ਫ਼ੌਜੀ ਆਪਣੀਆਂ ਪਤਨੀਆਂ
ਨੂੰ ਵੀ ‘ਜੀ’ ਕਹਿ ਕੇ ਬੁਲਾਉਣਾ ਬੁਰਾ ਨਹੀਂ ਸਮਝਦੇ ਕਿਉਂਕਿ ਉਹ ਜਾਣਦੇ ਹਨ ਕਿ ਜੰਗਾਂ ਤੇ
ਝਗੜਿਆਂ ਦੇ ਨਤੀਜੇ ਪਛਤਾਵੇ ਵਿਚ ਹੀ ਸਮੇਟਣੇ ਪੈਂਦੇ ਹਨ। ਕਹਿ ਤਾਂ ਦਿੰਦੇ ਹਾਂ ਕਿ ਜ਼ਿੰਦਗੀ
ਅਸੂਲਾਂ ਤੋਂ ਪਿਆਰੀ ਨਹੀਂ ਪਰ ਸੋਚ ਕੇ ਵੇਖਿਓ, ਹੋਣੀ ਮੌਤ ਦਾ ਕੋਈ ਅਸੂਲ ਜਾਂ ਨਿਯਮ ਨਹੀਂ
ਛੱਡਦੀ ਤੇ ਕਈ ਵਾਰ ਜੀਭ ਸੁਆਦ ਦੇ ਚੱਕਰ ਵਿਚ ਅਸੂਲਾਂ ਨੂੰ ਤਾਅਨੇ ਦੇਣ ਲੱਗ ਪੈਂਦੀ ਹੈ।
‘ਟੁੱਟ ਗਈ ਤੜਕ ਕਰਕੇ’ ਜਾਂ ‘ਤੇਰੀ ਸਾਡੀ ਬੱਸ ਵੇ।’
ਇਕ ਵਾਰ ਬੱਕਰੀ ਨੇ ਗਾਂ ਨੂੰ ਪੁੱਛਿਆ- “ਤੂੰ ਕਾਹਤੋਂ ਅੜਿੰਗਦੀ ਐਂ?”
“ਮਾਲਕ ਨੂੰ ਇਹ ਦੱਸਣ ਲਈ ਕਿ ਚਾਰਾ ਖੁਰਲੀ ਵਿਚ ਸੁੱਟ, ਵਰਨਾ ਬਾਲਟੀ ਵਿਚ ਮਾਰੂੰ ਲੱਤ, ਫਿਰ
ਬੈਠਾ ਦੇਖੇਂਗਾ ਦੁੱਧ ਨੂੰ! ਤੇ ਤੂੰ ਖਾ-ਖਾ ਕੇ ਆਫਰੀ ਪਈ ਵੀ ‘ਮਿਆਂ ਮਿਆਂ’ ਕਰੀ ਜਾਨੀ
ਐਂ... ਕਾਹਤੋ, ਢਿੱਡ ਦੁਖਦੈ...?”
“ਢਿੱਡ ਕਾਹਨੂੰ ਦੁਖਦਾ ਭੈਣੇ! ਸਰਦਾਰ ਦੇ ਸਵੇਰੇ ਪੁੱਤ ਜੰਮਿਐ, ਤਿੰਨ ਧੀਆਂ ਤੋਂ ਤੇ ਲੋਹੜੀ
ਵਿਚ ਵੀ ਦਸ ਕੁ ਦਿਨ ਰਹਿੰਦੇ ਨੇ। ਅੱਵਲ ਤਾਂ ਸਾਡੀ ਦੋਹਾਂ ਦੀ ਖ਼ੈਰ ਨ੍ਹੀਂ ਪਰ ਦੁਹਾਈਆਂ ਇਸ
ਕਰਕੇ ਪਾਉਂਦੀਆਂ ਆਂ ਕਿ ਆਹ ਘੂਕ ਸੁੱਤਾ ਪਿਆ ਮੇਰਾ ਬਚੜਾ ਤਾਂ ਬੱਸ ਕੁਝ ਹੀ ਦਿਨਾਂ ਦਾ
ਪ੍ਰਾਹੁਣੈ।”
ਤੇ ਗਾਂ ਦੀ ਵੀ ਜਿਵੇਂ ਭੁੱਖ ਹੀ ਮਰ ਗਈ ਹੋਵੇ।
ਖ਼ੈਰ! ਅਕਾਲ ਚਲਾਣਾ ਤਾਂ ਸਾਰਿਆਂ ਨੇ ਕਰਨਾ ਹੈ ਪਰ ਕਈ ਮੌਤ ਤੋਂ ਵੀ ਪਹਿਲਾਂ ਹੀ ਪੂਰੇ ਹੋ
ਜਾਂਦੇ ਹਨ।
-----
ਧਾਰਮਿਕ ਅਸਥਾਨਾਂ ਉਤੇ ਨੱਕ ਹਰ ਕੋਈ ਰਗੜਦਾ ਹੈ, ਹੱਥ ਵੀ ਜੁੜਦੇ ਨੇ ਪਰ ਮਨੋਕਾਮਨਾਵਾਂ ਕੁਝ
ਇਕ ਦੀਆਂ ਪੂਰੀਆਂ ਹੋਣੀਆਂ ਹੁੰਦੀਆਂ ਹਨ, ਵਿਸ਼ਵਾਸ ਸਾਰਿਆਂ ਦਾ ਬਣਿਆ ਰਹਿੰਦਾ ਹੈ। ਇਸੇ ਲਈ
ਭਟਕਣਾ ਦੇ ਰੂਪ ਵਿਚ ਭੱਜੇ ਆਉਂਦੇ ਲੋਕ ਸਾਹਿਤ ਦਾ ਰੂਪ ਧਾਰਨ ਕਰਦੇ ਰਹਿੰਦੇ ਨੇ। ਬਹੁਤ
ਸਾਰੇ ਲੋਕਾਂ ਨੂੰ ਜ਼ਿੰਦਗੀ ਵਿਚ ਸ਼ਾਂਤੀ ਦੇ ਅਰਥ ਹੀ ਨਹੀਂ ਮਿਲਦੇ ਕਿਉਂਕਿ ਇਹ ਸਾਰੀ ਦੀ
ਸਾਰੀ ਹੀ ਸ਼ੋਰ-ਸ਼ਰਾਬੇ ਉਤੇ ਵਿਲਕਦਿਆਂ ਗੁਜ਼ਰ ਜਾਂਦੀ ਹੈ। ਪਿੰਡਾਂ ਵਿਚ ਸਾਧਾਂ ਨੂੰ ਝੁਕ ਕੇ
ਅਤੇ ਸ਼ਰਧਾ ਨਾਲ ਖੈਰ ਪਾਉਣ ਦਾ ਰਿਵਾਜ ਇਸ ਕਰਕੇ ਘਟਦਾ ਜਾ ਰਿਹਾ ਹੈ ਕਿਉਂਕਿ ਲੋਕ ਸੋਚਦੇ
ਹਨ ਕਿ ਜੇ ਚਿੱਟੇ ਕੱਪੜਿਆਂ ਹੇਠ ਦਾਗ਼ੀ ਬਦਨ ਹੋ ਸਕਦੇ ਹਨ ਤਾਂ ਇਹ ਵੀ ਹੋ ਸਕਦਾ ਹੈ ਕਿ
ਭਗਵਿਆਂ ਹੇਠ ਚੋਰ ਵੀ ਹੋਣ। ਕਈ ਲੋਕ ਦਾਅਵੇਦਾਰ ਹੁੰਦੇ ਨੇ ਕਿ ਉਨ੍ਹਾਂ ਨੇ ਕਦੇ ਕਿਸੇ ਦੀ
ਚਮਚਾਗਿਰੀ ਨਹੀਂ ਕੀਤੀ ਪਰ ਇਨ੍ਹਾਂ ਦਾ ਲਗਾਤਾਰ ਪਿੱਛਾ ਕਰ ਕੇ ਵੇਖਿਓ...ਇਹ ਵੱਡੇ ਲੋਕਾਂ
ਨੂੰ ਮਹਾਂਪੁਰਸ਼ ਦੱਸ ਕੇ ਅਜਿਹੇ ਵਿਸ਼ੇਸ਼ਣਾਂ ਨਾਲ ਸੋਹਲੇ ਗਾਉਣਗੇ ਕਿ ਲੱਗੇਗਾ ਕਿ ਚਾਪਲੂਸ
ਇਨ੍ਹਾਂ ਤੋਂ ਵੱਡੇ ਹੋ ਹੀ ਨਹੀਂ ਸਕਦੇ। ਅੱਜ ਕੱਲ੍ਹ ਵਜ਼ੀਰੀਆਂ ਮਿਲਦੀਆਂ ਹੀ ਇਸੇ ਯੋਗਤਾ
ਨਾਲ ਹਨ।
ਜਦੋਂ ਦਾ ਰਿਸ਼ਤਿਆਂ ਦੀਆਂ ਨੀਂਹਾਂ ਵਿਚ ਦਰਦ ਨਹੀਂ ਰਿਹਾ, ਸਬੰਧਾਂ ਦੇ ਮਖੌਲ ਉਡਣ ਤੇ
ਖੱਖੜੀਆਂ ਹੋਣ ਦੇ ਆਸਾਰ ਵਧ ਗਏ ਹਨ। ਲੱਗਦਾ ਨਹੀਂ ਕਿ ਇਸੇ ਕਰਕੇ ਇੱਜ਼ਤਾਂ ਹੁਣ ਸ਼ਰਮਾ ਕੇ
ਨਹੀਂ, ਟਿੱਚਰ ਕਰਕੇ ਲੰਘਣ ਲੱਗ ਪਈਆਂ ਹਨ। ਜਿੰਨੇ ਪੁਆੜੇ ਅੱਜ ਕੱਲ੍ਹ ਜੋਬਨ ਰੁੱਤ ਵਿਚ
ਪੈਂਦੇ ਨੇ, ਇਨ੍ਹਾਂ ਦਾ ਵਿਸ਼ਲੇਸ਼ਣ ਕਰ ਕੇ ਵੇਖੀਏ ਤਾਂ ਝੱਟ ਗੱਲ ਖ਼ਾਨੇ ਵਿਚ ਪੈ ਜਾਵੇਗੀ ਕਿ
ਇਨਸਾਨੀਅਤ ਅਤੇ ਜ਼ਮੀਰ ਲਹੂ-ਲੁਹਾਣ ਹੋਈਆਂ ਮਨੁੱਖ ਤੋਂ ਪਾਣੀ ਮੰਗਣਾ ਵੀ ਮੁਨਾਸਿਫ਼ ਨਹੀਂ
ਸਮਝਦੀਆਂ ਹੋਣਗੀਆਂ। ਹਉਮੈ ਦੀ ਜ਼ਿੱਦ ਦਾ ਭਾਰ ਜਦੋਂ ਦਾ ਮਨੁੱਖ ਦੀਆਂ ਮੁੱਛਾਂ ਨੇ ਚੁੱਕਣਾ
ਸ਼ੁਰੂ ਕੀਤਾ ਹੈ, ਅੱਖਾਂ ਵਿਚਲੀ ਲਾਲੀ ਪਿਆਰ ਦੇ ਲੱਖ ਛਿੱਟੇ ਮਾਰਨ ਉਤੇ ਵੀ ਖਹਿੜਾ ਨਹੀਂ
ਛੱਡਦੀ। ਜਦੋਂ ਦੀਆਂ ਧੀਆਂ ਬਾਪ ਨੂੰ ਪਿਆਰ ਵਿਚ ਅੜਿੱਕਾ ਬਣਨ ਉਤੇ ਫਾਹੇ ਲੈਣ ਦੇ ਤਾਲਿਬਾਨੀ
ਫ਼ਰਮਾਨ ਜਾਰੀ ਕਰਨ ਲੱਗ ਪਈਆਂ ਹਨ, ਮਾਂਵਾਂ ਦੀਆਂ ਕੁੱਖਾਂ ਵੱਲ ਕੁੜੀਮਾਰਾਂ ਦੀਆਂ ਛੁਰੀਆਂ
ਹੋਰ ਵੀ ਤਿੱਖੀਆਂ ਹੋ ਕੇ ਭੱਜਣ ਲੱਗ ਪਈਆਂ ਹਨ। ਇਹ ਗੱਲ ਵੀ ਭਾਵੁਕਤਾ ਨਾਲ ਵਿਚਾਰਨ ਵਾਲੀ
ਹੈ ਕਿ ਜਦੋਂ ਦੀਆਂ ਜਵਾਨੀਆਂ ਲਾਵਾਂ ਜਾਂ ਫੇਰੇ ਲੈਣ ਤੋਂ ਪਹਿਲਾਂ ਬਿਸਤਰਿਆਂ ਵੱਲ ਵਧਣ ਲੱਗ
ਪਈਆਂ ਹਨ ਜਾਂ ਪਿਆਰ ਉਤੇ ਕਾਮ ਭਾਰੂ ਹੋ ਗਿਆ ਹੈ, ਦੁਸ਼ਮਣੀਆਂ ਦੇ ਤੂਫ਼ਾਨ ਵਿਚ ਸਮਾਜ ਲਗਾਤਾਰ
ਨਿੱਘਰਦਾ ਨਹੀਂ, ਸਗੋਂ ਧੱਸਦਾ ਹੀ ਜਾ ਰਿਹਾ ਹੈ।
ਸਾਡੇ ਪਿੰਡਾਂ ਵੱਲ ਹਾਲੇ ਵੀ ਸਵੇਰੇ ਉਠ ਕੇ ਜੇਜੋਂ ਦਾ ਨਾਂ ਲੈਣਾ ਜਾਂ ਲੰਬੜਦਾਰ ਦੇ ਮੱਥੇ
ਲੱਗਣਾ ਸ਼ੁਭ ਨਹੀਂ ਸਮਝਿਆ ਜਾਂਦਾ। ਕਈ ਪਾਤਰ ਪਿੰਡਾਂ ਵਿਚ ਅਜਿਹੇ ਵੀ ਹੁੰਦੇ ਹਨ ਕਿ ਬਿੱਲੀ
ਦੇ ਰਸਤਾ ਕੱਟਣ ਨਾਲੋਂ ਵੀ ਇਨ੍ਹਾਂ ਨੂੰ ਵੱਧ ਮਨਹੂਸ ਸਮਝਦਿਆਂ ਵਹਿਮੀ ਲੋਕ ਇਨ੍ਹਾਂ ਦੀ
‘ਲੋਲ੍ਹੋ’ ਬਣਾ ਕੇ, ਜੁੱਤੀਆਂ ਮਾਰ ਕੇ ਅਗਲਾ ਕਾਰਜ ਅਰੰਭਦੇ ਹਨ। ਇਵੇਂ ਕਈਆਂ ਦੀ ਸਥਿਤੀ
‘ਤੇਰੀ ਆਈ, ਮੈਂ ਮਰਜਾਂ’ ਵਾਲੀ ਹੁੰਦੀ ਹੈ ਤੇ ਕਈ ‘ਆਪ ਤਾਂ ਡੁੱਬਣਾ ਹੀ ਸੀ, ਜਜ਼ਮਾਨ ਵੀ
ਨਾਲ ਹੀ ਡੋਬ ਲਏ’ ਵਾਂਗ ਹੁੰਦੇ ਹਨ। ਅਕਸਰ ਲੋਕਾਂ ਨੂੰ ਕਹਿੰਦਿਆਂ ਸੁਣਿਆ ਹੋਵੇਗਾ ‘ਏਦਾਂ
ਹੋ ਤਾਂ ਨ੍ਹੀਂ ਸਕਦਾ? ਇਤਫ਼ਾਕਨ ਹੋ ਗਿਆ ਹੋਵੇ, ਤਾਂ ਪਤਾ ਨਹੀਂ।’ ਖ਼ੈਰ! ਇਕ ਅਜਿਹੀ ਘਟਨਾ
ਦੀ ਪੱਤਰੀ ਖੋਲ੍ਹ ਕੇ, ਸੋਚ ਦੇ ਟਕੇ ਰੁਪਈਏ ਨਾਲ ਵੇਖਦੇ ਹਾਂ ਕਿ ਰਾਹੂ-ਕੇਤੂ ਕਿਤੇ ਜੋਤਿਸ਼
ਦੇ ਇਕੋ ਖ਼ਾਨੇ ਵਿਚ ‘ਕੱਠੇ ਤਾਂ ਨ੍ਹੀਂ ਹੋ‘ਗੇ!
ਸੁਰਜਨ ਸਿੰਘ ਤੇ ਕਰਤਾਰ ਸਿੰਘ, ਦੋਹਾਂ ਦੇ ਪਿੰਡ ਮਸਾਂ ਚਾਰ ਕੁ ਕੋਹ ਦੀ ਵਿੱਥ ਉਤੇ ਹੋਣਗੇ।
ਸੁੱਚੇ ਤੇ ਨਰੈਣੇ ਵਾਂਗ ਫ਼ੌਜ ਵਿਚ ਭਰਤੀ ਹੋ ਕੇ ਪੱਗ-ਵੱਟ ਭਰਾਵਾਂ ਵਾਂਗ ਮਿਲਣ ਲੱਗੇ।
ਦੋਹਾਂ ਦੀ ਰਜਮੈਂਟ ਇਕ, ਪਰ ਫ਼ਰਕ ਦੋਹਾਂ ਵਿਚ ਇੰਨਾ ਹੋ ਗਿਆ ਕਿ ਸੁਰਜਨ ਕੈਪਟਨ ਬਣ ਕੇ
ਸੇਵਾਮੁਕਤ ਹੋਇਆ ਤੇ ਕਰਤਾਰ ਸਿੰਘ ਮਸਾਂ ਸਿਪਾਹੀ ਤੋਂ ਹੌਲਦਾਰ ਹੀ ਬਣ ਸਕਿਆ। ਫਿਰ ਵੀ
ਦੋਹਾਂ ਦੇ ਪਿਆਰ ਦੀ ਬੇੜੀ ਵਿਚ ਵੱਟੇ ਉਦੋਂ ਪਏ ਜਦੋਂ ਕਰਤਾਰ ਸਿੰਘ ਦਾ ਬੇਟਾ ਬਲਜੀਤ ਅਤੇ
ਸੁਰਜਨ ਦੀ ਧੀ ਕਮਲਜੀਤ ਪਿਆਰ ਵਿਚ ਪੀਂਘ ਤੇ ਹੁਲਾਰਾ ਬਣ ਗਏ। ਦੋਵਾਂ ਨੇ ਉਹੀ ਕਸਮਾਂ
ਖਾਧੀਆਂ ਜੋ ਅੱਜ ਕੱਲ੍ਹ ਮੁੰਡੇ-ਕੁੜੀਆਂ ਅਕਸਰ ਖਾਂਦੇ ਹਨ। ਦੋਵਾਂ ਜਿਗਰੀ ਯਾਰਾਂ ਨੇ ਆਪਣੀ
ਕਲਯੁੱਗੀ ਔਲਾਦ ਨੂੰ ਸਮਝਾਉਣ ਦੇ ਬੜੇ ਵਾਸਤੇ ਪਾਏ, ਆਪਣੇ ਸਬੰਧਾਂ ਦੇ ਤਰਲੇ ਕੱਢੇ ਪਰ ਇਸ਼ਕ
ਭੂਤਨਾ ਬਣ ਕੇ ਚਿੰਬੜਿਆ ਲੱਥਿਆ ਹੀ ਉਦੋਂ, ਜਦੋਂ ਦੋਵੇਂ ਕੋਰਟ ਜ਼ਰੀਏ ਪਤੀ-ਪਤਨੀ ਬਣ ਗਏ।
ਸੁਰਜਨ ਨੂੰ ਲੱਗਦਾ ਸੀ ਕਿ ਕਰਤਾਰ ਆਪਣੇ ਪੁੱਤ ਨੂੰ ਕੁਰਾਹਿਓਂ ਮੋੜ ਸਕਦਾ ਸੀ, ਤੇ ਉਹ ਖ਼ਫ਼ਾ
ਹੋ ਕੇ ਤੂਤ ਦੇ ਮੋਛੇ ਵਰਗੀ ਉਮਰਾਂ ਦੀ ਯਾਰੀ ਤੋੜ ਗਿਆ। ਸੱਚ ਇਹ ਸੀ ਕਿ ਕਰਤਾਰ ਸਿੰਹੁ ਦੀ
ਪੁੱਤਰ ਦੀ ਅੜੀ ਅੱਗੇ ਇਕ ਨਾ ਚੱਲੀ। ਸੁਰਜਨ ਤੇ ਕਰਤਾਰ ਦਾ ਪਿਆਰ ਕੁੜੱਤਣ ਵੱਲ ਮੁੜਿਆ ਅਤੇ
ਨਜ਼ਰਾਂ ਦੁਸ਼ਮਣੀ ਦੀ ਬੋਲੀ ਬੋਲਣ ਲੱਗ ਪਈਆਂ। ਜਿਹੜੀਆਂ ਬਾਹਾਂ ਗਲਵਕੜੀ ਲਈ ਕਾਹਲੀਆਂ
ਹੁੰਦੀਆਂ ਸਨ, ਉਹ ਗ਼ੁੱਸੇ ਵਿਚ ਤਣੀਆਂ ਰਹਿਣ ਲੱਗ ਪਈਆਂ। ਸੁਰਜਨ ਸਿੰਘ ਖੇਤੀਬਾੜੀ ਦੇ ਧੰਦੇ
ਵਿਚ ਲੱਗ ਗਿਆ ਅਤੇ ਕਰਤਾਰ ਨੇ ਲਾਗਲੇ ਸ਼ਹਿਰ ਦੀ ਇਕ ਪ੍ਰਾਈਵੇਟ ਮਿੱਲ ਵਿਚ ਸੁਰੱਖਿਆ ਗਾਰਡ
ਦੀ ਨੌਕਰੀ ਕਰ ਲਈ।
ਇਕ ਦਿਨ ਕਰਤਾਰ ਸਿੰਹੁ ਸਵੇਰੇ ਆਪਣੇ ਕੰਮ ਉਤੇ ਜਾਣ ਲਈ ਬੱਸ ਅੱਡੇ ਉਤੇ ਸੰਘਣੀ ਧੁੰਦ ਵਿਚ
ਬੱਸ ਦੀ ਉਡੀਕ ਕਰ ਰਿਹਾ ਸੀ ਕਿ ਮੋਟਰਸਾਈਕਲ ਉਤੇ ਕੋਲੋਂ ਲੰਘਣ ਲੱਗੇ ਆਦਮੀ ਨੂੰ ਤੇਜ਼ ਰਫ਼ਤਾਰ
ਟਰੱਕ ਨੇ ਅਜਿਹੀ ਫੇਟ ਮਾਰੀ ਕਿ ਉਹ ਪਲਟੀਆਂ ਖਾਂਦਾ ਸਣੇ ਮੋਟਰਸਾਈਕਲ ਡੂੰਘੇ ਟੋਏ ਵਿਚ ਜਾ
ਪਿਆ। ਫੱਟੜ ਮੋਟਰਸਾਈਕਲ ਵਾਲੇ ਦਾ ਰਿਵਾਲਵਰ ਤੇ ਜੇਬ ਵਿਚਲੇ ਕਾਗ਼ਜ਼ ਭੁੜਕ ਕੇ ਅਹੁ ਜਾ ਪਏ।
ਕਰਤਾਰ ਸਿੰਹੁ ਭੱਜਾ ਗਿਆ ਤਾਂ ਉਹਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਇਹ ਤਾਂ ਉਹਦਾ ਯਾਰ ਤੇ
ਹੁਣ ਕੁੜਮ ਬਣਿਆ ਸੁਰਜਨ ਸਿੰਹੁ ਹੀ ਸੀ। ਸਿਰ ਤੇ ਛਾਤੀ ਵਿਚ ਸੱਟਾਂ ਲੱਗਣ ਨਾਲ ਉਹ
ਲਹੂ-ਲੁਹਾਣ ਹੋਇਆ ਬੇਸੁਰਤ ਜਿਹਾ ਹੋ ਗਿਆ ਸੀ। ਰਿਵਾਲਵਰ ਤੇ ਕਾਗ਼ਜ਼ ਆਪਣੀ ਜੇਬ ਵਿਚ ਪਾ ਕੇ
ਉਹਨੇ ਮਾਰੂਤੀ ਕਾਰ ਵਿਚ ਜਾ ਰਹੇ ਇਕ ਰਾਹਗੀਰ ਨੂੰ ਰੋਕ ਕੇ ਤਰਲਾ ਕੀਤਾ, “ਮੇਰਾ ਭਰਾ
ਦੁਰਘਟਨਾ ਵਿਚ ਜ਼ਖ਼ਮੀ ਹੋ ਗਿਐ, ਆਖ਼ਰੀ ਦਮ ਨੇ, ਇਹਨੂੰ ਹਸਪਤਾਲ ਲਿਜਾਣ ਵਿਚ ਮਦਦ ਕਰ। ਟਰੱਕ
ਵਾਲਾ ਤਾਂ ਸਾਲਾ ਭੱਜ ਗਿਐ।”
ਦੋਵਾਂ ਨੇ ਬੜੇ ਜ਼ੋਰ ਨਾਲ ਸੁਰਜਨ ਨੂੰ ਚੁੱਕ ਕੇ ਕਾਰ ਵਿਚ ਪਾਇਆ। ਉਹਦੇ ਮੂੰਹ ਵਿਚ ਪਾਣੀ
ਦਾ ਘੁੱਟ ਪਾਇਆ ਤਾਂ ਸੁਰਜਨ ਨੇ ਅੱਖ ਪੁੱਟ ਲਈ- ‘ਓਹ ਮੇਰਿਆ ਜਿਗਰੀ ਯਾਰਾ, ਮੈਨੂੰ ਬਚਾ ਲੈ,
ਅੱਜ ਦੋਹਾਂ ਦੀ ਆਉਣੀ ਸੀ ਪਰ ਲੱਗਦੈ ਹੋਣੀ ਮੇਰੇ ਨਾਲ ਹੀ ਹੱਥ ਮਿਲਾ ਲਵੇਗੀ।’ ਧੁੰਦ ਇੰਨੀ
ਸੰਘਣੀ ਕਿ ਮੀਟਰ ਤਕ ਵੀ ਕੁਝ ਨਾ ਦਿਸੇ। ਪਿਛਲੀ ਸੀਟ ਉਤੇ ਪੱਟਾਂ ਵਿਚ ਲੇਟੇ ਸੁਰਜਨ ਨੂੰ ਉਹ
ਦਿਲਬਰੀਆਂ ਦੇਵੇ- ‘ਹੌਸਲਾ ਰੱਖ, ਸਮਝ ਲੈ ਸਰਹੱਦ ਉਤੇ ਜ਼ਖ਼ਮੀ ਹੋ ਗਿਐਂ। ਫ਼ੌਜੀਆਂ ਵਾਲਾ ਦਿਲ
ਰੱਖ...ਵੱਡਾ...।’ ਤੇ ਨਾਲ ਹੀ ਉਹਦੀ ਹਾਲਤ ਨਾਜ਼ੁਕ ਹੁੰਦਿਆਂ ਵੇਖ ਕੇ ਅਣਜਾਣ ਕਾਰ ਵਾਲੇ
ਨੂੰ ਆਖੇ- ‘ਖਿੱਚ ਦੇ ਗੱਡੀ ਕੇਰਾਂ ਜੁਆਨਾ, ਲਾ ਦੇ ਬੇੜਾ ਪਾਰ ਇਹਦੇ ਪ੍ਰਾਣ ਤੇਰੇ ਹੀ ਹੱਥ
ਨੇ!’ ਤੇ ਵੇਖਦਿਆਂ ਵੇਖਦਿਆਂ ਹੀ ਕਹਿਰ ਦੇ ਬੱਦਲ ਫਟ ਗਏ ਜਿਵੇਂ ਅੰਬਰ ਦੋ ਹਿੱਸਿਆਂ ਵਿਚ
ਵੰਡ ਹੋ ਗਿਆ ਹੋਵੇ...। ਤੇਜ਼ ਸਪੀਡ ਨਾਲ ਜਾ ਰਹੀ ਇਹ ਬਦਕਿਸਮਤ ਕਾਰ ਸ਼ਹਿਰ ਪਹੁੰਚਣ ਤੋਂ
ਪਹਿਲਾਂ ਹੀ ਸੜਕ ਦੇ ਇਕ ਕਿਨਾਰੇ ਖ਼ਰਾਬ ਖੜ੍ਹੇ ਟਰੱਕ ਹੇਠਾਂ ਜਾ ਵੜੀ। ਜ਼ਖ਼ਮੀ ਸੁਰਜਨ ਤਾਂ
ਕਰਤਾਰ ਦੇ ਹੱਥਾਂ ਵਿਚੋਂ ਭੁੜਕ ਕੇ ਹੇਠਾਂ ਜਾ ਪਿਆ ਤੇ ਰੱਬ ਦਾ ਰੂਪ ਕਾਰ ਵਾਲਾ ਥਾਏਂ ਮੌਤ
ਦੀ ਬੁੱਕਲ ਵਿਚ ਵੜ ਗਿਆ। ਸਬੱਬੀਂ ਪੁਲਿਸ ਦੀ ਗਸ਼ਤ ਕਰਦੀ ਗੱਡੀ ਕੋਲੋਂ ਲੰਘ ਰਹੀ ਸੀ। ਦੋਹਾਂ
ਨੂੰ ਹਸਪਤਾਲ ਪਹੁੰਚਾਇਆ ਗਿਆ। ਕਾਰ ਵਾਲਾ ਤਾਂ ਡਾਕਟਰਾਂ ਨੇ ਪੈਂਦੀ ਸੱਟੇ ਮ੍ਰਿਤਕ ਕਰਾਰ ਦੇ
ਦਿੱਤਾ ਤੇ ਸੁਰਜਨ ਅਮਰਜੈਂਸੀ ਵਿਚ ਭੱਜੇ-ਦੌੜੇ ਡਾਕਟਰਾਂ ਦੇ ਹੱਥਾਂ ਵਿਚ ਲੁੜ੍ਹਕ ਗਿਆ। ਅਸਲ
ਵਿਚ ਉਹਦਾ ਖ਼ੂਨ ਹੀ ਇੰਨਾ ਨਿਕਲ ਗਿਆ ਸੀ ਕਿ ਕਰਤਾਰ ਸਿੰਹੁ ਦੇ ਕੱਪੜੇ ਵੀ ਬਰਸਾਤ ਵਿਚ
ਭਿੱਜਣ ਵਾਂਗ ਤਿੱਪ-ਤਿੱਪ ਚੋਅ ਰਹੇ ਸਨ। ਛੇਤੀ ਹੀ ਇਸ ਗੱਲ ਦਾ ਖ਼ੁਲਾਸਾ ਵੀ ਹੋ ਚੁੱਕਾ ਸੀ
ਕਿ ਕਾਰ ਚਾਲਕ ਉਨ੍ਹਾਂ ਦੇ ਹੀ ਪਿੰਡਾਂ ਦਾ ਕੁਲਬੀਰ ਸਿੰਘ ਸੀ ਜੋ ਸੁਰਜਨ ਦੀ ਧੀ ਕਮਲਜੀਤ ਦਾ
ਮੰਗੇਤਰ ਸੀ ਜੋ ਬਾਅਦ ਵਿਚ ਕਰਤਾਰ ਦੀ ਨੂੰਹ ਬਣ ਗਈ ਸੀ।
ਰਿਸ਼ਤੇਦਾਰਾਂ ਤੇ ਘਰਦਿਆਂ, ਪੇਂਡੂਆਂ ਦੀ ਹਾਜ਼ਰੀ ਵਿਚ ਔਰਤਾਂ ਦੇ ਚੀਕ-ਚਿਹਾੜੇ ਵਿਚ ਹਸਪਤਾਲ
ਕੁਰਲਾਉਣ ਲੱਗ ਪਿਆ ਸੀ। ਪੁਲਿਸ ਆਈ, ਕਾਰਵਾਈ ਸ਼ੁਰੂ ਹੋਈ, ਅਣਪਛਾਤੇ ਟਰੱਕ ਡਰਾਈਵਰ ਅਤੇ ਸੜਕ
ਵਿਚ ਖ਼ਰਾਬ ਖੜ੍ਹੇ ਟਰੱਕ ਚਾਲਕ ਵਿਰੁਧ ਪਰਚੇ ਦਰਜ ਹੋ ਕੇ ਦੋਸ਼ੀਆਂ ਦੀ ਭਾਲ ਵਿਚ ਪੁਲਿਸ ਦੀ
ਹਿਲਜੁਲ ਸ਼ੁਰੂ ਹੋ ਗਈ। ਲਾਸ਼ਾਂ ਦਾ ਪੋਸਟ-ਮਾਰਟਮ ਹੋਇਆ ਤੇ ਇਹ ਵਾਰਸਾਂ ਹਵਾਲੇ ਕਰ ਦਿੱਤੀਆਂ
ਗਈਆਂ। ਜਿਸ ਘਰ ਵਿਚ ਕਰਤਾਰ ਸਿੰਹੁ ਦੇ ਪੈਰ ਰੱਖਣ ਉਤੇ ਵੀ ਪਾਬੰਦੀ ਸੀ, ਹਾਲਾਤ ਦਾ ਤਕਾਜਾ
ਦੇਖੋ ਕਿ ਉਹਦੇ ਹੱਥਾਂ ਵਿਚ ਹੀ ਨਹੀਂ ਸਗੋਂ ਹੱਥ ਧੀ ਤੇ ਜਵਾਈ ਦੇ ਮਹਿੰਦੀ ਰੰਗੇ ਹੱਥਾਂ
ਵਿਚ ਲਾਸ਼ ਸਰਕਾਰੀ ਐਂਬੂਲੈਂਸ ਵਿਚੋਂ ਉਤਾਰੀ ਜਾ ਰਹੀ ਸੀ। ‘ਦੰਦ ਸ਼ਿੱਕਲ’ ਨਾਲ ਜੂਝਦੀ ਧੀ
ਵਿਰਲਾਪ ਕਰ ਰਹੀ ਸੀ-’ਪਾਪਾ ਮੈਂ ਮਨਹੂਸ ਹਾਂ, ਮੈਨੂੰ ਮੁਆਫ਼ ਕਰ ਦੇਵੋ।’ ਤੇ ਨਾਲ ਹੀ ਦੰਦ
ਪੀਚ ਹੋਣ ਲੱਗ ਪੈਂਦੇ ਤੇ ਔਰਤਾਂ ਨਾਸਾਂ ਘੁੱਟ ਕੇ ਚਮਚੇ ਨਾਲ ਮੂੰਹ ਵਿਚ ਪਾਣੀ ਪਾਉਣ ਲੱਗ
ਪੈਂਦੀਆਂ।
ਗੱਲ ਹਾਲੇ ਇਥੇ ਮੁੱਕਦੀ ਨਹੀਂ ਲੱਗਦੀ ਸੀ। ਇਉਂ ਜਾਪਦਾ ਸੀ, ਹੋਣੀ ਤੇ ਰੱਬ ਹਾਲੇ ਪੂਰੀ
ਤਰ੍ਹਾਂ ਸੰਤੁਸ਼ਟ ਨਹੀਂ ਸਨ ਹੋਏ। ਸੁਰਜਨ ਦਾ ਵੱਡਾ ਭਰਾ ਜਿਸ ਦੇ ਕੋਈ ਔਲਾਦ ਨਹੀਂ ਸੀ ਤੇ
ਬੀਵੀ ਵੀ ਡੇਢ ਦਹਾਕਾ ਪਹਿਲਾਂ ਸਾਥ ਛੱਡ ਗਈ ਸੀ, ਦਿਲ ਦਾ ਮਰੀਜ਼ ਹੋਣ ਕਰਕੇ ਉਹਨੂੰ ਹੌਸਲਾ
ਦੇਣ ਵਾਲੇ ਵੱਧ ਸਨ। ਰਿਸ਼ਤੇਦਾਰ ਆਣ ਢੁੱਕੇ ਸਨ। ਸੂਰਜ ਛਿਪਣ ਤੋਂ ਪਹਿਲਾਂ ਲਾਂਬੂ ਲਾਉਣ
ਦੀਆਂ ਤਰਕਾਂ ਦੇਣ ਵਾਲੇ ‘ਛੇਤੀ ਕਰੋ, ਛੇਤੀ ਕਰੋ’ ਦੇ ਹੁਕਮ ਜਾਰੀ ਕਰੀ ਜਾ ਰਹੇ ਸਨ।
‘ਨ੍ਹਾਈ-ਧੋਈ’ ਮਗਰੋਂ ਸੁਰਜਨ ਦੀ ਅਰਥੀ ਤਿਆਰ ਹੋ ਗਈ। ਅਮਰੀਕ ਛੋਟੇ ਭਰਾ ਦੀ ਅਰਥੀ ਨੂੰ
ਮੋਢਾ ਦੇਣ ਲਈ ਜ਼ਿੱਦ ਕਰਨ ਲੱਗਾ। ਕਿਉਂਕਿ ਸਾਰੇ ਜਾਣਦੇ ਸਨ ਕਿ ਇਹ ਦਿਲ ਦਾ ਮਰੀਜ਼ ਹੈ, ਰੋਇਆ
ਵੀ ਖੁੱਲ੍ਹ ਕੇ ਨਹੀਂ, ਇਹ ਨਾ ਈ ਕਾਨ੍ਹੀ ਲੱਗੇ ਤਾਂ ਚੰਗਾ। ਪਰ ਉਹ ਆਖੇ- ‘ਭਰਾ ਨੇ ਮੈਨੂੰ
ਗਲ ਲਾ ਕੇ ਰੱਖਿਐ, ਰੋਟੀ ਸਤਿਕਾਰ ਨਾਲ ਦਿੱਤੀ, ਭਰਾ ਨੂੰ ਮੋਢਾ ਵੀ ਨਹੀਂ ਦੇ ਸਕਦਾ!’ ਤੇ
ਅੜੀ ਵਿਚ ਸਿਰ ਵਾਲੇ ਪਾਸਿਓਂ ਭਰਾ ਨੂੰ ਸਹਾਰਾ ਦੇ ਕੇ ਅਰਥੀ ਸਿਵਿਆਂ ਵੱਲ ਤੋਰ ਲਈ।
ਹਾਲੇ ਪਿੰਡ ਦੀ ਫਿਰਨੀ ਤੋਂ ਸਿਵਿਆਂ ਵੱਲ ਨਿਕਲੇ ਹੀ ਸੀ ਕਿ ਉਹ ਕੁਝ ਵਾਪਰ ਗਿਆ, ਜੀਹਦੀ ਆਸ
ਹੀ ਨਹੀਂ ਸੀ। ਭਰਾ ਦਾ ਗ਼ਮ ਲੱਗਦਾ ਸੀ ਕਿ ਅਮਰੀਕ ਉਤੇ ਭਾਰੂ ਹੋ ਗਿਆ। ਦਿਲ ਫੇਲ੍ਹ ਹੋ ਗਿਆ
ਤੇ ਦੂਜੇ ਅਟੈਕ ਵਿਚ ਹੀ ਜਾਹ-ਜਾਂਦੀ ਹੋ ਗਈ ਪਰ ਜਦੋਂ ਡਿੱਗਿਆ ਤਾਂ ਸੁਰਜਨ ਨਾਲ ਇਕੋ ਦਿਨ
ਵਿਚ ਤੀਜਾ ਐਕਸੀਡੈਂਟ ਇਹ ਸੀ ਜਦੋਂ ਲਾਸ਼ ਅਰਥੀ ਤੋਂ ਨੀਵੇਂ ਖੇਤ ਵਿਚ ਡਿੱਗ ਪਈ। ਸੁਰਜਨ ਦਾ
ਬਦਕਿਸਮਤ ਸਰੀਰ ਫਿਰ ਅਰਥੀ ਉਤੇ ਟਿਕਾ ਕੇ ਸਿਵਿਆਂ ਵੱਲ ਲਿਆਂਦਾ ਗਿਆ ਤੇ ਅਮਰੀਕ ਸਿੰਘ ਨੂੰ
ਗੱਡੀ ਵਿਚ ਹਸਪਤਾਲ ਤੋਰ ਦਿੱਤਾ ਗਿਆ। ਸਸਕਾਰ ਕਰ ਕੇ ਮੁੜਦਿਆਂ ਹਸਪਤਾਲ ਤੋਂ ਵੀ ਇਹ ਖ਼ਬਰ ਆ
ਗਈ ਸੀ ਕਿ ਅਮਰੀਕ ਵੀ ਇਸ ਫਾਨੀ ਦੁਨੀਆਂ ਤੋਂ ਕੂਚ ਕਰ ਗਿਆ ਹੈ। ਇਕ ਦਿਨ ਵਿਚ ਤਿੰਨ ਮੌਤਾਂ।
ਲੱਗਦਾ ਸੀ ਰੱਬ ਨੇ ਪੁੱਠੀਆਂ ਕੌਡਾਂ ਵਿਚ ਤਿੰਨ ਕਾਣੇ ਪਾ ਦਿੱਤੇ ਸਨ।
ਕਰਤਾਰ ਫਿਰ ਸੁਰਜਨ ਦੇ ਘਰੇ ਹੀ ਰਿਹਾ। ਦੁੱਖ-ਦਰਦ ਵੰਡਾਉਣ ਵਾਲੇ ਉਹਦੇ ਤੋਂ ਹੀ ਪੁੱਛਦੇ ਸਨ
ਕਿ ਕਿਵੇਂ ਹੋ ਗਿਆ ਸੀ ਇਹ ਸਭ ਕੁਝ। ਕੁਦਰਤ ਦਾ ਇਹ ਜੱਗੋ-ਤੇਰ੍ਹਵਾਂ ਕਹਿਰ ਸਿਰਫ਼ ਉਸੇ ਨੇ
ਹੀ ਫ਼ਿਲਮ ਵਾਂਗ ਅੱਖਾਂ ਨਾਲ ਵੇਖਿਆ ਸੀ।
ਦੋਵਾਂ ਭਰਾਵਾਂ ਦੀਆਂ ਆਖ਼ਰੀ ਰਸਮਾਂ ਵੀ ਪੂਰੀ ਹੋ ਗਈਆਂ। ਪਿੰਡ ਦਾ ਸਰਪੰਚ ਜਦੋਂ ਸ਼ਰਧਾਂਜਲੀ
ਭੇਟ ਕਰ ਕੇ ਬੈਠਣ ਲੱਗਾ ਤਾਂ ਕਰਤਾਰ ਸਿੰਹੁ ਨੇ ਵੀ ਚਾਰ ਸ਼ਬਦ ਕਹਿਣ ਦੀ ਇੱਛਾ ਜਤਾਈ ਪਰ
ਇਨ੍ਹਾਂ ਚਾਰ ਸ਼ਬਦਾਂ ਵਿਚ ਜੋ ਸੀ, ਉਹ ਸੁਨਾਮੀ ਲਹਿਰਾਂ ਤੋਂ ਘੱਟ ਨਹੀਂ ਸੀ। ਸੁਰਜਨ ਦਾ
ਰਿਵਾਲਵਰ ਸਰਪੰਚ ਨੂੰ ਫੜਾਉਂਦਿਆਂ ਉਹ ਕਹਿਣ ਲੱਗਾ, “ਇਹ ਦੁਰਘਟਨਾ ਵੇਲੇ ਉਥੇ ਜਾ ਪਿਆ ਸੀ
ਤੇ ਆਹ ਉਹਦੀ ਜੇਬ ਵਿਚੋਂ ਨਿਕਲੇ ਬਾਕੀ ਕਾਗ਼ਜ਼ ਨੇ...ਮੈਂ ਪੜ੍ਹ ਕੇ ਸੁਣਾਉਣ ਲੱਗਾ ਹਾਂ,
‘ਕਰਤਾਰ ਸਿੰਘ ਨੂੰ ਮੈਂ ਇਸ ਕਰਕੇ ਗੋਲੀ ਮਾਰੀ ਹੈ ਕਿ ਇਹਨੇ ਮੇਰੀ ਧੀ ਨੂੰ ਨਹੀਂ, ਆਪਣੀ ਹੀ
ਧੀ ਨੂੰ ਨੂੰਹ ਬਣਾਇਆ ਹੈ। ਇਹਨੇ ਪੁੱਤ ਨੂੰ ਸਮਝਾਉਣ ਦੀ ਬਜਾਏ ਮੇਰਾ ਜਵਾਈ ਬਣਾ ਦਿੱਤਾ। ਤੇ
ਆਪਣੇ ਮੈਂ ਗੋਲੀ ਇਸ ਕਰਕੇ ਮਾਰ ਰਿਹਾ ਹਾਂ...ਪੱਗ-ਵੱਟ ਭਰਾ ਕੁੜਮ ਨਹੀਂ ਬਣ ਸਕਦੇ।”
ਤੇ ਅੰਤਿਮ ਅਰਦਾਸ ਵਿਚ ਸ਼ਾਮਲ ਲੋਕ ਸਮਝ ਗਏ ਸਨ ਕਿ ਉਸ ਦਿਨ ਦੁਰਘਟਨਾ ਨਾ ਹੁੰਦੀ ਤਾਂ ਉਸ
ਬੱਸ ਅੱਡੇ ਉਤੇ ਸੁਰਜਨ ਤੇ ਕਰਤਾਰ ਦੀਆਂ ਲਾਸ਼ਾਂ ਹੋਣੀਆਂ ਸਨ ਪਰ ਫ਼ਰਕ ਸਿਰਫ਼ ਇੰਨਾ ਰਹਿ ਗਿਆ
ਕਿ ਇਨ੍ਹਾਂ ਦੀ ਗਿਣਤੀ ਅੱਜ ਵਾਂਗ ਤਿੰਨ ਨਹੀਂ...ਦੋ ਹੀ ਹੋਣੀ ਸੀ।
ਅਸਲ ਵਿਚ ਜੇ ਉਪਰ ਵਾਲਾ ਰੰਗ ਨਾ ਵਿਖਾਵੇ ਤਾਂ ਡਾਕਟਰ, ਪੁਲਿਸ ਤੇ ਵਕੀਲ ਫਿਰ ਕਿਹੜਾ ਕੰਮ
ਕਰਨਗੇ! ਇਹ ਇਤਫ਼ਾਕ ਸੀ ਜਾਂ ਮਨਹੂਸਪੁਣੇ ਦੀ ਹੱਦ, ਇਹਦੇ ਬਾਰੇ ਤਾਂ ਫ਼ੈਸਲਾ ਕੀਤਾ ਨਹੀਂ ਜਾ
ਸਕਦਾ, ਪਰ ਜੇ ਏਦਾਂ ਨਾ ਹੋਵੇ ਤਾਂ ਫਿਰ ਅਖ਼ਬਾਰਾਂ ਵਿਚ ਕੀ ਛਪੇਗਾ?
ਅੰਤਿਕਾ:
ਖ਼ਬਰ ਨਹੀਂ ਪਿਆਰਿਆ ਵਿਚ ਦੁਨੀਆਂ,
ਕਾਇਮ ਰਹੇਗਾ ਨਾਮ-ਓ-ਨਿਸ਼ਾਨ ਭਲਕੇ।
ਖ਼ਬਰ ਨਹੀਂ ਬਾਜ਼ਾਰ ਦੇ ਬਾਣੀਏ ਨੇ,
ਛੱਡ ਚੱਲਣਾ ਸ਼ਹਿਰ ਮੁਲਤਾਨ ਭਲਕੇ।
ਖ਼ਬਰ ਨਹੀਂ ਕਿ ਅਤਰ-ਫ਼ਲੇਲ ਮਲੀਏ,
ਹੋਣਾ ਜੰਗਲਾਂ ਵਿਚ ਅਸਥਾਨ ਭਲਕੇ।
ਖ਼ਬਰ ਨਹੀਂ ਜੇ ਇਸ ਕਲਬੂਤ ਵਿਚੋਂ,
ਕੱਢ ਲੈਣ ਜਮਦੂਤ ਪਰਾਣ ਭਲਕੇ।
ਪਤਾ ਰੱਬ ਕਰੀਮ ਨੂੰ ਦਯਾ ਸਿੰਘਾ,
ਕਾਇਮ ਰਹੇਗਾ ਜ਼ਮੀਂ ਆਸਮਾਨ ਭਲਕੇ।
(ਸਾਧੂ ਦਯਾ ਸਿੰਘ ਆਰਿਫ਼ ਦੇ ‘ਜ਼ਿੰਦਗੀ ਬਿਲਾਸ‘ ਵਿਚੋਂ)
-0-
|