2013 ਗ਼ਦਰ ਲਹਿਰ ਦਾ
ਸ਼ਤਾਬਦੀ ਵਰ੍ਹਾ ਹੈ। ਪੰਜਾਬ ਤੋਂ ਬਾਹਰ ਕੈਨੇਡਾ ਅਤੇ ਅਮਰੀਕਾ ਵਿਚ ਵਿਸ਼ੇਸ ਤੌਰ ‘ਤੇ ਅਤੇ
ਹੋਰਨਾਂ ਮੁਲਕਾਂ ਵਿਚ ਵੀ ਇਸ ਵਰ੍ਹੇ ਨੂੰ ਜਸ਼ਨ ਅਤੇ ਚਿੰਤਨ ਦੇ ਰੂਪ ਵਿਚ ਮਨਾਇਆ ਜਾ ਰਿਹਾ
ਹੈ। ਸੈਮੀਨਾਰ, ਕਾਨਫਰੰਸਾਂ, ਨਾਟਕ-ਮੰਚਣ, ਰਸਾਲਿਆਂ ਦਾ ਸੰਪਾਦਨ, ਪੁਸਤਕਾਂ ਦਾ ਪ੍ਰਕਾਸ਼ਨ,
ਸੀ.ਡੀਜ਼ ਆਦਿ ਕਿੰਨੇ ਹੀ ਰੂਪ ਗ਼ਦਰ ਲਹਿਰ ਦੀ ਮਹੱਤਤਾ ਨੂੰ ਦਰਸਾਉਣ ਵਾਲੇ ਵਿਭਿੰਨ ਰੂਪ ਹਨ।
ਪਰੰਤੂ ਇਨ੍ਹਾਂ ਵਿਚ ਇੱਕ ਗੱਲ ਬਹੁਤ ਤਿੱਖੇ ਰੂਪ ਵਿਚ ਰੜਕਦੀ ਹੈ ਕਿ ਗ਼ਦਰ ਲਹਿਰ ਰਾਹੀਂ ਜੋ
ਭਾਰਤੀ ਆਜ਼ਾਦੀ ਦੇ ਇਤਿਹਾਸ ਦੀ ਪੁਨਰ-ਚਿੰਤਨ ਦੀ ਜ਼ਰੂਰਤ ਹੈ ਅਤੇ ਗ਼ਦਰ ਲਹਿਰ ਸਮੇਂ ਰਚੇ ਗਏ
ਸਾਹਿਤ ਦੇ ਮੁੱਲ ਤੇ ਮੁਲਾਂਕਣ ਦੀ ਜ਼ਰੂਰਤ ਹੈ, ਉਹ ਇਸ ਵਿਚੋਂ ਗ਼ੈਰ-ਹਾਜ਼ਿਰ ਹੈ। ਭਾਰਤ ਦੀ
ਆਜ਼ਾਦੀ ਦੇ ਬਾਰੇ ਲਿਖੇ ਗਏ ਬੁਰਜ਼ਵਾ ਇਤਿਹਾਸਕਾਰਾਂ ਦੇ ਇਤਿਹਾਸ ਨੂੰ ਵੀ ਛੱਡ ਦੇਈਏ, ਹੁਣ
ਤੱਕ ਪ੍ਰਗਤੀਵਾਦੀ ਚਿੰਤਕਾਂ ਦੁਆਰਾ ਲਿਖੇ ਗਏ ਇਤਿਹਾਸਾਂ ਵਿਚ ਵੀ ਇਸ ਲਹਿਰ ਦਾ ਜੋ ਮੌਲਿਕ
ਸਰੂਪ ਹੈ, ਉਹ ਉਭਰਵੇਂ ਰੂਪ ਵਿਚ ਕਿਧਰੇ ਦਿਖਾਈ ਨਹੀਂ ਦਿੰਦਾ। ਬਹੁਤਾ ਤੋਂ ਬਹੁਤਾ ਇਸ ਨੂੰ
ਰਾਸ਼ਟਰਵਾਦੀ ਲਹਿਰ ਕਹਿ ਕੇ ਸਾਰ ਲਿਆ ਜਾਂਦਾ ਹੈ, ਪਰੰਤੂ ਗ਼ਦਰ ਲਹਿਰ ਦੇ ਰਾਸ਼ਟਰਵਾਦ ਦੇ
ਸੰਕਲਪ ਅਤੇ ਦ੍ਰਿਸ਼ਟੀ ਦਾ ਨਿਖੇੜਾ ਵੀ ਨਹੀਂ ਕੀਤਾ ਗਿਆ ਕਿ ਇਹ ਬੁਰਜ਼ਵਾ ਰਾਸ਼ਟਰਵਾਦ ਨਾਲੋਂ
ਕਿਵੇਂ ਵੱਖਰੇ ਸਰੂਪ ਵਾਲਾ ਅਤੇ ਵਿਚਾਰਧਾਰਕ ਅੰਦਾਜ਼ ਵਾਲਾ ਹੈ? ਕੁਝ ਚਿੰਤਕ ਇਸ ਨੂੰ ਖਾੜਕੂ
ਰਾਸ਼ਟਰਵਾਦ ਕਹਿ ਕੇ ਨਿਖੇੜਦੇ ਹਨ, ਪਰੰਤੂ ਖਾੜਕੂ ਰਾਸ਼ਟਰਵਾਦ ਦੇ ਰੂਪ ਵਿਚ ਵੀ ਵਿਸ਼ਲੇਸ਼ਣ
ਨਹੀਂ ਕੀਤਾ ਗਿਆ ਕਿ ਇਹ ਬੰਗਾਲੀ ਕ੍ਰਾਂਤੀਕਾਰੀਆਂ ਦੇ ਖਾੜਕੂ ਰਾਸ਼ਟਰਵਾਦ ਨਾਲੋਂ ਕਿਵੇਂ
ਭਿੰਨ ਹੈ? ਇਨ੍ਹਾਂ ਸਭ ਨਾਲੋਂ ਵੱਡਾ ਸੰਕਟ ਇਹ ਹੈ ਕਿ ਗ਼ਦਰ ਲਹਿਰ ਨੂੰ ਇਕ ਨਿਰੰਤਰਤਾ ਵਿਚ
ਨਾ ਦੇਖਣਾ, ਜੋ ਚਿੰਤਕ ਗ਼ਦਰ ਲਹਿਰ ਨੂੰ 1913-14 ਦੇ ਬਿੰਦੂ ਉਤੇ ਖੜੋਕੇ ਹੀ ਦੇਖਦੇ ਹਨ,
ਉਨ੍ਹਾਂ ਦੀ ਸਭ ਤੋਂ ਵੱਡੀ ਸੀਮਾ ਹੀ ਇਹ ਹੈ ਕਿ ਇਸ ਨੂੰ ਉਹ ਇਕ ਇਤਿਹਾਸਕ ਘਟਨਾ ਦੇ ਰੂਪ
ਵਿਚ ਹੀ ਦੇਖ ਰਹੇ ਹਨ। ਇਸ ਘਟਨਾ ਦੇ ਆਧਾਰ ‘ਤੇ ਉਸ ਦੇ ਅਸਫ਼ਲ ਹੋ ਜਾਣ ਦੇ ਕਾਰਨਾਂ ਦੀ ਤਲਾਸ਼
ਵਿਚ ਹੀ ਆਪਣੀ ਸਾਰੀ ਸ਼ਕਤੀ ਜ਼ਾਇਆ ਕਰ ਦਿੰਦੇ ਹਨ। ਦੂਸਰਾ ਇਹ ਵੀ ਹੈ ਕਿ 1913-14 ਦੇ ਬਿੰਦੂ
‘ਤੇ ਖੜੋਕੇ ਗ਼ਦਰ ਲਹਿਰ ਨੂੰ ਇਕ ਗਤੀਰਹਿਤ ਵਰਤਾਰਾ ਬਣਾ ਦਿੰਦੇ ਹਨ। ਇਹ ਵਰਤਾਰਾ ਬਣਾਉਣ
ਪਿੱਛੇ ਉਨ੍ਹਾਂ ਦੇ ਜਾਂ ਤਾਂ ਜਮਾਤੀ ਹਿੱਤ ਹਨ ਜਾਂ ਇਸ ਤੋਂ ਵੀ ਅਗਾਂਹ ਫਿਰਕਾਪ੍ਰਸਤ ਹਿੱਤ
ਹਨ ਕਿਉਂਕਿ ਜਦੋਂ ਉਹ ਗ਼ਦਰ ਲਹਿਰ ਨੂੰ ਇਕ ਨਿਰੰਤਰਤਾ ਵਿਚ ਦੇਖਣਗੇ ਤਾਂ ਉਨ੍ਹਾਂ ਦੇ ਜਮਾਤੀ
ਅਤੇ ਫਿਰਕਾਪ੍ਰਸਤ ਹਿੱਤ ਖੇਰੂੰ-ਖੇਰੂੰ ਹੋ ਜਾਣਗੇ। ਉਹ ਇਸ ਲਈ ਕਿ ਗ਼ਦਰ ਲਹਿਰ ਜੋ ਆਰੰਭਲੇ
ਪੜਾਅ ਉਪਰ ਰਾਸ਼ਟਰਵਾਦ ਦੇ ਵਿਚਾਰਧਾਰਕ ਸੂਤਰ ਉਪਰ ਦ੍ਰਿੜਤਾ ਨਾਲ ਪਹਿਰਾ ਦਿੰਦੀ ਹੈ ਉਹ ਆਪਣੇ
ਅਗਲੇ ਪੜਾਅ ਵਿਚ ਕੌਮਾਂਤਰੀਵਾਦ ਦੇ ਸੰਕਲਪ ਨੂੰ ਪ੍ਰਣਾਉਂਦੀ ਹੈ। ਇਹੋ ਕਾਰਨ ਹੈ ਕਿ
1913-14 ਦਾ ਗ਼ਦਰ ਲਹਿਰ ਦਾ ਆਗ਼ਾਜ਼ ਬਿੰਦੂ ਆਪਣੇ ਅਗਲੇ ਵਿਕਾਸ ਵਿਚ ਉਨ੍ਹਾਂ ਤੱਤਾਂ,
ਪਹਿਲੂਆਂ ਅਤੇ ਪਾਸਾਰਾਂ ਨੂੰ ਵਡੇਰੇ ਪ੍ਰਸੰਗ ਵਿਚ ਰਾਸ਼ਟਰਵਾਦ ਤੋਂ ਕੌਮਾਂਤਰੀਵਾਦ ਤੱਕ
ਵਿਸਤਾਰ ਦਿੰਦਾ ਹੈ। ਇਹ ਤਰਕ ਉਨ੍ਹਾਂ ਗ਼ਦਰੀ ਬਾਬਿਆਂ ਦਾ ਜੀਵੰਤ ਪ੍ਰਮਾਣ ਹੈ ਜੋ
ਕਾਲੇਪਾਣੀਆਂ ਤੇ ਹੋਰ ਜੇਲ੍ਹਾਂ ਦੀਆਂ ਸਖ਼ਤ ਸਜ਼ਾਵਾਂ ਭੁਗਤਣ ਤੋਂ ਬਾਅਦ ਦੇਸ਼ ਦੀ ਆਜ਼ਾਦੀ ਅਤੇ
ਆਜ਼ਾਦੀ ਉਪਰੰਤ ਬੁਰਜ਼ਵਾ ਪ੍ਰਬੰਧ ਨਾਲ ਗਹਿਗੱਚ ਸੰਘਰਸ਼ ਦੀ ਪ੍ਰਕਿਰਿਆ ਵਿਚ ਰਹਿੰਦੇ ਹਨ।
1913-14 ਦੇ ਬਿੰਦੂ ‘ਤੇ ਖੜੋਣ ਵਾਲਿਆਂ ਦੀ ਸੀਮਾ ਇਹ ਹੈ ਕਿ ਉਹ ਗ਼ਦਰ ਲਹਿਰ ਨੂੰ ਇਕ ਘਟਨਾ
ਸਵੀਕਾਰ ਕਰਦੇ ਹਨ ਪਰੰਤੂ ਪ੍ਰਾਪਤੀ ਇਹ ਸਮਝਦੇ ਹਨ ਕਿ ਗ਼ਦਰ ਲਹਿਰ ਨੂੰ ਉਹ ਕੁਝ ‘ਸਿੱਧ‘ ਕਰਨ
ਦਾ ਯਤਨ ਕਰਦੇ ਹਨ ਜੋ ਬੁਨਿਆਦੀ ਤੌਰ ‘ਤੇ ਇਹ ਲਹਿਰ ਹੈ ਹੀ ਨਹੀਂ। ਇਥੇ ਇਕ ਨੁਕਤਾ ਬਹੁਤ
ਮਹੱਤਵਪੂਰਨ ਹੈ ਕਿ ਪਿਛਲੇ ਸਮੇਂ ਵਿਚ ਗ਼ਦਰ ਲਹਿਰ ਬਾਰੇ ਕੁਝ ਤੱਥ ਨਵੇਂ ਸਾਹਮਣੇ ਆਏ ਹਨ,
ਜਿੰਨਾਂ ਵਿਚ ਗ਼ਦਰੀ ਬਾਬਿਆਂ ਦੀਆਂ ਲਿਖਤਾਂ, ਡਾਇਰੀਆਂ, ਬਿਆਨ, ਸਾਜਿਸ਼ ਕੇਸਾਂ ਦੀਆਂ
ਕਾਰਵਾਈਆਂ ਆਦਿਕ ਜਿੰਨ੍ਹਾਂ ਨਾਲ ਗ਼ਦਰ ਲਹਿਰ ਦੀ ਵਿਚਾਰਧਾਰਕ ਸੰਘਣਤਾ ਅਤੇ ਗ਼ਦਰ ਲਹਿਰ ਦੇ
ਵਿਸ਼ਾਲ ਪਾਸਾਰੇ ਬਾਰੇ ਅਹਿਮ ਜਾਣਕਾਰੀ ਮਿਲਦੀ ਹੈ। ਮਿਸਾਲ ਦੇ ਤੌਰ ‘ਤੇ ਸਿੰਘਾਪੁਰ ਦੀ
ਬਗ਼ਾਵਤ, ਅਫ਼ਰੀਕਾ ਵਿਚ ਗ਼ਦਰ ਲਹਿਰ ਦੇ ਤੱਥ, ਕਾਬਲ ਦਾ ਸੈਂਟਰ ਆਦਿਕ ਉਹ ਪਹਿਲੂ ਹਨ, ਜੋ ਗ਼ਦਰ
ਲਹਿਰ ਦੇ ਪੁਨਰ ਮੁਲਾਂਕਣ ਦੀ ਮੰਗ ਕਰਦੇ ਹਨ। ਗ਼ਦਰ ਲਹਿਰ ਦਾ ਪੁਨਰ ਮੁਲਾਂਕਣ ਕਰਦਿਆਂ ਇਕ
ਨਿਖੇੜਾ ਹੋਰ ਵੀ ਕਰਨ ਦੀ ਜ਼ਰੂਰਤ ਹੈ ਕਿ ਅਮਰੀਕਾ, ਕੈਨੇਡਾ ਅਤੇ ਪੂਰਬੀ ਏਸ਼ੀਆ ਦੇ ਮੁਲਕਾਂ
ਤੋਂ ਆਏ ਗ਼ਦਰੀਆਂ ਤੋਂ ਬਿਨਾਂ ਭਾਰਤ ਅੰਦਰ ਗ਼ਦਰ ਵਿਚ ਹਿੱਸਾ ਲੈਣ ਵਾਲਾ ਇਕ ਸਮੂਹ ਬਰਤਾਨਵੀ
ਬਸਤੀਵਾਦ ਦੇ ਵਿਰੁੱਧ ਧਾਰਮਿਕ ਦ੍ਰਿਸ਼ਟੀ ਤੋਂ ਸ਼ਾਮਲ ਹੁੰਦਾ ਹੈ। ਇਹ ਲੋਕ ਦਿੱਲੀ ਵਿਚ
ਬਰਤਾਨਵੀ ਸਾਮਰਾਜ ਵੱਲੋਂ ਗੁਰਦੁਆਰਾ ਰਕਾਬਗੰਜ ਦੀ ਕੰਧ ਢਾਹੇ ਜਾਣ ਕਰਕੇ ਆਕਰੋਸ਼ ਵਿਚ ਸਨ।
ਇਹ ਸਮੂਹ ਗ਼ਦਰ ਤੋਂ ਪਹਿਲਾਂ ਹੀ ਆਪਣੇ ਦੀਵਾਨ ਲਗਾ ਕੇ ਵਿਰੋਧ ਦੇ ਮਤੇ ਸਰਕਾਰ ਨੂੰ ਭੇਜ
ਰਿਹਾ ਸੀ। ਇਹ ਸਮੂਹ ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਰੰਗਵਾਲ ਦੀ ਅਗਵਾਈ ਹੇਠ ਕਿਰਿਆਸ਼ੀਲ
ਸੀ।
ਗ਼ਦਰ ਲਹਿਰ ਦੀ ਮੌਲਿਕ ਅਤੇ ਇਤਿਹਾਸਕ ਪਛਾਣ ਕਰਨ ਲਈ ਇਸ ਮਹੱਤਵਪੂਰਨ ਤੱਥ ਤੋਂ ਉੱਕਾ ਹੀ ਅੱਖ
ਨਹੀਂ ਫੇਰੀ ਜਾ ਸਕਦੀ ਕਿ ਇਹ ਆਪਣੇ ਉਦੈ ਸਮੇਂ ਕਮਿਊਨਿਸਟ ਲਹਿਰ ਨਹੀਂ ਹੈ। ਜੇ ਕੋਈ ਇਸ ਨੂੰ
ਆਪਣੇ ਉਦੈ ਸਮੇਂ ਕਮਿਊਨਿਸਟ ਲਹਿਰ ਸਿੱਧ ਕਰਨ ਦੀ ਜ਼ਿੱਦ ਕਰੇਗਾ, ਉਹ ਇਸ ਲਹਿਰ ਦੀ ਮੌਲਿਕਤਾ
ਅਤੇ ਸਰੂਪ ਨੂੰ ਗੰਧਲਾ ਕਰ ਦੇਵੇਗਾ। ਦੂਸਰਾ, ਜੇਕਰ ਕੋਈ ਇਸ ਲਹਿਰ ਨੂੰ ਸਿੱਖ ਬਹੁਗਿਣਤੀ
ਕਰਕੇ ਸਿੱਖ ਲਹਿਰ ਜਾਂ ਸਿੱਖੀ ਦੀ ਲਹਿਰ ਕਹੇਗਾ, ਉਹ ਗ਼ਦਰ ਲਹਿਰ ਦੀ ਇਤਿਹਾਸਕ ਮਹੱਤਤਾ ਨੂੰ
ਹੀ ਖਾਰਜ ਨਹੀਂ ਕਰੇਗਾ, ਸਗੋਂ ਗ਼ਦਰ ਲਹਿਰ ਨੂੰ ਐਨਾ ਸੰਕੁਚਿਤ ਅਤੇ ਸੰਗੋੜ ਦੇਵੇਗਾ ਕਿ ਇਹ
ਆਪਣੇ ਮੂਲ ਅਰਥਾਂ ਅਤੇ ਮੂਲ ਉਦੇਸ਼ਾਂ ਤੋਂ ਹੀ ਭਟਕ ਜਾਵੇਗੀ ਕਿਉਂਕਿ ਗ਼ਦਰ ਲਹਿਰ ਕਿਸੇ
ਧਾਰਮਿਕ ਪੁਨਰ-ਸੁਰਜੀਤੀ ਦੀ ਲਹਿਰ ਉੱਕਾ ਹੀ ਨਹੀਂ ਹੈ। ਇਸ ਕਰਕੇ ਇਸ ਤੱਥ ਤੋਂ ਸਪੱਸ਼ਟ ਹੋਣ
ਦੀ ਜ਼ਰੂਰਤ ਹੈ ਕਿ ਆਰੰਭ ਵੇਲੇ ਗ਼ਦਰ ਲਹਿਰ ਕੋਲ ਨਾ ਤਾਂ ਕਮਿਊਨਿਸਟ ਫ਼ਲਸਫ਼ੇ ਦਾ ਸਮਾਜਵਾਦ ਦਾ
ਉਦੇਸ਼ ਹੈ ਅਤੇ ਨਾ ਹੀ ਖ਼ਾਲਸਾ ਰਾਜ ਦੀ ਖੋ ਚੁੱਕੀ ਸੌਵਰਨਿਟੀ ਦੀ ਪੁਨਰ-ਸਥਾਪਨਾ ਦਾ ਸੁਪਨਾ
ਹੈ। ਇਹ ਲਹਿਰ ਆਪਣੇ ਉਦੈ ਸਮੇਂ ਧਰਮ ਨਿਰਪੱਖ ਰਾਸ਼ਟਰਵਾਦੀ ਲਹਿਰ ਹੈ। ਇਹ ਕਿਆਸ ਕੀਤਾ ਜਾ
ਸਕਦਾ ਹੈ ਕਿ ਜੇਕਰ ਗ਼ਦਰ ਪਾਰਟੀ ਦੇ ਮੁੱਢਲੇ ਰਾਸ਼ਟਰਵਾਦੀ ਅਸੂਲਾਂ ਅਨੁਸਾਰ ਦੇਸ਼ ਆਜ਼ਾਦ ਹੁੰਦਾ
ਤਾਂ ਧਰਮ ਦੇ ਆਧਾਰ ਉਤੇ ਪਾਕਿਸਤਾਨ ਦੀ ਅੱਜ ਬਿਲਕੁਲ ਹੋਂਦ ਨਾ ਹੁੰਦੀ। ਗ਼ਦਰ ਲਹਿਰ ਦੇ
ਇਤਿਹਾਸਕ ਤੱਥ ਹੀ ਇਸ ਗੱਲ ਦੀ ਦੱਸ ਪਾਉਂਦੇ ਹਨ ਕਿ ਗ਼ਦਰ ਲਹਿਰ ਅਮਰੀਕਾ-ਕੈਨੇਡਾ ਦੇ
ਨਸਲਵਾਦੀ ਵਰਤਾਰੇ ਕਾਰਨ ਭਾਰਤੀ ਲੋਕਾਂ ਦੇ ਬੇਇੱਜ਼ਤ ਅਤੇ ਅਪਮਾਨਿਤ ਹੋਣ ਵਿਚੋਂ ਉਦੈ ਹੁੰਦੀ
ਹੈ:-
ਦੇਸ ਪੈਣ ਧੱਕੇ, ਬਾਹਰ ਮਿਲੇ ਢੋਈ ਨਾ,
ਸਾਡਾ ਪ੍ਰਦੇਸੀਆਂ ਦਾ ਦੇਸ ਕੋਈ ਨਾ।
ਇਉਂ ਇਹ ਉਹ ਲੋਕ ਹਨ, ਜਿੰਨਾਂ ਦੇ ਕੈਨੇਡਾ ਵਿਚ ਬਰਤਾਨਵੀ ਰਿਆਇਆ ਹੋਣ ਦੇ ਭਰਮ ਟੁੱਟਦੇ ਹਨ
ਅਤੇ ਅਮਰੀਕਾ ਵਿਚ 1907 ਵਿਚ ਵਾਸ਼ਿੰਗਟਨ ਸਟੇਟ ਦੇ ਬਲਿੰਘਮ ਸ਼ਹਿਰ ਵਿਚ ਪੰਜ ਸੌ ਗੋਰਿਆਂ ਦੇ
ਨਸਲਵਾਦੀ ਹਮਲੇ ਕਾਰਨ ਆਪਣੀ ਗੁਲਾਮੀ ਦਾ ਅਹਿਸਾਸ ਜਾਗਦਾ ਹੈ। ਇਉਂ ਅਮਰੀਕਾ-ਕੈਨੇਡਾ ਦੀਆਂ
ਜ਼ਮੀਨੀ ਹਕੀਕਤਾਂ ਭਾਰਤੀ ਪਰਵਾਸੀਆਂ ਨੂੰ ਇਕ ਪਲੇਟਫਾਰਮ ਤੇ ਇਕੱਠਾ ਹੋਣ ਦੀਆਂ ਜ਼ਾਮਨ ਬਣਦੀਆਂ
ਹਨ। ਇਥੇ ਇਹ ਨੁਕਤਾ ਧਿਆਨ ਵਿਚ ਰਹਿਣਾ ਚਾਹੀਦਾ ਹੈ ਕਿ ਕੈਨੇਡਾ ਪਰੰਤੂ ਵਿਸ਼ੇਸ਼ ਰੂਪ ਵਿਚ
ਅਮਰੀਕਾ ਦੀ ਆਜ਼ਾਦੀ ਭਾਰਤੀ ਪਰਵਾਸੀਆਂ ਨੂੰ ਚੁੰਬਕ ਵਾਂਗ ਆਪਣੇ ਵੱਲ ਖਿੱਚਦੀ ਹੈ। ਇਹੋ ਜਿਹੀ
ਆਜ਼ਾਦੀ ਦਾ ਸੁਪਨਾ ਪਾਲ ਕੇ ਇਹ ਗ਼ਦਰੀਏ ਬਰਤਾਨਵੀ ਬਸਤੀਵਾਦ ਨੂੰ ਨੇਸਤੋ-ਨਾਬੂਦ ਕਰਕੇ ਭਾਰਤ
ਅੰਦਰ ‘ਪੰਚਾਇਤੀ ਰਾਜ‘ (Republic) ਸਿਰਜਣਾ ਚਾਹੁੰਦੇ ਹਨ। ਇਸ ਕਰਕੇ ਹੀ ਗ਼ਦਰ ਦੀ ਭਾਰਤੀ
ਇਤਿਹਾਸ ਵਿਚ ਮਹੱਤਤਾ ਹੈ ਕਿ ਉਸ ਨੇ ਪਹਿਲੀ ਬਾਰ ਬਰਤਾਨਵੀ ਬਸਤੀਵਾਦ ਦੀ ਥਾਵੇਂ ਆਧੁਨਿਕ
ਸਰੂਪ ਵਾਲੇ ‘ਰਾਸ਼ਟਰੀ ਰਾਜ‘ ਦਾ ਸੁਪਨਾ ਲਿਆ ਜਦ ਕਿ ਭਾਰਤ ਅੰਦਰ ਉਸ ਵੇਲੇ ਤੱਕ ਸੰਘਰਸ਼ ਕਰ
ਰਹੀ ਪਾਰਟੀ ਇੰਡੀਅਨ ਨੈਸ਼ਨਲ ਕਾਂਗਰਸ ਕੋਲ ਕੋਈ ‘ਰਾਸ਼ਟਰੀ ਰਾਜ‘ ਦਾ ਸੁਪਨਾ ਨਹੀਂ ਸੀ, ਜਿਸ
ਵਿਚ ਪੂਰਨ ਰਾਜਸੀ ਤੇ ਆਰਥਿਕ ਆਜ਼ਾਦੀ ਦਾ ਮਸਲਾ ਹੋਵੇ। ਧਰਮ ਦੇ ਆਧਾਰ ‘ਤੇ ਲਏ ਜਾਣ ਵਾਲੇ
ਰਾਮ ਰਾਜ ਜਾਂ ਖ਼ਾਲਸਾ ਰਾਜ ਦੇ ਸੁਪਨੇ ਅਸਲੋਂ ਹੀ ਨਿਸੱਤੇ ਹੋ ਗਏ ਸਨ, ਕਿਉਂਕਿ 1857 ਦੇ
ਗ਼ਦਰ ਤੋਂ ਬਾਅਦ ਬਰਤਾਨਵੀ ਬਸਤੀਵਾਦ ਨੇ ਧਰਮ, ਇਲਾਕਾ ਅਤੇ ਭਾਸ਼ਾ ਦੀ ਜੋ ਸ਼ਤਰੰਜੀ ਚਾਲ ਖੇਡੀ
ਉਸ ਨਾਲ ਭਾਰਤ ਅੰਦਰ ਧਰਮ ਬਚਾਉਣ ਲਈ ਧਾਰਮਿਕ ਸੁਧਾਰਾਂ ਦੀਆਂ ਲਹਿਰਾਂ ‘ਆਤਮ ਸੁਰੱਖਿਆ‘ ਵਿਚ
ਗੁੰਮ ਗੁਆਚਣ ਲੱਗ ਪਈਆਂ ਸਨ। ਇਸ ਸ਼ਤਰੰਜੀ ਚਾਲ ਵਿਚ ਧਰਮਾਂ ਦੇ ਅੰਦਰਲਾ ਆਰਥਿਕ ਰੂਪ ਵਿਚ
ਸ਼ਕਤੀਸ਼ਾਲੀ ਵਰਗ ਬਰਤਾਨਵੀ ਸਾਮਰਾਜ ਦੀ ਪਿੱਠ ‘ਤੇ ਪਹਿਰੇਦਾਰ ਬਣਕੇ ਖੜ੍ਹਾ ਹੋ ਜਾਂਦਾ ਹੈ।
ਇਸ ਕਰਕੇ ਗ਼ਦਰ ਲਹਿਰ ਆਧੁਨਿਕ ਵਿਚਾਰਾਂ ਵਾਲੀ ਨਵੀਨ ਰਾਸ਼ਟਰਵਾਦੀ ਲਹਿਰ ਬਣਦੀ ਹੈ ਨਾ ਕਿ
ਧਾਰਮਿਕ ਅਵਸ਼ੇਸ਼ਾਂ ਵਾਲੀ ਅਤੇ ਕਮਿਊਨਿਸਟ ਉਦੇਸ਼ਾਂ ਵਾਲੀ।
ਗ਼ਦਰ ਲਹਿਰ ਸੰਬੰਧੀ ਹੋਈ ਖੋਜ ਅਤੇ ਇਤਿਹਾਸਕ ਸਿਧਾਂਤਕਾਰੀ ਬਾਰੇ ਕਾਫ਼ੀ ਮੱਤਭੇਦ ਹਨ। ਪਰੰਤੂ
ਇਸੇ ਵਿਚ ਇਕ ਮਹੱਤਵਪੂਰਨ ਅੰਤਰ-ਦ੍ਰਿਸ਼ਟੀ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ ਕਿਉਂਕਿ
ਇਸ ਅੰਤਰ-ਦ੍ਰਿਸ਼ਟੀ ਨਾਲ ਸਿਰਫ਼ ਗ਼ਦਰੀਆਂ ਦੇ ਸੁਭਾਅ ਦੀ ਹੀ ਪ੍ਰਮਾਣਿਕ ਨਿਸ਼ਾਨਦੇਹੀ ਨਹੀਂ
ਹੁੰਦੀ ਸਗੋਂ ਇਸ ਨਾਲ ਪੰਜਾਬੀ ਭਾਸ਼ਾ ਅਤੇ ਪੰਜਾਬੀ ਸੱਭਿਆਚਾਰ ਦੀਆਂ ਵੀ ਕਈ ਗੁੰਝਲਾਂ
ਸੁਲਝਣੀਆਂ ਹਨ। ਇਹ ਅੰਤਰ-ਦ੍ਰਿਸ਼ਟੀ ਹੈ ਮਾਨਵ-ਵਿਗਿਆਨਕ ਪੱਖ ਤੋਂ ਪੰਜਾਬੀਆਂ ਦੀ ਮੂਲ ਨਸਲ
ਦੀ ਪਛਾਣ, ਕਿਉਂਕਿ ਮਨੁੱਖੀ ਨਸਲਾਂ ਦੇ ਗੁਣ ਸਦੀਆਂ ਤੋਂ ਹੋਰ ਨਸਲਾਂ ਦੇ ਮਿਲਾਪ ਬਾਅਦ ਵੀ
ਜੀਵੰਤ ਰਹਿੰਦੇ ਹਨ ਜਿਹੜੇ ਕਿਸੇ ਭਾਈਚਾਰੇ ਦੇ ਵਿਸ਼ੇਸ਼ ਸੁਭਾਅ ਨੂੰ ਸਿਰਜਦੇ ਹੋਏ ਵੱਖਰੇ ਗੁਣ
ਅਤੇ ਵਿਸ਼ੇਸ਼ਤਾਵਾਂ ਬਣ ਜਾਂਦੇ ਹਨ। ਇਹ ਗੁਣ ਅੱਗੋਂ ਭਾਈਚਾਰਿਆਂ ਦੀਆਂ ਸਿਰਜੀਆਂ ਸਮਾਜਕ,
ਰਾਜਨੀਤਕ, ਸੱਭਿਆਚਾਰਕ, ਨੈਤਿਕ, ਧਾਰਮਿਕ ਰਵਾਇਤਾਂ ਵਿਚ ਪ੍ਰਵਾਹਤ ਹੋ ਜਾਂਦੇ ਹਨ ਜਿੰਨ੍ਹਾਂ
ਕਰਕੇ ਭਾਈਚਾਰਿਆਂ ਦੀ ਸੱਭਿਆਚਾਰਕ ਪਛਾਣ ਨਿਰਮਤ ਹੁੰਦੀ ਹੈ। ਇਹ ਪਛਾਣ ਐਨੀ ਮੌਲਿਕ ਅਤੇ
ਸ਼ਕਤੀਸ਼ਾਲੀ ਬਣ ਜਾਂਦੀ ਹੈ ਕਿ ਦੂਸਰੇ ਭਾਈਚਾਰਿਆਂ ਨਾਲੋਂ ਭਾਈਚਾਰੇ ਅਸਲੋਂ ਹੀ ਵੱਖਰੇ,
ਬੇਜੋੜ ਅਤੇ ਵਿਰੋਧੀ ਪ੍ਰਤੀਤ ਹੋਣ ਲੱਗ ਜਾਂਦੇ ਹਨ। ਪਰੰਤੂ ਅਸੀਂ ਕਿਸੇ ਵਰਤਾਰੇ ਦਾ ਅਧਿਐਨ
ਕਰਨ ਸਮੇਂ ਇਹ ਮੂਲ ਨਸਲੀ ਗੁਣਾਂ ਨੂੰ ਅੱਖੋਂ-ਪਰੋਖੇ ਕਰ ਦਿੰਦੇ ਹਾਂ ਅਤੇ ਇਸ ਭੁਲੇਖੇ ਦਾ
ਸ਼ਿਕਾਰ ਹੋ ਜਾਂਦੇ ਹਾਂ ਕਿ ਵਰਤਾਰੇ ਪਿੱਛੇ ਕਿਸੇ ਭਾਈਚਾਰੇ ਦੀਆਂ ਰਵਾਇਤਾਂ ਜਾਂ ਉਸ ਦੀ ਮੂਲ
ਭਾਵਨਾ ਪਈ ਹੈ, ਜਿਹੜੀ ਸਮਾਜਕ, ਧਾਰਮਿਕ, ਰਾਜਸੀ ਜਾਂ ਸੱਭਿਆਚਾਰਕ ਹੋ ਸਕਦੀ ਹੈ। ਇਸ
ਭੁਲੇਖੇ ਅਤੇ ਭੁੱਲ ਨਾਲ ਅਸੀਂ ਵਰਤਾਰਿਆਂ ਦਾ ਵਿਸ਼ਲੇਸ਼ਣ ਕਰਦੇ ਹੋਏ ਗ਼ਲਤ ਵਿਚਾਰਧਾਰਕ ਪੁਜੀਸ਼ਨ
ਗ੍ਰਹਿਣ ਕਰ ਲੈਂਦੇ ਹਾਂ। ਗ਼ਦਰ ਲਹਿਰ ਦੇ ਅਧਿਐਨ ਵੇਲੇ ਵੀ ਅਸੀਂ ਇਸ ਕਰਕੇ ਗ਼ਦਰੀਆਂ ਦੇ
ਸੁਭਾਅ ਅਤੇ ਵਿਸ਼ੇਸ਼ ਲੱਛਣਾਂ ਨੂੰ ਕਿਸੇ ਧਾਰਮਿਕ ਜਾਂ ਸੱਭਿਆਚਾਰਕ ਰਵਾਇਤ ਨਾਲ ਨੱਥੀ ਕਰ
ਦਿੰਦੇ ਹਾਂ ਅਤੇ ਗ਼ਦਰੀਆਂ ਦੀ ਸਿਰਲੱਥ ਕੁਰਬਾਨੀ, ਦ੍ਰਿੜਤਾ ਅਤੇ ਬਹਾਦਰੀ ਨੂੰ ਉਨ੍ਹਾਂ ਦੇ
ਨਸਲੀ ਗੁਣਾਂ ਦੀ ਬਜਾਏ ਜਾਂ ਤਾਂ ਸਿੱਖ ਧਰਮ ‘ਚੋਂ ਤਲਾਸ਼ਣ ਲੱਗ ਜਾਂਦੇ ਹਾਂ ਜਾਂ ਪੰਜਾਬੀ
ਸੱਭਿਆਚਾਰ ਦੇ ਸਰਬ ਸਾਂਝੇ ਵਿਰਸੇ ਵਿਚੋਂ। ਪੰਜਾਬੀ ਭਾਈਚਾਰੇ ਦੀ ਆਜ਼ਾਦ ਤਬੀਅਤ, ਨਾਬਰੀ
ਵਾਲੀ ਬਿਰਤੀ ਅਤੇ ਜੰਗਜੂ ਭਾਵਨਾ ਦੀਆਂ ਜੜ੍ਹਾਂ ਉਨ੍ਹਾਂ ਦੀ ਸੇਥੀਅਨ ਨਸਲ ਵਿਚ ਪਈਆਂ ਹਨ।
ਸ. ਜਗਜੀਤ ਸਿੰਘ ਨੇ ਗ਼ਦਰੀਆਂ ਦੇ ਇਸ ਸੁਭਾਅ ਨੂੰ ਤਲਾਸ਼ਦਿਆਂ ਆਪਣੀ ਪੁਸਤਕ ‘ਗ਼ਦਰ ਪਾਰਟੀ
ਲਹਿਰ‘ ਵਿਚ ਵਿਸ਼ੇਸ਼ ਤੌਰ ‘ਤੇ ਇਸ ਮਸਲੇ ਨੂੰ ਅਧਿਐਨ ਹੇਠ ਲਿਆਂਦਾ ਸੀ। ਇਸ ਉਪਰੰਤ ਗ਼ਦਰੀਆਂ
ਬਾਰੇ ਕੀਤੀ ਗਈ ਬਹੁਤੀ ਚਰਚਾ ਵਿਚ ਪੰਜਾਬੀਆਂ ਦੀ ਸੇਥੀਅਨ ਨਸਲ ਦਾ ਮਸਲਾ ਦਰਕਿਨਾਰ ਹੀ
ਰਿਹਾ। ਪਰੰਤੂ ਪੰਜਾਬੀਆਂ ਦੇ ਇਸ ਮੂਲ ਸੁਭਾਅ ਦੀ ਇਤਿਹਾਸਕ ਨਿਸ਼ਾਨਦੇਹੀ ਅਤੇ ਡੂੰਘੀ ਪੜ੍ਹਤ
ਸਤਨਾਮ ਚਾਨਾ ਨੇ ਆਪਣੀ ਪੁਸਤਕ ‘ਸਿੱਖ ਫ਼ਲਸਫ਼ੇ ਦਾ ਰਾਜਨੀਤਕ ਏਜੰਡਾ ਅਤੇ ਪੰਜਾਬ ਕਮਿਊਨ‘ ਵਿਚ
ਤਿਆਰ ਕੀਤੀ। ਨਸਲ-ਦ੍ਰਿਸ਼ਟੀ ਤੋਂ ਜਿਸ ਤਰ੍ਹਾਂ ਸਿੱਖ ਸਿਧਾਂਤਾਂ ਅਤੇ ਸਰਬੱਤ ਦੇ ਭਲੇ ਦੀ
ਤਲਾਸ਼ ਕੀਤੀ ਗਈ ਹੈ, ਉਹ ਆਪਣੇ-ਆਪ ਵਿਚ ਹੀ ਮਹੱਤਵਪੂਰਨ ਹੈ। ਇਸ ਦੇ ਨਾਲ ਹੀ ਡਾ. ਨਿਰਮਲ
ਸਿੰਘ ਮਾਨ ਨੇ ਆਪਣੀ ਪੁਸਤਕ ‘ਦੇਸ਼ ਭਗਤ ਗ਼ਦਰੀ ਪਾਖਰ ਸਿੰਘ ਚੂਹੜਚੱਕ‘ ਵਿਚ ਪੰਜਾਬੀਆਂ ਦੇ
ਇਹੋ ਜਿਹੇ ਸੁਭਾਅ ਅਤੇ ਬਿਰਤੀ ਦੀ ਤਲਾਸ਼ ਕੀਤੀ ਹੈ। ਇਉਂ ਇਹ ਪੁਸਤਕ ਅਤੇ ਉਪਰੋਕਤ ਹਵਾਲਾ
ਪੁਸਤਕਾਂ ਤੋਂ ਬਾਅਦ ਇਹ ਸਿੱਧ ਹੋ ਜਾਂਦਾ ਹੈ ਕਿ ਗ਼ਦਰੀ ਬਾਬੇ ਜਿਸ ਦਲੇਰੀ ਨਾਲ ਗ਼ਦਰ ਵਿਚ
ਹਿੱਸਾ ਲੈਂਦੇ ਹਨ, ਉਹ ਇਨ੍ਹਾਂ ਦੇ ਨਸਲੀ ਗੁਣਾਂ ਸਦਕਾ ਹੈ। ਦੁੂਸਰਾ ਇਸ ਨਾਲ ਪੰਜਾਬ ਦੇ ਉਸ
ਸੰਕਲਪ ਦੀ ਵੀ ਭਰਮ ਨਵਿਰਤੀ ਹੋ ਜਾਂਦੀ ਹੈ ਜਿਸ ਨੂੰ ਪ੍ਰੋ. ਪੂਰਨ ਸਿੰਘ ਸਥਾਪਤ ਕਰਦਾ ਹੈ।
ਇਉਂ ਪੰਜਾਬੀਆਂ ਦੇ ਨਾਬਰੀ ਦੇ ਸੁਭਾਅ ਨੇ ਆਪਣੇ ਯੁੱਗ ਦੀਆਂ ਸਥਾਪਿਤ ਮਰਿਯਾਦਾਵਾਂ,
ਮਾਨਤਾਵਾਂ ਅਤੇ ਸਥਾਪਨਾਵਾਂ ਨਾਲ ਖਹਿ ਕੇ ਸੰਘਰਸ਼ ਕਰਕੇ ਆਪਣੀਆਂ ਰਵਾਇਤਾਂ ਸਿਰਜੀਆਂ ਹਨ।
ਇਨ੍ਹਾਂ ਰਵਾਇਤਾਂ ਦਾ ਮੂਲ ਪੰਜਾਬੀਆਂ ਦੇ ਸੁਭਾਅ ਨਾਲ ਦਵੰਦਾਤਮਕ ਰਿਸ਼ਤੇ ਦੀ ਲੰਮੀ ਤੇ
ਜੀਵੰਤ ਪ੍ਰਕਿਰਿਆ ਨਾਲ ਜੁੜਿਆ ਹੋਇਆ ਹੈ।
ਗ਼ਦਰ ਲਹਿਰ ਦਾ ਅਧਿਐਨ ਅਤੇ ਵਿਸ਼ਲੇਸ਼ਣ ਕਰਦੇ ਦੋ ਪ੍ਰਮੁੱਖ ਮੱਤ ਸਾਹਮਣੇ ਆਏ ਹਨ। ਇਕ ਮੱਤ ਤਾਂ
ਰਾਸ਼ਟਰਵਾਦ ਨਾਲ ਸੰਬੰਧਿਤ ਹੈ, ਜਿਸ ਵਿਚ ਸੋਹਣ ਸਿੰਘ ਜੋਸ਼, ਗੁਰਚਰਨ ਸਿੰਘ ਸਹਿੰਸਰਾ, ਜਗਜੀਤ
ਸਿੰਘ, ਹਰੀਸ਼ ਕੇ.ਪੁਰੀ, ਰਾਮ ਸਿੰਘ ਮਜੀਠਾ ਅਤੇ ਖੁਦ ਗ਼ਦਰੀ ਬਾਬੇ ਸ਼ਾਮਲ ਹਨ। ਦੂਸਰਾ ਮੱਤ ਇਹ
ਹੈ ਕਿ ਗ਼ਦਰ ਲਹਿਰ ਸਿੱਖ ਲਹਿਰ ਸੀ। ਇਨ੍ਹਾਂ ਵਿਚ ਹਰਜੋਤ ਉਬਰਾਏ, ਪਰਮਬੀਰ ਸਿੰਘ ਗਿੱਲ,
ਅਜਮੇਰ ਸਿੰਘ ਅਤੇ ਰਾਜਵਿੰਦਰ ਸਿੰਘ ਰਾਹੀ ਹਨ। ਇਨ੍ਹਾਂ ਵਿਚੋਂ ਹੀ ਕੁਝ ਸਿੱਖ ਚਿੰਤਕ ਡਾ.
ਪਿਰਥੀਪਾਲ ਸਿੰਘ ਕਪੂਰ ਵਰਗੇ ਇਸ ਦੀਆਂ ਜੜ੍ਹਾਂ ਤਾਂ ਸਿੱਖੀ ‘ਚੋਂ ਤਲਾਸ਼ਦੇ ਹਨ ਪਰੰਤੂ
‘ਆਜ਼ਾਦੀ ਦੀ ਲਹਿਰ ਨੂੰ ਮੰਨਦੇ ਧਰਮ ਨਿਰਪੱਖ ਚਿਹਰੇ‘ ਵਾਲੀ ਹਨ। ਦੂਸਰੇ ਮੱਤ ਵਾਲੇ
ਸੋਚਵਾਨਾਂ ਦੀ ਸਮੱਸਿਆ ਹੀ ਇਹੋ ਹੈ ਕਿ ਇਹ ਗ਼ਦਰ ਲਹਿਰ ਨੂੰ 1913-14 ਦੇ ਆਗ਼ਾਜ਼ ਬਿੰਦੂ ਉਪਰ
ਹੀ ਟਿਕਾ ਕੇ ਦੇਖਦੇ ਹਨ। ਇਉਂ ਉਨ੍ਹਾਂ ਲਈ ਗ਼ਦਰ ਲਹਿਰ ਇਕ ਲਹਿਰ ਨਹੀਂ ਅਤੇ ਗ਼ਦਰ ਪਾਰਟੀ ਇਕ
ਪਾਰਟੀ ਨਹੀਂ ਸਗੋਂ ਇਕ ਘਟਨਾ ਹੈ। ਇਸ ਤੋਂ ਪਾਰ ਨਾ ਜਾਣ ਵਿਚ ਹੀ ਉਨ੍ਹਾਂ ਦੀ ਸਮੱਸਿਆ ਹੈ
ਕਿਉਂਕਿ ਉਨ੍ਹਾਂ ਲਈ ਗ਼ਦਰ ਪਾਰਟੀ ਦਾ ਗ਼ਦਰ 1913-14 ਵਿਚ ਹੀ ਖ਼ਤਮ ਹੋ ਜਾਂਦਾ ਹੈ, ਜਦੋਂ ਕਿ
ਹਕੀਕਤ ਇਹ ਹੈ ਕਿ ਬਾਬਾ ਸੋਹਣ ਸਿੰਘ ਭਕਨਾ, ਭਾੲਂੀ ਸੰਤੋਖ ਸਿੰਘ, ਭਾਈ ਰਤਨ ਸਿੰਘ, ਬਾਬਾ
ਗੁਰਮੁਖ ਸਿੰਘ ਲਲਤੋਂ ਵਰਗੇ ਕਿੰਨੇ ਗ਼ਦਰੀ ਹਨ ਜੋ ਆਪਣੇ ਅੰਤਮ ਸਮੇਂ ਤੱਕ ਸੰਘਰਸ਼ ਵਿਚ
ਗਹਿਗੱਚ ਰਹਿੰਦੇ ਹਨ। ਇਨ੍ਹਾਂ ਦੀ ਇਸ ਸਮੱਸਿਆ ਦੀ ਧੁਰੀ ਇਥੇ ਇਸ ਲਈ ਟਿਕੀ ਹੋਈ ਹੈ ਕਿ ਗ਼ਦਰ
ਪਾਰਟੀ/ਲਹਿਰ ਦਾ ਵਿਕਾਸ ਇਨ੍ਹਾਂ ਨੂੰ ਗ਼ਦਰ ਲਹਿਰ ਨੂੰ ਸਿੱਖ ਲਹਿਰ ਕਹਿਣ ਦੀ ਇਜਾਜ਼ਤ ਨਹੀਂ
ਦਿੰਦਾ। ਇਸੇ ਕਰਕੇ ਇਨ੍ਹਾਂ ਲਈ ਬਾਬਾ ਭਗਤ ਸਿੰਘ ਬਿਲਗਾ ਵਰਗਾ ਗ਼ਦਰੀ ਵੀ ਗ਼ਦਰੀ ਨਹੀਂ
ਰਹਿੰਦਾ ਜਿਹੜਾ ਅਰਜਨਟੀਨਾ ਵਿਚ ਗ਼ਦਰ ਪਾਰਟੀ ਦਾ ਆਗੂ ਹੀ ਨਹੀਂ ਰੂਹੇ-ਰਵਾਂ ਵੀ ਹੈ। ਗ਼ਦਰ
ਲਹਿਰ ਨੂੰ ਸਿੱਖ ਲਹਿਰ ਕਹਿਣ ਵਾਲੇ ਵਿਸ਼ਲੇਸ਼ਣਕਾਰ ਇਤਿਹਾਸ ਪ੍ਰਤੀ ਹੀ ਖੰਡਿਤ ਰਵੱਈਏ ਵਾਲੇ
ਹਨ। ਇਸ ਲਈ ਇਨ੍ਹਾਂ ਨਾਲ ਸੰਵਾਦ ਦੀ ਤਾਂ ਸੰਭਾਵਨਾ ਹੀ ਨਹੀਂ ਬਣਦੀ। ਪਰੰਤੂ ਫਿਰ ਵੀ
ਇਨ੍ਹਾਂ ਦੁਆਰਾ ਸਥਾਪਤ ਕੀਤੀਆਂ ਧਾਰਨਾਵਾਂ ਦੀ ਪੁਣ-ਛਾਣ ਜ਼ਰੂਰ ਕੀਤੀ ਜਾ ਸਕਦੀ ਹੈ ਕਿ ਇਹ
ਕਿਸ ਆਧਾਰ ਉਤੇ ਗ਼ਦਰ ਲਹਿਰ ਨੂੰ ਸਿੱਖ ਲਹਿਰ ਬਣਾਉਣ ਦੀ ਜ਼ਿੱਦ ਕਰ ਰਹੇ ਹਨ।
ਸਿੱਖ ਲਹਿਰ ਕਹਿਣ ਵਾਲੇ ਦੋਸਤਾਂ ਦੇ ਇੱਕਾ-ਦੁੱਕਾ ਨਿਬੰਧ ਹਨ ਪਰ ਅਜਮੇਰ ਸਿੰਘ ਨੇ ਹੀ ਇਸ
ਮਸਲੇ ਉਤੇ ਪੁਸਤਕ ਲਿਖੀ ਹੈ ‘‘ਗ਼ਦਰੀ ਬਾਬੇ ਕੌਣ ਸਨ? ਅਨਮਤੀਆਂ ਦੇ ਕੂੜ ਦਾਅਵਿਆਂ ਦਾ
ਖੰਡਨ।‘‘ ਪੁਸਤਕ ਦਾ ਨਾਮਕਰਨ ਹੀ ਦੱਸ ਦਿੰਦਾ ਹੈ ਕਿ ਲੇਖਕ ਦਾ ਵਧੇਰੇ ਜ਼ੋਰ ਅਨਮਤੀਆਂ
(ਰਾਸ਼ਟਰਵਾਦੀ, ਖੱਬੇਪੱਖੀ, ਮਾਰਕਸਵਾਦੀ, ਕਾਮਰੇਡਾਂ) ਦੀਆਂ ਸਥਾਪਨਾਵਾਂ ਦਾ ਖੰਡਨ ਕਰਨਾ ਹੈ।
ਖੰਡਨ ਦੀ ਬਿਰਤੀ ਇਕ ਵਾਢਿਓਂ ਰੱਦ ਕਰਨ ਦੀ ਹੁੰਦੀ ਹੈ। ਇਸ ਵਿਚ ਸੰਵਾਦੀ ਤੱਤ ਨਹੀਂ ਹੁੰਦਾ।
ਪਰੰਤੂ ਬੌਧਿਕ ਸਦਾਚਾਰ ਅਤੇ ਚਿੰਤਨ ਦਾ ਧਰਮ ਸੰਵਾਦ ਵਾਲਾ ਹੁੰਦਾ ਹੈ। ਗੁਰੂ ਨਾਨਕ ਦੇਵ ਜੀ
ਵੀ ਏਹੋ ਸੁਝਾਉਂਦੇ ਹਨ...
ਜਬਿ ਲਗਿ ਦੁਨਿਆ ਰਹੀਐ ਨਾਨਕੁ, ਕਿਛੁ ਸੁਣੀਏ ਕਿਛੁ ਕਹੀਐ।
ਲੇਖਕ ਆਪਣੀ ਭੂਮਿਕਾ ਵਿਚ ਵੀ ਇਸ ਤੱਥ ਅਤੇ ਤੱਤ ਨੂੰ ਸਵੀਕਾਰ ਕਰਦਾ ਲਿਖਦਾ ਹੈ, ‘‘ਕਿਤਾਬ
ਦਾ ਜ਼ਾਹਰਾ ਪ੍ਰਸੰਗ ਭਲੇ ਹੀ ਖੱਬੇਪੱਖੀਆਂ ਨਾਲ ਵਾਦ ਵਿਵਾਦ ਹੈ, ਪਰ ਹਕੀਕਤ ਵਿਚ ਇਹ ਕਿਤਾਬ
ਕਿਸੇ ਵੀ ਕਿਸਮ ਦੇ ‘ਵਾਦ‘ ਤੋਂ ਬੇਲਾਗ ਸਧਾਰਨ ਪਾਠਕਾਂ ਨੂੰ ਧਿਆਨ ਵਿਚ ਰੱਖਕੇ ਤਿਆਰ ਕੀਤੀ
ਗਈ ਹੈ। ਇਸ ਕਰਕੇ ਵਿਦਵਾਨਾਂ ਕੋਲੋਂ ਖਿਮਾ ਦੇ ਜਾਚਕ ਹਾਂ।‘‘ ਲੇਖਕ ਦਾ ਸਪੱਸ਼ਟੀਕਰਨ ਸ਼ੁਰੂ
ਵਿਚ ਹੀ ਘਚੋਲੇ ਗ੍ਰੱਸਿਆ ਬਣ ਜਾਂਦਾ ਹੈ ਜਦੋਂ ਉਹ ਖੱਬੇਪੱਖੀਆਂ ਨਾਲ ਵਾਦ-ਵਿਵਾਦ ਕਹਿ ਕੇ
ਪੁਸਤਕ ਨੂੰ ‘ਬੇਲਾਗਵਾਦ‘ ਬਣਾ ਦਿੰਦਾ ਹੈ। ਸੁਆਲ ਖੜ੍ਹਾ ਹੋ ਜਾਂਦਾ ਹੈ ਕਿ ਜਦੋਂ ਇਹ ਵਾਦ
ਮੁਕਤ ਹੈ ਤਾਂ ਕਿਤਾਬ ਨੂੰ ਤਿਆਰ ਕਰਨ ਦੀ ਕੀ ਲੋੜ ਹੈ? ਪਰ ਅਜਿਹਾ ਨਹੀਂ ਹੈ ਕਿਉਂਕਿ ਉਹ
ਕਿਤਾਬ ਨੂੰ ਗ਼ਦਰ ਲਹਿਰ ‘ਤੇ ਕੇਂਦਰਿਤ ਕਰਕੇ ਇਹ ਸਿੱਧ ਕਰਨ ‘ਤੇ ਪੂਰਾ ਜ਼ੋਰ ਲਾ ਦਿੰਦਾ ਹੈ
ਕਿ ਇਹ ਸਿੱਖ ਲਹਿਰ ਸੀ, ਇਹੋ ਇਸ ਦਾ ਵਾਦ ਹੈ। ਇਸ ਕਰਕੇ ਹੀ ਉਹ ਪੁਸਤਕ ਸਧਾਰਨ ਪਾਠਕ ਲਈ
ਤਿਆਰ ਕਰਦਾ ਹੈ ਤੇ ਵਿਦਵਾਨਾਂ ਤੋਂ ਖਿਮਾ ਦਾ ਜਾਚਕ ਹੈ, ਪਰ ਉਸ ਦੀ ਸਧਾਰਨ ਪਾਠਕ ਵਾਲੀ
ਕੋਟੀ ਵੀ ਹਾਸੋਹੀਣੀ ਹੈ ਕਿਉਂਕਿ ਪਾਠਕਾਂ ਦੀਆਂ ਅਜਿਹੀਆਂ ਕਿਸਮਾਂ ਨਹੀਂ ਹੁੰਦੀਆਂ, ਉਨ੍ਹਾਂ
ਦੀਆਂ ਕਿਸਮਾਂ ਵਿਸ਼ਾ-ਖੇਤਰਾਂ ਦੀਆਂ ਹੁੰਦੀਆਂ ਹਨ।
ਲੇਖਕ ਦਾ ਨਜ਼ਰੀਆ ਕੀ ਹੈ? ਇਸ ਪ੍ਰਤੀ ਲੇਖਕ ਦੀ ਹੀ ਸਿਧਾਂਤਕ ਉਕਤੀ ਅੰਕਿਤ ਕਰਦੇ ਹਾਂ। ਲੇਖਕ
ਪ੍ਰਸਿੱਧ ਇਤਿਹਾਸਕ ਈ.ਐਚ.ਕਾਰ ਦੇ ਪ੍ਰਸੰਗ ਵਿਚ ਗੱਲ ਕਰਦਾ ਹੈ, ‘‘ਇਤਿਹਾਸ ਪੜ੍ਹਨ ਵੇਲੇ
ਤੱਥਾਂ ਦਾ ਅਧਿਐਨ ਕਰਨ ਤੋਂ ਪਹਿਲਾਂ ਇਤਿਹਾਸਕਾਰ ਦਾ ਅਧਿਐਨ ਕਰੋ। ਜਦੋਂ ਅਸੀਂ ਇਤਿਹਾਸ ਦੀ
ਕੋਈ ਲਿਖਤ ਪੜ੍ਹਦੇ ਹਾਂ ਤਾਂ ਸਾਨੂੰ ਇਹ ਦੇਖਣ ਤੋਂ ਪਹਿਲਾਂ ਕਿ ਇਸ ਵਿਚ ਦਰਜ ਤੱਥ ਕਿਹੜੇ
ਹਨ, ਇਹ ਦੇਖਣਾ ਚਾਹੀਦਾ ਹੈ ਕਿ ਇਸ ਦਾ ਲੇਖਕ ਕੌਣ ਹੈ। ਭਾਵ ਤੱਥਾਂ ਤੋਂ ਪਹਿਲਾਂ
ਇਤਿਹਾਸਕਾਰ ਦੀ ਜ਼ਾਤ (ਜਾਤ ਨਹੀਂ) ਵੱਲ ਦੇਖੋ, ਉਹ ਕੌਣ ਹੈ, ਉਸ ਦੇ ਸਿਧਾਂਤਕ ਅਕੀਦੇ ਤੇ
ਮਾਨਸਿਕ ਝੁਕਾਅ ਕਿਹੋ ਜਿਹੇ ਹਨ ਅਤੇ ਉਸ ਨੇ ਆਪਣੀ ਰਚਨਾ ਇਤਿਹਾਸ ਦੇ ਕਿਸ ਦੌਰ ਅੰਦਰ ਲਿਖੀ।
ਫਿਰ ਹੀ ਤੁਸੀਂ ਉਸ ਦੁਆਰਾ ਲਿਖੇ ਇਤਿਹਾਸ ਦੀ ਰਮਜ਼ ਪਛਾਣ ਸਕੋਗੇ।‘‘1 ਇਸ ਦ੍ਰਿਸ਼ਟੀਕੋਣ ਤੋਂ
ਲੇਖਕ ਦਾ ਅਧਿਐਨ ਇਹ ਦੱਸਦਾ ਹੈ ਕਿ ਉਸ ਨੇ ਪਿਛਲੇ ਸਮੇਂ ਵਿਚ ਸਿੱਖ ਰਾਜਨੀਤੀ ਬਾਰੇ (ਸਿੱਖੀ
ਸਿਧਾਂਤਾਂ ਬਾਰੇ ਨਹੀਂ) ਤਿੰਨ ਪੁਸਤਕਾਂ ਲਿਖੀਆਂ ਜਿਹੜੀਆਂ ਧਰਮ ਨੂੰ ਕੇਂਦਰ ਵਿਚ ਟਿਕਾਕੇ
ਕੌਮ ਦੀ ਪਰਿਭਾਸ਼ਾ ਕਰਦੀਆਂ ਹਨ ਅਤੇ ਸਮੁੱਚੇ ਪੰਜਾਬ ਨੂੰ ‘ਸਿੱਖ ਪੰਜਾਬ‘ ਵਜੋਂ
ਦੇਖਣ-ਦਿਖਾਉਣ ਉਪਰ ਜ਼ੋਰ ਦਿੰਦੀਆਂ ਹਨ ਅਤੇ ਇਸੇ ਦ੍ਰਿਸ਼ਟੀ ਵਿਚੋਂ ਹੀ ਗ਼ਦਰੀ ਬਾਬੇ ਕੌਣ ਸਨ?
ਪੁਸਤਕ ਆਪਣਾ ਸਰੂਪ ਧਾਰਦੀ ਹੈ। ਲੇਖਕ ਦੇ ਕੌਮ ਦੇ ਮਸਲੇ ਉਪਰ ਹੀ ਮੱਤਭੇਦ ਹਨ ਕਿਉਂਕਿ
ਕੌਮਾਂ ਦੇ ਸੰਕਲਪ ਧਰਮ ਕੇਂਦਰਿਤ ਨਹੀਂ ਹੁੰਦੇ। ਦੁਨੀਆ ਦਾ ਸਮਾਜ-ਸ਼ਾਸਤਰੀ ਚਿੰਤਨ ਅਤੇ
ਰਾਜਨੀਤਕ ਸ਼ਾਸਤਰ ਇਹ ਕਿਧਰੇ ਵੀ ਦੱਸ ਨਹੀਂ ਪਾਉਂਦਾ ਕਿ ਕੌਮਾਂ ਦਾ ਮਸਲਾ ਧਰਮ ਕੇਂਦਰਿਤ
ਹੁੰਦਾ ਹੈ। ਕੌਮਾਂ ਜਾਂ ਕੌਮੀਅਤ ਦਾ ਮਸਲਾ ਭਾਸ਼ਾ ਕੇਂਦਰਿਤ ਹੁੰਦਾ ਹੈ ਕਿਉਂਕਿ ਇਹ ਆਧੁਨਿਕ
ਚਿੰਤਨ ਦੀ ਦੇਣ ਹੈ। ਇਸ ਪਿੱਛੇ ਯੂਰਪ ਦਾ ਲੰਮਾ-ਚੌੜਾ ਚਿੰਤਨ ਵੀ ਪਿਆ ਹੈ। ਲੇਖਕ ਆਪਣੀ ਇਹ
ਪਛਾਣ ਕਰਵਾ ਕੇ ਹੀ ਗ਼ਦਰ ਲਹਿਰ ਵਿਚ ਉੱਤਰਦਾ ਹੈ। ਪਰੰਤੂ ਲੇਖਕ ਦੇ ਵਿਸ਼ਲੇਸ਼ਣ ਵਿਚ ਸੰਕਟ ਇਹ
ਵਾਪਰ ਜਾਂਦਾ ਹੈ ਕਿ ਉਹ ਗ਼ਦਰ ਲਹਿਰ ਵਿਚੋਂ ਕੁਝ ਵੇਰਵੇ ਚੁਣ ਲੈਂਦਾ ਹੈ। ਉਨ੍ਹਾਂ ਵੇਰਵਿਆਂ
ਦੇ ਪ੍ਰਸੰਗ ਨੂੰ ਖ਼ਤਮ ਕਰਕੇ ਉਨ੍ਹਾਂ ਨੂੰ ਆਪਣੀ ਵਿਚਾਰਧਾਰਕ ਦ੍ਰਿਸ਼ਟੀ ਲਈ ਵਰਤਣ ਲੱਗ ਪੈਂਦਾ
ਹੈ ਜਿਸ ਨਾਲ ਉਸ ਦੇ ਵਿਸ਼ਲੇਸ਼ਣ ਵਿਚ ਆਪਾ ਵਿਰੋਧ ਹੀ ਨਹੀਂ ਪੈਦਾ ਹੁੰਦਾ, ਸਗੋਂ ਉਹ ਅਜਿਹੀ
ਪੁਜੀਸ਼ਨ ਮੱਲ ਲੈਂਦਾ ਹੈ ਜਿਹੜੀ ਪਾਠਕ ਨੂੰ ਇਹੋ ਹੀ ਨਹੀਂ ਪਤਾ ਲੱਗਣ ਦਿੰਦੀ ਕਿ ਉਹ ਕਰੇ
ਤਾਂ ਕੀ ਕਰੇ?
ਲੇਖਕ ਗ਼ਦਰ ਲਹਿਰ ਨੂੰ ਸਮਝਣ ਲਈ ਜੋ ਦ੍ਰਿਸ਼ਟੀ ਦੇ ਰਿਹਾ ਉਸ ‘ਚੋਂ ਗੁਜ਼ਰਨਾ ਜ਼ਰੂਰੀ ਹੈ,
‘‘ਇਤਿਹਾਸ ਸ਼ਾਸਤਰੀ ਇਹ ਗੱਲ ਮੰਨ ਕੇ ਚੱਲਦੇ ਹਨ ਕਿ ‘ਤੱਥ‘ ਤੇ ‘ਸੱਚ‘ ਇਕੋ ਗੱਲ ਨਹੀਂ। ਤੱਥ
ਆਪਣੀ ਵਿਆਖਿਆ ਆਪ ਨਹੀਂ ਕਰਦੇ। ਏਸੇ ਕਰਕੇ ਕਿਹਾ ਜਾਂਦਾ ਹੈ ਕਿ ਤੱਥਾਂ ਤੋਂ ਸੱਚ ਲੱਭੋ।
(Seek Truth from facts) ਤੱਥਾਂ ਤੋਂ ਸੱਚ ਲੱਭਣ ਦਾ ਖਰਾ ਵਿਗਿਆਨਕ ਤਰੀਕਾ ਇਹ ਹੈ ਕਿ
ਵਸਤੂ ਜਾਂ ਵਰਤਾਰੇ ਦਾ ਸਿਰਫ਼ ਬਾਹਰੀ ਰੂਪ (appearance) ਨਾ ਵੇਖੋ, ਇਸ ਦਾ ਅੰਤਰੀਵ ਤੱਤ
(essence) ਪਛਾਣੋ। ਗ਼ਦਰ ਲਹਿਰ ਦੀ ਗੱਲ ਕਰੀਏ ਤਾਂ ਇਕ ਪਾਸੇ ਇਸ ਦੀਆਂ ਲਿਖਤਾਂ/ਦਸਤਾਵੇਜ਼
ਹਨ, ਦੂਜੇ ਪਾਸੇ ਇਸ ਦਾ ਠੋਸ ਅਮਲ ਹੈ। ਇਸ ਦੇ ਇੰਨਾਂ ਦੋਵਾਂ ਪੱਖਾਂ ਨੂੰ ਮੇਲ ਕੇ ਹੀ ਇਸ
ਬਾਰੇ ਠੀਕ ਨਿਰਣਾ ਕੀਤਾ ਜਾ ਸਕਦਾ ਹੈ।‘‘2 ਇਸੇ ਦ੍ਰਿਸ਼ਟੀ ਤੋਂ ਹੀ ਲੇਖਕ ਆਪਣੀ ਸਿਧਾਂਤਕ
ਧਾਰਨਾ ਉਪਰ ਜ਼ੋਰ ਦਿੰਦਾ ਹੈ, ‘‘ਕਿਸੇ ਵਸਤੂ ਜਾਂ ਵਰਤਾਰੇ ਦਾ ਭਾਰੂ ਖ਼ਾਸਾ ਸਮਝਣ ਵਾਸਤੇ ਇਸ
ਦੇ ਦੋ ਅੰਗਾਂ, ਇਸ ਦਾ ਕੇਂਦਰੀ ਭਾਗ (core) ਜਿਸ ਨੂੰ ਇਸ ਦੀ ‘ਗਿਰੀ‘ ਜਾਂ ‘ਧੁਰਾ‘ ਕਿਹਾ
ਜਾ ਸਕਦਾ ਏ, ਅਤੇ ਇਸ ਦੀ ਬਾਹਰੀ ਕੰਨੀ (Periphery) ਵਿਚ ਨਿਖੇੜਾ ਕਰਨਾ ਬਹੁਤ ਅਹਿਮ
ਹੁੰਦਾ ਹੈ। ਕਿਸੇ ਵਸਤੂ ਦਾ ਭਾਰੂ ਲੱਛਣ ਇਸ ਦੀ ਬਾਹਰਲੀ ਕੰਨੀ ਤੋਂ ਨਹੀਂ, ਇਸ ਦੇ ‘ਧੁਰੇ‘
ਤੋਂ ਨਿਰਧਾਰਤ ਹੁੰਦਾ ਹੈ। ਬਾਦਾਮ ਦਾ ਤੱਤ ਖੋਲ ਤੋਂ ਨਹੀਂ, ਇਸ ਦੀ ਅੰਦਰਲੀ ‘ਗਿਰੀ‘ ਤੋਂ
ਪਛਾਣਿਆ ਜਾਂਦਾ ਏ। ਕਿਸੇ ਲਹਿਰ ਦਾ ਵਿਸ਼ਲੇਸ਼ਣ ਕਰਨ ਵੇਲੇ ਜੇਕਰ ਇਸ ਨੇਮ ਦੀ ਪਾਲਣਾ ਨਹੀਂ
ਕੀਤੀ ਜਾਂਦੀ ਤਾਂ ਇਸ ਦਾ ਠੀਕ ਖ਼ਾਸਾ ਨਹੀਂ ਬੁਝਿਆ ਜਾ ਸਕਦਾ।‘‘3
ਲੇਖਕ ਦੀਆਂ ਉਪਰੋਕਤ ਅੰਤਰ-ਦਿਸ਼੍ਰਟੀਆਂ ਮਾਰਕਸਵਾਦੀ ਫ਼ਲਸਫ਼ੇ ‘ਚੋਂ ਕਸ਼ੀਦੀਆਂ ਗਈਆਂ ਹਨ ਪਰੰਤੂ
ਇਹ ਵੀ ਖੰਡਿਤ ਹਨ ਕਿਉਂਕਿ ਮਾਰਕਸਵਾਦ ਦਵੰਦਾਤਮਕਤਾ ਦੀ ਮੂਲ ਦਾਰਸ਼ਨਿਕ ਯੁਕਤੀ ‘ਤੇ ਖੜ੍ਹਾ
ਹੈ। ਸਿਧਾਂਤਕ ਤੌਰ ‘ਤੇ ਉਹ ਦਿੱਖ (appearance) ਨਾਲੋਂ ਗਿਰੀ/ਧੁਰਾ (core) ਉਪਰ ਜ਼ੋਰ ਦੇ
ਰਿਹਾ ਹੈ। ਉਹ ਗ਼ਦਰੀਆਂ ਦੀਆਂ ਲਿਖਤਾਂ ਅਤੇ ਦਸਤਾਵੇਜ਼ਾਂ ਨਾਲ ਉਨ੍ਹਾਂ ਦੇ ਅਮਲ ਨੂੰ ਮਿਲਾ ਕੇ
ਦੇਖਣ ਨੂੰ ਖਰਾ ਅਤੇ ਵਿਗਿਆਨਕ ਨਜ਼ਰੀਆ ਕਹਿ ਰਿਹਾ ਹੈ। ਪਰੰਤੂ ਉਸ ਦੇ ਵਿਸ਼ਲੇਸ਼ਣ ‘ਚ ਦੁਖਾਂਤ
ਇਹ ਵਾਪਰ ਜਾਂਦਾ ਹੈ ਕਿ ਉਹ ਸਾਰ ਨਾਲੋਂ ਦਿੱਖ ਉਪਰ ਅਤੇ ਗਿਰੀ ਦੀ ਬਜਾਏ ਖੋਲ ਉਪਰ ਕੇਂਦਰਿਤ
ਹੋ ਜਾਂਦਾ ਹੈ। ਇਸ ਨਾਲ ਉਸ ਦਾ ਵਿਸ਼ਲੇਸ਼ਣ ਮਨਇੱਛਤ ਧਾਰਨਾਵਾਂ ਅਤੇ ਸਿੱਟੇ ਕੱਢਣ ਲੱਗ ਪੈਂਦਾ
ਹੈ। ਇਹ ਬੌਧਿਕ ਕੰਗਾਲੀ ਨਹੀਂ ਬੌਧਿਕ ਅਨਾਚਾਰ ਹੈ। ਉਹ ਸਿਧਾਂਤਕ ਦ੍ਰਿਸ਼ਟੀਆਂ ਕੋਈ ਹੋਰ
ਸੁਝਾਉਂਦਾ ਹੈ ਪਰੰਤੂ ਵਿਹਾਰਕ ਵਿਸ਼ਲੇਸ਼ਣ ਵੇਲੇ ਉਹ ਇਸ ਉਪਰ ਕਾਟਾ ਫੇਰ ਦਿੰਦਾ ਹੈ ਕਿਉਂਕਿ
ਸਿਧਾਂਤ ਅਤੇ ਵਿਹਾਰ ਦਾ ਮਸਲਾ ਗ਼ਦਰ ਲਹਿਰ ਨੂੰ ਸਿੱਖ ਲਹਿਰ ਸਿੱਧ ਕਰਨ ਵਿਚ ਹੀ ਸਭ ਨਾਲੋਂ
ਵੱਡੀ ਰੁਕਾਵਟ ਹੈ। ਇਸੇ ਕਰਕੇ ਉਹ ਤੁਰੰਤ ਆਪਣੀ ਪੁਜੀਸ਼ਨ ਬਦਲਕੇ ਸਧਾਰਨ ਪਾਠਕ ਨੂੰ
ਦਿਸ਼ਾ-ਨਿਰਦੇਸ਼ਨ ਕਰਨ ਲੱਗ ਪੈਂਦਾ ਹੈ, ‘‘ਗ਼ਦਰ ਲਹਿਰ ਦਾ ਸਿਧਾਂਤਕ ਦ੍ਰਿਸ਼ਟੀ ਤੋਂ ਮੁਲੰਕਣ
ਕਰਨ ਲੱਗਿਆ ਉਪਰੋਕਤ ਤੱਥਾਂ (ਗ਼ਦਰੀ ਰੈਸ਼ਨੇਲ ਵਿਚਾਰਧਾਰਾ ਦੀ ਥਾਵੇਂ ਆਪਣੇ ਸੰਸਕਾਰਾਂ ਅਤੇ
ਜਜ਼ਬਿਆਂ ਦੇ ਆਸਰੇ ਲੜੇ, ਜੋ ਗ਼ਦਰ ਲਹਿਰ ਦੇ ਬੁੱਧੀਮਾਨ ਆਗੂ ਸਨ, ਉਹ ਹਿੰਦੂ ਰਾਸ਼ਟਰਵਾਦੀ
ਸਨ।) ਨੂੰ ਧਿਆਨ ਵਿਚ ਰੱਖਣਾ ਬੇਹੱਦ ਜ਼ਰੂਰੀ ਹੈ। ਪਾਰਟੀ ਦੇ ਉਦੇਸ਼ਾਂ, ਨੀਤੀਆਂ ਤੇ ਕਾਰਜਾਂ
ਸੰਬੰਧੀ ਪਾਰਟੀ ਲਿਖਤਾਂ ਉਤੇ ਅੰਨ੍ਹੇਵਾਹ ਨਿਰਭਰ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਲਿਖਤਾਂ
ਪ੍ਰਤੀ ਘੋਖਵੀਂ ਤੇ ਸੋਘਵੀਂ ਪਹੁੰਚ ਅਪਣਾਉਣੀ ਜ਼ਰੂਰੀ ਹੈ। ਇਹ ਪਛਾਣ ਕਰਨੀ ਜ਼ਰੂਰੀ ਹੈ ਕਿ
ਕਿਹੜੀ ਲਿਖਤ, ਕਿਸ ਵਿਅਕਤੀ ਨੇ, ਕਿਸ ਮੌਕੇ ‘ਤੇ ਲਿਖੀ। ਜਿਵੇਂ ਕਿ ਉਪਰ ਜ਼ਿਕਰ ਕੀਤਾ ਜਾ
ਚੁੱਕਾ ਹੈ, ਵਿਚਾਰਧਾਰਾ ਪੱਖੋਂ ਗ਼ਦਰ ਪਾਰਟੀ ਇਕ ਜਿਨਸੀ (Homogeneous) ਨਹੀਂ ਸੀ। ਇਸ ਨੂੰ
ਬੌਧਿਕ ਅਗਵਾਈ ਦੇਣ ਵਾਲੇ ਹਿੰਦੂ ਤੱਤ ਮੂਲ ਰੂਪ ਵਿਚ ਹਿੰਦੂ ਰਾਸ਼ਟਰਵਾਦ ਦੀ ਵਿਚਾਰਧਾਰਾ ਦੇ
ਧਾਰਨੀ ਸਨ।‘‘4 ਇਹ ਹੈ ਮੂਲ ਮੁੱਦਾ ਜਿਸ ਨੂੰ ਲੇਖਕ ਸਥਾਪਤ ਕਰਨਾ ਚਾਹੁੰਦਾ ਹੈ। ਗ਼ਦਰ ਲਹਿਰ
ਨੂੰ ਦਿੱਖ ਦੇ ਆਧਾਰ ‘ਤੇ ਵੰਡ ਕੇ ਸਿੱਖਾਂ ਦੀ ਬਹੁਗਿਣਤੀ ਕਰਕੇ ਇਸ ਨੂੰ ਸਿੱਖ ਲਹਿਰ ਬਣਾਉਣ
ਦੀ ਬਚਗਾਨਾ ਜ਼ਿੱਦ ਕਰਦਾ ਹੈ। ਉਸ ਦੀ ਲਿਖਤ ਅਤੇ ਸ਼ੈਲੀ ਵਿਚੋਂ ਫਿਰਕਾਪ੍ਰਸਤੀ ਦੀ ਬਦਬੂ
ਆਉਂਦੀ ਹੈ। ਹੋਰ ਤਾਂ ਹੋਰ ਡਾ. ਹਰੀਸ਼ ਕੇ.ਪੁਰੀ ਦੇ ਗ਼ਦਰ ਲਹਿਰ ਬਾਰੇ ਵਿਸ਼ਲੇਸ਼ਣ ਸੰਬੰਧੀ ਉਹ
ਇਸ ਕਰਕੇ ਉਲਾਰ ਹੈ ਕਿਉਂਕਿ ਡਾ. ਪੁਰੀ ਹਿੰਦੂ ਹੈ।
ਲੇਖਕ ਗ਼ਦਰੀਆਂ ਦੇ ਉਦੇਸ਼ਾਂ, ਕਾਰਜਾਂ, ਨੀਤੀਆਂ ਅਤੇ ਲਿਖਤਾਂ ਪ੍ਰਤੀ ‘ਘੋਖਵੀਂ ਅਤੇ ਸੋਘਵੀਂ‘
ਪਹੁੰਚ ਉਤੇ ਜ਼ੋਰ ਕਿਉਂ ਦਿੰਦਾ ਹੈ ਕਿਉਂਕਿ ਇਨ੍ਹਾਂ ਦੇ ਆਧਾਰ ‘ਤੇ ਲਹਿਰ ਤਾਂ ਧਰਮ ਨਿਰਪੱਖ
ਅਤੇ ਰਾਸ਼ਟਰਵਾਦੀ ਬਣਦੀ ਹੈ। ਗ਼ਦਰ ਲਹਿਰ ਦਾ ਕੌਮੀ ਮੁਕਤੀ ਦਾ ਪ੍ਰੋਗਰਾਮ ਸਾਰੀਆਂ ਕੌਮੀਅਤਾਂ
ਦੀ ਸਾਂਝੀ ਏਕਤਾ ਦਾ ਅਟੁੱਟ ਹਿੱਸਾ ਸੀ। ਬਾਬਾ ਸੋਹਨ ਸਿੰਘ ਭਕਨਾ ਤਾਂ ਭਾਰਤੀਆਂ ਦੀ ਇਕ
ਸਾਂਝੀ ਭਾਸ਼ਾ ਦੇ ਮੁੱਦੇ ਪ੍ਰਤੀ ਵੀ ਚਿੰਤਤ ਸੀ। ਲੇਖਕ ਗ਼ਦਰ ਲਹਿਰ ਨੂੰ ਫਿਰਕਿਆਂ ਵਿਚ ਵੰਡ
ਦਿੰਦਾ ਹੈ ਅਤੇ ਬੁਨਿਆਦੀ ਤੱਥਾਂ ਨੂੰ ਤੋੜ-ਮਰੋੜ ਦਿੰਦਾ ਹੈ। ਹਿੰਦੂਆਂ ਨੂੰ ਹਿੰਦੂ
ਰਾਸ਼ਟਰਵਾਦੀ ਮਿਥ ਕੇ ਤੁਰਦਾ ਹੈ ਜਿਹੜੇ ਭੋਲੇ ਭਾਲੇ ਸਿੱਖਾਂ ਨੂੰ ਆਪਣੇ ਹਿੱਤਾਂ ਦੀ ਖ਼ਾਤਰ
ਕੁਰਬਾਨ ਹੋਣ ਲਈ ਤਿਆਰ ਕਰਦੇ ਹਨ ਅਤੇ ਸਿੱਖ ਆਪਣੇ ਸੰਸਕਾਰਾਂ ਅਤੇ ਧਾਰਮਿਕ ਰਵਾਇਤਾਂ ਸਦਕਾ
ਬਰਤਾਨਵੀ ਬਸਤੀਵਾਦ ਵਿਰੁੱਧ ਜਜ਼ਬੇ ਗੁੱਧੀ ਲੜਾਈ ਲੜਦੇ ਹਨ। ਗ਼ਦਰ ਲਹਿਰ ਨਾਲ ਇਹ ਬੌਧਿਕ
ਧ੍ਰੋਹ ਹੈ ਕਿ ਉਸ ਨੂੰ ਵਿਚਾਰ ਨਾਲੋਂ ਤੋੜ ਕੇ ਜਜ਼ਬੇ ਮੁਖ ਬਣਾ ਦੇਣਾ। ਹੈਰਾਨਕੁਨ ਤੱਥ ਇਹ
ਹੈ ਕਿ ਲਾਲਾ ਹਰਦਿਆਲ ਨੂੰ ਕੁਝ ਮਹੀਨਿਆਂ ਬਾਅਦ ਰਾਜਸੀ ਕਾਰਨਾਂ ਕਰਕੇ ਅਮਰੀਕਾ ਛੱਡਣਾ
ਪੈਂਦਾ ਹੈ। ਲਾਲਾ ਹਰਦਿਆਲ ਤੋਂ ਬਾਅਦ ਗ਼ਦਰ ਲਹਿਰ ਦਾ ਜਨਰਲ ਸਕੱਤਰ ਭਾਈ ਸੰਤੋਖ ਸਿੰਘ ਬਣਦਾ
ਹੈ ਜੋ ਸਿੱਖ ਹੈ ਅਤੇ ਜਿਸ ਦੀ ਲਗਨ ਅਤੇ ਪ੍ਰਤੀਬੱਧਤਾ ਨਾਲ ਗ਼ਦਰ ਪਾਰਟੀ ਸ਼ਕਤੀਸ਼ਾਲੀ ਬਣਦੀ ਹੈ
ਪਰੰਤੂ ਫਿਰ ਵੀ ਗ਼ਦਰ ਪਾਰਟੀ ਦੇ ਉਦੇਸ਼ਾਂ, ਕਾਰਜਾਂ ਅਤੇ ਨੀਤੀਆਂ ਵਿਚ ਕਿਧਰੇ ਤਬਦੀਲੀ ਨਹੀਂ
ਵਾਪਰਦੀ। ਇਸ ਤੋਂ ਵੀ ਅਗਾਂਹ ਤੱਥ ਇਹੋ ਦੱਸ ਪਾਉਂਦੇ ਹਨ ਕਿ 22 ਨਵੰਬਰ 1917 ਤੋਂ 1 ਮਈ
1918 ਤੱਕ ਚੱਲੇ ਗ਼ਦਰ ਲਹਿਰ ਦੇ ਇਤਿਹਾਸਕ ਕੇਸ ਇੰਡੋ ਜਰਮਨ ਸਾਜਿਸ਼ ਕੇਸ ਬਾਅਦ ਭਾਈ ਸੰਤੋਖ
ਸਿੰਘ ਅਮਰੀਕਾ ਵਿਚ ਕੈਦ ਭੁਗਤਣ ਬਾਅਦ ਰੂਸ ਵਿਚ ਪੜ੍ਹਨ ਉਪਰੰਤ ਦੇਸ਼ ਵਿਚ ਲਹਿਰ ਨੂੰ
ਕਿਸਾਨਾਂ ਮਜ਼ਦੂਰਾਂ ਦੀ ਲਹਿਰ ਬਣਾਉਣ ਲਈ ਆਉਂਦੇ ਹਨ। ਕਿਰਤੀ ਪਰਚੇ ਦਾ ਸੰਪਾਦਨ ਕਰਦੇ ਹਨ।
ਲੇਖਕ ਇਨ੍ਹਾਂ ਤੱਥਾਂ ਨੂੰ ਇਸ ਕਰਕੇ ਨਹੀਂ ਛੇੜਦਾ ਕਿਉਂਕਿ ਇਹ ਤੱਥ ਉਸ ਦੇ ਧਾਰਮਿਕ ਏਜੰਡੇ
ਦੇ ਬਖੀਏ ਉਧੇੜਨ ਵਾਲੇ ਹਨ। ਇਉਂ ਜੇ ਗ਼ਦਰ ਪਾਰਟੀ ਦੇ 1913-14 ਤੋਂ ਲੈ ਕੇ ਅਗਾਂਹ ਤੱਤ ਉਸ
ਦੇ ਕੌਮਾਂਤਰੀਵਾਦ ਤੱਕ ਫੈਲਰਨ ਅਤੇ ਵਿਕਸਤ ਹੋਣ ਤੱਕ ਕਦੇ ਵੀ ਧਰਮ ਦਾ ਮੁੱਦਾ ਕੇਂਦਰੀ ਅਤੇ
ਫੈਸਲਾਕੁਨ ਤੱਤ ਨਹੀਂ ਰਿਹਾ। ਇਸ ਕਰਕੇ ਜਿਹੜਾ ਮੁੱਦਾ ਲਹਿਰ ਦਾ ਏਜੰਡਾ ਹੀ ਨਹੀਂ ਰਿਹਾ
ਉਲਟਾ ਲਹਿਰ ਉਸ ਦੀ ਵਿਰੋਧੀ ਰਹੇ, ਉਸ ਅਨੁਸਾਰ ਲਹਿਰ ਦਾ ਵਿਸ਼ਲੇਸ਼ਣ ਕਰਨਾ ਕਿਸੇ ਗੁਪਤ ਏਜੰਡਾ
(Hidden Agenda) ਦੀ ਸਾਜਿਸ਼ ਹੋ ਸਕਦੀ ਹੈ।
ਗ਼ਦਰ ਲਹਿਰ ਦੀ ਸ਼ਕਤੀ ਦੋ ਇਤਿਹਾਸਕ ਤੱਥਾਂ ਵਿਚ ਸੀ ਜਿਸ ਕਰਕੇ ਇਹ ਭਾਰਤ ਦੀ ਪਹਿਲੀ ਅਤੇ
ਮੌਲਿਕ ਰਾਸ਼ਟਰਵਾਦੀ ਲਹਿਰ ਬਣਦੀ ਹੈ। ਇਹ ਵੱਖਰੀ ਗੱਲ ਹੈ ਕਿ ਬੁਰਜ਼ਵਾ ਇਤਿਹਾਸਕਾਰਾਂ ਨੇ ਇਸ
ਲਹਿਰ ਦੀ ਵਿਚਾਰਧਾਰਾ ਅਤੇ ਮਕਸਦਾਂ ਨੂੰ ਇਤਿਹਾਸ ਵਿਚ ਪਲਰਨ ਨਹੀਂ ਦਿੱਤਾ। ਗ਼ਦਰ ਲਹਿਰ ਦਾ
ਪਹਿਲਾ ਇਤਿਹਾਸਕ ਤੱਥ ਸਮੁੱਚੇ ਭਾਰਤ ਦੀ ਏਕਤਾ ਅਤੇ ਕੌਮੀਅਤਾਂ ਦੀ ਸਾਂਝ ਸੀ। ਇਸ ਸਾਂਝ
ਬਾਰੇ ਗ਼ਦਰੀ ਬਾਬੇ ਐਨੇ ਸਪੱਸ਼ਟ ਅਤੇ ਸੁਚੇਤ ਸਨ ਕਿ ਉਨ੍ਹਾਂ ਨੇ ਲਗਤਾਰ ਇਸ ਏਕਤਾ ਉਪਰ ਪਹਿਰਾ
ਦਿੱਤਾ। 16 ਨਵੰਬਰ 1915 ਨੂੰ ਜਦੋਂ ਕਰਤਾਰ ਸਿੰਘ ਸਰਾਭਾ ਨੂੰ ਫਾਂਸੀ ਲਾਈ ਗਈ ਤਾਂ ਉਸ ਨੇ
ਫਾਂਸੀ ਨੂੰ ਚੁੰਮਦਿਆਂ ਇਹ ਗਾਇਆ ਸੀ:
ਯਹੀ ਪਾਓਗੇ ਮਹਿਸਰ ਮੇਂ ਜ਼ੁਬਾਂ ਮੇਰੀ, ਬਿਆਂ ਮੇਰਾ।
ਮੈਂ ਬੰਦਾ ਹਿੰਦ ਵਾਲੋ ਕਾ ਹੂੰ, ਹੈ ਹਿੰਦੋਸਤਾਂ ਮੇਰਾ।
ਮੈਂ ਹਿੰਦੀ, ਠੇਠ ਹਿੰਦੀ, ਖ਼ੂਨ ਹਿੰਦੀ, ਜਾਤ ਹਿੰਦੀ ਹੂੰ।
ਯਹੀ ਮਜ਼ਹਬ, ਯਹੀ ਫਿਰਕਾ, ਯਹੀ ਹੈ ਖਾਨਦਾਨ ਮੇਰਾ।
ਮੈਂ ਇਸ ਉਜੜੇ ਹੂਏ ਭਾਰਤ ਕੇ ਖੰਡਰ ਕਾ ਏਕ ਜ਼ਰਾ ਹੂੰ।
ਯਹੀ ਬਸ ਏਕ ਪਤਾ ਮੇਰਾ, ਯਹੀ ਨਾਮੋ ਨਿਸ਼ਾਂ ਮੇਰਾ।
ਕੀ ਅਜਿਹੇ ਤੱਥਾਂ ਤੋਂ ਬਾਅਦ ਵੀ ਕੋਈ ਗੁੰਜਾਇਸ਼ ਰਹਿ ਜਾਂਦੀ ਹੈ ਕਿ ਗ਼ਦਰੀ ਬਾਬੇ ਪੰਜਾਬ
ਬਾਰੇ ਨਹੀਂ ਸਮੁੱਚੇ ਭਾਰਤ ਬਾਰੇ ਇਕ ਭਾਰਤੀ ਵਜੋਂ ਸੋਚ ਰਹੇ ਸਨ। ਉਨ੍ਹਾਂ ਦੀ ਇਹ ਸੋਚ
ਸਬੱਬੀ ਨਹੀਂ ਬਣੀ ਸੀ ਨਾ ਹੀ ਲੇਖਕ ਅਨੁਸਾਰ ਇਹ ਗ਼ਦਰੀਆਂ ਦੇ ਸਿੱਖ ਹੋਣ ਕਰਕੇ ‘ਦਿੱਬ
ਦ੍ਰਿਸ਼ਟੀ‘ ਸੀ। ਗ਼ਦਰੀਏ ਇਸ ਤੱਥ ਤੋਂ ਜਾਣੂ ਸਨ ਕਿ ਪੰਜਾਬ ਦੇ ਬਰਤਾਨਵੀ ਬਸਤੀਵਾਦ ਦੇ
ਮਿਲਾਵੇ ਤੋਂ ਬਾਅਦ ਈਸਟ ਇੰਡੀਆ ਕੰਪਨੀ ਦਾ ਅੰਤ ਕਰਕੇ ਸਮੁੱਚੇ ਹਿੰਦੁਸਤਾਨ ਉਪਰ ਸਾਮਰਾਜ ਨੇ
ਆਪਣਾ ਕਬਜ਼ਾ ਕਰ ਲਿਆ ਹੈ। ਭਾਰਤ ਵਰਗੇ ਉਪ ਮਹਾਂਦੀਪ ਅੰਦਰ ਸਾਮੰਤਸ਼ਾਹੀ ਦਾ ਖ਼ਾਤਮਾ ਕਰਕੇ
ਪੂਰੇ ਹਿੰਦੁਸਤਾਨ ਨੂੰ ਇਕ ਇਕਾਈ ਬਣਾ ਦਿੱਤਾ ਜਿਸ ਵਿਚ ਰਿਆਸਤਾਂ ਤਾਂ ਸਨ, ਪਰ ਉਹ ਬਰਤਾਨਵੀ
ਬਸਤੀਵਾਦ ਦੇ ਹੁਕਮ ਤੋਂ ਬਾਹਰ ਨਹੀਂ ਸਨ ਸਗੋਂ ਉਸ ਦੇ ਤਹਿਤ ਹੀ ਸਨ। ਇਸ ਕਰਕੇ ਹਿੰਦੁਸਤਾਨ
ਦੇ ਕਿਸੇ ਇਕ ਇਲਾਕੇ ਵਿਚ ਗੜਬੜ ਜਾਂ ਵਿਦਰੋਹ ਦੇ ਸਫ਼ਲ ਹੋਣ ਦਾ ਸੁਆਲ ਹੀ ਨਹੀਂ ਪੈਦਾ ਹੁੰਦਾ
ਸੀ। ਹੁਣ ਤਾਂ ਸਮੁੱਚੇ ਭਾਰਤ ਅੰਦਰ ਲੜਾਈ ਰਾਸ਼ਟਰਵਾਦੀ ਏਕਤਾ ਰਾਹੀਂ ਹੀ ਸੰਭਵ ਸੀ, ਜਿਸ ਨੂੰ
ਗ਼ਦਰੀਏ ਵਿਚਾਰਧਾਰਕ ਤੌਰ ‘ਤੇ ਜਾਣਦੇ ਸਨ। ਇਸ ਕਰਕੇ ਸਾਰੀਆਂ ਕੌਮੀਅਤਾਂ ਦੀ ਏਕਤਾ ਗ਼ਦਰ ਲਹਿਰ
ਦਾ ਉਹ ਅਨਮੋਲ ਅਤੇ ਮੌਲਿਕ ਸਰੂਪ ਹੈ ਜਿਸ ਨੇ ਭਾਰਤੀ ਇਤਿਹਾਸ ਵਿਚ ਇਕ ਨਵੇਂ ਅਧਿਆਇ ਦਾ
ਆਰੰਭ ਕੀਤਾ। ਇਸ ਤੋਂ ਪਹਿਲਾਂ ਭਾਰਤੀ ਰਾਜਨੀਤਕ ਇਤਿਹਾਸ ਵਿਚ ਰਾਸ਼ਟਰਵਾਦ ਦਾ ਅਜਿਹਾ ਰੂਪ
ਕਿਧਰੇ ਵੀ ਦਿਖਾਈ ਨਹੀਂ ਦਿੰਦਾ। ਇਸ ਕਰਕੇ ਹੀ ਗ਼ਦਰ ਅਖ਼ਬਾਰ ਉਰਦੂ ਵਿਚ ਭਾਵੇਂ ਸ਼ੁਰੂ ਕੀਤਾ
ਸੀ ਫਿਰ ਪੰਜਾਬੀ, ਪਸ਼ਤੋ, ਹਿੰਦੀ, ਗੁਜਰਾਤੀ ਤੇ ਅੰਗਰੇਜ਼ੀ ਵਿਚ ਵੀ ਛਪਿਆ ਹੈ। ਕੀ ਗ਼ਦਰ
ਅਖ਼ਬਾਰ ਦਾ ਪੰਜਾਬੀ ਤੋਂ ਬਿਨਾਂ ਛਪਣਾ ਕੋਈ ਸਬੱਬੀ ਵਰਤਾਰਾ ਹੈ? ਇਹ ਅਜਿਹਾ ਨਹੀਂ ਹੈ
ਕਿਉਂਕਿ ਗ਼ਦਰੀਆਂ ਸਾਹਮਣੇ ਸਮੁੱਚੇ ਭਾਰਤ ਦਾ ਨਕਸ਼ਾ ਸੀ। ਸਮੁੱਚੇ ਭਾਰਤ ਵਿਚ ਪੰਜਾਬੀਆਂ ਤੋਂ
ਬਿਨਾਂ ਹੋਰ ਕੌਮੀਅਤਾਂ ਵੀ ਵਸਦੀਆਂ ਸਨ, ਜਿੰਨਾਂ ਨੂੰ ਗ਼ਦਰੀ ਸੰਬੋਧਿਤ ਹੋਣਾ ਚਾਹੁੰਦੇ ਸਨ
ਅਤੇ ਇਸ ਯਤਨ ਰਾਹੀਂ ਆਪਣੀ ਸਮਰੱਥਾ ਅਨੁਸਾਰ ਕਿਰਿਆਸ਼ੀਲ ਵੀ ਹੋਏ। ਇਨ੍ਹਾਂ ਯਤਨਾਂ ਦੇ ਸਦਕਾ
ਅਤੇ ਸਮੁੱਚੀਆਂ ਕੌਮੀਅਤਾਂ ਦੇ ਸਦਕਾ ਹੀ ਉਸ ਸਮੇਂ ਅਮਰੀਕਾ ਵਿਚ ਗਏ ਹੋਰਨਾਂ ਕੌਮੀਅਤਾਂ ਦੇ
ਲੋਕ ਇਸ ਵਿਚ ਸ਼ਾਮਲ ਹੋਏ। ਵਿਸ਼ਨੂੰ ਗਣੇਸ਼ ਪਿੰਗਲੇ ਪਹਿਲੇ ਲਾਹੌਰ ਸਾਜਿਸ਼ ਕੇਸ ਵਿਚ ਕਰਤਾਰ
ਸਿੰਘ ਸਰਾਭਾ ਹੁਰਾਂ ਨਾਲ ਫਾਂਸੀ ਚੜ੍ਹਨ ਵਾਲਾ ਮਰਹੱਟਾ ਸੀ। ਇਉਂ ਗ਼ਦਰ ਲਹਿਰ ਦਾ ਇਹ ਤੱਥ
ਕਿਸੇ ਵੀ ਤਰ੍ਹਾਂ ਦੇ ਭਰਮ ਤੋਂ ਮੁਕਤ ਕਰਾ ਦਿੰਦਾ ਹੈ।
ਗ਼ਦਰ ਲਹਿਰ ਦਾ ਦੂਸਰਾ ਇਤਿਹਾਸਕ ਤੱਥ ਧਰਮ-ਨਿਰਪੱਖਤਾ ਦਾ ਤੱਥ ਹੈ। ਗ਼ਦਰ ਲਹਿਰ ਦਾ ਇਹ ਤੱਥ
ਐਨਾ ਸੁਚੇਤ ਤੱਥ ਹੈ ਕਿ ਗ਼ਦਰ ਲਹਿਰ ਨੇ ਇਸ ਨੂੰ ਆਪਣੀ ਵਿਸ਼ੇਸ਼ ਰਣਨੀਤੀ ਵਜੋਂ ਅਪਣਾਇਆ। ਉਸ
ਸਮੇਂ ਗ਼ਦਰ ਲਹਿਰ ਵਿਚ ਇਹ ਦੂਸਰਾ ਆਧੁਨਿਕ ਲੱਛਣ ਸੀ ਜੋ ਸਮੁੱਚੇ ਭਾਰਤੀਆਂ ਨੂੰ ਉਨ੍ਹਾਂ ਦੀ
ਸੌੜੀ ਧਰਮ ਦੀ ਵਲਗਣ ਵਿਚੋਂ ਨਿਕਲਣ ਲਈ ਵੰਗਾਰ ਰਿਹਾ ਸੀ। ਫਿਰਕਾਪ੍ਰਸਤੀ ਅਤੇ ਇਲਾਕਾਵਾਦ
ਤੋਂ ਉਪਰ ਉੱਠਣਾ ਉਨ੍ਹਾਂ ਨੂੰ ਅਮਰੀਕਾ ਦੇ ਆਜ਼ਾਦ ਸਮਾਜ ਤੋਂ ਪ੍ਰਾਪਤ ਹੋਇਆ ਸੂਝ ਦਾ ਮਾਡਲ
ਸੀ ਜਿਸ ਕਰਕੇ ਉਹ ਭਾਰਤੀਆਂ ਦੀ ਤੀਹ ਕਰੋੜ ਦੀ ਵਸੋਂ ਨੂੰ ਆਪਣੀ ਮੰਨਦੇ ਸਨ। ਉਨ੍ਹਾਂ ਨੇ
ਕਿਧਰੇ ਵੀ ਪੰਜਾਬੀ ਜਾਂ ਸਿੱਖ ਹੋਣ ਦੀ ਗੱਲ ਨਹੀਂ ਕੀਤੀ ਸਗੋਂ ਹਮੇਸ਼ਾ ਆਪਣੇ ਆਪ ਨੂੰ ਕੌਮੀ
ਕਹਿੰਦੇ ਰਹੇ ਅਤੇ ਕੌਮੀ ਹੋਣ ਦਾ ਸੱਚਾ ਸੁਥਰਾ ਵਿਹਾਰ ਕਰਦੇ ਰਹੇ। ਗ਼ਦਰੀਏ ਐਨੇ ਸਪੱਸ਼ਟ ਸਨ
ਕਿ ਉਹ ਜਾਣਦੇ ਸਨ ਕਿ ਸ਼ਕਤੀਸ਼ਾਲੀ ਬਰਤਾਨਵੀ ਸਾਮਰਾਜ ਨਾਲ ਧਾਰਮਿਕ ਜਜ਼ਬੇ ਨਾਲ ਨਹੀਂ ਲੜਿਆ ਜਾ
ਸਕਦਾ ਸਗੋਂ ਆਧੁਨਿਕ ਵਿਚਾਰ ਸ਼ਕਤੀ ਨਾਲ ਲੜਿਆ ਜਾ ਸਕਦਾ ਹੈ। ਇਹ ਵਿਚਾਰ ਸ਼ਕਤੀ ਧਰਮ
ਨਿਰਪੱਖਤਾ ਤੋਂ ਬਿਨਾਂ ਸੰਭਵ ਹੀ ਨਹੀਂ ਸੀ। ਇਸੇ ਕਰਕੇ ਉਨ੍ਹਾਂ ਨੇ ਗ਼ਦਰ ਦੇ ਮੰਚ ਤੋਂ ਧਰਮ
ਬਾਰੇ ਚਰਚਾ ਕਰਨੀ ਸਖ਼ਤੀ ਨਾਲ ਬੰਦ ਕੀਤੀ ਸੀ। ਗ਼ਦਰ ਲਹਿਰ ਦੀ ਸਮੁੱਚੀ ਵਾਰਤਕ ਵਿਚ ਸਿਰਫ਼ ਦੋ
ਲੇਖ ਧਰਮ ਸੰਬੰਧੀ ਮਿਲਦੇ ਹਨ, ਉਹ ਲੇਖ ਵੀ ਗ਼ਦਰ ਲਹਿਰ ਦੀ ਵਿਚਾਰਧਾਰਾ ਦਾ ਸੰਚਾਰ ਕਰਨ ਵਾਲੇ
ਹਨ। ਗ਼ਦਰ ਲਹਿਰ ਦੀ ਸਮੁੱਚੀ ਕਵਿਤਾ ਵਿਚ ਧਰਮ-ਨਿਰਲੇਪਤਾ ਦਾ ਸੰਦੇਸ਼ ਹੈ। ਪਰੰਤੂ ਲੇਖਕ
ਇਨ੍ਹਾਂ ਇਤਿਹਾਸਕ ਤੱਥਾਂ ‘ਤੇ ਵਿਸ਼ਵਾਸ ਨਹੀਂ ਕਰਦਾ ਸਗੋਂ ਆਪਣੇ ਕੋਲੋਂ ਅਜਿਹੇ ਤਰਕਾਂ ਦੀ
ਸਿਰਜਣਾ ਕਰ ਲੈਂਦਾ ਹੈ ਜਿਹੜੇ ਅੰਤਰਮੁਖੀ ਅਤੇ ਮਨਇੱਛਤ ਤਾਂ ਹਨ ਹੀ ਪਰੰਤੂ ਉਹ ਗ਼ਦਰ ਲਹਿਰ
ਵਿਰੋਧੀ ਵੀ ਹਨ। ਉਹ ਗ਼ਦਰ ਲਹਿਰ ਦਾ ਅੰਤਰ ਇਸ ਧਾਰਨਾ ਤਹਿਤ ਕਰਦਾ ਹੈ, ‘‘ਗ਼ਦਰ ਲਹਿਰ ਉਤੇ
ਟੀਕਾ ਟਿੱਪਣੀ ਕਰਨ ਵਾਲੇ ਵਿਦਵਾਨਾਂ ਦੀ ਸੀਮਾ ਇਹ ਹੈ ਕਿ ਉਹ ਗ਼ਦਰੀਆਂ ਦੀਆਂ ਸਰਗਮੀਆਂ ਨੂੰ
ਹਥਿਆਰਬੰਦ ਬਗਾਵਤ ਬਾਰੇ ਆਮ ਤੇ ਮੁਰਦਾ ਵਿਚਾਰਾਂ, ਜੋ ਉਨ੍ਹਾਂ ਨੇ ਕਿਤਾਬਾਂ ਵਿਚੋਂ ਪੜ੍ਹੇ
ਹੁੰਦੇ ਨੇ, ਦੀ ਰੌਸ਼ਨੀ ਵਿਚ ਰੱਖਕੇ ਅੰਗਦੇ/ਪੜਚੋਲਦੇ ਹਨ। ਜਦੋਂ ਕਿ ਗ਼ਦਰੀਆਂ ਨੇ ਅਜਿਹੇ ਸਰਬ
ਵਿਆਪੀ ਸਿਧਾਂਤ ਨਹੀਂ ਪੜ੍ਹੇ ਸਨ ਅਤੇ ਉਨ੍ਹਾਂ ਨੂੰ ਰੌਸ਼ਨੀ ਕਿਸੇ ਹੋਰ ਮੰਡਲ ਤੋਂ ਪ੍ਰਾਪਤ
ਹੋ ਰਹੀ ਸੀ। ਉਹ ਤਰਕਸ਼ੀਲ ਗਿਆਨ ਦੀ ਬਜਾਇ ਆਪਣੀ ਅੰਤਰ-ਪ੍ਰੇਰਨਾ (intution) ਦੇ ਬਲਬੂਤੇ
ਲੜੇ, ਜਿਹੜੇ ਲੇਖਕ ਨੂੰ ਗ਼ਦਰੀ ਬਾਬਿਆਂ ਦੀ ਇਸ ਅੰਤਰਮੁਖੀ ਵਿਸ਼ੇਸ਼ਤਾ ਦੀ ਸਮਝ ਨਹੀਂ, ਉਹ
ਉਨ੍ਹਾਂ ਦੇ ਬਾਹਰੀ ਅਮਲਾਂ ਨੂੰ ਠੀਕ ਅਰਥਾਂ ਵਿਚ ਨਹੀਂ ਸਮਝ ਸਕਦਾ, ਉਹ ਗ਼ਦਰੀਆਂ ਦਾ
ਪ੍ਰਸੰਸਕ ਹੋਵੇ ਜਾਂ ਨਿੰਦਕ।‘‘5 ਉਸ ਦੇ ਇਸ ਕਥਨ ਨਾਲ ਮਾਮਲਾ ਹੀ ਖ਼ਤਮ ਹੋ ਜਾਂਦਾ ਹੈ ਕਿ
ਤੁਸੀਂ ਜੇ ਗ਼ਦਰ ਲਹਿਰ ਨੂੰ ਸਮਝਣਾ ਹੈ ਤਾਂ ਤਰਕਸ਼ੀਲ ਗਿਆਨ ਦੀ ਬਜਾਇ ਅੰਤਰ ਪ੍ਰੇਰਨਾ ਰਾਹੀਂ
ਸਮਝੋ। ਸਮਾਜਕ ਅਤੇ ਰਾਜਸੀ ਮਸਲੇ ਅੰਤਰਮੁਖਤਾ ਨਾਲ ਨਹੀਂ ਬਾਹਰਮੁਖਤਾ ਨਾਲ ਹੀ ਸਮਝੇ ਜਾ
ਸਕਦੇ ਹਨ। ਦੂਸਰਾ ਗ਼ਦਰੀਆਂ ਨੂੰ ਇਹ ਕਹਿਣਾ ਕਿ ਉਹ ਆਪਣੀ ਅੰਤਰ ਪ੍ਰੇਰਨਾ ਦੇ ਬਲਬੂਤੇ ਲੜੇ,
ਇਹ ਸਰਾਸਰ ਜ਼ਿਆਦਤੀ ਹੈ। ਆਰੰਭਲੇ ਸਮੇਂ ਦੇ ਗ਼ਦਰ ਦੇ ਪਰਚੇ ਪੜ੍ਹਕੇ ਇਹ ਸਿੱਧ ਹੋ ਜਾਂਦਾ ਹੈ
ਕਿ ਗ਼ਦਰ ਲਹਿਰ ਦੇ ਕਾਰਜਕਰਤਾ ਕਿੰਨੇ ਸੂਝਵਾਨ ਸਨ ਜਿਹੜੇ ਅੰਗਰੇਜ਼ੀ ਰਾਜ ਦਾ ਕੱਚਾ ਚਿੱਠਾ
ਅੰਕੜਿਆਂ ਤਹਿਤ ਪੇਸ਼ ਕਰਦੇ ਸਨ। ਗ਼ਦਰੀ ਬਾਬਿਆਂ ਦੀ ਇਹ ਹੇਠੀ ਕਰਨਾ ਹੈ ਕਿ ਉਹ ਅੰਤਰ
ਪ੍ਰੇਰਨਾ ਦੇ ਬਲਬੂਤੇ ਲੜ ਗਏ, ਜਿਹੜੇ ਉਸ ਸਮੇਂ ਦੇ ਵਿਕਸਤ ਵਿਚਾਰ ਰਾਸ਼ਟਰਵਾਦ ਅਤੇ ਧਰਮ
ਨਿਰਪੱਖਤਾ ਨੂੰ ਪ੍ਰਣਾਏ ਹੋਏ ਸਨ। ਗ਼ਦਰ ਲਹਿਰ ਨੂੰ ਤਰਕਸ਼ੀਲ ਗਿਆਨ ਤੋਂ ਕੋਰੇ ਕਹਿਣਾ ਗ਼ਦਰੀ
ਬਾਬਿਆਂ ਦੀ ਸਮੁੱਚੀ ਕੁਰਬਾਨੀ ਨੂੰ ਦਾਗ਼ਦਾਰ ਕਰਨਾ ਹੈ। ਗ਼ਦਰ ਲਹਿਰ ਦੇ ਆਰ-ਪਾਰ ਝਾਕਿਆਂ ਇਕ
ਵੀ ਤੱਥ ਨਹੀਂ ਮਿਲਦਾ, ਜਿੱਥੇ ਉਨ੍ਹਾਂ ਨੇ ਇਹ ਸੰਕੇਤ ਕੀਤਾ ਹੋਵੇ ਕਿ ਉਹ ਆਪਣੀ ਦਿੱਬ
ਦ੍ਰਿਸ਼ਟੀ ਜਾਂ ਕਿਸੇ ਅਗੰਮੀ ਸ਼ਕਤੀ ਦੀ ਪ੍ਰੇਰਨਾ ਨਾਲ ਲੜੇ ਹੋਣ। ਅਜਿਹਾ ਕਰਦਿਆਂ ਲੇਖਕ
ਸਮੁੱਚੀ ਗ਼ਦਰ ਲਹਿਰ ਨੂੰ ਉਸ ਦੀ ਇਤਿਹਾਸਕਤਾ ਅਤੇ ਵਿਚਾਰਧਾਰਕ ਦ੍ਰਿਸ਼ਟੀ ਤੋਂ ਵਿਯੋਗ ਕੇ ਉਸ
ਨੂੰ ਕਿਸੇ ਉਚੇ ਨਛੱਤਰੀ ਵਸਦੀ ਸ਼ਕਤੀ ਦੇ ਹੱਥਾਂ ਵਿਚ ਅਮੂੁਰਤ ਸ਼ੈਅ ਬਣਾ ਦਿੰਦਾ ਹੈ।
ਹਾਲਾਂਕਿ ਇਤਿਹਾਸ ਵਿਚ ਮੰਨ ਕੇ (Assume) ਨਹੀਂ ਚੱਲਿਆ ਜਾਂਦਾ ਪਰੰਤੂ ਜੇ ਲੇਖਕ ਦੀ ਇਸ
ਇੱਛਾਮੂਲਕ ਧਾਰਨਾ ਨੂੰ ਇਕ ਪਲ ਲਈ ਮੰਨ ਵੀ ਲਈਏ ਤਾਂ ਗ਼ਦਰ ਲਹਿਰ ਦਾ ਭਾਈ ਮਹਾਰਾਜ ਸਿੰਘ ਅਤੇ
ਨਾਮਧਾਰੀ ਲਹਿਰ ਨਾਲ ਅੰਤਰ ਨਿਖੇੜ ਕਰਨਾ ਮੁਸ਼ਕਲ ਹੈ। ਗ਼ਦਰ ਲਹਿਰ ਦੀ ਜੇ ਇਤਿਹਾਸਕ ਮਹੱਤਤਾ
ਹੈ ਤਾਂ ਉਹ ਇਥੇ ਹੀ ਨਿਸ਼ਚਿਤ ਹੈ ਕਿ ਇਹ ਰਾਸ਼ਟਰਵਾਦੀ ਧਰਮ ਨਿਰਪੱਖ ਲਹਿਰ ਸੀ ਜਿਸ ਕੋਲ ਇਕ
ਕੌਮੀ ਰਾਜ ਦਾ ਸੁਪਨਾ ਸੀ। ਗ਼ਦਰੀਆਂ ਦਾ ਇਹ ਕਹਿਣਾ :-
ਨਵਾਂ ਰੂਪ ਰਚਣਾ ਹਿੰਦ ਦੇ ਸਮਾਜ ਦਾ
ਤੁਖ਼ਮ ਉਡਾਉਣਾ ਜ਼ਾਲਮਾਂ ਦੇ ਰਾਜ ਦਾ।
ਇਹ ਮਹਿਜ਼ ਕਵਿਤਾ ਦੀਆਂ ਸਤਰਾਂ ਨਹੀਂ, ਉਸ ਕੌਮੀ ਰਾਜ ਦਾ ਸੁਪਨਾ ਹੈ ਜਿਹੜਾ ਹਿੰਦ ਦਾ ਨਵਾਂ
ਰੂਪ ਰਚਣ ਦੀ ਇੱਛਾ ਨਾਲ ਵਰੋਸਾਇਆ ਹੈ। ਇਹ ਨਵਾਂ ਰੂਪ ਧਰਮ ਨਿਰਪੱਖ ‘ਪੰਚਾਇਤ ਰਾਜ‘ ਦਾ ਹੈ
ਨਾ ਕਿ ਫਿਊਡਲ ਸੌਵਰਨਿਟੀ ਦਾ।
ਸੁਆਲ ਇਹ ਉੱਠਦਾ ਹੈ ਕਿ ਲੇਖਕ ਸਧਾਰਨ ਪਾਠਕ ਲਈ ਲਿਖੀ ਜਾ ਰਹੀ ਪੁਸਤਕ ਵਿਚ ਹਿੰਦੂ ਸਿੱਖ ਦੀ
ਵੰਡ ਕਿਉਂ ਖੜ੍ਹੀ ਕਰਦਾ ਹੈ? ਇਸ ਦਾ ਵਿਸਤ੍ਰਿਤ ਜਵਾਬ ਉਸ ਦੀਆਂ ਪਹਿਲੀਆਂ ਤਿੰਨ ਪੁਸਤਕਾਂ
ਵਿਚ ਸ਼ਾਮਲ ਹੈ। ਇਨ੍ਹਾਂ ਤਿੰਨਾਂ ਪੁਸਤਕਾਂ ਬਾਰੇ ਲੰਮਾ ਚੌੜਾ ਸੰਵਾਦ ਅਮੋਲਕ ਸਿੰਘ ਅਤੇ
ਗੁਰਦਿਆਲ ਬੱਲ ਦੁਆਰਾ ਸੰਪਾਦਤ ਪੁਸਤਕ ‘ਸਿੱਖ ਕੌਮ: ਹਸਤੀ ਤੇ ਹੋਣੀ‘ ਵਿਚ ਸ਼ਾਮਲ ਹੈ। ਉਸ
ਸਾਰੇ ਸੰਵਾਦ ਵਿਚੋਂ ਲੇਖਕ ਗ਼ੈਰ-ਹਾਜ਼ਿਰ ਰਹਿੰਦਾ ਹੈ। ਕਿਧਰੇ ਵੀ ਉਸ ਨੇ ਆਪਣੇ ਕੀਤੇ ਸਿੱਖ
ਵਿਸ਼ਲੇਸ਼ਣ ਦਾ ਨਾ ਜਵਾਬ ਦਿੱਤਾ ਅਤੇ ਨਾ ਸਪੱਸ਼ਟੀਕਰਨ ਦਿੱਤਾ। ਉਸ 520 ਸਫ਼ਿਆਂ ਦੀ ਪੁਸਤਕ ਵਿਚ
ਲੇਖਕ ਨੂੰ ਥਾਂ-ਪੁਰ-ਥਾਂ ਅਨੇਕ ਸੁਆਲ ਕੀਤੇ ਗਏ ਪਰ ਉਸ ਨੇ ਕਿਧਰੇ ਵੀ ਸੰਵਾਦ ਨਹੀਂ ਰਚਾਇਆ।
ਇਹ ਆਪਣੇ ਆਪ ਵਿਚ ਹੀ ਬਹੁਤ ਵੱਡਾ ਸੁਆਲ ਹੈ ਕਿ ਲੇਖਕ ਦੀ ਲਿਖਤ ਬਾਰੇ ਸੁਆਲ ਉੱਠਣ ਤੇ ਉਹ
ਮੌਨ ਧਾਰ ਲਵੇ। ਇਥੋਂ ਲੇਖਕ ਦੀ ਸ਼ਖ਼ਸੀਅਤ ਬਾਰੇ ਅਨੇਕਾਂ ਸੰਦੇਹ ਉਤਪੰਨ ਹੋ ਜਾਂਦੇ ਹਨ। ਉਸ
ਸੰਵਾਦ ਵਿਚ ਸ਼ਾਮਲ ਸਿੱਖ ਵਿਦਵਾਨ ਡਾ. ਬਲਕਾਰ ਸਿੰਘ ਨੇ ਲੇਖਕ ਨੂੰ ਸੁਆਲ ਕੀਤਾ ਸੀ। ਉਹ
ਸੁਆਲ ਉਸ ਦੀ ਇਹ ਪੁਸਤਕ ‘ਗ਼ਦਰੀ ਬਾਬੇ ਕੌਣ ਸਨ?‘ ਸੰਬੰਧੀ ਵੀ ਸਾਰਥਕ ਹੈ। ‘‘ਜੇ ਅਜਮੇਰ
ਸਿੰਘ ਸਿੱਖਾਂ ਵਾਸਤੇ ਲਿਖ ਰਿਹਾ ਹੈ ਤਾਂ ਇਹ ਤਾਂ ਦੱਸਣਾ ਹੀ ਪਵੇਗਾ ਕਿ ਕਿਹੜੇ ਸਿੱਖਾਂ
ਵਾਸਤੇ ਕੀ ਲਿਖ ਰਿਹਾ ਹੈ? ਜਿਹੜੀ ਨਫ਼ਰਤ ਲੇਖਕ ਬੀਜ ਰਿਹਾ ਹੈ, ਇਸ ਨੂੰ ਪਾਲਣਾ ਕਿੰਨੇ ਹੈ,
ਵੱਢਣਾ ਕਿਸ ਨੇ ਹੈ ਅਤੇ ਵੇਚਣਾ ਕਿਸ ਨੂੰ ਹੈ? ਲੇਖਕ ਦੀਆਂ ਪੁਸਤਕਾਂ ਜਿਹੋ ਜਿਹੇ ਸਵਾਲ
ਪੈਦਾ ਕਰਦੀਆਂ ਹਨ, ਉਨ੍ਹਾਂ ਦੇ ਉਤਰ ਪੁਸਤਕਾਂ ਵਿਚੋਂ ਨਹੀਂ ਮਿਲਦੇ। ਬਸ ਇਕ ਹੀ ਨਿਰਦੇਸ਼
ਮਿਲਦਾ ਹੈ ਕਿ ਮਰੋ ਜਾਂ ਮਾਰ ਦਿਉ? ਇਸ ਯੁੱਗ ਵਿਚ ਤਾਂ ਕੀ, ਕਿਸੇ ਵੀ ਸਮੇਂ ਇਹੋ ਜਿਹੀ
ਉਲਾਰ ਸੋਚ ਦਾ ਸਿੱਖ ਧਰਮ ਨੇ ਸਮਰਥਨ ਨਹੀਂ ਕੀਤਾ।‘‘6 ਇਉਂ ਲੇਖਕ ਦੀ ਉਲਾਰ ਸੋਚ ਗ਼ਦਰ ਲਹਿਰ
ਬਾਰੇ ਹੀ ਨਹੀਂ ਸਗੋਂ ਜੋ ਸਿੱਖੀ ਸੰਬੰਧੀ ਤਿੰਨ ਪੁਸਤਕਾਂ ਲਿਖੀਆਂ ਹਨ, ਉਨ੍ਹਾਂ ਵਿਚ ਵੀ ਉਹ
ਉਲਾਰ, ਤੱਥ ਰਹਿਤ ਅਤੇ ਪ੍ਰਸੰਗ ਵਿਹੂਣੇ ਪ੍ਰਵਚਨ ਵਿਚ ਵਿਅਸਤ ਹੈ। ਸਿੱਖ ਸਿਧਾਂਤਾਂ ਸੰਬੰਧੀ
ਕੱਟੜ-ਸੂਝ ਵਾਲੇ ਨਹੀਂ ਸਗੋਂ ਵਿਵੇਕੀ ਸੂਝ ਰੱਖਣ ਵਾਲੇ ਹਲਕਿਆਂ ਨੇ ਉਸ ਨੂੰ ਰੱਦ ਕੀਤਾ ਹੈ।
ਗ਼ਦਰ ਲਹਿਰ ਬਾਰੇ ਕੀਤਾ ਗਿਆ ਵਿਸ਼ਲੇਸ਼ਣ ਵੀ ਦੋਸ਼ ਮੁਕਤ ਨਹੀਂ ਹੈ।
ਲੇਖਕ ਆਪਣੀ ਪੁਸਤਕ ਵਿਚ ਗ਼ਦਰੀ ਬਾਬਿਆਂ ਦੇ ਧਾਰਮਿਕ ਵਿਸ਼ਵਾਸਾਂ ਦੀ ਲੰਮੀ ਚੌੜੀ ਵਿਆਖਿਆ
ਕਰਦਾ ਹੈ। ਬਾਬਾ ਸੋਹਣ ਸਿੰਘ ਭਕਨਾ ਦੀ ਸਵੈ-ਜੀਵਨੀ ‘ਮੇਰੀ ਰਾਮ ਕਹਾਣੀ‘ ਨੂੰ ਜਿਵੇਂ
ਪ੍ਰਸੰਗ ਵਿਹੂਣਾ ਵਰਤਿਆ ਹੈ, ਉਹ ਬੌਧਿਕ ਅਨਾਚਾਰ ਹੈ। ਲੇਖਕ ਬਾਬਾ ਭਕਨੇ ਦੇ ਹਵਾਲੇ ਨਾਲ
ਕਹਿੰਦਾ ਹੈ, ‘‘ਅੰਮ੍ਰਿਤਸਰ ਸਟੇਸ਼ਨ ਪੁਰ ਅਮਰੀਕਾ ਨੂੰ ਜਾਣ ਵਾਲੇ ਅਸੀਂ ਪੰਜ ਸਿੰਘ ਵੱਖਰੇ
ਵੱਖਰੇ ਪਿੰਡਾਂ ਤੋਂ ਆ ਕੇ ਇਕੱਠੇ ਹੋਏ‘ ਤਾਂ ਇਸ ਤੋਂ ਪਤਾ ਚੱਲਦਾ ਹੈ ਕਿ ਉਨ੍ਹਾਂ ਅੰਦਰ
ਆਪਣੀ ਸਿੱਖ ਪਛਾਣ ਦਾ ਅਹਿਸਾਸ ਕਿੰਨਾ ਕੁਦਰਤੀ ਤੇ ਡੂੰਘਾ ਸੀ। ਇਹ ਸੱਚਾਈ ਸਾਰੇ ਬਾਬਿਆਂ
ਦੀਆਂ ਲਿਖਤਾਂ ‘ਚੋਂ ਪ੍ਰਗਟ ਹੁੰਦੀ ਹੈ।‘‘7 ਬਾਬਾ ਭਕਨਾ ਦੀ ਸਹਿਜ ਭਾ ਕਹੀ ਗੱਲ ਕੁਦਰਤੀ
ਅਤੇ ਡੂੰਘੇ ਅਹਿਸਾਸ ਵਾਲੀ ਹੋ ਗਈ ਪਰੰਤੂ ਜਿੰਨਾਂ ਉਦੇਸ਼ਾਂ ਦੀ ਖ਼ਾਤਰ ਆਪਣੀਆਂ ਜ਼ਿੰਦਗੀਆਂ
ਕਾਲੇ ਪਾਣੀਆਂ ਵਿਚ ਰੋਲ ਦਿੱਤੀਆਂ, ਉਨ੍ਹਾਂ ਪ੍ਰਤੀ ਦ੍ਰਿਸ਼ਟੀ ‘ਘੋਖਵੀਂ ਅਤੇ ਸੋਘਵੀਂ‘
ਹੋਵੇ। ਕਿਉਂ? ਕਿਉਂ ਹੋਵੇ? ਇਸ ਲਈ ਕਿਉਂਕਿ ਉਨ੍ਹਾਂ ਉਦੇਸ਼ਾਂ ਕਰਕੇ ਗ਼ਦਰੀ ਬਾਬੇ ਸਿੱਖ ਨਹੀਂ
ਬਣਦੇ। ਇਥੇ ਮਹੱਤਵਪੂਰਨ ਮਸਲਾ ਸਿੱਖ ਅਕੀਦੇ ਅਤੇ ਸਿੱਖ ਦ੍ਰਿਸ਼ਟੀ ਦਾ ਹੈ। ਸਿੱਖ ਅਕੀਦਾ
ਅਧਿਆਤਮਕ ਖੇਤਰ ਨਾਲ ਸੰਬੰਧਿਤ ਹੈ ਅਤੇ ਸਿੱਖ ਦ੍ਰਿਸ਼ਟੀ ਜੀਵਨ ਵਿਹਾਰ ਨਾਲ ਸੰਬੰਧਿਤ ਹੈ।
ਕੁਝ ਗ਼ਦਰੀ (ਸਾਰੇ ਨਹੀਂ) ਨਿਰਸੰਦੇਹ ਸਿੱਖ ਅਕੀਦੇ ਵਾਲੇ ਸਨ ਪਰੰਤੂ ਸਿੱਖ ਅਕੀਦੇ ਕਰਕੇ
ਉਨ੍ਹਾਂ ਨੂੰ ਇਸ ਮਸਲੇ ਨਾਲ ਸੰਬੰਧਿਤ ਕਰ ਦੇਣਾ ਕਿ ਉਨ੍ਹਾਂ ਗ਼ਦਰ ਲਹਿਰ ਅੰਦਰ ਸਿੱਖੀ ਦੀ
ਲੜਾਈ ਲੜੀ ਹੋਵੇ ਅਜਿਹਾ ਕੋਈ ਵੀ ਪ੍ਰਮਾਣ ਨਹੀਂ ਮਿਲਦਾ। ਜੇਲ੍ਹਾਂ ਅੰਦਰ ਵੀ ਇਹ ਸਿੱਖ
ਅਕੀਦਾ ਉਨ੍ਹਾਂ ਦਾ ਨਿੱਜੀ ਮਸਲਾ ਰਹਿੰਦਾ ਹੈ। ਇਸ ਸੰਬੰਧੀ ਬਾਬਾ ਭਕਨਾ ਦਾ ਆਪਣਾ ਬਿਆਨ
ਪੜ੍ਹੋ, ‘‘ਉਸ ਸਮੇਂ ਤੱਕ ਸਰਕਾਰ ਨੇ ਕੈਦੀਆਂ ਦੇ ਧਾਰਮਿਕ ਹੱਕਾਂ ਦੀ ਰਾਖੀ ਦੀ ਜ਼ਿੰਮੇਵਾਰੀ
ਲੈ ਲਈ ਸੀ ਅਤੇ ਸਿੱਖਾਂ ਨੂੰ ਪਗੜੀਆਂ ਤੇ ਕੱਛੇ ਮਿਲ ਗਏ ਸਨ, ਪਰ ਬੰਬਈ ਸੁੂਬੇ ਵਿਚ ਸਿੱਖਾਂ
ਦੀ ਧਾਰਮਿਕ ਰਹਿਤ ਬਾਰੇ ਜੇਲ੍ਹ ਅਧਿਕਾਰੀਆਂ ਨੂੰ ਕੋਈ ਇਲਮ ਨਹੀਂ ਸੀ। ਉਹ ਸਿੱਖਾਂ ਨੂੰ ਵੀ
ਟੋਪੀਆਂ ਹੀ ਦਿੰਦੇ ਸਨ ਜਦੋਂ ਅਸੀਂ ਜੇਲ੍ਹ ਵਿਚ ਪਹੁੰਚੇ ਤਾਂ ਸਾਡੀਆਂ ਪੱਗਾਂ ਤੇ ਕੱਛੇ
ਜਬਰਦਸਤੀ ਉਤਰਵਾ ਦਿੱਤੇ। ਮੈਂ ਜੇਲ੍ਹ ਸੁਪਰਡੈਂਟ ਕੋਲ ਸ਼ਿਕਾਇਤ ਕੀਤੀ। ਉਸ ਨੇ ਜਵਾਬ ਦਿੱਤਾ
ਕਿ ਸਾਨੂੰ ਸਰਕਾਰ ਵੱਲੋਂ ਅਜਿਹਾ ਕੋਈ ਹੁਕਮ ਨਹੀਂ ਹੈ ਕਿ ਤੁਹਾਨੂੰ ਟੋਪੀਆਂ ਤੇ ਜੇਲ੍ਹ ਦੇ
ਹੋਰ ਕੱਪੜੇ ਪਹਿਨਣ ਤੋਂ ਛੋਟ ਹੈ। ਮੈਂ ਉਸ ਨੂੰ ਕਿਹਾ ਕਿ ਇਸ ਦਾ ਨਤੀਜਾ ਭੁੱਖ ਹੜਤਾਲ ‘ਚ
ਨਿਕਲੇਗਾ। ਉਸ ਨੇ ਕਿਹਾ ਕਿ ਮੈਂ ਆਈ.ਜੀ. ਨੂੰ ਪੁੱਛ ਲੈਂਦਾ ਹਾਂ। ਬਾਅਦ ‘ਚ ਉਸ ਨੇ ਕਿਹਾ
ਕਿ ਆਈ. ਜੀ. ਕਹਿੰਦੇ ਹਨ ਕਿ ਤੁਹਾਨੂੰ ਟੋਪੀਆਂ ਦਿੱਤੀਆਂ ਜਾਣ। ਸੋ ਮੈਂ ਆਪਣੇ ਧਾਰਮਿਕ ਹੱਕ
ਲਈ ਹੜਤਾਲ ਕਰ ਦਿੱਤੀ। ਮੇਰੇ ਤੋਂ ਬਾਅਦ ਵੀ ਜਿਹੜੇ ਲੋਕ ਆਏ, ਉਨ੍ਹਾਂ ਨਾਲ ਵੀ ਇਹੀ ਸਲੂਕ
ਕੀਤਾ ਗਿਆ ਅਤੇ ਉਹ ਵੀ ਭੁੱਖ ਹੜਤਾਲ ਵਿਚ ਸ਼ਾਮਲ ਹੁੰਦੇ ਗਏ। ਅਸੀਂ ਕੁੱਲ ਮਿਲਾ ਕੇ 15 ਆਦਮੀ
ਹੋ ਗਏ, ਜਿਹਨਾਂ ਵਿਚ ਪਰਮਾਨੰਦ ਝਾਂਸੀ ਅਤੇ ਹਿਰਦੇ ਰਾਮ ਵੀ ਸ਼ਾਮਲ ਸੀ। ਅਸੀਂ ਉਨ੍ਹਾਂ ਨੂੰ
ਬਥੇਰਾ ਕਿਹਾ ਕਿ ਇਹ ਸਾਡਾ ਮਜ਼੍ਹਬੀ ਮਾਮਲਾ ਹੈ, ਤੁਸੀਂ ਤਕਲੀਫ਼ ਨਾ ਕਰੋ, ਪਰ ਦੇਸ਼ ਭਗਤਾਂ ਨੇ
ਪਿੱਛੇ ਰਹਿਣਾ ਗਵਾਰਾ ਨਾ ਕੀਤਾ।‘‘8 ਇਥੇ ਏਨ੍ਹਾ ਯਾਦ ਰਹਿਣਾ ਚਾਹੀਦਾ ਹੈ ਕਿ 1922 ਵਿਚ ਜਦ
ਸੁੰਦਰ ਸਿੰਘ ਮਜੀਠੀਆ ਪੰਜਾਬ ਦੇ ਰੈਵਿਨਿਊ ਮੰਤਰੀ ਬਣੇ ਤੇ ਉਹ ਜੇਲ੍ਹਾਂ ਦੇ ਇੰਚਾਰਜ ਵੀ
ਸਨ। ਉਨ੍ਹਾਂ ਨੇ ਸਿੱਖਾਂ ਨੂੰ ਜੇਲ੍ਹਾਂ ਵਿਚ ਟੋਪੀਆਂ ਦੀ ਥਾਵੇਂ ਪੱਗਾਂ ਦੇਣ ਦਾ ਹੁਕਮ ਦੇ
ਕੇ ਇਸ ਮਸਲੇ ਦਾ ਹੱਲ ਕੀਤਾ ਸੀ। ਗ਼ਦਰੀ ਬਾਬਿਆਂ ਨੇ ਇਸ ਹੱਕ ਅਧੀਨ ਹੀ ਦਸਤਾਰਾਂ ਅਤੇ
ਕਛਹਿਰਿਆਂ ਦੀ ਲੜਾਈ ਲੜੀ ਸੀ ਪਰੰਤੂ ਇਸ ਲੜਾਈ ਨਾਲ ਗ਼ਦਰ ਲਹਿਰ ਸਿੱਖ ਲਹਿਰ ਨਹੀਂ ਬਣ ਜਾਂਦੀ
ਜਿਵੇਂ ਕਿ ਬਾਬਾ ਭਕਨਾ, ਭਾਈ ਪਰਮਾਨੰਦ ਝਾਂਸੀ ਅਤੇ ਹਿਰਦੇ ਰਾਮ ਨੂੰ ਸਪੱਸ਼ਟ ਕਹਿੰਦੇ ਹਨ ਕਿ
ਇਹ ਸਾਡਾ ਮਜ਼੍ਹਬੀ ਮਾਮਲਾ ਹੈ। ਇਉਂ ਮਜ਼੍ਹਬੀ ਮਾਮਲਾ ਜੇਲ੍ਹਾਂ ਅੰਦਰ ਵੀ ਗ਼ਦਰ ਲਹਿਰ ਦੇ
ਵਿਧਾਨ ਅਨੁਸਾਰ ਨਿੱਜੀ ਮਸਲਾ ਹੀ ਰਹਿੰਦਾ ਹੈ। ਭਾਈ ਪਰਮਾਨੰਦ ਝਾਂਸੀ ਅਤੇ ਹਿਰਦੇ ਰਾਮ ਜਿਸ
ਭਾਵਨਾ ਨਾਲ ਭੁੱਖ ਹੜਤਾਲ ਵਿਚ ਸ਼ਾਮਲ ਹੁੰਦੇ ਹਨ, ਉਨ੍ਹਾਂ ਦਾ ਮਕਸਦ ਸਪੱਸ਼ਟ ਦਿਖਾਈ ਦਿੰਦਾ
ਹੈ ਜਦੋਂ ਕਿ ਲੇਖਕ ਅਨੁਸਾਰ ਇਹ ਦੋਵੇਂ ਹਿੰਦੂ ਹਨ। ਇਸ ਤੱਥ ਨੂੰ ਹੀ ਬਾਬਾ ਸੋਹਨ ਸਿੰਘ
ਭਕਨਾ ਆਪਣੀ ਸਵੈ ਜੀਵਨੀ ‘ਜੀਵਨ ਸੰਗਰਾਮ‘ ਵਿਚ ਸਪੱਸ਼ਟ ਕਰਦਿਆਂ ਕਹਿੰਦੇ ਹਨ ‘ਉਹ ਧਾਰਮਕ
ਸਵਾਲ ਨੂੰ ਵੀ ਏਕਤਾ ਦੇ ਪੱਖ ਤੋਂ ਵੇਖਦੇ ਸਨ ਫਿਰਕਾਪ੍ਰਸਤੀ ਦੀ ਨਿਗਾਹ ਨਾਲ ਨਹੀਂ।‘ ਸੋ,
ਉਪਰੋਕਤ ਚਰਚਾ ਤੋਂ ਕਿਸੇ ਕਿਸਮ ਦਾ ਭੁਲੇਖਾ ਨਹੀਂ ਰਹਿੰਦਾ ਕਿ ਗ਼ਦਰੀ ਬਾਬਿਆਂ ਦੇ ਸਿੱਖ
ਅਕੀਦੇ ਗ਼ਦਰ ਲਹਿਰ ਵਿਚ ਨਾ ਤਾਂ ਰੁਕਾਵਟ ਬਣਦੇ ਹਨ ਅਤੇ ਨਾ ਹੀ ਗ਼ਦਰੀ ਬਾਬੇ ਇਨ੍ਹਾਂ ਸਿੱਖ
ਅਕੀਦਿਆਂ ਨੂੰ ਗ਼ਦਰ ਲਹਿਰ ਦੀ ਵਿਚਾਰਧਾਰਕ ਦ੍ਰਿਸ਼ਟੀ ਬਣਨ ਦਿੰਦੇ ਹਨ।
ਲੇਖਕ ਦਾ ਬਾਰ-ਬਾਰ ਜ਼ੋਰ ਬਾਬਾ ਸੋਹਨ ਸਿੰਘ ਭਕਨਾ ਨੂੰ ਇਹ ਸਿੱਧ ਕਰਨ ਦਾ ਹੈ ਕਿ ਉਸ ਦਾ
ਸਿੱਖ ਧਰਮ ਵਿਚ ਅਟੁੱਟ ਵਿਸ਼ਵਾਸ ਸੀ ਅਤੇ ਇਸੇ ਕਰਕੇ ਗ਼ਦਰ ਲਹਿਰ ਨੂੰ ਸਿੱਖੀ ਵਿਸ਼ਵਾਸ ਤੋਂ
ਮੁਕਤ ਕਰਕੇ ਨਹੀਂ ਪੜ੍ਹਿਆ ਜਾ ਸਕਦਾ। ਪਰੰਤੂ ਤੱਥ ਬਾਰ-ਬਾਰ ਲੇਖਕ ਦੀਆਂ ਇਨ੍ਹਾਂ ਧਾਰਨਾਵਾਂ
ਦਾ ਨਿਖੇਧ ਕਰਦੇ ਹਨ। ਡਾ. ਸ਼ਿਵ ਕੁਮਾਰ ਗੁਪਤਾ ਆਪਣੀ ਪੁਸਤਕ ‘ਬਾਬਾ ਸੋਹਨ ਸਿੰਘ ਭਕਨਾ:
ਜੀਵਨ ਤੇ ਵਿਚਾਰਧਾਰਾ‘ ਵਿਚ ਲਿਖਦੇ ਹਨ , ‘‘ਜਦ ਬਾਬਾ ਜੀ ਦੀ ਪਤਨੀ ਸਵਰਗਵਾਸ ਹੋਏ, ਉਨ੍ਹਾਂ
ਨੇ ਆਪਣੇ ਅਕੀਦੇ ਅਨੁਸਾਰ ਉਨ੍ਹਾਂ ਦੀ ਦੇਹ ਠਿਕਾਣੇ ਲਾਈ। ਬਾਬਾ ਜੀ ਦਾ ਅਕੀਦਾ ਸੀ ਕਿ
‘‘ਮ੍ਰਿਤਕ ਸਰੀਰ ਨੂੰ ਪਰਲੋਕ ਵਿਚ ਕੁਝ ਵੀ ਨਹੀਂ ਪਹੁੰਚ ਸਕਦਾ।‘‘ ਇਸ ਲਈ ਉਨ੍ਹਾਂ ਨੇ ਆਪਣੀ
ਪਤਨੀ ਦਾ ‘‘ਅੰਗੀਠਾ ਪਾਣੀ ਵਿਚ ਪਰਵਾਹ ਦਿੱਤਾ ਅਤੇ ਕੋਈ ਪਾਠ, ਭੋਗ, ਕਿਰਿਆ-ਕਰਮ ਕੁਝ ਨਹੀਂ
ਕੀਤਾ।‘‘ ਬਾਬਾ ਜੀ ਨੇ ਆਪਣੇ ਸ਼ਰਧਾਲੂਆਂ ਨੂੰ ਕਿਹਾ, ‘‘ਕਿ ਮੇਰੇ ਫੁੱਲ ਵੀ ਕਿਧਰੇ ਤੀਰਥਾਂ
ਸ਼ੀਰਥਾਂ ਤੇ ਲੈ ਕੇ ਨਾ ਤੁਰੇ ਰਹਿਣਾ, ਜਿੱਥੇ ਮੈਨੂੰ ਸਾੜੋ, ਉਥੇ ਹੀ ਦੱਬ ਦੇਣਾ।‘‘ ਇਹੋ
ਖ਼ਾਹਿਸ਼ ਉਨ੍ਹਾਂ ਦੀ ਵਸੀਅਤ ਵਿਚ ਸੀ। ਉਨ੍ਹਾਂ ਦੇ ਸ਼ਰਧਾਲੂਆਂ ਨੇ ਵੀ ਇਵੇਂ ਕੀਤੀ। ਉਨ੍ਹਾਂ
ਦਾ ਸੰਸਕਾਰ ਗ਼ਦਰ ਪਾਰਟੀ ਦੀ ਯਾਦਗਾਰ ਅੱਗੇ ਹੋਇਆ। ਉਥੇ ਹੀ ਫੁੱਲ ਦੱਬ ਦਿਤੇ।‘‘9 ਇਹ ਪ੍ਰਸ਼ਨ
ਕੀਤਾ ਜਾ ਸਕਦਾ ਹੈ ਕਿ ਜਿਸ ਸ਼ਖ਼ਸੀਅਤ ਦੀ ਦ੍ਰਿਸ਼ਟੀ ਸਿੱਖੀ ਦੇ ਅਟੁੱਟ ਵਿਸ਼ਵਾਸ ਨਾਲ ਬੱਝੀ
ਹੋਵੇ ਕੀ ਉਹ ਆਪਣੀ ਅੰਤਮ ਕਿਰਿਆ ਅਜਿਹੇ ਨਾਸਤਿਕ ਵਿਹਾਰ ਨਾਲ ਕਰਦਾ ਹੈ। ਇਹ ਤੱਥ ਸਪੱਸ਼ਟ
ਕਰਦਾ ਹੈ ਕਿ ਗ਼ਦਰੀ ਬਾਬੇ ਧਰਮ ਨੂੰ ਬਿਲਕੁਲ ਨਿੱਜ ਦਾ ਮਸਲਾ ਹੀ ਸਵੀਕਾਰ ਕਰਦੇ ਸਨ। ਲੇਖਕ
ਜਿਸ ਤੱਥ ‘ਸਿੰਘ ਹੋਣ ਦਾ ਅਹਿਸਾਸ ਕੁਦਰਤੀ ਅਤੇ ਡੂੰਘਾ‘ ਦੱਸਦਾ ਹੈ, ਉਸ ਤੱਥ ਦੀ ਉਪਰੋਕਤ
ਤੱਥਾਂ ਸਾਹਮਣੇ ਕੀ ਅਹਿਮੀਅਤ ਰਹਿ ਜਾਂਦੀ ਹੈ?
ਬਾਬਾ ਭਕਨਾ ਦੀ ਦ੍ਰਿਸ਼ਟੀ ਕੀ ਹੈ? ਬਾਬਾ ਭਕਨਾ ਦੀ ਧਰਮ ਬਾਰੇ ਦ੍ਰਿਸ਼ਟੀ ਕੀ ਹੈ? ਇਨ੍ਹਾਂ
ਪਹਿਲੂਆਂ ਬਾਰੇ ਵਿਸਤ੍ਰਿਤ ਜਾਣਕਾਰੀ ‘ਮੇਰੀ ਰਾਮ ਕਹਾਣੀ‘ ‘ਚ ਤਾਂ ਹੈ ਹੀ ਪਰੰਤੂ ਬਾਬਾ
ਭਕਨਾ ਦੁਆਰਾ ਰਚਿਤ ਪੈਂਫਲਿਟ ਦੁੱਖ, ਗਰੀਬੀ ਅਤੇ ਜੀਵਨ ਕਰਤੱਬ ਵਿਸ਼ੇਸ਼ ਤੌਰ ‘ਤੇ ਪੜ੍ਹਨ
ਵਾਲੇ ਹਨ। ਬਾਬਾ ਭਕਨਾ ਲਈ ਧਰਮ ਕੀ ਹੈ? ਇਸ ਬਾਰੇ ਚਰਚਾ ਕਰਨ ਦੀ ਜ਼ਰੂਰਤ ਤਾਂ ਹੈ ਕਿਉਂਕਿ
ਲੇਖਕ ਬਾਬਾ ਭਕਨਾ ਦੀਆਂ ਟੂਕਾਂ ਨੂੰ ਪ੍ਰਸੰਗ ਵਿਹੂਣੀਆਂ ਵਰਤ ਕੇ ਜ਼ਿੱਦ ਕਰਦਾ ਹੈ ਕਿ ਬਾਬਾ
ਭਕਨਾ (ਬਾਕੀ ਗ਼ਦਰੀ ਵੀ) ਸ਼ੁੱਧ ਰੂਪ ਵਿਚ ਸਜਿਆ-ਧਜਿਆ ਧਾਰਮਿਕ ਮਰਜੀਵੜਾ ਸੀ। ਬਾਬਾ ਭਕਨਾ
ਆਪਣੀ ਸਵੈ-ਜੀਵਨੀ ‘ਮੇਰੀ ਰਾਮ ਕਹਾਣੀ‘ ‘ਚ ਕਹਿੰਦੇ ਹਨ (ਜਿਸ ਨੂੰ ਤੋੜ-ਮਰੋੜ ਕੇ ਰਾਜਵਿੰਦਰ
ਸਿੰਘ ਰਾਹੀ ਨੇ ਇਸੇ ਪੁਸਤਕ ਦੀ ਸੰਪਾਦਕੀ ਵਿਚ ਵਰਤਿਆ ਹੈ।10) ‘‘ਪਾਠਕਾਂ ਨੂੰ ਇਹ ਗੱਲ ਦੱਸ
ਦੇਣੀ ਵੀ ਮੇਰੀ ਜਾਚੇ ਜ਼ਰੂਰੀ ਹੈ ਕਿ ਮੈਨੂੰ ਕਿਸੇ ਖ਼ਾਸ ਫਿਰਕੇ ਜਾਂ ਮਜ਼੍ਹਬ ਦਾ ਕੋਈ ਖ਼ਾਸ
ਲਿਹਾਜ਼ ਨਹੀਂ। ਮੈਂ ਖਾਲਸ ਹਿੰਦੁਸਤਾਨੀ ਤੇ ਹਿੰਦੀ ਕੌਮ ਦਾ ਸੇਵਕ ਹਾਂ ਅਤੇ ਸਾਰੀਆਂ ਮਜ਼੍ਹਬੀ
ਧੜੇਬੰਦੀਆਂ ਤੋਂ ਨਿਰਲੇਪ ਹਾਂ। ਮੇਰੇ ਇਸ ਕਥਨ ਦਾ ਇਹ ਭਾਵ ਨਹੀਂ ਹੈ ਕਿ ਮੈਨੂੰ ਧਰਮ ਨਾਲ
ਕੋਈ ਪਿਆਰ ਨਹੀਂ ਹੈ। ਮੈਂ ਸੱਚੇ ਧਰਮ ਨੂੰ ਮੰਨਦਾ ਹਾਂ। ਜੋ ਦੁਨੀਆ ਦੇ ਹਰ ਇਕ ਮਨੁੱਖ
(ਇਸਤਰੀ) ਮਰਦ ਲਈ ਜ਼ਰੂਰੀ ਹੈ। ਮੈਂ ਧਰਮ ਦੇ ਅਰਥ ਸਦਾਚਾਰ ਵਿਚ ਲੈਂਦਾ ਹਾਂ ਜੋ ਮਨੁੱਖ ਨੂੰ
ਆਜ਼ਾਦੀ ਤੇ ਬਰਬਾਦੀ ਸਿਖਾਉਂਦਾ ਹੈ। ਧਰਮੀ ਜਾਂ ਸਦਾਚਾਰੀ ਮਨੁੱਖ ਦੀ ਇਹੋ ਪਛਾਣ ਹੈ ਕਿ ਉਹ
ਸਾਰੀ ਮਨੁੱਖ ਜਾਤੀ ਨੂੰ ਆਜ਼ਾਦ ਤੇ ਸਮਾਨ ਦੇਖਣਾ ਚਾਹੁੰਦਾ ਹੈ ਅਤੇ ਸਾਰੀ ਖ਼ਲਕਤ ਨਾਲ ਸੱਚਾ
ਪਰੇਮ ਕਰਦਾ ਏ। .... ਸੱਚਾ ਧਰਮੀ ਤੇ ਨੀਤੀਵੇਤਾ ਸਦਾ ਫਿਰਕੇਬੰਦੀਆਂ ਤੋਂ ਉੱਚਾ ਹੁੰਦਾ ਏ,
ਉਹ ਸਾਰੀ ਮਨੁੱਖ ਜਾਤੀ ਨੂੰ ਇਕੋ ਭਾਈਚਾਰੇ ਦੀ ਲੜੀ ਵਿਚ ਪਰੋਣਾ ਚਾਹੁੰਦਾ ਹੈ। ਜਿਸ ਤੋਂ
ਸੰਸਾਰ ਵਿਚ ਆਨੰਦ ਤੇ ਸ਼ਾਂਤੀ ਦਾ ਰਾਜ ਹੋਵੇ। ਜਿਹੜੇ ਬੇਲੀ ਧਰਮੀ ਜਾਂ ਨੀਤੀਗਯ ਅਖਵਾ ਕੇ ਵੀ
ਫਿਰਕੇਬੰਦੀਆਂ ਤੇ ਧੜੇਬੰਦੀਆਂ ਦੇ ਹਾਮੀ ਹਨ ਅਸਲ ਵਿਚ ਨਾ ਉਹ ਸੱਚੇ ਧਰਮੀ ਹਨ ਤੇ ਨਾ ਹੀ
ਰਾਜਨੀਤੀਵੇਤਾ ਅਜਿਹੇ ਲੋਕਾਂ ਨੂੰ ਧਰਮੀ ਜਾਂ ਨੀਤਵੇਤਾ ਕਹਿਣਾ ਹੀ ਗਲਤ ਹੈ। ਅਸਲ ਵਿਚ ਇਹ
ਲੋਕ ਗੁਲਾਮੀ ਦੇ ਹਾਮੀ ਹੁੰਦੇ ਹਨ। ਜੋ ਆਪਣੇ ਪਸ਼ੂ ਬਲ ਨਾਲ ਹੋਰਨਾਂ ਨੂੰ ਗੁਲਾਮ ਬਣਾਉਣਾ
ਚਾਹੁੰਦੇ ਹਨ, ਇਨ੍ਹਾਂ ਲੋਕਾਂ ਦੀ ਕਿਰਪਾ ਨਾਲ ਹੀ ਮਨੁੱਖ ਜਾਤੀ ਦਾ ਬਹੁਤ ਵੱਡਾ ਹਿੱਸਾ
ਗੁਲਾਮੀ ਤੇ ਕੁੰਭੀ ਨਰਕ ਵਿਚ ਸੜ ਰਿਹਾ ਹੈ।‘‘11
ਬਾਬਾ ਭਕਨਾ ਦਾ ਥੀਸਿਜ਼ ਧਰਮ ਬਾਰੇ ਇਹ ਹੈ ਕਿ ਉਹ ਧਰਮ ਨੂੰ ਸਦਾਚਾਰ ਨਾਲ ਸੰਬੰਧਿਤ ਕਰਦਾ ਹੈ
ਅਤੇ ਕਿਧਰੇ ਵੀ ਇਹ ਨਹੀਂ ਕਹਿੰਦਾ ਕਿ ਇਹ ਸਿੱਖ ਧਰਮ ਸਿਖਾਉਂਦਾ ਹੈ। ਪਰੰਤੂ ਇਹ ਤਾਂ ਸਿੱਖ
ਧਰਮ ਅਤੇ ਸਿਧਾਂਤ ਦੀ ਵਡਿਆਈ ਹੈ ਕਿ ਉਸ ਵਿਚ ‘ਸਰਬੱਤ ਦੇ ਭਲੇ‘ ਦਾ ਸੰਕਲਪ ਹੈ। ਪਰੰਤੂ
ਲੇਖਕ ਸਰਬੱਤ ਦੇ ਭਲੇ ਦੇ ਸੰਕਲਪ ਨੂੰ ਘਟਾ ਕੇ ‘ਸਿੱਖਾਂ ਦੇ ਭਲੇ‘ ਤੱਕ ਘਟਾ (Reduce)
ਦਿੰਦਾ ਹੈ ਜਿਹੜਾ ਕਿ ਗੁਰਮਤਿ ਸਿੱਧਾਂਤਾਂ ਦਾ ਹੀ ਵਿਰੋਧੀ ਹੈ। ਬਾਬਾ ਭਕਨਾ ਦਾ ਧਰਮ ਦਾ
ਸੰਕਲਪ ਕਿਸੇ ਵਿਸ਼ੇਸ਼ ਜਾਤੀ ਸਮੂਹ ਦੇ ਧਰਮ ਦਾ ਸੰਕਲਪ ਨਹੀਂ ਹੈ, ਸਗੋਂ ਉਸ ਲਈ ਧਰਮ ਸਦਾਚਾਰਕ
ਗੁਣਾਂ ਵਾਲਾ ਸਦਵਿਹਾਰੀ ਦ੍ਰਿਸ਼ਟੀਕੋਣ ਹੈ। ਇਸ ਦ੍ਰਿਸ਼ਟੀਕੋਣ ਦੀ ਖਿੱਚ-ਧੂਹ ਕਰਕੇ ਇਸ ਨੂੰ
ਸ਼ੁੱਧ ਰੂਪ ਵਿਚ ਗੁਰਬਾਣੀ ਜਾਂ ਸਿੱਖ ਸਿਧਾਂਤ ਨਾਲ ਨੱਥੀ ਕਰਨਾ ਸਰਾਸਰ ਬਾਬਾ ਭਕਨਾ ਨਾਲ
ਜ਼ਿਆਦਤੀ ਹੈ। ਧਰਮ ਦੇ ਉਦੈ ਹੋਣ ਤੋਂ ਪਹਿਲਾਂ ਮਨੁੱਖ ਲਈ ਹਰ ਸਰਗਰਮੀ ਹੀ ਧਾਰਮਕ ਸੀ ਪਰੰਤੂ
ਧਾਰਮਕ ਵਿਸ਼ਵਾਸ ਦਾ ਮਸਲਾ ਤਾਂ ਬਹੁਤ ਬਾਅਦ ਦੀ ਗੱਲ ਹੈ। ‘‘ਉਘੇ ਵਿਗਿਆਨੀ ਚਾਰਲਸ ਡਾਰਬਨ ਦਾ
ਮੱਤ ਹੈ ਕਿ ਜਦੋਂ ਸਾਧਨਾ ਤੇ ਕਾਬਜ਼, ਨਿਗੂਣੀ ਜਿਹੀ ਘੱਟ ਗਿਣਤੀ ਦੇ ਹਿੱਤਾਂ ਦੀ ਰਾਖੀ ਲਈ
ਕਾਨੂੰਨ ਅਤੇ ਰਾਜਨੀਤੀ ਹੋਂਦ ਵਿਚ ਆਏ ਤਾਂ ਧਰਮ ਹੋਂਦ ਵਿਚ ਆਇਆ। ਅਥਵਾ ਧਰਮ ਆਪਣੀ ਖ਼ਸਲਤ
ਤੋਂ ਹੀ ਕਾਨੂੰਨ ਅਤੇ ਰਾਜਨੀਤੀ ਦਾ ਪ੍ਰਤੀਕਰਮ ਹੈ। ਪਰੰਤੂ ਕੁਝ ਹੋਰ ਵਿਦਵਾਨ ਇਸ ਨੂੰ
ਉਨ੍ਹਾਂ ਸਮਿਆਂ ਤੱਕ ਪਿੱਛੇ ਲਿਜਾਂਦੇ ਹਨ, ਜਦੋਂ ਮਾਨਵ ਸਿਰਫ਼ ਕੁਦਰਤ ਨਾਲ ਜੂਝ ਰਿਹਾ ਸੀ
ਅਤੇ ਧਰਮ ਨੇ ਉਸ ਦੀ ਅਗਵਾਈ ਕੀਤੀ। ਸਭਿਆਤਾਵਾਂ ਦੇ ਪ੍ਰਸਿੱਧ ਖੋਜੀ ਆਰਨਲਡ ਟੋਇੰਬੀ ਦਾ
ਨਿਰਣਾ ਹੈ ਕਿ ਆਦਿ ਕਾਲ ਵਿਚ ਮਾਨਵ ਦੇ ਸਮਾਜਿਕ ਜੀਵਨ ਦੀਆਂ ਸਾਰੀਆਂ ਸਰਗਰਮੀਆਂ ਸਮਾਜਿਕ,
ਆਰਥਿਕ ਅਤੇ ਸਭਿਆਚਾਰਕ, ਜੰਗੀ ਅਤੇ ਰਾਜਨੀਤਕ ਆਦਿ ਸਭ ਕਾਰਵਾਈਆਂ ਧਾਰਮਿਕ ਕਾਰਵਾਈਆਂ ਹੀ
ਹੁੰਦੀਆਂ ਸਨ ਪਰ ਧਾਰਮਿਕ ਵਿਸ਼ਵਾਸਾਂ ਵਰਗੀ ਕਿਸੇ ਚੀਜ਼ ਦੀ ਹੋਂਦ ਨਹੀਂ ਸੀ, ਸਿਰਫ਼ ਸਰਗਰਮੀਆਂ
ਹੀ ਧਰਮ ਸਨ। ਇਨਸਾਨ ਜੇਕਰ ਅਨਾਜ ਨਾ ਉਗਾਉਣ ਨੂੰ ਧਾਰਮਿਕ ਕਾਰਵਾਈ ਵਜੋਂ ਨਾ ਲੈਂਦਾ ਤਾਂ
ਅਨਾਜ ਪੈਦਾ ਕਰਨ ਦੀ ਕ੍ਰਾਂਤੀ ਕਦੇ ਨਾ ਆਉਂਦੀ। ਨਤੀਜੇ ਵਜੋਂ ਸਭਿਆਚਾਰ ਕਦੇ ਵੀ ਸਭਿਅਤਾ ਦਾ
ਰੂਪ ਧਾਰਨ ਨਾ ਕਰਦਾ।‘‘12 ਬਾਬਾ ਭਕਨਾ ਲਈ ਧਰਮ ਦੇ ਅਰਥ ਅਜਿਹੀ ਸਦਾਚਾਰਕ ਸਰਗਰਮੀ ਦੇ ਹਨ।
ਇਸੇ ਕਰਕੇ ਉਹ ਕਿਧਰੇ ਵੀ ਕਿਸੇ ਵੀ ਵਿਸ਼ੇਸ਼ ਦਿੱਖ ਵਾਲੇ ਧਰਮ ਦਾ ਨਾ ਜ਼ਿਕਰ ਕਰਦਾ ਹੈ ਅਤੇ ਨਾ
ਹੀ ਉਸ ਦੀ ਵਿਆਖਿਆ ਵਿਚ ਪੈਂਦਾ ਹੈ। ਇਸ ਕਰਕੇ ਬਾਬਾ ਭਕਨਾ ਦੇ ਲਫ਼ਜ਼ਾਂ ਨੂੰ ਆਪਣੀ ਜੱਦ ਵਿਚ
ਕਰਨ ਤੋਂ ਪਹਿਲਾਂ ਉਸ ਦੇ ਸਮੁੱਚੇ ਭਾਵ ਅਰਥ, ਦ੍ਰਿਸ਼ਟੀ, ਜੀਵਨ ਵਿਹਾਰ, ਜੀਵਨ ਸੰਘਰਸ਼ ਦਾ
ਸੱਬਰਕੱਤਾ ਗਿਆਨ ਬਹੁਤ ਜ਼ਰੂਰੀ ਹੈ। ਪ੍ਰਸੰਗ ਵਿਹੂਣੇ ਕਥਨਾਂ ਅਤੇ ਟੂਕਾਂ ਦੀ ਮਨ ਭਾਵੀ
ਵਿਆਖਿਆ ਨਾ ਤਾਂ ਬਾਬਾ ਭਕਨਾ ਨੂੰ ਹੀ ਅਤੇ ਨਾ ਹੀ ਗ਼ਦਰੀਆਂ ਨੂੰ ਉਨ੍ਹਾਂ ਦੇ ਵਿਚਾਰਧਾਰਕ
ਸੰਕਲਪ ਧਰਮ ਨਿਰਪੱਖਤਾ ਤੋਂ ਤੋੜ ਸਕਦੀ ਹੈ। ਬਾਬਾ ਭਕਨਾ ਜੋ ਜ਼ਿੰਦਗੀ ਭਰ ਕ੍ਰਾਂਤੀਕਾਰੀ
ਰਿਹਾ ਜੇਕਰ ਉਹ ਧਰਮ ਨਿਰਪੱਖ ਵਿਚਾਰਧਾਰਾ ਦਾ ਨਾ ਹੁੰਦਾ ਤਾਂ ਉਹ ਆਪਣੀ ਮ੍ਰਿਤੂ (20 ਦਸੰਬਰ
1968) ਤੋਂ ਪਹਿਲਾਂ 27 ਨਵੰਬਰ, 1968 ਨੂੰ ਅਜਿਹਾ ਬਿਆਨ ਕਦੇ ਨਾ ਦਿੰਦਾ ਉਹ ਬਿਆਨ ਬਹੁਤ
ਧਿਆਨ ਦੀ ਮੰਗ ਕਰਦਾ ਹੈ, ‘‘ਮੈਂ ਦੇਸ਼, ਕੌਮ ਤੇ ਮਨੁੱਖ ਜਾਤੀ ਦਾ ਧੰਨਵਾਦੀ ਹਾਂ। ਮੇਰਾ
ਸਾਰਾ ਜੀਵਨ ਉਹਨਾਂ ਦੀ ਸੇਵਾ ਵਿਚ ਲੰਘਿਆ ਹੈ। ਆਰੰਭ ਵਿਚ ਮੈਂ ਕੌਮੀ ਜਜ਼ਬੇ ਤੋਂ ਸਰਸ਼ਾਰ ਹੋ
ਕੇ ਦੇਸ਼ ਦੀ ਆਜ਼ਾਦੀ ਲਈ ਜੁਟਿਆ ਸਾਂ। ਇਸ ਦੇ ਲਈ ਮੈਨੂੰ ਨਾਮਧਾਰੀ ਤਹਿਰੀਕ ਤੇ ਕਾਂਗਰਸ ਤੋਂ
ਬੜੀ ਪ੍ਰੇਰਨਾ ਮਿਲੀ ਸੀ। ਉਮਰ ਕੈਦ ਹੋਣ ਉਤੇ ਮੈਂ ਜੇਲ੍ਹ ਦੇ ਅੰਦਰ ਹੀ ਰੂਸੀ ਇਨਕਲਾਬ ਬਾਰੇ
ਜਾਣਕਾਰੀ ਹਾਸਲ ਕੀਤੀ। ਸੋਵੀਅਤ ਇਨਕਲਾਬ ਨੇ ਮੇਰੇ ਉਤੇ ਡੂੰਘਾ ਪ੍ਰਭਾਵ ਪਾਇਆ ਤੇ ਮੇਰੇ
ਖਿਆਲਾਂ ਵਿਚ ਅਹਿਮ ਤਬਦੀਲੀ ਲਿਆਂਦੀ। ਰੂਸੀ ਇਨਕਲਾਬ ਦੇ ਪ੍ਰਭਾਵ ਹੇਠਾਂ ਮੈਂ ਪੂਰਨ ਤੌਰ ਤੇ
ਕੌਮਾਂਤਰੀ ਵਿਚਾਰਧਾਰਾ ਅਪਣਾ ਲਈ। ਇਸ ਦੇ ਲਈ ਮੈਂ ਉਨ੍ਹਾਂ ਸਾਥੀਆਂ ਦਾ ਬਹੁਤ ਮਸ਼ਕੂਰ ਹਾਂ
ਜਿਨ੍ਹਾਂ ਨੇ ਸਟੱਡੀ ਸਰਕਲਾਂ ਤੇ ਬਹਿਸ ਮੁਬਾਹਸਿਆਂ ਰਾਹੀਂ ਮੈਨੂੰ ਮਾਰਕਸਵਾਦ ਤੋਂ ਜਾਣੂ
ਕਰਵਾਇਆ ਤੇ ਇਸ ਨਾਲ ਲੈਸ ਕਰਨ ਦੀ ਕੋਸ਼ਿਸ਼ ਕੀਤੀ। ਮੈਨੂੰ ਗਾਂਧੀਵਾਦ ਨਾਲ ਸਖ਼ਤ ਵਿਰੋਧ ਹੈ
ਕਿਉਂਕਿ ਇਹ ਦੇਸ਼ ਦੇ ਮਸਲਿਆਂ ਨੂੰ ਹੱਲ ਨਹੀਂ ਕਰ ਸਕਿਆ ਹੈ।
ਇਸ ਸਾਰੇ ਕੰਮ ਵਿਚ ਮੈਨੂੰ ਕਮਿਊਨਿਸਟ ਪਾਰਟੀ ਤੋਂ ਬੜੀ ਮੱਦਦ ਮਿਲੀ ਤੇ ਮੈਂ ਹਮੇਸ਼ਾ ਇਸ ਨੂੰ
ਇੱਜ਼ਤ ਦੀ ਨਿਗਾਹ ਨਾਲ ਦੇਖਿਆ ਹੈ। ਮੈਨੂੰ ਦੁੱਖ ਹੈ ਕਿ ਅੱਜ ਕੌਮਾਂਤਰੀ ਕਮਿਊਨਿਸਟ ਲਹਿਰ
ਵਿਚ ਇਖਤਲਾਫ਼ਾਤ ਹਨ। ਮੇਰੀ ਖ਼ਾਹਸ਼ ਹੈ ਕਿ ਇਹ ਵਿਰੋਧ ਖ਼ਤਮ ਹੋਣ ਤਾਂ ਜੋ ਸਰਮਾਏਦਾਰੀ ਦਾ
ਖਾਤਮਾ ਬੜਾ ਨੇੜੇ ਹੋ ਸਕੇ। ਕਮਿਊਨਿਸਟ ਤਹਿਰੀਕ ਦੇ ਅੰਦਰੂਨੀ ਵਿਰੋਧਾਂ ਨੇ ਸਰਮਾਏਦਾਰੀ ਦੀ
ਉਮਰ ਨੂੰ ਕੁਝ ਚਿਰ ਹੋਰ ਵਧਾ ਦਿੱਤਾ ਹੈ।‘‘ 13 ਜੇਕਰ ਲੇਖਕ ਇਸ ਬਿਆਨ ਨੂੰ ਧਿਆਨ ਨਾਲ
ਪੜ੍ਹੇ ਤਾਂ ਉਹ ਬਾਬਾ ਭਕਨਾ ਨੂੰ ਨਾਮਧਾਰੀ ਲਹਿਰ ਤੋਂ ਪ੍ਰਭਾਵਤ ਅਤੇ ਪ੍ਰੇਰਿਤ ਹੋਇਆ ਕਹੇ
ਤਾਂ ਵੀ ਗੱਲ ਸਮਝ ਆ ਸਕਦੀ ਹੈ। ਉਪਰੋਕਤ ਬਿਆਨ ਦੇ ਤੱਥਾਂ ਤੋਂ ਬਾਬਾ ਭਕਨਾ ਦੀ ਸਖ਼ਸ਼ੀਅਤ ਅਤੇ
ਵਿਚਾਰਧਾਰਾ ਦਾ ਜੋ ਪਤਾ ਲਗਦਾ ਹੈ ਉਸ ਵਿਚ ਕਿਧਰੇ ਵੀ ਸਿੱਖ ਹੋਣ ਦੀ ਰੈਲ ਦਿਖਾਈ ਨਹੀਂ
ਦਿੰਦੀ।
ਤੱਥਾਂ ਨੂੰ ਪ੍ਰਸੰਗ ਨਾਲੋਂ ਤੋੜਨ ਕਰਕੇ ਹੀ ਬਾਬਾ ਭਕਨਾ ਦੀ ਤਲਖੀ ਜੋ ਭਾਈ ਪਰਮਾਨੰਦ ਲਾਹੌਰ
ਵੱਲ ਹੈ, ਉਸ ਦੇ ਵੀ ਲੇਖਕ ਨੇ ਅਨਰਥ ਕਰ ਦਿੱਤੇ ਹਨ। ਬਾਬਾ ਭਕਨਾ ਭਾਈ ਪਰਮਾਨੰਦ ਲਾਹੌਰ ਦੀ
ਪੁਸਤਕ ‘ਕੌਮੀ ਸੰਘਟਨ‘ ਦੇ ਆਧਾਰ ‘ਤੇ ਟਿੱਪਣੀ ਕਰਦੇ ਹਨ। ਉਂਜ ਭਾਈ ਪਰਮਾਨੰਦ ਗ਼ਦਰੀ ਨਹੀਂ
ਸੀ, ਲਾਲਾ ਹਰਦਿਆਲ ਦੇ ਨੇੜੇ ਸੀ ਤੇ ਗ਼ਦਰੀਆਂ ਦਾ ਹਮਦਰਦ ਸੀ। ਉਸ ਦੀ ਸਵੈ-ਜੀਵਨੀ ‘ਆਪ
ਬੀਤੀ‘ ‘ਚੋਂ ਕਰਤਾਰ ਸਿੰਘ ਸਰਾਭੇ ਬਾਰੇ ਕਈ ਦਿਲਚਸਪ ਟਿੱਪਣੀਆਂ ਜ਼ਰੂਰ ਮਿਲਦੀਆਂ ਹਨ। ਭਾਈ
ਪਰਮਾਨੰਦ ਦੀ ਜੋ ਟਿੱਪਣੀ ਸੀ ਉਸ ਉੱਪਰ ਤਲਖ ਹੋ ਕੇ ਗ਼ਦਰ ਲਹਿਰ ‘ਚ ਸ਼ਾਮਲ ਹਿੰਦੂ, ਸਿੱਖਾਂ,
ਮੁਸਲਮਾਨਾਂ ਉੱਪਰ ਭਾਈ ਪਰਮਾਨੰਦ ਨੂੰ ਜੋ ਜਵਾਬ ਦਿੰਦੇ ਹਨ, ਉਹ ਕਿਸੇ ਵੀ ਤਰ੍ਹਾਂ ਨਾ ਤਾਂ
ਧਰਮ ਨੂੰ ਉਚਿਆਉਣ ਲਈ ਹੈ ਅਤੇ ਨਾ ਹੀ ਕਿਸੇ ਧਰਮ ਨੂੰ ਨੀਵਾਂ ਦਿਖਾਉਣ ਲਈ ਹੈ। ਉਹ ਤਲਖੀ
ਭਾਈ ਪਰਮਾਨੰਦ ਦੇ ਫਿਰਕਾਪ੍ਰਸਤ ਵਿਚਾਰਾਂ ਨੂੰ ਰੱਦ ਕਰਨ ਵਾਲੀ ਹੈ। ਉਸ ਟਿੱਪਣੀ ਵਿਚ ਹੀ
ਬਾਬਾ ਭਕਨਾ ਤੱਤ ਸਾਰ ਰੂਪ ਵਿਚ ਆਪਣੀ ਦ੍ਰਿਸ਼ਟੀ ਪੇਸ਼ ਕਰਦੇ ਹਨ, ‘‘ਅਫ਼ਸੋਸ ਹੈ ਐਹੋ ਜਿਹੇ
ਆਦਮੀਆਂ ਦੇ ਅੰਤਸ਼ਕਰਨ ਪੁਰ ਜੋ ਗਦਾਰਾਂ ਦੇ ਮਸਲੇ ਨੂੰ ਲੈ ਕੇ ਆਪਣਾ ਉੱਲੂ ਸਿੱਧਾ ਕਰਨ ਲਈ
ਦੇਸ਼ ਭਗਤਾਂ ਵਿਚ ਫੁੱਟ ਦਾ ਵਿਹੁਲਾ ਬੀਜ ਬੀਜਦੇ ਨੇ। ਅਸੀਂ ਕਹਿੰਦੇ ਹਾਂ: ਗੱਦਾਰ ਨਾ ਹਿੰਦੂ
ਹੈ ਨਾ ਮੁਸਲਮਾਨ, ਉਹ ਨਾ ਸਿੱਖ ਹੈ ਤੇ ਨਾ ਈਸਾਈ ਨਾ ਮਨੁੱਖ। ਉਹ ਗੱਦਾਰ ਹੈ, ਜੋ ਕੁੱਤੇ
ਨਾਲੋਂ ਵੀ ਭੈੜਾ ਤੇ ਮਨੁੱਖਪੁਣੇ ਤੋਂ ਹਜ਼ਾਰਾਂ ਕੋਹਾਂ ਦੂਰ ਹੈ। ਐਹੋ ਜਿਹੇ ਲੋਕਾਂ ਨੂੰ
ਠੁੱਮਣੇ ਬਣਾ ਕੇ ਕਿਸੇ ਕੌਮ ਨੂੰ ਬਦਨਾਮ ਕਰਨਾ ਜਾਂ ਕਿਸੇ ਕੌਮ ਦੀ ਸਲਾਹੁਤਾ ਕਰਨੀ ਇਹ
ਦੋਵੇਂ ਹੀ ਇਨਸਾਨੀਅਤ ਤੋਂ ਸੱਖਣੇ ਜਤਨ ਹਨ।‘‘14 ਇਸ ਟਿੱਪਣੀ ਵਿਚ ਵੀ ਬਾਬਾ ਭਕਨਾ ਕਿਹੜੀ
ਸਿੱਖੀ ਦੇ ਸਿਧਾਂਤਾ ਉਪਰ ਖੜ੍ਹਾ ਧਰਮ ਯੁੱਧ ਕਰ ਰਿਹਾ ਹੈ। ਲੇਖਕ ਜਿੱਥੇ ਵੀ ਸਿੱਖ, ਕੌਮ,
ਗੁਰੂ ਸਾਹਿਬਾਨ ਜਾਂ ਸਿੱਖ ਧਰਮ ਨਾਲ ਸੰਬੰਧਿਤ ਸ਼ਬਦ ਆ ਜਾਂਦਾ ਹੈ, ਉਸ ਸ਼ਬਦ ਦੇ ਪ੍ਰਸੰਗ ਨੂੰ
ਵਿਛੁੰਨ ਕੇ ਉਸ ਨੂੰ ਸਿੱਖ ਹੋਣ ਦੇ ਸੰਕਲਪ ਨਾਲ ਨਰੜ ਦਿੰਦਾ ਹੈ। ਜੇ ਅਜਿਹਾ ਪ੍ਰਸੰਗ
ਵਿਹੂਣਾ ਗ਼ਦਰ ਲਹਿਰ ਦਾ ਵਿਸ਼ਲੇਸ਼ਣ ਕਰਨਾ ਹੈ ਤਾਂ ਗ਼ਦਰ ਲਹਿਰ ‘ਚੋਂ ਇਕ ਨਹੀਂ ਅਨੇਕਾਂ ਵੇਰਵੇ
ਅਜਿਹੇ ਮਿਲਦੇ ਹਨ ਜਿਹੜੇ ਕਮਿਊਨਿਸਟ ਵਿਚਾਰਧਾਰਾ ਦੇ ਬਹੁਤ ਨੇੜੇ ਹਨ। ਉਨ੍ਹਾਂ ਨੂੰ ਪ੍ਰਸੰਗ
ਤੋਂ ਤੋੜਕੇ ਗ਼ਦਰ ਲਹਿਰ ਨੂੰ 1913-14 ਤੋਂ ਹੀ ਕਮਿਊਨਿਸਟ ਲਹਿਰ ਵਜੋਂ ਸਥਾਪਤ ਕੀਤਾ ਜਾ
ਸਕਦਾ ਹੈ। ਪਰੰਤੂ ਇਹ ਗ਼ਦਰ ਲਹਿਰ ਨਾਲ ਇਤਿਹਾਸਕ ਨਿਆਂ ਨਹੀਂ ਹੈ। ਮਿਸਾਲ ਵਜੋਂ ਇਕ ਹਵਾਲੇ
ਵਿਚੋਂ ਗੁਜ਼ਰਦੇ ਹਾਂ। ਕੈਨੇਡਾ ਵਿਚ ਸੇਠ ਹੁਸੈਨ ਰਹੀਮ (ਛਗਨ ਖਰਾਜ ਵਰਮਾ) ਹੁਰਾਂ ਦੀ ਬਣਾਈ
ਯੂਨਾਈਟਿਡ ਲੀਗ ਦੇ ਸੰਬੰਧ ਵਿਚ ਸੋਹਨ ਸਿੰਘ ਪੂਨੀ ਚਰਚਾ ਕਰਦਾ ਹੈ, ‘‘ਖਾਲਸਾ ਦੀਵਾਨ
ਸੁਸਾਇਟੀ ਅਤੇ ‘ਯੂਨਾਈਟਿਡ ਲੀਗ‘ ਦੇ ਬਹੁਤ ਸਾਰੇ ਜਲਸੇ ਇਕੱਠੇ ਹੁੰਦੇ ਸਨ। ਇਨ੍ਹਾਂ ਜਲਸਿਆਂ
ਵਿਚ ਜਿਥੇ ਗੋਰੇ ਸੋਸ਼ਲਿਸਟ ਵੀ ਆ ਕੇ ਬੋਲਦੇ ਸਨ। ਇਨ੍ਹਾਂ ਜਲਸਿਆਂ ਵਿਚ ਲਾਲ ਝੰਡਾ ਝੁਲਾਇਆ
ਜਾਂਦਾ ਸੀ।‘‘15 ਲਾਲ ਝੰਡਾ ਰਾਜਨੀਤਕ ਤੌਰ ‘ਤੇ ਕਮਿਊਨਿਸਟ ਪਾਰਟੀ ਦਾ ਝੰਡਾ ਹੈ। ਬਿਨਾਂ
ਸ਼ੱਕ ਯੂਨਾਈਟਿਡ ਲੀਗ ਦੀਆਂ ਇਕੱਤਰਤਾਵਾਂ ਵਿਚ ਕੈਨੇਡੀਅਨ ਸੋਸ਼ਲਿਸਟਾਂ ਦਾ ਯੋਗਦਾਨ ਸੀ।
ਇਨ੍ਹਾਂ ਸੋਸ਼ਲਿਸਟਾਂ ਦੇ ਕਰਕੇ ਹੀ ਕਾਮਾਗਾਟਾ ਮਾਰੂ ਜਹਾਜ਼ ਦਾ ਕੇਸ ਲੜਨ ਵਾਲਾ ਗੋਰਾ ਵਕੀਲ
‘ਐਡਵਰਡ ਬਰਡ‘ ਸੀ ਜਿਸ ਨੇ ਨਸਲਵਾਦੀਆਂ ਦੀਆਂ ਧਮਕੀਆਂ ਦੇ ਵਿਰੁੱਧ ਜਾ ਕੇ ਕੇਸ ਲੜਿਆ ਸੀ।
ਇਹ ਗੋਰਾ ਬਾਅਦ ਵਿਚ ਕਮਿਊਨਿਸਟ ਪਾਰਟੀ ਦਾ ਸਰਕਰਦਾ ਮੈਂਬਰ ਬਣਿਆ। ਜੇ ਅਜਿਹੇ ਹਵਾਲਿਆਂ ਨੂੰ
ਲੈ ਕੇ ਕੋਈ ਕਮਿਊਨਿਸਟ ਇਹ ਜ਼ਿੱਦ ਕਰੇ ਕਿ ਯੂਨਾਈਟਿਡ ਲੀਗ ਕਮਿਊਨਿਸਟ ਲਹਿਰ ਦਾ ਆਗਾਜ਼ ਸੀ,
ਇਹ ਇਤਿਹਾਸਕ ਅਨਿਆਂ ਹੈ। ਅਜਿਹੇ ਤੱਥ ਅਤੇ ਤੱਤ ਕਿਸੇ ਲਹਿਰ ਦਾ ਅੰਤਿਮ ਨਿਰਣਾ ਕਰਨ ਵਾਲੇ
ਫ਼ੈਸਲਾਕੁਨ ਤੱਥ ਅਤੇ ਤੱਤ ਨਹੀਂ ਹੁੰਦੇ। ਇਤਿਹਾਸ ਇਤਿਹਾਸਕਾਰ ਕੋਲੋਂ ਮੰਗ ਕਰਦਾ ਹੈ ਕਿ
ਤੱਥਾਂ ਅਤੇ ਤੱਤਾਂ ਨੂੰ ਠੀਕ ਪ੍ਰਸੰਗ ਵਿਚ ਰੱਖਕੇ ਉਨ੍ਹਾਂ ਦੀ ਵਿਆਖਿਆ ਕਰੇ। ਇਹੋ ਬੌਧਿਕ
ਇਮਾਨਦਾਰੀ ਹੈ।
ਜੇਕਰ ਬਾਹਰਮੁਖੀ ਰੂਪ ਵਿਚ ‘ਧਰਮ‘ ਨੂੰ ਗ਼ਦਰ ਲਹਿਰ ਦੇ ਵਿਚੋਂ ਤਲਾਸ਼ਣਾ ਹੈ ਤਾਂ ਨਿਰਸੰਦੇਹ
ਕੁਝ ਅਜਿਹੇ ਗ਼ਦਰੀ ਹਨ ਜਿਨ੍ਹਾਂ ਦੀ ਦ੍ਰਿਸ਼ਟੀ ਸਿੱਖ ਦ੍ਰਿਸ਼ਟੀ ਹੈ। ਪ੍ਰੰਤੂ ਇਹ ਸਿੱਖ ਵੀ
ਗ਼ਦਰ ਲਹਿਰ ਦੀ ਕਾਰਵਾਈ ਦੌਰਾਨ ਕਿਧਰੇ ਵੀ ਗ਼ਦਰ ਲਹਿਰ ਨੂੰ ਆਪਣੇ ਅਧੀਨ ਕਰਦੇ ਦਿਖਾਈ ਨਹੀਂ
ਦਿੰਦੇ ਸਗੋਂ ਗ਼ਦਰ ਲਹਿਰ ਦੇ ਕਾਰਜ ਵਿਚ ਸਰਗਰਮ ਹੁੰਦੇ ਹਨ। ਇਨ੍ਹਾਂ ਸਿੱਖਾਂ ਵਿਚ ਸਭ ਨਾਲੋਂ
ਮਹੱਤਵਪੂਰਨ ਅਤੇ ਗੌਲਣਯੋਗ ਸਿੱਖ ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਰੰਗਵਾਲ ਤੇ ਉਨ੍ਹਾਂ ਦਾ
ਜੱਥਾ ਹੈ। ਭਾਈ ਰਣਧੀਰ ਸਿੰਘ ਸਿੱਖੀ ਦੇ ਰੰਗ ਵਿਚ ਰੰਗੇ ਇਕੱਲੇ ‘ਬਿਬੇਕੀ ਸਿੱਖ‘ ਹਨ ਜੋ
ਆਪਣੀ ਸਿੱਖੀ ਨੂੰ ਜੇਲ੍ਹ ਦੌਰਾਨ ਵੀ ਕਾਇਮ ਰੱਖਦੇ ਹਨ। ਜੇਲ੍ਹ ਦੌਰਾਨ ਕਿੰਨੀਆਂ ਅਜਿਹੀਆਂ
ਘਟਨਾਵਾਂ ਵਾਪਰਦੀਆਂ ਹਨ ਜਿੰਨ੍ਹਾਂ ਨੂੰ ਉਹ ਸਿਰੜ ਨਾਲ ਝੱਲਦੇ ਹਨ ਪਰੰਤੂ ਉਹ ਕਿਸੇ ਕਿਸਮ
ਦਾ ਸਮਝੌਤਾ ਨਹੀਂ ਕਰਦੇ। ਜੇਲ੍ਹ ਦੌਰਾਨ ਉਹ ਹਰ ਦੁੱਖ ਸੁੱਖ ਨੂੰ ਸਮ ਕਰ ਜਾਨਣ ਵਾਲੇ,
ਪ੍ਰਮਾਤਮਾ ਦੀ ਰਜ਼ਾ ਵਿਚ ਰਹਿਣ ਵਾਲੇ ਸਿੱਖ ਹਨ। ਉਹ ਸਰਬ ਲੋਹੀਏ ਸਿੱਖ ਹਨ ਜੋ ਆਪਣਾ
ਪ੍ਰਸ਼ਾਦਾ ਵੀ ਆਪ ਸਜਾਉਂਦੇ ਹਨ। ਉਹ ਆਪਣੀ ਕੁਰਬਾਨੀ ਦੇਣ ਲਈ ਤਿਆਰ ਹੋ ਜਾਂਦੇ ਹਨ ਪਰੰਤੂ
ਆਪਣੇ ਸਿੱਖ ਸਿਧਾਂਤਾ ਨੂੰ ਸਿਦਕ ਨਾਲ ਨਿਭਾਉਂਦੇ ਹਨ। ਉਨ੍ਹਾਂ ਦੀ ਜੇਲ੍ਹ ਅਨੁਭਵਾਂ ਨਾਲ
ਸੰਬੰਧਿਤ ਪੁਸਤਕ ‘ਜੇਲ੍ਹ ਚਿੱਠੀਆਂ‘ ‘ਚੋਂ ਸਮੁੱਚਾ ਬਿਰਤਾਂਤ ਇਹੋ ਦੱਸ ਪਾਉਂਦਾ ਹੈ ਕਿ ਭਾਈ
ਰਣਧੀਰ ਸਿੰਘ ਸਿੱਖ ਦ੍ਰਿਸ਼ਟੀ ਵਾਲੀ ਸ਼ਖ਼ਸੀਅਤ ਹੈ। ਭਾਈ ਰਣਧੀਰ ਸਿੰਘ 4 ਅਕਤੂਬਰ 1930 ਨੂੰ
ਲਾਹੌਰ ਸੈਂਟਰਲ ਜੇਲ੍ਹ ਤੋਂ ਰਿਹਾਅ ਹੋਣ ਤੋਂ ਲੈ ਕੇ 16 ਅਪੈਲ 1961 ਤੱਕ ਆਪਣਾ ਸਮੁੱਚਾ
ਜੀਵਨ ਸਿੱਖ ਦ੍ਰਿਸ਼ਟੀ ਅਨੁਸਾਰ ਹੀ ਬਤੀਤ ਕਰਦੇ ਹਨ। ਉਹ ਸਿੱਖ ਧਰਮ ਦੀ ਬਹੁਤ ਸਨਮਾਨਿਤ
ਸ਼ਖ਼ਸੀਅਤ ਹਨ।
ਭਾਈ ਸਾਹਿਬ ਭਾਈ ਰਣਧੀਰ ਸਿੰਘ ਅਤੇ ਉਨ੍ਹਾਂ ਦਾ ਜੱਥਾ ਗ਼ਦਰ ਵਿਚ ਹਿੱਸਾ ਕਿਉਂ ਲੈਂਦਾ ਹੈ?
ਇਸ ਤੱਥ ਦੀ ਜਾਣਕਾਰੀ ਬਹਤੁ ਜ਼ਰੂਰੀ ਹੈ। ਭਾਈ ਰਣਧੀਰ ਸਿੰਘ ਗ਼ਦਰ ਵਿਚ ਸ਼ਾਮਲ ਹੋਣ ਤੋਂ
ਪਹਿਲਾਂ ਜੋ ਅੰਗਰੇਜ਼ਾਂ ਨੇ ਦਿੱਲੀ ਵਿਖੇ ਗੁਰਦੁਆਰਾ ਰਕਾਬਗੰਜ ਦੀ ਕੰਧ ਢਾਹੀ ਸੀ, ਉਸ ਤੋਂ
ਬਹੁਤ ਆਹਤ ਸਨ। ਹੋਰ ਸਿੱਖ ਸੰਗਤ ਅੰਦਰ ਵੀ ਇਸ ਦਾ ਬਹੁਤ ਆਕਰੋਸ਼ ਸੀ। ਭਾਈ ਸਾਹਿਬ ਭਾਈ
ਰਣਧੀਰ ਸਿੰਘ ਪਿੰਡਾਂ ਵਿਚ ਕੀਰਤਨ ਕਰਦੇ ਅਤੇ ਬਾਅਦ ਵਿਚ ਗੁਰਦੁਆਰਾ ਰਕਾਬਗੰਜ ਦੀ ਢਾਹੀ ਹੋਈ
ਦੀਵਾਰ ਵਿਰੁੱਧ ਮਤਾ ਪਾਸ ਕਰਵਾ ਕੇ ਸਰਕਾਰ ਨੂੰ ਭੇਜਦੇ ਸਨ। ਇਉਂ ਭਾਈ ਰਣਧੀਰ ਸਿੰਘ ਅਤੇ
ਉਨ੍ਹਾਂ ਦਾ ਜੱਥਾ ਇਸ ਧਾਰਮਿਕ ਆਕਰੋਸ਼ ਨਾਲ ਭਰੇ ਹੋਏ ਸਨ। ਇਸ ਤੱਥ ਸੰਬੰਧੀ ਭਾਈ ਰਣਧੀਰ
ਸਿੰਘ ਹੁਰਾਂ ਦੇ ਕਰੀਬੀ ਅਤੇ ਸ਼ਰਧਾਲੂ ਸਿੱਖ ਜੋ ਆਪ ਵੀ ਜੱਥੇ ਵਿਚ ਸ਼ਾਮਲ ਸਨ ਅਤੇ ਜੇਲ੍ਹ
ਕੱਟ ਕੇ ਆਏ ਸਨ, ਉਹ ਸਨ ਬਾਬਾ ਹਰਭਜਨ ਸਿੰਘ ਚਮਿੰਡਾ। ਉਹ ਆਪਣੀ ਪੁਸਤਕ ਲਹੂ ਭਿੰਨੀਆਂ
ਯਾਦਾਂ ਅਤੇ ਸਵੈ-ਜੀਵਨੀ ਵਿਚ ਇਸ ਤੱਥ ਨੂੰ ਅੰਕਿਤ ਕਰਦੇ ਹਨ। ‘‘17-2-1995 ਨੂੰ ਭੋਗ ਤੋਂ
ਬਾਅਦ ਗੁਪਤ ਮੀਟਿੰਗ ਹੋਈ, ਜਿਸ ਵਿਚ ਫਿਰੋਜ਼ਪੁਰ ਜਾਣ ਦਾ ਗੁਰਮਤਾ ਪੇਸ਼ ਹੋਇਆ ਤਾਂ ਭਾਈ
ਸੁਰਜਨ ਸਿੰਘ ਨੇ ਮੁਖਾਲਫ਼ਤ ਕੀਤੀ ਤੇ ਕਿਹਾ ਕਿ ਖਾਲਸੇ ਨੂੰ ਰਾਜ ਕਾਜ ਨਾਲ ਕੀ ਤੇ ਜੱਥਾ
ਫਿਰੋਜ਼ਪੁਰ ਨਾ ਜਾਵੇ। ਪਰ ਭਾਈ ਸਾਹਿਬ ਨੇ ਕਿਹਾ ਕਿ ਅਸੀਂ ਉਥੇ ਰਾਜ ਸਾਂਭਣ ਲਈ ਨਹੀਂ ਸਗੋਂ
ਜ਼ੁਲਮੀ ਰਾਜ ਨੂੰ ਉਲਟਾਉਣ ਤੇ ਗੋਰੇਸ਼ਾਹੀ ਨੂੰ ਖ਼ਤਮ ਕਰਨ ਲਈ ਜਾਣਾ ਹੈ ਜਿਸ ਨੇ ਕਿ ਸਾਡੇ
ਗੁਰਧਾਮ ਰਕਾਬਗੰਜ ਦੀ ਕੰਧ ਢਾਹੀ ਹੈ। ਫਿਰ ਕੀ ਸੀ। ਕਿਸੇ ਨੇ ਵੀ ਵਿਰੋਧ ਨਾ ਕੀਤਾ ਤੇ
ਫਿਰੋਜ਼ਪੁਰ ਜਾਣ ਦਾ ਮਤਾ ਪਾਸ ਹੋ ਗਿਆ ਤੇ ਸਭ ਸੱਜਣਾਂ ਨੂੰ 19 ਤਰੀਕ ਨੂੰ ਨਾਰੰਗਵਾਲ ਜਾਣ
ਦੀ ਹਿਦਾਇਤ ਹੋ ਗਈ।‘‘16 ਇਸ ਤੱਥ ਤੋਂ ਨਾ ਇਤਿਹਾਸ ਇਨਕਾਰੀ ਹੈ ਅਤੇ ਨਾ ਹੀ ਗ਼ਦਰ ਲਹਿਰ।
ਪਰੰਤੂ ਇਸ ਤੱਥ ਵਿਚ ਸਮਝਣ ਵਾਲੀ ਮਹੱਤਵਪੂਰਨ ਗੱਲ ‘ਗੁਰਧਾਮ ਦੀ ਕੰਧ ਢਾਹੁਣਾ‘ ਹੈ ਜਿਸ ਉਤੇ
ਸਾਰਾ ਜੱਥਾ ਇਕ ਮੱਤ ਹੋ ਗਿਆ। ਇਸ ਜੱਥੇ ਤੋਂ ਬਿਨਾਂ ਗ਼ਦਰ ਲਹਿਰ ਵਿਚ ਕਿਧਰੇ ਵੀ ਵੇਰਵਾ
ਨਹੀਂ ਮਿਲਦਾ ਜਿਹੜਾ ਗ਼ਦਰ ਲਹਿਰ ਨੂੰ ਧਰਮ ਦੀ ਲਹਿਰ ਬਣਾਉਂਦਾ ਹੋਵੇ। ਇਹ ਵੇਰਵਾ ਵੀ ਭਾਈ
ਸਾਹਿਬ ਦਾ ਆਪਣਾ ਅਤੇ ਉਨ੍ਹਾਂ ਦੇ ਜੱਥੇ ਦਾ ਹੈ। ਗ਼ਦਰ ਲਹਿਰ ਵਿਚ ਇਹ ਵੇਰਵਾ ਨਹੀਂ ਹੈ ਕਿ
ਇਸ ਕਰਕੇ ਗ਼ਦਰ ਕਰਨਾ ਹੈ ਕਿ ਰਕਾਬਗੰਜ ਦੀ ਕੰਧ ਢਾਹੀ ਗਈ ਹੈ। ਡਾ. ਹਰੀਸ਼ ਕੇ ਪੁਰੀ ਨੇ ਵੀ
ਭਾਈ ਰਣਧੀਰ ਸਿੰਘ ਵੱਲ ਸੰਕੇਤ ਕਰਕੇ ਦੱਸਿਆ ਹੈ, ‘‘ਰਣਧੀਰ ਸਿੰਘ ਨਾਰੰਗਵਾਲ ਜਿਸ ਨੇ
ਗੁਰਦਵਾਰਾ ਰਕਾਬਗੰਜ ਦੇ ਮਸਲੇ ਉਤੇ ਅੰਦੋਲਨ ਦੀ ਅਗਵਾਈ ਕੀਤੀ ਸੀ, ਗ਼ਦਰ ਦੇ ਵਿਚਾਰ ਗ੍ਰਹਿਣ
ਕਰਨ ਵਾਲਾ ਪੰਜਾਬ ਦੇ ਪੰਜਾਬੀਆਂ ਵਿਚੋਂ ਇਕ ਇਕ ਮਹੱਤਵਪੂਰਨ ਵਿਅਕਤੀ ਸੀ।‘‘17
ਗ਼ਦਰ ਲਹਿਰ ਸਿਧਾਂਤਕ ਅਤੇ ਵਿਹਾਰਕ ਤੌਰ ‘ਤੇ ਭਾਰਤ ਤੋਂ ਬਾਹਰ ਵੀ ਜਥੇਬੰਦ ਹੋਈ ਸੀ। ਪੰਜਾਬ
ਅੰਦਰੋਂ ਜਿਹੜੇ ਲੋਕ ਸਰਗਰਮ ਹੋਏ ਜਿੰਨਾਂ ਵਿਚ ਢੁੱਡੀਕੇ ਸੈਂਟਰ, ਸੰਘਵਾਲ ਸੈਂਟਰ, ਸੁਰ
ਸਿੰਘ ਵਾਲਾ ਅਤੇ ਕੁਝ ਹੋਰ ਪ੍ਰਮੁੱਖ ਥਾਵਾਂ ਸ਼ਾਮਲ ਹਨ। ਉਹ ਗ਼ਦਰ ਲਹਿਰ ਦੇ ਸਿਧਾਂਤਾਂ ਵਿਚ
ਕਿੰਨੇ ਪ੍ਰਪੱਕ ਸਨ, ਉਨ੍ਹਾਂ ਦੇ ਕਿੰਨੇ ਕੁ ਗਿਆਤਾ ਸਨ, ਉਨ੍ਹਾਂ ਦਾ ਸੁਤੰਤਰ ਅਧਿਐਨ ਜ਼ਰੂਰ
ਦਿਲਚਸਪ ਹੋਵੇਗਾ। ਪਰੰਤੂ ਅਮਰੀਕਾ-ਕੈਨੇਡਾ ਤੇ ਹੋਰਨਾਂ ਥਾਵਾਂ ਉਤੇ ਸਰਗਰਮ ਗ਼ਦਰੀਏ ਗ਼ਦਰ
ਪਾਰਟੀ ਦੇ ਸਿਧਾਂਤ, ਉਦੇਸ਼ਾਂ, ਨੀਤੀਆਂ ਅਤੇ ਕਾਰਜਵਿਧੀ ਤੋਂ ਕਾਫ਼ੀ ਸੁਚੇਤ ਸਨ। ਇਸ ਕਰਕੇ
ਗ਼ਦਰ ਲਹਿਰ ਬਾਰੇ ਪ੍ਰਤੱਖ ਪ੍ਰਮਾਣ ਉਨ੍ਹਾਂ ਗ਼ਦਰੀਆਂ ਵਿਚੋਂ ਵਧੇਰੇ ਸਪੱਸ਼ਟ ਦਿਖਾਈ ਦਿੰਦੇ
ਹਨ। ਇਨ੍ਹਾਂ ਪ੍ਰਮਾਣਾਂ ਵਿਚੋਂ ਧਰਮ-ਨਿਰਪੱਖ ਮਸਲੇ ਬਾਰੇ ਉਹ ਬਹੁਤ ਸੁਚੇਤ ਸਨ। ਬਾਬਾ ਸੋਹਨ
ਸਿੰਘ ਭਕਨਾ ‘ਮੇਰੀ ਰਾਮ ਕਹਾਣੀ‘ ਵਿਚ ਭਾਈ ਨਿਧਾਨ ਸਿੰਘ ਚੁੱਘਾ ਬਾਰੇ ਇਕ ਘਟਨਾ ਦਰਜ ਕਰਦੇ
ਹਨ। ‘‘ਦੇਸ਼ ਭਗਤੀ ਦਾ ਚਾਓ ਸਿਰਫ਼ ਗੱਭਰੂਆਂ ਤੱਕ ਹੀ ਬਸ ਨਹੀਂ ਸੀ, ਸਗੋਂ ਬੁੱਢੇ ਗੱਭਰੂਆਂ
ਨਾਲੋਂ ਵੀ ਵੱਧ ਚਾਓ ਨਾਲ ਕਰਦੇ ਰਹੇ ਸਨ। ਇਥੇ ਮੈਂ ਇਕ ਬੁੱਢੇ ਦੀ ਨਜ਼ੀਰ ਪੇਸ਼ ਕਰਦਾ ਹਾਂ।
ਜਿਨ੍ਹਾਂ ਦਾ ਨਾਂ ਨਿਧਾਨ ਸਿੰਘ (ਚੁੱਘਾ) ਸੀ। ਉਨ੍ਹਾਂ ਨੂੰ ਸਟਾਕਟਨ ਗੁ. ਕਮੇਟੀ ਨੇ ਆਪਣਾ
ਪ੍ਰਧਾਨ ਚੁਣਿਆ। ਇਹ ਅਹੁਦਾ ਧਾਰਮਿਕ ਖਿਆਲ ਨਾਲ ਸਿੱਖਾਂ ਵਿਚ ਬੜੇ ਉੱਚ ਪਾਏ ਦਾ ਗਿਣਿਆ
ਜਾਂਦਾ ਹੈ। ਪਰ ਉਸ ਬੁੱਢੇ ਦੇਸ਼ ਭਗਤ ਨੂੰ ਇਥੋਂ ਤੱਕ ਦੇਸ਼ ਪਰੇਮ ਦਾ ਨਸ਼ਾ ਸੀ ਕਿ ਉਸ ਨੇ ਇਹ
ਕਹਿ ਕੇ ਪ੍ਰਧਾਨ ਬਣਨ ਤੋਂ ਸਿਰ ਫੇਰ ਦਿੱਤਾ ਕਿ ‘‘ਭਾਈ ਮੈਂ ਤਾਂ ਦੇਸ਼ ਦੀ ਆਜ਼ਾਦੀ ਲਈ ਕੰਮ
ਕਰਨਾ ਹੈ। ਇਸ ਲਈ ਮੈਂ ਨਹੀਂ ਚਾਹੁੰਦਾ ਕਿ ਮੇਰੇ ਕਰਕੇ ਗੁ. ਕਮੇਟੀ ਨੂੰ ਕੋਈ ਧੱਕਾ
ਲੱਗੇ।‘‘18 ਭਾਈ ਨਿਧਾਨ ਸਿੰਘ ਚੁੱਘਾ ਨੂੰ ਲੇਖਕ ਬਹੁਤ ਸ਼ਰਧਾਵਾਨ ਸਿੱਖ ਦੇ ਰੂਪ ਵਿਚ ਪੇਸ਼
ਕਰਦਾ ਹੈ। ਪਰੰਤੂ ਇਹ ਤੱਥ ਕੁਝ ਹੋਰ ਦਰਸਾ ਰਿਹਾ ਹੈ ਕਿ ਉਹ ਦੇਸ਼ ਦੀ ਆਜ਼ਾਦੀ ਨੂੰ ਪਹਿਲ
ਦਿੰਦਾ ਹੈ ਅਤੇ ਗੁਰਦੁਆਰਾ ਕਮੇਟੀ ਦੀ ਪ੍ਰਧਾਨਗੀ ਨੂੰ ਅਸਵੀਕਾਰ ਕਰਦਾ ਹੈ। ਜੇਕਰ ਭਾਈ
ਨਿਧਾਨ ਸਿੰਘ ਗ਼ਦਰ ਨੂੰ ਧਰਮ ਯੁੱਧ ਮੰਨ ਰਿਹਾ ਹੋਵੇ ਤਾਂ ਉਹ ਦੇਸ਼ ਦੀ ਆਜ਼ਾਦੀ ਅਤੇ ਗੁਰਦੁਆਰੇ
ਦੇ ਕੰਮ ਨੂੰ ਇਕੋ ਜਿਹਾ ਸਮਝੇ। ਉਸ ਦਾ ਇਹ ਨਾ ਸਵੀਕਾਰਨਾ ਹੀ ਉਸ ਦੇ ਵਿਚਾਰਾਂ ਅਤੇ
ਦ੍ਰਿਸ਼ਟੀ ਦਾ ਨਿਖੇੜਾ ਕਰਦਾ ਹੈ।
ਲੇਖਕ ਆਪਣੀ ਪੁਸਤਕ ਵਿਚ ਇਕ ਹੋਰ ਪਹਿਲੂ ਉਪਰ ਬੇਇੰਤਹਾ ਜ਼ੋਰ ਦਿੰਦਾ ਹੈ ਕਿ ਗ਼ਦਰੀ ਬਾਬੇ ਜਿਸ
ਸਪਿਰਟ ਨਾਲ ਲੜੇ, ਉਹ ਸਪਿਰਟ ਸਿੱਖੀ ਸਪਿਰਟ ਸੀ। ਪਰੰਤੂ ਇਸ ਤਰ੍ਹਾਂ ਦੀ ਸਪਿਰਟ ਪੰਜਾਬੀਆਂ
ਦੇ ਸੀਥੀਅਨ ਨਸਲ ਦਾ ਵਿਸ਼ੇਸ਼ ਗੁਣ ਹੈ। ਦੂਸਰਾ ਉਸ ਦਾ ਜ਼ੋਰ ਇਸ ਗੱਲ ‘ਤੇ ਹੈ ਕਿ ਗ਼ਦਰੀਆਂ ਦੀ
ਸੰਥਿਆ ਸਿੱਖੀ ਵਿਚੋਂ ਤਲਾਸ਼ ਕਰਨੀ ਚਾਹੀਦੀ ਹੈ। ਪਰੰਤੂ ਗ਼ਦਰੀ ਬਾਬੇ ਇਸ ਸੰਥਿਆ ਦੀ ਦੱਸ ਹੋਰ
ਥਾਂ ‘ਤੇ ਪਾਉਂਦੇ ਹਨ। ਬਾਬਾ ਭਕਨਾ ‘ਮੇਰੀ ਰਾਮ ਕਹਾਣੀ‘ ਵਿਚ ਦੱਸਦਾ ਹੈ, ‘‘ਮੇਰੀ ਜਾਚੇ
ਤਾਂ ਖੁਦ ਲਾਲਾ ਹਰਦਿਆਲ ਵੀ ਕੰਮ ਕਰਨ ਦੇ ਢੰਗਾਂ ਤੋਂ ਅਨਜਾਣ ਸੀ ਅਤੇ ਫੇਰ ‘ਗ਼ਦਰ ਮਾਸਟਰ‘
ਦੇ ਜਿਸ ਹਿੱਸੇ ਨੇ ਵਧੇਰੇ ਪੰਜਾਬੀਆਂ ਨੂੰ ਉਭਾਰਿਆ ਉਹ ਕਵਿਤਾ ਦਾ ਹਿੱਸਾ ਸੀ। ਜੋ ਮਗਰੋਂ
‘ਗ਼ਦਰ ਦੀ ਗੂੰਜ‘ ਨਾਮੇ-ਇਕ ਪੁਸਤਕ ਦੇ ਰੂਪ ਵਿਚ ਪ੍ਰਕਾਸ਼ਿਤ ਕੀਤਾ ਗਿਆ ਸੀ। ਹੁਣ ਇਸ ਕਵਿਤਾ
ਵਿਚ ਜੋ ਠੇਠ ਪੰਜਾਬੀ ਵਿਚ ਹੁੰਦੀ ਸੀ, ਲਾਲਾ ਹਰਦਿਆਲ ਦੀ ਰਸਨਾ ਤੇ ਲੇਖਣੀ ਦਾ ਕੋਈ ਅੰਸ਼
ਨਹੀਂ ਸੀ। ਇਹ ਕਵਿਤਾ ਬਾਹਰੋਂ ਦੇਸ਼ ਭਗਤ ਬਣਾ ਕੇ ਘੱਲਦੇ ਸਨ ਜਾਂ ਭਾਈ ਹਰਨਾਮ ਸਿੰਘ ਲਾਟ ਜੋ
ਆਸ਼ਰਮ ਵਿਚ ਕੰਮ ਕਰਨ ਵਾਲਾ ਇਕ ਪੁਰਾਣਾ ਦੇਸ਼ ਭਗਤ ਸੀ ਤਿਆਰ ਕਰਦਾ ਸੀ। ਇਸ ਲਈ ਅਸੀਂ ਗ਼ਦਰ
ਲਹਿਰ ਦਾ ਉਸਤਾਦ (ਪ੍ਰਿੰਸੀਪਲ) ਲਾਲਾ ਹਰਦਿਆਲ ਜਾਂ ਕਿਸੇ ਇਕ ਬੰਦੇ ਨੂੰ ਨਹੀਂ ਮੰਨ ਸਕਦੇ।
ਇਹ ਲਹਿਰ ਦੇਸ਼ ਭਗਤਾਂ ਦੀ ਇਕ ਸਮੁੱਚੀ ਤਾਕਤ ਦਾ ਸਿੱਟਾ ਸੀ ਜਿਸ ਦੀ ਨੀਂਹ ‘ਆਜ਼ਾਦੀ ਤੇ
ਬਰਾਬਰੀ‘ ਉਤੇ ਸੀ।‘‘19 ਇਥੇ ਇਕ ਗੱਲ ਦਾ ਸਪੱਸ਼ਟੀਕਰਨ ਬਹੁਤ ਜ਼ਰੂਰੀ ਹੈ ਜਿਸ ਨੂੰ ਸਿੱਖ
ਵਿਸ਼ਲੇਸ਼ਣਕਾਰ ਵਿਗਾੜ ਕੇ ਪੇਸ਼ ਕਰਦੇ ਹਨ। ਉਹ ਹੈ ਕਿ ਬਾਬਾ ਭਕਨਾ ਜੋ ਲਾਲਾ ਹਰਦਿਆਲ ਦਾ
ਦਿਲੋਂ ਸਤਿਕਾਰ ਕਰਦਾ ਹੈ, ਬਾਰੇ ਇਹ ਟਿੱਪਣੀ ਤਾਂ ਕਰਦਾ ਹੈ ਕਿ ਜਦੋਂ ਗ਼ਦਰ ਦਾ ਲਾਹੌਰ
ਸਾਜਿਸ਼ ਕੇਸ ਚੱਲਦਾ ਹੈ ਤਾਂ ਬਰਤਾਨਵੀ ਸਾਮਰਾਜ ਗ਼ਦਰੀਆਂ ਨੂੰ ਲਾਲਾ ਹਰਦਿਆਲ ਵੱਲੋਂ ਭੜਕਾਏ
ਹੋਇਆ ਮੰਨਦਾ ਵੀ ਹੈ ਅਤੇ ਲਾਹੌਰ ਸਾਜਿਸ਼ ਕੇਸ ਦੀ ਕਾਰਵਾਈ ਵਿਚ ਉਸ ਦਾ ਬਾਰ ਬਾਰ ਜ਼ਿਕਰ ਵੀ
ਕਰਦਾ ਹੈ। ਦੂਸਰਾ, ਗ਼ਦਰੀਆਂ ਤੋਂ ਪਹਿਲਾਂ ਇਕੱਲਾ ਲਾਲਾ ਹਰਦਿਆਲ ਹੈ ਜੋ ਇਕੱਲਾ ਵਿਦਰੋਹੀ
ਸਰਗਰਮੀ ਕਰਦਾ ਹੈ ਜਿਸ ਦਾ ਦਿੱਲੀ ‘ਚ ਹਾਰਡਿੰਗ ਬੰਬ ਕੇਸ ਦੇ ਸ਼ਹੀਦ ਅਮੀਰ ਚੰਦ ਨਾਲ ਸੰਬੰਧ
ਅਤੇ ਸਰਗਰਮੀ ਹੈ ਅਤੇ ਲਾਹੌਰ ਵਿਚਲੀ ਸਰਗਰਮੀ ਤੋਂ ਵੀ ਸਰਕਾਰ ਚੰਗੀ ਤਰ੍ਹਾਂ ਵਾਕਿਫ਼ ਹੈ। ਇਸ
ਕਰਕੇ ਸਰਕਾਰ ਲਾਲਾ ਹਰਦਿਆਲ ਨੂੰ ਹੀ ਮੁੱਖ ਦੋਸ਼ੀ ਮੰਨਦੀ ਹੈ ਪਰੰਤੂ ਬਾਬਾ ਭਕਨਾ ਦੀ ਇਸ
ਟਿੱਪਣੀ ਵਿਚ ਗ਼ਦਰ ਲਹਿਰ ਦੀ ਕਵਿਤਾ ਦਾ ਵੇਰਵਾ ਬਹੁਤ ਮਹੱਤਵਪੂਰਨ ਇਸ ਕਰਕੇ ਵੀ ਹੈ ਕਿ ਗ਼ਦਰ
ਵਿਰੁੱਧ ਚੱਲੇ ਸਾਰੇ ਕੇਸਾਂ ਵਿਚ ਇਸ ਕਵਿਤਾ ਨੂੰ ਬਹੁਤ ਵੱਡੇ ਪ੍ਰਮਾਣ ਵੀ ਬਣਾਇਆ ਗਿਆ ਹੈ।
ਇਸ ਕਵਿਤਾ ਦੇ ਕਾਵਿ ਸ਼ਾਸਤਰ ਦਾ ਮਸਲਾ ਤਾਂ ਵਿਸਤ੍ਰਿਤ ਚਰਚਾ ਦੀ ਮੰਗ ਕਰਦਾ ਹੈ ਪਰੰਤੂ ਏਥੇ
ਇਸ ਕਵਿਤਾ ਦੀ ਸ਼ਕਤੀ ਦਾ ਮਸਲਾ ਹੈ। ਨਿਰਸੰਦੇਹ ਗ਼ਦਰ ਲਹਿਰ ਦੀ ਚੜ੍ਹਤ ਵਿਚ ਇਸ ਕਵਿਤਾ ਦਾ
ਯੋਗਦਾਨ ਬਹੁਤ ਵੱਡਾ ਹੈ। ਹਰ ਇਕੱਠ ਵਿਚ ਇਸ ਕਵਿਤਾ ਦਾ ਗਾਇਨ ਹੁੰਦਾ ਸੀ ਤੇ ਲੋਕ ਇਸ ਕਵਿਤਾ
ਦੀ ਸ਼ਕਤੀ ਨਾਲ ਜੋਸ਼ੀਲੇ ਹੁੰਦੇ ਸਨ। ਗ਼ਦਰ ਲਹਿਰ ਦੀ ਕਵਿਤਾ ਅਨੇਕਾਂ ਗ਼ਦਰੀਆਂ ਨੂੰ ਮੂੰਹ
ਜ਼ਬਾਨੀ ਯਾਦ ਸੀ। ਇਸ ਕਵਿਤਾ ਦੀ ਸ਼ਕਤੀ ਦੇ ਤਾਂ ਅਨੇਕਾਂ ਪ੍ਰਮਾਣ ਗ਼ਦਰ ਲਹਿਰ ਵਿਚੋਂ ਮਿਲਦੇ
ਹਨ ਪਰੰਤੂ ਉਹ ਹਵਾਲਾ ਜਦੋਂ ਸ਼ਹੀਦ ਕਰਤਾਰ ਸਿੰਘ ਸਰਾਭਾ, ਭਾਈ ਹਰਨਾਮ ਸਿੰਘ ਟੁੰਡੀਲਾਟ ਅਤੇ
ਭਾਈ ਜਗਤ ਸਿੰਘ ਸੁਰ ਸਿੰਘ ਗ਼ਦਰ ਦੇ ਫੇਲ੍ਹ ਹੋ ਜਾਣ ‘ਤੇ ਅਫਗਾਨਿਸਤਾਨ ਵੱਲ ਜਾਣ ਲੱਗੇ ਤਾਂ
ਅਟਕ ਦਰਿਆ ਦੇ ਕੰਢੇ ‘ਤੇ ‘ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜਕੇ‘ ਕਵਿਤਾ ਹੀ ਸੀ ਜਿਸ ਨੇ
ਗ਼ਦਰੀਆਂ ਨੂੰ ਦੇਸ਼ ਛੱਡਣ ਦੀ ਬਜਾਏ ਮੁੜ ਦੇਸ਼ ਵਿਚ ਗ਼ਦਰ ਕਰਨ ਲਈ ਮੋੜ ਲਿਆਂਦਾ ਸੀ।20 ਇਉਂ
ਗ਼ਦਰ ਲਹਿਰ ਦੀ ਕਵਿਤਾ ਦੀ ਸ਼ਕਤੀ ਅਤੇ ਪ੍ਰੇਰਨਾ ਨੂੰ ਬਾਬਾ ਭਕਨਾ ਗ਼ਦਰ ਲਹਿਰ ਦਾ ਗੁਰੂ
ਸਵੀਕਾਰ ਕਰਦਾ ਹੈ ਪਰੰਤੂ ਸਿੱਖ ਵਿਸ਼ਲੇਸ਼ਣਕਾਰ ਕਹਿੰਦਾ ਹੈ ਕਿ ਅਜਿਹੀ ਕਵਿਤਾ ਉਤੇ ਗ਼ਦਰੀਆਂ
ਨੇ ਆਪ ਕਿੰਨਾ ਕੁ ਅਮਲ ਕੀਤਾ ਹੈ।21
ਇਥੇ ਜਿਹੜਾ ਬੁਨਿਆਦੀ ਪ੍ਰਸ਼ਨ ਹੈ ਉਹ ਹੈ ਕਵਿਤਾ ਦੇ ਵਿਚ ਜਾਂ ਵਾਰਤਕ ਦੇ ਵਿਚ ਸਿੱਖ ਧਰਮ,
ਸਿੱਖ ਸਿਧਾਂਤ ਅਤੇ ਸਿੱਖ ਇਤਿਹਾਸ ਵਿਚੋਂ ਬਿੰਬਾਂ ਪ੍ਰਤੀਕਾਂ, ਚਿਹਨਾਂ ਦਾ ਲੈਣਾ। ਇਹ ਮਸਲਾ
ਅਹਿਮ ਹੈ ਪਰੰਤੂ ਸਿੱਖ ਵਿਸ਼ਲੇਸ਼ਣਕਾਰ ਇਸ ਨੂੰ ਇਤਿਹਾਸਕ ਪਰਿਪੇਖ ਵਿਚ ਗ੍ਰਹਿਣ ਹੀ ਨਹੀਂ
ਕਰਦਾ। ਇਹੋ ਭੁੱਲ ਪਰਮਬੀਰ ਸਿੰਘ ਗਿੱਲ ਆਪਣੇ ਲੇਖ Pious Rebels: The Ghadar Prose
and Practice'22 ਵਿਚ ਕਰਦਾ ਹੈ। ਕਿਸੇ ਵੀ ਭਾਸ਼ਾ ਵਿਚ ਰਚੇ ਗਏ ਸਾਹਿਤ ਨੇ ਆਪਣੇ
ਪ੍ਰਤੀਕ ਅਤੇ ਚਿਹਨਾਵਲੀ ਆਪਣੇ ਸਭਿਆਚਾਰ ਵਿਚੋਂ ਲੈਣੇ ਹੁੰਦੇ ਹਨ। ਇਹ ਕਿਸੇ ਵਿਸ਼ੇਸ਼ ਜਾਤੀ
ਜਾਂ ਵਿਸ਼ੇਸ਼ ਧਰਮ ਦੀ ਰਵਾਇਤ ਵਿਚੋਂ ਵੀ ਹੋ ਸਕਦੇ ਹਨ ਪਰੰਤੂ ਇਹ ਜ਼ਰੂਰੀ ਨਹੀਂ ਹੁੰਦਾ ਕਿ ਇਸ
ਨਾਲ ਸਾਹਿਤ ਦੇ ਅਰਥਾਂ ਨੂੰ ਸੰਗੋੜ ਦੇਈਏ। ਮਿਸਾਲ ਦੇ ਤੌਰ ‘ਤੇ ਗੁਰੂ ਗੋਬਿੰਦ ਸਿੰਘ ‘ਚੰਡੀ
ਦੀ ਵਾਰ‘ ਦੀ ਸਿਰਜਣਾ ਕਰਦੇ ਹਨ। ਦੁਰਗਾ ਦੇਵੀ ਦਾ ਪ੍ਰਤੀਕ ਲੈ ਕੇ ਉਹ ਦਾਨਵਾਂ ਨਾਲ ਯੁੱਧ
ਦਾ ਚਿਤਰਣ ਕਰਦੇ ਹਨ। ਦੁਰਗਾ ਦੇਵੀ ਹਿੰਦੂ ਧਰਮ ਦੀ ਦੇਵੀ ਹੈ। ਹੁਣ ਇਥੇ ਇਸ ਦਾ ਇਹ ਅਰਥ
ਕੱਢ ਲਿਆ ਜਾਵੇ ਕਿ ਗੁਰੂ ਸਾਹਿਬ ਹਿੰਦੂ ਧਰਮ ਦੀ ਉਸਤਤਿ ਕਰਦੇ ਹਨ ਜਾਂ ਗੁਰੂ ਸਾਹਿਬ ਦੀ
ਰਚਨਾ ਨੂੰ ਹਿੰਦੂ ਸਾਹਿਤ ਕਹਿ ਦਿੱਤਾ ਜਾਵੇ ਤਾਂ ਇਹ ਸਰਾਸਰ ਗ਼ਲਤ ਹੈ। ਬਿਲਕੁਲ ਇਸੇ ਤਰ੍ਹਾਂ
ਗ਼ਦਰ ਲਹਿਰ ਦੇ ਸਾਹਿਤ ਵਿਚ ਵਰਤੀਆਂ ਗਈਆਂ ਰਵਾਇਤਾਂ, ਚਿਹਨ, ਬਿੰਬ, ਪ੍ਰਤੀਕ ਆਦਿ ਦੇ
ਇਤਿਹਾਸਕ ਪਰਿਪੇਖ ਨੂੰ ਜਾਨਣਾ ਜ਼ਰੂਰੀ ਹੈ। ਇਹ ਸਿੱਖ ਰਵਾਇਤਾਂ ਦੀ ਵਡਿਆਈ ਹੈ ਕਿ ਉਸ ਦੇ
ਸਰਬੱਤ ਦੇ ਭਲੇ ਅਤੇ ਮਨੁੱਖੀ ਬਰਾਬਰੀ ਲਈ ਅਨਿਆਂ ਦੇ ਵਿਰੁੱਧ ਜੰਗ ਲੜੀ, ਉਹ ਜੰਗ ਪੰਜਾਬੀ
ਮਨੁੱਖ ਦੀ ਅੱਜ ਵੀ ਪ੍ਰੇਰਨਾ ਬਣਦੀ ਹੈ। ਪਰੰਤੂ ਜੇ ਇਹ ਅੱਜ ਪ੍ਰੇਰਨਾ ਬਣ ਕੇ ਅਨਿਆਂ ਦੇ
ਖ਼ਿਲਾਫ਼ ਮਨੁੱਖ ਨੂੰ ਸ਼ਕਤੀ ਦਿੰਦੀ ਹੈ ਤਾਂ ਅੱਜ ਦੀ ਲੜੀ ਗਈ ਲੜਾਈ ਧਰਮ ਦੀ ਲੜਾਈ ਨਹੀਂ ਬਣ
ਜਾਵੇਗੀ। ਨਕਸਲੀ ਦੌਰ ਦੀ ਕਵਿਤਾ ਵਿਚ ਸਿੱਖ ਰਵਾਇਤਾਂ, ਸਿੱਖ ਗੁਰੂ ਸਾਹਿਬਾਨ ਅਤੇ ਹੋਰ
ਕੁਰਬਾਨਂੀ ਕਰਨ ਵਾਲੀਆਂ ਸਿੱਖ ਸਖ਼ਸ਼ੀਅਤਾਂ ਬਾਬਾ ਦੀਪ ਸਿੰਘ ਵਰਗੀਆਂ ਬਾਰ ਬਾਰ ਪ੍ਰੇਰਕ
ਬਣਦੀਆਂ ਹਨ ਪਰੰਤੂ ਇਨ੍ਹਾਂ ਦੇ ਆਧਾਰ ‘ਤੇ ਨਕਸਲੀ ਕਵਿਤਾ ਨੂੰ ਸਿੱਖ ਕਵਿਤਾ ਬਣਾ ਦੇਣਾ
ਕਿੰਨਾ ਕੁ ਜਾਇਜ਼ ਹੈ? ਇਸ ਬਾਰੇ ਕਿਸੇ ਇਕ ਬੰਦੇ ਨੇ ਫੈਸਲਾ ਨਹੀਂ ਕਰਨਾ, ਇਤਿਹਾਸ ਨੇ ਫ਼ੈਸਲਾ
ਕਰਨਾ ਹੈ, ਉਸ ਦੀ ਵਿਚਾਰਧਾਰਕ ਦ੍ਰਿਸ਼ਟੀ ਨੇ ਫੈਸਲਾ ਕਰਨਾ ਹੈ। ਇਸ ਤਰ੍ਹਾਂ ਹੀ ਗ਼ਦਰ ਲਹਿਰ
ਬਾਰੇ ਅਤੇ ਗ਼ਦਰ ਲਹਿਰ ਦੁਆਰਾ ਰਚੇ ਗਏ ਸਾਹਿਤ ਦਾ ਫ਼ੈਸਲਾ ਉਸ ਦੀ ਵਿਚਾਰਧਾਰਾ, ਉਸ ਦੇ
ਸਿਧਾਂਤ, ਉਸ ਦੇ ਅਮਲ, ਉਸ ਦੇ ਉਦੇਸ਼ਾਂ ਅਤੇ ਰਣਨੀਤੀਆਂ ਦੇ ਆਧਾਰ ‘ਤੇ ਹੋਣਾ ਹੈ।
ਲੇਖਕ ਸਭ ਨਾਲੋਂ ਵੱਡਾ ਦਾਅਵਾ ਕਰਦਾ ਹੈ, ‘‘ਇਹ ਝੂਠ ਹੈ, ਨਿਰਾ ਝੂਠ! ਗੱਲ ਏਦੂੰ ਉਲਟ ਹੈ।
ਇਕ ਅੱਧੇ ਨੂੰ ਛੱਡ ਕੇ, 1914-15 ਦੇ ਪੂਰ ਵਾਲਾ ਕੋਈ ਵੀ ਗ਼ਦਰੀ ਬਾਬਾ ਕਮਿਊØਨਿਸਟ ਪਾਰਟੀ
ਵਿਚ ਸ਼ਾਮਲ ਨਹੀਂ ਹੋਇਆ ਸੀ।‘‘23 ਇਸ ਤੋਂ ਅੱਗੇ ਬਾਬਾ ਭਕਨਾ ਦੀਆਂ ਟਿੱਪਣੀਆਂ ਨੂੰ ਤੋੜ
ਮਰੋੜ ਕੇ ਪ੍ਰਸੰਗ ਵਿਹੂਣਾ ਬਣਾ ਕੇ ਕਹਿੰਦਾ ਹੈ, ‘‘ਕਿਸੇ ਖੱਬੇ ਪੱਖੀ ਅੰਦਰ ਦਮ ਹੈ ਤਾਂ
ਸਾਨਿਆਲ ਦੇ ਗ਼ਦਰੀ ਬਾਬਿਆਂ ਬਾਰੇ ਸਮੁੱਚੇ ਵਿਚਾਰਾਂ ਤੇ ਪ੍ਰਭਾਵਾਂ ਬਾਰੇ ਅਤੇ ਬਾਬਾ ਭਕਨਾ
ਦੇ ਉਪਰੋਕਤ ਖਿਆਲਾਂ ਬਾਰੇ ਗੰਭੀਰ ਲਹਿਜੇ ਵਿਚ ਟਿੱਪਣੀ ਕਰੇ। ਇਸ ਨਾਲ ਬਹਿਸ ਅੱਗੇ ਤੁਰ
ਸਕਦੀ ਹੈ।‘‘24 ਲੇਖਕ ਨਾਲ ਸੰਵਾਦ ਤਾਂ ਹੋ ਸਕਦਾ ਹੈ ਜਦੋਂ ਉਹ ਪ੍ਰਸੰਗ ਵਿਹੂਣੀਆਂ
ਟਿੱਪਣੀਆਂ ਨਾ ਕਰੇ। ਬਾਬਾ ਭਕਨਾ ਬਾਰੇ ਉਸ ਦੀਆਂ ਟਿੱਪਣੀਆਂ ‘ਦੇਵਲੀ ਕੈਂਪ ਤੇ ਉਸ ਦੇ ਲਾਭ‘
ਅਧਿਆਇ ‘ਚੋਂ ਹਨ। ਬਾਬਾ ਭਕਨਾ ਦੇ ਵਿਚਾਰਾਂ ਨੂੰ ਜਿਵੇਂ ਉਸ ਨੇ ਜ਼ਿਬਾਹ ਕੀਤਾ ਹੈ, ਇਸ ਦੀ
ਮਿਸਾਲ ਪਹਿਲੋਂ ਕਦੀ ਦੇਖਣ ਵਿਚ ਨਹੀਂ ਆਈ। ਸ਼ਚਿੰਦਰਨਾਥ ਸਾਨਿਆਲ ਦੀ ‘ਬੰਦੀ ਜੀਵਨ‘ ਦਾ
ਪਹਿਲਾ ਹਿੱਸਾ ਜਿਹੜਾ ਗ਼ਦਰੀਆਂ ਨਾਲ ਸੰਬੰਧਿਤ ਹੈ, ਉਸ ਨੂੰ ਪੜ੍ਹਨ ‘ਤੇ ਇਕ ਵੀ ਤੱਥ ਅਜਿਹਾ
ਨਹੀਂ ਜਿਹੜਾ ਗ਼ਦਰ ਲਹਿਰ ਨੂੰ ਸਿੱਖ ਲਹਿਰ ਸਿੱਧ ਕਰੇ। ਉਹ ਸਾਰੇ ਪੱਗੜੀਧਾਰੀ ਲੋਕਾਂ ਲਈ ਹੀ
ਸਿੱਖ ਸ਼ਬਦ ਵਰਤਦਾ ਹੈ। ਸਾਨਿਆਲ ਦੀ ਪੁਸਤਕ ਨੂੰ ਜਿਵੇਂ ਲੇਖਕ ਆਧਾਰ ਬਣਾ ਕੇ ਵਰਤਦਾ ਹੈ, ਉਸ
ਨੂੰ ਸੱਚ ਸਵੀਕਾਰ ਕਰ ਲੈਂਦਾ ਹੈ। ਬੰਗਾਲ ਦੀ ਗੁਪਤ ਕ੍ਰਾਂਤੀਕਾਰੀ ਲਹਿਰ ਜੋ ਅਨਾਰਕੀ ਰਾਹੀਂ
ਬਰਤਾਨਵੀ ਬਸਤੀਵਾਦ ਨੂੰ ਉਲਟਾਉਣ ਨੂੰ ਫਿਰਦੀ ਸੀ ਅਤੇ ਲਗਾਤਾਰ ਇਸ ਤਾਕ ਵਿਚ ਸੀ। ਵਿਸ਼ਨੂੰ
ਗਣੇਸ਼ ਪਿੰਗਲੇ ਰਾਹੀਂ ਸਾਨਿਆਲ ਤੇ ਫਿਰ ਰਾਸ ਬਿਹਾਰੀ ਬੋਸ ਦਾ ਸੰਪਰਕ ਹੁੰਦਾ ਹੈ, ਉਹ ਸਮਾਂ
ਬਹੁਤ ਨਾਜ਼ੁਕ ਅਤੇ ਅੰਤਲੇ ਦਿਨਾਂ ਦਾ ਹੈ। ਸ਼ਚਿੰਦਰਨਾਥ ਸਾਨਿਆਲ ਨੂੰ ਗ਼ਦਰ ਲਹਿਰ ਦੀ ਨਾ ਤਾਂ
ਪਿੱਠਭੂਮੀ ਦਾ ਪਤਾ ਹੈ, ਨਾ ਹੀ ਉਸ ਦੀ ਜਥੇਬੰਦੀ ਦਾ, ਨਾ ਰਣਨੀਤੀ ਦਾ ਅਤੇ ਨਾ ਹੀ ਉਸ ਦੀ
ਕਾਰਜਵਿਧੀ ਦਾ। ਸਾਨਿਆਲ ਅਤੇ ਰਾਸ ਬਿਹਾਰੀ ਬੋਸ ਗ਼ਦਰ ਲਹਿਰ ਦੇ ਉਦੇਸ਼ ਅਤੇ ਵਿਧੀ ਵਿਧਾਨ ਤੋਂ
ਉੱਕਾ ਹੀ ਕੋਰੇ ਹਨ। ਸਾਨਿਆਲ ਦੀ ਇਹ ਟਿੱਪਣੀ ਤੋਂ ਹੀ ਸਪੱਸ਼ਟ ਹੋ ਜਾਂਦਾ ਹੈ, ‘‘ਪਰ
ਕਾਮਾਗਾਟਾ ਮਾਰੂ ਦੇ ਯਾਤਰੂਆਂ ਦੇ ਭਾਰਤ ਦੀ ਧਰਤੀ ‘ਤੇ ਪੈਰ ਰੱਖਦੇ ਹੀ ਇਕ ਦੁਰਘਟਨਾ ਹੋ
ਗਈ। ਪਰ ਇਹ ਦੇ ਨਾਲ ਸਾਡੀ ਆਸ ਹੋਰ ਪੱਕੀ ਹੋਣ ਲੱਗ ਪਈ। ਦੇਖਦੇ ਦੇਖਦਿਆਂ ਕੈਲੀਫੋਰਨੀਆ ਅਤੇ
ਕੈਨੇਡਾ ਤੋਂ ਸਿੱਖਾਂ ਦੇ ਦਲ ਦੇਸ਼ ਵਿਚ ਆਉਣ ਲੱਗੇ। ਇਹ ਲੋਕ ਭਾਰਤ ਆਉਂਦੇ ਹੋਏ ਰਾਹ ਵਿਚ
ਥਾਂ ਥਾਂ ‘ਤੇ ਉਤਰ ਕੇ ਪੁਲਿਸ ਅਤੇ ਫੌਜ ਵਿਚ ਭਰਤੀ ਹੋ ਰਹੇ ਸਨ। ਪੁਲਿਸ ਤੇ ਫੌਜ ਦੀ ਭਰਤੀ
ਨੇ ਸਿੱਖਾਂ ਵਿਚ ਕਰਾਂਤੀ ਦੀ ਜਵਾਲਾ ਭੜਕਾ ਦਿੱਤੀ ਸੀ। ਇਹ ਲੋਕ ਬਹੁਤ ਚਿਰਾਂ ਤੋਂ ਭਾਰਤ
ਤੋਂ ਬਾਹਰ ਪਰਦੇਸ਼ ਵਿਚ ਸਨ। ਇਸੇ ਕਾਰਨ ਉਹ ਨਹੀਂ ਜਾਣਦੇ ਸਨ ਕਿ ਗੁਪਤ ਰੂਪ ਵਿਚ ਕਰਾਂਤੀ ਦੀ
ਯੋਜਨਾ ਕਿਵੇਂ ਬਣਾਈਦੀ ਏ।‘‘25 ਇਸ ਟਿੱਪਣੀ ਵਿਚੋਂ ਪਤਾ ਲੱਗ ਜਾਂਦਾ ਹੈ ਕਿ ਸਾਨਿਆਲ ਨੂੰ
ਗ਼ਦਰ ਲਹਿਰ ਬਾਰੇ ਉੱਕਾ ਹੀ ਕੁਝ ਨਹੀਂ ਪਤਾ। ਉਹ ਬਦੇਸ਼ਾਂ ਵਿਚੋਂ ਆ ਰਹੇ ਸਿੱਖਾਂ ਨੂੰ ਫੌਜ
ਅਤੇ ਪੁਲਿਸ ਵਿਚ ਭਰਤੀ ਹੋਣਾ ਦੱਸ ਰਿਹਾ ਹੈ ਅਤੇ ਪੁਲਿਸ ਅਤੇ ਫੌਜ ਨੂੰ ਕਰਾਂਤੀ ਦੀ ਜਵਾਲਾ
ਭੜਕਾਉਣ ਦਾ ਕਾਰਨ ਦੱਸ ਰਿਹਾ ਹੈ, ਜਿਸ ਸਾਨਿਆਲ ਨੂੰ ਲਹਿਰ ਦੇ ਬੁਨਿਆਦੀ ਉਦੇਸ਼ਾਂ ਅਤੇ
ਨੀਤੀਆਂ ਦੀ ਸੂਝ ਨਹੀਂ ਹੈ, ਉਸ ਨੂੰ ਲੇਖਕ ਇਸ ਦਾਅਵੇ ਤਹਿਤ ਕਹਿ ਰਿਹਾ ਕਿ ਕੋਈ ਇਨ੍ਹਾਂ
ਬਾਰੇ ਗੰਭੀਰ ਲਹਿਜੇ ਵਿਚ ਟਿੱਪਣੀ ਕਰੇ, ਜਿਸ ਸਖ਼ਸ਼ ਨੂੰ ਗ਼ਦਰ ਲਹਿਰ ਦੀ ਹਕੀਕਤ ਦਾ ਪਤਾ ਨਹੀਂ
ਅਤੇ ਦੇਸ਼ ਪਰਤ ਰਹੇ ਲੋਕਾਂ ਨੂੰ ਆਪਣੇ ਦਲ ਵਿਚ ਮਿਲਾਉਣ ਦੀ ਤਾਕ ਲਾਈ ਬੈਠਾ ਹੈ, ਉਸ ਬਾਰੇ
ਕੀ ਟਿੱਪਣੀ ਹੋ ਸਕਦੀ ਹੈ। ਹਕੀਕਤ ਇਹ ਹੈ ਕਿ ਗ਼ਦਰੀ ਬੰਗਾਲੀ ਕ੍ਰਾਂਤੀਕਾਰੀਆਂ ਕੋਲੋਂ ਬੰਬ
ਬਾਰੂਦ ਦੀ ਝਾਕ ਰੱਖਦੇ ਹਨ, ਬਹੁਤੇ ਗ਼ਦਰੀ ਜੇਲ੍ਹਾਂ ਵਿਚ ਜਾ ਚੁੱਕੇ ਸਨ, ਪਹਿਲੀ ਵਿਸ਼ਵ ਜੰਗ
ਦੇ ਲੱਗ ਜਾਣ ਕਰਕੇ ਗ਼ਦਰੀ ਵਿਦਰੋਹ ਕਰਨ ਦੀ ਕਾਹਲ ਵਿਚ ਹਨ। ਇਸ ਕਾਹਲ ਅਤੇ ਤੱਤ ਭੜੱਤੀ ਵਿਚ
ਹੀ ਸਾਨਿਆਲ ਪੰਜਾਬ ਆਉਂਦਾ ਹੈ। ਰਾਸ ਬਿਹਾਰੀ ਬੋਸ ਤਾਂ ਉਸ ਨਾਲੋਂ ਵੀ ਘੱਟ ਸਮਾਂ ਬਤੀਤ
ਕਰਦਾ ਹੈ। ਇਹ ਤੱਤ ਭੜੱਤੀ ਵਿਚ ਹੀ ਸਾਰੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ। ਇਸ ਕਰਕੇ
ਸਾਨਿਆਲ ਕੋਲ ਗ਼ਦਰੀਆਂ ਨਾਲ ਮੇਲ ਜੋਲ ਦੇ ਅਨੁਭਵ ਤਾਂ ਹਨ ਪਰੰਤੂ ਉਹ ਗ਼ਦਰ ਦੀ ਸਮੁੱਚੀ
ਜਥੇਬੰਦਕ ਬਣਤਰ ਅਤੇ ਉਦੇਸ਼ਾਂ ਪ੍ਰਤੀ ਕੁਝ ਵੀ ਨਹੀਂ ਜਾਣਦਾ। ਉਸ ਦੀਆਂ ਟਿੱਪਣੀਆਂ ਇਤਿਹਾਸਕ
ਤੱਥਾਂ ਅਤੇ ਤੱਤਾਂ ਤੋਂ ਬਿਲਕੁਲ ਮੁਕਤ ਹਨ। ਸਾਨਿਆਲ ਆਪ ਈਸ਼ਵਰ ਦੀ ਗੁਪਤ ਪ੍ਰੇਰਨਾ ਨਾਲ
ਕ੍ਰਾਂਤੀ ਦੀ ਅੱਗ ਨਿਰਧਾਰਤ ਮਾਰਗ ਉਪਰ ਤੁਰਦੀ ਮਹਿਸੂਸ ਕਰਦਾ ਹੈ, ਗ਼ਦਰ ਲਹਿਰ ਉਸ ਸਮੇਂ ਤੱਕ
ਧਰਮ ਨਿਰਪੱਖਤਾ ਦੀ ਆਧੁਨਿਕ ਦ੍ਰਿਸ਼ਟੀ ਨੂੰ ਅਪਣਾ ਚੁੱਕੀ ਸੀ।
ਇਸ ਤੋਂ ਬਿਨਾਂ ਲੇਖਕ ਦਾ ਇਹ ਦਾਅਵਾ ਅਸਲੋਂ ਹੀ ਨਿਰਮੂਲ, ਝੂਠਾ ਅਤੇ ਤੱਥ ਰਹਿਤ ਹੈ ਕਿ
ਗ਼ਦਰੀਏ ਕਮਿਊਨਿਸਟ ਨਹੀਂ ਬਣੇ। ਭਾਈ ਸੰਤੋਖ ਸਿੰਘ ਜੋ ਗ਼ਦਰ ਪਾਰਟੀ ਦਾ ਜਨਰਲ ਸਕੱਤਰ ਸੀ ਉਹ
ਆਪ ਰੂਸ ਤੋਂ ਪੜ੍ਹਕੇ ਆਉਂਦਾ ਹੈ ਅਤੇ ਪੰਜਾਬ ਵਿਚ ਕਿਰਤੀ ਪਰਚੇ ਦਾ ਸੰਪਾਦਨ ਕਰਦਾ ਹੈ ਅਤੇ
ਭਾਈ ਰਤਨ ਸਿੰਘ ਰਾਇਪੁਰ ਡੱਬਾ ਵਿਦੇਸ਼ਾਂ ਵਿਚੋਂ ਪੰਜਾਬੀਆਂ ਨੂੰ ਰੂਸ ਵਿਚ ਪੜ੍ਹਨ ਲਈ ਭੇਜਦਾ
ਹੈ। ਸੱਤਰ ਤੋਂ ਵੱਧ ਪੰਜਾਬੀ ਰੂਸ ਵਿਚੋਂ ਪੜ੍ਹ ਕੇ ਆਉਂਦੇ ਹਨ। ‘‘ਗ਼ਦਰ ਪਾਰਟੀ ਦੇ ਦੂਸਰੇ
ਦੌਰ ਵਿਚ ਭਾਰਤ ਵਿਚ ਆ ਕੇ ‘ਕਿਰਤੀ‘ ਅਖ਼ਬਾਰ ਦੀ ਨੀਂਹ ਰੱਖਣ ਵਾਲੇ ਲੀਡਰ, ਰੂਸੀ ਇਨਕਲਾਬ
ਦੀਆਂ ਪ੍ਰਾਪਤੀਆਂ ਨੂੰ ਅੱਖੀਂ ਵੇਖ ਕੇ ਬਹੁਤ ਪ੍ਰਭਾਵਿਤ ਹੋਏ। ਭਾਈ ਸੰਤੋਖ ਸਿੰਘ ਤੇ ਰਤਨ
ਸਿੰਘ ਦੀ 1922-23 ਦੀ ਰੂਸ ਫੇਰੀ ਦੌਰਾਨ ਓਥੇ ਹੋ ਰਹੀ ਸਮਾਜੀ ਤਬਦੀਲੀ ਨੇ ਉਨ੍ਹਾਂ ਦੀ
ਮਾਨਸਿਕਤਾ ਉਤੇ ਡੂੰਘੀ ਛਾਪ ਲਾਈ।‘‘26 ਹੁਣ ਸੁਆਲ ਇਹ ਹੈ ਕਿ ਅਜਮੇਰ ਸਿੰਘ ਤਾਂ ਗ਼ਦਰ ਲਹਿਰ
ਨੂੰ ਦੇਖਦਾ ਹੀ 1913-14 ਤੱਕ ਹੈ। ਇਸ ਤੋਂ ਅਗਾਂਹ ਦੇ ਵਿਕਾਸ ਨੂੰ ਉਹ ਛੇੜਨ ਲਈ ਤਿਆਰ
ਨਹੀਂ। ਕਮਿਊਨਿਸਟ ਪਾਰਟੀ ਤਾਂ ਬਹੁਤ ਬਾਅਦ ਦੀਆਂ ਗੱਲਾਂ ਹਨ, 1927 ਵਿਚ ਬਣਨ ਵਾਲੀ ‘ਕਿਰਤੀ
ਕਿਸਾਨ ਪਾਰਟੀ‘ ਪਹਿਲੀ ਪਾਰਟੀ ਹੈ ਜਿਹੜੀ ਸਮਾਜਵਾਦੀ ਵਿਚਾਰਾਂ ਵਾਲੀ ਬਣਦੀ ਹੈ। ਉਂਜ ਜੇ
ਗ਼ਦਰੀਆਂ ਦੇ ਕਮਿਊਨਿਸਟ ਬਣ ਜਾਣ ਦੀ ਗਿਣਤੀ ਕਰਨੀ ਹੋਵੇ ਤਾਂ ਇਕਬਾਲ ਹੁੰਦਲ, ਬਾਬਾ ਕਰਮ
ਸਿੰਘ ਚੀਮਾ, ਬਾਬਾ ਦਲੀਪ ਸਿੰਘ ਫਾਹਲਾ, ਤੇਜਾ ਸਿੰਘ ਸੁਤੰਤਰ, ਬਾਬਾ ਬੂਝਾ ਸਿੰਘ, ਅੱਛਰ
ਸਿੰਘ ਛੀਨਾ, ਸ਼ੇਰ ਸਿੰਘ ਵੇਈ ਪੂੰਈ, ਬਾਬਾ ਪਿਰਥੀ ਸਿੰਘ, ਬਾਬਾ ਗੁਰਮੁਖ ਸਿੰਘ ਲਲਤੋਂ ਸੂਚੀ
ਬਹੁਤ ਲੰਮੀ ਹੈ ਜਿਹੜੇ ਗ਼ਦਰ ਲਹਿਰ ਦੇ ਰਸਤਿਓ ਕਮਿਊਨਿਸਟ ਬਣੇ ਹਨ। ਜਗਜੀਤ ਸਿੰਘ ਸਰ ਜੌਹਨ
ਕਮਿੰਗ ਦੇ ਹਵਾਲੇ ਨਾਲ ਲਿਖਦਾ ਹੈ, ‘‘ਰੂਸ ਵਿਚ ਬਾਲਸ਼ਵਿਕ ਇਨਕਲਾਬ ਹੋਣ ਪਿੱਛੋਂ ਗ਼ਦਰ ਪਾਰਟੀ
ਨੇ ਆਪਣਾ ਜੋੜ ਕੌਮਾਂਤਰੀ ਕਮਿਊਨਿਸਟ ਲਹਿਰ ਨਾਲ ਜੋੜ ਲਿਆ ਅਤੇ ਜਿਉਂ ਜਿਉਂ ਗ਼ਦਰੀ ਇਨਕਲਾਬੀ
ਗ਼ਦਰ ਪਾਰਟੀ ਲਹਿਰ ਸੰਬੰਧੀ ਹੋਈਆਂ ਲੰਮੀਆਂ ਸਜ਼ਾਵਾਂ ਭੁਗਤਣ ਪਿੱਛੋਂ ਰਿਹਾਅ ਹੁੰਦੇ ਗਏ, ਉਹ
ਇਸ ਲਹਿਰ ਵਿਚ ਸ਼ਾਮਲ ਹੁੰਦੇ ਗਏ।‘‘ ਜਗਜੀਤ ਸਿੰਘ ਅੱਗੇ ਲਿਖਦੇ ਹਨ, ‘‘ਸ੍ਰੀ ਗੁਰਮੁਖ ਸਿੰਘ
ਅਤੇ ਸ੍ਰੀ ਪਿਰਥੀ ਸਿੰਘ ਅਜੇ ਤੱਕ ਕਮਿਊਨਿਸਟ ਪਾਰਟੀ ਦੇ ਸਰਗਰਮ ਵਰਕਰ ਹਨ ਅਤੇ ਜਦ ਪੰਜਾਬ
ਵਿਚਲੀ ਕਮਿਊਨਿਸਟ ਲਹਿਰ ਦਾ ਇਤਿਹਾਸ ਲਿਖਿਆ ਜਾਵੇਗਾ ਤਾਂ ਇਨ੍ਹਾਂ ਵਿਚ ਇਸ ਦੀ ਵਿਸ਼ੇਸ਼ ਥਾਂ
ਹੋਵੇਗੀ।‘‘ ਇਸ ਤੋਂ ਅਗਾਂਹ ਜਗਜੀਤ ਸਿੰਘ 1939 ਦੀ ਇਕ ਪੰਜਾਬ ਪੁਲਿਸ ਰਿਪੋਰਟ ਦਾ ਹਵਾਲਾ
ਦਿੰਦੇ ਲਿਖਦੇ ਹਨ, ‘‘(ਕਿਸਾਨ) ਕਮੇਟੀ ਉਤੇ ਪਿੱਛੇ ਵੀ ਅਤੇ ਹੁਣ ਵੀ ਸਜ਼ਾ ਯਾਫਤਾ
ਤਰਾਸਵਾਦੀਆਂ ਅਤੇ ਗ਼ਦਰ ਪਾਰਟੀ ਦਾ ਗਲਬਾ ਰਿਹਾ ਹੈ, ਜਿਹੜੇ ਸਭ ਰੂਸ ਤੋਂ ਪ੍ਰੇਰਨਾ ਲੈਂਦੇ
ਹਨ।‘‘27 ਇਨ੍ਹਾਂ ਤੱਥਾਂ ਤੋਂ ਬਾਅਦ ਅਜਮੇਰ ਸਿੰਘ ਦੇ ਦਾਅਵੇ ਦਾ ਕੀ ਅਰਥ ਰਹਿ ਜਾਂਦਾ ਹੈ
ਜਿਸ ‘ਚ ਉਹ ਕਹਿੰਦਾ ਹੈ ਕਿ ਇਕ ਅੰਧ ਬੰਦਾ ਹੀ ਕਮਿਊਨਿਸਟ ਬਣਿਆ ਸੀ। ਉਸ ਦਾ ਸਾਰਾ ਵਿਸ਼ਲੇਸ਼ਣ
ਹੀ ਨਿਰਮੂਲ, ਤੱਥ ਵਿਹੂਣਾ ਅਤੇ ਮਨਘੜਤ ਗੱਲਾਂ ਉਪਰ ਖੜ੍ਹਾ ਹੈ।
ਸਿੱਖ ਵਿਸ਼ਲੇਸ਼ਣਕਾਰ ਦੀ ਪੁਸਤਕ ਦਾ ਸਭ ਨਾਲੋਂ ਵੱਡਾ ਦੁਖਾਂਤਕ ਪਾਸਾਰ ਇਹ ਹੈ, ‘‘7-8 ਹਜ਼ਾਰ
ਮਰਜੀਵੜਿਆਂ ਵਿਚੋਂ ਹਿੰਦੂ ਅਤੇ ਮੁਸਲਮਾਨ ਰਲਕੇ 50 ਤੋਂ ਵੱਧ ਨਹੀਂ ਸਨ। ਬਾਕੀ ਸਾਰੇ ਕਿਸਾਨ
ਸਨ।‘‘28 ਇਹ ਤੱਥ ਐਡਾ ਨਿਰਮੂਲ ਅਤੇ ਭੁਲਾਂਦਰਾਪਾਊ ਹੈ ਕਿ ਲੇਖਕ ਜਾਂ ਤਾਂ ਤੱਥਾਂ ਤੋਂ
ਬਿਲਕੁਲ ਹੀ ਅਗਿਆਨੀ ਅਤੇ ਅਣਜਾਣ ਹੈ ਜਾਂ ਤੱਥਾਂ ਨੂੰ ਛੁਪਾ ਰਿਹਾ ਹੈ। ਇਤਿਹਾਸਕ ਤੱਥ ਇਉਂ
ਛੁਪਦੇ ਨਹੀਂ ਹਨ ਕਿਉਂਕਿ ਇਹ ਚੋਰੀ ਦਾ ਗੁੜ ਥੋੜਾ ਹੁੰਦਾ ਹੈ ਜਿਸ ਨੂੰ ਬੁੱਕਲ ਵਿਚ ਭੰਨ ਕੇ
ਖਾ ਲਿਆ ਜਾਵੇ। ਲੇਖਕ ਸਿੰਘਾਪੁਰ ਦੇ ਵਿਦਰੋਹ ਦਾ ਜ਼ਿਕਰ ਤੱਕ ਨਹੀਂ ਕਰਦਾ। ਗ਼ਦਰ ਲਹਿਰ ਦਾ ਇਹ
ਇਕੋ ਇਕ ਵਿਦਰੋਹ ਹੈ ਜੋ ਸਿਰੇ ਚੜ੍ਹਦਾ ਹੈ ਤੇ 10-12 ਦਿਨ ਗ਼ਦਰੀਆਂ ਦਾ ਸਿੰਘਾਪੁਰ ਉੱਤੇ
ਕਬਜ਼ਾ ਰਹਿੰਦਾ ਹੈ। ਉਨ੍ਹਾਂ ਨੇ ਸੜਕਾਂ ਤੇ ਫਿਰਦੇ ਯੂਰਪੀਨਾਂ ਨੂੰ ਮਾਰ ਮੁਕਾਇਆ ਸੀ, ਜਰਮਨ
ਜੰਗੀ ਕੈਦੀਆਂ ਨੂੰ ਮੁਕਤ ਕਰ ਦਿੱਤਾ ਸੀ, ਕਿਸੇ ਔਰਤ ਨੂੰ ਨੁਕਸਾਨ ਨਹੀਂ ਪਹੁੰਚਾਇਆ ਸੀ।
ਅੰਗਰੇਜ਼ਾਂ ਨੂੰ ਇਹ ਬਗ਼ਾਵਤ ਠੱਲਣ ਲਈ ਜਪਾਨ ਅਤੇ ਰੂਸ ‘ਚੋਂ ਫੌਜਾਂ ਮੰਗਵਾਉਣੀਆਂ ਪਈਆਂ ਸਨ।
ਇਹ ਵਿਦਰੋਹ 15 ਫਰਵਰੀ 1915 ਨੂੰ ਵਾਪਰਿਆ ਸੀ। ਇਹ 400 ਪੰਜਾਬੀ ਮੁਸਲਮਾਨਾਂ ਦੀ ਪੰਜਵੀਂ
ਲਾਈਟ ਇਨਫੈਂਟਰੀ ਰੈਜਮੈਂਟ ਸੀ। ਇਹ ਉਹ ਵਿਦਰੋਹੀ ਸਨ, ਜਿੰਨਾਂ ਨੂੰ ਬਰਤਾਨਵੀ ਸਰਕਾਰ ਨੇ
15000 ਲੋਕਾਂ ਦੀ ਹਾਜ਼ਰੀ ਵਿਚ ਚਿੱਟੇ ਦਿਨ ਗੋਲੀਆਂ ਨਾਲ ਉਡਾਇਆ ਸੀ। ਇਸ ਰੈਜਮੈਂਟ ਵਿਚ 200
ਨੂੰ ਕੋਰਟ ਮਾਰਸ਼ਲ ਕੀਤਾ, 47 ਨੂੰ ਕਤਲ ਕੀਤਾ, 64 ਨੂੰ ਉਮਰ ਕੈਦ ਕੀਤੀ ਤੇ 73 ਨੂੰ 7 ਤੋਂ
20 ਸਾਲ ਦੀ ਸਜ਼ਾ ਦਿੱਤੀ।28 ਕੀ ਇਹ ਪੰਜਾਬੀ ਮੁਸਲਮਾਨਾਂ ਦੀ ਸ਼ਹੀਦੀ ਬਰਤਾਨਵੀ ਸਰਕਾਰ ਲਈ
ਲੜਦੇ ਹੋਈ ਹੈ? ਕੀ ਇਹ ਗ਼ਦਰੀ ਨਹੀਂ ਸਨ? ਇਹ ਪੰਜਾਬੀ ਮੁਸਲਮਾਨ ਜੀਂਦ ਅਤੇ ਰੋਹਤਕ ਜ਼ਿਲ੍ਹੇ
ਦੇ ਸਨ ਤੇ ਇਨ੍ਹਾਂ ਵਿਚ ਕੁਝ ਲੁਧਿਆਣਾ ਅਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਸਨ। ਲੇਖਕ ਕਿਸ ਤੱਥ
ਦੇ ਆਧਾਰ ਤੇ ਗ਼ੈਰ ਸਿੱਖ ਨੂੰ 50 ਤੋਂ ਵੱਧ ਨਹੀਂ ਕਹਿੰਦਾ। ਬਰਕਤੁੱਲਾ ਵਰਗਾ ਸੂਝਵਾਨ ਲੀਡਰ,
ਹਾਫਿਜ਼ ਅਬਦੁੱਲਾ ਜੋ ਮਨੀਲਾ ਦੀ ਗ਼ਦਰ ਪਾਰਟੀ ਦਾ ਪ੍ਰਧਾਨ ਸੀ ਅਤੇ ਰਹਿਮਤ ਅਲੀ ਵਜੀਦਕੇ ਦੀਆਂ
ਕੁਰਬਾਨੀਆਂ ਕਿਸੇ ਗਿਣਤੀ-ਮਿਣਤੀ ਦੀਆਂ ਮੁਥਾਜ ਨਹੀਂ। ਲੇਖਕ ਦਾ ਇਹ ਤੱਥ ਕਿ ਬਾਕੀ ਸਭ ਸਿੱਖ
ਕਿਸਾਨ ਸਨ। ਉਹ ਕਹਿਣਾ ਕੀ ਚਾਹੁੰਦਾ ਹੈ ਕਿ ਇਹ ‘ਜੱਟ ਸਿੱਖਾਂ‘ ਦੀ ਲਹਿਰ ਸੀ। ਅਜਿਹਾ
ਬਿਲਕੁਲ ਹੀ ਨਹੀਂ ਹੈ। ਮੰਗੂ ਰਾਮ ਮੁਗੋਵਾਲੀਆ ਵਰਗੇ ਦਲਿਤ ਨੂੰ ਕਿੱਥੇ ਰੱਖੋਗੇ ਜਿਹੜਾ
ਮੈਵਰਿਕ ਜਹਾਜ਼ ਤੋਂ ਹਥਿਆਰ ਲੈਂਦਾ ਲੈਂਦਾ ਕਈ ਸਾਲ ਪਰਾਏ ਮੁਲਕਾਂ ਵਿਚ ਭਟਕਦਾ ਰਿਹਾ। ਸੋ,
ਲੇਖਕ ਦਾ ਸਪੱਸ਼ਟ ਏਜੰਡਾ ਫਿਰਕਾਪ੍ਰਸਤ ਵਿਚਾਰਾਂ ਨਾਲ ਜੁੜਿਆ ਹੋਇਆ ਹੈ ਜਿਹੜਾ ਸ਼ਹੀਦਾਂ ਦੀ
ਸਿਰਲੱਥ ਕੁਰਬਾਨੀ ਉਤੇ ਪੰਜਾਬੀ ਕੌਮ ਨੂੰ ਤਾਰ ਤਾਰ ਕਰ ਦੇਣੀ ਚਾਹੁੰਦਾ ਹੈ।
ਲੇਖਕ ਆਪਣੀ ਪੁਸਤਕ ਦੀ ਵਿਧੀ ਆਪਣੇ ਬਣਾਏ ਸੁਆਲਾਂ ਦੇ ਆਪ ਹੀ ਜਵਾਬ ਦੇਣ ਵਾਲੀ ‘ਚ ਗ਼ਦਰ
ਲਹਿਰ ਦਾ ਨਿਸ਼ਕਰਸ਼ ਕੱਢਦਿਆਂ ਕਹਿੰਦਾ ਹੈ, ‘‘ਪਰ ਇਹ ਗੱਲ ਯਕੀਨ ਨਾਲ ਕਹੀ ਜਾ ਸਕਦੀ ਹੈ ਕਿ
ਪੰਜਾਬ ਅੰਦਰ ਫੌਜੀ ਬਗਾਵਤ ਨਾਲ ਅੰਗਰੇਜ਼ ਹਕੂਮਤ ਦਾ ਸਿੰਘਾਸਨ ਡਾਵਾਂ ਡੋਲ ਹੋ ਜਾਣ ਦੀ ਸੂਰਤ
ਵਿਚ ਸਿੱਖ ਜਨਤਾ ਅੰਦਰ ਲਾਜ਼ਮੀ ਤਕੜਾ ਉਭਾਰ ਪੈਦਾ ਹੋ ਜਾਣਾ ਸੀ, ਕਿਉਂਕਿ ਉਸ ਵੇਲੇ ਸਿੱਖਾਂ
ਅੰਦਰ ਭਾਰਤੀ ਰਾਸ਼ਟਰਵਾਦ ਦੀਆਂ ਅਜੇ ਜੜ੍ਹਾਂ ਨਹੀਂ ਲੱਗੀਆਂ ਸਨ ਅਤੇ ਉਨ੍ਹਾਂ ਨੂੰ ਭਾਰਤ ਦੀ
ਆਜ਼ਾਦੀ ਨਾਲੋਂ ਪੰਜਾਬ ਦੀ ਆਜ਼ਾਦੀ ਦੇ ਵਿਚਾਰ ਨੇ ਵਧੇਰੇ ਟੁੰਬਣਾ ਸੀ। ਦੋਵੇਂ ਹੀ ਗੱਲਾਂ
ਸੰਭਵ ਸਨ। ਇਤਿਹਾਸ ਦਾ ਇਕ ਹੋਰ ਵੱਡਾ ਖ਼ੂਨ-ਖ਼ਰਾਬਾ ਵੀ ਹੋ ਸਕਦਾ ਸੀ ਅਤੇ ਪੰਜਾਬ ਅੰਦਰ ਸਿੱਖ
ਰਾਜ ਦੀ ਮੁੜ ਸਥਾਪਨਾ ਵੀ ਹੋ ਸਕਦੀ ਸੀ। ਸ਼ਚਿੰਦਰ ਨਾਥ ਸਾਨਿਆਲ ਦੀ ਗਵਾਹੀ ਅਤੇ ਗ਼ਦਰੀਆਂ ਦੇ
ਮੁਕੱਦਮੇ ਸੁਣਨ ਵਾਲੇ ਜੱਜਾਂ ਵੱਲੋਂ ਪ੍ਰਗਟਾਏ ਵਿਚਾਰਾਂ ਨੂੰ ਦੇਖਦੇ ਹੋਏ, ਇਹ ਸੋਚਣਾ ਉੱਕਾ
ਹੀ ਗ਼ਲਤ ਨਹੀਂ ਕਿ ਗ਼ਦਰੀ ਇਨਕਲਾਬੀਆਂ ਅੰਦਰ ਵੀ ਖ਼ਾਲਸਾ ਰਾਜ ਦੀ ਮੁੜ ਸਥਾਪਨਾ ਦਾ ਜਜ਼ਬਾ
ਅੰਗੜਾਈ ਲੈ ਸਕਦਾ ਸੀ। ਇਸ ਨਾਲ ਸਿੱਖਾਂ ਦਾ ਤਾਂ ਭਲਾ ਹੋਣਾ ਹੀ ਸੀ, ਭਾਰਤ ਦੇ ਦੂਸਰੇ
ਮਜ਼ਲੁੂਮ ਵਰਗਾਂ ਲਈ ਵੀ ਇਹ ਸ਼ੁਭ ਸ਼ਗਨ ਹੋਣਾ ਸੀ।‘‘29 ਇਹ ਹੈ ਉਹ ਤੱਤ ਸਾਰ, ਜਿਸ ਲਈ ਲੇਖਕ
ਲੰਮਾ ਚੌੜਾ ਵਲ਼ ਮਾਰ ਕੇ ਆਉਂਦਾ ਹੈ। ਪਰੰਤੂ ਇਹ ਸਾਰਾ ਕੁਝ ਆਪਾ ਵਿਰੋਧੀ ਹੀ ਨਹੀਂ ਸਗੋਂ
ਇਤਿਹਾਸਕ ਤੱਥਾਂ ਦੀ ਭੰਨ ਤੋੜ ਹੈ। ਸੁਆਲ ਇਹ ਪੈਦਾ ਹੁੰਦਾ ਹੈ ਕਿ ਜਿਹੜੀ ਲੜਾਈ
ਕੌਮੀ/ਰਾਸ਼ਟਰੀ ਸਰੋਕਾਰਾਂ ਨਾਲ ਤੁਰਦੀ ਹੈ ਉਸ ਨੂੰ ਇਹ ਕਹਿਣਾ ਕਿ ਸਿੱਖ ਰਾਜ ਦੀ ਮੁੜ
ਸਥਾਪਨਾ ਵੀ ਹੋ ਸਕਦੀ ਸੀ। ਇਹ ਉਸ ਦਾ ਮਨ ਇੱਛਤ ਸੁਪਨਾ ਹੈ। ਦੂਸਰਾ, ਉਸ ਦਾ ਇਹ ਕਹਿਣਾ ਕਿ
ਉਦੋਂ ਸਿੱਖਾਂ ਅੰਦਰ ਭਾਰਤੀ ਰਾਸ਼ਟਰਵਾਦ ਦੀਆਂ ਜੜ੍ਹਾਂ ਨਹੀਂ ਲੱਗੀਆਂ ਸਨ। ਕੀ ਲੇਖਕ ਸਿੱਖਾਂ
ਨੂੰ ਪਛੜਿਆ ਹੀ ਰੱਖਣਾ ਚਾਹੁੰਦਾ ਹੈ? ਕੀ ਰਾਸ਼ਟਰਵਾਦ ਅਜਿਹੀ ਕੋਈ ਬਿਮਾਰੀ ਹੈ ਜਿਸ ਨਾਲ
ਸਿੱਖਾਂ ਦਾ ਭਾਰੀ ਨੁਕਸਾਨ ਹੋ ਜਾਵੇਗਾ? ਇਹ ਕਿਉਂ ਜ਼ਰੂਰੀ ਹੈ ਕਿ ਹਰ ਸਿੱਖ ਦਾ ਭਲਾ ਲੇਖਕ
ਵਾਲੀ ਸਿੱਖੀ ਵਿਚ ਹੈ ਨਾ ਕਿ ਗੁਰਬਾਣੀ ਦੇ ਸਿਧਾਂਤ ‘ਸਰਬੱਤ ਦੇ ਭਲੇ‘ ਵਿਚ ਨਹੀਂ ਹੈ? ਲੇਖਕ
ਕਿਉਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਸੁਪਨਾ ਲੈ ਰਿਹਾ ਹੈ? ਇਹ ਉਹ ਇੱਛਾਵਾਂ ਹਨ ਜੋ ਨਾ
ਤਾਂ ਗ਼ਦਰ ਵੇਲੇ ਪੂਰੀਆਂ ਹੋਣੀਆਂ ਸਨ ਅਤੇ ਨਾ ਹੀ ਅੱਜ ਦੇ ਸਮੇਂ ਪੂਰੀਆਂ ਹੋ ਸਕਦੀਆਂ ਹਨ।
ਇਉਂ ਲੇਖਕ ਦਾ ਸਾਰਾ ਵਿਸ਼ਲੇਸ਼ਣ ਅਤੇ ਇੱਛਾਵਾਂ ਦੱਸਦੀਆਂ ਹਨ ਕਿ ਗ਼ਦਰ ਲਹਿਰ ਨੂੰ ਸਿੱਖ ਲਹਿਰ
ਬਣਾਉਣ ਪਿੱਛੇ ਉਸ ਦਾ ਗੁਪਤ ਏਜੰਡਾ ਕੀ ਹੈ?
ਉਪਰੋਕਤ ਪੁਣ-ਛਾਣ ਲੇਖਕ ਦੀਆਂ ਕੁਝ ਧਾਰਨਾਵਾਂ ਅਤੇ ਤੱਥਾਂ ਦੀ ਹੈ, ਜਿੰਨਾਂ ਤੋਂ ਬਿਲਕੁਲ
ਸਪੱਸ਼ਟ ਹੋ ਜਾਂਦਾ ਹੈ ਕਿ ਲੇਖਕ ਤੱਥਾਂ ਅਤੇ ਇਤਿਹਾਸ ਨਾਲ ਕਿਵੇਂ ਖਿਲਵਾੜ ਕਰਦਾ ਹੈ।
ਇਤਿਹਾਸ ਅਜਿਹੇ ਬੌਧਿਕ ਅਨਾਚਾਰ ਦੀ ਇਜ਼ਾਜਤ ਨਹੀਂ ਦਿੰਦਾ। ਉਪਰੋਕਤ ਪੁਣ-ਛਾਣ ਸੰਬੰਧੀ ਜੇਕਰ
ਲੇਖਕ ਸੰਵਾਦ ਵਿਚ ਉਤਰੇ ਤਾਂ ਉਸ ਦੀਆਂ ਹੋਰ ਅਜਿਹੀਆਂ ਗੱਲਾਂ ਦੀ ਵੀ ਚਰਚਾ ਕੀਤੀ ਜਾ ਸਕਦੀ
ਹੈ ਜਿਹੜੀਆਂ ਗੱਲਾਂ ਨਿਰਮੂਲ, ਮਨਘੜਤ ਅਤੇ ਇਤਿਹਾਸ ਪ੍ਰਤੀ ਬਦਦਿਆਨਤਦਾਰ ਹਨ।
ਹਵਾਲੇ
1. ਅਜਮੇਰ ਸਿੰਘ, ਗ਼ਦਰੀ ਬਾਬੇ ਕੌਣ ਸਨ? ਪੰਨਾ-87
2. ਉਹੀ, ਪੰਨਾ-193
3. ਉਹੀ, ਪੰਨਾ-183
4. ਉਹੀ, ਪੰਨਾ- 57
5. ਉਹੀ, ਪੰਨਾ- 182-183
6. ਅਮੋਲਕ ਸਿੰਘ, ਗੁਰਦਿਆਲ ਬੱਲ, ਸਿੱਖ ਕੌਮ: ਹਸਤੀ ਤੇ ਹੋਣੀ, ਪੰਨਾ-335
7. ਅਜਮੇਰ ਸਿੰਘ, ਗ਼ਦਰੀ ਬਾਬੇ ਕੌਣ ਸਨ? ਪੰਨਾ-117
8. ਗ਼ਦਰ ਲਹਿਰ ਦੀ ਕਹਾਣੀ: ਗ਼ਦਰੀ ਬਾਬਿਆਂ ਦੀ ਜ਼ੁਬਾਨੀ, ਪੰਨਾ-45-46
9. ਡਾ. ਸ਼ਿਵ ਕੁਮਾਰ ਗੁਪਤਾ, ਬਾਬਾ ਸੋਹਨ ਸਿੰਘ ਭਕਨਾ: ਜੀਵਨ ਤੇ ਵਿਚਾਰਧਾਰਾ, ਪੰਨਾ-134
10. ਸੋਹਨ ਸਿੰਘ ਭਕਨਾ, ਮੇਰੀ ਰਾਮ ਕਹਾਣੀ, ਪੰਨਾ-16
11. ਉਹੀ, ਪੰਨਾ-24
12. ਸਤਨਾਮ ਚਾਨਾ, ਸਿੱਖ ਫ਼ਲਸਫ਼ੇ ਦਾ ਰਾਜਨੀਤਕ ਏਜੰਡਾ ਤੇ ਪੰਜਾਬ ਕਮਿਊਨ, ਪੰਨਾ-28
13. ਸੋਹਨ ਸਿੰਘ ਜੋਸ਼, ਇਕ ਇਨਕਲਾਬ ਇਕ ਜੀਵਨੀ, ਪੰਨਾ-75-76
14. ਸੋਹਨ ਸਿੰਘ ਭਕਨਾ, ਮੇਰੀ ਰਾਮ ਕਹਾਣੀ, ਪੰਨਾ-143
15. ਸੋਹਨ ਸਿੰਘ ਪੂਨੀ, ਕੈਨੇਡਾ ਦੇ ਗ਼ਦਰੀ ਯੋਧੇ, ਪੰਨਾ-62
16. ਮਲਵਿੰਦਰਜੀਤ ਸਿੰਘ ਵੜੈਚ (ਸੰਪਾਦਕ), ਹਰਭਜਨ ਸਿੰਘ ਚਮਿੰਡਾ ਦੀ ਲਹੂ ਭਿੰਨੀਆਂ ਯਾਦਾਂ
ਅਤੇ ਸਵੈ-ਜੀਵਨੀ, ਪੰਨਾ-99
17. ਹਰੀਸ਼ ਕੇ ਪੁਰੀ, ਗ਼ਦਰ ਲਹਿਰ: ਵਿਚਾਰਧਾਰਾ, ਜਥੇਬੰਦੀ, ਰਣਨੀਤੀ ਪੰਨਾ-144
18. ਸੋਹਨ ਸਿੰਘ ਭਕਨਾ, ਮੇਰੀ ਰਾਮ ਕਹਾਣੀ, ਪੰਨਾ-113
19. ਉਹੀ, ਪੰਨਾ-136
20. ਹੋਰ ਵਿਆਖਿਆ ਲਈ ਦੇਖੋ, ਭਗਤ ਸਿੰਘ ਬਿਲਗਾ, ਗ਼ਦਰ ਲਹਿਰ ਦੇ ਅਣਫੋਲੇ ਵਰਕੇ, ਪੰਨਾ 72
21. ਅਜਮੇਰ ਸਿੰਘ, ਗ਼ਦਰੀ ਬਾਬੇ ਕੌਣ ਸਨ? ਪੰਨਾ-194
22. ੍ਵ ਛਜਅਪੀ 7ਜ;;, ੍ਵਜਰਚਤ ਞਕਲਕ;ਤ: ‘‘ੀਕ 7ੀ ੍ਵਗਰਤਕ ੍ਵਗ਼ਫਵਜਫਕ, ‘‘ੀਕ 7ੀ
Áਰਡਕਠਕਅਵ (5ਦਜਵ ਲਖ ੲ.ਛ. 7ਗਕਮ ਰਵੀਕਗਤ) ੍ਵ-275-300
23. ਅਜਮੇਰ ਸਿੰਘ, ਗ਼ਦਰੀ ਬਾਬੇ ਕੌਣ ਸਨ? ਪੰਨਾ-162-163-164
24. ਉਹੀ, ਪੰਨਾ-164
25. ਸ਼ਚਿੰਦਰ ਨਾਥ ਸਾਨਿਆਲ, ਬੰਦੀ ਜੀਵਨ, ਪੰਨਾ-9
26. ਭਗਵਾਨ ਸਿੰਘ ਜੋਸ਼, ਪੰਜਾਬ ਵਿਚ ਕਮਿਊਨਿਸਟ ਲਹਿਰ, ਪੰਨਾ-47
27. ਜਗਜੀਤ ਸਿੰਘ, ਗ਼ਦਰ ਪਾਰਟੀ ਲਹਿਰ, ਪੰਨਾ 416 ਤੋਂ 418
28. ਅਜਮੇਰ ਸਿੰਘ, ਗ਼ਦਰੀ ਬਾਬੇ ਕੌਣ ਸਨ? ਪੰਨਾ-11
29. Parambir Singh Gill, Pious Rebels: The Ghadar Prose and Practice, The
Ghadar Movement (Edit by J.S. Grewal and others) P-275-300
30. ਅਜਮੇਰ ਸਿੰਘ, ਗ਼ਦਰੀ ਬਾਬੇ ਕੌਣ ਸਨ? ਪੰਨਾ-236
-0-
|