ਸੁਧਾਰ ਤੋਂ ਬੱਸ ਫੜ ਕੇ
ਮੈਂ ਮੁਲਾਂਪੁਰ-ਦਾਖਾ ਬੱਸ ਸਟਾਪ ਉੱਤੇ ਉੱਤਰਿਆ ਹੀ ਸੀ ਕਿ ਲੁਧਿਆਣੇ ਵੱਲੋਂ ਆ ਰਹੀ ਬੱਸ ਨੇ
ਰੁਕਦਿਆਂ ਰੁਕਦਿਆਂ ਆਪਣੀ ਪਿੱਠ ਵਿੱਚੋਂ ਡੀਜ਼ਲ ਦੇ ਕੱਚੇ ਧੂੰਏਂ ਦਾ ਭਰਵਾਂ ਬੱਦਲ ਕੇਲਿਆਂ
ਨਾਲ਼ ਲੱਦੀਆਂ ਰੇਹੜੀਆਂ ਵੱਲੀਂ ਵਗਾਹ ਮਾਰਿਆ। ਬੱਸ ਦੀ ਪਿਛਲੀ ਖਿੜਕੀ ਨੂੰ ਖੋਲ੍ਹ ਕੇ
ਪਾਏਦਾਨ ਉੱਪਰ ਖਲੋਤਾ ਕੰਡਕਟਰ 'ਜਗਰਾਓਂ, ਮੋਗਾ; ਮੋਗਾ, ਜਗਰਾਓਂ, ਮੋਗਾ! ਮੋਗਾ! ਮੋਗਾ!'
ਦੀ ਦੁਹਾਈ ਦੇਣ ਲੱਗਾ। ਨਿੱਕੀਆਂ-ਵੱਡੀਆਂ ਗਠੜੀਆਂ ਨੂੰ ਅਤੇ ਖੱਦਰ ਦੇ ਥੈਲਿਆਂ ਉੱਪਰ
ਰੰਗਦਾਰ ਧਾਗਿਆਂ ਨਾਲ਼ ਕੱਢੀਆਂ ਫੁੱਲ-ਪੱਤੀਆਂ ਦੀ ਘਸਮੈਲ਼ ਨੂੰ ਸੰਭਾਲ਼ਦੀਆਂ ਹੋਈਆਂ ਉਡੀਕਵਾਨ
ਸਵਾਰੀਆਂ, ਬੱਸ ਦੇ ਦੋਹਾਂ ਦਰਵਾਜ਼ਿਆਂ ਨੂੰ ਚਿੰਬੜ ਕੇ, ਇੱਕ-ਦੂਜੇ ਦੇ ਪੈਰ ਮਿੱਧਣ ਲੱਗੀਆਂ।
ਕੰਡਕਟਰ ਦੀ ਸੀਟੀ ਦੀ ਲਮਕਵੀਂ 'ਪਿਰਰਰਰ' ਨੇ ਅੰਦਰ ਵੜੀਆਂ ਸਵਾਰੀਆਂ ਦੀਆਂ ਤਲ਼ੀਆਂ ਨੂੰ
ਉਨ੍ਹਾਂ ਦੇ ਕੰਨਾਂ ਵੱਲੀਂ ਖਿੱਚ ਲਿਆ। ਗੰਜ ਉੱਪਰੋਂ ਪਰਨੇ ਨਾਲ਼ ਪਸੀਨਾ ਪੂੰਝ ਰਹੇ ਡਰਾਇਵਰ
ਨੇ ਗੀਅਰ ਸ਼ਾਫ਼ਟ ਦੇ ਮੁੱਠੇ ਨੂੰ ਖੱਬੇ-ਸੱਜੇ ਹਿਲਾਅ ਕੇ ਅਗਲੇ ਪਾਸੇ ਵੱਲ ਨੂੰ ਧੱਕ ਦਿੱਤਾ।
ਘਰਕਦੇ ਹੋਏ ਇੰਞਣ 'ਚ ਹੋਈ "ਘੜਿੱਚ" ਦੀ ਆਵਾਜ਼ ਨਾਲ਼ ਬੱਸ ਨੂੰ ਹਜੋਕਾ ਵੱਜਿਆ, ਅਤੇ ਇੰਜਣ
ਵਿੱਚੋਂ ਰਿਸਦੀ ਡੀਜ਼ਲੀ-ਗੰਧ ਨੇ ਮੇਰੀਆਂ ਅੱਖਾਂ 'ਚ ਕੁੜੱਤਣ ਛਿੜਕਣੀ ਸ਼ੁਰੂ ਕਰ ਦਿੱਤੀ।
ਫੋੜਿਆਂ ਅਤੇ ਜ਼ਖ਼ਮਾਂ ਨਾਲ਼ ਭਰੀ, ਇਕਹਿਰੇ-ਸਰੀਰ-ਵਾਲੀ ਜੀ. ਟੀ. ਰੋਡ ਉੱਪਰ ਖਿਝਦੀ-ਘੂਰਦੀ
ਬੱਸ, ਮੋਗੇ ਵੱਲ ਵਧਣ ਲੱਗੀ। ਆਪਣੇ ਨੱਕ ਨੂੰ ਉਂਗਲ਼ਾਂ ਵਿਚਕਾਰ ਘੁੱਟ ਕੇ, ਮੈਂ ਆਪਣੀ ਨਜ਼ਰ
ਸੱਜੇ ਪਾਸੇ ਦੀ ਖਿੜਕੀ ਰਾਹੀਂ ਬਾਹਰ ਵੱਲ ਖਿਲਾਰ ਦਿੱਤੀ: ਹੌਲ਼ੀ ਹੌਲ਼ੀ ਆਲ਼ੇ-ਦੁਆਲ਼ੇ ਦੇ
ਖੇਤਾਂ ਦੀ ਭੜਦਾਅ ਵਿੱਚ ਖਲੋਤੇ ਮੱਕੀ ਦੇ ਭਰ-ਜੁਆਨ ਟਾਂਡਿਆਂ ਦੇ ਲੰਬੂਤਰੇ ਪੱਤਿਆਂ ਦੀ
ਹਰਿਆਵਲ ਮੇਰੇ ਮੱਥੇ 'ਚ ਵੜਨ ਲੱਗੀ; ਫਿਰ ਮੈਨੂੰ ਇੰਝ ਜਾਪਣ ਲੱਗਾ ਜਿਵੇਂ ਮੈਂ ਮੱਕੀ ਦੀ
ਛੱਲੀ ਦੇ ਸਿਰ 'ਚੋਂ ਲਮਕਦੇ ਕੱਕੇ ਵਾਲ਼ਾਂ ਦੀ ਰੇਸ਼ਮਤਾ ਉੱਤੇ ਉਂਗਲ਼ਾਂ ਫੇਰ ਰਿਹਾ ਹੋਵਾਂ!
ਅਗਲੇ ਪਲੀਂ ਛੱਲੀ ਦੀ ਹਰੀ ਪੁਸ਼ਾਕ ਉਧੜਨ ਲੱਗੀ, ਅਤੇ ਮੱਕੀ ਦੇ ਦੋਧੀ-ਦਾਣਿਆਂ ਦੀ ਮਹਿਕ
ਮੇਰੇ ਪੂਰੇ ਵਜੂਦ ਵਿੱਚ ਫੈਲ ਗਈ।
ਮੋਗੇ ਪਹੁੰਚਣ ਤੀਕ, ਮੇਰਾ ਹੱਥ ਵਾਰ ਵਾਰ ਮੇਰੀ ਜੇਬ ਵਿੱਚ ਉੱਤਰੀ ਗਿਆ। ਚੌਥੀ, ਪੰਜਵੀਂ ਕੁ
ਵਾਰ ਜੇਬ 'ਚੋਂ ਨਿੱਕਲ਼ੀ ਪਰਚੀ ਦੀਆਂ ਤਹਿਆਂ ਖੁਲ੍ਹੀਆਂ ਅਤੇ ਉਹ ਬੁੜਬੜਾਅ ਉੱਠੀ: ਓ ਭਾਈ,
ਪੜ੍ਹ ਲਾ ਮੈਨੂੰ ਜਿੰਨੀ ਵਾਰ ਮਰਜ਼ੀ, ਪਰ ਰਹਿਣਾ ਮੈਂ ਓਨੀਓਂ ਈ ਐਂ ਜਿੰਨੀ ਸਵੇਰੇ ਤਾਰ-ਬਾਬੂ
ਨੇ ਆਪਣੀ ਮਸ਼ੀਨ ਦੀ ਟਿੱਕ-ਟਿੱਕ 'ਚੋਂ ਨਿਤਾਰੀ ਸਾਂ।
ਟੈਲੀਗਰਾਮ ਵਾਲ਼ੇ ਕਾਗਜ਼ ਉੱਤੇ ਲਿਖੇ ਹੋਏ ਸਿਰਫ਼ ਚਾਰ ਲਫ਼ਜ਼: ਰੀਚਡ ਸੇਫ਼, ਲੈਟਰ ਫ਼ਾਲੋਜ਼
{ਠੀਕ-ਠਾਕ ਪਹੁੰਚਿਆ; ਚਿੱਠੀ ਆਜੂਗੀ}, ਪਰ ਜਿੰਨੀ ਵਾਰ ਮੈਂ ਇਨ੍ਹਾਂ ਚਾਰ ਲਫ਼ਜ਼ਾਂ ਨੂੰ
ਪੜ੍ਹਦਾ, ਇਨ੍ਹਾਂ ਵਿਚੋਂ ਅਨੇਕਾਂ ਅਰਥ ਗੋਲਾਈਦਾਰ ਥਾਨ ਵਾਂਙਣ ਵਿਛਣ ਲੱਗਦੇ, ਫੈਲਣ ਲੱਗਦੇ,
ਸੁੰਗੜਨ ਲੱਗਦੇ: ਮੇਰੇ ਸਾਹਮਣੇ ਤਿੰਨ ਚਾਰ ਸਾਲ ਪਹਿਲਾਂ, ਗੌਰਮਿੰਟ ਕਾਲਜ ਲੁਧਿਆਣੇ 'ਚ,
ਮੇਰੇ ਨਾਲ਼ ਪੜ੍ਹਿਆ ਇੱਕ ਜਮਾਤੀ ਆ ਵੜਦਾ ਜੀਹਨੇ ਚਾਹ ਦਿਆਂ ਕੱਪਾਂ ਉਦਾਲ਼ੇ ਜੁੜਦੀ ਸਾਡੀ
ਢਾਣੀ ਨੂੰ ਹਰ ਵਾਰ ਦੱਸਣਾ: ਲਓ ਬਈ, ਸੁਣਲੋ ਕੰਨ ਕਰ ਕੇ: ਕਨੇਡਾ 'ਚ ਸੜਕਾਂ ਬਣਾਉਂਦੇ ਐ
ਰਬੜ ਨਾਲ਼ ਤੇ ਕੱਚ ਨਾਲ਼; ਏਸੇ ਲਈ ਇਹ ਪੱਧਰੀਆਂ ਹੁੰਦੀਐਂ ਸ਼ੀਸ਼ੇ ਵਾਂਙੂੰ; ਕੂਲ਼ੀਆਂ ਤੇ
ਮੁਲਾਇਮ! ਚੌੜੀਆਂ ਹੁੰਦੀਐਂ ਇਹ ਡੇਢ-ਡੇਢ, ਦੋ-ਦੋ ਕਨਾਲ! ਤਦੇ ਈ ਲੰਮੀਆਂ ਲੰਮੀਆਂ ਕਾਰਾਂ
ਦੌੜਦੀਐਂ ਸੌ ਮੀਲ ਦੀ ਰਫ਼ਤਾਰ 'ਤੇ!
ਅਗਲੇ ਪਲੀਂ ਮੇਰੇ ਜ਼ਿਹਨ ਵਿੱਚ ਟਰਾਂਟੋ ਦੀਆਂ ਸੜਕਾਂ ਵਿਛ ਜਾਂਦੀਆਂ, ਲੁਧਿਆਣਿਓਂ ਮੋਗੇ ਨੂੰ
ਜਾਂਦੀ ਗਿੱਠ ਕੁ ਚੌੜੀ ਸੜਕ ਤੋਂ ਚਾਰ-ਪੰਜ ਗੁਣਾ ਚੌੜੀਆਂ, ਅਤੇ ਉਨ੍ਹਾਂ ਉੱਪਰ ਸਰਪਟ ਦੌੜ
ਰਹੀਆਂ ਕਾਰਾਂ, ਇੱਕ-ਦੂਜੀ ਨੂੰ ਮੋਢਿਆਂ ਤੋਂ ਫੜ ਫੜ ਕੇ ਪਿੱਛੇ ਨੂੰ ਧੱਕੇਲ਼ਦੀਆਂ
ਹੋਈਆਂ—ਲੁਧਿਆਣੇ ਇੱਕ ਅਮਰੀਕਨ ਫਿਲਮ 'ਚ ਦੇਖੀਆਂ ਲੰਮੀਆਂ ਲੰਮੀਆਂ ਕਾਰਾਂ ਵਰਗੀਆਂ ਜਿਨ੍ਹਾਂ
ਵੱਲ ਤਕਦਿਆਂ ਮੇਰਾ ਹੇਠਲਾ ਜੁਬਾੜਾ ਮੇਰੀ ਬੁੱਕਲ਼ 'ਚ ਜਾ ਡਿੱਗਿਆ ਸੀ!
ਉਨ੍ਹਾਂ ਸੜਕਾਂ ਉਦਾਲ਼ੇ ਫਿਰ ਮੈਨੂੰ ਅੰਗਰੇਜ਼ੀ ਕਵੀ ਵਰਡਜ਼ਵਰਥ ਦੀ ਕਵਿਤਾ ਵਾਲ਼ੇ ਡੈਫ਼ੋਡਿਲਜ਼
ਦਿਸਣ ਲੱਗਦੇ: ਹਵਾ ਨਾਲ਼ ਸ਼ਰਾਰਤਾਂ ਕਰਦੇ ਹੋਏ, ਤੇ ਸ਼ਰਾਬੀ ਵਿਅਕਤੀ ਵਾਂਙਣ ਝੂੰਮਦੇ ਹੋਏ।
ਕੁਝ ਕੁ ਸਮੇਂ ਬਾਅਦ, ਇਹਨਾਂ ਚਾਰ ਲਫ਼ਜ਼ਾਂ ਵਿੱਚ ਕੁੜੀਆਂ ਦੀਆਂ ਢਾਣੀਆਂ ਵੀ ਉੱਤਰ
ਆਉਂਦੀਆਂ—ਆੜੂਆਂ ਦੇ ਰੰਗ ਵਰਗੀਆਂ ਆਪਣੀਆਂ ਪਿੰਞਣੀਆਂ ਉਦਾਲ਼ੇ ਲਹਿਰਾਉਂਦੀਆਂ ਸਕਰਟਾਂ ਨੂੰ
ਝਾੜਦੀਆਂ ਹੋਈਆਂ; ਭੂਰੇ-ਸੁਨਹਿਰੀ ਵਾਲ਼ਾਂ 'ਚ ਆਪਣੀਆਂ ਉਂਗਲ਼ਾਂ ਦੀ ਗੁਲਾਬੀਅਤ ਝਸਦੀਆਂ
ਹੋਈਆਂ; ਤੇ ਆਪਣੀਆਂ ਹਰੀਆਂ-ਸੁਨਹਿਰੀ ਨੈਣ-ਗੋਲ਼ੀਆਂ 'ਚੋਂ ਹਲਕਾ-ਹਲਕਾ ਸਰੂਰ ਕੇਰਦੀਆਂ
ਹੋਈਆਂ।
ਟੈਲੀਗਰਾਮ ਦੇ ਅੱਖਰਾਂ-ਲਫ਼ਜ਼ਾਂ 'ਚ ਫ਼ਿਰ ਰਛਪਾਲ ਉੱਤਰ ਆਉਂਦਾ: ਭੱਠੇ ਦੀ ਚਿਮਨੀ ਵਾਂਙ
ਬੱਦਲਾਂ ਵੱਲ ਨੂੰ ਵਧ ਰਹੀਆਂ ਬਿਲਡਿੰਗਾਂ ਵੱਲ ਅੱਖਾਂ ਪਾੜ-ਪਾੜ ਕੇ ਝਾਕ ਰਿਹਾ ਰਛਪਾਲ,
ਆਪਣੀ ਡੌਰ-ਭੌਰਤਾ ਨੂੰ ਛੁਪਾਉਣ ਲਈ ਆਪਣਾ ਪੰਜਾ ਆਪਣੇ ਮੱਥੇ ਉੱਪਰ ਘਸਾਉਂਦਾ ਹੋਇਆ।
'ਪਤਾ ਨੀ ਕਿਹੜੇ ਹਾਲਾਂ 'ਚ ਹੋਊ ਓਪਰੇ ਮੁਲਕ 'ਚ!' ਮੈਂ ਸੋਚਣ ਲੱਗਦਾ। 'ਪੇਂਡੂ ਮੁੰਡਿਆਂ
ਲਈ ਤਾਂ ਨਿਆਣੀ ਈ ਹੁੰਦੀ ਐ ਤੇਈ-ਚੌਵੀ ਸਾਲ ਦੀ ਉਮਰ!'
ਮੋਗਿਓਂ ਟੈਂਪੂ ਦੇ ਡਿੱਕਡੋਲਿਆਂ 'ਚ ਮੋਢਿਆਂ ਨੂੰ ਸੁੰਗੇੜ ਕੇ ਬੈਠਿਆਂ, ਬਾਰਾਂ ਕਿਲੋਮੀਟਰ
ਦਾ ਰਸਤਾ ਤੈਅ ਕਰ ਕੇ ਮੈਂ ਰਾਮੂਵਾਲ਼ੇ ਦੇ ਅੱਡੇ 'ਤੇ ਉੱਤਰਿਆ ਤਾਂ ਉਥੋਂ ਦੋ-ਢਾਈ ਮਿੰਟ ਦੀ
ਪੈਦਲ-ਦੂਰੀ 'ਤੇ ਉੱਸਰਿਆ ਸਾਡਾ ਘਰ, ਮੈਨੂੰ ਕਈ ਮੀਲ ਦੂਰ ਖਲੋਤਾ ਜਾਪਿਆ। ਜੇਬ 'ਚ ਤਹਿ
ਕੀਤੀ ਟੈਲੀਗਰਾਮ ਚੀਕਣ ਲੱਗੀ: ਦੌੜ ਛੇਤੀ ਘਰ ਵੱਲ ਨੂੰ, ਇਕਬਾਲ ਸਿਅ੍ਹਾਂ, ਤੇ ਮੇਰੀਆਂ
ਤਹਿਆਂ ਨੂੰ ਆਪਣੇ ਬਾਪੂ ਦੇ ਸਾਹਮਣੇ ਖੋਲ੍ਹ ਕੇ ਉਹਦੇ ਚਿਹਰੇ ਉੱਪਰਲੀ ਚਿੰਤਾ ਨੂੰ ਝਾੜ
ਦੇਅ!
ਘਰ ਦਾ ਵੱਡਾ ਫਾਟਕ, ਹਲਕੀ ਜੇਹੀ ਚੀਕ ਮਾਰ ਕੇ ਅੰਦਰਲੇ ਪਾਸੇ ਵੱਲ ਨੂੰ ਖਿਸਕ ਗਿਆ: ਮੈਂ
ਦੇਖਿਆ ਕਿ ਸੂਰਜ ਦੀਆਂ ਤਿਊੜੀਆਂ ਵਿੱਚੋਂ ਚੋਅ ਰਿਹਾ ਸੇਕ ਘਰ ਦੇ ਵਿਹੜੇ 'ਚ ਖਿੰਡੀ ਚੁੱਪ
ਨੂੰ ਝੰਬ ਰਿਹਾ ਸੀ। ਚਾਰ ਪੰਜ ਕੁਕੜੀਆਂ, ਨਲ਼ਕੇ ਦੇ ਲਾਗਿਓਂ ਬਾਹਰ ਵੱਲ ਨੂੰ ਜਾਂਦੀ ਨਾਲ਼ੀ
ਦੇ ਗਾਰੇ ਵਿੱਚ ਚੁੰਝਾਂ ਮਾਰ ਮਾਰ ਕੇ, ਸੁਰਗਵਾਸ ਹੋ ਗਏ ਪਾਣੀ ਦੀਆਂ ਪੈੜਾਂ ਲੱਭ ਰਹੀਆਂ
ਸਨ। ਪਰਲੇ ਪਾਸੇ ਬਾਲੜੀ ਜਿਹੀ ਨਿੰਮ ਦੀ ਅਹਿੱਲਤਾ ਹੇਠ ਘਰਕ ਰਿਹਾ ਜੈਕ ਮੈਨੂੰ ਦੇਖਦਿਆਂ ਹੀ
ਸੰਗਲ਼ੀ ਤੁੜਾਉਣ ਲਈ ਜ਼ੋਰ ਲਾਉਣ ਲੱਗਾ।
ਮੈਂ ਸਿੱਧਾ ਬਾਪੂ ਵਾਲ਼ੇ ਕਮਰੇ ਵੱਲ ਨੂੰ ਹੋ ਤੁਰਿਆ।
ਮੈਨੂੰ ਦੇਖਦਿਆਂ ਹੀ ਬਾਪੂ ਪਾਰਸ ਦੀ ਬੁਰਕੀ ਉਸ ਦੇ ਹੱਥ 'ਚੋਂ ਖਿਸਕ ਕੇ, ਸਟੂਲ ਉੱਪਰ ਟਿਕੀ
ਥਾਲ਼ੀ 'ਚ ਜਾ ਡਿੱਗੀ। ਬਾਪੂ ਨੇ ਆਪਣੀ ਕੁਰਸੀ ਨੂੰ ਪਿੱਛੇ ਵੱਲ ਨੂੰ ਧੱਕਿਆ ਤੇ ਉਹ, ਆਪਣੀਆਂ
ਅੱਖਾਂ ਨੂੰ ਮੇਰੇ ਵੱਲੀਂ ਗੇੜਦਿਆਂ, ਬੋਲਿਆ: ਓੁਏ ਤੂੰ ਕਿਧਰੋਂ ਆ ਧਮਕਿਆ ਸਿਖ਼ਰ ਦੁਪਹਿਰੇ,
ਢੋਲ ਪਾਤਸ਼ਾਹ?
ਪੈਂਟ ਦੀ ਸੱਜੀ ਜੇਬ 'ਚੋਂ ਖਿੱਚੇ ਰੁਮਾਲ ਨਾਲ਼ ਮੱਥੇ ਉੱਪਰਲੀ ਚਿਪ-ਚਿਪ ਨੂੰ ਵੰਗਾਰਦਿਆਂ
ਮੈਂ ਸਟੂਲ ਦੇ ਦੂਜੇ ਪਾਸੇ ਪਈ ਕੁਰਸੀ ਦੀ ਸੱਖਣਤਾ ਵੱਲ ਝਾਕਣ ਲੱਗਾ।
-ਸੁੱਖ ਐ? ਬਾਪੂ ਪਾਰਸ ਦੇ ਬੁੱਲ੍ਹ ਫਰਕਣ ਲੱਗੇ।
ਮੇਰੀਆਂ ਉਂਗਲ਼ਾਂ ਮੇਰੀ ਜੇਬ ਵੱਲ ਨੂੰ ਉੱਭਰੀਆਂ।
-ਤਾਰ ਆਗੀ ਰਛਪਾਲ ਦੀ ਅੱਜ ਸਵੇਰੇ, ਬਾਪੂ ਜੀ!
-ਅੱਛਾਅਅ? ਬਾਪੂ ਦਾ ਮੱਥਾ ਸੁੰਗੜਿਆ, ਤੇ ਉਸ ਵਿੱਚੋਂ ਮੈਨੂੰ "ਕੀ ਲਿਖਿਐ?" ਸੁਣਾਈ ਦੇਣ
ਲੱਗਾ।
-ਲਿਖਿਐ ਬਈ ਉਹ ਅੱਪੜ ਗਿਐ ਠੀਕ-ਠਾਕ, ਟਰਾਂਟੋ!
ਮੈਂ ਤਾਰ ਵਾਲੇ ਕਾਗਜ਼ ਦੀਆਂ ਤਹਿਆਂ ਖੋਲ੍ਹ ਕੇ, ਉਸ ਨੂੰ ਬਾਪੂ ਵੱਲੀਂ ਵਧਾਅ ਦਿੱਤਾ।
ਤਾਰ ਵਾਲ਼ਾ ਕਾਗਜ਼ ਬਾਪੂ ਦੇ ਮੱਥੇ ਵੱਲ ਨੂੰ ਉੱਠਿਆ; ਬਾਪੂ ਨੇ ਆਪਣੀ ਠੋਡੀ ਨੂੰ ਛਾਤੀ ਵੱਲ
ਨੂੰ ਖਿੱਚ ਲਿਆ; ਅਤੇ ਆਪਣੀਆਂ ਨਜ਼ਰਾਂ ਵਿਚਲੀ ਉਤੁਸਕਤਾ ਮੇਰੀਆਂ ਅੱਖਾਂ ਵੱਲ ਫੈਲਾਅ ਦਿੱਤੀ।
-ਪਿਆਰਾ ਪੰਨੂੰ ਆ ਗਿਆ ਹੋਣੈ ਹਵਾਈ-ਅੱਡੇ 'ਤੇ?
ਮੇਰੀਆਂ ਉੱਪਰਲੀਆਂ-ਹੇਠਲੀਆਂ ਜਾੜ੍ਹਾਂ ਇੱਕ-ਦੂਜੀ ਨਾਲ਼ ਜੁੜ ਕੇ ਇੱਕ-ਦੂਜੀ ਨੂੰ ਧੱਕਣ
ਲੱਗੀਆਂ, ਤੇ ਜੁਬਾੜਿਆਂ-ਲਾਗਲੀ ਚਮੜੀ ਨੇ ਮੇਰੀਆਂ ਵਰਾਛਾਂ ਨੂੰ ਪਾਸਿਆਂ ਵੱਲ ਨੂੰ ਖਿੱਚ
ਲਿਆ।
-ਕੀ ਗੱਲ ਚੁੱਪ ਕਿਉਂ ਹੋ ਗਿਆ ਤੂੰ? ਬਾਪੂ ਅੱਖਾਂ ਝਮਕਣ ਲੱਗਾ।
-ਪਿਆਰਾਅਅਅ, ਲੰਮੇ ਸਾਹ ਨੂੰ ਫੇਫੜਿਆਂ ਵੱਲ ਨੂੰ ਖਿੱਚ ਕੇ ਮੈਂ ਕਮਰੇ ਵਿਚ ਫੈਲ ਗਈ ਚੁੱਪ
ਨੂੰ ਸੁੰਘਣ ਲੱਗਾ।
ਅੱਖਾਂ ਝਮਕਦਾ ਹੋਇਆ ਬਾਪੂ ਕਦੇ ਮੇਰੇ ਵੱਲ ਤੇ ਕਦੇ ਟੈਲੀਗਰਾਮ ਵੱਲੀਂ ਦੇਖਣ ਲੱਗਾ।
-ਆ ਗਿਆ ਸੀ ਕਿ ਨਹੀਂ ਹਵਾਈ ਅੱਡੇ 'ਤੇ ਪਿਆਰਾ?
-ਅਸਲ 'ਚ, ਬਾਪੂ ਜੀ... ਤਾਰ 'ਚ ਪਿਆਰੇ ਬਾਰੇ ਤਾਂ ਕੁੱਛ ਵ'ਨੀ ਲਿਖਿਆ!
ਬਾਪੂ ਦੀਆਂ ਉਂਗਲ਼ਾਂ ਉਸ ਦੀ ਦਾਹੜੀ ਦੀ ਕਰੜ-ਬਰੜਤਾ ਨੂੰ ਬੇਚੈਨ ਕਰਨ ਲੱਗੀਆਂ
-ਪਰ ਜੇ ਪਿਆਰਾ ਨਹੀਂ ਪਹੁੰਚਿਆ, ਤਾਂ, ਢੋਲ ਸਾਅ੍ਹਬ, ਰਛਪਾਲ ਨੇ 'ਠੀਕ-ਠਾਕ ਪਹੁੰਚ ਗਿਆ'
ਕਿਵੇਂ ਲਿਖ'ਤਾ? ਬਾਪੂ ਆਪਣੇ ਸਿਰ ਨੂੰ ਸੱਜੇ-ਖੱਬੇ ਫੇਰਨ ਲੱਗਾ। -ਚਲ ਤੂੰ ਹੋਰ ਦੱਸ ਕੀ
ਲਿਖਿਐ?
-ਹੋਰ ਲਿਖਿਐ ਬਈ ਚਿੱਠੀ ਪਾ ਰਿਹਾਂ!
ਬਾਪੂ ਦੀਆਂ ਅੱਖਾਂ ਬੰਦ ਹੋ ਗਈਆਂ, ਤੇ ਮੱਥੇ ਦੀ ਜਿਲਦ ਉਸ ਦੀ ਜੂੜੀ ਵੱਲ ਨੂੰ ਖਿੱਚੀ ਗਈ।
ਏਨੇ ਨੂੰ ਸਾਡੇ ਸਾਂਝੀ, ਚਾਚੇ ਗੁਰੇ ਦਾ ਮੁੰਡਾ, ਤਵੇ ਤੋਂ ਹੁਣੇ-ਲਾਹੀ ਰੋਟੀ ਨੂੰ ਪਲੇਟ 'ਚ
ਟਿਕਾਈ, ਕਮਰੇ ਵਿੱਚ ਆ ਵੜਿਆ।
-ਸਾਸਰੀ 'ਕਾਲ, ਬਾਈ ਜੀ! ਸਵਰਨੇ ਨੇ ਮੇਰੇ ਵੱਲ ਝਾਕ ਕੇ ਆਪਣੀਆਂ ਅੱਖਾਂ ਸੁੰਗੇੜ ਲਈਆਂ।
ਗੁਲੇਲ ਦੀ ਰਬੜ ਵਾਂਙਣ ਖਿੱਚੇ ਗਏ ਪਲਾਂ ਬਾਅਦ ਬਾਪੂ ਨੇ ਅੱਖਾਂ ਖੋਲ੍ਹੀਆਂ ਅਤੇ ਉਸਦੇ
ਬੁੱਲ੍ਹਾਂ 'ਚ ਸਰਗਮ ਫਰਕਣ ਲੱਗੀ: ਬੋਤਲ ਚੱਕ ਔਸ ਅਲਮਾਰੀ 'ਚੋਂ, ਸਵਰਨਿਆਂ, ਤੇ ਨਾਲ਼ੇ ਕੱਢ
ਲਾ ਗਲਾਸ! ਬਾਪੂ ਨੇ ਭਰਵੱਟਿਆਂ ਦਾ ਤੁਣਕਾ ਅਲਮਾਰੀ ਵੱਲ ਨੂੰ ਮਾਰਿਆ।
-ਦੁਪਹਿਰੇ ਈ? ਮੈਂ ਆਪਣਾ ਮੱਥਾ ਇਕੱਠਾ ਕਰ ਲਿਆ।
-ਦੁਪਹਿਰਾ ਤਾਂ ਅੱਜ ਚੜ੍ਹਨੈਂ, ਢੋਲਾ, ਅੱਜ, ਬਾਪੂ ਦੇ ਚਿਹਰੇ 'ਚ ਗੁਲਾਬ ਘੁਲਣ ਲੱਗਾ ਤੇ
ਉਸ ਨੇ ਥਾਲ਼ੀ ਵਾਲ਼ੇ ਸਟੂਲ ਨੂੰ ਪਰ੍ਹੇ ਵੱਲ ਨੂੰ ਧੱਕ ਦਿੱਤਾ। -ਪੰਜ ਦਿਨ ਹੋਗੇ, ਸਾਲ਼ਾ
ਹਨੇਰਾ ਈ ਹਨੇਰਾ ਦਿਸੀ ਗਿਐ; ਨੀਂਦ ਨੀ ਫੜਕੀ ਅੱਖਾਂ ਦੇ ਨੇੜੇ ਜਿਸ ਦਿਨ ਦਾ ਰਛਪਾਲ ਵਿਦਾ
ਹੋਇਐ!
ਬਾਪੂ ਦੀਆਂ ਉਂਗਲ਼ਾਂ ਬੋਤਲ ਦੇ ਡੱਟ ਦੇ ਉਦਾਲ਼ੇ ਲਿਪਟ ਗਈਆਂ, ਤੇ ਸਵਰਨਾ ਕੱਚ ਦੇ ਗਲਾਸਾਂ
ਨੂੰ ਘਚੱਲਣ ਲੱਗਾ।
-ਉਏ ਤੇਰਾ ਗਲਾਸ ਕਿੱਥੇ ਐ, ਸਵਰਨਿਆਂ?
-ਮੈਂ ਨੀ ਪੀਂਦਾ ਦੁਪਹਿਰੇ, ਤਾਇਆ ਜੀ!
-ਤੂੰ ਨੀਂ ਪੀਂਦਾ ਦੁਪਹਿਰੇ? ਬਾਪੂ ਨੇ ਬੋਤਲ ਦਾ ਮੂੰਹ ਗਲਾਸਾਂ ਵੱਲ ਨੂੰ ਟੇਢਾ ਕਰ ਦਿੱਤਾ।
-ਉਏ ਅੱਜ ਦੁਪਹਿਰੇ ਤਾਂ ਮੈਂ ਕੁਕੜੀਆਂ ਨੂੰ ਵੀ ਪਿਆ ਦੇਣੀ ਐਂ! ਕੱਢ ਗਲਾਸ ਆਵਦੇ ਲਈ
ਅਲਮਾਰੀ ਚੋਂ!
###
ਟੈਲੀਗਰਾਮ ਦੇ ਇਹ ਚਾਰ ਲਫ਼ਜ: ਰੀਚਡ ਸੇਫ਼, ਲੈਟਰ ਫ਼ਾਲੋਜ਼! ਅਗਲੇ ਦਿਨ ਮੇਰੇ ਅੰਦਰ ਭੰਨ-ਤੋੜ
ਹੋਣ ਲੱਗੀ। ਇੱਕ ਪਲ ਤਾਂ ਮੇਰੇ ਮੱਥੇ ਦੇ ਅੰਦਰ ਠਹਾਕੇ ਗੂੰਜਣ ਲਗਦੇ, ਪਰ ਦੂਸਰੇ ਹੀ ਪਲ
ਮੇਰੇ ਭਰਵੱਟਿਆਂ ਦੇ ਵਿਚਾਲ਼ੇ ਸਵਾਲ ਇਕੱਠੇ ਹੋਣ ਲਗਦੇ। "ਠੀਕ-ਠਾਕ ਪਹੁੰਚ ਗਿਆ ਹਾਂ!" ਮਤਲਬ
ਕਿ ਰੰਗ-ਬਰੰਗੀਆਂ ਤਿਤਲੀਆਂ ਦੇ ਝੁੰਡਾਂ ਹੇਠੋਂ, ਅਡੋਲ ਗੁਜ਼ਰ ਗਿਆ ਹੋਵੇਗਾ ਰਛਪਾਲ! ਪਰ ਫ਼ਿਰ
ਇੱਕ ਦਮ ਤਿਤਲੀਆਂ ਦਾ ਝੁੰਡ ਭ੍ਰਿੰਡਾਂ ਵਿੱਚ ਬਦਲ ਕੇ ਮੇਰੇ ਸਿਰ ਉਦਾਲ਼ੇ ਭਿਣਕਿਣ ਲੱਗ
ਜਾਂਦਾ-ਮਿਰਚਾਂ ਦੇ ਪੌਦਿਆਂ 'ਚ ਲੱਗੀਆਂ ਖੱਖਰਾਂ 'ਚੋਂ ਉਡਦੇ ਪੀਲ਼ੇ ਭ੍ਰਿੰਡਾਂ ਦਾ ਹਜੂਮ!
ਰਛਪਾਲ ਮੈਨੂੰ ਸੀਖਾਂ ਦੇ ਪਿੱਛੇ ਖਲੋਤਾ ਦਿਸਣ ਲਗਦਾ, ਤੇ ਪਿਆਰਾ ਪੰਨੂੰ, ਇੰਮੀਗਰੇਸ਼ਨ ਦੇ
ਦਫ਼ਤਰ 'ਚ, ਰਛਪਾਲ ਦੀ ਰਿਹਾਈ ਲਈ ਜ਼ਮਾਨਤ ਦੇ ਕਾਗਜ਼ਾਂ ਉੱਪਰ ਦਸਤਖ਼ਤ ਕਰਨ ਲਈ ਪੈੱਨ ਦਾ ਪੋਪਲਾ
ਖੋਲ੍ਹ ਰਿਹਾ ਹੁੰਦਾ।
'ਠੀਕ-ਠਾਕ ਤਾਂ ਅੱਪੜ ਗਿਆ, ਪਰ ਜੇ ਭਲਾ ਉਸ ਨੂੰ 'ਅਸਲੀ' ਟੂਰਿਸਟ ਨਾ ਮੰਨਿਆਂ ਹੋਇਆ
ਇੰਮੀਗਰੇਸ਼ਨ ਨੇ?' ਮੇਰਾ ਸਿਰ ਕੰਬਣ ਲਗਦਾ। 'ਫਿਰ ਤਾਂ ਅਪੀਲ ਈ ਕਰਨੀਂ ਪਊ...'
ਪਰ ਅਪੀਲ ਤਾਂ, ਇਕਬਾਲ ਸਿਅ੍ਹਾਂ, ਖਾਰਜ ਵੀ ਹੋ ਸਕਦੀ ਐ, ਮੇਰੇ ਸਾਹਮਣੇ ਜੌਹਰੀ ਮੱਲ ਆ
ਖਲੋਂਦਾ: ਗੋਡਿਆਂ ਤੀਕ ਕੁੜਤਾ ਤੇ ਝੋਲ਼ੇ 'ਚ ਵਹੀ! ਅਣਜਾਣ ਹਜਾਮਤੀ ਵੱਲੋਂ ਕੁਤਰੇ ਹੋਏ ਆਪਣੇ
ਉਘੜ-ਦੁਘੜੇ ਵਾਲ਼ਾਂ 'ਚ ਖੁਰਕ ਕਰਦਾ ਹੋਇਆ!
'ਕਿਸ਼ਤ ਨੀ ਆਈ ਪਿਛਲੇ ਦੋ ਮਹੀਨੇ ਤੋਂ, ਬਾਈ ਕਰਨੈਲ ਸਿੰਅ੍ਹਾਂ,' ਜੌਹਰੀ ਮੱਲ ਹੁਣ ਆਪਣੇ
ਭੂਸਲ਼ੇ ਦੰਦਾਂ ਨੂੰ ਡੱਕੇ ਨਾਲ਼ ਖੁਰਚਦਾ ਦਿਸਦਾ।
###
ਉਸ ਦਿਨ ਸਟਾਫ਼ਰੂਮ 'ਚ ਜਾਂ ਤਾਂ ਹਵਾ ਸੀ ਤੇ ਜਾਂ ਮੇਰੇ ਲੰਮੇ ਲੰਮੇ ਸਾਹ! ਰਛਪਾਲ ਦੀ
ਟੈਲੀਗਰਾਮ ਨੂੰ ਪਹੁੰਚਿਆਂ ਬਾਰਾਂ ਦਿਨ ਹੋ ਗਏ ਸਨ। ਮੈਂ ਕੱਚ ਦੇ ਗਲਾਸ ਵਿੱਚ ਠਰ ਰਹੀ ਚਾਹ
ਨਾਲ਼ ਗੱਲਾਂ ਕਰਨ ਲੱਗਾ: ਕਿੰਨੇ ਕੁ ਦਿਨਾਂ 'ਚ ਪਹੁੰਚ ਜਾਂਦੀਆਂ ਹੋਣਗੀਆਂ ਕਨੇਡਾ ਤੋਂ
ਸੁਧਾਰ ਨੂੰ ਚੱਲੀਆਂ ਚਿੱਠੀਆਂ?
ਚਾਹ ਦੀਆਂ ਘੁੱਟਾਂ ਕਦੇ ਤਾਂ ਦਸ-ਬਾਰਾਂ ਦਿਨ ਆਖ ਦਿੰਦੀਆਂ ਤੇ ਕਦੇ ਚੌਦਾਂ-ਪੰਦਰਾਂ।
ਮੇਰੀ ਨਜ਼ਰ ਵਾਰ ਵਾਰ ਸਟਾਫ਼ਰੂਮ ਅਤੇ ਬਾਬੂਆਂ ਦੇ ਦਫ਼ਤਰ ਵਿਚਕਾਰ ਗੁਜ਼ਰਦੇ ਹਾਲਵੇਅ ਵੱਲ
ਖੁਲ੍ਹਦੇ ਦਰਵਾਜ਼ੇ ਵੱਲ ਖਿੱਚੀ ਜਾ ਰਹੀ ਸੀ। ਖਾਕੀ ਵਰਦੀ ਵਾਲਾ ਡਾਕੀਆ, ਸਟਾਫ਼ਰੂਮ ਦੇ
ਸਾਹਮਣਿਓਂ ਗੁਜ਼ਰ ਕੇ, ਹੈੱਡ ਕਲਰਕ ਧਰਮ ਸਿੰਘ ਦੇ ਦਫ਼ਤਰ ਵੱਲ ਨੂੰ ਵਧ ਗਿਆ। ਮੇਰਾ ਦਿਲ ਕੀਤਾ
ਕਿ ਧਰਮ ਸਿੰਘ ਦੇ ਮੇਜ਼ ਵੱਲ ਨੂੰ ਦੌੜ ਜਾਵਾਂ, ਤੇ ਉਸ ਦਿਨ ਦੀ ਸਾਰੀ ਡਾਕ ਦਾ ਰੁੱਗ ਭਰ ਕੇ
ਸਟਾਫ਼ਰੂਮ 'ਚ ਲੈ ਆਵਾਂ!
ਪੰਜ ਕੁ ਮਿੰਟਾਂ ਬਾਅਦ ਸਟਾਫ਼ਰੂਮ ਦੇ ਦਰਵਾਜ਼ੇ 'ਤੇ ਖਲੋਤਾ ਸੇਵਾਦਾਰ (ਰੱਖਾ ਸਿੰਘ) ਹੱਥ
ਵਿੱਚ ਪੰਜ ਛੇ ਚਿੱਠੀਆਂ ਨੂੰ ਹੇਠਾਂ-ਉੱਪਰ ਕਰ ਰਿਹਾ ਸੀ।
'ਬਾਹਰੋਂ ਆਈ ਲਗਦੀ ਐ, ਇਕਬਾਲ ਸਾਅ੍ਹਬ!' ਅਸਮਾਨੀ ਲਫ਼ਾਫ਼ੇ ਨੂੰ ਮੇਰੇ ਵੱਲ ਵਧਾਉਂਦਿਆਂ ਰੱਖਾ
ਸਿੰਘ ਬੋਲਿਆ।
ਲਾਲ-ਨੀਲੀਆਂ ਡੱਬੀਆਂ ਨਾਲ਼ ਸ਼ਿੰਗਾਰਿਆ ਹੋਇਆ, ਲਫ਼ਾਫ਼ੇ ਦਾ ਬਾਡਰ! ਅੰਗਰੇਜ਼ੀ 'ਚ ਲਿਖੇ 'ਪਾਰ
ਆਵੀਓਨ' ਦੇ ਸੱਜੇ ਪਾਸੇ ਹਵਾਈ ਜਹਾਜ਼ ਦੀ ਤਸਵੀਰ ਨੂੰ ਦੇਖਦਿਆਂ ਮੇਰੇ ਸਾਹਾਂ 'ਚ ਆਰੀ ਚੱਲਣ
ਲੱਗੀ। ਲਫ਼ਾਫ਼ਾ ਕਹੇ, ਜਲਦੀ ਖੋਲ੍ਹ ਮੈਨੂੰ, ਜਲਦੀ!
"ਟਰਾਂਟੋ, ਸਤੰਬਰ 14, 1972
ਇਹ ਚਿੱਠੀ ਮੈਂ ਸਾਰੇ ਪਾਰਸ ਪਰਿਵਾਰ ਨੂੰ ਪਿਆਰਾ ਸਿੰਘ ਪੰਨੂੰ ਦੇ ਕਮਰੇ ਵਿੱਚੋਂ ਲਿਖ ਰਿਹਾ
ਹਾਂ। ਪਿਆਰਾ ਸਿੰਘ ਏਅਰਪੋਰਟ 'ਤੇ ਆ ਗਿਆ ਸੀ। ਬਹੁਤ ਨੇਕ ਬੰਦਾ ਹੈ। ਹਸਮੁੱਖ ਤੇ ਹਮਦਰਦ।
ਇਹ ਮੁਲਕ ਬਹੁਤ ਸੋਹਣਾ ਹੈ। ਇੰਡੀਆ ਵਾਲ਼ੇ ਗੰਦਗੀ ਜਾਂ ਕੂੜੇ ਦੇ ਢੇਰ ਕਿਤੇ ਵੀ ਨਹੀਂ। ਬਹੁਤ
ਵੱਡੇ ਵੱਡੇ ਸ਼ਾਪਿੰਗ ਸੈਂਟਰ ਹਨ ਜਿਨ੍ਹਾਂ ਵਿੱਚ ਹਰ ਕਿਸਮ ਦੀਆਂ ਦੁਕਾਨਾਂ ਹਨ; ਰੈਡੀਮੇਡ
ਕੱਪੜਿਆਂ ਦੀਆਂ, ਘਰ ਵਿੱਚ ਵਰਤਣ ਵਾਲੇ ਹਰ ਕਿਸਮ ਦੇ ਸਮਾਨ ਦੀਆਂ, ਗਰੋਸਰੀ ਦੀਆਂ ਜਿਸ ਨੂੰ
ਆਪਾਂ ਕਰਿਆਨਾ ਆਖਦੇ ਹਾਂ, ਅਲੈਕਟ੍ਰੋਨਿਕਸ ਦੀਆਂ, ਸ਼ਰਾਬ ਦੀਆਂ ਤੇ ਹੋਰ ਬਹੁਤ ਕੁੱਛ।
ਇਨ੍ਹਾਂ ਸ਼ਾਪਿੰਗ ਸੈਂਟਰਾਂ ਨੂੰ ਏਥੇ ਪਲਾਜ਼ਾ ਆਖਦੇ ਹਨ। ਸੜਕਾਂ ਚੌੜੀਆਂ ਅਤੇ ਪੱਧਰੀਆਂ। ਹਰ
ਚੁਰਸਤੇ ਉੱਪਰ ਟਰੈਫ਼ਿਕ ਲਾਈਟਾਂ ਹਨ। ਕੋਈ ਵੀ ਬੰਦਾ ਲਾਲ ਬੱਤੀ ਨੂੰ ਕਰਾਸ ਨਹੀਂ ਕਰਦਾ। ਕੋਈ
ਹਾਰਨ ਨਹੀਂ ਮਾਰਦਾ। ਆਪਣੀ ਆਪਣੀ ਲੇਨ ਵਿੱਚ ਲੋਕ ਆਪਣੀ ਆਪਣੀ ਗੱਡੀ ਚਲਾਉਂਦੇ ਹਨ।
ਪਿਆਰਾ ਸਿੰਘ ਇੱਕ ਬਹੁਤ ਉੱਚੀ ਬਿਲਡਿੰਗ ਵਿੱਚ ਰਹਿੰਦਾ ਹੈ ਜੋ ਕਿ ਚੰਡੀਗੜ੍ਹ ਦੇ ਸੈਕਟਰੀਏਟ
ਵਰਗੀ ਹੈ। ਇਸ ਦੀ ਹਰ ਮੰਨਜ਼ਲ ਉੱਤੇ ਕਈ-ਕਈ ਅਪਾਰਮੈਂਟ ਹਨ। ਇਸ ਤਰ੍ਹਾਂ ਦੀਆਂ ਬਿਲਡਿੰਗਾਂ
ਟਰਾਂਟੋ ਵਿਚ ਬੇਸ਼ੁਮਾਰ ਹਨ।
ਏਥੇ ਵਰਕਰਾਂ ਦੀ ਬਹੁਤ ਕਿੱਲਤ ਹੈ। ਸ਼ਾਇਦ ਏਸੇ ਕਰ ਕੇ ਸਰਕਾਰ ਨੇ ਕਨੇਡਾ ਖੋਲ੍ਹਿਆ ਸੀ।
ਪਿਆਰਾ ਆਪਣੀ ਹੀ ਫ਼ੈਕਟਰੀ 'ਚ ਮੈਨੂੰ ਜਾਬ ਦਵਾਉਣ ਦੀ ਕੋਸ਼ਿਸ਼ ਕਰੇਗਾ।
ਬਾਕੀ ਕੱਲ੍ਹ ਨੂੰ ਭਾਰਤ ਤੋਂ ਲਿਆਂਦੇ ਡਾਲਰਾਂ ਵਿੱਚੋਂ ਮੈਂ ਪੰਜ ਸੌ ਦਾ ਡਰਾਫ਼ਟ ਰਜਿਸਟਰਡ
ਡਾਕ ਰਾਹੀਂ ਭੇਜ ਰਿਹਾ ਹਾਂ, ਇਕਬਾਲ ਦੇ ਕਾਲਜ ਵਾਲ਼ੇ ਅਡਰੈੱਸ 'ਤੇ। ਡਰਾਫ਼ਟ ਮਿਲਣ ਸਾਰ
ਹਰਚਰਨ (ਵੱਡੇ ਭਰਾ) ਨੂੰ ਜਹਾਜ਼ ਚੜ੍ਹਾ ਦੇਣਾ। ਅਫ਼ਵਾਹ ਚੱਲ ਰਹੀ ਹੈ ਕਿ ਵਿਜ਼ਿਟਰਾਂ ਲਈ ਪੱਕੀ
ਇੰਮੀਗਰੇਸ਼ਨ ਦੀ ਅਰਜ਼ੀ ਦੇਣ ਵਾਲਾ ਕਾਨੂੰਨ ਕਿਸੇ ਵੀ ਵੇਲੇ ਬੰਦ ਹੋ ਸਕਦਾ ਹੈ ਕਿਉਂਕਿ ਪੰਜਾਬ
ਦੇ ਏਜੰਟਾਂ ਨੇ ਤਾਂ ਪੂਰੇ ਦੇ ਪੂਰੇ ਜਹਾਜ਼ ਹੀ ਕਿਰਾਏ 'ਤੇ ਲੈ ਕੇ ਪੰਜਾਬੀ ਮੁੰਡੇ ਟਰਾਂਟੋ
ਤੇ ਵਿੰਨੀਪੈੱਗ ਘੱਲਣੇ ਸ਼ੁਰੂ ਕਰ ਦਿੱਤੇ ਹਨ। ਇਸ ਲਈ ਘੌਲ਼ ਨਹੀਂ ਕਰਨੀ।
###
ਤਿੰਨਾਂ ਕੁ ਦਿਨਾਂ ਬਾਅਦ, ਲਾਇਬਰੇਰੀ ਦੀਆਂ ਸ਼ੈਲਫ਼ਾਂ ਵਿਚਕਾਰਲੀਆਂ ਭੀੜੀਆਂ ਲੇਨਾਂ 'ਚ
ਆਹਿਸਤਾ ਆਹਿਸਤਾ ਤੁਰਦਾ ਹੋਇਆ, ਮੈਂ ਕਿਤਾਬਾਂ ਦੀਆਂ ਕੰਗਰੋੜਾਂ ਉੱਪਰ ਛਪੇ ਹਰਫ਼ਾਂ ਨਾਲ਼
ਗੁਫ਼ਤਗੂ ਕਰ ਰਿਹਾ ਸਾਂ ਕਿ ਕੋਈ ਆਵਾਜ਼, ਲਾਇਬਰੇਰੀਅਨ ਨੂੰ ਪੁੱਛਣ ਲੱਗੀ: ਸਰਦਾਰ ‘ਅਕਵਾਲ’
ਸਿੰਘ ਤਾਂ ਨੀ ਆਏ ਐਧਰ?
ਮੇਰਾ ਨਾਮ ਸੁਣ ਕੇ ਮੇਰੇ ਹੱਥਾਂ 'ਚ ਪਕੜੀ ਕਿਤਾਬ ਫਰਸ਼ ਉੱਪਰ ਡਿੱਗ ਪਈ; ਮੈਂ ਲਾਇਬਰੇਰੀਅਨ
ਦੀ ਕੁਰਸੀ ਵੱਲ ਨੂੰ ਵਧਿਆ।
-ਮੈਂ ਤਾਂ ਜੀ ਤੁਹਾਨੂੰ ਸਾਰੇ ਕਾਲਜ ਵਿੱਚ ਲਭਦਾ ਫਿਰ ਰਿਹਾ ਸੀ, ਡਾਕੀਏ ਨੇ ਰਜਿਸਟਰਡ
ਲਫ਼ਾਫ਼ਾ ਮੇਰੇ ਵੱਲ ਵਧਾਉਂਦਿਆਂ ਆਖਿਆ।
ਮੈਂ ਲਫ਼ਾਫ਼ੇ ਉੱਪਰ ਲੱਗੀਆਂ ਡਾਕ-ਟਿਕਟਾਂ ਉੱਪਰ ਆਪਣੀਆਂ ਨਜ਼ਰਾਂ ਗੱਡ ਦਿੱਤੀਆਂ।
-ਬਾਹਰੋਂ ਆਈ ਐ, ਕਨੇਡਾ ਤੋਂ, ਸਾਅ੍ਹਬ ਜੀ!
ਪੰਜ ਸੌ ਡਾਲਰ ਦਾ ਡਰਾਫ਼ਟ ਲਫ਼ਾਫ਼ੇ 'ਚੋਂ ਨਿੱਕਲ਼ ਕੇ ਮੇਰੇ ਸਾਹਮਣੇ ਖੁਲ੍ਹ ਗਿਆ! 'ਪੇਅ ਟੂ ਦ
ਆਰਡਰ ਅਵ ਹਰਚਰਨ ਸਿੰਘ!'
ਅਗਲੇ ਦਿਨ ਵੱਡਾ ਭਰਾ ਹਰਚਰਨ ਸਿੰਘ ਅਧਿਆਪਕ ਦੀ ਨੌਕਰੀ ਤੋਂ ਛੁੱਟੀ ਲਈ ਅਰਜ਼ੀ ਲਿਖਣ ਵਾਸਤੇ,
ਮੁਕੰਦ ਲਾਲ ਦੀ ਹੱਟੀ ਤੋਂ, ਵੱਡੇ ਆਕਾਰ ਦਾ ਕਾਗਜ਼ ਲੈ ਆਇਆ।
ਅਗਲੇਰੇ ਦਿਨ ਮੋਗੇ ਦੇ ਚੌੜੇ ਬਜ਼ਾਰ 'ਚ, ਫ਼੍ਰੈਂਡਜ਼ ਫ਼ੋਟੋ ਵਾਲ਼ੇ ਧਨਵੰਤ ਦੇ ਸਟੂਡੀਓ 'ਚੋਂ
ਨਿੱਕਲ਼ ਕੇ, ਉਹ ਕਚਹਿਰੀ 'ਚ ਇੱਕ ਪਾਸਪੋਰਟ ਅਜੰਟ ਦੇ ਖੋਖੇ 'ਚ ਜਾ ਬੈਠਾ। ਟਾਈਪ ਮਸ਼ੀਨ ਦੇ
ਬੁਢਾਪੇ ਉੱਪਰ ਜੰਮੀ ਗਰਦ ਉੱਪਰੋਂ ਮੱਖੀਆਂ ਉਡਾਉਣ ਤੋਂ ਬਾਅਦ, ਅਜੰਟ ਨੇ ਪਾਸਪੋਰਟ ਵਾਲ਼ਾ
ਫ਼ਾਰਮ ਮਸ਼ੀਨ ਦੇ ਸਿਰ ਵਿੱਚ ਗੱਡ ਕੇ, ਟਾਈਪ ਮਸ਼ੀਨ ਦੀ ਸੱਜੇ ਪਾਸੇ ਵਾਲ਼ੀ ਗਰਾਰੀ ਨੂੰ ਉੱਪਰ
ਵੱਲ ਨੂੰ ਗੇੜ ਦਿੱਤਾ।
ਚਾਰ ਕੁ ਦਿਨਾਂ ਬਾਅਦ, 'ਨਿਹਾਲ ਚੰਦ ਪਰਕਾਸ਼ ਚੰਦ' ਦੀ ਬਜਾਜੀ ਤੋਂ ਪੈਂਟ-ਕੋਟ ਦਾ ਕੱਪੜਾ
ਖ਼ਰੀਦ ਕੇ, ਵੱਡਾ ਭਰਾ 'ਪੁਰਬਾ ਟੇਲਰਜ਼' ਵਾਲ਼ਿਆਂ ਦੇ ਚੁਬਾਰੇ ਦੀਆਂ ਪੌੜੀਆਂ ਚੜ੍ਹ ਗਿਆ।
ਚੁਬਾਰਿਓਂ ਉੱਤਰ ਕੇ, 'ਭੀੜੀ ਮੋਰੀ' ਦੇ ਨਾਮ ਨਾਲ਼ ਜਾਣੇ ਜਾਂਦੇ ਭੀੜੇ ਬਜ਼ਾਰ ਦੀ ਭੀੜ ਵਿੱਚ
ਘਿਸੜਦਿਆਂ ਉਹ ਮੋਢੇ ਤੋਂ ਲਟਕਾਏ ਜਾਣ ਵਾਲ਼ੇ ਏਅਰ-ਬੈਗਾਂ ਦੀ ਦੁਕਾਨ ਲੱਭਣ ਲੱਗਾ।
ਹਰਚਰਨ ਸਿੰਘ ਦੇ ਪਾਸਪੋਅਟ ਦੀ ਅਰਜ਼ੀ ਨੂੰ ਡਾਕ 'ਚ ਪਾਇਆਂ ਤਿੰਨ ਹਫ਼ਤੇ ਗੁਜ਼ਰ ਗਏ ਸਨ। ਉਹ
ਹੁਣ ਸ਼ਾਮੀਂ ਚਾਰ ਕੁ ਵਜੇ ਟਹਿਲ ਸਿੰਘ ਡਾਕੀਏ ਦੇ ਘਰ ਵੱਲ ਨੂੰ ਤੁਰ ਜਾਂਦਾ ਅਤੇ ਢਿਲ਼ਕੇ ਹੋਏ
ਬੁਲ੍ਹਾਂ ਉੱਪਰ ਉੱਗੀਆਂ ਮੁੱਛਾਂ ਨੂੰ ਖੁਰਕਦਾ ਹੋਇਆ ਪਰਤ ਆਉਂਦਾ।
ਕਨੇਡਾ ਦੇ ਬੂਹੇ ਬੰਦ ਹੋਣ ਦੀਆਂ ਅਫ਼ਵਾਹਾਂ ਚਾਹ ਦੇ ਗਲਾਸਾਂ ਉਦਾਲ਼ੇ ਉਡਦੀਆਂ ਮੱਖੀਆਂ ਵਾਂਗ
ਭਿਣਕਣ ਲੱਗੀਆਂ; ਅਖ਼ਬਾਰਾਂ ਵਿੱਚ ਵੀ, ਪਿੰਡਾਂ ਦੀਆਂ ਸੱਥਾਂ ਵਿੱਚ ਵੀ, ਤੇ ਟ੍ਰੈਵਲ ਅਜੰਟਾਂ
ਦੇ ਦਫ਼ਤਰਾਂ 'ਚ ਲਟਕਦੇ ਗੱਤੇ ਦੇ ਹਵਾਈ ਜਹਾਜ਼ਾਂ ਉਦਾਲ਼ੇ ਵੀ।
ਸੇਵਾਦਾਰ ਰੱਖਾ ਸਿੰਘ ਇੱਕ ਦਿਨ ਲਾਲ-ਨੀਲੇ ਬਾਡਰ ਵਾਲ਼ਾ ਇੱਕ ਹੋਰ ਲਫ਼ਾਫ਼ਾ ਫੜੀ ਸਟਾਫ਼ਰੂਮ 'ਚ
ਮੇਰੇ ਵੱਲ ਨੂੰ ਵਧਿਆ। ਲਫ਼ਾਫ਼ਾ ਖੁਲ੍ਹਣ ਸਾਰ ਹੀ ਮੇਰੀਆਂ ਅੱਖਾਂ ਹਰਫ਼ਾਂ ਉੱਪਰ ਝਪਟੀਆਂ:
"ਮੈਂ ਪੱਕੀ ਇੰਮੀਗਰੇਸ਼ਨ ਲਈ ਅਪਲਾਈ ਕਰ ਦਿੱਤਾ ਹੈ। ਵਰਕ ਪਰਮਿਟ ਲਈ ਅਰਜ਼ੀ ਵੀ ਦੇ ਦਿੱਤੀ
ਹੈ। ਉਂਝ ਪਿਆਰੇ ਪੰਨੂੰ ਨੇ ਬਿਨਾ-ਪਰਮਟੋਂ ਹੀ ਆਪਣੇ ਨਾਲ਼ ਕੰਮ 'ਤੇ ਲੁਆ ਲਿਆ ਹੈ; ਮਾੜੀ
ਗੱਲ ਇਹ ਹੈ ਕਿ ਪਰਮਿਟ ਤੋਂ ਬਿਨਾ ਕੰਮ ਕਰਨ ਵਾਲੇ ਵਰਕਰਾਂ ਨੂੰ ਪੂਰੀ ਤਨਖਾਹ ਨਹੀਂ ਮਿਲਦੀ,
ਪਰ ਕੰਮ ਮਿਲਣ ਨਾਲ਼ ਮੇਰਾ ਰੋਜ਼ਾਨਾ ਦਾ ਖਰਚਾ ਨਿੱਕਲਣ ਲੱਗ ਜਾਵੇਗਾ। ਉਂਝ ਫ਼ੈਕਟਰੀਆਂ ਵਿੱਚ
ਕਾਮਿਆਂ ਦੀ ਬਹੁਤ ਕਿੱਲਤ ਹੈ ਜਿਸ ਕਰ ਕੇ ਕਈ ਮਾਲਕ, ਬਿਨਾ-ਪਰਮਟੋਂ ਹੀ ਕੰਮ 'ਤੇ ਰੱਖ
ਲੈਂਦੇ ਹਨ। ਉਮੀਦ ਹੈ ਕਿ ਪੱਕੀ ਇੰਮੀਗਰੇਸ਼ਨ ਛੇ ਸੱਤ ਮਹੀਨਿਆਂ 'ਚ ਮਿਲ਼ ਜਾਵੇਗੀ। ਵਿਜ਼ਟਰਾਂ
ਦੇ ਮਾਮਲੇ 'ਚ ਸਰਕਾਰ ਸਖ਼ਤੀ ਕਰਨ ਦੇ ਮੂਡ ਵਿੱਚ ਜਾਪਦੀ ਹੈ ਕਿਉਂਕਿ ਹਰ ਮੁਲਕ ਵਿਚੋਂ ਹੀ
ਜਹਾਜ਼ਾਂ ਦੇ ਜਹਾਜ਼ ਭਰੇ ਆ ਰਹੇ ਹਨ। ਪਤਾ ਨਹੀਂ ਕਦੋਂ ਵਿਜ਼ਟਰਾਂ ਲਈ ਪੱਕੀ ਇੰਮੀਗਰੇਸ਼ਨ
ਪ੍ਰਾਪਤ ਕਰਨ ਲਈ ਅਰਜ਼ੀਆਂ ਦੇਣ ਦੀ ਸਹੂਲਤ ਬੰਦ ਹੋ ਜਾਵੇ; ਇਸ ਲਈ ਹਰਚਰਨ ਨੂੰ ਜਲਦੀ ਭੇਜ
ਦਿਓ। "
ਅਕਤੂਬਰ 1972 ਦਾ ਮਹੀਨਾ ਆਪਣੀ ਪੌਣੀ ਕੁ ਉਮਰ ਪਾਰ ਕਰ ਗਿਆ ਸੀ: ਹਰਚਰਨ ਸਿੰਘ ਸਕੂਲੋਂ
ਮੁੜਦਾ, ਅਤੇ ਆਪਣੀ ਪਗੜੀ ਉਤਾਰ ਕੇ ਟਾਂਡ ਉੱਪਰ ਧਰ ਦਿੰਦਾ। ਕੁਝ ਕੁ ਮਿੰਟਾਂ ਬਾਅਦ ਕਦੇ
ਪਗੜੀ ਵੱਲ ਝਾਕਣ ਲਗਦਾ ਤੇ ਕਦੀ ਗੁੱਟ ਉਦਾਲ਼ੇ ਬੰਨ੍ਹੀ ਘੜੀ ਵੱਲੀਂ। ਚਾਰ ਵੱਜਣ ਤੀਕ ਕਦੇ ਉਹ
ਅਲਮਾਰੀ `ਚ ਪਏ ਰੇਡੀਓ ਸੈੱਟ ਨੂੰ ਜਗਾਅ ਲੈਂਦਾ ਤੇ ਕਦੀ ਬਿਨਾ-ਵਜ੍ਹਾ ਹੀ ਪਸ਼ੂਆਂ ਦੀਆਂ
ਖੁਰਲੀਆਂ ਵਿੱਚ ਹੱਥ ਮਾਰਨ ਲੱਗ ਜਾਂਦਾ। ਫੇਰ ਉਹ ਸਾਈਕਲ ਦੀਆਂ ਮੁਹਾਰਾਂ ਟਹਿਲ ਸਿੰਘ ਡਾਕੀਏ
ਦੇ ਘਰ ਵੱਲੀਂ ਮੋੜ ਲੈਂਦਾ ਪ੍ਰੰਤੂ ਗੁਰਦਵਾਰੇ ਦੇ ਸਾਹਮਣੇ ਥੜ੍ਹੀਆਂ ਉੱਪਰ ਬੈਠੇ ਬਜ਼ੁਰਗਾਂ
ਨੂੰ ਦੇਖ ਕੇ ਸਾਈਕਲ ਦੇ ਹੈਂਡਲ ਨੂੰ ਘਰ ਵੱਲ ਨੂੰ ਵਾਪਿਸ ਮੋੜ ਲੈਂਦਾ।
ਇੱਕ ਦਿਨ ਘਰ ਦੇ ਮੇਨ-ਗੇਟ ਉੱਪਰ ਸਾਈਕਲ ਦੀ ਘੰਟੀ ਦੀ ‘ਟਰਨ-ਟਰਨ’ ਹੋਈ।
ਸਵਰਨੇ ਨੇ ਗੇਟ ਨੂੰ ਅੰਦਰ ਵੱਲ ਨੂੰ ਖਿੱਚਿਆ: ਗੇਟ ਦੇ ਬਾਹਰ ਖਲੋਤਾ ਟਹਿਲ ਸਿੰਘ ਡਾਕੀਆ
ਬੋਲਿਆ: ਹਰਚਰਨ ਸਿਓਂ ਨੂੰ ਭੇਜੀਂ ਬਾਹਰ, ਕਾਕਾ!
ਅਗਲੀ ਸਵੇਰ ਨੇ ਅੱਖਾਂ ਮਲ਼ੀਆਂ; ਬਾਪੂ ਪਾਰਸ ਨੇ ਸਵਰਨੇ ਨੂੰ 'ਵਾਜ ਮਾਰੀ: ਸਾਈਕਲ ਦੀ ਕਾਠੀ
'ਤੇ ਕੱਪੜਾ ਫੇਰਦੇ, ਪੁੱਤਰਾ!
ਅੱਠ ਕੁ ਵਜਦੇ ਨੂੰ ਜੌਹਰੀ ਮੱਲ ਆੜ੍ਹਤੀ ਦੀ ਦੁਕਾਨ ਦੇ ਸਾਹਮਣੇ, ਆਪਣੇ ਸਾਈਕਲ ਨੂੰ ਸਟੈਂਡ
ਉੱਪਰ ਕਰ ਕੇ, ਬਾਪੂ, ਸਾਈਕਲ ਦੇ ਕੈਰੀਅਰ ਹੇਠ ਛੁਪੇ ਹੋਏ ਜਿੰਦਰੇ ਦੀ ਗੋਲਾਈਦਾਰ ਸ਼ਾਫ਼ਟ ਨੂੰ
ਟੋਹ ਰਿਹਾ ਸੀ। ਦੁਕਾਨ ਦੇ ਅੰਦਰ, ਗੱਦੀ ਦੇ ਪਿਛਲੇ ਪਾਸੇ ਧੂਫ਼ ਦੀਆਂ ਕਾਨੀਆਂ ਨੂੰ
ਉੱਪਰ-ਹੇਠਾਂ ਫੇਰ ਰਿਹਾ ਜੌਹਰੀ ਮੱਲ , ਗਣੇਸ਼ ਤੇ ਲਕਸ਼ਮੀ ਦੀਆਂ ਤਸਵੀਰਾਂ ਦੇ ਸਾਹਮਣੇ ਮੱਥਾ
ਟੇਕ ਕੇ ਗੋਲਾਈਦਰ ਸਿਰਹਾਣਿਆਂ ਨੂੰ ਝਾੜਦਿਆਂ ਹੋਇਆਂ ਬੋਲਿਆ: ਐਨੇ ਸਵਖ਼ਤੇ, ਕਰਨੈਲ
ਸਿਅ੍ਹਾਂ? ਸੁੱਖ ਤਾਂ ਹੈ?
-ਵਹੀ ਕੱਢ, ਜੌਹਰੀ ਮੱਲ, ਤੇ ਰੁਪਈਆ ਫੜਾਅ ਪੰਜ ਹਜ਼ਾਰ ਮੇਰੇ ਹੱਥ 'ਚ!
ਅਗਲੇ ਦਿਨ ਵੱਡੇ ਭਰਾ ਨੇ ਪਿਆਰੇ ਪੰਨੂੰ ਦਾ ਸਿਰਨਾਵਾਂ ਤੇ ਫ਼ੋਨ ਨੰਬਰ ਕਾਗਜ਼ ਦੇ ਟੁਕੜੇ
ਉੱਪਰ ਲਿਖ ਕੇ ਬਟੂਏ 'ਚ ਟਿਕਾਅ ਲਿਆ, ਤੇ ਪਾਸਪੋਅਟ ਅਤੇ ਹਵਾਈ ਟਿਕਟ ਨੂੰ ਏਅਰਬੈਗ਼ ਦੀ ਇੱਕ
ਤਹਿ 'ਚ ਰੱਖ ਕੇ, 'ਜਾਵੇ' ਦੇ ਟਾਇਰਾਂ ਦੀ ਹਵਾ ਚੈੱਕ ਕਰਨ ਲੱਗਾ।
ਦੋ ਕੁ ਹਫ਼ਤਿਆਂ ਬਾਅਦ, ਹਰ ਚੌਥੇ ਪੰਜਵੇਂ ਦਿਨ, ਲਾਲ-ਨੀਲੇ ਬਾਡਰਾਂ ਵਾਲ਼ਾ ਨਵਾਂ ਲਫ਼ਾਫ਼ਾ,
ਮੇਰੇ ਕਾਲਜ ਦੇ ਸਿਰਨਾਵੇਂ ਉੱਪਰ ਫਤ੍ਹੇ ਬੁਲਾਉਣ ਲੱਗਾ।
ਨਵੰਬਰ ਦਾ ਮਹੀਨਾ ਆਪਣੀ ਆਖ਼ਰੀ ਪੌੜੀ ਦੇ ਨਜ਼ਦੀਕ ਪਹੁੰਚ ਗਿਆ ਸੀ।
-ਲੈ ਬਈ, ਜੌਹਰੀ ਮੱਲ, ਕੰਮਾਂ 'ਤੇ ਲੱਗਗੇ ਐ ਦੋਵੇਂ ਮੁੰਡੇ! ਬਾਪੂ ਇੱਕ ਦਿਨ ਜੌਹਰੀ ਮੱਲ
ਦੀ ਦੁਕਾਨ ਵਿਚਲੇ ਤਖ਼ਤਪੋਸ਼ ਵੱਲ ਵਧਦਿਆਂ ਬੋਲਿਆ।
-ਕਿਰਪਾ ਹੋਗੀ ਮਾਹਰਾਜ ਦੀ ਬਾਈ, ਜੌਹਰੀ ਮੱਲ ਵਹੀ ਤੋਂ ਗਰਦ ਝਾੜਨ ਲੱਗ ਪਿਆ।
-ਕਿਰਪਾ-ਕੁਰਪਾ ਦੀ ਗੱਲ ਛੱਡ ਤੂੰ; ਮਹੀਨੇ ਦੋ ਕੁ ਹੋਰ ਅਟਕ ਜਾ, ਜੌਹਰੀ ਮੱਲਾ! ਕਿਸ਼ਤਾਂ ਨੀ
ਟੁੱਟਣੀਆਂ ਫ਼ੇਰ!
ਜੌਹਰੀ ਮੱਲ ਆਪਣੀ ਵਹੀ ਨੂੰ ਸਾਹਮਣੇ ਪਈ ਸੰਦੂਕੜੀ ਉੱਪਰ ਟਿਕਾਅ ਕੇ ਬਾਪੂ ਪਾਰਸ ਵੱਲੀਂ
ਝਾਕਿਆ: ਸਾਰੀ ਦੁਕਾਨ ਈ ਤੇਰੀ ਆ, ਬਾਈ ਕਰਨੈਲ, ਉਹ ਆਪਣੇ ਜੁਬਾੜਿਆਂ ਉੱਪਰਲੇ ਕਰਚਿਆਂ ਨੂੰ
ਖੁਰਕਣ ਲੱਗਾ।
ਅਗਲੇ ਮਹੀਨਿਆਂ ਦੌਰਾਨ, ਉਸ ਦੀ ਵਹੀ 'ਚ ਬਾਪੂ ਪਾਰਸ ਦੇ ਹਿਸਾਬ ਵਾਲ਼ੇ ਸਫ਼ੇ ਉੱਪਰ ਦੋ ਰੁਪਏ
ਪ੍ਰਤੀ ਮਹੀਨੇ ਦੀਆਂ ਜਮ੍ਹਾਂ ਤੇ ਜ਼ਰਬਾਂ ਫੈਲਣ ਲੱਗੀਆਂ।
ਜਨਵਰੀ 1973 ਦਾ ਮਹੀਨਾ ਆਪਣੀਆਂ ਅੰਤਲੀਆਂ ਪੈੜਾਂ ਸਿਰਜ ਰਿਹਾ ਸੀ। ਸਾਰੇ ਪੰਜਾਬ ਉੱਤੇ
ਮਲਮਲ ਵਿਛੀ ਹੋਈ ਸੀ; ਠਰੀ ਹੋਈ, ਸੰਘਣੀ, ਸੁਫ਼ੇਦ ਮਲਮਲ: ਘਰਾਂ ਉਦਾਲ਼ੇ, ਗਲ਼ੀਆਂ ਬਾਜ਼ਾਰਾਂ
'ਚ, ਮੋਟਰਾਂ ਕਾਰਾਂ 'ਚ, ਅਤੇ ਰੇਲ-ਗੱਡੀਆਂ ਦੀਆਂ ਪਟੜੀਆਂ ਉੁੱਤੇ ਚਿੱਟਾ ਹਨੇਰਾ! ਨਹਿਰਾਂ
ਅਤੇ ਸੂਇਆਂ ਦੇ ਪੁਲ਼ ਚਿੱਟੀ ਮਲਮਲ 'ਚ ਲਿਪਟੇ ਹੋਏ! ਸੁੰਨ ਹੋਏ ਚਿੱਟੇ ਧੂੰਏਂ 'ਚ ਧੁੰਦਲਾਏ
ਹੋਏ ਬਿਰਖਾਂ ਦੀਆਂ ਰੋਡੀਆਂ ਟਾਹਣੀਆਂ, ਠਰੇ ਹੋਏ ਹੰਝੂ ਕੇਰਦੀਆਂ। ਪਹਿਲੇ ਪੀਰੀਅਡ ਲਈ
ਸਮੇਂ-ਸਿਰ ਪਹੁੰਚਣ ਵਾਸਤੇ ਪੈਡਲਾਂ ਨਾਲ਼ ਜੂਝਦੇ ਪੇਂਡੂ ਮੁੰਡੇ-ਕੁੜੀਆਂ ਸਾਈਕਲ ਸਟੈਂਡ ਕੋਲ਼
ਰੁਕਦੇ, ਤੇ ਹੈਂਡਲਾਂ ਦੇ ਮੁੱਠਿਆਂ ਉਦਾਲ਼ੇ ਲਿਪਟੀਆਂ ਆਪਣੀਆਂ ਉਂਗਲਾਂ ਦੇ ਅਕੜੇਵੇਂ ਉੱਪਰ,
ਕੋਸੀਆਂ ਫੂਕਾਂ ਮਾਰਨ ਲਗਦੇ। ਮੇਰੇ ਅੰਦਰ ਦੂਹਰੀ ਠਾਰੀ ਪਸਰਨ ਲਗਦੀ: ਇੱਕ ਤਾਂ ਮੌਸਮ ਦੀ ਤੇ
ਦੂਸਰੀ ਰਛਪਾਲ ਹੋਰਾਂ ਦੀਆਂ ਚਿੱਠੀਆਂ ਦੀ ਜਿਹੜੀਆਂ ਪਿਛਲੇ ਕਈਆਂ ਹਫ਼ਤਿਆਂ ਤੋਂ ਲੰਮੀਂ
ਹੜਤਾਲ਼ 'ਤੇ ਚਲੀਆਂ ਗਈਆਂ ਸਨ।
ਮੇਰੇ ਹੱਥ ਉਸ ਦਿਨ ਬਗ਼ਲਾਂ ਵਿੱਚ ਘੁਸੇ ਹੋਏ ਸਨ, ਤੇ ਸੁੰਗੇੜੇ ਹੋਏ ਮੋਢਿਆਂ ਨੂੰ ਕੰਨਾਂ
ਵੱਲ ਨੂੰ ਖਿੱਚ ਕੇ, ਮੈਂ ਸਟਾਫ਼ਰੂਮ ਦੀ ਖ਼ਾਲੀਅਤ ਵਿੱਚੋਂ ਠਰੀ ਹੋਈ ਹਵਾ ਨੂੰ ਸੁੰਘ ਰਿਹਾ
ਸਾਂ। ਡਾਕੀਏ ਦੀ ਵਰਦੀ ਸਟਾਫ਼ਰੂਮ ਦੇ ਅਗਾੜੀਓਂ ਗੁਜ਼ਰ ਕੇ ਬਾਬੂ ਧਰਮ ਸਿੰਘ ਦੇ ਮੇਜ਼ ਵੱਲੀਂ
ਵਗ ਗਈ। ਖ਼ਾਲੀ ਕੁਰਸੀਆਂ ਮੇਰੇ ਉੱਸਲ਼ਵੱਟਿਆਂ ਨੂੰ ਗਿਣਨ ਲੱਗੀਆਂ, ਅਤੇ ਮੈਂ ਧਰਮ ਸਿੰਘ ਦੇ
ਮੇਜ਼ ਕੋਲ਼ ਖਲੋਤੇ ਸੇਵਾਦਾਰ ਰੱਖਾ ਸਿੰਘ ਨੂੰ ਤਸੱਵਰਨ ਲੱਗਾ!
ਪੰਜਾਂ ਕੁ ਮਿੰਟਾਂ ਬਾਅਦ, ਲਾਲ-ਨੀਲੇ ਬਾਡਰ ਵਾਲਾ ਲਿਫ਼ਾਫ਼ਾ ਮੇਰੇ ਵੱਲ ਵਧਾਉਂਦਿਆਂ ਰੱਖਾ
ਸਿੰਘ ਬੋਲਿਆ: ਬੜੇ ਦਿਨਾਂ ਬਾਅਦ ਆਈ ਐ ਬਾਹਰਲੀ ਚਿੱਠੀ, ਇਕਬਾਲ ਸਾਅ੍ਹਬ!
ਲਫ਼ਾਫ਼ੇ `ਚੋਂ ਨਿਕਲ਼ਿਆ ਕਾਗਜ਼ ਖੰਘੂਰਿਆ: ਚਿੱਠੀ ਲਿਖਣ 'ਚ ਘੌਲ਼ ਏਸ ਲਈ ਹੋ ਗਈ ਕਿਉਂਕਿ ਹੁਣ
ਅਸੀਂ ਦੋਨੋ ਹੀ ਰੋਜ਼ਾਨਾ ਸੋਲ਼ਾਂ-ਸੋਲ਼ਾਂ ਘੰਟੇ ਕੰਮ ਕਰਦੇ ਹਾਂ। ਸਵੇਰੇ ਸਾਢੇ ਸੱਤ ਵਜੇ ਤੋਂ
ਪੌਣੇ ਚਾਰ ਵਜੇ ਤੀਕ ਇੱਕ ਫ਼ੈਕਟਰੀ 'ਚ ਤੇ ਚਾਰ ਤੋਂ ਰਾਤ ਦੇ ਬਾਰਾਂ ਵਜੇ ਤੀਕ ਇੱਕ ਹੋਰ 'ਚ।
ਸ਼ਨੀਚਰਵਾਰ ਨੂੰ ਓਵਰ-ਟਾਇਮ ਵੀ ਲਾ ਲੈਂਦੇ ਹਾਂ। ਏਨੇ ਲੰਮੇਂ ਘੰਟੇ ਕੰਮ ਕਰਨ ਨਾਲ਼ ਥੱਕ-ਟੁੱਟ
ਕੇ ਆਉਂਦੇ ਹਾਂ, ਤੇ ਰੋਟੀ ਖਾ ਕੇ ਸੌਂ ਜਾਂਦੇ ਹਾਂ।
ਮਾਰਚ ਦੇ ਆਖ਼ਰੀ ਹਫ਼ਤੇ ਦਾ ਇੱਕ ਦਿਨ ਸੀ, ਕੋਸੀ ਕੋਸੀ ਧੁੱਪ 'ਚ ਭਿੱਜਿਆ ਹੋਇਆ! ਇਮਤਿਹਾਨ
ਨੇੜੇ ਆ ਜਾਣ ਕਰ ਕੇ ਵਿਦਿਆਰਥੀਆਂ ਵਾਲ਼ੇ ਸਾਈਕਲ ਸਟੈਂਡ ਵਿੱਚ ਗਾਲ੍ਹੜਾਂ ਦੀਆਂ ਟੀਮਾਂ
ਸਵੇਰੇ ਹੀ ਟੂਰਨਾਮੈਂਟ ਖੇਡਣ ਲੱਗੀਆਂ। ਮੈਂ 'ਨਿਹੰਗ ਸ਼ਮਸ਼ੇਰ ਸਿੰਘ ਹਾਲ' ਦੇ ਲਾਗੇ ਲਾਅਨ ਦੇ
ਖੂੰਜੇ ਵਿੱਚ ਘਾਹ ਉੱਪਰ ਜਾ ਬੈਠਿਆ। ਪੋਸਤ ਦੇ ਸੂਹੇ ਫੁੱਲਾਂ ਉਦਾਲ਼ੇ ਭਾਉਂਦੀਆਂ ਮਖਿਆਲ਼ੀ
ਮੱਖੀਆਂ ਦਾ ਵਿਰਲਾ ਜਿਹਾ ਪਰਵਾਰ ਪਰਲੇ ਪਾਸੇ ਗੇਂਦੇ ਦੀ ਕਿਆਰੀ 'ਚ ਖਿੜੇ ਨਿੱਕੇ-ਨਿੱਕੇ
ਸੂਰਜਾਂ ਵੱਲ ਨੂੰ ਸਰਕ ਗਿਆ। ਮੈਂ ਕਿਤਾਬ 'ਸਿੰਮਦੇ ਪੱਥਰ' ਨੂੰ ਵਿਚਕਾਰੋਂ ਜਿਹਿਓਂ ਖੋਲ੍ਹ
ਕੇ 'ਵਾਕ' ਲਿਆ, ਤਾਂ ਤਾਰਾ ਸਿੰਘ ਕਾਮਲ ਬੋਲ ਉੱਠਿਆ:
ਤੇਰੇ ਖ਼ਤ ਉਮਰ ਭਰ ਸਾਂਭੇ
ਫ਼ਿਰ ਜਲਾਅ ਦਿੱਤੇ,
ਅਸਾਂ ਤਾਂ ਆਪਣੀ ਇਹ ਜ਼ਿੰਦਗੀ
ਏਦਾਂ ਨਿਭਾਈ ਏ;
ਉਮਰ-ਭਰ ਪਾਲ਼ਿਆ ਹਾਉਕਾ
ਤੇਰੇ ਚਿਹਰੇ ਦੇ ਫੁੱਲ ਵਰਗਾ
ਮਹਿਕ ਵੀ ਸੁੰਘ ਨਾ ਸੱਕੇ
ਜਿਵੇਂ ਇਹ ਸ਼ੈਅ ਪਰਾਈ ਏ!
ਤਾਰਾ ਸਿੰਘ ਦੀ ਕਵਿਤਾ ਵਿੱਚ ਖ਼ਤਾਂ ਤੇ ਫੁੱਲਾਂ ਦਾ ਜ਼ਿਕਰ ਪੜ੍ਹਦਿਆਂ, ਮੇਰੇ ਦਿਮਾਗ਼ 'ਚ
ਰਛਪਾਲ ਦੀ, ਮਹੀਨਾ ਪਹਿਲਾਂ ਪੁੱਜੀ ਚਿੱਠੀ ਦੀ ਇੱਕ ਸਤਰ ਤੈਰਨ ਲੱਗੀ, ਰੰਗ-ਬਰੰਗੀ ਤਿਤਲੀ
ਵਾਂਙਣ: "ਲੋਨ ਮਿਲਦੇ ਸਾਰ ਹੀ ਪੰਜ ਹਜ਼ਾਰ ਰੁਪਏ ਅਪਰੈਲ ਦੇ ਪਹਿਲੇ ਹਫ਼ਤੇ ਪਿੰਡ ਪਹੁੰਚ
ਜਾਣਗੇ। ਕੋਈ ਬੰਦਾ ਆਵੇਗਾ। ਬਾਪੂ ਜੀ ਨੂੰ ਕਹਿ ਦੇਵੀਂ ਕਿ ਅਪਰੈਲ ਦੇ ਪਹਿਲੇ ਹਫ਼ਤੇ ਘਰ ਹੀ
ਰਹਿਣ।"
ਅਪਰੈਲ ਨੇ ਮਸਾਂ ਛੇ ਕੁ ਪੁਲਾਂਘਾਂ ਹੀ ਪੁੱਟੀਆਂ ਸਨ ਕਿ ਮੈਂ ਆਪਣਾ ਹੈਂਡਬੈਗ਼ ਮੋਢੇ 'ਤੇ
ਲਟਕਾਇਆ, ਅਤੇ ਕਾਲਜ ਦੇ ਫ਼ਲੈਟਾਂ ਦੇ ਪਿਛਾੜੀ ਲੰਘਦੇ ਸੂਏ ਨੂੰ ਟੱਪ ਕੇ, ਸੁਧਾਰ ਦੇ ਬੱਸ
ਅੱਡੇ ਨੂੰ ਜਾਂਦੀ ਡੰਡੀ 'ਤੇ ਜਾ ਚੜ੍ਹਿਆ।
ਜਦੋਂ ਨੂੰ ਤਿੰਨ-ਪਹੀਆ ਟੈਂਪੂ ਰਾਮੂਵਾਲੇ ਦੇ ਅੱਡੇ 'ਚ ਅੱਪੜਿਆ, ਸੂਰਜ ਦਾ ਗੋਲ਼ਾ ਪੱਛਮ ਦੇ
ਦੁਮੇਲ ਵਿੱਚ ਸੂਹਾ ਰੰਗ ਭੁੱਕਣ ਦੀ ਤਿਆਰੀ `ਚ ਸੀ। ਘਰ ਦਾ ਗੇਟ ਖੁਲ੍ਹਿਆ ਤਾਂ ਨਿੰਮ ਹੇਠ
ਉਂਘਲਾਉਂਦੇ ਜੈਕ ਦੀ ਚਊਂ-ਚਊਂ ਮੇਰੇ ਵੱਲ ਦੌੜੀ। ਮੈਂ ਚੁਟਕੀ ਮਾਰੀ ਤਾਂ ਜੈਕ ਨੇ ਆਪਣੇ
ਮੂਹਰਲੇ ਪੰਜੇ ਉਛਾਲ਼ ਕੇ ਮੇਰੀ ਪੈਂਟ ਦੀ ਬੈਲਟ ਉੱਤੇ ਜੋੜ ਦਿੱਤੇ। ਉਹਦੀ ਜੀਭ ਮੇਰੇ ਮੂੰਹ
ਵੱਲੀਂ ਵਧ ਕੇ ਆਸੇ-ਪਾਸੇ ਨੂੰ ਚੱਟਣ ਲੱਗੀ, ਤਾਂ ਮੈਂ ਉਸ ਨੂੰ ਪਰ੍ਹੇ ਨੂੰ ਧੱਕ ਕੇ ਬਾਪੂ
ਵਾਲ਼ੇ ਕਮਰੇ ਵੱਲ ਨੂੰ ਵਧ ਗਿਆ। ਪਰਲੇ ਪਾਸੇ ਘਾਹ 'ਚੋਂ ਗੰਡੋਏ ਅਤੇ ਕੀੜੀਆਂ ਚੁਗਦੀਆਂ
ਕੁਕੜੀਆਂ ਦੇ ਵਿਚਕਾਰ ਖਲੋਤਾ ਬੱਗਾ ਕੁੱਕੜ ਖੰਭ ਫੜਕਾਅ ਕੇ ਆਪਣੀ ਧੌਣ ਨੂੰ ਉੱਪਰ ਵੱਲ ਨੂੰ
ਖਿੱਚਣ ਲੱਗਾ। ਉਸਦੀ 'ਕੁੱਕ-ਕੂ-ਕੂਅਅਅ" ਸੁਣਨ ਸਾਰ ਚਿੱਟੀਆਂ ਕੁਕੜੀਆਂ ਦੀ 'ਕਕੂਅ, ਕਕੂਅ'
ਨਾਲ਼ ਕਿੱਕਰ ਤੋਂ ਪੱਤੇ ਕਿਰਨ ਲੱਗੇ।
ਮੇਰੀ 'ਸਾਸਰੀ 'ਕਾਲ' ਸਣਦਿਆਂ ਹੀ ਬਾਪੂ ਦੀਆਂ ਮੁੱਛਾਂ 'ਚ ਹਵਾ ਰੁਮਕਣ ਲੱਗੀ।
-ਆਹ ਕੁੰਡਲੀਆ ਛੰਦ ਲਿਖਿਐ ਮੈਂ ਅੱਜ ਸਵੇਰੇ, ਤੇ ਬਾਪੂ ਨੇ ਸਟੂਲ ਉੱਪਰ ਟਿਕਾਏ ਕਾਗਜ਼ਾਂ ਨੂੰ
ਮੇਰੇ ਵੱਲੀਂ ਸਰਕਾਅ ਦਿੱਤਾ।
ਮੇਰੀਆਂ ਅੱਖਾਂ ਕਾਗਜ਼ ਉੱਪਰ ਖੱਬਿਓਂ ਸੱਜੇ ਪਾਸੇ ਵੱਲ ਨੂੰ ਫਿਰਨ ਲੱਗੀਆਂ।
-ਉੱਚੀ ਪੜ੍ਹ ਕੇ ਸੁਣਾਅ ਮੈਨੂੰ, ਢੋਲਾ!
ਮੈਂ ਖੰਘੂਰਾ ਮਾਰ ਕੇ ਗਲ਼ਾ ਸਾਫ਼ ਕੀਤਾ, ਤੇ ਲੱਸਣ ਦੀਆਂ ਪੋਥੀਆਂ ਨੂੰ ਥਾਲ਼ੀ 'ਚ ਟਿਕਾਅ ਕੇ
ਮੇਰੀ ਬੇਬੇ ਜੀ ਮੇਰੇ ਵੱਲ ਝਾਕਣ ਲੱਗੀ।
ਮੈਂ ਪੜ੍ਹਨ ਲੱਗਾ:
ਕਿਸ਼ਤਾਂ ਲਾਹੁਣ ਲੱਗ ਪੇ, ਤਹੱਤਰ ਦੇ ਅਪਰੈਲ;
ਥੋੜ੍ਹਾ ਥੋੜ੍ਹਾ ਸੁਰਖ਼ਰੂ, ਹੋ ਜਾਊ ਕਰਨੈਲ!
ਹੋ ਜਾਊ ਕਰਨੈਲ ਦੀ ਜਦ ਮੱਦਦ ਮਾਲੀ;
ਚਿਹਰੇ ਉੱਪਰ ਝਗੜੂਗੀ ਫਿਰ ਗਿੱਠ ਗਿੱਠ ਲਾਲੀ!
ਅਸੀਂ ਹਾਂ ਬੈਠੇ ਨਰਕ ਵਿੱਚ, ਤੁਸੀਂ ਵਿੱਚ ਬਹਿਸ਼ਤਾਂ;
ਸਿਰ ਪਾਰਸ ਦਿਓਂ ਲਹਿ ਚੱਲੀਆਂ ਲੋਹੇ ਦੀਆਂ ਕਿਸ਼ਤਾਂ!
(ਸਵੈਜੀਵਨੀ ‘ਬਰਫ਼ ਵਿੱਚ ਉਗਦਿਆਂ’ `ਚੋਂ)
(ਸੰਪਰਕ: 905-792-7357; ਕੈਨੇਡਾ)
***
-0-
|