ਜਤਿੰਦਰ ਰੰਧਾਵਾ ਗੰਭੀਰ ਨਾਰੀ ਸਰੋਕਾਰਾਂ ਵਾਲੀ ਕਵਿਤਰੀ ਹੈ। ਉਸ ਦੀ
ਕਵਿਤਾ ਦੇ ਥੀਮਕ ਪਾਸਾਰ ਵੰਨ ਸੁਵੰਨੇ ਹਨ। ਉਹ ਨਾਰੀ ਦੇ ਅਸਤਿੱਤਵ ਨਾਲ
ਜੁੜੇ ਸਰੋਕਾਰਾਂ ਦਾ ਵਿਸ਼ਲੇਸ਼ਣ ਪੰਜਾਬੀ ਸਭਿਆਚਾਰ ਅਤੇ ਪ੍ਰਵਾਸ ਵਿਚੋਂ
ਉਪਜੀ ਤਿੱਖੀ ਪਰਵਾਸ ਚੇਤਨਾ ਦੇ ਝਰੋਖੇ ਰਾਹੀਂ ਕਰਦੀ ਹੈ। ਉਸ ਦੀ
ਨਵ-ਪ੍ਰਕਾਸ਼ਿਤ ਪੁਸਤਕ ‘ਮੈਂ ਵੇਲ ਹਾਂ‘ ਪ੍ਰਵਾਸੀ ਪੰਜਾਬੀ ਕਵਿਤਾ ਵਿਚ
ਨਵੀਆਂ ਬੁਲੰਦੀਆਂ ਨੂੰ ਛੁਹਣ ਵਾਲੀ ਪੁਸਤਕ ਹੈ। ਇਸ ਪੁਸਤਕ ਵਿਚ ਨਾਰੀ
ਸਰੋਕਾਰਾਂ ਨਾਲ ਜੁੜੇ ਮਸਲੇ ਉਤਰ-ਆਧੁਨਿਕ ਯੁੱਗ ਅਤੇ ਵਿਸ਼ਵੀਕਰਨ ਦੇ ਸੰਦਰਭ
ਵਿਚ ਨਿਰੰਤਰ ਜਗਮਗ ਕਰਦੇ ਰਹਿੰਦੇ ਹਨ। ਉਹ ਧਰਤੀ ਨਾਲ ਜੁੜੀ
ਸ਼ਾਇਰਾ ਹੈ। ਸਵਸਥ ਪਰੰਪਰਾਮੂਲਕ ਕਦਰਾਂ ਕੀਮਤਾਂ ਅਤੇ ਗਲੋਬਲੀ ਸੋਚ
ਪ੍ਰਣਾਲੀਆਂ ਦੇ ਝਰੋਖੇ ਰਾਹੀਂ ਹੀ ਉਸਦੇ ਕਾਵਿ-ਸੰਸਾਰ ਦੀ ਉਸਾਰੀ ਹੁੰਦੀ
ਹੈ।
ਬ੍ਰਹਿਮੰਡੀ ਵਸਤਾਂ, ਪ੍ਰਕਿਰਤੀ, ਸ੍ਰਿਸ਼ਟੀ, ਧਰਤੀ ਅਤੇ ਅੰਬਰ ਮਨੁੱਖ ਦੀ
ਚੇਤਨਾ ਵਿਚ ਆਦਿ-ਕਾਲ ਤੋਂ ਸਦਾ ਜਗਮਗ ਕਰਦੇ ਰਹੇ ਹਨ ਅਤੇ ਮਨੁੱਖ ਨੇ ਆਪਣੀ
ਚੇਤਨਾ ਰਾਹੀਂ ਇਨ੍ਹਾਂ ਵਸਤਾਂ, ਵਰਤਾਰਿਆਂ ਨੂੰ ਵਿਆਖਿਆਉਣ ਅਤੇ ਵਿਸ਼ਲੇਸ਼ਣ
ਕਰਨ ਦਾ ਕਾਰਜ ਕੀਤਾ ਹੈ ਅਤੇ ਇਨ੍ਹਾਂ ਨੂੰ ਇਸਤਰੀ ਅਤੇ ਪੁਲਿੰਗ ਵਰਗਾਂ
ਵਿਚ ਵੰਡਿਆ ਹੈ। ਇਸ ਅਸੰਤੁਲਿਤ ਲਿੰਗ ਵੰਡ ਵਿਚੋਂ ਹੀ ਅਸਲ ਵਿਚ ਨਾਰੀ
ਸੋਸ਼ਣ ਦੇ ਬੀਜ-ਸੂਤਰ ਪਏ ਹਨ। ਗਿਆਨ, ਚਿੰਤਨ ਅਤੇ ਭਾਸ਼ਾ ਉਪਰ ਮਰਦ ਦੀ
ਸਰਦਾਰੀ ਨੇ ਹੀ ਪੁਰਸ਼ ਪ੍ਰਧਾਨ ਪ੍ਰਤੀਕ ਪ੍ਰਬੰਧ ਅਤੇ ਰੂਪਾਂਤਰਣ ਕ੍ਰਿਆਵਾਂ
ਨੂੰ ਵਧਾਇਆ ਹੈ। ਮਿਸਾਲ ਵਜੋਂ ਜਤਿੰਦਰ ਦੀ ਕਵਿਤਾ ‘ਧਰਤੀ‘ ਨੂੰ ਵਿਚਾਰਿਆ
ਜਾ ਸਕਦਾ ਹੈ। ਧਰਤੀ ਅਤੇ ਅੰਬਰ ਦੇ ਵਿਰੋਧ ਜੁੱਟਾਂ ਰਾਹੀਂ ਕਵਿਤਰੀ ਨੇ
ਮਰਦ ਅਤੇ ਔਰਤ ਦੇ ਸੁਤੰਤਰ ਵਜੂਦ ਦੀ ਵਕਾਲਤ ਕਰਦਿਆਂ ਔਰਤ ਨਾਲ ਜੁੜੇ
ਸੰਕਲਪਾਂ ਦੀ ਵਿਆਖਿਆ ਇਨ੍ਹਾਂ ਮਿੱਥਾਂ ਤੋਂ ਪਾਰ ਜਾ ਕੇ ਕਰਨ ਦਾ ਸਫ਼ਲ
ਉਪਰਾਲਾ ਕੀਤਾ ਹੈ।
-2-
ਭਾਰਤੀ ਨਾਰੀ ਦੀਆਂ ਸਭਿਆਚਾਰਕ ਕਦਰਾਂ ਕੀਮਤਾਂ ਵਿਚ ਉਸਦੀ ਸਹਿਨਸ਼ੀਲਤਾ ਦਾ
ਸੰਕਲਪ ਵਿਸ਼ਵ ਪੱਧਰ ਉਪਰ ਉਸਰੇ ਨਾਰੀ ਸਰੋਕਾਰਾਂ ਦੇ ਸਨਮੁੱਖ ਇਕ ਪ੍ਰਤਿਮਾਨ
ਸਿਰਜਦਾ ਹੈ। ਪਰੰਪਰਾਗਤ ਕੀਮਤ-ਪ੍ਰਬੰਧ ਵਿਚ ਉਸਦੀ ਸਹਿਨਸ਼ੀਲਤਾ ਹੀ ਉਸਦੀ
ਸ਼ਕਤੀ ਹੈ। ਕਾੜ੍ਹਨੀ ਦੇ ਦੁੱਧ ਦੀ ਤਰ੍ਹਾਂ ਉਹ ਅੰਦਰੋਂ ਅੰਦਰੀਂ ਕੜ੍ਹਦੀ
ਆਪਣੇ ਕੰਢੇ ਸਾੜਦੀ ਰਹਿੰਦੀ ਹੈ ਪਰੰਤੂ ਉਤਰ ਆਧੁਨਿਕ ਦੌਰ ਵਿਚ ਕਵਿਤਰੀ ਨੇ
ਆਪਣੀ ਕਵਿਤਾ ‘ਮੈਂ ਵੇਲ ਹਾਂ‘ ਵਿਚ ਪਰੰਪਰਾਗਤ ਕੀਮਤ ਪ੍ਰਬੰਧ ਨੂੰ
ਵੰਗਾਰਿਆ ਹੈ। ਕਵਿਤਰੀ ਅਨੁਸਾਰ ਪ੍ਰਕਿਰਤਿਕ ਲਿੰਗ ਵਿਭਾਜਨੀ ਵਿੱਤਕਰੇ ਨੇ
ਮਨੁੱਖੀ ਸਮਾਜ ਨੂੰ ਆਦਿ ਕਾਲੀਨ ਸਮਿਆਂ ਤੋਂ ਹੀ ਦੋ-ਧਰੂਵੀ ਸਭਿਆਚਾਰਾਂ
ਵਿਚ ਵੰਡ ਦਿੱਤਾ ਸੀ। ਇਸਤਰੀ ਅਤੇ ਪੁਰਖ ਵਿਚਲਾ ਕਿਰਤ ਦਾ ਵਿਭਾਜਨ ਵੀ
ਯੋਗਤਾ ਦੇ ਆਧਾਰ ਉਪਰ ਹੋਣ ਕਾਰਨ ਅੱਡੋ ਅੱਡਰਾ ਸੀ। ਇਸ ਤਰ੍ਹਾਂ ਪੁਰਖੀ
ਸਰੋਕਾਰ ਵਧੇਰੇ ਬਾਹਰਮੁਖੀ ਗਤੀਵਿਧੀਆਂ ਉਪਰ ਆਧਾਰਿਤ ਹੁੰਦੇ ਗਏ ਜਦਕਿ
ਨਾਰੀ ਸਰੋਕਾਰ ਅੰਤਰਮੁਖੀ ਗਤੀਵਿਧੀਆਂ ਦੇ ਲਖਾਇਕ ਹੋ ਗਏ। ਨਾਰੀ ਅਤੇ ਪੁਰਖ
ਸਰੋਕਾਰ ਪਰਸਪਰ ਅੰਤਰ ਸੰਬੰਧਿਤ ਅਤੇ ਅੰਤਰ ਆਧਾਰਿਤ ਹਨ। ਕਵਿਤਰੀ ਨਾਰੀ
ਸਰੋਕਾਰਾਂ ਨਾਲ ਸੰਬੰਧਿਤ ਮਿੱਥਾਂ ਦਾ ਵਿਖੰਡਨ ਕਰਦੀ ਹੋਈ ਨਵਾਂ ਕੀਮਤ
ਪ੍ਰਬੰਧ ਉਸਾਰਨ ਦੀ ਇੱਛਕ ਹੈ, ਜੋ ਬਰਾਬਰੀ ਵਾਲਾ ਅਤੇ ਸਵੈ-ਪਛਾਣ ਵਾਲਾ
ਹੈ। ਹਿੰਦੂ ਮਿਥਿਹਾਸ ਵਿਚ ਸਿਰਜੀਆਂ ਨਾਇਕਾਵਾਂ ਦੇ ਹਵਾਲੇ ਨਾਲ ਕਵਿਤਰੀ
ਨਾਰੀ ਦੇ ਸਸ਼ਕਤੀਕਰਨ ਦੀ ਉਸਾਰੀ ਕਰਦੀ ਹੈ। ‘ਵੇਲ‘ ਚਿਹਨ ਆਪਣੇ ਬਨਾਸਪਤੀ
ਵਾਲੇ ਚਰਿੱਤਰ ਤੋਂ ਰੂਪਾਂਤਰਿਤ ਹੋ ਕੇ ਇਕ ਸਭਿਆਚਾਰਕ ਵਸਤੂ ਵਿਚ ਤਬਦੀਲ
ਹੋ ਗਿਆ ਹੈ। ਸਭਿਆਚਾਰਕ ਵਸਤਾਂ ਵਿਚ ਨਾਰੀ ਆਪਣੇ ਸੌਂਦਰਯ, ਸਹਿਨਸ਼ੀਲਤਾ,
ਕੋਮਲਤਾ, ਨਾਰੀਤਵ ਆਦਿ ਵਸਤਾਂ ਸਮੇਤ ਪੁਰਖ ਦੇ ਬਰਾਬਰ ਖੜੀ ਹੈ।
ਨਾਰੀ ਸਰੋਕਾਰ ਆਦਿ ਕਾਲੀਨ ਯੁੱਗ ਦੀ ਪੈਦਾਵਾਰ ਹਨ। ਜਦੋਂ ਮਨੁੱਖ ਨਿਰੋਲ
ਪ੍ਰਕ੍ਰਿਤਕ ਪਰਿਦ੍ਰਿਸ਼ਾਂ ਵਿਚ ਪੂਰਵ ਲਿਪੀ ਕਾਲ ਵਿਚ ਆਪਣਾ ਮੁੱਢਲਾ ਜੀਵਨ
ਜੀਊਣ ਦੇ ਨਾਲ ਨਾਲ,
-3-
ਮੁੱਢਲੇ ਜੀਵਨ ਮੁੱਲਾਂ ਦੀ ਉਸਾਰੀ ਵੀ ਕਰ ਰਿਹਾ ਸੀ। ਸ਼ਿਕਾਰ ਕਰਨ ਦੇ ਢੰਗ,
ਪੱਥਰ ਦੇ ਹਥਿਆਰਾਂ ਦੀ ਖੋਜ ਅਤੇ ਮੁੱਢਲਾ ਕੀਮਤ-ਪ੍ਰਬੰਧਾਂ ਦਾ ਢਾਂਚਾ ਵੀ
ਨਾਲ-ਨਾਲ ਉਸਰ ਰਿਹਾ ਸੀ। ਕੰਨਿਆ ਭਰੂਣ ਹੱਤਿਆ ਤੋਂ ਪਹਿਲਾਂ ਭੋਜਨ ਦੀ ਘਾਟ
ਜਾਂ ਸ਼ਿਕਾਰ ਕਰਨ ਵਿਚ ਸਹਾਇਕ ਨਾ ਹੋਣ ਕਾਰਨ ਬਾਲੜੀ ਹੱਤਿਆ ਦੇ ਵਰਤਾਰੇ ਦੇ
ਸੰਕੇਤ ਲੋਕ-ਧਾਰਾ ਵਿਚ ਕਿਤੇ ਕਿਤੇ ਮਿਲ ਜਾਂਦੇ
ਹਨ ਜੋ ਬਾਅਦ ਵਿਚ ਰੂੜ੍ਹੀਆਂ ਦੇ ਰੂਪ ਵਿਚ ਪਰਵਰਤਿਤ ਹੋ ਗਏ। ਇਸੇ ਤਰ੍ਹਾਂ
ਪਰਿਵਾਰ ਦੀ ਸੰਰਚਨਾ ਪਿਛੇ ਕਿਰਤ ਦੀ ਵੰਡ ਅਤੇ ਪੂਰਤੀ ਦਾ ਸਿੱਧਾਂਤ ਵੀ
ਕਾਰਜਸ਼ੀਲ ਹੈ। ਜਤਿੰਦਰ ਦੀ ਕਵਿਤਾ ‘ਇਕ ਸੁਆਲ‘ ਵੀ ਉਪਰੋਕਤ ਸਰੋਕਾਰਾਂ ਨਾਲ
ਸੰਵਾਦ ਰਚਾਉਂਦੀ ਹੈ। ਬਿੱਧ ਮਾਤਾ ਦੁਆਰਾ ਲਿਖੇ ਲੇਖ ਪਿੱਛੇ ਲੰਮਾ
ਮਿਥਿਹਾਸਕ ਵਰਤਾਰਾ ਕਾਰਜਸ਼ੀਲ ਹੈ ਪਰੰਤੂ ਹੁਣ ਇਹ ਹੌਲੀ-ਹੌਲੀ ਤਿੜ੍ਹਕ
ਰਿਹਾ ਹੈ।
ਪਰਿਵਾਰ ਦਾ ਕੇਂਦਰੀ ਧੁਰਾ ਨਾਰੀ ਹੈ। ਪਰਿਵਾਰ ਦੀ ਉਸਾਰੀ ਲਈ ਮਨੁੱਖ ਜਾਤੀ
ਨੇ ਇਕ ਲੰਮਾ ਸੰਘਰਸ਼ ਕੀਤਾ ਹੈ। ਇੱਜੜ-ਚੇਤਨਾ ਤੋਂ ਵਿਕਾਸ ਕਰਕੇ ਪਰਿਵਾਰ
ਦਾ ਸੰਗਠਨ ਹੋਇਆ ਹੈ। ਪਰਿਵਾਰ ਵਿਚ ਨਾਰੀ ਖੂਨ ਅਤੇ ਅਖੂਨ ਦੇ ਰਿਸ਼ਤਿਆਂ ਦੀ
ਉਸਾਰੀ ਕਰਦੀ ਹੈ। ਪਰਿਵਾਰਕ ਜਿੰਮੇਵਾਰੀਆਂ ਦੀ ਪੂਰਤੀ ਲਈ ਉਹ ਪਦਾਰਥਕ ਅਤੇ
ਪਰਮਾਰਥਕ ਖੇਤਰਾਂ ਵਿਚ ਹਮੇਸ਼ਾਂ ਕਾਰਜਸ਼ੀਲ ਰਹਿੰਦੀ ਹੈ। ਮਿਸਾਲ ਵਜੋਂ
ਜਤਿੰਦਰ ਦੀ ਕਵਿਤਾ ‘ਅਰਦਾਸ‘ ਨੂੰ ਵਿਚਾਰਿਆ ਜਾ ਸਕਦਾ ਹੈ। ਇਸ ਕਵਿਤਾ ਵਿਚ
ਕਵਿਤਰੀ ਸਵੈ-ਪਛਾਣ ਦੇ ਸਰੋਕਾਰਾਂ ਦਾ ਮੰਥਨ ਕਰਦੀ ਹੈ। ਉਹ ਆਪਣੇ ਅਸਤਿੱਤਵ
ਪ੍ਰਤਿ ਜਾਗਰੂਕ ਹੈ। ਉਹ ਪਰਿਵਾਰ ਦੀ ਖਾਲੀ ਥਾਂ ਵਿਚ ਆਪਣਾ ਬਣਦਾ ਸਥਾਨ
ਤਲਾਸ਼ਣ ਦੇ ਆਹਰ ਵਿਚ ਹੈ, ਜਿਵੇਂ:--
ਪੜ ਦਰ ਪੜਾ ਮੇਰੀ ਅਰਦਾਸ ਦੇ ਲਫਜ਼
ਬਦਲਦੇ ਰਹੇ - - -
ਪਰ ਟੀਚਾ ਉਹੀ ਰਿਹਾ
ਹੁਣ ਫਿਰ ਮੈਂ ਮੰਗਣੀ ਹਾਂ- ਨਾਮ ਗੁਰ ਸਿੱਖੀ ਦਾਨ
ਤੇ ਭਾਣੇ ਨੂੰ ਮੰਨਣ ਲਈ ਸਬਰ ਸੰਤੋਖ
-4-
ਮੇਰੇ ਕੋਲੋਂ ਮੇਰੇ ਲਈ ਤਾਂ ਕੁਝ ਮੰਗਿਆ ਹੀ ਨਹੀਂ ਗਿਆ
ਮੈਂ ਕਦੇ ਧੀ ਸਾਂ, ਕਦੀ ਪਤਨੀ ਸਾਂ ਤੇ ਫਿਰ ਹੁਣ ਇਕ ਮਾਂ।
ਅਸਤਿੱਤਵਵਾਦ ਵਿਚ ਕੇਵਲ ਮਾਨਵੀ ਅਸਤਿੱਤਵ/ਹੋਂਦ ਦੀ ਉਸਦੇ ਸਮੂਰਤਨ
ਅਸਤਿੱਤਵ ਦੀ ਨਿਸ਼ਾਨਦੇਹੀ ਕੀਤੀ ਜਾਂਦੀ ਹੈ ਨਾ ਕਿ ਪਦਾਰਥਕ ਵਸਤਾਂ ਦੇ
ਅਸਤਿੱਤਵ ਦੀ/ਨਾਰੀ ਦੇ ਅਸਤਿੱਤਵ ਵਿਚਲਾ ਸਵੈਮਾਣ ਅਤੇ ਇਸ ਨੂੰ ਖੋਰਨ
ਵਾਲੀਆਂ ਸ਼ਕਤੀਆਂ ਵਿਚਕਾਰ ਇਹ ਠੰਡੀ ਜੰਗ ਚਲਦੀ ਰਹਿੰਦੀ ਹੈ। ਜਤਿੰਦਰ ਨੇ
ਨਾਰੀ ਦੀ ਹੋਂਦ ਨੂੰ ਇਸਦੇ ਦਾਰਸ਼ਨਿਕ ਸਰੋਕਾਰਾਂ ਸਮੇਤ ਆਪਣੀ ਕਵਿਤਾ ਵਿਚ
ਵਿਚਾਰਿਆ ਹੈ। ਕਵਿਤਾ ਹੱਦਬੰਦੀਆਂ ਤੋਂ ਪਾਰ ਦੀ ਵਸਤਹੈ। ਆਪਸੀ ਕਸ਼ਮਕਸ਼,
ਅੰਤਰ ਦਵੰਦ, ਅੰਤਰ ਸੰਵਾਦ, ਅੰਦਰੂਨੀ ਅਤੇ ਬਾਹਰੀ ਜੰਗ ਉਸਦੀ ਹੋਂਦ ਨੂੰ
ਮਿਟਾਉਣ ਦਾ ਕਾਰਜ ਕਰਦੇ ਹਨ। ਸ਼ੀਸ਼ੇ ਸਾਹਮਣੇ ਖੜੀ ਉਹ ਦਰਅਸਲ ਸਮਾਜ ਨੂੰ
ਵੰਗਾਰਦੀ ਅਤੇ ਉਸਦੇ ਰੂ-ਬ-ਰੂ ਹੁੰਦੀ ਆਪਣੀ ਹੋਂਦ ਪ੍ਰਤਿ ਚੇਤੰਨ ਨਜ਼ਰ
ਆਉਂਦੀ ਹੈ। ਜਿਵੇਂ:--
ਜਦੋਂ ਰੂ-ਬਰੂ ਹੁੰਦੀ ਹੈ, ਆਪਣੀ ਹੋਂਦ ਨਾਲ
ਤੇ ਉਸਦਾ ਇਹ ਖਾਮੋਸ਼ ਅਸਤਿਤਵ ਮੂੰਹ ਚਿੜ੍ਹਾਉਂਦਾ ਹੈ
ਫਿਰ ਇਹ ਲਿਸ਼ਕਦਾ ਪਿੰਡਾ
ਭਾਵਹੀਨ ਮੁਸ਼ਕਰਾਉਂਦਾ ਚਿਹਰਾ
ਬੜਾ ਖਾਲੀ ਖਾਲੀ ਤੇ ਬੇਰੰਗ ਜਾਪਦਾ ਹੈ
ਝਟ ਹਟਾ ਲੈਂਦੀ ਹੈ ਸ਼ੀਸ਼ੇ ਤੋਂ ਨਜ਼ਰਾਂ ਉਹ
ਆਪਣੇ ਆਪ ਤੋਂ ਬਚਦੀ ਆਪਣੇ ਹਰ ਸਵਾਲ ਤੋਂ ਬਚਦੀ
ਜਿੱਤੀ ਹੋਈ ਹਰ ਜੰਗ ਉਹ ਫਿਰ ਹਾਰ ਜਾਂਦੀ ਹੈ
ਹਾਰ ਜਾਂਦੀ ਹੈ।
ਕਵਿਤਾ ਇਕ ਜੀਵਨ ਜਾਚ ਹੈ। ਇਕ ਸਮੂਰਤ ਫਲਸਫ਼ਾ ਹੈ। ਕਵਿਤਾ ਮਨੁੱਖੀ
ਸੰਭਾਵਨਾਵਾਂ ਦੀ ਸੁਲਗਦੀ ਅੱਗ ਦੀ ਪ੍ਰਤਿਨਿੱਧਤਾ ਕਰਦੀ ਹੈ। ਸਮ-ਸਮਿਅਕ
ਦੌਰ ਵਿਚ ਹਰ ਮਨੁੱਖ ਇਕ ਤ੍ਰਾਸਦ ਹੋਣੀ ਵਿਚ ਜਕੜਿਆ ਹੋਇਆ ਹੈ। ਪਰ ਮਨੁੱਖੀ
ਸੰਭਾਵਨਾਵਾਂ ਦਾ ਸਫ਼ਰ
-5-
ਕਵਿਤਾ ਰਾਹੀਂ ਹੀ ਹਰ ਯੁੱਗ ਵਿਚ ਬਦਲੀਆਂ ਹੋਈਆਂ ਪ੍ਰਸਥਿਤੀਆਂ ਨਾਲ ਜਾਰੀ
ਰਹਿੰਦਾ ਹੈ। ਕਵਿਤਾ ਦੀ ਸੋਚ ਦੇ ਕੇਂਦਰ ਹਰ ਯੁੱਗ ਵਿਚ ਪਰਿਵਰਤਨਸ਼ੀਲ ਰਹੇ
ਹਨ। ਮੱਧਕਾਲ ਵਿਚ ਕਵਿਤਾ ਦੇ ਕੇਂਦਰ ਵਿਚ ਦੇਵ ਪੁਰਖ ਬਿਰਾਜਮਾਨ ਸੀ ਪਰੰਤੂ
ਉਤਰ ਆਧੁਨਿਕ ਯੁੱਗ ਵਿਚ ਕਵਿਤਾ ਦੇ ਕੇਂਦਰ ਵਿਚ ਪੂੰਜੀ ਅਤੇ ਭਟਕਣ
ਬਿਰਾਜਮਾਨ ਹੈ। ਜਤਿੰਦਰ ਇਸ ਭਟਕਣ ਤੋਂ ਹਰਫਾਂ ਨੂੰ ਗਵਾਹ ਬਣਾ ਕੇ ਪਾਰ
ਜਾਣਾ ਚਾਹੁੰਦੀ ਹੈ। ਮਿਸਾਲ ਵਜੋਂ ਉਸਦੀ ਕਵਿਤਾ ‘ਦਰਦ ਨੂੰ ਦਵਾ‘ ਅਤੇ
‘ਦਰਦ‘ ਨੂੰ ਵਿਚਾਰਿਆ ਜਾ ਸਕਦਾ ਹੈ।
ਭਾਸ਼ਾ ਆਪਣਾ ਸੰਚਾਰ ਚਿਹਨਾਂ ਦੁਆਰਾ ਕਰਦੀ ਹੈ। ਚਿਹਨ ਅਮੂਰਤ ਅਤੇ ਸਮੂਰਤ
ਵੀ ਹੁੰਦੇ ਹਨ। ਸਮੂਰਤ ਚਿਹਨ ਲਿਪੀ ਦਾ ਜਾਮਾ ਪਾ ਕੇ ਸੰਚਾਰ ਕਰਦੇ ਹਨ, ਪਰ
ਅਮੂਰਤ ਚਿਹਨਾਂ ਦਾ ਆਪਣਾ ਸੰਕਲਪਾਂ ਦਾ ਸੰਸਾਰ ਹੈ। ਮਿਸਾਲ ਵਜੋਂ ਜਤਿੰਦਰ
ਦੀ ਕਵਿਤਾ ‘ਚੁੱਪੀ‘ ਅਤੇ ‘ਲੋਕ‘ ਨੂੰ ਵਿਚਾਰਿਆ ਜਾ ਸਕਦਾ ਹੈ। ਇਨ੍ਹਾਂ
ਕਵਿਤਾਵਾਂ ਵਿਚ ਉਹ ਅਮੂਰਤ ਚਿਹਨਾਂ ਦੁਆਰਾ ਸੰਚਾਰ ਕਰਦੀ ਹੈ। ਉਸਦੇ ਚਿਹਨ
ਸਮਰੱਥਾ ਭਰਪੂਰ ਹਨ। ਉਹ ਚੁੱਪ ਅਤੇ ਸ਼ਾਂਤ ਹੋ ਜਾਣ ਦੇ ਵਿਰੋਧ ਜੁੱਟ
ਉਸਾਰਦੀ ਹੈ। ਚੁੱਪ ਇਕ ਮੂਕ ਭਾਸ਼ਾ ਹੈ। ਪਰ ਭਾਸ਼ਾ ਕਦੇ ਵੀ ਮੂਕ ਨਹੀਂ
ਹੁੰਦੀ। ਉਹ ਚੁੱਪ ਰਹਿ ਕੇ ਵੀ ਬਹੁਤ ਕੁਝ ਕਹਿਣ ਦੀ ਸਮਰੱਥਾ ਰੱਖਦੀ ਹੈ।
ਪਰ ਸ਼ਾਂਤ ਰਹਿਣਾ ਚੇਤਨਾ ਤੋਂ ਵਿਹੂਣਾ ਹੋਣਾ ਹੈ। ਚੇਤਨਾ ਤੋਂ ਖਾਰਜ ਮਨੁੱਖ
ਦਾ ਕੋਈ ਅਸਤਿੱਤਵ ਨਹੀਂ ਹੈ। ਚੁੱਪ ਅਤੇ ਸ਼ਾਂਤ ਦਾ ਇਹ ਅੰਤਰ ਦਵੰਦ ਜਤਿੰਦਰ
ਦੀ ਕਵਿਤਾ ਦਾ ਸਿੱਖਰ ਹੈ। ਚੁੱਪ, ਰੂਹ ਨੂੰ ਕੈਦ, ਨਾਰੀ ਵਿਚੋਂ ਨਾਰੀਤਵ
ਨੂੰ ਖਾਰਜ ਕਰਨ ਦਾ ਸੰਕਲਪ ਅਤੇ ਤਨਹਾਈ ਦਾ ਸੰਕਲਪ ਨਾਰੀਵਾਦੀ ਅੰਦੋਲਨ ਦੇ
ਤੀਸਰੇ ਪੜ੍ਹਾ ਦੇ ਸੰਕਲਪ ਹਨ।
ਨਾਰੀ ਵੇਦਨਾ ਅਤੇ ਸ਼ੋਸ਼ਣ ਸਮਾਜ ਦੇ ਹਰ ਪੜਾਅ ਉਪਰ ਬਿਰਾਜਮਾਨ ਰਿਹਾ ਹੈ।
ਮਰਦ ਦੀ ਅਧੀਨਗੀ ਵਿਚ ਰਹਿੰਦੀ ਉਹ ਉਸਦਾ ਹਰ ਜ਼ੁਲਮ ਸਹਿਣ ਲਈ ਮਜ਼ਬੂਰ ਰਹੀ
ਹੈ। ਨਾਰੀ ਦੇ ਦੇਹ ਉਪਰ, ਉਸਦੇ ਪਦਾਰਥਕ ਵਸੀਲਿਆਂ ਉਪਰ, ਉਸਦੀ ਕਮਾਈ ਉਪਰ,
ਉਹ ਏਕਾਧਿਕਾਰ ਸਮਝਦਾ ਹੈ। ਇਹ ਸੋਸ਼ਣ ਦੂਹਰਾ ਹੈ। ਮਿਸਾਲ ਵਜੋਂ ਅੱਥਰੂ
ਕਵਿਤਾ ਵਿਚ ਜਤਿੰਦਰ ਦੇ ਇਕ
-6-
ਕਾਵਿ-ਚਿੱਤਰ ਨੂੰ ਵਿਚਾਰਿਆ ਜਾ ਸਕਦਾ ਹੈ। ਉਹ ਭਵਿੱਖਮੁਖੀ ਹੈ। ਉਹ ਨਾਰੀ
ਦੇ ਅੱਥਰੂਆਂ ਨੂੰ ਉਸਦੀ ਕਮਜੋਰੀ ਨਹੀਂ ਸਮਝਦੀ।
ਪੱਛਮੀ ਦੇਸ਼ਾਂ ਵਿਚ ਨਾਰੀ ਨਾਲ ਵੱਖਰੇਵਾਂ ਜਾਂ ਵਿਤਕਰਾ ਤਾਂ ਕੀਤਾ ਹੈ ਪਰ
ਉਹ ਅਦ੍ਰਿਸ਼ਟ ਵਖਰੇਵਾਂ ਹੈ, ਜੋ ਬਾਹਰੋਂ ਨਜ਼ਰ ਨਹੀਂ ਆਉਂਦਾ। ਪੱਛਮ ਦੀ
ਨਾਰੀ ਭਾਵੇਂ ਸੁਤੰਤਰ ਹੈ ਪਰੰਤੂ ਉਸ ਦੀ ਸਥਿਤੀ ਘਲਅਸਸ ਛੲੲਲਨਿਗ ਵਾਲੀ
ਹੈ। ਜਿਸ ਨੂੰ ਸ਼ੀਸ਼ਾ ਰੋਕ/ਕੱਚ ਰੋਕ ਵੀ ਕਿਹਾ ਜਾ ਸਕਦਾ ਹੈ। ਪੰਛੀਆਂ ਅਤੇ
ਜਾਨਵਰਾਂ ਨੂੰ ਆਧੁਨਿਕ ਭਾਂਤ ਦੇ ਪਿੰਜਰਿਆਂ ਵਿਚ ਆਜ਼ਾਦ ਹੋਣ ਤੋਂ ਰੋਕਣ ਲਈ
ਸ਼ੀਸ਼ੇ ਦੀ ਛੱਤ ਪਾ ਦਿੱਤੀ ਜਾਂਦੀ ਹੈ। ਜੋ ਬਾਹਰੋਂ ਆਜ਼ਾਦ ਹੋਣ ਦਾ ਭਰਮ
ਪੈਦਾ ਕਰਦੀ ਹੈ। ਇਹ ਅਦ੍ਰਿਸ਼ਟ ਛੱਤ ਦਿਖਦੀ ਨਹੀਂ ਪ੍ਰੰਤੂ ਉਨ੍ਹਾਂ ਦੀ
ਆਜ਼ਾਦੀ ਨੂੰ ਭੰਗ ਕਰਦੀ ਹੈ। ਇਹ ਵਰਤਾਰਾ ਅਗਾਂਹਵਧੂ ਮੁਲਕਾਂ ਵਿਚ ਵੀ ਆਮ
ਵੇਖਣ ਨੂੰ ਮਿਲਦਾ ਹੈ। ਉਹ ਇਕ ਮੁੱਠੀ ਅਸਮਾਨ ਦੀ ਚਾਹਵਾਨ ਹੈ, ਜਿਵੇਂ:--
ਕੁਝ ਸੁਫਨੇ ਵਿਚਾਰੇ, ਕੁਝ ਚਾਅ ਸੀ ਰੁੱਤੇ
ਇਸ ਬਸੰਤੀ ਰੁੱਤੇ
ਕੁਝ ਮੇਰੀਆਂ ਵੀ ਸੱਧਰਾਂ, ਹਨ ਮੇਰੇ ਵੀ ਅਰਮਾਨ
ਮਂ ਵੀ ਧਰਤੀ ਦੀ ਜਾਈ, ਇਹ ਮੇਰਾ ਵੀ ਅਸਮਾਨ
ਮੰਗਾਂ, ਹੁਣ ਮੈਂ ਮੰਗਾ, ਇਕ ਮੁੱਠੀ ਅਸਮਾਨ
ਮੇਰਾ ਮੈਨੂੰ ਮੋੜੋ ਇਕ ਮੁੱਠੀ ਅਸਮਾਨ
ਮੇਰਾ ਅਸਮਾਨ।
ਜਤਿੰਦਰ ਰੰਧਾਵਾ ਦੇ ਕਾਵਿ ਦੇ ਥੀਮਕ ਪਾਸਾਰ ਨਾਰੀ ਸਰੋਕਾਰਾਂ ਦੀ ਡੂੰਘ
ਸੰਰਚਨਾ ਵਿਚ ਕਾਰਜਸ਼ੀਲ ਪਰਵਚਨਾਂ ਨਾਲ ਸੰਵਾਦ ਰਚਾਉਂਦੇ ਹਨ। ਕਵਿਤਾ ਦੀ
ਅਗਰਭੂਮੀ ਵਿਚ ਸੌਂਦਰਯ ਬੋਧ ਜਗਮਗ ਕਰਦਾ ਹੈ। ਸੰਚਾਰ ਤਿੱਖਾ ਅਤੇ ਸਰਲ ਹੈ।
ਭਾਸ਼ਾ ਲੋਕ ਤੱਤਾਂ ਨਾਲ ਭਰਪੂਰ ਹੈ। ਕਵਿਤਾ ਦੀ ਪਿੱਠਭੂਮੀ ਵਿਚ ਚਿੰਤਨ ਅਤੇ
ਚੇਤਨਾ ਦੀ ਗਹਿਰ ਗੰਭੀਰਤਾ ਵੀ ਬਿਰਾਜਮਾਨ
-7-
ਰਹਿੰਦੀ ਹੈ। ਕੁਲ ਮਿਲਾ ਕੇ ਜਤਿੰਦਰ ਰੰਧਾਵਾ ਇਕ ਸਮਰਥ ਪ੍ਰਵਾਸੀ ਕਵਿਤਰੀ
ਹੈ, ਜਿਸ ਦੇ ਕਾਵਿ-ਬੋਲ ਆਪਣੇ ਨਿਵੇਕਲੇ ਹਸਤਾਖ਼ਰ ਸਥਾਪਿਤ ਕਰਨ ਵਿਚ ਸਫਲ
ਰਹੇ ਹਨ।
ਐਸੋਸੀਏਟ ਪ੍ਰੋਫੈਸਰ,
ਗੁਰੂ ਨਾਨਕ ਖਾਲਸਾ ਕਾਲਜ ਯਮੁਨਾਨਗਰ।
ਮੋਬਾ. 09896319944
-0- |