Welcome to Seerat.ca
Welcome to Seerat.ca

ਗ਼ਦਰੀ ਬਾਬੇ ਕੌਣ ਸਨ?

 

- ਡਾ. ਸਰਬਜੀਤ ਸਿੰਘ

ਲੋਹੇ ਦੀਆਂ ਕਿਸ਼ਤਾਂ

 

- ਇਕਬਾਲ ਰਾਮੂਵਾਲੀਆ

ਨਾਵਲ ਅੰਸ਼ / ਮਹਾਂਰਾਜਾ ਤੇ ਮਹਾਂਰਾਣੀ ਵਿਕਟੋਰੀਆ

 

- ਹਰਜੀਤ ਅਟਵਾਲ

ਵਿਲਮਾ ਰੁਡੋਲਫ਼: ਹਿੰਮਤ ਦੀ ਫਤਿਹ

 

- ਪ੍ਰਿੰ. ਸਰਵਣ ਸਿੰਘ

ਕਰਮਜੀਤ ਸਿੰਘ ਕੁੱਸਾ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਧਨਾਢ ਕਹਾਣੀਕਾਰ- ਗੁਰਦੇਵ ਸਿੰਘ ਰੁਪਾਣਾ

 

- ਨਿੰਦਰ ਘੁਗਿਆਣਵੀ

ਗੁੰਡਾ

 

- ਰੂਪ ਢਿੱਲੋਂ

ਭੀੜੀ ਗਲੀ

 

- ਰਾਮ ਸਰੂਪ ਅਣਖੀ

ਇਹ ਇਤਫ਼ਾਕ ਹੋ ਸਕਦੈ ਕਿ ਮਨਹੂਸ?

 

- ਐਸ. ਅਸ਼ੋਕ ਭੌਰਾ

ਇਨਸਾਨ ਕਿਨਾਂ ਗਿਰ ਜਾਂਦਾ ਹੈ !

 

- ਗੁਲਸ਼ਨ ਦਿਆਲ

ਮਾਈ ਲਾਈਫ਼ ਮਾਈ ਵੇਅ

 

- ਗੁਰਮੀਤ ਪਨਾਗ

ਜਤਿੰਦਰ ਕੌਰ ਰੰਧਾਵਾ ਦੀ ਕਾਵਿ-ਸੰਵੇਦਨਾ
(‘ਮੈਂ ਵੇਲ‘ ਦੇ ਆਧਾਰ ‘ਤੇ)

 

- ਡਾ. ਨਰਿੰਦਰਪਾਲ ਸਿੰਘ

ਕੁਲਵੰਤ ਸਿੰਘ ਵਿਰਕ ਦੀਆਂ ਕਹਾਣੀਆਂ ਵਿਚ ਕਿਰਸਾਨੀ ਸਮਾਜ

 

- ਇਕਬਾਲ ਕੌਰ ਸੰਧੂ

ਸਾਹਿਤਕ ਸਵੈਜੀਵਨੀ / ਤੱਤੇ ਲਹੂ ਦੀ ਗਾਥਾ

 

- ਵਰਿਆਮ ਸਿੰਘ ਸੰਧੂ

ਹੁੰਗਾਰੇ

 

Online Punjabi Magazine Seerat


ਸਾਹਿਤਕ ਸਵੈਜੀਵਨੀ
ਤੱਤੇ ਲਹੂ ਦੀ ਗਾਥਾ
- ਵਰਿਆਮ ਸਿੰਘ ਸੰਧੂ
 

 

ਸਤਵੇਂ ਦਹਾਕੇ ਦੇ ਅੰਤ ਉੱਤੇ ਚੱਲੀ ਨਕਸਲਬਾੜੀ ਲਹਿਰ ਨੇ ਸਮੁੱਚੇ ਭਾਰਤ ਦੇ ਚੇਤੰਨ ਅਤੇ ਜੋਸ਼ੀਲੇ ਮੱਧ-ਵਰਗੀ ਗੱਭਰੂਆਂ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ। ਹੁਣ ਤੱਕ ਆਜ਼ਾਦੀ ਨਾਲ ਜੁੜੇ ਸੁਪਨਿਆਂ ਤੋਂ ਜਨ-ਸਾਧਾਰਨ ਦਾ ਮੋਹ-ਭੰਗ ਹੋ ਚੁੱਕਾ ਸੀ। ਸਿਆਸੀ-ਸਮਾਜੀ ਜੀਵਨ ਵਿੱਚ ਨਿੱਤ ਫ਼ੈਲਦੇ ਜਾ ਰਹੇ ਭ੍ਰਿਸ਼ਟਾਚਾਰ ਅਤੇ ਆਦਰਸ਼-ਵਿਹੀਣਤਾ ਤੋਂ ਲੋਕ ਦੁਖੀ ਸਨ। ‘ਇਨਕਲਾਬ’ ਲਈ ਤੁਰੀਆਂ ਪਾਰਟੀਆਂ ‘ਬੁਨਿਆਦੀ ਸਿੱਧਾਂਤਕ ਵਖਰੇਵਿਆਂ’ ਕਾਰਨ ਪਹਿਲਾਂ ਹੀ ਅੱਡੋ-ਪਾਟੀ ਹੋ ਚੁੱਕੀਆਂ ਸਨ। ਨਕਸਲਬਾੜੀ ਅੰਦੋਲਨ ਨੇ ‘ਤੇਜ਼-ਗਤੀ’ ਨਾਲ ‘ਦੌੜ ਕੇ’ ਇਨਕਾਲਬ ਤੱਕ ਪਹੁੰਚਣ ਲਈ ਜੋ ਨਾਅਰਾ ਦਿੱਤਾ ਉਹ ਸੁਪਨਸ਼ੀਲ ਦਿਲਾਂ ਲਈ ਹੁਲਾਰਾ ਬਣ ਗਿਆ। ਇਸ ਲਹਿਰ ਨਾਲ ਜੁੜੇ ਆਗੂ ਵੀ ਵਧੇਰੇ ਪ੍ਰਤੀਬੱਧ, ਈਮਾਨਦਾਰ ਅਤੇ ਕੁਰਬਾਨੀ ਵਾਲੇ ਜਾਪਦੇ ਸਨ। ਕਿਸੇ ਸ਼ੌਕ ਨੂੰ ਤਾਂ ਨਹੀਂ ਸਨ ਉਹ ਸਥਾਪਤੀ ਦਾ ਤਸ਼ੱਦਦ ਸਹਿਣ ਲਈ ਤਿਆਰ ਹੋਏ! ਪੰਜਾਬ ਵਿੱਚ ਨੌਜਵਾਨ ਲੇਖਕਾਂ ਦਾ ਇੱਕ ਵੱਡਾ ਵਰਗ ਇਸ ਵਿਚਾਰਧਾਰਾ ਵੱਲ ਆਕਰਸ਼ਿਤ ਹੋਇਆ। ਇਹ ਮਹਿਸੂਸ ਕੀਤਾ ਜਾਣ ਲੱਗਾ ਕਿ ਇਹਨਾਂ ਸਮਿਆਂ ਵਿੱਚ ਬੁਨਿਆਦੀ ਸਿਆਸੀ ਪਰਿਵਰਤਨ ਹੀ ਪਹਿਲੀ ਅਤੇ ਪ੍ਰਮੁੱਖ ਲੋੜ ਹੈ। ਇਸ ਲੋੜ ਦੀ ਫ਼ੌਰੀ ਪੂਰਤੀ ਵਾਸਤੇ ਸਾਹਿਤ ਨੂੰ ਇੱਕ ਹਥਿਆਰ ਵਜੋਂ ਵਰਤਿਆ ਜਾਣਾ ਚਾਹੀਦਾ ਹੈ। ਲਿਖ਼ਤਾਂ ਰਾਹੀਂ ਸਿਆਸੀ ਵਿਚਾਰਧਾਰਾ ਦਾ ਪ੍ਰਚਾਰ ਵੀ ਹੋਣਾ ਚਾਹੀਦਾ ਹੈ ਤੇ ਲੋਕਾਂ ਅਤੇ ਪਾਠਕਾਂ ਨੂੰ ਇਸ ‘ਵਿਸ਼ੇਸ਼ ਲਹਿਰ’ ਹਿਤ ਸਰਗਰਮੀ ਨਾਲ ਕੰਮ ਕਰਨ ਲਈ ਲਾਮਬੰਦ ਕੀਤਾ ਜਾਣਾ ਚਾਹੀਦਾ ਹੈ।
ਇਸ ਵੇਲੇ ਤੱਕ ਮੇਰਾ ਮਾਰਕਸਵਾਦ ਦਾ ਕੋਈ ਡੂੰਘਾ ਮੁਤਾਲਿਆ ਨਹੀਂ ਸੀ। ਲੋਕ-ਸੰਘਰਸ਼ ਲੜਦੇ ਕਮਿਊਨਿਸਟ ਮੈਨੂੰ ਸ਼ੁਰੂ ਤੋਂ ਹੀ ਆਪਣੇ ਲੱਗਦੇ ਰਹੇ ਸਨ ਪਰ ਮੈਂ ਕਿਸੇ ਇੱਕ ਪਾਰਟੀ ਨਾਲ ਨਹੀਂ ਸਾਂ ਜੁੜਿਆ ਹੋਇਆ। ‘ਸੱਜੇ-ਖੱਬੇ’ ਦੋਵੇਂ ਹੀ ਮੇਰੇ ਆਪਣੇ ਸਨ। ਪਰ ਜਦੋਂ ਹੁਣ ਉਹਨਾਂ ਵਿੱਚੋਂ ਨਿਕਲੀ ‘ਤੀਜੀ ਧਿਰ’ ਵੱਲੋਂ ਦੱਸਿਆ ਗਿਆ ਕਿ ‘ਇਹ ਦੋਵੇਂ ਪਾਰਟੀਆਂ ਤਾਂ ਇਨਕਲਾਬੀ ਪੈਂਤੜੇ ਤੋਂ ਉੱਖੜ ਕੇ ਪਾਰਲੀਮੈਂਟਰੀਵਾਦ ਦੇ ਔਝੜੇ ਰਾਹ ‘ਤੇ ਪੈ ਗਈਆਂ ਅਤੇ ਇਨਕਲਾਬ ਦੀਆਂ ਭਗੌੜੀਆਂ ਹਨ’ ਤਾਂ ਮੇਰੇ ਜੋਸ਼ੀਲੇ ਮਨ ਨੂੰ ਵੀ ਇਹ ਗੱਲਾਂ ਠੀਕ ਲੱਗਣ ਲੱਗੀਆਂ।
ਇਸ ਤੋਂ ਪਹਿਲਾਂ ਵੀ ਮੈਂ ਪ੍ਰਗਤੀਵਾਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਤਾਂ ਸਾਂ ਹੀ ਅਤੇ ਮੇਰੀਆਂ ਲਿਖਤਾਂ ਵਿੱਚ ਇੱਕ ਆਦਰਸ਼ ਵੀ ਵਿਦਮਾਨ ਹੁੰਦਾ ਸੀ। ਅਜੇ ਪਿਛਲੇ ਸਾਲ ਹੀ ਮੇਰੀ ਇੱਕ ਕਹਾਣੀ ‘ਅੱਖਾਂ ਵਿੱਚ ਮਰ ਗਈ ਖ਼ੁਸ਼ੀ’ ‘ਪ੍ਰੀਤ-ਲੜੀ’ ਵਿੱਚ ਛਪੀ ਸੀ। ਉਸ ਕਹਾਣੀ ਵਿੱਚ ਜਨ-ਸਧਾਰਨ ਦੀਆਂ ‘ਅੱਖਾਂ ਵਿੱਚ ਮਰ ਗਈ ਉਸ ਖੁਸ਼ੀ’ ਦਾ ਦੁਖਾਂਤ ਸਿਰਜਿਆ ਗਿਆ ਸੀ, ਜਿਹੜੀ ਖ਼ੁਸ਼ੀ ਯੂਨੀਅਨ ਜੈਕ ਦੇ ਉੱਤਰਨ ਅਤੇ ਤਿਰੰਗੇ ਝੰਡੇ ਦੇ ਲਹਿਰਾਉਣ ਨਾਲ ਸਾਧਾਰਨ ਲੋਕਾਂ ਦੀਆਂ ਅੱਖਾਂ ਵਿੱਚ ਚਮਕ ਉੱਠੀ ਸੀ। ਮੇਰੀ ਇਸ ਕਹਾਣੀ ਬਾਰੇ ਨਵਤੇਜ ਸਿੰਘ ਨੇ ਮੈਨੂੰ ਬੜੀ ਹੀ ਹੁਲਾਰਾ ਦੇਣ ਵਾਲੀ ਪਿਆਰੀ ਚਿੱਠੀ ਲਿਖ ਕੇ ਮੇਰੀ ਕਹਾਣੀ-ਕਲਾ ਅਤੇ ਉਸ ਵਿੱਚ ਪੇਸ਼ ਦ੍ਰਿਸ਼ਟੀਕੋਣ ਦੀ ਸਰਾਹਣਾ ਕੀਤੀ। ਉਸ ਕਹਾਣੀ ਬਾਰੇ ਪ੍ਰੀਤ-ਲੜੀ ਦੀ ਮਾਰਫ਼ਤ ਆਈਆਂ ਕੁੱਝ ਚਿੱਠੀਆਂ ਵੀ ਨਵਤੇਜ ਸਿੰਘ ਨੇ ਮੈਨੂੰ ਭੇਜੀਆਂ। ਇਹਨਾਂ ਚਿੱਠੀਆਂ ਵਿੱਚੋਂ ਮਿਲੀ ਪ੍ਰਸੰਸਾ ਅਤੇ ਪ੍ਰੇਰਨਾ ਨੇ ਵੀ ਮੈਨੂੰ ਅਹਿਸਾਸ ਦੁਆਇਆ ਕਿ ‘ਰਾਜਸੀ ਦਿੱਖ’ ਵਾਲੀ ਕਹਾਣੀ ਲਿਖਣਾ ਸਮੇਂ ਦੀ ਲੋੜ ਹੈ। ਰਾਜਸੀ ਤਬਦੀਲੀ ਇਸ ਸਮੇਂ ਦੀ ਮੁੱਖ ਜ਼ਰੂਰਤ ਸਮਝ ਲਈ ਜਾਣ ਕਰਕੇ ਮੇਰੀਆਂ ਕਹਾਣੀਆਂ ਦਾ ਆਦਰਸ਼ ‘ਇਨਕਲਾਬ’ ਹੋ ਗਿਆ। ਜਿਹੜੀ ਲਿਖ਼ਤ ਲੋਕ-ਘੋਲਾਂ ਨੂੰ ਤਿੱਖਾ ਅਤੇ ਉਤਸ਼ਾਹਿਤ ਨਹੀਂ ਕਰਦੀ ਉਹ ਮੇਰੇ ਅਤੇ ਮੇਰੇ ਸਮਭਾਵੀ ਲੋਕਾਂ ਲਈ ਗੌਣ-ਮਹੱਤਵ ਦੀ ਧਾਰਨੀ ਸਮਝੀ ਜਾਣ ਲੱਗੀ। ‘ਪ੍ਰੀਤ-ਲੜੀ’ ਵਿੱਚ ਛਪ ਜਾਣ ਕਰ ਕੇ ਹੁਣ ਤਾਂ ਮੇਰੇ ਅੰਦਰ ‘ਕਹਾਣੀਕਾਰ’ ਬਣ ਜਾਣ ਦਾ ਭਰੋਸਾ ਵੀ ਪੈਦਾ ਹੋ ਗਿਆ ਸੀ।
ਇਹਨਾਂ ਦਿਨਾਂ ਵਿੱਚ ਹੀ ਲੁਧਿਆਣੇ ਤੋਂ ਛਪਦਾ ਮਾਸਿਕ ਪੱਤਰ ‘ਹੇਮ-ਜਯੋਤੀ’ ਵੀ ਇੱਕ ਦਮ ਆਪਣਾ ‘ਰੰਗ’ ਬਦਲ ਗਿਆ। ਇਸਦਾ ਸੰਪਾਦਕ ‘ਸੁਰੇਂਦਰ’ ਸਾਹਿਤਕ ਅਤੇ ਸੁਹਜਾਤਮਕ ਰੁਚੀਆਂ ਵਾਲਾ ਵਿਅਕਤੀ ਸੀ। ਉਸਨੇ ਕੁੱਝ ਸਾਲ ਪਹਿਲਾਂ ਜਦੋਂ ‘ਹੇਮਜਯੋਤੀ’ ਪਰਚਾ ਸ਼ੁਰੂ ਕੀਤਾ ਤਾਂ ਇਸ ਵਿੱਚੋਂ ਉਸਦੀਆਂ ਇਹਨਾਂ ਰੁਚੀਆਂ ਦਾ ਝਲਕਾਰਾ ਮਿਲਦਾ ਸੀ। ਕਲਾ, ਸਾਹਿਤ, ਖੇਡਾਂ ਅਤੇ ਬੱਚਿਆਂ ਨੂੰ ਸਮਰਪਿਤ ਇਸ ਪਰਚੇ ਵਿੱਚ ਤਸਵੀਰਾਂ ਵੀ ਛਪਦੀਆਂ। ਉਸ ਵੇਲੇ ਤੱਕ ਇਸ ਪਰਚੇ ਦੀ ਜ਼ਾਹਿਰਾ ਤੌਰ ‘ਤੇ ਕੋਈ ਰਾਜਸੀ ਰੰਗਤ ਨਹੀਂ ਸੀ। ਪਰ ਹੁਣ ਇਹ ਬਦਲੇ ਹੋਏ ਰੰਗ ਵਿੱਚ ਸਿਆਸਤ ਅਤੇ ਸਾਹਿਤ ਦੇ ਨੇੜਲੇ ਸੰਬੰਧਾਂ ਨੂੰ ਪ੍ਰਗਟਾਉਣ ਦਾ ਵਾਹਣ ਹੋ ਨਿੱਬੜਿਆ। ਇਸ ਵਿੱਚ ਲੇਖਕਾਂ ਨੁੰ ਉਚੇਚੀ ਵੰਗਾਰ ਦਿੱਤੀ ਹੁੰਦੀ ਸੀ ਕਿ ਉਹ ਸਮੇਂ ਦੇ ਹਾਣੀ ਹੋ ਕੇ ਵਕਤ ਦੇ ਸ਼ੇਰ ਦੀਆਂ ਅੱਖਾਂ ਵਿੱਚ ਝਾਕਣ ਦੀ ਜੁਰਅੱਤ ਕਰਨ ਤੇ ਇਹੋ ਜਿਹੀਆਂ ਜਾਨਦਾਰ ਲਿਖ਼ਤਾਂ ਲਿਖਣ ਜਿਹੜੀਆਂ ‘ਇਨਕਲਾਬ’ ਲਈ ਲੜੀ ਜਾ ਸਕਣ ਵਾਲੀ ਵੱਡੀ ਛਾਲ ਵਾਸਤੇ ਪੜੁੱਲ ਬਣਨ। ਸਾਡੇ ਲਈ ਵਰਤਮਾਨ ਸਮੇਂ ਵਿੱਚ ਲੜੀ ਜਾਣ ਵਾਲੀ ਵੱਡੀ ਸਿਆਸੀ ਲੜਾਈ ਹਿਤ ਪਾਠਕਾਂ ਨੂੰ ਪ੍ਰਭਾਵਿਤ ਅਤੇ ਪ੍ਰੇਰਿਤ ਕਰਨਾ ਹੀ ਸਾਹਿਤ ਦਾ ਮੁੱਖ ਮਨੋਰਥ ਹੋ ਗਿਆ।
ਕੋਈ ਵੀ ਵਡੇਰੀ ਘਟਨਾ, ਦੁਰਘਟਨਾ ਜਾਂ ਸਿਆਸੀ ਹਲਚਲ ਸਭ ਤੋਂ ਪਹਿਲਾਂ ਕਵਿਤਾ ਵਿੱਚ ਹੀ ਅਭਿਵਿਅਕਤ ਹੁੰਦੀ ਹੈ। ਕਹਾਣੀ ਜਾਂ ਨਾਵਲ ਲਿਖਣ ਲਈ ਪ੍ਰਚਲਿਤ ਵਰਤਾਰੇ ਤੋਂ ਥੋੜ੍ਹੀ ਸਾਹਿਤਕ ਵਿੱਥ ਦਰਕਾਰ ਹੁੰਦੀ ਹੈ ਤਾਂ ਕਿ ਲੇਖਕ ਸਮੇਂ ਦੀ ਵਿੱਥ ਤੋਂ ਵੱਖ ਅਤੇ ਉੱਚਾ ਹੋ ਕੇ ਸਮੁੱਚੇ ਵਰਤਾਰੇ ਨੂੰ ਨਿਹਾਰ ਅਤੇ ਪੜਤਾਲ ਸਕੇ। ਉਸਦੀਆਂ ਗੁੰਝਲਾਂ, ਪਰਤਾਂ ਅਤੇ ਪੇਚੀਦਗੀਆਂ ਨੂੰ ਸਮਝ ਸਕੇ ਅਤੇ ਰਚਨਾ ਵਿੱਚ ਸੰਤੁਲਤ ‘ਸਾਹਿਤਕ ਤਰਕ’ ਸਿਰਜ ਸਕਣ ਦੇ ਸਮਰੱਥ ਹੋ ਸਕੇ। ਸਮਕਾਲੀ ਘਟਨਾਵਾਂ ਦੇ ਵਹਿਣ ਵਿੱਚ ਵਹਿੰਦਿਆਂ ਲੇਖਕ ਦੇ ਇੱਕ-ਪਾਸੜ, ਉਲਾਰ ਅਤੇ ਅੰਤਰਮੁਖੀ ਹੋ ਜਾਣ ਦੀ ਸ਼ੰਕਾ ਅਤੇ ਸੰਭਾਵਨਾ ਬਣੀ ਰਹਿੰਦੀ ਹੈ। ਇਸੇ ਲਈ ਇਸ ਸਮੇਂ ਪੈਦਾ ਹੋਈ ਇਸ ਸਾਹਿਤਕ-ਸਿਆਸੀ ਲਹਿਰ ਨੂੰ ਸਭ ਤੋਂ ਵੱਧ ਭਰਵਾਂ ਹੁੰਗਾਰਾ ਕਵੀਆਂ ਵੱਲੋਂ ਮਿਲਿਆ। ਸਾਹਿਤਕ ਚਿਤਰ-ਪੱਟ ਉੱਤੇ ਪਾਸ਼, ਅਮਰਜੀਤ ਚੰਦਨ, ਹਰਭਜਨ ਹਲਵਾਰਵੀ, ਲਾਲ ਸਿੰਘ ਦਿਲ, ਸੰਤ ਸੰਧੂ, ਦਰਸ਼ਨ ਖਟਕੜ ਆਦਿ ਕਵੀਆਂ ਦਾ ਉਦੈ ਹੋਇਆ।
‘ਹੇਮ-ਜਯੋਤੀ’ ਵਿੱਚ ਛਪਦੇ ਕਵੀਆਂ ਅਤੇ ਹੋਰ ਲੇਖਕਾਂ ਦੀਆਂ ਲਿਖਤਾਂ ‘ਚੋਂ ਤਾਂ ਤਤਕਾਲੀਨ ਸਾਹਿਤਕ-ਸਿਆਸੀ ਚਿੰਤਾ ਦਾ ਪ੍ਰਗਟਾਵਾ ਹੁੰਦਾ ਸੀ, ਪਰ ਪਾਠਕ ਮੰਗ ਕਰ ਰਹੇ ਸਨ ਕਿ ਕਹਾਣੀ ਦੇ ਖੇਤਰ ਵਿੱਚ ਅਜਿਹੀ ਸਾਹਿਤਕ-ਸਿਆਸੀ ਸੋਚ ਦਾ ਪ੍ਰਗਟਾਵਾ ਕਿਉਂ ਨਹੀਂ ਹੋ ਰਿਹਾ! ਅਜਿਹੀ ਮੰਗ ਕਰਦੀਆਂ ਚਿੱਠੀਆਂ ਵੀ ਪਰਚੇ ਵਿੱਚ ਛਪ ਰਹੀਆਂ ਸਨ। ਮੇਰਾ ਅੰਦਰ ਵੀ ਇਸ ਲੋੜ ਨੂੰ ਸ਼ਿੱਦਤ ਨਾਲ ਮਹਿਸੂਸ ਕਰ ਰਿਹਾ ਸੀ। ਸਮੇਂ ਦੇ ਰੁਝਾਨ ਮੁਤਾਬਕ ਮੈਂ ਜੁਝਾਰੂ ਕਵਿਤਾਵਾਂ ਵੀ ਲਿਖ ਰਿਹਾ ਸਾਂ ਅਤੇ ਉਸ ਵੇਲੇ ਦੇ ਅੱਠ-ਦਸ ਚੰਗੇ ਸ਼ਾਇਰਾਂ ਦੀ ਸੂਚੀ ਵਿੱਚ ਪਿਛੇ ਜਿਹੇ ਕਰ ਕੇ ਮੇਰਾ ਨਾਂ ਵੀ ਛਪਦਾ ਹੁੰਦਾ ਸੀ। ਇਹਨਾਂ ਦਿਨਾਂ ਵਿੱਚ ਇਨਕਾਲਬੀ ਲੇਖਕਾਂ ਦੀਆਂ ਕਾਨਫ਼ਰੰਸਾਂ ਅਤੇ ਕਵੀ-ਦਰਬਾਰ ਵੀ ਹੋਣ ਲੱਗੇ। ਮੈਂ ਇਹਨਾਂ ਕਾਨਫ਼ਰੰਸਾਂ ਵਿੱਚ ਵੀ ਹਾਜ਼ਰ ਹੁੰਦਾ। ਕਵੀ-ਦਰਬਾਰਾਂ ਵਿੱਚ ਕਵਿਤਾਵਾਂ ਪੜ੍ਹਦਾ। ਚਾਰੇ ਪਾਸੇ ਜੋਸ਼ ਅਤੇ ਉਤਸ਼ਾਹ ਦਾ ਵਾਤਾਵਰਣ ਸੀ ਅਤੇ ਕੁੱਝ ਕਰ ਗੁਜ਼ਰਨ ਦੀ ਪ੍ਰਬਲ ਖ਼ਾਹਿਸ਼। ਉਸ ਸਮੇਂ ਛਪੇ ਚੋਣਵੇਂ ਕਾਵਿ-ਸੰਗ੍ਰਹਿਆਂ ‘ਆਰੰਭ’ ਅਤੇ ‘ਅਸੀਂ ਜਿਊਂਦੇ ਅਸੀਂ ਜਾਗਦੇ’ ਆਦਿ ਵਿੱਚ ਵੀ ਮੇਰੀਆਂ ਕਵਿਤਾਵਾਂ ਵੀ ਸ਼ਾਮਿਲ ਕੀਤੀਆਂ ਗਈਆਂ ਸਨ। ਕੁੱਝ ਕਵਿਤਾਵਾਂ ਦੇ ਅਨੁਵਾਦ ਤਾਂ ਉਸ ਵੇਲੇ ਦੇ ਪ੍ਰਸਿੱਧ ਹਿੰਦੀ ਸਪਤਾਹਿਕ ‘ਧਰਮ-ਯੁਗ’ ਵਿੱਚ ਵੀ ਛਪੇ ਸਨ।
ਪਰ ਮੈਂ ਕਹਾਣੀ ਲੇਖਕ ਵਜੋਂ ਇਨਕਲਾਬੀ ਰੰਗ ਦੀ ਕਹਾਣੀ ਲਿਖਣ ਵਾਲਾ ਪਹਿਲਾ ਲੇਖਕ ਬਣਨਾ ਚਾਹੁੰਦਾ ਸਾਂ। ਇਹਨਾਂ ਦਿਨਾਂ ਵਿੱਚ ਇੱਕ ਨੌਜਵਾਨ ਨੂੰ ਪੁਲਿਸ ਨੇ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ। ਉਸ ਬਾਰੇ ਪਰੈੱਸ ਵਿੱਚ ਖਾਸਾ ਰੌਲਾ ਪਿਆ। ਨਵਤੇਜ ਸਿੰਘ ਨੇ ‘ਪ੍ਰੀਤ-ਲੜੀ’ ਵਿੱਚ ‘ਮੇਰੀ ਧਰਤੀ ਮੇਰੇ ਲੋਕ’ ਕਾਲਮ ਵਿੱਚ ਇਸ ਅਣਮਨੁੱਖੀ ਕਤਲ ਬਾਰੇ ਆਪਣਾ ਰੰਜ ਅਤੇ ਰੋਸ ਵੀ ਪ੍ਰਗਾਟਾਇਆ। ਉਸ ਹੋਣਹਾਰ ਨੌਜਾਵਾਨ ਦੀ ਮੌਤ ਨੂੰ, ਵਿਚਾਰਧਾਰਕ ਫ਼ਰਕ ਦੇ ਬਾਵਜੂਦ, ਸਾਰੇ ਅਗਾਂਹਵਧੂ ਹਲਕਿਆਂ ਵਿੱਚ ਨਿੰਦਿਆ ਗਿਆ। ਦੁੱਖ ਅਤੇ ਰੰਜ ਵਿੱਚ ਭਰੇ ਮੇਰੇ ਮਨ ਨੂੰ ਲੱਗਾ ਕਿ ਮੈਨੂੰ ਉਸਦੀ ਮੌਤ ‘ਤੇ ਸਾਹਿਤਕ-ਹਾਉਕਾ ਜ਼ਰੂਰ ਭਰਨਾ ਚਾਹੀਦਾ ਹੈ। ਮੈਂ ਕਹਾਣੀ ਲਿਖੀ, ‘ਲੋਹੇ ਦੇ ਹੱਥ’। ਜਦੋਂ ਇਹ ਕਹਾਣੀ ‘ਹੇਮ-ਜਯੋਤੀ’ ਵਿੱਚ ਛਪੀ ਤਾਂ ਇਸਦੀ ਬੜੀ ਸਰਾਹਨਾ ਹੋਈ। ਸੁਰੇਂਦਰ ਹੇਮਜਯੋਤੀ ਨੇ ਮੈਨੂੰ ਲਿਖਿਆ ਕਿ, “ਲੋਹੇ ਦੇ ਹੱਥ’ ਵਰਗੀ ਕਹਾਣੀ ਲਿਖਣ ਵਾਲੇ ਤੇਰੇ ਹੱਥ ਚੁੰਮ ਲੈਣ ਨੂੰ ਜੀਅ ਕਰਦਾ ਹੈ!”
ਇਸੇ ਸਮੇਂ ਜਦੋਂ ਮੇਰੀਆਂ ਕੁੱਝ ਹੋਰ ਕਹਾਣੀਆਂ ‘ਹੇਮ ਜਯੋਤੀ’ ਵਿੱਚ ਛਪੀਆਂ ਤਾਂ ਲੇਖਕਾਂ-ਪਾਠਕਾਂ ਵੱਲੋਂ ਇਹਨਾਂ ਨੂੰ ਭਰਪੂਰ ਹੁੰਗਾਰਾ ਮਿਲਣ ਲੱਗਾ। ‘ਹੇਮ-ਜਯੋਤੀ’ ਵਿੱਚ ਛਪੀਆਂ ਅਤੇ ਮੈਨੂੰ ਆਈਆਂ ਚਿੱਠੀਆਂ ਨੇ ਇਹ ਦੱਸਿਆ ਕਿ ਮੈਂ ‘ਸਮੇਂ ਦੇ ਹਾਣ’ ਦੀ ਕਹਾਣੀ ਲਿਖ ਰਿਹਾ ਹਾਂ। ਬੇਸ਼ੱਕ ਮੈਂ ਕਵਿਤਾਵਾਂ ਵੀ ਲਿਖ ਰਿਹਾ ਸਾਂ ਪਰ ਪਹਿਲੇ ਅਤੇ ਇਕੋ ਇੱਕ ‘ਇਨਕਲਾਬੀ’ ਕਹਾਣੀਕਾਰ ਦੇ ਤੌਰ ‘ਤੇ ਮੇਰੀ ਪਛਾਣ ਹੋਣੀ ਸ਼ੁਰੂ ਹੋ ਗਈ ਸੀ। 1970 ਦੇ ਖ਼ਤਮ ਹੁੰਦਿਆਂ ਅਗਲੇ ਸਾਲ ਵਿੱਚ ਉਭਰ ਰਹੀਆਂ ਨਵੀਆਂ ਸਾਹਿਤਕ ਸੰਭਾਵਨਾਵਾਂ ਵਜੋਂ ‘ਹੇਮਜਯੋਤੀ’ ਦੇ ਸੰਪਾਦਕੀ ਵਿੱਚ ਲਿਖਿਆ ਗਿਆ, “ਪਾਸ਼, ਲਾਲ ਸਿੰਘ ਦਿਲ, ਦਰਸ਼ਨ ਖਟਕੜ ਅਤੇ ਵਰਿਆਮ ਸੰਧੂ 1971 ਦਾ ਇਕਰਾਰ ਹਨ।”
ਇਹਨਾਂ ਵਿਚੋਂ ਪਹਿਲੇ ਤਿੰਨ ਤਾਂ ਕਵੀ ਸਨ- ਕੇਵਲ ਮੈਂ ਹੀ ਇਕੱਲਾ ਸੰਬੰਧਤ ਵਿਚਾਰਧਾਰਾ ਦੇ ਸਾਹਿਤਕ ਆਗੂਆਂ ਦੀਆਂ ਨਜ਼ਰਾਂ ਵਿੱਚ, ਕੁੱਝ ‘ਨਵਾਂ ਕਰ ਸਕਣ ਵਾਲਾ’ ਕਹਾਣੀਕਾਰ ਸਾਂ। ਇਹਨਾਂ ਹੀ ਦਿਨਾਂ ਵਿੱਚ ਮੈਨੂੰ ਹਰਭਜਨ ਹਲਵਾਰਵੀ ਅਤੇ ਅਮਰਜੀਤ ਚੰਦਨ ਆ ਮਿਲੇ। ਉਹਨਾਂ ਦੀ ਸੋਚ ਮੁਤਾਬਕ ਮੈਂ ਉਹਨਾਂ ਦਾ ਸੰਗੀ-ਸਾਥੀ ਬਣਨ ਵਾਲਾ ਬੜਾ ਯੋਗ ਵਿਅਕਤੀ ਸਾਂ। ਹਲਵਾਰਵੀ ਉਸ ਵੇਲੇ ਨਕਸਲਬਾੜੀ ਲਹਿਰ ਨਾਲ ਸੰਬੰਧਤ ਰਾਜਸੀ ਪਰਚੇ ‘ਲੋਕ-ਯੁੱਧ’ ਦਾ ਸੰਪਾਦਕ ਅਤੇ ਪਾਰਟੀ ਦੀ ਸੂਬਾ ਕਮੇਟੀ ਦਾ ਮੈਂਬਰ ਸੀ ਪਰ ਉਹ ਅਮਰਜੀਤ ਚੰਦਨ ਨਾਲ ਮਿਲ ਕੇ ‘ਸਾਹਿਤਕ ਫ਼ਰੰਟ’ ਨੁੰ ਉਸਾਰਨ ਅਤੇ ਮਜ਼ਬੂਤ ਕਰਨ ਲਈ ਵੀ ਯੋਗਦਾਨ ਪਾ ਰਿਹਾ ਸੀ। ਚੰਦਨ ਨੂੰ ਮੈਂ ਪਹਿਲਾਂ ਵੀ ਇੱਕ ਦੋ ਮੀਟਿੰਗਾਂ ਵਿੱਚ ਵੇਖਿਆ ਅਤੇ ਮਿਲਿਆ ਹੋਇਆ ਸਾਂ। ਸਾਡੀ ਇਹ ਮਿਲਣੀ ਅੰਮ੍ਰਿਤਸਰ ਦੇ ਹਾਲ-ਬਾਜ਼ਾਰ ਦੇ ਬਾਹਰ ਕਿਸੇ ਚਾਹ ਦੀ ਦੁਕਾਨ ਉੱਤੇ ਹੋਈ। ਇਸ ਉਚੇਚੀ ਮਿਲਣੀ ਦਾ ਮਕਸਦ ਜ਼ਾਹਿਰ ਸੀ ਕਿ ਮੈਂ ਉਹਨਾਂ ਦੇ ‘ਸੰਘਰਸ਼’ ਵਿੱਚ ਉਹਨਾਂ ਦਾ ਸਾਥੀ ਬਣਾਂ!
ਉਹ ਦੋਵੇਂ ਉਸ ਤੋਂ ਬਾਅਦ ਮੇਰੇ ਕੋਲ ਮੇਰੇ ਪਿੰਡ ਵੀ ਆਉਣ ਲੱਗੇ। ਅਮਰਜੀਤ ਚੰਦਨ ਘੱਟ ਬੋਲਣ ਵਾਲਾ ਪਰ ਤਿੱਖੀ ਵਿਅੰਗਮਈ ਗੱਲ ਕਰ ਕੇ ਟੇਢੇ ਰੁਖ਼ ਮੁਸਕਰਾਉਂਦਾ; ਜਦ ਕਿ ਹਲਵਾਰਵੀ ਵਧੇਰੇ ਬੇਬਾਕ ਅਤੇ ਖੁੱਲ੍ਹ ਕੇ ਨਿਰਛਲ ਹਾਸਾ ਹੱਸਣ ਵਾਲਾ ਵਿਅਕਤੀ ਸੀ। ਦੋਵੇਂ ਹੀ ਉਸ ਵੇਲੇ ਅੰਡਰਗਰਾਊਂਡ ਸਨ। ਦੋਵਾਂ ਨਾਲ ਹੀ ਮੇਰੀ ਨੇੜਲੀ ਸਾਂਝ ਸੀ। ਦੋਵੇਂ ਹੀ ਮੈਨੂੰ ਪਿਆਰ ਕਰਦੇ। ਮੇਰੇ ਮਾਂ-ਪਿਓ ਉਹਨਾਂ ਨੂੰ ਆਪਣੇ ਪੁੱਤਰਾਂ ਵਾਂਗ ਰੱਖਦੇ। ਮੇਰੇ ਮਾਪਿਆਂ ਨੂੰ ਇਹ ਵੀ ਲੱਗਦਾ ਕਿ ਮਾਵਾਂ ਦੇ ਇਹ ਲਾਡਲੇ ਪੁੱਤ ਘਰ-ਘਾਟ ਛੱਡ ਕੇ, ਸਿਰ ‘ਤੇ ਖੱਫਣ ਬੰਨ੍ਹ ਕੇ ਭਗਤ ਸਿੰਘ ਵਾਂਗ ਕੁਰਬਾਨ ਹੋਣ ਲਈ ਮੈਦਾਨ ਵਿੱਚ ਨਿੱਤਰੇ ਹੋਏ ਹਨ।
ਅਗਲੇ ਦਿਨਾਂ ਵਿੱਚ ਮੈਂ ਹਲਵਾਰਵੀ ਨਾਲ ਕੁੱਝ ਵਧੇਰੇ ਖੁੱਲ੍ਹ ਗਿਆ। ਉਹ ਮੇਰੇ ਲਈ ਭਾਰੇ-ਗੌਰੇ ਚਿਹਰੇ ਵਾਲਾ, ਗਿਣ-ਮਿੱਥ ਕੇ ਸੋਚ ਸੋਚ ਕੇ ਗੱਲ ਕਰਨ ਵਾਲਾ ਰਾਜਸੀ ਆਗੂ ਨਾ ਰਹਿ ਕੇ, ਅਪਣੱਤ-ਭਾਵ ਨਾਲ ਭਰਿਆ, ਸਰਲ ਸ਼ਖ਼ਸੀਅਤ ਵਾਲਾ ਮੋਹ-ਵੰਤਾ ਇਨਸਾਨ ਬਣ ਗਿਆ। ਕਹਿੰਦੇ ਹਨ ਜਦੋਂ ਤੁਸੀਂ ਕਿਸੇ ਨਾਲ ਪਿਆਰ ਅਤੇ ਲਿੰਗ-ਸੰਬੰਧਾਂ ਦੇ ਮੁਆਮਲੇ ਵਿੱਚ ਆਪਣੇ ਭੇਦ ਸਾਂਝੇ ਕਰਨ ਲੱਗ ਜਾਵੋ ਤਾਂ ਤੁਹਾਡੀ ਆਪਸ ਵਿਚਲੀ ਅਹੁਦੇ ਜਾਂ ਦਰਜੇ ਦੀ ਪਹਿਲ-ਦੂਜ ਖ਼ਤਮ ਹੋ ਜਾਂਦੀ ਹੈ ਅਤੇ ਤੁਸੀਂ ਇੱਕ ਦੂਜੇ ਨਾਲ ਬਰਾਬਰ ਦੀ ਧਿਰ ਵਜੋਂ ਵਿਚਰਨਾ ਸ਼ੁਰੂ ਕਰ ਦਿੰਦੇ ਹੋ। ਸਾਡੇ ਨਾਲ ਵੀ ਇੰਜ ਹੀ ਹੋਇਆ। ਇਸ ਵਿਸ਼ੇ ਉੱਤੇ ਸਾਡੇ ਕੋਲ ਭਾਵੇਂ ਬਹੁਤਾ ਕੁੱਝ ਦੱਸਣ-ਸੁਣਨ ਲਈ ਹੈ ਨਹੀਂ ਸੀ ਪਰ ਜਿੰਨਾਂ ਵੀ ਸੀ, ਉਹ ਅਸੀਂ ਇੱਕ ਦੂਜੇ ਨਾਲ ਸਾਂਝਾ ਕਰਨ ਲੱਗ ਪਏ। ਸਾਡੀ ਇਹ ਸਾਂਝ ਨਿਰੋਲ ਰਾਜਸੀ ਸਾਂਝ ਨਾ ਰਹਿ ਕੇ ਮਾਨਵੀ ਸਾਂਝ ਬਣ ਗਈ। ਪਰ ਰਾਜਸੀਪਣ ਇਸ ਵਿੱਚੋਂ ਗ਼ੈਰਹਾਜ਼ਰ ਨਹੀਂ ਸੀ। ਹਲਵਾਰਵੀ ਨੇ ਮੇਰਾ ਹੁਣ ਤੱਕ ਦਾ ਲਿਖਿਆ ਸਾਰਾ ਸਾਹਿਤ ਪੜ੍ਹਿਆ। ਮੇਰੇ ਚੰਗੇ ਲਿਖੇ ਦੀ ਪ੍ਰਸੰਸਾ ਕੀਤੀ ਅਤੇ ਕੱਚੀ ਲਿਖ਼ਤ ਉੱਤੇ ਅਸੀਂ ਦੋਹਵੇਂ ਰਲ ਕੇ ਹੱਸਦੇ ਵੀ।
ਆਪਣੀ ਲਿਖ਼ਤ ਨੂੰ ਇੰਜ ਦੂਰੀ ਤੋਂ ਵੇਖ ਕੇ ਉਸ ਉੱਤੇ ਹੱਸ ਸਕਣਾ ਅਤੇ ਉਸਨੂੰ ਰੱਦ ਕਰ ਸਕਣਾ ਉਸ ਲੇਖਕ ਲਈ ਬਹੁਤ ਜ਼ਰੂਰੀ ਹੈ ਜੋ ਅੱਗੇ ਕੁੱਝ ਨਵਾਂ ਕਰਨਾ ਚਾਹੁੰਦਾ ਹੈ। ਮੈਂ ਕਿਉਂਕਿ ਇਸ ਸਮੇਂ ਕੁੱਝ ਨਵਾਂ, ਵੱਖਰਾ ਅਤੇ ਵਿਸ਼ੇਸ਼ ਲਿਖਣਾ ਅਤੇ ਦਿਸਣਾ ਚਾਹੁੰਦਾ ਸਾਂ, ਇਸ ਲਈ ਮੈਨੂੰ ਆਪਣੇ ਪੁਰਾਣੇ ਲਿਖੇ ਤੋਂ ਇੱਕ ਦਮ ਨਾਤਾ ਤੋੜਨ ਦੀ ਲੋੜ ਵੀ ਮਹਿਸੂਸ ਹੋਈ। ਰੋਮਾਂਟਿਕ-ਇਨਕਲਾਬੀ ਤੇ ਸੁਧਾਰਵਾਦੀ ਰੰਗ ਤਾਂ ਭਾਵੇਂ ਮੇਰੀਆਂ ਪਹਿਲਾਂ ਲਿਖੀਆਂ ਕਹਾਣੀਆਂ ਵਿੱਚ ਵੀ ਸੀ ਤਦ ਵੀ ਉਹਨਾਂ ਵਿਚੋਂ ਕੁੱਝ ਕਹਾਣੀਆਂ ਮਨੋਵਿਗਆਨਕ ਰੰਗਣ ਵਾਲੀਆਂ ਯਥਾਰਥਕ ਤੇ ਕਲਾਤਮਕ ਕਹਾਣੀਆਂ ਵੀ ਸਨ। ਪਰ ਹੁਣ ਸਿਆਸੀ ਵਿਚਾਰਧਾਰਾ ਨਾਲ ਪ੍ਰਤੀਬੱਧ ਹੋ ਕੇ ਨਿਸਚਿਤ ਸਿਆਸੀ ਮਕਸਦ ਦੀ ਪੂਰਤੀ ਲਈ ਲਿਖਣਾ ਮੇਰਾ ਉਦੇਸ਼ ਹੋ ਗਿਆ। ਜੀਵਨ ਦੇ ਵਿਭਿੰਨ ਰੰਗਾਂ ਨੂੰ ਪੜ੍ਹਨ ਤੇ ਪਛਾਨਣ ਵਾਲੀ ਸਾਹਿਤਕ ਨਜ਼ਰ ਨੂੰ ਮੈਂ ‘ਲਾਲ ਰੰਗ’ ਵਾਲੀਆਂ ਐਨਕਾਂ ਲਾ ਕੇ ਓਹਲੇ ਵਿੱਚ ਕਰ ਲਿਆ। ਮੈਨੂੰ ਕੇਵਲ ਤੇ ਕੇਵਲ ਇੱਕ ਰੰਗ ਹੀ ਦਿਖਾਈ ਦੇਣ ਲੱਗਾ। ਲੱਗਦਾ, ਦੂਜੇ ਰੰਗਾਂ ਨਾਲ ਖੇਡਣਾ ਝੱਖ ਮਾਰਨ ਬਰਾਬਰ ਹੈ।
ਹੁਣ ਤੱਕ ਦਾ ਮੇਰਾ ਜੋ ਕੁੱਝ ਵੀ ਛਪਿਆ ਸੀ ਉਹ ਸਾਰਾ ਹੀ ਆਪਣੀ ਮਾਂ ਨੂੰ ਚੁੱਲ੍ਹੇ ਵਿੱਚ ਅੱਗ ਬਾਲਣ ਲਈ ਦੇ ਦਿੱਤਾ। ਹੁਣ ਮੈਂ ਬੀਤੇ ਦੀਆਂ ਲਿਖ਼ਤਾਂ ਤੋਂ ਸੁਰਖ਼ਰੂ ਹੋ ਗਿਆ ਸਾਂ। ਇਹੋ ਹੀ ਕਾਰਨ ਸੀ ਕਿ ਜਦੋਂ ਮੈਨੂੰ ਆਖਿਆ ਗਿਆ ਕਿ ਪਹਿਲਾ ਕਹਾਣੀ-ਸੰਗ੍ਰਹਿ ਛਪਵਾਉਣ ਲਈ ਆਪਣੀਆਂ ਚੋਣਵੀਆਂ ਕਹਾਣੀਆਂ ਦਾ ਖਰੜਾ ਤਿਆਰ ਕਰਾਂ ਤਾਂ ਮੈਨੂੰ ਮਸਾਂ ਦਸ ਕਹਾਣੀਆਂ ਲੱਭ ਸਕੀਆਂ, ਜਿਹੜੀਆਂ ਮੁਸ਼ਕਿਲ ਨਾਲ ਕਿਤਾਬ ਦੇ ਅੱਸੀ ਕੁ ਪੰਨਿਆਂ ਤੱਕ ਹੀ ਫ਼ੈਲ ਸਕੀਆਂ। 1971 ਵਿੱਚ ਛਪੇ ਇਸ ਸੰਗ੍ਰੁਹਿ ‘ਲੋਹੇ ਦੇ ਹੱਥ’ ਨੂੰ ਛਪਾਉਣ ਦਾ ਸਾਰਾ ਉੱਦਮ ਅਮਰਜੀਤ ਚੰਦਨ ਨੇ ਕੀਤਾ। ਇਸਤੋਂ ਕੁੱਝ ਚਿਰ ਪਹਿਲਾਂ ਨਾਟਕਕਾਰ ਗੁਰਸ਼ਰਨ ਸਿੰਘ ਨਵੇਂ ਸਥਾਪਤ ਕੀਤੇ ਪ੍ਰਕਾਸ਼ਨ-ਘਰ ‘ਬਲਰਾਜ ਸਾਹਨੀ ਪੁਸਤਕਾਲਾ’ ਵੱਲੋਂ ਪਾਸ਼ ਅਤੇ ਸੰਤ ਸੰਧੂ ਦੇ ਕਾਵਿ-ਸੰਗ੍ਰਹਿ ‘ਲੋਹ-ਕਥਾ’ ਅਤੇ ‘ਸੀਸ ਤਲੀ ‘ਤੇ’ ਛਾਪ ਚੁੱਕਾ ਸੀ। ਮੇਰਾ ਕਹਾਣੀ-ਸੰਗ੍ਰਹਿ ਵੀ ਗੁਰਸ਼ਰਨ ਸਿੰਘ ਵੱਲੋਂ ਹੀ ਛਾਪਿਆ ਗਿਆ ਪਰ ਇਸ ਉੱਤੇ ਸੁਰੇਂਦਰ ਹੇਮਜਯੋਤੀ ਨਾਲ ਸੰਬੰਧਤ ‘ਦੇਵਦੂਤ ਪਬਲਿਸ਼ਰਜ਼, ਲੁਧਿਆਣਾ’ ਦਾ ਨਾਮ ਪ੍ਰਕਾਸ਼ਕ ਵਜੋਂ ਛਾਪਿਆ ਗਿਆ।
ਕਿਤਾਬ ਛਪ ਗਈ ਤਾਂ ਗੁਰਸ਼ਰਨ ਸਿੰਘ ਨੇ ਮੁਖ਼ਤਾਰ ਗਿੱਲ ਦੇ ਹੱਥ ਇਸਦੀਆਂ ਸੌ ਕਾਪੀਆਂ ਮੈਨੂੰ ਭੇਜੀਆਂ। ਇਸ ਵਿੱਚ ਪੱਛਮੀ ਨਿੱਕੀ ਕਹਾਣੀ ਦੇ ਅਕਾਦਮਿਕ ਬੰਧੇਜ ਅਨੁਸਾਰ ਨਿੱਕੇ ਆਕਾਰ ਦੀਆਂ ਕਹਾਣੀਆਂ ਸ਼ਾਮਲ ਸਨ। ਇਹਨਾਂ ਕਹਾਣੀਆਂ ਵਿੱਚ ਆਰਥਕ ਕਾਣੀ-ਵੰਡ ਅਤੇ ਗ਼ਰੀਬੀ ਦਾ ਸੰਤਾਪ, ਪ੍ਰਾਪਤ ਆਜ਼ਾਦੀ ਦਾ ਖੋਖਲਾਪਣ, ਸਥਾਪਤ ਤਾਕਤਾਂ ਦਾ ਜਬਰ-ਜ਼ੁਲਮ ਵੀ ਸੀ ਅਤੇ ਇਸ ਜ਼ਾਲਮ ਅਤੇ ਜਾਬਰ ਨਿਜ਼ਾਮ ਨੂੰ ਤਬਦੀਲ ਕਰਨ ਦੀ ਵੰਗਾਰ ਸੀ। ‘ਜੇਬ ਕਤਰੇ’ ਅਤੇ ‘ਲੋਹੇ ਦੇ ਹੱਥ’ ਵਿੱਚ ਤਾਂ ਇਸ ਸਥਾਪਤ ਨਜ਼ਾਮ ਨੂੰ ਤਬਦੀਲ ਕਰਨ ਹਿਤ ਅੰਧ-ਵਿਸ਼ਵਾਸ ਤਿਆਗ ਕੇ ਵਿਗਿਆਨਕ ਸੋਚ ਦੇ ਲੜ ਲੱਗਣ, ਹਥਿਆਰਬੰਦ ਹੋ ਕੇ ਸੰਘਰਸ਼ ਕਰਨ ਅਤੇ ਆਪਣੇ ਨਿਸ਼ਾਨੇ ਲਈ ਕੁਰਬਾਨ ਹੋ ਜਾਣ ਦਾ ਸਾਹਿਤਕ ਸੱਦਾ ਵੀ ਦਿੱਤਾ ਗਿਆ ਸੀ। ਇਸ ਘੋਲ ਨੂੰ ਪੰਜਾਬ ਦੇ ਗੌਰਵਮਈ ਇਤਿਹਾਸਕ-ਸੰਘਰਸ਼ ਨਾਲ ਜੋੜ ਕੇ ਵੇਖਣ ਦਾ ਯਤਨ ਵੀ ਇਹਨਾਂ ਕਹਾਣੀਆਂ ਵਿੱਚੋਂ ਨਜ਼ਰ ਆਉਂਦਾ ਸੀ।
ਇਸ ਪੁਸਤਕ ਵਿਚਲੀਆਂ ਬਹੁਤੀਆਂ ਕਹਾਣੀਆਂ ਤਾਂ ਪਹਿਲਾਂ ਹੀ ‘ਹੇਮ-ਜਯੋਤੀ’, ‘ਆਰਸੀ’ ਅਤੇ ‘ਪ੍ਰੀਤ-ਲੜੀ’ ਆਦਿ ਵਿੱਚ ਛਪ ਕੇ ਪ੍ਰਸੰਸਾ ਹਾਸਲ ਕਰ ਚੁੱਕੀਆਂ ਸਨ ਪਰ ਕਿਤਾਬੀ ਰੂਪ ਵਿੱਚ ਛਪ ਕੇ ਆਉਣ ਉੱਤੇ ਇਹ ਪਾਠਕਾਂ ਦੇ ਵੱਡੇ ਦਾਇਰੇ ਤੱਕ ਪੁੱਜ ਗਈਆਂ ਅਤੇ ਪ੍ਰਸੰਸਾ ਦੀਆਂ ਪਾਤਰ ਬਣੀਆਂ। ਖ਼ਾਸ ਤੌਰ ਉੱਤੇ ਕਾਲਜ ਦੇ ਵਿਦਿਆਰਥੀਆਂ ਵੱਲੋਂ ਪਾਸ਼ ਦੀ ‘ਲੋਹ ਕਥਾ’, ਸੰਤ ਸੰਧੂ ਦੀ ‘ਸੀਸ ਤਲੀ ‘ਤੇ’ ਅਤੇ ਮੇਰੀ ਪੁਸਤਕ ‘ਲੋਹੇ ਦੇ ਹੱਥ’ ਉਚੇਚ ਨਾਲ ਖ਼ਰੀਦੀਆਂ ਅਤੇ ਪੜ੍ਹੀਆਂ ਜਾਣ ਲੱਗੀਆਂ। ਕੁੱਝ ਨਵੇਂ ਛਪਦੇ ਪਰਚਿਆਂ ਵਿੱਚ ਇਹ ਕਹਾਣੀਆਂ ਪੁਨਰ-ਪ੍ਰਕਾਸ਼ਿਤ ਵੀ ਹੋਈਆਂ। ਵੱਖ-ਵੱਖ ਕਾਲਜ-ਮੈਗ਼ਜ਼ੀਨਾਂ ਵਿੱਚ ਇਹਨਾਂ ਵਿੱਚੋਂ ਬਹੁਤੀਆਂ ਕਹਾਣੀਆਂ ਵਿਦਿਆਰਥੀਆਂ ਵੱਲੋਂ ਆਪਣੇ ਨਾਵਾਂ ਉੱਤੇ ਛਪਾਈਆਂ ਹੋਈਆਂ ਮੈਂ ਆਪ ਵੇਖੀਆਂ। ਸਾਡੇ ਪਿੰਡ ਲਾਗਲੇ ਕਾਲਜ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਦਸੰਬਰ 1971 ਵਿੱਚ ਸੁਰਜੀਤ ਪਾਤਰ ਤੇ ਜੋਗਿੰਦਰ ਕੈਰੋਂ ਵੱਲੋਂ ਕਰਵਾਏ ਗਏ ਕਵੀ-ਦਰਬਾਰ ਵਿੱਚ ਹਿੱਸਾ ਲੈਣ ਗਿਆ ਤਾਂ ਵੇਖਿਆ ਕਿ ਕੰਧਾਂ ਉੱਤੇ ਕਾਲੇ ਪੇਂਟ ਨਾਲ ਮੋਟੇ ਅੱਖਰਾਂ ਵਿੱਚ ਲਿਖਿਆ ਹੋਇਆ ਸੀ, ‘ਲੋਹੇ ਦੇ ਹੱਥ’ ਕਿਤਾਬ ਮਾਰਕੀਟ ਵਿੱਚ ਆ ਗਈ ਹੈ, ‘ਲੋਹੇ ਦੇ ਹੱਥ’ ਪੜ੍ਹੋ, ਆਦਿ।”
ਰਾਮ ਸਰੂਪ ਅਣਖੀ ਨੇ ਇਸ ਕਹਾਣੀ-ਸੰਗ੍ਰਹਿ ਬਾਰੇ ਅਜੀਤ ਅਖ਼ਬਾਰ ਵਿਚੱ ਇੱਕ ਕਾਲਮ ਵਿੱਚ ਲਿਖਿਆ ਸੀ ਕਿ ਜੇ ਇਸ ਵਕਤ ਤੱਕ ਛਪੇ ਸਾਰੇ ਕਹਾਣੀ-ਸੰਗ੍ਰਹਿ ਤੱਕੜੀ ਦੇ ਇੱਕ ਪੱਲੜੇ ਵਿੱਚ ਰੱਖ ਦਿੱਤੇ ਜਾਣ ਤੇ ਦੂਜੇ ਪਲੜੇ ਵਿੱਚ ‘ਲੋਹੇ ਦੇ ਹੱਥ’ ਨਿੱਕੀ ਜਿਹੀ ਪੁਸਤਕ ਰੱਖ ਦਿੱਤੀ ਜਾਵੇ ਤਾਂ ‘ਲੋਹੇ ਦੇ ਹੱਥ’ ਵਾਲਾ ਪਲੜਾ ਭਾਰੀ ਹੋਵੇਗਾ।
‘ਤੀਸਰੀ ਅੱਖ’ ਨਾਮ ਦੇ ਕਾਲਮ ਹੇਠ ‘ਸਰਦਲ’ ਦੇ ਅਕਤੂਬਰ 1972 ਦੇ ਅੰਕ ਵਿੱਚ ਗੁਰਸ਼ਰਨ ਸਿੰਘ ਨੇ ਲਿਖਿਆ, “‘ਲੋਹੇ ਦੇ ਹੱਥ’ ਸੰਗ੍ਰਹਿ ਦੀ ਇੱਕ ਇੱਕ ਕਹਾਣੀ, ‘ਕਾਲੀ ਧੁੱਪ’, ‘ਨੰਗਾ ਸੂਰਜ’, ‘ਸਾਂਝ’, ‘ਪੁੱਛਣਾ’, ‘ਅੱਖਾਂ ਵਿੱਚ ਮਰ ਗਈ ਖ਼ੁਸ਼ੀ’, ‘ਦੁਖਾਂਤ ਦਾ ਸਫ਼ਰ’, ‘ਰਾਖਾ’, ‘ਅਨੋਖਾ ਰਾਹੀ’, ‘ਜੇਬ ਕਤਰੇ’, ‘ਲੋਹੇ ਦੇ ਹੱਥ’, ਸੰਘਰਸ਼ਸ਼ੀਲ-ਸਾਹਿਤ ਦੇ ਮਿਥੇ ਹੋਏ ਟੀਚੇ ‘ਤੇ ਪੂਰੀ ਉੱਤਰਦੀ ਹੈ। - ‘ਲੋਹੇ ਦੇ ਹੱਥ’ ਸੰਗ੍ਰਹਿ ਦੀਆਂ ਇਹ ਕਹਾਣੀਆਂ ਕਹਾਣੀ ਕਲਾ ਦੀ ਹਰ ਪਰਖ਼ ਤੇ ਪੂਰਾ ਉੱਤਰਦੀਆਂ ਹਨ ਅਤੇ ਆਮ ਕਹੇ ਗਏ ਇਸ ਕਥਨ ਨੂੰ ਕਿ ਨਵੇਂ ਲੇਖਕਾਂ ਵਿੱਚ ਸਾਧਨਾ ਦੀ ਘਾਟ ਹੈ, ਝੁਠਲਾਉਂਦੀਆਂ ਹਨ। ਇਸ ਲੇਖਕ ਕੋਲੋਂ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਆਪਣੇ ਰਾਹ ‘ਤੇ ਚੱਲਦਾ ਹੋਇਆ ਸੰਜੀਦਾ ਸਾਹਿਤ ਸਿਰਜ ਸਕੇਗਾ।”
ਨੌਜਵਾਨ ਵਰਗ ਤੇ ਤਬਦੀਲੀ ਦੀ ਖ਼ਾਹਸ਼ ਰੱਖਣ ਵਾਲੇ ਲੇਖਕਾਂ ਵਿੱਚ ਇਸ ਕਹਾਣੀ-ਸੰਗ੍ਰਹਿ ਨੇ ਮੈਨੂੰ ਉਚੇਚੀ ਪਛਾਣ ਅਤੇ ਪ੍ਰਸਿੱਧੀ ਦਿੱਤੀ। ਪਰ ਕੁੱਝ ਹੋਰ ਹਲਕਿਆਂ ਵੱਲੋਂ ‘ਵਿਚਾਰਾਂ ਸਦਕਾ ਕਲਾ ਨੂੰ ਕੁਰਬਾਨ ਕਰਨ’ ਦੇ ਮੇਰੇ ਸਾਹਿਤਕ ਵਤੀਰੇ ਦੀ ਆਲੋਚਨਾ ਵੀ ਹੋਈ। ਉਹਨਾਂ ਲੇਖਕਾਂ-ਆਲੋਚਕਾਂ ਵੱਲੋਂ ਲੋਕ-ਪੀੜ ਨੂੰ ਸੁਹਿਰਦਤਾ ਨਾਲ ਅਨੁਭਵ ਕਰ ਕੇ ਲਿਖੀਆਂ ਗਈਆਂ ਇਹਨਾਂ ਕਹਾਣੀਆਂ ਦੀ ਦਿਸ਼ਾ ਨੂੰ ਤਾਂ ਸਲਾਹਣਯੋਗ ਆਖਿਆ ਗਿਆ ਪਰ ਨਾਲ ਹੀ ਇਹ ਵੀ ਕਿਹਾ ਕਿ ਮੈਨੂੰ ਭਵਿੱਖ ਵਿੱਚ ਵਧੇਰੇ ਸਫ਼ਲ ਅਤੇ ਪ੍ਰਭਾਵਸ਼ਾਲੀ ਕਹਾਣੀਆਂ ਸਿਰਜਣ ਲਈ ‘ਅਸੁਭਾਵਕਤਾ ਅਤੇ ਉਪਭਾਵਕਤਾ’ ਤੋਂ ਛੁਟਕਾਰਾ ਪਾਉਣਾ ਪਵੇਗਾ। ਮੇਰੀਆਂ ਕਹਾਣੀਆਂ ਵਿੱਚ ‘ਬਲਵਾਨ ਸਮਾਜਕ ਚੇਤਨਾ’ ਦੀ ਪ੍ਰਸੰਸਾ ਕਰਦਿਆਂ ਇਸ ਵਿਚਲੇ ‘ਭਾਸ਼ਣਕਾਰੀ ਅਤੇ ਨਾਅਰੇਬਾਜ਼ੀ ਵਾਲੇ ਅੰਸ਼’ ਨੂੰ ਤਿਆਗਣ ਦੀ ਸਲਾਹ ਵੀ ਦਿੱਤੀ ਗਈ। ਪ੍ਰੇਮ ਪ੍ਰਕਾਸ਼ ਨੇ ‘ਨਵੀਂ ਸੂਝ’ ਵਾਲੀਆਂ ਅਤੇ ‘ਨਵੇਂ ਲੇਖਕਾਂ ਨੂੰ ਨਵਾਂ ਰਾਹ ਦੱਸਣ ਵਾਲੀਆਂ’ ਇਹਨਾਂ ਕਹਾਣੀਆਂ ਦੀ ਪ੍ਰਸੰਸਾ ਵੀ ਕੀਤੀ ਪਰ ਨਾਲ ਹੀ ਮੈਨੂੰ ਸੇਖੋਂ, ਵਿਰਕ, ਧੀਰ ਵਾਲੀ ਪ੍ਰੰਪਰਾ ਅਨੁਸਾਰ ‘ਪੁਰਾਣੇ ਨੁਸਖ਼ਿਆਂ ਨੂੰ ਵਰਤਣ ਵਾਲਾ ਕਹਾਣੀਕਾਰ’ ਵੀ ਆਖਿਆ। ਈਸ਼ਰ ਸਿੰਘ ਅਟਾਰੀ ਨੇ ਲਿਖਿਆ: ‘ਕਾਲੀ ਧੁੱਪ’, ‘ਸਾਂਝ’ ਅਤੇ ‘ਰਾਖਾ’ ਵਰਗੀਆਂ ਸੁੰਦਰ ਕਹਾਣੀਆਂ ਲਿਖਣ ਵਾਲਾ ਸੰਧੂ, ‘ਲੋਹੇ ਦੇ ਹੱਥ’ ਵਰਗੀ ਨਿਪਟ ਪ੍ਰਚਾਰ ਵਾਲੀ ਅਤੇ ਨਾਅਰੇ-ਬਾਜ਼ੀ ਵਾਲੀ ਕਹਾਣੀ ਤੱਕ ਪੁੱਜ ਕੇ ਕਲਾ ਦੇ ਤਰਾਜ਼ੂ ਉੱਤੇ ਜਿੰਨਾ ਨੀਵਾਂ ਗਿਆ ਹੈ, ‘ਕਲਾ ਪ੍ਰਚਾਰ ਲਈ’ ਦੇ ਉਦੇਸ਼ ਵਿੱਚ ਓਨਾ ਹੀ ਉੱਚਾ ਉੱਠ ਗਿਆ ਹੈ।
ਜਿਹੜੇ ਲੋਕ ਇਹਨਾਂ ਕਹਾਣੀਆਂ ਵਿੱਚ ਪ੍ਰਚਾਰ ਦੇ ਅੰਸ਼ ਦਾ ਜ਼ਿਕਰ ਕਰ ਕੇ ਇਹਨਾਂ ਕਹਾਣੀਆਂ ਦਾ ਕਲਾਤਮਕ ਕੱਦ ਘੱਟ ਦੱਸਣਾ ਲੋੜਦੇ ਸਨ, ਉਹਨਾਂ ਦੀ ਰਾਇ ਨਾਲ ਮੈਨੂੰ ਇਖ਼ਤਲਾਫ਼ ਨਹੀਂ, ਕਿਉਂਕਿ ਇਹਨਾਂ ਵਿੱਚੋਂ ਕੁੱਝ ਕਹਾਣੀਆਂ ਵਾਕਿਆ ਹੀ ਨਿਸਚਿਤ ਵਿਚਾਰਧਾਰਾ ਦੇ ਪ੍ਰਚਾਰ ਹਿਤ ਲਿਖੀਆਂ ਗਈਆਂ ਸਨ, ਪਰ ਅਜਿਹਾ ਨਹੀਂ ਕਿ ਸਾਰੀਆਂ ਕਹਾਣੀਆਂ ਹੀ ਸੁੱਟ ਪਾਉਣ ਵਾਲੀਆਂ ਸਨ। ਇਹਨਾਂ ਵਿੱਚ ‘ਕਾਲੀ ਧੁੱਪ’, ਤੇ ‘ਨੰਗਾ ਸੂਰਜ’, ਤਾਂ ਅਨੁਵਾਦਿਤ ਹੋ ਕੇ ਉਸ ਸਮੇਂ ਦੇ ਹਿੰਦੀ ਦੇ ਚਰਚਿਤ ਪਰਚਿਆਂ ਵਿੱਚ ਵੀ ਛਪੀਆਂ। ‘ਕਾਲੀ ਧੁੱਪ’ ਨਾਮ ਦੀ ਨਿੱਕੀ ਕਹਾਣੀ ਤਾਂ ਹਿੰਦੀ ਦੇ ਤਤਕਾਲੀਨ ਪ੍ਰਸਿੱਧ ਪਰਚੇ ‘ਸਾਰਿਕਾ’ ਵਿੱਚ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਦੋ ਵਾਰ ਛਪੀ ਅਤੇ ਇਸਦੀ ਸੂਖ਼ਮਤਾ ਅਤੇ ਕਲਾ ਦੀ ਦਾਦ ਮੈਨੂੰ ਹਿੰਦੀ–ਜਗਤ ਵੱਲੋਂ ਵੀ ਪ੍ਰਾਪਤ ਹੋਈ। ‘ਅੱਖਾਂ ਵੱਚ ਮਰ ਗਈ ਖ਼ੁਸ਼ੀ’ ਤਾਂ ਅਜੇ ਕੁੱਝ ਹੀ ਸਾਲ ਹੋਏ ਹਿੰਦੀ ਦੇ ਇੱਕ ਹੋਰ ਪ੍ਰਸਿੱਧ ਪਰਚੇ ਵਿੱਚ ਪ੍ਰਕਾਸ਼ਿਤ ਹੋਈ ਹੈ, ਸ਼ਾਇਦ ਇਸ ਕਰਕੇ ਕਿ ਇਸਦਾ ਸੁਨੇਹਾ ਅੱਜ ਵੀ ਭਾਰਤੀ ਜਨ-ਮਾਨਸ ਲਈ ਕੋਈ ਅਰਥ ਰੱਖਦਾ ਹੈ। ‘ਅਨੋਖਾ ਰਾਹੀ’ ਡੇਢ ਕੁ ਦਹਾਕੇ ਤੋਂ ਪੰਜਾਬ ਸਕੂਲ ਬੋਰਡ ਦੀ ਅੱਠਵੀਂ ਸ਼੍ਰੇਣੀ ਦੀ ਪੰਜਾਬੀ ਦੀ ਪਾਠ-ਪੁਸਤਕ ਵਿੱਚ ਸ਼ਾਮਿਲ ਹੈ। ਪਰ ਸਥਾਪਤ ਨਜ਼ਾਮ ਪ੍ਰਤੀ ਸੰਘਣੀ ਨਫ਼ਰਤ ਅਤੇ ਇਸਨੂੰ ਬਦਲਣ ਦਾ ਸੁਨੇਹਾ ਕੁੱਝ ਕਹਾਣੀਆਂ ਵਿੱਚ ਮੇਰੇ ਅੰਦਰਲੇ ਸੇਕ ਕਾਰਨ ਕੁੱਝ ਵਧੇਰੇ ਫ਼ੈਲ ਗਿਆ ਅਤੇ ਕਲਾ ਦੇ ਘੇਰੇ ਤੋਂ ਬਾਹਰ ਹੋ ਗਿਆ। ਕੁੱਝ ਕਹਾਣੀਆਂ ਦੇ ਅੰਤ ਉੱਤੇ ਅਜਿਹੀ ਮਰੋੜੀ ਦੇਣ ਦਾ ਯਤਨ ਵੀ ਦਿਖਾਈ ਦਿੰਦਾ ਸੀ, ਜਿਸ ਤੋਂ ਮੈਂ ‘ਆਪਣੇ ਸਿੱਧਾਂਤ’ ਦਾ ਜ਼ਾਹਿਰਾ ਪ੍ਰਚਾਰ ਕਰਦਾ ਜਾਪਦਾ ਸਾਂ।
‘ਲੋਹੇ ਦੇ ਹੱਥ’ ਕਹਾਣੀ ਦਾ ਨਾਇਕ ਝੂਠੇ ਪੁਲਿਸ ਮੁਕਾਬਲੇ ਦਾ ਸ਼ਿਕਾਰ ਹੋਇਆ ਇਨਕਲਾਬੀ ਨੌਜਵਾਨ ਸੀ। ਉਸਨੂੰ ਪੁਲਿਸ ਨੇ ਕੋਹ ਕੋਹ ਕੇ ਮਾਰਿਆ ਸੀ। ਕਬੱਡੀ ਤੇ ਵਾਲੀਬਾਲ ਦੇ ਪ੍ਰਸਿੱਧ ਖਿਡਾਰੀ, ਇਸ ਦਰਸ਼ਨੀ ਜਵਾਨ, ਦੇ ਕੁਰਬਾਨ ਹੋ ਜਾਣ ਪਿੱਛੋਂ ਉਹਦੀ ਲਾਸ਼ ਦਾ ਸਸਕਾਰ ਕਰਨ ਮੌਕੇ ਰਿਸ਼ਤੇਦਾਰ, ਆਮ-ਲੋਕ, ਹਮਦਰਦ ਅਤੇ ਉਹਦੇ ਸਾਥੀ ਦੁਖਾਂਤਕ ਅਤੇ ਭਾਵਕ ਪਲਾਂ ਵਿੱਚ ਇਕੱਠੇ ਹੁੰਦੇ ਹਨ। ਉਸਦੇ ਹੱਥਾਂ ‘ਤੇ ਬੱਧੀਆਂ ਪੱਟੀਆਂ ਖੋਲ੍ਹ ਕੇ ਵੇਖਦੇ ਹਨ ਤਾਂ ਕਹਾਣੀ ਅਨੁਸਾਰ::
-- ਪਰ ਹੱਥ ਬੋਲਦੇ ਪਏ ਸਨ, “ਸਾਨੂੰ ਮੁਕਾਬਲੇ ਤੋਂ ਪਹਿਲਾਂ ਇੱਕ ਰੇਲਵੇ ਸ਼ਟੇਸ਼ਨ ਤੋਂ ਫੜ੍ਹ ਕੇ ਹੱਥਕੜੀ ਲਾਈ ਗਈ ਸੀ ਤੇ ਪੁੱਛ-ਪੜਤਾਲ ਦਾ ਕੇਂਦਰ ਇੱਕ ਉਜਾੜ ਬਣ ਗਈ ਸੀ।”
ਹੱਥਾਂ ਦੀਆਂ ਤਲੀਆਂ ਵਿਚਲੇ ਲਹੂ ਰੰਗੇ ਨਿਸ਼ਾਨ ਚੀਕ ਰਹੇ ਸਨ, “ਇਸ ਈਸਾ ਨੂੰ ਅਪਣੇ ਈਮਾਨ ਤੋਂ ਡੁਲਾਉਣ ਲਈ ਇਸਦੀਆਂ ਤਲੀਆਂ ਵਿੱਚ ਕਿੱਲ ਠੋਕੇ ਗਏ।” ਪਰ ਉਹ ਤਾਂ ਸਭ ਸੂਲੀਆਂ ਨਾਲ ਸਮਝੌਤੇ ਕਰੀ ਬੈਠਾ ਸੀ ਤੇ ਜੋ ਸੂਲੀਆਂ ਨਾਲ ਸਮਝੌਤਾ ਕਰ ਲਵੇ, ਉਹ ਜ਼ਿੰਦਗੀ ਵਿੱਚ ਕਦੀ ਸਮਝੌਤਾ ਨਹੀਂ ਕਰਦਾ।
ਉਸਦੀਆਂ ਉਂਗਲੀਆਂ ‘ਤੇ ਕੋਈ ਸਾਬਤ ਨਹੁੰ ਨਹੀਂ ਸੀ। ਤੇ ਉਹ ਲੰਮੀਆਂ ਪਤਲੀਆਂ ਉਂਗਲੀਆਂ ਕਹਿ ਰਹੀਆਂ ਸਨ, “ਜਦ ਇਹ ਮਨੀ ਸਿੰਘ ਆਪਣੇ ਆਦਰਸ਼ ਤੋਂ ਨਾ ਡੋਲਿਆ ਤਾਂ ਇਹਦਾ ਇਕੱਲ੍ਹਾ ਇਕੱਲ੍ਹਾ ਨਹੁੰ ਜੰਬੂਰਾਂ ਨਾਲ ਖਿੱਚ ਖਿੱਚ ਕੇ ਲਾਹਿਆ ਗਿਆ।
ਤੇ ਫਿਰ ਛਾਤੀ ਉਤਲੇ ਲਹੂ ਦੇ ਸੁਰਖ਼ ਨਿਸ਼ਾਨ ਬੋਲ ਉੱਠੇ, “ਜਦ ਕੋਈ ਪੇਸ਼ ਨਾ ਗਈ ਤਾਂ ਬੜੀ ‘ਬਹਾਦਰੀ’ ਨਾਲ ਇਸਦੀ ਛਾਤੀ ਵਿੱਚ ਗੋਲੀ ਮਾਰੀ ਗਈ ਤੇ ਫਿਰ ਇਹਨਾਂ ਜ਼ਖ਼ਮੀ ਹੱਥਾਂ ਵਿੱਚ ਰੀਵਾਲਵਰ ਪਕੜਾਇਆ ਗਿਆ। ਤੇ ਮੁਕਾਬਲੇ ਦੀ ਖ਼ੂਬਸੂਰਤ ਕਹਾਣੀ ਪੂਰੀ ਹੋ ਗਈ।
“ਇਹ ਕਿੱਲਾਂ ਦੇ ਨਿਸ਼ਾਨ ਹਨ ਤਲੀਆਂ ‘ਤੇ। ਇਸਦੇ ਨਹੁੰ ਕਿੱਥੇ ਹਨ?” ਉਸਦੇ ਕਾਲਜ ਦੇ ਸੰਗੀ-ਸਾਥੀ ਚੀਕ ਉੱਠੇ।
“ਇਹ ਜ਼ੁਲਮ ਹੋਇਐ, ਇਹ ਅਨਰਥ ਹੋਇਐ।” ਆਵਾਜ਼ਾਂ ਦਾ ਇੱਕ ਤੂਫ਼ਾਨ ਉੱਠ ਖੜਾ ਹੋਇਆ।
ਤੇ ‘ਅੱਜ ਦੇ ਰਖਵਾਲਿਆਂ’ ਨੇ ਛੇਤੀ ਛੇਤੀ ਦੇਹ ਚੁੱਕ ਕੇ ਆਪੇ ਮੜ੍ਹੀ ‘ਤੇ ਰੱਖ ਕੇ ਅੱਗ ਲਾ ਦਿੱਤੀ।
ਮੜ੍ਹੀ ਵਿਚੋਂ ਲਾਟਾਂ ਉੱਚੀਆਂ ਹੋਈਆਂ। ਕਾਲੇ ਦਿਨ ਵਿੱਚ ਚਾਨਣ ਮਘ ਉੱਠਿਆ। ਜਨਤਾ ਦੀਆਂ ਅੱਖਾਂ ਅੱਗੇ ਉਹ ਸੋਹਣਾ ਜਵਾਨ ਘੁੰਮ ਰਿਹਾ ਸੀ। ਉਸਦੇ ਜ਼ਖ਼ਮੀ ਹੱਥ ਦਿਸ ਰਹੇ ਸਨ; ਜਿਨ੍ਹਾਂ ਹੱਥਾਂ ਨਾਲ ਉਹ ਕਬੱਡੀ ਖੇਡਦਿਆਂ ਜੱਫਾ ਪਾਉਂਦਾ ਹੁੰਦਾ ਸੀ, ਜਿਨ੍ਹਾਂ ਹੱਥਾਂ ਨਾਲ ਉਹ ਵਾਲੀਬਾਲ ਨੂੰ ਧੱਫਾ ਮਾਰਦਾ ਤੇ ਇੰਜ ਲੱਗਦਾ ਜਿਵੇਂ ਬਾਲ ਪਾਟ ਗਿਆ ਹੋਵੇ।। ਖੇਡ ਦੇ ਮੈਦਾਨ ਦਾ ਹੀਰੋ ਅੱਜ ਜ਼ਿੰਦਗੀ ਦੇ ਸੱਚ ਦੀ ਖੇਡ, ਖੇਡ ਗਿਆ ਸੀ। ਅੱਜ ਉਸਨੇ ਇਹ ਕਿਹੋ ਜਿਹੇ ਬਾਲ ਨੂੰ ਧੱਫਾ ਮਾਰਿਆ ਸੀ! ਇਹ ਰਬੜ ਦਾ ਬਾਲ ਤਾਂ ਨਹੀਂ ਸੀ। ਇਹ ਤਾਂ ਲੋਹੇ ਦਾ ਬਾਲ ਸੀ ਜਿਸ ਨਾਲ ਖੇਡਿਆਂ ਉਸਦੇ ਹੱਥ ਜ਼ਖ਼ਮੀ ਹੋ ਗਏ ਸਨ।
ਭੀੜ ਦੀਆਂ ਛਾਤੀਆਂ ਵਿੱਚ ਅੱਗ ਬਲ ਰਹੀ ਸੀ। ਸਾਹਮਣੇ ਬਲ ਰਹੀ ਚਿਤਾ ਦੀਆਂ ਲਾਲ ਸੁਰਖ਼ ਲਾਟਾਂ ਉਹਨਾਂ ਸਭ ਦੀਆਂ ਸੁਰਖ਼ ਅੱਖਾਂ ਵੱਲ ਵੇਖਦਿਆਂ ਜਿਵੇਂ ਵੰਗਾਰ ਦੇ ਰਹੀਆਂ ਹੋਣ, “ਵੀਰੋ! ਸੱਚ ਦੀ ਖੇਡ ਲੋਹੇ ਦੇ ਗੇਂਦ ਨਾਲ ਖੇਡਣ ਲਈ ਤੁਸੀਂ ਆਪ ਹੀ ਸੋਚੋ ਕਿ ਹੁਣ ਕਿਨ੍ਹਾਂ ਹੱਥਾਂ ਦੀ ਲੋੜ ਹੈ?”
ਤੇ ਉਸਦੇ ਨੌਜਵਾਨ ਸਾਥੀਆਂ ਨੇ ਧਰਤੀ ਦੀ ਮਿੱਟੀ ਨੂੰ ਮੁੱਠਾਂ ਵਿੱਚ ਭਰ ਲਿਆ। ਉਹਨਾਂ ਦੇ ਹੋਠਾਂ ‘ਤੇ ਕਸਮਾਂ ਸਨ। ਉਹਨਾਂ ਆਪਣੀਆਂ ਮੀਚੀਆਂ ਹੋਈਆਂ ਮੁੱਠਾਂ ਵੱਲ ਤੱਕਿਆ ਤੇ ਉਹਨਾਂ ਨੂੰ ਲੱਗਾ ਜਿਵੇਂ ਉਹਨਾਂ ਦੇ ਹੱਥ ਲੋਹੇ ਦੇ ਹੋ ਗਏ ਹੋਣ। -
ਅੱਜ ਮੈਨੂੰ ਪਿਛਲੀਆਂ ਸਤਰਾਂ ਵਿੱਚ ਦਿੱਤੀ ‘ਵੰਗਾਰ’ ਅਤੇ ਕਹਾਣੀ ਦੇ ਅੰਤ ਉੱਤੇ ਲਿਖਿਆ ਵਾਕ ਕਹਾਣੀ ਨਾਲ ਖ਼ਾਹਮਖ਼ਾਹ ਇੱਕ ਮਾਟੋ ਵਾਂਗ ਟੰਗਿਆ ਨਜ਼ਰ ਆਉਂਦਾ ਹੈ। ਕਹਾਣੀ ਵਿੱਚ ਜੇ ਪਿਛਲੀਆਂ ਪੰਜ ਛੇ ਸਤਰਾਂ ਨਾ ਵੀ ਹੁੰਦੀਆਂ ਤਾਂ ਕਹਾਣੀ ਦਾ ਕੁੱਝ ਵਿਗੜਨਾ ਨਹੀਂ ਸੀ ਸਗੋਂ ਕੁੱਝ ਸੌਰਨਾ ਹੀ ਸੀ।

ਇੰਜ ਹੀ ਉਹਨਾਂ ਸਮਿਆਂ ਵਿੱਚ ‘ਲੋਹੇ ਦੇ ਹੱਥ’ ਵਾਂਗ ਮੇਰੀ ਇੱਕ ਹੋਰ ਕਹਾਣੀ ‘ਜੇਬ-ਕਤਰੇ’ ਵੀ ਕਾਫ਼ੀ ਚਰਚਾ ਵਿੱਚ ਰਹੀ ਸੀ। ਕਹਾਣੀ ਦਾ ਮੁੱਖ-ਪਾਤਰ ਪ੍ਰਾਈਵੇਟ ਸਕੂਲ ਦਾ ਅਧਿਆਪਕ ਅਤਿ ਦੇ ਆਰਥਕ ਸੰਕਟ ਸਮੇਂ ਕਿਸੇ ਹਮਦਰਦ ਦੋਸਤ ਕੋਲੋਂ ਬੜੀ ਆਸ ਨਾਲ ਪੈਸੇ ਉਧਾਰ ਲੈਣ ਜਾਂਦਾ ਹੈ ਪਰ ਜਾਂਦਿਆਂ ਨੂੰ ਉਸਦੇ ਉਸ ਇਨਕਲਾਬੀ ਦੋਸਤ ਨੂੰ ਪੁਲਿਸ ਗ੍ਰਿਫ਼ਤਾਰ ਕਰ ਕੇ ਲੈ ਜਾਂਦੀ ਹੈ। ਨਿਰਾਸ ਹੋ ਕੇ ਵਾਪਸ ਆਉਂਦਿਆਂ ਰਾਹ ਵਿੱਚ ਉਸਨੂੰ ਆਪਣੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਆਗੂ ਮਿਲ ਜਾਂਦੇ ਹਨ ਜਿਹੜੇ ਹਲਕੇ ਦੇ ਨਵੇਂ ਜਿੱਤੇ ਐਮ ਐਲ ਏ ਨੂੰ ਥੈਲੀ ਭੇਟ ਕਰਨ ਲਈ ਉਗਰਾਹੀ ਕਰ ਰਹੇ ਹਨ। ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਆਪਣੇ ‘ਰਿਜ਼ਕ-ਦਾਤੇ’ ਨੂੰ ਨਾਂਹ ਕਰ ਸਕਣੀ ਉਸਦੇ ਵੱਸ ਵਿੱਚ ਨਹੀਂ। ਉਹ ਉਸਦੀ ਜੇਬ ਵਿਚਲੀ ਪਹਿਲਾਂ ਤੋਂ ਹੀ ਮੌਜੂਦ ਥੋੜ੍ਹੀ ਜਿੰਨੀ ਰਾਸ਼ੀ ਵੀ ਉਗਰਾਹੀ ਦੇ ਰੂਪ ਵਿੱਚ “ਕਰ ਕਰ ਜੇਬ ਢਿੱਲੀ, ਵਿੰਹਦਾ ਕੀ ਏਂ?” ਕਹਿ ਕੇ ਕਢਵਾ ਲੈਂਦਾ ਹੈ। ਆਪਣੇ ਸਾਲੇ ਦੇ ਵਿਆਹ ‘ਤੇ ਜਾਣ ਲਈ ਸਿਰ ਪਈ ਆਰਥਕ ਲੋੜ ਨੂੰ ਪੂਰੀ ਕਰਨ ਲਈ ਪਹਿਲਾਂ ਤੋਂ ਮੌਜੂਦ ਥੋੜ੍ਹੀ ਜਿਹੀ ਰਾਸ਼ੀ ਵੀ ਉਸ ਕੋਲੋਂ ਖੋਹ ਲਈ ਗਈ। ਅਸਲੋਂ ਹੀ ਖਾਲੀ ਹੱਥ ਹੋ ਕੇ ਘਰ ਪਰਤੇ ਨਾਇਕ ਨੂੰ ਉਸਦੀ ਪਤਨੀ ‘ਲੋੜ ਪੂਰੀ ਹੋ ਗਈ’ ਦੀ ਕਲਪਨਾ ਕਰਦੀ ਉਤੇਜਿਤ ਹੋ ਕੇ ਪੈਸੇ ਮਿਲ ਜਾਣ ਦੀ ਪੁਸ਼ਟੀ ਕਰਨ ਲਈ ਰਸੋਈ ਵਿੱਚੋਂ ਸਬਜ਼ੀ ਚੀਰਦੀ ਬਾਹਰ ਆਉਂਦੀ ਹੈ। ਸਬਜ਼ੀ ਚੀਰਨ ਵਾਲੀ ਛੁਰੀ ਉਸਦੇ ਹੱਥ ਵਿੱਚ ਫੜ੍ਹੀ ਹੋਈ ਹੈ। ਕਹਾਣੀ ਅਨੁਸਾਰ:
“ਸੁਣਾਓ ਸਰ ਗਿਆ? ਮੈਨੂੰ ਪਤਾ ਹੈ ਉਹ ਆਪ ਭਾਵੇਂ ਕਿੰਨਾਂ ਗਰੀਬ ਹੈ ਪਰ ਜਦੋਂ ਵੀ ਸਾਡਾ ਹੱਥ ਤੰਗ ਹੋਇਆ, ਉਸਨੇ ਸਾਡੀ ਮਦਦ ਜ਼ਰੂਰ ਕੀਤੀ।” ਤੇ ਫਿਰ ਉਹ ਉਤਸੁਕ ਨਜ਼ਰਾਂ ਨਾਲ ਪਤੀ ਵੱਲ ਵੇਖਣ ਲੱਗੀ।
“ਹਾਂ ਸਰ ਤਾਂ ਗਿਆ ਸੀ ਪਰ ਰਾਹ ਵਿੱਚ ਮੇਰੀ ਜੇਬ ਕੱਟੀ ਗਈ।” ਉਸਨੇ ਧਾਹ ਮਾਰਨ ਵਾਂਗ ਅੱਧਾ ਸੱਚ ਤੇ ਅੱਧਾ ਝੂਠ ਰਲਾ ਕੇ ਕਿਹਾ।
ਮੇਰੇ ਅੰਦਰਲੇ ਅੱਜ ਦੇ ਕਹਾਣੀਕਾਰ ਨੂੰ ਜਾਪਦਾ ਹੈ ਕਿ ਕਲਾਤਮਕ ਪੱਧਰ ‘ਤੇ ਕਹਾਣੀ ਇੱਥੇ ਖ਼ਤਮ ਹੋ ਗਈ ਸੀ, ਅਤੇ ਇਹ ਆਪਣੇ ਆਪ ਵਿੱਚ ਮੁਕੰਮਲ ਕਹਾਣੀ ਸੀ ਪਰ ਉਸ ਵੇਲੇ ਦੀ ਸਿਆਸੀ ਸੋਚ ਨਾਲ ਮੇਰੀ ਪ੍ਰਤੀਬੱਧਤਾ ਨੇ ਨਾਇਕ ਦੀ ਪਤਨੀ ਕੋਲੋਂ- ਜਿਹੜੀ ਰਸੋਈ ਵਿੱਚੋਂ ਸਬਜ਼ੀ ਚੀਰਦਿਆਂ ਬਾਹਰ ਆਈ ਸੀ ਅਤੇ ਸਬਜ਼ੀ ਚੀਰਨ ਵਾਲੀ ਛੁਰੀ ਜਿਸਦੇ ਹੱਥ ਸੀ- ਇਹ ਅਖਵਾਉਣਾ ਜ਼ਰੂਰੀ ਸਮਝਿਆ। :
“ਜੇ ਮੈਨੂੰ ਜੇਬ ਕਤਰੇ ਦਾ ਪਤਾ ਲੱਗ ਜੇ ਤਾਂ ਮੈਂ ਇਹ ਛੁਰੀ ਉਸਦੇ ਢਿੱਡ ਵਿੱਚ ਖੋਭ ਦਿਆਂ!”
ਅੱਜ ਮੈਂ ਸੋਚਦਾਂ ਇਹ ‘ਛੁਰੀ’ ਅਸਲ ਵਿੱਚ ਕਹਾਣੀ ਦੇ ਢਿੱਡ ਵਿੱਚ ਵੱਜੀ ਸੀ। ਜੇ ਇਹ ਵਾਕ ਨਾ ਵੀ ਲਿਖਦਾ ਤਾਂ ਬਾਕੀ ਕਹਾਣੀ, ਕਲਾ ਦੇ ਤਕਾਜ਼ਿਆਂ ‘ਤੇ ਪੂਰੀ ਉੱਤਰਦੀ ਸੀ। ਇਹੋ ਕਾਰਨ ਹੈ ਕਿ ਜਦੋਂ ਮੇਰੀਆਂ ਹੁਣ ਤੱਕ ਦੀਆਂ ਸਮੁੱਚੀਆਂ ਕਹਾਣੀਆਂ ਦੀ ਪੁਸਤਕ ‘ਤਿਲ਼-ਫੁੱਲ’ ਪ੍ਰਕਾਸ਼ਤ ਹੋਈ ਤਾਂ ਮੈਂ ਇਸ ਕਹਾਣੀ ਦੇ ਅਖ਼ੀਰ ‘ਤੇ ਟੰਗੀ ਇਹ ਸਤਰ ਕੱਟ ਦਿੱਤੀ।
ਅਸਲ ਵਿੱਚ ‘ਲੋਹੇ ਦੇ ਹੱਥ’ ਵਿਚਲੀਆਂ ਇਹ ਕੁੱਝ ਕਹਾਣੀਆਂ ਵਿਸ਼ੇਸ਼ ਰਾਜਸੀ ਮੰਤਵ ਨੂੰ ਮੁੱਖ ਰੱਖ ਕੇ ਲਿਖੀਆਂ ਗਈਆਂ ਸਨ। ਉਦੋਂ ਲੱਗਦਾ ਸੀ ਕਿ ‘ਇਨਕਲਾਬ’ ਤਾਂ ਔਹ ਨੇੜੇ ਹੀ ਦਿਸਦਾ ਪਿਆ ਹੈ। ਜਿਵੇਂ ਵੀ ਹੋਵੇ ਇਸਨੂੰ ਖਿੱਚ ਨੇ ਛੇਤੀ ਤੋਂ ਛੇਤੀ ਹੋਰ ਨੇੜੇ ਕਰ ਲਿਆ ਜਾਵੇ। ਜਿਵੇਂ ਕਿਸੇ ਸਾਂਝੇ ਦੁਸ਼ਮਣ ਨੂੰ ਮਾਰਨ ਲਈ ਘਰ ਜਾਂ ਪਿੰਡ ਦੇ ਸਾਰੇ ਜੀਅ ਜੋ ਵੀ ਛੋਟਾ-ਮੋਟਾ ਡੰਡਾ-ਸੋਟਾ ਜਾਂ ਹਥਿਆਰ ਉਹਨਾਂ ਦੇ ਹੱਥ ਆਵੇ, ਲੈ ਕੇ ਭੱਜ ਉੱਠਦੇ ਹਨ, ਇੰਜ ਹੀ ਸਾਡੇ ਹੱਥ ਉਦੋਂ ਸਾਹਿਤ ਵੀ ਇੱਕ ਹਥਿਆਰ ਸੀ ਅਤੇ ਅਸੀਂ ਇਸਨੂੰ ਵਰਤਣਾ ਸਮੇਂ ਦੀ ਲੋੜ ਸਮਝਦੇ ਸਾਂ। ਜ਼ਾਹਿਰ ਸੀ ਕਿ ਇਸ ਸਥਿਤੀ ਵਿੱਚ ਮੰਤਵ ਨੂੰ ਵੱਡੀ ਪਹਿਲ ਮਿਲ ਗਈ ਸੀ ਤੇ ਕਲਾ ਕਿਤੇ ਕਿਤੇ ਉਸਦੇ ਅਧੀਨ ਹੋ ਕੇ ਵਗਣ ਲੱਗੀ ਸੀ।

ਇਹਨਾਂ ਦਿਨਾਂ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ‘ਤੇ ਕਬਜ਼ਾ ਕਰਨ ਦੀ ਲੜਾਈ ਵੀ ਸ਼ੁਰੂ ਹੋ ਚੁੱਕੀ ਸੀ। ਗਰਮ ਲਹੂ ਵਾਲੇ ‘ਇਨਕਲਾਬੀ’ ਲੇਖਕਾਂ ਨੂੰ ਸਭਾ ਦੀ ਸੰਚਾਲਕ ਸਥਾਪਤ ਲੇਖਕਾਂ ਦੀ ਪੁਰਾਣੀ ਟੀਮ ਵੇਲਾ-ਵਿਹਾ ਚੁੱਕੀ, ਇਨਕਲਾਬ ਦੀ ਲੀਹੋਂ-ਲੱਥੀ ਅਤੇ ‘ਸਰਕਾਰੂ’ ਹੋ ਗਈ ਲੱਗਦੀ ਸੀ। ਸਭਾ ‘ਤੇ ਕਬਜ਼ੇ ਦੀ ਲੜਾਈ ਵਿੱਚ ਨਵੇਂ-ਪੁਰਾਣੇ ਲੇਖਕਾਂ ਦੇ ਜਾਭਾਂ ਦੇ ਭੇੜ ਸੁਣਨ ਮੈਂ ਵੀ ਜਾਂਦਾ। ਇਸਤੋਂ ਇਲਾਵਾ ਗਰਮ-ਖ਼ਿਆਲੀ ਲੇਖਕਾਂ ਵੱਲੋਂ ਆਯੋਜਿਤ ਕੀਤੇ ਜਾਣ ਵਾਲੇ ਵੱਖ-ਵੱਖ ਸੈਮੀਨਾਰਾਂ, ਸਮਾਗਮਾਂ ਅਤੇ ਕਾਨਫ਼ਰੰਸਾਂ ਵਿੱਚ ਵੀ ਲਗਾਤਾਰ ਜਾਣਾ ਜਾਰੀ ਰੱਖਿਆ। ਓਥੇ ਗਰਮਾ-ਗਰਮ ਵਿਵਾਦ-ਸੰਵਾਦ ਸੁਣਨ ਨੂੰ ਮਿਲਦੇ। ਮੈਂ ਵੀ ਆਪਣੇ ਅੰਦਰ ਨੂੰ ਰਿੜਕਦਾ। ਸਾਹਿਤ, ਸਾਹਿਤ-ਸਿੱਧਾਂਤ ਅਤੇ ਮਾਰਕਸਵਾਦ ਦਾ ਮੁਤਾਲਿਆ ਕਰਦਾ ਅਤੇ ਇਹਨਾਂ ਦੀ ਅੰਤਰੀਵ-ਆਤਮਾ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਰਹਿੰਦਾ। ਇਹ ਤਾਂ ਨਹੀਂ ਕਹਿ ਸਕਦਾ ਕਿ ਮੈਨੂੰ ਸਭ ਕੁੱਝ ਸਾਫ਼ ਸਾਫ਼ ਦਿਖਾਈ ਦੇਣ ਲੱਗ ਪਿਆ ਸੀ ਪਰ ਮੇਰੇ ਅੰਦਰ ਸਾਹਿਤ ਅਤੇ ਸਿਆਸਤ ਬਾਰੇ ਇੱਕ ਸਹਿਜ-ਲਿਸ਼ਕ ਪੈਦਾ ਹੋਣੀ ਸ਼ੁਰੂ ਹੋ ਗਈ ਸੀ। ਮੈਨੂੰ ‘ਜਮਾਤੀ ਦੁਸ਼ਮਣਾਂ’ ਦੀ ਸਫ਼ਾਏ ਦੀ ਮੁਹਿੰਮ ਤੋਂ ਸ਼ੁਰੂ ਕਰ ਕੇ ‘ਬੇਸ ਏਰੀਏ’ ਬਨਾਉਣ ਤੇ ਪੌੜੀ-ਦਰ-ਪੌੜੀ ਇਨਕਲਾਬ ਤੱਕ ਪਹੁੰਚਣ ਦਾ ਸੁਪਨਾ, ਯਥਾਰਥਕ ਘੱਟ ਅਤੇ ਖ਼ਿਆਲੀ ਵਧੇਰੇ ਲੱਗਣ ਲੱਗਾ। ਇਹ ਵੀ ਜਾਪਦਾ ਕਿ ਜਿੰਨਾਂ ਚਿਰ ਕਿਸੇ ਲਹਿਰ ਵਿੱਚ ਜਨ ਸਧਾਰਨ ਅਪਣੱਤ-ਭਾਵ ਨਾਲ ਸ਼ਾਮਲ ਨਹੀਂ ਹੁੰਦਾ, ਉਸਦੀ ਸਫ਼ਲਤਾ ਯਕੀਨੀ ਨਹੀਂ ਹੋ ਸਕਦੀ। ਲੋਕ ਲਹਿਰਾਂ ਉਸਾਰਨ ਤੋਂ ਬਿਨਾਂ ਇਨਕਲਾਬ ਦੇ ਦਰਾਂ ਤੱਕ ਪੁੱਜਣਾ ਅਸੰਭਵ ਹੈ।
ਇੱਕ ਤਾਂ ਮੇਰੇ ਸੁਭਾਅ ਵਿੱਚ ਹੀ ਹੈ ਕਿ ਮੈਂ ਕਿਸੇ ਨਾਲ ਲੰਮੀਆਂ ਬਹਿਸਾਂ ਵਿੱਚ ਨਹੀਂ ਪੈਂਦਾ। ਆਪਣੇ ਹੀ ਮਨ ਵਿੱਚ ਸੁਣੀਆਂ, ਪੜ੍ਹੀਆਂ ਅਤੇ ਜਾਣੀਆਂ ਗੱਲਾਂ ਦਾ ਤਰਕ-ਵਿਤਰਕ ਉਸਾਰ ਕੇ ਕਿਸੇ ਨਿਰਣੇ ਉੱਤੇ ਪੁੱਜਦਾ ਹਾਂ। ਲੰਮੀਆਂ ਬਹਿਸਾਂ ਵਿੱਚ ਪੈ ਕੇ ਆਪਣਾ ਨਿਰਣਾ ਅਗਲੇ ਨੂੰ ਮਨਵਾਉਣ ਦੀ ਮੇਰੀ ਰੁਚੀ ਨਹੀਂ। ਉਂਜ ਵੀ ਕਈ ਵਾਰ ਭਾਵੇਂ ਮੇਰੇ ਕੋਲ ਦੱਸਣ ਸਮਝਾਉਣ ਲਈ ਪੂਰਾ ਤਰਕ ਨਾ ਵੀ ਹੋਵੇ ਮੇਰੇ ਅੰਦਰੋਂ ਕਿਸੇ ਮਸਲੇ ਦੇ ਠੀਕ ਜਾਂ ਗਲਤ ਹੋਣ ਦਾ ਜੋ ਝਲ਼ਕਾਰਾ ਵੱਜਦਾ ਹੈ, ਉਸ ਤੋਂ ਪ੍ਰਾਪਤ ਸਹਿਜ-ਸੋਝੀ ਨੂੰ ਵੀ ਮੈਂ ਘੱਟ ਮਹੱਤਵਪੂਰਨ ਨਹੀਂ ਸਮਝਦਾ।
ਪਾਰਟੀ ਫ਼ਰੰਟ ਉੱਤੇ ਕੰਮ ਕਰਨ ਵਾਲੇ ਜਿਹੜੇ ਆਗੂ ਮੇਰੇ ਕੋਲ ਆਉਂਦੇ ਮੈਂ ਉਹਨਾਂ ਦੀ ਠਾਹਰ ਤੇ ਰੋਟੀ-ਪਾਣੀ ਸਮੇਤ ਹੋਰ ਸਰਦੀ-ਬਣਦੀ ਸੇਵਾ ਕਰਦਾ। ਕਦੀ ਕਦੀ ਮੀਟਿੰਗਾਂ ਦਾ ਪ੍ਰਬੰਧ ਵੀ ਕਰ-ਕਰਾ ਦਿੰਦਾ। ਮੁੰਡਿਆਂ ਨੂੰ ਆਖ ਕੇ ਰਾਤ-ਬਰਾਤੇ ਕੰਧਾਂ ਉੱਤੇ ਪਾਰਟੀ ਦੇ ਇਸ਼ਤਿਹਾਰ ਵੀ ਲਗਵਾ ਦਿੰਦਾ। ਪਰ ਮੇਰੇ ਅੰਦਰਲੀ ਲਿਸ਼ਕ ਦੱਸਦੀ ਪਈ ਸੀ ਕਿ ਇਸ ਔਝੜੇ ਰਾਹੇ ਤੁਰ ਕੇ ਮੰਜ਼ਿਲ ਉੱਤੇ ਪਹੁੰਚਣਾ ਮੁਮਕਿਨ ਨਹੀਂ। ਕਦੀ ਕਦੀ ਮੇਰੇ ਕੋਲ ਆਉਣ ਵਾਲੇ ਆਗੂਆਂ ਵਿਚੋਂ ਮੈਂ ਕਿਸੇ ਨਾਲ ਆਪਣੇ ਮਨ ਦੀ ਦੁਬਿਧਾ ਸਾਂਝੀ ਨਾ ਕੀਤੀ। ਆਪਣੇ ਸੁਭਾ ਅਨੁਸਾਰ ਮੈਂ ਕਿਸੇ ਨਾਲ ਬਹਿਸ ਵਿੱਚ ਵੀ ਨਹੀਂ ਸਾਂ ਪੈਣਾ ਚਾਹੁੰਦਾ। ਇਸ ਪਿੱਛੇ ਸ਼ਾਇਦ ਇੱਕ ਕਾਰਨ ਇਹ ਵੀ ਸੀ ਕਿ ਉਹਨਾਂ ਵੱਲੋਂ ਆਮ ਲਾਏ ਜਾਂਦੇ ਦੂਸ਼ਣ ਮੁਤਾਬਕ ਕਿਤੇ ਮੈਂ ਆਪਣੇ ‘ਮੱਧ-ਵਰਗੀ ਖ਼ਾਸੇ ਅਨੁਸਾਰ ਇਨਕਲਾਬ ਦਾ ਭਗੌੜਾ’ ਨਾ ਸਮਝ ਲਿਆ ਜਾਵਾਂ! ਇਸ ਪੱਖੋਂ ਮੈਂ ਕਮਜ਼ੋਰ ਵੀ ਨਹੀਂ ਸਾਂ ਦਿੱਸਣਾ ਚਾਹੁੰਦਾ। ਤਦ ਵੀ ਜਦੋਂ ਇੱਕ ਪਾਰਟੀ ਆਗੂ ਨੇ ਮੈਨੂੰ ਮੇਰੇ ਪਿੰਡ ਅਤੇ ਇਲਾਕੇ ਵਿੱਚ ਭਾਵੇਂ ਐਵੇਂ ਹਾਸੇ-ਹਾਸੇ ਵਿੱਚ ਕਿਸੇ ‘ਜਮਾਤੀ ਦੁਸ਼ਮਣ’ ਦੀ ਨਿਸ਼ਾਨਦੇਹੀ ਕਰਨ ਲਈ ਆਖਿਆ ਤਾਂ ਮੈਂ ਉਸਨੂੰ ਕੋਰਾ ਜਵਾਬ ਦਿੰਦਿਆਂ ਆਖਿਆ ਕਿ ਪਾਰਟੀ ਦੇ ਨਿਸਚਿਤ ਮਾਪ-ਦੰਡ ਅਨੁਸਾਰ ਇੱਥੇ ਕੋਈ ਇਸ ਤਰ੍ਹਾਂ ਦਾ ਵੱਡਾ ਜਾਗੀਰਦਾਰ, ਸੂਦਖੋਰ ਜਾਂ ‘ਸਫ਼ਾਏਯੋਗ’ ਵਿਅਕਤੀ ਨਜ਼ਰ ਨਹੀਂ ਆਉਂਦਾ। ਉਸਨੇ ਅੱਗੋਂ ਇੱਕ ਤਰ੍ਹਾਂ ਮੇਰਾ ਮਜ਼ਾਕ ਉਡਾਉਂਦਿਆਂ ਵਿਅੰਗ ਨਾਲ ਆਖਿਆ, “ਇਸ ਹਿਸਾਬ ਨਾਲ ਤਾਂ ਇਸ ਇਲਾਕੇ ਵਿੱਚ ਸਮਾਜਵਾਦ ਆ ਗਿਆ ਹੋਇਐ!”
ਮੈਂ ਉਸ ਨਾਲ ਵੀ ਗੱਲ ਨੂੰ ਲਮਕਾਉਣਾ ਚੰਗਾ ਨਾ ਸਮਝਿਆ।
ਉਂਜ ਵੀ ਮੈਂ ਪਾਰਟੀ ਦਾ ਕੋਈ ਬਾਕਾਇਦਾ ਮੈਂਬਰ ਨਹੀਂ ਸਾਂ। ਕੇਵਲ ਹਮਦਰਦ ਸਾਂ। ਪਰ ਹੁਣ ਮੇਰੀ ਹਮਦਰਦੀ ਮੇਰੇ ਅੰਦਰੋਂ ਉੱਠਦੇ ਪ੍ਰਸ਼ਨਾਂ ਵਿੱਚ ਹੀ ਘਿਰਦੀ ਜਾਂਦੀ ਜਾਪਦੀ ਸੀ। ਮੈਂ ਦੇਸ਼-ਵਿਦੇਸ਼ ਵਿੱਚ ਲੋਕ-ਸਾਥ ਤੋਂ ਵਿਰਵੀਆਂ ਅਜਿਹੀਆਂ ਭੂਮੀ-ਗਤ ਦਹਿਸ਼ਤਪਸੰਦ ਲਹਿਰਾਂ ਦਾ ਇਤਿਹਾਸ ਅਤੇ ਹੋਣੀ ਜਾਣ ਸਮਝ ਚੁੱਕਾ ਸਾਂ। ਅਜੀਬ ਗੱਲ ਇਹ ਹੋਣੀ ਸ਼ੁਰੂ ਹੋਈ ਕਿ ਇਸ ਲਹਿਰ ਵਿੱਚ ਛੇਤੀ ਹੀ ਕਈ ਤਰ੍ਹਾਂ ਦੇ ਵੱਖੋ-ਵੱਖਰੇ ਗੁੱਟ ਬਣਨੇ ਸ਼ੁਰੂ ਹੋ ਗਏ। ਮੈਨੂੰ ਹੈਰਾਨੀ ਹੁੰਦੀ ਸੀ ਕਿ ਮੈਂ ਤਾਂ ਭਲਾ ਅਜਿਹੀਆਂ ਲਹਿਰਾਂ ਨਾਲ ਸੰਬੰਧਤ ਇਤਿਹਾਸ ਬਹੁਤਾ ਪੜ੍ਹਿਆ ਨਹੀਂ ਸੀ ਹੋਇਆ ਪਰ ਸਾਰਾ ਕੁੱਝ ਜਾਣਦੇ ਸਮਝਦੇ ਹੋਏ ਵੀ ਇਹ ਆਗੂ ਨਿੱਕੇ ਨਿੱਕੇ ਸਿੱਧਾਂਤਕ ਮੁੱਦਿਆਂ ਉੱਤੇ ਅੱਡੋ-ਪਾਟੀ ਕਿਉਂ ਹੋਏ ਫ਼ਿਰਦੇ ਨੇ? ਕੀ ਇਸਦਾ ਕਾਰਨ ਉਹਨਾਂ ਦੀ ਵਿਅਕਤੀਗਤ ਹਉਮੈ ਹੀ ਤਾਂ ਨਹੀਂ? ਜਿਨ੍ਹਾਂ ਲੋਕਾਂ ਲਈ ਅਤੇ ਜਿਨ੍ਹਾਂ ਲੋਕਾਂ ਰਾਹੀਂ ਇਨਕਲਾਬ ਆਉਣਾ ਹੈ, ਉਹਨਾਂ ਤੱਕ ਤਾਂ ਇਹਨਾਂ ਦੀ ਪਹੁੰਚ ਹੀ ਕੋਈ ਨਹੀਂ। ਇਹ ਲਹਿਰ ਤਾਂ ਬਹੁਤੀ ਮੱਧ-ਵਰਗ ਦੇ ਪੜ੍ਹੇ-ਲਿਖੇ ਨੌਜਵਾਨਾਂ ਤੱਕ ਸੀਮਤ ਹੈ। ਮੈਂ ਅੰਦਰੇ-ਅੰਦਰ ਇਸ ਸਿਆਸੀ-ਸੋਚ ਤੋਂ ਕਿਨਾਰਾ ਕਰਦਾ ਜਾ ਰਿਹਾ ਸਾਂ ਪਰ ਮੇਰੇ ਕੋਲ ਆਉਣ ਵਾਲੇ ਸਿਆਸੀ-ਦੋਸਤਾਂ ਨਾਲ ਭਰੱਪਣ ਵਾਲਾ ਰਿਸ਼ਤਾ ਬਣ ਜਾਣ ਕਰਕੇ ਉਹਨਾਂ ਨੂੰ ਦੋ-ਟੁੱਕ ਜਵਾਬ ਦੇ ਕੇ ਉਹਨਾਂ ਤੋਂ ਅਸਲੋਂ ਹੀ ਅਲੱਗ ਹੋ ਜਾਣ ਦੀ ਦਲੇਰੀ ਕਰਨੀ ਮੈਨੂੰ ਔਖੀ ਲੱਗਦੀ ਸੀ।
ਆਪਣੇ ਮਨ ਦੇ ਇਹ ਸ਼ੰਕੇ ਮੈਂ ਹਰਭਜਨ ਹਲਵਾਰਵੀ ਨਾਲ ਸਾਂਝੇ ਕਰ ਸਕਦਾ ਸਾਂ ਕਿਉਂਕਿ ਉਸਦਾ ਤੇ ਮੇਰਾ ਰਿਸ਼ਤਾ ‘ਸਿਆਸੀ’ ਨਾਲੋਂ ‘ਸਾਹਿਤਕ’ ਵਧੇਰੇ ਸੀ। ਅਸੀਂ ਸਿਆਸਤ ਦੀਆਂ ਬਹੁਤੀਆਂ ਗੱਲਾਂ ਵੀ ਨਹੀਂ ਸਾਂ ਕਰਦੇ ਸਗੋਂ ਸਾਡੀ ਚਰਚਾ ਦਾ ਕੇਂਦਰ ਆਮ ਤੌਰ ਤੇ ਸਾਹਿਤ ਹੀ ਹੁੰਦਾ। ਮੌਜੂਦਾ ਲਿਖੇ ਜਾ ਰਹੇ ਪੰਜਾਬੀ-ਹਿੰਦੀ ਸਾਹਿਤ ਤੋਂ ਗੱਲ ਸ਼ੁਰੂ ਹੋ ਕੇ ਸੰਸਾਰ-ਸਾਹਿਤ ਤੇ ਫਿਰ ਅਕਸਰ ਮਹਾਨ ਰੂਸੀ ਗਲਪ-ਸਾਹਿਤ ‘ਤੇ ਜਾ ਕੇ ਖ਼ਤਮ ਹੁੰਦੀ। ਕਦੀ ਕਦੀ ਅਸੀਂ ਆਪਣੇ ਨਿੱਜ ਦੀਆਂ ਸਾਂਝਾਂ, ਤਾਂਘਾਂ ਅਤੇ ਤ੍ਰਿਪਤੀਆਂ-ਅਤ੍ਰਿਪਤੀਆਂ ਵੀ ਇਕ-ਦੂਜੇ ਨਾਲ ਸਾਂਝੀਆਂ ਕਰ ਲੈਂਦੇ। ਇਸ ਲਈ ਉਸ ਨਾਲ ਆਪਣੀ ਅਤੇ ਉਸਦੀ ਵਰਤਮਾਨ ਸਿਆਸੀ ਸਥਿਤੀ ਬਾਰੇ ਗੱਲ ਕਰਨੀ ਨਾ ਔਖੀ ਸੀ ਤੇ ਨਾ ਹੀ ਓਪਰੀ। ਦੋਸਤੀ ਦੇ ਬਣ ਗਏ ਨੇੜਲੇ ਰਿਸ਼ਤੇ ਵਿਚੋਂ ਹੀ ਮੈਂ ਉਸਨੂੰ ਕਿਹਾ ਕਿ ਪਾਰਟੀ ਦੀ ਮੌਜੂਦਾ ਲਾਈਨ ਅਨੁਸਾਰ ਇੱਕਾ-ਦੁੱਕਾ ਐਕਸ਼ਨ ਕਰਕੇ ਅਤੇ ਰਾਤ-ਬਰਾਤੇ ਕੰਧਾਂ ‘ਤੇ ਇਸ਼ਤਿਹਾਰ ਲਾ ਕੇ ਜਾਂ ਨਾਅ੍ਹਰੇ ਲਿਖ ਕੇ ਰੋਮਾਂਚਕ-ਸੁੰਨਸੁਨੀ ਤਾਂ ਪੈਦਾ ਕੀਤੀ ਜਾ ਸਕਦੀ ਹੈ ਪਰ ਲੋਕਾਂ ਨਾਲ ਲੋਕ-ਲਹਿਰ ਉਸਾਰਨ ਵਾਲਾ ਰਾਬਤਾ ਹਰਗ਼ਿਜ਼ ਨਹੀਂ ਬਣ ਸਕਦਾ। ਉਹ ਮੇਰੀਆਂ ਗੱਲਾਂ ਨਾਲ ਮੁਤਫ਼ਿਕ ਨਜ਼ਰ ਆਇਆ। ਉਸਨੇ ਵੀ ਮੰਨਿਆਂ ਕਿ ਲੋਕਾਂ ਨੂੰ ਨਾਲ ਜੋੜਨ ਲਈ ਜਨਤਕ-ਜਥੇਬੰਦੀਆਂ ਉਸਾਰਨ ਦੀ ਬਹੁਤ ਜ਼ਰੂਰਤ ਹੈ।
ਕੁਝ ਚਿਰ ਬਾਅਦ ਹਲਵਾਰਵੀ ਨੇ ਦੱਸਿਆ ਕਿ ਉਹ ਅਤੇ ਉਹਦੇ ਸਾਥੀ ਨਾਗੀ-ਰੈਡੀ ਗਰੁੱਪ ਨਾਲ ਜਾ ਰਹੇ ਹਨ ਅਤੇ ਇਸ ਗਰੁੱਪ ਦੀ ਲਾਈਨ ਜਨਤਕ ਜੱਥੇਬੰਦੀਆਂ ਉਸਾਰ ਕੇ ਅੱਗੇ ਵਧਣ ਦੀ ਹੈ। ਮੈਨੂੰ ਇਹ ਗੱਲ ਆਪਣੀ ਸੋਚ ਅਨੁਸਾਰ ਕੁੱਝ ਕੁਝ ਠੀਕ ਲੱਗੀ। ਪਰ ਮੈਂ ਮਨ ਵਿੱਚ ਪੱਕੇ ਤੌਰ ਤੇ ਨਿਰਣਾ ਕਰ ਲਿਆ ਕਿ ਇੱਕ ਸੀਮਤ ਹੱਦ ਤੱਕ ਹੀ ਸਹਿਯੋਗ ਦੇਣਾ ਹੈ। ਮੈਂ ਹਾਲ ਦੀ ਘੜੀ ਸਿਆਸੀ ਕਾਰਕੁਨ ਵਜੋਂ ਵਿਚਰਨ ਦਾ ਇਰਾਦਾ ਤਾਂ ਅਸਲੋਂ ਹੀ ਤਿਆਗ ਦਿੱਤਾ। ਸੋਚਿਆ; ਜਿੰਨਾਂ ਕੁ ਹੋ ਸਕਿਆ ਨੌਜੁਆਨ ਭਾਰਤ ਸਭਾ ਜਾਂ ਮੁਲਾਜ਼ਮ-ਮੁਹਾਜ਼ ‘ਤੇ ਸਹਿਯੋਗ ਦੇ ਦਿਆਂਗਾ, ਪਰ ਮੇਰੀ ਸੁਰਤ ਅਤੇ ਅਮਲ ਦਾ ਖੇਤਰ ਕੇਵਲ ਤੇ ਕੇਵਲ ਸਾਹਿਤ ਹੀ ਹੋਵੇਗਾ। ਨਾ ਹੀ ਮੈਂ ਆਪਣੇ ਤੋਂ ਕੋਈ ਵੱਡੀ ਆਸ ਰੱਖੇ ਜਾਣ ਦਾ ਹੱਕ ਕਿਸੇ ਨੂੰ ਦੇਣ ਲਈ ਤਿਆਰ ਸਾਂ ਅਤੇ ਨਾ ਹੀ ਕਿਸੇ ਵੱਡੀ ਆਸ ਤੇ ਪੂਰਾ ਉੱਤਰਨ ਜਾਂ ਨਾ ਉੱਤਰਨ ਲਈ ਜੁਆਬਦੇਹ ਹੋਣ ਲਈ ਤਿਆਰ ਸਾਂ।
ਮੈਂ ਹੁਣ ਤੱਕ ਆਪਣੇ ਆਪ ਨੂੰ ਟੋਹ ਕੇ ਵੇਖ ਲਿਆ ਸੀ। ਸਰਗਰਮ ਸਿਆਸੀ ਬੰਦਿਆਂ ਵਾਂਗ ਸਿਆਸਤ ਵਿੱਚ ਭਾਗ ਲੈਣ ਵਾਲਾ ਮੇਰਾ ਸੁਭਾ ਹੀ ਨਹੀਂ ਸੀ। ਭਾਵੇਂ ਨਾਗੀ-ਰੈਡੀ ਗਰੁੱਪ ਵੱਲੋਂ ਜਨਤਕ ਜਥੇਬੰਦੀਆਂ ਉਸਾਰਨਾ ‘ਹਾਂ-ਮੁਖ਼ੀ’ ਕਦਮ ਸੀ, ਪਰ ਅਨੇਕਾਂ ਗਰੁੱਪਾਂ ਵਿੱਚ ਵੰਡੀ ਕਮਿਊਨਿਸਟ ਲਹਿਰ ਤੋਂ ਕਿਸੇ ਤਣ-ਪੱਤਣ ਲੱਗ ਸਕਣ ਦੀ ਆਸ ਹੁਣ ਮੈਨੂੰ ਨਹੀਂ ਸੀ ਰਹੀ। ਮੈਂ ਆਪਣੇ ਆਪ ਨੂੰ ਨਿਰੋਲ ਸਾਹਿਤਕ ਗਤੀਵਿਧੀਆਂ ਦੇ ਘੇਰੇ ਵਿੱਚ ਰੱਖਣ ਦਾ ਨਿਰਣਾ ਕਰ ਲਿਆ। ਇਸ ਮਕਸਦ ਲਈ ਹਲਵਾਰਵੀ ਅਤੇ ਉਸਦੇ ਸਾਹਿਤਕ-ਸਾਥੀਆਂ ਵੱਲੋਂ ਸਾਹਿਤਕ-ਮਸਲਿਆਂ ਅਤੇ ਰਚਨਾਵਾਂ ਨੂੰ ਘੋਖਣ-ਵਾਚਣ ਲਈ ਕਦੀ ਕਦੀ ਹੁੰਦੀਆਂ ਮੀਟਿੰਗਾਂ ਵਿੱਚ ਸ਼ਾਮਿਲ ਹੋਣਾ ਮੈਨੂੰ ਪ੍ਰਵਾਨ ਸੀ। ਇਹ ਮੇਲ-ਮਿਲਾਪ ਬਣਾਈ ਰੱਖਣ ਪਿੱਛੇ ਵੱਡਾ ਕਾਰਨ ਇਹ ਵੀ ਸੀ ਕਿ ਮੈਂ ਇਹਨਾਂ ਸਾਹਿਤਕ-ਮਿੱਤਰਾਂ ਦੀ ਸੰਗਤ ਦੇ ਮੋਹ-ਜਾਲ ਵਿੱਚ ਵੀ ਫਸਿਆ ਹੋਇਆ ਸਾਂ। ਇਸੇ ਮੋਹ ਸਦਕਾ ਅਤੇ ਕੁੱਝ ਚੰਗਾ ਤੇ ਸਾਰਥਿਕ ਕਰਦੇ ਰਹਿਣ ਦੀ ਤਾਂਘ ਕਾਰਨ ਹੀ ਮੈਂ ਆਪਣੇ ਪਿੰਡ ਵਿੱਚ ਵਿਸ਼ੇਸ਼ ਤੌਰ ‘ਤੇ ਅਤੇ ਆਪਣੇ ਇਲਾਕੇ ਵਿੱਚ ਆਮ ਕਰ ਕੇ ਨੌਜਵਾਨ ਭਾਰਤ ਸਭਾਵਾਂ ਨੂੰ ਉਸਾਰਨ ਵਿੱਚ ਯੋਗਦਾਨ ਦਿੱਤਾ ਅਤੇ ਗੌਰਮਿੰਟ ਟੀਚਰਜ਼ ਯੂਨੀਅਨ ਵਿੱਚ ‘ਨਾਗੀ ਰੈਡੀ’ ਗਰੁੱਪ ਦੀ ਲਾਈਨ ਲਾਗੂ ਕਰਵਾਉਣ ਲਈ ਸਰਗਰਮ ਰੋਲ ਵੀ ਅਦਾ ਕੀਤਾ।
 

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346