Welcome to Seerat.ca
Welcome to Seerat.ca

ਗ਼ਦਰੀ ਬਾਬੇ ਕੌਣ ਸਨ?

 

- ਡਾ. ਸਰਬਜੀਤ ਸਿੰਘ

ਲੋਹੇ ਦੀਆਂ ਕਿਸ਼ਤਾਂ

 

- ਇਕਬਾਲ ਰਾਮੂਵਾਲੀਆ

ਨਾਵਲ ਅੰਸ਼ / ਮਹਾਂਰਾਜਾ ਤੇ ਮਹਾਂਰਾਣੀ ਵਿਕਟੋਰੀਆ

 

- ਹਰਜੀਤ ਅਟਵਾਲ

ਵਿਲਮਾ ਰੁਡੋਲਫ਼: ਹਿੰਮਤ ਦੀ ਫਤਿਹ

 

- ਪ੍ਰਿੰ. ਸਰਵਣ ਸਿੰਘ

ਕਰਮਜੀਤ ਸਿੰਘ ਕੁੱਸਾ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਧਨਾਢ ਕਹਾਣੀਕਾਰ- ਗੁਰਦੇਵ ਸਿੰਘ ਰੁਪਾਣਾ

 

- ਨਿੰਦਰ ਘੁਗਿਆਣਵੀ

ਗੁੰਡਾ

 

- ਰੂਪ ਢਿੱਲੋਂ

ਭੀੜੀ ਗਲੀ

 

- ਰਾਮ ਸਰੂਪ ਅਣਖੀ

ਇਹ ਇਤਫ਼ਾਕ ਹੋ ਸਕਦੈ ਕਿ ਮਨਹੂਸ?

 

- ਐਸ. ਅਸ਼ੋਕ ਭੌਰਾ

ਇਨਸਾਨ ਕਿਨਾਂ ਗਿਰ ਜਾਂਦਾ ਹੈ !

 

- ਗੁਲਸ਼ਨ ਦਿਆਲ

ਮਾਈ ਲਾਈਫ਼ ਮਾਈ ਵੇਅ

 

- ਗੁਰਮੀਤ ਪਨਾਗ

ਜਤਿੰਦਰ ਕੌਰ ਰੰਧਾਵਾ ਦੀ ਕਾਵਿ-ਸੰਵੇਦਨਾ
(‘ਮੈਂ ਵੇਲ‘ ਦੇ ਆਧਾਰ ‘ਤੇ)

 

- ਡਾ. ਨਰਿੰਦਰਪਾਲ ਸਿੰਘ

ਕੁਲਵੰਤ ਸਿੰਘ ਵਿਰਕ ਦੀਆਂ ਕਹਾਣੀਆਂ ਵਿਚ ਕਿਰਸਾਨੀ ਸਮਾਜ

 

- ਇਕਬਾਲ ਕੌਰ ਸੰਧੂ

ਸਾਹਿਤਕ ਸਵੈਜੀਵਨੀ / ਤੱਤੇ ਲਹੂ ਦੀ ਗਾਥਾ

 

- ਵਰਿਆਮ ਸਿੰਘ ਸੰਧੂ

ਹੁੰਗਾਰੇ

 

 


ਗੁੰਡਾ

- ਰੂਪ ਢਿੱਲੋਂ
 

 

ਸੰਗਲ਼ ਜਿਸਮ ਦੇ ਆਲ਼ੇ ਦੁਆਲ਼ੇ ਸਨ। ਬੇਦਮ ਬਦਨ; ਸਾਹਾਂ ਤੋਂ ਸੱਖਣਾ।
ਮੈਨੂੰ ਕਸਕੇ ਛੱਤ ਨਾਲ ਲਟਕਦੀਆਂ ਕੁੰਡੀਆਂ ਨਾਲ਼ ਬੰਨ੍ਹ ਕੇ ਲਟਕਾਇਆ ਸੀ। ਜੰਜੀਰ ਨੇ ਸਰੀਰ ਇੰਝ ਘੁੱਟਿਆ ਹੋਇਆ ਸੀ ਜਿਵੇਂ ਸੱਪ ਨੇ ਸਰੀਰ ਨੂੰ ਗੁੰਝਲੀ ਮਾਰੀ ਹੋਵੇ। ਮੇਰੇ ਮੁਖੜੇ ਤੋਂ ਮੁੜ੍ਹਕਾ ਚੋਂਦਾ ਸੀ, ਨਾਲ਼ੋ ਨਾਲ਼ ਸੀਰ ਫੁੱਟ ਪਈ ਸੀ। ਉਨ੍ਹਾਂ ਦੇ ਹੱਥੋਂ ਮੇਰਾ ਸਾਰਾ ਪਿੰਡਾ ਹੂਰਿਆਂ ਤੇ ਹਥਿਆਰਾਂ ਦੀ ਮਾਰ ਨਾਲ਼ ਜ਼ਖਮੀ ਹੋਇਆ ਹੋਇਆ ਸੀ। ਉਨ੍ਹਾਂ ਨੇ ਮੈਨੂੰ ਹਾਲੋਂ ਬੇਹਾਲ ਕੀਤਾ ਸੀ। ਅੱਖਾਂ ਖੁੱਲ੍ਹਦੀਆਂ ਨਹੀਂ ਸਨ। ਬੁੱਲ੍ਹ ਪਾਟੇ ਅਤੇ ਮਾਸ ਝੰਡ ਕੀਤੇ ਕਬਾਬ ਵਾਂਗ ਪੋਲਾ ਹੋ ਗਇਆ।ਇਹ ਹਾਲ ਸੀਗਾ ਮੇਰਾ ਉਸ ਵੇਲੇ।
ਮੈਂ ਗੁਦਾਮ ਵਿਚ ਟੰਗਿਆ ਹੋਇਆ ਸੀ। ਮੇਰੇ ਆਲ਼ੇ ਦੁਆਲ਼ੇ ਚਾਰ ਗੁੰਡੇ ਖਲੋਤੇ ਸਨ। ਚਾਰ ਗਿੱਦੜ ਖੜ੍ਹੇ ਸਨ, ਝਈਆਂ ਲੈਂਦੇ।ਇੱਕ ਦੇ ਹੱਥਾਂ ‘ਚ ਬੇਸਬਾਲ ਬੈਟ ਸੀ। ਇੱਕ ਦੇ ਕੋਲ਼ ਸੱਬਲ਼ ਸੀ। ਦੂਜਿਆਂ ਦੇ ਕੋਲ਼ ਠੁੰਗਾਂ ਮਾਰਨ ਵਾਲੇ ਲੋਹੇ ਦੇ ਹੜਬੋਚ ਦਸਤਾਨੇ ਹਨ। ਛੱਤ ਤੋਂ ਇੱਕ ਲਾਟੂ ਲਮਕਦਾ ਸੀ, ਜਿਸ ਤੋਂ ਕੋਣੇਦਾਰ ਰਿਸ਼ਮ ਸਿਰਫ ਮੇਰੇ ਉਪਰ ਚਮਕਦੀ ਸੀ। ਉਨ੍ਹਾਂ ਦੇ ਪਰਛਾਵੇਂ ਹੀ ਦਿਸਦੇ ਸਨ ਚਾਨਣ‘ਚ। ਹਨੇਰੇ ‘ਚ ਹਜ਼ਮ ਹੋਏ ਪਏ ਸਨ, ਜਿਵੇਂ ਡਰਦੇ ਹੋਣ ਆਪਣੇ ਆਪ ਨੂੰ ਦਿਖਾਉਣ ਤੋਂ।
ਤੁਸੀਂ ਜਾਣਨਾ ਚਾਹੁੰਦੇ ਹੋ ਮੈਂ ਇਸ ਹਾਲ ‘ਚ ਕਿੰਝ ਪੁੱਜਿਆ? ਚੱਲੋਂ ਮੈਂ ਦੱਸਦਾਂ…

ਮੈਨੂੰ ਦੇਵ ਸੱਦੋ। ਜਦ ਮੇਰਾ ਜਨਮ ਹੋਇਆ ਸੀ ਪਤਾ ਨਹੀਂ ਕਿਹੜੀ ਹਨੇਰੀ ਦਾ ਸੇਕ ਮੇਰੇ ਸੁਭਾਅ ਨੂੰ ਛੋਹ ਗਿਆ। ਮੇਰੇ ਸੁਭਾਅ ਵਿੱਚ ਕੁਝ ਕੁੜੱਤਣ ਜਿਹੀ ਆ ਗਈ। ਰੋ ਰੋ ਕੇ ਦੁਨੀਆ ਵਿੱਚ ਆਇਆ। ਜਨਮ ਦਿੰਦੀ ਮਾਂ ਖਤਮ ਹੋ ਗਈ।ਗਰਾਂ ਦੀਆਂ ਸੜਕਾਂ‘ ਤੇ ਮੇਰੇ ਵਰਗੇ ਕਈ ਹੋਂਦ ਵਿਚ ਆਏ ਨੇ। ਵੈਸੇ ਮੇਰੇ ਵਰਗੇ ਤਾਂ ਸ਼ਹਿਰਾਂ ਦੇ ਵੱਡੇ ਵੱਡੇ ਘਰਾਂ ‘ਚ ਵੀ ਬੈਠੇ ਨੇ। ਮੈਂ ਭਾਵੇਂ ਗਲ਼ੀ ਦਾ ਕੀੜਾ ਹੋਵਾਂਗਾ, ਪਰ ਕੌਣ ਮੈਨੂੰ ਸੱਚ ਮੁੱਚ ਦਿਲ ਤੇ ਹੱਥ ਰੱਖ ਕੇ ਕਹਿ ਸਕਦੈ ਕਿ ਵੱਡੇ ਵੱਡੇ ਲੋਕਾਂ‘ਚ ਪਾਪੀ ਨਹੀਂ ਹੁੰਦੇ? ਮੈਂ ਤਾਂ ਕਹਿੰਦਾ ਹਾਂ ਘੁੱਗ ਵੱਸਦੇ ਆ ਉਨ੍ਹਾਂ ‘ਚ। ਮੇਰੇ ਵਰਗੇ ਗਲ਼ੀਆਂ ਦੇ ਕੀੜਿਆਂ ਵੱਲ ਉਂਗਲ ਕਰ ਦਿੰਦੇ ਨੇ; ਪਰ ਕੋਈ ਫਰਕ ਨਹੀਂ ਪੈਂਦਾ। ਮੈਂ ਸੱਚਾ ਚੋਰ ਹਾਂ, ਤੁਸੀਂ, ਹਾਂ ਤੇਰੇ ਨਾਲ਼ ਗੱਲ ਕਰਦਾ ਹਾਂ…ਵੱਡੇ ਘਰ, ਵੱਡੀ ਗੱਡੀ ਅਤੇ ਵੱਡੇ ਪਾਪ। ਬੱਸ ਇੱਕੋ ਹੀ ਫਰਕ ਹੈ ਤੇਰੇ ਤੇ ਮੇਰੇ ਵਿੱਚ। ਮੈਂ ਹਰਾਮਦਾ ਚੰਡਾਲ਼ ਹਾਂ, ਜਿਸ ਨੂੰ ਸਮਾਜ ਨੇ ਨਿਮਾਣਾ ਸਮਝਿਆ ਹੈ, ਤੇ ਤੁੂੰ ਮਿੱਤਰਾ ਆਦਰਯੋਗ ਏਂ ਕਿਉਂਕਿ ਤੈਨੂੰ ਅਨਜਲ ਨੇ ਚੰਗੇ ਘਰ ਅਤੇ ਚੰਗੀ ਜਾਤ ਦੀ ਗੋਦ ‘ਚ ਸੰਭਾਲ਼ ਦਿੱਤੈ। ਕੰਗਾਲੀ ਤਾਂ ਆਮ ਸਚਾਈ ਹੁੰਦੀ ਹੈ। ਅਰਥ ਆਮ ਨਹੀਂ ਹਨ। ਹਾਂ, ਤੂੰ ਗੁਰਦਵਾਰੇ ਜਾਂਦਾ ਏ, ਸਾਖ ਦੀ ਮੱਦਦ ਨਾਲ ਭੋਗਦਾ ਏ ਅਤੇ ਰਸਮ ਰੱਖਦਾ ਏਂ। ਪਰ ਮਿੱਤਰਾ ਇਹ ਵੀ ਇੱਕ ਸੱਚ ਹੈ ਕਿ ਦੁਨੀਆ ਦੀਆਂ ਅੱਖਾਂ ਓਹਲੇ ਮੇਰੇ ਵਰਗੇ ਦੀ ਮੱਦਦ ਨਾਲ਼ ਆਵਦੇ ਹੱਥ ਸਾਫ਼ ਕਰਦਾ ਏਂ। ਕੋਈ ਗੱਲ ਨਹੀਂ, ਮੈਂ ਕਿਸੇ ਨੂੰ ਨਹੀਂ ਦੱਸਦਾ। ਬੱਸ ਮੁੱਠ ਗਰਮ ਕਰੀ ਜਾਹ ਤੇ ਇਹ ਸਾਡਾ ਰਾਜ਼ ਹੀ ਰਹੇਗਾ। ਜੱਗ ਦੇ ਸਾਹਮਣੇ ਤੂੰ ਮਹਾਂਪੁਰਸ਼ ਰਵ੍ਹੇਂਗਾ, ਤੇ ਮੈਂ ਇੱਕ ਬਦਮਾਸ਼। ਵੈਸੇ ਗਰੀਬ ਜ਼ਿਆਦਾਤਰ ਚੰਗੇ ਲੋਕ ਹੀ ਨੇ…ਪਰ ਹਾਲਾਤ ਕਿਸੇ ਕਿਸੇ ਨੂੰ ਮੇਰੇ ਵਰਗਾ ਬਣਾ ਦਿੰਦੇ ਹਨ। ਹਾਂ, ਮੈਂ ਇੱਕ ਪਿੰਡ ਦੀ ਗਲ਼ੀ ‘ਚ ਜੰਮਿਆ ਸੀ, ਪਰ ਇਸਦਾ ਇਹ ਮਤਲਬ ਨਹੀਂ ਤੂੰ ਮੇਰੇ ਨਾਲ਼ ਬੇਨਿਆਈ ਕਰੇਂ। ਤੈਨੂੰ ਵੀ ਚੁਭਦੈ ਜਦ ਮੈਂ ਤੇਰੇ ਬਾਰੇ ਇਹ ਗੱਲਾਂ ਕਰਦਾ ਆਂ। ਸੋ ਮਾਂ ਬਿਨਾਂ ਜ਼ਿੰਦਗੀ ਸੁਰੂ ਹੋਈ। ਮੈਂ ਬਹੁਤ ਛੇਤੀ ਸਿੱਖ ਲਿਆ ਕਿ ਜੀਓਣਾ ਔਖਾ ਹੈ ਖਾਸ ਕਰਕੇ ਉਸ ਲਈ ਜਿਸ ਨੇ ਇਖਲਾਕ ਨਾਲ਼ ਜਿਉਂਣਾ ਹੈ। ਪੰਜਾਬ ਤਾਂ ਵੈਸੇ ਵੀ ਪਾਪ ਦਾ ਘੁਰਨਾ ਹੈ।
ਅੱਛਾ, ਅਸੀਂ ਕਿਥੇ ਸਾਂ? ਹਾਂ, ਮਾਂ ਤਾਂ ਪੂਰੀ ਹੋ ਗਈ ਸੀ, ਪਰ ਬਾਪੂ ਬਾਰੇ ਕੀ ਦੱਸਾਂ? ਕੀ ਦੱਸਾਂ, ਮੈਂ ਤਾਂ ਪਿਓ ਨੂੰ ਜਾਣਦਾ ਵੀ ਨਹੀਂ ਸੀ! ਕਿਸੇ ਨੇ ਇੱਕ ਵਾਰ ਕਿਹਾ ਸੀ ਕਿ ਜਿਮੀਂਦਾਰ ਦੇ ਇਕਲੌਤੇ ਮੁੰਡੇ ਨੇ ਮੇਰੀ ਮਾਂ ਨਾਲ਼ ਜਬਰਦਸਤੀ ਕੀਤੀ ਸੀ। ਭਾਵੇਂ ਸੱਚ ਜਾਂ ਝੂਠ, ਮੈਂ ਪਹਿਲਾਂ ਕਹਿਣ ਵਾਲੇ ਦੀਆਂ ਨਾਸਾਂ ਭੰਨੀਆਂ, ਫਿਰ ਕਈ ਵਰ੍ਹਿਆਂ ਬਾਅਦ ਉਸ ਇਕਲੌਤੇ ਭੂੰਡ ਦੀ ਹਜਾਮਤ ਕੀਤੀ। ਜਦ ਮੌਕਾ ਮਿਲਿਆ, ਮੈਂ ਉਸ ਦਾ ਖਾਸ ਆਦਮੀ ਬਣ ਗਿਆ ਸਾਂ। ਫਿਰ ਮੈਂ ਇਹ ਨਹੀਂ ਦੇਖਿਆ ਜੇ ਸੱਚ ਮੁੱਚ ਉਸ ਨੇ ਮੇਰੀ ਮਾਂ ਦੀ ਪੱਤ ਲੁੱਟੀ ਸੀ; ਮੈਂ ਅਨੰਦ ਨਾਲ਼ ਮਾਰ ਦਿਤਾ। ਇਹ ਮੇਰਾ ਪਹਿਲਾ ਕਤਲ ਨਹੀਂ ਸੀ। ਉਸਦੇ ਬਾਰੇ ਤੈਨੂੰ ਗਾਹਾਂ ਦੱਸੂੰਗਾ। ਸੋ ਮਾਂ ਨਹੀਂ, ਪਿਓ ਵੀ ਨਹੀਂ ਸੀ। ਪਰ ਨਾਨੀ ਨੇ ਥੋੜੇ ਚਿਰ ਲਈ ਮੈਨੂੰ ਪਾਲ਼ਿਆ। ਨਾਨੀ ਸੁਭਾਅ ਵਿਚ ਨਿਡਰ ਸੀ। ਪਰ ਨਾਨਾ ਗਰਮ ਤਬੀਅਤ ਵਾਲ਼ਾ ਸੀ। ਉਸਨੇ ਮੈਨੁੰ ਕੌੜਾ ਪਿਆਰ ਹੀ ਦਿੱਤਾ। ਲੋਕਾਂ ਦੀ ਟਪਾਰਾਂ ਲਾਉਣ ਦੀ ਆਦਤ ਕਰਕੇ ਮੇਰਾ ਗਲ਼ ਘੋਟਣ ਦੀ ਵੀ ਕੋਸ਼ਿਸ਼ ਕੀਤੀ। ਪਰ ਨਾਨੀ ਨੇ ਮੈਨੂੰ ਬਚਾ ਲਿਆ। ਮੇਰੇ ਲਈ ਮੱਥਾ ਮਾਰ ਮਾਰ ਕੇ ਅੱਕ ਗਈ। ਉਸਨੂੰ ਸ਼ੱਕ ਸੀ ਕਿ ਨਾਨੇ ਨੇ ਮੈਨੂੰ ਵੱਢ ਦੇਣਾ ਏ। ਪੰਜ ਸਾਲ ਲਈ ਪਿੰਡ ਦੇ ਚੁਟਕਲ਼ੇ ਸਹੇ। ਜਿੱਦਾਂ ਤੈਨੂੰ ਦੱਸਿਆ ਹੈ, ਮੇਰੇ ਕੰਨਾਂ ‘ਚ ਵੀ ਉਡਦੀ ਉਡਦੀ ਖਬਰ ਆਈ ਗਈ, ਤੇ ਮੈਨੂੰ ਲੋਕਾਂ ਨਾਲ਼ ਕੌੜ ਚੜ੍ਹ ਗਈ। ਇਸ ਲਈ ਨਾਨਾ ਤਾਂ ਮਾਰਨ ਤੇ ਆ ਗਿਆ। ਨਾਨੀ ਨੇ ਮੈਨੂੰ ਇੱਕ ਵਣਜਾਰੇ ਦੀ ਮਦਦ ਨਾਲ਼ ਗਰਾਂ ‘ਚੋਂ ਕੱਢਿਆ। ਉਸ ਦੇ ਗੱਡੇ ਵਿੱਚ ਲੁਕ ਕੇ ਬਾਹਰ ਆ ਗਿਆ। ਪਿੰਡ ‘ਚ ਕਦੀ ਵਾਪਸ ਨਹੀਂ ਗਿਆ। ਰਣਜੀਤਪੁਰ ਪੁੱਜ ਗਿਆ। ਤਾਈ ਤੇ ਜਿਮੀਂਦਾਰ ਦੇ ਇਕਲੌਤੇ ਮੁੰਡੇ ਨੇ ਮੈਨੂੰ ਪਛਾਣਿਆ ਨਹੀਂ। ਮੈਨੂੰ ਤਾਂ ਇੱਕ ਮਿੱਤਰ ਨੇ ਉਸ ਦੀ ਖਬਰ ਦਿੱਤੀ ਸੀ। ਗਰਾਂ ਭਾਵੇਂ ਵਾਪਸ ਨਾ ਗਿਆ ਹੋਵਾਂ, ਪਰ ਖਬਰਾਂ ਤਾਂ ਜਦ ਤਕ ਨਾਨਾ ਨਾਨੀ ਕਬਰਾਂ ‘ਚ ਨਹੀਂ ਗਏ, ਮਿਲਦੀਆਂ ਰਹਿੰਦੀਆਂ ਸਨ। ਹੁਣ ਵੱਡੇ ਸ਼ਹਿਰ, ਰਣਜੀਤਪੁਰ ਸਾਂ। ਇੱਥੇ ਬਹੁਤ ਕੁਝ ਸਿੱਖਿਆ। ਪੰਜਾਬ ਦੀ ਇਹ ਹੀ ਜਾਨ ਸੀ। ਰੌਂਣਕ ਇੱਥੇ ਹੀ ਸੀ। ਪੰਜਾਬ ਦਾ ਚੰਗਾ ਮਾੜਾ ਰਣਜੀਤਪੁਰ।
ਰਣਜੀਤਪੁਰ ਪੰਜਾਬ ਦਾ ਮਾਣਮੱਤਾ ਸ਼ਹਿਰ ਸੀ। ਵੱਡੇ ਕੱਚ-ਕਿਲ੍ਹੇ, ਵੱਡੀਆਂ ਸੋਹਣੀਆਂ ਸੈਰਗਾਹਾਂ ਅਤੇ ਲਾਜਵੰਤੀ ਝੀਲ। ਹਰ ਛਤੌਲ਼ ਨੂੰ ਅਣਰੀਤੀ ਨਾਂ ਦਿੱਤਾ ਹੋਇਆ ਸੀ। ਫਲਾਣਾ ਧਮਕਾ ਸੈਕਟਰ, ਜਾਂ ਮੌਡਲ ਟਾਊਨ ਆਦਿ। ਸ਼ਹਿਰ ਦਾ ਮੜ੍ਹੰਗਾ ਇੱਕ ਵਿਦੇਸ਼ੀ ਈਕੋਸੀ ਸ਼ਿਲਪਕਾਰ ਨੇ ਵਿਓਂਤਿਆ ਸੀ। ਸਕੋਸ਼ੀਆ ਦਾ ਆਦਮੀ ਸੀ, ਜਿਸ ਨੂੰ ਪੰਜਾਬ ਦੇ ਇਤਿਹਾਸ ਦਾ ਖਾਕ ਨਹੀਂ ਸੀ ਪਤਾ। ਉਸ ਸ਼ਿਲਪਕਾਰ ਨੇ ਆਵਦੇ ਸਕੋਸ਼ੀਆ ਦੇ ਕਠੋਰ ਘਸਮੈਲ਼ੇ ਘਰਾਂ ਵਾਂਗਰ ਸ਼ਹਿਰ ਦੀ ਸਾਰੀ ਰੂਪ ਰੇਖਾ ਸਜਾ ਦਿੱਤੀ ਸੀ। ਸੜਕਾਂ ਉੱਤਰ ਤੋਂ ਦੱਖਣ ਵੱਲ ਜਾਂਦੀਆਂ ਸਨ; ਮਾਰਗ ਲਹਿੰਦੇ ਤੋਂ ਚੜ੍ਹਦੇ ਵੱਲ ਜਾਂਦੇ ਸਨ। ਸਭ ਦੇ ਨੰਬਰ ਸਨ, ਨਾ ਕੇ ਨਾਂਅ। ਹਰ ਹਿੱਸੇ ਦਾ ਸੈਕਟਰ ਬਣਾਇਆ ਸੀ। ਇੱਕ ਥਾਂ ਬਜ਼ਾਰ ਸਨ, ਇੱਕ ਥਾਂ ਕਾਰਖਾਨੇ। ਇੰਝ ਸੀ ਸਾਰੇ ਸ਼ਹਿਰ ਦਾ ਰੂਪ। ਪੰਜਾਬ ਦਾ ਰੰਗ ਤਾਂ ਖਾਰ ਦਿੱਤਾ ਸੀ। ਜਦ ਈਕੋਸੀ ਸਕੋਸ਼ੀਆ ਵਾਪਸ ਪਰਤਿਆ, ਰਣਜੀਤਪੁਰ ਨੂੰ ਕੇਂਦਰ ਦੇ ਹੱਥਾਂ ‘ਚ ਸੰਭਾਲ਼ ਦਿੱਤਾ ਗਿਆ।
ਨਵੇਂ ਸ਼ਿਲਪਕਾਰ ਨੇ ਰੰਗੀਲਾ ਕਰ ਦਿੱਤਾ। ਸ਼ਹਿਰ ਦੀਆਂ ਖਾਸ ਇਮਾਰਤਾਂ ਨੂੰ ਸੁੰਦਰ ਰੂਪ ਦੇ ਦਿੱਤਾ ਜਿਸ ਵਿੱਚ ਪੰਜਾਬੀ ਮਹਿਕ ਸੀ। ਤਿਮੰਜਲਾ ਇਮਾਰਤ ਦੇ ਥਾਂ ਵੱਡੇ ਵੱਡੇ ਵੀਹਮੰਜਲੇ ਬੁਰਜ ਸ਼ਹਿਰ ਦੇ ਵਿਚਕਾਰ ਖਲੋਤੇ ਜਿਵੇਂ ਲੰਬੇ ਕੱਚ ਦੇ ਬਣਾਏ ਦਿਓ ਹੋਣ, ਆਵਦੇ ਸ਼ਹਿਰ ਦੀ ਰਾਖੀ ਕਰਦੇ। ਉਪਰੋਂ ਸ਼ਹਿਰ ਤਾਂ ਸੁੱਨਖਾ ਸੀ। ਛਾਂਦਾਰ ਸੜਕਾਂ, ਜਿੰਨ੍ਹਾਂ ਦੇ ਦੋਨ੍ਹਾਂ ਪਾਸੇ ਪਿੱਪਲਾਂ ਦੀ ਪਾਲ਼ਾਂ ਸਨ। ਆਵਾਜਾਈ ਦੀ ਸੇਧ ਲਈ ਵਰਿੱਤ-ਪਰਵਾਹ, ਜਿਸ ਨੂੰ ਆਮ ਬੋਲੀ ‘ਚ ਰਾਉਂਡਾਬਾਊਟ ਸੱਦਦੇ ਐ। ਸਾਰੇ ਹਿੰਦੂਸਤਾਨ ਤੋਂ ਅਲੱਗ ਸ਼ਹਿਰ ਸੀ। ਪਰ ਸਮਾਂ ਸ਼ਹਿਰ ਲਈ ਮਿਹਰਬਾਨ ਨਹੀਂ ਸੀ। ਹੌਲ਼ੀ ਹੌਲ਼ੀ ਸ਼ਹਿਰ ਅਤੇ ਉਸ ਦੇ ਵਾਸੀ ਨਾਸੂਰ ਭੋਖੜਾ ਨਾਲ਼ ਦੂਸ਼ਿਤ ਹੋ ਗਏ। ਲਾਲਚੀ, ਮਨ ਦੀ ਮੈਲ਼ ਅਤੇ ਵੱਢੀਖੋਰੀ ਆਮ ਗੱਲ ਸੀ। ਉਪਰ ਤੋਂ ਲੈ ਕੇ ਹੇਠ ਤੱਕ। ਬਾਹਰੋਂ ਬਾਹਰ ਸ਼ਹਿਰ ਦੇਖਣ ਵਾਲੇ ਨੂੰ ਬਹੁਤ ਹੀ ਚੰਗਾ ਲੱਗਦਾ ਸੀ। ਪਰ ਅੰਦਰ ਗੱਲ ਹੋਰ ਸੀ। ਵੈਸੇ ਸ਼ੁਰੂ ਤੋਂ ਹੀ ਇਹ ਗੱਲ ਸੀ। ਦੋ ਰਣਜੀਤਪੁਰ ਸਨ। ਇੱਕ ਮੁਮਤਾਜ਼, ਇੱਕ ਮੇਰਾ ਸ਼ਹਿਰ; ਬਦਕਾਰ।
ਮੇਰੇ ਰਣਜੀਤਪੁਰ ਵਿੱਚ ਹੇਰਾ ਫੇਰੀ ਆਮ ਸੀ। ਟਾਂਗੇਵਾਲ਼ਾ ਵੱਢੀ ਮੰਗਦਾ ਸੀ, ਵੰਡਾਵਾ ਵੀ ਹੱਥ ਗਰਮ ਕਰਵਾਉਂਦਾ ਸੀ ਅਤੇ ਪੁਲ਼ਸੀਆ ਤਾਂ ਗੁੱਸੇ ਹੋ ਜਾਂਦਾ ਸੀ ਜੇ ਚਾਹ ਦੇ ਪੈਸੇ ਨਹੀਂ ਮਿਲਦੇ ਸਨ। ਮੰਤਰੀ ਦੀ ਵੀ "ਸੇਵਾ" ਕਰਨੀ ਪੈਂਦੀ ਸੀ। ਸਾਰਾ ਸਮਾਂ ਗਰੀਬ-ਗੁਰਬੇ ਨੂੰ ਭੁੱਖਾ ਰੱਖਦਾ ਸੀ। ਜਦ ਚੋਣਾਂ ਆਉਂਦੀਆਂ ਤਾਂ ਭੁੱਖੜ ਉਨ੍ਹਾਂ ਹੀ ਲੋਕਾਂ ਨੂੰ ਖੂਬ ਰੋਟੀ ਤੇ ਨਸ਼ੇ ਦਵਾ ਕੇ ਵੋਟਾਂ ਲੈ ਜਾਂਦਾ ਸੀ। ਜਨਤਾ ਸੱਚ ਮੁੱਚ ਖਰਮਗ਼ਜ਼ ਹੈ! ਹਰ ਭਾਰਤੀ ਪੈਸੇ ਦੀ ਦੌੜ ‘ਚ ਹੈ। ਚੱਜ ਨਾਲ਼ ਕਮਾਉਣ ਲਈ ਨਹੀਂ, ਪਰ ਹਾਸਲ ਕਰਨ ਜਿਵੇਂ ਕਿਵੇਂ ਵੀ। ਮੈਂ ਸ਼ਹਿਰ ਦੇ ਚੰਗੇ ਬੰਦੇ ਵੇਖੇ ਨੇ ਆਪ ਦੀ ਧੀਆਂ ਲਈ ਬਾਬਲ, ਪਰ ਹੋਰ ਕਿਸੇ ਦੀ ਕੁੜੀ ਦਾ ਮਾਸ ਵੇਚਦੇ। ਇਹ ਤਾਂ ਰੋਜ ਦਾ ਕੰਮ ਹੈ ਸਾਡੇ ਵਧੀਆ ਰਣਜੀਤਪੁਰ ਵਿੱਚ। ਚੰਗੀ ਤਰਾਂ ਮਾਂਜਾ ਫੇਰਦੇ ਆਂ। ਸੋ ਮੈ ਵੀ ਉਨ੍ਹਾਂ ਵਾਂਗ ਲੋਕਾਂ ਨੂੰ ਵੰਚਤ ਕਰਨਾ ਸਿੱਖ ਗਿਆ।
ਸ਼ਹਿਰ ਵਿੱਚ ਮੈਨੂੰ ਨਾਨੀ ਨੇ ਆਪਣੇ ਇੱਕ ਭਾਣਜੇ ਕੋਲ਼ ਭੇਜਿਆ ਸੀ। ਸ਼ਹਿਰ ਦੇ ਅਠਾਰਾਂ ਸੈਕਟਰ ਸਨ। ਉਨ੍ਹਾਂ ਦੇ ਆਲ਼ੇ ਦੁਆਲ਼ੇ ਤੇਰਾਂ ਝੌਂਪੜ ਪੱਟੀਆਂ ਸਨ। ਪਹਿਲੇ ਅੰਦਰੋਂ ਮੈਲ਼ੇ, ਦੂਜੀਆਂ ਬਾਹਰੋਂ। ਨਾਨੀ ਦੇ ਭਾਣਜੇ ਦਾ ਨਾਂ ਬਿੰਦਾ ਸੀ। ਬਿੰਦਾ ਉਨ੍ਹਾਂ ਦੋਨਾਂ ਥਾਵਾਂ ਦੇ ਗੱਭੇ ਜਿਹੇ ਰਹਿੰਦਾ ਸੀ। ਸੈਕਟਰ ਚੌਦਾਂ ਦੇ ਕੰਢੇ। ਮੈਨੂੰ ਮਿਲ ਕੇ ਬਹੁਤਾ ਖ਼ੁਸ਼ ਨਹੀਂ ਸੀ। ਉਸ ਦੇ ਘਰ ਇੱਕ ਧੀ, ਇੱਕ ਪੁੱਤ ਅਤੇ ਇੱਕ ਵਿਗਾੜੀ ਵਹੁਟੀ ਸੀ। ਬਿੰਦਾ ਸ਼ਹਿਰ ਵਿੱਚ ਅਹੁਦੇਦਾਰ ਸੀ। ਧੀ ਦਾ ਨਾਂ ਸੀ ਸੁੱਖੀ, ਪੁੱਤਰ ਦਾ ਨਾਂ ਸੀ ਕਰਨ ਅਤੇ ਰੰਨ ਦਾ ਨਾਂ ਰੂਪ; ਅਤੇ ਰੂਪ ਕਿੰਨਾ ਆਲੀਸ਼ਾਨ ਸੀ! ਸੀਸ ਖਨਜ਼ੀਰ ਵਰਗਾ ਗੋਲ, ਕੰਨ ਮੱਛੀ ਦੇ ਖੰਭ ਵਾਂਗ ਲੰਬੇ ਅਤੇ ਚੌੜੇ; ਨੱਕ ਫਿੰਨ੍ਹਾ, ਨਾਸਾਂ ਬੰਦੂਕ ਦੀ ਨਾਲ਼ੀਆਂ ਵਾਂਗ, ਖੁੱਲ਼੍ਹੀਆਂ। ਬਿੰਦੇ ਤੋਂ ਵੱਡੀ ਸੀ। ਜਿੰਨੀ ਲੰਬੀ ਉਨੀ ਚੌੜੀ। ਹਾਥੀ ਵਾਂਗ ਤੁਰਦੀ ਸੀ। ਕਰਨ ਵੀ ਬਹੁਤ ‘ਸਜੀਲਾ‘ ਸੀ। ਜ਼ਿੰਦਗੀ ‘ਚ ਕਦੀ ਕੰਮ ਕੀਤਾ ਹੀ ਨਹੀਂ ਸੀ। ਸ਼ਕਰਕੰਦੀ ਵਰਗਾ ਰੂਪ, ਰੰਗ ਬੈਂਗਣ ਵਾਂਗ ਪੱਕਾ। ਸੁੱਖੀ ਮਾਂ ਭਰਾ ਤੋਂ ਅਲੱਗ ਲੱਗਦੀ ਸੀ। ਲੰਬੀ, ਪਤਲੀ ਅਤੇ ਅਭਿਮਾਨੀ। ਹਰ ਵੇਲੇ, "ਪਾਪਾ, ਮੁਜੇ ਯੇ ਚਾਹੀਏ, ਜਾਂ ਵੋ ਚਾਹੀਏ!" ਹਮੇਸ਼ਾ ਮਿਲ ਵੀ ਜਾਂਦਾ ਸੀ। ਘਰ ਵਿੱਚ ਕਿਸੇ ਨੂੰ ਪੰਜਾਬੀ ਆਉਂਦੀ ਨਹੀਂ ਸੀ। ਹਿੰਦੀ ਤੋਂ ਜਿਆਦਾ ਅੰਗ੍ਰੇਜ਼ੀ ਵੱਢਦੇ ਸੀ। ਫਿਰ ਵੀ ਆਪਣੇ ਆਪ ਨੂੰ ਪੰਜਾਬੀ ਆਖਦੇ!
ਮੈਂ ਤੈਨੂੰ ਪਹਿਲਾਂ ਹੀ ਦੱਸਿਆ ਹੈ ਕਿ ਮੈਂ ਤਾਂ ਨੰਬਰ ਇੱਕ ਘੰਡ ਹਾਂ।ਮੈਂ ਕਾਰੇਹਾਰ ਦੀ ਨਜ਼ਰ ਨਾਲ਼ ਸਭ ਕੁੱਝ ਦੇਖਦਾ ਹਾਂ, ਸੁੱਖੀ ਨੂੰ ਵੀ। ਸਾਰੇ ਟੱਬਰ ਵਾਂਗ ਬਹੁਤੀ ਸੋਹਣੀ ਤਾਂ ਸੀ ਨਹੀਂ, ਪਰ ਫਿਰ ਵੀ ਇੱਕ ਪਟਾਕਾ ਤਾਂ ਹੈ ਹੀ ਸੀ। ਬੁਰੀ ਨਜ਼ਰ ਨਾਲ਼ ਉਸ ਦੇ ਸੂਖਮ ਸਰੀਰ ਵੱਲ ਝਾਕਦਾ ਸਾਂ। ਕਿਉਂ ਨਹੀਂ? ਸਾਡੀ ਪੰਜਾਬੀਅਤ ਵਿੱਚ ਤਾਂ ਨਾਰੀ ਹੈ ਹੀ ਕੀ? ਕਿੱਸਿਆਂ ਵਿੱਚ ਹੀਰ, ਪਰ ਸਚਾਈ ਵਿੱਚ ਹੀਂਗਣੀ ਦੀ ਬਾਮ; ਕਲਜੋਗਣ ਜਿਸ ਨੂੰ ਆਦਮੀ ਦੀ ਅੱਗ ਝੱਲਣੀ ਪੈਂਦੀ ਹੈ। ਪੋਥੀ ਵਿੱਚ ਜੋ ਮਰਜੀ ਲਿਖਿਆ ਹੋਵੇ, ਸੱਚ ਵਿੱਚ ਤਾਂ ਅਸੀਂ ਮਾਂ ਭੈਣ ਨਹੀਂ ਸਮਝਦੇ, ਨਾ ਹੀ ਸਮਝੇ ਜਾਂਦੇ ਐ। ਔਰਤ ਸਾਡਾ ਖਢੌਣਾ ਹੈ, ਕਨੀਜ਼ ਹੈ। ਸੋ ਮਾਂ ਭੈਣ ਦੇ ਸਾਹਮਣੇ ਆਪਣੇ ਆਪਨੁੂੰ ਤੂੰ ਜਿੰਨਾ ਵੀ ਚੰਗਾ ਦਿਖਾਵੇਂ, ਸੱਚ ਤਾਂ ਇਹੀ ਹੈ। ਬੰਦਿਆ ਤੁੂੰ ਮੇਰੇ ਵਰਗਾ ਹੀ ਏਂ। ਮੈਂ ਸੁੱਖੀ ਚਾਹੁੰਦਾ ਸੀ. ਭਾਵੇਂ ਨਾਨੀ ਦੇ ਭਾਣਜੇ ਦੀ ਕੁੜੀ ਸੀ। ਪਰ ਫਿਰ ਵੀ ਉਨ੍ਹਾਂ ਦਿਨਾਂ ਵਿੱਚ ਮੈਂ ਬਿੰਦੇ ਤੋਂ ਡਰਦਾ ਸੀ।
ਕਿਉਂ ਨਹੀਂ? ਬਿੰਦਾ ਭਾਵੇਂ ਲਿੱਸਾ ਜਿਹਾ ਸੀ, ਮੂੰਹ ਸੁੰਨ ਮੁੰਨ (ਘਰਵਾਲੀ ਮੂੰਹ ਫਟ ਸੀ) ਅਤੇ ਦੇਖਣ‘ਚ ਹਮੇਸ਼ਾ ਤੁਰਦਾ ਜਿਵੇਂ ਦੁਨੀਆ ਦਾ ਸਾਰਾ ਬੋਝ ਉਸਦੇ ਮੋਢਿਆਂ ਤੇ ਹੀ ਸੀ। ਪਰ ਆਵਾਜ਼ ਹੰਟਰ ਵਾਂਗ ਸ਼ੂਕਦੀ ਸੀ। ਸਭ ਨੂੰ ਡਰਾ ਦਿੰਦਾ ਸੀ। ਗਰਮ ਨਰਮ ਸੁਭਾਅ ਸੀ ਓਹਦਾ। ਉਸ ਦੇ ਘਰ ਦੀ ਬੈਠਕ ਵਿੱਚ ਇੱਕ ਜਲਪਿੰਜਰ ਸੀ ਜਿਸ ਵਿੱਚ ਮੱਛੀਆਂ ਦਾ ਰੰਗ-ਬਰੰਗਾ ਝੁੰਡ ਤਰਦਾ ਸੀ। ਕੱਚ ਦੇ ਜਦ ਪਿੱਛੇ ਖਲੋਂਦਾ, ਉਸ ਦਾ ਸਿਰ ਅਪਰਿਵਰਤਨ ਨਾਲ਼ ਵੱਡਾ ਹੋ ਜਾਂਦਾ ਸੀ ਜਿਵੇਂ ਸੱਪ ਦੀ ਛੱਜਲੀ ਖੁੱਲ੍ਹ ਜਾਂਦੀ ਆ। ਮੈਂ ਪਹਿਲੀ ਬਾਰ ਇਸ ਤਰਾਂ ਉਸਨੂੰ ਬੈਠਕ ਵਿਚ ਮਿਲਿਆ ਸੀ। ਜਲਪਿੰਜਰ ਦੇ ਕੱਚ ਪਿੱਛੇ ਅੱਖਾਂ ਚੌੜੀਆਂ ਸਨ, ਕਰਕੇ ਲੱਗਾ ਜਿੰਝ ਮੇਰੇ ਵਿੱਚ ਵੜ ਗਈਆਂ ਹੋਣ। ਪਰ ਇਹ ਡਰ ਬਹੁਤੀ ਦੇਰ ਲਈ ਰਿਹਾ ਨਹੀਂ। ਮੈਨੂੰ ਪਤਾ ਲੱਗ ਗਿਆ ਕਿ ਉਸ ਕੋਲ਼ ਗਸ਼ਤੀ ਰੱਖੀ ਸੀ ਜਿਸ ਨੂੰ ਮਰਜੀ ਨਾਲ਼ ਘਰ ਵਿੱਚ ਲੈ ਕੇ ਆਉਂਦਾ ਸੀ, ਜਦ ਸਾਰੇ ਸੁੱਤੇ ਹੋਏ ਹੁੰਦੇ ਸੀ। ਪਰ ਮੈਂ ਉਸ ਨੂੰ ਵੇਖ ਲਿਆ ਚੋਰ-ਅੱਖ ਨਾਲ਼। ਇਸ ਤਰਾਂ ਘਰ ਦੇ ਸਾਰੇ ਭੇਤ ਪਾ ਲਏ। ਬਾਅਦ ‘ਚ ਬਹੁਤ ਫਾਇਦਾ ਉਠਾਇਆ, ਜਦ ਮੈਂ ਬਲੈਕਮੇਲ ਕੀਤਾ। ਇਸ ਦਾ ਨਤੀਜਾ ਇਹ ਹੋਇਆ ਸੀ ਮੈਨੂੰ ਸੁੱਖੀ ਮਿਲ ਗਈ, ਇੱਕ ਰਾਤ ਲਈ। ਉਸਦੀ ਕੁੜਮਾਈ ਦੀ ਰਾਤ ਲਈ ਉਹ ਮੇਰੀ ਸੀ। ਬਿੰਦੇ ਨੂੰ ਵੀ ਚੁੱਪ ਰਹਿਣਾ ਪਿਆ, ਕਿਉਂਕਿ ਉਸ ਵੇਲੇ ਮੈਨੂੰ ਪੂਰਾ ਪਤਾ ਸੀ ਕਿ ਉਸਦੇ ਪੈਸੇ ਕਿਥੋਂ ਆਉਂਦੇ ਸੀ। ਪਰ ਇਸ ਸਭ ਤੋਂ ਪਹਿਲਾਂ ਜਦ ਉਸਨੇ ਜਲਪਿੰਜਰ ਪਿੱਛੋ ਖੜ੍ਹਕੇ ਮੇਰੇ ਵੱਲ ਸੇ ਲਾਈ, ਉਸ ਨੇ ਸੋਚਿਆ ਮੈਂ ਇਸ ਮੁੰਡੇ ਨੂੰ ਘਰ ਵਿੱਚ ਨਹੀਂ ਰੱਖਣਾ। ਮੈਨੂੰ ਪੱਖੀਵਾਸ ਵਾਂਗ ਬਿਹਾਰੀ ਨੌਕਰਾਂ ਨਾਲ਼ ਇੱਕ ਝੌਂਪੜ ‘ਚ ਪਾ ਦਿੱਤਾ। ਕੋਈ ਬਾਰੀ ਨਹੀਂ ਸੀ ਅਤੇ ਦਰ ‘ਚ ਡੋਰ ਨਹੀਂ ਸੀ। ਇੱਕ ਮੰਜਾ ਸੀ ਜਿਸ ਤੇ ਲਾਲੂ ਪੈਂਦਾ ਸੀ। ਉਸ ਦੀ ਬੀਵੀ, ਸੱਤ ਨੰਗੇ ਬੱਚੇ ਤੇ ਮੈਂ ਪੱਕੇ ਫਰਸ਼ ਤੇ ਪੈਂਦੇ ਸੀ। ਕਿਰਲੀਆਂ ਦੀ ਫੌਜ ਆਸ ਪਾਸ ਇੱਧਰ ਉੱਧਰ ਨੱਠੀ ਫਿਰਦੀ ਸੀ।
ਬਿੰਦੇ ਦੇ ਬੱਚੇ ਸਕੂਲ ਗਏ। ਮੈਂ ਘਰ ਰਹਿ ਕੇ ਨੌਕਰੀ ਕੀਤੀ। ਮੈਂ ਤਾਂ ਲਾਲੂ ਦਾ ਨਫਰ ਬਣ ਗਿਆ। ਇਹ ਸੀ ਮੇਰੀ ਨਾਨੇ ਤੋਂ ਅਜ਼ਾਦੀ! ਜਦ ਵੀ ਮੈਨੂੰ ਬੁਲਾਉਣਾ, ਬਿੰਦਾ "ਮੁੰਡੂ", ਕਹਿੰਦਾ ਸੀ, ਮੇਰਾ ਨਾਂ ਨਹੀਂ ਲੈਂਦਾ ਸੀ। ਮੁੰਡੂ ਆਹ ਕਰ, ਮੁੰਡੂ ਯੇ ਲਿਆ, ਮੁੰਡੂ ਮਾਂ ਦਾ ਟਕਾ! ਮੇਰੇ ਲਈ ਤਾਂ ਬੇਅੰਤ ‘ਪਿਆਰ‘ ਸੀ! ਮੈਂ ਕਰਨ ਦੀਆਂ ਕਿਤਾਬਾਂ ਚੋਰੀ ਕਰਕੇ ਪੜ੍ਹਦਾ ਸੀ। ਜਦ ਮੈਂ ਥੋੜ੍ਹਾ ਜਾ ਵੱਡਾ ਹੋਗਿਆ ਸੀ ਮੈਂ ਕੰਧ ਕੁੱਦ ਕੇ ਝੌਂਪੜ ‘ਚ ਜਾ ਪੁੱਜਿਆ। ਇੱਥੇ ਮੇਰੀਆਂ ਅੱਖਾਂ ਖੁਲ੍ਹ ਗਈਆਂ। ਇੱਥੇ ਇੱਕ ਚੰਗੇ ਬੁੜ੍ਹੇ ਨੇ ਮੈਨੂੰ ਪੈਂਤੀ ਪੜ੍ਹਨੀ ਸਿਖਾਈ। ਇੱਥੇ ਤਾਸ਼ ਖੇਡਣ ਵਾਲੇ ਟੋਲੇ ਨੇ ਜੂਏਬਾਜੀ ਸਿਖਾਈ। ਇੱਥੇ ਵੇਸਵਾਵਾਂ ਨੇ ਆਦਮੀ ਦੀ ਚੰਗੀ ਹਜਾਮਤ ਕਰਨੀ ਸਿਖਾਈ। ਜੋ ਇੱਥੇ ਨਹੀਂ ਸਿੱਖਿਆ ਲਾਲੂ ਤੋਂ ਸਿੱਖ ਲਿਆ ਅਤੇ ਬਿੰਦੇ ਨੂੰ ਤਾੜ ਕੇ ਸਮਝ ਲਿਆ। ਬਿੰਦਾ ਨੰਬਰ ਵਨ ਸ਼ੈਤਾਨ ਸੀ। ਸਾਡੀ ਸਰਕਾਰ ਦਾ ਨੌਕਰ ਤਥਾ ਦਾਦੇ ਦਾ ਦਾਦਾ, ਆਹੋ ਝੌਂਪੜੀ ਦਾ ਕਰਤਾ ਧਰਤਾ ਸੀ। ਝੌਂਪੜ ਨੂੰ ਦਬਾਉਣ ਵਾਲ਼ਾ ਸੀ ਬਿੰਦੇ ਦਾ ਅਸਲੀ ਸਾਹਿਬ। ਕੁਝ ਰਾਤਾਂ ਬਿੰਦਾ ਅੱਧੀ ਰਾਤ ਹਨੇਰੇ ਵਿੱਚ ਉਸਨੂੰ ਮਿਲਣ ਜਾਂਦਾ ਸੀ। ਮੈਂ ਮਗਰ ਮਗਰ ਚੁਪਕੇ ਚੁਪਕੇ ਜਾ ਕੇ ਕਿਸੇ ਘਚੋਰ ‘ਚ ਲੁਕ ਕੇ ਤਾੜਦਾ ਸੀ। ਦਾਦਾ ਰਹਿੰਦਾ ਸੀ ਝੌਂਪੜ ‘ਚ ਪਰ ਹਵੇਲੀ ‘ਚ ਰਹਿਣ ਵਾਲ਼ੇ ਉਸਦੀਆਂ ਉਂਗਲ਼ੀਆਂ ਤੇ ਨੱਚਦੇ ਸੀ। ਹਾਂ ਮੇਰੀ ਤਰਬੀਅਤ ਐਸੀ ਸੀ। ਕਰਨ ਤੋਂ ਜਿਆਦਾ ਇਲਮ ਸੀ, ਦੁਨੀਆ ਬਾਰੇ।
ਕਰਨ ਅਤੇ ਸੁੱਖੀ ਸ਼ਹਿਰ ਦੀ ਅੱਛੀ ਪਾਠਸ਼ਾਲਾ ‘ਚ ਪੜ੍ਹਦੇ ਸਨ, ਪਰ ਮੈਂ ਝੌਂਪੜ ਦੀ ਗੰਦੀ ਗਲ਼ੀ ਵਿੱਚ ਬਹਿ ਕੇ ਆਸ ਪਾਸ ਵੇਖਕੇ ਸਭ ਕੁੱਝ ਸਿੱਖ ਗਿਆ। ਪੜ੍ਹਾਈ ਦੀਆਂ ਕਿਤਾਬਾਂ ਵੀ ਚੋਰੀ ਕਰ ਕੇ ਮਿਲ ਜਾਂਦੀਆਂ ਸੀ। ਇੱਕ ਬਾਰ ਕਰਨ ਨੂੰ ਬਿੰਦੇ ਨੇ ਸਵਾਲ ਪੁੱਛਿਆ। ਉਹਨੂੰ ਜਵਾਬ ਨਹੀਂ ਆਇਆ। ਮੈਂ ਸਹੀ ਜਵਾਬ ਫਰਮਾਇਆ। ਵਾਹ! ਖਿਝ ਵਿੱਚ ਪਿਓ ਨੇ ਆਵਦੇ ਮੁੰਡੇ ਦੇ ਰੱਜ ਕੇ ਹੱਡ ਸੇਕੇ। ਵੈਸੇ ਮੈਂ ਕਰਨ ਵੱਲ ਬਹੁਤ ਅਨਾਚਾਰ ਸੀ। ਇੱਕ ਬਾਰ ਸੜਕ ਦੇ ਲੌਂਡਿਆਂ ਨੇ ਉਸਨੂੰ ਇੱਕ ਬੰਦ ਗਲ਼ੀ ‘ਚ ਘੇਰ ਲਿਆ। ਮੈਂ ਸੌਖੀ ਤਰਾਂ ਮਦਦ ਕਰ ਸਕਦਾ ਸੀ, ਪਰ ਚੁੱਪ ਚਾਪ ਦੂਰੋਂ ਤਮਾਸ਼ਾ ਵੇਖੀ ਗਿਆ। ਹੋਰ ਸਭ ਤੋਂ ਵੱਡੇ ਮੁੰਡੇ ਨੇ ਬਦਕਾਰੀ ਕੀਤੀ ਉਸਦੇ ਨਾਲ਼। ਮੈਂ ਫਿਰ ਵੀ ਖੜ੍ਹਿਆ ਰਿਹਾ। ਐਣ ਅਖੀਰ ਤੇ ਮਦਦ ਕੀਤੀ। ਮੁੰਡਿਆਂ ਨੂੰ ਕੁੱਟ ਕੇ ਬਦਮਾਸ਼ੀ ਤੇ ਠੱਲ੍ਹ ਪਾ ਦਿੱਤੀ। ਪਰ ਅੰਦਰੋਂ ਕਰਨ ਨੂੰ ਸਮਝ ਸੀ ਕਿ ਮੈਂ ਨੇੜੇ ਤੇੜੇ ਸੀ ਅਤੇ ਹੁਣ ਤੱਕ ਗੁੰਗਾ ਬਣਿਆ ਰਿਹਾ। ਮੇਰੇ ਨਾਲ਼ ਉਸ ਤੋਂ ਬਾਅਦ ਬਹੁਤ ਦੇਰ ਲਈ ਬੋਲਿਆ ਨਹੀਂ। ਆਵਦੀ ਸ਼ਰਮ ਨਾਲ਼ ਚੁੱਪ ਚਾਪ ਚੁੱਕ ਕੇ ਆਵਦੀ ਛਾਤੀ ਤੇ ਪੱਥਰ ਰੱਖਿਆ। ਜਦ ਸੁੱਖੀ ਨਾਲ਼ ਮੈਂ ਮੰਜਾ ਸਾਂਝਾ ਕੀਤਾ, ਉਸ ਦਾ ਚਿੱਤ ਕੀਤਾ ਮੈਨੂੰ ਮਾਰਨ ਲਈ ਪਰ ਉਸ ਦਿਨ ਵਾਂਗ ਜੀਭ ਦੰਦਾਂ ਹੇਠ ਲਈ ਰੱਖੀ। ਮੈਂ ਤੇ ਬਿੰਦੇ ਦਾ ਟੱਬਰ ਵਾਂਢੇ ਹੋ ਗਏ। ਪਰ ਇਹ ਤਾਂ ਹਾਲੇ ਅੱਗੇ ਦੀ ਗੱਲ ਹੈ।
ਦਾਦਾ ਦੀ ਅੱਖ ਮੈਂ ਫੜ ਲਈ ਸੀ। ਸ਼ੁਰੂ ਤੇ ਮੈਂ ਨਿੱਕੇ ਨਿੱਕੇ ਕੰਮ ਕੀਤੇ। ਪੁਲ਼ਸ ਨੂੰ ਗ਼ਲਤ ਬਿਆਨ ਦਿੱਤੇ; ਕਿਸੇ ਗਰੀਬ ਇਮਾਨਦਾਰ ਦੁਕਾਨਦਾਰ ਦੀਆਂ ਬਾਰੀਆਂ ਭੰਨੀਆਂ ਅਤੇ ਅਫੀਮ ਵੇਚੀ। ਪਰ ਜਦ ਬਿੰਦੇ ਦੇ ਬੌਸ ਨੇ ਝੌਂਪੜ ਸੁਆਰਨ ਦੀ ਕੋਸ਼ਿਸ਼ ਕੀਤੀ ਝਗੜਾ ਸ਼ੁਰੂ ਹੋ ਗਿਆ। ਬਿੰਦੇ ਤੋਂ ਬੌਸ ਸੰਭਾਲ਼ ਨਹੀਂ ਹੋਇਆ। ਪੁਲ਼ਸ ਦਾਦੇ ਦੀ ਜੇਭ ‘ਚ ਤਾਂ ਸੀ ਪਰ ਬੌਸ ਦਾ ਖਾਸ ਮਿੱਤਰ ਇੱਕ ਮੰਤਰੀ ਸੀ, ਧਰਮ ਸ਼ਰਮਾ। ਸ਼ਰਮਾ ਚੀੜ੍ਹਾ ਜਿਹਾ ਸੀ। ਦਾਦੇ ਦੇ ਮਗਰ ਪੈ ਗਿਆ। ਪਰ ਜਦ ਆਦਮੀ ਦਾਦੇ ਦੇ ਮਗਰ ਜਾਂਦਾ, ਫਿਰ ਸਾਰੇ ਉਸਦੇ ਖਿਲਾਫ਼ ਹੋ ਜਾਂਦੇ। ਕਿਉਂਕਿ ਹਰ ਬੰਦਾ ਦਾਦੇ ਦਾ ਨਮਕਖਾਰ ਸੀ। ਫਿਰ ਵੀ ਸ਼ਰਮੇ ਕਰਕੇ ਕੁਝ ਧੰਦੇ ਬੰਦ ਹੋ ਗਏ। ਪਰ ਸ਼ਰਮੇ ਦੀ ਇੱਕ ਕਮਜ਼ੋਰੀ ਸੀ। ਹਰ ਵੱਡੇ ਬੰਦੇ ਕੋਲ਼ ਘੱਟ ਤੋਂ ਘੱਟ ਇੱਕ ਖੀਣਤਾ ਹੁੰਦੀ ਹੈ। ਸ਼ਰਮਾ ਹੁਸਨਪ੍ਰਸਤੀ ਸੀ। ਵਿਹਾਇਆ ਭਾਵੇਂ ਹੋਵੇਗਾ, ਪਰ ਇੱਕ ਧੰਦਾ ਕਦੀ ਨਹੀਂ ਬੰਦ ਕਰਦਾ ਸੀ, ਕੰਜਰਖਾਨਾ।
ਸਾਰੇ ਸ਼ਹਿਰ ਦੀਆਂ ਛੱਲਾ ਕੋਠੀਆਂ ਦਾਦੇ ਦੀਆਂ ਸਨ।
ਮੇਰਾ ਪਹਿਲਾ ਕਤਲ ਸ਼ਰਮੇ ਨੂੰ ਫਸਾਉਣ ਲਈ ਸੀ। ਉਸਨੂੰ ਨਹੀਂ ਮਾਰਨਾ ਸੀ। ਪਰ ਉਸਨੂੰ ਦਾਦੇ ਦਾ ਆਭਾਰੀ ਬਣਾਉਣਾ ਸੀ। ਮੰਤਰੀ ਦਾ ਮੁੱਲ ਬਹੁਤ ਸੀ। ਦਾਦੇ ਦੇ ਹੱਥ ਆਵੇ ਤਾਂ ਦਾਦਾ ਕਾਫੀ ਜੋਰਾਵਰ ਹੋ ਸਕਦਾ ਸੀ। ਤਾਕਤ ਵਾਲ਼ਾ ਬੰਦਾ ਰਿਣੀ ਹੋਵੇਗਾ। ਕਿਉਂ? ਕਿਉਂਕਿ ਮੇਰਾ ਕੰਮ ਸੀ ਜਦ ਸ਼ਰਮੇ ਨੂੰ ਨੀਂਦ ਆ ਗਈ, ਉਸ ਦੇ ਨਾਲ਼ ਪਈ ਨਵਯੁਵਤੀ ਦਾ ਗਲ਼ਾ ਚੀਰਨਾ। ਜਦ ਸਵੇਰੇ ਸ਼ਰਮਾ ਉੱਠੂਗਾ ਉਸਨੂੰ (ਕਿਉਂਕਿ ਉਸੀ ਕੁੜੀ ਨੇ ਦੱਸਿਆ ਸੀ ਉਸ ਨੂੰ ਸ਼ਰਾਬੀ ਕਰਨਾ ਸੀ) ਪਤਾ ਨਹੀਂ ਲੱਗਣਾ ਕੀ ਹੋਇਆ। ਆਸ ਪਾਸ ਸਭ ਕੁੱਝ ਖੂਨ ਵਿੱਚ ਲੱਥਪੱਥ ਹੋਵੇਗਾ। ਉਸਨੂੰ ਲੱਗਣੈ ਉਸਨੇ ਕੀਤਾ। ਦਾਦੇ ਦੇ ਆਦਮੀ ਆ ਕੇ ਦੱਸੂਗੇ ਕਿ ਇਹ ਸਾਡੀ ਕੋਠੀ ਹੈ ਤੇ ਅਸੀਂ ਸਭ ਕੁਝ ਸੰਭਾਲੂੰਗੇ। ਇਹ ਸੀ ਜੁਗਤ। ਇਹ ਜ਼ਨਾਨੀ ਮੇਰਾ ਪਹਿਲਾ ਸ਼ਿਕਾਰ ਸੀ।
ਗੁੰਡੇ ਲੋਕ ਕਹਿੰਦੇ ਨੇ ਕਿ ਪਹਿਲੀ ਵਾਰੀ ਕਿਸੇ ਦੀ ਜਾਣ ਲੈਣੀ ਔਖੀ ਹੁੰਦੀ ਏ। ਉਸ ਦਿਨ ਮੇਰਾ ਹਾਲ ਹੋਰ ਹੀ ਸੀ। ਜੀ ਕਾਹਲ਼ਾ ਪੈਂਦਾ ਸੀ। ਉਸਦਾ ਮੂੰਹ ਵੇਖ ਕੇ ਬਿਲਕਦਾ ਸੀ। ਨਾਲ਼ੇ ਨਾਲ਼ ਬੁਖਾਰ ਦੀ ਲਹਿਰ ਨਾੜਾਂ ‘ਚ ਦੌੜ੍ਹਦੀ ਸੀ। ਪੇਟ ‘ਚ ਮਰੋੜ ਵੱਟ ਪੈਂਦੇ ਸੀ। ਡਰਦਾ ਵੀ ਸੀ, ਨਿਹਾਲ ਵੀ ਸੀ। ਕੁੜੀ ਵੱਲ ਦੇਖ ਕੇ ੜ੍ਹਾਟ ਨਿਕਲ਼ਦਾ ਸੀ। ਮਨ ਅੰਜਿਹਾ ਪਿਆ ਸੀ। ਕਿਸੇ ਦੀ ਜਾਨ ਲੈਣ ਲੱਗਾ ਸੀ! ਪਰ ਫਿਰ ਵੀ ਉਸ ਵੇਲੇ ਮੈਂ ਹਾਲੇ ਨੱਢਾ ਸੀ ਅਤੇ ਪੂਰੀ ਸਮਝ ਨਹੀਂ ਸੀ ਨੈਤਿਕਤਾ ਬਾਰੇ।
ਸ਼ਰਮਾ ਪਲੰਘ ‘ਚ ਪਿਆ ਸੀ ਸੁੱਤਾ ਹੋਇਆ, ਅਚੇਤ, ਖੁਰਾਟੇ ਮਾਰਦਾ। ਮੈਂ ਨੇੜਲੇ ਪਾਸੇ ਖੜ੍ਹਾ ਸੀ, ਜਿਸ ਪਾਸੇ ਮੇਰੇ ਸਾਹਮਣੇ ਕੁੜੀ ਪਈ ਸੀ ਬੇਖਬਰ। ਕੰਬਲ਼ ਅੱਧਾ ਪਿੰਡੇ ਤੇ ਉੱਪਰ ਸੀ, ਅੱਧਾ ਸ਼ਰਮਾ ਉੱਤੇ ਸੀ। ਕੰਬਲ਼ ਜਾਂ ਖੱਫ਼ਣ? ਯਾਦ ਆ ਗਿਆ ਮੈਂ ਇੱਥੇ ਕਿਉਂ ਖੜ੍ਹਾ ਸੀ। ਮੇਰੇ ਹੱਥ ‘ਚ ਉਸਤਰਾ ਸੀ ਜਿਸ ਦੀ ਧਾਰ ਮੇਰੀਆਂ ਅੱਖਾਂ ਤੇ ਉਸਦੇ ਚਿਹਰੇ ਵਿਚਾਲ਼ੇ ਸੀ ਘੁੰਡ ਵਾਂਗ। ਇਸ ਦੇ ਪਿੱਛੇ ਉਸ ਦੀਆਂ ਬੰਦ ਅੱਖਾਂ ਦਿਸਦੀਆਂ ਸਨ। ਜੇ ਖੁੱਲ੍ਹੀਆਂ ਮੈਂ ਸੋਚਦਾ ਸੀ ਮੂਨ ਦੀਆਂ ਆਹੂ ਚਸ਼ਮ ਵਰਗੀਆਂ ਹੋਣਗੀਆਂ। ਹੱਥ ਹੇਠ ਕਰ ਲਿਆ ਸੀ। ਪੂਰੀ ਸ਼ਕਲ ਦਿਸਦੀ ਸੀ। ਸੁਹਜਮਈ ਸੂਰਤ, ਰੰਗ ਚਿੱਟਾ ਦੁੱਧ, ਨੱਕ ਤਿੱਖਾ, ਹੋਠ ਗੁਲਾਬ ਵਰਗੇ।ਸਰਹਾਣੇ ਉੱਤੇ ਵਾਲ਼ ਖਿੱਲਰੇ ਸਨ, ਜਿਵੇਂ ਖਿੱਲਰਵੀਂ ਮੋਰਨੀ ਹੋਵੇ। ਜਿਸਮ ਬੇਨਕਾਬ ਸੀ, ਉਸਦੇ ਲੱਕ ਤੱਕ। ਫਿਰ ਗਿਲਾਫ ਹੇਠੋਂ ਲੱਤਾਂ ਬਾਹਰ ਨਿਕਲਦੀਆਂ ਸਨ, ਜਿੰਝ ਦੋਂ ਰਮਣੀਕ ਟਿੱਲੇ ਸਨ, ਗੋਡੇ ਸ਼ੀਰਸ਼ ਵਾਂਗ, ਪਿੰਨੀਆਂ ਮੇਰੇ ਵੱਲ ਉਤਰ ਦੀਆਂ। ਟਿਕਟਿਕੀ ਲਾ ਕੇ ਹਿੱਕ ਵੱਲ ਕੈਰੀ ਅੱਖ ਲਾਈ; ਫਿਰ ਉਸਦੇ ਮੂੰਹ ਵੱਲ ਦੀਦੇ ਪਾੜ ਕੇ ਵੇਖਿਆ। ਇਸ ਨੂੰ ਕਿੰਝ ਮਾਰ ਸਕਦਾ ਹਾਂ? ਪਰ ਇਹ ਸੋਚ ਤਾਂ ਕੇਵਲ ਪਲ ਲਈ ਦਿਮਾਗ ‘ਚ ਆਈ।
ਮੈਨੂੰ ਮਾਰਨੀ ਪੈਣੀ ਐ। ਜੇ ਕਤਲ ਨਹੀਂ ਕੀਤਾ, ਦਾਦੇ ਨੇ ਮੈਨੂੰ ਮਰਵਾ ਦੇਣਾ।ਮੈਨੂੰ ਮੇਰੀ ਜਾਨ ਇਸਦੀ ਜਾਨ ਤੋਂ ਪਿਆਰੀ ਹੈ। ਵਿਚਾਰੀ ਕੁੜੀ। ਜਦ ਨਿੱਕੀ ਸੀ ਕਿਸੇ ਦੇ ਘਰੋਂ ਚੁੱਕੀ ਹੋਵੇਗੀ। ਹੁਣ ਦਾਦੇ ਲਈ ਇਸ ਮੰਤਰੀ ਨਾਲ਼ ਸੁੱਤੀ। ਤੇ ਮੈਂ ਇਸ ਨੂੰ ਮਾਰਨ ਲੱਗਾ ਦਾਦੇ ਲਈ। ਹੁਣ ਤਾਂ ਇੱਕ ਕਸਬੀ ਹੈ, ਜਿਸਦਾ ਕਿਸੇ ਨੇ ਪੁੱਛਣਾ ਨਹੀਂ ਸੀ, ਕਿਸੇ ਨੇ ਚਿੰਤਾ ਨਹੀਂ ਸੀ ਕਰਨੀ ਜਾਂ ਸੋਚਣਾ ਨਹੀਂ ਸੀ ਇਸ ਬਾਰੇ। ਕੀ ਪਤਾ ਕਿਤੇ ਮਾਂ ਹੋਵੇਗੀ ਜਿਹੜੀ ਪਿੱਟਦੀ ਐ ਇਸ ਲਈ? ਕੀ ਪਤਾ? ਮੈਂ ਚੁੱਪ ਚਾਪ ਪਲੰਘ ਕੋਲ਼ ਚਲੇ ਗਿਆ ਸੀ। ਇੱਕ ਝਟਕੇ ਨਾਲ਼ ਉਸਤਰੇ ਨਾਲ਼ ਲੰਬੇ ਗਲ਼ੇ ਨੂੰ ਵੱਢ ਦਿੱਤਾ। ਸੁੱਤੀ ਪਈ ਨੂੰ ਪਤਾ ਵੀ ਨਹੀਂ ਲੱਗਿਆ। ਮੇਰੇ ਮੂੰਹ ਤੇ ਕੱਟੇ ਕੰਠ ਤੋਂ ਲਾਲ ਲਾਲ ਛਿੱਟੇ ਡੋਲ੍ਹ ਦਿੱਤੇ।ਗੁੰਡੇ ਲੋਕ ਕਹਿੰਦੇ ਨੇ ਕਿ ਦੂਜੀ ਬਾਰੇ ਸੌਖਾ ਹੁੰਦਾ, ਅਤੇ ਉਸ ਤੋਂ ਬਾਅਦ ਉਹਤੋਂ ਵੀ ਅਸਾਨ। ਗੱਲ ਸਹੀ ਹੈ। ਹਾਲੇ ਤੱਕ ਇਸਦਾ ਹੀ ਖੂਨ ਹੀ ਯਾਦ ਹੈ। ਹੋਰ ਨਹੀਂ। ਜਦ ਸ਼ਰਮਾ ਉੱਠਿਆ, ਉਸਨੂੰ ਸਮਝ ਨਹੀਂ ਸੀ ਕੀ ਹੋਇਆ। ਰੋਣ ਲੱਗ ਪਿਆ ਸੀ। ਉਸਨੂੰ ਸੱਚ ਮੁੱਚ ਲੱਗਿਆ ਉਸਨੇ ਭਾਗਹੀਣ ਕੁੜੀ ਮਾਰੀ ਸੀ, ਮਦਹੋਸ਼ ਵਿੱਚ, ਰਾਤ ਕਾਮ-ਕ੍ਰੀੜਾ ਵਿੱਚ। ਜਦ ਕਾਤਲ ਦਾ ਪਾਪ ਕੀਤਾ ਫਿਰ ਤਾਂ ਹੋਰ ਸਭ ਪਾਪ ਕੀ ਹੁੰਦੇ ਆਂ?
ਹੁਣ ਦੋਹਾਂ ਲਈ ਕੰਮ ਕਰਦਾ ਸੀ। ਬਿੰਦੇ ਲਈ ਅਤੇ ਦਾਦੇ ਲਈ। ਹੌਲ਼ੀ ਹੌਲ਼ੀ ਬਿੰਦੇ ਨੇ ਘਰੋਂ ਕੱਢ ਦਿੱਤਾ ਅਤੇ ਮੈਂ ਝੌਂਪੜ ‘ਚ ਪੱਕਾ ਰਹਿਣ ਲੱਗ ਪਿਆ। ਹਾਰ ਕੇ ਖੁਦ ਦਾਦੇ ਲਈ ਕੰਮ ਕਰਨ ਲੱਗ ਪਿਆ ਸੀ। ਚੋਰੀ, ਭੜੂਆ ਅਤੇ ਹੇਰਾ ਫੇਰੀ। ਸਮਾਜ ਤਾਂ ਤਿਆਰ ਸੀ ਰਿਸ਼ਵਤ ਦੇ ਕੇ ਆਵਦੇ ਕੰਮ ਕਰਾਉਣ ਵਾਸਤੇ। ਮੈਨੂੰ ਲੱਗਦੈ ਸੱਚੇ ਦਿਲ ਵਾਲ਼ੇ ਤਾਂ ਪੰਜਾਬ ਤੋਂ ਬਹੁਤ ਸਮੇ ਪਹਿਲਾਂ ਹੀ ਤਿਤਰ ਹੋ ਗਏ। ਹੁਣ ਤਾਂ ਸਾਡੇ ਵਰਗਿਆਂ ਦਾ ਰਾਜ ਸੀ। ਵੈਸੇ ਮੁਗਲਾਂ ਹੇਠ ਇੰਝ ਕੀਤਾ, ਗੋਰਿਆਂ ਹੇਠ ਤਾਂ ਹਾਲੇ ਵੀ ਕਰਦੇ ਨੇ। ਮਨਸੂਬੇਦਾਰੀ ਸੈੱਟ ਹੀ ਐਸੇ ਤਰੀਕੇ ਨਾਲ਼ ਕੀਤੀ ਗਈ ਸੀ ਇੰਡੀਆ ‘ਚ। ਸਰਕਾਰ ਜੋ ਮਰਜੀ ਹੋਵੇ, ਉਸ ਉੱਤੇ ਇਲਜ਼ਾਮ ਲਾਉਣਾ ਹੀ ਲਾਉਣੈ। ਪਰ ਅਸਲੀ ਰਾਜ ਸਾਡੇ ਵਰਗੇ ਕਰਦੇ ਨੇ। ਅਜ਼ਾਦੀ ਬਾਅਦ ਵੀ ਲੋਕ ਨਹੀਂ ਅਜ਼ਾਦ ਹੋਏ। ਸਿਰਫ ਅਸੀਂ ਅਤੇ ਸਾਡੇ ਚਮਚੇ ਮੰਤਰੀ, ਪੁਜਾਰੀ ਆਦਿ। ਪੰਜਾਬ, ਮੇਰੇ ਵਾਂਗ, ਅਨੈਤਿਕ ਹੈ।
ਦਾਦਾ ਕਿਸ ਤਰਾਂ ਦਾ ਬੰਦਾ ਸੀ? ਮੈਂ ਜ਼ਾਹਰ ਕਰਦਾਂ। ਦਾਦੇ ਦਾ ਅੱਡਾ ਝੌਂਪੜ ਦੇ ਵਿਚਾਲ਼ੇ ਜਿਹੇ ਸੀ। ਬਾਹਰੋਂ ਖਸਤਾ ਹਾਲ ਕਾਰਖਾਨਾ ਸੀ। ਉੱਪਰੋਂ ਦਾਦਾ ਲੱਕੜ ਦਾ ਵਪਾਰੀ ਸੀ। ਜਦ ਮੈਂ ਉਸਨੂੰ ਮਿਲਣ ਜਾਂਦਾ ਮੁੱਖ ਬੂਹੇ ‘ਚੋਂ ਲੰਘਦਾ ਸੀ, ਆਲ਼ੇ ਦੁਆਲ਼ੇ ਫਰਨਾਹੀਆਂ ਲੱਕੜਾਂ ਤੇ ਮੋਛਾ ਪਾਉਂਦੀਆਂ ਸਨ; ਆਰੀਆਂ ਦੰਦਾਂ ਨਾਲ਼ ਕਾਠ ਕੱਟਦੀਆਂ। ਸੁਣਨ ‘ਚ ਆਇਆ ਸੀ ਕਿ ਕਈ ਵਾਰ ਆਦਮੀ ਵੀ ਲੱਕੜਾਂ ਤੇ ਬੰਨ੍ਹ ਕੇ ਇੰਝ ਮਾਰੇ ਸਨ। ਐਪਰ ਮੈਂ ਇਸ ਬਿਜ਼ੀ ਥਾਈਂ ਲੰਘ ਕੇ ਪਿੱਛੇ ਚਲਿਆ ਜਾਂਦਾ, ਜਿੱਥੇ ਦਾਦੇ ਦਾ ਦਫ਼ਤਰ ਸੀ। ਇਸ ਦੇ ਦਰ ਪਹੁੰਚਣ ਤੋਂ ਪਹਿਲਾਂ ਉਸਦੇ ਚੌਕੀਦਾਰ ਮੇਰੀ ਤਲਾਸ਼ੀ ਲੈਂਦੇ ਸੀ, ਨਾਲ਼ੇ ਨਾਲ਼ ਮੇਰੇ ਤੇ ਹਸਦੇ ਸਨ। ਮੈਂ ਹਰ ਬੰਦੇ ਦਾ ਨਾਂ ਜਾਣਦਾ ਸੀ, ਆਰੀ ਵਾਲ਼ਿਆਂ ਅਤੇ ਚੌਕੀਦਾਰਾਂ ਦੇ ਵੀ। ਇਸ ਤੋਂ ਬਾਅਦ ਮੈਨੂੰ ਦਾਦੇ ਦੇ ਕਮਰੇ ‘ਚ ਦਾਖਲ ਹੋਣ ਦਿੰਦੇ ਸੀ। ਇੱਥੇ ਮੁਹਰਲੇ ਕਾਰਖਾਨੇ ਦਾ ਅੜ੍ਹਾਟ ਨਹੀਂ ਸੁਣਦਾ ਸੀ ਕਿਉਂਕਿ ਸੀਡੀ ਪਲੇਅਰ ਬਹੁਤ ਉੱਚੀ ਲਾਇਆ ਹੁੰਦਾ ਸੀ। ਫਿਲਮੀ ਗੀਤ ਆਰੀਆਂ ਦੀ ਖੱਪ ਨੂੰ ਪੀ ਜਾਂਦੇ ਸੀ। ਚਾਰ ਕੁਰਸੀਆਂ ਸਨ, ਹਮੇਸ਼ਾ ਕੋਈ ਨਾ ਕੋਈ ਦਾਦੇ ਨੂੰ ਮਿਲਣ ਆਇਆ ਹੋਣ ਕਰਕੇ ਚਾਰ ਹੀ ਡਹੀਆਂ ਸਨ। ਇੱਕ ਕੰਧ ਤੇ ਲਕਸ਼ਮੀ ਦੀ ਤਸਵੀਰ ਸੀ। ਦੂਜੇ ਪਾਸੇ ਸ਼ਰਮੇ ਦੀ (ਹੁਣ ਤਾਂ ਉਹ ਦਾਦੇ ਦੇ ਕੰਟਰੋਲ‘ਚ ਸੀ) ਤਸਵੀਰ ਸੀ। ਇਸ ਦੇ ਹੇਠ ਇੱਕ ਮੇਜ਼ ਸੀ ਜਿਸ ਉਪਰ ਅਸ਼ਲੀਲ਼ ਸਾਹਿਤ ਦੇ ਪਰਚੇ ਸਨ। ਪਿੱਛਲੀ ਕੰਧ ਕੋਲ਼ ਦਾਦੇ ਦਾ ਟੇਬਲ ਸੀ। ਇਸ ਦੇ ਓਹਲੇ ਇੱਕ ਭਾਰਾ ਜਾ ਬੰਦਾ ਬਹਿ ਕੇ ਧਿਆਨ ਨਾਲ਼ ਸਭ ਤੇ ਅੱਖ ਰੱਖਦਾ ਸੀ। ਸਭ ਉਸਨੂੰ "ਦਾਦਾ ਜੀ" ਆਖਦੇ ਸੀ। ਮੈਂ ਉਸਨੂੰ ਪਰਣਾਮ ਕਰਦਾ ਸੀ। ਜਦ ਪਹਿਲਾਂ ਪਹਿਲਾਂ ਮੈਂ ਜੁਆਕ ਸੀ, ਮੈਨੂੰ ਖੜ੍ਹਨਾ ਪਿਆ। ਜਦ ਮੈਂ ਪੰਜ ਖੂਨ ਕਰ ਦਿੱਤੇ, ਜੂਆਖਾਨਾ ਚਲਾਇਆ ਅਤੇ ਤਸਕਰੀ ਕੀਤੀ, ਮੈਨੂੰ ਕੁਰਸੀ ਮਿਲਣ ਲੱਗ ਪਈ। ਇਸ਼ਾਰਾ ਮੇਰੇ ਵੱਲ ਕਰ ਕੇ ਬੈਠਣ ਵਾਲਿਆਂ ਨੂੰ ਇਸ਼ਾਰਾ ਕੀਤਾ ਮੇਰੇ ਲਈ ਉੱਠਣ। ਮੈਂ ਬਹਿ ਗਿਆ।
ਦਾਦੇ ਦਾ ਸਿਰ ਖਰਬੂਜੇ ਵਰਗਾ ਗੋਲ ਮੋਲ ਤਕਰੀਬਨ ਘੋਨ ਮੋਨ ਸੀ। ਮੱਥਾ ਚੌੜਾ, ਨੱਕ ਤਿੱਖਾ ਅਤੇ ਠੋਡੀ ਛੈਣੀ ਵਰਗੀ। ਕੰਨ ਸੀਸ ਨਾਲ਼ ਜੁੜੇ ਹੋਏ ਸਨ। ਡੇਲੇ ਮੇਰੇ ਮਨ ਵਿੱਚ ਗੱਡ ਗੱਡ ਕੇ ਝਾਕਦੇ ਸਨ।ਹਰ ਬੰਦੇ ਵੱਲ ਘੋਖਵੀਂ ਨਜ਼ਰ ਨਾਲ਼ ਝਾਕਦਾ ਸੀ। ਹਮੇਸ਼ਾ ਚਿੱਟਾ ਕੁੜਤਾ ਪਜਾਮਾ ਪਾਇਆ ਹੁੰਦਾ ਸੀ। ਮੱਥੇ ਤੋਂ ਗਰਮੀ ਵਿੱਚ ਪਸੀਨਾ ਮੁੱਖ ਤੇ ਟਪਕਦਾ ਸੀ। ਇਸ ਕਰਕੇ ਹੱਥ‘ਚ ਰੁਮਾਲ ਰੱਖਿਆ ਹੁੰਦਾ ਸੀ। ਮੇਜ਼ ਤੇ ਦੋ ਬੰਦੇ ਪੱਖੇ ਝੱਲਦੇ ਸਨ; ਛੱਤ ਤੋਂ ਵੀ ਲਮਕਦਾ ਪੱਖਾ ਘੁੰਮਦਾ ਸੀ, ਜਿਵੇਂ ਹੈਲੀਕਾਪਟਰ ਦੇ ਬਲੇਡ ਗੇੜੇ ਦਿੰਦੇ ਹਨ। ਸੱਚ ਵਿੱਚ ਦਾਦਾ ਗੋਲ਼ ਗੱਪਾ ਸੀ, ਪਰ ਅਸੀਂ ਸਭ ਡਰਦੇ ਸੀ ਇਹ ਗੱਲ ਉਸਦੇ ਪਿੱਠ ਪਿੱਛੇ ਵੀ ਕਹਿਣ ਤੋਂ। ਦਾਦੇ ਦੇ ਦੁਸ਼ਮਣ ਉਸਨੂੰ ਠੁੱਲ੍ਹਾ ਠੱਗੀ ਸੱਦਦੇ ਸੀ। ਆਖਰੀ ਆਦਮੀ ਇਹ ਨਾਂ ਲੈ ਕੇ ਬੁਲਾਉਣ ਕਾਰਨ ਖੁਦ ਦਾਦੇ ਨੇ ਕੁੰਡੀ ਤੋਂ ਟੰਗਿਆ ਜਿਵੇਂ ਕਸਾਬ ਮਾਸ ਟੰਗਦੈ। ਫਿਰ ਕਮਰ ਤੋਂ ਹਿੱਕ ਤੱਕ ਚੀਰ ਦਿੱਤਾ; ਢਿੱਡੋਂ ਸਭ ਕੁੱਝ ਬਾਹਰ ਖਿੱਚ ਕੇ ਮਾਰ ਦਿੱਤਾ। ਇਸੇ ਲਈ ਤਾਂ ਸਾਰੀ ਦੁਨੀਆ ਦਾਦੇ ਵਰਗੇ ਬੰਦਿਆਂ ਤੋਂ ਡਰਦੀ ਸੀ। ਮੈਂ ਵੀ ਡਰਦਾ ਸੀ। ਭਾਵੇਂ ਇਸ ਵੇਲੇ ਦਾਦੇ ਦੀ ਕੰਪਨੀ ਦਾ ਰੁਕਨ ਸੀ, ਜਦ ਮਰਜੀ ਮੈਨੂੰ ਵੀ ਮਾਰਵਾ ਸਕਦਾ ਸੀ। ਗੁੰਡਿਆਂ ਵਿੱਚ ਕਿੱਥੇ ਵਫ਼ਾਦਾਰੀ ਹੁੰਦੀ ਐ?
"ਠੀਕ ਠਾਕ ਏ ਮੇਰਾ ਬੱਚਾ?", ਖਰ੍ਹਵੀਂ ਆਵਾਜ਼‘ਚ ਮੈਨੂੰ ਆਖਿਆ। ਜਿੰਨੇ ਉਸ ਤੋਂ ਘੱਟ ਉਮਰ ਦੇ ਸੀ ਉਨ੍ਹਾਂ ਨੂੰ "ਮੇਰਾ ਬੱਚਾ" ਜਾਂ "ਮੇਰੀ ਬੱਚੀ" ਸੱਦਦਾ ਸੀ।
"ਜੀ ਹਜ਼ੂਰ."
"ਤੇਰੇ ਲਈ ਕੀ ਕਰ ਸਕਦਾ ਹਾਂ?"
"ਮੇਰਾ ਇੱਕ ਵਿਚਾਰ ਸੁਣੋਗੇ?"
"ਬੋਲ."
"ਤੁਹਾਨੂੰ ਤਾਂ ਪਤਾ ਹੀ ਹੈ ਪੰਜਾਬ ਦਾ ਇੱਕ ਵੱਡਾ ਅਦਾਕਾਰ ਸੰਜੇ ਸੰਘੇੜਾ ਹੈ?"
"ਹੂੰ",
"ਉਂਝ ਮੁੰਬਈ ਰਹਿੰਦਾ ਏ, ਪਰ ਸਿਆਲ‘ਚ ਉਸਦਾ ਟੱਬਰ ਰਣਜੀਤਪੁਰ ਠਹਿਰਦੈ। ਪੈਸੇ ਖੂਬ ਨੇ..ਚਾਰ ਨਿਆਣੇ ਹਨ। ਸਭ ਤੋਂ ਨਿੱਕਾ ਵੀਹ ਮਹੀਨਿਆਂ ਦਾ ਹੀ ਹੈ..ਸੋਚੋ ਜੇ ਹਵੇਲੀ ਚੋਂ ਕੱਢ ਕੇ ਲੈ ਜਾਈਏ…"
"ਮਾਫ ਕਰਨਾ ਦੇਵ, ਪਰ ਸੰਘੇੜੇ ਵਰਗੇ ਤਾਰੇ ਦੇ ਘਰ ਕੈਮਰੇ ਰੱਖੇ ਹੋਣਗੇ, ਰੱਖਿਅਕ ਰੱਖੇ ਹੋਣਗੇ..ਜਿਹੜਾ ਮਰਜੀ ਬੰਦਾ ਉਈਂ ਨ੍ਹੀਂ ਅੰਦਰ ਵੜਕੇ ਬੱਚੇ ਨੂੰ ਚੁੱਕ ਕੇ ਬਾਹਰ ਆ ਸਕਦੈ!"
"ਦਾਦਾ ਜੀ ਮੈਂ ਸਭ ਕਾਸੇ ਬਾਰੇ ਸੋਚ ਲਿਐ। ਘਰ ਦੀ ਆਇਆ ਮੈਂ ਖਰੀਦੀ ਹੋਈ ਹੈ।"
"ਕਿੰਝ?",
"ਉਸ ਦਾ ਮੁੰਡਾ ਬੰਦੀਖਾਨੇ ‘ਚ ਹੈ। ਮੈਂ ਵਚਨ ਦੇ ਦਿੱਤੈ ਕਿ ਅਸੀਂ ਉਸਨੂੰ ਜੇਲ੍ਹ ‘ਚੋਂ ਕਢਵਾ ਦਿਆਂਗੇ।"
"ਅੱਛਾ, ਫਿਰ ਆਇਆ ਬੱਚੇ ਨੂੰ ਚੁੱਕੂਗੀ?"
"ਨਹੀਂ ਦਾਦਾ ਜੀ। ਤੁਸੀਂ ਮੈਨੂੰ ਦੋ ਆਦਮੀ ਦਿਓ। ਬੱਸ ਉਨ੍ਹਾਂ ਦਾ ਕੰਮ ਹੈ ਹਵੇਲੀ ਤੱਕ ਚੁੱਪ-ਚਪੀਤੇ ਪੁੱਜਣ, ਤੇ ਬਾਰੀ ਵਿੱਚੋਂ ਉਸ ਨੇ ਉਨ੍ਹਾਂ ਨੂੰ ਫੜਾ ਦੇਣਾ ਹੈ। ਫਿਰ ਅਸੀਂ ਫਿਰੌਤੀ ਮੰਗ ਲਵਾਂਗੇ."
"ਤੂੰ ਕਿਉਂ ਨ੍ਹੀਂ ਕਰਦਾ ਮੇਰੇ ਬੱਚਿਆ?"
"ਦਾਦਾ ਜੀ ਤੁਹਾਡੀ ਆਸ਼ੀਰਵਾਦ ਬਿਨਾ ਕਿੰਝ ਕੰਮ ਕਰਾਂ? ਤੁਹਾਨੂੰ ਵੀ ਇਸ ‘ਚੋਂ ਕੁਝ ਮਿਲਣਾ ਚਾਹੀਦੈ।"
"ਹੂੰ। ਠੀਕ ਏ। ਇਹ ਕੰਮ ਤੇਰੇ ਲਈ ਹੋਜਾਵੇਗਾ। ਬੱਸ ਮੇਰੀ ਢੇਰੀ ਪੂਰੀ ਕਰਨੀ ਏ। ਮੈਂ ਤੇਰਾ ਕੰਮ ਕਰਵਾ ਦੇਣੈ। ਤੂੰ ਵੀ ਮੇਰੇ ਲਈ ਇੱਕ ਚੀਜ ਕਰ।"
"ਦੱਸੋ? ।"
"ਇੱਕ ਕੀੜਾ ਮੇਰਾ ਸਿਰ ਖਾਂਦਾ ਏ। ਪਰ ਉਸਨੂੰ ਸਿੱਧੀ ਤਰਾਂ ਨ੍ਹੀਂ ਹੱਥ ਲਾ ਸਕਦਾ।"
"ਕੌਣ?"
"ਹਰਾਮਜਾਦਾ ਨਦੀਮ ਕੁਰੇਸ਼ੀ…ਕਿਸੇ ਦੇ ਹੱਥਾਂ ਵਲ ਝਾਕਦਾ ਨ੍ਹੀਂ। ਤੇਰਾ ਕੰਮ ਹੈ ਬੱਸ ਚੁਣਨੀ ਯੂ.ਪੀ ‘ਚੋਂ ਜਿਸ ਵਿੱਚ ਹਿੰਦੂ ਆ ਕੇ ਕੁਰੇਸ਼ੀ ਦੇ ਮੁਸਲਮਾਨ ਇਲਾਕੇ ‘ਚ ਭਾਂਬੜ ਬਾਲਣਗੇ। ਇਸ ਵਿੱਚ ਕੁਰੇਸ਼ੀ ਮਾਰ ਦੇਣੈ। ਸ਼ਰਮੇ ਨੂੰ ਤੂੰ ਇਸ ਕੰਮ ਲਈ ਵਰਤ ਸਕਦਾ ਏਂ। ਸ਼ਰਮੇ ਦੇ ਦੋ ਕੰਮ ਹੈ। ਪਹਿਲਾ ਕੰਮ ਹੈ ਲੋਕਾਂ ਦੇ ਕਾਲਿਆਂ ਮਨਾ ਦਾ ਫਾਇਦਾ ਉਠਾਉਣ। ਜਾਤ ਪਾਤ, ਦੀਨ ਧਰਮ ਦੀ ਲੜਾਈ ਕਰਾਉਣੀ ਹੈ। ਦੂਜਾ ਉਸਦੇ ਸੜਕ‘ਤੇ ਆਦਮੀ ਚਾਹੀਦੇ ਨੇ ਸਾਡੇ ਗੁੰਡਿਆਂ ਰਹਿਣ ਅਤੇ ਹਰ ਮੁਸਲਮਾਨ ਘਰ ਵੱਲ ਉਂਗਲੀ ਵੱਧਾਉਣ। ਅਸੀਂ ਇੱਕ ਬਾਰ ਪਹਿਲਾਂ ਵੀ ਐਸੇ ਕੀਤਾ ਸੀ ਸਿੱਖਾਂ ਨਾਲ਼। ਸਾਡੇ ਦੇਸ਼ ਦੇ ਲੋਕ ਭੋਲੇ ਹੀ ਨੇ। ਧਰਮ ਦੀਆਂ ਗੱਲਾਂ ਹਮੇਸ਼ਾ ਸੁੱਧ ਸਮਝ ਨਾਲ਼ੋਂ ਕਾਮਯਾਬ ਹੁੰਦੀਆਂ ਨੇ।ਬਹੁਤ ਲੋਕ ਮਰਨਗੇ, ਪਰ ਉਨ੍ਹਾਂ ਦੀ ਗਿਣਤੀ ਵਿੱਚ ਨਦੀਮ ਕੁਰੇਸ਼ੀ ਵੀ ਹੋਊਗਾ।"
"ਦਾਦਾ ਜੀ ਇਹ ਕੰਮ ਤਾਂ ਮੈਂ ਤੁਹਾਡੇ ਲਈ ਬਚਪਨ ਤੋਂ ਕਰਦਾ ਆਇਆ ਹਾਂ। ਨੋ ਪਰੋਬਲੇਮ।"
ਆਹੋ, ਇੰਡੀਆ ਦੇ ਲੋਕਾਂ ‘ਚ ਜਾਤ ਪਾਤ ਜਾਂ ਧਰਮ ਦੇ ਉੱਤੇ ਲੜਾਉਣਾ ਸੌਖਾ ਸੀ। ਪਰ ਬੱਚੇ ਚੁੱਕਣ ਦਾ ਕੰਮ ਜ਼ਰਾ ਮੁਸ਼ਕਲ ਸੀ। ਮੈਂ ਹੀ ਕਰਨਾ ਸੀ। ਜਿਸਨੂੰ ਦਾਦੇ ਨੇ ਭੇਜਿਆ ਸੀ, ਉਸ ਨੇ ਘਰ ਦੀ ਬਾਰੀ ਨਾਲ਼ ਸੀੜ੍ਹੀ ਲਾਈ। ਉਸਨੂੰ ਬੱਚਾ ਫੜਾ ਦਿੱਤਾ। ਪਰ ਹੇਠ ਆਉਂਦੇ ਤੋਂ ਬੱਚਾ ਥੱਲੇ ਗਿਰ ਕੇ ਮਰ ਗਿਆ। ਉਸਨੇ ਹਵੇਲੀ ਦੇ ਨੇੜੇ ਤੇੜੇ ਹੀ ਬਾਲ ਦੀ ਲਾਸ਼ ਛੱਡ ਦਿੱਤੀ ਸੀ। ਸੰਘੇੜੇ ਦੇ ਬਾਲ ਦੀ ਤਫਤੀਸ਼ ਸ਼ੁਰੂ ਹੋ ਗਈ। ਕਈ ਸਾਲ ਲਈ ਚਲੀ। ਪਹਿਲਾ ਆਇਆ ਤੇ ਸ਼ੱਕ ਸੀ, ਪਰ ਸਬੂਤ ਨਹੀਂ ਸੀਗਾ। ਕਾਹਲ਼ੀ ਵਿੱਚ ਦਾਦੇ ਦੇ ਆਦਮੀਆਂ ਨੇ ਜੀਨਾ ਉੱਥੇ ਹੀ ਛੱਡ ਦਿੱਤਾ ਸੀ। ਆਇਆ ਡਰਦੀ ਨੇ ਖੁਦਕੁਸ਼ੀ ਕਰ ਲਈ। ਦਾਦਾ ਮੇਰੇ ਨਾਲ਼ ਗੁੱਸੇ ਸੀਗਾ। ਉਸਨੂੰ ਇਸ‘ਚੋਂ ਪੈਸੇ ਚਾਹੀਦੇ ਸੀ। ਸੰਚਾਰ ਮਾਧਿਅਮ ਤੋਂ ਸਾਫ ਪਤਾ ਲੱਗਦਾ ਸੀ ਕਿ ਹਾਲੇ ਸਭ ਨੁੰ ਲੱਗਦਾ ਕਿ ਸੰਘੇੜੇ ਦਾ ਬਾਲ ਜਿਊਂਦਾ ਸੀ। ਇਸ ਦਾ ਫਾਇਦਾ ਦਾਦੇ ਨੇ ਉਠਾਇਆ। ਸੰਘੇੜੇ ਨੂੰ ਖ਼ਤ ਲਿਖਿਆ ਗਿਆ ਜਿਸਦੀ ਸੂਹ ਕੱਢਣੀ ਪੁਲ਼ਸ ਲਈ ਔਖੀ ਸੀ । ਇਸ ਵਿੱਚ ਗੋਗੀ ਨਾਂ ਦਾ ਦਲਾਲ ਥਾਪਿਆ ਗਿਆ ਸੀ। ਸਾਰੀ ਫਿਰੌਤੀ ਇਸ ਰਾਹ ਹੀ ਜਾ ਸਕਦੀ ਸੀ। ਪੁਲ਼ਸ ਦਾ ਕੋਈ ਸਬੰਧ ਨਹੀਂ ਹੋ ਸਕਦਾ ਸੀ। ਇਹ ਚਾਲਾਂ ਨੂੰ ਵਰਤੀ ਗਏ। ਗੋਗੀ ਨੇ ਪੁਲ਼ਸ ਤੇ ਸੰਘੇੜੇ ਨੂੰ ਇੰਨਾ ਦੱਸਿਆ ਕਿ ਜਿਹੜੇ ਬੰਦੇ ਨਾਲ਼ ਉਹ ਗੱਲ ਬਾਤ ਕਰਦਾ ਸੀ ਮਦਰਾਸੀ ਸੀ। ਇੱਕ ਦਿਨ ਕਬਰਸਤਾਨ‘ਚ ਜਾ ਕੇ ਪੈਸਿਆਂ ਦਾ ਝੋਲ਼ਾ ਗੋਗੀ ਨੇ ਫੜਾ ਦਿੱਤਾ। ਇਸ ਵਿੱਚ ਪੁਲ਼ਸ ਨੇ ਬਿੰਦੀਦਾਰ ਰੁਪਏ ਪਾਏ ਹੋਏ ਸੀ। ਬਾਲ ਚੋਰਾਂ ਨੂੰ 20 ਲੱਖ ਮਿਲ ਗਿਆ, ਪਰ ਜਦ ਗੋਗੀ ਤੇ ਸੰਘੇੜੇ ਨੇ ਨਵਾਂ ਖ਼ਤ ਪੜ੍ਹਿਆ, ਬੱਚੇ ਦਾ ਥਹੁ ਟਿਕਾਣਾ ਗ਼ਲਤ ਦਿੱਤਾ ਸੀ। ਬਾਲ ਕਦੀ ਨਹੀਂ ਮਿਲਿਆ। ਇੱਕ ਦਿਨ ਦਾਦੇ ਨੇ ਮੈਨੂੰ ਲਫ਼ਾਫ਼ਾ ਦਿੱਤਾ ਸੀ, ਜਿਸ ਵਿੱਚ 2 ਲੱਖ ਸੀ। ਮੈਂ ਸਮਝ ਗਿਆ ਕਿ ਇਹ ਬੱਚਾ ਚੋਰੀ ਕਰਨ ਲਈ ਭੁਗਤਾਨ ਸੀ। ਪਰ ਇਸ ਕਹਾਣੀ ਦਾ ਨਤੀਜਾ ਹਾਲੇ ਦੱਸਣ ਵਾਲ਼ਾ ਹੈ।
ਤਿਚਰ ਨਦੀਮ ਕੁਰੇਸ਼ੀ ਨੂੰ ਮਰਵਾ ਦਿੱਤਾ ਸੀ। ਇਸ ਸੰਕੀਰਨ ਦੁਫੇੜ ਤਰੀਕੇ ਨਾਲ਼ ਕਈ ਲੋਕ ਮਰਵਾਏ। ਸਾਡੇ ਮੁਲਕ ਦੇ ਵਾਸੀ ਉਦੋਂ ਹੀ ਖ਼ੁਸ਼ ਹੈ ਜਦ ਆਵਦੇ ਗੁਆਂਢੀ ਨੂੰ ਵੱਢਦੇ ਨੇ। ਸਾਡਾ ਦੇਸ਼ ਅਨਮਤੀਆ ਨੂੰ ਜਰਦਾ ਨਹੀਂ। ਜੇ ਇਨਸਾਨੀਅਤ ਭਾਲਣੀ ਹੈ, ਇਸ ਦੇਸ਼‘ਚ ਨਹੀਂ ਮਿਲਣੀ। ਸਭ ਕਮਲ਼ੇ ਹਨ। ਤਾਹੀਂ ਤਾਂ ਬਾਹਰਲੇ ਸਾਡੇ ਤੇ ਰਾਜ ਕਰ ਗਏ। ਯੂਰੋਪ ਜਾਂ ਅਮਰੀਕਾ ਵਿੱਚ ਇਨਸਾਨੀਅਤ ਹੈ, ਪਰ ਸਾਡੇ ਰਾਅ ਦੇਸ਼ ‘ਚ ਧਰਮ, ਗੁਰੂ, ਪੀਰ ਅਤੇ ਰਿਸ਼ੀ ਹੀ ਨੇ। ਧਰਮ ਸ਼ਰਮਾ ਵੀ ਜਾਣਦਾ ਸੀ। ਉਸਨੇ ਸਾਡੇ ਲਈ ਕੰਮ ਕੀਤੇ ਅਤੇ ਅਸੀਂ ਉਸ ਲਈ ਕੁਰਸੀ ਲੈਣ ਸੌਖਾ ਕਰ ਦਿੱਤਾ, ਜਨਤਾ ‘ਚ ਅੱਗ ਲਾ ਕੇ। ਮੁਲਕ ਦੇ ਅਲਪ ਸੰਖਿਆ ਲੋਕ, ਜਿੰਨ੍ਹਾਂ‘ਚ ਸਿੱਖ, ਮੁਸਲਿਮ ਜਾਂ ਇਸਾਈ ਗਿਣੇ ਜਾਂਦੇ ਹਨ ਨੂੰ ਉਜਾੜਨਾ ਸੌਖਾ ਹੈ। ਬਸ ਇਨ੍ਹਾਂ ਕੰਮਾਂ ‘ਚ ਮੈਂ ਰੁੱਝਿਆ ਸੀ ਜਾਂ ਨੌਜਵਾਨਾਂ ਨੂੰ ਵੀਜ਼ਾ ਤੇ ਪਾਸਪੋਰਟ ਦਵਾਉਣ ‘ਚ। ਇਸਦੇ ਬਾਰੇ ਵੀ ਮੈਂ ਤੈਨੂੰ ਕੁੱਝ ਦੱਸਦਾ ਹਾਂ। ਫਿਰ ਸੰਘੇੜੇ ਦੀ ਕਹਾਣੀ ਤੇ ਵਾਪਸ ਆਵਾਂਗੇ।
ਸਾਡੇ ਪੰਜਾਬੀਆਂ ਵਿੱਚ ਇੱਕ ਰੋਗ ਹੈ। ਕੋਈ ਖ਼ੁਸ਼ ਨਹੀਂ ਹੈ ਘਰ ਟਿਕ ਕੇ ਬੈਠ ਕੇ। ਸਭ ਨੂੰ ਕਾਹਲ਼ ਪਈ ਹੈ ਬਾਹਰ ਵਿਦੇਸਾਂ ‘ਚ ਜਾਣ ਨੂੰ। ਪਰ ਜਹਾਜ਼ ਚੜ੍ਹਨ ਲਈ ਬਹੁਤ ਪੈਸੇ ਚਾਹੀਦੇ ਹੈ, ਜਿਹੜੇ ਆਮ ਆਦਮੀ ਕੋਲ਼ ਨਹੀਂ ਹੁੰਦੇ ਨਹੀਂ ਹਨ। ਰਾਹਦਾਰੀ ਪੂਰੀ ਕਰਨ ਲਈ ਟਿਕਟ ਵੀ ਚਾਹੀਦੈ, ਵੀਜ਼ਾ ਆਦਿ ਵੀ। ਹਰ ਬੰਦੇ ਦੀ ਪੱਛਮ ਵੱਲ ਨੱਠ ਭੱਜ ਕਰਕੇ ਹਜ਼ਾਰ ਸੁਆਲ ਪੁੱਛਦੇ ਨੇ। ਇੱਕ ਚੀਜ਼ ਵੀ ਗ਼ਲਤ ਹੋ ਜਾਵੇ ਤਾਂ ਰਾਹਦਾਰੀ ਮਿਲਦੀ ਨਹੀਂ। ਪਰ ਇਹ ਰੋਗ ਸਾਡੇ ਲੋਕਾਂ‘ਚ ਹੈ ਕਿਉਂ?
ਜਿੰਨਾ ਕੁ ਮੇਰੇ ਪੱਲੇ ਪੈਂਦੈ ਸਾਡੇ ਲੋਕਾਂ ‘ਚ ਕਸਰ ਪੈ ਗਈ ਜਦ ਬਾਹਰਲਿਆਂ ਨੇ ਯਾਵਾ ਕੀਤਾ। ਉਸ ਤੋਂ ਬਾਅਦ ਲੋਕਾਂ ਦੇ ਦਿਮਾਗਾਂ‘ਚ ਕੀੜੀ ਫਸਾ ਦਿੱਤੀ ਕਿ ਬਾਹਰਲੇ ਰਸਮ, ਭਾਸ਼ਾਵਾਂ ਆਦਿ ਸਾਡੀਆਂ ਆਪਣੀਆਂ ਤੋਂ ਬਿਹਤਰ ਹਨ। ਇੱਥੋਂ ਬਿਮਾਰੀ ਸ਼ੁਰੂ ਹੋ ਗਈ। ਹੁਣ ਜਿਹੜੇ ਬਾਹਰ ਗਏ ਸਨ ਵਾਉਚਰ ਤੇ ਜਾਂ ਚੁਰਾਸੀ ਦੇ ਘੱਲੂਘਾਰੇ ਬਾਅਦ, ਕਾਮਯਾਬ ਹੋ ਗਏ; ਤੇ ਇੰਨ੍ਹਾਂ ‘ਚੋਂ ਕੁਝ ਆਵਾਸੀ ਪੰਜਾਬ ਵਾਪਸ ਆ ਕੇ ਵੱਡੇ ਵੱਡੇ ਧੌਲਰ ਬਣਾਉਣ ਲੱਗ ਪਏ। ਇਹ ਧੌਲਰ ਹਵੇਲੀਆਂ ਸਿਰਫ ਛੁੱਟੀਆਂ ਕਰਨ ਲਈ ਸਨ। ਸਾਰਾ ਸਾਲ ਵਿਦੇਸ਼ ਹੀ ਰਹਿੰਦੇ ਸਨ। ਆਮ ਪਿੰਡ ਦੇ ਲੋਕ ਅੱਖਾਂ ਅੱਡ ਕੇ ਇਮਾਰਤ ਵੱਲ ਝਾਕ ਕੇ ਸੋਚਦੇ ਹਨ, ਜਿਹੜਾ ਆਦਮੀ ਇੰਨੀ ਮਹਿੰਗੀ ਚੀਜ਼ ਬਣਾ ਸਕਦਾ ਐ, ਜਰੂਰ ਅਮੀਰ ਹੋਵੇਗਾ। ਪਰ ਬਾਅਦ ਉਸ ਮੁਲਕਾਂ‘ਚ ਜਾ ਕੇ ਮੈਨੂੰ ਸਮਝ ਆ ਗਈ ਕਿ ਇੰਗਲੈਂਡ ਦਾ ਗਰੀਬ ਬੰਦਾ ਵੀ ਪੰਜਾਬ ਵਿੱਚ ਹਵੇਲੀ ਉਸਾਰ ਸਕਦਾ ਹੈ। ਇਹ ਤਾਂ ਕੇਵਲ ਪੈਸਿਆਂ ਦੇ ਭਾਅ ਕਰਕੇ ਹੀ ਸੀ। ਹਾਂ, ਪੈਸਿਆਂ ਦੇ ਭਾਅ ਨੇ ਅਤੇ ਪੰਜਾਬੀਆਂ ਦੀ ਜਮਾਂਦਰੂ ਲਾਲਚੀ ਸੋਚ ਨੇ ਕਈ ਘਰ ਕਰਾਬ ਕੀਤੇ ਨੇ। ਮੈਂ ਵੀ ਇਸ ਕੰਮ ‘ਚ ਮੱਦਦ ਕੀਤੀ। ਕਿੰਝ? ਜਦ ਵੀ ਕੋਈ ਗਰੀਬ ਜਿਸ ਨੂੰ ਸਾਡੇ ਦੇਸ਼ ਵਿੱਚ ਨੌਕਰੀ ਨਾ ਮਿਲਦੀ ਜਾਂ ਪੱਛਮ ਇੱਕ ਸ਼ਰਨ ਦਿਸਦੀ ਮੇਰੇ ਕੋਲ਼ ਆਉਂਦਾ, ਉਸ ਤੋਂ ਪਾਸਪੋਰਟ ਜਾਂ ਵੀਜ਼ੇ ਜਾਂ ਰਾਹਦਾਰੀ ਲਈ ਖੂਬ ਪੈਸੇ ਬਣਾ ਕੇ ਦਵਾ ਦਿੰਦਾ ਸੀ। ਭਾਵੇਂ ਹੱਥ ਤੰਗ ਹੋਣ, ਵਿਚਾਰੇ ਫਿਰ ਵੀ ਸਾਨੂੰ ਪੈਸੇ ਦੇ ਦਿੰਦੇ ਸੀ। ਕਾਲ਼ੇ ਧਨ ‘ਚੋਂ ਦਾਦੇ ਨੂੰ ਵੱਢਾ ਹਿੱਸਾ ਮਿਲ ਜਾਂਦਾ ਸੀ। ਚੱਕਰ ਐਸਾ ਸੀ ਕਿ ਕਈ ਵਾਰੀ ਦਾਦਾ ਹੀ ਸ਼ਾਹੂਕਾਰ ਹੁੰਦਾ ਸੀ, ਜਿਸ ਨੇ ਵਿਆਜ ਲਾ ਦੇਣਾ ਸੀ। ਉਸ ਕਰਜ਼ ‘ਚੋਂ ਪੈਸੇ ਮੈਨੂੰ ਦੇਣੇ ਹੁੰਦੇ ਸੀ। ਸੋ ਲੁੱਟਦੇ ਵੀ ਅਸੀਂ ਹੀ ਸੀ ਦੋਨਾਂ ਪਾਸਿਆਂ ਤੋਂ, ਪੈਸੇ ਦੇ ਕੇ ਤੇ ਫਿਰ ਲੈ ਕੇ। ਜੇ ਸੂਦ ਨਹੀਂ ਵੀ ਮਿਲਦਾ, ਲੋਕਾਂ ਨੇ ਰਿਸਤੇਦਾਰਾਂ ਤੋਂ ਉਧਾਰ ਲੈ ਲੈਣਾ ਹੁੰਦਾ ਸੀ, ਜਾਂ ਘਰ ਦੇ ਗਹਿਣ-ਗੱਟੇ ਵੇਚਕੇ।
ਦਾਦੇ ਦੀ ਇੱਕ ਕੰਪਨੀ ਸੈਟ ਕੀਤੀ ਸੀ ਜਿਸ ਰਾਹ ਅਸੀਂ ਤਿੰਨ ਤਰੀਕਿਆਂ ਨਾਲ਼ ਲੋਕਾਂ ਨੂੰ ਬਾਹਰ ਭੇਜਦੇ ਸੀ। ਇੱਕ ਸੀ ਨਕਲੀ ਪਾਠਕ ਵੀਜ਼ਾ, ਦੂਜਾ ਕਾਲੇ ਸਮੁੰਦਰ ਦੇ ਰਾਹ (ਰੂਸ ਦੀ ਮਾਫੀਆ ਦੀ ਮਦਦ ਨਾਲ਼) ਅਤੇ ਤੀਜਾ ਸੀ ਝੂਠਾ ਵਿਆਹ ਕਰਵਾ ਕੇ। ਘਰ ਵਾਲ਼ਿਆ ਨੂੰ ਵਾਪਸ ਚਿੱਠੀਆਂ ਆਉਂਦੀਆਂ ਸਨ, ਜਿਸ ਵਿੱਚ ਲਿਖਿਆ ਹੁੰਦਾ ਸੀ ਕਿ ਸਭ ਕੁਝ ਠੀਕ ਹੈ, ਸਾਰੇ ਕਾਮਯਾਬ ਨੇ। ਪੈਸੇ ਵੀ ਵਾਪਸ ਭੇਜਦੇ ਸੀ ਗਹਿਣੇ ਛਡਵਾਉਣ ਲਈ ਅਤੇ ਘਰ ਨੂੰ ਤੋਰਨ ਲਈ। ਪਰ ਸੱਚ ਹੋਰ ਹੀ ਸੀ, ਇਸ ਬਾਰੇ ਬਾਅਦ ‘ਚ ਦੱਸਦਾਂ ਤੈਨੂੰ। ਜੇ ਪੰਜਾਬੀਆਂ ਨੂੰ ਸੱਚ ਵੀ ਦੱਸੀਏ, ਮੰਨਣਾ ਕਿੰਨ੍ਹੇ ਹੈ? ਪੰਜਾਬ ਆ ਕੇ ਆਪਨੂੰ ਵੱਡਾ ਕਾਰੋਬਾਰ ਵਾਲ਼ਾ ਦਿਖਾਉਣਾ। ਸੱਚ ਵਿੱਚ ਵਲਾਇਤ ‘ਚ ਗਾਂਡੂ ਰੰਡੀ ਦੇ ਕੰਮ ਕਰਦੇ ਨੇ ਕਿਉਂਕਿ ਮਸਾਂ ਕਿਤੇ ਸੜਕਾਂ ਤੇ ਰਹਿਣ ਤੋਂ ਬਚਦੇ ਨੇ। ਸੱਚ ਹੈ ਤਾਂ ਇਹ ਹੈ ਕਿ ਵਲਾਇਤਾਂ ‘ਚ ਤਾਂ ਗੋਰਿਆਂ ਨੂੰ ਵੀ ਰੋਟੀ ਨਹੀਂ ਮਿਲ ਰਹੀ, ਪਰਵਾਸੀਆਂ ਨੂੰ ਕੌਣ ਪੁੱਛਦੈ?
ਜਦ ਮੈਂ ਵਲਇਤ ਦੇ ਸੁਪਨੇ ਲੈਣ ਵਾਲ਼ਿਆਂ ਨੂੰ ਮਾਂਜਦਾ ਨਹੀਂ ਕਰਦਾ ਸੀ, ਲੋਕਾਂ ਦੀਆਂ ਧੀਆਂ ਵੇਚਦਾ ਸੀ ਰਣਜੀਤਪੁਰ ਦੇ ਵੱਡੇ ਵੱਡੇ ਲੋਕਾਂ ਨੂੰ। ਆਏ ਲਵ ਮਾਏ ਇੰਡੀਆ! ਦਾਦੇ ਦੇ ਚਾਰ ਖਾਸ ਦਲਾਲ ਰੱਖੇ ਸਨ। ਇੱਕ ਜਿਸ ਨਾਲ਼ ਮੈਂ ਰੋਜ ਕੰਮ ਕਰਦਾ ਸੀ, ਸਰਦਾਰ ਸੀ। ਘਰ ਧੀਆਂ ਸਨ; ਨਿੱਤ ਗੁਰਦਆਰੇ ਜਾਂਦਾ ਸੀ। ਸਕੂਲਾਂ ਨੂੰ ਖੈਰਾਤ ਦਿੰਦਾ ਸੀ। ਸ਼ਰਮੇ ਦੀ ਮਦਦ ਨਾਲ਼ ਨਗਰ ਵਿੱਚ ਵੱਡਾ ਪਤਵੰਤਾ ਬਣਿਆ ਹੋਇਆ ਸੀ। ਪਰ ਜਦ ਦਿਨ ਸੌਂਦਾ ਸੀ ਤੇ ਰਾਤ ਜਾਗਦੀ ਉਹ ਦਲਾਲ ਹੁੰਦਾ ਸੀ। ਜਦ ਵੀ ਮੇਰੇ ਗਾਹਕਾਂ ਨੂੰ ਕੋਈ ਮੁਟਿਆਰ ਚਾਹੀਦੀ ਹੁੰਦੀ ਸੀ ਹਵਸ ਕੱਢਣ ਲਈ, ਮੈਂ ਉਨ੍ਹਾਂ ਨੂੰ ਸੈਕਟਰ ਗਿਆਰਾਂ ਦੇ ਕੈਫੇ ਮਹੱਲੇ ‘ਚ ਲਿਆ ਬੈਠਾ ਦਿੰਦਾ ਸੀ। ਸੜਕ ਦੇ ਦੂਜੇ ਪਾਸੇ ਸਰਦਾਰ ਆਵਦੇ ਵੈਸਪਰ ਸਕੂਟਰ ਤੇ ਆ ਜਾਂਦਾ ਸੀ, ਉਸਦੇ ਪਿੱਛੇ ਕੁੜੀ ਬੈਠੀ ਹੁੰਦੀ। ਜੇ ਗਾਹਕਾਂ ਨੂੰ ਮਾਲ ਪਸੰਦ ਆਉਂਦਾ, ਮੈਂ ਉਸਨੂੰ ਇਸ਼ਾਰਾ ਕਰ ਦਿੰਦਾ ਸੀ। ਜੇ ਗੱਲ ਨਾ ਬਣਦੀ ਸਕੂਟਰ ਚਲਾ ਕੇ ਹੋਰ ਕੁੜੀ ਸਾਹਮਣੇ ਲਿਆਉਂਦਾ ਸੀ। ਜੇ ਮਾਲ ਪਸੰਦ ਆ ਜਾਂਦਾ ਸੀ ਤਾਂ ਇੱਕ ਇੰਤਜ਼ਾਮ ਕੀਤੇ ਹੋਏ ਥਾਂ ਛੱਡ ਦਿੰਦਾ ਸੀ। ਜਿਹੜੇ ਗਾਹਕ ਸਮਾਜ ਤੋਂ ਡਰਦੇ ਨਹੀਂ ਸਨ, ਉਨ੍ਹਾਂ ਨੂੰ ਮੈਂ ਅੱਡੇ ਲੈ ਜਾਂਦਾ ਸੀ। ਸੋ ਇਸ ਤਰਾਂ ਦੇ ਕੰਮ ਮੈਂ ਕਰੀ ਗਿਆ, ਤੇ ਸੰਘੇੜੇ ਦੇ ਬਾਲ ਦੀ ਤਲਾਸ਼ੀ ਹੋਈ ਗਈ।
ਧਰਮ ਸ਼ਰਮਾ ਹੁਣ ਦਿੱਲੀ ‘ਚ ਵੱਡਾ ਬੰਦਾ ਸੀ। ਦਾਦੇ ਨੇ ਇਸ ਦਾ ਬਹੁਤ ਫਾਇਦਾ ਲਿਆ। ਬਿੰਦੇ ਨੂੰ ਵੀ ਉਸਦੀ ਪਾਰਟੀ ‘ਚ ਸ਼ਾਮਲ ਕਰਵਾ ਦਿੱਤਾ। ਇਸ ਵੇਲੇ ਸੁੱਖੀ ਦਾ ਵਿਆਹ ਹੋਣਾ ਸੀ। ਪਰ ਮੈਂ ਨਹੀਂ ਹਟ ਸਕਿਆ। ਇਸ ਦਾ ਤਾਂ ਤੁਹਾਨੂੰ ਪਤਾ ਹੀ ਹੈ। ਪਹਿਲਾ ਤਾਂ ਬਿੰਦਾ ਡਰੇ ਕਿਉਂਕਿ ਮੈਨੂੰ ਉਸ ਦੇ ਦਸ ਨੰਬਰੀ ਬਾਰੇ ਪਤਾ ਸੀ। ਫਿਰ ਉਸ ਨੇ ਸੋਚਿਆ ਕਿ ਸ਼ਰਮੇ ਤੇ ਦਾਦੇ ਦਾ ਜੋਰ ਉਸਦੇ ਪਿੱਛੇ ਹੈ। ਪਰ ਛੇਤੀ ਸਮਝ ਗਿਆ ਅੱਜ ਕੱਲ੍ਹ ਮੈਂ ਵੀ ਤਾਕਤ ਵਾਲ਼ਾ ਸੀ। ਬਿੰਦੇ ਨੇ ਦਾਦੇ ਦੇ ਤਰਲੇ ਕੀਤੇ। ਦਾਦੇ ਨੇ ਗੁੱਸੇ ਵਿੱਚ ਮੈਨੂੰ ਮਰਵਾਇਆ ਨਹੀਂ ਪਰ ਕੁੱਟਿਆ। ਫਿਰ ਬਿੰਦੇ ਨੂੰ ਹੁਕਮ ਕੀਤਾ ਮੇਰਾ ਵਿਆਹ ਸੁੱਖੀ ਨਾਲ਼ ਕਰਵਾਏ। ਇਸ ਵਿੱਚ ਬਿੰਦਾ ਖ਼ੁਸ਼ ਨਹੀਂ ਸੀ। ਅੱਜ-ਕੱਲ੍ਹ ਮੈਂ ਦਾਦੇ ਦਾ ਖਾਸ ਬੰਦਾ ਸੀ, ਨਾ ਕੇ ਬਿੰਦਾ। ਫਿਰ ਸ਼ਰਮੇ ਦੇ ਰਾਹੀਂ ਕਲਮ ਚਲਾਈ। ਫਿਰ ਵੀ ਬਿੰਦਾ ਖ਼ੁਸ਼ ਨਹੀਂ ਸੀ। ਰੂਪ ਬਦਲਾ ਚਾਹੁੰਦੀ ਸੀ। ਕਰਨ ਵੀ ਸਹਿਮਤ ਸੀ। ਇਸ ਲਈ ਖਰੀਦੇ ਪੁਲ਼ਸੀਏ ਨੇ ਮੈਨੂੰ ਗਰਿਫ਼ਤਾਰ ਕਰ ਲਿਆ। ਦਾਦਾ ਖ਼ੁਸ਼ ਨਹੀਂ ਸੀ। ਸ਼ਰਮੇ ਨੇ ਬਿੰਦੇ ਨੂੰ ਦਿੱਲੀ ਸੱਦ ਲਿਆ। ਕਰਨ ਵੀ ਨਾਲ਼ ਚਲਿਆ ਗਿਆ। ਉਸ ਰਾਤ ਮੈਂ ਤਾਂ ਕੈਦ ਸੀ, ਪਰ ਕਿਸੇ ਨੇ ਬਿੰਦੇ ਦੇ ਘਰ ਜਾ ਕੇ ਰੂਪ ਤੇ ਸੁੱਖੀ ਨੂੰ ਮਾਰ ਦਿੱਤਾ। ਵੈਸੇ ਬਿੰਦੇ ਨੂੰ ਪਤਾ ਸੀ ਕਿ ਇਹ ਦਾਦੇ ਦਾ ਕੰਮ ਹੀ ਹੋ ਸਕਦਾ ਸੀ। ਉਸਨੇ ਪੁਲ਼ਸ ਨੂੰ ਬਿਆਨ ਦੇਣ ਦੀ ਕੋਸ਼ਿਸ਼ ਕੀਤੀ। ਪਰ ਉਹ ਤਾਂ ਦਿੱਲੀ ਸੀ, ਜਿੱਥੇ ਸ਼ਰਮੇ ਦੀਆਂ ਉਂਗਲ਼ੀਆਂ ਚੱਲਦੀਆਂ ਸਨ। ਕਿਸੇ ਨੇ ਉਸਨੂੰ ਅਤੇ ਕਰਨ ਨੂੰ ਖਤਮ ਕਰ ਦਿੱਤਾ, ਸੜਕ ਹਾਦਸੇ ਵਿੱਚ। ਫਿਰ ਮੈਨੂੰ ਛੱਡ ਦਿੱਤਾ ਗਿਆ। ਦਾਦੇ ਨੇ ਮੈਨੂੰ ਝਾੜਿਆ, ਹੁਣ ਮੈਂ ਪੱਕਾ ਗੁੰਡਾ ਸੀ, ਦਾਦੇ ਦਾ ਲਫਟੈਣ। ਹੁਣ ਮੈਨੂੰ ਕੋਈ ਹੱਥ ਲਾ ਨਹੀਂ ਸਕਦਾ ਸੀ। ਰਣਜੀਤਪੁਰ ਦਾ ਇੱਕ ਖੇਤਰ ਮੇਰਾ ਸੀ। ਇਸ ਇਲਾਕੇ ‘ਚ ਮੇਰਾ ਰਾਜ ਸੀ। ਪਿਤਾ ਸੀ, ਡੌਨ।
ਫਿਰ ਅਫੀਮ ਦੇ ਚੱਕਰਾਂ ‘ਚ ਪੈ ਗਿਆ। ਸ਼ਰਮਾ ਚਾਹੁੰਦਾ ਸੀ ਸਾਰੇ ਪੰਜਾਬ ਦੇ ਵਿੱਚ ਨਸ਼ੇਬਾਜ਼ ਹੋ ਕੇ ਨੌਜਵਾਨ ਸੋਚਣ ਦੇ ਥਾਂ ਮਸਤ ਹੋ ਜਾਣਗੇ।ਪਹਿਲੀਆਂ ਪੀੜ੍ਹੀਆਂ ਵਾਂਗ ਖੜਨਗੇ ਨਹੀਂ। ਕੱਪੜੇ, ਪੈਸੇ ਅਤੇ ਪੀਨਕ ‘ਚ ਡੁੱਬ ਜਾਣਗੇ। ਫਜੂਲ ਫੈਸ਼ਨਾਂ ‘ਚ, ਗੋਰਿਆਂ ਦੀਆਂ ਰੀਸਾਂ ਕਰਦੇ ਕੇਵਲ ਉਪਭੋਗਤਾਵਾਦ‘ਚ ਗੁੰਮ ਜਾਣਗੇ।ਹੜ੍ਹ ਵਾਂਗ ਤਲਵੰਡੀ, ਸਮੁੰਦਰੀ ਝੱਗ, ਮਾਵਾ ਆਦਿ ਪੰਜਾਬ ‘ਚ ਆ ਗਏ। ਡੌਨ ਦੀ ਕੁਰਸੀ ਲੈਣ ਤੋਂ ਪਹਿਲਾਂ ਮੈਨੂੰ ਇਸ ਮਾਮਲੇ ‘ਚ ਇੱਕ ਹੋਰ ਖੂਨ ਕਰਨਾ ਪਿਆ ਸੀ। ਉਸ ਖੁਨ ਤੋਂ ਬਾਅਦ ਮੇਰਾ ਪਾਪੀ ਕੰਮ ਹੋਰ ਗੁੰਡੇ ਮੇਰੇ ਬਿਨਾ ਲਾਗੂ ਕਰ ਸਕਦੇ ਸੀ।
ਦਾਦੇ ਦੇ ਇਲਾਕਿਆਂ ‘ਚ ਨਵੇਂ ਗੁੰਡੇ ਦੀ ਚੜ੍ਹਤ ਹੋ ਗਈ ਜਿਹੜਾ ਨਸ਼ੀਲੀਆਂ ਵਸਤੂਆਂ ਵੇਚਦਾ ਸੀ। ਉਸਨੂੰ ਮੈਂ ਖਤਮ ਕਰਨਾ ਸੀ। ਇਸ ਲਈ ਗੋਂਦ ਗੁੰਦਣੀ ਸੀ। ਬੰਦੇ ਦਾ ਨਾਂ ਰਵੀ ਸਰੋਏ ਸੀ। ਮੈਂ ਗੱਟੀਆਂ ਗਿਣਨੀਆਂ। ਔਖਾ ਕੰਮ ਸੀ, ਕਿਉਂਕਿ ਉਹ ਨੇ ਵੀ ਪੁਲ਼ਸ ਦੇ ਹੱਥ ਗਰਮ ਕਰਦਾ ਸੀ। ਉਸਦਾ ਘਰ ਹਮੇਸ਼ਾ ਪੁਲ਼ਸ ਦੀ ਅੱਖ ਹੇਠ ਸੀ। ਉਸਦਾ ਅੱਡਾ ਵੀ ਪੁਲ਼ਸ ਦੀ ਰਾਖੀ ‘ਚ ਸੀ। ਸੋਚ ਸਮਝ ਕੇ ਮਾਰਨਾ ਪਵੇਗਾ।
ਰਵੀ ਸਰੋਏ ਦੀ ਤਫਸੀਲ ਦੇਣ ਦੀ ਵੀ ਥੋੜ੍ਹੀ ਬਹੁਤੀ ਲੋੜ ਹੈ। ਦਾਦੇ ਵਰਗਾ ਨਹੀਂ ਸੀ ਉਹ। ਮੇਰੇ ਵਾਂਗ ਗਲ਼ੀ ਦਾ ਕੀੜਾ ਸੀ। ਲੰਬਾ ਪਤਲਾ ਜਿਹਾ, ਕੇਸ ਬ੍ਰਿੱਲ ਕਰੀਮ ਨਾਲ਼ ਚੋਪੜੇ ਹੁੰਦੇ ਸੀ। ਮੁੱਖ ਸਾਫ਼ ਸੁਥਰਾ ਸੀ। ਗੋਰਿਆਂ ਵਾਂਗ ਹਮੇਸ਼ਾ ਸੂਟ ਪਾਇਆ ਹੁੰਦਾ ਸੀ, ਟਾਈ ਵੀ ਲਾਈ ਹੁੰਦੀ ਸੀ।ਨਿਰੰਜਣ ਜਲਾਲ ਸੀ। ਪਰ ਸੱਜੀ ਗਿੱਡਲ਼ ਅੱਖ ‘ਚ ਕਬਰਾ ਸੀ। ਚੀਂਘ ਚੋਂਦੀ ਸੀ। ਉਸਦੇ ਨਾਲ਼ ਹਮੇਸ਼ਾ ਇੱਕ ਜਪਾਨੀ ਰਾਖਾ ਹੁੰਦਾ ਸੀ। ਪਰ ਇਸ ਨੂੰ ਮਾਰਨ ਦਾ ਇੱਕ ਮੌਕਾ ਸੀ। ਰਵੀ ਦੀ ਆਦਤ ਸੀ ਸੈਕਟਰ ਸਤਾਰਾਂ ਦੇ ਭੋਜਨਸ਼ਾਲਿਆਂ ‘ਚ ਖਾਣ ਦੀ, ਖਾਸ ਕਰਕੇ ਇੱਕ ਕੇ ਐਫ ਸੀ ‘ਚ ( ਕੇਂਟਕੀ ਫਰਾਇਦ ਚੀਕਨ)। ਇੱਥੇ ਮੌਕਾ ਮਿਲਣਾ ਸੀ। ਪਰ ਇਹ ਕੇ ਐਫ ਸੀ ਵੱਡੀ ਮਾਲ ‘ਚ ਸੀ, ਜਿਸ ਵਿੱਚ ਪਸਤੌਲ ਅਸਾਨੀ ਨਾਲ਼ ਨਹੀਂ ਵੜ ਸਕਦੇ ਸਨ। ਸਭ ਕੁਝ ਸੋਚ ਸਮਝ ਕੇ ਮੈਂ ਸਕੀਮ ਬਣਾ ਲਈ।
ਰਵੀ ਅਤੇ ਦੋ ਬੰਦੇ (ਇੱਕ ਜਪਾਨੀ ਸੀ) ਸਾਢੇ ਅੱਠ ਕੇ ਐਫ ਸੀ ‘ਚ ਵੜੇ। ਭੋਜਨਸ਼ਾਲਾ ਜਨਤਾ ਨਾਲ਼ ਭਰਿਆ ਸੀ। ਹਥਿਆਰ ਗੱਡੀ ਵਿੱਚ ਬਾਹਰ ਛੱਡ ਦਿੱਤੇ ਸੀ। ਮਾਲ ਦਾ ਸੁਰਖਿਆਪਣ ਕਾਇਮ ਸੀ। ਫਿਰ ਵੀ ਕੁਝ ਰਾਖੇ ਜਰੂਰ ਰਵੀ ਦੇ ਤਨਖਾਹਦਾਰ ਸਨ। ਇਸ ਲਈ ਕਿਸੇ ਦੇ ਕੋਲ਼ ਤਾਂ ਹਥਿਆਰ ਹੋਵੇਗਾ ਹੀ। ਸਾਡੇ ਕੋਲ਼ੇ ਵੀ ਹਥਿਆਰ ਸਨ। ਪਰ ਸਾਡਾ ਇੰਤਜ਼ਾਮ ਹੋਰ ਤਰਾਂ ਦਾ ਸੀ। ਮਗਰ ਰਵੀ ਤੇ ਉਸਦੇ ਰਾਖੇ ਇੱਕ ਮੇਜ਼ ਕੋਲ਼ ਬਹਿ ਗਏ। ਰਵੀ ਦੇ ਆਦਮੀ ਨੇ ਫਿਰ ਕਾਊਂਟਰ ਤੋਂ ਆਰਡਰ ਲਿਆ। ਫਿਰ ਰਵੀ ਨੂੰ ਦਿੱਤਾ ਅਤੇ ਜਪਾਨੀ ਨੂੰ ਵੀ। ਤਿੰਨੇ ਹੀ ਖਾਣ ਲੱਗ ਪਏ, ਸ਼ਾਇਦ ੲਹਿ ਸੋਚ ਕੇ ਕਿ ਜਨਤਾ ਦੇ ਵਿਚਕਾਰ ਸਹੀ ਸਲਾਮਤ ਰਹਿਣਗੇ। ਪਰ ਇੱਕ ਨੇੜਲੇ ਟੇਬਲ ਤੇ ਮੈਂ ਬੈਠਾ ਸੀ ਅਤੇ ਦਰ ਕੋਲ਼ ਮੇਰਾ ਖਾਸ ਸਿਪਾਹੀ। ਇਸ ਵੇਲੇ ਟੱਬਰ ਆਏ ਸੀ ਅਤੇ ਉਨ੍ਹਾਂ ਦੀਆਂ ਅਵਾਜ਼ਾਂ ਦੀ ਲਹਿਰ ਕੰਨ ਖਾਂਦਾ ਸੀ।
ਜਪਾਨੀ ਦਾ ਢਿੱਡ ਦੁੱਖਣ ਲੱਗ ਪਿਆ। ਉਸਨੂੰ ਕਿਰਿਆ ਕਰਨ ਵਾਸ਼ਰੂਮ ਜਾਣਾ ਪਿਆ। ਉਸ ਹੀ ਵੇਲੇ ਦੂਜਾ ਰਾਖਾ ਵੀ ਨ੍ਹਾਉਣ ਤੁਰ ਪਿਆ। ਰਵੀ ਹੈਰਾਨ ਸੀ। ਉਸਦਾ ਪੇਟ ਵੀ ਦਰਦ ਕਰਨ ਲੱਗ ਪਿਆ। ਉਹ ਵੀ ਉੱਠਣ ਲੱਗਾ ਸੀ ਜਦ ਮੈਂ ਅਤੇ ਮੇਰੇ ਸਿਪਾਹੀਆਂ ਨੇ ਉਸਦੇ ਮੋਢੇ ਤੇ ਹੱਥ ਧਰ ਕੇ ਰੋਕ ਦਿੱਤਾ।
"ਕਿਥੇ ਚੱਲੇ ਹੋ ਹਜ਼ੂਰ?", ਮੈਂ ਆਖਿਆ, "ਜੇ ਪੇਟ ਦੁਖਦੈ ਸਾਡੇ ਨਾਲ ਆ..ਨਹੀਂ ਚੁੱਪ ਚਾਪ ਜੀ", ਮੇਰੇ ਪਸਤੌਲ ਦਾ ਰੰਧਰ ਉਸਦੀ ਪਸਲੀ ‘ਚ ਖੁਭਿਆ। ਅਖਬਾਰ ਵਿਚ ਲੁਕੋਇਆ ਸੀ। ਡਰਦਾ ਉੱਠ ਗਿਆ, ਅਸੀਂ ਕਾਊਂਟਰ ਦੇ ਪਿੱਛੇ ਲੈ ਗਏ। ਫਿਰ ਰਸੋਈ ‘ਚੋਂ ਬਾਹਰ। ਪੇਟ ਦਾ ਦਾਰਦ ਜ਼ਿਆਦਾ ਹੋ ਗਿਆ ਸੀ। ਖੂੰਜੇ ਖੜ੍ਹਾ ਦਿੱਤਾ, ਵਿਚਾਰਾ ਉੱਥੇ ਹੀ ਗੂੰਹ ਨਾਲ਼ ਲਿੱਬੜ ਗਿਆ। ਉਸ ਤੋਂ ਬਹੁਤ ਹਮਕ ਆਈ। "ਦਾਦਾ ਜੀ ਤੋਂ ਸਨੇਹਾ, ਸਿਰਫ ਅਸੀਂ ਰਣਜੀਤਪੁਰ ‘ਚ ਅਫੀਮ ਵੇਚ ਸਕਦੇ ਆ।" ਇਹ ਗੱਲ ਕਿਹ ਕੇ ਮੈਂ ਇੱਕ ਗੋਲ਼ੀ ਉਸਦੇ ਕਬਰਾ (ਅੱਖ)‘ਚ ਪਾ ਦਿੱਤੀ, ਇੱਕ ਉਸ ਦੀ ਗੱਲ੍ਹ ਵਿੱਚ। ਫਿਲਮਾਂ ਵਾਂਗ ਨਹੀਂ ਸੀ, ਜਿੰਨ੍ਹਾਂ ਵਿੱਚ ਖੂਨ ਵਿੱਚ ਲੱਥਪੱਥ ਹੁੰਦੈ। ਗੋਲ਼ੀ ਗਰਮ ਸੀ ਕਰਕੇ ਜਖਮ ਮੌਲ ਜਾਂਦੈ। ਇਸ ਲਈ ਗੱਲ੍ਹ ‘ਚੋਂ ਅੱਥਰੂ ਵਾਂਗ ਲਹੂ ਫੂੰਈ-ਫੂੰਈ ਵਗ ਰਿਹਾ ਸੀ। ਅੱਖ ਵਿੱਚੋਂ ਵੀ ਇਸੇ ਤਰਾਂ ਚੋਇਆ। ਪਰ ਸੀਸ ਪਿੱਛੇ ਕੰਧ ਤੇ ਛਿੱਟੇ ਪੈ ਗਏ। ਉੱਥੀ ਹੀ ਰਵੀ ਡਿੱਗ ਗਿਆ।
ਇਹ ਸਾਰਾ ਕੁੱਝ ਮੁਮਕਿਨ ਕਿਵੇਂ ਹੋਇਆ ਸੀ? ਬੱਸ ਪਹਿਲਾਂ ਤਾਂ ਕੇ ਐਫ ਸੀ ਦੇ ਬੰਦੇ ਖਰੀਦੇ ਸਨ। ਇੱਕ ਨੇ ਮੇਰਾ ਪਸਤੌਲ ਰਸੋਈ ਵਿੱਚ ਪਹਿਲਾਂ ਹੀ ਲੁਕੋਇਆ ਸੀ। ਜਦ ਮੈਂ ਬਰਗਰ ਆਡਰ ਕੀਤਾ ਮੈਨੂੰ ਖਾਣੇ ਪੀਣੇ ‘ਚ ਦੇ ਦਿੱਤਾ ਸੀ। ਦੂਜੀ ਚਾਲ਼ ਸੀ ਕਿ ਇੱਕ ਹੋਰ ਬੰਦੇ ਨੇ ਜਦ ਤਿੰਨਾਂ ਦਾ ਆਡਰ ਆਇਆ ਬਰਗਰ ਅਤੇ ਫ੍ਰੀਟਾਂ (ਅੰਗ੍ਰੇਜ਼ੀ ਚਿਪਜ਼) ਸਰਨਾ ਪਾ ਦਿੱਤਾ ਸੀ। ਬਹੁਤ ਜ਼ਿਆਦਾ ਪਾ ਦਿੱਤਾ ਸੀ। ਇਸ ਤਰਾਂ ਤਿੰਨਾਂ ਨੂੰ ਅੱਡ ਕਰ ਦਿੱਤਾ ਸੀ। ਹੁਣ ਅਸੀਂ ਚੁੱਪ ਚਾਪ ਮੋਹਰੇ ਜਾ ਕੇ ਟਾਇਲਟ ‘ਚ ਵੜ ਕੇ ਦੇਖਿਆ ਕਿ ਹਾਲੇ ਵੀ ਉੱਥੇ ਜਪਾਨੀ ਤੇ ਉਸ ਦਾ ਦੋਸਤ ਢਿੱਡ ਫੜ ਕੇ ਬੈਠੇ ਸਨ। ਅਸੀਂ ਨਹੀਂ ਦੇਖਿਆ ਕਿਹੜੇ ਖਾਨੇ ‘ਚ ਗੋਲ਼ੀਆਂ ਛੱਡੀਆਂ। ਸਾਰੇ ਥਾਂ ਦਾ ਨਾਸ ਕਰਕੇ ਭੁੰਜੇ ਪਸਤੌਲ ਸੁੱਟ ਕੇ ਤੁਰ ਪਏ। ਪਸਤੌਲਾਂ ਤੇ ਟੇਪ ਲਾਈ ਹੋਈ ਸੀ। ਸਾਡੇ ਦਸਤਾਨੇ ਪਾਏ ਹੋਏ ਸਨ। ਇਸ ਤਰਾਂ ਡੌਨ ਦੀ ਕੁਰਸੀ ਪੱਕੀ ਕਰ ਲਈ। ਹੁਣ ਮੈਂ ਰਣਜੀਤਪੁਰ ਦਾ ਨੰਬਰ ਇੱਕ ਗੁੰਡਾ ਸਾਂ।
ਸੰਘੇੜੇ ਦੇ ਬਾਲ ਦੇ ਕੇਸ ਨੇ ਸਾਡਾ ਕੰਮ ਖਰਾਬ ਕਰ ਦਿੱਤਾ। ਪੁਲ਼ਸ ਨੇ ਪਹਿਲੀ ਵਾਰੀ ਸਿੱਧੀ ਚੀਜ਼ ਕੀਤੀ। ਮੀਡੀਆ ਦੇ ਰੌਲ਼ੇ ਕਾਰਨ ਪੁਲ਼ਸ ਨੂੰ ਇਹ ਕੁੱਝ ਕਰਨਾ ਪਿਆ। ਆਮ ਤਾਂ ਕਿਸੇ ਬੇਕਸੂਰ ਨੂੰ ਹੀ ਜੇਲ਼੍ਹ ‘ਚ ਝੋਕਦੇ ਜਾਂ ਕਿਸੇ ਨੂੰ ਲੁੱਟਦੇ ਨੇ। ਪਰ ਐਤਕੀ ਖੋਜ ਕੀਤੀ। ਸੰਘੇੜੇ ਵੱਡਾ ਸਿਤਾਰਾ ਸੀ, ਓਹ ਵੀ ਬੋਲੀਵੂਡ ਦਾ। ਪੁਲ਼ਸ ਨੇ ਕਾਰੀਗਰ ਵਿਗਿਆਨੀ ਇਸਤੇਮਾਲ ਕੀਤੇ। ਉਨ੍ਹਾਂ‘ਚੋਂ ਇੱਕ ਨੇ ਸੀੜ੍ਹੀ ਨੂੰ ਕੱਟ ਕੇ ਲੱਕੜ ਖੜਪਾੜ ਵੇਖੀ। ਇਸ ਤੋਂ ਬਹੁਤ ਕੁੱਝ ਪਤਾ ਲੱਗ ਗਿਆ। ਬਜ਼ਾਹਰ ਹਰ ਲੱਕੜ ਦੀ ਖੜਪਾੜ ਵੱਖਰੀ ਹੈ, ਕਿਉਂਕਿ ਹਰ ਆਰੇ ‘ਚ ਫਰਕ ਹੁੰਦਾ ਹੈ। ਹਰ ਫਰਨਾਹੀ ਦੇ ਦੰਦਿਆਂ ਦਾ ਵਾਢਾ ਵੱਖਰਾ ਚਿੰਨ ਬਣਾਉਂਦੈ। ਇਸ ਤੋਂ ਵਿਗਿਆਨੀ ਨੇ ਪਤਾ ਕਰ ਲਿਆ ਕਿ ਪੌੜੀ ਕਿਸ ਕਾਰਖਾਨੇ ‘ਚੋਂ ਖਰੀਦੀ ਸੀ। ਬੱਸ, ਪੁਲ਼ਸ ਸੰਘੇੜੇ ਦੇ ਇਲਾਕੇ ਦੇ ਨੇੜਲੇ ਕਾਰਖਾਨਿਆਂ ‘ਚ ਪੁੱਛ-ਪੜਤਾਲ ਕਰਨ ਲੱਗ ਪਈ। ਜਦ ਸਹੀ ਮਿੱਲ ਲਭ ਗਈ, ਕੀਤੇ ਸਵਾਲਾਂ ਦੇ ਜਵਾਬਾਂ ਤੋਂ ਪਤਾ ਲੱਗਿਆ ਕਿ ਇੱਕ ਅਜੀਬ ਜਾ ਬੰਦਾ ਸੀ ਜਿਸ ਨੇ ਲੱਕੜਾਂ ਖਰੀਦੀਆਂ ਸਨ। ਉਸਦਾ ਲਹਿਜਾ ਮਦਰਾਸੀ ਸੀ। ਉਸਨੇ ਤਕਰੀਬਨ ਜਦ ਬਾਲ ਚੁਕਿਆ ਗਿਆ ਸੀ, ਓਦੋਂ ਕੁ ਜਿਹੇ ਹੀ ਲੱਕੜ ਦਾ ਆਡਰ ਦਿੱਤਾ ਸੀ। ਪਰ ਉਸ ਕੋਲ਼ ਮਿੱਲ ਜਾਂ ਦੁਕਾਨ ਨਹੀਂ ਸੀ। ਟਰੱਕ ‘ਚ ਲੱਕੜ ਲਿਜਾ ਕਿ ਲੋਕਾਂ ਨੂੰ ਵੇਚਦਾ ਸੀ। ਬੱਸ ਹੁਣ ਪੁਲ਼ਸ ਮਦਰਾਸੀ ਮਗਰ ਪੈ ਗਈ। ਨਾਲ਼ੇ ਬਿੰਦੀ ਵਾਲ਼ੇ ਪੈਸੇ ਸ਼ੁਰੂ ਹੋ ਗਏ ਸਾਹਮਣੇ ਆਉਣੇ। ਜ਼ਿਆਦਾ ਸਾਡੇ ਸ਼ਹਿਰ ਰਣਜੀਤਪੁਰ ‘ਚ ਹੀ ਖਰਚੇ ਸੀ। ਜਿਹੜੀਆਂ ਦੁਕਾਨਾਂ ਆਦਿ ਤੋਂ ਬਿੰਦੀ ਵਾਲ਼ੇ ਨੋਟ ਲੱਭੇ, ਸਵਾਲ ਪੁੱਛੇ ਗਏ। ਇਸ ਤਰਾਂ ਪਤਾ ਲੱਗ ਗਿਆ ਕਿ ਇੱਕ ਚੁਸਤ ਸ਼ੁਕੀਨ ਮਦਰਾਸੀ ਨੇ ਖਰਚੇ ਸੀ। ਹੌਲ਼ੀ ਹੌਲ਼ੀ ਪੁੱਛ-ਪੱਛ ਕੇ ਉਸਦਾ ਨਾਂ ਮਿਲ ਗਿਆ। ਇਸ ਤੋਂ ਬਾਅਦ ਖੁਰਾ ਕੱਢ ਲਿਆ ਦਾਦੇ ਦੀ ਝੌਂਪੜ ਵੱਲ।
ਇਸ ਵੇਲ਼ੇ ਮੇਰਾ ਧਿਆਨ ਸੀ ਪੈਸੇ ਬਣਾਉਣ ਦਾ ਡਾਕਟਰਾਂ ਦੀ ਮਦਦ ਨਾਲ਼। ਕੁਝ ਡਾਕਟਰ ਸਨ ਸਾਡੇ ਹਸਪਤਾਲਾਂ ‘ਚ ਜਿਹੜੇ ਪੈਸੇ ਬਣਾਉਣ ਕੋਈ ਗੈਰ ਮੁਲਕੀ ਨਿਆਣੇ ਸਿਆਣੇ ਦੀ ਇੰਦਰੀ ਜਾਂ ਜਿਸਮ ਦਾ ਖਾਸ ਹਿੱਸਾ ਮੰਜ਼ੂਰੀ ਬਿਨਾਂ ਹੀ ਕੱਢ ਲੈਂਦੇ ਨੇ। ਜ਼ਿਆਦਾ ਵਾਰੀ ਕਿਸੇ ਦੇ ਟੀਕਾ ਲਾ ਕੇ ਉਸਨੂੰ ਮਾਰ ਦਿੰਦੇ ਨੇ। ਅੱਜ-ਕੱਲ੍ਹ ਤਾਂ ਆਮ ਜਿਹੀ ਗੱਲ ਹੈ। ਲੋਕ ਹਸਪਤਾਲ ਜਾਂਦੇ ਨੇ ਇਲਾਜ ਕਰਵਾਉਣ। ਪਰ ਸਾਡੇ ਵਧੀਆ ਦੇਸ਼ ‘ਚ ਇਹ ਕੁੱਝ ਹੁੰਦੈ। ਮੇਰਾ ਹਿੱਸਾ ਵੀ ਸੀ ਇਸ ਵਿੱਚ। ਅਮੀਰ ਬੰਦਿਆਂ ਲਈ ਆਰਗਨ ਦਵਾ ਦਿੰਦੇ ਸਾਂ। ਜੇ ਕੋਈ ਹੋਰ ਰਾਹ ਨਾ ਮਿਲਦਾ ਤਾਂ ਅਸੀਂ ਕਿਸੇ ਬੱਚੇ ਜਾਂ ਤੁੱਛ ਸਿਆਣੇ ਨੂੰ ਚੁੱਕ ਕੇ ਉੱਥੇ ਲੈ ਜਾਂਦੇ ਸੀ। ਸਾਨੂੰ ਪੈਸਾ ਮਿਲ ਜਾਂਦਾ, ਹਸਪਤਾਲ ਨੂੰ ਆਰਗਨ। ਆਏ ਲਵ ਮਾਏ ਇੰਡੀਆ! ਸੋ ਮੇਰਾ ਧਿਆਨ ਇਸ ਪਾਸੇ ਸੀ, ਜਦ ਮਦਰਾਸੀ ਪੁਲ਼ਸ ਨੇ ਫੜ ਲਿਆ। ਉਸਨੇ ਦਾਦੇ ਦਾ ਨਾਂ ਦੇ ਦਿੱਤਾ ਪੁਲ਼ਸ ਨੂੰ। ਪੁਲ਼ਸ ਨੇ ਦਾਦੇ ਨੂੰ ਹੱਥ ਨਹੀਂ ਲਾਉਣਾ ਸੀ, ਪਰ ਸਾਡੀ ਸਾਰੀ ਸਕੀਮ ਦਾ ਪਤਾ ਲਿਆ। ਮਦਰਾਸੀ ਜੇਲ਼੍ਹ ‘ਚ ਗਿਆ, ਉਸ ਨੂੰ ਫਾਂਸੀ ਹੋ ਗਈ। ਜਨਤਾ ਖ਼ੁਸ਼ ਸੀ। ਪਰ ਸੰਘੇੜੇ ਨੂੰ ਵੱਢੀ ਲਈ ਪੁਲ਼ਸ ਨੇ ਦੱਸ ਦਿੱਤਾ ਸੀ ਕਿ ਇਸ ਦੇ ਪਿੱਛੇ ਦਾਦਾ ਸੀ। ਹਾਂ, ਮੇਰੇ ਨਾਂ ਵੀ ਲਾ ਦਿੱਤਾ।
ਜਦ ਅਦਾਲਤ ‘ਚ ਕੇਸ ਚੱਲ ਰਿਹਾ ਸੀ, ਗੋਗੀ ਵੱਲ ਉਂਗਲ਼ ਉੱਠੀ ਕਿ ਉਹ ਗੁੰਡਿਆਂ ਲਈ ਕੰਮ ਕਰਦਾ ਸੀ। ਪਰ ਉਸਨੇ ਸਬੂਤ ਦੇ ਦਿੱਤਾ ਕਿ ਉਸਨੇ ਸੱਚੇ ਦਿਲ ਨਾਲ਼ ਕੰਮ ਕੀਤਾ ਤੇ ਉਸ ਨੇ ਸੱਚ-ਮੁੱਚ ਹੀ ਬਾਲ ਵਾਪਸ ਲੈਣ ਦੀ ਕੋਸ਼ਿਸ਼ ਕੀਤੀ। ਮਦਰਾਸੀ ਨੂੰ ਕਈ ਬਾਰ ਪੁੱਛਿਆ ਗਿਆ ਕਿ ਬੱਚਾ ਕਿੱਥੇ ਹੈ, ਪਰ ਉਸਨੇ ਜਵਾਬ ਨਹੀਂ ਦਿੱਤਾ। ਫਿਰ ਕਿਸਮਤ ਨਾਲ਼ ਇੱਕ ਦਿਨ ਸੰਘੇੜੇ ਦੀ ਹਵੇਲੀ ਨੇੜੇ ਤੇੜੇ ਇੱਕ ਟਰੱਕ ਰੁਕਿਆ, ਕਿਉਂਕਿ ਡਰਾਈਵਰ ਨੇ ਮੂਤ ਕਰਨਾ ਸੀ। ਜਦ ਬਾਹਰ ਸੜਕ ਦੇ ਪਾਸੇ ਖੜ੍ਹਾ ਹੋਇਆ ਤਾਂ ਹੇਠ ਝਾੜੀਆਂ ‘ਚ ਇੱਕ ਹੱਡੀ ਦਾ ਪਿੰਜਰ ਪਿਆ ਦਿਖਿਆ, ਜਿਸ ਦੇ ਕਪਾਲ ‘ਚ ਗਲ਼ੀ ਸੀ। ਨਿਆਣੇ ਦਾ ਮੁਤਰਾੜ ਸੀ। ਸਾਰੇ ਮੁਲਕ ‘ਚ ਪੁਲ਼ਸ ਅਤੇ ਸੰਘੇੜੇ ਨੇ ਪੁੱਛ-ਪੜਤਾਲ ਕੀਤੀ, ਪਰ ਬਾਲ ਤਾਂ ਘਰ ਨੇੜੇ ਹੀ ਸੀ। ਉਸੇ ਹੀ ਦਿਨ ਮਰ ਗਿਆ ਸੀ ਇਸ ਕਰਕੇ ਮਦਰਾਸੀ ਨੂੰ ਫਾਂਸੀ ਮਿਲੀ।
ਪਰ ਹੁਣ ਸੰਘੇੜੇ ਨੂੰ ਪਤਾ ਸੀ ਕਿ ਇਹ ਸਭ ਸਾਡੀ ਕੰਪਨੀ ਦੀ ਸਕੀਮ ਸੀ, ਖਾਸ ਕਰਕੇ ਮੇਰੀ। ਸੰਘੇੜਾ ਮੁੰਬਈ ‘ਚ ਐਕਟਰ ਸੀ। ਮੰਬਈ ਦੇ ਗੁੰਡੇ ਸਾਤੋਂ ਵੀ ਜਬਰਦਸਤ ਸਨ। ਸੰਘੇੜੇ ਦੀ ਦੋਸਤੀ ਸੀ ਉਨ੍ਹਾਂ ਨਾਲ਼। ਜਦ ਕੇਸ ਅਖਬਾਰਾਂ ‘ਚ ਆਇਆ, ਮੇਰਾ ਅਤੇ ਦਾਦੇ ਦਾ ਨਾਂ ਛਪਿਆ ਸੀ। ਹੁਣ ਮੈਨੂੰ ਆਵਦਾ ਧਿਆਨ ਰੱਖਣਾ ਪਿਆ ਸੀ।
ਮਦਰਾਸੀ ਦੀ ਫਾਂਸੀ ਬਾਅਦ ਇੱਕ ਬ੍ਰਿੱਟਿਸ਼ ਕੁੜੀ ਨੂੰ ਮੇਰੇ ਖਾਸ ਡਾਕਟਰ ਨੇ ਮਾਰਿਆ ਟੀਕੇ ਨਾਲ਼ ਜਦ ਕੁੜੀ ਉਸਦੇ ਮਾਂ ਦੇ ਗੋਦ ਹੀ ਵਿੱਚ ਫੜ੍ਹੀ ਸੀ ।ਪਰ ਇਸ ਇਸਤਰੀ ਨੇ ਰੌਲ਼ਾ ਪਾਇਆ ਅਤੇ ਗੋਰਿਆਂ ਦੇ ਅਖਬਾਰਾਂ ਤੱਕ ਗੱਲ ਪੁੱਜ ਗਈ। ਮੇਰਾ ਨਾਂ ਫਿਰ ਅੱਗੇ ਆਇਆ। ਸ਼ਰਮੇ ਨੇ ਗੱਲ ਟਾਲ਼ ਦਿੱਤੀ। ਪਰ ਸੰਘੇੜੇ ਦੀ ਨਿਗ੍ਹਾ ਸਾਡੇ ਵੱਲ ਟਿਕ ਗਈ ਸੀ।
ਦਾਦੇ ਦੀ ਵੀ ਆਦਤ ਸੀ ਗੱਡੀ ਵਿੱਚ ਰਣਜੀਤਪੁਰ ਦੀ ਸਬਜ਼ੀ ਮੰਡੀ ਜਾ ਕੇ ਖੁਦ ਗੋਭੀ, ਸਾਗ ਆਦਿ ਖਰੀਦਣ ਦੀ। ਭੇਜ ਜਿਸ ਨੂੰ ਮਰਜੀ ਸਕਦਾ ਸੀ, ਪਰ ਸ਼ੌਂਕ ਸੀ ਖੁਦ ਖਾਣਾ ਪਕਾਉਣ ਦਾ। ਜਦ ਵੀ ਝੌਂਪੜ ‘ਚੋਂ ਬਾਹਰ ਜਾਂਦਾ ਸੀ, ਉਸਦੇ ਨਾਲ਼ ਗੁੰਡਿਆਂ ਦੀ ਸੈਨਾ ਹੁੰਦੀ। ਪਰ ਇਸ ਦਿਨ ਬੁਰਾ ਸ਼ਗਨ ਸੀ। ਨਾਲ਼ ਆਮ ਚਾਰ ਬੰਦੇ ਸਨ। ਇੱਕ ਗੱਡੀਵਾਨ, ਅਤੇ ਪਿਛਲੀ ਕਾਰ ਵਿੱਚ ਤਿੰਨ ਹੋਰ ਸਿਪਾਹੀ। ਇਹ ਸਾਰੇ ਉਸ ਨਾਲ਼ ਗੱਡੀ ਵਿੱਚੋਂ ਨਿੱਕਲ਼ ਕੇ ਆਸ ਪਾਸ ਖੜ੍ਹ ਕੇ ਧਿਆਨ ਨਾਲ਼ ਆਲ਼ਾ ਦੁਆਲ਼ਾ ਤਾੜਦੇ ਸਨ। ਉਂਝ ਲੋਕ ਦਾਦੇ ਤੋਂ ਡਰਦੇ ਵੀ ਸੀ। ਇਸ ਲਈ ਉਸਨੂੰ ਕੋਈ ਫਿਕਰ ਨਹੀਂ ਸੀ। ਅੱਜ ਇੰਝ ਨਹੀਂ ਹੋਇਆ। ਦੋਨੋਂ ਕਾਰਾਂ ਵੱਖਰੀਆਂ ਹੋ ਗਈਆਂ। ਕਿਸੇ ਨੇ ਜਾਣ-ਬੁੱਝ ਕੇ ਗੱਡਾ ਵਿੱਚ ਫੱਸਾ ਦਿੱਤਾ ਸੀ। ਉਸ ਪਲ ਵਿੱਚ ਹੀ ਤਿੰਨੇ ਆਦਮੀ ਜਬਰਦਸਤੀ ਪੰਜ ਬੰਦਿਆਂ ਨੇ ਗੰਨਾਂ ਤਾਣ ਕੇ ਕਾਰ ‘ਚੋਂ ਇਸ਼ਾਰੇ ਨਾਲ਼ ਬਾਹਰ ਕੱਢ ਲਏ।
"ਚੁੱਪ ਚਾਪ ਹਥਿਆਰ ਭੁੰਜੇ ਸੁੱਟੋ, ਨਹੀਂ ਤਾਂ ਥੋਨੂੰ ਭੁੰਨ ਦਿਆਂਗੇ।" ਪੰਜਾਂ ‘ਚੋਂ ਤਿੰਨ ਗੱਡੀ ਵਿੱਚ ਬਹਿ ਗਏ ਫਿਰ ਗੱਡਾ ਪਾਸੇ ਕਰ ਦਿੱਤਾ। ਅਗਲੀ ਗੱਡੀ ਦੇ ਡਰੈਵਰ ਨੂੰ ਕਾਰ ਪਿੱਛੇ ਆਉਂਦੀ ਦਿਸਦੀ ਕਰਕੇ ਬਹੁਤ ਸੋਚਿਆ ਨਹੀਂ। ਉਹ ਰੁੱਖ ਗਿਆ। ਦਾਦਾ ਬਾਹਰ ਨਿੱਕਲ਼ ਕੇ ਮਿਰਚਾਂ ਵਾਲ਼ੇ ਕੋਲ਼ ਗਿਆ।
"ਕਿੱਦਾਂ ਜਸਵੀਰ? ਸਭ ਕੁਝ ਠੀਕ-ਠਾਕ ਐ ਮੇਰੇ ਬੱਚੇ?"
"ਹਾਂ ਸਰਦਾਰ, ਤੁਸੀਂ ਸੁਣਾਓ?" ਇੱਥੇ ਤੱਕ ਹੀ ਗੱਲ ਹੋਈ। ਲਾਲ ਮਿਰਚ ਹੀ ਚੱਕਦਾ ਸੀ ਜਦ ਪਿਛਲੀ ਗੱਡੀ ਵਿੱਚੋਂ ਮੰਬਾਏ ਦੇ ਗੁੰਡੇ ਨਿੱਕਲ਼ੇ, ਹੱਥਾਂ ਵਿੱਚ ਪਸਤੌਲ ਸਨ, ਗੋਲ਼ੀਆਂ ਦਾ ਦਸ਼ਾਂਦਾ ਦਿੰਦੀਆਂ। ਡਰੈਵਰ ਦਾ ਰੰਗ ਉਡ ਗਿਆ। ਉਸਨੇ ਕੋਸ਼ਿਸ਼ ਕੀਤੀ ਗੱਡੀ ‘ਚੋਂ ਨਿੱਕਲ਼ ਕੇ ਆਵਦੇ ਪਸਤੌਲ ਨਾਲ਼ ਵਾਪਸ ਜੁਆਬ ਦੇਣ ਦੀ, ਪਰ ਤਿਲਕ ਕੇ ਭੁੰਜੇ ਗਿਰ ਗਿਆ। ਪੱਥਰ ਹੋਏ ਪੈਰਾਂ ਨੂੰ ਦਾਦੇ ਨੇ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਹੀ ਥਾਂ ਘੁੰਮ ਕੇ ਲਾਲ ਮਿਰਚਾਂ ਵਿੱਚ ਡਿੱਗ ਗਿਆ। ਦਾਦੇ ਦਾ ਰਾਜ ਖਤਮ ਹੋ ਗਿਆ ਸੀ। ਇਹ ਗੱਲ ਸੁਣ ਕੇ ਹੁਣ ਮੈਨੂੰ ਆਵਦੇ ਬਾਰੇ ਫਿਕਰ ਪੈ ਗਿਆ। ਸੰਘੇੜੇ ਦੀ ਪਹੁੰਚ, ਮਤਲਬ ਉਸਦੇ ਗੁੰਡੇ ਆੜੀਆਂ ਦੀ, ਲੰਬੀ ਸੀ। ਹੁਣ ਇੰਡੀਆ‘ਚ ਠਹਿਰ ਕੇ ਕੀ ਕਰਨਾ ਸੀ?, ਕਿਉਂਕਿ ਜੇ ਬਚਣਾ ਸੀ ਤਾਂ ਬਾਹਰ ਜਾਣਾ ਹੀ ਪੈਣਾ ਸੀ । ਉਸ ਕੰਮ ‘ਚ ਮੈਂ ਸਾਰਿਆਂ ਨੂੰ ਜਾਣਦਾ ਸੀ। ਖੋਟਾ ਪਾਸਪੋਰਟ ਮਿਲ ਗਿਆ, ਨਕਲੀ ਨਾਂ ਲਿਆ (ਦੇਵ ਦੇ ਥਾਂ ਅਵਤਾਰ) ਅਤੇ ਦਾੜ੍ਹੀ ਕੇਸ਼ ਕੱਟ ਲਏ ਸੀ। ਰਣਜੀਤਪੁਰ ਛੱਡ ਦਿੱਤਾ ਤੇ ਫਿਰ ਦੇਸ। ਹੁਣ ਹਰ ਬੰਦੇ ਵਾਂਗ ਤਕਦੀਰ ਫੁੱਟਣੀ ਸੀ। ਕੀ ਪਤਾ ਬਾਹਰ ਚੰਗੇ ਦਿਨ ਫਿਰਨੇ ਸਨ ਜਾਂ ਨਹੀਂ? ਜੋ ਮਰਜੀ, ਦੇਵ ਦੀ ਕਹਾਣੀ ਏਥੇ ਮੁੱਕ ਗਈ ਸੀ ਅਤੇ ਤਾਰੀ ਦੀ ਦਾਸਤਾਨ ਸ਼ੁਰੂ ਹੋ ਗਈ ਸੀ।
ਵਿਮਾਨ ਦੇ ਥਾਈਂ ਸਮੁੰਦਰੀ ਜਹਾਜ ਤੇ ਨਿੱਕਲ਼ਿਆ। ਪਹਿਲਾਂ ਟਰੇਨ ਫੜੀ ਪਾਕਿਸਤਾਨ ਨੂੰ। ਉਥੋਂ ਲਾਹੌਰ ਤੋਂ ਕਰਾਚੀ ਪੁਜਿਆ। ਇਥੋਂ ਜਹਾਜ ਦੇ ਰਾਹੀਂ ਦੁਬਈ ਪਹੁੰਚ ਗਿਆ। ਪਰ ਅੰਦਰ ਵੜਣਾ ਸੌਖਾ ਨਹੀਂ ਸੀ। ਮੈਂ ਗੈਰ ਕਾਨੂੰਨੀ ਸੀ; ਜੇ ਅਰਬਾਂ ਦੇ ਵੱਸ ਨੂੰ ਮੇਰਾ ਪਤਾ ਲੱਗ ਗਿਆ, ਭਾਰਤ ਵਾਪਸ ਭੇਜ ਸਕਦੇ ਐ ਜਾਂ ਜੇਲ਼੍ਹ ‘ਚ ਬੰਦ ਕਰ ਸਕਦੇ ਨੇ। ਮੇਰੇ ਅਵੈਧ ਰੁਤਬੇ ਕਰਕੇ ਮੈਨੂੰ ਇੱਕ ਮੁਸ਼ਟੰਡੇ ਲਈ ਕੰਮ ਕਰਨਾ ਪਿਆ। ਉਸ ਨੇ ਮੈਨੂੰ ਕਾਮਾ ਲਾਇਆ ਇੱਕ ਬੰਦਰ ‘ਤੇ ਜਿੱਥੇ ਲੋਕਲ ਲੋਕਾਂ ਤੋਂ ਘੱਟ ਖੱਟੀ ਲਈ ਕੰਮ ਕਰਨਾ ਪਿਆ। ਉਸਨੂੰ ਹਰਾਮ ਦਾ ਮਾਲ ਮਿਲਦਾ ਸੀ ਜਿਵੇਂ ਮੈਨੂੰ ਪੰਜਾਬ ਵਿੱਚ ਮਿਲਦਾ ਸੀ। ਹਰ ਰਾਤ ਸੜਕ ਤੇ ਸੌਣਾ ਪੈਂਦਾ ਸੀ। ਜੇ ਅਰਬੀ ਪੁਲ਼ਸ ਨੇ ਫੜ ਲਿਆ ਹੁੰਦਾ ਤਾਂ ਬਹੁਤ ਔਖਾ ਕਰਦੇ। ਦਰਅਸਲ ਭਾਵੇਂ ਇੰਡੀਆ ਦੇ ਹੋਣ ਜਾਂ ਪਾਕਿਸਤਾਨ, ਲੋਕਲ ਲੋਕ ਤਾਂ ਸਾਨੂੰ ਕੁਲਹੀਣ ਸਮਝਦੇ ਸੀ। ਮੈਂ ਨਿੱਤ ਅਠਾਰਾਂ ਅਠਾਰਾਂ ਘੰਟੇ ਕੰਮ ਕਰਕੇ ਕੇ ਅੱਕ ਗਿਆ। ਉਸਨੂੰ ਆਖਿਆ ਮੈਨੂੰ ਇੰਗਲੈਂਡ ਦੀ ਰਾਹਦਾਰੀ ਦਵਾ। ਜਰੂਰ, ਪਰ ਦੋ ਹੋਰ ਸਾਲ ਲੱਗਣੇ ਐ ਰਾਹਦਾਰੀ ਦੀ ਕਮਾਈ ਪੂਰੀ ਕਰਨ ਨੂੰ! ਐਂਊਂ ਤਿੰਨ ਸਾਲ ਬੀਤ ਗਏ! ਜਦ ਮੌਕਾ ਮਿਲਿਆ ਤਾਂ ਵਿਦਿਆਰਥੀ ਵੀਜ਼ਾ ਦਿਵਾ ਦਿੱਤਾ। ਇਸ ਕਰਕੇ ਹਵਾਈ ਜਹਾਜ ਰਾਹੀਂ ਇੰਗਲੈਂਡ ਦੇ ਹਵਾਈ ਅੱਡੇ ਹੀਥਰੋ ਪਹੁੰਚ ਗਿਆ।
ਮੈਨੂੰ ਚੱਕਣ ਲਈ ਕੋਈ ਹੈ ਨਹੀਂ ਸੀ। ਬਸ ਫੜ ਕੇ ਸਾਉਥਾਹਲ ਵੜ ਗਿਆ। ਜੇਬ ਵਿਚ ਸਿਰਫ ਸੌ ਪੌਂਡ ਸੀ। ਜਦ ਸੁਰੰਗ ‘ਚੋਂ ਬਸ ਬਾਹਰ ਨਿੱਕਲ਼ੀ, ਇੱਕ ਜਹਾਜ ਦਾ ਮੌਡਲ ਖੜ੍ਹਾ ਸੀ। ਇਸ ਤੋਂ ਬਾਅਦ ਮੋਟਰਵੇ ਤੇ ਪੈ ਕੇ ਬੱਸ ਸਾਉਥਹਾਲ ਵੱਲ ਲੈ ਗਈ। ਮੈਨੁੂੰ ਦੱਸਿਆ ਸੀ ਕਿ ਹੈਵੇਲੋਕ ਗੁਰਦੁਆਰਾ ਜਾਣਾ ਸੀ। ਪਹਿਲਾਂ ਰਵੀਦਾਸ ਗੁਰਦੁਆਰਾ ਲੰਘਿਆ, ਫਿਰ ਪੰਜਾਬ ਰੇਡੀਓ, ਫਿਰ ਫੈਦਰਸਟਾਉਨ ਸਕੂਲ। ਇੱਕ ਚੌਂਕ ਆ ਕੇ ਬਰਤਨੀਆ ਦਾ ਸਭ ਤੋਂ ਵੱਡਾ ਗੁਰਦੁਆਰਾ ਦਿਸ ਪਿਆ। ਏਥੋਂ ਮੈਂ ਓਟ ਬਾਰੇ ਆਖਿਆ। ਮੈਨੂੰ ਇੱਕ ਦੋ ਰਾਤਾਂ ਲਈ ਰਹਿਣ ਦੇਣ ਲਈ ਤਿਆਰ ਸਨ, ਪਰ ਇਸ ਤੋਂ ਜਿਆਦਾ ਨਹੀਂ। ਕਿਸਮਤ ਨਾਲ਼ ਇਕ ਮੁੰਡਾ, ਸਿਮਰਨ, ਮਿਲ ਪਿਆ। ਉਸ ਨੇ ਮੈਨੂੰ ਦੱਸ ਪਾਈ ਕਿ ਇੱਕ ਥਾਂ ਹੈ ਬਰਾਡਵੇ ਤੇ ਜਿਸ ਤੇ ਮੇਰੇ ਵਰਗੇ ਕਈ ਫੌਜੀ ਹਨ, ਮਤਲਬ ਬੇਜਾਬਤੇ ਬੰਦੇ। ਲੋਕਲ ਪੰਜਾਬੀ ਜੰਮਪਲ ਪੰਜਾਬ ਤੋਂ ਤਾਜ਼ੇ ਆਏ ਲੋਕਾਂ ਨੂੰ ਫ੍ਰੇਸ਼ੀ ਅਪਮਾਨ‘ਚ ਆਖਦੇ ਨੇ। ਮੈਂ ਅੰਗ੍ਰੇਜ਼ੀ ਗੋਰਿਆਂ ਵਾਂਗ ਨਹੀਂ ਵੱਢ ਸਕਦਾ ਕਰਕੇ ਮੈਂ ਫ੍ਰੇਸ਼ੀਆਂ ‘ਚ ਗਿਣਿਆ ਜਾਂਦਾ ਸੀ।ਐਪਰ ਸਿਮਰਨ ਮੈਨੂੰ ਇਸ ਥਾਂ ਲੈ ਗਿਆ ਸੀ। ਏਥੇ ਪਤਾ ਲੱਗਿਆ ਕਿ ਸਿਮਰਨ ਪੰਜਾਬ ਵਿੱਚ ਤਾਂ ਐਮ ਏ ਸੀ ਪਰ ਇੰਗਲੈਂਡ ਵਿੱਚ ਲੰਬੇ ਘੰਟੇ ਲਾਉਂਦਾ ਸੀ ਦੁਕਾਨ ‘ਚ ਖੜ੍ਹ ਕੇ। ਚਾਰ ਸਾਲ ਹੋਏ ਨੇ ਜਦ ਦਾ ਸੁਰਗ ‘ਚ ਆਇਆ। ਗੁਰਦੁਆਰੇ ਰੋਜ ਜਾਂਦਾ ਹੈ ਖਾਣ ਪੀਣ ਲਈ। ਪਰ ਟਾਇਮ ਨਹੀਂ ਹੈ ਹੋਰ ਕੁਝ ਕਰਨ ਲਈ। ਸਵੇਰ ਰਾਤ ਤੱਕ ਦੁਕਾਨ ਹੀ ਦੇਖੀ ਹੈ। ਮੈਂ ਸੋਚਿਆ ਝੂਠ ਬੋਲਦਾ ਏ। ਕਿੰਨੇ ਜਣੇ ਪੰਜਾਬ ਹਰ ਸਾਲ ਆਉਂਦੇ ਨੇ ਬਟੂਏ ‘ਚੋਂ ਖੁਲ਼੍ਹਾ ਖਰਚ ਕਰਦੇ ਨੇ। ਸਾਰੇ ਮੇਰੇ ਵੱਲ ਵੇਖ ਕੇ ਹਸ ਪਏ।
ਸਾਰਿਆਂ ਨੇ ਆਵਦੀਆਂ ਕਹਾਣੀਆਂ ਮੈਨੂੰ ਦੱਸੀਆਂ। ਮੇਰਾ ਚਿਤ ਕਰਦਾ ਸੀ ਹਰਿੱਕ ਨੂੰ ਕਹਿਣ ਨੂੰ "ਜਾਣ ਦਿਆ ਕਰ।" ਪਰ ਘੜੀ ਨੂੰ ਇਹ ਮੇਰਾ ਹਾਲ ਹੋਣ ਵਾਲ਼ਾ ਸੀ। ਪਹਿਲਾ ਮੋਹਨ ਸੀ, ਜਿਸ ਦੇ ਟੱਬਰ ਨੇ ਗਹਿਣੇ ਵੇਚ ਕੇ ਉਸਨੂੰ ਸਟੂਡੈਂਟ ਪਾਸ ਦਿਵਾਇਆ। ਜਦ ਯੂ ਕੇ ਪਹੁੰਚਿਆ ਤਾਂ ਸਾਊਥਹਾਲ ਕਾਲਜ ‘ਚ ਦਾਖਲਾ ਲੈ ਲਿਆ। ਪਰ ਉਸਦੀ ਨੀਅਤ ਤਾਂ ਸੀ ਕੰਮ ਕਰਕੇ ਪੈਸੇ ਬਣਾਉਣ ਦੀ। ਘਰ ਵਾਪਸ ਭੇਜਣੇ ਸੀ। ਪਰ ਇਸ ਵੇਲੇ ਤਾਂ ਯੂ ਕੇ ਵਿੱਚ ਮੰਦਵਾੜਾ ਸੀ। ਇੰਗਲੈਂਡ ਦੇ ਜੰਮਪਲਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਸਨ। ਬਾਹਰਲੇ ਬੰਦੇ ਦਾ ਕੀ? ਸਾਊਥਹਾਲ ਦੀਆਂ ਸੜਕਾਂ ਤੇ ਅਵਾਰੇ ਵਾਂਗ ਤਰਲੇ ਮਾਰਦਾ ਸੀ। ਹਰ ਦੁਕਾਨ‘ਚ ਜਾ ਕੇ ਹੱਥ ਅੱਡਿਆ ਨੌਕਰੀ ਲਈ। ਵੀਹ ਘੰਟੇ ਆਵਦਾ ਮੂੰਹ ਕਾਲਜ ‘ਚ ਵੀ ਵਿਖਾਉਣਾ ਪੈਂਦਾ ਸੀ, ਨਹੀਂ ਤਾਂ ਸਟੂਡੈਂਟ ਵੀਜ਼ਾ ਗਿਆ ਗੁਆਚਾ ਸਮਝੋ ਅਤੇ ਜਹਾਜ ਤੇ ਬਿਠਾ ਕੇ ਜਬਰਦਸਤੀ ਨਾਲ਼ ਪੰਜਾਬ ਵਾਪਸ ਭੇਜ ਸਕਦੇ ਸੀ। ਹਾਰਕੇ ਇੱਕ ਦੁਕਾਨਦਾਰ ਨੇ ਕਾਮੇ ਦੇ ਤੌਰ ਤੇ ਰੱਖ ਲਿਆ। ਆਮ ਮਜ਼ਦੂਰ ਨੂੰ ਵੀਹ ਪੌਂਡ ਤੱਕ ਤਨਖਾਹ ਘੰਟੇ ਦੀ ਮਿਲ ਸਕਦੀ ਹੈ। ਪਰ ਮੋਹਨ ਤਾਂ ਫ਼ੌਜੀ ਹੀ ਸੀ। ਇਸ ਲਈ ਸਾਰੇ ਦਿਨ ਲਈ ਹੀ ਦਸ ਪੌਂਡ ਹੀ ਮਿਲਦੇ ਸੀ। ਜੋੜ ਜੋੜ ਕੇ ਇੰਡੀਆ ਭੇਜਣੇ ਪੈਂਦੇ ਸੀ। ਸੁਬ੍ਹਾ ਪੰਜ ਵਜੇ ਉੱਠ ਕੇ ਦੁਕਾਨ ਜਾਂਦਾ ਸੀ ਅਤੇ ਰਾਤ ਨੂੰ ਦਸ ਵਜੇ ਵਾਪਸ ਆਉਂਦਾ ਸੀ। ਵਾਪਸ ਕਿੱਥੇ? ਇੱਕ ਤਿੰਨ ਬੈਡਰੂਮ ਦਾ ਘਰ ਕਰਾਏ ਤੇ ਲਿਆ ਸੀ, ਜਿਸ ਵਿੱਚ ਬਾਰਾਂ ਮੁੰਡਿਆਂ ਨਾਲ਼ ਸਾਂਝ ਸੀ। ਘਰ ਦੀ ਹਾਲਤ ਮਾੜੀ ਸੀ। ਪਰਦੇ ਹਮੇਸ਼ਾ ਕੀਤੇ ਹੁੰਦੇ ਸਨ ਅਤੇ ਬਾਰੀਆਂ ਪੱਕੀਆਂ ਬੰਦ ਸਨ। ਇਸ ਲਈ ਘਰ ਵਿੱਚ ਹਵਾ ਨਹੀਂ ਆਉਂਦੀ ਸੀ। ਮੈਲ਼ੀਆਂ ਕੰਧਾਂ ਤੇ ਜਾਲ਼ੇ ਤੇ ਕਾਈ ਆਦਿ ਜੰਮੀ ਹੋਈ ਸੀ। ਡਰਦੇ ਪਰਦੇ ਹਟਉਂਦੇ ਨਹੀਂ ਸੀ। ਇੰਨ੍ਹੇ ਆਦਮੀਆਂ ਦੇ ਰਹਿਣ ਕਰਕੇ ਕੂੜਾ ਢੋਲਾਂ ‘ਚੋਂ ਡਿੱਗਦਾ ਸੀ ਜਿਵੇਂ ਕੂੜੇਦਾਨ ਨੂੰ ਉਛਾਲ਼ੀਆਂ ਆਉਂਦੀਆਂ ਹੋਣ। ਸੱਚ ਸੀ ਪੰਜਾਬ ਦੀਆਂ ਮਾਵਾਂ ਸਿਰਫ ਧੀਆਂ ਨੂੰ ਹੀ ਸਫਾਈ ਰੱਖਣਾ ਸਿਖਾਉਂਦੀਆਂ ਹਨ। ਮੁੰਡੇ ਤਾਂ ਇੱਦਾਂ ਦੇ ਕੰਮ ਕਰਦੇ ਹੀ ਨਹੀਂ। ਪਰ ਪੱਛਮ ਵਿੱਚ ਮਰਦ ਨੂੰ ਤਾਂ ਭਾਂਡੇ ਧੋਣ ਤੋਂ ਲੈ ਕੇ ਬਾਲਕ ਦੇ ਪੋਤੜੇ ਪੰਓਲਾਂ (ਨੈਪੀਜ਼ ਜਾਂ ਡਾਈਪਰ) ਸਾਫ ਕਰਨ ਤੋਂ ਬਿਨਾਂ ਸਰਦਾ ਨਹੀਂ ਹੈ। ਕਿਸਮਤ ਵਾਲ਼ੇ ਮੁੰਡੇ ਇਸ ਤਰਾਂ ਹੀ ਜਿਉਂਦੇ ਸੀ। ਬਦਕਿਸਮਤ ਦੂਜੇ ਮੁੰਡਿਆਂ ਵਾਂਗ ਰਹਿੰਦੇ ਸਨ।
ਦੂਜੇ ਦਾ ਨਾਂ ਤਰਲੋਚਨ ਯਾਨੀ ਤੋਚੀ ਸੀ। ਤੋਚੀ ਨੂੰ ਰਹਿਣ ਲਈ ਥਾਂ ਨਹੀਂ ਮਿਲ ਸਕਦਾ ਸੀ ਕਿਉਂਕਿ ਵੀਜ਼ਾ ਤਾਂ ਹੈਂ ਨਹੀਂ ਸੀ। ਮੇਰੇ ਵਰਗਿਆਂ ਨੇ ਉਸ ਨੂੰ ਇਥੇ ਰਾਹਦਾਰੀ ਦਿੱਤੀ ਸੀ, ਨੰਬਰ ਦੋ ਰਾਹਦਾਰੀ। ਉਹ ਹਰ ਰੋਜ ਸੜਕਾਂ ਤੇ ਟੋਲੇ ਨਾਲ਼ ਸ਼ਰਾਬਾਂ ਪੀਂਦਾ ਸੀ, ਗੁਰਦੁਆਰੇ ਰੋਟੀ ਖਾਂਦਾ ਸੀ ਅਤੇ ਰਾਤ ਤੱਕ ਟਾਇਮ ਪਾਸ ਕਰਦਾ ਸੀ। ਉਸਨੇ ਪੰਜਾਂ ਸਾਲਾਂ ਵਿੱਚ ਘਰ ਵਾਲਿਆਂ ਨਾਲ਼ ਗੱਲ ਨਹੀਂ ਕੀਤੀ ਸੀ। ਬਾਪੁੂ ਨੂੰ ਤਾਂ ਲੱਗਦਾ ਹੋਵੇਗਾ ਕੇ ਮੁੰਡਾ ਇੰਗਲਿਸ਼ਤਾਨ ਸੈੱਟ ਹੋ ਗਿਆ ਸੀ। ਪਰ ਤੋਚੀ ਤਾਂ ਹਰ ਰਾਤ ਇੱਕ ਘਰ ਦੇ ਗਰਾਜ ‘ਚ ਸੌਂਦਾ ਸੀ, ਦਸ ਹੋਰ ਮੁੰਡਿਆਂ ਨਾਲ। ਪੁਲ਼ਸ ਵੀ ਹਮੇਸ਼ਾ ਛਾਪਾ ਮਾਰਦੀ ਰਹਿੰਦੀ ਸੀ। ਜਿਹੜੇ ਫੜੇ ਜਾਂਦੇ ਸਨ ਵਾਪਸ ਭੇਜ ਦਿੰਦੇ ਸੀ। ਪਰ ਪਹਿਲਾ ਕਈ ਮਹੀਨੇ ਜੇਲ਼੍ਹਾਂ ਗੁਜ਼ਾਰਨੇ ਪੈਂਦੇ ਸੀ। ਇਸ ਟੋਲੇ ‘ਚ ਸ਼ਰਾਬ ਪੀਣਾ ਲਾਜਮੀ ਸੀ। ਕੁਝ ਮੁੰਡੇ ਤਾਂ ਗਾਂਡੂ ਬਣ ਗਏ ਸਨ। ਇੱਕ ਤਾਂ ਇਸ ਤਰਾਂ ਪੈਸੇ ਬਣਾਕੇ ਘਰ ‘ਚ ਰਹਿਣ ਲੱਗ ਪਿਆ ਸੀ। ਤੋਚੀ ਨੇ ਸੁਣਿਆ ਕਿ ਉਹ ਤਾਂ ਪੰਜਾਬ ਵੀ ਵਾਪਸ ਛੁੱਟੀਆਂ ਕਰਨ ਜਾਂਦਾ ਸੀ। ਕੰਜਰ ਪੈਸੇ ਨਾਲ਼ ਪੰਜਾਬ ‘ਚ ਆਪਨੂੰ ਤਾਜਰ ਵੇਖਾਉਂਦਾ ਸੀ। ਉਸਦੇ ਪੈਸੇ ਵੇਖ ਕੇ ਸਾਰੇ ਪੰਜਾਬ ਦੇ ਵਾਸੀ ਵਾਹਵਾ ਗੱਲਾਂ ‘ਚ ਪੈਂਦੇ ਸੀ। ਤੋਚੀ ਵੀ ਹੁਣ ਕੋਈ ਉਲਟਾ ਕੰਮ ਲੱਭਦਾ ਸੀ ਕਿਉਂਕਿ ਹੋਰ ਕਰੇ ਵੀ ਕੀ? ਪੰਜਾਬ ਤੋਂ ਤਾਂ ਇੱਜ਼ਤਦਾਰ ਕੁੜੀਆਂ ਵੀ ਇਹ ਕੰਮ ਕਰਦੀਆਂ ਸਨ, ਫਿਰ ਤੋਚੀ ਸੋਚਦਾ ਮੈਂ ਵੀ ਕਰਲਾਂ? ਹੋਰ ਕਿੰਨੇ ਸਾਲ ਸੜਕਾਂ ਅਤੇ ਗਰਾਜਾਂ ‘ਚ ਰੁਲ਼ੂੰਗਾ?
ਮੈਂ ਸਮਝ ਗਿਆ ਕਿ ਰਣਜੀਤਪੁਰ ਤੋਂ ਬੁਰੀ ਜਿੰਦਗੀ ਹੈ ਇਹ ਗੋਰਿਆਂ ਦੀ ਜੰਨਤ ‘ਚ ਵਿੱਚ। ਲੱਗਦੈ ਪਹਿਲੇ ਪਰਵਾਸੀ ਕੁਝ ਖੱਟ ਗਏ, ਪਰ ਅੱਜ ਦੇ ਸੁਪਨੇ ਲੈਣ ਵਾਲ਼ਿਆ ਲਈ ਗੱਲ ਹੋਰ ਹੈ। ਅਸੀਂ ਤਾਂ ਇੱਥੇ ਆ ਕੇ ਫਸ ਗਏ! ਉਂਝ ਕੁਝ ਕਾਮਯਾਬ ਵੀ ਸੀ, ਪਰ ਜਿਆਦਾ ਟੱਕਰਾਂ ਹੀ ਮਾਰਦੇ ਸਨ। ਵਾਪਸ ਵੀ ਜਾ ਨਹੀਂ ਸਨ ਸਕਦੇ, ਇੱਥੇ ਵੀ ਔਖੇ ਸਨ। ਜਦ ਉਨ੍ਹਾਂ ਨੂੰ ਮਿਲਆਿ ਮੈਂ ਇਹ ਸਭ ਮੁਬਾਲਗਾ ਸਮਝਦਾ ਸੀ। ਹੌਲ਼ੀ ਹੌਲ਼ੀ ਮੈਂ ਵੇਖ ਲਿਆ ਕਿ ਇੱਥੇ ਰਣਜੀਤਪੁਰ ਵਾਂਗ ਦੋਂ ਰੰਗ ਸੀ। ਇੱਕ ਹੈਰਤ ਅੰਗੇਜ਼, ਇੱਕ ਦਹਿਸ਼ਤ ਅੰਗੇਜ਼! ਸੱਚ ਸੀ ਅੰਗ੍ਰੇਜ਼ ਹਰ ਗੈਰ ਮੁਲਕੀ ਨੂੰ ਅਸਲੀ ਇੰਗਲੈਂਡ ਤੋਂ ਪਰ੍ਹਾਂ ਰੱਖਣੇ ਚਾਹੁੰਦੇ ਸਨ। ਹਰ ਪਰਦੇਸੀ ਨੂੰ ਲੰਡਨ ਦੇ ਮਹੱਲਿਆਂ ‘ਚ ਬੰਦ ਕਰਕੇ ਰੱਖਿਆ ਹੋਇਆ ਸੀ, ਜਿਵੇਂ ਭੇਡਾਂ ਦੇ ਵਾੜੇ ‘ਚ ਰੱਖੇ ਹੋਣ। ਸਾਊਥਹਾਲ ਵੀ ਇੰਝ ਸੀ, ਹੈਂਡਜ਼ਵਰਥ ਵੀ ਅਤੇ ਇਲਫੌਡ ਵੀ। ਸਾਰੇ ਪੰਜਾਬੀ, ਸੋਮਾਲੀ, ਗੁਜਰਾਤੀ ਅਤੇ ਪੋਲਸਕੀ ਇੱਥੇ ਢੇਰੀ ਕੀਤੇ ਹੋਏ ਸਨ। ਜਿੰਨ੍ਹਾਂ ਦੇ ਬੱਚੇ ਪੜ੍ਹ ਗਏ ਹੌਲ਼ੀ ਹੌਲ਼ੀ ਨਿੱਕਲ਼ ਜਾਂਦੇ ਸੀ। ਪਰ ਇਹ ਸਭ ਬਾਅਦ ‘ਚ ਪਤਾ ਲੱਗਿਆ।
ਉਨ੍ਹਾਂ ਸਭ ਨੂੰ ਮਿਲਣ ਬਾਅਦ ਮੋਹਨ ਨੇ ਮੈਨੂੰ ਇੱਕ ਮੁੰਡੇ ਦਾ ਨੰਬਰ ਦਿੱਤਾ। ਚੰਗੀ ਗੱਲ ਹੋਈ ਨਹੀਂ ਤਾਂ ਤੋਚੀ ਨਾਲ਼ ਸੜਕਾਂ ਤੇ ਸ਼ਰਾਬ ਪੀਣ ਲੱਗ ਜਾਣਾ ਸੀ। ਨੰਬਰ ਸੁੱਖੇ ਦਾ ਸੀ। ਮੈਂ ਹੀ ਉਸ ਨੂੰ ਤਾਰੀ ਨਾਂ ਦਿੱਤਾ। ਉਸਨੂੰ ਇੰਨਾ ਪਤਾ ਸੀ ਕਿ ਮੈਨੂੰ ਰਹਿਣ ਲਈ ਥਾਂ ਚਾਹੀਦਾ ਸੀ ਅਤੇ ਨੌਕਰੀ। ਸੁੱਖਾ ਇੱਕ ਕਬਾੜਖਾਨਾ ਸੀ ਜਿਸ ਨੂੰ ਅੰਗ੍ਰੇਜ਼ ਪੌਂਡ ਸ਼ਾਪ ਸਦਦੇ ਸੀ, ਕਿਉਂਕਿ ਹਰ ਚੀਜ਼ ਸਸਤੀ ਸੀ, ਅੱਧੀਆਂ ਚੀਜ਼ਾਂ ਇੱਕ ਪੌਂਡ ਲਈ। ਮੈਨੂੰ ਕੰਮ ਸਿਖਾ ਦਿੱਤਾ। ਟਿਲ ਦੇ ਪਿੱਛੇ ਖੜ੍ਹਨਾ, ਅਤੇ ਪੈਸਿਆਂ ਦਾ ਹਿਸਾਬ ਕਰਨਾ। ਦੁਕਾਨ ਦਾ ਮਾਲਿਕ ਪਠਾਣੀ ਸਰਦਾਰ ਸੀ। ਸਵੇਰੇ ਖੋਲ਼੍ਹ ਕੇ ਚਾਬੀਆਂ ਸੁੱਖੇ ਕੋਲ਼ ਛੱਡ ਜਾਂਦਾ ਸੀ। ਪਰਛਾਵੇਂ ਢਲਨ ਤੇ ਮੈਂ ਆ ਖਲੋਂਦਾ ਸੀ। ਅੱਠ ਘੰਟੇ ਲਈ ਕੰਮ ਕਰਦਾ ਸੀ। ਦੁਕਾਨ ਦੇ ਉਪਰ ਕਮਰਾ ਸੀ ਜਿਥੇ ਸਸਤਾ ਜਿਹਾ ਪਲੰਘ ਡਾਹਿਆ ਸੀ। ਪਹਿਲਾਂ ਮੈਂ ਉਸਤੇ ਪੈਂਦਾ ਸੀ, ਫਿਰ ਸੁੱਖਾ। ਸੁੱਖੇ ਨੂੰ ਖਾਣਾ ਬਣਾਉਣਾ ਆਉਂਦਾ ਨਹੀਂ ਸੀ, ਮੈਨੂੰ ਹੀ ਪਕਾਉਣਾ ਪੈਂਦਾ ਸੀ। ਬਾਥਰੂਮ ਗੰਦਾ ਸੀ, ਲਵਾਬੋ (ਟੋਇਲਟ) ਵੀ।ਸਭ ਗਰਦ ਨਾਲ਼ ਭਰਿਆ ਸੀ। ਪੈਸੇ ਬਹੁਤ ਘੱਟ ਮਿਲਦੇ ਸੀ। ਇੱਥੇ ਸਾਲ ਬੀਤਿਆ। ਇਸ ਸਾਲ ਵਿੱਚ ਮੈਂ ਵੇਖਿਆ ਕੇ ਜੋ ਪੰਜਾਬ ‘ਚ ਅੰਗ੍ਰੇਜ਼ੀ ਸਿਖਾਉਂਦੇ ਸੀ ਸੁਆਹ ਖੇਹ ਸੀ। ਕੋਈ ਉਸ ਤਰਾ ਦੀ ਇੰਗਲਿਸ਼ ਬੋਲਦਾ ਨਹੀਂ ਸੀ। ਕਦੇ ਵੀ ਇਨ੍ਹਾਂ ਲੋਕਾਂ ਦੀਆਂ ਗੱਲਾਂ ਦੀ ਸਮਝ ਪੈਂਦੀ ਨਹੀਂ ਸੀ! ਪਹਿਲਾਂ ਪਹਿਲਾਂ ਤਾਂ ਗੋਰਿਆਂ ਨਾਲ਼ ਬੋਲਣ ਤੋਂ ਵੀ ਡਰ ਲਗਦਾ ਸੀ। ਹੌਲ਼ੀ ਹੌਲ਼ੀ ਪਤਾ ਲੱਗਾ ਕਿ ਅੰਗ੍ਰੇਜ਼ੀ ਦੇ ਕਈ ਰੰਗ ਨੇ। ਊਚੀ ਪੜ੍ਹਾਈ ਵਾਲ਼ਿਆਂ ਦੀ ਬੋਲੀ ਹੋਰ ਸੀ, ਅਤੇ ਆਮ ਜਨਤਾ ਦਾ ਸੁਰ ਦੁਬਾਅ ਹੋਰ ਸੀ। ਜਿਆਦਾ ਗੋਰੇ ਤਾਂ ਝੁੱਡੂ ਡੰਗਰ ਹੀ ਸਨ। ਉਨ੍ਹਾਂ ਦੇ ਜਵਾਕ ਕਾਲ਼ਿਆਂ ਵਾਂਗ ਬੋਲਣਾ ਪਸੰਦ ਕਰਦੇ ਸੀ। ਨਾਲ਼ੇ ਜਿੱਥੇ ਇੰਡੀਆ ਵਿੱਚ ਸਾਰੇ ਇੱਕ ਰੰਗਾਂ ਦੇ ਲੋਕ ਸੀ, ਭਾਵੇਂ ਪੱਕੇ ਰੰਗ ਦੇ ਜਾਂ ਦੁੱਧ ਰੰਗ ਦੇ; ਇੱਥੇ ਦੁਨੀਆ ਦੀ ਹਰ ਕੌਮ ਸੀ। ਕੋਈ ਜਾਤ ਪਾਤ ਦਾ ਫਰਕ ਨਹੀਂ ਸੀ। ਪਰ ਮੁਸਲਮਾਨਾਂ ਨੂੰ ਨਫਤਰ ਕਰਦੇ ਸੀ। ਉਨ੍ਹਾਂ ਲਈ ਹਰ ਪੱਗ ਵਾਲ਼ਾ ਮੁਸਲਮਾਨ ਸੀ ਅਤੇ ਹਰ ਦੇਸੀ ਆਦਮੀ ਉਗਰਵਾਦੀ ਸੀ। ਸਾਨੂੰ ਸਭ ਨੂੰ ਪੈਕੀ ਆਖਦੇ ਸੀ।
ਗੋਰਿਆਂ ਦੀ ਗੱਲ ਤਾਂ ਵੱਖਰੀ ਸੀ। ਸਾਡੇ ਲੋਕ ਜੋ ਇਸ ਦੇਸ਼ ਦੇ ਜੰਮੇ ਸਨ, ਸਾਨੂੰ ਚੰਡਾਲ਼ਾਂ ਤੋਂ ਨੀਚੇ ਸਮਝਦੇ ਸੀ। ਕੇਵਲ ਅੰਗ੍ਰੇਜ਼ੀ ਬੋਲਣਾ ਚਾਹੁੰਦੇ ਸੀ ਅਤੇ ਪੰਜਾਬੀ ਹਿੰਦੀ ਬੋਲਣ ਵਾਲ਼ੇ ਨੂੰ ਬੁੱਧਹੀਨ ਸਮਝਦੇ ਸੀ। "ਆਫ ਦਾ ਬਾਓਟ ਫ੍ਰੈਸ਼ੀ" ਸੱਦਦੇ ਸੀ। ਕਲਚਰ ਦੇ ਤੌਰ ਤੇ ਉਨ੍ਹਾਂ ਤੇ ਸਾਡੇ ਵਿੱਚ ਬਹੁਤ ਫਾਸਲਾ ਸੀ। ਇਸ ਲਈ ਅਸੀਂ ਹਮ੍ਹਾਤੜ ਤਮ੍ਹਾਤੜ ਹੀ ਰਹਿੰਦੇ ਸੀ। ਦੂਜੇ ਪਾਸੇ ਮੈਂ ਮੰਨਦਾ ਹਾਂ ਕਿ ਅਸੀਂ ਪੈਸਿਆਂ ਲਈ ਲਾਲਚੀ ਸੀ, ਸੋਚਾਂ ‘ਚ ਤੰਗ ਵੀ ਸੀ। ਉਨ੍ਹਾਂ ਵਿੱਚ ਕੋਈ ਜਾਤ ਪਾਤ ਨਹੀਂ ਸੀ, ਕੋਈ ਜਨਾਨੀ ਬੰਦੇ ਦੇ ਹੱਕਾਂ ‘ਚ ਫਾਸਲਾ ਨਹੀਂ ਸੀ ਅਤੇ ਵੱਢੀ ਨੂੰ ਤਾਂ ਨਫਰਤ ਕਰਦੇ ਸੀ। ਪਰ ਇਹ ਤਾਂ ਹਰ ਵਲੈਤ ਦੀ ਵਾਸੀ ਦੀ ਸੱਭਿਅਤਾ ਸੀ। ਮੋਹਨ ਨੇ ਸੁੱਖੇ ਨੂੰ ਦੱਸਿਆ ਸਾਊਥਹਾਲ ‘ਚੋਂ ਬਾਹਰ ਸਲਾਓ ਦੁਕਾਨ ਸੀ ਜਿੱਥੇ ਵੱਧ ਪੈਸੈ ਮਿਲਦੇ ਸੀ, ਅਤੇ ਉਨ੍ਹਾਂ ਨੂੰ ਇੱਕ ਕਾਮੇ ਦੀ ਲੋੜ ਸੀ। ਜਦ ਸੁੱਖੇ ਨੂੰ ਨੌਕਰੀ ਮਿਲ ਗਈ ਉਸ ਨੇ ਦੁਕਾਨਦਾਰ ਨਾਲ਼ ਮਿੰਨਤਾਂ ਕੀਤੀਆਂ ਮੈਨੂੰ ਵੀ ਨੌਕਰੀ ਦੇਣ ਲਈ। ਬੰਦਾ ਸਿੱਖ ਸਰਦਾਰ ਸੀ ਜਿਸ ਨੇ ਸੁਬਕਦੇਸ਼ ਹੋਣਾ ਸੀ। ਉਹ ਲਈ ਮੰਨ ਗਿਆ। ਮੈਨੂੰ ਮਹੀਨੇ ਦਾ ਛੇ ਸੌ ਮਿਲਦਾ ਸੀ। ਸੁੱਖੇ ਨੇ ਤਾਂ ਵਾਪਸ ਪੰਜਾਬ ਪੈਸੇ ਭੇਜਣੇ ਸੀ, ਪਰ ਮੈਂ ਆਪਣੇ ਲਈ ਰੱਖੇ। ਹੁਣ ਮੈਂ ਵੀ ਇੰਗਲੈਂਡ ਵੇਖਣਾ ਚਾਹੁੰਦਾ ਸੀ। ਪਰ ਪਹਿਲਾਂ ਦਿਹਾੜੀ ਲਾਉਣੀ ਪੈਂਦੀ ਸੀ। ਜਦ ਕੰਮ ਮੁਕ ਜਾਂਦਾ ਸੀ ਨੀਂਦ ਭਾਰੂ ਹੋ ਜਾਂਦੀ ਸੀ। ਸਰਦਾਰ ਨੂੰ ਕੰਮ ਲੈਣਾ ਆਉਂਦਾ ਸੀ। ਸੁੱਖਾ ਕਦ ਦਾ ਇੱਥੇ ਆਇਆ ਅਤੇ ਕੰਮ ਹੀ ਕੀਤਾ। ਮੁਲਕ ਤਾਂ ਵੇਖਿਆ ਨਹੀਂ। ਕਿਉਂਕਿ ਮੇਰੇ ਵਾਂਗ ਦੋ ਨੰਬਰ ਬੰਦਾ ਸੀ ਟੈਕਸੀ ਵੀ ਡਰਾਈਵ ਨਹੀਂ ਕਰ ਸਕਦਾ ਸੀ। ਪਾਗਲਾਂ ਵਾਂਗ ਦਿਨ ਰਾਤ ਕੰਮ ਕਰਦਾ ਸੀ। ਪੈਸੇ ਮਾਂ-ਪਿਓ ਕੋਲ਼ ਜਾਂਦੇ ਹੋਣ ਕਰਕੇ ਖੁਦ ਅਨੰਦ ਨਹੀਂ ਲੈ ਸਕਦਾ ਸੀ। ਗੁੰਡਿਆਂ ਨੇ ਇਥੇ ਲਿਆਂਦਾ ਕਰਕੇ ਛੇ ਸੌ ‘ਚੋਂ ਸੌ ਉਨ੍ਹਾਂ ਨੂੰ ਵੀ ਦੇਣਾ ਪੈਂਦਾ ਸੀ। ਕਾਲ਼ੇ ਧਨ ਦਾ ਨਤੀਜਾ ਹੈ ਚੋਰ ਪੈਸੇ ਲੁੱਟਦੇ ਨੇ। ਮੇਰਾ ਇਸ ਥਾਂ ਵੀ ਸਾਲ ਬੀਤ ਗਿਆ। ਪਰ ਮੈਂ ਆਪਣੇ ਆਪਨੂੰ ਹੁਣ ਇਸ ਜੇਲ਼੍ਹ ‘ਚੋਂ ਕੱਢਣਾ ਚਾਹੁੰਦਾ ਸੀ ਜਿਵੇਂ ਕਿਵੇਂ ਵੀ। ਸੁੱਖਾ ਤਾਂ ਇਮਾਨਦਾਰ ਹੈ, ਪਰ ਮੈਂ ਨਹੀਂ ਇਸ ਤਰਾਂ ਦਾ ਬੰਦਾ। ਮੈਨੂੰ ਪਤਾ ਸੀ ਉਸਨੇ ਤਾਂ ਦਸ ਸਾਲ ਤੱਕ ਵੀ ਇੱਦਾਂ ਹੀ ਤਕਲੀਫ਼ਾਂ ਉਠਾਉਣੀਆਂ ਨੇ, ਪਰ ਵਲਾਇਤ ਨਹੀਂ ਵੇਖਣਾ, ਸੁੱਖ ਨਹੀਂ ਦੇਖਣਾ। ਮੈਂ ਹੋਰ ਇੰਝ ਨਹੀਂ ਰਹਿ ਸਕਦਾ ਸੀ। ਮੈਂ ਤੋਚੀ ਨੂੰ ਫੋਨ ਕੀਤਾ।
ਮੇਰੀ ਤਦਬੀਰ ਸੀ ਫਿਰ ਪਾਪੀ ਬਣਨ ਦੀ। ਤਾਰੀ ਮਾਰਕੇ ਦੇਵ ਵਾਪਸ ਲਿਓਣਾ ਸੀ। ਤੋਚੀ ਹੁਣ ਤੱਕ ਸੜਕਾਂ ਤੇ ਸ਼ਰਾਬੀ ਹੋ ਕੇ ਅੱਡਿਆਂ ਹੱਥਾਂ ਨਾਲ਼ ਗਜ਼ਰ ਦਾ ਸੀ। ਨਿੱਤ ਗਰਾਜ ‘ਚੋਂ ਨਿੱਕਲ਼ ਕੇ ਕੰਮ ਕਰਦਾ ਸੀ। ਹਾਰ ਕੇ ਆਵਾਸ ਅਫਸਰਾਂ ਦੇ ਧੱਕੇ ਚੜ੍ਹ ਗਿਆ ਸੀ ਅਤੇ ਹੋਰ ਕਈਆਂ ਨਾਲ਼ ਜਹਾਜ਼ ਤੇ ਇੰਡੀਆ ਵਾਪਸ ਭੇਜ ਦਿੱਤਾ ਗਿਆ ਸੀ ਖਾਲ਼ੀ ਹੱਥ। ਪਰ ਤੋਚੀ ਬਚ ਗਿਆ ਸੀ ਕਿਉਂਕਿ ਉਸ ਦਿਨ ਓਹ ਕਿਸੇ ਅਮੀਰ ਲੁੱਚੇ ਦੀ ਸੇਜ ‘ਚ ਸਾਂਝੀਵਾਨ ਸੀ। ਇਸ ਤਰਾਂ ਉਸਨੇ ਅਪਰਾਧ ‘ਚ ਪੈਰ ਰੱਖਿਆ। ਦੋ ਮਹਿਨਿਆਂ ‘ਚ ਖੂਬ ਪੈਸੇ ਬਣਾ ਕੇ ਇੱਕ ਲੁੱਚ ਮੰਡਲੀ ‘ਚ ਸ਼ਾਮਲ ਹੋ ਗਿਆ ਸੀ। ਨਕਲੀ ਨਾਂ ਵਰਤ ਕੇ ਕਾਰ ਚਲਾਉਣ ਲੱਗ ਪਿਆ। ਕਦੇ ਕਿਸੇ ਆਦਮੀ ਨਾਲ਼ ਜਾਂਦਾ ਸੀ, ਕਦੇ ਕਿਸੇ ਜਨਾਨੀ ਨਾਲ਼। ਹਰ ਬਾਰ ਪੈਸਿਆਂ ਲਈ। ਜਦ ਇਹ ਕੰਮ ਨਹੀਂ ਕਰਦਾ ਸੀ ਟੈਕਸੀ ਨੂੰ ਜੱਫਾ ਪਾਉਂਦਾ ਸੀ। ਇਸ ਤਰਾਂ ਕੁੜੀਆਂ ਦਾ ਠਾਕਾ ਲਾਉਂਦਾ ਸੀ। ਮੇਰਾ ਕਹਿਣ ਦਾ ਮਤਲਬ ਹੈਂ ਵਲਾਇਤ ਵਿੱਚ ਇੱਕ ਦੋਸ਼ੀ ਕੰਮ ਹੈਂ ਜਦ ਕੰਜਕ ਦੀ ਵੱਸ ਕਰਦੇ ਹੈ, "ਗਰੂਮਿੰਗ" ਕਰਦੇ ਆਦਮੀ ਨੂੰ ਖ਼ੁਸ਼ ਰੱਖਣ ਲਈ। ਮਤਲਬ ਕੁਆਰੀ ਦਾ ਜਿਸਮ ਵੇਚਦੇ ਨੇ। ਕੁੜੀ ਭਾਵੇਂ ਸਕੂਲ ਜਾਂਦੀ ਹੋਵੇ, ਪਰ ਟੈਕਸੀ ਵਾਲ਼ੇ ਜਾਂ ਹੋਰ ਬੰਦੇ ਉਸ ਨੂੰ ਅੱਡੇ ‘ਚ ਲੈ ਜਾਂਦੇ ਨੇ। ਜੇ ਕੁੱਝ ਬੋਲ਼ੀ ਮਾਂ-ਪਿਓ ਨੂੰ ਜਾਂ ਫਿਰ ਉਸਨੂੰ ਮਾਰ ਦਿੰਦੇ ਨੇ। ਆਮ ਗੱਲ ਬਣ ਗਈ ਹੈ ਕਿ ਕੁੜੀਆਂ ਜਿਆਦਾ ਗੋਰੀਆਂ ਸਨ, ਅਤੇ ਵੱਸ ਕਰਨ ਵਾਲੇ, ਗਰੂਮਰ ਪੰਜਾਬੀ ਹੁੰਦੇ ਸਨ। ਆਮ ਪਾਕਿਸਤਾਨ ਦੇ ਵਾਸੀ, ਪਰ ਕਦੇ ਕਦੇ ਭਾਰਤੀ ਵੀ ਇਸ ਕੰਮ ਵਿੱਚ ਪੰਗੇ ਲੈਂਦੇ ਸੀ। ਕੁੱਝ ਪੰਜਾਬਣਾਂ ਵੀ ਵਿੱਚ ਫਸ ਗਈਆਂ, ਖਾਸ ਕਰ ਇੰਡੀਆਂ ਤੋਂ ਨਵੀਆਂ ਆਈਆਂ ਜਾਂ ਸਿੱਖ ਘਰਾਂ ਦੀਆਂ ਭੋਲ਼ੀਆਂ ਧੀਆਂ ਜਿੰਨ੍ਹਾਂ ਨੂੰ ਪਿਆਰ ਦੇ ਵਾਇਦੇ ਦਿੱਤੇ ਗਏ ਸੀ। ਤੋਚੀ ਨੇ ਤਾਂ ਹੁਣ ਇੰਡੀਆ ਦਾ ਵੀ ਚੱਕਰ ਮਾਰ ਲਿਆ ਸੀ। ਉਸਨੂੰ ਵੱਡਾ ਬਿਜ਼ਨਸਮਾਨ ਆਖਦੇ ਸੀ। ਮੈਂ ਵੀ ਇਸ ਟੋਲੇ ‘ਚ ਸ਼ਾਮਲ ਹੋ ਗਿਆ।
ਮੈਂ ਰਾਤ ਨੂੰ ਦੇਵ ਨਾਂ ਹੇਠ ਟੈਕਸੀ ਚਲਾਉਂਦਾ ਸੀ। ਦਿਨੇ ਬਾਰਾਂ ਤੇਰਾਂ ਸਾਲਾਂ ਦੀਆਂ ਕੁੜੀਆਂ ਨੂੰ ਸਕੂਲਾਂ ‘ਚੋਂ ਮਿੱਠੀਆਂ ਗੱਲਾਂ ਕਰਕੇ ਦੋਸਤ ਬਣਾਉਂਦਾ ਸੀ। ਕਾਲਜ ਵਾਲ਼ਿਆਂ ਨੇ ਤਾਂ ਪੁਲ਼ਸ ਨੂੰ ਤਾਰੀ ਨਾਂ ਦਿੱਤਾ ਸੀ, ਪਰ ਉਹ ਤਾਂ ਚੋਰ ਬਜ਼ਾਰ ‘ਚ ਗੁੰਮ ਗਿਆ ਸੀ! ਜਦ ਕੋਈ ਬੇਵਕੂਫ਼ ਕੁੜੀ ਫਸਾ ਲਈ, ਉਸ ਨੂੰ ਪਹਿਲਾਂ ਆਪ ਹਰਾਮਕਾਰੀ ਕਰਦਾ ਸੀ, ਇਹ ਕਹਿਕੇ, "ਆਏ ਲਵ ਯੂ." ਬਾਅਦ ਤੋਚੀ ਦੇ ਗੈਂਗ ਕੋਲ਼ ਕਸਬਨ ਬਣਾਕੇ ਵੇਚ ਦਿੰਦਾ ਸੀ। ਜੇ ਕੋਈ ਕੁੜੀ ਉਲਾਹਮਾ ਦੇਵੇ, ਉਸ ਨੂੰ ਦੱਸਦਾ ਸੀ ਜੇ ਬਹੁਤਾ ਰੌਲ਼ਾ ਪਾਇਆ ਤਾਂ ਉਸ ਦੇ ਟੱਬਰ ਨੂੰ ਮਾਰ ਮੁਕਾਉਣਾ ਹੈ। ਸੌਖੇ ਪੈਸੇ ਬਣਦੇ ਗਏ ਇਸ ਤਰਾਂ। ਟੈਕਸੀ ਆਮ ਚੰਗੇ ਬੰਦੇ ਚਲਾਉਂਦੇ ਸੀ, ਪਰ ਮਿੰਨੀ ਕੈਬਾਂ ‘ਚ ਮੇਰੇ ਵਰਗੇ ਬੰਦੇ ਨਕਲੀ ਆਗਿਆ ਪੱਤਰ ਨਾਲ਼ ਦਾਖਲ ਹੋ ਜਾਂਦੇ ਸਨ। ਹਰ ਰਾਤ ਮੈਂ ਸੜਕਾਂ ਦੇ ਗੰਦੇ ਦ੍ਰਿਸ਼ ਦੇਖਦਾ ਸੀ। ਪੁਰਸ਼ ਆਵਦੀਆਂ ਸਤਵੰਤੀਆਂ ਦੇ ਪਿੱਠਾਂ ਪਿੱਛੇ ਰੰਡੀਆਂ ਨਾਲ਼ ਕਾਮ ਕਰਦੇ ਸੀ। ਲੋਕਲ ਗੋਰੇ ਗੋਰੀਆਂ ਕਲੱਬਾਂ ‘ਚੋਂ ਨਿੱਕਲ਼ਦੇ ਸ਼ਰਾਬੀ ਹੋਏ ਸੜਕਾਂ ਤੇ ਸ਼ਰ੍ਹਲਾ ਛੱਡਦੇ ਸੀ ਜਾਂ ਉਲਟੀ ਕਰਦੇ ਸੀ। ਆਪਸ ਵਿੱਚ ਹੱਟੇ-ਕੱਟੇ ਮੁੰਡੇ ਲੜਦੇ ਵੀ ਸੀ। ਕਲੱਬਾਂ ਦੇ ਰਾਖਿਆਂ ਨਾਲ਼ ਲੜਦੇ ਸੀ। ਸਾਡੀਆਂ ਹਿੰਦੀ ਫਿਲਮਾਂ ‘ਚ ਸਾਡੇ ਲੋਕ ਵੀ ਇੰਝ ਦਿਖਾਉਂਦੇ ਨੇ ਪਰ ਸਚਾਈ ਵਿੱਚ ਸਾਡੇ ਲੋਕਲ ਲੋਕ ਗਿਣਤੀ ਦੇ ਸੀ। ਜਿਆਦਾ ਤਾਂ ਪੜ੍ਹਾਈ ਵੱਲ ਜਾ ਕਮਾਈ ਕਰਨ ‘ਚ ਰੁੱਝੇ ਰਹਿੰਦੇ ਸਨ। ਸਿਵਾ ਮੇਰੇ ਵਰਗੇ ਕੁੱਝ ਲੋਕਾਂ ਦੇ।
ਟੈਕਸੀ ਵਿੱਚ ਲੰਡਨ ਦੇਖ ਲਿਆ। ਸੱਚ-ਮੁੱਚ ਰਣਜੀਤਪੁਰ ਵਰਗਾ ਸੀ। ਇੱਕ ਪਾਸੇ ਸ਼ਹਿਰ ਭੱਦਰ ਪੁਰਖ ਵਾਂਗ ਸੀ ਪਰ ਦੂਜੇ ਪਾਸੇ ਜਿੰਝ ਓਹੀ ਪੁਰਖ ਲੁੱਚਾ ਵੀ ਬਣ ਸਕਦਾ, ਸ਼ਹਿਰ ਵੀ ਉਚੱਕਾ ਸੀ! ਪਰ ਨਾਲ਼ ਹੀ ਇਤਿਹਾਸ ਸੀ, ਲੰਬੇ ਲੰਬੇ ਬਿਜਮੰਦਰ ਸਨ, ਰੌਂਖ ਸੀ, ਅਜਾਇਬ ਘਰ ਸਨ, ਕਲਾ ਸੀ, ਸੰਗੀਤ ਸੀ। ਸਾਹਿਤ ਨਾਲ਼ ਗੋਰੇ ਇੰਨਾ ਪਿਆਰ ਕਰਦੇ ਸੀ ਕਿ ਹਰ ਹੱਥ ਵਿੱਚ ਰਸਾਲੇ, ਨਾਵਲ ਆਦਿ ਸਨ। ਦੁਨੀਆ ਦੀ ਹਰ ਕੌਮ ਇੱਥੇ ਰਹਿੰਦੀ ਸੀ, ਹਰ ਮੁਲਕ ਦਾ ਪਰਸ਼ਾਦ ਪਾਣੀ ਮਿਲਦਾ ਸੀ ਇੱਥੇ। ਜੋ ਕੁਝ ਵਰ੍ਹਿਆਂ ਲਈ ਦੁਕਾਨਾਂ ‘ਚ ਖੜ੍ਹ ਕੇ ਦੇਖ ਨਹੀਂ ਸਕਿਆ, ਟੈਕਸੀ ਚਲਾ ਕੇ ਦੇਖ ਲਿਆ। ਕਦੇ ਗੋਰੇ ਸਵਾਰ ਦੂਰ ਲੈ ਕੇ ਜਾਣੇ ਪੈਂਦੇ ਸੀ। ਮੈੜ ਇਸ ਤਰਾਂ ਵੇਖ ਲਿਆ ਜਿਵੇਂ ਪੰਜਾਬ ਵਾਂਗ ਪਿੰਡਾਂ ‘ਚ ਰਹਿੰਦੇ ਸਨ।ਖੁਲ਼੍ਹੇ ਚੰਗੇ ਘਰ, ਖੁੱਲ਼੍ਹੇ ਖੇਤ ਅਤੇ ਸੁੰਦਰ ਬਾਗ। ਪਰ ਸਾਊਥਹਾਲ ਤੋਂ ਇਹ ਦੁਨੀਆ ਜਿਆਦਾ ਦੂਰ ਸੀ। ਸਾਊਥਾਹਲ ‘ਚ ਤਾਂ ਮਕਾਨ ਉੱਤੇ ਮਕਾਨ ਸੀ। ਸਭ ਜੁੜੇ ਜਿੰਝ ਸੰਗਲ਼ ਦੀਆਂ ਕੜੀਆਂ ਹੋਣ। ਜਿੰਨਾ ਥਾਂ ਇੱਕ ਪਿੰਡ ਦੀ ਹਵੇਲੀ ਦੇ ਚਮਨ ‘ਚ ਸੀ ਓਨੇ ‘ਚ ਤਾਂ ਸਾਊਥਹਾਲ ਦੇ ਦੋ ਘਰ ਆ ਜਾਣ। ਉਂਝ ਪੜ੍ਹੇ ਲਿਖੇ ਪੰਜਾਬੀ ਵੀ ਰੀਤ ਛੱਡ ਕੇ, ਜੜਾਂ ਛੱਡ ਕੇ ਬਾਹਰ ਨਿੱਕਲ਼ ਕੇ ਇਨ੍ਹਾਂ ਇਲਾਕਿਆਂ ‘ਚ ਵੱਸਣ ਲੱਗ ਪਏ ਸੀ।
ਟੈਕਸੀ ਵਿੱਚ ਲੰਡਨ ਦੇਖ ਲਿਆ, ਮੇਰਾ ਲੰਡਨ। ਕਿੰਗ ਕਰਾਸ ਦੇ ਸੜਕਾਂ ਤੇ ਅੱਧੀਆਂ ਨੰਗੀਆਂ ਅਫ਼ੀਮਣਾਂ ਪਿੰਡੇ ਵੇਚਦੀਆਂ ਸੀ, ਸਿਰਫ ਰੋਟੀ ਖਾਣ ਵਾਸਤੇ। ਹਰ ਕੋਲ਼ ਦੱਲਾ ਸੀ, ਜਿਹੜਾ ਉਨ੍ਹਾਂ ਨੂੰ ਕੁੱਟਦਾ ਜੇ ਉਸਨੂੰ ਦਸਵੰਧ ਨਾ ਦਿੰਦੀਆਂ। ਹਰ ਸੜਕ ਤੇ ਗੁੰਡੇ ਅਫ਼ੀਮ ਵੇਚਦੇ ਸੀ। ਪੁਲ਼ਸ ਵਿੱਚ ਵੀ ਹਰ ਪੰਜ ਇਮਾਨਦਾਰ ਅਫਸਰਾਂ ‘ਚੋਂ ਇੱਕ ਸਾਡੇ ਵਰਗਿਆਂ ਨੇ ਜੇਬ ਵਿੱਚ ਰੱਖਿਆ ਸੀ। ਸਭ ਨੂੰ ਪਤਾ ਸੀ ਕਿ ਹਿੰਦੁਸਤਾਨੀਆਂ ਦੀ ਆਦਤ ਸੀ ਗਹਿਣੇ ਰੱਖਣ ਦੀ। ਇਸ ਲਈ ਇਕੱਲੇ ਰਹਿੰਦੇ ਵਡੇਰਿਆਂ ਨੂੰ ਲੁੱਟਦੇ ਸੀ, ਹਰ ਬੀਬੀ ਤੋਂ ਸੜਕ ਤੇ ਕੁੱਝ ਨਾ ਕੁੱਝ ਖੋਹ ਲੈਂਦੇ ਸੀ। ਸਾਡਾ ਗੈਂਗ ਵੀ ਇਨ੍ਹਾਂ ਚੱਕਰਾਂ ‘ਚ ਸੀ। ਹੌਲ਼ੀ ਹੌਲ਼ੀ ਇਸ ਤਰਾਂ ਮੈਂ ਆਵਦਾ ਫਲੈਟ ਲੈ ਲਿਆ ਸੀ। ਇੱਥੇ ਤੋਚੀ ਵੀ ਆਵਦੇ ਸ਼ਿਕਾਰ ਲਿਆਉਂਦਾ ਸੀ। ਤੋਚੀ ਵੀ ਸ਼ੈਤਾਨ ਨਿੱਕਲ਼ਿਆ। ਉਸ ਨੇ ਸਕੀਮ ਸ਼ੁਰੂ ਕਰ ਲਈ ਜਿੱਥੇ ਗੁਰਦੁਆਰਆਿਂ ਤੋਂ ਬਚਿਆ ਮਾਲ ਖਰੀਦ ਕੇ ਉਨ੍ਹਾਂ ਹੀ ਦੁਕਾਨਾਂ ਨੂੰ ਵੇਚਦਾ ਸੀ ਜਿੱਥੋਂ ਲੋਕਾਂ ਨੇ ਪਹਿਲਾਂ ਖਰੀਦਿਆ ਹੁੰਦਾ ਸੀ। ਮੈਂ ਵੀ ਇਸ ਕੰਮ ‘ਚ ਪੈ ਗਿਆ।
ਪਰ ਇਹ ਨਾ ਸੋਚੋ ਕਿ ਇਹ ਮੁਲਕ ਇੰਡੀਆ ਵਰਗਾ ਹੀ ਹੈ। ਸਾਨੂੰ ਪੂਰਾ ਡਰ ਸੀ ਕਿ ਅਸੀਂ ਫੜੇ ਜਾਵਾਂਗੇ। ਕਨੂੰਨ ਤੋਂ ਡਰਦੇ ਸੀ। ਇੱਥੇ ਜੇ ਦੋਸ਼ੀ ਫੜ ਹੋ ਜਾਂਦੈ ਤਾਂ ਲੋਕਾਂ ਨੂੰ ਇਨਸਾਫ ਮਿਲ ਜਾਂਦਾ ਹੈ। ਬਹੁਤ ਘੱਟ ਚਾਂਸ ਹਨ ਵੱਢੀ ਦੇਣ ਜਾਂ ਲੈਣ ਦੇ। ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨਾ ਜਾਣਦੇ ਸੀ ਇੱਥੇ ਦੇ ਜੱਜ। ਵੱਡੇ ਲੋਕਾਂ ਜਾਂ ਵੱਡੇ ਦੋਸ਼ਾਂ ‘ਚ ਹਰਾਮੀ ਵੀ ਹੈਗੇ ਸਨ, ਪਰ ਆਮ ਆਦਮੀ ਦੀ ਜ਼ਿੰਦਗੀ ਤੇ ਕੋਈ ਅਸਰ ਨਹੀਂ ਹੁੰਦਾ ਸੀ। ਰਿਸ਼ਵਤ ਕੋਈ ਦਿੰਦਾ ਜਾਂ ਲੈਂਦਾ ਨਹੀਂ ਸੀ । ਗੋਰਿਆਂ ਅਤੇ ਇੱਥੇ ਪਲ਼ੇ ਹੋਏ ਪੰਜਾਬੀਆਂ ਲਈ ਇਹ ਸੱਚ ਹੈ। ਪਰ ਅਸੀਂ ਤਾਂ ਪੰਜਾਬ ਦੇ ਪਲ਼ੇ ਹੋਏ ਸਾਂ ਅਤੇ ਨੰਬਰ ਇੱਕ ਤੰਗਦਿਲ ਖੋਚਰ ਕਮੀਨੇ ਸਾਂ!
ਇੱਕ ਦਿਨ ਮੇਰੇ ਫਲੈਟ ‘ਚ ਬੁੱਧੂ ਤੋਚੀ ਨੇ ਇੱਕ ਨੌਂ ਸਾਲਾਂ ਦੀ ਕੁੜੀ ਮੂੰਹ ਕਾਲ਼ੇ ਕਰਦੇ ਨੇ ਮਾਰ ਦਿੱਤੀ। ਮੈਂ ਫਸ ਗਿਆ। ਗੈਂਗ ਨੇ ਮਦਦ ਕੀਤੀ ਲਾਸ਼ ਨੂੰ ਠੇਮਜ਼ ਦਰਿਆ ਦੀ ਡੁੰਘਾਈ ‘ਚ ਸੁੱਟਣ ਲਈ। ਪਰ ਹੁਣ ਪੁਲ਼ਸ ਤਾਂ ਸਾਡੇ ਮਗਰ ਆ ਸਕਦੀ ਸੀ। ਮੈਨੂੰ ਹੁਕਮ ਹੋਇਆ ਉਸਨੁੰ ਸੂਟ ਕਰਨ ਦਾ। ਸੋ ਮੈਂ ਤੋਚੀ ਨੂੰ ਸਾਊਥਹਾਲ ‘ਚੋਂ ਬਾਹਰ ਲੈ ਗਿਆ ਆਵਦੀ ਟੈਕਸੀ ਵਿੱਚ। ਰਾਹ ਵਿੱਚ ਸ਼ਰਾਬ ਪਲਾਈ ਗਿਆ। ਇਸ ਤਰਾਂ ਅਸੀਂ ਮਾਰਗੈਟ ਪੁੱਜੇ ਜੋ ਕੈਂਟ ਦਾ ਇੱਕ ਸਮੁੰਦਰੀ ਨਗਰ ਹੈ। ਇੱਥੇ ਉਸਨੂੰ ਗੱਡੀ ਵਿੱਚੋਂ ਨਾਲ਼ ਲੈ ਕੇ ਸ਼ਰਾਬ ਦੇ ਸਰੂਰ ‘ਚ ਹਸਦੇ ਹਸਦੇ ਬੀਚ ਤੇ ਪਹੁੰਚ ਗਏ। ਉੱਥੇ ਇੱਕ ਘਾਟ ਸੀ ਜਿਹੜਾ ਵਧੀ ਹੋਈ ਬਾਂਹ ਵਾਂਗ ਸਮੁੰਦਰ ‘ਚ ਜਾਂਦਾ ਸੀ। ਇਸ ਦੇ ਸ਼ਤੀਰ ਹੇਠ ਬਹਿ ਗਏ ਸਨ। ਪੰਜ ਸਾਲ ਹੋ ਗਏ ਸੀ ਜਦ ਦਾ ਮੈਂ ਕਿਸੇ ਦਾ ਖੂਨ ਕੀਤਾ ਸੀ। ਹੁਣ ਓਹੀ ਦੇਵ ਵਾਪਸ ਆ ਗਿਆ ਸੀ। ਮੈਂ ਤੋਚੀ ਦੇ ਸਿਰ ਉੱਤੇ ਪਲਾਸਟਿਕ ਦਾ ਲਫਾਫਾ ਪਾ ਦਿੱਤਾ। ਫਿਰ ਖਿੱਚਿਆ ਜੋਰ ਨਾਲ਼। ਉਸਦਾ ਸਾਹ ਹੀ ਰੋਕ ਦਿੱਤਾ। ਮੱਛੀ ਵਾਂਗ ਵੱਟ ਖਾਂਦਾ ਤੜਫਦਾ ਮਰ ਗਿਆ। ਫਿਰ ਮੈਂ ਉਸ ਨੂੰ ਪਾਣੀ ਵਿੱਚ ਸਿੱਟ੍ਹ ਦਿੱਤਾ। ਪੁਲ਼ਸ ਨੂੰ ਲੱਗੂਗਾ ਕਿ ਕੋਈ ਸੈਲਾਨੀ ਡੁੱਬ ਗਿਆ। ਜਦ ਉਸ ਦੀ ਸ਼ਨਾਖਤ ਕਰਨ ਦੀ ਕੋਸ਼ਿਸ਼ ਕਰਨਗੇ ਕੁੱਝ ਨਹੀਂ ਪੱਲੇ ਪੈਣਾ ਕਿਉਂਕਿ ਤੋਚੀ ਫੌਜੀ ਸੀ। ਮੈਂ ਟੈਕਸੀ ਗੈਟਵਿਕ ਦੇ ਹਵਾਈ ਅੱਡੇ ਤੇ ਛੱਡ ਕੇ ਟਰੇਨ ‘ਚ ਘਰ ਆ ਗਿਆ। ਅਗਲੇ ਦਿਨ ਫਲੈਟ ਵੇਚਣ ਲਈ ਲਾ ਦਿੱਤਾ ਅਤੇ ਸਾਊਥਹਾਲ ‘ਚੋਂ ਨਿੱਕਲ਼ ਗਿਆ। ਗੈਂਗ ਨੇ ਪੈਸੇ ਦਿੱਤੇ ਸੀ ਅਤੇ ਮੈਨੂੰ ਬਰਮਿੰਗਮ ਭੇਜ ਦਿੱਤਾ। ਫਲੈਟ ਦੀ ਤਲਾਫੀ ਮਿਲ ਗਈ ਸੀ। ਹੁਣ ਮੈਂ ਨਵੇਂ ਟੋਲੇ ਦਾ ਤਲੰਗਾ ਸੀ। ਇਸ ਸ਼ਹਿਰ ‘ਚ ਪੰਜਾਬੀ ਬਹੁਤ ਨੇ। ਨਵੀਂ ਜਿੰਦਗੀ ਸ਼ੁਰੂ ਕਰਨ ਲੱਗਾ ਸੀ। ਸਾਡੇ ਸਰਦਾਰ ਦਾ ਨਾਂ ਜੈਜ਼ੀ ਸੀ। ਉਹ ਰਾਵਣ ਦਾ ਸਕਾ ਭਰਾ ਸੀ। ਹੁਣ ਮੇਰਾ ਵੀ ਚਿੱਤ ਕਰਦਾ ਸੀ ਗੁੰਡਿਆਂ ਉੱਤੇ ਰਾਜ ਕਰਨ ਨੂੰ। ਇੱਥੇਂ ਮੇਰਾ ਤਨੱਜਲ ਸ਼ੁਰੂ ਹੋਇਆ।
ਜੈਜ਼ੀ ਸਿੱਖਾਂ ਦਾ ਮੁੰਡਾ ਸੀ। ਸਿਰ ਢਕਿਆ ਹੁੰਦਾ ਸੀ ਪੱਗ ਨਾਲ਼, ਪਰ ਹਰ ਰਾਤ ਪੱਬਾਂ ‘ਚ ਸ਼ਰਾਬ ਪੀਂਦਾ ਸੀ। ਅਫ਼ੀਮ ਵੀ ਖਾਂਦਾ ਸੀ ਅਤੇ ਲੋਕਾਂ ਨੂੰ ਡਰਾ ਕੇ ਰੱਖਦਾ ਸੀ। ਫੂੱਟਬਾਲ ਲਈ ਉਹ ਪਾਗਲ ਸੀ। ਐਸਟਨ ਵਿਲਾ ਦਾ ਸ਼ੌਂਕੀ ਸੀ। ਬਰਤਾਨਵੀ ਸੀ, ਪੰਜਾਬੀ ਮਸਾਂ ਬੋਲ਼ ਸਕਦਾ ਸੀ, ਪਰ ਫਿਰ ਵੀ ਮੇਰੇ ਵਰਗੇ ਗੈਂਗ ‘ਚ ਚਾਹੀਦੇ ਸਨ। ਮੇਰੀ ਵੀ ਹੁਣ ਅੰਗ੍ਰੇਜ਼ੀ ਕਾਇਮ ਸੀ। ਮੇਰਾ ਜੈਜ਼ੀ ਲਈ ਪਹਿਲਾ ਕੰਮ ਸੀ ਪੰਜਾਬ ਦੇ ਗੈਰ ਕਾਨੂੰਨੀਆਂ ਨੂੰ ਨੌਕਰੀਆਂ ਦਵਾਉਣਾ। ਸਾਨੂੰ ਪੈਸਾ ਮਿਲਦਾ ਸੀ, ਜਿਸ ਵਿੱਚੋਂ ਉਨ੍ਹਾਂ ਨੂੰ ਵੀ ਹਿੱਸਾ ਦਿੰਦੇ ਸਾਂ। ਕੁੱਝ ਫੌਜੀਆਂ ਨੂੰ ਉਸਰਈਆ ਰਖਵਾਇਆ ਸੀ, ਕੁੱਝ ਦੁਕਾਨਾਂ ਵਿੱਚ ਅਤੇ ਕੁੱਝ ਲੁੱਚੇ ਕੰਮਾਂ ਲਈ। ਜੈਜ਼ੀ ਦੇ ਗੁਲਾਮ ਸਨ ਇਹ ਸਾਰੇ। ਕਰਾਏ ਤੇ ਰਹਿੰਦੇ ਸਨ, ਉਹ ਵੀ ਸਾਡੇ ਘਰਾਂ ਵਿੱਚ, ਸੋ ਸਾਨੂੰ ਹੀ ਕਰਾਇਆ ਮਿਲਦਾ ਸੀ। ਗਾਰਡਨ ਵਿੱਚ ਕੁੜ੍ਹ ਖੜ੍ਹੇ ਕੀਤੇ ਸੀ ਜਿਸ ਵਿੱਚ ਹੋਰ ਰੱਖ ਕੇ ਕਰਾਇਆ ਲੈ ਸਕਦੇ ਸੀ। ਜਦ ਇਹ ਕੰਮ ਨਹੀਂ ਕਰਦਾ ਸੀ, ਮੈਂ ਅਫੀਮ ਵੇਚਦਾ ਸੀ ਜਾਂ ਇੰਡੀਆਂ ਤੋਂ ਨਵੀਆਂ ਆਈਆਂ ਪੰਜਾਬਣਾਂ ਦਾ ਨਕਲੀ ਵਿਆਹ ਕਰਵਾ ਕੇ ਪੈਸੇ ਬਣਾਉਂਦਾ ਸੀ। ਕੁੱਝ ਕੁੜੀਆਂ ਨੂੰ ਮੈਂ ਰੰਡੀਆਂ ਬਣਾ ਕੇ ਰੱਖਿਆ ਸੀ। ਇੱਦਾਂ ਤਾਂ ਹੈਂ ਨਹੀਂ ਸੀ ਕਿ ਉਨ੍ਹਾਂ ਦੇ ਰਿਸਤੇਦਾਰਾਂ ਨੂੰ ਜਾਂ ਸਕੇ–ਸਬੰਧੀਆਂ ਨੂੰ ਪਤਾ ਲੱਗ ਜਾਂਦਾ। ਪੰਜਾਬੀ ਤਾਂ ਪਾਗਲ ਨੇ ਪੈਸੇ ਲਈ ਅਤੇ ਬਾਹਰ ਆਉਣ ਲਈ। ਮੈਂ ਤਾਂ ਹੁਣ ਤੱਕ ਵੇਖ ਚੁੱਕਿਆ ਸੀ ਕਿ ਜਦ ਵੀ ਕੋਈ ਏਥੇ ਰਹਿ ਕੇ ਉਨ੍ਹਾਂ ਨੂੰ ਸੱਚ ਦੱਸਦਾ, ਉਹ ਮੰਨਦੇ ਹੀ ਨਹੀਂ। ਜਦ ਝੂਠ ਬੋਲ ਕੇ ਕਹੀਏ ਕਿ ਪੱਛਮ ਦੀਆਂ ਸੜਕਾਂ ‘ਚ ਸੋਨਾ ਹੈ, ਸਭ ਮੰਨ ਜਾਂਦੇ ਨੇ। ਪਹਿਲਾਂ ਮੈਂ ਪੰਜਾਬ ‘ਚੋਂ ਲੋਕਾਂ ਨੂੰ ਇੱਥੇ ਭੇਜਦਾ ਸੀ ਪੈਸੇ ਬਣਾਉਣ ਲਈ, ਜੋ ਮਰਜ਼ੀ ਹੋਣਾ ਹੋਵੇ ਉਨ੍ਹਾਂ ਨੂੰ। ਹੁਣ ਜਿਹੜੇ ਆਏ ਹੋਏ ਸੀ ਉਨ੍ਹਾਂ ਦੇ ਫਿਰ ਕੱਪੜੇ ਲਾਹੁੰਦਾ ਸੀ। ਚੰਗੀ ਤਰਾਂ ਨਚੋੜਦਾ ਸੀ, ਵਲਾਇਤ ਦੇ ਸੁਪਨੇ ਲੈਣ ਵਾਲ਼ਿਆਂ ਨੂੰ!
ਜੈਜ਼ੀ ਕੱਦ ਦਾ ਲੰਬਾ ਸੀ। ਅੱਖਾਂ ਉਕਾਬੀ ਸਨ, ਨੱਕ ਤਿੱਖਾ ਅਤੇ ਰੰਗ ਗੋਰਾ। ਦੰਦ ਰਾਸ਼ਕੀ ਵੰਗ ਚੁਰਟ ਚਿੱਥਦੇ ਸੀ। ਜਦ ਲੋਕਾਂ ‘ਚ ਹੁੰਦਾ ਸੀ ਇੰਝ ਨਹੀਂ ਕਰਦਾ ਸੀ। ਕਰਦਾ ਤਾਂ ਸੀ, ਪਰ ਗੁਰਦੁਆਰਿਆਂ ‘ਚ ਜਾਂ ਟੱਬਰ ਦੇ ਸਾਹਮਣੇ ਨਹੀਂ, ਹਾਂ ਪੱਬਾਂ-ਕਲੱਬਾਂ ਵਿੱਚ ਜ਼ਰੂਰ ਕਰਦਾ ਸੀ। ਸਾਰੇ ਉਸ ਤੋਂ ਡਰਦੇ ਸਨ, ਸਿਵਾਏ ਮੇਰੇ। ਜਿਉਂ ਜਿਉਂ ਦਿਨ ਬੀਤੇ ਡਰ ਘਟਦਾ ਗਿਆ ਉਸ ਤੋਂ। ਇਸਦਾ ਉਹਨੂੰ ਵੀ ਪੂਰਾ ਪਤਾ ਸੀ। ਇੱਕ ਬਾਰ ਮੈਂ ਉਸਦੇ ਨਾਲ਼ ਅਤੇ ਉਸਦੇ ਝੋਲ਼ੀ ਚੁੱਕਣ ਵਾਲ਼ਿਆਂ ਨਾਲ਼ ਬੈਠਾ ਸੀ ਜਦ ਉਸਨੇ ਮੈਨੂੰ ਕਿਹਾ, ਕਸਵੀਂ ਆਵਾਜ਼ ‘ਚ, "ਓਏ ਮਾਂ ਦਿਆ ਟਕਿਆ, ਇੰਡੀਆ ਵਾਲ਼ੇ ਆਪਨੂੰ ਕੀ ਸਮਝਦੇ ਨੇ?"
"ਮੈਂ ਕੀ ਸਮਝਦਾਂ? ਕੁਛ ਨ੍ਹੀਂ ਸਮਝਦਾ। ਮਤਲਬ?"
"ਸਾਲ਼ਾ ਫ੍ਰੈਸ਼ੀ ਅਜੇ ਕੱਲ੍ਹ ਆਇਐ ਤੇ ਸੋਚਦੈ ਕੁਰਸੀ ਮਿਲ ਜਾਣੀ ਏ ਨਾ?"
"ਕਿਹੜੀ ਕੁਰਸੀ? ਮੈਂ ਤਾਂ ਕੁਝ ਨਹੀਂ ਕਿਹਾ।"
"ਮਾਂ-ਚੋਦ… ਜਦੋਂ ਦਾ ਆਇਐਂ ਮੇਰੇ ਵੱਲ ਤੇਰੀ ਤਿੱਖੀ ਅੱਖ ਹੈ।"
"ਸ਼ਰਾਬ ਬਹੁਤੀ ਪੀਤੀ ਲੱਗਦੀ ਏ। ਹਾਂ ਮੈਂ ਕਾਮਯਾਬ ਜਰੂਰ ਬਣਨਾ ਚਾਹੁੰਨਾਂ…ਪਰ ਤੈਨੂੰ ਡਰਾਵਾਂ? ਨਹੀਂ। ਆਸ ਪਾਸ ਵੇਖ ਜੈਜ਼ੀ। ਲੁਕ ਐਟ ਦੀਜ਼ ਪੀਪਲ…ਵੇਖ ਉਸ ਕੋਲ਼ ਸਹਣੇ ਕੱਪੜੇ ਨੇ …ਉਸ ਕੋਲ਼ ਗੱਡੀ…ਉਸਦੀਆਂ ਬਾਂਹਾਂ ‘ਚ ਮੇਮ ਹੈ…ਦੈਟਸ ਵਟ ਆਏ ਵਾਂਟ… ਇਨ੍ਹਾਂ ਪੱਬਾਂ ਦਾ ਰਾਜਾ ਤੂੰ ਏਂ..ਠੀਕ..ਪਰ ਮੈਂ ਤਾਂ ਇਸ ਸ਼ਹਿਰ ਦਾ ਰਾਜਾ ਬਣਾਂਗਾ…ਸੋਹਣੇ ਕੱਪੜੇ, ਸੋਹਣੀ ਕਾਰ ਅਤੇ ਇੱਕ ਸੋਹਣੀ ਮੋਹਣੀ ਬਾਹਾਂ ਵਿੱਚ। ਇਸ ਸ਼ਹਿਰ ਦਾ ਦਾਦਾ।"
"ਤੂੰ? ਐ ਪੈਕੀ ਲਾਇਕ ਯੂ ਫਰਾਮ ਇੰਡੀਆ?" ਦੱਬ ਕੇ ਹਸਣ ਲੱਗ ਪਿਆ। "ਨੋ ਵੇ..ਨੌਟ ਵਾਇਲ ਆਏ ‘ਮ ਦਾ ਕਿੰਗ ਆਫ ਦਾ ਕਾਸਲ। ਸਿੰਘ ਇਜ਼ ਕਿੰਗ।"
ਪਤਾ ਨਹੀਂ ਕਿਹੜੇ ਹਿਸਾਬ ਨਾਲ਼ ਆਪਨੂੰ ਸਿੱਖ ਸਮਝਦਾ ਸੀ। ਗੁੰਡਾ ਸੀ ਉਹ ਮੇਰੇ ਵਰਗਾ। ਮੈਨੂੰ ਪੈਕੀ ਪਰਿੰਸ ਆਖਣ ਲੱਗ ਪਿਆ। ਪਰ ਉਸਦੀ ਨਜ਼ਰ ਵਿੱਚ ਅਤੇ ਕਈ ਬ੍ਰਿਟਿਸ਼ ਸਿੱਖਾਂ ਦੀਆਂ ਨਜ਼ਰਾਂ ‘ਚ ਪੈਕੀ ਮੁਸਲਮਾਨ ਸਨ, ਜਿੰਨ੍ਹਾਂ ਨੂੰ ਉਹ ਨਫਰਤ ਕਰਦੇ ਸੀ। 1947 ਦੀ ਯਾਦ ਅਜੇ ਗੂੜ੍ਹੀ ਸੀ, ਸੰਤਾਲ਼ੀ ਦੇ ਜ਼ਖਮ ਡੂੰਘੇ ਸਨ। ਉਹ ਰੋਸ ਤੇ ਦਰਦ ਅਜੇ ਵੀ ਸੁਲ੍ਹਾ ਸਫ਼ਾਈ ਬਿਨਾਂ ਸੀ। ਇਹ ਗੱਲ ਦੂਜੇ ਪਾਸੇ ਵੀ ਇਵੇਂ ਹੀ ਸੀ। ਜਦ ਦੇ ਨਿਊੂ ਯੌਰਕ ਦੇ ਦੋ ਰਾਜਮਿਨਾਰ ਡਿੱਗੇ ਹਨ ਉਸਤੋਂ ਬਾਅਦ ਕੋਈ ਨਹੀਂ ਸੀ ਪੱਛਮ ਵਿੱਚ ਜਿਹੜਾ ਮੁਸਲਮਾਨਾਂ ਨੂੰ ਨਫਰਤ ਨਾ ਕਰਦਾ ਹੋਵੇ। ਗਲਤੀ ਨਾਲ਼ ਇਸਦੇ ਬਦਲੇ ਦਾ ਪਹਿਲਾ ਬਲੀ ਆਦਮੀ ਸਰਦਾਰ ਸੀ…ਕਿਉਂਕਿ ਗੋਰਿਆਂ ਦੀਆਂ ਨਜ਼ਰਾਂ ‘ਚ ਸਭ ਕਾਲ਼ੇ ਬੰਦੇ ਇਕੋ ਸਨ। ਪਰ ਸਰਦਾਰ ਕਿਤੇ ਘੱਟ ਨਹੀਂ। ਪੁਰਾਣੀਆਂ ਗੱਲਾਂ ਨਹੀਂ ਭੁੱਲਦੇ ਸਨ। ਸੰਤਾਲ਼ੀ ਇਨ੍ਹਾਂ ਲਈ ਗੋਰਿਆਂ ਤੋਂ ਵੀ ਜ਼ਬਰਦਸਤ ਸੀ। ਜਿੱਦਾਂ ਅਸੀਂ ਗੈਂਗ ਬਣਾਇਆ, ਉਸ ਤਰਾਂ ਉਨ੍ਹਾਂ ਨੇ ਵੀ ਬਣਾਏ। ਸਿੱਖ ਜਾਂ ਹਿੰਦੂ ਕੁੜੀਆਂ ਨੂੰ ਕੜੇ ਪਵਾ ਕੇ (ਜਿਹਨੂੰ ਵੀ ਪੰਜਾਬੀ ਬੋਲਣੀ ਆਉਂਦੀ ਸੀ) ਮਿੱਠੀਆਂ ਗੱਲਾਂ ‘ਚ ਫਸਾ ਲੈਂਦੇ ਸਨ। ਕਈ ਇਸਲਾਮ ਕਬੂਲ ਕਰ ਲੈਂਦੀਆਂ ਸਨ, ਬਾਅਦ ‘ਚ ਪਛਤਾਉਂਦੀਆਂ ਸਨ। ਕਈ ਨਕਲੀ ਪਿਆਰ ਦੇ ਜਾਲ ‘ਚ ਫਸ ਕੇ ਖਰਾਬ ਹੋ ਜਾਂਦੀਆਂ ਸਨ। ਕਈਆਂ ਨੂੰ ਚੱਕ ਕੇ ਰੰਡੀ ਬਣਾ ਦਿੰਦੇ ਸਨ। ਸਾਡੇ ਗੈਂਗਾਂ ਵਾਂਗ ਗਰੂਮਿੰਗ ਕਰਦੇ ਸਨ। ਪਰ ਸਿੱਖਾਂ ਦੀਆਂ ਨਜ਼ਰਾਂ ‘ਚ ਕੇਵਲ ਪਾਕਿਸਤਾਨੀ ਰੜਕਦੇ ਸੀ। ਗੱਲ ਸੀ ਕਿ ਹਰ ਅਨਮਤੀਆ ਨੂੰ ਆਵਦੀ ਤਬਲੀਗ ‘ਚ ਪਾਉਣਾ ਚਾਹੁੰਦੇ ਸਨ। ਇਸ ਲਈ ਦੋਹੀ ਉੱਮਤਾਂ ‘ਚ ਫਰਕ ਪੈ ਗਿਆ। ਨਫਰਤ ਮੇਰੇ ਵਰਗਿਆਂ ਲਈ "ਗੁਡ ਬਿਜ਼ਨਸ" ਸੀ। ਸੱਚ ਵਿੱਚ ਹਰ ਸਮਾਜ ‘ਚ ਬੁਰੇ ਵੀ ਹੁੰਦੇ ਨੇ, ਚੰਗੇ ਵੀ। ਬੱਸ ਮੈਂ ਤਾਂ ਬਦਮਾਸ਼ ਹੀ ਹਾਂ, ਜੈਜ਼ੀ ਵੀ ਸੀ। ਉਸਨੂੰ ਪਾਕਿਸਤਾਨੀਆਂ ਨਾਲ਼ ਨਫ਼ਰਤ ਹੋਣ ਕਰਕੇ ਉਹ ਉਨ੍ਹਾਂ ਦੇ ਗੈਂਗਾਂ ਨਾਲ਼ ਪੰਗੇ ਲੈਂਦਾ ਸੀ। ਇਸਦਾ ਫਾਇਦਾ ਬਾਅਦ ‘ੱਚ ਮੈਨੂੰ ਹੋਣਾ ਸੀ।
ਜੈਜ਼ੀ ਨੂੰ ਸੇਪ ਮਿਲ ਗਈ ਇੱਕ ਸਿੰਘਣੀ ਨੂੰ ਭਾਲਣ ਦੀ। ਉਸਨੇ ਇੱਕ ਗਲਤੀ ਕੀਤੀ ਸੀ ਜਿਹੜੀ ਪੰਜਾਬੀ ਲੋਕ ਜਰ ਨਹੀਂ ਸੀ ਸਕਦੇ। ਕੁੜੀ ਨੇ ਸੋਚਿਆ ਕਿ ਉਸ ਦੀ ਜਿੰਦਗੀ ਉਸਦੀ ਹੀ ਹੈ! ਉਸਨੂੰ ਕਿਸੇ ਨਾਲ਼ ਪਿਆਰ ਹੋ ਗਿਆ ਸੀ। ਹੋ ਸਕਦੈ ਕੋਈ ਪੰਜਾਬੀ ਮੁੰਡਾ ਕਾਲਜ ਤੋਂ, ਹੋ ਸਕਦੈ ਕੋਈ ਗੋਰਾ (ਤੋਬਾ, ਕਾਲਾ ਚੀਨਾ ਨਾ ਹੋਵੇ!) ਮੁੰਡਾ ਹੋਵੇ। ਲਵ ਲਈ ਪੰਜਾਬੀ ਵਿੱਚ ਬਹੁਤ ਲਫਜ਼ ਨੇ, ਪਰ ਅਸੀਂ ਜਰਦੇ ਨਹੀਂ। ਹੀਰ ਰਾਂਝਾ ਦੀਆਂ ਗੱਲਾਂ ਕਰਦੇ ਵੀ ਉਸਨੁੰ ਕਬੂਲ ਨਹੀਂ ਕਰਦੇ। ਬੱਸ ਇਹੀ ਗੱਲ ਹੋਈ। ਬਾਪ ਨੂੰ ਸ਼ੱਕ ਸੀ ਪਾਕਿਸਤਾਨੀ ਮੁੰਡਾ ਸੀ। ਇਸ ਲਈ ਜੈਜ਼ੀ ਇੱਕ ਦਮ ਤਿਆਰ ਹੋ ਗਿਆ ਇੱਜਤ ਲਈ ਖੂਨ ਕਰਨ ਲਈ। ਉਹ ਵੀ ਮੁੰਡੇ ਦਾ ਨਹੀਂ, ਕੁੜੀ ਦਾ। ਉਸ ਹੀ ਘਰ ਦਾ ਬੇਟਾ ਹਰ ਰਾਤ ਜਨਾਨੀਆਂ ਨਾਲ਼ ਸੌਂਦਾ ਹੈ। ਇਹ ਮੈਨੂੰ ਪਤੈ ਕਿਉਂਕਿ ਮੈਂ ਹੀ ਉਸਨੂੰ ਤੀਵੀਆਂ ਦਾ ਮਾਸ ਵੇਚਦਾ ਸਾਂ। ਪਰ ਉਹ ਤਾਂ ਘਰ ਦਾ ਲਾਲ ਹੈ! ਖ਼ੈਰ ਜੈਜ਼ੀ ਮੈਨੂੰ ਨਾਲ਼ ਲੈ ਕੇ ਗਿਆ ਸੀ, ਕਿਉਂਕਿ ਮੈਨੂੰ ਦੱਸਣਾ ਚਾਹੁੰਦਾ ਸੀ ਕਿ ਉਹ ਹੀ ਬਰਮਿੰਗਾਮ ਦਾ ਦਾਦਾ ਬਣ ਸਕਦਾ, ਮੈਂ ਨਹੀਂ। ਜਦ ਕੁੜੀ ਲੱਭੀ ਉਸਨੇ ਉਸਦਾ ਮੂੰਹ ਕਾਲ਼ਾ ਕਰ ਦਿੱਤਾ ਸੀ। ਫਿਰ ਹੌਲ਼ੀ ਹੌਲ਼ੀ ਆਰੀ ਨਾਲ਼ ਮਾਰੀ ਮੇਰੇ ਸਾਹਮਣੇ। ਮੈਂ ਨਹੀਂ ਡਰਿਆ। ਉਸਨੇ ਮੈਨੂੰ ਸਭ ਕੁਝ ਕੱਟ ਕੇ ਕਿਹਾ, "ਕਿਉਂ ਪੈਕੀ ਪਰਿੰਸ, ਬੁੜਾ ਲੱਗਦੈ?" ਮੈਂ ਉਤਰ ਦਿੱਤਾ, "ਕੰਬਦੀ ਤਾਂ ਤੇਰੀ ਕਲਾਈ ਸੀ, ਮੈਨੂੰ ਪੱਛਦੈਂ?" ਇਸ ਗੱਲ ਤੋਂ ਬਾਅਦ ਸਾਨੂੂੰ ਪੱਕਾ ਪਤਾ ਲੱਗ ਗਿਆ ਕਿ ਕੁੜੀ ਦਾ ਯਾਰ ਇੱਕ ਇਮਰਾਨ ਰਸ਼ੀਦ ਸੀ। ਇਹ ਨਾਂ ਸੁਣ ਕੇ ਜੈਜ਼ੀ ਨੇ ਉਸਦੇ ਘਰ ਜਾ ਕੇ ਘਰ ਨੂੰ ਹੀ ਅੱਗ ਲਾ ਦਿੱਤੀ। ਸਾਰਾ ਟੱਬਰ ਮਾਰ ਦਿੱਤਾ। ਪੁਲ਼ਸ ਨੇ ਕੁੜੀ ਦੇ ਟੱਬਰ ਨੂੰ ਹਿਰਾਸਤ ‘ਚ ਲੈ ਲਿਆ। ਸਾਡੇ ਬਾਰੇ ਤਾਂ ਉਨ੍ਹਾਂ ਗਧਿਆਂ ਨੂੰ ਪਤਾ ਵੀ ਨਹੀਂ ਲੱਗਿਆ। ਸੋ ਐਸਾ ਬੰਦਾ ਸੀ ਜੈਜ਼ੀ। ਜੇ ਮੈਂ ਸ਼ਹਿਰ ਦਾ ਦਾਦਾ ਬਣਨਾ ਸੀ ਤਾਂ ਇਸ ਦਾ ਬੈਂਡ ਵਜਉਣਾ ਪੈਣਾ ਸੀ! ਇਹ ਸੀ ਚੱਕਰ!
ਜੈਜ਼ੀ ਨੂੰ ਧਰਮਿਕ ਸਿੱਖ ਤੋਏ ਤੋਏ ਕਰਦੇ ਸੀ। ਉਨ੍ਹਾਂ ਆਦਮੀਆਂ ‘ਚੋਂ ਸੀ ਜਿਹੜਾ ਬਾਹਰੋਂ ਆਪਣੇ ਆਪਨੂੰ ਸਿੱਖ ਕਹਾਉਂਦਾ ਸੀ ਪਰ ਅਸਲ ਵਿੱਚ ਨਹੀਂ ਸੀ। ਪਰ ਆਪਣੇ ਆਪ ਵਿੱਚ ਖ਼ੁਸ਼ ਸੀ। ਕਹਿੰਦਾ ਸੀ, "ਇਹ ਗ੍ਰੰਥੀ ਕਿਤੇ ਸੱਚੇ-ਸੁੱਚੇ ਨੇ। ਓਲ ਲਾਇਅਰਜ਼ ਮੈਨ!" ਇਸ ਦਾ ਕਰਨ ਸੀ ਕਿ ਕੁਝ ਗ੍ਰੰਥੀ ਵੀ ਸਾਡੇ ਵਰਗਿਆਂ ਨਾਲ਼ ਪੁੱਠੇ ਕੰਮਾਂ ‘ਚ ਸ਼ਾਮਲ ਸਨ। ਪਰ ਆਮ ਸਿੱਖ-ਸੰਗਤ ਇਸ ਤਰਾਂ ਦੀ ਨਹੀਂ ਸੀ। ਫਿਰ ਵੀ ਜੈਜ਼ੀ ਵੱਲ ਬੁਰੀ ਨਜ਼ਰ ਨਾਲ਼ ਲੋਕ ਝਾਕਦੇ ਸਨ, ਪਰ ਡਰਦੇ ਵੀ ਸੀ। ਜੇ ਮੈਂ ਜੈਜ਼ੀ ਨੂੰ ਖਤਮ ਕਰਾਂ ਫਿਰ ਤਾਂ ਸਭ ਨੇ ਖ਼ੁਸ਼ ਹੋਣਾ ਸੀ। ਉਨ੍ਹਾਂ ਦੀ ਦਸਤਾਰ ਤੇ ਜੈਜ਼ੀ ਵਰਗੇ ਦਾਗ਼ ਹੀ ਨੇ। ਜੈਜ਼ੀ ਵਰਗਿਆਂ ਨੂੰ ਤਾਂ ਤਨਖਾਹੀਆ ਕਰਾਰ ਦੇਣਾ ਚਾਹੀਦਾ ਸੀ। ਪਰ ਹਾਲੇ ਸਹੀ ਵਕਤ ਸੀ ਨਹੀਂ ਇੱਦਾਂ ਦਾ ਕੰਮ ਕਰਨ ਲਈ।
ਸੋ ਜੈਜ਼ੀ ਦਾ ਪੈਕੀ ਪਰਿੰਸ ਚੁੱਪ ਚਾਪ ਦੁਕਾਨਾਂ, ਕਾਰਖਾਨੇ ਆਦਿ ਲੁੱਟੀ ਗਿਆ। ਮੈਂ ਹੁਣ ਸ਼ਾਹੂਕਾਰ ਸੀ। ਡਬਲ ਵਿਆਜ ਲਾਉਂਦਾ ਸੀ, ਹਰ ਦਿਨ। ਅਸੀਂ ਪੈਸੇ ਠੱਗੀਬਾਜ਼ੀ ਨਾਲ਼ ਬਣਾਉਂਦੇ ਸੀ; ਚੋਰੀਆਂ ਨਾਲ਼ ਵੀ ਅਤੇ ਕਤਲਾਂ ਨਾਲ਼ ਵੀ। ਹਰ ਜੂਆਖਾਨਾ, ਕੰਜਰਖਾਨਾ ਅਤੇ ਹੱਥ ਉਧਾਰ ਦੇਣਾ ਵਾਲ਼ਾ ਠੇਕੇ ‘ਚ ਸਾਡਾ ਹੀ ਹੱਥ ਸੀ। ਜਦ ਇੱਕ ਵਾਰ ਕਿਸੇ ਨੂੰ ਕੁੱਟ-ਕੱਟ ਕੇ ਸੂਦ ਲੈਣ ਗਿਆ ਤਾਂ ਮੈਂ ਓਥੇ ਦੇਖਿਆ ਕਿ ਸੰਘੇੜੇ ਦੀ ਨਵੀਂ ਫਿਲਮ ਦਾ ਇੱਕ ਇਸ਼ਤਿਹਾਰ ਲੱਗਿਆ ਸੀ। ਉਸਦਾ ਮੂੰਹ ਮੇਰੇ ਵੱਲ ਝਾਕਦਾ ਸੀ। ਮੈਂ ਇੱਕ ਪਲ ਲਈ ਭਿਆਨਕ ਸੋਚਾਂ ਨਾਲ਼ ਭਰ ਗਿਆ ਸਾਂ, ਪਰ ਇਹ ਮਾਮੂਲੀ ਡਰ ਸੀ। ਫਿਰ ਵੀ ਮੇਰੇ ਲਈ ਚਿਤਾਵਨੀ ਸੀ ਕਿਉਂਕਿ ਮੈਂ ਇੰਗਲੈਂਡ ਆਇਆ ਹੋਇਆ ਸੀ। ਕਾਸ਼ ਮੇਰੀ ਵੀ ਪਹੁੰਚ ਉਸ ਵਰਗੀ ਹੋਵੇ!
ਦਿਨ ਦੀ ਲੁੱਟ ਤਸਕਰੀ ਆਦਿ ਤੋਂ ਬਾਅਦ ਅਸੀਂ ਇੱਕ ਪੱਬ ਵਿੱਚ ਪਹੁੰਚ ਜਾਂਦੇ ਸੀ। ਪੱਬ ਦਾ ਨਾਂ ਸੀ "ਡਰਟੀ ਡੱਕ।" ਇੱਥੇ ਹਰ ਰਾਤ ਜੈਜ਼ੀ ਦੀ ਮਾਸ਼ੂਕ ਅਤੇ ਹੋਰ ਸਾਰਿਆਂ ਦੀਆਂ ਖਲਨਾਇਕਾਂ ਆਉਂਦੀਆਂ ਸਨ। ਜਦ ਮੇਰੀਆਂ ਅੱਖਾਂ ਪਹਿਲੀ ਵਾਰ ਜੈਜ਼ੀ ਦੀ ਹੂਰ, ਸ਼ੀਨਾ ਤੇ ਪਈਆਂ, ਮੈਂ ਡੁੱਲ੍ਹ ਗਿਆ। ਪਰ ਸਰਦਾਰ ਦੀ ਜਨਾਨੀ ਸੀ। ਫਿਰ ਵੀ ਮੈਂ ਉਸ ਨਾਲ਼ ਗੱਲਾਂ-ਬਾਤਾਂ ਕਰਨ ਲੱਗ ਪਿਆ। ਜੈਜ਼ੀ ਖ਼ੁਸ਼ ਨਹੀਂ ਸੀ, ਪਰ ਇਸ ਮਾਹੌਲ਼ ‘ਚ ਕੀ ਕਰੇ? ਮੈਂ ਵੀ ਉਸਦਾ ਨੱਕ ਰਗੜਨਾ ਜਾਂਦਾ ਸੀ। ਨਾਲ਼ੇ ਸ਼ੀਨਾ ਤਾਂ ਨਫ਼ਸ ਚੜ੍ਹਾਉਣ ਵਾਲ਼ੀ ਸੀ।
ਸ਼ੀਨਾ ਦੇ ਕਾਲ਼ੇ ਲੱਛੇਦਾਰ ਵਾਲ਼ ਬਘਿਆੜੀ ਨਾਲ਼ ਜਲੇਬੀ ਜੂੜੇ ‘ਚ ਬੰਨ੍ਹੇ ਸਨ। ਵੇਖਣ ‘ਚ ਲੱਗੇ ਜਿੱਕਣ ਸੱਪ ਲਪੇਟਾ ਮਾਰ ਕੇ ਬੈਠਾ ਹੋਵੇ। ਜੂੜਾ ਉੱਚਾ ਜਿਹਾ ਬੰਨ੍ਹਿਆ ਸੀ। ਕੰਨਾਂ ਤੋਂ ਲੰਬੀਆਂ ਮੁੰਦਰਾਂ ਲੰਮਕਦੀਆਂ ਸਨ, ਲਾਲ ਉਸਦੀਆਂ ਲਬਾਂ ਵਾਂਗ। ਉਸਦੀਆਂ ਅੱਖਾਂ ਸਲੋਣੀਆਂ ਨਰਗਸੀ ਸਨ। ਨੈਣ ਚਮਕਦੇ, ਸੰਵੇਦਨਾ ਨਾਲ਼। ਭਵਾਂ ਧੁਣਖੀ ਵਾਂਗ ਖਮਦਾਰ। ਮੁਖ ਹਾਵ ਭਾਵ ਸੀ। ਦੰਦ ਚਿੱਟੇ ਦੁੱਧ ਵਾਂਗ ਸਨ। ਮੂੰਹ ਪਤਲਾ, ਮੱਥਾ ਚੌੜਾ। ਬਾਂਹਾ ਨਾਜ਼ ਨਾਲ਼ ਝੂਮਦੀਆਂ ਸਨ, ਹੱਥ ਸੋਭਨੀਕ ਸਨ। ਉਂਗਲ਼ੀਆਂ ਲੰਬੀਆਂ ਸਨ। ਸ਼ੀਨਾ ਸਰੂ ਕੱਦ ਦੀ ਸੀ। ਉਸਦਾ ਰੰਗ ਦੁੱਧ ਵਰਗਾ ਸੀ। ਪੈਰ ਘੁੰਗਰੀਏ ਸਨ। ਜਦ ਕੋਲ਼ੋਂ ਲੰਘਦੀ ਜਿਸਮ ਤੋਂ ਬਾਸਨਾ ਨਸਾਂ ‘ਚ ਆ ਚੜ੍ਹਦੀ ਸੀ। ਉਸ ਦਿਨ ਤੋਂ ਬਾਅਦ ਮੇਰੀ ਨਜ਼ਰ ਹਰ ਵੇਲੇ ਜੈਜ਼ੀ ਦੀ ਜਨਾਨੀ ਤੇ ਟਿਕੀ ਰਹਿੰਦੀ ਸੀ। ਚੋਰੀ ਅੱਖ, ਕਿਉਂਕਿ ਜੈਜ਼ੀ ਨਾਲ਼ ਇਸ ਵੇਲੇ ਪੰਗਾ ਕਿਉਂ ਲੈਣਾ? ਪਰ ਫਿਰ ਵੀ ਹੌਲ਼ੀ ਹੌਲ਼ੀ ਉਸ ਨਾਲ਼ ਗੱਲ ਬਾਤ ਕਰਨ ਲੱਗ ਪਿਆ। ਪਹਿਲਾ ਖੁੱਲਾ ਮੌਕਾ ਮਿਲਿਆ ਜਦ ਸ਼ਾਪਿੰਗ ਲਈ ਜਾਣਾ ਚਾਹੁੰਦੀ ਸੀ। ਜੈਜ਼ੀ ਕੋਲ਼ ਟਾਇਮ ਨਹੀਂ ਸੀ। ਮੈਨੂੰ ਗੱਡੀਵਾਨ ਦੇ ਹਿਸਾਬ ਨਾਲ਼ ਭੇਜ ਦਿੱਤਾ। ਲਓ, ਮੇਰਾ ਕੰਮ ਲੋਟ ਆ ਗਿਆ!
ਮੈਂ ਸ਼ੀਨਾ ਨੂੰ ਬੁੱਲਰਿੰਗ ਲੈ ਕੇ ਗਿਆ ਸ਼ਾਪਿੰਗ ਕਰਨ ਲਈ। ਰਾਖੇ ਵਾਂਗ ਉਸਤੇ ਅੱਖਾਂ ਰੱਖਣੀਆਂ ਪਈਆਂ। ਪਰ ਜਦ ਮੌਕਾ ਮਿਲਿਆ ਗੱਲ ਬਾਤ ਕਰਕੇ ਉਸ ਨਾਲ਼ ਮਖੌਲ਼ ਕੀਤਾ। ਹੌਲ਼ੀ ਹੌਲ਼ੀ ਉਸਦਾ ਧਿਆਨ ਮੇਰੇ ਵੱਲ ਆਉਾਣ ਲੱਗ ਪਿਆ। ਇੱਕ ਦਿਨ ਜੈਜ਼ੀ ਉਸ ਨਾਲ਼ ਸਿਨੇਮਾ ਨਹੀਂ ਗਿਆ। ਪਰ ਉਸ ਤੇ ਉਸਦੀਆਂ ਸਹੇਲੀਆਂ ਨੂੰ ਛੱਡਣ ਗਿਆ ਅਤੇ ਚੱਕਣ ਗਿਆ। ਗੱਲ ਬਾਤ ਤਾਂ ਹੋਣੀ ਹੀ ਸੀ। ਇੱਕ ਬਾਰ ਉਹ ਹੈਂਡਜ਼ਵਰਥ ਦੇ ਹਾਈ ਸਟਰੀਟ ਤੇ ਆਵਦੀਆਂ ਸਹੇਲੀਆਂ ਨਾਲ਼ ਖਿੱਲੀ ਪਾ ਰਹੀ ਸੀ, ਜਦ ਕੁੱਝ ਪਾਕਿਸਤਾਨੀ ਮੁੰਡੇ ਜਿਹੜੇ ਮੈਨੂੰ ਸਾਫ਼ ਪਤਾ ਸੀ ਇੱਕ ਗੈਂਗ ਤੋਂ ਸਨ ਉਨ੍ਹਾਂ ਨੂੰ ਸਤਾਉਣ ਲੱਗ ਪਏ। ਮੈਂ ਅਤੇ ਦੋ ਹੋਰ ਮੁੰਡਿਆਂ ਨੇ ਉਨ੍ਹਾਂ ਪਾਕਿਸਤਾਨੀ ਮੁੰਡਿਆਂ ਨਾਲ਼ ਝੜਪ ਕੀਤੀ। ਗੱਲ ਸੀ ਇੱਕ ਤਾਂ ਸਾਨੂੰ ਪਸੰਦ ਨਹੀਂ ਸੀ ਜਦ ਉਨ੍ਹਾਂ ਦਾ ਟੋਲਾ ਸਾਡੀਆਂ ਲੜਕੀਆਂ ਨਾਲ਼ ਖੱਪ ਕਰਦਾ ਸੀ ਅਤੇ ਸਾਨੂੰ ਪਤਾ ਸੀ ਇਹ ਮੁੰਡੇ ਕੌਣ ਸਨ। ਇਹ ਅਲੀ ਜਮਾਲ ਦੇ ਮੁੰਡੇ ਸਨ। ਜਮਾਲ ਨੇ ਇੱਕ ਸਾਲ ਪਹਿਲਾਂ ਸਿੰਘਣੀਆਂ ਫਸਾਈਆਂ ਸਨ (ਚਰਚੇ ਸੁਣੇ ਜਿਸ ਵਿੱਚ ਕਿਹਾ ਗਿਆ ਕਿ ਤਕਰੀਬਨ ਪੰਦਰਾਂ ਕੁੜੀਆਂ ਨੂੰ ਮਿੱਠੀ ਤਰਾਂ ਫਸਾ ਕੇ ਪਾਕਿਸਤਾਨ ਲੈ ਕੇ ਕਿਸੇ ਕੋਠੀ ‘ਚ ਰੱਖਲੀਆਂ ਅਤੇ ਇਸ ਜਾਂ ਉਸ ਤਰੀਕੇ ਨਾਲ਼ ਉਨ੍ਹਾਂ ਨੂੰ ਬਾਹਰ ਲੈ ਗਏ। ਭਾਵੇਂ ਅਸੀਂ ਵੀ ਬਰੜੇ ਕੰਮ ਕਰਦੇ ਸੀ, ਪਰ ਸਾਤੋਂ ਇਹ ਬਰਦਾਸ਼ਤ ਨਹੀਂ ਹੁੰਦਾ ਸੀ। ਇਨ੍ਹਾਂ ਦੁਸ਼ਮਣੀਆਂ ਨੇ ਸਾਡੀਆਂ ਦੋਨਾਂ ਉੱਮਤਾਂ ‘ਚ ਬਹੁਤ ਫਾਸਲਾ ਪਾਇਆ ਸੀ। ਇਸ ਕਰਕੇ ਕਈ ਲੋਕ ਗੋਰਿਆਂ ਨਾਲ਼ ਇਸਲਾਮ ਖਿਲਾਫ਼ ਹੋ ਚੁੱਕੇ ਸੀ। ਪਰ ਸੱਚ ਵਿੱਚ ਸਾਡੇ ਲਈ ਤਾਂ ਲੜਨ ਦਾ ਬਹਾਨਾ ਹੀ ਸੀ। ਖ਼ੈਰ ਸ਼ੀਨਾ ਤੇ ਮੇਰੀ ਅੱਖ ਸੀ ਅਤੇ ਜਿਹੜਾ ਵੀ ਮੁੰਡਾ ਉਸ ਵੱਲ ਦੇਖਦਾ ਉਸ ਨਾਲ਼ ਮੈਂ ਤਾਂ ਲੜਣਾ ਹੀ ਸੀ। ਇਸ ਵਾਕਿਆ ਤੋਂ ਬਾਅਦ ਮੇਰੇ ਨਾਲ਼ ਦੋ ਹਫ਼ਤਿਆਂ ਲਈ ਬੋਲੀ ਨਹੀਂ।
ਸ਼ੀਨਾ ਅਤੇ ਮੇਰੀ ਅਗਲੀ ਮੁਲਾਕਾਤ ਨਾਈਟ ਕੱਲਬ ‘ਚ ਹੋਈ। ਇੱਥੇ ਮੈਂ ਉਸ ਨਾਲ਼ ਨੱਚਿਆ…ਜੈਜ਼ੀ ਦੇ ਸਾਹਮਣੇ। ਜੈਜ਼ੀ ਨੂੰ ਇਹ ਗੱਲ ਪਸੰਦ ਨਹੀਂ ਆਈ। ਉਸ ਰਾਤ ਮੈਂ ਸ਼ੀਨਾ ਨੂੰ ਉਸਦੇ ਯਾਰ ਦੀ ਪਿੱਠ ਪਿੱਛੇ ਕਲੱਬ ਦੇ ਬਾਥਰੂਮਾਂ ‘ਚ ਲੈ ਗਿਆ ਸੀ। ਉਸਨੂੰ ਸ਼ੱਕ ਤਾਂ ਸੀ, ਪਰ ਸਾਨੂੰ ਉਸਦੇ ਆਦਮੀ ਲੱਭ ਨਾ ਸਕੇ। ਇਸ ਤੋਂ ਬਾਅਦ ਸ਼ੀਨਾ ਮੇਰੇ ਕੋਲ਼ ਹੀ ਰਹੀ। ਮੇਰੇ ਨਾਲ਼ ਬਹਿ ਕੇ ਨਸ਼ੀਲੀ ਵਸਤੂ ਕੋਕੇਨ ਲੈਂਦੀ ਸੀ, ਮੇਰੇ ਨਾਲ਼ ਸ਼ਰਾਬ ਪੀਂਦੀ ਸੀ ਅਤੇ ਮੇਰੇ ਨਾਲ਼ ਹੀ ਸੌਂਦੀ ਸੀ। ਹੁਣ ਮੈਨੂੰ ਜੈਜ਼ੀ ਦਾ ਡਰ ਹਟ ਗਿਆ ਸੀ। ਇੱਕ ਰਾਤ ਮੈਂ ਸ਼ੀਨਾ ਨੂੰ ਸਿਨੇਮਾ ਲੈ ਕੇ ਗਿਆ, ਸਾਲ਼ੇ ਸੰਘੇੜੇ ਦੀ ਫਿਲਮ ਸੀ। ਦੇਖਦੇ ਦੇਖਦੇ ਪੰਜਾਬ ਦੇ ਦਿਨ ਯਾਦ ਆ ਗਏ ਅਤੇ ਕਿਉਂ ਉੱਥੋਂ ਦੌੜ੍ਹਣਾ ਪਿਆ ਸੀ। ਤਿੰਨ ਘੰਟਿਆਂ ਲਈ ਉਸ ਸਾਲ਼ੇ ਦੇ ਚਿਹਰੇ ਵੱਲ ਝਾਕਣਾ ਪਿਆ। ਲੰਬਾ, ਪਤਲਾ, ਖੋਦਾ ਤਾਰਾ ਜਿਸਨੂੰ ਕਰੋੜਾਂ ਲੋਕ ਪਸੰਦ ਕਰਦੇ ਸਨ, ਪਰ ਮੈਂ ਹਾਲੇ ਤੱਕ ਉਸਤੋਂ ਡਰਦਾ ਸੀ। ਡਰਦਾ ਹੀ ਸੀ, ਨਹੀਂ ਤਾਂ ਕਿਉਂ ਨਹੀਂ ਇੰਡੀਆ ਵਾਪਸ ਗਿਆ? ਇਸ ਖਿਆਲ ‘ਚ ਹੀ ਹੇਠ ਉੱਪਰ ਹੋਇਆ ਸੀ ਜਦ ਮੈਂ ਸ਼ੀਨਾ ਨਾਲ਼ ਸਿਨੇਮੇ ‘ਚੋਂ ਬਾਹਰ ਆਇਆ। ਗੱਡੀ ਵਿੱਚ ਵੜਨ ਲੱਗੇ ਸਾਂ ਜਦ ਇੱਕ ਮੋਟਰਸਾਈਕਲ ਲੰਘਿਆ, ਉਸ ਤੋਂ ਸਾਡੇ ਵੱਲ ਗੋਲ਼ੀਆਂ ਛੁੱਟ ਰਹੀਆਂ ਸਨ। ਕਿਸਮਤ ਨਾਲ਼ ਦੋਨੋਂ ਹੀ ਬਚ ਗਏ। ਮੈਂ ਸਮਝ ਗਿਆ ਸੀ ਕਿ ਇਹ ਜੈਜ਼ੀ ਦੀ ਚਾਲ ਸੀ। ਇੱਕ ਤਾਂ ਸ਼ੀਨਾ ਕਰਕੇ ਪਲ ਪਲ ਮਰਦਾ ਸੀ; ਦੂਜੇ ਉਸ ਸਾਲ ਮੈਂ ਉਸਦੀ ਗੈਂਗ ‘ਚ ਵਾਗਡੋਰ ਸੰਭਾਲਣ ਜੋਗਾ ਹੋ ਗਿਆ ਸੀ।
ਮੈਂ ਜੈਜ਼ੀ ਤੋਂ ਜ਼ਿਆਦਾ ਖਤਰਾ ਮੁੱਲ ਲੈਂਦਾ ਸੀ। ਇਸ ਲਈ ਪੈਸੇ ਵੱਧ ਬਣਾਏ ਸਨ। ਜਮਾਲ ਦੇ ਨਾਲ਼ ਵੀ ਸੌਦਾ ਕਰ ਲਿਆ ਜਿਸ ਵਿੱਚ ਅੱਧਾ ਬਰਮਿੰਗਮ ਉਸਦਾ ਸੀ ਅੱਧਾ ਮੇਰਾ। ਜਮਾਲ ਦੇ ਲੋਕ ਸਾਡੇ ਪਾਪ ਸਹਾਰਦੇ ਸੀ ਅਤੇ ਅਸੀਂ ਉਨ੍ਹਾਂ ਦੇ। ਆਮ ਜਨਤਾ ਹੀ ਦੁਖੀ ਹੁੰਦੀ। ਸਿੱਖ, ਹਿੰਦੂ ਅਤੇ ਮੁਸਲਮਾਨਾਂ ਵਿੱਚ ਖਲੀਜ ਪਾ ਦਿੱਤੀ ਸੀ। ਜਮਾਲ ਦੇ ਬੰਦੇ ਕੁੜੀਆਂ ਚੁੱਕ ਕੇ ਪਾਕਿਸਤਾਨ ‘ਚ ਵੇਚਦੇ ਸੀ ਅਤੇ ਅਸੀਂ ਅਫੀਮ ਆਦਿ ਵੇਚਦੇ ਸੀ। ਜੈਜ਼ੀ ਨੂੰ ਇਹ ਸਭ ਪਸੰਦ ਨਹੀਂ ਸੀ। ਸੋ ਉਸ ਰਾਤ ਮੈਂ ਸ਼ੀਨਾ ਨੂੰ ਇੱਕ ਘਰ ਛੱਡਕੇ ਮੋਬਾਇਲ ਤੇ ਫੋਨ ਕੀਤਾ। ਜਮਾਲ ਹਾਲੇ ਤੱਕ ਜੈਜ਼ੀ ਤੋਂ ਡਰਦਾ ਸੀ। ਹੁਣ ਉਸਦਾ ਮੌਕਾ ਆਇਆ। ਉਸ ਰਾਤ ਜਮਾਲ ਦੇ ਆਦਮੀਆਂ ਨੇ ਜੈਜ਼ੀ ਦੇ ਹਰ ਕਲੱਬ, ਪੱਬ ਅਤੇ ਕੋਠੀਆਂ ਤੇ ਹਮਲਾ ਕੀਤਾ। ਮੇਰੇ ਬੰਦਿਆਂ ਨੇ ਜੋ ਬੱਚ ਗਿਆ ਸੀ ਦਾ ਦਖਲ ਲੈ ਲਿਆ। ਜੈਜ਼ੀ ਡਰਟੀ ਡੱਕ ‘ਚ ਬੈਠਾ ਸੋਚਦਾ ਸੀ ਕਿ ਮੇਰੀ ਮੌਤ ਦੀ ਖਬਰ ਆਵੇਗੀ। ਜਮਾਲ ਨੂੰ ਪਤਾ ਲੱਗ ਗਿਆ ਮੋਟਰਸਾਈਕਲ ਵਾਲ਼ਾ ਕੌਣ ਸੀ ਅਤੇ ਉਸਨੂੰ ਮਾਰ ਦਿੱਤਾ ਸੀ। ਮੈਂ ਡਰਟੀ ਡੱਕ ਵਿੱਚ ਵੜਿਆ। ਮੈਨੂੰ ਜਿਉਂਦਾ ਵੇਖਕੇ ਹੈਰਾਨ ਹੋ ਗਿਆ। ਮੇਰੇ ਨਾਲ਼ ਪਿਆਰ ਦੀਆਂ ਗੱਲਾਂ ਕਰਨ ਦੀ ਕੋਸ਼ਿਸ਼ ਕੀਤੀ। ਆਲ਼ੇ ਦੁਆਲ਼ੇ ਜੋ ਖੜ੍ਹੇ ਸੀ ਪਰ੍ਹਾਂ ਹੋ ਗਏ। ਮੈਂ ਉਸ ਦੇ ਸਾਹਮਣੇ ਬਹਿ ਗਿਆ ਹੱਥ ਵਿੱਚ ਰਿਵਾਲਵਰ ਜਿਸਦੀ ਨਾਲ਼ੀ ਉਸਦੇ ਪੇਟ ਵੱਲ ਟਿਕਾਈ ਹੋਈ ਸੀ। ਪੈਰ ਫੜ ਲਏ ਪਰ ਮੈਂ ਮਾਫ਼ ਨਹੀਂ ਕੀਤਾ। ਹੁਣ ਮੈਂ ਦਾਦਾ ਸੀ। ਉਸ ਨੂੰ ਉੱਥੇ ਹੀ ਪੱਬ ‘ਚ ਮਾਰ ਦਿੱਤਾ। ਇੱਕ ਗੋਲ਼ੀ ਮੱਥੇ ਵਿੱਚ ਮੋਰੀ ਕੱਢਦੀ ਪਾਰ ਹੋ ਗਈ।
ਉਸ ਦਿਨ ਤੋਂ ਬਾਅਦ ਸ਼ੀਨਾ ਮੇਰੀ ਸੀ, ਹੈਂਡਜ਼ਵਰਥ ਮੇਰਾ ਸੀ, ਵੈੱਸਟ ਬਰਾਮਿਚ ਵੀ। ਸਾਰਾ ਸ਼ਹਿਰ ਮੇਰੇ ‘ਤੇ ਜਮਾਲ ਦੇ ਲੋਕਾਂ ਅਤੇ ਜਮੀਕਿਆਂ ਵਿੱਚ ਵੰਡ ਹੋ ਗਿਆ। ਹੁਣ ਦਾਦ ਸੀ, ਹੁਣ ਦੁਕਾਨ‘ਚ ਸਵੇਰ ਤੋਂ ਸ਼ਾਮ ਤੱਕ ਖੜ੍ਹਣਾ ਨਹੀਂ ਪੈਂਦਾ ਸੀ। ਹੁਣ ਇਸ ਮੁਲਕ ‘ਚ ਆ ਕੇ ਭੁੱਖਾ ਨਹੀਂ ਸੀ ਮਰਦਾ ਪਿਆ। ਹੁਣ ਇਨ੍ਹਾਂ ਬ੍ਰਿਟਿਸ਼ ਪੰਜਾਬੀਆਂ ਉੱਤੇ ਮੈਂ ਰਾਜ ਕਰਦਾ ਸੀ। ਜਿਹੜਾ ਵੀ ਗਲਤ ਠੇਕਾ ਸੀ ਸ਼ਹਿਰ ਵਿੱਚ ਉਸਦਾ ਮੈਂ ਸਾਂਝੀਦਾਰ ਸੀ। ਲੋਕ ਮੈਤੋਂ ਡਰਦੇ ਸਨ। ਇਸ ਤੋਂ ਜਿਆਦਾ ਕੀ ਲੈਣਾ ਸੀ?
ਪਰ ਜੋ ਮੈਂ ਜੈਜ਼ੀ ਨਾਲ਼ ਕੀਤਾ ਮੇਰੇ ਨਾਲ਼ ਵੀ ਬੀਤ ਸਕਦਾ ਸੀ। ਪਹਿਲਾ ਡਰ ਜਮਾਲ ਤੋਂ ਸੀ। ਉਹ ਸਿੱਖ ਕੁੜੀਆਂ ਵੇਚਦਾ ਸੀ ਅਤੇ ਮੈਂ ਹੁਣ ਉਸਨੂੰ ਬਰਦਾਸ਼ਤ ਨਹੀਂ ਕਰ ਸਕਦਾ ਸੀ। ਮੈਂ ਕੁੜੀਆਂ ਨੂੰ ਬਚਾ ਨਹੀਂ ਸਕਦਾ ਸੀ ਪਰ ਜਿਹੜੇ ਸਿੱਖ ਬਾਪਾਂ ਨੇ ਸਾਨੂੰ ਪੈਸੇ ਦਿੱਤੇ ਉਨ੍ਹਾਂ ਲਈ ਪਤਾ ਲੈ ਸਕਦਾ ਸੀ ਕਿਹੜੇ ਗੁੰਡਿਆਂ ਨੇ ਇਹ ਕੰਮ ਕੀਤਾ ਅਤੇ ਉਨ੍ਹਾਂ ਨੂੰ ਬਦਲੇ ਵਿੱਚ ਮਾਰਿਆ। ਸੱਚ ਵਿੱਚ ਮੈਂ ਜਮਾਲ ਨੂੰ ਪਿਆਮ ਦੇ ਰਿਹਾ ਸੀ। ਉਸਨੂੰ ਵੀ ਪਤਾ ਸੀ। ਪਰ ਜਮਾਲ ਤੋਂ ਨਹੀਂ ਭਬਕ ਮਿਲੀ। ਡੂਮ-ਡਰਾਵਾ ਜਿੰਨਾ ਮਰਜੀ ਹੋਵੇ, ਅਸਲੀ ਆਂਚ ਹੋਰ ਪਾਸਿਓਂ ਆਈ।
ਸਿਮਰਨ ਅਤੇ ਮੋਹਨ ਇਮਾਨਦਾਰ ਆਦਮੀ ਸਨ। ਮੈਂ ਹੁਣ ਅਮੀਰ ਸੀ। ਗੱਡੀ, ਗੁੱਡੀ ‘ਤੇ ਬੰਗਲਾ, ਸਭ ਸੀ ਮੇਰੇ ਕੋਲ਼। ਅਨ੍ਹਾਂ ਕੋਲ਼ ਘਰ, ਵਹੁਟੀ ਅਤੇ ਧਨ ਕੁਛ ਵੀ ਨਹੀਂ ਸੀ। ਫਿਰ ਵੀ ਸਾਰਾ ਦਿਨ ਕੰਮ ਕਰਕੇ ਪੈਸੇ ਜੋੜ ਜੋੜ ਕੇ ਪੰਜਾਬ ਭੇਜਦੇ ਸਨ। ਦੋ ਕੁ ਸਾਲਾਂ ਬਾਅਦ ਪੰਜਾਬ ਚੱਕਰ ਵੀ ਮਾਰ ਲੈਂਦੇ ਸੀ। ਤੋਚੀ ਵਰਗਾ ਇੱਕ ਹੋਰ ਵੀ ਮੁੰਡਾ ਸੀ। ਉਹ ਵੀ ਸਾਊਥਹਾਲ ਦੇ ਟੋਲ਼ੇ ‘ਚੋਂ ਸੀ। ਉਸ ਦਾ ਨਾਂ ਮਿੰਟੂ ਸੀ। ਮਿੰਟੂ ਹਰ ਸਾਲ ਪੰਜਾਬ ਜਾਂਦਾ ਸੀ। ਹੁਣ ਆਵਦਾ ਜਿਸਮ ਵੇਚਣ ਦੇ ਥਾਈਂ ਅਫੀਮ ਵੇਚਦਾ ਸੀ। ਪਰ ਹਰ ਸਾਲ ਪੰਜਾਬ ਵਿੱਚ ਪੈਸੇ ਬੇਸ਼ੁਮਾਰ ਖਰਚਦਾ ਸੀ। ਉਸਨੂੰ ਵੇਖ ਕੇ ਹੋਰ ਲਾਲਚੀ ਜੱਗਰੇ ਜੱਟ ਬਾਹਰ ਆਉਣ ਲਈ ਕਾਹਲੇ ਪੈ ਗਏ। ਕੁੱਝ ਬੰਦਿਆਂ ਨੇ ਉਸਨੂੰ ਵਿਚੋਲਾ ਬਣਾ ਕੇ ਆਵਦੀਆਂ ਧੀਆਂ ਵਿਲਾਇਤ ‘ਚ ਫਸਾ ਦਿੱਤੀਆਂ। ਕਈਆਂ ਨੇ ਤਲਾਕ ਲੈ ਲਏ। ਅੱਧੀਆਂ ਕੋਲ਼ ਨਿਆਣੇ ਹੋ ਗਏ ਕਰਕੇ ਵਾਪਸ ਜਾਣ ਜੋਗੀਆਂ ਵੀ ਨਹੀਂ ਸਨ। ਸੱਚ ਸੀ ਪੱਛਮ ‘ਚ ਜੋ ਪਲ਼ੇ ਸੀ ਪੂਰਬ ਦੇ ਪਲ਼ਿਆਂ ਨਾਲ਼ ਮੇਲ਼ ਕਾਮਯਾਬ ਕਦੀ ਨਹੀਂ ਹੁੰਦਾ। ਖਿਆਲ ਬਹੁਤ ਜਿਆਦਾ ਅਲੱਗ ਹੁੰਦੇ ਨੇ। ਪਰ ਮਿੰਟੂ ਵਰਗਿਆਂ ਨੂੰ ਵੇਖ ਕੇ ਪੰਜਾਬੀ ਤਾਂ ਸੋਚਦੇ ਨੇ ਪਤਾ ਨਹੀਂ ਕੀ ਐ ਬਾਹਰ? ਇਸ ਲਈ ਇਹ ਚੱਕਰ ਚੱਲੀ ਜਾਂਦੈ ਅਤੇ ਮਿੰਟੂ ਵਰਗੇ ਗਲਤ ਰਿਸ਼ਤੇ ਕਰਦੇ ਰਹਿੰਦੇ ਨੇ। ਮਿੰਟੂ ਇੱਕ ਸਾਲ ਖਾਲ਼ੀ ਜੇਬ ਨਾਲ ਯੂ ਕੇ ਪਰਤ ਆਇਆ। ਉਸੇ ਸਮੇਂ ਜਦ ਮੈਨੂੰ ਜਮਾਲ ਦਾ ਫਿਕਰ ਸੀ। ਹਾਲੇ ਜਮਾਲ ਨਾਲ ਟੱਕਰਾਂ ਮਾਰ ਰਿਹਾ ਸੀ ਜਦ ਮਿੰਟੂ ਨੇ ਮੈਨੂੰ ਫੋਨ ਕਰਕੇ ਭਾਰ ਚੜ੍ਹਾ ਦਿੱਤਾ।
ਮਿੰਟੂ ਨੂੰ ਪਤਾ ਸੀ ਕਿ ਮੈਂ ਉਸ ਸਮੇਂ ਮਿਡਲੈਂਡਜ਼ ਦਾ ਨੰਬਰ ਇੱਕ ਗੁੰਡਾ ਸੀ। ਉਸ ਨੇ ਸਿਮਰਨ, ਮੋਹਨ ਆਦਿ ਤੋਂ ਵੀ ਪੈਸੇ ਉਧਾਰ ਲੈ ਲਏ ਸੀ ਅਤੇ ਕੁੱਝ ਪੰਜਾਬ ‘ਚ ਬੈਠੇ ਰਿਸ਼ਤੇਦਾਰਾਂ ਤੋਂ ਵੀ ਲੈ ਲਏ ਸੀ। ਸਭ ਵਾਪਸ ਮੋੜਨੇ ਸਨ। ਪਹਿਲੇ ਤਰੀਕਿਆਂ ਨਾਲ਼ ਪੈਸੇ ਬਣਾਉਣ ਲਈ ਤਿਆਰ ਨਹੀਂ ਸੀ। ਹੁਣ ਤਾਂ ਸੁਹਣਾ ਘਰ ਵੀ ਸੀ। ਸੈੱਟ ਬੰਦਾ ਸੀ। ਇਸ ਲਈ ਉਸਨੇ ਸੰਨ੍ਹ ਲਾਉਣ ਦੀ ਸਕੀਮ ਬਣਾ ਲਈ। ਪਰ ਮੇਰੀ ਮੱਦਦ ਦੀ ਲੋੜ ਸੀ। ਨਾਲ਼ੇ ਇਸ ਵੇਲੇ ਉਸਦਾ ਇੱਕ ਦੋਸਤ ਸੀ ਜਿਸ ਨੇ ਫਿਲਮਾਂ ਵਿੱਚ ਪੈਸੇ ਲਾਏ ਸੀ। ਸੰਘੇੜੇ ਦੀ ਨਵੀਂ ਮੂਵੀ ਵਿੱਚ ਪੈਸੇ ਲਾਏ ਸੀ ਜਿਸ ਫਿਲਮ ਨੂੰ ਕਰਨ ਲਈ ਸੰਘੇੜਾ ਇੰਗਲੈਂਡ ਆਇਆ ਸੀ। ਦੋਸਤ ਦਾ ਨਾਂ ਸੀ ਰਾਜੂ ਅਤੇ ਪਿਕਚਰ ਦੀ ਹੁੱਦਾ ਵਧਾਅਂਦਾ ਸੀ। ਰਾਜੂ ਤੋਂ ਵੀ ਮਿੰਟੂ ਨੇ ਪੈਸੇ ਉਧਾਰ ਲੈ ਲਏ ਸੀ। ਉਸ ਤੋਂ ਜ਼ਿਆਦਾ ਡਰਦਾ ਹੋਣ ਕਰਕੇ ਉਸਨੂੰ ਸਕੀਮ ‘ਚ ਸ਼ਾਮਲ ਕਰ ਲਿਆ। ਪਰ ਵੱਡੀ ਗੱਲ ਇਹ ਹੈ ਕਿ ਰਾਜੂ ਨੂੰ ਮੇਰਾ ਨਾਂ ਦੱਸ ਦਿੱਤਾ। ਉਸ ਰਾਜੂ ਨੂੰ ਜਿਹੜਾ ਸੰਘੇੜੇ ਦਾ ਜੋੜੀਦਾਰ ਸੀ। ਆਂਚ ਇਸ ਪਾਸਿਓਂ ਆਈ ਸੀ!
ਮਿੰਟੂ ਇੱਕ ਜੌਹਰੀ ਦੀ ਦੁਕਾਨ ਨੂੰ ਲੁੱਟਣਾ ਚਾਹੁੰਦਾ ਸੀ, ਜਿਹੜਾ ਸਾਊਥਹਾਲ ਬਰਾਡਵ ‘ਚ ਸੀ। ਉਸਨੇ ਮੇਰੇ ਨਾਲ਼ ਬੈਠ ਕੇ ਪਿਆਰ ਨਾਲ਼ ਤਜਵੀਜ ਰੱਖੀ। ਜੌਹਰੀ ਦੇ ਪਿੱਛੇ ਘਰ ਸਨ। ਘਰਾਂ ਅਤੇ ਜੌਹਰੀ ਦੇ ਵਿਚਾਲ਼ੇ ਗਲ਼ੀ ਸੀ। ਇਸ ਵਿੱਚ ਵੈਨ ਪਾਰਕ ਕਰਕੇ ਦਿਖਾਉਣਾ ਸੀ ਕਿ ਨਾਲ਼ਦੇ ਘਰ ‘ਚ ਕੰਮ ਹੋ ਰਿਹਾ ਹੈ। ਤਿੰਨ ਆਦਮੀ ਘਰ ਵਿੱਚ ਸੱਚ ਮੁੱਚ ਕੰਮ ਕਰਦੇ ਹੋਣਗੇ, ਪਰ ਤਿੰਨ ਜਣੇ ਚੋਰੀ ਕਰਨਗੇ। ਚੋਰੀ ਕਰਨ ਲਈ ਸਮਾਨ ਚਾਹੀਦਾ ਸੀ। ਇਹ ਸਮਾਨ ਰਾਜੂ ਦੇ ਜਾਣ ਪਛਾਣ ਵਾਲ਼ੇ ਲਿਆਉਣਗੇ ਜਿੰਨ੍ਹਾਂ ਨੇ ਚੋਰੀ ਕਰਨੀ ਸੀ, ਉਨ੍ਹਾਂ ‘ਚ ਮਿੰਟੂ ਵੀ ਹਊਗਾ, ਮੈਂ ਵੀ ਹਊਂਗਾ ਅਤੇ ਪੱਕਾ ਤਿਜੌਰੀ ਦਾ ਝੁੱਗਾ ਭੰਨਣ ਵਾਲ਼ਾ। ਮੇਰਾ ਕੰਮ ਸੀ ਇਸ ਤਰਾਂ ਦਾ ਆਦਮੀ ਟੋਲਣ ਦਾ। ਚੋਰੀ ਐਤਵਾਰ ਨੂੰ ਕਰਨੀ ਸੀ ਜਦ ਦੁਕਾਨ ਬੰਦ ਹੋਣੀ ਸੀ। ਮੈਂ ਇਸ ਕੰਮ ਲਈ ਬੰਦਾ ਬਰਮਿੰਗਮ ‘ਚੋਂ ਭਾਲ਼ ਲਿਆ। ਗੋਰਾ ਸੀ, ਉਸਦਾ ਨਾਂ ਸੀ ਮਾਈਕ। ਮਾਈਕ ਨੇ ਘਣ ਨਾਲ਼ ਪਿਛਲੀ ਕੰਧ ਤੋੜ ਕੇ ਅੰਦਰ ਵੜ ਜਾਣਾ ਸੀ। ਉਸਨੇ ਅਲਾਰਮ ਬੰਦ ਕਰਕੇ ਫਿਰ ਮੈਨੂੰ ਅਤੇ ਮਿੰਟੂ ਨੂੰ ਅੰਦਰ ਬੁਲਾ ਲੈਣਾ ਸੀ। ਮਾਈਕ ਨੇ ਤਿਜੌਰੀ ਅਰਾਮ ਨਾਲ਼ ਖੋਲ੍ਹਕੇ ਬੋਰੀਆਂ ਭਰਨ ‘ਚ ਸਾਡੀ ਮੱਦਦ ਕਰਨੀ ਸੀ। ਮੇਰੇ ਇੱਕ ਸੱਤਵੇਂ ਬੰਦੇ ਨੇ ਬਰਾਡਵੇ ਦੀਆਂ ਦੁਕਾਨਾਂ ਦੀਆਂ ਛੱਤਾਂ ਤੇ ਬਾਰੀਆਂ ਧੋਣ ਵਾਲ਼ੇ ਦੇ ਰੂਪ ‘ਚ ਅੱਖ ਰੱਖਣੀ ਸੀ ਪੁਲ਼ਸ ਲਈ। ਜੇ ਉਸਨੇ ਕੋਈ ਵੀ ਦੇਖਿਆ ਮੋਬਾਇਲ ਤੇ ਸਾਨੂੰ ਦੱਸ ਦੇਣਾ ਸੀ। ਬੱਸ ਇਹ ਸਕੀਮ ਸੀ ਮਿੰਟੂ ਦੀ। ਮੈਂ ਸੋਚਕੇ ਹਾਂ ਕਰ ਦਿੱਤੀ।
ਵੈਸੇ ਸਭ ਇੰਝ ਹੀ ਹੋਣਾ ਹੀ ਸੀ। ਪਰ ਮਾਈਕ ਨੇ ਤਿਜੌਰੀ ਨੂੰ ਬਰੂਦੀ ਸਾਬਣ ਨਾਲ਼ ਖੋਲ਼੍ਹਣਾ ਸੀ। ਇੰਝ ਕੰਮ ਖਰਾਬ ਹੋਗਿਆ। ਜਦ ਖੜਕਾ ਹੋਇਆ, ਉਸਨੇ ਆਲ਼ੇ ਦੁਆਲ਼ੇ ਦੀਆਂ ਦੁਕਾਨਾਂ ਦੇ ਅਲਾਰਮ ਸੈੱਟ ਆਫ ਕਰ ਦਿੱਤੇ। ਪਤਾ ਨਹੀਂ ਕਿਵੇਂ? ਪੁਲ਼ਸ ਦੀਆਂ ਗੱਡੀਆਂ ਆ ਗਈਆਂ। ਸਾਨੂੰ ਸੱਤਵੇਂ ਆਦਮੀ ਨੇ ਦਸ ਦਿੱਤਾ ਤੇ ਸਾਨੂੰ ਸੋਨੇ ਦੇ ਗਹਿਣਿਆਂ ਬਿਨਾਂ ਹੀ ਬਾਹਰ ਨਿੱਕਲ਼ਣਾ ਪਿਆ। ਸਿਆਹ ਬਖ਼ਤੀ ਨਾਲ਼ ਇੱਕ ਪੁਲ਼ਸੀਆ ਗਲ਼ੀ ‘ਚ ਆ ਗਿਆ ਸੀ ਅਤੇ ਵੈਨ ਵਾਲਿਆਂ ਨਾਲ਼ ਗੱਲਾਂ ‘ਚ ਲੱਗ ਪਿਆ। ਉਨ੍ਹਾਂ ਨੇ ਉਸਨੂੰ ਦਫ਼ਾ ਕਰਨ ਦੀ ਬੜੀ ਕੋਸ਼ਿਸ਼ ਕੀਤੀ ਪਰ ਉਹ ਗਿਆ ਨਹੀਂ। ਉਸਨੇ ਸਾਨੂੰ ਬਾਹਰ ਆਉਂਦੇ ਦੇਖ ਲਿਆ। ਮਾਈਕ ਨੇ ਉਸਦੇ ਹੂਰਾ ਮਾਰਿਆ, ਪਰ ਅਚਾਨਕ ਉਸਨੇ ਗੋਲ਼ੀ ਛੱਡ ਦਿੱਤੀ ਜੋ ਮਿੰਟੂ ਦੇ ਪੇਟ ਵਿੱਚ ਲੱਗੀ। ਆਮ ਪੁਲ਼ਸ ਵਾਲ਼ੇ ਇੱਥੇ ਹਥਿਆਰ ਨਹੀਂ ਰੱਖਦੇ, ਪਰ ਇਸ ਪੁਲ਼ਸੀਏ ਕੋਲ਼ ਪਸਤੌਲ ਸੀ। ਅਸੀਂ ਵੈਨ ਵੱਲ ਨੂੰ ਝਪਟੇ ਤੇ ਛੇਤੀ ਹੀ ਸਾਰੇ ਉੱਥੋਂ ਨਿੱਕਲ਼ ਗਏ। ਮਿੰਟੂ ਬੇਹਾਲ ਸੀ। ਪਰ ਅਸੀਂ ਉਸਨੂੰ ਹਸਪਤਾਲ ਜਾਂ ਦਵਾਘਰ ਨਹੀਂ ਲਿਜਾ ਸਕਦੇ ਸੀ। ਅਸੀਂ ਵਿਚਾਰੇ ਨੂੰ ਸਿਮਰਨ ਕੋਲ਼ ਲੈ ਗਏ। ਅੱਥੇਂ ਉਸਨੂੰ ਛੱਡ ਕੇ, ਵੈਨ ਇੱਕ ਸੜਕ ਤੇ ਛੱਡ ਦਿੱਤੀ। ਸਿਮਰਨ ਨੂੰ ਪਤਾ ਨਹੀਂ ਲੱਗਿਆ ਕਿ ਕੀ ਕਰੇ, ਕਿਉਂਕਿ ਮਿੰਟੂ ਬਹੁਤ ਦਰਦ ‘ਚ ਸੀ ਅਤੇ ਸਾਰੇ ਪਾਸੇ ਰੱਤੋ-ਰੱਤ ਹੋ ਗਈ ਸੀ। ਸਿਮਰਨ ਨੇ ਰਾਜੂ ਨੂੰ ਫੋਨ ਕਰ ਦਿੱਤਾ ਸੀ। ਉਸਨੇ ਇੱਕ ਡਾਕਟਰ ਬੁਲਾ ਦਿੱਤਾ। ਪਰ ਮਿੰਟੂ ਮਰ ਗਿਆ। ਇਹ ਗੱਲ ਰਾਜੂ ਨੇ ਜਰੂਰ ਸੰਘੇੜੇ ਨੂੰ ਵੀ ਦੱਸ ਦਿੱਤੀ ਹੋਣੀ ਐ। ਪਰ ਉਸ ਵੇਲ਼ੇ ਮੈਨੂੰ ਨਹੀਂ ਪਤਾ ਸੀ। ਮੈਂ ਖਿੱਝ ਵਿੱਚ ਮਾਈਕ ਨੂੰ ਠੋਕਰ ਮਾਰੀ।
ਮਾਈਕ ਮੇਰੇ ਨਾਲ਼ ਖਿੱਝ ਗਿਆ। ਉਸਨੇ ਰਾਜੂ ਨਾਲ਼ ਗੱਲ ਕੀਤੀ, ਕਿਉਂਕਿ ਰਾਜੂ ਨੂੰ ਨਵਾਂ ਨਿਰਦਸ਼ੋ ਮਿਲਿਆ। ਸੋ… ਮੈਨੂੰ ਕਸਕੇ ਛੱਤ ਨਾਲ ਲਟਕਦੀਆਂ ਕੁੰਡੀਆਂ ਨਾਲ਼ ਬੰਨ੍ਹ ਕੇ ਲਟਕਾਇਆ ਸੀ। ਜੰਜੀਰ ਨੇ ਸਰੀਰ ਇੰਝ ਘੁੱਟਿਆ ਹੋਇਆ ਸੀ ਜਿਵੇਂ ਸੱਪ ਨੇ ਸਰੀਰ ਨੂੰ ਗੁੰਝਲੀ ਮਾਰੀ ਹੋਵੇ। ਮੇਰੇ ਮੁਖੜੇ ਤੋਂ ਮੁੜ੍ਹਕਾ ਚੋਂਦਾ ਸੀ, ਨਾਲ਼ੋ ਨਾਲ਼ ਸੀਰ ਫੁੱਟ ਪਈ ਸੀ। ਉਨ੍ਹਾਂ ਦੇ ਹੱਥੋਂ ਮੇਰਾ ਸਾਰਾ ਪਿੰਡਾ ਹੂਰਿਆਂ ਤੇ ਹਥਿਆਰਾਂ ਦੀ ਮਾਰ ਨਾਲ਼ ਜ਼ਖਮੀ ਹੋਇਆ ਹੋਇਆ ਸੀ। ਉਨ੍ਹਾਂ ਨੇ ਮੈਨੂੰ ਹਾਲੋਂ ਬੇਹਾਲ ਕੀਤਾ ਸੀ। ਅੱਖਾਂ ਖੁੱਲ੍ਹਦੀਆਂ ਨਹੀਂ ਸਨ। ਬੁੱਲ੍ਹ ਪਾਟੇ ਅਤੇ ਮਾਸ ਝੰਡ ਕੀਤੇ ਕਬਾਬ ਵਾਂਗ ਪੋਲਾ ਹੋ ਗਿਆ ਸੀ।ਇਹ ਹਾਲ ਸੀਗਾ ਮੇਰਾ ਉਸ ਵੇਲੇ।
ਮੈਂ ਗੁਦਾਮ ਵਿਚ ਟੰਗਿਆ ਹੋਇਆ ਸੀ। ਮੇਰੇ ਆਲ਼ੇ ਦੁਆਲ਼ੇ ਚਾਰ ਗੁੰਡੇ ਖਲੋਤੇ ਸਨ। ਚਾਰ ਗਿੱਦੜ ਖੜ੍ਹੇ ਸਨ, ਝਈਆਂ ਲੈਂਦੇ।ਇੱਕ ਦੇ ਹੱਥਾਂ ‘ਚ ਬੇਸਬਾਲ ਬੈਟ ਸੀ, ਇੱਕ ਦੇ ਹੱਥਾਂ ‘ਚ ਸੱਬਲ਼ ਸੀ। ਦੂਜਿਆਂ ਕੋਲ਼ ਠੂੰਗਾਂ ਮਾਰਨ ਵਾਲੇ ਲੋਹੇ ਦੇ ਹੜਬੁੱਚ ਦਸਤਾਨੇ ਹਨ। ਛੱਤ ਤੋਂ ਇੱਕ ਲਾਟੂ ਲਮਕਦਾ, ਜਿਸ ਤੋਂ ਕੋਣੇਦਾਰ ਰਿਸ਼ਮ ਸਿਰਫ ਮੇਰੇ ਉਪਰ ਪੈਂਦੀ ਸੀ। ਉਨ੍ਹਾਂ ਦੇ ਸਿਰਫ ਪਰਛਾਵੇਂ ਹੀ ਦਿਸਦੇ ਸਨ। ਉਹ ਆਪ ਹਨੇਰੇ ‘ਚ ਹਜ਼ਮ ਹੋਏ ਹੋਏ ਸਨ, ਜਿਵੇਂ ਡਰਦੇ ਹੋਣ ਆਪਣੇ ਆਪ ਨੂੰ ਦਿਖਾਉਣ ਤੋਂ। ਫਿਰ ਇੱਕ ਪਰਛਾਵਾਂ ਚੱਲ਼ਿਆ ਰੋਸ਼ਨੀ ਦੇ ਵਿੱਚ, ਮੇਰੇ ਨੇੜੇ ਆ ਕੇ ਖੜ੍ਹਾ ਹੋ ਗਿਆ। ਪਰਛਾਵੇਂ ਦੇ ਮਾਲਕ ਦਾ ਮੂੰਹ ਹੁਣ ਸਾਫ਼ ਦਿਸਦਾ ਸੀ। ਲੰਬਾ, ਪਤਲਾ ਜਿਹਾ। ਠੋਡੀ ਤੇ ਨਿੱਕੀ ਨਿੱਕੀ ਦਾੜ੍ਹੀ ਸੀ। ਨੱਕ ਉੱਤੇ ਐਨਕਾਂ ਬੈਠੀਆਂ ਹੋਈਆਂ ਸਨ। ਉਸਨੇ ਮੁਸਕਾਨ ਛੱਡੀ, ਫਿਰ ਬੋਲਿਆ ਸਹਿਜ ਨਾਲ਼,"ਤਾਰੀ ਜਾਂ ਦੇਵ? ਜੋ ਮਰਜੀ…ਵੈਸੇ ਤੈਨੂੰ ਤਾਂ ਹੀ ਇਸ ਮੁਲਕ ‘ਚ ਭਾਲਣਾ ਔਖਾ ਸੀ। ਕੇਸ ਰੱਖੇ, ਫੇਰ ਕੱਟੇ। ਪਰ ਇੱਕ ਦਿਨ ਤੂੰ ਕੋਈ ਕਸੂਰ ਕਰਨਾ ਹੀ ਸੀ ਜਿਸ ਨਾਲ਼ ਤੇਰਾ ਭੇਤ…ਖ਼ੈਰ ਹੁਣ ਤਾਂ ਮਿਲ ਹੀ ਗਿਆ। ਦਾਦੇ ਨੂੰ ਭਾਵੇ ਮਰਵਾ ਦਿੱਤਾ ਸੀ ਪਰ ਅਸਲੀ ਪਲੈਨ ਤੇਰਾ ਹੀ ਸੀ..ਕਾਸ਼!" ਉਸਦੇ ਸੱਜੇ ਹੱਥ ਤੇ ਹੜਬੁੱਚ ਪਾਇਆ ਸੀ। ਉਸਨੇ ਜੋਰ ਦੇਣੀ ਮੇਰੇ ਜਬਾੜੇ ਤੇ ਮੁੱਕਾ ਮਾਰਿਆ। ਮੂੰਹ ‘ਚੋਂ ਲਹੂ ਤੇ ਦੰਦ ਥੁੱਕੇ।"ਦੇਵ..ਦੇਵ ਹੀ ਤੇਰਾ ਨਾਂ ਹੈ ਨਾ?…ਤੇਰੀ ਕਿਸਮਤ ਚੰਗੀ ਨਹੀਂ ਹੈ…ਰਾਜੂ ਅਤੇ ਮਿੰਟੂ ਮੈਨੂੰ ਜਾਣਦੇ ਨੇ…ਪਤਾ ਤਾਂ ਮੈਨੂੰ ਲੱਗਣਾ ਹੀ ਸੀ।" ਇੱਕ ਹੋਰ ਮੁੱਕਾ ਮਾਰਿਆ ਐਤਕੀਂ ਸਿੱਧਾ ਨੱਕ ਤੇ। ਰੱਤ ਨਾਲ਼ ਉਸਦਾ ਸੱਜਾ ਹੱਥ ਹੁਣ ਲਿੱਬੜ ਚੁੱਕਿਆ ਸੀ।
ਮੈਂ ਤਾਂ ਜਵਾਬ ਵੀ ਨਹੀਂ ਦੇ ਸਕਦਾ ਸੀ। ਪਰ ਇਹ ਸਭ ਜਵਾਬ ਲੈਣ ਲਈ ਨਹੀਂ ਸੀ। ਮਿੰਟੂ ਕਰਕੇ ਵੀ ਨਹੀਂ ਸੀ। ਇਹ ਤਾਂ ਉਸਨੂੰ ਖ਼ੁਸ਼ ਕਰਨ ਲਈ ਸੀ। ਇਸ ਦਾ ਨਤੀਜਾ ਇੱਕ ਹੀ ਹੋਣਾ ਸੀ, ਮੇਰੀ ਮੌਤ। ਸੱਜੇ ਹੱਥ ਤੋਂ ਲੋਹੇ ਦਾ ਡਸਟਰ ਜਾਣੀ ਹੜਬੁੱਚ ਦਸਤਾਨਾ ਲਾਹ ਦਿੱਤਾ ਸੀ, ਸੰਘੇੜੇ ਨੇ। ਹਾਂ ਉਹ ਸੰਘੇੜਾ ਸੀ। ਜਦ ਰਾਜੂ ਨੇ ਸਭ ਕੁੱਝ ਉਸਨੂੰ ਚੋਰੀ ਬਾਰੇ ਬਕ ਦਿੱਤਾ, ਉਸਨੂੰ ਮੇਰੀ ਤਸਵੀਰ ਵੀ ਦਿਖਾਈ। ਬੱਸ ਉਸਦੀ ਖੋਜ ਖਤਮ ਹੋ ਗਈ। ਉਸਦੇ ਬੱਚੇ ਦਾ ਖੂਨੀ ਮਿਲ ਗਿਆ ਸੀ। ਹੋਰ ਸਾਰਿਆਂ ਨੂੰ ਮਰਵਾ ਦਿੱਤਾ ਸੀ, ਮੈਂ ਹੀ ਰਹਿੰਦਾ ਸੀ। ਹੁਣ ਨਹੀਂ ਬਚਣਡ।
ਰਾਜੂ ਨੂੰ ਜਦ ਪਤਾ ਲੱਗਿਆ ਕਿ ਮੈਂ ਬਰਮਿੰਗਮ ਦਾ ਵੱਡਾ ਗੁੰਡਾ ਸੀ ਉਸਨੇ ਮੈਤੋਂ ਵੀ ਵੱਡੇ ਗੁੰਡੇ ਨੂੰ ਭਾੜਾ ਦਿੱਤਾ। ਇਹ ਆਦਮੀ ਜਮੀਕਾ ਸੀ ਜਿਸ ਦੀ ਪਹੁੰਚ ਲੰਡਨ ਤੋਂ ਬਰਮਿੰਗਮ ਤਿੱਕਰ ਸੀ। ਬੱਸ ਉਨ੍ਹਾਂ ਨੇ ਇੱਕ ਰਾਤ ਜਦ ਮੈਂ ਤੇ ਸ਼ੀਨਾ ਅਰਾਮ ਨਾਲ਼ ਬੈੱਡ ‘ਚ ਪਏ ਸੀ, ਸਾਨੂੰ ਦੋਨਾਂ ਨੂੰ ਚੁੱਕ ਲਿਆ। ਸ਼ੀਨਾ ਦਾ ਮੈਨੂੰ ਕੁੱਝ ਨਹੀਂ ਪਤਾ, ਪਰ ਮੈਨੂੰ ਬੰਨ੍ਹ ਕੇ ਵੈਨ ‘ਚ ਸੁੱਟ ਕੇ ਕਿਸੇ ਦੂਰ ਥਾਂ ਲੈ ਗਏ। ਬਹੁਤ ਦੇਰ ਲੱਗੀ ਉੱਥੇ ਪਹੁੰਚਣ ਲਈ। ਜਦ ਪੁੱਜੇ ਮੈਨੂੰ ਵੈਨ ‘ਚੋਂ ਬਾਹਰ ਕੱਢ ਕੇ ਇੱਕ ਗੁਦਾਮ ‘ਚ ਲੈ ਗਏ ਸੀ। ਸਾਰੇ ਕਾਲ਼ੇ ਸਨ। ਮੈਨੂੰ ਫਿਰ ਟੰਗ ਕੇ ਕੁੱਟਿਆ, ਬਿਨਾ ਦੱਸਣ ਤੋਂ, ਕਾਹਤੋਂ ਇੰਝ ਕਰ ਰਹੇ ਸੀ? ਫਿਰ ਉਸਨੂੰ ਵੇਖਿਆ, ਪਰਛਾਵੇਂ ‘ਚ ਲੁਕੇ…ਸੰਘੇੜੇ ਨੂੰ। ਮੈਂ ਸਮਝ ਗਿਆ। ਉਸਦੇ ਨਾਲ਼ ਹਨੇਰੇ ‘ਚ ਰਾਜੂ ਵੀ ਖੜ੍ਹਾ ਸੀ। ਜਦ ਤੱਕ ਮੇਰੇ ਨਾਲ਼ ਬੋਲ਼ਿਆ ਮੈਤੋਂ ਤਾਂ ਅੱਖਾਂ ਵੀ ਔਖ ਨਾਲ਼ ਮਸਾਂ ਮਸਾਂ ਖੋਲ਼੍ਹ ਹੁੰਦੀਆਂ ਸਨ। ਪਰ ਹੁਣ ਤਾਂ ਤੂੰ ਵੀ ਸਮਝਦਾ ਹੋਵੇਂਗਾ ਕਿਉਂ ਮੈਂ ਇੱਥੇ ਇਸ ਹਾਲ਼ ਵਿੱਚ ਟੰਗਿਆ ਹਾਂ।
"ਹਰਾਮਜਾਦਾ…ਤੇਰੀ ਮਾਂ ਦੀ…," ਹੌਲ਼ੀ ਹੌਲ਼ੀ ਸੰਘੇੜੇ ਦੀ ਆਵਾਜ਼ ਵਿੱਚ ਆਵੇਸ਼ ਆ ਰਿਹਾ ਸੀ।"ਮੇਰਾ ਮਾਸੂਮ ਪੁੱਤ…ਕੁੱਤਿਆ…ਅੱਜ ਤੈਨੂੰ ਨਹੀਂ ਛੱਡਣਾ! ਹੋਰ ਮਾਰੋ! ਇਸ ਨੂੰ ਹੋਰ ਮਾਰੋ!" ਐਤਕੀ ਮੈਂ ਫੁੜਕ ਫੁੜਕ ਕੇ ਬੇਸੁੱਧ ਹੋਗਿਆ। ਜਦ ਹੋਸ਼ ਆਇਆ, ਮੈਂ ਹੈਰਾਨ ਸੀ ਕਿ ਮੈਂ ਹਾਲੇ ਵੀ ਜਿਉਂਂਦਾ ਸੀ। ਕਿਉਂ? ਆਲ਼ੇ ਦੁਆਲ਼ੇ ਤੋਂ ਆਵਾਜ਼ਾਂ ਆ ਰਹੀਆਂ ਸਨ। ਮੈਂ ਹੁਣ ਟੰਗਿਆ ਨਹੀਂ ਸੀ। ਫਿਰ ਨੀਂਦ ਆ ਗਈ। ਜਦ ਫਿਰ ਜਾਗਿਆ, ਸਾਫ਼ ਸੁਣਦੀ ਸੀ ਇੱਕ "ਟੀ ਟੀ", ਝਿਮ ਝਿਮ ਕਰਦੀ। ਹੱਥ ਹਿਲਾਇਆ, ਮੂੰਹ ਤੇ ਫੇਰਿਆ। ਪੱਟੀਆਂ ਬੰਨ੍ਹੀਆਂ ਹੋਈਆਂ ਸਨ। ਹੁਣ ਲੋਕਾਂ ਦੀਆਂ ਆਵਾਜ਼ਾਂ ਵੀ ਸੁਣਦੀਆਂ ਸਨ। ਨੀਂਦ ਨੇ ਫਿਰ ਮੈਨੂੰ ਆਪਣੇ ਕਲ਼ਾਵੇ ‘ਚ ਲੈ ਲਿਆ। ਜਦ ਫਿਰ ਜਾਗਿਆ ਸਮਝ ਗਿਆ ਕੇ ਸੰਘੇੜੇ ਨੇ ਮੇਰੀ ਜਾਨ ਨਹੀਂ ਲਈ। ਮਾਰ ਮਾਰ ਕੇ ਇਸ ਹਾਲ ‘ਚ ਛੱਡ ਦਿੱਤਾ ਸੀ। ਫਿਰ ਉਹ ਦਿਨ ਆ ਗਿਆ ਜਦ ਮੈਂ ਅੱਖਾਂ ਖੋਲ਼੍ਹ ਸਕਦਾ ਸੀ। ਮੇਰੇ ਸਾਹਮਣੇ ਮੇਰਾ ਖਾਸ ਆਦਮੀ ਜੌਹਨੀ ਖੜ੍ਹਾ ਸੀ। ਮੈਂ ਬੋਲ਼ਣ ਦੀ ਕੋਸ਼ਿਸ਼ ਕੀਤੀ ਪਰ ਮੂੰਹ ਚੱਲੇ ਹੀ ਨਾ।
"ਬੌਸ ਡੌਂਟ ਵਰੀ..ਸਾਨੂੰ ਪਤਾ ਲੱਗ ਗਿਆ ਕੀ ਹੋਇਆ? ਅਸੀਂ ਮਸਾਂ ਹੀ ਉਸ ਕਾਲ਼ੇ ਦੇ ਗੁਦਾਮ ਦਾ ਪਤਾ ਲਾਇਆ। ਸੌਰੀ ਪਹਿਲਾਂ ਨ੍ਹੀਂ ਪੁੱਜੇ! ਸੋ ਸੌਰੀ! ਖ਼ੈਰ ਜਦ ਅੰਦਰ ਪਹੁੰਚੇ, ਸਭ ਵੱਲ ਗੋਲ਼ੀਆਂ ਛੱਡੀਆਂ । ਇੱਕ ਤੋਂ ਛੁੱਟ ਸਭ ਮਰ ਗਏ। ਸੋ ਸੌਰੀ…ਯੂ ਹੈਵ ਬੀਨ ਹੀਅਰ ਫਾਰ ਫਾਈਵ ਵੀਕਜ਼ ਮੈਨ।"
ਮੈਂ ਉਸਦੀਆਂ ਸਾਰੀਆਂ ਗੱਲਾਂ ਸਮਝ ਗਿਆ ਸੀ। ਮੈਂ ਇਸ਼ਾਰਾ ਕੀਤਾ ਕੌਣ ਬਚਿਆ ਅਤੇ ਸ਼ੀਨਾ ਦਾ ਕੀ ਹਾਲ਼ ਹੈ? ਉਸਨੇ ਕਾਰੀ ਆਵਾਜ਼ ‘ਚ ਜਵਾਬ ਦਿੱਤਾ, "ਸੰਘੇੜਾ, ਇੱਕ ਐਕਟਰ ਏ। ਪਰ ਹੁਣ ਐਕਟ ਨਹੀਂ ਕਰ ਕਰੂਗਾ। ਸਾਡੇ ਕੋਲ਼ੇ ਹਾਲੇ ਵੀ ਐ। ਦੁਨੀਆ ਪਾਗਲ ਹੋ ਗਈ ਉਸਨੂੰ ਟੋਲ਼੍ਹਦੀ।" ਮੈਂ ਸ਼ੀਨਾ ਬਾਰੇ ਫਿਰ ਪਤਾ ਲੈਣ ਦੀ ਕੋਸ਼ਿਸ਼ ਕੀਤੀ। ਹੌਲ਼ੀ ਹੌਲ਼ੀ ਜਵਾਬ ਆਇਆ। "ਉਸਨੂੰ ਕਾਲ਼ਿਆਂ ਨੇ ਰੇਪ ਕਰਕੇ ਮਾਰ ਦਿੱਤਾ ਸੀ। ਸਾਡੇ ਨਾਲ਼ ਉਸ ਗੈਂਗ ਨਾਲ਼ ਓਦੋਂ ਦਾ ਯੁੱਧ ਚੱਲ ਰਿਹੈ। ਹਰ ਹਫਤੇ ਉਨ੍ਹਾਂ ਨੂੰ ਘਾਟਾ ਪੈਂਦਾ ਜਾਂ ਸਾਨੂੰ।"
ਸ਼ੀਨਾ ਦੀ ਗੱਲ ਸੁਣ ਕੇ ਬਹੁਤ ਦੁੱਖ ਹੋਇਆ। ਸੰਘੇੜੇ ਨੂੰ ਅਸੀਂ ਕੀ ਕਰਨਾ ਸੀ? ਇਹ ਸੱਚ ਸੀ ਕਿ ਮੇਰੇ ਕਰਕੇ ਉਸਦਾ ਬੱਚਾ ਮਰਿਆ ਸੀ। ਪਰ ਦੁਜੇ ਪਾਸੇ ਮੈਂ ਤਾਂ ਗੁੰਡਾ ਹਾਂ ਅਤੇ ਇਸ ਆਦਮੀ ਨੇ ਮੇਰੇ ਨਾਲ਼ ਪੰਗਾ ਲਿਆ ਸੀ । ਕੁੱਝ ਤਾਂ ਕਰਨਾ ਹੀ ਪੈਣਾ ਸੀ। ਨਾਲ਼ੇ ਇਸ ਸਭ ਕਰਕੇ ਸ਼ੀਨਾ ਵੀ ਮਰ ਗਈ ਸੀ। ਇੱਕ ਹੋਰ ਮਹੀਨੇ ਬਾਅਦ ਹਸਪਤਾਲ ‘ਚੋਂ ਨਿੱਕਲ਼ਿਆ। ਪੁਲ਼ਸ ਨੇ ਬਹੁਤ ਸਵਾਲ ਪੁੱਛੇ। ਮੈਂ ਜਾਣ ਬੁੱਝ ਕੇ ਕਹਿ ਦਿੱਤਾ ਕਿ ਨਸਲਵਾਦੀ ਗੋਰਿਆਂ ਨੇ ਮੈਨੂੰ ਕੁੱਟਿਆ ਅਤੇ ਅਨ੍ਹਾਂ ਦੀ ਪਛਾਣ ਨਹੀਂ ਕਰ ਸਕਦਾ। ਖਬਰਾਂ ਵਿੱਚ ਹਾਲੇ ਵੀ ਸੰਘੇੜੇ ਬਾਰੇ ਮੀਡੀਆ ਵਾਲ਼ੇ ਪੁੱਛ-ਗਿੱਛ ਕਰ ਰਹੇ ਸਨ। ਕਿਸੇ ਨੂੰ ਲੱਗਿਆ ਕਿ ਜਦ ਦਿੱਲੀ ਵਿੱਚ ਘੱਲੂਘਾਰਾ ਹੋਇਐ, ਉਸਦਾ ਨਾਂ ਉਸ ਮਾਮਲੇ ਵਿੱਚ ਬੋਲਦਾ ਸੀ ਇਸ ਕਰਕੇ ਵੱਖਵਾਦੀਆਂ ਨੇ ਮਾਰ ਦਿੱਤਾ ਹੋਣੈ। ਕਿਸੇ ਨੂੰ ਕੁੱਝ ਪਤਾ ਨਹੀਂ ਸੀ। ਮੈਂ ਹਾਲੇ ਵੀ ਸ਼ੀਨਾ ਦੀ ਮੌਤ ਦੇ ਸੋਗ ‘ਚ ਸੀ। ਡਹੀਆਂ ਦੇ ਸਹਾਰੇ ਨਾਲ਼ ਤੁਰਦਾ ਫਿਰਦਾ ਸੀ। ਮਹੀਨਾ ਹੋਰ ਬੀਤਣ ਪਿੱਛੋਂ ਹੀ ਸੰਘੇੜੇ ਨੂੰ ਮਿਲਣ ਲਈ ਤਿਆਰ ਹੋ ਸਕਿਆ ਸੀ ।
ਇਸ ਵੇਲੇ ਅੰਗ੍ਰੇਜ਼ੀ ਗੌਰਮਿੰਟ ਨੇ ਮੁਹਿੰਮ ਸ਼ੁਰੂ ਕਰ ਲਈ ਸੀ। ਸਾਊਥਹਾਲ, ਸਲੋ, ਬਰਮਿੰਗਮ ਟੱ੍ਰਕ ਤੁਰਦੇ ਫਿਰਦੇ ਸੀ ਜਿੰਨ੍ਹਾਂ ਤੇ ਇਸ਼ਤਿਹਾਰ ਸਨ। ਉਨ੍ਹਾਂ ਇਸ਼ਤਿਹਾਰਾਂ ਤੇ ਲਿਖਿਆ ਸੀ, "ਗ਼ੈਰ ਕਾਨੂੰਨੀ ਲੋਕ ਘਰ ਵਾਪਸ ਜਾਓ, ਨਹੀਂ ਤਾਂ ਦਸ ਹਜ਼ਾਰ ਪੌਂਡ ਦਾ ਜੁਰਮਾਨਾ ਭਰਨਾ ਪਊ ਜਿਨ੍ਹਾਂ ਦੇ ਵੀਜ਼ੇ ਦੀ ਮਿਆਦ ਲੰਘ ਚੁੱਕੀ ਹੈ। ਘਰ ਵਾਪਸ ਜਾਓ ਜਾਂ ਗ੍ਰਿਫ਼ਤਾਰੀ ਲਈ ਤਿਆਰ ਰਹੋ।" ਸਿਮਰਨ ਵਰਗੇ ਇਮਾਨਦਾਰ ਬੰਦੇ ਵੀ ਫਸ ਸਕਦੇ ਸਨ ਤੇ ਮੇਰੇ ਵਰਗੇ ਗੁੰਡੇ ਵੀ। ਬੱਸ ਜਿਹੜੇ ਘਰਾਂ ‘ਚ ਮੇਰੇ ਗ਼ੈਰ ਕਾਨੂੰਨੀ ਆਦਮੀ ਲੁਕੋਏ ਸੀ ਛਾਪੇ ਪੈਣ ਲੱਗ ਪਏ। ਇਸ ਤਰਾਂ ਸਾਡੇ ਕੋਠੇ, ਜੂਆਖਾਨਿਆਂ ਤੇ ਵੀ ਛਾਪੇ ਪੈਣ ਲੱਗ ਪਏ। ਜਮੀਕਿਆਂ ਨੇ ਇਸ ਦਾ ਫਾਇਦਾ ਲਿਆ।
ਮਿੰਟੂ ਉਸ ਦਿਨ ਗੋਲ਼ੀ ਤੋਂ ਬਚ ਗਿਆ ਸੀ ਪਰ ਜੌਹਨੀ ਨੂੰ ਫਿਕਰ ਸੀ ਕਿ ਉਸਨੇ ਪੁਲ਼ਸ ਨੂੰ ਸਭ ਕੁੱਝ ਦੱਸ ਦੇਣੈ। ਇਸ ਲਈ ਉਸਨੇ ਮਿੰਟੂ ਦਾ ਸਿਰ ਧੌਣ ਤੋਂ ਵੱਖਰਾ ਕਰਕੇ ਸੰਘੇੜੇ ਦੀ ਕੁੱਛੜ ਤੇ ਰੱਖ ਦਿੱਤਾ ਸੀ। ਪਰ ਸੰਘੇੜਾ ਡਰਨ ਵਾਲ਼ਾ ਨਹੀਂ ਸੀ। ਜਦ ਇਹ ਗੱਲ ਹੋਈ ਸੰਘੇੜਾ ਇੱਕ ਕੁਰਸੀ ਤੇ ਬੰਨ੍ਹਿਆ ਬੈਠਾ ਸੀ। ਉਸਨੂੰ ਹੁਣ ਤੱਕ ਇੱਕ ਹਨੇਰੇ ਕਮਰੇ ਵਿੱਚ ਰੱਖਿਆ ਹੋਇਆ ਸੀ, ਸਾਡੇ ਕਸੀਨੋ ਦੇ ਭੋਰੇ ਵਿੱਚ। ਅਸੀਂ ਇਸ ਵੇਲੇ ਪੁਲ਼ਸ ਤੋਂ ਤਿੰਨ ਕਾਰਨਾਂ ਕਰਕੇ ਡਰਦੇ ਸੀ। ਇੱਕ ਤਾਂ ਜਮੀਕਿਆਂ ਨਾਲ਼ ਲੜਾਈ ਹੋ ਰਹੀ ਸੀ ਜਿਸ ਵਿੱਚ ਸਾਡੇ ਲੋਕ ਮਾਰੇ ਜਾ ਰਹੇ ਸੀ। ਦੂਜੇ ਗ਼ੈਰ ਕਾਨੂੰਨੀ ਲੋਕਾਂ ਮਗਰ ਵੀ ਪੁਲ਼ਸ ਪਈ ਹੋਈ ਸੀ। ਤੀਜਾ ਤੇ ਆਖਰੀ ਕਾਰਨ ਸੀ ਕਿ ਸਾਰੀ ਦੁਨੀਆ ਸੰਘੇੜੇ ਦੀ ਤਲਾਸ਼ ਕਰ ਰਹੀ ਸੀ।
ਹਾਲੇ ਮੇਰੇ ‘ਚ ਹਿੰਮਤ ਨਹੀਂ ਸੀ ਉਸ ਬੰਦੇ ਨਾਲ਼ ਗੱਲ ਕਰਨ ਦੀ ਜਿਸਦਾ ਬੱਚਾ ਮਰਿਆ ਸੀ ਮੇਰੀ ਵਜ੍ਹਾ ਨਾਲ਼। ਭਾਵੇਂ ਉਸਨੇ ਹੀ ਮੇਰਾ ਇਹ ਹਾਲ ਕਰਵਾਇਆ ਸੀ। ਮੈਂ ਆਵਦਾ ਧਿਆਨ ਜਮੀਕੇ ਵੱਲ ਕਰ ਲਿਆ। ਜਮੀਕਾ ਹੈਂਡਜ਼ਵਰਥ ਦਾ ਵਾਸੀ ਸੀ। ਪਰ ਇੱਥੇ ਉਸਨੂੰ ਹੱਥ ਲਾਉਣਾ ਔਖਾ ਸੀ। ਸੋ ਮੈਂ ਉਸਦੇ ਅੱਡਿਆਂ ਤੇ ਹਮਲੇ ਕੀਤੇ। ਉਸਨੇ ਬਦਲੇ ‘ਚ ਵਾਪਸ ਧਾਵੇ ਕੀਤੇ। ਇੱਦਾਂ ਚੱਕਰ ਚੱਲੀ ਗਿਆ। ਸਰਦੀਆਂ ‘ਚ ਇੱਕ ਦਿਨ ਉਸਦੀ ਧੀ ਮੇਰੇ ਹੱਥ ਆ ਗਈ।ਜਦ ਮੇਰੇ ਆਦਮੀਆਂ ਨੇ ਤੱਕੀ ਉਹ ਕਲੱਬ ‘ਚ ਨੱਚਦੀ ਸੀ । ਉਸਨੂੰ ਸ਼ਰਾਬੀ ਕਰਕੇ ਕਸੀਨੋ ਲਿਆਂਦਾ ਗਿਆ। ਸ਼ੀਨਾ ਨਾਲ਼ ਕਿੰਝ ਬੀਤੀ ਹੋਊ ਮੈਨੂੰ ਯਾਦ ਆ ਗਿਆ। ਮੈਂ ਆਪਣੇ ਬੰਦਿਆ ਨੂੰ ਇਜਾਜ਼ਤ ਦੇ ਦਿੱਤੀ ਉਸਦਾ ਬਲਾਤਕਾਰ ਕਰਨ ਦੀ। ਜੌਹਨੀ ਨੇ ਵਿਡੀਓ ਵੀ ਭਰ ਕੇ ਯੂਟਿਊਬ ਤੇ ਚੜ੍ਹਾ ਦਿੱਤੀ ਸੀ। ਇਸਦਾ ਲਿੰਕ ਜਾਣ ਬੁੱਝਕੇ ਉਸ ਦੇ ਬਾਪ ਨੂੰ ਭੇਜਿਆ ਗਿਆ। ਬਾਅਦ ‘ਚ ਉਸਦੀ ਲਾਸ਼ ਹੈਂਡਜ਼ਵਰਥ ਦੇ ਬੈਪਟਿਸਟ ਗਿਰਜੇ ਮੂਹਰੇ ਛੱਡ ਦਿੱਤੀ ਸੀ।
ਮੈਨੂੰ ਅੰਦਾਜ਼ਾ ਸੀ ਕਿ ਅੱਜ ਉਸਨੇ ਸਾਡੇ ਕਸੀਨੋ ਤੇ ਹਮਲਾ ਕਰਨਾ ਸੀ। ਤਿਆਰੀਆਂ ਹੋ ਗਈਆਂ। ਪੁਲ਼ਸ ਪਹਿਲਾਂ ਹੀ ਕਸੀਨੋ ਪੁੱਜ ਗਈ। ਪਰ ਉਹ ਬੇਖਬਰ ਸੀ ਕਿ ਭੋਰੇ ਵਿੱਚ ਸੰਘੇੜਾ ਸੀ। ਹੁਣ ਉਹ ਜੱਗ ਦੀ ਨਜ਼ਰ ‘ਚ ਮਰ ਚੁੱਕਿਆ ਸੀ ਅਤੇ ਬੌਲੀਵੁੱਡ ਨੇ ਤਾਂ ਦਾਹ-ਸੰਸਕਾਰ ਦੀ ਰਸਮ ਆਦਿ ਵੀ ਕਰਲੇ ਸੀ। ਰਣਜੀਤਪੁਰ ‘ਚ ਉਸਦਾ ਬੁੱਤ ਵੀ ਲਾ ਦਿੱਤਾ ਸੀ। ਸੋ ਹੁਣ ਮੈਂ ਜੋ ਮਰਜ਼ੀ ਕਰ ਸਕਦਾ ਸੀ। ਜਿੱਤ ਮੇਰੀ ਹੀ ਸੀ।
ਮੈਂ ਸ਼ੀਸ਼ੇ ‘ਚ ਆਵਦੇ ਵੱਲ ਵੇਖਿਆ। ਹੁਣ ਸਹਾਰੇ ਦੀ ਲੋੜ ਨਹੀਂ ਸੀ। ਮੇਰੇ ਵੱਲ ਮੇਰਾ ਮੂੰਹ ਵਾਪਸ ਝਾਕਿਆ। ਅੱਖਾਂ ਗੋਲ਼ ਪਰ ਸਖਤ ਸਨ। ਫਿਰ ਉਨ੍ਹਾਂ ਵਿੱਚ ਮਲਾਲ ਸੀ। ਦੁਨੀਆ ਦਾ ਭਾਰ…ਸ਼ੀਨਾ ਦਾ, ਸੰਘੇੜੇ ਦੇ ਬਾਲ ਦਾ ਭਾਰ। ਜਦ ਤਾਰੀ ਸੀ ਸਿੱਖ ਵਾਂਗ ਸਜਿਆ ਸੀ, ਪਰ ਹੁਣ ਵਾਲ਼ ਨੰਨ੍ਹੇ ਸਨ। ਨੱਕ ਲੰਬਾ ਪਤਲਾ ਜਿਹਾ ਸੀ ਅਤੇ ਬੁੱਲ੍ਹ ਖੁਟੜੇ। ਹਾਲੇ ਵੀ ਮੂੰਹ ਤੇ ਕੁਟਾਪੇ ਦੇ ਦਾਗ਼ ਸਨ। ਸੰਘੇੜਾ ਇੱਕ ਬਾਪ ਸੀ, ਜਿਸਨੂੰ ਮੇਰੇ ਤੇ ਇੰਨਾ ਗੁਸਾ ਸੀ ਮਾਰਨ ਦੇ ਥਾਈਂ ਉਸਨੇ ਮੈਨੂੰ ਕੁੱਟਿਆ…ਪਰ ਇਸ ਗਲਤੀ ਕਰਕੇ ਮੈਂ ਬਚ ਗਿਆ ਅਤੇ ਉਸਨੂੰ ਮੇਰੇ ਗੁੰਡਿਆਂ ਨੇ ਪਸ਼ੂ ਵਾਂਗ ਰੱਖਿਆ ਸੀ। ਚੱਲ ਦੇਖਦੇ ਹਾਂ, ਮੈਂ ਉਸਨੂੰ ਮਿਲਣ ਚਲਿਆ ਗਿਆ।
ਕਮਰੇ ਦੀ ਬੱਤੀ ਜਗਾਈ। ਉਸਨੇ ਅੱਖਾਂ ਝਪਕ ਕੇ ਮਸਾਂ ਮੇਰੇ ਵੱਲ ਝਾਕਿਆ। ਉਹ ਉਨ੍ਹਾਂ ਹੀ ਕੱਪੜਿਆਂ ‘ਚ ਸੀ ਜਦੋਂ ਦਾ ਉਹਨੇ ਮੈਨੂੰ ਉਸ ਰਾਤ ਕੁੱਟਿਆ ਸੀ। ਦਾੜ੍ਹੀ ਲੰਬੀ ਤੇ ਗੰਦੀ ਹੋ ਚੁੱਕੀ ਸੀ। ਬੇਆਰਾਮ ਘੱਗੀ ਜਿਹਾ ਸੀਗਾ। ਮੇਰੀ ਤਕਦੀਰ, ਨਹੀਂ ਨਹੀਂ ਸਾਡੇ ਦੋਨਾਂ ਦੇ ਵਿਕਾਰੀ ਕਰਮਾਂ ਕਰਕੇ ਹੁਣ ਅਸੀਂ ਏਥੇ ਪੁੱਜੇ ਸੀ। ਕਮਰਾ ਸੁੰਞਾ ਜਿਹਾ ਸੀ। ਸਿਰਫ ਇੱਕ ਪਾਸੇ ਨਿੱਕਾ ਜਿਹਾ ਮੇਜ਼ ਸੀ ਅਤੇ ਉਸ ਨਾਲ ਇੱਕ ਕੁਰਸੀ। ਇੰਨ੍ਹਾਂ ਤੋਂ ਬਿਨਾਂ ਜਿਹੜੀ ਕੁਰਸੀ ਤੇ ਕਮਰੇ ਵਿਚਾਲ਼ੇ ਬੰਨ੍ਹਿਆ ਬੈਠਾ ਸੰਘੇੜਾ ਸੀ ਦਿਸ ਰਹੀ ਸੀ ਜਾਂ ਉਸਦੇ ਅੱਗੇ ਭੁੰਜੇ ਪਈ ਥਾਲ਼ੀ ਜਿਸ ਵਿੱਚ ਅੱਧਾ ਖਾਧਾ ਖਾਣਾ ਪਿਆ ਸੀ। ਜਦ ਵੀ ਖਾਣ ਦਾ ਟਾਇਮ ਹੁੰਦਾ ਸੀ ਇੱਕ ਬੰਦਾ ਰਾਖੀ ਖੜ੍ਹਦਾ ਸੀ, ਮੇਜ਼ ਸੰਘੇੜੇ ਦੇ ਸਾਹਮਣੇ ਰੱਖ ਕੇ ਉਸਦੀਆਂ ਬੇੜੀਆਂ ਲਾਹ ਕੇ ਥਾਲ਼ੀ ਰੱਖ ਦਿੰਦਾ ਸੀ। ਜਦ ਖਾਂਦਾ ਨਹੀਂ ਸੀ ਦੂਜੀ ਕੁਰਸੀ ਸਾਹਮਣੇ ਰੱਖ ਕੇ ਜ਼ਬਰਦਸਤੀ ਨਾਲ਼ ਖਵਾਉਂਦੇ ਸੀ। ਇਸ ਤੋਂ ਇਲਾਵਾ ਕਮਰੇ ‘ਚ ਕੁੱਝ ਨਹੀਂ ਸੀ।
ਮੇਰੇ ਸਾਹਮਣੇ ਸੰਘੇੜੇ ਬੈਠਾ ਸੀ, ਬੰਨ੍ਹਿਆ, ਉਸ ਤੋਂ ਆਉਂਦਾ ਮੁਸ਼ਕ ਨਾਸ੍ਹਾਂ ਸਾੜਦਾ ਸੀ। ਮੈਂ ਕੰਧ ਕੋਲ਼ੋਂ ਕੁਰਸੀ ਚੱਕ ਕੇ ਉਸਦੇ ਸਾਹਮਣੇ ਟਿਕਾ ਕੇ ਬਹਿ ਗਿਆ। ਮੇਰੇ ਪਿੱਛੇ ਜੌਹਨੀ ਖਲੋਤਾ ਸੀ। ਹੌਲ਼ੀ ਹੌਲ਼ੀ ਉਸਨੇ ਆਵਦਾ ਸਿਰ ਚੱਕ ਕੇ ਮੇਰੇ ਵੱਲ ਦੇਖਿਆ। ਬਹੁਤ ਦੇਰ ਲਈ ਚੁੱਪ ਰਿਹਾ। ਫਿਰ ਉਸਨੇ ਮੇਰੇ ਮੂੰਹ ਤੇ ਥੁੱਕਿਆ। ਜੌਹਨੀ ਉਸਨੂੰ ਮਾਰਨ ਨੂੰ ਗਿਆ ਪਰ ਮੈਂ ਉਹਨੂੰ ਰੋਕ ਦਿੱਤਾ। ਆਵਦੀ ਜੇਬ ‘ਚੋਂ ਰਮਾਲ ਕੱਢ ਕੇ ਮੂੰਹ ਸਾਫ ਕੀਤਾ। ਮੇਰੇ ਵੱਲ ਖਰੂਦੀ ਅੱਖਾਂ ਨਾਲ ਵੇਖੀ ਗਿਆ। ਉਹ ਵੀ ਸੋਚਦਾ ਹੋਵੇਗਾ ਕਿ ਜਦ ਹੱਥ ‘ਚ ਦੇਵ ਆ ਗਿਆ ਮੈਂ ਉਸਨੂੰ ਖਤਮ ਕਿਉਂ ਨਹੀਂ ਕੀਤਾ ਜਿੰਝ ਦਾਦੇ ਨੂੰ ਕੀਤਾ ਸੀ? ਜੌਹਨੀ ਖੜ੍ਹਾ ਕਰਕੇ ਮੈਨੂੰ ਪਤਾ ਸੀ ਕਿ ਮੈਨੂੰ ਹੁਣ ਸੰਘੇੜੇ ਬਾਰੇ ਫੈਸਲਾ ਕਰਨਾ ਪਏਗਾ। ਜੇ ਮੈਂ ਕਮਜ਼ੋਰ ਲੱਗਾ ਜੌਹਨੀ ਸਾਹਮਣੇ ਚੰਗੀ ਗੱਲ ਨਹੀਂ ਸੀ। ਸੰਘੇੜੇ ਕਰਕੇ ਸਾਡੇ ਕਈ ਬੰਦੇ ਮਰੇ ਸਨ ਜਾਂ ਜੇਲ਼੍ਹ ‘ਚ ਪਹੁੰਚ ਗਏ ਜਦੋਂ ਦਾ ਜਮੀਕਿਆਂ ਨਾਲ਼ ਵਾਹ ਪਿਆ। ਸ਼ੀਨਾ ਵੀ ਸੰਘੇੜੇ ਨੇ ਮਰਵਾਈ ਸੀ। ਪਰ ਮੇਰੇ ਮਨ ਵਿੱਚ ਇੱਕ ਹੀ ਸੋਚ ਨੱਸਦੀ ਰਹੀ। ਇਸ ਦੇ ਨਿਆਣੇ ਦੀ ਮੌਤ ਮੇਰੇ ਜ਼ਿੰਮੇ ਹੈ। ਜੇ ਤੂੰ ਬਾਪ ਹੁੰਦਾ ਤੂੰ ਵੀ ਇੰਝ ਹੀ ਕਰਨਾ ਸੀ? ਕੋਈ ਸ਼ੱਕ? ਹਮਦਰਦੀ ਉਸਦੇ ਬੇਨੂਰ ਚਿਹਰੇ ਵੱਲ ਝਾਕ ਕੇ ਮੈਨੂੰ ਕਮਜ਼ੋਰ ਕਰ ਰਹੀ ਸੀ। ਕੀ ਪਤੈ ਹੁਣ ਮੇਰੀ ਹਿੰਮਤ ਇਸ ਤਰਾਂ ਦੀ ਜ਼ਿੰਦਗੀ ਲਈ ਹਾਰ ਗਈ ਸੀ?
"ਸੰਘੇੜਾ ਜੀ…", ਮੈਂ ਗੱਲ ਸ਼ੁਰੂ ਕੀਤੀ। ਉਸਦੀਆਂ ਅੱਖਾਂ ਮੇਰੇ ਮੂੰਹ ਤੇ ਗੱਡੀਆਂ ਸਨ। "ਸੰਘੇੜਾ ਜੀ…ਮੈਂ ਤੇਰੇ ਬੱਚੇ ਨੂੰ ਮਰਵਾਇਆ ਅਤੇ ਇਸ ਦਾ….ਇਸਦਾ ਬਦਲਾ…ਆਪ ਦੇਖ ਸਕਦੇ ਹੋ ਮੇਰੀ ਹਾਲਤ? ਮਸਾਂ ਅੱਜ ਤੁਹਾਨੂੰ ਮਿਲਣ ਆ ਸਕਿਆਂ…ਮੇਰੀ ਦੋਸਤ ਸ਼ੀਨਾ ਤੁਹਾਡੀ ਵਜ੍ਹਾ ਕਾਰਨ ਰੇਪ ਹੋਈ…ਕਾਲ਼ਿਆਂ ਦੇ ਹੱਥੀਂ। ਸੋ…ਹੁਣ ਤੁਸੀਂ ਮੇਰੇ ਹੱਥਾਂ ‘ਚ ਆ ਗਏ ਹੋ…ਜਿੰਦਗੀ ਇੱਕ ਚੱਕਰ ਹੈ ਜਿਸ ਵਿੱਚ…ਕੋਈ ਨੈਤਿਕਤਾ ਨਹੀਂ ਹੈ…ਤੁਸੀਂ ਦੁਖੀ, ਮੈਂ ਵੀ ਦੁਖੀ? ਤੇ ਬਦਲੇ ਨੇ ਸਾਨੂੰ ਕੀ ਮਿਲਿਆ? "ਹੂੰ।" ਉਸਨੇ ਜਵਾਬ ਨਹੀਂ ਦਿੱਤਾ। ਮੈਂ ਹੱਥ ਜੌਹਨੀ ਵੱਲ ਵਧਾਇਆ। ਉਸਨੇ ਅਖਬਾਰ ਫੜਾ ਦਿੱਤਾ। ਮੈਂ ਸੰਘੇੜੇ ਦੀਆਂ ਅੱਖਾਂ ਅੱਗੇ ਕਰ ਦਿੱਤਾ। ਅਖਬਾਰ ਵਿੱਚ ਉਸ ਦੇ ਸੰਸਕਾਰ ਬਾਰੇ ਖਬਰ ਸੀ। "ਦੇਖ ਦੁਨੀਆ ਦੀ ਅੱਖਾਂ ਵਿੱਚ ਤੁਸੀਂ ਰਹੇ ਨਹੀਂ। ਸੋ ਜੇ ਮੈਂ ਚਾਹੁੰਦਾ ਜਿੰਝ ਮੇਰਾ ਹਾਲ਼ ਕੀਤਾ ਸੀ ਤੁਹਾਡਾ ਵੀ ਕਰਵਾ ਸਕਦਾ ਹਾਂ। ਜੇ ਚਿੱਤ ਕੀਤਾ ਗੋਲ਼ੀ ਇਸੀ ਵੇਲੇ ਵੀ ਮਾਰ ਸਕਦਾ ਹਾਂ। ਪਰ ਇਸਦਾ ਫਾਇਦਾ ਕੀ?" ਕੋਈ ਜਵਾਬ ਨਹੀਂ ਆਇਆ। ਮੈਂ ਅਖਬਾਰ ਜੌਹਨੀ ਨੂੰ ਵਾਪਸ ਮੋੜਿਆ ਤੇ ਨਾਲ਼ੇ ਕਿਹਾ, "ਪਾਣੀ ਦਾ ਗਲਾਸ ਲਿਆ" ਜੌਹਨੀ ਤੁਰ ਪਿਆ। ਮੈਂ ਇੱਕ ਬਾਰ ਫਿਰ ਸੰਘੇੜੇ ਦੀਆਂ ਅੱਖਾਂ ‘ਚ ਆਵਦੀਆਂ ਅੱਖਾਂ ਪਾਈਆਂ। "ਦੇਖੋ ਜੋ ਤੁਸੀਂ ਮੇਰੇ ਨਾਲ਼ ਕੀਤਾ…ਆਈ ਦਿਜ਼ਰਵਡ ਇਟ। ਤੁਹਾਡਾ ਬਾਲ, ਮੇਰੀ ਜਨਾਨੀ…ਬਰਾਬਰ ਹੋ ਗਏ। ਪਰ ਹਾਂ ਕਦੇ ਵੀ ਹੋ ਨਹੀਂ ਸਕਣਾ, ਕਿਉਂਕਿ ਮੈਂ ਤਾਂ ਹੋਰ ਗਰਲਫਰੈਂਡ ਬਣਾ ਸਕਦਾ ਹਾਂ। ਤੁਹਾਡਾ ਬਾਲ…ਸੋ ਮੈਂ ਸੋਚਦਾ ਜਿੰਨਾ ਚਿਰ ਏਥੇ ਤੁਹਾਨੂੰ ਰੱਖਿਆ, ਬਹੁਤ ਹੈ। ਕੇਵਲ ਬੱਚੇ ਕਰਕੇ ਤੁਹਾਨੂੰ ਛੱਡ ਦੇਣਾ ਚਾਹੁੰਦਾ ਹਾਂ…ਜਦ ਉਹ ਕਾਲ਼ੇ ਨੂੰ ਮਾਰ ਦਿੱਤਾ। ਦੁਜੇ ਪਾਸੇ ਬਾਹਰ ਜਾ ਕੇ ਕੀ ਹੋਵੇਗਾ? ਯੂ ਆਰ ਡੈੱਡ। ਸੋ ਜੇ ਤੁਸੀਂ ਮੇਰੇ ਨਾਲ਼ ਸਹਿਮਤੀ ਹੋ ਤੁਸੀਂ ਘਰ ਵਾਪਸ ਜਾ ਸਕਦੇ ਹੋ।" ਜੌਹਨੀ ਵਾਪਸ ਮੁੜ ਆਇਆ ਸੀ। ਉਸਨੇ ਮੈਨੂੰ ਪਾਣੀ ਦਾ ਗਲਾਸ ਫੜਾ ਦਿੱਤਾ ਤੇ ਮੈਂ ਸੰਘੇੜੇ ਵੱਲ ਕੀਤਾ। ਚੁੱਪ। "ਜੌਹਨੀ ਪੀਵੇਗਾ ਕਿਵੇਂ ਜਦ ਹੱਥ ਬੰਨ੍ਹੇ ਐ? ਖੋਲ਼੍ਹ..ਹਾਂ ਓਏੇ ਖੋਲ਼੍ਹ..ਅੱਛਾ ਸੰਘੇੜਾ ਜੀ, ਮੇਰਾ ਵੀ ਚਿੱਤ ਕਰਦੈ ਪੰਜਾਬ ਵਾਪਸ ਜਾਣ ਨੂੰ। ਜੇ ਤੁਹਾਨੂੰ ਨਾ ਮਾਰਿਆ… ਛੱਡ ਦਿੱਤਾ… ਤੁਸੀਂ ਇੰਡੀਆ ਦੇ ਗੁੰਡੇ ਨੂੰ ਹਰ ਸਿਫਾਰਿਸ਼ ਕਰਨੀ ਏ ਕਿ ਮੈਨੂੰ ਹੱਥ ਨਹੀਂ ਲਾਉਣਾ। ਤੁਹਾਡੀ ਪੱਤ ਤਾਂ ਨਹੀਂ ਵਾਪਸ ਲਿਆ ਸਕਦਾ…ਪਰ ਤੁਹਾਡੀ ਜਿੰਦਗੀ ਵਾਪਸ ਦੇ ਸਕਦਾ ਹਾਂ।"
ਸੰਘੇੜੇ ਨੇ ਜੌਹਨੀ ਤੋਂ ਪਾਣੀ ਨਹੀਂ ਲਿਆ। ਮੇਰੇ ਵੱਲ ਅੱਖਾਂ ਟਿਕਾਕੇ ਦੇਖੀ ਗਿਆ। ਜਦ ਮੈਂ ਉਸਨੂੰ ਮਾਰਨ ਦੇ ਥਾਈਂ ਛੱਡਣ ਲਈ ਕਿਹਾ ਜੌਹਨੀ ਹੈਰਾਨੀ ਨਾਲ਼ ਮੇਰੇ ਵੱਲ ਝਾਕਣ ਲੱਗ ਪਿਆ। ਸੰਘੇੜਾ ਚੁੱਪ ਹੀ ਰਿਹਾ। ਫਿਰ ਛਾਲ਼ ਮਾਰਣ ਦੀ ਕੋਸ਼ਿਸ਼ ਕੀਤੀ ਮੇਰੇ ਵੱਲ। ਪਰ ਜੌਹਨੀ ਨੇ ਕੱਲ਼ੇ ਹੱਥ ਹੀ ਖੋਲ੍ਹੇ ਸਨ। ਪੈਰ ਹਾਲੇ ਵੀ ਕੁਰਸੀ ਦੀਆਂ ਲੱਤਾਂ ਨਾਲ਼ ਬੰਨ੍ਹੇ ਸਨ। ਸੰਘੇੜਾ ਭੂੰਜੇ ਡਿੱਗ ਪਿਆ। ਮੈਂ ਜੌਹਨੀ ਵੱਲ ਝਾਕਿਆ। ਮੈਂ ਅਪਰਾਧ ਨਾਲ਼ ਭਰਿਆ ਹੇਵੇਗਾ ਪਰ ਉਸਦਾ ਦਿਮਾਗ ਸਿਰਫ ਮੈਨੂੰ ਮਾਰਨਾ ਚਾਹੁੰਦਾ ਸੀ। ਹੁਣ ਮੈਂ ਜੌਹਨੀ ਸਾਹਮਣੇ ਕਮਜ਼ੋਰ ਲੱਗ ਸਕਦਾ ਸੀ। ਮੈਂ ਖੜ੍ਹ ਕੇ ਜੌਹਨੀ ਤੋਂ ਪਾਣੀ ਦਾ ਗਲਾਸ ਲਿਆ। ਸਾਰਾ ਪੀ ਕੇ ਉਸਨੂੰ ਵਾਪਸ ਦੇ ਦਿੱਤਾ। ਤੜਫ਼ਦੀ ਮੱਛੀ ਵਾਂਗ ਸੰਘੇੜਾ ਹੇਠ ਪਸਰਿਆ। ਹੁਣ ਕੁੱਝ ਕਰ ਨਹੀਂ ਸਕਦਾ ਸੀ। ਹੁਣ ਤਾਂ ਮਾਰਨਾ ਹੀ ਪੈਣਾ ਸੀ। "ਜੌਹਨੀ, ਜਦੋਂ ਜਮੀਕਿਆਂ ਨਾਲ਼ ਗੱਲ ਖਤਮ ਹੋ ਗਈ ਇਸ ਨੂੰ ਮਾਰ ਕੇ ਉਨ੍ਹਾਂ ਦੇ ਕਿਸੇ ਅੱਡੇ ਵਿੱਚ ਸੁੱਟ ਦੇਣਾ। ਅੱਛਾ?"
"ਚੰਗਾ ਸਰਦਾਰ ਜੀ."
"ਦਾਦਾ ਜੀ।"
"ਸੌਰੀ, ਦਾਦਾ ਸੀ।"
ਕਾਲ਼ਿਆਂ ਨੇ ਕੋਸ਼ਿਸ਼ ਕੀਤੀ ਸਾਡੇ ਕਸੀਨੋ ‘ਚ ਵੜਣ ਦੀ ਪਰ ਪੁਲ਼ਸ ਨੇ ਰੋਕ ਦਿੱਤਾ। ਉਨ੍ਹਾਂ ‘ਚ ਕੁੜੀ ਦਾ ਪਿਓ ਜਿਸ ਨੇ ਸੰਘੇੜੇ ਲਈ ਇਹ ਸਭ ਕੁੱਝ ਕੀਤਾ ਸੀ, ਵੀ ਸੀਗਾ। ਅਸੀਂ ਕਸੀਨੋ ਦੇ ਪਿੱਛੋਂ ਨਿੱਕਲ਼ ਗਏ। ਸਾਡੀ ਗੱਡੀ ਬਾਹਰ ਆ ਗਈ ਸੀ। ਕਾਲ਼ਿਆਂ ਨੂੰ ਪਤਾ ਨਹੀਂ ਲੱਗਾ ਜਦ ਅਸੀਂ ਇੱਕ ਬਾਰੀ ਹੇਠ ਕਰਕੇ ਰਫਲ ਨਾਲ਼ ਗੋਲ਼ੀ ਚਲਾ ਦਿੱਤੀ ਸੀ। ਨਾਲ਼ੀ ਤੇ ਮੌਨਦਾਰੀ (ਸਾਇਲੰਸਰ) ਸੀ। ਜਦ ਤੱਕ ਪਤਾ ਲੱਗਾ ਉਸਨੂੰ ਉਡਾ ਦਿੱਤਾ ਸੀ। ਉਸ ਰਾਤ, ਸਾਰੀ ਰਾਤ, ਪੰਜਾਬੀਆਂ ਤੇ ਕਾਲ਼ਿਆਂ ਦੀ ਲੜਾਈ ਹੋਈ। ਅਸੀਂ ਮਸਾਂ ਜਿੱਤੇ। ਜੌਹਨੀ ਨੇ ਸੰਘੇੜੇ ਨੂੰ ਇੱਕ ਜੱਲਪਿੰਜਰ ਵਿੱਚ ਡੋਬ ਦਿੱਤਾ ਸੀ। ਫਿਰ ਕਾਲ਼ੇ ਦੇ ਘਰ ਛੱਡ ਦਿੱਤਾ। ਜਦ ਅਗਲੇ ਦਿਨ ਪੁਲ਼ਸ ਨੇ ਸਾਰਿਆਂ ਦੇ ਘਰਾਂ ‘ਚ ਛਾਪੇ ਮਾਰੇ ਉਨ੍ਹਾਂ ਨੂੰ ਸੰਘੇੜੇ ਦੀ ਲਾਸ਼ ਮਿਲ ਗਈ।
ਮਹੀਨੇ ਬਾਅਦ ਮੈਂ ਦੂਤ ਵੱਜੋਂ, ਜੌਹਨੀ ਨੂੰ ਮੁੰਬਈ ਭੇਜਿਆ। ਮੈਂ ਚਾਹੁੰਦਾ ਸੀ ਹੁਣ ਪੰਜਾਬ ਬੇਫਿਕਰ ਵਾਪਸ ਜਾ ਸਕਾਂ। ਗੱਲ ਨਹੀਂ ਬਣੀ। ਜੌਹਨੀ ਦਾ ਸਿਰ ਡੱਬੇ ‘ਚ ਵਾਪਸ ਮੋੜ ਦਿੱਤਾ ਸੀ ਮੁੰਬਈ ਦੇ ਬਦਮਾਸ਼ਾਂ ਨੇ। ਸੋ ਹੁਣ ਸੰਘੇੜੇ ਤੋਂ ਡਰ ਨਹੀਂ ਸੀ…ਪਰ ਦੇਸ਼ ਜਾਣਾ ਔਖਾ ਹੋਏਗਾ। ਨਕਲੀ ਨਾਂ ਵਰਤ ਕੇ ਹੀ ਰਣਜੀਤਪੁਰ ਜਾ ਸਕਦਾ ਹਾਂ। ਸਿਮਰਨ ਹੁਰਾਂ ਨੂੰ ਜ਼ਬਰਦਸਤੀ ਪੰਜਾਬ ਵਾਪਸ ਭੇਜ ਦਿੱਤਾ ਸੀ। ਪਰ ਮੈਂ ਨਾਂ ਫਿਰ ਬਦਲ ਲਿਆ ਅਤੇ ਹੁਣ ਮੈਂ ਤਾਂ ਬਰਮਿੰਗਮ ‘ਚ ਵੱਡਾ ਵੱਡੇਰਾ ਸੀ। ਹੁਣ ਤਾਂ ਰੱਬ ਦੀ ਪਹੁੰਚ ਵੀ ਮੇਰੇ ਤੱਕ ਨਹੀਂ ਸੀ। ਪੈਸਾ, ਗੱਡੀਆਂ, ਵੱਡੇ ਘਰ ਆਦਿ ਸਨ ਮੇਰੇ ਕੋਲ਼। ਹੁਣ ਤਾਂ ਮੇਰੇ ਕੋਲ਼ ਦੌਲਤ ਸੀ। ਪਰ ਇੱਕ ਗੱਲ ਸੁਣੋਂ…ਹਰ ਜਾਇਦਾਦ ਪਿੱਛੇ ਪਾਪ ਹੀ ਪਾਪ ਹੁੰਦਾ ਹੈ। ਜਿਹੜਾ ਕਹਿੰਦਾ ਇਮਾਨਦਾਰੀ ਨਾਲ਼ ਪੈਸਾ ਬਣਾਇਆ, ਝੂਠ ਬੋਲਦੈ। ਕੁੱਝ ਨਾ ਕੁੱਝ ਕੀਤਾ ਈ ਹੋਵੇਗਾ।
ਮੈਨੂੰ ਜਮਾਲ ਦਾ ਡਰ ਹਮੇਸ਼ਾ ਰਹਿੰਦਾ ਸੀ। ਪਾਕਿਸਤਾਨੀ ਗੁੰਡੇ ਸਾਤੋਂ ਜ਼ਿਆਦਾ ਕਾਇਮ ਹੋ ਗਏ ਸਨ। ਹਰ ਗਲਤ ਕੰਮ ‘ਚ ਜਮਾਲ ਦਾ ਹੱਥ ਸੀ। ਕੁੜੀਆਂ, ਅਫੀਮ, ਹਥਿਆਰ ਆਦਿ ਸਭ ਵੇਚਦਾ ਸੀ। ਲੋਕਾਂ ਨੂੰ ਸੁਪਨੇ ਵੀ ਵੇਚਦਾ ਸੀ। ਉਸਦੇ ਰਾਹ ਦਾ ਰੋੜਾ ਮੈਂ ਹੀ ਰਹਿ ਗਿਆ ਸੀ।
ਇੱਕ ਦਿਨ ਮੈਨੂੰ ਪਤਾ ਲੱਗਾ ਕਿ ਮੇਰੇ ਘਰ ਤੋਂ ਜਦ ਕਾਲ਼ਿਆਂ ਨੇ ਮੈਨੂੰ ਤੇ ਸ਼ੀਨਾ ਨੂੰ ਚੁੱਕਿਆ ਸੀ, ਜਮਾਲ ਨੇ ਹੀ ਸਿਰਨਾਵਾਂ ਦਿੱਤਾ। ਸ਼ੀਨਾ ਨੂੰ ਜਿਨਾਹ ਕਰਕੇ ਸਕੀਮ ਸੀ ਜਮਾਲ ਨੂੰ ਵੇਚਣ ਦੀ। ਪਰ ਜਦ ਜਮਾਲ ਕੋਲ਼ ਪੁੱਜੇ ਬੇਹਾਲ਼ ਹੋਣ ਕਰਕੇ ਮਰ ਗਈ। ਮੈਂ ਉਸ ਦਿਨ ਬਹੁਤ ਨਸ਼ਾ ਕਰ ਲਿਆ ਸੀ। ਬਹੁਤ ਸਰੂਰ ਚੜ੍ਹਿਆ ਹੋਇਆ ਸੀ। ਕੋਟ ਪਾ ਕੇ ਦੋਨਾਂ ਹੱਥਾਂ ‘ਚ ਪਸਤੌਲ ਫੜ ਕੇ ਜਮਾਲ ਦੇ ਦਰਾਂ ਪਹੁੰਚ ਗਿਆ ਸੀ। ਕੋਟ ਦੀ ਪੂਛ ਹਵਾ ‘ਚ ਹਿੱਲੇ, ਜਿੰਝ ਵਗਦੀ ਹਵਾ ‘ਚ ਘਾਹ ਹਿੱਲਦਾ ਹੁੰਦੈ। ਹੱਥ ਉੱਪਰ ਕਰਕੇ ਜਿਹੜਾ ਸਾਹਮਣੇ ਆਇਆ ਉਸਨੁੰ ਉਡਾ ਦਿੱਤਾ। ਜਮਾਲ ਦਾ ਅੱਡਾ ਤੇ ਉਸਦੀ ਟੈਕਸੀ ਕੰਪਨੀ ਉੱਥੇ ਹੀ ਸੀ। ਮੇਰੇ ਪਿੱਛੇ ਮੇਰੇ ਬੰਦੇ ਸਨ। ਅਸੀਂ ਥਾਂ ਦਾ ਨਾਸ ਕਰ ਦਿੱਤਾ। ਜਦ ਜਮਾਲ ਦਿਖਿਆ, ਮੈਂ ਉਸਦੇ ਸਰੀਰ ‘ਚ ਸਾਰੀਆਂ ਗੋਲ਼ੀਆਂ ਛੱਡ ਦਿੱਤੀਆਂ ਸਨ। ਕੀਮਾ ਬਣਾ ਦਿੱਤਾ ਸੀ ਜਮਾਲ ਦਾ।
ਉਸ ਰਾਤ ਅਫੀਮ ਦੇ ਨਸ਼ੇ ‘ਚ ਮੇਰੇ ਮਨ ਵਿੱਚ ਸੰਘੇੜਾ ਫਿਰ ਆ ਗਿਆ। ਉਸਦਾ ਬੱਚਾ। ਅੰਦਰੋਂ ਮੈਨੂੰ ਅਹਿਸਾਸ ਸੀ ਕਿ ਮੈਂ ਗਲਤ ਸੀ। ਤਾਹੀਂ ਗੱਲ ਭੁੱਲਦੀ ਨਹੀਂ ਸੀ।ਕਾਸ਼! ਸੰਘੇੜੇ ਦੇ ਹੱਥੀਂ ਮਰ ਜਾਂਦਾ।ਪਰ ਹੁਣ ਤਾਂ ਮੈਂ ਰਾਵਣ ਬਣ ਚੁੱਕਿਆ ਸੀ। ਰਾਮ ਕੇਵਲ ਅਫਸਾਨਿਆਂ ‘ਚ ਹੀ ਜਿੱਤਦਾ ਹੈ। ਸੱਚ ਹੋਰ ਹੀ ਹੁੰਦੈ। ਰਾਵਣ ਰਣਜੀਤਪੁਰ ਤੋਂ ਆ ਕੇ ਜਿੱਤ ਗਿਆ!
ਹਾਰਕੇ ਪਾਪ ਦੇ ਕੰਮ ਛੱਡ ਦਿੱਤੇ। ਪੈਸਾ ਬਹੁਤ ਸੀ ਸੋ ਪੈਸਿਆਂ ਨਾਲ਼ ਜਇਸ਼ ਕਾਰੋਬਾਰ ਲੈ ਲਿਆ ਸੀ। ਪੱਗ ਬੰਨ੍ਹ ਲਈ। ਗੁਰਦੁਆਰੇ ਜਾਣ ਲੱਗ ਪਿਆ। ਵਿਆਹ ਕਰ ਲਿਆ। ਦੋ ਬੱਚੇ ਵੀ ਹੋ ਗਏ ਸੀ। ਇੱਕ ਕੁੜੀ ਅਤੇ ਇੱਕ ਮੁੰਡਾ। ਬਰਮਿੰਗਮ ‘ਚੋਂ ਬਾਹਰ ਆ ਗਿਆ ਸੀ। ਲਮਿੰਗਟਨ ਸਪਾ ‘ਚ ਟਿਕ ਗਿਆ ਸੀ। ਲੋਕ ਹਾਲੇ ਵੀ ਦਾਦਾ ਜੀ ਆਖਦੇ ਸੀ।ਪੱਕਾ ਪਾਸਪੋਰਟ ਮਿਲ ਗਿਆ ਸੀ। ਹੁਣ ਪੰਜਾਬ ਵਾਪਸ ਜਾਣ ਨੂੰ ਚਿੱਤ ਕਰਦਾ ਸੀ। ਸੋ ਗਿਆ ਰਣਜੀਤਪੁਰ, ਜਿੱਥੇ ਮੈਂ ਪਲ਼ਿਆ ਸੀ। ਨਾਲ਼ ਹੀ ਬੀਵੀ ਬੱਚੇ ਗਏ। ਸਭ ਕੁੱਝ ਦਿਖਾਇਆ। ਮੈਂ ਹੈਰਾਨ ਸੀ ਕਿ ਪੰਜਾਬ ਕਿੰਨਾ ਬਦਲ ਗਿਆ ਸੀ। ਪਛਾਣ ਨਹੀਂ ਸੀ ਆ ਰਹੀ। ਇੱਥੇ ਤਾਂ ਗੋਰਿਆਂ ਦੇ ਮੁਲਕਾਂ ਨਾਲੋਂ ਵੀ ਜੀਵਨ ਬਿਹਤਰ ਸੀ। ਪਰ ਪੁਰਾਣੀ ਬੀਮਾਰੀ ਹਾਲੇ ਵੀ ਸੀ। ਤੋਚੀ ਵਰਗੇ ਜਾਂ ਮੇਰੇ ਵਰਗੇ ਆ ਕੇ ਹੋਰ ਕੁੱਝ ਦਿਖਾਉਂਦੇ ਸੀ। ਲੋਕਾਂ ਨੂੰ ਹਾਲੇ ਵੀ ਨੱਠ-ਦੌੜ ਸੀ ਬਾਹਰ ਨਿੱਕਲ਼ਣ ਦੀ। ਇੱਕ ਪੱਖ ਤੋਂ ਸੱਚੇ ਵੀ ਸੀ। ਪੰਜਾਬ ਵਿੱਚ ਕੋਈ ਇਮਾਨਦਾਰ ਨਹੀਂ ਸੀ ਜਿਵੇਂ ਗੋਰੇ ਨੇ, ਜਿਵੇਂ ਉਨ੍ਹਾਂ ਦਾ ਕਨੂੰਨ ਹੈ। ਪਰ ਦੂਜੇ ਪਾਸੇ ਇਸ ਤਰਾਂ ਦੀ ਜ਼ਿੰਦਗੀ ਕਿਤੇ ਹੋਰ ਨਹੀਂ ਸੀ ਮਿਲਣੀ। ਸੱਚ ਸੀ ਓਥੇ ਜਾਂ ਇੱਥੇ, ਸਾਰਾ ਕੁਝ ਬਦਮਾਸ਼ਾਂ ਦੇ ਹੱਥ ‘ਚ ਹੈ। ਬੱਸ ਇੱਕ ਹੀ ਫਰਕ ਹੈ। ਬਾਹਰ ਕਨੂੰਨ ਇਮਾਨਦਾਰ ਹੈ ਅਤੇ ਦੰਦਾਂ ਵਾਲ਼ਾ। ਪੰਜਾਬ ਵਿੱਚ ਗੁੰਡੇ ਰਾਜ ਕਰਦੇ ਨੇ ਅਤੇ ਕਨੂੰਨ ਕੋਲ਼ ਗੂੰਦ ਨੇ, ਬਿਨਾਂ ਦੰਦਾਂ ਦੇ।
ਸੋ ਮੈਂ ਪੰਜਾਬ ‘ਚ ਆਮ ਗੇੜਾ ਲਾਉਣ ਲੱਗ ਪਿਆ। ਹਰ ਸਾਲ ਗਰਮੀਆਂ ‘ਚ ਛੇ ਸੱਤ ਹਫਤੇ ਲਾ ਦਿੰਦਾ ਸੀ। ਪਰ ਇੱਕ ਦਿਨ ਸੰਘੇੜੇ ਦੇ ਮੁੰਬਾਈ ਵਾਲ਼ੇ ਦੋਸਤਾਂ ਨੂੰ ਮੇਰੇ ਬਾਰੇ ਪਤਾ ਲੱਗ ਗਿਆ। ਮੈਂ ਹਵੇਲੀ ‘ਚ ਬੈਠਾ ਸੀ। ਟੱਬਰ ਇੱਧਰ ਉੱਧਰ ਕੰਮਾਂ ਖੇਲਾਂ ‘ਚ ਲੱਗਿਆ ਸੀ। ਕਿਸੇ ਨੇ ਡੋਰਬੈੱਲ ਕੀਤੀ। ਕਿਸੇ ਨੇ ਕੁੰਡਾ ਖੋਲ੍ਹਿਆ। ਮੈਂ ਬੈਠਾ ਅਖਬਾਰ ਪੜ੍ਹ ਰਿਹਾ ਸੀ। ਜਦ ਅਖਬਾਰ ਹੇਠਾਂ ਕੀਤਾ, ਸਾਹਮਣੇ ਦੋ ਬੇਗਾਨੇ ਬੰਦੇ ਖੜ੍ਹੇ ਸੀ। ਮੈਂ ਉਨ੍ਹਾਂ ਦੀਆਂ ਮਰੀਆਂ ਅੱਖਾਂ, ਜਿੰਝ ਮੱਛੀ ਦੀਆਂ ਹੋਵਣ, ਵਿੱਚ ਝਾਕਿਆ। ਮੈਂ ਉੱਥੇ ਹੀ ਸਮਝ ਗਿਆ ਕੌਣ ਸਨ ਅਤੇ ਕਿਉਂ ਆਏ ਸਨ? ਇੱਕ ਨੇ ਹੌਲ਼ੀ ਜਿਹੇ ਸੰਘੇੜੇ ਦਾ ਨਾਂ ਬੋਲਿਆ।
"ਆ ਜੋ, ਬਾਹਰ ਚੱਲੀਏ। ਇਥੇਂ ਨ੍ਹੀਂ…ਪਲੀਜ਼…", ਮੈਂ ਉੱਠ ਖੜ੍ਹਿਆ। ਮੇਰੇ ਮਗਰ ਤੁਰ ਗਏ।
"ਪਾਪਾ ਕੌਣ ਐ?" ਧੀ ਨੇ ਆਖਿਆ।
"ਮੇਰੇ ਪੁਰਾਣੇ ਮਿੱਤਰ ਨੇ। ਮੈਂ ਤੈਨੂੰ ਬਹੁਤ ਪਿਆਰ ਕਰਦਾ, ਇਹ ਕਦੀ ਨਾ ਭੁੱਲੀਂ।"
"ਪਾਪਾ ਇਹ ਕਿਹੜੀ ਪੁੱਠੀ ਗੱਲ ਕਰਦੇ ਓ?" ਮੈਂ ਉਸ ਦੇ ਮੱਥੇ ਨੂੰ ਚੁੰਮਿਆ, ਫਿਰ ਬਾਹਰ ਚਲਿਆ ਗਿਆ। ਉਨ੍ਹਾਂ ਨੇ ਮੈਨੂੰ ਮੇਰੀ ਗੱਡੀ ਵਿੱਚ ਬਿਠਾ ਲਿਆ, ਡਰਾਈਵਰ ਦੀ ਸੀਟ ਤੇ। ਇੱਕ ਮੇਰੇ ਨਾਲ਼ ਬਹਿ ਗਿਆ। ਦੂਜਾ ਮੇਰੇ ਪਿੱਛੇ। ਮੈਂ ਡੂੰਘਾ ਸਾਹ ਭਰਿਆ। ਪਿੱਛੇ ਦੇਖਣ ਵਾਲ਼ੇ ਸ਼ੀਸ਼ੇ ਰਾਹੀਂ ਬੰਦੇ ਦੇ ਹੱਥ ‘ਚ ਪਸਤੌਲ ਤੱਕਿਆ। ਕੀ ਪਤਾ ਰਾਵਣ ਨਹੀਂ ਜਿੱਤਦਾ? ਅੱਖਾਂ ਮੀਟ ਲਈਆਂ…

ਖਤਮ
-0-
 

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346