‘ਨਵਾਂ ਜ਼ਮਾਨਾ‘ ਅਖ਼ਬਾਰ
ਦੇ ਕੰਪਲੈਕਸ ਹੇਠਾਂ ਪ੍ਰਕਾਸ਼ਕ ਰਜਿੰਦਰ ਬਿਮਲ ਦੀ ਕਿਤਾਬਾਂ ਦੀ ਭੀੜੀ ਹੱਟੀ ਦੇ ਬੂਹੇ ‘ਚ
ਡੱਠੀ ਕੁਰਸੀ ‘ਤੇ ਇਕ ਸਾਧਾਰਨ ਪੇਂਡੂ ਬੰਦਾ (ਸੱਠਾਂ ਕੁ ਨੂੰ ਢੁੱਕਿਆ ਹੋਇਆ) ਸਿਗਰਟ ਦੇ ਕਸ਼
ਖਿਚ੍ਹਦਾ... ਕੋਈ ਸਾਹਿਤਕ ਰਸਾਲਾ ਫਰੋਲਣ ‘ਚ ਮਗ਼ਨ ਸੀ। ਮੈਂ ਆਪਣਾ ਧਿਆਨ ਬਿਮਲ ਦੀ ਟੋਟਨ
ਵੱਲ ਲਾਇਆ ਤੇ ਉਹਨੂੰ ਠੋਲ੍ਹਾ ਮਾਰ ਕੇ ਛੇੜਿਆ।
ਬਿਮਲ ਖਿਝਿਆ, ‘‘ਤੈਨੂੰ ਬੈਠੇ-ਉੱਠੇ ਦੀ ਤਮੀਜ਼ ਨਈਂ ਮੂਰਖ਼ਾ ਕਿਤੋਂ ਦਿਆ? ਆਹ ਦੇਖ... ਆਪਣੇ
ਰੁਪਾਣਾ ਸਾਹਿਬ ਬੈਠੇ ਐ... ਕਹਾਣੀਕਾਰ ਗੁਰਦੇਵ ਸਿੰਘ ਰੁਪਾਣਾ...!‘‘
ਬਿਮਲ ਕੋਲੋਂ ਰੁਪਾਣੇ ਦਾ ਨਾਂ ਸੁਣਦਿਆਂ ਮੈਂ ਝਟ ਉਹਦੇ ਪੈਰੀਂ ਹੱਥ ਲਗਾਏ, ਉਹ ਬੋਲਿਆ,
‘‘ਜਾਣ ਦੇ ਯਾਰ... ਕਾਹਨੂੰ ਗੋਡੇ ਭੰਨਦੈਂ... ਭਾਰ ਚਾੜ੍ਹਕੇ...।‘‘
ਰੁਪਾਣੇ ਦੀ ਲਿਖੀ, ਮਸ਼ਹੂਰ ਹੋਈ ਕਹਾਣੀ ‘ਸ਼ੀਸ਼ਾ‘ ਦੇ ਪਾਤਰ ਅੱਖਾਂ ਅੱਗੇ ਆਣ ਸਾਕਾਰ ਹੋਏ ਸਨ।
ਉਹਦੇ ਵੱਲੋਂ ਛੱਡੇ ਜਾ ਰਹੇ ਬੀੜੀ ਦੇ ਉਡਦੇ ਧੂੰਏਂ ਵਲ ਦੇਖਣ ਲਗਿਆ।
‘‘ਤੇਰਾ ਕਿਹੜਾ ਪਿੰਡ ਐ ਮੁੰਡਿਆ?‘‘ ਰੁਪਾਣੇ ਨੇ ਪੁੱਛਿਆ। ਮੈਂ ਹਾਲੇ ਦੱਸਣ ਈ ਲੱਗਾ ਸਾਂ
ਪਿੰਡ... ਬਿਮਲ ਬੋਲ ਪਿਆ, ‘‘ਲਓ ਤੁਸੀਂ ਨ੍ਹੀਂ ਜਾਣਦੇ ਇਹਨੂੰ ਬਲਾ ਨੂੰ... ਘੁਗਿਆਣਾ ਪਿੰਡ
ਐ ਏਹਦਾ... ਆਪਣੇ ਏਰੀਏ ਵੱਲ... ਸਾਦਿਕ ਕੋਲ... ਏਹ ਆ ਘੁਗਿਆਣਵੀ...।‘‘
‘‘ਆਹੋ... ਆਹੋ... ਤੂੰ ਬਾਲ ਕਵਿਤਾਵਾਂ ਜਿਹੀਆਂ ਨ੍ਹੀਂ ਲਿਖਦਾ ਹੁੰਦਾ ਯਾਰ?‘‘ ਰੁਪਾਣੇ ਦੀ
ਸਿਗਰਟ ਮੁੱਕਦੀ ਜਾਂਦੀ ਸੀ, ਉਹਨੇ ਉਂਗਲਾਂ ‘ਚੋਂ ਕੱਢਕੇ ਬੁੱਲ੍ਹਾਂ ਹੇਠ ਨੱਪ ਲਈ।
‘‘ਨਹੀਂ ਜੀ, ਰੁਪਾਣਾ ਸਾਹਬ... ਉਹ ਹੋਰ ਐ... ਹੈ ਸਾਡੇ ਪਿੰਡੋਂ ਈਂ...।‘‘
‘‘ਓ... ਹਾਂ ਯਾਰ... ਗਲਤੀ ਲੱਗਗੀ ਸੌਹਰੀ ਦੀ... ਉਹ ਤਾਂ ਬੰਦਾ ਪ੍ਰਿੰਸੀਪਲ ਸੀ ਖਵਣੀ...
ਜਾਂ ਮਾਸਟਰ ਸੀ...?‘‘
ਮੈਂ ਆਖਿਆ, ‘‘ਏ ਬਾਬਾ ਜੀ... ਥੋਡਾ ਪਿੰਡ ਤਾਂ ਮੇਨ ਸੜਕ ‘ਤੇ ਪੈਂਦਾ ਐ... ਮੈਂ ਸੌ ਵਾਰੀ
ਲੰਘਿਆਂ ਥੋਡੇ ਪਿੰਡ ਵਿਚਦੀ...।‘‘
‘‘ਓਏ, ਮੈਂ ਤੇਰਾ ਬਾਬਾ ਕਿਧਰੋਂ ਸੁਹਰੀ ਦਿਆ... ਤੂੰ ਹੁਣੇ ਈ ਬਾਬਾ ਬਣਾਤਾ ਮੈਨੂੰ...
ਅੱਵਲ ਤਾਂ ‘ਚਾਚਾ‘ ਕਹਿ... ਜੇ ‘ਚਾਚਾ‘ ਨ੍ਹੀਂ ਕਹਿਣਾ ਤਾਂ ‘ਤਾਇਆ‘ ਈ ਕਹਿ ਲੈ...।‘‘
ਤੇ ਉਦੋਂ ਈ ਮੈਂ ਉਹਨੂੰ ‘ਤਾਇਆ‘ ਕਹਿ ਕੇ ਬੁਲਾਉਣ ਲੱਗ ਪਿਆ ਸਾਂ। ‘‘ਤਾਇਆ, ਉਹ ਥੋਡੇ ਇਕ
ਪ੍ਰੀਤ ਵੀ ਲਿਖਦੀ ਐ ਭੁਪਿੰਦਰ ਕੌਰ... ਇਕ ਗੁਰਸੇਵਕ ਸਿੰਘ ਪ੍ਰੀਤ ਐ ਕਚਹਿਰੀਆਂ ‘ਚ... ਇਕ
ਸੂਰੇਵਾਲੀਆ ਮਾਸਟਰ...।‘‘
‘‘ਓ... ਯਾਰ... ਆਹੋ... ਬਥੇਰੇ ਲਿਖਦੇ ਐ... ਮੈਂ ਤਾਂ ਹੁਣੇ ਪਿੰਡ ਆਇਐਂ ਚਾਲੀ ਸਾਲਾਂ
ਪਿੱਛੋਂ... ਤੂੰ ਬਹਿਜਾ ਹੈਥੇ... ਖੜ੍ਹ ਕੇ ਗੱਲਾਂ ਨਾ ਕਰ।‘‘
ਰੁਪਾਣੇ ਨੇ ਸਿਗਰਟ ਭੁੰਜੇ ਸਿੱਟ੍ਹੀ ਤੇ ਮੇਰੇ ਵੱਲ ਸੁਆਰਕੇ ਝਾਕਿਆ। ਮੈਂ ਉਹਦੇ ਨੇੜੇ
ਕੁਰਸੀ ਕਰ ਲਈ।
‘‘ਓ ਬਿਮਲ ਭਈ ਏਹ ਤੇਰਾ ਮੋਹ ਕਰਦੈ... ਤਾਹੀਂ ਤਾਂ ਸਿਰ ‘ਚ ਠੋਲ੍ਹੇ ਮਾਰਦਾ...।‘‘
ਰੁਪਾਣਾ ਹੱਸਿਆ, ਉਹਦੀ ਛਾਤੀ ਖੜਕੀ... ਖੰਘ ਜਿਹੀ ਨਾਲ...। ਮੈਨੂੰ ਲੱਗਿਆ ਜਿਵੇਂ ਸਾਡੇ
ਪਿੰਡ ਵਾਲਾ ਗੱਜਣ ਬੌਰੀਆ ਹੱਸਦਾ ਹੁੰਦੈ... ਜਮਾਂ ਈ ਗੱਜਣ ਬੌਰੀਆ!
ਰਜਿੰਦਰ ਬਿਮਲ ‘ਕੁਕਨਸ ਪ੍ਰਕਾਸ਼ਨ‘ ਵੱਲੋਂ ਰੁਪਾਣੇ ਦੀਆਂ ਚੋਣਵੀਆਂ ਕਹਾਣੀਆਂ ਦੀ ਕਿਤਾਬ ਛਾਪ
ਰਿਹਾ ਸੀ, ਰੁਪਾਣਾ ਜਲੰਧਰ ਉਹਦੇ ਪਰੂਫ਼ ਪੜ੍ਹਨ ਆਇਆ ਹੋਇਆ ਸੀ। ਦਿੱਲੀਓਂ ਪਿੰਡ ਸ਼ਿਫ਼ਟ ਹੋਏ
ਨੂੰ ਥੋੜ੍ਹੇ ਦਿਨ ਈ ਹੋਏ ਸਨ ਉਹਨੂੰ। ਬਿਮਲ ਨੇ ਰੁਪਾਣੇ ਨਾਲ ਰੁਪਈਆਂ ਵਿਚ ਗੱਲ ਕੀਤੀ ਹੋਈ
ਸੀ, ਪੰਜ ਹਜ਼ਾਰ ਤਾਂ ਕਿਤਾਬ ਛਪਣ ਤੋਂ ਪਹਿਲਾਂ ਦੇਣਾ... ਦੋ ਹਜ਼ਾਰ ਮਹੀਨਾ ਵੱਖਰਾ ਦੇਣਾ...
ਪੈਨਸ਼ਨ ਦੇ ਰੂਪ ਵਿਚ... ਫਿਰ ਪਤਾ ਨਹੀਂ, ਬਿਮਲ ਨੇ ਕੀ ਦਿੱਤਾ-ਲਿਆ, ਰੁਪਾਣੇ ਦੀ ਕਿਤਾਬ
‘ਸ਼ੀਸ਼ਾ ਤੇ ਚੋਣਵੀਆਂ ਕਹਾਣੀਆਂ‘ ਛਪ ਗਈ। ਮੈਂ ਦੋ ਕਾਪੀਆਂ ਖਰੀਦ ਲਈਆਂ, ਇਕ ਆਪਣੇ ਲਈ, ਦੂਜੀ
ਪਿੰਡ ਦੀ ਲਾਇਬ੍ਰੇਰੀ ਲਈ।
ਰੁਪਾਣਾ ਪਹਿਲੇ ਦਿਨ ਈ ਮਿਲਿਆ ਸੀ ਤਾਂ ਚੰਗਾ-ਚੰਗਾ ਜਿਹਾ ਲੱਗਿਆ ਸੀ... ਰੌਣਕੀ ਜਿਹਾ...
ਨਹੀਂ ਸਾਡੇ ਲੇਖਕ ਤਾਂ ਹਰ ਵੇਲੇ ‘ਰਊਂ-ਰਊਂ‘ ਕਰਦੇ ਹੀ ਡਿੱਠੇ ਹਨ... ਬਹੁਤੇ ਫਰੱਸਟਿਟ...
ਉਦਾਸ ਤੇ ਬੀਮਾਰ... ਇਕ-ਦੂਜੇ ਨੂੰ ਸੂਈ ਕੁੱਤੀ ਵਾਂਗੂ ਵੱਢ-ਖਾਣ ਨੂੰ ਪੈਂਦੇ...
ਜਲਦੇ-ਭੁਜਦੇ... ਗਲ-ਗਲ ਤੀਕ ਸਾੜੇ ਨਾਲ ਭਰੇ ਹੋਏ...।
ਕਦੇ ਮੈਨੂੰ ਲੱਗਦਾ ਕਿ ਤਾਇਆ ‘ਖਚਰਾ ਜਿਹਾ‘ ਹਸਦੈ... ਕਦੇ ਉਹ ‘ਫੱਕਰ ਰੂਹ‘ ਜਾਪਦਾ।
ਗੱਲੀਂ-ਗੱਲੀਂ ਬਿਮਲ ਨੇ ਦੱਸਿਆ ਸੀ, ‘‘ਐਵੇਂ ਨਾ ਸਮਝੀਂ ਬੁੜ੍ਹੇ ਨੂੰ... ਬੜੀ ਸ਼ੈਅ ਆ...
ਏਹਨੇ ਤਾਂ ਭਾਪੇ ਪ੍ਰੀਤਮ ਸਿੰਘ ਦੀਆਂ ਚੀਕਾਂ ਕਢਾਈ ਰੱਖੀਆਂ ਕਈ ਸਾਲ... ਭਾਪੇ ਨੇ ਇਹਨੂੰ
ਬਿਨਾਂ ਪੁੱਛੇ ਇਹਦੀ ਕਹਾਣੀ ਕਿਸੇ ਕਿਤਾਬ ‘ਚੋਂ ਲੈ ਕੇ ਛਾਪ ਲਈ ਸੀ ‘ਆਰਸੀ‘ ਵਿਚ... ਏਹ ਔਖ
ਮੰਨ ਗਿਆ ਤੇ ਏਹਨੇ ਦਾਅ੍ਹਵਾ ਠੋਕਤਾ... ਅਖੇ ਮੇਰੇ ਬਿਨਾਂ ਪੁੱਛੇ ਕਿਉਂ ਛਾਪੀ...
ਬਾਰਾਂ-ਤੇਰਾਂ ਸਾਲ ਭਾਪਾ ਤੇ ਇਹ ਅਦਾਲਤਾਂ ਵਿਚ ਯਭਦੇ ਰਹੇ... ਭਾਪਾ ਵੀ ਤਾਰੀਕ ‘ਤੇ ਆਇਆ
ਕਰੇ ਤੇ ਰੁਪਾਣਾ ਵੀ... ਸਾਰਾ-ਸਾਰਾ ਦਿਨ ਬਹਿ ਕੇ ਗੱਲਾਂ ਕਰਿਆ ਕਰਨ... ਚਾਹ ਵੀ ਇਕੱਠੇ
ਪੀਣ... ਆਵਾਜ਼ ਪੈਣ ‘ਤੇ ਦੋਵੇਂ ਅਦਾਲਤ ਵਿਚ ਹਾਜ਼ਰ ਹੋਣ... ਤੇ ਤਰੀਕ ਲੈ ਕੇ ਮੁੜ ਆਉਣ...
ਬਹੁਤ ਲੋਕਾਂ ਨੇ ਕਿਹਾ ਕਿ ਛੱਡੋ ਰੁਪਾਣਾ ਜੀ... ਅੰਮ੍ਰਿਤਾ ਨੇ ਵੀ ਕਿਹਾ... ਦੁੱਗਲ ਨੇ ਵੀ
ਕਿਹਾ ਕਿ ਵਿਚਾਰੇ ਭਾਪੇ ਦਾ ਖਹਿੜਾ ਛੱਡ... ਭਾਪਾ ਬੁੱਢਾ ਹੋ ਗਿਐ... ਅਖ਼ੀਰ ਜਦ ਭਾਪਾ
ਅਦਾਲਤ ਵਿਚ ਜਾਣੋਂ ਵੀ ਹੰਭ ਗਿਆ ਤਾਂ ਕਿਤੇ ਜਾ ਕੇ ਇਹਨੇ ਦਾਅ੍ਹਵਾ ਵਾਪਿਸ ਮੋੜਿਆ... ਅਖੇ
ਭਾਪਾ ਸਿਅ੍ਹਾਂ... ਤੈਨੂੰ ਹੰਭਾਅ ਕੇ ਈ ਛੱਡਣਾ ਸੀ... ਲੈ ਛੱਡਤਾ... ਕਰ ਮੌਜਾਂ... ਛਾਪ
ਕਿਤਾਬਾਂ ਪਰ ਮੇਰੀ ਕਹਾਣੀ ਨਾ ਛਾਪੀ ਬਿਨਾਂ ਪੁੱਛੇ ਤੋਂ...।‘‘
***************
ਸੰਗਰੂਰ ਜਾ ਰਿਹਾਂ ਸਾਂ। ਨਾਲ ਦੀ ਸੀਟ ‘ਤੇ ਰੁਪਾਣੇ ਪਿੰਡ ਦਾ ਇਕ ਪੜ੍ਹਿਆ-ਲਿਖਿਆ ਬੰਦਾ
ਬੈਠਾ ਮਿਲ ਗਿਆ। ਮੈਂ ਗੱਲ ਛੇੜੀ, ‘‘ਤੁਹਾਡੇ ਪਿੰਡੋਂ ਈ ਨੇ ਗੁਰਦੇਵ ਸਿੰਘ ਰੁਪਾਣਾ...
ਪੰਜਾਬੀ ਦਾ ਮਸ਼ਹੂਰ ਕਹਾਣੀਕਾਰ...।‘‘
ਉਹ ਦੱਸਣ ਲੱਗਿਆ, ‘‘ਸਾਡੇ ਪਿੰਡ ਦਾ ਬਹੁਤ ਨਾਂ ਚੁੱਕਿਐ ਉਹਨੇ... ਪਰ ਉਹਨੂੰ ਸਾਡੇ ਪਿੰਡ
ਦੇ ਲੋਕ ਬਹੁਤ ਘੱਟ ਜਾਣਦੇ ਐ... ਸਾਰੀ ਨੌਕਰੀ ਦਿੱਲੀ ਕਰ ਆਇਆ... ਮਾਸਟਰ ਸੀ ਉਥੇ... ਹੁਣ
ਪਿੰਡ ਰਹਿੰਦੈ ਆਪਣੇ ਭਾਈਚਾਰੇ ਵਿੱਚ... ਤਾਸ਼ ਖੇਡਦੈ ਢਾਣੀ ‘ਚ ਬਹਿ ਕੇ... ਹੱਸਦਾ-ਹਸਾਉਂਦੈ
ਬਹੁਤ ਐ... ਸੁਭਾਅ ਦਾ ਵੀ ਚੰਗੈ...।‘‘
ਕਈ ਵੇਰਾਂ ਮਨ ਵਿਚ ਆਉਂਦਾ ਕਿ ਰੁਪਾਣੇ ਤਾਏ ਨੂੰ ਪਿੰਡ ਜਾ ਕੇ ਮਿਲ ਆਵਾਂ... ਪਰ ਫਿਰ ਭੈਅ
ਜਿਹਾ ਵੀ ਆਉਂਦਾ, ਬਿਮਲ ਕਹਿੰਦਾ ਸੀ... ਕਿ ਅੜਬ ਜਿਹਾ ਬੰਦੈ!
ਆਪਣੀ ਭੂਆ ਦੇ ਪਿੰਡ ਗਿੱਦੜਬਾਹੇ ਨੂੰ ਜਾਂਦਿਆਂ, ਉਹਦੇ ਪਿੰਡ ਵਿਚਦੀ ਲੰਘਦਾ, ਆਸੇ-ਪਾਸੇ
ਝਾਕਦਾ ਕਿ, ਕੀ ਪਤੈ ਏਥੇ ਈ ਕਿਤੇ ਤਾਇਆ ਰੁਪਾਣਾ ਫਿਰਦਾ ਮਿਲ ਪਵੇ! ਸਾਦਿਕ ਸਾਡੀ ਦੁਕਾਨ
‘ਤੇ ਇਕ ਬੌਰੀਆ ਤੇ ਬੌਰਿਆਣੀ ਆਏ, ਮੈਂ ਸੁਭਾਵਿਕ ਹੀ ਪੁੱਛ ਲਿਆ ਕਿ ਥੋਡਾ ਪਿੰਡ ਕਿਹੜੈ? ਉਹ
ਇਕੱਠੇ ਈ ਬੋਲੇ, ‘‘ਰੁਪਾਣਾ।‘‘ ਮੈਂ ਖ਼ੁਸ਼ ਹੋਇਆ ਕਿ ਏਹ ਤਾਏ ਦੇ ਪਿੰਡੋਂ ਆਏ ਨੇ...।
‘‘ਥੋਡੇ ਪਿੰਡ ਇਕ ਲਿਖਾਰੀ ਵੀ ਐ ਮਾਸਟਰ ਗੁਰਦੇਵ ਸਿੰਘ... ਜਾਣਦੇ ਓਂ ਉਹਨੂੰ...?‘‘ ਦੋਵਾਂ
ਨੇ ‘ਕੱਠਿਆ ‘ਨਾਂਹ‘ ਵਿਚ ਸਿਰ ਹਿਲਾਏ, ਬੌਰਨੀ ਬੋਲੀ, ‘‘ਸ਼ਾਡਾ ਪਿੰਡ ਤਾਂ ਜੀ ਬਲਾਈ ਵੱਡਾ
ਐ... ਬਲਾਈ ਵੱਡਾ... ਅਸ਼ੀ ਨਾ ਜਾਣੀਏ ਉਹਨੂੰ...।‘‘ ਮੈਂ ਚੁੱਪ ਕਰਕੇ ਆਪਣਾ ਕੰਮ ਕਰਨ
ਲੱਗਿਆ, ਏਹ ਕੀ ਜਾਣਨ ਰੁਪਾਣੇ ਨੂੰ!
ਮੁਕਤਸਰ ਦੀਆਂ ਕਚਹਿਰੀਆਂ ਵਿਚ ਆਪਣੇ ਮਿੱਤਰ ਬਲਜੀਤ ਸਿੱਧੂ (ਉੱਪ-ਕਪਤਾਨ ਪੁਲਿਸ) ਕੋਲ ਬੈਠਾ
ਸਾਂ। ਬਲਜੀਤ ਸਿੱਧੂ ਅਫ਼ਸਰ ਘੱਟ, ਸਾਹਿਤ ਦਾ ਰਸੀਆ ਤੇ ਕਲਾ ਪ੍ਰਤੀ ਸੁਹਿਰਦ ਹੋਣ ਕਰਕੇ
ਪ੍ਰੋਫ਼ੈਸਰ ਜਿਹਾ ਲਗਦਾ। ਉਹਦੇ ਬੈੱਡ-ਰੂਮ ਵਿਚ ਨਵੀਆਂ-ਪੁਰਾਣੀਆਂ ਕਿਤਾਬਾਂ ਤੇ ਰਸਾਲੇ ਆਮ
ਹੀ ਪਏ ਹੁੰਦੇ। ਹਾਲੇ ਇਕ ਦਿਨ ਈ ਪਹਿਲੋਂ ਬਲਜੀਤ ਕੋਲ ਰੁਪਾਣੇ ਦੀ ਗੱਲ ਛੇੜੀ ਸੀ ਤਾਂ ਉਹ
ਹੈਰਾਨ ਹੋਇਆ ਸੀ, ‘‘ਅੱਛਾ? ਏਸੇ ਰੁਪਾਣੇ ਪਿੰਡ ਦਾ ਐ ਗੁਰਦੇਵ ਰੁਪਾਣਾ... ਸਾਡਾ ਸਟਾਰ
ਕਹਾਣੀ-ਰਾਈਟਰ... ਕਿਸੇ ਦਿਨ ਦਰਸ਼ਨ ਕਰੀਏ।‘‘
ਸਬੱਬੀ ਹੀ, ਬਲਜੀਤ ਦੇ ਅਰਦਲੀ ਨੇ ਆ ਕੇ ਕਿਹਾ, ‘‘ਸਰ, ਰੁਪਾਣੇ ਪਿੰਡ ਤੋਂ ਖੋਸਾ ਜੀ ਮਿਲਣ
ਆਏ ਨੇ।‘‘ ਬਲਜੀਤ ਨੇ ਮੇਰੇ ਵੱਲ ਝਾਕ ਕੇ ਪੁੱਛਿਆ, ‘‘ਓਹੀ ਰੁਪਾਣੇ ਤੋਂ?‘‘ ਖੋਸੇ
ਪਿਓ-ਪੁੱਤ ਸਨ। ਫਤਹਿ ਬੁਲਾ ਕੇ ਸਾਹਮਣੇ ਬਹਿ ਗਏ। ਵੱਡਾ ਖੋਸਾ ਤਾਂ ਰੁਪਾਣੇ ਦਾ ਸਕਾ ਭਾਈ
ਹੀ ਲੱਗ ਰਿਹਾ ਸੀ, ਮੁਹਾਂਦਰਾ ਜਮਾਂ ਇਕੋ ਜਿਹਾ। ਮੈਂ ਪੁੱਛਿਆ, ‘‘ਤੁਹਾਡੇ ਕਹਾਣੀਕਾਰ
ਸਾਹਿਬ ਦਾ ਕੀ ਹਾਲ ਐ?‘‘ ਦੋਵੇਂ ਖੋਸੇ ਵਾਰੋ-ਵਾਰੀ ਦੱਸਣ ਲੱਗੇ, ‘‘ਮੌਜਾਂ ਕਰਦੈ ਜੀ...
ਅਸੀਂ ਨਿੱਤ ‘ਕੱਠੇ ਤਾਸ਼ ਦੀ ਬਾਜ਼ੀ ਲਾਉਂਨੇ ਆਂ... ਪਤੰਦਰ ਦਾ ਹੱਸੀ ਜਾਊ... ਹਸਾਈ ਜਾਊ
ਚੁਟਕਲੇ ਸੁਣਾ-ਸੁਣਾ ਕੇ... ਘਰਾਂ ‘ਚੋਂ ਸਾਡਾ ਚਾਚਾ ਲਗਦੈ... ਤੁਸੀਂ ਜੀ ਫਿਰ ਆਬਦਾ ਫ਼ੂਨ
ਨੰਬਰ ਤੇ ਨਾਓਂ ਪਤਾ ਲਿਖ ਦਿਓ... ਮੈਂ ਅੱਜੇ ਜਾ ਕੇ ਚੇਤਾ ਕਰਵਾਊਂ ਬਈ ਤੇਰੇ ਜਾਣੂੰ ਮਿਲੇ
ਸੀ ਡਿਪਟੀ ਸਾਹਿਬ ਦੇ ਦਫ਼ਤਰ ਵਿਚ...।‘‘ ਵੱਡੇ ਖੋਸੇ ਨੇ ਕਿਹਾ।
ਮੈਂ ਚਿੱਟ ਉੱਤੇ ਆਪਣਾ ਨਾਂ ਤੇ ਫ਼ੋਨ ਨੰਬਰ ਲਿਖ ਦਿਤਾ। ਆਥਣੇ ਤਾਸ਼ ਦੀ ਬਾਜ਼ੀ ਲਾਉਣ ਆਏ
ਰੁਪਾਣੇ ਨੂੰ ਉਹ ਚਿੱਟ ਮਿਲ ਗਈ। (ਖੋਸੇ ਦੇ ਬਾਅਦ ਵਿਚ ਦੱਸਣ ਮੁਤਾਬਿਕ), ਰੁਪਾਣੇ ਨੇ
ਪੰਜ-ਸੱਤ ਗਾਲ੍ਹਾਂ ਮੈਨੂੰ ਕੱਢੀਆਂ ਤੇ ਪੰਜ ਸੱਤ ਖੋਸੇ ਨੂੰ ਕਿ ਤੂੰ ਚਿੱਟ ਵਾਲੇ ਕਮਬਖ਼ਤ
ਨੂੰ ਘਰ ਕਿਉਂ ਨਾ ਲਿਆਂਦਾ ਤੇ ਚਿੱਟ ਦੇਣ ਵਾਲਾ ਘਰ ਕਿਉਂ ਨਾ ਆਇਆ? ਤਾਏ ਰੁਪਾਣੇ ਦਾ ਫ਼ੋਨ ਆ
ਗਿਆ, ਉਹ ਅਪਣੱਤ ਭਿੱਜੀਆ ਗਾਲ੍ਹਾਂ ਦਿੰਦਾ ਹੱਸ ਰਿਹਾ ਸੀ, ਬਿਲਕੁਲ ਸਾਡੇ ਪਿੰਡ ਵਾਲੇ ਗੱਜਣ
ਬੌਰੀਏ ਦੀ ਤਰ੍ਹਾਂ... ‘‘ਖਚ... ਖਚ... ਖਚ‘‘ ਦੀ ਆਵਾਜ਼ ਕੱਢਕੇ... ਨਾਲੇਂ ਖੰਘਦਾ!
ਗਰਮੀਂ ਦੇ ਦਿਨ ਸਨ। ਇਕ ਆਥਣ, ਮੈਂ ਬਲਜੀਤ ਸਿੱਧੂ ਨੂੰ ਆਖਿਆ, ‘‘ਬਾਈ ਜੀ, ਜੇ ਵਕਤ ਹੈ ਤਾਂ
ਆਪਾਂ ਅੱਜ ਰੁਪਾਣਾ ਜੀ ਨੂੰ ਮਿਲ ਆਈਏ?‘‘ ਬਲਜੀਤ ਕਹਿਣ ਲੱਗਾ, ‘‘ਕਦੇ ਫੇਰ ਸਹੀ... ਹੁਣ
ਮੈਂ ਵਰਦੀ ਵਿਚ ਆਂ... ਇਓਂ ਜਾਂਦੇ ਚੰਗੇ ਨਹੀਂ ਲਗਦੇ ਆਪਾਂ... ਲੋਕ ਕਹਿਣਗੇ ਰੁਪਾਣੇ ਤੋਂ
ਪਤਾ ਨਹੀਂ ਕੀ ਫੜ੍ਹਿਆ ਗਿਆ... ਪੁਲਿਸ ਆ ਗਈ ਐ ਇਹਦੇ ਘਰ...।‘‘
ਆਖ਼ਰ, ਮੈਂ ਬਲਜੀਤ ਨੂੰ ਜਾਣ ਲਈ ਰਾਜ਼ੀ ਕਰ ਲਿਆ ਸੀ। ਫ਼ੋਨ ਕੀਤਾ, ‘‘ਤਾਇਆ, ਅਸੀਂ ਰਹੇ ਆਂ
ਤੁਹਾਡੇ ਵੱਲ ਨੂੰ... ਇਕ ਪਾਠਕ ਨੇ ਡਿਪਟੀ ਸਾਹਿਬ ਬਲਜੀਤ... ਮੇਰੇ ਨਾਲ ਆ ਰਹੇ ਨੇ।‘‘
‘‘ਆਜੋ ਬਈ ਛੇਤੀ ਆਜੋ... ਕਦ ਕੁ ਆਵੋਂਗੇ? ਮੈਂ ਘਰੇ ਈ ਐਂ।‘‘ ਤਾਇਆ ਖ਼ੁਸ਼ ਹੋ ਰਿਹਾ ਸੀ।
ਲਗਦਾ ਸੀ ਕਿ ਜਿਵੇਂ ਉਹਨੂੰ ਮਿਲਣ ਕੋਈ ਜਾਂਦਾ ਹੀ ਨਹੀਂ ਸੀ... ਜੇ ਕੋਈ ਜਾਂਦਾ ਤਾਂ
ਵਿਰਲਾ-ਟਾਂਵਾ!
ਗੱਡੀ ਰੁਪਾਣੇ ਪਿੰਡ ਵੱਲ ਤੁਰੀ ਤਾਂ ਬਲਜੀਤ ਸਿੱਧੂ ਗੱਲ ਸੁਣਾਉਣ ਲੱਗਿਆ, ‘‘ਕੇਰਾਂ ਦੀ ਗੱਲ
ਐ... ਨਾਨਕ ਸਿੰਘ ਨਾਵਲਿਸਟ ਦਾ ਮੁੰਡਾ ਕਰਤਾਰ ਸਿੰਘ ਸੂਰੀ... ਗੁਰਨਾਮ ਸਿੰਘ ਤੀਰ ਨੂੰ
ਮਿਲਣ ਗਿਆ... ਜਿਵੇਂ ਆਪਾਂ ਰੁਪਾਣਾ ਜੀ ਨੂੰ ਮਿਲਣ ਚੱਲੇ ਆਂ... ਤੀਰ ਅੱਗੋਂ ਘਰ ਨਹੀਂ
ਸੀ... ਕਰਤਾਰ ਸਿੰਘ ਸੂਰੀ ਨੇ ਤੀਰ ਸਾਹਿਬ ਦੀ ਮਾਂ ਨੂੰ ਕਿਹਾ ਕਿ ਬੇਬੇ ਜੀ... ਤੀਰ ਸਾਹਿਬ
ਨੂੰ ਕਹਿਣਾ ਕਿ ‘ਸੂਰੀ‘ ਆਇਆ ਸੀ... ਤਾਂ ਤੀਰ ਦੀ ਬੇਬੇ ਕਹਿੰਦੀ, ਪੁੱਤ ਪਹਿਲਾਂ ਆਬਦਾ ਨਾਂ
ਠੀਕ ਕਰਵਾ... ਜਾਂ ਫੇਰ ਹੈਂਅ ਕਹਿ ਕਿ ‘ਸੂਰੀ‘ ਆਈ ਸੀ... ਨਹੀਂ ਹੈਂਅ ਕਹਿ ਬਈ ‘ਸੂਰ‘ ਆਇਆ
ਸੀ।‘‘
ਅਸੀਂ ਹੱਸਦੇ ਜਾ ਰਹੇ ਸਾਂ। ਬਲਜੀਤ ਨੇ ਕਿਹਾ, ‘‘ਫ਼ੋਨ ਕਰਕੇ ਪੁੱਛ ਲੈ ਘਰ...।‘‘ ਤਾਏ ਨੇ
ਸਮਝਾਇਆ, ‘‘ਏਓਂ ਕਰਿਓ... ਸਿੱਧੀ ਬੀਹੀ-ਬੀਹੀ ਆ ਜਿਓ... ਕਿਸੇ ਪਾਸੇ ਨਾ ਮੁੜਿਓ... ਜਮਾਂ
ਸਿੱਧੇ ਆ ਕੇ ਫੇਰ ਪਾਠੀ ਚੰਨੇ ਦੀ ਹੱਟੀ ਪੁੱਛ ਲਿਓਂ... ਗਾਹਾਂ ਆਪਣਾ ਘਰ...।‘‘
ਮੈਂ ਰੁਪਾਣੇ ਦੀ ਕਹਾਣੀ ‘ਸ਼ੀਸ਼ਾ‘ ਵਾਲੀ ਫਿਰਨੀ ਚਿਤਵਣ ਲੱਗਿਆ ਕਿ ਫਿਰਨੀ ਕਿੱਧਰ ਹੋਈ...
ਜਿੱਥੇ ਕਿਹਰੂ ਦਾ ਸੰਸਕਾਰ ਹੋ ਰਿਹਾ ਹੁੰਦੈ... ਬੰਦੇ ਗੱਲਾਂ ਕਰਦੈ ਹੁੰਦੇ ਐ... ਰੁਪਾਣੇ
ਨਾਲ ਇਕ ਪਰਵਾਸੀ, ਸਾਹਿਤ ਦਾ ਖੋਜੀ, ਦਾਨੀ (ਪੈਰਿਸ ਤੋਂ) ਇਹਦੇ ਪਿੰਡ ਆਉਂਦਾ ਹੈ। ਕਿੱਥੇ
ਹੋਊ ਉਹ ਸੂਆ... ਜਿੱਥੇ ਬਹਿਕੇ ਦਾਨੀ ਮੂੰਹ-ਹੱਥ ਧੋਂਦਾ ਹੈ? ਕੀ ਉਹ ਸੂਆ ਅਜੇ ਵੀ ਕੱਚਾ
ਹੋਊ... ਜਾਂ ਹੁਣ ਤੀਕ ਤਾਂ ਪੱਕਾ ਬਣ ਗਿਆ ਹੋਊ? ਬਾਦਲ ਦਾ ਇਲਾਕਾ ਐ... ਬਣ ਗਿਐ ਹੋਣੈ ਹੁਣ
ਤੀਕ ਉਹ ਸੂਆ ਪੱਕਾ... ਮੈਂ ਮਨ ਹੀ ਮਨ ਚਿਤਵੀ ਜਾਵਾਂ।
ਅਸੀਂ ਕਾਫ਼ੀ ਖੌਝ ਰਹੇ ਸਾਂ, ਰਾਹ ਨਹੀਂ ਸੀ ਬਣ ਰਿਹਾ, ਰੁਪਾਣੇ ਦੇ ਘਰ ਨੂੰ। ਗੱਡੀ ਰੋਕਦੇ
ਤੇ ਪੁੱਛਦੇ, ‘‘ਅਸੀਂ ਗੁਰਦੇਵ ਸਿੰਘ ਦੇ ਘਰ ਜਾਣੈ... ਜਿਹੜਾ ਕਹਾਣੀਆਂ ਲਿਖਦੈ... ਦਿੱਲੀਓ
ਆਇਐ...।‘‘
ਕੋਈ ਕਿੱਧਰ ਦੀ ਦਸਦਾ, ਕੋਈ ਕਿਸ ਰਾਹ ਪਾਉਂਦਾ। ਆਖ਼ਰ ਅਸੀਂ ਇਕ ਗਲੀ ਵੜੇ, ਰੁਪਾਣੇ ਦੇ ਪੋਤੇ
ਨੇ ਸਾਨੂੰ ਹੱਥ ਦਾ ਇਸ਼ਾਰਾ ਕੀਤਾ। ‘‘ਲਓ ਜੀ, ਲੱਭ ਗਏ... ਲੱਭ ਗਏ...।‘‘
ਆਸ-ਪਾਸ ਬਹੁਤੇ ਘਰ ਬੌਰੀਆਂ ਦੇ ਲਗਦੇ ਸਨ। ਕੱਚੇ-ਕੋਠੇ, ਕੱਚੀਆਂ ਕੰਧਾਂ... ਕੋਈ ਕੋਈ ਘਰ
ਪੱਕਾ ਸੀ। ਹੁਣ ਮੇਰੇ ਮਨ ਵਿਚ ਰੁਪਾਣੇ ਦੀ ਕਹਾਣੀ ਵਾਲੀ ‘ਸੰਤੋ ਬੌਰਨੀ‘ ਆ ਵੜੀ, ਕਿੱਥੇ ਕੁ
ਹੋਣੈ ਸੰਤੋ ਦਾ ਘਰ? ਸੰਤੋ ਇਕ ਰਾਜਸਥਾਨ ਦੇ ਜੱਟ ਨਾਲ ਨਿਕਲ ਗਈ ਸੀ... ਰੁਪਾਣੇ ਖੇਤ ਆਲੂ
ਪਟਦੀ-ਪਟਦੀ।
‘‘ਭਾਈ, ਮੈਂ ਤਾਂ ਕਦ ਦਾ ਉਡੀਕੀ ਜਾਨੈ... ਜੀ ਆਇਆ ਨੂੰ।‘‘
ਤਾਇਆ ਬੜੀ ਗਰਮ-ਜੋਸ਼ੀ ਤੇ ਤਾਅ ਨਾਲ ਮਿਲਿਆ। ਸਾਨੂੰ ਆਪਣੇ ਕਮਰੇ ਅੰਦਰ ਲੈ ਗਿਆ। ਪੰਜ-ਚਾਰ
ਮੋਮੈਂਟੋ ਪਏ ਸਨ ਮਿੱਟੀ-ਘੱਟੇ ਨਾਲ ਲਿੱਬੜੇ, ਭਾਸ਼ਾ ਵਿਭਾਗ ਵੱਲੋਂ ਦਿੱਤਾ ‘ਸਰਕਾਰੀ ਫਰੇਮ‘
ਵੀ ਮੇਜ਼ ‘ਤੇ ਪਿਆ ਸੀ ‘ਸ਼੍ਰੋਮਣੀ ਸਾਹਿਤਕਾਰ‘ ਵਾਲਾ। ਏਧਰ-ਓਧਰ ਰਸਾਲੇ-ਅਖ਼ਬਾਰਾਂ ਤੇ
ਕਿਤਾਬਾਂ ਖਿੰਡੀਆਂ ਪਈਆਂ ਸਨ। ‘ਤਾਏ ਦੀ ਖੂੰਡੀ‘ ਵੀ ਪਈ ਸੀ ਬੈੱਡ ਉੱਤੇ। ਇਕ ਮੰਜੇ ਉੱਤੇ
ਤਾਏ ਦੇ ਪੁੱਤਰ ਪ੍ਰੀਤਪਾਲ ਦੇ ਕਾਗਜ਼ ਤੇ ਕਿਤਾਬਾਂ ਪਈਆਂ ਸਨ, (ਪ੍ਰੀਤ ਦਿੱਲੀ ਦੇ ਐਨ. ਐਸ.
ਡੀ. ‘ਚੋਂ ਪੜ੍ਹਿਆ ਤੇ ਥੀਏਟਰ ਦਾ ਹੋਣਹਾਰ ਤੇ ਸੂਝਵਾਨ ਕਲਾਕਾਰ ਹੈ), ਉਹ ਆਪਣੇ ਬਾਪੂ ਦੇ
ਕਮਰੇ ਵਿਚ ਬਹਿ ਕੇ ਨਾਟਕਾਂ ਉੱਤੇ ਖੋਜ-ਕਾਰਜ ਕਰ ਰਿਹਾ ਸੀ। ਤਾਏ ਰੁਪਾਣੇ ਦੇ ਬੈੱਡ ਹੇਠਾਂ
‘ਟਾਈਮਜ਼ ਆਫ਼ ਇੰਡੀਆ‘ ਦੇ ਪੁਰਾਣੇ ਬੰਡਲ ਢੇਰੀ ਲਾਏ ਪਏ ਸਨ। ਬੈੱਡ ਉਤੇ ਬੇ-ਤਰਤੀਬੀਆਂ
ਕਿਤਾਬਾਂ ਤੇ ਰਸਾਲੇ ਮਿੱਟੀ ਨਾਲ ਲਥਪਥ...।
‘‘ਤਾਇਐ... ਆਬਦੇ ਕਮਰੇ ਦੀ ਸਫ਼ਾਈ ਤਾਂ ਰੱਖਿਆ ਕਰ... ਕਿੱਡੀ-ਕਿੱਡੀ ਗਰਦ ਚੜ੍ਹੀ ਪਈ
ਐ...।‘‘
‘‘ਓ ਕਾਹਨੂੰ ਯਾਰ... ਆਹ ਸਾਹਮਣੇ ਤੂੜੀ ਦਾ ਕੁੱਪ ਐ ਸਾਡੇ ਗਮਾਂਢੀਆਂ ਦਾ... ਜਦੋਂ ਤੂੜੀ
ਚੱਕਦੇ ਐ... ਸਾਰਾ ਗਰਦਾ ਸਾਡੇ ਅੰਦਰ ਆ ਵੜਦੈ... ਕਿਹੜਾ ਸਾਫ਼ ਕਰੇ ਬਿੰਦੇ-ਬਿੰਦੇ...।‘‘
ਮੈਂ ਆਖਿਆ, ‘‘ਫੇਰ ਤਾਇਆ... ਮੰਜੇ ਈ ਤੂੜੀ ਆਲੇ ਕੁੱਪ ‘ਚ ਡਾਹ ‘ਲੋ... ਹੋਰ ਚਾਰਾ ਵੀ ਕੀ
ਐ।‘‘ ਸਾਰੇ ਹੱਸਣ ਲੱਗੇ।
‘‘ਓ ਤੂੰ ਨਾ ਕਰ ਮਖ਼ੌਲਾਂ... ਹਟਜਾ ਯਾਰ...।‘‘ ਤਾਏ ਨੇ ਸਿਗਰਟ ਸੁਲਗਾਈ ਤਾਂ ਬਲਜੀਤ ਨੇ
ਪੁੱਛ ਲਿਆ, ‘‘ਰੁਪਾਣਾ ਜੀ, ਤੁਸੀਂ ਪਿੰਡੋਂ ਦਿੱਲੀ ਕਿਵੇਂ ਪੁੱਜੇ?‘‘
ਤਾਇਆ ਦੱਸਣ ਲੱਗਿਆ, ‘‘ਓ ਯਾਰ ਕਾਹਨੂੰ... ਮੈਂ ਤਾਂ ਦਿੱਲੀ ਕਾਮਰੇਡਾਂ ਦੀ ਇਕ ਰੈਲੀ ਵਿਚ
ਗਿਆ ਸੀ, ਸੋਚਿਆ ਆਪਣੇ ਇਕ ਬੇਲੀ ਨੂੰ ਵੀ ਮਿਲਦਾ ਜਾਵਾਂ... ਉਹ ਉਥੇ ਅਧਿਆਪਕ ਸੀ... ਮੈਨੂੰ
ਕਹਿੰਦਾ ਗੁਰਦੇਵ, ਤੂੰ ਵੀ ਐਥੇ ਈ ਆਜਾ... ਅਸੀਂ ਤੁਰਦੇ-ਫਿਰਦੇ ਸਿੱਖਿਆ ਮਹਿਕਮੇ ਦੇ ਅਫ਼ਸਰ
ਕੋਲ ਜਾ ਵੜੇ... ਅਫ਼ਸਰ ਕਹਿਣ ਲੱਗਾ ਸਾਡੇ ਏਥੇ ਪੰਜਾਬੀ ਅਧਿਆਪਕਾਂ ਦੀ ਸਖ਼ਤ ਲੋੜ ਐ... ਆਪਣੇ
ਸਰਟੀਫਿਕੇਟ ਲੈ ਆ ਤੇ ਨਿਯੁਕਤੀ-ਪੱਤਰ ਲੈ-ਲੈ... ਤੇ ਮੈਂ ਪਿੰਡੋਂ ਜਾ ਕੇ ਆਪਣੇ ਕਾਗਜ਼ ਪੱਤਰ
ਚੁੱਕ ਲਿਆਂਦੇ, ਮਾਸਟਰ ਲੱਗ ਗਿਆ... ਜਦੋਂ ਮੈਂ ਦਿੱਲੀ ਗਿਐਂ... ਪਹਿਲਾਂ ਅੰਮ੍ਰਿਤਾ ਨੂੰ
ਮਿਲਿਆ, ਮੇਰੀ ਕਹਾਣੀ ‘ਇਕ ਟੋਟਾ ਔਰਤ‘ ਉਹਨੇ ਛਾਪੀ ਸੀ ‘ਨਾਗਮਣੀ‘ ਵਿਚ... ਮੈਨੂੰ ਪਤਾ
ਨਾ... ਨਵਤੇਜ ਮਿਲਿਆ, ਕੱਛ ‘ਚ ਮੈਗਜ਼ੀਨ... ਅਖੇ ਆਹ ਵੇਖ ਰੁਪਾਣਾ... ਤੇਰੀ ਕਹਾਣੀ ਛਪੀ
ਐ... ‘ਨਾਗਮਣੀ‘ ਪੜ੍ਹਕੇ ਹਟਿਆਂ ਹੁਣੇ, ‘ਨਾਗਮਣੀ‘ ‘ਚੋਂ ਨੰਬਰ ਦੇਖਕੇ ਅੰਮ੍ਰਿਤਾ ਨੂੰ ਫ਼ੋਨ
ਕੀਤਾ, ਆਂਹਦੀ ‘ਇਕ ਟੋਟਾ ਔਰਤ‘ ਵਾਲਾ ਬੋਲਦਾਂ... ਮੈਂ ਕਿਹਾ ਹਾਂ, ਅਖੇ ਕਿੱਥੋਂ
ਬੋਲਦੈਂ... ਮੈਂ ਕਿਹਾ ਤੇਰੀ ਦਿੱਲੀ ‘ਚੋ ਈ ਆਂ... ਥੋਡੇ ਨੇੜੇ ਈ ਆਂ... ਅੰਮ੍ਰਿਤਾ
ਆਂਹਦੀ... ਰੁਪਾਣੇ ਤੇਰੀ ਕਹਾਣੀ ਬੜੀ ਪਸੰਦ ਕੀਤੀ ਗਈ ਐ... ਗੁਲਜ਼ਾਰ ਸੰਧੂ ਤੇ ਕੁਲਵੰਤ
ਵਿਰਕ ਦੇ ਵੀ ਫ਼ੋਨ ਆਏ ਨੇ... ਉਹਨੀਂ ਦਿਨੀਂ ਅੰਮ੍ਰਿਤਾ ਆਪਣੇ ਘਰੇ ‘ਨਾਗਮਣੀ ਸ਼ਾਮ‘ ਮਨਾਉਂਦੀ
ਹੁੰਦੀ ਸੀ... ਆਖਣ ਲੱਗੀ ਆਜਾ ਫਿਰ... ਅੱਜ ਦੀ ਸ਼ਾਮ ਵਿਚ... ਉਹ ਖ਼ਾਸ-ਖ਼ਾਸ ਬੰਦੇ ਈ ਸੱਦਦੀ
ਸੀ... ਜਣੇ-ਖਣੇ ਨੂੰ ਨਹੀਂ ਸੀ ਵਾੜਦੀ ਘਰੇ... ਉੱਥੇ ਈ ਗੁਲਜ਼ਾਰ ਸੰਧੂ ਤੇ ਵਿਰਕ ਮਿਲੇ,
ਫੇਰ ਤਾਰਾ ਸਿੰਘ ਕਾਮਲ ਨਾਲ ਮੇਲ ਹੋ ਗਿਆ... ਇਕੱਠੇ ਖਾਂਦੇ-ਪੀਂਦੇ ਅਸੀਂ... ਘੁੰਮਦੇ
ਫਿਰਦੇ... ਇਕ ਰਾਤ ਅਸੀਂ ਬਹੁਤ ਪੀਤੀ... ਮੈਂ ਘਰ ਆ ਕੇ ਰੋਟੀ ਖਾਧੀ, ਸੌਂ ਗਿਆ...
ਸਵੇਰੇ-ਸਵੇਰੇ ਤਾਰਾ ਸਿੰਘ ਦਾ ਫ਼ੋਨ ਆ ਗਿਆ... ਉਹ ਪੁੱਛਦੈ... ਰੁਪਾਣੇ ਤੂੰ ਰਾਤ ਰੋਟੀ ਖਾ
ਲਈ ਸੀ... ਮੈਂ ਕਿਹਾ, ਹਾਂ ਮੈਂ ਤਾਂ ਖਾ ਲਈ ਸੀ... ਤੇ ਤੂੰ? ...ਤਾਰਾ ਸਿੰਘ ਕਹਿੰਦਾ ਨਈਂ
ਯਾਰ ਮੈਂ ਤਾਂ ਰਾਤ ਖੀਰ ਖਾਧੀ ਸੀ... ਮੈਂ ਪੁੱਛਿਆ ਕਿ ਤਾਰਾ ਸਿਅ੍ਹਾਂ ਤੇਰੇ ਖੀਰ
ਪਚਗੀ...? ਤਾਰਾ ਸਿੰਘ ਹੱਸ-ਹੱਸ ਲੋਟ-ਪੋਟ... ਕਹਿੰਦਾ ਰੁਪਾਣਿਆਂ ਗੁੱਝੇ ਮਖ਼ੌਲ ਨਾ ਕਰ...
ਤੂੰ ਮੈਨੂੰ ਗੋਲ-ਮੋਲ ਢੰਗ ਨਾਲ ਕੁੱਤਾ ਕਹਿੰਨੈ... ਕੁੱਤੇ ਨੂੰ ਖੀਰ ਨਹੀਂ ਨਾ ਪਚਦੀ
ਹੁੰਦੀ...।‘‘
ਗੱਲ ਮੁਕਾ ਕੇ ਤਾਇਆ ਰੁਪਾਣਾ ਖਿੜ-ਖਿੜ ਕੇ ਹੱਸਿਆ। ਬਲਜੀਤ ਸਿੱਧੂ ਤੇ ਮੈਂ ਉਹਦੀਆਂ ਗੱਲਾਂ
ਵਿਚ ਖੋ ਗਏ ਹੋਏ ਸਾਂ।
‘‘ਲੈ ਹੋਰ ਸੁਣ ਲਾ... ਗੁਲਜ਼ਾਰ ਸੰਧੂ ਦੇ ਭਰਾ ਦਾ ਵਿਆਹ... ਦੀਦਾਰ ਦਾ.. ਅਸੀਂ ਵਿਆਹ
ਗਏ... ਉਹਦੇ ਪਿੰਡ ਸੂਨੀ... ਦੁਆਬੇ ‘ਚ ਪੈਂਦਾ ਉਹਦਾ ਪਿੰਡ... ਉਥੇ ਬੁੜ੍ਹੀਆਂ ਈ
ਬੁੜ੍ਹੀਆਂ... ਕੁੜੀਆਂ ਈ ਕੁੜੀਆਂ ਵਿਆਹ ‘ਚ ਫਿਰਨ... ਬੰਦਾ ਜਾਂ ਮੁੰਡਾ ਕੋਈ ਟਾਵਾਂ ਈ ਨਜ਼ਰ
ਆਵੇ... ਮੈਂ ਗੁਲਜ਼ਾਰ ਦੇ ਪਿਓ ਨੂੰ ਕਿਹਾ ਤਾਂ ਉਹ ਕਹਿੰਦਾ, ‘‘ਸਾਡੀਆਂ ਬੁੜ੍ਹੀਆਂ ਜਦ ਜੁਆਕ
ਜੰਮਦੀਆਂ ਨੇ... ਏਹ ਵਲੈਤ ਵੰਨੀਂ ਮੂੰਹ ਕਰਕੇ ਜੰਮਦੀਆਂ ਨੇ... ਤੇ ਜੁਆਕ ਸਾਲਾ ਰਿੜ੍ਹ ਕੇ
ਈ ਵਲੈਤ ਚਲਾ ਜਾਂਦੈ... ਸਾਡੇ ਤਾਂ ਸਾਰੇ ਬਾਹਰ ਈ ਬੈਠੇ ਆ... ਇੰਗਲੈਂਡ ‘ਚ... ਬਹੁਤ ਹੱਸੇ
ਸਾਰੇ... ਤੇ ਇਹ ਜਿਹੜੀ ਆ ਨਾ ਗੁਲਜ਼ਾਰ ਦੇ ਘਰ ਵਾਲੀ ਡਾ. ਸੁਰਜੀਤ... ਬਹੁਤ ਨੇਕ ਔਰਤ ਆ...
ਹਸਮੁਖਾ ਸੁਭਾਅ ਐ... ਕਿਸੇ ਸਹੇਲੀ ਨੂੰ ਕਹਿੰਦੀ, ਏਹ ਰੁਪਾਣਾ ਜੀ ਵੀ ਡਾਕਟਰ ਨੇ? ਮੈਂ
ਆਖਿਆ ਹਾਂ... ਡਾਕਟਰ ਤਾਂ ਮੈਂ ਹੈਗਾਂ... ਪਰ ਬੰਦੇ ਮਾਰ ਡਾਕਟਰ ਨਹੀਂ... ਇਕ ਵਾਰ ਮੈਂ ਤੇ
ਗੁਲਜ਼ਾਰ ਅੰਮ੍ਰਿਤਾ ਦੇ ਘਰ ਚਲੇ ਗਏ... ਗੁਲਜ਼ਾਰ ਉੱਚੀ-ਉੱਚੀ ਹੱਸੇ... ਮੈਂ ਵੀ ਹੱਸਾਂ
ਉੱਚੀ-ਉੱਚੀ... ਤੇ ਬੋਲੀਏ ਵੀ ਉੱਚੀ-ਉੱਚੀ... ਅੰਮ੍ਰਿਤਾ ਦਾ ਮੁੰਡਾ ਉਤਾਹੋਂ ਚੁਬਾਰੇ ‘ਚੋਂ
ਝਾਕ ਕੇ ਕਹਿੰਦਾ, ਅਖੇ ਮੰਮੀ ਅੱਜ ਘਰ ਭਰਿਆ-ਭਰਿਆ ਲਗਦੈ... ਜੀਤੀ ਅੰਕਲ (ਇਮਰੋਜ਼) ਤਾਂ
ਸਾਰਾ-ਸਾਰਾ ਦਿਨ ਅੰਦਰ ਈ ਵੜੇ ਰਹਿੰਦੇ ਐ ਆਹ... ਵਧੀਐ...।‘‘
ਹਨੇਰਾ ਉਤਰ ਆਇਆ ਸੀ। ਮੈਂ ਤੇ ਬਲਜੀਤ ਜਾਣ ਲਈ ਉੱਠੇ। ਤਾਏ ਰੁਪਾਣੇ ਨੇ ਬਲਜੀਤ ਤੋਂ ਉਹਦਾ
ਮੋਬਾਇਲ ਨੰਬਰ ਪੁੱਛ ਕੇ ਮੇਜ਼ ‘ਤੇ ਪਈ ਇਕ ਗੱਤੇ ਦੀ ਡੱਬੀ ‘ਤੇ ਲਿਖ ਲਿਆ, ਕਹਿੰਦਾ, ‘‘ਹੁਣ
ਤਾਂ ਸਾਡੀ ਡਿਪਟੀ ਸਾਹਬ ਨਾਲ ਯਾਰੀ ਪੈ ਗਈ ਐ... ਹੁਣ ਅਸੀਂ ਕਿਸੇ ਮਾੜੇ-ਮੋਟੇ ਨੂੰ ਕੀ ਲਈ
ਬੈਠੇ ਆਂ...।‘‘
*************
ਤਾਇਆ ਹੁਣ ਬਲਜੀਤ ਸਿੱਧੂ ਕੋਲ ਮੁਕਤਸਰ ਰੋਜ਼ ਵਾਂਗ ਆਇਆ ਰਹਿੰਦਾ। ਦਫ਼ਤਰ ਉਹਦੇ ਕੋਲ ਬੈਠਾ,
ਝਗੜੇ ਕਾਰਨ ਆਏ ਫਰਿਆਦੀਆਂ, ਪਤਵੰਤਿਆਂ ਤੇ ਲੀਡਰਾਂ ਵੱਲ ਨੀਝ ਲਾਹ-ਲਾਹ ਕੇ ਦੇਖਦਾ ਤੇ
ਗੱਲਾਂ ਦੇ ਚਸਕੇ ਲੈਂਦਾ। ਦੁਪਹਿਰ ਦੀ ਰੋਟੀ ਵੀ ਬਲਜੀਤ ਕੋਲ ਖਾਂਦਾ। ਆਥਣੇ ਦਾਰੂ ਪੀਣ ਤੇ
ਮੁਰਗਾ ਖਾਣ ਪਿਛੋਂ ਬਲਜੀਤ ਦੀ ਗੱਡੀ ਉਹਨੂੰ ਘਰ ‘ਲਾਹ‘ ਆਉਂਦੀ। ਹੁਣ ਤਾਇਆ ਬਲਜੀਤ ਕੋਲ ਸੱਦ
ਕੇ ਆਪਣੇ ਪਿੰਡ ਦੇ ਨਿੱਕੇ-ਮੋਟੇ ਝਗੜੇ ਵੀ ਨਿਬੇੜਦਾ ਤੇ ‘ਸਮਾਜ ਸੇਵਾ‘ ਕਰਦਾ। ਬਲਜੀਤ ਉਹਦੀ
ਬਹੁਤ ਇੱਜ਼ਤ ਕਰਨ ਲੱਗ ਪਿਆ ਸੀ। ਸੇਵਾ ਵੀ ਬਹੁਤ ਕਰਦਾ ਸੀ। ਉਹਦੇ ਗੰਨਮੈਨ ਤੇ ਸੇਵਾਦਾਰ
ਰੁਪਾਣੇ ਦੇ ਅੱਗੇ-ਪਿੱਛੇ ਦੌੜੇ ਫਿਰਦੇ। ਬਹਾਦਰ ਕਹਿੰਦਾ, ‘‘ਵੋ ਆ ਗਿਆ ਹੈ... ਜੋ ਰਾਈਟਰ
ਹੈ... ਜੋ ਬਹੁਤ ਹਾਸੇਂ ਕੀ ਬਾਤੇਂ ਸੁਨਾਤਾ ਹੈ...।‘‘ ਕੋਈ ਰੁਪਾਣੇ ਤਾਏ ਲਈ ਸਿਗਰਟਾਂ ਦੀ
ਡੱਬੀ ਲਿਆਉਂਦਾ... ਕੋਈ ਦਾਰੂ ਦੀ ਬੋਤਲ... ਕੋਈ ਕੌਲੀ ਵਿਚ ਪਾਣੀ ਪਾ ਕੇ ਉਹਦੇ ਮੂਹਰੇ
ਧਰਦਾ, ਤਾਂ ਕਿ ਉਹ ਸੂਟੇ ਲਾ-ਲਾ ਕੇ ਸਿਗਰਟ ਦੀ ਸੁਆਹ ਕੌਲੀ ਵਿਚ ਝਾੜੀ ਚੱਲੇ... ਕੋਈ ਸਲਾਦ
ਚੀਰਦਾ... ਆਮਲੇਟ ਬਣਾਂਦਾ... ਤੇ ਰੁਪਾਣੇ ਤਾਏ ਨੂੰ ‘ਗੱਲਾਂ ਦੇ ਗਲੋਟੇ‘ ਉੱਧੜ-ਉੱਧੜ
ਆਉਂਦੇ। ਮੈਂ ਪਛਤਾਂਦਾ, ‘ਹਾਏ! ਕਿਉਂ ਨਾ ਮੈਂ ਆਪਣਾ ਰਿਕਾਰਡਰ ਨਾਲ ਚੁੱਕੀ ਲਿਆਇਆ... ਤਾਏ
ਦੀਆਂ ਏਨੀਆਂ ‘ਕੀਮਤੀ ਗੱਲਾਂ‘ ਰਿਕਾਰਡ ਕਰਕੇ ਸਾਂਭ ਲੈਂਦਾ। ਇਹ ਸਾਡਾ ਤਾਇਆ ਤਾਂ ਪੰਜਾਬੀ
ਸਾਹਿਤ-ਜਗਤ ਦਾ ਜੀਂਦਾ-ਜਾਗਦਾ ਵਿਸਤ੍ਰਿਤ ਇਤਿਹਾਸ ਹੈ। ਏਹਨੂੰ ਤਾਂ ਭੁੱਲੀ ਫਿਰਦੇ ਨੇ ਸਾਡੇ
ਵਿਦਵਾਨ... ਆਲੋਚਕ... ਤੇ ਸਾਹਿਤ ਦੇ ਅਲੰਬਰਦਾਰ... ਪਤਾ ਨਹੀਂ ਕਿਉਂ ਏਹਦੀ ਗੱਲ ਨਹੀਂ
ਕਰਦੇ... ਜਾਂ ਏਹਦੀ ਗੱਲ ਸੁਣਦੇ...? ਕਰਨ ਖਾਂ ਗੱਲਾਂ ਸਾਹਮਣੇ ਬਹਿ ਕੇ ਏਹਦੇ ਨਾਲ... ਜੇ
ਜੁਅੱਰਤ ਹੈ ਉਹਨਾਂ ਵਿਚ?‘‘
ਸੱਚੀ ਗੱਲ ਹੈ, ਤਾਏ ਦੀ ਬਹੁਤ ਸਮਰੱਥ ਤੇ ਕਮਾਲ ਦੀ ‘ਕਹਾਣੀ ਕਲਾ‘ ਬਾਰੇ ਬਹੁਤੇ ਆਲੋਚਕਾਂ
ਨੇ ਚੁੱਪ ਹੀ ਧਾਰੀ ਹੋਈ ਹੈ, ਹੁਣ ਤੀਕ ਜਿੰਨੀ ਗੱਲ ਹੋਣੀ ਚਾਹੀਦੀ ਸੀ, ਓਨੀ ਨਹੀਂ ਹੋਈ। ਹੋ
ਸਕਦੈ ਤਾਏ ਦੀ ਘੌਲ ਵੀ ਏਸ ਗੱਲ ਵਿਚ ਕਸੂਰਵਾਰ ਹੋਵੇ, ਮੈਨੂੰ ਲਗਦਾ ਤਾਏ ਨੇ ਉਹਨਾਂ
ਮੁੰਡੇ-ਕੁੜੀਆਂ ਦੀਆਂ ਚਿੱਠੀਆਂ ਦੇ ਜੁਆਬ ਈ ਨਹੀਂ ਦਿੱਤੇ ਹੋਣੇ, ਜਿਹੜੇ ਇਹਦੇ ਉੱਤੇ ਐਮ.
ਫ਼ਿਲ. ਜਾਂ ਪੀ. ਐਚ. ਡੀ. ਕਰਨੀ ਚਾਹੁੰਦੇ ਸੀ।
ਕਹਾਣੀਕਾਰ ਡਾ. ਹਰਜਿੰਦਰ ਸਿੰਘ ਸੂਰੇਵਾਲੀਆ ਨੇ ਇਸ ਤੱਥ ਦੀ ਪ੍ਰੋੜਤਾ ਕਰਦਿਆਂ ਦੱਸਿਆ,
‘‘ਸੰਨ 1986-87 ਦੀ ਗੱਲ ਐ... ਮੈਂ ਰੁਪਾਣਾ ਦੀਆਂ ਕਹਾਣੀਆਂ ‘ਤੇ ਐੱਮ. ਫ਼ਿਲ. ਕਰਨ ਦੀ
ਸੋਚੀ... ਗੁਰਬਚਨ ਸਿੰਘ ਭੁੱਲਰ ਤੋਂ ਉਹਦਾ ਸਿਰਨਾਵਾਂ ਲੈ ਕੇ ਰੁਪਾਣੇ ਨੂੰ ਚਿੱਠੀ ਲਿਖੀ...
ਕੋਈ ਜਵਾਬ ਨਾ ਆਇਆ... ਫਿਰ ਚਿੱਠੀ ਲਿਖੀ... ਨਾਂਹ... ਫਿਰ ਤੀਜੀ ਚਿੱਠੀ.... ਨਾਂਹ...
ਫਿਰ ਮੈਂ ਸੋਚਿਆ ਕਿ ਨਹੀਂ ਤਾਂ ਨਾ ਸਈਂ... ਮੈਂ ਇਹਦੇ ‘ਤੇ ‘ਗੁਰਦੇਵ ਸਿੰਘ ਰੁਪਾਣਾ ਦਾ
ਕਥਾ-ਜਗਤ‘ ਨਾਂ ਹੇਠ ਥੀਸਿਜ਼ ਲਿਖ ਕੇ ਮੁਕੰਮਲ ਕੀਤਾ.... ਇਹਦੇ ਵਲੋਂ ਕੋਈ ਸਹਿਯੋਗ ਨਾ
ਮਿਲਿਆ... ਜਿਹੜਾ ਇਕ ਲੇਖਕ ਵਲੋਂ ਉਸ ‘ਤੇ ਖੋਜ ਕਾਰਜ ਕਰ ਰਹੇ ਖੋਜਾਰਥੀ ਨੂੰ ਦਿੱਤਾ ਜਾਂਦਾ
ਐ।‘‘
**************
ਤਾਏ ਦੀਆਂ ਗੱਲਾਂ ਸੁਣਦਾ ਮੈਂ ਇਹੋ-ਜਿਹਾ ਕੁਝ ਸੋਚੀ ਜਾਂਦਾ। ਉਹ ਤਾਂ ਬੋਲੀ ਹੀ ਜਾਂਦਾ
ਸੀ... ਬੇਰੋਕ... ਬੇਅਟਕ... ਚੱਲ ਸੋ ਚੱਲ... ਬਲਜੀਤ ਬੜੀ ਗਹੁ ਨਾਲ ਸੁਣਦਾ ਤੇ ਵਾਹ-ਵਾਹ
ਕਰਦਾ। ਨਾ ਤਾਏ ਦੀ ਸਿਗਰਟ ਬੁਝਦੀ, ਨਾ ਗੱਲ ਟੁੱਟਦੀ, ਬਹੁਤ ਦਿਲਚਸਪ ਤੇ ਦਸਤਾਵੇਜ਼ ਹੁੰਦੀਆਂ
ਤਾਏ ਦੀਆਂ ਗੱਲਾਂ। ਮੈਂ ਉਸ ਦੀ ‘ਯਾਦ ਸ਼ਕਤੀ‘ ਤੇ ਵੀ ਹੈਰਾਨ ਹੁੰਦਾ। ਉਹ ਅੰਮ੍ਰਿਤਾ ਦੀਆਂ
ਗੱਲਾਂ ਕਰਦਾ... ਕਦੇ ਰਜਿੰਦਰ ਸਿੰਘ ਬੇਦੀ ਦੀਆਂ... ਕਦੇ ਮਹਿਮੂਦ ਦੀਆਂ... ਕਦੇ ਭਾਪੇ
ਪ੍ਰੀਤਮ ਸਿੰਘ ਦੀਆਂ... ਕਦੇ ਦੁੱਗਲ ਦੀਆਂ... ਕਦੇ ਡਾ. ਹਰਿਭਜਨ ਸਿੰਘ ਦੀਆਂ... ਪ੍ਰਭਜੋਤ
ਕੌਰ ਤੇ ਕਰਨਲ ਨਰਿੰਦਰ ਪਾਲ ਦੀਆਂ... ਉਹ ਦਿੱਲੀ ਦੇ ਭਾਪੇ ਲੇਖਕਾਂ ਦੀ ਨਕਲ ਖ਼ੂਬ ਲਾਹੁੰਦਾ!
ਮੈਂ ਤੇ ਬਲਜੀਤ ਦੋਵੇਂ ਈ ਉਹਦੇ ਸਰੋਤੇ ਹੁੰਦੇ, ਉਹਦੇ ਸਰੋਤੇ ਤਾਂ ਸੈਂਕੜੇ-ਹਜ਼ਾਰਾਂ ਦੀ
ਗਿਣਤੀ ਵਿਚ ਚਾਹੀਦੇ ਸਨ। ਜੇ ਕਦੀ ਵਿੱਚੀਂ ਮੇਰਾ ਫ਼ੋਨ ਖੜਕਦਾ ਤਾਂ ਬਲਜੀਤ ਮੈਨੂੰ ਘੂਰੀ
ਵਟਦਾ... ਮੈਂ ਜਦੇ ਈ ਆਪਣੇ ‘ਫ਼ੋਨ ਦੀ ਸੰਘੀ‘ ਘੁੱਟ ਦਿੰਦਾ... ਬਲਜੀਤ ਨੇ ਤਾਂ ਆਪਣੇ ਦੋਵਾਂ
ਫ਼ੋਨਾਂ ਦੀਆਂ ‘ਖ਼ਾਮੋਸ਼-ਸਵਿੱਚਾਂ‘ ਪਹਿਲਾਂ ਈ ਦੱਬ ਰੱਖੀਆਂ ਹੁੰਦੀਆਂ ਸਨ।
**************
ਤਾਏ ਨੂੰ ਸੁਰਜੀਤ ਪਾਤਰ ਦਾ ਫ਼ੋਨ ਆਇਆ ਘਰੇ। ਤਾਇਆ ਮੇਰੇ ਨਾਲ ਸੀ। ਮੁੰਡੇ ਨੇ ਮੇਰੇ ਵਾਲਾ
ਫ਼ੋਨ ਦੇ ਦਿੱਤਾ। ਮੈਂ ਪਾਤਰ ਨਾਲ ਤਾਏ ਦੀ ਗੱਲ ਕਰਵਾਈ, ਇਕ ਪੰਜਾਬੀ ਟੀ.ਵੀ. ਚੈਨਲ ਵਾਲੇ
ਤਾਏ ਰੁਪਾਣੇ ਨਾਲ ਮੁਲਾਕਾਤ ਰਿਕਾਰਡ ਕਰਨੀ ਚਾਹੁੰਦੇ ਸਨ। ਪਾਤਰ ਨੇ ਦੱਸਿਆ ਕਿ ਤੁਹਾਡੇ ਘਰ
ਉਨ੍ਹਾਂ ਦੀ ਪੂਰੀ ਟੀਮ ਆਵੇਗੀ ਤੇ ਘਰ ਦੀ ਸ਼ੂਟਿੰਗ ਵੀ ਕਰੇਗੀ। ਰੁਪਾਣੇ ਨੇ ਕਿਹਾ, ‘‘ਜਦ
ਮਰਜ਼ੀ ਆ ਜਾਣ... ਮੈਂ ਤਾਂ ਘਰ ਈ ਹੁੰਨਾ...।‘‘
ਫ਼ੋਨ ਸੁਣਕੇ ਮੈਨੂੰ ਪੁੱਛਣ ਲੱਗਾ, ‘‘ਉਏ ਏਹੇ ਕੁਛ ਦੇਣ-ਦੂਣਗੇ ਵੀ ਮੈਨੂੰ... ਕਿ ਐਵੇਂ ਦੋ
ਘੰਟੇ ਭਕਾਈ ਕਰੌਣਗੇ ਮੇਰੀ...?‘‘
ਮੈਂ ਆਪਣੀ ਜਾਣਕਾਰੀ ਮੁਤਾਬਿਕ ਦੱਸਿਆ ਕਿ ਇਹ ਚੈਨਲ ਮੋਹਾਲੀ ਹੈ ਤੇ ਇੰਗਲੈਂਡੀਆਂ ਦਾ ਹੈ,
ਹਰੇਕ ਨੂੰ ਇਕ ਪ੍ਰੋਗਰਾਮ ਦਾ ਹਜ਼ਾਰ ਰੁਪਈਆ ਦਿੰਦੇ ਨੇ... ਇਕ ਫਾਰਮ ਉੱਤੇ ਦਸਤਖ਼ਤ
ਕਰਵਾਉਣਗੇ।
ਤਾਇਆ ਰੁਪਾਣਾ ਹੱਸਿਆ, ‘‘ਖਚ... ਖਚ.. ਖਚ... ਆਹ ਤਾਂ ਫੇਰ ਠੀਕ ਐ... ਹਜ਼ਾਰ ਤਾਂ ਮਿਲੂ...
ਬਾਬੇ ਦੀ ਕਿਰਪਾ ਨਾਲ ਮਾਇਆ ਦੀ ਦਿੱਕਤ ਰਹਿੰਦੀ ਐ।‘‘
ਮੈਂ ਕਿਹਾ, ‘‘ਏ ਤਾਇਆ, ਜਿੱਦਣ ਟੀ. ਵੀ. ਵਾਲੇ ਆਏ... ਓਦਣ ਪੱਗ ਸੰਵਾਰ ਕੇ ਬੰਨ੍ਹਲੀਂ...
ਨਾਲੇ ਆਬਦੀਆਂ ਸ਼ੀਲਡਾਂ ਤੇ ਕਿਤਾਬਾਂ ‘ਤੋਂ ਮਿੱਟੀ-ਘੱਟਾ ਝਾੜਲੀਂ... ਗੋਡੇ-ਗੋਡੇ ਗੰਦ ਪਾਈਂ
ਰੱਖਦੈ ਮਿਰਾਸੀਆਂ ਦੇ ਘਰਾਂ ਵਾਗੂੰ...।‘‘
‘‘ਬਕਵਾਸ ਨਾ ਕਰ... ਤੂੰ ਕਰਜੀਂ ਆ ਕੇ ਸਫ਼ਾਈ ਮਾਂ ਯਾਵ੍ਹੇ... ਮੱਤਾਂ ਦਿੰਨੈ...?‘‘
‘‘ਚੰਗਾ ਫਿਰ... ਨਾ ਕਰੀਂ... ਸਾਰਾ-ਸਾਰਾ ਦਿਨ ਮੰਜੇ ‘ਤੇ ਢੇਰੀ ਹੋਇਆ ਰਹਿੰਨੈ... ਕਦੇ
ਡੱਕਾ ਦੂਹਰਾ ਵੀ ਕਰ ਲਿਆ ਕਰ... ਨਾ ਕਦੇ ਕਿਸੇ ਦੀ ਚਿੱਠੀ ਦਾ ਜੁਆਬ ਦਿੰਨੈ... ਨਾ ਚੱਜ
ਨਾਲ ਕਿਸੇ ਦਾ ਫ਼ੋਨ ਸੁਣਦੈਂ... ਨਾ ਕੁਛ ਨਵਾਂ ਲਿਖਦੈਂ... ਆਹ ਜਿਹੜੀਆਂ ਗੱਲਾਂ ਲੋਕਾਂ ਨੂੰ
ਸੁਣਾਉਂਨੈ... ਏਹੀ ਬੋਲਣ ਦੀ ਬਜਾਏ ਲਿਖ-ਲਿਖ ਕੇ ਦੱਸ... ਵੱਧ ਲੋਕ ਪੜ੍ਹਨ... ਵੱਧ ਪ੍ਰਭਾਵ
ਪਵੇ... ਨਾਲੇ ਇਤਿਹਾਸ ਬਣਨ ਏਹ ਗੱਲਾਂ... ਸਾਂਭੀਆਂ ਜਾਣ... ਨਹੀਂ ਆਬਦੇ ਨਾਲ ਈ ਲੈ ਕੇ
ਮਰਜੇਂਗਾ...।‘‘
‘‘ਓ ਨਈਂ ਮਰਦਾ ਅਜੇ ਮੈਂ... ਬਕਵਾਸ ਨਾ ਕਰ...।‘‘ ਉਹ ਗੱਲ ਟਾਲ ਗਿਆ।
ਪ੍ਰਿੰਸੀਪਲ ਸਰਵਣ ਸਿੰਘ ਕੈਨੇਡਾ ਤੋਂ ਆਏ ਤਾਂ ਉਹਨਾਂ ਦਾ ਫ਼ੋਨ ਆਇਆ, ‘‘ਹਾਂ ਬਈ ਨਿੱਕੇ, ਕੀ
ਲਿਖ ਰਿਹੈਂ ਅੱਜਕੱਲ੍ਹ?‘‘
‘‘ਗੁਰਦੇਵ ਸਿੰਘ ਰੁਪਾਣਾ ਬਾਰੇ ਲਿਖ ਰਿਹਾਂ।‘‘
ਸਰਵਣ ਸਿੰਘ ਕਹਿਣ ਲੱਗੇ, ‘‘ਅੱਛਾ-ਅੱਛਾ, ਸਾਡਾ ਤਾਂ ਪੁਰਾਣਾ ਯਾਰ ਐ ਰੁਪਾਣਾ... ਦਿੱਲੀ ਵੀ
ਮਿਲਦੇ ਰਹੇ ਆਂ... ‘ਕੇਰਾਂ ਏਹ ਢੁੱਡੀਕੇ ਮਿਲਣ ਆਇਆ ਮੈਨੂੰ... ਤੇ ਮੇਰੀ ਪਤਨੀ ਏਹਨੂੰ
ਕਹਿੰਦੀ, ਵੀਰ ਜੀ... ਨਾਲ ਭੈਣ ਜੀ ਨੂੰ ਨ੍ਹੀਂ ਲਿਆਏ... ਏਹ ਅੱਗੋਂ ਆਂਹਦਾ... ਭੈਣ ਜੀ
ਤੋਂ ਤਾਂ ਖਹਿੜਾ ਛੁਡਾ ਕੇ ਆਇਆਂ... ਰਾਤ ਏਹ ਸਾਡੇ ਕੋਲ ਰਿਹਾ... ਹੂੰਘਰਾ ਜਿਹਾ ਮਾਰਨ
ਲੱਗਿਆ... ਆਖੇ ਸਿਗਰਟ ਹੈਨੀ... ਮੰਗਾਓ ਕਿਤੋਂ... ਅੱਧੀ ਰਾਤ ਦਾ ਵੇਲਾ... ਮਾੜੇ ਦਿਨ...
ਅੱਤਵਾਦ ਦੇ... ਮੈਂ ਕਿਹਾ ਸਿਗਰਟਾਂ ਲੈਣ ਗਿਆਂ ਨੂੰ ਕੋਈ ਮਾਰਦੂ ਗੋਲੀ ਨਾਲ... ਪਿਆ ਰਹਿ
ਚੁੱਪ ਕਰਕੇ... ਆਂਹਦਾ ਹੁਣ ਵੀ ਤਾਂ ਮਰਦਾਂ ਆਂ... ਕੀਹਨੇ ਲਿਆਉਣੀ ਸੀ ਸਿਗਟ-ਸੁਗਟ... ਆਪੇ
ਪੈ-ਪੂ ਗਿਆ...।‘‘
**************
ਪੰਜਾਬੀ ਯੂਨੀਵਰਸਿਟੀ ਦੇ ਸਾਹਿਤ-ਅਧਿਐਨ ਵਿਭਾਗ ਨੇ ਆਪਣੀ ਸਕੀਮ ਅਨੁਸਾਰ ਕੁਝ ਉੱਘੇ
ਸਾਹਿਤਕਾਰਾਂ ਤੋਂ ਉਨ੍ਹਾਂ ਦੀਆਂ ਸਾਹਿਤਕ ਸਵੈ-ਜੀਵਨੀਆਂ ਲਿਖਵਾਉਣੀਆਂ ਤੇ ਛਾਪਣੀਆਂ ਸ਼ੁਰੂ
ਕੀਤੀਆਂ ਤੇ ਰੁਪਾਣੇ ਨੂੰ ਵੀ ਆਪਣੀ ਸਵੈ-ਜੀਵਨੀ ਲਿਖ ਕੇ ਭੇਜਣ ਲਈ ਚਿੱਠੀ ਲਿਖੀ ਤੇ ਨਾਲ ਇਹ
ਵੀ ਦੱਸਿਆ ਕਿ ਇਸ ਲਈ ਸੇਵਾਫ਼ਲ ਵੀ ਮਿਲੇਗਾ। ਉਹਨੇ ਸਵੈ-ਜੀਵਨੀ ਤਾਂ ਕੀ ਲਿਖਣੀ ਸੀ...
ਯੂਨੀਵਰਸਿਟੀ ਦੀ ਚਿੱਠੀ ਦਾ ਜੁਆਬ ਤੱਕ ਨਾ ਦਿੱਤਾ। ਵਿਭਾਗ ਦੀ ਮੁਖੀ ਡਾ. ਅੰਮ੍ਰਿਤਪਾਲ ਕੌਰ
ਮੈਨੂੰ ਯੂਨੀਵਰਸਿਟੀ ਗਏ ਨੂੰ ਮਿਲੀ ਤੇ ਕਿਹਾ, ‘‘ਰੁਪਾਣਾ ਜੀ ਨੂੰ ਸਾਡਾ ਇਹ ਕੰਮ ਯਾਦ
ਕਰਵਾਣਾ।‘‘
ਮੈਂ ਆਖਿਆ, ‘‘ਤਾਇਆ ਲਿਖਦੇ ਕਿਤਾਬ।‘‘
‘‘ਕੀ ਲੈਣਾ ਯਾਰ... ਐਵੇਂ... ਛੱਡ ਪਰ੍ਹਾਂ... ਕਿਹੜਾ ਮੱਥਾ ਮਾਰੇ।‘‘
‘‘ਫੇਰ ਹੁਣ... ਹੋਰ ਕੀ ਲਿਖੇਂਗਾ... ਕੁਛ ਤਾਂ ਲਿਖ...?‘‘
‘‘ਮੈਂ ਮੁਕਤਸਰ ਸ਼ਹਿਰ ਬਾਰੇ ਆਪਣਾ ਨਾਵਲ ਲਿਖ ਰਿਹਾਂ... ਏਹਦੇ ਵਿਚ ਬਾਹਲ਼ਾ ਰੁੱਝਿਆ ਵੈਂ।‘‘
ਚਿੱਠੀ ਤਾਂ ਉਹ ‘ਕੇਰਾਂ ਪੜ੍ਹ ਕੇ, ਬੈੱਡ ਉੱਤੇ ਪਏ ਕਿਤਾਬਾਂ-ਅਖ਼ਬਾਰਾਂ ਦੇ ਖਿਲਾਰੇ ‘ਚ
ਤੁੰਨ ਦਿੰਦਾ ਹੈ। ਨਵੇਂ ਲੇਖਕਾਂ ਨੂੰ ਤਾਂ ਉੱਕਾ ਈ ਨਹੀਂ ਪੜ੍ਹਦਾ। ਪੰਜਾਬ ਦੀਆਂ
ਸਾਹਿਤਕ-ਸਰਗਰਮੀਆਂ, ਨਵੀਆਂ ਛਪੀਆਂ ਕਿਤਾਬਾਂ, ਰਸਾਲਿਆਂ ਵੱਲ ਵੀ ਧਿਆਨ ਨਹੀਂ ਦਿੰਦਾ। ਬਸ,
ਸਾਰਾ-ਸਾਰਾ ਦਿਨ ਅੰਦਰੇ ਪਿਆ ਈ ਲੰਘਾਅ ਦਿੰਦਾ ਹੈ। ਲਗਦਾ ਹੈ, ਤਾਏ ਨੇ ਆਪਣਾ ਰੁਟੀਨ ਹੀ
ਨਹੀਂ ਬਣਾਇਆ। ਪਿੱਛੇ ਜਿਹੇ ਹਾਰਟ-ਅਟੈਕ ਹੋ ਗਿਆ ਸੀ, ਦੋ ਲੱਖ ਖਰਚਾ ਹੋ ਗਿਆ। ਹੁਣ ਉਹਨੂੰ
ਕਹਿਣਾ ਹੋਰ ਵੀ ਸੌਖਾ ਹੋ ਗਿਆ, ‘‘ਮੈਂ ਤਾਂ ਯਾਰ ਬੀਮਾਰ ਆਂ... ਕੰਮ ਕੀ ਕਰਾਂ?‘‘ ਮੈਂ
ਕਹਿੰਨਾ, ਸਵੇਰੇ ਸਾਝਰੇ ਉੱਠੇ। ਖੇਤਾਂ ਦੇ ਬੰਨਿਆਂ ‘ਤੇ ਤੁਰਨ ਜਾਵੇ। ਤਾਜ਼ੀ ਹਵਾ ਫੱਕੇ।
ਕੁਝ ਸਰੀਰ ਖੁੱਲ੍ਹੇ। ਭੁੱਖ ਚੰਗੀ ਤਰ੍ਹਾਂ ਤਦੇ ਈ ਲੱਗੇ! ਲਿਖਣ-ਪੜ੍ਹਨ ਨੂੰ ਵੀ ਦਿਲ ਆਪੇ
ਕਰੇ।
ਇਕ ਦਿਨ ਮੈਂ ਗਿਆ ਤਾਂ ਉਹ ਰਜਾਈ ਉੱਤੇ ਕੰਬਲ ਜੋੜੀ ਪਿਆ, ਟੀ.ਵੀ. ਦੇਖ ਰਿਹਾ ਸੀ। ਉੱਠਕੇ
ਬਹਿ ਗਿਆ, ‘‘ਯਾਰ ਬੇਦੀ ਦੀ ਫ਼ਿਲਮ ਆ ਰਹੀ ਐ ਦੇਵਦਾਸ...।‘‘ ਟੀ.ਵੀ. ਬੰਦ ਕਰ ਦਿੱਤਾ।
ਮੈਂ ਕਿਹਾ, ‘‘ਤਾਇਆ ਕਮਰੇ ਅੰਦਰ ਠੰਢ ਨਹੀਂ ਆਉਂਦੀ?‘‘
‘‘ਉਏ ਜਦ ਠੰਡ ਲੱਗੇ ਫੇ ਮੈਂ ਕੋਈ ਬੋਗਸ ਜਿਹੀ... ਕੱਚ ਘਰੜ... ਭੇਟਾ ਹੋਈ ਕਿਤਾਬ ਆਬਦੇ
ਮੂਹਰੇ ਧਰ ਲੈਨਾਂ... ਉਹਨੂੰ ਦੇਖ-ਦੇਖ ਆਪੇ ਗਰਮੀਂ ਆਈ ਜਾਂਦੀ ਐ।‘‘ ਉਹੀ ਗੱਜਣ ਬੌਰੀਏ
ਵਾਲੀ ‘‘ਖਚ... ਖਚ... ਖਚ...।‘‘
ਤਾਏ ਦਾ ਘਰ ਸਾਂਝਾ ਸੀ ਭਤੀਜਿਆ ਨਾਲ। ਖੁੱਲ੍ਹੇ ਵਿਹੜੇ ਵਿਚ ਚਾਰ-ਪੰਜ ਘਰ... ਦੋ-ਦੋ,
ਤਿੰਨ-ਤਿੰਨ ਕੋਠੇ... ਵਿਹੜਾ ਇਕੋ... ਉਂਜ ਬੇਤਰਤੀਬਾ ਜਿਹਾ। ਜਦੋਂ ਤਾਏ ਨੂੰ ਹਾਰਟ-ਅਟੈਕ
ਹੋਇਆ, ਇਹ ਦਿੱਲੀ ਦਾਖ਼ਲ ਰਿਹਾ ਸੀ, ਮਗਰੋਂ ਭਤੀਜੇ ਵਿਹੜੇ ਵਿਚ ਕੰਧਾਂ ਕੱਢਣ ਲੱਗੇ। ਉਹ ਘਰ
ਆਇਆ ਤਾਂ ਬਹੁਤ ਦੁਖੀ ਹੋਇਆ। ਭਤੀਜੇ ਧੱਕਾ ਕਰ ਰਹੇ ਸਨ। ਤਾਏ ਨੇ ਬਲਜੀਤ ਸਿੱਧੂ ਨੂੰ ਕਿਹਾ
ਤਾਂ ਉਹਨੇ ਆਪਣੀ ਪੁਲਿਸ ਪਾਰਟੀ ਭੇਜਕੇ ਕੰਧਾਂ ਕੱਢਣੀਆਂ ਰੁਕਵਾ ਦਿੱਤੀਆਂ। ਤਾਏ ਦੇ ਭਤੀਜੇ
ਬਲਜੀਤ ਦੇ ਮਾਸੜ ਨੂੰ ਨਾਲ ਲੈ ਕੇ ਆ ਗਏ ਸਿਫ਼ਾਰਿਸ਼ ਲਈ। ਬਲਜੀਤ ਆਪਣੇ ਮਾਸੜ ਨੂੰ ਕਹਿਣ
ਲੱਗਿਆ, ‘‘ਮਾਸੜ ਜੀ, ਮੈਨੂੰ ਤੁਸੀਂ ਬਾਅਦ ਵਿਚ... ਰੁਪਾਣਾ ਜੀ ਪਹਿਲਾਂ।‘‘ ਬਲਜੀਤ ਨੇ ਤਾਏ
ਦੇ ਭਤੀਜਿਆਂ ਨੂੰ ਵੀ ਸਮਝਾਇਆ ਕਿ ਤੁਹਾਡਾ ਤਾਇਆ ਕਿੰਨਾ ਮੰਨਿਆ ਹੋਇਆ ਸਾਹਿਤਕਾਰ ਹੈ, ਇਹਦੇ
ਕਰਕੇ ਤੁਹਾਡੀ ਵੀ ਇੱਜ਼ਤ ਹੁੰਦੀ ਐ... ਰਲ-ਮਿਲਕੇ ਰਹੋ।‘‘
ਹਾਂ ਸੱਚ, ਯਾਦ ਆਇਆ। ਬਲਜੀਤ ਦੇ ਘਰੇ ਹੀ ਸਾਂ ਓਦਣ ਵੀ ਅਸੀਂ। ਤਾਇਆ ਨਕਲਾਂ ਲਾਹੁਣ ਲੱਗਿਆ।
ਭਾਸ਼ਾ ਵਿਭਾਗ ਦੇ ਮੁਖੀ ਰਹੇ ਤੇ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਰਹੇ ਗਿਆਨੀ ਲਾਲ ਸਿੰਘ
ਦੀ ਰੀਸ ਲਾਹਵੇ ਤਾਇਆ। ਮੈਂ ਤਾਂ ਦੰਗ ਈ ਰਹਿ ਗਿਆ ਸਾਂ। ਜਮਾਂ ਉਵੇਂ ਈ ਬੋਲੇ! ਮੈਂ ਅੱਖਾਂ
ਬੰਦ ਕਰਕੇ ਸੁਣਨ ਲੱਗਿਆ, ਭੋਰਾ ਫ਼ਰਕ ਨਾ ਲੱਗੇ, ਇਵੇਂ ਲੱਗੇ, ਜਿਵੇਂ ਗਿਆਨੀ ਜੀ ਖ਼ੁਦ
ਸਾਹਮਣੇ ਬੈਠੇ ਬੋਲ ਰਹੇ ਨੇ। ਗਿਆਨੀ ਜੀ ਦੀ ਓਸ ਵੇਲੇ ਦੀ ਨਕਲ ਲਾਹੀ, ਜਦ ਗਿਆਨੀ ਜੀ ਨੇ
ਡਾ. ਜੀਤ ਸਿੰਘ ਸੀਤਲ ਨੂੰ ਆਪਣੇ ਘਰ ਰੋਟੀ ‘ਤੇ ਬੁਲਾਇਆ ਸੀ ਤੇ ਘਰ ਵਾਲੀ ਨੂੰ ਆਲੂ-ਮੇਥੀ
ਦੀ ਸਬਜ਼ੀ ਲਿਆਉਣ ਲਈ ਕਿਹਾ ਸੀ। ਫਿਰ ਤਾਇਆ ਇਕ ਕੰਬੋਅ ਦੀ ਨਕਲ ਲਾਹੁੰਣ ਲੱਗਿਆ, ਰੇਲ ਵਿਚ
ਜਾਂਦੇ ਤਾਏ ਨੂੰ ਇਕ ਕੰਬੋਅ ਮਿਲ ਜਾਂਦਾ ਹੈ ਤੇ ਉਹ ਗੱਲਾਂ ਕਰਦੇ ਹਨ। ਕਿਵੇਂ ਗੱਲਾਂ ਕਰਦੇ
ਨੇ? ਤਾਏ ਨੇ ਸੁਣਾ ਕੇ ਸਿਰਾ ਈ ‘ਲਾਤਾ। ਸਾਡੇ ਤਾਂ ਢਿੱਡੀਂ ਪੀੜਾਂ ਪੈ ਗਈਆਂ। ਮੈਨੂੰ ਖ਼ੁਸ਼ੀ
ਹੋਈ ਸੀ ਕਿ ਬਲਜੀਤ ਨੇ ਆਪਣਾ ਵੀਡੀਓ ਕੈਮਰਾ ਔਨ ਕਰਕੇ ਇਕ ਨੁੱਕਰੇ ਧਰ ਦਿੱਤਾ ਹੋਇਆ ਸੀ...
ਚਲੋ, ਇਕ ਚੀਜ਼ ਤਾਂ ਸਾਂਭੀ ਗਈ ਸੀ ਤਾਏ ਦੀ।
ਮੈਂ ਤੇ ਬਲਜੀਤ ਸਿੱਧੂ ਤਾਏ ਦੇ ਘਰ ਕਈ ਵਾਰੀ ਜਾ ਆਏ ਸਾਂ, ਕਦੇ ਲੈਣ, ਕਦੇ ਛੱਡਣ, ਕਦੇ ਉਂਜ
ਮਿਲਣ।
ਇਹ ਗੱਲ ਓਦਣ ਦੀ ਹੈ, ਜਿੱਦਣ ਹਰਭਜਨ ਜੱਬਲ ਦੇ ਮਰਨ ਦੀ ਖ਼ਬਰ ਆਈ ਸੀ। ਹਾਲੇ ਥੋੜਾ ਚਿਰ
ਪਹਿਲਾਂ ਈ ਜੱਬਲ ਨੇ ਮੇਰੀ ‘ਜੱਜ ਦਾ ਅਰਦਲੀ‘ ਟੈਲੀਫ਼ਿਲਮ ਵਿਚ ਕੰਮ ਕੀਤਾ ਸੀ। ਜੱਬਲ ਨਾਲ
ਮੇਰਾ ਚੰਗਾ ਮੋਹ-ਤੇਹ ਬਣ ਗਿਆ ਹੋਇਆ ਸੀ। ਉਹਨੀਂ ਦਿਨੀਂ ਹੀ ਮੈਂ ਮਾਨਸਿਕ ਰੋਗ ਕਾਰਨ
ਪਰੇਸ਼ਾਨ ਸਾਂ ਤੇ ਦਵਾਈ ਖਾਂਦਾ ਸਾਂ। ਬਸ, ਸਾਦਿਕ ਮੰਡੀ ਆਉਂਦਾ ਤੇ ਸ਼ਾਮ ਨੂੰ ਪਿੰਡ ਜਾ
ਵੜਦਾ। ਦੋਸਤ ਅਤੇ ਘਰ ਦੇ ਕਿਧਰੇ ਦੂਰ ਨਾ ਜਾਣ ਦਿੰਦੇ। ਬਲਜੀਤ ਵੀ ਨਿੱਤ ਫੋਨ ਕਰਕੇ
ਹਾਲ-ਚਾਲ ਪਤਾ ਕਰਦਾ ਰਹਿੰਦਾ। ਜੱਬਲ ਦੀ ਮੌਤ ਦੀ ਖ਼ਬਰ ਸੁਣਕੇ ਹੋਰ ਵੀ ਉਦਾਸ ਹੋ ਗਿਆ ਸਾਂ।
ਬਲਜੀਤ ਨੇ ਵੀ ਖ਼ਬਰ ਪੜ੍ਹ ਲਈ ਸੀ, ਫ਼ੋਨ ‘ਤੇ ਦੁੱਖ ਸਾਂਝਾ ਕਰਕੇ ਕਹਿਣ ਲੱਗਾ, ‘‘ਤੂੰ ਮੇਰੇ
ਕੋਲ ਆ ਜਾ... ਏਥੇ... ਰਹੀ ਚੱਲ।‘‘ ਜਦ ਮੈਂ ਉਹਦੇ ਕੋਲ ਪੁੱਜਾ ਤਾਂ ਅੱਗੇ ਤਾਇਆ ਆਇਆ ਬੈਠਾ
ਸੀ ਤੇ ਬਲਜੀਤ ਨੂੰ ਗੱਲਾਂ ਸੁਣਾ-ਸੁਣਾ ਹਸਾਈ ਜਾਂਦਾ ਸੀ। ਮੈਂ ਤਾਂ ਅੱਜ ਬਹੁਤ ਉਦਾਸ ਸਾਂ
ਤੇ ਹੋਰ ਉਦਾਸੀ ਵਿਚ ਲੱਥ ਜਾਣ ਲਈ ਦਿਲ ਕਰੀ ਜਾਂਦਾ ਸੀ। ਇਥੇ ਤਾਂ ਮੈਥੋਂ ਬਹਿ ਨਹੀਂ ਸੀ
ਹੋਣਾ। ਲਗਦਾ ਸੀ ਤਾਇਆ ਪਿੰਡ ਨਹੀਂ ਸੀ ਜਾ ਰਿਹਾ। ਅੱਜ ਦੀ ਸ਼ਾਮ ਇੱਥੇ ਹੀ ਮਨਾਉਣੀ ਲਗਦੀ
ਸੀ। ਬਲਜੀਤ ਮੈਨੂੰ ਬੁਝੇ ਬੈਠੇ ਨੂੰ ਵਾਰ-ਵਾਰ ਦੇਖਦਾ ਤੇ ਗੱਲ ਬਦਲਣ ਦੀ ਕੋਸ਼ਿਸ਼ ਕਰਦਾ ਪਰ
ਤਾਇਆ ਤਾਂ ਆਪਣੇ ਟਰੈਕ ਤੋਂ ਹਟ ਨਹੀਂ ਸੀ ਰਿਹਾ, ਉਹੀ ਹਾਸਾ... ਖਚ... ਖਚ... ਖਚ... ਸਾਡੇ
ਪਿੰਡ ਵਾਲੇ ਗੱਜਣ ਬੌਰੀਏ ਦੀ ਤਰ੍ਹਾਂ।
ਸ਼ਾਮ ਉੱਤਰ ਆਈ ਸੀ। ਬਹਾਦਰ ਹੁਰੀਂ ਖਾਣ-ਪੀਣ ਦਾ ਸਮਾਨ ਰੱਖਣ ਲੱਗੇ ਸਨ। ਬਲਜੀਤ ਨੂੰ ਕਿਹਾ,
‘‘ਬਾਈ ਜੀ... ਮੈਂ ਜਾਨੈ... ਫਿਰ ਮਿਲਾਂਗੇ।‘‘
‘‘ਤੂੰ ਕਿਤੇ ਨਹੀਂ ਜਾਣਾ... ਏਥੇ ਈ ਰਹਿਣੈ... ਬੈਠ ਜਾ ਬੰਦਾ ਬਣਕੇ... ਓਕੇ?‘‘
ਬਲਜੀਤ ਦੇ ਕਹਿਣ ‘ਤੇ ਤਾਏ ਨੂੰ ਵੀ ਆਖਣਾ ਪਿਆ, ‘‘ਉਏ ਤੂੰ ਬਹਿੰਦਾ ਨੀਂ ਟਿਕਕੇ... ਮਾਂ
ਯਾਵ੍ਹਿ...।‘‘
ਮੈਂ ਅਨਮੰਨੇ ਮਨ ਨਾਲ ਬੈਠ ਗਿਆ। ਮੈਨੂੰ ਪਤਾ ਸੀ ਤਾਏ ਨੇ ਆਪਣੇ ਟਰੈਕ ਤੋਂ ਲੱਥਣਾ ਨਹੀਂ
ਹੈ।
‘‘ਲੈਅ ਤੇਰੀ ਉਦਾਸੀ ਦੂਰ ਕਰੀਏ...।‘‘ ਬਲਜੀਤ ਨੇ ਇਕ ਨਿੱਕਾ-ਪਤਲਾ ਪੈੱਗ ਮੈਨੂੰ ਦਿੰਦਿਆ
ਕਿਹਾ। ਮੈਂ ਪੀਣ ਲੱਗਿਆ। ਅੱਜ ਤਾਇਆ ਵਾਹਵਾ ਪੀ ਗਿਆ ਸੀ... ਅਜੇ ਹੋਰ ਬਹਿਣਾ ਸੀ ਤੇ ਰੋਟੀ
ਖਾਣੀ ਸੀ। ਮੈਥੋਂ ਬਲਜੀਤ ਤੇ ਤਾਏ ਦੇ ਬਰਾਬਰ ਹੱਸ ਨਹੀਂ ਸੀ ਹੋ ਰਿਹਾ। ਮੈਂ ਕੋਲ ਬੈਠਾ ਹੀ,
ਕਾਗਜ਼ ਲੈ ਕੇ ਕੁਝ ਲਿਖਣ ਲੱਗਿਆ। ਤਾਏ ਨੂੰ ਇਹ ਗੱਲ ਚੁਭ ਰਹੀ ਸੀ। ਫਿਰ ਹੌਲੇ-ਹੌਲੇ ਤਾਇਆ
ਮੇਰੇ ਵੱਲ ਹੋਇਆ। ਕਦੇ ਲੱਗੇ ਕਿ ਤਾਇਆ ਮੈਨੂੰ ਡਿਸਕਰਜ਼ ਜਿਹਾ ਕਰਦੈ। ਕਦੇ ਲੱਗੇ ਵਿਅੰਗ
ਕਸਦੈ। ਤਾਇਆ ਕਹਿੰਦੈ, ‘‘ਤੂੰ ਜਗਬਾਣੀ ਅਖ਼ਬਾਰ ਪੜ੍ਹਦੈ ਹੁੰਨੈ ਉਏ... ਲਿਖਦਾ ਵੀ ਐਂ ਉਹਦੇ
‘ਚ...?‘‘
‘‘ਆਹੋ...।‘‘
‘‘ਹਿੰਦੂਆਂ ਦਾ ਪੇਪਰ ਐ... ਜਨ-ਸੰਘੀਆਂ ਦਾ ਪੇਪਰ ਐ ਏਹੇ... ਦੇਸ਼ ਨੂੰ ਤਬਾਹ ਕਰਨ ਵਾਲੇ
ਜਨ-ਸੰਘੀ ਸਾਲੇ...।‘‘
‘‘ਓ ਤਾਇਆ ਛਡ... ਕੋਈ ਹੋਰ ਗੱਲ ਕਰ... ਮੈਂ ਕੀ ਜਨ-ਸੰਘੀਆਂ ਤੋਂ ਟੀਂਡ੍ਹੇ ਲੈਣੇ ਆਂ?‘‘
‘‘ਮਾਂ ਯਾਵ੍ਹਿਆਂ... ਤੈਥੋਂ ਸੱਚ ਨੀਂ ਸੁਣੀਦਾਂ ਹੁਣ...?‘‘
‘‘ਛੱਡ ਯਾਰ ਤਾਇਆ... ਸੱਚ-ਸੁੱਚ... ਤੂੰ ਤਾਂ ਹਰੇਕ ਥਾਂ ਆਵਦੀ ‘ਕੜ੍ਹੀ ਘੋਲਣੀ‘ ਹੁੰਦੀ
ਐ... ਕਿਸੇ ਦੀ ਗੱਲ ਸੁਣਨ ਦੀ ਆਦਤ ਵੀ ਪਾ ਆਪਣੇ ਆਪ ਨੂੰ...।‘‘
‘‘ਚੱਲ... ਮਾਂ ਦੀ... ਯਾਵ੍ਹਾ... ਕੱਲ ਦਾ ਛੋਕਰਾ... ਮੈਨੂੰ ਦਸਦੈ।‘‘
‘‘ਤਾਇਆ ਮੈਂ ਕਹਿੰਨੈ... ਕੰਮ ਕਰ ਆਵਦਾ... ਹੋਰ ਨਾ ਯੱਭ੍ਹ ਪਾ ਲਈਂ... ਮੈਂ ਠੀਕ ਨਈ
ਆਂ।‘‘
ਬਲਜੀਤ ਸਾਨੂੰ ਦੋਵਾਂ ਨੂੰ ਠੰਡੇ ਕਰਨ ਲੱਗਿਆ ਸੀ। ਬੜਾ ਸੁਹਣਾ ਹਾਸਾ ਹਸਦਾ ਬਲਜੀਤ ਸਿੱਧੂ
ਹੁਣ ਕਦੇ ਰੁਪਾਣਾ ਜੀ ਨੂੰ ਸਬਰ ਕਰਨ ਲਈ ਕਹਿੰਦਾ ਤੇ ਕਦੇ ਵੱਡੇ ਭਰਾ ਵਾਂਗ ਮੇਰੇ ਵੱਲ ਘੂਰੀ
ਵੱਟਦਾ।
‘‘ਨਾ ਯੱਭ੍ਹ ਨੂੰ ਕੀ ਤੂੰ ਮੇਰਾ ਬੈਂਗਣ ਪੱਟਲੇਂਗਾ।‘‘ ਤਾਇਆ ਤਾਂ ਬਹੁਤਾ ਈ ਭਖ਼ ਗਿਆ ਸੀ।
‘‘ਕਰ ਯਾਰ ਜੋ ਤੂੰ ਕਰਨੈ... ਕਰ।‘‘ ਮੈਂ ਆਪਣੀ ਥਾਂ ‘ਤੋਂ ਉੱਠ ਖਲੋਇਆ। ਬਲਜੀਤ ਬਿਠਾਣ
ਲੱਗਿਆ।
‘‘ਤੂੰ ਮਾਂ ਚੋ... ਮੈਨੂੰ ਮੱਤਾਂ ਦਿੰਨੈ? ਵੇਖ ਯਾਰ ਬਲਜੀਤ ਏਹੇ... ਕੁੱਤਾ ਛੁਹਰ ਕਿਸੇ
ਥਾਂ ਦਾ?‘‘
‘‘ਤਾਇਆ ਹਟਜਾ... ਹਟਜਾ... ਲਾਡ ਨਾਲ ਕੱਢੀ ਗਾਲ੍ਹ ਹੋਰ ਹੁੰਦੀ ਐ... ਤੂੰ ਅੱਜ ਗ਼ਲਤ ਐਂ
ਤਾਇਆ... ਮੈਂ ਤੈਨੂੰ ਦੱਸਾਂ।‘‘
ਤਾਇਆ ਹਟੇ ਨਾ। ਮੈਂ ਉਹਦੀ ਖੂੰਡੀ ਖੋਹਣ ਲੱਗਿਆ। ਤਾਏ ਨੇ ਦੋਵਾਂ ਹੱਥਾਂ ਨਾਲ ਅੱਧੀ ਖੂੰਡੀ
ਕੱਛ ਵਿਚ ਘੁੱਟ ਲਈ, ‘‘ਲੈ... ਲੈ... ਖਿੱਚ੍ਹ... ਤੇਰੀ ਮਾਂ ਦੀ...।‘‘
ਬਲਜੀਤ ਦਾ ਮੂਡ ਆਫ਼ ਹੋ ਗਿਆ। ਉਹ ਕੀਹਨੂੰ ਝੂਠਾ ਕਰੇ ਤੇ ਕੀਹਨੂੰ ਸੱਚਾ ਕਰੇ!
‘‘ਤਾਇਆ, ਤੁਸੀਂ ਜਿਹੜੇ ਵੱਡੇ ਲੇਖਕ ਐਂ ਨਾ... ਥੋਡੀ ਸੋਚ ਜਗੀਰੂ ਐ ਜਗੀਰੂ... ਨਵੇਂ ਤੇ
ਛੋਟੇ ਲੇਖਕਾਂ ਦੀ ਕਲਾ ‘ਤੇ ਸੜਦੇ-ਬਲਦੇ ਓਂ ਤੁਸੀਂ ਵੱਡੇ... ਉਤਸ਼ਾਹ ਤਾਂ ਕੀ ਦੇਣੈ
ਤੁਸੀਂ...।‘‘
‘‘ਤੇਰੀ ਮਾਂ ਦੀ... ਸਾਲਾ ਜਗੀਰੂ ਦਾ... ਤੂੰ ਕੀ ਚੀਜ਼ ਐਂ ਮੇਰੇ ਅੱਗੇ?‘‘
ਬਲਜੀਤ ਸਾਨੂੰ ਖਿਝਦਿਆਂ-ਬੋਲਦਿਆਂ ਨੂੰ ਬਾਹਰ ਲੈ ਆਇਆ ਸੀ। ਰਾਤ ਕਾਫ਼ੀ ਹੋ ਗਈ ਸੀ। ਅਸੀਂ
ਤਾਏ ਨੂੰ ਪਿੰਡ ਲਾਹੁੰਣ ਤੁਰੇ। ਗੱਡੀ ਵਿਚ ਕੋਈ ਬੋਲ ਨਹੀਂ ਰਿਹਾ ਸੀ। ਸਾਰੇ ਚੁੱਪ ਸਨ।
ਅਸੀਂ ਤਾਏ ਨੂੰ ਉਹਦੇ ਬੂਹੇ ਅੱਗੇ ‘ਲਾਹ‘ ਕੇ ਆ ਗਏ।
ਸਵੇਰੇ ਦੀ ਚਾਹ ਪੀਣ ਵੇਲੇ ਬਲਜੀਤ ਮੈਨੂੰ ਵੱਡੇ ਭਰਾ ਵਾਂਗ ਸਮਝੌਤੀਆਂ ਦੇ ਰਿਹਾ ਸੀ,
‘‘ਕਮਲਿਆ ਬਜ਼ੁਰਗਾਂ ਨਾਲ ਨ੍ਹੀਂ ਲੜੀਂਦਾ ਹੁੰਦਾ, ਮਾਫ਼ੀ ਮੰਗੀਂ ਹੁਣ ਆਵਦੇ ਤਾਏ ਤੋਂ।‘‘
ਫ਼ੋਨ ਕੀਤਾ, ‘‘ਤਾਇਆ ਸੌਰੀ ਐ... ਮੈਂ ਰਾਤ ਤੇਰੇ ਨਾਲ ਲੜ ਪਿਆ।‘‘
‘‘ਕਦੋਂ ਓਏ ਮਾਂ ਯਾਵ੍ਹਿ... ਮੈਨੂੰ ਤਾਂ ਚੇਤਾ ਨੀ ਕਿਸੇ ਗੱਲ ਦਾ... ਐਵੇਂ ਮਾਰੀ ਜਾਨੈ
ਭਕਾਈ...।‘‘
ਮੇਰੇ ਮਨ ਵਿਚ ਤਾਏ ਪ੍ਰਤੀ ਕੋਈ ਗੁੱਸਾ ਨਾ ਰਿਹਾ... ਤਾਇਆ ਹੋਰ ਚੰਗਾ-ਚੰਗਾ ਲੱਗਣ ਲੱਗਿਆ।
******
ਸਾਲ 2006 ਵਿਚ, ਜਦ ਮੈਂ ਭਾਸ਼ਾ ਵਿਭਾਗ ਦੇ ‘ਰਾਜ ਸਲਾਹਕਾਰ ਬੋਰਡ‘ ਦਾ ਮੈਂਬਰ ਸਾਂ, ਤਦ
‘ਸ਼੍ਰੋਮਣੀ ਪੰਜਾਬੀ ਲੇਖਕ‘ ਲਈ ਤਾਏ ਦਾ ਨਾਂ ਵੀ ਏਜੰਡੇ ਵਿਚ ਸ਼ਾਮਿਲ ਸੀ। ਇਨਾਮ ਦੇਣ ਦੇ
ਫ਼ੈਸਲੇ ਬਾਰੇ ਮੀਟਿੰਗ ਦੀ ਪ੍ਰਧਾਨਗੀ ਉੱਪ-ਮੁੱਖ-ਮੰਤਰੀ ਬੀਬੀ ਭੱਠਲ ਨੇ ਕੀਤੀ। ਜਦ ਤਾਏ ਦਾ
ਨਾਂ ਆਇਆ ਤਾਂ ਸਰਵ-ਸੰਮਤੀ ਨਾਲ ਇਹ ਇਨਾਮ ਤਾਏ ਨੂੰ ਦੇਣ ਦਾ ਫ਼ੈਸਲਾ ਸਕਿੰਟ ਵਿਚ ਈ ਹੋ ਗਿਆ।
ਮੈਨੂੰ ਇਸ ਗੱਲੋਂ ਤਾਇਆ ਬਹੁਤ ਚੰਗਾ ਲੱਗਿਆ ਸੀ ਕਿ ਇਹ ਇਨਾਮ ਉਹਨੂੰ ਆਪਣੇ ਆਪ ਈ ਮਿਲਿਆ
ਸੀ। ਹੋਰਨਾਂ ਲੇਖਕਾਂ ਨੇ ਤਾਂ ਸ਼ਿਫਾਰਿਸ਼ਾਂ ਪੁਵਾਉਣ ਵਿਚ ਕੋਈ ਕਸਰ ਨਹੀਂ ਸੀ ਛੱਡੀ। ਮੀਟਿੰਗ
ਮੁੱਕੀ ਤਾਂ ਮੈਂ ਸੋਚਿਆ ਤਾਏ ਨੂੰ ਦੱਸ ਦਿਆਂ। ਫ਼ੋਨ ਕੀਤਾ, ਤਾਇਆ ਘਰ ਨਹੀਂ ਸੀ। ਕਿਸੇ ਜੁਆਕ
ਨੇ ਫ਼ੋਨ ਚੁੱਕਿਆ। ਉਹਨੂੰ ਮੇਰੀ ਗੱਲ ਸਮਝ ਨਾ ਆਈ। ਮੈਂ ਭੁਪਿੰਦਰ ਕੌਰ ‘ਪ੍ਰੀਤ‘ ਨੂੰ ਫ਼ੋਨ
ਕਰਕੇ ਦੱਸ ਦਿੱਤਾ। ਜਿੱਦਣ ਤਾਏ ਨੂੰ ਇਹ ਇਨਾਮ ਮਿਲਿਆ, ਓਦਣ ਉਹ ਮੁਕਤਸਰੋਂ ਲੇਖਕਾਂ ਦੀ
ਗੱਡੀ ਭਰ ਕੇ ਲੈ ਗਿਆ। ਜਦ ਬੀਬੀ ਭੱਠਲ ਉਹਨੂੰ ਸਨਮਾਨਿਤ ਕਰਨ ਲੱਗੀ, ਕਹਿੰਦੀ, ‘‘ਰੁਪਾਣਾ
ਜੀ, ਤੁਹਾਡੇ ਪਿੰਡ ਵਿਚ ਦੀ ਤਾਂ ਮੈਂ ਕਈ ਵਾਰੀ ਲੰਘੀ ਆਂ...।‘‘
ਇਹ ਅੱਗੋਂ ਕਹਿੰਦਾ, ‘‘ਆਹੋ ਬੀਬੀ... ਸਾਡਾ ਪਿੰਡ ਜੀ.ਟੀ. ਰੋਡ ‘ਤੇ ਜੁ ਪੈਂਦਾ।‘‘
******
ਇਕ ਸ਼ਾਮ, ਤਾਏ ਦੇ ਗੁਆਂਢ ਰੇਡੀਓ ‘ਤੇ ਗੀਤ ਵੱਜ ਰਿਹਾ ਸੀ
-ਹੋਇਆ ਕੀ ਜੇ ਕੁੜੀ ਏਂ ਤੂੰ ਦਿੱਲੀ ਸ਼ਹਿਰ ਦੀ
ਨੀਂ ਮੈਂ ਵੀ ਜੱਟ ਲੁਧਿਆਣੇ ਦਾ...
ਗੀਤ ਨੇ ਤਾਂ ਮੇਰਾ ਧਿਆਨ ਖਿੱਚ੍ਹਿਆ ਹੀ ਸੀ, ਸਗੋਂ ਬੌਰੀਆਂ ਦੇ ਕੱਚੇ ਵਿਹੜੇ ਤੇ ਕੋਠੇ,
ਗਹੀਰੇ ਤੇ ਪਥਕਣਾ... ਮੈਨੂੰ ਬਹੁਤ ਪਿਆਰੇ-ਪਿਆਰੇ ਲੱਗ ਰਹੇ ਸਨ। ਸ਼ਾਇਦ ਇਹ ਗੀਤ ‘ਸੰਤੋ
ਬੌਰਨੀ‘ ਕੇ ਘਰੇ ਹੀ ਵੱਜ ਰਿਹਾ ਹੋਵੇ... ਕੰਧ ਵਿਚ ਠੋਕੀ ਕਿੱਲੀ ‘ਤੇ ਟੰਗਿਆ ਹੋਣਾ ਰੇਡੀਓ!
ਮੈਂ ਕਲਪਨਾ ਕੀਤੀ। ਤਾਏ ਦਾ ਧਿਆਨ ਗੀਤ ਵੱਲ ਨਹੀਂ ਸੀ ਗਿਆ।
ਇਕ ਦਿਨ ਤਾਏ ਨੇ ਦੱਸਿਆ ਸੀ, ‘‘ਮੈਨੂੰ ਨਵੇਂ ਗਾਇਕਾਂ ‘ਚੋਂ ਸੁਖਵਿੰਦਰ... ਓ ਜਿਹੜਾ
ਛਈਆਂ... ਛਈਆਂ ਵਾਲਾ ਤੇ ਪੁਰਾਣਿਆਂ ‘ਚੋਂ ਸੁਰਿੰਦਰ ਕੌਰ, ਯਮਲਾ ਸਾਹਬ, ਗ਼ੁਲਾਮ ਅਲੀ ਚੰਗੇ
ਲਗਦੇ ਐ... ਯਮਲੇ ਨੂੰ ਤਾਂ ਮੈਂ ਦੋ-ਤਿੰਨ ਵਾਰੀ ਮਿਲਿਆ ਵੀ ਸੀ...।‘‘
ਜਦ ਤਾਇਆ ਰੁਪਾਣਾ ਦਿੱਲੀ ਹੁੰਦਾ ਸੀ, ਏਹਦੀ ਤੇ ਗੁਰਬਚਨ ਭੁੱਲਰ ਦੀ ਜੋੜੀ ਮਸ਼ਹੂਰ ਸੀ ਉਥੋਂ
ਦੇ ਸਾਹਿਤ ਜਗਤ ਵਿਚ। ਏਹ ਹਰੇਕ ਥਾਂ ‘ਕੱਠੇ ਜਾਂਦੇ ਆਉਂਦੇ ਤੇ ਲੋਕਾਂ ਨੂੰ ਝੇਡਾਂ ਕਰਦੇ
ਫਿਰਦੇ। ਝੇਡ ਕਰਨ ਤੇ ਗੋਲ-ਮੋਲ ਵਿਅੰਗ ਕੱਸਣ ਤੇ ਹਾਸੇ ਪਾਉਣ ਵਿਚ ਤਾਂ ਭੁੱਲਰ ਦਾ ਵੀ ਕੋਈ
ਜੁਆਬ ਨਹੀਂ ਹੈ ਨਾ...। ਦਿੱਲੀ ਦੇ ‘ਭਾਪੇ-ਲੇਖਕ‘ ਤਾਂ ਇਹਨਾਂ ਦੇ ਨੇੜੇ ਨਹੀਂ ਸੀ ਖੜ੍ਹਦੇ
ਹੁੰਦੇ। ਰੁਪਾਣਾ ਭਾਪਿਆਂ ਦੀ ਨਕਲ ਉਨ੍ਹਾਂ ਦੇ ਮੂੰਹ ‘ਤੇ ਈ ਲਾਹੁੰਦਾ ਸੀ। ਇਕ ਸਾਹਿਤਕ
ਸਮਾਗਮ ‘ਤੇ ਭੁੱਲਰ ਤੇ ਰੁਪਾਣਾ ‘ਕੱਠੇ ਗਏ, ਰੁਪਾਣੇ ਦੇ ਗਿੱਟੇ ਨੂੰ ਮੋਚ ਆਈ ਹੋਈ ਸੀ। ਇਹ
ਹੌਲੀ-ਹੌਲੀ ਤੁਰ ਰਹੇ ਸਨ। ਇਕ ‘ਭਾਪਾ ਲੇਖਕ‘ ਆਇਆ, ਇਹਨੇ ‘ਉਤੋ-ੜੁੱਤੀ‘ ਬੋਗਸ ਜਿਹੀਆਂ
ਕਹਾਣੀਆਂ ਲਿਖ-ਲਿਖ ਦਰਜਨ ਕੁ ਕਿਤਾਬਾਂ ਛਪਵਾ ਲਈਆਂ ਸਨ। ਉਹ ਇਨ੍ਹਾਂ ਦੇ ਪਿੱਛਿਓਂ ਦੀ ਆਣ
ਕੋ ਬੋਲਿਆ, ‘‘ਕੇਹ ਗੱਲ ਵੇ, ਰੁਪਾਣਾ ਜੀ... ਇੰਜ ਡਿਲ੍ਹੇ-ਡਿਲ੍ਹੇ ਜਿਹੇ ਤੁਰਦੇ ਜੇ?‘‘
ਰੁਪਾਣੇ ਨੂੰ ਮੌਕੇ ‘ਤੇ ਬੜੀ ਗੱਲ ਅਹੁੜੀ, ਇਹਨੇ ਕਸੀਸ ਵੱਟੀ ਤੇ ਕਿਹਾ, ‘‘ਕੀ ਕਰੀਏ ਜੀ,
ਕਹਾਣੀਕਾਰ ਸਾਹਬ... ਸਾਨੂੰ ਤਾਂ ਪੰਜਾਬੀ ਕਹਾਣੀ ਦੇ ਮਿਆਰ ਦੀ ਚਿੰਤਾ ਨੇ ਹੀ ਮਾਰ ਲਿਆ।‘‘
ਉਹ ਲੇਖਕ ਵਿਚਾਰਾ ਛਿੱਥਾ ਜਿਹਾ ਹੋ ਕੇ ਪਿਛਾਂਹ ਨੂੰ ਹੀ ਮੁੜ ਗਿਆ।
ਇਕ ਵਾਰ ਕਿਸੇ ਕਹਾਣੀਕਾਰ ਨੇ ਸਾਹਿਤ ਸਭਾ ਵਿਚ ਆਪਣੀ ਕਹਾਣੀ ਪੜ੍ਹੀ, ਕਹਾਣੀ ਉੱਕਾ ਈ ਥੋਥੀ
ਸੀ ਤੇ ਰੁਪਾਣੇ ਨੇ ਉਹਦੇ ‘ਤੇ ਸਖ਼ਤ ਟਿੱਪਣੀ ਕਰ ਦਿੱਤੀ। ਉਹ ਕਹਾਣੀਕਾਰ ਬਹੁਤ ਔਖਾ ਹੋਇਆ,
ਰੁਪਾਣੇ ਨੂੰ ਕਹਿਣ ਲੱਗਾ, ‘‘ਭਾਈ ਤੇਰੀ ਓਨੀ ਉਮਰ ਨਹੀਂ ਏਂ... ਜਿੰਨੇ ਸਾਲ ਮੈਨੂੰ
ਕਹਾਣੀਆਂ ਲਿਖਦਿਆਂ ਨੂੰ ਹੋਸੀ...।‘‘ ਤੇ ਰੁਪਾਣੇ ਨੇ ਬਣਾ-ਸੰਵਾਰ ਕੇ ਕਿਹਾ, ‘‘ਊਠ ਬੁੜ੍ਹਾ
ਹੋ ਜਾਂਦਾ ਐ... ਪਰ ਉਹਨੂੰ ਮੂਤਣਾ ਨ੍ਹੀਂ ਆਉਂਦਾ... ਆਬਦੀਆਂ ਲੱਤਾਂ ਈ ਭਿਉਂਦਾ ਰਹਿੰਦੈ
ਊਠ...।‘‘
ਇਕ ਵਾਰ, ਦਿੱਲੀ ਕਵੀ ਦਰਬਾਰ ਸੀ, ਕਵੀ ਹਾਲੇ ਕੋਈ ਆਇਆ ਨਾ... ਡਾ. ਹਰਿਭਜਨ ਵਾਰ-ਵਾਰ ਕਹੇ
ਤੇ ਰੁਪਾਣੇ ਨੂੰ ਛੇੜੇ... ਅਖੇ ਹੁਣ ਰੁਪਾਣਾ ਕਵਿਤਾ ਪੜੂਗਾ... ਦੂਜੀ ਵਾਰ ਫੇਰ ਕਿਹਾ, ਹੁਣ
ਰੁਪਾਣਾ ਕਵਿਤਾ ਪੜੂਗਾ... ਜਦ ਤੀਰੀ ਵੇਰ ਕਿਹਾ ਨਾ... ਹੁਣ ਰੁਪਾਣਾ ਕਵਿਤਾ ਪੜੂਗਾ... ਤਾਂ
ਉਸ ਕਹਿ ਦਿੱਤਾ... ਬਈ ਮੈਂ ਕਦੇ ਕਵਿਤਾ ਨਹੀਂ ਘੜੀ... ਫੇਰ ਨ੍ਹੀਂ ਬੋਲਿਆ ਮੁੜਕੇ
ਹਰਿਭਜਨ... ਸਗੋਂ ਗੁਲਜ਼ਾਰ ਸੰਧੂ ਨੂੰ ਸ਼ਿਕਾਇਤਾਂ ਲਾਵੇ... ਭਾਈ ਤੇਰਾ ਯਾਰ ਰੁਪਾਣਾ ਮੈਨੂੰ
ਤਖਾਣ ਕਹਿੰਦੈ...।‘‘
ਭੁੱਲਰ ਨੇ ਆਪਣੀ ਕਿਤਾਬ ‘ਨੇੜੇ-ਨੇੜੇ‘ ਵਿਚ ਰੁਪਾਣੇ ਬਾਰੇ ਜਿਹੜਾ ਰੇਖਾ-ਚਿਤਰ ਲਿਖਿਆ,
ਉਹਦਾ ਸਿਰਲੇਖ, ‘ਜੌੜਾ ਭਾਈ-ਜਿਗਰੀ ਯਾਰ‘ ਰੱਖਿਆ ਸੀ। ਸਪੱਸ਼ਟ ਹੈ ਕਿ ਉਹਦੀ ਸਭ ਤੋਂ ਵੱਧ
ਨੇੜਤਾ ਭੁੱਲਰ ਨਾਲ ਹੈ!
ਜਦ ਕਦੇ ਮੇਰੀ ਭੁੱਲਰ ਨਾਲ ਫ਼ੋਨ ‘ਤੇ ਰੁਪਾਣੇ ਤਾਏ ਬਾਰੇ ਗੱਲ ਹੋਵੇ, ਉਹ ਹਾਸੇ-ਹਾਸੇ
ਕਹਿਣਗੇ, ‘‘ਸਾਡੇ ਸਲੋਤਰੀ ਦਾ ਕੀ ਹਾਲ ਹੈ... ਡੰਗਰ ਡਾਕਟਰ ਦਾ?‘‘ ਭੁੱਲਰ ਅੰਕਲ ਦੀ ਗੱਲ
ਸਹੀ ਹੈ... ਜਿਹੜੇ ਰਿਟਾਇਰਮੈਂਟ ‘ਤੇ ਬੈਠੇ ਹੁੰਦੇ ਨੇ ਪਿੰਡਾਂ ਦੇ ਪਸ਼ੂ ਹਸਪਤਾਲਾਂ ਵਿਚ...
ਉਹ ਬਿਲਕੁਲ ਤਾਏ ਰੁਪਾਣੇ ਵਰਗੇ ਹੁੰਦੇ ਨੇ... ਸਲੋਤਰੀ...!
ਭੁੱਲਰ ਦੇ ਰੇਖਾ-ਚਿਤਰ ਪਿਛੋਂ ਰੁਪਾਣੇ ਬਾਰੇ ਕਿਸੇ ਲੇਖਕ ਨੇ ਵਿਸਥਾਰ ਵਿਚ ਨਿਬੰਧ ਜਾਂ ਕੋਈ
ਰੇਖਾ-ਚਿਤਰ ਵਗੈਰਾ ਨਹੀਂ ਲਿਖਿਆ ਅਤੇ ਭਾਸ਼ਾ ਵਿਭਾਗ ਪੰਜਾਬ ਦੇ ‘ਸ਼੍ਰੋਮਣੀ ਪੁਰਸਕਾਰ‘ ਤੋਂ
ਇਲਾਵਾ ਕੈਨੇਡਾ ਦੇ ਇੰਟਰਨੈਸ਼ਨਲ ਪੰਜਾਬੀ ਲਿਟਰੇਰੀ ਟਰੱਸਟ ਨੇ ‘ਮਨਜੀਤ ਯਾਦਗਾਰੀ ਪੁਰਸਕਾਰ‘
ਨਾਲ ਉਸ ਨੂੰ 21,000 ਰੁਪਏ ਦੇ ਕੇ ਸਨਮਾਨਿਆਂ।
ਉਂਜ, ਤਾਏ ਰੁਪਾਣੇ ਦੀਆਂ ਰਚਨਾਵਾਂ ਬਾਰੇ ਨਿੱਕੀਆਂ-ਮੋਟੀਆਂ ਟਿੱਪਣੀਆਂ ਤਾਂ ਚੋਟੀ ਦੇ
ਕਲਮਕਾਰਾਂ ਨੇ ਕੀਤੀਆਂ, ਕਰਤਾਰ ਸਿੰਘ ਦੁੱਗਲ ਨੇ ਉਹਦੇ ਬਾਰੇ ਅੰਗਰੇਜ਼ੀ ਟ੍ਰਿਬਿਊਨ ਵਿਚ
ਲਿਖਿਆ ਸੀ, ‘‘ਰੁਪਾਣਾ ਕਹਾਣੀ ਕਲਾ ਦਾ ਮਾਹਰ ਹੈ। ਉਹ ਆਪਣੇ ਪਾਤਰਾਂ ਦੇ ਅੰਦਰ ਲੱਥ ਕੇ
ਉਹਨਾਂ ਦੀ ਚੀਰ-ਫਾੜ ਕਰਦਾ ਹੈ ਤੇ ਸਾਧਾਰਣ ਬੰਦਿਆਂ ਦੇ ਜੀਵਨ ਦੇ ਅਸਧਾਰਣ ਪਲਾਂ ਨੂੰ ਪਕੜਦਾ
ਹੈ, ਰੁਪਾਣਾ ਦੀਆਂ ਬਹੁਤ ਸਾਰੀਆਂ ਕਹਾਣੀਆਂ ਕਵਿਤਾ ਵਾਂਗ ਸੂਖ਼ਮ ਤੇ ਸੰਘਣੀਆਂ ਹੁੰਦੀਆਂ
ਹਨ।‘‘
ਪ੍ਰੇਮ ਪ੍ਰਕਾਸ਼ ਨੇ ਉਹਦੇ ਬਾਰੇ ਲਿਖਿਆ, ‘‘ਰੁਪਾਣਾ ਆਪ ਭਾਵੁਕ ਹੋ ਕੇ ਨਹੀਂ ਲਿਖਦਾ, ਬਲਕਿ
ਉਹਦੀ ਲਿਖਤ ਪਾਠਕ ਨੂੰ ਪ੍ਰਭਾਵਿਤ ਕਰਦੀ ਏ। ਉਹਦੇ ਸਾਹਿਤ ਦਾ ਬੁਨਿਆਦੀ ਮਨੋਰਥ ਆਪਣੇ ਸਮਾਜ
ਦੇ ਬੰਦਿਆਂ ਦੇ ਆਪਸੀ ਰਿਸ਼ਤਿਆਂ ਨੂੰ ਸਮਝਣਾ ਤੇ ਸਮਝਾਣਾ ਏਂ। ਮੈਨੂੰ ਕਦੇ-ਕਦੇ ਅਫ਼ਸੋਸ
ਹੁੰਦਾ ਏ ਕਿ ਮੈਂ ਏਡੇ ਚੰਗੇ ਕਹਾਣੀਕਾਰ ਦੀ ਸੰਗਤ ਦਾ ਸੁਖ ਨਹੀਂ ਲੈ ਸਕਿਆ।‘‘
ਹੁਣ ਪਿਛੇ ਜਿਹੇ ਰੁਪਾਣਾ ਤਾਇਆ ਕਈ ਦਿਨ ਦਿੱਲੀ ਲਾ ਕੇ ਆਇਆ। ਮੈਂ ਪੁੱਛਿਆ, ‘‘ਤਾਇਆ...
ਭੁੱਲਰ ਸਾਹਬ ਮਿਲੇ ਸੀ?‘‘
‘‘ਆਹੋ ਯਾਰ... ਗਿਆ ਸੀ ਮੈਂ ਭੁੱਲਰ ਕੋਲ ਦਿਨੇ-ਦਿਨੇ...।‘‘
‘‘ਰਹੇ ਕਿਉਂ ਨਾ... ਦਿਨੇ-ਦਿਨੇ ਈ ਮੁੜ ਆਏ?‘‘
‘‘ਓ ਯਾਰ, ਗੱਲ ਏਹ ਐ ਬਈ ਮੈਂ ਲਾਉਣੀ ਹੁੰਦੀ ਐ ਸਿਗਰਟ-ਬੱਤੀ... ਹਰੇਕ ਘਰ ਦੀ ਆਪਣੀ ਇਕ
ਪਵਿੱਤਰਤਾ ਹੁੰਦੀ ਐ... ਫੇਰ ਯਾਰ ਮੈਨੂੰ ਉਠਕੇ ਬਾਹਰ ਜਾਣਾ ਪੈਣਾ ਸੀ... ਭੁੱਲਰ ਨੇ ਤਾਂ
ਕਿਹਾ ਸੀ ਬਈ ਆਵਦੇ ਕਮਰੇ ਅੰਦਰ ਬਹਿਕੇ ਜਿੰਨੀਆਂ ਮਰਜ਼ੀ ਸਿਗਰਟਾਂ ਪੀਵੀ ਜਾ... ਮੇਰਾ ਇਕ
ਹੋਰ ਮਿੱਤਰ ਐ ਤਿਆਗੀ... ਇਕ ਖੰਨਾ ਹੈਗਾ... ਮੈਂ ਉਨ੍ਹਾਂ ਦੇ ਰਿਹਾ... ਉਥੇ ਸਿਗਰਟ...
ਦਾਰੂ ਦੀ ਖੁੱਲ੍ਹ ਐ।‘‘
**********
ਦੇਖਾਂ ਤਾਂ ਅੱਜ... ਤਾਇਆ ਮੇਰੀ ਫ਼ੋਨ ‘ਤੇ ਆਵਾਜ਼ ਪਛਾਣਦਾ ਕਿ ਨਹੀਂ?
‘‘ਹੈਲੋਅ...‘‘ (ਮੈਂ ਬੁੜ੍ਹੇ ਦੀ ਆਵਾਜ਼ ਬਣਾ ਲਈ) ‘‘...ਹਾਂਅ ਭਈ ਰੁਪਾਣਾ ਸਾਹਬ ਬੋਲਦੇ ਨੇ
ਗੁਰਦੇਵ ਸਿਓਂ...?‘‘
‘‘ਆਹੋ... ਦੱਸੋ... ਕੌਣ... ਤੁਸੀਂ?‘‘
‘‘ਹਾਂਅ ਜੀ... ਤੁਹਾਡਾ ਇਕ ਪਾਠਕ ਆਂ ਸਾਦਿਕ ਤੋਂ ਮੁਖਤਿਆਰ ਸਿੰਘ ਚਾਵਲਾ... ਬੜੀਆਂ ਵਧੀਆ
ਕਹਾਣੀਆਂ ਲਿਖਦੇ ਜੇ ਤੁਸੀਂ ਰੁਪਾਣਾ ਸਾਹਬ... ਰੂਹ ਪਾ ਦਿੰਦੇ ਜੇ ਕਹਾਣੀ ਵਿਚ... ਤੁਹਾਡਾ
ਨਾਂ ਵਾਕਈ ਠੀਕ ਏ... ਰੁਪਾਣਾ... ਰੂਹ-ਪਾਣਾ...।‘‘
‘‘ਮਿਹਰਬਾਨੀ ਜੀ... ਮਿਹਰਬਾਨੀ... ਚਾਵਲਾ ਸਾਹਬ... ਏਥੇ ਕਾਹਦਾ ਕਾਰੋਬਾਰ ਆਪਣਾ
ਸਾਦਿਕ...?‘‘
‘‘ਸਾਡੀ ਜੀ, ਖਾਦਾਂ ਤੇ ਕੀੜੇਮਾਰ ਦਵਾਈਆਂ ਦੀ ਹੱਟ ਐ... ਬੜੀ ਪੁਰਾਣੀ।‘‘
‘‘ਤਾਂ-ਤਾਂ ਫਿਰ ਯਾਰ ਡੀ.ਏ.ਪੀ. ਮਿਲਜੂ ਥੋਥੋਂ... ਸਾਨੂੰ ਕਿਤੋਂ ਮਿਲੀ ਨ੍ਹੀ... ਕਣਕ
ਬੀਜਣ ਤੋਂ ਬੈਠੇ ਆਂ ਅਸੀਂ ਤਾਂ... ਹੈਗੀ ਆ ਡੀ.ਏ.ਪੀ. ਦਸ ਕੁ ਬੋਰੀਆਂ ਦੇ ਦਿਓ...?‘‘
‘‘ਮੁੰਡਿਆਂ ਨੂੰ ਪੁੱਛੂੰਗਾ... ਮੁੰਡੇ ਈ ਕਰਦੇ ਐ ਸਾਰਾ ਕਾਰੋਬਾਰ... ਮੈਂ ਤਾਂ ਵਿਹਲਾ ਈ
ਹੁੰਨੈ।‘‘
‘‘ਚੰਗਾ ਫੇ ਚਾਵਲਾ ਜੀ... ਆਵਦਾ ਫ਼ੋਨ ਨੰਬਰ ਦੇ ਦਿਓ ਮੈਨੂੰ।‘‘
ਜਦ ਤਾਏ ਨੇ ਫ਼ੋਨ ਨੰਬਰ ਮੰਗ ਲਿਆ ਤਾਂ ਮੈਂ ਫ਼ਸ ਗਿਆ... ਹੁਣ ਕੀ ਕਰਾਂ? ਤਾਏ ਕੋਲ ਤਾਂ ਮੇਰਾ
ਫ਼ੋਨ ਨੰਬਰ ਪਹਿਲਾਂ ਵੀ ਹੈਗਾ... ਸਗੋਂ ਜ਼ੁਬਾਨੀ ਯਾਦ ਐ ਤਾਏ ਦੇ ਨੰਬਰ... ਤੇ ਮੈਂ ਆਪਣੇ ਇਕ
ਦੋਸਤ ਦਾ ਨੰਬਰ ਦੇ ਦਿੱਤਾ। ਹੁਣ ਤਾਏ ਦਾ ਫ਼ੋਨ ਉਹਨੂੰ ਆਉਣ ਲੱਗਿਆ, ‘‘ਓ ਭਾਈ ਮੁੰਡਿਆ ਤੇਰੇ
ਪਿਓ ਨੇ ਡੀ.ਏ.ਪੀ. ਦੇਣ ਬਾਬਤ ਕਿਹਾ ਸੀ.. ਦਿਓ ਹੁਣ ਡੀ.ਏ.ਪੀ. ਸਾਨੂੰ... ਆਈਏ ਲੈਣ?‘‘
ਮੇਰਾ ਦੋਸਤ ਕਹਿਣ ਲੱਗਿਆ, ‘‘ਸਾਡਾ ਬੁੜ੍ਹਾ ਤਾਂ ਜੀ ਅੱਧਾ ਪਾਗਲ ਐ... ਦਾਰੂ ਪੀ ਕੇ ਧੱਕੇ
ਖਾਂਦਾ ਫਿਰਦੈ... ਕੋਈ ਡੀ.ਏ.ਪੀ. ਡੂਏ.ਪੀ. ਹੈਨੀ ਸਾਡੇ।‘‘ ਤੇ ਦੋਸਤ ਦਾ ਖਹਿੜਾ ਛੁੱਟ
ਗਿਆ।
‘‘ਹੈਲੋਅ... ਮੈਂ ਚਾਵਲਾ ਬੋਲਦੈਂ...।‘‘
‘‘ਹਾਂ... ਦੱਸ ਫੇ ਕੀ ਕਰੀਏ ਜੇ ਬੋਲਦੈਂ ਤਾਂ... ਡੀ.ਏ.ਪੀ. ਤਾਂ ਦਿੱਤੀ ਨ੍ਹੀਂ ਤੇਰੇ
ਮੁੰਡਿਆਂ ਨੇ... ਐਵੇਂ ਫ਼ੋਨ ‘ਤੇ ਫ਼ੋਨ ਕਰੀ ਜਾਨੈ ਮੈਨੂੰ।‘‘
‘‘ਤੇਰੀ ਡੀ.ਏ.ਪੀ. ਨੇ ਤਾਂ ਯਾਰ ਮੈਨੂੰ ਮੁੰਡਿਆਂ ਤੋਂ ਛਿੱਤਰ ਈ ਪੁਵਾ ਦਿੱਤੇ... ਮੁੰਡੇ
ਕਹਿੰਦੇ... ਐਵੇਂ ਲੋਕਾਂ ਨਾਲ ਸਾਈਆਂ ਲਾਉਂਦਾ ਫਿਰਦਾ ਐਂ... ਡੀ.ਏ.ਪੀ. ਤਾਂ ਕਿਤੋਂ ਲੱਭੀ
ਨਹੀਂ ਲੱਭਦੀ...।‘‘
ਤਾਏ ਨੇ ਏਨਾ ਸੁਣਕੇ ਫ਼ੋਨ ਬੰਦ ਕਰ ਦਿੱਤਾ। ਫਿਰ ਮੇਰੇ ਫ਼ੋਨ ‘ਤੇ ਆ ਗਿਆ ਤਾਏ ਦਾ ਫ਼ੋਨ...
‘‘ਓ ਯਾਰ ਥੋਡੇ ਇਕ ਚਾਵਲਾ... ਚਾਵਲਾ ਐ ਕੋਈ ਮੁਖਤਿਆਰ ਸਿੰਘ ਚਾਵਲਾ... ਸਾਲਾ ਸਿਰ ਖਾ ਗਿਆ
ਫ਼ੋਨ ਕਰ-ਕਰ ਕੇ... ਹਾਲੇ ਸਵੇਰੇ ਗੁਰਦਵਾਰੇ ਭਾਈ ਜੀ ਬੋਲਿਆ ਨ੍ਹੀ ਹੁੰਦਾ ਤੇ ਏਹ ਪਹਿਲਾਂ ਈ
ਬੋਲਪੂ... ਅਖੇ ਜੀ ਮੈਂ ਚਾਵਲਾ ਬੋਲਦੈਂ... ਇਕ ਦਿਨ ਮੈਂ ਆਖਿਆ ਕਿ ਬੋਲੀ ਚੱਲ... ਬੋਲੀ
ਚੱਲ... ਬੋਲਦੀ ਤਾਂ ਮੱਝ ਜਾਂ ਗਾਂ ਹੁੰਦੀ ਐ... ਤੂੰ ਤਾਂ ਚਾਵਲੈਂ।‘‘
ਮੈਂ ਕਿਹਾ, ‘‘ਤਾਇਆ... ਉਹ ਤਾਂ ਹਿੱਲਿਆ ਵਿਐ... ਤੇਰੇ ਕੋਲ ਆਣ ਕੇ ਰਹਿਣ ਦੀ ਤਿਆਰੀ ਵੱਟੀ
ਫਿਰਦੈ... ਕੱਲ੍ਹ ਮਿਲਿਆ ਸੀ... ਝੋਲ਼ੇ ‘ਚ ਲੀੜੇ ਪਾਈ ਫਿਰੇ... ਅਖੇ ਰੁਪਾਣੇ ਕੋਲ ਜਾਣੈ...
ਦੋ ਤਿੰਨ ਦਿਨ ਰਹੂੰ।‘‘
‘‘ਓ ਨਾ ਯਾਰ ਨਾ... ਰੋਕ ਉਹਨੂੰ... ਮੇਰੇ ਕੋਲ ਤਾਂ ਆਪ ਥਾਂ ਨ੍ਹੀਂ... ਮੈਂ ਕੀ ਲੈਣੈ
ਉਹਤੋਂ? ...ਐਥੇ ਨਾ ਆਵੇ ਯਾਰ... ਰੋਕ ਉਹਨੂੰ...।‘‘
ਜਦ ਤਾਇਆ ਦਿੱਲੀਓਂ ਮੁੜਿਆ ਕਹਿੰਦਾ, ‘‘ਉਏ... ਸ਼ਰਾਰਤੀਆ... ਮੈਨੂੰ ਭੁੱਲਰ ਦਸਦਾ ਸੀ...
ਤੂੰ ਈ ਚਾਵਲਾ ਬਣਦਾ ਸੀ ਫ਼ੋਨ ‘ਤੇ... ਕੰਜਰ ਦਿਆ ਤੂੰ ਤਾਂ ਐਕਟਰ ਵੀ ਤਕੜੈਂ...
ਵੰਨ-ਸੁਵੰਨੀਆਂ ਆਵਾਜ਼ਾਂ ਕੱਢ ਲੈਨੈਂ... ਤੂੰ ਕਾਮੇਡੀ ਕਰ ਸਕਦੈਂ... ਉਏ ਆਜਾ ਹੁਣ ਕਿਸੇ
ਦਿਨ ਮਿਲਜਾ।‘‘
ਇਕ ਦਿਨ ਮੈਂ ਤੇ ਦੋਸਤ ਤਾਏ ਨੂੰ ਮਿਲਣ ਗਏ। ਓਦਣ ਅਸੀਂ ਕਈ ਗਲੀਆਂ ਗਾਹੀਆਂ ਸਨ। ਮਸੀਂ
ਲੱਭਿਆ ਸੀ ਤਾਏ ਦਾ ਘਰ। ਹਰ ਵਾਰੀ ਤਾਏ ਦਾ ਘਰ ਭੁੱਲ ਜਾਂਦਾ ਹਾਂ। ਇਕ ਭੀੜੀ ਜਿਹੀ ਗਲੀ ਵਿਚ
ਕਾਰ ਵਾੜੀ। ਵੱਡੀ ਅੱਧ-ਸੁੱਕੀ ਕਿੱਕਰ ਡਾਹਣੇ ਫੈਲਾਈ ਖੜ੍ਹੀ ਸੀ। ਹੇਠਾਂ ਇਕ ਬੁੱਢੀ-ਮਾਈ
ਮੰਜੀ ਡਾਹੀ ਬੈਠੀ ਸੀ। ਅਸੀਂ ਕਾਰ ਕਿੱਕਰ ਹੇਠਾਂ ਖਲ੍ਹਿਆਰੀ...। ਮਾਈ ਸਾਡੇ ਵੱਲ ਹੈਰਾਨ ਹੋ
ਕੇ ਦੇਖਣ ਲੱਗੀ। ਉਤਰਕੇ ਮੈਂ ਕਿਹਾ, ‘‘ਮਾਂ ਜੀ, ਦਿੱਲੀ ਵਾਲੇ ਮਾਸਟਰ ਕੇ ਘਰੇ ਜਾਣੈ ਐਂ...
ਕਾਰ ਐਥੇ ਖੜ੍ਹਿਆ ਜੀਏ?‘‘
‘‘ਜੀ ਸਦਕੇ ਵੇ ਪੁੱਤ... ਹਾਅ ਨਾਲ ਈ ਐ ਘਰ... ਜਾਇ-ਆਓ... ਮੈਂ ਬੈਠੀ ਐਂ ਹੈਥੇ... ਜੀ
ਆਇਆ ਨੂੰ ਮੇਰੇ ਲਾਲ।‘‘
ਮਾਈ ਦੀ ਮਿੱਠੀ ਬੋਲੀ ਨੇ ਸਾਨੂੰ ਕੀਲ ਲਿਆ ਸੀ। ਤਾਏ ਕੋਲ ਦੋ-ਢਾਈ ਘੰਟੇ ਬਹਿਕੇ ਮੁੜੇ ਤਾਂ
ਮਾਈ ਉਥੇ ਈ ਬੈਠੀ ਸੀ, ਆਲੂ ਚੀਰੀ ਜਾਂਦੀ।
‘‘ਆ ਗੇ ਵੇ ਮੇਰੇ ਪੁੱਤ...? ਮੈਂ ਤਾਂ ਉੱਠੀ ਨ੍ਹੀਂ ਉਦੋਂ ਦੀ... ਮਖ਼ ਮੇਰੇ ਪੁੱਤਾਂ ਦੀ
ਕਾਰ ਖੜ੍ਹੀ ਐ... ਕੋਈ ਕੁਸ ਕੱਢ ਨਾ ਲਿਜਾਵੇ... ਕੋਈ ਨਿਆਣਾ ਨਾ ਆਣਕੇ ਛੇੜੇ...।‘‘
ਮਾਈ ਦੇ ਮੋਹ ਤੇ ਅਪਣੱਤ ਨੇ ਸਾਡੇ ਪੈਰ ਬੰਨ੍ਹ ਲਏ ਸਨ। ਅਸੀਂ ਮਾਈ ਦੇ ਪੈਰੀਂ ਹੱਥ ਲਾਏ।
ਮੇਰਾ ਜੀਅ ਕਰੇ ਕਿ ਮੈਂ ਤਾਂ ਮਾਈ ਕੋਲ ਈ ਰਹਿਪਾਂ... ਮੈਨੂੰ ਆਪਣੀ ਮਰੀ ਹੋਈ ਦਾਦੀ ਮਾਇਆ
ਦੇਵੀ ਚੇਤੇ ਆ ਗਈ ਸੀ।
‘‘ਤਾਇਆ ਤੇਰੇ ਆਸੇ-ਪਾਸੇ ਏਨੇ ਚੰਗੇ ਲੋਕ ਰਹਿੰਦੇ ਨੇ... ਰੱਬ ਵਰਗੇ ਲੋਕ... ਵਾਹ... ਬਈ
ਵਾਹ...!‘‘ ਮੇਰੇ ਮੂੰਹੋਂ ਆਪ-ਮੁਹਾਰੇ ਨਿਕਲਿਆ ਸੀ। ਸਾਡੀ ਕਾਰ ਤਾਏ ਦੀ ਬੀਹੀ ‘ਚੋਂ ਬਾਹਰ
ਹੋ ਗਈ ਸੀ ਤੇ ਉਡਦੀਆਂ ਧੂੜਾਂ ਵੀ ਮੱਠੀਆਂ ਪੈਂਦੀਆਂ ਪੈਂਦੀਆਂ ਪਿਛਾਂਹ ਨੂੰ ਰਹਿ ਗਈਆਂ ਸਨ।
-0-
|