Welcome to Seerat.ca
Welcome to Seerat.ca

ਗ਼ਦਰੀ ਬਾਬੇ ਕੌਣ ਸਨ?

 

- ਡਾ. ਸਰਬਜੀਤ ਸਿੰਘ

ਲੋਹੇ ਦੀਆਂ ਕਿਸ਼ਤਾਂ

 

- ਇਕਬਾਲ ਰਾਮੂਵਾਲੀਆ

ਨਾਵਲ ਅੰਸ਼ / ਮਹਾਂਰਾਜਾ ਤੇ ਮਹਾਂਰਾਣੀ ਵਿਕਟੋਰੀਆ

 

- ਹਰਜੀਤ ਅਟਵਾਲ

ਵਿਲਮਾ ਰੁਡੋਲਫ਼: ਹਿੰਮਤ ਦੀ ਫਤਿਹ

 

- ਪ੍ਰਿੰ. ਸਰਵਣ ਸਿੰਘ

ਕਰਮਜੀਤ ਸਿੰਘ ਕੁੱਸਾ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਧਨਾਢ ਕਹਾਣੀਕਾਰ- ਗੁਰਦੇਵ ਸਿੰਘ ਰੁਪਾਣਾ

 

- ਨਿੰਦਰ ਘੁਗਿਆਣਵੀ

ਗੁੰਡਾ

 

- ਰੂਪ ਢਿੱਲੋਂ

ਭੀੜੀ ਗਲੀ

 

- ਰਾਮ ਸਰੂਪ ਅਣਖੀ

ਇਹ ਇਤਫ਼ਾਕ ਹੋ ਸਕਦੈ ਕਿ ਮਨਹੂਸ?

 

- ਐਸ. ਅਸ਼ੋਕ ਭੌਰਾ

ਇਨਸਾਨ ਕਿਨਾਂ ਗਿਰ ਜਾਂਦਾ ਹੈ !

 

- ਗੁਲਸ਼ਨ ਦਿਆਲ

ਮਾਈ ਲਾਈਫ਼ ਮਾਈ ਵੇਅ

 

- ਗੁਰਮੀਤ ਪਨਾਗ

ਜਤਿੰਦਰ ਕੌਰ ਰੰਧਾਵਾ ਦੀ ਕਾਵਿ-ਸੰਵੇਦਨਾ
(‘ਮੈਂ ਵੇਲ‘ ਦੇ ਆਧਾਰ ‘ਤੇ)

 

- ਡਾ. ਨਰਿੰਦਰਪਾਲ ਸਿੰਘ

ਕੁਲਵੰਤ ਸਿੰਘ ਵਿਰਕ ਦੀਆਂ ਕਹਾਣੀਆਂ ਵਿਚ ਕਿਰਸਾਨੀ ਸਮਾਜ

 

- ਇਕਬਾਲ ਕੌਰ ਸੰਧੂ

ਸਾਹਿਤਕ ਸਵੈਜੀਵਨੀ / ਤੱਤੇ ਲਹੂ ਦੀ ਗਾਥਾ

 

- ਵਰਿਆਮ ਸਿੰਘ ਸੰਧੂ

ਹੁੰਗਾਰੇ

 

Online Punjabi Magazine Seerat

ਨਾਵਲ ਅੰਸ਼
ਮਹਾਂਰਾਜਾ ਤੇ ਮਹਾਂਰਾਣੀ ਵਿਕਟੋਰੀਆਂ

- ਹਰਜੀਤ ਅਟਵਾਲ

 

ਪਹਿਲੀ ਜੁਲਾਈ, 1854, ਸ਼ਾਮ ਦਾ ਵਕਤ। ਅਜ ਮਹਾਂਰਾਜੇ ਦੀ ਮਹਾਂਰਾਣੀ ਵਿਕਟੋਰੀਆ ਨਾਲ ਪਹਿਲੀ ਮੁਲਾਕਾਤ ਤਹਿ ਹੋਈ ਸੀ। ਮਹੀਨੇ ਤੋਂ ਵੱਧ ਸਮਾਂ ਹੋ ਗਿਆ ਸੀ ਮਹਾਂਰਾਜੇ ਨੂੰ ਉਡੀਕਦਿਆਂ। ਉਹ ਵਾਰ ਵਾਰ ਮਿਸਜ਼ ਲੋਗਨ ਨੂੰ ਪੁੱਛਦਾ ਕਿ ਕਦ ਮਿਲੇਗਾ ਉਹ ਮਹਾਂਰਾਣੀ ਨੂੰ। ਮਿਸਜ਼ ਲੋਗਨ ਤਾਂ ਆਪ ਮਹਾਂਰਾਣੀ ਨੂੰ ਦੇਖਣ ਲਈ ਤੜਫ ਰਹੀ ਸੀ। ਐਡੀ ਵੱਡੀ ਮਹਾਂਰਾਣੀ, ਜਿਸ ਦੇ ਰਾਜ ਵਿਚ ਸੂਰਜ ਕਦੇ ਨਹੀਂ ਛੁੱਪਦਾ, ਆਮ ਤਾਂ ਕਿਸੇ ਨੂੰ ਮਿਲਦੀ ਨਹੀਂ। ਮਹਾਂਰਾਜੇ ਨੂੰ ਵੀ ਉਹ ਰਸਮੋ-ਰਸਮੀ ਮਿਲ ਰਹੀ ਸੀ ਕਿ ਹਾਰੇ ਹੋਏ ਰਾਜਿਆਂ ਨੂੰ ਇਕ ਵਾਰੀ ਮਹਾਂਰਾਣੀ ਦੇ ਦਰਬਾਰ ਵਿਚ ਹਾਜ਼ਰੀ ਲਗਵਾਉਣੀ ਹੀ ਪੈਂਦੀ ਸੀ। ਮਿਸਜ਼ ਲੋਗਨ ਇਸੇ ਬਹਾਨੇ ਮਹਾਂਰਾਣੀ ਨੂੰ ਮਿਲਣ ਦੀ ਜਾਂ ਫਿਰ ਦੇਖਣ ਦੀ ਹੀ ਖੁਸ਼ੀ ਲੈਣਾ ਚਾਹੁੰਦੀ ਸੀ। ਉਹ ਮਹਾਂਰਾਜੇ ਨੂੰ ਇਸ ਢੰਗ ਨਾਲ ਤਿਆਰ ਕਰਨ ਵਿਚ ਰੁਝ ਗਈ ਕਿ ਉਹ ਮਹਾਂਰਾਣੀ ਦੀ ਨਜ਼ਰ ਵਿਚ ਵਿਸ਼ੇਸ਼ ਬਣ ਜਾਵੇ ਤੇ ਜਿਸ ਦਾ ਸਿਲਾ ਉਸ ਨੂੰ ਤੇ ਉਸ ਦੇ ਪਤੀ ਨੂੰ ਮਿਲੇ। ਉਹਨਾਂ ਨੇ ਬ੍ਰਤਾਨਵੀ ਸ਼ਾਹੀ ਘਰਾਣੇ ਦੀਆਂ ਰਿਵਾਇਤਾਂ ਤਾਂ ਪਹਿਲਾਂ ਹੀ ਮਹਾਂਰਾਜੇ ਨੂੰ ਸਿਖਾ ਰੱਖੀਆਂ ਸਨ। ਪਹਿਲਾਂ ਏਨੀਆਂ ਮਹਿਫਲਾਂ ਨੂੰ ਮਹਾਂਰਾਜਾ ਪ੍ਰਭਾਵਿਤ ਕਰ ਚੁੱਕਾ ਸੀ। ਅਖਬਾਰਾਂ ਵਿਚ ਉਸ ਦੇ ਚਰਚੇ ਚਲ ਚੁੱਕੇ ਸਨ ਭਾਵੇਂ ਕੁਝ ਨਾਂਹ ਪੱਖੀ ਵੀ ਸਨ ਪਰ ਬਹੁਤੇ ਸ਼ਲਾਘਾਯੋਗ ਹੀ ਸਨ। ਹੋ ਸਕਦਾ ਸੀ ਕਿ ਮਹਾਂਰਾਣੀ ਵਿਕਟੋਰੀਆ ਨੌਜਵਾਨ ਮਹਾਂਰਾਜੇ ਬਾਰੇ ਹੋਰਨਾਂ ਹਾਰੇ ਹੋਏ ਰਾਜਿਆਂ ਤੋਂ ਕੁਝ ਵੱਖਰਾ ਹੀ ਸੋਚਦੀ ਹੋਵੇ। ਡਾਕਟਰ ਲੋਗਨ ਵੀ ਚਾਹੁੰਦਾ ਸੀ ਕਿ ਮਹਾਂਰਾਜਾ ਸ਼ਾਹੀ ਤਖਤ ਸਾਹਮਣੇ ਇਵੇਂ ਪੇਸ਼ ਹੋਵੇ ਕਿ ਆਪਣਾ ਪੂਰਾ ਵਧੀਆ ਜਲੌ ਵਾਲਾ ਅਸਰ ਛੱਡ ਦੇਵੇ। ਮਹਾਂਰਾਜਾ ਤਾਂ ਪਹਿਲਾਂ ਹੀ ਮਹਾਂਰਾਣੀ ਨੂੰ ਮਿਲਣ ਲਈ ਪੂਰੀ ਤਿਆਰੀ ਖਿਚਣੀ ਚਾਹੁੰਦਾ ਸੀ।
ਉਸ ਨੇ ਚਿੱਟਾ ਸਿਲਕ ਦਾ ਕੁੜਤਾ-ਪਜਾਮਾ ਪਾਇਆ ਤੇ ਉਪਰੋਂ ਦੀ ਸੁਨਿਹਰੀ ਧਾਰੀਆਂ ਵਾਲਾ ਚੋਲ਼ਾ। ਉਸ ਦੇ ਉਪਰ ਕਸ਼ਮੀਰੀ ਸ਼ਾਲ ਲੱਕ ਨੂੰ ਲਪੇਟਿਆ। ਲਾਲ ਪਗੜੀ ਤੇ ਉਪਰ ਦੀ ਸਫੈਦ ਰੁਮਾਲ ਤੇ ਉਸ ਦੇ ਉਪਰ ਮੋਤੀਆਂ ਦੀ ਮਾਲ਼ਾ। ਪਗੜੀ ਉਪਰ ਚਾਂਦੀ ਦੀ ਕਲਗੀ ਵੀ ਲਾਈ। ਗੱਲ਼ੇ ਵਿਚ ਪੰਜ ਲੜੀਆਂ ਸੁੱਚੇ ਮੋਤੀਆਂ ਦੀ ਮਾਲ਼ਾਵਾਂ ਦੀਆਂ ਤੇ ਪੰਜਵੀ ਲੜੀ ਨਾਲ ਮਹਾਂਰਾਣੀ ਵਿਕਟੋਰੀਆ ਸੀ ਤਸਵੀਰ। ਇਹ ਤਸਵੀਰ ਕਿਸੇ ਵੇਲੇ ਇਕ ਬ੍ਰਤਾਨਵੀ ਕਰਨਲ ਨੇ ਮਹਾਂਰਾਜਾ ਰਣਜੀਤ ਸਿੰਘ ਨੂੰ ਤੋਹਫੇ ਵਜੋਂ ਭੇਟ ਕੀਤੀ ਸੀ। ਮਹਾਂਰਾਜੇ ਗਲ ਵਿਚ ਸੁਨਿਹਰੀ ਬੱਧਰੀ ਵਾਲੀ ਤਲਵਾਰ ਪਾਈ ਤੇ ਇਕ ਸੋਨੇ ਦੀ ਤਲਵਾਰ ਉਸ ਨੇ ਹੱਥ ਵਿਚ ਫੜ ਲਈ। ਪੈਰੀਂ ਸੁੱਚੇ ਤਿਲੇ ਦੀ ਨੋਕਦਾਰ ਜੁੱਤੀ। ਤਿਆਰ ਹੋ ਕੇ ਸ਼ੀਸ਼ੇ ਦੇ ਮੁਹਰੇ ਖੜਿਆ ਤਾਂ ਉਹ ਆਪ ਵੀ ਹੈਰਾਨ ਰਹਿ ਗਿਆ ਤੇ ਉਸ ਵਲ ਦੇਖ ਕੇ ਮਿਸਜ਼ ਲੋਗਨ ਅਚੰਭਿਤ ਵੀ ਹੋ ਰਹੀ ਸੀ ਤੇ ਖੁਸ਼ ਵੀ। ਡਾਕਟਰ ਲੋਗਨ ਨੇ ਉਸ ਨੂੰ ਦੇਖਿਆ ਤਾਂ ਉਸ ਨੂੰ ਬਹੁਤ ਮਾਣ ਮਹਿਸੂਸ ਹੋਇਆ। ਇਸ ਸਭ ਕਾਸੇ ਵਿਚ ਉਸ ਦਾ ਵੀ ਤਾਂ ਹੱਥ ਸੀ। ਲੋਗਨ ਦੰਪਤੀ ਨੇ ਮਹਾਂਰਾਜੇ ਨੂੰ ਗੇਟ ਮੁਹਰੇ ਉਡੀਕਦੀ ਸ਼ਾਹੀ ਬੱਘੀ ਵਿਚ ਬੈਠਾਇਆ ਤੇ ਨਾਲ ਹੀ ਨੌਕਰ ਨੀਲਕੰਠ ਵੀ ਜੋ ਕਿ ਮਹਾਂਰਾਜੇ ਦੀ ਪੌਸ਼ਾਕ ਦਾ ਖਾਸ ਧਿਆਨ ਰੱਖ ਰਿਹਾ ਸੀ ਤੇ ਬਕਿਘੰਮ ਪੈਲੇਸ ਨੂੰ ਚਲ ਪਏ। ਬੱਘੀ ਦੀ ਆਪਣੀ ਸੀਟ ‘ਤੇ ਮਹਾਂਰਾਜਾ ਥੋੜਾ ਵਿੰਗਾ ਜਿਹਾ ਹੋ ਕੇ ਬੈਠ ਗਿਆ। ਉਸ ਨੇ ਸੱਜਾ ਹੱਥ ਕਿਰਪਾਨ ਉਪਰ ਇਵੇਂ ਰੱਖਿਆ ਹੋਇਆ ਸੀ ਜਿਵੇਂ ਸਿੰਘਾਸਨ ‘ਤੇ ਰੱਖਿਆ ਹੋਵੇ। ਬੱਘੀ ਵਿਚ ਬੈਠਾ ਉਹ ਕਿਸੇ ਦੇਸ਼ ਦਾ ਮਹਾਂਰਾਜਾ ਹੀ ਜਾਪ ਰਿਹਾ ਸੀ। ਬਕਿਘੰਮ ਪੈਲੇਸ ਦੇ ਦਰਬਾਨ ਵੀ ਉਸ ਵਲ ਦੇਖ ਕੇ ਹੈਰਾਨ ਹੋ ਰਹੇ ਸਨ। ਦਰਬਾਨਾਂ ਦਾ ਸਲੂਟ ਲੈ ਕੇ ਬੱਘੀ ਅਗੇ ਲੰਘ ਗਈ। ਸ਼ਾਹੀ ਮਹੱਲ ਦੇ ਮੁਹਰੇ ਰੁਕਦਿਆਂ ਹੀ ਕੁਝ ਸਿਪਾਹੀਆਂ ਨੇ ਅਗੇ ਵਧ ਕੇ ਬੱਘੀ ਦਾ ਦਰਵਾਜ਼ਾ ਖੋਹਲਿਆ। ਸਭ ਤੋਂ ਪਹਿਲਾਂ ਮਹਾਂਰਾਜਾ ਹੀ ਉਤਰਿਆ। ਸ਼ਾਹੀ ਮੇਜ਼ਬਾਨ ਨੇ ਅਗੇ ਵਧ ਕੇ ਉਸ ਦਾ ਸਵਾਗਤ ਕੀਤਾ। ਉਸ ਦੇ ਮਗਰ ਹੀ ਲੋਗਨ ਦੰਪਤੀ ਤੇ ਨੀਲਕੰਠ। ਸ਼ਾਹੀ ਮੇਜ਼ਬਾਨ ਮਹਾਂਰਾਜੇ ਦੀ ਅਗਵਾਈ ਕਰਦਾ ਅਗੇ ਤੁਰਨ ਲਗਿਆ ਤੇ ਇਕ ਹੋਰ ਸ਼ਾਹੀ ਕਰਮਚਾਰੀ ਨੇ ਲੋਗਨ ਦੰਪਤੀ ਤੇ ਨੀਲਕੰਠ ਨੂੰ ਮਹਿਮਾਨ-ਗੈਲਰੀ ਵਲ ਲੈ ਤੁਰਿਆ।
ਮਹਾਂਰਾਜਾ ਸ਼ਾਹੀ ਮੇਜ਼ਬਾਨ ਮਗਰ ਤੁਰਦਾ ਗਿਆ। ਹਾਲ ਵਿਚ ਦਾਖਲ ਹੋਣ ਤੋਂ ਪਹਿਲਾਂ ਲੌਰਡ ਚਾਰਲਸ ਵੁੱਡ ਨੇ ਉਸ ਦਾ ਸਵਾਗਤ ਕੀਤਾ ਜੋ ਕਿ ਮਹਾਂਰਾਣੀ ਦਾ ਹਿੰਦੁਸਤਾਨ ਲਈ ਸਕੱਤਰ ਸੀ। ਹਾਲ ਵਿਚ ਸਾਹਮਣੇ ਮਹਾਂਰਾਣੀ ਦਾ ਸਿੰਘਾਸਨ ਸੀ ਤੇ ਉਹ ਮਹਾਂਰਾਜੇ ਨੂੰ ਦੇਖਦੀ ਉਠ ਖੜੀ ਸੀ। ਆਲੇ ਦੁਆਲੇ ਲੌਰਡਜ਼ ਤੇ ਹੋਰ ਸ਼ਾਹੀ ਪਰਿਵਾਰ ਦੇ ਜੀਅ ਤੇ ਸਰਕਾਰੀ ਮੰਤਰੀ ਖੜੇ ਸਨ। ਮਹਾਂਰਾਜਾ ਲਾਲ ਗਲੀਚੇ ਦੇ ਉਪਰ ਦੀ ਹੌਲੀ ਹੌਲੀ ਤੁਰਦਾ ਮਹਾਂਰਾਣੀ ਤਕ ਪੁੱਜ ਗਿਆ ਤੇ ਉਸ ਨੇ ਇਕ ਲੱਤ ਤੇ ਝੁਕ ਕੇ ਮਹਾਂਰਾਣੀ ਨੂੰ ਅਦਾਬ ਕੀਤੀ। ਮਹਾਂਰਾਣੀ ਖੁਸ਼ ਹੋ ਗਈ। ਉਹ ਦੋ ਕਦਮ ਤੁਰ ਕੇ ਮਹਾਂਰਾਜੇ ਤਕ ਆਈ। ਉਸ ਨੇ ਮਹਾਂਰਾਜੇ ਵਲ ਧਿਆਨ ਨਾਲ ਦੇਖਿਆ। ਉਸ ਦੀ ਪਗੜੀ, ਉਸ ਦੀ ਪੌਸ਼ਾਕ, ਉਸ ਦੇ ਗਲ਼ ਵਿਚ ਪਾਈ ਉਸ ਦੀ ਆਪਣੀ ਹੀ ਛੋਟੀ-ਤਸਵੀਰ ਜਿਹੜੀ ਕਿਸੇ ਵੇਲੇ ਲੌਰਡ ਔਕਲੈਂਡ ਨੇ ਮਹਾਂਰਾਜਾ ਰਣਜੀਤ ਸਿੰਘ ਨੂੰ ਤੋਹਫੇ ਵਜੋਂ ਦਿਤੀ ਸੀ। ਮਹਾਂਰਾਣੀ ਨੇ ਉਸ ਦੀ ਪਗੜੀ ‘ਤੇ ਹੱਥ ਫੇਰੇ ਫਿਰ ਉਸ ਦਾ ਚਿਹਰਾ ਆਪਣੇ ਹੱਥਾਂ ਵਿਚ ਲੈ ਲਿਆ। ਮਹਾਂਰਾਜੇ ਦੀ ਉਠਦੀ ਦਾਹੜੀ ਦੀ ਲੂੰਈ ਨੇ ਮਹਾਂਰਾਣੀ ਦੇ ਹੱਥਾਂ ਵਿਚ ਅਜੀਬ ਜਿਹੀ ਝਰਨਾਹਟ ਛੇੜ ਦਿਤੀ। ਹਾਜ਼ਰ ਲੋਕ ਮਹਾਂਰਾਣੀ ਨੂੰ ਏਨੀ ਜਜ਼ਬਾਤੀ ਹੁੰਦੀ ਦੇਖ ਕੇ ਹੈਰਾਨ ਹੋ ਰਹੇ ਸਨ। ਮਹਾਂਰਾਣੀ ਨੇ ਮਹਾਂਰਾਜੇ ਦੇ ਦੋਵੇਂ ਹੱਥ ਆਪਣੇ ਹੱਥਾਂ ਵਿਚ ਲਏ ਤੇ ਕਿਹਾ,
“ਮਹਾਂਰਾਜਾ, ਤੁਸੀਂ ਬਹੁਤ ਖੂਬਸੂਰਤ ਲਗ ਰਹੇ ਹੋ!”
“ਯੋਅਰ ਹਾਈਨੈੱਸ, ਸ਼ੁਕਰੀਆ।”
“ਅਸੀਂ ਤੁਹਾਡਾ ਆਪਣੇ ਮੁਲਕ ਵਿਚ, ਆਪਣੇ ਸਮਾਜ ਵਿਚ ਸਵਾਗਤ ਕਰਦੇ ਹਾਂ, ਆਸ ਏ ਕਿ ਤੁਹਾਨੂੰ ਕਿਸੇ ਕਿਸਮ ਦੀ ਤਕਲੀਫ ਨਹੀਂ ਆਏਗੀ।”
“ਯੋਅਰ ਹਾਈਨੈੱਸ, ਸ਼ੁਕਰੀਆ।”
ਫਿਰ ਮਹਾਂਰਾਣੀ ਨੇ ਉਸ ਦੇ ਹੱਥ ਛੱਡ ਦਿਤੇ ਤੇ ਕੋਲ ਖੜਾ ਇਕ ਕਰਮਚਾਰੀ ਹੱਥ ਵਾਲਾ ਥਾਲ ਲੈ ਕੇ ਅੱਗੇ ਵਧਿਆ। ਮਹਾਂਰਾਣੀ ਨੇ ਉਸ ਦੀ ਛਾਤੀ ‘ਤੇ ਇਕ ਤਮਗਾ ਲਗਾਉਂਦਿਆਂ ਫਿਰ ਕਿਹਾ,
“ਅਸੀਂ ਤੁਹਾਨੂੰ ਅੱਜ ਤੋਂ ਪਰਿੰਸ ਆਫ ਯੌਰਪ ਦਾ ਖਿਤਾਬ ਦਿੰਦੇ ਹਾਂ।”
“ਬਹੁਤ ਬਹੁਤ ਸ਼ੁਕਰੀਆ ਯੋਅਰ ਹਾਈਨੈੱਸ।”
ਫਿਰ ਮਹਾਂਰਾਣੀ ਨੇ ਮਹਾਂਰਾਜੇ ਨੂੰ ਆਪਣੇ ਨੇੜੇ ਹੀ ਲੌਰਡਜ਼ ਦੇ ਬਰਾਬਰ ਡਹੀ ਕੁਰਸੀ ‘ਤੇ ਬੈਠਣ ਦਾ ਇਸ਼ਾਰਾ ਕੀਤਾ ਤੇ ਆਪ ਛੋਟਾ ਜਿਹਾ ਸਵਾਗਤੀ ਭਾਸ਼ਨ ਦੇਣ ਲਗ ਪਈ। ਹਾਲ ਵਿਚ ਕੁਝ ਲੋਕ ਬਹੁਤ ਹੀ ਈਰਖਾਵਾਨ ਹੋ ਰਹੇ ਸਨ। ਲੌਰਡ ਮੌਲੇਅ ਨੇ ਤਾਂ ਆਪਣੀ ਲੇਡੀ ਮੌਲੇਅ ਦੇ ਕੰਨ ਵਿਚ ਹੌਲੇ ਜਿਹੇ ਕਿਹਾ ਕਿ ਮੈਨੂੰ ਲਗਦਾ ਕਿ ਸਾਡੀ ਮਹਾਂਰਾਣੀ ਇਸ ਕਾਲੇ ਰੰਗੇ ਮਹਾਂਰਾਜੇ ਨੂੰ ਇਸ਼ਕ ਕਰਨ ਲਗ ਪਈ ਹੈ ਪਰ ਇਹ ਤਾਂ ਉਸ ਦੇ ਪੁੱਤ ਦੀ ਉਮਰ ਤੋਂ ਵੀ ਛੋਟਾ ਹੈ। ਮਹਾਂਰਾਜਾ ਪੰਦਰਾਂ ਸਾਲ ਦਾ ਤੇ ਮਹਾਂਰਾਣੀ ਪੈਂਤੀ ਦੀ। ਕੁਝ ਲੋਕ ਖੁਸ਼ ਵੀ ਸਨ। ਖਾਸ ਤੌਰ ‘ਤੇ ਲੌਰਡ ਔਸਟਨ ਤੇ ਲੌਰਡ ਬਰਨਬੀ ਵਰਗੇ ਪ੍ਰਸੰਨ ਸਨ ਕਿ ਮਹਾਂਰਾਜੇ ਨਾਲ ਸਹੀ ਸਲੂਕ ਹੋ ਰਿਹਾ ਸੀ। ਮਹਾਂਰਾਣੀ ਨੇ ਇਸ ਰਸਮ ਦੇ ਖਾਤਮੇ ਦਾ ਐਲਾਨ ਕੀਤਾ ਤਾਂ ਸਾਰੇ ਇਕ ਦੂਜੇ ਨੂੰ ਮਿਲਣ ਗਿਲਣ ਤੇ ਗੱਲਾਂ ਕਰਨ ਵਿਚ ਰੁਝ ਗਏ। ਇਹ ਕੁਝ ਘੜੀਆਂ ਦਾ ਸਮਾਗਮ ਸਭ ਦੀ ਸੁਰਤੀ ਉਪਰ ਛਾ ਰਿਹਾ ਸੀ। ਮਹਾਂਰਾਜੇ ਦੇ ਸਿੱਖ ਪਹਿਰਾਵੇ ਦਾ ਤਾਂ ਮਹਾਂਰਾਣੀ ਉਪਰ ਵੀ ਬਹੁਤ ਅਸਰ ਹੋਇਆ ਸੀ। ਉਸ ਨੇ ਉਸੇ ਵਕਤ ਹੀ ਆਪਣਾ ਵਿਸ਼ੇਸ਼ ਚਿੱਤਰਕਾਰ ਸੱਦ ਕੇ ਉਸ ਦੀ ਤਸਵੀਰ ਬਣਵਾਉਣ ਦਾ ਫੈਸਲਾ ਕਰ ਲਿਆ। ਤੇ ਮਹਾਂਰਾਜੇ ਨੂੰ ਅਗਲੇ ਹਫਤੇ ਹੀ ਖਾਣੇ ਦਾ ਸੱਦਾ ਵੀ ਦੇ ਦਿਤਾ।
ਮਹਾਂਰਾਣੀ ਨੇ ਆਪਣੇ ਵੱਡੇ ਪੁੱਤਰ ਐਡਵਰਡ, ਜਿਸ ਨੂੰ ਕਿ ਪਰਿੰਸ ਆਫ ਵੇਲਜ਼ ਵੀ ਕਿਹਾ ਜਾਂਦਾ ਸੀ, ਨੂੰ ਪਾਸ ਬੁਲਾ ਕੇ ਮਹਾਂਰਾਜੇ ਨਾਲ ਜਾਣਕਾਰੀ ਕਰਵਾ ਦਿਤੀ। ਮਹਾਂਰਾਜੇ ਇਸ ਮੁਲਕ ਵਿਚ ਆ ਕੇ ਪਹਿਲੀ ਵਾਰ ਕਿਸੇ ਹਾਣੀ ਨੂੰ ਮਿਲ ਰਿਹਾ ਸੀ। ਥੋੜੀਆਂ ਗੱਲਾਂ ਵਿਚ ਹੀ ਆਪਸ ਵਿਚ ਦੋਸਤ ਬਣ ਗਏ। ਮਹਾਂਰਾਜੇ ਨੂੰ ਇਸ ਗੱਲ ਦੀ ਹੋਰ ਵੀ ਖੁਸ਼ੀ ਹੋ ਰਹੀ ਸੀ।
ਉਸੇ ਸ਼ਾਮ ਚਾਰਲਸ ਵੁੱਡ ਆਪਣੀ ਡਾਇਰੀ ਲੈ ਕੇ ਲਿਖਣ ਬੈਠ ਗਿਆ; ‘ਦੁਪਿਹਰ ਤੋਂ ਬਾਅਦ ਮਹਾਂਰਾਣੀ ਆਈ, ਅਸੀਂ ਮਹਾਂਰਾਜਾ ਦਲੀਪ ਸਿੰਘ ਪੁੱਤਰ ਮਹਾਂਰਾਜਾ ਰਣਜੀਤ ਸਿੰਘ ਜਿਸ ਦਾ ਰਾਜ ਅਸੀਂ ਆਪਣੇ ਰਾਜ ਵਿਚ ਮਿਲਾ ਚੁੱਕੇ ਹਾਂ, ਦਾ ਸਵਾਗਤ ਕੀਤਾ ਗਿਆ। ਉਸ ਨੇ ਪਿਛਲੇ ਸਾਲ ਹੀ ਇਸਾਈ ਧਰਮ ਕਬੂਲਿਆ ਹੈ। ਉਸ ਦਾ ਪਾਲਣ ਪੋਸਣ ਅੰਗਰੇਜ਼ ਦੰਪਤੀ ਵਲੋਂ ਬਹੁਤ ਵਧੀਆ ਢੰਗ ਨਾਲ ਹੋਇਆ ਹੈ। ਮਹਾਂਰਾਜਾ ਬੇਹੱਦ ਸੁੰਦਰ ਨੌਜਵਾਨ ਹੈ ਤੇ ਅੰਗਰੇਜ਼ੀ ਵੀ ਬਹੁਤ ਵਧੀਆ ਬੋਲ ਰਿਹਾ ਹੈ। ਉਸ ਦੀ ਬੋਲ ਚਾਲ ਤੇ ਚਾਲ-ਸਲੀਕਾ ਬਹੁਤ ਹੀ ਸਭਿਅ ਹੈ। ਉਸ ਦਾ ਮੋਤੀਆਂ ਜੜਿਆ ਪਹਿਰਾਵਾ ਵੀ ਬਹੁਤ ਹੀ ਖੂਬਸੂਰਤ ਸੀ। ਕਿਸੇ ਵੇਲੇ ਕੋਹੇਨੂਰ ਹੀਰਾ ਵੀ ਇਸੇ ਦਾ ਸੀ। ਮੈਂ ਇਸ ਗੱਦੀਓਂ ਉਤਾਰੇ ਰਾਜਕੁਮਾਰ ਨਾਲ ਹਮਦਰਦੀ ਮਹਿਸੂਸ ਕਰਦਾ ਹਾਂ।’
ਅਗਲੇ ਦਿਨ ਦੀਆਂ ਅਖਬਾਰਾਂ ਇਸ ਘਟਨਾ ਨਾਲ ਭਰੀਆਂ ਪਈਆਂ ਸਨ। ਕੁਝ ਅਖਬਾਰਾਂ ਇਸ ਦਾ ਖੰਡਨ ਕਰ ਰਹੀਆਂ ਸਨ ਕਿ ਮਹਿਜ ਇਕ ਗੱਦੀਓਂ ਉਤਾਰੇ ਬੱਚੇ ਨੂੰ ਏਨੀ ਅਹਿਮੀਅਤ ਕਿਉਂ ਦਿਤੀ ਜਾ ਰਹੀ ਹੈ ਤੇ ਕੁਝ ਇਸ ਦਾ ਸਵਾਗਤ ਵੀ ਕਰ ਰਹੀਆਂ ਸਨ।
ਅਗਲੇ ਦਿਨਾਂ ਵਿਚ ਹੀ ਮਹਾਂਰਾਣੀ ਆਪਣੇ ਸੈਕਟਰੀ ਨੂੰ ਆਪਣੇ ਜਨਰਲ ਲਈ ਡਿਕਟੇਟ ਕਰਦੀ ਲਿਖਵਾਉਣ ਲਗੀ; ‘ਖਾਣੇ ਉਤੇ ਬਹੁਤ ਸਾਰੇ ਲੋਕ ਹਾਜ਼ਰ ਸਨ। ਲੌਰਡ ਤੇ ਲੇਡੀ ਚਰਚਿਲ, ਲੌਰਡ ਚਾਰਲਸ ਵੁੱਡ ਤੇ ਲੇਡੀ ਐਮ ਵੁੱਡ, ਸਰ ਬੌਨੇਮ, ਡਿਉਕ ਔਫ ਸਦਰਲੈਂਡ ਤੇ ਹੋਰ ਵੀ। ਮਹਾਂਰਾਜਾ ਦਲੀਪ ਸਿੰਘ ਮੇਰੇ ਨਾਲ ਬੈਠਾ ਸੀ। ਉਸ ਬਹੁਤ ਹੀ ਖੁਸ਼ ਤਬੀਅਤ, ਅਕਲਵੰਦ ਤੇ ਸੁਧਰੀ ਹੋਈ ਤਰਬੀਅਤ ਦਾ ਮਾਲਕ ਹੈ। ਉਸ ਦਾ ਨੌਜਵਾਨ ਚਿਹਰਾ ਬਹੁਤ ਹੀ ਖੂਬਸੂਰਤ ਸੀ ਹਾਲਾਂਕਿ ਉਸ ਦੀ ਬੰਨੀ ਪਗੜੀ ਲੁਕਾ ਰਹੀ ਸੀ। ਉਹ ਬਹੁਤ ਅੱਛੀ ਤਰ੍ਹਾਂ ਅੰਗਰੇਜ਼ੀ ਬੋਲ ਰਿਹਾ ਸੀ ਬਲਕਿ ਆਪਣੀ ਮਾਤਭਾਸ਼ਾ ਤੋਂ ਵੀ ਬਿਹਤਰ ਤਰੀਕੇ ਨਾਲ, ਜਿਸ ਨੂੰ ਸ਼ਾਇਦ ਹੁਣ ਤਕ ਉਹ ਭੁੱਲ ਹੀ ਗਿਆ ਹੋਵੇ। ਉਸ ਨੂੰ ਇਸ ਮੁਲਕ ਦੇ ਮੌਸਮ ਦਾ ਵੀ ਕੋਈ ਫਰਕ ਨਹੀਂ ਲਗਦਾ। ਉਸ ਨੂੰ ਪਛਤਾਵਾ ਹੈ ਕਿ ਹਿੰਦੁਸਤਾਨ ਇੰਗਲਿਸਤਾਨ ਤੋਂ ਏਨੀ ਦੂਰ ਕਿਉਂ ਹੈ ਤਾਂ ਕਿ ਹੋਰ ਲੋਕ ਇਧਰ ਆ ਸਕਣ ਤੇ ਇੰਗਲਸਿਤਾਨ ਨੂੰ ਦੇਖ ਕੇ ਉਹਨਾਂ ਦੀਆਂ ਅੱਖਾਂ ਖੁਲ੍ਹਣ। ਮਹਾਂਰਾਜੇ ਨੂੰ ਸੰਗੀਤ ਬਹੁਤ ਪਸੰਦ ਹੈ। ਲੌਰਡ ਚਾਰਲਸ ਵੁੱਡ ਦਸਦਾ ਹੈ ਕਿ ਮਹਾਂਰਾਜੇ ਨੇ ਬਹੁਤ ਡਰਾਵਣੀਆਂ ਤੇ ਨਿਰਦਈ ਘਟਨਾਵਾਂ ਦੇਖੀਆਂ ਹਨ ਜਿਹਨਾਂ ਕਰਕੇ ਉਹ ਆਪਣੇ ਮੁਲਕ ਵਾਪਸ ਜਾਣ ਤੋਂ ਬਹੁਤ ਡਰਦਾ ਹੈ। ਲੌਰਡ ਹਾਰਡਿੰਗ ਨੇ ਦੱਸਿਆ ਸੀ ਕਿ ਜਦ ਉਸ ਦੇ ਮਾਮੇ ਜਵਾਹਰ ਸਿੰਘ ਦਾ ਕਤਲ ਕੀਤਾ ਗਿਆ ਸੀ ਤਾਂ ਮਹਾਂਰਾਜਾ ਉਸ ਦੀ ਗੋਦ ਵਿਚ ਸੀ। ਉਸ ਦੀ ਮਾਂ ਬਹੁਤ ਹੀ ਹਿੰਸਕ ਔਰਤ ਸੀ ਜੋ ਹੁਣ ਨਿਪਾਲ ਵਿਚ ਰਹਿ ਰਹੀ ਹੈ।’
ਮਹਾਂਰਾਣੀ ਵਿਕਟੋਰੀਆ ਮਹਾਂਰਾਜੇ ਦੀ ਸਖਸ਼ੀਅਤ ਨਾਲ ਡੂੰਘੀ ਹਰਮਦਰਦੀ ਹੋ ਗਈ। ਉਸ ਦੇ ਭਲੇ ਲਈ ਉਹ ਆਪਣੇ ਹੱਦੋਂ ਬਾਹਰ ਹੋ ਕੇ ਵੀ ਸੋਚਣ ਲਗਦੀ। ਉਸ ਨੇ ਸੋਚਿਆ ਕਿ ਲੌਰਡ ਡਲਹੌਜ਼ੀ ਨੂੰ ਵੀ ਆਪਣੀ ਰਾਏ ਬਾਰੇ ਦੱਸਿਆ ਜਾਵੇ। ਹਿੰਦੁਸਤਾਨ ਪ੍ਰਤੀ ਲੌਰਡ ਡਲਹੌਜ਼ੀ ਦੀਆਂ ਵੀ ਬਹੁਤ ਸਾਰੀਆਂ ਜਿ਼ੰਮੇਵਾਰੀਆਂ ਸਨ। ਉਸ ਨੇ ਮਹਾਂਰਾਜੇ ਪ੍ਰਤੀ ਆਪਣੇ ਸਾਰੇ ਵਿਚਾਰ ਲੌਰਡ ਡਲਹੌਜ਼ੀ ਨੂੰ ਲਿਖ ਭੇਜੇ। ਲੌਰਡ ਡਲਹੌਜ਼ੀ ਨੇ ਦਬਵੀਂ ਅਵਾਜ਼ ਵਿਚ ਮਹਾਂਰਾਣੀ ਦੇ ਜਜ਼ਬਾਤ ਦੀ ਪ੍ਰੋੜਤਾ ਕੀਤੀ ਤੇ ਨਾਲ ਹੀ ਇਹ ਵੀ ਕਹਿ ਦਿਤਾ ਕਿ ਸਾਰੇ ਹਿੰਦੁਸਤਾਨੀ ਬੱਚੇ ਅਜਿਹੇ ਨਹੀਂ ਹੁੰਦੇ, ਮਹਾਂਰਾਜਾ ਸਿਰਫ ਅੰਗਰੇਜ਼ੀ ਤਰਬੀਅਤ ਕਾਰਨ ਅਜਿਹਾ ਹੈ।
10 ਜੁਲਾਈ, 1854। ਵਿੰਟਰਹਾਲਟਰ ਮਹਾਂਰਾਣੀ ਵਿਕਟੋਰੀਆ ਦੀ ਪਸੰਦ ਦਾ ਕਲਾਕਾਰ ਸੀ। ਉਸ ਨੇ ਸਾਰੇ ਯੌਰਪ ਦੇ ਸ਼ਾਹੀ ਘਰਾਣਿਆਂ ਦੀਆਂ ਤਸਵੀਰਾਂ ਬਣਾਈਆਂ ਹੋਈਆਂ ਸਨ। ਉਹ ਅਜਕਲ ਲੰਡਨ ਵਿਚ ਹੀ ਸੀ ਤੇ ਸ਼ਾਹੀ ਪਰਿਵਾਰ ਦੀਆਂ ਤਸਵੀਰਾਂ ਬਣਾ ਰਿਹਾ ਸੀ। ਮਹਾਂਰਾਣੀ ਨੇ ਮਹਾਂਰਾਜੇ ਦੀ ਤਸਵੀਰ ਵਿੰਟਰਹਾਲ ਤੋਂ ਬਣਵਾਉਣ ਦਾ ਫੈਸਲਾ ਕਰ ਲਿਆ। ਮਹਾਂਰਾਣੀ ਆਪ ਵੀ ਕਲਾਕਾਰ ਸੀ। ਵਧੀਆ ਤਸਵੀਰਾਂ ਬਣਾ ਲੈਂਦੀ ਸੀ। ਮਹਾਂਰਾਜੇ ਨੂੰ ਬਕਿਘੰਮ ਪੈਲੇਸ ਦੇ ਵਾਈਟ ਡਰਾਇੰਗ ਰੂਮ ਵਿਚ ਬੈਠਾਇਆ ਗਿਆ ਸੀ ਜਿਥੇ ਵਿੰਟਰਹਾਲ ਉਸ ਦੀ ਤਸਵੀਰ ਬਣਾਉਣ ਲਗਿਆ। ਮਹਾਂਰਾਜੇ ਨੇ ਆਪਣਾ ਪੂਰਾ ਸ਼ਾਹੀ ਪਹਿਰਾਵਾ ਪਹਿਨਿਆਂ ਹੋਇਆ ਸੀ। ਕਲਾਕਾਰ ਵਿੰਟਰਹਾਲਟਰ ਚਾਹੁੰਦਾ ਸੀ ਕਿ ਉਹ ਮਹਾਂਰਾਜੇ ਦੀ ਤਸਵੀਰ ਇਵੇਂ ਬਣਾਵੇ ਕਿ ਉਸ ਦਾ ਜਿਸਮ ਕੁਝ ਭਰਿਆ ਭਰਿਆ ਲਗੇ ਤੇ ਕੱਦ ਵੀ ਥੋੜਾ ਲੰਮੇਰਾ। ਮਹਾਂਰਾਜਾ ਬਾਖੂਬੀ ਉਸ ਦਾ ਸਾਥ ਦੇ ਰਿਹਾ ਸੀ।
ਮਹਾਂਰਾਣੀ ਵਿਕਟੋਰੀਆ ਨੇ ਉਸੇ ਦਿਨ ਆਪਣੇ ਜਨਰਲ ਵਿਚ ਲਿਖਵਾਇਆ; ‘ਡਾਕਟਰ ਲੋਗਨ ਤੇ ਕਰਨਲ ਫਿਪਸ ਮਹਾਂਰਾਜੇ ਨੂੰ ਸਮੇਂ ਸਿਰ ਲੈ ਆਏ। ਡਾਕਟਰ ਲੋਗਨ ਉਹੋ ਵਿਅਕਤੀ ਹੈ ਜੋ ਪਿਛਲੇ ਚਾਰ ਸਾਲ ਤੋਂ ਮਹਾਂਰਾਜੇ ਦੀ ਦੇਖਭਾਲ ਕਰਦਾ ਆ ਰਿਹਾ ਹੈ, ਜਦੋਂ ਤੋਂ ਪੰਜਾਬ ਨੂੰ ਸਾਡੇ ਰਾਜ ਨਾਲ ਰਲ਼ਾ ਲਿਆ ਗਿਆ ਹੈ। ਉਹ ਬਹੁਤ ਤੇਜ਼ ਆਦਮੀ ਹੈ ਪਰ ਮਹਾਂਰਾਜੇ ਨਾਲ ਕਾਫੀ ਜੁੜਿਆ ਹੋਇਆ ਹੈ ਤੇ ਚਾਹੁੰਦਾ ਹੈ ਕਿ ਮਹਾਂਰਾਜਾ ਕਿਸੇ ਕਿਸਮ ਦੀ ਸ਼ਰਾਰਤ ਤੋਂ ਦੂਰ ਰਹੇ। ਉਹ ਚਾਹੁੰਦਾ ਹੈ ਕਿ ਹਾਲੇ ਮਹਾਂਰਾਜਾ ਸਾਡੇ ਮੁਲਕ ਦੇ ਮੁਖਧਾਰਾ ਦੇ ਸਮਾਜ ਦਾ ਹਿੱਸਾ ਨਾ ਬਣੇ, ਇਕਾ ਦੁੱਕਾ ਡਿਨਰ ਹੀ ਠੀਕ ਹਨ।... ਵਿੰਟਰਹਾਲਟਰ ਮਹਾਂਰਾਜੇ ਤੋਂ ਬਹੁਤ ਖੁਸ਼ ਹੈ। ਪੂਰੇ ਦੋ ਘੰਟੇ ਉਹ ਅਹਿਲ ਖੜਾ ਆਪਣੀ ਤਸਵੀਰ ਬਣਾਉਂਦਾ ਰਿਹਾ ਹੈ।’
11 ਜੁਲਾਈ, 1854, ਮਹਾਂਰਾਣੀ ਦਾ ਜਨਰਲ; ‘ਅਜ ਮਹਾਂਰਾਜਾ ਕੱਲ ਵਾਂਗ ਹੀ ਖੂਬਸੂਰਤ ਪਹਿਰਾਵੇ ਨਾਲ ਆਇਆ ਤਾਂ ਜੋ ਅਧੂਰੀ ਤਸਵੀਰ ਪੂਰੀ ਹੋ ਸਕੇ। ਉਸ ਦੇ ਨਾਲ ਅਜ ਮਿਸਜ਼ ਲੋਗਨ ਵੀ ਸੀ ਜੋ ਕਿ ਉਸ ਦੀ ਮਾਂ ਵਾਂਗ ਹੈ। ਡਾਕਰਟ ਲੋਗਨ ਤੇ ਮਿਸਜ਼ ਲੋਗਨ ਨੇ ਸਾਨੂੰ ਮਹਾਂਰਾਜਾ ਤੇ ਉਸ ਦੇ ਪਰਿਵਾਰ ਬਹੁਤ ਸਾਰੀਆਂ ਹੈਰਾਨਜਨਕ ਤੇ ਦਿਲਚਸਪ ਗੱਲਾਂ ਸੁਣਾਈਆਂ। ਉਹਨਾਂ ਨਾਲ ਆਏ ਪੰਡਿਤ ਨੀਲਕੰਠ ਗੋੜੇ, ਜੋ ਕਿ ਹੁਣ ਇਸਾਈ ਬਣ ਚੁੱਕਾ ਹੈ, ਨੇ ਅਲਬਰਟ ਨਾਲ ਬ੍ਰਾਹਮਨ ਧਰਮ ਨੇ ਇਸਾਈ ਧਰਮ ਬਾਰੇ ਬਹੁਤ ਸਾਰੀਆਂ ਗੱਲਾਂ ਕੀਤੀਆਂ। ਡਾਕਟਰ ਲੋਗਨ ਨੇ ਕਿਹਾ ਕਿ ਸਿੱਖਾਂ ਦੀ ਨਸਲ ਹੋਰ ਹਿੰਦੁਸਤਾਨੀਆਂ ਦੇ ਮੁਕਾਬਲੇ ਬਹੁਤ ਉੱਚੀ ਹੈ,... ਹਿੰਦੁਸਤਾਨ ਆਪਣੀਆਂ ਔਰਤਾਂ ‘ਤੇ ਬਹੁਤ ਸ਼ੱਕ ਕਰਦੇ ਹਨ ਤੇ ਹੋਰ ਕਈ ਦੇਸ਼ਾਂ ਵਾਂਗ ਔਰਤਾਂ ਨੂੰ ਪੜਾਇਆ ਨਹੀਂ ਜਾਂਦਾ।’
ਫਿਰ ਮਹਾਂਰਾਣੀ ਨੇ ਆਪਣੇ ਹੱਥੀਂ ਪੰਡਿਤ ਤੇ ਮਹਾਂਰਾਜੇ ਦਾ ਇਕ ਇਕ ਛੋਟਾ ਸਕੈੱਚ ਬਣਾਇਆ। ਸਕੈੱਚ ਵਿਚ ਮਹਾਂਰਾਜੇ ਦੀ ਪੱਗੜੀ ਨੂੰ ਸੁਨਿਹਰੀ ਰੰਗ ਦਿਤਾ ਤੇ ਪੰਡਿਤ ਦਾ ਰੰਗ ਭਿਕਸ਼ੂਆਂ ਵਰਗਾ ਭੂਰਾ ਕਰ ਦਿਤਾ। ਇਵੇਂ ਮਹਾਂਰਾਣੀ ਆਪਣਾ ਸ਼ੌਂਕ ਅਕਸਰ ਹੀ ਪੂਰਾ ਕਰਨ ਬਹਿ ਜਾਇਆ ਕਰਦੀ ਸੀ। ਜਦ ਮਹਾਂਰਾਣੀ ਮਹਾਂਰਾਜੇ ਦੀ ਤਸਵੀਰ ਬਣਾ ਰਹੀ ਹੁੰਦੀ ਤਾਂ ਉਹ ਅਜੀਬ ਨਜ਼ਰਾਂ ਨਾਲ ਉਸ ਵਲ ਦੇਖਣ ਲਗਦਾ। ਕਦੇ ਕਦੇ ਸੋਚਦਾ ਕਿ ਹੁਣ ਬੀਬੀ ਜੀ ਵੀ ਇਹੋ ਜਿਹੇ ਹੀ ਦਿਸਦੇ ਹੋਣਗੇ।
ਮਿਸਜ਼ ਲੋਗਨ ਨਾਲ ਗੱਲਾਂ ਕਰਦਿਆਂ ਮਹਾਂਰਾਣੀ ਵਿਕਟੋਰੀਆ ਸਮਝ ਗਈ ਕਿ ਮਹਾਂਰਾਜੇ ਉਪਰ ਉਸ ਦਾ ਕਿੰਨਾ ਅਸਰ ਹੁੰਦਾ ਹੈ। ਮਹਾਂਰਾਜਾ ਉਸ ਦੀ ਹਰ ਗੱਲ ਨੂੰ ਮੰਨਦਾ ਸੀ। ਮਹਾਂਰਾਣੀ ਵਿਕਟੋਰੀਆ ਦੇ ਮਨ ਵਿਚ ਕੁਝ ਗੱਲਾਂ ਉਭਰਨ ਲਗੀਆਂ। ਉਸ ਨੂੰ ਅਖਬਾਰ ਦੀ ਉਹ ਸੁਰਖੀ ਹਾਲੇ ਵੀ ਯਾਦ ਸੀ ਜਿਸ ਵਿਚ ਲਿਖਿਆ ਸੀ ਕਿ ਇਹੋ ਹੈ ਉਹ ਬੱਚਾ ਜਿਸ ਤੋਂ ਮਹਾਂਰਾਣੀ ਨੇ ਕੋਹੇਨੂਰ ਹੀਰਾ ਖਹਿਆ ਹੈ। ਇਹ ਗੱਲ ਉਸ ਨੂੰ ਚੁਭ ਰਹੀ ਸੀ। ਉਸ ਦੇ ਮਨ ਵਿਚ ਇਕ ਤਰਕੀਬ ਆਈ। ਮਿਸਜ਼ ਲੋਗਨ ਪਹਿਲੇ ਦਿਨ ਤੋਂ ਹੀ ਮਹਾਂਰਾਣੀ ਨਾਲ ਬਹੁਤ ਪਿਆਰ ਨਾਲ ਪੇਸ਼ ਆ ਰਹੀ ਸੀ। ਮਹਾਂਰਾਣੀ ਨੇ ਸੋਚ ਲਿਆ ਕਿ ਉਹ ਉਸ ਦੇ ਕੰਮ ਆ ਸਕਦੀ ਹੈ। ਇਕ ਦਿਨ ਉਸ ਨੇ ਪੁੱਛਿਆ,
“ਮਿਸਜ਼ ਲੋਗਨ, ਕੀ ਮਹਾਂਰਾਜੇ ਨੇ ਕਦੇ ਕੋਹੇਨੂਰ ਦਾ ਜਿ਼ਕਰ ਵੀ ਕੀਤਾ ਏ?”
“ਯੋਅਰ ਹਾਈਨੈੱਸ ਨਹੀਂ।”
“ਕੋਹੇਨੂਰ ਨੂੰ ਗਵਾ ਕੇ ਕੋਈ ਪਛਤਾਵਾ ਹੋਇਆ ਹੋਵੇ?”
ਮਿਸਜ਼ ਲੋਗਨ ਸੋਚਣ ਲਗ ਪਈ। ਉਸ ਨੂੰ ਮਹਾਂਰਾਣੀ ਤੋਂ ਅਜਿਹੇ ਸਵਾਲ ਦੀ ਆਸ ਨਹੀਂ ਸੀ। ਕੁਝ ਦੇਰ ਸੋਚ ਕੇ ਬੋਲੀ,
“ਯੋਅਰ ਹਾਈਨੈੱਸ, ਇੰਗਲੈਂਡ ਆ ਕੇ ਤਾਂ ਕੋਈ ਗੱਲ ਨਹੀਂ ਹੋਈ ਪਰ ਹਾਂ ਹਿੰਦੁਸਤਾਨ ਵਿਚ ਕਦੇ ਕਦੇ ਜਿ਼ਕਰ ਕਰਿਆ ਕਰਦਾ ਸੀ, ਵੈਸੇ ਮੇਰੇ ਪਤੀ ਦਸਦੇ ਨੇ ਕਿ ਇਹਦਾ ਵੀ ਹੀਰੇ ਨਾਲ ਬਹੁਤ ਮੋਹ ਸੀ ਪਰ ਉਹਨਾਂ ਦਿਨਾਂ ਵਿਚ ਇਸ ਦੇ ਮਨ ਵਿਚ ਡਰ ਤੇ ਸਹਿਮ ਹੀ ਏਨਾ ਸੀ ਕਿ ਇਹ ਬੋਲ ਨਹੀਂ ਸੀ ਸਕਦਾ, ਬੋਲਣਾ ਕੀ ਇਹ ਕੁਝ ਮਹਿਸੂਸ ਹੀ ਨਹੀਂ ਸੀ ਕਰ ਸਕਦਾ।”
“ਮਿਸਜ਼ ਲੋਗਨ, ਤੁਸੀਂ ਮੇਰਾ ਇਕ ਕੰਮ ਕਰ ਸਕਦੇ ਹੋ?”
“ਯੋਅਰ ਹਾਈਨੈੱਸ ਹੁਕਮ ਕਰੋ।”
“ਤੁਸੀਂ ਕੋਹੇਨੂਰ ਬਾਰੇ ਮਹਾਂਰਾਜੇ ਦੀਆਂ ਭਾਵਨਾਵਾਂ ਦੇਖ ਸਕਦੇ ਹੋ। ...ਦੇਖ ਸਕਦੇ ਹੋ ਕਿ ਕੋਹੇਨੂਰ ਬਾਰੇ ਤੇ ਅੱਜ ਦੀ ਸਥਿਤੀ ਬਾਰੇ ਉਹ ਕੀ ਸੋਚਦਾ ਏ?”
“ਬਿਲਕੁਲ ਮਹਾਂਰਾਣੀ, ਅਸੀਂ ਪਤੀ ਪਤਨੀ ਤਾਂ ਤੁਹਾਡੇ ਤੋਂ ਹੀ ਤਨਖਾਹ ਲੈਂਦੇ ਹਾਂ।”
ਉਸ ਦਿਨ ਮਹਾਂਰਾਣੀ ਨੇ ਮਿਸਜ਼ ਲੋਗਨ ਨੂੰ ਕਾਫੀ ਸਾਰੇ ਤੋਹਫੇ ਵੀ ਭੇਂਟ ਕੀਤੇ। ਮਿਸਜ਼ ਲੋਗਨ ਤੇਜ਼ ਔਰਤ ਸੀ। ਉਹ ਮਹਾਂਰਾਣੀ ਦੇ ਮਨ ਦੀ ਗੱਲ ਇਕ ਦਮ ਸਮਝ ਗਈ। ਉਸ ਨੇ ਇਕ ਯੋਯਨਾ ਬਣਾ ਲਈ ਤੇ ਸੋਚਣ ਲਗੀ ਕਿ ਇਸ ਨੂੰ ਕਿਵੇਂ ਸਿਰੇ ਚਾੜ੍ਹਿਆ ਜਾਵੇ।
ਮਹਾਂਰਾਣੀ ਨਾਲ ਇਸ ਮੁਲਕਾਤ ਤੋਂ ਕੁਝ ਦਿਨ ਬਾਅਦ ਹੀ ਮਿਸਜ਼ ਲੋਗਨ ਨੇ ਮਹਾਂਰਾਜੇ ਨਾਲ ਘੋੜ ਸਵਾਰੀ ਕਰਨ ਦਾ ਪ੍ਰੋਗਰਾਮ ਬਣਾ ਲਿਆ। ਡਾਕਟਰ ਲੋਗਨ ਤਾਂ ਆਮ ਤੌਰ ਤੇ ਕਿਸੇ ਨਾ ਕਿਸੇ ਰੁਝੇਵੇਂ ਵਿਚ ਹੀ ਫਸਿਆ ਹੁੰਦਾ। ਮਿਸਜ਼ ਲੋਗਨ ਕੋਲ ਜਦ ਵੀ ਵਕਤ ਹੁੰਦਾ ਤਾਂ ਉਹ ਮਹਾਂਰਾਜੇ ਨਾਲ ਘੋੜ-ਸਵਾਰੀ ਲਈ ਚਲੇ ਜਾਇਆ ਕਰਦੀ। ਉਸ ਨੂੰ ਵੀ ਘੋੜ-ਸਵਾਰੀ ਦਾ ਸ਼ੌਂਕ ਸੀ। ਮਹਾਂਰਾਜਾ ਵਿੰਬਲਡਨ ਰਹਿੰਦਾ ਸੀ ਤੇ ਲੋਗਨ ਪਰਿਵਾਰ ਕਿਊ ਦੇ ਇਲਾਕੇ ਵਿਚ। ਕਿਊ ਦੇ ਨਾਲ ਹੀ ਰਿਚਮੰਡ ਪਾਰਕ ਪੈਂਦਾ ਸੀ ਜਿਹੜੀ ਕਿ ਘੋੜ-ਸਵਾਰੀ ਲਈ ਬਹੁਤ ਹੀ ਢੁਕਵੀਂ ਜਗਾਹ ਸੀ। ਮੀਲਾਂ ਵਿਚ ਫੈਲਿਆ ਪਾਰਕ ਸਵਾਰਾਂ ਦੀ ਵੀ ਤੇ ਘੋੜਿਆਂ ਦੀ ਤਸੱਲੀ ਕਰਵਾ ਸਕਦਾ ਸੀ। ਮਹਾਂਰਾਜਾ ਹਾਲੇ ਵੀ ਕਦੇ ਕਦੇ ਘੋੜੇ ਦੇ ਬਰਾਬਰ ਦੌੜ ਕੇ ਤੇ ਫਿਰ ਪਲਾਕੀ ਮਾਰ ਕੇ ਉਸ ‘ਤੇ ਚੜ੍ਹਿਆ ਕਰਦਾ ਸੀ। ਮਹਾਂਰਾਜਾ ਲੋਗਨ ਜੋੜੀ ਦੇ ਘਰ ਆ ਜਾਂਦਾ ਤੇ ਉਹ ਅਗੇ ਰਿਚਮੰਡ ਪਾਰਕ ਵਲ ਨਿਕਲ ਜਾਇਆ ਕਰਦੇ। ਜੇ ਡਾਕਟਰ ਲੋਗਨ ਘਰ ਨਾ ਹੁੰਦਾ ਤਾਂ ਮਿਸਜ਼ ਲੋਗਨ ਚਲੇ ਜਾਇਆ ਕਰਦੀ ਜਾਂ ਫਿਰ ਸਾਥ ਦੇਣ ਲਈ ਕੋਈ ਨਾ ਕੋਈ ਹੋਰ ਵਾਕਫ ਮਿਲ ਜਾਂਦਾ। ਉਸ ਦਿਨ ਵੀ ਇਵੇਂ ਹੀ ਹੋਇਆ। ਮਿਸਜ਼ ਲੋਗਨ ਮਹਾਂਰਾਜੇ ਨਾਲ ਤੁਰ ਪਈ ਸੀ। ਉਸ ਨੇ ਮਹਾਂਰਾਜੇ ਵਾਂਗ ਦੜੁਕੀ ਤਾਂ ਨਹੀਂ ਸੀ ਲਗਾਉਣੀ ਪਰ ਸਾਥ ਦੇਣ ਲਈ ਠੀਕ ਸੀ। ਪਾਰਕ ਵਿਚ ਜਾ ਕੇ ਮਹਾਂਰਾਜੇ ਨੇ ਤੇਜ਼ ਰਫਤਾਰ ਵਿਚ ਕੁਝ ਚੱਕਰ ਆਪਣੇ ਘੋੜੇ ‘ਤੇ ਲਗਾਏ ਤੇ ਫਿਰ ਮਿਸਜ਼ ਲੋਗਨ ਦੇ ਘੋੜੇ ਦੇ ਬਰਾਬਰ ਆਉਂਦਾ, ਉਸ ਦੀ ਚਾਲ ਵਿਚ ਹੀ ਆਪਣਾ ਘੋੜਾ ਕਰਦਾ, ਘੋੜੇ ਦੀ ਗਰਦਣ ‘ਤੇ ਥਾਪੀ ਦਿੰਦਾ ਬੋਲਿਆ,
“ਮੈਅਮ, ਮੈਨੂੰ ਇਸ ਦੀ ਸਿਹਤ ਠੀਕ ਨਹੀਂ ਜਾਪਦੀ, ਆਪਣਾ ਇਹ ਵੈੱਟ ਠੀਕ ਨਹੀਂ, ਇਹ ਜਾਨਵਰਾਂ ਦਾ ਲਗਾਤਾਰ ਮੁਆਇਨਾ ਨਹੀਂ ਕਰਦਾ।”
“ਮਹਾਂਰਾਜਾ, ਇਹ ਤਾਂ ਚੰਗੀ ਗੱਲ ਨਹੀਂ, ਡਾਕਟਰ ਲੋਗਨ ਤਾਂ ਰੁੱਝੇ ਹੋਏ ਨੇ, ਮੈਂ ਕੱਲ ਹੀ ਮਾਈਕਲ ਨਾਲ ਇਸ ਬਾਰੇ ਗੱਲ ਕਰਾਂਗੀ।
ਕੁਝ ਗੱਲਾਂ ਤੋਂ ਬਾਅਦ ਮਿਸਜ਼ ਲੋਗਨ ਬੋਲੀ,
“ਮਹਾਂਰਾਜਾ, ਕੋਹੇਨੂਰ ਨੂੰ ਥੋੜਾ ਤਰਾਸ਼ ਕੇ ਇਸ ਨੂੰ ਬਹੁਤ ਸੁੰਦਰ ਬਣਾ ਲਿਆ ਗਿਆ ਏ।”
ਕੋਹੇਨੂਰ ਦਾ ਨਾਂ ਸੁਣਦਿਆਂ ਹੀ ਮਹਾਂਰਾਜੇ ਨੇ ਆਪਣੇ ਘੋੜੇ ਦੀਆਂ ਵਾਗਾਂ ਇਕ ਦਮ ਖਿੱਚ ਲਈਆਂ। ਘੋੜਾ ਥਾਵੇਂ ਚੱਕਰ ਕੱਢਣ ਲਗਿਆ। ਮਿਸਜ਼ ਲੋਗਨ ਨੂੰ ਵੀ ਆਪਣਾ ਘੋੜਾ ਰੋਕਣਾ ਪਿਆ। ਮਹਾਂਰਾਜਾ ਇਕ ਦਮ ਟਿਕਟਿਕੀ ਲਗਾ ਕੇ ਮਿਸਜ਼ ਲੋਗਨ ਵਲ ਦੇਖਦਾ ਜਾ ਰਿਹਾ ਸੀ ਜਿਵੇਂ ਬੱਚਾ ਗੁਆਚਿਆ ਖਿਡਾੳਣਾ ਲੱਭਣ ਦੀ ਆਸ ਵਿਚ ਦੇਖਿਆ ਕਰਦਾ ਹੈ। ਉਸ ਦੀਆਂ ਅੱਖਾਂ ਵਿਚ ਪਾਣੀ ਸੀ। ਕੁਝ ਪਲ ਚੁੱਪ ਰਹਿ ਕੇ ਮਹਾਂਰਾਜਾ ਪੁੱਛਣ ਲਗਿਆ,
“ਮੈਅਮ, ਤੁਸੀ ਕੋਹੇਨੂਰ ਦੇਖਿਆ?”
“ਨਹੀਂ, ਮੈਂ ਸੁਣਿਆਂ ਪਰ ਕੀ ਤੁਸੀਂ ਦੇਖਣਾ ਚਾਹੋਂਗੇ?”
ਮਿਸਜ਼ ਲੋਗਨ ਦੀ ਏਨੀ ਗੱਲ ਕਹਿਣ ਦੀ ਦੇਰ ਸੀ ਕਿ ਮਹਾਂਰਾਜੇ ਨੇ ਆਪਣੇ ਘੋੜੇ ਨੂੰ ਅੱਡੀ ਲਾਈ ਤੇ ਭਜਾ ਲਿਆ। ਘੋੜਾ ਹਵਾ ਨਾਲ ਗੱਲਾਂ ਕਰਨ ਲਗਿਆ। ਮਿਸਜ਼ ਲੋਗਨ ਮਹਾਂਰਾਜੇ ਦੇ ਦਿਲ ਦਾ ਹਾਲ ਸਮਝਦੀ ਸੀ। ਉਹ ਪੂਰੇ ਰਿਚਮੰਡ ਪਾਰਕ ਦਾ ਗੇੜਾ ਕੇ ਉਸ ਕੋਲ ਮੁੜ ਆਇਆ ਤੇ ਕੁਝ ਨਾ ਬੋਲਿਆ। ਉਹ ਦੋਵੇਂ ਫਿਰ ਬਰੋ-ਬਰਾਬਰ ਦੌੜਨ ਲਗੇ। ਮਿਸਜ਼ ਲੋਗਨ ਚੁੱਪ ਸੀ। ਉਹ ਮਹਾਂਰਾਜੇ ਨੂੰ ਇਸ ਗੱਲ ਨੂੰ ਜੀਰ ਦਾ ਵਕਤ ਦੇਣਾ ਚਾਹੁੰਦੀ ਸੀ। ਉਸ ਨੂੰ ਪਤਾ ਸੀ ਕਿ ਮਹਾਂਰਾਜਾ ਆਪੇ ਹੀ ਅਗੇ ਗੱਲ ਤੋਰੇਗਾ। ਕੁਝ ਦੇਰ ਬਾਅਦ ਮਹਾਂਰਾਜਾ ਕਹਿਣ ਲਗਿਆ,
“ਮੈਅਮ, ਮੇਰਾ ਰਾਜ ਗਿਆ, ਮੇਰੇ ਬੀਬੀ ਜੀ ਗਏ, ਮੇਰੇ ਭਾਬੀ ਜੀ ਗਏ, ਸ਼ਹਿਜ਼ਾਦਾ ਸਿ਼ਵਦੇਵ ਸਿੰਘ ਤੇ ਹੋਰ ਕਿੰਨਾ ਕੁਝ, ਮੈਂ ਪਤਾ ਨਹੀਂ ਕਿਵੇਂ ਬਚ ਗਿਆ, ...ਇਕ ਕੋਹੇਨੂਰ ਹੁਣ ਕੀ ਕਰੇਗਾ!”
“ਦੱਸੋ, ਜੇ ਕੋਹੇਨੂਰ ਕੁਝ ਦੇਰ ਲਈ ਤੁਹਾਡੇ ਹੱਥ ਵਿਚ ਆ ਜਾਵੇ ਤਾਂ ਤੁਸੀਂ ਕੀ ਕਰੋਂਗੇ?”
ਮਹਾਂਰਾਜੇ ਨੇ ਕੋਈ ਜਵਾਬ ਨਾ ਦਿਤਾ ਤੇ ਘੋੜਾ ਥੇਮਜ਼ ਵਲ ਦੁੜਾ ਲਿਆ। ਘੋੜੇ ਨੂੰ ਇਕ ਪਾਸੇ ਬੰਨ ਕੇ ਥੇਮਜ਼ ਕੰਢੇ ਤੋਂ ਹੇਠਾਂ ਪਾਣੀ ਵਲ ਆ ਕੇ ਉਤਰਿਆ ਤੇ ਆਪਣੇ ਦੋਵੇਂ ਹੱਥ ਪਾਣੀ ਵਿਚ ਫੇਰਨ ਲਗਿਆ। ਇਵੇਂ ਕਦੇ ਉਹ ਰਾਵੀ ਕੰਡੇ ਘੋੜਾ ਲੈ ਕੇ ਜਾਂਦਾ ਤਾਂ ਕਰਿਆ ਕਰਦਾ ਸੀ। ਉਸ ਨੂੰ ਰਾਵੀ ਦਾ ਠੰਡਾ ਪਾਣੀ ਬਹੁਤ ਚੰਗਾ ਲਗਦਾ ਸੀ ਤੇ ਹੁਣ ਥੇਮਜ਼ ਦਾ ਪਾਣੀ ਵੀ ਉਸ ਦੇ ਹੱਥਾਂ ਵਿਚ ਅਜੀਬ ਜਿਹੀ ਠੰਡਕ ਪੈਦਾ ਕਰ ਰਿਹਾ ਸੀ। ਮਿਸਜ਼ ਲੋਗਨ ਆਪਣੇ ਘੋੜੇ ਤੇ ਬੈਠੀ ਉਸ ਵਲ ਦੇਖਦੀ ਜਾ ਰਹੀ ਸੀ। ਉਸ ਨੇ ਦੇਖਿਆ ਕਿ ਮਹਾਂਰਾਜਾ ਬਹੁਤ ਖੁਸ਼ ਜਾਪ ਰਿਹਾ ਸੀ। ਉਹ ਦੋਵੇਂ ਘਰ ਨੂੰ ਮੁੜ ਤੁਰੇ। ਮਹਾਂਰਾਜਾ ਹਰ ਗੱਲ ਚਾਮਲ-ਚਾਮਲ ਕੇ ਕਰ ਰਿਹਾ ਸੀ ਜਿਵੇਂ ਉਸ ਦਾ ਬਚਪਨਾ ਮੁੜ ਆਇਆ ਹੋਵੇ, ਨਹੀਂ ਤਾਂ ਜਦੋਂ ਦਾ ਇੰਗਲੈਂਡ ਆਇਆ ਇਕ ਹੰਢੇ ਹੋਏ ਮਰਦ ਵਾਂਗ ਹੀ ਵਰਤਾਵ ਕਰਦਾ ਆ ਰਿਹਾ ਸੀ।
ਉਸ ਦਿਨ ਵੀ ਮਹਾਂਰਾਜੇ ਨੇ ਚਿਤਰਕਾਰ ਦੇ ਸਾਹਮਣੇ ਬੈਠਣਾ ਸੀ। ਮਹਾਂਰਾਣੀ ਨੂੰ ਉਸ ਦੀਆਂ ਕਈ ਤਸਵੀਰਾਂ ਬਣਾਉਣ ਦਾ ਲਾਲਚ ਸੀ। ਬਕਿਘੰਮ ਪੈਲੇਸ ਦੇ ਵਾਈਟ ਡਰਾਇੰਗ ਰੂਮ ਵਿਚ ਹੋਰ ਵੀ ਬਹੁਤ ਸਾਰੇ ਲੋਕ ਸਨ। ਪਰਿੰਸ ਕੌਨਸੌਰਟ ਕਲਾਕਾਰ ਵਿੰਟਰਹਾਲਟਰ ਨਾਲ ਚਿਤਰਕਾਰੀ ਬਾਰੇ ਕੋਈ ਸਲਾਹ ਕਰ ਰਿਹਾ ਸੀ। ਵਿੰਟਰਹਾਲਟਰ ਆਪਣੀ ਗੱਲ ਕਰਦਾ ਕਰਦਾ ਪਰਿੰਸ ਕੌਨਸੌਰਟ ਦੀ ਗੱਲ ਦਾ ਜਵਾਬ ਵੀ ਦੇਈ ਜਾ ਰਿਹਾ ਸੀ। ਹੋਰ ਕੁਝ ਲੌਰਡਜ਼ ਵੀ ਹਾਜ਼ਰ ਸਨ। ਲੌਰਡ ਚਾਰਲਸ ਵੁੱਡ ਵੀ। ਲੋਗਨ ਜੋੜੀ ਤਾਂ ਹੈ ਸੀ। ਦੋ ਅਖਬਾਰਾਂ ਵਾਲੇ ਵੀ ਸਨ ਐਨਟੋਨੀਓ ਐਲਨਬੀ ਤੇ ਮਾਰਕ ਵੈਸਟਬਰੀ। ਆਮ ਤੌਰ ਤੇ ਅਖਬਾਰਾਂ ਵਾਲਿਆਂ ਨੂੰ ਰਾਣੀ ਦੇ ਮਹੱਲ ਵਿਚ ਨਹੀਂ ਸੀ ਵੜਨ ਦਿਤਾ ਜਾਂਦਾ ਪਰ ਇਹ ਕਲਾ ਨਾਲ ਸਬੰਧਿਤ ਲੋਕ ਸਨ ਜਿਹਨਾਂ ਦੇ ਅਖਬਾਰਾਂ ਵਿਚ ਕਲਾ ਦੀ ਨਿਰਿਖੀਆ ਕਰਦੇ ਕਾਲਮ ਛਪਦੇ ਸਨ। ਕਿਉਂਕਿ ਮਹਾਂਰਾਜੇ ਦੀ ਤਸਵੀਰ ਬਣਦੀ ਸੀ ਤਾਂ ਕਲਾ ਦੀ ਜਾਣਕਾਰੀ ਰੱਖਣ ਵਾਲਿਆਂ ਦੀ ਰਾਏ ਲੈਣੀ ਵੀ ਜ਼ਰੂਰੀ ਸੀ। ਮਹਾਂਰਾਣੀ ਅਚਾਨਕ ਹਾਲ ਵਿਚ ਆਈ। ਉਸ ਦੇ ਪਿੱਛੇ ਪਿੱਛੇ ਲੰਡਨ ਟੌਵਰ ਦੇ ਚਿੱਟੇ ਕਪੜਿਆਂ ਵਿਚ ਸਜੇ ਕਰਮਚਾਰੀ ਵੀ ਸਨ। ਸਭ ਦਾ ਧਿਆਨ ਉਸ ਵਲ ਖਿਚਿਆ ਗਿਆ। ਇਕ ਪਾਸੇ ਲੈਕਟਰਨ ਰੱਖਿਆ ਹੋਇਆ ਸੀ ਜਿਥੇ ਖੜ ਕੇ ਉਹ ਭਾਸ਼ਨ ਦਿਆ ਕਰਦੀ ਜਾਂ ਕੋਈ ਐਲਾਨ ਕਰਿਆ ਕਰਦੀ ਸੀ। ਉਹ ਲੈਕਟਰਨ ਪਿੱਛੇ ਜਾ ਕੇ ਖੜ ਗਈ। ਉਸ ਦੇ ਨਾਲ ਹੀ ਲੰਡਨ ਟਾਵਰ ਦਾ ਇਕ ਕਰਮਚਾਰੀ ਆ ਖੜਿਆ ਜਿਸ ਦੇ ਹੱਥ ਵਿਚ ਇਕ ਟੋਕਰੀ ਫੜ੍ਹੀ ਹੋਈ ਸੀ। ਸਭ ਦਾ ਧਿਆਨ ਹੁਣ ਮਹਾਂਰਾਣੀ ਵਲ ਹੀ ਸੀ। ਕਰਮਚਾਰੀ ਨੇ ਮਹਾਂਰਾਜਾ ਦਾ ਨਾਂ ਪੁਕਾਰਿਆ। ਮਹਾਂਰਾਣੀ ਨੇ ਮੁਸਕ੍ਰਾਉਂਦਿਆਂ ਮਹਾਂਰਾਜਾ ਨੂੰ ਆਪਣੇ ਵਲ ਆਉਣ ਦਾ ਇਸ਼ਾਰਾ ਕੀਤਾ। ਵਿੰਟਰਹਾਲਟਰ ਦੇ ਮੁਹਰੇ ਬੁੱਤ ਬਣੇ ਮਹਾਂਰਾਜੇ ਨੇ ਵੀ ਇਕ ਦਮ ਮਹਾਂਰਾਣੀ ਵਲ ਦੇਖਿਆ ਤੇ ਫਿਰ ਉਠ ਕੇ ਹੌਲੀ ਹੌਲੀ ਲੈਕਟਰਨ ਕੋਲ ਗਿਆ। ਮਹਾਂਰਾਣੀ ਨੇ ਹੱਥ ਵਿਚ ਫੜੀ ਟੋਕਰੀ ਵਿਚੋਂ ਸ਼ਨੀਲ ਦਾ ਇਕ ਥੈਲਾ ਕੱਢਿਆ ਤੇ ਮਹਾਂਰਾਜੇ ਦੇ ਹੱਥ ਵਿਚ ਫੜਾ ਦਿਤਾ। ਮਹਾਂਰਾਜਾ ਹੈਰਾਨ ਹੁੰਦਾ ਪਹਿਲਾਂ ਮਹਾਂਰਾਣੀ ਵਲ ਦੇਖਣ ਲਗਿਆ ਤੇ ਫਿਰ ਉਸ ਥੈਲੇ ਵਲ। ਥੈਲੇ ਦੇ ਗਲ਼ੇ ਨੂੰ ਰੱਸੀ ਨਾਲ ਸੰਕੋੜਿਆ ਹੋਇਆ ਸੀ। ਮਹਾਂਰਾਣੀ ਮਹਾਂਰਾਜੇ ਵਲ ਦੇਖਦੀ ਮੁਸਕਰਾਈ ਜਾ ਰਹੀ ਸੀ। ਹੋਰ ਲੋਕ ਵੀ ਹੈਰਾਨੀ ਨਾਲ ਇਹ ਸਭ ਕੁਝ ਦੇਖ ਰਹੇ ਸਨ। ਮਹਾਂਰਾਜਾ ਹੌਲੀ ਹੌਲੀ ਥੈਲੇ ਦੀ ਰੱਸੀ ਢਿਲੀ ਕਰਨ ਲਗਿਆ। ਥੈਲੇ ਦਾ ਮੂੰਹ ਚੌੜਾ ਹੋਇਆ ਤਾਂ ਇਕ ਦਮ ਤੇਜ਼ ਰੌਸ਼ਨੀ ਮਹਾਂਰਾਜੇ ਦੀਆਂ ਅੱਖਾਂ ਚੁੰਧਿਆ ਗਈ। ਉਸ ਨੇ ਕੋਹੇਨੂਰ ਨੂੰ ਬਾਹਰ ਕੱਢ ਕੇ ਹੱਥ ਵਿਚ ਫੜ ਲਿਆ। ਜੇ ਮਿਸਜ਼ ਲੋਗਨ ਨੇ ਪਹਿਲਾਂ ਨਾ ਦਸਿਆ ਹੁੰਦਾ ਕਿ ਇਸ ਨੂੰ ਹੁਣ ਤਰਾਸ਼ ਲਿਆ ਗਿਆ ਹੈ ਤਾਂ ਸ਼ਾਇਦ ਉਹ ਨਾ ਪੱਛਾਣਦਾ। ਤਰਾਸ਼ਣ ਤੋਂ ਬਾਅਦ ਹੀਰਾ ਹੁਣ ਛੋਟਾ ਹੋ ਗਿਆ ਸੀ ਪਰ ਇਸ ਦੀ ਰੋਸ਼ਨੀ ਪਹਿਲਾਂ ਵਾਂਗ ਹੀ ਬਰਕਰਾਰ ਸੀ। ਮਹਾਂਰਾਜਾ ਲਲਚਾਈਆਂ ਨਜ਼ਰਾਂ ਨਾਲ ਇਸ ਨੂੰ ਦੇਖਦਾ ਜਾ ਰਿਹਾ ਸੀ। ਲੌਰਡ ਚਾਰਲਸ ਵੁੱਡ ਦੇਖਦਾ ਹੋਇਆ ਸੋਚਣ ਲਗਿਆ ਕਿ ਮਹਾਂਰਾਣੀ ਨੇ ਇਹ ਕੀ ਪਾਗਲਪਨ ਕੀਤਾ, ਕੋਹੇਨੂਰ ਮਹਾਂਰਾਜੇ ਦੇ ਹੱਥ ਵਿਚ ਫੜਾ ਦਿਤਾ। ਹੋਰ ਲੌਰਡਜ਼ ਵੀ ਅਜਿਹਾ ਹੀ ਸੋਚ ਰਹੇ ਸਨ।
ਮਹਾਂਰਾਜਾ ਹੀਰੇ ਨੂੰ ਧਿਆਨ ਨਾਲ ਦੇਖਦਾ ਰਿਹਾ। ਉਹ ਉਸ ਨੂੰ ਘੁਮਾ ਘੁਮਾ ਕੇ ਉਸ ਨੂੰ ਘੋਖ ਰਿਹਾ ਸੀ। ਉਹ ਹੀਰਾ ਤਰਾਸ਼ਣ ਵਾਲੇ ਦੀ ਮਨ ਹੀ ਮਨ ਦਾਦ ਦੇ ਰਿਹਾ ਸੀ। ਉਹ ਕਦੇ ਕੋਹੇਨੂਰ ਨੂੰ ਅੱਖਾਂ ਦੇ ਬਰਾਬਰ ਲਿਆ ਕੇ ਦੇਖਦਾ ਤੇ ਕਦੇ ਆਪਣੇ ਸਿਰ ਤੋਂ ਵੀ ਉੱਚਾ ਚੁੱਕ ਕੇ ਦੇਖਦਾ। ਇਵੇਂ ਜਿਵੇਂ ਹੁਣ ਇਸ ਤੋਂ ਵੱਖ ਹੀ ਨਾ ਹੋਣਾ ਹੋਵੇ। ਉਸ ਨੇ ਇਸ ਦੀ ਰੌਸ਼ਨੀ ਆਪਣੇ ਚਿਹਰੇ ‘ਤੇ ਮਾਰੀ। ਇਸ ਵੇਲੇ ਉਸ ਦਾ ਚਿਹਰਾ ਅੱਠ ਸਾਲ ਦੇ ਬੱਚੇ ਵਰਗਾ ਸੀ। ਫਿਰ ਉਹ ਤੁਰਦਾ ਹੋਇਆ ਵੱਡੀ ਸਾਰੀ ਖਿੜਕੀ ਦੇ ਮੁਹਰੇ ਖੜ ਗਿਆ ਤੇ ਬਾਹਰ ਦੀ ਰੌਸ਼ਨੀ ਵਿਚ ਕੋਹੇਨੂਰ ਨੂੰ ਦੇਖਣ ਲਗਿਆ। ਇਕ ਪਾਸੇ ਖੜੀ ਮਿਸਜ਼ ਲੋਗਨ ਦੇ ਸਾਹ ਸੂਤੇ ਜਾ ਰਹੇ ਸਨ। ਵੈਸੇ ਤਾਂ ਉਸ ਨੇ ਮਹਾਂਰਾਜੇ ਨੂੰ ਸਾਰੀ ਗੱਲ ਸਮਝਾਈ ਹੋਈ ਸੀ ਕਿ ਕੀ ਕਰਨਾ ਹੈ ਪਰ ਫਿਰ ਵੀ ਮਨ ਵਿਚ ਇਕ ਡਰ ਸੀ ਕਿ ਜੇ ਉਸ ਨੇ ਹੀਰਾ ਵਾਪਸ ਕਰਨ ਤੋਂ ਨਾਂਹ ਕਰ ਦਿਤੀ ਤਾਂ ਫਿਰ ਕੀ ਹੋਵੇਗਾ। ਅੰਦਰੋਂ ਡਰੀ ਹੋਈ ਪਰ ਬਾਹਰੋਂ ਉਹ ਵੀ ਮੁਸਕ੍ਰਾ ਰਹੀ ਸੀ। ਮਹਾਂਰਾਜਾ ਹੀਰੇ ਨੂੰ ਅਸਲੀ ਮਾਲਕ ਵਾਂਗ ਹੀ ਫੜੀ ਫਿਰਦਾ ਸੀ। ਜੇਕਰ ਇਸ ਨੂੰ ਪਹਿਲਾਂ ਵਾਂਗ ਬੱਧਰੀ ਲੱਗੀ ਹੁੰਦੀ ਤਾਂ ਜ਼ਰੂਰ ਬਾਂਹ ਉਪਰ ਵੀ ਬੰਨ ਲੈਂਦਾ। ਹੀਰੇ ਨੂੰ ਮਹਾਂਰਾਜੇ ਦੇ ਕਬਜ਼ੇ ਵਿਚ ਦੇਖ ਕੇ ਹੋਰ ਲੌਰਡ ਵੀ ਘਬਰਾ ਰਹੇ ਸਨ ਪਰ ਮਹਾਂਰਾਣੀ ਨਿਸਚਿੰਤ ਸੀ ਜਿਵੇਂ ਉਸ ਨੂੰ ਮਹਾਂਰਾਜੇ ਉਪਰ ਪੂਰਾ ਭਰੋਸਾ ਹੋਵੇ। ਵਕਤ ਲੰਘਦਾ ਦੇਖ ਮਿਸਜ਼ ਲੋਗਨ ਸੋਚ ਹੀ ਰਹੀ ਸੀ ਕਿ ਮਹਾਂਰਾਜੇ ਨੂੰ ਕੁਝ ਕਹੇ ਕਿ ਮਹਾਂਰਾਜੇ ਨੇ ਹੌਲੀ ਹੌਲੀ ਆਪਣੀ ਨਜ਼ਰ ਹੀਰੇ ਤੋਂ ਉਠਾਈ ਤੇ ਫਿਰ ਮਹਾਂਰਾਣੀ ਵਲ ਦੇਖਦਾ ਉਸ ਵਲ ਤੁਰ ਪਿਆ। ਉਸ ਦੇ ਸਾਹਮਣੇ ਜਾ ਕੇ ਆਪਣਾ ਸਿਰ ਝੁਕਾਉਂਦਾ ਬੋਲਿਆ,
“ਯੋਅਰ ਹਾਈਨੈੱਸ, ਇਹ ਮੇਰੇ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਮੈਂ ਇਕ ਵਫਾਦਾਰ ਸ਼ਹਿਰੀ ਆਪਣੀ ਮਹਾਂਰਾਣੀ ਨੂੰ ਇਹ ਕੋਹੇਨੂਰ ਭੇਂਟ ਕਰ ਰਿਹਾ ਹਾਂ।”
ਸਾਰੇ ਹਾਲ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਸਭ ਤਾੜੀਆਂ ਵਜਾਉਣ ਲਗੇ ਤੇ ਇਕ ਦੂਜੇ ਨੂੰ ਵਧਾਈਆਂ ਦੇਣ ਲਗੇ। ਮਹਾਂਰਾਣੀ ਨੇ ਮਹਾਂਰਾਜੇ ਨੂੰ ਕਲ਼ਾਵੇ ਵਿਚ ਲੈ ਲਿਆ। ਫੋਟੋਗ੍ਰਾਫਰ ਤਸਵੀਰਾਂ ਖਿੱਚ ਰਹੇ ਸਨ। ਅਗਲੇ ਦਿਨ ਅਖਬਾਰਾਂ ਵਿਚ ਸੁਰਖੀ ਲਗ ਗਈ ਕਿ ਮਹਾਂਰਾਜੇ ਨੇ ਮਹਾਂਰਾਣੀ ਨੂੰ ਆਪਣੇ ਹੱਥੀਂ ਕੋਹੇਨੂਰ ਭੇਂਟ ਕਰ ਦਿਤਾ ਹੈ। ਮਹਾਂਰਾਣੀ ਖੁਸ਼ ਸੀ ਕਿ ਕੋਈ ਹੁਣ ਇਹ ਹੀਰਾ ਚੋਰੀ ਦਾ ਨਹੀਂ ਰਿਹਾ।
ਇਸ ਘਟਨਾ ਦੀ ਅਖਬਾਰਾਂ ਨੇ ਵੀ ਖੂਬ ਚਰਚਾ ਕੀਤਾ ਤੇ ਲੋਕਾਂ ਵਿਚ ਵੀ ਬਹੁਤ ਗੱਲਾਂ ਹੋਈਆਂ। ਬਹੁਤੀਆਂ ਗੱਲਾਂ ਹਾਂ-ਪੱਖੀ ਹੀ ਸਨ। ਫਿਰ ਵੀ ਇਕ ਅਖਬਾਰ ਨੇ ਆਪਣੀ ਸੰਪਾਦਕੀ ਵਿਚ ਲਿਖ ਹੀ ਦਿਤਾ ਕਿ ਇਹ ਸਭ ਪਹਿਲਾਂ ਹੀ ਨਿਰਧਾਰਤ ਸੀ। ਇਸ ਤੋਂ ਬਾਅਦ ਮਹਾਂਰਾਜਾ ਸ਼ਾਹੀ ਪਰਿਵਾਰ ਦਾ ਇਕ ਜੀਅ ਹੀ ਬਣ ਗਿਆ। ਉਹ ਜਦ ਚਾਹੁੰਦਾ ਬਕਿਘੰਮ ਪੈਲੇਸ ਵਿਚ ਆਉਂਦਾ-ਜਾਂਦਾ। ਉਸ ਨੂੰ ਮੁਲਾਕਤ ਕਰਨ ਦਾ ਵਕਤ ਲੈਣ ਦੀ ਲੋੜ ਨਹੀਂ ਸੀ ਪੈਂਦੀ ਤੇ ਨਾ ਹੀ ਕਿਸੇ ਕਿਸਮ ਦੀ ਸ਼ਾਹੀ ਸੁਰੱਖਿਆ ਵਿਚ ਦੀ ਨਹੀਂ ਸੀ ਲੰਘਣਾ ਪੈਂਦਾ। ਜਦ ਕਿ ਵੱਡੇ ਵੱਡੇ ਲੌਰਡਜ਼ ਵੀ ਮਹਾਂਰਾਣੀ ਨੂੰ ਮਿਲਣ ਲਈ ਹਫਤੇ, ਮਹੀਨੇ ਉਡੀਕਦੇ ਰਹਿੰਦੇ। ਸੋ ਇਸ ਗੱਲ ਨੇ ਬਹੁਤ ਸਾਰੇ ਲੋਕਾਂ ਨੂੰ ਨਾਰਾਜ਼ ਵੀ ਕਰ ਲਿਆ। ਕਈਆਂ ਤਾਂ ਇਸ ਗੱਲ ਦੀ ਸਿ਼ਕਾਇਤ ਪ੍ਰਧਾਨ ਮੰਤਰੀ ਕੋਲ ਵੀ ਲਗਾਈ।
ਨਾਰਾਜ਼ਗੀ ਦਿਖਾਉਣ ਵਾਲਿਆਂ ਵਿਚ ਸਭ ਤੋਂ ਵੱਡਾ ਨਾਂ ਲੌਰਡ ਡਲਹੌਜ਼ੀ ਦਾ ਸੀ। ਉਸ ਨੇ ਸਰ ਜੌਰਜ ਕੂਪਰ ਕੋਲ ਇਸ ਬਾਰੇ ਚੰਗਾ ਮੰਦਾ ਬੋਲ ਕੇ ਆਪਣੇ ਦਿਲ ਦੀ ਭੜਾਸ ਕੱਢੀ ਵੀ। ਡਲਹੌਜ਼ੀ ਸੋਚਦਾ ਸੀ: ਮਹਾਂਰਾਜੇ ਦੀਆਂ ਆਪਣੀ ਮਾਂ ਜਿੰਦ ਕੋਰ ਵਰਗੀਆਂ ਚਲਾਕ ਹਨ ਜੋ ਅਗਲੇ ਨੂੰ ਮੋਹ ਲੈਂਦੀਆਂ ਹਨ, ਜਿੰਦ ਕੋਰ ਨੇ ਮਹਾਂਰਾਜੇ ਰਣਜੀਤ ਸਿੰਘ ਨੂੰ ਠੱਗ ਲਿਆ ਸੀ ਤੇ ਹੁਣ ਇਹ ਮਹਾਂਰਾਜਾ ਮਹਾਂਰਾਣੀ ਵਿਕਟੋਰੀਆ ਨੂੰ ਠੱਗ ਰਿਹਾ ਹੈ।
ਇਸ ਬਾਰੇ ਲੌਡਰ ਡਲਹੌਜ਼ੀ ਨੇ ਆਪਣੀ ਡਾਇਰੀ ਵਿਚ ਲਿਖਿਆ; ‘ਇਸ ਮੁੰਡੇ ਨੂੰ ਬਹੁਤ ਵਿਗਾੜਿਆ ਜਾ ਰਿਹਾ ਹੈ, ਇਸ ਨੂੰ ਸਿਧਾ ਸ਼ਾਹੀ ਪਰਿਵਾਰ ਵਿਚ ਦਾਖਲਾ ਦੇਣਾ ਸਹੀ ਨਹੀਂ ਹੈ। ਇਸ ਲਈ ਇੰਡੀਆ ਵਾਪਸ ਜਾ ਕੇ ਜੀਉਣਾ ਮੁਸ਼ਕਲ ਹੋ ਜਾਵੇਗਾ। ਇਸ ਨੂੰ ਇਸ ਦੀ ਜਗਾਹ ਹੀ ਰੱਖਣਾ ਚਾਹੀਦਾ ਹੈ। ਇੰਡੀਆ ਵਿਚ ਹੁਣ ਇਹ ਇਕ ਸਧਾਰਣ ਆਦਮੀ ਹੈ, ਅਜਿਹਾ ਆਦਮੀ ਜਿਸ ਨੂੰ ਗਵਰਨਰ ਜਨਰਲ ਦੇ ਦਫਤਰ ਵਿਚ ਜਾਣ ਤੋਂ ਪਹਿਲਾਂ ਜੁੱਤੀ ਲਾਹੁਣੀ ਪੈਂਦੀ ਹੈ, ਇਹ ਲੜਕਾ ਇਵੇਂ ਹੀ ਕਰਦਾ ਰਿਹਾ ਹੈ।’
ਮਹਾਂਰਾਣੀ ਨੇ ਕਿਸੇ ਦੀ ਗੱਲ ਦੀ ਕੋਈ ਪਰਵਾਹ ਨਾ ਕੀਤੀ ਤੇ ਮਹਾਂਰਾਜੇ ਲਈ ਆਪਣੇ ਦਿਲ ਦੇ ਨਰਮ ਕੋਨੇ ਸਾਂਭੀ ਰੱਖੇ। ਮਹਾਂਰਾਜੇ ਦੀ ਹੁਣ ਪਰਿੰਸ ਅਲਬਰਟ ਨਾਲ ਦੋਸਤੀ ਡੂੰਘੀ ਹੋਣ ਲਗ ਪਈ ਸੀ। ਦੋਵੇਂ ਤਸਵੀਰਾਂ ਲੈਂਦੇ ਤੇ ਹੋਰ ਖਰਮਸਤੀਆਂ ਵੀ ਕਰਨ ਲਗਦੇ ਸਨ। ਇਕ ਦਿਨ ਮਹਾਂਰਾਜਾ ਬਕਿੰਘਮ ਪੈਲੇਸ ਐਲਬਰਟ ਨੂੰ ਮਿਲਣ ਗਿਆ। ਕੁਝ ਦਿਨ ਪਹਿਲਾਂ ਉਹ ਦੋਵੇਂ ਨਵੇਂ ਖਰੀਦੇ ਕੈਮਰੇ ਨਾਲ ਤਸਵੀਰਾਂ ਖਿਚਦੇ ਰਹੇ ਸਨ ਤੇ ਇਹ ਤਸਵੀਰਾਂ ਹੁਣ ਤਿਆਰ ਹੋ ਕੇ ਆ ਗਈਆਂ ਸਨ। ਜਦ ਉਹ ਮਹਿਲ ਵਿਚ ਪੁੱਜਾ ਤਾਂ ਮਹਾਂਰਾਣੀ ਵਿਕਟੋਰੀਆ ਬਗੀਚੇ ਵਿਚ ਲਗੇ ਗੁਲਾਬ ਦੀਆਂ ਬਿਮਾਰ ਟਾਹਣੀਆਂ ਕੱਟ ਰਹੀ ਸੀ। ਮਹਾਂਰਾਜਾ ਉਸ ਨੂੰ ਅਦਾਬ ਕਰਦਾ ਅਗੇ ਲੰਘਣ ਲਗਿਆ ਤਾਂ ਮਹਾਂਰਾਣੀ ਨੇ ਉਸ ਨੂੰ ਆਪਣੇ ਪਾਸ ਬੁਲਾ ਲਿਆ। ਮਹਾਂਰਾਜਾ ਉਸ ਵਲ ਦੇਖ ਰਿਹਾ ਸੀ ਤੇ ਉਹ ਮਹਾਂਰਾਣੀ ਵਲ। ਮਹਾਂਰਾਣੀ ਨੇ ਹੱਥ ਵਿਚੋਂ ਦਸਤਾਨਾ ਉਤਾਰ ਕੇ ਇਕ ਪਾਸੇ ਰੱਖਦੀ ਕਹਿਣ ਲਗੀ,
“ਮਹਾਂਰਾਜਾ, ਆਪ ਦੇ ਹੁਣ ਤਾਂ ਭਰਵੀਂ ਦਾਹੜੀ ਆ ਗਈ ਏ, ਕਦ ਵੀ ਕੁਝ ਲੰਮੇਰੇ ਹੋ ਗਿਆ ਏ, ਹੋਰ ਵੀ ਖੂਬਸੂਰਤ ਲਗਣ ਲਗੇ ਓ, ਮੇਰੇ ਲਈ ਬਹੁਤ ਮਾਣ ਵਾਲੀ ਗੱਲ ਏ।”
“ਸ਼ੁਕਰੀਆ ਯੂਅਰ ਹਾਈਨੈੱਸ!”
ਆਖ ਉਹ ਮਹਾਂਰਾਣੀ ਵਲ ਦੇਖਣ ਲਗਿਆ। ਮਹਾਂਰਾਣੀ ਦੇ ਚਿਹਰੇ ‘ਤੇ ਬਰਤਾਨੀਆਂ ਦੀ ਮਹਾਂਰਾਣੀ ਨਹੀਂ ਕੋਈ ਹੋਰ ਬੈਠਾ ਸੀ। ਮਹਾਂਰਾਣੀ ਨੇ ਆਖਿਆ,
“ਜਾਓ ਮਹਾਂਰਾਜਾ, ਪਰਿੰਸ ਐਲਬਰਟ ਆਪ ਦਾ ਇੰਤਜ਼ਾਰ ਕਰਦੇ ਹੋਣਗੇ।”
ਉਸ ਦਿਨ ਮਹਾਂਰਾਜਾ ਕੁਝ ਉਦਾਸ ਜਿਹਾ ਹੋ ਗਿਆ। ਕਾਰਨ ਉਸ ਨੂੰ ਪਤਾ ਨਹੀਂ ਸੀ ਲਗ ਰਿਹਾ। ਸੌਣ ਵੇਲੇ ਆਪਣੇ ਕਮਰੇ ਵਿਚ ਗਿਆ ਤਾਂ ਉਹ ਸੋਚਣ ਲਗਿਆ ਕਿ ਸਾਰੇ ਪਾਸੇ ਤਾਂ ਖੁਸ਼ੀਆਂ ਹਨ ਤੇ ਫਿਰ ਇਹ ੳਦਾਸੀ ਕੈਸੀ। ਉਸ ਨੇ ਬਾਈਬਲ ਉਠਾਇਆ ਪਰ ਉਸ ਦੇ ਕੰਨਾਂ ਵਿਚ ਕੁਝ ਅਵਾਜ਼ਾਂ ਸੁਣਾਈ ਦੇਣ ਲਗੀਆਂ। ਇਹ ਅਵਾਜ਼ਾ ਭਾਵੇਂ ਬਹੁਤ ਦੂਰੋਂ ਆ ਰਹੀਆਂ ਸਨ ਪਰ ਉਸ ਨੂੰ ਸਾਫ ਸੁਣਾਈ ਦੇ ਰਹੀਆਂ ਸਨ;
--ਬੇਟਾ ਜੀ, ਇਕ ਦਿਨ ਤੁਸੀਂ ਵੱਡੇ ਹੋਵੋਂਗੇ, ਆਪਣੇ ਪਿਤਾ ਵਾਂਗ ਜਵਾਨ ਹੋਵੋਂਗੇ, ਉਹਨਾਂ ਵਰਗੀ ਹੀ ਸੰਘਣੀ ਦਾਹੜੀ, ਉਹਨਾਂ ਵਾਂਗ ਹੀ ਆਪਣਾ ਰਾਜ ਚਲਾਉਂਗੇ, ਦੂਰ ਦੂਰ ਤਕ ਜਿੱਤਾਂ ਜਿੱਤਦੇ ਜਾਓਗੇ, ਲਹੌਰ ਸ਼ਹਿਰ ਦੇ ਲੋਕ ਦੀਪ ਮਾਲ਼ਾ ਕਰਨਗੇ, ਦੇਖਣ ਲਈ ਉਹ ਤਾਂ ਨਹੀਂ ਹਨ ਪਰ ਅਸੀਂ ਹਾਂ, ਅਸੀਂ ਦੇਖਾਂਗੇ; ਤੁਹਾਡੇ ਨਾਂ ਦਾ ਵੱਜਦਾ ਡੰਕਾ!
--ਭੈਣਾਂ, ਸਭ ਕੁਝ ਹੋਏਗਾ, ਤੁਸੀਂ ਫਿਕਰ ਨਾ ਕਰਿਆ ਜੇ ਪਰ ਬਹੁਤਾ ਸੋਚਣਾ ਚੰਗੀ ਗੱਲ ਨਹੀਂ ਹੁੰਦੀ, ਸਾਡੇ ਦੁਸ਼ਮਣ ਦਿਨੋ ਦਿਨ ਵਧਦੇ ਜਾ ਰਹੇ ਨੇ, ਇਸ ਵੇਲੇ ਸਾਡਾ ਮਕਸਦ ਵੇ ਕਿ ਅਸੀਂ ਆਪਣੇ ਬੱਚੇ ਨੂੰ ਪਾਲੀਏ ਪੋਸੀਏ, ਹਾਲੇ ਜਿੱਤਾਂ ਦੀ ਸਾਨੂੰ ਲੋੜ ਨਹੀਂ।
ਮਹਾਂਰਾਜੇ ਦਾ ਮਾਮਾ ਜਵਾਹਰ ਸਿੰਘ ਕਹਿੰਦਾ ਹੈ। ਰਾਜਮਾਤਾ ਜਿੰਦ ਕੋਰ ਬੋਲਦੀ ਹੈ,
--ਵੀਰ ਜੀ, ਮੈਂ ਮਾਂ ਵੀ ਹਾਂ, ਮਾਂ ਦਾ ਕੰਮ ਏ ਸੁਫਨੇ ਦੇਖਣਾ, ਮੈਨੂੰ ਸੁਫਨੇ ਦੇਖਣ ਦਿਓ ਤੁਸੀਂ ਹੋ ਨਾ ਇਸ ਦੇ ਅੰਗ ਰਖਿਅਕ, ਮੈਨੂੰ ਕਾਹਦਾ ਫਿਕਰ।
--ਠੀਕ ਏ ਭੈਣਾਂ, ਇਹਦੇ ਵਿਚ ਕੋਈ ਸ਼ੱਕ ਨਹੀਂ ਜੇ, ਤੁਹਾਡਾ ਪੁੱਤਰ ਤਾਂ ਬਹੁਤ ਈ ਜਵਾਨ ਨਿਕਲਣਾ ਏ, ਆਪਣੇ ਪਿਤਾ ਤੋਂ ਵੀ ਜਵਾਨ, ਅਸੀਂ ਵੀ ਸਾਰੇ ਇਹੋ ਚਾਹੁੰਦੇ ਵਾਂ, ਸਤਿਗੁਰੂ ਨੂੰ ਵੀ ਇਹੋ ਮਨਜ਼ੂਰ ਹੋਵੇਗਾ ਪਰ ਤੁਸੀਂ ਮਹਾਂਰਾਜੇ ਦੇ ਸਾਹਮਣੇ ਅਜਿਹੀਆਂ ਬਹੁਤੀਆਂ ਗੱਲਾਂ ਨਾ ਕਰਿਆ ਕਰੋ।
--ਠੀਕ ਏ ਵੀਰ ਜੀ।
ਮਾਮਾ ਜਵਾਹਰ ਸਿੰਘ ਚਲੇ ਜਾਂਦਾ ਹੈ। ਰਾਜਮਾਤਾ ਫਿਰ ਮਹਾਂਰਾਜੇ ਦੇ ਚਿਰਹੇ ਤੇ ਹੱਥ ਫੇਰਨ ਲਗਦੀ ਹੈ ਜਿਵੇਂ ਦੇਖ ਰਹੀ ਹੋਵੇ ਕਿ ਇਥੇ ਕੁ ਉਗੇਗੀ ਦਾਹੜੀ ਮੇਰੇ ਬੇਟੇ ਦੇ। ਉਹ ਫਿਰ ਕਹਿਣ ਲਗਦੀ ਹੈ,
--ਕਿਉਂ ਏਨਾ ਲੰਮਾ ਹੁੰਦਾ ਏ ਇਨਸਾਨ ਦਾ ਬਚਪਨ, ਹੋਰਨਾਂ ਜੀਵਾਂ ਵਾਂਗ ਕਿਉਂ ਨਹੀਂ ਕਿ ਕੁਝ ਸਾਲਾਂ ਵਿਚ ਈ ਆਪਣਾ ਬਚਾ ਕਰਨ ਦੇ ਕਾਬਲ ਹੋ ਜਾਵੇ।
ਉਹ ਫਿਰ ਨੰਨੇ ਮਹਾਂਰਾਜੇ ਨੂੰ ਆਪਣੇ ਕਲ਼ਾਵੇ ਵਿਚ ਲੈਂਦਾ ਹੈ। ਉਸ ਦੇ ਹੱਥ ਵਿਚ ਤਲਵਾਰ ਫੜਾ ਕੇ ਆਖਦੀ ਹੈ,
--ਬੇਟਾ ਜੀ, ਇਹਨੂੰ ਸੰਭਾਲਦੇ ਹੋਏ ਤੁਰ ਕੇ ਦਿਖਾਓ।...
ਮਹਾਂਰਾਜਾ ਇਕ ਦਮ ਸੰਭਲਦਾ ਹੋਇਆ ਉਠਿਆ ਤੇ ਆਲਾ ਦੁਆਲਾ ਦੇਖਣ ਲਗਿਆ। ਉਸ ਨੇ ਆਪਣੀ ਤਲਵਾਰ ਨੂੰ ਛੂਹ ਕੇ ਦੇਖਿਆ। ਇਹ ਠੀਕ ਥਾਵੇਂ ਹੀ ਪਈ ਸੀ। ਉਹ ਸਦਾ ਹੀ ਤਲਵਾਰ ਨੂੰ ਆਪਣੇ ਨਾਲ ਇਵੇਂ ਰੱਖਦਾ ਹੈ ਜਿਵੇਂ ਇਹ ਉਸ ਦਾ ਕੋਈ ਅੰਗ ਹੋਵੇ।

(ਤਿਆਰੀ ਅਧੀਨ ਨਾਵਲ: ਸਾਡਾ ਮਹਾਂਰਾਜਾ: ਮਹਾਂਰਾਜਾ ਦਲੀਪ ਸਿੰਘ)

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346