ਦਾਖ਼ਲਾ ਫ਼ੀਸਾਂ ਜਮ੍ਹਾਂ ਹੋ ਜਾਣ
ਤੋਂ ਹਫ਼ਤੇ ਕੁ ਬਾਅਦ, ਲੁਧਿਆਣੇ ਦੇ ਗੌਰਮਿੰਟ ਕਾਲਜ ਨੇ ਆਪਣੀ ਅਚਕਨ ਦੇ ਬਟਨ ਜਿਸ ਦਿਨ
ਬਾਕਾਇਦਾ-ਪੜ੍ਹਾਈ ਲਈ ਖੋਲ੍ਹੇ, ਉਸ ਸਵੇਰ ਵਿਦਿਆਰਥੀਆਂ ਵਾਲ਼ੇ ਸਾਈਕਲ ਸਟੈਂਡ ‘ਤੇ ਸਾਈਕਲਾਂ
ਦੀ ਭੀੜ ਵਿਚਦੀ ਹਵਾ ਵੀ ਘਸਰ ਕੇ ਲੰਘ ਰਹੀ ਸੀ। ਕਾਲਜ ਦੀ ਧੁੰਨੀ ‘ਚ ਹਾਕੀ ਦੀ ਗਰਾਊਂਡ ਸੀ
ਜਿਸ ਦੇ ਉਰਲੇ ਪਾਸੇ ਲਾਲ ਰੰਗ ਦੀ ਇਮਾਰਤ ਸੀ। ਇਸ ਨੂੰ ਦੇਖਦਿਆਂ ਇਉਂ ਜਾਪਦਾ ਜਿਵੇਂ
ਸੌ-ਡੇਢ ਸੌ ਸਾਲ ਪੁਰਾਣੇ ਕਿਸੇ ਕਿਲੇ ‘ਚ ਖਲੋਤੇ ਹੋਈਏ। ਬੀ ਏ ਦੀਆਂ ਕਲਾਸਾਂ ਵਾਲ਼ੀ ਇਸ
ਲਾਲ ਇਮਾਰਤ ਤੋਂ, ਗਰਾਊਂਡ ਦੇ ਐਨ ਦੂਸਰੇ ਪਾਸੇ, ਲੜਕੀਆਂ ਦਾ ਹਾਸਟਲ ਸੀ ਜਿਸ ਦਾ ਦਿਓ-ਕੱਦ
ਦਰਵਾਜ਼ਾ ਰੁੱਸੇ ਹੋਏ ਬਜ਼ੁਰਗ ਵਾਂਗ ਹਰ ਵਕਤ ਘੂਰੀ ਵੱਟੀ ਰਖਦਾ ਸੀ। ਗਰਾਊਂਡ ਦੇ ਚੜ੍ਹਦੇ
ਪਾਸੇ ਕੈਨਟੀਨ ਅਤੇ ਸਾਈਕਲ ਸਟੈਂਡ ਦਾ ਕਬਜ਼ਾ ਸੀ, ਤੇ ਇਨ੍ਹਾਂ ਦੇ ਸਾਮ੍ਹਣੇ ਲਹਿੰਦੀ ਬਾਹੀ
ਉੱਪਰ ਸਮੈਂਟੀ ਲਿਬਾਸ ‘ਚ ਖਲੋਤਾ ਨਵਾਂ ਵਿੰਗ ਖ਼ਸੂਸੀ ਤੌਰ ‘ਤੇ ਸਿਰਫ਼ ਐਮ ਏ ਦੀਆਂ ਕਲਾਸਾਂ
ਦਾ ਸਵਾਗਤ ਕਰਦਾ ਸੀ। ਕਾਲਜ ਖੁਲ੍ਹਣ ਦੇ ਪਹਿਲੇ ਦਿਨ, ਹੱਥਾਂ ‘ਚ ਕਾਪੀਆਂ ਪਕੜੀ, ਮੁੰਡੇ
ਕੁੜੀਆਂ ਕਾਲਜ ਦੇ ਹਰ ਕੋਨੇ ‘ਚ ਆ-ਜਾ ਰਹੇ ਸਨ। ਸਿਰਫ਼ ਜਲੇਬੀਆਂ, ਪਕਾਉੜਿਆਂ, ਖਿਡਾਉਣਿਆਂ,
ਭੁਕਾਨਿਆਂ ਤੇ ਗੋਲਗੱਪਿਆਂ ਦੀਆਂ ਰੇੜ੍ਹੀਆਂ-ਦੁਕਾਨਾਂ ਦੀ ਹੀ ਕਮੀ ਸੀ; ਨਹੀਂ ਤਾਂ ਹਰ ਪਾਸੇ
ਮੇਲਾ ਹੀ ਸੀ। ਕੈਨਟੀਨ ਦੇ ਦਰਵਾਜ਼ੇ ਰਾਹੀਂ ਢਾਣੀਆਂ ਦੀਆਂ ਢਾਣੀਆਂ ਇੱਕ-ਦੂਜੇ ਨਾਲ਼
ਖਹਿ-ਖਹਿ ਕੇ ਨਿੱਕਲ-ਵੜ ਰਹੀਆਂ ਸਨ। ਦਗ਼ਦੇ ਕੋਲਿਆਂ ਵਾਲ਼ੀ ਭੱਠੀ ਉੱਪਰ, ਕੜਾਹੀ ‘ਚ ਤਲ਼ੇ
ਜਾ ਰਹੇ ਸਮੋਸਿਆਂ ਦੀ ਸ਼ੂੰ-ਸ਼ੂੰ ਨਾਲ਼, ਕੈਨਟੀਨ ਦੀ ਪਿੱਠ ਨਾਲ਼ ਖਲੋਤੇ ਸਾਈਕਲ ਸਟੈਂਡ ‘ਚ
ਸਾਈਕਲਾਂ ਦੀਆਂ ਟੱਲੀਆਂ ਵੀ ਸ਼ਣਨ-ਸ਼ਣਨ ਕਰ ਰਹੀਆਂ ਸਨ। ਕੋਲਿਆਂ ਦੇ ਜਲਾਲ ‘ਤੇ ਟਿਕੇ ਪਤੀਲੇ
‘ਚੋਂ ਮਸਾਲੇਦਾਰ ਚਾਹ ਦਾ ਇੱਕ ਪੂਰ ਨਿੱਕਲ਼ਦਾ ਤੇ ਤੁਰਤ ਹੀ ਦੂਸਰਾ ਉਸ ਵਿੱਚ ਛਾਲ਼ ਮਾਰ
ਦੇਂਦਾ। ਖ਼ਾਲੀ ਗਲਾਸ-ਪਲੇਟਾਂ ਚੁੱਕਣ ਵਾਲ਼ੇ ਮੁੰਡੂ, ਮੈਲ਼ ਨਾਲ਼ ਰੱਜਿਆ ਕੱਪੜਾ ਮੇਜ਼ ‘ਤੇ
ਫੇਰ ਕੇ ਉਸ ਨੂੰ ਮੋਢੇ ਉੱਤੇ ਟੰਗਦੇ, ਤੇ ਚਾਰ-ਚਾਰ ਗਲਾਸਾਂ ਨੂੰ ਹੱਥਾਂ ਦੇ ਕ
|
ਇਕਬਾਲ ਰਾਮੂਵਾਲੀਆ ਆਪਣੀ ਪਤਨੀ ਸੁਖਸਾਗਰ ਨਾਲ |
ਲ਼ਾਵੇ ‘ਚ ਲੈ
ਕੇ ਉਨ੍ਹਾਂ ਦੀ ਟੁਣਕਾਰ ਨੂੰ ਪੂਰੀ ਕੈਨਟੀਨ ‘ਚ ਖਿਲਾਰਦੇ ਹੋਏ, ਕੈਨਟੀਨ ਦੇ ਪਿਛਲੇ ਪਾਸੇ
ਰੱਖੇ, ਗਲਾਸ ਧੋਣ ਵਾਲ਼ੇ ਟਬ ਵੱਲ ਨੂੰ ਤੁਰ ਜਾਂਦੇ। ਸਮੋਸਿਆਂ ਨਾਲ਼ ਲੱਦੀਆਂ ਪਲੇਟਾਂ ‘ਚ
ਚਮਚਿਆਂ ਦੀ ਕੜੱਕ-ਕੜੱਕ ਦੇ ਨਾਲ਼-ਨਾਲ਼ ‘ਹਾ-ਹਾ, ਹਾ-ਹਾ’ ਦੀਆਂ ਫ਼ੁਹਾਰਾਂ ਉੱਡ ਰਹੀਆਂ ਸਨ।
ਹਰ ਪਾਸੇ ਲਾਲ ਜਾਂ ਸਮੈਂਟੀ ਇਮਾਰਤਾਂ ਵੱਲ ਨੂੰ ਜਾਂ ਕੈਨਟੀਨ ਵੱਲ ਨੂੰ ਕਾਹਲ਼ੀ ‘ਚ ਤੁਰ
ਰਹੀਆਂ ਬੇਸ਼ੁਮਾਰ ਗੁਰਗਾਬੀਆਂ, ਬੂਟਾਂ ਤੇ ਸੈਂਡਲਾਂ ਦੀ ਹਰਕਤ ਸੀ।
ਨੋਟਿਸ ਬੋਰਡਾਂ ਉੱਪਰ ਚਿਪਕਾਏ ਟਾਈਮਟੇਬਲਾਂ ਤੋਂ ਆਪਣੀਆਂ ਕਲਾਸਾਂ ਲਈ ਕਮਰਾ-ਨੰਬਰ ਲਭਦੇ
ਮੁੰਡਿਆਂ-ਕੁੜੀਆਂ ਦੇ ਝੁਰਮਟਾਂ ‘ਚ ਉਹ ਇੱਕ-ਦੂਜੇ ਨਾਲ਼ ਖਹਿ ਰਹੇ ਸਨ: ਮੈਨੂੰ ਮੋਗੇ ਦੇ
ਮਜੈਸਟਿਕ ਸਿਨਮੇਂ ਦੀ ਟਿਕਟ-ਖਿੜਕੀ ਯਾਦ ਆ ਗਈ, ਉਸ ਦੇ ਸਾਹਮਣੇ ਤੀਜੇ ਦਰਜੇ ਦੀਆਂ ਟਿਕਟਾਂ
ਲੈਣ ਲਈ ਲੋਕ ਇੱਕ-ਦੂਜੇ ਦੇ ਮੋਢਿਆਂ ਅਤੇ ਟੋਪੀਆਂ-ਪੱਗਾਂ ਉੱਪਰ ਦੀ ਬਾਹਾਂ ਵਧਾਅ-ਵਧਾਅ ਕੇ,
ਖਿੜਕੀ ਦੇ ਸਰੀਆਂ ਤੱਕ ਪਹੁੰਚਣ ਲਈ ਧੱਕ-ਮੁਧੱਕੀ ਹੁੰਦੇ। ਸਮੈਂਟੀ ਵਿੰਗ ਦੇ ਦਫ਼ਤਰ ਦੇ
ਅੱਗਿਓਂ ਦੀ ਲੰਘਦੇ ਹਾਲਵੇਅ ‘ਚ, ਭਮੱਤਰੇ ਹੋਏ ਚਿਹਰੇ, ਸ਼ਹਿਰ ‘ਚ ਕਿਸੇ ਰਿਸ਼ਤੇਦਾਰ ਦਾ
ਮਕਾਨ ਲਭਦਿਆਂ ਗੁਆਚ ਗਏ ਪੇਂਡੂ ਵਾਂਗ, ਇੱਕ ਕਮਰੇ ਦੇ ਮੱਥੇ ਵੱਲ ਝਾਕਦੇ ਤੇ ਝੱਟ-ਪੱਟ ਹੀ,
ਹੌਲ਼ੀ-ਹੌਲ਼ੀ ਤੁਰਦੇ, ਕਿਸੇ ਹੋਰ ਦਰਵਾਜ਼ੇ ਵੱਲ ਨਜ਼ਰਾਂ ਘੁਮਾਅ ਲੈਂਦੇ। ਆਲ਼ੇ-ਦੁਆਲ਼ੇ ‘ਚ
ਕੌਣ ਕਿੱਧਰ ਨੂੰ ਜਾ ਰਿਹੈ ਤੇ ਕੀ ਤਾਲਾਸ਼ ਰਿਹੈ, ਕਿਸੇ ਨੂੰ ਕੋਈ ਸਰੋਕਾਰ ਨਹੀਂ ਸੀ।
ਸਮੈਂਟੀ ਵਿੰਗ ਦੇ ਹਾਲਵੇਅ ‘ਚ ਮੈਂ ਵੀ ਦਰਵਾਜਿ਼ਆਂ ਦੇ ਮੱਥਿਆਂ ਵੱਲ ਝਾਤੀਆਂ ਮਾਰਦਾ-ਮਾਰਦਾ
ਕਦੇ ਖੱਬੇ ਤੇ ਕਦੇ ਸੱਜੇ ਵੱਲ ਨੂੰ ਨਜ਼ਰਾਂ ਘੁੰਮਾਉਂਦਾ ਜਾ ਰਿਹਾ ਸਾਂ। ਸਹੀ ਕਮਰੇ ਦੇ
ਦਰਵਾਜ਼ੇ ਉੱਪਰ ਲਿਖੇ ਨੰਬਰ ‘ਤੇ ਵਜਦਿਆਂ ਹੀ, ਮੇਰੀਆਂ ਨਜ਼ਰਾਂ ਅਹਿੱਲ ਹੋ ਗਈਆਂ। ਕਮਰੇ ਦੇ
ਇਸ ਦਰਵਾਜ਼ੇ ‘ਤੇ ਕੁੜੀਆਂ ਦੀ ਇੱਕ ਸੰਘਣੀ ਢਾਣੀ ਅੰਗਰੇਜ਼ੀ ‘ਚ ਕਿਚਰ-ਕਿਚਰ ਜਾ ਰਹੀ ਸੀ।
ਢਾਣੀ ਉਦਾਲ਼ੇ ਖਿੰਡਰੀ, ਟੈਲਕਮ ਪਾਊਡਰ ਦੀ ਸੁਗੰਧੀ ਅਤੇ ਢਾਣੀ ‘ਚੋਂ ਆਉਂਦੇ ਅੰਗਰੇਜ਼ੀ
ਭਾਸ਼ਾ ਦੇ ਸੇਕ ਨੇ ਮੈਨੂੰ ਇੱਕ ਦਮ ਕਮਰੇ ਦੇ ਪਿਛਲੇ ਦਰਵਾਜ਼ੇ ਵੱਲ ਨੂੰ ਧੱਕ ਦਿੱਤਾ।
ਮੂਹਰਲੇ ਤੇ ਪਿਛਲੇ ਦਰਵਾਜ਼ੇ ਵਿਚਕਾਰਲੀ ਕੰਧ ਨਾਲ਼ ਢੋਅ ਲਾਈ ਖਲੋਤੇ ਸ਼ਹਿਰੀ ਮੁੰਡਿਆਂ ਦੀਆਂ
ਧੌਣਾਂ ਉਦਾਲ਼ੇ ਪਾਊਡਰ ਦੀ ਚਿਟਿਆਈ ਦੇਖ ਕੇ ਮੇਰਾ ਜੀਅ ਕਰੇ ਆਪਣੇ ਕਾਲਰਾਂ ਨੂੰ ਖੜ੍ਹੇ ਕਰ
ਕੇ ਸਭ ਤੋਂ ਉੱਪਰਲਾ ਬਟਨ ਬੰਦ ਕਰ ਲਵਾਂ। ਪਿਛਲੇ ਦਰਵਾਜ਼ੇ ਦੇ ਨੇੜੇ ਖਲੋਤਾ ਸਾਂਵਲੇ ਰੰਗ
ਦਾ ਇੱਕ ਮੁੰਡਾ ਗੁਣੀਏਂ ‘ਚ ਕੱਟੀ ਆਪਣੀ ਤਾਂਬੀਆ-ਭਾਅ ਮਾਰਦੀ ਦਾਹੜੀ ਨੂੰ ਵਾਰ-ਵਾਰ ਪਲ਼ੋਸ
ਰਿਹਾ ਸੀ। ਮੋਟੀਆਂ-ਮੋਟੀਆਂ ਅੱਖਾਂ ਨੂੰ ਲਗਾਤਾਰ ਆਸੇ-ਪਾਸੇ ਘੁੰਮਾਉਂਦਾ ਉਹ ਦੋ-ਤਿੰਨ ਵਾਰ
ਚੋਰ-ਅੱਖੀਂ ਮੇਰੇ ਵੱਲੀਂ ਝਾਕਿਆ ਜਿਵੇਂ ਮੇਰੇ ਨਾਲ਼ ਗੱਲ ਕਰਨ ਤੋਂ ਪਹਿਲਾਂ ਉਹ ਮੇਰੇ
ਚਿਹਰੇ ਤੋਂ ਮੇਰੇ ਸੁਭਾਅ ਨੂੰ ਹਾੜਨ ਦੀ ਕੋਸਿ਼ਸ਼ ਕਰ ਰਿਹਾ ਹੋਵੇ। ਫਿ਼ਰ ਆਪਣੀ ਤਰਬੂਜ਼ੀਆ
ਪੱਗ ਦੇ ਹੇਠਲੇ ਕਿਨਾਰਿਆਂ ਨੂੰ ਅੱਖਾਂ ਵੱਲ ਨੂੰ ਖਿਚਦਾ ਹੋਇਆ ਉਹ ਮੇਰੇ ਵੱਲ ਨੂੰ ਹਿੱਲਿਆ।
ਮੈਂ ਆਪਣੀਆਂ ਨਜ਼ਰਾਂ ਦੂਸਰੇ ਪਾਸੇ ਘੁੰਮਾਅ ਕੇ ਸੋਚਣ ਲੱਗਾ ਇਹ ਮੁੰਡਾ ਵੀ ਮੂਹਰਲੇ
ਦਰਵਾਜ਼ੇ ‘ਤੇ ਖਲੋਤੀ ਖ਼ੁਸ਼ਬੂਦਾਰ ਢਾਣੀ ਵਾਂਗੂੰ ਕਿਧਰੇ ਮੈਨੂੰ ਅੰਗਰੇਜ਼ੀ ਜ਼ੁਬਾਨ ‘ਚ ਕੁਝ
ਪੁੱਛਣ ਨਾ ਲੱਗ ਜਾਵੇ। ਮਨ ‘ਚ ਆਇਆ ਕਿ ਮਲਕੜੇ ਜੇਹੇ ਪਰਲੇ ਪਾਸੇ ਨੂੰ ਖਿਸਕ ਜਾਵਾਂ, ਪਰ
ਰਤਾ ਕੁ ਵਧੀ ਗੋਗੜ ਨੂੰ ਲੁਕੋਣ ਦੀ ਕੋਸਿ਼ਸ਼ ‘ਚ ਪੈਂਟ ਦੀ ਬੈਲਟ ‘ਤੇ ਆਪਣਾ ਪੰਜਾ
ਘਸਾਉਂਦਿਆਂ ਹੋਇਆਂ ਉਸ ਨੇ ਮੇਰੇ ਨਜ਼ਦੀਕ ਆ ਕੇ ਬੁਲ੍ਹ ਫਰਕਾਏ: ਇੰਗਲਿਸ਼ ਦੀਆਂ ਕਲਾਸਾਂ
ਭਲਾ... ਐਥੇ ਈ ਲੱਗਣੀਐਂ? ਇਹ ਪੁੱਛਦਿਆਂ ਉਸ ਦੀਆਂ ਸਾਂਵਲ਼ੀਆਂ ਗੱਲ੍ਹਾਂ ‘ਚ ਲਹਿਰ ਜਿਹੀ
ਫਰਕਣ ਲੱਗੀ।
-ਟਾਇਮਟੇਬਲ ‘ਤੇ ਤਾਂ... ਆਹਾ ਨੰਬਰ ਈ ਲਿਖਿਐ, ਲੰਮਾਂ ਸਾਹ ਲੈਂਦਿਆਂ, ਮੈਂ ਮੂਹਰਲੇ ਗੇਟ
ਦੇ ਮੱਥੇ ਵੱਲ ਇਸ਼ਾਰਾ ਕਰਦਿਆਂ ਬੋਲਿਆ।
ਪਰਲੇ ਪਾਸੇ ਕੰਧ ਨਾਲ਼ ਢੋਅ ਲਾ ਕੇ, ਆਪਣੀ ਕਮੀਜ਼ ਦੀਆਂ ਸਿਲਵਟਾਂ ਨੂੰ ਝਾੜਦਾ ਹੋਇਆ, ਇੱਕ
ਖੱਬਲ਼-ਦਾਹੜੀਆ ਆਪਣੇ ਸੰਘਣੇ ਭਰਵੱਟਿਆਂ ਨੂੰ ਫਰਕਾਉਣ ਲੱਗਾ, ਤੇ ਘੜੀਸਵੇਂ ਪੈਰੀਂ ਸਾਡੇ
ਵੱਲ ਨੂੰ ਖਿਸਕ ਆਇਆ। –ਆਹਾ ਈ ਕਮਰੈ ‘ਅੰਗਰੇਜੀ’ ਦੀ ਐਮ ਏ ਦਾ? ਆਪਣੀ ਖੱਬੀ ਮੁੱਛ ਦੇ ਕੁੰਢ
ਨੂੰ ਉਤਾਂਹ ਵੱਲ ਨੂੰ ਝਟਕਾ ਮਾਰਦਿਆਂ ਉਹ ਸਾਨੂੰ ਦੋਹਾਂ ਨੂੰ ਪੁੱਛਣ ਲੱਗਾ। ਸੰਘਣੀ ਦਾੜ੍ਹੀ
ਦੇ ਪਿਛਾੜੀ, ਧੌਣ ‘ਤੇ ਉੱਗੇ ਮੋਟੇ-ਮੋਟੇ ਕਰਚਿਆਂ ਨੂੰ ਖੁਰਕਦਾ, ਹੁਣ ਉਹ ਆਪਣੀਆਂ ਅੱਖਾਂ
ਨੂੰ ਝਮਕਣ ਲੱਗਾ।
ਹਲਕਾ ਜਿਹਾ ਮੁਸਕਰਾਉਂਦਿਆਂ ਮੈਂ ਆਪਣੇ ਸਿਰ ਨੂੰ ਉੱਪਰ-ਹੇਠਾਂ ਗੇੜਿਆ। ਖੱਬਲ਼-ਦਾਹੜੀਏ ਨੇ
ਆਪਣੇ ਹੱਥ ‘ਚ ਫੜੀ ਕਾਪੀ ਨੂੰ ਆਪਣੀ ਸੱਜੀ ਬਗ਼ਲ ‘ਚ ਥੁੰਨਦਿਆਂ, ਆਪਣੀਆ ਬਾਹਾਂ ਛਾਤੀ ਦੇ
ਸਾਹਮਣੇ ਇਕੱਠੀਆਂ ਕਰ ਲਈਆਂ, ਪਰ ਉਸ ਦੀ ਕਮੀਜ਼ ਦੇ ਟੁੱਟੇ ਹੋਏ ਇੱਕ ਬਟਨ ਨੂੰ ਮੈਂ ਫਿ਼ਰ
ਵੀ ਦੇਖ ਲਿਆ। ਏਨੇ ਨੂੰ ਮੂਹਰਲੇ ਦਰਵਾਜ਼ੇ ‘ਚ ਚਿਰੜ-ਚਿਰੜ ਹੋਈ ਤੇ ਵਿਦਿਆਰਥੀਆਂ ਦੀ ਭੀੜ
ਕਮਰੇ ਦੇ ਅੰਦਰ ਵੱਲ ਨੂੰ ਹਿੱਲਣ ਲੱਗੀ। ਭੀੜ ਵਿੱਚ ਸਭ ਤੋਂ ਅਖ਼ੀਰ ‘ਤੇ ਹੋਣ ਕਾਰਨ, ਮੈਂ,
ਖੱਬਲ਼-ਦਾੜ੍ਹੀਆ, ਤੇ ਮੋਟ-ਅੱਖਾ ਸਭ ਤੋਂ ਅੰਤ ਵਿੱਚ ਦਰਵਾਜਿ਼ਓਂ ਅੰਦਰ ਹੋਏ। ਟੈਲਕਮ-ਪਾਊਡਰ
ਵਾਲ਼ੀ ਢਾਣੀ, ਵਿਚਕਾਰਲੀ ਕਤਾਰ ਦੇ ਮੂਹਰਲੇ ਡੈਸਕਾਂ ਨੂੰ ਮੱਲ ਕੇ, ਅੰਗਰੇਜ਼ੀ ਦੀ
‘ਚਵਰ-ਚਵਰ’ ਵਿੱਚ ਲੱਥ ਚੁੱਕੀ ਸੀ।
-ਐਨ੍ਹਾਂ ਲੋਕਾਂ ‘ਚ ਰਹਿ ਕੇ ਮੈਨੂੰ ਐਮ ਏ ਕਰਨੀ ਪਊ ਅੰਗਰੇਜ਼ੀ ਦੀ? ਮੇਰਾ ਅੰਦਰ ਕੰਬਿਆ।
–ਤੇ ਉਹ ਵੀ ਪੂਰੇ ਦੋ ਸਾਲ! ਇਹ ਸਾਰੇ ਤਾਂ ਪਹਿਲੀ-ਕੱਚੀ ਤੋਂ ਕਾਨਵੰਟਾਂ ‘ਚ ਅੰਗਰੇਜ਼ੀ
ਪੜ੍ਹਦੇ-ਬੋਲਦੇ ਆਏ ਐ, ਅਸੀਂ ਤਾਂ ਮੋਗੇ ਦੇ ਗਰੀਬੜੇ ਜਿਹੇ ਕਾਲਜ ‘ਚ ਅੰਗਰੇਜ਼ੀ ਦਾ ਕਦੇ
ਇੱਕ ਲਫ਼ਜ਼ ਵ‘ ਨੀ ਸੀ ਬੋਲਿਆ!
ਮੇਰਾ ਜੀਅ ਕੀਤਾ ਮੈਂ ਤੁਰੰਤ ਸਾਈਕਲ ਸਟੈਂਡ ਵੱਲੀਂ ਦੌੜ ਜਾਵਾਂ।
ਅਸੀਂ ਤਿੰਨੇ, ਸਹਿਮੇ ਹੋਏ ਵੱਛਰੂਆਂ ਵਾਂਗ ਥਿੜਕਦੇ ਪੈਰਾਂ ਨੂੰ ਅੜ੍ਹਕਣ ਤੋਂ ਬਚਾਉਂਦੇ,
ਪਾਊਡਰੀ ਢਾਣੀ ਕੋਲ਼ ਦੀ ਮਲਕੜੇ ਜਿਹੇ ਗੁਜ਼ਰੇ ਤੇ ਵਿਚਕਾਰਲੀ ਕਤਾਰ ਵਾਲ਼ੇ ਆਖ਼ਰੀ ਡੈਸਕ
ਕੋਲ਼ ਜਾ ਖਲੋਤੇ। ਖੱਬਲ਼-ਦਾਹੜੀਆ ਤਾਂ ਪਰਲੇ ਪਾਸੇ ਵਾਲ਼ੀ ਕੰਧ ਲਾਗਲੀ ਕਤਾਰ ਦੇ ਅਖ਼ੀਰਲੇ
ਡੈਸਕ ਵੱਲ ਨੂੰ ਖਿਸਕ ਗਿਆ, ਪਰ ਮੋਟ-ਅੱਖੇ ਨੇ ਆਪਣੀ ਪੈਂਟ ਦੀ ਜੇਬ ‘ਚੋਂ ਰੁਮਾਲ ਕੱਢਿਆ ਤੇ
ਦਰਮਿਆਨੀ ਕਤਾਰ ਦੇ ਆਖ਼ਰੀ ਡੈਸਕ ਨੂੰ ਝਾੜਨਾ ਸ਼ੁਰੂ ਕਰ ਦਿੱਤਾ। ਡੈਸਕ ਦੀ ਸੀਟ ਉੱਪਰ ਪਰਲੇ
ਪਾਸੇ ਨੂੰ ਖਿਸਕਦਿਆਂ ਉਹ ਮੇਰੇ ਵੱਲ ਦਾਅਵਤੀ ਅੰਦਾਜ਼ ਵਿੱਚ ਝਾਕਿਆ। ਆਪਣੀ ਨੋਟਬੁੱਕ
(ਕਾਪੀ) ਨੂੰ ਡੈਸਕ ਉੱਪਰ ਟਿਕਾਉਂਦਿਆਂ ਮੈਂ ਮੋਟ-ਅੱਖੇ ਦੇ ਡੈਸਕ ‘ਤੇ, ਉਸ ਦੇ ਬਰਾਬਰ ਬੈਠ
ਗਿਆ।
ਪ੍ਰੋਫ਼ੈਸਰ ਨੇ ਸਾਮ੍ਹਣੇ ਮੇਜ਼ ਉੱਪਰ ਟਿਕਾਈਆਂ ਕਿਤਾਬਾਂ ਨੂੰ ਉੱਪਰ-ਨੀਚੇ ਕੀਤਾ, ਤੇ
ਐਨਕਾਂ ਉਤਾਰ ਕੇ, ਕੰਜੂਸੀ ਜਿਹੀ ਨਾਲ਼ ਮੁਸਕਰਾਉਂਦਿਆਂ, ਭਰਵੀਂ ਕਲਾਸ ਨੂੰ ਆਪਣੀਆਂ ਅੱਖਾਂ
ਨਾਲ਼ ਤੋਲਿਆ। ਪਲਾਂ ‘ਚ ਹੀ ਕਲਾਸ ਦੀ ਕਾਨਾਫ਼ੂਸੀ ਆਠਰ ਗਈ, ਤੇ ਸੱਤਰ-ਅੱਸੀ ਅੱਖਾਂ
ਪ੍ਰੋਫ਼ੈਸਰ ਵੱਲ ਗਿੜ ਗਈਆਂ। ਉਸ ਨੇ ਕਹਿਣਾ ਸ਼ੁਰੂ ਕੀਤਾ: ਮਾਈ ਨੇਮ ਇਜ਼ ਡੀ ਸੀ ਸ਼ਰਮਾ। ਆਈ
ਵੈਲਕਮ ਯੂ ਟੂ ਦ ਇੰਗਲਿਸ਼ ਪ੍ਰੋਗਰਾਮ ਐਂਡ ਹੋਪ ਵੀ ਆਲ ਵਿਲ ਹੈਲਪ ਯੂ ਗੋ ਥਰੂ ਦ ਪ੍ਰੋਗਰਾਮ
ਸਕਸੈੱਸਫੁਲੀ। ‘ਫਸਟ’ ਆਫ਼ ਆਲ ਲੈੱਟ ਮੀ ਟੇਕ ਅਟੈਂਡੈਂਸ ਐਂਡ ਗੈੱਟ ਟੂ ਨੋਅ ਯੂਅਰ ਨੇਮਜ਼।
ਪ੍ਰੋਫ਼ੈਸਰ ਇੱਕ ਤੋਂ ਬਾਅਦ ਦੂਜਾ ਨਾਮ ਬੋਲਦਾ ਤੇ ‘ਪਰੈਜ਼ੈਂਟ’ ਕਹਿਣ ਵਾਲ਼ੇ ਵਿਦਿਆਰਥੀ
ਵੱਲੀਂ ਦੋ-ਤਿੰਨ ਸਕਿੰਟਾਂ ਲਈ ਗਹੁ ਨਾਲ਼ ਦੇਖਦਾ।
ਅਟੈਂਡੈਂਸ ਮੁਕਾਅ ਕੇ, ਪ੍ਰੋਫ਼ੈਸਰ ਨੇ ਆਪਣੇ ਲੈਕਚਰ ਦਾ ਹਾਲੀ ਪਹਿਲਾ ਡੰਡਾ ਹੀ ਨਬੇੜਿਆ ਸੀ
ਕਿ ਦਰਵਾਜ਼ੇ ‘ਚ ‘ਉਹ’ ਆ ਖਲੋਤੀ, ਜਕਦੀ-ਜਕਦੀ ਕਦੇ ਪ੍ਰੋਫ਼ੈਸਰ ਵੱਲੀਂ ਤੇ ਕਦੇ ਡੈਸਕਾਂ
‘ਤੇ ਬੈਠੇ ਵਿਦਿਆਰਥੀਆਂ ਵੱਲ ਝਮਕਦੀਆਂ ਅੱਖਾਂ ਨਾਲ਼ ਝਾਕਦੀ ਹੋਈ: ਜਿਵੇਂ ਕਿਤੇ ਉਹ ਕਿਸੇ
ਗ਼ਲਤ ਸਟੇਸ਼ਨ ‘ਤੇ ਉੱਤਰ ਗਈ ਹੋਵੇ। ਆਪਣੇ ਦੁਪੱਟੇ ਨੂੰ ਉਸ ਨੇ ਬਿਨਾ-ਵਜ੍ਹਾ ਹੀ ਖੱਬੇ
ਮੋਢੇ ਤੋਂ ਉੱਪਰ ਵੱਲ ਨੂੰ ਖਿਸਕਾਇਆ, ਤੇ ਮੋਢਿਆਂ ਨੂੰ ਹੇਠਾਂ ਵੱਲ ਨੂੰ, ਤੇ ਧੌਣ ਨੂੰ
ਉੱਪਰ ਵੱਲ ਨੂੰ ਖਿਚਦਿਆਂ, ਉਹ ਪਿਛਲੇ ਡੈਸਕਾਂ ਦੀ ਕਿਸੇ ਖ਼ਾਲੀ ਸੀਟ ਨੂੰ ਆਪਣੀਆਂ ਅੱਖਾਂ
ਨਾਲ਼ ਖਰੋਚਣ ਲੱਗੀ। ਫਿ਼ਰ ਆਪਣੇ ਅਕਹਿਰੇ ਸਰੀਰ ਨੂੰ ਸੰਗੋੜਦਿਆਂ ਤੇ ਧੌਣ ਨੂੰ ਮੋਢਿਆਂ
ਵਿਚਕਾਰ ਲੁਕੋਂਦਿਆਂ, ਪੱਬਾਂ ‘ਤੇ ਤੁਰਦੀ-ਤੁਰਦੀ, ਉਹ ਖੱਬੇ ਪਾਸੇ ਵਾਲ਼ੀ ਕਤਾਰ ਵਿੱਚ,
ਮੇਰੇ ਬਰਾਬਰ ਵਾਲ਼ੇ ਡੈਸਕ ‘ਤੇ ਆ ਬੈਠੀ। ਉਸ ਨੂੰ ਆਪਣੇ ਐਨੀ ਨਜ਼ਦੀਕ ਬੈਠੀ ਦੇਖਦਿਆਂ ਹੀ
ਇੱਕ ਭਰਵਾਂ ਸਾਹ ਮੇਰੇ ਫੇਫੜਿਆਂ ਵੱਲ ਨੂੰ ਖਿੱਚਿਆ ਗਿਆ। ਮਿਚ ਗਈਆਂ ਅੱਖਾਂ ਉੱਪਰ ਮੇਰੇ
ਭਰਵੱਟੇ ਮੇਰੀ ਫਿ਼ਫ਼ਟੀ ਵੱਲ ਨੂੰ ਚੜ੍ਹਨ ਲੱਗੇ।
ਪਤਲੀਆਂ ਕਲ਼ਾਈਆਂ ਤੇ ਲੰਬੂਤਰੀਆਂ ਉਂਗਲ਼ਾਂ ਵਾਲ਼ੀ ਇਹ ਉਹੋ ਕੁੜੀ ਹੀ ਜਿਸ ਨੂੰ ਪਿਛਲੇ
ਹਫ਼ਤੇ ਮੈਂ ਫ਼ੀਸ ਜਮ੍ਹਾਂ ਕਰਾਉਂਦਿਆਂ ਦੇਖਿਆ ਸੀ ਤੇ ਓਦੋਂ ਤੋਂ ਹੀ ਇਹ ਮੇਰੀਆਂ ਸੋਚਾਂ ‘ਚ
ਅਗਿਆਤ ਰਕਮ ਵਾਂਗ ਜਮ੍ਹਾਂ ਹੋ ਗਈ ਸੀ। ਕੁੜੀਆਂ ਵਾਲ਼ੀ ਕਤਾਰ ‘ਚ ਖਲੋਤੀਆਂ ਦੂਸਰੀਆਂ
ਵਿਦਿਆਰਥਣਾਂ ਕਦੇ ਸੱਜੇ ਨੂੰ ਝੁਕ ਕੇ ਤੇ ਕਦੇ ਖੱਬੇ ਨੂੰ ਉੱਲਰ ਕੇ, ਤੇ ਕਦੇ ਮੱਥੇ ਦੀਆਂ
ਸਿਲਵਟਾਂ ਨੂੰ ਸੰਘਣੀਆਂ ਕਰ ਕੇ, ਧੀਮੀ ਚਾਲ ਨਾਲ਼ ਫ਼ੀਸਾਂ ਲੈ ਰਹੇ ਕਲਰਕ ਵੱਲੀਂ
ਕੌੜ-ਨਜ਼ਰੀਂ ਝਾਕ ਰਹੀਆਂ ਸਨ, ਪਰ ਇਹ ਕੁੜੀ ਕਤਾਰ ਵਿੱਚ ਆਰਾਮ ਨਾਲ਼ ਖਲੋਤੀ,
ਥੋੜ੍ਹੇ-ਥੋੜ੍ਹੇ ਵਕਫ਼ੇ ਬਾਅਦ, ਖੱਬੇ ਹੱਥ ‘ਚ ਪਕੜੇ ਛੋਟੇ ਜਿਹੇ ਪਰਸ ‘ਚੋਂ ਆਪਣੇ ਰੁਮਾਲ
ਨੂੰ ਕਢਦੀ ਤੇ ਉਸ ਨੂੰ ਮੱਥੇ ‘ਤੇ ਥਪਕ-ਥਪਕ ਕੇ, ਪਸੀਨੇ ਨੂੰ ਸੋਕ ਲੈਂਦੀ। ਵਿਚ-ਵਿਚ ਇਹ
ਸੱਜੇ ਹੱਥ ‘ਚ ਪਕੜੀ ਇੱਕ ਕਾਪੀ ਨਾਲ਼ ਆਪਣੇ ਚਿਹਰੇ ਨੂੰ ਝੱਲਣ ਲੱਗ ਜਾਂਦੀ। ਸੱਜੀ ਬਾਂਹ
ਨੂੰ ਜਦੋਂ ਉਹ ਲੱਕ ਵੱਲ ਨੂੰ ਲਮਕਾਅ ਲੈਂਦੀ ਤਾਂ ਪਤਲੀ ਹੋਣ ਕਰ ਕੇ, ਇਸ ਦੀ ਕਲ਼ਾਈ ਕੁਝ
ਵਧੇਰੇ ਹੀ ਲੰਮੀ ਜਾਪਣ ਲੱਗ ਪੈਂਦੀ। ਮੂਹਰਲੇ ਪਾਸਿਓਂ ਉੱਪਰਲੇ ਰੁਖ਼, ਰਤਾ ਕੁ ਫੁੱਲਵੇਂ
ਰੱਖ ਕੇ ਵਾਹੇ ਉਸ ਦੇ ਵਾਲ਼ਾਂ ‘ਚ ਭੂਰੇ ਰੰਗ ਦੀ ਗੂੜ੍ਹੀ ਭਾਅ ਅਤੇ ਚਮੜੀ ਦੀ ਸਫ਼ੈਦੀ
ਕਾਰਨ, ਅਗਰ ਕੁੜਤੀ-ਸਲਵਾਰ ਦੀ ਬਜਾਏ ਇਸ ਨੇ ਸਕਰਟ ਜਾਂ ਪੈਂਟ ਪਹਿਨੀ ਹੁੰਦੀ, ਤਾਂ ਮੈਂ
ਸਮਝਣਾ ਸੀ ਕਿ ਇਹ ਅਰਧ-ਗੋਰੀ ਨਸਲ ‘ਚੋਂ ਹੋਵੇਗੀ। ਇਹਦੀ ਵਾਰੀ ਆਉਂਦਿਆਂ ਇਸ ਨੇ ਆਪਣੇ ਮੋਢੇ
ਜ਼ਰਾ ਕੁ ਉੱਪਰ ਵੱਲ ਨੂੰ ਸੰਗੋੜੇ ਤੇ ਪੋਲੇ-ਕਦਮ ਤੁਰਦੀ ਫ਼ੀਸ-ਕਲਰਕ ਦੇ ਸਾਹਮਣੇ ਜਾ ਖਲੋਤੀ
ਸੀ। ਫ਼ੀਸ ਦੀ ਪਰਚੀ ਹੱਥ ‘ਚ ਫੜੀ, ਜਦੋਂ ਇਹ ਵਾਪਿਸ ਪਰਤੀ ਤਾਂ ਇਸ ਦੀਆਂ ਮੋਟੀਆਂ ਅੱਖਾਂ
ਦੀਆਂ ਗੰਨੀਆਂ ਵਿੱਚ ਹਸਦੇ ਸੁਰਮੇਂ ਦੀ ਕਾਲ਼ੋਂ ਮੇਰੇ ਮੱਥੇ ‘ਚ ਹਲਚਲ ਖਿੰਡਾਰ ਕੇ ਮੇਨ ਗੇਟ
ਵੱਲ ਨੂੰ ਤੈਰ ਗਈ ਸੀ।
ਇਦ੍ਹੇ ਜਾਂਦਿਆਂ ਹੀ ਮੈਨੂੰ ਮੇਰੇ ਸਾਹਮਣੇ ਵਾਲ਼ੇ ਪੰਜ ਕੁ ਮੁੰਡਿਆਂ ਦੀ ਕਤਾਰ ਕਈ ਮੀਲਾਂ
ਲੰਬੀ ਜਾਪਣ ਲੱਗ ਪਈ ਸੀ। ਉਥੇ ਖਲੋਤਿਆਂ ਕਦੇ ਮੈਨੂੰ ਇਹ ਕੁੜੀਆਂ ਦੇ ਹਾਸਟਲ ਵੱਲ ਨੂੰ
ਜਾਂਦੀ ਨਜ਼ਰ ਆਈ ਜਾਵੇ, ਕਦੇ ਕੈਨਟੀਨ ਵੱਲੀਂ ਨੂੰ ਤੇ ਕਦੇ ਕਾਲਜ ਦੇ ਬਾਹਰ ਰਿਕਸ਼ਾ ਸਟੈਂਡ
ਵੱਲ ਨੂੰ। ਦਿਲ ਕਰੇ ਫ਼ੀਸ ਦੀ ਰਕਮ ਕਲਰਕ ਦੇ ਸਾਹਮਣੇ ਖਿਲਾਰ ਕੇ ਮੈਂ ਫਟਾ-ਫਟ ਇਸ ਵਿੰਗ
‘ਚੋਂ ਬਾਹਰ ਨਿੱਕਲ਼ ਜਾਵਾਂ।
ਫ਼ੀਸ ਦੀ ਪਰਚੀ ਕਟਾਉਣ ਤੋਂ ਬਾਅਦ, ਲੰਮੀਆਂ ਪੁਲਾਂਘਾਂ ਭਰਦਾ ਮੈਂ ਇਸ ਵਿੰਗ ਦੇ ਗੇਟ ਤੋਂ
ਬਾਹਰ ਸੜਕ ‘ਤੇ ਆ ਖਲੋਤਾ ਸਾਂ। ਖੱਬੇ ਰੁਖ਼ ਲੜਕੀਆਂ ਦੇ ਹਾਸਟਲ ਵੱਲ ਨਜ਼ਰ ਮਾਰੀ, ਪਰ ਓਥੇ
ਦਰਖ਼ਤਾਂ ਦੇ ਹੇਠ ਧਰਤੀ ‘ਤੇ ਜੰਮੀਆਂ ਹੋਈਆਂ ਸੰਘਣੀਆਂ ਛਾਵਾਂ ਤੋਂ ਬਿਨਾ ਕੁਝ ਵੀ ਨਹੀਂ
ਸੀ। ਸਾਮ੍ਹਣੀ ਹਾਕੀ ਗਰਾਊਂਡ ਵਿੱਚਦੀ ਗਰਮੀਂ ‘ਚ ਉਂਘਲ਼ਾਉਂਦੇ ਘਾਹ ਨੂੰ ਦਰੜਦਾ ਮੈਂ
ਕੈਨਟੀਨ ‘ਚ ਜਾ ਵੜਿਆ ਸਾਂ। ਕੈਨਟੀਨ ਦੀਆਂ ਸਾਰੀਆਂ ਕੁਰਸੀਆਂ ਚੁੱਪਚਾਪ ਸੁਸਤਾਅ ਰਹੀਆਂ ਸਨ।
ਦਸ ਕੁ ਸਕਿੰਟਾਂ ਬਾਅਦ, ਕੈਨਟੀਨ ਦੇ ਪਿਛਾੜੀ ਡੱਠੀਆਂ ਕੁਰਸੀਆਂ ਦੀ ਸੁੰਨਸਾਨਤਾ ਵਾਂਗ,
ਮੇਰੇ ਅੰਦਰ ਵੀ ਹਲਕਾ ਜਿਹਾ ਖ਼ਲਾਅ ਪਸਰਨ ਲੱਗਾ ਸੀ। ਚਾਹ ਦੇ ਗਲਾਸ ਨੂੰ ਦੋਹਾਂ ਤਲ਼ੀਆਂ
ਵਿਚਕਾਰ ਗੇੜਦਾ ਮੈਂ ਇਸ ਕੁੜੀ ਦਾ ਡੀਪਾਟਮੈਂਟ ਅੰਦਾਜ਼ਣ ਲੱਗਾ ਸਾਂ: ਲਿਬਾਸ ਦੀ ਸਾਦਗੀ,
ਅਣਤਰਾਸ਼ੇ ਭਰਵੱਟਿਆਂ, ਤੇ ਚਿਹਰੇ ਦੀ ਸੰਜੀਦਗੀ ਤੋਂ ਇਹ ਕੁੜੀ ਪੇਂਡੂ ਪਿਛੋਕੜ ਦੀ ਜਾਪਦੀ
ਸੀ: ਮੈਂ ਸੋਚਿਆ ਕਿ ਇਸ ਹਿਸਾਬ ਜਾਂ ਤਾਂ ਇਹ ਬਾਬਾ ਫ਼ਰੀਦ ਦੇ ਸ਼ਲੋਕਾਂ ਨੂੰ ਘੋਟੇ ਲਾਉਣ
ਲੱਗੇਗੀ ਤੇ ਜਾਂ ਫਿ਼ਰ ਮੁਗ਼ਲ ਕਾਲ ਦੇ ਰਾਜਿਆਂ ਦਾ ਕੁਰਸੀਨਾਮਾ ਫਰੋਲਣ ਲੱਗੇਗੀ।
ਪਰ ਇਹ ਤਾਂ ਅੱਜ ਮੇਰੇ ਬਿਲਕੁਲ ਨਜ਼ਦੀਕ ਬੈਠੀ ਸੀ, ਖੱਬੇ ਪਾਸੇ ਵਾਲ਼ੇ ਡੈਸਕ ਉੱਤੇ, ਢਾਈ
ਕੁ ਫੁੱਟ ਦੇ ਫ਼ਾਸਲੇ ‘ਤੇ, ਅੰਗਰੇਜ਼ੀ ਦੀ ਐਮ ਏ ਦੇ ਪਹਿਲੇ ਸਾਲ ਵਿੱਚ ਗੋਤਾ ਲਾਉਣ ਲਈ।
ਪ੍ਰੋਫ਼ੈਸਰ ਨੇ ਚਾਲ਼ੀ-ਪੰਜਤਾਲ਼ੀ ਮਿੰਟ ਦੇ ਲੈਕਚਰ ‘ਚ ਕੀ ਕਿਹਾ, ਮੈਨੂੰ ਕੁਝ ਯਾਦ ਨਹੀਂ;
ਮੈਨੂੰ ਸਿਰਫ਼ ਪ੍ਰੋਫ਼ੈਸਰ ਦੇ ਬੁੱਲ੍ਹਾਂ ਦੀ ਹਰਕਤ ਹੀ ਨਜ਼ਰ ਆ ਰਹੀ ਸੀ; ਮੇਰੇ ਸਿਰ ‘ਚ
ਤਾਂ ਇਸ ਦੀਆਂ ਪਤਲੀਆਂ-ਪਤਲੀਆਂ ਕਲ਼ਾਈਆਂ ਤੇ ਗੋਰੀਆਂ-ਗੋਰੀਆਂ, ਲੰਮੀਆਂ, ਬਾਰੀਕ ਉਂਗਲ਼ਾਂ
ਹੀ ਉਡਾਰੀਆਂ ਮਾਰੀ ਜਾ ਰਹੀਆਂ ਸਨ।
ਪ੍ਰੋਫ਼ੈਸਰ ਨੇ ਆਖਿ਼ਰ ਇਹ ਕਹਿੰਦਿਆਂ ਕਲਾਸ ਖ਼ਤਮ ਕੀਤੀ ਕਿ ਅਗਲੇ ਦਿਨ ਤੋਂ ਹਰ ਰੋਜ਼ ਚਾਰ
ਪੀਰੀਅਡ ਲੱਗਿਆ ਕਰਨਗੇ। ਉਹ ਮਲਕੜੇ ਜੇਹੇ ਉੱਠੀ ਤੇ ਸਾਡੇ ਮੂਹਰੇ-ਮੂਹਰੇ, ਪੋਲੇ-ਕਦਮੀ
ਤੁਰਦੀ ਕਮਰੇ ‘ਚੋਂ ਬਾਹਰ ਨਿੱਕਲ਼ ਕੇ ਕੁੜੀਆਂ ਦੇ ਝੁਰਮਟਾਂ ਵਿੱਚ ਗੁਆਚ ਗਈ।
ਸਮੈਂਟੀ ਵਿੰਗ ‘ਚੋਂ ਬਾਹਰ ਨਿਕਲ਼ਦਿਆਂ ਹੀ, ਮੋਟ-ਅੱਖੇ ਨੇ ਮੈਨੂੰ ਕੈਨਟੀਨ ‘ਚ ਚੱਲਣ ਦੀ
ਸੁਲ੍ਹਾ ਮਾਰੀ, ਤੇ ਖੱਬਲ਼-ਦਾੜ੍ਹੀਆ ਕਾਹਲ਼ੇ-ਕਦਮੀਂ ਹੋ ਕੇ ਸਾਡੇ ਨਾਲ਼ ਆ ਰਲਿ਼ਆ।
ਮੋਟ-ਅੱਖੇ ਨੇ ਚਾਹ ਦੀ ਪਹਿਲੀ ਘੁੱਟ ਨਿਘਾਰਦਿਆਂ ਮੇਰੇ ਵੱਲ ਨਜ਼ਰਾਂ ਸੇਧ ਦਿੱਤੀਆਂ:
ਬਾਈ... ਨਾਂ-ਪਤਾ ਨੀ ਦੱਸਿਆ ਤੂੰ ਆਵਦਾ? ਉਹ ਜਕਦਾ-ਜਕਦਾ ਬੋਲਿਆ।
-ਇਕਬਾਲ ਐ ਮੇਰਾ ਨਾਂ, ਤੇ ਪਿੰਡ ਐ ਮੇਰਾ ਮੋਗੇ ਕੋਲ਼ੇ... ਤੇ ਮੈਨੂੰ ਤਾਂ ਤੂੰ ਵੀ ਮੋਗੇ
ਅੱਲ ਦਾ ਈ ਲਗਦੈਂ, ਵੀਰਿਆ!
-ਨੲ੍ਹੀਂ, ਉਹ ਆਪਣੀ ਦਾਹੜੀ ਨੂੰ ਪਿਛਲੇ ਰੁਖ਼ ਪਲ਼ੋਸਦਿਆਂ ਬੋਲਿਆ। -ਮੇਰਾ ਪਿੰਡ ਤਾਂ
‘ਮੁਕਸਰ’ ਕੋਲ਼ੇ ਐ, ਭਾਗਸਰ!
-ਤੇ ਨਾਂ ਕੀ ਐ ਤੇਰਾ?
-ਗੁਰਮੀਤ ਬਰਾੜ!
-ਏਥੇ ਫ਼ੇਰ ‘ਹੋਸਟਲ’ ‘ਚ ਲਾਏ ਐ ਡੇਰੇ ਕਿ ਬਾਹਰ ਕਮਰਾ ਲਿਐ?
-‘ਹੋਸਟਲ’ ‘ਚ, ਉਸ ਨੇ ਸਿਰ ਹਿਲਾਇਆ। –ਮੈਨੂੰ ਲਗਦੈ ਤੂੰ ਵੀ ‘ਹੋਸਟਲ’ ‘ਚ ਈ ਹੋਏਂਗਾ!
-ਊਂ-ਹੂੰ, ਮੈਂ ਆਪਣੇ ਸਿਰ ਨੂੰ ਸੱਜੇ-ਖੱਬੇ ਗੇੜਿਆ। –ਮੈਂ ਤਾਂ ਆਵਦੇ ਭਰਾ ਨਾਲ਼ ਰਹਿੰਨਾਂ
ਮਾਡਲ ਗਰਾਮ ‘ਚ।
ਖੱਬਲ਼-ਦਾਹੜੀਏ ਨੇ ਚਾਹ ਦਾ ਗਲਾਸ ਖ਼ਾਲੀ ਕਰ ਕੇ ਮੇਜ਼ ‘ਤੇ ਟਿਕਾਇਆ ਤੇ ਆਪਣੀਆਂ ਮੁੱਛਾਂ
ਦੇ ਕੁੰਢਾਂ ਨੂੰ ਸੰਵਾਰਨ ‘ਚ ਮਸਰੂਫ਼ ਹੋ ਗਿਆ।
-ਤੂੰ ਕਿਹੜੇ ਇਲਾਕੇ ‘ਚੋਂ ਐਂ, ਸੱਜਣਾ? ਮੈਂ ਉਸ ਵੱਲੀਂ ਝਾਕਿਆ।
ਉਦ੍ਹੇ ਬੁੱਲ੍ਹ ਪਾਸਿਆਂ ਵੱਲ ਨੂੰ ਹਿੱਲੇ, ਤੇ ਗਲਾਸ ਦੇ ਖ਼ਾਲੀਪਣ ‘ਚ ਉਂਗਲ਼ੀ
ਘੁੰਮਾਉਂਦਿਆਂ ਉਹ ਬੋਲਿਆ: ਥੋਡੇ ਨੇੜਿਓਂ-ਤੇੜਿਓਂ ਈ ਆਂ ਮੈਂ ਵੀ!
-ਮੁਕਸਰੋਂ ਕਿ ਮੋਗਿਓਂ?
-ਵਿਚਾਲਿ਼ਓਂ ਜਿਹਿਓਂ!
-ਵਿਚਾਲ਼ੇ ਜਿਹੇ ਤਾਂ ਫਿ਼ਰ ਕੋਟਕਪੂਰਾ ਪੈਂਦੈ!
-ਨਹੀਂ, ਉਨ੍ਹੇਂ ਸਿਰ ਨੂੰ ਸੱਜੇ-ਖੱਬੇ ਫੇਰਿਆ। -ਬਾਘੇ ਪੁਰਾਣੇ ਦਾ ਨਾਂ ਸੁਣਿਐਂ?
ਬਾਘੇ ਪੁਰਾਣੇ ਦਾ ਜਿ਼ਕਰ ਸੁਣਦਿਆਂ ਹੀ ਮੈਂ ਮੋਗੇ ਤੋਂ ਕੋਟਕਪੂਰੇ ਜਾਣ ਵਾਲ਼ੀ ਬੱਸ ਵਿੱਚ
ਬੈਠ ਗਿਆ ਤੇ ‘ਸਿੰਘਾਂਵਾਲ਼ਾ’ ਤੇ ‘ਚੰਦ ਨਵੇਂ’ ਨੂੰ ਖਿੱਚ ਕੇ ਪਿਛਾਹਾਂ ਵੱਲ ਸੁਟਦੀ ਬੱਸ
ਜਿਉਂ ਹੀ ਗਿੱਲਾਂ ਵਾਲ਼ੀ ਨਹਿਰ ਟੱਪੀ, ਤਾਂ ਸੜਕ ਦੇ ਦੋਹੀਂ ਪਾਸੀਂ ‘ਗਿੱਲ’ ਪਿੰਡ ਦੇ
ਗੁਹਾਰੇ ਸੈਨਤਾਂ ਮਾਰਨ ਲੱਗੇ। ਬਾਘੇ ਪੁਰਾਣੇ ‘ਚ ਵੜਦਿਆਂ ਹੀ, ਤੇਜ਼-ਰਫ਼ਤਾਰ ਬੱਸ ਦੇ
ਟਾਇਰਾਂ ਦੇ ਦਬਾਅ ਹੇਠ ਆ ਕੇ, ਪਿਚਕਾਰੀਆਂ ਵਾਂਗ ਪਾਸਿਆਂ ਨੂੰ ਖਿੱਲਰਦਾ ਗਿੱਠ-ਗਿੱਠ ਡੂੰਘਾ
ਚਿੱਕੜ, ਪੈਦਲਾਂ ਤੇ ਸਾਇਕਲ-ਸਵਾਰਾਂ ਦੇ ਕੱਪੜਿਆਂ ਨੂੰ ਡੰਗਣ ਲੱਗਾ।
-ਕੀ ਨਾਮ ਐ ਤੇਰਾ, ਬਾਈ ਸਿਅ੍ਹਾਂ?
-ਜਸਬੀਰ! ਉਨ੍ਹੇ ਉਘੜ-ਦੁਘੜੇ ਰੁਖ਼ ਕੱਟੀ ਆਪਣੀ ਦਾੜ੍ਹੀ ਨੂੰ ਖੁਰਕਦਿਆਂ ਦੱਸਿਆ।
ਚਾਹ ਮੁੱਕੀ ਤਾਂ ਸਾਈਕਲ ਸਟੈਂਡ ਮੈਨੂੰ ਤੁਣਕੇ ਮਾਰਨ ਲੱਗਾ।
ਸਾਈਕਲ ਉਠਾਅ ਕੇ, ਜਾਣਾ ਤਾਂ ਮੈਂ ਖੱਬੇ ਪਾਸੇ ਮੇਨ ਗੇਟ ਵੱਲ ਸੀ, ਪ੍ਰੰਤੂ ਸਾਈਕਲ ਦਾ
ਹੈਂਡਲ ਮੱਲੋਮੱਲੀ ਸੱਜੇ ਰੁਖ਼ ਲੜਕੀਆਂ ਦੇ ਹਾਸਟਲ ਵੱਲ ਨੂੰ ਖਿੱਚਿਆ ਗਿਆ। ਸ਼ਾਇਦ ‘ਉਹ’
ਹਾਸਟਲ ‘ਚ ਹੀ ਹੋਵੇ! ਪਰ ਹਾਸਟਲ ਦੇ ‘ਹਵੇਲੀਆ’ ਦਰਵਾਜ਼ੇ ਸਾਹਮਣੇ ਬੈਂਚ ਉੱਪਰ ਬੈਠੀ ‘ਮਾਈ’
ਆਪਣੀ ਘਸਮੈਲ਼ੀ, ਚਿੱਟੀ ਸਾੜ੍ਹੀ ਦੇ ਪੱਲੇ ਨਾਲ਼ ਖੇਡ ਕੇ ਆਲ਼ੇ-ਦੁਆਲ਼ੇ ਦੇ ਸੁੰਨੇਪਣ ਨੂੰ
ਅਰਥਣ ਦੀ ਕੋਸਿ਼ਸ਼ ਕਰ ਰਹੀ ਸੀ।
ਕਿੱਥੇ ਹੋਵੇਗੀ ਉਹ?
ਕਾਲਜ ਦੇ ਮੇਨ ਗੇਟ ‘ਤੇ ਆਉਣ ਤੀਕ ਮੈਨੂੰ ਇਉਂ ਜਾਪਣ ਲੱਗਾ ਕਿ ‘ਉਹ’ ਆਪਣੇ ਪਿੰਡ ਨੂੰ ਜਾਣ
ਲਈ ਬੱਸ ਅੱਡੇ ‘ਤੇ ਪਹੁੰਚੀ ਹੋਵੇਗੀ। ਉਨ੍ਹੀਂ ਦਿਨੀਂ ਲੁਧਿਆਣੇ ਦੇ ਬੱਸ-ਸਟੈਂਡ ਘੰਟਾ-ਘਰ
ਦੇ ਨਜ਼ਦੀਕ ਹੋਇਆ ਕਰਦੇ ਸਨ। ਅਗਲੇ ਪਲੀਂ ਮੇਰਾ ਸਾਈਕਲ ਘੰਟਾ ਘਰ ਨੂੰ ਜਾਂਦੀ ਸੜਕ ਉੱਪਰ
ਰੁੜ੍ਹ ਰਿਹਾ ਸੀ।
ਪਹਿਲਾਂ ਮੈਂ ਸਾਈਕਲ ਨੂੰ ਫਿ਼ਲੌਰ ਜਾਣ ਵਾਲ਼ੀ ਬੱਸ ਉਦਾਲ਼ੇ ਘੁਮਾਇਆ, ਫਿਰ ਉਸ ਦਾ ਅਕਸ ਮੈਂ
ਜਗਰਾਵਾਂ ਵਾਲ਼ੀ ਬੱਸ ਦੀਆਂ ਸਵਾਰੀਆਂ ‘ਚ ਤਲਾਸ਼ਣ ਲੱਗਾ, ਤੇ ਅਖ਼ੀਰ ਮੈਨੂੰ ਉਸ ਦੇ ਝਾਉਲ਼ੇ
ਅੱਡੇ ‘ਤੇ ਖਲੋਤੀ ਹਰ ਬੱਸ ‘ਚ ਹੀ ਪੈਣ ਲੱਗੇ।
ਅਗਲੇ ਦਿਨ ਤੋਂ ਬਾਅਦ, ਸਵੇਰ ਵੇਲ਼ੇ ਜਦੋਂ ਮੈਂ ਕਾਲਜ ਪਹੁੰਚਦਾ, ਗੁਰਮੀਤ ਮੈਨੂੰ ਹਾਕੀ
ਗਰਾਊਂਡ ਦੀ ਚਾਰਦਵਾਰੀ ‘ਤੇ ਬੈਠਾ ਉਡੀਕ ਰਿਹਾ ਹੁੰਦਾ।
ਪਿੰ੍ਰਸੀਪਲ ਭਾਰਦਵਾਜ ਸੁਭਾ-ਸ਼ਾਮ ਹਾਕੀ ਗਰਾਊਂਡ ਉਦਾਲ਼ੇ ਚੱਕਰ ਕਢਣ ਦਾ ਆਦੀ ਸੀ। ਚੱਕਰ
ਕਢਦਿਆਂ ਉਹ ਹੱਥ ‘ਚ ਫੜੀ ਕਾਪੀ ਉੱਤੇ, ਗਰਾਊਂਡ ਦੇ ਸੁਰਮੇਂ-ਦੰਦਾਸੇ ਦੀਆਂ
ਨਿੱਕੀਆਂ-ਨਿੱਕੀਆਂ ਘਾਟਾਂ-ਵਾਧਾਂ ਦੀ ਲਿਸਟ ਬਣਾ ਕੇ, ਉਸ ਦੇ ਪਿੱਛੇ-ਪਿੱਛੇ ਮੇਮਣਿਆਂ ਵਾਂਗ
ਤੁਰ ਰਹੇ ਮਾਲੀਆਂ ਨੂੰ ਫੜਾਅ ਦੇਂਦਾ। ਇਸ ਲਈ ਦੋ-ਤਿੰਨ ਮਾਲੀ ਇਸ ਗਰਾਊਂਡ ‘ਚ ਹਰ ਵੇਲ਼ੇ
ਜਾਂ ਤਾਂ ਰਬੜ ਦੀ ਨਾਲ਼ੀ ਨਾਲ਼ ਪਾਣੀ ਬਰਸਾਉਂਦੇ ਦਿਸਦੇ, ਜਾਂ ਪੱਤੇ ਚੁਗਦੇ, ਤੇ ਜਾਂ ਫਿ਼ਰ
ਨੀਗਰੋ ਲੋਕਾਂ ਦੇ ਵਾਲ਼ਾਂ ਵਾਂਗ ਸੰਘਣੀ ਹਰਿਆਵਲ ਦੀ ਹਜਾਮਤ ਕਰਦੇ।
ਢਾਈ ਕੁ ਗਿੱਠ ਉੱਚੀ ਚਾਰਦੀਵਾਰੀ ‘ਚ ਘਿਰੀ ਇਹ ਗਰਾਊਂਡ, ਦਿਨ ਵੇਲ਼ੇ ‘ਹਾਅ-ਹਾਅ’
‘ਹੀਅ-ਹੀਅ’ ਦਾ ਪ੍ਰਦੂਸ਼ਣ ਖਿਲਾਰਦੇ ਜਿਨ੍ਹਾਂ ‘ਢਾਣੀਦਾਰਾਂ’ ਦਾ ਡੇਰਾ ਸੀ, ਉਨ੍ਹਾਂ ਦੀਆਂ
ਜੇਬਾਂ ਨੇ ਨਾ ਕਦੇ ਪੈੱਨ-ਪੈਨਸਿਲ ਨੂੰ ਜੀ ਆਇਆਂ ਆਖਿਆ ਸੀ ਤੇ ਨਾ ਹੀ ਉਨ੍ਹਾਂ ਦੀਆਂ ਦੀਆਂ
ਉਂਗਲ਼ਾਂ ਨੇ ਕਦੇ ਕਿਸੇ ਕਿਤਾਬ ਦੀ ਜਿਲਦ ਨੂੰ ਛੋਹਿਆ ਸੀ। ਨੌਂ ਕੁ ਵਜਦੇ ਨੂੰ, ਉਹ ਘੋਟ ਕੇ
ਬੰਨ੍ਹੀਆਂ ਆਪਣੀਆਂ ਪਟਿਆਲ਼ਾ-ਸ਼ਾਹੀ ਪੱਗਾਂ ਨੂੰ ਪਲ਼ੋਸਦੇ ਹੋਏ ਕੈਨਟੀਨ ‘ਚ ਦਾਖ਼ਲ ਹੁੰਦੇ
ਤੇ ਆਮਲੇਟਾਂ ਦੀ ਐਸੀ-ਤੈਸੀ ਫੇਰਨ ਤੋਂ ਬਾਅਦ, ਹਾਕੀ ਗਰਾਊਂਡ ਦੀ ਚਾਰਦੀਵਾਰੀ ਨੂੰ
ਪ੍ਰੇਸ਼ਾਨ ਕਰਨ ਲਗਦੇ। ਵਾਰ-ਵਾਰ ਆਪਣੇ ਕਾਲਰਾਂ ਤੇ ਕਫ਼ਾਂ ਨੂੰ ਝਟਕੇ ਮਾਰਦੇ ਹੋਏ, ਉਹ
ਹਾਸਟਲ ਤੋਂ ਕਲਾਸਾਂ ਨੂੰ ਤੇ ਕਲਾਸਾਂ ਤੋਂ ਹਾਸਟਲ ਨੂੰ ਆਉਣ-ਜਾਣ ਵਾਲ਼ੀਆਂ ਕੁੜਤੀਆਂ,
ਚੁੰਨੀਆਂ ਤੇ ਸੈਂਡਲਾਂ ਦੀ ਉਡੀਕ ਵਿੱਚ ਦੂਰਬੀਨਾਂ ਬੀੜੀ ਰਖਦੇ। ਸਾਨੂੰ ਕੁਝ ਹੀ ਹਫ਼ਤਿਆਂ
‘ਚ ਇਹ ਇਲਮ ਹੋ ਗਿਆ ਕਿ ਅਮੀਰ ਘਰਾਂ ਦੇ ਇਨ੍ਹਾਂ ਮੁੰਡਿਆਂ ਦੇ ਲਾਗੇ ਖਲੋਣਾ, ਮੁਸ਼ਟੰਡਿਆਂ
ਦੇ ਮੁਹੱਲੇ ‘ਚ ਰੇੜ੍ਹੀ ਲਾਉਣ ਦੇ ਬਰਾਬਰ ਸੀ।
ਛੇਤੀ ਹੀ ਮੈਂ ਤੇ ਗੁਰਮੀਤ, ਕਲਾਸਾਂ ਸ਼ੁਰੂ ਹੋਣ ਤੋਂ ਪਹਿਲਾਂ ਹਾਕੀ ਗਰਾਊਂਡ ਦੀ ਬਜਾਏ,
ਕੈਨਟੀਨ ਦੇ ਪਿਛਾੜੀ ਦਰਖ਼ਤਾਂ ਹੇਠਲੀਆਂ ਕੁਰਸੀਆਂ ‘ਤੇ ਮਿਲਣ ਲੱਗੇ। ਗੁਰਮੀਤ ਨੂੰ ਕਲਾਸ ‘ਚ
ਜਾਣ ਤੋਂ ਪਹਿਲਾਂ ਚਾਹ ਤੇ ਆਮਲੇਟ ਦੀ ਡਾਢੀ ਤਲਬ ਹੁੰਦੀ ਪਰ ਮੇਰਾ ਮਨ ਲੜਕੀਆਂ ਦੇ ਹਾਸਟਲ
ਦੇ ਸਾਹਮਣਿਓਂ ਗੁਜ਼ਰ ਕੇ, ਕਲਾਸ ਵਿੱਚ ਜਾਣ ਨੂੰ ਕਾਹਲ਼ਾ ਪੈਂਦਾ।
ਜਦੋਂ ਅਸੀਂ ਕਲਾਸਰੂਮ ‘ਚ ਦਾਖ਼ਲ ਹੁੰਦੇ, ਉਹ ਆਪਣੀ ਨਵੀਂ-ਬਣੀ ਸਹੇਲੀ ਨਾਲ਼ ਉਸੇ ਡੈਸਕ ‘ਤੇ
ਬੈਠੀ ਹੁੰਦੀ ਜਿਸ ਵੱਲ ਨੂੰ ਪਹਿਲੇ ਦਿਨ ਉਹ ਆਪਣੇ ਅਕਹਿਰੇ ਜਿਸਮ ਨੂੰ ਸੁੰਗੇੜਦਿਆਂ ਵਧੀ
ਸੀ। ਉਹਨੂੰ ਦੇਖਦਿਆਂ ਹੀ ਮੇਰੇ ਸਾਹ ਲਮਕਵੇਂ ਹੋ ਜਾਂਦੇ, ਤੇ ਮੇਰੇ ਮੋਢੇ ਸੁੰਗੜ ਕੇ ਕੰਨਾਂ
ਵੱਲ ਨੂੰ ਖਿੱਚੇ ਜਾਂਦੇ। ਡੈਸਕ ‘ਤੇ ਬੈਠਦਾ ਤਾਂ ਮੇਰੀਆਂ ਅੱਖਾਂ ‘ਚ ਧਤੂਰਾ ਉੱਤਰ ਆਉਂਦਾ,
ਤੇ ਕੰਨਾਂ ‘ਚੋਂ ਹਲਕਾ-ਹਲਕਾ ਸੇਕ ਨਿਕਲਣ ਲਗਦਾ। ਅਟੈਂਡੈਂਸ ਵੇਲ਼ੇ ਪ੍ਰੋਫ਼ੈਸਰ ਉਸ ਦਾ ਨਾਮ
ਪੁਕਾਰਦੇ ‘ਸੁਖਸਾਗਰ’, ਤੇ ਉਸ ਦੇ ਮੁੰਹੋਂ ‘ਪਰੈਜ਼ੈਂਟ’ ਸੁਣ ਕੇ ਮੇਰੇ ਲਹੂ ‘ਚ ਹਲਕੀ ਜਿਹੀ
ਛੱਲ ਵੱਜ ਜਾਂਦੀ। ਮੈਂ ਪ੍ਰੋਫ਼ੈਸਰਾਂ ਦੇ ਲੈਕਚਰਾਂ ਦੇ ਮਗਰ-ਮਗਰ ਤੁਰਨ ਦੀ ਕੋਸਿ਼ਸ਼ ਕਰਦਾ
ਪ੍ਰੰਤੂ ਲੈਕਚਰਾਂ ਦੀਆਂ ਪੈੜਾਂ ਵਾਰ-ਵਾਰ ਧੁੰਦਲ਼ੀਆਂ ਹੋ ਕੇ ਗਵਾਚ ਜਾਂਦੀਆਂ।
ਕਲਾਸਾਂ ਖ਼ਤਮ ਹੁੰਦੀਆਂ ਤਾਂ ਮੈਂ ਗੁਰਮੀਤ ਨੂੰ ਹਾਕੀ ਗਰਾਊਂਡ ਵੱਲ ਨੂੰ ਤੋਰ ਲੈਂਦਾ।
ਗਰਾਊਂਡ ਦੀ ਚਾਰਦਵਾਰੀ ਉੱਪਰ ਬੈਠਿਆਂ ਮੇਰਾ ਚਿਹਰਾ ਲੜਕੀਆਂ ਦੇ ਹਾਸਟਲ ਵੱਲ ਸੇਧਿਤ
ਰਹਿੰਦਾ: ਮੈਨੂੰ ਜਾਪਦਾ ਉਹ ਆਪਣੀ ਸਹੇਲੀ ਨਾਲ਼ ਕੈਨਟੀਨ ਵੱਲ ਨੂੰ ਆਵੇਗੀ, ਤੇ ਮੈਂ ਗੁਰਮੀਤ
ਨੂੰ ਉਠਾਲ਼ ਕੇ ਕੈਨਟੀਨ ਵੱਲ ਨੂੰ ਵਹੀਰ ਘੱਤ ਲਵਾਂਗਾ।
ਗੁਰਮੀਤ ਆਖਿ਼ਰ ਮੈਨੂੰ ਮੁੰਡਿਆਂ ਵਾਲ਼ੇ ਹਾਸਟਲ ‘ਚ ਆਪਣੇ ਕਮਰੇ ਵੱਲ ਨੂੰ ਘੜੀਸ ਲਿਜਾਂਦਾ,
ਪਰ ਓਥੇ ਰਾਜਮਾਂਹ-ਚੌਲ਼ਾਂ ਨੂੰ ਕਾਹਲ਼ੀ-ਕਾਹਲ਼ੀ ਡਕਾਰਨ ਤੋਂ ਬਾਅਦ ਮੈਂ ਗੁਰਮੀਤ ਨੂੰ
ਲਾਇਬਰੇਰੀ ਵੱਲ ਨੂੰ ਖਿੱਚ ਲਿਆਉਂਦਾ। ਸ਼ੈਲਫ਼ਾਂ ਉੱਪਰ ਆਪਣੇ ਕੰਮ ਦੀਆਂ ਕਿਤਾਬਾਂ ਲਭਦਿਆਂ
ਮੈਂ ਨਾਲ਼-ਨਾਲ਼ ਆਪਣੇ ਆਪ ਨੂੰ ਵੀ ਤਾਲਾਸ਼ ਰਿਹਾ ਹੁੰਦਾ। ਗੁਰਮੀਤ ਚਾਹ ਦਾ ਦੀਵਾਨਾ ਸੀ;
ਮੈਂ ਚਾਹ ਦਾ ਚੋਗਾ ਦਿਖਾਅ ਕੇ ਉਸ ਨੂੰ ਕੈਨਟੀਨ ਵੱਲ ਨੂੰ ਤੋਰ ਲੈਂਦਾ। ਮੈਂ ਤੇ ਗੁਰਮੀਤ
ਜਦੋਂ ਕੈਨਟੀਨ ਵੱਲ ਤੁਰ ਰਹੇ ਹੁੰਦੇ, ਮੇਰੀ ਨਜ਼ਰ ਵਾਰ-ਵਾਰ ਲੜਕੀਆਂ ਦੇ ਹਾਸਟਲ ਵੱਲ ਨੂੰ
ਗਿੜ ਜਾਂਦੀ।
ਤੇ ਫਿ਼ਰ ਉਹ ਦਿਨ ਵੀ ਆ ਪੁੱਜਾ: ਮੈਂ ਤੇ ਗੁਰਮੀਤ ਸ਼ੈਲਫ਼ਾਂ ਤੋਂ ਕਿਤਾਬਾਂ ਉਠਾਲ਼ ਕੇ
ਲਾਇਬਰੇਰੀਅਨ ਦੇ ਡੈਸਕ ਵੱਲ ਵਧ ਰਹੇ ਸਾਂ: ਖੱਬੇ ਪਾਸੇ ਲਾਇਬਰੇਰੀ ਦੇ ਮੇਨ ਗੇਟ ‘ਚੋਂ
ਸੁਖਸਾਗਰ ਤੇ ਬਲਜੀਤ ਲਾਇਬਰੇਰੀਅਨ ਵੱਲ ਨੂੰ ਆਉਂਦੀਆਂ ਦਿਸੀਆਂ। ਉਸ ਨੂੰ ਦੇਖਦਿਆਂ ਮੇਰੀਆ
ਲੱਤਾਂ ਉਦਾਲ਼ੇ ਪੱਥਰ ਬੱਝਣ ਲੱਗੇ। ਸੁਖਸਾਗਰ ਦੇ ਬੁੱਲ੍ਹ ਪਾਸਿਆਂ ਵੱਲ ਨੂੰ ਖਿਸਕੇ ਤੇ
ਨਾਲ਼ ਹੀ ਉਸ ਦੀ ਠੋਡੀ ਉਸ ਦੀ ਧੌਣ ਵੱਲ ਨੂੰ ਖਿੱਚੀ ਗਈ। ਉਹ ਜਦੋਂ ਸਾਡੇ ਬਿਲਕੁਲ ਨਜ਼ਦੀਕ
ਆ ਗਈਆਂ ਤਾਂ ਮੇਰੀਆਂ ਅੱਖਾਂ ਉਨ੍ਹਾਂ ਵੱਲ ਨੂੰ ਘੁੰਮ ਗਈਆਂ, ਤੇ ਮੇਰੇ ਬੁੱਲ੍ਹਾਂ ‘ਚੋਂ
‘ਸਾਸਰੀ ‘ਕਾਲ’ ਕਿਰ ਗਈ। ਉਹ ਛਾਤੀ ਨਾਲ ਲਾਈਆਂ ਹੋਈਆਂ ਕਿਤਾਬਾਂ ਨੂੰ ਸੰਭਾਲ਼ਣ ਲੱਗੀਆਂ।
ਮੇਰੀ ‘ਸਾਸਰੀ ‘ਕਾਲ’ ਕਾਰਨ ਉਨ੍ਹਾਂ ਨੂੰ ਸਾਡੇ ਕੋਲ਼ ਖਲੋਣਾ ਹੀ ਪਿਆ। –ਕਿਵੇਂ ਚੱਲ ਰੲ੍ਹੀ
ਐ ਪੜ੍ਹਾਈ? ਮੇਰੇ ਮੂੰਹ ‘ਚੋਂ ਨਿਕਲਿ਼ਆ? ਉਹ ਇੱਕ-ਦੂਜੀ ਵੱਲ ਦੇਖ ਕੇ ਪਲ ਕੁ ਲਈ ਹੈਰਾਨ
ਹੋਈਆਂ, ਫਿ਼ਰ ਮੁਸਕਰਾਈਆਂ, ਤੇ ਪਲ ਕੁ ਬਾਅਦ ਦੋਹਾਂ ਨੇ ਆਪਣੀਆਂ ਅੱਖਾਂ ਸਾਡੇ ਵੱਲ ਘੁਮਾਅ
ਲਈਆਂ।
–ਔਖਾ ਈ ਲਗਦੈ, ਸੁਖਸਾਗਰ ਆਪਣੇ ਸਿਰ ਨੂੰ ਰਤਾ ਨੁ ਟੇਢਾ ਕਰਦਿਆਂ ਬੋਲੀ।
-ਹੈ ਤਾਂ ਔਖਾ, ਪਰ... ਰੈਲ਼ਾ ਹੋ ਜੂ ਛੇਤੀ ਈ, ਮੈਂ ਆਪਣੇ ਹੱਥ ਵਿਚਲੀਆਂ ਕਿਤਾਬਾਂ ਨੂੰ
ਉੱਪਰ-ਨੀਚੇ ਕੀਤਾ। –ਹਾਅ ਕੀ ਐ ਤੁਹਾਡੇ ਕੋਲ਼? ਮੈਂ ਸੁਖਸਾਗਰ ਦੀਆਂ ਬਾਰੀਕ ਉਂਗਲ਼ਾਂ ‘ਚੋਂ
ਕਿਰੂੰ-ਕਿਰੂੰ ਕਰਦੀਆਂ ਕਿਤਾਬਾਂ ਵੱਲ ਝਾਕਦਿਆਂ ਪੁੱਛਿਆ।
-ਪਰਸੋਂ ਕਢਾਈਆਂ ਸੀ ਇਹ ਕਿਤਾਬਾਂ... ਅੱਜ ਵਾਪਿਸ ਕਰਨ ਆਏ ਆਂ।
ਇਹ ਆਖਦਿਆਂ ਉਸ ਨੇ ਆਪਣੇ ਮੋਢੇ ਅਗਾਸੇ ਤੇ ਅਸੀਂ ਚਾਰੇ ਲਾਇਬਰੇਰੀਅਨ ਦੇ ਡੈਸਕ ਵੱਲ ਨੂੰ
ਤੁਰ ਪਏ।
ਓਸ ਰਾਤ ਆਪਣਾ ਮੰਜਾ ਮੈਂ ਮਕਾਨ ਦੀ ਛੱਤ ਉੱਤੇ ਜਾ ਡਾਹਿਆ, ਤੇ ਸਾਫ਼ਸੁਥਰੇ ਅਸਮਾਨ ‘ਚ
ਅੱਖ-ਮਟੱਕੇ ਲਾਉਂਦੇ ਤਾਰਿਆਂ ਨੂੰ ਜੋੜ-ਜੋੜ ਕੇ, ਸੁਖਸਾਗਰ ਦਾ ਚਿਹਰਾ ਉਲੀਕਣ ਲੱਗਾ। ਨੀਂਦ
ਦਾ ਹਲਕਾ ਜਿਹਾ ਤੁਣਕਾ ਵਜਦਿਆਂ ਹੀ ਸੁਖਸਾਗਰ ਤੇ ਬਲਜੀਤ ਨਾਲ਼ ਲਾਇਬਰੇਰੀ ‘ਚ ਗੱਲਾਂ
ਕਰਦੇ-ਕਰਦੇ ਮੈਂ ਤੇ ਗੁਰਮੀਤ ਕੈਨਟੀਨ ਵੱਲ ਨੂੰ ਤੁਰਨ ਲੱਗੇ।
ਲਾਇਬਰੇਰੀ ‘ਚ ਮਿਲਣ ਦਾ ਸਮਾਂ ਆਪਣੇ-ਆਪ ਹੀ ਨਿਸ਼ਚਿਤ ਹੋ ਗਿਆ: ਤਿੰਨ ਕੁ ਵਜਦੇ ਨੂੰ
ਗੁਰਮੀਤ ਦੇ ਕਮਰੇ ਨੂੰ ਡੁਸਕਦਾ ਛੱਡ ਕੇ ਅਸੀਂ ਲਾਇਬਰੇਰੀ ਦੀਆਂ ਸ਼ੈਲਫ਼ਾਂ ‘ਚੋਂ ਆਪਣਾ
ਭਵਿੱਖ ਟਟੋਲਣ ਲੱਗ ਜਾਂਦੇ। ਸਵਾ ਕੁ ਤਿੰਨ ਵਜਦੇ ਨੂੰ ਸੁਖਸਾਗਰ ਤੇ ਬਲਜੀਤ ਦੀ ਠੁਮਕ-ਠੁਮਕ
ਸ਼ੈਲਫ਼ਾਂ ਵਿਚਕਾਰ ਘੁੰਮਣ ਲਗਦੀ। ਸਾਢੇ ਚਾਰ ਕੁ ਵਜਦੇ ਨੂੰ ਅਸੀਂ ਚਾਰੇ ਜਾਣੇ ਕੈਨਟੀਨ ਦੇ
ਮੇਜ਼ ਉਦਾਲ਼ੇ ਬੈਠੇ, ਸਮੋਸਿਆਂ ਜਾਂ ਮਾਹਾਂ ਦੇ ਆਟੇ ਦੀਆਂ ਪੂਰੀਆਂ ਨਾਲ਼ ਗੁਫ਼ਤਗੂ ਕਰ ਰਹੇ
ਹੁੰਦੇ। ਹਰ ਰੋਜ਼ ਦੀਆਂ ਗੱਲਾਂ ‘ਚ ਸਾਡੇ ਪਰਿਵਾਰਕ ਤਾਣੇਬਾਣੇ ਦੀ ਜਾਣਕਾਰੀ ਇੱਕ-ਦੂਜੇ
ਨਾਲ਼ ਸਾਂਝੀ ਹੋਣ ਲੱਗੀ: ਉਨ੍ਹੇਂ ਦੱਸਿਆ ਉਦ੍ਹਾ ਪਿੰਡ ਦੋਰਾਹੇ ਲਾਗੇ ਘੁਡਾਣੀ ਕਲਾਂ ਸੀ ਤੇ
ਉਦ੍ਹੇ ‘ਬੀ ਜੀ’ ਉਸੇ ਹੀ ਪਿੰਡ ਦੇ ਸਰਕਾਰੀ ਸਕੂਲ ‘ਚ ਲੰਮੇ ਸਮੇਂ ਤੋਂ ਪ੍ਰਾਇਮਰੀ ਦੇ
ਬੱਚਿਆਂ ਨੂੰ ਫੱਟੀਆਂ-ਸਲੇਟਾਂ ‘ਤੇ ਉਨ੍ਹਾਂ ਦਾ ਭਵਿੱਖਤ ਉਲੀਕਣਾ ਸਿਖਾਉਂਦੇ ਸਨ। ਕਿਤਾਬਾਂ
ਤੇ ਨੋਟਸ ਦੇ ਆਦਾਨ-ਪ੍ਰਦਾਨ ਦੇ ਨਾਲ਼-ਨਾਲ਼ ਖ਼ਾਮੋਸ਼ ਰੂਪ ਵਿੱਚ ਹੋਰ ਬੜਾ ਕੁਝ ਇੱਕ-ਦੂਜੇ
ਨਾਲ਼ ਸਾਂਝਾ ਹੋਣ ਲੱਗਾ।
ਫਿ਼ਰ ਪੜ੍ਹਾਈ ਦੀਆਂ ਮੋਟੀਆਂ ਗੁੰਝਲ਼ਦਾਰ ਕਿਤਾਬਾਂ, ਅੱਠਾਂ ਕੁ ਮਹੀਨਿਆਂ ਬਾਅਦ ਹੋਣ ਵਾਲ਼ੇ
ਇਮਤਿਹਾਨ ਦਾ ਸੰਸਾ, ਸਾਡੇ ਚਾਰਾਂ ਦੇ ਸਿਰਾਂ ‘ਚ ਠੋਕਣ ਲੱਗੀਆਂ। ਮੈਂ ਤੇ ਗੁਰਮੀਤ ਹੁਣ
ਕਲਾਸਾਂ ਖ਼ਤਮ ਹੋਣ ਸਾਰ, ਉਸ ਦੇ ਕਮਰੇ ਵੱਲ ਨੂੰ ਦੌੜਦੇ ਤੇ ਓਥੇ ਐਮ ਏ ਪਾਰਟ ਵਨ ਦੇ
ਦਸ-ਸਾਲੇ ਪੇਪਰਾਂ ‘ਚ ਵਾਰ-ਵਾਰ ਦੁਹਰਾਏ ਗਏ ਸੁਆਲਾਂ ਦੇ ਅਧਾਰ ‘ਤੇ, ਕੋਰਸ ‘ਚ ਲਗੇ
ਨਾਵਲਾਂ, ਡਰਾਮਿਆਂ ਤੇ ਹੋਰ ਸਮਗਰੀ ਲਈ ਠੁੱਕਦਾਰ ਜਵਾਬ ਤਿਆਰ ਕਰਨ ਵਿੱਚ ਰੁੱਝ ਜਾਂਦੇ।
ਲਾਇਬਰੇਰੀ ਦੀਆਂ ਸ਼ੈਲਫ਼ਾਂ ਹੁਣ ਸਾਡੇ ਮੁਹਾਂਦਰੇ ਭੁੱਲਣ ਲੱਗੀਆਂ, ਤੇ ਅਸੀਂ ਕੈਨਟੀਨ ਦੀਆਂ
ਕੁਰਸੀਆਂ ਦੇ ਚੇਤਿਆਂ ‘ਚੋਂ ਮਨਫ਼ੀ ਹੋਣ ਲੱਗੇ। ਸੁਖਸਾਗਰ ਨਾਲ਼ ਮੁਲਾਕਾਤ ਹੁਣ ਜਾਂ ਤਾਂ
ਕਲਾਸ ਦੌਰਾਨ ਹੁੰਦੀ ਤੇ ਜਾਂ ਫਿ਼ਰ ਰਾਤੀਂ ਅੱਖਾਂ ਦੇ ਮਿਟਦਿਆਂ ਹੀ, ਲਾਇਬਰੇਰੀ ‘ਚ
ਕਿਤਾਬਾਂ ਦਿਖਾਉਂਦੀ-ਦਿਖਾਉਂਦੀ ਉਹ ਮੈਨੂੰ ਕੈਨਟੀਨ ਵੱਲ ਨੂੰ ਤੋਰ ਲੈਂਦੀ।
ਤੇ ਫਿ਼ਰ ਇੱਕ ਦਿਨ ਸ਼ਾਮੀ ਛੇ ਕੁ ਵਜੇ ਮੈਂ ਗਰਲਜ਼ ਹਾਸਟਲ ਦੇ ਤਿਊੜੀਆ-ਦਰਵਾਜ਼ੇ ਦੇ
ਸਾਹਮਣੇ ਖਲੋਤਾ ਸਾਂ। ਬੈਂਚ ‘ਤੇ ਬੈਠੀ ‘ਮਾਈ’ ਨੇ ਗੂੜ੍ਹੇ ਬਸੰਤੀ ਰੰਗ ਦੀ ਸਾੜ੍ਹੀ ਦੇ
ਪੱਲੇ ‘ਤੇ ਰੀਂਗ ਰਹੇ ਇੱਕ ਕੀੜੇ ਨੂੰ ਝਾੜਿਆ ਤੇ ਕੌਡੀਆਂ ਦੇ ਮੂੰਹਾਂ ਵਰਗੀਆਂ ਤ੍ਰੇੜੀਆਂ
ਅੱਖਾਂ ਦਾ ਟੀਰ ਮੇਰੇ ਵੱਲ ਸੇਧ ਦਿੱਤਾ।
-ਕਿਸ ਕੋ ਮਿਲਨਾ ਹੈ, ਸਾਹਿਬ?
-ਸੁਖਸਾਗਰ ਕੋ, ਮੈਂ ਤਲ਼ੀਆਂ ਨੂੰ ਮਲ਼ਦਿਆਂ ਬੋਲਿਆ।
-ਸੁੱਖਸਾਗਰ? ਮਾਈ ਨੇ ਆਪਣੀਆਂ ਭਵਾਂ ਅੰਦਰ ਵੱਲ ਨੂੰ ਖਿੱਚੀਆਂ ਤੇ ਉਸ ਦੇ ਮੱਥੇ ‘ਚ ਉੱਭਰ
ਆਈਆਂ ਲੜਕੀਆਂ ਦੀਆਂ ਢਾਣੀਆਂ ‘ਚੋਂ ਉਹ ਸੁਖਸਾਗਰ ਨੂੰ ਤਲਾਸ਼ਣ ਲੱਗੀ। –ਸੁਖਸਾਗਰਰਰ...
ਸੁਖਸਾਗਰਰਰ... ਕੌਨ ਵਾਲੀ ਸੁਖਸਾਗਰ?
-ਵੋਹ... ਪਤਲੇ ਵਾਲ਼ੀ ਹੈ ਨਾ... ਲੰਬੀ ਸੀ? ਮੈਂ ਆਪਣਾ ਪੰਜਾ ਆਪਣੇ ਕੰਨ ਕੋਲ਼ ਲਿਜਾ ਕੇ
ਸੁਖਸਾਗਰ ਦੇ ਕੱਦ ਦਾ ਅੰਦਾਜ਼ਾ ਦਿਖਾਇਆ। -ਇੰਗਲਿਸ਼ ਕੀ ਸਟੂਡੈਂਟ ਹੈ ਨਾ ਵੋਹ!
-ਅੱਛਾਅਅ... ਮਾਈ ਦੀਆਂ ਤਿਊੜੀਆਂ ‘ਚੋਂ ਫੂਕ ਖਾਰਜ ਹੋਣ ਲੱਗੀ। –ਵੋਅ੍ਹ ਜੋ... ਬਲਜੀਤ
ਗਰਚਾ ਕੀ ਰੂਮਮੇਟ ਹੈ?
ਸਿਰ ਨੂੰ ਹੇਠਾਂ ਵੱਲ ਨੂੰ ਗੇੜਦਿਆਂ, ਮੈਂ ਆਪਣੇ ਬੁੱਲ੍ਹਾਂ ‘ਤੇ ਦਬਾਅ ਪਾਇਆ, ਤੇ ਫਿ਼ਰ
ਇੱਕ ਦਮ ਕੰਨਾਂ ਵੱਲ ਨੂੰ ਖਿੱਚ ਲਏ।
ਪੰਜ ਕੁ ਮਿੰਟਾਂ ਬਾਅਦ, ਹਵੇਲੀਆ-ਦਰਵਾਜ਼ੇ ਦੀ ਬਗ਼ਲ ‘ਚੋਂ ਤਰਾਸ਼ੇ ਇੱਕ ਮਧਰੇ ਜਿਹੇ ਗੇਟ
ਰਾਹੀਂ ਬਾਹਰ ਨਿਕਲ਼ਦਿਆਂ, ਸੁਖਸਾਗਰ ਨੇ ਆਲ਼ੇ-ਦਵਾਲ਼ੇ ਦੀ ਚੁੱਪ-ਚਾਂ ਨੂੰ ਨਿਰਖਿਆ। ਫਿ਼ਰ
ਉਹਨੇ ਅੰਦਰ-ਵੱਲ-ਨੂੰ-ਖਿੱਚੇ-ਹੋਏ ਮੱਥੇ ਨਾਲ਼ ਮੇਰੇ ਵੱਲ ਤੱਕਿਆ, ਤੇ ਹੌਲ਼ੀ-ਹੌਲ਼ੀ ਮੇਰੇ
ਵੱਲ ਵਧਣਾ ਸ਼ੁਰੂ ਕੀਤਾ।
ਮੇਰੇ ਬੁੱਲ੍ਹਾਂ ਦੀਆਂ ਗੰਨੀਆਂ ਹੇਠਾਂ ਵੱਲ ਨੂੰ ਢਿਲ਼ਕ ਗਈਆਂ, ਤੇ ਮੇਰੇ ਥਿੜਕਦੇ
ਬੁੱਲ੍ਹਾਂ ‘ਚੋਂ ‘ਸਾ ਸਰੀ ‘ਕਾਲ’ ਨਿੱਕਲ਼ ਗਈ।
‘ਸਾਸਰੀ ‘ਕਾਲ’ ਉਹਨੇ ਬੁੱਲ੍ਹਾਂ ਦੇ ਕਸੇਵੇਂ ਨੂੰ ਰਤਾ ਕੁ ਨਰਮਾਉਂਦਿਆਂ ਜਵਾਬ ਦਿੱਤਾ।
ਉਹਦੀਆਂ ਅੱਖਾਂ ਮੇਰੇ ਨਾਲ਼ੋਂ ਆਲ਼ੇ-ਦੁਆਲ਼ੇ ਨੂੰ ਵਧੇਰੇ ਪੜ੍ਹ ਰਹੀਆਂ ਸਨ।
-ਸੌਰੀ ਤੁਹਾਨੂੰ ਡਿਸਟਰਬ ਕੀਤਾ, ਮੈਂ ਮੋਢਿਆਂ ਨੂੰ ਅਗਾਸਦਿਆਂ ਬੋਲਿਆ। –ਅਸੀਂ ਅਸਲ ‘ਚ...
‘ਐਜ਼ ਯੂ ਲਾਈਕ ਇਟ’ ਦੇ ਨੋਟਸ ਬਣਾ ਰਹੇ ਸਾਂ, ਪਰ ਮੇਰੀ ਇਹ ਕਿਤਾਬ ਮਾਡਲ ਗਰਾਮ ਵਾਲ਼ੇ
ਸਾਡੇ ਘਰ ਰਹਿ ਗਈ... ਗੁਰਮੀਤ ਕਹਿੰਦਾ ਐਨੀ ਦੂਰ ਜਾਣ ਦੀ ਥਾਂ ਸੁਖਸਾਗਰ ਤੋਂ ਈ ਪੁੱਛ ਲਾ!
ਸ਼ਾਇਦ ਉਨ੍ਹਾਂ ਤੋਂ ਉਧਾਰੀ ਮਿਲ਼ ਜਾਵੇ!
-ਓ ਗਾਡ! ਉਹਦੀਆਂ ਤਿਊੜੀਆਂ ਬੈਠਣ ਲੱਗੀਆਂ। –‘ਮਾਈ’ ਕਹਿੰਦੀ ਕੋਈ ਮਿਲਨੇ ਆਏ ਹੈਂ, ਪਗੜੀ
ਵਾਲ਼ੇ ਸਾਹਿਬ ਜੀ... ਮੈਂ ਤਾਂ ਡਰ ਈ ਗਈ ਕਿ ਪਤਾ ਨੀ ਕੀ ਗੱਲ ਹੋਣੀ ਐਂ।
-ਸੌਰੀ ਅਗੇਨ, ਮੈਂ ਆਪਣੇ ਬੁੱਲ੍ਹਾਂ ਉੱਪਰ ਮੁਸਕਾਣ ਟੁੰਗਣ ਦੀ ਕੋਸਿ਼ਸ਼ ਕੀਤੀ।
-ਨਈ੍ਹਂ, ਨੲ੍ਹੀਂ... ਸੌਰੀ ਆਲ਼ੀ ਕੋਈ ਗੱਲ ਨ੍ਹੀ, ਪਰ ਮੈਂ ਤਾਂ ਬੌਅਅਹਤ ਈ ਡਰ ਗਈ ਸੀ...
ਤੁਸੀਂ ਰਤਾ ਕੁ ਠਹਿਰੋ, ਮੈਂ ਹੁਣੇ ਆਈ ਅੰਦਰੋਂ ਕਿਤਾਬ ਲੈ ਕੇ!
ਏਸ ਦਿਨ ਤੋਂ ਬਾਅਦ, ਮੈਂ ਤੇ ਗੁਰਮੀਤ ਉਸ ਦੇ ਕਮਰੇ ‘ਚ ਸਾਰੀ ਦਿਹਾੜੀ ਕਿਤਾਬਾਂ ਵਿੱਚ
ਚੁੱਭੀਆਂ ਮਾਰੀ ਜਾਂਦੇ, ਤੇ ਛੇ ਵਜਦੇ ਨੂੰ ਲੜਕੀਆਂ ਦੇ ਹਾਸਟਲ ਦਾ ਗੇਟ ਮੇਰੇ ਮੱਥੇ ‘ਚ
ਖੁਲ੍ਹਣ-ਬੰਦਣ ਲਗਦਾ। ਕਦੇ ਕਿਸੇ ਕਿਤਾਬ ਨੂੰ ਮੋੜਨ ਦਾ ਤੇ ਕਦੇ ਕੋਈ ਕਿਤਾਬ ਉਧਾਰੀ ਲੈਣ ਦਾ
ਬਹਾਨਾ, ਹਰ ਦੂਜੇ-ਤੀਜੇ ਦਿਨ ਮੈਨੂੰ ਹਾਸਟਲ ਦੇ ਗੇਟ ‘ਤੇ ਉਬਾਸੀਆਂ ਲੈਂਦੀ ‘ਮਾਈ’ ਦੇ
ਸਾਹਮਣੇ ਲਿਆ ਖਿਲ੍ਹਾਰਦਾ। ਕਿਤਾਬਾਂ/ਨੋਟਸ ਦੇ ਅਦਾਨ-ਪਦਾਨ ਦੀਆਂ ਦੋ-ਚਾਰ ਮਿੰਟ ਵਾਲ਼ੀਆਂ
ਮੁਲਾਕਾਤਾਂ, ਦਿਨ-ਬਦਿਨ ਸੌਣ ਦੇ ਛੜਾਕਿਆਂ ‘ਚ ਘਿਓ-ਤੋਰੀਆਂ ਦੀਆਂ ਵੇਲਾਂ ਵਾਂਗ ਲੰਮੀਆਂ
ਹੋਣ ਲੱਗੀਆਂ।
ਕਈ ਮੁਲਾਕਾਤਾਂ ਤੋਂ ਬਾਅਦ, ਮੈਂ ਆਪਣੇ ਦਿਮਾਗ਼ ‘ਚ ਉਸ ਨੂੰ ਕੈਨਟੀਨ ਵਿੱਚ ਮੇਰੇ ਸਾਹਮਣੇ
ਬੈਠ ਕੇ ਚਾਹ ਦੀਆਂ ਚੁਸਕੀਆਂ ਲੈਂਦੀ ਚਿਤਵਣ ਲੱਗਾ: ਬੱਸ ਮੈਂ ਤੇ ਉਹ! ਗੁਰਮੀਤ ਤੇ ਬਲਜੀਤ
ਦੀ ਹਾਜ਼ਰੀ ‘ਚ ਉਸ ਦੇ ਮਨ ਅੰਦਰ ਨਹੀਂ ਉੱਤਰਿਆ ਜਾ ਸਕਦਾ ਸੀ। ਹਰ ਸ਼ਾਮ ਮੈਂ ਇਹ ਫ਼ੈਸਲਾ
ਕਰ ਕੇ ਉਸ ਦੇ ਹਾਸਟਲ ਜਾਂਦਾ ਕਿ ਅੱਜ ਉਸ ਨੂੰ ਕੈਨਟੀਨ ‘ਚ ਜਾਣ ਲਈ ਆਖਣਾ ਹੀ ਆਖਣਾ ਹੈ: ਉਹ
ਆਉਂਦੀ, ਪਹਿਲੇ ਸਾਰਿਆਂ ਦਿਨਾਂ ਤੋਂ ਵੱਖਰੀ ਪੁਸ਼ਾਕ ਪਹਿਨੀ... ਤੇ ਅੱਖਾਂ ‘ਚ ਸੁਰਮੇ ਦੀ
ਹਲਕੀ ਜਹੀ ਧਾਰ ਨੂੰ ਲਿਸ਼ਕਾਉਂਦੀ ਹੋਈ। ਮੇਰੀ ਜੀਭ ‘ਤੇ ਸ਼ਬਦ ਜੁੜਦੇ; ਵਾਕਾਂ ਵਿੱਚ ਬਦਲਣ
ਲਈ ਮੈਂ ਉਨ੍ਹਾਂ ਨੂੰ ਏਧਰ-ਓਧਰ ਪਲਟਦਾ, ਛਾਂਗਦਾ, ਛਿਲਦਾ, ਤਰਾਸ਼ਦਾ: ਪਰ ਬੁੱਲ੍ਹ ਖੁਲ੍ਹਣ
ਤੋਂ ਪਹਿਲਾਂ ਹੀ ਉਹ ਸਨੋਅ ਦੇ ਫੰਭੇ ਵਾਂਗ ਖੁਰ ਕੇ ਅਲੋਪ ਹੋ ਜਾਂਦੇ।
ਆਖਿ਼ਰ ਇੱਕ ਦਿਨ ਜਕੋ-ਤਕੀ ਕਰਦਿਆਂ ਮੈਂ ਉਸ ਨੂੰ ਹਾਕੀ ਗਰਾਊਂਡ ਉਦਾਲ਼ੇ ਚੱਕਰ ਲਾਉਣ ਦੀ
ਸੁਲ੍ਹਾ ਮਾਰ ਹੀ ਦਿੱਤੀ। ਮੈ ਇਹ ਸੁਲ੍ਹਾ ਮਾਰ ਤਾਂ ਬੈਠਾ, ਪਰ ਅੰਦਰੋਂ ਕੰਬਣ ਲੱਗਾ ਕਿ ਉਸ
ਨੇ ਆਪਣਾ ਸਿਰ ਅਗਰ ਖੱਬਿਓਂ, ਸੱਜੇ ਨੂੰ ਗੇੜ ਦਿੱਤਾ ਤਾਂ ਅਗਲੇ ਦਿਨ ਕਾਲਜ ਆਉਣ ਵੇਲ਼ੇ
ਮੇਰੇ ਸਾਈਕਲ ਦੇ ਚੱਕਿਆਂ ‘ਚੋਂ ਹਵਾ ਖ਼ਾਰਜ ਹੋ ਜਾਵੇਗੀ, ਤੇ ਕਲਾਸ ਵਿੱਚ ਆਪਣੀ ਸੀਟ ਵੀ
ਮੈਨੂੰ ਸੁਖਸਾਗਰ ਦੇ ਨੇੜਿਓਂ ਖੱਬਲ਼-ਦਾਹੜੀਏ ਕੋਲ਼ ਕਰਨੀ ਪਵੇਗੀ। ਪਰ ‘ਠਹਿਰੋ, ਮੈਂ ਚਪਲਾਂ
ਬਦਲ ਆਵਾਂ’ ਕਹਿ ਕੇ ਜਦੋਂ ਉਹ ਹਾਸਟਲ ਦੇ ਦਰਵਾਜ਼ੇ ਵੱਲ ਨੂੰ ਠੁਮਕ ਗਈ, ਤਾਂ ਮੇਰੀਆਂ
ਅੱਖਾਂ ‘ਚ ਚੰਬੇਲੀਆਂ ਖਿੜਨ ਲੱਗੀਆਂ। ‘ਮਾਈ’ ਵੱਲ ਪਿੱਠ ਕਰ ਕੇ ਮੈਂ ਆਪਣੇ ਬੁੱਲ੍ਹਾਂ ਨੂੰ
ਕੰਨਾਂ ਵੱਲ ਨੂੰ ਫੈਲਣ ਦੀ ਇਜਾਜ਼ਤ ਦੇ ਦਿੱਤੀ।
ਗੱਲਾਂ ਕਰਦੇ-ਕਰਦੇ ਅਸੀਂ ਸਮੈਂਟੀ ਵਿੰਗ ਦੇ ਸਾਹਮਣਿਓਂ ਗੁਜ਼ਰ ਕੇ ਜਦੋਂ ਲਾਲ-ਰੰਗੀ ਇਮਾਰਤ
ਕੋਲ਼ ਪਹੁੰਚੇ ਤਾਂ ਸਾਹਮਣੇ ਕੋਨੇ ‘ਤੇ ਕੈਨਟੀਨ ਦਾ ਦਰਵਾਜ਼ਾ ਮੇਰੀ ਮਰਦਾਨਗੀ ਨੂੰ ਵੰਗਾਰਨ
ਲੱਗਾ: ਕਹਿ ਹੁਣ ਮਰਦ ਬਣ ਕੇ ਜੋ ਕਹਿਣੈ!
ਮੇਰੇ ਅੰਦਰ ਅਨੇਕਾਂ ਜਿੰਦਰੇ ਖੁਲ੍ਹਣ-ਬੰਦਣ ਲੱਗੇ:
-ਕਿਧਰੇ ਬਹੁਤਾ ਈ ਤੇਜ਼ ਦੌੜ ਕੇ ਗਿੱਟੇ ਨਾ ਤੁੜਵਾ ਬੈਠੀਂ!
-ਨੲ੍ਹੀਂ, ਨੲ੍ਹੀਂ! ਅੱਗੇ ਵਧ ਕੇ ਫੁੱਲਾਂ ਦੀ ਪਟਾਰੀ ਤੋਂ ਰੁਮਾਲ ਉਠਾਲ਼!
ਮੈਂ ਆਪਣੀਆਂ ਹਥੇਲ਼ੀਆਂ ਨੂੰ ਇੱਕ-ਦੂਜੀ ਨਾਲ਼ ਪੋਲੇ-ਪੋਲੇ ਰਗੜਿਆ ਤੇ ਡੂੰਘੇ ਹੋ ਗਏ ਸਾਹ
ਨੂੰ ਹੌਲੀ-ਹੌਲ਼ੀ ਬਾਹਰ ਵੱਲ ਧੱਕਿਆ।
-ਮੇਰਾ ਤਾਂ... ਚਾਹ ਪੀਣ ਨੂੰ ਦਿਲ ਕਰਦੈ, ਮੈਂ ਆਪਣੀ ਪਗੜੀ ਨੂੰ ਪਲ਼ੋਸਦਿਆਂ ਬੋਲਿਆ।
-ਅੱਛਾਅ? ਉਹ ਆਪਣੇ ਵਾਲ਼ਾਂ ਨੂੰ ਸੰਵਾਰਦਿਆਂ ਬੋਲੀ। -ਪਰ ਮੈਂ ਤਾਂ ਆਪਣਾ ਪਰਸ ਨੀ ਲਿਆਈ
ਕਮਰੇ ‘ਚੋਂ!
ਸ਼ਾਮੀ ਛੇ ਵਜੇ ਵਾਲ਼ੀ ਚਾਹ ਦੀ ਉਡੀਕ, ਹੁਣ ਸਾਰੀ ਦਿਹਾੜੀ ਮੇਰੇ ਅੰਦਰ ਹਲਕੇ-ਹਲਕੇ ਉਬਾਲ਼ੇ
ਮਾਰਦੀ ਰਹਿੰਦੀ। ਛੇ ਵਜਦੇ ਨੂੰ, ਜਦੋਂ ਮੈਂ ਹਾਸਟਲ ਦੇ ਲਾਗੇ ਜਾ ਕੇ ਸਾਈਕਲ ਤੋਂ ਉੱਤਰਦਾ,
ਤਾਂ ਸੁਖਸਾਗਰ ‘ਮਾਈ’ ਦੇ ਲਾਗੇ ਬੈਂਚ ‘ਤੇ ਬੈਠੀ ਕੋਈ ਕਿਤਾਬ ਪੜ੍ਹਨ ਦਾ ਬਹਾਨਾ ਕਰ ਰਹੀ
ਹੁੰਦੀ।
ਚਾਹ ਦਾ ਸੈਸ਼ਨ ਮੇਰੇ ਲਈ ਇੱਕ ਬਹੁਤ ਲੰਬਾ ਫਿ਼ਕਰਾ ਬਣ ਜਾਂਦਾ ਜਿਸ ਵਿੱਚ ਪੜ੍ਹਾਈ ਦੇ
ਨਾਲ਼-ਨਾਲ਼ ਉਸ ਦੇ ਤੇ ਮੇਰੇ ਪਰਿਵਾਰਾਂ ਬਾਰੇ, ਪ੍ਰੋਫ਼ੈਸਰਾਂ ਬਾਰੇ ਤੇ ਹਮਜਮਾਤੀਆਂ ਬਾਰੇ
ਟਿੱਪਣੀਆਂ, ਵਿਸ਼ਰਾਮ-ਚਿੰਨ੍ਹਾਂ ਵਾਂਗੂ ਖਿੱਲਰੀਆਂ ਹੁੰਦੀਆਂ। ਉਹ ਆਪਣੇ ਬੀ ਜੀ ਦੀ
ਜਿ਼ੰਦਗੀ ਦੀਆਂ ਕਠਨਾਈਆਂ ਦੇ ਵੇਰਵੇ ਦਸਦੀ; ਆਪਣੇ ਗੱਭਰੂ ਭਰਾ ਦੀ ਓਸ ਦਿਮਾਗ਼ੀ ਗੰਢ ਦੀਆਂ
ਗੱਲਾਂ ਕਰ ਕੇ ਉਦਾਸ ਹੁੰਦੀ ਜਿਸ ਨੇ ਉਸ ਦੀ ਬੁੱਧੀ ਨੂੰ ਇੱਕ ਨਿੱਕੇ ਜਿਹੇ ਦਾਇਰੇ ‘ਚ ਕੈਦ
ਕਰਿਆ ਹੋਇਆ ਸੀ। ਫਿ਼ਰ ਮੈਂ ਆਪਣੀਆਂ ਦੋ ਭੈਣਾਂ ਚਰਨਜੀਤ ਤੇ ਕਰਮਜੀਤ ਬਾਰੇ ਦਸਦਾ। ਕਰਮਜੀਤ
ਉਨ੍ਹੀਂ ਦਿਨੀਂ ਬੀ ਏ ਦੀ ਡਿਗਰੀ ਹੰਗਾਲਣ ਲਈ ਸਿੱਧਵਾਂ ਦੇ ਗਰਲਜ਼ ਕਾਲਜ ‘ਚ ਕਿਤਾਬਾਂ ਨੂੰ
ਰਿੜਕ ਰਹੀ ਸੀ। ਚਰਨਜੀਤ ਆਪਣੇ ਖ਼ਾਵੰਦ ਅਤੇ ਇੱਕ ਸਾਲ ਦੇ ਬੇਟੇ ਰਾਜੂ ਸਮੇਤ ਸਾਡੇ
ਦੋ-ਕਮਰੀਏ ਮਕਾਨ ‘ਚ ਰਹਿਣ ਲੱਗ ਪਈ ਸੀ। ਸੁਖਸਾਗਰ ਦੀਆਂ ਗੱਲਾਂ ‘ਚੋਂ ਕਰਮਜੀਤ ਤੇ ਚਰਨਜੀਤ
ਨੂੰ ਮਿਲਣ ਦੀ ਤਾਂਘ ਸਿੰਮਦੀ ਦਿਸਦੀ।
ਕੈਨਟੀਨ ‘ਚੋਂ ਬਾਹਰ ਨਿੱਕਲ਼ਦੇ ਤਾਂ ਗੱਲਾਂ ਦੌਰਾਨ ਉਸ ਦੇ ਬੁੱਲ੍ਹਾਂ ‘ਚੋਂ ਕਿਰਿਆ
ਹਲਕਾ-ਹਲਕਾ ਹਾਸਾ ਮੇਰੇ ਸਾਈਕਲ ਦੇ ਪਿਛਾੜੀ ਬੈਠ ਕੇ ਮੇਰੇ ਕਮਰੇ ਤੀਕ ਆ ਜਾਂਦਾ ਤੇ ਰਾਤਾਂ
ਨੂੰ ਸੁਪਨਿਆਂ ‘ਚ ਚਮੇਲੀ ਦੀਆਂ ਪੱਤੀਆਂ ਖਿਲਾਰਦਾ ਰਹਿੰਦਾ।
ਸ਼ਨੀਵਾਰ ਉਹ ਆਪਣੇ ਪਿੰਡ ਚਲੀ ਜਾਂਦੀ, ਤਾਂ ਹਾਸਟਲ ਦੇ ਦਰਵਾਜ਼ੇ ਤੇ ਬੈਠੀ ‘ਮਾਈ’ ਦੀ
ਚਿੱਟੀ ਸਾੜ੍ਹੀ ਉਸ ਦੇ ਬੈਂਚ ਦੇ ਲਾਮ੍ਹੀ ਕੱਲਰ ਵਾਂਗ ਵਿਛੀ ਮਹਿਸੂਸ ਹੁੰਦੀ।
ਇੱਕ ਸ਼ਾਮ ਚਾਹ ਵਾਲ਼ੇ ਗਲਾਸ ਨੂੰ ਮੂਹਰਲੀ ਉਂਗਲ਼ ਨਾਲ਼ ਠੰਗੋਰਦਿਆਂ ਉਹ ਬੋਲੀ: ਬੀ ਜੀ
ਕਹਿੰਦੇ ਸੀ ਮੈਂ ਤੁਹਾਨੂੰ ਮਿਲਣੈ!
ਮੇਰੇ ਚਿਹਰੇ ‘ਤੇ ਅਸਮਾਨ ਪਸਰਨ ਲੱਗਾ, ਤੇ ਮੇਰੇ ਮੱਥੇ ‘ਚ ਕਿਣਮਿਣ ਬਰਸਣ ਲੱਗੀ।
-ਅੱਛਾ? ਮੈਂ ਚਿਹਰੇ ਨੂੰ ਕੰਨਾਂ ਵੱਲ ਨੂੰ ਖਿਚਦਿਆਂ ਆਖਿਆ।
-ਸ਼ਨੀਚਰਵਾਰ ਆਉਣਗੇ, ਢਾਈ ਕੁ ਵਜੇ... ਤੁਸੀਂ ਵੀ ਆ ਜਿਓ!
ਬੀ ਜੀ ਸ਼ਨੀਵਾਰ ਆਏ, ਤੇ ਫਿ਼ਰ ਹਰ ਦੂਜੇ ਤੀਜੇ ਸ਼ਨੀਵਾਰ ਆਉਣ ਲੱਗੇ। ਕਦੇ-ਕਦੇ ਸਾਗਰ ਦੇ
ਬਾਪੂ ਜੀ ਵੀ ਆ ਜਾਂਦੇ।
***
-905-792-7357
ramoowalia@rogers.com
-0-
|