁੰਦਾ ਸੀ। ਪਰ ਮਹਿਕ ਦੀ ਜ਼ਿੰਦਗੀ ਦੇ
ਹਨੇਰੇ ਪੱਖਾਂ ਅਤੇ ਉਸ ਦੀ ਆਪਣੀ ਨਿਜੀ ਜ਼ਿੰਦਗੀ ਅੰਦਰਲੇ ਖਾਲੀਪਣ ਨੂੰ ਕੋਈ
ਨਹੀਂ ਜਾਣਦਾ ਸੀ।
ਕੇਵਲ ਮਹਿਕ ਦੇ ਪਰਿਵਾਰ ਦਾ ਇੱਕ ਵਫਾਦਾਰ ਬੁਢਾ ਨੌਕਰ ਇਹ ਜਾਣਦਾ ਸੀ ਕਿ
ਮਹਿਕ ਦੇ ਪਰਿਵਾਰ ਦੀਆਂ ਪਿਛਲੀਆਂ ਦੋ-ਤਿੰਨ ਪੀੜ੍ਹੀਆਂ ਕਿਵੇਂ ਕਾਲੇ
ਧੰਦਿਆਂ ਨਾਲ ਅਮੀਰ ਬਣੀਆਂ ਸਨ। ਆਪਣੇ ਬਾਰੇ ਇੱਕ ਕੌੜਾ ਸੱਚ ਕੇਵਲ ਮਹਿਕ
ਜਾਣਦੀ ਸੀ। ਉਹ ਕੌੜਾ ਸੱਚ ਇਹ ਸੀ ਕਿ ਮਹਿਕ ਮਾਂ ਨਹੀਂ ਬਣ ਸਕਦੀ ਸੀ।
ਮਹਿਕ ਦੇ ਪਰਿਵਾਰ ਵਿੱਚ ਖ਼ੂਨ ਦੇ ਰਿਸ਼ਤੇ ਦਾ ਕੋਈ ਹੋਰ ਵਾਰਿਸ ਹੋਣ ਦੀ ਵੀ
ਕੋਈ ਸੰਭਾਵਨਾ ਵੀ ਨਹੀਂ ਸੀ।
ਚੰਗੇ ਫਲ਼
ਕੁੱਝ ਹੀ ਬੰਦੇ ਅਜਿਹੇ ਹੁੰਦੇ ਸਨ ਜਿਨ੍ਹਾਂ ਨੂੰ
ਮਿਲ ਕੇ ਹਰੇਕ ਬੰਦੇ ਨੂੰ ਚੰਗਾ ਲਗਦਾ ਹੈ। ਰਾਹੁਲ ਨੂੰ ਵੇਖਦਿਆਂ ਹੀ ਸਭ
ਨੂੰ ਇੰਝ ਜਾਪਦਾ ਸੀ ਜਿਵੇਂ ਰਾਹੁਲ ਦੇ ਚਿਹਰੇ ਤੋਂ ਸੁਖਾਵੇਂ ਨੂਰ ਦੀਆਂ
ਕਿਰਨਾਂ ਫੁੱਟ ਰਹੀਆਂ ਹੋਣ। ਇਹੋ ਨਹੀਂ ਰਾਹੁਲ ਦੇ ਬੋਲਣ ਦੇ ਅੰਦਾਜ਼ ਵਿੱਚ
ਵੀ ਅੰਤਾਂ ਦਾ ਸੁਖਾਵਾਂਪਣ ਸੀ।
ਜਿਵੇਂ-ਜਿਵੇਂ ਰਾਹੁਲ ਦੀ ਹੋਸ਼ ਸੰਭਲ ਰਹੀ ਸੀ, ਰਾਹੁਲ ਆਪਣੇ ਆਪ ਨੂੰ ਜਾਨਣ
ਦੀ ਕੋਸ਼ਿਸ਼ ਕਰਦਾ ਰਿਹਾ ਸੀ।ਰਾਹੁਲ ਨਿਮਨ ਮੱਧ ਵਰਗ ਦੇ ਮਾਂ ਪਿਉ ਦਾ
ਇਕਲੋਤਾ ਪੁੱਤਰ ਸੀ। ਨਿਮਨ ਮੱਧ ਵਰਗ ਦੇ ਲੋਕਾਂ ਦੀਆਂ ਕਮੀਆਂ ਅਤੇ
ਖ਼ੂਬੀਆਂ ਤੇ ਰਾਹੁਲ ਦੀ ਬੜੀ ਡੂੰਘੀ ਨਜ਼ਰ ਰਹਿੰਦੀ ਸੀ। ਨਿਮਨ ਮੱਧ ਵਰਗ ਦੇ
ਲੋਕਾਂ ਦੀਆਂ ਕਮੀਆਂ ਅਤੇ ਖ਼ੂਬੀਆਂ ਤੇ ਆਪਣੀ ਇਸ ਡੂੰਘੀ ਨਜ਼ਰ ਨਾਲ ਰਾਹੁਲ
ਨੂੰ ਹੌਲੀ-ਹੌਲੀ ਇਸ ਗੱਲ ਦਾ ਪਤਾ ਲੱਗਣ ਲੱਗ ਪਿਆ ਸੀ ਕਿ ਉਸ ਨੇ ਜ਼ਿੰਦਗੀ
ਵਿੱਚ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ ਹੈ।
ਬੀ. ਐੱਸ. ਸੀ ਭਾਗ ਪਹਿਲਾ ਵਿੱਚੋਂ ਰਾਹੁਲ ਗਣਿੱਤ ਦੇ ਵਿਸ਼ੇ ਵਿੱਚ
ਯੂਨੀਵਰਸਿਟੀ ਦੇ ਸਾਰੇ ਵਿਦਿਆਰਥੀਆਂ ਵਿੱਚੋਂ ਪਹਿਲੇ ਨੰਬਰ ਤੇ ਰਿਹਾ।
ਯੂਨੀਵਰਸਿਟੀ ਦੇ ਸਾਰੇ ਵਿਦਿਆਰਥੀਆਂ ਵਿੱਚੋਂ ਪਹਿਲੇ ਨੰਬਰ ਤੇ ਆਉਣ ਤੋਂ
ਬਾਅਦ ਰਾਹੁਲ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਦੇਸ਼ ਦੇ ਪ੍ਰਸਿੱਧ
ਗਣਿੱਤ ਦੇ ਵਿਸ਼ੇ ਦੇ ਮਾਹਿਰਾਂ ਦੇ ਸੈਮੀਨਾਰ ਵਿੱਚ ਬੁਲਾਇਆ ਗਿਆ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਗਣਿੱਤ ਦੇ ਵਿਸ਼ੇ ਦੇ ਮਾਹਿਰਾਂ ਨੂੰ
ਮਿਲ ਕੇ ਅਤੇ ਮਾਹਿਰ ਅਧਿਆਪਕਾਂ ਦੇ ਵਿਚਾਰ ਸੁਣ ਕੇ ਰਾਹੁਲ ਦੇ ਦਿਮਾਗ਼
ਵਿੱਚ ਇੱਕ ਨਵੀਂ ਊਰਜਾ ਸੰਚਾਰ ਕਰਨ ਲੱਗੀ। ਉਸ ਤੋਂ ਬਾਅਦ ਗਣਿੱਤ ਅਤੇ ਬੀ.
ਐੱਸ. ਸੀ. ਦੇ ਦੂਸਰੇ ਵਿਸ਼ਿਆਂ ਨੂੰ ਰਾਹੁਲ ਆਪਣੇ ਹੀ ਅੰਦਰੋਂ ਉਪਜਦੇ
ਊਰਜਵਾਨ ਜਨੂਨ ਨਾਲ ਪੜ੍ਹਨ ਲੱਗਾ। ਸਿੱਟੇ ਵਜੋਂ ਹਰ ਸਾਲ ਰਾਹੁਲ ਬੀ. ਐੱਸ.
ਸੀ. ਦੇ ਹਰ ਵਿਸ਼ੇ ਵਿੱਚੋਂ ਪਹਿਲੇ ਨੰਬਰ ਤੇ ਰਿਹਾ।
ਬੀ. ਐੱਸ. ਸੀ. ਕਰਨ ਤੋਂ ਬਾਅਦ ਰਾਹੁਲ ਨੇ ਭਾਰਤ ਸਰਕਾਰ ਦੇ ਗਣਿੱਤ ਦੇ
ਵਿਸ਼ੇ ਦੇ ਇੱਕ ਉੱਚ ਸਿਖਿਆ ਸੰਸਥਾਨ ਵਿੱਚ ਦਾਖ਼ਲੇ ਲਈ ਐਂਟਰੈਂਸ ਟੈਸਟ
ਦਿੱਤਾ। ਇਸ ਐਂਟਰੈਂਸ ਟੈਸਟ ਦੇ ਅਧਾਰ ਤੇ ਵੀਹ ਵਿਦਿਆਰਥੀਆਂ ਨੂੰ ਹੀ
ਗਣਿੱਤ ਦੀ ਉੱਚ ਸਿਖਿਆ ਲਈ ਚੁਣਿਆ ਜਾਣਾ ਸੀ। ਪਰ ਭਾਰਤ ਸਰਕਾਰ ਵੱਲੋਂ
ਕਰੜੇ ਨਿਯਮਾਂ ਅਧੀਨ ਗਣਿੱਤ ਦੀ ਉੱਚ ਸਿਖਿਆ ਦੇ ਦਾਖ਼ਲੇ ਲਈ ਕੇਵਲ ਪੰਦਰਾਂ
ਵਿਦਿਆਰਥੀਆਂ ਨੂੰ ਹੀ ਚੁਣਿਆ ਗਿਆ।ਦਾਖ਼ਲੇ ਲਈ ਚੁਣੇ ਗਏ ਇਨ੍ਹਾਂ ਪੰਦਰਾਂ
ਵਿਦਿਆਰਥੀਆਂ ਵਿੱਚੋਂ ਰਾਹੁਲ ਤੀਜੇ ਨੰਬਰ ਤੇ ਸੀ।
ਆਪਣੇ ਪੰਦਰਾਂ ਸਹਿਪਾਠੀਆਂ ਦੇ ਮੁਕਾਬਲੇ ਰਾਹੁਲ ਬਹੁਤ ਹੀ ਜ਼ਿਆਦਾ ਮਿਹਨਤ
ਕਰਦਾ ਸੀ। ਲਗਾਤਾਰ ਪੜ੍ਹਦਿਆਂ ਉਹ ਕਈ ਵਾਰ ਖਾਣਾ-ਪੀਣਾ ਵੀ ਭੁੱਲ ਜਾਂਦਾ
ਸੀ। ਪੜ੍ਹਾਈ ਦੀ ਧੁਨ ਵਿੱਚ ਘੱਟ ਖਾਣ-ਪੀਣ ਕਰਕੇ ਕਈ ਵਾਰ ਇੰਝ ਲਗਦਾ ਸੀ
ਕਿ ਜੇਕਰ ਕਿਸੇ ਨੇ ਰਾਹੁਲ ਨੂੰ ਜ਼ਰਾ ਵੀ ਛੂਹ ਲਿਆ ਤਾਂ ਉਹ ਜ਼ਮੀਨ ਤੇ ਡਿਗ
ਪਵੇਗਾ। ਇੰਨੀ ਜ਼ਿਅਦਾ ਮਿਹਨਤ ਕਾਰਨ ਉਹ ਆਪਣੇ ਸਹਿਪਾਠੀਆਂ ਵਿੱਚੋਂ ਇਕੱਲਾ
ਅਜਿਹਾ ਵਿਦਿਆਰਥੀ ਸੀ ਜਿਸ ਨੇ ਅਗਲੇ ਪੰਜ ਸਾਲਾਂ ਵਿੱਚ ਗਣਿੱਤ ਦੇ ਵਿਸ਼ੇ
ਵਿੱਚ ਐੱਮ. ਐੱਸ. ਸੀ. ਅਤੇ ਪੀ. ਐੱਚ. ਡੀ. ਮੁਕੰਮਲ ਕਰ ਲਈ।
ਪੀ. ਐੱਚ. ਡੀ. ਕਰਨ ਤੋਂ ਬਾਅਦ ਰਾਹੁਲ ਨੂੰ ਇੱਕ ਵਧੀਆ ਨੌਕਰੀ ਮਿਲ ਗਈ
ਹੈ। ਵਧੀਆ ਨੌਕਰੀ ਮਿਲਣ ਤੋਂ ਬਾਅਦ ਵੀ ਆਪਣੀ ਨੌਕਰੀ ਦੇ ਹਰ ਖੇਤਰ ਵਿੱਚ
ਉਸ ਨੂੰ ਸਖ਼ਤ ਮਿਹਨਤ ਕਰਨ ਦਾ ਨਸ਼ਾ ਜਿਹਾ ਲੱਗ ਗਿਆ ਹੈ। ਰਾਹੁਲ ਜਾਣਦਾ ਹੈ
ਕਿ ਆਪਣੇ ਖੇਤਰ ਵਿੱਚ ਹੁਸ਼ਿਆਰ ਬੰਦਿਆਂ ਨੂੰ ਜ਼ਿੰਦਗੀ ਵਿੱਚ ਕੋਈ ਚੰਗਾ ਫਲ਼
ਪ੍ਰਾਪਤ ਕਰਨ ਵਿੱਚ ਕੁੱਝ ਸੰਦੇਹ ਹੋ ਸਕਦਾ ਹੈ ਪ੍ਰੰਤੂ ਸਖ਼ਤ ਮਿਹਨਤ ਕਰਨ
ਵਾਲਿਆਂ ਨੂੰ ਤਾਂ ਹਰ ਹਾਲਤ ਵਿੱਚ ਮਿਹਨਤ ਦੇ ਨਤੀਜਿਆਂ ਦੇ ਚੰਗੇ ਫਲ਼
ਮਿਲਦੇ ਹਨ।
ਅਰਸ਼ਦ ਮਹਿਮੂਦ ਨੰਦਨ
ਲਾਲ ਬਹਾਦੁਰ ਸ਼ਾਸ਼ਤਰੀ ਪ੍ਰਸ਼ਾਸ਼ਨ ਅਕਾਦਮੀ
ਮਸੂਰੀ-248179
ਉੱਤਰਾਖੰਡ (ਭਾਰਤ)
ਫੋਨ: + 91 9258767760
E-Mail : arshadnandan@lbsnaa.ernet.in
|